ਇਹ ਓਦੋਂ ਦੀਆਂ ਗੱਲਾਂ ਹਨ, ਜਦੋਂ ਅਜੇ ਜਿੰਦਾਂ ਇਹਨਾਂ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ। ਉਹ ਏਸੇ ਖ਼ੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਣ ਦਾ ਇਕਰਾਰ ਕਰ ਦਿੱਤਾ ਸੀ।
ਇਹ ਹਾਸੇ ਭਾਣੇ ਦੀ ਗੱਲ ਸਹੇਲੀਆਂ ਨੇ ਜਿੰਦਾਂ ਦੀ ਛੇੜ ਬਣਾ ਲਈ। ਉਹ ਠੱਠੇ ਨਾਲ ਉਹਨੂੰ 'ਰਾਣੀ ਜਿੰਦਾਂ' ਆਖਣ ਲੱਗ ਪਈਆਂ।
ਪਹਿਲਾਂ-ਪਹਿਲਾਂ ਤਾਂ ਜਿੰਦਾਂ 'ਰਾਣੀ' ਅਖਵਾ ਕੇ ਬੜੀ ਖ਼ੁਸ਼ ਹੁੰਦੀ, ਪਰ ਉਮਰ ਤੇ ਗਿਆਨ ਦੇ ਵਾਧੇ ਨਾਲ ਜਦ ਉਹਨੂੰ ਇਸ ਸ਼ਬਦ ਦੇ ਅਰਥਾਂ ਦੀ ਸਮਝ ਪਈ, ਤਾਂ ਉਹ ਚਿੜਨ ਲੱਗ ਪਈ। ਕੋਈ ਵੀ ਕੁਆਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚਿੜੇਗੀ, ਅੰਦਰੋਂ ਭਾਵੇਂ ਉਹ ਖ਼ੁਸ਼ ਵੀ ਹੋਵੇ। ਜਿਉਂ-ਜਿਉਂ ਜਿੰਦਾਂ ਚਿੜਦੀ, ਤਿਉਂ-ਤਿਉਂ ਸਹੇਲੀਆਂ ਵਧੇਰੇ ਛੇੜਦੀਆਂ। ਕਈ ਵਾਰ ਜਿੰਦਾਂ ਖਿੱਝ ਕੇ ਰੋਣ-ਹਾਕੀ ਹੋ ਜਾਂਦੀ। "ਵੇਖ ਲੈ ਮਾਂ! ਫੇਰ ਮੈਂ ਕੁਛ ਆਖਿਆ, ਤਾਂ ਇਹ ਆਪਣੀ ਵਾਰ ਰੋਊਗੀ।" ਵਧੇਰੇ ਗੁੱਸਾ ਜਿੰਦਾਂ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜਿੰਦਾਂ ਨੂੰ ਛੇੜਨ ਵਿੱਚ ਓਹ ਸਭ ਤੋਂ ਮੋਹਰੀ ਹੁੰਦੀ ਸੀ।
"ਭਲਾ ਮਾਂ! ਮੈਂ ਕਿਉਂ ਰੋਣਾ ਏਂ ? ਜੋ ਇਹਦਾ ਜੀ ਆਵੇ, ਇਹ ਕਹੀ ਜਾਵੇ।" ਵੱਡੀ ਭੈਣ ਨੇ ਅੱਗੋਂ ਹੱਸਦਿਆਂ ਹੱਸਦਿਆਂ ਉੱਤਰ ਦੇਣਾ।
"ਭੜਾਣੀਏਂ ਸੜਾਣੀਏਂ, ਸੰਧੂ ਘੜੰਧੂ।" ਜਿੰਦਾਂ ਨੇ ਮੂੰਹ ਚਿੜਾ ਕੇ ਕਹਿਣਾ।
"ਆਖੀ ਚੱਲ, ਆਖੀ ਚੱਲ। ਮੈਂ ਕੋਈ ਗੁੱਸਾ ਕਰਦੀ ਆਂ ? ਨਾਲੇ ਰਾਣੀ ਜਿੰਦਾਂ ਦਾ ਗੁੱਸਾ ਕਰਕੇ ਰਹਿਣਾ ਕੀਹਦੇ ਰਾਜ ਵਿੱਚ ਹੋਇਆ ?" ਵੱਡੀ ਭੈਣ ਨੇ ਓਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦੇਣਾ। ਉਹ ਭੜਾਣੀਏਂ ਸਰਦਾਰਾਂ ਦੇ ਮੰਗੀ ਹੋਈ ਸੀ।
"ਤੂੰ ਤਾਂ ਲੱਜ-ਲੱਥੀ ਏਂ। ਤੂੰ ਗੁੱਸਾ ਕਾਹਨੂੰ ਕਰਨਾ ਹੋਇਆ ?" ਜਿੰਦਾਂ ਏਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚਿੜਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ?
