ਮੈਂ ਸਾਊ ਕੁੜੀ ਨਹੀਂ ਹਾਂ
ਬਰਾੜ ਜੈਸੀ
ਦਾਦੀ ਗੁਰਬਚਨ ਕੌਰ ਦੇ ਨਾਮ
ਜਿਸ ਨੂੰ ਹਮੇਸ਼ਾਂ ਉਡੀਕ ਸੀ ਮੇਰੀ ਕਿਤਾਬ ਛਪਣ ਦੀ ਤੇ
ਪੜ੍ਹਨ ਦੀ.....
ਤੇ
ਕੁੱਝ ਵਾਅਦੇ ਨਿਭਾਉਣ ਲਈ ਅਗਲਾ ਜਨਮ ਲੈਣਾ ਪੈਂਦਾ...
ਤਰਤੀਬ
ਮੈਂ ਸਾਊ ਕੁੜੀ ਨਹੀਂ ਹਾਂ
ਕਵਿਤਾ ਲਿਖਦੀ ਹਾਂ
ਪਰ ਹਾਂ ਯਾਦ ਰੱਖੀ
ਮੁਹੱਬਤ ਵਾਲੀ ਕਵਿਤਾ
ਲਿਖਣ ਵਾਲੀਆਂ ਕੁੜੀਆਂ
ਚਰਿੱਤਰਹੀਣ ਨਹੀਂ ਹੁੰਦੀਆਂ
ਮੁਹੱਬਤ ਦੇ ਅਰਥ ਤੂੰ ਕੁਛ ਹੋਰ ਸਮਝੀ ਬੈਠਾ
ਅੱਸੀ ਸਾਲਾਂ ਦੀ ਬੁੱਢੀ ਬੇਬੇ ਬਿਨਾਂ ਦੰਦਾਂ ਤੋਂ
ਕੁਛ ਚਬਾਉਂਦੀ ਏ
ਤਾਂ ਮੈਨੂੰ ਉਹਦੇ ਨਾਲ ਪਹਿਲੀ ਨਜ਼ਰੇ ਮੁਹੱਬਤ
ਹੋ ਜਾਂਦੀ ਏ
ਜਦ ਮੇਰੇ ਦੁਖਦੇ ਸਿਰ ਨੂੰ ਮਾਂ ਨੱਪਦੀ ਏ
ਤਾਂ ਉਹ ਮੇਰੀ ਮਹਿਬੂਬ ਬਣ ਜਾਂਦੀ ਏ
ਤੂੰ ਮੁਹੱਬਤ ਨੂੰ ਅਸ਼ਲੀਲਤਾ ਨਾਲ ਜੋੜਨਾ
ਬੰਦ ਕਰਦੇ
ਨਹੀਂ ਤਾਂ ਹਰ ਕੁੜੀ ਆਖੇਗੀ
"ਮੈਂ ਸਾਊ ਨਹੀਂ ਹਾਂ .. "
ਅੰਬੀਆਂ ਵਾਲਾ ਸਵੈਟਰ
ਉਹ ਆਖਦਾ...
ਮੇਰੀ ਰੀਝ ਏ
ਕਿ ਤੂੰ ਮੇਰੇ ਲਈ
ਅੰਬੀਆਂ ਵਾਲਾ ਸਵੈਟਰ ਬੁਣੇ
ਤੇ ਮੈਂ ਰਹਿੰਦੀ ਉਮਰ ਤੀਕ
ਉਹ ਸਵੈਟਰ ਕੁੱਟ ਕੁੱਟ ਹੰਢਾਵਾਂ ...
ਜੇ ਕਦੇ ਉਹ ਸਵੈਟਰ
ਉਧੇੜਨ ਦੀ ਨੌਬਤ ਵੀ ਆਵੇ
ਤਾਂ ਤੂੰ ਉਸਨੂੰ ਉਧੇੜ
ਪੱਛਮ ਦੇ ਗੋਲੇ ਬਣਾ ਦੇਵੇਂ
ਫਿਰ ਮੇਰੀ ਧੀ ਦਾ ਮੇਚਾ ਲੈ
ਨਿੱਕਾ ਜਿਹਾ ਸਵੈਟਰ ਫਿਰ ਤੋਂ ਬੁਣ ਦੋਵੇਂ
ਤੇ ਇੰਝ ਹੀ ਕਈ ਪੀੜ੍ਹੀਆਂ ਤੱਕ
ਤੇਰੇ ਹੱਥਾਂ ਦੀ ਖੁਸ਼ਬੋ ਮਹਿਕਦੀ ਰਹੇ ....
ਸਮਰਪਿਤ
ਸਕੂਨ ਨਾਲ ਭਰ ਜਾਣ ਤੋਂ ਬਾਅਦ
ਏਹ ਪੁੱਛਣ ਦਾ ਮਤਲਬ ਨਹੀਂ ਬਣਦਾ
"ਡੂ ਯੂ ਲਵ ਮੀ....??"
ਹਾਂ ਪਰ ਮਹਿਬੂਬ ਨੂੰ ਛੋਹਦਿਆਂ
ਏਹ ਜ਼ਰੂਰ ਪੁੱਛਣਾ ਬਣਦਾ
"ਆਰ ਯੂ ਫ਼ੀਲਿੰਗ ਕੰਮਫ਼ਰਟੇਬਲ ਵਿਦ ਮੀ ... "
ਗੱਲ ਛੋਟੇ ਵੱਡੇ ਹੋਣ ਦੀ ਨਹੀਂ ਏ
ਗੱਲ ਤਾਂ ਮੁਹੱਬਤ ਦੀ ਏ
ਸਮਰਪਿਤ ਹੋ ਮੋਹ ਦਾ ਵਲ ਸਿੱਖਣ ਦੀ ਏ
ਔਰਤਾਂ ਪਸ਼ੂ ਨਹੀਂ ਹੁੰਦੀਆਂ
ਕਿਸੇ ਸਾਊ ਜੇਹੀ ਕੁੜੀ ਦਾ ਰਿਸ਼ਤਾ ਚਾਹੀਦਾ,
ਜ਼ਿਆਦਾ ਉੱਚੀ ਨਾ ਬੋਲੇ,
ਘਰਦਾ ਮਰਦ ਜੇ ਛਿਟੀ ਵੀ ਚੁੱਕੇ ਤਾਂ
ਸਬਰ ਦੀ ਘੁੱਟ ਭਰ ਕਮਰੇ 'ਚ ਚਲੀ ਜਾਵੇ
ਹੱਸਦੀ ਆਂਢ ਗੁਆਂਢ ਨਾ ਸੁਣੇ
ਫੋਨ ਕੋਲ ਰੱਖਣ ਦਾ ਰੈਸਾ ਨਾ ਪਾਵੇ
ਨੈੱਟ ਵਰਤਣ ਵਾਲੀ ਨਾ ਹੋਵੇ
ਹਾਂ ਕੋਈ ਕਵਿੱਤਰੀ ਜਾਂ ਨਚਾਰ ਵੀ ਨਾ ਹੋਵੇ
ਰੋਟੀਆਂ ਪਕਾਵੇ, ਸਾਰਾ ਕੰਮ ਸਾਂਭ ਲਵੇ
ਜਿੱਥੇ ਉਹਦਾ ਮਰਦ ਆਖੇ ਉੱਥੇ ਹੀ ਖੜੇ
ਬੱਸ ਗਊ ਬਣਕੇ ਰਹੇ
ਹੋਰ ਨਹੀਂ ਕੁਛ ਚਾਹੀਦਾ
ਕੁੜੀ ਦੇ ਪਿਉ ਨੇ ਨੀਵੀਂ ਚੁੱਕ ਐਨਾ ਕੁ
ਜਵਾਬ ਦਿੱਤਾ,
“ਬਾਈ ਜੀ ਤੁਸੀਂ ਰਿਸ਼ਤੇ ਲਈ
ਗ਼ਲਤ ਘਰ ਆ ਗਏ
ਇੱਥੇ ਔਰਤਾਂ ਰਹਿੰਦੀਆਂ, ਪਸ਼ੂ ਨਹੀਂ ... "
ਗੰਧਲਾ ਮਾਹੌਲ
ਮੁਹੱਬਤ ਕਦੀ ਵੀ ਅਸ਼ਲੀਲ ਨਹੀਂ ਹੁੰਦੀ
ਮਾਂ ਬੱਚੇ ਦਾ ਮੱਥਾ ਚੁੰਮਦੀ ਏ
ਬੱਚਾ ਅੱਗੋਂ ਹੱਸਦਾ ਏ
ਅਸ਼ਲੀਲਤਾ ਤੁਹਾਡੀਆਂ ਨਜ਼ਰਾਂ 'ਚ ਹੁੰਦੀ ਏ
ਤੁਸੀਂ ਏਹੋ ਵੀਡਿਉ ਬਣਾ ਪੋਰਨ
ਸਾਈਟਸ 'ਤੇ ਚੜਾ ਦਿੰਦੇ ਹੋ
ਸ਼ਹਿਰ ਜਾਂਦੀ ਇਕੱਲੀ ਕੁੜੀ ਦਾ
ਸਰੀਰ ਮਿਣਦੇ ਓ
ਮੌਕਾ ਮਿਲਣ ਨਾਲ ਖਹਿ ਕੇ ਠਰਕ ਭੋਰਦੇ ਹੋ
ਜਦ ਮੂੰਹ 'ਤੇ ਕਰਾਰੀ ਚਪੇੜ ਵੱਜਦੀ ਏ
ਤਾਂ ਕੁੜੀ ਨੂੰ ਰੰਡੀ ਦੱਸਦੇ ਹੋ, ਥਾਂ ਥਾਂ ਭੰਡਦੇ ਹੋ
ਤੇ ਆਖਦੇ ਹੋ ਭੇਡਾਂ ਵਾਂਗ
ਤੁਰੀਆਂ ਫਿਰਦੀਆਂ ਕੁੜੀਆਂ ਤਾਂ ।
ਭੈਣ ਆਵਦੀ ਨੂੰ ਸਿਨਮੇ ਘਰ ਤੀਕ ਨਹੀਂ ਜਾਂਦੇ
ਤੁਸੀਂ ਡਰਦੇ ਹੋ
ਕਿ ਤੁਹਾਡੀ ਮਰਦ ਜਾਤ ਦਾ
ਸੱਚ ਨਾ ਬਾਹਰ ਆ ਜੇ
ਕੋਈ ਤੁਹਾਡੀ ਭੈਣ ਨਾਲ ਖਹਿ ਜੇ
ਕੋਈ ਹਰਾਮੀ ਤੁਹਾਡੀ ਭੈਣ ਨੂੰ
ਨਾ ਕੰਜਰੀ ਕਹਿ ਜੇ
ਤੁਹਾਨੂੰ ਨਹੀਂ ਪਤਾ
ਹਰਦਮ ਚਾਰਦੁਆਰੀ 'ਚ ਰਹਿਣ ਵਾਲਾ ਜੀਅ
ਸਾਹ ਘੁੱਟਣ ਨਾਲ ਮਰ ਜਾਂਦਾ ?
ਪਰ ਕੀ ਕੀਤਾ ਜਾਵੇ
ਤੁਸੀਂ ਮਰਦ ਜਾਤ ਨੇ ਤਾਂ ਬਾਹਰਲਾ ਮਾਹੌਲ ਵੀ
ਗੰਧਲਾ ਕਰ ਰੱਖਿਆ
ਕੁੜੀਆਂ ਕਿੱਥੇ ਜਾਣ?
ਚੂੜੇ ਦੀ ਰੀਝ
ਭਾਬੀ ਦੀਆਂ ਝਾਂਜਰਾਂ ਦੀ
ਛਣ ਛਣ ਪਿਆਰੀ ਲੱਗੀ
ਮੈਂ ਅਗਲੇ ਦਿਨ ਝਾਂਜਰਾਂ ਖਰੀਦ ਲਈਆਂ
ਵਿਆਹੀ ਭੈਣ ਦੀਆਂ ਵੰਗਾਂ ਦੀ
ਖਣ ਖਣ ਮੋਹ ਗਈ
ਮੈਂ ਉਹਦੀਆਂ ਵੰਗਾਂ ਮੰਗ ਆਪ ਪਾ ਲਈਆਂ
ਇੱਕ ਚੂੜੇ ਵਾਲੀ ਮੁਟਿਆਰ
ਗਿੱਧੇ 'ਚ ਨੱਚ ਰਹੀ ਸੀ,
ਬਹੁਤ ਪਿਆਰੀ ਲੱਗੀ ਉਹ
ਚੂੜੇ ਦੀ ਰੀਝ ਮਨ 'ਚ ਉੱਠੀ
ਪਰ ਚੂੜਾ ਪਾਉਣ ਲਈ ਕਿਸੇ ਦੀ ਮੋਹਰ
ਲਗਾਉਣੀ ਪੈਣੀ ਸੀ
ਕੁਝ ਰੀਝਾਂ ਕਿਸੇ ਖ਼ਾਸ
ਮੌਕਿਆਂ 'ਤੇ ਪੂਰੀਆਂ ਹੁੰਦੀਆਂ
ਹਰ ਮਨ ਆਈ ਚੀਜ਼ ਨਹੀਂ ਖਰੀਦੀ ਜਾ ਸਕਦੀ
ਕੁਵਾਰੀਆਂ ਰੀਝਾਂ
ਕੋਈ ਕੱਢ ਕੇ ਰੁਮਾਲ ਦੇ ਜਾਵੀਂ,
ਰੀਝਾਂ ਨੇ ਕੁਵਾਰੀਆਂ ਚੰਨਾ,
ਕੋਈ ਕੌਲ ਵਾਲਾ ਸਾਕ ਦੇ ਜਾਵੀਂ....
ਮੋਹ ਦਿਆਂ ਕੌਲਿਆਂ 'ਤੇ
ਮਿੱਟੀ ਪੋਚਾ ਸੰਗ ਦੀ,
ਕੰਨਾਂ ਦੀਆਂ ਵਾਲੀਆਂ ਨੂੰ
ਹਵਾ ਛੇੜ ਲੰਘਦੀ,
ਕੋਈ ਓਹਲਾ ਵੇ ਪਾਕ ਦੇ ਜਾਵੀਂ
ਕੋਈ ਕੌਲ ਵਾਲਾ ਸਾਕ ਦੇ ਜਾਵੀਂ....
ਮੋਹ ਦੀਆਂ ਕੌਲਿਆਂ 'ਤੇ
ਵੇਲ ਚਾੜ੍ਹੀ ਆਸਾਂ ਦੀ,
ਪਾਜਾ ਫੇਰੀ ਦੀਦਿਆਂ 'ਚ
ਮਿਆਦ ਮੁੱਕੀ ਧਰਵਾਸਾਂ ਦੀ,
ਕੋਈ ਰੂਹ ਵਾਲਾ ਸਾਜ ਦੇ ਜਾਵੀਂ
ਰੀਝਾਂ ਨੇ ਕੁਵਾਰੀਆਂ ਚੰਨਾ
ਕੋਈ ਕੌਲ ਵਾਲਾ ਵਾਕ ਦੇ ਜਾਵੀਂ....
ਤੇਰੇ ਵਰਗੀ ਬਣਨ ਦੀ ਰੀਝ
ਮਾਂ ਪਤਾ ਨਹੀਂ ਕਿਵੇਂ ਐਨਾ
ਸੁਚੱਜਾ ਕੰਮ ਕਰਦੀ ਏ
ਮੱਖਣੀ ਕੱਢਦਿਆਂ ਚਾਟੀ ਭੋਰਾ ਵੀ
ਲਿਬੜਨ ਨਹੀਂ ਦਿੰਦੀ
ਤੇ ਮੈਂ ਕਦੇ ਕਦਾਈ ਜਦ ਵੀ ਮੱਖਣੀ ਕੱਢਾਂ
ਤਾਂ ਅਕਸਰ ਮੱਖਣ ਦੇ ਫੰਬੇ
ਜਿਹੇ ਰਹਿ ਜਾਂਦੇ ਨੇ...
ਮਾਂ ਕੱਪੜੇ ਧੋਂਹਦੀ ਏ, ਭਾਂਡੇ ਮਾਂਜਦੀ ਏ
ਹਾਂ ਸੱਚ ਪਹਿਲੋਂ ਪਹਿਲ
ਤਾਂ ਸਵਾਹ ਨਾਲ ਭਾਂਡੇ ਸਾਫ਼ ਕਰਦੀ ਸੀ
ਪਰ ਮਾਂ ਦੇ ਨਹੁੰ ਮੇਰੇ ਨਹੁੰਆਂ
ਤੋਂ ਹਜ਼ਾਰ ਗੁਣੇ ਸੋਹਣੇ ਨੇ
ਤੇ ਮੇਰੇ ਨਹੁੰ ਚੀਰ ਫਾੜ 'ਤੇ ਉੱਤਰ ਆਉਂਦੇ ਨੇ
ਜੇ ਕਦੀ ਮਾਂ ਦੇ ਪੇਕੀ ਗਈ ਤੋਂ ਕੱਪੜੇ ਧੋ ਲਵਾਂ....
ਮਾਂ ਨੰਗੇ ਪੈਂਰੀ ਰਹਿੰਦੀ ਏ ਅਕਸਰ
ਕਿੰਨੀ ਦੌੜ ਭੱਜ ਕਰਦੀ ਏ
ਪਰ ਓਹਨੇ ਕਦੀ ਨਹੀਂ ਕਿਹਾ ਕਿ ਮੇਰੇ ਪੈਰ ਤੁਰਨ
ਨਾਲ ਦੁੱਖਦੇ ਨੇ
ਤੇ ਮੈਂ ਇੱਕ ਕਮਰੇ ਤੋਂ ਦੂਸਰੇ ਕਮਰੇ ਤੱਕ ਜਾਂਦੀ
ਥੱਕ ਜਾਂਦੀ ਹਾਂ...
ਸਵੇਰ ਵਾਲੀ ਚਾਹ, ਦਸ ਵਾਲੀ, ਬਾਰਾਂ ਵਾਲੀ ਤੇ
ਫਿਰ ਦੋ ਵਜੇ ਵਾਲੀ ਚਾਹ
ਏਹ ਸਭ ਮਾਂ ਹੀ ਤਾਂ ਬਣਾਉਂਦੀ ਏ
ਕਿੰਨਾ ਖੜ੍ਹਨਾ ਪੈਂਦਾ ਉਸਨੂੰ ਗਰਮੀ 'ਚ
ਤੇ ਮੈਂ ਇੱਕ ਮਿੰਟ 'ਚ ਪਟਾਕ ਦੇਣੇ ਕਹਿ ਦਿੰਦੀ ਹਾਂ
ਕਿ "ਮਾਂ ਚਾਹ ਨੀ ਸਵਾਦ ਬਣੀ, ਮਿੱਠਾ ਘੱਟ,
ਪੱਤੀ ਘੱਟ....."
ਮਾਂ ਸਭ ਸੁਣਦੀ ਏ ਤੇ ਕਦੇ ਓਹਨੇ
ਏਹ ਨਹੀਂ ਕਿਹਾ ਕਿ
ਨਖ਼ਰੇ ਕਰਨੇ ਆ ਤਾਂ ਆਪ ਬਣਾ ਲੈ
ਮਾਂ ਜੁ ਹੋਈ...
ਮਾਂ ਤੂੰ ਸੱਚੀ ਬਹੁਤ ਮਹਾਨ ਏ
ਤੇ ਮੇਰੀ ਵੀ ਰੀਝ ਏ ਕਿ ਮੈਂ ਵੀ ਤੇਰੇ ਵਰਗੀ ਬਣਾ
ਆਦਤ
ਧੁੰਦ 'ਚ ਟੋਪੀ ਦੀ ਆਦਤ ਏ
ਨਾ ਲਵਾਂ ਤਾਂ ਸਿਰ ਠਰਨ ਲੱਗ ਜਾਂਦਾ
ਤੇ ਗਰਮੀ 'ਚ ਰੁਮਾਲ ਦੀ ਆਦਤ ਵੀ ਏ
ਨਾ ਹੱਥ 'ਚ ਚੁੱਕਾਂ ਤਾਂ ਹੱਥ ਖਾਲੀ ਲੱਗਣ ਲੱਗਦਾ
ਬਰਸਾਤ ਦੇ ਦਿਨਾਂ 'ਚ ਛੱਤਰੀ
ਰੱਖਣ ਦੀ ਆਦਤ ਏ
ਡਰ ਹੁੰਦਾ ਕਿਧਰੇ ਮੀਂਹ ਨਾਲ ਬੈਗ ਨਾ ਭਿੱਜ ਜਾਏ
ਹਾਂ ਸੱਚ ਤੂੰ ਵੀ ਤਾਂ ਆਦਤ ਏ ਮੇਰੀ
ਪਰ ਤੇਰੀ ਆਦਤ ਮੌਸਮਾਂ 'ਤੇ ਨਿਰਭਰ ਨਹੀਂ
ਤੂੰ ਬੱਸ ਮੇਰੇ ਪਿੰਡ ਦਾ ਰਾਹ ਨਾ ਭੁੱਲੀ
ਛੋਟੀਆਂ ਵੱਡੀਆਂ ਗੱਲਾਂ
ਵਾਪਰਦੀਆਂ ਰਹਿੰਦੀਆਂ ਨੇ
ਸਾਊ ਕੁੜੀ
ਜਦੋਂ ਜਨਮ ਲਿਆ
ਤਾਂ ਜਮ੍ਹਾ ਵੀ ਨਹੀਂ ਸੀ ਰੋਈ
ਤੇ ਮਾਂ ਦੱਸਦੀ ਹੁੰਦੀ ਆ ਕਿ
ਮੈਂ ਕੰਮ ਕਰੀ ਜਾਣਾ
ਤੂੰ ਐਨੀ ਸਾਊ ਸੀ ਕਿ
ਭੁੱਖੀ ਹੋਣ 'ਤੇ ਵੀ ਕਦੇ ਸੀ ਤੱਕ ਨਹੀਂ ਕੀਤੀ
ਅੰਗੂਠਾ ਮੂੰਹ 'ਚ ਪਾ ਬਿਨਾਂ ਦੁੱਧ ਪੀਤੇ
ਸੌਂ ਜਾਂਦੀ
ਖੇਡਣ ਦੀ ਉਮਰੇ ਜਦੋਂ ਸਾਰੇ ਜਵਾਕ
ਮੇਲੇ 'ਚ ਖਿਡੌਣੇ ਲੈਣ ਲਈ ਵਿਰ ਜਾਂਦੇ ਸੀ
ਮੈਂ ਇੱਕ ਟੱਕ ਮਾਂ ਦੀ ਉਂਗਲ ਫੜੀ
ਚੁੱਪ ਤੱਕਦੀ ਰਹਿੰਦੀ ਸਾਂ
ਇਹੋ ਚੰਗਾ ਲਗਦਾ ਸੀ ਮੈਨੂੰ
ਜਦੋਂ ਮਾਂ ਹੁੱਬ ਕੇ ਕਹਿੰਦੀ,
"ਇਹ ਨਹੀਂ ਜ਼ਿੱਦ ਕਰਦੀ
ਬੜੀ ਸਾਊ ਕੁੜੀ ਏ.. "
ਸਮਾਜ ਦੀ ਸੂਝ ਆਉਣੀ ਸ਼ੁਰੂ ਹੋਈ
ਬੱਸ 'ਚ ਨਾਨਕਿਆਂ ਤੋਂ ਆਉਂਦੇ ਜਾਂਦੇ
ਕਿਸੇ ਦੀ ਕੂਹਣੀ ਵੀ ਨਾਲ ਖਹਿਣੀ ਤਾਂ ਅੰਦਰ
ਤੱਕ ਕੰਬ ਜਾਂਦੀ
ਬੱਸ 'ਚ ਭੋਲੀ ਜੇਹੀ ਬਣ ਮਾਂ ਨਾਲ
ਲੱਗ ਬੈਠ ਜਾਣਾ
ਬੱਸ 'ਚ ਮਾਂ ਮੇਰੇ ਚੇਹਰੇ ਨੂੰ
ਟਿਕਟਿਕੀ ਲਗਾ ਦੇਖਦੀ ਰਹਿੰਦੀ
ਕੁੜੀ 'ਤੇ ਵਿਸ਼ਵਾਸ਼ ਸੀ ਪਰ ਸਮਾਜ 'ਤੇ ਨਹੀਂ
ਮੈਂ ਵੀ ਕਿਸੇ ਵੱਲ ਅੱਖ ਚੁੱਕ ਨਾ ਦੇਖਣਾ
ਮੈਨੂੰ ਮਾਂ ਤੋਂ ਸਾਊ ਕੁੜੀ ਸੁਣਨਾ
ਬੜਾ ਚੰਗਾ ਲੱਗਣਾ ਸੀ
ਜਦੋਂ ਮੁਟਿਆਰ ਹੋਈ
ਦਿਲ 'ਚ ਅਜੀਬ ਜਹੇ ਭਾਅ ਉੱਠਣ ਲੱਗੇ
ਦੇਹ ਵੀ ਹੋਰ ਜਹੀ ਜਾਪਣ ਲੱਗੀ
ਕੱਪੜੇ ਵੀ ਹੋਰ ਕੱਪੜਿਆਂ ਹੇਠ ਲੁਕੋ ਕੇ
ਸੁਕਾਉਣ ਦੀ ਨਸੀਤ ਕਰਦੀ ਮਾਂ ਕਹਿੰਦੀ
ਸਾਊ ਕੁੜੀਆਂ ਕੱਪੜੇ ਐਵੇਂ
ਖੁੱਲ੍ਹੇ 'ਚ ਨਹੀਂ ਪਾਉਂਦੀਆਂ
ਉਂਦੋ ਪਹਿਲੀ ਵਾਰ 'ਸਾਊ' ਸ਼ਬਦ ਦੇ ਅਰਥ
ਮੈਨੂੰ ਹੋਰ ਹੀ ਲੱਗੇ...
