ਮੁੱਖ ਬੰਦ
ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਨਿੱਜਤਾ ਦੀ ਭੁੱਖ ਨੇ ਇਸ ਦਾ ਪਿੱਛਾ ਨਹੀਂ ਛੱਡਿਆ। ਮਨੁੱਖ ਸਵਾਰਥੀ ਸੋਚ ਦਾ ਗੁਲਾਮ ਹੈ। ਹਮੇਸ਼ਾ ਇਹ ਆਪਣਾ ਤੇ ਆਪਣਿਆਂ ਦਾ ਹੀ ਭਲਾ ਚਾਹੁੰਦਾ ਹੈ, ਦੂਜਿਆਂ ਦਾ ਨਹੀਂ। ਮੁੱਢ ਕਦੀਮ ਤੋਂ ਮਨੁੱਖ ਆਪਣਾ ਢਿੱਡ ਭਰਨ ਲਈ ਦੂਜੇ ਦਾ ਗਲਾ ਘੁਟਦਾ ਆ ਰਿਹਾ ਹੈ। ਆਪਣੀਆਂ ਲੋੜਾਂ ਲਈ ਇਹ ਦੂਜਿਆਂ ਨੂੰ ਡਰਾਉਂਦਾ, ਧਮਕਾਉਂਦਾ, ਲੁੱਟਦਾ, ਕੁੱਟਦਾ ਤੇ ਮਾਰਦਾ ਆ ਰਿਹਾ ਹੈ। ਉਦੋਂ ਜੰਗਲ ਦਾ ਰਾਜ ਸੀ। ਸਮਾਜ ਨਹੀਂ ਸੀ। ਸਮਾਜਿਕ ਕਦਰਾਂ ਕੀਮਤਾਂ ਪੈਦਾ ਨਹੀਂ ਸਨ ਹੋਈਆਂ। ਹੌਲੀ ਹੌਲੀ ਮਨੁੱਖੀ ਜੀਵਨ ਤਰੱਕੀ ਵੱਲ ਤੁਰਿਆ ਜੰਗਲ ਤੋਂ ਬਾਹਰ ਆਇਆ, ਸੋਚ ਬਦਲੀ, ਕੰਮ-ਕਿੱਤੇ ਸ਼ੁਰੂ ਹੋਏ, ਜਾਤਾਂ, ਗੋਤਾਂ ਤੇ ਧਰਮਾਂ ਦੀ ਹੋਂਦ ਹੋਈ। ਸਮਾਂ ਪਾ ਕੇ ਸੰਵਿਧਾਨਕ ਕਦਰਾਂ ਪੈਦਾ ਹੋਈਆਂ, ਪਰ ਦੂਜੇ ਦੀ ਤਬਾਹੀ ਅਤੇ ਆਪ ਦੀ ਚੌਧਰ ਵਾਲੀ ਸੋਚ ਨੇ ਮਨੁੱਖ ਦੀ ਸੋਚ ਨੂੰ ਜਰਵਾਣਾ, ਨਿਰਦਈ, ਲੁਟੇਰਾ, ਕਾਤਲ ਬਣਾ ਦਿੱਤਾ।
ਭਾਰਤ ਦੀ ਗੱਲ ਕਰੀਏ ਤਾਂ ਇਸ ਵਿੱਚ ਵਸਦੇ ਹਿੰਦੂ ਮੁਸਲਮਾਨਾਂ ਦੀ ਕਦੇ ਨਹੀਂ ਸੀ ਬਣੀ। 'ਜਿਸ ਕੀ ਲਾਠੀ ਉਸ ਕੀ ਭੈਂਸ' ਦੇ ਅਖਾਣ ਵਾਂਗ ਕਦੇ ਮੁਗਲਾਂ ਅਤੇ ਕਦੇ ਹਿੰਦੂ ਰਾਜਿਆਂ ਦਾ ਰਾਜ ਹੋ ਜਾਂਦਾ ਸੀ। ਇਹਨਾਂ ਜ਼ਰ, ਜ਼ੋਰੂ ਅਤੇ ਜ਼ਮੀਨ ਦੇ ਲੜਾਈ ਝਗੜਿਆਂ ਨੇ ਸ਼ਾਂਤੀ ਦੇਵੀ ਨੂੰ ਭਾਜੜਾਂ ਪਾਈ ਰੱਖੀਆਂ।
