ਮਹਾਨ ਸਿੱਖ ਯੋਧਾ ਅਤੇ ਜਰਨੈਲ
ਸਰਦਾਰ ਹਰੀ ਸਿੰਘ ਨਲੂਆ
ਡਾ. ਹਰਭਜਨ ਸਿੰਘ ਸੇਖੋਂ, ਦਾਖਾ
ਸਮਰਪਣ
ਸਿੱਖ ਕੌਮ ਦੇ ਮਹਾਨ ਹੀਰੇ ਅਤੇ ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਹੀਰੋ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਅਤੇ ਸਮੂਹ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਜਿਨ੍ਹਾਂ ਦੇਸ਼ ਵਾਸੀਆਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਜਾਨਾਂ ਵਾਰੀਆਂ।
ਤਤਕਰਾ
ਮੁੱਖ ਬੰਦ
ਭੂਮਿਕਾ
੧. ਜੀਵਨ ਦ੍ਰਿਸ਼ਟੀ
੨. ਮੁਲਤਾਨ ਦੀ ਜੰਗ
੩. ਕਸ਼ਮੀਰ ਤੇ ਹਜ਼ਾਰੇ ਦੀਆਂ ਜਿੱਤਾਂ ਅਤੇ ਗਵਰਨਰੀ
੪. ਸ਼ਿਮਲਾ ਮਿਸ਼ਨ ਦਾ ਮੁਖੀ
੫. ਪਿਸ਼ਾਵਰ ਦਾ ਪਰਦੇਸ਼ਪਤੀ
੬. ਜਮਰੌਦ ਦੀ ਜੰਗ ਅਤੇ ਸੂਰੇ ਦਾ ਅੰਤ
੭. ਸ਼ਹਿਰਾਂ, ਕਿਲ੍ਹਿਆਂ ਅਤੇ ਧਾਰਮਿਕ ਅਸਥਾਨਾਂ ਦਾ ਨਿਰਮਾਣ
੮. ਸਰਦਾਰ ਹਰੀ ਸਿੰਘ ਨਲੂਆ ਦੀ ਬੰਸ ਅਤੇ ਅੰਸ
ਪੁਸਤਕ ਪਰਮਾਣ
ਮੁੱਖ ਬੰਦ
ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਨਿੱਜਤਾ ਦੀ ਭੁੱਖ ਨੇ ਇਸ ਦਾ ਪਿੱਛਾ ਨਹੀਂ ਛੱਡਿਆ। ਮਨੁੱਖ ਸਵਾਰਥੀ ਸੋਚ ਦਾ ਗੁਲਾਮ ਹੈ। ਹਮੇਸ਼ਾ ਇਹ ਆਪਣਾ ਤੇ ਆਪਣਿਆਂ ਦਾ ਹੀ ਭਲਾ ਚਾਹੁੰਦਾ ਹੈ, ਦੂਜਿਆਂ ਦਾ ਨਹੀਂ। ਮੁੱਢ ਕਦੀਮ ਤੋਂ ਮਨੁੱਖ ਆਪਣਾ ਢਿੱਡ ਭਰਨ ਲਈ ਦੂਜੇ ਦਾ ਗਲਾ ਘੁਟਦਾ ਆ ਰਿਹਾ ਹੈ। ਆਪਣੀਆਂ ਲੋੜਾਂ ਲਈ ਇਹ ਦੂਜਿਆਂ ਨੂੰ ਡਰਾਉਂਦਾ, ਧਮਕਾਉਂਦਾ, ਲੁੱਟਦਾ, ਕੁੱਟਦਾ ਤੇ ਮਾਰਦਾ ਆ ਰਿਹਾ ਹੈ। ਉਦੋਂ ਜੰਗਲ ਦਾ ਰਾਜ ਸੀ। ਸਮਾਜ ਨਹੀਂ ਸੀ। ਸਮਾਜਿਕ ਕਦਰਾਂ ਕੀਮਤਾਂ ਪੈਦਾ ਨਹੀਂ ਸਨ ਹੋਈਆਂ। ਹੌਲੀ ਹੌਲੀ ਮਨੁੱਖੀ ਜੀਵਨ ਤਰੱਕੀ ਵੱਲ ਤੁਰਿਆ ਜੰਗਲ ਤੋਂ ਬਾਹਰ ਆਇਆ, ਸੋਚ ਬਦਲੀ, ਕੰਮ-ਕਿੱਤੇ ਸ਼ੁਰੂ ਹੋਏ, ਜਾਤਾਂ, ਗੋਤਾਂ ਤੇ ਧਰਮਾਂ ਦੀ ਹੋਂਦ ਹੋਈ। ਸਮਾਂ ਪਾ ਕੇ ਸੰਵਿਧਾਨਕ ਕਦਰਾਂ ਪੈਦਾ ਹੋਈਆਂ, ਪਰ ਦੂਜੇ ਦੀ ਤਬਾਹੀ ਅਤੇ ਆਪ ਦੀ ਚੌਧਰ ਵਾਲੀ ਸੋਚ ਨੇ ਮਨੁੱਖ ਦੀ ਸੋਚ ਨੂੰ ਜਰਵਾਣਾ, ਨਿਰਦਈ, ਲੁਟੇਰਾ, ਕਾਤਲ ਬਣਾ ਦਿੱਤਾ।
ਭਾਰਤ ਦੀ ਗੱਲ ਕਰੀਏ ਤਾਂ ਇਸ ਵਿੱਚ ਵਸਦੇ ਹਿੰਦੂ ਮੁਸਲਮਾਨਾਂ ਦੀ ਕਦੇ ਨਹੀਂ ਸੀ ਬਣੀ। 'ਜਿਸ ਕੀ ਲਾਠੀ ਉਸ ਕੀ ਭੈਂਸ' ਦੇ ਅਖਾਣ ਵਾਂਗ ਕਦੇ ਮੁਗਲਾਂ ਅਤੇ ਕਦੇ ਹਿੰਦੂ ਰਾਜਿਆਂ ਦਾ ਰਾਜ ਹੋ ਜਾਂਦਾ ਸੀ। ਇਹਨਾਂ ਜ਼ਰ, ਜ਼ੋਰੂ ਅਤੇ ਜ਼ਮੀਨ ਦੇ ਲੜਾਈ ਝਗੜਿਆਂ ਨੇ ਸ਼ਾਂਤੀ ਦੇਵੀ ਨੂੰ ਭਾਜੜਾਂ ਪਾਈ ਰੱਖੀਆਂ।
ਗੁਰੂ ਨਾਨਕ ਸਾਹਿਬ ਦੀ ਸੋਚ ਨੇ ਨਵੀਂ ਕ੍ਰਾਂਤੀ ਦਾ ਨਾਹਰਾ ਦਿੱਤਾ। ਇਸ ਕ੍ਰਾਂਤੀ ਵਿੱਚੋਂ ਸਿੱਖ ਧਰਮ ਦਾ ਪਰਕਾਸ਼ ਹੋਇਆ। ਦਸਾਂ ਹੀ ਗੁਰੂ ਸਾਹਿਬਾਨਾਂ ਦੇ ਮਹਾਨ ਸਿਧਾਂਤਾਂ ਨੂੰ ਖ਼ਤਮ ਕਰਨ ਦੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ। ਪੰਜਵੇਂ ਗੁਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਸੀਹਿਆਂ ਭਰੀ ਸ਼ਹਾਦਤ ਨੇ ਜਿੱਥੇ ਇੱਕ ਪਾਸੇ ਡਰਾਕਲ ਮਨਾਂ ਨੂੰ ਭਾਂਜ ਦਿੱਤੀ ਉਥੇ ਦੂਜੇ ਪਾਸੇ ਅਣਖ ਅਤੇ ਆਜ਼ਾਦ ਜੀਵਨ ਜਿਉਣ ਲਈ ਭਗਤੀ ਅਤੇ ਸ਼ਕਤੀ ਦੇ ਸਿਧਾਂਤ ਨੂੰ ਜਨਮ ਦਿੱਤਾ। ਉਪਰੰਤ ਨੌਵੇਂ ਸਤਿਗੁਰਾਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੇ ਖ਼ਾਲਸੇ ਦੇ ਪ੍ਰਕਰਣ ਨੂੰ ਸੁਰਜੀਤ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਪ੍ਰਕਾਸ਼ ਕਰ ਕੇ ਮੌਤ ਵਿੱਚੋਂ ਨਵਾਂ ਜੀਵਨ ਸੁਰਜੀਤ ਕੀਤਾ। ਆਪਣਿਆਂ ਚੌਹਾਂ ਸਹਿਬਜ਼ਾਦਿਆਂ ਦੀ ਸ਼ਹੀਦੀ, ਅਨੇਕਾਂ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਦਾ ਸ਼ਹਾਦਤੀ ਗੜ੍ਹ, ਸਿੱਖ ਪੰਥ ਨੂੰ ਨਵੀਂ ਰੂਹ ਅਤੇ ਜੁਝਾਰੂ ਸੋਚ ਦੇ ਗਿਆ। ਕੱਫਣ ਸਿਰਾਂ ਤੇ ਬੰਨ੍ਹ
ਕੇ ਸਿੰਘਾਂ ਨੂੰ ਘਰ ਘਾਟ ਛੱਡਣੇ ਪਏ ਅਤੇ ਆਪਣੇ ਮਿਸ਼ਨ ਦੀ ਪੂਰਤੀ ਲਈ ਜੂਝਦੇ ਗਏ।
ਸਿੰਘਾਂ ਨੇ ਛੋਟੇ ਛੋਟੇ ਰਾਜ ਪੈਦਾ ਕਰ ਲਏ, ਇਨ੍ਹਾਂ ਨੂੰ ਮਿਸਲਾਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਮਿਸਲਾਂ ਦੀ ਸੰਘਰਸ਼ਮਈ ਪ੍ਰੀਖਿਆ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਂਦ ਵਿੱਚ ਆਇਆ। ਇਸ ਰਾਜ ਵਿੱਚ ਲੋਕਾਂ ਨੂੰ ਖੁਸ਼ਹਾਲੀ, ਸ਼ਾਂਤੀ ਅਤੇ ਆਜ਼ਾਦ ਜੀਵਨ ਨਸੀਬ ਹੋਇਆ। ਇਸ ਰਾਜ ਵਿੱਚ ਪੰਜਾਬ ਨੇ ਭੂਗੋਲਿਕ, ਰਾਜਨੀਤਿਕ, ਆਰਥਿਕ ਤੇ ਧਾਰਮਿਕ ਖੁਸ਼ਹਾਲੀ ਹੰਢਾਈ। ਸਿੱਖ ਰਾਜ ਦੀ ਫੌਜ ਅੰਦਰ ਵਿਦੇਸ਼ੀ ਫ਼ੌਜੀ, ਮੁਸਲਿਮ, ਹਿੰਦੂ ਅਤੇ ਸਿੱਖ ਭਰਤੀ ਸਨ। ਇਨ੍ਹਾਂ ਫ਼ੌਜੀਆਂ ਨੇ ਜਾਨਾਂ ਤਲੀ ਉੱਪਰ ਧਰ ਕੇ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਵਿੱਚ ਡੋਗਰੇ ਗਦਾਰ ਵੀ ਭਰਤੀ ਸਨ ਪਰ ਦੇਸ਼ ਕੌਮ ਦੇ ਅਨਮੋਲ ਅਤੇ ਸੁੱਚੇ ਹੀਰਿਆਂ ਦੀ ਲੜੀ ਵੀ ਬੇ-ਮਿਸਾਲ ਸੀ ਜੋ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਪਰ ਸਾਹਿਤ ਅਤੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਕਿਆਮਤ ਤੱਕ ਚਮਕਦਾ ਰਹੇਗਾ। ਇਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਬੜੀ ਮਹਾਨ ਹੈ।
ਜਦ ਬੰਦੇ ਦਾ ਜੀਵਨ, ਜਿਉਣਾ ਕਰਤਾ ਔਖਾ,
ਤੂਫਾਨ ਝੱਲੇ ਜਬਰ ਜ਼ੁਲਮ ਦੇ ਨਰਕ-ਅਨੇਰੀ ਝੋਕਾ।
ਫਿਰ ਨਾਨਕ ਦੀਆਂ ਦਸ ਜੋਤਾਂ ਨੇ, ਭਗਤੀ ਸ਼ਕਤੀ ਅਪਣਾਈ।
ਸੂਰਿਆਂ ਜਾਮ ਸ਼ਹੀਦੀ ਪੀਤੇ, ਭਰਦਾ ਇਤਿਹਾਸ ਗਵਾਹੀ।
ਮੌਤ 'ਚੋਂ ਜੀਵਨ ਲੈ ਸਿੰਘਾਂ ਨੇ, ਜੁਲਮ ਦੀ ਕੀਤੀ ਵਾਢੀ,
ਹੱਕ, ਸੱਚ ਦਾ ਸੂਰਜ ਚੜ੍ਹਿਆ, ਸੁੱਤੀ ਅਣਖ ਸੀ ਜਾਗੀ।
ਯੁੱਧਾਂ ਨੇ ਫਿਰ ਸੂਰੇ ਪਰਖੇ, ਘੱਟ ਨਾ ਉੱਤਰੇ ਪੂਰੇ।
ਦੇਸ਼ ਕੌਮ ਦੇ ਮਰਨ ਲਈ, ਦੌੜੇ ਇੱਕ ਦੂਜੇ ਤੋਂ ਮੂਹਰੇ।
ਸੂਰਮਿਆਂ ਦੀ ਚੜ੍ਹਤ ਸੁਕਾਵੇ, ਹਰ ਦੁਸ਼ਮਣ ਦਾ ਤਲੂਆ,
ਚਮਕਣ ਸੂਰੇ ਤਾਰਿਆਂ ਵਾਂਗੂੰ, ਚੰਦ ਇਸੇ ਵਿੱਚ ਨਲੂਆ।
ਡਾ. ਹਰਭਜਨ ਸਿੰਘ ਸੇਖੋਂ ਸਾਹਿਬ ਦੀ ਇਹ ਸੱਤਵੀਂ ਪੁਸਤਕ ਹੈ। ਸਾਹਿਤ ਵਿਸ਼ਾ ਲੰਮੇ ਸਮੇਂ ਦਾ ਪ੍ਰਤੀਕ ਹੈ। ਕੁਝ ਵਿਸ਼ੇ ਹੁੰਦੇ ਹਨ ਜਿਨ੍ਹਾਂ ਤੇ ਰਚਿਆ ਸਾਹਿਤ ਸਦਾ ਜੀਵਤ ਰਹਿੰਦਾ ਹੈ ਪਰ ਕੁਝ ਵਿਸ਼ਿਆਂ ਵਾਲਾ ਸਾਹਿਤ ਥੋੜ੍ਹੇ ਸਮੇਂ ਬਾਅਦ ਅਲੋਪ ਹੋ ਜਾਂਦਾ ਹੈ। ਸੇਖੋਂ ਸਾਹਿਬ ਨੇ ਆਮ ਤੌਰ ਤੇ ਇਤਿਹਾਸ ਨੂੰ ਹੀ ਵਿਸ਼ਾ
ਬਣਾਇਆ ਹੈ। ਇਤਿਹਾਸ ਨੂੰ ਸਾਹਿਤ ਵਿੱਚ ਪੇਸ਼ ਕਰਨਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਪਾਉਣ ਦੇ ਤੁੱਲ ਹੁੰਦਾ ਹੈ। ਇਸ ਪੁਸਤਕ ਦਾ ਖਰੜਾ ਪੜ੍ਹ ਕੇ ਮੈਨੂੰ ਮਹਾਂ ਕਵੀ ਵਾਰਿਸ਼ ਸ਼ਾਹ ਦੀ ਹੀਰ ਦੀ ਗੱਲ ਯਾਦ ਆਈ ਹੈ, ਉਨ੍ਹਾਂ ਹੀਰ ਰਾਂਝੇ ਦੇ ਪਿਆਰ ਦੀ ਗੱਲ ਕਰਦਿਆਂ ਜਿੱਥੇ ਰੱਬੀ ਪਿਆਰ ਦੀ ਪੇਸ਼ਕਾਰੀ ਕੀਤੀ, ਉੱਥੇ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬੇ-ਗਿਣਤ ਬੀਮਾਰੀਆਂ ਦੇ ਨੁਸਖੇ ਵੀ ਲਿਖ ਦਿੱਤੇ ਜੋ ਪੰਜਾਬ ਦੇ ਜਨ-ਜੀਵਨ ਨੂੰ ਤੰਦਰੁਸਤ ਕਰਦੇ ਆ ਰਹੇ ਹਨ। ਕਵੀ ਵੱਲੋਂ ਵਰਤੇ ਅਖਾਣਾਂ ਵਾਂਗ ਇਹ ਨੁਸਖੇ ਪੰਜਾਬੀ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਹੋਏ ਹਨ, ਤਿਵੇਂ ਸੇਖੋਂ ਸਾਹਿਬ ਦੀ ਇਸ ਪੁਸਤਕ ਵਿੱਚੋਂ ਵੀ ਬਹੁ ਭਾਂਤੀ ਗਿਆਨ ਪ੍ਰਾਪਤ ਹੁੰਦਾ ਹੈ। ਕਸ਼ਮੀਰ ਵਿੱਚ ਕੇਸਰ ਦੀ ਖੇਤੀ, ਕੇਸਰ ਦੇ ਅਨੇਕਾਂ ਗੁਣਾਂ, ਸਰੀਰਕ ਸੁੰਦਰਤਾ ਅਤੇ ਸਰੀਰਕ ਇਲਾਜ ਦਾ ਵੀ ਜ਼ਿਕਰ ਹੈ।
ਪਹਿਲੇ ਕਾਂਡ ਵਿੱਚ ਨਲੂਏ ਸਰਦਾਰ ਦਾ ਜੀਵਨ ਬਿਰਤਾਂਤ ਹੈ। ਇਨ੍ਹਾਂ ਦੇ ਬਾਬਾ ਜੀ ਅਤੇ ਪਿਤਾ ਜੀ ਸੰਪੂਰਨ ਗੁਰਸਿੱਖ ਅਤੇ ਸਿਰਲੱਥ ਸੂਰਮੇ ਸਨ, ਜਿਸ ਕਰ ਕੇ ਸੂਰਮਤਾਈ ਦੀ ਗੁੜ੍ਹਤੀ ਬੰਸ ਵਿੱਚੋਂ ਹੀ ਮਿਲ ਗਈ ਸੀ। ਸੱਤ ਸਾਲ ਦੀ ਉਮਰੇ ਯਤੀਮ ਹੋ ਗਏ ਅਤੇ ਨਾਨਕੇ ਘਰ ਸਰਬ ਸਹੂਲਤਾਂ ਨਾਲ ਸਰਬ ਪੱਖੀ ਗਿਆਨ ਪ੍ਰਾਪਤ ਕੀਤਾ। ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਏ ਅਤੇ ਗੁਰੂ ਕ੍ਰਿਪਾ ਸਦਕਾ ਦਰਸ਼ਨੀ ਜੁਆਨ ਸਨ ਤੇ ਪੇਂਡੂ ਖੇਡਾਂ ਵਿੱਚ ਗੱਤਕੇ ਬਾਜੀ ਅਤੇ ਤਲਵਾਰਾਂ ਦੇ ਐਸੇ ਜੌਹਰ ਦਿਖਾਉਣ ਲੱਗੇ ਕਿ ਦੇਖਣ ਵਾਲੇ ਇਨ੍ਹਾਂ ਦੀ ਫੁਰਤੀ ਅਤੇ ਕਲਾ ਤੇ ਅੱਸ਼ ਅੱਸ਼ ਕਰ ਉਠਦੇ ਸਨ। ਸ਼ੇਰ ਦਾ ਸ਼ਿਕਾਰ ਕਰਕੇ 'ਨਲੂਏ' ਦਾ ਪਦ ਹਾਸਲ ਕੀਤਾ ਅਤੇ ਇਸ ਯੋਗਤਾ ਕਾਰਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਬਣ ਗਏ। ਉਪਰੰਤ ਬੇਗਿਣਤ ਪਦਵੀਆਂ ਦੇ ਮਾਲਕ ਬਣੇ, ਉੱਚੇ ਆਚਰਨ ਦੀਆਂ ਧੁੰਮਾਂ ਪਾਈਆਂ, ਸਵਰਗ ਵਰਗਾ ਰਾਜ ਪੈਦਾ ਕੀਤਾ, ਇਨ੍ਹਾਂ ਦੇ ਨਾਮ ਦਾ ਸਿੱਕਾ ਚੱਲਿਆ ਜੋ ਇੱਕ ਮਹਾਨ ਕ੍ਰਿਸ਼ਮਾ ਸੀ।
ਦੂਜੇ ਕਾਂਡ ਵਿੱਚ ਮੁਲਤਾਨ ਦੀ ਜੰਗ, ਮਿੱਠੇ ਟਿਵਾਣੇ ਦੀ ਜਿੱਤ ਉੱਚ ਦੇ ਪੀਰਾਂ ਦੀ ਸੁਧਾਈ, ਕੋਹਿਨੂਰ ਹੀਰੇ ਦਾ ਵਿਵਾਦ ਖਤਮ ਕਰਨਾ, ਰਜੌਰੀ ਅਤੇ ਭਿੰਬਰ ਦੀ ਜਿੱਤ, ਮੁਲਤਾਨ ਤੇ ਕਬਜ਼ਾ, ਜੰਤਾ ਦੀ ਹਰਮਨ ਪਿਆਰਤਾ ਜਿੱਤ ਲੈਣੀ ਆਦਿ ਵਿਸ਼ੇ ਬੜੀ ਹੀ ਡੂੰਘਿਆਈ ਤੱਕ ਛੂਹੇ ਗਏ ਹਨ।
ਤੀਜਾ ਕਾਂਡ ਇਸ ਪੁਸਤਕ ਦੀ ਜਿੰਦ ਜਾਨ ਹੈ। ਉੱਘੇ ਯੋਧਿਆਂ ਦੀ ਵਰਦੀ ਤੇ ਸੁਨਹਿਰੀ ਨਿਸ਼ਾਨ ਮੜ੍ਹਨੇ, ਤਲਵਾਰਾਂ ਤੇ ਹੀਰੇ ਜੜ੍ਹਨੇ, ਘੋੜਿਆਂ ਦੀਆਂ ਕਾਠੀਆਂ ਦੀ ਜੜ੍ਹਤ ਜਵਾਹਰਾਂ ਨਾਲ ਕਰਨੀ, ਜਿੱਤੇ ਹੋਏ ਇਲਾਕਿਆਂ ਵਿੱਚ ਕਿਲ੍ਹਿਆਂ ਦਾ ਨਿਰਮਾਣ ਕਰਨਾ। ਕਿਲ੍ਹਿਆਂ ਦੀਆਂ ਦੀਵਾਰਾਂ ਦੀ ਖਾਸ ਉਚਾਈ ਚੜ੍ਹਾਈ ਤੋਂ ਇਲਾਵਾ ਬਾਹਰਵਾਰ ਡੂੰਘੇ ਖਾਲੇ ਪੁਟਵਾ ਕੇ ਪਾਣੀ ਨਾਲ ਭਰਨੇ ਸਰਦਾਰ ਹਰੀ ਸਿੰਘ ਨਲੂਏ ਦੇ ਦਿਮਾਗ ਦੀ ਅਸਚਰਜ਼ ਕਾਢ ਸੀ। ਇਸ ਤੋਂ ਇਲਾਵਾ ਕਸ਼ਮੀਰ ਦੀ ਕਦਮ ਕਦਮ ਦੀ ਤਸਵੀਰ, ਉਥੋਂ ਦੇ ਮੌਸਮ ਤੇ ਕੁਦਰਤੀ ਸੁੰਦਰਤਾ, ਲੋਕਾਂ ਦਾ ਹੁਸਨ, ਕੰਮ ਧੰਦੇ, ਸਮਾਜਿਕ ਅਤੇ ਆਰਥਿਕ ਅਵਸਥਾ ਬਾਰੇ ਜਾਣਕਾਰੀ ਹਾਸਲ ਕਰਨਾ ਨਲੂਏ ਦੇ ਮਹਾਨ ਕਾਰਨਾਮਿਆਂ ਦਾ ਵਰਨਣ ਹੈ। ਯੋਧੇ ਨੇ ਵਗਾਰ ਦਾ ਕੋਹੜ ਵੱਢਿਆ, ਧਾਰਮਿਕ ਆਜ਼ਾਦੀ ਦਵਾਈ, ਖੇਤੀ ਬਾੜੀ ਵਿੱਚ ਸੁਧਾਰ ਕੀਤਾ, ਭੇਡਾਂ ਬੱਕਰੀਆਂ ਰੱਖਣ ਵਾਲਿਆਂ ਨੂੰ ਮਾਲੀ ਮੱਦਦ ਦੇਣਾ, ਸ਼ਾਲ ਉਦਯੋਗ ਪ੍ਰਫੁੱਲਤ ਕਰਨਾ, ਕਾਗਜ਼ ਦੀ ਦਸਤਾਕਾਰੀ ਵਿੱਚ ਸੁਧਾਰ ਕਰਨਾ, ਆਵਾਜਾਈ ਲਈ ਰਸਤੇ ਬਨਾਉਣੇ, ਵੱਡੇ ਅਲਾਟੀਆਂ ਤੋਂ ਜ਼ਮੀਨਾਂ ਖੋਹ ਕੇ ਕਾਸ਼ਤਕਾਰਾਂ ਨੂੰ ਵੰਡ ਦੇਣੀਆਂ, ਖੇਤੀ ਉਦਯੋਗ ਸਾਂਭਣ ਲਈ ਗੋਦਾਮ ਬਨਾਉਣੇ, ਨਹਿਰਾਂ ਕੱਢਵਾ ਕੇ ਬਰਾਨ ਜ਼ਮੀਨਾਂ 'ਚ ਸਿੰਜਾਈ ਦਾ ਪ੍ਰਬੰਧ ਕਰਨਾ, ਜਿਨਸ ਖ੍ਰੀਦਣ ਵੇਚਣ ਲਈ ਨਵੇਂ ਤੋਲ ਮਾਪ ਕਰਨੇ, ਲੋਕਾਂ ਖਾਸ ਕਰ ਕਾਮਿਆਂ ਦੇ ਜੀਵਨ ਵਿੱਚ ਸੁਧਾਰ ਅਤੇ ਖੁਸ਼ਹਾਲੀ ਲਿਆਉਣੀ ਆਦਿ ਰਾਹੀਂ ਸਰਦਾਰ ਦੀ ਸੱਚੀ-ਸੁੱਚੀ ਸੋਚ ਨੂੰ ਦਰਸਾਇਆ ਗਿਆ ਹੈ। ਇਸ ਕਾਂਡ ਦਾ ਕੁਝ ਹਿੱਸਾ ਤਾਂ ਭੁਲੇਖਾ ਪਾਉਂਦਾ ਹੈ ਜਿਵੇਂ ਇਹ ਸਭ ਕੁਝ ਕਰਨਾ ਇੱਕ ਸਫਰਨਾਮਾ ਹੋਵੇ।
ਚੌਥਾ ਕਾਂਡ ਖਾਲਸਾ ਰਾਜ ਦੇ ਖੇਤਰ ਨੂੰ ਦਰਸਾਉਂਦਾ ਹੈ ਕਿ ਇਹ ਕਿਤਨਾ ਵਿਸ਼ਾਲ ਸੀ। ਨਾਲ ਹੀ ਇਹ ਵੀ ਖੁਲਾਸਾ ਕਰਵਾਉਂਦਾ ਹੈ ਕਿ ਸ਼ਿਮਲੇ ਵਰਗੇ ਮਿਸ਼ਨ ਵਿੱਚ ਸਰਦਾਰ ਨਲੂਆ ਜੀ ਗੋਰੀਆਂ ਔਰਤਾਂ ਦੇ ਅਰਧ ਨੰਗੇ ਸਰੀਰਾਂ ਨਾਲ ਨਾਚ ਦੇ ਪੂਰੇ ਖਿਲਾਫ ਸਨ। ਇੱਕ ਖਾਸ ਗੱਲ ਇਹ ਸੀ ਕਿ ਸਰਦਾਰ ਗੋਰੀ ਸਰਕਾਰ ਨਾਲ ਸ਼ੇਰਿ-ਏ-ਪੰਜਾਬ ਦੀ ਕਿਸੇ ਵੀ ਸੰਧੀ ਦੇ ਜਾਤੀ ਤੌਰ ਤੇ ਖਿਲਾਫ ਸਨ। ਭਾਵ ਆਪ ਰਬੜ ਦੀ ਮੋਹਰ ਨਹੀਂ ਸਨ ਸਗੋਂ ਤਰਕ ਭਰੀ ਸੋਚ ਦੇ ਮਾਲਿਕ ਸਨ।
ਪੰਜਵੇਂ ਕਾਂਡ ਵਿੱਚ ਪਿਸ਼ਾਵਰ ਇਲਾਕੇ ਦੀ ਵਧੀਆ ਰਾਜ ਸਥਾਪਤੀ ਦਾ ਜ਼ਿਕਰ ਹੈ। ਛੇਵੇਂ ਕਾਂਡ ਨੂੰ ਵੈਰਾਗਮਈ ਕਾਂਡ ਆਖਾਂਗੇ। ਸਿੱਖ ਇਤਿਹਾਸ ਵਿੱਚ
ਜਮਰੌਦ ਦੇ ਕਿਲ੍ਹੇ ਦਾ ਖਾਸ ਅਸਥਾਨ ਹੈ। ਇਸ ਇਲਾਕੇ ਵਿੱਚ ਸੂਰਮੇ ਨੂੰ ਮੌਤ ਦੇ ਫਰਿਸ਼ਤੇ ਕਈ ਦਿਨ ਲੱਭਦੇ ਫਿਰਦੇ ਰਹੇ। ਪਰ ਇਹ ਯੋਧਾ ਸਿਰ ਤੇ ਕੱਫਣ ਬੰਨ੍ਹ ਕੇ ਰਾਣੀ ਮੌਤ ਨੂੰ ਮਖੌਲਾਂ ਕਰਦਾ ਰਿਹਾ। ਸਿਆਣਿਆਂ ਦੇ ਕਥਨ ਅਨੁਸਾਰ ਹੋਣੀ ਨਹੀਂ ਟਲਦੀ, ਉਸ ਨੇ ਆਪਣਾ ਕੰਮ ਕਰ ਦਿੱਤਾ। ਯੋਧੇ ਦੇ ਅੰਤ ਨਾਲ ਸਿੱਖ ਰਾਜ ਦੇ ਸਿੰਘਾਸਨ ਦਾ ਇਹ ਥੰਮ ਢਹਿ ਢੇਰੀ ਹੋ ਗਿਆ। ਅਰਥਾਤ ਸਿੰਘਾਸਨ ਡੋਲ ਗਿਆ... ਤੇ ਇਹ ਸਿੱਖ ਰਾਜ ਦੇ ਖਾਤਮੇ ਦਾ ਸੰਕੇਤ ਬਣਿਆ।
ਨਲੂਏ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਕਿਲ੍ਹਿਆਂ, ਸ਼ਹਿਰਾਂ ਅਤੇ ਧਰਮ ਅਸਥਾਨਾਂ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਨਾਮ ਤੇ ਹਜ਼ਾਰੇ ਦੇ ਕਿਲ੍ਹੇ ਦੀ ਉਸਾਰੀ ਕਰਵਾਈ, ਹਰੀਪੁਰ ਸ਼ਹਿਰ ਨੂੰ ਸਫਾਈ ਅਤੇ ਸਹੂਲਤਾਂ ਭਰਪੂਰ ਬਣਾਇਆ, ਪਿਸ਼ਾਵਰ ਵਿੱਚ ਕਿਲ੍ਹੇ ਬਣਾਏ, ਪੰਜਾ ਸਾਹਿਬ ਗੁਰੂ ਘਰ ਦੀ ਸੇਵਾ ਸੰਭਾਲ ਦੇ ਪੱਕੇ ਪ੍ਰਬੰਧ ਕੀਤੇ, ਕਿਲ੍ਹਾ ਗੁਜ਼ਰਾਂ ਵਾਲਾ, ਕਿਲ੍ਹਾ ਜਮਰੌਦ, ਕਸ਼ਮੀਰ ਵਿੱਚ ਧਾਰਮਿਕ ਅਸਥਾਨਾਂ ਦੀ ਉਸਾਰੀ ਅਤੇ ਕਿਲ੍ਹੇ ਬਣਵਾਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਦੀ ਸੇਵਾ ਸੋਨਾ ਜੜਾ ਕੇ ਕਰਵਾਈ, ਤਰਨਤਾਰਨ, ਮੁਕਤਸਰ ਸਾਹਿਬ ਵਿੱਚ ਮਹਾਨ ਸਰੋਵਰਾਂ ਦੀ ਸੇਵਾ ਅਤੇ ਗੁਰੂ ਸਾਹਿਬਾਨ ਦੀਆਂ ਉੱਚੀਆਂ ਸ਼ਾਨਾਂ ਨੂੰ ਬੁੰਗਿਆਂ ਰਾਹੀਂ ਪੇਸ਼ ਕੀਤਾ।
ਡਾਕਟਰ ਸਾਹਿਬ ਨੇ ਇਸ ਪੁਸਤਕ ਵਿੱਚ ਮਹਾਨ ਵਿਸ਼ੇ ਦੀ ਖੋਜ ਕਰਕੇ ਪੇਸ਼ ਕੀਤਾ ਹੈ। ਇਤਿਹਾਸ ਕਿਸੇ ਵੀ ਤਰ੍ਹਾਂ ਬਣਾਏ ਨਹੀਂ ਜਾਂਦੇ ਸਗੋਂ ਇਹ ਹਾਲਾਤਾਂ ਦੀ ਦੇਣ ਹੁੰਦੇ ਹਨ। ਹਾਲਾਤਾਂ ਦੀ ਪੀੜਾ ਇਤਿਹਾਸ ਸਿਰਜਦੀ ਹੈ। ਇਸ ਵਿਚਲੇ ਪਾਤਰਾਂ ਦੇ ਕਿਰਦਾਰ ਇਸ ਨੂੰ ਉੱਚਾ ਨੀਵਾਂ ਕਰਦੇ ਹਨ। ਸੰਸਾਰ ਵਿੱਚ ਸੈਂਕੜੇ ਕੌਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ। ਅਸੀਂ ਰਿਣੀ ਹਾਂ ਆਪਣੇ ਗੁਰੂਆਂ, ਭਗਤਾਂ, ਸਿਰਲੱਥ ਯੋਧਿਆਂ ਵੀਰਾਂ ਅਤੇ ਭੈਣਾਂ ਦੇ, ਜਿਨ੍ਹਾਂ ਨੇ ਆਪਣੇ ਨਾਮੋ-ਨਿਸ਼ਾਨ ਮਿਟਾ ਕੇ ਸਿੱਖ ਇਤਿਹਾਸ ਦਾ ਪਰਪੱਕ ਮਹੱਲ ਉਸਾਰਿਆ ਹੈ। ਧੰਨਵਾਦੀ ਹਾਂ ਸੇਖੋਂ ਸਾਹਿਬ ਦੇ ਜਿਨ੍ਹਾਂ ਇਤਿਹਾਸ ਦੀ ਲੰਮੀ ਲੜੀ ਨੂੰ ਵਿਗਿਆਨਕ ਸੋਚ ਅਤੇ ਤਰਕਮਈ ਸੂਝ ਬੂਝ ਨਾਲ ਪੇਸ਼ ਕੀਤਾ ਹੈ। ਪੁਸਤਕ ਦੀ ਬੋਲੀ ਮੁਹਾਵਰੇ ਭਰਪੂਰ ਠੇਠ ਪੰਜਾਬੀ ਹੈ, ਕਿਤੇ ਕਿਤੇ ਮਾਲਵੇ ਦਾ ਇਲਾਕਾਈ ਅਸਰ ਦਿਸਦਾ ਹੈ। ਵਾਕ ਬਣਤਰ ਕਿਤੇ ਕਿਤੇ ਅਣ-ਸੁਖਾਵੀਂ ਹੈ ਪਰ ਆਪ ਜੀ ਨੂੰ ਗੱਲ ਪਾਠਕ ਦੇ ਪੱਲੇ ਪਾ ਦੇਣ ਦਾ ਢੰਗ ਆਉਂਦਾ ਹੈ। ਲੇਖਣੀ ਨੂੰ ਰਸ ਭਰੀ ਬਨਾਉਣ ਲਈ ਗੁਰਬਾਣੀ ਅਤੇ
ਕਾਵਿ ਟੋਟਕਿਆਂ ਦੀ ਖੂਬ ਵਰਤੋਂ ਕੀਤੀ ਹੋਈ ਹੈ। ਰੱਬ ਅੱਗੇ ਅਰਦਾਸ ਕਰੀਏ ਕਿ ਡਾਕਟਰ ਸਾਹਿਬ ਖੋਜ ਭਰੀ ਰਚਨਾ ਕਰਦੇ ਰਹਿਣ ਤੇ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ।
ਦਾਸ
ਸੁਰਜੀਤ ਸਿੰਘ
ਮੁਖੀ-ਪੰਜਾਬੀ ਵਿਭਾਗ (ਸਾਬਕਾ)
ਗੁਰੂ ਨਾਨਕ ਨੈਸ਼ਨਲ ਕਾਲਜ
ਨਕੋਦਰ
ਜਲੰਧਰ
ਭੂਮਿਕਾ
ਅਨੰਤ ਸ਼ਕਤੀਆਂ ਦੇ ਮਾਲਕ ਪਰਮੇਸ਼ਰ ਦੀ ਦ੍ਰਿਸ਼ਟੀ ਬੜੀ ਬੇਅੰਤ ਹੈ ਜਿਸ ਅੰਦਰ ਜੋਤ, ਦਾਤ ਅਤੇ ਜੁਗਤ ਦੀ ਕਲਾ ਪਸਰ ਰਹੀ ਹੈ। ਇਹ ਕਲਾ ਉਹ ਮਹਾਨ ਸ਼ਕਤੀ ਹੈ ਜੋ ਦਿਖਾਈ ਨਹੀਂ ਦਿੰਦੀ ਪਰ ਪ੍ਰਤੱਖ ਰੂਪ ਵਿੱਚ ਪ੍ਰਗਟ ਹੈ। ਇਹ ਸ਼ਕਤੀ ਐਸੀ ਹੈ ਜਿਸ ਨੂੰ ਮਾਪਿਆ, ਤੋਲਿਆ ਅਤੇ ਗਿਣਿਆ ਨਹੀਂ ਜਾ ਸਕਦਾ। ਹਰ ਇੱਕ ਜੀਵ ਅੰਦਰ ਉਸ ਜੀਵਨ ਦਾਤੇ ਵਲੋਂ ਕਲਾ ਟਿਕਾਈ ਹੋਈ ਹੈ ਅਤੇ ਇਹ ਪਿਛਲੇ ਜਨਮਾਂ-ਜਨਮਾਂਤ੍ਰਾਂ ਦੀ ਕੀਤੀ ਕਮਾਈ ਤੇ ਅਧਾਰਤ ਹੁੰਦੀ ਹੈ। ਮਨੁੱਖੀ ਜੀਵਨ ਜਾਂ ਸੰਜੀਵ ਜੀਵਾਂ ਦੇ ਜੀਵਨ ਦਾ ਆਰੰਭ ਵੀ ਹੈ ਅਤੇ ਅੰਤ ਵੀ ਹੈ ਪਰ ਕਲਾ ਅਨੰਤ ਹੈ। ਪ੍ਰਭੂ ਵਲੋਂ ਬਖਸ਼ੀ ਕਲਾ ਨੂੰ ਘਟਾਇਆ, ਵਧਾਇਆ ਨਹੀਂ ਜਾ ਸਕਦਾ। ਹਾਂ ਮਨੁੱਖ ਆਪਣੀ ਕਲਾ ਦੀ ਵਰਤੋਂ ਘੱਟ ਵੱਧ ਕਰ ਸਕਦਾ ਹੈ। ਪ੍ਰਸਿੱਧ ਚਿਤ੍ਰਕਾਰ ਸਰਦਾਰ ਸੋਭਾ ਸਿੰਘ ਅਨੁਸਾਰ 'ਕਲਾ ਇੱਕ ਉਚੇਰੀ ਤੇ ਆਜ਼ਾਦ ਉਡਾਰੀ ਹੈ' ਜੋ ਸੁੱਤੀਆਂ ਰੂਹਾਂ ਨੂੰ ਜਗਾ ਦਿੰਦੀ ਹੈ ਅਤੇ ਭੁੱਲੇ-ਭਟਕਿਆਂ ਨੂੰ ਸਹੀ ਰਸਤੇ ਪਾ ਦਿੰਦੀ ਹੈ। ਕਲਾ ਤਾਂ ਹੀ ਸਫ਼ਲ ਹੈ ਜੇ ਕਲਾਕਾਰ ਇਸ ਨੂੰ ਚੰਗੀ ਤਰ੍ਹਾਂ ਸਮਝੇ। ਕਲਾ ਇੱਕ ਮਿਸ਼ਨ ਹੋਣਾ ਚਾਹੀਦਾ ਹੈ ਪੇਸ਼ਾ ਨਹੀਂ। ਅਰਿਸਟੋਟਲ ਨੇ ਕਲਾ ਨੂੰ ਕੁਦਰਤ ਦੀ ਸੂਝ-ਬੂਝ ਵਾਲੀ ਨਿਰੂਪਣ ਸ਼ਕਤੀ ਲਿਖਿਆ ਹੈ। ਇਹ ਸ਼ਕਤੀ ਇੱਕ ਸੁਰਤਾ ਅਤੇ ਵਜ਼ਨਦਾਰ ਮਾਪ ਦਾ ਪ੍ਰਤੱਖ ਸਰੂਪ ਹੈ। ਬੰਦੇ ਇਸ ਕੁਦਰਤੀ ਸ਼ਕਤੀ ਦੇ ਤੋਹਫੇ ਨੂੰ ਆਪਣੀ ਕਾਬਲੀਅਤ ਦੀ ਪਦਵੀ ਦਰਸਾਉਂਦੇ ਹਨ, ਜਦੋਂ ਉਨ੍ਹਾਂ ਦੇ ਮਨਾਂ ਅੰਦਰ ਉਜੱਡਪੁਣਾ ਪੈਦਾ ਹੁੰਦਾ ਹੈ।
'Imagination then is one instinct of our nature. Next there is the instinct for harmony, and rhythmymeters being manifestly sections of rhythms Persons, therefore, starting with this natural gift developed by degrees their special aptitudes till their rude improvisations give birth.
ਅਕਾਲ ਪੁਰਖ ਨੇ ਦੂਜੇ ਜੀਵਾਂ ਦੇ ਮੁਕਾਬਲੇ ਮਨੁੱਖ ਨੂੰ ਉੱਤਮ ਦਿਮਾਗ, ਚੰਗੀ ਸੋਚ ਅਤੇ ਇੱਕ ਦੂਜੇ ਨਾਲ ਗੱਲਬਾਤ ਕਰਨ, ਮੇਲ-ਮਿਲਾਪ ਰੱਖਣ, ਪੜ੍ਹਨ ਅਤੇ ਲਿਖਣ ਲਈ ਵਿਲੱਖਣ ਵਿਧੀ ਬਖਸ਼ੀ ਹੋਈ ਹੈ। ਪਰ ਇਹ ਆਪਣੇ ਸੁਆਰਥ, ਲਾਭ, ਹਿੱਤ ਅਤੇ ਹੰਕਾਰੀ ਔਗੁਣਾਂ ਨੂੰ ਮੁੱਖ ਰੱਖ ਕੇ ਕਮਜ਼ੋਰਾਂ ਅਤੇ ਗਰੀਬਾਂ ਨੂੰ
ਗੁਲਾਮ ਬਣਾ ਕੇ ਉਨ੍ਹਾਂ ਤੇ ਜ਼ੁਲਮ ਢਾਹੁੰਦਾ ਹੈ, ਲੁੱਟ-ਖਸੁੱਟ ਕਰਦਾ ਹੈ ਜਿਸ ਕਾਰਨ, ਜੰਗਲ ਰੂਪੀ ਬੋਲ ਬਾਲਾ ਹੋ ਜਾਂਦਾ ਹੈ। ਜਿਸ ਦੀ ਲਾਠੀ ਉਸ ਦੀ ਭੈਂਸ ਵਾਲੇ ਹਾਲਤ ਪੈਦਾ ਹੋਣ ਕਾਰਨ ਪਾਪਾਂ ਦੀ ਹੱਦ ਹੋ ਜਾਂਦੀ ਹੈ ਅਤੇ ਪਰਜਾ 'ਚ ਕੁਰਲਾਹਟ ਮੱਚ ਜਾਂਦੀ ਹੈ। ਪਰ ਅਖੀਰ ਇਹਨਾਂ ਆਹਾਂ ਅਤੇ ਰੋਣ ਦੀਆਂ ਧਾਹਾਂ ਜਦੋਂ ਜੀਵਨ ਦਿਹੰਦ ਸੁਣਦਾ ਹੈ ਤਾਂ ਇਹਨਾਂ ਨੂੰ ਠੱਲ੍ਹਣ ਲਈ ਉਹ ਕਿਸੇ ਮਹਾਂਬਲੀ ਨੂੰ ਕਲਾ ਦੇ ਕੇ ਸੰਸਾਰ ਤੇ ਭੇਜਦਾ ਹੈ। ਉਹ ਅਗੰਮੀ ਮਰਦ ਸ਼ਸਤਰਾਂ ਅਤੇ ਗੁਲਾਮੀ ਦੀ ਚੱਕੀ ਵਿੱਚ ਪਿਸ ਰਹੀ ਖਲਕਤ ਦੀ ਸਹਾਇਤਾ ਨਾਲ ਪਾਪੀ ਬੁਰਛਿਆਂ ਦੀ ਪੰਜਾਲੀ ਉਹਨਾਂ ਦੇ ਗਲੋਂ ਲੁਹਾ ਦਿੰਦਾ ਹੈ। ਅਸਲ ਵਿੱਚ ਭਾਣਾ ਸਾਰਾ ਕਰਤੇ ਦਾ ਹੀ ਵਰਤਦਾ ਹੈ ਜਿਵੇਂ ਗੁਰਬਾਣੀ ਦੇ ਬੋਲ ਹਨ:
ਲੋਭ ਲਹਰਿ ਸਭ ਸੁਆਨ ਹਲਕੁ ਹੈ ਹਲਕਿਓ ਸਭਹਿ ਬਿਗਾਰੇ॥
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋਈ ਗੁਰ ਗਿਆਨੁ ਖੜਗੁ ਲੈ ਮਾਰੇ॥ (੯੮੩)
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ (੧੭੦੮ ਤੋਂ ੧੭੧੬) ਦਾ ਸਮਾਂ ਛੱਡ ਕੇ ਹਿੰਦੁਸਤਾਨ ਤਕਰੀਬਨ ੮੦੦ ਸਾਲ ਅਰਬਾਂ, ਤੁਰਕਾਂ ਅਤੇ ਮੁਗਲਾਂ ਦੇ ਅਧੀਨ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਰਿਹਾ। ਇਸ ਸਮੇਂ ਦੌਰਾਨ ਜੋ ਜਬਰ ਜਨ੍ਹਾ, ਘਾਣ, ਦੁਰਗਤੀ ਅਤੇ ਮੁਸੀਬਤਾਂ ਦੀ ਹਨੇਰੀ ਪਰਜਾ ਉੱਪਰ ਝੁੱਲੀ ਉਹ ਸੰਤਾਪ ਅਤੇ ਅਤਿਆਚਾਰ ਲੂੰ ਕੰਡੇ ਖੜ੍ਹੇ ਕਰਨ ਵਾਲੀ ਵਾਰਤਾ ਹੈ। ਬੰਦਿਆਂ ਦਾ ਜੀਵਨ ਪਸ਼ੂਆਂ ਨਾਲੋਂ ਵੀ ਮੰਦਾ ਸੀ। ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਗਿਆ, ਇਸਤਰੀਆਂ ਦੇ ਸਤ ਭੰਗ ਕੀਤੇ ਗਏ, ਬੇਕਸੂਰਿਆਂ, ਬੱਚਿਆਂ ਅਤੇ ਬੁੱਢਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਹਿੰਦੂਆਂ ਤੇ ਹੋ ਰਹੇ ਧੱਕੇ ਅਤੇ ਸਲੂਕ ਬਾਰੇ ਗਿਆਨੀ ਗਿਆਨ ਸਿੰਘ ਜੀ 'ਪੰਥ ਪ੍ਰਕਾਸ਼' ਵਿੱਚ ਲਿਖਦੇ ਹਨ:
ਬੇਟੀ ਬਹੂ ਨਵੀਂ ਜੋ ਐ ਹੈਂ। ਤ੍ਰੈ ਦਿਨ ਜਬਰਨ ਤਾਹਿ ਰਖੈ ਹੈਂ।
ਪੁਨ ਜਬ ਹਿੰਦੂ ਕੋਈ ਮਰ ਹੈਂ। ਕਬਰ ਪੀਰ ਦਰਵਾਜੇ ਪਰ ਹੈ।
ਤਿਸ ਕੇ ਨੀਚੇ ਸੈ ਲਖਵੈ ਹੈਂ। ਮੁਰਦਾ ਫਿਰ ਜਲਤ ਸੋ ਨੈ ਹੈਂ।
ਡਾਕਟਰ ਹਰੀ ਰਾਮ ਗੁਪਤਾ ਲਿਖਦੇ ਹਨ ਕਿ ਜੇਕਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ (੧੪੬੯) ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਤੋਂ ੫੦੦ ਸਾਲ ਪਹਿਲਾਂ ਤੇ ਝਾਤੀ ਮਾਰੀਏ ਤਾਂ ਜਰਵਾਣਿਆਂ ਨੇ ਇਸ ਸਮੇਂ ਦੌਰਾਨ ਤਕਰੀਬਨ
੬੦ ਹਮਲੇ ਹਿੰਦੋਸਤਾਨ ਤੇ ਕੀਤੇ। ਇਹਨਾਂ ਹਮਲਿਆਂ ਦੌਰਾਨ ਦੇਸ਼ ਦੀ ਧਾਰਮਿਕ, ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਅਵਸਥਾ ਨੂੰ ਚਕਨਾਚੂਰ ਹੀ ਨਹੀਂ ਕੀਤਾ ਸਗੋਂ ਹਿੰਦੁਸਤਾਨੀਆਂ ਨੂੰ ਕਮਜ਼ੋਰ, ਬੁਜ਼ਦਿਲ ਅਤੇ ਨਿਤਾਣੇ ਬਣਾ ਦਿੱਤਾ।
ਗੁਰੂ ਨਾਨਕ ਦੇਵ ਜੀ ਨੇ ਸੱਚ ਅਤੇ ਹੱਕ ਦਾ ਹੋਕਾ ਦਿੱਤਾ।
ਆਪਣੇ ਰੱਬੀ ਬੋਲਾਂ ਨਾਲ ਲੁਕਾਈ ਨੂੰ ਜੰਗੇ-ਆਜ਼ਾਦੀ ਲਈ ਜਗਾਉਣਾ ਕੀਤਾ। ਬਾਬਰ ਵਰਗੇ ਜਰਵਾਣੇ ਬਾਦਸ਼ਾਹ ਨੂੰ ਉਸ ਦੇ ਮੂੰਹ ਤੇ ਜਾਬਰ ਕਿਹਾ। ਹੋਰ ਰਾਜਿਆਂ ਨੂੰ ਸ਼ੇਰ ਦੀ ਨਿਆਈਂ ਵਿਚਰਨ ਕਰ ਕੇ ਆਦਮਖੋਰ ਆਖਿਆ ਅਤੇ ਇਹਨਾਂ ਦੇ ਮੁਕੱਦਮਾਂ ਨੂੰ ਲਾਲਚੀ ਕੁੱਤੇ ਗਰਦਾਨਿਆ ਅਤੇ ਨੌਕਰਾਂ ਨੂੰ ਗਰੀਬਾਂ ਦੀ ਰੱਤ ਪੀਣ ਵਾਲੇ ਆਖਿਆ।
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿ ਹੋ ਚਟੁ ਜਾਹੁ॥ (੧੨੮੮)
ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸਨ ਉਨ੍ਹਾਂ ਦੇ ਪਾਖੰਡ ਰੂਪੀ ਪਾਜਾਂ ਨੂੰ ਇੰਞ ਉਧੇੜਿਆ:
ਕਾਦੀ ਕੂੜ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੈ ਕਾ ਬੰਧੁ॥
ਗੁਰੂ ਸਾਹਿਬ ਨੇ ਗੁਰ ਸਿੱਖ ਨੂੰ ਜੀਵਨ ਜਾਚ ਸਿਖਣ ਲਈ ਪ੍ਰੇਰਿਆ ਅਤੇ ਨਾਲ ਹੀ ਧਰਮ ਦੀ ਕਿਰਤ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਆਪਣੀ ਪੰਜਵੀਂ ਅਤੇ ਨੌਵੀਂ ਜੋਤ ਅੰਦਰ ਹੱਕ, ਸੱਚ, ਇਨਸਾਫ ਲਈ ਕੁਰਬਾਨੀ ਕਰਨ ਦਾ ਵੱਲ ਸਿਖਾਇਆ, ਨੇਕੀ ਦਾ ਪਰਕਾਸ਼ ਅਤੇ ਬਦੀ ਦਾ ਨਾਸ਼ ਕਰਨ ਲਈ ਛੇਵੀਂ ਜੋਤ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਸਿੱਖੀ ਅੰਦਰ ਪ੍ਰਕਾਸ਼ਿਤ ਕੀਤਾ। ਅਰਥਾਤ ਸਿੱਖ ਨੂੰ ਸੰਤ ਸਿਪਾਹੀ ਬਣਾ ਦਿੱਤਾ। ਦੁਸ਼ਟਾਂ ਦੀ ਸੁਧਾਈ ਲਈ ਸ਼ਸਤਰ ਚੁੱਕੇ। ਦਸਵੀਂ ਜੋਤ ਅੰਦਰ ਮਰਦ ਅਗੰਮੜੇ-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਦੀ ਪਦਵੀ ਬਖਸ਼ ਕੇ ਖ਼ਾਲਸੇ ਦਾ ਰੂਪ ਦੇ ਦਿੱਤਾ। ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟੱਲ ਗੁਰੂ ਥਾਪ ਦਿੱਤਾ। ਖਾਲਸੇ ਬਾਰੇ ਆਖਿਆ ਕਿ ਆਉਣ ਵਾਲੇ ਸਮੇਂ ਅੰਦਰ ਖਾਲਸਾ ਜ਼ੁਲਮ
ਜਬਰ ਨਾਲ ਜੂਝਦਾ ਰਹੇਗਾ। ਪਰ ਸ਼ਰਤ ਇਹ ਰੱਖੀ ਕਿ ਖ਼ਾਲਸਾ ਉਹੀ ਹੋਵੇਗਾ ਜੋ ਗੁਰਮਤਿ ਦਾ ਧਾਰਨੀ ਅਤੇ ਗੁਰਮਰਿਯਾਦਾ ਵਿੱਚ ਪਰਪੱਕ ਰਹੇਗਾ। ਜੇਕਰ ਗੁਰੂ ਦੇ ਸਿੱਖ ਗੁਰੂ ਨਾਨਕ ਦੇ ਸਿਧਾਤਾਂ ਤੇ ਪਹਿਰਾ ਨਹੀਂ ਦੇਣਗੇ ਤਾਂ ਦੁੱਖ ਪਾਉਣਗੇ ਅਤੇ ਪਾਪਾਂ ਦੇ ਭਾਗੀ ਹੋਣਗੇ। ਗੁਰੂ ਨਾਨਕ ਦੀ ਸਿੱਖੀ ਸਹੀ ਜੀਵਨ ਸੇਧ ਦੇਣ ਕਰਕੇ ਮਨੁੱਖਤਾ ਦੀ ਜਿੰਦ ਜਾਨ, ਆਨ ਅਤੇ ਸ਼ਾਨ ਹੈ।
ਸਿੱਖੀ ਬਾਰੇ Mr.Bertrand Arthur William Russell (Noble prize winner in literature in 1950) ਜਿਹੜਾ ਮਹਾਨ ਫਿਲਾਸਫਰ ਅਤੇ ਗਣਿਤ ਵਿਦਿਆ ਦਾ ਮਾਹਰ ਸੀ। ਇਸ ਤੋਂ ਇਲਾਵਾ ਇਹ ਹਿਸਟੋਰੀਅਨ ਅਤੇ ਸਮਾਜਿਕ ਨੁਕਤਾ ਨਿਗਾਹ ਵਿੱਚ ਵੀ ਮਾਹਰ ਸੀ ਅਤੇ ਸਾਹਿਤ ਦਾ ਆਲੋਚਕ ਸੀ। ਇਹ ੧੮੭੨ ਤੋਂ ੧੯੭੦ ਦੇ ਦਰਮਿਆਨ ਹੋਇਆ ਹੈ ਅਤੇ ਬਰਤਾਨੀਆਂ ਦਾ ਸ਼ਹਿਰੀ ਸੀ। ਇਸ ਦੇ ਵਿਚਾਰ ਸੁਣੋ:
"If some lucky men survive on slaught of the third world war of atomic and hydrogen bombs, then the Sikh religion will be the only means of guiding them. When asked isn't this religion capable of guiding mankind before the third world war? He said, "Yes, it has the capability but the Sikhs haven't brought out in the broad day light the splendid doctrines of this religion which has come into existence for the benefit of the entire mankind. This is their greatest sin and the Sikhs cannot be freed of it."
ਭਾਵ 'ਨੋਬਲ ਪੁਰਸਕਾਰ ਵਿਜੇਤਾ ਬਰਟੈਂਡ ਰਸਲ (੧੮੭੨-੧੯੭੦), ਬਰਤਾਨੀਆਂ ਦਾ ਮਹਾਨ ਦਾਰਸ਼ਨਿਕ, ਗਣਿਤ ਸ਼ਾਸਤ੍ਰੀ, ਹਿਸਟੋਰੀਅਨ ਅਤੇ ਸਾਹਿਤ ਦਾ ਆਲੋਚਕ ਲਿਖਦਾ ਹੈ ਕਿ ਜੇਕਰ ਕੋਈ ਸੁਭਾਗਾ ਬੰਦਾ ਦੁਨੀਆਂ ਦੀ ਹੋਣ ਵਾਲੀ ਤੀਜੀ ਮਾਰੂਜੰਗ 'ਚੋਂ ਬਚ ਗਿਆ ਕਿਉਂਕਿ ਇਹ ਐਟਮ ਅਤੇ ਹਾਈਡ੍ਰੋਜਨ ਬੰਬਾਂ ਦੀ ਹੋਵੇਗੀ ਤਾਂ ਇਸ ਪਿੱਛੋਂ ਸਿੱਖ ਧਰਮ ਹੀ ਇੱਕ ਐਸਾ ਧਰਮ ਹੋਵੇਗਾ ਜਿਹੜਾ ਯੋਗ ਅਗਵਾਈ ਕਰ ਸਕੇਗਾ। ਤਦ ਰਸਲ ਤੋਂ ਪੁੱਛਿਆ ਗਿਆ ਕਿ ਕੀ ਦੁਨੀਆਂ ਦੇ ਇਸ ਤੀਜੇ ਮਹਾਂ ਯੁੱਧ ਤੋਂ ਪਹਿਲਾਂ ਸਿੱਖ ਧਰਮ ਮਨੁੱਖਤਾ ਨੂੰ ਸਹੀ ਸੇਧ
ਦੇਣ ਦੀ ਸਮਰੱਥਾ ਨਹੀਂ ਰਖਦਾ? ਉੱਤਰ ਸੀ, ਹਾਂ, ਇਸ ਧਰਮ ਕੋਲ ਇਹ ਸਮਰੱਥਾ ਹੈ। ਪਰ ਸਿੱਖਾਂ ਨੇ ਸਿੱਖ ਧਰਮ ਦੇ ਗੌਰਵਮਈ ਸਿਧਾਤਾਂ ਨੂੰ ਪ੍ਰਕਾਸ਼ਤ ਨਹੀਂ ਕੀਤਾ ਜਿਹੜੇ ਸਾਰੀ ਮਨੁੱਖਤਾ ਦੀ ਭਲਾਈ ਲੋੜਦੇ ਹਨ। ਇਹ ਇਸ ਪਾਪ ਕਾਰਨ ਬਖਸ਼ੇ ਨਹੀਂ ਜਾ ਸਕਦੇ'।
ਸਿੱਖੀ ਮਹਾਨ ਹੈ। ਗੁਰੂ ਕ੍ਰਿਪਾ ਸਦਕਾ ਸਿੱਖ ਕੌਮ ਮਾਰਸ਼ਲ ਹੈ। ਗੁਰੂ ਨੇ ਸਿੱਖ ਨੂੰ ਇਸ ਗੱਲ ਵਿੱਚ ਪਰਪੱਕ ਕੀਤਾ ਹੈ ਕਿ ਤੂੰ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਣਾ ਹੈ, ਸਦਾ ਚੜ੍ਹਦੀ ਕਲਾ 'ਚ ਰਹਿਣ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਹੈ, ਸਰਬੱਤ ਦਾ ਭਲਾ ਮੰਗਣਾ ਹੈ, ਸਦਾ ਪਰਉਪਕਾਰ ਕਰਨਾ ਹੈ ਅਤੇ ਦੇਸ਼ ਜਾਂ ਕੌਮ ਤੇ ਜੇਕਰ ਕੋਈ ਭੀੜ ਬਣੇ ਤਾਂ ਆਪਣੇ ਆਪ ਨੂੰ ਕੁਰਬਾਨ ਕਰਨ ਤੋਂ ਵੀ ਕਦੇ ਨਹੀਂ ਝਿਜਕਣਾ। ਮੈਂ ਤੇਰੇ ਸਦਾ ਅੰਗ ਸੰਗ ਹਾਂ। ਇਸ ਲਈ ਸਿੱਖ ਗੁਰੂ ਦੇ ਪ੍ਰੇਮ ਅਤੇ ਪ੍ਰਤੀਤ ਨੂੰ ਮੁੱਖ ਰਖਦਿਆਂ ਮੌਤ ਤੋਂ ਨਹੀਂ ਡਰਦਾ, ਆਪਾ ਵਾਰਨ ਲਈ ਸਦਾ ਤਤਪਰ ਰਹਿੰਦਾ ਹੈ ਅਤੇ ਗੁਰੂ ਚਰਨਾਂ ਵਿੱਚ ਹੋਈ ਮੌਤ ਨੂੰ ਵਡਭਾਗੀ ਮੰਨਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਨੇ ਬਹੁਤ ਤਸੀਹੇ ਝੱਲੇ ਅਤੇ ਔਖੀ ਘੜੀ ਵਿੱਚ ਵਿਚਰਦਿਆਂ ਜਰਵਾਣਿਆਂ ਦੇ ਮੂੰਹ ਵੀ ਭੰਨੇ। ਨਵਾਬ ਜ਼ਕਰੀਆ ਖਾਂਨ ਅਤੇ ਮੀਰ ਮੰਨੂ ਵਰਗਿਆਂ ਨੇ ਕਸਮਾਂ ਖਾਧੀਆਂ ਕਿ ਅਸੀਂ ਉਤਨਾ ਚਿਰ ਪੱਗ ਆਪਣੇ ਸਿਰ ਤੇ ਨਹੀਂ ਧਰਾਂਗੇ ਜਿਤਨਾ ਚਿਰ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਮਿਟਾ ਦਿੰਦੇ। ਇਥੋਂ ਤੱਕ ਹੁਕਮਨਾਮੇ ਜਾਰੀ ਕੀਤੇ ਗਏ ਕਿ ਗੁੜ ਸ਼ਬਦ ਦੀ ਵਰਤੋਂ ਤੇ ਵੀ ਪਾਬੰਦੀ ਲਗਾ ਦਿੱਤੀ ਕਿਉਂਕਿ ਇਹ ਸ਼ਬਦ ਗੁਰੂ ਨਾਲ ਮਿਲਦਾ ਜੁਲਦਾ ਹੈ। ਗੁੜ ਦੀ ਥਾਂ 'ਰੋੜੀ' ਸ਼ਬਦ ਵਰਤਣ ਦੇ ਆਦੇਸ਼ ਦਿੱਤੇ ਗਏ। ਸਿਰਾਂ ਦੇ ਮੁੱਲ ਪਾਏ ਗਏ ਅਤੇ ਥਾਂ ਥਾਂ ਤੇ ਵੱਢੇ ਸਿਰਾਂ ਦੀਆਂ ਮੀਨਾਰਾਂ ਖੜ੍ਹੀਆਂ ਕਰ ਕੇ ਉਨ੍ਹਾਂ ਨੂੰ ਸਾੜਿਆ ਗਿਆ। ਪਰ ਸਿੰਘਾਂ ਨੇ ਇਹ ਸ਼ਬਦ ਉਚਾਰਨ ਕੀਤੇ:
ਮੰਨੂ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਇ।
ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸੁਵਾਏ ਹੋਏ।
ਸਿੱਖੀ ਬਾਰੇ ਲਿਖਾਰੀ ਮੀਨਾ ਦਾਸ ਦੇ ਵਿਚਾਰ ਸੁਣੋ:
"ਜਿਹੜਾ ਵਰਗ (ਸਿੱਖ) ਹੱਕ ਸੱਚ ਦੀ ਖ਼ਾਤਰ ਜਾਨਾਂ ਨਿਛਾਵਰ ਕਰ ਦੇਣ ਦੇ ਕਰਮ ਨੂੰ 'ਪ੍ਰੇਮ ਦੀ ਖੇਡ’ ਖੇਡਣ ਦਾ ਨਾਂ ਦਿੰਦਾ ਹੈ, ਜ਼ੁਲਮਾਂ ਦੇ ਤਸੀਹਿਆਂ ਨੂੰ 'ਤੇਰਾ ਕੀਆ ਮੀਠਾ ਲਾਗੇ' ਕਹਿ ਕੇ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਕਾਲ ਕੋਠੜੀਆਂ
ਦੇ ਅੰਦਰ ਵੀ ਸਰੂਰੀ ਸਦਾਂ ਲਾਉਂਦਾ ਹੈ ਅਤੇ ਫ਼ਾਸੀ ਦੇ ਤਖ਼ਤਿਆਂ ਤੇ ਵੀ ਜੇਤੂ ਜੈਕਾਰੇ ਗਜਾਉਂਦਾ ਹੈ ਉਸ ਵਿੱਚ ਆਪਣੀ ਨਿਆਰੀ ਹਸਤੀ ਅਤੇ ਠੁੱਕ ਦਾ ਅਹਿਸਾਸ ਪੈਦਾ ਹੋ ਜਾਣਾ ਸੁਭਾਵਿਕ ਹੈ। ਅਜੇਹੀ ਪਿਆਰੀ, ਨਿਆਰੀ, ਦੁਲਾਰੀ ਅਤੇ ਸਤਿਕਾਰੀ ਕੌਮ ਅੰਦਰ ਆਪਾ ਵਾਰਨ ਦਾ ਬਹੁਤ ਪੱਕਾ ਅਤੇ ਡੂੰਘਾ ਅਹਿਸਾਸ ਹੈ। ਇਹ ਅਹਿਸਾਸ ਉਸ ਦੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਦਰਸਾਉਂਦਾ ਹੈ।
ਕਮਿਊਨਿਸਟ ਵਿਚਾਰਧਾਰਾ ਦੇ ਕਵੀ ਅਮਰਜੀਤ ਚੰਦਨ ਦੀ ਸਵੈ-ਕਥਨੀ ਪੜ੍ਹੋ ਜਿਸ ਵਿੱਚ ਦਰਜ਼ ਹੈ:
'ਅਸੀਂ ਵੀ ਸਿੱਖ ਇਤਿਹਾਸ ਤੋਂ ਪ੍ਰੇਰਣਾ ਲਈ, ਖਾਸ ਕਰ ਕੇ ਸ਼ਹਾਦਤ ਦੇ ਸੰਕਲਪ ਤੋਂ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਸਰਦਾਰ ਹਰੀ ਸਿੰਘ ਨਲੂਆ ਸਿੱਖ ਰਾਜ ਦਾ ਮਹਾਨ ਜਰਨੈਲ ਅਤੇ ਉਸਰਈਆ ਸੀ। ਹੁਸਨਲ ਚਰਾਗ, ਰੋਸ਼ਨ ਦਿਮਾਗ ਅਤੇ ਅਗਾਧ ਬਲ ਦਾ ਮਾਲਕ ਹੋਣ ਕਰਕੇ ਇਸ ਨੇ ਸ਼ਮਸ਼ੀਰ ਪਕੜ ਕੇ ਜ਼ਰਵਾਣਿਆਂ ਦੇ ਦਲਾਂ ਅੰਦਰ ਕਮਾਲ ਅਤੇ ਬੇਮਿਸਾਲ ਧਮਾਲਾਂ ਪਾਈਆਂ। ਜਿਸ ਖਿੱਤੇ ਦੇ ਜਰਵਾਣਿਆਂ (ਅਫਗਾਨਾਂ) ਨੇ ਹਿੰਦੁਸਤਾਨ ਨੂੰ ਬਾਰ ਬਾਰ ਕੁੱਟਿਆ ਅਤੇ ਲੁੱਟਿਆ ਅਤੇ ਜਿਨ੍ਹਾਂ ਵੱਲ ਨੂੰ ਕੋਈ ਵੀ ਹਿੰਦੁਸਤਾਨੀ ਸੂਰਮਾ ਮੂੰਹ ਕਰਨ ਨੂੰ ਤਿਆਰ ਨਹੀਂ ਸੀ ਇਹ ਉੱਥੇ ਸ਼ੇਰ ਵਾਂਗ ਬੁੱਕਿਆ ਅਤੇ ਗਰਜਿਆ। ਮਨ ਅੰਦਰ ਗੁਰ-ਲਿਵ, ਸਿੱਖੀ ਪ੍ਰੇਮ, ਅਣਖ ਅਤੇ ਮਨੁੱਖਤਾ ਦੇ ਭਲੇ ਦੀ ਚਿਣਗ ਹੋਣ ਕਰਕੇ ਇਹ ਅਲਬੇਲਾ ਸੂਰਬੀਰ ਮੌਤ ਦੀ ਪਰਵਾਹ ਨਾ ਕਰਦਾ ਹੋਇਆ ਦੁਸ਼ਟਾਂ ਦੇ ਦਲਾਂ ਨੂੰ ਲਤਾੜਦਾ, ਗਾਲਦਾ ਅਤੇ ਮਾਰਦਾ ਬਿਜਲੀ ਦੀ ਨਿਆਈਂ ਆਪਣੇ ਨਿਸ਼ਾਨੇ ਵਲ ਵਧਦਾ ਸੀ। ਇੱਕ ਤੇਜ-ਤਰਾਰ ਤੇ ਫੁਰਤੀਲਾ ਘੋੜ ਸਵਾਰ, ਦੌੜਾਕ, ਤੀਰ-ਅੰਦਾਜ਼ੀ ਅਤੇ ਤਲਵਾਰ ਦਾ ਧਨੀ ਹੋਣ ਦੇ ਨਾਤੇ ਇਹ ਜੰਗਾਂ-ਯੁੱਧਾਂ ਅੰਦਰ ਦੁਸ਼ਮਣ ਨੂੰ ਐਸੀਆਂ ਭਾਜੜਾਂ ਪਾਉਂਦਾ ਅਤੇ ਨਕੇਲ ਕਸਦਾ ਸੀ ਕਿ ਉਸ ਨੂੰ ਹਾਰ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਸੀ ਦਿੰਦਾ। ਹਰ ਪਲ ਮਾਲਕ ਦੀ ਕ੍ਰਿਪਾ ਸਦਕਾ ਜਿੱਤ ਸਰਦਾਰ ਹਰੀ ਸਿੰਘ ਦੇ ਪੈਰ ਚੁੰਮਦੀ ਸੀ। ਇਹ ਜਿੱਤ ਉਸ ਦੇ ਉੱਦਮੀ ਸੁਭਾਅ, ਸਰਲ ਅਤੇ ਸਪਸ਼ਟ ਸੋਚ, ਨੇਕ ਦਿਲ ਨਿਆਂ ਅਤੇ ਇਨਸਾਫ ਪਸੰਦ, ਕਲਿਆਣਕਾਰੀ ਅਤੇ ਸ਼ੁਭ-ਚਿੰਤਕ ਹੋਣ ਦਾ ਨਤੀਜਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਉੱਚਰੇ ਬੋਲ ਹਰੀ ਸਿੰਘ ਦੇ ਅੰਗ ਅੰਗ ਵਿੱਚ ਰਮੇ ਹੋਏ ਸਨ:
ਦੇਹ ਸਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨਾ ਡਰੋ ਅਰ ਸੋ ਜਬ ਜਾਏ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ।
ਅਰ ਸਿੱਖ ਹੂੰ ਅਪਨੇ ਹੀ ਮਨ ਕੋ ਇਹ ਲਾਲਚ ਹੌ ਗੁਨ ਨ ਉਚਰੋਂ।
ਜਬ ਆਵ ਕੀ ਔਧ ਨਿਦਾਨ ਬਨੈ ਅਤ ਹੀ ਰਣ ਮੇਂ ਤਬ ਜੂਝ ਮਰੋਂ।
ਬਹੁਤ ਹੀ ਵਿਲੱਖਣਤਾ, ਅਸਚਰਜ਼ ਅਤੇ ਕਲਾਮਈ ਗੱਲ ਇਹ ਹੈ ਕਿ ਅਟਕ ਤੋਂ ਖ਼ੈਬਰ ਪਾਸ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਦੀ ਦੇਖ ਰੇਖ ਹੇਠ ਅਫ਼ਗਾਨਾਂ ਨੂੰ ਭਾਰਤ ਵਿੱਚ ਦਾਖਲ ਹੋਣ ਤੋਂ ਸਦਾ ਲਈ ਰੋਕ ਦਿੱਤਾ। ਖੈਬਰ ਪਾਸ ਪੱਛਮ ਦੇਸ਼ ਤੇ ਗਰੀਕਸ ਵੱਲੋਂ ੫੦੦ ਬੀ. ਸੀ. ਵਿੱਚ ਹੀ ਹਮਲਾਵਰ ਦਰਾ ਖੈਬਰ ਰਾਹੀਂ ਹਿੰਦੁਸਤਾਨ ਵਿੱਚ ਲੁੱਟ ਖਸੁੱਟ ਲਈ ਬਿਨਾਂ ਕਿਸੇ ਡਰ ਭਉ ਤੋਂ ਦਾਖਲ ਹੁੰਦੇ ਆ ਰਹੇ ਸਨ। ਗਰੀਕਸ ਤੋਂ ਬਿਨਾ ਤੁਰਕ, ਅਰਬੀ, ਮੁਗਲ, ਮੰਗੋਲਜ਼ ਅਤੇ ਅਫ਼ਗਾਨੀ ਬਾਰ ਬਾਰ ਇਸ ਰਸਤੇ ਹਮਲਾ ਕਰਦੇ ਸਨ। ਇਹਨਾਂ ਨੂੰ ਰੋਕਣਾ ਖਾਲਾ ਜੀ ਦਾ ਵਾੜਾ ਨਹੀਂ ਸੀ, ਸਿਰ ਧੜ ਦੀ ਬਾਜੀ ਦੀ ਜ਼ਰੂਰਤ ਸੀ। ਸ਼ੇਰਿ-ਏ-ਪੰਜਾਬ ਦੀ ਕਾਬਲ ਅਤੇ ਪਿਸ਼ਾਵਰ ਦੇ ਰਸਤੇ ਨੂੰ ਬੰਦ ਕਰਨ ਵਾਲੀ ਮਹਾਨ ਸੋਚ ਨੂੰ ਸਰਦਾਰ ਨਲੂਆ ਨੇ ਸਿੰਘਾਂ ਦੀ ਮੱਦਦ ਨਾਲ ਜਿਨ੍ਹਾਂ ਦੀ ਗਿਣਤੀ ਮੁਗਲਾਂ ਦੇ ਬਰਾਬਰ ਆਟੇ ਵਿੱਚ ਲੂਣ ਜਿਤਨੀ ਹੀ ਸੀ ਨੂੰ ਚਾਰ ਚੰਨ ਲਾਏ। ਹਿੰਦੁਸਤਾਨ ਵਿੱਚ ਪਹਿਲੀ ਮਰਦਮ ਸ਼ੁਮਾਰੀ ਅੰਗਰੇਜ਼ੀ ਸਰਕਾਰ ਨੇ ੧੮੬੦ ਵਿੱਚ ਕਰਵਾਈ ਸੀ। ਵਾਟਰ ਫੀਲਡ ਨੇ ਆਪਣੀ ਪੁਸਤਕ (Memorandum on the Census of British India 1871-72, London, Page 17) ਵਿੱਚ ਲਿਖਿਆ ਹੈ ਕਿ ਰਾਵੀ ਅਤੇ ਸਤਲੁਜ ਦੇ ਵਿਚਕਾਰ ਲਾਹੌਰ ਸਣੇ ਸਿੱਖਾਂ ਦੀ ਗਿਣਤੀ ੧੭ ਪ੍ਰਤੀਸ਼ਤ ਸੀ। ਅੰਮ੍ਰਿਤਸਰ ਵਿੱਚ ੧੩ ਪ੍ਰਤੀਸ਼ਤ ਅਤੇ ਜਲੰਧਰ ਵਿੱਚ ੮ ਪ੍ਰਤੀਸ਼ਤ ਸੀ ਜਦਕਿ ਬਾਕੀ ਥਾਵਾਂ ਤੇ ਗਿਣਤੀ ੩ ਤੋਂ ੧ ਪ੍ਰਤੀਸ਼ਤ ਹੀ ਸੀ। ਅੰਮ੍ਰਿਤਸਰ, ਮੁਲਤਾਨ, ਲਾਹੌਰ ਤੇ ਰਾਵਲਪਿੰਡੀ ਵਿੱਚ ਹਿੰਦੂ ੨੪, ੧੭, ੧੫ ਅਤੇ ੧੦ ਪ੍ਰਤੀਸ਼ਤ ਕ੍ਰਮਵਾਰ ਸਨ। ਦੱਖਣ ਵਿੱਚ ਹਿੰਦੂ ਬਹੁਗਿਣਤੀ ਵਿੱਚ ਸਨ। ਮੁਸਲਮਾਨਾਂ ਦੀ ਅਬਾਦੀ ਅੰਮ੍ਰਿਤਸਰ, ਲਾਹੌਰ ਤੇ ਮੁਲਤਾਨ ਵਿੱਚ ੫੦ ਤੋਂ ੬੫ ਪ੍ਰਤੀਸ਼ਤ ਸੀ । ਜਦ ਕਿ ਪੇਸ਼ਾਵਰ ਵਿੱਚ ੯੩ ਪ੍ਰਤੀਸ਼ਤ ਅਤੇ ਰਾਵਲਪਿੰਡੀ ਵਿੱਚ ੮੫ ਪ੍ਰਤੀਸ਼ਤ ਸੀ। ਭਾਵ ਮੁੱਠੀ ਭਰ ਸਿੱਖਾਂ ਨੇ ੬੦੦ ਸਾਲਾਂ ਦੇ ਰਾਜ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ। ਬਰਨਜ਼ ਲਿਖਦਾ ਹੈ ਕਿ ਬਹੁਤ ਹੀ ਘੱਟ ਗਿਣਤੀ ਦੇ ਸਿੱਖਾਂ ਨੇ ਲੰਮੇ ਸਮੇਂ ਲਈ ਮੁਗਲ ਬਹੁਗਿਣਤੀ ਦੇ ਇਲਾਕਿਆਂ ਤੇ ਬਹੁਤ ਸ਼ਾਨਦਾਰ, ਸ਼ਾਨਸ਼ੌਕਤ ਅਤੇ ਚੰਗੇ
ਰਾਜ ਪ੍ਰਬੰਧ ਵਾਲਾ ਰਾਜ ਕੀਤਾ। ਇਸ ਰਾਜ ਭਾਗ ਵਿੱਚ ਹਰੀ ਸਿੰਘ ਦਾ ਰੋਲ ਅਤੇ ਕਾਰਨਾਮੇ ਬਹੁਤ ਹੀ ਮਹੱਤਵਪੂਰਨ ਸਨ। ਇਸ ਦਾ ਨਾਂ ਹੀਰੋ ਹੋਣ ਦੇ ਨਾਤੇ ਹੀਰੇ ਵਾਂਗ ਚਮਕਿਆ।
ਕਾਦਰਯਾਰ ਵੀ ਹਰੀ ਸਿੰਘ ਦੀ ਮਹਿਮਾਂ ਇੰਞ ਗਾਉਂਦਾ ਹੈ-
ਬੇ-ਬਹੁਤ ਹੋਯਾ ਹਰੀ ਸਿੰਘ ਦੂਲਾ, ਜਿਦ੍ਹਾ ਨਾਮ ਰੌਸ਼ਨ ਦੂਰ ਦੂਰ ਸਾਰੇ।
ਦਿੱਲੀ ਦੱਖਣ ਤੇ ਚੀਨ ਮਚੀਨ ਤਾਈਂ, ਬਾਦਸ਼ਾਹਾਂ ਨੂੰ ਖੌਫ਼ ਜ਼ਰੂਰ ਸਾਰੇ।
ਰਾਜਾ ਕਰਨ ਤੇ ਬਿਕ੍ਰਮਾਜੀਤ ਵਾਂਗੂੰ, ਹਾਤਮ ਤਾਈਂ ਵਾਂਗੂੰ ਮਸ਼ਹੂਰ ਸਾਰੇ।
ਕਾਦਰਯਾਰ ਜਹਾਨ ਤੇ ਨਹੀਂ ਹੋਣੇ, ਸਾਖੀ ਉਹ ਬੁਲੰਦ ਹਜੂਰ ਸਾਰੇ। (੨)
ਦਾਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਦੇਸ਼-ਵਿਦੇਸ਼ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਅਤੇ ਪੁਸਤਕਾਂ ਸੰਬੰਧੀ ਲਾਈਆਂ ਜਾ ਰਹੀਆਂ ਨੁਮਾਇਸ਼ਾਂ ਦੀ ਫੇਰੀ ਲਾਈ ਅਤੇ ਨਿਰੀਖਣ ਕੀਤਾ ਹੈ। ਪਰ ਇਸ ਹਠੀਲੇ, ਛੈਲ-ਛਬੀਲੇ, ਦੂਰ-ਅੰਦੇਸ਼ੀ, ਅਦੁੱਤੀ ਅਤੇ ਸੰਘਰਸ਼ਮਈ ਯੋਧੇ ਤੇ ਬਹੁਤ ਹੀ ਘੱਟ ਕਿਤਾਬਾਂ ਦੇਖੀਆਂ। ਮਨ ਵਿੱਚ ਸੋਚ ਪੈਦਾ ਹੋਈ ਕਿ ਇਸ ਸਿੱਖ ਰਾਜ ਦੇ ਥੰਮ੍ਹ, ਪਰਜਾ ਸੇਵਕ, ਦਾਨਸ਼ਬੰਦ ਅਤੇ ਚਮਤਕਾਰੀ ਸਖਸ਼ੀਅਤ ਸੰਬੰਧੀ ਲਿਖਿਆ ਜਾਵੇ ਤਾਂ ਕਿ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਉੱਦਮੀ, ਮਾਣਮੱਤੇ ਅਤੇ ਹੋਣਹਾਰ ਦੀ ਕੌਮ ਅਤੇ ਦੇਸ਼ ਪ੍ਰਤੀ ਕੀਤੀ ਘਾਲਣਾ ਅਤੇ ਕੁਰਬਾਨੀ ਦਾ ਗਿਆਨ ਹਾਸਲ ਹੋ ਸਕੇ। ਸੰਨ ੨੦੦੯ ਵਿੱਚ ਡਾਕਟਰ ਵਨੀਤ ਨਲੂਆ ਜੋ ਸਰਦਾਰ ਹਰੀ ਸਿੰਘ ਦੀ ਕੁੱਲ ਵਿੱਚੋਂ ਹੈ ਨੇ ਅੰਗਰੇਜ਼ੀ ਵਿੱਚ ਬਹੁਤ ਹੀ ਖੋਜ ਭਰਪੂਰ ਕਿਤਾਬ,"ਹਰੀ ਸਿੰਘ ਨਲੂਆ, ਚੈਂਪੀਅਨ ਆਫ ਦੀ ਖਾਲਸਾ ਜੀ" ਲਿਖੀ ਹੈ। ਪਰ ਇਹ ਪੁਸਤਕ ਆਕਾਰ ਵਿੱਚ ਵੱਡੀ ਅਤੇ ਕੀਮਤ ਪੱਖੋਂ ਵੀ ਮਹਿੰਗੀ ਹੋਣ ਕਰਕੇ ਹੋ ਸਕਦਾ ਹੈ ਆਮ ਲੋਕਾਂ ਦੇ ਹੱਥਾਂ ਵਿੱਚ ਨਾ ਜਾਵੇ। ਪਰ ਦਾਸ ਨੂੰ ਇਹ ਕਿਤਾਬ ਲਿਖਣ ਵਿੱਚ ਕਾਫੀ ਸਹਾਇਕ ਹੋਈ ਹੈ, ਇਸ ਤੋਂ ਇਲਾਵਾ ਦਾਸ ਨੇ ਹੋਰ ਬਹੁਤ ਸਾਰੀਆਂ ਪੁਸਤਕਾਂ, ਰਸਾਲੇ, ਲਿਖਾਰੀਆਂ ਦੇ ਲੇਖ, ਅਖਬਾਰਾਂ ਅਤੇ ਇੰਟਰਨੈਟ ਦੀ ਵੀ ਸਹਾਇਤਾ ਇਸ ਪੁਸਤਕ ਦੀ ਸੰਪੂਰਨਤਾ ਲਈ ਲਈ। ਇਹਨਾਂ ਦੇ ਪਰਮਾਣ ਲਿਖਤ ਵਿੱਚ ਵੀ ਅਤੇ ਅਖੀਰ ਤੇ, ਨਾਮ ਵੀ ਪੁਸਤਕ ਪਰਮਾਣ ਸੂਚੀ ਵਿੱਚ ਅੰਕਿਤ ਹਨ। ਭਾਵੇਂ ਦਾਸ ਇਤਿਹਾਸਕਾਰ ਨਹੀਂ, ਪੀ. ਐੱਚ. ਡੀ. ਤੱਕ ਸਾਇੰਸ ਦੀ ਪੜ੍ਹਾਈ ਕੀਤੀ ਪਰ ਗੁਰੂ ਦੀ ਬਖ਼ਸ਼ੀ ਮੱਤ ਅਨੁਸਾਰ ਯੋਧੇ ਦੇ ਇਤਿਹਾਸ ਨੂੰ ਸਰਲ ਪੰਜਾਬੀ ਮਾਂ ਬੋਲੀ ਦੀ ਸ਼ਬਦਾਵਲੀ 'ਚ
ਲਿਖਣ ਦਾ ਯਤਨ ਕੀਤਾ ਗਿਆ ਹੈ। ਇਤਿਹਾਸ ਦੇ ਨਾਲ ਨਾਲ ਲਿਖਤ ਨੂੰ ਪ੍ਰੇਮ ਅਤੇ ਰਸ ਭਰੀ ਬਨਾਉਣ ਲਈ ਗੁਰਬਾਣੀ ਅਤੇ ਕਵੀਆਂ ਦੀਆਂ ਕਵਿਤਾਵਾਂ ਦੇ ਦ੍ਰਿਸ਼ਟਾਂਤ ਵੀ ਦਿੱਤੇ ਗਏ ਹਨ।
ਦਾਸ ਪ੍ਰੋਫੈਸਰ ਸੁਰਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਖਰੜੇ ਨੂੰ ਘੋਖਿਆ ਅਤੇ ਪੜ੍ਹਿਆ। ਪੜ੍ਹਨ ਉਪਰੰਤ ਇਸ ਸੰਬੰਧੀ ਆਪਣੇ ਵੱਡਮੁੱਲੇ ਵਿਚਾਰ ਮੁੱਖ ਬੰਦ ਵਿੱਚ ਅੰਕਿਤ ਕੀਤੇ ਹਨ। ਦਾਸ ਆਪਣੀ ਸੁਪਤਨੀ ਸਰਦਾਰਨੀ ਰਾਜਿੰਦਰ ਪਾਲ ਕੌਰ ਦਾ ਵੀ ਰਿਣੀ ਹੈ ਜਿਸ ਨੇ ਸਾਰੇ ਵਿਸ਼ਿਆਂ ਨੂੰ ਪੜ੍ਹ ਕੇ ਸੋਧਾਂ ਕੀਤੀਆਂ। ਸ੍ਰੀਮਤੀ ਸਰਲਾ ਰਾਣੀ ਦਾ ਵੀ ਧੰਨਵਾਦ ਕਰਨ ਤੋਂ ਨਹੀਂ ਰਹਿ ਸਕਦਾ ਜਿਸ ਨੇ ਕਈ ਵਾਰ ਇਸ ਕਿਤਾਬ ਦੇ ਖਰੜੇ ਨੂੰ ਟਾਈਪ ਕੀਤਾ। ਬਾਰ ਬਾਰ ਘੋਖਣ ਉਪਰੰਤ ਵੀ ਗ਼ਲਤੀਆਂ ਰਹਿ ਜਾਂਦੀਆਂ ਹਨ ਦਾਸ ਉਨ੍ਹਾਂ ਪ੍ਰਤੀ ਪਾਠਕਾਂ ਤੋਂ ਮੁਆਫੀ ਚਾਹੁੰਦਾ ਹੈ।
ਹਰਭਜਨ ਸਿੰਘ ਸੇਖੋਂ (ਰੀਟਾਇਰਡ)
ਸਾਬਕਾ ਪ੍ਰੋਫੈਸਰ ਤੇ ਇੰਚਾਰਜ ਦਾਲ ਸੈਕਸ਼ਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ
ਕਾਲਜ ਰੋਡ ਦਾਖਾ, ਜਿਲ੍ਹਾ ਲੁਧਿਆਣਾ ੧੪੧੧੦੨ (ਪੰਜਾਬ)
ਫੋਨ ੯੪੬੩੩੭੭੦੦੯
ਮਿਤੀ : ੨੨.੨.੨੦੧੩
ਜੀਵਨ ਦ੍ਰਿਸ਼ਟੀ
ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਲੱਗ ਪਗ ਗਿਆਰਾਂ ਸਾਲ ਪਿੱਛੋਂ ਪੰਜਾਬ ਦੀ ਧਰਤੀ ਤੇ ੧੭੯੧ ਈਸਵੀ ਵਿੱਚ ਮਾਤਾ ਧਰਮ ਕੌਰ ਦੀ ਕੁੱਖੋਂ ਸਰਦਾਰ ਗੁਰਦਾਸ ਸਿੰਘ ਦੇ ਗ੍ਰਹਿ ਗੁਜਰਾਂਵਾਲਾ ਵਿਖੇ ਇੱਕ ਬਹੁਤ ਹੀ ਨੂਰੀ ਚਿਹਰੇ ਵਾਲਾ, ਹੋਣਹਾਰ, ਸੁਜਾਨ, ਧੀਰਜਵਾਨ, ਤੇਜ-ਪਰਤਾਪੀ ਅਤੇ ਆਤਮ ਤੱਤ ਦਾ ਗਿਆਤਾ ਪੁੱਤਰ ਜਨਮਿਆਂ ਜਿਸ ਦਾ ਨਾਮ ਹਰੀ ਸਿੰਘ ਰੱਖਿਆ। ਇਤਿਹਾਸਕਾਰਾਂ ਨੇ ਪਿਤਾ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਲਿਖਿਆ ਹੈ। ਪਰ ਵਨੀਤ ਨਲੂਆ ਜੋ ਹਰੀ ਸਿੰਘ ਦੀ ਸੱਤਵੀਂ ਪੀੜ੍ਹੀ ਵਿੱਚੋਂ ਹੈ ਨੇ ਆਪਣੀ ਪੁਸਤਕ ਅੰਦਰ ਹਰਿਦੁਆਰ ਦੇ ਪਾਂਡਿਆਂ ਦੀ ਲਿਖਤ ਮੁਤਾਬਕ ਹਰੀ ਸਿੰਘ ਦੇ ਪਿਤਾ ਦਾ ਨਾਮ ਗੁਰਦਾਸ ਸਿੰਘ ਲਿਖਿਆ ਹੈ। ਸਰਦਾਰ ਗੁਰਦਾਸ ਸਿੰਘ ਸ਼ੁਕਰਚੱਕੀਆ ਮਿਸਲ (Misal means a unit or a division or a brigade of sikh warriors) ਦਾ ਕੁੱਮੇਦਾਨ (ਕਮਾਂਡਰ) ਸੀ। ਭਾਵ ਉਸ ਨੇ ਬਹੁਤ ਸਾਰੇ ਜੰਗਾਂ-ਯੁੱਧਾਂ ਵਿੱਚ ਬਹਾਦਰੀ ਦੇ ਅਦਭੁੱਤ ਜੌਹਰ ਦਿਖਾ ਕੇ ਕੁੱਮੇਦਾਨ ਦਾ ਮਰਤਬਾ ਹਾਸਲ ਕੀਤਾ ਸੀ। ਪਿਛਲੀਆਂ ਦੋ ਪੀੜ੍ਹੀਆਂ ਤੋਂ ਹਰੀ ਸਿੰਘ ਦਾ ਪਰਵਾਰ ਖਾਲਸਾ ਫ਼ੌਜ ਵਿੱਚ ਸ਼ਾਮਲ ਹੋ ਚੁੱਕਿਆ ਸੀ। ਇਸ ਦੇ ਦਾਦਾ ਜੀ ਸਰਦਾਰ ਬਿਸ਼ਨ ਸਿੰਘ ਉਪੱਲ (ਇਤਿਹਾਸਕਾਰਾਂ ਅਨੁਸਾਰ ਸਰਦਾਰ ਹਰਿਦਾਸ ਸਿੰਘ) ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਮਹਾਂ ਸਿੰਘ ਦੇ ਹਮ-ਰਕਾਬ ਰਹੇ ਅਤੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਲਈ ਉਨ੍ਹਾਂ ਭਾਰੀ ਮੱਲਾਂ ਮਾਰੀਆਂ। ਖਤਰੀਆਂ' 'ਚੋਂ ਉਪੱਲ ਗੋਤ ਕਿਸੇ ਪੁਰਖੇ ਦੇ ਨਾਂ ਤੋਂ ਆਰੰਭ ਹੋਇਆ ਸੀ ਜਿਸ ਨੇ ਉੱਤਮ ਕੰਮ ਲਈ ਕੁਰਬਾਨੀ ਦਿੱਤੀ ਸੀ। ਉਸ ਦੀ ਯਾਦ ਵਿੱਚ ਅਫ਼ਗਾਨਿਸਤਾਨ ਵਿਖੇ ਇੱਕ ਪੱਥਰ ਸ਼ਿਲਾਲੇਖ ਮੌਜੂਦ ਹੈ। ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਤਕਰੀਬਨ ਸਾਰੇ ਹਮਲੇ ਇਹਨਾਂ ਦੇ ਸਿਰਾਂ ਉੱਪਰ ਦੀ ਲੰਘੇ। ਇਹ ੧੭੬੨ ਈਸਵੀ ਦੇ ਵੱਡੇ-ਘੱਲੂਘਾਰੇ ਦੌਰਾਨ ਕੁੱਪ-ਰਹੀੜਾ, ਮਲੇਰਕੋਟਲੇ ਕੋਲ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ ਸਨ। ਲਾਡਲਾ ਹਰੀ ਸਿੰਘ ਅਜੇ ਸੱਤ ਕੁ ਸਾਲ ਦਾ ਹੀ ਸੀ ਕਿ ੧੭੯੮ ਵਿੱਚ ਜੰਗੀ ਜਰਨੈਲ ਦੇ ਪਿਤਾ ਸਰਦਾਰ ਗੁਰਦਾਸ ਸਿੰਘ ਚੜ੍ਹਾਈ ਕਰ ਗਏ। ਪਤੀ ਦੀ ਮੌਤ ਕਾਰਨ ਮਾਤਾ ਧਰਮ
ਕੌਰ ਔਕੜ ਵਿੱਚ ਘਿਰ ਗਈ। ਘਰ ਦੇ ਹਾਲਤਾਂ ਨੂੰ ਤੱਕ ਕੇ ਮਾਤਾ ਧਰਮ ਕੌਰ ਦਾ ਭਰਾ ਹਰੀ ਸਿੰਘ ਨੂੰ ਆਪਣੀ ਭੈਣ ਸਮੇਤ ਆਪਣੇ ਪਿੰਡ ਲੈ ਗਿਆ। ਉੱਥੇ ਹੀ ਹਰੀ ਸਿੰਘ ਵਧਿਆ ਫੁੱਲਿਆ ਅਤੇ ਜੁਆਨ ਹੋਇਆ। ਉਸ ਸਮੇਂ ਕੋਈ ਨਹੀਂ ਸੀ ਜਾਣਦਾ ਕਿ ਸੱਤ ਸਾਲਾ ਨਿਆਸਰਾ ਇਹ ਬਾਲਕ ਲੱਖਾਂ ਪ੍ਰਾਣੀਆਂ ਦਾ ਆਸਰਾ, ਨਿਤਾਣਿਆਂ ਦਾ ਤਾਣ, ਨਿਮਾਣਿਆਂ ਦਾ ਮਾਣ ਅਤੇ ਖਾਲਸਾ ਪੰਥ ਦੀ ਇੱਕ ਦਿਨ ਸ਼ਾਨ ਬਣੇਗਾ। ਇਸ ਤੋਂ ਵੀ ਵੱਧ ਕੇ ਗੁਰੂ ਕ੍ਰਿਪਾ ਸਦਕਾ ਸਿੱਖੀ ਨੂੰ ਚਾਰ ਚੰਨ ਲਾ ਕੇ ਇਸ ਦੇ ਝੰਡੇ ਦੂਰ ਦੂਰ ਤੱਕ ਝੁਲਾਏਗਾ ਅਤੇ ਕੋਹਿ ਨੂਰ ਵਰਗੇ ਹੀਰੇ ਮਹਾਰਾਜਾ ਰਣਜੀਤ ਸਿੰਘ ਨੂੰ ਦਿਵਾਏਗਾ।
ਕਾਦਰ ਦੀ ਕੁਦਰਤ ਬੜੀ ਅਸਚਰਜ਼, ਅਲੌਕਿਕ, ਅਦਭੁੱਤ ਅਤੇ ਅਦੁੱਤੀ ਹੈ। ਇਸ ਦੇ ਭੇਦਾਂ ਬਾਰੇ ਅੱਜ ਤੱਕ ਪੂਰਨ ਤੌਰ ਤੇ ਕੋਈ ਨਹੀਂ ਜਾਣ ਸਕਿਆ। ਅਕਾਲ ਪੁਰਖ ਵੱਲੋਂ ਭੇਜੀਆਂ ਨੂਰਾਨੀ ਰੂਹਾਂ ਕਦੇ ਕਦਾਈਂ ਸੰਸਾਰ ਤੇ ਆਉਂਦੀਆਂ ਹਨ। ਐਸੀਆਂ ਰੂਹਾਂ ਅੰਦਰ ਮਾਲਕ ਐਸੀ ਵਿਸਮਾਦੀ ਕਲਾ ਪਾ ਕੇ ਭੇਜਦਾ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਜੀਵਨ ਅੰਦਰ ਕੀਤੇ ਮਹਾਨ, ਵੱਡਮੁਲੇ ਅਤੇ ਚਮਤਕਾਰੀ ਕ੍ਰਿਸ਼ਮੇ ਤੇ ਕਾਰਨਾਮੇ ਆਪ-ਮੁਹਾਰੇ ਪ੍ਰਗਟ ਹੋ ਜਾਂਦੇ ਹਨ। ਲੁਕਾਈ ਅੰਦਰ ਉਨ੍ਹਾਂ ਦਾ ਤੇਜ-ਪਰਤਾਪ ਸੂਰਜ ਦੀ ਨਿਆਈਂ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਕਰਕੇ ਉਨ੍ਹਾਂ ਦੀ ਸੋਭਾ ਅਤੇ ਵਡਿਆਈ ਨੂੰ ਗਾਇਆ ਜਾਂਦਾ ਹੈ। ਉਨ੍ਹਾਂ ਦੇ ਉੱਤਮ ਗੁਣ, ਕਲਿਆਣਕਾਰੀ ਸੋਚ ਅਤੇ ਪਰਉਪਕਾਰਤਾ ਵਾਲਾ ਰਸਤਾ ਲੋਕ-ਗਥਾਵਾਂ ਅਤੇ ਇਤਿਹਾਸ ਬਣ ਕੇ ਸੰਸਾਰ ਅੰਦਰ ਹੀਰੇ ਦੀ ਨਿਆਈਂ ਚਮਕਦਾ ਹੈ। ਉਹ ਗਥਾਵਾਂ ਅਤੇ ਇਤਿਹਾਸ ਦਰਪਣ ਰੂਪ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਤੇ ਨਸਲਾਂ ਨੂੰ ਸਹੀ ਤੇ ਸੱਚੇ ਮਾਰਗ ਤੇ ਤੋਰਨ, ਵਿਲੱਖਣ ਕਾਰਨਾਮੇ ਕਰਨ ਅਤੇ ਆਪਸੀ ਪਿਆਰ ਭਾਵਨਾ ਪੈਦਾ ਕਰਨ ਲਈ ਉਤਸ਼ਾਹਤ ਕਰਦਾ ਹੈ। ਇੱਕ ਕਵੀ ਨੇ ਠੀਕ ਹੀ ਲਿਖਿਆ ਹੈ:
ਹੋਤਾ ਹੈ ਕੋਹੇ-ਦਸਤ ਮੇ ਪੈਦਾ ਕਭੀ ਕਭੀ।
ਵੁਹ ਮਰਦ ਜਿਸ ਕਾ ਫ਼ਕਰ ਕਰੇ ਖ਼ਜ਼ਫ ਕੋ ਨਗੀਂ।
ਪਾਲਣ-ਪੋਸ਼ਣ ਅਤੇ ਵਿੱਦਿਅਕ ਪ੍ਰਬੰਧ
ਬਾਲਕ ਹਰੀ ਸਿੰਘ ਆਪਣੇ ਨਾਨਕੇ ਘਰ ਰਹਿ ਕੇ ਵਧਿਆ ਫੁੱਲਿਆ, ਪਲ਼ਿਆ ਅਤੇ ਜੁਆਨ ਹੋਇਆ। ਨਾਨਕੇ ਘਰ ਵਾਲਿਆਂ ਨੇ ਬੜੇ ਚਾਅ, ਮਲਾਰ ਅਤੇ ਪਿਆਰ ਨਾਲ ਆਪਣੇ ਭਾਣਜੇ ਨੂੰ ਰੱਖਿਆ। ਇਸ ਦੇ ਖਾਣ ਲਈ ਚੰਗੀ ਖੁਰਾਕ,
ਪਹਿਨਣ ਲਈ ਲੋੜ ਅਨੁਸਾਰ ਬਸਤਰ, ਕਸਰਤ ਲਈ ਯੋਗ ਸਮਾਨ ਅਤੇ ਸ਼ਸਤਰਾਂ ਆਦਿ ਦਾ ਪ੍ਰਬੰਧ ਕੀਤਾ। ਉਨ੍ਹਾਂ ਸਮਿਆਂ ਵਿੱਚ ਘਰੇਲੂ ਕੰਮਾਂ ਦੇ ਨਾਲ਼ ਨਾਲ਼ ਬਚਪਨ ਵਿੱਚ ਹੀ ਗੁਰੂ ਦੀ ਸਿੱਖੀ, ਹਥਿਆਰ ਚਲਾਉਣ, ਘੋਲ਼ ਕਰਾਉਣ, ਨਿਸ਼ਾਨਾਬਾਜ਼ੀ ਆਦਿ ਦਾ ਅਭਿਆਸ ਕਰਾਇਆ ਜਾਂਦਾ ਸੀ ਕਿਉਂਕਿ ਮੁਗਲਾਂ ਵੱਲੋਂ ਬਾਹਰੀ ਹਮਲੇ ਬਾਰ ਬਾਰ ਹੁੰਦੇ ਸਨ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਅੰਗਰੇਜ਼ ਅਫ਼ਸਰ ਨੇ ਸਿੱਖਾਂ ਦੀ ਬਹਾਦਰੀ, ਦਲੇਰੀ ਅਤੇ ਅਣਖ ਬਾਰੇ ਪੁੱਛਿਆ ਸੀ। ਉੱਤਰ ਵਿੱਚ ਮਹਾਰਾਜੇ ਨੇ ਆਖਿਆ, "ਗੁਰੂ ਨੇ ਸਿੱਖ ਨੂੰ ਗੁੜ੍ਹਤੀ ਹੀ ਇੱਕ ਰੱਬ ਤੇ ਭਰੋਸਾ ਕਰਨ ਅਤੇ ਸੰਤ-ਸਿਪਾਹੀ ਬਣਨ ਦੀ ਦਿੱਤੀ ਹੈ। ਸਿੱਖ ਬੱਚੇ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਬਾਣੀ ਪੜ੍ਹਨ, ਕੰਠ ਕਰਨ, ਘੋੜ-ਸਵਾਰੀ ਅਤੇ ਤੀਰ-ਅੰਦਾਜ਼ੀ ਸਿਖਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ"। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਰਹਿਣ ਵਾਲਾ ਲਿਖਾਰੀ ਕਾਜ਼ੀ ਨੂਰ ਦੀਨ ਭਾਵੇਂ ਥਾਂ ਥਾਂ ਤੇ ਸਿੱਖਾਂ ਨੂੰ ਸਗ (ਕੁੱਤੇ) ਲਿਖਦਾ ਹੈ। ਪਰ ਆਪਣੀ ਲਿਖਤ ਵਿੱਚ ਸਿੱਖਾਂ ਦੀ ਵਡਿਆਈ ਵੀ ਕਰਦਾ ਹੈ ਭਾਵ ਸੱਚ ਨੂੰ ਸੱਚ ਕਹਿੰਦਾ ਹੈ। ਕੀ ਕਹਿੰਦਾ ਹੈ? 'ਜੇਕਰ ਕਿਸੇ ਨੇ ਸ਼ਸਤਰ ਚਲਾਉਣਾ, ਨੇਜ਼ਾਬਾਜ਼ੀ, ਗੱਤਕੇ-ਬਾਜ਼ੀ ਤੇ ਘੋੜ-ਸਵਾਰੀ ਸਿੱਖਣੀ ਹੈ ਉਹ ਇਹਨਾਂ ਤੋ ਸਿੱਖੇ। ਤਲਵਾਰ ਚਲਾਉਣ ਦਾ ਜੋ ਕ੍ਰਿਸ਼ਮਾ ਮੈਂ ਜੰਗ ਅੰਦਰ ਆਪਣੇ ਅੱਖੀਂ ਇਹਨਾਂ ਦਾ ਦੇਖਿਆ ਉਹ ਹੋਰ ਨਹੀਂ ਕਿਸੇ ਦਾ ਦੇਖਿਆ। ਪਤਾ ਨਹੀਂ ਇਹ ਵੱਲ ਇਹਨਾਂ ਨੇ ਕਿੱਥੋਂ ਸਿੱਖੇ ਹਨ"। ਇੰਞ ਹਰੀ ਸਿੰਘ ਬਚਪਨ ਵਿੱਚ ਹੀ ਗੁਰਬਾਣੀ, ਤੀਰ-ਅੰਦਾਜ਼ੀ, ਗੱਤਕੇ-ਬਾਜ਼ੀ, ਨੇਜ਼ੇ-ਬਾਜ਼ੀ, ਘੋੜ-ਸਵਾਰੀ ਸਿੱਖ ਗਿਆ ਸੀ। ਵੈਸੇ ਵੀ ਕੁਦਰਤ ਵੱਲੋਂ ਧੁਰ ਦਰਗਾਹੋਂ ਇਸ ਨੂੰ ਵੱਡੇ ਬਲ ਅਤੇ ਕਲਾ ਦੀ ਬਖਸ਼ਸ਼ ਹੋਈ ਹੋਈ ਸੀ।
ਉਨ੍ਹਾਂ ਦਿਨਾਂ ਵਿੱਚ ਪੜ੍ਹਾਈ ਡੇਰਿਆਂ ਦੇ ਮਹੰਤਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਜਾਂ ਨਿਰਮਲਿਆਂ ਦੇ ਆਸ਼ਰਮਾਂ ਵਿੱਚ ਰਹਿ ਰਹੇ ਸਾਧੂਆਂ ਵੱਲੋਂ ਹੀ ਕਰਾਈ ਜਾਂਦੀ ਸੀ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖਤ ਮੁਤਾਬਕ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਹਰੀ ਸਿੰਘ ਗੁਰਮੁਖੀ (ਪੰਜਾਬੀ) ਪੜ੍ਹਨ ਪਾਇਆ ਗਿਆ ਤੇ ਫੇਰ ਅੱਠ ਕੁ ਸਾਲ ਦੀ ਉਮਰ ਵਿੱਚ ਮੌਲਵੀ ਪਾਸੋਂ ਫ਼ਾਰਸੀ ਪੜ੍ਹਾਈ ਗਈ। ਆਮ ਰਿਵਾਜ ਅਨੁਸਾਰ ਜਪੁ ਜੀ, ਜਾਪੁ ਸਾਹਿਬ, ਸ੍ਵੱਯੇ, ਚੌਪਈ, ਅਨੰਦ ਸਾਹਿਬ, ਰਹਿਰਾਸ ਤੇ ਕੀਰਤਨ ਸੋਹਿਲਾ ਨੂੰ ਸ਼ੁੱਧ ਉਚਾਰਨ ਅਤੇ ਕੰਠ ਕਰਨ ਤੇ ਜ਼ੋਰ ਦਿੱਤਾ ਜਾਂਦਾ ਸੀ। ਉਪਰੰਤ ਪੰਜ ਗ੍ਰੰਥੀ, ਬਾਈ ਵਾਰਾਂ, ਭਗਤਾਂ ਦੀ ਬਾਣੀ ਪੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੱਤੀ ਜਾਂਦੀ ਸੀ। ਹਰੀ ਸਿੰਘ ਨੇ ਕਿਤਨੀ ਪੰਜਾਬੀ,
ਉਰਦੂ, ਫ਼ਾਰਸੀ ਪੜ੍ਹੀ ਇਸ ਬਾਰੇ ਲਿਖਤੀ ਤੱਥ ਬਹੁਤੇ ਮੌਜੂਦ ਨਹੀਂ ਸਨ। ਵਨੀਤ ਨਲੂਆ ਨੇ ਆਪਣੀ ਪੁਸਤਕ 'ਹਰੀ ਸਿੰਘ ਨਲਵਾ, ਚੈਂਪੀਅਨ ਆਫ਼ ਖਾਲਸਾ ਜੀ' ਵਿੱਚ ਅੰਕਿਤ ਕੀਤਾ ਹੈ ਕਿ ਹਰੀ ਸਿੰਘ ਫ਼ਾਰਸੀ ਤੇ ਗੁਰਮੁਖੀ ਤੋਂ ਇਲਾਵਾ ਪਖਤੂਨਾਂ ਦੀ ਭਾਸ਼ਾ ਪਸ਼ਤੋ ਵੀ ਜਾਣਦਾ ਸੀ। ਜਗਤ ਪ੍ਰਸਿੱਧ ਯਾਤਰੂ ਬੈਰਨ ਹੁਗਲ ਨੇ ਆਪਣੇ 'ਸਫ਼ਰਨਾਮੇ' ਵਿੱਚ ਲਿਖਿਆ ਹੈ ਕਿ ਹਰੀ ਸਿੰਘ ਨਲਵਾ ਫਾਰਸੀ ਵਿੱਚ ਅੱਤ ਦਰਜੇ ਦਾ ਨਿਪੁੰਨ ਹੈ ਅਤੇ ਬੜੀ ਤੇਜ਼ੀ ਨਾਲ ਫਾਰਸੀ ਲਿਖਦਾ ਤੇ ਬੋਲਦਾ ਹੈ। ਉਸ ਦੇ ਮੂੰਹੋਂ ਪਸ਼ਤੋ ਸੁਣ ਕੇ ਵੀ ਲੋਕ ਅਚੰਭਕ ਹੋ ਜਾਂਦੇ ਹਨ।
ਬੈਰਨ ਹੁਗਲ ਇਹ ਵੀ ਲਿਖਦਾ ਹੈ ਕਿ ਸੰਨ ੧੮੩੩ ਵਿੱਚ ਸ਼ਿਮਲਾ ਗੱਲਬਾਤ ਸਮੇਂ ਸਰਦਾਰ ਹਰੀ ਸਿੰਘ ਨਲੂਆ ਵਿਲੀਅਮ ਬੈਂਟਿਕ ਨੂੰ ਮਿਲੇ ਤਾਂ ਮਿਲਣੀ ਸਮੇਂ ਜਿਸ ਜਿਸ ਅਫ਼ਸਰ ਨਾਲ ਤੇ ਗਵਰਨਰ ਜਨਰਲ ਨਾਲ ਉਨ੍ਹਾਂ ਗੱਲਬਾਤ ਕੀਤੀ ਉਹ ਸਾਰੇ ਹੀ ਆਪ ਦੀ ਸਿਆਣਪ, ਉੱਚੀ ਬੁੱਧੀ ਅਤੇ ਖੁਲ੍ਹੇ ਸੁਭਾਅ ਤੋਂ ਬਹੁਤ ਹੈਰਾਨ ਅਤੇ ਚਕ੍ਰਿਤ ਹੋਏ। ਇਹਨਾਂ ਦੀ ਈਸਟ ਇੰਡੀਆ ਕੰਪਨੀ ਦੀ ਪਾਲਿਸੀ ਵਾਕਫ਼ੀਅਤ ਅਤੇ ਗੁਪਤ ਕਾਰਨਾਮਿਆਂ ਸੰਬੰਧੀ ਜਾਣਕਾਰੀ ਤੋਂ ਅੰਗਰੇਜ਼ ਅਫਸਰਾਂ ਨੂੰ ਬੜੀ ਅਸਚਰਜਤਾ ਹੋਈ ਸੀ।
ਪੰਡਿਤ ਸ਼ਿਵ ਨਰੈਣ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਸਭ ਤੋਂ ਵੱਧ ਸੂਰਮਾ ਅਤੇ ਚੰਗਾ ਵਿਦਵਾਨ ਸਰਦਾਰ ਸੀ।
ਅੰਮ੍ਰਿਤਪਾਨ ਕਰਨਾ
ਅੰਮ੍ਰਿਤ ਦਾ ਭਾਵ ਹੈ ਅਮਰ ਕਰ ਦੇਣ ਵਾਲਾ ਰਸ। ਇਸ ਨੂੰ ਆਬੇ-ਹਯਾਤ (ਅਮਰ ਕਰ ਦੇਣ ਵਾਲਾ ਪਾਣੀ) ਜਾਂ ਪਹੁਲ ਵੀ ਆਖਿਆ ਜਾਂਦਾ ਹੈ। ਅੰਮ੍ਰਿਤ ਕਲਾ ਇੱਕ ਐਸੀ ਮਹਾਨ ਸ਼ਕਤੀ ਹੈ ਜਿਸ ਨਾਲ ਬੰਦਾ ਵਿਧਾਨ ਵਿੱਚ ਰਹਿ ਕੇ ਗੁਰੂ ਦੇ ਸਿਧਾਂਤ ਨੂੰ ਅਪਣਾ ਲੈਂਦਾ ਹੈ। ਇਹ ਸਿਧਾਂਤ ਸ਼ੈਤਾਨ ਮਨ ਨੂੰ ਵਿਸ਼ੇ-ਵਿਕਾਰਾਂ ਤੋਂ ਹੋੜ ਕੇ ਕੇਵਲ ਸੱਚ ਦੇ ਰਸਤੇ ਤੇ ਹੀ ਨਹੀਂ ਤੋਰਦਾ ਸਗੋਂ ਉਸ ਨੂੰ ਭਗਤੀ ਦੇ ਮਾਰਗ ਤੇ ਚਲਾ ਕੇ ਪ੍ਰਭੂ ਜੋਤ ਨਾਲ ਜੋੜ ਦਿੰਦਾ ਹੈ। ਅੰਮ੍ਰਿਤ ਦੀ ਕਰਾਮਾਤੀ ਸ਼ਕਤੀ ਮਨੁੱਖ ਨੂੰ ਨਿਰਭਉ, ਨਿਰਵੈਰ ਅਤੇ ਐਸਾ ਸਰਬਬੀਰ ਬਣਾ ਦਿੰਦੀ ਹੈ ਕਿ ਉਹ ਹਰ ਔਕੜ ਦਾ ਡਟ ਕੇ ਬੜੀ ਦਲੇਰੀ, ਬੀਰਤਾ ਅਤੇ ਬਹਾਦਰੀ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ੧੪੬੯ ਤੋਂ ਸਿੱਖੀ ਦਾ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਜੋਤ ਨੇ ਦਸਵੇਂ ਜਾਮੇ ਵਿੱਚ ਪਹੁੰਚ ਕੇ ੧੬੯੯ ਦੀ ਵਿਸਾਖੀ ਨੂੰ ਖੰਡੇ-ਬਾਟੇ ਦੀ ਪਹੁਲ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਾ ਕੇ ਖਾਲਸਾ ਸਜਾਇਆ ਅਤੇ ਉਨ੍ਹਾਂ ਪਾਸੋਂ ਆਪ ਵੀ ਅੰਮ੍ਰਿਤ ਛਕ ਕੇ 'ਸਿੰਘ' ਦਾ ਦਰਜਾ ਪ੍ਰਾਪਤ ਕੀਤਾ। ਸੰਸਾਰ ਅੰਦਰ ਇਹ ਸਭ ਤੋਂ ਵੱਖਰੀ ਕਿਸਮ ਦਾ ਮਹਾਨ ਇਨਕਲਾਬ ਸੀ ਜਿਸ ਅੰਦਰ ਹਰ ਪ੍ਰਾਣੀ ਨੂੰ ਬਰਾਬਰ ਦਾ ਹੱਕ ਅਤੇ ਇਨਸਾਫ਼, ਧਾਰਮਿਕ ਆਜ਼ਾਦੀ, ਸਮਾਜਿਕ ਭਾਈਚਾਰੇ ਦੀ ਬਹਾਲੀ, ਸਰਬੱਤ ਦਾ ਭਲਾ, ਸੱਚ ਦੀ ਸੋਚ ਤੇ ਪਹਿਰਾ ਦੇਣ ਲਈ ਮੀਰੀ-ਪੀਰੀ ਅਰਥਾਤ ਸੰਤ-ਸਿਪਾਹੀ ਦਾ ਸਿਧਾਂਤ, ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ, ਆਪ ਜੀਉ ਤੇ ਦੂਜਿਆਂ ਨੂੰ ਸੁੱਖੀ-ਸਾਂਦੀ ਜਿਉਣ ਦਿਉ ਅਤੇ ਨਾ ਡਰੋ ਨਾ ਹੀ ਕਿਸੇ ਨੂੰ ਡਰਾਉ ਦੀ ਪ੍ਰੇਰਨਾ ਸੀ। ਇੰਞ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੀ ਪੂਰਤੀ ਲਈ ਅਤੇ ਇਨਸਾਨ ਨੂੰ ਨਮੂਨੇ ਦਾ ਮਰਦ ਬਨਾਉਣ ਲਈ ਖ਼ਾਲਸਾ ਪ੍ਰਗਟ ਕਰਕੇ ਨਵਾਂ ਇਨਕਲਾਬ ਲਿਆਂਦਾ। ਭਾਈ ਗੁਰਦਾਸ ਜੀ ਦੂਜੇ ਨੇ ਆਪਣੀ ਵਾਰ ਅੰਦਰ ਰਚ ਦਿੱਤਾ:
ਗੁਰ ਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ।
ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ। (ਵਾਰ ੪੨)
ਇਸਲਾਮ ਧਰਮ ਦੀ ਇੱਕ ਰਵਾਇਤ ਹਦੀਸਾਂ (ਇਸਲਾਮ ਪਰੰਪਰਾ ਵਿੱਚ ਕੁਰਾਨ ਤੋਂ ਬਾਅਦ ਹਦੀਸਾਂ ਨੂੰ ਮਾਨਤਾ ਪ੍ਰਾਪਤ ਹੈ) ਅਨੁਸਾਰ ਖੁਦਾ ਨੂੰ ਆਦਮ ਬਨਾਉਣ ਲਈ ੨੩੦ ਸਾਲ ਦਾ ਸਮਾਂ ਲੱਗਿਆ। ਜਦ ਆਦਮ ਤਿਆਰ ਹੋ ਗਿਆ ਤਾਂ ਖੁਦਾ ਨੇ ਦੇਵਤਿਆਂ ਨੂੰ ਇਸ ਆਦਮ ਅੱਗੇ ਸਿਰ ਝੁਕਾਉਣ ਲਈ ਕਿਹਾ। ਕਹਿੰਦੇ ਹਨ ਦੇਵਤਿਆਂ ਨੇ ਤਾਂ ਇਹ ਗੱਲ ਮੰਨ ਕੇ ਆਦਮ ਅੱਗੇ ਸਿਰ ਝੁਕਾ ਦਿੱਤਾ ਪਰ ਸ਼ੈਤਾਨ ਇਨਕਾਰੀ ਹੋ ਗਏ। ਉਪਰੰਤ ਸ਼ੈਤਾਨ ਤੇ ਆਦਮ ਦੀ ਜੰਗ ਜਾਰੀ ਰਹੀ। ਗੁਰੂ ਕਲਗੀਧਰ ਪਾਤਸ਼ਾਹ ਨੂੰ ਵੀ ਇਨਸਾਨ ਨੂੰ ਖਾਲਸਾ ਬਨਾਉਣ ਲਈ ੨੩੦ ਸਾਲ (੧੪੬੯ ਤੋਂ ੧੬੯੯) ਦਾ ਸਮਾਂ ਲੱਗਿਆ। ਖ਼ਾਲਸੇ ਦੀ ਸਾਜਨਾ ਜਨਮ ਸੁਹੇਲਾ, ਗੁਰੂ ਦਾ ਚੇਲਾ, ਹਲੇਮੀ ਰਾਜ ਦੀ ਬਹਾਲੀ, ਸੰਤਾਂ ਦੀ ਰਖਵਾਲੀ ਤੇ ਦੁਸ਼ਟਾਂ ਦੀ ਮੰਦਹਾਲੀ ਪ੍ਰਤੀ ਇੱਕ ਕ੍ਰਾਂਤੀ ਸੀ। ਗੁਰੂ ਕਲਗੀਧਰ ਦੇ ਦਰਬਾਰੀ ਕਵੀ ਸੈਨਾਪਤੀ ਦੇ ਬੋਲ ਹਨ:
ਅਸੁਰ ਸਿੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ,
ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ।
ਦੁਨੀਆਂ ਅੰਦਰ ਇਸ ਉਪਰੰਤ ਚਾਰ ਵੱਡੇ ਇਨਕਲਾਬਾਂ (ਬਰਤਾਨੀਆਂ, ਫ਼ਰਾਂਸ, ਰੂਸ ਤੇ ਅਮਰੀਕਾ) ਦਾ ਇਤਿਹਾਸਕ ਜ਼ਿਕਰ ਆਉਂਦਾ ਹੈ ਪਰ ਇਹ ਇਨਕਲਾਬ ਸੁਆਰਥ ਭਰਪੂਰ, ਰਾਜਨੀਤਕ, ਆਰਥਿਕ ਤੇ ਸਮਾਜਿਕ ਮਸਲਿਆਂ ਨਾਲ ਲੱਦੇ ਹੋਣ ਕਰਕੇ ਖੂਨ-ਖਰਾਬੇ, ਦੰਗੇ-ਫਸਾਦ, ਲੁੱਟ-ਮਾਰ ਅਤੇ ਧਿੰਙੋਜੋਰੀ ਵਾਲੇ ਸਨ। ਪਰ ਖਾਲਸੇ ਦੀ ਸਾਜਨਾ ਇਹਨਾਂ ਗੱਲਾਂ ਤੋਂ ਰਹਿਤ ਸੀ। ਲੈਨਿਨ ਨੇ ੧੯੧੭ ਵਿੱਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਖਾਲਸੇ ਦੀ ਸਾਜਨਾ ਤੋਂ ਤਕਰੀਬਨ ੨੧੮ ਸਾਲ ਬਾਅਦ ਕੀਤੀ। ਇਸ ਬਾਰੇ ਲੈਨਿਨ ਨੇ ਦਾਅਵਾ ਕੀਤਾ ਕਿ ਇਹ ਕ੍ਰਾਂਤੀ ਮਨੁੱਖ ਜਾਤੀ ਲਈ ਸੋਸ਼ਲਿਸਟ (ਸਮਾਜਵਾਦੀ) ਸਿਧਾਂਤਾਂ ਤੇ ਨਿਰਭਰ ਸੰਸਾਰ ਅੰਦਰ ਪਹਿਲੀ ਘਟਨਾ ਹੈ। ਪਰ ੧੯੫੨ ਵਿੱਚ ਜਗਤ ਪ੍ਰਸਿੱਧ ਇਤਿਹਾਸਕਾਰ ਆਰਨਲਟ ਟਾਇਨਬੀ ਨੇ ਆਪਣੇ ਮਹਾਂ ਗ੍ਰੰਥ (History of the Word) ਵਿੱਚ ਨਿਰਣਾ ਕੀਤਾ ਹੈ ਕਿ ਲੈਨਿਨ ਦੀ ਕਮਿਊਨਿਸਟ ਪਾਰਟੀ ਦਾ ਪੂਰਵਜ ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਹੈ ਅਤੇ ਇਹ ਪਾਰਟੀ ਸੰਭਵ ਉਤਪਤੀ ਦੀ ਪਦਵੀ ਦੀ ਅਧਿਕਾਰੀ ਨਹੀਂ।
ਵਿਸਾਖੀ ਦਾ ਪੁਰਬ ਹਿੰਦੁਸਤਾਨ ਅੰਦਰ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਹੈ। ਇਤਿਹਾਸਕ ਤੱਥਾਂ ਅਨੁਸਾਰ ਸੰਨ ੧੮੦੧ ਦੀ ਵਿਸਾਖੀ ਵਾਲਾ ਦਿਨ ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਦਿਨ ਇੱਕੀ ਸਾਲ ਦੇ ਰਣਜੀਤ ਸਿੰਘ ਨੂੰ ਸਰਕਾਰ ਦਾ ਖਿਤਾਬ ਅਰਥਾਤ ਸਿੱਖ ਰਾਜ ਦੀ ਸਲਤਨਤ ਹਾਸਲ ਹੋਈ ਜਦ ਕਿ ਦਸ ਸਾਲਾ ਹਰੀ ਸਿੰਘ ਨੇ ਉਸ ਦਿਨ ਖੰਡੇ ਦੀ ਪਹੁਲ (ਅੰਮ੍ਰਿਤ) ਛਕੀ ਸੀ। ਭਾਵ ਸਿੰਘ ਸਜ ਕੇ ਸਰਦਾਰੀ ਦੀ ਪਦਵੀ ਹਾਸਲ ਕੀਤੀ ਜਿਹੜੀ ਸੰਸਾਰੀ ਬਾਦਸ਼ਾਹੀ (ਰਾਜ ਤਿਲਕ) ਤੋਂ ਵੀ ਉੱਪਰ ਹੈ। ਸੀਤਾ ਰਾਮ ਨੇ ਇਸ ਸੰਬੰਧੀ ਬਹੁਤ ਸੁੰਦਰ ਕਬਿੱਤ ਰਚਿਆ :
ਦਸਵੇਂ ਬਰਸ ਵਿੱਚ ਪਹੁਲ ਲੀਤੀ ਖੰਡੇ ਵਾਲੀ,
ਛਕਿਆ ਅੰਮ੍ਰਿਤ ਖੁਸ਼ ਹੋਂਵਦੀ ਲੁਕਾਈ ਸੀ।
ਯਾਰਵੇਂ ਬਰਸ ਸਵਾਰੀ ਖੂਭ ਕਰਨ ਲੱਗਾ,
ਸ਼ੇਰ ਵਾਂਞੂੰ ਗੱਜੇ ਵਿੱਚ ਕੁਵਾਤ ਇਲਾਹੀ ਸੀ।
ਬਾਰਵੇਂ ਬਰਸ ਰੀਤ ਫੜੀ ਸਰਦਾਰਾਂ ਵਾਲੀ,
ਤੇਰਵੇਂ ਬਰਸ ਬਾਣੀ ਸਭ ਚਿੱਤ ਆਈ ਸੀ।
ਚੌਧਵੇਂ ਬਰਸ ਚਿੱਤ ਕਰੇ ਖੰਡਾ ਫੇਰਨੇ ਨੂੰ,
ਸੀਤਾ ਰਾਮ ਰੱਤੀ ਜੋ ਨਸੀਬਾਂ ਵਾਲੀ ਛਾਈ ਸੀ।
ਬਸੰਤ ਦੇ ਮੇਲੇ ਤੇ ਜ਼ਾਹਰੀ ਕ੍ਰਿਸ਼ਮੇ
ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਨੌਜੁਆਨਾਂ ਦੇ ਕਰਤੱਬਾਂ ਨੂੰ ਦੇਖਣ ਵਿੱਚ ਬਹੁਤ ਦਿਲਚਸਪੀ ਲੈਂਦਾ ਸੀ। ਹੋਣਹਾਰ, ਸੁਘੜ, ਖੂਬਸੂਰਤ ਅਤੇ ਗੰਭੀਰ ਧੀਰਜ ਵਾਲੇ ਸਿੱਖ ਨੌ-ਨਿਹਾਲਾਂ ਦੀ ਜਿਸਮਾਨੀ ਤਾਕਤ ਪਰਖ ਕੇ ਉਨ੍ਹਾਂ ਨੂੰ ਖ਼ਾਲਸਾ ਫ਼ੌਜ ਵਿੱਚ ਭਰਤੀ ਕਰ ਲੈਂਦਾ ਸੀ। ਇਸ ਪਰਖ ਲਈ ਬਸੰਤ ਪੰਚਮੀ ੧੮੦੫ ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿਖੇ ਦਸ ਦਿਨ ਦਾ ਮੇਲਾ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਨੌਜੁਆਨ ਸੂਰਮੇ ਆਪਣੇ ਜੌਹਰ ਦਿਖਾ ਕੇ ਇਨਾਮ ਹਾਸਲ ਕਰ ਰਹੇ ਸਨ। ਇੱਕ ਦਿਨ ਸ਼ੇਰਿ-ਏ-ਪੰਜਾਬ ਆਪ ਇਹਨਾਂ ਬਹਾਦਰਾਂ ਦੇ ਜੌਹਰ ਬੈਠੇ ਤੱਕ ਰਹੇ ਸਨ ਕਿ ਸਰਦਾਰ ਗੁਰਦਾਸ ਸਿੰਘ ਉੱਪਲ ਦੇ ਸਪੂਤ ਸਰਦਾਰ ਹਰੀ ਸਿੰਘ ਜਿਸ ਦਾ ਦਰਸ਼ਨੀ ਚਿਹਰਾ ਗੋਰਾ-ਨਿਸ਼ੋਹ, ਨੈਣ-ਨਕਸ਼ ਤਿੱਖੇ, ਜਿਸਮ ਉੱਚਾ ਤੇ ਡੀਲ-ਡੌਲ ਵਾਲਾ, ਸਰੀਰ ਲਚਕਦਾਰ ਤੇ ਫੁਰਤੀਲਾ ਅਤੇ ਚਿਹਰਾ ਰੋਅਬ-ਦਾਬ ਵਾਲਾ ਸੀ ਨੇ ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ, ਘੋੜ-ਸਵਾਰੀ ਆਦਿ ਦੇ ਕਮਾਲ ਭਰੇ ਜੌਹਰ ਦਿਖਾਏ ਕਿ ਮਹਾਰਾਜਾ ਸਾਹਿਬ ਦੇਖ ਕੇ ਦੰਗ ਰਹਿ ਗਏ। ਇਸ ਦੇ ਬੁਲੰਦ ਹੌਸਲੇ, ਹੁਨਰ, ਤੇ ਸ਼ਸਤਰ ਅਸਤਰ ਦੀ ਜੰਗੀ ਵਿੱਦਿਆ ਤੋਂ ਪ੍ਰਭਾਵਸ਼ਾਲੀ ਹੋ ਕੇ ਹਰੀ ਸਿੰਘ ਨੂੰ ਭੱਜ ਕੇ ਗਲਵੱਕੜੀ ਵਿੱਚ ਲੈ ਲਿਆ। ਗੱਲਬਾਤ ਦੌਰਾਨ ਇਸ ਦੇ ਮਿੱਠੇ ਪ੍ਰੇਮ ਭਰੇ ਬੋਲ, ਦਿਮਾਗੀ ਸੂਝ-ਬੂਝ ਤੇ ਉੱਚਾ-ਸੁੱਚਾ ਆਚਰਨ ਦੇਖ ਕੇ ਭਰੇ ਦਰਬਾਰ ਅੰਦਰ ਖੁਸ਼ੀ ਖੁਸ਼ੀ ਆਪਣੇ ਗਲ 'ਚੋਂ ਲਾਹ ਕੇ ਵੱਡਮੁੱਲਾ ਸੁਨਹਿਰੀ ਕੰਠਾ ਹਰੀ ਸਿੰਘ ਦੇ ਗਲ ਵਿੱਚ ਪਾ ਦਿੱਤਾ। ਨਾਲ ਹੀ ਹੁਕਮ ਕਰ ਕੇ ਵਜੀਰਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਇਹ ਲੜਕਾ ਮੇਰਾ ਖਿਦਮਤਗਾਰ (ਅੰਗ ਰੱਖਿਅਕ) ਹੋਵੇਗਾ।
ਕਿਰਪਾਨ-ਬਾਜ਼ੀ ਵਿੱਚ ਨਿਪੁੰਨਤਾ
ਹਰੀ ਸਿੰਘ ਕਿਰਪਾਨ ਚਲਾਉਣ ਵਿੱਚ ਅੱਤ ਦਰਜ਼ੇ ਦਾ ਨਿਪੁੰਨ, ਉਸਤਾਦ ਅਤੇ ਫੁਰਤੀਲਾ ਸੀ। ਇੱਕ ਵਾਰ ਇੱਕ ਅੰਗਰੇਜ਼ ਨੇ ਇਸ ਨੂੰ ਕਿਰਪਾਨ ਚਲਾਉਣ ਸੰਬੰਧੀ ਆਪਣੀ ਕਲਾ ਦਿਖਾਉਣ ਲਈ ਆਖਿਆ। ਵਨੀਤ ਨਲੂਆ ਦੀ ਲਿਖਤ ਮੁਤਾਬਿਕ ਸਰਦਾਰ ਕਿਰਪਾਨ ਪਕੜ ਕੇ ਮੰਜੇ ਤੇ ਬੈਠ ਗਿਆ। ਮੰਜੇ ਹੇਠ ਪਕੜਿਆ ਹੋਇਆ ਕਾਂ ਛੱਡਿਆ। ਉਪਰੰਤ ਮੰਜੇ ਦੇ ਆਲੇ-ਦੁਆਲੇ ਇਤਨੀ ਤੇਜ਼ੀ ਨਾਲ ਕਿਰਪਾਨ ਵਗਾਈ ਕਿ ਕਾਂ ਨੂੰ ਕਾਫ਼ੀ ਸਮਾਂ ਮੰਜੇ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਇਸ ਗੱਲ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਉਹ ਕਿਰਪਾਨ ਦਾ ਪ੍ਰਦਰਸ਼ਨ ਕੈਸਾ ਹੋਵੇਗਾ ਕਿਉਂਕਿ ਕਾਂ ਬਹੁਤ ਹੀ ਚਤੁਰ ਅਤੇ ਤੇਜ਼-ਉਡਾਰ ਜਾਨਵਰ ਹੈ। ਹਰੀ ਸਿੰਘ ਦੀ ਇਸ ਕਾਰਾਗਰੀ, ਕਲਾ ਅਤੇ ਹੁਨਰ ਨੂੰ ਦੇਖ ਅੰਗਰੇਜ਼ ਨੂੰ ਬਹੁਤ ਅਚੰਭਾ ਹੋਇਆ।
ਨਲੂਏ ਦਾ ਖਿਤਾਬ
ਪੰਦਰਾਂ ਬਰਸ ਦੀ ਉਮਰੇ ਹੀ ਹਰੀ ਸਿੰਘ ਨੇ ਸ਼ੇਰ ਨੂੰ ਮਾਰਨ ਕਰਕੇ 'ਨਲੂਆ' ਦਾ ਖਿਤਾਬ ਹਾਸਲ ਕੀਤਾ। ਲਤੀਫ ਅਨੁਸਾਰ ਸ਼ੇਰ ਦਾ ਖਿਤਾਬ ਉਸ ਇਨਸਾਨ ਨੂੰ ਹੀ ਦਿੱਤਾ ਜਾਂਦਾ ਸੀ ਜਿਹੜਾ ਕੋਈ ਸਾਹਸੀ ਕੰਮ ਕਰੇ ਅਰਥਾਤ ਸ਼ੇਰ ਦਾ ਮੁਕਾਬਲਾ ਕਰ ਸਕੇ। ਮਹਾਂਭਾਰਤ ਦੀ ਗਾਥਾ ਅਨੁਸਾਰ ਰਾਜਾ ਨਲ ਆਪਣੇ ਸਮੇਂ ਦਾ ਮਹਾਂ ਦਾਨੀ, ਨਾਮੀ ਅਤੇ ਅਦੁੱਤੀ ਸੂਰਬੀਰ ਸੀ। ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪਰਦੇਸ਼ ਦੇ ਜੱਟ 'ਢੋਲਾ' ਨਾਮ ਦਾ ਬੀਰ-ਕਾਵਿ ਬਹੁਤ ਪਿਆਰ ਨਾਲ ਗਾਉਂਦੇ ਸਨ। ਸਮਾਂ ਪਾ ਕੇ ਇਹ ਕਾਵਿ ਪੰਜਾਬ ਵਿੱਚ ਵੀ ਪ੍ਰਚੱਲਤ ਹੋ ਗਿਆ। ਇਸ ਕਾਵਿ ਦੇ ਸ਼ਬਦਾਂ ਵਿੱਚ ਦਰਜ਼ ਸੀ ਕਿ ਸ਼ਾਂਤੀਵਣ ਦੇ ਜੰਗਲ ਵਿੱਚ ਰਾਜਾ ਨਲ ਨੇ ਆਪਣੇ ਪਿਤਾ ਨੂੰ ਸ਼ੇਰ ਦੇ ਮੂੰਹੋਂ ਬਚਾ ਲਿਆ ਸੀ। ਇਸੇ ਤਰ੍ਹਾਂ ਜੰਗਲ ਵਿੱਚ ਇੱਕ ਵਾਰ ਸ਼ਿਕਾਰ ਖੇਡਣ ਸਮੇਂ ਹਰੀ ਸਿੰਘ ਤੇ ਅਚਾਨਕ ਸ਼ੇਰ ਨੇ ਹਮਲਾ ਕਰ ਦਿੱਤਾ। ਪਰ ਰੋਸ਼ਨ ਦਿਮਾਗ ਅਤੇ ਸ਼ੇਰ ਦਿਲ ਹਰੀ ਸਿੰਘ ਨੇ ਤਲਵਾਰ ਨਾਲ ਸ਼ੇਰ ਦੇ ਦੋ ਟੋਟੇ ਕਰ ਦਿੱਤੇ। ਲੋਕ ਗਾਥਾ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅੱਖੀਂ ਇਹ ਅਜਬ ਨਜ਼ਾਰਾ ਤੱਕਿਆ। ਮਹਾਰਾਜੇ ਨੇ ਹਰੀ ਸਿੰਘ ਕੋਲ ਤੇਜ਼ੀ ਨਾਲ ਆ ਕੇ ਆਖਿਆ, "ਵਾਹ ਮੇਰੇ ਰਾਜਾ ਨਲ, ਵਾਹ"। ਅਤਿਅੰਤ ਖੁਸ਼ੀ ਵਿੱਚ ਮਹਾਰਾਜੇ ਨੇ ਹਰੀ ਸਿੰਘ
ਨੂੰ ਗਲਵੱਕੜੀ 'ਚ ਲਿਆ ਅਤੇ ਨਾਲ ਦੇ ਸਿੰਘਾਂ ਨੂੰ ਆਖਿਆ, "ਇਹ ਮੇਰਾ ਨਲੂਆ ਹੈ"। ਇਸ ਉਪਰੰਤ ਹਰੀ ਸਿੰਘ ਦੇ ਨਾਮ ਨਾਲ 'ਨਲੂਆ' ਸਦਾ ਲਈ ਪੈ ਗਿਆ।
ਸਰਦਾਰ ਹਜ਼ੂਰ ਨੇ ਉਸੇ ਸਮੇਂ ਦਰਬਾਰੀ ਚਿਤ੍ਰਕਾਰ ਪੰਡਿਤ ਬਿਹਾਰੀ ਲਾਲ ਜੋ ਸ਼ੇਰ ਮਾਰਨ ਦੇ ਮੌਕੇ ਸਮੇਂ ਮੌਜੂਦ ਸੀ, ਨੂੰ ਹੁਕਮ ਦਿੱਤਾ ਕਿ ਹਾਲਾਤ ਨੂੰ ਤੱਕ ਕੇ ਹਰੀ ਸਿੰਘ ਨਲੂਏ ਦੀ ਸ਼ੇਰ ਨੂੰ ਮਾਰਨ ਦੀ ਤਸਵੀਰ ਬਣਾਉ। ਚਿਤ੍ਰਕਾਰ ਨੇ ਸੁੰਦਰ ਚਿਤ੍ਰ ਬਣਾਏ ਜਿਹੜੇ ਮਹਾਰਾਜੇ ਅਤੇ ਸਿੰਘ ਨੂੰ ਭੇਂਟ ਕੀਤੇ। ਇਨ੍ਹਾਂ ਵਿੱਚੋਂ ਇੱਕ ਚਿਤ੍ਰ ਸਰਦਾਰ ਹਰੀ ਸਿੰਘ ਨਲੂਏ ਨੇ ਬੈਰਨ ਹੂਗਲ ਨੂੰ ੮ ਜਨਵਰੀ ੧੮੨੧ ਨੂੰ ਦਿੱਤਾ, ਜਿਸ ਨੂੰ ਦੇਖ ਉਹ ਬੜਾ ਹੈਰਾਨ ਤੇ ਪ੍ਰਸੰਨ ਹੋਇਆ। ਹੂਗਲ ਦੀ ਆਪਣੀ ਲਿਖਤ ਇੰਞ ਹੈ:
I surprised him by knowledge whence he had gained the applellation of Nalva, and of his having cloven the head of a tiger who had already seized him as its prep. He told the Diwan to bring some drawings and gave use his portrait, in the act killing the beast (Travels in Kashmir & the Punjab by Baron C. Hugal Page 234).
ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ, 'ਮੁਕੱਮਲ ਤਾਰੀਖ ਕਸ਼ਮੀਰ' ਵਿੱਚ ਲਿਖਦਾ ਹੈ, "ਨਲਵਾ ਦੀ ਵਜਾ ਤਸਮੀਆ ਕੇ ਮੁਤੱਅਲਕ ਮਸ਼ਹੂਰ ਹੈ। ਕਿਉਂਕਿ ਰਾਜਾ 'ਨਲ' ਜ਼ਮਾਨਾ ਕਦੀਮ ਮੇ ਏਕ ਬਹਾਦਰ ਅਰ ਸੁਜਾਤ ਰਾਜਾ ਥਾ'। ਲੋਗੋਂ ਨੇ ਹਰੀ ਸਿੰਘ ਕੋ 'ਨਲ' ਸੇ 'ਨਲਵਾ' ਬਣਾ ਦੀਆ। ਨਲਵਾ ਸੇ ਮੁਰਾਦ 'ਸ਼ੇਰ ਕੋ ਮਾਰਨੇ ਵਾਲਾ' ਯਾ 'ਸ਼ੇਰ ਅਫ਼ਗਾਨ' ਹੈ।
ਮਿਸਟਰ ਐਨ. ਕੇ. ਸਿਨਹਾ ਆਪਣੀ ਲਿਖਤ 'ਤਾਰੀਖ' ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ 'ਨਲਵਾ' ਉਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।
According to Vigne (1842) young Hari Singh was separated from his companions in the jungle and was found just as he destroyed a tiger with his sword.
ਭਾਵ-ਵਿਜਨ (੧੮੪੨) ਵਿੱਚ ਲਿਖਦਾ ਹੈ ਕਿ ਨੌਜੁਆਨ ਹਰੀ ਸਿੰਘ ਜੰਗਲ ਵਿੱਚ ਆਪਣੇ ਸਾਥੀਆਂ ਤੋਂ ਵੱਖ ਹੋ ਗਿਆ ਸੀ। ਉਹਨਾਂ ਸਾਥੀਆਂ ਨੇ ਇਸ ਨੂੰ ਆਪਣੀ ਤਲਵਾਰ ਨਾਲ ਸ਼ੇਰ ਨੂੰ ਖਤਮ ਕਰਦੇ ਦੇਖਿਆ।
ਰਿਚਰਡ ਟੈਂਪਲ ਵੱਲੋਂ ਲਿਖੀ ਪੁਸਤਕ 'Legends of the Punjab' ਵਿੱਚ ਅੰਕਿਤ ਹੈ ਕਿ ਭਾਵੇਂ 'ਨਲ' ਅਤੇ ਸ਼ੇਰ' ਵਿਚਕਾਰ ਕੋਈ ਸੰਬੰਧ ਨਹੀਂ ਪਰ ਕਿਉਂਕਿ ਨਲ ਨੇ ਸ਼ੇਰ ਨੂੰ ਮਾਰ ਦਿੱਤਾ ਸੀ। ਇਸ ਲਈ ਲੋਕਾਂ ਨੇ ਸ਼ੇਰ ਮਾਰਨ ਵਾਲੇ ਨੂੰ 'ਨਲ' ਆਖਣਾ ਸ਼ੁਰੂ ਕਰ ਦਿੱਤਾ ਸੀ।
ਸਰਦਾਰ ਦੀ ਪਦਵੀ
ਸਰਦਾਰ ਸ਼ਬਦ 'ਸਰ' ਅਤੇ ਦਾਰ ਦੇ ਸੰਜੋਗ ਤੋਂ ਬਣਿਆ ਹੈ। 'ਸਰ ਦਾ ਭਾਵ ਹੈ ਅਣਖ ਰੱਖਣਾ। 'ਦਾਰ' ਸ਼ਬਦ ਸੂਲੀ ਲਈ ਵੀ ਵਰਤਿਆ ਜਾਂਦਾ ਹੈ। ਸੋ ਸਰਦਾਰ ਦਾ ਅਰਥ ਹੈ ਉਹ ਇਨਸਾਨ ਜਿਹੜਾ ਅਣਖ ਦੀ ਖਾਤਰ ਸੂਲੀ ਤੇ ਚੜ੍ਹਨ ਦੀ ਹਿੰਮਤ ਰੱਖਦਾ ਹੋਵੇ। ਇੱਕ ਕਵੀ ਨੇ ਸਰਦਾਰ ਦੀ ਪਰੀਭਾਸ਼ਾ ਨੂੰ ਕਾਵਿ ਰੂਪ ਵਿੱਚ ਅੰਕਿਤ ਕੀਤਾ ਹੈ:
ਦਿਲ-ਬ-ਦਿਲਦਾਰ ਬਦੇਹ, ਤਾ ਤੋ ਦਿਲਦਾਰ ਸ਼ਵੀ।
ਸਰ ਬਸਰ ਦਾਰ ਬਨਿਹ, ਤਾ ਤੋ ਸਰਦਾਰ ਸ਼ਵੀ।
ਭਾਵ ਉਹ ਬੰਦਾ ਜਿਹੜਾ ਆਪਣੇ ਪਿਆਰੇ ਨੂੰ ਦਿਲ ਭੇਂਟ ਕਰ ਦਵੇ। ਐਸੀ ਹਾਲਤ ਵਿੱਚ ਉਹ ਪਿਆਰੇ ਦੇ ਸਮਾਨ ਹੋ ਜਾਂਦਾ ਹੈ। ਅਰਥਾਤ ਜੋ ਆਪਣੇ ਇਸ਼ਟ ਦੇ ਹੁਕਮ ਵਿੱਚ ਚਲਦਾ ਹੋਇਆ ਆਪਣਾ ਸਿਰ ਉਸ ਅੱਗੇ ਭੇਂਟ ਕਰ ਦਵੇ ਉਸ ਨੂੰ ਸਰਦਾਰ ਕਹਿੰਦੇ ਹਨ। ਭਾਈ ਨੰਦ ਲਾਲ ਗੋਇਆ ਜੀ ਲਿਖਦੇ ਹਨ ਕਿ ਸਰਦਾਰ ਬਣਨ ਜਾਂ ਕਹਾਉਣ ਦੀ ਖੇਡ ਗੱਲਾਂ ਬਾਤਾਂ ਦੀ ਨਹੀਂ, ਸਿਰ ਧੜ ਦੀ ਬਾਜ਼ੀ ਲਾਉਣ ਵਾਲੀ ਹੈ। ਉਹ ਆਪਣੀ ਇੱਕ ਗਜ਼ਲ ਵਿੱਚ ਅੰਕਿਤ ਕਰਦੇ ਹਨ:
ਐ ਬਫਜ਼ਲ ਗੋਇਆ! ਓ ਮਜ਼ੱਨ ਦਮ।
ਖੋ ਪਾ ਨਿਹੱਦ ਦਰੀ ਰਾਹ, ਆਂ ਰਾਂ ਕਿ ਸਰ ਨ ਬਾਸ਼ਦ।
ਅਰਥ-ਐ ਗੋਇਆ! ਤੂੰ ਗੱਪਾਂ ਨਾ ਮਾਰ। ਗੁਰੂ ਨਾਲ ਲਾਏ ਇਸ਼ਕ ਦਾ ਹੰਕਾਰ ਨਾ ਕਰ, ਕਿਉਂਕਿ ਇਸ ਰਾਹ ਤੇ ਪੈਰ ਰੱਖਣ ਵਾਲੇ ਨੂੰ ਆਪਣੀ ਤਲੀ ਤੇ ਸੀਸ ਟਿਕਾਉਣਾ ਪੈਂਦਾ ਹੈ।
ਇੱਕ ਗਾਥਾ ਅਨੁਸਾਰ ਜਦੋਂ ਬਾਬਰ ਨੇ ਏਮਨਾਬਾਦ ਸ਼ਹਿਰ ਤੇ ਹਮਲਾ ਕੀਤਾ ਤਾਂ ਹਮਲੇ ਉਪਰੰਤ ਲੁੱਟਿਆ ਮਾਲ ਉਸ ਦੇ ਸਿਪਾਹੀਆਂ ਨੇ ਗਠੜੀਆਂ 'ਚ ਬੰਨ੍ਹ ਲਿਆ। ਕੁਦਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਥੇ ਸਨ। ਇਹਨਾਂ ਨੂੰ ਅਤੇ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਪਕੜ ਲਿਆ। ਪਕੜ ਕੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਬਾਲੇ ਦੇ ਸਿਰ ਤੇ ਬੰਨ੍ਹੇ ਮਾਲ ਦੀਆਂ ਗਠੜੀਆਂ ਟਿਕਾ ਦਿੱਤੀਆਂ ਅਤੇ ਭਾਈ ਮਰਦਾਨੇ ਨੂੰ ਘੋੜਾ ਪਕੜਾ ਦਿੱਤਾ। ਘੋੜਾ ਪਕੜਾਉਣ ਸਮੇਂ ਸਿਪਾਹੀਆਂ ਨੇ ਆਖਿਆ, "ਇਸ ਘੋੜੇ ਦੀ ਲਗਾਮ ਨੀ ਛੱਡਣੀ। ਜੇਕਰ ਘੋੜਾ ਦੌੜ ਗਿਆ ਤਾਂ ਤੇਰਾ ਸਿਰ ਕਲਮ ਕਰ ਦਿਆਂਗੇ।" ਜਦੋਂ ਇਹ ਤੁਰੇ ਜਾਂਦੇ ਸਨ ਤਾਂ ਗੁਰੂ ਸਾਹਿਬ ਨੇ ਆਖਿਆ,"ਭਾਈ ਮਰਦਾਨੇ ਰਬਾਬ ਵਜਾ ਬਾਣੀ ਆਈ ਹੈ।" ਭਾਈ ਮਰਦਾਨਾ ਕਹਿੰਦਾ,"ਸੱਚੇ ਪਾਤਸ਼ਾਹ! ਮੈਂ ਰਬਾਬ ਵਜਾਵਾਂ ਕਿ ਘੋੜੇ ਦੀ ਲਗਾਮ ਫੜਾਂ, ਬਾਬਰ ਦੇ ਸਿਪਾਹੀ ਦਾ ਹੁਕਮ ਸਖਤ ਹੈ ਕਿ ਜੇ ਘੋੜਾ ਦੌੜ ਗਿਆ ਤਾਂ ਮੇਰਾ ਸਿਰ ਵੱਢਿਆ ਜਾਣਾ ਹੈ। ਗੱਲ ਕੀ ਆਪਾਂ ਜਿੱਥੇ ਵੀ ਜਾਂਦੇ ਹਾਂ ਸਿਰ ਵੱਢਣ ਵਾਲੀਆਂ ਗੱਲਾਂ ਹੀ ਹੁੰਦੀਆਂ ਹਨ।" ਗੁਰੂ ਜੀ ਨੇ ਆਖਿਆ, "ਭਾਈ ਮਰਦਾਨੇ! ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਸਿਰ ਤਲੀ ਤੇ ਰੱਖਣਾ ਪੈਂਦਾ ਹੈ। ਸਰਦਾਰੀ ਵੀ ਸਿਰ ਦੇਣ ਨਾਲ ਹੀ ਮਿਲਦੀ ਹੈ। ਇਹ ਜੋ ਸਿੱਖ ਪੰਥ ਸ਼ੁਰੂ ਕਰ ਰਹੇ ਹਾਂ ਇਸ ਵਿੱਚ ਗੱਲ ਹੀ ਸਿਰ ਦੇਣ ਤੋਂ ਸ਼ੁਰੂ ਹੋਣੀ ਹੈ"। ਫੜ ਰਬਾਬ, ਛੱਡ ਘੋੜੇ ਦੀ ਲਗਾਮ ਅਤੇ ਰੱਬ ਨੂੰ ਯਾਦ ਕਰ"। ਉਸ ਸਮੇਂ ਸਤਿਗੁਰਾਂ ਸ਼ਬਦ ਉਚਾਰਨ ਕੀਤਾ:
ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦੁ ਨ ਆਇਆ॥ (੩੬੦)
ਇੱਕ ਹੋਰ ਕਵੀ ਦੇ ਸਰਦਾਰ ਸੰਬੰਧੀ ਸੁੰਦਰ ਬੋਲ ਹਨ:
ਕਰੇ ਜੋ ਫੂਲ ਕੀ ਰਖਸ਼ਾ, ਉਸੀ ਕੋ ਖਾਰ ਕਹਿਤੇ ਹੈਂ।
ਬਦਲ ਡਾਲੇ ਜੋ ਇਨਸਾਨ ਕੋ, ਉਸੇ ਪਿਆਰ ਕਹਿਤੇ ਹੈਂ।
ਸੁਣੋ ਉਹ ਦੁਨੀਆਂ ਵਾਲੋ, ਮੈਂ ਤੁਝ ਕੋ ਸੱਚ ਕਹਿਤਾ ਹੂੰ।
ਜੋ ਸਰ ਕੋ ਦਾਰ ਪੇ ਰੱਖ ਦੇ, ਉਸੇ ਸਰਦਾਰ ਕਹਿਤੇ ਹੈਂ।
ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਬਦ ਕੋਸ਼ ਵਿੱਚ ਸਰਦਾਰ ਦੀ ਸੰਗਯਾ ਪ੍ਰਧਾਨ, ਮੁਖੀਆ ਤੇ ਸ਼ਿਰੋਮਣੀ ਲਿਖੀ ਹੈ। ਸਰਦਾਰ ਦੀ ਪ੍ਰੀਭਾਸ਼ਾ ਦਾਸ ਨੇ ਆਪਣੀ ਪੁਸਤਕ 'ਗੁਰਮਤਿ ਮਾਰਗ ਅਤੇ ਸਾਡਾ ਸੱਭਿਆਚਾਰ' ਵਿੱਚ ਖੋਲ੍ਹ ਕੇ ਬਿਆਨ ਕੀਤੀ ਹੈ ਅਤੇ ਸਰਦਾਰ ਸ਼ਬਦ ਦੇ ਨਿਕਾਸ ਤੇ ਵਿਕਾਸ ਬਾਰੇ ਲੰਬੀ ਗਾਥਾ ਬਿਆਨ ਕੀਤੀ
ਹੈ। ਇਥੇ ਤਾਂ ਕੇਵਲ ਟੂਕ ਮਾਤ੍ਰ ਹੀ ਲਿਖਿਆ ਹੈ ਕਿਉਂਕਿ ੧੮੦੪ ਦੀ ਵਿਸਾਖੀ ਨੂੰ ਹਰੀ ਸਿੰਘ ਨਲੂਆ ਨੂੰ ਫ਼ੌਜ ਦੇ ਸਰਦਾਰ ਦਾ ਪਦ ਪ੍ਰਾਪਤ ਹੋਇਆ ਸੀ।
ਵੱਡੀ ਵਿਲੱਖਣਤਾ ਵਾਲੀ ਗੱਲ ਇਹ ਹੈ ਕਿ ਕੇਵਲ ਪੰਦਰਾਂ ਸਾਲ ਦੀ ਆਯੂ ਵਿੱਚ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਦਲੇਰੀ ਨਾਲ ਸ਼ੇਰ ਨੂੰ ਮਾਰ ਦੇਣਾ ਇਸ ਤੋਂ ਵੱਡੀ ਸੂਰਮਗਤੀ ਇਨਸਾਨ ਵਿੱਚ ਹੋਰ ਕੀ ਹੋ ਸਕਦੀ ਹੈ? ਸੂਰਮੇ ਦੀ ਪਹਿਲੀ ਯੋਗਤਾ ਹੀ ਹੌਸਲਾ ਹੈ। ਇਹ ਹੌਸਲਾ ਹੀ ਪ੍ਰਭੂ ਦੀ ਪ੍ਰੇਮ ਰੂਪੀ ਭਗਤੀ ਐਸੀ ਸ਼ਕਤੀ ਹੈ ਜਿਹੜੀ ਬੁਜ਼ਦਿਲੀ ਦੂਰ ਕਰਕੇ ਫ਼ਰਜ਼, ਨੇਕਨੀਤੀ, ਸਹੀ ਫੈਸਲੇ, ਦ੍ਰਿੜਤਾ ਤੇ ਨਮਕ-ਹਲਾਲੀ ਨੂੰ ਜਨਮ ਦਿੰਦੀ ਹੈ। ਹੌਸਲੇ ਵਗੈਰ ਸਿਆਣਪ ਤੇ ਚਤਰਾਈ ਫਲਹੀਣ ਹੋ ਜਾਂਦੀ ਹੈ। ਸੂਰਮੇ ਦੀ ਸੋਚ ਆਪਣੇ ਨਿਸ਼ਾਨੇ ਪ੍ਰਤੀ ਖੁਲ੍ਹ-ਦਿਲੀ ਵਾਲੀ, ਸਾਫ਼, ਗੌਰਵਮਈ ਤੇ ਭੈ-ਰਹਿਤ ਹੁੰਦੀ ਹੈ। ਸੂਰਮਾ ਜੀਵਨ ਦੇ ਸਭ ਸੁੱਖ, ਇਛਾਵਾਂ ਤੇ ਵਾਸ਼ਨਾਵਾਂ ਤਿਆਗ ਕੇ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਨਿਸ਼ਾਨੇ ਦੀ ਪੂਰਤੀ ਕਰਦਾ ਹੈ। ਸੂਰਮੇ ਦੀ ਬਹਾਦਰੀ ਹੋਰ ਵੀ ਚਮਕ ਪੈਂਦੀ ਹੈ ਜਦ ਉਹ ਉਪਕਾਰਤਾ ਵਲ ਪੈਰ ਟਿਕਾਉਂਦਾ ਹੈ, ਹੱਕ, ਸੱਚ, ਇਨਸਾਫ਼ ਖਾਤਰ ਜੂਝਦਾ ਹੈ, ਧਰਮ ਪਾਲਦਾ ਹੈ, ਦੁਸ਼ਟ ਗਾਲਦਾ ਹੈ ਅਤੇ ਜਾਨ ਤੇ ਖੇਡ ਕੇ ਕੌਮ ਤੇ ਦੇਸ਼ ਨੂੰ ਸ਼ਿੰਗਾਰਦਾ ਹੈ। ਅਸਲ ਸੂਰਮਾ ਉਹੀ ਹੁੰਦਾ ਹੈ ਜਿਹੜਾ ਨਿਮਕੀ ਵਿੱਚ ਆ ਕੇ ਵੈਰੀ ਨੂੰ ਵੀ ਮੁਆਫ ਕਰ ਦਿੰਦਾ ਹੈ। ਪਰ ਇਹ ਸਾਰੀ ਖੇਡ ਪ੍ਰਭੂ ਪ੍ਰੀਤ ਮੰਡਲ ਦੀ ਹੈ ਜੋ ਪ੍ਰਭੂ ਦੀ ਕ੍ਰਿਪਾ ਸਦਕਾ ਉਪਜਦੀ ਹੈ। ਇਸ ਦੀ ਉਪਜ ਸਮੇਂ ਬੰਦੇ ਦੇ ਮਨ ਅੰਦਰ ਅਰਸ਼ੀ ਤੇ ਫਰਸ਼ੀ ਨਾਦ ਵੱਜਣੇ ਸ਼ੁਰੂ ਹੋ ਜਾਂਦੇ ਹਨ ਪਰ ਸਭ ਕੁਝ ਕਰਨ ਕਰਾਉਣ ਵਾਲਾ ਉਹ ਪਰਮੇਸ਼ਰ ਹੈ।
ਗੁਰਬਾਣੀ ਦੇ ਬੋਲ ਹਨ:
ਕਹੁ ਮਾਨਖੁ ਤੇ ਕਿਆ ਹੋਇ ਆਵੈ॥ ਜੋ ਤਿਸੁ ਭਾਵੈ ਸੋਈ ਕਰਾਵੈ॥
ਅਤਿ ਸੂਰਾ ਜੇ ਕੋਊ ਕਹਾਵੈ॥
ਪ੍ਰਭ ਕੀ ਕਲਾ ਬਿਨਾ ਕਹ ਧਾਵੈ॥ (੨੮੨)
ਦੀਵਾਨ ਅਮਰ ਨਾਥ ਦੀ ਲਿਖਤ 'ਜ਼ਫਰਨਾਮਾ ਰਣਜੀਤ ਸਿੰਘ' ਅਨੁਸਾਰ ਹਰੀ ਸਿੰਘ ਤੋਂ ਖਿਦਮਤਗਾਰੀ (ਐਂਡੀਕਾਰਾ) ਦਾ ਅਹੁਦਾ ਛੁਡਾ ਕੇ ਸਰਦਾਰੀ ਦਾ ਮਰਤਬਾ ਬਖਸ਼ ਦਿੱਤਾ ਤੇ ਅੱਠ ਸੌ ਸਵਾਰ ਤੇ ਪੈਦਲ ਸੈਨਾ ਦਾ ਅਫ਼ਸਰ ਥਾਪ ਕੇ ਇਜ਼ਤ ਅਫ਼ਜ਼ਾਈ ਕੀਤੀ। ਇਥੋਂ ਸਰਦਾਰ ਹਰੀ ਸਿੰਘ ਨਲੂਏ ਦਾ ਫ਼ੌਜੀ ਜੀਵਨ ਆਰੰਭ ਹੋਇਆ।
ਵਨੀਤ ਨਲੂਆ ਨੇ ਵੀ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ੧੮੦੮ ਦੀ ਵਿਸਾਖੀ ਅੰਮ੍ਰਿਤਸਰ ਮਨਾਈ। ਇਸ ਦਿਨ ਕਿਲ੍ਹਾ ਭੰਗੀਆਂ ਤੇ ਭਾਰੀ ਇੱਕਠ ਹੋਇਆ। ਮਹਾਰਾਜਾ ਨੇ ਨੌਜੁਆਨ ਹਰੀ ਸਿੰਘ ਦੀ ਬਲਵਾਨਤਾ ਨੂੰ ਮੁੱਖ ਰਖਦਿਆਂ ਉਸ ਨੂੰ ਸ਼ੇਰ ਦਿਲ ਖ਼ਾਲਸਾ ਫ਼ੌਜ ਦਾ ਮੁਖੀ ਥਾਪ ਦਿੱਤਾ। ਉਸੇ ਦਿਨ ੩੬ ਸਾਲਾ ਦੇਸਾ ਸਿੰਘ ਮਜੀਠੀਆ ਨੂੰ ੪੦੦ ਸਵਾਰਾਂ ਅਤੇ ਜਠੇਰੇ ਨਿਹਾਲ ਸਿੰਘ ਅਟਾਰੀਵਾਲੇ ਨੂੰ ੫੦੦ ਸਵਾਰਾਂ ਦਾ ਮੁਖੀਆ ਥਾਪਿਆ। ਦੇਖਣ ਵਾਲੀ ਅਜੀਬ ਗੱਲ ਇਹ ਹੈ ਕਿ ਪੰਦਰਾਂ ਸਾਲ ਦੀ ਛੋਟੀ ਉਮਰ ਵਿੱਚ ਕੋਈ ਬੇਮਿਸਾਲ ਯੋਗਤਾ ਅਤੇ ਅਦੁੱਤੀ ਗੁਣਾਂ ਵਾਲਾ ਹੀ ਫ਼ੌਜੀ ਸਰਦਾਰ ਬਣਨ ਦਾ ਅਹੁਦਾ ਪ੍ਰਾਪਤ ਕਰ ਸਕਦਾ ਹੈ।
ਬੁਲੰਦੀ ਤੇ ਉੱਚੇ ਅਹੁਦੇ
ਜਿਉਂ ਜਿਉਂ ਨਲੂਏ ਸਰਦਾਰ ਦੀ ਉਮਰ ਜੁਆਨੀ ਵਲ ਗਈ ਉਸ ਦਾ ਕੱਦ-ਕਾਠ ਵਧਦਾ ਗਿਆ। ਬਹੁਤੇ ਇਤਿਹਾਸਕਾਰਾਂ ਅਨੁਸਾਰ ਉਸ ਦਾ ਕੱਦ ਸੱਤ ਫੁੱਟ ਦੇ ਲੱਗ ਪਗ, ਸਰੀਰ ਗੁੰਦਵਾਂ, ਛਾਤੀ ਚੌੜੀ, ਬਾਹਾਂ ਲੰਬੀਆਂ ਚਿਹਰਾ ਨੂਰੀ ਤੇ ਦਗ ਦਗ ਕਰਦਾ ਸੀ। ਪ੍ਰਸਿੱਧ ਸਮਕਾਲੀ ਲੇਖਕ ਹਮੀਦੁੱਲਾ ਸ਼ਾਹਾਬਾਦੀ (ਕਸ਼ਮੀਰੀ) ਦੇ ਕਥਨ ਅਨੁਸਾਰ ਸਰਦਾਰ ਹਰੀ ਸਿੰਘ ਨਲਵਾ ਸ਼ਕਲੋਂ ਸੋਹਣਾ, ਦਿਲ ਦਾ ਦਲੇਰ, ਸ਼ੇਰ ਮਰਦ, ਆਲੀ ਵਕਾਰ, ਲਾਸਾਨੀ ਸ਼ਖਸ਼ੀਅਤ ਦਾ ਮਾਲਿਕ, ਹਾਤਿਮ ਵਰਗਾ ਸਖੀ, ਸ਼ਾਹ ਮੌਸ਼ੀਰਵਾਂ ਜੇਹਾ ਮੁਨਸਿਫ, ਮਿਜ਼ਾਜ, ਮੁਲਕੀ ਸਿਆਸੀਅਤ ਵਿੱਚ ਪੂਰੀ ਤਰ੍ਹਾਂ ਮਾਹਿਰ ਤੇ ਅਦੁੱਤੀ ਰੁਅਬਦਾਬ ਦਾ ਵਾਲੀ ਸੀ। ਜਿਸ ਕਾਰਣ ਉਸ ਦੀ ਸ਼ੁਹਰਤ ਦੀਆਂ ਧੁੰਮਾਂ ਨਾ ਕੇਵਲ ਕਾਬਲ ਤੱਕ ਹੀ, ਸਗੋਂ ਅਫਗਾਨਿਸਤਾਨ ਦੇ ਹਰੇਕ ਇਲਾਕੇ ਵਿੱਚ ਪਈਆਂ ਹੋਈਆਂ ਸਨ (ਅਕਬਰ ਨਾਮਾ ਕਸ਼ਮੀਰੀ)।
ਕਹਿੰਦੇ ਹਨ ਕਿ ਇੱਕ ਫ਼ਰਾਂਸੀਸੀ ਅਫ਼ਸਰ ਨਲੂਏ ਸਰਦਾਰ ਨੂੰ ਉਸ ਦੇ ਦਫ਼ਤਰ ਵਿੱਚ ਪਹਿਲੀ ਵਾਰ ਮਿਲਿਆ। ਹਰੀ ਸਿੰਘ ਦਾ ਹੁਸਨਲ ਚਰਾਗ ਦਾ ਦਗ ਦਗ ਕਰਦਾ ਚਿਹਰਾ ਮੁਹਰਾ ਦੇਖ ਕੇ ਘਬਰਾਹਟ ਵਿੱਚ ਆ ਗਿਆ। ਸਰਦਾਰ ਨੇ ਪੁੱਛਿਆ ਕੀ ਕਾਰਨ ਹੈ ਤੁਹਾਡੇ ਚਿਹਰੇ ਤੇ ਇਤਨੀ ਘਬਰਾਹਟ ਕਿਉਂ ਹੈ? ਉਸ ਨੇ ਉੱਤਰ ਦਿੱਤਾ, "ਸਰਦਾਰ ਸਾਹਿਬ! ਜੇਕਰ ਤੁਹਾਡੇ ਜਲਾਉ ਵਰਗੇ ਚਿਹਰੇ ਅਤੇ ਬਲਵਾਨ ਸਰੀਰ ਵਾਲੇ ਨਾਲ ਕਦੇ ਮੈਦਾਨੇ ਜੰਗ ਵਿੱਚ ਟੱਕਰ ਲੱਗ ਜਾਵੇ ਤਾਂ ਦੇਖ ਕੇ ਹੀ ਥਰ ਥਰ ਕੰਬਣੀ ਛਿੜਨੀ ਸੁਭਾਵਕ ਗੱਲ ਹੈ। ਜਿਸ ਤਰ੍ਹਾਂ ਸੂਰਜ ਦੇ ਸਾਮ੍ਹਣੇ
ਅੱਖਾਂ ਖੋਲ੍ਹ ਕੇ ਲਗਾਤਾਰ ਖੜ੍ਹਨਾ ਮੁਸ਼ਕਲ ਹੁੰਦਾ ਹੈ ਉਸੇ ਤਰ੍ਹਾਂ ਮੈਨੂੰ ਤੁਹਾਡੇ ਜਮਾਲ ਰੂਪੀ ਹੁਸਨ ਨੂੰ ਦੇਖ ਕੇ ਮਹਿਸੂਸ ਹੋਇਆ ਹੈ"।
ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਹਨ ਕਿ ਅਫਗਾਨਿਸਤਾਨ ਦਾ ਅਦੁੱਤੀ ਬਹਾਦਰ ਯੋਧਾ ਮੁਹੰਮਦ ਅਜੀਜ਼ ਖਾਨ ਸੰਨ ੧੮੨੩ ਈਸਵੀ ਵਿੱਚ ਖੇਸ਼ਗੀ ਦੇ ਮੈਦਾਨ ਵਿੱਚ ਜਦ ਹਰੀ ਸਿੰਘ ਨਲਵੇ ਨਾਲ ਦੋ ਚਾਰ ਹੱਥ ਹੋਇਆ ਤਾਂ ਅੱਖਾਂ ਮਿਲਾਉਣ ਦੀ ਦੇਰ ਸੀ ਕਿ ਬਾਰਕਜ਼ਈ ਖ਼ਾਨ ਪਰ ਸਰਦਾਰ ਜੀ ਦਾ ਐਸਾ ਰੋਅਬ ਛਾਇਆ ਉਹ ਮੈਦਾਨ ਵਿੱਚ ਇੱਕ ਪਲ ਲਈ ਭੀ ਹੋਰ ਨਾ ਠਹਿਰ ਸਕਿਆ। ਜਿਥੇ ਆਪ ਦੇ ਦਬਦਬੇ ਦਾ ਇਹ ਹਾਲ ਸੀ ਉਸ ਦੇ ਨਾਲ ਸਿਆਣਪ ਤੇ ਸੰਜੀਦਗੀ ਵੀ ਇੰਨੀ ਵਧੀ ਹੋਈ ਸੀ ਕਿ ਆਪਣਾ ਨਮੂਨਾ ਉਹ ਆਪ ਹੀ ਸਨ।
ਸੋਹਣ ਲਾਲ ਸੂਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਕਚਹਿਰੀ ਅੰਦਰ ਹਰੀ ਸਿੰਘ ਨਲੂਏ ਵਰਗਾ ਹੋਰ ਕੋਈ ਸਰਦਾਰ ਨਮਕ ਹਲਾਲ ਨਹੀਂ ਸੀ। ਹਰੀ ਸਿੰਘ ਮਾਨੋ ਅਰਜਨ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਕ੍ਰਿਸ਼ਨ ਸਮਾਨ ਜਿਵੇਂ ਕਿ ਮਹਾਭਾਰਤ ਵਿੱਚ ਪ੍ਰਮੁੱਖ ਸਖਸ਼ੀਅਤਾਂ ਕ੍ਰਿਸ਼ਨ ਤੇ ਅਰਜਨ ਸਨ।
"Arjun had gained victory everywhere on account of the cooperation of Sri Krishan ji" ਹਰੀ ਸਿੰਘ ਉਰਫ ਕਾਦਰਯਾਰ ਆਪਣੀ ਪਹਿਲੀ ਸ਼ੀਹਰਫੀ ਵਿੱਚ ਸਰਦਾਰ ਹਰੀ ਸਿੰਘ ਦੀ ਵਡਿਆਈ ਇੰਞ ਗਾਉਂਦਾ ਹੈ:
ਸੇ-ਸਾਅਬਤੀ ਸੁਣ ਕੇ ਬਹਾਦਰਾਂ ਦੀ, ਦਿਲ ਪੀਂਘ ਦਾ ਐਸ਼ ਹੁਲਾਰਿਆਂ ਵਿੱਚ।
ਰੂਹ ਖੁਸ਼ੀ ਦੇ ਨਾਲ ਵਸਲ ਕਰਦਾ, ਆਸ਼ਕ ਮਸਤ ਜਿਉਣ ਪਿਆਰਿਆਂ ਵਿੱਚ।
ਰਣਜੀਤ ਸਿੰਘ ਸਰਦਾਰ ਦੇ ਅਫਸਰਾਂ ਨੂੰ, ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਵਿੱਚ।
ਕਾਦਰਯਾਰ ਬਹਾਦਰਾਂ ਵਿੱਚ ਚਮਕੇ, ਹਰੀ ਸਿੰਘ ਜਿਉਂ ਚੰਨ ਸਿਤਾਰਿਆਂ ਵਿੱਚ।
ਹਰੀ ਸਿੰਘ ਵੱਡੇ ਤੋਂ ਵੱਡੇ ਸੂਰਮੇਂ ਦੀ ਲਲਕਾਰ ਨੂੰ ਚੁਣੌਤੀ ਦਿੰਦਾ ਸੀ। ਜਿੱਧਰ ਨੂੰ ਵੀ ਚੜ੍ਹਾਈ ਕਰਦਾ ਸੀ ਸ਼ੇਰ ਵਾਂਙੂੰ ਭਬਕਾਂ ਮਾਰਦਾ ਜਾਂਦਾ ਸੀ। ਸੋਲਾਂ ਸਾਲ ਦੀ ਉਮਰ ਵਿੱਚ ਹੀ ਕਸੂਰ ਦੀ ਜੰਗ ਸਮੇਂ ਹਰੀ ਸਿੰਘ ਨੇ ਗਾਜ਼ੀ ਪਠਾਣਾਂ ਦੇ ਐਸੇ ਛੱਕੇ ਛੁਡਾਏ ਕਿ ਜੰਗੇ ਮੈਦਾਨ ਨੂੰ ਛੱਡ ਕੇ ਜਿੱਧਰ ਨੂੰ ਦੇਖਿਆ ਜਾਨਾਂ ਬਚਾਉਣ ਲਈ ਭੱਜ ਨਿਕਲੇ। ਨਲੂਏ ਦੀ ਸ਼ੇਰ-ਦਿਲ ਰਜਮੈਂਟ ਦੇ ਸਿੰਘਾਂ ਨੇ ਨੱਠੇ ਜਾਂਦੇ ਬਹਾਦਰ ਨਵਾਬ ਕੁਤਬਦੀਨ ਨੂੰ ਪਕੜ ਕੇ ਮੁਸ਼ਕਾਂ ਵਿੱਚ ਜਕੜ ਲਿਆ। ਇਸ ਨਵਾਬ ਨੇ ਹਿੰਦੂ ਅਤੇ ਸਿੱਖਾਂ ਦੇ ਇਲਾਕੇ ਅੰਦਰ ਜੋ ਵਧੀਕੀਆਂ ਕੀਤੀਆਂ ਸਨ ਤੇ ਕਰ ਰਿਹਾ ਸੀ, ਉਹ
ਬਹੁਤ ਹੀ ਦਿਲ ਕੰਬਾਊ ਅਤੇ ਦਹਿਲਾਊ ਸਨ। ਇਹਨਾਂ ਮੁਗਲਾਂ ਦੇ ਵੱਡੇ ਵਡੇਰੇ ਪਿਸ਼ੌਰ ਤੋਂ ਬਾਬਰ ਦੀ ਫ਼ੌਜ ਨਾਲ ਹਿੰਦੁਸਤਾਨ ਤੇ ਹਮਲੇ ਵਕਤ ਆਏ ਸਨ ਅਤੇ ਵੱਡੀਆਂ ਜਾਗੀਰਾਂ ਦੇ ਮਾਲਕ ਹੋਣ ਕਰ ਕੇ ਪਰਜਾ ਤੇ ਵਧੀਕੀਆਂ ਕਰ ਰਹੇ ਸਨ। ਇਹਨਾਂ ਨੇ ਖਾਲਸੇ ਦੀ ਵਧ ਰਹੀ ਤਾਕਤ ਨੂੰ ਦੇਖ ਕੇ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਵੱਡੀ ਤਜਵੀਜ ਘੜੀ ਸੀ। ਇਸ ਗੱਲ ਦਾ ਸ਼ੇਰਿ-ਏ-ਪੰਜਾਬ ਨੂੰ ਜਦ ਪਤਾ ਲੱਗਿਆ ਤਾਂ ਇਹਨਾਂ ਨੂੰ ਸਮਝਾਉਣ ਲਈ ਸਰਦਾਰ ਫ਼ਤਹਿ ਸਿੰਘ ਕਾਲਿਆਂ ਵਾਲਾ ਅਤੇ ਫ਼ਕੀਰ ਅਜ਼ੀਜ਼-ਉਦ-ਦੀਨ ਨੂੰ ਭੇਜਿਆ। ਪਰ ਇਹ ਹੰਕਾਰੀ, ਵਿਕਾਰੀ ਅਤੇ ਦੁਰਾਚਾਰੀ ਮੱਛਰੇ ਹੋਏ ਨਾ ਟਲੇ। ਇਹਨਾਂ ਦੀ ਭੈੜੀ ਸੋਚ ਨੂੰ ਸਰਦਾਰ ਫ਼ਤਹਿ ਸਿੰਘ ਅਤੇ ਫ਼ਕੀਰ ਤੋਂ ਸੁਣ ਕੇ ਅਤੇ ਫ਼ਕੀਰ ਜੀ ਨਾਲ ਬਦਸਲੂਕੀ ਤੇ ਕੁਬਚਨ ਬੋਲਣ ਕਰਕੇ ਸ਼ੇਰਿ-ਏ-ਪੰਜਾਬ ਨੇ ਖਾਲਸਾ ਫ਼ੌਜ ਨੂੰ ਕਸੂਰ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ ਸੀ। ਇਸ ਧੂਆਂ ਧਾਰ ਜੰਗ ਵਿੱਚ ਖਾਲਸਾਈ ਫ਼ੌਜਾਂ ਨੇ ਫ਼ਤਹਿ ਪਾਈ। ਮੁਸ਼ਕਾਂ 'ਚ ਜਕੜੇ ਹੋਏ ਨਵਾਬ ਕੁਤਬਦੀਨ ਨੂੰ ਜਦ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕੀਤਾ ਗਿਆ ਤਾਂ ਸ਼ੇਰਿ-ਏ-ਪੰਜਾਬ ਨੇ ਹੁਕਮ ਦਿੱਤਾ, ਨਵਾਬ ਖਾਨ ਦੀਆਂ ਮੁਸ਼ਕਾਂ ਖੋਲ੍ਹ ਦਿਉ ਇਹ ਬਹਾਦਰ ਸੂਰਮਾ ਹੈ। ਇਸ ਨੂੰ 'ਮਾਰਿਆ ਨਹੀਂ ਸਗੋਂ ਫਰਾਕ ਦਿਲ ਮਹਾਰਾਜੇ ਨੇ ਜਾਗੀਰ ਦੇ ਕੇ ਪ੍ਰਵਾਰ ਸਮੇਤ ਸਤਲੁਜ ਤੋਂ ਪਾਰ ਮਮਦੋਟ ਇਲਾਕੇ ਵਿੱਚ ੨੨ ਪਿੰਡ ਅਤੇ ੫੨ ਹਜ਼ਾਰ ਰੁਪਏ ਸਾਲਾਨਾ ਆਮਦਨ ਦਾ ਪਰਗਨਾ ਦੇ ਕੇ ਪੀੜ੍ਹੀਓ-ਦਰ-ਪੀੜ੍ਹੀ ਬਖਸ਼ ਦਿੱਤੀ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਲਿਖਤ ਅਨੁਸਾਰ ਇਹ ਜਾਗੀਰ ਅੱਜ ਤੱਕ ਇਸ ਘਰਾਣੇ ਕੋਲ ਹੈ।
ਇੰਞ ਕਸੂਰ ਦਾ ਇਲਾਕਾ ੨੮ ਫਰਵਰੀ ੧੮੦੬ ਨੂੰ ਖ਼ਾਲਸਾ ਰਾਜ ਵਿੱਚ ਸ਼ਾਮਲ ਹੋ ਗਿਆ। ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲੇ ਨੂੰ ਜੋ ਇਸ ਮੁਹਿੰਮ ਦੇ ਮੁੱਖ ਪ੍ਰਬੰਧਕ ਸਨ, ਇਹ ਇਲਾਕਾ ਸੰਭਾਲ ਕੇ ਖਾਲਸਾ ਫ਼ੌਜਾਂ ਜਿੱਤ ਕੇ ਧੌਂਸੇ ਵਜਾਉਂਦੀਆਂ ਲਾਹੌਰ ਪੁੱਜੀਆਂ। ਗੁਰੂ ਕਲਗੀਧਰ ਨੇ ਬਚਿੱਤ੍ਰ ਨਾਟਕ ਵਿੱਚ ਲਿਖਿਆ ਹੈ ਕਿ ਕਸੂਰ ਤੇ ਲਾਹੌਰ ਸ਼ਹਿਰ ਸ੍ਰੀ ਰਾਮ ਚੰਦ੍ਰ ਜੀ ਦੇ ਪੁੱਤਰਾਂ ਨੇ ਵਸਾਏ ਸਨ:
ਤਹੀ ਤਿਨੈ ਬਾਧੇ ਦੁਇ ਪੁਰਵਾ॥ ਏਕ ਕਸੂਰ ਦੁਤੀਆ ਲਾਹੁਰਵਾ॥
ਬਰਤਾਨੀਆਂ ਦੇ ਹਿਸਟੋਰੀਅਨ ਗ੍ਰਿਫਨ ਅਤੇ ਮੈਸੀ ਨੇ ੧੯੦੯ ਵਿੱਚ ਲਿਖਿਆ ਕਿ ਹਰੀ ਸਿੰਘ ਨੂੰ ਕਸੂਰ ਦੀ ਜੰਗ ਵਿੱਚ ਬਹਾਦਰੀ ਬਦਲੇ ਜਾਗੀਰ
ਪ੍ਰਾਪਤ ਹੋਈ। ਮੈਕਾਲਿਫ ਨੇ ਵੀ ੧੯੦੯ ਵਿੱਚ ਲਿਖੀ ਪੁਸਤਕ 'The Sikh Religion' ਵਿੱਚ ਲਿਖਿਆ ਕਿ ਕਸੂਰ ਵਿੱਚ ਪਠਾਣਾਂ ਦੀ ਫ਼ਤਹਿ ਤੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਕਹੇ ਹੋਏ ਸ਼ਬਦ, "ਸਾਡੇ ਸੇਵਕ ਇੱਕ ਦਿਨ ਸ਼ੈਹਨਸ਼ਾਹ ਹੋਣਗੇ। ਇੱਕ ਸਿੱਖ ਰਾਜਾ ਕਸੂਰ ਦਾ ਸੱਤਾਧਾਰੀ ਹੋਵੇਗਾ"। ਇੱਕ ਸੋਲਾਂ ਸਾਲਾਂ ਦੇ ਨੱਢੇ ਨੇ ਪੂਰੇ ਕਰ ਦਿਖਾਏ।
ਸਿਪਾਹ-ਸਲਾਰ ਸਰਦਾਰ ਹਰੀ ਸਿੰਘ ਨਲਵਾ ਦਾ ਫ਼ੌਜੀ ਜੀਵਨ ੧੮੦੪ ਵਿੱਚ ਘੋੜ ਸਵਾਰ ਤੇ ਪੈਦਲ ਰਜਮੈਂਟ ਨਾਲ ਸ਼ੁਰੂ ਹੋਇਆ। ਪਰ ੧੮੦੭ ਵਿੱਚ ਇਸ ਵਿੱਚ ਹਾਥੀ, ਊਠ ਆਦਿ ਸ਼ਾਮਲ ਕਰਕੇ ਦੋ ਬਟਾਲੀਅਨਾਂ (ਫ਼ੌਜੀ ਦਸਤੇ) ਬਣਾ ਦਿੱਤੀਆਂ। ਸੀਤਾ ਰਾਮ ਕੋਹਲੀ ਅਨੁਸਾਰ ਇੱਕ ਦਸਤੇ ਵਿੱਚ ੬੩੨ ਆਦਮੀ ਅਤੇ ਦੂਜੇ ਵਿੱਚ ੯੧੦ ਆਦਮੀ ਸਨ। ਸਰਦਾਰ ਹਰੀ ਸਿੰਘ ਵਾਲੀ ਪਲਟਨ ਵਿੱਚ ੬੩੨ 'ਚੋਂ ੫੭੬ ਲੜਾਕੂ ਅਤੇ ੫੬ ਸਹਾਇਕ ਜਿਵੇਂ ਕਿ ਝੰਡਾ ਬਰਦਾਰ, ਗ੍ਰੰਥੀ ਸਿੰਘ, ਘੜਿਆਲੀ (ਟਾਈਮ ਕੀਪਰ), ਖਲਾਸੀਜ਼ (ਟੈਂਟ ਪਿੱਚਰ), ਹਲਕੇ ਲੁਹਾਰ, ਤਰਖਾਣ ਆਦਿ ਸਨ। ਪਹਿਲਾਂ ਪਹਿਲ ਸਿੱਖ ਸੈਨਕਾਂ ਦੀ ਵਰਦੀ ਚਿੱਟੇ ਰੰਗ ਦੀ ਸੀ। ਪਰ ਫੇਰ ਫਰਾਂਸੀਸੀ ਅਫ਼ਸਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਵਰਦੀ ਵਿੱਚ ਜਾਕਟ ਲਾਲ ਰੰਗ ਦੀ, ਪਤਲੂਨ ਨੀਲੀ ਅਤੇ ਛਾਤੀ ਤੇ ਚਿੱਟੇ ਜਾਂ ਕਾਲੇ ਰੰਗ ਦੀ ਪੱਟੀ ਵਾਲੀ ਬਣਾਈ ਗਈ। ਵੱਖ ਵੱਖ ਅਹੁਦਿਆਂ ਦੀ ਪਛਾਣ ਲਈ ਸੁਨਹਿਰੀ ਧਾਗਾ, ਵਧੀਆ ਕਿਸਮ ਦੀ ਫੀਤੀ, ਸੁਨਹਿਰੀ ਅਤੇ ਚਾਂਦੀ ਰੰਗੀ ਡੋਰੀ ਜਾਂ ਸੁਨਹਿਰੀ ਝਾਲਰ ਕਮੀਜ਼ ਤੇ ਲਗਾਈ ਜਾਂਦੀ ਸੀ।
ਜਰਨੈਲੀ ਰੁਤਬਾ
ਫ਼ੌਜ ਅੰਦਰ ਜਰਨੈਲ ਦਾ ਰੁਤਬਾ ਸਭ ਤੋਂ ਸ਼੍ਰੋਮਣੀ ਹੈ। ਇਹ ਰੁਤਬਾ ਕਿਸੇ ਰੁਹਾਨੀ ਭਰਪੂਰ ਸ਼ਖਸ਼ੀਅਤ ਅਤੇ ਗੈਬੀ ਤਾਕਤ ਵਾਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅੰਦਰ ਹਰੀ ਸਿੰਘ ਨੇ ਇਹ ਅਹੁਦਾ ਆਪਣੇ ਬਲਬੂਤੇ ਤੇ ਪ੍ਰਾਪਤ ਕੀਤਾ ਅਰਥਾਤ ਖਿਦਮਤਗਾਰ ਤੋਂ ਸਰਦਾਰ, ਸਰਦਾਰ ਤੋਂ ਸਿਪਾਹ-ਸਲਾਰ, ਸਿਪਾਹ-ਸਲਾਰ ਤੋਂ ਗਵਰਨਰ ਤੇ ਗਵਰਨਰ ਤੋਂ ਜਰਨੈਲੀ ਹਾਸਲ ਕੀਤੀ। ਖਾਲਸਾ ਰਾਜ ਅੰਦਰ ਭਾਵੇਂ ਹੋਰ ਵੀ ਜਰਨੈਲ ਸਨ ਪਰ ਜੋ ਚਾਰ ਚੰਨ ਇਸ ਯੋਧੇ ਨੇ ਲਾਏ ਉਹ ਹੋਰਾਂ ਤੋਂ ਨਿਆਰੇ ਸਨ ਅਰਥਾਤ ਖਾਲਸਾ ਪੰਥ ਦਾ ਹੰਸ ਹੋ ਨਿਬੜਿਆ। ਇਸ ਦੇ ਕੀਤੇ ਚਮਤਕਾਰੀ ਕ੍ਰਿਸ਼ਮੇ, ਜੰਗਾਂ-ਯੁੱਧਾਂ ਵਿੱਚ ਦਿਖਾਈ
ਸੂਰਬੀਰਤਾ ਅਤੇ ਉੱਚਾ-ਸੁੱਚਾ ਆਚਰਨ ਸੰਸਾਰ ਅੰਦਰ ਇਉਂ ਚਮਕ ਰਿਹਾ ਹੈ ਜਿਵੇਂ ਪੰਛੀਆਂ ਵਿੱਚ ਮੋਰ ਸ਼ੋਭਨੀਕ ਹੁੰਦਾ ਹੈ, ਤਾਰਿਆਂ ਵਿੱਚ ਧਰੂ ਤਾਰਾ ਸੋਭਦਾ ਹੈ। ਅਤੇ ਹੀਰਿਆਂ ਵਿੱਚ ਕੋਹਿਨੂਰ ਹੀਰੇ ਦੀ ਬੁੱਕਤ ਹੈ।
ਬੀਰਤਾ ਜਾਂ ਬਹਾਦਰੀ ਮਨੁੱਖੀ ਜੀਵਨ ਦੇ ਅਨੇਕਾਂ ਗੁਣਾਂ ਦੀ ਖਾਨ ਹੈ, ਇਹ ਭਾਂਤ-ਸੁਭਾਂਤ, ਰੰਗ-ਬਰੰਗੇ, ਟਹਿਕ-ਮਹਿਕ ਤੇ ਖਸ਼ਬੂ ਨਾਲ ਭਰੇ ਫੁੱਲਾਂ ਦੇ ਗੁਲਦਸਤੇ ਦੀ ਨਿਆਈਂ ਹੈ। ਜਿਵੇਂ ਸੋਨੇ ਦੇ ਕਿਣਕੇ ਮਿੱਟੀ ਵਿੱਚ ਪਏ ਸੋਨਾ ਕਹਾਉਂਦੇ ਹਨ ਅਤੇ ਚਮਕਦੇ ਹਨ ਇਸੇ ਤਰ੍ਹਾਂ ਬੀਰਤਾ ਦੇ ਗੁਣ ਕਾਰਨ ਸੂਰੇ ਕੌਮੀ ਸਿਤਾਰੇ, ਚਾਨਣ ਮੁਨਾਰੇ ਤੇ ਲੁਕਾਈ ਲਈ ਪਿਆਰੇ ਅਤੇ ਸਤਿਕਾਰੇ ਬਣ ਜਾਂਦੇ ਹਨ। ਸੂਰਮੇ ਅੰਦਰ ਬੀਰਤਾ ਪ੍ਰੇਮ, ਸਬਰ, ਸੰਤੋਖ, ਸੇਵਾ, ਸੱਚ ਆਦਿ ਗੁਣਾਂ ਦੀ ਸੰਜੋਗ ਹੁੰਦੀ ਹੈ। ਇਹ ਰੁਹਾਨੀਅਤ ਦਾ ਸਿਖਰ ਮੰਨੀ ਗਈ ਹੈ ਅਤੇ ਸ਼ੀਲ, ਦਇਆ, ਧਰਮ, ਧੀਰਜ ਤੇ ਗਿਆਨ ਦੇ ਥੰਮ੍ਹਾਂ ਤੇ ਖੜ੍ਹਦੀ ਹੈ। ਸੂਰਮਾ ਸਰੀਰ ਦੀ ਮੌਤ ਤੋਂ ਨਹੀਂ ਡਰਦਾ ਜ਼ਮੀਰ ਦੇ ਮਰਨ ਤੋਂ ਡਰਦਾ ਹੈ। ਉਸ ਦੀ ਨਿਰਮਲ ਸੋਚ ਖੁਲ੍ਹ-ਦਿਲੀ ਦਾ ਸਬੂਤ ਹੁੰਦੀ ਹੈ ਤੇ ਬੁਜ਼ਦਿਲੀ ਨੇੜੇ ਤੇੜੇ ਨਹੀਂ ਢੁੱਕਦੀ। ਜਿਵੇਂ ਸੋਨੇ ਦੀ ਸ਼ੁੱਧਤਾ ਅੱਗ 'ਚ ਪਾ ਕੇ ਪਰਖੀ ਜਾਂਦੀ ਹੈ ਤਿਵੇਂ ਸੂਰਮੇ ਦੀ ਪਰਖ ਮੁਸੀਬਤ ਦੀ ਭੱਠੀ ਵਿੱਚ ਪਾ ਕੇ ਪਰਖੀ ਜਾਂਦੀ ਹੈ। ਗੁਰਬਾਣੀ ਦੇ ਵੀ ਬੋਲ ਹਨ:
ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ॥ (੧੧੦੫)
ਸਭ ਤੋਂ ਪਹਿਲਾਂ ਉਸ ਅੰਦਰ ਲੀਡਰਸ਼ਿਪ (ਅਗਵਾਈ) ਦਾ ਗੁਣ ਹੋਣਾ ਜ਼ਰੂਰੀ ਹੈ। ਅਰਥਾਤ ਜਿਹੜਾ ਆਪਣੇ ਸਾਥੀ ਸਿਪਾਹੀਆਂ ਦੀ ਮਿਥੇ ਨਿਸ਼ਾਨੇ ਦੀ ਪੂਰਤੀ ਲਈ ਅੱਗੇ ਲੱਗ ਕੇ ਤੁਰੇ, ਉਨ੍ਹਾਂ ਲਈ ਲੋੜ ਅਨੁਸਾਰ ਸਹੂਲਤਾਂ ਦਾ ਪ੍ਰਬੰਧ ਅਤੇ ਅਨੁਕੂਲ ਵਾਤਾਵਰਨ ਉਸਾਰੇ ਤੇ ਕਾਨੂੰਨ ਅਤੇ ਵਿਧਾਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਸਮਰੱਥਾ ਰੱਖੇ। ਇਸ ਤੋਂ ਇਲਾਵਾ ਸੁਆਰਥ ਹੀਣਤਾ, ਦਲੇਰੀ, ਬਲਵਾਨਤਾ, ਤੜਕ-ਭੜਕ, ਜੁਆਬ-ਦੇਹੀ, ਨੇਕ-ਨੀਤੀ ਅਤੇ ਸਵੈ-ਭਰੋਸਗੀ ਵੀ ਇੱਕ ਉਤੱਮ ਜਰਨੈਲ ਦੇ ਖਾਸ ਗੁਣ ਮੰਨੇ ਗਏ ਹਨ।
ਸੰਸਾਰ ਅੰਦਰ ਭਾਵੇਂ ਅਨੇਕਾਂ ਜਰਨੈਲ ਪੈਦਾ ਹੋਏ ਪਰ ਸਰਦਾਰ ਹਰੀ ਸਿੰਘ ਨਲਵਾ ਵਰਗਾ ਬਾ-ਕਮਾਲ, ਪ੍ਰਤੀਵਾਨ, ਨੀਤੀਵਾਨ, ਬਾ-ਮਿਸਾਲ, ਠਾਠ-ਬਾਠ ਵਾਲਾ ਤੇ ਪ੍ਰਸੰਸਕ ਕੋਈ ਵਿਰਲਾ ਹੀ ਲਭੇਗਾ। ਸਰਦਾਰ ਨਲਵਾ ਕਿਉਂਕਿ ਜ਼ਮੀਰ,
ਸ਼ਮਸ਼ੀਰ, ਤਕਬੀਰ ਅਤੇ ਤਕਦੀਰ ਦਾ ਧਨੀ ਸੀ ਇਸ ਲਈ ਉਸ ਨੇ ਯੁੱਗ ਪਲਟਾਊ ਕਾਰਨਾਮੇ ਕਰਕੇ ਮਹਾਨ ਸਫ਼ਲਤਾ ਹਾਸਲ ਕੀਤੀ। ਇਹਨਾਂ ਗੁਣਾਂ ਕਰਕੇ ਕਰਮ, ਚਾਲ-ਢਾਲ, ਬੋਲ-ਚਾਲ ਤੇ ਰਾਜ ਪ੍ਰਬੰਧ ਦੀਆਂ ਬਾਰੀਕੀਆਂ ਬਾਰੇ ਉਹ ਵੱਡੀ ਸੂਝ-ਬੂਝ ਰਖਦਾ ਸੀ। ਇਸ ਤੋਂ ਇਲਾਵਾ ਸ਼ਸਤਰਾਂ-ਅਸਤਰਾਂ ਤੇ ਘੋੜਿਆਂ ਦੀ ਪਛਾਣ ਦਾ ਵੀ ਪੂਰਾ ਪਾਰਖੂ ਸੀ ਅਤੇ ਜੰਗਾਂ-ਯੁੱਧਾਂ ਦੇ ਤੌਰ-ਤਰੀਕਿਆਂ ਤੇ ਪਹਿਲੂਆਂ ਤੋਂ ਮਾਹਰ ਸੀ। ਇਸ ਲਈ ਸਿੱਖ ਇਤਿਹਾਸਕਾਰਾਂ ਨੇ ਹੀ ਨਹੀਂ ਬਲਕਿ ਹੋਰਾਂ ਨੇ ਵੀ ਜਰਨੈਲ ਹਰੀ ਸਿੰਘ ਦੀ ਭਾਰੀ ਪ੍ਰਸੰਸਾ ਕੀਤੀ ਹੈ।
ਉਨੀਵੀਂ ਸਦੀ ਵਿੱਚ ੧੮੮੭ ਦੇ ਬਰਤਾਨੀਆਂ ਤੋਂ ਛਪਦੇ ਸਪਤਾਹਿਕ ਅਖਬਾਰ Tit-Bits ਜੋ ਮਿਸਟਰ ਲੀਨਾਰਡ ਕਰੂਕੰਬ ਦੀ ਐਡੀਟਰੀ ਹੇਠ ਹਰ ਸਨਿਚਰਵਾਰ ਵੱਡੀ ਗਿਣਤੀ ਵਿੱਚ ਛਪਦਾ ਸੀ ਨੇ ਦੁਨੀਆਂ ਦੇ ਜਰਨੈਲਾਂ ਦੀ ਬਹਾਦਰੀ ਦਾ ਬਹੁਤ ਹੀ ਗਹੁ ਨਾਲ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਅਤੇ ਅਖੀਰ ਇਹ ਨਿਚੋੜ ਕੱਢਿਆ ਕਿ ਸੰਸਾਰ ਦਾ ਸਭ ਤੋਂ ਵੱਧ ਸਫਲ ਜਰਨੈਲ ਕੌਣ ਹੋਇਆ ? Some people might think that Napoleon was a great General. Some might name Marshal Hindenburgh, Lord Kichner, General Karozey or Duke of Willington etc. And some going further might say Halaku Khan, Genghis Khan, Changez Khan, Richard or Allaudin etc. But let me tell you that in the North of India a General of the name of Hari Singh Nalwa of the Sikh prevailed. Had he lived longer and had the sources and artillery of the British, he would have conquered most of Asia and Europe.
ਭਾਵ ਅਰਥ-ਕੋਈ ਤਾਂ ਨਿਪੋਲੀਅਨ ਦਾ ਨਾਮ ਲੈਣਗੇ ਕਿ ਉਹ ਮਹਾਨ ਜਰਨੈਲ ਸੀ, ਕੋਈ ਮਾਰਸ਼ਲ ਹੈਡਨਬਰਗ, ਲਾਰਡ ਕਿਚਨਰ, ਜਨਰਲ ਕਰੋਬਜ਼ੇ, ਡਯੂਕ ਆਫ ਵਾਲਿੰਗਟਨ ਆਦਿ ਦਾ ਨਾਮ ਲੈਣਗੇ। ਕਈ ਹੋਰਾਂ ਦਾ ਨਾਮ ਲੈਣਗੇ ਜਿਵੇਂ ਹਲਾਕੂ ਖ਼ਾਨ, ਜੈਂਗਿਸ ਖਾਨ, ਚੰਗੇਜ਼ ਖਾਨ, ਰਿਚਰਡ ਤੇ ਅਲਾਉਦੀਨ। ਪਰ ਮੈਂ ਤੁਹਾਨੂੰ ਦੱਸਾਂ ਕਿ ਉੱਤਰੀ ਭਾਰਤ ਵਿੱਚ ਹਰੀ ਸਿੰਘ ਨਲੂਆ ਨਾਮ ਦਾ ਸਿੱਖ ਜਰਨੈਲ ਬਹੁਤ ਹੀ ਹੋਣਹਾਰ ਅਤੇ ਵੱਡੇ ਬਲ ਵਾਲਾ ਹੋਇਆ ਹੈ। ਜੇਕਰ ਉਹ ਲੰਮੇ ਸਮੇਂ ਲਈ ਜਿਉਂਦਾ ਰਹਿੰਦਾ ਅਤੇ ਉਸ ਕੋਲ ਬਰਤਾਨੀਆਂ ਦੀ ਫ਼ੌਜ ਵਰਗੇ ਸਾਧਨ
ਅਤੇ ਤੋਪਖਾਨਾ ਹੁੰਦਾ ਤਾਂ ਉਹ ਏਸ਼ੀਆ ਅਤੇ ਯੂਰਪ ਦਾ ਬਹੁਤ ਸਾਰਾ ਇਲਾਕਾ ਹਥਿਆ ਸਕਦਾ ਸੀ।
ਉਸ ਅੰਗਰੇਜ਼ ਨੇ ਇਹ ਵੀ ਲਿਖਿਆ ਹੈ ਕਿ ਇੱਕ ਮਾਮੂਲੀ ਗਿਣਤੀ ਦੀ ਫ਼ੌਜ਼ ਨਾਲ ਉਸ ਨੇ ਅਫਗਾਨਿਸਤਾਨ ਜੈਸੇ ਮੁਲਕ ਨੂੰ ਸਰ ਕੀਤਾ ਅਤੇ ਅਫਗਾਨਾਂ ਉੱਤੇ ਐਸਾ ਸਿੱਕਾ ਜਮਾਇਆ ਜੋ ਇਸ ਦੀ ਹੋਣਹਾਰਤਾ ਦੀ ਗਵਾਹੀ ਭਰਦਾ ਹੈ। ਅਫਗਾਨਿਸਤਾਨ ਉਹ ਮੁਲਕ ਹੈ ਜਿਸ ਵਿੱਚ ਤਿੰਨ ਵਾਰ ਅੰਗਰੇਜ਼ ਫ਼ੌਜਾਂ ਦਾ ਖੂਨ ਡੁਲ੍ਹਿਆ ਪਰ ਫੇਰ ਵੀ ਉਹ ਉੱਥੇ ਅਮਨ-ਕਾਨੂੰਨ ਬਹਾਲ ਨਹੀਂ ਕਰ ਸਕੀਆਂ, ਹਾਲਾਂ ਕਿ ਉਹਨਾਂ ਕੋਲ ਵੱਡੀ ਗਿਣਤੀ ਵਿੱਚ ਫ਼ੌਜ ਅਤੇ ਜ਼ੰਗੀ ਸਾਜ਼ੋ-ਸਮਾਨ ਸੀ। ਹਰੀ ਸਿੰਘ ਨਲੂਏ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਦੁਨੀਆਂ ਦੀ ਬਹਾਦਰ ਤੇ ਲੜਾਕੂ ਕੌਮ ਹੈ। ਇਸ ਕੌਮ ਦੇ ਦਿਲਾਂ ਅੰਦਰ ਗੁਰੂ ਵਸਦਾ ਹੈ ਅਤੇ ਇਹ ਗੁਰੂ ਦੀ ਸਿੱਖਿਆ ਅਤੇ ਉਪਦੇਸ਼ ਦੇ ਧਾਰਨੀ ਹਨ।
ਹਰੀ ਸਿੰਘ ਨਲੂਆ ਸਰਦਾਰ ਦਾ ਦਬ ਦਬਾ, ਖੌਫ਼ ਅਤੇ ਧਾਂਕ ਪਠਾਣਾਂ ਦੇ ਦਿਲਾਂ ਅੰਦਰ ਐਸਾ ਬੈਠ ਗਿਆ ਸੀ ਜਿਵੇਂ ਬੱਕਰੀ ਸ਼ੇਰ ਤੋਂ ਡਰਦੀ ਹੈ। ਇਸ ਨੂੰ ਦੇਖਦੇ ਹੀ ਸਾਰੇ ਪਠਾਣਾਂ ਦੇ ਚਿਹਰੇ ਪੀਲੇ ਫੱਕ ਵਰਗੇ ਅਤੇ ਮੂੰਹ ਸੁੱਕ ਜਾਂਦੇ ਸਨ। ਪਠਾਣੀਆਂ ਆਪਣੇ ਬੱਚਿਆਂ ਨੂੰ ਜਦੋਂ ਉਹ ਅੜੀ ਕਰਦੇ ਸਨ, ਰੋਣੋ ਨਹੀਂ ਸੀ ਹਟਦੇ ਜਾਂ ਕਹਿਣਾ ਨਹੀਂ ਸੀ ਮੰਨਦੇ ਤਾਂ ਇਹ ਕਹਿਕੇ ਡਰਾਉਂਦੀਆਂ ਸਨ, 'ਹਰੀਆ ਰਾਂਘਲੇ' ਭਾਵ ਹਰੀਆ (ਹਰੀ ਸਿੰਘ) ਆ ਗਿਆ ਹੈ ਚੁੱਪ ਕਰੋ ਅਤੇ ਕਹਿਣਾ ਮੰਨ ਲਉ। ਸੀਤਾ ਰਾਮ ਨੇ ਇਸ ਸੰਬੰਧੀ ਵੀ ਲਿਖਿਆ ਹੈ:
ਕਿਸੇ ਜੇ ਪਠਾਣ ਦਾ ਪੁੱਤਰ ਨਹੀਂ ਚੁੱਪ ਕਰੇ, ਆਉਂਦਾ ਹਰੀ ਸਿੰਘ ਕਹੇਂ ਉੱਚੀ ਸੇ ਪੁਕਾਰ ਕੇ।
ਉਸੇ ਵੇਲੇ ਜਾਨ ਹਾਵਾ ਹੁੰਦੀ ਉਸ ਬਾਲਕੇ ਦੀ, ਲਵੇ ਗਲ ਘੁੱਟ ਬਾਤਾਂ ਕਰੇ ਹਉਂਕੇ ਮਾਰ ਕੇ।
ਫਾਤੇ ਹੋਏ ਸਿੰਘ ਦੇ ਪਠਾਣ ਅਜੇ ਤੀਕ ਯਾਰੋ, ਮੂਧੇ ਹੋ ਕੇ ਸੌਂਦੇ ਭਾਵੇਂ ਦੇਖ ਲਉ ਵਿਚਾਰ ਕੇ।
ਸੀਤਾ ਰਾਮ ਨਾਮ ਸਰਦਾਰ ਦਾ ਅਜ਼ਰਈਲ, ਆਖ ਦੇ ਪਠਾਣ ਦੇਖਾ ਹਮ ਨੇ ਸੁਧਾਰ ਕੇ।
ਇਤਿਹਾਸਕ ਤੱਥ ਇਹ ਦਰਸਾਉਂਦੇ ਹਨ ਕਿ ਹਰੀ ਸਿੰਘ ਨਲੂਆ ਦੇ ਇੱਕ ਹੁਕਮ ਨੇ ਅਫਗਾਨਾਂ ਨੂੰ ਸਲਵਾਰ ਪਹਿਨਾਉਣ ਲਈ ਮਜਬੂਰ ਕਰ ਦਿੱਤਾ। ਹੁਕਮ ਸੀ, "ਐ ਅਫ਼ਗਾਨੋ! ਜੇਕਰ ਤੁਹਾਡੇ ਵਿੱਚ ਕੋਈ ਦਮ ਜਾਂ ਅਣਖ ਹੈ ਤਾਂ ਸਿੱਖ ਫ਼ੌਜਾਂ ਦਾ ਜੰਗੇ ਮੈਦਾਨ ਵਿੱਚ ਮੁਕਾਬਲਾ ਕਰੋ ਨਹੀਂ ਤਾਂ ਸਲਵਾਰਾਂ ਪਹਿਨ ਲਵੋ। ਕਿਉਂਕਿ ਮੈਨੂੰ ਜੰਗ ਅੰਦਰ ਅਫਗਾਨ ਬੰਦਿਆਂ ਅਤੇ ਇਸਤਰੀਆਂ ਵਿੱਚ ਕੋਈ ਫ਼ਰਕ ਨਹੀਂ
ਲੱਗਿਆ ਅਤੇ ਜਿਸ ਤਰ੍ਹਾਂ ਇਸਤਰੀਆਂ ਸਲਵਾਰ ਪਹਿਨਦੀਆਂ ਹਨ ਤੁਸੀਂ ਵੀ ਪਹਿਨੋ। ਇੰਞ ਸਿੱਖ ਜਰਨੈਲ ਦਾ ਹੁਕਮ ਮੰਨ ਕੇ ਮੁਗਲਾਂ ਨੇ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਵਨੀਤ ਨਲਵਾ ਨੇ ਵੀ ਆਪਣੀ ਪੁਸਤਕ ਦੇ ੨੬੪ ਪੰਨੇ ਤੇ ਲਿਖਿਆ ਹੈ ਕਿ ਦਰਸ਼ਨੀ ਡਿਉਡੀ ਅੰਮ੍ਰਿਤਸਰ ਕੋਲ ਭਾਈ ਮਿਲਖਾ ਸਿੰਘ ਨੇ ਮੈਨੂੰ ਇਹ ਗੱਲ ਦੱਸੀ ਕਿ ਹਰੀ ਸਿੰਘ ਨਲਵਾ ਨੇ ਪਠਾਣਾਂ ਨੂੰ ਇਹ ਸਲਾਹ ਦਿੱਤੀ ਕਿ ਜਿਹੜੇ ਪਠਾਣ ਸਲਵਾਰਾਂ ਪਹਿਨ ਲੈਣਗੇ ਉਹਨਾਂ ਤੇ ਸਿੱਖ ਹਮਲਾ ਨਹੀਂ ਕਰਨਗੇ। ਕਿਉਂਕਿ ਸਲਵਾਰਾਂ ਇਸਤਰੀਆਂ ਪਹਿਨਦੀਆਂ ਹਨ ਅਤੇ ਸਿੱਖ; ਬੱਚੇ, ਇਸਤਰੀਆਂ, ਬਿਮਾਰਾਂ ਜਾਂ ਕਮਜ਼ੋਰ ਬੁੱਢਿਆਂ ਤੇ ਕਦੇ ਹਮਲਾ ਨਹੀਂ ਕਰਦੇ। ਹਰੀ ਸਿੰਘ ਦਾ ਇਹ ਸੁਝਾਅ ਮੰਨ ਕੇ ਵੀ ਬਹੁਤੇ ਪਠਾਣ ਸਲਵਾਰਾਂ ਪਹਿਨਣ ਲੱਗ ਪਏ ਸਨ। ਉਪਰੰਤ ਲੰਬਾ ਕਮੀਜ਼ ਅਤੇ ਸਲਵਾਰ 'ਪਠਾਣੀ ਸੂਟ' ਫੈਸ਼ਨ ਬਣ ਗਿਆ।
ਸਰਦਾਰ ਮਹਿਤਾਬ ਸਿੰਘ ਜੋ ਲੰਡਨ ਵਿਖੇ ਟੈਕਸੀ ਚਲਾਉਂਦਾ ਹੈ ਨੇ ੧੨ ਅਕਤੂਬਰ ੨੦੦੮ ਨੂੰ ਇੱਕ ਬਹੁਤ ਹੀ ਦਿਲਚਸਪ ਖਬਰ ਸਰਦਾਰ ਹਰੀ ਸਿੰਘ ਨਲੂਏ ਸੰਬੰਧੀ ਇੰਟਰਨੈੱਟ ਤੇ ਪਾਈ ਹੈ। ਉਹ ਲਿਖਦਾ ਹੈ ਕਿ ਇਸ ਦਿਨ ਦੁਪਹਿਰ ਦੇ ਢਾਈ ਵਜੇ ਸਨ, ਅਫਗਾਨਿਸਤਾਨ ਦਾ ਇੱਕ ਟੈਕਸੀ ਡਰਾਈਵਰ ਜੋ ਮੇਰਾ ਮਿੱਤਰ ਹੈ ਉਸ ਨੇ ਮੈਨੂੰ ਦੱਸਿਆ, "ਸਰਦਾਰ ਜੀ! ਮੈਂ ਇਹ ਗੱਲ ਆਪਣੇ ਤਾਲੀਬਾਨ ਭਰਾਵਾਂ ਤੋਂ ਕੰਨੀ ਸੁਣੀ ਹੈ ਕਿ ਪਿੱਛੇ ਜਹੇ ਜਦੋਂ ਤਾਲੀਬਾਨ ਹਿੰਦੂਆਂ, ਸਿੱਖਾਂ, ਇਸਾਈਆਂ ਦੇ ਧਾਰਮਿਕ ਅਸਥਾਨਾਂ ਨੂੰ ਬਰਬਾਦ ਕਰ ਰਹੇ ਸਨ ਤਾਂ ਇੱਕ ਦਿਨ ਉਹ ਜਦੋਂ ਹਰੀ ਸਿੰਘ ਨਲੂਆ ਦੇ ਨਾਂ ਤੇ ਬਣੇ ਗੁਰਦੁਆਰੇ ਕੋਲ ਪਹੁੰਚੇ ਤੇ ਉਸ ਨੂੰ ਢਾਹੁਣ ਦੀ ਯੋਜਨਾ ਬਣਾਈ ਤਾਂ ਬਾਹਰ ਹਰੀ ਸਿੰਘ ਨਲੂਆ ਦਾ ਨਾਮ ਪੜ੍ਹ ਕੇ ਦਹਿਲ ਗਏ। ਉਸ ਦੇ ਅੰਦਰ ਨਹੀਂ ਵੜੇ ਅਤੇ ਨਾ ਹੀ ਨੁਕਸਾਨ ਪਹੁੰਚਾਇਆ"। ਭਾਵ ਮੁਗਲਾਂ ਲਈ ਹਰੀ ਸਿੰਘ ਦਾ ਨਾਮ ਅਜੇ ਤੱਕ ਵੀ ਹਊਆ ਬਣਿਆ ਹੋਇਆ ਹੈ।
ਚਾਲਚਲਨ
ਬੰਦੇ ਦਾ ਉੱਚਾ ਆਚਰਨ ਜੀਵਨ ਦਾ ਉੱਤਮ ਨਮੂਨਾ ਅਰਥਾਤ ਉੱਚੇ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਨਾ ਕਿ ਉੱਚਾ ਅਹੁਦਾ, ਬਹੁਤਾ ਧਨ ਮਾਲ ਜਾਂ ਪ੍ਰਸਿੱਧੀ
ਗੁਰਬਾਣੀ ਦੇ ਵੀ ਬੋਲ ਹਨ:
ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰੁ ॥(੬੨)
ਵਿਦਵਾਨਾਂ ਦਾ ਵਿਚਾਰ ਹੈ ਕਿ ਚੰਗੇ ਆਚਾਰ ਲਈ ਉੱਦਮ, ਗੰਭੀਰਤਾ ਅਤੇ ਸਾਫ ਦਿਲ ਹੋਣਾ ਬਹੁਤ ਜ਼ਰੂਰੀ ਹੈ ਪਰ ਇਹ ਤਿੰਨੇ ਗੁਣ ਕਿਸੇ ਟਾਵੇਂ ਟਾਵੇਂ ਬੰਦੇ ਵਿੱਚ ਹੀ ਹੁੰਦੇ ਹਨ।
ਇਬਰਾਹਮ ਲਿੰਕਨ ਅਨੁਸਾਰ A character is a tree and reputation like its shadow.
ਭਾਵ ਚਾਲ ਚਲਨ ਇੱਕ ਬ੍ਰਿਛ ਦੀ ਨਿਆਈਂ ਹੈ ਜਦ ਕਿ ਪ੍ਰਸਿੱਧੀ ਉਸ ਦੀ ਛਾਂ ਵਾਂਗ।
According to Joel Halwas-A character is like a white paper, if once blotted it can hardly ever be made to appear white as before.
ਭਾਵ ਚਾਲਚਲਨ ਚਿੱਟੇ ਕਾਗਜ਼ ਦੀ ਨਿਆਈਂ ਹੁੰਦਾ ਹੈ। ਜਿਵੇਂ ਚਿੱਟੇ ਕਾਗਜ਼ ਤੇ ਧੱਬਾ ਲੱਗ ਜਾਵੇ ਉਸ ਨੂੰ ਪਹਿਲਾਂ ਵਰਗਾ ਚਿੱਟਾ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਚਾਲਚਲਨ ਤੇ ਲੱਗਿਆ ਧੱਬਾ ਕਦੇ ਮਿੱਟ ਨਹੀਂ ਸਕਦਾ।
ਹਰੀ ਸਿੰਘ ਦੀ ਦਲੇਰੀ ਅਤੇ ਤਾਣ ਜੈਸਾ ਅਨੂਠਾ ਜਰਨੈਲ ਦੁਨੀਆਂ ਦੇ ਇਤਿਹਾਸ ਅੰਦਰ ਕੋਈ ਟਾਵਾਂ ਹੀ ਮਿਲੇਗਾ ਜਿਸ ਨੇ ਥੋੜ੍ਹੇ ਸਮੇਂ ਅੰਦਰ ਵੱਡੀ ਧਾਂਕ ਜਮਾਈ। ਪੰਜਾਬ ਦਾ ਇਹ ਮਹਾਨ ਸਪੂਤ ਸਿੱਖਾਂ ਦੇ ਸੁਨਹਿਰੀ ਇਤਿਹਾਸ ਅੰਦਰ ਐਸੀ ਅਮਿੱਟ ਛਾਪ ਛੱਡ ਗਿਆ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ।
ਵਨੀਤ ਨਲੂਆ ਜੋ ਨਿਊਰੋ ਸਾਈਕਾਲੋਜੀ ਦੀ ਪੀ. ਐੱਚ. ਡੀ. ਹੈ। ਜਿਸ ਨੇ ਆਕਸਫੋਰਡ ਯੂਨੀਵਰਸਿਟੀ ਯੂ. ਕੇ. ਦਾ ਕਾਮਨ ਵੈਲਥ ਸਕਾਲਰਸ਼ਿਪ ੧੯੮੬ ਵਿੱਚ ਹਾਸਲ ਕੀਤਾ ਅਤੇ ਯੂ. ਐੱਸ. ਏ. ਮੇਰੀਲੈਂਡ (ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ) ਦਾ ਫੁਲਬਰਾਈਟ ਸਕਾਲਰਸ਼ਿਪ ਜਿੱਤਿਆ, ਦਸ ਸਾਲ ਦਿੱਲੀ ਯੂਨੀਵਰਸਿਟੀ ਅਤੇ ਥਾਈਲੈਂਡ ਵਿੱਚ Psychology ਪੜ੍ਹਾਈ ਅਤੇ ਹਰੀ ਸਿੰਘ ਨਲੂਆ ਦੀ ਕੁੱਲ ਵਿੱਚੋਂ ਹੈ, ਨੇ ਅੰਗਰੇਜੀ ਵਿੱਚ 'Hari Singh Nalwa Champion of the Khalsa Ji (1791-1837) ਬਾਰੇ ਬਹੁਤ ਹੀ ਡੂੰਘੀ ਖੋਜ ਕਰਕੇ
ਵਿਸਤਾਰ ਪੂਰਬਕ ਕਿਤਾਬ ੨੦੧੦ ਵਿੱਚ ਲਿਖੀ ਉਸ ਵਿੱਚ ਮੁੱਖ ਤੌਰ ਤੇ ਇਹ ਤੱਤਸਾਰ ਦਿੱਤਾ ਹੈ:
'ਸਰਕਾਰ ਖ਼ਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਤੋਂ ਲੈ ਕੇ ਹਿੰਦੂ ਕੁਸ਼ ਟਰਾਂਸ-ਇੰਡਸ ਪਹਾੜੀਆਂ ਤੱਕ ਫੈਲਿਆ ਹੋਇਆ ਸੀ। ਇਸ ਰਾਜ ਅੰਦਰ ਹਰੀ ਸਿੰਘ ਨਲਵਾ 'ਕਮਾਂਡਰ ਇਨ-ਚੀਫ' ਸੀ। ਇਸ ਸਰਦਾਰ ਦੀ ਵੱਡੀ ਘਾਲ-ਕਮਾਈ ਸਦਕਾ ਅਤੇ ਖ਼ਾਲਸਾ ਫ਼ੌਜ ਦੇ ਆਸਰੇ ਮੁਗਲਾਂ ਦੇ ੮੦੦ ਸਾਲ ਤੋਂ ਚੱਲ ਰਹੇ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਮੁਗਲਾਂ ਦੇ ਰਾਜ ਅੰਦਰ ਹਿੰਦੁਸਤਾਨੀਆਂ ਦੀ ਜੋ ਲੁੱਟ-ਖਸੁੱਟ, ਮਾਰ-ਧਾੜ ਅਤੇ ਇਸਤਰੀਆਂ ਤੇ ਜੋ ਧਿੰਙੋਜੋਰੀ ਤੇ ਬਲਾਤਕਾਰ ਹੋ ਰਹੇ ਸਨ ਉਹ ਬਿਆਨ ਕਰਨ ਤੋਂ ਬਾਹਰ ਦੀ ਗੱਲ ਸੀ ਅਤੇ ਦੱਰਾ-ਖੈਬਰ ਰਾਹੀਂ ਮੁਗਲ ਨਿਝੱਕ ਹੋ ਕੇ ਦਾਖਲ ਹੁੰਦੇ ਸਨ। ਹਰੀ ਸਿੰਘ ਨਲਵਾ ਨੇ ਜਮਰੌਦ ਤੇ ਕਬਜ਼ਾ ਕਰ ਕੇ ਖ਼ੈਬਰ ਦੱਰੇ ਦਾ ਰਸਤਾ ਸਦਾ ਲਈ ਬੰਦ ਕਰ ਦਿੱਤਾ। ਪਿਛਲੀਆਂ ਦੋ ਸਦੀਆਂ ਤੋਂ ਬਰਤਾਨੀਆਂ, ਰੂਸ ਅਤੇ ਅਮਰੀਕਾ ਅਫਗਾਨਿਸਤਾਨ ਦੇ ਖਿੱਤੇ ਨੂੰ ਸਰ ਕਰਨ ਲਈ ਜ਼ੋਰ ਲਾ ਰਹੇ ਹਨ ਪਰ ਕਾਮਯਾਬ ਤਾਂ ਕੀ ਹੋਣਾ ਸੀ ਭਾਰੀ ਨੁਕਸਾਨ ਕਰਵਾ ਚੁੱਕੇ ਹਨ। ਅਜੇ ਤੱਕ ਕੇਵਲ ਹਰੀ ਸਿੰਘ ਨਲਵਾ ਹੀ ਕਾਮਯਾਬ ਹੋਇਆ ਸੀ ਕਿਉਂਕਿ ਉਹ ਸਾਰੀ ਜ਼ਿੰਦਗੀ ਖਾਲਸਾ ਸਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਤੇ ਚੱਲਿਆ ਸੀ। ਗੁਰਮਤਿ ਮਰਿਯਾਦਾ ਵਿੱਚ ਪਰਪੱਕ ਹੋਣ ਕਰਕੇ ਹਰੀ ਸਿੰਘ ਨਲੂਏ ਦਾ ਚਾਲਚਲਨ ਪੂਰਨ ਤੌਰ ਤੇ ਬੇਦਾਗ ਸੀ। ਆਮ ਤਾਂ ਕੀ ਜੰਗ ਦੇ ਦੌਰਾਨ ਵੀ ਸਿੱਖ ਸੈਨਿਕਾਂ ਨੂੰ ਉਸ ਨੇ ਹੁਕਮ ਕੀਤਾ ਹੋਇਆ ਸੀ ਕਿ ਇਸਤਰੀ ਤੇ ਨਾ ਵਾਰ ਕਰਨਾ ਹੈ ਤੇ ਨਾ ਉਸ ਦੀ ਇਜ਼ਤ ਨੂੰ ਹੱਥ ਪਾਉਣਾ ਹੈ। ਗੁਰੂ ਸਾਹਿਬਾਨ ਦੇ ਉਪਦੇਸ਼ ਅਨੁਸਾਰ ਉਹ ਸੈਨਿਕਾਂ ਨੂੰ ਪਰਾਈ ਇਸਤਰੀ ਦੇ ਸੰਗ ਤੋਂ ਵਰਜ਼ਦਾ ਸੀ। ਅਤੇ ਆਖਦਾ ਸੀ ਕਿ ਕਾਮ ਬੰਦੇ ਦੇ ਜਤ, ਸਤ ਤੇ ਪਤ ਨੂੰ ਹੰਤ ਕਰ ਦਿੰਦਾ ਹੈ। ਉਹ ਇਹ ਵੀ ਕਹਿੰਦਾ ਸੀ ਕਿ ਸਿੱਖ ਦਾ ਫ਼ਰਜ਼ ਹੈ ਇਸਤਰੀ ਦੀ ਇੱਜ਼ਤ ਨੂੰ ਬਣਾਉਣਾ ਤੇ ਹਰ ਪੱਖੋਂ ਉਸ ਦਾ ਸਤਿਕਾਰ ਕਰਨਾ। ਗੁਰੂ ਜੀ ਦੇ ਬੋਲ ਹਮੇਸ਼ਾ ਯਾਦ ਰੱਖੋ:
ਪਰ ਨਾਰੀ ਕੇ ਸੇਜ ਭੂਲ ਸੁਪਨੇ ਭੀ ਨ ਜਹੀਓ॥
ਆਪਣੇ ਜੀਵਨ ਕਾਲ ਵਿੱਚ ਨਲੂਏ ਸਰਦਾਰ ਨੇ ਬੇਅੰਤ ਔਰਤਾਂ ਨੂੰ ਮੁਗਲਾਂ ਵੱਲੋਂ ਕੀਤੀ ਜਾ ਰਹੀ ਬੇਪਤੀ ਤੋਂ ਬਚਾਇਆ ਅਤੇ ਆਪਣਾ ਕਿਰਦਾਰ ਉੱਚਾ
ਰੱਖਿਆ। ਪਰ ਪਾਠਕਾਂ ਲਈ ਇੱਥੇ ਦੋ ਘਟਨਾਵਾਂ ਬਿਆਨ ਕੀਤੀਆਂ ਜਾ ਰਹੀਆਂ ਹਨ।
ਵਾਰਤਾ ਹੈ ਕਿ ਪੱਛਮੀ ਪੰਜਾਬ ਦੇ ਪਿਸ਼ੌਰ ਇਲਾਕੇ ਦੇ ਸਰਹੱਦੀ ਪਿੰਡ ਤੋਂ ਇੱਕ ਹਿੰਦੂ ਪਰਵਾਰ ਆਪਣੇ ਲੜਕੇ ਨੂੰ ਵਿਆਹ ਕੇ ਡੋਲਾ ਲਿਜਾ ਰਿਹਾ ਸੀ। ਰਸਤੇ ਵਿੱਚ ਡਾਕੂ ਪਠਾਣਾਂ ਨੇ ਉਨ੍ਹਾਂ ਪਾਸੋਂ ਕੀਮਤੀ ਵਸਤਾਂ ਤੇ ਗਹਿਣਾ-ਗੱਟਾ ਲੁੱਟ ਲਿਆ ਅਤੇ ਵਿਆਹ ਕੇ ਲਿਆਂਦੀ ਲੜਕੀ ਨੂੰ ਵੀ ਧੱਕੇ ਨਾਲ ਅਪਹਰਨ ਕਰ ਲਿਆ। ਬੇਵਸੀ ਕਾਰਨ, ਕਮਜ਼ੋਰ ਦਿਲ ਅਤੇ ਸ਼ਸਤਰ ਹੀਨ ਹੋਣ ਕਰ ਕੇ ਇਹ ਘਟਨਾ ਵਾਪਰੀ। ਉਸ ਇਲਾਕੇ ਵਿੱਚ ਕੁਦਰਤੀ ਹਰੀ ਸਿੰਘ ਗਵਰਨਰ ਸੀ। ਲਾੜਾ ਤੇ ਉਸ ਦੇ ਮਾਪਿਆਂ ਨੇ ਇਸ ਵਾਰਦਾਤ ਦੀ ਸ਼ਕਾਇਤ ਹਰੀ ਸਿੰਘ ਪਾਸ ਜਾ ਕੀਤੀ। ਜਰਨੈਲ ਨੇ ਕਚਹਿਰੀ ਲਗਾਈ ਉਨ੍ਹਾਂ ਦੀ ਸਭ ਗੱਲ ਬਾਤ ਸੁਣੀ ਅਤੇ ਹੁਕਮ ਕੀਤਾ ਕਿ ਇਸ ਲੜਕੇ (ਲਾੜੇ) ਨੂੰ ਕੈਦੀ ਬਣਾ ਲਉ, ਇਹ ਆਪਣੀ ਪਤਨੀ ਨੂੰ ਬਚਾ ਨਹੀਂ ਸਕਿਆ। ਸੁਣਵਾਈ ਸਮੇਂ ਉਨ੍ਹਾਂ ਡਾਕੂਆਂ ਦੇ ਬੰਦੇ ਇਸ ਵਾਰਦਾਤ ਦੀ ਸੁਣਾਈ ਗਹੁ ਨਾਲ ਸੁਣ ਅਤੇ ਤੱਕ ਰਹੇ ਸਨ ਕਿ ਜਰਨੈਲ ਕੀ ਫੈਸਲਾ ਕਰਦਾ ਹੈ। ਜਦੋਂ ਡਾਕੂਆਂ ਦੇ ਬੰਦਿਆਂ ਨੇ ਫ਼ੈਸਲਾ ਸੁਣਿਆਂ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਆ ਗਈ। ਫ਼ੈਸਲੇ ਵਕਤ ਹਰੀ ਸਿੰਘ ਆਪਣੀਆਂ ਤੇਜ਼ ਪਰ ਦਬੀਆਂ ਅੱਖਾਂ ਨਾਲ ਆਲੇ-ਦੁਆਲੇ ਗਹੁ ਨਾਲ ਦੇਖ ਰਿਹਾ ਸੀ। ਉਸ ਨੇ ਦੇਖਿਆ ਜਿਹੜੇ ਦੋ ਬੰਦੇ ਫ਼ੈਸਲੇ ਨੂੰ ਸੁਣ ਕੇ ਖੁਸ਼ੀ ਵਿੱਚ ਫੁੱਲੇ ਨਹੀਂ ਸੀ ਸਮਾ ਰਹੇ ਇਹ ਕਾਰਾ ਇਹਨਾਂ ਦਾ ਹੀ ਹੈ। ਉਹ ਦੋ ਬੰਦੇ ਤਾਂ ਫੈਸਲਾ ਸੁਣ ਕੇ ਵਾਹੋ ਦਾਹੀ ਆਪਣੇ ਟਿਕਾਣੇ ਵੱਲ ਚੱਲ ਪਏ ਜਿਥੇ ਵਿਆਂਧੜ ਲੜਕੀ ਕਾਬੂ ਕਰ ਕੇ ਲਕੋਈ ਹੋਈ ਸੀ। ਹਰੀ ਸਿੰਘ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇੱਕੇ ਦਮ ਉਧਰ ਜਾਉ ਜਿਧਰ ਇਹ ਦੋ ਬੰਦੇ ਗਏ ਹਨ। ਜਦੋਂ ਇਹਨਾਂ ਸੰਦੇਹੀ ਬੰਦਿਆਂ ਨੇ ਜਾ ਕੇ ਜਰਨੈਲ ਦੇ ਫ਼ੈਸਲੇ ਦਾ ਸੰਦੇਸ਼ ਆਪਣੇ ਨਾਲ ਦੇ ਬੰਦਿਆਂ ਨੂੰ ਸੁਣਾਇਆ ਤਾਂ ਉਹ ਖੁਸ਼ੀਆਂ ਮਨਾਉਣ ਲੱਗੇ। ਅਜੇ ਇਹ ਧਾੜਵੀ ਖੁਸ਼ੀਆਂ ਹੀ ਮਨਾ ਰਹੇ ਸਨ ਕਿ ਸਿੱਖ ਸਿਪਾਹੀ ਪਹੁੰਚ ਗਏ। ਇਹਨਾਂ ਨੂੰ ਸਜ਼ਾਵਾਂ ਦੇ ਕੇ ਡੋਲਾ ਛੁਡਾ ਲਿਆਏ ਅਤੇ ਲੁੱਟਿਆ ਸਮਾਨ ਵੀ ਵਾਪਸ ਲੈ ਆਏ।
ਜਦੋਂ ਲਾੜੇ ਨੂੰ ਕੈਦ 'ਚੋਂ ਕੱਢ ਕੇ ਅਤੇ ਲਿਆਂਦੀ ਲਾੜੀ ਨੂੰ ਸਰਦਾਰ ਦੇ ਅੱਗੇ ਪੇਸ਼ ਕੀਤਾ ਤਾਂ ਨਲੂਏ ਸਰਦਾਰ ਨੇ ਲੜਕੀ ਤੋਂ ਉਸ ਦਾ ਨਾਂ ਪੁੱਛਿਆ, ਉੱਤਰ ਵਿੱਚ ਉਸ ਨੇ ਕਿਹਾ, "ਸਰਦਾਰਾ! ਮੈਂ ਤਾਂ ਡਰੀ ਹੋਈ ਆਪਣਾ ਨਾਂ ਵੀ ਭੁੱਲ ਗਈ ਹਾਂ! ਤੂੰ ਹੀ ਮੈਨੂੰ ਬਚਾਉਣ ਵਾਲਾ ਹੈ, ਬੱਸ ਹੁਣ ਤੇਰੀ ਸ਼ਰਨ ਵਿੱਚ ਹਾਂ। ਅੱਗੋਂ ਸਰਦਾਰ
ਨੇ ਲੜਕੇ ਅਤੇ ਲੜਕੀ ਤੋਂ ਉਨ੍ਹਾਂ ਦੀ ਇੱਛਾ ਬਾਰੇ ਪੁੱਛਿਆ ਤਾਂ ਦੋਹਾਂ ਨੇ ਕਿਹਾ, "ਸਾਨੂੰ ਤੁਸੀਂ ਆਪਣੇ ਪੰਥ ਵਿੱਚ ਸ਼ਾਮਲ ਕਰ ਲਉ। ਅਸੀਂ ਸਿੱਖ ਬਣ ਕੇ ਜੀਵਨ ਜਿਉਣਾ ਹੈ ਤੇ ਸਿੱਖੀ ਵਿੱਚ ਹੀ ਮਰਨਾ ਹੈ"। ਉਪਰੰਤ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਲਿਆ ਅਤੇ ਬੀਬੀ ਦਾ ਨਾਂ 'ਸਾਰੰਗਤ ਕੌਰ' ਰੱਖਿਆ।
ਹਰੀ ਸਿੰਘ ਨਲੂਆ ਬਹੁਤ ਹੀ ਰਹਿਤਵਾਨ ਸਿੱਖ ਸੀ ਅਤੇ ਬਹੁਤ ਹੀ ਉੱਚੇ-ਸੁੱਚੇ ਚਾਲਚਲਨ ਦਾ ਮਾਲਕ ਸੀ। ਅਗਰ ਕੋਈ ਨਲੂਏ ਦੇ ਆਚਰਨ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਬੀਬੀ ਬਾਨੋ ਦੀ ਸਾਖੀ ਜ਼ਰੂਰ ਪੜ੍ਹੇ। ਇਹ ਬਾਨੋ ਇੱਕ ਬਹੁਤ ਹੀ ਸੁੰਦਰ ਮੁਗਲ ਮੁਟਿਆਰ ਸੀ। ਸਰਦਾਰ ਹਰੀ ਸਿੰਘ ਜੀ ਅਫਗਾਨਿਸਤਾਨ ਵਿੱਚ ਜਮਰੌਦ ਦੇ ਅਸਥਾਨ ਤੇ ਫ਼ੌਜ ਸਮੇਤ ਇੱਕ ਟੈਂਟ ਵਿੱਚ ਬਿਰਾਜਮਾਨ ਸਨ। ਇਸ ਦੇ ਮਨ ਵਿੱਚ ਇੱਛਾ ਜਾਗੀ ਕਿ ਜੇਕਰ ਮੇਰੇ ਬਹਾਦਰ ਹਰੀ ਸਿੰਘ ਤੋਂ ਪੁੱਤਰ ਜਨਮੇ ਤਾਂ ਉਹ ਵੀ ਇਸ ਜੈਸਾ ਯੋਧਾ ਹੋ ਸਕਦਾ ਹੈ ਜਿਹੜਾ ਦੁਨੀਆਂ ਤੇ ਮੇਰਾ ਨਾਮ ਉੱਚਾ ਕਰ ਸਕਦਾ ਹੈ। ਇੱਕ ਦਿਨ ਇਹ ਪੁੱਛਦੀ ਪੁੱਛਦੀ ਉਸ ਜਗ੍ਹਾ ਜਾ ਪਹੁੰਚੀ ਜਿੱਥੇ ਨਲੂਏ ਦਾ ਨਿਵਾਸ ਸੀ। ਸੁਰੱਖਿਆ ਤੇ ਖੜ੍ਹੇ ਸੈਨਿਕ ਨੇ ਬਾਨੋ ਨੂੰ ਪੁੱਛਿਆ, "ਤੂੰ ਕਿਸ ਨੂੰ ਮਿਲਣਾ ਹੈ"? ਉਸ ਨੇ ਕਿਹਾ, "ਮੈਂ ਤੁਹਾਡੇ ਸਰਦਾਰ ਨੂੰ ਮਿਲਣਾ ਹੈ"। ਸੈਨਿਕ ਨੇ ਸਰਦਾਰ ਨਲੂਏ ਨੂੰ ਦੱਸਿਆ ਕਿ ਤੁਹਾਨੂੰ ਇੱਕ ਬੀਬੀ ਮਿਲਣਾ ਚਾਹੁੰਦੀ ਹੈ।
ਸਰਦਾਰ ਸਾਹਿਬ ਨੇ ਕਹਿ ਦਿੱਤਾ ਕਿ ਉਹ ਮਿਲ ਸਕਦੀ ਹੈ। ਇੰਞ ਇਜਾਜ਼ਤ ਮਿਲਣ ਤੇ ਉਹ ਕਨਾਤ ਦੇ ਅੰਦਰ ਚਲੀ ਗਈ। ਹਰੀ ਸਿੰਘ ਨੇ ਇਸ ਤੋਂ ਨਾਂ ਪਤਾ ਅਤੇ ਉਸ ਕੋਲ ਆਉਣ ਦਾ ਕਾਰਨ ਪੁੱਛਿਆ। ਅੱਗੋਂ ਬਾਨੋ ਨੇ ਆਖਿਆ, "ਸਰਦਾਰ ਜੀ! ਹਰ ਕੋਈ ਤੁਹਾਡੀ ਸੋਭਾ ਗਾ ਰਿਹਾ ਹੈ। ਤੁਸੀਂ ਮਹਾਨ ਹੀ ਨਹੀਂ ਬੜੇ ਦਲੇਰ, ਬਹਾਦਰ ਅਤੇ ਹੋਣਹਾਰ ਯੋਧੇ ਹੋਂ। ਮੈਂ ਅਜੇ ਅਣਵਿਆਹੀ ਹਾਂ। ਮੇਰੀ ਦਿਲੀ ਇੱਛਾ ਹੈ ਕਿ ਮੇਰੇ ਤੁਹਾਡੇ ਵਰਗਾ ਪੁੱਤਰ ਜਨਮੇ"। ਸਰਦਾਰ ਹਰੀ ਸਿੰਘ ਭਾਵੇਂ ਇਸ ਦੀ ਭਾਵਨਾ ਨੂੰ ਭਾਂਪ ਗਿਆ ਸੀ ਪਰ ਆਖਿਆ, "ਪੁੱਤਰੀ! ਖੁਦਾ ਤੇਰੀ ਦਿਲੀ ਮੰਗ ਨੂੰ ਜ਼ਰੂਰ ਪੂਰੀ ਕਰੇਗਾ। ਉਸ ਅੱਗੇ ਅਰਜ਼ ਕਰਿਆ ਕਰ"। ਬਾਨੋ ਫਿਰ ਬੋਲੀ, "ਸਰਦਾਰ ਜੀ! ਮੈਂ ਤਾਂ ਤੁਹਾਡੇ ਰਾਹੀਂ ਪੁੱਤਰ ਚਾਹੁੰਦੀ ਹਾਂ"। ਉੱਤਰ ਵਿੱਚ ਨਲੂਆ ਸਾਹਿਬ ਕਹਿੰਦੇ, "ਪੁੱਤਰੀ ਮੈਂ ਤਾਂ ਵਿਆਹਿਆ ਹੋਇਆ ਹਾਂ ਅਤੇ ਮੇਰੇ ਧੀਆਂ ਪੁੱਤਰ ਹਨ। ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ। ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ। ਗੁਰੂ ਜੀ ਨੇ ਸਿੱਖਾਂ ਨੂੰ ਇਸਤਰੀ ਦਾ ਸਤਿਕਾਰ ਕਰਨ ਲਈ ਉਪਦੇਸ਼ ਦਿੱਤਾ ਹੈ ਨਾ ਕਿ ਬਲਾਤਕਾਰ ਲਈ। ਜੋ ਤੂੰ ਕਹਿ ਰਹੀ ਹੈ ਉਹ ਉੱਕਾ ਹੀ ਅਸੰਭਵ
ਹੈ"। ਇਹ ਸੁਣ ਕੇ ਬਾਨੋ ਦੀਆਂ ਅੱਖਾਂ ਭਰ ਆਈਆਂ ਤੇ ਰੋਣ ਵਾਲੀ ਹਾਲਤ ਹੋ ਗਈ। ਕੁਝ ਸਮਾਂ ਸੋਚ ਕੇ ਬੋਲੀ, "ਸਿੱਖਾ! ਮੈਂ ਸੁਣਿਆ ਹੈ ਕਿ ਗੁਰੂ ਨਾਨਕ ਬੜਾ ਮਹਾਨ ਹੈ ਤੇ ਬਖਸ਼ਸ਼ਾਂ ਦਾ ਘਰ ਹੈ ਅਤੇ ਉਸ ਦੇ ਘਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਿਆ। ਪਰ ਤੂੰ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਨੂੰ ਖਾਲੀ ਹੀ ਵਾਪਸ ਭੇਜ ਰਿਹਾ ਹੈਂ"। ਸਰਦਾਰ ਨਲੂਏ ਨੇ ਫਿਰ ਆਖਿਆ, "ਪੁੱਤਰੀ! ਤੂੰ ਮੈਨੂੰ ਹੀ ਆਪਣਾ ਪੁੱਤਰ ਸਮਝ ਅਤੇ ਮੈਂ ਤੈਨੂੰ ਅੱਜ ਤੋਂ ਮਾਂ ਕਹਿ ਕੇ ਬੁਲਾਇਆ ਕਰਾਂਗਾ"। ਬਾਨੋ ਕਹਿੰਦੀ, ਸਰਦਾਰ ਜੀ! "ਮੈਂ ਸਿੱਖਾਂ ਦੇ ਉੱਚੇ ਚਾਲਚਲਨ ਬਾਰੇ ਸੁਣਦੀ ਸਾਂ ਪਰ ਤੂੰ ਤਾਂ ਪਰਪੱਖ ਹੀ ਦਰਸਾ ਦਿੱਤਾ ਹੈ"। ਇਸ ਉਪਰੰਤ ਹਰੀ ਸਿੰਘ ਬਾਨੋ ਨੂੰ ਮਾਂ ਕਹਿਕੇ ਬੁਲਾਉਂਦਾ ਰਿਹਾ ਅਤੇ ਬਾਨੋ ਉਸ ਨੂੰ ਪੁੱਤਰ ਕਹਿ ਕੇ ਬੁਲਾਉਂਦੀ ਸੀ। ਸੋ ਇਹ ਹੈ ਗੁਰੂ ਦੇ ਸਿੱਖ ਦਾ ਚਾਲਚਲਨ । ਗੁਰਬਾਣੀ ਐਸੇ ਸਿੱਖਾਂ ਬਾਰੇ ਕਹਿ ਰਹੀ ਹੈ:
ਨਾਨਕ ਸੋਹਾਗਣ ਕਾ ਕਿਆ ਚਿਹਨ ਹੈ
ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ॥ (੧੮੫)
ਨਾਮ ਦਾ ਸਿੱਕਾ
ਰਾਜ ਭਾਗ ਚਲਾਉਣ ਲਈ ਧਨ ਦੀ ਵੱਡੀ ਜ਼ਰੂਰਤ ਹੁੰਦੀ ਹੈ। ਸਰਕਾਰਾਂ ਇਹ ਸਿੱਕੇ ਰਾਜੇ, ਰਾਣੀਆਂ ਜਾਂ ਦੇਸ਼ ਦੇ ਮਹਾਨ ਵਿਅਕਤੀਆਂ ਦੇ ਨਾਂ ਤੇ ਚਲਾਉਂਦੀਆਂ ਹਨ। ਇਹ ਸਿੱਕੇ ਕਿਸੇ ਖ਼ਾਸ ਰਾਜ ਦੀ ਬਾਦਸ਼ਾਹੀ ਦਾ ਚਿੰਨ੍ਹ ਹੁੰਦੇ ਹਨ। ਪ੍ਰੇਮ ਸਿੰਘ ਹੋਤੀ ਮਰਦਾਨ ਆਪਣੀ ਪੁਸਤਕ ਵਿੱਚ ਲਿਖਦੇ ਹਨ ਕਿ ਖ਼ਾਲਸਾ ਰਾਜ ਸਮੇਂ ਇਹ ਸਭ ਤੋਂ ਪਹਿਲਾ ਮੌਕਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਫੁਰਮਾਨ ਜਾਰੀ ਕਰ ਕੇ ਸਰਦਾਰ ਹਰੀ ਸਿੰਘ ਦੇ ਨਾਂ ਤੇ ਕਸ਼ਮੀਰ ਵਿੱਚ ਸਿੱਕਾ (ਜ਼ਰਬ) ਚਲਾਉਣ ਦਾ ਮਹਾਨ ਅਧਿਕਾਰ ਬਖਸ਼ ਦਿੱਤਾ। ਇਸ ਫੁਰਮਾਨ ਰਾਹੀਂ ਸਰਦਾਰ ਹਰੀ ਸਿੰਘ ਦੀ ਇੱਜ਼ਤ ਅਤੇ ਬਹਾਦਰੀ ਨੂੰ ਵੱਡਾ ਮਾਣ ਬਖਸ਼ਿਆ। ਹੋਰ ਤਾਂ ਹੋਰ ਮਹਾਰਾਜਾ ਸਾਹਿਬ ਨੇ ਆਪਣੇ ਜਿਉਂਦੇ ਜੀਅ ਕੰਵਰ ਨੌ ਨਿਹਾਲ ਨੂੰ ਛੱਡ ਕੇ ਹੋਰ ਕਿਸੇ ਨੂੰ ਇਹ ਮਾਣ ਨਹੀਂ ਸੀ ਦਿੱਤਾ। ਇਸ ਤੋਂ ਪਹਿਲਾਂ ਖ਼ਾਲਸਾ ਰਾਜ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਸੀ। ਸੁਰਿੰਦਰ ਸਿੰਘ ਨੇ ੨੦੦੧ ਅਤੇ २००४ ਵਿੱਚ Sikh Coinage Symbol of Sikh Sovereignty ਸਬੰਧੀ ਬੜਾ ਵਿਸਥਾਰ ਨਾਲ ਲਿਖਿਆ ਹੈ। ਉਹ ਲਿਖਦੇ ਹਨ ਕਿ ਕਸ਼ਮੀਰ ਵਿੱਚ ਖਾਲਸਾ ਰਾਜ ਸਮੇਂ ਬਿਕਰਮੀ ਸੰਮਤ ੧੮੭੬ (ਸੰਨ ੧੮੧੯) ਨੂੰ ਸਰਦਾਰ ਹਰੀ ਸਿੰਘ
ਨਲੂਆ ਗਵਰਨਰ ਦੇ ਨਾਂ ਹੇਠ ਪਹਿਲੀ ਵਾਰ ਇਹ ਸਿੱਕਾ ਜਾਰੀ ਹੋਣਾ ਜਿਸ ਨੂੰ 'ਹਰੀ ਸਿੰਘੀਆ' ਰੁਪਿਆ ਕਹਿੰਦੇ ਸਨ ਬਹੁਤ ਹੀ ਮਹੱਤਵਪੂਰਨ ਘਟਨਾ ਸੀ।
ਹਰੀ ਸਿੰਘ ਨਲੂਆ ਦੀ ਨਿਮਰਤਾ ਦੇਖੋ ਜਦੋਂ ਸ਼ੇਰਿ-ਏ-ਪੰਜਾਬ ਵੱਲੋਂ ਇਹਨਾਂ ਨੂੰ ਆਪਣੇ ਨਾਂ ਤੇ ਸਿੱਕਾ ਜਾਰੀ ਕਰਨ ਦਾ ਫੁਰਮਾਨ ਮਿਲਿਆ ਤਾਂ ਉੱਤਰ ਵਿੱਚ ਸਰਦਾਰ ਸਾਹਿਬ ਨੇ ਬੜਾ ਧੰਨਵਾਦ ਕੀਤਾ। ਇਹ ਵੀ ਲਿਖਿਆ ਕਿ ਸਿੱਕਾ ਤਾਂ ਸ੍ਰੀ ਹਜੂਰ ਦੇ ਨਾਮ ਤੇ ਹੀ ਸੋਭਦਾ ਹੈ। ਪਰ ਮਹਾਰਾਜਾ ਨੇ ਹਰੀ ਸਿੰਘ ਦੀ ਲਿਆਕਤ, ਕੁਰਬਾਨੀ, ਵਿਸ਼ਾਲ ਦਿਲੀ ਅਤੇ ਨਿਰਮਾਣਤਾ ਨੂੰ ਜਾਣ ਕੇ ਅਧਿਕਾਰ ਦਿੱਤਾ ਕਿ ਤੁਸੀਂ ਆਪਣੇ ਨਾਂ ਤੇ ਸਿੱਕਾ ਜਾਰੀ ਕਰੋ। ਇੰਞ ਸਰਕਾਰ ਦਾ ਹੁਕਮ ਮੰਨ ਕੇ ਸਿੱਕਾ ਚਾਲੂ ਕੀਤਾ ਜਿਸ ਦੇ ਇੱਕ ਪਾਸੇ 'ਸ੍ਰੀ ਅਕਾਲ ਸਹਾਇ' ਅਤੇ ਸੰਮਤ ੧੮੭੬ ਉਕਰਿਆ ਹੋਇਆ ਸੀ ਅਤੇ ਦੂਜੇ ਪਾਸੇ 'ਹਰਿ' ਤੇ ਇਸ ਦੇ ਹੇਠ 'ਯਕ ਰੁਪਿਆ' ਦਰਜ ਸੀ (ਤਵਾਰੀਖ ਪਿਸ਼ਾਵਰ, ਸਫਾ ੯੦੫: ਸਰ ਵਾਲਟਰ ਲਾਰੈਂਸ ਦੀ ਵੈਲੀ ਆਫ਼ ਕਸ਼ਮੀਰ, ਸਫਾ ੨੩੪; ਮੁਕੰਮਲ ਤਵਾਰੀਖ ਕਸ਼ਮੀਰ ਸਫ਼ਾ ੧੭)
ਉਸ ਸਮੇਂ ਕਸ਼ਮੀਰ ਵਿੱਚ ਵੱਖ ਵੱਖ ਕਿਸਮ ਦੇ ਸਿੱਕੇ ਚੱਲ ਰਹੇ ਸਨ ਅਤੇ ਇਹ ਵੱਖ ਵੱਖ ਸਮਿਆਂ ਤੇ ਸਰਕਾਰਾਂ ਵੱਲੋਂ ਚਲਾਏ ਹੋਏ ਸਨ। ਹਰੀ ਸਿੰਘ ਦੇ ਰੁਪਏ ਵਿੱਚ ਦਸ ਮਾਸ਼ੇ ਖ਼ਾਲਸ ਚਾਂਦੀ ਸੀ ਅਤੇ ਇਸ ਦੀ ਕੀਮਤ ਅਫ਼ਗਾਨਾਂ ਵੱਲੋਂ ਜਾਰੀ ਕੀਤੇ ਅਤੇ ਜਬਰ ਖਾਨ ਵੱਲੋਂ ਕਾਬਲ ਦੇ ਵਿੱਚ ਚੱਲ ਰਹੇ ਰੁਪਏ ਦੇ ਬਰਾਬਰ ਸੀ। ਮੌਲਾਨਾ ਮੁਹੰਮਦ ਦੀਨ ਨੇ ਇਸ ਦੀ ਕੀਮਤ ਅੱਠ ਆਨੇ ਲਿਖੀ ਹੈ ਅਤੇ ਇਹ ਰੁਪਿਆ ਕਸ਼ਮੀਰ ਵਿੱਚ ੧੮੯੨ ਤੱਕ ਬਹੁਤ ਥਾਵਾਂ ਤੇ ਮੌਜੂਦ ਸੀ। ਸਰ ਲੈਪਲ ਗ੍ਰਿਫਨ ਨੇ, ਰਈਸਨ-ਪੰਜਾਬ ਸਫਾ ੧੮੧ ਵਿੱਚ ਅੰਕਿਤ ਕੀਤਾ ਕਿ ਹਰੀ ਸਿੰਘੀਆ ਰੁਪਿਆ ਜੋ ਕਸ਼ਮੀਰ ਵਿੱਚ ਜਾਰੀ ਕੀਤਾ ਪੰਜਾਬ ਵਿੱਚ ਵੀ ੧੮੯੦ ਤੱਕ ਆਮ ਚਲਦਾ ਸੀ। ਚਾਂਦੀ ਦੇ ਸਿੱਕੇ ਤੋਂ ਛੁੱਟ ਤਾਂਬੇ ਦਾ ਸਿੱਕਾ ਵੀ 'ਹਰੀ ਸਿੰਘੀਆ' ਪੈਸਾ ਕਹਾਉਂਦਾ ਸੀ। ਵਨੀਤ ਨਲੂਆ ਅਨੁਸਾਰ ਕਈ ਸਿੱਕਿਆਂ ਤੇ ਗੁਰਮੁਖੀ ਵਿੱਚ 'ਹਰੀ' ਦੇਵਨਾਗਰੀ ਵਿੱਚ 'ਹਰਿ ਜੀ' ਜਾਂ 'ਉਮ ਸ਼੍ਰੀ ਉਕਰਿਆ ਹੋਇਆ ਸੀ। ਖਰੇ ਤੇ ਖੋਟੇ ਰੁਪਏ ਦੀ ਪਛਾਣ ਲਈ ਵੀ ਇਸ ਵਿੱਚ ਖ਼ਾਸ ਨਿਸ਼ਾਨ ਸੀ। ਗਨੇਸ਼ੀ ਲਾਲ ਨੇ ੧੮੪੬ ਵਿੱਚ ਤਾਰੀਖ -ਏ-ਪੰਜਾਬ-ਏ-ਕਸ਼ਮੀਰ ਵਿੱਚ ਲਿਖਿਆ ਹੈ ਕਿ ਇਹ ਸਿੱਕੇ ਚਲਾਉਣ ਨਾਲ ਖ਼ਾਲਸਾ ਰਾਜ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ।
ਸੋ ਐਸੇ ਨਾਇਕ, ਸੂਰਬੀਰ, ਉਦਾਰਚਿੱਤ, ਗੌਰਵਮਈ ਅਤੇ ਮਾਣ ਮੱਤੇ ਯੋਧੇ ਦੇ ਗੁਣਾਂ ਦਾ ਇਤਿਹਾਸਕਾਰਾਂ ਨੇ ਸਰਵੇਖਣ, ਨਿਰੀਖਣ ਅਤੇ ਪਰੀਖਣ ਕਰ ਕੇ ਇਸ
ਨੂੰ ਬੜੀ ਮਹਾਨਤਾ ਦਿੱਤੀ ਹੈ। ਕਿਸੇ ਨੇ ਇਸ ਨੂੰ 'ਮੂਰਤ ਆਫ਼ ਖ਼ਾਲਸਾ ਔਫ ਦੀ ਸਿੱਖ ਐਮਪਾਇਰ' ਕਿਸੇ ਨੇ ਟੈਰਰ ਫਾਰ ਅਫ਼ਗਾਨ, 'ਕਿਸੇ ਨੇ ਚੈਂਪੀਅਨ ਆਫ਼ ਦੀ ਖ਼ਾਲਸਾ', 'ਵੁਆਇਸ ਆਫ਼ ਦੀ ਸਿਖਸ', 'ਖ਼ਾਲਸਾ ਰਾਜ ਦਾ ਥੰਮ੍ਹ' ਤੇ 'ਖਾਲਸਾ' ਰਾਜ' ਦਾ ਹੀਰਾ ਆਖਿਆ ਹੈ। ਕਾਦਰਯਾਰ ਨੇ ਹਰੀ ਸਿੰਘ ਸਰਦਾਰ ਦੀ ਸਿਫਤ ਇੰਞ ਕੀਤੀ ਹੈ:
ਰਣਜੀਤ ਸਿੰਘ ਸਰਦਾਰ ਦੇ ਆਸ਼ਕਾਂ ਨੂੰ, ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਵਿੱਚ।
ਕਾਦਰਯਾਰ ਬਹਾਦਰਾਂ ਵਿੱਚ ਚਮਕੇ, ਹਰੀ ਸਿੰਘ ਜਿਉਂ ਚੰਨ ਸਿਤਾਰਿਆਂ ਵਿੱਚ।
ਗੁਰੂ ਦਾ ਅਨਿੰਨ ਸਿੱਖ
ਸਰਦਾਰ ਸਾਹਿਬ ਦੀਆਂ ਰਗਾਂ ਵਿੱਚ ਸਿੱਖੀ ਭਰੀ ਪਈ ਸੀ। ਉਹ ਕਿਹਾ ਕਰਦੇ ਸੀ ਕਿ ਸਿੱਖੀ ਦੇ ਸਹਾਰੇ ਹੀ ਮੈਂ ਜੀਵਨ ਜਾਚ ਸਿੱਖੀ ਹੈ ਅਤੇ ਹਰ ਵਕਤ ਗੁਰੂ ਮੇਰੇ ਅੰਗ ਸੰਗ ਰਹਿੰਦਾ ਹੈ। ਇਹ ਸਰੀਰਕ ਬਲ, ਬੁੱਧ ਅਤੇ ਕਲਾ ਮੇਰੇ ਉੱਪਰ ਗੁਰੂ ਦੀ ਬਖਸ਼ਸ਼ ਹੈ। 'ਸਿੱਖ' ਸ਼ਬਦ ਪਰ ਹਰੀ ਸਿੰਘ ਨੂੰ ਇਤਨਾ ਫਖਰ ਸੀ ਕਿ ਸਿੱਖ ਗੁਰੂ ਦੀ ਸਿੱਖਿਆ ਤੇ ਜੇਕਰ ਚੱਲੇ ਤਾਂ ਜ਼ਿੰਦਗੀ ਵਿੱਚ ਉਸ ਨੂੰ ਕਿਸੇ ਕਿਸਮ ਦਾ ਡਰ, ਭੈਅ, ਚਿੰਤਾ ਸੋਗ, ਰੋਗ ਆਦਿ ਨਹੀਂ ਵਿਆਪ ਸਕਦਾ ਅਤੇ ਨਾ ਹੀ ਮਾਇਆ ਦੀ ਘਾਟ ਆ ਸਕਦੀ ਹੈ। ਪੰਥਕ ਅਤੇ ਧਾਰਮਿਕ ਪ੍ਰੇਮ ਮੇਰੇ ਅੰਦਰ ਗੁਰੂ ਨੇ ਪੈਦਾ ਕੀਤਾ ਹੋਇਆ ਹੈ। ਇਹ ਗੱਲਾਂ ਉਨ੍ਹਾਂ ਦੀਆਂ ਕਹਿਣ ਮਾਤ੍ਰ ਨਹੀਂ ਸਨ ਸਗੋਂ ਕਰਨੀ ਪ੍ਰਧਾਨ ਸਨ।
ਸਰਦਾਰ ਹਰੀ ਸਿੰਘ ਗੁਰਬਾਣੀ ਦਾ ਨਿੱਤਨੇਮੀ ਅਤੇ ਪ੍ਰੇਮੀ ਸੀ ਜਿਸ ਕਾਰਨ ਉਸ ਦਾ ਹਿਰਦਾ ਹਲੇਮੀ ਭਰਿਆ ਸੀ। ਹਰੀ ਸਿੰਘ ਜੰਗ ਦੇ ਮੈਦਾਨ ਅੰਦਰ ਵੀ ਗੁਰਬਾਣੀ ਪੜ੍ਹਦਾ ਸੀ ਅਤੇ ਅਕਾਲ ਪੁਰਖ ਦੀ ਕੀਰਤੀ ਮੁੱਖ ਤੋਂ ਉਚਾਰਨ ਕਰਦਾ ਸੀ। ਇਹ ਗੱਲ ਉਨ੍ਹਾਂ ਦੇ ਇੱਕ ਚਿਤ੍ਰ ਤੋਂ ਜ਼ਾਹਰ ਹੋ ਰਹੀ ਹੈ (ਜੋ ਸੰਪੂਰਨ ਨਹੀਂ) ਸੁਨਹਿਰੀ ਪੱਤਰੇ ਤੇ ਉਕਰਿਆ ਹੋਇਆ ਹੈ ਅਤੇ ਉਸ ਉੱਪਰ ਦੇਵ ਨਾਗਰੀ ਭਾਸ਼ਾ ਵਿੱਚ ਹਰੀ ਸਿੰਘ ਨਲੂਆ ਲਿਖਿਆ ਹੋਇਆ ਹੈ। ਇਸ ਚਿਤ੍ਰ ਵਿੱਚ ਜੋ ੧੮੪੦ ਵਿੱਚ ਕਿਸੇ ਨੇ ਬਣਾਇਆ ਵਿੱਚ ਹਰੀ ਸਿੰਘ ਦੇ ਇੱਕ ਹੱਥ 'ਚ ਮਾਲਾ, ਦੂਜੇ ਹੱਥ 'ਚ ਕਿਰਪਾਨ ਅਤੇ ਪਿੱਠ ਤੇ ਢਾਲ ਦਿਖਾਈ ਹੋਈ ਹੈ।
ਗੁਰਬਾਣੀ ਪ੍ਰਤੀ ਸ਼ਰਧਾ, ਭਾਵਨਾ ਅਤੇ ਪੜ੍ਹਨ ਸਮੇਂ ਇਕਾਗਰਤਾ ਸੰਬੰਧੀ ਵੀ
ਇੱਕ ਗਾਥਾ ਦਰਸਾਉਂਦੀ ਹੈ ਕਿ ਇੱਕ ਵਾਰ ਧਰਮਸਾਲਾ ਵਿੱਚ ਸ਼ਾਮ ਸਮੇਂ ਜਦੋਂ ਸਰਦਾਰ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸੀ ਤਾਂ ਅਚਾਨਕ ਤੁਰਕਾਂ ਦੀ ਫ਼ੌਜ ਨੇ ਹਮਲਾ ਕਰ ਦਿੱਤਾ। ਇਸ ਹਮਲੇ ਨੂੰ ਉਨ੍ਹਾਂ ਦੇ ਬੇਟੇ ਸਰਦਾਰ ਜਵਾਹਰ ਸਿੰਘ ਨੇ ਰੋਕਿਆ ਪਰ ਸਰਦਾਰ ਹਰੀ ਸਿੰਘ ਪਾਠ ਦੀ ਸੰਪੂਰਨਤਾ ਕਰ ਕੇ ਅਤੇ ਅਰਦਾਸ ਪਿੱਛੋਂ ਹੀ ਧਰਮਸਾਲਾ ਤੋਂ ਬਾਹਰ ਆਏ।
੧੪ ਮਾਰਚ ੧੮੩੨ ਦੀ ਗੱਲ ਹੈ ਕਿ ਸਰ ਅਲੈਗਜ਼ੈਂਡਰ ਬਾਰਨਸ ਹਰੀ ਸਿੰਘ ਨਲੂਏ ਨੂੰ ਅਟਕ ਵਿਖੇ ਮਿਲਿਆ। ਉਹ ਆਪਣੇ ਸਫ਼ਰਨਾਮੇ (Barnes Travels into Bukhara Voluma II, page 66) ਵਿੱਚ ਲਿਖਦਾ ਹੈ ਕਿ ਹਰੀ ਸਿੰਘ ਨੇ ਮੈਨੂੰ ਬਹੁਤ ਪਿਆਰ ਦਿਖਾਇਆ ਅਤੇ ਸੋਹਣੀ ਮਹਿਮਾਨ ਨਿਵਾਜ਼ੀ ਕੀਤੀ। ਉਨ੍ਹਾਂ ਇੱਕ ਦਿਨ ਅਟਕ ਦਰਿਆ ਤੋਂ ਪਾਰ ਜਾਣਾ ਸੀ ਤੇ ਮੈਨੂੰ ਵੀ ਨਾਲ ਜਾਣ ਲਈ ਕਿਹਾ। ਅਸੀਂ ਘੋੜਿਆਂ ਤੇ ਸਵਾਰ ਹੋ ਗਏ ਤੇ ਜਦੋਂ ਦਰਿਆ ਪਾਸ ਪਹੁੰਚੇ ਤਾਂ ਪਾਣੀ ਪੂਰੇ ਵੇਗ ਵਿੱਚ ਚੱਲ ਰਿਹਾ ਸੀ ਅਤੇ ਉੱਚੀਆਂ ਉੱਚੀਆਂ ਪਾਣੀ ਦੀਆਂ ਛੱਲਾਂ ਦਿਖਾਈ ਦੇ ਰਹੀਆਂ ਸਨ। ਮੈਂ ਇਹ ਭਿਆਨਕ ਦ੍ਰਿਸ਼ ਦੇਖ ਕੇ ਵਾਪਸ ਮੁੜਨ ਦਾ ਇਰਾਦਾ ਬਣਾ ਲਿਆ। ਬਾਰਨਸ ਦੀ ਲਿਖਤ ਹੈ:
We were shocked at the catastrophe and proposed to return, but the chief (Hari Singh) would not listen to it. He gave a laugh, and said, "What is the use of (Sikh) if he cannot pass the Attock (Indus)"? The Principal branch, however, was still in our front; and I only agreed to cross if the horse men were left behind. "Leave my guard, "impossible but we did leave it, and safely passed the ford.....
ਭਾਵ ਬਿਪਤਾ ਭਰਿਆ ਦ੍ਰਿਸ਼ ਦੇਖ ਕੇ ਜਦੋਂ ਮੈਂ ਪਿੱਛੇ ਮੁੜਨ ਬਾਰੇ ਕਿਹਾ ਤਾਂ ਇਹ ਸੁਣ ਕੇ ਸਾਡਾ ਮੁਖੀ ਹਰੀ ਸਿੰਘ ਹੱਸ ਪਿਆ ਅਤੇ ਸਾਡੀ ਗੱਲ ਨਹੀਂ ਸੁਣੀ। ਉਸ ਨੇ ਆਖਿਆ, "ਉਹ ਸਿੱਖ ਕਾਹਦਾ ਜੇਕਰ ਉਹ ਅਟਕ ਦਰਿਆ ਪਾਰ ਨਹੀਂ ਕਰ ਸਕਦਾ। ਦਰਿਆ ਸਾਡੇ ਸਾਮ੍ਹਣੇ ਸੀ। ਖੈਰ ਮੈਂ ਇਸ ਸ਼ਰਤ ਤੇ ਦਰਿਆ ਪਾਰ ਕਰਨ ਲਈ ਸਹਿਮਤ ਹੋ ਗਿਆ ਜੇਕਰ ਹੋਰ ਘੋੜ ਸਵਾਰ ਭੀੜ ਭੜਕਾ ਨਹੀਂ ਕਰਨਗੇ। ਮੇਰੀ ਗੱਲ ਮੰਨ ਕੇ ਮੈਨੂੰ ਪਿੱਛੇ ਬਿਠਾ ਕੇ ਸਰਦਾਰ ਦਰਿਆ ਪਾਰ ਕਰ ਗਿਆ।
ਬਾਰਨਸ ਨੇ ਇਹ ਵੀ ਲਿਖਿਆ ਕਿ ਦਰਿਆ ਦੀ ਪਹਿਲੀ ਛੱਲ ਤਾਂ ਅਸੀਂ ਸੁੱਖੀਂ ਸਾਂਦੀ ਪਾਰ ਕਰ ਗਏ। ਪਰ ਅਗਲੀ ਛੱਲ ਪਾਰ ਕਰਨ ਸਮੇਂ ਇੱਕ ਦੁਖਦਾਈ ਘਟਨਾ ਵਾਪਰ ਗਈ। ਕੁਝ ਹੋਰ ਮੁਸਾਫਰ ਜੋ ਉਸ ਇਲਾਕੇ ਦੇ ਸਨ ਸਾਨੂੰ ਦੇਖ ਕੇ ਦਰਿਆ ਵਿੱਚ ਘੋੜਿਆਂ ਤੇ ਆ ਵੜੇ। ਸਾਡੇ ਦੇਖਦੇ ਦੇਖਦੇ ਉਨ੍ਹਾਂ ਸੱਤ ਬੰਦਿਆਂ 'ਚੋਂ ਪੰਜ ਬੰਦੇ ਪਾਣੀ ਦੀ ਤੇਜ਼ ਛੱਲ ਵਿੱਚ ਰੁੜ੍ਹ ਗਏ। ਬਾਕੀ ਦੇ ਦੋ ਬੜੀ ਮੁਸ਼ਕਲ ਨਾਲ ਬਚੇ। ਬਾਰਨਸ ਇਹ ਵੀ ਲਿਖਦਾ ਹੈ ਕਿ ਇਹ ਦ੍ਰਿਸ਼ ਦੇਖ ਕੇ ਮੈਂ ਭੈਭੀਤ ਹੋ ਗਿਆ ਅਤੇ ਮੇਰੇ ਸਰੀਰ ਨੂੰ ਕੰਬਣੀ ਛਿੜ ਗਈ। ਅੱਗੇ ਅਸੀਂ ਹੋਰ ਵੱਡਾ ਹਿੱਸਾ ਅਜੇ ਪਾਰ ਕਰਨਾ ਸੀ। ਮੈਂ ਸਰਦਾਰ ਨੂੰ ਕਿਹਾ ਕਿ ਚੰਗੀ ਗੱਲ ਹੈ ਆਪਾਂ ਪਿੱਛੇ ਮੁੜ ਚੱਲੀਏ। ਅੱਗੋਂ ਹਰੀ ਸਿੰਘ ਬੋਲਿਆ, "ਸਿੱਖ ਕਦੇ ਪਿੱਛੇ ਨਹੀਂ ਮੁੜਦਾ ਹਮੇਸ਼ਾ ਆਪਣੇ ਨਿਸ਼ਾਨੇ ਵੱਲ ਅੱਗੇ ਨੂੰ ਵੱਧਦਾ ਹੈ। ਇਹ ਤਾਂ ਸਰਦਾਰ ਹਰੀ ਸਿੰਘ ਦੀ ਇੱਕ ਵੰਨਗੀ ਮਾਤ੍ਰ ਜੀਵਨ ਦੀ ਘਟਨਾ ਹੈ ਪਰ ਪਤਾ ਨੀ ਇਸ ਤੋਂ ਵੀ ਖਤਰਨਾਕ ਘਟਨਾਵਾਂ ਕਿੱਥੇ ਕਿੱਥੇ ਵਾਪਰੀਆਂ ਹੋਣਗੀਆਂ। ਇਹ ਘਟਨਾ ਸਰਦਾਰ ਦੀ ਦਲੇਰੀ, ਦ੍ਰਿੜਤਾ ਅਤੇ ਦਿਲੀ ਤਾਕਤ ਨੂੰ ਪ੍ਰਗਟ ਕਰਦੀ ਹੈ। ਭਾਵ ਉਹ ਕਰਨੀ ਅਤੇ ਦਿਲ ਦਾ ਪੂਰਾ ਸੂਰਾ ਸੀ।
ਸਰਦਾਰ ਨੂੰ ਅਨੇਕਾਂ ਸਫ਼ਲਤਾਵਾਂ ਕਾਰਨ ਮਹਾਰਾਜਾ ਸਾਹਿਬ ਵੱਲੋਂ ਬਹੁਤ ਜਾਗੀਰਾਂ, ਪਦਾਰਥਾਂ ਅਤੇ ਧਨ ਮਾਲ ਪ੍ਰਾਪਤ ਹੋਇਆ ਸੀ। ਪਰ ਸਿੱਖ ਹੋਣ ਦੇ ਨਾਤੇ ਉਹ ਇਸ ਖਜ਼ਾਨੇ ਨੂੰ 'ਗੁਰੂ ਨਾਨਕ ਦਾ ਖਜ਼ਾਨਾ' ਹੀ ਕਹਿੰਦੇ ਸੀ। ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਲਿਖਤ ਅਨੁਸਾਰ ਹਰੀ ਸਿੰਘ ਇਸ ਖਜ਼ਾਨੇ ਬਾਰੇ ਇਹੀ ਕਹਿੰਦਾ ਸੀ, "ਇਹ ਖਜ਼ਾਨਾ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਕੁੰਜੀ ਹਰੀ ਸਿੰਘ ਦੇ ਹੱਥ ਹੈ। ਮੇਰਾ ਤਾਂ ਇਸ ਵਿੱਚ ਕੁਝ ਭੀ ਨਹੀਂ"। ਸੋ ਹਰੀ ਸਿੰਘ ਨੇ ਤਨ, ਮਨ ਤੇ ਧਨ ਗੁਰੂ ਨੂੰ ਅਰਪਨ ਕੀਤਾ ਹੋਇਆ ਸੀ। ਸੰਸਾਰੀ ਮਰਿਯਾਦਾ ਨਿਭਾਉਣ ਲਈ ਉਸ ਨੇ ਸ਼ੇਰਿ-ਏ-ਪੰਜਾਬ ਦੇ ਹਰ ਹੁਕਮ ਤੇ ਫੁੱਲ ਚੜ੍ਹਾਏ ਅਤੇ ਨਿਰੰਕਾਰੀ ਹੋਣ ਦੇ ਨਾਤੇ ਇੱਕ ਨਿਰੰਕਾਰ ਦੀ ਮਨੌਤ ਕੀਤੀ। ਇਹੀ ਅਸਲ ਸਿੱਖ ਦੀਆਂ ਨਿਸ਼ਾਨੀਆਂ ਹਨ। ਕੌਡੀਆਂ ਨੂੰ ਹੀਰਿਆਂ ਵਿੱਚ ਅਤੇ ਠੀਕਰੀਆਂ ਨੂੰ ਨਗੀਨਿਆਂ ਵਿੱਚ ਬਦਲ ਦੇਣ ਵਾਲਾ ਸੂਰਮਾ ਕਦੇ ਕਦਾਂਈ ਸੰਸਾਰੀ ਮੰਚ ਤੇ ਪੈਦਾ ਹੁੰਦਾ ਹੈ। ਉਸ ਦੀ ਕੀਤੀ ਘਾਲ ਕਮਾਈ ਇਤਨੀ ਅਕੱਥ ਹੁੰਦੀ ਹੈ ਜਿਹੜੀ ਕਥਨ ਕਰਨੀ ਕਠਨ ਹੀ ਨਹੀਂ, ਬਲਕਿ ਨਾ-ਮੁਸ਼ਕਿਲ ਹੁੰਦੀ ਹੈ। ਅਜਿਹੇ ਸੂਰਮੇ ਬਾਰੇ ਧਨੀ ਰਾਮ ਚਾਤ੍ਰਿਕ ਲਿਖਦੇ ਹਨ:
ਜ਼ੱਰਾ ਜ਼ੱਰਾ ਤੇਰਾ ਨੂਰੋ ਨੂਰ ਹੈ, ਨਾਮ ਤੇਰਾ ਜੱਗ ਤੇ ਮਸ਼ਹੂਰ ਹੈ।
२
ਮੁਲਤਾਨ ਦੀ ਜੰਗ
ਮੁਲਤਾਨ ਪਾਕਿਸਤਾਨ ਦੇ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਹੈ। ਇਹ ਝਨਾਬ ਦਰਿਆ ਦੇ ਦੱਖਣੀ ਕੰਢੇ ਤੇ ਸਥਿੱਤ ਹੈ ਅਤੇ ਲਹੌਰ ਤੋਂ ੨੨੧ ਮੀਲ ਦੂਰ ਹੈ। ਪਹਿਲੇ ਪਹਿਲ ਇਸ ਦਾ ਨਾਂ ਮੁਲਾ ਸਥਾਨ ਸੀ ਜੋ ਕਿ ਪਿਛੋਂ ਮੁਲਤਾਨਪੁਰ ਵਜੋਂ ਜਾਣਿਆ ਜਾਣ ਲੱਗਾ। ਇੱਥੇ ਇੱਕ ਪੁਰਾਤਨ ਮੰਦਰ ਸੀ ਜਿਸ ਵਿੱਚ ਹਿੰਦੂ ਭਰਾ ਸੂਰਜ ਦੇਵਤੇ ਦੀ ਪੂਜਾ ਕਰਦੇ ਸਨ। ਬਾਰਨਸ ਲਿਖਦਾ ਹੈ ਕਿ ਮੁਲਤਾਨ ਦੀਆਂ ਚਾਰ ਚੀਜ਼ਾਂ ਧੂੜ, ਗਰਮੀ, ਮੰਗਤੇ ਅਤੇ ਕਬਰਸਤਾਨ ਬਹੁਤ ਮਸ਼ਹੂਰ ਹਨ। ਗਰਮੀ ਰੁੱਤ ਵਿੱਚ ਤਾਪਮਾਨ ੫੪ ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਮੁਗਲਾਂ ਦੇ ਰਾਜ ਸਮੇਂ ਬੰਗਾਲ ਤੋਂ ਕਾਬਲ ਤੱਕ ਦੇ ਵਪਾਰਕ ਰਸਤੇ ਵਿੱਚ ਮੁਲਤਾਨ ਸ਼ਹਿਰ ਸਭ ਤੋਂ ਮੁੱਖ ਸੀ। ਇਹ ਸ਼ਹਿਰ ਰੇਸ਼ਮੀ ਕਪੜੇ ਲਈ ਵੀ ਪ੍ਰਸਿੱਧ ਸੀ। ਮਹਾਰਾਜਾ ਰਣਜੀਤ ਸਿੰਘ ਦਰਬਾਰੀਆਂ ਜਾਂ ਵਿਦੇਸ਼ੀਆਂ ਲਈ ਰੇਸ਼ਮ ਦੇ ਸੁੰਦਰ ਤੇ ਕੀਮਤੀ ਸਿਰਪਾਉ ਮੁਲਤਾਨ ਤੋਂ ਮੰਗਾਉਂਦਾ ਸੀ।
ਮੁਲਤਾਨ ਦੇ ਰਾਜਿਆਂ, ਵਜ਼ੀਰਾਂ ਬਾਰੇ ਤਾਂ ਕਹਿਣਾ ਹੀ ਸੀ ਕੀ ਇੱਥੋਂ ਦੇ ਤਾਂ ਪੀਰ, ਫਕੀਰ ਵੀ ਬੜੇ ਹੰਕਾਰੀ, ਵਿਕਾਰੀ ਤੇ ਮਕਾਰੀ ਸਨ। ਇਹ ਸ਼ਹਿਰ ਸੂਫੀ ਸੰਤਾਂ ਦਾ ਗੜ੍ਹ ਸੀ ਅਤੇ ਇਹ ਕਰਾਮਾਤਾਂ ਦਿਖਾ ਕੇ ਪਰਜਾ ਨੂੰ ਭਰਮਾ ਕੇ ਲੁੱਟ ਰਹੇ ਸਨ। ਇਹਨਾਂ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਪਹੁੰਚੇ ਤਾਂ ਇਹਨਾਂ ਗੁਰੂ ਜੀ ਨੂੰ ਬੜੇ ਨਾਟਕੀ ਢੰਗ ਨਾਲ ਇੱਥੋਂ ਜਲਦੀ ਚਲੇ ਜਾਣ ਲਈ ਆਖਿਆ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਇਸ ਬਾਰੇ ਲਿਖਦੇ ਹਨ :
ਮੇਲਿਓ ਬਾਬਾ ਉਠਿਆ ਮਲਤਾਨੇ ਦੀ ਜਾਰਤਿ ਜਾਈ।
ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੇ ਆਈ।
ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ।
ਜਿਉ ਸਾਗਰ ਵਿਚਿ ਗੰਗ ਸਮਾਈ। (ਵਾਰ ੧, ਪਾਉੜੀ ੪੪)
ਭਾਵ ਸ਼ਿਵਰਾਤ ਦੇ ਮੇਲੇ ਵਿੱਚੋਂ ਸਿੱਧਾਂ ਨਾਲ ਗੱਲਬਾਤ ਕਰਨ ਪਿੱਛੋਂ ਗੁਰੂ ਜੀ ਮੁਲਤਾਨ ਪਹੁੰਚੇ। ਫਕੀਰ ਜਾਣ ਕੇ ਮੁਲਤਾਨ ਦੇ ਪੀਰਾਂ ਨੇ ਗੁਰੂ ਜੀ ਅੱਗੇ ਦੁੱਧ ਦਾ
ਲਬਾ ਲਬ ਭਰਿਆ ਕਟੋਰਾ ਲਿਆ ਰੱਖਿਆ ਜਿਸ ਦਾ ਭਾਵ ਸੀ ਕਿ ਨਾਨਕ ਇੱਥੇ ਤਾਂ ਅੱਗੇ ਹੀ ਪੀਰ ਬਹੁਤ ਹਨ ਅਤੇ ਤੇਰੇ ਲਈ ਇੱਥੇ ਕੋਈ ਜਗ੍ਹਾ ਨਹੀਂ। ਗੁਰੂ ਜੀ ਨੇ ਵੀ ਇਸ਼ਾਰੇ ਨਾਲ ਸਮਝਾਉਣ ਲਈ ਦੁੱਧ ਦੇ ਭਰੇ ਕਟੋਰੇ ਤੇ ਚੰਬੇਲੀ ਦਾ ਫੁੱਲ ਟਿਕਾ ਦਿੱਤਾ ਅਤੇ ਸਮਝਾਇਆ ਕਿ ਪੀਰੋ ਜਿਸ ਤਰ੍ਹਾਂ ਦੁੱਧ ਭਰੇ ਕਟੋਰੇ ਤੇ ਇਸ ਫੁੱਲ ਰੱਖਣ ਨਾਲ ਦੁੱਧ ਨਹੀਂ ਡੁੱਲਿਆ ਇਸ ਤਰ੍ਹਾਂ ਸਾਡੇ ਇੱਥੇ ਆਉਣ ਨਾਲ ਤੁਹਾਡਾ ਕਾਰੋਬਾਰ ਨਹੀਂ ਰੁਕੇਗਾ। ਅਸੀਂ ਤਾਂ ਇੱਕ ਸੱਚੇ ਅੱਲਾ ਦਾ ਨਾਮ ਪਰਜਾ ਨੂੰ ਜਪਾਉਣ ਆਏ ਹਾਂ। ਜਿਵੇਂ ਗੰਗਾ ਦਾ ਪਾਣੀ ਸਮੁੰਦਰ ਵਿੱਚ ਪੈਣ ਨਾਲ ਸਮੁੰਦਰ ਦਾ ਕੁਝ ਨਹੀਂ ਵਿਗੜਦਾ ਸਾਡੇ ਇੱਥੇ ਆਉਣ ਨਾਲ ਤੁਹਾਡਾ ਵੀ ਕੁਝ ਨਹੀਂ ਵਿਗੜੇਗਾ।
ਸੰਨ ੧੭੯੯ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ। ਰਾਜ ਭਾਗ ਦੀ ਪ੍ਰਾਪਤੀ ਉਪਰੰਤ ਮਹਾਰਾਜਾ ਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨਾਲ ਸੰਧੀ ਅਹਿਦਨਾਮਾ ਲਿਖਿਆ ਕਿ ਤੁਸੀਂ ਸ਼ੇਰਿ-ਏ-ਪੰਜਾਬ ਦੀ ਸਰਕਾਰ ਦੇ ਵਫ਼ਾਦਾਰ ਰਹੋਂਗੇ, ਸਰਕਾਰ ਦੇ ਕਿਸੇ ਵੀ ਵਿਰੋਧੀ ਨਾਲ ਨਾ ਸੰਬੰਧ ਰਖੋਂਗੇ ਨਾ ਉਸ ਨੂੰ ਪਨਾਹ ਦੇਵੋਂਗੇ ਅਤੇ ਬਾਜ਼ਗੁਜ਼ਾਰੀ ਸਣੇ ਸਾਲਾਨਾ ਨਜ਼ਰਾਨਾ ਸਰਕਾਰੀ ਖਜ਼ਾਨੇ ਵਿੱਚ ਸਮੇਂ ਸਿਰ ਭੇਜੋਂਗੇ। ਪਰ ਖੋਟੇ ਦਿਲ ਅਤੇ ਹੰਕਾਰੀ ਦੁਰਾਚਾਰੀ ਮੁਜ਼ੱਫ਼ਰ ਖਾਨ ਨੇ ਇਸ ਅਹਿਮਦਨਾਮੇ ਦੀਆਂ ਸਾਰੀਆਂ ਸ਼ਰਤਾਂ ਅੱਖੋ-ਪਰੋਖੇ ਕਰਕੇ ਸਰਕਾਰ ਦੇ ਵਿਰੋਧੀ ਅਹਿਮਦ ਖਾਨ ਸਿਆਲ ਰਾਈਸ ਝੰਗ ਨੂੰ ਆਪਣੇ ਕੋਲ ਪਨਾਹ ਦਿੱਤੀ ਅਤੇ ਲੰਬੇ ਸਮੇਂ ਤੋਂ ਬਾਜ਼ਗੁਜ਼ਾਰੀ ਨਜ਼ਰਾਨਾ ਵੀ ਨਾ ਭੇਜਿਆ। ਮਹਾਰਾਜੇ ਨੂੰ ਇਹ ਪਤਾ ਲੱਗਣ ਤੇ ਕਿ ਇਸ ਨੇ ਕਸੂਰ ਦੇ ਕੁਤਬਦੀਨ ਨੂੰ ਹੱਲਾ-ਸ਼ੇਰੀ ਦੇ ਕੇ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ ਹੈ। ਮੁਲਤਾਨ ਦੇ ਨਵਾਬ ਦੇ ਸਰਕਾਰ ਵਿਰੋਧੀ ਪੈਂਤੜੇ ਤੱਕ ਕੇ ਜਨਵਰੀ ੧੮੧੦ ਨੂੰ ਸਰਕਾਰ ਨੇ ਸਰਦਾਰਾਂ ਦੀ ਸਭਾ ਬੁਲਾਈ ਅਤੇ ਮੁਲਤਾਨ ਤੇ ਚੜ੍ਹਾਈ ਕਰਨ ਦਾ ਫ਼ੈਸਲਾ ਲਿਆ। ਉਪਰੰਤ ਸ਼ੇਰਿ-ਏ-ਪੰਜਾਬ ਦੀ ਕਮਾਨ ਹੇਠ ਸਿੰਘਾਂ ਦੀ ਫ਼ੌਜ ਤੋਪਖਾਨੇ ਸਮੇਤ ੨੪ ਫਰਵਰੀ ਨੂੰ ਮੁਲਤਾਨ ਕੋਲ ਪੁੱਜ ਗਈ। ਇੱਥੇ ਪਹੁੰਚ ਕੇ ਮਹਾਰਾਜੇ ਨੇ ਸਰਦਾਰ ਫ਼ਤਹਿ ਸਿੰਘ ਨੂੰ ਨਵਾਬ ਕੋਲ ਏਲਚੀ ਦੇ ਤੌਰ ਤੇ ਭੇਜਿਆ ਕਿ ਉਹ ਜਾਂ ਤਾਂ ਨਜ਼ਰਾਨਾ ਸਰਕਾਰ ਨੂੰ ਦੇ ਦਵੇ ਨਹੀਂ ਤਾਂ ਜੰਗ ਲਈ ਤਿਆਰ ਰਹੇ। ਪਰ ਇਸ ਨੇ ਏਲਚੀ ਨੂੰ ਕੋਈ ਪੱਲਾ ਨਾ ਫੜਾਇਆ। ਸਗੋਂ ਕਿਲ੍ਹੇ ਵਿੱਚ ਸਾਲ ਭਰ ਦਾ ਰਾਸ਼ਨ ਵਗੈਰਾ ਜਮ੍ਹਾ ਕਰ ਕੇ ਖ਼ਾਲਸਾ ਫ਼ੌਜ ਨਾਲ ਮੱਥਾ ਲਾਉਣਾ ਚਾਹਿਆ।
ਨਵਾਬ ਦੇ ਭੈੜੇ ਅਤੇ ਵਿਰੋਧੀ ਕਾਰਨਾਮੇ ਦੇਖ ਕੇ ਖ਼ਾਲਸਾ ਫ਼ੌਜ ਨੇ ਮੁਲਤਾਨ ਸ਼ਹਿਰ ਘੇਰ ਕੇ ਕਬਜ਼ੇ ਵਿੱਚ ਕਰ ਲਿਆ। ਮੁਜ਼ਫਰ ਖਾਨ ਨੇ ਮੁਲਤਾਨ ਦੇ ਕਿਲ੍ਹੇ ਵਿੱਚ ਵੜ ਕੇ ਤੋਪਾਂ ਦੇ ਗੋਲਿਆਂ ਦੇ ਮੂੰਹ ਖ਼ਾਲਸਾ ਫ਼ੌਜਾਂ ਵੱਲ ਖੋਲ੍ਹ ਦਿੱਤੇ। ਕਈ ਦਿਨ ਜੰਗ ਚੱਲੀ ਤੇ ਸਿੰਘਾਂ ਦਾ ਕਾਫੀ ਨੁਕਸਾਨ ਹੋਇਆ। ਮੁਲਤਾਨ ਦਾ ਇਹ ਕਿਲ੍ਹਾ ਸੰਨ ੧੬੪੦ ਵਿੱਚ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਸ਼ਹਿਜ਼ਾਦਾ ਮੁਰਾਦ ਬਖਸ਼ ਨੇ ਬਣਾਇਆ ਸੀ। ਇਤਿਹਾਸ ਅੰਦਰ ਇਹ ਕਿਲ੍ਹਾ ਹਿੰਦ ਦੇ ਮਸ਼ਹੂਰ ਪੱਕਿਆਂ ਤੇ ਮੁੱਖ ਕਿਲ੍ਹਿਆਂ ਵਿੱਚ ਗਿਣਿਆ ਜਾਂਦਾ ਸੀ। ਸਿੰਘਾਂ ਨੇ ਕਿਲ੍ਹੇ ਤੇ ਜ਼ੋਰਦਾਰ ਹਮਲੇ ਕੀਤੇ ਪਰ ਪਕਿਆਈ ਕਰ ਕੇ ਅਤੇ ਦਰਵਾਜ਼ਿਆਂ ਤੇ ਚੰਗੇ ਮਾਰਕੇ ਦੀਆਂ ਤੋਪਾਂ ਬੀੜੀਆਂ ਹੋਣ ਕਰਕੇ ਅੰਦਰ ਨਾ ਵੜ ਸਕੇ। ਲੜਾਈ ਲੰਬੀ ਅਤੇ ਵਧੇਰੇ ਨੁਕਸਾਨ ਹੁੰਦਾ ਦੇਖ ਮਹਾਰਾਜੇ ਨੇ ਆਪਣੇ ਬਹਾਦਰਾਂ ਅੱਗੇ ਪੁਕਾਰ ਕੀਤੀ, "ਸਿੰਘੋ! ਹੁਣ ਕੁਰਬਾਨੀ ਦਾ ਸਮਾਂ ਆ ਗਿਆ ਹੈ। ਮੈਂ ਨੀ ਚਾਹੁੰਦਾ ਮੇਰੇ ਯੋਧੇ ਇਸ ਤਰ੍ਹਾਂ ਮੌਤ ਦੇ ਮੂੰਹ ਵਿੱਚ ਪਈ ਜਾਣ। ਹੁਣ ਜਿਤਨਾ ਚਿਰ ਬਰੂਦ ਦੀਆਂ ਸੁਰੰਗਾਂ ਕਿਲ੍ਹੇ ਦੀਆਂ ਕੰਧਾਂ ਵਿੱਚ ਨਹੀਂ ਵਿਛੌਂਦੇ ਅਤੇ ਕੰਧਾਂ ਨਹੀਂ ਤੋੜਦੇ ਅੰਦਰ ਜਾਣਾ ਅੱਤ ਮੁਸ਼ਕਲ ਹੈ। ਮਿੱਤਰੋ ਕੌਣ ਕੌਣ ਜਾਨ ਦੇਣ ਨੂੰ ਤਿਆਰ ਹੈ? ਮੈਂ ਖੁਦ ਤੁਹਾਡੇ ਨਾਲ ਇਸ ਕੰਮ ਵਿੱਚ ਹਿੱਸਾ ਲਵਾਂਗਾ, ਮਰਨ ਦੀ ਪਰਵਾਹ ਨਹੀਂ"। ਇਹ ਸੁਣਨ ਦੀ ਦੇਰ ਸੀ ਕਿ ਸਭਤੋਂ ਪਹਿਲਾਂ ਹਰੀ ਸਿੰਘ ਨਲੂਆ ਦੌੜ ਕੇ ਮਹਾਰਾਜੇ ਦੇ ਅੱਗੇ ਆ ਖਲੋਤਾ ਅਤੇ ਅਦਬ ਨਾਲ ਆਖਿਆ, "ਹਜ਼ੂਰ! ਮੈਂ ਇਹ ਫ਼ਰਜ਼ ਪੂਰਾ ਕਰਾਂਗਾ ਪਰ ਤੁਹਾਨੂੰ ਇਸ ਕੰਮ ਨਹੀਂ ਜਾਣ ਦੇਣਾ। ਤੁਹਾਡੀ ਕੌਮ ਨੂੰ ਵੱਡੀ ਲੋੜ ਹੈ"। ਇਸ ਦੇ ਨਾਲ ਹੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਅਤੇ ਸਰਦਾਰ ਅਤਰ ਸਿੰਘ ਵਰਗੇ ਸ਼ੇਰਿ-ਏ-ਦਿਲ ਸੂਰਮੇ ਮਹਾਰਾਜਾ ਸਾਮ੍ਹਣੇ ਕੁਰਬਾਨੀ ਲਈ ਆ ਖਲੋਤੇ। ਪ੍ਰੇਮ ਸਿੰਘ ਹੋਤੀ ਮਰਦਾਨ ਨੇ ਇਹਨਾਂ ਸੂਰਮਿਆਂ ਦੀ ਗਿਣਤੀ ੭੫ ਲਿਖੀ ਹੈ।
ਇਹ ਅਣਖੀ ਸੂਰੇ ਬਰੂਦ ਵਗੈਰਾ ਲੈ ਕੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ'॥ ਦੇ ਜੈਕਾਰੇ ਗਜਾਉਂਦੇ ਬਿਜਲੀ ਦੀ ਕੜਕ ਵਾਂਗ ਕਿਲ੍ਹੇ ਦੀ ਦੀਵਾਰ ਕੋਲ ਪਹੁੰਚੇ। ਇਹ ਦੇਖ ਕੇ ਨਵਾਬ ਦੀਆਂ ਫ਼ੌਜਾਂ ਨੇ ਇਹਨਾਂ ਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਇਹ ਯੋਧੇ ਗੋਲੀਆਂ ਦੀ ਬੁਛਾੜ ਵਿੱਚ ਸੁਰੰਗਾਂ ਵਿਛਾਉਂਦੇ ਰਹੇ ਅਤੇ ਕਈ ਮੌਤ ਦੇ ਮੂੰਹ 'ਚ ਚਲੇ ਗਏ। ਅਖੀਰ ਆਪਣਾ ਕੰਮ ਪੂਰਾ ਕਰਕੇ ਜਦ ਬਰੂਦ ਦੇ ਪਲੀਤਿਆਂ ਨੂੰ ਅੱਗ ਲਗਾਈ ਤਾਂ ਕਿਲ੍ਹੇ ਦੀ ਕੰਧ ਵਿੱਚ ਬਰੂਦ ਫਟਣ ਕਾਰਨ ਪਾੜ ਪਿਆ ਦਿਖਾਈ ਦਿੱਤਾ ਆਲੇ ਦੁਆਲੇ ਧੂੰਆਂ ਤੇ
ਮਿੱਟੀ ਘੱਟਾ ਚੜ੍ਹ ਗਿਆ। ਸਰਦਾਰ ਹਰੀ ਸਿੰਘ, ਨਿਹਾਲ ਸਿੰਘ ਅਤੇ ਅਤਰ ਸਿੰਘ ਕਿਉਂਕਿ ਇਹ ਕੰਧ ਦੇ ਨਜ਼ਦੀਕ ਸਨ ਇਹਨਾਂ ਤੇ ਕੰਧ ਦਾ ਮਲਬਾ ਆ ਡਿਗਿਆ ਅਤੇ ਫੱਟੜ ਹੋ ਕੇ ਧਰਤੀ ਤੇ ਡਿਗ ਪਏ। ਕੰਧ ਵਿੱਚ ਪਾੜ ਪਿਆ ਦੇਖ ਕੇ ਨਵਾਬ ਦੇ ਫ਼ੌਜੀਆਂ ਨੇ ਇਹਨਾਂ ਵੱਲ ਅੱਗ ਨਾਲ ਬਲਦੀਆਂ ਹਾਂਡੀਆਂ ਸੁੱਟੀਆਂ। ਜਦੋਂ ਰਸਾਲੇ ਦੇ ਸਿੰਘਾਂ ਨੇ ਇਹ ਸਰਦਾਰ ਡਿੱਗੇ ਪਏ ਦੇਖੇ ਅਤੇ ਇਹਨਾਂ ਕੋਲ ਅੱਗ ਦੀਆਂ ਲਾਟਾਂ ਦੇਖੀਆਂ ਤਾਂ ਮੌਤ ਦੀ ਪਰਵਾਹ ਨਾ ਕਰਦਿਆਂ ਇਹਨਾਂ ਨੂੰ ਬਾਹਰ ਕੱਢਣ ਦੀ ਹਿੰਮਤ ਕੀਤੀ। ਇਸ ਸਮੇਂ ਤੱਕ ਹਰੀ ਸਿੰਘ ਅਤੇ ਨਾਲ ਦੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਸਨ। ਅੱਗ ਲੱਗਣ ਕਾਰਣ ਸਰੀਰ ਵੀ ਝੁਲਸ ਗਏ। ਕੈਂਪ ਤੱਕ ਪਹੁੰਚਦਿਆਂ ਮਹਾਨ ਸੂਰਮਾ ਸਰਦਾਰ ਅਤਰ ਸਿੰਘ ਧਾਰੀ ਪ੍ਰਾਣ ਤਿਆਗ ਚੁੱਕੇ ਸਨ। ਹਰੀ ਸਿੰਘ ਸਮੇਤ ਬਹੁਤ ਸੂਰਮੇ ਬੇਸੁਰਤ ਸਨ। ਦੂਜੇ ਪਾਸੇ ਖਾਲਸਾ ਫ਼ੌਜਾਂ ਗੋਲੀਆਂ ਚਲਦੀਆਂ ਵਿੱਚ ਕੰਧ ਦੇ ਪਾੜ ਰਾਹੀਂ ਕਿਲ੍ਹੇ ਵਿੱਚ ਜਾ ਚੜ੍ਹੀਆਂ। ਸਿੰਘਾਂ ਦੀਆਂ ਤਲਵਾਰਾਂ ਹਨੇਰੀ ਵਾਂਗੂੰ ਸ਼ੂਕਦੀਆਂ ਅਤੇ ਗਾਟੇ ਲਹੁੰਦੀਆਂ ਦੇਖ ਤੁਰਕ ਥਰ ਥਰ ਕੰਬਣ ਲੱਗ ਗਏ। ਆਖੀਰ ਹਥਿਆਰ ਸੁੱਟ ਕੇ ਹਾਰ ਕਬੂਲ ਕਰ ਲਈ। ਨਵਾਬ ਮੁਜ਼ੱਫ਼ਰ ਖਾਨ ਨੂੰ ਸਿੰਘਾਂ ਨੇ ਪਕੜ ਲਿਆ।
ਉਧਰ ਸ਼ੇਰਿ-ਏ-ਪੰਜਾਬ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਅਤੇ ਨਿਹਾਲ ਸਿੰਘ ਅਟਾਰੀ ਵਾਲੇ ਦੀ ਹਾਲਤ ਬਹੁਤ ਹੀ ਗੰਭੀਰ ਹੈ ਮਹਾਰਾਜਾ ਸਾਹਿਬ ਨੇ ਅਜ਼ੀਜ਼-ਉਦ-ਦੀਨ ਅਤੇ ਵੈਦਾਂ ਨੂੰ ਇਹਨਾਂ ਦੇ ਫੱਟਾਂ ਤੇ ਮਰ੍ਹਮ ਪੱਟੀ ਕਰਨ ਲਈ ਹੁਕਮ ਦਿੱਤਾ। ਵੈਦਾਂ ਨੇ ਸਰਦਾਰ ਦੀ ਨਾਜੁਕ ਹਾਲਤ ਦੇਖ ਕੇ ਜਦੋਂ ਬਚਣ ਦੀ ਨਾ ਉਮੀਦ ਮਹਾਰਾਜੇ ਨੂੰ ਦੱਸੀ ਤਾਂ ਉਹ ਇਤਨਾ ਮਾਯੂਸ ਹੋਇਆ ਕਿ ਅੱਗੋਂ ਬੋਲਣ ਦੀ ਹਿੰਮਤ ਵੀ ਨਾ ਰਹੀ। ਪਰ :
ਜਿਸ ਦਾ ਸਾਸ ਨ ਕਾਢਤ ਆਪ॥ ਤਿਸ ਕੋ ਦੇ ਕਰ ਰਾਖੈ ਹਾਥਿ॥
ਕੁਝ ਦਿਨਾਂ ਪਿੱਛੋਂ ਜਿਉਂ ਹੀ ਇਹ ਸਿਰੜੀ, ਸਿਦਕੀ ਅਤੇ ਸ਼ਕਤੀਸ਼ਾਲੀ ਸੂਰਮੇ ਠੀਕ ਹੋਣੇ ਸ਼ੁਰੂ ਹੋ ਗਏ ਮਹਾਰਾਜੇ ਤੇ ਛਾਏ ਗਮਾਂ ਦੇ ਬੱਦਲ ਵੀ ਉੱਡ ਗਏ। ਉਸ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਫਿਰ ਪੂਰੀ ਸਿਹਤਯਾਬੀ ਅਤੇ ਆਰਾਮ ਲਈ ਇਹਨਾਂ ਨੂੰ ਲਾਹੌਰ ਦੇ ਵੱਡੇ ਸਫ਼ਾਖਾਨੇ ਵਿੱਚ ਪਹੁੰਚਾਉਣ ਲਈ ਤਾਕੀਦ ਕੀਤੀ। ਇਸ ਉਪਰੰਤ ਮਹਾਰਾਜੇ ਨੇ ਮੂੰਹ ਨਵਾਬ ਮੁੱਜ਼ਫ਼ਰ ਖ਼ਾਨ ਵੱਲ ਕੀਤਾ। ਜਿਸ ਨੂੰ ਸਿੰਘਾਂ ਨੇ ਪਕੜ ਕੇ ਕੈਦੀ ਬਣਾਇਆ ਹੋਇਆ ਸੀ। ਜਿਸ ਸਮੇਂ ਇਸ ਨੂੰ
ਸਰਕਾਰ ਅੱਗੇ ਪੇਸ਼ ਕੀਤਾ ਇਸ ਦੇ ਹੱਥ ਜੋੜੇ ਹੋਏ ਸਨ ਅਤੇ ਸਰੀਰ ਕੰਬ ਰਿਹਾ ਸੀ। ਰੋਦੇਂ ਕੁਰਲਾਉਂਦੇ ਨੇ ਆਪਣੀ ਚਿੱਟੀ ਦਾੜ੍ਹੀ ਫੜ ਕੇ ਆਖਿਆ, "ਸ਼ਹਿਨਸ਼ਾਹ! ਮੈਥੋਂ ਵੱਡੀ ਭੁੱਲ ਹੋਈ ਹੈ। ਮੈਂ ਤੁਹਾਡੇ ਨਾਲ ਕੀਤੇ ਵਾਅਦੇ ਅੱਖੋਂ-ਪਰੋਖੇ ਕਰ ਦਿੱਤੇ, ਮੈਂ ਵੱਡਾ ਧ੍ਰੋਹ ਕਮਾਇਆ ਹੈ ਆਪ ਨਾਲ ਮੱਥਾ ਲਾ ਕੇ। ਕਿਰਪਾ ਕਰੋ ਮੇਰੀ ਜਾਨ ਬਖਸ਼ ਦਿਉ। ਮੈਂ ਬਾਜਗੁਜ਼ਾਰੀ, ਨਜ਼ਰਾਨਾ ਤੇ ਤਾਵਾਨ ਜੰਗ ਸਭ ਕੁਝ ਦੇ ਦਿਆਂਗਾ ਅਤੇ ਅੱਗੋਂ ਤੋਂ ਅਜਿਹੀ ਗਲਤੀ ਨਹੀਂ ਕਰਾਂਗਾ"। ਮਹਾਰਾਜੇ ਨੇ ਇਸ ਦੀਆਂ ਲੇਲੜੀਆਂ ਸੁਣ ਕੇ ਆਪਣੇ ਨਰਮ ਸੁਭਾਅ ਅਨੁਸਾਰ ਕੇਵਲ ਮੁਆਫ਼ ਹੀ ਨਹੀਂ ਕੀਤਾ ਸਗੋਂ ਨਵਾਬੀ ਬਖਸ਼ ਕੇ ਮੁਲਤਾਨ ਦਾ ਚੰਗੀ ਤਰ੍ਹਾਂ ਰਾਜ-ਪ੍ਰਬੰਧ ਕਰਨ ਲਈ ਆਖਿਆ।
ਮਹਾਰਾਜੇ ਨੇ ਮੁਲਤਾਨ ਦੀ ਜਿੱਤ ਦੀ ਖੁਸ਼ੀ ਵਿੱਚ ਭਾਰੀ ਦਰਬਾਰ ਆਯੋਜਤ ਕੀਤਾ। ਇਸ ਵਿੱਚ ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਸ਼ਹੀਦ ਅਤੇ ਫੱਟੜ ਸਿੱਖਾਂ ਦੀ ਮਹਿਮਾਂ ਗਾਇਨ ਕੀਤੀ, ਉਨ੍ਹਾਂ ਦੇ ਪਰਵਾਰਾਂ ਨੂੰ ਪੈਨਸ਼ਨਾਂ ਤੇ ਜਾਗੀਰਾਂ ਬਖਸ਼ੀਆਂ। ਸਰਦਾਰ ਹਰੀ ਸਿੰਘ ਦੀ ਦਿਖਾਈ ਮਹਾਨ ਦਲੇਰੀ ਬਦਲੇ ਵਿਸ਼ੇਸ਼ ਧੰਨਵਾਦ ਕੀਤਾ ਗਿਆ, ੨੦ ਹਜ਼ਾਰ ਰੁਪਏ ਸਲਾਨਾ ਜਾਗੀਰ ਦਿੱਤੀ। ਖੁਸ਼ੀ ਵਿੱਚ ਆ ਕੇ ਸ਼ੇਰਿ-ਏ-ਪੰਜਾਬ ਨੇ ਸੋਨੇ ਦੀਆਂ ਮੋਹਰਾਂ ਹਰੀ ਸਿੰਘ ਦੇ ਸਿਰ ਤੋਂ ਦੀ ਵਾਰੀਆਂ। ਸੀਤਾ ਰਾਮ ਨੇ ਇਸ ਸਮੇਂ ਦਾ ਨਜ਼ਾਰਾ ਕਾਵਿ ਰੂਪ ਵਿੱਚ ਇੰਞ ਲਿਖਿਆ ਹੈ-
ਤਬ ਮਹਾਰਾਜ ਥਾਪੀ ਦੇਨ ਹਰੀ ਸਿੰਘ ਤਾਈਂ,
ਨਿਮਕ ਹਲਾਲੀ ਐਸਾ ਸੂਰਮਾ ਨਾ ਕਾਈ ਹੈ।
ਵਾਰ ਕੇ ਕੱਢੇ ਮੋਹਰਾਂ ਸੁੱਟ ਦਿੰਦੇ ਸੀਸ ਉੱਤੋਂ,
ਹਿਰਦੇ ਕੇ ਬੀਚ ਖੁਸ਼ੀ ਜਾਈ ਨਾ ਸਮਾਈ ਹੈ।
ਮਿੱਠੇ ਟਿਵਾਣੇ ਉੱਪਰ ਫ਼ਤਹਿ
ਇਤਿਹਾਸਕ ਗਾਥਾ ਮੁਤਾਬਕ ੧੬੯੦ ਵਿੱਚ ਮੀਰ ਅਹਿਮਦ ਖਾਨ ਨੇ ਇਸ ਜਗ੍ਹਾ ਤੇ ਇੱਕ ਖੂਹ ਖੁਦਵਾਇਆ ਸੀ ਜਿਸ ਦਾ ਪਾਣੀ ਕੁਦਰਤੀ ਮਿੱਠਾ ਪਾਇਆ ਗਿਆ ਜਦ ਕਿ ਆਲੇ ਦੁਆਲੇ ਦੇ ਇਲਾਕੇ ਦਾ ਪਾਣੀ ਖਾਰਾ ਸੀ। ਟਿਵਾਣੇ ਗੋਤ ਦੇ ਪਰਿਵਾਰ ਇਥੇ ਰਹਿਣ ਕਰਕੇ ਇਸ ਜਗ੍ਹਾ ਦਾ ਨਾਂ ਮਿੱਠਾ ਟਿਵਾਣਾ ਪੈ ਗਿਆ।
ਖਾਲਸਾ ਰਾਜ ਦੇ ਸਮੇਂ ਟਿਵਾਣਿਆਂ ਦੇ ਆਗੂ ਅਹਿਮਦ ਯਾਰ ਖਾਨ ਤੇ ਉਸ ਦੇ ਬੰਦਿਆਂ ਨੇ ਐਸੀ ਬਦਮਾਸ਼ੀ, ਬੇ-ਸਲੂਕੀ ਅਤੇ ਬੇਇਜ਼ਤੀ ਇਥੋਂ ਦੀ ਪਰਜਾ ਅਤੇ ਧੀਆਂ ਭੈਣਾਂ ਦੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀਆਂ ਖਬਰਾਂ ਸ਼ੇਰਿ-ਏ-ਪੰਜਾਬ ਨੂੰ ਦਿਨ-ਬਦਿਨ ਪਹੁੰਚਦਿਆਂ ਸਨ। ਇਸ ਚੁੱਕੀ ਅੱਤ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਹਰੀ ਸਿੰਘ ਨੂੰ ਹੁਕਮ ਦਿੱਤਾ। ਨਲੂਏ ਨੇ ੭ ਫਰਵਰੀ ੧੮੧੨ ਨੂੰ ਮਿੱਠੇ ਟਿਵਾਣੇ ਵੱਲ ਫ਼ੌਜ ਸਮੇਤ ਕੂਚ ਕੀਤਾ। ਅੱਗੇ ਮੱਛਰੇ ਹੋਏ ਟਿਵਾਣੇ ਅਹਿਮਦ ਯਾਰ ਖ਼ਾਨ ਦੀ ਅਗਵਾਈ ਹੇਠ ਖ਼ਾਲਸਾ ਫ਼ੌਜ ਨਾਲ ਦੋ ਹੱਥ ਕਰਨ ਲਈ ਡਟ ਗਏ। ਹਰੀ ਸਿੰਘ ਨੇ ਇਹਨਾਂ ਨੂੰ ਲੜਾਈ ਨਾ ਕਰਨ ਲਈ ਆਖਿਆ ਪਰ ਇਹ ਨਾ ਟਲੇ। ਸਰਦਾਰ ਦੀ ਅਮਨ ਅਮਾਨ ਕਰਨ ਦੀ ਅਪੀਲ ਤੇ ਦਲੀਲ ਰੱਦ ਕਰਕੇ ਇਹਨਾਂ ਸ਼ਸਤਰ ਚੱਕ ਲਏ। ਇੱਕ ਦਿਨ ਘਮਸਾਣ ਦੀ ਜੰਗ ਹੋਈ ਵੱਡਾ ਨੁਕਸਾਨ ਕਰਾਕੇ ਇਹਨਾਂ ਈਨ ਮੰਨ ਕੇ ਮਿੱਠੇ ਟਿਵਾਣੇ ਦੀ ਗੜ੍ਹੀ ਖਾਲ੍ਹੀ ਕਰ ਦਿੱਤੀ। ਸ਼ਾਮ ਨੂੰ ਖ਼ਾਲਸਈ ਝੰਡੇ ਗੜ੍ਹੀ ਤੇ ਝੂਲ ਗਏ।
ਉੱਚ ਦੇ ਪੀਰਾਂ ਦੀ ਸੁਧਾਈ
ਉੱਚ ਦੇ ਪੀਰ ਇਸਲਾਮ ਅੰਦਰ ਖੁਦਾ ਦੀ ਭਗਤੀ ਕਰਨ ਵਾਲੇ ਧਰਮੀ ਪੁਰਸ਼ ਗਿਣੇ ਜਾਂਦੇ ਸਨ। ਭਾਈ ਵੀਰ ਸਿੰਘ ਜੀ ਅਨੁਸਾਰ ਇਹਨਾਂ ਦਾ ਵੱਡਕਾ ਗੁਰੂ ਨਾਨਕ ਦੇਵ ਜੀ ਨੂੰ ਮੱਕੇ ਵਿੱਚ ਮਿਲਿਆ ਸੀ ਤੇ ਗੁਰੂ ਦੇ ਹੁਕਮ ਸਦਕਾ ਕੇਸਾਧਾਰੀ ਸਨ। ਇਹ ਆਮ ਕਰਕੇ ਕਾਲੇ ਜਾਂ ਨੀਲੇ ਕੱਪੜੇ ਪਹਿਨਦੇ ਸਨ। ਉੱਚ ਦੇ ਪੀਰ ਨੂੰ ਵਿਸ਼ੇਸ਼ ਕਰਕੇ ਚਾਰ ਬੰਦੇ ਪਲੰਘ ਤੇ ਬਿਠਾ ਕੇ ਲਿਜਾਂਦੇ ਸਨ ਅਤੇ ਇੱਕ ਬੰਦਾ ਪਿੱਛੇ ਪਿੱਛੇ ਚਲਦਾ ਹੋਇਆ ਚੌਰ ਕਰਦਾ ਜਾਂਦਾ ਸੀ। ਗੁਰੂ ਕਲਗੀਧਰ ਵੀ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ ਸਨ। ਮਹਾਰਾਜਾ ਰਣਜੀਤ ਸਿੰਘ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਕਿਉਂਕਿ ਗੁਰੂ ਘਰ ਦੇ ਇਹ ਪਰਮ ਪ੍ਰੇਮੀ ਸਨ। ਪਰ ਇਹਨਾਂ ਵਿੱਚੋਂ ਹੀ ਗੈਲਾਨੀ ਸੱਯਦ ਮੁਗਲੀਆ ਨੂੰ ਸਰਕਾਰ ਵੱਲੋਂ ਜਾਗੀਰਾਂ ਮਿਲਣ ਕਾਰਨ ਇਹ ਅਖੌਤੀ ਉੱਚ ਦੇ ਪੀਰ ਗੈਰ ਮੁਸਲਮਾਨਾਂ ਨਾਲ ਕੇਵਲ ਘ੍ਰਿਣਾ ਹੀ ਨਹੀਂ ਸਨ ਕਰਦੇ ਸਗੋਂ ਉਹਨਾਂ ਤੇ ਵਧੀਕੀਆਂ, ਲੁੱਟਮਾਰ ਤੇ ਭਾਰੀ ਅਤਿਆਚਾਰ ਕਰਨ ਲੱਗੇ। ਇਤਿਹਾਸਕ ਪੜਚੋਲ ਅਨੁਸਾਰ ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਹਨ ਕਿ ਇਹ ਹਿੰਦੂ ਨੂੰ ਦੇਖ ਕੇ ਆਪਣੇ ਮੂੰਹ ਤੇ ਕਪੜਾ ਪਾ ਲੈਂਦੇ ਸਨ ਜਾਂ ਲੰਘੇ ਜਾਂਦੇ ਹਿੰਦੂ ਤੇ ਥੁੱਕ ਦਿੰਦੇ ਸਨ। ਜਦੋਂ ਸ਼ੇਰਿ-ਏ-ਪੰਜਾਬ ਨੂੰ ਇਹਨਾਂ ਦੇ ਕੁਕਰਮਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਅਪਰਾਧ ਕਰਨ ਤੋਂ ਬਾਰ ਬਾਰ ਵਰਜਿਆ ਪਰ ਇਹ ਨਾ ਹਟੇ।
ਮਹਾਰਾਜਾ ਨੇ ਸਰਦਾਰ ਦਲ ਸਿੰਘ ਅਤੇ ਸਰਦਾਰ ਹਰੀ ਸਿੰਘ ਜੋ ਮਿੱਠੇ ਟਿਵਾਣੇ ਤੋਂ ਖ਼ਾਲਸੇ ਦੀ ਜਿੱਤ ਦੇ ਡੰਕੇ ਵਜਾ ਕੇ ਆ ਰਹੇ ਸਨ ਰਸਤੇ ਵਿੱਚ ਰਹਿ ਰਹੇ ਉੱਚ ਦੇ ਪੀਰਾਂ ਦੀ ਸੁਧਾਈ ਲਈ ਹੁਕਮ ਭੇਜਿਆ। ਇਹਨਾਂ ਸਰਦਾਰਾਂ ਨੇ ਸਰਕਾਰ ਦਾ ਹੁਕਮ ਪਗਾਉਣ ਲਈ ਇਹਨਾਂ ਉੱਚ ਦੇ ਪੀਰਾਂ ਤੇ ਧਾਵਾ ਬੋਲ ਦਿੱਤਾ। ਸਿੰਘਾਂ ਦੀ ਫ਼ੌਜ ਅੱਗੇ ਇਹਨਾਂ ਗੋਡੇ ਟੇਕ ਦਿੱਤੇ ਅਤੇ ਜਾਨ ਬਖਸ਼ੀ ਲਈ ਮੂੰਹ ਵਿੱਚ ਘਾਹ ਲੈ ਕੇ ਖ਼ਾਲਸੇ ਦੇ ਦਰਬਾਰ ਵਿੱਚ ਹਾਜ਼ਰ ਹੋਏ। ਲਿਖਤੀ ਤੌਰ ਤੇ ਮੰਨਿਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਲਾਹੌਰ ਦਰਬਾਰ ਦੇ ਹੁਕਮ ਵਿੱਚ ਚਲਾਂਗੇ ਅਤੇ ਨਾਲ ਹੀ ਗਲਤੀਆਂ ਦਾ ੨੫ ਹਜਾਰ ਰੁਪਏ ਜੁਰਮਾਨਾ ਵੀ ਦਿੱਤਾ। ਇਹਨਾਂ ਦੀ ਸੁਧਾਈ ਲਈ ਹਰੀ ਸਿੰਘ ਵੱਲੋਂ ਦਿਖਾਈ ਬਹਾਦਰੀ ਬਾਰੇ ਸਰਦਾਰ ਦਲ ਸਿੰਘ ਨੇ ਮਹਾਰਾਜੇ ਨੂੰ ਜਦੋਂ ਦੱਸਿਆ ਤਾਂ ਰਣਜੀਤ ਸਿੰਘ ਨੇ ਸਰਦਾਰ ਦੀ ਬਹੁਤ ਸ਼ਲਾਘਾ ਕੀਤੀ। ਸੀਤਾ ਰਾਮ ਨੇ ਸਰਦਾਰ ਦੀ ਬਹਾਦਰੀ ਤੇ ਤੇਜ਼-ਤਰਾਰ ਦਿਮਾਗ ਦੇ ਅੱਗੇ ਝੁਕਦੇ ਤੁਰਕਾਂ ਬਾਰੇ ਬੜੇ ਜੋਸ਼ੀਲੇ ਸ਼ਬਦ ਆਪਣੇ ਕਾਵਿ ਵਿੱਚ ਲਿਖੇ ਹਨ:
ਹੱਥ ਜੋੜ ਕਹਿੰਦੇ ਲਕੀਰਾਂ ਨਾਲ ਕੱਢ ਨੱਕ ਦੇ,
ਲੜਾਂਗੇ ਨਾ ਮੁੜ ਕੇ ਦੁਹਾਈ ਅੱਲਾ ਪਾਕ ਦੀ ਹੈ,
ਖਾਂਵਦੇ ਸੁਗੰਧਾਂ ਕੁਰਾਨ ਪਏ ਚੱਕ ਦੇ,
ਸੀਤਾ ਰਾਮ ਮੱਚ ਗਈ ਦੁਹਾਈ ਹਰੀ ਸਿੰਘ ਵਾਲੀ,
ਮਾਰ ਮਾਰ ਮੁਸਲੇ ਉਡਾਏ ਵਾਂਗ ਫੱਕ ਦੇ।
ਕੋਹਿਨੂਰ ਹੀਰਾ ਸ਼ੇਰਿ-ਏ-ਪੰਜਾਬ ਨੂੰ ਦਵਾਉਣਾ
ਕੋਹਿਨੂਰ ਹੀਰਾ ੧੦੬ ਕੈਰੇਟ (੩੭ ਗ੍ਰਾਮ) ਦਾ ਸੀ ਜਿਸ ਨੂੰ ਉਰਦੂ ਅਤੇ ਫ਼ਾਰਸੀ ਵਿੱਚ ਰੋਸ਼ਨੀ ਦੇ ਪਰਬਤ ਨਾਲ ਜਾਣਿਆ ਜਾਂਦਾ ਸੀ। ਦੁਨੀਆਂ ਅੰਦਰ ਇਸ ਦੇ ਤੁੱਲ ਹੋਰ ਕੋਈ ਹੀਰਾ ਨਹੀਂ ਹੈ। ਇਤਿਹਾਸਕਾਰਾਂ ਮੁਤਾਬਕ ਇਹ ਹੀਰਾ ਆਂਧਰਾ ਪ੍ਰਦੇਸ਼ 'ਚ ਗੋਲ ਕੁੰਡਾ ਦੀਆਂ ਖਾਣਾਂ 'ਚੋਂ ਪ੍ਰਾਪਤ ਹੋਇਆ ਸੀ। ਇਹ ਬਹੁਤ ਹੀ ਕੀਮਤੀ ਹੀਰਾ ਮੁਗਲਾਂ, ਮਰਾਠਿਆਂ ਦੇ ਹੱਥਾਂ 'ਚੋਂ ਹੁੰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਕੋਲ ੧੮੧੩ ਵਿੱਚ ਪਹੁੰਚ ਗਿਆ। ਪਰ ਖ਼ਾਲਸਾ ਰਾਜ ਦੇ ਪਤਨ ਮਗਰੋਂ ਬਰਤਾਨਵੀ ਸਰਕਾਰ ਦੇ ਹੱਥ ਆ ਗਿਆ। ਉਹਨਾਂ ਮਰਹੂਮ ਰਾਣੀ ਦੇ ਤਾਜ ਦਾ ਹਿੱਸਾ ਬਨਾਉਣ ਲਈ ਇਸ ਨੂੰ ਕੱਟ ਕੇ ੧੦੫ ਕੈਰੇਟ (੩੧.੬ ਗ੍ਰਾਮ) ਬਣਾ ਦਿੱਤਾ। ਇੱਕ ਅੰਦਾਜੇ ਮੁਤਾਬਕ ਇਸ ਦਾ ਮੁੱਲ ੧੦ ਅਰਬ ਪੌਂਡ ਤੋਂ ਵੀ ਵੱਧ ਹੈ।
ਇਹ ਹੀਰਾ ਕਾਬਲ ਦੇ ਰਾਜੇ ਸ਼ਾਹ ਸੁਜਾਅ ਤੋਂ ਸ਼ੇਰਿ-ਏ-ਪੰਜਾਬ ਨੂੰ ਮਿਲਿਆ ਸੀ। ਬਾਰਕਜ਼ਈ ਸਰਦਾਰ ਫ਼ਤਹਿ ਖਾਨ ਵਜ਼ੀਰ ਦਾ ਜ਼ੋਰ ਵਧਣ ਕਰ ਕੇ ਸ਼ਾਹ ਮਹਿਮੂਦ ਨੇ ਆਪਣੇ ਛੋਟੇ ਭਾਈ ਸ਼ਾਹ ਸੁਜਾਅ ਨੂੰ ਗੱਦੀਓਂ ਲਾਹ ਦਿੱਤਾ ਸੀ। ਸ਼ਾਹ ਸੁਜਾਅ ਸ਼ਾਹੀ ਪਰਵਾਰ ਸਮੇਤ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਆ ਗਿਆ। ਪਰ ਦਿਲ-ਦਿਮਾਗ ਵਿੱਚ ਰਾਜ ਭਾਗ ਦੀ ਖਿੱਚ ਕਾਰਨ ਕਸ਼ਮੀਰ ਦੇ ਹਾਕਮ ਅੱਤਾ ਮੁਹੰਮਦ ਖਾਨ ਦੀ ਮੱਦਦ ਨਾਲ ਇਹ ਪਿਸ਼ਾਵਰ ਤੇ ਕਾਬਜ ਹੋ ਗਿਆ। ਪਿਸ਼ਾਵਰ ਤੋਂ ਚੱਲ ਕੇ ਇਸ ਨੇ ਸ਼ਾਹ ਮਹਿਮੂਦ ਨੂੰ ਸ਼ਿਕਸ਼ਤ ਦੇ ਕੇ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਦੀ ਸੰਤਾਨ ਹੋਣ ਦੇ ਬਾਵਜੂਦ ਸ਼ਾਹ ਸੁਜਾਅ ਆਪਣੇ ਬਾਰਕਜ਼ਈ ਭਰਾਵਾਂ ਦੇ ਅੱਯਾਸ਼ੀ, ਮਦ-ਮਸਤੀ ਅਤੇ ਭੈੜੀਆਂ ਕਰਤੂਤਾਂ ਕਾਰਨ ਬਹੁਤਾ ਚਿਰ ਰਾਜ ਨਾ ਕਰ ਸਕਿਆ। ਮਹਿਮੂਦ ਸ਼ਾਹ ਨੇ ਸ਼ਾਹ ਸੁਜਾਅ ਨੂੰ ਐਸੀ ਭਾਂਜ ਦਿੱਤੀ ਕਿ ਇਹ ਜਾਨ ਬਚਾਅ ਕੇ ਕਸ਼ਮੀਰ ਪਹੁੰਚ ਗਿਆ। ਸ਼ਾਹ ਸੁਜਾਅ ਦੀ ਬੇਗਮ ਨੇ ਇਹ ਡਰ ਮਹਿਸੂਸ ਕਰ ਕੇ ਕਿ ਕਸ਼ਮੀਰ ਦਾ ਹਾਕਮ ਅੱਤਾ ਮੁਹੰਮਦ ਖ਼ਾਨ ਸ਼ਾਹ ਮਹਿਮੂਦ ਦੇ ਕਹਿਣ ਤੇ ਉਸ ਦੇ ਸ਼ਾਹ ਨੂੰ ਮਰਵਾ ਨਾ ਦਵੇ ਸ਼ੇਰਿ-ਏ-ਪੰਜਾਬ ਨੂੰ ਜਾ ਮਿਲੀ। ਮਹਾਰਾਜੇ ਪਾਸ ਇਸਨੇ ਅਰਜ਼ ਕੀਤੀ ਕਿ ਉਹ ਆਪਣੀ ਫ਼ੌਜ ਭੇਜ ਕੇ ਕਸ਼ਮੀਰ ਦੇ ਹਾਕਮ ਤੋਂ ਛੁਡਾ ਕੇ ਸ਼ਾਹ ਸੁਜਾਅ ਨੂੰ ਲਾਹੌਰ ਲੈ ਆਉਣ ਤੇ ਉਹ ਕੋਹਿਨੂਰ ਹੀਰਾ ਭੇਂਟ ਕਰ ਦਵੇਗੀ।
ਮਹਾਰਾਜਾ ਸਾਹਿਬ ਨੇ ਸਰਦਾਰ ਨਲਵਾ ਨੂੰ ਕਸ਼ਮੀਰ ਤੇ ਚੜ੍ਹਾਈ ਕਰਨ ਲਈ ਹੁਕਮ ਦਿੱਤਾ ਅਤੇ ਸ਼ਾਹ ਸੁਜਾਅ ਨੂੰ ਅੱਤਾ ਮੁਹੰਮਦ ਖ਼ਾਨ ਦੇ ਬੰਦੀਖਾਨੇ 'ਚੋਂ ਸਹੀ ਸਲਾਮਤ ਛੁਡਾ ਕੇ ਲਿਆਉਣ ਲਈ ਆਖਿਆ। ਇਹਨੀ ਦਿਨੀ ਵਜ਼ੀਰ-ਫ਼ਤਹਿ ਖਾਨ ਵੀ ਸਰਕਾਰ ਨੂੰ ਖਾਲਸਾ ਦਰਬਾਰ ਵਿੱਚ ਆ ਮਿਲਿਆ। ਉਸ ਨੇ ਆਖਿਆ ਕਿ ਮੈਂ ਕਸ਼ਮੀਰ ਦੀ ਲੁੱਟ ਚੋਂ ਨੌ ਲੱਖ ਰੁਪਏ ਤੁਹਾਨੂੰ ਦੇਵਾਂਗਾ। ਆਪਾਂ ਇਕੱਠੇ ਚੜ੍ਹਾਈ ਕਰੀਏ। ਇੰਞ ਦੋਹਾਂ ਫ਼ੌਜਾਂ ਨੇ ਸਾਂਝੀ ਚੜ੍ਹਾਈ ਕੀਤੀ ਅਤੇ ਕਸ਼ਮੀਰ ਤੇ ਜਾ ਧਾਵਾ ਬੋਲਿਆ। ਵਜ਼ੀਰ ਫ਼ਤਹਿ ਖਾਨ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਸ਼ਾਹ ਸੁਜਾਅ ਮੇਰੇ ਹੱਥ ਆ ਜਾਵੇ ਅਤੇ ਖਾਲਸਾ ਫ਼ੌਜ ਨੂੰ ਵਾਅਦਾ ਕੀਤਾ ਧਨ ਵੀ ਨਾਂ ਦਵਾਂ। ਸੁਜਾਨ ਹਰੀ ਸਿੰਘ ਨਲੂਏ ਨੇ ਦੂਜੇ ਸਰਦਾਰਾਂ ਨਾਲ ਮਿਲ ਕੇ ਬੜੀ ਸਮਝਦਾਰੀ ਅਤੇ ਫੁਰਤੀ ਨਾਲ ਸ਼ਾਹ ਸੁਜਾਅ ਨੂੰ ਛੁਡਾ ਲਿਆ। ਵਜ਼ੀਰ ਫ਼ਤਹਿ ਖਾਨ ਲੁੱਟ ਦਾ ਸਾਰਾ ਮਾਲ ਲੈ ਕੇ ਕਾਬਲ ਨੂੰ ਤੁਰ ਗਿਆ ਅਤੇ ਆਪਣੇ ਭਰਾ ਅਜ਼ੀਮ ਖਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਗਿਆ।
ਸਰਦਾਰ ਹਰੀ ਸਿੰਘ ਨੇ ਸ਼ਾਹ ਸੁਜਾਅ ਨੂੰ ਲਾਹੌਰ ਦਰਬਾਰ ਵਿੱਚ ਪਹੁੰਚਾ ਦਿੱਤਾ। ਮਹਾਰਾਜੇ ਵੱਲੋਂ ਜਿੱਤ ਦੀਆਂ ਭਾਰੀ ਖੁਸ਼ੀਆਂ ਮਨਾਈਆਂ ਗਈਆਂ। ਸ਼ਾਹ ਸੁਜਾਅ ਦਾ ਵੀ ਚੰਗਾ ਸੁਆਗਤ ਕਰਕੇ ਉਸ ਨੂੰ ਉਸ ਦੀ ਬੇਗਮ ਪਾਸ ਮੁਬਾਰਕ ਹਵੇਲੀ ਵਿੱਚ ਪਹੁੰਚਾ ਦਿੱਤਾ। ਭਾਵੇਂ ਬੇਗਮ ਅਤੇ ਸ਼ਾਹ ਸੁਜਾਅ ਨੇ ਕੋਹਿਨੂਰ ਹੀਰਾ ਦੇਣ ਤੋਂ ਟਾਲ-ਮਟੋਲ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਨੇ ਹਿੱਕ ਦੇ ਜ਼ੋਰ ਨਾਲ ਇਸ ਨੂੰ ਕਾਬੂ ਕਰ ਲਿਆ। ਤਕਰੀਬਨ ੨੬ ਸਾਲ (੧੮੧੩-੧੮੩੯) ਤੱਕ ਇਹ ਹੀਰਾ ਮਹਾਰਾਜੇ ਕੋਲ ਰਿਹਾ। ਜਦੋਂ ੧੮੩੯ ਵਿੱਚ ਮਹਾਰਾਜੇ ਨੇ ਆਪਣਾ ਅੰਤਲਾ ਸਮਾਂ ਨੇੜੇ ਆਉਂਦਾ ਦੇਖਿਆ ਤਾਂ ਕੋਹਿਨੂਰ ਨੂੰ ਜਗਨ ਨਾਥ ਮੰਦਰ (ਉੜੀਸਾ) ਦੇ ਨਾਂ ਤੇ ਵਸੀਅਤ (willed) ਕਰਵਾ ਦਿੱਤਾ ਸੀ। ਪਰ ਖਾਲਸਾ ਰਾਜ ਤੇ ਕਾਬੂ ਪਾ ਕੇ ਈਸਟ ਇੰਡੀਆ ਕੰਪਨੀ ਨੇ ਲਾਹੌਰ ਦੇ ਖ਼ਾਲਸਾ ਤੋਸ਼ੇਖਾਨੇ ਵਿੱਚੋਂ ਹੋਰ ਬਹੁ-ਮੁੱਲੀਆਂ ਵਸਤਾਂ ਸਮੇਤ ਕੋਹਿਨੂਰ ਹੀਰਾ ਵੀ ਚੁਰਾ ਲਿਆ। ਇੰਞ ਅੰਗਰੇਜ਼ ਸਰਕਾਰ ਨੇ ਮਹਾਰਾਜੇ ਦੀ ਸੋਚ ਪੂਰੀ ਨਾ ਹੋਣ ਦਿੱਤੀ।
ਅਟਕ ਦੇ ਕਿਲ੍ਹੇ ਉੱਪਰ ਕਾਬਜ਼ ਹੋਣਾ
ਅਟਕ ਦਾ ਇਲਾਕਾ ਪੁਰਾਤਨ ਸਮੇਂ ਅੰਦਰ ਗੰਧਰਵ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿਵੇਂ ਜਿਵੇਂ ਸੱਭਿਅਤਾ ਵਿੱਚ ਤਬਦੀਲੀ ਆਈ ਰਾਜਿਆਂ ਦੇ ਰਾਜ ਬਦਲੇ ਇਸ ਦਾ ਨਾਂ ਵੀ ਬਦਲਦਾ ਗਿਆ। ਕਾਬਲ ਦਰਿਆ, ਕਾਬਲ (ਅਫਗਾਨਿਸਤਾਨ ਦਾ ਸ਼ਹਿਰ) ਦੇ ਪੱਛਮੀ ਪਾਸੇ ਤੋਂ ਸ਼ੁਰੂ ਹੋ ਕੇ ੪੩੫ ਮੀਲ ਦੀ ਦੂਰੀ ਤੇ ਅਟਕ ਜਾ ਕੇ ਖ਼ਤਮ ਹੋ ਜਾਂਦਾ ਹੈ ਅਤੇ ਸਿੰਧ ਵਿੱਚ ਜਾ ਪੈਂਦਾ ਹੈ। ਪੁਰਾਣੇ ਸਮਿਆਂ ਅੰਦਰ ਇਸ ਦਰਿਆ ਨੂੰ ਸਿੰਧੂ ਆਖਿਆ ਜਾਂਦਾ ਸੀ। ਗਰੀਕ ਵਿੱਚ ਇਸ ਨੂੰ ਸਿਨਥੂ, ਰੋਮਨ ਵਿੱਚ ਸਿੰਯੋਜ ਕਹਿੰਦੇ ਹਨ ਪਰ ਚੀਨੀ ਲੇਖਕਾਂ ਨੇ ਇਸ ਨੂੰ ਸਿਨਤੂ ਲਿਖਿਆ ਹੈ ਜਦ ਕਿ ਈਰਾਨੀ ਆਬ-ਏ-ਸਿੰਧ ਅਤੇ ਪਲੀਨੀ ਇੰਡਸ ਲਿਖਦਾ ਹੈ। ਇਸ ਦਰਿਆ ਪਾਰ ਕਰਨ ਸਮੇਂ ਫ਼ੌਜਾਂ ਨੂੰ ਜਾਂ ਯਾਤਰੂਆਂ ਨੂੰ ਰੁਕਣਾ ਪੈਂਦਾ ਸੀ। ਕਿਉਂਕਿ ਅਟਕ ਦਾ ਭਾਵ ਹੀ ਹੈ 'ਰੁਕਣਾ'। ਇਹ ਸ਼ਬਦ ਪਹਿਲੀ ਵਾਰ 'ਆਈਨੇ ਅਕਬਰੀ' ਵਿੱਚ ਵਰਤਿਆ ਗਿਆ ਅਤੇ ਅਕਬਰ ਬਾਦਸ਼ਾਹ ਨੇ ਇਸ ਦਾ ਨਾਮ ਅਟਕ ਰੱਖਿਆ। ਅਕਬਰ ਨੇ ੧੫੮੧ ਵਿੱਚ ਉੱਚੀ ਜਗ੍ਹਾ ਤੇ ਇੱਕ ਬਹੁਤ ਹੀ ਮਜਬੂਤ, ਆਲੀਸ਼ਾਨ ਅਤੇ ਵੱਡੇ ਆਕਾਰ ਦਾ ਕਿਲ੍ਹਾ ਬਣਾਇਆ ਜਿਸ ਦਾ ਨਾਂ ਵੀ ਅਟਕ ਰੱਖਿਆ। ਅਫਗਾਨਿਸਤਾਨ ਦੀਆਂ ਫ਼ੌਜਾਂ ਦਾ ਹਿੰਦੁਸਤਾਨ ਅੰਦਰ ਦਾਖਲੇ
ਲਈ ਮਾਨੋ ਇਹ ਮੁੱਖ ਦੁਆਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਕਿਲ੍ਹੇ ਉੱਪਰ ਜਹਾਨ ਦਾਦ ਖਾਨ ਦਾ ਕਬਜ਼ਾ ਸੀ। ਮਹਾਰਾਜੇ ਦੀ ਬੁੱਧੀ ਬਹੁਤ ਤੀਖਣ ਅਤੇ ਸੋਚ-ਦੂਰ ਦ੍ਰਿਸ਼ਟੀ ਵਾਲੀ ਸੀ। ਸਰਦਾਰਾਂ ਨਾਲ ਸੋਚ ਵਿਚਾਰ ਕਰ ਕੇ ਸਰਕਾਰ ਨੇ ਕਿਹਾ ਕਿ ਜਿਤਨਾ ਚਿਰ ਤੱਕ ਆਪਾਂ ਅਟਕ ਦੇ ਕਿਲ੍ਹੇ ਤੇ ਕਬਜ਼ਾ ਨਹੀਂ ਕਰ ਲੈਂਦੇ ਉਤਨਾਂ ਚਿਰ ਅਫਗਾਨਾਂ ਨੂੰ ਪੰਜਾਬ ਅੰਦਰ ਦਾਖਲ ਹੋਣ ਤੋਂ ਰੋਕ ਨਹੀਂ ਸਕਾਂਗੇ ਅਤੇ ਪੰਜਾਬ ਵਿੱਚ ਅਮਨ-ਅਮਾਨ ਵੀ ਉਤਨਾ ਚਿਰ ਨਹੀਂ ਹੋ ਸਕਦਾ। ਇੰਞ ਅਕਲ ਤੋਂ ਕੰਮ ਲੈਂਦਿਆਂ ਮਹਾਰਾਜੇ ਨੇ ਅਟਕ ਕਿਲ੍ਹੇ ਤੇ ਕਬਜ਼ਾ ਕਰਨ ਲਈ ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਬੀੜਾ ਚੁੱਕਣ ਲਈ ਆਖਿਆ।
ਹੁਕਮ ਮਿਲਣ ਦੀ ਦੇਰ ਸੀ ਕਿ ਖਾਲਸਾ ਫ਼ੌਜਾਂ ਹਰੀ ਸਿੰਘ ਦੀ ਕਮਾਨ ਹੇਠ ਬੜੇ ਜ਼ੋਰ ਅਤੇ ਸ਼ੋਰ ਨਾਲ ਅਟਕ ਵੱਲ ਨੂੰ ਚੜ੍ਹੀਆਂ ਜਿਹਲਮ ਦਰਿਆ ਪਾਰ ਕਰ ਕੇ ਇਹ ਪੰਜਾ ਸਾਹਿਬ ਤੋਂ ਹੁੰਦੀਆਂ ਹੋਈਆਂ ਬਰਹਾਨ ਦੇ ਮੈਦਾਨ ਵਿੱਚ ਪਹੁੰਚ ਗਈਆਂ। ਉਧਰੋਂ ਬਹਾਦਰ ਫ਼ਤਹਿ ਖ਼ਾਨ ਵਜ਼ੀਰ ਆਪਣੇ ਭਾਈ ਨਿਡਰ ਦੋਸਤ ਮੁਹੰਮਦ ਖ਼ਾਨ ਨੂੰ ਨਾਲ ਲੈ ਕੇ ੧੫ ਹਜ਼ਾਰ ਅਫ਼ਗਾਨਾਂ ਨਾਲ ਹਜ਼ਰੋ ਦੇ ਲਾਗੇ ਸ਼ਮਸ਼ਬਾਦ ਦੇ ਮੈਦਾਨ ਵਿੱਚ ਆ ਡਟਿਆ।
ਧੌਂਸਿਆਂ ਦੀ ਗੂੰਜ ਨਾਲ ੧੨ ਜੁਲਾਈ ੧੮੧੩ ਨੂੰ ਸਵੇਰੇ ਹੀ ਜੰਗ ਆਰੰਭ ਹੋ ਗਈ। ਤੋਪਾਂ ਦਿਆਂ ਗੋਲਿਆਂ ਅਤੇ ਬੰਦੂਕਾਂ ਦੀਆਂ ਚੱਲ ਰਹੀਆਂ ਤੜਾ-ਤੜ ਗੋਲੀਆਂ ਨਾਲ ਜੰਗੇ ਮੈਦਾਨ ਧੂੰਆ ਧਾਰ ਹੋ ਗਿਆ। ਸੂਰਮਿਆਂ ਵੱਲੋਂ ਚਾਰੇ ਪਾਸੇ ਮਾਰ ਲਉ ਮਾਰ ਲਉ ਦੀ ਆਵਾਜ ਸੁਣਾਈ ਦੇਣ ਲੱਗੀ। ਜਿਉਂ ਜਿਉਂ ਧੁੱਪ ਕੜਕਣ ਲੱਗੀ ਤਿਵੇਂ ਤਿਵੇਂ ਜੰਗ ਅੰਦਰ ਗਰਮੀ ਵਧ ਰਹੀ ਸੀ। ਦੋਹਾਂ ਪਾਸਿਆਂ ਦੇ ਫੱਟੜ ਪਏ ਸੂਰਮੇ ਪਾਣੀ ਦੀ ਪੁਕਾਰ ਕਰ ਰਹੇ ਸਨ ਅਤੇ ਵੱਡੇ ਫੱਟ ਲੱਗਣ ਕਾਰਨ ਕੋਈ ਹਾਏ ਹਾਏ ਆਖ ਰਿਹਾ ਸੀ ਤੇ ਕੋਈ ਪ੍ਰਾਣ ਤਿਆਗ ਰਿਹਾ ਸੀ। ਸਾਰਾ ਦਿਨ ਲੋਹੇ ਤੇ ਲੋਹਾ ਖੜਕਦਾ ਰਿਹਾ ਅਤੇ ਦਿਨ ਦੇ ਛਪਾਅ ਨਾਲ ਲੜਾਈ ਬੰਦ ਹੋਣ ਦਾ ਬਿਗਲ ਵੱਜ ਗਿਆ।
ਰਾਤ ਹੋ ਗਈ ਜੋ ਵੀ ਖਾਣ ਨੂੰ ਮਿਲਿਆ ਖਾ ਕੇ ਥੱਕੇ ਟੁੱਟੇ ਕਈ ਧਰਤੀ ਤੇ ਹੀ ਲੇਟ ਗਏ, ਕਈ ਘੋੜਿਆਂ ਦੀਆਂ ਕਾਠੀਆਂ ਤੇ ਹੀ ਸੌਂਅ ਗਏ ਪਰ ਹਰੀ ਸਿੰਘ ਅਤੇ ਮੋਹਕਮ ਚੰਦ ਮੁਖੀ ਸਰਦਾਰਾਂ ਨੂੰ ਇਕੱਠੇ ਕਰ ਕੇ ਦੂਜੇ ਦਿਨ ਹੋਣ ਵਾਲੀ ਜੰਗ ਦੀਆਂ ਸਕੀਮਾਂ ਬਨਾਉਣ 'ਚ ਜੁੱਟ ਗਏ। ਨਿਸ਼ਾਨਾ ਇੱਕੋ ਹੀ ਹੈ। ਕਿਲ੍ਹੇ ਤੇ ਕਾਬਜ਼ ਕਿਵੇਂ ਹੋਣਾ ਹੈ? ਮਰਨ ਦੀ ਮਨਾਂ ਵਿੱਚ ਕੋਈ ਪਰਵਾਹ ਨਹੀਂ ਸੀ। ਪਹੁ-ਫੁਟਾਲਾ
ਹੋਇਆ, ਸਿੰਘ ਉੱਠੇ, ਬਾਣੀ ਪੜ੍ਹੀ ਅਤੇ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਕਿੱਲ੍ਹੇ ਉੱਪਰ ਫ਼ਤਹਿ ਪਾਉਣ ਲਈ ਅਰਦਾਸ ਕੀਤੀ। ਸੂਰਜ ਚੜ੍ਹਦਿਆਂ ਹੀ ਗਾਜ਼ੀ ਅਲੀ ਅਲੀ ਕਰ ਕੇ ਸਿੰਘਾਂ ਤੇ ਟੁੱਟ ਪਏ ਸਿੰਘ ਵੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਅਸਮਾਨੀ ਬਿਜਲੀ ਵਾਂਗ ਮੁਗਲ ਫ਼ੌਜਾਂ ਤੇ ਜਾ ਵਰ੍ਹੇ। ਮਰੋ ਜਾਂ ਅੱਗੇ ਵਧੋ ਸਿੰਘਾਂ ਲਈ ਨਲੂਏ ਦਾ ਫੁਰਮਾਨ ਸੀ। ਸਰਦਾਰ ਨਲੂਆ ਆਪ ਵੈਰੀ ਦੇ ਦਲਾਂ ਵਲ ਪਾਣੀ ਦੇ ਹੜ੍ਹ ਵਾਂਗ ਅੱਗੇ ਵਧ ਰਿਹਾ ਸੀ। ਇਸ ਜ਼ਿੰਦਗੀ ਮੌਤ ਦੇ ਸਵਾਲ ਵਿੱਚ ਦੋਹਾਂ ਦਲਾਂ ਦੇ ਸੂਰਮੇ ਕੋਈ ਕਸਰ ਬਾਕੀ ਨਹੀਂ ਸੀ ਛੱਡ ਰਹੇ। ਪਰ ਰੱਬੀ ਭਾਣਾ ਐਸਾ ਵਰਤਿਆ ਕਿ ਸਿੰਘਾਂ ਦੇ ਜ਼ੋਸ਼ ਅੱਗੇ ਮੁਗਲਾਂ ਦੇ ਹੋਸ਼ ਉੱਡ ਗਏ। ਖ਼ਾਲਸੇ ਦਾ ਪਲੜਾ ਭਾਰੀ ਪੈ ਗਿਆ। ਸਰਦਾਰ ਜਸਵੰਤ ਸਿੰਘ ਮੋਕਲ ਨੇ ਦੋਸਤ ਮੁਹੰਮਦ ਖਾਨ ਤੇ ਐਸੀ ਤਲਵਾਰ ਚਲਾਈ ਕਿ ਇਹ ਘੋੜੇ ਤੋਂ ਡਿਗ ਪਿਆ। ਇਹ ਸਮਝ ਕੇ ਕਿ ਖਾਨ ਮਾਰਿਆ ਗਿਆ ਹੈ ਮੁਗਲ ਫ਼ੌਜ ਮੈਦਾਨ ਛੱਡ ਕੇ ਜੰਗੇ ਮੈਦਾਨ 'ਚੋਂ ਭੱਜਣ ਲੱਗੀ। ਉਸੇ ਸਮੇਂ ਸਰਦਾਰ ਹਰੀ ਸਿੰਘ ਸੈਨਿਕਾਂ ਸਮੇਤ ਅਟਕ ਕਿਲ੍ਹੇ ਵਲ ਤੇਜ਼ੀ ਨਾਲ ਵਧਿਆ। ਸਿੰਘਾਂ ਨੂੰ ਝੱਖੜ ਦੀ ਤਰ੍ਹਾਂ ਵਧ ਦੇ ਦੇਖ ਕੇ ਕਿਲ੍ਹੇ ਵਿੱਚ ਮੌਜੂਦ ਅਫ਼ਗਾਨਾਂ ਦੇ ਤੋਤੇ ਉੱਡ ਗਏ ਅਤੇ ਇਹ ਜਾਨਾਂ ਬਚਾਉਣ ਲਈ ਤੋਤਿਆਂ ਵਾਂਗ ਬਿਨਾ ਮੁਕਾਬਲੇ ਕਿਲ੍ਹੇ 'ਚੋਂ ਉੱਡ ਨਿਕਲੇ। ਸਰਦਾਰ ਨਲੂਏ ਨੇ ਕਿਲ੍ਹੇ ਤੇ ਕਬਜ਼ਾ ਕਰ ਕੇ ਖਾਲਸਈ ਝੰਡੇ ਝੁਲਾ ਦਿੱਤੇ। ਅਫ਼ਗਾਨਾਂ ਉੱਤੇ ਖ਼ਾਲਸੇ ਦੀ ਇਹ ਪਹਿਲੀ ਅਤੇ ਮੁੱਖ ਫ਼ਤਹਿ ਸੀ।
ਇਸ ਜਿੱਤ ਦੀ ਖੁਸ਼ੀ ਵਿੱਚ ਲਾਹੌਰ, ਅੰਮ੍ਰਿਤਸਰ ਅਤੇ ਬਟਾਲਾ ਆਦਿ ਸ਼ਹਿਰਾਂ ਵਿੱਚ ਦੀਪਮਾਲਾ ਕੀਤੀ ਗਈ। ਸਰਕਾਰ ਨੇ ਸਰਦਾਰਾਂ ਅਤੇ ਸੈਨਿਕਾਂ ਨੂੰ ਇਸ ਜਿੱਤ ਕਾਰਨ ਵੱਡੀਆਂ ਜਾਗੀਰਾਂ, ਖਿੱਲਤਾਂ ਅਤੇ ਧਨ ਦੀ ਬਖਸ਼ਿਸ਼ ਕੀਤੀ। ਸੱਯਦ ਮੁਹੰਮਦ ਲਤੀਫ਼ ਨੇ 'History of the Punjab' ਵਿੱਚ ਪੰਨਾ ੩੯੭ ਤੇ ਲਿਖਿਆ ਹੈ ਕਿ ਇਸ ਜਿੱਤ ਦੇ ਦਿਨ ਤੋਂ ਅਫਗਾਨਾਂ ਦੇ ਦਿਲਾਂ ਅੰਦਰ ਖ਼ਾਲਸੇ ਦੀ ਬਹਾਦਰੀ ਦਾ ਐਸਾ ਸਿੱਕਾ ਬੈਠਾ ਕਿ ਅੱਗੇ ਨੂੰ ਖਾਲਸਾ ਸਦਾ ਲਈ ਅੱਗੇ ਵਧਦਾ ਗਿਆ।
ਰਾਜੌਰੀ ਅਤੇ ਭਿੰਬਰ ਦੀ ਜਿੱਤ
ਵਜ਼ੀਰ ਫ਼ਤਹਿ ਖ਼ਾਨ ਰਾਜੌਰੀ ਅਤੇ ਭਿੰਬਰ ਦੇ ਇਲਾਕਿਆਂ ਵਿੱਚ ਰਈਸਾਂ ਨੂੰ ਸਿੱਖ ਰਾਜ ਵਿਰੁੱਧ ਉਕਸਾ ਰਿਹਾ ਸੀ। ਲੋਕਾਂ ਨੂੰ ਲੁੱਟਣ ਲਈ ਇਸ ਨੇ ਚੋਰਾਂ, ਡਾਕੂਆਂ ਅਤੇ ਠੱਗਾਂ ਨੂੰ ਵੀ ਖੁਲ੍ਹ ਦਿੱਤੀ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ
ਫ਼ਤਹਿ ਖਾਨ ਵੱਲੋਂ ਕਰਾਈ ਜਾ ਰਹੀ ਮਾਰ-ਧਾੜ ਅਤੇ ਲੁੱਟ-ਖਸੁੱਟ ਦੀਆਂ ਖ਼ਬਰਾਂ ਦਿਨ-ਬਦਿਨ ਪਹੁੰਚ ਰਹੀਆਂ ਸਨ। ਇਹਨਾਂ ਦੀ ਸੁਧਾਈ ਲਈ ਸਰਕਾਰ ਵੱਲੋਂ ਸਰਦਾਰ ਹਰੀ ਸਿੰਘ ਨਲੂਆ, ਦੀਵਾਨ ਰਾਮ ਦਿਆਲ ਅਤੇ ਸਰਦਾਰ ਦਲ ਸਿੰਘ ਨੂੰ ਫ਼ੌਜ ਦੇ ਕੇ ਭੇਜਿਆ। ਰਾਜੌਰੀ ਦੇ ਰਾਜਾ ਅਗਰ ਖ਼ਾਨ ਨੇ ਲਾਲਚ ਦੀ ਚਾਲ ਅਧੀਨ ਹਰੀ ਸਿੰਘ ਨੂੰ ਖਹਿੜਾ ਛੱਡਣ ਲਈ ਆਖਿਆ। ਪਰ ਸਰਦਾਰ ਨਲੂਆ ਐਸੇ ਲਾਲਚ ਵਿੱਚ ਫਸਣ ਵਾਲੇ ਨਹੀਂ ਸਨ। ਨਲੂਏ ਦੀ ਸਚਾਈ ਵਾਲੀ ਨੀਤੀ ਨੂੰ ਭਾਂਪ ਕੇ ਅਗਰ ਖ਼ਾਨ ਮੌਤ ਤੋਂ ਡਰਦਾ ਮਹਿਲ ਮਾੜੀਆਂ ਛੱਡ ਕੇ ਤਿੱਤਰ ਹੋ ਗਿਆ। ਸਿੱਖ ਫ਼ੌਜ ਨੇ ਰਾਜੌਰੀ ਸ਼ਹਿਰ ਲੁੱਟਿਆ, ਉਸ ਦੇ ਮਹਿਲ ਢਾਹ ਦਿੱਤੇ। ਇਸ ਉਪਰੰਤ ਭਿੰਬਰ ਨੂੰ ਕਬਜ਼ੇ ਵਿੱਚ ਕੀਤਾ। ਲੁਟੇਰਿਆਂ ਨੂੰ ਕਰੜੀਆਂ ਸਜਾਵਾਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਅੰਦਰ ਬੰਦੇ ਬਣਨ ਲਈ ਆਖਿਆ। ਖੂੰਖਾਰ ਰਾਈਸਾਂ ਨੂੰ ਕੈਦੀ ਬਣਾ ਕੇ ਲਾਹੌਰ ਭੇਜ ਦਿੱਤਾ।
ਮੁਲਤਾਨ ਖ਼ਾਲਸਾ ਰਾਜ ਅਧੀਨ ਕਰਨਾ
ਮੁਲਤਾਨ ਦਾ ਨਵਾਬ ਮੁਜ਼ੱਫ਼ਰ ਜਫ਼ਰ ਬੜੇ ਚੰਚਲ ਸੁਭਾਅ ਵਾਲਾ ਸੀ। ਸੰਨ ੧੮੦੨ ਤੋਂ ੧੮੧੯ ਦਰਿਮਿਆਨ ਇਸ ਨੇ ਸੱਤ ਵਾਰ ਆਪਣੇ ਕੀਤੇ ਵਾਅਦਿਆਂ ਨੂੰ ਤੋੜਿਆ। ਇਹਨਾਂ ੧੬ ਸਾਲਾਂ ਦੌਰਾਨ ਸਿੱਖਾਂ ਵੱਲੋਂ ਮੁਲਤਾਨ ਤੇ ਸੱਤ ਹਮਲੇ (੧੮੦੨, ੧੮੦੫, ੧੮੦੭, ੧੮੧੦, ੧੮੧੨, ੧੮੧੬ ਅਤੇ ੧੮੧੭ ਵਿੱਚ) ਹੋਏ। ਇਹਨਾਂ ਹਮਲਿਆਂ ਵਿੱਚ ਸਿੱਖ ਫ਼ੌਜ ਦਾ ਜਾਨੀ ਨੁਕਸਾਨ ਕਾਫੀ ਹੋਇਆ ਪਰ ਮੋਮ ਦਿਲ ਮਹਾਰਾਜਾ ਬਾਰ ਬਾਰ ਨਵਾਬ ਨੂੰ ਬਖਸ਼ਦੇ ਰਹੇ। ਜਦੋਂ ੧੮੧੯ ਵਿੱਚ ਮੁਲਤਾਨ ਦਾ ਮਾਮਲਾ ਵਿਚਾਰਨ ਲਈ ਲਾਹੌਰ ਵਿਖੇ ਦਰਬਾਰ ਹੋਇਆ ਤਾਂ ਸਭਮੁਖੀ ਸਰਦਾਰਾਂ ਨੇ ਨਵਾਬ ਦੇ ਵਤੀਰੇ ਨੂੰ ਮਾੜਾ ਆਖਿਆ। ਕਈਆਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਕੁੱਤੇ ਦੀ ਪੂਛ ਵਾਂਗ ਨਵਾਬ ਨੇ ਸਿੱਧਾ ਨਹੀਂ ਹੋਣਾ। ਬਾਰ ਬਾਰ ਬਲਾ ਮੁਲਤਾਨ ਤੋਂ ਆਉਂਦੀ ਹੈ ਅਤੇ ਅਨੇਕਾਂ ਜਾਨਾਂ ਲੈ ਲੈਂਦੀ ਹੈ। ਉਹਨਾਂ ਮੁਲਤਾਨ ਦਾ ਟੈਂਟਾ ਸਦਾ ਲਈ ਮੁਕਾਉਣ ਲਈ ਸਰਕਾਰ ਨੂੰ ਆਖਿਆ।
ਮਹਾਰਾਜਾ ਰਣਜੀਤ ਸਿੰਘ ਨੇ ਫ਼ੈਸਲਾ ਕਰ ਦਿੱਤਾ ਕਿ ਮੁਲਤਾਨ ਤੇ ਚੜ੍ਹਾਈ ਕੀਤੀ ਜਾਵੇ। ਸਰਦਾਰ ਹਰੀ ਸਿੰਘ ਦੀ ਕਮਾਂਡ ਥੱਲੇ ਅਕਾਲੀ ਫੂਲਾ ਸਿੰਘ, ਦੀਵਾਨ ਮੋਤੀ ਰਾਮ, ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ, ਸਰਦਾਰ ਦਲ ਸਿੰਘ ਅਤੇ ਮਿਸਰ ਦੀਵਾਨ ਚੰਦ ਨੂੰ ਫ਼ੌਜ ਦੇ ਕੇ ਭੇਜਣ ਦਾ ਹੁਕਮ ਹੋਇਆ (ਫ਼ਤਹਿ ਨਾਮਾ ਗੁਰੂ
ਖਾਲਸਾ ਜੀ, ਕ੍ਰਿਤ ਗਣੇਸ਼ ਦਾਸ ਪਿੰਗਲ ੧੯੫੨)। ਸਰਦਾਰ ਹਰੀ ਸਿੰਘ ਉਨ੍ਹੀਂ ਦਿਨੀਂ ਅਟਕੋਂ ਪਾਰ ਅਫ਼ਗਾਨਾਂ ਦੀ ਸੁਧਾਈ ਵਿੱਚ ਲੱਗਿਆ ਹੋਇਆ ਸੀ। ਮਹਾਰਾਜਾ ਨੇ ਇਸ ਮੁਹਿੰਮ ਵਿੱਚ ਸ਼ਹਿਜਾਦਾ ਖੜਗ ਸਿੰਘ ਨੂੰ ਵੀ ੨੫ ਹਜ਼ਾਰ ਜੰਗੀ ਜਵਾਨ ਅਤੇ ਤੋਪਖਾਨਾ ਲੈ ਕੇ ਸ਼ਾਮਲ ਹੋਣ ਲਈ ਆਖਿਆ। ਹਰੀ ਸਿੰਘ ਨੇ ਖੂਨ-ਖ਼ਰਾਬੇ ਤੋਂ ਬਚਣ ਲਈ ਆਪਣੇ ਏਲਚੀ ਦੀਵਾਨ ਭਵਾਨੀ ਦਾਸ ਅਤੇ ਕਾਦਰ ਬਖਸ਼ ਭੇਜੇ। ਇਹਨਾਂ ਨਵਾਬ ਨੂੰ ਆਖਿਆ ਕਿ ਉਹ ਸੁਲਾਹ-ਸਫ਼ਾਈ ਨਾਲ ਮੁਲਤਾਨ ਸਿੰਘਾਂ ਦੇ ਹਵਾਲੇ ਕਰ ਦੇਵੇ ਅਤੇ ਸਰਕਾਰ ਪਾਸੋਂ ਜਾਗੀਰ ਹਾਸਲ ਕਰ ਕੇ ਸੁੱਖ-ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰੇ। ਜੇਕਰ ਇਹ ਗੱਲ ਮਨਜ਼ੂਰ ਨਹੀ ਤਾਂ ਲੜਾਈ ਲਈ ਤਿਆਰ ਹੋ ਜਾਵੇ। ਰਾਜ ਭਾਗ ਦਾ ਮਾਲਕ ਮਾਇਆ ਕਾਰਨ ਅੱਤ ਦਾ ਅੰਨ੍ਹਾ ਅਤੇ ਬੋਲਾ ਹੁੰਦਾ ਹੈ ਜਿਸ ਕਾਰਨ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਅਤੇ ਹੰਕਾਰ ਵਿੱਚ ਮਸਤ ਹੁੰਦਾ ਹੈ। ਵੈਸੇ ਵੀ ਕਹਾਵਤ ਹੈ 'ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਐਸੇ ਲੋਕ 'ਡੰਡੇ ਦੇ ਯਾਰ' ਹੁੰਦੇ ਹਨ। ਇੰਞ ਇਹ ਨਵਾਬ ਜਦੋਂ ਬਾਰ ਬਾਰ ਸਮਝਾਉਣ ਤੇ ਵੀ ਨਹੀਂ ਸਮਝਿਆ ਤਾਂ ਸ਼ਹਿਜ਼ਾਦਾ ਖੜਕ ਸਿੰਘ ਨੇ ਖਾਲਸਾ ਫ਼ੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਮੁਲਤਾਨ ਤੇ ਚੜ੍ਹਾਈ ਕਰਨ ਦੀ ਵਿਉਂਤ ਬਣਾਈ। ਇੱਕ ਪਾਸੇ ਸ਼ਹਿਜ਼ਾਦਾ ਆਪ ਤੇ ਦੀਵਾਨ ਚੰਦ, ਵਿਚਕਾਰ ਸਰਦਾਰ ਹਰੀ ਸਿੰਘ ਨਲੂਆ ਅਤੇ ਦੂਜੇ ਪਾਸੇ ਸਰਦਾਰ ਫ਼ਤਹਿ ਸਿੰਘ, ਸਰਦਾਰ ਧੰਨਾ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ।
ਪਹਿਲੇ ਹੱਲੇ ਵਿੱਚ ਹੀ ਸਰਦਾਰ ਫ਼ਤਹਿ ਸਿੰਘ ਦੇ ਦਸਤੇ ਨੇ ਮਾਮੂਲੀ ਝਪਟ ਨਾਲ ਕਾਨਗੜ੍ਹ ਕਿਲ੍ਹੇ ਤੇ ਕਬਜ਼ਾ ਕਰ ਲਿਆ। ਉਧਰ ਸਰਦਾਰ ਹਰੀ ਸਿੰਘ ਨੇ ਗਾਜ਼ੀਆਂ ਤੇ ਐਸਾ ਧਾਵਾ ਬੋਲਿਆ ਕਿ ਇਹਨਾਂ ਅੱਗੇ ਕੋਈ ਨਹੀਂ ਅੜ ਸਕਿਆ। ਮੁਜੱਫਰ ਗੜ੍ਹ ਦੇ ਕਿਲ੍ਹੇਦਾਰ ਨੂੰ ਕਾਬੂ ਕਰ ਕੇ ਫ਼ਤਹਿ ਹਾਸਲ ਕਰ ਲਈ। ਸਰਦਾਰਾਂ ਨੇ ਨਵਾਬ ਨੂੰ ਫਿਰ ਸਮਝੌਤੇ ਲਈ ਅਪੀਲ ਕੀਤੀ ਕਿ ਤੂੰ ਜਾਗੀਰ ਹਾਸਲ ਕਰ ਕੇ ਜੰਗ ਨੂੰ ਟਾਲ ਦੇ ਤਾਂਕਿ ਸੂਰਮਿਆਂ ਦਾ ਖੂਨ ਅੰਜਾਈਂ ਨਾ ਡੁਲ੍ਹੇ। ਪਰ ਸੱਯਦ ਮੁਹੰਮਦ ਲਤੀਫ਼ ਨੇ; History of the Punjab ਦੇ ਪੰਨਾ ੪੧੧ ਤੇ ਲਿਖਿਆ ਕਿ ਘੁਮੰਡੀ ਨਵਾਬ ਨੇ ਸੁਲਾਹ-ਸਫ਼ਾਈ ਵਾਲੀ ਗੱਲ ਇੱਕ ਭੀ ਨਾ ਮੰਨੀ। ਇਸ ਲਈ ਲਾਚਾਰੀ ਵੱਸ ਹੋ ਕੇ ਖ਼ਾਲਸੇ ਨੂੰ ਜੰਗ ਦਾ ਬਿਗਲ ਵਜਾਉਣਾ ਪਿਆ।
੫ ਫਰਵਰੀ ੧੮੧੮ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੁਲਤਾਨ ਸ਼ਹਿਰ ਨੂੰ ਘੇਰਾ ਪਾ ਲਿਆ। ਇਸ ਦੀਆਂ ਕੰਧਾਂ ਭੰਨਣ ਲਈ ਗੋਲਾਬਾਰੀ ਆਰੰਭ
ਦਿੱਤੀ। ਕਿਲ੍ਹੇ ਅੰਦਰ ਨਵਾਬ ਦੇ ਗਾਜੀ ਵੀ ਪੂਰੀ ਸਾਵਧਾਨੀ ਵਰਤਣ ਲੱਗੇ। ਜਿੱਥੇ ਕਿਤੇ ਕੰਧ ਟੁੱਟਦੀ ਸੀ ਉਹ ਬੋਰੀਆਂ ਨਾਲ ਸੁਰਾਖ ਇੱਕੇ ਦਮ ਭਰ ਦਿੰਦੇ ਸਨ। ਚੌਥੇ ਦਿਨ ਖ਼ਾਲਸਾ ਫ਼ੌਜ ਲਾਹੌਰੀ ਦਰਵਾਜਾ ਤੋੜਨ ਵਿੱਚ ਸਫ਼ਲ ਹੋ ਗਈ। ਸਰਦਾਰ ਨਲਵੇ ਦਾ ਦਸਤਾ ਪਾਣੀ ਦੇ ਹੜ੍ਹ ਵਾਂਗ ਸ਼ਹਿਰ 'ਚ ਜਾ ਵੜਿਆ। ਨਵਾਬ ਦੀ ਫ਼ੌਜ ਨੇ ਤਕੜਾ ਮੁਕਾਬਲਾ ਕੀਤਾ। ਭਾਵੇਂ ਅਫ਼ਗਾਨ ਸਰੀਰਾਂ ਦੇ ਤਕੜੇ ਅਤੇ ਕੱਦਾਵਰ ਸਨ ਪਰ ਜੋਸ਼, ਸੰਜਮ ਅਤੇ ਸਾਹਸਹੀਣ ਸਨ। ਇਹ ਰੱਖਿਅਕ ਦੇ ਤੌਰ ਤੇ ਲੜ ਰਹੇ ਸਨ ਜਦ ਕਿ ਸਿੰਘ ਹਮਲਾਵਰ ਵਜੋਂ ਉਤਸ਼ਾਹ ਵਿੱਚ ਆ ਕੇ ਜੂਝ ਰਹੇ ਸਨ। ਛੇਕੜ ਸਿੰਘਾਂ ਨੇ ਕਾਫੀ ਕਟਾ-ਵੱਢੀ ਪਿੱਛੋਂ ਸ਼ਹਿਰ ਤੇ ਕਬਜ਼ਾ ਜਮਾ ਲਿਆ। ਪਰ ਨਵਾਬ ਮੁਜੱਫ਼ਰ ਖ਼ਾਨ ਗਾਜ਼ੀਆਂ ਨੂੰ ਲੈ ਕੇ ਮੁਲਤਾਨ ਦੇ ਕਿਲ੍ਹੇ ਵਿੱਚ ਜਾ ਵੜਿਆ। ੮ ਫ਼ਰਵਰੀ ਨੂੰ ਸਰਦਾਰਾਂ ਨੇ ਸਲਾਹ ਮਸ਼ਵਰੇ ਪਿੱਛੋਂ ਕਿਲ੍ਹੇ ਨੂੰ ਘੇਰ ਲਿਆ। ਇਹ ਕਿਲ੍ਹਾ ਹਿੰਦ ਦੇ ਮਸ਼ਹੂਰ ਪੱਕਿਆਂ ਕਿਲ੍ਹਿਆਂ ਵਿੱਚੋਂ ਇੱਕ ਨਾਮੀ ਕਿਲ੍ਹਾ ਮੰਨਿਆ ਜਾਂਦਾ ਸੀ। ਇਸ ਦੀਆਂ ਦੀਵਾਰਾਂ ੪੦ ਫੁੱਟ ਉੱਚੀਆਂ ਅਤੇ ੬ ਫੁੱਟ ਚੌੜੀਆਂ ਸਨ। ਕਿਲ੍ਹੇ ਅੰਦਰ ਅੰਨ ਪਾਣੀ ਵੀ ਨਵਾਬ ਨੇ ਬਹੁਤ ਜਮ੍ਹਾ ਕੀਤਾ ਹੋਇਆ ਸੀ। ਕਿਲ੍ਹੇ ਉੱਪਰ ਬੀੜੀਆਂ ਤੋਪਾਂ ਵੀ ਆਲ੍ਹਾ ਦਰਜ਼ੇ ਦੀਆਂ ਤੇ ਦੂਰ ਤੱਕ ਮਾਰ ਕਰਨ ਵਾਲੀਆਂ ਸਨ। ਇਸ ਲਈ ਕਿਲ੍ਹੇ ਨੂੰ ਸਰ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਸਿੰਘ ਕਿਲ੍ਹੇ ਦੇ ਸਹੀ ਟਿਕਾਣਿਆਂ ਤੇ ਨਿੱਤ ਗੋਲਾਬਾਰੀ ਕਰਦੇ ਰਹੇ। ਘੇਰੇ ਨੂੰ ੩ ਮਹੀਨੇ ਦਾ ਸਮਾਂ ਬੀਤ ਗਿਆ। ਗਰਮੀ ਰੁੱਤ ਕਾਰਨ ਹੈਜ਼ੇ ਦੀ ਬੀਮਾਰੀ ਵੀ ਫ਼ੌਜ ਵਿੱਚ ਫੈਲ ਗਈ।
੨ ਜੂਨ ਵਾਲੇ ਦਿਨ ੮੦ ਘੰਟਿਆਂ ਦੀ ਲਗਾਤਾਰ ਬੰਬਾਰੀ ਮਗਰੋਂ, ਆਖਿਰ ਕਿਲ੍ਹੇ ਦੀ ਦੀਵਾਰ ਵਿੱਚ ਵੱਡੇ ਮਘੋਰੇ ਹੋ ਗਏ। ਗੁਲਾਮ ਜਿਲਾਨੀ ਜੋ ਗਾਜ਼ੀਆਂ ਦਾ ਜਾਸੂਸ ਸੀ ਉਸ ਨੇ ਆਪਣੀ ਪੁਸਤਕ 'ਜੰਗੇ-ਮੁਲਾਨਾ' ਵਿੱਚ ਇਸ ਨੂੰ ਲੂੰ ਕੰਡੇ ਖੜ੍ਹੇ ਕਰਨ ਵਾਲਾ ਸਾਕਾ ਲਿਖਿਆ ਹੈ। ਉਹ ਲਿਖਦਾ ਹੈ ਕਿ ਸਿੱਖਾਂ ਦੀਆਂ ਤੋਪਾਂ ਨੇ ਖਿਜ਼ਰੀ ਗੇਟ ਨੇੜੇ ਤਬਾਹੀ ਮਚਾਈ ਹੋਈ ਸੀ। ਕੰਧ ਤੋੜਨ ਲਈ ਸਿਰਫ ਥੋੜ੍ਹੇ ਹੀ ਗੋਲਿਆਂ ਦੀ ਹੋਰ ਲੋੜ ਸੀ ਕਿ ਅਚਾਨਕ ਤੋਪ ਦਾ ਇੱਕ ਪਹੀਆ ਟੁੱਟ ਗਿਆ ਤੇ ਤੋਪ ਨਾਕਾਰਾ ਹੋ ਗਈ। ਤੋਪ ਨੂੰ ਠੀਕ ਕਰਨ ਲਈ ਕਾਫੀ ਸਮੇਂ ਦੀ ਲੋੜ ਸੀ ਪਰ ਉਸ ਸਮੇਂ ਇੱਕ ਇੱਕ ਮਿੰਟ ਅਤੇ ਇੱਕ ਇੱਕ ਗੋਲਾ ਬੜੀ ਕੀਮਤ ਰਖਦਾ ਸੀ। ਤੋਪ ਕੋਲ ਸ਼ੋਰ ਮੱਚਣ ਕਾਰਨ ਗੁਲਾਮ ਜਿਲਾਨੀ ਦੇਖਣ ਆ ਗਿਆ ਕਿ ਰੌਲਾ ਕਿਉਂ ਪੈ ਰਿਹਾ ਹੈ। ਉਹ ਲਿਖਦਾ ਹੈ ਕਿ ਤੋਪ ਕਮਾਂਡਰ ਉੱਚੀ ਉੱਚੀ ਕਹਿ ਰਿਹਾ ਸੀ ਕਿ ਜੇ ਕੰਮ ਫ਼ਤਹਿ ਕਰਨਾ ਹੈ ਤਾਂ ਇੱਕੋ ਹੀ ਚਾਰਾ ਹੈ ਕਿ ਟੁੱਟੇ ਪਹੀਏ ਦੀ ਥਾਂ ਇਕੱਲਾ
ਇਕੱਲਾ ਸਿੰਘ ਆ ਕੇ ਮੋਢਾ ਦਵੇ। ਸਭ ਤੋਂ ਪਹਿਲਾਂ ਇਹ ਕੰਮ ਮੈਂ ਕਰਾਂਗਾ। ਕਮਾਂਡਰ ਦੇ ਕਹਿਣ ਤੇ ਸਿੰਘਾਂ ਦੀ ਕਤਾਰ ਲੱਗ ਗਈ। ਜਿਲਾਨੀ ਲਿਖਦਾ ਹੈ ਕਿ ਇਹ ਦੇਖ ਕੇ ਮੈਂ ਹੈਰਾਨ ਹੋ ਗਿਆ। ਸੋਚਿਆ ਪਤਾ ਨਹੀਂ ਸਿੰਘਾਂ ਨੂੰ ਇਨ੍ਹਾਂ ਦੇ ਗੁਰੂ ਨੇ ਕੀ ਛਕਾਇਆ ਹੋਇਆ ਹੈ ਕਿ ਇਹ ਮਰਨ ਤੋਂ ਰਤੀ ਭਰ ਵੀ ਨਹੀਂ ਡਰਦੇ। ਮੇਰੇ ਦੇਖਦੇ ਦੇਖਦੇ ਸਭ ਤੋਂ ਪਹਿਲਾਂ ਕਮਾਂਡਰ ਨੇ ਤੋਪ ਦੇ ਟੁੱਟੇ ਪਹੀਏ ਵਾਲੇ ਪਾਸੇ ਮੋਢਾ ਦਿੱਤਾ। ਇੱਕ ਸਿੱਖ ਨੇ ਤੋਪ ਚਲਾਈ ਤੇ ਜਿਵੇਂ ਹੀ ਗੋਲਾ ਨਿਕਲ ਕੇ ਕੰਧ ਵਿੱਚ ਜਾ ਵੱਜਿਆ ਕਮਾਂਡਰ ਵੀ ਨਾਲ ਹੀ ਸ਼ਹੀਦ ਹੋ ਗਿਆ। ਇੰਞ ਗਿਆਰਾਂ ਸਿੰਘ ਸ਼ਹੀਦੀਆਂ ਪਾ ਗਏ। ਇਹ ਕੰਧ ਪਾੜ ਕੇ ਹੀ ਹਟੇ। ਅੱਗੇ ਚੱਲ ਕੇ ਇਹ ਲਿਖਦਾ ਹੈ ਕਿ ਇਹ ਸਾਕਾ ਦੇਖ ਕੇ ਮੇਰਾ ਦਿਲ ਹਿੱਲ ਗਿਆ ਕਿ ਕਿਵੇਂ ਇਹਨਾਂ ਨੇ ਜਾਨਾਂ ਵਾਰੀਆਂ। ਪ੍ਰਭਾਵਤ ਹੋ ਕੇ ਮੈਨੂੰ ਵੀ ਜੋਸ਼ ਆਇਆ ਕਿ ਮੈਂ ਵੀ ਤੋਪ ਥੱਲੇ ਮੋਢਾ ਦਵਾਂ ਪਰ ਸੋਚਿਆ ਜੇਕਰ ਮੈਂ ਵੀ ਸ਼ਹੀਦ ਹੋ ਗਿਆ ਤਾਂ ਇਸ ਦਿਲ-ਵਿੰਨਵੇਂ ਸਾਕੇ ਨੂੰ ਦੁਨੀਆਂ ਸਾਮ੍ਹਣੇ ਹੋਰ ਕੌਣ ਰੱਖੇਗਾ। ਸਿੱਖਾਂ ਦੀ ਕੁਰਬਾਨੀ ਦੀ ਇਹ ਬੇਮਿਸਾਲ ਕਹਾਣੀ ਹੈ।
ਇਹ ਜੰਗ ਕਾਫੀ ਲੰਬੀ ਹੋਣ ਕਰ ਕੇ ਖ਼ਾਲਸੇ ਦੀ ਪਤ ਨੂੰ ਬਚਾਉਣ ਲਈ ਅਕਾਲੀ ਫੂਲਾ ਸਿੰਘ ਵੀ ਕੌਮੀ ਪਿਆਰ ਸਦਕਾ ਮੁਲਤਾਨ ਪਹੁੰਚ ਗਿਆ ਸੀ। ਜਿਉਂ ਹੀ ਕਿਲ੍ਹੇ ਦੀ ਦੀਵਾਰ ਵਿੱਚ ਪਾੜ ਪਿਆ ਇਹ ਕੌਮੀ ਪਰਵਾਨਾ ਅਤੇ ਗੁਰਮਤਿ ਦਾ ਦੀਵਾਨਾ ਸਿੰਘਾਂ ਨੂੰ ਨਾਲ ਲੈ ਮਾਰੋ ਮਾਰ ਕਰਦਾ ਕਿਲ੍ਹੇ ਅੰਦਰ ਜਾ ਵੜਿਆ। ਕਿਲ੍ਹੇ ਅੰਦਰ ਆਹਮੋ-ਸਾਹਮਣੇ ਦੀ ਹੱਥੋਪਾਈ ਦੀ ਲੜਾਈ ਹੋਣ ਕਰਕੇ ਇਤਨਾ ਭਾਰੀ ਖੂਨ-ਖਰਾਬਾ ਹੋਇਆ ਜਿਹੜਾ ਕਈ ਸਾਲ ਲੋਕਾਂ ਦੀ ਯਾਦ ਬਣਿਆ ਰਿਹਾ। ਸੂਰਮੇ ਸਰਦਾਰ ਹਰੀ ਸਿੰਘ ਅਤੇ ਦੂਜੇ ਸਿਰਕੱਢ ਸਰਦਾਰਾਂ ਨੇ ਗਾਜ਼ੀਆਂ ਦੇ ਛੱਕੇ ਛੁਡਾ ਦਿੱਤੇ। ਇਸ ਕਟਾ ਵੱਢੀ ਵਿੱਚ ਨਵਾਬ ਮੁਜੱਫਰ ਖਾਨ ਸਣੇ ਉਸ ਦੇ ਪੰਜ ਪੁੱਤ ਮਾਰੇ ਗਏ ਅਤੇ ਬਾਕੀ ਦੇ ਤਿੰਨ ਪੁੱਤਰ ਸਰਫ਼ਰਾਜ਼ ਖ਼ਾਨ, ਜ਼ੁਲਫਕਾਰ ਖਾਨ ਅਤੇ ਅਮੀਰ ਖਾਂ ਬਚੇ ਜੋ ੩੦੦ ਅਫ਼ਗਾਨਾਂ ਸਮੇਤ ਸਿੰਘਾਂ ਨੇ ਕੈਦੀ ਬਣਾ ਲਏ। ਇਸ ਜੰਗ ਵਿੱਚ ੧੨ ਹਜਾਰ ਅਫ਼ਗਾਨ ਅਤੇ ੪ ਹਜਾਰ ਦੇ ਕਰੀਬ ਸਿੰਘ ਮਾਰੇ ਗਏ।
ਉਪਰੰਤ ਮੁਲਤਾਨ ਨੂੰ ਖੂਬ ਲੁੱਟਿਆ। ਕੰਵਰ ਖੜਕ ਸਿੰਘ ਨੇ ਜਿੱਤ ਪਿੱਛੋਂ ਕਿਲ੍ਹੇ ਵਿੱਚ ਦਾਖਲ ਹੋ ਕੇ ਨਕਦੀ ਧਨ, ਸੋਨਾ, ਚਾਂਦੀ ਹੋਰ ਕੀਮਤੀ ਮਾਲ ਜੋ ਸ਼ਾਹੀ ਖਜਾਨੇ ਚੋਂ ਹੱਥ ਲੱਗਿਆ ਉਸ ਦੀ ਸਾਂਭ ਸੰਭਾਲ ਕਰ ਕੇ ਲਾਹੌਰ ਪਹੁੰਚਾ ਦਿੱਤਾ। ਨਵਾਬ ਦੀ ਹੀਰੇ ਜੜਤ ਤਲਵਾਰ ਅਤੇ ਢਾਲ ਧੰਨਾ ਸਿੰਘ ਦੇ ਹੱਥ ਆਈ ਸੀ। ਜਦੋਂ
ਇਸ ਨੇ ਇਹ ਮਹਾਰਾਜਾ ਸਾਹਿਬ ਨੂੰ ਪੇਸ਼ ਕੀਤੀ ਤਾਂ ਉਸ ਨੇ ਇਹ ਦੋਵੇਂ ਵਸਤਾਂ ਅਤੇ ਪੰਜ ਹਜ਼ਾਰ ਰੁਪਏ ਬਹਾਦਰੀ ਬਦਲੇ ਧੰਨਾ ਸਿੰਘ ਨੂੰ ਬਖਸ਼ ਦਿੱਤੇ। ਇਸ ਜੰਗ ਦੀ ਜਿੱਤ ਉਪਰੰਤ ਸਰਦਾਰ ਹਰੀ ਸਿੰਘ ਨਲੂਆ ਦੀ ਜਾਗੀਰ ਦੂਣੀ ਕਰ ਦਿੱਤੀ।
ਮੁਗਲ ਇਤਿਹਾਸਕਾਰਾਂ ਦੀਆਂ ਲਿਖਤਾਂ ਮੁਤਾਬਕ, "ਰਣਜੀਤ ਸਿੰਘ ਦੀ ਫ਼ੌਜ ਮੁਲਤਾਨ ਤੋਂ ਪਿੱਛੇ ਧੱਕੀ ਜਾਣੀ ਸੀ ਜੇਕਰ ਫੂਲਾ ਸਿੰਘ ਇੱਕ ਪਾਗਲ ਅਕਾਲੀ, ਹਿੰਮਤ ਕਰ ਕੇ (ਕੰਧ ਦੇ) ਉਸ ਮੋਰੇ ਵਿੱਚੋਂ ਜੱਥਾ ਲੈ ਕੇ ਅੰਦਰ ਨਾ ਜਾ ਵੜਦਾ।
ਲੈਫ਼ਟੀਨੈਂਟ ਕਰਨਲ ਗੁਲਚਰਨ ਸਿੰਘ ਨੇ ਆਪਣੇ ਇੱਕ ਲੇਖ ਜੋ 'ਸੀਸ-ਗੰਜ' ਦਿੱਲੀ ਦੇ ਰਸਾਲੇ ੧੯੮੪ ਵਿੱਚ 'ਮਾ: ਰਣਜੀਤ ਸਿੰਘ ਦਾ ਮੁਲਤਾਨ ਫ਼ਤਹਿ ਕਰਨਾ ਪੰਨਾ ੭੩-੯੬ ਤੇ ਲਿਖਿਆ ਹੈ"? ਇਸ ਲੜਾਈ ਤੋਂ ਸਾਬਤ ਹੁੰਦਾ ਹੈ ਕਿ ਇੱਕ ਨੀਵੀਂ ਪੱਧਰ ਦੀ ਸਿਖਲਾਈ ਵਾਲੀ ਅਤੇ ਅਨੁਸ਼ਾਸ਼ਨ ਹੀਨ ਫ਼ੌਜ ਇੱਕ ਡਸਿਪਲਨ ਵਾਲੀ ਅਤੇ ਬੇਹਤਰ ਸਿਖਲਾਈ ਅਤੇ ਆਯੋਜਤ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕਦੀ। ਧਾਰਮਿਕ ਜਨੂੰਨ ਫ਼ਾਇਦੇਮੰਦ ਹੁੰਦਾ ਹੈ, ਪਰ ਇਹ ਡਸਿਪਲਨ, ਚੰਗੀ ਸਿਖਲਾਈ ਅਤੇ ਵਿਉਂਤਬੰਦੀ ਦੇ ਘਾਟੇ ਨੂੰ ਕਦੀ ਵੀ ਪੂਰਾ ਨਹੀਂ ਕਰ ਸਕਦਾ। ਪਰ ਲਾਇਕ, ਨਿਪੁੰਨ ਅਤੇ ਦ੍ਰਿੜ ਲੀਡਰਸ਼ਿਪ ਚੰਗੇ ਸਿੱਟੇ ਪੈਦਾ ਕਰਦੀ ਹੈ।
ਉਨ੍ਹਾਂ ਇਹ ਵੀ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਹੀ ਸ਼ਕਤੀਸ਼ਾਲੀ, ਸਾਫ਼ ਦਿਲ, ਸੁਚੇਤ, ਸੰਜਮੀ ਅਤੇ ਸਕੀਮੀ ਰਾਜਾ ਸੀ। ਗੁਲਾਮ, ਜਿਲਾਨੀ ਦਾ ਲਿਖਿਆ ਕਿੱਸਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖੀ ਸਪਿਰਟ ਕਾਰਨ ਸਿੱਖ ਫ਼ੌਜ ਦੇ ਹੌਸਲੇ ਹਮੇਸ਼ਾ ਚੜ੍ਹਦੀ ਕਲਾ ਵਾਲੇ ਰਹਿੰਦੇ ਸਨ।
ਮੁਲਤਾਨ ਦੀ ਜਿੱਤ ਬੜੀ ਹੀ ਮਹੱਤਵਪੂਰਨ ਸੀ। ਇਸ ਨਾਲ ਸਿੱਖ ਰਾਜ ਅਟਕ ਤੋਂ ਲੈ ਕੇ ਦੱਖਣ ਵਿੱਚ ਪੰਜ ਨਦ ਦਰਿਆ ਤੱਕ ਜਾ ਮਿਲਿਆ। ਪੰਜਾਬ ਵਿੱਚ ਅਫ਼ਗਾਨਾਂ ਦੀ ਤਾਕਤ ਦਾ ਭੋਗ ਪੈ ਗਿਆ। ਇਸ ਜਿੱਤ ਨੇ ਸਿੰਧ ਲਈ ਰਾਹ ਖੋਲ੍ਹ ਦਿੱਤਾ। ਇਸ ਨਾਲ ਕੰਧਾਰ ਤੋਂ ਮੁਲਤਾਨ ਹੁੰਦਾ ਹੋਇਆ ਦਿੱਲੀ ਨੂੰ ਜਾਂਦਾ ਰਸਤਾ ਜੋ ਤਜਾਰਤ ਪੱਖੋਂ ਪ੍ਰਸਿੱਧ ਸੀ, ਸਿੱਖ ਰਾਜ ਦੇ ਅਧੀਨ ਹੋ ਗਿਆ। ਸੀਤਾ ਰਾਮ ਕੋਹਲੀ ਅਨੁਸਾਰ ਇਸ ਜਿੱਤ ਕਾਰਨ ਲਾਹੌਰ ਦੇ ਖਜ਼ਾਨੇ ਵਿੱਚ ੬੮੦੯੭੫ ਰੁਪਏ ਸਾਲਾਨਾ ਦਾ ਵਾਧਾ ਹੋ ਗਿਆ ਸੀ।
३
ਕਸ਼ਮੀਰ ਦੇ ਹਜ਼ਾਰੇ ਦੀਆਂ ਜਿੱਤਾਂ ਅਤੇ ਗਵਰਨਰੀ
ਸੰਸਕ੍ਰਿਤ ਵਿੱਚ ਕਸ਼ਮੀਰ ਦੋ ਸ਼ਬਦਾਂ ਕਾ+ਸ਼ਮੀਰ ਦਾ ਸੰਜੋਗ ਹੈ।'ਕਾ' ਦਾ ਭਾਵ ਹੈ ਪਾਣੀ ਅਤੇ 'ਸ਼ਮੀਰ' ਖੁਸ਼ਕ ਧਰਤੀ ਨੂੰ ਕਹਿੰਦੇ ਹਨ। ਕਸ਼ਮੀਰ ਦੀ ਧਰਤੀ ਬਹੁਤ ਉੱਚੀ ਨੀਵੀਂ ਹੈ ਅਤੇ ਵਿਚਕਾਰ ਜਿਹਲਮ ਦਰਿਆ ਵਗਦਾ ਹੈ। ਇਤਿਹਾਸ ਅੰਦਰ ਇਹ ਵਰਣਨ ਹੈ ਕਿ ਇੱਥੇ ਮਰੀਚੀ ਦੇ ਪੁੱਤਰ ਕਸ਼ਯਪ ਨਾਮੀ ਰਿਸ਼ੀ ਨੇ ਤਪ ਕੀਤਾ। ਇਸ ਨੇ ਬਾਰਾਮੂਲੇ ਪਾਸ ਇੱਕ ਪਹਾੜ ਵਿੱਚੋਂ ਰਸਤਾ ਬਣਵਾ ਕੇ ਸਤੀਸਰ ਦਾ ਪਾਣੀ ਪੰਜਾਬ ਵੱਲ ਵਗਾ ਦਿੱਤਾ। ਇਹ ਵਗ ਰਿਹਾ ਪਾਣੀ ਪਹਿਲਾਂ 'ਕਾਸੂਰ' ਅਤੇ ਪਿੱਛੋਂ ਜਿਹਲਮ ਨਾਮ ਨਾਲ ਜਾਣਿਆ ਜਾਣ ਲੱਗਾ। ਸਤੀਸਰ ਇੱਕ ਝੀਲ ਸੀ ਜਿਹੜੀ ੫੬ ਕੋਹ ਲੰਮੀ ਅਤੇ ੧੬ ਕੋਹ ਚੌੜੀ ਸੀ ਅਤੇ ਇਹ ਚਾਰੇ ਤਰਫੋਂ ਪਹਾੜਾਂ ਨਾਲ ਘਿਰੀ ਹੋਈ ਸੀ।
ਮਹਾਂ ਭਾਰਤ ਵਿੱਚ ਦਰਜ ਹੈ ਕਿ ਪਹਿਲੇ ਪਹਿਲ ਇੱਥੇ ਕੰਬੋਜਾਂ ਨੇ ਰਾਜ ਕੀਤਾ। ਉਸ ਉਪਰੰਤ ਹੋਰ ਰਾਜੇ ਹੋਏ ਅਤੇ ਚੌਧਵੀਂ ਸਦੀ ਵਿੱਚ ਪਹਿਲਾਂ ਮੁਸਲਿਮ ਪਖਤੂਨ ਰਾਜਾ ਸ਼ਾਮ-ਉ-ਦੀਨ ਸ਼ਾਹ ਮੀਰ ਹੋਇਆ। ਚੀਨ ਦੇ ਯਾਤਰੀ ਹੀਵਨ ਸਾਂਗ (ਹਿਊਨ ਸਾਂਗ) ਨੇ ੧੬੩੧ ਵਿੱਚ ਕਸ਼ਮੀਰ ਦੇ ਸਫ਼ਰ ਸਮੇਂ ਇਸ ਨੂੰ ਕਿਆਸ਼ੀਮੀਲ ਲਿਖਿਆ ਹੈ। ਤਿੱਬਤੀ ਲੋਕ ਇਸ ਨੂੰ ਖਾਸਲ (ਬਰਫ਼ਾਨੀ ਪਹਾੜ) ਕਹਿੰਦੇ ਹਨ। ਰਾਜ 'ਤਰੰਗਨੀ' ਦਾ ਲੇਖਕ ਸ੍ਰੀ ਯੁਤ ਕਲਹਣ ਲਿਖਦਾ ਹੈ ਕਿ ਕਸ਼ਮੀਰ ਉਹ ਦੇਸ਼ ਹੈ, ਜਿਸ ਨੂੰ ਸੂਰਜ ਦੇਵਤਾ ਆਪਣੀਆਂ ਸੁਹਾਵਣੀਆਂ ਕਿਰਨਾਂ ਅਤੇ ਮਿੱਠੀ-ਮਿੱਠੀ ਧੁੱਪ ਨਾਲ ਰੌਣਕ ਬਖਸ਼ਦਾ ਹੈ। ਇਹ ਰਿਖੀਆਂ ਦੀ ਤਪ ਭੂਮੀ ਅਤੇ ਵਿਦਵਾਨਾਂ ਦਾ ਸੁੱਖ ਨਿਵਾਸ ਹੈ। ਇਸ ਦੇ ਉੱਤਰ ਵੱਲ ਨਾਗਾ ਪਰਬਤ ੨੬੬੨੦ ਫੁੱਟ ਉੱਚਾ ਹੈ ਤੇ ਪੂਰਬ ਵੱਲ ਹਰਮੁਖ ਪਰਬਤ ਸਨਮੁੱਖ ਦਿਖਾਈ ਦਿੰਦਾ ਹੈ। ਦੱਖਣ ਵੱਲ ਅਮਰ ਨਾਥ ਪਹਾੜ ੧੭੮੦੦ ਫੁੱਟ ਉੱਚਾ ਹੈ ਅਤੇ ਇਸੇ ਤਰ੍ਹਾਂ ਪੱਛਮ ਵੱਲ ਪੀਰ ਪੰਜਾਲ ੧੫੦੦੦ ਫੁੱਟ ਉੱਚਾ ਹੈ।
ਜਹਾਂਗੀਰ ਬਾਦਸ਼ਾਹ ਤੋਜ਼ਕੇ ਬਾਬਰੀ ਵਿੱਚ ਆਪਣੀ ਕਲਮ ਨਾਲ ਲਿਖਦਾ ਹੈ, "ਕਸ਼ਮੀਰ ਇੱਕ ਬਾਗ ਹੈ ਪਰ ਉਹ ਬਾਗ ਜਿਸ ਵਿੱਚ ਸਦਾ ਬਹਾਰ ਰਹਿੰਦੀ ਹੈ ... ਬਾਦਸ਼ਾਹਾਂ ਦੀ ਪੱਤ ਵਧਾਣ ਵਾਲਾ ਦੇਸ਼ ਹੈ ਅਤੇ ਦਰਵੇਸ਼ਾਂ ਲਈ ਇਕਾਂਤ
ਅਸਥਾਨ ਹੈ। ਬਾਦਸ਼ਾਹ ਜਹਾਂਗੀਰ ਨੇ ਕਸ਼ਮੀਰ ਬਾਰੇ ਅਮੀਰ ਖੁਸਰੋ (ਕਵੀ) ਦੇ ਸ਼ਬਦ ਦੁਹਰਾਏ :
ਅਗਰ ਫਿਰਦੌਸ ਬਰ ਰੂ ਏ ਜ਼ਮੀਨ ਅਸਤ, ਹਮੇ ਅਸਤ ਹਮੇ ਅਸਤ ਓ ਹਮੇ ਅਸਤ।
ਭਾਵ ਜੇਕਰ ਕੋਈ ਧਰਤੀ ਤੇ ਸਵਰਗ ਹੈ ਉਹ ਇਹ ਜਗ੍ਹਾ ਹੈ।
ਕਸ਼ਮੀਰ ਦੀ ਘਾਟੀ ਕੁਦਰਤ ਦੇ ਨਜ਼ਾਰਿਆਂ, ਮਨਮੋਹਣੇ ਦ੍ਰਿਸ਼ਾਂ, ਦਿਲ-ਖਿੱਚਵੇਂ ਜਲ-ਝਰਨਿਆਂ, ਹਰੇ-ਭਰੇ ਮੈਦਾਨਾਂ, ਵੰਨ-ਸੁਵੰਨੇ ਫੁੱਲਾਂ ਦੀ ਟਹਿਕ-ਮਹਿਕ ਤੇ ਮੁਸਕਾਨ ਨਾਲ ਭਰਪੂਰ ਹੈ। ਇੱਥੇ ਦੀਆਂ ਘਾਟੀਆਂ ਉੱਚੇ ਉੱਚੇ ਬ੍ਰਿਛਾਂ, ਬਾਗਾਂ, ਨਿਰਮਲ ਜਲ ਤੇ ਬਰਫ਼ ਨਾਲ ਲੱਦੀਆਂ ਹੋਈਆਂ ਬਹੁਤ ਹੀ ਸੁੰਦਰ ਰਮਣੀਕ ਅਤੇ ਚਮਕ ਦਮਕ ਵਾਲੀਆਂ ਹਨ। ਪਰ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਲਿਖਦੇ ਹਨ ਕਿ ਇਹ ਉਹ ਦੇਵ-ਲੋਕ ਅਤੇ ਫਰਿਸ਼ਤਿਆਂ ਦੇ ਨਿਵਾਸ ਵਾਲੀ ਧਰਤੀ ਬੇਕਦਰਿਆਂ ਦੇ ਹੱਥ ਆ ਕੇ ਸੁਰਗ ਤੋਂ ਘੋਰ ਨਰਕ ਅਤੇ ਫੁਲਵਾੜੀ ਤੋਂ ਮਸਾਣ ਭੂਮੀ ਦੇ ਰੂਪ ਵਿੱਚ ਬਦਲ ਗਈ। ਜਿਉਂ ਹੀ ਇਸ ਧਰਤੀ ਤੇ ਅਫ਼ਗਾਨਾਂ ਦਾ ਕਬਜਾ ਹੋਇਆ ਅਤੇ ੧੭੫੨ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਆਪਣੀ ਸਲਤਨਤ ਅੰਦਰ ਅਧੀਨ ਕੀਤਾ। ਉਪਰੰਤ ਇਹਨਾਂ ਬੇ-ਤਰਸ, ਬੇ-ਦਰਦ, ਬੇ-ਕਦਰੇ ਅਤੇ ਬੇ-ਇਨਸਾਫ਼ ਜ਼ਾਲਮਾਂ ਨੇ ਨਾਦਰ ਸ਼ਾਹ ਦੇ ਕਤਲੇਆਮ ਨੂੰ ਵੀ ਮਾਮੂਲੀ ਕਰਾਰ ਦਿੱਤਾ। ਜਰਵਾਣੇ ਅਸਦਖਾਨ ਬਾਰੇ ਲਿਖਤਾਂ ਦਰਸਾਉਂਦੀਆਂ ਹਨ ਕਿ ਇਹ ਪਸ਼ੂ ਬਿਰਤੀ ਵਾਲਾ ਦੋ ਦੋ ਹਿੰਦੂਆਂ ਦੀਆਂ ਪਿੱਠਾਂ ਜੋੜ ਕੇ ਤੇ ਰੱਸਿਆਂ ਨਾਲ ਉਨ੍ਹਾਂ ਨੂੰ ਨਰੜ ਕੇ ਡੂੰਘੇ ਪਾਣੀ ਵਿੱਚ ਸੁਟਵਾ ਦਿੰਦਾ ਜਦੋਂ ਉਹ ਵਿਚਾਰੇ ਬਚਣ ਲਈ ਹੱਥ ਪੈਰ ਮਾਰਦੇ ਤਾਂ ਖਿੜ ਖਿੜ ਕਰਕੇ ਹੱਸਦਾ ਸੀ ਅਤੇ ਕਹਿੰਦਾ ਸੀ ਇਹ ਕੀ ਤਮਾਸ਼ਾ ਕਰ ਰਹੇ ਹਨ? ਇਹ ਉਨ੍ਹਾਂ ਨੂੰ ਉਤਨਾ ਚਿਰ ਖੁਸ਼ੀ ਖੁਸ਼ੀ ਤੱਕਦਾ ਰਹਿੰਦਾ ਜਿਤਨਾ ਚਿਰ ਉਨ੍ਹਾਂ ਦੇ ਜੀਵਨ ਦਾ ਦੀਵਾ ਗੁੱਲ ਨਹੀਂ ਸੀ ਹੋ ਜਾਂਦਾ। ਇਸ ਨੇ ਹੁਕਮ ਕਰ ਦਿੱਤਾ ਕਿ ਕੋਈ ਹਿੰਦੂ ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ ਅਤੇ ਨਾ ਹੀ ਪੈਂਰੀ ਜੁੱਤੀ ਪਹਿਨ ਸਕਦਾ ਹੈ। ਹਿੰਦੂਆਂ ਦੀ ਪਿੱਠ ਤੇ ਚੜ੍ਹ ਕੇ ਅਫ਼ਗਾਨਾਂ ਵੱਲੋਂ ਸਵਾਰੀ ਕਰਨੀ ਆਮ ਗੱਲ ਸੀ। ਇਹ ਗੱਲ ਸਰ ਵਾਲਟਰ ਲਾਰੰਸ ਨੇ 'ਦੀ ਵੈਲੀ ਆਫ ਕਸ਼ਮੀਰ' ਦੇ ਪੰਨਾ ੧੯੮ ਤੇ ਲਿਖੀ ਹੈ।
ਮੌਲਾਣਾ ਮੁਹੰਮਦ ਦੀਨ ਤਵਾਰੀਖ ਕਸ਼ਮੀਰ ਦੀ ਹੂ ਬਹੂ ਦਰਦ ਕਹਾਣੀ ਇੰਞ ਬਿਆਨ ਕਰਦੇ ਹਨ :
ਪਰਸੀਦਮ ਅਜ਼ ਖਰਾਬੀਏ ਗੁਲਸ਼ਨ ਜ਼ ਬਾਗਬਾਂ।
ਫਗਾਂ ਕਸ਼ੀਦ ਵ ਗੁਫ਼ਤ ਕੋ ਅਵਗਾਂ ਖ਼ਰਾਬ ਕਰਦ।
ਸ਼ਾਮਤੇ ਅਹਿਮਾਲ ਸੇ ਅਫ਼ਗਾਨ ਹਾਕਮ ਹੋ ਗਏ।
ਆਏ ਓੁ ਅਵਰ ਤਾਲੇ ਬੇਦਾਰ ਅਪਨੇ ਸੋ ਗਏ।
ਭਾਵ ਅਫ਼ਗਾਨਾਂ ਦੀਆਂ ਘਿਨਾਉਣੀਆਂ, ਖੌਫ਼ਨਾਕ ਅਤੇ ਡਰਾਉਣੀਆਂ ਹਰਕਤਾਂ ਨੇ ਐਸੇ ਦਿਲ ਹਿਲਾ ਦਿੱਤੇ ਕਿ ਮੁਲਕ ਵਿੱਚ ਸ਼ੋਰ ਅਤੇ ਤੂਫ਼ਾਨ ਪੈਦਾ ਹੋ ਗਿਆ। ਜਿੱਧਰ ਵੀ ਮੈਂ ਦੇਖਦਾ ਸੀ ਲੋਕਾਂ (ਖਾਸ ਕਰ ਹਿੰਦੂਆਂ) ਦੀ ਸ਼ਾਮਤ ਆਈ ਹੋਈ ਸੀ। ਮੂਲ ਰੂਪ ਵਿੱਚ ਇਹ ਮਰਦਕੁਸ਼ੀ ਸੀ।
ਇਹਨਾਂ ਤੋਂ ਇਲਾਵਾਂ ਗਰੀਬਾਂ ਅਤੇ ਛੋਟੀਆਂ ਜਾਤਾਂ ਵਾਲਿਆਂ ਨੂੰ ਧੱਕੇ ਨਾਲ ਫੜ ਕੇ ਇਹ ਅਫ਼ਗਾਨ ਬਿਗਾਰਾਂ ਕਰਾਉਂਦੇ ਸਨ ਅਤੇ ਕੰਮ ਬਦਲੇ ਕੁਝ ਨਹੀਂ ਸੀ ਦਿੰਦੇ। ਇਹਨਾਂ ਅਫ਼ਗਾਨਾਂ ਦੇ ਮੋਹਰੀਆਂ ਵਿੱਚੋਂ ਅੱਤਾ ਮੁਹਮੰਦ ਇਤਨਾ ਨਸ਼ੱਈ ਅਤੇ ਵਿਸ਼ਈ ਸੀ ਕਿ ਆਪਣੀ ਕਾਮ ਵਾਸ਼ਨਾ ਦੀ ਤ੍ਰਿਪਤੀ ਲਈ ਇਸ ਨੇ ਕੂੜ ਕਪਟ ਵਾਲੀਆਂ ਜਨਾਨੀਆਂ ਰੱਖੀਆਂ ਹੋਈਆਂ ਸਨ। ਉਹ ਦੂਰ ਦੂਰ ਤੱਕ ਘੁੰਮਦੀਆਂ ਸਨ ਅਤੇ ਜਿਸ ਘਰ ਵਿੱਚ ਕੋਈ ਸੁੰਦਰ ਤੇ ਜੁਆਨ ਨੂੰਹ ਧੀ ਦੇਖਦੀਆਂ ਸਨ ਤਾਂ ਉਸ ਨੂੰ ਅੱਤਾ ਮੁਹਮੰਦ ਖਾਨ ਕੋਲ ਧੱਕੇ ਨਾਲ ਲੈ ਆਉਂਦੀਆਂ ਸਨ। ਘਰ ਵਾਲੇ ਵਿਚਾਰੇ ਰੋਂਦੇ ਕੁਰਲਾਉਂਦੇ ਰਹਿ ਜਾਂਦੇ ਸਨ ਅਤੇ ਇਹਨਾਂ ਦੀ ਫ਼ਰਿਆਦ ਸੁਣਨ ਵਾਲਾ ਕੋਈ ਨਹੀਂ ਸੀ।
ਜਿਵੇਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਪਣਾ ਧਰਮ ਬਚਾਉਣ ਲਈ ਕਸ਼ਮੀਰੀ ਫਰਿਆਦੀ ਬਣ ਕੇ ਅਨੰਦਪੁਰ ਸਾਹਿਬ ਆਏ ਸਨ ਤਿਵੇਂ ਅਤਿਆਚਾਰਾਂ ਨੂੰ ਮੁੱਖ ਰੱਖ ਕੇ ਕਸ਼ਮੀਰ ਦਾ ਇੱਕ ਪਤਵੰਤਾ, ਸਤਵੰਤਾ ਬੀਰਬਲ ਧਰ ਨਾਂ ਦਾ ਧਨਾਢ ਪੰਡਿਤ ਆਪਣਾ ਭੇਸ ਬਦਲ ਕੇ ਕਸ਼ਮੀਰ ਤੋਂ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆ ਹਾਜ਼ਰ ਹੋਇਆ। ਪਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਸ ਦਾ ਨਾਂ ਪੰਡਿਤ ਬੀਰਵਰ ਲਿਖਿਆ ਹੈ, ਜੋ ਸੂਬਾ ਜੱਬਾਰ ਖ਼ਾਨ ਦੇ ਅਧੀਨ ਸ੍ਰੀ ਨਗਰ (ਕਸ਼ਮੀਰ) ਦਾ ਪ੍ਰਧਾਨ ਮੰਤ੍ਰੀ ਸੀ। ਇਸ ਨੇ ਰੋ ਰੋ ਕੇ ਅਤਿਆਚਾਰਾਂ ਦੀ ਦਰਦਨਾਕ ਗਾਥਾ ਮਹਾਰਾਜੇ ਅੱਗੇ ਹੱਥ ਜੋੜ ਕੇ ਸੁਣਾਈ। ਇਹ ਸਭ ਕੁਝ ਸੁਣ ਕੇ ਸ਼ੇਰਿ-ਏ-ਪੰਜਾਬ ਦੇ ਰੌਂਗਟੇ ਖੜ੍ਹੇ ਹੋ ਗਏ ਅਤੇ ਕੋਲ ਬੈਠੇ ਸਰਦਾਰਾਂ ਦਾ ਖੂਨ ਉਬਾਲੇ ਖਾਣ ਲੱਗਿਆ। ਭਲਾ ਗੁਰੂ ਦੇ ਸਿੱਖ ਇਹ ਗੱਲਾਂ ਕਿਵੇਂ ਜਰ ਸਕਦੇ ਸਨ? ਬੀਰਬਲ ਨੇ
ਆਖਿਆ, "ਰਾਜਨ ! ਕਸ਼ਮੀਰ ਦੇ ਇਸਤ੍ਰੀ ਪੁਰਸ਼ ਦੁਖੀ ਹਿਰਦਿਆਂ ਨਾਲ ਪ੍ਰਭੂ ਅੱਗੇ ਇਹੀ ਬੇਨਤੀ ਕਰਦੇ ਹਨ। ਦਿਵਾ ਯੀ ਯੀ। ਸਿੱਖ ਰਾਜ ਤਹਿਤ ਕਿਆਹਾਂ। ਭਾਵ ਹੇ ਭਗਵਾਨ! ਸਿੱਖ ਰਾਜ ਛੇਤੀ ਇਥੇ ਪਹੁੰਚ ਜਾਵੇ।
ਮਹਾਰਾਜੇ ਨੇ ਬੀਰਬਲ ਧਰ ਦੇ ਦਰਦ ਭਰੇ ਸ਼ਬਦ ਸੁਣ ਕੇ ਕਸ਼ਮੀਰ ਤੇ ਚੜ੍ਹਾਈ ਕਰਨ ਲਈ ਤਿਆਰੀਆਂ ਆਰੰਭਣ ਦਾ ਹੁਕਮ ਕੀਤਾ। ਵੈਸੇ ਵੀ ਕਸ਼ਮੀਰ ਜਿਥੇ ਹਿੰਦੂਆਂ ਅਤੇ ਬੋਧੀਆਂ ਦਾ ਧਾਰਮਿਕ ਕੇਂਦਰ ਰਿਹਾ ਹੈ ਉੱਥੇ ਤਿੰਨ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਅਤੇ ਗੁਰੂ ਹਰਿ ਰਾਏ ਜੀ ਨੇ ਚਰਨ ਪਾਏ ਸਨ। ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਤਿਲਕ ਜੰਵੂ ਦੀ ਰਾਖੀ ਲਈ ਜਿਸ ਦੇ ਕਿ ਉਹ ਧਾਰਨੀ ਨਹੀਂ ਸਨ ਦਿੱਲੀ ਵਿਖੇ ਜਾ ਕੇ ਸ਼ਹਾਦਤ ਦਿੱਤੀ ਸੀ। ਮਹੀਨਾ ਵੀ ਵਿਸਾਖ ਦਾ ਸੀ ਅਤੇ ਖ਼ਾਲਸਾ ਸਾਜਨਾ ਦਿਵਸ ਚੱਲ ਰਹੇ ਸਨ। ਇਹ ਦਿਨ ਖਾਸ ਕਰਕੇ ਖ਼ਾਲਸੇ ਦੇ ਮਨਾਂ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬਚਨ, 'ਨਿਸਚੈ ਕਰ ਅਪਨੀ ਜੀਤ ਕਰੋ' ਦਾ ਯੁੱਧ-ਨਾਦ ਵਜਾ ਦਿੰਦੇ ਹਨ। ਖ਼ਾਲਸਾ ਇਹ ਪ੍ਰੇਰਣਾ ਲੈ ਕੇ ਕਿਸੇ ਤੇ ਵੀ ਪਈ ਭੀੜ ਦੇਖ ਕੇ ਇਨਸਾਫ਼ ਅਤੇ ਸੁਤੰਰਤਾ ਦੀ ਖ਼ਾਤਰ ਰਣ-ਤੱਤੇ ਵਿੱਚ ਛਾਤੀ ਡਾਹ ਕੇ ਜੂਝ ਪੈਂਦਾ ਹੈ। ਭਾਵ
ਜਬ ਆਬ ਕੀ ਅਉਧ ਨਿਧਾਨ ਬਨੈ, ਅਤ ਹੀ ਰਣ ਮਹਿ ਤਬ ਜੂਝ ਮਰੋ॥
ਅਜਿਹੀ ਨੇਕੀ ਅਤੇ ਬਦੀ ਦੀ ਜੰਗ ਅੰਦਰ ਪਰਮਾਤਮਾਂ ਵੀ ਪਾਪੀਆਂ ਨੂੰ ਉਨ੍ਹਾਂ ਦੇ ਕੀਤੇ ਕੁਕਰਮਾਂ ਤੇ ਪਾਪਾਂ ਦੀ ਸਜ਼ਾ ਦਿੰਦਾ ਹੈ ਅਤੇ ਧਰਮੀਆਂ ਦੀ ਜੈ ਜੈ ਕਾਰ ਕਰਾਉਂਦਾ ਹੈ। ਧਰਮੀ ਦਾ ਕਰਮ ਹੈ ਕਿ ਪਤਿ ਲਹਾਉਣ ਨਾਲੋਂ ਮੌਤ ਕਬੂਲਣਾ ਸਹੀ ਹੈ। ਧਰਮੀ ਹੋ ਕੇ ਜ਼ੁਲਮ ਜ਼ਰ ਲੈਣਾ ਖ਼ਾਲਸੇ ਦੇ ਨਾਮ ਨੂੰ ਕਲੰਕਤ ਕਰਨ ਦੇ ਤੁੱਲ ਹੈ। ਗੁਰਬਾਣੀ ਦੇ ਬੋਲ ਹਨ:
ਸੇਈ ਪੂਰੇ ਸ਼ਾਹ ਵਖਤੈ ਉਪਰਿ ਲੜਿ ਮੂਏ॥ (੧੪੫)
ਜੈਕਾਰ ਕੀਓ ਧਰਮੀਆ ਕਾ ਪਾਪੀ ਕੋ ਦੰਡ ਦੀਓ॥
ਖਾਲਸਾ ਨਾਮ ਹੀ ਮਨੁੱਖੀ ਅਤੇ ਰੱਬੀ ਪ੍ਰੇਮ ਦਾ ਹੈ। ਮਨੁੱਖੀ ਜਜ਼ਬਿਆਂ ਦਾ ਪ੍ਰਗਟਾਵਾ ਹੈ, ਸੰਘਰਸ਼ਮਈ ਘੋਲ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਸੀਤਾ ਰਾਮ ਦੇ ਕਬਿੱਤ ਅਨੁਸਾਰ ਬੀਰਬਲ ਧਰ ਦੇ ਵਹਿੰਦੇ ਨੈਣਾਂ ਚੋਂ ਨੀਰ ਅਤੇ ਮੁੱਖੋਂ ਅਲਾਏ ਵੈਣ ਸੁਣ ਕੇ ਸ਼ੇਰਿ-ਏ-ਪੰਜਾਬ ਨੇ ਸਰਦਾਰ ਹਰੀ ਸਿੰਘ ਨੂੰ ਇਹ ਆਖਿਆ:
ਝੱਟ ਸਰਕਾਰ ਫੌਜਾਂ ਕੀਤੀਆਂ ਤਿਆਰ,
ਮੁੱਖੋਂ ਕਿਹਾ ਬਾਰ ਬਾਰ ਹਰੀ ਸਿੰਘ ਕੋ ਵੰਗਾਰ ਕੇ।
ਸੀਤਾ ਰਾਮ ਬਾਝ ਤੇਰੇ ਹੋਵਣਾ ਨਾ ਕਾਜ ਉਦੈ,
ਕਰੋ ਬੈਠੇ ਰਾਜ ਕਸ਼ਮੀਰ ਸ਼ਹਿਰ ਮਾਰ ਕੇ।
ਸ਼ੇਰਿ-ਏ-ਪੰਜਾਬ ਨੇ ਆਪਣੀ ਨਿਗਰਾਨੀ ਹੇਠ ੩੦ ਹਜ਼ਾਰ ਫ਼ੌਜਾਂ ਨਾਲ ਲਾਹੌਰ ਤੋਂ ਕਸ਼ਮੀਰ ਵੱਲ ਕੂਚ ਕੀਤਾ। ਇਸ ਵਿੱਚ ਸ਼ਹਿਜ਼ਾਦਾ ਖੜਗ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀਵਾਲਾ, ਹੁਕਮਾ ਸਿੰਘ ਚਿਮਨੀ, ਜਵਾਲਾ ਸਿੰਘ ਆਦਿ ਮੁੱਖ ਸਰਦਾਰ ਸਨ। ਇਸ ਤੋਂ ਬਿਨਾਂ ੧੦ ਹਜ਼ਾਰ ਫ਼ੌਜ ਮਹਾਰਾਜੇ ਨੇ ਆਪਣੇ ਪਾਸ ਰੱਖੀ। ਖ਼ਾਲਸਾ ਫ਼ੌਜ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੀ, ਨਗਾਰਿਆਂ ਤੇ ਚੋਟਾਂ ਲਾਉਂਦੀ ਅਤੇ ਭੇਰੀਆਂ ਵਜਾਉਂਦੀ ਚੱਲੀ ਤਾਂ ੨੦ ਅਪ੍ਰੈਲ ੧੮੧੯ ਨੂੰ ਲਾਹੌਰ ਤੋਂ ਸੀ ਪਰ ਇਸ ਦੀ ਧਮਕ ਕਸ਼ਮੀਰ ਵਿੱਚ ਪੈਣੀ ਸ਼ੁਰੂ ਹੋ ਗਈ ਸੀ। ਫ਼ੌਜ ਦੀ ਚੜ੍ਹਤ ਸੁਣ ਕੇ ਭਿੰਬਰ, ਰਾਜੌਰੀ ਆਦਿ ਦੇ ਹਾਕਮ ਜਾਨ ਬਚਾਉਣ ਲਈ ਭੱਜ ਨਿਕਲੇ। ਸਿੰਘਾਂ ਨੇ ਰਾਜੌਰੀ ਦੇ ਅਗਰ ਖਾਨ ਨੂੰ ਪਕੜ ਕੇ ਮਹਾਰਾਜੇ ਦੇ ਸਾਮ੍ਹਣੇ ਪੇਸ਼ ਕੀਤਾ। ਸਰਕਾਰ ਨੇ ਤਰਸ ਖਾ ਕੇ ਜਾਨ ਹੀ ਨਹੀਂ ਬਖਸ਼ੀ ਦੁਬਾਰਾ ਰਾਜੌਰੀ ਦਾ ਰਾਜ ਭਾਗ ਸਭ ਸੰਭਾਲ ਦਿੱਤਾ। ਖ਼ਾਲਸਾ ਫ਼ੌਜ ਬਹਿਰਾਮ ਪਹੁੰਚੀ ਪਰ ਅਫ਼ਗਾਨੀ ਫ਼ੌਜਦਾਰ ਗੜ੍ਹੀ ਛੱਡ ਕੇ ਸ੍ਰੀ ਨਗਰ ਵੱਲ ਦੌੜ ਗਿਆ। ਹਾਕਮ ਮੀਰ ਮੁਹੰਮਦ ਖਾਂ ਅਤੇ ਮੁਹੰਮਦ ਅਲੀ ਨੇ ਈਨ ਮੰਨ ਕੇ ਆਪਣੇ ਆਪ ਨੂੰ ਖੜਗ ਸਿੰਘ ਦੇ ਹਵਾਲੇ ਕਰ ਦਿੱਤਾ। ਸ਼ਹਿਜ਼ਾਦੇ ਖੜਗ ਸਿੰਘ ਨੇ ਇਹਨਾਂ ਨੂੰ ਮੁਆਫ ਕਰ ਕੇ ਖਿੱਲਤਾਂ ਬਖ਼ਸ਼ੀਆਂ।
ਪੁਣਛ ਦੇ ਹਾਕਮ ਜ਼ਬਰਦਸਤ ਖ਼ਾਨ ਨੇ ਟੱਕਰ ਲੈਣ ਲਈ ਤਰਾਈ ਕਿਲ੍ਹੇ ਵਿੱਚ ਜੰਗੀ ਤਿਆਰੀਆਂ ਆਰੰਭ ਦਿੱਤੀਆਂ। ਆ ਰਹੀ ਖ਼ਾਲਸਾ ਫ਼ੌਜ ਨੂੰ ਰੋਕਣ ਲਈ ਰਸਤੇ ਵਿੱਚ ਭਾਰੇ ਪੱਥਰ ਸੁਟਵਾ ਦਿੱਤੇ ਅਤੇ ਦਰਖ਼ਤ ਕਟਵਾ ਕੇ ਸੁੱਟ ਦਿੱਤੇ। ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਨੂੰ ਇਸ ਗੱਲ ਦੀ ਖ਼ਬਰ ਪਹੁੰਚੀ ਤਾਂ ਇਹਨਾਂ ਤੇਜ਼ੀ ਨਾਲ ਆ ਕੇ ਹੱਲਾ ਬੋਲਿਆ। ਅਗੋਂ ਜਬਰਦਸਤ ਖ਼ਾਨ ਨੇ ਵੀ ਸਖ਼ਤ ਟਾਕਰਾ ਕੀਤਾ। ਸਿੰਘਾਂ ਨੇ ਕਿਲ੍ਹੇ ਦਾ ਇੱਕ ਪਾਸਾ ਬਰੂਦ ਨਾਲ ਉਡਾ ਦਿੱਤਾ ਅਤੇ ਜੋਸ਼ ਵਿੱਚ ਆ ਕੇ ਕਿਲ੍ਹੇ ਦੇ ਅੰਦਰ ਮੁਕਾਬਲਾ ਕਰ ਰਹੇ ਅਫ਼ਗਾਨਾਂ ਤੇ ਟੁੱਟ ਪਏ। ਤਲਵਾਰਾਂ, ਨੇਜਿਆਂ ਤੇ ਭਾਲਿਆਂ ਨਾਲ ਜੰਮ ਕੇ ਲੜਾਈ ਹੋਈ। ਦੋਹਾਂ ਤਰਫ਼ਾਂ ਦੇ ਕਾਫ਼ੀ ਸੂਰਮੇ ਲੜਦੇ ਲੜਦੇ ਜਾਨਾਂ ਵਾਰ ਗਏ। ਆਖੀਰ ਖ਼ਾਲਸਾ ਫ਼ੌਜ ਨੇ
ਕਿਲ੍ਹੇ ਤੇ ਕਬਜ਼ਾ ਕਰ ਕੇ ਕੇਸਰੀ ਨਿਸ਼ਾਨ ਝੁਲਾ ਦਿੱਤੇ। ਇਹ ਮੋਰਚਾ ਜਿੱਤ ਕੇ ਫ਼ੌਜ ਬਹਿਰਾਮ ਜਿੱਥੇ ਦਾ ਮੌਸਮ ਬੜਾ ਸੁਹਾਵਨਾ ਸੀ ਵਾਪਸ ਆ ਗਈ। ਇੱਥੇ ਠਹਿਰ ਕੇ ਕੁਝ ਦਿਨ ਆਰਾਮ ਕੀਤਾ ਅਤੇ ਅਗਲੇ ਸੰਗਰਾਮ ਲਈ ਤਿਆਰੀ ਵਿੱਢੀ ਕਿਉਂਕਿ ਕਸ਼ਮੀਰ ਦੇ ਖਾੜਕੂ ਹੁਕਮਰਾਨ ਬਾਰਕਜ਼ਈਆਂ ਨਾਲ ਮੱਥਾ ਲਾਉਣਾ ਸੀ। ਇਹ ਕਸ਼ਮੀਰ ਨੂੰ ਆਪਣੀ ਪੱਕੀ ਮਲਕੀਅਤ ਸਮਝਦੇ ਸਨ। ਕਸ਼ਮੀਰ ਦੀ ਸੁੰਦਰਤਾ ਕਰਕੇ, ਵਧੀਆ ਮੌਸਮ ਅਤੇ ਉੱਚੀਆਂ ਪਹਾੜੀਆਂ ਕਾਰਨ ਸੁਰੱਖਿਅਤ ਹੋਣ ਕਰਕੇ ਮੁੱਦਤਾਂ ਤੋਂ ਇਹ ਜਗ੍ਹਾ ਬਾਦਸ਼ਾਹਾਂ ਦੀ ਰਣਭੂਮੀ ਰਹੀ ਹੈ। ਮਾਰੋ ਮਾਰ ਕਰਦੀਆਂ ਖ਼ਾਲਸਾ ਫ਼ੌਜਾਂ ਆਉਣ ਦੀ ਖ਼ਬਰ ਸੁਣ ਕੇ ਕਸ਼ਮੀਰ ਦੇ ਹਾਕਮ ਮੁਹਮੰਦ ਜੱਬਾਰ ਖ਼ਾਨ ਨੇ ਵੱਡੀ ਗਿਣਤੀ ਵਿੱਚ ਫ਼ੌਜ ਇਕੱਤਰ ਕਰ ਕੇ ਸੁਪਈਆਂ (ਸੁਪਨ) ਦੇ ਮੈਦਾਨ ਵਿੱਚ ਟਾਕਰੇ ਲਈ ਤੋਪਾਂ ਬੀੜ ਦਿੱਤੀਆਂ। ਕੋਹ ਧਰਾਲ ਤੇ ਪੀਰ ਪੰਜਾਲ ਦੀਆਂ ਉੱਚੀਆਂ ਚੋਟੀਆਂ ਦਾ ਰਸਤਾ ਬੜਾ ਕਠਨ ਸੀ। ਖਾਲਸਾ ਫ਼ੌਜਾਂ ੨੬ ਜੂਨ ਨੂੰ ਸਰਾਏ ਇਲਾਹੀ ਪੁੱਜ ਗਈਆਂ। ਸਰਾਏ ਤੋਂ ਕੂਚ ਕਰਕੇ ਅਹੀਰਪੁਰ ਡੇਰਾ ਕੀਤਾ ਜਿੱਥੋਂ ਜੰਗ ਦਾ ਮੈਦਾਨ ੫ ਕੋਹ ਤੇ ਸੀ। ਅਫ਼ਗਾਨ ਫ਼ੌਜ ਵੱਡੀ ਲੜਾਈ ਲਈ ਪੂਰੀ ਤਿਆਰੀ ਵਿੱਚ ਸੀ। ਸਰਦਾਰਾਂ ਨੂੰ ਵੀ ਵੈਰੀ ਦੀ ਹਰ ਤਜ਼ਵੀਜ਼ ਦੀ ਸੂਹ ਮਿਲ ਚੁੱਕੀ ਸੀ। ਟਾਕਰੇ ਲਈ ਇਹਨਾਂ ਫ਼ੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ੩ ਜੁਲਾਈ ਨੂੰ ੧੮੧੯ ਨੂੰ ਸਵੇਰ ਸਾਰ ਅਫ਼ਗਾਨਾਂ ਦੇ ਮੋਰਚਿਆਂ ਤੇ ਧਾਵਾ ਜਾ ਬੋਲਿਆ। ਅੱਗੋਂ ਅਫ਼ਗਾਨਾਂ ਨੇ ਤੋਪਾਂ ਦੇ ਗੋਲੇ ਦਾਗ ਦਿੱਤੇ। ਘਮਸਾਨ ਦਾ ਯੁੱਧ ਹੋਣ ਲੱਗਿਆ। ਦੋਹਾਂ ਪਾਸਿਆਂ ਤੋਂ ਸ਼ਸਤਰ ਖੜਕ ਰਹੇ ਸਨ ਅਤੇ ਸੂਰਮੇ ਲਹੂ-ਲੁਹਾਨ ਹੋ ਰਹੇ ਸਨ। ਅਕਾਲੀ ਫੂਲਾ ਸਿੰਘ ਦੀ ਟੁਕੜੀ ਦੇ ਸਾਮ੍ਹਣੇ ਬਹਾਦਰ ਸ਼ੇਰ ਦਿਲ ਖਾਨ ਆਪਣੇ ਭਰਾ ਮੀਰ ਅਖੋਰ ਸਮੱਦ ਖ਼ਾਨ ਦੇ ਨਾਮੀ ਫ਼ੌਜੀਆਂ ਸਣੇ ਆ ਡਟਿਆ ਅਤੇ ਲੜਦਾ ਲੜਦਾ ਮਾਰਿਆ ਗਿਆ। ਦੂਜੇ ਪਾਸੇ ਜੱਬਾਰ ਖ਼ਾਨ ਨੇ ਹਰੀ ਸਿੰਘ ਨਲਵਾ ਤੇ ਤਲਵਾਰ ਦਾ ਲੰਬਾ ਵਾਰ ਕੀਤਾ। ਨਲਵਾ ਨੇ ਫੁਰਤੀ ਨਾਲ ਇਹ ਵਾਰ ਢਾਲ ਤੇ ਰੋਕਿਆ ਅਤੇ ਆਪਣੀ ਤਲਵਾਰ ਨਾਲ ਜੱਬਾਰ ਖਾਨ ਦਾ ਤਲਵਾਰ ਨਾਲ ਹੱਥ ਵੱਢ ਦਿੱਤਾ। ਇਸ ਹਾਲਤ ਵਿੱਚ ਉਹ ਜਾਨ ਬਚਾ ਕੇ ਨੱਸ ਗਿਆ। ਰਸਤੇ ਵਿੱਚ ਮੁਹਮੰਦ ਜੱਬਾਰ ਖਾਨ ਨੇ ਮੈਦਾਨੇ-ਜੰਗ ਅੰਦਰ ਆਪਣੇ ਭਰਾਵਾਂ ਨੂੰ ਫੱਟੜ ਪਏ ਅਤੇ ਤੜਫਦੇ ਦੇਖਿਆ ਤਾਂ ਇਹ ਜੰਗ ਲਈ ਨਾ ਰੁਕਿਆ ਅਤੇ ਅਫ਼ਗਾਨਿਸਤਾਨ ਵੱਲ ਨਿਕਲ ਗਿਆ। ਇੰਞ ਹਾਕਮਾਂ ਦੇ ਮਰਨ ਅਤੇ ਦੌੜਨ ਕਰਕੇ ਫ਼ੌਜ ਨੇ ਹਥਿਆਰ ਸੁੱਟ ਦਿੱਤੇ ਅਤੇ ਖਾਲਸੇ ਦੀ ਜਿੱਤ ਹੋਈ। ਇਸ ਜਿੱਤ ਨਾਲ ਕਸ਼ਮੀਰ ਵਿੱਚ ਤਕਰੀਬਨ ਪੰਜ ਸੌ ਸਾਲ ਤੋਂ ਲਗਾਤਾਰ ਚੱਲ ਰਿਹਾ ਇਸਲਾਮੀ ਰਾਜ ਖ਼ਤਮ ਹੋ ਗਿਆ।
ਜਿੱਤ ਦੀ ਖੁਸ਼ੀ ਵਿੱਚ ਧੌਸਿਆਂ ਦੀ ਗੂੰਜ ਹੇਠ ਖਾਲਸਈ ਨਿਸ਼ਾਨ ਝੁਲਾ ਦਿੱਤੇ। ਪਰਮਾਤਮਾ ਦਾ ਧੰਨਵਾਦ ਕੀਤਾ ਗਿਆ। ਅਫ਼ਗਾਨੀ ਫ਼ੌਜ ਦੀਆਂ ੨੨ ਤੋਪਾਂ, ਹਜ਼ਾਰਾਂ ਬੰਦੂਕਾਂ, ਤਲਵਾਰਾਂ, ਭਾਲੇ, ਬਰਛੇ, ਵੱਡੀ ਗਿਣਤੀ 'ਚ ਹਾਥੀ ਅਤੇ ਘੋੜੇ ਅਤੇ ਜਖੀਰੇ ਖ਼ਾਲਸੇ ਦੇ ਹੱਥ ਆਏ। ਖ਼ਾਲਸਾ ਫ਼ੌਜ ਸਹਿਜ਼ਾਦਾ ਖੜਗ ਸਿੰਘ ਦੀ ਕਮਾਨ ਹੇਠ ਬੜੀ ਸ਼ਾਨੋ ਸ਼ੌਕਤ ਨਾਲ ੪ ਜੁਲਾਈ ੧੮੧੯ ਨੂੰ ਸ੍ਰੀ ਨਗਰ ਵਿੱਚ ਦੁਪਹਿਰ ਵੇਲੇ ਦਾਖਲ ਹੋਈ। ਸ਼ਹਿਰ 'ਚ ਦਾਖਲੇ ਸਮੇਂ ਅੱਗੇ ਅੱਗੇ ਇਹ ਮੁਨਾਦੀ ਕਰਾਈ ਜਾ ਰਹੀ ਸੀ ਕਿ ਕੋਈ ਸ਼ਹਿਰੀ ਬਿਲਕੁਲ ਨਾ ਘਬਰਾਏ। ਖਾਲਸਾ ਫ਼ੌਜਾਂ ਤੁਹਾਡੀ ਜਾਨ ਤੇ ਮਾਲ ਦੀ ਰੱਖਿਆ ਲਈ ਬੜੀਆਂ ਤਕੜੀਆਂ ਘਾਲਣਾਂ ਘਾਲ ਕੇ ਅਤੇ ਸੂਰਮਿਆਂ ਦੀਆਂ ਜਾਨਾਂ ਵਾਰ ਕੇ ਇੱਥੇ ਪਹੁੰਚੀਆਂ ਹਨ। ਉਧਰ ਸੈਨਿਕਾਂ ਨੂੰ ਵੀ ਸਖ਼ਤ ਹੁਕਮ ਕਰ ਦਿੱਤੇ ਕਿ ਕੋਈ ਵੀ ਕਿਸੇ ਸ਼ਹਿਰੀ ਵੱਲ ਬੁਰੀ ਨਜ਼ਰ ਨਾਲ ਨਾ ਤੱਕੇ ਅਤੇ ਨਾ ਹੀ ਕਿਸੇ ਦੇ ਧਨ ਮਾਲ ਨੂੰ ਚੁਰਾਵੇ। ਇਸ ਹੁਕਮ ਤੇ ਸਖ਼ਤੀ ਨਾਲ ਪਹਿਰਾ ਦਿੱਤਾ ਗਿਆ ਅਤੇ ਇਹ ਇਤਿਹਾਸਕ ਸੈਨਿਕ ਪਰਦਰਸ਼ਨ ਜੋ ਜਲੂਸ ਦੀ ਸ਼ਕਲ ਵਿੱਚ ਸੀ ਆਪਣੇ ਅਦੁੱਤੀ ਜਾਹੋ-ਜਲਾਲ ਦਿਖਾਉਂਦਾ ਸ਼ਾਂਤੀ ਪੂਰਬਕ ਸ਼ਹਿਰ ਵਿੱਚ ਦੀ ਲੰਘਿਆ। ਪਰਜਾ ਨੇ ਵੀ ਬਹੁਤ ਗਰਮ ਜੋਸ਼ੀ ਨਾਲ ਦਿਲੋਂ ਬੜਾ ਭਰਮਾਂ ਸੁਆਗਤ ਕੀਤਾ। ਅਖੀਰ ਸ਼ਹਿਜਾਦਾ ਖੜਗ ਸਿੰਘ ਦਾ ਨਿਵਾਸ ਕਿਲ੍ਹਾ ਸ਼ੇਰ ਗੜ੍ਹੀ ਵਿੱਚ ਕਰਵਾਇਆ ਗਿਆ ਅਤੇ ਬਾਕੀ ਸਰਦਾਰਾਂ ਅਤੇ ਸੈਨਿਕਾਂ ਦੇ ਠਹਿਰਨ ਲਈ ਯੋਗ ਪ੍ਰਬੰਧ ਕੀਤੇ ਗਏ।
