ਸਿਫਤ
ਹਾਸੇ, ਨੀਂਦ ਤੇ ਚੈਨ ਸਭ ਕੁਝ,
ਓਹਦੇ ਹਾਸੇ ਲੁੱਟ ਕੇ ਲੈ ਜਾਂਦੇ।
ਤੱਕਣ ਵਾਲੇ ਝਾਕਾ ਹੁਸਨ ਦਾ,
ਤੱਕਦੇ ਤੱਕਦੇ ਰਹਿ ਜਾਂਦੇ।
ਬੋਲ ਨੇ ਓਹਦੇ ਮਾਖਿਓਂ ਮਿੱਠੇ,
ਵਿੱਚ ਹਵਾਵਾਂ ਸੁਗੰਧ ਰੁਲਾਉਂਦੇ ਨੇ।
ਹਾਸੇ, ਹੁਸਨ ਤੇ ਨੂਰ ਅੱਲ੍ਹੜ ਦਾ,
ਕਾਇਨਾਤ ਨੂੰ ਜੱਫ਼ੀਆਂ ਪਾਉਂਦੇ ਨੇ।
ਤਿੱਖੀਆਂ ਨਜ਼ਰਾਂ ਤੇਜ਼ ਕਟਾਰਾਂ,
ਕੁੱਲ ਦੇ ਹਿਰਦੇ ਚੀਰਦੀਆਂ।
ਕੀਕਣ ਸਿਫ਼ਤ ਸੁਣਾਵਾਂ ਲੋਕੋ,
ਸਿਆਲਾਂ ਵਾਲੀ ਹੀਰ ਦੀਆਂ।
ਕੋਈ ਰੋਇਆ ਹੀ ਨਹੀਂ
ਕੋਈ ਰੋਇਆ ਹੀ ਨਹੀਂ ਜਾਂ ਅੱਖਾਂ ਚ ਸ਼ਬਨਮ ਨਹੀਂ ਸੀ
ਸਭ ਪੱਥਰ ਦਿਲ ਸੀ ਜਾਂ ਮੇਰੇ ਗੀਤਾਂ ਚ ਗਮ ਨਹੀਂ ਸੀ।
ਅਣਸੁਣਿਆ ਹੀ ਕਰ ਗਏ ਮੇਰੇ ਅਜ਼ੀਜ਼ ਮਹਿਰਮ ਵੀ,
ਐਪਰ ਤਾਲ ਮੇਰੇ ਗੀਤਾਂ ਦੀ ਇੰਨੀ ਮੱਧਮ ਨਹੀਂ ਸੀ
ਫੁੱਲਾਂ ਦੇ ਗੁਲਦਸਤੇ ਲੈ ਕੇ ਅਸੀਂ ਗਏ ਸੀ ਜਿਨ੍ਹਾਂ ਨੂੰ,
ਸਾਡੇ ਵੱਲ ਉਹਨਾਂ ਨੇ ਪੁੱਟਿਆ ਇੱਕ ਕਦਮ ਨਹੀਂ ਸੀ।
ਅਸੀਂ ਸਾਰੀ ਰਾਤ ਰੋਂਦੇ ਰਹੇ ਬੈਠ ਤਾਰਿਆਂ ਦੀ ਛਾਵੇਂ,
ਦਰਦ ਉਸਦੇ ਇਸ਼ਕ ਦਾ ਸੀ ਕੋਈ ਜ਼ਖ਼ਮ ਨਹੀਂ ਸੀ।
ਜ਼ਖਮੀ ਦਿਲ ਨੂੰ ਤਲੀ ਤੇ ਧਰਕੇ ਜਦ ਸੱਜਣਾ ਵੱਲ ਨੂੰ ਹੋਏ,
ਓਹਦੇ ਹੱਥ ਵੀ ਖੰਜ਼ਰ ਸੀ, ਪਰ ਮਲ੍ਹਮ ਨਹੀਂ ਸੀ।
