

ਕੇ ਉਸ ਨਿਰਦਈ ਅੰਗਰੇਜ਼ ਅੱਗੇ ਫਰਯਾਦ ਕਰਨ, ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ। ਇਹ ਮੇਰੀ ਅੰਤਮ ਭੇਟਾ ਹੈ, ਮੇਰੇ ਸਿਰਤਾਜ ਵਾਸਤੇ ਲੈ ਜਾਈਂ।"
ਦੋ ਚਾਰ ਹਟਕੋਰੇ ਆਏ, ਤੇ ਜਿੰਦਾਂ ਪੂਰੀ ਹੋ ਗਈ।
ਕਹਿੰਦੇ ਹਨ, ਮਰਨ ਪਿੱਛੋਂ ਸਭ ਵੈਰ ਵਿਰੋਧ ਮਿਟ ਜਾਇਆ ਕਰਦੇ ਹਨ। ਪਰ ਜਿੰਦਾਂ ਦੇ ਵਿਰੋਧੀਆਂ ਦੇ ਦਿਲੋਂ ਉਸਦੇ ਮਰਨ 'ਤੇ ਵੀ ਵੈਰ ਨਾ ਮਿਟਿਆ। ਉਸ ਦੀ ਲੋਥ ਨੂੰ ਪੰਜਾਬ ਜਾਣ ਦੀ ਆਗਿਆ ਨਾ ਮਿਲੀ। ਅੰਗਰੇਜ਼ੀ ਸਰਕਾਰ ਵੱਲੋਂ ਮਸਾਂ ਏਨੀ ਹੀ ਇਜਾਜ਼ਤ ਮਿਲੀ ਕਿ ਜਿੰਦਾਂ ਦੀ ਲੋਥ ਨਦੀ ਨਰਬਦਾ ਦੇ ਕੰਢੇ ਲੈ ਜਾ ਕੇ ਸਸਕਾਰੀ ਜਾ ਸਕਦੀ ਹੈ।
ਬੰਬਈ ਦੇ ਨੇੜੇ, ਨਰਬਦਾ ਨਦੀ ਦੇ ਕੰਢੇ ਮਹਾਰਾਣੀ ਜਿੰਦ ਕੌਰਾਂ ਦਾ ਸਿਵਾ ਬਲ ਰਿਹਾ ਸੀ। ਮ. ਦਲੀਪ ਸਿੰਘ ਮਾਂ ਦੇ ਚਰਨਾਂ ਵੱਲੇ ਖਲਾ ਹੰਝੂ ਵਹਾ ਰਿਹਾ ਸੀ। ਉਹਦੇ ਅੰਗਰੇਜ਼ ਰਖਵਾਲੇ ਵਾਪਸ ਜਾਣ ਵਾਸਤੇ ਕਾਹਲੇ ਪੈ ਰਹੇ ਸਨ। ਜਿੰਦਾਂ ਦਾ ਅਜੇ ਸਿਵਾ ਵੀ ਠੰਢਾ ਨਹੀਂ ਸੀ ਹੋਇਆ, ਜਾਂ ਦਲੀਪ ਸਿੰਘ ਮਜਬੂਰਨ ਮਘਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜ ਗਿਆ।
ਜਿੰਦਾਂ ਦੀ ਵਿਭੂਤੀ ਦਰਿਆ ਨਰਬਦਾ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵੱਲ ਜਾ ਰਹੀ ਸੀ ਤੇ ਉਹਦੀ ਆਤਮਾ ਆਪਣੇ ਉੱਜੜੇ ਪੰਜਾਬ ਉੱਤੇ ਝਾਤੀ ਮਾਰਨ ਵਾਸਤੇ ਉਡੀ ਜਾਂਦੀ ਸੀ।
ਲੁਧਿਆਣਾ ਸੋਹਣ ਸਿੰਘ ਸ਼ੀਤਲ
੪-੧੦-੬੦ ਈ:
-----------------------------------------------------------------
ਨੋਟ :- ਭਾਵੇਂ ਇਤਿਹਾਸ ਦੇ ਨਾਲ-ਨਾਲ ਹੀ ਚੱਲਣ ਦਾ ਯਤਨ ਕੀਤਾ ਗਿਆ ਹੈ, ਫਿਰ ਵੀ ਪਾਠਕ ਇਸ ਪੁਸਤਕ ਨੂੰ ਨਾਵਲ ਸਮਝ ਕੇ ਹੀ ਪੜ੍ਹਨ। ਇਤਿਹਾਸਕ ਸੱਚਾਈ ਜਾਨਣ ਵਾਸਤੇ ਪਾਠਕ 'ਦੁਖੀਏ ਮਾਂ ਪੁੱਤ' ਨਾਮੀ ਪੁਸਤਕ ਵੇਖਣ, ਜਿਸ ਵਿੱਚ ਮਹਾਰਾਣੀ ਜਿੰਦਾਂ ਤੇ ਮ. ਦਲੀਪ ਸਿੰਘ ਦੇ ਜਨਮ ਤੋਂ ਲੈ ਕੇ ਸੁਰਗਵਾਸ ਹੋਣ ਤੱਕ ਦੇ ਪੂਰੇ ਹਾਲੇ, ਪੁਰਾਣੀਆਂ ਪ੍ਰਮਾਣੀਕ ਕਿਤਾਬਾਂ ਦੇ ਹਵਾਲੇ ਦੇ ਕੇ ਲਿਖੇ ਗਏ ਹਨ। -ਕਰਤਾ