ਇਸ ਵੱਡੀ ਕਾਮਯਾਬੀ ਦੀ ਖ਼ਬਰ ਸ਼ੇਰਿ-ਏ-ਪੰਜਾਬ ਨੂੰ ਦੇਣ ਲਈ ਹਲਕਾਰੇ ਸਰਦਾਰ ਜੈਮਲ ਸਿੰਘ ਲਮਟੰਗੇ (ਲੰਬੀਆਂ ਟੰਗਾਂ ਵਾਲਾ) ਨੂੰ ਭੇਜਿਆ ਗਿਆ। ਜਿਉਂ ਹੀ ਮਹਾਰਾਜੇ ਨੇ ਇਹ ਖ਼ਬਰ ਸੁਣੀ ਤਾਂ ਗਦ ਗਦ ਹੋ ਉੱਠਿਆ। ਇਸ ਜਿੱਤ ਦਾ ਧੰਨਵਾਦ ਕਰਨ ਲਈ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਏ। ਸਤਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ ਅਤੇ ਗੁਰੂ ਦੀਆਂ ਬਖਸ਼ੀਆਂ ਦਾਤਾਂ ਚੋਂ ਸਵਾ ਲੱਖ ਰੁਪਿਆਂ ਦੀ ਸ੍ਰੀ ਦਰਬਾਰ ਸਾਹਿਬ ਜੀ ਤੇ ਸੋਨੇ ਦੀ ਸੇਵਾ ਲਈ ਅਰਦਾਸ ਕਰਾਈ। ਰਾਤ ਨੂੰ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ। ਹਲਕਾਰੇ ਹੱਥ ਲਿਖ ਕੇ ਭੇਜਿਆ ਕਿ ਸਰਦਾਰ ਹਰੀ ਸਿੰਘ ਨਲੂਆ ਅਤੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਸੈਨਾ ਭੇਜ ਕੇ ਲਗਦੇ ਹੱਥ ਮੁਜੱਫਰਾਬਾਦ ਅਤੇ ਦਰਬੰਧ ਆਦਿ ਦੇ ਪਰਗਣੇ ਫ਼ਤਹਿ ਕਰਕੇ ਕਸ਼ਮੀਰ ਨਾਲ ਮਿਲਾਉ। ਸੱਯਦ ਲਤੀਫ਼ ਅਨੁਸਾਰ ਇਹਨਾਂ ਸਰਦਾਰਾਂ ਨੇ ਕਰੜੀਆਂ ਲੜਾਈਆਂ ਉਪਰੰਤ ਇਹ ਇਲਾਕੇ ਫ਼ਤਹਿ ਕਰ ਲਏ। ਸਰਕਾਰ ਨੇ
ਪੰਡਿਤ ਬੀਰਬਲ (ਬੀਰਬਰ) ਨੂੰ ਜਾਗੀਰ ਬਖਸ਼ੀ ਅਤੇ ਕਸ਼ਮੀਰ ਦੇ ਮਾਲੀਏ ਚੋਂ ਲੱਗ ਪਗ ੫੩ ਲੱਖ ਰੁਪਏ (ਕਸ਼ਮੀਰੀ ਸਿੱਕੇ) ਦਿੱਤੇ। ਇਹ ਪ੍ਰਗਟਾਵਾ ਮੁਨਸ਼ੀ ਸੋਹਣ ਲਾਲ ਨੇ ਆਪਣੀ ਲਿਖਤ 'ਵੈਲੀ ਔਫ਼ ਕਸ਼ਮੀਰ' ਵਿੱਚ ੧੯੯ ਸਫ਼ੇ ਤੇ ਕੀਤਾ ਹੈ।
ਲਾਹੌਰ ਵਾਪਸੀ ਅਤੇ ਦੀਵਾਨ ਮੋਤੀ ਰਾਮ ਨੂੰ ਗਵਰਨਰੀ ਦੇਣਾ
ਕੁਝ ਸਮੇਂ ਪਿਛੋਂ ਹਰੀ ਸਿੰਘ ਨਲੂਏ ਦੀ ਡਵੀਜ਼ਨ ਲਾਹੌਰ ਪਹੁੰਚੀ ਅਤੇ ਬਾਕੀ ਫ਼ੌਜ ਕਸ਼ਮੀਰ 'ਚ ਹੀ ਰੱਖੀ ਗਈ। ਸ਼ਾਹਦਰੇ ਦੇ ਲਾਗੇ ਸ਼ੇਰਿ-ਏ-ਪੰਜਾਬ ਆਪ ਅਹਿਲਕਾਰਾਂ ਸਮੇਤ ਆਉ ਭਗਤ ਲਈ ਪਹੁੰਚੇ। ਲਾਹੌਰ ਪਹੁੰਚਣ ਵਾਲੇ ਰਸਤੇ ਦੁਲਹਨ ਵਾਂਗ ਸਜਾਏ ਗਏ। ਸਰਦਾਰ ਨਲੂਆ ਬਹੁਤ ਹੀ ਸੁੰਦਰ ਅਤੇ ਕੱਦ ਕਾਠ ਵਾਲੇ ਸਜਾਏ ਹੋਏ ਹਾਥੀ ਤੇ ਸਵਾਰ ਸੀ। ਮਹਾਰਾਜਾ ਸਾਹਿਬ ਵੀ ਨਾਲ ਨਾਲ ਹਾਥੀ ਤੇ ਚੱਲ ਰਹੇ ਸਨ। ਲਾਹੌਰ ਦੇ ਕਿਲ੍ਹੇ ਵਿੱਚ ਪਹੁੰਚਣ ਤੇ ਤੋਪਾਂ ਦੀ ਸਲਾਮੀ ਦਿੱਤੀ ਗਈ। ਆਸਮਾਨ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਰਾਤ ਨੂੰ ਦੀਪਮਾਲਾ ਕੀਤੀ ਗਈ। ਅਗਲੇ ਦਿਨ ਹਜੂਰੀ ਬਾਗ ਵਿੱਚ ਭਾਰੀ ਦਰਬਾਰ ਸਜਾਇਆ ਗਿਆ ਜਿਸ ਅੰਦਰ ਕਸ਼ਮੀਰ ਦੇ ਵਿਜੇਤਿਆਂ, ਸ਼ਹੀਦਾਂ ਅਤੇ ਫੱਟੜਾਂ ਨੂੰ ਬਹੁਮੁੱਲੇ ਸਿਰੋਪੇ, ਖਿੱਲਤਾਂ ਅਤੇ ਜਾਗੀਰਾਂ ਬਖਸ਼ੀਆਂ। ਸਰਦਾਰ ਨਲੂਏ ਨੂੰ ਧਮਨੀ ਦਾ ਇਲਾਕਾ ਜਾਗੀਰ ਵਜੋਂ ਦਿੱਤਾ ਗਿਆ। ਇਸੇ ਦਿਨ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਥਾਪਿਆ ਗਿਆ।
ਦੀਵਾਨ ਮੋਤੀ ਰਾਮ ਮਹਾਰਾਜਾ ਰਣਜੀਤ ਸਾਹਿਬ ਦਾ ਹੁਕਮ ਬਰਦਾਰ, ਪੂਰਾ ਤਾਬਿਆਦਾਰ ਅਤੇ ਨੇਕ ਕਰਮਚਾਰੀ ਸੀ। ਇਸ ਨੇ ਕਸ਼ਮੀਰ ਵਿੱਚ ਯੋਗ ਪ੍ਰਬੰਧ ਲਈ ਅਤੇ ਸ਼ਾਂਤੀ ਕਾਇਮ ਰੱਖਣ ਲਈ ਸਿਰ ਤੋੜ ਯਤਨ ਕੀਤੇ। ਮੰਦਭਾਗੀ ਘਟਨਾ ਇਸ ਨਾਲ ਇਹ ਵਾਪਰੀ ਕਿ ਇਸ ਦਾ ਪੁੱਤਰ, ਗੰਦਗੜ੍ਹ ਵਿਖੇ, ਜੋ ਕਿ ਪੱਛਮੀ ਕਸ਼ਮੀਰ ਵਿੱਚ ਸੀ, ਜਿਮੀਦਾਰਾਂ ਦੇ ਅੰਦੋਲਨ ਨੂੰ ਦਬਾਉਂਦਾ ਹੋਇਆ ਮਾਰਿਆ ਗਿਆ। ਦੀਵਾਨ ਮੋਤੀ ਰਾਮ ਨੂੰ ਲੱਗੇ ਇਸ ਵੱਡੇ ਧੱਕੇ ਕਾਰਨ ਉਸ ਦਾ ਦਿਲ ਟੁੱਟ ਗਿਆ। ਸੋਹਣ ਲਾਲ ਸੂਰੀ ਅਨੁਸਾਰ ਦੀਵਾਨ ਨੇ ਮਹਾਰਾਜਾ ਨੂੰ ਸੇਵਾ ਮੁਕਤ ਕਰਨ ਲਈ ਪੱਤਰ ਲਿਖਿਆ। ਵੈਸੇ ਵੀ ਜ਼ਿਆਦਾ ਹੀ ਨਰਮ ਦਿਲ ਕਰਕੇ ਮੋਤੀ ਰਾਮ ਕਸ਼ਮੀਰ ਅੰਦਰ ਉੱਠ ਰਹੇ ਅੰਦੋਲਨਾਂ ਤੇ ਕਾਬੂ ਨਾ ਪਾ ਸਕਿਆ। ਮਹਾਰਾਜੇ ਵੱਲੋਂ
ਭੇਜੇ ਹੋਏ ਅਹਿਲੀਏ ਦੀਵਾਨ ਦੇਵੀ ਦਾਸ ਨੇ ਵੀ ਆਪਣੀ ਪੜਤਾਲੀਆ ਰੀਪੋਰਟ ਵਿੱਚ ਦਰਜ਼ ਕੀਤਾ ਕਿ "ਦੀਵਾਨ ਮੋਤੀ ਰਾਮ ਨਰਮ ਦਿਲ ਕਰਕੇ ਬਦਅਮਨੀ ਤੇ ਕਾਬੂ ਨਹੀਂ ਪਾ ਸਕਿਆ, ਪਰਜਾ ਦੀ ਗੁੰਝਲੀ ਹੋਈ ਤਾਣੀ ਨੂੰ ਸੁਲਝਾ ਨਹੀਂ ਸਕਿਆ ਜਿਸ ਕਾਰਨ ਬੇ-ਇੰਤਜ਼ਾਮੀ ਦੀ ਹੱਦ ਹੋ ਗਈ ਹੈ, ਹੋ ਸਕਦਾ ਹੈ ਕਸ਼ਮੀਰ ਵਿੱਚ ਆਉਣ ਵਾਲੇ ਸਮੇਂ ਅੰਦਰ ਕੋਈ ਵੱਡੀ ਬਗਾਵਤ ਫੁੱਟ ਪਵੇ"। ਇਹ ਰੀਪੋਰਟ ਪੜ੍ਹ ਕੇ ਮਹਾਰਾਜਾ ਨੇ ਸਰਦਾਰ ਹਰੀ ਸਿੰਘ ਨਲੂਆ ਨੂੰ ਵੱਡੀ ਖਿੱਲਤ ਬਖਸ਼ੀ ਅਤੇ ਕਸ਼ਮੀਰ ਦੀ ਗਵਰਨਰੀ ਸੰਭਾਲਣ ਦੇ ਹੁਕਮ ਕਰ ਦਿੱਤੇ।
ਕਸ਼ਮੀਰ ਦਾ ਗਵਰਨਰ ਹਰੀ ਸਿੰਘ ਨਲੂਆ
ਕਸ਼ਮੀਰ ਦੀ ਇੱਕ ਤਾਂ ਰਿਆਸਤ ਬਹੁਤ ਵੱਡੀ ਸੀ, ਦੂਜਾ ਇਸ ਦਾ ਮਾਲੀਆ ਸਭ ਤੋਂ ਵੱਧ ਸੀ। ਤੀਜਾ, ਇਹ ਨਵੀਂ ਨਵੀਂ ਖਾਲਸਾ ਰਾਜ ਵਿੱਚ ਸ਼ਾਮਲ ਹੋਈ ਸੀ। ਚੌਥਾ, ਇੱਥੇ ਪੜ੍ਹੇ ਲਿਖੇ ਹਿੰਦੂ ਵਿਦਵਾਨ ਰਹਿਣ ਕਰਕੇ ਮੁਗਲਾਂ ਨਾਲ ਇਹਨਾਂ ਦੀ ਦ੍ਵੈਸ਼ ਭਾਵਨਾ ਵੱਧ ਸੀ ਅਤੇ ਪੰਜਵਾਂ, ਲੰਬੇ ਸਮੇਂ ਤੋਂ ਮੁਗਲ ਹਕੂਮਤ ਇੱਥੇ ਹੋਣ ਕਰਕੇ ਮੁਗਲ ਕਿਸੇ ਹੋਰ ਦੀ ਅਧੀਨਗੀ ਪ੍ਰਵਾਨ ਨਹੀਂ ਸੀ ਕਰਨਾ ਚਾਹੁੰਦੇ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਸ਼ੇਰਿ-ਏ-ਪੰਜਾਬ ਜਿਹੜਾ ਦੂਰ-ਅੰਦੇਸ਼ੀ, ਬਾ-ਖ਼ਬਰ ਅਤੇ ਸਾਵਧਾਨ ਰਾਜਾ ਸੀ ਨੇ ਅਕਲ ਤੋਂ ਕੰਮ ਲੈਂਦਿਆਂ ਫ਼ੌਜੀ ਜਰਨੈਲ ਹਰੀ ਸਿੰਘ ਨਲੂਏ ਨੂੰ ਗਵਰਨਰ ਥਾਪਿਆ ਤਾਂ ਕਿ ਵਿਗੜੇ ਹੋਏ ਹਾਲਾਤਾਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ। ਜਿਉਂ ਹੀ ਸ਼ੇਰ ਦਿਲ, ਦਲੇਰ ਦਿਲ, ਬਿਬੇਕ ਦਿਲ ਅਤੇ ਨੇਕ ਦਿਲ ਨਵੇਂ ਗਵਰਨਰ ਦੇ ਤੌਰ ਤੇ ਕਸ਼ਮੀਰ ਪਹੁੰਚਣ ਦੀ ਖ਼ਬਰ ਸੁਣੀ ਤਾਂ ਹੰਕਾਰੀ, ਬੇਕਾਰੀ, ਤਾਨਾਸ਼ਾਹ, ਬਦਮਾਸ਼ ਅਤੇ ਲੁਟੇਰਿਆਂ ਦੇ ਦਿਲ ਦਹਿਲ ਗਏ। ੨੫ ਅਗਸਤ ੧੮੨੦ ਨੂੰ ਸਰਦਾਰ ਨੇ ਦੀਵਾਨ ਮੋਤੀ ਰਾਮ ਨੂੰ ਫਾਰਗ ਕਰ ਕੇ ਕੰਮ ਕਾਜ਼ ਸੰਭਾਲ ਲਿਆ।
ਇਤਿਹਾਸਕਾਰਾਂ ਅਨੁਸਾਰ ਕਸ਼ਮੀਰੀ ਲੋਕ ਇਸ ਗੱਲ ਦੇ ਆਦੀ ਸਨ ਕਿ ਜਿਹੜਾ ਸ਼ਾਸਕ ਇਹਨਾਂ ਨਾਲ ਨਰਮੀ ਵਰਤਦਾ ਸੀ ਉਸ ਵਿਰੁੱਧ ਇਹ ਬਗਾਵਤ ਕਰਦੇ ਸਨ ਅਤੇ ਸਖ਼ਤੀ ਕਰਨ ਵਾਲੇ ਨੂੰ ਜ਼ਾਲਮ ਤੇ ਫ਼ਾਲਮ ਕਹਿ ਕੇ ਭੰਡਦੇ ਸਨ। ਨਾਲ ਹੀ ਪਹਿਲੇ ਸ਼ਾਸ਼ਕ ਦੀ ਵਡਿਆਈ ਅਤੇ ਨਵੇਂ ਦੀ ਨਿੰਦਾ ਸ਼ੁਰੂ ਕਰ ਦਿੰਦੇ ਸਨ। ਗੱਲ ਕੀ ਹਾਕਮ ਦਾ ਟੇਢਾ-ਮੇਢਾ ਨਾਮ ਰੱਖ ਕੇ ਉਸ ਨੂੰ ਟਿੱਚ ਸਮਝਦੇ ਸਨ।
ਸੋ ਸਰਦਾਰ ਹਰੀ ਸਿੰਘ ਵਰਗਾ ਅਣਖੀਲਾ ਯੋਧਾ, ਧਰਮੀ ਬੰਦਾ ਹਰ ਇੱਕ ਨਾਲ ਪਿਆਰ ਕਰਨ ਵਾਲਾ, ਇਮਾਨਦਾਰ, ਇਨਸਾਫ਼ੀ ਅਤੇ ਨੇਕ ਨੀਤੀਵਾਨ ਪਰਜਾ ਦੇ ਦੁੱਖਾਂ ਨੂੰ ਕਿਵੇਂ ਸਹਾਰ ਸਕਦਾ ਸੀ? ਗਵਰਨਰੀ ਦੀ ਗੱਦੀ ਸੰਭਾਲਦਿਆਂ ਪਹਿਲਾ ਐਲਾਨ ਇਹ ਕੀਤਾ ਕਿ ਮੇਰੇ ਹੁੰਦੇ ਕੋਈ ਵੀ ਬੰਦਾ ਹਕੂਮਤ ਵਿਰੁੱਧ ਬਗਾਵਤ ਨਹੀਂ ਕਰ ਸਕਦਾ, ਨਿਰਬਲਾਂ ਅਤੇ ਗਰੀਬਾਂ ਨੂੰ ਖਾਹ-ਮਖਾਹ ਤੰਗ ਨਹੀਂ ਕਰ ਸਕਦਾ, ਬਹੂ ਬੇਟੀਆਂ ਦੀ ਬੇਪਤੀ ਨਹੀਂ ਕਰ ਸਕਦਾ, ਹਕੂਮਤ ਦੇ ਰਾਹ ਵਿੱਚ ਔਕੜਾਂ ਨੀ ਖੜੀਆਂ ਕਰ ਸਕਦਾ ਅਤੇ ਬੇ-ਨਿਯਮੀਆਂ ਨੀ ਕਰ ਸਕਦਾ। ਮਸ਼ਟੰਡਿਆਂ, ਚੋਰਾਂ, ਠੱਗਾਂ, ਡਾਕੂਆਂ, ਲੁਟੇਰਿਆਂ ਅਤੇ ਤਾਨੇਸ਼ਾਹਾਂ ਨੂੰ ਆਖਿਆ ਜਾਂ ਤਾਂ ਬਾਜ ਆ ਜਾਉ ਨਹੀਂ ਤਾਂ ਤੁਹਾਡੇ ਨਾਲ ਤਕੜੇ ਹੱਥੀਂ ਦੇਖਿਆ ਜਾਵੇਗਾ। ਲਾਚਾਰੀ ਵਿੱਚ ਆ ਕੇ ਸਾਨੂੰ ਸਖਤੀ ਨਾ ਵਰਤਣੀ ਪੈ ਜਾਵੇ ਕਿਉਂਕਿ ਹੱਥਾਂ ਬਾਝ ਕਰਾਰਿਆਂ ਮੰਦੇ ਦਿਲ ਹੋਣ ਨਾ ਮਿੱਤ। 'ਡੰਡਾ ਪੀਰ ਹੁੰਦਾ ਹੈ ਵਿਗੜਿਆਂ ਤਿਗੜਿਆਂ ਦਾ' ਮੇਰਾ ਮਿਸ਼ਨ ਜੰਗਲ ਰਾਜ ਨਹੀਂ ਹਲੇਮੀ ਰਾਜ ਹੈ।
ਕਸ਼ਮੀਰ ਦੀਆਂ ਮੁੱਖ ਸਮੱਸਿਆਵਾਂ
ਗਵਰਨਰੀ ਕਾਰਜ ਸੰਭਾਲਣ ਸਮੇਂ ਸਰਦਾਰ ਨਲੂਏ ਨੂੰ ਹੇਠ ਲਿਖੀਆਂ ਮੁੱਖ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ:
੧. ਕਸ਼ਮੀਰ ਘਾਟੀ ਅੰਦਰ ਹੈਜੇ ਦੀ ਭਿਆਨਕ ਬੀਮਾਰੀ ਫੈਲ ਗਈ ਜਿਸ ਵਿੱਚ ੩੫ ਹਜ਼ਾਰ ਤੋਂ ਵੱਧ ਲੋਕ ਮਰ ਗਏ ਸਨ।
੨. ਬਾਰਾਮੂਲਾ ਤੇ ਪੁਣਛ ਦੇ ਇਲਾਕਿਆਂ ਅੰਦਰ ਬਾਗੀਆਂ ਵੱਲੋਂ ਬਗਾਵਤ ਦਾ ਰਾਹ ਫੜਿਆ ਹੋਇਆ ਸੀ।
੩. ਲੇਹ ਲਦਾਖ ਅਤੇ ਲਾਗਲੇ ਇਲਾਕਿਆਂ ਵਿੱਚ ਭੇਡਾਂ ਜਿਨ੍ਹਾਂ ਤੋਂ ਕੀਮਤੀ ਅਤੇ ਵਧੀਆ ਉੱਨ ਅਤੇ ਹੋਰ ਕੱਚਾ ਮਾਲ ਪ੍ਰਾਪਤ ਹੁੰਦਾ ਸੀ, ਬੀਮਾਰੀ ਕਾਰਨ ਇੱਜੜਾਂ ਦੇ ਇੱਜੜ ਮਾਰੇ ਗਏ।
੪. ਜਿਹਲਮ ਦਰਿਆ ਦੇ ਦੋਹੀਂ ਪਾਸੀਂ ਵਸਣ ਵਾਲੇ ਖੱਖੇ' ਅਤੇ ਬੱਬੇ' ਆਪਸੀ ਖਹਿਬਾਜੀ ਕਾਰਨ ਲੜਦੇ ਝਗੜਦੇ ਸਨ।
੫. ਅਫ਼ਗਾਨਾਂ ਦੇ ਪੱਖਪਾਤੀ ਰਾਜ ਕਾਰਨ ਸ਼ਾਲ ਬਨਾਉਣ ਤੇ ਵੇਚਣ ਵਾਲਿਆਂ ਦਾ ਕਾਰੋਬਾਰ ਦਿਨੋ ਦਿਨ ਘਟ ਰਿਹਾ ਸੀ ਕਿਉਂਕਿ ਵਪਾਰੀ ਕਸ਼ਮੀਰ ਛੱਡ
ਕੇ ਦੂਜੀਆਂ ਸੁਰੱਖਿਅਤ ਥਾਵਾਂ ਤੇ ਚਲੇ ਗਏ ਸਨ। ਬਾਰਸ਼ਾਂ ਘੱਟ ਹੋਣ ਕਾਰਨ ਅਨਾਜ ਦੀ ਕਿੱਲਤ ਕਾਰਨ ਵੀ ਲੋਕ ਘਰ ਬਾਰ ਛੱਡ ਕੇ ਹੋਰ ਥਾਵਾਂ ਤੇ ਜਾ ਵਸੇ ਸਨ।
ਸਰਦਾਰ ਨਲੂਏ ਦਾ ਰਾਜ ਪ੍ਰਬੰਧ
ਭਾਵੇਂ ਕਸ਼ਮੀਰ ਵਿੱਚ ਸਿੱਖ ਰਾਜ ਆਉਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਪਰ ਪਿਛਲੇ ੫੦੦ ਸਾਲ ਦੇ ਮੁਗਲ ਰਾਜ ਅਤੇ ੬੭ ਸਾਲ ਤੋਂ ਚੱਲ ਰਹੇ ਅਫ਼ਗਾਨਾਂ ਦੇ ਰਾਜ ਨਾਲ ਜੁੜੇ ਹੋਏ 'ਖੱਖੇ' ਅਤੇ 'ਬੱਬੇ’ ਅਜੇ ਮਨਮਾਨੀਆਂ ਕਰ ਰਹੇ ਸਨ। ਦੱਖਣ ਤੋਂ ਆਏ ਬ੍ਰਾਹਮਣ ਕਾਲੇ ਸਨ ਜਦ ਕਿ ਕਸ਼ਮੀਰੀ ਬ੍ਰਾਹਮਣਾਂ ਦਾ ਰੰਗ ਸਾਫ਼ (ਗੋਰਾ) ਸੀ। ਇਹਨਾਂ ਵਿੱਚ ਵੀ ਕਾਲੇ ਗੋਰੇ ਦਾ ਭੇਦ ਭਾਵ ਜਾਰੀ ਸੀ।
ਖੱਖੇ ਅਤੇ ਬੱਬਿਆਂ ਦੀ ਸੁਧਾਈ
ਇਹ 'ਖੱਖੇ' ਅਤੇ 'ਬੱਬੇ' ਕੋਣ ਸਨ? ਅਸਲ ਵਿੱਚ ਇਹ ਹਿੰਦੂ ਜਾਤੀ ਦੇ ਖੱਤਰੀ ਅਤੇ ਬ੍ਰਾਹਮਣ ਸਨ। ਮੁਗਲਾਂ ਦੀ ਹਕੂਮਤ ਦੇ ਜੁਲਮਾਂ ਤੋਂ ਡਰਦੇ ਇਹ ਮੁਸਲਮਾਨ ਬਣ ਗਏ ਸਨ। ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਹਨ ਕਿ ਆਪਣੇ ਪਿੱਛੇ ਦੀ ਯਾਦ ਨੂੰ ਕਾਇਮ ਰੱਖਣ ਲਈ ਖ਼ਤਰੀਆਂ ਦੇ ਪਹਿਲੇ ਅੱਖਰ 'ਖ' ਨੂੰ ਲੈ ਕੇ ਇਹਨਾਂ ਨੇ ਆਪਣੀ ਕੌਮ ਦਾ ਨਾਂ 'ਖੱਖੇ ਰੱਖਿਆ ਅਤੇ ਬ੍ਰਾਹਮਣਾਂ ਨੇ ਇਸੇ ਤਰ੍ਹਾਂ ਪਹਿਲਾਂ ਅੱਖਰ 'ਬ' ਲੈ ਕੇ ਆਪਣੇ ਆਪ ਨੂੰ 'ਬੱਬੇ' ਕਹਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਵਿੱਚੋਂ ਬਹੁਤੇ ਤਾਂ ਹਰੀ ਸਿੰਘ ਦਾ ਨਾਮ ਸੁਣ ਕੇ ਹੀ ਝਗੜੇ ਕਰਨੋ ਹਟ ਗਏ। ਪਰ ਬਾਰਾਮੂਲੇ ਇਲਾਕੇ ਦੇ ਰਈਸ ਅਤੇ ਜਿਹਲਮ ਦੇ ਦੋਹੀਂ ਪਾਸੇ ਵਸਣ ਵਾਲੇ ਖੱਖੇ ਅਤੇ ਬੱਬੇ ਜਿਨ੍ਹਾਂ ਦੇ ਆਗੂ ਰਾਜਾ ਗੁਲਾਮ ਅਲੀ ਖ਼ਾਨ ਖੱਖਾ ਅਤੇ ਜ਼ੁਲਫ਼ਕਾਰ ਖਾਨ ਬੱਬਾ ਸੀ ਆਪਣੇ ਆਪ ਨੂੰ ਬੜੇ ਖੱਬੀ ਖਾਂ ਕਹਾਉਂਦੇ ਸਨ। ਮੋਤੀ ਰਾਮ ਗਵਰਨਰ ਦੇ ਸਮੇਂ ਸ਼ਰੇ-ਆਮ ਇਹਨਾਂ ਨੇ ਬਦਫੈਲੀ ਅਤੇ ਅਸ਼ਾਂਤੀ ਫੈਲਾਈ ਹੋਈ ਸੀ ਅਤੇ ਮਾਮਲਾ ਵੀ ਨਹੀਂ ਸੀ ਉਤਾਰਿਆ। ਸਰਕਾਰ ਦੇ ਹੁਕਮਾਂ ਤੋਂ ਵੀ ਆਕੀ ਸਨ।
ਸਰਦਾਰ ਨਲੂਏ ਦੇ ਆਪ ਬਾਰਾਮੂਲੇ ਪਹੁੰਚਣ ਤੇ ਇਥੋਂ ਦੇ ਹਾਕਮ ਤੇ ਲੋਕ ਇਤਨੇ ਡਰ ਗਏ ਕਿ ਬਹੁਤਿਆਂ ਨੇ ਪਿਛਲਾ ਰਹਿੰਦਾ ਮਾਲੀਆ ਵੀ ਦੇ ਦਿੱਤਾ ਅਤੇ ਪੰਜ ਰੁਪਏ ਹਰ ਘਰ ਵਾਲੇ ਨੂੰ ਲੱਗਿਆ 'ਤਾਵਾਨ ਜੰਗ' ਵੀ ਜਮ੍ਹਾ ਕਰਵਾ ਦਿੱਤਾ।
ਸਰਕਾਰ ਦਾ ਹਰ ਹੁਕਮ ਮੰਨਣ ਲਈ ਵੀ ਇਕਰਾਰ ਕੀਤਾ। ਇਸ ਉਪਰੰਤ ਨਲੂਆ ਸਾਹਿਬ ਖੁਦ ਸਰਦਾਰ ਟੇਕ ਸਿੰਘ ਅਤੇ ਸਰਦਾਰ ਹਾਕਮ ਸਿੰਘ ਦੀਆਂ ਪਲਟਨਾਂ ਲੈ ਕੇ 'ਖੱਖੇ', 'ਬੱਬਿਆਂ' ਦੇ ਪਿੰਡਾਂ 'ਚ ਜਾ ਪਹੁੰਚੇ। ਪਹੁ-ਫੁਟਾਲੇ ਹੀ ਇਹਨਾਂ ਦੇ ਹਾਕਮ ਸੁੱਤੇ ਪਏ ਹੀ ਦੱਬ ਲਏ। ਇਹਨਾਂ ਨੂੰ ਅੱਖਾਂ ਖੋਲ੍ਹਣ ਤੇ ਹੀ ਪਤਾ ਲੱਗਿਆ ਕਿ ਸਾਡੇ ਸਰ੍ਹਾਣੇ ਦੋ ਦੋ ਸਿੰਘ ਤਲਵਾਰਾਂ ਲਹਿਰਾਈ ਖੜ੍ਹੇ ਹਨ। ਹਰੀ ਸਿੰਘ ਦਾ ਹੁਕਮ ਸੀ ਕਿਸੇ ਤੇ ਵਾਰ ਨਹੀਂ ਕਰਨਾ। ਸਿੰਘਾਂ ਨੇ ਆਪਣੇ ਆਪ ਨੂੰ ਬਹਾਦਰ, ਬਰਿਆੜ, ਬਦਮਾਸ਼ ਅਤੇ ਬਲ ਵਾਲੇ ਸਮਝ ਰਹੇ ਆਗੂਆਂ ਰਾਜਾ ਗੁਲਾਮ ਅਲੀ ਖਾਨ ਤੇ ਜ਼ੁਲਫਕਾਰ ਖਾਨ ਦੇ ਬੇੜੀਆਂ ਪਾ ਲਈਆਂ ਅਤੇ ਨਲੂਏ ਦੇ ਹੁਕਮ ਅਨੁਸਾਰ ਇੱਕ ਤਕੜੀ ਗਾਰਦ ਹੇਠ ਲਾਹੌਰ ਵਿਖੇ ਮਹਾਰਾਜੇ ਪਾਸ ਭਿਜਵਾ ਦਿੱਤਾ। ਬਾਕੀਆਂ ਨੂੰ ਸਿੱਖ ਹਕੂਮਤ ਦੇ ਅਸੂਲਾਂ ਮੁਤਾਬਕ ਚੱਲਣ ਲਈ ਆਖਿਆ। ਇਹਨਾਂ ਦੇ ਹਥਿਆਰ ਜਬਤ ਕਰ ਲਏ ਅਤੇ ਮਾਲੀਆ ਵੀ ਉਗਰਾਹ ਲਿਆ। ਇੰਞ ਖੂਨ-ਖਰਾਬੇ ਤੋਂ ਬਿਨਾ ਸਭ ਹਾਲਾਤ ਕਾਬੂ ਕਰਨ ਦੀ ਰੀਪੋਰਟ ਜਦੋਂ ਸਰਕਾਰ ਪਾਸ ਪਹੁੰਚੀ ਤਾਂ ਸ਼ੇਰਿ-ਏ-ਪੰਜਾਬ ਨੇ ਸਰਕਾਰੀ ਫੁਰਮਾਨ ਰਾਹੀਂ ਨਲੂਏ ਸਰਦਾਰ ਦੀ ਭਾਰੀ ਸ਼ਾਲਾਘਾ ਕੀਤੀ। ਇਲਾਕੇ ਵਿੱਚ ਅਮਨ ਕਾਨੂੰਨ ਕਾਇਮ ਹੋਣ ਨਾਲ ਪਰਜਾ 'ਚ ਵੀ ਖੁਸ਼ੀਆਂ ਛਾ ਗਈਆਂ।
ਗਰੀਬਾਂ ਤੋਂ ਵਗਾਰ ਕਰਵਾਉਣੀ ਬੰਦ ਕਰਾਈ
ਇਸਲਾਮ ਅਤੇ ਅਫ਼ਗਾਨ ਰਾਜ ਦੇ ਅੰਦਰ ਬਿਨਾਂ ਮਿਹਨਤ ਦੇਣ ਤੋਂ ਧੱਕੇ ਨਾਲ ਵਗਾਰ ਕਰਾਉਣਾ ਆਮ ਪ੍ਰਚੱਲਤ ਸੀ ਅਤੇ ਬੇਤਰਸੀ ਦੀ ਹੱਦ ਸੀ। ਹੁਕਮਰਾਨ ਲੋਕ ਆਪਣੇ ਕੰਮਾਂ ਜਿਵੇਂ ਕਿ ਕਿਲ੍ਹੇ ਬਨਾਉਣਾ, ਮਹੱਲ, ਮਸਜਦਾਂ, ਸੜਕਾਂ ਦੇ ਸਮਾਨ ਦੀ ਢੋਆ-ਢੁਆਈ ਆਦਿ ਲਈ ਪਿੰਡਾਂ 'ਚੋਂ ਤਕੜੇ ਤਕੜੇ ਬੰਦਿਆਂ ਖਾਸ ਕਰ ਗਰੀਬ ਹਿੰਦੂਆਂ ਅਤੇ ਮੁਸਲਮਾਨ ਸ਼ਰੇਣੀ ਦੇ ਸ਼ੀਆ ਪ੍ਰਵਾਰਾਂ ਵਿੱਚੋਂ ਜੁਆਨਾਂ ਨੂੰ ਪਕੜ ਲਿਆਉਂਦੇ ਸਨ। ਲੰਬੇ ਸਮੇਂ ਤੋਂ ਇਸ ਤਰ੍ਹਾਂ ਮਜ਼ਦੂਰੀ ਲੈਣ ਤੋਂ ਬਿਨਾਂ ਹੀ ਜੇਕਰ ਕੋਈ ਹੱਥ ਜੋੜ ਕੇ ਬੰਦ-ਖਲਾਸੀ ਮੰਗਦਾ ਸੀ ਤਾਂ ਉਸ ਨੂੰ ਕੁੱਟਿਆ ਵੀ ਜਾਂਦਾ ਸੀ।
ਇਤਿਹਾਸਕ ਪੱਖ ਦਰਸਾਉਂਦੇ ਹਨ ਕਿ ਇੱਕ ਵਾਰ ਜਦੋਂ ਸਰਦਾਰ ਨਲੂਆ ਇਲਾਕੇ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਕੁਝ ਬੰਦਿਆਂ ਦੇ ਕੁੱਟ ਪੈਂਦੀ ਦੇਖੀ ਤਾਂ ਉਹ ਰੁਕ ਗਏ। ਪੁੱਛਿਆ,"ਇਹਨਾਂ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ? ਉੱਤਰ
ਮਿਲਿਆ,"ਇਹ ਵਗਾਰੀ ਲੋਕ ਹਨ ਅਤੇ ਘਰ ਜਾਣ ਲਈ ਕਹਿ ਰਹੇ ਹਨ ਜਦ ਕਿ ਅਜੇ ਕੰਮ ਮੁਕੰਮਲ ਨਹੀਂ ਹੋਇਆ"। ਸਰਦਾਰ ਸਾਹਿਬ ਦੇ ਮਨ ਅੰਦਰ ਸਿੱਖੀ ਸਿਧਾਂਤ ਘੁਲ ਘੁਲ ਕੇ ਵਸੇ ਹੋਏ ਸਨ। ਸਿੱਖ ਦੇ ਮਨ ਵਿੱਚ ਤਾਂ ਤਰਸ ਹੁੰਦਾ ਹੈ ਉਹ ਬੇਤਰਸ ਨਹੀਂ ਹੋ ਸਕਦਾ। ਉਸੇ ਵਕਤ ਸਰਦਾਰ ਨਲੂਆ ਨੇ ਵਗਾਰੀ ਦੀ ਕਿਰਿਆ ਬਿਲਕੁਲ ਬੰਦ ਕਰਨ ਲਈ ਆਖਿਆ। ਅੱਗੇ ਤੋਂ ਕੋਈ ਅਧਿਕਾਰੀ ਬੰਦਿਆਂ ਨੂੰ ਵਗਾਰ ਕਾਰਨ ਨਾ ਫੜੇ। ਸਰਕਾਰੀ ਸਮਾਨ ਦੇ ਢੋਆ-ਢੁਆਈ ਦਾ ਕੰਮ ਖੱਚਰਾਂ ਵਗੈਰਾ ਨਾਲ ਕਰਵਾਉ। ਫਿਰ ਵੀ ਜਿੱਥੇ ਮਜ਼ਦੂਰਾਂ ਜਾਂ ਕੁਲੀਆਂ ਦੀ ਲੋੜ ਪਵੇ ਉਹਨਾਂ ਨੂੰ ਬਣਦੀ ਮਜ਼ਦੂਰੀ ਦਿੱਤੀ ਜਾਵੇ। ਅੱਗੇ ਵਾਸਤੇ ਮੇਰੇ ਕੋਲ ਵਗਾਰੀ ਦੀ ਕੋਈ ਸ਼ਿਕਾਇਤ ਨਾ ਆਵੇ।
ਧਾਰਮਿਕ ਆਜ਼ਾਦੀ
ਧਰਮ ਦਾ ਭਾਵ ਹੈ ਸੱਚ ਅਰਥਾਤ ਰੱਬੀ ਨਿਯਮ ਜਾਂ ਕਾਨੂੰਨ । ਧਰਮ ਦਇਆ ਦਾ ਪੁੱਤਰ ਹੈ, ਦਇਆ ਤੋਂ ਪੈਦਾ ਹੁੰਦਾ ਹੈ। ਭਾਵ ਜਿਸ ਹਿਰਦੇ ਵਿੱਚ ਦਇਆ ਹੈ ਉਥੇ ਧਰਮ ਪ੍ਰਫੁਲੱਤ ਹੁੰਦਾ ਹੈ। ਵਿਦਵਾਨਾਂ ਦੇ ਕਥਨ ਅਨੁਸਾਰ ਸੱਚ ਦੇ ਪੈਰ ਹੁੰਦੇ ਹਨ ਅਤੇ ਝੂਠ ਦੇ ਪੈਰ ਨਹੀਂ ਹੁੰਦੇ। ਅਸਲੀ ਧਰਮੀ ਬੰਦਾ ਸੱਚ ਬੋਲਦਾ ਹੈ, ਝੂਠ ਨਹੀਂ ਬੋਲਦਾ ਕਿਉਂਕਿ ਉਸ ਵਿੱਚ ਮੈਂ ਨਹੀਂ ਹੁੰਦੀ। ਧਰਮ ਦਾ ਮਤਲਬ ਹੀ ਹੈ, ਮੈਂ ਨੂੰ ਪਰੇ ਧਰਨਾ। ਧਰਮ ਬਾਰੇ ਗੁਰਬਾਣੀ ਦੇ ਬੋਲ ਹਨ:
ਧੌਲ ਧਰਮੁ ਦਇਆ ਕਾ ਪੂਤ॥ ਸੰਤੋਖ ਥਾਪਿ ਰਖਿਆ ਜਿਨਿ ਸੂਤਿ॥ (੫)
ਬੋਲੀਏ ਸਚ ਧਰਮ ਝੂਠ ਨ ਬੋਲੀਏ॥
ਧਰਮ 'ਚੋਂ ਸੰਤੋਖ ਜਨਮਦਾ ਹੈ। ਸੰਤੋਖ ਦਾ ਵਾਸਾ ਉੱਥੇ ਹੁੰਦਾ ਹੈ ਜਿੱਥੇ ਮੈਂ ਨਾ ਹੋਵੇ। ਪਰ ਸੰਸਾਰੀ ਬੰਦਿਆਂ ਨੇ ਮੈਂ ਨੂੰ ਅੱਗੇ ਰੱਖ ਕੇ ਆਪਣੇ ਆਪਣੇ ਧਰਮ ਬਣਾ ਲਏ ਹਨ ਅਤੇ ਇਹਨਾਂ ਨੂੰ ਵਪਾਰ ਦਾ ਧੰਦਾ ਬਣਾ ਲਿਆ ਅਤੇ ਸਰਕਾਰ ਦਾ ਅੰਗ ਸਮਝ ਲਿਆ। ਜਿਵੇਂ ਇਸਲਾਮ ਅੰਦਰ ਸਰਕਾਰੀ ਹੁਕਮਾਂ ਅਨੁਸਾਰ ਹਿੰਦੂਆਂ ਨੂੰ ਮੁਸਲਮਾਨ ਬਨਾਉਣ ਲਈ ਧਿੰਙੋਜੋਰੀ ਵਰਤੀ ਗਈ। ਕਸ਼ਮੀਰ ਕਿਉਂਕਿ ਹਿੰਦੂਆਂ ਦਾ ਕੇਂਦਰ ਸੀ, ਇਸ ਲਈ ਮੁਗਲਾਂ ਅਤੇ ਅਫ਼ਗਾਨਾਂ ਨੇ ਇੱਥੇ ਅੱਤਿਆਚਾਰ ਕਰ ਕੇ ਹਿੰਦੂਆਂ ਨੂੰ ਇਸਲਾਮ ਅੰਦਰ ਲਿਆਂਦਾ ਅਤੇ ਇਹਨਾਂ ਦੇ ਬਹੁਤ ਸਾਰੇ ਮੰਦਰ ਵੀ ਢਾਹ ਦਿੱਤੇ। ਹਰੀ ਸਿੰਘ ਨੇ ਹਰ ਇੱਕ ਨੂੰ ਆਪਣੇ ਧਰਮ ਵਿੱਚ ਪੱਕਿਆਂ ਰਹਿਣ
ਲਈ ਹੁਕਮ ਕੀਤਾ ਅਤੇ ਦੂਜੇ ਦੇ ਧਰਮ ਨੂੰ ਹਾਨੀ ਪਹੁੰਚਾਉਣ ਤੋਂ ਵਰਜਿਆ। ਹਿੰਦੂਆਂ ਪ੍ਰਤੀ ਧਰਮ ਦੀ ਬਹਾਲੀ ਦੇ ਫੁਰਮਾਨ ਕਾਰਨ ਹਰ ਗੋਪਾਲ ਕੌਲ (੧੮੮੩) ਦੀ ਲਿਖਤ ਅਨੁਸਾਰ ੪੦ ਹਜ਼ਾਰ ਹਿੰਦੂਆਂ ਜਿਹੜੇ ਧੱਕੇ ਨਾਲ ਮੁਸਲਮਾਨ ਬਣਾਏ ਗਏ ਸਨ ਨੇ ਫਿਰ ਹਿੰਦੂ ਧਰਮ ਧਾਰਨ ਕਰ ਲਿਆ। ਹੋਰ ਤਾਂ ਹੋਰ ਗਵਰਨਰ ਸਾਹਿਬ ਦੇ ਚੰਗੇ ਰਾਜਨੀਤਕ ਅਤੇ ਆਰਥਿਕ ਫੈਸਲਿਆਂ ਕਾਰਨ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਸਜ ਗਏ।
ਹਰੀ ਸਿੰਘ ਨਲੂਆ ਨੇ ਹਿੰਦੂ ਪੰਡਿਤਾਂ ਨੂੰ ਪੁਰਾਤਨ ਮੰਦਰ ਜਿਹੜੇ ਕਿ ਮੁਗਲਾਂ ਨੇ ਢਾਹ ਦਿੱਤੇ ਸਨ ਅਤੇ ਉਨ੍ਹਾਂ ਦੀ ਜਗ੍ਹਾ ਮਸਜਿਦਾਂ ਉਸਾਰ ਦਿੱਤੀਆਂ ਸਨ ਨੂੰ ਦੁਬਾਰਾ ਬਨਾਉਣ ਦੀ ਜਦੋਂ ਗੱਲ ਕੀਤੀ ਤਾਂ ਉਹਨਾਂ ਇਹ ਸੁਝਾਅ ਠੁਕਰਾ ਦਿੱਤਾ। ਕਮਜ਼ੋਰ ਦਿਲ ਹੋਣ ਕਾਰਨ ਡਰ ਗਏ ਕਿ ਕਿਤੇ ਮੁਸਲਮਾਨ ਸਾਡੇ ਵਿਰੁੱਧ ਨਾ ਹੋ ਜਾਣ। ਦੂਜਾ ਇਹਨਾਂ ਦੇ ਮਨ ਵਿੱਚ ਸੀ ਕਿ ਸਿੱਖ ਰਾਜ ਪਤਾ ਨਹੀਂ ਕਿੰਨਾ ਚਿਰ ਰਹੇ।
ਹਰੀ ਸਿੰਘ ਨੇ ਗਊ ਨੂੰ ਹਿੰਦੂ ਧਰਮ ਅੰਦਰ ਪਵਿੱਤਰ ਮੰਨਣ ਕਾਰਨ ਸਾਰੇ ਕਸ਼ਮੀਰ ਵਿੱਚ ਗਊ ਹੱਤਿਆ ਬੰਦ ਕਰਨ ਦਾ ਵੀ ਹੁਕਮ ਦਿੱਤਾ। ਮੁਸਲਮਾਨ ਕਿਉਂਕਿ ਗਊ ਦਾ ਮਾਸ ਖੁਸ਼ ਹੋ ਕੇ ਖਾਂਦੇ ਹਨ ਇਸ ਲਈ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਾਫ਼ਰ (ਸਿੱਖ ਗਵਰਨਰ) ਨੇ ਇਹ ਚੰਗੀ ਗੱਲ ਨਹੀਂ ਕੀਤੀ। ਇਸ ਬੰਦਸ਼ ਨਾਲ ਘਾਟੀ ਵਿੱਚ ਮੁਸਲਮਾਨਾਂ ਲਈ ਮੀਟ ਦੀ ਘਾਟ ਵੀ ਹੋ ਗਈ ਪਰ ਇਸ ਦੀ ਪੂਰਤੀ ਲਈ ਉਨ੍ਹਾਂ ਭੇਡਾਂ, ਬੱਕਰੀਆਂ ਅਤੇ ਮੱਛੀ ਦੇ ਮੀਟ ਤੇ ਨਿਰਬਾਹ ਕਰਨਾ ਸ਼ੁਰੂ ਕਰ ਦਿੱਤਾ।
ਹਰੀ ਸਿੰਘ ਨੇ ਹਰ ਧਰਮ ਦੇ ਸਤਿਕਾਰ ਵੱਲ ਪੂਰਾ ਧਿਆਨ ਦਿੱਤਾ। ਡੀ.ਸੀ. ਸ਼ਰਮਾ (੧੯੮੩) ਨੇ ਲਿਖਿਆ ਹੈ ਕਿ ਨਲੂਆ ਨੇ ਮੁਸਲਮਾਨਾਂ ਨੂੰ ਸ੍ਰੀ ਨਗਰ ਵਿੱਚ ਹਜ਼ਰਤ ਬਲ ਅਤੇ ਮਖਦੂਮ ਸਾਹਿਬ ਪਵਿੱਤਰ ਸਮਾਰਕਾਂ ਬਨਾਉਣ ਲਈ ਧਨ ਦਿੱਤਾ। ਗਨੇਸ਼ੀ ਲਾਲ ਆਪਣੇ ਕਸ਼ਮੀਰ ਨਾਮੇ (੧੯੪੬) ਵਿੱਚ ਲਿਖਦੇ ਹਨ ਕਿ ਖ਼ਾਲਸਾ ਰਾਜ ਅੰਦਰ ਕਸ਼ਮੀਰ ਤੋਂ ਅਮਰਨਾਥ ਦੀ ਯਾਤ੍ਰਾ ਤੇ ਜਾਣ ਵਾਲੇ ਤਕਰੀਬਨ ੪੦੦ ਬੈਰਾਗੀ ਸਾਧੂਆਂ ਅਤੇ ਛੇ ਹਜਾਰ ਦੂਜੇ ਯਾਤ੍ਰੀਆਂ ਨੂੰ ਰਸਤੇ ਵਿੱਚ ਮੁਫ਼ਤ ਭੋਜਨ ਅਤੇ ਦੋ ਰੁਪਏ ਪ੍ਰਤੀ ਸਾਧੂ ਹਰ ਸਮੇਂ ਦਿੱਤੇ ਜਾਂਦੇ ਸਨ। ਪਰ ਅੰਗ੍ਰੇਜ਼ੀ ਰਾਜ ਸਮੇਂ ਹਾਕਮ ਹਿੰਦੂ ਡੋਗਰੇ, ਰਾਜਾ ਗੁਲਾਬ ਸਿੰਘ ਨੇ ਇਹ ਸਹੂਲਤ ਬੰਦ ਕਰ ਦਿੱਤੀ ਸੀ।
ਨਵੇਂ ਸਿੱਕੇ ਅਤੇ ਵੱਟੇ ਚਲਾਉਣੇ
ਹਰੀ ਸਿੰਘ ਦੀ ਗਵਰਨਰੀ ਸਮੇਂ ੧੪ ਕਿਸਮਾਂ ਦੇ ਸਿੱਕੇ ਕਸ਼ਮੀਰ ਵਿੱਚ ਚੱਲ ਰਹੇ ਸਨ। ਇਹਨਾਂ ਉੱਤੇ ਚਲਾਉਣ ਵਾਲਿਆਂ ਦੇ ਨਾਮ ਵੱਖਰੇ ਵੱਖਰੇ ਸਨ ਅਤੇ ਹਰ ਇੱਕ ਸਿੱਕੇ ਦੀ ਕੀਮਤ ਵੀ ਕਲਕੱਤੇ ਦੇ ਸਿੱਕੇ ਮੁਕਾਬਲੇ ਵੱਖਰੀ ਸੀ। ਇਹਨਾਂ ਸਿੱਕਿਆਂ ਦੇ ਨਾਂ ਸਨ, ਇਸਕਾਰਦੋ, ਲਦਾਖੀ, ਰੁਪਈਆ ਹੇਰਾਤੀ, ਦਿਨਾਰ ਆਦਿ। ਪਰ ਹਰੀ ਸਿੰਘ ਨਾਂ ਦਾ ਸਿੱਕਾ ਕਸ਼ਮੀਰ 'ਚ ਹੀ ਨਹੀਂ ਸਾਰੇ ਪੰਜਾਬ ਅੰਦਰ ਲੰਬੇ ਸਮੇਂ ਤੱਕ ਚੱਲਿਆ। ਹਰੀ ਸਿੰਘ ਦੇ ਸਿੱਕੇ ਚਲਾਉਣ ਅਤੇ ਚੱਲਣ ਸੰਬੰਧੀ ਪਹਿਲੇ ਅਧਿਆਇ ਵਿੱਚ ਖੋਲ੍ਹ ਕੇ ਵਰਨਣ ਕੀਤਾ ਗਿਆ ਹੈ। ਸੁਰਿੰਦਰ ਸਿੰਘ ਨੇ ੨੦੦੧ ਅਤੇ ੨੦੦੪ ਵਿੱਚ ਸਿੱਖ ਰਾਜ ਦੇ ਸਿੱਕਿਆਂ ਸੰਬੰਧੀ ਆਪਣੀਆਂ ਪੁਸਤਕਾਂ ਵਿੱਚ ਬਹੁਤ ਖੋਲ੍ਹ ਕੇ ਵਰਨਣ ਕੀਤਾ ਹੈ। ਉਹ ਇਹ ਲਿਖਦੇ ਹਨ ਕਿ ਹਰੀ ਸਿੰਘ ਆਪਣੀ ਗਵਰਨਰੀ ਸਮੇਂ ਇਹ ਸਿੱਕੇ ਚਾਲੂ ਨਹੀਂ ਕਰ ਸਕਿਆ। ਇਸ ਦਾ ਕਾਰਨ ਇਹ ਹੋਵੇਗਾ ਕਿ ਟਕਸਾਲ ਵਿੱਚ ਸਿੱਕੇ ਘੜਨ ਲਈ ਉਹਨਾਂ ਦੀ ਬਣਤਰ ਵਗੈਰਾ ਲਈ ਹੁਕਮ ਦਿੱਤਾ ਜਾਂਦਾ ਹੈ ਜੋ ਸਰਕਾਰ ਵੱਲੋਂ ਦੇ ਦਿੱਤਾ ਗਿਆ ਹੋਵੇਗਾ ਪਰ ਸਿੱਕਿਆਂ ਦੀ ਤਿਆਰੀ ਲਈ ਸਮਾਂ ਲੱਗਿਆ ਹੋਵੇਗਾ। ਕਿਉਂਕਿ ਸਰਦਾਰ ਨਲੂਆ ਸਵਾ ਕੁ ਸਾਲ ਹੀ ਕਸ਼ਮੀਰ ਦੇ ਗਵਰਨਰ ਰਹੇ ਸਨ ਅਤੇ ਉਨ੍ਹਾਂ ਦੇ ਨਾਮ ਦੇ ਸਿੱਕੇ ਬਾਜ਼ਾਰ ਵਿੱਚ ਉਹਨਾਂ ਦੀ ਗਵਰਨਰੀ ਤੋਂ ਪਿੱਛੇ ਆਏ। ਇੱਥੇ ਇਹ ਗੱਲ ਵੀ ਬੜੀ ਦਿਲਚਸਪ ਹੈ ਕਿ ਉਹਨਾਂ ਪਿੱਛੋਂ ਹੋਰ ਬਹੁਤ ਗਵਰਨਰ ਆਏ ਪਰ ਹਰੀ ਸਿੰਘੀਆ ਸਿੱਕਾ ਪੰਜਾਬ ਵਿੱਚ ੭੦ ਸਾਲ ਤੋਂ ਵੱਧ ਸਮਾਂ ਚਲਦਾ ਰਿਹਾ। ਇਸ ਸਿੱਕੇ ਦੇ ਚੱਲਣ ਨਾਲ ਕਸ਼ਮੀਰ ਦੇ ਸਰਕਾਰੀ ਖ਼ਜਾਨੇ ਵਿੱਚ ਚੋਖਾ ਵਾਧਾ ਹੋਇਆ। ਇਹ ਸਿੱਕੇ ਕਰਾਇਆ, ਟੈਕਸ ਅਤੇ ਵੱਖੋ-ਵੱਖਰੇ ਰੀਤੀ ਰਿਵਾਜਾਂ ਅਤੇ ਚੂੰਗੀ ਆਦਿ ਲਈ ਵਰਤੇ ਜਾਂਦੇ ਸਨ। ਇੱਕ ਹੋਰ ਵੱਡੀ ਗੱਲ ਇਸ ਸਿੱਕੇ ਦੀ ਇਹ ਸੀ ਕਿ ਇਸ ਦੀ ਕੀਮਤ ਅੰਗ੍ਰੇਜ਼ ਸਰਕਾਰ ਦੀ ਈਸਟ ਇੰਡੀਆ ਕੰਪਨੀ ਦੇ ਚਲਾਏ ਸਿੱਕੇ ਦੇ ਬਰਾਬਰ ਸੀ ਜਦ ਕਿ ਦੂਜੇ ਸਿੱਕਿਆਂ ਦੀ ਕੀਮਤ ਘੱਟ ਸੀ।
ਜਦੋਂ ਹਰੀ ਸਿੰਘ ਨੇ ਗਵਰਨਰੀ ਦਾ ਅਹੁਦਾ ਸੰਭਾਲਿਆ ਤਾਂ ਉਸ ਸਮੇਂ ਕਸ਼ਮੀਰ ਅੰਦਰ ਚੱਲ ਰਹੇ ਵੱਟੇ ਅਤੇ ਹੋਰ ਮਿਣਤੀ ਦੇ ਪੈਮਾਨੇ ਸਹੀ ਨਹੀਂ ਸਨ। ਨਕਲੀ, ਖੋਟੇ ਆਦਿ ਸਿੱਕਿਆਂ ਕਾਰਨ ਇੱਕ ਤਾਂ ਸਰਕਾਰ ਨੂੰ ਵਿੱਤੀ ਤੌਰ ਤੇ ਕਾਫ਼ੀ ਘਾਟਾ ਪੈ ਰਿਹਾ ਸੀ ਦੂਜਾ ਵਪਾਰੀ ਅਤੇ ਦੁਕਾਨਦਾਰ ਪਰਜਾ ਨਾਲ ਹੇਰਾ ਫੇਰੀ ਕਰ ਰਹੇ ਸਨ। ਪਰ ਸਰਦਾਰ ਨਲੂਆ ਨੇ ਆਉਂਦਿਆਂ ਹੀ ਮਿਆਰੀ ਵੱਟੇ ਤੇ ਸਿੱਕੇ
ਚਲਵਾ ਦਿੱਤੇ। ਜਿੱਥੇ ਕਸ਼ਮੀਰੀ ਸੇਰ ਪਹਿਲਾਂ ੧੪ ਛਟਾਂਕ ਦਾ ਸੀ ਉਹ ੧੫ ਛਟਾਂਕ ਕਰਵਾਇਆ। ਹਰੀ ਸਿੰਘ ਦੇ ਚਲਾਏ ੯੨ ਰੁਪਇਆ ਦਾ ਭਾਰ ਇੱਕ ਸੇਰ ਸੀ। ਕਿਉਂਕਿ ਉਨ੍ਹਾਂ ਦਿਨਾਂ 'ਚ ਖਜ਼ਾਨਾ ਗਧਿਆਂ ਜਾਂ ਖੱਚਰਾਂ ਤੇ ਲੱਦ ਕੇ ਲਜਾਂਦੇ ਸਨ। ਮਿਸਟਰ ਮੂਰਕਰੌਫ਼ਟ ਅਤੇ ਟਰੈਬੈਕ ਦੀ ੧੮੪੧ ਲੇਖਣੀ ਅਨੁਸਾਰ ਹਰੀ ਸਿੰਘੀਆ ਖਰਵਾਰ ਸਿੱਕਿਆਂ ਦਾ ਇੱਕ ਗਧੇ ਦਾ ਭਾਰ ੯੬ ਸੇਰ ਸੀ। ਇਸ ਨੂੰ ਇੱਕ ਖਰਵਾੜ ਜਾਂ ਖਰਵਾਰ ਕਹਿੰਦੇ ਸਨ। ਗਨੇਸ਼ੀ ਲਾਲ ਜੀ ਵੀ ਲਿਖਦੇ ਹਨ ਕਿ ਕਪੜਾ, ਘਿਉ ਆਦਿ ਦੀ ਮਿਣਤੀ ਵੀ ਖਰਵਾੜ ਵਿੱਚ ਚਲਦੀ ਸੀ। ਹਰੀ ਸਿੰਘ ਨੇ ਸਾਰੇ ਵੱਟੇ ਲੋਹੇ ਦੇ ਵਰਤਣ ਦਾ ਹੁਕਮ ਦਿੱਤਾ ਕਿਉਂਕਿ ਪੱਥਰ ਦੇ ਵੱਟਿਆਂ ਨਾਲ ਹੇਰਾ ਫੇਰੀ ਹੁੰਦੀ ਸੀ। ਅਸਲ ਤੋਲ ਸਨ ੧੭ ਤੋਲੇ ਦਾ ਇੱਕ ਪਾਈਆ ਜਾਂ ਪਾਉ, ੬ ਪਾਉ ਜਾਂ ਡੇਢ ਸੇਰ ਦਾ ੧ ਮਨੋਟਾ, ੪ ਮਨੋਟਿਆਂ ਜਾਂ ੧੬ ਸੇਰ ਦਾ ੧ ਤਰਕ, ੧੬ ਤਰਕ ਜਾਂ ੯੬ ਸੇਰ ਦਾ ਇੱਕ ਖਰਵਾੜ।
ਇੰਜ ਹਰੀ ਸਿੰਘ ਨਲੂਏ ਦਾ ਨਾਮ ਦੂਰ-ਦਰਾਡੇ ਤੱਕ ਪ੍ਰਸਿੱਧ ਹੋ ਗਿਆ। ਇਹ ਸਿੱਕੇ ਬਰਤਾਨੀਆਂ ਵਿੱਚ ਵੀ ਪਹੁੰਚ ਗਏ ਸਨ। ਨੇਸ਼ਨਲ ਅਰਚੀਵਜ ਆਫ਼ ਇੰਡੀਆ (NAD Foreign Secret Consultation 1837) ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਸਮੇਂ ਇਹਨਾਂ ਰੁਪਈਆਂ ਦੇ ੧੧ ਥੈਲੇ ਭਰ ਕੇ ਉਹਨਾਂ ਅਫ਼ਸਰਾਂ ਨੂੰ ਦਿੱਤੇ ਜਿਹੜੇ ਬਰਿਟਿਸ਼ ਕਮਾਂਡਰ ਇਨ ਚੀਫ਼ ਦੇ ਨਾਲ ਵਿਆਹ ਸਮੇਂ ਆਏ ਸਨ।
ਖੇਤੀਬਾੜੀ ਸੁਧਾਰ
ਅਫ਼ਗਾਨ ਸਰਕਾਰ ਨੇ ਕਸ਼ਮੀਰ ਦੀ ਖੇਤੀਬਾੜੀ ਦੇ ਸੁਧਾਰ 'ਚ ਕੋਈ ਦਿਲਚਸਪੀ ਨਹੀਂ ਸੀ ਲਈ। ਜ਼ਮੀਨਾਂ ਵੀ ਵੱਡੇ ਵੱਡੇ ਜਾਗੀਰਦਾਰਾਂ ਕੋਲ ਸਨ। ਅੱਗੋਂ ਉਹ ਜ਼ਿਮੀਦਾਰਾਂ ਨੂੰ ਖੇਤੀ ਕਰਨ ਲਈ ਦੇ ਦਿੰਦੇ ਸਨ ਅਤੇ ਉਨ੍ਹਾਂ ਤੋਂ ਮਾਲੀਆ ਉਗਰਾਹੁੰਦੇ ਸਨ। ਜ਼ਿਮੀਦਾਰ ਪਰਾਈ ਜ਼ਮੀਨ ਸਮਝ ਕੇ ਜ਼ਮੀਨ ਸੁਧਾਰ ਜਾਂ ਚੰਗੀ ਫ਼ਸਲਵਾੜੀ ਵੱਲ ਬਹੁਤਾ ਧਿਆਨ ਨਹੀਂ ਸਨ ਦਿੰਦੇ। ਖੇਤੀ ਵੀ ਬਰਾਨੀ ਸੀ। ਜੇਕਰ ਬਾਰਸ਼ ਹੋ ਜਾਂਦੀ ਸੀ ਤਾਂ ਕੁਝ ਦਾਣੇ ਹੋ ਜਾਂਦੇ ਸਨ ਨਹੀਂ ਤਾਂ ਸੋਕੇ ਕਾਰਨ ਕਈ ਵਾਰ ਫ਼ਸਲ ਤਬਾਹ ਹੋ ਜਾਂਦੀ ਸੀ। ਐਸੀ ਹਾਲਤ ਵਿੱਚ ਜ਼ਿਮੀਦਾਰਾਂ ਦੇ ਸਿਰ ਤੇ ਗਰੀਬੀ ਦੇ ਬੱਦਲ ਮੰਡਲਾਉਂਦੇ ਸਨ ਪਰ ਸਰਕਾਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਸੀ। ਫ਼ਸਲ ਦੀ ਤਬਾਹੀ ਕਾਰਨ ਜਦੋਂ ਜ਼ਿਮੀਦਾਰਾਂ ਨੂੰ ਹਕੂਮਤ ਵੱਲੋਂ ਬੀਜ ਦਿੱਤਾ
ਜਾਂਦਾ ਸੀ ਤਾਂ ਇੱਕ ਖਰਵਾੜ ਬੀਜ ਨਾਲ ਦੋ ਤਰਕ (ਛੇ ਸੇਰ ਦੇ ਤੋਲ ਦਾ ਇੱਕ ਤਰਕ ਹੁੰਦਾ ਹੈ) ਵੱਧ ਲਿਆ ਜਾਂਦਾ ਸੀ। ਜਿਸ ਕਾਰਨ ਜ਼ਿਮੀਦਾਰਾਂ ਦੇ ਪੱਲੇ ਥੋੜ੍ਹੇ ਦਾਣੇ ਹੀ ਬਚਦੇ ਸਨ।
ਸੰਨ ੧੮੧੯ ਵਿੱਚ ਹੜ੍ਹਾਂ ਦੀ ਮਾਰ ਕਾਰਨ ਧਾਨ ਦੀ ਫ਼ਸਲ ਤਬਾਹ ਹੋ ਗਈ। ਜ਼ਿਮੀਦਾਰਾਂ ਕੋਲ ਬਿਜਾਈ ਲਈ ਬੀਜ ਵੀ ਨਹੀਂ ਸੀ। ਪਰ ਸਰਦਾਰ ਨਲੂਆ ਨੇ ਪੁਣਛ, ਰਾਜੌਰੀ ਤੇ ਮੁਜੱਫਰਾਬਾਦ ਤੋਂ ਦੋ ਹਜ਼ਾਰ ਖਰਵਾੜ ਸਰਕਾਰੀ ਖ਼ਜਾਨੇ 'ਚੋਂ ਕਢਵਾ ਕੇ ਧਾਨ ਦਾ ਬੀਜ ੧੬ ਰੁਪਏ ਪ੍ਰਤੀ ਖਰਵਾੜ ਦੀ ਬਜਾਏ ੩ ਰੁਪਏ ਪ੍ਰਤੀ ਖਰਵਾੜ ਵੰਡਿਆ ਅਤੇ ਤਰਕ ਲੈਣਾ ਵੀ ਖਤਮ ਕਰਾ ਦਿੱਤਾ। ਇਸ ਸਹਾਇਤਾ ਨਾਲ ਇਹ ਲਾਭ ਹੋਇਆ ਕਿ ੧੮੨੧ ਵਿੱਚ ਪਿਛਲੇ ੧੨ ਸਾਲਾਂ ਤੋਂ ਵੱਧ ਉਪਜ ਹੋਈ ਅਤੇ ਅਗਲੇ ਸਾਲਾਂ 'ਚ ਵਧਦੀ ਗਈ। ਹੋਰ ਤਾਂ ਹੋਰ ਜ਼ਿਮੀਦਾਰਾਂ ਤੋਂ ਮਾਲੀਏ ਦਾ ਲਗਾਨ ਵੀ ਤੀਜਾ ਹਿੱਸਾ ਘਟਾ ਦਿੱਤਾ। ਉਪਜ ਸਮੇਂ ਵਾਧੇ ਕਾਰਨ ਅਤੇ ਮਾਲੀਆ ਘਟਣ ਕਾਰਨ ਜ਼ਿਮੀਦਾਰਾਂ ਤੇ ਸਰਕਾਰ ਨੂੰ ਲਾਭ ਹੋਇਆ। ਭੇਡਾਂ, ਬੱਕਰੀਆਂ ਚਾਰਨ ਵਾਲੇ ਆਜੜੀਆਂ ਨੂੰ ਵੀ ਵਿਤੀ ਸਹਾਇਤਾ ਦੇਣੀ ਆਰੰਭ ਕੀਤੀ। ਇਸ ਤੋਂ ਇਲਾਵਾ ਅਫ਼ਗਾਨੀ ਹਕੂਮਤ ਵਲੋਂ ਉਪਜ, ਮੰਗਣੀ ਅਤੇ ਵਿਆਹ ਤੇ ਲਾਇਆ 'ਤੋਰਾ ਟੈਕਸ' ਵੀ ਸਦਾ ਲਈ ਬੰਦ ਕਰ ਦਿੱਤਾ। ਸਭ ਤੋਂ ਮੁੱਖ ਫੈਸਲਾ ਇਹ ਕੀਤਾ ਕਿ ਅਫ਼ਗਾਨੀ ਜਾਗੀਰਦਾਰਾਂ ਦੀਆਂ ਜ਼ਮੀਨਾਂ ਨੂੰ ਖਾਲਸਾ ਸਰਕਾਰ ਦੀ ਜ਼ਮੀਨ ਐਲਾਨ ਦਿੱਤਾ। ਉਪਰੰਤ ਕਸ਼ਮੀਰ ਦੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਤੋਂ ਇਸ ਜ਼ਮੀਨ ਤੇ ਖੇਤੀ ਕਰਨ ਦੀਆਂ ਦਰਖਾਸਤਾਂ ਮੰਗੀਆਂ ਅਤੇ ਅਫ਼ਗਾਨੀ ਲੋਕਾਂ ਨੂੰ ਖੇਤੀ ਕਰਨ ਵਾਲਿਆਂ ਨਾਲ ਖੇਤ ਵਿੱਚ ਕੰਮ ਕਰਾ ਕੇ ਗੁਜਾਰਾ ਕਰਨ ਲਈ ਹੁਕਮ ਕੀਤਾ। ਨਾਲ ਹੀ ਬਹੁਤ ਸਾਰੀ ਜ਼ਮੀਨ ਜੰਗ ਵਿੱਚ ਸ਼ਹੀਦ ਹੋਣ ਵਾਲੇ ਅਤੇ ਭਾਗ ਲੈਣ ਵਾਲੇ ਸਿੱਖ ਫ਼ੌਜੀਆਂ ਨੂੰ ਪੱਕੇ ਤੌਰ ਤੇ ਕਾਸ਼ਤ ਕਰਨ ਲਈ ਦੇ ਦਿੱਤੀ।
ਹਰੀ ਸਿੰਘ ਨੇ ਕੇਸਰ (ਸੈਫ਼ਰਨ) ਦੀ ਖੇਤੀ ਨੂੰ ਉਤਸ਼ਾਹਤ ਕਰਨ ਤੇ ਵੀ ਬਹੁਤ ਜ਼ੋਰ ਦਿੱਤਾ ਕਿਉਂਕਿ ਇਤਿਹਾਸਕ ਪੱਖਾਂ ਅਨੁਸਾਰ ੯੦ ਤੋਂ ਵੀ ਵੱਧ ਬੀਮਾਰੀਆਂ ਦੇ ਇਲਾਜ ਲਈ ਕੇਸਰ ਵਰਤਿਆ ਜਾਂਦਾ ਹੈ। ਕੇਸਰ ਇਤਨਾ ਕੀਮਤੀ ਹੈ ਜਿਤਨਾ ਕਿ ਸੋਨਾ ਅਤੇ ਤੋਲਿਆ ਵੀ ਰਤੀਆਂ ਮਾਸ਼ਿਆਂ ਵਿੱਚ ਜਾਂਦਾ ਹੈ। ਪੁਰਾਤਨ ਗ੍ਰੰਥਾਂ ਵਿੱਚ ਇਸ ਨੂੰ 'ਕਸ਼ਮੀਰ ਜਨਨੀ' ਲਿਖਿਆ ਹੈ। ਭਾਵੇਂ ਈਰਾਨ ਵਿੱਚ ਵੀ ਇਸ ਦੀ ਕਾਸ਼ਤ ਕੀਤੀ ਜਾਂਦੀ ਸੀ ਪਰ ਉਹ ਕਸ਼ਮੀਰੀ ਕੇਸਰ ਦੇ ਮੁਕਾਬਲੇ ਘਟੀਆ ਕਿਸਮ ਦਾ ਸੀ। ਕਸ਼ਮੀਰ ਵਿੱਚ ਪਾਮਪੁਰ ਦੇ ਆਲੇ-ਦੁਆਲੇ ਇਸ ਦੀ
ਕਾਸ਼ਤ ਕੀਤੀ ਜਾਂਦੀ ਸੀ ਪਰ ਜੋ ਕੇਸਰ ਪਾਮਪੁਰ ਤੋਂ ਤਿੰਨ ਕੁ ਕੋਹ ਤੇ ਵਾਨਤੂ ਵਿੱਚ ਫ਼ਲਦਾ ਹੈ ਉਹ ਬਹੁਤ ਹੀ ਵਧੀਆ ਗਿਣਿਆ ਜਾਂਦਾ ਹੈ ਅਤੇ ਇਸ ਦੇ ਫੁੱਲਾਂ ਦੀ ਸੁਗੰਧੀ ਬਹੁਤ ਦੂਰ ਤੱਕ ਮਹਿਸੂਸ ਕੀਤੀ ਜਾਂਦੀ ਹੈ। ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਹਨ ਕਿ ਕੇਸਰ ਦੀ ਸੁਗੰਧੀ ਵਿੱਚ ਰਹਿਣ ਵਾਲੇ ਨੂੰ ਜੁਕਾਮ ਅਤੇ ਸਿਰ ਦਰਦ ਨਹੀਂ ਹੁੰਦਾ।
ਇਹਨਾਂ ਗੁਣਾਂ ਕਾਰਨ ਸਰਦਾਰ ਨਲੂਆ ਨੇ ਪਾਮਪੁਰ ਦੇ ਕੇਸਰ ਉਗਾਉਣ ਵਾਲੇ ਜ਼ਿਮੀਦਾਰਾਂ ਦਾ ਇਕੱਠ ਕੀਤਾ ਅਤੇ ਉਹਨਾਂ ਨੂੰ ਇਸ ਦੀ ਕਾਸ਼ਤ ਸੰਬੰਧੀ ਆ ਰਹੀਆਂ ਔਕੜਾਂ ਜਿਵੇਂ ਕਿ ਸਰਕਾਰੀ ਲਗਾਨ ਅਤੇ ਕੇਸਰ ਦੀ ਚੋਰੀ ਆਦਿ ਦੂਰ ਕੀਤੀਆਂ। ਇਸ ਦੀ ਕਾਸ਼ਤ ਵਧਾਉਣ ਲਈ ਆਪ ਕਮੇਟੀ ਦੇ ਸਰਪ੍ਰਸਤ ਬਣੇ।
ਕੇਸਰ ਦਾ ਬੂਟਾ ਤਕਰੀਬਨ ਇੱਕ ਫੁੱਟ ਉੱਚਾ ਹੁੰਦਾ ਹੈ ਅਤੇ ਹਰ ਟਾਹਣੀ ਤੇ ਚਾਰ ਫੁੱਲ ਲਗਦੇ ਹਨ। ਹਰੇਕ ਫੁੱਲ ਵਿੱਚ ਤਿੰਨ ਪਰਾਗ ਕਣ ਹੁੰਦੇ ਹਨ। ਫੁੱਲਾਂ ਦਾ ਰੰਗ ਭਾਵੇਂ ਵੱਖ-ਵੱਖ ਹੁੰਦਾ ਹੈ ਪਰ ਕੇਸਰੀ ਰੰਗ ਦੇ ਫੁੱਲਾਂ ਵਾਲੀ ਕਿਸਮ ਬਹੁਤ ਗੁਣਕਾਰੀ ਹੁੰਦੀ ਹੈ। ਕੇਸਰ ਦਾ ਸੁਆਦ ਕੁੜੱਤਣ ਵਾਲਾ ਹੁੰਦਾ ਹੈ ਪਰ ਵਿਗਿਆਨਕ ਖੋਜ ਮੁਤਾਬਕ ਇਸ ਵਿੱਚ ੧੫੦ ਤੋਂ ਵੱਧ ਮਿਸ਼ਰਤ ਵਸਤੂਆਂ ਹੁੰਦੀਆਂ ਹਨ ਜਿਵੇਂ ਕਾਰਬੋਹਾਈਡ੍ਰੇਟ, ਖੁਰਾਕੀ ਰੇਸ਼ਾ, ਪ੍ਰੋਟੀਨ, ਵਿਟਾਮਿਨ ਏ, ਥਾਇਆਮੀਨ, ਰਾਈਬੋਫਲਾਵਿਨ, ਨਾਇਸਨ, ਵਿਟਾਮਿਨ ਸੀ, ਕੈਲਸ਼ੀਅਮ, ਲੋਹਾ, ਮਗਨੇਸ਼ੀਅਮ, ਫ਼ਾਸਫੋਰਸ, ਪੁਟਾਸ਼ੀਅਮ, ਜ਼ਿੰਕ, ਸਲੇਨੀਅਮ, ਫੋਲੇਟ ਆਦਿ। ਕੇਸਰ ਦੀ ੧੦੦ ਗ੍ਰਾਮ ਮਾਤ੍ਰਾ ਵਿੱਚ ੩੧੦ ਕਿੱਲੋ ਕੈਲਰੀ ਤਾਕਤ ਹੁੰਦੀ ਹੈ। ਨਵੀਂ ਖੋਜ ਅਨੁਸਾਰ ਇਸ ਵਿੱਚ ਕੈਂਸਰ ਦੀ ਰੋਕਥਾਮ ਦੇ ਅਤੇ ਐਂਟੀਆਕਸੀਡੈਂਟ ਤੱਤ ਮੌਜੂਦ ਹਨ। ਇਹ ਅੱਖਾਂ ਦੀ ਨਿਗਾਹ ਵੀ ਵਧਾਉਂਦਾ ਹੈ। ਇਸ ਦੀਆਂ ਪੱਤੀਆਂ ਦੀ ਵਰਤੋਂ ਉਦਾਸੀ ਦੂਰ ਕਰ ਦਿੰਦੀਆਂ ਹਨ। ਬੂਟਿਆਂ ਦੇ ਫੁੱਲਾਂ ਤੋਂ ਕੇਸਰ ਇਕੱਠਾ ਕਰਨਾ ਬਹੁਤ ਹੀ ਮਿਹਨਤ ਵਾਲਾ ਅਤੇ ਸਿਰੜੀ ਕੰਮ ਹੈ। ਇਸ ਲਈ ਖਰਚਾ ਬਹੁਤ ਆਉਂਦਾ ਹੈ ਜਿਸ ਕਾਰਨ ਇਸ ਦੀ ਕੀਮਤ ਵੱਧ ਹੈ।
ਸ਼ਾਲ ਉਦਯੋਗ ਪਰਫੁਲੱਤ ਕਰਨਾ
ਕਸ਼ਮੀਰ ਦਾ ਮੁੱਖ ਉਦਯੋਗ ਸ਼ਾਲਾਂ ਦੀ ਤਿਆਰੀ ਸੀ। ਸਰਕਾਰ ਨੂੰ ਇਸ ਧੰਦੇ ਤੋਂ ਵੱਡੀ ਆਮਦਨ ਸੀ। ਪਰ ਅਫ਼ਗਾਨ ਸਰਕਾਰ ਨੇ ਇਸ ਉਦਯੋਗ ਨੂੰ ਖ਼ਾਤਮੇ ਵੱਲ ਤੋਰ ਦਿੱਤਾ। ਇੱਕ ਤਾਂ ਭੇਡਾਂ ਤੇ ਬੱਕਰੀਆਂ, ਜਿਨ੍ਹਾਂ ਤੋਂ ਸ਼ਾਲਾਂ ਲਈ ਵਧੀਆ ਉੱਨ
ਪ੍ਰਾਪਤ ਹੁੰਦੀ ਸੀ ਉਨ੍ਹਾਂ ਨੂੰ ਪਾਲਣ ਵਾਲਿਆਂ ਦੀ ਕੋਈ ਸਹਾਇਤਾ ਨਹੀਂ ਕੀਤੀ। ਦੂਜਾ, ਕਸ਼ਮੀਰ ਦੀ ਉੱਨ ਜੋ ਅਫ਼ਗਾਨਿਸਤਾਨ ਭੇਜੀ ਜਾਂਦੀ ਸੀ ਉਸ ਦੀ ਕੀਮਤ ਤੇ ੧੫ ਪ੍ਰਤੀਸ਼ਤ ਕਟੌਤੀ ਲਾ ਦਿੱਤੀ ਜਿਸ ਕਾਰਨ ਉੱਨ ਉਤਪਾਦਕਾਂ ਨੂੰ ਵੱਡਾ ਘਾਟਾ ਹੋ ਰਿਹਾ ਸੀ। ਤੀਜਾ, ਸ਼ਾਲ ਉਦਯੋਗ ਦੀ ਉਨੱਤੀ ਲਈ ਸ਼ਾਲ ਉਤਪਾਦਕਾਂ ਲਈ ਕੋਈ ਸਰਕਾਰੀ ਕਰਜ਼ਾ ਆਦਿ ਨਾ ਦੇਣਾ।
ਸ਼ਾਲ ਉਦਯੋਗ ਦੀ ਤਰੱਕੀ ਲਈ ਸਰਦਾਰ ਨਲੂਏ ਨੇ ਤੇਜ਼ੀ ਨਾਲ ਵੱਡੇ ਫ਼ੈਸਲੇ ਲਏ, ਜਿਵੇਂ ਭੇਡਾਂ ਬੱਕਰੀਆਂ ਪਾਲਣ ਵਾਲਿਆਂ ਦੀ ਹਰ ਪੱਖੋਂ ਸਰਕਾਰੀ ਸਹਾਇਤਾ ਕਰਨਾ, ਅਫ਼ਗਾਨਿਸਤਾਨ ਨੂੰ ਖ੍ਰੀਦ ਕੇ ਲਿਜਾਣ ਵਾਲੀ ਉੱਨ ਤੇ ਲੱਗੀ ੧੫ ਪ੍ਰਤੀਸ਼ਤ ਕਟੌਤੀ ਖਤਮ ਕਰਨਾ ਅਤੇ ਸ਼ਾਲ ਉਦਯੋਗ ਚਲਾਉਣ ਵਾਲਿਆਂ ਨੂੰ ਨਕਦੀ ਕਰਜ਼ਾ ਦੇਣਾ ਆਦਿ। ਇੱਸ ਵੱਡੇ ਫੈਸਲੇ ਨਾਲ ਸ਼ਾਲ ਵੇਚਣ ਦਾ ਜੋ ਬਾਹਰੀ ਵਪਾਰ ਕੇਵਲ ਅਫਗਾਨਾਂ ਦੇ ਹੱਥ ਵਿੱਚ ਸੀ ਉਹ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨ ਵਪਾਰੀਆਂ ਦੇ ਸਪੁਰਦ ਕਰ ਦਿੱਤਾ।
ਮੂਰਕਰਾਫ਼ਟ ਅਤੇ ਟਰੈਬੈਂਕ (੧੮੪੧) ਦੀ ਲਿਖਤ ਅਨੁਸਾਰ ਉਪਰੋਕਤ ਚੰਗੇ ਫੈਸਲਿਆਂ ਨਾਲ ਸ਼ਾਲ ਉਦਯੋਗ ਵਿੱਚ ਵੱਡਾ ਵਾਧਾ ਹੋਇਆ। ਸੰਨ ੧੮੨੦ ਵਿੱਚ ੪ ਲੱਖ ਕਸ਼ਮੀਰੀ ਰੁਪਏ ਦੇ ਸ਼ਾਲਾਂ ਦਾ ਨਿਰਮਾਣ ਹੋਇਆ ਜੋ ਕਿ ੪੦ ਲੱਖ ਕਲਕੱਤਾ ਸਿਲੀਕਾ ਅਤੇ ੫ ਲੱਖ ਪੌਂਡ ਦੇ ਬਰਾਬਰ ਸੀ। ਸ਼ਾਲ ਬਨਾਉਣ ਲਈ ਮਾਲਕਾਂ ਨੇ ੪੮ ਹਜ਼ਾਰ ਜੁਲਾਹੇ ਅਤੇ ਹਜ਼ਾਰਾਂ ਹੀ ਕਾਮਿਆਂ ਨੂੰ ਇਸ ਰੁਜ਼ਗਾਰ ਤੇ ਲਾਇਆ ਹੋਇਆ ਸੀ।
ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਕਸ਼ਮੀਰ ਦੇ ਪਾਣੀ ਵਿੱਚ ਕੁਦਰਤੀ ਬਹੁਤ ਵੱਡਾ ਗੁਣ ਹੈ ਕਿ ਇਹ ਉੱਨ ਨੂੰ ਬਹੁਤ ਨਰਮ ਅਤੇ ਗਰਮ ਬਣਾ ਦਿੰਦਾ ਹੈ। ਜਿਸ ਕਾਰਨ ਇੱਥੋਂ ਦੇ ਸ਼ਾਲਾਂ ਦੀ ਕਿਸਮ (quality) ਵਧੀਆ ਹੈ।
ਕਾਗਜ਼ ਦਸਤਕਾਰੀ ਦੀ ਉੱਨਤੀ ਕਰਾਉਣਾ
ਪਹਿਲੇ ਪਹਿਲ ਕਸ਼ਮੀਰ ਅੰਦਰ ਕਾਗਜ਼ ਦੀ ਦਸਤਕਾਰੀ ਵੱਡੇ ਪੈਮਾਨੇ ਤੇ ਚਲਦੀ ਸੀ। ਇੱਥੇ ਦਾ ਕਾਗਜ਼ ਵਧੀਆ ਹੋਣ ਕਾਰਨ ਇਸ ਦੀ ਮੰਗ ਦੇਸ਼-ਵਿਦੇਸ਼ ਅੰਦਰ ਕਾਫ਼ੀ ਸੀ। ਸਰਕਾਰ ਨੂੰ ਇਸ ਦੇ ਉਦਯੋਗ ਤੋਂ ਚੰਗੀ ਆਮਦਨ ਹੁੰਦੀ ਸੀ। ਪਰ ਬਾਹਰੀ ਹਮਲਿਆਂ ਦੀ ਲੁੱਟ-ਖਸੁੱਟ ਨੇ ਇਸ ਧੰਦੇ ਨੂੰ ਬਹੁਤ ਖੋਰਾ ਲਾਇਆ।
ਸਰਦਾਰ ਹਰੀ ਸਿੰਘ ਨੇ ਇਸ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਸਰਕਾਰੀ ਖਜਾਨੇ 'ਚੋਂ ਕਾਗਜ਼ ਦੇ ਮਿੱਲ ਮਾਲਕਾਂ ਨੂੰ ਘੱਟ ਵਿਆਜ ਦਰਾਂ ਤੇ ਚੋਖਾ ਧਨ ਉਪਲਭਧ ਕਰਾਇਆ। ਇੱਥੋਂ ਦੇ ਕਾਗਜ਼ ਨੂੰ ਪੰਜਾਬ ਵਿੱਚ ਵਿੱਕਰੀ ਲਈ ਖਾਸ ਪ੍ਰਬੰਧ ਕਰਵਾਏ। ਖ਼ਾਲਸਾ ਰਾਜ ਸਮੇਂ ਇੱਥੇ ਜਿਹੜਾ ਕਾਗਜ਼ ਤਿਆਰ ਹੁੰਦਾ ਸੀ ਉਸ ਦੇ ਨਾਂ ਸਨ, ਸ਼ੇਰ-ਜੰਗੀ, ਦਾਹ-ਮਸਤੀ, ਹਸਤ-ਮਸਤੀ, ਹਰੀਰੀਆਂ, ਕਲਮਦਾਨੀ ਆਦਿ। ਕਲਮਦਾਨੀ ਕਾਗਜ਼, ਡੱਬਿਆਂ ਅਤੇ ਥਾਲੀਆਂ ਆਦਿ ਬਨਾਉਣ ਅਤੇ ਨਿਕਾਸ਼ੀ ਦੇ ਕੰਮ ਲਈ ਕਮਾਲ ਅਤੇ ਮਨਮੋਹਣਾ ਹੁੰਦਾ ਸੀ।
ਇੰਞ ਆਪਣੀ ਗਵਰਨਰੀ ਸਮੇਂ ਸਰਦਾਰ ਸਾਹਿਬ ਨੇ ਕਸ਼ਮੀਰ ਦੀ ਬੁਰੀ ਤਰ੍ਹਾਂ ਉਲਝੀ ਤਾਣੀ ਨੂੰ ਸੁਯੋਗ ਢੰਗ ਨਾਲ ਸੁਲਝਾਇਆ। ਇਹਨਾਂ ਦੇ ਰਾਜ ਸਮੇਂ ਕਸ਼ਮੀਰੀਆਂ ਨੇ ਸੁੱਖ ਦਾ ਸਾਹ ਲਿਆ, ਬੇਅੰਤ ਤਰੱਕੀ ਕੀਤੀ, ਆਪਸੀ ਭਾਈਚਾਰਾ ਅਤੇ ਵਿਰਸਾ ਮਜ਼ਬੂਤ ਕੀਤਾ ਜਿਸ ਕਾਰਨ ਹਰੀ ਸਿੰਘ ਦਾ ਨਾਂ ਇੱਥੇ ਅਮਿੱਟ ਛਾਪ ਛੱਡ ਗਿਆ। ਸ਼ੇਰਿ-ਏ-ਪੰਜਾਬ ਨੇ ਕਸ਼ਮੀਰ ਵਿੱਚ ਅਮਨ ਪਸੰਦ ਹਾਲਤ, ਸਰਕਾਰੀ ਖਜਾਨੇ ਦੀ ਆਮਦਨ ਵਿੱਚ ਵੱਡਾ ਵਾਧਾ ਦੇਖ ਅਤੇ ਖ਼ਾਲਸਾ ਰਾਜ ਦੀਆਂ ਹੱਦਾਂ ਹੋਰ ਵਧਾਉਣ ਲਈ ਸਰਦਾਰ ਹਰੀ ਸਿੰਘ ਦਾ ਅਤਿਅੰਤ ਧੰਨਵਾਦ ਕੀਤਾ ਅਤੇ ਨਾਲ ਹੀ ਹੋਰ ਜ਼ਰੂਰੀ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਵਾਪਸ ਬੁਲਾਉਣ ਲਈ ਸੱਦਾ ਪੱਤਰ ਭੇਜਿਆ। ਪਹਿਲੇ ਗਵਰਨਰ ਦੀਵਾਨ ਮੋਤੀ ਰਾਮ ਨੂੰ ਦੁਬਾਰਾ ਗਵਰਨਰੀ ਦੇ ਅਹੁਦੇ ਤੇ ਲਗਾ ਦਿੱਤਾ। ਸੱਦਾ ਪੱਤਰ ਵਿੱਚ ਇਹ ਵੀ ਦਰਜ ਸੀ ਕਿ ਦੀਵਾਨ ਮੋਤੀ ਰਾਮ ਨੂੰ ਆਪ ਜੀ ਵੱਲੋਂ ਚਲਾਈਆਂ ਨਵੀਆਂ ਯੋਜਨਾਵਾਂ, ਕੀਤੇ ਸੁਧਾਰ ਅਤੇ ਗਵਰਨਰੀ ਕਰਨ ਦੇ ਤੌਰ ਤਰੀਕਿਆਂ ਬਾਰੇ ਚੰਗੀ ਤਰ੍ਹਾਂ ਸਮਝਾਕੇ ਸਾਨੂੰ ਫ਼ੌਜ ਸਮੇਤ ਖੁਸ਼ਬੂ ਦੇ ਮੁਕਾਮ ਆ ਮਿਲਣਾ। ਅਸੀਂ ੧੦ ਨਵੰਬਰ ੧੮੨੧ ਨੂੰ ਮੁੰਘੇਰ ਵੱਲ ਚੜ੍ਹਾਈ ਕਰਨੀ ਹੈ।
ਨਲਵਾ ਦਾ ਕਸ਼ਮੀਰ ਤੋਂ ਮੁੰਘੇਰ ਵੱਲ ਮਾਰਚ
ਹਰੀ ਸਿੰਘ ਨੇ ਜਾਣ ਤੋਂ ਪਹਿਲਾਂ ਭਾਰੀ ਦਰਬਾਰ ਸਜਾਇਆ ਬੜੇ ਪਿਆਰ ਭਰੇ ਅਤੇ ਦਿਲ ਟੁੰਬਵੇਂ ਸ਼ਬਦਾਂ ਨਾਲ ਕਸ਼ਮੀਰ ਦੀ ਪਰਜਾ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ ਅਤੇ ਸਤਿਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ, "ਭਾਵੇਂ ਮੇਰਾ ਦਿਲ ਨਹੀਂ ਸੀ ਕਰਦਾ ਕਸ਼ਮੀਰ ਵਰਗੀ ਸੁੰਦਰ ਜਗ੍ਹਾ ਨੂੰ ਛੱਡਣ ਲਈ ਪਰ ਮੈਂ ਸਰਕਾਰ ਦਾ ਹੁਕਮ ਆਉਣ ਤੇ ਜਾ ਰਿਹਾ ਹਾਂ। ਤੁਸੀਂ ਆਉਣ ਵਾਲੇ ਸਮੇਂ ਅੰਦਰ ਦੀਵਾਨ ਮੋਤੀ ਰਾਮ
ਨਾਲ ਉਸ ਤਰ੍ਹਾਂ ਦਾ ਵਰਤਾਵ ਕਰਨਾ ਜਿਸ ਤਰ੍ਹਾਂ ਮੇਰੇ ਨਾਲ ਕੀਤਾ ਹੈ। ਕਿਰਪਾ ਕਰਕੇ ਕਸ਼ਮੀਰ ਦੀ ਤਰੱਕੀ ਨੂੰ ਮੁੱਖ ਰੱਖਣਾ"।
ਜਿਸ ਦਿਨ ੬ ਨਵੰਬਰ ੧੮੨੧ ਨੂੰ ਮਹਾਨ ਜਰਨੈਲ ਨੇ ਕਸ਼ਮੀਰ ਤੋਂ ਚਾਲੇ ਪਾਏ ਇਤਿਹਾਸਕਾਰਾਂ ਅਨੁਸਾਰ ਉਹ ਨਜ਼ਾਰਾ ਦਿਲ ਨੂੰ ਧੂਅ ਪਾਉਣ ਵਾਲਾ ਸੀ। ਕੂਚ ਕਰਨ ਸਮੇਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਰਸਤੇ ਦੇ ਦੋਹੀਂ ਪਾਸੀਂ ਖਲੋ ਕੇ ਅੱਥਰੂ ਭਰੀਆਂ ਅੱਖਾਂ ਨਾਲ ਸਰਦਾਰ ਨੂੰ ਵਿਦਾਇਗੀ ਦਿੱਤੀ। ਅਸਮਾਨ ਨਗਾਰਿਆਂ ਦੀ ਗੂੰਜ ਨਾਲ ਅਤੇ ਜੈਕਾਰਿਆਂ ਦੀ ਜੈ ਜੈ ਕਾਰ ਨਾਲ ਗੂੰਜ ਰਿਹਾ ਸੀ।
ਖ਼ਾਲਸਾ ਫ਼ੌਜ ਜਿਸ ਦੀ ਗਿਣਤੀ ਤਕਰੀਬਨ ੭ ਹਜਾਰ ਸੀ ਜਦੋਂ ਗੜ੍ਹੀ ਹਬੀਬੁਲਾ ਦੇ ਰਸਤੇ ਪਖਲੀ ਦੇ ਮੈਦਾਨ ਵਿੱਚ ਪੁੱਜੀ ਤਾਂ ਪਤਾ ਲੱਗਿਆ ਕਿ ਹਜ਼ਾਰੇ ਦੇ ਜਦੂਨਾਂ ਅਤੇ ਤਿਨਾਵਲੀਆਂ ਨੇ ੩੦ ਹਜ਼ਾਰ ਲਸ਼ਕਰ ਇਕੱਠਾ ਕਰਕੇ ਖ਼ਾਲਸੇ ਦਾ ਰਸਤਾ ਰੋਕ ਲਿਆ ਹੈ ਅਤੇ ਲੜਾਈ ਲਈ ਪੂਰੀ ਤਿਆਰੀ ਕਰ ਲਈ ਹੈ। ਜਦੋਂ ਸਰਦਾਰ ਨਲੂਆ ਨੂੰ ਇਹ ਖ਼ਬਰ ਮਿਲੀ ਤਾਂ ਉਹਨਾਂ ਆਪਣੇ ਕੁਝ ਏਲਚੀ ਜਦੂਨਾਂ ਅਤੇ ਤਿਨਾਵਲੀਆਂ ਨੂੰ ਇਹ ਦੱਸਣ ਲਈ ਪੱਤਰ ਲਿਖ ਭੇਜੇ ਕਿ ਅਸੀਂ ਤਾਂ ਮਾਂਗਲੀ ਦੇ ਇਲਾਕੇ ਵਿੱਚ ਦੀ ਲੰਘਣਾ ਹੀ ਹੈ ਇਸ ਲਈ ਲੜਾਈ ਨੂੰ ਤਿਆਗੋ ਅਤੇ ਖਾਹ-ਮਖਾਹ ਲਹੂ ਨਾ ਡੋਲ੍ਹਿਆ ਜਾਵੇ। ਪਰ ਇਹ ਹੈਂਕੜਬਾਜ਼, ਭੈੜੇ ਅਤੇ ਅੜਬੈੜੇ ਗਾਜ਼ੀ ਨਾ ਟਲੇ ਅਤੇ ਨਾਕਾਬੰਦੀ ਪੂਰੇ ਜ਼ੋਰ ਸ਼ੋਰ ਨਾਲ ਕਰ ਲਈ। ਇਹਨਾਂ ਦੇ ਮਨਾਂ ਵਿੱਚ ਬਹੁਤੀ ਗਿਣਤੀ ਦਾ, ਤਾਕਤ ਦਾ ਅਤੇ ਲੁੱਟੀ ਹੋਈ ਧਨ ਦੌਲਤ ਦਾ ਗੁਮਾਨ ਸੀ।
ਐਸੇ ਹਾਲਾਤ ਜਦੋਂ ਸਰਦਾਰ ਨਲੂਏ ਨੇ ਤੱਕੇ ਤਾਂ ਇੱਕੇ ਦਮ ਖਾਲਸਾ ਫ਼ੌਜ ਨੂੰ ਤਿੰਨ ਭਾਗਾਂ 'ਚ ਵੰਡ ਕੇ ਹਮਲਾ ਕਰ ਦਿੱਤਾ। ਅੱਗੋਂ ਜੋਸ਼ੀਲੇ ਅਤੇ ਆਪਣੇ ਆਪ ਨੂੰ ਵੱਡੇ ਬਹਾਦਰ ਕਹਾਉਣ ਵਾਲੇ ਇਹ ਤਿਨਾਵਲੀ ਖ਼ਾਲਸਾ ਫ਼ੌਜ ਤੇ ਟੁੱਟ ਪਏ। ਤੜਾ ਤੜ ਗੋਲੀਆਂ ਚੱਲਣ ਲੱਗੀਆਂ, ਤਲਵਾਰਾਂ ਦੀ ਕੜਾ ਕੜ ਕਰਨ ਲੱਗੀ ਅਤੇ ਭਿੜਦੇ ਹੋਏ ਸੂਰਮੇ ਲਹੂ-ਲੁਹਾਨ ਹੋ ਕੇ ਧਰਤੀ ਤੇ ਡਿੱਗਣ ਲੱਗੇ।
ਜੰਗੇ ਮੈਦਾਨ ਵਿੱਚ ਗਾਜੀਆਂ ਨੂੰ ਖੰਭਿਆਂ ਦੀ ਤਰ੍ਹਾਂ ਡਟੇ ਦੇਖ ਕੇ ਸਰਦਾਰ ਮੇਘ ਸਿੰਘ ਰੂਸਾ ਸਿੰਘਾਂ ਸਮੇਤ ਬੜੀ ਨਿਰਭੈਤਾ ਨਾਲ ਅੱਗੇ ਵਧਿਆ ਅਤੇ ਗਾਜ਼ੀਆਂ ਦਾ ਗੜ੍ਹ ਤੋੜ ਦਿੱਤਾ। ਮਾਂਗਲੀ ਦੇ ਨਾਕੇ ਤੇ ਲੋਥਾਂ ਦੇ ਢੇਰ ਲੱਗ ਗਏ। ਲੜਦਾ ਲੜਦਾ ਭਾਈ ਰੂਸਾ ਗੋਲੀਆਂ ਲੱਗਣ ਨਾਲ ਪ੍ਰਾਣ ਤਿਆਗ ਗਿਆ। ਪਰ ਇਸ ਦੀ ਦਲੇਰੀ ਅਤੇ ਹੱਲਾ ਸ਼ੇਰੀ ਨੇ ਜੰਗ ਵਿੱਚ ਇਤਨੀ ਹਨੇਰੀ ਲਿਆ ਦਿੱਤੀ ਕਿ ਸਿੰਘਾਂ ਨੇ ਮਾਂਗਲੀ
ਦੇ ਚਸ਼ਮਿਆਂ ਤੇ ਕਬਜ਼ਾ ਕਰ ਲਿਆ। ਸੂਰਜ ਅਸਤ ਹੋਣ ਤੱਕ ਮੈਦਾਨ ਖ਼ਾਲਸੇ ਦੇ ਹੱਥ ਆ ਗਿਆ। ਰਾਤ ਪੈਣ ਤੇ ਲੜਾਈ ਰੁਕ ਗਈ। ਅਗਲੇ ਦਿਨ ਇਹ ਗਾਜ਼ੀ ਹਾਰ ਪ੍ਰਵਾਨ ਕਰ ਕੇ ਦੋਨੋ ਹੱਥ ਜੋੜ ਕੇ ਜਾਨ ਬਖ਼ਸ਼ੀ ਲਈ ਹਰੀ ਸਿੰਘ ਅੱਗੇ ਪੇਸ਼ ਹੋਏ। ਇੰਞ ਇਹਨਾਂ ਹੰਕਾਰੀਆਂ ਨੇ ਬਹੁਤਿਆਂ ਦੀਆਂ ਜਾਨਾਂ ਗੁਆ ਲਈਆਂ। ਅਸਲ ਧਨ ਵੀ ਗੁਆ ਲਿਆ ਅਤੇ ਬੇਇਜ਼ਤੀ ਵੀ ਕਰਾਈ। ਹਰੀ ਸਿੰਘ ਨੇ ਤਰਸ ਖਾ ਕੇ ਜਾਨ ਬਖਸ਼ੀ ਤਾਂ ਕਰ ਦਿੱਤੀ ਪਰ ਆਉਣ ਵਾਲੇ ਸਮੇਂ ਅੰਦਰ ਸਿੱਖਿਆ ਦੇਣ ਲਈ ਇਹ ਸ਼ਰਤ ਰੱਖੀ ਕਿ ਹਰ ਇੱਕ ਘਰ ੫ ਰੁਪਏ ਜੰਗ ਦੰਡ ਦੇਵੇ ਤਾਂ ਇਹਨਾਂ ਜੰਗ ਦੰਡ ਖਾਲਸੇ ਨੂੰ ਦੇ ਕੇ ਖਹਿੜਾ ਛੁਡਾਇਆ। ਪਾਣੀ ਦੇ ਚਸ਼ਮੇ ਲਾਗੇ ਸ਼ਹੀਦਾਂ ਦਾ ਦਾਹ ਸੰਸਕਾਰ ਕੀਤਾ ਅਤੇ ਤਿੰਨ ਦਿਨ ਇੱਥੇ ਆਰਾਮ ਕਰ ਕੇ ਫ਼ੌਜ ਨੇ ਅੱਗੇ ਚਾਲੇ ਪਾਏ। ਫੱਟੜ ਸਿੰਘਾਂ ਨੂੰ ਮਰ੍ਹਮ ਪੱਟੀ ਲਈ ਪੰਜਾ ਸਾਹਿਬ ਪਹੁੰਚਾਇਆ।
ਇਹ ਮਾਂਗਲੀ ਹਜਾਰੇ ਦੀ ਰਾਜਧਾਨੀ ਸੀ। ਲੜਾਈ ਕਾਰਨ ਸਰਹਿੰਦ ਦੀ ਤਰ੍ਹਾਂ ਇਸ ਸ਼ਹਿਰ ਦੇ ਵਸਨੀਕਾਂ ਤੇ ਭਾਰੀ ਮਾਰ ਪਈ ਸੀ ਅਤੇ ਸਮਾਂ ਪਾ ਕੇ ਸ਼ਹਿਰ ਉਜੜ ਗਿਆ। ਮਾਂਗਲੀ ਦੇ ਖੰਡਰ ੧੯੭੦ ਤੱਕ ਵੀ ਮੌਜੂਦ ਸਨ। ਜਦੋਂ ੧੮੨੨ ਵਿੱਚ ਸਰਦਾਰ ਨਲੂਆ ਹਜਾਰੇ ਦੇ ਗਵਰਨਰ ਬਣੇ ਤਾਂ ਮਾਂਗਲੀ ਦੇ ਉਸ ਚਸ਼ਮੇ ਕੋਲ, ਜਿੱਥੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਉੱਥੇ ਸੁੰਦਰ ਯਾਦਗਾਰ ਬਣਾਈ ਅਤੇ ਚਸ਼ਮੇ ਨੂੰ ਤਲਾਅ ਵਿੱਚ ਬਦਲ ਦਿੱਤਾ। ਸਰਦਾਰ ਹੋਤੀ ਮਰਦਾਨ ਅਨੁਸਾਰ ੧੯੨੫ ਤੱਕ ਇਹ ਜਗ੍ਹਾ ਠੀਕ ਹਾਲਤ ਵਿੱਚ ਸੀ। ਇੱਥੇ ਵਿਸਾਖੀ ਦੇ ਦਿਹਾੜੇ ਮੇਲਾ ਲਗਦਾ ਸੀ। ਪਰ ਦੇਸ਼ ਦੀ ਵੰਡ ਕਾਰਨ ਸਿੱਖਾਂ ਹੱਥੋਂ ਇਹ ਮਹਾਨ ਯਾਦਾਂ ਖੁੱਸ ਗਈਆਂ। ਸਿੱਖ ਪੰਥ ਲਈ ਇਹ ਵੰਡ ਬਹੁਤ ਵੱਡਾ ਘਾਟਾ ਸਾਬਤ ਹੋਈ। ਖ਼ਾਲਸਾ ਰਾਜ ਦੀ ਰਾਜਧਾਨੀ ਲਾਹੌਰ ਹੋਣ ਕਰਕੇ ਮਾਨੋ ਪਾਕਿਸਤਾਨ ਇਸ ਰਾਜ ਦਾ ਸਿਰ ਸੀ।
ਮੁੰਘੇਰ ਤੇ ਚੜ੍ਹਾਈ
ਮਹਾਰਾਜੇ ਦੇ ਹੁਕਮ ਅਨੁਸਾਰ ਸਰਦਾਰ ਨਲੂਆ ਫ਼ੌਜ ਸਮੇਤ ੨੮ ਨਵੰਬਰ ੧੮੨੧ ਨੂੰ ਖੁਸ਼ਬੂ ਦੇ ਮੈਦਾਨ ਤੇ ਪਹੁੰਚ ਗਏ। ਸਲਾਹ ਮਸ਼ਵਰੇ ਦੌਰਾਨ ਸ਼ੇਰਿ-ਏ-ਪੰਜਾਬ ਨੇ ਆਖਿਆ ਕਿ ਮੁੰਘੇਰ ਦੇ ਨਵਾਬ ਹਾਫ਼ਜ਼ ਅਹਿਮਦ ਖ਼ਾਨ ਦੀ ਸੋਚਣੀ ਸਹੀ ਨਹੀਂ। ਇੱਕ ਤਾਂ ਇਸ ਨੇ ਟਿਵਾਣਿਆਂ ਦੇ ਆਗੂ ਜੋ ਹਮੇਸ਼ਾ ਆਪਣੀ ਵਿਰੋਧਤਾ ਕਰਦਾ ਸੀ ਉਸ ਨੂੰ ਆਪਣੇ ਕੋਲ ਕਿਲ੍ਹਾ ਜੰਡਵਾਲਾ ਵਿੱਚ ਪਨਾਹ ਦਿੱਤੀ ਸੀ। ਦੂਜਾ,
ਅੰਦਰਖਾਤੇ ਇਹ ਖ਼ਾਲਸਾ ਰਾਜ ਦੇ ਵਿਰੁੱਧ ਜ਼ਹਿਰ ਉਗਲਦਾ ਹੈ ਅਤੇ ਰੋਜ਼ਾਨਾ ਅਫ਼ਗਾਨਿਸਤਾਨ ਖ਼ਬਰਾਂ ਭੇਜਦਾ ਹੈ। ਇਸ ਲਈ ਮੁੰਘੇਰ ਨੂੰ ਫ਼ਤਹਿ ਕਰਨਾ ਜ਼ਰੂਰੀ ਹੋ ਗਿਆ ਹੈ।
ਮੁੰਘੇਰ ਅਟਕ ਦਰਿਆ ਦੇ ਸੱਜੇ ਪਾਸੇ ਦੂਰ ਤੱਕ ਫੈਲਿਆ ਹੋਇਆ ਪਰਗਨਾ ਹੈ। ਇਲਾਕਾ ਰੇਤਲਾ ਸੀ, ਆਵਾਜਾਈ ਵੀ ਸੜਕਾਂ ਨਾ ਹੋਣ ਕਰਕੇ ਮੁਸ਼ਕਲ ਸੀ ਅਤੇ ਵੱਡੀ ਗੱਲ ਪਾਣੀ ਦਾ ਰਸਤੇ ਵਿੱਚ ਕੋਈ ਪ੍ਰਬੰਧ ਨਹੀਂ ਸੀ। ਸੁਰੱਖਿਆ ਪੱਖੋਂ ਇਹ ਇਲਾਕਾ ਬੜਾ ਮਜਬੂਤ ਸੀ ਕਿਉਂਕਿ ਇਸ ਦੇ ਚਾਰੇ ਪਾਸੇ ਬਾਰਾਂ ਕਿਲ੍ਹੇ ਸਨ। ਅਤੇ ਪਾਣੀ ਇਹਨਾਂ ਕਿਲ੍ਹਿਆਂ ਦੇ ਵਿਚਕਾਰ ਸੀ। ਇਸ ਤੋਂ ਵੀ ਵੱਡੀ ਮੁਸ਼ਕਲ ਇਹ ਸੀ ਕਿ ਨਵਾਬ ਨੇ ੨੫ ਹਜਾਰ ਦੇ ਕਰੀਬ ਬੜੇ ਬਲ ਵਾਲੇ ਜੁਆਨ ਫ਼ੌਜ ਵਿੱਚ ਰੱਖੇ ਹੋਏ ਸਨ। ਇਹਨਾਂ ਕਾਰਨਾਂ ਕਰ ਕੇ ਮੁੰਘੇਰ ਨੂੰ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ।
ਮਹਾਰਾਜਾ ਵੀ ਇਸ ਸੋਚ ਦਾ ਮਾਲਕ ਸੀ ਕਿ ਗਿੱਦੜ ਨੂੰ ਮਾਰਨ ਲਈ ਸ਼ੇਰ ਜੈਸੀ ਤਾਕਤ ਅਤੇ ਤਿਆਰੀ ਹੋਣੀ ਚਾਹੀਦੀ ਹੈ। ਉਪਰੋਕਤ ਔਕੜਾਂ ਨੂੰ ਧਿਆਨ ਗੋਚਰੇ ਰੱਖ ਕੇ ਹੀ ਸਰਕਾਰ ਨੇ ਚੋਟੀ ਦੇ ਜਰਨੈਲ ਨੂੰ ਬੁਲਾਇਆ ਸੀ। ਖ਼ਾਲਸਾ ਫ਼ੌਜ ਨੇ ੩ ਦਸੰਬਰ ੧੮੨੧ ਨੂੰ ਮੁੰਘੇਰ ਤੇ ਧਾਵਾ ਬੋਲਿਆ। ਸਰਦਾਰ ਹਰੀ ਸਿੰਘ ਨੇ ਸਰਦਾਰ ਦਲ ਸਿੰਘ ਅਤੇ ਸਰਦਾਰ ਖੁਸ਼ਾਲ ਸਿੰਘ ਨਾਲ ਮਿਲਕੇ ਯੁੱਧ ਆਰੰਭ ਦਿੱਤਾ। ਤਿੰਨ ਦਿਨਾਂ ਦੀ ਲਹੂ ਡੋਲ੍ਹਵੀਂ ਲੜਾਈ ਲੜ ਕੇ ਸੱਤ ਕਿਲ੍ਹਿਆਂ ਤੇ ਕਬਜ਼ਾ ਕਰ ਲਿਆ। ਨਵਾਬ ਦੇ ਜੁਆਨ ਵੀ ਬਹਾਦਰੀ ਨਾਲ ਲੜੇ ਜਿਸ ਕਰ ਕੇ ਕਈ ਦਿਨ ਲੋਹਾ ਖੜਕਿਆ, ਗੋਲੇ ਅਤੇ ਗੋਲੀਆਂ ਚੱਲੀਆਂ। ਅਖੀਰ ਮੁੰਘੇਰ ਦਾ ਕਿਲ੍ਹਾ ਜੋ ਬਹੁਤ ਹੀ ਮਜਬੂਤ ਸੀ ਉਧਰ ਨੂੰ ਸਿੰਘ ਵਧੇ। ਜਦੋਂ ਦੇਖਿਆ ਕਿ ਦਰਵਾਜਿਆਂ ਤੇ ਸਖ਼ਤ ਤਕੜਾਈ ਹੋਣ ਕਰਕੇ ਕਿਲ੍ਹੇ ਅੰਦਰ ਜਾਣਾ ਮੁਸ਼ਕਲ ਹੈ ਤਾਂ ਹਰੀ ਸਿੰਘ ਨੇ ਕਿਲ੍ਹੇ ਦੀ ਕੰਧ ਤੋਪਾਂ ਨਾਲ ਉਡਾਉਣ ਦੀ ਸਕੀਮ ਬਣਾਈ। ਅੱਧਾ ਦਿਨ ਗੋਲੇ ਦਾਗਣ ਉਪਰੰਤ ਜਿਉਂ ਹੀ ਕੰਧ ਡਿੱਗੀ ਹਰੀ ਸਿੰਘ ਸ਼ੇਰ ਦੀ ਨਿਆਈਂ ਦਹਾੜਦੇ ਯੋਧਿਆਂ ਸਮੇਤ ਕਿੱਲ੍ਹੇ ਅੰਦਰ ਕਿਰਪਾਨਾਂ ਚਲਾਉਂਦੇ ਜਾ ਵੜੇ। ਅੱਗੋਂ ਨਵਾਬ ਵੀ ਜੁਆਨਾਂ ਸਮੇਤ ਡਟ ਗਿਆ। ਘਮਸਾਣ ਦਾ ਜੰਗ ਹੋਇਆ ਅਤੇ ਛੇਕੜ ਨਵਾਬ ਦੇ ਪੈਰ ਉੱਖੜ ਗਏ। ਮੌਤ ਤੋਂ ਡਰਦਾ ਨਵਾਬ ਹਰਮ ਵਿੱਚ ਜਾ ਵੜਿਆ। ਬਹਾਦਰ ਹਰੀ ਸਿੰਘ ਨੇ ਆਖਿਆ,"ਸਿੰਘੋ! ਹਰਮ ਵਿੱਚ ਆਪਾਂ ਨਹੀਂ ਵੜਨਾ ਕਿਉਂਕਿ ਉੱਥੇ ਮੁਗਲਾਂ ਦੀਆਂ ਬੇਗਮਾਂ, ਨੂਹਾਂ ਅਤੇ ਧੀਆਂ ਹਨ। ਅਖੀਰ ਸਿੰਘਾਂ ਦਾ ਕਿਲ੍ਹੇ ਉੱਪਰ ਕਬਜ਼ਾ ਹੋਇਆ
ਦੇਖ ਨਵਾਬ ਬੇਗਮਾਂ ਸਣੇ ਸਰਦਾਰ ਹਰੀ ਸਿੰਘ ਦੀ ਸ਼ਰਨ ਵਿੱਚ ਆ ਗਿਆ ਅਤੇ ਜਾਨ ਬਖ਼ਸ਼ੀ ਲਈ ਅਰਜ਼ ਕੀਤੀ। ਨਲੂਏ ਸਰਦਾਰ ਨੇ ਇਹਨਾਂ ਨੂੰ ਕੁਝ ਸਿੰਘਾਂ ਦੀ ਨਿਗਰਾਨੀ ਹੇਠ ਸ਼ੇਰਿ-ਏ-ਪੰਜਾਬ ਪਾਸ ਭੇਜ ਦਿੱਤਾ। ਸੱਯਦ ਮੁਹੰਮਦ ਲਤੀਫ਼ ਦੀ ਲਿਖਤ ਮੁਤਾਬਕ ਦਲੇਰ ਮਹਾਰਾਜੇ ਨੇ ੨੦ ਦਸੰਬਰ ੧੮੨੧ ਵਾਲੇ ਦਿਨ ਨਵਾਬ ਨੂੰ ਬਹੁਮੁੱਲੀ ਖਿੱਲਤ ਦੇ ਕੇ ਛੱਡ ਦਿੱਤਾ। ਅਗਲੇ ਦਿਨ ਸਰਦਾਰ ਹਰੀ ਸਿੰਘ ਨਾਲ ਸਲਾਹ ਕਰਕੇ ਮਹਾਰਾਜੇ ਨੇ ਸਰਦਾਰ ਅਮਰ ਸਿੰਘ ਨੂੰ ਇੱਥੇ ਦਾ ਗਵਰਨਰ ਲਗਾ ਦਿੱਤਾ। ਮਹਾਰਾਜਾ ਸਾਹਿਬ ਸਣੇ ਸਰਦਾਰ ਹਰੀ ਸਿੰਘ, ਜਨਵਰੀ ੧੮੨੨ ਨੂੰ ਲਾਹੌਰ ਪਹੁੰਚ ਗਏ।
ਸਰਦਾਰ ਨਲੂਆ ਦੀ ਹਜ਼ਾਰੇ ਦੇ ਗਵਰਨਰ ਵਜੋਂ ਨਿਯੁਕਤੀ
ਹਜ਼ਾਰਾ, ਹਿਮਾਲੀਆ ਪਰਬਤ ਦੀਆਂ ਬਾਹਰੀ ਅਤੇ ਅੱਧ ਤੱਕ ਫੈਲੀਆਂ ਪਹਾੜੀਆਂ ਦਾ ਜੰਕਸ਼ਨ ਹੈ। ਪੁਰਾਤਨ ਸਮਿਆਂ ਅੰਦਰ ਇਸ ਨੂੰ ਗੰਧਾਰਾ ਜਾਂ ਗੰਧਰਵ ਦੇਸ਼ ਵੀ ਕਹਿੰਦੇ ਸਨ। ਇਹ ਚੰਦਰ ਗੁਪਤ ਮੋਰੀਏ ਦੀ ਸਲਤਨਤ ਦਾ ਹਿੱਸਾ ਸੀ। ਉਸ ਸਮੇਂ ਇਸ ਨੂੰ ਉਰਾਸਾ ਆਖਦੇ ਸਨ ਅਤੇ ਇਹ ਬੋਧੀਆਂ ਅਤੇ ਹਿੰਦੂਆਂ ਦਾ ਮੁੱਖ ਧਾਰਮਿਕ ਕੇਂਦਰ ਸੀ। ਕਈ ਇਤਿਹਾਸਕਾਰਾਂ ਨੇ ਇਸ ਨੂੰ ਉਰਗ ਲਿਖਿਆ ਹੈ। ਚੰਦਰ ਗੁਪਤ ਮੋਰੀਏ ਦਾ ਪੋਤਾ ਅਸ਼ੋਕ ਵੀ ਇਥੇ ਦਾ ਗਵਰਨਰ ਰਿਹਾ ਹੈ। ਉਪਰੰਤ ਰਾਜਾ ਰਸਾਲੂ ਨੇ ਵੀ ਇੱਥੇ ਰਾਜ ਕੀਤਾ। ਹੀਵਨ ਸਾਂਗ ਨੇ ਇਸ ਨੂੰ ਵੂਲਾਸ਼ੀ ਲਿਖਿਆ ਹੈ। ਜਦੋਂ ੧੩੯੯ ਵਿੱਚ ਅਮੀਰ ਤੈਮੂਰ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਪਰਤਿਆ ਤਾਂ ਜਾਂਦੇ ਸਮੇਂ ਇਸ ਨੇ ਇੱਕ ਹਜ਼ਾਰ ਤੁਰਕ ਇੱਥੇ ਪੱਕੇ ਤੌਰ ਤੇ ਰੱਖਣ ਲਈ ਹੁਕਮ ਦਿੱਤਾ। ਇੰਞ ਇਸ ਜਗ੍ਹਾ ਦਾ ਨਾਂ ਉਸ ਸਮੇਂ ਤੋਂ ਹਜ਼ਾਰਾ ਪੈ ਗਿਆ। ਤਿੰਨ ਸਦੀਆਂ ਇਹ ਇਲਾਕਾ ਤੁਰਕਾਂ ਦੇ ਕਬਜ਼ੇ ਹੇਠ ਰਿਹਾ। ਪਰ ਉਸ ਪਿੱਛੋਂ ਸਵਾਤੀਆਂ ਨੇ ਇਸ ਨੂੰ ਫ਼ਤਹਿ ਕਰ ਲਿਆ। ਸੰਨ ੧੭੫੨ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਇੱਥੇ ਆਪਣੇ ਪੈਰ ਜਮਾ ਲਏ। ਭਾਂਤ ਭਾਂਤ ਕੌਮਾਂ ਦੇ ਲੋਕ ਇੱਥੇ ਰਹਿਣ ਕਰਕੇ ਆਪਸੀ ਧੜੇ ਬਾਜ਼ੀ, ਖਹਿਬਾਜ਼ੀ, ਡਾਕਾਜ਼ਨੀ, ਲੁੱਟ-ਖਸੁੱਟ ਅਤੇ ਖੂਨ-ਖਰਾਬਾ ਜ਼ੋਰਾਂ ਤੇ ਹੋ ਗਿਆ। ਸਾਰੇ ਹਜ਼ਾਰੇ ਵਿੱਚ ਬਦਅਮਨੀ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਸੀ। ਐਸੇ ਹਾਲਾਤ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਅਕਤੂਬਰ ੧੮੧੮ ਵਿੱਚ ਤੁਰਕ ਹਾਸ਼ਮ ਖਾਨ ਦੀ ਫ਼ਰਿਆਦ ਤੇ ਸਰਦਾਰ ਮੱਖਣ
ਸਿੰਘ ਰਾਵਲਪਿੰਡੀ ਨੂੰ ਸ਼ਾਤੀ ਕਾਇਮ ਕਰਨ ਲਈ ਭੇਜਿਆ ਸੀ। ਕੁਝ ਸਮੇਂ ਪਿੱਛੋਂ ਮੱਖਣ ਸਿੰਘ ਦਾ ਕਤਲ ਹੋ ਗਿਆ। ਇਹ ਖ਼ਬਰ ਸੁਣ ਕੇ ਅਟਕ ਦਾ ਕਿਲ੍ਹੇਦਾਰ ਸਰਦਾਰ ਹੁਕਮਾ ਸਿੰਘ ਚਿਮਨੀ ਤੇਜ਼ੀ ਨਾਲ ਖ਼ਾਲਸੇ ਦੀ ਮੱਦਦ ਲਈ ਹਜ਼ਾਰੇ ਪਹੁੰਚ ਗਿਆ। ਸਰਦਾਰ ਮੱਖਣ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦੇ ਕੇ ਸਰਦਾਰ ਚਿਮਨੀ ਵਾਪਸ ਅਟਕ ਆ ਗਿਆ। ਇੱਥੇ ਆ ਕੇ ਹਜ਼ਾਰੇ ਦੀ ਸਾਰੀ ਖ਼ਬਰ ਲਾਹੌਰ ਦਰਬਾਰ ਅੰਦਰ ਭੇਜ ਦਿੱਤੀ। ਲਾਹੌਰ ਵਿੱਚ ਮੁੰਘੇਰ ਦੀ ਜਿੱਤ ਦੀਆਂ ਅਜੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਸ਼ੇਰਿ-ਏ-ਪੰਜਾਬ ਨੂੰ ਖ਼ਬਰ ਮਿਲੀ ਕਿ ਅਫ਼ਗਾਨ ਬੁਰਛਿਆਂ ਨੇ ਗਵਰਨਰ ਅਮਰ ਸਿੰਘ ਕਲਾਨ ਨੂੰ ਮਾਰ ਦਿੱਤਾ ਹੈ। ਇਸ ਖ਼ਬਰ ਦਾ ਮਹਾਰਾਜਾ ਸਾਹਿਬ ਨੂੰ ਗਹਿਰਾ ਸਦਮਾ ਹੋਇਆ। ਕਿਉਂਕਿ ਇੱਕ ਤਾਂ ਅਮਰ ਸਿੰਘ ਦਾ ਕੱਦ-ਕਾਠ ਬਹੁਤ ਸੀ, ਦੂਜਾ ਇਹ ਮੰਨਿਆ ਪ੍ਰਮੰਨਿਆ ਦਲੇਰ ਸੀ ਅਤੇ ਤੀਜਾ ਰਾਜ ਨੀਤੀ ਵਿੱਚ ਮਾਹਰ ਸੀ।
ਉਪਰੋਕਤ ਚੰਗੇ ਚੰਗੇ ਸਰਦਾਰਾਂ ਨੂੰ ਹਜ਼ਾਰੇ ਦੇ ਇਲਾਕੇ ਵਿੱਚ ਮਾਰਨ ਕਰਕੇ ਅਤੇ ਉੱਥੇ ਦੇ ਹਾਕਮਾਂ ਵੱਲੋਂ ਮਾਲੀਆ ਨਾ ਦੇਣ ਕਰ ਕੇ ਸਰਕਾਰ ਨੇ ਲੰਬੀ ਸੋਚ ਵਿਚਾਰ ਪਿੱਛੋਂ ਸਰਦਾਰ ਨਲੂਆ ਨੂੰ ੧੮੨੨ ਦੇ ਸ਼ੁਰੂ ਵਿੱਚ ਹਜਾਰੇ ਦਾ ਗਵਰਨਰ ਥਾਪ ਦਿੱਤਾ। ਸਰਦਾਰ ਹਰੀ ਸਿੰਘ ਫ਼ੌਜ ਸਮੇਤ ੨੬ ਫ਼ਰਵਰੀ ੧੮੨੨ ਨੂੰ ਹਜ਼ਾਰੇ ਪਹੁੰਚ ਗਏ। ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਸਰਦਾਰ ਅਮਰ ਸਿੰਘ ਦੇ ਕਾਤਲਾਂ ਦਾ ਪਤਾ ਕਰਵਾ ਕੇ ਉਨ੍ਹਾਂ ਨੂੰ ਪਕੜਿਆ। ਫਿਰ ਇਲਾਕੇ ਨਿਵਾਸੀਆਂ ਦਾ ਵੱਡਾ ਇਕੱਠ ਕਰਵਾ ਕੇ ਇਹਨਾਂ ਨੂੰ ਤੋਪ ਅੱਗੇ ਖੜ੍ਹਾ ਕਰਕੇ ਉਡਾ ਦਿੱਤਾ। ਇਸ ਸਜ਼ਾ ਦਾ ਅਸਰ ਇਹ ਹੋਇਆ ਕਿ ਮੁੜ ਕੋਈ ਬਦਮਾਸ਼ ਬਦਮਾਸ਼ੀ ਤੇ ਨਾ ਉੱਤਰਿਆ। ਸੰਨ ੧੮੨੨ ਤੋਂ ੧੮੩੭ ਤੱਕ ਨਲੂਆ ਸਰਦਾਰ ਹਜ਼ਾਰੇ ਦੇ ਗਵਰਨਰ ਰਹੇ ਪਰ ਇਸ ਦੌਰਾਨ ਕਿਸੇ ਮੁਗਲ ਨੂੰ ਸਰਦਾਰ ਜਾਂ ਹਿੰਦੂ ਨੂੰ ਤੰਗ ਕਰਨ ਜਾਂ ਮਾਰਨ ਦੀ ਜੁਰੱਅਤ ਨਹੀਂ ਸੀ ਪਈ ਹਾਲਾਂਕਿ ਇਲਾਕੇ ਵਿੱਚ ੯੫ ਪ੍ਰਤੀਸ਼ਤ ਮੁਗਲ ਸਨ ਜਦ ਕਿ ਗੈਰ ਮੁਸਲਮਾਨਾਂ 'ਚੋਂ ਸਿਰਫ਼ ਇੱਕ ਪ੍ਰਤੀਸ਼ਤ ਹੀ ਸਿੱਖਾਂ ਦੀ ਆਬਾਦੀ ਸੀ।
ਸਰਦਾਰ ਹਰੀ ਸਿੰਘ ਨੇ ਪਾਖਲੀ, ਸਮਤੂਰ, ਦਰਬੰਦ ਆਦਿ ਥਾਵਾਂ ਤੇ ਵੀ ਆਪਣਾ ਦਬ ਦਬਾ ਜਮਾ ਲਿਆ। ਬਾਹਰੀ ਹਮਲਿਆਂ ਤੋਂ ਸੁਰੱਖਿਆ ਲਈ ਕਈ ਕਿਲ੍ਹਿਆਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਹਜਾਰੇ ਦੇ ਮੈਦਾਨੀ ਇਲਾਕੇ ਵਿੱਚ ਜਿਸ ਨੂੰ ਹਜਾਰੇ ਦਾ ਦਿਲ ਕਿਹਾ ਜਾਂਦਾ ਸੀ ਖ਼ਾਲਸਾ ਫ਼ੌਜ ਲਈ ਅੱਠਵੇਂ ਸਤਿਗੁਰਾਂ ਦੇ ਨਾਂ ਤੇ ਹਰਿਕਿਸ਼ਨ ਗੜ੍ਹ ਕਿਲ੍ਹਾ ਉਸਾਰਿਆ ਜਿਹੜਾ ਤਹਿਸੀਲ ਹਰੀਪੁਰ ਵਿੱਚ ਹੈ।
ਇਸ ਕਿਲ੍ਹੇ ਦੇ ਲਾਗੇ ਹੀ ਹਰੀਪੁਰ ਸ਼ਹਿਰ ਵਸਾਇਆ। ਬੈਰਨ ਹੁਗਲ ਲਿਖਦਾ ਹੈ। ਕਿ ੧੮੩੫ ਵਿੱਚ ਜਦੋਂ ਮੈਂ ਹਰੀਪੁਰ ਸ਼ਹਿਰ ਦੇਖਿਆ ਤਾਂ ਇਸ ਵਿੱਚ ਬਹੁਤ ਗਹਿਮਾ ਗਹਿਮ ਸੀ। ਹਜ਼ਾਰੇ ਜਿਹਾ ਮੈਂ ਇੰਨਾ ਘੁੱਗ ਵਸਦਾ ਸ਼ਹਿਰ ਹੋਰ ਕੋਈ ਨਹੀਂ ਦੇਖਿਆ।
ਤਾਰੀਨ ਅਤੇ ਬੰਬਾਜ਼ ਨੂੰ ਵੱਡੀ ਸ਼ਕਸਤ
ਲਾਹੌਰ ਦਰਬਾਰ ਵੱਲੋਂ ੧੮੨੩ ਵਿੱਚ ਸਰਦਾਰ ਨਲਵਾ ਨੂੰ ਹਰੀਪੁਰ ਤੋਂ ਅਫ਼ਗਾਨ ਅਜ਼ੀਮ ਖਾਨ, ਜਿਹੜਾ ਕਿ ਕਾਬਲ ਤੋਂ ਚੜ੍ਹਾਈ ਕਰ ਕੇ ਆ ਰਿਹਾ ਸੀ ਨੂੰ ਸਬਕ ਸਿਖਾਉਣ ਲਈ ਬੁਲਾਇਆ। ਨਲਵਾ ਨੂੰ ਗੈਰਹਾਜ਼ਰ ਦੇਖ ਕੇ ਮੁਹੰਮਦ ਖਾਨ ਨੇ ਜਿਹੜਾ ਤਾਰੀਨਾਂ ਦਾ ਮੁਖੀ ਸੀ, ਨੇ ਹਰੀ ਸਿੰਘ ਦੇ ਸਹਿਕਾਰੀ ਸਰਦਾਰ ਅਮਰ ਸਿੰਘ ਨਾਲ ਝਗੜਾ ਕਰ ਕੇ ਹਮੀਰਪੁਰ ਤੇ ਹਮਲਾ ਕਰ ਦਿੱਤਾ। ਇਹ ਤਾਰੀਨ ਬਲੋਚਿਸਤਾਨ ਤੋਂ ਕਾਫੀ ਸਮਾਂ ਪਹਿਲਾਂ ਆਏ ਸਨ। ਮੁਹੰਮਦ ਖਾਨ ਆਪਣੇ ਆਪ ਨੂੰ ਸਰਦਾਰਨੀ ਸਦਾ ਕੌਰ ਦਾ ਮੁਤਬੰਨਾ ਪੁੱਤਰ ਕਹਾਉਂਦਾ ਸੀ। ਐਸੇ ਹਾਲਤ ਦੇਖ ਕੇ ਸਰਕਾਰ ਨੇ ਸਰਦਾਰ ਨਲੂਆ ਤੇ ਅਕਾਲੀ ਫੂਲਾ ਸਿੰਘ ਨੂੰ ਲਾਹੌਰ ਤੋਂ ਜਲਦੀ ਕੂਚ ਕਰਕੇ ਅਟਕ ਪਹੁੰਚਣ ਦਾ ਹੁਕਮ ਦਿੱਤਾ। ਇਹਨਾਂ ਫ਼ੌਜ ਸਮੇਤ ਫਰਵਰੀ ੧੮੨੩ ਨੂੰ ਅਟਕ ਜਾ ਡੇਰੇ ਲਾਏ। ਅਟਕ ਦਰਿਆ ਪਾਰ ਕਰਨ ਲਈ ਇਹਨਾਂ ਬੇੜਿਆਂ ਦਾ ਪ੍ਰਬੰਧ ਕੀਤਾ ਅਤੇ ਖਾਣ ਪੀਣ ਲਈ ਅੰਨ ਪਾਣੀ ਇਕੱਤਰ ਕੀਤਾ।
ਬਾਰਕਜ਼ਈ ਘਰਾਣੇ ਦਾ ਮਹਾਨ ਸੂਰਬੀਰ ਮੁਹੰਮਦ ਅਜ਼ੀਮ ਖ਼ਾਨ ਜਿਸ ਦਾ ਸਿੱਕਾ ਅਫ਼ਗਾਨਿਸਤਾਨ ਅੰਦਰ ਮੰਨਿਆ ਜਾਂਦਾ ਸੀ ਅਤੇ ਪੇਸ਼ਾਵਰ ਆਦਿ ਇਲਾਕਿਆਂ ਦੇ ਬੰਦੇ ਇਸ ਦੇ ਸਹਿਮ ਨਾਲ ਥਰ ਥਰ ਕੰਬਦੇ ਸਨ। ਜਦੋਂ ਇਸ ਨੇ ਖੈਬਰ ਪਾਰ ਕੀਤਾ ਤਾਂ ਖ਼ਬਰ ਮਿਲੀ ਕਿ ਸਾਰਾ ਪਿਸ਼ਾਵਰ ਖਾਲੀ ਪਿਆ ਹੈ। ਇਹ ਗੱਲ ਸੁਣ ਕੇ ਇਸ ਦੇ ਹੌਸਲੇ ਹੋਰ ਬੁਲੰਦ ਹੋ ਗਏ। ਇਹ ਇਸ ਵਾਰ ਸਿੱਖਾਂ ਨੂੰ ਚੰਗਾ ਸਬਕ ਸਿਖਾਉਣਾ ਚਾਹੁੰਦਾ ਸੀ ਅਤੇ ਪੂਰੀ ਜੰਗੀ ਤਿਆਰੀ ਕਰਕੇ ਆਇਆ ਸੀ।
ਇਸ ਨੇ ਵੱਡੀ ਸੈਨਾ ਸਮੇਤ ਆਪਣੇ ਭਤੀਜੇ ਮੁਹੰਮਦ ਜ਼ਮਾਨ ਤੇ ਫ਼ੀਰੋਜ਼ ਖ਼ਾਨ ਅਤੇ ਪੁੱਤਰ ਖਵਾਸ ਖਾਨ ਦੀ ਕਮਾਂਡ ਹੇਠ ਖ਼ਾਲਸੇ ਨੂੰ ਦਰਿਆ ਅਟਕ ਦੇ ਪਤਨ ਤੇ ਹੀ ਰੋਕਣ ਦਾ ਯਤਨ ਕੀਤਾ। ਅਟਕ ਕੋਲ ਇਹਨਾਂ ਤੋਪਾਂ ਬੀੜ ਕੇ ਬਹੁਤ ਪੱਕੇ ਮੋਰਚੇ ਬਣਾ ਲਏ। ਖਾਲਸਾ ਫ਼ੌਜ ਜਿਸ ਦੀ ਅਗਵਾਈ ਸਰਦਾਰ ਹਰੀ ਸਿੰਘ ਅਤੇ ਸ਼ਹਿਜ਼ਾਦਾ
ਸ਼ੇਰ ਸਿੰਘ ਕਰ ਰਹੇ ਸੀ ਹਵਾ ਦੇ ਤੇਜ਼ ਵੇਗ ਵਾਂਗ ਅਟਕ ਪਾਰ ਕਰ ਗਏ ਅਤੇ ਗਾਜ਼ੀਆਂ ਨਾਲ ਪੰਜਾ ਜਾ ਲਾਇਆ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦਾ ਆਹਮੋ ਸਾਹਮਣੇ ਭਾਰੀ ਭੇੜ ਹੋਇਆ। ਧਰਤੀ ਤੇ ਲੋਥਾਂ ਵਿਛ ਗਈਆਂ, ਅਨੇਕਾਂ ਹੀ ਘਾਇਲ ਹੋਏ ਤੜਫ ਰਹੇ ਸਨ ਪਰ ਸੂਰਮੇ ਤਨੋ ਮਨੋ ਇੱਕ ਦੂਜੇ ਤੇ ਡਾਢੇ ਵਾਰ ਕਰ ਰਹੇ ਸਨ। ਗਾਜ਼ੀਆਂ ਦੀ ਫ਼ੌਜ ਦੀ ਗਿਣਤੀ ਇਤਿਹਾਸਕਾਰਾਂ ਨੇ ਖ਼ਾਲਸੇ ਦੀ ਫ਼ੌਜ ਨਾਲੋਂ ਚਾਰ ਗੁਣਾ ਵੱਧ ਲਿਖੀ ਹੈ। ਇਹਨਾਂ ਅਟਕ ਦੇ ਪੁੱਲ ਦੇ ਰੱਸੇ ਵੱਢ ਕੇ ਪੁਲ ਖ਼ਤਮ ਕਰ ਦਿੱਤਾ ਤਾਂ ਕਿ ਹੋਰ ਖ਼ਾਲਸਾ ਫ਼ੌਜ ਮੱਦਦ ਲਈ ਨਾ ਆ ਜਾਵੇ। ਸ਼ਹਿਜਾਦਾ ਸ਼ੇਰ ਸਿੰਘ ਅਤੇ ਸਰਦਾਰ ਨਲਵਾ ਭਾਵੇਂ ਪੂਰੇ ਤਾਣ ਨਾਲ ਮੁਕਾਬਲਾ ਕਰ ਰਹੇ ਸਨ ਪਰ ਗਾਜ਼ੀਆਂ ਦੀ ਫ਼ੌਜ ਜੋ ਕੀੜੀ ਦੇ ਕਟਕ ਵਾਂਗ ਸੀ, ਨੇ ਖ਼ਾਲਸਾ ਸੈਨਾ ਦਾ ਕਾਫੀ ਨੁਕਸਾਨ ਕੀਤਾ। ਉਧਰੋਂ ਮਹਾਰਾਜਾ ਸਾਹਿਬ ਨੇ ਸਰਦਾਰ ਫੂਲਾ ਸਿੰਘ ਨੂੰ ਮੱਦਦ ਲਈ ਭੇਜਿਆ। ਜਦੋਂ ਅਕਾਲੀ ਫੂਲਾ ਸਿੰਘ ਨੇ ਦੇਖਿਆ ਕਿ ਅਟਕ ਦਾ ਪੁਲ ਗਾਜ਼ੀਆਂ ਨੇ ਤੋੜ ਦਿੱਤਾ ਹੈ ਤਾਂ ਮੌਤ ਦੀ ਪਰਵਾਹ ਨਾ ਕਰਦਿਆਂ ਘੋੜਾ ਅਟਕ ਵੱਲ ਠੇਲ੍ਹ ਦਿੱਤਾ। ਅਕਾਲੀ ਜੀ ਵਲ ਦੇਖ ਕੇ ਸੈਨਿਕਾਂ ਨੇ ਵੀ ਦੇਰ ਨਹੀਂ ਲਾਈ ਦਰਿਆ ਪਾਰ ਕਰ ਗਏ। ਇਹਨਾਂ ਨੂੰ ਦੇਖ ਸਿੰਘਾਂ ਦੇ ਜੋਸ਼ ਨੇ ਐਸਾ ਹੁਲਾਰਾ ਖਾਧਾ ਕਿ ਗਾਜ਼ੀਆਂ ਉੱਪਰ ਮਾਨੋ ਕਹਿਰ ਟੁੱਟ ਪਿਆ। ਇਹਨਾਂ ਜਾਨਾਂ ਬਚਾਉਣ ਲਈ ਨੱਠ ਭੱਜ ਸ਼ੁਰੂ ਕਰ ਦਿੱਤੀ। ਸਰਦਾਰ ਹਰੀ ਸਿੰਘ ਨੇ ਕਿਲ੍ਹਾ ਜਹਾਂਗੀਰ ਤੇ ਕਬਜ਼ਾ ਕਰ ਲਿਆ। ਮੁਹੰਮਦ ਅਜ਼ੀਮ ਖਾਨ ਨੇ ਮੈਦਾਨੇ ਜੰਗ 'ਚੋਂ ਦੌੜ ਰਹੇ ਸੈਨਿਕਾਂ ਨੂੰ ਪੱਤ ਬਚਾਉਣ ਲਈ ਅੱਲਾ ਦਾ ਵਾਸਤਾ ਪਾਇਆ ਪਰ ਜਾਨ ਪਿਆਰੀ ਜਾਣ ਕੇ ਉਹ ਨਾ ਰੁਕੇ। ਭਿਆਨਕ ਜੰਗ ਦੀ ਖ਼ਬਰ ਸੁਣ ਕੇ ਸ਼ੇਰਿ-ਏ-ਪੰਜਾਬ ਆਪ ਫ਼ੌਜ ਸਮੇਤ ਨੁਸ਼ਹਿਰੇ ਪਹੁੰਚ ਗਏ। ਇਥੇ ਸੂਹੀਏ ਨੇ ਖ਼ਬਰ ਦਿੱਤੀ ਕਿ ਮੁਹੰਮਦ ਅਜ਼ੀਮ ਖਾਨ ਨੇ ਪਿੱਛੇ ਹਟ ਕੇ ਖੇਸ਼ਗੀ ਦੇ ਅਸਥਾਨ ਤੇ ਮੋਰਚੇ ਗੱਡ ਲਏ ਹਨ। ਸ਼ੇਰਿ-ਏ-ਪੰਜਾਬ ਨੇ ਅਕਾਲੀ ਫੂਲਾ ਸਿੰਘ, ਸਰਦਾਰ ਹਰੀ ਸਿੰਘ, ਸ਼ਹਿਜ਼ਾਦਾ ਖੜਕ ਸਿੰਘ ਨੂੰ ਅੱਗੇ ਵਧਣ ਲਈ ਕਿਹਾ। ਅੱਗੇ ਜਾ ਕੇ ਆਪਸੀ ਐਸਾ ਭੇੜ ਹੋਇਆ ਕਿ ਧਰਤੀ ਲਹੂ ਨਾਲ ਰੰਗੀ ਗਈ, ਅਸਮਾਨ ਤੋਪਾਂ ਦੇ ਗੋਲਿਆਂ ਅਤੇ ਧੂੜ ਦੇ ਕਣਾਂ ਨਾਲ ਕਾਲਾ ਭੂਰਾ ਹੋ ਗਿਆ ਅਤੇ ਗਜ਼ਬ ਦਾ ਘਮਸਾਨ ਮੱਚ ਗਿਆ। ਪਰ ਸਿੰਘਾਂ ਦੇ ਅੱਗੇ ਅਫ਼ਗਾਨਾਂ ਦੀ ਹਾਲਤ ਇਹ ਹੋ ਗਈ ਜੈਸੀ ਹੰਸਾਂ ਅੱਗੇ ਟਟੀਹਰੀਆਂ ਦੀ ਹੁੰਦੀ ਹੈ। ਮੁਹੰਮਦ ਅਜ਼ੀਮ ਖਾਨ ਨੂੰ ਰਣ ਤੱਤੇ 'ਚੋਂ ਦੌੜਦਿਆਂ ਦੇਖ ਕੇ ਸਿਪਾਹੀ ਵੀ ਰਣ ਛੱਡਣ ਲੱਗੇ। ਦੌੜੇ ਜਾਂਦਿਆਂ ਨੇ ਪਿੱਛਾ ਨਹੀਂ ਦੇਖਿਆ ਅਤੇ ਨਾਂ ਹੀ ਸਿੰਘਾਂ ਨੇ ਇਹਨਾਂ ਤੇ ਹਮਲਾ
ਕੀਤਾ। ਮੁਹੰਮਦ ਅਜ਼ੀਮ ਖ਼ਾਨ ਆਪਣੀ ਜਾਨ ਬਚਾ ਕੇ ਕਾਬਲ ਨਹੀਂ ਪਹੁੰਚ ਸਕਿਆ। ਜੰਗ ਵਿੱਚ ਹਾਰ ਕਾਰਨ ਦਿਲ ਦਾ ਦੌਰਾ ਪੈਣ ਨਾਲ ਰਸਤੇ ਵਿੱਚ ਹੀ ਪ੍ਰਾਣ ਤਿਆਗ ਗਿਆ। ਖਾਲਸਾ ਪੰਥ ਦਾ ਧਰਮੀ ਸੂਰਮਾ ਅਕਾਲੀ ਫੂਲਾ ਸਿੰਘ ਅਤੇ ਹੋਰ ਕਈ ਸਰਦਾਰ ਇਸ ਜੰਗ ਵਿੱਚ ਸ਼ਹੀਦੀ ਗਾਨੇ ਪਾ ਗਏ।
ਜੰਗ ਦੀ ਫ਼ਤਹਿ ਉਪਰੰਤ ਖ਼ਾਲਸਾ ਫ਼ੌਜ ਕੁਝ ਸਮਾਂ ਆਰਾਮ ਕਰਕੇ ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਹਰੀ ਸਿੰਘ ਨਾਲ ਯੂਸਫਜ਼ਈ, ਹਸਤ ਨਗਰ (ਅਸਟ ਨਗਰ) ਅਤੇ ਪਿਸ਼ਾਵਰ ਇਲਾਕਿਆਂ ਵਿੱਚ ਪਹੁੰਚੀ ਜਿੱਥੇ ਪਠਾਣਾਂ ਨੇ ਖ਼ਾਲਸਾ ਰਾਜ ਦੇ ਅਸੂਲਾਂ ਤੇ ਚੱਲਣ ਤੇ ਸ਼ਾਂਤੀ ਰੱਖਣ ਦਾ ਪ੍ਰਣ ਲਿਆ। ਇਸ ਤੋਂ ਇਲਾਵਾ ਨਜ਼ਰਾਨੇ ਵੀ ਸਰਕਾਰ ਨੂੰ ਭੇਂਟ ਕੀਤੇ। ਸਰਦਾਰ ਨਲੂਆ ਜੀ ਤਕਰੀਬਨ ੭ ਮਹੀਨੇ ਪਿਸ਼ਾਵਰ ਹੀ ਰਹੇ ਤਾਂਕਿ ਇੱਥੇ ਅਮਨ ਅਮਾਨ ਬਹਾਲ ਹੋਵੇ, ਲੋਕਾਂ ਨੂੰ ਹਰ ਪੱਖੋਂ ਰਾਹਤ ਮਿਲੇ ਅਤੇ ਸਰਕਾਰੀ ਪ੍ਰਬੰਧ ਯੋਗ ਢੰਗ ਨਾਲ ਚੱਲੇ। ਜਦੋਂ ਚਾਰੇ ਪਾਸੇ ਸ਼ਾਂਤੀ ਹੋ ਗਈ ਤਾਂ ਸਰਕਾਰ ਦੇ ਹੁਕਮ ਅਨੁਸਾਰ ਫ਼ੌਜ ਸਮੇਤ ਸਰਦਾਰ ਸਾਹਿਬ ਪਿਸ਼ਾਵਰ ਤੋਂ ਹਜ਼ਾਰੇ ਵੱਲ ਰਵਾਨਾ ਹੋਏ।
ਹਜ਼ਾਰੇ ਦੇ ਰਸਤੇ ਦੀਆਂ ਔਕੜਾਂ
ਇੱਕ ਤਾਂ ਹਜ਼ਾਰੇ ਦਾ ਰਸਤਾ ਪਹਾੜੀ ਸੀ ਅਤੇ ਦੂਜਾ ਇੱਥੇ ਭਿੰਨ ਭਿੰਨ ਕਬੀਲੇ ਰਹਿੰਦੇ ਸਨ ਜਿਨ੍ਹਾਂ ਦਾ ਕੰਮ ਹੀ ਡਾਕੇ ਮਾਰਨਾ ਅਤੇ ਲੁੱਟ-ਮਾਰ ਕਰਨਾ ਸੀ। ਮੁਗਲਾਂ ਅਤੇ ਅਫ਼ਗਾਨਾਂ ਦਾ ਲੰਬੇ ਸਮੇਂ ਤੋਂ ਇੱਥੇ ਰਾਜ ਰਹਿਣ ਕਰਕੇ ਹਰ ਕਬੀਲੇ ਕੋਲ ਹਥਿਆਰਾਂ, ਬਰੂਦ ਆਦਿ ਦੇ ਵੱਡੇ ਜ਼ਖੀਰੇ ਸਨ। ਆਮ ਲੋਕ ਤਾਂ ਇਸ ਰਸਤੇ ਵੱਲ ਮੂੰਹ ਨਹੀਂ ਸੀ ਕਰਦੇ। ਜਦੋਂ ਇਹਨਾਂ ਨੂੰ ਖਾਲਸਾ ਫ਼ੌਜ ਦੀ ਆਮਦ ਦਾ ਪਤਾ ਲੱਗਿਆ ਤਾਂ ਇਹਨਾਂ ਸਾਰੇ ਰਸਤੇ ਪੱਥਰਾਂ, ਦਰਖਤਾਂ ਆਦਿ ਨਾਲ ਬੰਦ ਕਰ ਦਿੱਤੇ। ਸਿੰਘਾਂ ਨੂੰ ਲੁੱਟਣ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਹਥਿਆਰਾਂ ਨਾਲ ਲੈਸ ਜੰਗ ਲਈ ਤਿਆਰ ਹੋ ਗਏ।
ਖਾਲਸਾ ਐਸੀਆਂ ਰੁਕਾਵਟਾਂ ਦੂਰ ਕਰਦਾ ਅੱਗੇ ਵਧਿਆ। ਇਹਨਾਂ ਨੂੰ ਏਲਚੀ ਭੇਜ ਕੇ ਪੰਗਾ ਨਾ ਲੈਣ ਅਤੇ ਦੰਗਾ ਨਾ ਕਰਨ ਲਈ ਬਥੇਰਾ ਸਮਝਾਇਆ ਪਰ ਇਹ ਬਿਫ਼ਰੇ ਹੋਏ ਨਾ ਟਲੇ। ਖ਼ਾਲਸੇ ਨਾਲ ਇਹਨਾਂ ਤਕੜੀ ਝਪਟ ਲਈ ਅਤੇ ਆਪਣੇ ਬਾਹੂਬਲ ਨੂੰ ਬਹਾਦਰੀ ਨਾਲ ਦਿਖਾਇਆ। ਬਹੁਤ ਕਟਾ ਵੱਢ ਹੋਈ ਪਰ ਖ਼ਾਲਸਾ
ਫ਼ੌਜ ਲੜਦੀ ਲੜਦੀ ਅੱਗੇ ਲੰਘ ਗਈ। ਜਿਸ ਰਸਤੇ ਹਰੀ ਸਿੰਘ ਜਾ ਰਹੇ ਸੀ ਉੱਥੇ ਇਹਨਾਂ ਵੱਡੇ ਪੱਥਰਾਂ ਹੇਠ ਬਰੂਦ ਭਰਿਆ ਹੋਇਆ ਸੀ। ਇਸ ਬਰੂਦ ਨੂੰ ਫਟਾਉਣ ਲਈ ਪਠਾਣ ਲੁਕੇ ਹੋਏ ਸਨ। ਮੌਕਾ ਤਾੜ ਕੇ ਇਹਨਾਂ ਪਲੀਤਿਆਂ ਨੂੰ ਦਾਗ ਦਿੱਤਾ ਜਿਸ ਕਾਰਨ ਵੱਡਾ ਧਮਾਕਾ ਹੋਇਆ। ਇਸ ਧਮਾਕੇ ਨਾਲ ਪਹਾੜੀ ਤੋਂ ਵੱਡੇ ਵੱਡੇ ਪੱਥਰ ਰੁੜ੍ਹ ਪਏ ਜੋ ਸਰਦਾਰ ਨਲੂਆ ਅਤੇ ਉਨ੍ਹਾਂ ਨਾਲ ਚੱਲ ਰਹੇ ਜੁਆਨਾਂ ਨੂੰ ਘੜੀਸ ਕੇ ਪਹਾੜੀ ਦੀ ਖੱਡ 'ਚ ਰੇੜ੍ਹ ਕੇ ਲੈ ਗਏ। ਨਲੂਏ ਸਰਦਾਰ ਨੂੰ ਲੱਭਣ ਲਈ ਸਰਦਾਰ ਸਾਹਿਬ ਮਹਾਂ ਸਿੰਘ ਮੀਰਪੁਰੀਆ ਅਤੇ ਸਰਦਾਰ ਟੇਕ ਸਿੰਘ ਸੂਰਮਿਆਂ ਨੂੰ ਨਾਲ ਲੈ ਕੇ ਸਾਰੀ ਰਾਤ ਭਾਲਦੇ ਰਹੇ ਪਰ ਕੋਈ ਉੱਘ ਸੁੱਘ ਨਾ ਲੱਗੀ। ਦਿਨ ਚੜ੍ਹਿਆ ਤਾਂ ਦੇਖਿਆ ਸਰਦਾਰ ਸਾਹਿਬ ਇੱਕ ਦਰਖਤ ਦੇ ਮੁੱਢ ਵਿੱਚ ਫਸੇ ਹੋਏ ਲਹੂ ਨਾਲ ਲੱਥ-ਪੱਥ ਪਏ ਸਨ। ਬੜੀ ਮੁਸ਼ਕਲ ਨਾਲ ਚੁੱਕ ਕੇ ਲਿਆਂਦਾ, ਮਰ੍ਹਮ ਪੱਟੀ ਕੀਤੀ ਪਰ ਸਰੀਰ ਬਹੁਤ ਨਢਾਲ ਹੋ ਚੁੱਕਾ ਸੀ।
ਦੂਜੇ ਦਿਨ ਸਰਦਾਰ ਮਹਾਂ ਸਿੰਘ ਨੇ ਨਾੜੇ ਪਿੰਡ ਤੇ ਹੱਲਾ ਬੋਲਿਆ, ਜਿਸ ਨਜ਼ਦੀਕ ਇਹ ਭਾਣਾ ਵਾਪਰਿਆ ਸੀ। ਪਿੰਡ ਨੂੰ ਲੁੱਟ ਕੇ ਅੱਗ ਲਗਾ ਦਿੱਤੀ। ਇੰਞ ਦੁਸ਼ਮਣ ਦਾ ਨਾਸ ਕਰਦੇ ਕਰਦੇ ਸਿਰੀਕੋਟ ਦੇ ਇਲਾਕੇ ਨੂੰ ਸਰ ਕਰ ਲਿਆ। ਸਰਦਾਰ ਦੇ ਬੁਰੀ ਤਰ੍ਹਾਂ ਜਖਮੀ ਹੋਣ ਦੀ ਖ਼ਬਰ ਜਦ ਸ਼ੇਰਿ-ਏ-ਪੰਜਾਬ ਨੂੰ ਮਿਲੀ ਤਾਂ ਇੱਕੇ ਦਮ ਤਿਆਰੀ ਕਰਕੇ ਹਜ਼ਾਰੇ ਵਲ ਨੂੰ ਤੁਰ ਪਏ। ਪਰ ਇਹਨਾਂ ਦੇ ਪਹੁੰਚਣ ਤੱਕ ਸਰਦਾਰ ਸਾਹਿਬ ਠੀਕ ਹੋ ਗਏ ਸਨ। ਮਹਾਰਾਜਾ ਸਾਹਿਬ ਨੂੰ ਨਾਲ ਲੈ ਕੇ ਨਲੂਆ ਸਰਦਾਰ ਨੇ ਦੂਰ ਦੂਰ ਤੱਕ ਘੁਮਾਇਆ ਫਿਰਾਇਆ। ਇੱਥੋਂ ਦਾ ਰਾਜ ਪ੍ਰਬੰਧ ਦੇਖ ਕੇ ਸਰਕਾਰ ਅਤਿਅੰਤ ਖੁਸ਼ ਹੋਈ।
ਇੱਥੇ ਕੁਝ ਸਮੇਂ ਲਈ ਸਰਦਾਰ ਸਾਹਿਬ ਆਪਣੇ ਘਰ ਗੁਜਰਾਂ ਵਾਲੇ ਘਰੇਲੂ ਕੰਮਾਂ ਨੂੰ ਨਿਪਟਾਉਣ ਚਲੇ ਗਏ। ਜਾਣ ਲੱਗੇ ਹਜ਼ਾਰੇ ਵਿੱਚ ਗਵਰਨਰੀ ਦਾ ਕੰਮ-ਕਾਜ ਆਪਣੇ ਨਾਇਬ ਸਰਦਾਰ ਮਹਾਂ ਸਿੰਘ ਮੀਰ ਪੁਰੀਏ ਨੂੰ ਸੰਭਾਲ ਗਏ। ਪਰ ਕੁਝ ਸਮਾਂ ਬਾਅਦ ਹਜ਼ਾਰੇ 'ਚ ਹਾਲਾਤ ਫਿਰ ਐਸੇ ਹੋ ਗਏ ਜਿਵੇਂ ਜਦੋਂ ਸ਼ੇਰ ਜੰਗਲ ਵਿੱਚੋਂ ਕਿਤੇ ਉਰੇ ਪਰੇ ਚਲਿਆ ਜਾਵੇ ਤਾਂ ਦੂਜੇ ਜਾਨਵਰ ਪੂਛਾਂ ਚੁੱਕ ਲੈਂਦੇ ਹਨ। ਮੁਹੰਮਦ ਖ਼ਾਨ ਤਾਰੀਨ ਦੇ ਭਤੀਜੇ ਨੇ ਸਿਰੀਕੋਟ ਦੇ ਇਲਾਕੇ ਵਿੱਚ ਬਗਾਵਤ ਕਰ ਦਿੱਤੀ। ਇਹ ਖਬਰ ਸੁਣ ਕੇ ਸਰਦਾਰ ਹਜ਼ਾਰੇ ਪਹੁੰਚ ਗਿਆ। ਬਾਗੀਆਂ ਦੀ ਸੁਧਾਈ ਲਈ ਸਿਰੀਕੋਟ ਤੇ ਚੜ੍ਹਾਈ ਕੀਤੀ। ਆਮ ਲੋਕਾਂ ਨੂੰ ਮਰਨ ਤੋਂ ਬਚਾਉਣ ਲਈ ਖ਼ਾਨ ਦੇ ਭਤੀਜੇ ਦੋਸਤ ਖਾਨ ਨੂੰ ਪਕੜਿਆ। ਇਸ ਨੂੰ ਸਰਦਾਰ ਨੇ ਪੁੱਛਿਆ ਕਿ ਬਗਾਵਤ
ਬਦਲੇ ਤੈਨੂੰ ਕੀ ਸਜ਼ਾ ਦਈਏ? ਡਰਿਆ ਹੋਇਆ ਇਹ ਕੁਝ ਨਾ ਬੋਲਿਆ। ਸਰਦਾਰ ਜੀ ਨੇ ਸਿੱਖ ਸੈਨਿਕਾਂ ਨੂੰ ਆਖਿਆ, "ਇਸ ਨੂੰ ਅੱਜ ਸੋਚ ਲੈਣ ਦਿਉ, ਕੱਲ੍ਹ ਨੂੰ ਫਿਰ ਪੇਸ਼ ਕਰਿਉ"। ਖ਼ਾਨ ਸਰਦਾਰ ਦੇ ਜਾਹੋ-ਜਲਾਲ ਅਤੇ ਰੋਅਬ-ਦਾਬ ਵਾਲੇ ਚਿਹਰੇ ਨੂੰ ਤੱਕ ਕੇ ਇਤਨਾ ਦਹਿਲ ਗਿਆ ਕਿ ਇਸ ਨੇ ਰਾਤ ਸਮੇਂ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ।
ਸਰਦਾਰ ਹਰੀ ਸਿੰਘ ਨਲੂਆ ਨੇ ੧੮੨੮ ਵਿੱਚ ਕਟੋਚੀਆਂ ਨੂੰ ਅਜੇ ਕਾਬੂ ਹੀ ਕੀਤਾ ਸੀ ਕਿ ਪਤਾ ਲੱਗਿਆ ਸੱਯਦ ਅਹਿਮਦ ਜਹਾਦ ਦਾ ਨਾਮ ਦੇ ਕੇ ਪਠਾਣਾਂ ਨੂੰ ਸਿੱਖਾਂ ਵਿਰੁੱਧ ਭੜਕਾ ਰਿਹਾ ਹੈ। ਇਹ ਬਰੇਲੀ ਦਾ ਵਸਨੀਕ ਸੀ ਅਤੇ ੧੭੮੬ ਵਿੱਚ ਜਨਮਿਆ ਸੀ। ਮੱਕੇ-ਸ਼ਰੀਫ਼ ਹੱਜ ਤੇ ਜਾਣ ਕਰਕੇ ਪਠਾਣਾਂ ਦੇ ਦਿਲ ਅੰਦਰ ਇਸ ਦਾ ਬੜਾ ਸਤਿਕਾਰ ਸੀ। ਇਹ ਕੇਵਲ ਸੱਯਦ ਹੀ ਨਹੀਂ ਬਲਕਿ ਆਪਣੇ ਆਪ ਨੂੰ ਪੰਜ ਆਸ਼ਾ (ਭਾਵ ਉਹ ਸੱਯਦ ਹੈ, ਹਾਜੀ ਹੈ, ਗਾਜੀ ਹੈ, ਖਲੀਫਾ ਹੈ ਅਤੇ ਜਹਾਦੀ ਹੈ) ਕਹਾਉਂਦਾ ਸੀ। ਇਸ ਨੇ ਸਿੱਖਾਂ ਦੀ ਤਾਕਤ ਦੇ ਖ਼ਾਤਮੇ ਲਈ ਬਹੁਤ ਸਾਰੇ ਹਿੰਦੁਸਤਾਨੀ ਮੌਲਵੀ ਵੀ ਇੱਕਠੇ ਕਰ ਲਏ। ਇਹਨਾਂ ਮੌਲਵੀਆਂ ਨੇ ਕਾਫੀ ਧਨ ਮਾਲ ਇਕੱਠਾ ਕਰਕੇ ਜਹਾਦ ਲਈ ਲੋਕਾਂ ਨੂੰ ਉਕਸਾਇਆ। ਇਹ ਵੀ ਸੁਨੇਹੇ ਸੱਯਦ ਤੱਕ ਪਹੁੰਚਾਏ ਕਿ ਸਿੱਖ ਰਾਜ ਸਾਨੂੰ ਕੰਡੇ ਦੀ ਤਰ੍ਹਾਂ ਚੁਭ ਰਿਹਾ ਹੈ ਅਤੇ ਇਹ ਕੰਡਾ ਕੱਢਣ ਵਗੈਰ ਪਠਾਣ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ। ਇਹ ਮੁਜਾਹਿਦ ਅੰਗ੍ਰੇਜ਼ੀ ਹਕੂਮਤ ਦੇ ਇਸ਼ਾਰੇ ਤੇ ਵੀ ਸਿੱਖਾਂ ਵਿਰੁੱਧ ਪ੍ਰਚਾਰ ਕਰ ਰਹੇ ਸਨ। ਅੰਦਰਖਾਤੇ ਸੱਯਦ ਨੇ ਇਸ ਜਹਾਦ ਲਈ ਧਨ ਵੀ ਦਿੱਤਾ ਅਤੇ ਹਥਿਆਰ ਵੀ ਦਿੱਤੇ।
ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਆਪਣੀ ਪੁਸਤਕ 'ਵੀਰ ਨਾਇਕ ਹਰੀ ਸਿੰਘ ਨਲਵਾ' ਦੇ ਪੰਨਾ ੬੪ ਤੇ ਲਿਖਦੇ ਹਨ ਕਿ ਸਤੰਬਰ ੧੯੧੦ ਵਿੱਚ ਮੈਂ ਬਰੇਲੀ (ਯੂ.ਪੀ.) ਦੇ ਕਈ ਥਾਵਾਂ ਤੇ ਗਿਆ ਤਾਂ ਪਤਾ ਲੱਗਿਆ ਕਿ ਸੱਯਦ ਅਹਿਮਦ ਦੇ ਵੱਡੇ ਵਡੇਰੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਨਵਾਬ ਵਜ਼ੀਰ ਖਾਨ ਸੂਬਾ ਸਰਹਿੰਦ ਦੇ ਅਧੀਨ ਵੱਡੇ ਕਾਜ਼ੀ ਸਨ। ਇਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫ਼ਤਵਾ ਦਿੱਤਾ ਸੀ। ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਚੜ੍ਹਾਈ ਕਰਨ ਤੇ ਜਦ ਸਿੱਖਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਤਾਂ ਸੱਯਦ ਖ਼ਾਨਦਾਨ ਦੇ ਕੁਝ ਵਿਅਕਤੀ ਇਸ ਅਪਰਾਧ ਬਦਲੇ ਸਿੱਖਾਂ ਦੇ ਹੱਥੋਂ ਮਾਰੇ ਗਏ ਤੇ ਬਾਕੀ ਕੁਝ ਨੱਸ ਕੇ ਲਖਨਊ ਦੇ ਇਰਦ ਗਿਰਦ, ਬਰੇਲੀ ਆਦਿ ਥਾਈਂ ਜਾ ਵਸੇ ਸਨ।
ਸੋ ਇਸ ਸੱਯਦ ਅਹਿਮਦ ਨੇ ਉਹ ਪੁਰਾਣਾ ਵਿਰੋਧ ਮਨ ਵਿੱਚ ਚਿਤਾਰ ਕੇ ਸਿੱਖ ਰਾਜ ਵਿਰੁੱਧ ਜਹਾਦ ਦਾ ਬੀੜਾ ਚੁੱਕਿਆ। ਦੀਨ ਮਜ਼ਹਬ ਦੇ ਨਾਂ ਤੇ ਮੁਸਲਮਾਨਾਂ ਨੂੰ ਉਕਸਾ ਕੇ ਆਪਣੇ ਨਾਲ ਰਲਾਇਆ। ਇੰਞ ਇਸ ਸੱਯਦ ਦੇ ਜਹਾਦ ਵਿੱਚ ਮੌਲਵੀ ਮਿਰਜ਼ਾ ਹਸਨ, ਅਲੀ ਮੁਹੰਮਦ ਲਖਨਵੀ, ਮੌਲਵੀ ਅਬਦੁਲ ਹਈ ਅਤੇ ਮੌਲਵੀ ਮੁਹੰਮਦ ਇਸਮਾਈਲ ਦਿਹਲਵਾ ਆਦਿ ਰਲ ਗਏ (ਜਫ਼ਰਨਾਮਾ ਰਣਜੀਤ ਸਿੰਘ ਦੀਵਾਨ ਅਮਰ ਨਾਥ) ਪੰਨਾ ੧੭੪।
ਭਾਵੇਂ ਖਾਲਸਾ ਰਾਜ ਅੰਦਰ ਹਰ ਵਰਗ ਦੇ ਲੋਕਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਪੱਖਾਂ ਤੋਂ ਆਪਣਾ ਜੀਵਨ ਬਿਤਾਉਣ ਦੀ ਖੁਲ੍ਹ ਦਿੱਤੀ ਗਈ। ਹਰ ਸ਼ਰੇਣੀ ਦੇ ਲੋਕਾਂ ਨਾਲ ਸੁਹਣਾ ਵਿਵਹਾਰ ਅਤੇ ਸਤਿਕਾਰ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਉੱਚੇ ਅਹੁਦੇ ਵੀ ਦਿੱਤੇ ਗਏ ਪਰ ਕਾਦਰ ਯਾਰ ਦੀ ਲਿਖਤ ਅਨੁਸਾਰ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੁੰਦੀ :
ਡਾਲ-ਡੰਗਣੋ ਸੱਪ ਨਹੀਂ ਮੂਲ ਜਾਂਦਾ, ਭਾਵੇਂ ਲੱਪ ਵਿੱਚ ਦੁੱਧ ਪਿਲਾ ਮੀਆਂ।
ਬੁਰਾ ਬਾਜ ਬੁਰਾਈ ਥੀਂ ਨਾ ਆਵੇ, ਲੱਖ ਭਲਾ ਇਸ ਨਾਲ ਕਮਾ ਮੀਆਂ।
ਪੂਛਲ ਕੁੱਤੇ ਦੀ ਕਦੇ ਨਾ ਹੋਵੇ ਸਿੱਧੀ, ਬਾਰਾਂ ਬਰਸ ਨੜੀ ਵਿੱਚ ਪਾ ਮੀਆਂ।
ਕਾਦਰਯਾਰ ਪਰਨੀਤ ਤੇ ਮਿਲੇ ਬਦਲਾ, ਭਾਵੇਂ ਲਵੇ ਕੋਈ ਅਜ਼ਮਾ ਮੀਆਂ।
ਜਿਸ ਕੌਮ ਦਾ ਵਿਰਸਾ ਸ਼ਹੀਦੀਆਂ ਭਰਿਆ ਹੋਵੇ, ਜਿਨ੍ਹਾਂ ਅੰਦਰ ਉੱਚੀ ਧੌਣ ਕਰਕੇ ਜਿਉਣ ਦਾ ਸਾਹਸ ਠਾਠਾਂ ਮਾਰੇ ਅਤੇ ਜਿਨ੍ਹਾਂ ਨੇ ਗੈਰਾਂ ਦੇ ਅੱਗੇ ਕਦੇ ਸਿਰ ਹੀ ਨਹੀਂ ਝੁਕਾਇਆ ਉਹ ਅਵੇਸਲੇ ਨਹੀਂ ਹੁੰਦੇ। ਉਹ ਹਮੇਸ਼ਾ ਸਾਵਧਾਨ ਰਹਿੰਦੇ ਹਨ। ਮਿਰਜ਼ਾ ਗਾਲਬ ਦੇ ਬੋਲ ਹਨ:
ਰੰਗੋਂ ਮੇ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ,
ਜਬ ਆਂਖ ਸੇ ਹੀ ਨਾ ਟਪਕੇ ਤੋ ਫਿਰ ਲਹੂ ਕਿਆ ਹੈ?