ਮੇਰਾ ਪਹਿਲੀ ਵਾਰ ਮਾਂ ਅੱਗੇ
ਦਿਲ ਖੋਲ੍ਹਣ ਦਾ ਮਨ ਕੀਤਾ
ਮੈਂ ਰੂਹਾਂ ਦੀ ਪੈੜ੍ਹ ਨੱਪੀ
ਉਸ ਰੂਹ ਨੂੰ ਜਾ ਮਿਲੀ
ਮੁਹੱਬਤ ਹੋਈ 'ਤੇ ਮੁਹੱਬਤ ਕਵਿਤਾਵਾਂ ਲਿਖੀਆਂ
ਹੀਰ, ਸਾਹਿਬਾਂ ਮੇਰੀਆਂ ਭੈਣਾਂ ਲੱਗਣ ਲੱਗੀਆਂ
ਲੋਕ ਆਖਦੇ ਆ ਕਿ
ਮੁਹੱਬਤ ਕਰਨ ਵਾਲੀਆਂ
ਕੁੜੀਆਂ ਸਾਊ ਨਹੀਂ ਹੁੰਦੀਆਂ
ਹੁਣ ਇਹ ਸਾਊ ਕੁੜੀ
ਮਾਂ ਲਈ ਵੀ ਸਾਊ ਨਾ ਰਹੀ
ਲੋਕ ਮੇਰੀਆਂ ਭੈਣਾਂ (ਹੀਰ, ਸਾਹਿਬਾਂ, ਸੋਹਣੀ) ਨੂੰ
ਹਾਲੇ ਤੱਕ ਵੀ ਭੰਡਦੇ ਆ...
ਮੇਰੀ ਵੀ ਸਾਊ ਬਣਨ ਦੀ ਕੋਈ ਰੀਝ ਨਹੀਂ
ਹਾਂ ਮੈਂ 'ਸਾਊ ਕੁੜੀ ਨਹੀਂ ਹਾਂ"
ਕਵਿਤਾ, ਕੁੜੀ ਤੇ ਮੁਹੱਬਤ
ਇਨਬੌਕਸ 'ਚ ਭੇਜੀ ਕਵਿਤਾ
ਜਦ ਸੁਣਨ ਲੱਗੀ ਓਹ
ਤਾਂ ਪਹਿਲਾਂ ਸ਼ਬਦ ਮੁਹੱਬਤ ਸੁਣਿਆ
ਤਾਂ ਝੱਟ ਦੇਣੇ ਕਵਿਤਾ ਰੋਕ ਦਿੱਤੀ
ਤੇ ਚੋਰ ਅੱਖ ਨਾਲ ਓਹਨੇ ਸੁੱਤੀ ਮਾਂ ਕੰਨ੍ਹੀ ਦੇਖਿਆ
ਓਹਨੇ ਹੈੱਡ ਫੋਨ ਲਗਾਏ
ਤੇ ਕਵਿਤਾ ਸੁਣਨ ਲੱਗ ਗਈ
ਬੱਸ 'ਚ ਸਫ਼ਰ ਕਰਦੀ ਕੁੜੀ
ਮਹਿਬੂਬ ਨੂੰ ਯਾਦ ਕਰ ਕਵਿਤਾ ਲਿਖ ਰਹੀ ਸੀ
ਐਨੇ ਨੂੰ ਬੱਸ ਰੁਕੀ
ਤੇ ਇੱਕ ਅੱਧ ਖੜ ਉਮਰ ਦੀ ਤੀਵੀਂ
ਸੀਟ 'ਤੇ ਨਾਲ ਆ ਬੈਠੀ
ਓਹ ਕਦੀ ਫ਼ੋਨ ਘੂਰਦੀ ਤੇ ਕਦੀ
ਓਸ ਕੁੜੀ ਦਾ ਮੂੰਹ
ਭਾਵੇਂ ਓਹ ਤੀਵੀਂ ਪੜ੍ਹਨਾ ਨਾ ਜਾਣਦੀ ਹੋਵੇ
ਪਰ ਓਸ ਕੁੜੀ ਨੇ ਤੀਵੀ ਤੋਂ ਡਰਦੇ
ਕੰਬਦੇ ਹੱਥਾਂ ਨਾਲ ਕਵਿਤਾ ਡਿਲੀਟ ਕੀਤੀ
ਤੇ ਫੋਨ ਬੈਗ 'ਚ ਪਾ ਲਿਆ
ਕਿੰਨੀਆਂ ਸਾਰੀਆਂ ਕਵਿਤਾਵਾਂ
ਜੋੜ ਰੱਖੀਆਂ ਸੀ ਓਹਨੇ
ਪਰ ਓਹ ਕਵਿਤਾਵਾਂ ਮੁਹੱਬਤ
ਮਹਿਬੂਬ 'ਤੇ ਆ ਨਿੱਬੜਦੀਆਂ ਸੀ
ਓਹ ਉਹਨਾਂ ਪਰੇਮ ਪੱਤਰਾਂ ਨੂੰ
ਛਪਵਾਉਣਾ ਚਾਹੁੰਦੀ ਸੀ
ਪਰ ਸਮਾਜ ਮੁਹੱਬਤ ਲਿਖਣ ਵਾਲੀ
ਔਰਤ ਨੂੰ ਚਰਿੱਤਰਹੀਣ ਆਖਦਾ
ਸਮਾਜ ਦੀ ਵਰਜੀ ਓਹ ਕਵਿਤਾਵਾਂ
ਲਿਖਦੀ ਤੇ ਪਾੜ ਦਿੰਦੀ ਹੈ
ਅਸ਼ਲੀਲਤਾ ਸਾਡੇ ਅੰਦਰ ਹੁੰਦੀ ਆ...
ਅਸ਼ਲੀਲ ਤਾਂ ਨਹੀਂ ਹੁੰਦਾ
ਬਨੇਰੇ 'ਤੇ ਬੈਠੇ ਕਬੂਤਰਾਂ ਦੇ ਜੋੜੇ ਦਾ ਮੋਹ ਕਰਨਾ
ਜੇ ਅਸੀਂ ਚਿੜ ਮੰਨਦੇ ਹਾਂ
ਦਰਵਾਜ਼ੇ ਤੋਂ ਓਸ ਪਾਰ ਕੀਤੀ
ਲੋਕਾਂ ਦੀ ਤਾਕ ਝਾਕ ਤੋਂ
ਤਾਂ ਫਿਰ ਕਿਹੜੇ ਹੱਕ ਨਾਲ ਤਾੜੀ
ਮਾਰ ਉਡਾ ਦਿੰਦੇ ਹਾਂ ਪਿਆਰ ਕਰਦੇ ਜਨੌਰਾਂ ਨੂੰ
ਸਮਝਣਾ ਚਾਹੀਦਾ ਸਾਨੂੰ ਵੀ
ਕਿ ਪੰਛੀਆਂ ਦੇ ਘਰ ਨਹੀਂ ਹੁੰਦੇ
ਜੇ ਹੁੰਦੇ ਵੀ ਆ ਤਾਂ ਕੁੰਡੀਆਂ ਵਾਲੇ
ਦਰਵਾਜ਼ੇ ਨਹੀਂ ਹੁੰਦੇ
ਕਿਉਂ ਲੱਭਦੇ ਰਹਿੰਦੇ ਹਾਂ ਆਸ ਪਾਸ ਅਸ਼ਲੀਲਤਾ
ਪੰਛੀ ਤਾਂ ਨੰਗੇ ਵੀ ਹੁੰਦੇ ਨੇ
ਪਰ ਸੋਹਣੀ ਗੱਲ ਏ ਨਾ ਓਹ
ਇੱਕ ਦੂਸਰੇ ਨੂੰ ਘੂਰਦੇ ਨਹੀਂ
ਕਿਉਂਕਿ ਅਸ਼ਲੀਲਤਾ ਸ਼ਬਦ ਤੋਂ ਅਣਜਾਣ ਨੇ
ਪਿਆਰ ਕਰਦੇ ਪੰਛੀਆਂ ਲਈ
ਕੁੱਝ ਵੀ ਅਸ਼ਲੀਲ ਨਹੀਂ ਹੁੰਦਾ
ਬਿਨਾਂ ਕਿਸੇ ਡਰ ਦੇ ਮਾਂ ਬੱਚੇ ਨੂੰ ਕਿਸ ਕਰਦੀ ਹਾਂ
ਬੱਚਾ ਪਿਆਰ ਕਬੂਲਦਾ ਏ ਤੇ ਮਾਂ ਦਾ ਮੂੰਹ ਚੁੰਮਦਾ
ਮਹਿਬੂਬ, ਪਤੀ, ਪਤਨੀ ਦੇ ਮੋਹ ਨੂੰ
ਪਰਦਿਆਂ ਪਿੱਛੇ ਲਕੋਂਦੇ ਹਾਂ
ਮੰਨਿਆ ਪਰਦਾ ਜ਼ਰੂਰੀ ਏ
ਪਰ ਏਹ ਵੀ ਤਾਂ ਸਮਝੋ ਕਿ
ਮਹਿਬੂਬ, ਪਤਨੀ ਦਾ ਹੱਥ ਫੜ ਗੱਲ ਕਰਨ ਲਈ
ਪਰਦੇ ਦੀ ਕੀ ਲੋੜ ਏ ?
ਹੱਸਦੀ ਪਤਨੀ ਦੇ ਟੋਏ ਪੈਂਦੇ ਗੱਲਾਂ ਨੂੰ ਛੋਹਣ ਲਈ
ਪਰਦੇ ਦੀ ਕੀ ਲੋੜ?
ਪਤੀ ਪਤਨੀ ਨੂੰ ਖੁੱਲ੍ਹ ਕੇ ਦਿਲ ਦੀ
ਗੱਲ ਕਹਿਣ ਲਈ ਰਾਤ ਕਿਉਂ ਉਡੀਕਦੇ ਨੇ
ਚੀਕ
ਸਾਰੀਆਂ ਔਰਤਾਂ ਖ਼ੂਬਸੂਰਤ ਨਹੀਂ ਹੁੰਦੀਆਂ
ਕੁੱਝ ਕੁ ਔਰਤਾਂ ਦੇ ਦਿਲ ਕਾਲੇ ਹੁੰਦੇ ਨੇ....
ਹਾਂ ਪਰ ਓਹ ਮਰਦ ਸੋਹਣੇ ਦਿਲਾਂ ਦੇ
ਮਾਲਿਕ ਹੁੰਦੇ ਨੇ
ਜੋ ਕਾਲੇ ਦਿਲਾਂ ਵਾਲੀਆਂ ਔਰਤਾਂ
ਬਾਬਤ ਸਭ ਜਾਣਦਿਆਂ ਵੀ
ਉਹਨਾਂ ਨੂੰ ਦੁੱਗਣਾ ਮਾਣ ਸਤਿਕਾਰ ਦਿੰਦੇ ਨੇ
ਵਹਿਮ ਏ ਕਿ ਬਿੱਲੀਆਂ ਅੱਖਾਂ ਵਾਲੇ
ਲੋਕ ਦਿਲ ਦੇ ਖੋਟੇ ਹੁੰਦੇ ਨੇ
ਮੈਂ ਜਿੰਨੇ ਵੀ ਫਰੇਬੀ ਲੋਕਾਂ ਨੂੰ ਮਿਲੀ ਹਾਂ,
ਉਹਨਾਂ ਸਭ ਦੀਆਂ ਅੱਖਾਂ ਕਾਲੀਆਂ ਸਨ....
ਪਤਾ ਨਹੀਂ ਕੌਣ ਗੱਲ ਬਣਾ ਗਿਆ
ਹੱਥਾਂ ਦੀਆਂ ਹਥੇਲੀਆਂ ਵਿਚਲੇ ਬਣਦੇ ਚੰਦ ਬਾਰੇ
ਮੇਰੀ ਮਾਂ ਦੀਆਂ ਸਖ਼ਤ ਹਥੇਲੀਆਂ ਨੂੰ ਜੋੜ
ਇੱਕ ਟੁੱਟਿਆ ਜੇਹਾ ਚੰਦ ਬਣਦੈ
ਤੇ ਮਾਂ ਨੂੰ ਕਦੀ ਵੀ ਸਾਨੂੰ ਏਹ ਦੱਸਣ ਦੀ
ਲੋੜ ਨਹੀਂ ਪਈ ਕਿ
ਜਿਸ ਲੜ੍ਹ ਉਹ ਲੱਗੀ ਏ,
ਉਹ ਬੰਦਾ ਦਿਲ ਦਾ ਕਿੰਨਾ ਸੋਹਣਾ ਏ...
ਜੋ ਮਰਦ ਹਰ ਔਰਤ ਨੂੰ ਛਾਤੀਆਂ ਤੋਂ ਹੀ
ਦੇਖਣਾ ਸ਼ੁਰੂ ਕਰਦਾ ਏ
ਯਕੀਨਨ ਉਹ ਆਵਦੀ ਚਾਚੀ,
ਤਾਈ ਤੇ ਭੈਣ ਨੂੰ ਵੀ ਐਵੇਂ ਹੀ ਨਾਪਦਾ ਹੋਊ....
ਜਿੰਨਾਂ ਔਰਤਾਂ ਲਈ ਵਿਆਹ ਦੇ ਅਰਥ
ਸਿਰਫ਼ ਜਵਾਕ ਜੰਮਣਾ ਨਹੀਂ ਹੁੰਦਾ।
ਉਹ ਔਰਤਾਂ ਆਵਦੇ ਵਰਗਾ ਵਰ ਲੱਭਦੀਆਂ ਨੇ
ਪਰ ਉਹ ਸਹਿ ਲੈਂਦੀਆਂ ਨੇ
ਉਹਨਾਂ ਦੀ ਚੀਕ
ਕਵਿਤਾਵਾਂ ਦਾ ਰੂਪ ਲੈ ਲੈਂਦੀ ਹੈ...
ਮਾਂ ਦੀ ਚੁੰਨੀ
ਲੀੜਿਆਂ 'ਚ ਗੁੱਛੇ ਮੁੱਛੇ ਹੋਈ
ਨਿੱਕੇ ਪਨੇ ਦੀ ਮਾਂ ਦੀ
ਸੂਹੇ ਰੰਗ ਦੀ ਚੁੰਨੀ ਮੈਂ ਵੇਖੀ
ਉੱਤੇ ਗੋਟੇ ਦੇ ਨਿੱਕੇ ਨਿੱਕੇ
ਫੁੱਲ ਲੱਗੇ ਸੋਹਣੇ ਲੱਗਦੇ
ਤੇ ਕੰਨੀਆਂ 'ਤੇ ਲੱਗਾ ਕਿਰਨਾਂ
ਵਾਲਾ ਗੋਟਾ ਚਮਕ ਮਾਰਦਾ
ਮਾਂ ਨੇ ਥੋੜਾ ਜੇਹਾ ਸ਼ਰਮਾ ਕੇ ਕਿਹਾ,
"ਏਹ ਮੇਰੀ ਨੰਦਾਂ ਵਾਲੀ ਚੁੰਨੀ ਏ .. "
ਮਾਂ ਦਾ ਚਿਹਰਾ ਵੀ ਗੋਟੇ ਵਾਂਗ ਚਮਕਣ ਲੱਗਾ
ਮੈਨੂੰ ਓਸ ਚੁੰਨੀ ਦਾ ਬੜਾ ਮੋਹ ਆਇਆ
ਮਾਂ ਦੇ ਮਨਾ ਕਰਨ 'ਤੇ ਵੀ ਮੈਂ ਚੁੰਨੀ
ਮਾਂ ਉੱਤੇ ਦੇ ਦਿੱਤੀ
"ਐਂਵੇ ਕਮਲ ਨਾ ਕੁੱਟਿਆ ਕਰ
ਚਿੱਟੇ ਵਾਲਾਂ 'ਤੇ ਹੁਣ ਕੀ ਸੋਂਹਦੀ ਏ ਏਹ "
ਮੈਂ ਸੋਚਣ ਲੱਗ ਗਈ
"ਜਦ ਨਿੱਕੀ ਸੀ ਮੈਂ, ਉਦੋਂ ਵੀ ਮਾਂ ਐਂਵੇ ਹੀ ਸੀ
ਫਿੱਕੇ ਰੰਗ ਪਾਉਂਦੀ, ਘੱਟ ਤੁਰਦੀ
ਅਟਕ ਜਾਣ ਤੋਂ ਡਰਦੀ
ਜ਼ਿਆਦਾ ਤੁਰਦੀ ਤਾਂ ਸਾਹ ਫੁੱਲ ਜਾਂਦਾ
ਭੈਣ ਦੇ ਵਿਆਹ ਦਾ ਫ਼ਿਕਰ ਕਰਦੀ
ਤੇ ਹੋਰ ਕਿੰਨਾ ਕੁਛ ਸੀ "
ਮੇਰੀਆਂ ਅੱਖਾਂ ਭਰ ਆਈਆਂ
ਸੋਚਦੀ ਕਿ ਮਾਂਵਾਂ ਫ਼ਿਕਰਾਂ ਨਾਲ
ਉਮਰੋਂ ਪਹਿਲਾਂ ਬੁੱਢੀਆਂ ਹੋ ਜਾਂਦੀਆਂ
ਘਰ
ਆਪਾਂ ਇੱਕ ਘਰ ਬਣਾਵਾਂਗੇ
ਜਿੱਥੇ ਮੇਰੀ ਪਸੰਦ ਦੇ ਫੁੱਲ
ਤੇ ਤੇਰੀ ਪਸੰਦ ਦੀਆਂ ਕਿਤਾਬਾਂ ਹੋਣਗੀਆਂ
ਤੂੰ ਕਿਤਾਬਾਂ ਪੜ੍ਹੀ, ਮੈਂ ਤੈਨੂੰ ਸੁਣਾਂਗੀ
ਆਪਾਂ ਨਿੱਕੀ ਜੇਹੀ ਰਸੋਈ ਬਣਾਵਾਂਗੇ
ਜਿੱਥੇ ਮੇਰੀ ਪਸੰਦ ਦੀ ਚਾਹ
ਤੇ ਤੇਰੀ ਪਸੰਦ ਦੀ ਕੌਫ਼ੀ ਬਣੇਗੀ
ਕਦੇ ਕਦੇ ਤੂੰ ਵੀ ਚਾਹ ਦੀ
ਫ਼ਰਮਾਇਸ਼ ਕਰ ਦਿਆਂ ਕਰੀਂ
ਆਪਾਂ ਬਗੀਚੀ ਸਜਾਵਾਂਗੇ
ਪੰਛੀਆਂ ਦੇ ਨਿੱਕੇ ਨਿੱਕੇ ਘਰ ਬਣਾਵਾਂਗੇ
ਮੈਂ ਤੇ ਤੂੰ ਜਦ ਵੀ ਕਦੇ ਊਈਂ ਮੁੱਚੀ ਰੁੱਸਾਂਗੇ
ਏਹ ਪੰਛੀ ਸਾਨੂੰ ਨੱਚ ਕੇ ਹਸਾਉਣਗੇ
ਤੇ ਵਿਚੋਲੇ ਬਣ ਮਿਲਾਉਣਗੇ
ਇੱਕ ਨਿੱਕਾ ਜੇਹਾ ਝਰਨਾ ਹੋਵੇਗਾ
ਮੈਂ ਉੱਥੇ ਬੈਠ ਡਿੱਗਦੇ ਪਾਣੀ ਦਾ ਸੰਗੀਤ ਸੁਣਾ
ਤੂੰ ਕੋਲ ਆ ਕੇ ਜਦ ਬੈਠੇ
ਤਾਂ ਤੇਰੀ ਪਿੱਠ ਤੇ ਉਂਗਲ ਨਾਲ ਕਵਿਤਾ ਲਿਖਾਂ
ਮੈਂ ਚਾਹੁੰਦੀ ਹਾਂ ਐਵੇਂ ਦਾ ਘਰ
ਜਿੱਥੇ ਘਰ ਦੀ ਹਰ ਚੀਜ਼ ਮੁਸਕਰਾਵੇ
ਜਿੱਥੇ ਤੂੰ ਗੱਲਾਂ ਕਰੇ ਮੈਂ ਹੁੰਗਾਰਾ ਭਰਾਂ
ਕਦੇ ਕਦੇ ਤੇਰੀ ਚੁੱਪ ਨਾਲ ਵੀ ਗੱਲਾਂ ਕਰਾਂ
ਆਪਾਂ ਇਕ ਘਰ ਬਣਾਂਵਾਂਗੇ....
ਧਰਮ
ਮਾਂ ਦਿਨ, ਸਮਾਂ ਵਿਚਾਰਦੀ
ਧੀ ਅਕਸਰ ਚੋਰੀ ਜੇਹੇ ਕੇਸੀ ਨਹਾ ਲੈਂਦੀ
ਮਾਂ ਨੂੰ ਫਿਰ ਵੀ ਪਤਾ ਲੱਗ ਜਾਂਦਾ
ਆਖਦੀ, "ਹੁਣ ਨਾ ਨਹਾਈ ਅੱਗੇ ਤੋਂ ਵਾਰ ਨੂੰ”
ਧੀ ਮਾਂ ਦਾ ਦਿਲ ਰੱਖਣ ਲਈ ਆਖਦੀ
ਕਿ ਹਾਂ ਬੱਸ ਅੱਗੇ ਤੋਂ ਨਹੀਂ ਨਹਾਉਂਦੀ
ਧੀ ਨੂੰ ਪਤਾ ਏਹ ਵਹਿਮ ਭਰਮ ਨੇ
ਪਰ ਭਲਾਂ ਮਾਂ ਦਾ ਦਿਲ ਰੱਖਣ
ਲਈ ਕੋਈ ਕੀ ਨਹੀਂ ਕਰਦਾ? "
ਜੰਡ ਵਾਲੇ ਬਾਬੇ ਦੇ ਮੱਥਾ ਟੇਕਣ ਜਾਂਦੀ ਮਾਂ
ਪੁੱਤ ਨੂੰ ਵੀ ਜਾਣ ਨੂੰ ਆਖਦੀ
ਪੁੱਤ ਆਵਦੇ ਅਗਾਂਹਵਧੂ ਵਿਚਾਰਾਂ ਨਾਲ ਘੁਲਦਾ
ਮੋਟਰਸਾਇਕਲ ਸਟਾਰਟ ਕਰਦਾ
ਤੇ ਜੰਡ ਮੱਥਾ ਟੇਕਦਾ ਆਉਂਦਾ
ਉਹਨੂੰ ਪਤਾ ਮਾਂ ਨੇ ਕੁੱਖ ਹਰੀ ਕਰਨ ਲਈ
ਇੱਥੇ ਹੀ ਮੱਥੇ ਰਗੜੇ ਸੀ
ਓਹ ਮਾਂ ਦੀ ਸ਼ਰਧਾ ਨੂੰ ਸਿਰ ਝੁਕਾਉਂਦਾ,
ਮਾਂ ਨਾਸਤਿਕ ਬਾਪੂ ਨਾਲ
ਕਦੇ ਕਦੇ ਬਹਿਸਦੀ
ਪਰ ਉਸਨੂੰ ਇਹ ਬਹੁਤ ਚੰਗਾ ਲੱਗਦਾ
ਜਦ ਕਦੀ ਉਹ ਪਾਠ ਕਰਦੀ
ਤਾਂ ਬਾਪੂ ਟੀ.ਵੀ. ਬੰਦ ਕਰ ਦਿੰਦਾ
ਤੇ
ਮਾਂ ਦਾ ਪਾਠ ਧਿਆਨ ਨਾਲ ਸੁਣਦਾ
ਹੋਰ ਭਲਾ ਔਰਤ ਕੀ ਭਾਲਦੀ ਏ...
ਧਾਗੇ
ਓਹ ਕੁੜੀ ਵੀ ਜਮ੍ਹਾ ਹੀ ਚਿੜੀ ਵਰਗੀ ਸੀ
ਫਿਰ ਹੱਸਦੀ, ਟੱਪਦੀ, ਚੀਂ ਚੀਂ ਕਰਦੀ ਨਾ ਥੱਕਦੀ
ਬੰਧਨਾਂ ਦੇ ਧਾਗੇ ਉਸਦੇ ਨੰਨ੍ਹੇ ਪੈਰਾਂ 'ਚ ਫਸ ਗਏ
ਧਾਗੇ ਖਿੱਚ ਤੋੜਦੀ ਤਾਂ ਓਸਦੇ ਪੈਰ ਜ਼ਖ਼ਮੀ ਹੁੰਦੇ
ਇੰਝ ਹੀ ਧਾਗਿਆਂ ਨਾਲ ਰੇਂਗਦੀ ਰਹੀ
ਤੇ ਸਮਾਂ ਪਾ ਕੇ ਓਹ ਉੱਡਣਾ,
ਚਹਿਚਾਉਂਣਾ ਭੁੱਲ ਗਈ
ਸਮਾਜ ਕਹਿੰਦਾ ਕਿ ਕਿੰਨਾ ਦਰਦ ਹੁੰਦਾ
ਕੁੜੀਆਂ ਤੇ ਚਿੜੀਆਂ ਦੇ ਹਿੱਸੇ...
