ਖੇਡ ਈ ਤਾਂ ਹੈ। ਫਿਰ ਹੱਸਣ ਦਾ ਕਾਰਨ ? ਉਮਰੋਂ ਛੋਟੀ ਹੋਣ ਕਰਕੇ, ਉਹ ਇਹ ਨਾ ਸਮਝ ਸਕੀ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਵਿਅੰਗਮਈ ਲਹਿਜਾ ਸੀ।
"ਓਦਰ ਕਿਉਂ ਗਈ ਏਂ ?" ਜਿੰਦਾਂ ਦੀ ਵੱਡੀ ਭੈਣ ਨੇ ਉਹਨੂੰ ਬਾਹੀਂ ਵਿਚ ਲੈ ਕੇ ਕਿਹਾ। "ਤੈਨੂੰ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਈ ਬਣਾ ਦਿਆਂਗੇ।"
ਸਾਰੀਆਂ ਕੁੜੀਆਂ ਫੇਰ ਉੱਚੀ-ਉੱਚੀ ਹੱਸ ਪਈਆਂ।
ਫਿਰ ਸਾਰਾ ਸਮਾਂ ਜਿੰਦਾਂ ਨੂੰ ਖੇਡ ਵਿੱਚ ਸਵਾਦ ਨਾ ਆਇਆ। ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ। ਉਹ ਬਥੇਰਾ ਸਿਰ ਪੈਰ ਮਾਰਦੀ, ਪਰ ਉਹਦੀ ਬਾਲ-ਬੁੱਧੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦੇਂਦੀ। ਕੁੜੀਆਂ ਖੇਡਦੀਆਂ ਰਹੀਆਂ, ਤੇ ਉਹ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਖਲੀ ਰਹੀ।
“ਮਾਂ! ਲੈ, ਜਿੰਦਾਂ ਨੂੰ ਤਾਂ ਮਹਾਰਾਜਾ ਰਣਜੀਤ ਸੁੰਹ ਨਾਲ ਮੰਗ ਦਿਹੋ। ਇਹਨੇ ਉਹਦੀ ਰਾਣੀ ਬਣਨਾ ਜੇ।" ਘਰ ਜਾ ਕੇ ਜਿੰਦਾਂ ਦੀ ਵੱਡੀ ਭੈਣ ਨੇ ਹਾਸੇ ਨਾਲ ਕਿਹਾ।
"ਕਿਉਂ ? ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ?" ਮਾਂ ਨੇ ਜਿੰਦਾਂ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਉਹਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ। "ਆ ਖਾਂ ਮੇਰੀ ਧੀ ਰਾਣੀ। ਇਹਨੂੰ ਅਸੀਂ ਮਹਾਰਾਜੇ ਦੀ ਵੱਡੀ ਰਾਣੀ ਬਣਾਵਾਂਗੇ।" ਮਾਂ ਨੇ ਧੀ ਨੂੰ ਜੱਫ਼ੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ।
"ਮਾਂ! ਅਸੀਂ...ਅਸੀਂ 'ਰਾਜਾ ਰਾਣੀ' ਖੇਡਦੀਆਂ ਸਾਂ ਪਈਆਂ। ਧੋਲ੍ਹੀ ਨੇ ਪੁੱਛਿਆ, 'ਰਾਜਾ ਕੌਣ ਬਣੇਗਾ ?' ਤੇਲੀਆਂ ਦੀ ਭੜੋਲ੍ਹੀ ਜਿਹੀ ਰ੍ਹੀਮੋ ਆਹੰਦੀ, 'ਮੈਂ ਬਣਾਂਗੀ।' ਫੇਰ ਧੋਲ੍ਹੀ ਨੇ ਪੁੱਛਿਆ, 'ਰਾਣੀ ਕੌਣ ਬਣੇਗੀ ?' ਉਹ ਚੁੰਨ੍ਹੀ ਜਿਹੀ ਸੰਤੀ ਬਣ ਗਈ। ਊਂਹ! ਨਾ ਮੂੰਹ ਨਾ ਮੱਥਾ, ਤੇ... ਤੇ ਜਿੰਨ ਪਹਾੜੋਂ ਲੱਥਾ।" ਜਿੰਦਾਂ ਨੇ ਮੱਥੇ ਉੱਤੇ ਤਿਊੜੀ ਪਾ ਕੇ ਪੁੱਠਾ ਹੱਥ ਦੇਂਦਿਆਂ ਕਿਹਾ। ਉਹ ਸੰਤੀ ਨੂੰ ਰਾਣੀ ਬਣਨ ਦੇ ਯੋਗ ਨਹੀਂ ਸੀ ਸਮਝਦੀ। "ਫਿਰ ਮੈਂ ਕੀ ਬਣਦੀ ? ਧੋਲ੍ਹੀ ਨੇ ਆਖਿਆ, ਹੈਂ, ਹੈਂ, ਆਖਿਆ, ਸਭ ਤੋਂ
ਵੱਡੇ ਰਾਜੇ ਰਣਜੀਤ ਸੁੰਹ ਦੀ ਰਾਣੀ ਕੌਣ ਬਣੇਗੀ ? ਮੈਂ ਆਖ ਦਿੱਤਾ, 'ਮੈਂ"। ਤੇ ਇਹ ਬੁੱਧ-ਬਲ੍ਹੇਟ ਹਿੰਹਿੰ ਹਿੰਹਿੰ ਕਰ ਕੇ ਹੱਸੀ ਜਾਏ।" ਜਿੰਦਾਂ ਨੇ ਭੈਣ ਵੱਲੇ ਹੱਥ ਕਰ ਕੇ ਕਿਹਾ। "ਵੱਧ ਕੇ ਕੋਠੇ ਜਿੱਡੀ ਹੋ ਚੱਲੀ ਏ, ਤੇ ਅਕਲ ਮਾਸਾ ਨਹੀਂ ਇਹਨੂੰ।" ਜਿੰਦਾਂ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ।
"ਇਹਨੂੰ ਅਕਲ ਕਿੱਥੇ ? ਇਹ ਤਾਂ ਨਿਰੀ ਬੁੱਧੂ ਏ।" ਮਾਂ ਨੇ ਲਾਡ ਨਾਲ ਜਿੰਦਾਂ ਦੀ ਗੱਲ ਦੀ ਪ੍ਰੋੜ੍ਹਤਾ ਕਰ ਦਿੱਤੀ।
“ਤੇ ਹੋਰ। ਭਲਾ ਹਾਸੇ ਭਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਏ? ਅਸੀਂ ਤਾਂ ਐਵੇਂ ਝੂਠੀ-ਮੂਠੀ ਖੇਡਦੀਆਂ ਸਾਂ।" ਜਿੰਦਾਂ ਨੇ ਮਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਕਿਹਾ।
