ਮੈਨੂੰ ਕਹਿਣਗੇ ਸ਼ਾਹੀ ਫ਼ਕੀਰਨੀ
ਜਦੋਂ ਸ਼ਾਇਰ ਲਿਖਣਗੇ ਹਾਲ
-----------------
"ਰਾਜਾ ਕੌਣ ਬਣੇਗਾ ?" ਛੋਟੀਆਂ-ਛੋਟੀਆਂ ਕੁੜੀਆਂ 'ਰਾਜਾ ਰਾਣੀ' ਦੀ ਖੇਡ-ਖੇਡ ਰਹੀਆਂ ਸਨ।
"ਮੈਂ।” ਇਕ ਠੁੱਲੇ ਜੇਹੇ ਸਰੀਰ ਦੀ ਕੁੜੀ ਨੇ ਕਿਹਾ।
"ਰਾਣੀ ਕੌਣ ਬਣੇਗੀ ?"
"ਮੈਂ।" ਇਕ ਹੋਰ ਵਾਜ ਆਈ।
"ਸਭ ਤੋਂ ਵੱਡਾ ਰਾਜਾ ਕੌਣ ?"
"ਸਭ ਤੋਂ ਵੱਡਾ ਤਾਂ ਮਹਾਰਾਜਾ ਰਣਜੀਤ ਸੁੰਹ ਈਂ ਏਂ।" ਇਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ।
"ਉਹਦੀ ਰਾਣੀ ਕੌਣ ਬਣੇਗੀ ?"
"ਮੈਂ।" ਬਾਲੜੀ ਜਿੰਦਾਂ ਨੇ ਦੋ ਕਦਮ ਅੱਗੇ ਵੱਧ ਕੇ ਕਿਹਾ।
"ਲੈ, ਇਹ ਤਾਂ ਮਹਾਰਾਜਾ, ਰਣਜੀਤ ਸੁੰਹ ਦੀ ਰਾਣੀ ਬਣੂੰਗੀ।" ਜਿੰਦਾਂ ਦੀ ਵੱਡੀ ਭੈਣ ਨੇ ਵਿਅੰਗ ਨਾਲ ਕਿਹਾ।
ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜ-ਖਿੜਾ ਕੇ ਹੱਸ ਪਈਆਂ। ਜਿੰਦਾਂ ਹੈਰਾਨ ਹੋਈ ਉਹਨਾਂ ਦੇ ਮੂੰਹਾਂ ਵੱਲ ਵੇਖਣ ਲੱਗੀ। ਉਹਨੂੰ ਇਹ ਸਮਝ ਨਾ ਪਈ ਕਿ ਇਸ ਵਿਚ ਹੱਸਣ ਵਾਲੀ ਗੱਲ ਕਿਹੜੀ ਸੀ ? ਉਹ ਸੋਚ ਰਹੀ ਸੀ, 'ਜੇ ਕੋਈ ਭੜੋਲ੍ਹੀ ਵਰਗੀ ਕੁੜੀ ਰਾਜਾ ਬਣ ਸਕਦੀ ਏ, ਚੁੰਨ੍ਹੀਆਂ ਅੱਖਾਂ ਵਾਲੀ ਰਾਣੀ ਬਣ ਸਕਦੀ ਏ, ਤਾਂ ਮੈਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ? ਆਖ਼ਰ ਖੇਡ ਹੀ ਤਾਂ ਹੈ, ਦੋ ਘੜੀਆਂ ਦਾ ਦਿਲ-ਪਰਚਾਵਾ। ਖੇਡ ਵਿੱਚ ਕੋਈ ਸਾਧ ਬਣਦੀ ਏ, ਕੋਈ ਚੋਰ ਬਣਦੀ ਏ, ਕੋਈ ਕੋਤਵਾਲ ਬਣਦੀ ਏ, ਕੋਈ ਸਿਪਾਹੀ ਬਣਦੀ ਏ। ਉਹਨਾਂ ਵੱਲੇ ਵੇਖ ਕੇ ਕੋਈ ਕੁੜੀ ਨਹੀਂ ਹੱਸਦੀ। ਜੇ ਮੈਂ ਰਣਜੀਤ ਸੁੰਹ ਦੀ ਰਾਣੀ ਬਣਨ ਵਾਸਤੇ ਕਿਹਾ ਏਂ, ਤਾਂ ਇਹ ਕਿਉਂ ਹੱਸ ਪਈਆਂ ਨੇ ? ਇਹ ਕਿਹੜਾ ਕਿਸੇ ਸੱਚ-ਮੁੱਚ ਦੀ ਰਾਣੀ ਬਣਨਾ ਏਂ ? ਐਵੇਂ ਝੂਠੀ-ਮੂਠੀ ਦੀ
ਖੇਡ ਈ ਤਾਂ ਹੈ। ਫਿਰ ਹੱਸਣ ਦਾ ਕਾਰਨ ? ਉਮਰੋਂ ਛੋਟੀ ਹੋਣ ਕਰਕੇ, ਉਹ ਇਹ ਨਾ ਸਮਝ ਸਕੀ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਵਿਅੰਗਮਈ ਲਹਿਜਾ ਸੀ।