ਸੱਚ ਹੀ ਤਾਂ ਹੈ
ਨਿੱਕੇ ਹੁੰਦੇ ਕੁੜੀ
ਗੁੱਡੇ ਗੁੱਡੀਆਂ ਨਾਲ ਖੇਡਣ ਦੀ ਮੰਗ ਕਰਦੀ
ਮਾਂ ਲੀਰਾਂ ਦੀ ਗੁੱਡੀ ਬਣਾ ਦਿੰਦੀ
ਬਾਪ ਮਿਸਤਰੀ ਤੋਂ ਲੱਕੜ ਦਾ ਗੁੱਡਾ ਬਣਵਾ
ਲਿਆਉਂਦਾ
ਮੂੰਹ 'ਚੋ ਭੁੰਜੇ ਗੱਲ ਨਾ ਡਿੱਗਦੀ
ਕੁੜੀ ਵੱਡੀ ਹੋਈ
ਸਾਹ ਲੈਣ ਵਾਲੇ ਗੁੱਡੇ ਨਾਲ ਮੋਹ ਪਾ ਲਿਆ
ਮਾਂ ਬਾਪ ਨੇ ਘਰ ਦੇ ਦਰਵਾਜ਼ਿਆਂ ਨੂੰ
ਜਿੰਦਾ ਮਾਰ ਦਿੱਤਾ
ਓਹ ਬਚਪਨ ਵਾਲੇ ਗੁੱਡੇ ਦੇ ਗਲ ਲੱਗ ਰੋਈ
ਲੀਰਾਂ ਦੀਆਂ ਗੁੱਡੀਆਂ ਨਾਲ ਹਾਉਂਕੇ ਭਰਦੀ ਰਹੀ
ਮਾਂ ਆ ਕੇ ਆਖਦੀ
ਕਿ ਪੁੱਤ ਨਿਰਜੀਵ ਸੰਜੀਵ ਦਾ ਫ਼ਰਕ
ਤੂੰ ਬਚਪਨ 'ਚ ਸਾਇੰਸ ਪੜ੍ਹਦੇ
ਕਿਉਂ ਨਾ ਸਮਝ ਲਿਆ ...
ਕੁੜੀਆਂ
ਕੁੜੀਆਂ ਭੋਲੀਆਂ ਹੁੰਦੀਆਂ ਨੇ
ਘਰ ਦਾ ਕੋਈ ਜੀਅ ਬਿਮਾਰ ਹੋਵੇ
51 ਪਾਠ ਸੁੱਖ ਲੈਂਦੀਆਂ
ਦਿਨ ਰਾਤ ਅਰਦਾਸਾਂ ਕਰਦੀਆਂ
ਹਾਂ ਥੋੜ੍ਹੀਆਂ ਕਮਲੀਆਂ ਵੀ ਹੁੰਦੀਆਂ
ਨਿੱਕੀ ਜਿਹੀ ਗੱਲ 'ਤੇ ਪਰਸ਼ਾਦ ਸੁੱਖ ਲੈਂਦੀਆਂ
ਕੋਈ ਚੀਜ਼ ਗੁਆਚੇ
ਤਾਂ ਚੁੰਨੀ ਨੂੰ ਗੰਢਾਂ ਮਾਰ ਲੈਂਦੀਆਂ
ਹਨਾ, ਕੁੜੀਆਂ ਸਿਆਣੀਆਂ ਵੀ ਤਾਂ ਹੁੰਦੀਆਂ
ਸੁੱਜੀਆਂ ਅੱਖਾਂ ਤੇ ਚੇਹਰੇ 'ਤੇ
ਮੁਸਕਰਾਹਟ ਲਿਆਉਂਦੀਆਂ
ਬਾਹਰੋਂ ਦਰਦ ਲਕੋ ਅੰਦਰੋਂ ਅੰਦਰੀ ਮਰਦੀਆਂ
ਕੁੜੀਆਂ ਸਾਰੀ ਉਮਰ ਸੋਹਣੀਆਂ ਹੀ ਰਹਿੰਦੀਆਂ
ਕੀ ਕਦੇ ਕਿਸੇ ਧੀ ਨੇ ਆਖਿਆ ਕਿ
ਮੇਰੀ ਮਾਂ ਸੋਹਣੀ ਨਹੀਂ
ਨਾ ਕਦੇ ਮਾਂ ਨੇ ਆਖਿਆ
ਕਿ ਮੇਰੀ ਧੀ ਸੋਹਣੀ ਨਹੀਂ
ਸਮਾਜ ਦੀਆਂ ਅੱਖਾਂ 'ਚ ਪਏ
ਟੀਰ ਦਾ ਕੋਈ ਕੀ ਕਰੇ ?
ਬਲਾਤਕਾਰ
ਓਹ ਨਿੱਕੀ ਜੇਹੀ ਮਸਾਂ ਸੱਤ ਕੁ ਵਰ੍ਹਿਆਂ ਦੀ
ਪਾਰਕ 'ਚ ਬੇਧਿਆਨੇ ਖੇਡ ਰਹੀ ਸੀ
ਕੋਈ ਅਣਜਾਣ ਆ, ਉਸਦੇ ਬੁੱਲ੍ਹ ਚੁੰਮ ਗਿਆ
ਉਹਨੂੰ ਉਦੋਂ ਭੋਰਾ ਵੀ ਨਹੀਂ ਸੀ ਪਤਾ
ਮਮਤਾ ਤੇ ਹਵਸ ਵਿਚਲਾ ਫ਼ਰਕ
ਓਹ ਵੱਡੀ ਹੋਈ
ਛਾਤੀ ਦੇ ਉਭਾਰ ਨੂੰ ਕਿੱਥੇ ਲਕੋਂਦੀ
ਤੰਗ ਕੱਪੜੇ ਪਾਉਣ ਤੋਂ ਡਰਦੀ
ਉਹਨੂੰ ਚੰਗੀ ਤਰ੍ਹਾਂ ਸਮਝ ਆ ਗਏ ਸੀ
ਨਜ਼ਰਾਂ ਨਾਲ ਹੁੰਦੇ ਬਲਾਤਕਾਰ ਦੇ ਅਰਥ..
ਸਹੁਰੇ ਗਈ ਤਾਂ
ਸੱਸ 'ਸੰਸਕਾਰੀ ਨੂੰਹ' ਬਣਨ ਦੇ ਗੁਣ ਦੱਸਦੀ,
"ਢੰਗ ਦੇ ਕੱਪੜੇ ਤੇ ਸਿਰ 'ਤੇ ਚੁੰਨੀ ...."
ਪਿੰਡ 'ਚੋ ਕੋਈ ਆਉਣਾ ਓਹਨੇ
ਪੈਰੀਂ ਹੱਥ ਲਾਉਣੇ
ਉਸਦੀ ਦਿਸਦੀ ਕਲੀਵੇਜ
ਮਨੋਰੰਜਨ ਬਣ ਜਾਂਦੀ
ਉਹਨੂੰ ਘਰ ਕਿਸੇ ਕੰਜਰਖਾਨੇ ਤੋਂ ਘੱਟ ਨਾ ਲੱਗਦਾ
ਜੁਆਕਾਂ ਜੱਲਿਆਂ ਵਾਲੀ ਹੋਈ
ਤਾਂ ਓਹ ਧੀ ਨੂੰ ਉਹੀ ਕੋਝੀਆਂ
ਨਜ਼ਰਾਂ ਤੋਂ ਬਚਾਉਂਦੀ
ਜੋ ਉਸਨੇ ਬਚਪਨ ਤੋਂ ਲੈ ਹੁਣ ਤੱਕ ਸਹਿਆ ਸੀ
ਉਹਨੂੰ ਮਹਿਸੂਸ ਹੋ ਗਿਆ ਸੀ
ਮਾਨਸਿਕ ਤੇ ਸਰੀਰਕ ਬਲਾਤਕਾਰ ਦਾ
ਦਰਦ ਇੱਕੋ ਜਿੰਨਾ ਹੁੰਦਾ..
ਵਡੱਪਣ
ਜ਼ਿੰਦਗੀ ਨਿਰੰਤਰ ਚੱਲ ਰਹੀ ਸੀ
ਪਰ ਜਦ ਦਾ ਤੂੰ ਜ਼ਿੰਦਗੀ 'ਚ ਆਇਆ
ਜ਼ਿੰਦਗੀ ਜਸ਼ਨ ਬਣ ਗਈ
ਜ਼ਿੰਦਗੀ ਦੇ ਪੈਰ 'ਚ ਬਿੰਦੀ ਦੀ ਝਾਂਜਰ ਪੈ ਗਈ
ਏਹ ਜ਼ਿੰਦਗੀ ਬੁੱਲੇ ਸ਼ਾਹ ਵਾਂਗ ਨੱਚਣ ਲੱਗੀ
ਬਿੰਦੀ ਵੀ ਕਿੰਨਾ ਬਦਲਾਅ ਲੈ ਆਉਂਦੀ ਏ
ਜਿਵੇਂ ਔਰਤ ਦੇ ਮੱਥੇ 'ਤੇ ਬਿੰਦੀ ਲਗਾਉਣ ਨਾਲ
ਓਹਦੇ ਚੇਹਰੇ ਦੀ ਚਮਕ ਆਪ ਮੁਹਾਰੇ ਬੋਲਦੀ ਏ
ਤੂੰ ਜ਼ਿੰਦਗੀ ਨੂੰ ਅਰਥ ਦਿੱਤੇ
ਮੈਂ ਅੱਜ ਜੋ ਵੀ ਹਾਂ ਤੇਰੇ ਕਰਕੇ ਹਾਂ
ਤੇਰੇ ਦਿੱਤੇ ਹੌਂਸਲਿਆਂ ਨਾਲ ਹਾਂ
ਪਰ ਹਾਂ, ਮੈਂ ਸਵਾਰਥੀ ਹੋ ਜਾਂਦੀ ਹਾਂ ਕਦੀ ਕਦੀ
ਤੂੰ ਥੱਕ ਜਾਨਾ ਪਰ ਮੈਂ ਤੁਰਦੀ ਰਹਿੰਦੀ ਹਾਂ
ਤੈਨੂੰ ਹਮੇਸ਼ਾ ਉਮੀਦ ਹੁੰਦੀ ਏ
ਕਿ ਮੈਂ ਮੁੜ ਕੇ ਜ਼ਰੂਰ ਦੇਖਾਂਗੀ
ਆਖਰ ਨੂੰ ਤੇਰੀ ਉਮੀਦ ਜਿੱਤਦੀ ਏ
ਤੇ ਅਗਲੇ ਹੀ ਪਲ ਮੈਂ ਵਾਪਸ ਮੁੜ ਆਉਂਦੀ ਹਾਂ
ਤੂੰ ਹਰ ਵਾਰੀ ਮੁਆਫ਼ ਕਰ ਦਿੰਦਾ ਏ
ਏਹ ਤੇਰਾ ਵਡੱਪਣ ਹੀ ਤਾਂ ਹੈ
ਐਨੀ ਮੁਹੱਬਤ ਲਈ ਸ਼ੁਕਰੀਆ ਤੇਰਾ !
ਆਸ
ਓਹ ਬੈਠੀ ਬੱਸ ਦੀ ਬਾਰੀ 'ਚੋ
ਬਾਹਰ ਭੱਜਦੇ ਖੇਤਾਂ, ਦਰੱਖਤਾਂ ਨੂੰ ਦੇਖਦੀ
ਮਾਹੀ ਦੇ ਖਿਆਲਾਂ ਨੂੰ ਬੁਣ ਰਹੀ
ਅਚਾਨਕ ਬੱਸ ਬਰੇਕ ਵੱਜੇ
ਧਿਆਨ ਟੁੱਟਿਆ
ਖਿਆਲਾਂ ਦਾ ਗੋਲਾ ਹੱਥੋਂ ਛੁੱਟ ਗਿਆ
ਕਿੰਨੇ ਸਾਰੇ ਚੇਹਰੇ ਉਹਨੂੰ ਘੂਰ ਰਹੇ ਸੀ
ਓਹਨੇ ਦੇਖਿਆ ਮੋਢੇ ਤੋਂ
ਦੁਪੱਟਾ ਖਿਸਕ ਗਿਆ ਸੀ
ਓਹ ਜਲਦੀ ਨਾਲ ਦੁਪੱਟਾ ਠੀਕ ਕਰ
ਸਮਾਜ ਤੋਂ ਡਰਦੀ ਨੀਵੀਂ ਪਾ ਕੇ ਬੈਠ ਗਈ
ਸੱਚੀਂ ਬਹੁਤ ਬੁਰਾ ਹੁੰਦਾ ਸਮਾਜ ਦੇ ਡਰੋਂ
ਖ਼ਿਆਲਾਂ ਦੀਆਂ ਸਿਲਾਈਆਂ ਨੂੰ ਨਫ਼ਰਤ ਕਰਨਾ
ਤੇ ਉਧੇੜ ਦੇਣਾ ਬੁਣਿਆ ਅੱਧਾ ਸਵੈਟਰ
ਰਿਸ਼ਤੇ
ਰਿਸ਼ਤੇ ਕਦੇ ਵੀ ਪਰਫੈਕਟ ਨਹੀਂ ਹੁੰਦੇ
ਨੋਕ ਝੋਕ ਨਿੱਕੀਆਂ ਨਿੱਕੀਆਂ ਲੜਾਈਆਂ
ਰਿਸ਼ਤਿਆਂ ਨੂੰ ਖ਼ੂਬਸੂਰਤ ਬਣਾ ਦਿੰਦੀਆਂ ਨੇ
ਬੱਸ ਇਹਨਾਂ ਨੂੰ ਕੱਚ ਸਮਝ
ਜਾਣ ਬੁੱਝ ਕੇ ਪੱਥਰ 'ਤੇ ਨਾ ਸੁੱਟਿਆ ਜਾਵੇ
ਪੱਥਰ 'ਤੇ ਕੱਚ ਦੀ ਦੋਸਤੀ ਨਹੀਂ ਹੁੰਦੀ
ਐਡੀ ਹੋ ਗਈ ਹੁਣ ਤੀਕਰ
ਏਹੀ ਚੱਲ ਰਿਹਾ ਘਰ 'ਚ
ਮਾਂ 'ਤੇ ਪਿਉ ਅਕਸਰ ਗੱਲਾਂ ਕਰਦੇ
ਜਿੱਦ ਪੈਂਦੇ ਨੇ
ਮੈਂ ਕਦੀ ਕਦੀ ਖਿੱਝ ਜਾਨੀ ਆ
ਕਿ ਕਿਉਂ ਲੜਦੇ ਓ ਐਵੇਂ
ਮਾਂ ਹਮੇਸ਼ਾ ਆਖਦੀ ਹੁਣ
ਤੂੰ ਸਾਨੂੰ ਸਰਸਰੀ ਗੱਲਾਂ ਵੀ ਨਹੀਂ ਕਰਨ ਦੇਣੀਆਂ
ਤੇ ਨਾਲ ਹੀ ਸਿਰ ਦੇ ਸਾਈਂ ਤੋਂ
ਹਾਮੀ ਭਰਾਉਂਦੀ ਏ
ਏਹ ਹਾਮੀਆਂ ਦੇ ਅਰਥ ਹੁਣ ਸਮਝ ਆ ਰਹੇ ਨੇ
ਹੁਣ ਜਦ ਵੀ ਓਹ ਤੇ ਮੈਂ ਗੁੱਸੇ ਹੁੰਨੇ ਆ
ਸਾਰਾ ਗੁੱਸਾ ਬੋਲ ਕੇ ਕੱਢ ਦਿੰਦੇ ਹਾਂ
ਤਾਂ ਲੜ ਬੋਲ ਫਿਰ ਇੱਕ ਦੂਸਰੇ ਕੋਲ
ਪਰਤ ਆਉਣੇ ਆ
ਇੰਝ ਹੀ ਰਿਸ਼ਤਿਆਂ 'ਚ ਸਾਹ ਭਰਨ ਲੱਗਦੇ ਨੇ
ਤੇ ਰਿਸ਼ਤੇ ਪੋਹ ਦੀ ਧੁੱਪ ਵਰਗੇ ਹੋ ਜਾਂਦੇ ਨੇ
ਨਿੱਘ
ਕੰਪਿਊਟਰ 'ਤੇ ਕੰਮ ਕਰਦੀ ਨੂੰ 10 ਵੱਜ ਗਏ
ਬਾਹਰ ਬਹੁਤ ਧੁੰਦ ਸੀ
ਪੈਰ ਜਮ੍ਹਾ ਈ ਠੰਢੇ ਹੋ ਗਏ
ਭੈਣ ਦਾ ਫ਼ੋਨ ਆਇਆ
ਕੰਬਦੇ ਬੋਲਾਂ ਦੀ ਆਵਾਜ਼ ਆ ਰਹੀ ਸੀ
ਫੋਨ ਕੱਟ
ਜਦ ਆਵਦੀ ਰਜਾਈ 'ਚ ਵੜੀ
ਤਾਂ ਨੀਂਦ ਨਾ ਆਈ, ਠੰਡ ਜੁ ਲੱਗ ਰਹੀ ਸੀ
ਮਾਂ ਨੇ ਕਿਹਾ, "ਮੇਰੀ ਰਜਾਈ 'ਚ ਪੈਰ ਕਰ ਲੈ”
ਮੈਂ ਪੈਰ ਮਾਂ ਦੀ ਰਜਾਈ 'ਚ ਕੀਤੇ
ਮਾਂ ਦੇ ਨਿੱਘੇ ਪੈਰਾਂ 'ਤੇ ਆਵਦੇ
ਠੰਡੇ ਪੈਰ ਰੱਖ ਦਿੱਤੇ
ਮਾਂ ਨੇ ਇੱਕ ਵਾਰ ਵੀ ਏਹ ਨਹੀਂ ਕਿਹਾ
ਕਿ ਤੇਰੇ ਠੰਡੇ ਪੈਰ ਮੈਨੂੰ ਤਕਲੀਫ਼ ਦੇ ਰਹੇ ਆ
ਇਸੇ ਲਈ ਮੈਂ ਕਹਿਨੀ ਹੁੰਨੀ ਆ
ਕਿ ਮਾਂ ਦਾ ਦਿਲ ਰੱਬ ਜਿੱਡਾ ਹੁੰਦਾ
ਕੁੜੀਆਂ ਗੁੱਡੀਆਂ ਨਹੀਂ
ਹੁਣ ਦੀਆਂ ਕੁੜੀਆਂ ਗੁੱਡੀਆਂ ਨਹੀਂ
ਸੈੱਲ ਕੱਢ ਚੁੱਪ ਕਰਾਉਣਾ ਬਹੁਤ ਔਖਾ ਏ
ਪਹਿਲਾਂ ਪਹਿਲ ਹੀ ਸੰਭਵ ਸੀ
ਕਿ ਜੁਆਕ ਦੀ ਜਦ ਟੈਂ ਟੈਂ ਹੁੰਦੀ
ਤਾਂ ਜੁਆਕ ਦਾ ਲਿੰਗ ਪਰਖਿਆ ਜਾਂਦਾ
ਕੁੜੀ ਹੋਣ 'ਤੇ ਬਿਨਾਂ ਕੁਛ ਬੋਲੇ
ਢੂਈ 'ਚੋ ਸੈੱਲ ਕੱਢ ਬਿਖੇਰ ਦਿੱਤੇ ਜਾਂਦੇ ਸੀ
ਟੈਂ ਟੈਂ ਬੰਦ ਕਰ ਦਿੱਤੀ ਜਾਂਦੀ
ਫਿਰ ਕੁੜੀ ਦੇ ਇਸ਼ਕ ਨੂੰ ਸਮਾਜ ਤੋਂ ਲਕੋਣ ਲਈ
ਸੈੱਲ ਕੱਢਣ ਦਾ ਰਿਵਾਜ ਭੁਗਤਾਇਆ ਜਾਂਦਾ
ਕੁੜੀ ਦੇ ਸਾਹ ਸੂਤ ਲਏ ਜਾਂਦੇ
ਰਾਤੋਂ ਰਾਤ ਸਿਵੇ ਲਿਜ੍ਹਾ ਦਾਹ ਸੰਸਕਾਰ
ਕਰ ਦਿੱਤਾ ਜਾਂਦਾ
ਥੋੜਾ ਚਿਰ ਮਾਵਾਂ ਹੁਬਕੀ ਹੁਬਕੀ ਰੋਂਦੀਆਂ ਸੀ
ਤੇ ਫਿਰ ਗੁੱਡੀਆਂ ਨੂੰ ਸਦਾ ਲਈ ਭੁਲਾ ਦਿੱਤਾ ਜਾਂਦਾ ਸੀ
ਕੋਈ ਕੁੜੀ ਜਦ ਸਹੁਰੇ ਜਾ ਬਗਾਵਤ ਕਰਦੀ
ਤਾਂ ਸੈੱਲਾਂ ਨੂੰ ਕੱਢਣ ਦੀਆਂ ਧਮਕੀਆਂ ਮਿਲਦੀਆਂ
ਓਹ ਡਰਦੀ ਡਰਦੀ ਹਾਲਾਤਾਂ ਨਾਲ
ਸਮਝੌਤੇ ਕਰ ਲੈਂਦੀ
ਤੇ ਆਵਦੀ ਧੀ ਨੂੰ ਨਸੀਹਤਾਂ ਦਿੰਦੀ ਤੇ ਡਰਾਉਂਦੀ
ਕਿ ਅੱਗੇ ਨਾ ਬੋਲੀ, ਨੀਵੀਂ ਪਾ ਕੇ ਤੁਰੀ
ਸੈੱਲਾਂ 'ਚ ਤੇਰੀ ਜਾਨ ਏ...
ਹੁਣ ਯੁੱਗ ਬਦਲ ਗਿਆ ਏ
ਪਾਵਰ ਬੈਂਕ ਦਾ ਜ਼ਮਾਨਾ ਏ
ਚਾਰਜਰ ਵੀ ਕੁੜੀਆਂ ਹੱਥ ਨੇ
ਕਿਸੇ ਦੀ ਕੀ ਜੁਰੱਅਤ
ਕਿ ਸੈੱਲ ਕੱਢ ਚੁੱਪ ਕਰਾ ਦੇਵੇ ...
