ਤੇ ਕੋਸੀ ਨੀਝ ਲੱਗਾ
ਜਿਉਂ ਦੁੱਧ ਪਿਆਉਂਦੀ ਬਾਲ
ਨੂੰ ਹਰ ਮਾਂ ਜਾਵੇ ਨਸ਼ਿਆ
ਸੂਤਰਧਾਰ
ਇਹ ਰੁੱਖ ਜੋ ਅਮਲਤਾਸ ਦੇ
ਪੀਲੀ ਮਾਰਨ ਭਾ
ਇਉਂ ਜਾਪਨ ਗਗਨ ਕੁਠਾਲੀਏ
ਜਿਉਂ ਸੋਨਾ ਪਿਘਲ ਰਿਹਾ
ਜਾਂ ਧਰਤ-ਕੁੜੀ ਦੇ ਕੰਨ ਦਾ
ਇਕ ਬੂੰਦਾ ਡਿੱਗ ਪਿਆ
ਵਾਹ ਨੀ ਧਰਤ ਸੁਹਾਵੀਏ
ਤੈਨੂੰ ਚੜਿਆ ਰੂਪ ਕਿਹਾ
ਨਟੀ
ਇਉਂ ਜਾਪੇ ਇਸ ਦੇ ਬਾਬਲੇ
ਇਹਦੇ ਦਿੱਤੇ ਕਾਜ ਰਚਾ
ਤੇ ਮੱਤੀ ਮੁਸ਼ਕ ਅੰਬੀਰ ਹਵਾ
ਇਹਦੇ ਦਿੱਤੇ ਗੌਣ ਬਿਠਾ
ਨਦੀਆਂ ਆਈਆਂ ਗੌਣ ਨੂੰ
ਪਰਬਤ ਰੇੜਾ ਲਾ
ਚਾਨਣੀਆਂ ਜਿਉ ਤਲੀ 'ਤੇ
ਹਨ ਰਹੀਆਂ ਮਹਿੰਦੀ ਲਾ
ਸਿਰ 'ਤੇ ਚੁੰਨੀ ਅੰਬਰੀ
ਚੰਨ ਕਲੀਰਾ ਪਾ
ਸੂਤਰਧਾਰ
ਪਰ ਹਾਏ ਨੀ ਧਰਤ ਸੁਹਾਵੀਏ
ਤੂੰ ਲਏ ਕੀਹ ਲੇਖ ਲਿਖਾ
ਲੈ ਕਿਰਨਾਂ ਦਾ ਫਾਹ
ਤੇਰੀ ਹਰ ਰੁੱਤ ਹੈ ਛਿਣ-ਭੰਗਰੀ
ਜੋ ਜੰਮੇ ਸੋ ਮਰ ਜਾ
ਏਥੇ ਛਿਣ ਤੋਂ ਛਿਣ ਨਾ ਫੜੀਦਾ
ਨਾ ਸਾਹ ਕੋਲੋਂ ਹੀ ਸਾਹ ਜੋ ਸਾਹ
ਹੈ ਬੁੱਤੋਂ ਟੁੱਟਦਾ
ਉਹਦੀ ਕੋਟ ਜਨਮ ਨਾ ਥਾਹ
ਜਿਉਂ ਗਗਨੀ ਉੱਡਦੇ ਪੰਛੀਆਂ
ਦੀ ਪੈੜ ਫੜੀ ਨਾ ਜਾ
ਤੇਰਾ ਹਰ ਫੁੱਲ ਹੀ ਮਰ ਜਾਂਵਦਾ
ਮਹਿਕਾਂ ਦੀ ਜੂਨ ਹੰਢਾ
ਤੇਰਾ ਹਰ ਦਿਹੁੰ ਸੂਤਕ-ਰੁੱਤ ਦੀ
ਪੀੜ 'ਚ ਲੈਂਦਾ ਸਾਹ ਤੇਰਾ ਹਰ ਸਾਹ
ਪਹਿਲਾਂ ਜੰਮਣੋਂ ਲੈਂਦਾ ਅਉਧ ਹੰਢਾ
ਨਟੀ
ਸੁਣੋ ਤਾਂ ਮੇਰੇ ਰਾਮ ਜੀਉ
ਲੇਖਾਂ ਨੂੰ ਦੋਸ਼ ਕਿਹਾ
ਹੈ ਚੰਗਾ ਜੇ ਨਾ ਫੜੀਦਾ
ਏਥੇ ਸਾਹ ਕੋਲੋਂ ਜੇ ਸਾਹ
ਕੀਹ ਬੁਰਾ ਜੇ ਮੰਜ਼ਿਲ ਪਹਿਲੜੇ
ਜੇ ਛਾਤੀ ਲੱਗੇ ਘਾ
ਵਿਚ ਅੱਧਵਾਟੇ ਹੀ ਖੜਨ ਦਾ
ਆਵੇ ਬੜਾ ਮਜ਼ਾ
ਕੁਝ ਪਿਛੇ ਮੁੜਨ ਦੀ ਲਾਲਸਾ
ਕੁਝ ਅੱਗੇ ਵਧਣ ਦਾ ਚਾ
ਪਰ ਜੋ ਵੀ ਪੂਰਨ ਥੀਵਿਆ
ਹੈ ਸੁਕਰ ਸਮਾਂ ਨਾ ਧਰਤ 'ਤੇ ਇਕੋ ਥਾਉ ਖੜ੍ਹਾ
ਸੂਤਰਧਾਰ
ਇਹ ਤਾਂ ਮੈਂ ਵੀ ਸਮਝਦਾ
ਪਰ ਹੁੰਦੈ ਦੁੱਖ ਬੜਾ
ਜਦ ਕੱਲੇ ਬਹਿ ਕੇ ਸੋਚੀਏ
ਇਹ ਫੁੱਲ ਜਾਣੇ ਕੁਮਲਾ
ਇਹ ਵਾਦੀ ਦੇ ਵਿਚ ਸੂਕਦਾ
ਸੁੱਕ ਜਾਣਾ ਦਰਿਆ
ਇਹਨੇ ਭਲਕੇ ਰੁਖ ਬਦਲਣਾ
ਜੋ ਵਗਦੀ ਸੀਤ ਹਵਾ
ਹਨ ਰੁੱਤਾਂ ਪੱਤਰ ਛੱਡਣੇ
ਲੈ ਜਾਣੇ ਪੌਣ ਉੱਡਾ
ਲੈ ਜਾਣੇ ਰੁੱਖ ਵਢਾਏ ਕੇ
ਤਰਖਾਣਾਂ ਮੋਛੇ ਪਾ
ਤਰਖਾਣਾਂ ਮੋਛੇ ਪਾਏ ਕੇ
ਲੈਣੇ ਪਲੰਘ ਬਣਾ
ਪਲੰਘੇ ਸੇਜਾਂ ਮਾਣਦੇ
ਮਰਨੇ ਸੇਜ ਵਿਛਾ
ਨਟੀ
ਮਰਨਾ ਜੀਣਾ ਕਰਮ ਹੈ
ਇਸ ਦਾ ਖੇਦ ਕਿਹਾ
ਹੈ ਪਰਿਵਰਤਨ ਹੀ ਆਤਮਾ
ਜਿਹਨੂੰ ਜਾਂਦਾ ਅਮਰ ਕਿਹਾ
ਇਸ ਦੇ ਬਾਝੋਂ ਸਹਿਜ ਸੀ
ਬੁੱਸ ਜਾਂਦੀ ਇਹ ਵਾਅ
ਬੁੱਸ ਜਾਂਦੇ ਚੰਨ ਸੂਰਜੇ
ਬੁੱਤ ਨੂੰ ਬੁੱਤ ਗਲ ਮਿਲਣ
ਦਾ ਰਹਿੰਦਾ ਰਤਾ ਨਾ ਚਾਅ
ਬਾਗ਼ੀ ਫੁੱਲ ਨਾ ਮੌਲਦੇ
ਢਕੀ ਸਾਵੇ ਘਾ
ਇਸ ਅਮਰ ਮਨੁੱਖ ਦੀ ਭਟਕਣਾ
ਵਿਚ ਡਾਢਾ ਤੇਜ਼ ਨਸ਼ਾ
ਇਸ ਭਟਕਣ ਦਾ ਨਾਂ ਜ਼ਿੰਦਗੀ
ਤੇ ਇਸ ਦਾ ਨਾਮ ਕਜ਼ਾ
ਇਹ ਭਟਕਣ ਦਾ ਹੀ ਰੂਪ ਹੈ
ਜੋ ਖੇਤ ਰਹੇ ਲਹਿਰਾ
ਇਸ ਭਟਕਣ ਦੀ ਹੀ ਕੁੱਖ 'ਚੋਂ
ਹੈ ਧਰਤੀ ਜਨਮ ਲਿਆ
ਸੂਤਰਧਾਰ
ਉਫ਼ ! ਕੇਹੀ ਇਹ ਭਟਕਣਾ
ਕੁਝ ਸੁਪਨੇ ਮੋਢਾ ਚਾ
ਜਨਮ-ਦਿਵਸ ਦੀ ਨਗਨ-ਘੜੀ
ਤੋਂ ਥਣ ਨੂੰ ਮੂੰਹ ਵਿਚ ਪਾ
ਹਿਰਨਾਂ ਸਿੰਗੀਂ ਬੈਠ ਕੇ
ਦੇਣੀ ਉਮਰ ਵੰਜਾ
ਨਟੀ
ਇਹ ਭਟਕਣ ਸਦਾ ਮਨੁੱਖ ਨੂੰ
ਅੱਗੇ ਰਹੀ ਚਲਾ
ਇਸ ਭਟਕਣ ਅੱਗੇ ਦੇਵਤੇ
ਵੀ ਜਾਂਦੇ ਸੀਸ ਨਿਵਾ
ਸੂਤਰਧਾਰ
ਹੈ ਸੰਖ ਨੇ ਵੱਜੇ ਮੰਦਰੀਂ
ਹੁਣ ਸੱਥੀ ਚਿੜੀਆਂ ਚੂਕੀਆਂ
ਤੇ ਜੰਗਲ ਬੋਲ ਪਿਆ
ਹੈ ਹੋਇਆ ਸਰਘੀ ਵੇਲੜਾ
ਤੇ ਚੰਨ ਵੀ ਬੁਝ ਗਿਆ
ਹੈ ਸੂਰਜ ਦਾ ਰਥ ਹਿੱਕਦਾ
ਸਿਰ ਭੀ ਆਏ ਪਿਆ
ਆਓ ਮੁੜੀਏ ਦੇਵ ਲੋਕ ਨੂੰ
ਗਈ ਸਾਰੀ ਰਾਤ ਵਿਹਾ
ਨਟੀ
ਕੀ ਹੋਇਆ ਸੱਜਣ ਮੈਂਡੜੇ
ਜੇ ਗਈ ਹੈ ਰਾਤ ਵਿਹਾ
ਕੀ ਹੋਇਆ ਮੇਰੇ ਸ਼ਾਮ ਜੀਉ
ਜੇ ਖੂਹੀਂ ਡੋਲ ਪਿਆ
ਜੀ ਚਾਹੁੰਦੈ ਇਸੇ ਧਰਤ ਤੇ
ਮੈਂ ਦੇਵਾਂ ਉਮਰ ਵੰਜਾ
ਸੂਤਰਧਾਰ
ਇਹ ਕੌਣ ਨੇ ਟੂਣੇ ਹਾਰੀਆਂ
ਜਿਹਨਾਂ ਕੀਲੀ ਕੁੱਲ ਫ਼ਜ਼ਾ
ਜਿਉਂ ਗੁੰਬਦ ਵਿਚ ਆਵਾਜ਼
ਦੀ ਟੁਰਦੀ ਰਹੇ ਸਦਾ
ਜਿਉਂ ਮਧੂ-ਮੁੱਖੀਆਂ ਦਾ
ਮਧੂ-ਵਣਾਂ ਵਿਚ ਟੋਲਾ ਉੱਡ ਰਿਹਾ
ਜਿਉ ਚੀਰ ਕੇ ਜੰਗਲ ਬਾਂਸ ਦੇ
ਲੰਘੇ ਤੇਜ਼ ਹਵਾ
ਜਿਉਂ ਥਲ 'ਚੋਂ ਲੰਘੇ ਕਾਫ਼ਲਾ
ਜਦ ਅੱਧੀ ਰਾਤ ਵਿਹਾ
ਹੈ ਸਾਰੀ ਵਾਦੀ ਗੂੰਜ ਪਈ