"ਤੇ ਮੇਰੀ ਜਿੰਦਾਂ ਨਾਲੋਂ ਕਿਹੜੀ ਰਾਣੀ ਸੋਹਣੀ ਏਂ ? ਅਸੀਂ ਸੱਚ-ਮੁੱਚ ਇਹਨੂੰ ਮਹਾਰਾਜਾ ਰਣਜੀਤ ਸੁੰਹ ਦੀ ਰਾਣੀ ਬਣਾ ਦਿਆਂਗੇ।" ਜਿੰਦਾਂ ਦੀ ਸੁੰਦਰਤਾ ਉੱਤੇ ਮਾਂ ਦਾ ਦਿਲ ਵੀ ਮੋਹਿਆ ਗਿਆ ਸੀ।
"ਸੱਚ ਮੁੱਚ ?" ਜਿੰਦਾਂ ਦੇ ਸਵਾਲ ਵਿੱਚ ਖ਼ੁਸ਼ੀ ਤੇ ਹੈਰਾਨੀ ਲੁੱਕੀਆਂ ਹੋਈਆਂ ਸਨ।
"ਹਾਂ-ਹਾਂ, ਸੱਚ-ਮੁੱਚ" ਮਾਂ ਨੇ ਦੁਬਾਰਾ ਹਾਮੀ ਭਰ ਦਿੱਤੀ।
"ਆਹਾ ਜੀ, ਅਸੀਂ ਮਹਾਰਾਜਾ… ਰਣਜੀਤ ਸੁੰਹ ਦੀ ਰਾਣੀ ਬਣਾਂਗੇ।" ਮਾਂ ਦੀ ਬਾਹੀਂ ਵਿੱਚੋਂ ਨਿਕਲ ਕੇ ਜਿੰਦਾਂ ਖ਼ੁਸ਼ੀ ਨਾਲ ਭੁੜਕਣ ਲੱਗ ਪਈ।
"ਰਣਜੀਤ ਸੁੰਹ ਕਾਣਾ ਵੀ ਏ।" ਵੱਡੀ ਭੈਣ ਨੇ ਛੇੜਨ ਵਾਸਤੇ ਕਿਹਾ।
"ਊਂਹ! ਤੇਰਾ... ਘਰਵਾਲਾ ਕਾਣਾ ਹੋਵੇ ਖਾਂ।" ਜਿੰਦਾਂ ਦਾ ਮੂੰਹ ਗੁੱਸੇ ਨਾਲ ਵਧੇਰੇ ਲਾਲ ਹੋ ਗਿਆ।
ਸਾਰਾ ਪਰਵਾਰ ਖਿੜ-ਖਿੜਾ ਕੇ ਹੱਸ ਪਿਆ।
"ਵੇਖ ਲੈ, ਮਾਂ! ਹੁਣ ਤੋਂ ਈ ਚਿੜਨ ਲੱਗ ਪਈ ਊ।” ਵੱਡੀ ਭੈਣ ਨੇ ਜਿੰਦਾਂ ਵੱਲ ਉਂਗਲ ਕਰਕੇ ਕਿਹਾ।
"ਭੈਣਾਂ, ਚਿੜੇ ਨਾ ? ਤੁਸੀਂ ਉਹਦੇ ਮਹਾਰਾਜੇ ਨੂੰ ਕਾਣਾ ਕਿਉਂ ਆਖੋ?”
ਇਹ ਓਦੋਂ ਦੀਆਂ ਗੱਲਾਂ ਹਨ, ਜਦੋਂ ਅਜੇ ਜਿੰਦਾਂ ਇਹਨਾਂ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ। ਉਹ ਏਸੇ ਖ਼ੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਣ ਦਾ ਇਕਰਾਰ ਕਰ ਦਿੱਤਾ ਸੀ।
ਇਹ ਹਾਸੇ ਭਾਣੇ ਦੀ ਗੱਲ ਸਹੇਲੀਆਂ ਨੇ ਜਿੰਦਾਂ ਦੀ ਛੇੜ ਬਣਾ ਲਈ। ਉਹ ਠੱਠੇ ਨਾਲ ਉਹਨੂੰ 'ਰਾਣੀ ਜਿੰਦਾਂ' ਆਖਣ ਲੱਗ ਪਈਆਂ।
