ਸਾਰਾ ਤਾਣ ਲਾਵਾਂਗੀ।" ਭੈਣ ਨੇ ਉਹਨੂੰ ਘੁੱਟ ਕੇ ਗਲ ਨਾਲ ਲਾ ਲਿਆ। ਉਹ ਛੋਟੀ ਭੈਣ ਦੀ ਸੂਝ-ਬੂਝ 'ਤੇ ਖ਼ੁਸ਼ ਵੀ ਸੀ ਤੇ ਹੈਰਾਨ ਵੀ।
ਜਿੰਦਾਂ ਦੀ ਭੈਣ ਨੇ ਪਤੀ ਅੱਗੇ ਬੜੇ ਸੁਚੱਜੇ ਢੰਗ ਨਾਲ ਗੱਲ ਚਲਾਈ। ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ 'ਬਹੁਤੇ ਵਿਆਹਾਂ ਬਾਰੇ ਬਹਿਸ' ਤੱਕ ਕਹਾਣੀ ਸੁਣਾਈ। ਉਹਨੇ ਜਿੰਦਾਂ ਦੀ ਵਿੱਦਿਆ, ਉਹਦੀ ਰਾਣੀ ਬਣਨ ਦੀ ਰੀਝ ਤੇ ਮਾਪਿਆਂ ਦੀ ਇੱਛਿਆ ਬਾਰੇ ਵੀ ਦੱਸਿਆ। ਆਪਣੀਆਂ ਗੱਲਾਂ ਦਾ ਸ. ਜਵਾਲਾ ਸਿੰਘ 'ਤੇ ਪ੍ਰਭਾਵ ਪਿਆ ਵੇਖ ਕੇ, ਅੰਤ ਉਹਨੇ ਬੜੇ ਪਿਆਰ ਨਾਲ ਕਿਹਾ, "ਉਂਞ ਇਹ ਸੰਬੰਧ ਹੋ ਜਾਏ, ਤਾਂ ਸਰਕਾਰ ਦਰਬਾਰ ਵਿੱਚ ਹੁਣ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਏ। ਨਾਲੇ ਮੇਰੇ ਮਾਪੇ ਵੀ ਤੁਹਾਡਾ ਅਹਿਸਾਨ ਮੰਨਣਗੇ। ਫਿਰ ਜਿੰਦਾਂ ਵਰਗੀ ਰੂਪਵਾਨ ਵੀ ਇਸ ਵੇਲੇ ਸਾਰੇ ਦੇਸ਼ ਵਿੱਚ ਭਾਲਿਆਂ ਨਹੀਂ ਲੱਭਣੀ।"
ਗੱਲ ਸ. ਜਵਾਲਾ ਸਿੰਘ ਦੇ ਦਿਲ ਲੱਗੀ। ਉਹ ਸ਼ੇਰੇ-ਪੰਜਾਬ ਦਾ ਲਗਭਗ ਹਾਣੀ ਤੇ ਮੂੰਹ-ਲੱਗੇ ਸਰਦਾਰਾਂ ਵਿੱਚੋਂ ਸੀ। ਮੌਕਿਆ ਤਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ। ਉਹਨੇ ਐਸੇ ਰੰਗੀਨ ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਫੜਕ ਉੱਠਿਆ। ਜਿੰਦਾਂ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਹਿਆ ਗਿਆ। ਮੁੱਕਦੀ ਗੱਲ, ਸ. ਜਵਾਲਾ ਸਿੰਘ ਦੇ ਵਿਚੋਲਪੁਣੇ ਦਾ ਨਤੀਜਾ, ਜਿੰਦਾਂ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ।