ਇਹ ਬੱਚਿਆਂ ਦੀਆਂ ਗੱਲਾਂ, ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਦੀਆਂ ਗਈਆਂ। ਮਾਤਾ-ਪਿਤਾ ਥਾਉਂ ਥਾਂਈਂ ਕਈ ਵਾਰ ਸੋਚਣ ਲੱਗ ਪੈਂਦੇ, 'ਜਿੰਦਾਂ ਬਹੁਤ ਖੂਬਸੂਰਤ ਏ। ਇਹ ਬੁੱਧ ਦੀ ਵੀ ਬੜੀ ਤੇਜ਼ ਏ। ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ। ਇਹਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰ ਦਿੱਤੀ ਜਾਵੇ, ਤਾਂ ਇਹਦੇ ਭਾਗ ਉਘੜ ਪੈਣ। ਇਕ ਇਹਦੀ ਕੀ ਗੱਲ, ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ।'
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਸੀ, ਆਪਣੀ ਕੌਮ ਦਾ ਲੀਡਰ ਵੀ ਸੀ। ਆਪਣੇ ਗੁਣਾਂ ਤੇ ਪਰਜਾ ਦਾ ਹਿੱਤ ਚਾਹੁਣ ਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰ-ਮਨ ਪਿਆਰਾ ਸੀ। ਲੋਕ ਉਹਦੇ ਨਾਲ ਨੇੜ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖ਼ੁਸ਼-ਕਿਸਮਤੀ ਸਮਝਦੇ ਸਨ। ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਨਿਹ-ਕਲੰਕ ਸਮਝਿਆ ਜਾਂਦਾ ਸੀ। ਵੱਡਿਆਂ ਬੰਦਿਆਂ ਵਿੱਚ ਓਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਸੀ। ਉਸ ਜ਼ਮਾਨੇ ਤਾਂ ਬੱਚਿਆਂ ਨੂੰ ਕਹਾਣੀ ਇਹ ਸੁਣਾਈ ਜਾਂਦੀ ਸੀ : 'ਇਕ ਸੀ ਰਾਜਾ। ਉਹਦੀਆਂ ਸੱਤ ਰਾਣੀਆਂ ਸਨ।' ਸੋ ਜੇ ਮਾਮੂਲੀ ਰਾਜੇ ਦੀਆਂ ਸੱਤ ਰਾਣੀਆਂ ਹੋ ਸਕਦੀਆਂ ਸਨ, ਤਾਂ ਮਹਾਰਾਜੇ ਦੀਆਂ ਸਤਾਈ ਕਿਉਂ ਨਾ ਹੋਣ ? ਤੇ ਸ਼ੇਰੇ-ਪੰਜਾਬ ਤਾਂ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ।