ਮੰਗਾਂ ਮਾਂ ਦੀਆਂ
ਮਾਂ ਦੀਆਂ ਮੰਗਾਂ ਬਹੁਤ ਛੋਟੀਆਂ ਹੁੰਦੀਆਂ
ਓਹ ਹਰ ਸਾਲ ਪੁਰਾਣੇ ਬੰਦ ਪਏ ਕੂਲਰ ਦੀ ਮੁਰੰਮਤ
ਕਰਾਣ ਲਈ ਕਹਿੰਦੀ
ਤੇ ਬਾਪ ਝੋਨੇ ਦਾ ਵਾਸਤਾ ਦੇ
ਕਿਸੇ ਜੱਜ ਵਾਂਗ ਲੰਮੀਆਂ ਤਾਰੀਕਾਂ ਦੇ ਦਿੰਦਾ
ਪਰ ਏਸ ਵਾਰ ਦਾਤੀਆਂ ਵਾਲੇ
ਪੱਖੇ ਦੀ ਦਾਤੀ ਟੁੱਟ ਗਈ
ਤਾਂ ਪੁਰਾਣੇ ਕੂਲਰ 'ਤੇ ਹੱਥ ਫਿਰਾ, ਰੰਗ ਕਰਾ ਦਿੱਤਾ
ਮਾਂ ਦੇ ਚਿਹਰੇ ਦੀ ਖੁਸ਼ੀ ਦੇਖਿਆ ਹੀ ਵਧਦੀ ਸੀ
ਘਰ 'ਚ ਮਾਂ ਦੀ ਪਸੰਦ ਦੀ ਕੋਈ ਵੀ ਚੀਜ਼ ਆਉਣੀ
ਮਾਂ ਓਹਨੂੰ ਆਵਦੇ ਬੱਚਿਆਂ ਵਾਂਗ ਪਿਆਰਦੀ
ਓਹ ਪੁਰਾਣਾ ਕੂਲਰ ਵੀ ਮਮਤਾ ਦੀ ਝੋਲੀ
'ਚ ਪੈ ਕੇ ਫਰਾਟੇਦਾਰ ਹਵਾ ਦਿੰਦਾ ਏ
ਮਾਂ ਨੇ ਕਦੇ ਵੀ ਏ ਸੀ ਦੀ ਜਿੱਦ ਨਹੀਂ ਕੀਤੀ
ਮਾਂ ਨੂੰ ਨਵੇਂ ਭਾਂਡੇ, ਪੀੜੀਆਂ
ਲੈਣ ਦਾ ਬਹੁਤ ਸ਼ੌਕ ਏ
ਓਹਨੇ ਕਦੇ ਵੀ ਮਹਿੰਗੇ ਸੂਟਾਂ ਜਾਂ ਸੋਨਾ
ਬਣਾਉਣ ਲਈ ਇੱਛਾ ਨਹੀਂ ਰੱਖੀ
ਪਰ ਸੂਤੀ ਚੁੰਨੀਆਂ ਲੈਣ ਦੀ ਸ਼ੌਕੀਨ ਏ
ਕਿੰਨਾ ਕੁੱਝ ਮਾਂ ਨੇ ਹੱਥੀ ਬਣਾਇਆ,
ਸਭ ਪੇਟੀਆਂ 'ਚ ਸਾਂਭਿਆ ਪਿਆ
ਮਾਂ ਨੂੰ ਖੁਸ਼ੀ ਹੁੰਦੀ ਏ ਜਦ ਕਦੀ ਮੈਂ ਆਖਾਂ
ਮਾਂ ਮੈਂ ਤੇਰੀਆਂ ਕੱਢੀਆਂ ਚਾਦਰਾਂ 'ਤੇ ਬੁਣੀਆਂ
ਦਰੀਆਂ ਸਹੁਰੀ ਲੈ ਕੇ ਜਾਊ
ਮੈਂ ਅਕਸਰ ਹੀ ਬੁਖਾਰ ਚੜਨ 'ਤੇ
ਘਰ ਸਿਰ ਤੇ ਚੁੱਕ ਲੈਨੀ ਆਂ
ਮਾਂ ਸ਼ੂਗਰ ਦੀ ਮਰੀਜ਼ ਏ 'ਤੇ ਪੈਰ ਵੀ
ਸੁੰਨ ਰਹਿੰਦੇ ਨੇ
ਪਰ ਤਕਲੀਫ਼ ਹੋਣ 'ਤੇ ਵੀ ਚੁੱਪ ਰਹਿ ਕੇ
ਸਾਨੂੰ ਤਕਲੀਫ਼ ਨਹੀਂ ਹੋਣ ਦਿੰਦੀ
ਯਾਦ ਏ ਮੈਨੂੰ,ਕੇਰਾਂ ਉਸਦੇ ਪੈਰ 'ਚੋ
ਖੂਨ ਨਿਕਲ ਰਿਹਾ ਸੀ
ਤੇ ਓਹ ਟੂਟੀ ਥੱਲੇ ਪੈਰ ਧੋ ਰਹੀ ਸੀ
ਕਿੰਨਾ ਲੜੀ ਮੈਂ, ਕਿ ਦੱਸਿਆ ਨਹੀਂ ਮੈਨੂੰ ਮਾਂ
ਪਰ ਓਹ ਏਹੀ ਆਖ ਰਹੀ ਸੀ ਕਿ
"ਮਾੜਾ ਜਾ ਮੈਲਾ ਹੀ ਨਿਕਲਿਆ "
ਸਾਰੀਆਂ ਮਾਵਾਂ ਦਾ ਸੁਭਾਅ ਹੀ ਇੰਝ ਹੁੰਦਾ ਕਿ
ਸਭ ਦੁੱਖ ਇਕੱਲੇ ਹੀ ਹੰਢਾ ਲੈਂਦੀਆਂ
ਹੁਣ ਜਦ ਵੀ ਰੱਬ ਦੀ ਹੋਂਦ ਬਾਰੇ ਸੋਚਾਂ
ਤਾਂ ਮਾਂ ਦਾ ਚੇਹਰਾ ਹੀ ਅੱਖਾਂ ਅੱਗੇ ਆਉਂਦਾ ..
ਮੁਹੱਬਤ
ਸਾਹਾਂ ਤੋਂ ਨੇੜੇ ਜੇ ਕੁਛ ਹੈ
ਤਾਂ ਓਹ ਤੂੰ ਹੀ ਏ
ਤੇਰੇ ਦੂਰ ਹੋਣ ਦਾ ਇੱਕੋ ਖਿਆਲ ਹੀ
ਮੇਰੇ ਸਾਰੇ ਸਾਹ ਸੂਤ ਕੇ ਰੱਖ ਦਿੰਦਾ
ਮੈਂ ਉਲਝੀ ਸੁਲਝਣ ਲਈ
ਤੇਰੇ ਤੀਕਰ ਪਹੁੰਚੀ ਸਾਂ
ਤੂੰ ਉਲਝਣ ਸੁਲਝਣ ਇੱਕ ਬਰੋਬਰ ਕਰ ਦਿੱਤੀ
ਹੁਣ ਮੈਂ ਉਲਝਣਾ ਭੁੱਲ ਗਈ ਹਾਂ
ਮੈਂ ਮਨ ਨੂੰ ਬਥੇਰਾ ਸਮਝਾਇਆ ਸੀ
ਕਿ ਐਂਵੇ ਨਾ ਅੜਬਾਈਆਂ ਕਰ
ਪਰ ਏਹ ਤੇ ਝੱਲਾ ਤੇਰੇ 'ਤੇ ਆ ਅਟਕ ਗਿਆ
ਮੁਕੰਮਲ ਹੋਣ ਲਈ ਮੈਨੂੰ ਮਨ ਦੀ ਮੰਨਣੀ ਪਈ
ਅੱਜ ਤੂੰ ਮੇਰਾ ਏ, ਮੈਨੂੰ ਮਾਣ ਏ
ਦੁਆ ਏ ਕਿ ਕੱਲ੍ਹ ਨੂੰ ਵੀ ਮੈਂ ਤੇਰੀ ਹੀ ਰਹਾਂ
ਪਰ ਹਾਂ ਤੇਰੇ ਤੇ ਕੁਛ ਵੀ ਥੋਪਿਆ ਨਹੀਂ ਜਾਵੇਗਾ
ਮੁਹੱਬਤ ਵੱਟਾ ਸੱਟਾ ਨਹੀਂ ਮੰਗਦੀ
ਧਾਰਮਿਕ ਸਥਾਨ
ਧਾਰਮਿਕ ਸਥਾਨਾਂ 'ਤੇ ਖੜਿਆ
ਬਹੁਤਿਆਂ ਮਰਦਾਂ ਦੇ ਮਨ ਥਿਰਕਦੇ
ਮੱਥਾ ਟੇਕਣ ਲਈ ਝੁਕੀ ਔਰਤ ਦਾ
ਪਿੱਛਾ ਦੇਖਣ ਲਈ ਮਨ ਮਚਲਦਾ
ਤੇ ਔਰਤ ਦੀ ਕਲੀਵੇਜ਼ ਤੱਕ ਆਪੇ ਨਾਲ
ਗੁਦਗਦੀਆਂ ਕਰਦਾ ਮਰਦ ਭੁੱਲ ਜਾਂਦਾ
ਗੁਰੂਘਰਾਂ ਤੇ ਕੰਜ਼ਰਖਾਨਿਆਂ ਵਿਚਲਾ ਫ਼ਰਕ
ਕਿੰਨੀ ਸਨਸਨੀ ਮਚਾ ਦਿੱਤੀ
ਓਸ ਔਰਤ ਦੀ ਵੀਡਿਓ ਨੇ
ਜੋ ਜੱਥੇਦਾਰ ਉੱਪਰ ਰੇਪ ਦੇ ਦੋਸ਼ ਲਾ ਰਹੀ ਏ
ਪਰ ਕਿਉਂ ਨਜ਼ਰਅੰਦਾਜ਼ ਕਰ ਜਾਂਦੇ ਹਾਂ।
ਹਜ਼ਾਰਾਂ ਓਹਨਾਂ ਔਰਤਾਂ ਨੂੰ
ਜਿਨ੍ਹਾਂ ਦੇ ਰੋਜ਼ ਨਜ਼ਰਾਂ ਨਾਲ ਬਲਾਤਕਾਰ ਹੁੰਦੇ
ਤੇ ਓਹਨਾਂ ਦੀ ਕੋਈ ਰਪਟ ਵੀ ਦਰਜ ਨਹੀਂ ਕਰਦਾ
ਧਾਰਮਿਕ ਸਥਾਨਾਂ ਨੂੰ ਗੰਦਾ ਕਰਨ ਵਾਲੇ ਅਸੀਂ
ਗੁਰਦੁਆਰਿਆਂ ਦੇ ਰਾਖੇ ਬਣ ਠਰਕ ਭੋਰਦੇ ਹਾਂ
ਤੇ ਫਿਰ ਖੁਦ ਨੂੰ 'ਬਾਬੇ ਨਾਨਕ'
ਨਾਲ ਜੋੜਦੇ ਹਾਂ...
ਨਿਆਣੇ
ਚੱਲ ਨਿਆਣੇ ਬਣਦੇ ਆਂ
ਝਾਟਮ ਝੀਟੇ ਹੋਵਾਂਗੇ
ਤੇ ਥੋੜੇ ਟਾਈਮ ਬਾਦ
ਇੱਕੋ ਟੌਫ਼ੀ ਵਿਚਾਲੋ ਤੋੜ ਅੱਧੀ ਅੱਧੀ ਖਾਵਾਂਗੇ
ਤੂੰ ਟੌਫ਼ੀ ਦੇ ਪੰਨੇ ਦੀ
ਮੇਰੇ ਨਾਪ ਦੀ ਮੁੰਦਰੀ ਬਣਾ ਦੇਵੀਂ
ਬਿਨ ਮਨਾਏ ਆਪੇ ਹੀ ਮੰਨ ਜਾਵਾਂਗੇ
ਚੱਲ ਅੜਿਆ ਨਿਆਣੇ ਬਣਦੇ ਆਂ
ਮੈਂ ਖੇਡਦੀ ਖੇਡਦੀ ਜੇ ਡਿੱਗ ਜਾਵਾਂ
ਤੂੰ ਫੂਕ ਮਾਰ ਛਿੱਲੇ ਗੋਡੇ ਨੂੰ ਆਰਾਮ ਕਰਦੀ
ਨਾ ਘਰ ਤੂੰ ਦੱਸੀ, ਨਾ ਮੈਂ ਦੱਸੂ
ਸੱਟ ਆਪੇ ਹੌਲੀ ਹੌਲੀ ਠੀਕ ਹੋਜੂ
ਮੇਰਾ ਉਵੇਂ ਜੇ ਡਿੱਗਣ ਨੂੰ ਦਿਲ ਕਰਦਾ
ਚੱਲ ਅੜਿਆ ਨਿਆਣੇ ਬਣਦੇ ਆ
ਵੱਡੀਆਂ ਜ਼ਿੰਮੇਵਾਰੀਆਂ ਨੂੰ ਮੋਢੇ ਅਜੇ ਵੀ ਤੰਗ ਲੱਗਦੇ
ਕਾਸ਼ ਫ਼ਿਕਰਾਂ ਦਾ ਰੇਤਾ ਮੁੱਠੀ 'ਚੋ ਕਿਰ ਜਾਵੇਂ
ਤੂੰ ਲੁਕਣ ਮੀਚੀ ਖੇਡਦਾ ਕਿਤੇ ਮਿਲ ਜਾਵੇ
ਮੈਂ ਵੀ ਥਾਏਂ ਹੀ ਝੋਲਾ ਜ਼ਿੰਮੇਵਾਰੀਆਂ ਦਾ ਲਾਹ
ਤੇਰੇ ਨਾਲ ਲੁਕ ਜਾਵਾਂ
ਆ ਇੱਕ ਦੂਜੇ ਨੂੰ ਹੀ ਰੱਬ ਮੰਨਦੇ ਆਂ
ਚੱਲ ਅੜਿਆ ਨਿਆਣੇ ਬਣਦੇ ਆਂ
ਸਮਾਜ ਦੀ ਗੁਲਾਮੀ
ਰੂਹਾਂ ਦੀ ਗੱਲ ਅਕਸਰ ਜਿਸਮਾਂ 'ਤੇ
ਆ ਕੇ ਰੁਕ ਜਾਂਦੀ
ਕਿਉਂ ਜੁ ਸਮਾਜ ਨਾਮ ਦਾ ਕਲਬੂਤ
ਪਿੱਛਾ ਨਹੀਂ ਛੱਡਦਾ
ਅਕਸਰ ਹੀ ਸੂਹੇ ਲਾਲ ਰਿਸ਼ਤੇ ਵੀ
ਫਿੱਕੇ ਪੈ ਜਾਂਦੇ ਨੇ
ਕਿਸੇ ਬਾਂਝ ਔਰਤ ਦੀ ਪਤੀ ਨਾਲ ਰੂਹਾਂ ਦੀ ਸਾਂਝ
ਉਦੋਂ ਬੇਮਾਇਨੇ ਹੋ ਜਾਂਦੀ
ਜਦ ਉਹਦੀ ਸੱਸ ਹਰ ਦਿਨ ਉਹਨੂੰ ਤਾਹਨਿਆਂ ਦੇ
ਭੱਠ 'ਚ ਝੋਕ ਝੋਕ ਕਹਿੰਦੀ,
"ਨੀ ਡੈਣੇ ਛੱਡ ਦੇ ਖਹਿੜਾ ਮੇਰੇ ਪੁੱਤ ਦਾ,
ਵੱਧ ਜਾਣ ਦੇ ਵੰਸ਼ ਸਾਡਾ ਵੀ"
ਤੇ ਪਤੀ ਵੀ ਬਾਪ ਦੇ ਮੱਥੇ ਦੀਆਂ
ਤਿਉਂੜੀਆਂ ਭੰਨਣ ਲਈ
ਕਦੀ ਕਦੀ ਰੂਹਾਂ ਦੀ ਸਾਂਝ ਨੂੰ
ਨਿਕਾਰਣ ਦੀ ਕੋਸ਼ਿਸ਼ ਕਰਦਾ
ਤੇ ਉਹ ਬਾਂਝ ਔਰਤ ਹਰ ਦਿਨ
ਅੰਦਰੋਂ ਅੰਦਰ ਮਰਦੀ
ਹਾਂ ਏਹੀ ਤਾਂ ਹੈ ਸਾਡਾ ਸਮਾਜ
ਜੋ ਸਾਨੂੰ ਦੱਸਦਾ ਹੈ ਕਿ ਕੀ ਗ਼ਲਤ ਹੈ ਕੀ ਸਹੀ
ਸਾਡੇ ਖੁਦ ਦੀ ਸੋਚਣ ਸ਼ਕਤੀ ਜੰਗਾਲ ਲੱਗ ਗਿਆ
ਅਸੀਂ ਕਿਤਾਬਾਂ ਪੜ੍ਹ ਵਿਦਵਾਨ ਬਣ ਜਾਈਏ
ਪਰ ਇਹ ਸਮਾਜ ਸਾਡੀ ਧੌਣ ਤੇ
ਚਿਪਕਿਆ ਰਹਿੰਦਾ ਹੈ
ਨਾ ਚਾਹੁੰਦੇ ਵੀ ਅਸੀਂ ਸਮਾਜ ਦੀ ਗੁਲਾਮੀ ਕਰਦੇ
ਬੱਸ ਏਹੀ ਦੁਖਾਂਤ ਏ ਸਾਡਾ
ਉਹ ਮੇਰੀ ਉਦਾਸੀ ਤੋਂ ਡਰਦੀ ਹੈ...
ਕਿੰਨੇ ਬਦਕਿਸਮਤ ਹਨ ਉਹ ਲੋਕ
ਜਿਨ੍ਹਾਂ ਨੇ ਮਾਂ ਨੂੰ
ਸਿਰਫ਼ ਸਰੀਰ ਕਰਕੇ ਜਾਣਿਆ ਹੈ
ਮੈਂ ਵੇਖਦੀ ਹਾਂ
ਦੁਨੀਆਂ ਦੀਆਂ ਸਾਰੀਆਂ ਸ਼ੈਆਂ
ਮਾਂ ਦੇ ਸਾਹਵੇ
ਕਿੰਨੀਆਂ ਛੋਟੀਆਂ ਛੋਟੀਆਂ ਹਨ
ਫਿੱਕੀਆਂ ਫਿੱਕੀਆਂ
ਕੁਝ ਵੀ
ਮਾਂ ਜਿੰਨਾ ਖੂਬਸੂਰਤ ਨਹੀਂ
ਮੈਂ ਨਹੀਂ ਭੁੱਲ ਸਕਦੀ
ਮਾਂ ਮੌਤ ਨਾਲ ਲੜਦੀ ਰਹੀ
ਤਾਂ ਜੋ ਮੈਂ ਦੁਨੀਆਂ ਦੇਖ ਸਕਾਂ
ਮਾਂ ਬਿਮਾਰ ਹੋਣ 'ਤੇ ਵੀ
ਠੀਕ ਹੋਣ ਦਾ ਦਿਖਾਵਾ ਕਰਦੀ ਹੈ
ਉਸ ਨੂੰ ਮੇਰੀ ਖੁਸ਼ੀ ਦਾ ਫ਼ਿਕਰ ਹੈ
ਉਹ ਮੇਰੀ ਉਦਾਸੀ ਤੋਂ ਡਰਦੀ ਹੈ ..
ਮੈਂ ਜਦ ਵੀ ਤੱਕਦੀ ਮੋਰਾਂ ਨੂੰ
ਮੈਨੂੰ ਸੂਹੇ ਜੇ ਰੰਗ ਭਾਉਂਦੇ ਨੇ
ਸੁਪਨੇ ਪਰਬਾਤਾਂ ਦੇ ਆਉਂਦੇ ਨੇ
ਮੈਂ ਜਦ ਵੀ ਤੱਕਦੀ ਮੋਰਾਂ ਨੂੰ
ਮੈਨੂੰ ਨੱਚਣ ਲਈ ਬੁਲਾਉਂਦੇ ਨੇ
ਮੈਂ ਮਾਂ ਦੀਆਂ ਕੱਢੀਆਂ
ਬੁਣਤੀਆਂ ਵਰਗੇ
ਚਾਅ ਸਾਂਭ ਕੇ ਰੱਖੇ ਨੇ
ਹਰ ਵਾਰੀ ਪਿਉ ਦੇ ਅੱਟਣਾਂ 'ਚੋਂ
ਮੈਂ ਮਾਹੀ ਦੇ ਨਕਸ਼ੇ ਤੱਕੇ ਨੇ
ਰੀਝਾਂ ਦੇ ਫੁੱਲ ਬਣ ਬਣ ਕੇ
ਫੁਲਵਾੜੀ 'ਚ ਖਿਲ ਜਾਂਦੇ ਨੇ
ਮੈਂ ਜਦ ਵੀ ਤੱਕ ਦੀ ਮੋਰਾਂ ਨੂੰ
ਮੈਨੂੰ ਨੱਚਣ ਲਈ ਬੁਲਾਉਂਦੇ ਨੇ
ਕੋਈ ਬਿਰਖ਼ ਨਦੀ ਦੇ ਕੰਡੇ
ਪਾਣੀ ਦੀਆਂ ਛੱਲਾਂ ਨੂੰ ਵੰਡੇ
ਕੋਈ ਬੀਨ ਸਪੇਰਾ ਬਜਾਵੇ
ਹਵਾ ਦੇ ਕੰਨ ਬਿਨ ਜਾਵੇ
ਕੁਦਰਤ ਦੇ ਕਰਜਾਈ
ਬਣ ਕੇ ਬੋਰੇ ਸ਼ੁਦਾਈ
ਕਾਜ ਕੀ ਕੀ ਰਚਾਉਂਦੇ ਨੇ
ਮੈਂ ਜਦ ਵੀ ਤੱਕਦੀ ਮੋਰਾਂ ਨੂੰ
ਮੈਨੂੰ ਨੱਚਣ ਲਈ ਬੁਲਾਉਂਦੇ ਨੇ
ਖਾਲੀ ਹੱਥ
ਓਹ ਕਿੰਨਾ ਕੁਛ ਗਵਾ ਕੇ
ਮੇਰੇ ਤੀਕਰ ਆਇਆ ਸੀ
ਮੇਰੇ ਕਮਲੀ ਤੋਂ ਹੀ
ਉਸਦਾ ਹੱਥ ਨਾ ਫੜਿਆ ਗਿਆ
ਓਹ ਮੇਰੇ 'ਚੋਂ ਖੁਸ਼ੀ ਤਲਾਸ਼ਣਾ ਚਾਹੁੰਦਾ ਸੀ
ਪਰ ਮੈਂ ਕਿਧਰੇ ਹੋਰ ਵਿਅਸਤ ਸੀ
ਓਹ ਰੋਜ਼ ਆਉਂਦਾ ਸੀ, ਬਿਨ ਕੁਛ ਕਹੇ ਮੁੜ ਜਾਂਦਾ
ਉਸਦਾ ਰੁੱਸਣਾ ਜਾਇਜ਼ ਵੀ ਏ
ਅੱਜ ਜਦ ਮੈਂ ਉਸਦੇ ਘਰ ਗਈ
ਤਾਂ ਓਹ ਉੱਥੇ ਹੋ ਕੇ ਵੀ ਉੱਥੇ ਨਹੀਂ ਸੀ
ਉਹਨੂੰ ਮੇਰੀ ਪਹਿਚਾਣ ਨਾ ਆਈ
ਮੈਂ ਉਸਦਾ ਹੱਥ ਫੜਨਾ ਚਾਹਿਆ
ਪਰ ਓਸ ਛੁਡਾ ਲਿਆ
ਰਿਸ਼ਤੇ ਸਾਰੀ ਉਮਰ ਸਾਡੇ ਪਿੱਛੇ ਭੱਜਦੇ ਨੇ
ਜਦ ਰਿਸ਼ਤੇ ਥੱਕ ਜਾਂਦੇ ਨੇ'
ਤਾਂ ਬੋਝਲ ਬਣ ਜਾਂਦੇ ਨੇ
ਗੂੰਗੇ ਹੋਏ ਓਹਨਾਂ ਰਿਸ਼ਤਿਆਂ
ਪਿੱਛੇ ਫਿਰ ਅਸੀਂ ਭੱਜਣ ਲੱਗਦੇ ਹਾਂ
ਤਾਂ ਇੱਕ ਉਮਰ ਬੀਤ ਜਾਂਦੀ ਏ
ਖਾਲੀ ਹੱਥ ਮੁੜਨਾ ਕੌਣ ਚਾਹੁੰਦਾ ?
ਗਰਭ
ਮਾਂ ਮੇਰਾ ਦਿਲ ਕਰਦਾ
ਮੈਂ ਤੇਰੇ ਗਰਭ 'ਚ ਫਿਰ ਤੋਂ
ਕੁੰਗੜ ਕੇ ਸੌਂ ਜਾਵਾਂ
ਮੈਨੂੰ ਚੰਗਾ ਨਹੀਂ ਲੱਗਦਾ
ਗੱਡੀਆਂ ਦਾ ਸ਼ੋਰ ਸ਼ਰਾਬਾ
ਧਰਮ ਜਾਤ-ਪਾਤ,ਠੱਗੀਆਂ ਦੇ ਰੌਲੇ ਰੱਪੇ
ਰੋਜ਼ ਰੋਟੀ ਖਾ, ਦੌੜ ਭੱਜ ਤੇ
ਫਿਰ ਫ਼ਿਕਰਾਂ ਲੱਦੀ ਨੀਂਦ
ਜਿਵੇਂ ਤਿਵੇਂ ਵੀ ਮੈਨੂੰ ਨਿੱਕਲਣਾ ਏ
ਇਸ ਚੱਕਰਵਿਊ 'ਚੋਂ
ਮੈਂ ਤੇਰੇ ਦਿਲ ਦੀ ਧੜਕਣ ਦਾ
ਸੰਗੀਤ ਫਿਰ ਤੋਂ ਸੁਣਨਾ ਏ
ਫਿਰ ਤੋਂ ਤੇਰੀ ਸਿੱਪੀ ਦਾ ਮੋਤੀ ਬਣਨਾ ਏ
ਮਾਂ ਦੱਸੀ ਕੀ ਤੂੰ ਰੱਖ ਲਵੇਗੀ
ਮੈਨੂੰ ਉਵੇਂ ਸਾਂਭ ਕੇ ?
