ਤੇਰੇ ਕੋਲੋਂ ਦੂਰ
ਮੋਇਆ ਨਹੀਂ ਤੇਰੇ ਕੋਲੋਂ ਦੂਰ ਹੋ ਕੇ ਵੀ
ਦੇਖ ਜਿਉਂਦਾ ਹਾਂ ਮੈਂ ਚਕਨਾਚੂਰ ਹੋ ਕੇ ਵੀ
ਕੁਝ ਏਸ ਤਰ੍ਹਾਂ ਹੈ ਦਾਸਤਾਂ ਜ਼ਿੰਦਗੀ ਦੀ,
ਕਿ ਬਦਨਾਮ ਹਾਂ ਮੈਂ ਮਸ਼ਹੂਰ ਹੋ ਕੇ ਵੀ
ਤਪਦੇ ਥਲਾਂ ਤੇ ਕੱਚੇ ਘੜਿਆਂ ਦੇ ਉੱਤੇ,
ਇਸ਼ਕ ਮਰਿਆ ਨਾ ਕਦੇ ਨਾ-ਮਨਜ਼ੂਰ ਹੋ ਕੇ ਵੀ
ਮੁਹੱਬਤ ਤੇ ਜ਼ਮਾਨੇ ਦੀਆਂ ਬੰਦਿਸ਼ਾਂ ਨੇ ਕਿੰਨੀਆਂ,
ਪਰ ਉਹ ਮਿਲਿਆ ਏ ਮੈਨੂੰ ਮਜ਼ਬੂਰ ਹੋ ਕੇ ਵੀ
ਕਿ ਮੁਹੱਬਤ ਵੀ ਕਰਨਾ, ਤੇ ਬੇਖ਼ੌਫ ਹੋਕੇ ਮਿਲਣਾ,
ਟੁੱਟ ਜਾਂਦਾ ਏ ਦੁਨੀਆ ਦਾ ਦਸਤੂਰ ਹੋਕੇ ਵੀ
ਦੂਰੀਆਂ ਵੱਧ ਨਾ ਜਾਣ
ਓਹਦੇ ਸਾਥ ਤੋਂ ਓਹਦੇ ਵਿਛੜਨ ਤੀਕ।
ਦੇਖਾਂਗਾ ਸ਼ੀਸ਼ੇ ਨੂੰ ਸ਼ੀਸ਼ੇ ਦੇ ਤਿੜਕਣ ਤੀਕ।
ਓਹਦਾ ਚਿਹਰਾ ਜੇ ਦਿਸੇ ਕਿਤਾਬਾਂ ਚੋਂ ਮੈਨੂੰ,
ਪੜ੍ਹਾਂਗਾ ਵਰਕੇ ਵਰਕਿਆਂ ਦੇ ਖਿਲਰਣ ਤੀਕ।
ਉੱਠੇ ਤਕਾਜ਼ਾ ਮੇਰੀ ਰੱਤ ਦਾ ਵੀ ਭਾਵੇਂ,
ਡੁੱਲ੍ਹਾਂਗਾ ਬੂੰਦ ਬਣ-ਬਣ ਓਹਦੇ ਸਿਸਕਣ ਤੀਕ।
ਮਿਲੇ ਫ਼ੁਰਸਤ ਕਦੀ ਤਾਂ ਪੜ੍ਹ ਅੱਖਾਂ ਚੋਂ ਮੁਹੱਬਤ,
ਦੂਰੀਆਂ ਵੱਧ ਨਾ ਜਾਣ ਕਿਤੇ ਤੇਰੇ ਸਮਝਣ ਤੀਕ।
ਦੁਸ਼ਮਣ ਮੁਹੱਬਤ ਦੀ ਖ਼ਲਕਤ ਹੈ ਦੀਪ ਸੋਨੀ,
ਐਪਰ ਇੰਤਜ਼ਾਰ ਹੈ ਤੇਰਾ ਪੱਥਰ ਦੇ ਪਿਘਲਣ ਤੀਕ।
ਚੇਤੇ
ਉਹ ਰੁੱਖਾਂ ਚੇਤੇ ਆ ਗਈਆਂ।
ਉਹ ਥਾਵਾਂ ਚੇਤੇ ਆ ਗਈਆਂ।
ਜਿੱਥੇ ਤੇਰੇ ਸੰਗ ਬਿਤਾਈਆਂ ਘੜੀਆਂ,
