ਤੀਜਾ ਕਾਂਡ ਇਸ ਪੁਸਤਕ ਦੀ ਜਿੰਦ ਜਾਨ ਹੈ। ਉੱਘੇ ਯੋਧਿਆਂ ਦੀ ਵਰਦੀ ਤੇ ਸੁਨਹਿਰੀ ਨਿਸ਼ਾਨ ਮੜ੍ਹਨੇ, ਤਲਵਾਰਾਂ ਤੇ ਹੀਰੇ ਜੜ੍ਹਨੇ, ਘੋੜਿਆਂ ਦੀਆਂ ਕਾਠੀਆਂ ਦੀ ਜੜ੍ਹਤ ਜਵਾਹਰਾਂ ਨਾਲ ਕਰਨੀ, ਜਿੱਤੇ ਹੋਏ ਇਲਾਕਿਆਂ ਵਿੱਚ ਕਿਲ੍ਹਿਆਂ ਦਾ ਨਿਰਮਾਣ ਕਰਨਾ। ਕਿਲ੍ਹਿਆਂ ਦੀਆਂ ਦੀਵਾਰਾਂ ਦੀ ਖਾਸ ਉਚਾਈ ਚੜ੍ਹਾਈ ਤੋਂ ਇਲਾਵਾ ਬਾਹਰਵਾਰ ਡੂੰਘੇ ਖਾਲੇ ਪੁਟਵਾ ਕੇ ਪਾਣੀ ਨਾਲ ਭਰਨੇ ਸਰਦਾਰ ਹਰੀ ਸਿੰਘ ਨਲੂਏ ਦੇ ਦਿਮਾਗ ਦੀ ਅਸਚਰਜ਼ ਕਾਢ ਸੀ। ਇਸ ਤੋਂ ਇਲਾਵਾ ਕਸ਼ਮੀਰ ਦੀ ਕਦਮ ਕਦਮ ਦੀ ਤਸਵੀਰ, ਉਥੋਂ ਦੇ ਮੌਸਮ ਤੇ ਕੁਦਰਤੀ ਸੁੰਦਰਤਾ, ਲੋਕਾਂ ਦਾ ਹੁਸਨ, ਕੰਮ ਧੰਦੇ, ਸਮਾਜਿਕ ਅਤੇ ਆਰਥਿਕ ਅਵਸਥਾ ਬਾਰੇ ਜਾਣਕਾਰੀ ਹਾਸਲ ਕਰਨਾ ਨਲੂਏ ਦੇ ਮਹਾਨ ਕਾਰਨਾਮਿਆਂ ਦਾ ਵਰਨਣ ਹੈ। ਯੋਧੇ ਨੇ ਵਗਾਰ ਦਾ ਕੋਹੜ ਵੱਢਿਆ, ਧਾਰਮਿਕ ਆਜ਼ਾਦੀ ਦਵਾਈ, ਖੇਤੀ ਬਾੜੀ ਵਿੱਚ ਸੁਧਾਰ ਕੀਤਾ, ਭੇਡਾਂ ਬੱਕਰੀਆਂ ਰੱਖਣ ਵਾਲਿਆਂ ਨੂੰ ਮਾਲੀ ਮੱਦਦ ਦੇਣਾ, ਸ਼ਾਲ ਉਦਯੋਗ ਪ੍ਰਫੁੱਲਤ ਕਰਨਾ, ਕਾਗਜ਼ ਦੀ ਦਸਤਾਕਾਰੀ ਵਿੱਚ ਸੁਧਾਰ ਕਰਨਾ, ਆਵਾਜਾਈ ਲਈ ਰਸਤੇ ਬਨਾਉਣੇ, ਵੱਡੇ ਅਲਾਟੀਆਂ ਤੋਂ ਜ਼ਮੀਨਾਂ ਖੋਹ ਕੇ ਕਾਸ਼ਤਕਾਰਾਂ ਨੂੰ ਵੰਡ ਦੇਣੀਆਂ, ਖੇਤੀ ਉਦਯੋਗ ਸਾਂਭਣ ਲਈ ਗੋਦਾਮ ਬਨਾਉਣੇ, ਨਹਿਰਾਂ ਕੱਢਵਾ ਕੇ ਬਰਾਨ ਜ਼ਮੀਨਾਂ 'ਚ ਸਿੰਜਾਈ ਦਾ ਪ੍ਰਬੰਧ ਕਰਨਾ, ਜਿਨਸ ਖ੍ਰੀਦਣ ਵੇਚਣ ਲਈ ਨਵੇਂ ਤੋਲ ਮਾਪ ਕਰਨੇ, ਲੋਕਾਂ ਖਾਸ ਕਰ ਕਾਮਿਆਂ ਦੇ ਜੀਵਨ ਵਿੱਚ ਸੁਧਾਰ ਅਤੇ ਖੁਸ਼ਹਾਲੀ ਲਿਆਉਣੀ ਆਦਿ ਰਾਹੀਂ ਸਰਦਾਰ ਦੀ ਸੱਚੀ-ਸੁੱਚੀ ਸੋਚ ਨੂੰ ਦਰਸਾਇਆ ਗਿਆ ਹੈ। ਇਸ ਕਾਂਡ ਦਾ ਕੁਝ ਹਿੱਸਾ ਤਾਂ ਭੁਲੇਖਾ ਪਾਉਂਦਾ ਹੈ ਜਿਵੇਂ ਇਹ ਸਭ ਕੁਝ ਕਰਨਾ ਇੱਕ ਸਫਰਨਾਮਾ ਹੋਵੇ।
ਚੌਥਾ ਕਾਂਡ ਖਾਲਸਾ ਰਾਜ ਦੇ ਖੇਤਰ ਨੂੰ ਦਰਸਾਉਂਦਾ ਹੈ ਕਿ ਇਹ ਕਿਤਨਾ ਵਿਸ਼ਾਲ ਸੀ। ਨਾਲ ਹੀ ਇਹ ਵੀ ਖੁਲਾਸਾ ਕਰਵਾਉਂਦਾ ਹੈ ਕਿ ਸ਼ਿਮਲੇ ਵਰਗੇ ਮਿਸ਼ਨ ਵਿੱਚ ਸਰਦਾਰ ਨਲੂਆ ਜੀ ਗੋਰੀਆਂ ਔਰਤਾਂ ਦੇ ਅਰਧ ਨੰਗੇ ਸਰੀਰਾਂ ਨਾਲ ਨਾਚ ਦੇ ਪੂਰੇ ਖਿਲਾਫ ਸਨ। ਇੱਕ ਖਾਸ ਗੱਲ ਇਹ ਸੀ ਕਿ ਸਰਦਾਰ ਗੋਰੀ ਸਰਕਾਰ ਨਾਲ ਸ਼ੇਰਿ-ਏ-ਪੰਜਾਬ ਦੀ ਕਿਸੇ ਵੀ ਸੰਧੀ ਦੇ ਜਾਤੀ ਤੌਰ ਤੇ ਖਿਲਾਫ ਸਨ। ਭਾਵ ਆਪ ਰਬੜ ਦੀ ਮੋਹਰ ਨਹੀਂ ਸਨ ਸਗੋਂ ਤਰਕ ਭਰੀ ਸੋਚ ਦੇ ਮਾਲਿਕ ਸਨ।
ਪੰਜਵੇਂ ਕਾਂਡ ਵਿੱਚ ਪਿਸ਼ਾਵਰ ਇਲਾਕੇ ਦੀ ਵਧੀਆ ਰਾਜ ਸਥਾਪਤੀ ਦਾ ਜ਼ਿਕਰ ਹੈ। ਛੇਵੇਂ ਕਾਂਡ ਨੂੰ ਵੈਰਾਗਮਈ ਕਾਂਡ ਆਖਾਂਗੇ। ਸਿੱਖ ਇਤਿਹਾਸ ਵਿੱਚ
ਜਮਰੌਦ ਦੇ ਕਿਲ੍ਹੇ ਦਾ ਖਾਸ ਅਸਥਾਨ ਹੈ। ਇਸ ਇਲਾਕੇ ਵਿੱਚ ਸੂਰਮੇ ਨੂੰ ਮੌਤ ਦੇ ਫਰਿਸ਼ਤੇ ਕਈ ਦਿਨ ਲੱਭਦੇ ਫਿਰਦੇ ਰਹੇ। ਪਰ ਇਹ ਯੋਧਾ ਸਿਰ ਤੇ ਕੱਫਣ ਬੰਨ੍ਹ ਕੇ ਰਾਣੀ ਮੌਤ ਨੂੰ ਮਖੌਲਾਂ ਕਰਦਾ ਰਿਹਾ। ਸਿਆਣਿਆਂ ਦੇ ਕਥਨ ਅਨੁਸਾਰ ਹੋਣੀ ਨਹੀਂ ਟਲਦੀ, ਉਸ ਨੇ ਆਪਣਾ ਕੰਮ ਕਰ ਦਿੱਤਾ। ਯੋਧੇ ਦੇ ਅੰਤ ਨਾਲ ਸਿੱਖ ਰਾਜ ਦੇ ਸਿੰਘਾਸਨ ਦਾ ਇਹ ਥੰਮ ਢਹਿ ਢੇਰੀ ਹੋ ਗਿਆ। ਅਰਥਾਤ ਸਿੰਘਾਸਨ ਡੋਲ ਗਿਆ... ਤੇ ਇਹ ਸਿੱਖ ਰਾਜ ਦੇ ਖਾਤਮੇ ਦਾ ਸੰਕੇਤ ਬਣਿਆ।
ਨਲੂਏ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਕਿਲ੍ਹਿਆਂ, ਸ਼ਹਿਰਾਂ ਅਤੇ ਧਰਮ ਅਸਥਾਨਾਂ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਨਾਮ ਤੇ ਹਜ਼ਾਰੇ ਦੇ ਕਿਲ੍ਹੇ ਦੀ ਉਸਾਰੀ ਕਰਵਾਈ, ਹਰੀਪੁਰ ਸ਼ਹਿਰ ਨੂੰ ਸਫਾਈ ਅਤੇ ਸਹੂਲਤਾਂ ਭਰਪੂਰ ਬਣਾਇਆ, ਪਿਸ਼ਾਵਰ ਵਿੱਚ ਕਿਲ੍ਹੇ ਬਣਾਏ, ਪੰਜਾ ਸਾਹਿਬ ਗੁਰੂ ਘਰ ਦੀ ਸੇਵਾ ਸੰਭਾਲ ਦੇ ਪੱਕੇ ਪ੍ਰਬੰਧ ਕੀਤੇ, ਕਿਲ੍ਹਾ ਗੁਜ਼ਰਾਂ ਵਾਲਾ, ਕਿਲ੍ਹਾ ਜਮਰੌਦ, ਕਸ਼ਮੀਰ ਵਿੱਚ ਧਾਰਮਿਕ ਅਸਥਾਨਾਂ ਦੀ ਉਸਾਰੀ ਅਤੇ ਕਿਲ੍ਹੇ ਬਣਵਾਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਦੀ ਸੇਵਾ ਸੋਨਾ ਜੜਾ ਕੇ ਕਰਵਾਈ, ਤਰਨਤਾਰਨ, ਮੁਕਤਸਰ ਸਾਹਿਬ ਵਿੱਚ ਮਹਾਨ ਸਰੋਵਰਾਂ ਦੀ ਸੇਵਾ ਅਤੇ ਗੁਰੂ ਸਾਹਿਬਾਨ ਦੀਆਂ ਉੱਚੀਆਂ ਸ਼ਾਨਾਂ ਨੂੰ ਬੁੰਗਿਆਂ ਰਾਹੀਂ ਪੇਸ਼ ਕੀਤਾ।
ਡਾਕਟਰ ਸਾਹਿਬ ਨੇ ਇਸ ਪੁਸਤਕ ਵਿੱਚ ਮਹਾਨ ਵਿਸ਼ੇ ਦੀ ਖੋਜ ਕਰਕੇ ਪੇਸ਼ ਕੀਤਾ ਹੈ। ਇਤਿਹਾਸ ਕਿਸੇ ਵੀ ਤਰ੍ਹਾਂ ਬਣਾਏ ਨਹੀਂ ਜਾਂਦੇ ਸਗੋਂ ਇਹ ਹਾਲਾਤਾਂ ਦੀ ਦੇਣ ਹੁੰਦੇ ਹਨ। ਹਾਲਾਤਾਂ ਦੀ ਪੀੜਾ ਇਤਿਹਾਸ ਸਿਰਜਦੀ ਹੈ। ਇਸ ਵਿਚਲੇ ਪਾਤਰਾਂ ਦੇ ਕਿਰਦਾਰ ਇਸ ਨੂੰ ਉੱਚਾ ਨੀਵਾਂ ਕਰਦੇ ਹਨ। ਸੰਸਾਰ ਵਿੱਚ ਸੈਂਕੜੇ ਕੌਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ। ਅਸੀਂ ਰਿਣੀ ਹਾਂ ਆਪਣੇ ਗੁਰੂਆਂ, ਭਗਤਾਂ, ਸਿਰਲੱਥ ਯੋਧਿਆਂ ਵੀਰਾਂ ਅਤੇ ਭੈਣਾਂ ਦੇ, ਜਿਨ੍ਹਾਂ ਨੇ ਆਪਣੇ ਨਾਮੋ-ਨਿਸ਼ਾਨ ਮਿਟਾ ਕੇ ਸਿੱਖ ਇਤਿਹਾਸ ਦਾ ਪਰਪੱਕ ਮਹੱਲ ਉਸਾਰਿਆ ਹੈ। ਧੰਨਵਾਦੀ ਹਾਂ ਸੇਖੋਂ ਸਾਹਿਬ ਦੇ ਜਿਨ੍ਹਾਂ ਇਤਿਹਾਸ ਦੀ ਲੰਮੀ ਲੜੀ ਨੂੰ ਵਿਗਿਆਨਕ ਸੋਚ ਅਤੇ ਤਰਕਮਈ ਸੂਝ ਬੂਝ ਨਾਲ ਪੇਸ਼ ਕੀਤਾ ਹੈ। ਪੁਸਤਕ ਦੀ ਬੋਲੀ ਮੁਹਾਵਰੇ ਭਰਪੂਰ ਠੇਠ ਪੰਜਾਬੀ ਹੈ, ਕਿਤੇ ਕਿਤੇ ਮਾਲਵੇ ਦਾ ਇਲਾਕਾਈ ਅਸਰ ਦਿਸਦਾ ਹੈ। ਵਾਕ ਬਣਤਰ ਕਿਤੇ ਕਿਤੇ ਅਣ-ਸੁਖਾਵੀਂ ਹੈ ਪਰ ਆਪ ਜੀ ਨੂੰ ਗੱਲ ਪਾਠਕ ਦੇ ਪੱਲੇ ਪਾ ਦੇਣ ਦਾ ਢੰਗ ਆਉਂਦਾ ਹੈ। ਲੇਖਣੀ ਨੂੰ ਰਸ ਭਰੀ ਬਨਾਉਣ ਲਈ ਗੁਰਬਾਣੀ ਅਤੇ
ਕਾਵਿ ਟੋਟਕਿਆਂ ਦੀ ਖੂਬ ਵਰਤੋਂ ਕੀਤੀ ਹੋਈ ਹੈ। ਰੱਬ ਅੱਗੇ ਅਰਦਾਸ ਕਰੀਏ ਕਿ ਡਾਕਟਰ ਸਾਹਿਬ ਖੋਜ ਭਰੀ ਰਚਨਾ ਕਰਦੇ ਰਹਿਣ ਤੇ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ।
ਦਾਸ
ਸੁਰਜੀਤ ਸਿੰਘ
ਮੁਖੀ-ਪੰਜਾਬੀ ਵਿਭਾਗ (ਸਾਬਕਾ)
ਗੁਰੂ ਨਾਨਕ ਨੈਸ਼ਨਲ ਕਾਲਜ
ਨਕੋਦਰ
ਜਲੰਧਰ
ਭੂਮਿਕਾ
ਅਨੰਤ ਸ਼ਕਤੀਆਂ ਦੇ ਮਾਲਕ ਪਰਮੇਸ਼ਰ ਦੀ ਦ੍ਰਿਸ਼ਟੀ ਬੜੀ ਬੇਅੰਤ ਹੈ ਜਿਸ ਅੰਦਰ ਜੋਤ, ਦਾਤ ਅਤੇ ਜੁਗਤ ਦੀ ਕਲਾ ਪਸਰ ਰਹੀ ਹੈ। ਇਹ ਕਲਾ ਉਹ ਮਹਾਨ ਸ਼ਕਤੀ ਹੈ ਜੋ ਦਿਖਾਈ ਨਹੀਂ ਦਿੰਦੀ ਪਰ ਪ੍ਰਤੱਖ ਰੂਪ ਵਿੱਚ ਪ੍ਰਗਟ ਹੈ। ਇਹ ਸ਼ਕਤੀ ਐਸੀ ਹੈ ਜਿਸ ਨੂੰ ਮਾਪਿਆ, ਤੋਲਿਆ ਅਤੇ ਗਿਣਿਆ ਨਹੀਂ ਜਾ ਸਕਦਾ। ਹਰ ਇੱਕ ਜੀਵ ਅੰਦਰ ਉਸ ਜੀਵਨ ਦਾਤੇ ਵਲੋਂ ਕਲਾ ਟਿਕਾਈ ਹੋਈ ਹੈ ਅਤੇ ਇਹ ਪਿਛਲੇ ਜਨਮਾਂ-ਜਨਮਾਂਤ੍ਰਾਂ ਦੀ ਕੀਤੀ ਕਮਾਈ ਤੇ ਅਧਾਰਤ ਹੁੰਦੀ ਹੈ। ਮਨੁੱਖੀ ਜੀਵਨ ਜਾਂ ਸੰਜੀਵ ਜੀਵਾਂ ਦੇ ਜੀਵਨ ਦਾ ਆਰੰਭ ਵੀ ਹੈ ਅਤੇ ਅੰਤ ਵੀ ਹੈ ਪਰ ਕਲਾ ਅਨੰਤ ਹੈ। ਪ੍ਰਭੂ ਵਲੋਂ ਬਖਸ਼ੀ ਕਲਾ ਨੂੰ ਘਟਾਇਆ, ਵਧਾਇਆ ਨਹੀਂ ਜਾ ਸਕਦਾ। ਹਾਂ ਮਨੁੱਖ ਆਪਣੀ ਕਲਾ ਦੀ ਵਰਤੋਂ ਘੱਟ ਵੱਧ ਕਰ ਸਕਦਾ ਹੈ। ਪ੍ਰਸਿੱਧ ਚਿਤ੍ਰਕਾਰ ਸਰਦਾਰ ਸੋਭਾ ਸਿੰਘ ਅਨੁਸਾਰ 'ਕਲਾ ਇੱਕ ਉਚੇਰੀ ਤੇ ਆਜ਼ਾਦ ਉਡਾਰੀ ਹੈ' ਜੋ ਸੁੱਤੀਆਂ ਰੂਹਾਂ ਨੂੰ ਜਗਾ ਦਿੰਦੀ ਹੈ ਅਤੇ ਭੁੱਲੇ-ਭਟਕਿਆਂ ਨੂੰ ਸਹੀ ਰਸਤੇ ਪਾ ਦਿੰਦੀ ਹੈ। ਕਲਾ ਤਾਂ ਹੀ ਸਫ਼ਲ ਹੈ ਜੇ ਕਲਾਕਾਰ ਇਸ ਨੂੰ ਚੰਗੀ ਤਰ੍ਹਾਂ ਸਮਝੇ। ਕਲਾ ਇੱਕ ਮਿਸ਼ਨ ਹੋਣਾ ਚਾਹੀਦਾ ਹੈ ਪੇਸ਼ਾ ਨਹੀਂ। ਅਰਿਸਟੋਟਲ ਨੇ ਕਲਾ ਨੂੰ ਕੁਦਰਤ ਦੀ ਸੂਝ-ਬੂਝ ਵਾਲੀ ਨਿਰੂਪਣ ਸ਼ਕਤੀ ਲਿਖਿਆ ਹੈ। ਇਹ ਸ਼ਕਤੀ ਇੱਕ ਸੁਰਤਾ ਅਤੇ ਵਜ਼ਨਦਾਰ ਮਾਪ ਦਾ ਪ੍ਰਤੱਖ ਸਰੂਪ ਹੈ। ਬੰਦੇ ਇਸ ਕੁਦਰਤੀ ਸ਼ਕਤੀ ਦੇ ਤੋਹਫੇ ਨੂੰ ਆਪਣੀ ਕਾਬਲੀਅਤ ਦੀ ਪਦਵੀ ਦਰਸਾਉਂਦੇ ਹਨ, ਜਦੋਂ ਉਨ੍ਹਾਂ ਦੇ ਮਨਾਂ ਅੰਦਰ ਉਜੱਡਪੁਣਾ ਪੈਦਾ ਹੁੰਦਾ ਹੈ।
'Imagination then is one instinct of our nature. Next there is the instinct for harmony, and rhythmymeters being manifestly sections of rhythms Persons, therefore, starting with this natural gift developed by degrees their special aptitudes till their rude improvisations give birth.
