ਮਾਹੀ ਵੇ ਮੁਹੱਬਤਾਂ ਸੱਚੀਆਂ ਨੇ
ਕਰਨਦੀਪ ਸੋਨੀ
ਸਮਰਪਣ
ਕੁਦਰਤ ਨੂੰ
ਮੁਹੱਬਤ ਨੂੰ
ਸੱਚੀਆਂ ਰੂਹਾਂ ਨੂੰ
ਅੰਤਰੀਵੀ ਝਾਤ
• ਨੂਰ
• ਸਿਫ਼ਤ
• ਕੋਈ ਰੋਇਆ ਹੀ ਨਹੀਂ
• ਤੇਰੀ ਖ਼ਾਤਰ
• ਨਾ ਸੋਈਆਂ ਅੱਖੀਆਂ
• ਫੱਟ ਇਸ਼ਕ ਦੇ
• ਮਨਮਾਨੀਆਂ
• ਤੇਰੇ ਕੋਲੋਂ ਦੂਰ
• ਦੂਰੀਆਂ ਵੱਧ ਨਾ ਜਾਣ
• ਚੇਤੇ
• ਅੱਥਰੂ
• ਮਹਿਸੂਸ ਕਰਨਾ
• ਔਰਤ ਤੇ ਕਿਤਾਬ
• ਦੂਰ ਹੋ ਗਿਆ
• ਤੂੰ ਰੋਵੇਂ ਤੇ ਮੈਂ ਚੋ ਜਾਵਾਂ
• ਅਸਹਿ ਦਰਦ
• ਕਦੇ ਵੀ
• ਤੇਰੇ ਕਰਕੇ
• ਇਤਬਾਰ
• ਵਿਸ਼ਵਾਸ਼
• ਝੂਠੇ ਤੇਰੇ ਦਿਲਾਸੇ ਸੀ
• ਬਰਬਾਦੀਆਂ
• ਯਾਦਾਂ
• ਵਾਅਦੇ
• ਕੀ ਚਾਹੀਦਾ
ਅਸੀਂ ਵੀ
• ਆਖ਼ਰੀ ਖਵਾਹਿਸ਼
• ਹਰ ਮੌਸਮ, ਹਰ ਘੜੀ
• ਜਿੰਦ ਤਲੀ ਤੇ ਰੱਖ ਲੈਂਦਾ ਹਾਂ
• ਜਾਣ ਬੁੱਝ ਕੇ
• ਅਬ ਨਹੀਂ ਲੌਟੇਂਗੇ
• ਹੰਝੂ ਤੇ ਹੌਂਕੇ ਲੈ ਕੇ
• ਉਮੀਦ
• ਟੱਪੇ
• ਤੱਕ-ਤੱਕ ਤੈਨੂੰ
• ਇਸ਼ਕ ਦੇ ਫੱਟ
• ਨਾ ਇਸ਼ਕ ਤੋਂ ਨਜ਼ਰ ਵਿਸਾਰੋ
• ਇਸ਼ਕ ਨਾ ਦੇਖੇ
• ਕਿਤਾਬ
• ਆਸ
• ਮੇਰੇ ਸ਼ਹਿਰ ਦਾ
• ਤੇਰੇ ਤੀਕ
• ਜਿਨ੍ਹਾਂ ਨੂੰ ਕੋਈ ਦੁੱਖ ਨਾ ਲੱਗੇ
• ਜਦ ਚਿੱਤ ਚਾਹੇ
• ਕਿਉਂ ਤੂੰ ਰੁੱਸ ਰੁੱਸ ਬਹਿਨੈ
• ਅੱਖੀਆਂ ‘ਚ ਸੁਪਨੇ
• ਕਿਤੇ ਮਿਲੇ ਤਾਂ
• ਡਾਢਾ ਰੋਗ ਇਸ਼ਕੇ ਦਾ
• ਤੇਰੇ ਸ਼ਹਿਰ
• ਸ਼ਾਮ ਢਲੀ ਤੇ
• ਦੋਨੋਂ ਹੀ ਪੰਜਾਬ
• ਚਾਰੇ ਪਾਸੇ
• ਨਾਮ ਤੇਰਾ
• ਦਰਦ
• ਦਿਲ ਤੈਨੂੰ ਦੇ ਬੈਠੇ
• ਅਸੀਂ ਬਹੁਤ ਛੁਪਾ ਲਿਆ
• ਅਲਵਿਦਾ
• ਵਜੂਦ ਹੁੰਦਾ ਹੈ ਚਾਨਣਾਂ ਦਾ
• ਮਸਲੇ ਵਿਗੜ ਗਏ
• ਕਦੇ ਕਦੇ
• ਰਿਸ਼ਤਾ ਮਜਬੂਤ ਰੱਖ ਲਵੀਂ
• ਬਾਤਾਂ
• ਇਕਰਾਰ
• ਪਹਿਲਾਂ ਰੋਣੇ ਤੇ ਫੇਰ ਹਾਸੇ
• ਵਿਚਕਾਰ ਨਾ ਛੱਡਦਾ
• ਜ਼ੁਲਫ ਸੰਵਾਰ ਕੇ ਲੰਘੇ
• ਅੱਖਾਂ ਦਾ ਮਟਕਾਉਣਾ
• ਤੁਰ ਗਏ
ਦੋ ਸ਼ਬਦ
ਕਰਨਦੀਪ ਸੋਨੀ.. ਇਸ਼ਕ ਦੀ ਪਨੀਰੀ ਵਿੱਚੋਂ ਪੁੰਗਰਦੇ ਫੁੱਲਾਂ ਦਾ ਇੱਕ ਮਾਲੀ, ਜੋ ਜਾਣਦਾ ਹੈ ਕਿੰਨੀ ਧੁੱਪ, ਕਿਨਾ ਪਾਣੀ ਤੇ ਕਿੰਨੀ ਰੇਹ ਜ਼ਰੂਰੀ ਹੈ, ਇਨ੍ਹਾਂ ਗੁਲਦਸਤਿਆਂ ਦੀ ਸੂਖ਼ਮ ਗਰਭ-ਅਵਸਥਾ ਲਈ।
'ਅੱਧੇ ਲੋਕੜ ਤੋਂ 'ਮਾਹੀ ਵੇ ਮੁਹੱਬਤਾਂ ਸੱਚੀਆਂ ਨੇੜ ਤੱਕ ਆਪਣੀ ਕਲਮ ਨੂੰ ਕਸੀਆ ਬਣਾ ਰੇਤਲੇ ਟਿੱਬਿਆਂ ਜਿਹੇ ਵਰਕਿਆਂ ਦੀ ਹਿੱਕ ਪਾੜ, ਕੋਹਿਨੂਰ ਤੋਂ ਵੀ ਕੀਮਤੀ ਲਫ਼ਜ਼ਾਂ ਦੀ ਗਾਨੀ ਬਣਾ, ਕਿਤਾਬ ਦੇ ਰੂਪ ਵਿੱਚ ਪੇਸ਼ ਕਰਨਾ ਕਾਬਿਲ-ਏ-ਤਾਰੀਫ਼ ਹੈ।
ਕਰਨਦੀਪ ਵਿੱਚ ਲਿਪਟੀ ਦੁਨੀਆ ਹੀ ਰੂਹਾਂ ਦੇ ਭੇਤ ਫੜਦੀ ਹੈ ਤੇ ਕਾਇਨਾਤ ਦੇ ਰੰਗ ਘੜਦੀ ਹੈ।
ਮੈਂ ਜਿੰਨੇ ਦੌਰ ਵੀ ਕਰਨ ਨੂੰ ਮਿਲਦਾ ਹਾਂ ਤਾਂ ਹਰ ਵਾਰ ਕੋਈ ਨਾ ਕੋਈ ਰਹੱਸ ਜਾਣਦਾ ਹਾਂ ਜੋ ਇਸ ਇਸ਼ਕ ਦੀ ਬਨਾਉਟੀ ਦੁਨੀਆਂ ਵਿੱਚ ਕਿਧਰੇ ਅਲੋਪ ਹੋ ਗਏ।
ਇਸ਼ਕ ਦੀ ਗੁੜਤੀ ਲੈ ਕਰਨ ਦੀ ਕਲਮ ਦੇ ਗਰਭ 'ਚੋਂ ਉਪਜੇ ਸ਼ਬਦਾਂ ਦਾ ਸਵਾਦ ਇੱਕ ਵਾਰ ਜ਼ਰੂਰ ਲੈਣਾ।
ਕਰਨ ਦੀ ਇਸ ਨਵੀਂ ਉਡਾਰੀ ਲਈ ਕਰਨ ਨੂੰ ਮੁਬਾਰਕਬਾਦ।
ਜੋ ਇਸ਼ਕ ਤੋਂ ਵਿਛੜੇ
ਇਸ਼ਕ ਲਿਖਦੇ ਨੇ,
ਇਸ਼ਕ ਵੀ ਉਨ੍ਹਾਂ ਦਾ
ਆਸ਼ਿਕ ਹੋ ਜਾਂਦਾ।
-ਜਸ਼ਨ ਚੰਮ
'ਇਸ਼ਕ ਮੈਖ਼ਾਨਾ ‘
7696665646
ਲੇਖਕ ਵੱਲੋਂ
ਮੈਂ ਆਪਣੇ ਆਪ ਨੂੰ ਕਦੇ ਵੀ ਸੁਖ਼ਨਵਰਾਂ ਦੀ ਕਤਾਰ ਡਚ ਖੜ੍ਹਾ ਨਹੀਂ ਕੀਤਾ । ਬਸ ਇਸ ਕਿਤਾਬ ਚ ਮੈਂ ਆਪਣੇ ਮਨ ਦੇ ਉਹਨਾਂ ਵਲਵਲਿਆਂ ਨੂੰ ਕਲਮਵੱਧ ਕਰ ਦਿੱਤਾ ਜੋ ਮੇਰੇ ਅੰਦਰ ਜਵਾਲਾਮੁਖੀ ਬਣਕੇ ਉੱਠ ਰਹੇ ਸੀ। ਕੁਝ ਕੁ ਉਹਨਾਂ ਦਰਦਾਂ ਨੂੰ ਲਿਖਿਆ ਹੈ ਜੋ ਮੇਰੀ ਹਿੱਕ ਨੂੰ ਚੀਰਕੇ ਹਿੱਕ ਉੱਤੇ ਬੋਹੜ ਬਣਕੇ ਉੱਗ ਆਏ । ਮੁਹੱਬਤ ਦਾ ਪੈਂਡਾ ਤੈਅ ਕਰਦਿਆਂ ਕੁਝ ਕੁ ਮਿੱਠੇ-ਮਿੱਠੇ ਪਲਾਂ ਨੂੰ ਕਲਮਵੱਧ ਕੀਤਾ ਹੈ ਜੋ ਮੇਰੇ ਮਰਨ ਤੱਕ ਮੇਰੇ ਲਈ ਅਮਰ ਰਹਿਣਗੇ।
ਬਸ ਐਨਾ ਹੀ ਆਖਾਂਗਾ ਕਿ ਕਿਤਾਬ 'ਮਾਹੀ ਵੇ ਮੁਹੱਬਤਾਂ ਸੱਚੀਆਂ ਨੇੜ ਲੈ ਕੇ ਆਪ ਸਭ ਦੀ ਕਚਹਿਰੀ ੜਚ ਖੜ੍ਹੇ ਹਾਂ। ਹਰ ਗੁਸਤਾਖ਼ੀ ਮੁਆਫ਼ ਕਰ ਦਿਓ।
-ਕਰਨਦੀਪ ਸੋਨੀ
