ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁੱਝ ਹੋ ਸਕਦਾ ਹੈ, ਪਰ ਨਾਸਤਿਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ.ਏ.ਵੀ. ਸਕੂਲ ਵਿੱਚ ਦਾਖ਼ਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿੱਚ ਪੂਰਾ ਇੱਕ ਸਾਲ ਰਿਹਾ। ਉੱਥੇ ਸਵੇਰ ਅਤੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ-ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਅਜ਼ਾਦੀ ਦੇ ਆਦਰਸ਼ ਨੂੰ ਅਰਪੀ। ਪਰ ਉਹ ਨਾਸਤਿਕ ਨਹੀਂ ਸਨ। ਉਨ੍ਹਾਂ ਦਾ ਰੱਬ ਇੱਕ ਪੱਕਾ ਅਕੀਦਾ ਸੀ, ਮੈਨੂੰ ਉਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ ਮੇਰੀ ਪਰਵਰਸ਼ ਇਸ ਢੰਗ ਨਾਲ ਹੋਈ । ਨਾ ਮਿਲਵਰਤਨ ਦੇ ਦਿਨਾਂ ਵਿੱਚ ਮੈਂ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਿਆ। ਉੱਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇੱਥੋਂ ਤੱਕ ਕਿ ਰੱਬ ਬਾਰੇ ਵੀ ਖੁੱਲ੍ਹੇ ਤੌਰ 'ਤੇ ਸੋਚਣਾ ਤੇ ਇਨ੍ਹਾਂ ਬਾਰੇ ਵਿਚਾਰ- ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰਾ ਉਦੋਂ ਵੀ ਰੱਬ ਵਿੱਚ ਪੱਕਾ ਵਿਸ਼ਵਾਸ ਸੀ। ਉਦੋਂ ਮੈਂ ਦਾੜ੍ਹੀ-ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ ਨਾ ਕਰ ਸਕਿਆ ਪਰ ਰੱਬ ਦੀ ਹੋਂਦ ਵਿੱਚ ਮੇਰਾ ਪੱਕਾ ਵਿਸ਼ਵਾਸ ਸੀ।
ਫੇਰ ਮੈਂ ਇਨਕਲਾਬੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ, ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਂਸਲਾ ਤੱਕ ਨਹੀਂ ਕਰ ਸਕਦਾ ਸੀ, ਭਾਵੇਂ ਉਹ ਇਹਦੇ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਸੀ। ਮੈਂ ਉਹਦੇ ਕੋਲੋਂ ਰੱਬ ਬਾਰੇ ਪੁੱਛਣਾ ਤਾਂ ਉਹਨੇ ਆਖ ਛੱਡਣਾਂ: "ਜਦ ਤੇਰਾ ਦਿਲ ਕਰੇ, ਰੱਬ ਨੂੰ ਧਿਆ ਲਿਆ ਕਰ ।" ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਂਸਲਾ ਚਾਹੀਦਾ ਹੈ, ਇਹ ਉਹ ਹੌਂਸਲੇ ਤੋਂ ਬਿਨਾਂ ਨਾਸਤਿਕਤਾ ਹੈ। ਮੈਂ ਜਿਸ ਦੂਜੇ ਆਗੂ ਨੂੰ ਮਿਲਿਆ, ਉਹਦਾ ਰੱਬ ਵਿੱਚ ਪੱਕਾ ਵਿਸ਼ਵਾਸ ਸੀ । ਮੈਂ ਤੁਹਾਨੂੰ ਉਹਦਾ ਨਾਂ ਦੱਸਦਾਂ-ਮਾਨਯੋਗ ਕਾਮਰੇਡ ਸਚੀਂਦਰ ਨਾਥ ਸਾਨਿਆਲ, ਜੋ ਹੁਣ ਕਰਾਚੀ ਸਾਜ਼ਿਸ਼ ਕੇਸ ਦੇ ਸੰਬੰਧ ਵਿੱਚ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਦੀ ਇੱਕੋ-ਇੱਕ ਤੇ ਪ੍ਰਸਿੱਧ ਕਿਤਾਬ 'ਬੰਦੀ ਜੀਵਨ' ਵਿੱਚ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ। ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖ਼ਰੀ ਸਫ਼ੇ ਵਿੱਚ ਉਹਨਾਂ ਦੇ ਵੇਦਾਂਤਵਾਦ ਕਾਰਨ ਰੱਬ ਦੀ ਅਧਿਆਤਮਕ ਮਹਿਮਾ ਉਨ੍ਹਾਂ ਦੇ ਵਿਚਾਰਾਂ ਦਾ ਸਾਰ ਹੈ। ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੋਸਤਾਨ ਵਿੱਚ ਵੰਡਿਆ ਗਿਆ ਸੀ, ਉਹ ਇਨ੍ਹਾਂ ਦੇ ਦਿਮਾਗ਼ ਦਾ ਸਿੱਟਾ ਸੀ। ਜਿਵੇਂ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿੱਚ ਕੋਈ ਉੱਘਾ ਆਗੂ ਵਿਚਾਰ ਪ੍ਰਗਟਾਉਂਦਾ ਹੈ, ਜੋ ਕਿ ਉਹਨੂੰ ਬੜੇ ਪਿਆਰੇ ਹੁੰਦੇ ਹਨ ਅਤੇ ਦੂਜੇ ਕਾਰਕੁੰਨਾਂ ਨੂੰ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਵਿਚਾਰਾਂ ਨਾਲ ਸਹਿਮਤੀ
ਪ੍ਰਗਟਾਉਣੀ ਪੈਂਦੀ ਹੈ।
ਉਸ ਪਰਚੇ ਵਿੱਚ ਇੱਕ ਪੂਰਾ ਪੈਰ੍ਹਾ ਪ੍ਰਮੇਸ਼ਵਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਹੈ । ਮੈਂ ਆਖਣਾ ਇਹ ਚਾਹੁੰਦਾ ਹਾਂ ਕਿ ਉਦੋਂ ਇਨਕਲਾਬੀ ਪਾਰਟੀ ਵਿੱਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਪੈਦਾ ਵੀ ਨਹੀਂ ਹੋਇਆ ਸੀ। ਕਾਕੋਰੀ ਦੇ ਉੱਘੇ ਚਾਰ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾ/ਦੁਆ ਕਰਦਿਆਂ ਲੰਘਾਇਆ ਸੀ। ਰਾਮ ਪ੍ਰਸ਼ਾਦ ਬਿਸਮਿਲ ਪੱਕੇ ਆਰੀਆ ਸਮਾਜੀ ਸਨ । ਸਮਾਜਵਾਦ ਤੇ ਸਾਮਵਾਦ ਦੇ ਖੇਤਰ ਵਿੱਚ ਆਪਣੇ ਡੂੰਘੇ ਅਧਿਐਨ ਦੇ ਬਾਵਜੂਦ ਰਾਜਨ ਲਾਹੜੀ ਕੋਲੋਂ ਉਪਨਿਸ਼ਦਾਂ ਦੇ ਮੰਤਰ ਉਚਾਰਨ ਤੇ ਗੀਤਾਂ ਦਾ ਪਾਠ ਕਰਨ ਤੋਂ ਰਿਹਾ ਨਾ ਗਿਆ। ਉਹਨਾਂ ਸਾਰਿਆਂ ਵਿੱਚ ਮੈਂ ਇੱਕ ਬੰਦਾ ਦੇਖਿਆ ਸੀ ਜਿਨ੍ਹੇ ਕਦੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਤੇ ਉਹ ਕਿਹਾ ਕਰਦਾ ਸੀ, "ਧਾਰਮਕ ਫਲਸਫ਼ਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ।" ਇਹ ਬੰਦਾ ਵੀ ਉਮਰ ਕੈਦ ਭੁਗਤ ਰਿਹਾ ਹੈ। ਪਰ ਇਹਨੂੰ ਵੀ ਕਦੇ ਆਖਣ ਦੀ ਹਿੰਮਤ ਨਹੀਂ ਪਈ ਕਿ ਰੱਬ ਨਹੀਂ ਹੈ।
ਉਸ ਅਰਸੇ ਤਕ ਮੈਂ ਸਿਰਫ਼ ਰੋਮਾਂਟਕ ਵਿਚਾਰਵਾਦੀ ਇਨਕਲਾਬੀ ਸੀ। ਉਦੋਂ ਤੱਕ ਤਾਂ ਅਸੀਂ ਸਿਰਫ਼ ਅਨੁਆਈ ਹੀ ਸਾਂ। ਫੇਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈਣ ਦਾ ਵੇਲਾ ਆਇਆ। ਕੁੱਝ ਚਿਰ ਪਾਰਟੀ ਦੀ ਅਟੱਲ ਵਿਰੋਧਤਾ ਕਾਰਨ ਇਹਦੀ ਹੋਂਦ ਹੀ ਖ਼ਤਰੇ ਵਿੱਚ ਸੀ। ਜੋਸ਼ ਨਾਲ ਭਰੇ ਕਾਮਰੇਡ ਹੀ ਨਹੀਂ ਸਗੋਂ ਆਗੂ ਵੀ ਮਜ਼ਾਕ ਉਡਾਉਣ ਲੱਗੇ। ਕੁੱਝ ਚਿਰ ਮੈਨੂੰ ਵੀ ਸੰਸਾ ਰਿਹਾ ਕਿ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੀ ਨਿਸਫ਼ਲਤਾ ਦਾ ਯਕੀਨ ਹੋ ਜਾਏਗਾ। ਇਹ ਮੇਰੇ ਇਨਕਲਾਬੀ- ਜੀਵਨ ਵਿੱਚ ਆਇਆ ਵੱਡਾ ਮੋੜ ਸੀ। "ਅਧਿਐਨ ਕਰਨ" ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿੱਚ ਉੱਭਰਦੀਆਂ ਰਹੀਆਂ। ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ । ਆਪਣੇ ਸਿਧਾਂਤ ਦੀ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ। ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ਼ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਏਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ ਅੰਧ-ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਸਖ਼ਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ-ਤਰੀਕਿਆਂ ਬਾਰੇ ਕਾਫ਼ੀ ਆਖ ਚੁੱਕਾ ਹਾਂ। ਸਭ ਤੋਂ ਅਹਿਮ ਗੱਲ ਇਹ ਸੀ ਕਿ ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ, ਉਹਦਾ ਸਪੱਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ। ਕਿਉਂਕਿ ਐਕਸ਼ਨ ਵਜੋਂ ਕੋਈ ਖ਼ਾਸ ਸਰਗਰਮੀਆਂ ਨਹੀਂ ਹੋ ਰਹੀਆਂ ਸਨ, ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ-ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫ਼ੀ ਮੌਕਾ ਮਿਲ ਗਿਆ।
ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ । ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁੱਝ ਲਿਖਤਾਂ ਪੜ੍ਹੀਆਂ ਅਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿੱਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਨਾਸਤਿਕ ਸਨ। ਬਾਕੂਨਿਨ ਦੀ ਕਿਤਾਬ "ਗੌਡ ਐਂਡ ਸਟੇਟ" (ਰੱਬ ਤੇ ਰਿਆਸਤ) ਭਾਵੇਂ ਅਧੂਰੀ ਜਿਹੀ ਹੈ, ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਤੋਂ ਮਗਰੋਂ ਮੈਨੂੰ ਨਿਰਲੰਬ ਸਵਾਮੀ ਦੀ ਲਿਖੀ ਕਿਤਾਬ "ਕਾਮਨ ਸੈਂਸ" (ਸਾਧਾਰਨ ਵਿਗਿਆਨ) ਹੱਥ ਲੱਗੀ। ਇਸ ਕਿਤਾਬ ਵਿੱਚ ਅਧਿਆਤਮਕ ਨਾਸਤਿਕਵਾਦ ਸੀ। ਇਸ ਵਿਸ਼ੇ ਵਿੱਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਹੋ ਗਈ। 1926 ਦੇ ਅਖ਼ੀਰ ਤੱਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਮੰਡ ਦੇ ਸਿਰਜਨ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕੀਤੀ। ਮੈਂ ਐਲਾਨੀਆ ਨਾਸਤਿਕ ਹੋ ਚੁੱਕਾ ਸੀ । ਨਾਸਤਿਕ ਹੋਣ ਦਾ ਕਾਰਨ ਮੈਂ ਹੇਠਾਂ ਬਿਆਨ ਕਰਦਾ ਹਾਂ।
ਮਈ 1927 ਵਿੱਚ ਮੈਂ ਲਾਹੌਰ ਵਿੱਚ ਗ੍ਰਿਫ਼ਤਾਰ ਹੋਇਆ। ਮੇਰੀ ਗ੍ਰਿਫ਼ਤਾਰੀ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ । ਮੈਨੂੰ ਅਸਲੋਂ ਹੀ ਕੋਈ ਸਾਰ ਨਹੀਂ ਸੀ ਕਿ ਪੁਲਿਸ ਮੇਰੇ ਪਿੱਛੇ ਲੱਗੀ ਹੋਈ ਹੈ। ਜਦ ਮੈਂ ਕਿਸੇ ਬਾਗ਼ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਦੇਖਿਆ ਕਿ ਪੁਲਿਸ ਨੇ ਮੈਨੂੰ ਘੇਰਿਆ ਹੋਇਆ ਸੀ। ਮੈਨੂੰ ਆਪ ਹੈਰਾਨੀ ਹੁੰਦੀ ਹੈ। ਮੈਂ ਉਦੋਂ ਬਹੁਤ ਤਹੱਮਲ ਨਾਲ ਪੇਸ਼ ਆਇਆ ਸੀ । ਮੈਨੂੰ ਕੋਈ ਘਬਰਾਹਟ ਨਾ ਹੋਈ ਤੇ ਨਾ ਹੀ ਮੈਂ ਉਤੇਜਿਤ ਹੋਇਆ। ਮੈਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ। ਅਗਲੇ ਦਿਨ ਉਹ ਮੈਨੂੰ ਰੇਲਵੇ ਪੁਲਿਸ ਜੇਲ੍ਹ ਵਿੱਚ ਲੈ ਗਏ ਜਿੱਥੇ ਮੈਂ ਪੂਰਾ ਮਹੀਨਾ ਕੱਟਿਆ। ਪੁਲਿਸ ਅਫ਼ਸਰਾਂ ਦੀ ਕਿੰਨੇ ਦਿਨਾਂ ਦੀ ਗੱਲਬਾਤ ਤੋਂ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਨ੍ਹਾਂ ਨੂੰ ਕਾਕੋਰੀ ਪਾਰਟੀ ਨਾਲ ਮੇਰੇ ਸਬੰਧਾਂ ਬਾਰੇ ਤੇ ਇਨਕਲਾਬੀ ਲਹਿਰ ਨਾਲ ਸਬੰਧਤ ਮੇਰੀਆਂ ਕੁੱਝ ਹੋਰ ਸਰਗਰਮੀਆਂ ਬਾਰੇ ਜਾਣਕਾਰੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ (ਕਾਕੋਰੀ) ਮੁਕੱਦਮੇ ਦੀ ਸਮਾਇਤ ਦੌਰਾਨ ਮੈਂ ਲਖਨਊ ਵਿੱਚ ਸੀ ਕਿ ਉਨ੍ਹਾਂ ਨਾਲ (ਕਾਕੋਰੀ ਮੁਲਜ਼ਮਾਂ) ਉਨ੍ਹਾਂ ਨੂੰ ਫਰਾਰ ਕਰਨ ਦੀ ਕੋਈ ਵਿਉਂਤ ਬਣਾਈ ਸੀ ਅਤੇ ਉਨ੍ਹਾਂ ਦੀ ਮਨਜ਼ੂਰੀ ਮਿਲਣ ਮਗਰੋਂ ਅਸੀਂ ਕੁੱਝ ਬੰਬ ਇਕੱਠੇ ਕੀਤੇ ਸਨ ਅਤੇ ਇਹ ਕਿ ਅਜ਼ਮਾਇਸ਼ ਵਾਸਤੇ ਉਨ੍ਹਾਂ ਵਿੱਚੋਂ ਇੱਕ ਬੰਬ 1926 ਦੇ ਦੁਸਹਿਰੇ ਦੇ ਮੌਕੇ ਉੱਤੇ ਭੀੜ ਵਿੱਚ ਸੁੱਟਿਆ ਸੀ । ਉਨ੍ਹਾਂ ਨੇ ਮੇਰੇ ਹਿੱਤ ਵਾਸਤੇ ਮੈਨੂੰ ਇਹ ਵੀ ਦੱਸਿਆ ਕਿ ਜੇ ਮੈਂ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇਵਾਂ ਤਾਂ ਮੈਨੂੰ ਕੈਦ ਨਹੀਂ ਹੋਏਗੀ। ਸਗੋਂ ਉਹ ਮੈਨੂੰ ਰਿਹਾਅ ਕਰ ਦੇਣਗੇ ਤੇ ਇਨਾਮ ਦੇਣਗੇ ਤੇ ਮੈਨੂੰ ਅਦਾਲਤ ਵਿੱਚ ਵਾਅਦਾ ਮੁਆਫ ਵਜੋਂ ਪੇਸ਼ ਨਹੀਂ ਕਰਨਗੇ। ਮੈਂ ਉਨ੍ਹਾਂ ਦੀ ਇਹ ਤਜਵੀਜ਼ ਉੱਤੇ ਹੱਸ ਛੱਡਿਆ। ਇਹ ਸਰਾਸਰ ਧੋਖਾ ਸੀ। ਸਾਡੇ ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾਂ ਉੱਤੇ ਬੰਬ ਨਹੀਂ ਸੁੱਟਦੇ। ਇੱਕ ਦਿਨ ਸਵੇਰੇ ਮਿਸਟਰ ਨਿਊਮੈਨ ਮੇਰੇ ਕੋਲ
