ਸੇਵਾ ਭਗਤੀ ਦਾ ਮੁੱਲ ਪਾਵੇਗੀ।" ਸ਼ੇਰੇ ਪੰਜਾਬ ਨੇ ਠੰਡਾ ਸਾਹ ਭਰ ਕੇ ਕਹਿਣਾ।
ਪਰ ਅਫ਼ਸੋਸ! ਸਮੇਂ ਨੇ ਮੁਹਲਤ ਨਾ ਦਿੱਤੀ। ਰੋਗ ਦਿਨੋਂ-ਦਿਨ ਵਧਦਾ ਗਿਆ। ਹਾਲਤ ਏਥੋਂ ਤੱਕ ਖ਼ਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿੱਲਣੋਂ ਰਹਿ ਗਿਆ। ਜੀਭ ਹੁਣ ਤੱਕ ਸਾਥ ਦੇਂਦੀ ਆ ਰਹੀ ਸੀ। ਅੰਤ ਉਹਦੇ ਵਿੱਚ ਵੀ ਵਲ ਪੈਣ ਲੱਗ ਪਏ। ਅਖ਼ੀਰਲੇ ਕੁਛ ਦਿਨ ਮਹਾਰਾਜ ਦੀ ਗੱਲ ਦੀ ਸਮਝ ਪੈਣੋਂ ਵੀ ਹਟ ਗਈ। ਮਹਾਰਾਜ ਕੁਛ ਕਹਿਣਾ ਚਾਹੁੰਦੇ, ਤੇ ਚਾਲਾਕ ਡੋਗਰਾ ਧਿਆਨ ਸਿੰਘ ਕੁਛ ਹੋਰ ਹੀ ਅਰਥ ਕੱਢਦਾ। ਡੋਗਰੇ ਵਜ਼ੀਰ ਦੀ ਤਾਕਤ ਏਨੀ ਵਧੀ ਹੋਈ ਸੀ ਕਿ ਸ਼ਾਹਜ਼ਾਦੇ ਵੀ ਉਹਦੇ ਸਾਹਮਣੇ ਕੁਛ ਨਾ ਕਰ ਸਕਦੇ।
ਜਿੰਦਾਂ ਇਹ ਸਭ ਕੁਝ ਵੇਖਦੀ, ਸਮਝਦੀ, ਪਰ ਆਪਣੇ ਗ਼ਮ ਵਿੱਚ ਡੁੱਬੀ ਉਹ ਕੁਛ ਨਾ ਕਰ ਸਕਦੀ। ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਸੀ। ਉਸ ਦੇ ਅਨੋਖੇ ਪਿਆਰ ਨੇ ਪਤੀ ਪਤਨੀ ਦੀ ਉਮਰ ਦੀਆਂ ਵਿੱਥਾਂ ਵੀ ਮਿਟਾ ਦਿੱਤੀਆਂ ਸਨ। ਜਿੰਦਾਂ ਆਪਣਾ ਆਪ ਉੱਕਾ ਭੁਲਾ ਚੁੱਕੀ ਸੀ।
ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਅੰਤਲੇ ਸਮੇਂ ਉਸ ਤੋਂ ਬਿਨਾਂ ਹੋਰ ਕੋਈ ਮਹਾਰਾਜ ਦੇ ਕੋਲ ਰਹੇ। ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾਂ ਨੂੰ ਵੀ ਓਥੋਂ ਹਟਾ ਦਿੱਤਾ। ਇਸ ਨਿਰਾਦਰ ਦਾ ਜਿੰਦਾਂ ਨੂੰ ਬਹੁਤ ਦੁੱਖ ਹੋਇਆ। ਉਹ ਬਥੇਰਾ ਰੋਈ ਕੁਰਲਾਈ, ਪਰ ਕੀ ਬਣਦਾ ਸੀ ?
ਅਖ਼ੀਰ, ਅੰਤ ਦਾ ਦਿਨ ਆ ਗਿਆ। ਸਾਰੇ ਪਰਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ। ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ। ਅਠਵੰਜਾ ਸਾਲ, ਸੱਤ ਮਹੀਨੇ ਤੇ ਛੱਬੀ ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ । ਹਾੜ੍ਹ ਦੀ ਪੰਦਰਾਂ (੧੮੯੬ ਬਿ:) ਤੇ ਜੂਨ ਦੀ ਸਤਾਈ (੧੮੩੯ ਈ.) ਤਾਰੀਖ਼ ਸੀ। ਉਸ