ਪਤੰਗ
ਰਹਿਰਾਸ ਦਾ ਵੇਲਾ
ਮੀਂਹ ਦਾ ਮੌਸਮ
ਆਸਮਾਨ 'ਚ ਦੋ ਪਤੰਗ ਝੂਲ ਰਹੇ ਨੇ
ਸੋਚ ਰਹੀ ਸੀ ਕਿ ਕਿੰਨੀ ਸ਼ਿੱਦਤ ਹੁੰਦੀ
ਜੁਆਕਾਂ ਅੰਦਰ ਖੇਡ ਨੂੰ ਲੈ ਕੇ
ਤਾਹੀਂ 'ਤੇ ਸ਼ਾਮ ਢਲੇ ਤੋਂ ਵੀ
ਆਸਮਾਨ ਦੀ ਹਿੱਕ 'ਤੇ
ਪਤੰਗ ਨੱਚ ਰਹੇ ਸੀ
ਜੁਆਕਾਂ ਦੀਆਂ ਮਾਵਾਂ
ਗਾਲਾਂ ਦੀ ਬੌਛਾਰ ਕਰ ਰਹੀਆਂ ਸੀ
"ਉੱਤਰ ਜੋ ਵੇ ਥੱਲੇ ਸਾਰਾ
ਦਿਨ ਗੁੱਡੇ ਡਾ ਕੇ ਰੱਜੇ ਨੀ"
ਜੁਆਕ ਮਾਂ ਦੀ ਝਿੜਕ
ਕੰਨ ਨਾਲ ਮਲ ਪੇਚੇ ਪਾਉਂਣ ਦੀ
ਇੱਕ ਪਤੰਗ ਲੜਖੜਾਉਂਦੀ ਵਿਹੜੇ ਆ ਡਿੱਗੀ
ਦੂਸਰਾ ਜੁਆਕ ਜਿੱਤ ਦੀ ਖੁਸ਼ੀ 'ਚ ਨੱਚਿਆ
ਮੈਂ ਧਿਆਨ ਮਾਰਿਆ
ਐਨੀ ਠੰਡ 'ਚ ਜੁਆਕ ਦੇ ਪਤਲੀ ਜੇਹੀ ਸ਼ਰਟ ਪਾਈ ਹੋਈ ਸੀ
ਹਾਰਿਆ ਹੋਇਆ ਜੁਆਕ "ਕੱਲ ਨੂੰ ਦੱਸੂ ਤੈਨੂੰ"
ਐਵੇ ਬੁੜਬੜਾਉਂਦਾ ਲੱਕੜ ਦੀ
ਪੌੜੀ ਤੋਂ ਥੱਲੇ ਉੱਤਰ ਗਿਆ
ਦੂਸਰਾ ਜੁਆਕ ਡੋਰ ਵਲੇਟਣ ਚ ਜੁੱਟ ਗਿਆ
ਪਰ ਚਿਹਰੇ 'ਤੇ ਡੋਰ ਕੱਟਣ ਦੀ
ਜਿੱਤ ਦਾ ਰੋਹ ਝਲਕ ਰਿਹਾ ਸੀ
ਮੈਂ ਸੋਚ ਰਹੀ ਸੀ ਕਿ ਇਨਸਾਨੀ ਫਿਤਰਤ ਏ
ਅਸੀਂ ਸਾਰੇ ਐਵੇਂ ਦੇ ਹੀ ਹਾਂ
ਬਚਪਨ ਤੋਂ ਹੀ ਅਸੀਂ ਕਿਸੇ ਨੂੰ
ਹਰਾ ਕੇ ਹੀ ਖੁਸ਼ ਹੋਣਾ ਸਿੱਖਦੇ ਹਾਂ
ਇੰਝ ਕਿਉਂ ਨਹੀਂ ਹੁੰਦਾ
ਸਾਰੇ ਇਨਸਾਨ ਆਪਣੀ ਆਪਣੀ ਖੇਡ ਖੇਡਣ
ਬਿਨਾਂ ਕਿਸੇ ਦੀ ਪਤੰਗ ਕੱਟੇ
ਸ਼ਾਇਦ ਏਹ ਮੁਮਕਿੰਨ ਏ ..
ਮੁਟਿਆਰ ਧੀ
ਪੰਜ ਸਾਲ ਦੀ ਜਦ
ਜੁਆਕਾਂ ਨਾਲ ਖੇਡਦੀ ਨੂੰ ਕੁਵੇਲਾ ਹੋ ਗਿਆ
ਤਾਂ ਦਾਦੀ ਨੇ ਕਮਰੇ 'ਚ ਬੰਦ ਕਰ ਦਿੱਤਾ
ਤੇ ਕਿਹਾ ਹੁਣ ਵੜੀ ਤੂੰ ਕੁਵੇਲੇ ਘਰ
ਮੈਂ ਡਰਦੀ ਡਰਦੀ ਨੇ ਕਿਹਾ,
ਕਿ ਵੀਰ ਵੀ ਤਾਂ ਨਾਲ ਹੀ ਸੀ
ਦਾਦੀ ਓਹਦਾ ਮੱਥਾ ਚੁੰਮ ਕੇ ਆਖਦੀ
ਕਿ "ਆ ਪੁੱਤ ਮੈਂ ਰੋਟੀ ਖਵਾਵਾਂ ਤੈਨੂੰ ਆਪ ਤਾਂ
ਸ਼ੁਦੇਣ ਹੋਈ ਤੇਰੀ ਭੈਣ ਤੈਨੂੰ
ਭੁੱਖਣ ਭਾਣਾ ਤੋਰੀ ਫਿਰਦੀ ਏ"
ਮੈਂ ਕਮਰੇ ਦੀ ਬਾਰੀ ਨੂੰ ਲੋਹੇ ਦੀਆਂ
ਸੁਲਾਖਾਂ 'ਚੋ ਮਾਂ ਨੂੰ ਦੇਖ ਰਹੀ ਸੀ
ਜੀਹਦੇ ਪੈਰ ਨੰਗੇ ਸੀ
ਤੇ ਚੁੱਲੇ 'ਚ ਫੂਕਾਂ ਮਾਰ ਰਹੀ ਸੀ
ਤੇ ਧੂੰਆਂ ਅੱਖਾਂ 'ਚ ਪੈਣ ਤੇ ਅੱਖਾਂ ਮਲਦੀ
ਤੇ ਮੇਰੇ ਵੱਲ ਤਰਸ ਭਰ ਝਾਕਦੀ
ਤੇ ਮੈਂ ਲੋਹੇ ਦੀ ਸੁਲਾਖਾਂ ਨੂੰ
ਉਂਗਲ ਨਾਲ ਗਿਣਨ ਲੱਗਦੀ
ਤੇ ਸ਼ਾਇਦ ਜੋ ਵਾਪਰਿਆ ਓਹਨੂੰ ਭੁੱਲਣ ਦੀ
ਕੋਸ਼ਿਸ਼ ਕਰ ਰਹੀ ਸੀ
ਸਜ਼ਾ ਪੂਰੀ ਹੋਣ 'ਤੇ ਦਾਦੀ
ਜੇਲ੍ਹ ਵਰਗੇ ਕਮਰੇ ਨੂੰ ਖੋਲ੍ਹਦੀ
ਤੇ ਬਾਂਹ ਫੜ੍ਹ ਮਾਂ ਕੋਲ ਲੈ ਜਾਂਦੀ
ਤੇ ਆਖਦੀ ਕਿ "ਸਮਝਾ ਲਾ ਏਹਨੂੰ, ਮੁਟਿਆਰ
ਸਾਰੀ ਹੋਈ ਏ ਤੇ ਕੌਲੇ ਕੱਛਦੀ ਫਿਰਦੀ ਏ
ਨਾ ਕੱਲ ਨੂੰ ਕੋਈ ਊਚ ਨੀਚ ਹੋ ਗਈ
ਤਾਂ ਕੌਣ ਜਿੰਮੇਵਾਰ ਹੋਊ
ਦਾਦੀ ਬੁੜ ਬੁੜ ਕਰਦੀ ਕਮਰੇ ਦੀ ਦੇਹਲੀ ਟੱਪਦੀ
ਮੈਂ ਯਕਦਮ ਮਾਂ ਨੂੰ ਪੁੱਛਦੀ,
"ਮਾਂ ਮੁਟਿਆਰ ਕੀ ਹੁੰਦਾ "
ਮਾਂ ਲੰਮਾ ਸਾਹ ਭਰ ਕਹਿੰਦੀ
ਕਿ ਧੀਆਂ ਜੰਮਦੀਆਂ ਹੀ
ਮੁਟਿਆਰਾਂ ਬਣ ਜਾਂਦੀਆਂ
ਮੈਂ ਪੁੱਛਦੀ, ਕੀ ਮਾਂ
ਮਾਂ ਫੇਰ ਆਖਦੀ
"ਕੁਛ ਨਹੀਂ, ਚੱਲ ਆ ਰੋਟੀ ਖਵਾਂਵਾਂ ਤੈਨੂੰ .."
ਦਿਮਾਗ
ਦਿਮਾਗ ਨੇ ਸੋਚਿਆ ਕਿ
"ਅਸੀਂ ਸਾਰੇ ਮਰ ਜਾਵਾਂਗੇ ਇੱਕ ਦਿਨ,
ਪਤਾ ਨਹੀਂ ਕਿੱਥੇ ਚਲੇ ਜਾਵਾਂਗੇ ?
ਹਾਏ !
ਸੱਚੀ ਕਿਸੇ ਨੇ ਕਿਸੇ ਨੂੰ ਨਹੀਂ ਮਿਲਣਾ ਫੇਰ"
ਮਨ ਦਿਮਾਗ ਦੀ ਗੱਲ ਧੂਹ ਕੇ ਲੈ ਗਿਆ ਤੇ ਆਖਦਾ
"ਜ਼ਿਆਦਾ ਨਾ ਸੋਚ, ਅੱਜ ਨੂੰ ਜੀਅ"
ਦਿਮਾਗ ਨੇ ਫੇਰ ਰੀਲ ਅੜਾ ਲਈ
ਸਕੂਲ ਨਾਲ ਪੜ੍ਹਦੀਆਂ ਓਹਨਾਂ
ਦੋ ਕੁੜੀਆਂ ਦਾ ਚੇਤਾ ਕਰਾਇਆ
ਜੋ ਸਦਾ ਲਈ ਜਹਾਨ ਤੋਂ ਜਾ ਚੁੱਕੀਆਂ ਸੀ
ਇੱਕ ਕੈਂਸਰ ਨਾਲ ਮਰੀ ਤੇ ਦੂਸਰੀ ਨੇ
ਆਵਦੇ ਆਪ ਨੂੰ ਅੱਗ ਲਾ ਲਈ
ਮੈਂ ਸੋਚਣ ਲੱਗ ਪਈ
ਕਿ ਮਰਨਾ ਆਸਾਨ ਤਾਂ ਨਹੀਂ ਹੁੰਦਾ
ਕਿਵੇਂ ਖੁਦਕੁਸ਼ੀ ਕਰ ਮਰ ਜਾਂਦੇ ਨੇ ਲੋਕ
ਕੈਂਸਰ ਨਾਲ ਮਰੀ ਓਸ ਦੋਸਤ ਨਾਲ
ਅਫ਼ਸੋਸ ਮਹਿਸੂਸ ਹੋਇਆ
ਜੋ ਆਖਰੀ ਵਖ਼ਤ 'ਚ ਵੀ ਮਿਲਣ ਦੇ ਸੁਨੇਹੇ
ਘੱਲਦੀ ਰਹੀ
ਪਰ ਜਾ ਨਾ ਹੋਇਆ ਸ਼ਾਇਦ ਉਦੋਂ
ਐਨੀ ਸਮਝ ਨਹੀਂ ਸੀ
ਸਮਝ ਤਾਂ ਹੁਣ ਈ ਪਈ ਆ ਕਿ
ਉੱਥੋਂ ਗਿਆ ਕੋਈ ਵੀ ਤਾਂ ਨਹੀਂ ਮੁੜਦਾ
ਯਕਦਮ ਮਨ ਨੇ ਲੋਕਾਂ ਦੀਆਂ
ਗੱਲਾਂ ਯਾਦ ਕਰਵਾਈਆਂ
"ਮੋਇਆ ਨੂੰ ਬਹੁਤਾ ਯਾਦ ਨੀ ਕਰੀਦਾ ਕੁੜੇ "
ਨਹੀਂ ਤਾਂ ਏਹ ਰੂਹਾਂ ਸਦਾ
ਭਟਕਦੀਆਂ ਹੀ ਰਹਿੰਦੀਆਂ”
ਮੈਂ ਮਨ ਦੇ ਸਮਝਾਏ ਸੌਣ ਦਾ ਯਤਨ ਕਰਦੀ ਹਾਂ
ਨੀਂਦ 'ਚ ਸੁਪਨਾ ਆਉਂਦਾ ਕਿ
ਮੇਰਾ ਕੋਈ ਆਵਦਾ ਸਦਾ ਲਈ ਖੁੱਸ ਗਿਆ
ਮੈਂ ਰੋ ਰੋ ਬੁਰਾ ਹਾਲ ਕਰ ਲੈਂਦੀ
ਮੈਂ ਅੰਦਰੋਂ ਅੱਭੜਵਾਹੇ ਉੱਠ ਮਾਂ ਨੂੰ ਦੇਖਦੀ
ਤੇ ਬਿਨਾਂ ਕੁਛ ਕਹੇ ਮਾਂ ਨਾਲ ਆ ਕੇ ਪੈ ਜਾਂਦੀ
ਤੇ ਮਾਂ ਬਿਨਾਂ ਕੁਛ ਪੁੱਛੇ ਮੇਰੇ
ਉੱਤੇ ਹੱਥ ਰੱਖ ਦਿੰਦੀ
ਮਾਂ ਸਭ ਜਾਣਦੀ ਏ, ਉਹਨੂੰ ਪਤਾ ਏ
ਮੈਂ ਸੁਪਨਿਆਂ ਤੋਂ ਡਰ ਇੰਝ ਹੀ ਭੱਜਦੀ ਹਾਂ…
ਇਮਰੋਜ਼
ਓਹਨੇ ਸਹਿਜ ਹੀ ਉਹਨੂੰ ਆਖਿਆ
"ਬਥੇਰੇ ਤੁਰੇ ਫਿਰਦੇ ਨੇ ਇਮਰੋਜ਼ ਵਰਗੇ
ਔਰਤ ਦਾ ਹੱਥ ਥਾਮਣ ਨੂੰ ਤਿਆਰ
ਹੀ ਬੈਠੇ ਹੁੰਦੇ ਆ ਮਰਦ "
ਓਹ ਥੋੜਾ ਚਿਰ ਚੁੱਪ ਰਹੀ
ਤੇ ਫੇਰ ਓਹਦੀਆਂ ਅੱਖਾਂ ਪੜਦੀ ਬੋਲੀ,
“ਤੂੰ ਬਣੇਗਾ ਮੇਰਾ ਇਮਰੋਜ਼ ?"
ਓਹ ਗੱਲ ਸੁਣ ਯਕਦਮ ਬੋਲਿਆ,
"ਹੈਅ ਕਮਲੀ ਮੈਂ ਐਨਾ ਵੀ ਆਜ਼ਾਦ ਨਹੀਂ
ਕਿ ਜ਼ਾਇਜ਼ ਨਜ਼ਾਇਜ਼ ਰਿਸ਼ਤਿਆਂ
'ਚ ਫ਼ਰਕ ਭੁੱਲ ਜਾਵਾਂ "
ਓਹ ਹੱਥ ਛੁਡਾ ਚੁੱਪ ਚਾਪ ਉੱਥੋਂ ਤੁਰ ਪਈ…
ਮਾਂ ਪੁੱਤ
ਸਾਹਾਂ 'ਚ ਸਾਹ ਰਲਣ ਨਾਲ
ਭਲਾ ਕੌਣ ਬਣ ਸਕਦਾ ਸਹਾਰਾ
ਬੋਝ ਉਮਰਾਂ ਦੇ ਊਈਂ ਕੌਣ ਉਠਾਉਂਦਾ
ਉਹ ਭਰੂਣ ਬਣਿਆ
ਤਾਂ ਮਾਂ ਨੇ ਆਵਦੇ ਸਾਹਾਂ ਦੇ ਅੱਧੇ ਮੋਤੀ
ਉਸਦੀ ਬੁੱਕਲ 'ਚ ਧਰ ਦਿੱਤੇ
ਮਾਸ ਦੇ ਓਸ ਟੁਕੜੇ ਚ ਇੰਝ ਹੀ ਜਾਨ ਪੈ ਗਈ
ਪੁੱਤ ਰੁੜਨ ਜੋਗਾ ਹੋਇਆ ਜਦ
ਉਹ ਦੋਹੇਂ ਜੀਅ ਪਿੱਛੇ ਪਿੱਛੇ ਰਹਿੰਦੇ
ਇੱਕ ਵਾਰ ਜਦ ਓਹਨੇ ਖੇਡਦੇ ਖੇਡਦੇ
ਮੂੰਹ 'ਚ ਡੱਟ ਫਸਾ ਲਿਆ ਸੀ
ਮਾਂ ਦੇ ਤਾਂ ਸਾਹ ਹੀ ਰੁਕ ਗਏ
ਡੱਟ ਨਿਕਲਿਆ ਜਦ
ਤਾਂ ਮਾਂ ਨੇ ਉਹਨੂੰ ਕਈ ਵਾਰ ਚੁੰਮਿਆ
ਮਾਂ ਪੁੱਤ ਦੋਹਾਂ ਦੇ ਰਲੇ ਮਿਲੇ ਸਾਹ
ਵੱਡੀ ਅਣਹੋਣੀ ਟਾਲ ਗਏ
ਉਹ ਵੱਡਾ ਹੋਇਆ, ਵਿਆਹਿਆ ਗਿਆ
ਬਜ਼ੁਰਗ ਮਾਂ ਦੇ ਸਾਹਾਂ ਦੀ ਅਵਾਜ਼
ਉਸਦੇ ਬੱਚਿਆਂ ਦੀ ਨੀਂਦ 'ਚ ਵਿਘਨ ਪਾਉਣ ਲੱਗੀ
ਰਾਇ ਕਰ ਮਾਂ ਨੂੰ ਕਿਸੇ ਬਿਰਧ ਆਸ਼ਰਮ ਛੱਡ ਦਿੱਤਾ
ਉੱਥੇ ਉਹ ਜੀਅ ਤਾਂ ਰਹੀ ਸੀ
ਪਰ ਉਵੇਂ,
ਜਿਵੇਂ ਬਣਾਉਟੀ ਸਾਹ ਲੈ ਕੋਈ ਜਿਉਂਦਾ ਰਹਿੰਦਾ
ਸਾਹ 'ਚ ਸਾਹ ਰਲਣ ਨਾਲ
ਕੋਈ ਆਪਣਾ ਥੋੜਾ ਬਣ ਜਾਂਦਾ…
ਜ਼ਿੰਦਗੀ ਦੇ ਅਰਥ
ਕਿਸੇ ਓਹਨੂੰ ਆਖਿਆ,
"ਕੀ ਲੈ ਕੇ ਜੰਮਿਆ ਸੀ "
ਓਹਨੇ ਉਦਾਸ ਹੋ ਆਖਿਆ,
"ਮਾਂ ਦੀ ਚੀਕ"
ਉਹਨੇ ਫਿਰ ਪੁੱਛਿਆ,
"ਕੀ ਲੈ ਕੇ ਮਰੇਗਾ”
ਓਹਨੇ ਖੁਸ਼ ਹੁੰਦੇ ਆਖਿਆ,
"ਮਾਂ ਦੀ ਆਸੀਸ”
ਜਵਾਬ ਸੁਣ ਓਹਦੇ ਕੋਲ
ਸਵਾਲ ਮੁੱਕ ਗਏ
ਜ਼ਿੰਦਗੀ ਦੇ ਅਰਥ ਨੇੜਿਓ ਤੱਕ ਲਏ..
ਚਾਨਣੀ ਰਾਤ ਦਾ ਸਾਥ
ਮੈਂ ਚਾਹੁੰਦੀ ਹਾਂ ਕਿ
ਚਾਨਣੀ ਰਾਤ 'ਚ ਹੱਥ ਫੜ
ਆਪਾਂ ਇਉਂ ਤੁਰੀਏ
ਕਿ ਸਾਡੇ ਪਰਛਾਵੇਂ ਇੱਕ ਦਿਸਣ
ਫਿਰ ਕਿਸੇ ਕੰਧ ਨਾਲ ਪਏ
ਲੱਕੜ ਦੇ ਮੁੱਢ 'ਤੇ ਬੈਠ ਜਾਈਏ
ਤੂੰ ਹੱਥਾਂ ਨਾਲ ਪਰਛਾਵੇਂ ਬਣਾਵੇ
ਕੁੱਤੇ, ਮੋਰ, ਹਿਰਨ ਖ਼ਰਗੋਸ਼ ਬਣ
ਕੰਧ 'ਤੇ ਜਦ ਉਕਰਨ
ਤਾਂ ਮੈਂ ਕਿਸੇ ਬਾਲ ਨਿਆਣੇ ਵਾਂਗ
ਖਿੜ ਖਿੜ ਹੱਸਾਂ
ਫਿਰ ਕੋਲਾ ਚੁੱਕ
ਤੂੰ ਮੇਰੀ ਤਸਵੀਰ ਕੰਧ 'ਤੇ ਉਕੇਰ ਦੇਵੇਂ
ਮੈਨੂੰ ਚਿੜਾਉਣ ਲਈ
ਸਿਰ 'ਤੇ ਸਿੰਗ ਬਣਾ ਦੇਵੇਂ
ਫਿਰ ਮੈਂ ਓਹੀ ਕੋਲਾ (ਕੋਇਲਾ) ਫੜ੍ਹ
ਤੇਰਾ ਮੇਰਾ ਨਾਂ ਇਕੱਠੇ ਲਿਖ ਦੇਵਾਂ
ਤੂੰ ਮੁਸਕਰਾ ਪਵੇ
ਹਾਂ, ਇੰਝ ਹੀ ਤਾਂ ਜਿਉਣ ਦੀ ਖੁਆਇਸ਼ ਏ ਮੇਰੀ
ਇੱਕ ਦਿਨ 'ਚ ਸਾਰੀ ਜ਼ਿੰਦਗੀ ਜਿਉਣ ਦੀ
ਬਚਪਨ ਤੇਰੇ ਨਾਲ ਹੰਢਾਉਣ ਦੀ
ਓਹ ਥਾਵਾਂ ਦੇਖਣ ਦੀ
ਜੋ ਰੋਜ਼ ਸੁਪਨਿਆਂ 'ਚ ਆਉਦੀਆਂ
ਮੈਨੂੰ ਲੋੜ ਏ ਉਮਰ ਭਰ ਤੇਰੇ ਸਾਥ ਦੀ ...
ਟੁੱਟਣਾ ਤੇ ਤਿੜਕਣਾ
ਤੂੰ ਰੁੱਸਿਆ ਹੋਵੇਂ ਤਾਂ
ਮੇਰੇ ਤੋਂ ਆਪਣਾ ਆਪ
ਮਨਾਉਣਾ ਕਿੱਡਾ ਔਖਾ ਹੋ ਜਾਂਦਾ
ਰੋਟੀ ਬੇਸੁਆਦ ਲੱਗਣ ਲੱਗਦੀ ਏ
ਮਨ ਕਿਤਾਬ ਪੜ੍ਹਨ 'ਚ ਲਗਾਉਂਦੀ ਹਾਂ
ਤਾਂ ਬੇਧਿਆਨੇ ਜਿਹੇ
ਕਿੰਨੇ ਹੀ ਪੰਨੇ ਪੜ੍ਹ
ਨਾਵਲ ਬੰਦ ਕਰ ਦਿੰਦੀ ਹਾਂ
ਹਰ ਦੂਜੇ ਸੈਕਿੰਡ ਦਿਲ 'ਚ
ਤੈਨੂੰ ਗਵਾਉਣ ਦਾ ਡਰ
ਧਮੱਚੜ ਪਾਉਂਦਾ ਏ
ਸਾਹ ਤੇਜ਼ ਹੁੰਦੇ ਨੇ,
ਅੰਦਰੋਂ ਘਬਰਾਹਟ ਨਿਕਲਦੀ ਏ
ਮੈਂ ਆਪਣਾ ਆਪ ਠੀਕ ਕਰ, ਤੈਨੂੰ ਭੁਲਾ ਕੇ
ਜਦ ਥੋੜਾ ਖੁਸ਼ ਹੋਣ ਦੀ ਕੋਸ਼ਿਸ਼ ਕਰਦੀ ਹਾਂ
ਤਾਂ ਮੇਰਾ ਮਨਪਸੰਦ ਕੱਪ ਹੱਥੋਂ ਡਿੱਗ ਟੁੱਟ ਜਾਂਦਾ
ਮੈਂ ਉਸੇ ਵਖਤ ਤੈਨੂੰ ਮੈਸੇਜ ਕਰ 'ਸੌਰੀ' ਆਖਦੀ
ਫ਼ਰਸ਼ 'ਤੇ ਡਿੱਗੀ ਚੂਰੋ ਚੂਰ ਕੱਪ ਨੇ ਸਮਝਾ ਦਿੱਤਾ,
"ਤਿੜਕੇ ਹੋਏ ਜੁੜ ਸਕਦੇ ਨੇ
ਪਰ ਟੁੱਟਿਆ ਦਾ ਕੋਈ ਹੱਲ ਨਹੀਂ ਹੁੰਦਾ"
ਅਹਿਸਾਸ
ਰਾਤੀਂ ਤੂੰ ਸੁਪਨੇ 'ਚ ਆਇਆ ਸੀ,
ਤਾਂ ਚੜਦੇ ਸਿਆਲ ਦੀ ਓਸ ਕੋਸੀ ਜੇਹੀ ਧੁੱਪ ਤੇ
ਮੈਂ ਤੇਰਾ ਨਾਮ ਲਿਖ ਦਿੱਤਾ ਸੀ,
ਤੇ ਤੂੰ ਕਲਮ ਫੜ ਇੱਕ ਚਿਹਰਾ ਬਣਾ ਦਿੱਤਾ ਸੀ,
ਪੁੱਛਣ ਦੀ ਲੋੜ ਨਾ ਪਈ ਕਿ ਕਿਸਦਾ ਏ ?