ਇਹ ਖ਼ਬਰ ਸੁਣ ਕੇ, ਇਕ ਪਿੰਡ ਚਾਹੜ ਛੱਡਿਆ, ਸਾਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਵੇਲੇ ਮੰਨਾ ਸਿੰਘ ਦੀ ਗਿਣਤੀ ਨਾਮਵਰ ਘੋੜ ਚੜ੍ਹੇ ਸਰਦਾਰਾਂ ਵਿੱਚੋਂ ਸੀ। ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਜੰਞ ਨਾਲ ਆਏ। ਜਿੰਦਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਉਹਦੇ ਮਨ ਦੀ ਮੁਰਾਦ ਪੂਰੀ ਹੋ ਗਈ। ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਗਹਿਣਿਆਂ ਵੱਲ ਵੇਖ ਰਹੀ ਸੀ।
ਮਾਪਿਆਂ ਦੀ ਜਿੰਦਾਂ, 'ਰਾਣੀ ਜਿੰਦ ਕੌਰ' ਬਣ ਕੇ ਲਾਹੌਰ ਆ ਗਈ। ਕਿਲ੍ਹੇ ਵਿੱਚ ਉਹਦੇ ਵਾਸਤੇ ਵੱਖਰਾ ਮਹਿਲ ਬਣਵਾਇਆ ਗਿਆ, ਜੋ ਪੁਰਾਣੇ ਸੰਮਣ-ਬੁਰਜ ਦੇ ਨਾਲ ਸੀ। ਮਹਿਲ ਬਾਹਰੋਂ ਬੜਾ ਸਾਦਾ ਸੀ, ਪਰ ਅੰਦਰੋਂ ਪੂਰੀ ਸ਼ਾਨ ਨਾਲ ਸਜਾਇਆ ਹੋਇਆ। ਫ਼ਰਸ਼ ਉੱਤੇ ਵਧੀਆ ਗ਼ਲੀਚੇ ਵਿਛੇ ਹੋਏ ਸਨ, ਜੋ ਕਸ਼ਮੀਰ ਦੀ ਕਾਰੀਗਰੀ ਦਾ ਆਹਲਾ ਨਮੂਨਾ ਸਨ। ਬਾਰੀਆਂ ਤੇ ਬੂਹਿਆਂ ਸਾਮ੍ਹਣੇ ਲਟਕੇ ਹੋਏ ਰੇਸ਼ਮੀ ਪਰਦੇ, ਮਾੜੀ ਜਿਹੀ ਹਵਾ ਨਾਲ ਸਰ-ਸਰਾ ਉਠਦੇ ਸਨ। ਚੁਫੇਰੇ ਦੀਆਂ ਕੰਧਾਂ, ਸੁੰਦਰ ਚਿੱਤਰਾਂ ਨਾਲ ਢੱਕੀਆਂ ਹੋਈਆਂ ਸਨ। ਚੌਹੀਂ ਪਾਸੀਂ ਆਹਮੋ-ਸਾਮ੍ਹਣੇ ਆਦਮ-ਕੱਦ ਸ਼ੀਸ਼ੇ ਜੜੇ ਹੋਏ ਸਨ। ਵੱਡੇ ਕਮਰੇ ਦੇ ਵਿਚਕਾਰ ਦੋ ਪਲੰਘ ਡੱਠੇ ਹੋਏ ਸਨ, ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਸੀ, 'ਸੇਜੜੀਆਂ ਸੋਇਨ ਹੀਰੇ ਨਾਲ ਜੁੜੰਦੀਆਂ' । ਦਰਵਾਜ਼ੇ ਦੇ ਦੋਹੀਂ ਪਾਸੀਂ ਚਾਰ ਗੋਲੀਆਂ ਗੁੱਡੀਆਂ ਵਾਂਗ ਰੇਸ਼ਮੀ ਪੁਸ਼ਾਕਾਂ ਵਿੱਚ ਸੱਜੀਆਂ ਹੋਈਆਂ ਹੱਥ ਜੋੜੀ ਖਲੀਆਂ ਸਨ। ਜਿੰਦਾਂ, ਹਾਂ ਸੱਚ, 'ਰਾਣੀ ਜਿੰਦਾਂ' ਆਪਣੇ ਸੁਹਾਗ-ਘਰ ਵਿੱਚ ਦਾਖ਼ਲ ਹੋਈ। ਕਮਰੇ ਦੀ ਪੌਣ ਰੂਹ-ਕਿਉੜੇ ਨਾਲ ਮੁਅੱਤਰ ਸੀ। ਚਾਰੇ ਗੋਲੀਆਂ ਪਰਛਾਵੇਂ ਵਾਂਗ, ਨਹੀਂ, ਚੰਦ ਦੇ ਪਰਵਾਰ ਵਾਂਗ ਉਹਦੇ ਉਦਾਲੇ ਆ ਹੋਈਆਂ। ਇੱਕ ਨੇ ਮਹਾਰਾਣੀ ਨੂੰ ਡੌਲਿਆਂ ਤੋਂ ਫੜ ਕੇ ਆਦਰ ਨਾਲ ਪਲੰਘ 'ਤੇ ਬਿਠਾਇਆ। ਇੱਕ ਨੇ ਬਹਿ ਕੇ ਮਖ਼ਮਲੀ ਮੌਜੇ ਉਤਾਰੇ। ਇੱਕ ਨੇ ਪਹਿਲੀ ਪੁਸ਼ਾਕ ਤੇ ਗਹਿਣੇ ਉਤਾਰ ਕੇ ਹੋਰ ਪਹਿਨਾਏ। ਰਾਣੀ ਨੂੰ ਖ਼ੁਸ਼ ਕਰਨ ਵਾਸਤੇ ਚਾਰੇ ਦਾਸੀਆਂ ਵੱਧ ਤੋਂ ਵੱਧ ਯਤਨ ਕਰ ਰਹੀਆਂ ਸਨ। ਏਨੇ ਤੱਕ ਪੰਜਵੀਂ ਰਾਜ ਗੋਲੀ ਆ ਹਾਜ਼ਰ ਹੋਈ। ਕਿਸੇ ਸੱਜ ਵਿਆਹੀ ਦਾ ਸ਼ੰਗਾਰ ਕਰਨ ਵਿੱਚ ਉਹਨੂੰ ਕਮਾਲ ਹਾਸਲ ਸੀ। ਪੂਰੇ ਦੋ ਘੰਟੇ ਲਾ ਕੇ ਉਹਨੇ ਰਾਣੀ ਜਿੰਦ ਕੌਰ ਦਾ ਸੁਹਾਗ-ਰਾਤ ਵਾਸਤੇ ਸ਼ੰਗਾਰ ਕੀਤਾ। ਜਿੰਦਾਂ ਦਾ ਗੋਲ ਚਿਹਰਾ, ਚੌੜਾ ਮੱਥਾ ਤੇ ਤਿੱਖਾ ਨੱਕ, ਉਹਦੇ ਰੂਪ ਨੂੰ ਚਾਰ-ਚੰਦ ਲਾ ਰਿਹਾ ਸੀ। ਸਭ ਤੋਂ ਵਧੇਰੇ ਸੁੰਦਰਤਾ ਉਹਦੀਆਂ ਮੋਟੀਆਂ-ਮੋਟੀਆਂ
ਅੱਖਾਂ ਵਿੱਚ ਸੀ। ਉਹਦਾ ਸਮੁੱਚਾ ਪ੍ਰਭਾਵ ਕਿਸੇ ਜਮਾਂਦਰੂ ਰਾਣੀ ਵਰਗਾ ਸੀ। ਰਾਜ-ਗੋਲੀ ਆਪ ਹੀ ਵੇਖ ਕੇ ਪੁਕਾਰ ਉੱਠੀ, "ਸਰਕਾਰ! ਇਹ ਰੂਪ ਅੱਗੇ ਸਾਰੇ ਰਾਜ-ਮਹਿਲ ਵਿੱਚ ਨਹੀਂ। ਤੁਹਾਡੇ ਵੱਲੇ ਵੇਖ ਕੇ ਤਾਂ ਇਸ ਬਾਂਦੀ ਦਾ ਦਿਲ ਵੀ ਭਰਮ ਪਿਆ ਏ। ਵਿਚਾਰੇ ਮਹਾਰਾਜ ਕਿਵੇਂ ਸਹਾਰ ਸਕਣਗੇ ? ਬੱਸ, ਇਹਨਾਂ ਬਰੂਹਾਂ ਜੋਗੇ ਈ ਹੋ ਜਾਣਗੇ। ਮੈਂ ਭਵਿੱਖਤ ਵਾਕ ਕਹਿੰਦੀ ਆਂ, ਸਰਕਾਰ! ਬੇਸ਼ੱਕ ਆਪ ਕਿਸੇ ਨਜੂਮੀ ਕੋਲੋਂ ਪੁੱਛ ਲੈਣਾ। ਆਪ ਮਹਾਰਾਜ ਦੀ ਆਖ਼ਰੀ ਰਾਣੀ ਹੋਵੋਗੀ।"
ਸ਼ੇਰੇ ਪੰਜਾਬ ਨੇ ਸੁਣਿਆ ਹੋਇਆ ਸੀ ਕਿ ਜਿੰਦਾਂ ਖੂਬਸੂਰਤ ਹੈ, ਪਰ ਏਨਾ ਪਤਾ ਨਹੀਂ ਸੀ ਕਿ ਏਨੀ ਰੂਪਵਾਨ ਹੈ। ਜਿੰਦਾਂ ਦੀ ਸ਼ਕਲ ਵਿੰਹਦਿਆਂ ਹੀ ਉਹ ਅਵਾਕ ਰਹਿ ਗਏ। ਸਾਰੀ ਦੁਨੀਆਂ ਦਾ ਹੁਸਨ ਸਰਕਾਰ ਨੂੰ ਜਿੰਦਾਂ ਦੇ ਸਾਹਮਣੇ ਫਿੱਕਾ ਜਾਪਿਆ। ਪਹਿਲੇ ਦੀਦਾਰ ਦਾ ਇਨਾਮ ਜਿੰਦਾਂ ਨੂੰ ਸਰਕਾਰ ਵੱਲੋਂ 'ਮਹਿਬੂਬਾ' (ਪ੍ਰਾਣ-ਪਿਆਰੀ) ਦਾ ਖ਼ਿਤਾਬ ਮਿਲਿਆ। ਮੁੱਕਦੀ ਗੱਲ, ਪਹਿਲੀ ਝਲਕ ਨਾਲ ਹੀ ਸ਼ੇਰੇ ਪੰਜਾਬ ਦਾ ਮਨ ਮੋਹਿਆ ਗਿਆ।