ਜਿੱਥੇ ਸਿੰਘਾਂ ਦਾ ਪਾਤਸ਼ਾਹ ਮਹਾਨ ਹੈ, ਉੱਥੇ ਇਤਿਹਾਸ ਵੀ ਮਹਾਨ ਹੈ। ਪਾਤਸ਼ਾਹ ਨੇ ਮੂਰਤੀਆਂ ਨਹੀਂ, ਮੁਰਦੇ ਨਹੀਂ ਮਰਦ ਪੈਦਾ ਕੀਤੇ ਹਨ। ਸੱਯਦ ਅਹਿਮਦ ਦੀ ਪੂਛ ਚੱਕੀ ਦੇਖ ਕੇ ਵੱਡੀ ਗਿਣਤੀ ਵਿੱਚ ਤੁਰਕਾਂ ਦੇ ਇੱਕਠੇ ਹੋਣ ਦੀ ਖ਼ਬਰ ਸਰਦਾਰ ਬੁੱਧ ਸਿੰਘ ਨੇ ਸਰਦਾਰ ਨਲੂਆ ਨੂੰ ਭੇਜੀ। ਸਰਦਾਰ ਸਾਹਿਬ ੮ ਹਜ਼ਾਰ ਫ਼ੌਜ ਲੈ ਕੇ ਤੁਰੰਤ ਅਟਕ ਪਾਰ ਕਰਕੇ ਖੈਰਾਬਾਦ ਦੇ ਮੈਦਾਨ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੁਕਰਵਾਰ (ਜੁੰਮੇ) ਦਾ ਦਿਨ ਸੀ ਅਤੇ ਨਿਮਾਜ ਪਿੱਛੋਂ ਤੁਰਕਾਂ
ਨੇ ਸਿੰਘਾਂ ਤੇ ਹਮਲਾ ਕਰਨਾ ਸੀ। ਪਰ ਸੁਜਾਨ, ਸੁਚੇਤ ਅਤੇ ਸਾਹਸੀ ਸਿੰਘ ਸੂਰਮਿਆਂ ਨੇ ਫ਼ੌਜ ਨੂੰ ਬਿਨਾ ਦੇਰੀ ਵੈਰੀ ਤੇ ਟੁੱਟ ਪੈਣ ਦਾ ਬਿਗਲ ਵਜਾ ਦਿੱਤਾ। ਗਾਜ਼ੀ ਵੀ ਕਿਉਂਕਿ ਜੰਗ ਲਈ ਪੂਰੀ ਤਿਆਰੀ ਵਿੱਚ ਸਨ ਇਹ ਪੂਰੇ ਜੋਸ਼ ਵਿੱਚ ਖਾਲਸੇ ਨਾਲ ਭਿੜਨ ਲੱਗੇ। ਕਦੇ ਗਾਜ਼ੀ ਖਾਲਸੇ ਨੂੰ ਪਿੱਛੇ ਧਕੇਲਦੇ ਅਤੇ ਕਦੇ ਖ਼ਾਲਸਾ ਗਾਜ਼ੀਆਂ ਨੂੰ ਭਜਾਉਂਦਾ। ਮੈਦਾਨ ਵਿੱਚ ਜਾਂ ਲੋਹਾ ਖੜਕਦਾ ਸੁਣਦਾ ਸੀ ਤੇ ਜਾਂ ਲਹੂ ਡੁਲ੍ਹਦਾ ਦਿਖਾਈ ਦਿੰਦਾ ਸੀ। ਤੋਪਾਂ ਦੇ ਗੋਲਿਆਂ ਨੇ ਘੱਟੇ ਕਾਰਨ ਸੂਰਜ ਦੀ ਲਾਲੀ ਵੀ ਮੱਧਮ ਪਾ ਦਿੱਤੀ। ਗਾਜੀਆਂ ਦੀ ਵੱਡੀ ਗਿਣਤੀ ਕਾਰਨ ਸਿੰਘਾਂ ਦੇ ਹੱਥ ਸਫ਼ਲਤਾ ਨਹੀਂ ਸੀ ਆ ਰਹੀ। ਇਹ ਦੇਖ ਕੇ ਸਰਦਾਰ ਨਲੂਆ ਨੇ ਮੌਤ ਦੀ ਪਰਵਾਹ ਨਾ ਕਰਦਿਆਂ ਨੇਜ਼ਾ ਹੱਥ ਵਿੱਚ ਲੈ ਕੇ ਆਪਣਾ ਘੋੜਾ ਤੇਜ਼ੀ ਨਾਲ ਸੱਯਦ ਅਹਿਮਦ ਵਲ ਦੌੜਾਇਆ। ਸਿੰਘ ਵੀ ਅੱਗੇ ਵਧੇ। ਇਤਿਹਾਸਕਾਰ ਲਿਖਦੇ ਹਨ ਕਿ ਸਰਦਾਰ ਨਲੂਏ ਨੂੰ ਆਉਂਦੇ ਦੇਖ ਕੇ ਸੱਯਦ ਮੌਤ ਤੋਂ ਡਰਦਾ ਛਾਈਂ ਮਾਈਂ ਹੋ ਗਿਆ। ਇਹ ਅਕੌੜੇ ਦਾ ਪਤਨ ਪਾਰ ਕਰਕੇ ਤੋਰੂ ਤੇ ਹੋਤੀ ਮਰਦਾਨ ਵਿੱਚ ਦੀ ਹੁੰਦਾ ਹੋਇਆ ਸਿੱਧਾ ਲੂੰਦ ਖੁਵੜ ਪਹੁੰਚ ਗਿਆ। ਤੁਰਕ ਫ਼ੌਜ ਵੀ ਸੈਦੂ ਦਾ ਮੈਦਾਨ ਛੱਡ ਕੇ ਤਿੱਤਰ ਹੋ ਗਈ। ਸਿੰਘਾਂ ਨੇ ਜੋ ਤੇਗ ਇਸ ਮੈਦਾਨ ਵਿੱਚ ਚਲਾਈ ਅਤੇ ਨੇਜਿਆਂ ਨਾਲ ਤੁਰਕਾਂ ਨੂੰ ਜਿਵੇਂ ਡੰਗਿਆ, ਉਸ ਸੰਬੰਧੀ ਇੱਕ ਪਸ਼ਤੋ ਦਾ ਕਵੀ ਲਿਖਦਾ ਹੈ:
ਦਾ ਸੀਕਾਨੋਂ ਨੇਜ਼ੇ ਤਲੇ ਪਾਂਚ ਅਜਗਰੋ
ਲਕਾ ਇਤੰਨ ਪਖੇਮਾ ਦੁਰੁਮੀ ਦਾ ਖਿਆਮ।
ਭਾਵ ਸਿੱਖਾਂ ਦੇ ਨੇਜ਼ੇ ਗਾਜ਼ੀਆਂ ਦੀਆਂ ਸੰਜੋਆਂ ਨੂੰ ਚੀਰ ਕੇ ਇੱਕ ਨਹੀਂ ਪੰਜਾਂ ਨੂੰ ਵਿੰਨ੍ਹ ਰਹੇ ਸਨ। ਇਹ ਨੇਜ਼ੇ ਗਾਜੀਆਂ ਦੇ ਸਰੀਰਾਂ ਵਿੱਚ ਦੀ ਇੰਵ ਨਿਕਲ ਰਹੇ ਸਨ ਜਿਵੇਂ ਦਰਜੀ ਦੀ ਸੂਈ ਕੱਪੜੇ ਵਿੱਚ ਦੀ ਆਰਪਾਰ ਨਿਕਲਦੀ ਹੁੰਦੀ ਹੈ।
ਸਰਦਾਰ ਹਰੀ ਸਿੰਘ ਨੇ ਚਤਰ ਬੁੱਧੀ ਤੋਂ ਕੰਮ ਲੈਂਦਿਆਂ ਸਰਦਾਰ ਬੁੱਧ ਸਿੰਘ ਨਾਲ ਸਲਾਹ ਕੀਤੀ ਕਿ ਆਪਾਂ ਨੂੰ ਜੰਗ ਨੂੰ ਇੱਥੇ ਹੀ ਨਹੀਂ ਮਕਾਉਣਾ ਚਾਹੀਦਾ ਸਗੋਂ ਸੱਯਦ ਦਾ ਪਿੱਛਾ ਕਰਨਾ ਚਾਹੀਦਾ ਹੈ। ਖਾਲਸਾ ਫ਼ੌਜ ਚੜ੍ਹੀ ਆਉਂਦੀ ਦੇਖ ਇਹ ਲੂੰਦ ਖੁਵੜ ਤੋਂ ਵੀ ਭੱਜ ਨਿਕਲਿਆ। ਪਰ ਅੱਗੇ ਮੌਲਵੀ ਇਸਮਾਈਲ ਨਾਲ ਮਿਲ ਕੇ ੧੪ ਹਜ਼ਾਰ ਗਾਜ਼ੀਆਂ ਨਾਲ ਫਿਰ ਲੜਾਈ ਲਈ ਡਟ ਗਿਆ। ਇੱਥੇ ਵੀ ਜ਼ੋਰਾਂ ਦਾ ਜੰਗ ਹੋਇਆ ਅਤੇ ਖਾਲਸਾ ਹੱਥੋਂ ਹਾਰ ਖਾ ਕੇ ਦੌੜ ਗਿਆ। ਹਾਜ਼ੀਆਂ ਨਾਲ ਲੜਦਾ ਲੜਾਉਂਦਾ ਖਾਲਸਾ ਪੰਜਤਾਰ ਪਹੁੰਚ ਗਿਆ ਪਰ ਸੱਯਦ ਬੁਨੇਰ ਦੇ ਪਹਾੜਾਂ ਵਿੱਚ
ਜਾ ਲੁਕਿਆ। ਲੋਕਾਂ ਨੂੰ ਲੜਾ ਕੇ ਤੇ ਮਰਵਾ ਕੇ ਆਪ ਮੈਦਾਨ ਵਿੱਚੋਂ ਦੌੜ ਜਾਣਾ ਕਾਇਰਤਾ ਹੈ ਅਤੇ ਕੁੱਤੇ ਦੀ ਮੌਤ ਦੇ ਬਰਾਬਰ ਹੈ। ਇੱਕ ਜਰਮਨ ਫ਼ੌਜੀ ਚਿੰਤਕ 'ਕਾਲਜ ਵਿਟਜ' (On War Vol.I., Page 297) ਤੇ ਲਿਖਦਾ ਹੈ, ਅਸਲੀ ਸੂਰਬੀਰ ਜਿਵੇਂ ਕਿ ਚਾਰਲਸ XII, ਮਾਰਲਬਰੋ, ਯੂਜੀਨ, ਫਰੈਂਡਰਿਕ ਆਜ਼ਮ ਆਪਣੀਆਂ ਫੈਸਲਾ ਕੁੰਨ ਜਿੱਤਾਂ ਮਗਰੋਂ ਵੈਰੀ ਦਾ ਜ਼ੋਰਦਾਰ ਪਿੱਛਾ ਕਰਦੇ ਸਨ। ਲੈਫਟੀਨੈਂਟ ਕਰਨਲ ਗੁਲਚਰਨ ਸਿੰਘ ਆਪਣੇ ਇੱਕ ਲੇਖ 'ਜਨਰਲ ਹਰੀ ਸਿੰਘ ਨਲਵਾ' ਜਿਹੜਾ ਸੀਸ-ਗੰਜ ਮਾਸਕ ਦਿੱਲੀ ਮਾਰਚ ੧੯੮੬ ਨੂੰ ਛਪਿਆ ਦੇ ਪੰਨਾ ੩੩ ਤੇ ਲਿਖਦੇ ਹਨ ਕਿ ਹਰੀ ਸਿੰਘ ਨੇ ਵੀ ਸੈਦੂ ਅਤੇ ਹੋਰ ਲੜਾਈਆਂ ਜਿੱਤਣ ਉਪਰੰਤ ਇੰਞ ਹੀ ਕੀਤਾ ਸੀ। ਇਸ ਲਈ ਉਸ ਦਾ ਨਾਮ ਵੀ ਉਪਰੋਕਤ ਲਿਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸੈਦੂ ਦੇ ਮੈਦਾਨ ਅੰਦਰ ਗਾਜ਼ੀਆਂ ਦੀ ਗਿਣਤੀ ਖ਼ਾਲਸਾ ਫ਼ੌਜ ਨਾਲੋਂ ਲੱਗ ਭਗ ੨੦ ਗੁਣਾ ਵੱਧ ਸੀ। ਬਾਰਨਸ ਅਲੈਗਜੈਂਡਰ ਜੰਗ ਦੇ ਕੁਝ ਅਰਸੇ ਪਿੱਛੋਂ ਸੈਦੂ ਵਿੱਚ ਦੀ ਲੰਘਿਆ ਤਾਂ ਚਾਰੇ ਪਾਸੇ ਇਸ ਨੂੰ ਕਬਰਾਂ ਹੀ ਕਬਰਾਂ ਦਿਖਾਈ ਦਿੱਤੀਆਂ। ਇਸ ਨੇ ਆਪਣੀ ਲਿਖਤ ਵਿੱਚ ਜੋ ੧੮੩੧ ਦੀ ਹੈ ਵਿੱਚ ਲਿਖਿਆ ਹੈ ਕਿ ਖ਼ਾਲਸੇ ਦੀ ੮ ਹਜ਼ਾਰ ਫ਼ੌਜ ਨੇ ੧੫੦੦੦੦ ਲਸ਼ਕਰ ਤੇ ਕਿਲ੍ਹਾ ਖੈਰਾਬਾਦ ਉੱਪਰ ਫ਼ਤਹਿ ਪਾਈ। ਇਸੇ ਤਰ੍ਹਾਂ ਲੈਫਟੀਨੈਂਟ ਵਿਲੀਅਮ ਜਦ ਬਾਰ ਸਰ ਕਲੇਡ ਵੈਂਝ ਨਾਲ ਸੈਦੂ ਵਿੱਚ ਦੀ ਲੰਘਿਆ ਤਾਂ ਉਸ ਨੇ ਵੀ ਆਪਣੀ ਡਾਇਰੀ ਵਿੱਚ ਦੋਹਾਂ ਫ਼ੌਜਾਂ ਦੀ ਗਿਣਤੀ ਬਾਰਨਸ ਵਾਲੀ ਹੀ ਲਿਖੀ ਹੈ। ਇਹ ਗਿਣਤੀ ਬਾਰਨਸ ਨੂੰ ਕਿਸੇ ਸਿੱਖ ਨੇ ਨਹੀਂ ਸਗੋਂ ਜਨਰਲ ਕੋਰਟ ਦੀ ਫ਼ੌਜ ਦੇ ਇੱਕ ਮੁਸਲਮਾਨ ਨਜੀਬ ਜਮਾਂਦਾਰ ਨੇ ਦੱਸੀ ਸੀ (ਲਿਖਤ ਜਨਰਲ ਔਫ਼ ਏ ਮਾਰਚ ਫਰੌਮ ਦਿਹਲੀ ਟੂ ਪਿਸ਼ਾਵਰ, ਲੈਫਟੀਨੈਂਟ ਵਿਲੀਅਮ ਬਾਰ, ਸਫ਼ਾ ੨੦੩)। ਇਹ ਸੰਕੇਤ ਪ੍ਰੇਮ ਸਿੰਘ ਹੋਤੀ ਮਰਦਾਨ ਵੱਲੋਂ ਪੁਸਤਕ ਜੀਵਨ ਇਤਿਹਾਸ ਹਰੀ ਸਿੰਘ ਨਲੂਆ ਵਿੱਚ ਵੀ ਦਰਜ਼ ਹੈ।
ਡਾਕਟਰ ਮਰੇ ਦੀ ਰੀਪੋਰਟ ਅਨੁਸਾਰ ਮਹਾਰਾਜਾ ਸਾਹਿਬ ਸੈਦੂ ਦੀ ਜੰਗ ਅੰਦਰ ਸਿੰਘਾਂ ਦੀ ਜਿੱਤ ਸੁਣ ਕੇ ਕੁਝ ਦਿਨਾਂ ਵਿੱਚ ਹੀ ਰਾਜ਼ੀ ਹੋ ਗਏ ਕਿਉਂਕਿ ਕੁਝ ਸਮੇਂ ਤੋਂ ਉਹ ਬਿਮਾਰ ਸਨ। ਰਣ ਤੱਤੇ ਵਿੱਚ ਸਰਦਾਰ ਹਰੀ ਸਿੰਘ ਅਤੇ ਸਿੰਘਾਂ ਵੱਲੋਂ ਦਿਖਾਈ ਅਸਚਰਜ਼ ਬਹਾਦਰੀ ਤੋਂ ਖੁਸ਼ ਹੋ ਕੇ ਇਹਨਾਂ ਨੂੰ ਬਹੁਤ ਕੀਮਤੀ ਵਸਤਾਂ ਅਤੇ ਘੋੜੇ ਭੇਜੇ। ਮਹਾਰਾਜਾ ਰਣਜੀਤ ਸਿੰਘ ਨੇ ਮੈਕਾਲਫ਼ ਜੋ ਕਿ ਦਿੱਲੀ ਦਾ ਕਮਿਸ਼ਨਰ ਸੀ ਉਸ ਨੂੰ ਸੈਦੂ ਦੀ ਫ਼ਤਹਿ ਦੇ ਵਧਾਈ ਪੱਤਰ ਭੇਜੇ। ਇਸ ਜਿੱਤ ਦੀਆਂ
ਖਬਰਾਂ ਅਖਬਾਰ (The Times London) ਵਿੱਚ ਵੀ ਛਪੀਆਂ। ਇਸ ਜਿੱਤ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜੀ ਤਾਕਤ ਨੂੰ ਬਹੁਤ ਹੀ ਸੂਝ ਬੂਝ ਵਾਲੀ ਅਤੇ ਸ਼ਕਤੀਸ਼ਾਲੀ ਦਰਸਾਇਆ ਗਿਆ।
ਸੱਯਦ ਮੁਹੰਮਦ ਜਿਹੜਾ ਆਪਣੇ ਆਪ ਨੂੰ ਵਾਹਾਬੀ ਮਸੀਹਾ ਅਖਵਾਉਂਦਾ ਸੀ ੧੮੨੮ ਵਿੱਚ ਫੇਰ ਸਿੰਧ ਵਿੱਚ ਆ ਵੜਿਆ ਅਤੇ ੫੬੦੦ ਜਹਾਦੀਆਂ ਨਾਲ ਪਹਿਲਾਂ ਇਸ ਨੇ ਹਸਤ ਨਗਰ ਕਿਲ੍ਹੇ ਤੇ ਕਬਜ਼ਾ ਕਰ ਲਿਆ ਜਿਹੜਾ ਪਿਸ਼ਾਵਰ ਤੋਂ ੨੫ ਮੀਲ ਦੀ ਦੂਰੀ ਤੇ ਉੱਤਰ ਪੂਰਬ ਦਿਸ਼ਾ ਵਿੱਚ ਸੀ। ਮੈਸਨ ਚਾਰਲਸ ਦੀ ੮੪੨ ਲਿਖਤ ਮੁਤਾਬਕ ਇਸ ਉਪਰੰਤ ਇਸ ਨੇ ਬਾਲਾ ਹਿਸਾਰ ਦੇ ਕਿਲ੍ਹੇ ਨੂੰ ਸਰ ਕਰ ਲਿਆ। ਮਹਾਰਾਜਾ ਸਾਹਿਬ ਨੇ ਇਸ ਨੂੰ ਪਕੜਨ ਲਈ ਇੱਕ ਲੱਖ ਦਾ ਇਨਾਮ ਰੱਖਿਆ। ਸੱਯਦ ਨੇ ਪੈਂਦੇ ਖਾਨ ਦੇ ਬੰਦਿਆਂ ਨੂੰ ਉਕਸਾ ਕੇ ਆਪਣੇ ਨਾਲ ਰਲਾ ਲਿਆ ਅਤੇ ਜੂਨ ੧੮੩੦ ਨੂੰ ਦਰਬੰਧ ਦੇ ਇਲਾਕੇ ਵਿੱਚ ਆ ਪਹੁੰਚਿਆ। ਫੁਲਤਰਾਂ ਦੇ ਅਸਥਾਨ ਤੇ ਹਰੀ ਸਿੰਘ ਨਾਲ ਤਕੜੀ ਮੁੱਠ ਭੇੜ ਹੋਈ ਪਰ ਮਰਦਾਂ ਦੇ ਮਰਦਾਨੇ ਅਤੇ ਰਣ ਦੇ ਦੀਵਾਨੇ ਸ਼ੇਰ ਜੋ ਸੀਂਹ ਵਾਂਗ ਬੁਕਦਾ ਸੀ ਅਤੇ ਜੰਗ ਦੇ ਹਰ ਹੁਨਰ ਦਾ ਮਾਹਰ ਸੀ ਅੱਗੇ ਇਹ ਬਹੁਤਾ ਚਿਰ ਲੜ ਨਾ ਸਕਿਆ ਅਤੇ ਪਹਾੜਾਂ 'ਚ ਜਾ ਲੁਕਿਆ। ਸੀਤਾ ਰਾਮ ਸਰਦਾਰ ਦੀ ਬਹਾਦਰੀ ਬਾਬਤ ਲਿਖਦਾ ਹੈ:
ਅਠਾਰਾਂ ਸੌ ਉਨੱਤੀ ਵਿੱਚ ਸੱਯਦ ਖਾਂ ਅਹਿਮਦ, ਫਿਰ ਨਿਕਲ ਪਹਾੜੋਂ ਕਸ਼ਮੀਰ ਵਿੱਚ ਆਇਆ।
ਕਰਦਾ ਇੱਕਠੇ ਜੋ ਮੁਸਲਮਾਨ ਇਲਾਕੇ ਵਿੱਚ, ਆਣ ਕੇ ਤੇ ਮੱਥਾ ਮੁੜ ਖਾਲਸੇ ਨਾਲ ਲਾਇਆ।
ਹਰੀ ਸਰਦਾਰ ਫ਼ੌਜ ਆਪਨੀ ਸੰਭਾਲ ਸਾਰੀ, ਮਾਰ ਮਾਰ ਤੁਰਕਾਂ ਦੀ ਧੂੜ ਸੀ ਉਡਾਂਵਦਾ।
ਸੀਤਾ ਰਾਮ ਉੱਠ ਨੱਠਾ ਸੱਯਦ ਅਹਿਮਦ ਖ਼ਾਨ ਫੇਰ, ਚਲਦੀ ਨਾ ਪੇਸ਼ ਦਿਲ ਵਿੱਚ ਗੁੱਸਾ ਖਾਂਵਦਾ।
ਸੱਯਦ ਅਹਿਮਦ ਦੀ ਮੌਤ
ਸਿੰਘਾਂ ਅਤੇ ਪਠਾਣ ਜਹਾਦੀਆਂ ਵਿਚਕਾਰ ਆਖਰੀ ਜੰਗ ਮਈ ੧੮੩੧ ਵਿੱਚ ਬਾਲਾਕੋਟ ਜੋ ਕੁਨਾਰ ਦੇ ਸੱਜੇ ਕੰਢੇ ਤੇ ਹੈ ਅਤੇ ਹਰੀਪੁਰ ਤੋਂ ੬੧ ਮੀਲ ਦੂਰੀ ਤੇ ਸੀ, ਹੋਈ। ਇਹ ਜਗ੍ਹਾ ਹਜ਼ਾਰੇ ਦੀਆਂ ਪਹਾੜੀਆਂ ਵਿੱਚ ਚਾਰੇ ਤਰਫੋਂ ਘਿਰੀ ਹੋਣ ਕਰਕੇ ਜੰਗ ਪੱਖੋਂ ਬਹੁਤ ਯੋਗ ਸੀ। ਸੱਯਦ ਅੱਲਾ ਵੱਲੋਂ ਭੇਜਿਆ ਹੋਇਆ ਖਲੀਫਾ ਸਮਝਣ ਕਾਰਨ ਅਤੇ ਵੱਡਾ ਕਰਾਮਾਤੀ ਫ਼ਕੀਰ ਹੋਣ ਕਾਰਨ ਵੱਡੀ ਗਿਣਤੀ ਵਿੱਚ
ਜਹਾਦੀ ਇਸ ਦੇ ਨਾਲ ਜੁੜ ਗਏ। ਇਸਲਾਮ ਦੀ ਰੱਖਿਆ ਲਈ ਇਹ ਪਠਾਣ ਸਿਰ ਧੜ ਦੀ ਬਾਜ਼ੀ ਲਾਉਣ ਲਈ ਤਿਆਰ ਸਨ ਅਤੇ ਸ਼ਸਤਰਾਂ ਨਾਲ ਪੂਰੀ ਤਰ੍ਹਾਂ ਲੈਸ ਸਨ।
ਉਧਰੋਂ ਸਰਦਾਰ ਹਰੀ ਸਿੰਘ ਨਲੂਆ, ਕੰਵਰ ਸ਼ੇਰ ਸਿੰਘ ਅਤੇ ਜਨਰਲ ਵੈਨਤੂਰਾ ਦੀਆਂ ਫ਼ੌਜਾਂ ਨੇ ਬਾਲਾ ਕੋਟ ਨੂੰ ਚਾਰੇ ਪਾਸਿਉਂ ਘੇਰ ਲਿਆ। ਜੰਗ ਸ਼ੁਰੂ ਹੋ ਗਈ। ਜੈਕਮਾਊਂਟ (੧੮੨੯-੧੮੩੨) ਅਨੁਸਾਰ ਸੱਯਦ ਦੇ ਬੰਦੇ ਜੰਗ ਅੰਦਰ ਚੀਤਿਆਂ ਦੀ ਨਿਆਈਂ ਸਿੱਖਾਂ ਨਾਲ ਲੜੇ। ਬਾਲਾ ਕੋਟ ਜਹਾਦੀਆਂ ਦਾ ਟ੍ਰੇਨਿੰਗ ਕੈਂਪ ਹੋਣ ਕਰ ਕੇ ਇਥੋਂ ਦੇ ਬੰਦੇ ਜੰਗ ਦੇ ਮਾਹਰ ਸਨ। ਪਰ ਸਿੰਘਾਂ ਅੱਗੇ ਇਹਨਾਂ ਦੀ ਪੇਸ਼ ਨਾ ਗਈ। ਜੰਗ ਦੌਰਾਨ ਇੱਕ ਸਿੰਘ ਨੇ ਸੱਯਦ ਅਹਿਮਦ ਦਾ ਸਿਰ ਵੱਢ ਕੇ ਕੰਵਰ ਸ਼ੇਰ ਸਿੰਘ ਅੱਗੇ ਲਿਆ ਰੱਖਿਆ। ਆਪਣੇ ਨਾਇਕ ਦਾ ਇਹ ਹਸ਼ਰ ਦੇਖ ਕੇ ਪਠਾਣ ਜਿਧਰ ਬਚਾਉ ਦਾ ਰਸਤਾ ਦੇਖਿਆ ਉਧਰ ਨੂੰ ਹਰਨ ਹੋ ਗਏ। ਰਣ ਤੱਤੇ ਅੰਦਰ ਵੀ ਸਿੱਖ ਰਾਜਨੀਤੀ ਦੇ ਨਾਲ ਨਾਲ ਧਰਮ ਨੀਤੀ ਅਪਣਾਉਂਦਾ ਹੈ, ਸਿਪਾਹੀ ਹੁੰਦਿਆਂ ਸੰਤਗੀਰੀ ਕਰਦਾ ਹੈ ਅਰਥਾਤ ਗੁਰੂ ਦੇ ਹੁਕਮ ਨੂੰ ਪੁਗਾਉਂਦਾ ਹੈ ਅਤੇ ਦੁਸ਼ਟਪੁਣਾਂ ਮਨ ਵਿੱਚ ਨਹੀਂ ਲਿਆਉਂਦਾ। ਜੰਗ ਦੀ ਜਿੱਤ ਉਪਰੰਤ ਕੰਵਰ ਸ਼ੇਰ ਸਿੰਘ ਅਤੇ ਸਰਦਾਰ ਨਲੂਏ ਨੇ ਸਿੰਘਾਂ ਨੂੰ ਆਖਿਆ,"ਸੱਯਦ ਦਾ ਧੜ ਲੱਭੋ"। ਧੜ ਲੱਭਿਆ, ਉਪਰੰਤ ਕਬਰ ਖੋਦ ਕੇ ਸੀਸ ਅਤੇ ਧੜ ਉੱਤੇ ਕੀਮਤੀ ਦੁਸ਼ਾਲਾ ਪਾ ਕੇ ਮੁਸਲਮਾਨ ਮੌਲਵੀ ਦੇ ਹੱਥੋਂ ਇਸਲਾਮ ਦੀਆਂ ਰਸਮਾਂ ਅਨੁਸਾਰ ਸੱਯਦ ਦਾ ਅੰਤਮ ਸੰਸਕਾਰ ਕਰਾਇਆ। ਇਸੇ ਤਰ੍ਹਾਂ ਮੌਲਵੀ ਮੁਹੰਮਦ ਇਸਮਾਈਲ ਅਤੇ ਪ੍ਰਾਣ ਤਿਆਗ ਗਏ ਮੁਗਲ ਸੈਨਿਕਾਂ ਨੂੰ ਵੀ ਸਤਿਕਾਰ ਸਹਿਤ ਦਫ਼ਨਾਇਆ।
ਵਨੀਤ ਨਲੂਆ ਨੇ ਲਿਖਿਆ ਹੈ ਕਿ ਖਾਲਸਾ ਰਾਜ ਖਤਮ ਹੋਣ ਪਿੱਛੋਂ ਜਦੋਂ ਅੰਗਰੇਜ਼ੀ ਸਰਕਾਰ ਨੇ ਇਸ ਖਿੱਤੇ ਵਿੱਚ ਅਮਨ ਕਾਨੂੰਨ ਕਾਇਮ ਕਰਨਾ ਚਾਹਿਆ ਤਾਂ ਮਨੁੱਖੀ ਹਮਦਰਦੀ ਅਲੋਪ ਹੋ ਗਈ ਸੀ। ਚਾਰਲਸ (੨੦੦੦) ਵਿੱਚ ਲਿਖਦਾ ਹੈ ਕਿ ੧੮੫੩ ਵਿੱਚ ਪਿਸ਼ਾਵਰ ਅੰਦਰ ਇੱਕ ਮੁਸਲਮਾਨ ਵੱਲੋਂ ਬਰਤਾਨੀਆਂ ਦੇ ਕਮਿਸ਼ਨਰ ਨੂੰ ਮਾਰਨ ਕਰਕੇ ਅੰਗਰੇਜ਼ਾਂ ਨੇ ਪਹਿਲਾਂ ਉਸ ਮੁਗਲ ਨੂੰ ਫਾਂਸੀ ਦਿੱਤੀ ਉਪਰੰਤ ਉਸ ਦਾ ਸਰੀਰ ਇੱਕ ਸੂਰ ਦੀ ਖੱਲ ਵਿੱਚ ਮੜ੍ਹ ਦਿੱਤਾ। ਮੁਸਲਮਾਨਾਂ ਲਈ ਐਸੀ ਸਜ਼ਾ ਬੜੀ ਹੀ ਭ੍ਰਿਸ਼ਟ ਮੰਨੀ ਜਾਂਦੀ ਹੈ। ਮਾਨੋਂ ਉਸ ਲਈ ਸਵਰਗ ਦੇ ਦਰਵਾਜ਼ੇ ਬੰਦ ਕਰਨ ਦੇ ਤੁੱਲ ਹੈ। ਮੁਸਲਮਾਨ ਧਰਮ ਅੰਦਰ ਸੂਰ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਐਸੀਆਂ ਅਣਮਨੁੱਖੀ ਸਜਾਵਾਂ ਬਹਾਦਰੀ ਦੀ ਨਿਸ਼ਾਨੀ ਨਹੀਂ ਦਰਸਾਉਂਦੀਆਂ।
ਹਜ਼ਾਰੇ ਅੰਦਰ ਨਲੂਆ ਦਾ ਰਾਜ ਪ੍ਰਬੰਧ
ਆਪਣੀ ਪੰਦਰਾਂ ਸਾਲ ਦੀ ਗਵਰਨਰੀ ਅਤੇ ਉੱਤਰੀ ਸੀਮਾਂ ਦੇ ਹਾਕਮ (੧੯੨੨-੧੯੩੭) ਵਜੋਂ ਅਨੇਕਾਂ ਜੰਗਾਂ ਯੁੱਧਾਂ ਦੇ ਬਾਵਜੂਦ ਸਰਦਾਰ ਨਲੂਆ ਨੇ ਬਹੁਤ ਹੀ ਕਮਾਲ ਦਾ ਸ਼ਾਸਨ ਕੀਤਾ। ਜੰਗ ਤਾਂ ਬਿਗੜੀ ਹੋਈ ਕਾਨੂੰਨੀ ਹਾਲਤ, ਆਮ ਲੁੱਟ-ਖਸੁੱਟ, ਬੁਰਛਾਗਰਦੀ, ਧੱਕੇਸ਼ਾਹੀ ਅਤੇ ਇਸਤਰੀ ਬਲਾਤਕਾਰ ਨੂੰ ਨੱਥ ਪਾਉਣ ਲਈ ਜ਼ਰੂਰੀ ਸੀ। ਇਸ ਤੋਂ ਬਿਨਾਂ ਖਿੱਤੇ ਵਿੱਚ ਸ਼ਾਂਤੀ, ਅਮਨ ਕਾਨੂੰਨ ਅਤੇ ਤਰੱਕੀ ਅਸੰਭਵ ਸੀ।
ਜ਼ਮੀਨੀ ਸੁਧਾਰ
ਖੇਤੀਬਾੜੀ ਜਿਸ ਉੱਪਰ ੧੨ ਪ੍ਰਤੀਸ਼ਤ ਲੋਕ ਖੇਤੀ ਕਰਦੇ ਸਨ ਦੀ ਉਪਜ ਵਧਾਉਣ ਲਈ ਜ਼ਮੀਨੀ ਸੁਧਾਰਾਂ ਦੀ ਉਸ ਸਮੇਂ ਬਹੁਤ ਜ਼ਰੂਰਤ ਸੀ। ਮੁਗਲ ਰਾਜ ਅੰਦਰ ਜ਼ਮੀਨ ਦਾ ਮਾਲਕ (ਵਾਰਸ) ਤਕੜਾ ਹੀ ਹੁੰਦਾ ਸੀ ਅਤੇ ਕੋਈ ਜੱਦੀ ਮਾਲਕੀ ਦਾ ਕਾਨੂੰਨ ਨਹੀਂ ਸੀ। ਮਾਲਕ ਕੋਲ ਬਹੁਤੀ ਜ਼ਮੀਨ ਹੋਣ ਕਰਕੇ ਉਹ ਉਪਜ ਵਧਾਉਣ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ ਦਿੰਦਾ। ਪਰ ਸਰਦਾਰ ਨਲੂਆ ਨੇ ਵੱਡੇ ਅਲਾਟੀਆਂ ਤੋਂ ਜ਼ਮੀਨਾਂ ਖੋਹ ਕੇ ਕਿਸਾਨਾਂ ਨੂੰ ਵੰਡ ਦਿੱਤੀਆਂ। ਵੰਡ ਵੀ ਇਸ ਆਧਾਰ ਤੇ ਕੀਤੀ ਕਿ ਜਿਹੜਾ ਕਿਸਾਨ ਸਰਕਾਰ ਨੂੰ ਪੂਰਾ ਮਾਲੀਆ ਦੇਵੇਗਾ ਉਹੀ ਜ਼ਮੀਨ ਦਾ ਮਾਲਕ ਹੋਵੇਗਾ। ਇੰਞ ਖ਼ਾਲੀ ਪਈਆਂ ਜ਼ਮੀਨਾਂ ਤੇ ਵੀ ਖੇਤੀ ਆਰੰਭ ਹੋ ਗਈ ਅਤੇ ਪੈਦਾਵਾਰ ਵਿੱਚ ਭਾਰੀ ਵਾਧਾ ਹੋਇਆ। ਜ਼ਮੀਨਾਂ ਦੇ ਪਹਿਲੇ ਵਾਰਸਾਂ ਨੇ ਇਸ ਕਾਨੂੰਨ ਦਾ ਅਤਿਅੰਤ ਵਿਰੋਧ ਕੀਤਾ ਪਰ ਸਰਦਾਰ ਹਰੀ ਸਿੰਘ ਨੇ ਇਹਨਾਂ ਦੀ ਕੋਈ ਪ੍ਰਵਾਹ ਨਾ ਕੀਤੀ। ਖੇਤੀਬਾੜੀ ਦੀ ਵਾਧੂ ਉਪਜ ਨੂੰ ਸਾਂਭਣ ਲਈ ਗੋਦਾਮ ਵੀ ਬਣਾਏ। ਇਹ ਉਪਜ ਉਨ੍ਹਾਂ ਸਾਲਾਂ ਵਿੱਚ ਵਰਤੀ ਜਾਂਦੀ ਸੀ ਜਿਨ੍ਹਾਂ ਵਿੱਚ ਬਾਰਸ਼ ਹੋਣ ਕਰਕੇ ਕਾਲ ਪੈ ਜਾਂਦਾ ਸੀ।
ਪਾਣੀ ਲਈ ਯੋਗ ਪ੍ਰਬੰਧ
ਆਪਣੇ ਰਾਜ ਪ੍ਰਬੰਧ ਸਮੇਂ ਹਰੀਪੁਰ ਲਾਗੇ 'ਰੰਗੀਲਾ' ਨਾਮੀ ਨਹਿਰ ਹਰੀ ਸਿੰਘ ਨੇ ਖੁਦਵਾਈ। ਇਸ ਲਈ ਦੌਰ ਦਰਿਆ ਤੋਂ ਪਾਣੀ ਲਿਆ ਕੇ ਇੱਕ ਵੱਡੇ ਤਲਾਅ ਵਿੱਚ ਪਾਇਆ ਗਿਆ ਅਤੇ ਫਿਰ ਨਹਿਰ ਰਾਹੀਂ ਵੱਖ ਵੱਖ ਪਿੰਡਾਂ ਵਿੱਚ
ਪਹੁੰਚਾਇਆ। ਹਰ ਇੱਕ ਵਾਹੀਕਾਰ ਨੂੰ ਬਾਰੀ-ਸੁੱਧੇ ਪਾਣੀ ਸਿੰਜਾਈ ਲਈ ਮਿਲਦਾ ਸੀ। ਸ਼ਹਿਰੀ ਇਹ ਪਾਣੀ ਪੀਣ ਲਈ ਵੀ ਵਰਤਦੇ ਸਨ। ਇਸ ਤੋਂ ਇਲਾਵਾ ਪਹਾੜਾਂ ਵਿੱਚ ਆਬਸ਼ਾਰਾਂ ਦਾ ਪਾਣੀ ਇਕੱਠਾ ਕਰਨ ਲਈ ਵੀ ਬਹੁਤ ਸਾਰੇ ਤਲਾਅ ਖੁਦਵਾਏ ਗਏ ਤਾਂ ਕਿ ਪੇਂਡੂ ਇਹ ਪਾਣੀ ਪੀਣ ਲਈ ਜਾਂ ਫ਼ਸਲਵਾੜੀ ਲਈ ਲੋੜ ਪੈਣ ਤੇ ਵਰਤ ਸਕਣ। ਪਾਣੀ ਦੇ ਇਸ ਯੋਗ ਪ੍ਰਬੰਧ ਕਾਰਨ ਹਰੀਪੁਰ ਦੇ ਆਲੇ ਦੁਆਲੇ ਦਾ ਇਲਾਕਾ ਦੂਰ-ਦੁਰਾਡੇ ਤੱਕ ਹਰਾ ਭਰਾ ਬਣ ਗਿਆ। ਖਾਲਸਾ ਰਾਜ ਪਿਛੋਂ ਅੰਗਰੇਜੀ ਸਰਕਾਰ ਦੇ ਅਧਿਕਾਰੀਆਂ ਨੇ ਹਰੀ ਸਿੰਘ ਵੱਲੋਂ ਬਣਾਈ ਪਾਣੀ ਦੀ ਆਦਰਸ਼ ਯੋਜਨਾ ਨੂੰ ਬਹੁਤ ਸਲਾਹਿਆ ਅਤੇ ਇਸ ਨੂੰ ਉਸ ਦੀ ਉੱਚੀ ਮੱਤ ਅਤੇ ਦੂਰ-ਅੰਦੇਸ਼ੀ ਵਾਲੀ ਸੋਚ ਆਖਿਆ। ਇਸ ਨਾਲ ਇਲਾਕੇ ਅੰਦਰ ਫਸਲਾਂ ਸਬਜ਼ੀਆਂ ਆਦਿ ਦੀ ਉਪਜ ਵਧਣ ਕਾਰਨ ਜਿੱਥੇ ਕਿਸਾਨਾਂ ਨੂੰ ਲਾਭ ਹੋਇਆ ਉੱਥੇ ਸਰਕਾਰੀ ਆਮਦਨ ਵਿੱਚ ਵੀ ਵਾਧਾ ਹੋਇਆ ਸੀ।
ਨਵੇਂ ਤੋਲ ਮਾਪ
ਅਫ਼ਗਾਨੀ ਅਤੇ ਮੁਗਲ ਹਕੂਮਤਾਂ ਸਮੇਂ ਅਟਕਲਪੱਚੂ ਵਾਲੇ ਤੋਲ ਮਾਪ ਵਰਤੇ ਜਾਂਦੇ ਸਨ ਜਿਨ੍ਹਾਂ ਕਾਰਨ ਲੋਕਾਂ ਦੀ ਲੁੱਟ-ਖਸੁੱਟ ਹੁੰਦੀ ਸੀ। ਸਰਦਾਰ ਸਾਹਿਬ ਨੇ ਸਹੀ ਮਾਪ ਤੋਲ ਵਰਤਣ ਲਈ ਸਖ਼ਤ ਹਦਾਇਤਾਂ ਦਿੱਤੀਆਂ। ਹਜ਼ਾਰੇ ਵਿੱਚ ਮਹਿਮੂਦ ਸ਼ਾਹੀ ਪੱਕਾ ਸੇਰ ਭਾਰ ਪੱਖੋਂ ਗੈਂਡੇ ਦੇ ੧੦੦ ਰੁਪਏ ਦੇ ਬਰਾਬਰ ਸੀ। ਇਹ ਪੱਕਾ ਸੇਰ ੯੬ ਤੋਲੇ ਦਾ ਸੀ ਅਤੇ ਕੱਚਾ ੮੨ ਤੋਲੇ ਦਾ ਸੀ। ਇੱਕ ਤੋਲਾ ਅਟੇ ਸਟੇ ੧੦ ਗ੍ਰਾਮ ਹੁੰਦਾ ਸੀ। ਕਈ ਥਾਵਾਂ ਤੇ ਬਹਾਦਰ ਸ਼ਾਹੀ ਸੇਰ ਚਲਦਾ ਸੀ ਜਿਹੜਾ ੮੨ ਤੋਲੇ ਦਾ ਸੀ। ਇਸੇ ਤਰ੍ਹਾਂ ਗੁਜਰ ਸ਼ੇਰ ਵੀ ਵਰਤਿਆ ਜਾਂਦਾ ਸੀ। ਕੱਪੜੇ ਦੀ ਮਿਣਤੀ ਲਈ ਹਰੀ ਸਿੰਘ ਨੇ ਪੱਕਾ ਗਜ਼ ਚਲਾਇਆ ਜਿਹੜਾ ਅੰਗਰੇਜ਼ੀ ਗਜ਼ ਨਾਲੋਂ ਸੋਲ੍ਹਵਾਂ ਹਿੱਸਾ ਵੱਡਾ ਸੀ। ਕਈ ਥਾਵਾਂ ਤੇ ਕੱਪੜਾ ਤੋਲ ਕੇ ਵੀ ਵਿਕਦਾ ਸੀ।
ਰਹਿਣੀ ਬਹਿਣੀ 'ਚ ਸੁਧਾਰ
ਹਜ਼ਾਰੇ ਦਾ ਇਲਾਕਾ ਬਹੁਤ ਉੱਪਦਰੀ, ਫ਼ਸਾਦੀ ਅਤੇ ਪੁਆੜੇ ਹੱਥਾ ਸੀ। ਇੱਥੇ ੯੪.੬ ਪ੍ਰਤੀਸ਼ਤ ਮੁਸਲਮਾਨ ਰਹਿੰਦੇ ਸਨ। ਪਰ ਹਰੀ ਸਿੰਘ ਨੇ ਹਰੀਪੁਰ ਸ਼ਹਿਰ ਵਸਾਇਆ ਜਿਸ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਗਿਣਤੀ ਕਾਫ਼ੀ ਸੀ। ਕੈਪਟਨ ਵੇਸ ਜਿਹੜਾ ਕਿ ਅੰਗ੍ਰੇਜ਼ੀ ਸਰਕਾਰ ਦਾ ਸਿਹਤ ਵਿਭਾਗ ਸੰਬੰਧੀ ਅਫ਼ਸਰ
ਸੀ। ਉਹ ਲਿਖਦਾ ਹੈ ਕਿ ਮੈਂ ਦੂਰ ਦੂਰ ਤੱਕ ਹਜ਼ਾਰੇ ਦੇ ਇਲਾਕੇ ਵਿੱਚ ਗਿਆ ਪਰ ਹਰੀਪੁਰ ਵਰਗਾ ਸਾਫ਼-ਸੁਥਰਾ ਹਰਾ-ਭਰਾ ਅਤੇ ਚਹਿਲ-ਪਹਿਲ ਵਾਲਾ ਇਲਾਕਾ ਹੋਰ ਕੋਈ ਦਿਖਾਈ ਨਹੀਂ ਦਿੱਤਾ। ਇੱਥੇ ਸਿੱਖਾਂ ਦੇ ਘਰ ਬੜੇ ਸੁੰਦਰ ਸਨ, ਲੋਕ ਆਪ ਵੀ ਸਫ਼ਾਈ ਵਾਲੇ ਸਨ ਅਤੇ ਵੱਡੀ ਗੱਲ ਅੰਮ੍ਰਿਤ ਵੇਲੇ ਉੱਠ ਖੜੋਂਦੇ ਸਨ। ਇਹ ਆਪ ਤਾਂ ਮਿਹਨਤੀ ਸਨ ਪਰ ਇਹਨਾਂ ਦੀਆਂ ਇਸਤਰੀਆਂ ਬੰਦਿਆਂ ਤੋਂ ਵੀ ਵੱਧ ਮਿਹਨਤ ਕਰਦੀਆਂ ਸਨ ਅਤੇ ਬਸਤਰ ਵਗੈਰਾ ਵੀ ਚੰਗੇ ਅਤੇ ਸਾਫ਼ ਪਹਿਨਦੀਆਂ ਸਨ। ਜਦਕਿ ਮੁਸਲਮ ਇਲਾਕਿਆਂ ਵਿੱਚ ਬੜੀ ਗੰਦਗੀ ਸੀ, ਲੋਕਾਂ ਦੇ ਘਰ ਅਤੇ ਕੱਪੜੇ ਵੀ ਮੈਲੇ-ਕੁਚੈਲੇ ਸਨ। ਸਿੱਖਾਂ ਦੀ ਉਨੱਤੀ ਹਰੀ ਸਿੰਘ ਦੀ ਵੱਡੀ ਦੇਣ ਸੀ। ਕਿਉਂਕਿ ਇਸ ਨੇ ਖੇਤੀਬਾੜੀ ਅਤੇ ਵਪਾਰ ਵਧਾਉਣ ਲਈ ਜਾਦੂਗਰੀ ਤਰੱਕੀ ਕਰਵਾਈ ਸੀ। National Archieves of India, New Delhi (Foreign Secret Consultation 31.12.1847 Page 326 ਤੇ ਦਰਜ ਹੈ, 'Hari Singh Nalwas resource management in this difficult and turbulent frontier was more efficient than that of the British)
ਭਾਵ ਇਸ ਸੀਮਾ ਵਾਲੇ ਗੜਬੜੀ ਇਲਾਕੇ ਵਿੱਚ ਹਰੀ ਸਿੰਘ ਦੇ ਰਾਜ ਪ੍ਰਬੰਧ ਦੇ ਸਰੋਤ ਅੰਗਰੇਜ਼ ਹਕੂਮਤ ਨਾਲੋਂ ਵੀ ਬਹੁਤ ਕਾਰਗਰ ਸਨ। ਹਜ਼ਾਰੇ ਦੇ ਗਜ਼ਟੀਅਰ (੧੯੦੧) ਵਿੱਚ ਦਰਜ਼ ਹੈ ਕਿ ਹਰੀ ਸਿੰਘ ਆਪਣੇ ਕਾਰਨਾਮਿਆਂ ਦੀ ਛਾਪ ਇੱਥੇ ਛੱਡ ਗਿਆ ਕਿਉਂਕਿ ਕੋਈ ਤਾਕਤਵਰ, ਦਲੇਰ ਅਤੇ ਵੱਡੇ ਦਿਲ ਵਾਲਾ ਬੰਦਾ ਹੀ ਇਹ ਕੰਮ ਕਰ ਸਕਦਾ ਹੈ। ਉਸ ਨੇ ਸਿੱਧ ਕਰ ਦਿੱਤਾ ਕਿ ਵਿਰੋਧੀ ਤਾਕਤਾਂ ਸਾਹਸੀ, ਗਤੀਸ਼ੀਲ, ਹਿੰਮਤੀ ਅਤੇ ਨਿੱਡਰ ਬੰਦੇ ਦੇ ਮੂਹਰੇ ਨਾ ਅੜ ਸਕਦੀਆਂ ਹਨ ਅਤੇ ਨਾ ਖੜ੍ਹ ਸਕਦੀਆਂ ਹਨ।
ਇੰਞ ਇਹ ਗੁਰੂ ਕਲਗੀਧਰ ਦਾ ਸਿੰਘ ਸੂਰਮਾ ਅਤੇ ਸਰਦਾਰ ਅਸਮਾਨਤਾ ਵਿਰੁੱਧ ਜੂਝਿਆ, ਸੁਤੰਤਰਤਾ ਲਈ ਲੜਿਆ ਅਤੇ ਸਫ਼ਲਤਾ ਸਹਿਤ ਆਪਣੀ ਮੰਜ਼ਲ ਵਲ ਵਧਦਾ ਹੋਇਆ ਸੂਰਜ ਵੱਤ ਹੋ ਕੇ ਚਮਕਿਆ। ਇਸ ਸ਼ੇਰ ਦਿਲ ਯੋਧੇ ਦੇ ਯੁੱਗ ਪਲਟਾਊ ਕਾਰਨਾਮਿਆਂ ਕਰਕੇ ਸਰਦਾਰ ਨਲੂਏ ਦੀ ਪ੍ਰਸਿੱਧੀ ਬਾਰੇ ਇੱਕ ਗੈਰ ਸਿੱਖ ਆਪਣੀ ਸ਼ਹਿਰਫੀ ਵਿੱਚ ਲਿਖਦਾ ਹੈ:
ਬੇ-ਬਹੁਤ ਹੋਇਆ ਹਰੀ ਸਿੰਘ ਦੂਲੋ, ਜਿਹਦਾ ਨਾਮ ਰੋਸ਼ਨ ਦੂਰ ਦੂਰ ਸਾਰੇ।
ਦਿੱਲੀ ਦੱਖਣ ਤੇ ਚੀਨ ਮਚੀਨ ਤਾਈਂ, ਬਾਦਸ਼ਾਹ ਨੂੰ ਖੌਫ ਜ਼ਰੂਰ ਸਾਰੇ।
ਰਾਜਾ ਕਰਨ ਤੇ ਬਿਕ੍ਰਮਾਜੀਤ ਵਾਂਗੂ, ਹਾਤਮਤਾਈਂ ਵਾਂਗੂੰ ਮਸ਼ਹੂਰ ਸਾਰੇ।
ਕਾਦਰਯਾਰ ਜਹਾਨ ਤੇ ਨਹੀਂ ਹੋਣੇ, ਸਖੀ ਉਹ ਬੁਲੰਦ ਹਜ਼ੂਰ ਸਾਰੇ।
੪
ਸ਼ਿਮਲਾ ਮਿਸ਼ਨ ਦਾ ਮੁੱਖੀ
ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਦਰਿਆ ਸਤਲੁਜ ਤੋਂ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਤੱਕ ਫੈਲ ਚੁੱਕਿਆ ਸੀ ਜਦ ਕਿ ਈਸਟ ਇੰਡਿਆ ਕੰਪਨੀ (ਅੰਗਰੇਜ਼ੀ ਹਕੂਮਤ) ਨੇ ਸਤਲੁਜ ਤੋਂ ਦੱਖਣ ਤੱਕ ਪੈਰ ਪਸਾਰੇ ਹੋਏ ਸਨ। ਸ਼ੇਰਿ-ਏ-ਪੰਜਾਬ ਦੇ ਰਾਜ ਅਧੀਨ ਪੰਜਾਬ ਦਾ ਇਲਾਕਾ ਸੀ। ਅੰਗਰੇਜ਼ ਅਫ਼ਸਰ ਕਈ ਵਾਰ ਗਰਮੀ ਦੀਆਂ ਛੁੱਟੀਆਂ ਸ਼ਿਮਲੇ ਬਿਤਾਉਂਦੇ ਸਨ ਕਿਉਂਕਿ ਗਰਮੀ ਵਿੱਚ ਇੱਥੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਜਦੋਂ ਵੀ ਅੰਗਰੇਜ਼ ਅਫ਼ਸਰ ਸ਼ਿਮਲੇ ਆਉਂਦੇ ਤਾਂ ਹਿੰਦੁਸਤਾਨ ਦੀਆਂ ਵੱਖ ਵੱਖ ਰਿਆਸਤਾਂ ਦੇ ਰਾਜੇ, ਮਹਾਰਾਜੇ, ਨਵਾਬ ਆਦਿ ਇਹਨਾਂ ਨੂੰ ਸ਼ਿਮਲੇ ਵਿਖੇ 'ਜੀਉ ਆਇਆਂ' ਕਹਿਣ ਆਉਂਦੇ ਅਤੇ ਇਹਨਾਂ ਦੀ ਚਾਪਲੂਸੀ ਵੀ ਕਰਦੇ ਸਨ। ਸੰਨ ੧੮੦੯ ਦੀ ਅੰਮ੍ਰਿਤਸਰ ਸੰਧੀ ਕਾਰਨ ਸ਼ੇਰਿ-ਏ-ਪੰਜਾਬ ਨਾਲ ਵੀ ਅੰਗਰੇਜ਼ਾਂ ਨੇ ਮਿੱਤ੍ਰਤਾ ਬਣਾਈ ਹੋਈ ਸੀ। ਇਸ ਮਿਤ੍ਰਤਾ ਦੀ ਆੜ ਹੇਠ ਅੰਗਰੇਜ਼ ਹਕੂਮਤ ਇੱਕ ਪੰਥ ਦੋ ਕਾਜ ਕਰ ਰਹੀ ਸੀ। ਇੱਕ ਤਾਂ ਵਪਾਰਕ ਸਾਧਨਾਂ ਲਈ ਆਵਾਜਾਈ ਖ਼ਾਤਰ ਪੰਜਾਬ ਦਾ ਰਸਤਾ ਵਰਤ ਰਹੀ ਸੀ ਦੂਜਾ ਰਾਜ ਭਾਗ ਦਾ ਭੇਦ ਲੈ ਰਹੀ ਸੀ।
ਅੰਗਰੇਜ਼ ਹਕੂਮਤ ਇਲਾਕਾ ਸਿੰਧ ਤੇ ਕਬਜਾ ਕਰਕੇ ਆਪਣਾ ਰਾਜ ਭਾਗ ਸਮੁੱਚੇ ਅਫ਼ਗਾਨਿਸਤਾਨ ਅਤੇ ਬਲੋਚਿਸਤਾਨ ਤੇ ਜਮਾਉਣ ਦੀ ਸੋਚ ਰਹੀ ਸੀ। ਉਨ੍ਹੀ ਦਿਨੀ ਸੱਯਦ ਅਹਿਮਦ ਬਰੇਲਵੀ ਦਾ ਦਬ ਦਬਾ ਖ਼ਤਮ ਹੋ ਚੁੱਕਿਆ ਸੀ ਅਤੇ ਅੰਗਰੇਜ਼ ਹਕੂਮਤ ਸ਼ਾਹ ਸੁਜਾਅ ਨੂੰ ਕਾਬਲ ਦੀ ਗੱਦੀ ਤੇ ਬਿਠਾਉਣ ਦੇ ਯਤਨ ਵਿੱਚ ਸੀ। ਪਰ ਸ਼ੇਰਿ-ਏ-ਪੰਜਾਬ ਅਤੇ ਇਸ ਦੇ ਜਰਨੈਲ ਅੰਗਰੇਜ਼ ਦੀ ਇਸ ਕੂੜ ਨੀਤੀ ਤੇ ਨਿਗਾਹ ਰੱਖ ਰਹੇ ਸਨ।
ਇਹ ਪਤਾ ਲੱਗਣ ਤੇ ਕਿ ੧੮੩੧ ਦੀਆਂ ਗਰਮੀਆਂ ਵਿੱਚ ਪਹਿਲੀ ਵਾਰ ਅੰਗਰੇਜ਼ ਸਰਕਾਰ ਦੇ ਦੋ ਵੱਡੇ ਅਫ਼ਸਰ (ਬਰਿਟਸ਼ ਗਵਰਨਰ ਜਨਰਲ, ਲਾਰਡ ਵਿਲੀਅਮ ਬੈਂਟਿਕ ਅਤੇ ਬਰਿਟਸ਼ ਕਮਾਂਡਰ-ਇਨ-ਚੀਫ਼ ਲਾਰਡ ਡਲਹੌਜੀ) ਇਕੱਠੇ ਸ਼ਿਮਲੇ ਆ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲਾਂ ਅਤੇ ਦਰਬਾਰੀਆਂ ਦੀ ਮੀਟਿੰਗ ਵਿੱਚ ਕਿਹਾ ਕਿ ਮੇਰੀ ਸੋਚ ਹੈ ਆਪਾਂ ਨੂੰ ਵੀ ਮਿਲਣੀ
ਵਿੱਚ ਸ਼ਿਮਲਾ ਵਿਖੇ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ। ਸਭ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਪਰ ਨਾਲ ਹੀ ਕਈਆਂ ਨੇ ਵਿਚਾਰ ਦਿੱਤੇ ਕਿ ਸਾਨੂੰ ਅੰਗਰੇਜ਼ ਸਰਕਾਰ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ। ਇਹਨਾਂ ਫਰੰਗੀਆਂ ਦੀਆਂ ਮੋਮੋ ਠਗਣੀਆਂ ਗੱਲਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ।
ਇਹਨਾਂ ਦਿਨਾਂ ਵਿੱਚ ਸਰਦਾਰ ਹਰੀ ਸਿੰਘ ਨਲੂਆ ਅਟਕ ਵਿਖੇ ਸਨ। ਇਹਨਾਂ ਨੂੰ ਸੁਨੇਹਾ ਮਿਲਿਆ ਕਿ ਤੁਸੀਂ ਲਾਹੌਰ ਜਲਦੀ ਪਹੁੰਚੋ। ਮਹਾਰਾਜਾ ਸਾਹਿਬ ਬਹੁਤ ਸੂਝਵਾਨ ਸਨ। ਉਨ੍ਹਾਂ ਸ਼ਿਮਲੇ ਵਿਖੇ ਵਫ਼ਦ ਭੇਜਣ ਲਈ ਤਿੰਨ ਅਧਿਕਾਰੀਆਂ ਹਰੀ ਸਿੰਘ ਨਲੂਆ, ਫ਼ਕੀਰ ਅਜ਼ੀਜ਼-ਉਦ-ਦੀਨ ਅਤੇ ਦੀਵਾਨ ਮੋਤੀ ਰਾਮ) ਦੀ ਚੋਣ ਕੀਤੀ। ਇਸ ਵਫ਼ਦ ਵਿੱਚ ਸਰਦਾਰ ਹਰੀ ਸਿੰਘ ਨਲੂਆ ਨੂੰ ਮੁਖੀ ਬਣਾਇਆ ਕਿਉਂਕਿ ਇੱਕ ਤਾਂ ਸਰਦਾਰ ਨਲੂਆ ਸਾਰੇ ਜਰਨੈਲਾਂ ਵਿੱਚ ਮੁੱਖ ਮਲਿਟਰੀ ਕਮਾਂਡਰ ਸੀ। ਦੂਜਾ, ਉਸ ਨੂੰ ਮਹਾਰਾਜਾ ਨੇ ਇੱਕ ਨਾਮਵਰ ਜਰਨੈਲ ਹੋਣ ਦਾ ਪੁਰਸਕਾਰ ਦਿੱਤਾ ਹੋਇਆ ਸੀ। ਤੀਜਾ, ਇਹ ਯੂਰਪੀ ਫ਼ੌਜ਼ਾਂ ਦੇ ਢੰਗਾਂ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਸੀ। ਇਹਨਾਂ ਗੁਣਾਂ ਤੋਂ ਇਲਾਵਾ ਇਹ ਸਖ਼ਸ਼ਿਅਤ ਪੱਖੋਂ ਬਹੁਤ ਹੀ ਰੋਅਬ ਵਾਲਾ, ਦਿਮਾਗ ਪੱਖੋਂ ਬੁੱਧੀਮਾਨ, ਗੱਲਬਾਤ ਪੱਖੋਂ ਹਾਜ਼ਰ ਜੁਆਬ, ਦ੍ਰਿੜ ਹਿਰਦੇ ਵਾਲਾ ਅਤੇ ਦਿਲੋਂ ਸਾਫ਼ ਅਤੇ ਭਰੋਸੇਯੋਗ ਸੀ। ਇਸ ਵਫ਼ਦ ਦੀ ਚੋਣ ਤੋਂ ਮਹਾਰਾਜਾ ਸਾਹਿਬ ਦੀ ਧਰਮ ਨਿਰਪੱਖਤਾ ਡੁੱਲ੍ਹ ਡੁੱਲ੍ਹ ਪੈਂਦੀ ਹੈ। ਕਿਉਂਕਿ ਇਸ ਵਿੱਚ ਇੱਕ ਸਿੱਖ, ਇੱਕ ਹਿੰਦੂ ਅਤੇ ਇੱਕ ਮੁਸਲਮਾਨ ਰੱਖਿਆ ਗਿਆ। ਇਹਨਾਂ ਵਿੱਚੋਂ ਹਰੀ ਸਿੰਘ ਸਭ ਤੋਂ ਛੋਟੀ ਉਮਰ ਦਾ ਸੀ। ਉਪਰਲੇ ਗੁਣ ਜੋ ਸਰਦਾਰ ਨਲੂਆ ਬਾਰੇ ਵਰਨਣ ਕੀਤੇ ਹਨ ਇਹ ਕੋਈ ਫਰਜ਼ੀ ਨਹੀਂ ਅਸਲੀਅਤ ਹੈ। ਬੈਰਨ ਹੁਗਲ ਜਿਹੜਾ ਜਰਮਨੀ ਦਾ ਫ਼ੌਜੀ, ਵਿਦਵਾਨ ਅਤੇ ਨੀਤੀਵਾਨ ਸੀ ਉਹ ਹਰੀ ਸਿੰਘ ਦੀ ੧੮੩੬ ਵਿੱਚ ਉਸ ਨਾਲ ਹੋਈ ਮਿਲਣੀ ਬਾਰੇ ਲਿਖਦਾ ਹੈ:
Our conversation was very different from the majority of such interviews in India.... the exchange of ideas and of references to events which had actually taken place. His questions proved him to have thought and reasoned... He was one of the very few Sardars at the court of Lahore who could read and write persian, the official language... (Hugel, 1845:255)
ਭਾਵ ਸਾਡੀ ਗੱਲਬਾਤ ਭਾਰਤ ਵਿੱਚ ਹੋਈਆਂ ਬਹੁਤ ਸਾਰੀਆਂ ਮੁਲਾਕਾਤਾਂ ਨਾਲੋਂ ਵੱਖਰੀ ਸੀ....ਅਸੀਂ ਹੋਈਆਂ ਅਸਲ ਘਟਨਾਵਾਂ ਬਾਰੇ ਆਪਣੇ ਖਿਆਲਾਤ ਅਤੇ ਪਰਸੰਗ ਸਾਂਝੇ ਕੀਤੇ। ਉਸ ਦੇ ਸਵਾਲ ਬਹੁਤ ਵਿਚਾਰ ਭਰਪੂਰ ਅਤੇ ਤਰਕ ਵਾਲੇ ਸਨ। ਲਾਹੌਰ ਦੀ ਕਚਹਿਰੀ ਵਿੱਚ ਉਹ ਕੁਝ ਸਰਦਾਰਾਂ ਵਿੱਚੋਂ ਇੱਕ ਸੀ ਜਿਹੜਾ ਸਰਕਾਰੀ ਭਾਸ਼ਾ ਫ਼ਾਰਸੀ ਪੜ੍ਹ ਅਤੇ ਲਿਖ ਸਕਦਾ ਸੀ।
(ਹੁਗਲ ੧੮੪੫: ੨੫੫)
ਹਰੀ ਸਿੰਘ ਨਲਵਾ ਜਿਸ ਦੇ ਮਿਸ਼ਨ ਵਿੱਚ ੨੬੫ ਸੈਨਿਕ ਹੋਣਗੇ, ਬਾਰੇ ਸ਼ਿਮਲੇ ਪਹੁੰਚਣ ਸੰਬੰਧੀ ਬਰਤਾਨੀਆਂ ਦੇ ਇਜੰਟ ਕੈਪਟਨ ਵੇਡ ਨੇ ਗਵਰਨਰ ਜਨਰਲ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਸੀ। ਮਹਾਰਾਜਾ ਸਾਹਿਬ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਨੂੰ ਹੋਣ ਵਾਲੀ ਸਾਰੀ ਗੱਲਬਾਤ ਦਾ ਮੂਲ ਖਰੜਾ (ਪਰੋਟੋਕੋਲ) ਤਿਆਰ ਕਰਨ ਲਈ ਅਗਾਊਂ ਲੁਧਿਆਣੇ ਭੇਜ ਦਿੱਤਾ ਅਤੇ ਦੀਵਾਨ ਮੋਤੀ ਰਾਮ ਨੂੰ ਕੈਪਟਨ ਵੇਡ ਕੋਲ ਫਿਲੌਰ ਪਹੁੰਚਣ ਲਈ ਆਖਿਆ।
ਸ਼ਿਮਲਾ ਮਿਸ਼ਨ ਦਾ ਮੰਤਵ
੧. ਸ਼ਿਮਲਾ ਮਿਸ਼ਨ ਜਿਹੜਾ ੧੮੩੧ ਵਿੱਚ ਰੱਖਿਆ ਗਿਆ ਦਾ ਮੁੱਖ ਮੰਤਵ ਸੀ ਬਰਤਨੀਆਂ ਦੇ ਵਪਾਰ ਨੂੰ ਉਤਸ਼ਾਹਤ ਕਰਨਾ ਕਿਉਂਕਿ ੧੮੩੦ ਦੇ ਏੜ ਗੇੜ ਇਹਨਾਂ ਦੇ ਵਪਾਰ ਦੀ ਇਜ਼ਾਰੇਦਾਰੀ ਬਹੁਤ ਘਟ ਗਈ ਸੀ। ਪੰਜਾਬ, ਕਾਬਲ, ਬੁਖਾਰਾ ਆਦਿ ਇਲਾਕਿਆਂ ਵਿੱਚ ਨਿੱਤ ਦੀ ਵਰਤੋਂ ਦੀਆਂ ਵਸਤਾਂ, ਕੱਪੜਾ, ਲੋਹਾ, ਤਾਂਬਾ ਆਦਿ ਬਹੁਤੀਆਂ ਰੂਸ ਤੋਂ ਆ ਕੇ ਵਿਕਣ ਲੱਗ ਪਈਆਂ ਸਨ। ਹੋਰ ਤਾਂ ਹੋਰ ਇਸ ਮਿਸ਼ਨ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਰਤਾਨੀਆਂ ਦੇ ਅਫ਼ਸਰਾਂ ਨੂੰ ਜਿਹੜੇ ਸਿੱਕੇ ਤੋਹਫੇ ਵਜੋਂ ਭੇਂਟ ਕੀਤੇ ਜਾਂਦੇ ਉਹ ਵੀ ਰੂਸ ਤੋਂ ਹੀ ਬਣ ਕੇ ਆਉਂਦੇ ਸਨ।
੨. ਸਿੱਖ ਰਾਜ ਦੀ ਫ਼ੌਜੀ ਤਾਕਤ ਅਤੇ ਫ਼ੌਜ਼ਾਂ ਦੀ ਗਿਣਤੀ ਆਦਿ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨੀ। ਈਸਟ ਇੰਡੀਆ ਕੰਪਨੀ ਨੂੰ ਮਿਸਟਰ ਐਲਨਬਰਗ ਨੇ ਆਖਿਆ ਸੀ ਕਿ ਜਿਤਨਾ ਚਿਰ ਤੁਸੀਂ ਲਾਹੌਰ ਅਤੇ ਕਾਬਲ ਤੇ ਕਬਜ਼ਾ ਨਹੀਂ ਕਰ ਲੈਂਦੇ ਆਪਣਾ ਵਪਾਰ ਵਧ ਨਹੀਂ ਸਕਦਾ।
੩. ਵਪਾਰ ਲਈ ਪੰਜਾਬ ਦੇ ਇਲਾਕੇ ਵਿੱਚ ਸੜਕਾਂ ਦੇ ਨਿਰਮਾਣ ਲਈ ਮੰਨਜੂਰੀ ਹਾਸਲ ਕਰਨਾ।
੪. ਸਿੰਧ ਅਤੇ ਪੰਜਾਬ ਦੇ ਦਰਿਆਵਾਂ ਵਿੱਚ ਵਪਾਰ ਲਈ ਜ਼ਹਾਜ਼ਰਾਨੀ ਦੇ ਸਾਧਨਾਂ ਬਾਰੇ ਜਾਣਨਾ ਅਤੇ ਪਰਵਾਨਗੀ ਲੈਣਾ।
੫. ਪੰਜਾਬ ਤੇ ਰੂਸ ਦੇ ਹਮਲੇ ਦੀ ਚਿਤਾਵਨੀ ਦੇਣਾ।
ਵਿਲੀਅਮ ਬੈਂਟਿਕ ਦਾ ਕਾਫ਼ਲਾ ਜਿਹੜਾ ਸ਼ਿਮਲੇ ਵੱਲ ਜਾ ਰਿਹਾ ਸੀ ਉਸ ਬਾਰੇ ਜੈਕਮਾਊਂਟ ਦੀ ਰੀਪੋਰਟ (੧੮੩੪) ਜਿਹੜੀ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਦਿੱਲੀ ਨੇ ਵਾਲੀਊਮ ੨, ੧੯੭੬ ਵਿੱਚ ਛਾਪੀ ਦੇ ਪੰਨਾ ੩੮੬ ਤੇ ਦਰਜ਼ ਹੈ ਕਿ ਇਸ ਵਿੱਚ ੧੦੩ ਹਾਥੀ, ੧੩੦੦ ਊਂਠ ਅਤੇ ੮੦੦ ਰਥ-ਗੱਡੀਆਂ ਸਨ। ਬੈਂਟਿਕ ਨੇ ਪਿੰਜੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਆ ਰਹੇ ਕਾਫ਼ਲੇ ਦੇ ਸੁਆਗਤ ਲਈ ਰੁਕਣ ਦਾ ਮਨ ਬਣਾਇਆ ਪਰ ਫ਼ਕੀਰ ਅਜ਼ੀਜ਼-ਉਦ-ਦੀਨ ਨੇ ਕਿਹਾ ਕਿ ਮਹਾਰਾਜਾ ਸਾਹਿਬ ਦਾ ਹੁਕਮ ਹੈ ਕਿ ਸਾਡਾ ਕਾਫ਼ਲਾ ਸਿੱਧਾ ਸ਼ਿਮਲੇ ਪਹੁੰਚੇਗਾ। ਇਹ ਗੱਲ ਮੰਨ ਕੇ ਬੈਂਟਿਕ ਸ਼ਿਮਲੇ ਪਹੁੰਚ ਗਿਆ।
ਸਰਦਾਰ ਹਰੀ ਸਿੰਘ ਜੋ ਗੁਰੂ ਦਾ ਨੂਰਾ, ਬਚਨਾਂ ਦਾ ਪੂਰਾ ਅਤੇ ਕਰਨੀ ਦਾ ਸੂਰਾ ਸੀ ਨੇ ਮਹਾਰਾਜੇ ਨੂੰ ਆਖਿਆ, "ਸਾਹਿਬ! ਮਨ ਦੀ ਇੱਛਾ ਨਹੀਂ ਸ਼ਿਮਲੇ ਜਾਣ ਦੀ। ਹਾਂ, ਤੁਹਾਡੇ ਹੁਕਮ ਨੂੰ ਸਵੀਕਾਰ ਕਰ ਰਿਹਾ ਹਾਂ। ਜਿਸ ਕੰਮ ਮੈਂ ਲੱਗਿਆ ਹੋਇਆ ਸੀ ਉਹ ਅਜੇ ਅਧੂਰਾ ਹੈ"।
ਸ਼ਿਮਲੇ ਵੱਲ ਤੁਰਨ ਤੋਂ ਪਹਿਲਾਂ ਸਰਕਾਰ ਨੇ ਹਰੀ ਸਿੰਘ ਨੂੰ ਸ਼ਾਨਦਾਰ ਖਿੱਲਤ ਭੇਂਟ ਕੀਤੀ। ਹਰੀ ਸਿੰਘ ਨਾਲ ਅੰਤ ਦੇ ਸਜੇ ਹੋਏ ੨੬੫ ਸੈਨਿਕ ਤੇ ਘੋੜੇ ਤੋਰੇ। ਰਸਤੇ ਵਿੱਚ ਆਪਣੇ ਪਰਿਵਾਰ ਕੋਲ ਗੁਜਰਾਂਵਾਲੇ ਕੁਝ ਦਿਨ ਠਹਿਰ ਕੇ ਸਿੱਧੇ ਲੁਧਿਆਣੇ ਪਹੁੰਚੇ ਜਿੱਥੇ ਕੈਪਟਨ ਵੇਡ ਨੇ ਇਹਨਾਂ ਦਾ ਨਿੱਘਾ ਸੁਆਗਤ ਕੀਤਾ। ਵਨੀਤ ਨਲੂਆ ਨੇ ਲਿਖਿਆ ਹੈ ਕਿ ਹਿੰਦੁਸਤਾਨ ਦੇ ਦੂਜੇ ਨਵਾਬਾਂ ਤੋਂ ਸਰਦਾਰ ਹਰੀ ਸਿੰਘ ਲਈ ਸੁਆਗਤ ਵੱਖਰਾ ਸੀ। ਹੁਗਲ ਨੇ ਵੀ ਲਿਖਿਆ ਹੈ ਕਿ ਸਰਦਾਰ ਨਲੂਏ ਨੂੰ ਇੱਕ ਖ਼ਾਸ ਕੁਰਸੀ ਬੈਠਣ ਲਈ ਪਹਿਲਾਂ ਹੀ ਟਿਕਾਈ ਹੋਈ ਸੀ। ਮੌਲਵੀ ਮੋਦੀਨ ਕੀ ਲਿਖਦਾ ਹੈ ਕੀਤੇ ਇਸ ਸੁਆਗਤ ਬਾਰੇ ਅਤੇ ਅੰਗਰੇਜ਼ਾਂ ਵੱਲੋਂ ਭਾਰਤੀਆਂ ਲਈ ਕੀਤੇ ਜਾ ਰਹੇ ਸਲੂਕ ਬਾਰੇ?
These Feringis will seat their dogs by their sides on chairs, beds, on palankeens but will not suffer these brutes (meaning people of india whether Hindu or Muslim) to come into their presence; when admitted they will not allow him to sit down even on the ground when noble and distinguished natives appear in the presence of an Englishman, they find him seated on a chair, and though they salute him, they will not return the salutation nor even move his heads (NAI/FSC 21.8.1939: 16)
...ਭਾਵ ਇਹ ਫਰੰਗੀ ਆਪਣੇ ਕੁੱਤਿਆਂ ਨੂੰ ਤਾਂ ਕੁਰਸੀਆਂ, ਬਿਸਤਰਿਆਂ ਅਤੇ ਪਾਲਕੀਆਂ ਵਿੱਚ ਆਪਣੇ ਕੋਲ ਬਿਠਾ ਲੈਂਦੇ ਹਨ ਪਰ ਜਦ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਜਦੋਂ ਕਦੇ ਇਹਨਾਂ ਨੂੰ ਮਿਲਣ ਦੀ ਆਗਿਆ ਮਿਲ ਜਾਵੇ ਤਾਂ ਇਹ ਇਸ ਨੂੰ ਧਰਤੀ ਤੇ ਵੀ ਬੈਠਣ ਲਈ ਨਹੀਂ ਆਖਦੇ। ਜਦੋਂ ਗੁਆਂਢ ਦਾ ਕੋਈ ਦਬ ਦਬੇ ਵਾਲਾ ਅਤੇ ਪਤਵੰਤਾ ਇੱਕ ਅੰਗਰੇਜ਼ ਦੇ ਸਾਮ੍ਹਣੇ ਆਉਂਦਾ ਹੈ ਉਸ ਨੂੰ ਬੈਠਣ ਲਈ ਕੁਰਸੀ ਦਿੰਦੇ ਹਨ, ਉਸ ਨੂੰ ਸਲੂਟ ਮਾਰਦੇ ਹਨ ਭਾਵੇਂ ਉਹ ਸਲੂਟ ਦਾ ਜੁਆਬ ਨਾ ਵੀ ਦੇਵੇ ਅਤੇ ਆਪਣਾ ਸਿਰ ਵੀ ਨਾ ਹਿਲਾਵੇ।
ਸਿੱਖ ਰਾਜ ਦਾ ਕਾਫ਼ਲਾ ਲੁਧਿਆਣੇ ਤੋਂ ਚੱਲ ਕੇ ਰੋਪੜ, ਮਾਛੀਵਾੜਾ, ਚਮਕੌਰ ਸਾਹਿਬ ਹੁੰਦਾ ਹੋਇਆ ਸ਼ਿਮਲੇ ਵੱਲ ਚੱਲਿਆ। ਅੱਧ ਅਪ੍ਰੈਲ ਇਹ ਨਾਲਾਗੜ੍ਹ ਪਹੁੰਚ ਗਏ। ਮਿਸਟਰ ਮਰੇ ਇਹਨਾਂ ਨਾਲ ਚੱਲ ਰਿਹਾ ਸੀ ਪਰ ਕੈਪਟਨ ਵੇਡ ਇਹਨਾਂ ਦੇ ਸੁਆਗਤ ਲਈ ਸ਼ਿਮਲੇ ਪਹੁੰਚ ਗਿਆ ਸੀ। ਹਰੀ ਸਿੰਘ ਦਾ ਕਾਫ਼ਲਾ ਰਸਤੇ ਵਿੱਚ ਸਬਾਥੂ (ਸਪਾਟੂ) ਕੋਲ ਕੁਝ ਸਮਾਂ ਠਹਿਰਿਆ ਸੀ। ਇਸ ਜਗ੍ਹਾ ਕਸੌਲੀ ਸ਼ਿਮਲਾ ਰੂਟ ਤੇ ਅੱਜ ਕਲ੍ਹ 'ਨਲਵਾ' ਨਾਮੀ ਪਿੰਡ ਵਸਿਆ ਹੋਇਆ ਹੈ।
ਦੂਜੇ ਪਾਸੇ ਹਿੰਦੁਸਤਾਨ ਦੇ ਰਾਜੇ ਅਤੇ ਨਵਾਬ ਜਿਨ੍ਹਾਂ ਵਿੱਚ ਨਾਭੇ ਦਾ ਰਾਜਾ ਜਸਵੰਤ ਸਿੰਘ ਅਤੇ ਜੀਂਦ ਅਤੇ ਕੈਥਲ ਦੇ ਸਿੱਖ ਰਾਜੇ ਸਨ, ਉਹ ਗਵਰਨਰ ਜਨਰਲ ਨੂੰ ਮਨੀਮਾਜਰਾ ਵਿਖੇ ਤੋਹਫ਼ੇ ਭੇਂਟ ਕਰ ਕੇ ਵਾਪਸ ਚਲੇ ਗਏ। ਪਟਿਆਲੇ ਦੇ ਰਾਜੇ ਨੇ ਪਿੰਜੌਰ ਵਿਖੇ ਗਵਰਨਰ ਜਨਰਲ ਨਾਲ ਭੇਂਟ ਕਰਕੇ ਤੋਹਫ਼ੇ ਦਿੱਤੇ।
ਲਾਰਡ ਵਿਲੀਅਮ ਬੈਂਟਿਕ ਪਹਾੜੀ ਉੱਪਰ ਬਣੇ ਮਕਾਨ 'ਬੈਂਟਿਕ ਕੈਸਲ ਵਿੱਚ ਠਹਿਰਿਆ ਹੋਇਆ ਸੀ। ਹਰੀ ਸਿੰਘ ੨੧ ਅਪ੍ਰੈਲ ੧੮੩੧ ਨੂੰ ਜਦੋਂ ਸ਼ਿਮਲੇ ਪਹੁੰਚੇ ਤਾਂ ਉਨ੍ਹਾਂ ਨੂੰ ੨੫੦੦ ਰੁਪਏ ਜੈਫ਼ਾਤ ਵਜੋਂ ਦਿੱਤੇ ਗਏ। ਇਹਨਾਂ ਦੇ ਸਾਰੇ ਮੈਂਬਰਾਂ ਅਤੇ ਸੈਨਿਕਾਂ ਦੇ ਧਿਆਨ ਲਈ ਮਿਸਟਰ ਕੈਨੇਡੀ ਦੀ ਡਿਊਟੀ ਲਗਾਈ ਗਈ। ਕੈਪਟਨ ਵੇਡ ੧੩ ਵੈਸਾਖ (੨੩ ਅਪ੍ਰੈਲ ੧੮੩੧) ਨੂੰ ਸਰਦਾਰ ਹਰੀ ਸਿੰਘ ਅਤੇ ਉਨ੍ਹਾਂ ਦੇ ਨਾਲ ਦੇ ਮੈਂਬਰਾਂ ਨੂੰ "Paliti's Grand Hotel" ਵਿੱਚ ਅਗਵਾਈ ਕਰ ਕੇ ਪਹਿਲੀ ਮੀਟਿੰਗ ਲਈ ਲੈ ਕੇ ਗਿਆ। ਲਾਟ ਵਿਲੀਅਮ ਬੈਂਟਿਕ ਅਤੇ ਲਾਟ ਡਲਹੌਜ਼ੀ ਨੇ ਕਮੇਟੀ ਹਾਲ ਦੇ ਦੁਆਰ ਤੇ ਆ ਕੇ ਇਹਨਾਂ ਨੂੰ ਜੀਓ ਆਇਆਂ (Welcome) ਕੀਤਾ, ਹੱਥ ਮਿਲਾਏ ਅਤੇ ਪ੍ਰੇਮ ਸਹਿਤ ਕੁਰਸੀਆਂ ਤੇ ਬਿਠਾਇਆ। ਮਹਾਰਾਜਾ ਸਾਹਿਬ ਦੀ ਸਿਹਤਯਾਬੀ ਬਾਰੇ ਪੁੱਛਿਆ। ਫ਼ਕੀਰ ਅਜ਼ੀਜ਼-ਉਦ-ਦੀਨ ਨੇ ਮਹਾਰਾਜੇ ਵੱਲੋਂ ਭੇਜਿਆ ਪੱਤਰ ਜਿਸ ਵਿੱਚ ਦੋਸਤੀ ਦਾ ਉਪਹਾਰ ਵਰਨਣ ਸੀ, ਪੇਸ਼ ਕੀਤਾ। ਅੱਗੋ ਵਿਲੀਅਮ ਬੈਂਟਿਕ ਨੇ ਵੀ ਦੋਵਾਂ ਤਰਫ਼ਾਂ ਦੀ ਅਟੁੱਟ ਦੋਸਤੀ ਦਾ ਅਹਿਸਾਸ ਜਿਤਾਇਆ ਅਤੇ ਮਹਾਰਾਜੇ ਵੱਲੋਂ ਦਿਖਾਈ ਉਦਾਰਤਾ, ਦਿਆਲਤਾ ਅਤੇ ਕ੍ਰਿਪਾਲਤਾ ਦਾ ਧੰਨਵਾਦ ਕੀਤਾ। ਫਿਰ ਦੋਹਾਂ ਪਾਸਿਆਂ ਤੋਂ ਤੋਹਫਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇੱਕ ਦੂਜੇ ਨਾਲ ਮਿਲ ਕੇ ਗੱਲ ਬਾਤ ਰਾਹੀਂ ਖੁਸ਼ੀ ਸਾਂਝੀ ਕੀਤੀ ਗਈ। ਅਸਲ ਵਿੱਚ ਇਹ ਦਿਖਾਇਆ ਜਾ ਰਿਹਾ ਆਪਸੀ ਪਿਆਰ ਅਤੇ ਦਿਖਾਈ ਜਾ ਰਹੀ ਆਪਸੀ ਸਾਂਝ ਅਤੇ ਖੁਸ਼ੀ ਉਪਰੋਂ ਉਪਰੋਂ ਹੀ ਸੀ। ਇਹ ਲੋਕ ਉਪਰੋਂ ਜਿਤਨੇ ਗੋਰੇ ਚਿੱਟੇ ਸਨ ਅੰਦਰੋਂ ਇਹਨਾਂ ਦੇ ਦਿਲ ਉਤਨੇ ਹੀ ਕਾਲੇ ਸਨ। ਇਹ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਜੱਗ ਜ਼ਾਹਰ ਹੋ ਗਈ ਸੀ। ਜੱਗ ਜਾਣਦਾ ਹੈ ਇਹਨਾਂ ਨੇ ਸਿੱਖ ਰਾਜ ਕਿਵੇਂ ਤਬਾਹ ਕੀਤਾ ਅਤੇ ਕਿਵੇਂ ਕੋਹਿਨੂਰ ਹੀਰੇ ਵਰਗੀਆਂ ਅਨੇਕਾਂ ਹੀ ਕੀਮਤੀ ਵਸਤਾਂ ਲੁੱਟ ਕੇ ਲੰਡਨ ਲੈ ਗਏ।
ਰਸਮੀ ਸੰਮੇਲਨ
ਸਰਦਾਰ ਹਰੀ ਸਿੰਘ ਜੀ ਨਲੂਆ ਅਤੇ ਉਨ੍ਹਾਂ ਦੇ ਵਫ਼ਦ ਦੀ ਅੰਗਰੇਜ਼ ਅਫ਼ਸਰਾਂ ਨਾਲ ੨੭ ਅਪ੍ਰੈਲ ੧੮੩੧ ਨੂੰ ਪੈਲਿਟੀ ਦੇ ਗਰੈਂਡ ਹੋਟਲ ਵਿੱਚ ਰਸਮੀ ਗੱਲਬਾਤ ਹੋਈ। ਇਸ ਗੱਲ ਬਾਤ ਵਿੱਚ ਦੋਹਾਂ ਰਾਜਾਂ ਦੀਆਂ ਗੁਪਤ ਗੱਲਾਂ ਨੂੰ ਪ੍ਰਸ਼ਨ ਉੱਤਰ ਰਾਹੀਂ ਇਕਾਂਤਵਾਸ ਵਿੱਚ ਸਾਂਝਾ ਕੀਤਾ ਗਿਆ। ਭਾਵੇਂ ਇਸ ਮੀਟਿੰਗ ਬਾਰੇ
ਸਭ ਕੁਝ ਗੁਪਤ ਰੱਖਿਆ ਗਿਆ ਸੀ। ਪਰ ਵਿਲੀਅਮ ਬੈਂਟਿਕ ਦੇ ਬਾਅਦ ਵਿੱਚ ਲਿਖੇ ਪੱਤਰਾਂ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਫ਼ੌਜ ਦੀ ਗਿਣਤੀ, ਭੱਤੇ, ਫ਼ੌਜੀ ਕਰਤੱਵਾਂ ਅਤੇ ਆਉਣ ਵਾਲੇ ਸਮੇਂ ਵਿੱਚ ਫ਼ੌਜ ਦੀ ਕਾਰਵਾਈ ਬਾਰੇ ਵਿਚਾਰਿਆ ਗਿਆ ਸੀ। ਲੈਫਟੀਨੈਂਟ ਜਨਰਲ ਐੱਸ ਐੱਫ਼ ਵਟਿੰਗਮ ਨੂੰ ਲਿਖੇ ਪੱਤਰ ਨੰਬਰ ੩੧੪ ਵਿੱਚ ਵਿਲੀਅਮ ਬੈਂਟਿਕ ਨੇ ਇਹ ਲਿਖਿਆ:
Ranjit Singh had abondoned the lance for the sabre. This was necessitated from the moment. Ranjit Singh determined to organise regular troops modelled after European methods. For the cavalry to manouver in line and at close order, the long lance was inconvenient to use and thereafter replaced by the sabre.
ਭਾਵ ਹੁਣ ਰਣਜੀਤ ਸਿੰਘ ਨੇ ਨੇਜੇ ਦੀ ਥਾਂ ਕਟਾਰ ਦੀ ਵਰਤੋਂ ਲਈ ਆਖਿਆ ਹੈ। ਰਣਜੀਤ ਸਿੰਘ ਆਪਣੀਆਂ ਫ਼ੌਜਾਂ ਨੂੰ ਯੂਰਪੀਨ ਢੰਗ ਅਪਨਾਉਣ ਲਈ ਦ੍ਰਿੜ ਹੈ। ਸੈਨਿਕਾਂ ਨੂੰ ਪੈਂਤੜੇਬਾਜੀ ਦੀ ਵਰਤੋਂ ਸਹਿਤ ਲੰਬੇ ਨੇਜ਼ੇ ਦੀ ਵਰਤੋਂ ਯੋਗ ਨਹੀਂ: ਇਸ ਦੀ ਥਾਂ ਕਟਾਰ ਰੱਖਣ ਨੂੰ ਆਖਿਆ ਹੈ।
ਆਪਣੇ ੩੭੮ ਨੰਬਰ ਪੱਤਰ ਵਿੱਚ ਵਿਲੀਅਮ ਬੈਂਟਿਕ ਲਿਖਦਾ ਹੈ ਕਿ ਖਰਚਾ ਘਟਾਉਣ ਲਈ ਹਿੰਦੁਸਤਾਨ ਵਿੱਚ ਅੰਗਰੇਜ਼ ਅਫ਼ਸਰਾਂ ਅਤੇ ਸੈਨਿਕਾਂ ਦੀ ਥਾਂ ਹਿੰਦੁਸਤਾਨੀ ਭਰਤੀ ਕੀਤੇ ਜਾਣ ਕਿਉਂਕਿ ਉਹ ਘੱਟ ਤਨਖਾਹ ਭੱਤੇ ਤੇ ਕੰਮ ਕਰ ਸਕਦੇ ਹਨ। ਬੈਂਟਿਕ ਨੇ ਆਪਣੇ ਸਕੱਤਰ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਮੈਨੂੰ ਪਤਾ ਕਰ ਕੇ ਦੱਸੇ ਕਿ ਰਣਜੀਤ ਸਿੰਘ ਆਪਣੀ ਇਤਨੀ ਫ਼ੌਜ ਨੂੰ ਇਤਨੇ ਫੰਡ ਕਿਥੋਂ ਪ੍ਰਾਪਤ ਕਰਦਾ ਹੈ?
