ਸੌ ਰਹੀ ਮੇਰੀ ਚੰਦਨ-ਦੇਹ ਸੰਗ
ਦੇਹ ਚਿਪਕਾਈ
ਮੈਂ ਜਾਗਾਂ
ਉਸ ਨੀਂਦਰ ਆਈ
ਰੁੱਖ ਨਿਪੱਤਰੇ
ਨੀਂਦਰ ਦੇ ਨੂੰ ਫੁੱਲ ਆ ਲੱਗਾ
ਨੀਂਦਰ ਵਾਲਾ ਰੁੱਖੜਾ ਮੈਨੂੰ
ਹਰਿਆ ਲੱਗਾ
ਅੱਗ ਦੀ ਸੱਪਣੀ ਦੀ ਕੁੱਖੋਂ
ਮੈਨੂੰ ਸੂਰਜ ਲੱਭਾ
ਨਿਰਲੋਆ, ਮੇਰਾ ਜੀਵਨ ਮੈਨੂੰ
ਜਵਾਲਾ ਲੱਗਾ
ਪਰ ਉਹ ਸੂਰਜ
ਮੇਰੇ ਮੱਥੇ ਕਦੇ ਨਾ ਲੱਗਾ
ਅਠਾਰ੍ਹਾਂ ਵਰ੍ਹੇ ਲਈ ਉਹਦੀ ਲੈ ਨੂੰ
ਜੰਦਰਾ ਵਜਾ
ਮੇਰਾ ਪੁੱਤਰ ਪੂਰਨ
ਮੈਨੂੰ ਕਦੇ ਨਾ ਲੱਭਾ
ਮੈਂ ਮੁੜ ਛਾਂ ਦੀ
ਜੂਨ ਹੰਢਾਂਦਾ ਸੋਚਣ ਲੱਗਾ
ਨਹੁੰਆਂ ਦੇ ਸੰਗ
ਗ਼ਮ ਦੀਆਂ ਕਬਰਾਂ ਖੋਦਣ ਲੱਗਾ
ਕਰਮਾਂ ਦੀ ਕਾਲ਼ਖ ਨੂੰ
ਮਰ ਮਰ ਭੋਗਣ ਲੱਗਾ
ਸੋਚਣ ਲੱਗਾ
ਕਿ ਧਰਤੀ 'ਤੇ ਜੂਨ ਹੰਢਾਈ
ਅੱਗ ਦੀ ਨਦੀਉਂ
ਜਿਉ ਬੁੱਕਾਂ ਥੀਂ ਪੀਣਾ ਪਾਣੀ
ਕੁਝ ਪੀਣਾ