ਤੇ ਮੇਰੇ ਠਰੇ ਹੱਥਾਂ ਨੂੰ ਤੂੰ ਮੋਹ ਦੇ
ਨਿੱਘ 'ਚ ਲਪੇਟ ਲਿਆ,
ਤੇ ਮੈਂ ਚੁੱਪ ਚਾਪ ਤੇਰੇ ਦਿੱਤੇ ਅਹਿਸਾਸਾਂ ਨੂੰ ਬਟੋਰ
ਧੁਰ ਅੰਦਰ ਚਿਣ ਰਹੀ ਸੀ,
ਤੇਰੇ ਮੇਰੇ ਵਿਚਲੇ ਸਾਰੇ ਗਿਲੇ ਸ਼ਿਕਵੇਂ
ਨਿਰਜੀਵ ਬਣ ਗਏ,
ਮੈਂ ਤੈਨੂੰ ਆਖਦੀ ਹਾਂ,
"ਕਿੰਨਾ ਛੇਤੀ ਗੁਜ਼ਰਦਾ ਵਖਤ
ਕਿਸੇ ਆਪਣੇ ਨਾਲ
ਤਾਹੀਂ ਮੈਨੂੰ ਏਹ ਸੁਪਨੇ ਬਹੁਤ ਸੋਹਣੇ ਲੱਗਦੇ ਆ
ਤੂੰ ਆਖਦਾ,
"ਕਿੰਨੀਆਂ ਸੋਹਣੀਆਂ ਨੇ ਆਪਣੀਆਂ ਮਾਂਵਾਂ
ਜਿਹਨਾਂ ਨੇ ਆਪਾਂ ਨੂੰ ਮਿਲਾਉਣ ਲਈ ਜਨਮ ਦਿੱਤਾ "
ਐਵੇਂ ਹੀ ਕਮਲੀਆਂ ਰਮਲੀਆਂ ਗੱਲਾਂ
ਕਰਦੇ ਕਰਦੇ ਦਿਨ ਢਲਿਆ,
ਕੱਲ ਫਿਰ ਮਿਲਣ ਦਾ ਵਾਅਦਾ ਕਰ
ਤੂੰ ਵਿਦਾ ਹੋਇਆ,
ਪਰ ਮੈਂ ਉੱਥੇ ਹੀ ਖੜ੍ਹ ਅਗਲੀ ਸਵੇਰ
ਦਾ ਇੰਤਜ਼ਾਰ ਕਰਨ ਲੱਗੀ
ਹਨਾ ਮੁਹੱਬਤ ਕਿੰਨਾ ਕੁਛ ਸਿਖਾ ਜਾਂਦੀ ਏ ..
ਮੁਲਾਕਾਤਾਂ
ਬਹੁਤੀ ਵਾਰੀ ਕੁੱਝ ਮੁਲਾਕਾਤਾਂ
ਅੱਖਾਂ ਦੇ ਮਿਲਣ ਤੋਂ ਬਾਅਦ
ਕੱਪ ਚਾਹ ਤੀਕਰ ਹੀ ਮੁੱਕ ਜਾਂਦੀਆਂ ਨੇ…
ਕੁੱਝ ਮੁਲਾਕਾਤਾਂ ਦਾ ਸਮਾਂ ਐਨਾ ਕੁ ਹੁੰਦਾ
ਚਮਕ ਆਉਂਦੀ ਹੈ, ਸਭ ਰਸ਼ਨਾਉਣ ਲੱਗਦਾ
ਪਰ ਆਹ ਤੋਂ ਵਾਹ ਤੀਕਰ ਓਹ ਮੁੱਕ ਜਾਂਦੀਆਂ ਨੇ
ਤੇ ਕੁੱਛ ਐਸੀਆਂ ਵੀ ਮੁਲਾਕਾਤਾਂ ਹੁੰਦੀਆਂ
ਜਿਹਨਾਂ 'ਚੋ ਹਜ਼ਾਰਾਂ ਪਰੇਮ ਪੱਤਰ ਜਨਮ ਲੈਂਦੇ ਨੇ
ਤੇ ਉਮਰਾਂ ਤੀਕਰ ਪੀੜ ਸਹਿਣੀ ਪੈਂਦੀ ਏ…
ਡਰ
ਰਾਤੀਂ ਸੁਪਨਿਆਂ 'ਚ ਬਹੁਤ ਕੁਛ ਹੱਥੋਂ ਕਿਰਦਾ
ਮੈਂ ਨੀਂਦ 'ਚ ਹੀ ਮੁੱਠੀਆਂ ਘੁੱਟ ਕੇ ਮੀਚੀ ਰੱਖਦੀ
ਕਦੀ ਕਦੀ ਕੱਚ ਦਾ ਵਰਤਮਾਨ ਟੁੱਟਦਾ
ਮੈਂ ਆਪਣੇ ਕੰਨ ਬੰਦ ਕਰ ਲੈਂਦੀ
ਕਦੀ ਕਿਸੇ ਭੂਤ ਤੋਂ ਡਰਦੀ ਕੋਠੇ ਤੋਂ ਛਾਲ ਮਾਰਦੀ
ਨੀਂਦ 'ਚੋਂ ਤ੍ਰਬਕ ਕੇ ਉੱਠਦੀ
ਠੰਢੇ ਪਾਣੀ ਦਾ ਗਲਾਸ ਪੀਂਦੀ
ਚੈਨ ਨਹੀਂ ਮਿਲਦਾ ਕੁਝ ਗਵਾਚ ਦੇਣ ਦਾ
ਡਰ ਤੜਫਾਉਂਦਾ ਰਹਿੰਦਾ
ਹੱਥਾਂ ਦੀ ਕਿੱਕਲੀ
ਜਿੱਦ ਦੀ ਗੱਲ ਨਹੀਂ
ਜ਼ਿੰਦਗੀ ਜਿਉਣਾ ਚਾਹੁੰਦੀ ਹਾਂ
ਤੇ ਹਾਂ ਸੱਚ, ਓਹ ਵਖ਼ਤ ਵੀ ਹੰਢਾਉਣਾ ਚਾਹੁੰਦੀ
ਜਦ ਤੂੰ ਮੇਰੇ ਝੁਰੜੀਆਂ ਭਰੇ ਹੱਥਾਂ ਨੂੰ
ਪਲੋਸਦਾ ਪੁੱਛੇ,
"ਅਗਲੇ ਜਨਮ 'ਚ ਕੀ ਬਣ ਮਿਲੇਗੀ"
ਮੈਂ ਸਹਿਜੇ ਹੀ ਆਖ ਦੇਵਾਂ ਕਿ
ਤੇਰੀ ਜਨਨੀ ਦੇ ਰੂਪ 'ਚ ਮਿਲਾਂਗੀ
ਤੂੰ ਫਿਰ ਅਚੰਭੇ ਨਾਲ ਪੁੱਛੇ, "ਮੇਰੀ ਮਾਂ?
ਏਹੀ ਰਿਸ਼ਤਾ ਚੁਣਿਆ ?"
ਮੈਂ ਲੰਮਾ ਸਾਹ ਖਿੱਚ ਆਖਾਂ,
"ਅਸਲ ਮੁਹੱਬਤ ਮਾਂ ਦੇ ਢਿੱਡੋਂ ਜਨਮ ਲੈਂਦੀ
ਤੇ ਰਹਿੰਦੀ ਉਮਰ ਤੱਕ ਪਲਦੀ ਏ
ਮਾਂ ਤੋਂ ਵੱਧ ਕੌਣ ਦਿਲਾਂ ਦੀਆਂ ਜਾਣ ਸਕਦੈ
ਮਾਂ ਦੀ ਮਮਤਾ ਲੱਖ ਗੁਣਾਂ ਉੱਚੀ ਸੁੱਚੀ ਏ"
ਤੂੰ ਮੇਰੀਆਂ ਗੱਲਾਂ ਦੀਆਂ ਹਾਮੀਆਂ ਭਰਦਾ ਹੱਥਾਂ
ਦੀ ਕਿੱਕਲੀ 'ਚ ਹੋਰ ਕਸਾਅ ਭਰ ਦੇਵੇਂ
ਬੱਸ ਇੰਝ ਹੀ ਤੇਰੇ ਅਹਿਸਾਸ ਨਾਲ
ਜਿਉਣਾ ਚਾਹੁੰਦੀ ਹਾਂ.......
ਬੁੱਢੀ ਲਾਗਣ
ਡੀ.ਜੇ ਦੀਆਂ ਧੁਨਾਂ 'ਤੇ ਪੈਰ ਥਿਰਕਦੇ ਗਏ
ਸਜ ਵਿਆਹੀ ਉੱਤੋਂ ਜਦ ਰਿਸ਼ਤੇਦਾਰ
ਨੋਟਾਂ ਦਾ ਬੁੱਕ ਭਰ ਵਾਰਦੇ
ਤਾਂ ਉਹ ਬੁੱਢੀ ਲਾਗਣ ਕਦੀ ਨੋਟਾਂ ਨੂੰ ਬੁੱਚਣ ਦੀ
ਕੋਸ਼ਿਸ਼ ਕਰਦੀ
ਤੇ ਕਦੀ ਧਰਤੀ 'ਤੇ ਡਿੱਗੇ ਨੋਟਾਂ ਨੂੰ ਹੂੰਝਾ ਮਾਰਦੀ
ਆਖਰ ਨੂੰ ਉਹਨੇ ਵੀਹ ਕੁ ਨੋਟ ਇਕੱਠੇ ਕਰ ਲਏ
ਡੀ.ਜੇ. ਵਾਲੇ ਇੱਕ ਮੁੰਡੇ ਨੇ ਬੁੱਢੇ ਹੱਥਾਂ
'ਚੋ ਨੋਟ ਖੋਹ ਲਏ
ਤੇ ਕਿਹਾ, "ਏਹ ਤਾਂ ਸਾਡਾ ਹੱਕ ਹੁੰਦਾ "
ਉਹ ਬੁੱਢੀ ਲਾਗਣ ਚੁੱਪ ਚਾਪ ਇੱਕ ਪਾਸੇ ਲੱਗ
ਬੈਠ ਗਈ
ਮੇਰੇ ਅੱਖਾਂ ਮੂਹਰੇ ਉਹਦੀ ਮਜ਼ਬੂਰੀ ਘੁੰਮ ਰਹੀ ਸੀ
ਖ਼ਿਆਲ
ਵਧੀਆ ਏ ਨਾ ਏਹ ਖ਼ਿਆਲ
ਜੋ ਹਰ ਵਖਤ ਆਉਂਦੇ ਜਾਂਦੇ ਤੇਰਾ ਅਹਿਸਾਸ
ਕਰਾ ਜਾਂਦੇ ਨੇ
ਜਿਵੇਂ ਰੋਟੀਆਂ ਪਕਾਉਂਦੇ
ਸੁਰਤੀ ਤੇਰੇ ਘਰ ਦੀ ਰਸੋਈ ਤੀਕਰ ਪੁੱਜ ਜਾਂਦੀ ਏ
ਕਿਵੇਂ ਤੂੰ ਮੇਰੀ ਬਣਾਈ ਚੀਜ਼ ਸਲਾਹਿਆ ਕਰੇਂਗਾ
ਤੂੰ ਏਹ ਗੱਲ ਵੀ ਚੰਗੀ ਤਰ੍ਹਾਂ ਜਾਣਦੈ
ਤਾਰੀਫ਼ 'ਤੇ ਔਰਤ ਦਾ ਬੜਾ
ਨਜ਼ਦੀਕ ਦਾ ਰਿਸ਼ਤਾ ਹੁੰਦਾ
ਗੁਰੂ ਘਰ ਜਾਂਦੀ ਕਦੀ ਕਦੀ ਸੋਚਦੀ ਹੁੰਨੀ ਆ
ਕਿ ਜਦ ਆਪਣੇ ਸਾਕ ਜੁੜੇ
ਤਾਂ ਤੂੰ ਵੀ ਚਾਈਂ ਚਾਈਂ ਆਵਦੇ
ਪਿੰਡ ਦਾ ਗੁਰਦੁਆਰਾ ਸਾਹਿਬ ਦਿਖਾਵੇਂਗਾ
ਤੇ ਰੋਜ਼ ਮੇਰੇ ਨਾਲ ਗੁਰੂ ਘਰ ਜਾਇਆ ਕਰੇਂਗਾ
ਭਾਵੇਂ ਤੂੰ ਨਾਸਤਿਕ ਹੀ ਏ
ਪਰ ਮੈਨੂੰ ਪਤਾ ਤੂੰ ਮੇਰੀ ਖੁਸ਼ੀ ਲਈ
ਕੁਛ ਵੀ ਕਰ ਸਕਦੈ
ਤਿਉਹਾਰਾਂ ਵਾਲੇ ਦਿਨ 'ਚ ਖਿਆਲ ਆਉਂਦੈ
ਤੂੰ ਮੇਰੇ ਨਾਲ ਘਰ ਦੀ ਸਫ਼ਾਈ ਕਰਾਵੇਗਾ
ਦੀਵਾਲੀ ਵੇਲੇ ਦੀਵਿਆਂ 'ਚ ਤੇਲ ਪਾ
ਫੇਰ ਰਲ-ਮਿਲ ਬੱਤੀਆਂ ਵੱਟਾਂਗੇ
ਦੀਵੇਂ ਆਪਾਂ ਇਕੱਠੇ ਬਨੇਰੇ ਤੇ ਰੱਖਣ ਜਾਂਵਾਂਗੇ
ਦੂਰ ਦੂਰ ਤੱਕ ਹੁੰਦਾ ਚਾਨਣ ਮੈਂ ਤੇਰੀਆਂ ਅੱਖਾਂ
'ਚੋਂ ਵੇਖਣਾ ਚਾਹੁੰਦੀ ਹਾਂ
ਅਜਿਹੇ ਕਿੰਨੇ ਹੀ ਖ਼ਿਆਲ ਆਉਂਦੇ ਨੇ
ਜਿਹੜੇ ਮੈਨੂੰ ਹਰ ਦਿਨ ਆਖਦੇ ਨੇ
"ਤੇਰੀ ਖੁਸ਼ੀ ਏਹੀ ਇਨਸਾਨ ਏ
ਜੀਹਨੇ ਤੈਨੂੰ ਇੰਝ ਜਿਉਣ ਦਾ ਵੱਲ ਸਿਖਾਇਆ "
ਤੇ ਬਿਨਾਂ ਕੁੱਝ ਮਿਥੇ ਮੈਂ ਤੈਨੂੰ
ਸਭ ਕੁਛ ਮਿਥ ਲੈਂਦੀ ਹਾਂ...
ਨਿੱਕੀ ਜਿੰਨੀ ਜਿੰਦ
ਨਿੱਕੇ ਜੇਹੇ ਦਿਮਾਗ ਰੂਪੀ ਰਿੜਕਣੇ 'ਚ
ਕਿੰਨਾ ਕੁੱਝ ਘੁੰਮਦਾ
ਹਰ ਦਿਨ ਫ਼ਿਕਰਾਂ ਦੀ ਮਧਾਣੀ ਸਾਰਾ ਦਿਨ ਚੱਲਦੀ
ਦੁਨੀਆਂਦਾਰੀ ਦੇ ਝਮੇਲੇ
ਬੁੱਢੇ ਮਾਂ ਬਾਪ ਦੇ ਸੁਪਨੇ
ਡਿਗਰੀਆਂ ਦਾ ਕੋਰੇ ਕਾਗਜ਼ ਬਣਨ ਦਾ ਦੁੱਖ
ਕਿਸੇ ਲਾਚਾਰ ਬਜ਼ੁਰਗ ਨੂੰ ਦੇਖ ਦਿਲ ਦਾ ਰੋਣਾ
ਪੁੱਤਾਂ ਦੀਆਂ ਮਾਵਾਂ ਨੂੰ ਦੇਖ ਦਿਲ ਭਰਨਾ
ਬਹੁਤ ਹੀ ਦੁੱਖ ਦਿੰਦਾ
ਕਦੇ ਕਦੇ ਪ੍ਰੇਸ਼ਾਨ ਕਰ ਜਾਂਦਾ ਮੇਰੇ
ਆਪਣਿਆਂ ਦਾ ਅਨੈਤਿਕ ਜਿਹਾ ਵਿਵਹਾਰ
ਵਰ੍ਹਿਆਂ ਦੇ ਬਣੇ ਰਿਸ਼ਤਿਆਂ ਦੇ ਤਿੜਕਣ 'ਤੇ
ਮਨ ਉਦਾਸ ਹੋ ਜਾਂਦਾ
ਨਿੱਕੀ ਜਿੰਨੀ ਜਿੰਦ ਨੂੰ ਕਿੰਨੇ ਫ਼ਿਕਰ ਆ ..
ਡਰਾਮੇ
ਨਿੱਕੇ ਹੁੰਦੇ ਜੋ ਡਰਾਮੇ ਕੀਤੇ
ਕਦੀ ਕਦਾਈ ਸੋਚ ਕੇ ਹਾਸਾ ਜੇਹਾ ਆਉਂਦਾ
ਦਾਦੀ ਤੋਂ ਧੰਨੇ ਭਗਤ ਦੀਆਂ ਬਾਤਾਂ ਸੁਣੀਆਂ
ਤੇ ਝੱਟ ਦੇਣੇ ਚਿੱਟੇ ਪੱਥਰ ਨੂੰ ਲੱਭ ਰੁਮਾਲ
ਚ ਲਪੇਟ ਜੋਤ ਵਾਲੇ ਆਲੇ 'ਚ ਸਜਾ ਦਿੱਤਾ
ਹਰ ਰੋਜ਼ ਮੱਥਾ ਟੇਕਣਾ ਅਰਦਾਸ ਕਰਨੀ
ਤੇ ਸੁੱਖਾਂ ਮੰਗਣੀਆਂ
ਪੰਜਵੀਂ ਦੇ ਪੇਪਰਾਂ ਵੇਲੇ ਓਹ ਪੱਥਰ
ਸਕੂਲੇ ਵੀ ਲੈ ਗਈ ਸੀ
ਤੇ ਕਦੀ ਕਦੀ ਜਦੋਂ ਮਾਂ ਦੇ ਗੋਡੇ ਦੁੱਖਦੇ ਤਾਂ ਉਹ
ਪੱਥਰ ਉਸਦੇ ਗੋਡਿਆਂ 'ਤੇ ਫੇਰ ਦਿੰਦੀ
ਤੇ ਆਖਦੀ ਕਿ ਆਰਾਮ ਆ ਜਾਊਗਾ
ਪੁਰਾਣੇ ਘਰਾਂ ਦੇ ਢਹਿਣ 'ਤੇ
ਬੜਾ ਕੁੱਝ ਉਥਲ ਪੁੱਥਲ ਹੋ ਜਾਂਦਾ
ਬਹੁਤ ਕੁੱਝ ਗੁੰਮ ਜਾਂਦਾ
ਮੇਰਾ ਪੱਥਰ ਵਾਲਾ ਬਾਬਾ ਵੀ ਗੁੰਮ ਗਿਆ ਸੀ
ਮਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ
ਪਰ ਓਹ ਪੱਥਰ ਕਿਤੇ ਨਾ ਮਿਲਿਆ
ਹੁਣ ਹਾਸਾ ਆਉਂਦਾ ਕਿ
ਕਿੰਨੀ ਕਮਲੀ ਹੁੰਦੀ ਸੀ ਮੈਂ
ਪੱਥਰ ਜਾਦੂ ਮੰਤਰ ਬਾਤਾਂ 'ਚ ਹੀ
ਸੋਹਣੇ ਲੱਗਦੇ ਨੇ
ਜ਼ਿੰਦਗੀ 'ਚ ਕੋਈ ਜਾਦੂ ਨਹੀਂ ਹੁੰਦਾ....
ਰਿਸ਼ਤੇ
ਤੇਰੀ ਚੁੱਪ ਨਾਲ ਮੇਰੇ ਸਵਾਲ ਖਹਿ ਕੇ ਪਰਤ ਆਉਂਦੇ
ਤੂੰ ਫਿਰ ਵੀ ਕੁਛ ਨਾ ਬੋਲਦਾ
ਏਹੇ ਜੇਹੇ ਪਲ ਮੈਨੂੰ ਖਾਣ ਨੂੰ ਆਉਂਦੇ
ਏਹ ਚੁੱਪ ਬਹੁਤ ਦਰਦ ਦਿੰਦੀ
ਕੁੱਝ ਕੁ ਰਿਸ਼ਤੇ ਮੇਰੇ ਲਈ ਸਾਰੀ ਉਮਰ ਕੋਰੇ ਰਹੇ
ਜਦ ਵੀ ਮੋਹ ਦੀ ਕਲਮ ਲੈ ਕੁਛ
ਲਿਖਣ ਦੀ ਕੋਸ਼ਿਸ਼ ਕੀਤੀ
ਤਾਂ ਘਟਨਾਵਾਂ ਵਾਪਰ ਜਾਂਦੀਆਂ
ਕਦੀ ਪੰਨਿਆਂ ਨੂੰ ਹਵਾ ਉਡਾ ਕੇ ਲੈ ਜਾਂਦੀ
ਤੇ ਕਦੀ ਕਲਮ ਟੁੱਟ ਜਾਂਦੀ
ਹਾਂ ਹੁਣ ਕਦੀ ਕਦੀ ਓਹ ਰਿਸ਼ਤਿਆਂ ਨੂੰ
ਲੈ ਕੁਲਝਦੀ ਹਾਂ
ਪਰ ਕੀ ਕਰ ਸਕਦੇ ਹਾਂ
ਰਿਸ਼ਤੇ ਥੋਪੇ ਨਹੀਂ ਜਾ ਸਕਦੇ
ਨਾ ਹੀ ਜ਼ਬਰਦਸਤੀ ਕੁੱਝ ਲਿਖਿਆ ਜਾ ਸਕਦਾ
ਹੁਣ ਤੇ ਉਹਨਾਂ ਰਿਸ਼ਤਿਆਂ ਲਈ
ਸ਼ਬਦ ਵੀ ਮੁੱਕ ਗਏ
ਕੱਚ ਦੀਆਂ ਵੰਗਾਂ
ਕੋਈ ਬਨੇਰੇ ਕਾਂ ਵੇ ਬੋਲਦਾ ਨਈਂ
ਚੁੱਪ ਚੁੱਪ ਤੂੰ ਵੱਸੇ
ਦੁੱਖ ਕਿਉਂ ਵੇ ਫੋਲਦਾ ਨਈਂ...
ਚੋਗਾ ਚਿੜੀਆਂ ਨੇ ਨਈਂ ਚੁੱਗਣਾ
ਨਿੱਤ ਰੁੱਸਣਾ ਤੇ ਲੜਨਾ ਤੇਰਾ
ਮਾਹੀਆ ਸਾਨੂੰ ਹੁਣ ਨਈ ਪੁੱਗਣਾ
ਸੂਟ ਖੱਦਰਾਂ ਦਾ ਪਾਉਣਾ ਨਈਂ
ਅੱਗ ਲੱਗੇ ਝੂਟਿਆਂ ਨੂੰ
ਸਾਨੂੰ ਮੇਲਾ ਤੂੰ ਦਿਖਾਉਣਾ ਨਈਂ
ਪਪੀਹਾ ਨਦੀਓਂ ਪਾਣੀ ਬਹਿ ਪੀਦਾਂ ਨਈਂ
ਕੀ ਤੂੰ ਰਾਜ ਕਰਾਉਣੇ ਸਾਨੂੰ
ਕੱਚ ਦੀਆਂ ਵੰਗਾਂ ਤਾਂ ਲੈ ਦਿੰਦਾ ਨਈਂ ..
ਬੇੜੀਆਂ
ਕਦੀ ਕਦਾਈ
ਤੂੰ ਮੇਰੇ ਨਾਲ ਹੋ ਕੇ ਵੀ
ਮੇਰੇ ਨਾਲ ਨਹੀ ਹੁੰਦਾ
ਉਦੋਂ ਦੁਨੀਆਂ ਭਰ ਦੇ ਫ਼ਿਕਰ
ਤੇਰੀ ਬੁੱਕਲ 'ਚ ਹੁੰਦੇ ਨੇ
ਤੇ ਤੂੰ ਨਵੇਂ ਸਮਾਜ ਦੀ
ਸਿਰਜਣਾ 'ਚ ਵਿਅਸਤ ਹੁੰਦਾ ਏਂ
ਮੈ ਜਦ ਤੈਨੂੰ ਬੁਲਾਉਂਦੀ ਹਾਂ ਤਾਂ
ਤੂੰ ਕਹਿੰਦਾ ਏ 'ਸਾਡੇ ਪੈਰੀ
ਸਮਾਜਿਕ ਬੰਧਨਾਂ ਦੀਆਂ ਬੇੜੀਆਂ ਕਿਉਂ ?'
ਬੇੜੀਆਂ ਸੁਣ ਮੈਨੂੰ
ਮਾਂ ਦੀਆਂ ਮੱਤਾਂ ਯਾਦ ਆ ਜਾਂਦੀਆਂ
ਬਾਬੁਲ ਦੀ ਪੱਗ, ਰੁਤਬਾ,
ਕਿੰਨਾ ਕੁਝ ਅੱਖਾਂ ਅੱਗੋ ਲੰਘ ਜਾਂਦਾ
ਤੇ ਮੈ ਆਪਣੇ ਆਪ ਨੂੰ
ਤੇਰੇ ਤੋਂ ਦੂਰ ਕਰ ਲੈਂਦੀ ਹਾਂ ..