ਮੀਟਿੰਗ ਉਪਰੰਤ ਖਾਲਸਾ ਫ਼ੌਜ ਦੇ ਸੈਨਿਕਾਂ ਅਤੇ ਘੋੜ ਸਵਾਰਾਂ ਵੱਲੋਂ ਆਪਣੇ ਕਾਰਨਾਮਿਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਅਜਬ ਅਤੇ ਗਜ਼ਬ ਦੇ ਪ੍ਰਦਰਸ਼ਨ ਨੂੰ ਦੇਖ ਵਿਲੀਅਮ ਬੈਂਟਿਕ ਨੇ ਸਿਪਾਹੀਆਂ ਨੂੰ ਇਨਾਮ ਪ੍ਰਦਾਨ ਕੀਤੇ।
ਬੈਂਟਿਕ ਨੇ ਇਸ ਪਿੱਛੋਂ ਹਿੰਦੁਸਤਾਨੀ ਅਤੇ ਯੂਰਪ ਦੇ ਸੱਭਿਆਚਾਰ ਦੀ ਸਾਂਝ ਲਈ ਬੜਾ ਸਜ ਧਜ ਵਾਲਾ ਇਸਤਰੀ ਨਾਚ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਸ ਦੀ
ਮੇਮ ਵੀ ਹਿੱਸਾ ਲੈ ਰਹੀ ਸੀ। ਪਰ ਖ਼ਾਲਸਾ ਫ਼ੌਜ ਦੇ ਮਿਸ਼ਨ ਨੇ ਇਹ ਪਸੰਦ ਨਹੀਂ ਕੀਤਾ। ਮੂੰਹ ਵਿੱਚ ਟੋਕਾ ਟਾਕੀ ਵੀ ਕੀਤੀ, ਉਹ ਇਹ ਦੇਖ ਕੇ ਹੈਰਾਨ ਅਤੇ ਪਰੇਸ਼ਾਨ ਹੀ ਨਹੀਂ ਹੋਏ ਸਗੋਂ ਉਨ੍ਹਾਂ ਦੇ ਦਿਲਾਂ ਤੇ ਇਸ ਗਮ ਦੀ ਗਹਿਰੀ ਸੱਟ ਵੱਜੀ। ਖ਼ਾਲਸਾ ਗੁਰੂ ਦੇ ਉਪਦੇਸ਼ ਤੇ ਚਲਦਾ ਹੋਇਆ ਇਸਤਰੀ ਦੀ ਇੱਜ਼ਤ ਅਤੇ ਪੱਤ ਦਾ ਰਖਵਾਲਾ ਹੈ, ਪਰਾਈਆਂ ਇਸਤਰੀਆਂ ਵੱਲ ਨਹੀਂ ਤੱਕਦਾ ਅਤੇ ਨਾ ਹੀ ਐਸੇ ਨਾਚ (ਮੁਜਰੇ) ਦੇਖਦਾ ਹੈ। ਨਾਚਾਂ, ਨਾਟਕਾਂ, ਚੇਟਕਾਂ ਆਦਿ ਨੂੰ ਗੁਰੂ ਸਾਹਿਬ ਨੇ ਮਾੜੇ ਆਖਿਆ ਹੈ ਕਿਉਂਕਿ ਇਹ ਬੇਸ਼ਰਮੀ ਦਾ ਤਾਣ ਹੁੰਦੇ ਹਨ।
ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭੁ ਲੋਗਨ ਕੋ ਆਵਤ ਲਾਜਾ॥
ਸੋਹਨ ਸਿੰਘ ਸੂਰੀ ਲਿਖਦਾ ਹੈ:
"During those days the wife of the Governor with other fifty Eurpean ladies came forward and began to dance and sing with instruments in such a way that the audience become spell-bound like pictures on the wall". (Sohan Singh Suri 19th Cent: (111-1)f.25)
"ਭਾਵ ਉਨ੍ਹੀ ਦਿਨੀ ਗਵਰਨਰ (ਬੈਂਟਿਕ) ਦੀ ਮੇਮ ੫੦ ਹੋਰ ਮੇਮਾਂ ਨਾਲ ਅੱਗੇ ਆਈ। ਉਨ੍ਹਾਂ ਸਾਜ਼ਾਂ ਨਾਲ ਨੱਚਣਾ ਅਤੇ ਗਾਉਣਾਂ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖ ਕੇ ਸ੍ਰੋਤੇ ਮੁਗਧ ਹੋ ਗਏ ਜਿਵੇਂ ਕੰਧ ਤੇ ਕੋਈ ਤਸਵੀਰ ਲੱਗੀ ਦਿਖਾਈ ਦਿੰਦੀ ਹੋਵੇ"।
ਇਸ ਮਿਲਣੀ ਵਿੱਚ ਮੁੱਖ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਉਣ ਵਾਲੇ ਸਮੇਂ ਅੰਦਰ ਤਹਿ ਹੋਏ ਪ੍ਰੋਗ੍ਰਾਮ ਦੀ ਚਰਚਾ ਹੋਈ, ਜਿਹੜੀ ੨੬ ਅਕਤੂਬਰ ੧੮੩੧ ਨੂੰ ਰੋਪੜ ਵਿਖੇ ਹੋਣੀ ਸੀ। ਵਿਦਾਇਗੀ ਸਮੇਂ ਸਰਦਾਰ ਹਰੀ ਸਿੰਘ ਨੂੰ ਲਾਲ ਦਰੀ ਵਿਛਾ ਕੇ ੧੩ ਕੀਮਤੀ ਬਸਤਰਾਂ, ਕਲਗੀ, ਗਲੇ ਦਾ ਹਾਰ ਅਤੇ ਛਾਪ ਨਾਲ ਸਨਮਾਨਿਤ ਕੀਤਾ ਗਿਆ। ਖ਼ਾਲਸਾ ਮਿਸ਼ਨ ਦੇ ਚੱਲਣ ਸਮੇਂ ਬੈਂਟਿਕ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਲਦੀ ਮਿਲਣ ਦੀ ਉਤਸੁਕਤਾ ਦੁਹਰਾਈ। ਕੈਪਟਨ ਵੇਡ ਤਾਂ ਮਹਾਰਾਜਾ ਸਾਹਿਬ ਨੂੰ ਸ਼ਿਮਲਾ ਮਿਸ਼ਨ ਦੀ ਸਫ਼ਲਤਾ ਦੱਸਣ ਲਾਹੌਰ ਵੱਲ ਤੁਰ ਗਿਆ ਪਰ ਸਰਦਾਰ ਨਲੂਆ ਸੈਨਿਕਾਂ ਸਮੇਤ ਗੁਰਧਾਮਾਂ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਵੱਲ ਚੱਲ ਪਏ। ਦੀਵਾਨ ਮੋਤੀ ਰਾਮ ਗੰਗਾ ਦੇ ਕਿਨਾਰੇ ਵਸੇ ਹਰਿਦੁਆਰ ਵੱਲ ਚਲਾ ਗਿਆ।
ਉਪਰੰਤ ਹਰੀ ਸਿੰਘ ਦਾ ਕਾਫ਼ਲਾ ਸਤਲੁਜ ਦਰਿਆ ਪਾਰ ਕਰਕੇ ਫ਼ਿਲੌਰ ਪਹੁੰਚਿਆ। ਫ਼ਿਲੌਰ ਤੋਂ ਅੱਗੇ ਅਦੀਨਾ ਨਗਰ ਪਹੁੰਚੇ ਜਿਹੜਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿਚਕਾਰ ਹੈ। ਅਦੀਨਾ ਨਗਰ ਅਫ਼ਗਾਨ ਗਵਰਨਰ ਅਦੀਨਾ ਬੇਗ ਨੇ ਵਸਾਇਆ ਸੀ। ਉਨ੍ਹੀ ਦਿਨੀਂ ਮਹਾਰਾਜਾ ਸਾਹਿਬ ਅਦੀਨਾ ਬੇਗ ਨਗਰ ਠਹਿਰਿਆ ਹੋਇਆ ਸੀ। ਮਹਾਰਾਜਾ ਨੇ ਸਰਦਾਰ ਹਰੀ ਸਿੰਘ, ਦੀਵਾਨ ਮੋਤੀ ਰਾਮ ਅਤੇ ਫ਼ਕੀਰ ਅਜ਼ੀਜ਼-ਉਦ-ਦੀਨ ਦਾ ਧੰਨਵਾਦ ਕੀਤਾ ਅਤੇ ਤਿੰਨਾਂ ਨੂੰ ਸੋਨੇ ਨਾਲ ਜੜੀਆਂ ਕਾਠੀਆਂ ਵਾਲੇ ਸੁੰਦਰ ਘੋੜੇ ਦਿੱਤੇ। ਮਹਾਰਾਜਾ ਰਣਜੀਤ ਸਿੰਘ ਭਾਵੇਂ ਇਸ ਮਿੱਤ੍ਰਤਾ ਤੋਂ ਬਹੁਤ ਖੁਸ਼ ਸੀ ਪਰ ਸਰਦਾਰ ਨਲੂਆ ਅੰਗਰੇਜ਼ਾਂ ਨਾਲ ਮਿੱਤ੍ਰਤਾ ਗੰਢਣ ਦੇ ਹੱਕ ਵਿੱਚ ਨਹੀਂ ਸਨ। ਉਹਨਾਂ ਨੂੰ ਇਸ ਮਿੱਤ੍ਰਤਾ ਵਿੱਚ ਔਕੜਾਂ ਦਿਖਾਈ ਦਿੰਦੀਆਂ ਸਨ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਕੈਪਟਨ ਵੇਡ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੋਂ ਸਾਵਧਾਨ ਰਹਿਣ ਲਈ ਵੀ ਆਖਿਆ। ਸਰਦਾਰ ਨਲਵਾ ਦੇ ਦਿੱਤੇ ਸੁਝਾਵਾਂ ਅਨੁਸਾਰ ਮਹਾਰਾਜਾ ਨੇ ਕੈਪਟਨ ਵੇਡ ਨੂੰ ਅਗਾਊਂ ਹੋਣ ਵਾਲੀ ਮੀਟਿੰਗ ਸੰਬੰਧੀ ਪੰਜ ਸ਼ਰਤਾਂ ਰੱਖੀਆਂ:
੧. ਮੀਟਿੰਗ ਵਿੱਚ ਗੱਲਬਾਤ ਕੇਵਲ ਦੋਹਾਂ ਰਾਜਾਂ ਵਿੱਚ ਮਿੱਤ੍ਰਤਾ ਸੰਬੰਧੀ ਹੋਵੇਗੀ ਅਤੇ ਕੋਈ ਰਾਜਨੀਤਿਕ ਮੁੱਦਾ ਨਹੀਂ ਵਿਚਾਰਿਆ ਜਾਵੇਗਾ।
੨. ਇਹ ਮਿਲਣੀ ਅਨੰਦਪੁਰ (ਮਾਖੋਵਾਲ) ਦੇ ਨੇੜੇ ਤੇੜੇ ਹੋਵੇਗੀ ਅਤੇ ਦੋਹਾਂ ਰਾਜਾਂ ਦੇ ਸੈਨਿਕ ਸਤਲੁਜ ਦਰਿਆ ਦੇ ਆਪਣੇ ਆਪਣੇ ਪਾਸੇ ਬੈਠਣਗੇ।
੩. ਤੁਹਾਡੇ ਸਾਹਿਬ (English lordship) ਨੂੰ ਪਹਿਲਾਂ ਸਾਡੇ ਕੋਲ ਆਉਣਾ ਪਵੇਗਾ।
४. ਮੈਂ ਆਪਣੇ ਵੱਲੋਂ ਤੁਹਾਨੂੰ ਮੇਰੇ (ਸ਼ੇਰਿ-ਏ-ਪੰਜਾਬ) ਪਾਸ ਲਿਆਉਣ ਲਈ ਆਪਣੇ ਬੇਟੇ ਕੰਵਰ ਖੜਕ ਸਿੰਘ ਨੂੰ ਭੇਜਾਂਗਾ ਅਤੇ ਮੈਨੂੰ ਤੁਹਾਡੇ ਪਾਸ ਤੁਹਾਡਾ ਕਮਾਂਡਰ ਇਨ-ਚੀਫ ਲਿਜਾਵੇਗਾ।
੫. ਤੁਹਾਡੇ ਸਾਹਿਬ ਨਾਲ ਇਸ ਮਿਲਣੀ ਦੀ ਗੱਲ ਬਾਤ ਆਉਣ ਵਾਲੇ ਸਮੇਂ ਅੰਦਰ ਕੋਈ ਮਿਸਾਲ ਨਹੀਂ ਹੋਵੇਗੀ। ਅਗਾਊਂ ਵਾਲੀ ਮਿਲਣੀ ਜਾਂ ਮਿਲਣੀਆਂ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਹੋਵੇਗੀ ਜਾਂ ਹੋਣਗੀਆਂ।
ਕੈਪਟਨ ਵੇਡ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤਾ ਪੱਤਰ ਵਿਲੀਅਮ ਬੈਂਟਿਕ ਕੋਲ ਭੇਜ ਦਿੱਤਾ। ਬੈਂਟਿਕ ਨੇ ਇਹ ਸ਼ਰਤਾਂ ਵਿਚਾਰ ਕੇ ਲਿਖ ਦਿੱਤਾ ਕਿ ਇਹ ਮਿਲਣੀ ਤੁਹਾਡੇ ਦਿੱਤੇ ਸੁਝਾਵਾਂ ਦੇ ਅਨੁਸਾਰ ਹੀ ਹੋਵੇਗੀ। ਮੈਨੂੰ ਇਹ ਸਾਰੀਆਂ ਗੱਲਾਂ ਪ੍ਰਵਾਨ ਹਨ।
ਸਿੱਖ ਸਰਦਾਰਾਂ ਦੀ ਮੀਟਿੰਗ ਵਿੱਚ ਮਹਾਰਾਜੇ ਨੇ ਜਦ ਅੰਗਰੇਜ਼ਾਂ ਨਾਲ ਹੋਣ ਵਾਲੀ ਮਿਲਣੀ ਸੰਬੰਧੀ ਵਿਚਾਰ ਕੀਤਾ ਤਾਂ ਸਾਰੇ ਸਰਦਾਰਾਂ ਨੇ ਇਸ ਨੂੰ ਟੇਢੀ ਚਾਲ ਆਖਿਆ। ਇਸ ਵਿਰੋਧ ਨੂੰ ਦੇਖ ਕੇ ਸਰਕਾਰ ਨੇ ਉਨ੍ਹਾਂ ਕੋਲ ਪਹੁੰਚੇ ਕੈਪਟਨ ਵੇਡ ਨੂੰ ਆਖਿਆ ਕਿ ਤੁਹਾਡਾ ਸਾਹਿਬ ਮੈਨੂੰ ਇਹ ਭਰੋਸਾ ਦੇਵੇ ਕਿ ਜੋ ਗੱਲਬਾਤ ਹੋਵੇਗੀ ਉਹ ਗੁਪਤ ਰੱਖੀ ਜਾਵੇਗੀ। ਸ਼ੈਤਾਨ ਵੇਡ ਨੇ ਆਖਿਆ,"ਸਾਹਿਬ! ਇਸ ਮੀਟਿੰਗ ਸੰਬੰਧੀ ਸਾਡਾ ਕੋਈ ਗੁੱਝਾ ਭੇਦ ਨਹੀਂ, ਇਹ ਤਾਂ ਮਿੱਤ੍ਰਤਾ ਸੰਬੰਧੀ ਤੇ ਦੋਹਾਂ ਰਾਜਾਂ ਵਿੱਚ ਚੰਗਾ ਮਾਹੌਲ ਬਨਾਉਣ ਲਈ ਹੋਵੇਗੀ। ਅਖੀਰ ਮਹਾਰਾਜੇ ਨੇ ਅਕਤੂਬਰ ੧੮੩੧ ਵਿੱਚ ਮਿਲਣੀ ਬਾਰੇ ਹਾਂ ਕਰ ਦਿੱਤੀ। ਪਰ ਵੇਡ ਅਜੇ ਵੀ ਮੀਟਿੰਗ ਬਾਰੇ ਘਬਰਾਹਟ ਵਿੱਚ ਸੀ ਕਿਉਂਕਿ ਮਹਾਰਾਜੇ ਨੇ ਜੀ.ਡੀ. ਕਨਿੰਘਮ ਨੂੰ ਇਹ ਆਖਿਆ ਸੀ ਕਿ ਮੇਰੇ ਸਾਰੇ ਸਰਦਾਰ ਅਜੇਹੀ ਮਿਲਣੀ ਦੇ ਪੂਰੀ ਤਰ੍ਹਾਂ ਖਿਲਾਫ ਹਨ।
ਅਸਲ ਵਿੱਚ ਜੋ ਕੁਝ ਹੁੰਦਾ ਹੈ ਉਹ ਕੁਦਰਤ ਕਰਾਉਂਦੀ ਹੈ। ਕੁਦਰਤ ਦੀ ਕਰਨੀ ਨੂੰ ਕੋਈ ਨਹੀਂ ਮੇਟ ਸਕਦਾ। ਬੰਦਾ ਲੱਖ ਯਤਨ ਕਰੇ ਜੋ ਹੋਣਾ ਹੈ ਉਹ ਹੋ ਕੇ ਹੀ ਰਹਿੰਦਾ ਹੈ। ਬੱਸ ਬੰਦੇ ਦੀ ਅਕਲ ਉੱਪਰ ਐਸਾ ਪੜਦਾ ਪੈ ਜਾਂਦਾ ਹੈ ਕਿ ਫਿਰ ਸਿਆਣਪ ਵੀ ਫੇਲ੍ਹ ਹੋ ਜਾਂਦੀ ਹੈ। ਕੁਦਰਤ ਅੰਦਰ ਕੋਈ ਚੀਜ਼ ਸਥਿਰ ਨਹੀਂ ਹਰ ਵਸਤੂ ਵਿੱਚ ਬਦਲਾ ਆਉਂਦਾ ਹੈ। ਭਾਵ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਹਾਰਾਜੇ ਨੇ ਅੰਗਰੇਜ਼ਾਂ ਨਾਲ ਮਿਲਣੀਆਂ ਕਰ ਕੇ ਵੱਡੀ ਗਲਤੀ ਕੀਤੀ ਸੀ, ਪਰ ਰਾਜ ਭਾਗ ਜਿਸ ਨੂੰ ਅਤੇ ਜਿਤਨਾ ਚਿਰ ਲਈ ਪ੍ਰਾਪਤ ਹੁੰਦਾ ਹੈ ਉਹ ਰੱਬੀ ਬਖਸ਼ਿਸ਼ ਕਾਰਨ ਹੀ ਹੁੰਦਾ ਹੈ।
ਰੋਪੜ ਮਿਲਣੀ
ਲੰਬੀ ਸੋਚ ਵਿਚਾਰ ਪਿੱਛੋਂ ਇਹ ਭੈਅ ਹੋ ਗਿਆ ਕਿ ਇਹ ਮਿਲਣੀ ਰੋਪੜ ਵਿਖੇ ਅਕਤੂਬਰ ਵਿੱਚ ਹੋਵੇਗੀ। ਅੰਗਰੇਜ਼ ਕਾਫ਼ਲਾ ਸਤਲੁਜ ਦੇ ਖੱਬੇ ਪਾਸੇ ਅਤੇ ਸਿੱਖ ਖਾਫ਼ਲਾ ਸੱਜੇ ਪਾਸੇ ਟਿਕਾ ਕਰੇਗਾ। ਇਸ ਮਿਲਣੀ ਲਈ ਤਿਆਰੀਆਂ ਜ਼ੋਰ
ਸ਼ੋਰ ਨਾਲ ਸ਼ੁਰੂ ਹੋ ਗਈਆਂ। ਯੂਰਪੀ ਫ਼ੌਜ਼ਾਂ ਨੇ ਪਹਿਲਾਂ ਆ ਕੇ ਲਾਲ ਰੰਗ ਦੇ ਟੈਂਟ ਗੱਡ ਦਿੱਤੇ। ਸਿੱਖ ਸੈਨਾਂ ਦੇ ਠਹਿਰਨ ਲਈ ਰਾਜਾ ਧਿਆਨ ਸਿੰਘ ਡੋਗਰਾ ਨੇ ਕੇਸਰੀ ਰੰਗ ਦੇ ਟੈਂਟ ਲਵਾ ਕੇ ਸੋਹਣੀ ਤਿਆਰੀ ਕਰਾਈ। ਦਰਿਆ ਉੱਪਰ ਦੀ ਲੰਘਣ ਲਈ ਦੋਹਾਂ ਧਿਰਾਂ ਨੇ ਆਪਣੇ ਆਪਣੇ ਪੁਲ ਤਿਆਰ ਕਰਵਾਏ। ਮਹਾਰਾਜਾ ਰਣਜੀਤ ਸਿੰਘ ੨੫ ਅਕਤੂਬਰ ਨੂੰ ੬ ਹਜ਼ਾਰ ਪਿਆਦਾ ਫ਼ੌਜ ਅਤੇ ੧੦ ਹਜ਼ਾਰ ਘੋੜ ਸਵਾਰਾਂ ਨਾਲ ਇੱਥੇ ਪੁੱਜੇ। ਇਹਨਾਂ ਨੇ ਸਾਹਿਬਜ਼ਾਦਾ ਖੜਕ ਸਿੰਘ, ਜੀਂਦ ਦਾ ਰਾਜਾ ਸੰਗਤ ਸਿੰਘ, ਸਰਦਾਰ ਅਤਰ ਸਿੰਘ ਸੰਧਾਵਾਲੀਆ, ਰਾਜਾ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲੇ ਨੂੰ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨੂੰ ਸ਼ੁੱਭ ਇਛਾਵਾਂ ਦੇਣ ਲਈ ਭੇਜਿਆ। ਇਹਨਾਂ ਦੇ ਅੰਗਰੇਜ਼ੀ ਕੈਂਪ ਵਿੱਚ ਪਹੁੰਚਣ ਤੇ ਫ਼ੌਜਾਂ ਵੱਲੋਂ ਸਲਾਮੀ ਦਿੱਤੀ ਗਈ। ਮਹਾਰਾਜਾ ਅਤੇ ਗਵਰਨਰ ਜਨਰਲ ਵਿਚਕਾਰ ਮੀਟਿੰਗ ੨੬ ਅਕਤੂਬਰ ਨੂੰ ਹੋਈ। ਮਹਾਰਾਜਾ ਅਤੇ ਸਰਦਾਰਾਂ ਦੇ ਕੇਸਰੀ ਪੁਸ਼ਾਕੇ ਪਹਿਨੇ ਹੋਏ ਸਨ। ਸ਼ੇਰਿ-ਏ-ਪੰਜਾਬ ਦੀ ਸੁਨਹਿਰੀ ਕੁਰਸੀ ਅਤੇ ਕੋਹਿਨੂਰ ਹੀਰਾ ਸਭ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਮੀਟਿੰਗ ਦੌਰਾਨ ਵੇਡ ਅਤੇ ਪਰਿਨਸੈੱਪ ਅਨੁਵਾਦੀ (interpretor) ਸਨ। ੨੭ ਅਕਤੂਬਰ ਨੂੰ ਹਰੀ ਸਿੰਘ ਨਲੂਆ, ਸਾਹਿਬਜ਼ਾਦਾ ਖੜਕ ਸਿੰਘ ਅਤੇ ਰਾਜਾ ਗੁਲਾਬ ਸਿੰਘ ਨੇ ਗਵਰਨਰ ਜਨਰਲ ਨੂੰ ਖ਼ਾਲਸਾ ਕੈਂਪ 'ਚ ਆਉਣ ਤੇ ਜੀਉ ਆਇਆਂ ਆਖਿਆ। ਉਪਰੰਤ ਸਰਦਾਰ ਨਲੂਆ ਨੇ ਨੇਜ਼ਾਬਾਜ਼ੀ ਦਾ ਬਹੁਤ ਹੀ ਚਮਤਕਾਰੀ ਪਰਦਰਸ਼ਨ ਕੀਤਾ। ਇਸ ਪਿੱਛੋਂ ਬੈਂਟਿਕ ਨੇ ਇੱਕ ਪੱਤਰ ਦਿੱਤਾ ਜਿਸ ਦੇ ਮੁੱਢਲੇ ਸ਼ਬਦ ਸਨ:
The interview at Rooper was no doubt intended to cement more strongly the union of the two powers..."
ਭਾਵ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਰੋਪੜ ਦੀ ਗੱਲਬਾਤ ਨੇ ਦੋ ਤਾਕਤਾਂ ਦੀ ਮਿੱਤ੍ਰਤਾ ਨੂੰ ਵਧੇਰੇ ਪੱਕਿਆ ਕੀਤਾ ਹੈ....
ਇਸੇ ਤਰ੍ਹਾਂ ਮਹਾਰਾਜਾ ਵੱਲੋਂ ਵੀ ਜੋ ਖਰੜਾ ਲਿਖਤੀ ਰੂਪ ਵਿੱਚ ਬੈਂਟਿਕ ਨੂੰ ਦਿੱਤਾ ਗਿਆ ਉਸ ਦੇ ਸ਼ਬਦ ਸਨ:
"The friends and enemies of the one should be considered the friends and enemies of the other"
ਭਾਵ ਸਾਨੂੰ ਵੈਰ ਭਾਵਨਾ ਭੁਲਾ ਕੇ ਆਪਸੀ ਮਿਤ੍ਰਤਾ ਗੰਢਣੀ ਚਾਹੀਦੀ ਹੈ। ਅਰਥਾਤ ਮਿੱਤ੍ਰ ਦਾ ਵੈਰੀ ਨਹੀਂ ਬਣਨਾ ਚਾਹੀਦਾ।
ਪਰ ਬੈਂਟਿਕ ਨੇ ਅੰਤਲੇ ਸਮਝੌਤੇ ਵਿੱਚ ਇਹ ਸ਼ਬਦ (ਕਿ ਅਸੀਂ ਮਿੱਤ੍ਰ ਨਾਲ ਧਰੋਹ ਨਹੀਂ ਕਰਾਂਗੇ) ਨਹੀਂ ਪਾਏ ਜਿਸ ਕਾਰਨ ਖ਼ਾਸ ਕਰ ਸਰਦਾਰ ਹਰੀ ਸਿੰਘ ਨਲੂਆ ਅਤੇ ਹੋਰ ਸਰਦਾਰਾਂ ਨੇ ਰੋਪੜ ਦੇ ਸਮਝੌਤੇ ਨੂੰ ਠੁਕਰਾ ਦਿੱਤਾ ਸੀ। ਭਾਵੇਂ ਰੋਪੜ ਦੀ ਮੀਟਿੰਗ ਉਪਰੰਤ ਹਰੀ ਸਿੰਘ ਦਾ ਅਹੁਦਾ ਸਰਕਾਰ ਵੱਲੋਂ ਹੋਰ ਵਧਾ ਦਿੱਤਾ ਸੀ। ਪਰ ਸਰਦਾਰ ਨਲਵਾ ਅੰਗਰੇਜ਼ਾਂ ਨਾਲ ਕਿਸੇ ਕਿਸਮ ਦੀ ਸਾਂਝ ਪਾਉਣ ਬਾਰੇ ਹਮੇਸ਼ਾ ਵਿਰੋਧ ਕਰਦਾ ਰਿਹਾ। ਇਹ ਇੱਕ ਜਿਉਂਦਾ ਜਾਗਦਾ ਫ਼ੌਜੀ ਜਰਨੈਲ ਅਤੇ ਬਹੁਤ ਹੀ ਨਿਪੁੰਨ ਸ਼ਾਸਕ ਹੋਣ ਨਾਤੇ ਅੰਗਰੇਜ਼ਾਂ ਦੇ ਹਰ ਪੈਂਤੜੇ ਤੋਂ ਪੂਰੀ ਤਰ੍ਹਾਂ ਜਾਣੂ ਸੀ। ਅਗਰ ਇਹ ਲੰਬੇ ਸਮੇਂ ਲਈ ਜਿਉਂਦਾ ਰਹਿੰਦਾ ਤਾਂ ਅੰਗਰੇਜ਼ਾਂ ਦੀ ਕੀ ਮਜਾਲ ਸੀ ਕਿ ਉਹ ਖ਼ਾਲਸਾ ਰਾਜ ਤੇ ਕਾਬਜ਼ ਹੋ ਜਾਂਦੇ? ਹਰੀ ਸਿੰਘ ਦੀ ਬਹਾਦਰੀ ਸੰਬੰਧੀ ਇੱਕ ਕਵੀ ਦੇ ਬੋਲ ਹਨ:
ਨਲੂਏ ਸ਼ੇਰ ਨੇ ਮੁਗਲਾਂ ਨੂੰ ਵਖਤ ਪਾਇਆ, ਵੈਰੀ ਦਲਾਂ ਦੇ ਥੰਮ੍ਹ ਥਿੜਕਾ ਦਿੱਤੇ।
ਪਸ਼ੌਰ, ਮੁਲਤਾਨ, ਖ਼ੈਬਰ ਦਰੇ ਵਰਗੇ, ਗੜ੍ਹ ਮੁਗਲਾਂ ਦੇ ਸੂਰਮੇ ਝੁਕਾ ਦਿੱਤੇ।
ਸੈਂਕੜੇ ਸਾਲਾਂ ਦੀ ਗੁਲਾਮੀ ਦੇ ਦਾਗ ਧੋ ਕੇ, ਸਿੱਖ ਰਾਜ ਦੇ ਝੰਡੇ ਝੁਲਾ ਦਿੱਤੇ।
੫
ਪਿਸ਼ਾਵਰ ਦਾ ਪਰਦੇਸ਼ਪਤੀ
ਪਿਸ਼ਾਵਰ ਤਕਰੀਬਨ ੮੩੬ ਵਰਸ਼ ਅਫ਼ਗਾਨਾਂ ਦਾ ਤਕੜਾ ਗੜ੍ਹ ਰਿਹਾ ਸੀ। ਆਪਣੇ ਆਪ ਨੂੰ ਬੜੇ ਤਾਕਤਵਰ, ਬਲਵਾਨ ਅਤੇ ਧੱਕੜ ਕਹਾਉਣ ਵਾਲੇ ਅਨੇਕਾਂ ਰਾਜੇ ਮਹਾਰਾਜਿਆਂ ਨੇ ਇਸ ਉੱਪਰ ਕਬਜ਼ਾ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਭ ਅਸਫ਼ਲ ਰਹੇ। ਪਿਸ਼ਾਵਰ ਨੂੰ ਫ਼ਤਹਿ ਕਰਨ ਲਈ ਬਰਤਾਨੀਆਂ, ਰੂਸ ਅਤੇ ਈਰਾਨ ਵਾਲੇ ਵੀ ਕੋਸ਼ਿਸ਼ ਕਰ ਰਹੇ ਸਨ। ਭਾਵੇਂ ਪਿਸ਼ਾਵਰ ਦਾ ਇਲਾਕਾ ਕਈ ਸਾਲਾਂ ਤੋਂ ਸਿੱਖ ਰਾਜ ਦੇ ਅਧੀਨ ਸੀ ਪਰ ਬਾਰਕਜ਼ਈ ਸਰਦਾਰ ਗੜਬੜੀ ਕਰ ਰਹੇ ਸਨ। ਹਜ਼ਾਰਾ ਡਿਸਟ੍ਰਿਕਟ ਗਜ਼ਟੀਅਰ, ੧੯੦੭ ਪੰਨਾ ੧੩੧ ਮੁਤਾਬਕ ਹਰੀ ਸਿੰਘ ਨੂੰ ਮਹਾਰਾਜਾ ਨੇ ਮਾਣ-ਸਤਿਕਾਰ ਦੇ ਕੇ ਆਖਿਆ ਕਿ ਉਹ ਛੇਤੀ ਤੋਂ ਛੇਤੀ ਦਰਿਆ ਰਾਵੀ ਝਨਾ ਆਦਿ ਪਾਰ ਕਰ ਕੇ ਫਿਰ ਜਲਦੀ ਅਟਕੋਂ ਪਾਰ ਜਾ ਕੇ ਸੂਬਾ ਪਿਸ਼ਾਵਰ ਨੂੰ ਆਪਣੇ ਅਧਿਕਾਰ ਹੇਠ ਕਰ ਲਵੇ। ਸਰਦਾਰ ਨਲੂਆ ਨੇ ਸਰਕਾਰ ਦਾ ਹੁਕਮ ਮੰਨ ਕੇ ਫ਼ੌਜ ਸਮੇਤ ਰਾਵਲਪਿੰਡੀ ਵੱਲ ਚਾਲੇ ਪਾ ਦਿੱਤੇ। ਇਸ ਦੀ ਮਦੱਦ ਲਈ ਕੰਵਰ ਨੌ ਨਿਹਾਲ ਸਿੰਘ ਅਧੀਨ ਜਨਰਲ ਵੈਨਤੂਰਾ ਦੀ ਫ਼ੌਜ ਭੇਜੀ ਗਈ (ਉਮਦਾ ਤੁੱਤਵਾਰੀਖ, ३/੧, ਪੰਨਾ ੧੧੮-੧੧੯)।
ਪਿਸ਼ਾਵਰ ਨੂੰ ਪਹਿਲੇ ਪਹਿਲ ਗੰਧਾਰਾ ਕਹਿੰਦੇ ਸਨ ਅਤੇ ਇਸ ਦੀ ਰਾਜਧਾਨੀ 'ਪਰੋਸਪੁਰ' ਸੀ। ਰਾਜਾ ਪੋਰਸ ਨੇ ਇਸ ਨੂੰ ਵਸਾਇਆ ਸੀ। ਇਹ ਇਲਾਕਾ ਚੰਦਰ ਗੁਪਤ ਮੋਰੀਆ ਦੇ ਅਧੀਨ ਵੀ ਰਿਹਾ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਅਨੁਸਾਰ ਚੰਦਰ ਗੁਪਤ ਮੋਰੀਆ ਨੇ ਅੱਜ ਤੋਂ ੨੨੦੦ ਸਾਲ ਪਹਿਲਾਂ ਹਿੰਦੁਸਤਾਨ ਦੀ ਉਹ ਕੁਦਰਤੀ ਸਰਹੱਦ ਕਾਇਮ ਕਰ ਦਿੱਤੀ, ਜਿਸ ਲਈ ਅੱਜ ਤੱਕ ਸੰਸਾਰ ਦੀਆਂ ਵੱਡੀਆਂ ਤਾਕਤਾਂ ਬਾਵਜੂਦ ਯਤਨ ਕਰਨ ਦੇ ਭੀ ਕਾਮਯਾਬ ਨਹੀ ਹੋ ਸਕੀਆਂ। ਮਹਾਰਾਜਾ ਰਣਜੀਤ ਸਿੰਘ ਦੀ ਸੋਚ ਸੀ ਕਿ ਪੰਜਾਬ ਦੀ ਪੁਰਾਣੀ ਚੰਦਰ ਗੁਪਤ ਵਾਲੀ ਸਰਹੱਦ ਤੱਕ ਸਿੱਖ ਰਾਜ ਦੇ ਝੰਡੇ ਝੂਲਣ। ਪਰ ਹਰੀ ਸਿੰਘ ਅਤੇ ਰਣਜੀਤ ਸਿੰਘ ਦੇ ਬੇਵਕਤ ਚਲਾਣੇ ਕਾਰਨ ਇਹ ਕੰਮ ਅਧੂਰਾ ਰਹਿ ਗਿਆ। ਇਸ ਗੱਲ ਦੀ ਤਾਈਦ ਪੰਜਾਬ ਰੀਕਾਰਡਜ਼ ਵਿੱਚ ਕੈਪਟਨ ਵੇਡ ਪੁਲੀਟੀਕਲ ਏਜੰਟ, ਲੁਧਿਆਣਾ ਦੇ ਖਤ, ਜੋ ਉਸ ਨੇ ਗਵਰਨਰ ਜਨਰਲ ਨੂੰ ਜੁਲਾਈ ੧, ੧੮੩੨ ਨੂੰ ਲਿਖਿਆ ਵਿੱਚ ਦਰਜ਼ ਹੈ।
They may take the possession of the path of khyber and gradualy extend the Maharaja's authority to Cabul in the same manner as his occupation of the fort of Attack enabled him overawe and after wards subvery the independence of Peshawar.
ਭਾਵ ਸਿੱਖ ਖ਼ੈਬਰ ਤੇ ਅਧਿਕਾਰ ਜਮਾ ਕੇ ਹੌਲੀ ਹੌਲੀ ਮਹਾਰਾਜੇ ਦਾ ਰਾਜ ਕਾਬਲ ਤੱਕ ਵਧਾ ਸਕਦੇ ਹਨ ਜਿਵੇਂ ਇਹਨਾਂ ਅਟਕ ਦੇ ਕਿਲ੍ਹੇ ਤੇ ਕਬਜ਼ਾ ਕੀਤਾ ਅਤੇ ਉਪਰੰਤ ਪਿਸ਼ਾਵਰ ਨੂੰ ਆਜ਼ਾਦ ਕਰਾਉਣਗੇ।
ਪਿਸ਼ਾਵਰ ਦੇ ਨਾਵਾਂ ਵਿੱਚ ਬਹੁਤ ਤਬਦੀਲੀਆਂ ਆਈਆਂ। ਪੋਰਸ ਸਮੇਂ ਇਸ ਨੂੰ ਪੋਰਸਪੁਰਾ, ਅਸ਼ੋਕ ਸਮੇਂ ਪੁਰਸਪੁਰਾ, ਕਨਿਸ਼ਕ ਸਮੇਂ ਪੁਰਸਪਰ ਕਹਿੰਦੇ ਸਨ। ਫਾਹਿਯਾਨ ਨੇ ਪਾਰਾਸ਼ਾਵਰ, ਹੀਵਨ ਸਾਂਗ ਨੇ ਪੋ-ਲੋ-ਸ਼ਹਾ-ਪੋਲੋਂ, ਪੁਟਾਲਾਨੀ ਨੇ ਪਾਰਸਪੁਰ, ਅਬ ਰਿਹਾਨ ਨੇ ਪਰਸਾਵਰ, ਅਕਬਰ ਨੇ ਪੇਸ਼ਆਵਰ, ਅਖੂਨ ਦਰਵਜ਼ਾ ਨੇ ਪੂਰਸੋਰ, ਖੁਸ਼ਾਲ ਖਾਨ ਖਟਕ ਨੇ ਪੇਖਾਵਰ, ਮਹਾਰਾਜਾ ਰਣਜੀਤ ਸਿੰਘ ਨੇ ਪਸ਼ੌਰ ਅਤੇ ਅੱਜ ਕਲ ਪਿਸ਼ਾਵਰ ਕਿਹਾ ਜਾਂਦਾ ਹੈ। ਅਠਾਰਵੀਂ ਸਦੀ ਤੱਕ ਇਹ ਅਫ਼ਗਾਨਾਂ ਦੀ ਸਿਆਲੂ ਰੁੱਤ ਦੀ ਰਾਜਧਾਨੀ ਹੁੰਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਤੇ ਤਿੰਨ ਵਾਰ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ ਸੀ। ਜਿੱਤ ਵੀ ਪ੍ਰਾਪਤ ਕੀਤੀ ਪਰ ਜਿੱਤ ਕੇ ਇਸ ਨੂੰ ਬਾਰਕਜ਼ਈਆਂ ਦੇ ਅਧੀਨ ਕਰ ਦਿੰਦੇ ਸਨ। ਇਹ ਇਲਾਕਾ ਬਹੁਤ ਉਪਜਾਊ ਸੀ ਅਤੇ ਇਸ ਤੋਂ ਸਰਕਾਰ ਨੂੰ ਵੱਡੀ ਆਮਦਨ ਸੀ। ਮਾਰਚ ੧੮੩੧ ਵਿੱਚ ਅਫ਼ਗਾਨਿਸਤਾਨ ਦੇ ਰਾਜੇ ਸ਼ਾਹ ਸੁਜਾਅ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇੱਕ ਗੁਪਤ ਸੰਧੀ ਹੋਈ ਸੀ। ਜਿਸ ਵਿੱਚ ਉਸ ਨੇ ਸਾਰਾ ਇਲਾਕਾ ਪੰਜਾਬ ਨੂੰ ਦੇ ਦਿੱਤਾ ਸੀ। ਇਸ ਬਦਲੇ ਸ਼ੇਰਿ-ਏ-ਪੰਜਾਬ ਨੇ ਉਸ ਨੂੰ ਹਰ ਮੱਦਦ ਦਾ ਭਰੋਸਾ ਦਿੱਤਾ ਸੀ। ਪਰ ਅੰਗਰੇਜ਼ਾਂ ਨਾਲ ਹੋਈ ਰੋਪੜ ਮਿਲਣੀ ਕਾਰਨ ਪਸ਼ੌਰ ਤੇ ਪੱਕਾ ਅਧਿਕਾਰ ਜਮਾਉਣ ਲਈ ਕੁਝ ਅਟਕਾਰ ਪੈ ਗਈ ਸੀ। ਸੰਨ ੧੮੩੩ ਵਿੱਚ ਮਹਾਰਾਜਾ ਨੇ ਸਰਦਾਰ ਨਲੂਆ ਨੂੰ ਅਟਕ ਦਰਿਆ ਤੇ ਪੱਕਾ ਪੁਲ ਬਨਾਉਣ ਲਈ ਆਖਿਆ ਕਿਉਂਕਿ ਉਹ ਦੁਸਹਿਰਾ ਪਸ਼ੌਰ ਵਿੱਚ ਮਨਾਉਣਾ ਚਾਹੁੰਦਾ ਹੈ। ਪਰ ਮਹਾਰਾਜਾ ਸਾਹਿਬ ਬਹੁਤ ਬੀਮਾਰ ਹੋ ਗਏ ਅਤੇ ਇਹ ਖਬਰ ਵੀ ਕਿਸੇ ਨੇ ਉਡਾ ਦਿੱਤੀ ਕਿ ਸ਼ੇਰਿ-ਏ-ਪੰਜਾਬ ਮਰ ਗਿਆ
ਹੈ। ਇਹ ਖ਼ਬਰ ਸੁਣ ਕੇ ਯੁਸਫਜ਼ਈ ਅਤੇ ਖਟਕ ਕਬੀਲਿਆਂ ਨੇ ਬਗਾਵਤ ਕਰ ਦਿੱਤੀ। ਬਗਾਵਤ ਦੀ ਖ਼ਬਰ ਸੁਣਦੇ ਸਾਰ ਜਨਵਰੀ ੧੮੩੪ ਵਿੱਚ ਹਰੀ ਸਿੰਘ, ਵੈਨਤੂਰਾ ਅਤੇ ਰਾਮ ਲਾਲ ਦੀਆਂ ਫ਼ੌਜਾਂ ਅਕੌੜਾ ਪਹੁੰਚ ਗਈਆਂ ਜੋ ਪਸ਼ੌਰ ਤੋਂ ੩੬ ਮੀਲ ਤੇ ਸੀ। ਫਰਵਰੀ ਵਿੱਚ ਸਰਕਾਰ ਨੇ ਕੰਵਰ ਨੌ ਨਿਹਾਲ ਨੂੰ ਵੀ ਪਸ਼ੌਰ ਵੱਲ ਤੋਰ ਦਿੱਤਾ। ਮਾਰਚ ਵਿੱਚ ਹਰੀ ਸਿੰਘ ਪੰਜਤਾਰ ਵੱਲ ਅਤੇ ਵੈਨਤੂਰਾ ਫ਼ੌਜ ਲੈ ਕੇ ਨਾਲਾ ਬੁੱਢਾ ਵਲ ਵਧਿਆ। ਬਾਰਕਜ਼ਈਆਂ ਨੂੰ ਜਦ ਇਸ ਚੜ੍ਹਾਈ ਦੀ ਖ਼ਬਰ ਮਿਲੀ ਤਾਂ ਉਹਨਾਂ ਬਹੁਤ ਫ਼ੌਜ ਜੰਗ ਲਈ ਇੱਕਠੀ ਕਰ ਲਈ।
ਹਰੀ ਸਿੰਘ ਨਲੂਆ ਮੰਜ਼ਲ ਤਹਿ ਕਰਦਾ ਚਮਕਨੀ ਪਹੁੰਚ ਗਿਆ। ਇੱਥੇ ਸ਼ੇਰ-ਏ-ਪੰਜਾਬ ਵੱਲੋਂ ਸਰਦਾਰ ਨਲੂਆ ਨੇ ਇੱਕ ਪੱਤਰ ਹਾਸਲ ਕੀਤਾ ਜਿਸ ਵਿੱਚ ਲਿਖਿਆ ਸੀ ਕਿ ਚਮਕਨੀ ਵਿੱਚ ਇੱਕ ਬਹੁਤ ਵੱਡਾ ਪੁਸਤਕਾਲਾ (library) ਹੈ। ਚਮਕਨੀ ਤੇ ਹਮਲੇ ਸਮੇਂ ਪੁਸਤਕਾਲੇ ਨੂੰ ਅੱਗ ਤੋਂ ਜ਼ਰੂਰ ਬਚਾਉਣਾ। (ਪ੍ਰੋਫੈਸਰ ਸੀਤਾ ਰਾਮ, ਸਫ਼ਾ ੩੨੭)। ਇਹ ਗੱਲ ਮਹਾਰਾਜੇ ਦੀ ਉਦਾਰਤਾ ਭਰੀ ਸੋਚ ਨੂੰ ਦਰਸਾਉਂਦੀ ਹੈ। ਪਰ ਦੁੱਖ ਦੀ ਗੱਲ ਜਦੋਂ ੧੯੮੪ ਵਿੱਚ 'ਉਪਰੇਸ਼ਨ ਬਲਿਊ ਸਟਾਰ' ਵਕਤ ਭਾਰਤੀ ਫ਼ੌਜ਼ ਨੇ ਆਪਣੇ ਆਪ ਨੂੰ ਪਰਜਾ ਤੰਤਰ ਵਾਦੀ ਕਹਾਉਣ ਵਾਲੀ ਸਰਕਾਰ ਦੇ ਹੁਕਮ ਨਾਲ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ ਸੀ ਤਾਂ ਇਸ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਦਰ ਪਏ ਅਨਮੋਲ ਖਜ਼ਾਨੇ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ। ਉਸ ਸਮੇਂ ਲਾਇਬ੍ਰੇਰੀ ਵਿੱਚ ੧੩ ਹਜ਼ਾਰ ਤੋਂ ਵੀ ਵੱਧ ਮਹਾਨ ਚਿੰਤਕਾਂ ਦੀਆਂ ਲਿਖਤਾਂ, ਪੁਰਾਤਨ ਹੱਥ ਖਰੜੇ, ਪੋਥੀਆਂ ਅਤੇ ਧਾਰਮਿਕ ਗ੍ਰੰਥ ਮੌਜੂਦ ਸਨ। ਐਸੀ ਹੀ ਕਾਰਵਾਈ ਇਤਿਹਾਸ ਅੰਦਰ ਮੁਹੰਮਦ ਗੌਰੀ ਵੱਲੋਂ ਬਿਹਾਰ (ਮਗਧ ਦੇਸ਼) ਦੀ ਨਾਲੰਦਾ ਯੂਨੀਵਰਸਿਟੀ, ਜੋ ਕਿ ਬੁੱਧ ਧਰਮ ਦਾ ਕੇਂਦਰ ਸੀ, ਕੀਤੀ ਗਈ ਸੀ। ਉਸ ਨੇ ਵਿਦਿਆਲੇ ਦਾ ਪੁਸਤਕਾਲਾ ਅੱਗ ਲਗਾ ਕੇ ਰਾਖ ਕਰ ਦਿੱਤਾ ਸੀ। ਕਿਸੇ ਕੌਮ ਦੇ ਸਾਹਿਤ ਨੂੰ ਨਸ਼ਟ ਕਰਨਾ ਉਸ ਕੌਮ ਨੂੰ ਤਬਾਹ ਕਰਨਾ ਹੁੰਦਾ ਹੈ। ਸਾਹਿਤ ਕੌਮ ਦਾ ਚਾਨਣ ਮੁਨਾਰਾ ਹੁੰਦਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੇ ਪੁਰਖਿਆਂ ਦੇ ਹੁਨਰਾਂ, ਸਮਾਜਿਕ ਢੰਗਾਂ, ਰਸਮ-ਰਿਵਾਜ਼ਾਂ, ਰਹਿਣੀ-ਬਹਿਣੀ, ਅਤੇ ਕਾਰਾਂ ਵਿਹਾਰਾਂ ਨੂੰ ਦ੍ਰਿਸ਼ਟੀਮਾਨ ਕਰਦਾ ਹੈ। ਜਿਸ ਤਰ੍ਹਾਂ ਬੰਦਾ ਮਰ ਕੇ ਫਿਰ ਉਸੇ ਹਾਲਤ ਵਿੱਚ ਉਸ ਸ਼ਕਲ ਵਿੱਚ ਇਸ ਧਰਤੀ ਤੇ ਨਹੀਂ ਵਿੱਚਰ ਸਕਦਾ ਇਸੇ ਤਰ੍ਹਾਂ ਸਾਹਿਤ ਨੂੰ ਸਾੜ ਕੇ ਦੁਬਾਰਾ ਉਸ ਸ਼ਕਲ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਸਾਹਿਤ ਇੱਕ ਜੀਵਨ ਹੈ, ਜੀਵਨ ਵੀ ਉਹ ਜਿਹੜਾ
ਸਦੀਆਂ ਭਰ ਜਿਉਂਦਾ ਹੈ ਜਦ ਕਿ ਮਨੁੱਖੀ ਜੀਵਨ ਵੱਧ ਤੋਂ ਵੱਧ ਇੱਕ ਸਦੀ ਦੇ ਏੜ ਗੇੜ ਹੀ ਹੈ। ਖ਼ਾਲਸਾ ਸੈਨਾ ਨੂੰ ਪਤਾ ਲੱਗਿਆ ਕਿ ਹਾਜੀ ਖ਼ਾਨ ਅਤੇ ਮੁਹੰਮਦ ਖ਼ਾਨ ਅੱਗੇ ਵੱਡੀ ਗਿਣਤੀ ਵਿੱਚ ਬਰਕਜ਼ਈਆਂ ਦੇ ਲਸ਼ਕਰ ਹਥਿਆਰਾਂ ਨਾਲ ਲੈਸ ਜੰਗ ਲਈ ਮੋਰਚਾ ਬੰਦੀ ਕਰੀ ਬੈਠੇ ਹਨ। ਇਹ ਸ਼ੁਰੂ ਤੋਂ ਹੀ ਖਾਲਸਾ ਰਾਜ ਦਾ ਵਿਰੋਧ ਕਰ ਰਹੇ ਸਨ ਅਤੇ ਇਸ ਇਲਾਕੇ ਵਿੱਚ ਹਿੰਦੂਆਂ ਅਤੇ ਸਿੱਖਾਂ ਵਿਰੁੱਧ ਫ਼ਤੂਰ ਮਚਾਇਆ ਹੋਇਆ ਸੀ। ਖ਼ਾਲਸੇ ਨੇ ਭਾਵੇਂ ਪਹਿਲਾਂ ਵੀ ਇਹਨਾਂ ਨੂੰ ਕਰਾਰੇ ਹੱਥ ਦਿਖਾਏ ਸਨ ਅਤੇ ਇਹ ਜਾਨਾਂ ਬਚਾ ਕੇ ਭੱਜੇ ਸਨ। ਇਸ ਵਾਰ ਸਰਦਾਰ ਨਲੂਆ ਨੇ ਇਹ ਗੱਲ ਠਾਣ ਲਈ ਸੀ ਕਿ ਇਲਾਕੇ ਵਿੱਚ ਜੋ ਅੱਗ ਇਹਨਾਂ ਨੇ ਲਾਈ ਹੋਈ ਹੈ ਉਸ ਨੂੰ ਬੁਝਾਏ ਵਗੈਰ ਗੱਲ ਰਾਸ ਨਹੀਂ ਆਉਣੀ। ਗੁਰੂ ਦੇ ਸਿੰਘ ਇਹਨਾਂ ਪਠਾਣਾਂ ਤੇ ਭੁੱਖੇ ਸ਼ੇਰਾਂ ਵਾਂਗ ਜਾ ਪਏ। ਸਿੰਘਾਂ ਦੀ ਤਲਵਾਰ ਇਹਨਾਂ ਉੱਪਰ ਹਨ੍ਹੇਰੀ ਵਾਂਗ ਚੱਲੀ, ਗੋਲੀਆਂ ਮੀਂਹ ਵਾਂਗ ਵਰ੍ਹੀਆਂ ਅਤੇ ਤੋਪਾਂ ਦੇ ਗੋਲੇ ਗੜਿਆਂ ਵਾਂਗ ਡਿੱਗੇ। ਭਾਵੇਂ ਹਾਜੀ ਖ਼ਾਨ ਅਤੇ ਇਸ ਦੇ ਪਠਾਣ ਵੀ ਛਾਤੀਆਂ ਤਾਣ ਕੇ ਲੜੇ ਪਰ ਸਿੰਘਾਂ ਦੀ ਚੜ੍ਹਤ ਅਤੇ ਦਲੇਰੀ ਅੱਗੇ ਇਹਨਾਂ ਦੇ ਹੋਸ਼ ਉੱਡ ਗਏ। ਲੜਦੇ ਲੜਦੇ ਹਾਜੀ ਖਾਨ ਅਤੇ ਮੁਹੰਮਦ ਖ਼ਾਨ ਬੁਰੀ ਤਰ੍ਹਾਂ ਫੱਟੜ ਹੋ ਗਏ। ਸਿੰਘਾਂ ਦਾ ਵੀ ਭਾਵੇਂ ਕਾਫੀ ਨੁਕਸਾਨ ਹੋਇਆ ਪਰ ਮਈ ੧੮੩੪ ਨੂੰ ਖਾਲਸੇ ਦੇ ਨਿਸ਼ਾਨ ਪਸ਼ੌਰ ਦੇ ਕਿਲ੍ਹੇ ਬਾਲਾ ਹਿਸਾਰ ਤੇ ਝੂਲ ਗਏ। ਉਪਰੰਤ ਖਾਲਸੇ ਨੇ ਇਸ ਕਿਲ੍ਹੇ ਦਾ ਨਾਂ ਸੁਮੇਰ ਗੜ੍ਹ ਰੱਖਿਆ। ਪਠਾਣਾਂ ਨੇ ਹਾਰ ਮੰਨ ਲਈ ਅਤੇ ਬਹੁਤ ਸਾਰਿਆਂ ਨੂੰ ਬੰਦੀ ਬਣਾ ਲਿਆ। ਯੂਸਫਜ਼ਈਆਂ ਤੋਂ ਖਿਰਾਜ ਵਸੂਲ ਕੀਤਾ ਅਤੇ ਕੈਦੀਆਂ ਨੂੰ ਲਾਹੌਰ ਪਹੁੰਚਾ ਦਿੱਤਾ। ਇਸ ਜਿੱਤ ਦੀ ਖੁਸ਼ੀ ਵਿੱਚ ਮਹਾਰਾਜੇ ਨੇ ੭ ਮਈ ੧੮੩੪ ਨੂੰ ਪਿਸ਼ਾਵਰ ਦੇ ਸਾਰੇ ਪ੍ਰਾਂਤ ਨੂੰ ਖਾਲਸਾ ਰਾਜ ਵਿੱਚ ਸ਼ਾਮਲ ਕਰਨ ਲਈ ਸਰਦਾਰ ਨਲੂਆ ਨੂੰ ਖਿੱਲਤ ਦੇ ਕੇ ਬਖਸ਼ਿਆ। ਕਾਦਰਯਾਰ ਨੇ ਇਸ ਜੰਗ ਵਿੱਚ ਹਰੀ ਸਿੰਘ ਦੀ ਚੱਲੀ ਤੇਗ ਅਤੇ ਪਿਸ਼ਾਵਰ ਵਿੱਚ ਧਮਕ ਬਾਰੇ ਕਾਵਿ ਟੋਟੇ ਵਿੱਚ ਇਸ ਤਰ੍ਹਾਂ ਲਿਖਿਆ ਹੈ:
ਤੇ-ਤੇਗ ਮੈਦਾਨ ਮੇ ਬਹੁਤ ਚੱਲੇ, ਨਾਲ ਤੇਗ ਦੇ ਰਾਜ ਕਮਾਂਵਦਾ ਏ,
ਚੜ੍ਹਤਲ ਸ਼ੇਰ ਦੀ ਚੜ੍ਹੇ ਮੈਦਾਨ ਅੰਦਰ, ਕਿਲ੍ਹੇ ਮਾਰ ਲੈਂਦਾ ਫ਼ਤਹਿ ਪਾਂਵਦਾ ਏ।
ਉਦੋਂ ਭਾਜ ਪੈਂਦੇ ਵੱਡੇ ਖੈਬਰਾਂ ਨੂੰ, ਜਦੋਂ ਧਮਕ ਪੇਸ਼ਾਵਰ ਨੂੰ ਜਾਂਵਦਾ ਏ।
ਕਾਦਰਯਾਰ ਕੰਧਾਰੀਆ ਦੋਸਤ ਮੁਹੰਮਦ, ਡਰਦਾ ਕਾਬਲੋਂ ਉਰਾਂ ਨਾ ਆਂਵਦਾ ਏ।
A letter dated 12 May 1834 from Maharaja Ranjit Singh to captain Wade Political agent Ludhiana states:
By the grace of God at present auspecious moment I have been delighted by the arrival of happy news. The Barkzai Sardars destitute of foresight had arrived at the the dawn of the day with about 12000 horses and foot inhostility against my troops. Kanwar Nau-Nihal Singh took spear in his hand and prepared to oppose them with great presence of mind in concert with Hari Singh Nalwa and Mr. Court with a discharge of artillary and musketroy commenced. At length the Barkzais repinning at their timidity sought safety in flight and dispersed on all sides. Peshawar fell in the hands of officers of my Governmaent who extended their protection to the inhabitants of that place and their property. In the evening there was illumination in the city which was hailed both by Hindus and Muslims of the country as the harbinger of their deliverance from the hands of their tyrants. The victory of Peshawar is one of the greatest of the Sikh Raj and it was mostly due to generalship and boldness of Sardar Hari Singh Nalwa. (NAI/SPC 2: 12: 1834: 61)
ਭਾਵ ੧੨ ਮਈ ੧੮੩੪ ਨੂੰ ਜਿਹੜਾ ਪੱਤਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੈਪਟਨ ਵੇਡ (ਏਜੰਟ ਲੁਧਿਆਣਾ) ਨੂੰ ਲਿਖਿਆ ਗਿਆ ਉਸ ਦੇ ਸ਼ਬਦ ਸਨ:
ਰੱਬੀ ਕ੍ਰਿਪਾ ਸਦਕਾ ਇਸ ਸੁਭਾਗਸ਼ਾਲੀ ਅਤੇ ਕਲਿਆਣਕਾਰੀ ਸਮੇਂ ਮੈਂ ਖੁਸ਼ੀ ਭਰੀ ਖ਼ਬਰ ਸੁਣ ਕੇ ਬਹੁਤ ਅਨੰਦਤ ਹਾਂ। ਬਾਰਕਜ਼ਈ ਸਰਦਾਰਾਂ ਦੀ ਦਰਿੰਦਗੀ ਤੇ ਹੀਣਤਾ ਕਾਰਨ ਸਵੇਰ ਸਮੇਂ ੧੨ ਹਜ਼ਾਰ ਘੋੜ ਸਵਾਰ ਅਤੇ ਪਿਆਦਿਆਂ ਨੇ ਸਾਡੇ ਸੈਨਿਕਾਂ ਨਾਲ ਮਾੜਾ ਸਲੂਕ ਕੀਤਾ। ਕੰਵਰ ਨੌ ਨਿਹਾਲ ਨੇ ਨੇਜਾ ਪਕੜ ਕੇ ਹਰੀ ਸਿੰਘ ਨਲੂਆ ਨਾਲ ਮਿਸਟਰ ਕੋਰਟ ਦੇ ਤੋਪਖਾਨੇ ਅਤੇ ਹੋਰ ਅਸਲੇ ਦੀ ਵਰਤੋਂ ਕਰ ਕੇ ਹੋਸ਼ ਹਵਾਸ ਨਾਲ ਜਦੋਂ ਹਮਲਾ ਕੀਤਾ ਤਾਂ ਬੁਜ਼ਦਿਲ ਅਤੇ ਡਰਪੋਕ ਬਾਰਕਜ਼ਈ ਆਪਣੇ ਬਚਾ ਲਈ ਜਿੱਧਰ ਰਸਤਾ ਮਿਲਿਆ ਦੌੜ ਗਏ। ਮੇਰੇ ਅਫ਼ਸਰਾਂ ਨੇ ਪਸ਼ੌਰ ਨੂੰ ਕਾਬੂ ਕਰ ਕੇ ਉੱਥੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਦੌਲਤ ਨੂੰ ਬਚਾਇਆ। ਸ਼ਾਮ ਦੇ
ਸਮੇਂ ਸ਼ਹਿਰ ਅੰਦਰ ਦੀਪ ਮਾਲਾ ਕੀਤੀ ਗਈ। ਹਿੰਦੂ ਅਤੇ ਮੁਸਲਮਾਨਾਂ ਨੇ ਇਸ ਕਾਰਵਾਈ ਨੂੰ ਸਲਾਹਿਆ ਕਿਉਂਕਿ ਉਹ ਇਹਨਾਂ ਦੇ ਜ਼ੁਲਮਾਂ ਤੋਂ ਬਚ ਗਏ। ਪਸ਼ੌਰ ਦੀ ਜਿੱਤ ਸਿੱਖ ਰਾਜ ਦੀ ਸਭ ਤੋਂ ਮਹਾਨ ਜਿੱਤ ਹੈ ਅਤੇ ਇਸ ਦਾ ਸਾਰਾ ਸਿਹਰਾ ਜਰਨੈਲ ਹਰੀ ਸਿੰਘ ਨਲੂਆ ਨੂੰ ਜਾਂਦਾ ਹੈ। (ਐੱਨ ਏ ਆਈ/ਐੱਸ ਪੀ ਸੀ ੨: ੧੨:੧੮੩੪-੬੧)
ਪਿਸ਼ਾਵਰ ਦੀ ਜਿੱਤ ਉਪਰੰਤ ਅਗਲੇ ਸਾਲ ਬਸੰਤ ਰੁੱਤੇ ਮਹਾਰਾਜਾ ਸਾਹਿਬ ਇੱਥੇ ਪਧਾਰੇ ਅਤੇ ਸਾਰਾ ਰਾਜ ਪ੍ਰਬੰਧ ਦੇਖ ਕੇ ਸਰਦਾਰ ਨਲੂਆ ਦੀ ਭਾਰੀ ਸ਼ਲਾਘਾ ਕੀਤੀ। ਉਨ੍ਹਾਂ ਇੱਕ ਵੱਡਾ ਦਰਬਾਰ ਕੀਤਾ ਜਿਸ ਵਿੱਚ ਇਲਾਕੇ ਦੇ ਰਈਸਾਂ, ਖਾਨਾਂ ਆਦਿ ਨੇ ਖੁਸ਼ੀ ਖੁਸ਼ੀ ਨਜ਼ਰਾਨਾ ਸਰਕਾਰ ਨੂੰ ਦਿੱਤਾ। ਇਸ ਬਦਲੇ ਸ਼ੇਰਿ-ਏ-ਪੰਜਾਬ ਨੇ ਇਹਨਾਂ ਨੂੰ ਜਾਗੀਰਾਂ ਬਖ਼ਸ਼ੀਆਂ ਜਿਹੜੀਆਂ ਬਾਜੇ ਘਰਾਣੇ ਦੇ ਬੰਦਿਆਂ ਪਾਸ ਹੋਤੀ ਮਰਦਾਨ ਜੀ ਦੇ ਸਮੇਂ ਤੱਕ ਵੀ ਹਾਸਲ ਸਨ।
ਕੁਝ ਸਮਾਂ ਬੀਤਣ ਪਿੱਛੋਂ ਸਰਦਾਰ ਨਲੂਆ ਨੂੰ ਖ਼ਬਰ ਮਿਲੀ ਕਿ ਅਮੀਰ ਦੋਸਤ ਮੁਹੰਮਦ ਖਾਨ ਬਾਰਕਜ਼ਈ ਕਾਬਲ ਵਿੱਚ ਹੈ। ਇਹ ਪਿਸ਼ਾਵਰ ਹਥਿਆਉਣ ਲਈ ਫ਼ੇਰ ਭਾਰੀ ਜੰਗੀ ਤਿਆਰੀਆਂ ਕਰ ਰਿਹਾ ਹੈ। ਇਹ ਜਹਾਦ ਦਾ ਨਾਂ ਦੇ ਕੇ ਦਰਾ ਖੈਬਰ ਕੋਲ ਪਹੁੰਚ ਗਿਆ। ਭਾਵੇਂ ਇਹ ਪਹਿਲਾਂ ਵੀ ਦੋ ਵਾਰ ਹਜ਼ਾਰੇ ਅਤੇ ਨੁਸ਼ਹਿਰੇ ਦੀਆਂ ਲੜਾਇਆਂ ਅੰਦਰ ਹਾਰ ਖਾ ਕੇ ਦੌੜ ਗਿਆ ਸੀ ਪਰ ਅਜੇ ਵੀ ਹੰਕਾਰ ਮਨ 'ਚੋਂ ਨਹੀਂ ਸੀ ਗਿਆ। ਸਰਦਾਰ ਹਰੀ ਸਿੰਘ ਟਾਕਰੇ ਲਈ ਤਹਿਕਾਲ ਬਾਲਾ ਦੇ ਮੈਦਾਨ ਵਿੱਚ ਪਹੁੰਚ ਗਏ ਅਤੇ ਪਿਸ਼ਾਵਰ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ।
੧੧ ਮਈ ੧੮੩੫ ਨੂੰ ਨਮਾਜ਼ ਪੜ੍ਹ ਕੇ ਮੁਹੰਮਦ ਖਾਨ ਨੇ ਸਿੰਘਾਂ ਤੇ ਵੱਡਾ ਹਮਲਾ ਕੀਤਾ। ਇਸ ਵਾਰ ਇਹ ਸਿੰਘਾਂ ਦੇ ਦੰਦ ਖੱਟੇ ਕਰਨ ਦੇ ਜੋਸ਼ ਵਿੱਚ ਸੀ। ਫ਼ੌਜੀ ਲਸ਼ਕਰ ਅਤੇ ਅਸਲਾ ਵੀ ਇਸ ਪਾਸ ਬਹੁਤ ਸੀ। ਬੜਾ ਭਿਆਨਕ ਯੁੱਧ ਛਿੜ ਗਿਆ। ਦੋਹਾਂ ਪਾਸਿਆਂ ਦੇ ਸੂਰਮੇ ਜਾਨ ਤੋੜ ਕੇ ਲੜ ਰਹੇ ਸਨ। ਪਰ ਹਰੀ ਸਿੰਘ ਨੇ ਜੰਗ ਦੀ ਐਸੀ ਵਿਉਂਤ ਬਣਾਈ ਕਿ ਮੁਹੰਮਦ ਖਾਨ ਅਤੇ ਉਸ ਦੀ ਫ਼ੌਜ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ। ਸਾਰਾ ਦਿਨ ਜੰਗ ਹੁੰਦੀ ਰਹੀ। ਦਿਨ ਸਮੇਂ ਸਿੰਘਾਂ ਦੀ ਮਾਰ ਪਈ ਦੇਖ ਰਾਤ ਸਮੇਂ ਹਨ੍ਹੇਰੇ ਵਿੱਚ ਇਹ ਕਾਬਲ ਵੱਲ ਦੌੜ ਗਿਆ। ਫ਼ੌਜ ਦਾ ਵੱਡਾ ਨੁਕਸਾਨ ਕਰਾ ਕੇ ਐਸਾ ਦੌੜਿਆ ਮੁੜ ਪਿਸ਼ਾਵਰ ਵੱਲ ਮੂੰਹ ਨਹੀਂ ਕੀਤਾ।
ਰਾਜ ਪ੍ਰਬੰਧ
ਪਿਸ਼ਾਵਰ ਦਾ ਇਲਾਕਾ ਅਤਿਅੰਤ ਗੜਬੜੀ ਵਾਲਾ ਹੋਣ ਕਰਕੇ ਇੱਥੇ ਦਾ ਪ੍ਰਬੰਧ ਚਲਾਉਣਾ ਕੋਈ ਸੌਖੀ ਗੱਲ ਨਹੀਂ ਸੀ। ਮਹਾਰਾਜੇ ਨੇ ਸਰਦਾਰ ਨਲੂਆ ਨੂੰ ਇੱਥੇ ਬਹੁਤ ਸਾਵਧਾਨੀ ਨਾਲ ਚੱਲਣ ਲਈ ਆਖਿਆ। ਕੁਦਰਤੀ ਦੇਣ ਕਰ ਕੇ ਹਰੀ ਸਿੰਘ ਬਹੁਤ ਹੀ ਸੁਯੋਗ, ਦੂਰਦਰਸ਼ੀ, ਖੁਲ੍ਹ ਖਿਆਲੀ ਅਤੇ ਉਦਾਰਚਿੱਤ ਪ੍ਰਬੰਧਕ ਸੀ। ਜਿੱਥੇ ਇਹ ਨਰਮ ਦਿਲ ਅਤੇ ਦੁਖੀਆਂ ਦਾ ਦਰਦ ਵੰਦ ਸੀ, ਉੱਥੇ ਪੱਥਰ ਦਿਲ, ਦੁਸ਼ਮਣ ਦੇ ਨਕੇਲ ਪਾਉਣ ਵਾਲਾ ਵੀ ਸੀ। ਇਸ ਸੰਬੰਧੀ ਕਾਦਰਯਾਰ ਦੇ ਬੋਲ ਇੰਞ ਹਨ:
ਅਲਫ਼ ਆ ਪਿਸ਼ਾਵਰ ਦੇ ਵਿੱਚ ਯਾਰੋ, ਹਰੀ ਸਿੰਘ ਹੁਣ ਰਾਜ ਕਮਾਉਣ ਲੱਗਾ।
ਗਜ਼ਬ ਨਾਕ ਅਫ਼ਗਾਨ ਪੱਕੇ, ਵਿੱਚੋਂ ਸੂਈ ਦੇ ਨੱਕੇ ਲੰਘਾਉਣ ਲੱਗਾ।
ਨਾਲ ਨੋਕ-ਸੰਗੀਨ ਮਹੀਨ ਕਰ ਕੇ, ਦੇਖੋ ਆਪਣੀ ਈਨ ਮਨਾਉਣ ਲੱਗਾ।
ਕਾਦਰਯਾਰ ਦਲੇਰੀ ਦੇ ਕੰਮ ਕਰ ਕੇ, ਨਾਮ ਆਪਣਾ ਰੋਸ਼ਨ ਕਰਾਉਣ ਲੱਗਾ।
ਸਾਰੇ ਇਲਾਕੇ ਦਾ ਦੌਰਾ ਕਰ ਕੇ ਪਹਿਲਾਂ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਸਰਦਾਰ ਨਲੂਆ ਨੇ ਜਾਣਿਆ। ਪਿਸ਼ਾਵਰ ਦਾ ਕਸਬਾ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਹਿੱਸਾ ਕਾਬਲ ਦਰਿਆ ਦੇ ਸੱਜੇ ਪਾਸੇ ਅਫ਼ਰੀਦੀ ਅਤੇ ਖਟਕ ਪਹਾੜੀਆਂ ਨੂੰ ਜਾ ਮਿਲਦਾ ਸੀ ਅਤੇ ਦੂਜਾ ਅਟਕ ਤੱਕ ਜਾਂਦਾ ਸੀ। ਇਹ ਤਿਕੋਨੀ ਸ਼ਕਲ ਵਿੱਚ ਦਰਿਆ ਦੇ ਦੂਜੇ ਬੰਨੇ ਬਾੜਾ ਅਤੇ ਖੈਬਰ ਦੀਆਂ ਪਹਾੜੀਆਂ ਨੂੰ ਜਾ ਲਗਦਾ ਸੀ। ਇਹ ਸਾਰਾ ਇਲਾਕਾ ਪਾਣੀ ਦੀ ਹੋਂਦ ਕਰ ਕੇ ਅਤੇ ਚੰਗੀ ਜ਼ਮੀਨ ਕਰ ਕੇ ਬਹੁਤ ਉਪਜਾਊ ਸੀ। ਪਿਸ਼ਾਵਰ ਦੇ ਦੱਖਣ ਵਿੱਚ ਸਿੱਖਾਂ ਦੀ ਕੁਝ ਵਸੋਂ ਸੀ ਜਿਸ ਦਾ ਬੂਟਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ।
ਮੁਗਲਾਂ ਦੀ ਘਣੀ ਵੱਸੋਂ ਕਰ ਕੇ ਵਿਚਾਰੇ ਹਿੰਦੂ ਤਾਂ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਸਨ। ਔਰੰਗਜ਼ੇਬ ਬਾਦਸ਼ਾਹ (ਪੂਰਾ ਨਾਮ- ਅਬਜ਼ਫਰ ਮੁਹੀਉਦੀਨ ਮੁਹੰਮਦ ਔਰੰਗਜ਼ੇਬ ਸੀ ਅਤੇ ਆਲਮਗੀਰ ਇਸ ਦਾ ਖਿਤਾਬ ਸੀ) ਨੇ ੧੬੫੮ ਵਿੱਚ ਹਿੰਦੂਆਂ ਤੇ 'ਜਜੀਆ' ਲਗਾ ਦਿੱਤਾ ਸੀ। ਇਸ ਟੈਕਸ ਲਈ ਹਰ ਹਿੰਦੂ ਬਾਲਕ (੧੮ ਸਾਲ ਦੀ ਉਮਰ ਤੋਂ ਵੱਡੇ) ਨੂੰ ਇੱਕ 'ਦੀਨਾਰ' ਹਰ ਸਾਲ ਦੇਣਾ ਪੈਂਦਾ ਸੀ। ਇਹ ਦੀਨਾਰ ਸੋਨੇ ਦੇ ਸਿੱਕੇ ਨੂੰ ਕਹਿੰਦੇ ਸਨ, ਜਿਸ ਦਾ ਤੋਲ ੩੨ ਰੱਤੀਆਂ (ਚਾਰ
ਮਾਸ਼ੇ) ਦੇ ਬਰਾਬਰ ਹੁੰਦਾ ਸੀ। ਹਿੰਦੂਆਂ (ਕਾਫ਼ਰਾਂ) ਉੱਪਰ ਇਹ ਬਹੁਤ ਵੱਡਾ ਭਾਰ ਹੀ ਨਹੀਂ ਸੀ ਸਗੋਂ ਇਸ ਦੇ ਉਤਾਰਨ ਸਮੇਂ ਇੱਜ਼ਤ ਵੀ ਰੋਲੀ ਜਾਂਦੀ ਸੀ। ਬਾਦਸ਼ਾਹ ਦੇ ਹੁਕਮ ਅਨੁਸਾਰ ਹਰ ਹਿੰਦੂ ਬਾਲਗ ਨੂੰ ਆਪ ਹਾਜ਼ਰ ਹੋ ਕੇ ਇਹ ਟੈਕਸ ਦੇਣਾ ਪੈਂਦਾ ਸੀ। ਇੰਞ ਜੁਆਨ ਮੁੰਡਿਆਂ ਨੂੰ ਦੇਖ ਕੇ ਉਨ੍ਹਾਂ ਤੋਂ ਇਹ ਮੁਗਲ ਘਰਾਂ ਵਿੱਚ ਬੇਗਾਰਾਂ ਕਰਾਉਂਦੇ ਸਨ ਅਤੇ ਸੁੰਦਰ ਧੀਆਂ, ਭੈਣਾਂ, ਨੂਹਾਂ ਨੂੰ ਧੱਕੇ ਨਾਲ ਲਿਜਾ ਕੇ ਆਪਣੇ ਘਰਾਂ ਦਾ ਕੰਮ ਕਰਾਂਉਂਦੇ ਸਨ ਅਤੇ ਉਨ੍ਹਾਂ ਦੀ ਇੱਜ਼ਤ ਲੁੱਟਦੇ ਸਨ। ਜਿਹੜਾ ਇਹ ਜਜ਼ੀਆ ਨਹੀਂ ਸੀ ਉਤਾਰਦਾ ਉਸ ਨੂੰ ਸਖਤ ਸਜਾ ਦਿੱਤੀ ਜਾਂਦੀ ਸੀ। ਸਰਦਾਰ ਨਲਵਾ ਨੇ ਸਭ ਤੋਂ ਪਹਿਲਾਂ ਆਪਣੀ ਗਵਰਨਰੀ ਸਮੇਂ ਹਿੰਦੂ ਭਰਾਵਾਂ ਦਾ ਜਜ਼ੀਆ ਖ਼ਤਮ ਕੀਤਾ। ਖਜਾਨੇ ਵਿੱਚ ਇਸ ਘਾਟੇ ਦੀ ਪੂਰਤੀ ਲਈ ਮੁਗਲਾਂ ਦੇ ਹਰੇਕ ਘਰ ਤੇ ੪ ਰੁਪਏ ਪ੍ਰਤੀ ਘਰ 'ਖਿਰਾਜ' ਉਹਨਾਂ ਉੱਪਰ ਲਗਾ ਦਿੱਤਾ। ਸਾਰੀ ਪੈਦਾਵਾਰ ਦਾ ਪੰਜਵਾਂ ਹਿੱਸਾ ਮਾਮਲੇ ਵਜੋਂ ਸਰਕਾਰ ਨੂੰ ਜਾਂਦਾ ਸੀ। ਹੋਤੀ ਮਰਦਾਨ, ਪ੍ਰੇਮ ਸਿੰਘ ਜੀ ਦੀ ਲਿਖਤ ਮੁਤਾਬਕ ੧੨੨੧੬੩੦ ਰੁਪਏ ਸਾਲਾਨਾ ਸਰਕਾਰ ਨੂੰ ਹੇਠ ਲਿਖੇ ਪੰਜ ਪਰਗਣਿਆ ਤੋਂ ਪ੍ਰਾਪਤ ਹੁੰਦਾ ਸੀ।
१. ਪਰਗਣਾ ਮੁਹੰਮਦ ਮਲਕ ਅਮੀਨ ਉਲਾ ਖਾਨ
੨. ਇਲਾਕਾ ਖਲੀਲ ਅਰਬਾਬ ਮੁਹੰਮਦ ਖਾਨ
੩. ਪਰਗਣਾ ਦਾਉਜ਼ਈ-ਸੁੰਦਰ ਦਾਸ ਗੋਪਾਲ ਦਾ, ਪਿਸ਼ੌਰੀਆ
੪. ਪਰਗਣਾ ਖਾਲਸਾ-ਪਬੀ, ਅਕਰਪੁਰਾ ਸਾਈਂ ਦਿੱਤਾ ਮੱਲ, ਪਿਸ਼ੌਰੀਆ
੫. ਪਰਗਣਾ ਹਸ਼ਤ ਨਗਰ-ਸਰਦਾਰ ਸੈਦ ਮੁਹੰਮਦ ਖ਼ਾਨ ਅਤੇ ਸੁਲਤਾਨ ਮੁਹੰਮਦ ਖਾਨ ਬਾਰਕਜ਼ਈ। (ਇਹ ਇਹਨਾਂ ਨੂੰ ਗੁਜ਼ਾਰੇ ਲਈ ਜਾਗੀਰ ਵਜੋਂ ਸੀ)
ਹਰੀ ਸਿੰਘ ਨੇ ਪਹਿਲੇ ਹਾਕਮਾਂ ਨਾਲੋਂ ਮਾਮਲੇ ਦੇ ਰੇਟ ਕਾਫੀ ਘਟਾ ਦਿੱਤੇ ਸਨ। ਡਾਕਟਰ ਚੌਪੜਾ ਨੇ ਆਪਣੀ ਲਿਖਤ (The Punjab as a Soverign State ਦੇ ਪੰਨਾ ੧੩੦) ਵਿੱਚ ਲਿਖਿਆ ਹੈ ਕਿ ਮਾਮਲਾ ਘਟਾਉਣ ਦੇ ਨਾਲ ਜਿਮੀਦਾਰਾਂ ਨੂੰ ਹੋਰ ਵੀ ਬਹੁਤ ਸਹੂਲਤਾਂ ਦਿੱਤੀਆਂ। ਸਰਦਾਰ ਸਾਹਿਬ ਨੇ ਬਾੜ ਅਤੇ ਕਾਬਲ ਦਰਿਆ ਵਿੱਚੋਂ ਕਈ ਨਹਿਰਾਂ ਸਿੰਜਾਈ ਲਈ ਕਢਾਈਆਂ। ਮੁਨਸ਼ੀ ਸ਼ਾਹਾਮਤ ਅਲੀ (The Sikhs and Afgan ਦੇ ਸਫ਼ਾ ੨੦੧ ਤੇ ਲਿਖਦਾ ਹੈ ਕਿ ਜਦ ਅਸੀਂ ੧੩ ਮਾਰਚ ਨੂੰ ਚਮਕਨੀ (ਪਿਸ਼ਾਵਰ) ਪਹੁੰਚੇ ਤਾਂ ਕਈ ਨਹਿਰਾਂ ਦੇਖੀਆਂ
ਜਿਹੜੀਆਂ ਬਾੜ ਆਦਿ ਦਰਿਆਵਾਂ ਵਿੱਚੋਂ ਕੱਢੀਆਂ ਗਈਆਂ ਸਨ। ਸ਼ੇਰਿ-ਏ-ਪੰਜਾਬ ਨੇ ਖੁਸ਼ ਹੋ ਕੇ ਸਰਦਾਰ ਨਲੂਆ ਨੂੰ ਬਹੁਤ ਮਾਣ ਦਿੱਤਾ ਅਤੇ ਪਿਸ਼ਾਵਰ ਵਿੱਚ ਵੀ ਆਪਣੇ ਨਾਮ ਦਾ ਸਿੱਕਾ(ਜ਼ਰਬ) ਚਲਾਉਣ ਲਈ ਆਖਿਆ। ਸਰਦਾਰ ਨੇ ਜਿਹੜਾ ਸਿੱਕਾ ਚਲਾਇਆ ਉਸ ਦੇ ਇੱਕ ਰੁਪਏ ਦਾ ਭਾਰ ੧੩੫ ਗ੍ਰੇਨ (ਸਾਢੇ ੮ ਮਾਸ਼ੇ) ਸੀ। ਹੋਤੀ ਮਰਦਾਨ ਲਿਖਦੇ ਹਨ ਕਿ ਸੰਨ ੧੯੩੭ ਵਿੱਚ ਵੀ ਲਾਹੌਰ ਦੇ ਅਜਾਇਬ ਘਰ ਵਿੱਚ ਸਰਦਾਰ ਹਰੀ ਸਿੰਘ ਦਾ ਪਿਸ਼ੌਰੀ ਟਕਸਾਲ ਦਾ ਸਿੱਕਾ ਮੌਜੂਦ ਸੀ।
ਹਰੀ ਸਿੰਘ ਦੀ ਗਵਰਨਰੀ ਸਮੇਂ ਪਿਸ਼ਾਵਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਨੌ ਨਿਹਾਲ ਸਿੰਘ ਦੇ ਨਾਮ ਤੇ ਵੀ ਸਿੱਕਾ ਚੱਲਿਆ ਜਿਸ ਨੂੰ ਨੌ ਨਿਹਾਲ ਸਿੰਘੀ ਸਿੱਕਾ ਕਹਿੰਦੇ ਸਨ। ਇਹ ਚਾਂਦੀ ਦਾ ਸਿੱਕਾ ਸੀ। ਇਸ ਸਿੱਕੇ ਦੇ ਦੋਹੀਂ ਪਾਸੀਂ ਬਿਕ੍ਰਮੀ ੧੮੯੧ ਉਕਰਿਆ ਹੋਇਆ ਸੀ। ਇਹ ਸਿੱਕਾ ੧੮ ਪਿਸ਼ਾਵਰੀ ਆਨੇ ਦੇ ਬਰਾਬਰ ਸੀ ਅਤੇ ਇਸ ਦਾ ਭਾਰ ੧੨੪-੧੩੦ ਗ੍ਰੇਨਜ਼ ਸੀ। ਪਰ ਹਰੀ ਸਿੰਘ ਵਾਲਾ ਸਿੱਕਾ ੧੫ ਪਿਸ਼ਾਵਰੀ ਆਨੇ ਦੇ ਬਰਾਬਰ ਸੀ ਅਤੇ ਇਸ ਦਾ ਭਾਰ ੧੭੦ ਗ੍ਰੇਨਜ਼ ਸੀ (੧੬ ਗ੍ਰੇਨਜ਼ ਦਾ ਭਾਰ ਇੱਕ ਮਾਸ਼ੇ ਦੇ ਬਰਾਬਰ ਹੁੰਦਾ ਹੈ)। ਪਿਸ਼ਾਵਰ ਵਿੱਚ ਨਾਨਕ ਸ਼ਾਹੀ ਸਿੱਕਾ ਵੀ ਚੱਲਦਾ ਸੀ ਜੋ ੨੪ ਪਿਸ਼ਾਵਰੀ ਆਨੇ ਦੇ ਬਰਾਬਰ ਸੀ ਅਤੇ ਭਾਰ ਵਿੱਚ ੧੭੦-੧੭੨ ਗ੍ਰੇਨਜ਼ ਸੀ। ਪਿਸ਼ਾਵਰੀ ਚੁਲਨੀ ਜਾਂ ਰੁਪਈਆ ੧੬ ਆਨੇ ਦਾ ਸੀ। ਨਾਨਕ ਸ਼ਾਹੀ ਦੇ ੧੦੦ ਰੁਪਏ ਦਾ ਮੁੱਲ ਕਾਬਲ ਦੇ ੧੧੩, ਪੇਸ਼ਾਵਰ ਦੇ ੧੨੨, ਨੌ ਨਿਹਾਲ ਦੇ ੧੩੩ ਅਤੇ ਹਰੀ ਸਿੰਘ ਦੇ ੧੬੦ ਰੁਪਏ ਦੇ ਬਰਾਬਰ ਸੀ। ਬੜੀ ਹੀ ਅਸਚਰਜ਼ ਗੱਲ ਇਹ ਸੀ ਕਿ ਹਰੀ ਸਿੰਘ ਦੀ ਮੌਤ ਦੇ ਸੌ ਸਾਲ ਪਿੱਛੋਂ ਵੀ ੧੫ ਪ੍ਰਤੀਸ਼ਤ ਮਾਮਲਾ ਹਰੀ ਸਿੰਘ ਦੇ ਰੁਪਏ ਨਾਲ ਚੱਲ ਰਿਹਾ ਸੀ (ਵਨੀਤ ਨਲੂਆ)
ਆਵਾਜਾਈ ਦੇ ਸਾਧਨਾਂ ਲਈ ਸੜਕਾਂ ਦਾ ਵੀ ਨਿਰਮਾਣ ਕਰਾਇਆ। ਨੈਸ਼ਨਲ ਆਰਚੀਵਜ਼ ਆਫ਼ ਇੰਡੀਆ (ਨਵੀਂ ਦਿੱਲੀ) ਦੀ ਫ਼ੌਰਿੰਨ ਪੁਲੀਟੀਕਲ ਕਨਸਲਟੇਸ਼ਨ ੧੮੩੬ ਦੇ ਪੰਨਾ ੩੨ ਤੇ ਲਿਖਿਆ ਹੈ ਕਿ ਸਿੱਖ ਰਾਜ ਨੇ ਪਿਸ਼ਾਵਰ ਦੀ ਮੰਦਹਾਲੀ ਨੂੰ ਦੂਰ ਕਰ ਦਿੱਤਾ, ਚਾਰੇ ਪਾਸੇ ਹਰਿਆਲੀ ਹੋ ਗਈ, ਖੁਸ਼ਹਾਲੀ ਛਾ ਗਈ ਅਤੇ ਪਰਜਾ ਸੁਭਾਗਸ਼ਾਲੀ ਹੋ ਗਈ। ਇਸ ਦਾ ਵੱਡਾ ਕਾਰਨ ਇਹ ਸੀ ਕਿ ਅਮਨ ਅਮਾਨ ਕਰ ਕੇ ਬਹੁਤ ਸਾਰੇ ਹਿੰਦੂ ਵਪਾਰੀ ਅਤੇ ਸ਼ਾਹੂਕਾਰ ਇੱਥੇ ਆ ਵਸੇ ਜਿਸ ਕਾਰਨ ਵਪਾਰ ਬਹੁਤ ਵਧਣ ਲੱਗਿਆ।
ਫ਼ੌਜੀ ਪ੍ਰਬੰਧ
ਬਾਹਰੀ ਹਮਲਿਆਂ ਤੋਂ ਬਚਾਅ ਲਈ ਅਤੇ ਹਮਲਾਆਵਰਾਂ ਦਾ ਟਾਕਰਾ ਕਰਨ ਲਈ ਕਈ ਕਿਲ੍ਹਿਆਂ ਦੀ ਉਸਾਰੀ ਕਰਵਾਈ। ਇਹਨਾਂ ਵਿੱਚੋਂ ਜਮਰੌਦ (ਫ਼ਤਿਹਗੜ੍ਹ) ਦਾ ਕਿਲ੍ਹਾ ਇੱਕ ਸੀ। ਸਰਦਾਰ ਹਰੀ ਸਿੰਘ ਨੇ ੧੭ ਅਕਤੂਬਰ ੧੮੩੬ ਵਾਲੇ ਦਿਨ ਵੱਡਾ ਫ਼ੌਜੀ ਇਕੱਠ ਕਰ ਕੇ ਅਰਦਾਸ ਕਰਾ ਕੇ ਜਮਰੌਦ ਦੇ ਕਿਲ੍ਹੇ ਦੀ ਨੀਂਹ ਆਪਣੇ ਹੱਥ ਨਾਲ ਰੱਖੀ ਅਤੇ ਤਕਰੀਬਨ ਦੋ ਮਹੀਨਿਆਂ ਵਿੱਚ ਇਸ ਦੀ ਤਿਆਰੀ ਮੁਕੰਮਲ ਕਰਾ ਦਿੱਤੀ। ਜਿੱਥੇ ਇਹ ਕਿਲ੍ਹਾ ਬਣਵਾਇਆ ਉੱਥੇ ਪਹਿਲਾਂ ਥੇਹ ਤੇ ਇੱਕ ਕੱਚੀ ਗੜ੍ਹੀ ਬਣੀ ਹੋਈ ਸੀ। ਅਤੇ ਇਸ ਨੂੰ ਜਮਰੌਦ ਦੀ ਗੜ੍ਹੀ ਕਹਿੰਦੇ ਸੀ ਅਤੇ ਪਿੰਡ ਲਾਗੇ ਵੱਡੀ ਮਾਤਰਾ ਵਿੱਚ ਪਾਣੀ ਮੌਜੂਦ ਸੀ। ਪਸ਼ਤੋ ਵਿੱਚ ਪਾਣੀ ਦੇ ਇਕੱਠ ਨੂੰ ਰੌਦ ਕਹਿੰਦੇ ਹਨ। ਇੰਞ ਜੰਮ+ਰੌਦ ਤੋਂ ਇਸ ਜਗ੍ਹਾ ਦਾ ਨਾਂ ਜਮਰੌਦ ਪੈ ਗਿਆ ਸੀ। ਇਹ ਪਾਣੀ ਦਰਾ ਖੈਬਰ ਤੋਂ ਆਉਂਦਾ ਸੀ। ਦੂਰ ਦ੍ਰਿਸ਼ਟੀ ਤੋਂ ਕੰਮ ਲੈ ਕਿ ਸਰਦਾਰ ਨੇ ਪਾਣੀ ਦੇ ਪ੍ਰਬੰਧ ਲਈ ਕਿਲ੍ਹੇ ਅੰਦਰ ਇੱਕ ਖੂਹ ਵੀ ਖੁਦਵਾਇਆ। ਇਸ ਤੋਂ ਇਲਾਵਾ ਪਿਸ਼ਾਵਰ ਅਤੇ ਜਮਰੌਦ ਦੇ ਵਿਚਕਾਰ ਇੱਕ ਛੋਟਾ ਬੁਰਜ ਹਰੀ ਸਿੰਘ ਵੀ ਬਣਵਾਇਆ। ਹੋਤੀ ਮਰਦਾਨ ਜੀ ਆਪਣੀ ਪੁਸਤਕ ਜੋ ਉਹਨਾਂ ੧੯੩੭ਵਿੱਚ ਲਿਖੀ ਵਿੱਚ ਲਿਖਦੇ ਹਨ ਕਿ ਇਹ ਕਿਲ੍ਹਾ ਅਜੇ ਵੀ ਮੌਜੂਦ ਹੈ ਅਤੇ ਇਸ ਵਿੱਚ ਪੁਲੀਸ ਦਾ ਥਾਣਾ ਹੈ। ਇਹਨਾਂ ਕਿਲ੍ਹਿਆਂ ਵਿੱਚ ਫ਼ੌਜੀ ਤੋਪਖਾਨਾ ਅਤੇ ਲੋੜੀਂਦਾ ਜੰਗੀ ਜਖੀਰਾ ਰਖਵਾਇਆ। ਇਨ੍ਹਾਂ ਕਿਲ੍ਹਿਆਂ ਤੇ ਖਾਲਸੇ ਦੇ ਨਿਸ਼ਾਨ ਸਾਹਿਬ ਝੂਲ਼ਦੇ ਸਨ। ਇਹਨਾਂ ਨਿਸ਼ਾਨਾਂ ਨੂੰ ਤੱਕ ਮੁਗਲ ਭਾਵੇਂ ਕਚੀਚੀਆਂ ਵੱਟਦੇ ਸਨ ਪਰ ਖਾਲਸੇ ਨਾਲ ਮੱਥਾ ਲਾਉਣ ਤੋਂ ਉਨ੍ਹਾਂ ਦੇ ਦਿਲ ਦਹਿਲਦੇ ਸਨ।
ਰਾਜ ਅੰਦਰ ਸ਼ਾਂਤੀ ਦੀ ਬਹਾਲੀ ਲਈ ਐਸੇ ਕਾਨੂੰਨ ਬਣਾਏ ਗਏ ਕਿ ਕੋਈ ਕਿਸੇ ਨਾਲ ਧੱਕਾ-ਸ਼ਾਹੀ ਨਾ ਕਰੇ, ਜੁਲਮ ਨਾ ਢਾਹ ਸਕੇ, ਦਗਾ-ਫ਼ਰੇਬ ਨਾ ਕਰੇ ਅਤੇ ਲੁੱਟ-ਖਸੁੱਟ ਤੋਂ ਬਚਾਅ ਰਹੇ। ਇਹਨਾਂ ਕਾਨੂੰਨਾਂ ਅੰਦਰ ਦਰਜ਼ ਹੀ ਨਹੀਂ ਕੀਤਾ ਸਗੋਂ ਇਹਨਾਂ ਨੂੰ ਲਾਗੂ ਕੀਤਾ। ਉਸ ਵੇਲੇ ਹੁਕਮ ਸੀ ਕਿ ਜਿਹੜਾ ਕਿਸੇ ਨਾਲ ਵੈਰ-ਵਿਰੋਧ ਕਰੇਗਾ ਬਿਨ ਪੁੱਛ ਉਸ ਨੂੰ ਜਿਉਂਦੇ ਹੀ ਅੱਗ ਵਿੱਚ ਸਾੜ ਦਿੱਤਾ ਜਾਵੇਗਾ। ਇਸ ਕਾਰਨ ਭਾਵੇਂ ਕੋਈ ਕਾਨੂੰਨ ਦੀ ਅਵੱਗਿਆ ਘੱਟ ਹੀ ਕਰਦਾ ਸੀ ਪਰ ਜਿਹੜਾ ਮਾੜੀ ਮੋਟੀ ਗਲਤੀ ਕਾਰਨ ਪਕੜਿਆ ਜਾਂਦਾ ਸੀ ਉਹ ਦੋਵੇਂ ਹੱਥ ਜੋੜ ਕੇ ਅਤੇ ਧਰਤੀ ਤੇ ਨੱਕ ਨਾਲ ਲਕੀਰਾਂ ਕੱਢ ਕੇ ਹੋਏ ਜੁਰਮ ਤੋਂ ਸਰਦਾਰਾਂ ਕੋਲੋਂ ਛੁੱਟਣ ਲਈ ਮੁਆਫ਼ੀ ਮੰਗਦਾ ਸੀ। ਇੱਥੋਂ ਤੱਕ ਵੀ ਤੱਥ ਮੌਜੂਦ ਹਨ ਕਿ ਗਲਤੀ ਤੋਂ ਬਖਸ਼ਣ
ਲਈ ਕੁਰਾਨ ਦੀ ਸੌਂਹ ਮੁਗਲ ਖਾਂਦੇ ਸੀ। ਸੀਤਾ ਰਾਮ ਨੇ ਆਪਣੀ ਕਾਵਿ ਰਚਨਾ ਵਿੱਚ ਕਾਨੂੰਨ ਬਾਰੇ ਇੰਞ ਲਿਖਿਆ ਹੈ:
ਸਾਰੇ ਹੀ ਇਲਾਕੇ ਵਿੱਚ ਕੱਢਿਆ ਕਾਨੂੰਨ ਇੱਕ, ਕਰੇ ਜੋ ਲੜਾਈ ਫੂਕ ਦਿੰਦੇ ਨਹੀਂ ਝੱਕ ਦੇ।
ਅੱਗ ਪਾਸੋਂ ਡਰ ਪਠਾਣ ਜਾਣ ਬੀਸ ਕੋਸ, ਹੱਥ ਜੋੜ ਕੱਢਦੇ ਲਕੀਰਾਂ ਨਾਲ ਨੱਕ ਦੇ।
ਲੜਾਂਗੇ ਨਾ ਮੁੜ ਕੇ ਦੁਹਾਈ ਅੱਲਾ ਪਾਕ ਦੀ ਹੈ, ਖਾਣ ਵੱਡੇ ਸੁਗੰਧ ਤੇ ਕੁਰਾਨ ਪਏ ਚੱਕ ਦੇ।
ਸੀਤਾ ਰਾਮ ਮੱਚ ਗਈ ਦੁਹਾਈ ਹਰੀ ਸਿੰਘ ਵਾਲੀ, ਮਾਰ ਮਾਰ ਮੁਗਲ ਉਡਾਏ ਵਾਂਗ ਫੱਕ ਦੇ।
ਸਿੱਖ ਰਾਜ ਅੰਦਰ ਚੰਗੇ ਪ੍ਰਬੰਧਾਂ ਬਾਰੇ ਜਾਨਣ ਲਈ ਬਰਤਾਨੀਆਂ ਦੀ ਅੰਗਰੇਜ਼ੀ ਸਰਕਾਰ ਨੇ ਲਾਰਡ ਮੈਕਾਲੇ ਨੂੰ ਭੇਜਿਆ ਸੀ ਜਿਸ ਨੇ ੧੮੩੫ ਵਿੱਚ ਸਾਰੇ ਪੰਜਾਬ ਦਾ ਦੌਰਾ ਕੀਤਾ। ਉਸ ਨੇ ਸਾਰੇ ਰਾਜ ਨੂੰ ਦੇਖਣ ਉਪਰੰਤ ਇੰਗਲੈਂਡ ਪਹੁੰਚ ਕੇ ਪਾਰਲੀਮੈਂਟ ਵਿੱਚ ਇਹ ਭਾਸ਼ਣ ਦਿੱਤਾ ਸੀ।
I have travelled across the length and bredth of Punjab (India) and have not seen one person who is a thief, such high moral values, people of such calibre that I do not think we would even conquer this country, unless break the very back bone of this nation, which is her spirtitual and cultural heritage?
'ਭਾਵ ਮੈਂ ਭਾਰਤ ਦੇ ਪੰਜਾਬ ਵਿੱਚ ਦੂਰ-ਦਰਾਡੇ ਤੱਕ ਫਿਰ ਤੁਰ ਕੇ ਦੇਖਿਆ ਹੈ, ਮੈਂ ਉੱਥੇ ਕੋਈ ਮੰਗਤਾ ਨਹੀਂ ਦੇਖਿਆ ਅਤੇ ਨਾ ਹੀ ਕੋਈ ਚੋਰ ਦੇਖਿਆ ਹੈ। ਲੋਕਾਂ ਦਾ ਬਹੁਤ ਹੀ ਉੱਚਾ-ਸੁੱਚਾ ਕਿਰਦਾਰ, ਇਖਲਾਕ ਅਤੇ ਹੈਸੀਅਤ ਦਿਖਾ ਰਹੀ ਹੈ ਕਿ ਉਸ ਦੇਸ਼ ਨੂੰ ਜਿੱਤਣਾ ਉਤਨਾ ਚਿਰ ਮੁਸ਼ਕਲ ਲੱਗ ਰਿਹਾ ਹੈ ਜਿਤਨਾ ਚਿਰ ਤੱਕ ਉਸ ਕੌਮ ਦੀ ਪਿੱਠ ਤੇ ਧਰਮ (ਗੁਰੂ) ਦਾ ਬੱਝਿਆ ਵਿਸ਼ਵਾਸ਼ ਨਹੀਂ ਤੋੜ ਦਿੰਦੇ। ਇਹ ਉਹਨਾਂ ਦਾ ਆਤਮਕ ਤੇ ਰੂਹਾਨੀ ਜੋਸ਼ ਅਤੇ ਸੱਭਿਆਚਾਰ ਵਾਲਾ ਵਿਰਸਾ ਦਰਸਾ ਰਿਹਾ ਹੈ।
ਪਠਾਣਾਂ ਦੇ ਇਤਿਹਾਸਕਾਰ ਸਰ ਉਰਫ ਕਿਰਪੈਟਰਿਕ ਕੈਰੋਏ ਅਤੇ ਬਰਤਾਨੀਆਂ ਦੇ ਗਵਰਨਰ ਜਿਹੜੇ ਭਾਰਤ ਦੀ ਆਜ਼ਾਦੀ ਜੋ ੧੯੪੭ ਵਿੱਚ ਮਿਲੀ ਤੋਂ ਪਹਿਲਾਂ ਪਿਸ਼ਾਵਰ ਵਿਖੇ ਸਾਰੀ ਹਾਲਤ ਤੇ ਨਿਗਾਹ ਰੱਖ ਰਹੇ ਸੀ, ਇਹਨਾਂ ਦੋਹਾਂ ਨੇ ਪਿਸ਼ਾਵਰ ਵਿੱਚ ਸਰਦਾਰ ਨਲੂਆ ਵੱਲੋਂ ਕੀਤੇ ਕੰਮਾਂ ਦੀ ਭਾਰੀ ਸ਼ਾਲਾਘਾ ਕੀਤੀ
ਹੈ। ਇਹਨਾਂ ਨੇ ਮੰਨਿਆਂ ਕਿ ਹਰੀ ਸਿੰਘ ਨੇ ਭਿਅੰਕਰ ਅਤੇ ਜ਼ਾਲਮ ਪਠਾਣਾਂ ਨੂੰ ਕਾਬੂ ਕਰੀ ਰੱਖਿਆ। ਭਾਵੇਂ ਅੰਗਰੇਜ਼ਾਂ ਨੂੰ ਪਿਸ਼ਾਵਰ ਦੇ ਆਲੇ-ਦੁਆਲੇ ਹਰੀ ਸਿੰਘ ਵੱਲੋਂ ਉਸਾਰੇ ਬਹੁਤ ਕਿਲ੍ਹੇ ਮਿਲ ਗਏ ਸਨ ਪਰ ਪਖਤੂਨਾਂ ਨੇ ਅੰਗਰੇਜ਼ਾਂ ਦੇ ਪੈਰ ਨਹੀਂ ਲੱਗਣ ਦਿੱਤੇ।
ਇਤਿਹਾਸਕ ਤੱਥਾਂ ਨੂੰ ਘੋਖ ਕੇ ਦੇਖੀਏ ਤਾਂ ਸਿੱਖਾਂ ਨੇ ਮੁਗਲਾਂ ਵਾਂਗ ਨਾ ਤਾਂ ਕਿਸੇ ਤੇ ਜ਼ੁਲਮ ਹੀ ਢਾਹੇ ਅਤੇ ਨਾ ਹੀ ਕੱਟੜ ਪੰਥਕਤਾ ਦਿਖਾਈ। ਪਰ ਇਹਨਾਂ ਅਫ਼ਗਾਨਾਂ ਦੇ ਦਿਲਾਂ ਅੰਦਰ ਸਿੱਖਾਂ ਦਾ ਭਾਰੀ ਡਰ ਵਧ ਗਿਆ ਸੀ। ਖਾਸ ਕਰ ਹਰੀ ਸਿੰਘ ਦੇ ਨਾਂ ਤੋਂ ਤਾਂ ਇਹ ਥਰ ਥਰ ਕੰਬਦੇ ਸਨ। ਇਹ ਵੀ ਇਤਿਹਾਸਕ ਸਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਹੋਰ ਕੋਈ ਸਰਦਾਰ ਪਿਸ਼ਾਵਰ ਵੱਲ ਨੂੰ ਮੂੰਹ ਨਹੀਂ ਸੀ ਕਰਨਾ ਚਾਹੁੰਦਾ। ਗੁਰੂ ਕ੍ਰਿਪਾ ਸਦਕਾ ਅਤੇ ਰੱਬੀ ਬਲ ਕਾਰਨ ਕੇਵਲ ਹਰੀ ਸਿੰਘ ਹੀ ਪਿਸ਼ਾਵਰ ਵਿੱਚ ਸ਼ੇਰ ਵਾਂਗ ਬੁੱਕਿਆ ਅਤੇ ਅੰਤਲੇ ਦਮ ਤੱਕ ਇੱਥੇ ਦਾ ਕਮਾਂਡਰ ਇਨ-ਚੀਫ਼ ਰਿਹਾ। ਇਸ ਦੂਲੇ ਨੇ ਆਪਣੇ ਆਪ ਨੂੰ ਬਹਾਦਰ ਅਤੇ ਦੈਂਤ ਕਹਾਉਣ ਵਾਲੇ ਮੁਗਲਾਂ ਦੇ ਮੂੰਹ ਐਸੇ ਭੰਨੇ ਕਿ ਦੁਨੀਆਂ ਦੀ ਕੋਈ ਵੱਡੀ ਤੋਂ ਵੱਡੀ ਤਾਕਤ ਅਜੇ ਤੱਕ ਅਜੇਹਾ ਨਹੀਂ ਕਰ ਸਕੀ।
ਹਰੀ ਸਿੰਘ ਦੀ ਸੂਰਬੀਰਤਾ ਬਾਰੇ ਇੱਕ ਕਵੀ ਦੇ ਵਿਚਾਰ ਇੰਞ ਹਨ:
ਨਲੂਏ ਸ਼ੇਰ ਨੇ ਮੁਗਲਾਂ ਨੂੰ ਵਖਤ ਪਾਇਆ, ਵੈਰੀ ਦਲਾਂ ਦੇ ਥੰਮ੍ਹ ਥਿੜਕਾ ਦਿੱਤੇ।
ਪਸ਼ੌਰ, ਮੁਲਤਾਨ, ਖ਼ੈਬਰ ਦੱਰੇ ਵਰਗੇ, ਗੜ੍ਹ ਮੁਗਲਾਂ ਦੇ ਸੂਰਮੇ ਝੁਕਾ ਦਿੱਤੇ।
ਸੈਂਕੜੇ ਸਾਲਾਂ ਗੁਲਾਮੀ ਦੇ ਦਾਗ ਧੋ ਕੇ, ਸਿੱਖ ਰਾਜ ਦੇ ਝੰਡੇ ਝੁਲਾ ਦਿੱਤੇ।
੬
ਜਮਰੌਦ ਦੀ ਜੰਗ ਅਤੇ ਸੂਰੇ ਦਾ ਅੰਤ
ਅਣਖੀ, ਹਿੰਮਤੀ, ਦਲੇਰ ਅਤੇ ਨਿਰਭੈ ਯੋਧਾ ਮੁਗਲਾਂ ਨੂੰ ਲਲਕਾਰਦਾ ਅਤੇ ਵੰਗਾਰਦਾ ਉੱਚਾ ਮਨਬੋਲ ਕਰ ਕੇ ਖ਼ੈਬਰ ਦੀ ਘਾਟੀ ਵਿੱਚ ਪਹੁੰਚ ਗਿਆ। ਦੱਰਾ ਖ਼ੈਬਰ ਜਮਰੌਦ ਤੋਂ ਸ਼ੁਰੂ ਹੋ ਕੇ ਉੱਤਰ-ਪੱਛਮ ਵੱਲ ਉੱਚੀਆਂ ਪਹਾੜੀਆਂ ਵਿੱਚ ਦੀ ਵਿੰਗ ਵਲ ਖਾਂਦਾ ੨੨ ਕੋਹ (੩੩ ਮੀਲ) ਲੰਬਾ ਤੋਰਖਾਮ ਜਾ ਕੇ ਖ਼ਤਮ ਹੁੰਦਾ ਹੈ ਜੋ ਕਿ ਕਾਬਲ ਦੀ ਰਾਜਧਾਨੀ ਹੈ। ਇਹ ਦੱਰਾ ਸਮੁੰਦਰੀ ਤਲ ਤੋਂ ੧੦੭੦ ਮੀਟਰ ਉੱਚਾ ਹੈ ਅਤੇ ਪਾਕਿਸਤਾਨ-ਅਫ਼ਗਾਨਿਸਤਾਨ ਨੂੰ ਮਿਲਾਉਂਦਾ ਹੈ। ਬਾਈਬਲ ਵਿੱਚ ਇਸ ਨੂੰ ਪੇਸ਼ ਹੇਬਰ ਲਿਖਿਆ ਹੋਇਆ ਹੈ। ਖ਼ੈਬਰ ਦੱਰੇ ਵਿੱਚ ਦੀ ਲੰਘਦੇ ਰਸਤੇ ਨੂੰ ਸੁਫੇਦ ਕੋਹ ਕਹਿੰਦੇ ਹਨ ਅਤੇ ਇਹ ਪੁਰਾਤਨ ਸਮੇਂ ਤੋਂ ਮੱਧ ਏਸ਼ੀਆ ਅਤੇ ਦੱਖਣੀ ਏਸ਼ੀਆ ਦਾ ਵਪਾਰਕ ਰਸਤਾ ਹੈ ਅਤੇ ਫ਼ੌਜੀ ਯੁੱਧ ਕਲਾ ਦੀ ਖ਼ਾਸ ਜਗ੍ਹਾ ਹੈ।
ਇਤਿਹਾਸ ਮੁਤਾਬਕ ਖੈਬਰ ਦਾ ਸ਼ਬਦ ਹੈਬਰੀਊ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਕਿਲ੍ਹਾ, ਗੜ੍ਹ ਜਾਂ ਮਹੱਲ। ਖ਼ੈਬਰ ਅਸਲ ਵਿੱਚ ਪਸ਼ਤੋ ਦਾ ਸ਼ਬਦ ਹੈ।
ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ, ਤੈਮੂਰ ਲੰਗ ਅਤੇ ਬਾਬਰ ਵਰਗੇ ਇਸ ਰਸਤੇ ਹੀ ਹਿੰਦੁਸਤਾਨ ਨੂੰ ਲੁੱਟਣ ਆਏ ਅਤੇ ੧੫੨੬ ਤੋਂ ੧੮੫੭ ਤੱਕ ਮੁਗਲ ਰਾਜ ਕਾਇਮ ਕੀਤਾ। ਇਸ ਉਪਰੰਤ ਹਿੰਦੁਸਤਾਨ ਤੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਦੁਰਾਨੀ ਹਮਲਾਵਰ ਬਣ ਕੇ ਆਏ। ਇਹਨਾਂ ਹਮਲਿਆਂ ਵਿੱਚ ਅਫ਼ਗਾਨਾਂ ਨੇ ਹਿੰਦੁਸਤਾਨ ਜੋ ਸੋਨੇ ਦੀ ਚਿੜੀ ਅਖਵਾਉਂਦਾ ਸੀ ਨੂੰ ਖੂਬ ਲੁੱਟਿਆ, ਇਥੋਂ ਦੀ ਸੰਸਕ੍ਰਿਤੀ ਤਬਾਹ ਕਰ ਦਿੱਤੀ ਅਤੇ ਬਹੂ ਬੇਟੀਆਂ ਦੀ ਇਜ਼ਤ ਲੁੱਟ ਕੇ ਉਨ੍ਹਾਂ ਨੂੰ ਟਕੇ ਟਕੇ ਵਿੱਚ ਗਜ਼ਨੀ ਦੇ ਬਜ਼ਾਰਾਂ ਅੰਦਰ ਵੇਚਿਆ। ਸਿੱਖ ਰਾਜ ਸਮੇਂ ਕੁਦਰਤ ਵੱਲੋਂ ਭੇਜੇ ਸੂਰਮੇ ਹਰੀ ਸਿੰਘ ਨਲੂਆ ਨੇ ਸਿੰਘ ਯੋਧਿਆਂ ਨਾਲ ਇਹਨਾਂ ਅਫ਼ਗਾਨਾਂ ਦੇ ਮੂੰਹ ਐਸੇ ਭੰਨੇ ਕਿ ਖੈਬਰ ਰਾਹੀਂ ਆਉਣ ਵਾਲੇ ਹਮਲਾਵਰਾਂ ਨੇ ਮੁੜ ਇਧਰ ਨੂੰ ਮੂੰਹ ਨਹੀਂ ਕੀਤਾ।
ਸਿੱਖ ਰਾਜ ਉਪਰੰਤ ਅੰਗਰੇਜ਼ ਕਿਉਂਕਿ ਹਿੰਦੁਸਤਾਨ ਅਤੇ ਪੰਜਾਬ ਤੇ ਕਾਬਜ਼ ਹੋ ਗਏ ਸਨ। ਇਹਨਾਂ ਨੇ ਅਫ਼ਗਾਨਾਂ ਨਾਲ ਤਿੰਨ ਜੰਗਾਂ ੧੮੩੮-੪੨, ੧੮੭੮-੮੦ ਅਤੇ ੧੯੧੯ ਵਿੱਚ, ਇਹਨਾਂ ਨੂੰ ਦਬਾਉਣ ਲਈ ਲੜੀਆਂ ਪਰ ਕਾਮਯਾਬ ਨਾ
ਹੋ ਸਕੇ। ਬਰਤਾਨੀਆਂ ਦੀਆਂ ਫ਼ੌਜਾਂ ਦਾ ਇੱਕ ਮੈਂਬਰ ਜਾਰਜ ਮੋਲਜ਼ਵਰਥ ਜਿਸ ਨੇ ੧੯੧੯ ਦੀ ਜੰਗ ਲੜੀ ਉਹ ਲਿਖਦਾ ਹੈ:
Every stone in the Khyber has been soaked in blood.