ਪਹਿਲਾਂ-ਪਹਿਲਾਂ ਤਾਂ ਜਿੰਦਾਂ 'ਰਾਣੀ' ਅਖਵਾ ਕੇ ਬੜੀ ਖ਼ੁਸ਼ ਹੁੰਦੀ, ਪਰ ਉਮਰ ਤੇ ਗਿਆਨ ਦੇ ਵਾਧੇ ਨਾਲ ਜਦ ਉਹਨੂੰ ਇਸ ਸ਼ਬਦ ਦੇ ਅਰਥਾਂ ਦੀ ਸਮਝ ਪਈ, ਤਾਂ ਉਹ ਚਿੜਨ ਲੱਗ ਪਈ। ਕੋਈ ਵੀ ਕੁਆਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚਿੜੇਗੀ, ਅੰਦਰੋਂ ਭਾਵੇਂ ਉਹ ਖ਼ੁਸ਼ ਵੀ ਹੋਵੇ। ਜਿਉਂ-ਜਿਉਂ ਜਿੰਦਾਂ ਚਿੜਦੀ, ਤਿਉਂ-ਤਿਉਂ ਸਹੇਲੀਆਂ ਵਧੇਰੇ ਛੇੜਦੀਆਂ। ਕਈ ਵਾਰ ਜਿੰਦਾਂ ਖਿੱਝ ਕੇ ਰੋਣ-ਹਾਕੀ ਹੋ ਜਾਂਦੀ। "ਵੇਖ ਲੈ ਮਾਂ! ਫੇਰ ਮੈਂ ਕੁਛ ਆਖਿਆ, ਤਾਂ ਇਹ ਆਪਣੀ ਵਾਰ ਰੋਊਗੀ।" ਵਧੇਰੇ ਗੁੱਸਾ ਜਿੰਦਾਂ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜਿੰਦਾਂ ਨੂੰ ਛੇੜਨ ਵਿੱਚ ਓਹ ਸਭ ਤੋਂ ਮੋਹਰੀ ਹੁੰਦੀ ਸੀ।
"ਭਲਾ ਮਾਂ! ਮੈਂ ਕਿਉਂ ਰੋਣਾ ਏਂ ? ਜੋ ਇਹਦਾ ਜੀ ਆਵੇ, ਇਹ ਕਹੀ ਜਾਵੇ।" ਵੱਡੀ ਭੈਣ ਨੇ ਅੱਗੋਂ ਹੱਸਦਿਆਂ ਹੱਸਦਿਆਂ ਉੱਤਰ ਦੇਣਾ।
"ਭੜਾਣੀਏਂ ਸੜਾਣੀਏਂ, ਸੰਧੂ ਘੜੰਧੂ।" ਜਿੰਦਾਂ ਨੇ ਮੂੰਹ ਚਿੜਾ ਕੇ ਕਹਿਣਾ।
"ਆਖੀ ਚੱਲ, ਆਖੀ ਚੱਲ। ਮੈਂ ਕੋਈ ਗੁੱਸਾ ਕਰਦੀ ਆਂ ? ਨਾਲੇ ਰਾਣੀ ਜਿੰਦਾਂ ਦਾ ਗੁੱਸਾ ਕਰਕੇ ਰਹਿਣਾ ਕੀਹਦੇ ਰਾਜ ਵਿੱਚ ਹੋਇਆ ?" ਵੱਡੀ ਭੈਣ ਨੇ ਓਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦੇਣਾ। ਉਹ ਭੜਾਣੀਏਂ ਸਰਦਾਰਾਂ ਦੇ ਮੰਗੀ ਹੋਈ ਸੀ।
"ਤੂੰ ਤਾਂ ਲੱਜ-ਲੱਥੀ ਏਂ। ਤੂੰ ਗੁੱਸਾ ਕਾਹਨੂੰ ਕਰਨਾ ਹੋਇਆ ?" ਜਿੰਦਾਂ ਏਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚਿੜਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ?