ਉਹ ਥਾਵਾਂ ਚੇਤੇ ਆ ਗਈਆਂ।
ਤੱਕ-ਤੱਕ ਅੱਖੀਆਂ ਵੀ ਥੱਕੀਆਂ ਨਾ ਜਿੰਨ੍ਹਾਂ ਨੂੰ,
ਦਰ ਤੇਰੇ ਨੂੰ ਜਾਂਦੀਆਂ ਉਹ ਰਾਹਵਾਂ ਚੇਤੇ ਆ ਗਈਆਂ।
ਸੁੰਨੇ-ਸੁੰਨੇ ਰਾਹਾਂ ਵਾਲੀ ਮੁਲਾਕਾਤ ਚੇਤੇ ਆ ਗਈ,
ਗਲ ਮੇਰੇ ਵਿੱਚ ਤੇਰੀਆਂ ਗੋਰੀਆਂ ਬਾਹਵਾਂ ਚੇਤੇ ਆ ਗਈਆਂ।
"ਦੀਪ" ਅੱਖਾਂ-ਅੱਖਾਂ ਵਿੱਚ ਕੀਤੀ ਗੱਲ ਬਾਤ ਚੇਤੇ ਆ ਗਈ,
ਰਮਜ਼ਾਂ ਦੇ ਨਾਲ ਤੇਰੀਆਂ ਕੀਤੀਆਂ ਹਾਵਾਂ ਚੇਤੇ ਆ ਗਈਆਂ।
ਅੱਥਰੂ
ਅੱਖੀਆਂ ਵਿੱਚੋਂ ਖ਼ਾਰੇ ਅੱਥਰੂ
ਇੱਕ ਇੱਕ ਡੁੱਲ੍ਹ ਗਏ ਸਾਰੇ ਅੱਥਰੂ
ਓਹਦੀਆਂ ਯਾਦਾਂ ਜਦ ਵੀ ਆਈਆਂ,
ਡੁੱਲ੍ਹ ਗਏ ਆਪ ਮੁਹਾਰੇ ਅੱਥਰੂ
ਓਹਦੇ ਹਿਜ਼ਰ 'ਚ ਮੀਂਹ ਵਰਸਾਉਂਦੇ,
ਲੈ ਕੇ ਦਰਦ ਉਧਾਰੇ
ਅੱਥਰੂ ਉਂਝ ਤਾਂ ਅੱਖਾਂ ਸੁੱਕੀਆਂ ਹੀ ਸਨ,
ਤੂੰ ਹੀ ਦਿੱਤੇ ਇਹ ਸਾਰੇ ਅੱਥਰੂ
ਅੱਖਾਂ ਵਿੱਚੋਂ ਡੁੱਲ੍ਹਣੋ ਡਰਦੇ,
ਲੱਭਦੇ ਰਹਿਣ ਸਹਾਰੇ ਅੱਥਰੂ
ਪੀੜ੍ਹਾਂ, ਦਰਦ, ਤਨਹਾਈਆਂ ਸਹਿੰਦੇ,
ਕਰਨ ਕੀ ਦੱਸ ਵਿਚਾਰੇ ਅੱਥਰੂ
ਮਹਿਸੂਸ ਕਰਨਾ
ਜ਼ਮੀਨ ਆਸਮਾਨ ਜਿਹੀ
ਮੁਹੱਬਤ ਹੈ ਸਾਡੀ।
ਕੋਲ ਵੀ ਨਾ ਆਉਣਾ,
ਦੂਰ ਰਹਿ ਕੇ
ਇੱਕ ਦੂਸਰੇ ਨੂੰ ਦੇਖਦੇ ਰਹਿਣਾ,
ਤੇ ਕੋਲੋ ਕੋਲ ਮਹਿਸੂਸ ਕਰਨਾ।
ਬਸ! ਇਹੀ ਰੂਹਾਂ ਦਾ ਪਿਆਰ ਹੁੰਦਾ ਹੈ।
ਦੂਰ ਰਹਿ ਕੇ,
ਇੱਕ ਦੂਸਰੇ ਨੂੰ ਪਿਆਰ ਕਰਨਾ,
ਤੇ ਕੋਲ ਮਹਿਸੂਸ ਕਰਨਾ।