ਨਾ ਸੋਈਆਂ ਅੱਖੀਆਂ
ਸਾਰੀ ਰਾਤ ਨਾ ਸੋਈਆਂ ਅੱਖੀਆਂ
ਤਿੱਪ ਤਿੱਪ ਕਰਕੇ ਰੋਈਆਂ ਅੱਖੀਆਂ
ਦੀਦ ਤੇਰੀ ਜੇ ਕਿੱਧਰੋਂ ਹੋਜੇ,
ਕਰਦੀਆਂ ਨੇ ਅਰਜ਼ੋਈਆਂ ਅੱਖੀਆਂ
ਬੜਾ ਕੁਝ ਸੀ ਕਹਿਣਾ ਤੈਨੂੰ,
ਏਸ ਖ਼ਿਆਲੇ ਖੋਈਆਂ ਅੱਖੀਆਂ
ਲੱਭ ਲਵਾਂ ਜੇ ਕਿਧਰੋਂ ਲੱਭੇ,
ਲੱਭ-ਲੱਭ ਕਮਲੀਆਂ ਹੋਈਆਂ ਅੱਖੀਆਂ
ਮਰਜ਼ ਇਸ਼ਕ ਦੀ ਐਸੀ ਲੱਗੀ,
ਨਾ ਮੁੜਕੇ ਵੱਸ ਵਿੱਚ ਹੋਈਆਂ ਅੱਖੀਆਂ
ਫੱਟ ਇਸ਼ਕ ਦੇ
ਅੰਬਰਾਂ ਚੋਂ ਇੱਕ ਤਾਰਾ ਟੁੱਟਿਆ ਲੈਕੇ ਮੇਰਾ ਨਾ।
ਮੇਰੇ ਵਾਂਗ ਮੁਹੱਬਤ ਓਹਦੀ, ਚੰਨ ਦੀ ਚਾਨਣੀ ਨਾਂ।
ਮੇਰੇ ਦਿਲ ਦੇ ਦਰਦਾਂ ਨੂੰ ਹਾਏ। ਕਿਸੇ ਟਕੋਰ ਨਾ ਕੀਤੀ,
ਓਹਨੂੰ ਵੀ ਸੀ ਫੱਟ ਇਸ਼ਕ ਦੇ, ਲੱਗੇ ਸੀ ਥਾਂ-ਥਾਂ।
ਕਿਹੜਾ ਗੀਤ ਸੁਣਾਵਾਂ ਓਸਨੂੰ, ਜੋ ਬਣ ਜਾਵੇ ਧਰਵਾਸਾ,
ਦਰਦਾਂ ਵਾਲੇ ਗੀਤ ਅਲਾਪੇ, ਛੱਡਿਆ ਉਸ ਗਰਾਂ।
ਨਿੱਕੀ ਜਿਹੀ ਜ਼ਿੰਦੜੀ ਸਾਡੀ, ਤੜਫ਼ੇ ਵਿੱਚ ਇਕਲਾਪੇ,
ਤਾਰਾ ਮੇਰੀ ਮੈਂ ਤਾਰੇ ਦੀ, ਆਈ ਮੌਤ ਮਰਾਂ।
ਖ਼ੈਰ ਮੌਤ ਦੀ ਮੰਗੇ "ਸੋਨੀ" ਸਭ ਦੇ ਦਰ ਤੇ ਜਾਕੇ,
ਭਰਦਾ ਨਈਂ ਕੋਈ ਹਾਮੀ ਓਹਦੀ ਹਾਂ ਦੇ ਵਿੱਚ ਹਾਂ।
ਮਨਮਾਨੀਆਂ
ਕਰਦੈਂ ਕਿਉਂ ਮਨਮਾਨੀਆਂ ਦੱਸਦੇ।
ਸਾਡੇ ਨਾਲ ਸ਼ੈਤਾਨੀਆਂ ਦੱਸਦੇ।
ਕਿਹੜੀ ਗੱਲ ਦੇ ਰੋਸੇ ਤੈਨੂੰ,
ਕਿਹੜੀਆਂ ਹਨ ਹੈਰਾਨੀਆਂ ਦੱਸਦੇ।
ਰੱਬ ਦਾ ਦਿੱਤਾ ਸਭ ਕੁਝ ਹੈ ਜੇ,
ਕਿਉਂ ਪਾਈਆਂ ਵੰਡਾਂ ਕਾਣੀਆਂ ਦੱਸਦੇ ?
ਅਸੀਂ ਤਾਂ ਤੈਨੂੰ ਦਿਲ ਦਿੱਤਾ ਏ,
ਤੂੰ ਕੀ ਦਿੱਤਾ ? ਨਿਸ਼ਾਨੀਆਂ ਦੱਸਦੇ।
ਅਜੇ ਤੱਕ ਤੂੰ ਬਰਬਾਦੀਆਂ ਹੀ ਕੀਤੀਆਂ,
ਕੀਤੀਆਂ ਕੀ ? ਨਿਗਰਾਨੀਆਂ ਦੱਸਦੇ।
ਤੇਰੇ ਕੋਲੋਂ ਦੂਰ
ਮੋਇਆ ਨਹੀਂ ਤੇਰੇ ਕੋਲੋਂ ਦੂਰ ਹੋ ਕੇ ਵੀ
ਦੇਖ ਜਿਉਂਦਾ ਹਾਂ ਮੈਂ ਚਕਨਾਚੂਰ ਹੋ ਕੇ ਵੀ
ਕੁਝ ਏਸ ਤਰ੍ਹਾਂ ਹੈ ਦਾਸਤਾਂ ਜ਼ਿੰਦਗੀ ਦੀ,
ਕਿ ਬਦਨਾਮ ਹਾਂ ਮੈਂ ਮਸ਼ਹੂਰ ਹੋ ਕੇ ਵੀ
ਤਪਦੇ ਥਲਾਂ ਤੇ ਕੱਚੇ ਘੜਿਆਂ ਦੇ ਉੱਤੇ,
ਇਸ਼ਕ ਮਰਿਆ ਨਾ ਕਦੇ ਨਾ-ਮਨਜ਼ੂਰ ਹੋ ਕੇ ਵੀ
ਮੁਹੱਬਤ ਤੇ ਜ਼ਮਾਨੇ ਦੀਆਂ ਬੰਦਿਸ਼ਾਂ ਨੇ ਕਿੰਨੀਆਂ,
ਪਰ ਉਹ ਮਿਲਿਆ ਏ ਮੈਨੂੰ ਮਜ਼ਬੂਰ ਹੋ ਕੇ ਵੀ
ਕਿ ਮੁਹੱਬਤ ਵੀ ਕਰਨਾ, ਤੇ ਬੇਖ਼ੌਫ ਹੋਕੇ ਮਿਲਣਾ,
ਟੁੱਟ ਜਾਂਦਾ ਏ ਦੁਨੀਆ ਦਾ ਦਸਤੂਰ ਹੋਕੇ ਵੀ
ਦੂਰੀਆਂ ਵੱਧ ਨਾ ਜਾਣ
ਓਹਦੇ ਸਾਥ ਤੋਂ ਓਹਦੇ ਵਿਛੜਨ ਤੀਕ।
ਦੇਖਾਂਗਾ ਸ਼ੀਸ਼ੇ ਨੂੰ ਸ਼ੀਸ਼ੇ ਦੇ ਤਿੜਕਣ ਤੀਕ।
ਓਹਦਾ ਚਿਹਰਾ ਜੇ ਦਿਸੇ ਕਿਤਾਬਾਂ ਚੋਂ ਮੈਨੂੰ,
ਪੜ੍ਹਾਂਗਾ ਵਰਕੇ ਵਰਕਿਆਂ ਦੇ ਖਿਲਰਣ ਤੀਕ।
ਉੱਠੇ ਤਕਾਜ਼ਾ ਮੇਰੀ ਰੱਤ ਦਾ ਵੀ ਭਾਵੇਂ,
ਡੁੱਲ੍ਹਾਂਗਾ ਬੂੰਦ ਬਣ-ਬਣ ਓਹਦੇ ਸਿਸਕਣ ਤੀਕ।
ਮਿਲੇ ਫ਼ੁਰਸਤ ਕਦੀ ਤਾਂ ਪੜ੍ਹ ਅੱਖਾਂ ਚੋਂ ਮੁਹੱਬਤ,
ਦੂਰੀਆਂ ਵੱਧ ਨਾ ਜਾਣ ਕਿਤੇ ਤੇਰੇ ਸਮਝਣ ਤੀਕ।
ਦੁਸ਼ਮਣ ਮੁਹੱਬਤ ਦੀ ਖ਼ਲਕਤ ਹੈ ਦੀਪ ਸੋਨੀ,
ਐਪਰ ਇੰਤਜ਼ਾਰ ਹੈ ਤੇਰਾ ਪੱਥਰ ਦੇ ਪਿਘਲਣ ਤੀਕ।