ਇਹ ਬੱਚਿਆਂ ਦੀਆਂ ਗੱਲਾਂ, ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਦੀਆਂ ਗਈਆਂ। ਮਾਤਾ-ਪਿਤਾ ਥਾਉਂ ਥਾਂਈਂ ਕਈ ਵਾਰ ਸੋਚਣ ਲੱਗ ਪੈਂਦੇ, 'ਜਿੰਦਾਂ ਬਹੁਤ ਖੂਬਸੂਰਤ ਏ। ਇਹ ਬੁੱਧ ਦੀ ਵੀ ਬੜੀ ਤੇਜ਼ ਏ। ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ। ਇਹਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰ ਦਿੱਤੀ ਜਾਵੇ, ਤਾਂ ਇਹਦੇ ਭਾਗ ਉਘੜ ਪੈਣ। ਇਕ ਇਹਦੀ ਕੀ ਗੱਲ, ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ।'
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਸੀ, ਆਪਣੀ ਕੌਮ ਦਾ ਲੀਡਰ ਵੀ ਸੀ। ਆਪਣੇ ਗੁਣਾਂ ਤੇ ਪਰਜਾ ਦਾ ਹਿੱਤ ਚਾਹੁਣ ਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰ-ਮਨ ਪਿਆਰਾ ਸੀ। ਲੋਕ ਉਹਦੇ ਨਾਲ ਨੇੜ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖ਼ੁਸ਼-ਕਿਸਮਤੀ ਸਮਝਦੇ ਸਨ। ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਨਿਹ-ਕਲੰਕ ਸਮਝਿਆ ਜਾਂਦਾ ਸੀ। ਵੱਡਿਆਂ ਬੰਦਿਆਂ ਵਿੱਚ ਓਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਸੀ। ਉਸ ਜ਼ਮਾਨੇ ਤਾਂ ਬੱਚਿਆਂ ਨੂੰ ਕਹਾਣੀ ਇਹ ਸੁਣਾਈ ਜਾਂਦੀ ਸੀ : 'ਇਕ ਸੀ ਰਾਜਾ। ਉਹਦੀਆਂ ਸੱਤ ਰਾਣੀਆਂ ਸਨ।' ਸੋ ਜੇ ਮਾਮੂਲੀ ਰਾਜੇ ਦੀਆਂ ਸੱਤ ਰਾਣੀਆਂ ਹੋ ਸਕਦੀਆਂ ਸਨ, ਤਾਂ ਮਹਾਰਾਜੇ ਦੀਆਂ ਸਤਾਈ ਕਿਉਂ ਨਾ ਹੋਣ ? ਤੇ ਸ਼ੇਰੇ-ਪੰਜਾਬ ਤਾਂ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ।
ਸ. ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ- ਪੰਜਾਬ ਦੀ ਰਾਣੀ ਬਣਾਉਣਾ ਹੈ। ਮੰਨਾ ਸਿੰਘ ਆਪਣੇ ਇਲਾਕੇ (ਪਿੰਡ ਚਾਹੜ, ਤਸੀਲ ਜ਼ਫ਼ਰਵਾਲ, ਜ਼ਿਲ੍ਹਾ ਸਿਆਲਕੋਟ) ਦਾ ਮੰਨਿਆ ਪ੍ਰਮੰਨਿਆ ਸਰਦਾਰ ਸੀ। ਉਹ ਔਲਖ ਗੋਤ ਦਾ ਜੱਟ ਸਿੱਖ ਸੀ। ਉਹਦੀ ਵੱਡੀ ਲੜਕੀ ਭੜਾਣੀਏ ਸ. ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ। ਮੰਨਾ ਸਿੰਘ ਦੀ ਭੈਣ ਪਿੰਡ ਐਮਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਸ. ਨਾਰ ਸਿੰਘ ਨਾਲ ਵਿਆਹੀ ਹੋਈ ਸੀ। ਸ. ਨਾਰ ਸਿੰਘ ਖੱਤਰੀਆਂ ਦੀ ਉੱਪਲ ਗੋਤ ਵਿੱਚੋਂ ਸੀ। ਓਸ ਸਮੇਂ ਦੇ ਸਿੱਖ ਜ਼ਾਤ ਗੋਤ ਨੂੰ ਬਹੁਤਾ ਨਹੀਂ ਸਨ ਮੰਨਦੇ। ਸ: ਨਾਰ ਸਿੰਘ ਤੇ ਸ. ਮਿੱਤ ਸਿੰਘ ਦੋਵੇਂ ਸ਼ੇਰੇ-ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ। ਜਿੰਦਾਂ ਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ।