ਗੁਰੂ ਨਾਨਕ ਸਾਹਿਬ ਦੀ ਸੋਚ ਨੇ ਨਵੀਂ ਕ੍ਰਾਂਤੀ ਦਾ ਨਾਹਰਾ ਦਿੱਤਾ। ਇਸ ਕ੍ਰਾਂਤੀ ਵਿੱਚੋਂ ਸਿੱਖ ਧਰਮ ਦਾ ਪਰਕਾਸ਼ ਹੋਇਆ। ਦਸਾਂ ਹੀ ਗੁਰੂ ਸਾਹਿਬਾਨਾਂ ਦੇ ਮਹਾਨ ਸਿਧਾਂਤਾਂ ਨੂੰ ਖ਼ਤਮ ਕਰਨ ਦੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ। ਪੰਜਵੇਂ ਗੁਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਸੀਹਿਆਂ ਭਰੀ ਸ਼ਹਾਦਤ ਨੇ ਜਿੱਥੇ ਇੱਕ ਪਾਸੇ ਡਰਾਕਲ ਮਨਾਂ ਨੂੰ ਭਾਂਜ ਦਿੱਤੀ ਉਥੇ ਦੂਜੇ ਪਾਸੇ ਅਣਖ ਅਤੇ ਆਜ਼ਾਦ ਜੀਵਨ ਜਿਉਣ ਲਈ ਭਗਤੀ ਅਤੇ ਸ਼ਕਤੀ ਦੇ ਸਿਧਾਂਤ ਨੂੰ ਜਨਮ ਦਿੱਤਾ। ਉਪਰੰਤ ਨੌਵੇਂ ਸਤਿਗੁਰਾਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੇ ਖ਼ਾਲਸੇ ਦੇ ਪ੍ਰਕਰਣ ਨੂੰ ਸੁਰਜੀਤ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਪ੍ਰਕਾਸ਼ ਕਰ ਕੇ ਮੌਤ ਵਿੱਚੋਂ ਨਵਾਂ ਜੀਵਨ ਸੁਰਜੀਤ ਕੀਤਾ। ਆਪਣਿਆਂ ਚੌਹਾਂ ਸਹਿਬਜ਼ਾਦਿਆਂ ਦੀ ਸ਼ਹੀਦੀ, ਅਨੇਕਾਂ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਦਾ ਸ਼ਹਾਦਤੀ ਗੜ੍ਹ, ਸਿੱਖ ਪੰਥ ਨੂੰ ਨਵੀਂ ਰੂਹ ਅਤੇ ਜੁਝਾਰੂ ਸੋਚ ਦੇ ਗਿਆ। ਕੱਫਣ ਸਿਰਾਂ ਤੇ ਬੰਨ੍ਹ
ਕੇ ਸਿੰਘਾਂ ਨੂੰ ਘਰ ਘਾਟ ਛੱਡਣੇ ਪਏ ਅਤੇ ਆਪਣੇ ਮਿਸ਼ਨ ਦੀ ਪੂਰਤੀ ਲਈ ਜੂਝਦੇ ਗਏ।
ਸਿੰਘਾਂ ਨੇ ਛੋਟੇ ਛੋਟੇ ਰਾਜ ਪੈਦਾ ਕਰ ਲਏ, ਇਨ੍ਹਾਂ ਨੂੰ ਮਿਸਲਾਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਮਿਸਲਾਂ ਦੀ ਸੰਘਰਸ਼ਮਈ ਪ੍ਰੀਖਿਆ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਂਦ ਵਿੱਚ ਆਇਆ। ਇਸ ਰਾਜ ਵਿੱਚ ਲੋਕਾਂ ਨੂੰ ਖੁਸ਼ਹਾਲੀ, ਸ਼ਾਂਤੀ ਅਤੇ ਆਜ਼ਾਦ ਜੀਵਨ ਨਸੀਬ ਹੋਇਆ। ਇਸ ਰਾਜ ਵਿੱਚ ਪੰਜਾਬ ਨੇ ਭੂਗੋਲਿਕ, ਰਾਜਨੀਤਿਕ, ਆਰਥਿਕ ਤੇ ਧਾਰਮਿਕ ਖੁਸ਼ਹਾਲੀ ਹੰਢਾਈ। ਸਿੱਖ ਰਾਜ ਦੀ ਫੌਜ ਅੰਦਰ ਵਿਦੇਸ਼ੀ ਫ਼ੌਜੀ, ਮੁਸਲਿਮ, ਹਿੰਦੂ ਅਤੇ ਸਿੱਖ ਭਰਤੀ ਸਨ। ਇਨ੍ਹਾਂ ਫ਼ੌਜੀਆਂ ਨੇ ਜਾਨਾਂ ਤਲੀ ਉੱਪਰ ਧਰ ਕੇ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਵਿੱਚ ਡੋਗਰੇ ਗਦਾਰ ਵੀ ਭਰਤੀ ਸਨ ਪਰ ਦੇਸ਼ ਕੌਮ ਦੇ ਅਨਮੋਲ ਅਤੇ ਸੁੱਚੇ ਹੀਰਿਆਂ ਦੀ ਲੜੀ ਵੀ ਬੇ-ਮਿਸਾਲ ਸੀ ਜੋ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਪਰ ਸਾਹਿਤ ਅਤੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਕਿਆਮਤ ਤੱਕ ਚਮਕਦਾ ਰਹੇਗਾ। ਇਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਬੜੀ ਮਹਾਨ ਹੈ।
ਜਦ ਬੰਦੇ ਦਾ ਜੀਵਨ, ਜਿਉਣਾ ਕਰਤਾ ਔਖਾ,
ਤੂਫਾਨ ਝੱਲੇ ਜਬਰ ਜ਼ੁਲਮ ਦੇ ਨਰਕ-ਅਨੇਰੀ ਝੋਕਾ।
ਫਿਰ ਨਾਨਕ ਦੀਆਂ ਦਸ ਜੋਤਾਂ ਨੇ, ਭਗਤੀ ਸ਼ਕਤੀ ਅਪਣਾਈ।
ਸੂਰਿਆਂ ਜਾਮ ਸ਼ਹੀਦੀ ਪੀਤੇ, ਭਰਦਾ ਇਤਿਹਾਸ ਗਵਾਹੀ।
ਮੌਤ 'ਚੋਂ ਜੀਵਨ ਲੈ ਸਿੰਘਾਂ ਨੇ, ਜੁਲਮ ਦੀ ਕੀਤੀ ਵਾਢੀ,
ਹੱਕ, ਸੱਚ ਦਾ ਸੂਰਜ ਚੜ੍ਹਿਆ, ਸੁੱਤੀ ਅਣਖ ਸੀ ਜਾਗੀ।
ਯੁੱਧਾਂ ਨੇ ਫਿਰ ਸੂਰੇ ਪਰਖੇ, ਘੱਟ ਨਾ ਉੱਤਰੇ ਪੂਰੇ।
ਦੇਸ਼ ਕੌਮ ਦੇ ਮਰਨ ਲਈ, ਦੌੜੇ ਇੱਕ ਦੂਜੇ ਤੋਂ ਮੂਹਰੇ।
ਸੂਰਮਿਆਂ ਦੀ ਚੜ੍ਹਤ ਸੁਕਾਵੇ, ਹਰ ਦੁਸ਼ਮਣ ਦਾ ਤਲੂਆ,
ਚਮਕਣ ਸੂਰੇ ਤਾਰਿਆਂ ਵਾਂਗੂੰ, ਚੰਦ ਇਸੇ ਵਿੱਚ ਨਲੂਆ।
ਡਾ. ਹਰਭਜਨ ਸਿੰਘ ਸੇਖੋਂ ਸਾਹਿਬ ਦੀ ਇਹ ਸੱਤਵੀਂ ਪੁਸਤਕ ਹੈ। ਸਾਹਿਤ ਵਿਸ਼ਾ ਲੰਮੇ ਸਮੇਂ ਦਾ ਪ੍ਰਤੀਕ ਹੈ। ਕੁਝ ਵਿਸ਼ੇ ਹੁੰਦੇ ਹਨ ਜਿਨ੍ਹਾਂ ਤੇ ਰਚਿਆ ਸਾਹਿਤ ਸਦਾ ਜੀਵਤ ਰਹਿੰਦਾ ਹੈ ਪਰ ਕੁਝ ਵਿਸ਼ਿਆਂ ਵਾਲਾ ਸਾਹਿਤ ਥੋੜ੍ਹੇ ਸਮੇਂ ਬਾਅਦ ਅਲੋਪ ਹੋ ਜਾਂਦਾ ਹੈ। ਸੇਖੋਂ ਸਾਹਿਬ ਨੇ ਆਮ ਤੌਰ ਤੇ ਇਤਿਹਾਸ ਨੂੰ ਹੀ ਵਿਸ਼ਾ
ਬਣਾਇਆ ਹੈ। ਇਤਿਹਾਸ ਨੂੰ ਸਾਹਿਤ ਵਿੱਚ ਪੇਸ਼ ਕਰਨਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਪਾਉਣ ਦੇ ਤੁੱਲ ਹੁੰਦਾ ਹੈ। ਇਸ ਪੁਸਤਕ ਦਾ ਖਰੜਾ ਪੜ੍ਹ ਕੇ ਮੈਨੂੰ ਮਹਾਂ ਕਵੀ ਵਾਰਿਸ਼ ਸ਼ਾਹ ਦੀ ਹੀਰ ਦੀ ਗੱਲ ਯਾਦ ਆਈ ਹੈ, ਉਨ੍ਹਾਂ ਹੀਰ ਰਾਂਝੇ ਦੇ ਪਿਆਰ ਦੀ ਗੱਲ ਕਰਦਿਆਂ ਜਿੱਥੇ ਰੱਬੀ ਪਿਆਰ ਦੀ ਪੇਸ਼ਕਾਰੀ ਕੀਤੀ, ਉੱਥੇ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬੇ-ਗਿਣਤ ਬੀਮਾਰੀਆਂ ਦੇ ਨੁਸਖੇ ਵੀ ਲਿਖ ਦਿੱਤੇ ਜੋ ਪੰਜਾਬ ਦੇ ਜਨ-ਜੀਵਨ ਨੂੰ ਤੰਦਰੁਸਤ ਕਰਦੇ ਆ ਰਹੇ ਹਨ। ਕਵੀ ਵੱਲੋਂ ਵਰਤੇ ਅਖਾਣਾਂ ਵਾਂਗ ਇਹ ਨੁਸਖੇ ਪੰਜਾਬੀ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਹੋਏ ਹਨ, ਤਿਵੇਂ ਸੇਖੋਂ ਸਾਹਿਬ ਦੀ ਇਸ ਪੁਸਤਕ ਵਿੱਚੋਂ ਵੀ ਬਹੁ ਭਾਂਤੀ ਗਿਆਨ ਪ੍ਰਾਪਤ ਹੁੰਦਾ ਹੈ। ਕਸ਼ਮੀਰ ਵਿੱਚ ਕੇਸਰ ਦੀ ਖੇਤੀ, ਕੇਸਰ ਦੇ ਅਨੇਕਾਂ ਗੁਣਾਂ, ਸਰੀਰਕ ਸੁੰਦਰਤਾ ਅਤੇ ਸਰੀਰਕ ਇਲਾਜ ਦਾ ਵੀ ਜ਼ਿਕਰ ਹੈ।
ਪਹਿਲੇ ਕਾਂਡ ਵਿੱਚ ਨਲੂਏ ਸਰਦਾਰ ਦਾ ਜੀਵਨ ਬਿਰਤਾਂਤ ਹੈ। ਇਨ੍ਹਾਂ ਦੇ ਬਾਬਾ ਜੀ ਅਤੇ ਪਿਤਾ ਜੀ ਸੰਪੂਰਨ ਗੁਰਸਿੱਖ ਅਤੇ ਸਿਰਲੱਥ ਸੂਰਮੇ ਸਨ, ਜਿਸ ਕਰ ਕੇ ਸੂਰਮਤਾਈ ਦੀ ਗੁੜ੍ਹਤੀ ਬੰਸ ਵਿੱਚੋਂ ਹੀ ਮਿਲ ਗਈ ਸੀ। ਸੱਤ ਸਾਲ ਦੀ ਉਮਰੇ ਯਤੀਮ ਹੋ ਗਏ ਅਤੇ ਨਾਨਕੇ ਘਰ ਸਰਬ ਸਹੂਲਤਾਂ ਨਾਲ ਸਰਬ ਪੱਖੀ ਗਿਆਨ ਪ੍ਰਾਪਤ ਕੀਤਾ। ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਏ ਅਤੇ ਗੁਰੂ ਕ੍ਰਿਪਾ ਸਦਕਾ ਦਰਸ਼ਨੀ ਜੁਆਨ ਸਨ ਤੇ ਪੇਂਡੂ ਖੇਡਾਂ ਵਿੱਚ ਗੱਤਕੇ ਬਾਜੀ ਅਤੇ ਤਲਵਾਰਾਂ ਦੇ ਐਸੇ ਜੌਹਰ ਦਿਖਾਉਣ ਲੱਗੇ ਕਿ ਦੇਖਣ ਵਾਲੇ ਇਨ੍ਹਾਂ ਦੀ ਫੁਰਤੀ ਅਤੇ ਕਲਾ ਤੇ ਅੱਸ਼ ਅੱਸ਼ ਕਰ ਉਠਦੇ ਸਨ। ਸ਼ੇਰ ਦਾ ਸ਼ਿਕਾਰ ਕਰਕੇ 'ਨਲੂਏ' ਦਾ ਪਦ ਹਾਸਲ ਕੀਤਾ ਅਤੇ ਇਸ ਯੋਗਤਾ ਕਾਰਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੋਟੇ ਬਣ ਗਏ। ਉਪਰੰਤ ਬੇਗਿਣਤ ਪਦਵੀਆਂ ਦੇ ਮਾਲਕ ਬਣੇ, ਉੱਚੇ ਆਚਰਨ ਦੀਆਂ ਧੁੰਮਾਂ ਪਾਈਆਂ, ਸਵਰਗ ਵਰਗਾ ਰਾਜ ਪੈਦਾ ਕੀਤਾ, ਇਨ੍ਹਾਂ ਦੇ ਨਾਮ ਦਾ ਸਿੱਕਾ ਚੱਲਿਆ ਜੋ ਇੱਕ ਮਹਾਨ ਕ੍ਰਿਸ਼ਮਾ ਸੀ।
ਦੂਜੇ ਕਾਂਡ ਵਿੱਚ ਮੁਲਤਾਨ ਦੀ ਜੰਗ, ਮਿੱਠੇ ਟਿਵਾਣੇ ਦੀ ਜਿੱਤ ਉੱਚ ਦੇ ਪੀਰਾਂ ਦੀ ਸੁਧਾਈ, ਕੋਹਿਨੂਰ ਹੀਰੇ ਦਾ ਵਿਵਾਦ ਖਤਮ ਕਰਨਾ, ਰਜੌਰੀ ਅਤੇ ਭਿੰਬਰ ਦੀ ਜਿੱਤ, ਮੁਲਤਾਨ ਤੇ ਕਬਜ਼ਾ, ਜੰਤਾ ਦੀ ਹਰਮਨ ਪਿਆਰਤਾ ਜਿੱਤ ਲੈਣੀ ਆਦਿ ਵਿਸ਼ੇ ਬੜੀ ਹੀ ਡੂੰਘਿਆਈ ਤੱਕ ਛੂਹੇ ਗਏ ਹਨ।
ਤੀਜਾ ਕਾਂਡ ਇਸ ਪੁਸਤਕ ਦੀ ਜਿੰਦ ਜਾਨ ਹੈ। ਉੱਘੇ ਯੋਧਿਆਂ ਦੀ ਵਰਦੀ ਤੇ ਸੁਨਹਿਰੀ ਨਿਸ਼ਾਨ ਮੜ੍ਹਨੇ, ਤਲਵਾਰਾਂ ਤੇ ਹੀਰੇ ਜੜ੍ਹਨੇ, ਘੋੜਿਆਂ ਦੀਆਂ ਕਾਠੀਆਂ ਦੀ ਜੜ੍ਹਤ ਜਵਾਹਰਾਂ ਨਾਲ ਕਰਨੀ, ਜਿੱਤੇ ਹੋਏ ਇਲਾਕਿਆਂ ਵਿੱਚ ਕਿਲ੍ਹਿਆਂ ਦਾ ਨਿਰਮਾਣ ਕਰਨਾ। ਕਿਲ੍ਹਿਆਂ ਦੀਆਂ ਦੀਵਾਰਾਂ ਦੀ ਖਾਸ ਉਚਾਈ ਚੜ੍ਹਾਈ ਤੋਂ ਇਲਾਵਾ ਬਾਹਰਵਾਰ ਡੂੰਘੇ ਖਾਲੇ ਪੁਟਵਾ ਕੇ ਪਾਣੀ ਨਾਲ ਭਰਨੇ ਸਰਦਾਰ ਹਰੀ ਸਿੰਘ ਨਲੂਏ ਦੇ ਦਿਮਾਗ ਦੀ ਅਸਚਰਜ਼ ਕਾਢ ਸੀ। ਇਸ ਤੋਂ ਇਲਾਵਾ ਕਸ਼ਮੀਰ ਦੀ ਕਦਮ ਕਦਮ ਦੀ ਤਸਵੀਰ, ਉਥੋਂ ਦੇ ਮੌਸਮ ਤੇ ਕੁਦਰਤੀ ਸੁੰਦਰਤਾ, ਲੋਕਾਂ ਦਾ ਹੁਸਨ, ਕੰਮ ਧੰਦੇ, ਸਮਾਜਿਕ ਅਤੇ ਆਰਥਿਕ ਅਵਸਥਾ ਬਾਰੇ ਜਾਣਕਾਰੀ ਹਾਸਲ ਕਰਨਾ ਨਲੂਏ ਦੇ ਮਹਾਨ ਕਾਰਨਾਮਿਆਂ ਦਾ ਵਰਨਣ ਹੈ। ਯੋਧੇ ਨੇ ਵਗਾਰ ਦਾ ਕੋਹੜ ਵੱਢਿਆ, ਧਾਰਮਿਕ ਆਜ਼ਾਦੀ ਦਵਾਈ, ਖੇਤੀ ਬਾੜੀ ਵਿੱਚ ਸੁਧਾਰ ਕੀਤਾ, ਭੇਡਾਂ ਬੱਕਰੀਆਂ ਰੱਖਣ ਵਾਲਿਆਂ ਨੂੰ ਮਾਲੀ ਮੱਦਦ ਦੇਣਾ, ਸ਼ਾਲ ਉਦਯੋਗ ਪ੍ਰਫੁੱਲਤ ਕਰਨਾ, ਕਾਗਜ਼ ਦੀ ਦਸਤਾਕਾਰੀ ਵਿੱਚ ਸੁਧਾਰ ਕਰਨਾ, ਆਵਾਜਾਈ ਲਈ ਰਸਤੇ ਬਨਾਉਣੇ, ਵੱਡੇ ਅਲਾਟੀਆਂ ਤੋਂ ਜ਼ਮੀਨਾਂ ਖੋਹ ਕੇ ਕਾਸ਼ਤਕਾਰਾਂ ਨੂੰ ਵੰਡ ਦੇਣੀਆਂ, ਖੇਤੀ ਉਦਯੋਗ ਸਾਂਭਣ ਲਈ ਗੋਦਾਮ ਬਨਾਉਣੇ, ਨਹਿਰਾਂ ਕੱਢਵਾ ਕੇ ਬਰਾਨ ਜ਼ਮੀਨਾਂ 'ਚ ਸਿੰਜਾਈ ਦਾ ਪ੍ਰਬੰਧ ਕਰਨਾ, ਜਿਨਸ ਖ੍ਰੀਦਣ ਵੇਚਣ ਲਈ ਨਵੇਂ ਤੋਲ ਮਾਪ ਕਰਨੇ, ਲੋਕਾਂ ਖਾਸ ਕਰ ਕਾਮਿਆਂ ਦੇ ਜੀਵਨ ਵਿੱਚ ਸੁਧਾਰ ਅਤੇ ਖੁਸ਼ਹਾਲੀ ਲਿਆਉਣੀ ਆਦਿ ਰਾਹੀਂ ਸਰਦਾਰ ਦੀ ਸੱਚੀ-ਸੁੱਚੀ ਸੋਚ ਨੂੰ ਦਰਸਾਇਆ ਗਿਆ ਹੈ। ਇਸ ਕਾਂਡ ਦਾ ਕੁਝ ਹਿੱਸਾ ਤਾਂ ਭੁਲੇਖਾ ਪਾਉਂਦਾ ਹੈ ਜਿਵੇਂ ਇਹ ਸਭ ਕੁਝ ਕਰਨਾ ਇੱਕ ਸਫਰਨਾਮਾ ਹੋਵੇ।