ਅਕਾਲ ਪੁਰਖ ਨੇ ਦੂਜੇ ਜੀਵਾਂ ਦੇ ਮੁਕਾਬਲੇ ਮਨੁੱਖ ਨੂੰ ਉੱਤਮ ਦਿਮਾਗ, ਚੰਗੀ ਸੋਚ ਅਤੇ ਇੱਕ ਦੂਜੇ ਨਾਲ ਗੱਲਬਾਤ ਕਰਨ, ਮੇਲ-ਮਿਲਾਪ ਰੱਖਣ, ਪੜ੍ਹਨ ਅਤੇ ਲਿਖਣ ਲਈ ਵਿਲੱਖਣ ਵਿਧੀ ਬਖਸ਼ੀ ਹੋਈ ਹੈ। ਪਰ ਇਹ ਆਪਣੇ ਸੁਆਰਥ, ਲਾਭ, ਹਿੱਤ ਅਤੇ ਹੰਕਾਰੀ ਔਗੁਣਾਂ ਨੂੰ ਮੁੱਖ ਰੱਖ ਕੇ ਕਮਜ਼ੋਰਾਂ ਅਤੇ ਗਰੀਬਾਂ ਨੂੰ
ਗੁਲਾਮ ਬਣਾ ਕੇ ਉਨ੍ਹਾਂ ਤੇ ਜ਼ੁਲਮ ਢਾਹੁੰਦਾ ਹੈ, ਲੁੱਟ-ਖਸੁੱਟ ਕਰਦਾ ਹੈ ਜਿਸ ਕਾਰਨ, ਜੰਗਲ ਰੂਪੀ ਬੋਲ ਬਾਲਾ ਹੋ ਜਾਂਦਾ ਹੈ। ਜਿਸ ਦੀ ਲਾਠੀ ਉਸ ਦੀ ਭੈਂਸ ਵਾਲੇ ਹਾਲਤ ਪੈਦਾ ਹੋਣ ਕਾਰਨ ਪਾਪਾਂ ਦੀ ਹੱਦ ਹੋ ਜਾਂਦੀ ਹੈ ਅਤੇ ਪਰਜਾ 'ਚ ਕੁਰਲਾਹਟ ਮੱਚ ਜਾਂਦੀ ਹੈ। ਪਰ ਅਖੀਰ ਇਹਨਾਂ ਆਹਾਂ ਅਤੇ ਰੋਣ ਦੀਆਂ ਧਾਹਾਂ ਜਦੋਂ ਜੀਵਨ ਦਿਹੰਦ ਸੁਣਦਾ ਹੈ ਤਾਂ ਇਹਨਾਂ ਨੂੰ ਠੱਲ੍ਹਣ ਲਈ ਉਹ ਕਿਸੇ ਮਹਾਂਬਲੀ ਨੂੰ ਕਲਾ ਦੇ ਕੇ ਸੰਸਾਰ ਤੇ ਭੇਜਦਾ ਹੈ। ਉਹ ਅਗੰਮੀ ਮਰਦ ਸ਼ਸਤਰਾਂ ਅਤੇ ਗੁਲਾਮੀ ਦੀ ਚੱਕੀ ਵਿੱਚ ਪਿਸ ਰਹੀ ਖਲਕਤ ਦੀ ਸਹਾਇਤਾ ਨਾਲ ਪਾਪੀ ਬੁਰਛਿਆਂ ਦੀ ਪੰਜਾਲੀ ਉਹਨਾਂ ਦੇ ਗਲੋਂ ਲੁਹਾ ਦਿੰਦਾ ਹੈ। ਅਸਲ ਵਿੱਚ ਭਾਣਾ ਸਾਰਾ ਕਰਤੇ ਦਾ ਹੀ ਵਰਤਦਾ ਹੈ ਜਿਵੇਂ ਗੁਰਬਾਣੀ ਦੇ ਬੋਲ ਹਨ:
ਲੋਭ ਲਹਰਿ ਸਭ ਸੁਆਨ ਹਲਕੁ ਹੈ ਹਲਕਿਓ ਸਭਹਿ ਬਿਗਾਰੇ॥
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋਈ ਗੁਰ ਗਿਆਨੁ ਖੜਗੁ ਲੈ ਮਾਰੇ॥ (੯੮੩)