ਜਿੰਦਾਂ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ। ਧਾਰਮਿਕ ਵਿੱਦਿਆ ਦੇ ਨਾਲ-ਨਾਲ ਉਹਨੂੰ ਇਤਿਹਾਸ ਤੇ ਕੁਛ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ। ਉਹਦੇ ਦਿਲ ਵਿੱਚ ਵੀ ਇਹ ਖ਼ਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ-ਪੰਜਾਬ ਦੀ ਰਾਣੀ ਬਣਨਾ ਹੈ।
ਜਿੰਦਾਂ ਅਜੇ ਬਾਲੜੀ ਹੀ ਸੀ, ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ। ਮਿੱਤ ਸਿੰਘ ਭੜਾਣੀਆਂ, ਸ਼ੇਰੇ-ਪੰਜਾਬ ਦੇ ਜਾਗੀਰਦਾਰ ਸਰਦਾਰਾਂ ਵਿੱਚੋਂ ਸੀ। ਉਹਦਾ ਇਕੋ-ਇੱਕ ਪੁੱਤਰ ਜਵਾਲਾ ਸਿੰਘ ਵੀ ਫ਼ੌਜ ਵਿੱਚ ਅਫ਼ਸਰ ਸੀ। ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਢੁੱਕੇ। ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ, ਤਾਂ ਉਹਦੀ ਚਮਕ-ਦਮਕ ਝੱਲੀ ਨਾ ਜਾਂਦੀ। ਜਿੰਦਾਂ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ। ਉਹਦੇ ਵੱਲੇ ਵੇਖ ਕੇ ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਉਂਦਾ, 'ਹੱਛਾ, ਮੈਂ ਇਹਦੇ ਨਾਲੋਂ ਵੀ ਵਧੇਰੇ ਗਹਿਣੇ ਪਾਇਆ ਕਰਾਂਗੀ।'
ਇਕ ਵਾਰ ਜਿੰਦਾਂ ਨੇ ਇਤਿਹਾਸ ਵਿੱਚ ਪੜ੍ਹਿਆ, "ਨੂਰ ਜਹਾਂ, ਬਾਦਸ਼ਾਹ ਜਹਾਂਗੀਰ ਦੀ ਮਨ-ਚਾਹੀ ਬੇਗ਼ਮ ਸੀ। ਬਾਦਸ਼ਾਹ ਨੇ ਸਾਰਾ ਰਾਜ ਕਾਜ ਬੇਗ਼ਮ ਦੇ ਹੱਥ ਸੌਂਪ ਛੱਡਿਆ ਸੀ। ਅਸਲੀ ਅਰਥਾਂ ਵਿੱਚ ਮੁਲਕ ਉੱਤੇ ਨੂਰ ਜਹਾਂ ਹੀ ਰਾਜ ਕਰਦੀ ਸੀ। ਉਹ ਬੜੀ ਸਮਝਦਾਰ ਤੇ ਯੋਗ ਇਸਤਰੀ ਸੀ।”
'ਮੈਂ ਵੀ ਰਾਜ ਕਰਾਂਗੀ।' ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਇਆ। 'ਪਰ ਰਾਜ ਕਰਨ ਵਾਸਤੇ ਉਸਦੇ ਯੋਗ ਬਣਨਾ ਜ਼ਰੂਰੀ ਹੈ।' ਉਹਨੇ ਮਨ ਵਿੱਚ ਸੋਚਿਆ। ਉਸ ਦਿਨ ਤੋਂ ਉਹ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ।
ਜਿੰਦਾਂ ਨੇ ਸੁਣਿਆਂ, 'ਸ਼ੇਰੇ-ਪੰਜਾਬ ਦੀਆਂ ਕਈ ਰਾਣੀਆਂ ਹਨ। ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ, "ਭੈਣ! ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਨੇ ?"