ਨੂਰ
ਨੂਰ ਚਿਹਰੇ ਤੇ ਖ਼ੁਦਾ ਦੀ ਮਿਹਰ ਜਾਪੇ,
ਜੋਟਾ ਨੈਣਾਂ ਦਾ ਬੜਾ ਕਮਾਲ ਦਾ ਏ।
ਤੇਰੇ ਹਾਸਿਆਂ ਨੇ ਗੱਭਰੂਆਂ ਨੂੰ ਮਲੰਗ ਕੀਤਾ,
ਤੇਰਾ ਤੱਕਣਾ ਹੀਰ ਦੇ ਨਾਲ ਦਾ ਏ।
ਸਿਖ਼ਰ ਦੁਪਹਿਰੇ ਚੜ੍ਹਦੀ ਉਮਰੇ,
ਜਦ ਨੈਣਾਂ ਨਾਲ ਨੈਣ ਮਿਲਾਏਂਗੀ।
ਕਿਸੇ ਤਖ਼ਤ ਹਜ਼ਾਰੇ ਦੇ ਗੱਭਰੂ ਨੂੰ,
ਤੂੰ ਲੱਗਦੈ ਸਾਧ ਬਣਾਏਂਗੀ।
ਸਿਫਤ
ਹਾਸੇ, ਨੀਂਦ ਤੇ ਚੈਨ ਸਭ ਕੁਝ,
ਓਹਦੇ ਹਾਸੇ ਲੁੱਟ ਕੇ ਲੈ ਜਾਂਦੇ।
ਤੱਕਣ ਵਾਲੇ ਝਾਕਾ ਹੁਸਨ ਦਾ,
ਤੱਕਦੇ ਤੱਕਦੇ ਰਹਿ ਜਾਂਦੇ।
ਬੋਲ ਨੇ ਓਹਦੇ ਮਾਖਿਓਂ ਮਿੱਠੇ,
ਵਿੱਚ ਹਵਾਵਾਂ ਸੁਗੰਧ ਰੁਲਾਉਂਦੇ ਨੇ।
ਹਾਸੇ, ਹੁਸਨ ਤੇ ਨੂਰ ਅੱਲ੍ਹੜ ਦਾ,
ਕਾਇਨਾਤ ਨੂੰ ਜੱਫ਼ੀਆਂ ਪਾਉਂਦੇ ਨੇ।
ਤਿੱਖੀਆਂ ਨਜ਼ਰਾਂ ਤੇਜ਼ ਕਟਾਰਾਂ,
ਕੁੱਲ ਦੇ ਹਿਰਦੇ ਚੀਰਦੀਆਂ।
ਕੀਕਣ ਸਿਫ਼ਤ ਸੁਣਾਵਾਂ ਲੋਕੋ,
ਸਿਆਲਾਂ ਵਾਲੀ ਹੀਰ ਦੀਆਂ।
ਕੋਈ ਰੋਇਆ ਹੀ ਨਹੀਂ
ਕੋਈ ਰੋਇਆ ਹੀ ਨਹੀਂ ਜਾਂ ਅੱਖਾਂ ਚ ਸ਼ਬਨਮ ਨਹੀਂ ਸੀ
ਸਭ ਪੱਥਰ ਦਿਲ ਸੀ ਜਾਂ ਮੇਰੇ ਗੀਤਾਂ ਚ ਗਮ ਨਹੀਂ ਸੀ।
ਅਣਸੁਣਿਆ ਹੀ ਕਰ ਗਏ ਮੇਰੇ ਅਜ਼ੀਜ਼ ਮਹਿਰਮ ਵੀ,
ਐਪਰ ਤਾਲ ਮੇਰੇ ਗੀਤਾਂ ਦੀ ਇੰਨੀ ਮੱਧਮ ਨਹੀਂ ਸੀ
ਫੁੱਲਾਂ ਦੇ ਗੁਲਦਸਤੇ ਲੈ ਕੇ ਅਸੀਂ ਗਏ ਸੀ ਜਿਨ੍ਹਾਂ ਨੂੰ,
ਸਾਡੇ ਵੱਲ ਉਹਨਾਂ ਨੇ ਪੁੱਟਿਆ ਇੱਕ ਕਦਮ ਨਹੀਂ ਸੀ।
ਅਸੀਂ ਸਾਰੀ ਰਾਤ ਰੋਂਦੇ ਰਹੇ ਬੈਠ ਤਾਰਿਆਂ ਦੀ ਛਾਵੇਂ,
ਦਰਦ ਉਸਦੇ ਇਸ਼ਕ ਦਾ ਸੀ ਕੋਈ ਜ਼ਖ਼ਮ ਨਹੀਂ ਸੀ।
ਜ਼ਖਮੀ ਦਿਲ ਨੂੰ ਤਲੀ ਤੇ ਧਰਕੇ ਜਦ ਸੱਜਣਾ ਵੱਲ ਨੂੰ ਹੋਏ,
ਓਹਦੇ ਹੱਥ ਵੀ ਖੰਜ਼ਰ ਸੀ, ਪਰ ਮਲ੍ਹਮ ਨਹੀਂ ਸੀ।
ਤੇਰੀ ਖ਼ਾਤਰ
ਤੂੰ ਕੀ ਜਾਣੇ ਤੇਰੀ ਖ਼ਾਤਿਰ ਦਿਲ ਤੇ ਦਰਦ ਸਹੇੜੇ ਕਿੰਨੇ।
ਗ਼ਮ ਦਾ ਠੂਠਾ ਹੱਥ ਵਿੱਚ ਫੜਕੇ, ਅੱਖੋਂ ਹੰਝੂ ਕੇਰੇ ਕਿੰਨੇ।
ਛੱਡ ਕੇ ਤੁਰ ਗਏ ਰਾਹੀਂ ਜਿਹੜੇ, ਮੁੜ ਆਵਣ ਜੇ ਕਿੱਧਰੋਂ,
ਏਸ ਆਸ ਤੇ ਕੀਮੇ ਖ਼ਾਤਰ, ਮਲਕੀ ਨੇ ਨਲਕੇ ਗੇੜੇ ਕਿੰਨੇ।
ਕਾਸ਼ ਕਿਤੇ ਉਹ ਆਖੇ "ਆਜਾ। ਬਹਿ ਕੇ ਦਰਦ ਵੰਡਾ ਲਈਏ",
ਦੁੱਖਾਂ ਦੀ ਏਸ ਗੱਠੜੀ ਦੇ ਵਿੱਚ,ਦੁੱਖ ਤੇਰੇ ਕਿੰਨੇ ਤੇ ਮੇਰੇ ਕਿੰਨੇ।
ਸਾਡੀ ਤਰਸਯੋਗ ਜਿਹੀ ਹਾਲਤ ਉੱਤੇ, ਓਹਨੂੰ ਰਤਾ ਤਰਸ ਨਾ ਆਇਆ,
ਦਿਲ ਦਾ ਦਰਦੀ ਸਮਝਕੇ ਓਹਨੂੰ, ਬੈਠੇ ਸੀ ਹੋ-ਹੋ ਨੇੜੇ ਕਿੰਨੇ।
ਕੀ ਹੁੰਦਾ ਨਿੱਤ ਮਰ ਮਰ ਜਿਓਣਾ "ਦੀਪ ਸੋਨੀ" ਨੂੰ ਪੁੱਛੋ,
ਸੁਪਨਿਆਂ ਵਾਲੇ ਮਹਿਲ ਬਣਾਕੇ ਹੱਥੀ ਆਪ ਉਧੇੜੇ ਕਿੰਨੇ।
ਨਾ ਸੋਈਆਂ ਅੱਖੀਆਂ
ਸਾਰੀ ਰਾਤ ਨਾ ਸੋਈਆਂ ਅੱਖੀਆਂ
ਤਿੱਪ ਤਿੱਪ ਕਰਕੇ ਰੋਈਆਂ ਅੱਖੀਆਂ
ਦੀਦ ਤੇਰੀ ਜੇ ਕਿੱਧਰੋਂ ਹੋਜੇ,
ਕਰਦੀਆਂ ਨੇ ਅਰਜ਼ੋਈਆਂ ਅੱਖੀਆਂ
ਬੜਾ ਕੁਝ ਸੀ ਕਹਿਣਾ ਤੈਨੂੰ,
ਏਸ ਖ਼ਿਆਲੇ ਖੋਈਆਂ ਅੱਖੀਆਂ
ਲੱਭ ਲਵਾਂ ਜੇ ਕਿਧਰੋਂ ਲੱਭੇ,
ਲੱਭ-ਲੱਭ ਕਮਲੀਆਂ ਹੋਈਆਂ ਅੱਖੀਆਂ
ਮਰਜ਼ ਇਸ਼ਕ ਦੀ ਐਸੀ ਲੱਗੀ,
ਨਾ ਮੁੜਕੇ ਵੱਸ ਵਿੱਚ ਹੋਈਆਂ ਅੱਖੀਆਂ
ਫੱਟ ਇਸ਼ਕ ਦੇ
ਅੰਬਰਾਂ ਚੋਂ ਇੱਕ ਤਾਰਾ ਟੁੱਟਿਆ ਲੈਕੇ ਮੇਰਾ ਨਾ।
ਮੇਰੇ ਵਾਂਗ ਮੁਹੱਬਤ ਓਹਦੀ, ਚੰਨ ਦੀ ਚਾਨਣੀ ਨਾਂ।
ਮੇਰੇ ਦਿਲ ਦੇ ਦਰਦਾਂ ਨੂੰ ਹਾਏ। ਕਿਸੇ ਟਕੋਰ ਨਾ ਕੀਤੀ,
ਓਹਨੂੰ ਵੀ ਸੀ ਫੱਟ ਇਸ਼ਕ ਦੇ, ਲੱਗੇ ਸੀ ਥਾਂ-ਥਾਂ।
ਕਿਹੜਾ ਗੀਤ ਸੁਣਾਵਾਂ ਓਸਨੂੰ, ਜੋ ਬਣ ਜਾਵੇ ਧਰਵਾਸਾ,
ਦਰਦਾਂ ਵਾਲੇ ਗੀਤ ਅਲਾਪੇ, ਛੱਡਿਆ ਉਸ ਗਰਾਂ।
ਨਿੱਕੀ ਜਿਹੀ ਜ਼ਿੰਦੜੀ ਸਾਡੀ, ਤੜਫ਼ੇ ਵਿੱਚ ਇਕਲਾਪੇ,
ਤਾਰਾ ਮੇਰੀ ਮੈਂ ਤਾਰੇ ਦੀ, ਆਈ ਮੌਤ ਮਰਾਂ।
ਖ਼ੈਰ ਮੌਤ ਦੀ ਮੰਗੇ "ਸੋਨੀ" ਸਭ ਦੇ ਦਰ ਤੇ ਜਾਕੇ,
ਭਰਦਾ ਨਈਂ ਕੋਈ ਹਾਮੀ ਓਹਦੀ ਹਾਂ ਦੇ ਵਿੱਚ ਹਾਂ।
ਮਨਮਾਨੀਆਂ
ਕਰਦੈਂ ਕਿਉਂ ਮਨਮਾਨੀਆਂ ਦੱਸਦੇ।
ਸਾਡੇ ਨਾਲ ਸ਼ੈਤਾਨੀਆਂ ਦੱਸਦੇ।
ਕਿਹੜੀ ਗੱਲ ਦੇ ਰੋਸੇ ਤੈਨੂੰ,
ਕਿਹੜੀਆਂ ਹਨ ਹੈਰਾਨੀਆਂ ਦੱਸਦੇ।
ਰੱਬ ਦਾ ਦਿੱਤਾ ਸਭ ਕੁਝ ਹੈ ਜੇ,
ਕਿਉਂ ਪਾਈਆਂ ਵੰਡਾਂ ਕਾਣੀਆਂ ਦੱਸਦੇ ?