ਚਿੱਟਾ
ਰੱਖੜੀ ਦਾ ਦਿਨ
ਪੁੱਤ ਘਰ ਦੇ ਕੋਨੇ ਪਿਆ
ਨਸ਼ੇ ਖੁਣੋ ਤੜਫ਼ੇ
ਮਾਂ ਰਹਿਮ ਖਾ ਅੰਦਰ ਜਾ ਵੜੀ
ਸੰਦੂਕ ਫਰੋਲ ਪੰਜ ਸੌ ਰੁਪਏ ਲਿਆ
ਪੁੱਤ ਦੇ ਕੰਬਦੇ ਹੱਥ 'ਚ ਰੱਖ ਦਿੱਤੇ
"ਲੈ ਡੱਫ਼ ਲਾ ਜਾ ਕੇ ਚਿੱਟਾ
ਮੈਂ ਨਿੱਕੀ ਦੇ ਸੂਟ ਲਈ ਰੱਖੇ ਸੀ
ਮੇਰੇ ਦਿਲ ਹੌਲ ਪੈਂਦਾ ਤੈਨੂੰ ਤੜਫ਼ਦਾ ਦੇਖ
ਆ ਕੇ ਰੱਖੜੀ ਬਣਾ ਲਵੀਂ
ਨਿੱਕੀ ਨੇ ਰੋ ਰੋ ਕਰ ਕਮਲੀ ਹੋ ਜਾਣਾ
ਜਿਉਂਦਾ ਘਰ ਪਰਤ ਆਵੀਂ "
ਸਾਂਝ
ਕੀ ਰਿਸ਼ਤਾ ਏ
ਤੇਰਾ ਤੇ ਮੇਰਾ
ਦੋਸਤੀ ਨਹੀ !!
ਤੂੰ ਤਾਂ ਦੋਸਤ ਤੋਂ ਵੱਧਕੇ ਏਂ ਮੇਰੇ ਲਈ
ਹੋ ਸਕਦਾ ਇਸ ਰਿਸ਼ਤੇ ਨੂੰ
ਕਦੀ ਕੋਈ ਨਾਮ ਨਾ ਮਿਲੇ
ਪਰ ਉਮਰਾਂ ਦੀ ਸਾਂਝ ਜੇਹੀ ਪੈ ਗਈ ਏ
ਚੰਗਾ ਲੱਗਦਾ ਤੇਰੇ ਨਾਲ ਗੱਲਾਂ ਕਰਨਾ
ਤੇਰਾ ਮੇਰੀਆਂ ਗਲਤੀਆਂ ਦੱਸਣਾ
ਕਿੰਨਾ ਹੱਕ ਜਿਤਾ ਦਿੰਦੀ ਹਾਂ ਮੈਂ ਤੇਰੇ 'ਤੇ
ਤੇ ਤੂੰ ਉਲਝ ਜਾਂਦਾ ਏ ਮੇਰੀਆਂ ਗੱਲਾਂ 'ਚ
ਕਦੀ ਕਦਾਈ ਮੈਨੂੰ 'ਪਾਗਲ' ਵੀ ਕਹਿੰਦਾ ਹੋਵੇਗਾ
ਪਰ ਮੈਂ ਇੰਝ ਹੀ ਹਾਂ
ਕਮਲੀ ਜੇਹੀ ..ਝੱਲੀਆਂ ਗੱਲਾਂ ਕਰਨ ਵਾਲੀ
ਪਰ ਵਾਅਦਾ ਜੇ ਤੇਰੇ ਨਾਲ ਸਾਂਝ ਪੈ ਈ ਗਈ ਏ
ਕਦੀ ਤੋੜਾਂਗੀ ਨਹੀ
ਰਿਸ਼ਤਿਆਂ ਨੂੰ ਨਾਮ ਦੇਣਾ ਮੇਰੇ ਲਈ
ਕੋਈ ਮਾਇਨੇ ਨਹੀ ਰੱਖਦਾ ..
ਚਿੜੀਆਂ ਮੇਰੀਆਂ ਸਹੇਲੀਆਂ
ਕਾਸ਼! ਪੰਛੀ ਸਾਡੇ ਵਾਂਗ ਬੋਲਦੇ ਹੁੰਦੇ
ਫਿਰ ਮੈਂ ਤਿਆਰ ਛਿਆਰ ਹੋ ਚਿੜੀਆਂ ਨੂੰ ਪੁੱਛਦੀ
ਸਖੀਓ ਕਿਵੇਂ ਲੱਗਦੀ ਆ ਮੈਂ ?
ਓਹ ਕਹਿੰਦੀਆਂ ਬਾਹਲਿਓ ਸੋਹਣੀ ਲੱਗਦੀ ਏਂ
ਤੇ ਕਦੀ ਕਦਾਈ ਮੇਰਾ ਗਿੱਟਿਆਂ ਤੋਂ
ਉੱਚਾ ਸੂਟ ਦੇਖ ਨੱਕ ਚੜਾਉਂਦੀਆਂ
ਤੇ ਮੈਨੂੰ ਮੇਰੀ ਦਾਦੀ ਵਾਂਗ ਟੋਕ ਦਿੰਦਿਆਂ
ਮੈਂ ਓਹਨਾਂ ਨਾਲ ਮਿਲ ਚੜਚੋਲੜ ਪਾਉਂਦੀ
ਢੇਰ ਸਾਰੀਆਂ ਗੱਲਾਂ ਕਰਦੀ
ਤੇ ਮੇਰੀ ਮਾਂ ਚਿੜੀਆਂ ਨੂੰ ਘੂਰਦੀ ਹੋਈ ਕਹਿੰਦੀ
ਸਾਡੇ ਤਾਂ ਇੱਕ ਚਿੜੀ ਈ
ਨੱਕ 'ਚ ਦਮ ਕਰੀ ਰੱਖਦੀ ਆ
ਉੱਤੋਂ ਤੁਸੀਂ ਡਾਰ ਬੰਨ ਆ ਗਈਆਂ
ਜਾਓ ਪਰਤ ਜਾਵੋ ਹੁਣ ਆਵਦੇ ਘਰਾਂ ਨੂੰ
ਕੋਈ ਕੰਮ ਕਾਰ ਕਰ ਲੈਣ ਦਿਓ ਏਹਨੂੰ
ਤੇ ਚਿੜੀਆਂ ਮਾਂ ਦੀ ਗੱਲ ਸੁਣ ਹੱਸਦੀਆਂ
ਤੇ ਫਿਰ ਕੱਲ ਮਿਲਣ
ਦਾ ਵਾਅਦਾ ਕਰ ਵਿਦਾ ਲੈਂਦੀਆਂ
ਤੇ ਜਾਂਦੀ ਜਾਂਦੀ ਇੱਕ ਸ਼ਰਾਰਤਣ
ਚਿੜੀ ਮੇਰੇ ਕੰਨ 'ਚ ਕਹਿ ਜਾਂਦੀ
ਆਵਦੇ ਮਾਹੀਏ ਨੂੰ ਕੋਈ
ਸੁਨੇਹਾ ਦੇਣਾ ਤਾਂ ਦੱਸ ਦੇ
ਅੱਜ ਅਸੀਂ ਓਧਰ ਦੀ ਈ ਲੰਘਣਾ
ਏਹਨਾਂ ਕਹਿ ਉਹ ਉੱਡ ਜਾਂਦੀ
ਮੈਂ ਸ਼ਰਮਾ ਕੇ ਓਸ ਮਗਰ ਦੌੜਦੀ
ਓਹ ਓਥੋਂ ਫੁਰਰ ਹੋ ਜਾਂਦੀਆਂ
ਓਹਨਾਂ ਦੇ ਜਾਣ 'ਤੇ ਮੈਂ ਉਦਾਸ ਹੋ ਜਾਂਦੀ
ਮੈਂ ਬੇਸਬਰੀ ਨਾਲ ਕੱਲ ਸਵੇਰ ਦੀ ਉਡੀਕ ਕਰਦੀ
ਕਾਸ਼! ਕਦੀ ਇੰਝ ਹੁੰਦਾ
ਸਕੂਲ ਸਕੂਲ
ਆਜਾ ਖੇਡੀਏ
ਕੀ ਖੇਡਾਂਗੇ
ਘਰ ਘਰ
ਹਾਂ ਘਰ ਘਰ ਪਰ ਸਾਡੇ
ਕੋਲ ਨਿੱਕੇ ਨਿੱਕੇ ਭਾਂਡੇ ਨਹੀ ਏ
ਕਿਵੇ ਖੇਡਾਂਗੇ ?
ਹਾਂ ਓਹ ਤੇ ਹੈ
ਨਿੱਕੋ ਮੈਨੂੰ ਸਕੂਲ ਜਾਣ ਦਾ
ਪੜ੍ਹਨ ਦਾ ਬਹੁਤ ਚਾਅ ਏ
ਪਰ ਬਾਪੂ ਕੋਲ ਪੈਸੇ ਨਹੀਂ
ਮੇਰੇ ਦਾਖਲੇ ਲਈ
ਚੱਲ ਤੇਰਾ ਸ਼ੌਕ ਪੂਰਾ ਕਰਦੇ ਹਾਂ ਖੇਡ ਖੇਡ 'ਚ
ਮੈਂ ਮਾਸਟਰਨੀ ਬਣਾਂਗੀ ਤੂੰ ਸਰਦਾਰਾਂ ਦੀਆਂ
ਕੁੜੀਆਂ ਵਾਂਗ ਪੜਨ ਆਵੀਂ
ਪੜ੍ਹਾਈ ਦਾ ਨਾਮ ਸੁਣ ਓਹ ਖੁਸ਼ੀ 'ਚ ਉੱਛਲੀ
ਤੇ ਓਹ ਕਿੰਨਾ ਚਿਰ ਸੜਕ ਦੇ ਕਿਨਾਰੇ ਬੈਠ ਸਕੂਲ
ਸਕੂਲ ਖੇਡਦੀਆਂ ਰਹੀਆਂ
ਤੇ ਰੋੜੀ ਨਾਲ ਜ਼ਮੀਨ 'ਤੇ ਲੀਕਾਂ ਮਾਰਦੀਆਂ
ਰਹੀਆਂ...
ਤੜਫ਼
ਮਨ ਦੀ ਸ਼ਾਂਤੀ ਲਈ
ਤੀਸਰੀ ਮੰਜ਼ਿਲ 'ਤੇ ਜਾ ਬੈਠੀ
ਸ਼ਾਂਤ ਮਾਹੌਲ ਠੰਡੀ ਹਵਾ
ਤਾਰਿਆਂ ਦੀ ਚਾਦਰ ਲੈ
ਸ਼ਹਿਰ ਨੂੰ ਗਹੁ ਨਾਲ ਤੱਕ ਰਹੀ ਸੀ
ਪਲ ਦੋ ਪਲ ਦੀ ਸ਼ਾਂਤੀ
ਫਿਰ ਅਜੀਬ ਜੇਹੇ ਖਿਆਲ
ਜਿਨ੍ਹਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ
ਅੰਦਰ ਟੁੱਟ ਭੱਜ ਹੋਣੀ ਸ਼ੁਰੂ ਹੋਈ
ਸ਼ਹਿਰ 'ਚ ਜਗਦੀਆਂ ਲਾਈਟਾਂ
ਮੇਰੀਆਂ ਅੱਖਾਂ ਨੂੰ ਚੁੰਧਿਆਉਣ ਲੱਗੀਆਂ
ਰੇਲ ਦੀ ਪੌ ਪੌ ਮੇਰੇ ਕੰਨ ਚੀਰਨ ਲੱਗੀ
ਮੈਂ ਇਸ ਸ਼ੋਰ ਤੋਂ ਬੇਵੱਸ ਹੋ
ਆਪਣੇ ਕੰਨਾਂ 'ਤੇ ਹੱਥ ਰੱਖ ਲਏ
ਤੇ ਤੜਫ਼ ਕੇ ਆਪ ਮੁਹਾਰੇ ਬੋਲਦੀ
ਆਖਿਰ ਸ਼ਾਂਤੀ ਹੈ ਕਿਥੇ
ਮੈਨੂੰ ਓਥੇ ਛੱਡ ਆਵੋ
ਜਿਥੇ ਕੋਈ ਸ਼ੋਰ ਨਾ ਹੋਵੇ
ਪਰ ਮੈਨੂੰ ਸੁਣਨ ਵਾਲਾ ਓਥੇ ਕੋਈ ਨਹੀ ਸੀ
ਹਰ ਰੋਜ਼ ਇੰਝ ਈ ਤੜਫ਼ ਕੇ ਸੌ ਜਾਂਦੀ ਹਾਂ ..
ਉਡਾਰੀ
ਕਿਸੇ ਵੀ ਰਿਸ਼ਤੇ ਨੂੰ
ਜਿੰਨਾ ਘੁੱਟ ਕੇ ਫੜੋਗੇ
ਓਹਨਾਂ ਈ ਓਹ ਰਿਸ਼ਤਾ
ਹੱਥਾਂ 'ਚੋ ਖਿਸਕਣ ਦੀ ਕੋਸ਼ਿਸ਼ ਕਰੇਗਾ..
ਚੰਗਾ ਏ ਰਿਸ਼ਤੇ ਨੂੰ ਆਜ਼ਾਦ ਪੰਛੀ
ਮੰਨ ਉੱਡਣ ਲਈ ਖੁੱਲਾ ਅਸਮਾਨ ਦਿਓ
ਤੇ ਇੱਕ ਰੋਜ਼ ਓਹ ਬੇਪਰਵਾਹ ਰਿਸ਼ਤਾ
ਤੁਹਾਡੀ ਪਰਵਾਹ ਕਰਦਾ
ਤੁਹਾਨੂੰ ਆਪਣੀਆਂ ਬਾਹਾਂ 'ਚ ਭਰ ਲਵੇਗਾ
ਓਹ ਖੁੱਲੇ ਅਸਮਾਨ 'ਚ ਉਡਾਰੀ ਭਰਨ ਦੀ
ਇੱਛਾ ਪੂਰੀ ਕਰ ਆਇਆ ਹੋਵੇਗਾ ..
ਅਖੀਰੀ ਪੂਣੀ
ਕਹਿੰਦੇ ਸੀ ਵਿਆਹੀਆਂ ਨਹੀਂ ਜਾਣੀਆਂ
ਬਸੰਤੇ ਤੋਂ ਕੁੜੀਆਂ
ਇਹ ਕੁੜੀਆਂ ਬਸੰਤੇ ਦੀ ਕਿਸਮਤ
ਲੈ ਨਰਕ 'ਚ ਰੁੜੀਆਂ
ਸਭੇ ਭੈਣਾਂ ਵਿਆਹੀਆਂ ਗਈਆਂ,
ਅੱਜ ਮੇਰੀ ਵਾਰੀ ਸੀ
ਮੈਥੋਂ ਵਿਛੜਨ ਦੇ ਡਰੋਂ ਅੰਮੜੀ ਦੇ
ਸੀਨੇ ਉੱਠੀ ਲੂਣੀ
ਅੱਜ ਕੱਤੀ ਅੰਮੜੀ ਨੇ ਅਖੀਰੀ ਪੂਣੀ...
ਹੁਣ ਸਭ ਕਹਿੰਦੇ ਬੜੀਆਂ ਕਰਮਾਂ ਵਾਲੀਆਂ ਨੇ
ਜਿੰਨ੍ਹਾਂ ਪਿਉ ਦਾਦੇ ਦੀਆਂ
ਇੱਜ਼ਤਾਂ ਸੰਭਾਲੀਆਂ ਨੇ
ਬਾਬੁਲ ਮੇਰਾ ਬੜਾ ਖੁਸ਼ ਸੀ
ਸੁਣ ਸਿਫ਼ਤਾਂ ਲੋਕਾਂ ਮੂੰਹੋਂ
ਉਸਦੀ ਖੁਸ਼ੀ ਹੋ ਗਈ ਦੂਣੀ
ਅੱਜ ਕੱਤੀ ਅੰਮੜੀ ਨੇ ਅਖੀਰੀ ਪੂਣੀ...
ਵਿਛੜਨ ਵੇਲੇ ਰੂਹ ਵਿਲਕੀ ਲੰਮੇਰੀ
ਕੁਹਾਰਾਂ ਨੇ ਚੁੱਕੀ ਜਦ ਡੋਲੀ ਮੇਰੀ
ਮਨ ਮੌਜੂਦਗੀ ਲੋਚਦਾ ਸੀ ਕਿਸੇ ਖਾਸ ਦੀ
ਵੀਰ ਬਿਨਾਂ ਮੇਰੀ ਰੀਝ ਰਹਿ ਗਈ ਸੀ ਊਣੀ
ਅੱਜ ਕੱਤੀ ਅੰਮੜੀ ਨੇ ਅਖੀਰੀ ਪੂਣੀ...
ਪਰਤਣਾ
ਓਹ ਵੀ ਚੁੱਪ ਸੀ
ਮੈਂ ਵੀ ਚੁੱਪ ਸੀ
ਓਹ ਨੀਂਵੀਂ ਪਾਈ ਬੈਠਾ ਸੀ
ਮੈਂ ਭਰੀਆਂ ਅੱਖਾਂ ਨਾਲ ਏਧਰ ਓਧਰ ਦੇਖ ਰਹੀ ਸੀ
ਕਿਉਂ ਜੁ ਮੇਰੀ ਕੋਸ਼ਿਸ਼ ਸੀ ਅੱਖਾਂ
ਵਿਚਲਾ ਪਾਣੀ ਛਪਾਉਣ ਦੀ
ਓਹ ਬੁੱਲਾਂ ਨੂੰ ਘੁੱਟ ਘੁੱਟ ਕੇ ਮੀਚਦਾ
ਕਿ ਕਿਧਰੇ ਕੋਈ ਦੁੱਖ ਕਿਰ ਮੇਰੀ ਝੋਲੀ ਨਾ ਪੈ ਜੇ
ਕਦੇ ਕਦੇ ਮੇਰੇ ਵੱਲ ਦੇਖਦਾ
ਤੇ ਮੇਰੇ ਉਦਾਸ ਚਿਹਰੇ ਨੂੰ ਦੇਖ ਰੋਣਹਾਕਾ ਹੋ ਜਾਂਦਾ
ਫਿਰ ਕਚੀਚੀ ਜੇਹੀ ਵੱਟ ਨੀਂਵੀਂ ਪਾ ਲੈਂਦਾ
ਬੱਸ ਇੰਝ ਹੀ ਚੁੱਪ ਰਹਿ
ਕਿੰਨੀਆਂ ਸਾਰੀਆਂ ਗੱਲਾਂ ਕਰ
ਅਸੀਂ ਦੋਵੇਂ ਘਰਾਂ ਨੂੰ ਪਰਤ ਗਏ
ਸਮਾਂ
ਕਿੰਨੇ ਚੰਗੇ ਹੁੰਦੇ ਸੀ ਓਹ ਦਿਨ
ਜਦੋਂ ਮਾਂ ਨਰਮਾ ਚੁਗਣ ਜਾਂਦੀ
ਤੇ ਮੈਂ ਵੀ ਟ੍ਰਾਲੀ 'ਚ ਲੁੱਕ ਬੈਠ ਜਾਂਦੀ
ਤੇ ਹਾਂ ਦਾਦੇ ਦਾ ਰੋਹਬ ਵੀ ਹਿਟਲਰ
ਤੋਂ ਘੱਟ ਨਹੀਂ ਸੀ
ਕੋਠੇ 'ਤੇ ਚੜਣੋ ਡਰਨਾ,
ਲੁੱਕ ਲੁੱਕ ਟੀ.ਵੀ ਦੇਖਣਾ
ਹੱਟੀ 'ਤੇ ਜਾ ਮੋਗਲੀ ਵਾਲੀਆਂ
ਚੂਰਨ ਦੀਆਂ ਪੁੜੀਆਂ
ਖਰੀਦਣ ਨੂੰ ਜੀਅ ਕਰਦਾ ਹੁੰਦਾ ਸੀ
ਪਰ ਬਾਪੂ ਦਾ ਡਰ ਕਦੀ ਨੰਦ ਦੀ
ਦੁਕਾਨ ਵੱਲ ਝਾਕਣ ਈ ਨਹੀਂ ਦਿੱਤਾ ਸੀ
ਨਹੁੰ ਪਾਲਿਸ਼ ਲਗਾਉਣੋਂ ਡਰਨਾ ਕਿ
ਕਿਧਰੇ ਬਾਪੂ ਉਂਗਲਾਂ ਈ ਨਾ ਵੱਡ ਦੇਵੇ
ਖੇਡਦੇ ਖੇਡਦੇ ਬਾਪੂ ਨੂੰ ਦੇਖ ਛਿਪ ਜਾਣਾ
ਕਿਓਂ ਜੋ ਬਾਪੂ ਦਾ ਹੱਥ ਫੜਿਆ
ਖੂੰਡਾ ਕਲੋਲਾਂ ਕਰ ਕਹਿੰਦਾ ਸੀ
ਕਿੰਨਾ ਚਿਰ ਬਚੋਗੇ ਪੁੱਤ ਇੱਕ ਦਿਨ
ਤਾਂ ਵਰੂਗਾ ਮੈਂ
ਹੁਣ ਤੇ ਸਮਾਂ ਬਦਲ ਗਿਆ ਨਾ ਦਾਦਾ ਰਿਹਾ ਏ
ਨਾ ਈ ਸੰਦੂਖ ਤੇ ਪਿਆ ਲੱਕੜ ਦਾ
ਖੂੰਡਾ ਰੋਹਬ ਝਾੜਦਾ
ਕਦੀ ਕਦੀ ਹੁਣ ਦੇ ਸਮੇਂ ਬਾਰੇ ਸੋਚਦੀ ਹਾਂ
ਹੁਣ ਤੇ ਬਹੁਤ ਬਦਲ ਗਿਆ ਘਰ ਦਾ ਮਹੌਲ
ਮਹਿਤਾਬ (ਭਤੀਜਾ) ਨੂੰ ਪਾਪਾ ਕਦੀ ਨਹੀਂ ਝਿੜਕਦੇ
ਖੇਡਾਂ ਆਪ ਲਿਆ ਕੇ ਦਿੰਦੇ ਨੇ
ਜਦ ਕੋਈ ਓਹਨੂੰ ਕਦੀ ਉੱਚੀ ਵੀ ਬੋਲ ਪਵੇ
ਤਾਂ ਪਾਪਾ ਗੁੱਸੇ ਹੋ ਜਾਂਦੇ ਆ
ਕਿ ਨਾ ਇਹਨੂੰ ਨਾ ਝਿੜਕੋ
ਸਮਾਂ ਬਹੁਤ ਬਦਲ ਗਿਆ ਏ
ਤਿੱਪ-ਤਿੱਪ
ਟੂਟੀ ਵਿੱਚੋਂ ਤਿੱਪ-ਤਿੱਪ ਕਰ ਡਿੱਗ ਰਹੀਆਂ ਬੂੰਦਾਂ
ਤੁਹਾਡੇ ਲਈ ਹੋਣਗੀਆਂ ਸੰਗੀਤ
ਸਾਡੇ ਤਾਂ ਬੁੱਲ੍ਹ ਉਸ ਪਾਣੀ ਲਈ ਸਦਾ ਤਰਸੇ ਨੇ
ਅੱਜ ਫਿਰ ਮੀਂਹ ਪੈ ਰਿਹਾ ਏ
ਤੇ ਬਾਲਿਆਂ ਵਾਲੀ ਛੱਤ 'ਚੋਂ
ਤਿੱਪ-ਤਿੱਪ ਕਰ ਚੋਂਦਾ ਪਾਣੀ
ਮੇਰੇ ਪਿਉ ਦੀਆਂ ਅੱਖਾਂ 'ਚੋ ਹੰਝੂ ਬਣ ਚੋਅ ਰਿਹੈ
ਤੁਹਾਡੇ ਲਈ ਹੀ ਹੋਣੀਆਂ
ਤਿੱਪ-ਤਿੱਪ ਡਿੱਗਦੀਆਂ ਬੂੰਦਾਂ
ਸੰਗੀਤ
ਸਾਡੇ ਲਈ ਤਾਂ...
ਰੱਬ
ਬੁੱਕਾਂ 'ਚ ਭਰ ਲੈਂਦੀ ਮਾਂ ਦਾ ਮੋਹ
ਠੀਕ ਉਵੇਂ ਜਿਵੇਂ ਗੁਰੂ ਘਰੋਂ ਦੇਗ ਮਿਲਦੀ ਏ
ਜੇ ਕਦੀ ਭੋਰਾ ਡਿੱਗਦਾ ਵੀ ਏ
ਤਾਂ ਭੁੰਜਿਓ ਚੁੱਕ ਮੁੜ ਸਮੇਟ ਲੈਂਦੀ ਹਾਂ
ਕਦੀ ਵੀ ਅਲਕਤ ਨਹੀਂ ਆਈ ਇੰਝ
ਏਹੀ ਤਾਂ ਮੋਹ ਏ ਗੁਰੂ ਲਈ, ਮਾਂ ਲਈ
ਊਈਂ ਨਹੀਂ ਲੋਕ ਆਖਦੇ ਕਿ ਮਾਂਵਾਂ ਰੱਬ ਹੁੰਦੀਆਂ ..