ਚੌਥਾ ਕਾਂਡ ਖਾਲਸਾ ਰਾਜ ਦੇ ਖੇਤਰ ਨੂੰ ਦਰਸਾਉਂਦਾ ਹੈ ਕਿ ਇਹ ਕਿਤਨਾ ਵਿਸ਼ਾਲ ਸੀ। ਨਾਲ ਹੀ ਇਹ ਵੀ ਖੁਲਾਸਾ ਕਰਵਾਉਂਦਾ ਹੈ ਕਿ ਸ਼ਿਮਲੇ ਵਰਗੇ ਮਿਸ਼ਨ ਵਿੱਚ ਸਰਦਾਰ ਨਲੂਆ ਜੀ ਗੋਰੀਆਂ ਔਰਤਾਂ ਦੇ ਅਰਧ ਨੰਗੇ ਸਰੀਰਾਂ ਨਾਲ ਨਾਚ ਦੇ ਪੂਰੇ ਖਿਲਾਫ ਸਨ। ਇੱਕ ਖਾਸ ਗੱਲ ਇਹ ਸੀ ਕਿ ਸਰਦਾਰ ਗੋਰੀ ਸਰਕਾਰ ਨਾਲ ਸ਼ੇਰਿ-ਏ-ਪੰਜਾਬ ਦੀ ਕਿਸੇ ਵੀ ਸੰਧੀ ਦੇ ਜਾਤੀ ਤੌਰ ਤੇ ਖਿਲਾਫ ਸਨ। ਭਾਵ ਆਪ ਰਬੜ ਦੀ ਮੋਹਰ ਨਹੀਂ ਸਨ ਸਗੋਂ ਤਰਕ ਭਰੀ ਸੋਚ ਦੇ ਮਾਲਿਕ ਸਨ।
ਪੰਜਵੇਂ ਕਾਂਡ ਵਿੱਚ ਪਿਸ਼ਾਵਰ ਇਲਾਕੇ ਦੀ ਵਧੀਆ ਰਾਜ ਸਥਾਪਤੀ ਦਾ ਜ਼ਿਕਰ ਹੈ। ਛੇਵੇਂ ਕਾਂਡ ਨੂੰ ਵੈਰਾਗਮਈ ਕਾਂਡ ਆਖਾਂਗੇ। ਸਿੱਖ ਇਤਿਹਾਸ ਵਿੱਚ
ਜਮਰੌਦ ਦੇ ਕਿਲ੍ਹੇ ਦਾ ਖਾਸ ਅਸਥਾਨ ਹੈ। ਇਸ ਇਲਾਕੇ ਵਿੱਚ ਸੂਰਮੇ ਨੂੰ ਮੌਤ ਦੇ ਫਰਿਸ਼ਤੇ ਕਈ ਦਿਨ ਲੱਭਦੇ ਫਿਰਦੇ ਰਹੇ। ਪਰ ਇਹ ਯੋਧਾ ਸਿਰ ਤੇ ਕੱਫਣ ਬੰਨ੍ਹ ਕੇ ਰਾਣੀ ਮੌਤ ਨੂੰ ਮਖੌਲਾਂ ਕਰਦਾ ਰਿਹਾ। ਸਿਆਣਿਆਂ ਦੇ ਕਥਨ ਅਨੁਸਾਰ ਹੋਣੀ ਨਹੀਂ ਟਲਦੀ, ਉਸ ਨੇ ਆਪਣਾ ਕੰਮ ਕਰ ਦਿੱਤਾ। ਯੋਧੇ ਦੇ ਅੰਤ ਨਾਲ ਸਿੱਖ ਰਾਜ ਦੇ ਸਿੰਘਾਸਨ ਦਾ ਇਹ ਥੰਮ ਢਹਿ ਢੇਰੀ ਹੋ ਗਿਆ। ਅਰਥਾਤ ਸਿੰਘਾਸਨ ਡੋਲ ਗਿਆ... ਤੇ ਇਹ ਸਿੱਖ ਰਾਜ ਦੇ ਖਾਤਮੇ ਦਾ ਸੰਕੇਤ ਬਣਿਆ।
ਨਲੂਏ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਕਿਲ੍ਹਿਆਂ, ਸ਼ਹਿਰਾਂ ਅਤੇ ਧਰਮ ਅਸਥਾਨਾਂ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਨਾਮ ਤੇ ਹਜ਼ਾਰੇ ਦੇ ਕਿਲ੍ਹੇ ਦੀ ਉਸਾਰੀ ਕਰਵਾਈ, ਹਰੀਪੁਰ ਸ਼ਹਿਰ ਨੂੰ ਸਫਾਈ ਅਤੇ ਸਹੂਲਤਾਂ ਭਰਪੂਰ ਬਣਾਇਆ, ਪਿਸ਼ਾਵਰ ਵਿੱਚ ਕਿਲ੍ਹੇ ਬਣਾਏ, ਪੰਜਾ ਸਾਹਿਬ ਗੁਰੂ ਘਰ ਦੀ ਸੇਵਾ ਸੰਭਾਲ ਦੇ ਪੱਕੇ ਪ੍ਰਬੰਧ ਕੀਤੇ, ਕਿਲ੍ਹਾ ਗੁਜ਼ਰਾਂ ਵਾਲਾ, ਕਿਲ੍ਹਾ ਜਮਰੌਦ, ਕਸ਼ਮੀਰ ਵਿੱਚ ਧਾਰਮਿਕ ਅਸਥਾਨਾਂ ਦੀ ਉਸਾਰੀ ਅਤੇ ਕਿਲ੍ਹੇ ਬਣਵਾਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਦੀ ਸੇਵਾ ਸੋਨਾ ਜੜਾ ਕੇ ਕਰਵਾਈ, ਤਰਨਤਾਰਨ, ਮੁਕਤਸਰ ਸਾਹਿਬ ਵਿੱਚ ਮਹਾਨ ਸਰੋਵਰਾਂ ਦੀ ਸੇਵਾ ਅਤੇ ਗੁਰੂ ਸਾਹਿਬਾਨ ਦੀਆਂ ਉੱਚੀਆਂ ਸ਼ਾਨਾਂ ਨੂੰ ਬੁੰਗਿਆਂ ਰਾਹੀਂ ਪੇਸ਼ ਕੀਤਾ।
ਡਾਕਟਰ ਸਾਹਿਬ ਨੇ ਇਸ ਪੁਸਤਕ ਵਿੱਚ ਮਹਾਨ ਵਿਸ਼ੇ ਦੀ ਖੋਜ ਕਰਕੇ ਪੇਸ਼ ਕੀਤਾ ਹੈ। ਇਤਿਹਾਸ ਕਿਸੇ ਵੀ ਤਰ੍ਹਾਂ ਬਣਾਏ ਨਹੀਂ ਜਾਂਦੇ ਸਗੋਂ ਇਹ ਹਾਲਾਤਾਂ ਦੀ ਦੇਣ ਹੁੰਦੇ ਹਨ। ਹਾਲਾਤਾਂ ਦੀ ਪੀੜਾ ਇਤਿਹਾਸ ਸਿਰਜਦੀ ਹੈ। ਇਸ ਵਿਚਲੇ ਪਾਤਰਾਂ ਦੇ ਕਿਰਦਾਰ ਇਸ ਨੂੰ ਉੱਚਾ ਨੀਵਾਂ ਕਰਦੇ ਹਨ। ਸੰਸਾਰ ਵਿੱਚ ਸੈਂਕੜੇ ਕੌਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ। ਅਸੀਂ ਰਿਣੀ ਹਾਂ ਆਪਣੇ ਗੁਰੂਆਂ, ਭਗਤਾਂ, ਸਿਰਲੱਥ ਯੋਧਿਆਂ ਵੀਰਾਂ ਅਤੇ ਭੈਣਾਂ ਦੇ, ਜਿਨ੍ਹਾਂ ਨੇ ਆਪਣੇ ਨਾਮੋ-ਨਿਸ਼ਾਨ ਮਿਟਾ ਕੇ ਸਿੱਖ ਇਤਿਹਾਸ ਦਾ ਪਰਪੱਕ ਮਹੱਲ ਉਸਾਰਿਆ ਹੈ। ਧੰਨਵਾਦੀ ਹਾਂ ਸੇਖੋਂ ਸਾਹਿਬ ਦੇ ਜਿਨ੍ਹਾਂ ਇਤਿਹਾਸ ਦੀ ਲੰਮੀ ਲੜੀ ਨੂੰ ਵਿਗਿਆਨਕ ਸੋਚ ਅਤੇ ਤਰਕਮਈ ਸੂਝ ਬੂਝ ਨਾਲ ਪੇਸ਼ ਕੀਤਾ ਹੈ। ਪੁਸਤਕ ਦੀ ਬੋਲੀ ਮੁਹਾਵਰੇ ਭਰਪੂਰ ਠੇਠ ਪੰਜਾਬੀ ਹੈ, ਕਿਤੇ ਕਿਤੇ ਮਾਲਵੇ ਦਾ ਇਲਾਕਾਈ ਅਸਰ ਦਿਸਦਾ ਹੈ। ਵਾਕ ਬਣਤਰ ਕਿਤੇ ਕਿਤੇ ਅਣ-ਸੁਖਾਵੀਂ ਹੈ ਪਰ ਆਪ ਜੀ ਨੂੰ ਗੱਲ ਪਾਠਕ ਦੇ ਪੱਲੇ ਪਾ ਦੇਣ ਦਾ ਢੰਗ ਆਉਂਦਾ ਹੈ। ਲੇਖਣੀ ਨੂੰ ਰਸ ਭਰੀ ਬਨਾਉਣ ਲਈ ਗੁਰਬਾਣੀ ਅਤੇ