ਪਹਿਲੀਆਂ ਰਾਣੀਆਂ ਨਾਲੋਂ ਜਿੰਦਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੁਣ ਲਿਆ। ਪਹਿਲੀਆਂ ਸੱਭੇ ਰਾਣੀਆਂ ਆਪਸ ਵਿੱਚ ਸਖ਼ਤ ਈਰਖਾ ਰੱਖਦੀਆਂ ਸਨ। ਈਰਖਾਲੂ ਦੇ ਚੇਹਰੇ ਉੱਤੇ ਖਿੱਚ ਤੇ ਖਿੜਾਉ ਨਹੀਂ ਰਹਿੰਦਾ। ਉਹ ਸਦਾ ਆਪਣੇ ਸੇਕ ਨਾਲ ਹੀ ਝੁਲਸਿਆ ਰਹਿੰਦਾ ਹੈ। ਉਹਨਾਂ ਰਾਣੀਆਂ ਦਾ ਸੁਭਾਉ ਸੀ, ਮਹਾਰਾਜੇ ਕੋਲ ਇੱਕ ਦੂਸਰੀ ਦੀ ਨਿੰਦਿਆ ਕਰਨਾ। ਉਹ ਹਰ ਇਕ ਚੁਗ਼ਲੀਆਂ ਲਾ ਕੇ ਦੂਜੀਆਂ ਵੱਲੋਂ ਮਹਾਰਾਜੇ ਦਾ ਦਿਲ ਫੇਰਨਾ ਚਾਹੁੰਦੀ ਸੀ। ਮਹਾਰਾਜ ਕਈ ਵਾਰ ਉਹਨਾਂ ਦੀਆਂ ਅਜਿਹੀਆਂ ਗੱਲਾਂ ਸੁਣ-ਸੁਣ ਤੰਗ ਆ ਜਾਂਦੇ ਸਨ। ਉਹ ਉਹਨਾਂ ਸਾਰੀਆਂ ਦਾ ਥਾਂਉਂ-ਥਾਂਈਂ ਆਦਰ ਸਤਕਾਰ ਕਰਦੇ ਸਨ, ਪਰ ਕਿਸੇ ਇਕ ਵੱਲੋਂ ਵੀ ਪੂਰੇ ਦਿਲੋਂ ਸੰਤੁਸ਼ਟ ਨਹੀਂ ਸਨ। ਸ਼ਾਇਦ ਏਹਾ ਕਾਰਨ ਹੋਵੇ, ਸ਼ੇਰੇ ਪੰਜਾਬ ਦੇ ਹੋਰ-ਹੋਰ ਸ਼ਾਦੀਆਂ ਕਰਾਉਣ ਦਾ।
ਜਿੰਦਾਂ ਨੇ ਈਰਖਾ ਦੀ ਥਾਂ ਪਿਆਰ ਵਾਲਾ ਰਾਹ ਚੁਣਿਆ। ਉਹਨੇ ਸਾਰੀਆਂ ਰਾਣੀਆਂ ਨਾਲ ਮੇਲ-ਮਿਲਾਪ ਤੇ ਸਤਕਾਰ ਭਰਿਆ ਵਰਤਾਉ ਰੱਖਣਾ ਸ਼ੁਰੂ ਕੀਤਾ। ਨੌਕਰਾਂ ਚਾਕਰਾਂ ਨਾਲ ਵੀ ਉਹ ਦਿਆਲਤਾ ਭਰਿਆ
ਸਲੂਕ ਕਰਦੀ। ਇਸ ਚੰਗੇ ਸੁਭਾਅ ਦੇ ਕਾਰਨ ਉਹ ਸਾਰੇ ਰਾਜਮਹਿਲ ਵਿੱਚ ਹਰ-ਮਨ-ਪਿਆਰੀ ਬਣ ਗਈ। ਸ਼ੇਰੇ ਪੰਜਾਬ ਹਰ ਵੇਲੇ ਉਸ ਨੂੰ 'ਮਹਿਬੂਬਾ' ਕਹਿ ਕਰ ਪੁਕਾਰਦੇ। ਇੱਕ ਰਾਤ ਮਹਾਰਾਜ ਨੇ ਪੁੱਛਿਆ, "ਮਹਿਬੂਬਾ ਜਾਨ! ਦੂਜੀਆਂ ਰਾਣੀਆਂ ਬਾਰੇ ਤੁਹਾਡੇ ਕੀ ਖਿਆਲ ਹਨ ?”