ਅਸੀਂ ਤਾਂ ਤੈਨੂੰ ਦਿਲ ਦਿੱਤਾ ਏ,
ਤੂੰ ਕੀ ਦਿੱਤਾ ? ਨਿਸ਼ਾਨੀਆਂ ਦੱਸਦੇ।
ਅਜੇ ਤੱਕ ਤੂੰ ਬਰਬਾਦੀਆਂ ਹੀ ਕੀਤੀਆਂ,
ਕੀਤੀਆਂ ਕੀ ? ਨਿਗਰਾਨੀਆਂ ਦੱਸਦੇ।
ਤੇਰੇ ਕੋਲੋਂ ਦੂਰ
ਮੋਇਆ ਨਹੀਂ ਤੇਰੇ ਕੋਲੋਂ ਦੂਰ ਹੋ ਕੇ ਵੀ
ਦੇਖ ਜਿਉਂਦਾ ਹਾਂ ਮੈਂ ਚਕਨਾਚੂਰ ਹੋ ਕੇ ਵੀ
ਕੁਝ ਏਸ ਤਰ੍ਹਾਂ ਹੈ ਦਾਸਤਾਂ ਜ਼ਿੰਦਗੀ ਦੀ,
ਕਿ ਬਦਨਾਮ ਹਾਂ ਮੈਂ ਮਸ਼ਹੂਰ ਹੋ ਕੇ ਵੀ
ਤਪਦੇ ਥਲਾਂ ਤੇ ਕੱਚੇ ਘੜਿਆਂ ਦੇ ਉੱਤੇ,
ਇਸ਼ਕ ਮਰਿਆ ਨਾ ਕਦੇ ਨਾ-ਮਨਜ਼ੂਰ ਹੋ ਕੇ ਵੀ
ਮੁਹੱਬਤ ਤੇ ਜ਼ਮਾਨੇ ਦੀਆਂ ਬੰਦਿਸ਼ਾਂ ਨੇ ਕਿੰਨੀਆਂ,
ਪਰ ਉਹ ਮਿਲਿਆ ਏ ਮੈਨੂੰ ਮਜ਼ਬੂਰ ਹੋ ਕੇ ਵੀ
ਕਿ ਮੁਹੱਬਤ ਵੀ ਕਰਨਾ, ਤੇ ਬੇਖ਼ੌਫ ਹੋਕੇ ਮਿਲਣਾ,
ਟੁੱਟ ਜਾਂਦਾ ਏ ਦੁਨੀਆ ਦਾ ਦਸਤੂਰ ਹੋਕੇ ਵੀ
ਦੂਰੀਆਂ ਵੱਧ ਨਾ ਜਾਣ
ਓਹਦੇ ਸਾਥ ਤੋਂ ਓਹਦੇ ਵਿਛੜਨ ਤੀਕ।
ਦੇਖਾਂਗਾ ਸ਼ੀਸ਼ੇ ਨੂੰ ਸ਼ੀਸ਼ੇ ਦੇ ਤਿੜਕਣ ਤੀਕ।
ਓਹਦਾ ਚਿਹਰਾ ਜੇ ਦਿਸੇ ਕਿਤਾਬਾਂ ਚੋਂ ਮੈਨੂੰ,
ਪੜ੍ਹਾਂਗਾ ਵਰਕੇ ਵਰਕਿਆਂ ਦੇ ਖਿਲਰਣ ਤੀਕ।
ਉੱਠੇ ਤਕਾਜ਼ਾ ਮੇਰੀ ਰੱਤ ਦਾ ਵੀ ਭਾਵੇਂ,
ਡੁੱਲ੍ਹਾਂਗਾ ਬੂੰਦ ਬਣ-ਬਣ ਓਹਦੇ ਸਿਸਕਣ ਤੀਕ।
ਮਿਲੇ ਫ਼ੁਰਸਤ ਕਦੀ ਤਾਂ ਪੜ੍ਹ ਅੱਖਾਂ ਚੋਂ ਮੁਹੱਬਤ,
ਦੂਰੀਆਂ ਵੱਧ ਨਾ ਜਾਣ ਕਿਤੇ ਤੇਰੇ ਸਮਝਣ ਤੀਕ।
ਦੁਸ਼ਮਣ ਮੁਹੱਬਤ ਦੀ ਖ਼ਲਕਤ ਹੈ ਦੀਪ ਸੋਨੀ,
ਐਪਰ ਇੰਤਜ਼ਾਰ ਹੈ ਤੇਰਾ ਪੱਥਰ ਦੇ ਪਿਘਲਣ ਤੀਕ।
ਚੇਤੇ
ਉਹ ਰੁੱਖਾਂ ਚੇਤੇ ਆ ਗਈਆਂ।
ਉਹ ਥਾਵਾਂ ਚੇਤੇ ਆ ਗਈਆਂ।
ਜਿੱਥੇ ਤੇਰੇ ਸੰਗ ਬਿਤਾਈਆਂ ਘੜੀਆਂ,
ਉਹ ਥਾਵਾਂ ਚੇਤੇ ਆ ਗਈਆਂ।
ਤੱਕ-ਤੱਕ ਅੱਖੀਆਂ ਵੀ ਥੱਕੀਆਂ ਨਾ ਜਿੰਨ੍ਹਾਂ ਨੂੰ,
ਦਰ ਤੇਰੇ ਨੂੰ ਜਾਂਦੀਆਂ ਉਹ ਰਾਹਵਾਂ ਚੇਤੇ ਆ ਗਈਆਂ।
ਸੁੰਨੇ-ਸੁੰਨੇ ਰਾਹਾਂ ਵਾਲੀ ਮੁਲਾਕਾਤ ਚੇਤੇ ਆ ਗਈ,
ਗਲ ਮੇਰੇ ਵਿੱਚ ਤੇਰੀਆਂ ਗੋਰੀਆਂ ਬਾਹਵਾਂ ਚੇਤੇ ਆ ਗਈਆਂ।
"ਦੀਪ" ਅੱਖਾਂ-ਅੱਖਾਂ ਵਿੱਚ ਕੀਤੀ ਗੱਲ ਬਾਤ ਚੇਤੇ ਆ ਗਈ,
ਰਮਜ਼ਾਂ ਦੇ ਨਾਲ ਤੇਰੀਆਂ ਕੀਤੀਆਂ ਹਾਵਾਂ ਚੇਤੇ ਆ ਗਈਆਂ।
ਅੱਥਰੂ
ਅੱਖੀਆਂ ਵਿੱਚੋਂ ਖ਼ਾਰੇ ਅੱਥਰੂ
ਇੱਕ ਇੱਕ ਡੁੱਲ੍ਹ ਗਏ ਸਾਰੇ ਅੱਥਰੂ
ਓਹਦੀਆਂ ਯਾਦਾਂ ਜਦ ਵੀ ਆਈਆਂ,
ਡੁੱਲ੍ਹ ਗਏ ਆਪ ਮੁਹਾਰੇ ਅੱਥਰੂ
ਓਹਦੇ ਹਿਜ਼ਰ 'ਚ ਮੀਂਹ ਵਰਸਾਉਂਦੇ,
ਲੈ ਕੇ ਦਰਦ ਉਧਾਰੇ
ਅੱਥਰੂ ਉਂਝ ਤਾਂ ਅੱਖਾਂ ਸੁੱਕੀਆਂ ਹੀ ਸਨ,
ਤੂੰ ਹੀ ਦਿੱਤੇ ਇਹ ਸਾਰੇ ਅੱਥਰੂ
ਅੱਖਾਂ ਵਿੱਚੋਂ ਡੁੱਲ੍ਹਣੋ ਡਰਦੇ,
ਲੱਭਦੇ ਰਹਿਣ ਸਹਾਰੇ ਅੱਥਰੂ
ਪੀੜ੍ਹਾਂ, ਦਰਦ, ਤਨਹਾਈਆਂ ਸਹਿੰਦੇ,
ਕਰਨ ਕੀ ਦੱਸ ਵਿਚਾਰੇ ਅੱਥਰੂ
ਮਹਿਸੂਸ ਕਰਨਾ
ਜ਼ਮੀਨ ਆਸਮਾਨ ਜਿਹੀ
ਮੁਹੱਬਤ ਹੈ ਸਾਡੀ।
ਕੋਲ ਵੀ ਨਾ ਆਉਣਾ,
ਦੂਰ ਰਹਿ ਕੇ
ਇੱਕ ਦੂਸਰੇ ਨੂੰ ਦੇਖਦੇ ਰਹਿਣਾ,
ਤੇ ਕੋਲੋ ਕੋਲ ਮਹਿਸੂਸ ਕਰਨਾ।
ਬਸ! ਇਹੀ ਰੂਹਾਂ ਦਾ ਪਿਆਰ ਹੁੰਦਾ ਹੈ।
ਦੂਰ ਰਹਿ ਕੇ,
ਇੱਕ ਦੂਸਰੇ ਨੂੰ ਪਿਆਰ ਕਰਨਾ,
ਤੇ ਕੋਲ ਮਹਿਸੂਸ ਕਰਨਾ।
ਔਰਤ ਤੇ ਕਿਤਾਬ
ਮਨੁੱਖ
ਹਮੇਸ਼ਾ ਅਧੂਰਾ ਹੈ
"ਔਰਤ ਅਤੇ ਕਿਤਾਬ"
ਬਿਨਾਂ।
ਕਿਉਂਕਿ
ਔਰਤ ਬਿਨਾਂ
ਜ਼ਿੰਦਗੀ ਅਧੂਰੀ ਹੈ
ਤੇ
ਕਿਤਾਬ ਬਿਨਾਂ
ਜ਼ਿੰਦਗੀ ਜਿਉਣ ਦਾ
ਸਲੀਕਾ
ਦੂਰ ਹੋ ਗਿਆ
ਇੱਕ ਖ਼ੁਆਬ ਸੀ ਅੱਖਾਂ ਚ ਓਹਨੂੰ ਪੌਣੇ ਦਾ,
ਉਹ ਵੀ ਟੁੱਟ ਕੇ ਚਕਨਾ ਚੂਰ ਹੋ ਗਿਆ।
ਅਸੀਂ ਜਿਹਨੂੰ ਜਿੰਨਾਂ ਚਾਹਿਆ ਓਹੀ ਓਨਾ ਦੂਰ ਹੋ ਗਿਆ।
ਤੂੰ ਰੋਵੇਂ ਤੇ ਮੈਂ ਚੋ ਜਾਵਾਂ
ਨੀਰ ਬਣ ਜਾਵਾਂ ਤੇਰਿਆਂ ਨੈਣਾਂ ਦਾ,
ਤੇਰੇ ਨੈਣਾਂ ਵਿੱਚ ਹੀ ਖੋ ਜਾਵਾਂ।
ਬਣਕੇ ਸਾਗਰ ਤੇਰਿਆਂ ਨੈਣਾਂ ਵਿੱਚ,
ਮੈਂ ਹੰਝੂਆਂ ਵਿੱਚ ਸਮੋ ਜਾਵਾਂ।
ਆਵੇ ਯਾਦ ਤੈਨੂੰ ਵਿੱਛੜੇ ਸੱਜਣਾ ਦੀ,
ਤੂੰ ਰੋਵੇਂ ਤੇ ਮੈਂ ਚੋ ਜਾਵਾਂ।
ਅਸਹਿ ਦਰਦ
ਵਿੱਛੜ ਜਾਂਦਾ ਏ ਜਿਉਂ ਹੰਝੂ ਖ਼ਾਰਾ ਅੱਖੀਆਂ ਚੋਂ,
ਐਦਾਂ ਹੀ ਕੁਝ ਲੋਕ ਮਿਲੇ ਤੇ ਵਿੱਛੜ ਗਏ।
ਕਦੇ ਵੀ
ਜੋ ਛੱਡ ਜਾਂਦੇ ਨੇ ਉਹ ਮੁੜ ਕਦੋਂ ਆਉਂਦੇ ਨੇ।
ਹੁੰਦੇ ਦਿਲ ਦੇ ਜੋ ਕੋਲ ਓਹੀ ਤੜਫਾਉਂਦੇ ਨੇ।
ਬੇਕਦਰਾਂ ਨਾਲ ਪਿਆਰ ਕਦੇ ਵੀ ਪਾਈਏ ਨਾ।
"ਦੀਪ ਕਦੇ ਵੀ ਭੁੱਲਕੇ ਅੱਖੀਆਂ ਲਾਈਏ ਨਾ।
ਤੇਰੇ ਕਰਕੇ
ਜ਼ਿੰਦਗੀ ਦੋ ਵਾਰ ਬਦਲ ਗਈ।
ਇੱਕ ਤੇਰੇ ਆਉਣ ਕਰਕੇ,
ਇੱਕ ਤੇਰੇ ਜਾਣ ਕਰਕੇ।
ਇਤਬਾਰ
ਇਤਬਾਰ ਕੀਤਾ ਸੀ ਤੇਰਾ ਸੱਜਣਾ,
ਪਰ ਤੂੰ ਕਦਰ ਨਈਂ ਕੀਤੀ।
ਹੁਣ ਤੂੰ ਜਾਣ ਤਲੀ ਤੇ ਵੀ ਰੱਖ ਲਵੇਂ,
ਤੇਰਾ ਇਤਬਾਰ ਨਈਂ ਕਰਾਂਗੇ।
ਵਿਸ਼ਵਾਸ਼