ਭਾਵ ਖ਼ੈਬਰ ਦਾ ਹਰ ਪੱਥਰ ਖੂਨ ਨਾਲ ਭਿੱਜਿਆ ਹੋਇਆ ਹੈ।
ਖੈਬਰ ਪਾਸ ਰਾਹੀਂ ਲੰਘਣ ਵਾਲੇ ਤੋਂ ਇੱਥੋਂ ਦੇ ਹਾਕਮ ਟੈਕਸ ਲੈਂਦੇ ਸਨ। ਇਹ ਟੈਕਸ ਇਹਨਾਂ ਦੀ ਆਮਦਨ ਦਾ ਮੁੱਖ ਸਾਧਨ ਸੀ। ਅੰਗਰੇਜ਼ਾਂ ਨੇ ਖ਼ੈਬਰ ਪਾਸ ਦੀ ਸੜਕ ਦੇ ਨਾਲ ਪਹਿਲੇ ਸੰਸਾਰ ਮਹਾਂ ਯੁੱਧ (੧੯੧੪-੧੮) ਪਿੱਛੋਂ ਰੇਲ ਪਟੜੀ ਬਣਾਈ। ਦੂਜੇ ਸੰਸਾਰ ਯੁੱਧ (੧੯੩੮-੪੫) ਸਮੇਂ ਅੰਗਰੇਜ਼ਾਂ ਨੇ ਖ਼ੈਬਰ ਦੀ ਸੜਕ ਤੇ ਵੱਡੀਆਂ ਅਤੇ ਮਜਬੂਤ ਪਥਰੀਲੀਆਂ ਰੁਕਾਵਟਾਂ ਬਣਾ ਦਿੱਤੀਆਂ ਤਾਂ ਕਿ ਜਰਮਨ ਵਾਲੇ ਟੈਂਕਾਂ ਰਾਹੀਂ ਭਾਰਤ ਤੇ ਹਮਲਾ ਨਾ ਕਰ ਦੇਣ। ਸੰਨ ੨੦੦੧ ਤੋਂ ਅਮਰੀਕਾ, ਬਰਤਾਨੀਆਂ ਅਤੇ ਕੈਨੇਡਾ ਦੀਆਂ ਫ਼ੌਜਾਂ ਦੀ ਮੱਦਦ ਨਾਲ ਅਫ਼ਗਾਨਿਸਤਾਨ ਵਿੱਚ ਜੂਝ ਰਿਹਾ ਹੈ ਪਰ ਅਜੇ ਤੱਕ ਤਾਲੀਬਾਨਾਂ ਨੂੰ ਦਬਾਉਣ ਵਿੱਚ ਅਸਫ਼ਲ ਹੈ। ਇਹਨਾਂ ਫੌਜੀ ਤਾਕਤਾਂ ਨਾਟੋ ਫੋਰਸਜ (NATO-North Atlantic Treaty Organisation) ਦਾ ਭੋਜਨ ਅਤੇ ਜੰਗੀ ਸਮਾਨ ਬਹੁਤਾ ਖ਼ੈਬਰ ਪਾਸ ਰਾਹੀਂ ਹੀ ਪਾਕਿਸਤਾਨ ਤੋਂ ਅਫ਼ਗਾਨਿਸਤਾਨ ਜਾਂਦਾ ਸੀ। ਪਰ ਹੁਣ ਅਮਰੀਕਾ ਦੀ ਪਾਕਿਸਤਾਨ ਨਾਲ ਵਿਗੜੀ ਹੋਣ ਕਰ ਕੇ ਪਾਕਿਸਤਾਨ ਵਾਲਿਆਂ ਨੇ ਇਸ ਤੇ ਰੋਕ ਲਾਈ ਹੋਈ ਸੀ।
ਸਰਦਾਰ ਨਲੂਆ ਵੱਲੋਂ ਪਿਸ਼ਾਵਰ ਤੋਂ ਜਮਰੌਦ ਤੱਕ ਕਈ ਕਿਲ੍ਹੇ ਬਨਾਉਣ ਕਰ ਕੇ ਅਤੇ ਇਹਨਾਂ ਵਿੱਚ ਸਿੱਖ ਫ਼ੌਜੀ ਵੱਡੇ ਅਸਲੇ ਸਹਿਤ ਤਾਇਨਾਤ ਕਰਾਉਣ ਕਰ ਕੇ ਕਾਬਲ ਕੰਬਣ ਲੱਗ ਪਿਆ। ਅਮੀਰ ਦੋਸਤ ਮੁਹੰਮਦ ਖ਼ਾਨ ਤਿੰਨ ਵਾਰ ਸਿੱਖਾਂ ਤੋਂ ਮਾਰ ਖਾਣ ਪਿੱਛੋਂ ਆਪ ਤਾਂ ਮੁੜ ਸਿੰਘ ਸਰਦਾਰ ਨਾਲ ਮੱਥਾ ਲਾਉਣ ਤੋਂ ਝਿਜਕਦਾ ਸੀ। ਇਸ ਨੇ ਅਫ਼ਗਾਨਾਂ ਨੂੰ ਦੁਹਾਈ ਪਾਈ ਕਿ ਜੇਕਰ ਆਪਣਾ ਬਚਾਅ ਚਾਹੁੰਦੇ ਹੋ ਤਾਂ ਇਸਲਾਮ ਦਾ ਵਾਸਤਾ ਜਹਾਦ ਲਈ ਤਿਆਰ ਹੋਵੇ। ਮੈਂ ਆਪਣੇ ਪੰਜੇ ਪੁੱਤਰਾਂ (ਮੁਹੰਮਦ ਅਫ਼ਜਲ ਖ਼ਾਨ, ਮੁਹੰਮਦ ਅਕਬਰ ਖ਼ਾਨ, ਗੁਲਾਮ ਹੈਦਰ ਖਾਨ, ਮੁਹੰਮਦ ਆਜ਼ਮ ਖ਼ਾਨ ਅਤੇ ਮੁਹੰਮਦ ਅਕਰਮ ਖ਼ਾਨ) ਨੂੰ ਕੌਮ ਦੀ ਰੱਖਿਆ ਲਈ ਸੌਂਪ ਰਿਹਾ ਹਾਂ। ਇਹ ਪੰਜੇ ਕੌਮ ਲਈ ਜਾਨਾਂ ਵਾਰਨ ਲਈ ਤਿਆਰ ਹਨ। ਦੋਸਤ ਮੁਹੰਮਦ ਖ਼ਾਨ ਦੀ ਇਹ ਪੁਕਾਰ ਸੁਣ ਕੇ ਅਫ਼ਗਾਨਿਸਤਾਨ ਤੋਂ ਵਗੈਰ ਬਿਜੌੜ,
ਕੁੰਨੜ ਆਦਿ ਦੇ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਜਹਾਦੀ ਕਾਬਲ ਪਹੁੰਚਣ ਲੱਗੇ। ਇੰਞ ਫ਼ੌਜਾਂ ਨੂੰ ਅੱਲਾ ਦੀਆਂ ਕਸਮਾਂ ਕਰੋ ਜਾਂ ਮਰੋ ਖੁਆ ਕੇ ਇਸ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਪਿਸ਼ਾਵਰ ਵੱਲ ਕਿਲ੍ਹਾ ਫ਼ਤਹਿ ਗੜ੍ਹ (ਜਮਰੌਦ) ਅਤੇ ਹਸਤ ਨਗਰ ਵੱਲ ਤੋਰ ਦਿੱਤੀਆਂ। ਇਹਨਾਂ ਫ਼ੌਜਾਂ ਦੀ ਅਗਵਾਈ ਇਸ ਦੇ ਪੰਜੇ ਪੁੱਤਰ ਅਤੇ ਮਿਰਜਾ ਅਬਦੁਲ ਸੱਮੀ ਖ਼ਾਨ ਅਤੇ ਦੋਸਤ ਮੁਹੰਮਦ ਖ਼ਾਨ ਕਰ ਰਹੇ ਸਨ। ਸਰਦਾਰ ਹਰੀ ਸਿੰਘ ਉਸ ਸਮੇਂ ਸੁਮੇਰ ਗੜ੍ਹ (ਬਾਲਾ ਹਿਸਾਰ) ਵਿੱਚ ਸੀ। ਫ਼ਤਹਿ ਗੜ੍ਹ ਦਾ ਕਿਲ੍ਹਾ ਜਮਰੌਦ ਦੇ ਉੱਤਰ ਵੱਲ ੧੧ ਮੀਲ ਦੀ ਦੂਰੀ ਤੇ ਖੈਬਰ ਦੇ ਮੁੱਖ ਤੇ ਹੈ। ਜਦੋਂ ਹੀ ਸਰਦਾਰ ਸਾਹਿਬ ਨੂੰ ਇਹ ਮੁਲਖੱਈਆ ਚੜ੍ਹ ਕੇ ਆਉਣ ਦੀ ਖ਼ਬਰ ਮਿਲੀ ਤਾਂ ਇਹ ਚੁਕੰਨੇ ਹੋ ਗਏ ਅਤੇ ਸ਼ੇਰਿ-ਏ-ਪੰਜਾਬ ਨੂੰ ਹੋਰ ਫ਼ੌਜ ਭੇਜਣ ਲਈ ਪੱਤਰ ਲਿਖ ਭੇਜੇ। ਇੱਕ ਤਾਂ ਉਨ੍ਹੀ ਦਿਨੀ ਕੰਵਰ ਨੌ ਨਿਹਾਲ ਸਿੰਘ ਦੀ ਸ਼ਾਦੀ ਹੋਣ ਕਰਕੇ ਮਹਾਰਾਜਾ ਸਾਹਿਬ ਲਾਹੌਰ ਵਿੱਚ ਸ਼ਾਦੀ ਦੇ ਕੰਮਾਂ 'ਚ ਰੁੱਝੇ ਹੋਏ ਸਨ। ਦੂਜਾ, ਧਿਆਨ ਸਿੰਘ ਡੋਗਰਾ ਸਰਦਾਰ ਨਲੂਆ ਨੂੰ ਵੱਡੇ ਅਹੁਦਿਆਂ ਦੇ ਮਿਲਣ ਕਰ ਕੇ ਅੰਦਰ ਖਾਤੇ ਹਰੀ ਸਿੰਘ ਨਾਲ ਖਾਰ ਖਾਂਦਾ ਸੀ ਅਤੇ ਦਿਲ ਦਾ ਖੋਟਾ ਸੀ ਜਿਸ ਕਾਰਨ ਇਸ ਨੇ ਭੇਜੀਆਂ ਚਿੱਠੀਆਂ ਦੱਬੀ ਰੱਖੀਆਂ ਅਤੇ ਮਹਾਰਾਜਾ ਤੱਕ ਪਹੁੰਚਣ ਨਾ ਦਿੱਤੀਆਂ। ਤੀਜਾ, ਕਾਫੀ ਭੱਜ ਨੱਠ ਕਾਰਨ ਸਰਦਾਰ ਨਲੂਆ ਬੀਮਾਰ ਹੋ ਗਏ।
ਜਮਰੌਦ ਦੀ ਜੰਗ
ਮਿਰਜਾ ਸੱਮੀ ਖ਼ਾਨ ਜੋ ਦੋਸਤ ਮੁਹੰਮਦ ਖ਼ਾਨ ਦੀ ਸਲਤਨਤ ਦਾ ਨਾਇਬ ਸੀ ਅਤੇ ਜੰਗ ਦੇ ਪ੍ਰਬੰਧ ਅਤੇ ਕਾਰਨਾਮਿਆਂ ਪੱਖੋਂ ਬੜਾ ਪ੍ਰਸਿੱਧ ਸੀ। ਇਸ ਨੇ ੧੫ ਅਪ੍ਰੈਲ ੧੮੩੭ ਨੂੰ ਆਪਣੀ ਫ਼ੌਜ ਦੋ ਭਾਗਾਂ ਵਿੱਚ ਵੰਡ ਕੇ ਖਾਲਸੇ ਦੇ ਖ਼ਾਤਮੇ ਲਈ ਤੋਰ ਦਿੱਤੀ। ਇੱਕ ਹਿੱਸੇ ਵਿੱਚ ੩੦ ਹਜਾਰ ਫ਼ੌਜ, ਤੋਪਾਂ ਸਣੇ ਦੱਰਾ ਖੈਬਰ ਵੱਲ ਕੂਚ ਕਰ ਕੇ ਆਈ ਅਤੇ ਦੂਜੇ ਹਿੱਸੇ ਦੇ ੧੦ ਹਜ਼ਾਰ ਫ਼ੌਜੀਆਂ ਸਮੇਤ ਸ਼ੰਕਰਗੜ੍ਹ ਅਤੇ ਮਿਚਨੀ ਤੇ ਧਾਵਾ ਕਰਨ ਲਈ ਚੱਲ ਪਈ। ਇਸ ਤੋਂ ਇਲਾਵਾ ਨਾਲ ਲਗਦੇ ਅਫ਼ਰੀਦੀ ਕਬੀਲਿਆਂ ਨੂੰ ਇਸ ਜੰਗ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਅਤੇ ਇਹਨਾਂ ਨੂੰ ਕਾਫੀ ਧਨ ਵੀ ਵੰਡਿਆ। ਇਹ ਹਮਲਾ ਇਹਨਾਂ ਨੇ ਇਹ ਭੇਦ ਜਾਣ ਕੇ ਕਿ ਖਾਲਸਾ ਫ਼ੌਜ ਇਸ ਖੇਤਰ ਵਿੱਚ ਬਹੁਤ ਘੱਟ ਹੈ ਅਤੇ ਹਰੀ ਸਿੰਘ ਨਲੂਆ ਬੀਮਾਰ ਪਿਆ ਹੈ ਅਤੇ ਜਮਰੌਦ ਦੇ ਕਿਲ੍ਹੇ ਵਿੱਚ ਨਹੀਂ ਹੈ ਬੜੀ ਤੇਜ਼ੀ ਨਾਲ ਕੀਤਾ।
੨੮ ਅਪ੍ਰੈਲ ਵਾਲੇ ਦਿਨ ਅਫ਼ਗਾਨਾਂ ਨੇ ਕਿਲ੍ਹੇ ਵੱਲ ਤੋਪਾਂ ਦੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ। ਜਦੋਂ ਬਹਾਦਰ ਸਰਦਾਰ ਮਹਾਂ ਸਿੰਘ ਨੇ ਅਫ਼ਗਾਨਾਂ ਨੂੰ ਹਾਥੀਆਂ ਵਾਂਗ ਦਹਾੜਦੇ ਕਿਲ੍ਹੇ ਵੱਲ ਵੱਡੀ ਗਿਣਤੀ ਵਿੱਚ ਆਉਂਦੇ ਤੱਕਿਆ ਤਾਂ ਸਿੰਘਾਂ ਨੇ ਵੀ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਦੋਹਾਂ ਪਾਸਿਆਂ ਤੋਂ ਤੜਾ ਤੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਿੰਘਾਂ ਦੀ ਗਿਣਤੀ ਭਾਵੇਂ ਆਟੇ 'ਚ ਲੂਣ ਦੇ ਬਰਾਬਰ ਸੀ ਪਰ ਰਣ-ਭੂਮੀ ਅੰਦਰ ਇਹ ਗੁਰੂ ਕਲਗੀਧਰ ਦੇ ਨਾਹਰੇ 'ਸਵਾ ਲਾਖ ਸੇ ਏਕ ਲੜਾਊਂ' ਨੂੰ ਮਨ ਵਿੱਚ ਵਸਾ ਕੇ ਜੂਝੇ। ਸਾਰਾ ਦਿਨ ਗੋਲੀਆਂ ਨਾਲ ਧਰਤੀ ਕੰਬਦੀ ਰਹੀ, ਅਸਮਾਨ 'ਚ ਗਰਜ਼ ਪੈਂਦੀ ਰਹੀ ਪਰ ਸਿੰਘ ਸੂਰਮੇ ਸਿਦਕ ਨਾਲ ਲੜੇ ਅਤੇ ਨਾ ਡੋਲੇ। ਬਹੁਤ ਸਾਰੇ ਸੂਰਮੇ ਪ੍ਰਾਣ ਤਿਆਗ ਗਏ। ਸਰਦਾਰ ਅਜੈਬ ਸਿੰਘ ਰੰਧਾਵਾ ਦਲੇਰੀ ਨਾਲ ਲੜਦਾ ਹੋਇਆ ਚੱਲ ਵਸਿਆ। ਇਸ ਦੀ ਮੌਤ ਨਾਲ ਸਿੰਘਾਂ ਦੇ ਦਲ ਨੂੰ ਵੱਡਾ ਘਾਟਾ ਪਿਆ। ਸ਼ਾਮਾਂ ਪੈ ਗਈਆਂ, ਲੜਾਈ ਬੰਦ ਹੋ ਗਈ ਅਤੇ ਦੋਹਾਂ ਤਰਫ਼ਾਂ ਨੇ ਆਪਣੇ ਫੱਟੜ ਹੋਏ ਅਤੇ ਮ੍ਰਿਤਕ ਜੁਆਨਾਂ ਨੂੰ ਸੰਭਾਲਿਆ।
ਦੂਜੇ ਦਿਨ ਵੀ ਸਾਰੇ ਛਾਤੀਆਂ ਡਾਹ ਕੇ ਲੜੇ। ਵੈਰੀ ਵਾਰ ਵਾਰ ਕਿਲ੍ਹੇ ਵੱਲ ਅੰਧਾ-ਧੁੰਦ ਗੋਲੇ ਵਰ੍ਹਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨਾਂ ਨੇ ਦੱਰਾ ਖੈਬਰ ਦੇ ਕੱਠੇ (ਨਾਲੇ) ਦਾ ਪਾਣੀ, ਜਿਹੜਾ ਕਿਲ੍ਹੇ ਅੰਦਰ ਵਰਤੋਂ ਲਈ ਜਾਂਦਾ ਸੀ, ਉਹ ਬੰਦ ਕਰ ਦਿੱਤਾ ਅਤੇ ਚਾਰੇ ਪਾਸੇ ਐਸਾ ਘੇਰਾ ਪਾਇਆ ਕਿ ਬਾਹਰੋਂ ਕੋਈ ਮੱਦਦ ਨਾ ਮਿਲ ਸਕੇ। ਸਰਦਾਰ ਮਹਾਂ ਸਿੰਘ ਨੇ ਸਤਿਗੁਰਾਂ ਨੂੰ ਧਿਆ ਕੇ ਬੜੀ ਜੋਸ਼ੀਲੀ ਆਵਾਜ਼ ਵਿੱਚ ਆਖਿਆ, ਸਿੰਘੋ! ਸਾਡੀ ਸ਼ਹੀਦੀ ਦੇ ਪਲ ਨੇੜੇ ਆ ਰਹੇ ਹਨ। ਜੋ ਸਤਿਗੁਰੂ ਨੂੰ ਭਾਵੇਗਾ ਉਹੀ ਹੋਵੇਗਾ, ਹੌਸਲਾ ਰੱਖ ਕੇ ਪੂਰੇ ਤਾਣ ਨਾਲ ਮੁਕਾਬਲਾ ਕਰੋ। ਇਹ ਸ਼ਬਦ ਸੁਣ ਕੇ ਸਿੰਘਾਂ ਨੇ ਐਸਾ ਗੋਲੀਆਂ ਦਾ ਮੀਂਹ ਵਰ੍ਹਾਇਆ ਕਿ ਮੁਗਲ ਅੱਲਾ ਅੱਲਾ ਕਰਦੇ ਜਾਨਾਂ ਲਕੋਣ ਲੱਗੇ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਮੁਤਾਬਕ ੮੦੦ ਤੋਂ ਵੀ ਘੱਟ ਸਿੰਘਾਂ ਨੇ ੩੦ ਹਜਾਰ ਤੋਂ ਵੱਧ ਪਠਾਣ, ਜੋ ਵੱਡੇ ਟਿੱਡੀ ਦਲ ਦੀ ਨਿਆਈਂ ਸਨ, ਨਾਲ ਪੂਰਾ ਦਿਨ ਮੁਕਾਬਲਾ ਕੀਤਾ। ਰਾਤ ਹੋ ਗਈ ਅਤੇ ਗੋਲਾਬਾਰੀ ਵੀ ਮੱਧਮ ਹੋ ਗਈ। ਲੰਗਰ ਪਾਣੀ ਛੱਕਣ ਉਪਰੰਤ ਵਿਚਾਰ ਕੀਤੀ ਕਿ ਬਾਹਰੀ ਮੱਦਦ ਲਈ ਕੋਈ ਉਪਾਅ ਕਰੀਏ। ਕਈ ਸਿੰਘ ਸੁਨੇਹਾ ਪਹੁੰਚਾਉਣ ਲਈ ਤਿਆਰ ਹੋ ਗਏ ਅਤੇ ਕੁਝ ਕਿਲ੍ਹੇ ਦੀ ਢਹੀ ਫਸੀਲ ਭਰਨ ਲੱਗ ਪਏ ਤਾਂ ਕਿ ਵੈਰੀ ਅੰਦਰ ਨਾ ਆ ਵੜੇ।
ਬੀਬੀ ਹਰਸ਼ਰਨ ਕੌਰ ਦੀ ਦਲੇਰੀ
ਕਿਸੇ ਸਿੰਘ ਨੂੰ ਮੱਦਦ ਲਈ ਸੰਦੇਸ਼ ਪਿਸ਼ਾਵਰ ਪਹੁੰਚਾਉਣ ਲਈ ਵਿਚਾਰ ਚੱਲ ਹੀ ਰਹੀ ਸੀ ਕਿ ਬੀਬੀ ਹਰਸ਼ਰਨ ਕੌਰ ਤੇ ਉਸ ਦਾ ਪਤੀ ਜੋ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਅੰਮ੍ਰਿਤਪਾਨ ਕਰ ਕੇ ਖਾਲਸਾ ਸਜੇ ਸਨ, ਪਹੁੰਚ ਗਏ। ਬੀਬੀ ਨੇ ਆਖਿਆ, ਖ਼ਾਲਸਾ ਜੀ! ਕਿਲ੍ਹੇ ਅੰਦਰ ਜੰਗ ਲਈ ਇਕੱਲੇ ਇਕੱਲੇ ਸਿੰਘ ਦੀ ਬਹੁਤ ਲੋੜ ਹੈ। ਮੈਂ ਸਰਦਾਰ ਮਹਾਂ ਸਿੰਘ ਜੀ ਦਾ ਪੱਤਰ ਸਰਦਾਰ ਨਲੂਆ ਨੂੰ ਪਹੁੰਚਾਵਾਂਗੀ। ਕਈ ਸਿੰਘਾਂ ਨੇ ਆਖਿਆ, ਭੈਣ ਅਸੀਂ ਤੈਨੂੰ ਤੋਰਨ ਦੇ ਹੱਕ ਵਿੱਚ ਨਹੀਂ ਹਾਂ। ਦੁਨੀਆਂ ਆਉਣ ਵਾਲੇ ਸਮੇਂ 'ਚ ਕੀ ਆਖੇਗੀ ਕਿ ਕੋਈ ਸਿੰਘ ਨਹੀਂ ਗਿਆ, ਇੱਕ ਲੜਕੀ ਨੂੰ ਭੇਜ ਦਿੱਤਾ। ਪਰ ਬੀਬੀ ਹਰਸ਼ਰਨ ਕੌਰ ਨੇ ਕਿਹਾ, ਸਿੰਘੋ! ਮੇਰੀ ਪੰਥ ਅੱਗੇ ਬੇਨਤੀ ਹੈ ਕਿ ਇਹ ਸੇਵਾ ਮੈਨੂੰ ਬਖਸ਼ੀ ਜਾਵੇ। ਜੇਕਰ ਮੁਗਲਾਂ ਨੇ ਮੈਨੂੰ ਪਕੜ ਵੀ ਲਿਆ ਤਾਂ ਬੇਪਤੀ ਕਰਾਉਣ ਦੀ ਬਜਾਏ ਕੁਰਬਾਨੀ ਦੇ ਦਵਾਂਗੀ। ਇਹ ਸ਼ਬਦ ਸੁਣ ਕੇ ਸਿੰਘਾਂ ਅੰਦਰ ਐਸਾ ਜੋਸ਼ ਠਾਠਾਂ ਮਾਰਨ ਲੱਗਿਆ ਕਿ ਜੰਗ ਅੰਦਰ ਜੂਝ ਮਰਨ ਲਈ ਖੂਨ ਖੌਲਣ ਲੱਗ ਪਿਆ। ਬੀਬੀ ਹਰਸ਼ਰਨ ਕੌਰ ਨੇ ਅਫ਼ਰੀਦਣਾਂ ਦਾ ਵੇਸ ਧਾਰਨ ਕਰ ਲਿਆ ਅਤੇ ਪੱਤਰ ਲੈ ਕੇ ਰਾਤੋ ਰਾਤ ਪਿਸ਼ਾਵਰ ਜਾ ਪੁੱਜੀ। ਪਹਿਰੇਦਾਰਾਂ ਤੋਂ ਆਗਿਆ ਲੈ ਕੇ ਪੱਤਰ ਸਰਦਾਰ ਨਲੂਆ ਨੂੰ ਪਕੜਾਇਆ।
ਪੱਤਰ ਵਿੱਚ ਅੰਕਿਤ ਸੀ ਸਤਿਕਾਰ ਯੋਗ ਸਰਦਾਰ ਜੀ! ਮੇਰਾ ਦਿਲ ਨਹੀਂ ਸੀ ਕਰਦਾ ਕਿ ਬੀਮਾਰੀ ਦੀ ਹਾਲਤ ਵਿੱਚ ਤੁਹਾਨੂੰ ਤੰਗ ਕਰਾਂ, ਪਰ ਹਾਲਾਤ ਹੱਥੋਂ ਬਾਹਰ ਹੋਣ ਕਰ ਕੇ ਪੰਥ ਦੀ ਆਨ, ਸ਼ਾਨ ਅਤੇ ਚੜ੍ਹਦੀ ਕਲ੍ਹਾ ਲਈ ਬਿਨੈ ਪੱਤਰ ਭੇਜਿਆ ਹੈ। ਮਨ ਵਿੱਚ ਇਸ ਗੱਲ ਦੀ ਤੜਫ਼ ਹੈ ਕਿ ਕਿਤੇ ਫ਼ਤਹਿ ਗੜ੍ਹ ਕਿਲ੍ਹਾ ਸਾਡੀਆਂ ਕੁਰਬਾਨੀਆਂ ਪਿੱਛੋਂ ਮਿੱਟੀ ਵਿੱਚ ਨਾ ਮਿਲ ਜਾਵੇ। ਕੌਮ ਦੀ ਇੱਜ਼ਤ ਦਾ ਸਵਾਲ ਹੈ। ਖ਼ਾਲਸੇ ਦੇ ਝੰਡੇ ਦੀ ਕੋਈ ਬੇਪਤੀ ਨਾ ਕਰ ਦਵੇ।
ਇਹ ਦਿਲ ਟੁੰਬਵੇਂ ਸ਼ਬਦ ਪੱਤਰ ਤੋਂ ਪੜ੍ਹ ਕੇ ਨਲੂਏ ਸ਼ੇਰ ਦੇ ਸਰੀਰ ਦਾ ਅੰਗ ਅੰਗ ਫ਼ਰਕ ਉੱਠਿਆ, ਅੱਖਾਂ 'ਚ ਲਹੂ ਉੱਤਰ ਆਇਆ ਅਤੇ ਸਰੀਰ ਵਿੱਚੋਂ ਮਾਨੋ ਅੱਗ ਦੇ ਛਰਾਰੇ ਨਿਕਲਣ ਲੱਗੇ। ਆਪਣੀ ਬੀਮਾਰੀ ਨੂੰ ਅੱਖੋਂ ਪਰੋਖੇ ਕਰ ਕੇ ਪੰਥ ਦੀ ਜਾਨ ਤੇ ਮਾਲ ਦੀ ਰੱਖਿਆ ਮੁੱਖ ਰੱਖ ਕੇ ਹੱਥ ਸ਼ਸਤਰਾਂ ਤੇ ਚਲੇ ਗਏ। ਫ਼ੌਜ ਨੂੰ ਤੇਜ਼ੀ ਨਾਲ ਜਮਰੌਦ ਵੱਲ ਜਾਣ ਦੇ ਉਦੇਸ਼ ਦੇ ਦਿੱਤੇ। ਸਰਦਾਰ ਸਾਹਿਬ ਨੇ ਬੀਬੀ ਹਰਸ਼ਰਨ ਕੌਰ ਦੀ ਦਲੇਰੀ ਨੂੰ ਬਹੁਤ ਸਲਾਹਿਆ ਅਤੇ ਬੀਬੀ ਦੀ ਦਿਖਾਈ ਬੇਮਿਸਾਲ
ਬਹਾਦਰੀ ਨੂੰ ਮੁੱਖ ਰਖਦਿਆਂ ਲੱਖ ਲੱਖ ਧੰਨਵਾਦ ਕੀਤਾ। ਪਿਸ਼ਾਵਰ ਤੋਂ ਚੱਲਣ ਸਮੇਂ ਜਮਰੌਦ ਦੀ ਪਤਲੀ ਹਾਲਤ ਬਾਰੇ ਸਰਦਾਰ ਨਲੂਆ ਨੇ ਲਾਹੌਰ ਵੱਲ ਪੱਤਰ ਲਿਖ ਭੇਜਿਆ ਅਤੇ ਜਲਦੀ ਫ਼ੌਜ ਭੇਜਣ ਦੀ ਤਾਕੀਦ ਕੀਤੀ।
ਮਹਾਰਾਜ ਦਾ ਧਿਆਨ ਸਿੰਘ ਡੋਗਰੇ ਨਾਲ
ਲੋਹਾ ਲਾਖਾ ਹੋਣਾ
ਸਰਦਾਰ ਨਲੂਆ ਨੇ ਜਮਰੌਦ ਦੀ ਨਾਜ਼ਕ ਹਾਲਤ ਬਾਰੇ ਜਿਹੜੇ ਚਾਰ ਪੱਤਰ ਮੱਦਦ ਲਈ ਸ਼ੇਰਿ-ਏ-ਪੰਜਾਬ ਨੂੰ ਭੇਜੇ ਸਨ ਅਤੇ ਤੁਰੰਤ ਫ਼ੌਜ ਭੇਜਣ ਲਈ ਲਿਖਿਆ ਸੀ ਉਨ੍ਹਾਂ ਬਾਰੇ ਵੀ ਭੇਜੇ ਗਏ ਪੱਤਰ ਵਿੱਚ ਵੇਰਵਾ ਪਾ ਦਿੱਤਾ। ਸਰਕਾਰ ਨੇ ਧਿਆਨ ਸਿੰਘ ਡੋਗਰਾ ਨੂੰ ਸਰਦਾਰ ਵੱਲੋਂ ਭੇਜੇ ਪੱਤਰਾਂ ਦੀ ਜਾਣਕਾਰੀ ਵੇਲੇ ਸਿਰ ਨਾ ਦੇਣ ਕਰ ਕੇ ਬਹੁਤ ਝਾੜ ਪਾਈ। ਅਸਲ ਵਿੱਚ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਹਰੀ ਸਿੰਘ ਜਲਾਲਾਬਾਦ ਅਤੇ ਕਾਬਲ ਤੇ ਜਿੱਤ ਪ੍ਰਾਪਤ ਕਰੇ। ਉਸ ਦੇ ਦਿਲ ਵਿੱਚ ਸੀ ਕਿ ਜੇਕਰ ਹਰੀ ਸਿੰਘ ਨੇ ਇਹ ਜਿੱਤਾਂ ਜਿੱਤ ਲਈਆਂ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਹਰੀ ਸਿੰਘ ਨਲੂਆ ਸਿੱਖ ਰਾਜ ਦਾ ਮਾਲਕ ਬਣ ਜਾਵੇਗਾ। ਹਰੀ ਸਿੰਘ ਦੀ ਸ਼ਹਾਦਤ ਤੋਂ ਉਪਰੰਤ ਮਹਾਰਾਜਾ ਨੇ ਗੁੱਸੇ ਵਿੱਚ ਆ ਕੇ ਧਿਆਨ ਸਿੰਘ ਦੀਆਂ ਲੱਤਾਂ ਤੇ ਗੜਵਾ ਮਾਰਿਆ ਸੀ। ਉਸ ਨੂੰ ਆਖਿਆ ਮੇਰੀਆਂ ਅੱਖਾਂ ਤੋਂ ਪਰ੍ਹੇ ਹੋ ਜਾ। ਤੂੰ ਮਨਹੂਸ ਬੰਦਾ ਹੈ। ਕਾਦਰਯਾਰ ਨੇ ਆਪਣੀ ਕਾਵਿ ਰਚਨਾ ਵਿੱਚ ਇਸ ਗੱਲ ਦਾ ਜ਼ਿਕਰ ਇੰਞ ਕੀਤਾ ਹੈ-
ਗੈਨ ਗੁੱਸੇ ਨਾਲ ਮਹਾਰਾਜ ਯਾਰੋ, ਗੜਵਾ ਮਾਰੇ ਵਜ਼ੀਰ ਦੀ ਟੰਗ ਉੱਤੇ।
ਆਖੇ ਦੂਰ ਹੋ ਜਾ ਮੇਰੀ ਅੱਖਾਂ ਥੀਂ, ਕੁਝ ਫਾਇਦਾ ਨਹੀਂ ਤੇਰੇ ਸੰਗ ਉੱਤੇ।
ਪਹਿਲੇ ਖ਼ਬਰ ਨਾ ਕੀਤੋ ਮੂਲ ਮੈਨੂੰ, ਫ਼ੌਜਾਂ ਘੱਲਦਾ ਮੱਦਦ ਨੂੰ ਜੰਗ ਉੱਤੇ।
ਕਾਦਰਯਾਰ ਆ ਦੱਸਿਆ ਉਸ ਵੇਲੇ, ਜਦੋਂ ਸੱਟ ਆ ਪਈ ਏ ਜੰਗ ਉੱਤੇ।
ਸਰਦਾਰ ਨਲੂਆ ਦੀ ਜਮਰੌਦ ਵੱਲ ਚੜ੍ਹਾਈ
ਸਰਦਾਰ ਹਰੀ ਸਿੰਘ ੧੦੦੦ ਘੋੜ ਸਵਾਰ, ੬੦੦੦ ਪੈਦਲ ਸਿਪਾਹੀ ਅਤੇ ੬੦੦੦ ਹੋਰ ਯੋਧੇ, ਤੋਪਖਾਨਾ ਅਤੇ ਜੰਗੀ ਸਾਜ਼ੋ ਸਮਾਨ ਲੈ ਕੇ ਜਮਰੌਦ ਵੱਲ ਹਨ੍ਹੇਰੀ
ਦੀ ਤਰ੍ਹਾਂ ਗਿਆ। ਸਿੰਘਾਂ ਦੇ ਆਉਣ ਦੀ ਖ਼ਬਰ ਸੁਣ ਕੇ ਕਿਲ੍ਹੇ ਵਿਚਲੇ ਸਿੰਘਾਂ ਦੇ ਮੂੰਹਾਂ ਤੇ ਜਿੱਥੇ ਲਾਲੀਆਂ ਚੜ੍ਹ ਗਈਆਂ ਉੱਥੇ ਪਠਾਣਾਂ ਦੇ ਚਿਹਰੇ ਉੱਤਰ ਗਏ ਅਤੇ ਦਿਲਾਂ 'ਚ ਡੋਲ ਪੈਣ ਲੱਗੇ। ਇੱਥੇ ਪਹੁੰਚ ਕੇ ਸਰਦਾਰ ਨੇ ਫ਼ੌਜ ਨੂੰ ਤਿੰਨ ਹਿੱਸਿਆਂ ਵਿੱਚ ਪਠਾਣਾਂ ਨੂੰ ਘੇਰਨ ਲਈ ਵੰਡ ਦਿੱਤਾ। ਇੱਕ ਹਿੱਸਾ ਆਪਣੇ ਪਾਸ, ਦੂਜਾ ਬਹਾਦਰ ਸਰਦਾਰ ਨਿਧਾਨ ਸਿੰਘ ਪੰਜ ਹੱਥਾ (ਨੁਸ਼ਹਿਰੇ ਦੀ ਜੰਗ ਵਿੱਚ ਪੰਜ ਪਠਾਣ ਇਸ ਤੇ ਟੁੱਟ ਕੇ ਪੈ ਗਏ। ਇਸ ਨੇ ਐਸੀ ਬੀਰਤਾ ਦਿਖਾਈ ਕਿ ਪੰਜਾਂ ਨੂੰ ਸ਼ਮਸ਼ੀਰ ਨਾਲ ਖਤਮ ਕਰ ਦਿੱਤਾ ਸੀ) ਸ਼ੇਰਿ-ਏ-ਪੰਜਾਬ ਨੇ ਖੁਦ ਇਸ ਨੂੰ ਜੂਝਦਿਆਂ ਦੇਖਿਆ ਸੀ ਅਤੇ ਜੰਗ ਉਪਰੰਤ ਪੰਜ ਹੱਥੇ ਦਾ ਖਿਤਾਬ ਬਖਸ਼ਿਆ। ਤੀਜਾ ਭਾਗ ਸਰਦਾਰ ਅਮਰ ਸਿੰਘ ਖੁਰਦ ਮਜੀਠੀਆ ਨੂੰ ਸੌਂਪਿਆ।
ਜੰਗ ਦੇ ਤੀਜੇ ਦਿਨ ਅਫ਼ਗਾਨ ਤੜਕਸਾਰ ਹੀ ਜਮਰੌਦ ਦੇ ਕਿਲ੍ਹੇ ਅੰਦਰ ਜਾਣ ਲਈ ਵੱਡੇ ਹਮਲੇ ਦੀ ਤਿਆਰੀ ਵਿੱਚ ਸਨ। ਸੱਮੀ ਖ਼ਾਨ ਨੇ ਹਮਲਾ ਕਰਨ ਤੋਂ ਪਹਿਲਾਂ ਉੱਚੀ ਪਹਾੜੀ ਤੇ ਖਲੋ ਕੇ ਤਲਵਾਰ ਲਹਿਰਾਉਂਦੀਆਂ ਬਹੁਤ ਜੋਸ਼ੀਲਾ ਭਾਸ਼ਣ ਆਪਣੇ ਫ਼ੌਜੀਆਂ ਨੂੰ ਦਿੱਤਾ। ਸਰਦਾਰ ਸੋਹਣ ਸਿੰਘ ਸੀਤਲ ਨੇ ਇਤਿਹਾਸ 'ਚੋਂ ਤੱਥ ਇਕੱਤਰ ਕਰ ਕੇ ਕਾਵਿ ਰੂਪ ਵਿੱਚ ਇਸ ਦਾ ਨਕਸ਼ਾ ਇੰਞ ਬਿਆਨਿਆ ਹੈ:
ਮੈਂ ਕਸਮ ਕੁਰਾਨ ਦੀ ਖਾਵਾਂ, ਨਾਲ ਈਮਾਨ ਦੇ।
ਮੈਂ ਗੜ੍ਹ ਜਮਰੌਦ ਦਾ ਢਾਵਾਂ, ਖਾਕ ਉਡਾ ਦਿਆਂ।
ਮੈਂ ਮਿੱਟੀ ਵਿੱਚ ਮਿਲਾਵਾਂ, ਬਾਲਾ ਸਾਰ ਨੂੰ।
ਮੈਂ ਮਿਚਨੀ ਤੇ ਹਲ ਵਾਹਵਾਂ, ਸਾੜਾਂ ਛਾਉਣੀਆਂ।
ਮੈਂ ਅੱਗ ਦਲਾਂ ਵਿੱਚ ਲਾਵਾਂ, ਤੇਗਾਂ ਬਾਲ ਕੇ।
ਮੈਂ ਲਹੂ ਦੇ ਵਿੱਚ ਨਹਾਵਾਂ, ਵੱਡਿਆਂ ਯੋਧਿਆਂ।
ਮੈਂ ਰੱਤ ਨਾਲ ਵੁਜੂ ਕਰਾਵਾਂ, ਆਪਣੀ ਤੇਗ ਦਾ।
ਮੈਂ ਸਿਰਾਂ ਦੇ ਥੜ੍ਹੇ ਬਣਾਵਾਂ, ਪੜ੍ਹਾਂ ਨਿਮਾਜ ਬਹਿ।
ਮੈਂ ਨਾਮ ਨਿਸ਼ਾਨ ਮਿਟਾਵਾਂ, ਜੱਗ ਤੋਂ ਸਿੱਖ ਦਾ।
ਮੈਂ ਇਸਲਾਮੀ ਝੰਡੇ ਝੁਲਾਵਾਂ, ਵਿੱਚ ਪੰਜਾਬ ਦੇ।
ਸੱਮੀ ਖ਼ਾਨ ਨੇ ਇਹ ਗੱਲਾਂ ਬੜੇ ਹੰਕਾਰ ਵਿੱਚ ਆ ਕੇ ਕੀਤੀਆਂ। ਇਸ ਨੂੰ ਇਸ ਜੰਗ ਦੀ ਜਿੱਤ ਦਾ ਪੱਕਾ ਭਰੋਸਾ ਇਸ ਲਈ ਸੀ ਕਿਉਂਕਿ ਇਸ ਦੀ ਫ਼ੌਜ ਦੇ
ਸੂਹੀਏ ਨੇ ਖ਼ਬਰ ਦਿੱਤੀ ਸੀ ਕਿ ਹਰੀ ਸਿੰਘ ਨਲੂਆ ਤਾ ਬੀਮਾਰ ਪਿਆ ਹੈ। ਅਜੇ ਇਹ ਭਾਸ਼ਣ ਦੇ ਕੇ ਹਟਿਆ ਹੀ ਸੀ ਤਾਂ ਹਰੀ ਸਿੰਘ ਨਲੂਆ ਫ਼ੌਜ ਸਮੇਤ ਜੈਕਾਰੇ ਗਜਾਉਂਦੇ ਦਗੜ ਦਗੜ ਅਤੇ ਮਾਰੋ ਮਾਰ ਕਰਦੇ ਰਣ-ਭੂਮੀ ਵਿੱਚ ਆ ਪਹੁੰਚੇ। ਸਿੰਘਾਂ ਨੇ ਮੌਤ ਦੀ ਪ੍ਰਵਾਹ ਨਾ ਕਰਦਿਆਂ ਪਠਾਣਾਂ ਦੇ ਦਲਾਂ ਵਿੱਚ ਵੜ ਕੇ ਐਸੀ ਤੇਗ ਵਾਹੀ ਕਿ ਕੱਦੂਆਂ ਵਾਂਗ ਇਹਨਾਂ ਦੇ ਸਿਰ ਲਾਹ ਸੁੱਟੇ। ਉਧਰੋਂ ਕਿਲ੍ਹੇ ਵਿੱਚੋਂ ਸਿੰਘਾਂ ਨੇ ਤੋਪਾਂ ਅਤੇ ਗੋਲੀਆਂ ਦੀ ਭਾਰੀ ਬੁਛਾੜ ਸ਼ੁਰੂ ਕਰ ਦਿੱਤੀ। ਜੰਗ ਦਾ ਮੈਦਾਨ ਲਹੂ-ਲੁਹਾਨ ਹੋ ਗਿਆ। ਪਠਾਣਾਂ ਲਈ ਮਾਨੋਂ ਪਰਲੋ ਆ ਗਈ। ਜਦੋਂ ਸੁਣਿਆ ਕਿ ਨਲੂਆ ਆ ਪਹੁੰਚਿਆ ਹੈ ਤਾਂ ਸੱਮੀ ਖਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਬੁਖਲਾ ਗਿਆ।
ਇਸ ਘਮਸਾਣ ਦੀ ਜੰਗ ਵਿੱਚ ਨਵਾਬ ਜਬਰ ਖਾਂ ਬੁਰੀ ਤਰ੍ਹਾਂ ਜਖਮੀ ਹੋ ਗਿਆ। ਸੱਜੇ ਬੰਨੇ ਸਰਦਾਰ ਨਿਧਾਨ ਸਿੰਘ ਨੇ ਅਕਬਰ ਖ਼ਾਨ ਦੇ ਦਸਤੇ ਨਾਲ ਟੱਕਰ ਲਾਈ। ਨਿਧਾਨ ਸਿੰਘ ਦੀ ਸ਼ਮਸ਼ੀਰ ਚਲਦੀ ਦੇਖ ਪਠਾਣਾਂ ਵਿੱਚ ਐਸੀ ਤੜਥੱਲੀ ਮੱਚੀ ਕਿ ਮਾਨੋਂ ਹੇਠਲੀ ਉੱਤੇ ਆ ਡਿੱਗੀ। ਲੜਦਾ ਲੜਦਾ ਅਕਬਰ ਖ਼ਾਨ ਮਾਰਿਆ ਗਿਆ। ਸਰਦਾਰ ਅਮਰ ਸਿੰਘ ਨੇ ਅਫ਼ਜਲ ਖਾਨ ਅਤੇ ਮੁਹੰਮਦ ਆਜ਼ਮ ਖਾਨ ਨੂੰ ਐਸਾ ਭਜਾਇਆ ਕਿ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਇਤਨੇ ਨੂੰ ਇੱਕ ਬਹੁਤ ਹੀ ਦਲੇਰ ਪਠਾਣ ਨੇ ਸਰਦਾਰ ਹਰੀ ਸਿੰਘ ਨੂੰ ਲਲਕਾਰਿਆ ਅਤੇ ਉਸ ਨਾਲ ਮੱਥਾ ਲਾਉਣ ਲਈ ਕਿਹਾ। ਪਰ ਪਹਿਲੇ ਵਾਰ ਵਿੱਚ ਹੀ ਉਹ ਸਰਦਾਰ ਨਲੂਆ ਹੱਥੋਂ ਮਾਰਿਆ ਗਿਆ। ਜੰਗ ਨਾਮਾ ਹਰੀ ਸਿੰਘ ਕ੍ਰਿਤ ਕਾਨ੍ਹ ਸਿੰਘ ਬੰਗਾ ਵਿੱਚ ਦਰਜ਼ ਹੈ:
ਏਕ ਪਠਾਣ ਜੁਆਨ ਬਡੋ, ਹਰੀ ਸਿੰਘ ਕੋ ਤਿਨੇ ਲਲਕਾਰਯੋ।
ਆਨਿ ਤਬੈ ਤਿੰਨ ਵਾਰ ਕੀਯੋ, ਕਰਿ ਢਾਲ ਕੋ ਧਾਰ ਕੋ ਵਾਰ ਸੰਭਾਰਯੋ।
ਮਯਾਨ ਤੇ ਕਾਢ ਲਈ ਤਬ ਹੀ, ਬਲ ਧਾਰ ਕੇ ਤਿਸ ਉੱਪਰ ਮਾਰਯੋ।
ਸੀਸ ਕਟਯੋ ਇਹ ਠਉਰ ਪਰਿਯੋ, ਜੈਸੇ ਬੇਲਹਿ ਤੇ ਕਦੂਆ ਕਟ ਡਾਰਯੋ।
ਆਪਣੇ ਖਾਨਾਂ ਨੂੰ ਜੰਗ ਵਿੱਚ ਮਰਦੇ ਅਤੇ ਭੱਜਦੇ ਦੇਖ ਸੱਮੀ ਖਾਨ ਨੂੰ ਬੜਾ ਰੋਹ ਚੜ੍ਹਿਆ। ਇਤਿਹਾਸਕ ਲਿਖਤਾਂ ਦਸਦੀਆਂ ਹਨ ਕਿ ਇਹ ਬਹੁਤ ਬਹਾਦਰ ਅਤੇ ਜ਼ੋਰਾਵਰ ਸੀ ਅਤੇ ਰਣ-ਭੂਮੀ ਵਿੱਚ ਜਦ ਆਉਂਦਾ ਸੀ ਖਲਬਲੀ ਮਚਾ ਦਿੰਦਾ ਸੀ। ਜੰਗ ਹੱਥੋਂ ਜਾਂਦੀ ਦੇਖ ਇਸ ਨੇ ਹਰੀ ਸਿੰਘ ਨਲੂਏ ਨੂੰ ਵੰਗਾਰਿਆ ਅਤੇ ਉੱਚੀ ਆਵਾਜ਼ ਵਿੱਚ ਆਖਿਆ ਬੰਦੇ ਨਾ ਮਰਵਾ, ਮੇਰੇ ਨਾਲ ਦੋ ਹੱਥ ਕਰ ਕੇ ਦੇਖ। ਇਸ
ਦੇ ਕੜਕਵੇਂ ਬੋਲਾਂ ਨੂੰ ਸੁਣ ਕੇ ਸਰਦਾਰ ਨਲੂਆ ਅੱਗੇ ਵਧਿਆ ਅਤੇ ਆਖਿਆ, ਸੱਮੀ ਖਾਨ! ਤੂੰ ਤਾਕਤ ਪਰਖਣੀ ਹੈ ਤਾਂ ਆ ਜਾ। ਪਰੇ ਕਰ ਦੇ ਹੋਰ ਫ਼ੌਜੀਆਂ ਨੂੰ। ਪਹਿਲੇ ਤਿੰਨ ਵਾਰ ਤੂੰ ਮੇਰੇ ਤੇ ਕਰੀਂ ਜੇਕਰ ਮੈਂ ਬਚ ਗਿਆ ਫਿਰ ਮੈਂ ਤੇਰੇ ਤੇ ਵਾਰ ਕਰਾਂਗਾ। ਸੱਮੀ ਖ਼ਾਨ ਦੇ ਕੀਤੇ ਤਿੰਨੇ ਵਾਰ ਹਰੀ ਸਿੰਘ ਨੇ ਪਛਾੜ ਦਿੱਤੇ। ਸੱਮੀ ਖਾਨ! ਹੁਣ ਮੇਰਾ ਵਾਰ ਆਵੇਗਾ ਤਿਆਰ ਹੋ ਜਾ। ਸਰਦਾਰ ਨਲੂਏ ਨੇ ਦੋ ਧਾਰੀ ਖੰਡੇ ਨਾਲ ਜਦੋਂ ਵਾਰ ਕੀਤਾ ਤਾਂ ਇਹ ਫੱਟੜ ਹੋ ਕੇ ਧਰਤੀ ਤੇ ਡਿਗ ਪਿਆ। ਸਰਦਾਰ ਦੀ ਖੁੱਲ੍ਹ -ਦਿਲੀ ਦੇਖੋ ਦੁਬਾਰਾ ਡਿੱਗੇ ਪਏ ਤੇ ਵਾਰ ਨਹੀਂ ਕੀਤਾ। ਸਗੋਂ ਸੱਮੀ ਖ਼ਾਨ ਦੇ ਸਾਥੀ ਸਿਪਾਹੀਆਂ ਨੂੰ ਆਖਿਆ, ਆਪਣੇ ਹੀਰੋ ਨੂੰ ਚੁੱਕ ਕੇ ਲੈ ਜਾਉ। ਇਸ ਦੇ ਜਖਮਾਂ ਤੇ ਮਰ੍ਹਮ ਪੱਟੀ ਕਰੋ। ਇੰਞ ਸੱਮੀ ਖਾਨ ਨੂੰ ਜਖ਼ਮੀ ਹਾਲਤ ਵਿੱਚ ਦੇਖ ਕੇ ਪਠਾਣ ਮੈਦਾਨ ਚੋਂ ਦੌੜਨ ਲੱਗ ਪਏ।
ਇਤਿਹਾਸਕਾਰਾਂ ਅਨੁਸਾਰ ਦੋਸਤ ਮੁਹੰਮਦ ਦਾ ਛੋਟਾ ਪੁੱਤਰ ਹੈਦਰ ਖਾਨ ਜਿਹੜਾ ਪਹਿਲੀ ਵਾਰ ਜੰਗੇ ਮੈਦਾਨ ਵਿੱਚ ਆਇਆ ਸੀ ਇਸ ਘੱਲੂ-ਘਾਰੇ ਨੂੰ ਦੇਖ ਚੀਕਾਂ ਮਾਰਦਾ ਅਤੇ ਰੋਂਦਾ ਕਰਲਾਉਂਦਾ ਬਚਾਉ ਬਚਾਉ ਦੀ ਰਟ ਲਾਈ ਜਾ ਰਿਹਾ ਸੀ। ਅਮੀਰ ਦੇ ਦੂਜੇ ਪੁੱਤਰ ਅਕਬਰ ਖਾਨ ਅਤੇ ਅਕਰਮ ਖਾਨ ਤਾਂ ਮੌਤ ਤੋਂ ਡਰਦੇ ਪਹਾੜਾਂ ਦੀਆਂ ਕਲੰਦਰਾਂ ਵਿੱਚ ਹੀ ਲੁਕੇ ਰਹੇ।
ਮੈਸਨ ਆਪਣੇ ਸਫਰਨਾਮੇ (Jorney in Balochistan, Afganistan and Punjab Volume III, Page 384) ਵਿੱਚ ਲਿਖਦਾ ਹੈ ਕਿ ३० ਅਪ੍ਰੈਲ ਨੂੰ ਸਰਦਾਰ ਹਰੀ ਸਿੰਘ ਨੇ ਇਹਨਾਂ (ਅਮੀਰ ਦੋਸਤ ਮੁਹੰਮਦ ਖ਼ਾਨ) ਦੀ ਫ਼ੌਜ ਤੇ ਧਾਵਾ ਕਰਕੇ ਇਨ੍ਹਾਂ ਸਾਰਿਆਂ ਨੂੰ ਅੱਗੇ ਧਰ ਲਿਆ। ਇਸ ਮੈਦਾਨ ਵਿੱਚ ਹਰੀ ਸਿੰਘ ਦੇ ਰਸਾਲੇ ਨੇ ਅਫ਼ਗਾਨਾਂ ਦੀਆਂ ੧੪ ਵੱਡੀਆਂ ਤੋਪਾਂ ਤੇ ਕਬਜ਼ਾ ਕਰ ਲਿਆ। ਇਹਨਾਂ ਜਿੱਤੀਆਂ ਤੋਪਾਂ ਵਿੱਚ ਕੋਹ ਸ਼ਿਕਨ ਨਾਮੀ ਤੋਪ ਇਤਿਹਾਸ ਵਿੱਚ ਬੜੀ ਪ੍ਰਸਿੱਧ ਮੰਨੀ ਗਈ ਸੀ।
ਇਸ ਜੰਗ ਅੰਦਰ ਹਰੀ ਸਿੰਘ ਦੇ ਵਫ਼ਾਦਾਰ ਅਤੇ ਜਿਗਰੀ ਦੋਸਤ ਨਵਾਬ ਅਰਵਾਬ ਮੁਹੰਮਦ ਖ਼ਾਨ ਤਹਿਕਾਲ ਨੂੰ ਇੱਕ ਪਠਾਣ ਨੇ ਨਲੂਏ ਦੀਆਂ ਅੱਖਾਂ ਸਾਮ੍ਹਣੇ ਗੋਲੀਆਂ ਨਾਲ ਉਡਾ ਦਿੱਤਾ। ਸਰਦਾਰ ਸਾਹਿਬ ਨੇ ਜਦੋਂ ਆਪਣਾ ਇਹ ਮਿੱਤਰ ਤੜਫ ਤੜਫ਼ ਕੇ ਮਰਦਾ ਦੇਖਿਆ ਤਾਂ ਬੜੇ ਜੋਸ਼ 'ਚ ਆ ਕੇ ਆਪਣੀ ਤਲਵਾਰ ਨਾਲ ਉਸ ਪਠਾਣ ਨੂੰ ਡੱਕਰੇ ਡੱਕਰੇ ਕਰ ਦਿੱਤਾ। ਇੰਞ ਪਿਆਰੇ ਦੋਸਤ ਪ੍ਰਤੀ ਪੱਕੀ ਮਿੱਤਰਤਾ ਦਾ ਸਬੂਤ ਦਿੱਤਾ।
ਅਫ਼ਗਾਨੀ ਫ਼ੌਜ ਬੁਰੀ ਤਰ੍ਹਾਂ ਹਾਰ ਖਾ ਕੇ ਦੱਰਾ ਖ਼ੈਬਰ ਵੱਲ ਦੌੜ ਗਈ। ਸਰਦਾਰ ਹਰੀ ਸਿੰਘ ਦੀ ਦਿਲੀ ਇੱਛਾ ਸੀ ਕਿ ਇਹਨਾਂ ਦਾ ਪਿੱਛਾ ਨਾ ਕੀਤਾ ਜਾਵੇ ਅਤੇ ਸਿੰਘ ਆਰਾਮ ਕਰ ਲੈਣ। ਸਿੱਖ ਫ਼ੌਜ ਕਈ ਦਿਨਾਂ ਦੀ ਲੜਦੀ ਲੜਦੀ ਕਾਫ਼ੀ ਥੱਕ-ਟੁੱਟ ਗਈ ਸੀ। ਪਰ ਹੋਣੀ ਨੂੰ ਜੋ ਮੰਨਜੂਰ ਸੀ ਉਹ ਹੋਣਾ ਸੀ।
ਮਹਾਨ ਜਰਨੈਲ ਦਾ ਅੰਤ
ਜੰਗ ਵਿੱਚ ਤਾਂ ਹਰ ਸੂਰਮਾ ਸਿਰ ਤੇ ਕੱਫਨ ਬੰਨ੍ਹ ਕੇ ਤੁਰਦਾ ਹੈ। ਮਨ ਵਿੱਚ ਸੂਰਮੇ ਜਿੱਤ ਲਈ ਅੱਗੇ ਨੂੰ ਹੀ ਵਧਦੇ ਹਨ ਅਤੇ ਮੌਤ ਦੀ ਪ੍ਰਵਾਹ ਨਹੀਂ ਕਰਦੇ। ਖ਼ਾਸ ਕਰ ਧਰਮ ਨੂੰ ਬਚਾਉਣ ਲਈ ਧਰਮ ਯੁੱਧ ਵਿੱਚ ਅਤੇ ਗਰੀਬ ਦੀ ਰੱਖਿਆ ਲਈ ਉਹ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਦ੍ਰਿੜ ਹੁੰਦੇ ਹਨ। ਸਿੱਖ ਨੂੰ ਤਾਂ ਗੁਰੂ ਨੇ ਸਿੱਖਿਆ ਹੀ ਇਹ ਦਿੱਤੀ ਹੈ। ਜੈਸੇ ਕਬੀਰ ਜੀ ਫਰਮਾਉਂਦੇ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥ (੧੧੦੫)
ਜੋ ਜੀਵਨ ਮਰਨਾ ਜਾਨੈ॥ ਸੋ ਪੰਚ ਸੈਲ ਸੁਖ ਮਾਨੈ ॥ (੬੫੫)
ਸਰਦਾਰ ਨਿਧਾਨ ਸਿੰਘ ਪੰਜ ਹੱਥਾ ਜੋਸ਼ ਵਿੱਚ ਆ ਕੇ ਆਪਣੀ ਫ਼ੌਜੀ ਟੁਕੜੀ ਲੈ ਕੇ ਦੁਸ਼ਮਣ ਨੂੰ ਭਜਾਉਣ ਲਈ ਦੱਰਾ ਖ਼ੈਬਰ ਵੱਲ ਵਧਿਆ। ਆਪਣੇ ਸਿੰਘ ਸਾਥੀ ਨੂੰ ਇੰਞ ਦੇਖ ਸਰਦਾਰ ਹਰੀ ਸਿੰਘ ਨਲੂਆ ਨਾ ਰਹਿ ਸਕਿਆ। ਉਸ ਦੀ ਮੱਦਦ ਲਈ ਜੁਆਨਾਂ ਨੂੰ ਨਾਲ ਲੈ ਅੱਗੇ ਵਧਿਆ। ਸਰਦਾਰ ਸਾਹਿਬ ਨੇ ਅਜੇ ਨਿਧਾਨ ਸਿੰਘ ਨੂੰ ਵਾਪਸ ਪਰਤ ਆਉਣ ਲਈ ਸੁਨੇਹਾ ਘੱਲਿਆ ਹੀ ਸੀ ਕਿ ਇਤਨੇ ਨੂੰ ਸ਼ਮਸੁਦੀਨ ਖ਼ਾਨ ੨੦੦੦ ਸਵਾਰਾਂ ਸਮੇਤ ਦਰੇ ਵਿੱਚ ਆ ਗਿਆ। ਬਹੁਤ ਕਟਾ ਵੱਢੀ ਹੋਈ। ਪਰ ਖਾਲਸੇ ਦੀਆਂ ਤੇਗਾਂ ਅੱਗੇ ਇਹ ਖ਼ਾਨ ਖੜ੍ਹ ਨਹੀਂ ਸਕਿਆ। ਰੱਬੀ ਭਾਣਾ ਦੇਖੋ ਇੱਕ ਪਾਸੇ ਤਾਂ ਖਾਲਸੇ ਦੀ ਜਿੱਤ ਦੇ ਧੌਂਸੇ ਵੱਜ ਗਏ। ਪਰ ਦੂਜੇ ਪਾਸੇ ਅਤਿ ਪਿਆਰਾ ਅਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਿਆ।
ਸਰਦਾਰ ਨਲੂਆ ਸੁਰਕਮਰ ਪਾਸ ਆਪਣੇ ਬਾਡੀ ਗਾਰਡ ਸਰਦਾਰ ਅਜੈਬ ਸਿੰਘ ਰੰਧਾਵਾ ਨਾਲ ਜਾ ਰਹੇ ਸਨ। ਇੱਥੇ ਰਤੀ ਨਾਮੀ ਚਟਾਨ ਵਿੱਚ ਇੱਕ ਗੁਫਾ ਸੀ।
ਇਸ ਗੁਫਾ ਵਿੱਚ ਕੁਝ ਗਾਜ਼ੀ ਪਠਾਣ ਲੁਕੇ ਹੋਏ ਸਨ। ਇਸ ਗੁਫਾ ਵਿੱਚੋਂ ਅਚਾਨਕ ਗੋਲੀਆਂ ਚੱਲੀਆਂ ਜੋ ਸਰਦਾਰ ਅਜੈਬ ਸਿੰਘ ਦੇ ਲੱਗੀਆਂ। ਗੋਲੀਆਂ ਲੱਗਣ ਕਾਰਨ ਇਹ ਘੋੜੇ ਤੋਂ ਡਿੱਗ ਪਿਆ ਅਤੇ ਥਾਂ ਤੇ ਹੀ ਪ੍ਰਾਣ ਤਿਆਗ ਗਿਆ। ਇਹ ਭਾਣਾ ਬੀਤਣ ਤੇ ਸਰਦਾਰ ਹਰੀ ਸਿੰਘ ਘੋੜੇ ਤੋਂ ਬੜੀ ਫੁਰਤੀ ਨਾਲ ਉਤਰਿਆ ਅਤੇ ਘੋੜੇ ਦੀ ਲਗਾਮ ਫੜ੍ਹ ਕੇ ਗੁਫਾ ਵੱਲ ਗਿਆ। ਗਾਜ਼ੀਆਂ ਨੇ ਹੋਰ ਗੋਲੀਆਂ ਦਾਗੀਆਂ ਜਿਨ੍ਹਾਂ ਚੋਂ ਇੱਕ ਛਾਤੀ ਵਿੱਚ ਵੱਜੀ ਅਤੇ ਦੂਜੀ ਵੱਖੀ ਵਿੱਚ ਗੋਲੀਆਂ ਲੱਗਣ ਦੇ ਬਾਵਜੂਦ ਇਹ ਗਾਜ਼ੀਆਂ ਵੱਲ ਵਧੇ ਅਤੇ ਸਭ ਨੂੰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਸਰੀਰ ਵੱਲ ਦੇਖਿਆ ਤਾਂ ਫੱਟਾਂ ਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਸਨ। ਉਸ ਸਮੇਂ ਦਿਲ ਕਰੜਾ ਕਰ ਕੇ ਘੋੜੇ ਦੀ ਰਕਾਬ ਤੇ ਪੈਰ ਧਰਿਆ ਅਤੇ ਪਲਾਕੀ ਮਾਰ ਕੇ ਸੁਆਰ ਹੋ ਗਏ। ਘੋੜੇ ਨੂੰ ਅੱਡੀ ਲਾਈ ਅਤੇ ਸਖ਼ਤ ਜ਼ਖਮੀ ਹਾਲਤ ਵਿੱਚ ਘੋੜਾ ਤੇਜ਼ੀ ਨਾਲ ਦੌੜਾ ਕੇ ਸਿੱਧੇ ਜਮਰੌਦ ਦੇ ਕਿਲ੍ਹੇ ਵਿੱਚ ਪਹੁੰਚੇ। ਰਸਤੇ ਵਿੱਚ ਸਰੀਰ ਦੀ ਵਿਗੜ ਰਹੀ ਹਾਲਤ ਨੂੰ ਦੇਖ ਕੇ ਆਪਣੇ ਪਿਆਰੇ, ਨਿਆਰੇ ਅਤੇ ਸ਼ਿੰਗਾਰੇ ਘੋੜੇ ਨੂੰ ਐਸਾ ਕਹਿ ਰਹੇ ਹਨ ਜਿਵੇਂ ਕਿ ਕਾਦਰਯਾਰ ਨੇ ਆਪਣੀ ਕਾਵਿ ਰਚਨਾ ਵਿੱਚ ਅੰਕਿਤ ਕੀਤਾ ਹੈ:
ਨੂਨ ਨਿਕਲ ਚੱਲ ਘੋੜਿਆ ਕਿਲ੍ਹੇ ਦੇ ਵੱਲ, ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ।
ਗੋਲੀ ਲੱਗੀ ਏ ਕਹਿਰ ਦਲੇਰ ਵਾਲੀ, ਘਾਇਲ ਹੋਇਆ ਏ ਅੱਜ ਸਵਾਰ ਤੇਰਾ।
ਮੇਰੇ ਬੰਕਿਆ ਛੈਲ ਛਬੀਲਿਆ ਉਏ, ਹੈ ਤੂੰ ਸੈਆਂ ਮੈਦਾਨਾਂ ਦਾ ਯਾਰ ਮੇਰਾ।
ਕਾਦਰਯਾਰ ਜੇ ਲੈ ਚਲੇਂ ਅੱਜ ਡੇਰੇ, ਤੇਰਾ ਕਦੇ ਨਾ ਭੁਲਸੀ ਪਿਆਰ ਸ਼ੇਰਾ।
ਅੱਗੇ ਘੋੜੇ ਦੇ ਕਾਰਨਾਮੇ ਸੰਬੰਧੀ ਸ਼ਬਦ ਹਨ:
ਵਾ ਵਗਿਆ ਹਵਾ ਦੇ ਵਾਂਗ ਘੋੜਾ, ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ।
ਮਾਰ ਚੁੰਗੀਆਂ ਹਰਨ ਦੇ ਵਾਂਗ ਯਾਰੋ, ਉੱਡ ਗਿਆ ਸੀ ਉਸ ਮੈਦਾਨ ਵਿੱਚੋਂ ।
ਫ਼ੌਜਾਂ ਸਿੰਘਾਂ ਦੀਆਂ ਵਿੱਚੋਂ ਗੁਜ਼ਰ ਗਿਆ, ਲੰਘ ਗਿਆ ਸੀ ਲਸ਼ਕਰ ਪਠਾਣ ਵਿੱਚੋਂ।
ਕਾਦਰਯਾਰ ਹੱਠ ਨਾਲ ਸਰਦਾਰ ਬੈਠਾ, ਐਪਰ ਨਿਕਲਦੀ ਪਈ ਸੀ ਜਾਨ ਵਿੱਚੋਂ।
(ਹਰੀ ਸਿੰਘ ਨਾਮਾ, ਪੰਨਾ ੨੦)
ਰੱਬੀ ਕ੍ਰਿਪਾ ਸਦਕਾ ਸਰਦਾਰ ਸਾਹਿਬ ਕਿਲ੍ਹੇ ਅੰਦਰ ਤਾਂ ਪਹੁੰਚ ਗਏ ਪਰ ਖੂਨ ਵਗਣ ਕਰ ਕੇ ਘੋੜੇ ਤੋਂ ਉਤਰਨ ਦੀ ਤਾਕਤ ਨਾ ਰਹੀ। ਸਰਦਾਰ ਮਹਾਂ ਸਿੰਘ ਨੂੰ ਬੁਲਾਇਆ ਅਤੇ ਆਖਿਆ ਸਰਦਾਰ ਜੀ ! ਮੈਨੂੰ ਘੋੜੇ ਤੋਂ ਸਿੰਘਾਂ ਦੀ ਮੱਦਦ ਨਾਲ
ਉਤਾਰੋ। ਗੋਲੀਆਂ ਵੱਜਣ ਕਾਰਨ ਸਰੀਰ ਜੁਆਬ ਦਈ ਜਾ ਰਿਹਾ ਹੈ। ਸਰਦਾਰ ਮਹਾਂ ਸਿੰਘ ਜਰਨੈਲ ਨਲੂਏ ਦੀ ਹਾਲਤ ਦੇਖ ਕੇ ਬਹੁਤ ਘਬਰਾ ਗਏ। ਘੋੜੇ ਤੋਂ ਲਾਹ ਕੇ ਸਰਦਾਰ ਨੂੰ ਮੰਜੇ ਤੇ ਸਾਵਧਾਨੀ ਨਾਲ ਲਿਟਾਇਆ। ਫੱਟ ਬੰਨ੍ਹਣ ਵਾਲੇ ਨੂੰ ਤੁਰੰਤ ਬੁਲਾਇਆ। ਮਰ੍ਹਮ ਪੱਟੀ ਤਾਂ ਕਰ ਦਿੱਤੀ ਪਰ ਸਰਦਾਰ ਦੀ ਹਾਲਤ ਪਲੋ ਪਲੀ ਵਿਗੜ ਰਹੀ ਸੀ। ਉਧਰੋਂ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਫ਼ੌਜ ਸਮੇਤ ਜਿੱਤ ਦੇ ਨਗਾਰੇ ਅਤੇ ਜੈਕਾਰੇ ਗਜਾਉਂਦਾ ਕਿਲ੍ਹੇ ਵਿੱਚ ਆ ਪਹੁੰਚਿਆ। ਪਰ ਜਦੋਂ ਸਰਦਾਰ ਹਰੀ ਸਿੰਘ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਬਾਰੇ ਸੁਣਿਆਂ ਤਾਂ ਖੁਸ਼ੀਆਂ ਮੱਧਮ ਪੈ ਗਈਆਂ। ਕਿਲ੍ਹੇ ਅੰਦਰ ਕਹਿਰ ਛਾ ਗਿਆ। ਅੰਤਲੇ ਸਾਹਾਂ ਤੇ ਪਹੁੰਚ ਸਰਦਾਰ ਨੇ ਮੰਜੇ ਦੇ ਆਲੇ-ਦੁਆਲੇ ਬੈਠੇ ਅਤੇ ਖੜ੍ਹੇ ਸਰਦਾਰਾਂ ਨੂੰ ਆਖਿਆ ਸਿੰਘੋ! ਜਮਰੌਦ ਦੀ ਫ਼ਤਹਿ ਸੰਬੰਧੀ ਮੈਂ ਸਭ ਦਾ ਧੰਨਵਾਦੀ ਹਾਂ ਕਿਉਂਕਿ ਤੁਸੀਂ ਬਹੁਤ ਘਾਲਣਾ ਘਾਲ ਕੇ ਅਤੇ ਜਾਨਾਂ ਵਾਰ ਕੇ ਇਸ ਕਿਲ੍ਹੇ ਉੱਪਰ ਖਾਲਸਾ ਰਾਜ ਦੇ ਝੰਡੇ ਝੁਲਾਏ ਹਨ। ਲੱਖ ਲੱਖ ਸ਼ੁਕਰ ਹੈ ਉਸ ਕਰਤਾਰ ਦਾ ਜਿਸ ਨੇ ਦਾਸਾਂ ਤੋਂ ਇਹ ਕਾਰਜ ਕਰਾਇਆ ਹੈ। ਉਸ ਮਾਲਕ ਦਾ ਸੱਦੜਾ ਆ ਗਿਆ ਹੈ, ਦਾਸ ਨੂੰ ਖੁਸ਼ੀ ਖੁਸ਼ੀ ਵਿਦਾ ਕਰਨਾ। ਜਿਸ ਸਮੇਂ ਸਰਦਾਰ ਲਹਿਣਾ ਸਿੰਘ ਨੇ, ਜਿਹੜੇ ਸਰਦਾਰ ਜੀ ਦੇ ਜੁਆਈ ਸਨ (ਸਰਦਾਰ ਨਲੂਏ ਦੀ ਧੀ ਬੀਬੀ ਚੰਦ ਕੌਰ ਸਰਦਾਰ ਲਹਿਣਾ ਨਾਲ ਵਿਆਹੀ ਹੋਈ ਸੀ), ਨੇ ਇਹ ਸ਼ਬਦ ਸੁਣੇ ਤਾਂ ਕਿਹਾ ਬਾਪੂ ਜੀ! ਸਾਨੂੰ ਛੱਡ ਕੇ ਕਿਸ ਦੇ ਹਵਾਲੇ ਕਰ ਚੱਲੇ ਹੋਂ? ਤਾਂ ਧੀਮੀ ਆਵਾਜ਼ ਵਿੱਚ ਆਖਿਆ, ਪੁੱਤਰ! ਅਕਾਲ ਪੁਰਖ ਸਭ ਦਾ ਰਾਖਾ ਹੈ। ਅਖੀਰ ਤੇ ਮਹਾਂ ਸਿੰਘ ਨੂੰ ਕਿਹਾ, ਮਹਾਂ ਸਿਆਂ! ਜਿਤਨਾ ਚਿਰ ਮਹਾਰਾਜਾ ਸਾਹਿਬ ਨਹੀਂ ਪਹੁੰਚ ਜਾਂਦੇ ਉਤਨਾ ਚਿਰ ਕਿਲ੍ਹੇ ਤੋਂ ਬਾਹਰ ਮੇਰੇ ਸੰਸਾਰ ਤੋਂ ਜਾਣ ਦੀ ਖ਼ਬਰ ਨਾ ਪਹੁੰਚੇ। ਇਹ ਅੰਤਲੇ ਸ਼ਬਦ ਕਹਿਣ ਦੀ ਦੇਰ ਸੀ ਮਹਾਂਬਲੀ ਯੋਧਾ ਅਤੇ ਜਰਨੈਲ; ਆਖਰੀ ਸਵਾਸ ਲੈ ਕੇ ਸੰਸਾਰ ਤੋਂ ਚਲਾ ਗਿਆ।
ਸਰਦਾਰ ਦੀ ਸ਼ਹਾਦਤ ਸੰਬੰਧੀ ਕਵੀ ਗੁਰਦਿੱਤ ਸਿੰਘ ਜੀ ਕੁੰਦਨ ਨੇ ਮਨ ਨੂੰ ਟੁੰਬਣ ਵਾਲੇ ਸ਼ਬਦ ਉੱਚਰੇ ਹਨ:
ਮੌਤ ਨਹੀਂ ਸੂਰਮੇ ਦੀ, ਮੌਤ ਇਹ ਪੰਜਾਬ ਦੀ ਸੀ।
ਸੌਂਦੇ ਸਾਰ ਉਹਦੇ ਜਾਗ ਪਈਆਂ ਬਰਬਾਦੀਆਂ।
ਮਾਨੋਂ ਟੁੱਟਾ ਪੁਲ ਸਤਲੁਜ ਦਾ ਸੀ ਉਸ ਦਿਨ।
ਆਈ ਸੀ ਗੁਲਾਮੀ, ਤੁਰ ਗਈਆਂ ਸੀ ਆਜ਼ਾਦੀਆਂ।
ਸਰਦਾਰ ਮਹਾਂ ਸਿੰਘ ਨੇ ਸੁਜਾਨ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਸਾਹਿਬ ਦੀ ਦੇਹ ਦਾ ਸੰਸਕਾਰ ਉਸੇ ਰਾਤ ੩੦ ਅਪ੍ਰੈਲ ੧੮੩੭ ਨੂੰ ਜਮਰੌਦ ਕਿਲ੍ਹੇ ਦੇ ਅੰਦਰ ਹੀ ਕਰਨ ਦਾ ਫੈਸਲਾ ਕੀਤਾ। ਜਲਦੀ ਸੰਸਕਾਰ ਕਰਨ ਦਾ ਵੱਡਾ ਕਾਰਨ ਇਹ ਸੀ ਕਿ ਮੌਸਮ ਬੜਾ ਗਰਮ ਸੀ। ਕੌਮ ਦੇ ਮਹਾਨ ਅਤੇ ਅਨਮੋਲ ਹੀਰੇ ਦੇ ਸੰਸਕਾਰ ਲਈ ਕਿਲ੍ਹੇ ਦੀ ਚੜ੍ਹਦੀ ਨੁੱਕਰ ਵੱਲ ਸਮੱਗਰੀ ਇਕੱਠੀ ਕਰ ਕੇ ਟਿਕਾਈ। ਅੱਧੀ ਰਾਤ ਦੇ ਸਮੇਂ ਗੁਰਮਤਿ ਮਰਿਯਾਦਾ ਅਨੁਸਾਰ ਅੰਤਮ ਸੰਸਕਾਰ ਕੀਤਾ। ਉਪਰੰਤ ਅਖੰਡ ਪਾਠ ਕਰਵਾਕੇ ਭੋਗ ਪਾਇਆ ਗਿਆ ਅਤੇ ਅਮਰ ਸ਼ਹੀਦ ਦੀ ਅੰਤਮ ਅਰਦਾਸ ਕੀਤੀ।
ਉਪਰੰਤ ਸਰਦਾਰ ਸਾਹਿਬ ਦੇ ਅੰਗੀਠੇ ਨੂੰ ਫੋਲ ਸਰੀਰ ਦੀਆਂ ਅਸਥੀਆਂ ਬਰਤਨ ਵਿੱਚ ਪਾ ਕੇ ਸਤਿਕਾਰ ਸਹਿਤ ਰੱਖੀਆਂ। ਇਹਨੀ ਦਿਨੀਂ ਮਹਾਰਾਜਾ ਰਣਜੀਤ ਸਿੰਘ ਗੁਜਰਾਤ ਵਿੱਚ ਸੀ। ਸਰਦਾਰ ਨਲੂਏ ਦੇ ਜ਼ਖਮੀ ਹੋਣ ਦੀ ਖ਼ਬਰ ਮਹਾਰਾਜਾ ਨੂੰ ੪ ਮਈ ੧੮੩੭ ਨੂੰ ਮਿਲੀ। ਭਾਵੇਂ ਰਾਜਾ ਧਿਆਨ ਸਿੰਘ ਨੂੰ ਸਰਦਾਰ ਦੀ ਮੌਤ ਬਾਰੇ ਪਤਾ ਲੱਗ ਚੁੱਕਿਆ ਸੀ ਪਰ ਇਸ ਨੇ ਮਹਾਰਾਜਾ ਸਾਹਿਬ ਨੂੰ ਨਹੀਂ ਦੱਸਿਆ। ਧਿਆਨ ਸਿੰਘ ਨੇ ਨਗਾਰਿਆਂ ਦੀ ਗੂੰਜ ਨਾਲ ਇੱਥੋਂ ਜਮਰੌਦ ਵੱਲ ਕੂਚ ਕੀਤਾ।
ਸ਼ੇਰਿ-ਏ-ਪੰਜਾਬ ਨੂੰ ਸਰਦਾਰ ਦੇ ਚਲਾਣੇ ਦੀ ਖ਼ਬਰ ਮਿਲਣੀ
ਜਦੋਂ ਮਹਾਰਾਜਾ ਸਾਹਿਬ ਜੇਹਲਮ ਪਾਰ ਕਰਕੇ ਰੋਹਤਾਸ ਪਹੁੰਚੇ ਤਾਂ ੬ ਮਈ ਨੂੰ ਪਿਸ਼ਾਵਰ ਤੋਂ ਖਬਰ ਆਈ ਕਿ ਸਰਦਾਰ ਨਲੂਆ ਤਾਂ ਚੜ੍ਹਾਈ ਕਰ ਗਏ ਹਨ। ਇਹ ਸੁਣ ਕੇ ਸ਼ੇਰਿ-ਏ-ਪੰਜਾਬ ਡੂੰਘੇ ਵਹਿਣ ਵਿੱਚ ਵਹਿ ਗਏ। ਆਪਣੇ ਸ਼ੇਰ ਜੈਸੇ ਅਦੁੱਤੀ ਯੋਧੇ ਨੂੰ ਯਾਦ ਕਰ ਕੇ ਰੋਣ ਲੱਗ ਪਏ। ਮੁਨਸ਼ੀ ਸੋਹਨ ਲਾਲ ਨੇ ਮਹਾਰਾਜੇ ਵੱਲੋਂ ਨਲਵਾ ਦੇ ਰੁਦਨ ਸੰਬੰਧੀ ਮੂੰਹੋਂ ਇਹ ਸ਼ਬਦ ਨਿਕਲੇ ਲਿਖੇ ਹਨ:
ਸਰਕਾਰੇ ਆਲੀ ਅਜ ਸੁਨੀਦਨ ਦੀ ਖ਼ਬਰ ਦਹਸ਼ਤ ਅਸਰ ਕਮਾਲ ਤਾਸੁਫ ਵ ਤਫੱਕਰ ਫ਼ਰਮੂਦਾ, ਤਮਾਮ ਅਹਵਾਲੇ ਸਰਦਾਰ ਮਜ਼ਕੂਰ ਅਜ਼ ਇਬਤਦਾਏ ਤਾ ਇੰਤਹਾ ਵਨਮਕ ਹਲਾਲੀ ਦਰ। ਤਕਦੀਮੇ ਖ਼ਿਦਮਾਤ ਬਿਆਨ ਫਰਮੂਦਾ ਚਸ਼ਮ ਪੁਰ ਆਬ ਸ਼ੁਦੰਦ।
(ਉਮਦਾਤੁੱਤ ਤਵਾਰੀਖ, ਦਫ਼ਤਰ ਸੋਇਪ, ਹਿੱਸਾ ਚੁਹਰਾਮ ਪੰਨਾ ੩੯੭)
ਡਾਕਟਰ ਗੰਡਾ ਸਿੰਘ ਅਨੁਸਾਰ ਮਹਾਰਾਜਾ ਵੱਲੋਂ ਧਿਆਨ ਸਿੰਘ ਦੇ ਗੜਵਾ ਮਾਰਨ ਦੀ ਘਟਨਾ ਗੁਜਰਾਤ ਵਿਖੇ ਹੋਈ ਸੀ। ਇਤਿਹਾਸਕਾਰਾਂ ਅਨੁਸਾਰ ਹਰੀ ਸਿੰਘ ਦੇ ਵਿਛੋੜੇ ਦਾ ਅਸਰ ਮਹਾਰਾਜਾ ਤੇ ਇਤਨਾ ਹੋਇਆ ਕਿ ਜਲਧਾਰਾ ਦੇ ਰੂਪ ਵਿੱਚ ਅੱਖਾਂ ਚੋਂ ਪਾਣੀ ਤ੍ਰਿਪ ਤ੍ਰਿਪ ਚੋ ਰਿਹਾ ਸੀ ਅਤੇ ਬਹੁਤ ਹੀ ਖਾਮੋਸ਼ੀ ਦੀ ਹਾਲਤ ਵਿੱਚ ਚਲੇ ਗਏ ਸਨ। ਕਾਫੀ ਸਮੇਂ ਦੀ ਚੁੱਪ ਪਿੱਛੋਂ ਬੋਲੇ, ਅੱਜ ਖਾਲਸਾ ਰਾਜ ਦੇ ਕਿਲ੍ਹੇ ਦਾ ਭਾਰੀ ਬੁਰਜ ਢਹਿ ਗਿਆ ਹੈ। ਮੇਰੇ ਬਹਾਦਰ ਸੁਘੜ ਸਿਆਣੇ ਸਰਦਾਰ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਦਸਦੇ ਹਨ ਕਿ ਸ਼ੇਰਿ-ਏ-ਪੰਜਾਬ ਆਪਣੇ ਜੀਵਨ ਅੰਦਰ ਕਦੇ ਇਤਨੇ ਮਾਯੂਸ ਨਹੀਂ ਸਨ ਹੋਏ। ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਨ ਵਾਲੇ ਨਿਧੜਕ ਸੂਰਮੇ ਸਨ। ਸਰਦਾਰ ਨਲੂਆ ਦਾ ਵਿਛੋੜਾ ਉਹਨਾਂ ਦੇ ਦਿਲ ਨੂੰ ਡਾਢਾ ਫੱਟੜ ਕਰ ਗਿਆ।
ਜਮਰੌਦ ਵਿੱਚ ਇਸ ਵਰਤੇ ਭਾਣੇ ਕਾਰਨ ਅਸਮਾਨ ਵਿੱਚ ਵੀ ਬੱਦਲ ਛਾ ਗਏ ਸਨ। ਬੱਦਲਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਵੀ ਵਰਸੀਆਂ ਅਰਥਾਤ ਪ੍ਰਕਿਰਤੀ ਨੇ ਵੀ ਹੰਝੂ ਕੇਰੇ। ਪਿਤਾ ਦੀ ਖ਼ਬਰ ਸੁਣ ਕੇ ਸਰਦਾਰ ਹਰੀ ਸਿੰਘ ਦਾ ਵੱਡਾ ਪੁੱਤਰ ਸਰਦਾਰ ਜਵਾਹਰ ਸਿੰਘ ਨਲਵਾ ਪਿਸ਼ਾਵਰ ਨੂੰ ਰਵਾਨਾ ਹੋ ਗਿਆ। ਇੱਥੋਂ ਸਰਦਾਰ ਜਵਾਹਰ ਸਿੰਘ ਜਮਰੌਦ ਪਹੁੰਚਿਆ ਪਰ ਜਾਣ ਵੇਲੇ ਤੱਕ ਸਭ ਕੁਝ ਸੰਪੂਰਨ ਹੋ ਚੁੱਕਿਆ ਸੀ ਭਾਵ ਅਖੀਰ ਸਮੇਂ ਪਰਵਾਰ ਦਾ ਕੋਈ ਜੀਅ (ਜੁਆਈ ਸਰਦਾਰ ਲਹਿਣਾ ਸਿੰਘ ਤੋਂ ਵਗੈਰ) ਸਰਦਾਰ ਦਾ ਮੁੱਖ ਨਹੀਂ ਦੇਖ ਸਕਿਆ। ਸਰਦਾਰ ਜਵਾਹਰ ਸਿੰਘ ਵਾਪਸੀ ਸਮੇਂ ਸਰਦਾਰ ਦੇ ਅੰਗੀਠੇ ਦਾ ਕੁਝ ਭਾਗ ਗੁਜਰਾਂ ਵਾਲੇ ਵਿਖੇ ਲੈ ਆਇਆ ਅਤੇ ਆਪਣੀ ਮਾਤਾ ਸਰਦਾਰਨੀ ਦੇਸਾਂ ਦੇ ਉਪਦੇਸ਼ ਤੇ ਸਰਦਾਰ ਦੇ ਪਿਆਰੇ ਬਾਗ ਵਿੱਚ ਬਾਰਾਂਦਰੀ ਦੇ ਸਾਮ੍ਹਣੇ ਸੁੰਦਰ ਯਾਦਗਾਰ ਬਣਾ ਦਿੱਤੀ। ਸਰਦਾਰ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਲਿਖਦੇ ਹਨ ਕਿ ਇਹ ਸਮਾਧ ਮੈਂ ਦੇਖੀ ਹੈ। ਇਹ ਬਾਰਾਂਦਰੀ ਤੋਂ ੧੨ ਕਦਮ ਦੀ ਵਿੱਥ ਪਰ ਜ਼ਮੀਨ ਨਾਲੋਂ ੧੦ ਪੌੜੀਆਂ ਉੱਚੀ ਬਣੀ ਹੋਈ ਹੈ। ਜਿਸ ਪਰ ੧੬ ਫੁੱਟ ਉੱਚਾ ਗੁੰਬਜ ਹੈ। ਗੁੰਬਜ ਦੇ ਆਲੇ-ਦੁਆਲੇ ਪ੍ਰਕਰਮਾ ਹੈ। ਇੱਕ ਸਮਾਧ ਅੰਗੀਠੇ ਵਾਲੇ ਅਸਥਾਨ ਤੇ ਬਣਾਈ ਗਈ। ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਅਨੁਸਾਰ ਸਮਾਧ ਲਾਗੇ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ। ਇੱਕ ਗ੍ਰੰਥੀ ਸਿੰਘ ਪੱਕੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਰੱਖਿਆ ਗਿਆ। ਸੰਨ
੧੮੪੯ ਵਿੱਚ ਜਦੋਂ ਬਰਤਾਨੀਆਂ ਸਰਕਾਰ ਦਾ ਕਬਜ਼ਾ ਜਮਰੌਦ ਉੱਪਰ ਹੋ ਗਿਆ ਤਾਂ ਅੰਗਰੇਜ਼ੀ ਸਰਕਾਰ ਵੀ ਗ੍ਰੰਥੀ ਸਿੰਘ ਨੂੰ ਤਨਖਾਹ ਦਿੰਦੀ ਰਹੀ ਸੀ।
ਸਰਦਾਰ ਹਰੀ ਸਿੰਘ ਹਿੰਦੂਆਂ ਦੇ ਦਿਲਾਂ ਅੰਦਰ ਵੀ ਬਹੁਤ ਹਰਮਨ ਪਿਆਰਾ ਸੀ। ਹਿੰਦੂਆਂ ਦੀ ਸੁਰੱਖਿਆ ਲਈ ਉਸ ਨੇ ਬਹੁਤ ਕਾਨੂੰਨ ਬਣਵਾਏ, ਗਊਆਂ ਦਾਨ ਕੀਤੀਆਂ ਅਤੇ ਇਹਨਾਂ ਦੀਆਂ ਇਸਤਰੀਆਂ, ਨੂਹਾਂ, ਧੀਆਂ ਅਤੇ ਭੈਣਾਂ ਨੂੰ ਬਚਾਉਣ ਲਈ ਆਪਣੀ ਜਾਨ ਨੂੰ ਵੀ ਬਹੁਤ ਵਾਰ ਜ਼ੋਖਮ ਵਿੱਚ ਪਾਇਆ। ਸੰਨ ੧੮੯੨ ਦੇ ਸਤੰਬਰ ਮਹੀਨੇ ਵਿੱਚ ਬਾਬੂ ਗਜੂ ਮੱਲ ਜੀ ਕਪੂਰ, ਜੋ ਪਿਸ਼ਾਵਰ ਵਿੱਚ ਮਸ਼ਹੂਰ ਠੇਕੇਦਾਰ ਸੀ, ਨੇ ਸਰਦਾਰ ਹਰੀ ਸਿੰਘ ਦੀ ਸਮਾਧ ਨੂੰ ਮੁੜ ਤੋਂ ਉੱਚਾ ਕਰ ਕੇ ਬਹੁਤ ਸੁੰਦਰ ਬਣਾਇਆ। ਇਸ ਸਮਾਧ ਤੇ ਗੁਰਮੁਖੀ, ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖਵਾਇਆ: Tomb the late Sikh General Hari Singh Nalwa, Cremated 30th April 1837 Commermorated by Babu Gajjan Mal Kapur of Peshawar, September 1892, ਸਮਾਧ ਸਰਦਾਰ ਹਰੀ ਸਿੰਘ ਨਲਵਾ।
ਹਿਸਟੋਰੀਅਨ ਐੱਸ ਐੱਮ ਜਫ਼ਰ ਨੇ ੧੯੪੫ ਵਿੱਚ ਆਪਣੀ ਕਿਤਾਬ 'ਪਿਸ਼ਾਵਰ ਪਾਸਟ ਐਂਡ ਪਰੈਜੈਂਟ' ਦੇ ਪੰਨਾ ੧੨੧ ਤੇ ਲਿਖਿਆ ਹੈ ਕਿ ਜਮਰੌਦ ਦੇ ਕਿਲ੍ਹੇ ਵਿੱਚ ਇੱਕ ਛੋਟਾ ਕਮਰਾ ਸਰਦਾਰ ਹਰੀ ਸਿੰਘ ਦੀ ਯਾਦ ਵਿੱਚ ਅਜੇ ਵੀ ਪਵਿੱਤਰ ਕਮਰੇ ਦੇ ਤੌਰ ਤੇ ਖਾਲ੍ਹੀ ਰੱਖਿਆ ਹੋਇਆ ਹੈ। ਇਸ ਕਮਰੇ ਵਿੱਚ ਹਰੀ ਸਿੰਘ ਨੂੰ ਜਖਮੀ ਹਾਲਤ ਵਿੱਚ ਲਿਆ ਕੇ ਮੰਜੇ ਉੱਪਰ ਪਾਇਆ ਸੀ।
ਸੰਨ ੧੮੪੪ ਵਿੱਚ ਬ੍ਰਿਟਿਸ਼ ਸਿੱਖ ਰਜਮੈਂਟ ਨੇ ਹਰੀ ਸਿੰਘ ਦੀ ਸਮਾਧ ਤੇ ਪਿਆਰ ਅਤੇ ਸਤਿਕਾਰ ਵਜੋਂ ਇੱਕ ਪਲੇਟ ਧਾਤ ਦੀ ਫਿੱਟ ਕਰਵਾਈ ਸੀ। ਇਸ ਤੇ ਅੰਕਿਤ ਹੈ (ੴ ਸੇਵਾ ਕਰਾਈ, ਸੈਕੰਡ (੨) ਯਾਦਵਿੰਦਰਾ ਪਟਿਆਲਾ, ਨਵੰਬਰ ੧੯੪੪)। ਵਨੀਤ ਨਲੂਆ ਨੇ ਇਹਨਾਂ ਯਾਦਗਾਰਾਂ ਦੀਆਂ ਫੋਟੋਆਂ ਜੋ ੧੯੮੨ ਵਿੱਚ ਖਿੱਚੀਆਂ ਆਪਣੇ ਕਿਤਾਬ ਦੇ ਪੰਨਾ ੩੨੦ ਤੇ ਲਾਈਆਂ ਹੋਈਆਂ ਹਨ।
ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਦੇ ਚਲਾਣੇ ਦਾ ਦੁੱਖ ਪਰਵਾਰ ਨਾਲ ਸਾਂਝਾ ਕਰਨ ਲਈ ਆਪ ਗੁਜਰਾਂਵਾਲੇ ਪਹੁੰਚੇ। ਸਰਦਾਰ ਸਾਹਿਬ ਦੀ ਵਿਧਵਾ ਪਤਨੀ ਨੂੰ ਗੁਜਰਾਂਵਾਲਾ ਜਿਲ੍ਹਾ ਜਾਗੀਰ ਵਜੋਂ ਦੇਣ ਦਾ ਫ਼ੈਸਲਾ ਵੀ ਕੀਤਾ।
ਹਰੀ ਸਿੰਘ ਦੇ ਅੰਗੀਠੇ ਨੂੰ ਇਕੱਠਾ ਕਰ ਕੇ ਸਤਿਕਾਰ ਵਜੋਂ ਸਰਦਾਰ ਸੁੰਦਰ ਸਿੰਘ ਪਹਿਲਾਂ ਪਹੋਏ ਪਹੁੰਚੇ ਅਤੇ ਫਿਰ ਗੰਗਾ ਵਿੱਚ ਪਾਇਆ। ਸਰਦਾਰ ਨਲੂਏ ਦੇ ਅੰਗੀਠੇ ਨੂੰ ਜੋ ਗਾਗਰਾਂ ਵਿੱਚ ਰੱਖਿਆ ਹੋਇਆ ਸੀ, ਦੇ ਦਰਸ਼ਨਾਂ ਲਈ ਸਿੱਖ, ਹਿੰਦੂ ਅਤੇ ਮੁਸਲਮਾਨ ਵੱਡੀ ਗਿਣਤੀ ਵਿੱਚ ਰਸਤੇ ਦੇ ਦੋਹੀਂ ਪਾਸੀ ਖੜ੍ਹੇ ਸਨ। ਰਾਮ ਦਿਆਲ ਨੇ ਇਸ ਨਜ਼ਾਰੇ ਨੂੰ ਇੱਕ ਕਬਿੱਤ ਵਿੱਚ ਵਰਨਣ ਕੀਤਾ ਹੈ:
ਤੰਬੂ ਜਾ ਲੱਗੇ ਵਿੱਚ ਹਜਰੋ ਦੇ, ਸੁਣ ਸ਼ਹਿਰ ਦੇ ਖਤਰੀ ਸਭ ਧਾਇਆ।
ਫੁੱਲ ਦੱਸੀ ਦੇ ਇਹ ਸਰਦਾਰ ਦੇ ਜੀ, ਉਨ੍ਹਾਂ ਰੱਬ ਦਾ ਵਾਸਤਾ ਚਾਇ ਪਾਇਆ।
ਓਹ ਦੇਵਤਾ ਸੀ ਸਰਦਾਰ ਚੰਗਾ, ਦੇਖ ਫੁੱਲਾਂ ਤੇ ਬਹੁਤ ਹੀ ਦੁੱਖ ਪਾਇਆ।
ਜਬ ਗਾਜੀਆਂ ਹਜਰੋਆਨ ਮਾਰੀ, ਉੱਠ ਹਸਨੋ ਤੁਰਤ ਛਪਾਲ ਆਇਆ।
ਦੂਜੇ ਪਾਸੇ ਜਦੋਂ ਕਾਬਲ ਦੇ ਗਾਜੀਆਂ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਨਲੂਆ ਮਾਰਿਆ ਗਿਆ ਹੈ ਤਾਂ ਸ਼ਹਿਰ ਵਿੱਚ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਦੀਪਮਾਲਾ ਕੀਤੀ ਗਈ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਅਮੀਰ ਦੋਸਤ ਮੁਹੰਮਦ ਖ਼ਾਨ ਦੇ ਦਰਬਾਰ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਹਰੀ ਸਿੰਘ ਨੂੰ ਮਾਰਨ ਦਾ ਸਿਹਰਾ ਕਿਸ ਦੇ ਸਿਰ ਤੇ ਬੰਨ੍ਹਿਆ ਜਾਵੇ। ਮੁਹੰਮਦ ਖਾਨ ਦੀਆਂ ੧੪ ਬੇਗਮਾਂ ਵਿੱਚੋਂ ੧੩ ਵੀਂ ਬੇਗਮ ਨੇ ਜਿਸ ਦਾ ਅਮੀਰ ਦੇ ਦਿਲ ਉੱਤੇ ਉਸ ਦੀ ਚਾਹਿਤਾ ਬੀਵੀ ਹੋਣ ਕਰ ਕੇ, ਪੂਰਾ ਪੂਰਾ ਕਬਜ਼ਾ ਸੀ। ਇੱਕ ਖੁਦਗਰਜ਼ ਮਾਂ ਹੋਣ ਦੇ ਨਾਤੇ ਇਸ ਜਿੱਤ ਦਾ ਸਿਹਰਾ ਆਪਣੇ ਪੁੱਤਰ ਮੁਹੰਮਦ ਅਕਬਰ ਖਾਨ ਦੇ ਸਿਰ ਹੀ ਬੰਨ੍ਹਵਾਇਆ ਹਾਲਾਂ ਕਿ ਸਰਦਾਰ ਹਰੀ ਸਿੰਘ ਦੇ ਹਮਲੇ ਸਮੇਂ ਜਦ ਅਫ਼ਗਾਨੀ ਫ਼ੌਜਾਂ ਮੈਦਾਨੇ ਜੰਗ ਵਿੱਚੋਂ ਨੱਸੀਆਂ ਤਾਂ ਮੁਹੰਮਦ ਅਕਬਰ ਖਾਨ ਸਭ ਤੋਂ ਪਹਿਲਾਂ ਦੌੜਿਆ ਸੀ। ਕੇਵਲ ਮੁਹੰਮਦ ਅਫ਼ਜ਼ਲ ਖ਼ਾਨ ਅਤੇ ਸ਼ਮਸੁਦੀਨ ਖਾਨ ਹੀ ਅਖੀਰ ਤੱਕ ਲੜਦੇ ਰਹੇ। ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖਤ ਮੁਤਾਬਕ ਮੁਹੰਮਦ ਅਫ਼ਜ਼ਲ ਖਾਨ, ਆਪਣੇ ਪਿਤਾ ਦੇ ਇਸ ਯਕਤਰਫਾ ਫੈਸਲੇ ਤੋਂ ਹਮੇਸ਼ਾ ਲਈ ਨਾਰਾਜ ਰਹਿਣ ਲੱਗ ਪਿਆ। ਇਹ ਗੱਲ ਮੋਹਨ ਲਾਲ ਕਸ਼ਮੀਰੀ ਨੇ (Life of Amir Dost Muhammed Khan) ੧੮੪੬ ਵਿੱਚ ਲਿਖੀ ਹੈ। ਵਨੀਤ ਨਲੂਆ ਨੇ ਲਿਖਿਆ ਹੈ ਕਿ ਕੈਪਟਨ ਵੇਡ ਨੇ ਇੱਕ ਪੱਤਰ ਅੰਦਰ ਧੰਨਵਾਦ ਵਜੋਂ ਮੁਹੰਮਦ ਅਕਬਰ ਖਾਨ ਨੂੰ ਹਰੀ ਸਿੰਘ ਦੀ ਮੌਤ ਬਾਰੇ ਲਿਖਿਆ ਸੀ। ਭਾਵ ਇਸ ਨੂੰ ਕੈਪਟਨ ਵੇਡ ਤੋਂ ਸਰਦਾਰ ਦੀ ਮੌਤ ਦੀ ਖ਼ਬਰ ਮਿਲੀ।
ਹਰੀ ਸਿੰਘ ਦੀ ਬਹਾਦਰੀ, ਜਵਾਂਮਰਦੀ, ਸੋਚਣੀ ਅਤੇ ਕੁਰਬਾਨੀ ਨੂੰ ਮੁੱਖ ਰਖਦਿਆਂ ਸਰਦਾਰ ਦੀ ਮੌਤ ਤੇ ਸ਼ਰਧਾਂਜ਼ਲੀ ਵੱਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਹੋਰਾਂ ਤੋਂ ਇਲਾਵਾ ਤਿੰਨ ਪੱਤਰ ਅੰਗਰੇਜ਼ ਅਫਸਰਾਂ ਵੱਲੋਂ ਅਤੇ ਇੱਕ ਅਫਗਾਨਿਸਤਾਨ ਦੇ ਪਹਿਲੇ ਰਾਜੇ ਵੱਲੋਂ ਆਇਆ। ਅੰਗਰੇਜ਼ ਅਫ਼ਸਰ ਜਿਨ੍ਹਾਂ ਨੇ ਸੋਗ ਪੱਤਰ ਭੇਜੇ ਉਹ ਸਨ, ਬ੍ਰਿਟਿਸ਼ ਗਵਰਨਰ ਅਫ਼ਸਰ ਜਨਰਲ, ਲਾਰਡ ਆਕਲੈਂਡ, ਕਮਾਂਡਰ-ਇਨ-ਚੀਫ ਬ੍ਰਿਟਿਸ਼ ਆਰਮੀ ਲੈਫ਼ਟੀਨੈਂਟ ਜਨਰਲ ਸਰ ਹੈਨਰੀਫੇਨ ਅਤੇ ਬ੍ਰਿਟਿਸ਼ ਏਜੰਟ ਕਲਾਡ ਪਾਰਟਨ ਵੇਡ ਚੌਥਾ ਪੱਤਰ ਅਫ਼ਗਾਨਿਸਤਾਨ ਦੇ ਪਹਿਲੇ ਰਾਜੇ ਸ਼ਾਹ ਸੁਜਾਅ ਵੱਲੋਂ ਆਇਆ। ਹੋਰ ਤਾਂ ਹੋਰ ਮੁਗਲਾਂ ਅਤੇ ਪਠਾਣਾਂ ਨੇ ਵੀ ਇਹ ਲਿਖਿਆ ਹੈ ਕਿ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਕੇਵਲ ਇੱਕ ਬਹਾਦਰ ਜਰਨੈਲ ਹੀ ਨਹੀਂ ਸੀ ਸਗੋਂ ਕਾਬਲੀਅਤ ਪੱਖੋਂ ਵੀ ਵੱਡੀ ਮੁਹਾਰਤ ਰਖਦਾ ਸੀ।
ਸੂਰਮੇ ਨਲਵਾ ਉੱਪਰ ਗੋਲੀਆਂ ਕਿਸ ਨੇ ਚਲਾਈਆਂ?
ਜੇਕਰ ਕੋਈ ਕਹਿੰਦਾ ਹੈ ਕਿ ਮੈਂ ਹਰੀ ਸਿੰਘ ਨੂੰ ਗੋਲੀਆਂ ਮਾਰੀਆਂ ਇਹ ਸਭ ਦਾਅਵੇ ਝੂਠੇ ਹਨ। ਅਗਰ ਅਫ਼ਗਾਨਾਂ ਨੂੰ ਇਸ ਗੱਲ ਦਾ ਸਹੀ ਪਤਾ ਲੱਗ ਜਾਂਦਾ ਤਾਂ ਉਹ ਉਸ ਨੂੰ ਵੱਡਾ ਮਾਣ ਬਖ਼ਸ਼ਦੇ, ਉਸ ਦਾ ਬੁੱਤ ਲਾਉਂਦੇ ਅਤੇ ਉਸ ਨੂੰ ਪੂਜਦੇ।
ਮਹਾਰਾਜੇ ਦਾ ਆਪਣਾ ਪੱਤਰਕਾਰ ਲਾਲਾ ਰਾਮ ਦਿਆਲ ਲਿਖਦਾ ਹੈ ਕਿ ਮੁਹੰਮਦ ਖ਼ਾਨ ਖ਼ਲੀਲ ਨੇ ਸਰਦਾਰ ਹਰੀ ਸਿੰਘ ਨੂੰ ਜ਼ਖਮੀ ਕੀਤਾ ਜਿਸ ਕਾਰਨ ਉਸ ਦੀ ਮੌਤ ਹੋਈ। ਉਹ ਇਹ ਵੀ ਲਿਖਦਾ ਹੈ ਕਿ ਜਖ਼ਮੀ ਹੋਣ ਪਿੱਛੋਂ ਸਰਦਾਰ ਨੇ ਉਸ ਨੂੰ ਮਾਰ ਦਿੱਤਾ ਸੀ। ਪਰ ਇਤਿਹਾਸਕਾਰਾਂ ਅਨੁਸਾਰ ਖਲੀਲ ਤਾਂ ਸਰਦਾਰ ਦੀ ਮੌਤ ਉਪਰੰਤ ਜਿੰਦਾ ਸੀ। ਅਫ਼ਗਾਨਾਂ ਤੋਂ ਬਿਨਾਂ ਦੋ ਅੰਗਰੇਜ਼ਾਂ ਅਤੇ ਇੱਕ ਅਮਰੀਕਨ ਨੇ ਵੀ ਹਰੀ ਸਿੰਘ ਤੇ ਗੋਲ਼ੀ ਚਲਾਉਣ ਲਈ ਆਪਣੇ ਆਪ ਨੂੰ ਹੀਰੋ ਕਹਾਇਆ। ਪਰ ਤਵਾਰੀਖ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਜੰਗ ਸਮੇਂ ਅਫ਼ਗਾਨਾਂ ਦੀ ਫ਼ੌਜ ਵਿੱਚ ਕੋਈ ਅੰਗਰੇਜ਼ ਜਾਂ ਅਮਰੀਕਨ ਨਹੀਂ ਸੀ। ਕਈਆਂ ਨੇ ਇਸ ਪਿੱਛੇ ਰਾਜਾ ਧਿਆਨ ਸਿੰਘ ਡੋਗਰੇ ਦਾ ਹੱਥ ਲਿਖਿਆ ਹੈ, ਕਈਆਂ ਨੇ ਜਮਾਂਦਾਰ ਖੁਸ਼ਹਾਲ ਸਿੰਘ ਉੱਪਰ ਦੋਸ਼ ਮੜ੍ਹਿਆ ਹੈ ਅਤੇ ਕਈਆਂ ਨੇ ਰਾਜਾ ਗੁਲਾਬ ਸਿੰਘ ਦਾ ਨਾਂ ਲਿਖਿਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਿਆ ਤਾਂ ਉੱਤਰ ਸੀ, "ਕਾਰਬਾਈਨ ਵਿੱਚੋਂ ਨਿਕਲੀਆਂ ਗੋਲੀਆਂ ਹਰੀ ਸਿੰਘ ਦੀ ਸੰਜੋਅ ਵਿੱਚ
ਧੱਸ ਗਈਆਂ। ਇਹ ਮਾਰੀਆਂ ਕਿਸ ਨੇ ਰੱਬ ਹੀ ਜਾਣਦਾ ਹੈ। ਸਰਦਾਰ ਇੱਕ ਸਿਆਣਾ ਤੇ ਦਾਨਾ ਪੁਰਸ਼ ਸੀ, ਅਤੇ ਉਹਨੇ ਬਹਾਦਰੀ ਅਤੇ ਹੌਸਲੇ ਦਰਸਾਉਂਦਿਆਂ ਆਪਣੀ ਜਾਨ ਅਕਾਲ ਪੁਰਖ ਦੇ ਹਵਾਲੇ ਕਰ ਦਿੱਤੀ ਹੈ। ਉਹ ਪੂਰਾ ਨਮਕ-ਹਲਾਲ ਸੀ"।
ਅੰਗਰੇਜ਼ ਲਿਖਾਰੀ ਗ੍ਰੇਅ ਲਿਖਦਾ ਹੈ ਕਿ,"ਸ਼ਾਨ ਦੇ ਰਾਹ ਬੰਦੇ ਨੂੰ ਸ਼ਮਸ਼ਾਨ ਵੱਲ ਲਿਜਾਂਦੇ ਹਨ" ਪਰ ਇੱਕ ਸੱਚੇ ਸੈਨਿਕ ਵਾਂਗੂੰ ਨਲਵੇ ਦੀ ਮੌਤ ਮੈਦਾਨੇ-ਜੰਗ ਵਿੱਚ ਹੋਈ। ਉਹ ਆਪਣੇ ਪਿੱਛੇ ਬਹਾਦਰੀ, ਹੁਨਰਮੰਦੀ ਦੀ ਇੱਕ ਪਰੰਪਰਾ ਛੱਡ ਗਿਆ ਹੈ ਜੋ ਮਿਟਾਈ ਨਹੀਂ ਜਾ ਸਕਦੀ। ਉਹ ਸਿੱਖ ਇਤਿਹਾਸ ਵਿੱਚ ਪਠਾਣਾਂ ਨੂੰ ਅੱਗੇ ਅੱਗੇ ਲਗਾਉਣ ਵਾਲਾ ਸਭ ਤੋਂ ਵੱਧ ਮਸ਼ਹੂਰ ਵਿਅਕਤੀ ਹੋਇਆ ਹੈ।...ਸਾਰੀ ਸਰਹੱਦ ਉਸ ਦੇ ਨਾਮ ਤੋਂ ਕੰਬਦੀ ਸੀ"।
ਇਤਿਹਾਸਕ ਤੱਥ ਹਨ ਕਿ ਸਰਦਾਰ ਨਲੂਆ ਗੋਲੀਆਂ ਲੱਗਣ ਉਪਰੰਤ ਹੋਸ਼ ਵਿੱਚ ਸੀ। ਉਸ ਨੇ ਆਪ ਜਾ ਕੇ ਗੋਲੀਆਂ ਚਲਾਉਣ ਵਾਲਿਆਂ ਨੂੰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਉੱਥੋਂ ਉਹ ਘੋੜੇ ਤੇ ਸਵਾਰ ਹੋ ਜਮਰੌਦ ਕਿਲ੍ਹੇ ਪਹੁੰਚੇ। ਫੱਟੜ ਹਾਲਤ ਵਿੱਚ ਸਰਦਾਰ ਮਹਾਂ ਸਿੰਘ ਅਤੇ ਹੋਰਾਂ ਨਾਲ ਵੀ ਗੱਲਬਾਤ ਕੀਤੀ। ਜੇਕਰ ਸਿੱਖ ਫ਼ੌਜ 'ਚੋਂ ਕਿਸੇ ਨੇ ਇਹ ਕਾਰਾ ਕੀਤਾ ਹੁੰਦਾ ਤਾਂ ਦੱਸ ਦਿੰਦੇ। ਬੰਦੇ ਦਾ ਮਾਰਿਆ ਬੰਦਾ ਨਹੀਂ ਮਰਦਾ। ਮੌਤ ਦਾ ਸਦੜਾ ਤਾਂ ਰੱਬ ਵੱਲੋਂ ਹੀ ਆਉਂਦਾ ਹੈ। ਹੋਣੀ ਟਲਦੀ ਨਹੀਂ ਅਤੇ ਜਿਸ ਨੇ ਹਥਿਆਰ ਚਲਾਉਣਾ ਹੈ ਉਹ ਵੀ ਹਾਜ਼ਰ ਹੋ ਜਾਂਦਾ ਹੈ। ਮਿਥੇ ਸਮੇਂ ਅਨੁਸਾਰ ਹੋਣੀ ਆਪਣੀ ਕਲਾ ਵਰਤਾ ਦਿੰਦੀ ਹੈ ਨਹੀਂ ਤਾਂ ਪਹਿਲਾਂ ਵੀ ਇਹ ਸੂਰਮਾ ਅਨੇਕਾਂ ਬਾਰ ਬੁਰੀ ਤਰ੍ਹਾਂ ਫੱਟੜ ਹੋਇਆ ਸੀ। ਵਨੀਤ ਨਲੂਆ ਨੇ ਆਪਣੀ ਕਿਤਾਬ ਦੇ ਪੰਨਾ ੨੬੨ ਤੇ ਸਰਦਾਰ ਅਰਜਨ ਸਿੰਘ ਵੱਲੋਂ ਦੱਸੀ ਹਰੀ ਸਿੰਘ ਦੀ ਦਲੇਰੀ ਅਤੇ ਮੌਤ ਤੋਂ ਨਿਡਰ ਹੋਣ ਤੇ ਗਾਥਾ ਲਿਖੀ ਹੈ:
ਗਾਥਾ ਅਨੁਸਾਰ ਇੱਕ ਅਫ਼ਰੀਦੀ ਪਠਾਣ ਜੋ ਜਾਮ ਪਿੰਡ ਦਾ ਸੀ ਆਪਣੀ ਬੇਗਮ ਦੇ ਨਾਲ ਜਮਰੌਦ ਦੇ ਕਿਲ੍ਹੇ ਕੋਲ ਦੀ ਸਵੇਰ ਵਖ਼ਤ ਲੰਘ ਰਿਹਾ ਸੀ। ਕੁਦਰਤੀ ਸਰਦਾਰ ਨਲੂਆ ਬਾਹਰ ਖੜ੍ਹੇ ਦਾਤਣ ਕਰ ਰਹੇ ਸੀ। ਪਠਾਣ ਨੇ ਸਰਦਾਰ ਨੂੰ ਆਖਿਆ, "ਸਿੰਘਾ! ਤੈਨੂੰ ਪਤਾ ਇਹ ਪਠਾਣਾਂ ਦੀ ਧਰਤੀ ਹੈ। ਤੂੰ ਹਥਿਆਰ ਬਿਨਾ ਕਿਲ੍ਹੇ ਦੇ ਬਾਹਰ ਤੁਰਿਆ ਫਿਰਦਾ ਹੈਂ। ਤੈਨੂੰ ਕੋਈ ਪਠਾਣ ਮਾਰ ਸਕਦਾ ਹੈ। ਕੀ ਤੂੰ ਮਰਨ ਤੋਂ ਨਹੀਂ ਡਰਦਾ"? ਨਲੂਆ ਨੇ ਉੱਤਰ ਵਿੱਚ ਕਿਹਾ, ਸਿੱਖਾਂ ਨੂੰ ਤਾਂ ਗੁਰੂ
ਗੋਬਿੰਦ ਸਿੰਘ ਦੀ ਓਟ ਹੈ। ਮਾਰਨਾ ਰੱਖਣਾ ਗੁਰੂ ਦਾ ਕੰਮ ਹੈ। ਜੇਕਰ ਤੇਰੇ 'ਚ ਹਿੰਮਤ ਹੈ ਮੈਨੂੰ ਮਾਰ ਦੇ ਜਾਂ ਮੁਕਾਬਲਾ ਕਰ ਕੇ ਦੇਖ ਲੈ। ਪਠਾਣ ਕਹਿੰਦਾ,"ਸਿੰਘਾ ਮੇਰੀ ਬੇਗਮ ਨਾਲ ਹੈ। ਇਸ ਨੂੰ ਮੈਂ ਘਰ ਛੱਡ ਆਵਾਂ। ਜੇਕਰ ਹਿੰਮਤ ਹੈ ਆ ਮੇਰੇ ਨਾਲ ਮੇਰੇ ਜਾਮ ਪਿੰਡ ਚੱਲ ਉੱਥੇ ਜੋਰ ਅਜ਼ਮਾ ਲਵੀਂ। ਇਸ ਜਾਮ ਪਿੰਡ ਦੇ ਨਾਂ ਤੇ ਹੀ ਜਮਰੌਦ ਦਾ ਕਿਲ੍ਹਾ ਹੋਂਦ ਵਿੱਚ ਆਇਆ ਸੀ। ਦਲੇਰ ਅਤੇ ਬੇਖੌਫ਼ ਸਰਦਾਰ ਦਾਤਣ ਕਰਦਾ ਹੀ ਅਫ਼ਰੀਦੀ ਨਾਲ ਉਸ ਦੇ ਪਿੰਡ ਚਲਾ ਗਿਆ।
ਇਸ ਪਠਾਣ ਨੇ ਪਿੰਡ ਵਾਸੀ ਇੱਕਠੇ ਕਰ ਲਏ ਅਤੇ ਮੁਕਾਬਲੇ ਲਈ ਆਖਾੜਾ ਬੰਨ੍ਹ ਲਿਆ। ਪਠਾਣ ਨੇ ਤਲਵਾਰ ਢਾਲ ਨਲੂਏ ਨੂੰ ਦੇ ਦਿੱਤੀ ਅਤੇ ਆਪ ਵੀ ਚੱਕ ਲਈ। ਮੁਕਾਬਲਾ ਸ਼ੁਰੂ ਹੋ ਗਿਆ। ਨਲੂਆ ਨੇ ਆਖਿਆ,"ਅਫ਼ਰੀਦੀ! ਪਹਿਲਾਂ ਤੂੰ ਵਾਰ ਕਰ ਲੈ, ਪਰ ਤਕੜਾ ਹੋ ਕੇ ਕਰੀਂ"। ਪਠਾਣ ਨੇ ਵਾਰ ਕੀਤਾ, ਸਰਦਾਰ ਨੇ ਢਾਲ ਤੇ ਵਾਰ ਰੋਕ ਲਿਆ। ਸਰਦਾਰ ਨੇ ਕਿਹਾ,"ਅਫ਼ਰੀਦੀ! ਤਕੜਾ ਹੋ ਹੁਣ ਮੇਰੀ ਵਾਰੀ ਹੈ, " ਨਲੂਏ ਨੇ ਐਸਾ ਵਾਰ ਕੀਤਾ ਕਿ ਤਲਵਾਰ ਸੱਪ ਵਾਗੂੰ ਸ਼ੂਕਦੀ ਢਾਲ ਨੂੰ ਪਾਰ ਕਰ ਕੇ ਪਠਾਣ ਦੇ ਸਰੀਰ ਤੇ ਜਾ ਵੱਜੀ। ਲਹੂ ਵਹਿ ਤੁਰਿਆ। ਸਰਦਾਰ ਨੇ ਆਪਣੀ ਉਪਰਲੀ ਪੱਗ ਲਾਹੀ। ਮਰ੍ਹਮ ਵਗੈਰਾ ਮੰਗਵਾ ਕੇ ਜ਼ਖਮ ਤੇ ਲਾ ਕੇ ਖੂਨ ਰੋਕਣ ਲਈ ਪੱਗ ਲਪੇਟ ਦਿੱਤੀ। ਸਿੱਖ ਦਾ ਐਸਾ ਹਿਰਦਾ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਪਠਾਣ ਨੇ ਪੇਂਡੂਆਂ ਨੂੰ ਆਖਿਆ,"ਸਿੱਖ ਨੂੰ ਕੁਝ ਨਾ ਆਖਿਉ। ਮੈਂ ਆਪ ਹੀ ਸਿੱਖ ਨੂੰ ਮੁਕਾਬਲੇ ਲਈ ਉਕਸਾਇਆ ਸੀ"। ਸਰਦਾਰ ਹਰੀ ਸਿੰਘ ਨਲਵਾ ਤੁਰ ਕੇ ਕਿਲ੍ਹੇ ਅੰਦਰ ਪਹੁੰਚ ਗਏ। ਕੁਝ ਦਿਨਾਂ ਪਿੱਛੋਂ ਪਠਾਣਾਂ ਨੂੰ ਪਤਾ ਲੱਗਿਆ ਕਿ ਉਹ ਸਿੱਖ ਤਾਂ 'ਹਰੀਆ' ਸੀ। ਉਹ ਆਪਣੀ ਮੂਰਖਤਾ ਤੇ ਪਛਤਾਉਂਣ ਲੱਗੇ ਕਿ ਹਰੀਅੇ ਨੂੰ ਮਾਰਨ ਦਾ ਬਹੁਤ ਵਧੀਆ ਮੌਕਾ ਅਸੀਂ ਖੋ ਦਿੱਤਾ । (Tales from Sikh History ੧੯੧੮: ੨੩-੬)
ਬੰਦੇ ਦੇ ਖ਼ਤਮ ਹੋਣ ਉਪਰੰਤ ਸ਼ੰਕਿਆਂ ਦੇ ਆਧਾਰ ਤੇ ਘੜੀਆਂ ਕਹਾਣੀਆਂ ਇਤਿਹਾਸ ਬਣ ਜਾਂਦੀਆਂ ਹਨ। ਗੁਰਬਾਣੀ ਦੇ ਸੱਚੇ ਬੋਲ ਹਨ:
ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ॥ (੧੪੧੪)
ਜਿਸੁ ਤੂ ਰਾਖਹਿ ਤਿਸੁ ਕਉਨ ਮਾਰੈ
ਸਭ ਤੁਝ ਹੀ ਅੰਤਰਿ ਸਗਲ ਸੰਸਾਰੈ॥ (੧੪੧੫)
ਜੋ ਇਨਸਾਨ ਸੱਚ ਅਤੇ ਇਨਸਾਫ ਦੀ ਖਾਤਰ ਅਤੇ ਦੀਨ ਦੁਖੀਆਂ, ਦੱਬੇ-ਕੁਚਲੇ, ਗਰੀਬ-ਗੁਰਬੇ ਅਤੇ ਤ੍ਰੀਮਤ ਦੀ ਇੱਜ਼ਤ ਬਚਾਉਣ ਖ਼ਾਤਰ ਸ਼ਹਾਦਤ ਦਿੰਦਾ ਹੈ, ਉਹ ਸ਼ਹੀਦ ਕਹਾਉਂਦਾ ਹੈ। ਸ਼ਹੀਦ ਹਮੇਸ਼ਾ ਅਮਰ ਰਹਿੰਦਾ ਹੈ। ਸੰਸਾਰ ਤਾਂ ਕੀ ਨਿਰੰਕਾਰ ਦੇ ਘਰ ਵਿੱਚ ਵੀ ਉਸ ਦੀ ਹਮੇਸ਼ਾ ਸੋਭਾ ਹੁੰਦੀ ਹੈ। ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ:
ਸੇਈ ਪੂਰੇ ਸ਼ਾਹ ਵਖਤੈ ਉਪਰਿ ਲੜਿ ਮੂਏ॥ (੧੪੫)
ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹਿ ਸੋਭਾ ਪਾਇ॥ (੧੪੧੫)
ਸ਼ਹਿਰਾਂ, ਕਿਲ੍ਹਿਆਂ ਅਤੇ ਧਾਰਮਿਕ ਅਸਥਾਨਾਂ ਦਾ ਨਿਰਮਾਣ
ਬਲਕਾਰੀ ਯੋਧਾ ਹਰੀ ਸਿੰਘ ਨਲੂਆ ਕੇਵਲ ਫ਼ੌਜੀ ਜਰਨੈਲ, ਹੁਨਰਮੰਦ ਸੈਨਿਕ ਅਤੇ ਸੁਘੜ ਰਾਜ-ਪ੍ਰਬੰਧਕ ਹੀ ਨਹੀਂ ਸੀ ਸਗੋਂ ਉੱਚੀ ਮਾਨਸਕ ਬੁੱਧੀ ਵਾਲਾ, ਵਿਉਂਤਕਾਰ ਅਤੇ ਮਨਸੂਬੇ-ਬਾਜ਼ ਸ਼ਖ਼ਸ਼ੀਅਤ ਦਾ ਮਾਲਕ ਸੀ। ਇਹਨਾਂ ਚਮਤਕਾਰੀ ਗੁਣਾਂ ਸਦਕਾ ਉਸ ਨੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਅਪਣਾਈ ਅਗਾਂਹ ਵਧੂ ਯੁੱਧ ਨੀਤੀ ਤੋਂ ਇਲਾਵਾ ਭਵਿੱਖ ਵਿੱਚ ਪਰਜਾ ਦੀ ਭਲਾਈ ਲਈ ਬਹੁਤ ਹੀ ਦੂਰ-ਅੰਦੇਸ਼ੀ ਨੀਤੀ ਨੂੰ ਮੁੱਖ ਰੱਖ ਕੇ ਗੌਰਵਮਈ ਕਾਰਜ ਕੀਤੇ। ਇਹਨਾਂ ਕਾਰਜਾਂ ਵਿੱਚ ਨਵੇਂ ਸ਼ਹਿਰਾਂ ਦੀ ਸਥਾਪਨਾ, ਕਿਲ੍ਹਿਆਂ ਦੀ ਉਸਾਰੀ, ਪਾਣੀ ਦੇ ਪ੍ਰਬੰਧ, ਧਾਰਮਿਕ ਇਮਾਰਤਾਂ ਦਾ ਨਿਰਮਾਣ, ਬਾਗਬਾਨੀ ਅਤੇ ਸੁੰਦਰ ਬਗੀਚਿਆਂ ਦੀ ਤਿਆਰੀ ਮੁੱਖ ਵਿਸ਼ੇ ਸਨ। ਆਪਣੇ ਸੰਖੇਪ (੪੬ ਸਾਲ) ਜੀਵਨ ਅੰਦਰ ਜਿਹੜੀਆਂ ਯਾਦਗਾਰਾਂ ਕਾਇਮ ਕੀਤੀਆਂ ਉਨ੍ਹਾਂ ਦਾ ਵੇਰਵਾ ਭਾਵ ਰੂਪ ਵਿੱਚ ਵਰਨਣ ਕੀਤਾ ਜਾ ਰਿਹਾ ਹੈ।
ਹਜ਼ਾਰੇ ਦਾ ਹਰਿਕਿਸ਼ਨ ਗੜ੍ਹ ਕਿਲ੍ਹਾ
ਸਰਦਾਰ ਨਲੂਆ ਨੇ ਹਜ਼ਾਰੇ ਦੇ ਐਨ ਵਿਚਕਾਰ, ਜੋ ਕਿ ਤੰਗ ਪਹਾੜੀਆਂ ਨਾਲ ਘਿਰਿਆ ਹੋਇਆ ਸੀ, ਖਾਲਸਾ ਫ਼ੌਜ ਲਈ ਇੱਕ ਵੱਡੇ ਅਤੇ ਮਜ਼ਬੂਤ ਕਿਲ੍ਹੇ ਦੀ ਉਸਾਰੀ ਕਰਵਾਈ। ਇਸ ਕਿਲ੍ਹੇ ਦਾ ਨਾਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿਸ਼ਨ ਜੀ ਦੇ ਨਾਮ ਤੇ ਹਰਿਕਿਸ਼ਨ ਗੜ੍ਹ ਰੱਖਿਆ ਸੀ। ਇਸ ਜਗ੍ਹਾ ਤੇ ਯੂਸਫ ਜਈਆਂ ਅਤੇ ਸਿੰਘਾਂ ਵਿਚਕਾਰ ਬੜੀ ਭਿਆਨਕ ਜੰਗ ਹੋਈ ਸੀ। ਇਸ ਜੰਗ ਵਿੱਚ ਸਰਦਾਰ ਅਮਰ ਸਿੰਘ ਕਲਾਨ (ਮਜੀਠੀਆ), ਦਿਵਾਨ ਰਾਮ ਦਿਆਲ ਅਤੇ ਸਰਦਾਰ ਅਮਰ ਸਿੰਘ ਜਾਨਾਂ ਵਾਰ ਗਏ ਸਨ।
ਹਰਿਕਿਸ਼ਨ ਗੜ੍ਹ ਵਿੱਚ ਪਾਣੀ ਦਾ ਪ੍ਰਬੰਧ ਦੌਰ ਦਰਿਆ ਤੋਂ ਕੀਤਾ ਗਿਆ। ਵਿਜ਼ਨ ਦੀ ੧੮੪੨ ਦੀ ਰਿਪੋਰਟ ਅਨੁਸਾਰ ਇਹ ਕਿਲ੍ਹਾ ਚੌਰਸ ਹੈ, ਫ਼ੌਜੀ ਨਿਯਮਾਂ ਅਨੁਸਾਰ ਨੇਮਬੱਧ ਹੈ ਅਤੇ ਮਿੱਟੀ ਦੀਆਂ ਕੰਧਾਂ ਨਾਲ ਉਸਾਰੀ ਹੋਈ ਹੋਈ ਹੈ। ਹੋਤੀ
ਮਰਦਾਨ ਦੀ ਲਿਖਤ ਮੁਤਾਬਕ ਇਹ ਕਿਲ੍ਹਾ ੧੯੩੭ ਤੱਕ ਤਾਂ ਹੋਂਦ ਵਿੱਚ ਸੀ। ਉਨ੍ਹਾਂ ਦੇ ਦੇਖਣ ਅਨੁਸਾਰ ਇਹ ਹਰੀ ਸਿੰਘ ਦੀ ਉੱਚ ਦਿਮਾਗੀ ਤੇ ਇੰਜੀਨੀਅਰੀ ਦੇ ਕਮਾਲ ਨੂੰ ਦਰਸਾਉਂਦਾ ਹੈ। ਹਰੀ ਸਿੰਘ ਦੀ ਮੌਤ ਉਪਰੰਤ ਅਤੇ ਸਿੱਖ ਰਾਜ ਦੇ ਖ਼ਾਤਮੇ ਪਿੱਛੋਂ ਜਦੋਂ ਮੁਗਲ ਪਹਾੜੀ ਕਬੀਲਿਆਂ ਨੇ ਮਾਰਚ ੧੮੪੬ ਵਿੱਚ ਹਿੰਦੂ ਅਤੇ ਸਿੱਖਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਇਸ ਕਿਲ੍ਹੇ ਵਿੱਚ ਦਾਖਲ ਹੋ ਕੇ ਆਪਣੇ ਧਨ ਮਾਲ ਨੂੰ ਸੁਰੱਖਿਅਤ ਕੀਤਾ। ਵਨੀਤ ਨਲਵਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਹਰੀ ਸਿੰਘ ਦੀ ਇੱਕ ਭੈਣ ਸੀ ਜਿਸ ਦਾ ਨਾਂ ਸੀ ਕਿਸ਼ਨ ਦੇਵੀ-ਕਿਸ਼ਨੋ (ਕਿਸ਼ਨ ਕੌਰ)। ਸੋ ਹਰਿਕਿਸ਼ਨ ਗੜ੍ਹ ਕਿਲ੍ਹੇ ਦੇ ਨਾਮ ਵਿੱਚ ਦੋਹਾਂ ਭੈਣ ਭਰਾਵਾਂ ਦਾ ਨਾਮ ਵੀ ਆ ਜਾਂਦਾ ਹੈ।
ਇਸ ਕਿਲ੍ਹੇ ਤੋਂ ਇਲਾਵਾ ਅਮਨ ਕਾਨੂੰਨ ਦੀ ਬਹਾਲੀ ਲਈ ਸਰਦਾਰ ਨਲੂਆ ਨੇ ਹਜ਼ਾਰੇ ਦੇ ਇਲਾਕੇ ਵਿੱਚ ਚਾਰ ਕਿਲ੍ਹੇ ਹੋਰ ਬਣਵਾਏ ਸਨ, ਜਿਵੇਂ ਕਿਲ੍ਹਾ ਨਵਾਂ ਸ਼ਹਿਰ, ਕਿਲ੍ਹਾ ਧਮਧੋੜ, ਕਿਲ੍ਹਾ ਦਰਬੰਧ ਅਤੇ ਕਿਲ੍ਹਾ ਸ਼ੀਨ ਕਿਆਰੀ। ਹੋਤੀ ਮਰਦਾਨ ਜੀ ਅਨੁਸਾਰ ੧੯੩੭ ਦੇ ਆਸ ਪਾਸ ਕੇਵਲ ਦਰਬੰਧ ਕਿਲ੍ਹਾ ਚੰਗੀ ਹਾਲਤ ਵਿੱਚ ਸੀ, ਜਿਸ ਵਿੱਚ ਨਵਾਬ ਦਰਬੰਦ ਰਹਿੰਦਾ ਸੀ ਪਰ ਬਾਕੀ ਦੇ ਕਿਲ੍ਹੇ ਢਹਿ ਚੁੱਕੇ ਸਨ।
ਹਰੀਪੁਰ ਸ਼ਹਿਰ ਵਸਾਉਣਾ
ਹਰਿਕਿਸ਼ਨ ਕਿਲ੍ਹੇ ਤੋਂ ਅੱਧ ਮੀਲ ਦੀ ਦੂਰੀ ਤੇ ਪੱਛਮ ਵੱਲ ਹਰੀਪੁਰ ਸ਼ਹਿਰ ਵਸਾਇਆ। ਇਹ ਮਾਨੋ ਹਰੀ (God) ਦੀ ਪੁਰੀ ਹੈ ਤੇ ਸਰਦਾਰ ਨਲਵੇ ਦਾ ਨਾਮ ਵੀ ਇਸ ਵਿੱਚ ਸਮਾਇਆ ਹੋਇਆ ਹੈ। ਨਲੂਏ ਦੀਆਂ ਹੋਰ ਯਾਦਗਾਰਾਂ ਭਾਵੇਂ ਸਮਾਂ ਪਾ ਕੇ ਮਿਟ ਜਾਣ ਪਰ ਹਰੀਪੁਰ ਸ਼ਹਿਰ ਇਸ ਮਹਾਨ ਸੂਰਮੇ ਦੀ ਯਾਦ ਦੁਨੀਆਂ ਭਰ ਅੰਦਰ ਹਮੇਸ਼ਾ ਰਹੇਗੀ। ਸ਼ਹਿਰ ਦੀ ਸੁਰੱਖਿਆ ਲਈ ਆਲੇ-ਦੁਆਲੇ ੪ ਗਜ਼ ਚੌੜੀ ਅਤੇ ੧੬ ਗਜ਼ ਉੱਚੀ ਦੀਵਾਰ ਬਣਵਾਈ ਅਤੇ ਚਾਰ ਦਰਵਾਜੇ ਰਖਵਾਏ। ਕੰਧਾਂ ਦੇ ਚਾਰੇ ਕੋਨਿਆਂ ਤੇ ਸੁਰੱਖਿਆ ਪੱਖੋਂ ਬੁਰਜ਼ ਵੀ ਬਣਵਾਏ। ਦਰਿਆ ਦੌਰ ਵਿੱਚੋਂ ਪਾਣੀ ਦਾ ਵਹਿਣ ਕਰਵਾ ਕੇ ਰੰਗੀਲਾ ਨਾਮ ਤਲਾਅ ਵਿੱਚ ਪੁਆਇਆ। ਇਸ ਤਲਾਅ ਵਿੱਚੋਂ ਮੋਘੇ ਕਢਵਾ ਕੇ ਹਰ ਰੋਜ਼ ਦੀ ਵਰਤੋਂ ਲਈ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਪਹੁੰਚਾਇਆ।
ਸੁਰੱਖਿਆ ਨੂੰ ਮੁੱਖ ਰੱਖ ਕੇ ਅਤੇ ਚੰਗੀਆਂ ਸਹੂਲਤਾਂ ਦੀ ਉਪਲਭਦੀ ਕਾਰਨ ਬਹੁਤ ਸਾਰੇ ਵਪਾਰੀ ਇੱਥੇ ਆ ਵਸੇ। ਬੈਰਨ ਹੁਗਲ ਨੇ ੨੩ ਦਸੰਬਰ ੧੮੪੫ ਨੂੰ ਜਦੋਂ ਇਹ ਸ਼ਹਿਰ ਦੇਖਿਆ ਤਾਂ ਸ਼ਹਿਰ ਦੀ ਗਹਿਮਾ ਗਹਿਮ ਦੇਖ ਲਿਖਦਾ ਹੈ ਕਿ ਹਜ਼ਾਰੇ ਵਿੱਚ ਹਰੀਪੁਰ ਜਿਹਾ ਸ਼ਹਿਰ ਮੈਂ ਹੋਰ ਕੋਈ ਨਹੀਂ ਦੇਖਿਆ। ਇਸ ਸ਼ਹਿਰ ਵਿੱਚ ਚਾਰੇ ਪਾਸੇ ਸੁੰਦਰ ਹਰਿਆਲੀ ਸੀ, ਦੂਰ-ਦੁਰਾਡੇ ਤੱਕ ਵਪਾਰ ਚਲਦਾ ਸੀ। ਇੱਥੋਂ ਤੱਕ ਕਿ ਤਿੱਬਤ ਰਾਹੀਂ ਹਰੀਪੁਰ ਤੋਂ ਚੀਨ ਤੱਕ ਵਪਾਰਕ ਵਸਤਾਂ ਜਾਂਦੀਆਂ ਸਨ। ਅੱਜ ਇੱਕੀਵੀਂ ਸਦੀ ਵਿੱਚ ਵੀ ਪਾਕਿਸਤਾਨ ਦੇ ਹਜ਼ਾਰਾ ਜਿਲ੍ਹੇ ਵਿੱਚ ਹਰੀਪੁਰ ਇੱਕ ਮਸ਼ਹੂਰ ਸ਼ਹਿਰ ਹੈ। ਕਿਲ੍ਹਾ ਹਰਿਕਿਸ਼ਨ ਗੜ੍ਹ ਵਿੱਚ ਕਾਨੂੰਨ ਸੰਬੰਧੀ ਮੰਤਰਾਲੇ ਦਾ ਦਫ਼ਤਰ ਹੈ। ਹਰੀਪੁਰ ਤੋਂ ਇਲਾਵਾ ਇੱਕ ਹੋਰ ਸ਼ਹਿਰ ਅੰਮ੍ਰਿਤਪੁਰ ਵੀ ਹਰੀ ਸਿੰਘ ਨੇ ਵਸਾਇਆ ਸੀ। ਸ਼ਹਿਰੀਆਂ ਦੀਆਂ ਧਾਰਮਿਕ ਲੋੜਾਂ ਦੀ ਪੂਰਤੀ ਲਈ ਸਰਦਾਰ ਨਲਵਾ ਨੇ ਇੱਕ ਗੁਰਦੁਆਰਾ ਸ਼ਹੀਦ ਗੰਜ਼ ਇੱਥੇ ਜੰਗ ਦੌਰਾਨ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਬਣਵਾਇਆ। ਇਸ ਦੀ ਸੇਵਾ ਲਈ ਭਾਈ ਕਰਮ ਸਿੰਘ ਨਾਮੀ ਗ੍ਰੰਥੀ ਰਖਵਾਇਆ। ਗ੍ਰੰਥੀ ਸਿੰਘ ਦੇ ਗੁਜ਼ਾਰੇ ਲਈ ਅਤੇ ਲੰਗਰ ਚਲਾਉਣ ਲਈ ਗੁਰੂ ਘਰ ਲਈ ਜ਼ਮੀਨ ਵੀ ਲਗਵਾ ਦਿੱਤੀ। ਹਿੰਦੂ ਭਰਾਵਾਂ ਲਈ ਗਣੇਸ਼ ਗਿਰੀ ਨਾਂ ਦਾ ਮੰਦਰ ਤਿਆਰ ਕਰਵਾਇਆ ਅਤੇ ਮੁਸਲਮਾਨ ਭਾਈਆਂ ਲਈ ਤੇਲੀਆਂ ਦੇ ਮੁਹੱਲੇ ਵਾਲੀ ਮਸੀਤ ਬਣਵਾਈ ਅਤੇ ਇਨ੍ਹਾਂ ਨੂੰ ਧਨ ਵੀ ਦਿੱਤਾ।
ਹਰੀ ਸਿੰਘ ਕਾ ਬਾਗ
ਹਰੀਪੁਰ ਦੀ ਧਰਤੀ ਚੰਗੀ ਉਪਜਾਊ ਹੋਣ ਕਰ ਕੇ ਇੱਥੇ ਫ਼ਲਦਾਰ ਬੂਟੇ, ਜੜ੍ਹੀ ਬੂਟੀਆਂ ਅਤੇ ਖਾਸ ਕਿਸਮ ਦੀਆਂ ਦੁਰਲੱਭ ਝਾੜੀਆਂ ਬਹੁਤ ਵਧੀਆ ਫਲ ਦਿੰਦੀਆਂ ਹਨ। ਹਰਿਕਿਸ਼ਨ ਗੜ੍ਹ ਦੇ ਉੱਤਰ-ਪੂਰਬ ਵੱਲ ਸਿਕੰਦਰ ਪੁਰ (ਅਲੈਗਜ਼ੈਂਡਰ ਕਸਬੇ) ਦੇ ਨਜ਼ਦੀਕ ਹਰੀ ਸਿੰਘ ਕਾ ਬਾਗ ਬਹੁਤ ਮਸ਼ਹੂਰ ਸੀ ਜਿਸ ਵਿੱਚ ਫ਼ਲਦਾਰ ਬੂਟਿਆਂ, ਸੁੰਦਰ ਬਗੀਚੀਆਂ, ਰੰਗਦਾਰ ਫੁੱਲਾਂ ਨਾਲ ਭਰਪੂਰ ਸਬਜ਼ੀਆਂ ਆਦਿ ਵੀ ਬਹੁਤ ਹੁੰਦੀਆਂ ਸਨ। ਪਰ ਅੰਗਰੇਜ਼ ਹਕੂਮਤ ਨੇ ਇਸ ਬਾਗ ਦੇ ਕੁਝ ਹਿੱਸੇ ਨੂੰ ਸ਼ਮਸ਼ਾਨ ਘਾਟ ਵਿੱਚ ਬਦਲ ਦਿੱਤਾ ਸੀ। ਪ੍ਰੋਫੈਸਰ ਪੂਰਨ ਸਿੰਘ ਹਰੀਪੁਰ ਸ਼ਹਿਰ ਵਿੱਚ ਪੈਦਾ ਹੋਇਆ ਸੀ। ਉਸ ਨੇ ਇਸ ਨੂੰ ਹਰਿਆਲੀ ਭਰਿਆ ਸ਼ਹਿਰ ਲਿਖਿਆ ਹੈ। ਹਰੀਪੁਰ ਵਿੱਚ ਅੰਬ, ਖੁਰਮਾਨੀ, ਸ਼ਹਿਤੂਤ ਆਦਿ ਦੀ ਖੁਸ਼ਬੂ ਬਹੁਤ ਹੀ ਪਿਆਰ ਅਤੇ ਮਲਾਰ ਭਰੀ ਸੀ। ਗਰਮੀਆਂ ਵਿੱਚ ਗਰੀਬਾਂ ਲਈ ਦਰਖਤਾਂ ਦੀ ਠੰਢੀ
ਛਾਂ ਤੇ ਨਹਿਰਾਂ ਦਾ ਵਗ ਰਿਹਾ ਪਾਣੀ ਮਾਨੋ ਬਹਿਸ਼ਤ ਹੈ (Puran Singh,੧੯੮੨).