ਸ. ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ- ਪੰਜਾਬ ਦੀ ਰਾਣੀ ਬਣਾਉਣਾ ਹੈ। ਮੰਨਾ ਸਿੰਘ ਆਪਣੇ ਇਲਾਕੇ (ਪਿੰਡ ਚਾਹੜ, ਤਸੀਲ ਜ਼ਫ਼ਰਵਾਲ, ਜ਼ਿਲ੍ਹਾ ਸਿਆਲਕੋਟ) ਦਾ ਮੰਨਿਆ ਪ੍ਰਮੰਨਿਆ ਸਰਦਾਰ ਸੀ। ਉਹ ਔਲਖ ਗੋਤ ਦਾ ਜੱਟ ਸਿੱਖ ਸੀ। ਉਹਦੀ ਵੱਡੀ ਲੜਕੀ ਭੜਾਣੀਏ ਸ. ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ। ਮੰਨਾ ਸਿੰਘ ਦੀ ਭੈਣ ਪਿੰਡ ਐਮਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਸ. ਨਾਰ ਸਿੰਘ ਨਾਲ ਵਿਆਹੀ ਹੋਈ ਸੀ। ਸ. ਨਾਰ ਸਿੰਘ ਖੱਤਰੀਆਂ ਦੀ ਉੱਪਲ ਗੋਤ ਵਿੱਚੋਂ ਸੀ। ਓਸ ਸਮੇਂ ਦੇ ਸਿੱਖ ਜ਼ਾਤ ਗੋਤ ਨੂੰ ਬਹੁਤਾ ਨਹੀਂ ਸਨ ਮੰਨਦੇ। ਸ: ਨਾਰ ਸਿੰਘ ਤੇ ਸ. ਮਿੱਤ ਸਿੰਘ ਦੋਵੇਂ ਸ਼ੇਰੇ-ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ। ਜਿੰਦਾਂ ਦੀ ਸ਼ਾਦੀ ਸ਼ੇਰੇ-ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ।
ਜਿੰਦਾਂ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ। ਧਾਰਮਿਕ ਵਿੱਦਿਆ ਦੇ ਨਾਲ-ਨਾਲ ਉਹਨੂੰ ਇਤਿਹਾਸ ਤੇ ਕੁਛ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ। ਉਹਦੇ ਦਿਲ ਵਿੱਚ ਵੀ ਇਹ ਖ਼ਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ-ਪੰਜਾਬ ਦੀ ਰਾਣੀ ਬਣਨਾ ਹੈ।
ਜਿੰਦਾਂ ਅਜੇ ਬਾਲੜੀ ਹੀ ਸੀ, ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ। ਮਿੱਤ ਸਿੰਘ ਭੜਾਣੀਆਂ, ਸ਼ੇਰੇ-ਪੰਜਾਬ ਦੇ ਜਾਗੀਰਦਾਰ ਸਰਦਾਰਾਂ ਵਿੱਚੋਂ ਸੀ। ਉਹਦਾ ਇਕੋ-ਇੱਕ ਪੁੱਤਰ ਜਵਾਲਾ ਸਿੰਘ ਵੀ ਫ਼ੌਜ ਵਿੱਚ ਅਫ਼ਸਰ ਸੀ। ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਢੁੱਕੇ। ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ, ਤਾਂ ਉਹਦੀ ਚਮਕ-ਦਮਕ ਝੱਲੀ ਨਾ ਜਾਂਦੀ। ਜਿੰਦਾਂ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ। ਉਹਦੇ ਵੱਲੇ ਵੇਖ ਕੇ ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਉਂਦਾ, 'ਹੱਛਾ, ਮੈਂ ਇਹਦੇ ਨਾਲੋਂ ਵੀ ਵਧੇਰੇ ਗਹਿਣੇ ਪਾਇਆ ਕਰਾਂਗੀ।'
ਇਕ ਵਾਰ ਜਿੰਦਾਂ ਨੇ ਇਤਿਹਾਸ ਵਿੱਚ ਪੜ੍ਹਿਆ, "ਨੂਰ ਜਹਾਂ, ਬਾਦਸ਼ਾਹ ਜਹਾਂਗੀਰ ਦੀ ਮਨ-ਚਾਹੀ ਬੇਗ਼ਮ ਸੀ। ਬਾਦਸ਼ਾਹ ਨੇ ਸਾਰਾ ਰਾਜ ਕਾਜ ਬੇਗ਼ਮ ਦੇ ਹੱਥ ਸੌਂਪ ਛੱਡਿਆ ਸੀ। ਅਸਲੀ ਅਰਥਾਂ ਵਿੱਚ ਮੁਲਕ ਉੱਤੇ ਨੂਰ ਜਹਾਂ ਹੀ ਰਾਜ ਕਰਦੀ ਸੀ। ਉਹ ਬੜੀ ਸਮਝਦਾਰ ਤੇ ਯੋਗ ਇਸਤਰੀ ਸੀ।”
'ਮੈਂ ਵੀ ਰਾਜ ਕਰਾਂਗੀ।' ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਇਆ। 'ਪਰ ਰਾਜ ਕਰਨ ਵਾਸਤੇ ਉਸਦੇ ਯੋਗ ਬਣਨਾ ਜ਼ਰੂਰੀ ਹੈ।' ਉਹਨੇ ਮਨ ਵਿੱਚ ਸੋਚਿਆ। ਉਸ ਦਿਨ ਤੋਂ ਉਹ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ।
ਜਿੰਦਾਂ ਨੇ ਸੁਣਿਆਂ, 'ਸ਼ੇਰੇ-ਪੰਜਾਬ ਦੀਆਂ ਕਈ ਰਾਣੀਆਂ ਹਨ। ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ, "ਭੈਣ! ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਨੇ ?"
"ਇਹ ਮਰਦ ਈ ਜਾਨਣ। ਆਪਾਂ ਨੂੰ ਕੀ ਪਤਾ?" ਭੈਣ ਨੇ ਅੱਗੋਂ ਟਾਲਣ ਦੇ ਇਰਾਦੇ ਨਾਲ ਕਿਹਾ।
"ਨਹੀਂ, ਸਾਨੂੰ ਵੀ ਜਾਨਣਾ ਚਾਹੀਦਾ ਹੈ। ਆਖ਼ਰ ਬਹੁਤੇ ਵਿਆਹਾਂ ਦਾ ਦੁੱਖ ਤਾਂ ਇਸਤਰੀਆਂ ਨੂੰ ਈ ਭੁਗਤਣਾ ਪੈਂਦਾ ਏ ਨਾ।" ਜਿੰਦਾਂ ਨੇ ਬੜੀ ਗੰਭੀਰਤਾ ਨਾਲ ਕਿਹਾ।
“ਹੱਛਾ, ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀਆਂ ਸਲਾਹੀਂ ਹੋ ਰਹੀਆਂ ਨੇ। ਉਹਦੀਆਂ ਅੱਗੇ ਕਈ ਰਾਣੀਆਂ ਨੇ। ਤੂੰ ਪਤਾ ਕਰ ਲਈਂ, ਪਈ ਉਹਨੇ ਬਹੁਤੇ ਵਿਆਹ ਕਿਉਂ ਕਰਵਾਏ ਨੇ ?" ਭੈਣ ਨੇ ਅੱਗੋਂ ਮਸ਼ਕਰੀ ਵਜੋਂ ਕਿਹਾ।