"ਮਹਾਰਾਜ! ਉਹ ਸੱਭੇ ਮੇਰੀਆਂ ਵੱਡੀਆਂ ਭੈਣਾਂ ਹਨ।" ਜਿੰਦਾਂ ਨੇ ਬੜੀ ਸੁਘੜ ਅਦਾ ਨਾਲ ਸਿਰ ਝੁਕਾਅ ਕੇ ਕਿਹਾ।
"ਤੁਸੀਂ ਜਾਣਦੇ ਹੋ ਰਾਜ-ਮਹਿਲ ਵਿੱਚ ਕੀ ਕੂਟ-ਨੀਤੀ ਚਲਦੀ ਏ?"
"ਸਰਕਾਰ!" ਜਿੰਦਾਂ ਨੇ ਅੱਗੋਂ ਸਿਰਫ਼ ਹੁੰਗਾਰਾ ਭਰਿਆ। ਇਹ ਉਹਦੀ ਤਿੱਖੀ ਸੂਝ ਦਾ ਸਬੂਤ ਸੀ।
"ਹਰ ਰਾਣੀ ਆਪਣੀ ਸ਼ਕਤੀ ਵਧਾਉਣ ਵਾਸਤੇ ਦੂਜੀ ਨਾਲ ਈਰਖਾ ਕਰਦੀ ਏ, ਦੂਸਰੀ ਦੀਆਂ ਚੁਗ਼ਲੀਆਂ ਕਰਦੀ ਏ। ਤੁਹਾਨੂੰ ਕਿਸੇ ਪਹਿਲੀ ਰਾਣੀ ਦੇ ਖ਼ਿਲਾਫ਼ ਕੋਈ ਸ਼ਕਾਇਤ ਹੋਵੇ ?" ਨਾਲ ਹੀ ਸ਼ੇਰੇ ਪੰਜਾਬ ਬੜੀ ਗ਼ਹਿਰੀ ਨਜ਼ਰ ਨਾਲ ਜਿੰਦਾਂ ਦੇ ਚਿਹਰੇ ਦੇ ਭਾਵ ਪੜ੍ਹ ਰਹੇ ਸਨ।
"ਨਹੀਂ ਸਰਕਾਰ! ਮੈਨੂੰ ਕਿਸੇ ਦੇ ਖ਼ਿਲਾਫ਼ ਸ਼ਕਾਇਤ ਨਹੀਂ। ਮੈਂ ਸਭ ਦੀ ਛੋਟੀ ਭੈਣ ਹਾਂ ਤੇ ਛੋਟੀ ਭੈਣ ਦੇ ਵਿਰੁੱਧ ਕਿਸੇ ਕੀ ਚੁਗ਼ਲੀ ਕਰਨੀ ਹੋਈ ?" ਜਿੰਦਾਂ ਨੇ ਸਹਿਜ ਸੁਭਾਅ ਉੱਤਰ ਦਿੱਤਾ।
“ਸੁਣਿਆਂ ਏਂ, ਰਾਣੀ ਪਹਾੜਨ ਕਈ ਵਾਰ ਤੁਹਾਡੇ ਮਹਿਲ ਵਿੱਚ ਆਇਆ ਕਰਦੀ ਏ।”
"ਹਾਂ ਸਰਕਾਰ! ਮੈਂ ਉਹਨਾਂ ਦੀ ਇਸ ਕਿਰਪਾ ਲਈ ਧੰਨਵਾਦੀ ਹਾਂ।" ਜਿੰਦਾਂ ਦੇ ਕਹਿਣ ਢੰਗ ਵਿੱਚੋਂ ਵੀ ਧੰਨਵਾਦ ਪਰਗਟ ਹੋ ਰਿਹਾ ਸੀ।
"ਪਰ ਉਸ ਦਾ ਸੁਭਾਅ ਬੜਾ ਸਖ਼ਤ ਏ। ਉਹ ਛੋਟੀ-ਛੋਟੀ ਗੱਲੋਂ ਦੂਜੀਆਂ ਨੂੰ ਨੋਕ-ਟੋਕ ਕਰਨ ਲੱਗ ਪੈਂਦੀ ਏ। ਕਦੇ ਤੁਹਾਡੇ ਨਾਲ ਵੀ ਕੋਈ ਸਖ਼ਤ ਸਲੂਕ.!
"ਮਹਾਰਾਜ! ਮੇਰੇ ਨਾਲ ਤਾਂ ਉਹ ਬੜਾ ਪਿਆਰ ਭਰਿਆ ਵਰਤਾਉ ਕਰਦੇ ਨੇ। ਉਹ ਮੈਥੋਂ ਵੱਡੀ ਥਾਂ ਨੇ, ਜੇ ਕਿਸੇ ਭੁੱਲ ਤੋਂ ਮੈਨੂੰ ਝਿੜਕ ਵੀ ਲੈਣ, ਤਾਂ ਉਹਨਾਂ ਦਾ ਹੱਕ ਏ।"
"ਉਹ, ਪਿਆਰੀ ਜਿੰਦਾਂ! ਉਹ ਮੇਰੀ ਮਹਿਬੂਬਾ! ਤੇਰਾ ਦਿਲ ਕਿੰਨਾ
ਵੱਡਾ ਏ ? ਤੁਸੀਂ ਕਿਸੇ ਨੂੰ ਵੀ ਘਿਰਣਾ ਕਰਨਾ ਨਹੀਂ ਜਾਣਦੇ।”
"ਸਰਕਾਰ! ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵੱਸ ਗਿਆ ਏ, ਉਸ ਵਿੱਚ ਘਿਰਣਾ ਜਾਂ ਈਰਖਾ ਵਾਸਤੇ ਗੁੰਜਾਇਸ਼ ਹੀ ਕਿੱਥੇ ਰਹਿ ਗਈ ਏ ? ਮੈਂ ਤਾਂ.....।" ਜਿੰਦਾਂ ਨੇ ਸ਼ਰਧਾ ਨਾਲ ਸ਼ੇਰੇ ਪੰਜਾਬ ਦੇ ਚਰਨਾਂ 'ਤੇ ਸਿਰ ਝੁਕਾਅ ਦਿੱਤਾ।
"ਤੁਸਾਂ ਸਰਕਾਰ ਦਾ ਮਨ ਮੋਹ ਲਿਆ ਹੈ। ਸਰਕਾਰ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦੀ ਏ।" ਸ਼ੇਰੇ ਪੰਜਾਬ ਨੇ ਆਪਣਾ ਆਪ ਭੁੱਲ ਕੇ ਜਿੰਦਾਂ ਨੂੰ ਛਾਤੀ ਨਾਲ ਲਾ ਲਿਆ।
ਇਹ ਦਿਨ ਜਿੰਦਾਂ ਵਾਸਤੇ ਖ਼ੁਸ਼ੀ ਦੇ ਸਨ। ਸ਼ੇਰੇ ਪੰਜਾਬ ਉਸ ਨੂੰ ਪੂਰੇ ਦਿਲੋਂ ਪਿਆਰ ਕਰਦੇ ਸਨ। ਉਹ ਇੱਕ ਦਿਨ ਵੀ ਜਿੰਦਾਂ ਦਾ ਮੁੱਖ ਵੇਖੇ ਬਿਨਾਂ ਨਹੀਂ ਸੀ ਕੱਟ ਸਕਦੇ। ਜਿੰਦਾਂ ਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆਂ ਦੇ ਹੁਸਨ ਨੂੰ ਭੁੱਲ ਗਏ ਸਨ। ਜਿੰਦਾਂ ਦੇ ਪਿੱਛੋਂ ਹੋਰ ਵਿਆਹ ਕਰਾਉਣ ਦੀ ਰੁੱਚੀ ਹੀ ਸ਼ੇਰੇ ਪੰਜਾਬ ਦੀ ਨਹੀਂ ਸੀ ਰਹੀ। ਜਿੰਦਾਂ ਨੇ ਉਹਨਾਂ ਦੀਆਂ ਸਾਰੀਆਂ ਰੀਝਾਂ ਉੱਤੇ ਕਾਬੂ ਪਾ ਲਿਆ ਸੀ।