ਆਇਆ, ਜੋ ਉਨ੍ਹੀਂ ਦਿਨੀਂ ਸੀ.ਆਈ.ਡੀ. ਦਾ ਸੀਨੀਅਰ ਸੁਪਰਡੈਂਟ ਹੁੰਦਾ ਸੀ। ਉਹਨੇ ਮੇਰੇ ਨਾਲ ਲੰਮੀ-ਚੌੜੀ ਹਮਦਰਦ ਗੱਲਬਾਤ ਮਗਰੋਂ ਆਪਣੇ ਚਿੱਤੋਂ ਮੈਨੂੰ ਬੜੀ ਮਾੜੀ ਖ਼ਬਰ ਦਿੱਤੀ ਕਿ ਜੇ ਮੈਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿੱਤਾ, ਤਾਂ ਉਹ ਮੇਰੇ ਉੱਤੇ ਕਾਕੋਰੀ ਮੁਕੱਦਮੇ ਦੇ ਸਬੰਧ ਵਿੱਚ ਜੰਗ ਛੇੜਨ ਦੀ ਸਾਜ਼ਸ਼ ਅਤੇ ਦੁਸਹਿਰਾ ਬੰਬ ਸਾਕੇ ਦੇ ਵਹਿਸ਼ੀ ਕਤਲਾਂ ਦਾ ਮੁਕੱਦਮਾ ਚਲਾਉਣ ਲਈ ਮਜ਼ਬੂਰ ਹੋਣਗੇ। ਫੇਰ ਉਹ ਮੈਨੂੰ ਆਖਣ ਲੱਗਾ ਕਿ ਮੈਨੂੰ ਸਜ਼ਾ ਦਿਵਾਉਣ 'ਤੇ ਫਾਹੇ ਲਾਉਣ ਲਈ ਉਹਨਾਂ ਕੋਲ ਗਵਾਹੀ ਮੌਜੂਦ ਹੈ। ਉਨੀਂ ਦਿਨੀਂ ਮੇਰਾ ਵਿਸ਼ਵਾਸ ਸੀ-ਭਾਵੇਂ ਮੈਂ ਬਿਲਕੁੱਲ ਮਾਸੂਮ ਸੀ- ਕਿ ਪੁਲਿਸ ਜੋ ਦਾਅਵੇ ਕਰ ਸਕਦੀ ਹੈ, ਉਹ ਕਰ ਵੀ ਸਕਦੀ ਹੈ। ਉਸੇ ਦਿਨ ਕੁੱਝ ਪੁਲਿਸ ਅਫ਼ਸਰ ਦੋਵੇਂ ਵੇਲੇ ਰੱਬ ਦਾ ਨਾਂ ਲੈਣ ਲਈ ਮੈਨੂੰ ਪ੍ਰੇਰਨ ਲੱਗ ਪਏ । ਮੈਂ ਨਾਸਤਿਕ ਸੀ। ਮੈਂ ਆਪਣੇ ਆਪ ਨਾਲ ਫ਼ੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਮੈਂ ਅਮਨ ਚੈਨ ਤੇ ਖ਼ੁਸ਼ੀ ਦੇ ਦਿਨਾਂ ਵਿੱਚ ਨਾਸਤਿਕ ਹੋਣ ਦੀ ਫੜ ਮਾਰ ਸਕਦਾ ਹਾਂ ਜਾਂ ਇਹੋ ਜਿਹੀ ਔਖੀ ਘੜੀ ਵਿੱਚ ਮੈਂ ਆਪਣੇ ਅਸੂਲਾਂ ਉੱਤੇ ਸਾਬਤ ਕਦਮ ਰਹਿ ਸਕਦਾ ਹਾਂ ਜਾਂ ਨਹੀਂ, ਬੜੀ ਸੋਚ-ਵਿਚਾਰ ਮਗਰੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਰੱਬ ਵਿੱਚ ਯਕੀਨ ਨਹੀਂ ਕਰ ਸਕਦਾ ਤੇ ਨਾ ਹੀ ਅਰਦਾਸ ਕਰ ਸਕਦਾ ਹਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ। ਇਹ ਪਰਖ ਦੀ ਘੜੀ ਸੀ ਤੇ ਮੈਂ ਇਸ ਪਰਖ ਵਿੱਚੋਂ ਕਾਮਯਾਬ ਰਿਹਾ। ਮੈਂ ਕਦੇ ਇੱਕ ਪਲ ਵੀ ਕਿਸੇ ਵੀ ਕੀਮਤ 'ਤੇ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਸੀ। ਸੋ ਮੈਂ ਪੱਕਾ ਨਾਸਤਿਕ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਾਂ । ਉਸ ਅਜ਼ਮਾਇਸ਼ ਵਿੱਚ ਪੂਰਾ ਉਤਰਨਾ ਕੋਈ ਸੌਖੀ ਗੱਲ ਨਹੀਂ ਸੀ। 'ਵਿਸ਼ਵਾਸ' ਮੁਸ਼ਕਿਲਾਂ ਨੂੰ ਘੱਟ ਕਰ ਦੇਂਦਾ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਖ਼ੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੱਬ ਵਿੱਚ ਧਰਵਾਸ ਅਤੇ ਆਸਰੇ ਦਾ ਬਹੁਤ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। 