"ਨਹੀਂ, ਭੈਣ! ਮੈਂ ਹੱਸਦੀ ਨਹੀਂ। ਇੱਕ ਮਹਾਰਾਜੇ ਦੀ ਗੱਲ ਨਹੀਂ, ਰੱਜੇ ਪੁੱਜੇ ਆਦਮੀ ਆਮ ਬਹੁਤੇ ਵਿਆਹ ਕਰਵਾਉਂਦੇ ਨੇ। ਆਖ਼ਰ ਕਿਉਂ ? ਕੁਛ ਕਾਰਨ ਤਾਂ ਜ਼ਰੂਰ ਹੋਵੇਗਾ।..... ਹੱਛਾ, ਇਹ ਦੱਸ, ਭਾਈਏ ਨੇ ਵੀ ਕਦੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਏ ?" ਜਿੰਦਾਂ ਨੇ ਸੰਜੀਦਗੀ ਨਾਲ ਪੁੱਛਿਆ। ਉਹਦਾ ਮਤਲਬ ਭੈਣ ਦੇ ਪਤੀ, ਸ. ਜਵਾਲਾ ਸਿੰਘ ਤੋਂ ਸੀ।
"ਅਜੇ ਤਾਂ ਨਹੀਂ, ਪਰ ਇਹਨਾਂ ਮਰਦਾਂ ਦਾ ਕੀ ਭਰੋਸਾ ?" ਭੈਣ ਨੇ ਵੀ ਅੱਗੋਂ ਗੰਭੀਰ ਹੋ ਕੇ ਕਿਹਾ।
"ਸ਼ੇਰੇ-ਪੰਜਾਬ ਬਾਰੇ ਮੈਂ ਇਕ ਗੱਲ ਤਾਂ ਸਮਝਦੀ ਆਂ। ਸਭ ਤੋਂ ਪਹਿਲਾ ਵਿਆਹ ਉਹਨਾਂ ਦੇ ਪਿਤਾ ਨੇ ਬਾਲ ਉਮਰੇ ਹੀ ਕਰ ਦਿੱਤਾ। ਫਿਰ ਕੁਛ ਵਿਆਹ ਉਹਨਾਂ ਸਾਂਝਾਂ ਵਧਾਉਣ ਵਾਸਤੇ ਕੀਤੇ। ਉਹਨਾਂ ਦਾ ਕਾਰਨ ਨਿਰੋਲ ਰਾਜਨੀਤਕ ਸੀ। ਵਿਆਹ ਕਰਕੇ ਉਹਨਾਂ ਕੁਛ ਮਿਸਲਾਂ ਜਾਂ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ। ਉਸ ਸਮੇਂ ਉਹਨਾਂ ਵਿਆਹਾਂ ਦਾ ਲਾਭ ਵੀ ਸਮਝਿਆ ਜਾ ਸਕਦਾ ਸੀ। ਪਰ ਸਾਰੇ ਪੰਜਾਬ ਵਿੱਚ ਰਾਜ ਪੱਕਾ ਹੋ ਜਾਣ ਪਿੱਛੋਂ ਵੀ ਉਹਨਾਂ ਕੁਛ ਵਿਆਹ ਕਰਵਾਏ ਨੇ। ਇਸਦੇ ਕਾਰਨ ਦੀ ਸਮਝ ਨਹੀਂ ਪੈਂਦੀ।" ਜਿੰਦਾਂ ਬੜੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਸੀ।
“ਜਿੰਦਾਂ! ਤੂੰ ਸੱਚ-ਮੁੱਚ ਈ ਰਾਣੀ ਬਣਨ ਦੇ ਯੋਗ ਏਂ। ਮੈਂ ਆਪਣਾ
ਸਾਰਾ ਤਾਣ ਲਾਵਾਂਗੀ।" ਭੈਣ ਨੇ ਉਹਨੂੰ ਘੁੱਟ ਕੇ ਗਲ ਨਾਲ ਲਾ ਲਿਆ। ਉਹ ਛੋਟੀ ਭੈਣ ਦੀ ਸੂਝ-ਬੂਝ 'ਤੇ ਖ਼ੁਸ਼ ਵੀ ਸੀ ਤੇ ਹੈਰਾਨ ਵੀ।