ਐਨਾ ਕੁ ਭਰੋਸਾ ਹੋ ਗਿਆ ਸੀ ਤੇਰੇ
ਕਿ ਦੁਨੀਆ ਝੂਠੀ ਤੇ ਤੂੰ,
ਸੱਚੀ ਲੱਗਣ ਲੱਗ ਗਈ ਸੀ।
ਝੂਠੇ ਤੇਰੇ ਦਿਲਾਸੇ ਸੀ
ਝੂਠੇ ਰੋਣੇ,
ਝੂਠੇ ਹੌਂਕੇ,
ਝੂਠੇ ਤੇਰੇ ਦਿਲਾਸੇ ਸੀ।
ਝੂਠੀਆਂ ਕਸਮਾਂ,
ਝੂਠੇ ਵਾਅਦੇ,
ਝੂਠੇ ਤੇਰੇ ਦਿਲਾਸੇ ਸੀ।
ਬਰਬਾਦੀਆਂ
ਮੈਂ ਬਰਬਾਦ ਹੋਇਆ ਆਂ,
ਇਹ ਕੋਈ ਨਵੀਂ ਗੱਲ ਨਹੀਂ।
ਇਸ਼ਕ ਨੇ ਅੱਜ ਤੱਕ,
ਬਰਬਾਦੀਆਂ ਹੀ ਕੀਤੀਆਂ।
ਯਾਦਾਂ
ਗਲ ਲੱਗ-ਲੱਗਕੇ ਰੋਇਆ ਉਹਨਾਂ ਯਾਦਾਂ ਦੇ,
ਜਿਹੜੀਆਂ ਯਾਦਾਂ ਅੱਜਕੱਲ੍ਹ ਬੜਾ ਤੜਫਾਉਂਦੀਆਂ ਨੇ।
ਵਾਅਦੇ
ਭੁੱਲ ਕੇ ਮੈਨੂੰ ਉਹ ਹੁਣ,
ਹੋਰ ਕਿਸੇ ਤੇ ਮਰਦੀ ਆ।
ਜਿਹੜੇ ਵਾਅਦੇ ਮੇਰੇ ਨਾਲ ਕਰਦੀ ਸੀ,
ਹੁਣ ਹੋਰ ਕਿਸੇ ਨਾਲ ਕਰਦੀ ਆ।
ਕੀ ਚਾਹੀਦਾ
ਜਦ ਜ਼ਿੰਦਗੀ ਹੀ ਤੇਰੇ ਨਾਮ ਕਰ ਦਿੱਤੀ,
ਹੋਰ ਤੈਨੂੰ ਕੀ ਚਾਹੀਦਾ ਸੀ।
ਅਸੀਂ ਵੀ
ਪੱਥਰ ਦਿਲ ਹੋ ਗਏ ਹਾਂ ਹੁਣ ਲੋਕਾਂ ਵਾਂਗ ਅਸੀਂ ਵੀ,
ਹੁਣ ਨਾ ਕਿਸੇ ਦੇ ਆਉਣ ਦੀ ਖ਼ੁਸ਼ੀ ਹੈ,
ਤੇ ਨਾ ਕਿਸੇ ਦੇ ਜਾਣ ਦਾ ਗ਼ਮ।
ਆਖ਼ਰੀ ਖਵਾਹਿਸ਼
ਮਰਨ ਤੋਂ ਪਹਿਲਾਂ,
ਆਖ਼ਰੀ ਖਵਾਹਿਸ਼
ਪੂਰੀ ਕਰਨੀ ਚਾਹੁੰਦਾ।
ਕਿ ਮੇਰੇ ਕੰਨਾਂ ਵਿੱਚ,
ਆਖ਼ਰੀ ਬੋਲ ਤੇਰੇ ਹੋਣ।
ਹਰ ਮੌਸਮ, ਹਰ ਘੜੀ
ਹਰ ਮੌਸਮ, ਹਰ ਘੜੀ, ਹਰ ਹਾਲ ਵਿੱਚ,
ਕਿਹੜਾ ਪੈਂਡਾ ਤੈਅ ਨਈਂ ਕੀਤਾ,
ਅਸੀਂ ਗੁਆਚਿਆਂ ਦੀ ਭਾਲ ਵਿੱਚ।
ਜਿੰਦ ਤਲੀ ਤੇ ਰੱਖ ਲੈਂਦਾ ਹਾਂ
ਜਿੰਦ ਤਲੀ ਤੇ ਰੱਖ ਲੈਂਦਾ ਹਾਂ ਮੈਂ ਤਾਂ ਮੇਰੇ ਯਾਰ ਲਈ।
ਐਪਰ ਉਸ ਚੰਦਰੇ ਨੇ, ਨਾ ਕਦੇ ਵੀ ਮੇਰੀ ਸਾਰ ਲਈ।
ਕਿੱਸਾ ਕਿਸਰਾਂ ਆਖ ਸੁਣਾਵਾ, ਏਸ ਇਸ਼ਕ ਕਹਾਣੀ ਦਾ,
ਜੋਬਨ ਰੁੱਤੇ ਇਸ਼ਕ ਦੀ ਬਾਜ਼ੀ, ਜਿੱਤਕੇ ਵੀ ਅਸਾਂ ਹਾਰ ਲਈ।
ਮਰ ਮੁੱਕ ਚੁੱਕੇ ਹੁੰਦੇ ਪਰ ਓਹਦੇ ਲਈ ਜਿਓਂਦਿਆਂ,
ਜੀਅ ਰਹੇ ਹਾਂ ਜ਼ਿੰਦਗੀ ਜਿਹੜੀ ਓਹਦੇ ਲਈ ਉਧਾਰ ਲਈ।
"ਦੀਪ ਸੋਨੀ" ਹੱਸ-ਹੱਸ ਵਾਰ ਦੇਵਾਂ ਯਾਰ ਤੋਂ,
ਜਾਨ ਵੀ ਜੇ ਦੇਣੀ ਪੈ ਜਾਏ, ਕਦੇ ਦਿਲਦਾਰ ਲਈ।
ਜਾਣ ਬੁੱਝ ਕੇ
ਜਾਣ ਬੁੱਝ ਕੇ ਹੀ ਰੁੱਸ ਜਾਂਦੇ ਨੇ ਉਹ ਮੇਰੇ ਨਾਲ ਅੱਜਕੱਲ੍ਹ,
ਸ਼ਾਇਦ ਮੇਰਾ ਮਨਾਉਣਾ ਉਹਨਾਂ ਦਾ ਦਿਲ ਮੋਹ ਲੈਂਦਾ ਹੈ।
ਅਬ ਨਹੀਂ ਲੌਟੇਂਗੇ
ਹਰ ਰੋਜ਼ ਵੋ ਸਖਸ਼
ਮੇਰੇ ਸਪਨੇ ਮੇ ਆਤਾ ਹੈ
ਕਹਿਤਾ ਥਾ ਜੋ
"ਅਬ ਨਹੀਂ ਲੌਟੇਂਗੇ"
ਹੰਝੂ ਤੇ ਹੌਂਕੇ ਲੈ ਕੇ
ਹੰਝੂ ਤੇ ਹੌਂਕੇ ਲੈ ਕੇ, ਓਹਦੇ ਤੋਂ ਮੁੜ ਪਏ ਹਾਂ।
ਫੁੱਲਾਂ ਵਰਗੀ ਜ਼ਿੰਦੜੀ ਲੈ ਕੇ, ਕੰਡਿਆਂ ਤੇ ਤੁਰ ਪਏ ਹਾਂ।
ਦਿਲ ਦੀਆਂ ਦਿਲ ਵਿੱਚ ਰਹੀਆਂ, ਸਾਥੋਂ ਨਾ ਕਹਿ ਹੋਈਆਂ।
ਇਸ਼ਕੇ ਦੀਆਂ ਪੀੜਾਂ ਸੱਜਣਾਂ, ਸਾਥੋਂ ਨਾ ਸਹਿ ਹੋਈਆਂ।
ਸੱਜਣਾਂ ਦੀ ਯਾਦ ਬੁਰੀ ਏ, ਬੜਾ ਤੜਫ਼ਉਂਦੀ ਏ।
ਚਿਹਰੇ ਤੇ ਨੂਰ ਰਿਹਾ ਨਾ, ਬੜਾ ਰਵਾਉਂਦੀ ਏ।
ਦੁਨੀਆ ਤੋਂ ਬਚ ਨਿੱਕਲੇ ਸੀ, ਆਪਣਾ ਕੋਈ ਮਾਰ ਗਿਆ।
ਇਸ਼ਕੇ ਬਾਜ਼ੀ ਜਿੱਤਕੇ, "ਦੀਪ" ਅੱਜ ਹਾਰ ਗਿਆ।
ਉਮੀਦ
ਉਮੀਦ ਹੈ ਮੈਨੂੰ
ਮੁਹੱਬਤ ਤੇਰੀ
ਰੁਆਏਗੀ ਜ਼ਰੂਰ।
ਦੇਖ ਲੈ ਮੈਂ ਤਾਂ
ਫ਼ਿਰ ਵੀ ਹੱਸਦਾ
ਚਿਹਰਾ ਲੈ ਕੇ ਆਇਆ ਹਾਂ।
ਟੱਪੇ
ਅੱਗ ਇਸ਼ਕੇ ਦੀ ਸੇਕਣ ਲੱਗੀ।
ਵੇ ਵੀਣੀ ਵਿੱਚ ਵੰਗ ਚੁਭ ਗਈ,
ਸੀ ਭੰਨ ਪਿਆਰ ਤੇਰਾ ਦੇਖਣ ਲੱਗੀ।
ਤੂੰ ਤਾਂ ਆਉਂਦੇ-ਜਾਂਦੇ ਸਾਹ ਵਰਗਾ।
ਵੇ ਜਦੋਂ ਦਾ ਪਿਆਰ ਹੋ ਗਿਆ,
ਤੂੰ ਏਂ ਲੱਗਦਾ ਖ਼ੁਦਾ ਵਰਗਾ।
ਮੁੱਖ ਹੱਥਾਂ,ਚ ਲਕੋ ਲੈਨਿਆਂ ।
ਜਦੋਂ ਤੇਰੀ ਯਾਦ ਆਉਂਦੀ ਏ,
ਅਸੀਂ ਲੁੱਕ-ਲੁੱਕ ਰੋ ਲੈਨਿਆਂ।
ਕਾਹਤੋਂ ਚੁੱਪ-ਚੁੱਪ ਰਹਿੰਨਾਂ ਏਂ।
ਪਾਸਾ ਵੱਟ ਲੰਘ ਜਾਨੈ ਕਿਉਂ,
ਗੱਲ ਦਿਲ ਦੀ ਨਾ ਕਹਿਨਾਂ ਏਂ।
ਕਿਹੜੇ ਰਾਹਾਂ ਵਿੱਚ ਖੋ ਗਇਓਂ ਵੇ।
ਸੁਪਨੇ, ਚ ਆਉਣ ਵਾਲਿਆ,
ਸੱਚੀਂ ਸੁਪਨਾ ਈ ਹੋ ਗਇਉਂ ਵੇ।
ਤੱਕ-ਤੱਕ ਤੈਨੂੰ
ਤੱਕ-ਤੱਕ ਤੈਨੂੰ ਹੁਣ ਰੋਂਦੀਆਂ ਨੇ ਅੱਖੀਆਂ ।
ਪਲਕਾਂ ਚੋਂ ਹੰਝੂ ਹੁਣ ਚੋਂਦੀਆਂ ਨੇ ਅੱਖੀਆਂ।
ਜਦੋਂ ਪੈ ਜਾਵੇ ਤੇਰੇ ਵੇ ਦੀਦਾਰ ਦਾ ਵਿਛੋੜਾ,
ਫਿਰ ਹੰਝੂਆਂ ਦੀ ਮਹਿਫ਼ਲ ਸਜਾਉਂਦੀਆਂ ਨੇ ਅੱਖੀਆਂ।
ਢਲੇ ਤਿਰਕਾਲ ਜਦੋਂ ਰਾਤ ਹਿਜਰ ਦੀ ਆ ਪੈਂਦੀ,
ਫਿਰ ਸੱਜਣਾਂ ਵੇ ਨਾਮ ਤੇਰਾ ਧਿਆਉਂਦੀਆਂ ਨੇ ਅੱਖੀਆਂ।
ਇੱਕ ਤੂੰ ਹੋਵੇਂ ਇੱਕ ਮੈਂ ਸੱਜਣਾ,
ਇਹੋ ਜਿਹੇ ਸੁਪਨੇ ਸਜਾਉਂਦੀਆਂ ਨੇ ਅੱਖੀਆਂ ।
ਇੱਕ ਪਲ ਵੀ ਜੇ ਅੱਖੀਓਂ ਦੂਰ ਹੋਵੇਂ,
ਸੱਜਣਾਂ ਵੇ ਬੜਾ ਹੀ ਸਤਾਉਂਦੀਆਂ ਨੇ ਅੱਖੀਆਂ।
ਝੱਲਿਆ ਨਾ ਜਾਵੇ ਇੱਕ ਪਲ ਵੀ ਵਿਛੋੜਾ,