ਤੇਰੀ ਖ਼ਾਤਰ
ਤੂੰ ਕੀ ਜਾਣੇ ਤੇਰੀ ਖ਼ਾਤਿਰ ਦਿਲ ਤੇ ਦਰਦ ਸਹੇੜੇ ਕਿੰਨੇ।
ਗ਼ਮ ਦਾ ਠੂਠਾ ਹੱਥ ਵਿੱਚ ਫੜਕੇ, ਅੱਖੋਂ ਹੰਝੂ ਕੇਰੇ ਕਿੰਨੇ।
ਛੱਡ ਕੇ ਤੁਰ ਗਏ ਰਾਹੀਂ ਜਿਹੜੇ, ਮੁੜ ਆਵਣ ਜੇ ਕਿੱਧਰੋਂ,
ਏਸ ਆਸ ਤੇ ਕੀਮੇ ਖ਼ਾਤਰ, ਮਲਕੀ ਨੇ ਨਲਕੇ ਗੇੜੇ ਕਿੰਨੇ।
ਕਾਸ਼ ਕਿਤੇ ਉਹ ਆਖੇ "ਆਜਾ। ਬਹਿ ਕੇ ਦਰਦ ਵੰਡਾ ਲਈਏ",
ਦੁੱਖਾਂ ਦੀ ਏਸ ਗੱਠੜੀ ਦੇ ਵਿੱਚ,ਦੁੱਖ ਤੇਰੇ ਕਿੰਨੇ ਤੇ ਮੇਰੇ ਕਿੰਨੇ।
ਸਾਡੀ ਤਰਸਯੋਗ ਜਿਹੀ ਹਾਲਤ ਉੱਤੇ, ਓਹਨੂੰ ਰਤਾ ਤਰਸ ਨਾ ਆਇਆ,
ਦਿਲ ਦਾ ਦਰਦੀ ਸਮਝਕੇ ਓਹਨੂੰ, ਬੈਠੇ ਸੀ ਹੋ-ਹੋ ਨੇੜੇ ਕਿੰਨੇ।
ਕੀ ਹੁੰਦਾ ਨਿੱਤ ਮਰ ਮਰ ਜਿਓਣਾ "ਦੀਪ ਸੋਨੀ" ਨੂੰ ਪੁੱਛੋ,
ਸੁਪਨਿਆਂ ਵਾਲੇ ਮਹਿਲ ਬਣਾਕੇ ਹੱਥੀ ਆਪ ਉਧੇੜੇ ਕਿੰਨੇ।
ਨਾ ਸੋਈਆਂ ਅੱਖੀਆਂ
ਸਾਰੀ ਰਾਤ ਨਾ ਸੋਈਆਂ ਅੱਖੀਆਂ
ਤਿੱਪ ਤਿੱਪ ਕਰਕੇ ਰੋਈਆਂ ਅੱਖੀਆਂ
ਦੀਦ ਤੇਰੀ ਜੇ ਕਿੱਧਰੋਂ ਹੋਜੇ,
ਕਰਦੀਆਂ ਨੇ ਅਰਜ਼ੋਈਆਂ ਅੱਖੀਆਂ
ਬੜਾ ਕੁਝ ਸੀ ਕਹਿਣਾ ਤੈਨੂੰ,
ਏਸ ਖ਼ਿਆਲੇ ਖੋਈਆਂ ਅੱਖੀਆਂ
ਲੱਭ ਲਵਾਂ ਜੇ ਕਿਧਰੋਂ ਲੱਭੇ,
ਲੱਭ-ਲੱਭ ਕਮਲੀਆਂ ਹੋਈਆਂ ਅੱਖੀਆਂ
ਮਰਜ਼ ਇਸ਼ਕ ਦੀ ਐਸੀ ਲੱਗੀ,
ਨਾ ਮੁੜਕੇ ਵੱਸ ਵਿੱਚ ਹੋਈਆਂ ਅੱਖੀਆਂ