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ (੧੭੦੮ ਤੋਂ ੧੭੧੬) ਦਾ ਸਮਾਂ ਛੱਡ ਕੇ ਹਿੰਦੁਸਤਾਨ ਤਕਰੀਬਨ ੮੦੦ ਸਾਲ ਅਰਬਾਂ, ਤੁਰਕਾਂ ਅਤੇ ਮੁਗਲਾਂ ਦੇ ਅਧੀਨ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਰਿਹਾ। ਇਸ ਸਮੇਂ ਦੌਰਾਨ ਜੋ ਜਬਰ ਜਨ੍ਹਾ, ਘਾਣ, ਦੁਰਗਤੀ ਅਤੇ ਮੁਸੀਬਤਾਂ ਦੀ ਹਨੇਰੀ ਪਰਜਾ ਉੱਪਰ ਝੁੱਲੀ ਉਹ ਸੰਤਾਪ ਅਤੇ ਅਤਿਆਚਾਰ ਲੂੰ ਕੰਡੇ ਖੜ੍ਹੇ ਕਰਨ ਵਾਲੀ ਵਾਰਤਾ ਹੈ। ਬੰਦਿਆਂ ਦਾ ਜੀਵਨ ਪਸ਼ੂਆਂ ਨਾਲੋਂ ਵੀ ਮੰਦਾ ਸੀ। ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਗਿਆ, ਇਸਤਰੀਆਂ ਦੇ ਸਤ ਭੰਗ ਕੀਤੇ ਗਏ, ਬੇਕਸੂਰਿਆਂ, ਬੱਚਿਆਂ ਅਤੇ ਬੁੱਢਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਹਿੰਦੂਆਂ ਤੇ ਹੋ ਰਹੇ ਧੱਕੇ ਅਤੇ ਸਲੂਕ ਬਾਰੇ ਗਿਆਨੀ ਗਿਆਨ ਸਿੰਘ ਜੀ 'ਪੰਥ ਪ੍ਰਕਾਸ਼' ਵਿੱਚ ਲਿਖਦੇ ਹਨ:
ਬੇਟੀ ਬਹੂ ਨਵੀਂ ਜੋ ਐ ਹੈਂ। ਤ੍ਰੈ ਦਿਨ ਜਬਰਨ ਤਾਹਿ ਰਖੈ ਹੈਂ।
ਪੁਨ ਜਬ ਹਿੰਦੂ ਕੋਈ ਮਰ ਹੈਂ। ਕਬਰ ਪੀਰ ਦਰਵਾਜੇ ਪਰ ਹੈ।
ਤਿਸ ਕੇ ਨੀਚੇ ਸੈ ਲਖਵੈ ਹੈਂ। ਮੁਰਦਾ ਫਿਰ ਜਲਤ ਸੋ ਨੈ ਹੈਂ।
ਡਾਕਟਰ ਹਰੀ ਰਾਮ ਗੁਪਤਾ ਲਿਖਦੇ ਹਨ ਕਿ ਜੇਕਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ (੧੪੬੯) ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਤੋਂ ੫੦੦ ਸਾਲ ਪਹਿਲਾਂ ਤੇ ਝਾਤੀ ਮਾਰੀਏ ਤਾਂ ਜਰਵਾਣਿਆਂ ਨੇ ਇਸ ਸਮੇਂ ਦੌਰਾਨ ਤਕਰੀਬਨ