ਵਾਸਤੇ ਰਹਿ ਜਾਵੇ ? ਉਹਦੀ ਛਾਤੀ ਪਾੜ ਕੇ ਦਿਲ ਬਾਹਰ ਨੂੰ ਆ ਰਿਹਾ ਸੀ। ਉਹ ਪਾਗਲਾਂ ਵਾਂਗ ਭੁੱਬੀ-ਭੁੱਬੀ ਰੋ ਰਹੀ ਸੀ। ਉਹ ਮੱਲੋ-ਮੱਲੀ ਚਿਖਾ ਵਿੱਚ ਛਾਲ ਮਾਰਨ ਵਾਸਤੇ ਸੋਚਦੀ, ਪਰ ਗੋਦੀ ਵਿੱਚ ਮੁਸਕਰਾ ਰਿਹਾ ਦਲੀਪ ਉਹਦਾ ਰਾਹ ਰੋਕ ਲੈਂਦਾ। ਉਸ ਵੇਲੇ ਉਹਦਾ ਦਿਲ ਮੌਤ ਅਤੇ ਜ਼ਿੰਦਗੀ ਦੇ ਘੋਲ ਦਾ ਅਖਾੜਾ ਬਣਿਆ ਹੋਇਆ ਸੀ। ਉਹ ਮਰਨਾ ਚਾਹੁੰਦੀ ਸੀ ਪਰ ਦਲੀਪ ਦੇ ਮੋਹ ਦੀਆਂ ਜ਼ੰਜੀਰਾਂ ਉਹਦੀ ਪੇਸ਼ ਨਹੀਂ ਸਨ ਜਾਣ ਦੇਂਦੀਆਂ। ਕਿਸੇ ਨੇ ਠੀਕ ਕਿਹਾ ਹੈ:-
"ਹਜ਼ਾਰੋਂ ਮੁਸ਼ਕਲੋਂ ਮੇਂ ਏਕ ਮੁਸ਼ਕਲ ਸਖ਼ਤ ਯਿਹ ਭੀ ਹੈ
ਤਮੰਨਾ ਮੌਤ ਕੀ ਹੈ, ਔਰ ਮਰ ਜਾਨਾ ਨਹੀਂ ਆਤਾ।"
ਜਿੰਦਾਂ ਨੇ ਲੰਮਾ ਸਾਰਾ ਹਉਕਾ ਲਿਆ ਤੇ ਪੁੱਤਰ ਨੂੰ ਹਿੱਕ ਨਾਲ ਘੁੱਟ ਕੇ ਕਿਹਾ, "ਮੇਰੇ ਦਲੀਪ! ਮੈਂ ਤੇਰੇ ਬਦਲੇ ਜੀਵਾਂਗੀ। ਤੇਰੀਆਂ ਖ਼ੁਸ਼ੀਆਂ ਬਦਲੇ, ਮੈਂ ਰੰਡੇਪੇ ਦੇ ਸਾਰੇ ਦੁੱਖ ਝੱਲ ਲਵਾਂਗੀ।"
ਸਮਾਂ ਹੋ ਗਿਆ। ਟਿੱਕਾ ਖੜਕ ਸਿੰਘ ਨੇ ਚਿਖਾ ਨੂੰ ਲੰਬੂ ਲਾਇਆ। ਅੱਗ ਦੇ ਭਾਂਬੜ ਇੱਕੋ ਵਾਰ ਭੜਕ ਉੱਠੇ। ਉਸ ਤੋਂ ਕਈ ਗੁਣਾਂ ਵਧੇਰੇ ਅੱਗ ਪੰਜਾਬੀਆਂ ਦੇ ਦਿਲਾਂ ਵਿੱਚ ਬਲ ਉਠੀ। ਯਾਰਾਂ ਰਾਣੀਆਂ ਮਹਾਰਾਜ ਦੇ ਨਾਲ ਸਤੀ ਹੋਈਆਂ। ਇੱਕ ਕਬੂਤਰਾਂ ਦਾ ਜੋੜਾ ਵੀ ਮਚਦੀ ਚਿਖਾ ਵਿੱਚ ਡਿੱਗ ਕੇ ਸਤੀ ਹੋ ਗਿਆ। ਉਸਦੇ ਨਾਲ ਹੀ ਪੰਜਾਬ ਦਾ ਰਾਜ ਭਾਗ ਵੀ ਸੜ ਕੇ ਸੁਆਹ ਹੋ ਗਿਆ।