ਸੱਜਣਾਂ ਅਜੇ ਵੀ ਤੈਨੂੰ ਚਾਹੁੰਦੀਆਂ ਨੇ ਅੱਖੀਆਂ।
ਇਸ਼ਕ ਦੇ ਫੱਟ
ਰੋਗ ਇਸ਼ਕ ਦੇ ਜਿਸ ਤਨ ਲੱਗਦੇ,
ਨਹੀਂਓ ਇਸ਼ਕ ਦੇ ਫੱਟ ਸਹਾਰ ਹੁੰਦੇ।
ਇਸ਼ਕ ਝਨਾਂ ਤਾਂ ਆਸ਼ਿਕ ਤਰਦੇ ਨੇ,
ਕੱਚੇ ਘੜਿਆਂ ਤੇ ਕਦ ਪਾਰ ਹੁੰਦੇ ।
ਮੈਂ ਗਲੀ ਇਸ਼ਕ ਦੀ ਜਦ ਲੰਘਾਂ,
ਬੂਹਾ ਯਾਰ ਦਾ ਤੱਕਦਾ ਹਾਂ।
ਦੁਨੀਆ ਤਾਂ ਲੱਖ ਵਸਦੀ ਏ,
ਮੈਂ ਨਿਗ੍ਹਾ ਯਾਰ ਦੇ ਚਿਹਰੇ ਤੇ ਰੱਖਦਾ ਹਾਂ ।
ਰਾਤੀਂ ਵੇਲੇ ਉੱਠ-ਉੱਠ ਕੇ,
ਜਦ ਯਾਰ ਦਾ ਨਾਮ ਧਿਆਉਂਦੀਆਂ ਨੇ ।
ਇਹ ਅੱਖੀਆਂ ਫਿਰ ਆਪ ਮੁਹਾਰੇ,
ਦੀਦ ਯਾਰ ਦੀ ਚਾਹੁੰਦੀਆਂ ਨੇ ।
ਨਾ ਇਸ਼ਕ-ਇਸ਼ਕ ਤੂੰ ਆਖ ਦਿਲਾ,
ਇਸ਼ਕ ਦੇ ਰੋਗ ਅਵੱਲੇ ।
ਰੋਗ ਇਸ਼ਕ ਦਾ ਜਿਸ ਤਨ ਲੱਗਜੇ,
ਕੁਝ ਨਹੀਂ ਛੱਡਦਾ ਪੱਲੇ ।
ਕੀ ਕਰਨਾ ਕੰਮ ਦਵਾਵਾਂ ਨੇ,
ਜਿੱਥੇ ਇਸ਼ਕ ਨੇ ਡੰਗੀਆਂ ਮਾਰੀਆਂ ਨੇ ।
ਇਸ਼ਕ ਦੇ ਹੱਥੋਂ "ਦੀਪ ਸੋਨੀ" ਨੇ,
ਜਿੱਤਕੇ ਬਾਜ਼ੀਆਂ ਹਾਰੀਆਂ ਨੇ ।
ਨਾ ਇਸ਼ਕ ਤੋਂ ਨਜ਼ਰ ਵਿਸਾਰੋ
ਨਾ ਇਸ਼ਕ ਤੋਂ ਨਜ਼ਰ ਵਿਸਾਰੋ ਨੀ ਅੱਖੀਓ,
ਮੇਰੇ ਯਾਰ ਦਾ ਇਸ਼ਕ ਖ਼ੁਦਾ ।
ਰੋਗ ਇਸ਼ਕ ਦਾ ਜਿਸ ਤਨ ਲੱਗਿਆ,
ਉੱਥੇ ਇਸ਼ਕ ਦਾ ਨਾਮ ਦਵਾ ।
ਇਸ਼ਕ ਦੇ ਹੱਥੋਂ ਕਿੰਨਿਆਂ ਨੇ ਹੀ,
ਖੋ ਲਏ ਸੱਧਰਾਂ-ਚਾਅ।
ਬਾਂਝ ਸੱਜਣ ਕੋਈ ਯਾਰ ਦੀ ਖ਼ਾਤਰ,
ਨਹੀਂ ਮੰਗਦਾ ਹੋਰ ਦੁਆ ।
ਜਿਸ ਆਸ਼ਕ ਨੇ ਪੈਰ ਅਜੇ ਤਾਈਂ,
ਵਿਹੜੇ ਇਸ਼ਕ ਦੇ ਪਾਇਆ।
ਇੱਕ ਅੱਖ ਯਾਦਾਂ ਇੱਕ ਅੱਖ ਪਾਣੀ,
ਬਿਨਾਂ ਹਿਜਰ ਨਾ ਹੋਰ ਕਮਾਇਆ।
ਇਸ਼ਕ ਦੀ ਖ਼ਾਤਰ ਝਾਂਜਰ ਬੰਨ੍ਹ ਕੇ,
ਮੈਂ ਯਾਰ ਮਨਾਉਂਦੇ ਦੇਖੇ।
ਤਾਰਿਆਂ ਛਾਵੇਂ ਆਸ਼ਕ ਬੈਠੇ,
ਲੁਕ-ਲੁਕ ਰੋਂਦੇ ਦੇਖੇ ।
ਰੋਗ ਇਸ਼ਕ ਦਾ ਜਿਸ ਤਨ ਲੱਗਿਆ,
ਨਗਮਾ ਇਸ਼ਕ ਦਾ ਗਾਵੇ।
ਮਾਲਾ ਇਸ਼ਕ ਦੀ ਫੇਰੀ ਜਾਵੇ,
ਯਾਰ ਦਾ ਨਾਮ ਧਿਆਵੇ ।
ਇਸ਼ਕ ਨਾ ਦੇਖੇ
ਦੀਨ-ਮਜ਼੍ਹਬ ਇਹ ਇਸ਼ਕ ਨਾ ਦੇਖੇ,
ਨਾ ਰੰਗ ਗੋਰਾ ਕਾਲਾ ।
ਇਸ਼ਕ ਜਦੋਂ ਇਹ ਹੱਡੀਂ ਰਚਜੇ,
ਫਿਰ ਇਸ਼ਕ ਹੀ ਅੱਲਾ-ਤਾਲਾ ।
ਇਸ਼ਕ-ਇਸ਼ਕ ਤਾਂ ਦੁਨੀਆ ਰਟਦੀ,
ਕੋਈ ਸੱਚੇ ਇਸ਼ਕ ਨੂੰ ਜਾਣੇ ਨਾ ।
ਯਾਰ ਬਿਨਾਂ ਕੋਈ ਨੇੜੇ ਢੁਕ ਕੇ,
ਇਸ਼ਕ ਦੀ ਰਮਜ਼ ਪਛਾਣੇ ਨਾ ।
ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ,
ਮੈਂ ਵਾਰੇ-ਵਾਰੇ ਜਾਵਾਂ ।
ਜਿੱਥੇ ਇਸ਼ਕ ਦੇ ਹੋਏ ਨੇ ਮੇਲੇ,
ਸਦਾ ਰਹਿਣ ਵਸੇਂਦੀਆਂ ਥਾਵਾਂ
ਕਿਤਾਬ
ਜੋ ਬਿਆਨ ਕਰੇ ਸਾਡੇ ਹੰਝੂਆਂ ਨੂੰ,
ਐਸੀ ਕੋਈ ਕਿਤਾਬ ਨਹੀਂ।
ਅਸੀਂ ਕਿੰਨਾ ਰੋਏ ਹਾਂ ਤੇਰੇ ਬਾਅਦ,
ਕੋਈ ਹਿਸਾਬ ਨਹੀਂ।
ਆਸ
ਹੁਣ ਤਾਂ ਜ਼ਿੰਦਗੀ ਜਿਉਣ ਤੋਂ ਵੀ
ਡਰ ਜਾ ਲੱਗਦਾ ਰਹਿੰਦਾ
ਲੋਕ ਨੇੜੇ ਹੋਕੇ
ਦੂਰ ਹੀ ਐਨਾ ਹੋ ਜਾਂਦੇ ਨੇ
ਕਿ
ਜ਼ਿੰਦਗੀ ਜਿਉਣ ਦੀ ਆਸ
ਈ ਨਹੀਂ ਰਹਿੰਦੀ
ਮੇਰੇ ਸ਼ਹਿਰ ਦਾ
ਹਰ ਬਜ਼ਾਰ ਹੋ ਗਿਆ ਤਬਾਹ ਮੇਰੇ ਸ਼ਹਿਰ ਦਾ।
ਕੋਈ ਚਸ਼ਮਦੀਦ ਨਾ ਬਣਿਆ ਗਵਾਹ ਮੇਰੇ ਸ਼ਹਿਰ ਦਾ।
ਕਿਸ ਤਰ੍ਹਾਂ ਲੱਗਦੀ ਤਨਪੱਤਣ ਬੇੜੀ,
ਬੇਈਮਾਨ ਨਿਕਲਿਆ ਮਲਾਹ ਮੇਰੇ ਸ਼ਹਿਰ ਦਾ।
ਉਸਦੀ ਬਾਦਸ਼ਾਹੀ ਮੈ ਤੇ ਮਨਜ਼ੂਰ ਨਹੀਂ,
ਉਹ ਐਵੇਂ ਬਣਿਆਂ ਬੈਠਾ ਹੈ ਖ਼ਾਹ-ਮਖ਼ਾਹ ਮੇਰੇ ਸ਼ਹਿਰ ਦਾ।
ਐਵੇਂ ਅੱਗਾਂ ਲਾਵਣ ਆ ਗਏ ਮੇਰੇ ਸ਼ਹਿਰ ਨੂੰ,
ਕੋਈ ਇੱਕ ਵੀ ਤਾਂ ਦੱਸਦੇ ਗੁਨਾਹ ਮੇਰੇ ਸ਼ਹਿਰ ਦਾ।
ਹੁਣ ਮਹਿਕ ਦੀ ਆਸ ਨਾ ਰੱਖ ਮੇਰੇ ਸ਼ਹਿਰ ਤੋਂ,
ਹਰ ਫੁੱਲ ਹੋ ਗਿਆ ਸੁਆਹ ਮੇਰੇ ਸ਼ਹਿਰ ਦਾ।
ਤੇਰੇ ਤੀਕ
ਤੇਰੇ ਤੀਕ ਜੇ ਅਪੜਨ ਦੇ ਨਾਂ ਰਾਹ ਲੰਮੇਰੇ ਹੁੰਦੇ।
ਤੂੰ ਵੀ ਸਾਡਾ ਬਣ ਜਾਂਦਾ ਤੇ ਅਸੀਂ ਵੀ ਤੇਰੇ ਹੁੰਦੇ।
ਤੇਰੇ ਕਰਕੇ ਰੋਜ਼ੇ ਰੱਖਦੇ ਤੇਰੀ ਈਦ ਮਨਾਈਏ,
ਤੂੰ ਸਾਨੂੰ ਜੇ ਚੇਤੇ ਕਰਦਾ, ਕਾਂ ਬਨੇਰੇ ਹੁੰਦੇ।
ਕੈਦੋਂ ਨਾ ਜੇ ਚੁਗਲੀ ਕਰਦਾ ਚੂਰੀ ਵਾਲੇ ਛੰਨੇ ਦੀ,
ਤੂੰ ਵੀ ਸਾਡੇ ਨੇੜੇ ਹੁੰਦਾ ਅਸੀਂ ਵੀ ਨੇੜੇ ਹੁੰਦੇ।
ਇਸ਼ਕ ਦੀ ਰਮਜ਼ ਪਛਾਣ ਲੈਂਦਾ ਜੇ ਤੂੰ ਛੱਡਕੇ ਨਾ ਜਾਂਦਾ,
ਸਾਡੇ ਵੀ ਤਾਂ ਸੱਜਣਾ ਤੇਰੇ ਸ਼ਹਿਰ ਚ ਡੇਰੇ ਹੁੰਦੇ।
ਇਸ਼ਕ ਮੁਹੱਬਤ ਮਿਲ ਜਾਣਾ ਸੀ ਤੇ ਕਿੰਨੀਆਂ ਪਾਕ ਮੁਹੱਬਤ ਰੂਹਾਂ,
ਦੀਨ-ਮਜ਼੍ਹਬ ਦੇ ਜੇ ਦੁਨੀਆ ਵਿੱਚ ਨਾ ਝਗੜੇ-ਝੇੜੇ ਹੁੰਦੇ।
ਜਿਨ੍ਹਾਂ ਨੂੰ ਕੋਈ ਦੁੱਖ ਨਾ ਲੱਗੇ
ਜਿਨ੍ਹਾਂ ਨੂੰ ਕੋਈ ਦੁੱਖ ਨਾ ਲੱਗੇ
ਉਹਨਾਂ ਨੂੰ ਕੋਈ ਸੁੱਖ ਨਾ ਲੱਗੇ
ਜਾਂ ਤੇ ਰੱਬਾ ਢਿੱਡ ਹਟਾਦੇ,
ਜਾਂ ਫਿਰ ਕਦੇ ਭੁੱਖ ਨਾ ਲੱਗੇ
ਕਦਰ ਨਹੀਂ ਜਿਨ੍ਹਾਂ ਨੂੰ ਛਾਵਾਂ ਦੀ,
ਉਹਨਾਂ ਦੇ ਘਰ ਰੁੱਖ ਨਾ ਲੱਗੇ
