ਲੂਣਾ
ਸ਼ਿਵ ਕੁਮਾਰ ਬਟਾਲਵੀ
ਪਹਿਲਾ ਅੰਕ
ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ
(ਚਾਨਣੀ ਰਾਤ ਦੇ ਅੰਤਿਮ ਪਹਿਰ,
ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ
ਨੇੜੇ ਇਕ ਸੰਘਣੇ ਵਣ ਵਿਚ ਬੈਠੇ
ਪ੍ਰੇਮ ਕਰ ਰਹੇ ਹਨ)
ਨਟੀ
ਇਹ ਕਵਣ ਸੁ ਦੇਸ ਸੁਹਾਵੜਾ
ਤੇ ਕਵਣ ਸੁ ਇਹ ਦਰਿਆ
ਜੋ ਰਾਤ ਨਮੇਘੀ ਚੰਨ ਦੀ
ਵਿਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ-ਵਲੇਵੇਂ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਢ ਦੁਸਾਂਘੀ ਜੀਭ ਨੂੰ
ਵਾਦੀ ਵਿਚ ਸੂਕ ਰਿਹਾ
ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏਂ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿਚ ਦੇਵ-ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਚੰਬਿਆਲੀ ਰਾਣੀ ਦੇ ਬਲੀ
ਇਹਨੂੰ ਮਹਿੰਗੇ ਮੁੱਲ ਲਿਆ
ਤੇ ਤਾਂ ਹੀ ਧੀ ਤੋਂ ਬਦਲ ਕੇ
ਇਹਦਾ ਪੁੱਤਰ ਨਾਮ ਪਿਆ
ਚੰਬਿਆਲੀ ਖਾਤਰ ਜਾਂਵਦਾ
ਇਹਨੂੰ ਚੰਬਾ ਦੇਸ ਕਿਹਾ
ਨਟੀ
ਹੈ ਇਤਰਾਂ ਭਿੱਜੀ ਵਗ ਰਹੀ
ਠੰਡੀ ਤੇ ਸੀਤ ਹਵਾ
ਏਥੇ ਰਾਤ ਰਾਣੀ ਦਾ ਜਾਪਦਾ
ਜਿਉਂ ਸਾਹ ਹੈ ਡੁੱਲ੍ਹ ਗਿਆ
ਸੂਤਰਧਾਰ
ਹਾਂ ਨੀ ਜਿੰਦੇ ਮੇਰੀਏ!
ਤੂੰ ਬਿਲਕੁਲ ਠੀਕ ਕਿਹਾ
ਹੈ ਕੁੱਗ, ਕਥੂਰੀ, ਅਗਰ ਦਾ
ਜਿਉਂ ਵਗੇ ਪਿਆ ਦਰਿਆ
ਇਕ ਮਾਨਸਰੋਵਰ ਇਤਰ ਦਾ
ਵਿਚ ਚੰਨ ਦਾ ਹੰਸ ਜਿਹਾ
ਹੈ ਚੁੱਪ-ਚੁਪੀਤਾ ਤੈਰਦਾ
ਤੇ ਤਾਰੇ ਚੁਗੇ ਪਿਆ
ਨਟੀ
ਪਰ ਮੈਨੂੰ ਈਕਣ ਜਾਪਦੈ
ਜਿਉਂ ਚਾਨਣ ਦੇ ਦਰਿਆ
ਇਹ ਮਹਿਕ ਜਿਵੇਂ ਇਕ ਕੁੜੀ ਚਿੜੀ
ਜਿਹਦਾ ਸੱਜਣ ਦੂਰ ਗਿਆ
ਅਗਨ-ਵਰੇਸੇ ਵਟਣਾ ਮਲ ਮਲ
ਪਾਈ ਪਾ ਪਾ ਅੱਗ ਬੁਝਾਵੇ
ਅੱਗ ਨਾ ਬੁਝਣ ਆ
ਸੂਤਰਧਾਰ
ਵਾਹ !
ਇਹ ਤੂੰ ਖੂਬ ਕਿਹਾ
ਸੱਚ ਮੁੱਚ ਤਨ ਦੀ ਅੱਗ ਨੂੰ
ਨਾ ਪਾਣੀ ਸਕੇ ਬੁਝਾ
ਹੈ ਸੰਭਵ ਤਨ ਦੀ ਅੱਗ ਥੀਂ
ਖੌਲ ਸਮੁੰਦਰ ਜਾ
ਨਟੀ
ਛੇੜ ਸੁਰੰਗੀ ਪੌਣ ਦੀ
ਰਹੀ ਰੁੱਤ ਬਿਰਹੜੇ ਗਾ
ਜਿਉਂ ਕਾਮੀ ਸੱਜਣ ਕਿਸੇ ਦਾ
ਜਦ ਜਾਏ ਵਿਛੋੜਾ ਪਾ
ਇਕ ਡੂੰਘੀ ਸਾਉਲੀ ਸ਼ਾਮ ਨੂੰ
ਕਿਤੇ ਵਿਚ ਉਜਾੜੀ ਜਾ
ਜਿਉਂ ਢਿੱਡੀ ਮੁੱਕੀਆਂ ਮਾਰਦੀ
ਕੋਈ ਬਿਰਹਣ ਪਏ ਕੁਰਲਾ
ਸੂਤਰਧਾਰ
ਇਹ ਕਿਹਾ ਸੁਹਾਵਾ ਦੇਸ ਹੈ
ਤੇ ਕੇਹੀ ਨਸ਼ੀਲੀ ਵਾਅ
ਇਉਂ ਤਰਵਰ ਜਾਪਣ ਝੂਮਦੇ
ਜਿਉ ਛੀਬਾ ਡੰਗ ਗਿਆ
ਹੈ ਥਾਂ ਥਾਂ ਕੇਸੂ ਮੌਲਿਆ
ਤੇ ਡੁੱਲ੍ਹਿਆ ਲਹੂ ਜਿਹਾ
ਜਿਉ ਕਾਲੇ ਰੜੇ ਪਹਾੜ ਦਾ