'ਉਹਦੇ' ਤੋਂ ਬਿਨਾਂ ਮਨੁੱਖ ਨੂੰ ਆਪਣੇ ਆਪ ਉੱਤੇ ਨਿਰਭਰ ਹੋਣਾ ਪੈਂਦਾ ਹੈ। ਝੱਖੜ-ਝਾਂਜਿਆਂ ਤੇ ਤੂਫਾਨਾਂ ਵਿੱਚ ਸਾਬਤ-ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ। ਇਹੋ ਜਿਹੀਆਂ ਅਜ਼ਮਾਇਸ਼ੀ ਘੜੀਆਂ ਵਿੱਚ ਕਿਸੇ ਵਿੱਚ ਕੋਈ ਹਾਉਮੇ ਬਚੀ ਹੋਵੇ ਤਾਂ ਉਹ ਕਾਫ਼ੂਰ ਹੋ ਜਾਂਦੀ ਹੈ ਅਤੇ ਮਨੁੱਖ ਆਮ ਵਿਸ਼ਵਾਸਾਂ ਨੂੰ ਉਲੰਘਣ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਜੇ ਉਹ ਹਿੰਮਤ ਕਰਦਾ ਹੈ ਤਾਂ ਸਾਨੂੰ ਇਹ ਕਹਿਣਾ ਪਵੇਗਾ ਕਿ ਉਸ ਵਿੱਚ ਨਿੱਜੀ ਹਾਉਮੇ ਨਾਲੋਂ ਹੋਰ ਕੋਈ ਤਾਕਤ ਵੀ ਹੁੰਦੀ ਹੋਣੀ ਹੈ। ਹੁਣ ਬਿਲਕੁੱਲ ਇਹੀ ਹਾਲਤ ਹੈ। ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮੁਕੱਦਮੇ ਦਾ) ਕੀ ਫ਼ੈਸਲਾ ਹੋਏਗਾ। ਹਫ਼ਤੇ ਦੇ ਵਿੱਚ ਵਿਚ ਫ਼ੈਸਲਾ ਸੁਣਾ ਦਿੱਤਾ ਜਾਏਗਾ। ਮੈਂ ਆਪਣੀ ਜ਼ਿੰਦਗੀ ਆਦਰਸ਼ ਖ਼ਾਤਰ ਕੁਰਬਾਨ ਕਰ ਦੇਣੀ ਹੈ, ਇਸ ਵਿਚਾਰ ਤੋਂ ਬਿਨਾਂ ਮੇਰਾ ਹੋਰ ਕਿਹੜਾ ਧਰਵਾਸ ਹੈ? ਕਿਸੇ ਆਸਤਿਕ ਹਿੰਦੂ ਨੂੰ ਤਾਂ ਦੂਜੇ ਜਨਮ ਵਿੱਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਈਸਾਈ ਤਾਂ ਆਪਣੀਆਂ ਮੁਸ਼ਕਲਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋ-ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ
ਵਿੱਚ ਫਾਂਸੀ ਦਾ ਬੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਿਕ ਸ਼ਬਦਾਵਲੀ ਵਿੱਚ ਆਖੀਏ ਤਾਂ ਮੇਰੀ ਆਤਮਾ ਦਾ ਬਿਲਕੁੱਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁੱਝ ਵੀ ਨਹੀਂ ਹੋਏਗਾ । ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿੱਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁੱਝ ਨਹੀਂ ਹੁਣ ਜਾਂ ਕਦੇ ਵੀ ਕੁੱਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਅਜ਼ਾਦੀ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਭਾਗ ਰਹੀ ਮਨੁੱਖਤਾ ਦੇ ਨਜ਼ਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ 'ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ ਪਰ ਇੱਕੋ-ਇੱਕ ਸ਼ਾਨਦਾਰ ਮਾਰਗ ਉੱਤੇ ਚੱਲਣਗੇ। ਕੀ ਆਪਣੇ ਸੱਚੇ ਆਦਰਸ਼ ਵਿੱਚ ਉਨ੍ਹਾਂ ਦੇ ਮਾਣ ਨੂੰ ਅਹੰਕਾਰ ਕਿਹਾ ਜਾ ਸਕਦਾ ਹੈ ? ਇਹੋ ਜਿਹੀ ਘ੍ਰਿਣਤ ਬਿਆਨੀ ਕਰਨ ਦੀ ਕੌਣ ਜੁਅੱਰਤ ਕਰ ਸਕਦਾ ਹੈ ? ਇਹੋ ਜਿਹੇ ਬੰਦੇ ਨੂੰ ਮੈਂ ਮੂਰਖ ਜਾਂ ਪਾਖੰਡੀ ਆਖਾਂਗਾ। ਚਲੋ ਆਪਾਂ ਇਸ ਨੂੰ ਮੁਆਫ਼ ਕਰ ਦਿੰਦੇ ਹਾਂ, ਕਿਉਂਕਿ ਉਹ ਸੁੱਚੇ ਆਦਰਸ਼ ਵਾਲੇ ਦਿਲ ਦੇ ਜਜ਼ਬੇ, ਭਾਵਨਾ ਤੇ ਅਹਿਸਾਸ ਨੂੰ ਜਾਣ ਨਹੀਂ ਸਕਦਾ। ਉਹਦਾ ਦਿਲ ਮਾਸ ਦਾ ਬੇਜਾਨ ਲੋਥੜਾ ਹੈ । ਉਹਦੀ ਦ੍ਰਿਸ਼ਟੀ ਕਮਜ਼ੋਰ ਹੈ, ਕਿਉਂਕਿ ਹੋਰ ਗਰਜ਼ਾਂ ਦੀਆਂ ਬੁਰਾਈਆਂ ਦਾ ਉਨ੍ਹਾਂ ਉੱਤੇ ਪਰਦਾ ਪਿਆ ਹੋਇਆ ਹੈ। ਸਵੈ-ਵਿਸ਼ਵਾਸ ਨੂੰ ਅਹੰਕਾਰ ਸਮਝਿਆ ਜਾ ਸਕਦਾ ਹੈ ਇਹ ਅਫ਼ਸੋਸਨਾਕ ਤੇ ਤਰਸਯੋਗ ਗੱਲ ਹੈ, ਪਰ ਇਹਦਾ ਕੋਈ ਚਾਰਾ ਨਹੀਂ।
ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਵਿਰੋਧ ਕਰਕੇ ਦੇਖ ਲਓ, ਤੁਸੀਂ ਨਿਹਕਲੰਕ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ, ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਦੇਖ ਲਓ ਤਾਂ ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘੁਮੰਡੀ ਜਾਂ ਅਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਹਦਾ ਕਾਰਨ ਮਾਨਸਿਕ ਖੜ੍ਹਤ ਹੈ। ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੇ ਲਾਜ਼ਮੀ ਗੁਣ ਹੁੰਦੇ ਹਨ। ਕਿਉਂਕਿ ਮਹਾਤਮਾ ਜੀ ਮਹਾਨ ਹਨ, ਇਸ ਲਈ ਕੋਈ ਉਹਨਾਂ ਦੀ ਆਲੋਚਨਾ ਨਾ ਕਰੋ, ਕਿਉਂਕਿ ਉਹ ਉੱਪਰ ਉੱਠ ਚੁੱਕੇ ਹਨ। ਇਸ ਲਈ ਉਹ ਰਾਜਨੀਤੀ ਜਾਂ ਧਰਮ, ਆਰਥਿਕਤਾ ਜਾਂ ਸਦਾਚਾਰ ਬਾਰੇ ਕੁੱਝ ਵੀ ਕਹਿੰਦੇ ਹਨ ਤਾਂ ਸਹੀ ਹੁੰਦਾ ਹੈ । ਤੁਸੀਂ ਮੰਨਦੇ ਹੋ ਭਾਵੇਂ ਨਹੀਂ ਮੰਨਦੇ, ਤੁਹਾਨੂੰ ਇਹ ਜ਼ਰੂਰ