"ਓਦਰ ਕਿਉਂ ਗਈ ਏਂ ?" ਜਿੰਦਾਂ ਦੀ ਵੱਡੀ ਭੈਣ ਨੇ ਉਹਨੂੰ ਬਾਹੀਂ ਵਿਚ ਲੈ ਕੇ ਕਿਹਾ। "ਤੈਨੂੰ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਈ ਬਣਾ ਦਿਆਂਗੇ।"
ਸਾਰੀਆਂ ਕੁੜੀਆਂ ਫੇਰ ਉੱਚੀ-ਉੱਚੀ ਹੱਸ ਪਈਆਂ।
ਫਿਰ ਸਾਰਾ ਸਮਾਂ ਜਿੰਦਾਂ ਨੂੰ ਖੇਡ ਵਿੱਚ ਸਵਾਦ ਨਾ ਆਇਆ। ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ। ਉਹ ਬਥੇਰਾ ਸਿਰ ਪੈਰ ਮਾਰਦੀ, ਪਰ ਉਹਦੀ ਬਾਲ-ਬੁੱਧੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦੇਂਦੀ। ਕੁੜੀਆਂ ਖੇਡਦੀਆਂ ਰਹੀਆਂ, ਤੇ ਉਹ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਖਲੀ ਰਹੀ।
“ਮਾਂ! ਲੈ, ਜਿੰਦਾਂ ਨੂੰ ਤਾਂ ਮਹਾਰਾਜਾ ਰਣਜੀਤ ਸੁੰਹ ਨਾਲ ਮੰਗ ਦਿਹੋ। ਇਹਨੇ ਉਹਦੀ ਰਾਣੀ ਬਣਨਾ ਜੇ।" ਘਰ ਜਾ ਕੇ ਜਿੰਦਾਂ ਦੀ ਵੱਡੀ ਭੈਣ ਨੇ ਹਾਸੇ ਨਾਲ ਕਿਹਾ।
"ਕਿਉਂ ? ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ?" ਮਾਂ ਨੇ ਜਿੰਦਾਂ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਉਹਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ। "ਆ ਖਾਂ ਮੇਰੀ ਧੀ ਰਾਣੀ। ਇਹਨੂੰ ਅਸੀਂ ਮਹਾਰਾਜੇ ਦੀ ਵੱਡੀ ਰਾਣੀ ਬਣਾਵਾਂਗੇ।" ਮਾਂ ਨੇ ਧੀ ਨੂੰ ਜੱਫ਼ੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ।
"ਮਾਂ! ਅਸੀਂ...ਅਸੀਂ 'ਰਾਜਾ ਰਾਣੀ' ਖੇਡਦੀਆਂ ਸਾਂ ਪਈਆਂ। ਧੋਲ੍ਹੀ ਨੇ ਪੁੱਛਿਆ, 'ਰਾਜਾ ਕੌਣ ਬਣੇਗਾ ?' ਤੇਲੀਆਂ ਦੀ ਭੜੋਲ੍ਹੀ ਜਿਹੀ ਰ੍ਹੀਮੋ ਆਹੰਦੀ, 'ਮੈਂ ਬਣਾਂਗੀ।' ਫੇਰ ਧੋਲ੍ਹੀ ਨੇ ਪੁੱਛਿਆ, 'ਰਾਣੀ ਕੌਣ ਬਣੇਗੀ ?' ਉਹ ਚੁੰਨ੍ਹੀ ਜਿਹੀ ਸੰਤੀ ਬਣ ਗਈ। ਊਂਹ! ਨਾ ਮੂੰਹ ਨਾ ਮੱਥਾ, ਤੇ... ਤੇ ਜਿੰਨ ਪਹਾੜੋਂ ਲੱਥਾ।" ਜਿੰਦਾਂ ਨੇ ਮੱਥੇ ਉੱਤੇ ਤਿਊੜੀ ਪਾ ਕੇ ਪੁੱਠਾ ਹੱਥ ਦੇਂਦਿਆਂ ਕਿਹਾ। ਉਹ ਸੰਤੀ ਨੂੰ ਰਾਣੀ ਬਣਨ ਦੇ ਯੋਗ ਨਹੀਂ ਸੀ ਸਮਝਦੀ। "ਫਿਰ ਮੈਂ ਕੀ ਬਣਦੀ ? ਧੋਲ੍ਹੀ ਨੇ ਆਖਿਆ, ਹੈਂ, ਹੈਂ, ਆਖਿਆ, ਸਭ ਤੋਂ
ਵੱਡੇ ਰਾਜੇ ਰਣਜੀਤ ਸੁੰਹ ਦੀ ਰਾਣੀ ਕੌਣ ਬਣੇਗੀ ? ਮੈਂ ਆਖ ਦਿੱਤਾ, 'ਮੈਂ"। ਤੇ ਇਹ ਬੁੱਧ-ਬਲ੍ਹੇਟ ਹਿੰਹਿੰ ਹਿੰਹਿੰ ਕਰ ਕੇ ਹੱਸੀ ਜਾਏ।" ਜਿੰਦਾਂ ਨੇ ਭੈਣ ਵੱਲੇ ਹੱਥ ਕਰ ਕੇ ਕਿਹਾ। "ਵੱਧ ਕੇ ਕੋਠੇ ਜਿੱਡੀ ਹੋ ਚੱਲੀ ਏ, ਤੇ ਅਕਲ ਮਾਸਾ ਨਹੀਂ ਇਹਨੂੰ।" ਜਿੰਦਾਂ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ।
"ਇਹਨੂੰ ਅਕਲ ਕਿੱਥੇ ? ਇਹ ਤਾਂ ਨਿਰੀ ਬੁੱਧੂ ਏ।" ਮਾਂ ਨੇ ਲਾਡ ਨਾਲ ਜਿੰਦਾਂ ਦੀ ਗੱਲ ਦੀ ਪ੍ਰੋੜ੍ਹਤਾ ਕਰ ਦਿੱਤੀ।
“ਤੇ ਹੋਰ। ਭਲਾ ਹਾਸੇ ਭਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਏ? ਅਸੀਂ ਤਾਂ ਐਵੇਂ ਝੂਠੀ-ਮੂਠੀ ਖੇਡਦੀਆਂ ਸਾਂ।" ਜਿੰਦਾਂ ਨੇ ਮਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਕਿਹਾ।
"ਤੇ ਮੇਰੀ ਜਿੰਦਾਂ ਨਾਲੋਂ ਕਿਹੜੀ ਰਾਣੀ ਸੋਹਣੀ ਏਂ ? ਅਸੀਂ ਸੱਚ-ਮੁੱਚ ਇਹਨੂੰ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਬਣਾ ਦਿਆਂਗੇ।" ਜਿੰਦਾਂ ਦੀ ਸੁੰਦਰਤਾ ਉੱਤੇ ਮਾਂ ਦਾ ਦਿਲ ਵੀ ਮੋਹਿਆ ਗਿਆ ਸੀ।
"ਸੱਚ ਮੁੱਚ ?" ਜਿੰਦਾਂ ਦੇ ਸਵਾਲ ਵਿੱਚ ਖ਼ੁਸ਼ੀ ਤੇ ਹੈਰਾਨੀ ਲੁੱਕੀਆਂ ਹੋਈਆਂ ਸਨ।
"ਹਾਂ-ਹਾਂ, ਸੱਚ-ਮੁੱਚ" ਮਾਂ ਨੇ ਦੁਬਾਰਾ ਹਾਮੀ ਭਰ ਦਿੱਤੀ।
"ਆਹਾ ਜੀ, ਅਸੀਂ ਮਹਾਰਾਜਾ… ਰਣਜੀਤ ਸੁੰਹ ਦੀ ਰਾਣੀ ਬਣਾਂਗੇ।" ਮਾਂ ਦੀ ਬਾਹੀਂ ਵਿੱਚੋਂ ਨਿਕਲ ਕੇ ਜਿੰਦਾਂ ਖ਼ੁਸ਼ੀ ਨਾਲ ਭੁੜਕਣ ਲੱਗ ਪਈ।
"ਰਣਜੀਤ ਸੁੰਹ ਕਾਣਾ ਵੀ ਏ।" ਵੱਡੀ ਭੈਣ ਨੇ ਛੇੜਨ ਵਾਸਤੇ ਕਿਹਾ।
"ਊਂਹ! ਤੇਰਾ... ਘਰਵਾਲਾ ਕਾਣਾ ਹੋਵੇ ਖਾਂ।" ਜਿੰਦਾਂ ਦਾ ਮੂੰਹ ਗੁੱਸੇ ਨਾਲ ਵਧੇਰੇ ਲਾਲ ਹੋ ਗਿਆ।
ਸਾਰਾ ਪਰਵਾਰ ਖਿੜ-ਖਿੜਾ ਕੇ ਹੱਸ ਪਿਆ।
"ਵੇਖ ਲੈ, ਮਾਂ! ਹੁਣ ਤੋਂ ਈ ਚਿੜਨ ਲੱਗ ਪਈ ਊ।” ਵੱਡੀ ਭੈਣ ਨੇ ਜਿੰਦਾਂ ਵੱਲ ਉਂਗਲ ਕਰਕੇ ਕਿਹਾ।
"ਭੈਣਾਂ, ਚਿੜੇ ਨਾ ? ਤੁਸੀਂ ਉਹਦੇ ਮਹਾਰਾਜੇ ਨੂੰ ਕਾਣਾ ਕਿਉਂ ਆਖੋ?”