ਮਹਾਨ ਸਿੱਖ ਯੋਧਾ ਅਤੇ ਜਰਨੈਲ
ਸਰਦਾਰ ਹਰੀ ਸਿੰਘ ਨਲੂਆ
ਡਾ. ਹਰਭਜਨ ਸਿੰਘ ਸੇਖੋਂ, ਦਾਖਾ
ਸਮਰਪਣ
ਸਿੱਖ ਕੌਮ ਦੇ ਮਹਾਨ ਹੀਰੇ ਅਤੇ ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਹੀਰੋ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਅਤੇ ਸਮੂਹ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਜਿਨ੍ਹਾਂ ਦੇਸ਼ ਵਾਸੀਆਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਜਾਨਾਂ ਵਾਰੀਆਂ।
ਤਤਕਰਾ
ਮੁੱਖ ਬੰਦ
ਭੂਮਿਕਾ
੧. ਜੀਵਨ ਦ੍ਰਿਸ਼ਟੀ
੨. ਮੁਲਤਾਨ ਦੀ ਜੰਗ
੩. ਕਸ਼ਮੀਰ ਤੇ ਹਜ਼ਾਰੇ ਦੀਆਂ ਜਿੱਤਾਂ ਅਤੇ ਗਵਰਨਰੀ
੪. ਸ਼ਿਮਲਾ ਮਿਸ਼ਨ ਦਾ ਮੁਖੀ
੫. ਪਿਸ਼ਾਵਰ ਦਾ ਪਰਦੇਸ਼ਪਤੀ
੬. ਜਮਰੌਦ ਦੀ ਜੰਗ ਅਤੇ ਸੂਰੇ ਦਾ ਅੰਤ
੭. ਸ਼ਹਿਰਾਂ, ਕਿਲ੍ਹਿਆਂ ਅਤੇ ਧਾਰਮਿਕ ਅਸਥਾਨਾਂ ਦਾ ਨਿਰਮਾਣ
੮. ਸਰਦਾਰ ਹਰੀ ਸਿੰਘ ਨਲੂਆ ਦੀ ਬੰਸ ਅਤੇ ਅੰਸ
ਪੁਸਤਕ ਪਰਮਾਣ
ਮੁੱਖ ਬੰਦ
ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਨਿੱਜਤਾ ਦੀ ਭੁੱਖ ਨੇ ਇਸ ਦਾ ਪਿੱਛਾ ਨਹੀਂ ਛੱਡਿਆ। ਮਨੁੱਖ ਸਵਾਰਥੀ ਸੋਚ ਦਾ ਗੁਲਾਮ ਹੈ। ਹਮੇਸ਼ਾ ਇਹ ਆਪਣਾ ਤੇ ਆਪਣਿਆਂ ਦਾ ਹੀ ਭਲਾ ਚਾਹੁੰਦਾ ਹੈ, ਦੂਜਿਆਂ ਦਾ ਨਹੀਂ। ਮੁੱਢ ਕਦੀਮ ਤੋਂ ਮਨੁੱਖ ਆਪਣਾ ਢਿੱਡ ਭਰਨ ਲਈ ਦੂਜੇ ਦਾ ਗਲਾ ਘੁਟਦਾ ਆ ਰਿਹਾ ਹੈ। ਆਪਣੀਆਂ ਲੋੜਾਂ ਲਈ ਇਹ ਦੂਜਿਆਂ ਨੂੰ ਡਰਾਉਂਦਾ, ਧਮਕਾਉਂਦਾ, ਲੁੱਟਦਾ, ਕੁੱਟਦਾ ਤੇ ਮਾਰਦਾ ਆ ਰਿਹਾ ਹੈ। ਉਦੋਂ ਜੰਗਲ ਦਾ ਰਾਜ ਸੀ। ਸਮਾਜ ਨਹੀਂ ਸੀ। ਸਮਾਜਿਕ ਕਦਰਾਂ ਕੀਮਤਾਂ ਪੈਦਾ ਨਹੀਂ ਸਨ ਹੋਈਆਂ। ਹੌਲੀ ਹੌਲੀ ਮਨੁੱਖੀ ਜੀਵਨ ਤਰੱਕੀ ਵੱਲ ਤੁਰਿਆ ਜੰਗਲ ਤੋਂ ਬਾਹਰ ਆਇਆ, ਸੋਚ ਬਦਲੀ, ਕੰਮ-ਕਿੱਤੇ ਸ਼ੁਰੂ ਹੋਏ, ਜਾਤਾਂ, ਗੋਤਾਂ ਤੇ ਧਰਮਾਂ ਦੀ ਹੋਂਦ ਹੋਈ। ਸਮਾਂ ਪਾ ਕੇ ਸੰਵਿਧਾਨਕ ਕਦਰਾਂ ਪੈਦਾ ਹੋਈਆਂ, ਪਰ ਦੂਜੇ ਦੀ ਤਬਾਹੀ ਅਤੇ ਆਪ ਦੀ ਚੌਧਰ ਵਾਲੀ ਸੋਚ ਨੇ ਮਨੁੱਖ ਦੀ ਸੋਚ ਨੂੰ ਜਰਵਾਣਾ, ਨਿਰਦਈ, ਲੁਟੇਰਾ, ਕਾਤਲ ਬਣਾ ਦਿੱਤਾ।
ਭਾਰਤ ਦੀ ਗੱਲ ਕਰੀਏ ਤਾਂ ਇਸ ਵਿੱਚ ਵਸਦੇ ਹਿੰਦੂ ਮੁਸਲਮਾਨਾਂ ਦੀ ਕਦੇ ਨਹੀਂ ਸੀ ਬਣੀ। 'ਜਿਸ ਕੀ ਲਾਠੀ ਉਸ ਕੀ ਭੈਂਸ' ਦੇ ਅਖਾਣ ਵਾਂਗ ਕਦੇ ਮੁਗਲਾਂ ਅਤੇ ਕਦੇ ਹਿੰਦੂ ਰਾਜਿਆਂ ਦਾ ਰਾਜ ਹੋ ਜਾਂਦਾ ਸੀ। ਇਹਨਾਂ ਜ਼ਰ, ਜ਼ੋਰੂ ਅਤੇ ਜ਼ਮੀਨ ਦੇ ਲੜਾਈ ਝਗੜਿਆਂ ਨੇ ਸ਼ਾਂਤੀ ਦੇਵੀ ਨੂੰ ਭਾਜੜਾਂ ਪਾਈ ਰੱਖੀਆਂ।
ਗੁਰੂ ਨਾਨਕ ਸਾਹਿਬ ਦੀ ਸੋਚ ਨੇ ਨਵੀਂ ਕ੍ਰਾਂਤੀ ਦਾ ਨਾਹਰਾ ਦਿੱਤਾ। ਇਸ ਕ੍ਰਾਂਤੀ ਵਿੱਚੋਂ ਸਿੱਖ ਧਰਮ ਦਾ ਪਰਕਾਸ਼ ਹੋਇਆ। ਦਸਾਂ ਹੀ ਗੁਰੂ ਸਾਹਿਬਾਨਾਂ ਦੇ ਮਹਾਨ ਸਿਧਾਂਤਾਂ ਨੂੰ ਖ਼ਤਮ ਕਰਨ ਦੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ। ਪੰਜਵੇਂ ਗੁਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਸੀਹਿਆਂ ਭਰੀ ਸ਼ਹਾਦਤ ਨੇ ਜਿੱਥੇ ਇੱਕ ਪਾਸੇ ਡਰਾਕਲ ਮਨਾਂ ਨੂੰ ਭਾਂਜ ਦਿੱਤੀ ਉਥੇ ਦੂਜੇ ਪਾਸੇ ਅਣਖ ਅਤੇ ਆਜ਼ਾਦ ਜੀਵਨ ਜਿਉਣ ਲਈ ਭਗਤੀ ਅਤੇ ਸ਼ਕਤੀ ਦੇ ਸਿਧਾਂਤ ਨੂੰ ਜਨਮ ਦਿੱਤਾ। ਉਪਰੰਤ ਨੌਵੇਂ ਸਤਿਗੁਰਾਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੇ ਖ਼ਾਲਸੇ ਦੇ ਪ੍ਰਕਰਣ ਨੂੰ ਸੁਰਜੀਤ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਪ੍ਰਕਾਸ਼ ਕਰ ਕੇ ਮੌਤ ਵਿੱਚੋਂ ਨਵਾਂ ਜੀਵਨ ਸੁਰਜੀਤ ਕੀਤਾ। ਆਪਣਿਆਂ ਚੌਹਾਂ ਸਹਿਬਜ਼ਾਦਿਆਂ ਦੀ ਸ਼ਹੀਦੀ, ਅਨੇਕਾਂ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਦਾ ਸ਼ਹਾਦਤੀ ਗੜ੍ਹ, ਸਿੱਖ ਪੰਥ ਨੂੰ ਨਵੀਂ ਰੂਹ ਅਤੇ ਜੁਝਾਰੂ ਸੋਚ ਦੇ ਗਿਆ। ਕੱਫਣ ਸਿਰਾਂ ਤੇ ਬੰਨ੍ਹ
ਕੇ ਸਿੰਘਾਂ ਨੂੰ ਘਰ ਘਾਟ ਛੱਡਣੇ ਪਏ ਅਤੇ ਆਪਣੇ ਮਿਸ਼ਨ ਦੀ ਪੂਰਤੀ ਲਈ ਜੂਝਦੇ ਗਏ।
ਸਿੰਘਾਂ ਨੇ ਛੋਟੇ ਛੋਟੇ ਰਾਜ ਪੈਦਾ ਕਰ ਲਏ, ਇਨ੍ਹਾਂ ਨੂੰ ਮਿਸਲਾਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਮਿਸਲਾਂ ਦੀ ਸੰਘਰਸ਼ਮਈ ਪ੍ਰੀਖਿਆ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਂਦ ਵਿੱਚ ਆਇਆ। ਇਸ ਰਾਜ ਵਿੱਚ ਲੋਕਾਂ ਨੂੰ ਖੁਸ਼ਹਾਲੀ, ਸ਼ਾਂਤੀ ਅਤੇ ਆਜ਼ਾਦ ਜੀਵਨ ਨਸੀਬ ਹੋਇਆ। ਇਸ ਰਾਜ ਵਿੱਚ ਪੰਜਾਬ ਨੇ ਭੂਗੋਲਿਕ, ਰਾਜਨੀਤਿਕ, ਆਰਥਿਕ ਤੇ ਧਾਰਮਿਕ ਖੁਸ਼ਹਾਲੀ ਹੰਢਾਈ। ਸਿੱਖ ਰਾਜ ਦੀ ਫੌਜ ਅੰਦਰ ਵਿਦੇਸ਼ੀ ਫ਼ੌਜੀ, ਮੁਸਲਿਮ, ਹਿੰਦੂ ਅਤੇ ਸਿੱਖ ਭਰਤੀ ਸਨ। ਇਨ੍ਹਾਂ ਫ਼ੌਜੀਆਂ ਨੇ ਜਾਨਾਂ ਤਲੀ ਉੱਪਰ ਧਰ ਕੇ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਵਿੱਚ ਡੋਗਰੇ ਗਦਾਰ ਵੀ ਭਰਤੀ ਸਨ ਪਰ ਦੇਸ਼ ਕੌਮ ਦੇ ਅਨਮੋਲ ਅਤੇ ਸੁੱਚੇ ਹੀਰਿਆਂ ਦੀ ਲੜੀ ਵੀ ਬੇ-ਮਿਸਾਲ ਸੀ ਜੋ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਪਰ ਸਾਹਿਤ ਅਤੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਕਿਆਮਤ ਤੱਕ ਚਮਕਦਾ ਰਹੇਗਾ। ਇਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਬੜੀ ਮਹਾਨ ਹੈ।
ਜਦ ਬੰਦੇ ਦਾ ਜੀਵਨ, ਜਿਉਣਾ ਕਰਤਾ ਔਖਾ,
ਤੂਫਾਨ ਝੱਲੇ ਜਬਰ ਜ਼ੁਲਮ ਦੇ ਨਰਕ-ਅਨੇਰੀ ਝੋਕਾ।
ਫਿਰ ਨਾਨਕ ਦੀਆਂ ਦਸ ਜੋਤਾਂ ਨੇ, ਭਗਤੀ ਸ਼ਕਤੀ ਅਪਣਾਈ।
ਸੂਰਿਆਂ ਜਾਮ ਸ਼ਹੀਦੀ ਪੀਤੇ, ਭਰਦਾ ਇਤਿਹਾਸ ਗਵਾਹੀ।
ਮੌਤ 'ਚੋਂ ਜੀਵਨ ਲੈ ਸਿੰਘਾਂ ਨੇ, ਜੁਲਮ ਦੀ ਕੀਤੀ ਵਾਢੀ,
ਹੱਕ, ਸੱਚ ਦਾ ਸੂਰਜ ਚੜ੍ਹਿਆ, ਸੁੱਤੀ ਅਣਖ ਸੀ ਜਾਗੀ।
ਯੁੱਧਾਂ ਨੇ ਫਿਰ ਸੂਰੇ ਪਰਖੇ, ਘੱਟ ਨਾ ਉੱਤਰੇ ਪੂਰੇ।
ਦੇਸ਼ ਕੌਮ ਦੇ ਮਰਨ ਲਈ, ਦੌੜੇ ਇੱਕ ਦੂਜੇ ਤੋਂ ਮੂਹਰੇ।
ਸੂਰਮਿਆਂ ਦੀ ਚੜ੍ਹਤ ਸੁਕਾਵੇ, ਹਰ ਦੁਸ਼ਮਣ ਦਾ ਤਲੂਆ,
ਚਮਕਣ ਸੂਰੇ ਤਾਰਿਆਂ ਵਾਂਗੂੰ, ਚੰਦ ਇਸੇ ਵਿੱਚ ਨਲੂਆ।
ਡਾ. ਹਰਭਜਨ ਸਿੰਘ ਸੇਖੋਂ ਸਾਹਿਬ ਦੀ ਇਹ ਸੱਤਵੀਂ ਪੁਸਤਕ ਹੈ। ਸਾਹਿਤ ਵਿਸ਼ਾ ਲੰਮੇ ਸਮੇਂ ਦਾ ਪ੍ਰਤੀਕ ਹੈ। ਕੁਝ ਵਿਸ਼ੇ ਹੁੰਦੇ ਹਨ ਜਿਨ੍ਹਾਂ ਤੇ ਰਚਿਆ ਸਾਹਿਤ ਸਦਾ ਜੀਵਤ ਰਹਿੰਦਾ ਹੈ ਪਰ ਕੁਝ ਵਿਸ਼ਿਆਂ ਵਾਲਾ ਸਾਹਿਤ ਥੋੜ੍ਹੇ ਸਮੇਂ ਬਾਅਦ ਅਲੋਪ ਹੋ ਜਾਂਦਾ ਹੈ। ਸੇਖੋਂ ਸਾਹਿਬ ਨੇ ਆਮ ਤੌਰ ਤੇ ਇਤਿਹਾਸ ਨੂੰ ਹੀ ਵਿਸ਼ਾ