ਪਿਸ਼ਾਵਰ ਦੇ ਕਿਲ੍ਹੇ
ਹਰੀ ਸਿੰਘ ਤਕਰੀਬਨ ਤਿੰਨ ਸਾਲ (੧੮੩੪ ਤੋਂ ੧੮੩੭) ਪਿਸ਼ਾਵਰ ਦਾ ਗਵਰਨਰ ਰਿਹਾ। ਇਸ ਸਮੇਂ ਦੌਰਾਨ ਖਿੱਤੇ ਵਿੱਚ ਚੰਗੇ ਰਾਜ-ਪ੍ਰਬੰਧ ਤੇ ਅਮਨ ਸ਼ਾਂਤੀ ਦੀ ਬਹਾਲੀ ਲਈ ਇਸ ਨੇ ਬੜੇ ਅਜਬ ਅਤੇ ਗਜ਼ਬ ਦੇ ਕੰਮ ਕੀਤੇ। ਪੰਜਾਬ ਵੱਲੋਂ ਮੁਗਲਾਂ ਤੇ ਪਠਾਣਾਂ ਦੇ ਮੂੰਹ ਮੋੜਨ ਲਈ ਚਾਰ ਕਿਲ੍ਹੇ ਜਹਾਂਗੀਰਾ, ਨੁਸ਼ਹਿਰਾ, ਪਿਸ਼ਾਵਰ 'ਚ ਸੁਮੇਰ ਹੜ੍ਹ ਅਤੇ ਜਮਰੌਦ ਵਿਖੇ ਫ਼ਤਹਿਗੜ੍ਹ ਸਿੱਖ ਫ਼ੌਜ ਦੀ ਮਜ਼ਬੂਤੀ ਲਈ ਬਣਵਾਏ। ਇਸ ਤੋਂ ਇਲਾਵਾ ਅਟਕ ਦੇ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਵਾਇਆ।
ਸੁਮੇਰ ਗੜ੍ਹ ਕਿਲੇ ਦਾ ਪਹਿਲਾ ਨਾਂ ਬਾਲਾ-ਹਿਸਾਰ ਸੀ ਅਤੇ ਇਹ ਬਾਬਰ ਨੇ ਬਣਵਾਇਆ ਸੀ। ਬਾਬਰ ਪਿੱਛੋਂ ਅਫ਼ਗਾਨਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ ਸੀ। ਪਰ ਬਾਬਰ ਦੇ ਪੁੱਤਰ ਹੰਮਾਯੂ ਨੇ ਇਸ ਨੂੰ ਦੁਬਾਰਾ ਬਣਵਾਇਆ ਸੀ। ਅਕਬਰ ਦੇ ਰਾਜ ਸਮੇਂ ਅਫ਼ਗਾਨਾਂ ਨੇ ਇਸ ਨੂੰ ਫਿਰ ਢਾਹ ਦਿੱਤਾ ਸੀ। ਪਰ ਮੁਗਲਾਂ ਨੇ ਫਿਰ ਬਣਾ ਲਿਆ। ਨੁਸ਼ਹਿਰੇ ਦੀ ਜੰਗ ਸਮੇਂ ੧੮੨੩ ਵਿੱਚ ਸਿੱਖ ਫ਼ੌਜ ਨੇ ਇਸ ਨੂੰ ਤਬਾਹ ਕਰ ਦਿੱਤਾ ਸੀ। ਮੂਰ ਕਰਾਫਟ ਨੇ ਜਦ ਇਹ ਜਗ੍ਹਾ ਦੇਖੀ ਤਾਂ ਇਸ ਨੂੰ 'ਗੰਦਗੀ ਦਾ ਢੇਰ' ਹੀ ਲਿਖਿਆ। ਸਿੱਖਾਂ ਨੇ ਜਦੋਂ ੧੮੩੪ ਵਿੱਚ ਪਿਸ਼ਾਵਰ ਤੇ ਕਬਜ਼ਾ ਕੀਤਾ ਤਾਂ ਇਸ ਜਗ੍ਹਾ ਤੇ ਸਰਦਾਰ ਨਲੂਆ ਨੇ ਇਸ ਕਿਲ੍ਹੇ ਨੂੰ ਬਣਵਾਇਆ ਅਤੇ 'ਬਾਲਾ-ਹਿਸਾਰ' ਦਾ ਨਾਂ ਬਦਲ ਕੇ 'ਸੁਮੇਰ ਗੜ੍ਹ ਰੱਖ ਦਿੱਤਾ। ਸੁਮੇਰ ਗੜ੍ਹ ਇਸ ਦਾ ਨਾਂ ਕਿਉਂ ਰੱਖਿਆ? ਇਸ ਦਾ ਵੀ ਵੱਡਾ ਕਾਰਨ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ੧੫੧੦ ਵਿੱਚ ਉਦਾਸੀ ਦੌਰਾਨ ਮਾਊਂਟ ਕੈਲਾਸ਼ ਪਰਬਤ ਜਿਸ ਨੂੰ ਸੁਮੇਰ ਪਰਬਤ ਵੀ ਕਹਿੰਦੇ ਹਨ ਸਿੱਧਾਂ ਨਾਲ ਗੋਸ਼ਟ ਕਰਨ ਗਏ ਸਨ। ਮਹਾਰਾਜਾ ਰਣਜੀਤ ਸਿੰਘ ਜਦੋਂ ਇਹ ਨਵਾਂ ਬਣਿਆ ਕਿਲ੍ਹਾ ਪਹਿਲੀ ਵਾਰ ੧੬ ਮਈ ੧੮੩੫ ਨੂੰ ਦੇਖਣ ਆਏ ਤਾਂ ਉਨ੍ਹਾਂ ਆਖਿਆ ਸੁਮੇਰ ਪਰਬਤ ਤੇ ਤਾਂ ਗੁਰੂ ਨਾਨਕ ਦੇਵ ਜੀ ਆਏ ਸਨ ਇਸ ਲਈ ਇਸ ਕਿਲ੍ਹੇ ਦਾ ਨਾਂ ਸੁਮੇਰ ਗੜ੍ਹ ਹੋਵੇਗਾ।
ਇਹਨਾਂ ਕਿਲ੍ਹਿਆਂ ਤੋਂ ਇਲਾਵਾ ਹਰੀ ਸਿੰਘ ਨੇ ਪਿਸ਼ਾਵਰ ਵਿਖੇ ਭਾਈ ਜੋਗਾ ਸਿੰਘ, ਭਾਈ ਬੀਬਾ ਸਿੰਘ ਅਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਸ੍ਰੀ ਚੰਦ ਅਤੇ ਸ੍ਰੀ
ਲਖਮੀ ਦਾਸ ਦੇ ਨਾਂ ਤੇ ਗੁਰਦੁਆਰੇ ਵੀ ਬਣਵਾਏ। ਪਿਸ਼ਾਵਰ ਵਿੱਚ ਹੀ ਇੱਕ ਪੁਰਾਤਨ ਇਮਾਰਤ 'ਗੜ੍ਹ ਖੱਤਰੀ' ਸੀ। ਇਹ ਜੋਗੀਆਂ ਅਤੇ ਹਿੰਦੂਆਂ ਦਾ ਧਾਰਮਿਕ ਕੇਂਦਰ ਸੀ। ਪਰ ੧੫੦੪ ਵਿੱਚ ਬਾਬਰ ਨੇ ਹਿੰਦੁਸਤਾਨ ਤੇ ਹਮਲੇ ਸਮੇਂ ਇਸ ਨੂੰ ਨਸ਼ਟ ਕਰ ਦਿੱਤਾ ਸੀ। ਗੜ੍ਹ ਖੱਤਰੀ ਨੂੰ ਯੋਗੀ 'ਗੋਰਖ ਮੱਠ’ ਵੀ ਕਹਿੰਦੇ ਸਨ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੋਰਖ ਨਾਥ (ਯੋਗੀਆਂ ਦਾ ਗੁਰੂ) ਨਾਲ ਗੱਲਬਾਤ ਕੀਤੀ ਸੀ ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ਼ ਹੈ। ਗੜ੍ਹ ਖੱਤਰੀ ਦੇ ਅਸਥਾਨ ਤੇ ਸਰਦਾਰ ਨਲੂਆ ਨੇ ਪਹਿਲਾਂ ਗੁਰਦੁਆਰਾ ਬਣਾਇਆ ਅਤੇ ਨਾਲ ਹੀ ਸ਼ਿਵ ਮੰਦਰ ਅਤੇ ਭੈਰੋਂ ਜੀ ਮੰਦਰ ਦੀ ਉਸਾਰੀ ਕਰਵਾਈ।
ਪੰਜਾ ਸਾਹਿਬ ਦੀ ਸੇਵਾ ਸੰਭਾਲ
ਪੰਜਾ ਸਾਹਿਬ ਦਾ ਪਵਿੱਤਰ ਅਸਥਾਨ ਹਸਨ ਅਬਦਾਲ ਸ਼ਹਿਰ ਵਿੱਚ ਸਥਿੱਤ ਹੈ। ਹਸਨ ਅਬਦਾਲ ਹਰੀਪੁਰ ਦੇ ਦੱਖਣ-ਪੱਛਮ ਅਤੇ ਰਾਵਲਪਿੰਡੀ ਦੇ ਉੱਤਰ ਪੱਛਮ ਵੱਲ ਹੈ। ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ੨੪ ਹਾੜ ੧੫੭੧ ਬਿਕਰਮੀ (੧੫੧੫ ਈਸਵੀ) ਨੂੰ ਹਸਨ ਅਬਦਾਲ ਪਹੁੰਚੇ। ਗੁਰੂ ਸਾਹਿਬ ਤਾਂ ਵਲੀ ਕੰਧਾਰੀ ਫ਼ਕੀਰ ਨਾਲ ਮੇਲ-ਮਿਲਾਪ ਲਈ ਆਏ ਸਨ। ਉਨ੍ਹਾਂ ਭਾਈ ਮਰਦਾਨੇ ਨੂੰ ਇਸ ਪਾਸ ਪਾਣੀ ਲੈਣ ਭੇਜਿਆ। ਪਰ ਨਾਸਤਕ ਤੇ ਹੰਕਾਰੀ ਫ਼ਕੀਰ ਨੇ ਪਾਣੀ ਦੇਣ ਦੀ ਬਜਾਏ ਗੁਰੂ ਸਾਹਿਬ ਨੂੰ ਮਾਰਨ ਲਈ ਇੱਕ ਭਾਰਾ ਪੱਥਰ ਇਹਨਾਂ ਵੱਲ ਰੋੜ੍ਹ ਦਿੱਤਾ। ਸੱਚੇ ਪਾਤਸ਼ਾਹ ਨੇ ਆਪਣੇ ਅਧਿਆਤਮਕ ਬਲ ਆਸਰੇ ਰੁੜ੍ਹੇ ਆਉਂਦੇ ਪੱਥਰ ਨੂੰ ਸੱਜੇ ਹੱਥ ਨਾਲ ਰੋਕ ਲਿਆ। ਉਹ ਪੰਜਾ ਜਿਸ ਨਾਲ ਪੱਥਰ ਰੁਕਿਆ ਕੁਦਰਤੀ ਨਿਸ਼ਾਨੀ ਵੱਜੋਂ ਪੱਥਰ ਵਿੱਚ ਧੱਸ ਗਿਆ। ਉਸ ਗੋਬਿੰਦ ਰੂਪ ਦਾਤੇ ਨੇ ਹੋਰ ਦਾਤ ਬਖਸ਼ੀ ਕਿ ਉੱਪਰ ਜੋ ਪਾਣੀ ਜਮ੍ਹਾਂ ਸੀ ਉਹ ਚਸ਼ਮੇ ਦੇ ਰੂਪ ਵਿੱਚ ਸਦਾ ਲਈ ਵਗਾ ਦਿੱਤਾ।
ਬਾਬੇ ਨਾਨਕ ਦੇ ਇਸ ਚਮਤਕਾਰੀ ਪੰਜੇ ਦੇ ਨਿਸ਼ਾਨ ਤੇ ਸੰਗਤਾਂ ਧੰਨ ਨਾਨਕ! ਧੰਨ ਨਾਨਕ ! ਕਹਿੰਦੀਆਂ ਨਤਮਸਤਕ ਹੁੰਦੀਆਂ ਹਨ। ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਨਸ਼ੀ ਸੋਹਣ ਲਾਲ ਦੇ ਰੋਜ਼ਨਮਾ ਅਨੁਸਾਰ ਕੱਤਕ ਦੇ ਮਹੀਨੇ ਦੀ ੨੩ ਤਾਰੀਖ ਸੰਮਤ ੧੮੭੫ (੧੮੧੮ ਈਸਵੀ) ਨੂੰ ਹਸਨ ਅਬਦਾਲ ਵਿੱਚ ਗੁਰੂ ਸਾਹਿਬ ਜੀ ਦੇ ਪੰਜੇ (ਸਾਹਿਬ) ਦੇ ਪਿਆਰ ਭਰੇ ਹਿਰਦੇ ਨਾਲ ਦਰਸ਼ਨ ਦੀਦਾਰੇ ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ ਤੇ ਨਿਹਾਲ ਹੋਏ। ਸੰਨ ੧੮੨੩ ਵਿੱਚ ਮਿਸਟਰ ਮੂਰ
ਕੁਰਾਫਟ ਇੱਥੇ ਆਇਆ, ਪੰਜੇ ਦਾ ਨਿਸ਼ਾਨ ਪੱਥਰ ਤੇ ਦੇਖ ਕੇ ਗੁਰ ਸਿੱਖਾਂ ਤੋਂ ਪੁੱਛ ਕੇ ਲਿਖਿਆ:
Beyond the tomb was a spot of a rill, trickling from a block of a stone, supposed to have been sanctified by a miracle wrought there by Nanak coming to the place fatigues and thirsty, through he had a claim upon hospitality of this brother ascetic, and involved the spirit of Baba Wali for a cup of water. The Mohammaden saint, indignant at the presumption of an on believer, to his application by throwing a stone at him of several tons weight. Nanak caught the missile in his hand, and placed it on the ground, leaving the impression of his fingres upon its hard substance, at the same time he commanded water to flow from it, and this constituted the rill here observable, along which were a number of Sikh fanatics who had come on piligrimage. (Travels in the Punjab, Ladakh, Kashmir Page, 319-320 by Mooncraft)
ਭਾਵ ਮਕਬਰੇ ਤੋਂ ਥੋੜ੍ਹੀ ਦੂਰੀ ਤੇ ਪਹਾੜੀ ਦੇ ਕਿਨਾਰੇ ਉੱਪਰ ਇੱਕ ਪੱਥਰ ਦੇ ਥੱਲਿਉਂ ਪਾਣੀ ਦਾ ਸੋਮਾ ਵਹਿ ਰਿਹਾ ਸੀ, ਜਿਹੜਾ ਨਾਨਕ ਦੇ ਚਮਤਕਾਰ ਕਾਰਨ ਫੁੱਟਿਆ ਸੀ, ਜਦੋਂ ਉਹ ਥੱਕੇ ਹੋਏ ਅਤੇ ਪਿਆਸੇ ਇੱਥੇ ਪਹੁੰਚੇ ਸਨ। ਉਹ ਤਾਂ ਆਪਣੇ ਆਪ ਨੂੰ ਖੁਦਾ ਪਰਸਤ ਕਹਾਉਣ ਵਾਲੇ ਭਰਾ ਨੂੰ ਮਿਲਣ ਆਏ ਸਨ ਅਤੇ ਬਾਬਾ ਵਲੀ ਪਾਸੋਂ ਪਾਣੀ ਦੇ ਇੱਕ ਪਿਆਲੇ ਦੀ ਮੰਗ ਕੀਤੀ ਸੀ। ਮੁਸਲਮ ਸੰਤ ਨੇ ਇੱਕ ਗੈਰ ਮੁਸਲਮ ਦੀ ਮੰਗ ਨੂੰ ਸੁਣ ਕੇ ਗੁੱਸੇ 'ਚ ਆ ਕੇ ਇੱਕ ਬਹੁਤ ਭਾਰਾ ਪੱਥਰ ਉਸ ਉੱਪਰ ਸੁੱਟਿਆ। ਨਾਨਕ ਨੇ ਆਪਣੇ ਹੱਥ ਨਾਲ ਰੋਕ ਕੇ ਉਸ ਪੱਥਰ ਨੂੰ ਧਰਤੀ ਤੇ ਥੰਮ੍ਹ ਦਿੱਤਾ। ਜਿਹੜੇ ਹੱਥ ਦੇ ਪੰਜੇ ਨਾਲ ਪੱਥਰ ਰੋਕਿਆ ਸੀ ਸਖ਼ਤ ਪੱਥਰ ਤੇ ਉਸ ਦੇ ਨਿਸ਼ਾਨ ਪੈ ਗਏ ਸਨ। ਉਸ ਸਮੇਂ ਉਸ ਨੇ ਉੱਥੇ ਪਾਣੀ ਵਗਾ ਦਿੱਤਾ ਜਿਹੜਾ ਹੁਣ ਇੱਥੇ ਚੱਲ ਰਿਹਾ ਹੈ ਅਤੇ ਸੋਮੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਇੱਥੇ ਸ਼ਰਧਾਵਾਨ ਸਿੱਖ ਬੈਠੇ ਹੋਏ ਸਨ ਜੋ ਦਰਸ਼ਨਾਂ ਲਈ ਆਏ ਸਨ।
ਇਸੇ ਤਰ੍ਹਾਂ ਹੁਗਲ ਨੇ ੧੮੩੫ ਦੇ ਆਪਣੇ ਸਫ਼ਰਨਾਮੇ ਵਿੱਚ ਪੰਜਾ ਸਾਹਿਬ ਦਾ ਜ਼ਿਕਰ ਕੀਤਾ ਹੈ ਅਤੇ ੧੮੩੬ ਵਿੱਚ ਮੁਨਸ਼ੀ ਸ਼ਾਹਮਤ ਅਲੀ ਨੇ ਜਦੋਂ ਇਹ ਪੰਜੇ
ਦਾ ਨਿਸ਼ਾਨ ਪੱਥਰ ਤੇ ਤੱਕਿਆ ਤਾਂ ਆਪਣੀ ਪੁਸਤਕ 'The Sikhs and Afgans' ਦੇ ਪੰਨਾ ੧੫੮ ਤੇ ਇਸ ਬਾਰੇ ਲਿਖਿਆ ਹੈ। ਆਨਰੇਬਲ ਐਲਫਿਨਸਟਨ ਨੇ ਵੀ ਇਸ ਪਵਿੱਤਰ ਜਗ੍ਹਾ ਨੂੰ ਦੇਖ ਕੇ ਇਸ ਦੀ ਮਹਿਮਾ ਗਾਇਨ ਕੀਤੀ ਹੈ।
ਸੰਨ ੧੮੩੨ ਵਿੱਚ ਸਰਦਾਰ ਨਲੂਆ ਨੇ ਆਪਣੇ ਆਪ ਨੂੰ ਵਡਭਾਗਾ ਜਾਣ ਕੇ ਇਸ ਗੁਰਧਾਮ ਦੀ ਸੇਵਾ ਆਰੰਭ ਕਰਵਾਈ। ਜਿਸ ਪੱਥਰ ਤੇ ਸਤਿਗੁਰਾਂ ਦਾ ਪੰਜੇ ਦਾ ਨਿਸ਼ਾਨ ਹੈ ਉਸ ਉੱਪਰ ਇੱਕ ਸੁੰਦਰ ਗੁੰਬਜਨੁਮਾ ਇਮਾਰਤ ਬਣਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ।
ਸੀਤਲ ਜਲ ਦੇ ਵਗ ਰਹੇ ਸੋਮੇ ਦਾ ਪਾਣੀ ਤਲਾਅ (ਸਰੋਵਰ) ਬਣਵਾ ਕੇ ਉਸ ਵਿੱਚ ਪਾਇਆ। ਸਰੋਵਰ ਦੀਆਂ ਪਉੜੀਆਂ ਲਈ ਸੰਗ ਮਰਮਰ ਰਾਜਪੁਤਾਨੇ ਤੋਂ ਮੰਗਵਾਇਆ ਸੀ। ਬੈਰਨ ਹੁਗਲ ਨੇ ਆਪਣੇ ਸਫਰਨਾਮੇ ਵਿੱਚ ਸੰਗਮਰਮਰ ਦੀਆਂ ਪਉੜੀਆਂ ਬਾਰੇ ਵੀ ਲਿਖਿਆ ਹੈ। ਗੁਰਦੁਆਰਾ ਸਾਹਿਬ ਲਈ ਹਰੀ ਸਿੰਘ ਨੇ ਬਹੁਤ ਧਨ ਦਿੱਤਾ। ਹੋਤੀ ਮਰਦਾਨ ਜੀ ਅਨੁਸਾਰ ਜਦੋਂ ਜਨਵਰੀ ੧੮੩੩ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਮੁਕੰਮਲਤਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾਇਆ ਤਾਂ ਸਰਦਾਰ ਨਲੂਆ ਨੇ ਆਪਣੀ ਨੇਕ ਕਮਾਈ ਵਿੱਚੋਂ ਬਹੁਤ ਸੁੰਦਰ ਕਲੀਨ, ਬਿਸਤਰੇ, ਲੰਗਰ ਲਈ ਬਰਤਨ ਅਤੇ ੩੫੦੦ ਰੁਪਏ ਨਕਦ ਭੇਟਾ ਕੀਤੇ। ਭਾਈ ਮਹਾਂ ਸਿੰਘ ਨੂੰ ਇੱਥੋਂ ਦਾ ਪ੍ਰਬੰਧਕ ਥਾਪਿਆ ਅਤੇ ਬਾਹਰਲੀ ਸੇਵਾ ਤੇ ਰਖਵਾਲੀ ਲਈ ਨਿਹੰਗ ਸਾਧੂ ਸਿੰਘ ਨੂੰ ਮੁਕੱਰਰ ਕੀਤਾ। ਪੰਜਾ ਸਾਹਿਬ ਵਿਖੇ ਦਿਨ ਰਾਤ ਲੰਗਰ ਚਲਦਾ ਸੀ ਅਤੇ ਯਾਤਰੂਆਂ ਦੇ ਰਹਿਣ ਲਈ ਧਰਮਸਾਲਾ ਵੀ ਤਿਆਰ ਕਰਵਾਈ ਗਈ ਸੀ। ਪਰ ੧੯੨੦ ਦੇ ਲੱਗ ਪਗ ਅੰਗਰੇਜ਼ਾਂ ਦੀ ਸ਼ਹਿ ਤੇ ਇੱਥੇ ਮਹੰਤ ਕਾਬਜ਼ ਹੋ ਗਿਆ ਅਤੇ ਕੁਰੀਤੀਆਂ ਕਰਨ ਲੱਗਾ। ਪਰ ਸਿੱਖਾਂ ਨੇ ਸਿੰਘ ਸਭਾ ਲਹਿਰ ਜੋ ਗੁਰਧਾਮਾਂ ਦੇ ਸੁਧਾਰ ਲਈ ਚਲਾਈ ਨੇ ਕੁਰਬਾਨੀਆਂ ਦੇ ਕੇ ੨੨ ਨਵੰਬਰ ੧੯੨੧ ਨੂੰ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਰਵਾ ਦਿੱਤਾ। ਉਨੀਵੀਂ ਸਦੀ ਦੇ ਅਖੀਰ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਕਮਜ਼ੋਰ ਹੋ ਗਈ ਸੀ ਜੋ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਨਵੀਂ ਬਣਾਈ ਗਈ। ਅੱਜ ਕਲ੍ਹ ਜੋ ਆਲੀਸ਼ਾਨ ਇਮਾਰਤ ਹੈ ਇਹ ੧੯੩੪ ਵਿੱਚ ਤਿਆਰ ਕੀਤੀ ਗਈ ਸੀ। ਸੰਨ ੧੯੪੭ ਤੋਂ ਪਿਛੋਂ ਦੇਸ਼ ਦੀ ਆਜ਼ਾਦੀ ਸਮੇਂ ਇਹ ਗੁਰਧਾਮ ਹੁਣ ਪਾਕਿਸਤਾਨ ਵਿੱਚ ਹੈ। ਪਰ ਸਿੱਖ ਸੰਗਤਾਂ ਸਮੇਂ ਸਮੇਂ ਤੇ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਸੰਸਾਰ ਭਰ ਤੋਂ ਆਉਂਦੀਆਂ ਹਨ।
ਕਿਲ੍ਹਾ ਜਮਰੌਦ
ਹਰੀ ਸਿੰਘ ਨੇ ਖ਼ੈਬਰ ਦੇ ਇਲਾਕੇ ਦਾ ਸਰਵੇਖਣ ਕੀਤਾ ਜਿਸ ਨੂੰ ਸੈਲਾਨੀ ਜੰਗ, ਕਤਲ ਜਾਂ ਮੌਤ ਦਾ ਰਾਹ ਕਹਿੰਦੇ ਸਨ। ਇਸ ਰਸਤੇ ਵਿੱਚ ਅਫ਼ਗਾਨਾਂ ਨੇ ਇੱਕ ਗੜ੍ਹੀ ਬਣਾਈ ਸੀ ਜਿਸ ਉੱਪਰ ਨਲੂਏ ਨੇ ਅਕਤੂਬਰ ੧੮੩੬ ਤੇ ਕਬਜ਼ਾ ਕਰ ਲਿਆ ਸੀ। ਇਹ ਗੜ੍ਹੀ ਪਿਸ਼ਾਵਰ ਦੇ ਲਹਿੰਦੇ ਪਾਸੇ ੧੨ ਕਿਲੋਮੀਟਰ ਅਤੇ ਖ਼ੈਬਰ ਪਾਸ ਦੱਰੇ ਦੇ ਪੂਰਬੀ ਮੂੰਹ ਤੋਂ ੬ ਕਿਲੋਮੀਟਰ ਤੇ ਸੀ। ਇਹ ਗੜ੍ਹੀ ਕੱਚੀ ਹੋਣ ਕਰ ਕੇ ਇੱਥੇ ਮਜ਼ਬੂਤ ਕਿਲ੍ਹਾ ਜਮਰੌਦ ਜਿਸ ਦਾ ਨਾਂ ਤਿਆਰੀ ਉਪਰੰਤ 'ਫ਼ਤਿਹਗੜ੍ਹ' ਰੱਖਿਆ, ੧੭ ਅਕਤੂਬਰ ੧੮੩੬ ਨੂੰ ਆਪ ਨੀਂਹ ਰੱਖ ਕੇ ਤਿਆਰ ਕਰਵਾਇਆ ਸੀ। ਇਸ ਦੀ ਹਿਫ਼ਾਜਤ ਲਈ ੮੦੦ ਪਿਆਦਾ ਫ਼ੌਜ਼, ੨੦੦ ਘੋੜ ਸਵਾਰ ਅਤੇ ੧੦ ਵੱਡੀਆਂ ਅਤੇ ੧੨ ਹਲਕੀਆਂ ਤੋਪਾਂ ਰੱਖੀਆਂ ਗਈਆਂ। ਸਰਦਾਰ ਮਹਾਂ ਸਿੰਘ ਨੂੰ ਹਜ਼ਾਰੇ ਤੋਂ ਬੁਲਾ ਕੇ ਇੱਥੇ ਦਾ ਸਰਹੱਦ-ਦਾਰ ਥਾਪਿਆ।
ਇਸ ਤੋਂ ਬਿਨਾਂ ਬੁਰਜ ਹਰੀ ਸਿੰਘ (ਪਿਸ਼ਾਵਰ ਜਮਰੌਦ ਦੇ ਵਿਚਕਾਰ), ਬਾਰਾ, ਮਿਚਨੀ (ਕਾਬਲ ਦਰਿਆ ਦੇ ਕੰਢੇ ਤੇ) ਅਤੇ ਸ਼ਬਕਦਰ (ਜਿਸ ਨੂੰ ਸਿੱਖਾਂ ਦੀ ਢੇਰੀ ਵੀ ਆਖਿਆ ਜਾਂਦਾ ਸੀ) ਆਦਿ ਕਿਲ੍ਹੇ ਬਣਵਾਏ। ਸ਼ਬਕਦਰ ਕਿਲ੍ਹਾ ਤਿੰਨ ਰਾਹਾਂ (ਬਿਜੌਰ, ਕਾਬਲ ਤੋਂ ਹਸਤ ਨਗਰ ਅਤੇ ਮੁਹਮਾਦ) ਤੇ ਨਜ਼ਰ ਰੱਖਣ ਲਈ ਉਸਾਰਿਆ ਸੀ। ਇਹਨਾਂ ਕਿਲ੍ਹਿਆਂ ਤੋਂ ਇਲਾਵਾ ਦੁਸ਼ਮਣ ਤੇ ਨਿਗਰਾਨੀ ਰੱਖਣ ਲਈ ਦੋ ਦੋ ਕੋਹ ਦੀ ਵਿੱਥ ਤੇ ਉੱਚੇ ਉੱਚੇ ਮੀਨਾਰ ਵੀ ਬਣਵਾਏ।
ਕਿਲ੍ਹਾ ਗੁਜਰਾਂਵਾਲਾ
ਗੁਜਰਾਂਵਾਲਾ ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਨਲੂਏ ਦਾ ਜਨਮ ਅਸਥਾਨ ਹੈ। ਪਹਿਲਾਂ ਪਹਿਲ ਇਹ ਇੱਕ ਛੋਟਾ ਜਿਹਾ ਪਿੰਡ ਸੀ। ਹਰੀ ਸਿੰਘ ਨੇ ਇਸ ਪਿੰਡ ਦੁਆਲੇ ਮਿੱਟੀ ਦੀ ਉੱਚੀ ਕੰਧ ਤਿਆਰ ਕਰਵਾਈ। ਪਿੰਡ ਦੇ ਉੱਤਰ ਵੱਲ ਕਿਲ੍ਹਾ ਵੀ ਬਣਵਾਇਆ ਅਤੇ ਕਿਲ੍ਹੇ ਦੇ ਆਲੇ-ਦੁਆਲੇ ਡੂੰਘੀ ਅਤੇ ਚੌੜੀ ਖਾਈ ਪੁਟਵਾਈ। ਇਸ ਕਿਲ੍ਹੇ ਦੇ ਅੰਦਰ ਬਾਰਾਂਦਰੀ ਅੰਗਰੇਜ਼ੀ ਫੈਸ਼ਨ ਵਿੱਚ ਉਸਰਵਾਈ। ਕਿਲ੍ਹੇ ਦੇ ਮੁੱਖ ਦੁਆਰ ਉੱਪਰ ਦੋ ਵੱਡੀਆਂ ਬੰਦੂਕਾਂ ਫਿੱਟ ਕਰਾਈਆਂ ਅਤੇ ਨਉਬਤ ਖਾਨੇ ਤੇ ਨਗਾਰੇ ਟਿਕਵਾਏ। ਇਸ ਨਉਬਤ ਖਾਨੇ ਵਿੱਚ ਸ਼ੇਰ ਵੀ ਰੱਖੇ ਹੋਏ ਸਨ।
ਗੁਜਰਾਂਵਾਲਾ ਵਿਖੇ ਸਰਦਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਦੀ ਯਾਦ ਵਿੱਚ ਬਹੁਤ ਸੁੰਦਰ ਸਮਾਧਾਂ ਬਣਵਾਈਆਂ। ਨਲੂਆ ਨੇ ਆਪਣੀ ਰਿਹਾਇਸ਼ ਲਈ ਤਿੰਨ-ਮੰਜ਼ਲਾ ਮਕਾਨ ਤਿਆਰ ਕਰਵਾਇਆ। ਮਕਾਨ ਦੇ ਨਜ਼ਦੀਕ ਹੀ ਬਾਗ ਲਵਾਇਆ। ਹੁਗਲ ਆਪਣੀਆਂ ਲਿਖਤਾਂ ਵਿੱਚ ਇਸ ਬਾਗ ਨੂੰ ਬੜਾ ਸਲਾਹੁੰਦਾ ਹੈ। ਇਸ ਬਾਗ ਵਿੱਚ ਵਧੀਆ ਘਾਹ, ਫੁੱਲਾਂ ਤੇ ਫਲਾਂ ਦੇ ਬੂਟੇ ਅਤੇ ਦਰਖਤ ਕਸ਼ਮੀਰ ਤੋਂ ਮੰਗਵਾ ਕੇ ਲਾਏ ਹੋਏ ਸਨ। ਬਾਗ ਵਿੱਚ ਮਨਮੋਹਣੇ ਫੁਆਰੇ ਅਤੇ ਰੋਸ਼ਨੀ ਲਈ ਗੈਸ ਵਗੈਰਾ ਵੱਡੀ ਗਿਣਤੀ ਵਿੱਚ ਸਨ। ਘਰ ਦੇ ਨੇੜੇ ਹੀ ਇੱਕ ਮੰਦਰ ਦੀ ਉਸਾਰੀ ਵੀ ਕਰਵਾਈ ਜੋ ਸਿੱਧ ਕਰਦੀ ਹੈ ਕਿ ਸਰਦਾਰ ਦੇ ਦਿਲ ਅੰਦਰ ਹਿੰਦੂਆਂ ਪ੍ਰਤੀ ਬਹੁਤ ਪ੍ਰੇਮ ਸੀ। ਪਟਿਆਲਾ ਭਾਸ਼ਾ ਵਿਭਾਗ ਦੇ ਮਾਰਚ ੧੯੭੦ ਦੇ ਜਰਨਲ ਵਿੱਚ ਮਿਸਟਰ ਬਾਰ ਦੇ ਪੰਜਾਬ ਦੌਰੇ ਬਾਰੇ ਪੇਪਰ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ੧੮੩੯ ਈਸਵੀ ਵਿੱਚ ਜਦੋਂ ਮੈਂ ਗੁਜਰਾਂਵਾਲੇ ਗਿਆ ਤਾਂ ਹਰੀ ਸਿੰਘ ਦੀ ਰਹਾਇਸ਼ ਦੇਖੀ। ਇਹ ਇਮਾਰਤ ਇੱਕ ਚਬੂਤਰੇ ਤੇ ਬਣਾਈ ਹੋਈ ਸੀ ਤਾਂਕਿ ਗਰਮੀ ਰੁੱਤ ਵਿੱਚ ਵੀ ਠੰਢੀ ਹਵਾ ਫਰਨ ਫਰਨ ਅੰਦਰ ਪ੍ਰਵੇਸ਼ ਕਰੇ। ਬਾਰ ਲਿਖਦਾ ਹੈ ਕਿ ਖੁਲ੍ਹੇ ਅਤੇ ਉੱਚੀ ਛੱਤ ਵਾਲੇ ਕਮਰਿਆਂ ਦੀ ਛੱਤ ਤੇ ਬਹੁਤ ਹੀ ਅਦਭੁੱਤ ਕਿਸਮ ਦੀ ਮੀਨਾਕਾਰੀ ਦੇਖ ਕੇ ਮੇਰਾ ਮਨ ਮੋਹਿਆ ਗਿਆ। ਸੰਨ ੧੮੪੮ ਵਿੱਚ ਅੰਗਰੇਜ਼ਾਂ ਨੇ ਹਰੀ ਸਿੰਘ ਦੇ ਬੇਟੇ ਸਰਦਾਰ ਅਰਜਨ ਸਿੰਘ ਤੋਂ ਇਹ ਹਵੇਲੀ ਖੋਹ ਕੇ ਇੱਥੇ ਬਰਤਾਨਵੀ ਡਿਪਟੀ ਕਮਿਸ਼ਨਰ ਦੀ ਰਹਾਇਸ਼ਗਾਹ ਬਣਾ ਦਿੱਤੀ।
ਮਿਸਟਰ ਬਾਰ ਨੇ ੧੮੪੪ ਵਿੱਚ ਇਹ ਵੀ ਲਿਖਿਆ ਹੈ ਕਿ ਹਰੀ ਸਿੰਘ ਦੀ ਮੌਤ ਉਪਰੰਤ ਹਵੇਲੀ ਦੀ ਇੱਕ ਕੰਧ ਤੇ ਇਸ ਦੇ ਪਰਵਾਰ ਨੇ ੧੨ X ੬ ਫੁੱਟ ਦੀ ਇੱਕ ਚਿੱਤ੍ਰਕਾਰੀ ਕੀਤੀ ਹੋਈ ਸੀ। ਜਿਸ ਦੀ ਪਿੱਠ ਤੇ ਧੁੱਪ ਛਾਂ ਦੇ ਰੰਗ ਸਨ। ਇਸ ਵਿੱਚ ਨਲੂਏ ਨੂੰ ਜੰਗ ਦੇ ਮੈਦਾਨ ਵਿੱਚ ਜੂਝਦੇ ਦਿਖਾਇਆ ਗਿਆ ਸੀ। ਇਹ ਚਿੱਤਰ ਹਰੀ ਸਿੰਘ ਦੀ ਨੈਤਿਕਤਾ, ਨਿਰਭੈਤਾ ਅਤੇ ਦਲੇਰੀ ਨੂੰ ਦਰਸਾਉਂਦਾ ਸੀ। ਸਰਦਾਰ ਨਲੂਆ ਥੋੜ੍ਹੇ ਜਿਹੇ ਸਿੱਖਾਂ ਨਾਲ ਵੱਡੀ ਗਿਣਤੀ ਦੇ ਅਫ਼ਗਾਨਾਂ ਨਾਲ ਮੁਕਾਬਲਾ ਕਰ ਰਿਹਾ ਸੀ।
ਕਸ਼ਮੀਰ ਦੇ ਕਿਲ੍ਹੇ ਅਤੇ ਧਾਰਮਿਕ ਅਸਥਾਨ
ਕਸ਼ਮੀਰ ਵਿੱਚ ਹਰੀ ਸਿੰਘ ਨੇ ਇੱਕ ਕਿਲ੍ਹਾ ਉੜੀ ਖੇਤਰ ਵਿੱਚ ਅਤੇ ਦੂਜਾ ਘੋੜੀ ਗੜ੍ਹ ਜੇਹਲਮ ਦੇ ਕੰਢੇ ਤੇ ਤਿਆਰ ਕਰਵਾਇਆ। ਉੜੀ ਕਿਲ੍ਹੇ ਦੇ ਲਾਗੇ ਕਿਉਂਕਿ ਜੇਹਲਮ ਦਰਿਆ ਵਗਦਾ ਸੀ। ਕਿਲ੍ਹੇ ਦੇ ਅੰਦਰ ਜਾਣ ਲਈ ਇੱਕ ਲਟਕਦਾ ਪੁਲ (Suspension bridge) ਜੋ ੬੦੦ ਮੀਟਰ ਦੇ ਏੜ ਗੇੜ ਸੀ ਰੱਸਿਆਂ ਵਾਲਾ ਬਣਵਾਇਆ। ਜੀ. ਐੱਮ. ਡੀ. ਸੂਫ਼ੀ (੧੯੪੮-੪੯) ਵਿੱਚ ਲਿਖਦਾ ਹੈ ਕਿ ਉੜੀ ਕਿਲ੍ਹੇ ਵਿੱਚ ਅੱਜ ਕਲ੍ਹ ਜਿਲ੍ਹੇ ਦੇ ਤਹਿਸੀਲਦਾਰ ਦੀ ਰਿਹਾਇਸ਼ ਹੈ।
ਜੇਹਲਮ ਦੇ ਸੱਜੇ ਕੰਢੇ ਉੱਪਰ ਹਰੀ ਸਿੰਘ ਨੇ ਇੱਕ ਬਾਗ ਲਗਵਾਇਆ ਸੀ। ਪਰ ਇਹ ਜਗ੍ਹਾ ਗੁਲਾਬ ਸਿੰਘ ਨੇ ਅੰਗਰੇਜ਼ੀ ਸਰਕਾਰ ਤੋਂ ਮੁੱਲ ਖ੍ਰੀਦ ਲਈ ਸੀ। ਉਪਰੰਤ ਇੱਥੇ ਅੱਧ ਮੀਲ ਦੇ ਰਕਬੇ ਵਿੱਚ ਕੁਆਟਰ ਬਣਵਾਏ। ਜਿਨ੍ਹਾਂ ਵਿੱਚ ਯੂਰਪੀਨ ਮਹਿਮਾਨ ਆ ਕੇ ਰਹਿੰਦੇ ਸਨ। ਇਹ ਬਾਗ ਅੱਜ ਕਲ੍ਹ ਸ੍ਰੀ ਨਗਰ ਸ਼ਹਿਰ ਦੇ ਮੱਧ ਵਿੱਚ ਸਥਿੱਤ ਹੈ। ਕਸ਼ਮੀਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਅਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਜੀ ਨੇ ਪੈਰ ਪਾਏ। ਮਟਨ ਦੇ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਬ੍ਰਹਮ ਦਾਸ ਨਾਲ ਵਾਰਤਾਲਾਪ ਕੀਤੀ। ਸਰਦਾਰ ਨਲਵਾ ਨੇ ਗੱਲਬਾਤ ਵਾਲੇ ਅਸਥਾਨ ਲਾਗੇ ਧਰਮਸਾਲਾ ਤਿਆਰ ਕਰਵਾਈ ਅਤੇ ਇਸ ਦਾ ਨਾਂ 'ਮਟਨ ਸਾਹਿਬ' ਰੱਖਿਆ। ਛੇਵੇਂ ਪਾਤਸ਼ਾਹ ਨੇ ੧੬੨੦ ਵਿੱਚ ਬਾਰਾਮੂਲਾ ਵਿਖੇ ਆਪਣੇ ਚਰਨ ਪਾਏ। ਜਿਸ ਜਗ੍ਹਾ ਤੇ ਪਾਤਸ਼ਾਹ ਨੇ ਵਿਸ਼ਰਾਮ ਕੀਤਾ ਉੱਥੇ ਵੀ ਹਰੀ ਸਿੰਘ ਨੇ ਧਰਮਸਾਲਾ ਦੀ ਉਸਾਰੀ ਕਰਵਾਈ। ਹੁਗਲ ਨੇ ਕਸ਼ਮੀਰ ਦੇ ਦੌਰੇ ਸਮੇਂ ਇੱਕ ਰਾਤ ਇਸ ਧਰਮਸਾਲਾ ਵਿੱਚ ਕੱਟੀ ਸੀ। ਜਿਸ ਜਗ੍ਹਾ ਤੇ ਗੁਰੂ ਸਾਹਿਬ ਬੈਠੇ ਸਨ ਉਸ ਦਾ ਨਾਂ 'ਛੇਵੀਂ ਪਾਤਸ਼ਾਹੀ ਪਰਮ ਮਿਲਾਨ' ਹੈ। ਗੁਰੂ ਸਾਹਿਬ ਸ੍ਰੀ ਨਗਰ ਵੀ ਗਏ ਸਨ। ਹਰੀ ਸਿੰਘ ਨੇ ਕੱਥੀ ਦਰਵਾਜ਼ੇ ਦੇ ਬਾਹਰ ਗੁਰਦੁਆਰਾ ਸਾਹਿਬ ਛਟੀ ਪਾਤਸ਼ਾਹੀ ਤਿਆਰ ਕਰਵਾਇਆ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਸ੍ਰੀ ਨਗਰ ੧੬੬੦ ਵਿੱਚ ਪਧਾਰੇ ਸਨ। ਸਰਦਾਰ ਨਲਵਾ ੭ ਅਕਤੂਬਰ ੧੮੩੧ ਨੂੰ ਜਦੋਂ ਸੱਤਵੇਂ ਪਾਤਸ਼ਾਹ ਦੀ ਯਾਦ ਵਿੱਚ ਉਸਾਰੇ ਗੁਰਦੁਆਰਾ ਦੇਵ ਆਗਨ ਵਿਖੇ ਪਹੁੰਚੇ ਤਾਂ ਉਨ੍ਹਾਂ ੩੬੦ ਰੁਪਏ ਦੀ ਦੇਗ ਕਰਵਾਈ ਅਤੇ ਗੁਰਦੁਆਰਾ ਸਾਹਿਬ ਦੇ ਨਾਂ ਪੱਕੀ ਜਾਗੀਰ ਲਗਵਾਈ।
ਸ੍ਰੀ ਅਕਾਲ ਤਖ਼ਤ ਦੇ ਗੁੰਬਦ ਨੂੰ ਸੁਨਹਿਰੀ ਕਰਵਾਉਣਾ
ਸਰਦਾਰ ਹਰੀ ਸਿੰਘ ਨਲਵਾ ਧਰਮੀ ਗੁਰਸਿੱਖ ਸੀ। ਖਾਲਸਾ ਰਾਜ ਅੰਦਰ ਦੇਸ਼ ਕੌਮ ਦੀ ਮਨ, ਧਨ ਅਤੇ ਤਨ ਦੇਹੀ ਨਾਲ ਸੇਵਾ ਕਰਨ ਦੇ ਨਾਲ ਨਾਲ ਸਰਦਾਰ ਨੇ ਗੁਰਧਾਮਾਂ ਦੀ ਵੀ ਮਹਾਨ ਸੇਵਾ ਕਰਾਈ। ਦੁਨੀਆਂ ਭਰ ਅੰਦਰ ਸਿੱਖ ਕੌਮ ਦੀ ਮਹਾਨਤਾ ਹਰਿਮੰਦਰ ਸਾਹਿਬ ਦੇ ਕਾਰਨ ਪਸਰੀ ਹੋਈ ਹੈ। ਇਸ ਮਹਾਨ ਜਰਨੈਲ ਨੇ ਹਰਿਮੰਦਰ ਸਾਹਿਬ ਵਿੱਚ ਕਈ ਸਜਾਵਟੀ ਚੀਜ਼ਾਂ ਲਾਉਣ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਦੇ ਉਪਰਲੇ ਬੰਗਲੇ ਅਤੇ ਗੁੰਬਦ ਦੀ ਸੁਨਹਿਰੀ ਸੇਵਾ ਕਰਵਾਈ। ਇਸ ਨੂੰ ਖੂਬਸੂਰਤ ਤੱਕ ਕੇ ਹਰੀ ਸਿੰਘ ਨੇ ਫ਼ੈਸਲਾ ਕੀਤਾ ਕਿ ਸਾਰੀ ਇਮਾਰਤ ਹੀ ਸੁਨਹਿਰੀ ਕੀਤੀ ਜਾਵੇ। ਇਸ ਲਈ ਇਤਿਹਾਸਕ ਤੱਥਾਂ ਅਨੁਸਾਰ ਆਪਣੇ ਕੋਲੋਂ ਸਵਾ ਲੱਖ ਰੁਪਇਆ ਗਿਆਨੀ ਗੁਰਮੁਖ ਸਿੰਘ ਨੂੰ ਦਿੱਤਾ। ਪਰ ਹਰੀ ਸਿੰਘ ਦੀ ਸ਼ਹਾਦਤ ਹੋਣ ਕਰ ਕੇ ਗੁਰਮੁਖ ਸਿੰਘ ਨੇ ਬੇਈਮਾਨੀ ਕੀਤੀ ਅਤੇ ਸਾਰਾ ਧਨ ਤੇ ਸੋਨਾ ਗਬਨ ਕਰ ਲਿਆ। ਇਸ ਹੇਰਾਫੇਰੀ ਦਾ ਪਤਾ ਲੱਗਣ ਤੇ ਮਹਾਰਾਜਾ ਦੇ ਹੁਕਮ ਨਾਲ ਗਿਆਨੀ ਨੂੰ ਮੁਸਲਮਾਨਾਂ ਦੇ ਸਪੁਰਦ ਕਰ ਦਿੱਤਾ। ਉਸ ਦਾ ਘਰ ਬਾਰ ਜ਼ਬਤ ਕਰ ਲਿਆ ਅਤੇ ਗਬਨ ਕੀਤਾ ਸੋਨਾ ਵੀ ਬਰਾਮਦ ਕਰ ਲਿਆ। ਉਪਰੰਤ ਮੁਸਲਮਾਨਾਂ ਨੇ ਗੁਰਮੁਖ ਸਿੰਘ ਨੂੰ ਬੜੇ ਤਸੀਹੇ ਦੇ ਕੇ ਬੁਰੀ ਮੌਤੇ ਮਾਰਿਆ।
ਹਰੀ ਸਿੰਘ ਨੇ ਸੁਨਹਿਰੀ ਪਾਲਕੀ ਦੀ ਸੇਵਾ ਕਰਵਾਈ ਜਿਸ ਪਾਲਕੀ ਵਿੱਚ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾ ਸ਼ਾਮ ਅਕਾਲ ਤਖਤ ਤੋਂ ਹਰਿਮੰਦਰ ਸਾਹਿਬ ਅਤੇ ਹਰਿਮੰਦਰ ਸਾਹਿਬ ਤੋਂ ਅਕਾਲ ਤਖ਼ਤ ਅੰਦਰ ਸਥਿੱਤ ਕੋਠਾ ਸਾਹਿਬ ਤੱਕ ਲਿਜਾਇਆ ਜਾਂਦਾ ਹੈ। ਪਰ ੧੯੮੪ ਦੇ 'ਉਪਰੇਸ਼ਨ ਬਲਿਊ ਸਟਾਰ' ਸਮੇਂ ਭਾਰਤੀ ਫ਼ੌਜ ਨੇ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੁਨਹਿਰੀ ਗੁੰਬਦ, ਇਮਾਰਤ ਅਤੇ ਉਹ ਸੁਨਹਿਰੀ ਪਾਲਕੀ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ (ਵਨੀਤ ਨਲੂਆ)। ਭਾਰਤੀ ਸਰਕਾਰ ਨੇ ਸਿੱਖਾਂ ਦੇ ਹਿਰਦਿਆਂ ਦੀਆਂ ਵਲੂੰਦੜੀਆਂ ਭਾਵਨਾਵਾਂ ਤੇ ਮਰ੍ਹਮ ਪੱਟੀ ਲਾਉਣ ਲਈ ਭਾਵੇਂ ਅਕਾਲ ਤਖ਼ਤ ਦੀ ਬਿਲਡਿੰਗ ਕਿਸੇ ਕੰਪਨੀ ਨੂੰ ਧਨ ਦੇ ਕੇ ਫਿਰ ਖੜ੍ਹੀ ਕਰਵਾ ਦਿੱਤੀ। ਪਰ ਸਿੱਖ ਸੰਗਤ ਨੇ ਇਸ ਨੂੰ ਕਬੂਲ ਨਹੀਂ ਕੀਤਾ ਅਤੇ ਕਾਰ ਸੇਵਾ ਰਾਹੀਂ ਉਸ ਨੂੰ ਢਾਹ ਕੇ ਦੁਬਾਰਾ ਉਸਾਰਿਆ।
ਸ਼ੇਖ ਮੁਨੀਰ-ਉਦ-ਦੀਨ ਦੇ ੧੮੩੭ ਵਿੱਚ ਆਪਣੇ ਪੁਲੀਟਕਲ ਏਜੰਟ ਨੂੰ ਖ਼ਤ ਨੰਬਰ ੬੫੦ ਅਨੁਸਾਰ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਦੀ ਦੱਖਣ ਵਾਲੀ ਬਾਹੀ ਤੇ ਬਾਗ ਅਕਾਲੀਆਂ ਵਿਚਕਾਰ ਹਰੀ ਸਿੰਘ ਦਾ ਬੁੰਗਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਚੌਗਿਰਦੇ ਤੋਂ ਬਾਹਰ ਬਟਾਲਾ ਸੜਕ ਤੇ ਹਰੀ ਸਿੰਘ ਨਾਮੀ ਬਾਗ ਸੀ ਬਾਰੇ ਵਰਨਣ ਕੀਤਾ ਹੋਇਆ ਹੈ। ਸਰਦਾਰ ਕਿਰਪਾਲ ਸਿੰਘ ਨੇ ੧੯੯੪ ਵਿੱਚ ਆਪਣੀ ਛਾਪੀ ਪੁਸਤਕ 'Historical Studies of Maharaja Ranjit Singh's Times' ਵਿੱਚ ਲਿਖਿਆ ਹੈ ਕਿ ਹਰੀ ਸਿੰਘ ਦੇ ਚਲਾਣੇ ਉਪਰੰਤ ਹਰੀ ਸਿੰਘ ਬੁੰਗਾ ਨਲੂਆ ਪ੍ਰਵਾਰ ਨੇ ਆਪਣੇ ਪ੍ਰੋਹਿਤ ਮਦਨ ਦਾਸ ਨੂੰ ਦੇ ਦਿੱਤਾ ਸੀ। ਸਰਦਾਰ ਹਰੀ ਸਿੰਘ ਜਦੋਂ ਵੀ ਫ਼ੌਜ ਸਮੇਤ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ ਸੀ ਤਾਂ ਉਸ ਦੀ ਫ਼ੌਜ ਬਾਗ ਕੋਲ ਠਹਿਰਦੀ ਸੀ। ਫ਼ੌਜੀਆਂ ਦੇ ਨਹਾਉਣ ਲਈ ਬਾਗ ਵਿੱਚ ਇੱਕ ਝੀਲ ਸੀ। ਹਰੀ ਸਿੰਘ ਦੇ ਸੰਸਾਰ ਤੋਂ ਕੂਚ ਕਰਨ ਉਪਰੰਤ ਇਹ ਬਾਗ ਉਨ੍ਹਾਂ ਦੇ ਸਪੁੱਤਰ ਸਰਦਾਰ ਜਵਾਹਰ ਸਿੰਘ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਸੰਤਾਨ ਨੂੰ ਸੌਂਪ ਦਿੱਤਾ ਸੀ।
ਤਰਨ ਤਾਰਨ ਅਤੇ ਮੁਕਤਸਰ ਸਾਹਿਬ ਦੇ ਸਰੋਵਰਾਂ ਅਤੇ ਬੁੰਗਿਆਂ ਦੀ ਸੇਵਾ
ਤਰਨਤਾਰਨ ਸਾਹਿਬ, ਜੋ ਅੰਮ੍ਰਿਤਸਰ ਦੇ ਪੱਛਮ ਵਲ ੨੦ ਕੁ ਕਿਲੋਮੀਟਰ ਦੀ ਵਿੱਥ ਤੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ੧੫੮੦ ਵਿੱਚ ਵਸਾਇਆ ਸੀ। ਗੁਰੂ ਸਾਹਿਬ ਨੇ ਖਾੜਾ ਅਤੇ ਪਲਸੂਰ ਪਿੰਡਾਂ ਦੀ ਜ਼ਮੀਨ ਖ੍ਰੀਦ ਕੇ ਇਹ ਨਗਰ ਹੋਂਦ ਵਿੱਚ ਲਿਆਂਦਾ ਸੀ। ਹਰੀ ਸਿੰਘ ਨੇ ਤਰਨ ਤਾਰਨ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਪ੍ਰਕਰਮਾਂ ਦੁਆਲੇ ਬੁੰਗੇ ਬਣਵਾਏ। ਸਰਦਾਰ ਹੋਤੀ ਮਰਦਾਨ ਅਨੁਸਾਰ ਹਰੀ ਸਿੰਘ ਨੇ ਲੰਗਰ ਵਿੱਚ ਦਾਣਿਆਂ ਦੀ ਜ਼ਰੂਰਤ ਕਾਰਨ ੨੫ ਵਿੱਘੇ ਜ਼ਮੀਨ ਵੀ ਗੁਰਦੁਆਰਾ ਸਾਹਿਬ ਦੇ ਨਾਂ ਲਗਵਾਈ। ਪਰ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ੩੨ ਵਿੱਘੇ ਜ਼ਮੀਨ ਜਿਸ ਵਿੱਚ ਖੂਹ ਵੀ ਸੀ, ਆਪਣੀ ਲਿਖਤ ਵਿੱਚ ਲਿਖੀ ਹੈ।
ਮੁਕਤਸਰ ਦੀ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਪਾਸ ਮੁਗਲਾਂ ਨਾਲ ੧੭੦੫ ਵਿੱਚ ਲੜੀ ਸੀ। ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ 'ਮੁਕਤੇ' ਦਾ ਖ਼ਿਤਾਬ ਬਖਸ਼ਿਆ ਅਤੇ ਇਸ ਧਰਤੀ ਨੂੰ 'ਮੁਕਤਸਰ' ਦਾ ਨਾਮ ਗੁਰੂ
ਸਾਹਿਬ ਨੇ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ੧੮੦੬ ਵਿੱਚ ਮੁਕਤਸਰ ਦੀ ਧਰਤੀ ਤੇ ਕਬਜ਼ਾ ਕੀਤਾ। ਢਾਬ ਨੂੰ ਉਹਨਾਂ ੧੦੦ ਵਰਗ ਮੀਟਰ ਦੇ ਸਰੋਵਰ ਵਿੱਚ ਤਬਦੀਲ ਕਰ ਕੇ ਹਰੀ ਸਿੰਘ ਰਾਹੀਂ ਸਰੋਵਰ ਦੀ ਤਿਆਰੀ ਕਰਵਾਈ। ਹਰੀ ਸਿੰਘ ਨੇ ਸਰੋਵਰ ਦੀਆਂ ਪੌੜੀਆਂ ਵੀ ਬਣਵਾਈਆਂ। ਮਹਾਰਾਜੇ ਨੇ ਇੱਥੇ ਪੰਜ ਗੁਰਦੁਆਰੇ ਵੀ ਬਣਵਾਏ।
ਹਰੀ ਸਿੰਘ ਵੱਲੋਂ ਧਰਮ ਅਰਥ ਕੀਤੇ ਕੁਝ ਹੋਰ ਦਾਨ
ਸੰਨ ੧੮੦੮-੦੯ ਵਿੱਚ ਪ੍ਰੋਹਿਤ ਮਦਨ ਦਾਸ ਪੁੱਤਰ ਮੋਜੂ ਰਾਮ, ਪਾਂਡਾ ਹਰਿਦੁਆਰ ਨੂੰ ਇੱਕ ਖੂਹ ਦੀ ਪੈਲੀ ਜੋ ਬਦੋਵਾਲ ਵਿਖੇ ਸੀ ਤੋਂ ਪ੍ਰਾਪਤ ਆਮਦਨ ਦਾਨ ਕੀਤੀ। ਸਰਦਾਰ ਕਾਹਨ ਸਿੰਘ ਬੇਦੀ ਨੂੰ ੧੮੧੩ ਵਿੱਚ ਏਮਨਾਬਾਦ, ਜਿਲ੍ਹਾ ਵਜ਼ੀਰਾਬਾਦ ਵਿੱਚ ਇੱਕ ਖੂਹ ਮੋਚਵਾਲਾ ਅਤੇ ੩੫ ਘੁਮਾਂ ਜ਼ਮੀਨ ਦਿੱਤੀ ਸੀ। ਪੰਡਤ ਬਲਮ ਦਾਸ ਨੂੰ ੧੮੧੮ ਵਿੱਚ ਜਿਲ੍ਹਾ ਗੁਜਰਾਂਵਾਲਾ ਵਿੱਚ ਉਨਿਆਲ ਵਿੱਚ ਜ਼ਮੀਨ ਨਾਂ ਲਵਾਈ। ਬਾਬਾ ਸੁਰੈਨ ਸਿੰਘ ਬੇਦੀ ਨੂੰ ੧੮੨੮ ਵਿੱਚ ਪਿੰਡ ਰੁਟਾਲੀ ਖੁਰਦ, ਪਰਗਣਾ ਸ਼ੇਖੂਪੁਰਾ, ਗੁਜਰਾਂਵਾਲਾ ਦਿੱਤਾ। ਸੰਨ ੧੮੩੦ ਵਿੱਚ ਮਿਸਰ ਰਾਮ ਸਹਾਏ ਨੂੰ ਚਾਰ ਵਿੱਘੇ ਅਤੇ ੧੦ ਬਿੱਸਵੇ ਜ਼ਮੀਨ ਇਲਾਕੇ ਸਰਾਏ ਸਲੇਹ, ਹਜ਼ਾਰੇ ਵਿੱਚ ਦਿੱਤੀ। ਮੁਸਲਮਾਨ ਗੁਲਾਮ ਮੁਹੰਮਦ ਦੀਨ ਨੂੰ ੧੮੩੩ ਵਿੱਚ ਅੰਮ੍ਰਿਤਸਰ ਵਿਖੇ ਮੋਜਾ ਜੀਵਨ ਗੋਰੇ, ਤਲਵੰਡੀ ਵਿਖੇ ਜ਼ਮੀਨ ਦਿੱਤੀ। ਇਸੇ ਤਰ੍ਹਾਂ ਬਾਬਾ ਨਿਰਮਲ ਦਾਸ ਚੇਲਾ ਰਾਮਦਾਸ ਨੂੰ ੧੮੩੪ ਵਿੱਚ ਇੱਕ ਖੂਹ ਸ਼ੀਰੀਂਵਾਲਾ ਅਤੇ ੩੦ ਘੁਮਾਂ ਜ਼ਮੀਨ ਪਰਗਣਾ ਸਿਆਲਕੋਟ ਵਿੱਚ ਦਿੱਤੀ ਸੀ (ਵਨੀਤ ਨਲੂਆ, ਚੈਂਪੀਅਨ ਆਫ਼ ਦੀ ਖਾਲਸਾ ਜੀ, ਪੰਨਾ ੨੪੫ )।
੮
ਸਰਦਾਰ ਹਰੀ ਸਿੰਘ ਨਲੂਆ ਦੀ ਬੰਸ ਅਤੇ ਅੰਸ
ਸਰਦਾਰ ਬਿਸ਼ਨ ਸਿੰਘ ਉੱਪਲ, ਸਰਦਾਰ ਚੜ੍ਹਤ ਸਿੰਘ ਜਿਸ ਨੇ ਮਿਸਲ ਸ਼ੁਕਰਚੱਕੀਆ ਸਥਾਪਿਤ ਕੀਤੀ ਦਾ ਹਮ-ਰਕਾਬ ਸੀ। ਇਹਨਾਂ ਦੇ ਪੁਰਖੇ ਨਗਰ ਮਜੀਠਾ, ਜਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਅਤੇ ਉੱਪਲ ਖੱਤਰੀ ਸਨ। ਬਿਸ਼ਨ ਸਿੰਘ ਦਾ ਮੇਲ ਬਾਬਾ ਨੌਧ ਸਿੰਘ ਨਾਲ ਬਹੁਤ ਸੀ। ਨੌਧ ਸਿੰਘ ਦੀ ਸ਼ਾਦੀ ਭਾਈ ਗੁਲਾਬ ਸਿੰਘ ਸ਼ੇਰਗਿੱਲ ਦੀ ਲੜਕੀ ਬੀਬੀ ਲਾਲੀ (ਲਾਲ ਕੌਰ) ਨਾਲ ੧੭੨੬ ਵਿੱਚ ਹੋਈ ਸੀ। ਗੁਲਾਬ ਸਿੰਘ ਦਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਸੀ। ਇਹ ਇਲਾਕੇ ਮਜੀਠੇ ਦਾ ਇੱਕ ਨਾਮੀ ਵਿਅਕਤੀ ਸੀ ਅਤੇ ਗੁਰੂ ਸਾਹਿਬ ਨਾਲ ਮਿਲਾਪ ਕਰ ਕੇ ਸਿੱਖੀ ਦੀ ਪਾਣ ਚੜ੍ਹੀ ਹੋਈ ਸੀ। ਬਾਬਾ ਨੌਧ ਸਿੰਘ ਸ਼ੁਕਰਚੱਕੀਏ ਨੇ ਨਵਾਬ ਕਪੂਰ ਸਿੰਘ ਦੀ ਨਸੀਹਤ ਤੇ ਅੰਮ੍ਰਿਤਪਾਨ ਕੀਤਾ ਸੀ। ਸਿੱਖੀ ਦੇ ਰੰਗ ਕਾਰਨ ਸਰਦਾਰ ਬਿਸ਼ਨ ਸਿੰਘ ਨੇ ਮੁਗਲਾਂ ਨਾਲ ਕਈ ਯੁੱਧ ਕੀਤੇ। ਸੰਨ ੧੭੬੨ ਨੂੰ ਕੁੱਪ-ਰਹੀੜਾ (ਜਿਲ੍ਹਾ ਸੰਗਰੂਰ) ਵਿਖੇ ਇਹ ਸਿੱਖਾਂ ਦੇ ਵੱਡੇ ਪਹਿਲੇ ਘੱਲੂਘਾਰੇ ਵਿੱਚ ਬਹਾਦਰੀ ਨਾਲ ਜੂਝਦੇ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ ਸਨ।
ਸਰਦਾਰ ਬਿਸ਼ਨ ਸਿੰਘ ਦਾ ਪੁੱਤਰ ਸਰਦਾਰ ਗੁਰਦਾਸ ਸਿੰਘ ਹੋਇਆ ਅਤੇ ਸਰਦਾਰ ਚੜ੍ਹਤ ਸਿੰਘ ਦੇ ਘਰ ਸਰਦਾਰ ਮਹਾਂ ਸਿੰਘ (ਪਿਤਾ ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ) ਪੈਦਾ ਹੋਇਆ। ਦੋਹਾਂ ਸਰਦਾਰਾਂ (ਗੁਰਦਾਸ ਸਿੰਘ ਅਤੇ ਮਹਾਂ ਸਿੰਘ) ਨੇ ਸ਼ੁਕਰਚੱਕੀਆ ਮਿਸਲ ਨੂੰ ਆਪਣੀ ਬਹਾਦਰੀ ਸਦਕਾ ਚਾਰ ਚੰਨ ਲਾਏ। ਇਹਨਾਂ ਨੇ ਚੱਠੇ ਸਰਦਾਰਾਂ ਦੇ ਮਨਚਰ ਅਤੇ ਰਸੂਲ ਨਗਰ ਆਦਿ ਇਲਾਕੇ ਉਨ੍ਹਾਂ ਨੂੰ ਕਰਾਰੇ ਹੱਥ ਦਿਖਾ ਕੇ ਜਿੱਤੇ। ਇਹਨਾਂ ਜੰਗਾਂ ਅੰਦਰ ਮਹਾਨ ਜੌਹਰ ਦਿਖਾਉਣ ਕਰ ਕੇ ਮਹਾਂ ਸਿੰਘ ਨੇ ਗੁਰਦਾਸ ਸਿੰਘ ਨੂੰ ਸ਼ਾਹਦਰੇ ਦਾ ਇਲਾਕਾ ਜਾਗੀਰ ਵਿੱਚ ਸੰਭਾਲ ਦਿੱਤਾ। ਕੁਦਰਤ ਦੀ ਬਖਸ਼ਿਸ਼ ਸਦਕਾ ਮਹਾਂ ਸਿੰਘ ਦੇ ਘਰ ੧੭੮੦ ਵਿੱਚ ਰਣਜੀਤ ਸਿੰਘ ਜਨਮਿਆ ਅਤੇ ਗੁਰਦਾਸ ਸਿੰਘ ਦੇ ੧੭੯੧ ਵਿੱਚ ਹਰੀ ਸਿੰਘ ਪੈਦਾ ਹੋਇਆ। ਉਪਰੰਤ ੧੭੯੨ ਵਿੱਚ ਸਰਦਾਰ ਮਹਾਂ ਸਿੰਘ ਅਤੇ ੧੭੯੮ ਵਿੱਚ ਸਰਦਾਰ ਗੁਰਦਾਸ ਸਿੰਘ ਚੱਲ ਵਸੇ। ਇਹਨਾਂ ਦੇ ਚਲਾਣੇ ਸਮੇਂ ਰਣਜੀਤ ਸਿੰਘ ੧੧ ਸਾਲਾਂ ਦਾ ਸੀ ਅਤੇ ਹਰੀ ਸਿੰਘ ੭ ਸਾਲ ਦਾ ਸੀ। ਰਣਜੀਤ ਸਿੰਘ ਨੂੰ ਉਸ ਦੀ ਮਾਤਾ ਰਾਜ ਕੌਰ ਅਤੇ ਹਰੀ ਸਿੰਘ ਨੂੰ ਮਾਤਾ ਧਰਮ ਕੌਰ ਨੇ ਪਾਲਿਆ। ਹਰੀ ਸਿੰਘ ਦੀ ਇੱਕੋ ਇੱਕ ਭੈਣ (ਕਿਸ਼ਨ ਦੇਵੀ) ਕਿਸ਼ਨ ਕੌਰ ਸੀ। ਉਹ ਵਿਸਾਖਾ ਸਿੰਘ ਨਾਲ ਵਿਆਹੀ ਹੋਈ ਸੀ ਪਰ ਔਲਾਦਹੀਨ ਹੀ ਚੱਲ ਵਸੀ।
ਹਰੀ ਸਿੰਘ ਨਲੂਆ ਦੀ ਸੰਤਾਨ
ਸਰਦਾਰ ਹਰੀ ਸਿੰਘ ਦੇ ਦੋ ਵਿਆਹ ਸਨ। ਇੱਕ ਸਰਦਾਰਨੀ ਰਾਜ ਕੌਰ (ਰਾਜੋ) ਅਤੇ ਦੂਜਾ ਸਰਦਾਰਨੀ ਦੇਸ ਕੌਰ (ਦੇਸਾਂ) ਨਾਲ ਹੋਇਆ। ਸਰਦਾਰਨੀ ਰਾਜ ਕੌਰ ਕੁੰਤਰੀਲਾ ਪਿੰਡ, ਜੋ ਰਾਵਲ ਪਿੰਡੀ ਵਿੱਚ ਹੈ ਦੀ ਜੰਮਪਲ ਸੀ (ਏ ਐੱਸ ਸੰਧੂ ੧੯੩੫)। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਮੁਤਾਬਕ ਰਾਜ ਕੌਰ ਦੇ ਦੋ ਪੁੱਤਰ ਸਰਦਾਰ ਗੁਰਦਿੱਤ ਸਿੰਘ ਅਤੇ ਸਰਦਾਰ ਜਵਾਹਰ ਸਿੰਘ ਹੋਏ ਜਦ ਕਿ ਦੇਸਾਂ ਦੀ ਕੁੱਖੋਂ ਸਰਦਾਰ ਪੰਜਾਬ ਸਿੰਘ ਅਤੇ ਸਰਦਾਰ ਅਰਜਨ ਸਿੰਘ ਹੋਏ। ਦੋਵੇਂ ਧੀਆਂ (ਚੰਦ ਕੌਰ ਤੇ ਨੰਦ ਕੌਰ) ਗਾਲਬਨ ਸਰਦਾਰਨੀ ਦੇਸਾਂ ਦੇ ਪੇਟੋਂ ਸਨ। ਮਿਸਟਰ ਬੈਰਨ ਹੁਗਲ ਨੇ ਹਰੀ ਸਿੰਘ ਦੇ ਪੰਜਵੇਂ ਪੁੱਤਰ ਸਰਦਾਰ ਚਤਰ ਸਿੰਘ ਬਾਰੇ ਵੀ ਲਿਖਿਆ ਹੈ ਪਰ ਇਹ ਨਹੀਂ ਲਿਖਿਆ ਕਿ ਇਹ ਕਿਸ ਦੇ ਪੇਟੋਂ ਸੀ।
ਬੀਬੀ ਚੰਦ ਕੌਰ ਸਰਦਾਰ ਲਹਿਣਾ ਸਿੰਘ ਗੜ੍ਹਝੱਕ ਪੁੱਤਰ ਸਰਦਾਰ ਕਾਹਨ ਸਿੰਘ ਨੂੰ ਵਿਆਹੀ ਹੋਈ ਸੀ। ਗੜ੍ਹਝੱਕ ਪਿੰਡ ਵੜੈਚ ਜੱਟਾਂ ਨੇ ਵਸਾਇਆ ਸੀ। ਸਰਦਾਰ ਲਹਿਣਾ ਸਿੰਘ ਜਮਰੌਦ ਵਿਖੇ ਸਰਦਾਰ ਹਰੀ ਸਿੰਘ ਦੇ ਅੰਤਲੇ ਸਵਾਸਾਂ ਤੱਕ ਕੋਲ ਸੀ। ਇਹ ਅਤੇ ਚੰਦ ਕੌਰ ਦੋਵੇਂ ਗੁਜਰਾਂਵਾਲੇ ਨਲੂਆ ਦੀ ਵਿਧਵਾ ਪਤਨੀ ਕੋਲ ਰਹੇ। ਸੰਨ ੧੮੯੩ ਵਿੱਚ ਲਹਿਣਾ ਸਿੰਘ ਦੀ ਮੌਤ ਉਪਰੰਤ ਅੱਧੀ ਪੈਨਸ਼ਨ ਅੰਗਰੇਜ਼ੀ ਸਰਕਾਰ ਨੇ ਬੀਬੀ ਚੰਦ ਕੌਰ ਦੇ ਨਾਂ ਲਗਾ ਦਿੱਤੀ ਸੀ।
ਹਰੀ ਸਿੰਘ ਦੀ ਸ਼ਹਾਦਤ ਸਮੇਂ ਬੀਬੀ ਨੰਦ ਕੌਰ ਅਜੇ ਅਣਵਿਆਹੀ ਸੀ। ਇਸ ਪਿਛੋਂ ਨੰਦ ਕੌਰ ਦੀ ਸ਼ਾਦੀ ਬਾਬਾ ਗੰਡਾ ਸਿੰਘ ਨਾਲ ਕੋਟਲੀ ਵਾਲੇ ਬਾਬਾ ਫ਼ਕੀਰ ਚੰਦ (ਸਿਆਲਕੋਟ) ਦੇ ਲੜਕੇ ਨਾਲ ਹੋਈ। ਬਾਬਾ ਗੰਡਾ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਤਵੀਂ ਪੀੜ੍ਹੀ ਵਿੱਚੋਂ ਸਨ। ਬਾਬਾ ਗੰਡਾ ਸਿੰਘ ਦੇ ਚਾਚਾ ਜੀ ਬਾਬਾ ਰਾਮ ਸਿੰਘ ਜੀ ਬੇਦੀ ਬੜੇ ਜ਼ੋਰਾਵਰ ਸਿੱਖ ਸਨ ਅਤੇ ਅਫ਼ਗਾਨਾਂ ਨਾਲ ਲੜਦੇ ਲੜਦੇ ਉਨ੍ਹਾਂ ਸ਼ਹਾਦਤ ਪ੍ਰਾਪਤ ਕੀਤੀ ਸੀ। ਵਨੀਤ ਨਲਵਾ ਦੀ ਲਿਖਤ ਮੁਤਾਬਕ ਬੀਬੀ ਨੰਦ ਕੌਰ ਦੀ ਪੰਜਵੀਂ ਪੀੜ੍ਹੀ ਚੋਂ ਬੀ. ਐੱਸ. ਬੇਦੀ ਨੇ ਪਾਕਿਸਤਾਨ ਵਿੱਚ ਆਪਣੀ ਬੰਸ ਦਾ ਪੁਰਾਤਨ ਪਿੰਡ ਕੋਟਲੀ ਜਦੋਂ ਦੇਖਿਆ ਤਾਂ ਨੰਦ ਕੌਰ ਦੇ ਸਹੁਰੇ ਘਰ 'ਚ ਉਸ ਦਾ ਸੰਦਲ ਵੁੱਡ ਦਾ ਫਰਨੀਚਰ, ਇੱਕ ਮੰਜਾ ਜਿਸ ਨੂੰ ਸੋਨੇ ਦੇ ਪਾਵੇ ਅਤੇ ਚਾਂਦੀ ਦੀਆਂ ਬਾਹੀਆਂ ਲੱਗੀਆਂ ਸਨ ਅਤੇ ਖਾਣੇ ਪਕਾਉਣ ਵਾਲੇ ਭਾਂਡੇ ਵੀ ਦੇਖੇ। ਇਸ ਨੇ ਉਹ ਜਗ੍ਹਾ ਵੀ ਘਰ 'ਚ ਦੇਖੀ ਜਿੱਥੇ ਉਹ ਬਚਪਨ ਵਿੱਚ ਲੁਕਿਆ ਕਰਦਾ ਸੀ।
ਸਰਦਾਰ ਗੁਰਦਿੱਤ ਸਿੰਘ ਨਲੂਆ
ਹਰਿਦੁਆਰ ਦੇ ਪਾਂਡੇ ਦੀ ਲਿਖਤ ਦਰਸਾਉਂਦੀ ਹੈ ਕਿ ਗੁਰਦਿੱਤ ਸਿੰਘ ੧੮੦੮ ਵਿੱਚ ਜਨਮਿਆਂ। ਜੁਲਾਈ ੧੮੩੧ ਵਿੱਚ ਗੁਰਦਿੱਤ ਸਿੰਘ ਅਟਕ ਕੇ ਕਿਲ੍ਹੇ ਵਿੱਚ ਸਾਜ਼ੋ-ਸਮਾਨ ਦਾ ਇੰਚਾਰਜ ਸੀ। ਸਰਦਾਰ ਗੁਰਦਿੱਤ ਸਿੰਘ ਆਪਣੀ ਮਾਤਾ ਰਾਜ ਕੌਰ ਨਾਲ ਗੁਜਰਾਂਵਾਲੇ ਹੀ ਰਹੇ। ਰਾਜ ਕੌਰ ਪਾਂਡਿਆਂ ਦੀ ਲਿਖਤ ਮੁਤਾਬਕ ੧੮੬੭ ਵਿੱਚ ਚੜ੍ਹਾਈ ਕਰ ਗਈ ਸੀ। ਗੁਰਦਿੱਤ ਸਿੰਘ ਦੇ ਕੋਈ ਔਲਾਦ ਨਹੀਂ ਸੀ ਹੋਈ। ਉਸ ਨੇ ਫ਼ਤਹਿ ਸਿੰਘ ਨੂੰ ਮੁਤਬੰਨਾ ਬਣਾਇਆ। ਫ਼ਤਹਿ ਸਿੰਘ ਦੇ ਸੰਪੂਰਨ ਸਿੰਘ ਹੋਇਆ ਪਰ ਉਹ ਛੋਟੀ ਉਮਰੇ ੧੮੭੪ ਵਿੱਚ ਹੀ ਚੜ੍ਹਾਈ ਕਰ ਗਿਆ।
ਸੰਪੂਰਨ ਸਿੰਘ ਦਾ ਪੁੱਤਰ ਕਰਤਾਰ ਸਿੰਘ ਸੀ ਜੋ ੧੭੯੪ ਵਿੱਚ ਪੂਰਾ ਹੋ ਗਿਆ ਅਤੇ ਅੱਗੇ ਬੰਸ ਨਹੀਂ ਚੱਲੀ। ਗੁਰਦਿੱਤ ਸਿੰਘ ਦੀ ਮੌਤ ੧੮੮੨ ਵਿੱਚ ਹੋਈ ਸੀ।
ਸਰਦਾਰ ਜਵਾਹਰ ਸਿੰਘ ਨਲੂਆ
ਜਵਾਹਰ ਸਿੰਘ ਮਾਤਾ ਰਾਜ ਕੌਰ ਦੀ ਕੁੱਖੋਂ ੧੮੦੯ ਵਿੱਚ ਜਨਮਿਆਂ। ਇਹ ਆਪਣੇ ਪਿਤਾ ਹਰੀ ਸਿੰਘ ਵਾਂਗ ਕਾਫ਼ੀ ਦਲੇਰ, ਤੇਜ-ਤਰਾਰ ਅਤੇ ਸੂਰਮਾ ਸੀ। ਇਤਿਹਾਸਕ ਤੱਥ ਦਰਸਾਉਂਦੇ ਹਨ ਕਿ ਇੱਕ ਦਿਨ ਸ਼ਾਮ ਨੂੰ ਸਰਦਾਰ ਹਰੀ ਸਿੰਘ ਧਰਮਸਾਲਾ ਵਿੱਚ ਬੈਠੇ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸੀ ਕਿ ਤੁਰਕਾਂ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ। ਕਿਸੇ ਬੰਦੇ ਨੇ ਇਸ ਤੁਰਕਾਂ ਦੀ ਆ ਰਹੀ ਫ਼ੌਜ ਬਾਰੇ ਜਵਾਹਰ ਸਿੰਘ ਨੂੰ ਕਿਹਾ,"ਤੁਰਕ ਬੜੀ ਭਾਰੀ ਗਿਣਤੀ ਵਿੱਚ ਆ ਰਹੇ ਹਨ ਜੇਕਰ ਜ਼ਿੰਦਗੀ ਚਾਹੁੰਨਾ ਹੈ ਤਾਂ ਦੌੜ ਜਾ"। ਜੋ ਉੱਤਰ ਜਵਾਹਰ ਸਿੰਘ ਨੇ ਦਿੱਤਾ ਅਤੇ ਜਿਸ ਤਰ੍ਹਾਂ ਤੁਰਕਾਂ ਨਾਲ ਟਾਕਰਾ ਕੀਤਾ ਉਸ ਸੰਬੰਧੀ ਕਵੀ ਸੀਤਾ ਰਾਮ ਲਿਖਦਾ ਹੈ:
ਮਾਰੇ ਕਿਲਕਾਰੀ ਜਵਾਹਰ ਸਿੰਘ ਬਲਕਾਰੀ, ਸੂਰੇ ਦਾ ਧਰਮ ਨਹੀਂ ਨੱਸਣਾ ਮੈਦਾਨ ਸੇ।
ਖਾਇ ਕੇ ਕ੍ਰੋਧ ਖੰਡਾ ਸੂਤਿਆ ਮਿਆਨ ਵਿੱਚੋਂ, ਬੋਲੇ ਸਤਿਨਾਮ ਧਸ ਗਿਆ ਅਭਿਮਾਨ ਸੇ।
ਧਰ ਦਿੱਤੀ ਵਾਢ ਇੱਕ ਵਾਢੀਆਂ ਸੇ ਜੱਟ ਵਾਗੂੰ, ਮੱਚੀ ਹਾਹਾ ਕਾਰ ਧੂੜ ਮਿਲੀ ਅਸਮਾਨ ਸੇ।
ਸੀਤਾ ਰਾਮ ਮਾਰ ਮਾਰ ਸੱਥਰ ਵਿਛਾ ਦਿੱਤੇ, ਸਾਮ੍ਹਣੇ ਜੋ ਆਵੇ ਝੱਟ ਉੱਡ ਜਾਏ ਬਾਣ ਸੇ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਤਰੱਕੀ ਕਰਦਾ ਕਰਦਾ ਜਵਾਹਰ ਸਿੰਘ ਸਿੱਖ ਫ਼ੌਜ਼ ਦਾ ੧੮੪੩ ਵਿੱਚ ਜਨਰਲ -ਇਨ-ਚੀਫ਼ ਸੀ। ਭਾਵੇਂ ਸ਼ਾਹਮਤ ਅਲੀ ਲਿਖਦਾ ਹੈ ਕਿ ਹਰੀ ਸਿੰਘ ਦੇ ਪੁੱਤਰ ਉਸ ਵਰਗੇ ਦਲੇਰ ਨਹੀਂ ਸਨ। ਪਰ ਤਵਾਰੀਖ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਜਵਾਹਰ ਸਿੰਘ ਅਤੇ ਅਰਜਨ ਸਿੰਘ ਨੇ ਅੰਗਰੇਜ਼ਾਂ ਦੀ ਜੰਗ ਵਿੱਚ ਜੋ ਜੌਹਰ ਦਿਖਾਏ ਅਤੇ ਉਨ੍ਹਾਂ ਦੇ ਦੰਦ ਖੱਟੇ ਕੀਤੇ ਉਹ ਵਰਨਣਯੋਗ ਹਨ।
ਚਿਲਿਆਂ ਵਾਲੀ ਜੰਗ ਜੋ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜੀ ਗਈ, ਉਸ ਦਾ ਨਾਇਕ ਸਰਦਾਰ ਜਵਾਹਰ ਸਿੰਘ ਸੀ। ਇਸ ਜੰਗ ਤੋਂ ਪਹਿਲਾਂ ਹੀ ਤੇਜਾ ਸਿੰਘ ਨੇ ਗਦਾਰੀ ਕੀਤੀ ਜਿਸ ਕਾਰਨ ਜਵਾਹਰ ਸਿੰਘ ਫੜਿਆ ਗਿਆ ਅਤੇ ਅੰਗਰੇਜ਼ਾਂ ਨੇ ਇਸ ਨੂੰ ਲਾਹੌਰ ਜੇਲ੍ਹ ਵਿੱਚ ਕੈਦ ਕਰ ਲਿਆ। ਪਰ ਜਵਾਹਰ ਸਿੰਘ ਪਹਿਰੇਦਾਰਾਂ ਦੀ ਮੱਦਦ ਨਾਲ ਜੇਲ੍ਹ ਚੋਂ ਨਿਕਲ ਕੇ ਗੁਜਰਾਂਵਾਲਾ ਵਿੱਚ ਚਲਾ ਗਿਆ।
ਸੰਨ ੧੮੪੮ ਵਿੱਚ ਇਹ ਕੁਝ ਸਿੰਘਾਂ ਨੂੰ ਲੈ ਕੇ ਝਨਾਬ ਪਾਰ ਕਰ ਕੇ ਸਰਦਾਰ ਸ਼ੇਰ ਸਿੰਘ ਅਟਾਰੀ ਵਾਲੇ ਨਾਲ ਜਾ ਮਿਲਿਆ। ਸਰਦਾਰ ਸੁਜਾਨ ਸਿੰਘ ਬੇਦੀ (ਸਾਹਿਬ ਸਿੰਘ ਦਾ ਵੱਡਾ ਪੁੱਤਰ) ਵੀ ਸ਼ੇਰ ਸਿੰਘ ਦੀਆਂ ਫ਼ੌਜਾਂ ਵਿੱਚ ਜਾ ਸ਼ਾਮਲ ਹੋਇਆ।
ਗ੍ਰਿਫ਼ਨ ਅਤੇ ਮੈੱਸੀ (੧੯੦੯) ਵਿੱਚ ਲਿਖਦੇ ਹਨ ਕਿ ਜਵਾਹਰ ਸਿੰਘ ਚਿਲਿਆਂਵਾਲੀ ਜੰਗ ਵਿੱਚ ਇਤਨੀ ਬਹਾਦਰੀ ਨਾਲ ਲੜਿਆ, ਉਹ ਲਿਖਣ ਤੋਂ ਬਾਹਰਲੀ ਗੱਲ ਹੈ। ਇਸ ਨੇ ਬਰਤਾਨਵੀਂ ਇਤਿਹਾਸਕਾਰਾਂ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਅਤੇ ਐਸਾ ਸੰਕਟ ਵਿੱਚ ਪਾ ਦਿੱਤਾ ਕਿ ਉਹ ਲਿਖਣ ਤਾਂ ਕੀ ਲਿਖਣ। ਭਾਵ ਉਹ ਆਪਣੀ ਕੌਮ ਦੀ ਬਹਾਦਰੀ ਸਿੱਖਾਂ ਦੇ ਮੁਕਾਬਲੇ ਕੀ ਲਿਖਣ। ਉਹ ਲਿਖਦੇ ਹਨ ਕਿ ਅੰਗਰੇਜ਼ ਜੇਕਰ ਇਹ ਜੰਗ ਜਿੱਤੇ ਤਾਂ ਸਮਝੋ ਜਿੱਤ ਕੇ ਵੀ ਹਾਰੇ ਹਨ ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਗ੍ਰਿਫਨ ਅਤੇ ਮੈੱਸੀ ਨੇ ਹੋਰ ਲਿਖਿਆ ਹੈ ਕਿ ਅੰਗਰੇਜ਼ਾਂ ਦੀ ਜਿੱਤ ਜੇਕਰ ਹੋਈ ਤਾਂ ਉਹ ਉੱਤਮ ਤੋਪਖਾਨਾ, ਸਿੱਖਾਂ ਦੇ ਗਦਾਰਾਂ ਅਤੇ ਹਿੰਦੁਸਤਾਨੀਆਂ ਦੀ ਮੱਦਦ ਕਾਰਨ ਹੋਈ।
ਇੱਕ ਅੰਗਰੇਜ਼ ਲੇਡੀ (੧੮੫੩) ਵਿੱਚ ਇਸ ਲੜਾਈ ਸੰਬੰਧੀ ਲਿਖਦੀ ਹੈ: ......on the occasion of our recent movable defeat at Chillianwala, the prestige of our usually victorious army experienced a humilating failure.
ਭਾਵ ਚਿਲਿਆਂਵਾਲਾ ਵਿਖੇ ਕੁਝ ਸਮਾਂ ਪਹਿਲਾਂ ਸਾਡੀ ਹੋਈ ਹਾਰ ਨੇ ਇੱਕ ਜੇਤੂ ਅਤੇ ਤਜ਼ਰਬੇਕਾਰ ਫ਼ੌਜ ਨੂੰ ਜਲਾਲਤ ਭਰੀ ਫੇਲ੍ਹਤਾ ਦਰਸਾ ਦਿੱਤੀ ਹੈ।
ਮੋਹਣ ਲਾਲ (੧੮੪੬) ਵਿੱਚ ਲਿਖਦਾ ਹੈ ਕਿ ਪੰਜਾਬ ਦੀ ਜੰਗ ਨੇ ਵੀ ਬਰਤਾਨਵੀ ਹਕੂਮਤ ਨੂੰ ਦਰਸਾ ਦਿੱਤਾ ਸੀ ਕਿ ਪੰਜਾਬੀ ਕੇਵਲ ਪਦਾਰਥਕ ਤੌਰ ਤੇ ਹੀ ਧਨੀ ਨਹੀਂ ਸਗੋਂ ਸੱਭਿਆਚਾਰ ਅਤੇ ਅਧਿਆਤਮਕ ਤੌਰ ਤੇ ਵੀ ਧਨੀ ਹਨ। ਅੰਗਰੇਜ਼ ਤਾਂ ਦੂਜਿਆਂ ਦੀ ਲੁੱਟਮਾਰ ਕਰ ਕੇ ਧਨੀ ਬਣੇ ਹਨ।
ਕਨਿੰਘਮ ਨੇ ਵੀ ੧੮੪੯ ਵਿੱਚ ਲਿਖਿਆ ਕਿ ਸਿੱਖਾਂ ਨੇ ਆਪਣੇ ਬਲਬੂਤੇ ਤੇ ਰਾਜ ਕੀਤਾ। ਇਹਨਾਂ ਵਰਗਾ ਦ੍ਰਿੜ ਹੌਸਲਾ, ਜੰਗੀ ਅਭਿਆਸ ਅਤੇ ਘੋੜ-ਸਵਾਰੀ ਮੈਂ ਹੋਰ ਕਿਸੇ ਕੌਮ 'ਚ ਨਹੀਂ ਦੇਖੀ। ਸਿੱਖ ਹਾਰ ਨਹੀਂ ਸੀ ਸਕਦੇ ਜੇਕਰ ਹਿੰਦੁਸਤਾਨੀ ਇਹਨਾਂ ਦੀ ਮੱਦਦ ਕਰਦੇ। ਭਾਰਤ ਦੇ ਹਿੰਦੁਸਤਾਨੀ ਰਾਜਿਆਂ ਦੀ ਮੱਦਦ ਕਾਰਨ ਹੀ ਅੰਗਰੇਜ਼ਾਂ ਨੇ ਸਿੱਖ ਰਾਜ ਤੇ ਜਿੱਤ ਪ੍ਰਾਪਤ ਕੀਤੀ।
ਕਿਉਂਕਿ ਹਿੰਦੁਸਤਾਨੀਆਂ ਨੇ ਅੰਗਰੇਜ਼ਾਂ ਦੀ ਹਮਾਇਤ ਕੀਤੀ ਸੀ ਅਤੇ ਸਿੱਖਾਂ ਦਾ ਵਿਰੋਧ। ਇਸ ਕਾਰਨ ਚਾਲਬਾਜ਼ ਅੰਗਰੇਜ਼ਾਂ ਨੇ ੧੮੫੭ ਦੇ ਗਦਰ ਸਮੇਂ ਸਿੱਖਾਂ ਨੂੰ ਨਾਲ ਰਲਾ ਲਿਆ। ਸਰਦਾਰ ਜਵਾਹਰ ਸਿੰਘ ਪੰਜਾਬ ਦਾ ਪਹਿਲਾ ਸਰਦਾਰ ਸੀ ਜਿਸ ਨੂੰ ਅੰਗਰੇਜ਼ਾਂ ਨੇ ਪਹਿਲੀ ਸਿੱਖ ਰਜਮੈਂਟ ਵਿੱਚ ਰਸਾਲਦਾਰ ਦੀ ਪਦਵੀ ਦਿੱਤੀ। ਬਰਤਾਨਵੀ ਹਕੂਮਤ ਨੇ ਤਿੰਨ ਸੌ ਸਾਲ ਤੋਂ ਚੱਲ ਰਹੀ ਮੁਗਲ ਹਕੂਮਤ ਖ਼ਤਮ ਕਰਨ ਅਤੇ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦਾ ਬਦਲਾ ਲੈਣ ਲਈ ਜਵਾਹਰ ਸਿੰਘ ਨੂੰ ਫ਼ੌਜ ਦੇ ਕੇ ਦਿੱਲੀ ਵੱਲ ਤੋਰਿਆ। ਦਿੱਲੀ ਪਹੁੰਚ ਕੇ ਸਿੱਖ ਫ਼ੌਜ ਨੇ ਘੇਰਾ ਪਾ ਕੇ ਮੁਗਲ ਬਾਦਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਪਕੜ ਲਿਆ। ਹੰਮਾਯੂ ਦੇ ਮਕਬਰੇ ਕੋਲ ਅੰਗਰੇਜ਼ ਅਫ਼ਸਰ ਹੌਡਸਨ ਨੇ ਇਹਨਾਂ ਨੂੰ ਅਲਫ ਨੰਗਾ ਕਰ ਦਿੱਤਾ। ਇਸ ਨੇ ਇੱਕ ਸਿੱਖ ਸਿਪਾਹੀ ਨੂੰ ਆਖਿਆ, ਸਿੱਖਾ! ਸਾਹਿਬਜ਼ਾਦਿਆਂ ਨੂੰ ਗੋਲੀ ਮਾਰ ਕੇ ਬਦਲਾ ਲੈ ਲੈ ਹੁਣ ਚੰਗਾ ਮੌਕਾ ਹੈ। ਸਿੱਖ ਸਿਪਾਹੀ ਨੇ ਨਾਂਹ ਕਰ ਦਿੱਤੀ ਅਤੇ ਆਖਿਆ ਇਸ ਗੱਲ ਦੀ ਸਾਡਾ ਧਰਮ ਇਜ਼ਾਜ਼ਤ ਨਹੀਂ ਦਿੰਦਾ ਕਿ ਕਿਸੇ ਨੂੰ ਪਕੜ ਕੇ ਮਾਰੀਏ। ਮਿਸਟਰ ਟਰੌਟਰ ਨੇ ੧੯੦੧ ਵਿੱਚ The life of Hodson ਵਿੱਚ ਲਿਖਿਆ ਹੈ ਕਿ ਹੈਡਸਨ ਨੇ ਅੰਗਰੇਜ਼ ਸਿਪਾਹੀ ਦੇ ਹੱਥੋਂ ਕਾਰਬਾਈਨ ਖੋਹ ਕੇ ਸਾਰੇ ਸਾਹਿਬਜ਼ਾਦਿਆਂ ਨੂੰ ਮਾਰ ਦਿੱਤਾ।
ਜਵਾਹਰ ਸਿੰਘ ਨੇ ੧੮ ਲੜਾਈਆਂ ਲਖਨਊ, ਬਾਈਥੂਰ, ਕਾਨ੍ਹਪੁਰ, ਕਲਪੀ ਆਦਿ ਵਿਖੇ ਲੜੀਆਂ। ਇਸ ਬਹਾਦਰੀ ਬਦਲੇ ਅੰਗਰੇਜ਼ ਹਕੂਮਤ ਨੇ ਉਸ ਨੂੰ ਸੰਨ ੧੮੫੯ ਵਿੱਚ ੧੨ ਹਜ਼ਾਰ ਰੁਪਏ ਸਲਾਨਾ ਦੀ ਜਾਗੀਰ ਲਗਾ ਦਿੱਤੀ। 'ਆਰਡਰ ਆਫ ਬਰਿਟਸ਼ ਇੰਡੀਆ' ਦੇ ਖਿਤਾਬ ਨਾਲ ਮੈਡਲ ਦੇ ਕੇ ਨਿਵਾਜਿਆ। ਉਸ ਨੂੰ ੧੮੬੨ ਵਿੱਚ ਗੁਜ਼ਰਾਵਾਲਾ ਵਿਖੇ ਆਨਰੇਰੀ ਮਜਿਸਟ੍ਰੇਟ ਦਾ ਅਹੁਦਾ ਦਿੱਤਾ। ਇਸ ਅਹੁਦੇ ਤੇ ੧੮੭੭ ਤੱਕ (ਭਾਵ ਅਖੀਰਲੇ ਸਾਹਾਂ ਤੱਕ) ਸਰਦਾਰ ਜਵਾਹਰ ਸਿੰਘ ਰਹੇ।
ਸਰਦਾਰ ਅਰਜਨ ਸਿੰਘ ਨਲੂਆ
ਸਰਦਾਰ ਅਰਜਨ ਸਿੰਘ ਮਹਾਰਾਜੇ ਦੇ ਦਰਬਾਰ ਅੰਦਰ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੀ ਸੁਆਗਤੀ ਕਮੇਟੀ ਦਾ ਮੈਂਬਰ ਸੀ। ਮਈ ੧੮੩੮ ਵਿੱਚ ਇਹ ਹਿੰਦੁਸਤਾਨ ਸਰਕਾਰ ਦੇ ਸਕੱਤਰ ਮਿਸਟਰ ਮੈਕੰਘਟਨ ਦੀ ਸੁਆਗਤੀ ਕਮੇਟੀ ਵਿੱਚ ਸ਼ਾਮਲ ਸੀ। ਇਸ ਉਪਰੰਤ ਇਹ ਬਰਤਾਨੀਆਂ ਸਰਕਾਰ ਦੇ ਗਵਰਨਰ ਜਨਰਲ
ਆਕਲੈਂਡ ਨੂੰ ਫ਼ਿਰੋਜ਼ਪੁਰ ਵਿਖੇ ਮਿਲਣ ਵਾਲੀ ਚੋਟੀ ਦੇ ਸਰਦਾਰਾਂ ਦੀ ਕਮੇਟੀ ਵਿੱਚ ਵੀ ਸ਼ਾਮਲ ਸੀ। ਸੋਹਣ ਸਿੰਘ ਸੂਰੀ ਅਨੁਸਾਰ ੧੮੩੮ ਦੇ ਨਵੰਬਰ ਮਹੀਨੇ ਵਿੱਚ ਸਰਦਾਰ ਅਜੀਤ ਸਿੰਘ ਸੰਧਾਵਾਲੀਆ, ਰਾਜਾ ਸੁਚੇਤ ਸਿੰਘ ਅਤੇ ਸਰਦਾਰ ਅਰਜਨ ਸਿੰਘ ਨੇ ਆਕਲੈਂਡ ਦਾ ਸੁਆਗਤ ਅੰਮ੍ਰਿਤਸਰ ਵਿਖੇ ਵੀ ਕੀਤਾ ਸੀ। ਖ਼ਾਲਸਾ ਦਰਬਾਰ ਦੇ ਲਿਖਤੀ ਪਰਮਾਣਾਂ ਵਿੱਚ ਦਰਜ਼ ਹੈ ਕਿ ਅਰਜਨ ਸਿੰਘ ਮੌਜੀਬ ਅਤੇ ਮੌਜੀਲ ਸਵਾਰੀ ਦਾ ਮੁੱਖੀ ਸੀ। ੨੬ ਅਪ੍ਰੈਲ ੧੮੩੯ ਨੂੰ ਇਹ ਕੰਵਰ ਨੌ ਨਿਹਾਲ ਨਾਲ ਪਿਸ਼ਾਵਰ ਵਿੱਚ ਜਨਰਲ ਵੈਨਤੂਰਾ ਦੇ ਵਫ਼ਦ ਵਿੱਚ ਵੀ ਸ਼ਾਮਲ ਹੋਏ।
ਮਹਾਰਾਜਾ ਰਣਜੀਤ ਸਿੰਘ ੨੭ ਜੂਨ ੧੮੩੯ ਨੂੰ ਪ੍ਰਲੋਕ ਸੁਧਾਰ ਗਿਆ। ਇਸ ਉਪਰੰਤ ਸਰਦਾਰ ਖੜਕ ਸਿੰਘ ਰਾਜ ਗੱਦੀ ਤੇ ਬੈਠੇ। ਸਰਦਾਰ ਅਰਜਨ ਸਿੰਘ ਘੋੜ ਸਵਾਰ ਸੈਨਾ ਦੇ ਮੁਖੀ ਥਾਪੇ ਗਏ। ਸਤੰਬਰ ੧੮੩੯ ਵਿੱਚ ਇਹ ਲਾਰਡ ਆਕਲੈਂਡ ਨਾਲ ਸ਼ਿਮਲੇ ਵਿਖੇ ਗੱਲਬਾਤ ਕਰਨ ਲਈ ਵਕੀਲ ਦੇ ਤੌਰ ਤੇ ਸ਼ਾਮਲ ਹੋਏ। ਇਹਨਾਂ ਨਾਲ ਸਰਦਾਰ ਲਹਿਣਾ ਸਿੰਘ ਮਜੀਠੀਆ ਅਤੇ ਫ਼ਕੀਰ ਅਜ਼ੀਜ਼-ਉਦ-ਦੀਨ ਵੀ ਗਏ ਸਨ। ਭਾਵੇਂ ਫ਼ਕੀਰ ਅਜ਼ੀਜ਼-ਉਦ-ਦੀਨ ਨਾਲੋਂ ਅਰਜਨ ਸਿੰਘ ਉਮਰ ਵਿੱਚ ਅਹੁਦੇ ਅਤੇ ਤਜ਼ਰਬੇ ਕਰਕੇ ਬਹੁਤ ਛੋਟੇ ਸਨ ਪਰ ਵਾਪਸੀ ਸਮੇਂ ਆਕਲੈਂਡ ਵੱਲੋਂ ਅਰਜਨ ਸਿੰਘ ਨੂੰ ਫ਼ਕੀਰ ਨਾਲੋਂ ਬਹੁਮੁੱਲੀ ਖਿੱਲਤ ਭੇਂਟ ਕੀਤੀ ਗਈ। ਸੰਨ ੧੮੪੦ ਵਿੱਚ ਅਰਜਨ ਸਿੰਘ ਨੇ ਮੰਡੀ ਅਤੇ ਕਮਲਗੜ੍ਹ ਵਿੱਚ ਵੀ ਵੈਨਤੂਰਾ ਨਾਲ ਗੱਲਬਾਤ ਕੀਤੀ।
ਮਹਾਰਾਜਾ ਖੜਕ ਸਿੰਘ ਅਤੇ ਨੌ ਨਿਹਾਲ ਦੇ ਦੇਹਾਂਤ ਪਿੱਛੋਂ ਸਰਦਾਰ ਅਰਜਨ ਸਿੰਘ ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਵੀ ਚੰਗੀ ਪਦਵੀ ਤੇ ਰਿਹਾ। ਜਦੋਂ ਇਹ ੧੮੪੩ ਵਿੱਚ ਪਿਸ਼ਾਵਰ ਅਤੇ ਕਾਬਲ ਦੀ ਚੜ੍ਹਾਈ ਪਿੱਛੋਂ ਲਾਹੌਰ ਪਹੁੰਚੇ ਤਾਂ ਇਹਨਾਂ ਨੂੰ 'ਰੋਬ ਆਫ਼ ਆਨਰ' ਦੇ ਕੇ ਨਵਾਜਿਆ (ਸੋਹਣ ਲਾਲ ਸੂਰੀ)। ੧ ਅਕਤੂਬਰ ੧੮੪੩ ਨੂੰ ਅਰਜਨ ਸਿੰਘ ਨੂੰ ਲਾਹੌਰ ਦੇ ਰਸਾਲੇ ਦਾ ਕਮਾਂਡਰ ਥਾਪਿਆ। ਇਸ ਤੋਂ ਪਹਿਲਾਂ ਧਿਆਨ ਸਿੰਘ ਅਤੇ ਸੰਧਾਵਾਲੀਆ ਦੀ ਮਿਲੀ ਭੁਗਤ ਨੇ ਸਤੰਬਰ ੧੮੪੩ ਨੂੰ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰਵਾ ਦਿੱਤਾ ਸੀ। ਧਿਆਨ ਸਿੰਘ ਆਪਣੇ ਪੁੱਤਰ ਹੀਰਾ ਸਿੰਘ ਨੂੰ ਗੱਦੀ ਤੇ ਬਿਠਾਉਣਾ ਚਾਹੁੰਦਾ ਸੀ ਪਰ ਅਰਜਨ ਸਿੰਘ ਅਤੇ ਹੋਰ ਸਰਦਾਰਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ।
ਸਰਦਾਰ ਅਰਜਨ ਸਿੰਘ ਅਤੇ ਸਰਦਾਰ ਜਵਾਹਰ ਸਿੰਘ ਨੇ ਪੰਜਾਬ ਦੀ ਆਜ਼ਾਦੀ ਲਈ ਜੰਗਾਂ ਅੰਦਰ ਬਰਤਾਨਵੀ ਫ਼ੌਜ ਨਾਲ ਤਕੜਾ ਆਢਾ ਲਾਇਆ। ਪਰ
ਡੋਗਰਿਆਂ ਨੇ ਰੱਜ ਕੇ ਗਦਾਰੀ ਕੀਤੀ। ਅਕਤੂਬਰ ੧੮੪੮ ਵਿੱਚ ਅਰਜਨ ਸਿੰਘ, ਮੀਆਂ ਲੱਖਾ ਸਿੰਘ ਅਤੇ ਬਖਸ਼ੀ ਸੁੱਖਾ ਸਿੰਘ ੨੩ ਹਜਾਰ ਫ਼ੌਜ ਲੈ ਕੇ ਜੇਹਲਮ ਪਾਰ ਕਰ ਗਏ। ਫਿਰ ਇਹ ਗੁਜਰਾਤ ਵੱਲ ਵਧੇ। ਡੋਗਰਿਆਂ ਅਤੇ ਸੰਧਾਵਾਲੀਆਂ ਦੀ ਗਦਾਰੀ ਕਾਰਨ ਇਹ ਆਪਣੇ ਮਿਸ਼ਨ 'ਚ ਸਫਲ ਨਾ ਹੋਏ। ਅੰਗਰੇਜ਼ਾਂ ਨੇ ਅਰਜਨ ਸਿੰਘ ਨੂੰ ਫੜਨਾ ਚਾਹਿਆ ਪਰ ਇਹ ਗੁਜਰਾਂਵਾਲੇ ੧੦੦ ਕੁ ਸਿਪਾਹੀਆਂ ਸਮੇਤ ਆਪਣੇ ਘਰ ਪਹੁੰਚ ਗਏ। ਉਪਰੰਤ ਅੰਗਰੇਜ਼ਾਂ ਨੇ ਅਰਜਨ ਸਿੰਘ ਨੂੰ ਪਕੜ ਕੇ ਲਾਹੌਰ ਲਿਆਉਣਾ ਚਾਹਿਆ। ਫੜਨ ਵਾਲਿਆਂ ਨੇ ਅਰਜਨ ਸਿੰਘ ਦੀ ਬਹਾਦਰੀ ਅਤੇ ਰੱਖਿਆ ਲਈ ਅਪਣਾਈ ਰਣਨੀਤੀ ਤੇ ਬੇਬਸੀ ਜ਼ਾਹਰ ਕੀਤੀ।
ਅੰਗਰੇਜ਼ ਸਿਪਾਹੀਆਂ ਨੇ ਘਰ ਦੀ ਦੀਵਾਰ ਤੋੜ ਕੇ ਜਦੋਂ ਅਰਜਨ ਸਿੰਘ ਨੂੰ ਫ਼ੜਨਾ ਚਾਹਿਆ ਤਾਂ ਅਰਜਨ ਸਿੰਘ ਦਲੇਰੀ ਨਾਲ ਲਲਕਾਰਦਾ ਹੋਇਆ ਘਰੋਂ ਘੋੜੇ ਤੇ ਨਿਕਲ ਗਿਆ ਅਤੇ ਅੰਗਰੇਜ਼ਾਂ ਦੇ ਹੱਥ ਨਹੀਂ ਆਇਆ। ਇਸ ਪਿੱਛੋਂ ਇਹ ਸੂਰਾ ਚੜ੍ਹਾਈ ਕਰ ਗਿਆ। ਇਸ ਨੇ ਅੰਤਮ ਸਵਾਸ ਕਿੱਥੇ ਲਏ? ਇਸ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ।
ਹਰੀ ਸਿੰਘ ਦੇ ਲੜਕੇ ਸਰਦਾਰ ਪੰਜਾਬ ਸਿੰਘ ਬਾਰੇ ਸੋਹਣ ਲਾਲ ਸੂਰੀ ਨੇ ਲਿਖਿਆ ਹੈ ਕਿ ੧੮੩੮ ਵਿੱਚ ਇਹਨਾਂ ਸਿੱਖ ਰਸਾਲੇ ਦੀ ਅਗਵਾਈ ਕੀਤੀ। ਉਪਰੰਤ ਆਪਣੇ ਭਰਾਵਾਂ ਨਾਲ ਕਿਸੇ ਵੀ ਜੰਗ ਵਿੱਚ ਇਸ ਦੇ ਸ਼ਾਮਲ ਹੋਣ ਬਾਰੇ ਇਤਿਹਾਸਕਾਰਾਂ ਨੇ ਨਹੀਂ ਲਿਖਿਆ।
ਹਰੀ ਸਿੰਘ ਨਲੂਆ ਦੀਆਂ ਯਾਦਗਾਰਾਂ, ਜੰਗ-ਨਾਮੇ ਅਤੇ ਉਨ੍ਹਾਂ ਦੇ ਨਾਂ ਤੇ ਚੱਲ ਰਹੀਆਂ ਸੰਸਥਾਵਾਂ
ਸਰਦਾਰ ਹਰੀ ਸਿੰਘ ਦਾ ਜਨਮ ਗੁਜਰਾਂਵਾਲਾ ਵਿਖੇ ਕਸਿਆਰਾ ਬਾਜ਼ਾਰ ਵਿੱਚ ਹੋਇਆ ਸੀ। ਇੱਥੇ ਇਹਨਾਂ ਦੇ ਵੱਡੇ-ਵਡੇਰਿਆਂ ਦੀ ਹਵੇਲੀ ਹੈ ਜਿਸ ਵਿੱਚ ਬਹੁਤ ਹੀ ਸੁੰਦਰ, ਮੀਨਾਕਾਰੀ ਵਾਲੇ ਆਕਰਸ਼ਕ ਖਿੜਕੀਆਂ ਅਤੇ ਦਰਵਾਜੇ ਸਨ। ਇਹ ਖਿੜਕਿਆਂ ਦਰਵਾਜੇ ਲਾਹ ਕੇ ਲਾਹੌਰ ਦੇ ਮਿਊਜ਼ੀਅਮ ਵਿੱਚ ਅੱਜ ਕਲ੍ਹ ਪਰਦਰਸ਼ਨੀ ਦੇ ਤੌਰ ਤੇ ਰੱਖੇ ਹੋਏ ਹਨ। ਦੇਸ਼ ਦੀ ਵੰਡ ਸਮੇਂ ਭਾਵ ੧੯੪੭ ਵਿੱਚ ਇਹ ਹਵੇਲੀ ਲੁਧਿਆਣੇ ਦੇ ਮਸ਼ਹੂਰ ਹਕੀਮ ਹਫ਼ੀਜ਼ ਗੁਲਾਮ ਰਸੂਲ ਨੂੰ ਰਹਾਇਸ਼ ਲਈ ਦਿੱਤੀ ਗਈ ਸੀ।
ਨਲਵੇ ਸਰਦਾਰ ਦੀ ਵੱਡੀ ਕਿਰਪਾਨ ਜਿਸ ਉੱਪਰ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ, ਭਾਰਤੀ ਸਿੱਖ ਰਜਮੈਂਟ ਸੈਂਟਰ, ਰਾਮਗੜ੍ਹ ਵਿਖੇ ਸੁਸ਼ੋਭਿਤ ਹੈ। ਸ਼ਸਤਰ ਰਾਜ ਸ਼ਕਤੀ ਦਾ ਚਿਨ੍ਹ ਹਨ ਅਤੇ ਇਹ ਧਰਮ, ਦੇਸ਼, ਕੌਮ ਰੱਖਿਆ ਅਤੇ ਜ਼ੁਲਮ ਦੀ ਰੱਖਿਆ ਅਤੇ ਜ਼ਾਲਮ ਦੀ ਭੱਖਿਆ ਲਈ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹਨਾਂ ਨੂੰ ਪੀਰ ਕਿਹਾ ਹੈ ਅਤੇ ਇਹ ਵੀ ਕਿਹਾ ਕਿ ਇਹਨਾਂ ਦੀ ਪੂਜਾ ਕਰੋ। ਉਨ੍ਹਾਂ ਦੇ ਬਚਨ ਹਨ:
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ।
ਸੈਫ ਸਬੂਹੀ ਸਾਹਿਬੀ ਯਹੀ ਹਮਾਰੇ ਪੀਰ।
ਤਲਵਾਰ ਜਾਂ ਕਿਰਪਾਨ ਨਫ਼ਰਤ ਦਾ ਚਿੰਨ੍ਹ ਨਹੀਂ, ਇਹ ਮਨੁੱਖੀ ਰੱਖਿਆ ਦੀ ਢਾਲ ਹੈ ਅਤੇ ਚੜ੍ਹਦੀ ਕਲਾ ਦੀ ਮਿਸਾਲ ਹੈ। ਤੇਗ ਜਾਂ ਕਿਰਪਾਨ ਦੀ ਮਹਾਨਤਾ ਬਾਰੇ ਗੁਰੂ ਜੀ ਦੇ ਬੋਲ ਹਨ:
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੂੰ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ॥
ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ॥
ਭਾਵ ਖੜਗ (ਤੇਗ) ਦੁਸ਼ਟਾਂ ਦੇ ਦਲਾਂ ਦੇ ਟੋਟੇ ਕਰਨ ਵਾਲੀ ਹੈ ਅਤੇ ਯੁੱਧ ਭੂਮੀ ਵਿੱਚ ਮੂਰਖਾਂ ਨੂੰ ਨਾਸ਼ ਕਰਨ ਵਾਲੀ ਮਹਾਨ ਸ਼ਕਤੀ ਹੈ। ਇਹ ਮਾਨੋ ਸੂਰਜ ਵੱਤ ਕ੍ਰਾਂਤੀਕਾਰੀ ਹੋ ਕੇ ਹਨ੍ਹੇਰ ਗਰਦੀ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਲੀ ਅਰਥਾਤ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦੀ ਦਿਵਾਉਣ ਵਾਲੀ ਹੈ। ਇਹ ਸੰਤਾਂ ਨੂੰ ਸੁੱਖ ਦੇਣ ਵਾਲੀ ਅਤੇ ਭੈੜੀ ਮੱਤ ਵਾਲਿਆਂ ਨੂੰ ਹਰਨ ਕਰਨ ਵਾਲੀ ਹੈ, ਇਸੇ ਕਰ ਕੇ ਹੀ ਅਸੀਂ ਇਸ ਦੀ ਸ਼ਰਨ ਲਈ ਹੈ। ਤੇਗ ਜਗਤ ਅੰਦਰ ਜੈ ਜੈ ਕਾਰ ਕਰਾਉਣ ਵਾਲੀ, ਸ੍ਰਿਸ਼ਟੀ ਨੂੰ ਸਾਜਣ ਤੇ ਬਚਾਉਣ ਵਾਲੀ ਤੇ ਪਾਲਣ ਵਾਲੀ ਹੈ। ਹੇ ਖੜਗ! ਤੇਰੀ ਜੈ ਹੋਵੇ। ਜੈ ਹੋਵੇ।
ਕਿਰਪਾਨ ਇੱਕ ਸਸਤਾ, ਹਰ ਇੱਕ ਦੀ ਪਹੁੰਚ ਵਾਲਾ ਅਤੇ ਲਾਇਸੰਸ ਰਹਿਤ ਹਥਿਆਰ ਹੈ। ਜਿਸ ਦੇ ਵੱਡੀ ਸ੍ਰੀ ਸਾਹਿਬ ਪਹਿਨੀ ਹੁੰਦੀ ਹੈ ਛੇਤੀ ਕੀਤਿਆਂ ਚੋਰ, ਡਾਕੂ ਆਦਿ ਉਸ ਬੰਦੇ ਦੇ ਨੇੜੇ ਨਹੀਂ ਆਉਂਦਾ। ਜਦ ਕਿ ਵਿਗਿਆਨਕ ਢੰਗ ਨਾਲ ਤਿਆਰ ਕੀਤੇ ਹਥਿਆਰ ਬਹੁਤ ਮਹਿੰਗੇ, ਅਮੀਰ ਦੀ ਪਹੁੰਚ ਵਾਲੇ ਅਤੇ
ਲਾਇਸੰਸ ਸ਼ੁਦਾ ਹਥਿਆਰ ਹਨ। ਬਰੂਦ ਮੁਕਣ ਤੇ ਨਕਾਰਾ ਹੋ ਜਾਂਦੇ ਹਨ।
ਹਰੀ ਸਿੰਘ ਨਲਵਾ ਨੇ ਕਿਰਪਾਨ ਸਦਕਾ ਹੀ ਜ਼ਾਲਮ ਅਫ਼ਗਾਨਾਂ ਦੇ ਮੂੰਹ ਭੰਨ ਕੇ ਉਨ੍ਹਾਂ ਨੂੰ ਸਦਾ ਲਈ ਹਿੰਦੁਸਤਾਨ ਅੰਦਰ ਹਮਲਾਵਰ ਬਣ ਕੇ ਆਉਣ ਤੋਂ ਰੋਕ ਦਿੱਤਾ। ਸਮਾਜ ਵਿੱਚ ਜਮਹੂਰੀਅਤ ਨੂੰ ਸੁਰਜੀਤ ਕਰ ਕੇ ਸੁਤੰਤਰਤਾ ਦਾ ਰਾਹ ਦਿਖਾਇਆ ਅਤੇ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਅੰਦਰ ਨਵੀਂ ਰੂਹ ਫੂਕ ਦਿੱਤੀ। ਦੂਜੇ ਪੰਜਾਬੀਆਂ ਦੀ ਤਰ੍ਹਾਂ ੧੯੪੭ ਦੀ ਵੰਡ ਸਮੇਂ ਹਰੀ ਸਿੰਘ ਦੀ ਬੰਸ ਵਾਲਿਆਂ ਨੂੰ ਭਾਰਤ ਆਉਣਾ ਪਿਆ। ਉਨ੍ਹਾਂ ਗੁਜਰਾਂਵਾਲਾ ਵਿਖੇ ਵੱਡੀਆਂ ਜਾਇਦਾਦਾਂ ਪਾਕਿਸਤਾਨ 'ਚ ਛੱਡੀਆਂ ਕਿਉਂਕਿ ਉਸ ਸਮੇਂ ਮਾਰ-ਮਰਾਈ ਤੇ ਕਟਾ-ਵੱਡੀ ਵੱਡਾ ਹਿੰਸਾ ਦਾ ਰੂਪ ਧਾਰਨ ਕਰ ਗਈ ਸੀ। ਹਰੀ ਸਿੰਘ ਦੀਆਂ ਮਹਾਨ ਯਾਦਾਂ ਪਾਕਿਸਤਾਨ ਵਿੱਚ ਰਹਿ ਗਈਆਂ। ਪਰ ਉਨ੍ਹਾਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਅਤੇ ਭਾਰਤ ਦੀ ਫ਼ੌਜ ਦੇ ਜੁਆਨਾਂ ਵਿੱਚ ਉਸ ਮਹਾਨ ਯੋਧੇ ਦਾ ਉਤਸ਼ਾਹ ਭਰਨ ਲਈ ਭਾਰਤੀ ਫ਼ੌਜ ਨੇ ਉੜੀ (ਕਸ਼ਮੀਰ) ਚੌਕੀ ਦਾ ਨਾਂ 'ਨਲਵਾ' ਰੱਖਿਆ। ਇੱਥੋਂ ਦੇ ਮੁੱਖ ਦਫ਼ਤਰ ਦੀ ਬਿਲਡਿੰਗ 'ਨਲਵਾ ਬਲਾਕ' ਦੇ ਨਾਂ ਤੇ ਹੈ। (ਬੀ.ਐੱਸ. ਨਲੂਆ, ੨੦੦੧) ਬਲਵੰਤ ਸਿੰਘ ਨਲੂਆ ਅੰਗਰੇਜ਼ੀ ਰਾਜ ਸਮੇਂ ਝੰਗ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ। ਇਸ ਦਾ ਪੁੱਤਰ ਅਮਰਜੀਤ ਸਿੰਘ ਨਲੂਆ ਹੋਇਆ।
ਹਰੀ ਸਿੰਘ ਦੇ ਨਾਮ ਦੀ ਕਿਸ਼ਤੀ
Mr. Wade lived in Punjab for 15 years. In a letter addressed to Mr. Maddock Secretary of the Government of India in 1841, drew attention to a ferry on the river Narbada called Nalwah. The river Narbada flows along the Vindhya range deep within Hindustan and long has been regarded as the symbiolic boundary between North and South India. Narbada led to Nanded where Guru Gobind Singh Ji resided for 14 months before departure from the mortal world.
ਵਨੀਤ ਨਲੂਆ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਅਜੇ ਤੱਕ ਕੋਈ ਹਿਸਟੋਰੀਅਨ ਇਹ ਸਿੱਧ ਨਹੀਂ ਕਰ ਸਕਿਆ ਕਿ ਨੰਦੇੜ ਵਿਖੇ ਅਬਚਲ ਨਗਰ
ਹਜੂਰ ਸਾਹਿਬ ਗੁਰੂ ਘਰ ਦੀ ਉਸਾਰੀ ਵਿੱਚ ਹਰੀ ਸਿੰਘ ਨਲੂਆ ਨੇ ਵੀ ਹਿੱਸਾ ਲਿਆ ਸੀ। ਨਾਲ ਹੀ ਇਹ ਅੰਕਿਤ ਕੀਤਾ ਹੈ ਕਿ ਅਬਚਲ ਨਗਰ ਦੇ ਨਿਹੰਗਾਂ ਨੇ, ਜਿਹੜੇ ਹਰੀ ਸਿੰਘ ਦੀ ਕਮਾਂਡ ਵਿੱਚੋਂ ਸਨ ਨਰਬਦਾ ਨਦੀ ਪਾਰ ਕਰਨ ਲਈ ਵਰਤੀ ਜਾਣ ਵਾਲੀ ਫੈਰੀ (ਕਿਸ਼ਤੀ) ਦਾ ਨਾਂ ਨਲੂਆ ਰੱਖ ਦਿੱਤਾ ਹੋਵੇਗਾ।
ਪ੍ਰੋਫੈਸਰ ਸੁਖਦਿਆਲ ਸਿੰਘ ਨੇ ਆਪਣੀ ਪੁਸਤਕ 'ਖ਼ਾਲਸਾ ਪੰਥ ਦੇ ਪੰਜ ਤਖਤ' ਵਿੱਚ ਵਰਨਣ ਕੀਤਾ ਹੈ ਕਿ ਸਰਦਾਰ ਹਰੀ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਬੇਟੇ ਸਰਦਾਰ ਜਵਾਹਰ ਸਿੰਘ ਨੇ ਉਸ ਦੇ ਸਾਥੀ ਸਿੰਘਾਂ ਕੋਲ ਸਰਦਾਰ ਹਰੀ ਸਿੰਘ ਦਾ ਕਮਰਬੰਦ (ਕਮਰਕਸਾ), ਜੋ ਬਹੁਤ ਹੀ ਕੀਮਤੀ ਹੀਰਿਆਂ ਨਾਲ ਜੜਿਆ ਹੋਇਆ ਸੀ ਅਤੇ ੫੦ ਹਜਾਰ ਰੁਪਏ ਹਜ਼ੂਰ ਸਾਹਿਬ ਭੇਜੇ ਸਨ। ਉਹ ਜਗ੍ਹਾ ਜਿੱਥੋਂ ਇਹ ਕਾਫ਼ਲਾ ਲੰਘਿਆ ਸੀ ਬਾਰੇ ਮਿਸਟਰ ਵੇਡ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਹੈ।
ਇਹ ਸੰਭਵ ਹੈ ਕਿ ਹਜ਼ੂਰ ਸਾਹਿਬ ਗੁਰੂ ਘਰ ਦੀ ਉਸਾਰੀ ਸਮੇਂ ਹਰੀ ਸਿੰਘ ਨਲਵਾ ਨੇ ਨਰਬਦਾ ਨਦੀ ਪਾਰ ਕਰਨ ਲਈ ਕਿਸ਼ਤੀ ਤਿਆਰ ਕਰਵਾਕੇ ਦਿੱਤੀ ਹੋਵੇਗੀ। ਜਿਸ ਕਾਰਨ ਉਸ ਕਿਸ਼ਤੀ ਦਾ ਨਾਮ ਨਲਵਾ ਵੱਜਦਾ ਸੀ। ਇਸ ਸੰਬੰਧੀ ਹੋਰ ਖੋਜ ਕਰਨ ਦੀ ਜ਼ਰੂਰਤ ਹੈ।
ਹਰੀ ਸਿੰਘ ਗੇਟ (ਕਿਲ੍ਹਾ ਗੋਬਿੰਦਗੜ੍ਹ) ਅਤੇ ਹੋਰ ਕਿਲ੍ਹੇ
ਮਹਾਰਾਜਾ ਰਣਜੀਤ ਸਿੰਘ ਨੇ ੧੮੦੫ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਬਣਿਆ ਕਿਲ੍ਹਾ ਸਰ ਕੀਤਾ ਅਤੇ ਇਸ ਦਾ ਨਾਂ ਗੋਬਿੰਦਗੜ੍ਹ ਰੱਖਿਆ। ਇਸ ਕਿਲ੍ਹੇ ਵਿੱਚ ਮਹਾਰਾਜੇ ਦਾ ਤੋਪਖਾਨਾ, ਦਫ਼ਤਰੀ ਸਮਾਨ ਅਤੇ ਅਮਲਾ ਸੀ। ਤਕਰੀਬਨ ੧੨ ਹਜ਼ਾਰ ਸਿਪਾਹੀ ਅਤੇ ਹਜ਼ਾਰਾਂ ਮਣ ਅਨਾਜ ਵੀ ਲੋੜ ਪੈਣ ਸਮੇਂ ਇਸ ਵਿੱਚ ਮੌਜੂਦ ਰਹਿੰਦਾ ਸੀ। ਇਤਿਹਾਸਕਾਰਾਂ ਅਨੁਸਾਰ ਇਸ ਕਿਲ੍ਹੇ ਤੋਂ ਲਾਹੌਰ ਤੱਕ ਇੱਕ ਸੁਰੰਗ ਵੀ ਸੀ। ਇਸ ਕਿਲ੍ਹੇ ਦੇ ਦੋ ਗੇਟ ਹਨ ਅਤੇ ਮੁੱਖ ਗੇਟ ਹਰੀ ਸਿੰਘ ਨਲੂਆ ਦੇ ਨਾਂ ਤੇ ਰੱਖਿਆ ਗਿਆ ਸੀ ਅਤੇ ਅੱਜ ਕਲ੍ਹ ਵੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ੧੯੬੫ ਅਤੇ ੧੯੭੧ ਦੀਆਂ ਜੰਗਾਂ ਸਮੇਂ ਵੀ ਇਹ ਕਿਲ੍ਹਾ ਮਿਲਟਰੀ ਦੀ ਮੁੱਖ ਛਾਉਣੀ (Base camp) ਸੀ। ਇਹ ਵੀ ਵਿਲੱਖਣਤਾ ਵਾਲੀ ਗੱਲ ਹੈ ਕਿ ਸਿੱਖਾਂ ਦੇ ਖਾਲਸਾ ਰਾਜ (Government of the pure) ਨੂੰ ੧੯੪੭ ਵਿੱਚ
(ਦੇਸ਼ ਦੀ ਵੰਡ ਸਮੇਂ) ਪਾਕਿਸਤਾਨ (Land of the pure) ਦਾ ਨਾਮ ਦਿੱਤਾ ਗਿਆ। ਤਿੰਨ ਹੋਰ ਕਿਲ੍ਹੇ (ਫ਼ਤਿਹਗੜ੍ਹ, ਜਮਰੌਦ, ਹਰੀ ਸਿੰਘ ਦਾ ਬੁਰਜ ਅਤੇ ਸੁਮੇਰ ਗੜ੍ਹ (ਬਾਲਾ ਹਿਸਾਰ, ਅਫ਼ਗਾਨ) ਵੀ ਹਰੀ ਸਿੰਘ ਨਾਲ ਸੰਬੰਧਤ ਹਨ। ਹਰੀਪੁਰ ਸ਼ਹਿਰ ਵਿੱਚ ਹਰਿਕਿਸ਼ਨ ਗੜ੍ਹ ਕਿਲ੍ਹਾ ਵੀ ਹਰੀ ਸਿੰਘ ਦੇ ਨਾਮ ਤੇ ਹੈ।
ਹਰੀ ਸਿੰਘ ਦੀਆਂ ਸਮਾਧੀਆਂ ਅਤੇ ਹੋਰ ਯਾਦਾਂ
ਹਰੀ ਸਿੰਘ ਦੇ ਨਾਂ ਤੇ ਤਿੰਨ ਸਮਾਧੀਆਂ (ਇੱਕ ਗੁਰਜਰਾਂ ਵਾਲੇ, ਦੂਜੀ ਪਿਸ਼ਾਵਰ ਅਤੇ ਤੀਜੀ ਕਿਲ੍ਹਾ ਫ਼ਤਿਹਗੜ੍ਹ, ਜਮਰੌਦ ਵਿਖੇ ਬਣੀਆਂ ਹੋਈਆਂ ਹਨ। ਕਿਲ੍ਹਾ ਜਮਰੌਦ ਵਿੱਚ ਇੱਕ ਕਮਰਾ ਹੈ ਜਿੱਥੇ ਸਰਦਾਰ ਨੂੰ ਫੱਟੜ ਹਾਲਤ ਵਿੱਚ ਰੱਖਿਆ ਗਿਆ ਸੀ। ਪਾਕਿਸਤਾਨ ਵਿੱਚ ਹਰੀਪੁਰ ਸ਼ਹਿਰ, ਸ਼ਿਮਲੇ ਕੋਲ ਨਲੂਆ ਗਾਉਂ, ਨਵੀਂ ਦਿੱਲੀ ਦੇ ਕਰੌਲ ਬਾਗ ਅਤੇ ਪਹਾੜ ਗੰਜ ਵਿੱਚ, ਗਲੀਆਂ ਨਲਵਾ ਦੇ ਨਾਮ ਤੇ ਮੌਜੂਦ ਹਨ। ਰਾਏਕੋਟ - ਬੱਸੀਆਂ ਚੌਕ ਤੇ ਹਰੀ ਸਿੰਘ ਘੋੜੇ ਤੇ ਸਵਾਰ ਵਾਲਾ ਸ਼ਾਨਦਾਰ ਬੁੱਤ ਹੈ। ਬੱਸੀਆਂ ਪਿੰਡ ਵਿੱਚ ਉੱਪਲ ਗੋਤ ਦੇ ਬਹੁਤ ਸਾਰੇ ਪਰਵਾਰ ਰਹਿੰਦੇ ਹਨ।
ਸਰਦਾਰ ਨਲੂਆ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਮੇਂ ਸਮੇਂ ਤੇ ਸਿੱਖ ਪੰਥ ਵੱਲੋਂ ਸੈਮੀਨਾਰ, ਕਾਨਫਰੰਸਾਂ ਆਦਿ ਆਯੋਜਿਤ ਹੁੰਦੀਆਂ ਰਹਿੰਦੀਆਂ ਹਨ। ਸੰਨ ੧੯੬੫ ਵਿੱਚ ਲੁਧਿਆਣਾ ਵਿਖੇ ਨਲੂਆ ਕਾਨਫਰੰਸ ਕਰਾਈ ਗਈ। ਇਸ ਵਿੱਚ ਸਿੱਖਾਂ ਦੇ ਰਾਜਨੀਤਿਕ ਮਸਲੇ ਅਤੇ ਹੋਰ ਉਦੇਸ਼ ਵਿਚਾਰੇ ਗਏ। ਇਸ ਕਾਨਫਰੰਸ ਦੀ ਸਾਰੀ ਕਾਰਵਾਈ ਐਨਸਾਈਕਲੋਪੀਡੀਆ ਸਿੱਖਇਜ਼ਮ ੧੯੯੨-੯੮ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ ਵਿੱਚ ਦਰਜ਼ ਹੈ। ਇਸੇ ਤਰ੍ਹਾਂ ੧੯੯੧ ਵਿੱਚ ਹਰੀ ਸਿੰਘ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਸੰਬੰਧੀ ਲੁਧਿਆਣਾ ਵਿੱਚ ਕੌਮੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵਿਦਵਾਨਾਂ ਨੇ ਨਲੂਆ ਦੀ ਮਹਾਨ ਸ਼ਖਸ਼ੀਅਤ ਅਤੇ ਲਾਸਾਨੀ ਕਾਰਨਾਮਿਆਂ ਉੱਪਰ ਚਾਨਣ ਪਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ੧੯੯੧ ਦੇ ਸਾਲ ਦੌਰਾਨ ਵੱਖ ਵੱਖ ਥਾਵਾਂ ਤੇ ਹਰੀ ਸਿੰਘ ਦੇ ਜੀਵਨ ਅਤੇ ਉਸ ਵੱਲੋਂ ਮਾਰੀਆਂ ਬਚਿੱਤਰ ਮਾਰਾਂ ਸੰਬੰਧੀ ਕਰਵਾਏ ਪ੍ਰੋਗ੍ਰਾਮਾਂ ਵਿੱਚ ਪੜ੍ਹੇ ਗਏ ਮਹੱਤਵ ਪੂਰਨ ਪਰਚੇ ਗੁਰਮਤਿ ਪ੍ਰਕਾਸ਼ ਦੇ ੧੯੯੨ ਦੇ ਸਪੈਸ਼ਲ ਐਡੀਸ਼ਨ ਵਿੱਚ ਛਾਪੇ। ਸਿੱਖਾਂ ਨੇ ਤਾਂ ਬਹਾਦਰ ਜਰਨੈਲ ਦੀਆਂ
ਯਾਦਾਂ ਮਨਾਉਣੀਆਂ ਜਾਂ ਰੱਖਣੀਆਂ ਹੀ ਹਨ, ਪਾਕਿਸਤਾਨ ਵਿੱਚ ਵੀ ਮੁਸਲਮਾਨਾਂ ਦੇ ਘਰਾਂ ਵਿੱਚ ਉਸ ਸੂਰਮੇ ਦੀਆਂ ਯਾਦਾਂ ਸੁਸ਼ੋਭਤ ਹਨ।
੧੯੯੨ ਵਿੱਚ ਸਰਦਾਰ ਅਮਰਜੀਤ ਸਿੰਘ ਨਲੂਆ, ਜੋ ਹਰੀ ਸਿੰਘ ਦੀ ਛੇਵੀਂ ਪੀੜ੍ਹੀ ਵਿੱਚੋਂ ਹਨ। ਨਵੀਂ ਦਿੱਲੀ ਤੋਂ ਲਾਹੌਰ ਵਿਖੇ ਆਪਣੇ ਕਾਲਜ ਦੇ ਸਥਾਪਨਾ ਦਿਨ ਤੇ ਪਹੁੰਚੇ। ਅਮਰਜੀਤ ਸਿੰਘ ੧੯੪੬ ਵਿੱਚ ਇੰਡੀਅਨ ਰੁਆਇਲ ਨੇਵੀ ਵਿੱਚ ਨੌਕਰੀ ਕਰਦੇ ਸਨ। ਇਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕਾਫੀ ਯੋਗਦਾਨ ਪਾਇਆ। ਪਾਕਿਸਤਾਨ ਵਿੱਚ ਅਮਰਜੀਤ ਸਿੰਘ ੪੫ ਸਾਲ ਪਿਛੋਂ ਆਪਣੇ ਹਮਜਮਾਤੀਆਂ ਨੂੰ ਅਤੇ ਕੁਝ ਅਧਿਆਪਕਾਂ ਨੂੰ ਵੀ ਮਿਲੇ। ਇਹਨਾਂ ਦੀ ਮੱਦਦ ਨਾਲ ਜਿਨ੍ਹਾਂ ਦੇ ਘਰ ਅਮਰਜੀਤ ਅਤੇ ਉਨ੍ਹਾਂ ਦੀ ਪਤਨੀ ਠਹਿਰੇ ਹੋਏ ਸੀ ਕੰਧ ਤੇ ਲੱਗੇ ਹਰੀ ਸਿੰਘ ਨਲੂਆ ਦੇ ਚਿਤ੍ਰ ਨੂੰ ਦੇਖ ਕੇ ਬੜੇ ਅਸਚਰਜ਼ ਹੋਏ।
At News Islamabad 2006 Internet ਦੀ ਖਬਰ ਹੈ ਕਿ ਪਾਕਿਸਤਾਨ ਸਰਕਾਰ ਨੇ ਹਰੀ ਸਿੰਘ ਨਲੂਆ ਦੇ ਸ਼ਹਿਰ ਗੁਜਰਵਾਲਾਂ ਵਿਖੇ ਸਰਦਾਰ ਨਲੂਆ ਦੀ ਯਾਦ ਵਿੱਚ ਡਾਕਟਰੀ ਦੀ ਪ੍ਰਮੁੱਖ ਚਕਿਤਸਾਲਾ ਖੋਲ੍ਹਣ ਦਾ ਐਲਾਨ ਕੀਤਾ ਹੈ।
ਲੈਫਟੀਨੈਂਟ ਜਨਰਲ ਬੀ. ਐੱਸ. ਨਲੂਆ ਜਿਹੜੇ ਹਰੀ ਸਿੰਘ ਦੀ ਕੁੱਲ ਵਿੱਚੋਂ ਹੀ ਹਨ ਨੇ ਦੱਸਿਆ ਕਿ ੧੯੪੭ ਨੂੰ ਜਦੋਂ ਦੇਸ਼ ਦੀ ਵੰਡ ਸਮੇਂ ਭਾਰਤ ਵਿੱਚ ਆਉਣਾ ਸੀ ਤਾਂ ਉਸ ਸਮੇਂ ਅਸੀਂ ਗੁਜਰਾਂਵਾਲਾ ਦੀ ਹਵੇਲੀ ਵਿੱਚ ਨਲੂਆ ਜੀ ਦੀ ਜੰਗ ਵਿੱਚ ਪਹਿਨਣ ਵਾਲੀ ਸੰਜੋਅ (ਲੋਹੇ ਦੀਆਂ ਤਾਰਾਂ ਦਾ ਕੋਟ) ਜਿਸ ਦਾ ਭਾਰ ਤਕਰੀਬਨ ੪੦ ਸੇਰ ਦੇ ਨੇੜੇ ਸੀ ਛੱਡ ਕੇ ਆਏ।
ਬਰਤਾਨੀਆਂ ਸਰਕਾਰ ਨੇ ਵੀ ਹਰੀ ਸਿੰਘ ਨਲੂਆ ਦੀ ਯਾਦ ਤਾਜ਼ਾ ਰੱਖਣ ਲਈ ੧੯੦੮ ਵਿੱਚ ਉਨ੍ਹਾਂ ਬੰਦਿਆਂ ਨੂੰ ਸਨਮਾਣ ਲਈ ਜਿਨ੍ਹਾਂ ਮਹਾਨ ਘਾਲਣਾ ਘਾਲੀਆਂ, ਲਈ Indian General Service Medal ਤਿਆਰ ਕੀਤਾ ਜਿਸ ਉੱਪਰ ਇੱਕ ਪਾਸੇ ਜਮਰੌਦ ਦਾ ਕਿਲ੍ਹਾ ਦਿਖਾਇਆ ਹੋਇਆ ਸੀ ਅਤੇ ਦੂਜੇ ਪਾਸੇ ਬਰਤਾਨੀਆਂ ਦੇ ਰਾਜੇ ਦੀ ਫੋਟੋ ਉੱਕਰੀ ਹੋਈ ਸੀ। ਇਹ ਮੈਡਲ ੧੯੩੫ ਤੱਕ ਜਾਰੀ ਰਿਹਾ।
ਅੰਗਰੇਜ਼ ਲਿਖਾਰੀਆਂ ਨੇ ਹਰੀ ਸਿੰਘ ਨਲੂਆ ਦੀ ਉਸਤਤੀ ਬਹੁਤ ਢੁੱਕਵੇਂ ਗਹਿਰੇ, ਠੋਸ ਅਤੇ ਸੁੰਦਰ ਸ਼ਬਦਾਂ ਵਿੱਚ ਕੀਤੀ ਹੈ। ਗ੍ਰਿਫਨ ਨੇ ਸਰਦਾਰ ਨੂੰ 'ਮੂਰਤ
ਆਫ਼ ਖਾਲਸਾ' ਲਿਖਿਆ ਹੈ, ਕਰੋਏ ਨੇ 'ਦੀ ਆਈਡੀਅਲ ਸਿੱਖ ਸੋਲਜ਼ਰ' ਲਿਖਿਆ ਭਾਵ ਨਮੂਨੇ ਦਾ ਸਿਪਾਹ-ਸਲਾਰ। ਗੁਜਰਾਂਵਾਲਾ ਦੇ ੧੮੯੩-੯੪ ਦੇ ਗਜ਼ਟੀਅਰ ਵਿੱਚ 'Ney of the Punjab' ਭਾਵ ਪੰਜਾਬ ਦੀ ਨੀਂਹ ਲਿਖਿਆ ਜਦ ਕਿ ਗ੍ਰਿਫਨ ਅਤੇ ਮੈੱਸੀ ਨੇ ੧੯੦੯ ਵਿੱਚ ਚੈਂਪੀਅਨ ਆਫ਼ ਦੀ ਖਾਲਸਾ ਲਿਖਿਆ ਹੈ।
ਭਾਵੇਂ ਸਰਦਾਰ ਨਲੂਏ ਸੰਬੰਧੀ ਛੋਟੀਆਂ ਮੋਟੀਆਂ ਯਾਦਾਂ ਭਾਰਤੀ ਪੰਜਾਬ ਅੰਦਰ ਕੁਝ ਜ਼ਰੂਰ ਹਨ। ਕਵੀ ਸੰਸਥਾਵਾਂ ਵੱਲੋਂ ਨਲਵਾ ਦੇ ਨਾਮ ਤੇ ਅਵਾਰਡ ਵੀ ਦਿੱਤੇ ਜਾਂਦੇ ਹਨ ਜਿਵੇਂ ਕੌਮੀ ਖੇਡ ਦਿਵਸ ੧੪ ਅਕਤੂਬਰ ੨੦੧੧ ਨੂੰ ਸਰਦਾਰ ਜਸਵਿੰਦਰ ਸਿੰਘ ਗਿੱਲ (ਅਥਲੈਟਿਕਸ ਕੋਚ) ਨੂੰ ਸਰਦਾਰ ਹਰੀ ਸਿੰਘ ਨਲਵਾ ਅਵਾਰਡ ਨਾਲ ਸਨਮਾਨਿਆ ਗਿਆ। ਪਰ ਇਸ ਦਿਲ ਦੇ ਦਾਨੇ, ਯਾਰਾਂ ਦੇ ਯਾਰ ਅਤੇ ਸਰਦਾਰਾਂ ਦੇ ਸਰਦਾਰ ਸੰਬੰਧੀ ਪੰਜਾਬ ਅੰਦਰ ਮਹਾਨ ਯਾਦ ਬਨਾਉਣ ਦੀ ਵੱਡੀ ਲੋੜ ਹੈ।
ਜਰਨੈਲ ਹਰੀ ਸਿੰਘ ਨਲੂਏ ਸੰਬੰਧੀ ਵਾਰਾਂ ਤੇ ਜੰਗ-ਨਾਮੇ
ਵਾਰ ਜਾਂ ਜੰਗ ਨਾਮੇ ਅੰਦਰ ਕਵੀ ਮਹਾਨ ਯੋਧੇ ਦੀ ਪਰਮ ਸੂਰਬੀਰਤਾ, ਪਰਮ ਸਚਾਈ ਅਤੇ ਪਰਮ ਦਨਾਈ ਨੂੰ ਆਪਣੀ ਕਵਿਤਾ ਵਿੱਚ ਰਚਦਾ ਹੈ। ਇਹ ਵਾਰਾਂ ਜਾਂ ਜੰਗ-ਨਾਮੇ ਬੀਰ-ਰਸ ਨਾਲ ਭਰਪੂਰ ਹੁੰਦੇ ਹਨ, ਸਾਹਿਤ ਅੰਦਰ ਇਹਨਾਂ ਦੀ ਉੱਚੀ-ਸੁੱਚੀ ਸ਼ਾਨ ਹੁੰਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਗਰਤੀ ਦੀ ਨੁਹਾਰ ਬਣ ਜਾਂਦੇ ਹਨ। ਇਹ ਵਾਰਾਂ ਆਮ ਬੰਦਾ ਜਾਂ ਬਹੁਤ ਇਲਮ ਵਾਲਾ ਨਹੀਂ ਰਚ ਸਕਦਾ। ਇਹ ਤਾਂ ਧੁਰ ਦਰਗਾਹੀ ਦਾਤ ਜਿਸ ਨੂੰ ਪ੍ਰਾਪਤ ਹੁੰਦੀ ਹੈ ਉਸ ਦੇ ਰੋਸ਼ਨ ਦਿਮਾਗ ਵਿੱਚੋਂ ਆਪ-ਮੁਹਾਰੇ ਕਵਿਤਾ ਉਤਰਦੀ ਹੈ। ਪੁਰਾਤਨ ਸਮਿਆਂ ਦੇ ਕਵੀ ਨਾਇਕਾਂ ਦੀ ਸੂਰਬੀਰਤਾ, ਸੱਚ-ਝੂਠ ਦਾ ਨਿਸਤਾਰਾ ਤੇ ਅਸਲੀਅਤ ਦਾ ਪ੍ਰਗਟਾਵਾ ਆਪਣੀ ਕਵਿਤਾ ਵਿੱਚ ਕਰਦੇ ਸਨ। ਉਨ੍ਹਾਂ ਦੇ ਹਿਰਦੇ ਲਾਲਚ ਤੋਂ ਰਹਿਤ, ਜੀਵਨ ਸਾਦਾ ਅਤੇ ਪਰਮਾਤਮਾ ਦੇ ਭੈਅ ਵਿੱਚ ਚੱਲਣ ਵਾਲੇ ਸਨ। ਸਿੱਖ ਰਾਜ ਦੇ ਅੰਦਰ ਜੋ ਕਾਰਨਾਮੇ, ਜੋ ਵਰਿਆਮਤਾ, ਜੋ ਜੀਵਨ ਆਦਰਸ਼ ਅਤੇ ਸ਼ਹਾਦਤ ਤੱਕ ਦੀ ਬੁਲੰਦੀ ਹਰੀ ਸਿੰਘ ਨੇ ਦਿਖਾਈ ਉਸ ਦਾ ਸਨਮਾਨ ਅਤੇ ਗੁਣਗਾਨ ਹੋਣਾ ਸੁਭਾਵਿਕ ਸੀ। ਮੁੱਖ ਤੌਰ ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਨਲੂਏ ਦੇ ਬੀਰ ਕਾਰਨਾਮਿਆਂ ਸੰਬੰਧੀ ਸੱਤ ਰਚਨਾਵਾਂ ਦਾ ਵਰਨਣ ਕੀਤਾ ਹੈ।
੧) ਕ੍ਰਿਤ ਕਵੀ ਸਹਾਈ ਸਿੰਘ-ਸਹਾਈ ਸਿੰਘ ਵਿਦਵਾਨ ਕਵੀਆਂ ਦੇ ਪ੍ਰਵਾਰ ਵਿੱਚ ਜਨਮਿਆ। ਇਹ ਕੇਸਰ ਸਿੰਘ ਛਿੱਬਰ ਦਾ ਪੋਤਾ ਸੀ। ਇਸ ਨੇ ਹਰੀ ਸਿੰਘ ਸੰਬੰਧੀ ਕਮਾਲਦੀ ਸ਼ਹਿਰਫ਼ੀ ਲਿਖੀ ਹੈ ਜਿਸ ਦੇ ੩੦ ਬੈਂਤ ਹਨ। ਨਮੂਨਾ ਇਹ ਹੈ:
ਮੀਮ-ਮੌਤ ਨਾ ਜਾਣਦਾ ਕੇਹੀ ਹੁੰਦੀ, ਤੇਗਾ ਖਿੱਚ ਕੇ ਯੁੱਧ ਦੇ ਵਿੱਚ ਵੜਦਾ।
ਹੋਰ ਫ਼ੌਜ ਤਾਂ ਬਹੁਤ ਸਰਕਾਰ ਦੀ ਹੈ, ਹਰੀ ਸਿੰਘ ਸੂਰਾ ਅੱਗੇ ਹੋਏ ਲੜਦਾ।
ਫ਼ੌਜ ਜਾਇ ਪਈ ਤੰਬੂ ਲੁੱਟਣੇ ਨੂੰ, ਹਰੀ ਸਿੰਘ ਸਰਦਾਰ ਸੀ ਮਨ੍ਹੇ ਕਰਦਾ।
ਸਹਾਈ ਸਿੰਘ ਫਿਰੰਗੀ ਨੂੰ ਮਾਰ ਕੇ ਜੀ, ਤੋਪਖਾਨੇ ਦੇ ਵਿੱਚ ਬਰੂਦ ਭਰਦਾ। (੨੪)
੨) ਗੁਰਮੁਖ ਸਿੰਘ ਗਿਆਨੀ- ਇਹ ਵਿਦਵਤਾ ਦੇ ਮਾਰਤੰਡ ਗਿਆਨੀ ਸੰਤ ਸਿੰਘ ਦਾ ਪੁੱਤਰ ਸੀ। ਸਰਦਾਰ ਨਲੂਏ ਨੇ ਅਕਾਲ ਤਖ਼ਤ ਦੇ ਕਲਸ਼ ਦੀ ਸੁਨਹਿਰੀ ਸੇਵਾ ਲਈ ਇਸ ਦੀ ਡਿਊਟੀ ਲਗਾਈ ਸੀ। ਗੁਰਮੁਖ ਸਿੰਘ ਨੇ 'ਜੰਗ ਨਾਮਾ ਹਰੀ ਸਿੰਘ ਕਾ' ੩੦ ਬੈਂਤਾਂ ਵਿੱਚ ਲਿਖਿਆ :
ਜੀਮ-ਜਾਣਕੇ ਬਹੁਤ ਹੀ ਸੂਰ ਭਾਰਾ, ਕਰੀ ਗੌਰ ਤੇ ਪਾਸ ਬਿਠਾਇਆ ਈ।
ਖੁਸ਼ੀ ਹੋਇ ਸਰਕਾਰ ਨੇ ਲਾਈ ਕਲਗੀ, ਜਿਲ੍ਹਾ ਢਾਲ਼ ਅਣਵਾਇਆ ਈ।
ਸਿਰੋਪਾਉ ਦੇ ਕੇ ਕਿਹਾ ਜਾਓ ਭਾਯਾ, ਹਰੀ ਸਿੰਘ ਨੇ ਫ਼ਤਹਿ ਬੁਲਾਯਾ ਈ।
'ਗੁਰਮੁਖ ਸਿੰਘ' ਚੜ੍ਹਿਆ ਹਰੀ ਸਿੰਘ ਰਾਜਾ, ਸਭੋ ਤੋਰਕੀ ਫ਼ੌਜ ਡਰਾਯਾ ਈ॥ (੪)
੩) ਰਾਮ ਦਿਆਲ ਆਨੰਦ- ਇਹ ਨਵਾਂ ਸ਼ਹਿਰ ਦਾ ਵਸਨੀਕ ਸੀ। ਇਸ ਨੇ ੯੧ ਛੰਦਾਂ ਦਾ ਜੰਗ-ਨਾਮਾ ਸਰਦਾਰ ਹਰੀ ਸਿੰਘ ਲਿਖਿਆ:
ਮਹਾਂ ਸਿੰਘ ਸਰਦਾਰ ਤਤਬੀਰ ਕੀਤੀ, ਫੁੱਲ ਚਾਇ ਤੂਫਾਨ ਦੇ ਵਿੱਚ ਪਾਂਦਾ।
ਵਿੱਚ ਪਾਲਕੀ ਦੇ ਸਰਕਾਰ ਬੈਠੀ, ਨਾਲ ਘੋੜਿਆਂ ਦੇ ਅਸਵਾਰ ਲਾਂਦਾ।
ਚੰਬਾ ਘੋੜਾ ਸਰਦਾਰ ਦਾ ਬਹੁਤ ਚੰਗਾ, ਰਣ ਵਿੱਚ ਤਲਵਾਰੀਆਂ ਜਾਇ ਖਾਂਦਾ।
ਮਹਾਂ ਸਿੰਘ ਹਥਿਆਰ ਸਰਕਾਰ ਦੇ ਜੀ, ਚਾਏ ਘੋੜੇ ਦੇ ਹੰਨੇ ਦੇ ਨਾਲ ਲਾਂਦਾ। (੭੪)
੪) ਅਗਿਆਤ ਕਵੀ-ਇਹ ਜੰਗਨਾਮਾ ਸਿੱਖ ਰੈਫਰੈਂਸ, ਲਾਇਬ੍ਰੇਰੀ ਅੰਮ੍ਰਿਤਸਰ ਦੇ ਖਰੜਾ ਨੰ: ੫੮੫੪ ਤੇ ਪਿਆ ਸੀ ਜਿਸ ਨੂੰ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ੧੮੫੦ ਵਿੱਚ ਸੰਪਾਦਿਤ ਕੀਤਾ। ਇਸ ਦੇ ਤਕਰੀਬਨ ੧੦੦ ਛੰਦ ਹਨ ਅਤੇ ਭਾਸ਼ਾ ਬ੍ਰਿਜ ਹੈ:
ਹਰੀ ਸਿੰਘ ਬੀਰ ਕੋ, ਕਹਯੋ ਨਰੇਸ਼ ਬੈਠ ਕੇ,
ਪਿਸ਼ੌਰ ਦੇਸ਼ ਜਾਇ ਕੇ, ਹਮਾਰਾ ਕਾਮ ਕੀਜੀਏ।
ਆਬਾਦਾਨੀ ਕੀਜੈ ਸਭ, ਦੇਸ ਕੋ ਵਸਾਇ ਦੀਜੈ।
ਕੀਤੈ ਬਾਤ ਸੋਈ ਜਿਮ, ਕੋਊ ਨ ਦੁਖੀਜੀਐ।
੫) ਕਾਨ੍ਹ ਸਿੰਘ ਬੰਗਾ ਇਹ ਜੰਗ ਨਾਮਾ ਸਰਦਾਰ ਹਰੀ ਸਿੰਘ ਪਟਿਆਲੇ ਵਾਲਿਆਂ ਪਾਸ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਸ ਦੀ ਨਕਲ ਕੀਤੀ ਸੀ ਪਰ ਛਪੀ ਨਹੀਂ। ਇਸ ਦਾ ਅੰਤਲਾ ਦੋਹਰਾ ਸੀ:
ਹਰੀ ਸਿੰਘ ਮੁਖ ਨਾਮ ਕਹਿ, ਜੋ ਬਾਂਧੇ ਤਲਵਾਰ।
ਤੀਨ ਲੋਕ ਜੀਵਤ ਫਿਰੈ, ਕੋਊ ਨਾ ਸਕੇ ਹੈ ਟਾਰ।
੬) ਮਿਸਰ ਹਰੀ ਚੰਦ ਉਰਫ ਕਾਦਰਯਾਰ-ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਖੋਜ ਦਰਸਾਂਉਂਦੀ ਹੈ ਕਿ ਇਹ ਮਿਸਰ ਬੇਲੀ ਰਾਮ ਦੇ ਖ਼ਾਨਦਾਨ ਵਿੱਚ ਵੀਹਵੀਂ ਸਦੀ ਵਿੱਚ ਹੋਇਆ। ਪ੍ਰੋਫੈਸਰ ਸੀਤਾ ਰਾਮ ਕੋਹਲੀ ਨੂੰ ਲਾਹੌਰ ਵਿਖੇ ਮਿਲਦਾ ਰਹਿੰਦਾ ਸੀ। ਇਸ ਨੇ ਕਾਦਰਯਾਰ ਦੀ ਸ਼ੀਹਰਫੀ ਤੋਂ ਪ੍ਰਭਾਵਤ ਹੋ ਕੇ ਹਰੀ ਸਿੰਘ ਦੇ ਜੰਗ-ਨਾਮੇ ਦਾ ਬ੍ਰਿਤਾਂਤ ੬ ਸ਼ੀਹਰਫੀਆਂ ਵਿੱਚ ਲਿਖਿਆ ਪਰ ਨਾਮ ਆਪਣੇ ਤਖੱਲਸ਼ ਵਾਲਾ ਕਾਦਰਯਾਰ ਵਰਤਿਆ। ਇਸ ਦੀਆਂ ਸ਼ੀਹਰਫੀਆਂ ੧੯੨੪ ਵਿੱਚ ਮਨੋਹਰ ਪ੍ਰੈਸ ਸਰਗੋਧਾ ਨੇ ਛਾਪੀਆਂ ਸਨ। ਅਤੇ ੧੯੬੪ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ ਸੀ।
ਨਮੂਨੇ ਲਈ ਬੈਂਤ ਹੈ:
ਨੂਨ ਨਿਕਲ ਚਲ ਘੋੜਿਆ ਕਿਲ੍ਹੇ ਦੇ ਵੱਲ, ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ।
ਗੋਲੀ ਲੱਗੀ ਹੈ ਕਹਿਰ ਕਲੇਰ ਵਾਲੀ, ਘਾਇਲ ਹੋਯਾ ਹੈ ਅੱਜ ਅਸਵਾਰ ਤੇਰਾ।
ਮੇਰੇ ਬਾਂਕਿਆ ਛੈਲ ਛਬੀਲਿਆ ਉਏ, ਹੈ ਤੂੰ ਸੈਆਂ ਮੈਦਾਨਾਂ ਦਾ ਯਾਰ ਮੇਰਾ।
ਕਾਦਰਯਾਰ ਜੇ ਲੈ ਚੱਲੇ ਅੱਜ ਡੇਰੇ, ਤੇਰਾ ਕਦੇ ਨਾ ਭੁੱਲ ਸੀ ਪਿਆਰ ਸ਼ੇਰਾ।
(ਤੀਜੀ ਸੀਹਰਫੀ)
੭) ਕਾਦਰਯਾਰ -ਇਹ ਮਾਛੀ ਕੇ ਜਿਲ੍ਹਾ ਗੁਜਰਾਂਵਾਲੇ ਦਾ ਸੰਧੂ ਜੱਟ ਸੀ। ਇਸ ਨੇ ਕਈ ਕਿੱਸੇ ਲਿਖੇ ਹਨ। ਇਸ ਦਾ ਲਿਖਿਆ ਸਰਦਾਰ ਹਰੀ ਸਿੰਘ ਦੀ ਬਹਾਦਰੀ ਦਾ ਕਿੱਸਾ 'ਸਰਦਾਰ ਹਰੀ ਸਿੰਘ' ੩੦ ਬੈਂਤਾਂ ਵਿੱਚ ਦਿਲ ਟੁੰਬਣ ਵਾਲਾ ਹੈ, ਜੈਸੇ:
ਅਲਫ-ਆਫਰੀਂ ਜੰਮਣਾ ਕਹਿਣ ਸਾਰੇ, ਹਰੀ ਸਿੰਘ ਦੂਲੇ ਸਰਦਾਰ ਤਾਈਂ।
ਜਮਾਂਦਾਰ ਬੇਲੀ ਰਾਜੇ ਸਾਹਿਬ ਕੋਲੋਂ, ਕੱਦ ਉੱਚਾ ਬੁਲੰਦ, ਸਰਕਾਰ ਤਾਈਂ।
ਧਨੀ ਤੇਗ ਦਾ ਮਰਦ ਨਸੀਬ ਵਾਲਾ, ਸਾਯਾ ਉਸ ਦਾ ਕੁੱਲ ਸੰਸਾਰ ਤਾਈਂ।
ਕਾਦਰਯਾਰ ਪਹਾੜਾਂ ਨੂੰ ਸੋਧਿਆ ਸੂ, ਕਾਬਲ ਕੇਇਆਂ ਖੌਫ ਕੰਧਾਰ ਤਾਈਂ।
ਇਹਨਾਂ ਲਿਖਾਰੀਆਂ ਤੋਂ ਇਲਾਵਾ, ਜਸਵੰਤ ਸਿੰਘ ਵਤਨਾ ਨੇ 'ਜੰਗ ਨਾਮਾ ਸਰਦਾਰ ਹਰੀ ਸਿੰਘ ਨਲੂਆ, ਮਨੋਹਰ ਸਿੰਘ ਨਿਰਮਾਣ ਨੇ 'ਵਾਰ ਹਰੀ ਸਿੰਘ ਨਲੂਆ' ਹਰਿੰਦਰ ਸਿੰਘ ਰੂਪ ਨੇ 'ਨਲੂਏ ਦੀ ਵਾਰ', ਪ੍ਰੋਫੈਸਰ ਮੋਹਣ ਸਿੰਘ ਨੇ, 'ਦੇਸ਼ ਪਿਆਰ' ਆਦਿ ਲਿਖਤਾਂ ਇਸ ਬਲਕਾਰੀ ਯੋਧੇ ਸੰਬੰਧੀ ਲਿਖੀਆਂ। ਕਵੀ ਅਮਰ ਸਿੰਘ ਨੇ ਹਰੀ ਸਿੰਘ ਨਲੂਏ ਦੀ ਜੀਵਨ ਗਾਥਾ 'ਚਮਕਦਾ ਹੀਰਾ' ਗੁਰਮੁਖੀ ਵਿੱਚ ਕਵਿਤਾ ਦੇ ਰੂਪ ਵਿੱਚ ਲਿਖੀ।
ਪਿਛੋਕੜ ਸਮੇਂ ਅੰਦਰ ਅਨੇਕਾਂ ਲਿਖਾਰੀਆਂ ਨੇ ਸਰਦਾਰ ਹਰੀ ਸਿੰਘ ਦੇ ਜੀਵਨ ਤੇ ਝਾਤ ਪਾਈ ਹੈ। ਪਰ ਅੱਜ ਕਲ੍ਹ ਦੇ ਲਿਖਾਰੀਆਂ ਨੇ ਇਸ ਮਹਾਨ ਯੋਧੇ ਨੂੰ ਮਾਨੋ ਵਿਸਾਰ ਹੀ ਦਿੱਤਾ ਹੈ। ਵਿਗਿਆਨ ਦੀਆਂ ਨਵੀਆਂ ਕਾਢਾਂ, ਧਨ ਦੇ ਫੈਲਾਅ ਅਤੇ ਮੌਜੂਦਾ ਬਹੁਤੇ ਲਿਖਾਰੀਆਂ ਦੀ ਸੋਚ ਵਪਾਰਕ ਅਤੇ ਬੇ-ਸਬਰੀ ਕਾਰਨ ਉਨ੍ਹਾਂ ਸੂਰਬੀਰ ਬਹਾਦਰਾਂ ਦਾ ਇਤਿਹਾਸ ਲਿਖਣ ਦੀ ਬਜਾਏ ਅਸ਼ਲੀਲਤਾ ਭਰੇ ਲੇਖ ਲਿਖਣ, ਪੁਰਾਤਨ ਇਤਿਹਾਸ ਤੇ ਨੁਕਤਾਚੀਨੀ ਕਰਨ ਅਤੇ ਇੱਕ ਦੂਜੇ ਦੀਆਂ ਲੱਤਾਂ ਖਿਚਣ ਵਾਲੀਆਂ ਲਿਖਤਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਉੱਚੀ ਸੁੱਚੀ ਕਲਾ ਵਾਲੇ, ਉੱਦਮੀ ਅਤੇ ਨੇਕ ਨੀਤੀ ਵਾਲੇ ਲਿਖਾਰੀਆਂ ਅਤੇ ਕਵੀਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਵੀ ਅੱਖੋਂ-ਪਰੋਖੇ ਕਰ ਦਿੱਤਾ ਹੈ। ਚੰਗਾ ਸਾਹਿਤ ਲਿਖਣਾ ਜਿੱਥੇ ਜੀਵਨ ਦੀ ਮਹਾਨ ਕਿਰਤ ਹੁੰਦੀ ਹੈ ਉੱਥੇ ਉਹ ਕੌਮ ਦੀ ਬੁਨਿਆਦ ਵਜੋਂ ਕੰਮ ਕਰਦਾ ਹੈ। ਉਸਾਰੂ ਅਤੇ ਸੁਤੰਤਰ ਸੋਚ ਵਾਲੀਆਂ ਲਿਖਤਾਂ ਮਨੁੱਖੀ ਦਿਲਾਂ ਨੂੰ ਹਰਾ ਭਰਾ ਕਰ ਦਿੰਦੀਆਂ ਹਨ। ਇਹਨਾਂ ਲੇਖਣੀਆਂ ਲਿਖਣ ਲਈ ਬਹੁਤ ਸਮਾਂ ਲਗਦਾ ਹੈ, ਲਿਟਰੇਚਰ ਫੋਲਣਾ ਅਤੇ ਪੜ੍ਹਨਾ ਪੈਂਦਾ ਹੈ ਦਿਮਾਗੀ ਤਾਕਤ ਲਗਦੀ ਹੈ ਅਤੇ ਛਪਾਉਣ ਲਈ ਧਨ ਦੀ ਜ਼ਰੂਰਤ ਪੈਂਦੀ ਹੈ।
ਭਾਵੇਂ ਅੱਜ ਦੇ ਦੌਰ ਅੰਦਰ ਵਫਾ, ਸ਼ਰਧਾ, ਅਦਬ, ਅਤੇ ਮਨੁੱਖੀ ਪਿਆਰ ਖਤਮ ਹੋਣ ਕਾਰਨ ਆਪੋਧਾਪੀ, ਬੇਵਿਸ਼ਵਾਸ਼ੀ ਅਤੇ ਸੁਆਰਥਪੁਣਾ ਜ਼ੋਰਾਂ ਤੇ ਹੈ,
ਪਰ ਜੀਵਨ ਨੂੰ ਰੁਸ਼ਨੌਣ ਲਈ, ਉੱਚਾ-ਸੁੱਚਾ ਬਨਾਉਣ ਲਈ ਅਤੇ ਸਹੀ ਸੇਧ ਦੇਣ ਲਈ ਹਰੀ ਸਿੰਘ ਨਲੂਆ ਵਰਗੇ ਮਹਾਨ ਯੋਧਿਆਂ ਦਾ ਇਤਿਹਾਸ ਅੱਜ ਦੇ ਸਮੇਂ ਅੰਦਰ ਮਾਨਸਿਕ ਬਲ ਤੋਂ ਇਲਾਵਾ, ਸਰੀਰਕ ਬਲ, ਸਚਾਈ ਦਾ ਬਲ, ਸੰਤੋਖ ਅਤੇ ਉਪਕਾਰਤਾ ਦਾ ਰਸਤਾ ਦਿਖਾਉਣ ਲਈ ਅਤਿਅੰਤ ਸਹਾਇਕ ਹੋ ਸਕਦਾ ਹੈ।
ਸੁਹਿਰਦਤਾ, ਸਿਆਣਪ ਅਤੇ ਸੁਹਜ ਇਸੇ ਗੱਲ ਵਿੱਚ ਹੈ ਕਿ ਅਜੇ ਵੀ ਸੰਭਲ ਜਾਈਏ। ਜਿਸ ਯੋਧੇ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਲੇਖੇ ਲਾ ਦਿੱਤਾ ਉਸ ਨੂੰ ਨਾ ਭੁੱਲੀਏ। ਕਿਉਂਕਿ ਇਸ ਸੂਰਮੇ ਨੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਹਿੰਦੁਸਤਾਨ ਉੱਪਰ ਬਾਰ ਬਾਰ ਹਮਲਾ ਕਰਕੇ ਲੁੱਟਣ ਵਾਲਿਆਂ ਦੇ ਮੂੰਹ ਐਸੇ ਭੰਨੇ ਸਨ ਕਿ ਸਦਾ ਲਈ ਉਨ੍ਹਾਂ ਨੂੰ ਦੇਸ਼ ਅੰਦਰ ਵੜਨੋ ਰੋਕ ਦਿੱਤਾ। ਉਸ ਨੇ ਅਫ਼ਗਾਨਾਂ ਤੇ ਐਸੀ ਜਿੱਤ ਪ੍ਰਾਪਤ ਕੀਤੀ ਜੋ ਨਾ ਰੂਸ, ਨਾ ਬਰਤਾਨੀਆਂ ਨਾ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਅਜੇ ਤੱਕ ਕਰ ਸਕੇ ਹਨ। ਇਸ ਮਨੁੱਖੀ ਆਜ਼ਾਦੀ, ਮਜ਼ਲੂਮਾਂ ਤੇ ਗਊ ਗਰੀਬ ਦੀ ਰੱਖਿਆ, ਮਾਨਵਵਾਦੀ ਅਤੇ ਕਲਿਆਣਕਾਰੀ ਦੇਸ਼ ਦੇ ਜੰਜ਼ੀਰੇ, ਕੌਮ ਦੇ ਹੀਰੇ ਅਤੇ ਸੰਘਰਸ਼ ਦੇ ਤਦਬੀਰੇ ਦੀ ਮਹਿਮਾ ਇੰਞ ਹੀ ਗਾਉਣੀ ਬਣਦੀ ਹੈ:
ਜਿਸ ਧਰਤ ਵੱਲ ਕੋਈ ਨਹੀਂ ਸੀ ਮੂੰਹ ਕਰਦਾ,
ਹਰੀ ਸਿੰਘ ਦੂਲਾ ਸ਼ੇਰ ਉੱਥੇ ਜਾ ਬੁੱਕਿਆ।
ਯੋਧਾ ਮੌਤ ਦੀ ਨਹੀਂ ਸੀ ਪਰਵਾਹ ਕਰਦਾ,
ਜੇਕਰ ਰੁਕਿਆ ਤਾਂ ਮਿਸ਼ਨ ਪੂਰਾ ਕਰ ਰੁਕਿਆ।
ਸਾਰਾ ਜੀਵਨ ਲੰਘਾ ਦਿੱਤਾ ਸੰਘਰਸ਼ ਅੰਦਰ,
ਸਿੰਘ ਹੋਣ ਨਾਤੇ ਕਦੇ ਵੈਰੀ ਅੱਗੇ ਸੀ ਨਾ ਝੁਕਿਆ।
ਅਮਿੱਟ ਛਾਪ ਛੱਡ ਗਿਆ ਉਹ ਸੰਸਾਰ ਅੰਦਰ,
ਉਸ ਕੰਮ ਦੀ ਜੋ ਰੂਸੀ, ਅੰਗਰੇਜ਼ ਨਾ ਕੋਈ ਹੋਰ ਕਰ ਸਕਿਆ।
ਪੁਸਤਕ ਪਰਮਾਣ
ਪ੍ਰੇਮ ਸਿੰਘ ਹੋਤੀ (ਬਾਬਾ) (੧੯੩੭) ਜੀਵਨ ਬਿਤਾਂਤ ਸਰਦਾਰ ਹਰੀ ਸਿੰਘ ਨਲਵਾ, ਲਾਹੌਰ ਬੁੱਕ ਸ਼ਾਪ, ਨਿਸਬਤ ਰੋਡ, ਲਾਹੌਰ। (ਪੰਜਾਬੀ)
ਸ਼ਮਸ਼ੇਰ ਸਿੰਘ ਅਸ਼ੋਕ (੧੯੯੦) ਵੀਰ ਨਾਇਕ ਹਰੀ ਸਿੰਘ ਨਲਵਾ। ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ। (ਪੰਜਾਬੀ)
ਔਤਾਰ ਸਿੰਘ ਸੰਧੂ (੧੯੩੫) ਜਨਰਲ ਹਰੀ ਸਿੰਘ ਨਲਵਾ। ਪਬਲੀਕੇਸ਼ਨ ਕਨਿੰਘਮ ਹਿਸਟੌਰੀਕਲ ਸੁਸਾਇਟੀ, ਲਾਹੌਰ। (ਅੰਗਰੇਜ਼ੀ)
ਬੈਰਨ ਚਰਲਜ਼ ਹੁਗਲ (੧੯੭੦) ਟ੍ਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ। ਪਬਲੀਕੇਸ਼ਨ ਲੈਂਗੂਏਜ਼, ਡੀਪਾਰਟਮੈਂਟ ਪੰਜਾਬ, ਪਟਿਆਲਾ। (ਅੰਗਰੇਜ਼ੀ)
ਜੌਹਰ ਐੱਸ ਐੱਸ (੧੯੯੬) ਸਿੱਖ ਵੈਰੀਅਰ ਹਰੀ ਸਿੰਘ ਨਲਵਾ। ਪਬਲੀਕੇਸ਼ਨ ਨੈਸ਼ਨਲ ਬੁੱਕ ਸ਼ਾਪ, ਦਿੱਲੀ। (ਅੰਗਰੇਜ਼ੀ)
ਸੂਰਜ ਸਿੰਘ (੧੯੧੨) ਚਮਕਦੇ ਲਾਲ ਸਰਦਾਰ ਹਰੀ ਸਿੰਘ ਨਲੂਆ। ਪਬਲੀਕੇਸ਼ਨ : ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ (ਪੰਜਾਬੀ)
ਸੁਖਦਿਆਲ ਸਿੰਘ (੨੦੦੨) ਖਾਲਸਾ ਪੰਥ ਦੇ ਪੰਜ ਤਖ਼ਤ। ਪਬਲੀਕੇਸ਼ਨ : ਪੰਜਾਬੀ ਯੂਨੀਵਰਸਿਟੀ, ਪਟਿਆਲਾ। (ਪੰਜਾਬੀ)
ਰਣਜੀਤ ਸਿੰਘ (੧੯੭੩ ) ਜੀਵਨ-ਜਨਰਲ ਸਰਦਾਰ ਹਰੀ ਸਿੰਘ ਨਲੂਆ। ਪਬਲੀਕੇਸ਼ਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ। (ਪੰਜਾਬੀ)
ਰਾਮ ਕਿਸ਼ਨ (੧੯੨੭) ਸਰਦਾਰ ਹਰੀ ਸਿੰਘ ਨਲੂਆ। ਪਬਲੀਕੇਸ਼ਨ : ਲਾਹੌਰੀ ਗੇਟ, ਲਾਹੌਰ। (ਉਰਦੂ)
ਵਨੀਤ ਨਲੂਆ (੨੦੦੯) ਹਰੀ ਸਿੰਘ ਨਲੂਆ ਚੈਂਪੀਅਨ ਆਫ਼ ਦੀ ਖਾਲਸਾ ਜੀ ੧੭੯੧-੧੮੩੭)। ਪਬਲੀਕੇਸ਼ਨ : ਮਨੋਹਰ ਪਬਲਿਸ਼ਰਜ਼ ੨(੬ ਅਨਸਾਰੀ ਰੋਡ ਦਰਿਆ ਗੰਜ) ਨਵੀਂ ਦਿੱਲੀ। (ਅੰਗਰੇਜ਼ੀ)
ਸੁਰਿੰਦਰ ਸਿੰਘ (੨੦੦੪) ਸਿੱਖ ਕੁਆਇਨਜ਼ - ਸਿੰਬਲ ਆਫ਼ ਸਿੱਖ ਸੌਵਰਿਨਟੀ ਪਬਲੀਕੇਸ਼ਨ : ਮਨੋਹਰ ਪਬਲਿਸ਼ਰਜ਼ ੨(੬ ਅਨੁਸਾਰੀ ਰੋਡ ਦਰਿਆ ਗੰਜ) ਨਵੀਂ ਦਿੱਲੀ। (ਅੰਗਰੇਜ਼ੀ)
ਅਮਰ ਸਿੰਘ (੧੯੦੩) ਚਮਕਦਾ ਹੀਰਾ-ਜੀਵਨ ਬਿਰਤਾਂਤ ਸ੍ਰੀ ਮਾਨ ਸਰਦਾਰ ਹਰੀ ਸਿੰਘ ਜੀ ਨਲੂਆ, ਕਮਾਂਡਰ-ਇਨ-ਚੀਫ਼ ਖਾਲਸਾ ਫ਼ੌਜ, ਗਵਰਨਰ ਆਫ਼ ਪੇਸ਼ਾਵਰ ਵਾ ਇਲਾਕਾ ਹਜ਼ਾਰਾ ਪਬਲੀਕੇਸ਼ਨ : ਦੀ ਖਾਲਸਾ ਏਜੰਸੀ ਲਾਹੌਰੀ, ਲਾਹੌਰ। (ਪੰਜਾਬੀ)
ਬਰਨਜ਼ ਅਲੈਗਜ਼ੈਂਡਰ (੧੮੩੪) ਟਰੈਵਲਜ਼ ਇਨ ਟੂ ਬੋਖਾਰ ਟੂਗੈਦਰ ਵਿੱਚ ਏ ਨੈਰੇਟਿਵ ਆਫ਼ ਏ ਵੋਵੇਜ ਆਨ ਦੀ ਇੰਡਸ: ਪਬਲੀਕੇਸ਼ਨ : ਔਕਸਫੋਰਡ ਯੂਨੀਵਰਸਿਟੀ ਪ੍ਰੈੱਸ (ਅੰਗਰੇਜ਼ੀ) ੧੯੭੩
ਗਿਆਨੀ ਤਰਲੋਕ ਸਿੰਘ ਤੂਫਾਨ (੧੯੪੯) ਅਣਖੀਲਾ ਜਰਨੈਲ (ਸਰਦਾਰ ਹਰੀ ਸਿੰਘ ਨਲੂਆ) ਪਬਲੀਕੇਸ਼ਨ : ਭਾਈ ਮੇਹਰ ਸਿੰਘ, ਸੁਰਿੰਦਰ ਸਿੰਘ, ਅੰਮ੍ਰਿਤਸਰ। (ਪੰਜਾਬੀ)
ਗੁਰਮਤਿ ਪ੍ਰਕਾਸ਼ (ਸਪੈਸ਼ਲ ਇਸ਼ੂ) ਮਈ ੧੯੯੨ । ਪਬਲੀਕੇਸ਼ਨ ਧਰਮ ਪ੍ਰਚਾਰ ਕਮੇਟੀ ੩੮ (੨) (ਪੰਜਾਬੀ)
ਪਿਆਰਾ ਸਿੰਘ ਪਦਮ (੨੦੦੭) ਜਰਨੈਲ ਹਰੀ ਸਿੰਘ ਨਲਵੇ ਦੇ ਜੰਗਨਾਮੇ। ਗੁਰਮਤਿ ਪ੍ਰਕਾਸ਼ ਮਈ ੨੦੦੭ ਪੰਨਾ ੪੫-੫੨। (ਪੰਜਾਬੀ)