ਰਾਜਾ ਧਿਆਨ ਸਿੰਘ ਡੋਗਰਾ ਬੜਾ ਚਾਲਾਕ ਨੀਤੀਵਾਨ ਸੀ। ਉਹ ਜਾਣਦਾ ਸੀ ਕਿ ਹੁਕਮਰਾਨ ਉੱਤੇ ਹਕੂਮਤ ਕਰਨ ਵਾਸਤੇ, ਉਹਨੂੰ ਹੁਸਨ ਤੇ ਸ਼ਰਾਬ ਦਾ ਦੀਵਾਨਾ ਬਣਾਉਣ ਦੀ ਲੋੜ ਹੁੰਦੀ ਹੈ। ਉਹਨੇ ਸ਼ੇਰੇ ਪੰਜਾਬ ਦੇ ਅੰਦਰ ਵੀ ਇਹ ਚੇਟਕ ਪੈਦਾ ਕਰਨ ਦਾ ਯਤਨ ਕੀਤਾ ਸੀ। ਸ਼ੇਰੇ ਪੰਜਾਬ ਦੀਆਂ ਕੁਛ ਰਾਣੀਆਂ ਕੇਵਲ ਧਿਆਨ ਸਿੰਘ ਦੀ ਪ੍ਰੇਰਨਾ ਦਾ ਫਲ ਸੀ। ਉਹ ਨਹੀਂ ਸੀ ਚਾਹੁੰਦਾ ਕਿ ਇਹ ਵਿਆਹਵਾਂ ਵਾਲਾ ਸਿਲਸਿਲਾ ਬੰਦ ਹੋ ਜਾਏ। ਨਾ ਹੀ ਉਹ ਚਾਹੁੰਦਾ ਸੀ ਕਿ ਕੋਈ ਰਾਣੀ ਸ਼ੇਰੇ ਪੰਜਾਬ ਦੇ ਮਨ ਉੱਤੇ ਆਪਣਾ ਏਨਾ ਪ੍ਰਭਾਵ ਬਣਾ ਲਵੇ। ਜਿੰਦਾਂ ਦੇ ਦਿਨੋਂ-ਦਿਨ ਵੱਧਦੇ ਅਸਰ ਦੇ ਉਹ ਵਿਰੁੱਧ ਸੀ। ਕੁਝ ਮਹੀਨਿਆਂ ਪਿੱਛੋਂ ਹੀ ਉਹਨੇ ਇਕ ਡੋਗਰੀ ਮੁਟਿਆਰ ਦੇ ਰੂਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਉਹਨੇ ਉਸ ਅਣਡਿੱਠੀ ਮੁਟਿਆਰ ਨਾਲੋਂ ਜਿੰਦਾਂ ਦੇ ਰੂਪ ਨੂੰ ਛੁਟਿਆਉਣ ਦਾ ਯਤਨ ਕੀਤਾ, ਤਾਂ ਸ਼ੇਰੇ ਪੰਜਾਬ ਖਿੱਝ ਕੇ ਬੋਲੇ, "ਰਾਜਾ ਸਾਹਿਬ! ਜਦ ਕੋਈ ਪੁਰਸ਼ ਸਿਖ਼ਰ 'ਤੇ ਪਹੁੰਚ ਜਾਏ, ਤਾਂ ਉਹਨੂੰ ਰੁੱਕ ਜਾਣਾ ਚਾਹੀਦਾ ਹੈ। ਨਹੀਂ ਤਾਂ ਉਹਦਾ ਅਗਲਾ ਕਦਮ ਹਰ ਹਾਲ ਨਿਵਾਣ ਵੱਲੇ ਹੀ ਵਧੇਗਾ।"