ਜੋ ਕੁੱਖ ਵਿੱਚ ਮਾਰ ਮੁਕਾਉਂਦੇ ਧੀਆਂ,
ਉਹ ਕੁੱਖਾਂ ਨੂੰ ਕਦੇ ਸੁੱਖ ਨਾ ਲੱਗੇ
ਜਦ ਚਿੱਤ ਚਾਹੇ
ਜਦ ਚਿੱਤ ਚਾਹੇ ਆਇਆ ਕਰ ।
ਜਦ ਚਿੱਤ ਚਾਹੇ ਜਾਇਆ ਕਰ ।
ਅਸੀਂ ਤੇਰੇ ਹਾਂ ਬਸ ਤੇਰੇ ਹਾਂ,
ਤੂੰ ਗੱਲ-ਗੱਲ ਤੇ ਨਾ ਅਜ਼ਮਾਇਆ ਕਰ।
ਮੈਂ ਭਰਾਂ ਹੁੰਘਾਰਾ ਰਮਜ਼ਾਂ ਨਾਲ,
ਤੂੰ ਬਾਤ ਇਸ਼ਕ ਦੀ ਪਾਇਆ ਕਰ ।
ਐਪਰ ਛੇੜ ਇਸ਼ਕ ਦੀਆਂ ਚੋਟਾਂ ਨੂੰ,
ਤੂੰ ਅੱਖੀਆਂ ਨਾ ਭਰ ਆਇਆ ਕਰ।
ਮਹਿਰਮ ਮੇਰੇ ਦਿਲ ਦਿਆ ਵੇ,
ਕਦੇ ਦਿਲ ਦੀ ਆਖ ਸੁਣਾਇਆ ਕਰ।
ਦੀਦ ਤੇਰੀ ਦੀ ਝਲਕ ਵੇ ਦੇਜਾ ਨੈਣਾਂ ਨੂੰ,
"ਦੀਪ ਸੋਨੀ" ਵੇ ਐਵੇਂ ਸਾਨੂੰ ਬਹੁਤਾ ਨਾ ਤੜਫਾਇਆ ਕਰ ।
ਕਿਉਂ ਤੂੰ ਰੁੱਸ ਰੁੱਸ ਬਹਿਨੈ
ਕਿਉਂ ਤੂੰ ਰੁੱਸ ਰੁੱਸ ਬਹਿਨੈ ਨਾਲੇ ਮਿੰਨਤਾਂ ਕਰਾਈਆਂ।
ਵੇ ਇਹ ਚੰਗੀਆਂ ਨੀ ਤੇਰੀਆਂ ਜਵਾਬੀ ਕਾਰਵਾਈਆਂ।
ਚੁੱਪ-ਚੁੱਪ ਰਹਿ ਭੇਦ ਦਿਲ ਦੇ ਨਾ ਖੋਹਲੋਂ,
ਕੁਝ ਬੋਲ ਕੇ ਤਾਂ ਦੱਸ ਕਾਹਤੋਂ ਅੱਖੀਆਂ ਸੁਜਾਈਆਂ,
ਕਾਹਤੋਂ ਓਪਰੇ ਜੇ ਬੰਦੇ ਵਾਂਗੂੰ ਟੇਢਾ ਟੇਢਾ ਤੱਕੇਂ,
ਐਵੇਂ ਰੱਖਿਆ ਨਾ ਕਰ ਦਿਲ ਵਿੱਚ ਅੜਵਾਈਆਂ।
ਵੇ "ਦੀਪ ਸੋਨੀ" ਜ਼ਿੰਦਗੀ ਦੇ ਸਾਹ ਤੇਰੇ ਨਾਮ,
ਲੇਖਾਂ ਦੀਆਂ ਲਕੀਰਾਂ ਅਸੀਂ ਤੇਰੇ ਨਾਂ ਕਰਾਈਆਂ।
ਅਸੀਂ ਅੱਖੀਆਂ 'ਚ ਸੁਪਨੇ ਸਜਾਕੇ
ਅਸੀਂ ਅੱਖੀਆਂ 'ਚ ਸੁਪਨੇ ਸਜਾਕੇ ਰੋ ਪਏ।
ਯਾਦਾਂ ਓਹਦੀਆਂ ਨੂੰ ਗਲ ਨਾਲ ਲਾ ਕੇ ਰੋ ਪਏ।
ਆਈ ਯਾਦ ਜਦੋਂ ਵਿਛੜੇ ਸੱਜਣਾ ਦੀ,
ਫਿਰ ਫੋਟੋ ਓਹਦੀ ਗਲ ਨਾਲ ਲਾਕੇ ਰੋ ਪਏ।
ਓਹਦੇ ਪੜ੍ਹਕੇ ਪੁਰਾਣੇ ਖ਼ਤ ਜਿੰਦ ਤੜਫੀ,
ਛੱਲੇ ਮੁੰਦੀਆਂ ਮੱਥੇ ਤੇ ਛੁਹਾਕੇ ਰੋ ਪਏ।
ਜਿਹਨੂੰ ਆਪਣੀ-ਆਪਣੀ ਕਹਿੰਦੇ ਸੀ,
ਅੱਜ ਉਸੇ ਦਾ ਹੀ ਹਿਜ਼ਰ ਕਮਾਕੇ ਰੋ ਪਏ।
ਮੈਂ ਰਾਂਝਾ ਤੇ ਉਹ ਹੀਰ ਮੇਰੀ,
ਅਸੀਂ ਐਸਾ ਇੱਕ ਸੁਪਨਾ ਸਜਾਕੇ ਰੋ ਪਏ।
ਨਾ ਹੀਰ ਰਹੀ ਨਾ ਤਖ਼ਤ ਹਜ਼ਾਰਾ,
ਅਸੀਂ ਕੰਨਾਂ ਵਿੱਚ ਮੁੰਦਰਾਂ ਪਵਾਕੇ ਰੋ ਪਏ।
ਕਿਤੇ ਮਿਲੇਂ ਤਾਂ
ਕਿਤੇ ਮਿਲੇ ਤਾਂ ਬੋਲਕੇ ਦੱਸ ਦੇਈਏ,
ਝੱਲੇ ਦਿਲ ਤੇ ਕੀ-ਕੀ ਬੀਤੀਆਂ ਨੇ
ਤੇਰੇ ਹਿਜ਼ਰ ਚ ਮੰਦੜਾ ਹਾਲ ਹੋਇਆ,
ਉਡੀਕਾਂ ਔਸੀਆਂ ਪਾ-ਪਾ ਕੀਤੀਆਂ ਨੇ
ਤੇਰੇ ਲਾਰਿਆਂ ਕਦੇ ਨਾ ਪਾਏ ਪੂਰਨੇ,
ਅਸਾਂ ਘੁੱਟਾਂ ਸਬਰ ਦੀਆਂ ਪੀਤੀਆਂ ਨੇ
ਦੁਸ਼ਮਣ ਨਾਲ ਵੀ ਕੋਈ ਨਾ ਕਰੇ ਐਸਾ,
ਤੂੰ ਸਾਡੇ ਨਾਲ ਜੋ ਕੀਤੀਆਂ ਨੇ
ਡਾਢਾ ਰੋਗ ਇਸ਼ਕੇ ਦਾ
ਡਾਢਾ ਰੋਗ ਇਸ਼ਕੇ ਦਾ,
ਘੁਣ ਵਾਂਗ ਹੱਡਾਂ ਨੂੰ ਲਾਇਆ
ਹਿਜਰਾਂ ਦੀ ਪੀੜ੍ਹ ਚੰਦਰੀ,
ਡਾਢਾ ਸੱਜਣਾਂ ਨੇ ਕਹਿਰ ਕਮਾਇਆ
ਇਸ਼ਕ ਦਾ ਗਾਵੇ ਨਗਮਾਂ,
ਜਿੰਦ ਉਹਦਿਆਂ ਵਿਛੋੜਿਆਂ ਚ ਖੋਈ
ਜਿੰਨੀ ਅੱਜ ਰੋਈ ਜਾਂਦੀ ਏ,
ਐਨੀ ਅੱਖ ਨਾ ਕਦੇ ਵੀ ਪਹਿਲਾਂ ਰੋਈ
ਤੇਰੇ ਸ਼ਹਿਰ
ਕਹਿੰਦੀ ਦੀਪ ਤੇਰੇ ਸ਼ਹਿਰ ਕਦੇ ਮੁੜਕੇ ਨੀ ਆਉਣਾ।
ਅਸੀਂ ਤੇਰਿਆਂ ਰਾਹਾਂ ਦੇ ਕਦੇ ਫੇਰਾ ਨਹੀਓਂ ਪਾਉਣਾ।
ਚਲੀ ਗਈ ਸੀ ਜਦੋਂ ਉਹ ਦੋਵੇਂ ਹੱਥ ਜੋੜਕੇ।
ਉਹ ਵੀ ਜਾਂਦੀ-ਜਾਂਦੀ ਰੋ ਪਈ ਜਦੋਂ ਗਈ ਸੀ ਖ਼ਤ ਮੋੜਕੇ।
ਸ਼ਾਮ ਢਲੀ ਤੇ
ਸ਼ਾਮ ਢਲੀ ਤੇ ਜਦ ਵੀ ਆਪਣੇ ਘਰ ਜਾਨਾਂ
ਆਪਣੇ ਘਰ ਦੀਆਂ ਕੰਧਾਂ ਕੋਲੋਂ ਡਰ ਜਾਨਾਂ
ਲਲਚਾਈਆਂ ਅੱਖਾਂ, ਪੇਟ ਤੋਂ ਭੁੱਖੇ ਬੱਚਿਆਂ ਨੂੰ,
ਦੇਖਕੇ ਨਿੱਤ ਹੀ ਵਿੱਚੋ ਵਿੱਚੀ ਮਰ ਜਾਨਾਂ
ਕਿਹੋ ਜਿਹੀਆਂ ਰੁੱਤਾਂ ਆਈਆਂ ਹੋਈਆਂ ਨੇ,
ਜੇਠ ਹਾੜ੍ਹ ਦੀਆਂ ਧੁੱਪਾਂ ਵਿੱਚ ਵੀ ਠਰ ਜਾਨਾਂ
ਉਂਝ ਕਦੇ ਵੀ ਹਾਰ ਨਾ ਮੰਨੀ ਜ਼ਿੰਦਗੀ ਤੋਂ,
ਪਰ ਕਿਸਮਤ ਦੀ ਹੋਣੀ ਅੱਗੇ ਹਰ ਜਾਨਾਂ
ਲੁਟਾਕੇ ਸਭ ਰੰਗ ਜ਼ਿੰਦਗੀ ਦੇ "ਦੀਪ" ਫਿਰ ਵੀ,
ਜ਼ਿੰਦਗੀ ਆਪਣੀ ਵਿੱਚ ਰੰਗ ਮੈਂ ਭਰ ਜਾਨਾਂ
ਦੋਨੋ ਹੀ ਪੰਜਾਬ
ਦੋਨੋ ਹੀ ਪੰਜਾਬ ਜਦੋਂ,
ਵੱਖੋ-ਵੱਖ ਹੋਏ ਸੀ।
ਓਧਰ ਮੇਰੇ ਨਾਨਾ ਨਾਨੀ,
ਏਧਰ ਦਾਦਾ ਦਾਦੀ ਰੋਏ ਸੀ।
ਮੁੱਕ ਜੇ ਕਲੇਸ਼ ਕਿਤੇ,
ਹੱਦਾਂ ਵਿੱਚ ਪੈਂਦੇ ਦਾ।
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।
ਆਹਮੋ ਸਾਹਮਣੇ ਬਾਘੇ ਬਾਡਰ ਤੋਂ,
ਇੱਕ ਦੂਜੇ ਨੂੰ ਕੁਝ ਕਹਿੰਦੀਆਂ ਨੇ।
ਇੱਕ ਗੁਰਮੁਖੀ ਇੱਕ ਸ਼ਾਹਮੁਖੀ,
ਦੋ ਭੈਣਾਂ ਬੈਠੀਆਂ ਰਹਿੰਦੀਆਂ ਨੇ।
ਕੋਈ ਸਮਝੇ ਨਾ ਮੁੱਲ ਪਾਣੀ ਅੱਖੀਆਂ ਚੋਂ ਵਹਿੰਦੇ ਦਾ।
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।
ਆਜ਼ਾਦੀ ਦਾ ਦਿਹਾੜਾ ਜਦੋਂ ਸਾਲ ਬਾਅਦ ਆਉਂਦਾ ਏ।
ਉੱਠ ਉੱਠ ਬਾਪੂ ਮੇਰਾ ਧਾਹਾਂ ਮਾਰ ਰੋਂਦਾ ਏ।