ਜਿੰਦਾਂ ਦੀ ਭੈਣ ਨੇ ਪਤੀ ਅੱਗੇ ਬੜੇ ਸੁਚੱਜੇ ਢੰਗ ਨਾਲ ਗੱਲ ਚਲਾਈ। ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ 'ਬਹੁਤੇ ਵਿਆਹਾਂ ਬਾਰੇ ਬਹਿਸ' ਤੱਕ ਕਹਾਣੀ ਸੁਣਾਈ। ਉਹਨੇ ਜਿੰਦਾਂ ਦੀ ਵਿੱਦਿਆ, ਉਹਦੀ ਰਾਣੀ ਬਣਨ ਦੀ ਰੀਝ ਤੇ ਮਾਪਿਆਂ ਦੀ ਇੱਛਿਆ ਬਾਰੇ ਵੀ ਦੱਸਿਆ। ਆਪਣੀਆਂ ਗੱਲਾਂ ਦਾ ਸ. ਜਵਾਲਾ ਸਿੰਘ 'ਤੇ ਪ੍ਰਭਾਵ ਪਿਆ ਵੇਖ ਕੇ, ਅੰਤ ਉਹਨੇ ਬੜੇ ਪਿਆਰ ਨਾਲ ਕਿਹਾ, "ਉਂਞ ਇਹ ਸੰਬੰਧ ਹੋ ਜਾਏ, ਤਾਂ ਸਰਕਾਰ ਦਰਬਾਰ ਵਿੱਚ ਹੁਣ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਏ। ਨਾਲੇ ਮੇਰੇ ਮਾਪੇ ਵੀ ਤੁਹਾਡਾ ਅਹਿਸਾਨ ਮੰਨਣਗੇ। ਫਿਰ ਜਿੰਦਾਂ ਵਰਗੀ ਰੂਪਵਾਨ ਵੀ ਇਸ ਵੇਲੇ ਸਾਰੇ ਦੇਸ਼ ਵਿੱਚ ਭਾਲਿਆਂ ਨਹੀਂ ਲੱਭਣੀ।"
ਗੱਲ ਸ. ਜਵਾਲਾ ਸਿੰਘ ਦੇ ਦਿਲ ਲੱਗੀ। ਉਹ ਸ਼ੇਰੇ-ਪੰਜਾਬ ਦਾ ਲਗਭਗ ਹਾਣੀ ਤੇ ਮੂੰਹ-ਲੱਗੇ ਸਰਦਾਰਾਂ ਵਿੱਚੋਂ ਸੀ। ਮੌਕਿਆ ਤਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ। ਉਹਨੇ ਐਸੇ ਰੰਗੀਨ ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਫੜਕ ਉੱਠਿਆ। ਜਿੰਦਾਂ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਹਿਆ ਗਿਆ। ਮੁੱਕਦੀ ਗੱਲ, ਸ. ਜਵਾਲਾ ਸਿੰਘ ਦੇ ਵਿਚੋਲਪੁਣੇ ਦਾ ਨਤੀਜਾ, ਜਿੰਦਾਂ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ।
ਇਹ ਖ਼ਬਰ ਸੁਣ ਕੇ, ਇਕ ਪਿੰਡ ਚਾਹੜ ਛੱਡਿਆ, ਸਾਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਵੇਲੇ ਮੰਨਾ ਸਿੰਘ ਦੀ ਗਿਣਤੀ ਨਾਮਵਰ ਘੋੜ ਚੜ੍ਹੇ ਸਰਦਾਰਾਂ ਵਿੱਚੋਂ ਸੀ। ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਜੰਞ ਨਾਲ ਆਏ। ਜਿੰਦਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਉਹਦੇ ਮਨ ਦੀ ਮੁਰਾਦ ਪੂਰੀ ਹੋ ਗਈ। ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਗਹਿਣਿਆਂ ਵੱਲ ਵੇਖ ਰਹੀ ਸੀ।