ਬਣਜੇ ਸਹਾਰਾ ਕੋਈ ਡਿੱਗਦੇ ਤੇ ਢਹਿੰਦੇ ਦਾ,
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।
ਨਫ਼ਰਤ ਮਿਟਾਕੇ ਖੁਸ਼ੀਆਂ ਵੰਡੀਏ,
ਵੰਡੀਏ ਆਪਣੇ ਚਾਵਾਂ ਨੂੰ।
ਸਾਰੇ ਸਰਦਾਰ ਵੀਰਾਂ ਨੂੰ,
ਸਾਰੇ ਖ਼ਾਨ ਭਰਾਵਾਂ ਨੂੰ।
ਤੋੜ ਦੇਈਏ ਵੈਰ ਸਰਹੱਦਾਂ ਪਿੱਛੇ ਪੈਂਦੇ ਦਾ।
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।
ਚਾਰੇ ਪਾਸੇ
ਚਾਰੇ ਪਾਸੇ ਦੇਖੋ ਚੀਖ ਚਿਹਾੜਾ ਸੀ।
47 ਦਾ ਦਿਨ ਉਹ ਕਿੰਨਾ ਮਾੜਾ ਸੀ।
ਬੱਚੇ ਬੱਚੇ ਦੀ ਜਦ ਅੱਖ ਭਰ ਆਈ ਸੀ।
ਉਹ ਕਾਹਦੀ ਆਜ਼ਾਦੀ ਆਈ ਸੀ।
ਚਾਰੋਂ ਪਾਸੇ ਸੀ ਵਗਦੀਆਂ ਨਦੀਆਂ ਖੂਨ ਦੀਆਂ।
ਸੜਕਾਂ ਹੀ ਸੀ ਲਗਦੀਆਂ ਨਦੀਆਂ ਖ਼ੂਨ ਦੀਆਂ।
ਮਾਵਾਂ ਮਰੀਆਂ, ਭੈਣਾਂ ਮਰੀਆਂ, ਮਰ ਗਈ ਚਾਚੀ-ਤਾਈ ਸੀ।
ਉਹ ਕਾਹਦੀ ਆਜ਼ਾਦੀ ਆਈ ਸੀ।
ਨੋਚ ਨੋਚਕੇ ਖਾਣ ਦਰਿੰਦੇ ਕੁੜੀਆਂ ਤਾਈਂ।
ਭੋਰਾ ਤਰਸ ਨਾ ਖਾਣ ਦਰਿੰਦੇ ਕੁੜੀਆਂ ਤਾਈਂ।
ਮਸਾਂ ਈ ਭੱਜਕੇ ਕਈਆਂ ਜਾਨ ਬਚਾਈ ਸੀ।
ਉਹ ਕਾਹਦੀ ਆਜ਼ਾਦੀ ਆਈ ਸੀ।
ਮਾਵਾਂ, ਧੀਆਂ ਭੈਣਾਂ ਰੰਡੀਆਂ ਹੋਈਆਂ ਸੀ।
ਬੱਚੇ-ਬੱਚੀਆਂ, ਬੁੱਢੇ-ਬੁੱਢੀਆਂ ਮੋਈਆਂ ਸੀ।
"ਦੀਪ ਸੋਨੀ" ਗਲੀ-ਗਲੀ ਤਬਾਹੀ ਸੀ।
ਉਹ ਕਾਹਦੀ ਆਜ਼ਾਦੀ ਆਈ ਸੀ।
ਹਾਏ! ਕਾਹਦੀ ਆਜ਼ਾਦੀ ਆਈ ਸੀ।
ਨਾਮ ਤੇਰਾ
ਨਾਮ ਤੇਰਾ ਮੈਂ ਲਿਖ ਰੱਖਿਆ ਏ,
ਅੱਜ-ਕੱਲ੍ਹ ਆਪਣੇ ਸਾਹਾਂ ਉੱਤੇ।
ਤੇਰੇ ਲਈ ਮੈਂ ਕਰਾਂ ਦੁਆਵਾਂ
ਖੜ੍ਹ-ਖੜ੍ਹ ਕੇ ਦਰਗਾਹਾਂ ਉੱਤੇ।
ਤੂੰ ਵੀ ਰਿਸ਼ਤਾ ਮਜਬੂਤ ਰੱਖ ਲਵੀਂ,
ਮੈਂ ਵੀ ਤੋੜ ਨਿਭਾਵਾਂਗਾ,
ਮੈਂ ਆਵਾਂ ਚਾਹੇ ਨਾ ਆਵਾਂ,
ਸ਼ਹਿਰ ਤੇਰੇ ਦੇ ਰਾਹਾਂ ਉੱਤੇ।
ਉਹ ਘੜੀਆਂ ਕਿੰਝ ਭੁਲਾਵਾਂ,
ਜੋ ਤੇਰੇ ਸੰਗ ਬਿਤਾਈਆਂ,
ਉਦਾਸ ਜੇਹਾ ਹੋ ਜਾਂਦਾ ਹਾਂ ਮੈਂ
ਬੈਠ ਕੇ ਉਹਨਾਂ ਥਾਵਾਂ ਉੱਤੇ।
ਦਰਦ
ਕੌਣ ਕਹਤਾ ਹੈ ਇਸ਼ਕ ਮੇਂ ਦਰਦ ਨਹੀਂ ਹੋਤਾ,
ਮੈਨੇ ਤੋਂ ਜਿਸਕੋ ਦੇਖਾ ਰੋਤੇ ਹੀ ਦੇਖਾ ਹੈ।
ਦਿਲ ਤੈਨੂੰ ਦੇ ਬੈਠੇ
ਅਸੀਂ ਦਿਲ ਤੈਨੂੰ ਦੇ ਬੈਠੇ,
ਕਿ ਚਿਹਰਾ ਸੀ ਅਣਭੋਲ ਤੇਰਾ।
ਖੁਸ਼ੀਆਂ ਤੇਰੇ ਲੇਖੇ ਲਾ ਬੈਠੇ,
ਕਿ ਜਾਵੇ ਨਾ ਚਿੱਤ ਡੋਲ ਤੇਰਾ।
ਅੱਜ ਲਿਖ-ਲਿਖ ਵਰਕੇ ਭਰਦੇ ਨਾ,
ਪੜ੍ਹ ਲੈਂਦੇ ਜੇ ਦਿਲ ਖੋਲ੍ਹ ਤੇਰਾ।
ਅਸੀਂ ਬਹੁਤ ਛੁਪਾ ਲਿਆ
ਅਸੀਂ ਬਹੁਤ ਛੁਪਾ ਲਿਆ ਜੱਗ ਕੋਲੋਂ,
ਪਰ ਭੇਦ ਦਿਲਾਂ ਦੇ ਖੁੱਲ੍ਹਦੇ ਰਹਿੰਦੇ ਨੇ।
ਜੇ ਪੁੱਛਿਆ ਤੂੰ ਸਿਰਨਾਵਾਂ ਸਾਡਾ,
ਸਾਡੇ ਹੰਝੂਆਂ ਨੂੰ ਵੀ ਪੁੱਛ ਲਵੀਂ ਕਿਉਂ ਡੁੱਲ੍ਹਦੇ ਰਹਿੰਦੇ ਨੇ।
ਅਲਵਿਦਾ
ਅਲਵਿਦਾ ਦੋਸਤੋ ਅਲਵਿਦਾ,
ਹੁਣ ਹੁੰਦਾ ਹਾਂ ਮੈਂ ਵਿਦਾ ਦੋਸਤੋਂ ਅਲਵਿਦਾ।
ਇਕੱਠਿਆਂ ਰਹਿਣ ਦੀ ਰੀਝ ਅਧੂਰੀ ਰਹਿ ਚੱਲੀ।
ਜਾਂਦਿਆਂ ਪੱਲੇ ਪੀੜ੍ਹ ਹਿਜ਼ਰ ਦੀ ਪੈ ਚੱਲੀ।
ਗਿਲੇ ਸ਼ਿਕਵੇ ਦਿਓ ਮਿਟਾ,
ਦੋਸਤੋ ਅਲਵਿਦਾ।
ਹੁਣ ਹੁੰਦਾ ਹਾਂ ਮੈਂ ਵਿਦਾ,
ਦੋਸਤੋ ਅਲਵਿਦਾ।
ਅੱਖੀਓਂ ਟੁੱਟੇ ਖੁਆਬ ਸੁਨਹਿਰੀ,
ਹੰਝੂਆਂ ਰਾਹੀਂ ਰੁੜ੍ਹ ਗਏ।
ਚਿਹਰਿਆਂ ਉੱਤੇ ਛਾਈ ਉਦਾਸੀ,
ਖੁਸ਼ੀਆਂ ਤੋਂ ਮੁੱਖ ਮੁੜ ਗਏ।
ਨਹੀਂ ਆਉਣਾ ਕਦੇ ਇਸ ਰਾਹ,
ਦੋਸਤੋ ਅਲਵਿਦਾ।
ਹੁਣ ਹੁੰਦਾ ਹਾਂ ਮੈਂ ਵਿਦਾ,
ਦੋਸਤੋ ਅਲਵਿਦਾ।
ਜੋ ਕੋਈ ਇਸ ਸ਼ਹਿਰ ਮੇਰੇ ਤੋਂ ਬਾਅਦ ਰਹੇ।
ਉਹ ਸਦਾ ਸਲਾਮਤ ਰਹੇ, ਆਬਾਦ ਰਹੇ।
"ਕਰਨਦੀਪ" ਕਰੇ ਦੁਆ,
ਦੋਸਤੋ ਅਲਵਿਦਾ।
ਹੁਣ ਹੁੰਦਾ ਹਾਂ ਮੈਂ ਵਿਦਾ,
ਦੋਸਤੋ ਅਲਵਿਦਾ।
ਵਜੂਦ ਹੁੰਦਾ ਹੈ ਚਾਨਣਾਂ ਦਾ
ਆਖ ਦਿੰਦਾ ਹਾਂ ਮੈਂ ਅਕਸਰ ਮੁਸਾਫ਼ਿਰਾਂ ਨੂੰ,
ਕਿ ਘਰਾਂ ਨੂੰ ਜਲਦੀ ਪਰਤ ਆਉਣ,
ਢਲਦੀਆਂ ਤਿਰਕਾਲਾਂ ਤੋਂ ਬਾਅਦ,
ਹਨੇਰੇ ਬੜੇ ਖੌਫ਼ਨਾਕ ਹੁੰਦੇ ਨੇ।
ਤਾਂ ਉਹ ਆਖਦੇ ਹਨ,
ਸਾਨੂੰ ਆਦਤ ਪੈ ਗਈ ਏ
ਹਨੇਰਿਆਂ ਵਿੱਚ ਮਿਸਾਲਾਂ ਬਾਲ ਕੇ ਚੱਲਣ ਦੀ
ਜੁਗਨੂੰਆਂ ਵਾਂਗ ਜੁਗਨੂੰ ਬਣ ਜਾਣ ਦੀ,
ਹਨੇਰਿਆਂ ਨੂੰ ਚੀਰਨ ਦੀ,
ਤਾਰਿਆਂ ਦੀ ਲੋਅ,
ਹਨੇਰਿਆਂ ਵਿੱਚ,
ਵਜੂਦ ਹੁੰਦਾ ਹੈ ਚਾਨਣਾਂ ਦਾ।
ਮਸਲੇ ਵਿਗੜ ਗਏ
ਕੌਣ ਕਰੇਗਾ ਹੱਲ ਜੇ ਮਸਲੇ ਵਿਗੜ ਗਏ
ਕਰਦਾ ਨਈਂ ਕੋਈ ਗੱਲ ਜੇ ਮਸਲੇ ਵਿਗੜ ਗਏ।
ਜੇ ਚੜ੍ਹ ਕੇ ਆਈਆਂ ਨਦੀਆਂ, ਏਸ ਕਿਨਾਰੇ ਤੋਂ,
ਝੱਲ ਨਈਂ ਹੋਣੀ ਛੱਲ, ਜੇ ਮਸਲੇ ਵਿਗੜ ਗਏ।
ਖੌਫਨਾਕ ਰਸੂਖ ਹੈ ਏਸ ਹਨੇਰੀ ਦਾ,
ਦਈਂ ਮੇਰੇ ਵੱਲੇ ਘੱਲ, ਜੇ ਮਸਲੇ ਵਿਗੜ ਗਏ
ਝਗੜੇ ਝੇੜੇ ਕਿੰਨੇ ਵਧ ਗਏ ਮਜ਼੍ਹਬਾਂ ਦੇ,
ਪੈਣੀ ਨਹੀਓਂ ਠੱਲ੍ਹ ਜੇ ਮਸਲੇ ਵਿਗੜ ਗਏ।
"ਦੀਪ ਸੋਨੀ " ਓਏ ਝੋਲੀਆਂ ਭਰ ਭਰਕੇ,
ਖੁਸ਼ੀਆਂ ਵੰਡੀ ਚੱਲ ਜੇ ਮਸਲੇ ਵਿਗੜ ਗਏ।
ਕਦੇ ਕਦੇ
ਏਸ ਤਰ੍ਹਾਂ ਈਮਾਨ ਬੰਦੇ ਦਾ, ਢਹਿ ਜਾਂਦਾ ਏ ਕਦੇ ਕਦੇ
ਕਿ ਰੰਗ ਲਹੂ ਦਾ ਲਾਲ ਤੋਂ ਚਿੱਟਾ, ਪੈ ਜਾਂਦਾ ਏ ਕਦੇ ਕਦੇ
ਕਦੇ ਕਦੇ ਤਾਂ ਬੰਦਾ ਤਨ ਤੇ, ਛੂਹ ਕਿਸੇ ਦੀ ਸਹਿੰਦਾ ਨਈਂ,
ਐਪਰ ਸਿਤਮ ਖਲਕਤ ਦਾ, ਸਹਿ ਜਾਂਦਾ ਏ ਕਦੇ ਕਦੇ
ਸਾਰੀ ਉਮਰ ਦੁਆਵਾਂ ਮੰਗੇ, ਜਿਸਤੋਂ ਝੋਲੀਆਂ ਅੱਡ ਅੱਡ ਕੇ,
ਓਸੇ ਰੱਬ ਨੂੰ ਬੰਦਾ ਕਾਫ਼ਰ, ਕਹਿ ਜਾਂਦਾ ਏ ਕਦੇ ਕਦੇ
ਉਂਝ ਕਦੇ ਵੀ ਦੀਪ ਸੋਨੀ ਓਏ ਹਾਰ ਨਾ ਮੰਨੀ ਜ਼ਿੰਦਗੀ ਤੋਂ,
ਪਰ ਜਿੱਤਦਾ ਜਿੱਤਦਾ ਆਖਰ ਬੰਦਾ, ਢਹਿ ਜਾਂਦਾ ਏ ਕਦੇ ਕਦੇ
ਰਿਸ਼ਤਾ ਮਜਬੂਤ ਰੱਖ ਲਵੀਂ
ਨਾਮ ਤੇਰਾ ਮੈਂ ਲਿਖ ਰੱਖਿਆ ਏ,
ਅੱਜ-ਕੱਲ੍ਹ ਆਪਣੇ ਸਾਹਾਂ ਉੱਤੇ।
ਤੇਰੇ ਲਈ ਮੈਂ ਕਰਾਂ ਦੁਆਵਾਂ
ਖੜ੍ਹ-ਖੜ੍ਹ ਕੇ ਦਰਗਾਹਾਂ ਉੱਤੇ।
ਤੂੰ ਵੀ ਰਿਸ਼ਤਾ ਮਜਬੂਤ ਰੱਖ ਲਵੀਂ,
ਮੈਂ ਵੀ ਤੋਡ ਨਿਭਾਵਾਂਗਾ,
ਮੈਂ ਆਵਾਂ ਚਾਹੇ ਨਾ ਆਵਾਂ,
ਸ਼ਹਿਰ ਤੇਰੇ ਦੇ ਰਾਹਾਂ ਉੱਤੇ।
ਉਹ ਘੜੀਆਂ ਕਿੰਝ ਭੁਲਾਵਾਂ,
ਜੋ ਤੇਰੇ ਸੰਗ ਬਿਤਾਈਆਂ,
ਉਦਾਸ ਜੇਹਾ ਹੋ ਜਾਂਦਾ ਹਾਂ ਮੈਂ
ਬੈਠ ਕੇ ਉਹਨਾਂ ਥਾਵਾਂ ਉੱਤੇ।
ਬਾਤਾਂ
ਹੱਸਕੇ ਦਿਲ ਤੇ ਲਾਈਆਂ ਬਾਤਾਂ।
ਭੁੱਲਦੀਆਂ ਨਹੀਂ ਭੁਲਾਈਆਂ ਬਾਤਾਂ।
ਚੱਤੋਂ ਪਹਿਰ ਪਈਆਂ ਚੇਤੇ ਆਵਣ,
ਓਹਦੇ ਇਸ਼ਕ ਦੀਆਂ ਪਾਈਆਂ ਬਾਤਾਂ।
ਇਕਰਾਰ
ਕੀਤੇ ਕੌਲ ਇਕਰਾਰ ਭੁਲਾਕੇ।
ਓਹ ਜਾਂਦੇ ਨੇ ਯਾਰ ਭੁਲਾਕੇ।
ਰੋਸਾ ਖੌਰੇ ਕਿਸ ਗੱਲ ਦਾ ਸੀ,
ਗੈਰ ਹੋ ਗਏ ਪਿਆਰ ਭੁਲਾਕੇ।
ਹੋਰਾਂ ਦੇ ਲੜ ਲੱਗਕੇ ਬਹਿ ਗਏ,
ਅੱਜ ਸਾਡਾ ਇਤਬਾਰ ਭੁਲਾਕੇ।
"ਦੀਪ ਸੋਨੀ" ਨੇ ਇੱਕ ਦਾ ਕੀਤਾ,
ਲੋਕੀ ਕਈ ਹਜ਼ਾਰ ਭੁਲਾਕੇ।
ਓਹ ਜਾਂਦੇ ਨੇ ਯਾਰ ਭੁਲਾਕੇ।
ਕੀਤੇ ਕੌਲ ਇਕਰਾਰ ਭੁਲਾਕੇ।
ਪਹਿਲਾਂ ਰੋਣੇ ਤੇ ਫੇਰ ਹਾਸੇ
ਪਹਿਲਾਂ ਰੋਣੇ ਤੇ ਫੇਰ ਹਾਸੇ ਦਿੰਦੇ ਨੇ
ਏਸ ਤਰ੍ਹਾਂ ਵੀ ਲੋਕ ਦਿਲਾਸੇ ਦਿੰਦੇ ਨੇ
ਮੰਗੇ ਕੋਈ ਖ਼ੈਰ ਇਸ਼ਕ ਦੀ ਖ਼ਲਕਤ ਤੋਂ,
ਕੰਨੀ ਮੁੰਦਰਾਂ ਹੱਥੀਂ ਕਾਸੇ ਦਿੰਦੇ ਨੇ
ਬੁੱਲ੍ਹਾਂ ਉੱਤੇ ਕੰਬਣੀ ਮੇਰੇ ਛਿੜ ਜਾਂਦੀ ਏ ਫ਼ਿਕਰਾਂ ਦੀ,
ਝੂਠੀ ਜਿਹੀ ਹਸਰਤ ਦੇ ਲੋਕ ਦੰਦਾਸੇ ਦਿੰਦੇ ਨੇ
ਵਿਚਕਾਰ ਨਾ ਛੱਡਦਾ
ਬਾਹੋਂ ਫੜਕੇ ਸਾਨੂੰ ਜੇ ਤੂੰ ਅੱਧ-ਵਿਚਕਾਰ ਨਾ ਛੱਡਦਾ।
ਅੱਖਾਂ ਇੰਝ ਨਾ ਭਿੱਜੀਆਂ ਹੁੰਦੀਆਂ, ਪਾਕੇ ਪਿਆਰ ਨਾ ਛੱਡਦਾ।
ਹਿਜ਼ਰ ਤੇਰੇ ਦੀ ਅੱਖੀਆਂ ਦੇ ਵਿੱਚ ਇੰਝ ਰੜਕ ਨਾ ਪੈਂਦੀ,
ਦੋ ਨੈਣਾਂ ਨੂੰ ਦੋ ਤੋਂ ਜੇ ਤੂੰ, ਕਰਕੇ ਚਾਰ ਨਾ ਛੱਡਦਾ।
ਚੱਤੋ ਪਹਿਰ ਤੈਨੂੰ ਚੇਤੇ ਕਰਕੇ ਤੜਫ਼ੇ ਵਿੱਚ ਇਕਲਾਪੇ,
ਜ਼ਿੰਦ ਨਿਮਾਣੀ ਤਰਲੇ ਕਰਦੀ, ਕਰ ਇਕਰਾਰ ਨਾ ਛੱਡਦਾ।
ਮੈਂ ਤਾਂ ਤੇਰੀ ਖ਼ਾਤਰ "ਸੋਨੀ" ਜ਼ਿੰਦ ਤਲੀ 'ਤੇ ਰੱਖੀ ਲਈ ਸੀ,
ਕਾਸ਼! ਤੂੰ ਮੈਨੂੰ ਬਣਕੇ ਮੇਰਾ ਦਾਅਵੇਦਾਰ ਨਾ ਛੱਡਦਾ।
ਜ਼ੁਲਫ ਸੰਵਾਰ ਕੇ ਲੰਘੇਂ
ਕਿੰਨਿਆਂ ਨੂੰ ਹੀ ਮਾਰਕੇ ਲੰਘੇ।
ਜਦੋਂ ਤੂੰ ਜ਼ੁਲਫ ਸੰਵਾਰ ਕੇ ਲੰਘੇ।
ਜਾਨ ਕੱਢ ਲੈਂਦੇ ਅੱਖ ਦਾ ਕੱਜਲ,
ਜਦੋਂ ਤੂੰ ਅੱਖ ਜੀ ਮਾਰਕੇ ਲੰਘੇ।
ਫੁੱਲ ਮਹਿਕਣਾ ਭੁੱਲ ਜਾਂਦੇ ਨੇ,
ਤੂੰ ਜਦੋਂ ਮਹਿਕ ਖ਼ਿਲਾਰਕੇ ਲੰਘੇ।
ਚੰਨ ਭੁਲੇਖਾ ਖਾ ਜਾਂਦਾ ਏ,
ਜਦੋਂ ਆਪਣਾ ਆਪ ਸ਼ਿੰਗਾਰ ਕੇ ਲੰਘੇ।
ਤੂੰ "ਸੋਨੀ" ਨੂੰ ਜਿੱਤਕੇ ਲੈ ਗਈ,
ਭਾਵੇਂ ਜਾਣ-ਜਾਣਕੇ ਹਾਰਕੇ ਲੰਘੇਂ।
ਅੱਖਾਂ ਦਾ ਮਟਕਾਉਣਾ
ਮੋਟੀਆਂ-ਮੋਟੀਆਂ ਬਿੱਲੀਆਂ-ਬਿੱਲੀਆਂ ਅੱਖਾਂ ਦਾ ਮਟਕਾਉਣਾ।
ਮੈਨੂੰ ਅੱਜ ਵੀ ਸੋਹਣਾ ਲੱਗਦੈ ਓਹਦਾ ਸਜਕੇ ਆਉਣਾ।
ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੇ ਮੂੰਹੋਂ ਕੁਝ ਨਾ ਬੋਲੇ,
ਅੱਖਾਂ-ਅੱਖਾਂ ਰਾਹੀਂ ਓਹਦਾ ਦਿਲ ਦਾ ਹਾਲ ਸੁਣਾਉਣਾ।
ਮਾਖਿਓਂ ਮਿੱਠੇ ਬੋਲ ਨੇ ਓਹਦੇ ਜਾਂ ਖੰਡ ਮਿਸ਼ਰੀ ਦੀਆਂ ਡਲੀਆਂ,
ਕਾਇਨਾਤ ਨੂੰ ਜੱਫ਼ੀਆਂ ਪਾਉਂਦਾ ਓਹਦਾ ਹੱਸਣਾ ਤੇ ਸ਼ਰਮਾਉਣਾ।
"ਆਪਣੇ ਮੁੱਖ ਚੋਂ ਮੈਨੂੰ ਜਦ ਉਹ "ਸੋਨੀ-ਸੋਨੀ" ਆਖੇ,
ਕਿੰਨਾਂ ਸੋਹਣਾ ਲੱਗੇ ਓਹਦੇ ਮੂੰਹ ਵਿੱਚੋਂ ਫਰਮਾਉਣਾ।
ਤੁਰ ਗਏ
ਸੱਜਣ ਲਾਕੇ ਲਾਰਾ ਤੁਰ ਗਏ।
ਕਰਕੇ ਬੇਸਹਾਰਾ ਤੁਰ ਗਏ।
ਖੁਸ਼ੀਆਂ ਭਰੀ ਜ਼ਿੰਦਗੀ ਦੇ ਵਿੱਚ,
ਪਾਕੇ ਉਹ ਖਿਲਾਰਾ ਤੁਰ ਗਏ।
ਅਸੀਂ ਤਾਂ ਓਹਦਾ ਦਿਲ ਤੋਂ ਕੀਤਾ,
ਉਹ ਬਣਕੇ ਹਥਿਆਰਾ ਤੁਰ ਗਏ।
"ਦੀਪ ਸੋਨੀ" ਨੂੰ ਨਫ਼ਰਤ ਕਰਕੇ,
ਬਣ ਅੱਖੀਆਂ ਦਾ ਤਾਰਾ ਤੁਰ ਗਏ।