ਮੁਹੱਬਤ ਦੇ ਸਮੁੰਦਰ 'ਚੋ
ਜਿਸ ਜਿਸ ਨੇ ਵੀ ਚੁੰਝ ਭਰੀ
ਓਹ ਕਿਸੇ ਲਈ ਜ਼ਹਿਰ 'ਤੇ
ਕਿਸੇ ਲਈ ਅੰਮ੍ਰਿਤ ਬਣੀ
ਆਜਾ ਇਕੱਠੇ ਹੋ
ਫ਼ਿਕਰਾਂ ਨੂੰ ਚਹੁੰ ਕੰਨੀਆਂ ਤੋਂ ਫੜ੍ਹ
ਪੰਡ ਬਣਾ ਕਿਤੇ ਦੂਰ ਸੁੱਟ ਆਈਏ
ਬੇਫ਼ਿਕਰੀ ਨੂੰ ਲੜ ਲਾ ਲਿਆਈਏ
ਆਜਾ ਹੁਣ ਘਰ ਪਰਤ ਜਾਈਏ
ਕਦੀ ਕਦਾਈ ਹੱਥਾਂ 'ਚ ਰੇਤ ਫੜ੍ਹ
ਕਿਰ ਜਾਣ ਦੇ ਡਰੋਂ
ਕਸ ਕੇ ਮੁੱਠੀ ਮੀਚ ਲੈਂਦੀ ਹਾਂ
ਪਰ ਰੇਤ ਕਦ ਫੜ੍ਹੀ ਰਹਿੰਦੀ ਏ
ਖਿਸਕ ਜਾਂਦੀ ਏ ਹੌਲੀ ਹੌਲੀ
ਤੇ ਆਖਿਰ ਨੂੰ ਹੱਥ ਖਾਲੀ ਕਰ ਜਾਂਦੀ ਏ
ਜ਼ਿੰਦਗੀ! ਤੂੰ ਵੀ ਰੇਤ ਵਰਗੀ ਨਾ ਬਣ
ਮੈਨੂੰ ਤੇਰੇ ਨਾਲ ਬਹੁਤ ਮੁਹੱਬਤ ਹੈ..
ਕੁਝ ਕੁ ਪਿਆਰ ਕਹਾਣੀਆਂ
ਜੋ ਖੁਦਕੁਸ਼ੀ, ਛਲਾਵਿਆਂ, ਤੇਜ਼ਾਬ ਸੁੱਟਣ ਦੇ
ਡਰਾਵਿਆਂ ਨਾਲ ਸਾਹ ਲੈਂਦੀਆਂ
ਉਹ ਕਦੀ ਮੁਹੱਬਤ ਨਹੀਂ ਅਖਵਾਉਂਦੀਆਂ
ਮੁਹੱਬਤ ਕਰਨ ਵਾਲੇ ਇੱਕ ਦੂਸਰੇ ਨੂੰ ਜਿਉਂਣਾ
ਸਿਖਾਉਂਦੇ ਨੇ
ਮਾਰਦੇ ਕਦੇ ਨਹੀਂ ..
****
ਅੱਗੇ ਸਿਆਲ ਆ ਰਿਹਾ
ਅੱਜ ਤੇਰੇ ਮੋਹ ਦੀ ਕੋਟੀ ਬੁਣਨ ਲਈ
ਸਲਾਈਆਂ ਲੱਭ ਲਈਆਂ ....
****
ਕਿਸੇ ਦੀ ਹੋਂਦ ਨਾਲ ਦੋਸਤੀ ਪਾ
ਉਸ ਵਰਗੇ ਬਣਨ ਦਾ ਯਤਨ ਕਰਨਾ
ਕਿੰਨਾ ਅਨੰਦ ਦਿੰਦਾ ਏਹ ਸਭ
****
ਮਾਲਾ ਦੇ ਮੋਤੀਆਂ ਵਰਗੀ ਹਾਂ
ਖਿੰਡ ਕੇ ਬਿਖਰ ਵੀ ਗਈ ਤਾਂ
ਇੱਕ ਆਸ ਹਮੇਸ਼ਾ ਪੱਲੇ ਬੰਨੀ ਰੱਖਾਂਗੀ
ਬੱਸ ਤੂੰ ਕਦੀ ਮੂੰਹ ਨਾ ਮੋੜੀ
ਮੇਰਾ ਰੱਬ
ਤੇਰੇ ਨਾਲ ਐਨਾ ਕੁ ਮੋਹ ਹੈ
ਜਦ ਤੂੰ ਊਈਂ ਮੁੱਚੀ ਵੀ 'ਅਲਵਿਦਾ'
ਸ਼ਬਦ ਲਿਖਦਾ
ਮੇਰੇ ਦਿਲ 'ਚ ਹੌਲ ਪੈਣ ਲੱਗ ਜਾਂਦੇ
ਫਿਰ ਜਦੋਂ ਤੂੰ ਆਖਦਾ, "ਕਮਲੀਏ!
ਮਜ਼ਾਕ ਕਰਦਾ ਆ
ਤੇਰੇ ਤੋਂ ਜੁਦਾ ਹੋ ਮੈਂ ਕਿੱਥੇ ਜਾਣਾ ?
ਸਾਹਾਂ ਨਾਲੋਂ ਜਿੰਦ ਨਖੇੜਨਾ ਕੌਣ ਚਾਹੇਗਾ... "
ਤੇਰੇ ਏਹ ਬੋਲ ਸੁਣ ਮੈਨੂੰ
ਆਪਣੇ ਆਪ 'ਤੇ ਮਾਣ ਜਿਹਾ ਹੁੰਦਾ
ਦਿਲ ਕਰਦਾ ਕਿਸੇ ਪੀਰ ਦੀ ਦਰਗਾਹ ਜਾ
ਖੈਰ 'ਚ ਤੇਰਾ ਸਾਥ ਨਾਲ ਕਈ
ਜਨਮਾਂ ਲਈ ਮੰਗ ਲਵਾਂ
ਫਿਰ ਸੋਚਦੀ .... ਮੇਰਾ ਰੱਬ ਤਾਂ ਤੂੰ ਈ ਏ
ਮੇਰੀ ਇਬਾਦਤ ..ਤੇਰਾ ਪੱਲਾ
ਮੇਰੇ ਹੱਥ ਫੜ੍ਹਾ ਦੇਵੇਗੀ
ਕਿਸੇ ਹੋਰ ਦਰ ਤੈਨੂੰ ਪਾਉਣ ਲਈ
ਪੱਲਾ ਕਿਉਂ ਅੱਡਣਾ....
ਖ਼ਾਲੀ ਡੈਸਕਟਾਪ
ਪਤਾ ਮੈਂ ਇੰਝ ਹੀ ਕਮਲਿਆਂ ਵਾਂਗ
ਲੈਪਟਾਪ ਦੀ ਡਿਸਕਟਾਪ ਆਇਕੋਨ
ਨਾਲ ਭਰ ਲੈਂਦੀ ਹਾਂ
ਕਿੰਨਾ ਕੁਛ ਖਿੱਲਰ ਜਾਂਦਾ ਏ ਇੱਧਰ ਉੱਧਰ
ਇੱਕ ਵਾਰ ਮੈਂ ਸਲਝਾ ਦਿੰਦੀ ਹਾਂ ਸਭ
ਪਰ ਥੋੜੇ ਦਿਨ ਬਾਦ ਫਿਰ ਓਹੀ ਹਾਲ ਹੁੰਦਾ
ਜੇ ਕਦੇ ਹਰਡ ਡਿਸਕ ਖ਼ਰਾਬ ਹੋਜੇ
ਤਾਂ ਮੇਰੀ ਸ਼ੰਤੁਸ਼ਟਤਾ ਇਸ 'ਚ ਹੁੰਦੀ ਹੈ ਕਿ
ਕਿੰਨਾ ਕੁਛ ਬਿਨਾਂ ਮਿਹਨਤ ਤੋਂ ਸੁਲਝ ਗਿਆ
ਖਾਲੀ ਡਿਸਕਟਾਪ ਮਨ ਨੂੰ ਸ਼ਾਂਤੀ ਦਿੰਦੀ ਏ
ਇੰਝ ਹੀ ਕਦੀ ਕਦੀ ਰਿਸ਼ਤੇ ਉਲਝ
ਜਾਂਦੇ ਨੇ ਮੇਰੇ ਤੋਂ
ਕੋਸ਼ਿਸ਼ਾਂ ਹੁੰਦੀਆਂ ਸੁਲਝਾਉਣ ਦੀਆਂ
ਪਰ ਮੈਂ ਕਦੀ ਇਹ ਨਹੀਂ ਚਾਹੁੰਦੀ
ਕਿ ਕੋਈ ਰਿਸ਼ਤਾ ਕਰੈਸ਼ ਹੋ ਕੇ ਮੇਰਾ ਮਨ ਸ਼ਾਂਤ ਕਰੇ
ਨਿਰਜੀਵ ਸੰਜੀਵ ਚੀਜ਼ਾਂ ਚ ਫ਼ਰਕ ਹੁੰਦਾ
ਸਾਹ ਲੈਂਦੇ ਰਿਸ਼ਤੇ ਹੀ ਤਾਂ ਜਿਉਣ
ਦੀ ਵਜ੍ਹਾ ਹੁੰਦੇ ਨੇ
ਖ਼ਤਾਂ ਦੀ ਲੜੀ
ਓਹ ਗੁੱਸੇ ਹੁੰਦਾ
ਮੈਂ ਸੁਨੇਹੇ ਘੱਲਦੀ
ਖ਼ਤਾਂ ਦਾ ਸੰਗੀਤ
ਉਹਨੂੰ ਸਕੂਨ ਦਿੰਦਾ
ਪਰ ਚੁੱਪ ਵੱਟੀ ਬੈਠਾ ਓਹ ਆਖਦਾ
"ਜਾ ਮਨਾਉਣ ਦਾ ਵੱਲ ਸਿੱਖ ਕੇ ਆ"
ਅਗਲਾ ਖ਼ਤ ਲਿਖਦੀ
ਦੋਹਾਂ ਦੇ ਨਾਮ ਗੂੜ੍ਹੇ ਕਰ
ਵਿਚਕਾਰ ਦਿਲ ਬਣਾ ਦਿੰਦੀ
ਓਹ ਨਾਮ ਇਕੱਠੇ ਦੇਖ ਖ਼ੁਸ਼ ਹੁੰਦਾ
ਫਿਰ ਗੁੱਸੇ ਭਰਿਆ ਖ਼ਤ ਲਿਖ ਆਖਦਾ,
"ਕਲਮਾਂ ਨਾਲ ਨਾਮ ਇੱਕੱਠੇ ਲਿਖਣ ਨਾਲ
ਸੰਯੋਗ ਜੁੜਨ ਤਾਂ ਕੋਈ ਵੀ ਆਸ਼ਕ ਨਾ ਤੜਫ਼ੇ "
ਫਿਰ ਓਹ ਸ਼ਾਮ ਇੱਕ ਹੋਰ ਖ਼ਤ ਲਿਖਦੀ
ਆਖਦੀ, "ਮੁਆਫ਼ੀ, ਇਹ ਅਖ਼ੀਰੀ ਗ਼ਲਤੀ ਏ ਮੇਰੀ
ਓਹ ਆਖਦਾ, "ਸੌ ਵਾਰੀ ਏਹੀ ਸੁਣਿਆ "
ਮੈਂ ਆਖਦੀ, "ਬੱਸ ਏਹ ਅਖੀਰੀ ਵਾਰੀ ਏ ”
ਓਹ ਪਿਘਲਦਾ ਤੇ ਪਿਆਰ ਭਰਿਆ ਖ਼ਤ ਲਿਖਦਾ
ਆਖਦਾ ਕਿ ਤੇਰੇ ਬਿਨਾਂ ਮੈਂ ਕੁਛ ਵੀ ਨਹੀਂ
ਐਵੇਂ ਨਾ ਅੜੀਏ ਸਤਾਇਆ ਕਰ ....
ਡਰ
ਚੁੱਪ ਚਾਪ ਬੈਠੇ ਸੀ
ਓਹਨੇ ਆਖਿਆ,
"ਕੋਈ ਟੈਂਨਸ਼ਨ ਵਾਲੀ ਗੱਲ ਤਾਂ ਨਹੀਂ
ਪਰ ਪਤਾ ਨਹੀਂ ਕਿਓਂ ਡਰ ਲੱਗ ਰਿਹਾ "
ਮੈਂ ਉਹਦਾ ਹੱਥ ਘੁੱਟ ਕੇ ਫੜ ਲਿਆ
ਮੈਂ ਕਿਹਾ, "ਹੁਣ ਮਨ ਕਿਵੇਂ ਆ
ਆਖਦਾ, "ਅੰਦਰ ਲੜਾਈ ਚੱਲ ਰਹੀ ਏ
ਡਰ ਤੋਂ ਮਨ ਜਿੱਤਦਾ ਲੱਗਦਾ”
ਏਨਾ ਕਹਿੰਦੇ ਹੀ ਓਹ ਮੁਸਕਰਾ ਪਿਆ
ਘੋਰਕੰਢੇ
ਕਿਸੇ ਰਾਜੇ ਰਾਣੀ ਵਰਗੀ ਹੀ ਸੀ
ਉਹਨਾਂ ਦੀ ਪ੍ਰੇਮ ਕਹਾਣੀ
ਗੱਲਾਂ ਗੱਲਾਂ 'ਚ ਮੁਹੱਬਤ ਹੋਣੀ
ਤੇ ਹਰ ਦਮ ਇੱਕ ਦੂਸਰੇ ਦਾ ਸਾਥ ਲੋਚਣਾ
ਦੋਨੋਂ ਇੱਕ ਦੂਸਰੇ ਦਾ ਖ਼ਿਆਲ ਰੱਖਦੇ
ਖਹਿਬਾਜ਼ੀ ਹੁੰਦੀ ਤਾਂ ਰਾਣੀ
ਸਾਰੀ ਰਾਤ ਹੁਬਕੀ ਹੁਬਕੀ ਰੋਂਦੀ
ਸਮਾਂ ਬਦਲਿਆ, ਜੀਵਨ 'ਚ ਫ਼ਰਕ ਆਇਆ
ਰਾਜੇ ਦਾ ਖਿਆਲ ਰੱਖਣ ਲਈ
ਹੋਰ ਬਥੇਰੇ ਆ ਗਏ
ਤੇ ਰਾਣੀ ਆਪਣਾ ਖ਼ਿਆਲ ਖੁਦ ਰੱਖਣਾ ਸਿੱਖ ਗਈ
ਉਹ ਹਰ ਗੱਲ 'ਤੇ ਜਿੱਦਦੇ 'ਤੇ ਚੋਭਾਂ ਲਾਉਂਦੇ
ਮਹੁੱਬਤ ਲੋਥ ਬਣ ਗਈ ਸੀ
ਅੰਤ ਨੂੰ ਰਾਣੀ ਹੋਰ ਕਿਸੇ ਨਾਲ ਪਰਨਾਈ ਗਈ
ਹੁਣ ਉਹ ਮੁਹੱਬਤ ਦੀਆਂ ਬਾਤਾਂ ਨਹੀਂ ਸੀ ਪਾਉਂਦੀ
ਕਦੀ ਕਦੀ ਉਹਨੂੰ ਰਾਜੇ ਨਾਲ
ਬਿਤਾਏ ਪਲ ਯਾਦ ਆਉਂਦੇ
ਤਾਂ ਸਿਰਫ਼ ਦੋ ਤਿੰਨ ਹੰਝੂ ਸਿਰਹਾਣੇ 'ਚ ਜਾ ਸਮਾਉਂਦੇ
ਮਹੀਨਿਆਂ ਬੱਧੀ ਜਦ ਓਹ ਬਾਪ ਘਰ ਗਈ
ਤਾਂ ਰਾਜੇ ਬਾਰੇ ਰਾਣੀ ਦੀ ਸਹੇਲੀ 'ਕੰਮੋ' ਦੱਸਦੀ
ਕਿ ਪਹਿਲਾਂ ਪਹਿਲ ਤਾਂ ਓਹ
ਸ਼ਰਾਬ ਨਾਲ ਰੱਜ ਲੋਕਾਂ ਨੂੰ ਗਾਲਾਂ ਕੱਢਦਾ
ਤੇ ਆਵਦੇ ਪੁਰਖਿਆਂ ਦੇ ਸਿਵੇ
ਫਰੋਲਦਾ ਰਹਿੰਦਾ ਸੀ
ਪਰ ਹੁਣ ਲੱਗਦਾ ਉਹ ਰਾਜੇ ਨੂੰ ਧਰਤ ਖਾ ਗਈ
ਦਿਸਿਆ ਹੀ ਨਹੀਂ ਕਦੀ
ਰਾਣੀ ਦੇ ਉਦਾਸ ਹੋਣ ਤੋਂ ਪਹਿਲਾਂ ਹੀ ਚਾਰ ਕੁ
ਸਾਲਾਂ ਦੀ ਕੁੜੀ ਬੁੱਕਲ ਆ ਬੈਠਦੀ
ਰਾਣੀ ਉਸਦੇ ਹੱਥ ਘੋਰ ਕੰਢੇ ਕਰਦੀ
'ਤੇ ਬੱਚੀ ਖੁਸ਼ ਹੋ ਜਾਂਦੀ
ਪਰ ਰਾਣੀ ਅੰਦਰੋਂ ਅੰਦਰੀਂ ਰਾਜੇ ਦਾ ਫ਼ਿਕਰ ਕਰਦੀ
ਖੌਰੇ ਚੰਦਰਾ ਕਿੱਥੇ ਰੁਲ ਰਿਹਾ ਹੋਣਾ
ਉਹ ਮਹੁੱਬਤ ਤੋਂ ਇਨਕਾਰੀ ਨਾ ਹੋ ਪਾਉਂਦੀ
ਮਿਲਾਪ
ਨਹੀਂ ਭੁੱਲ ਸਕਦੀ ਮੈਂ
ਤੇਰੀ ਓਹ ਮਿਲਣੀ
ਬੜੀ ਪਵਿੱਤਰ ਜਿਹੀ ਗੰਗਾ ਜਲ ਵਰਗੀ
ਕਿਸੇ ਨਿੱਘੀ ਧੁੱਪ ਵਰਗੀ
ਜੋ ਪੋਹ ਪਾਲੇ 'ਚੋ ਹੋਵੇ ਬਚ ਨਿਕਲੀ
ਓਹ ਨਜ਼ਰਾਂ ਦਾ ਝੁਕਣਾ ਤੇ
ਫਿਰ ਮੁੜ ਨਜ਼ਰਾਂ ਦਾ ਮਿਲਣਾ
ਤੇਰੇ ਅਣਬੋਲੇ ਬੋਲਾਂ ਨੂੰ ਸੁਣ ਲੈਣਾ
ਫਿਰ ਇਕੱਠਿਆਂ ਦਾ ਮੁਸਕਰਾ ਦੇਣਾ
ਸੱਚ ਹੀ ਆਖਦਾ ਕੋਈ
ਸ਼ਬਦ ਜਦੋਂ ਚੁੱਪ ਨਾਲ ਖੇਡਦੇ ਨੇ
ਮੁਹੱਬਤ ਉੱਛਲਣ ਲੱਗਦੀ ਏ
ਦਾਦੀ ਦੀ ਝੁਰੜੀਆਂ ਭਰੀ ਪੇਂਟਿੰਗ
ਕਿਸੇ ਵੀ ਤਰ੍ਹਾ ਦੀ ਘੁਟਣ ਹੋਣੀ
ਜਾਂ ਫਿਰ ਕੋਈ ਫ਼ਿਕਰ ਮੋਢਾ ਆ ਨੱਪਦਾ ਸੀ
ਮੈਂ ਆ ਤੇਰੇ ਮੋਢੇ ਨਾਲ ਮੋਢਾ ਜੋੜ ਬੈਠਦੀ
ਤੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ 'ਚ
ਸਾਰੇ ਫ਼ਿਕਰ ਦਮ ਤੋੜ ਦਿੰਦੇ ਸੀ
ਹੁਣ ਜਦ ਉਦਾਸ ਹੋਵਾਂ ਬੇਬੇ
ਬੈਂਡ ਨਾਲ ਪਈ ਤੇਰੀ ਖੂੰਡੀ ਤੇ ਨਜ਼ਰ ਪੈਂਦੀ ਏ
ਹੱਥ ਤੇਰਾ ਸ਼ਪੱਰਸ਼ ਭਾਲਦੇ ਖੂੰਡੀ ਤੀਕਰ ਜਾਂਦੇ ਨੇ
ਸਾਹਮਣੇ ਤੇਰੀ ਝੁਰੜੀਆਂ ਭਰੀ ਪੇਂਟਿੰਗ ਦੇਖਦੀ ਹਾਂ
ਤਾਂ ਇੰਝ ਲੱਗਦਾ ਜਿਵੇਂ ਤੂੰ ਮੈਨੂੰ ਉਦਾਸ ਨੂੰ
ਹਸਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ
ਤਪੱਸਿਆ
ਤਪੱਸਿਆ
ਤਪੱਸਿਆ ਹੀ ਤਾਂ ਹੁੰਦੀ ਏ
ਸੁੱਤੇ ਪਏ ਬਾਲ ਕੋਲ ਪਈ ਮਾਂ ਦਾ
ਛਿੱਕ ਨੂੰ ਨੱਕ ਮਲ ਅੰਦਰੇ ਹੀ ਘੁੱਟ ਲੈਣਾ
ਮਾਂ ਦਾ ਵਿੱਤੋਂ ਵੱਧ ਖਾਣਾ
ਤਾਂ ਕਿ ਦੁੱਧ ਚੁੰਘਦਾ ਬਾਲ ਭੁੱਖਾ ਨਾ ਰਹਿ ਜੇ
ਦੰਦੀਆਂ ਧਰੇ ਤੋਂ ਜਵਾਕ ਸਿਰ ਘੁੱਟਣਾ
ਓਹਦੇ ਮੂੰਹ 'ਚ ਉਂਗਲ ਪਾ ਬੁੱਟ ਨੱਪਣੇ
ਕੌਣ ਸਿਖਾ ਜਾਂਦਾ ਇਹ ਸਭ ਉਹਨੂੰ ?
ਰੱਬ ਨੂੰ ਵੀ ਭਲਾਂ ਸਿਖਾਉਣ ਦੀ ਲੋੜ ਹੁੰਦੀ ਏ ?
ਪਰਤੇਂਗੀ ਨਾ ਮਾਂ ?
ਮਾਂ ਸੁਣੀ ਮਾਂ
ਮਾਂ ਤੂੰ ਉਸਦੇ ਸਭ ਤੋਂ ਨੇੜੇ ਸੀ ਤੇ ਹਮੇਸ਼ਾ ਰਹੇਗੀ
ਉਹ ਤੈਨੂੰ ਹਰ ਪਲ ਮਹਿਸੂਸ ਕਰਦਾ ਏ
ਪਤਾ ਤੈਨੂੰ ਓਹਦੀਆਂ ਅੱਖਾਂ
ਐਨ ਤੇਰੇ ਵਾਂਗ ਭੋਲੀਆਂ ਨੇ
ਮਾਂ ਪੁੱਤ ਦੇ ਕਿੰਨੇ ਨੈਣ-ਨਕਸ਼ ਮਿਲਦੇ ਨੇ
ਮੈਂ ਉਹਨੂੰ ਐਨਾ ਰੋਂਦੇ ਕਦੇ ਨਹੀਂ ਸੀ ਵੇਖਿਆ
ਤੂੰ ਗਈ ਤਾਂ ਓਹਦੇ ਹਾਸੇ ਵੀ ਨਾਲ ਹੀ ਲੈ ਗਈ
ਹੁਣ ਓਹ ਹੱਸਦਾ ਤਾਂ ਏ ਪਰ ਉਵੇਂ ਨਹੀਂ
ਜਿਵੇਂ ਤੇਰੀਆਂ ਗੱਲਾਂ 'ਤੇ ਖਿੜਖਿੜਾ ਹੱਸਦਾ ਸੀ
ਤੈਨੂੰ ਗਈ ਨੂੰ ਅੱਜ ਸਾਲ ਹੋ ਗਿਆ
ਪਰ ਤੇਰੀ ਉਡੀਕ ਅੱਜ ਵੀ ਏ
ਕਦੇ ਨਾ ਕਦੇ ਤਾਂ ਕਿਸੇ ਰੂਪ 'ਚ ਪਰਤੇਂਗੀ ਨਾ ਮਾਂ ...
ਮਿਠਾਸ
ਮੇਰਾ ਵੀ ਚਿੱਤ ਕਰਦਾ
ਤੈਨੂੰ ਇਕੱਲੇ ਗੁਣਗੁਣਾਉਂਦੇ ਸੁਣਾਂ
ਮੇਰੇ 'ਤੇ ਤੂੰ ਕਵਿਤਾਵਾਂ ਭਾਵੇਂ ਨਾ ਲਿਖੇਂ
ਪਰ ਮੈਂ ਤੇਰੀ ਜ਼ਿੰਦਗੀ ਦਾ ਸੋਹਣਾ ਅਹਿਸਾਸ ਬਣਾ
ਜਿਸਨੂੰ ਤੂੰ ਧੁਰ ਅੰਦਰ ਮਹਿਸੂਸ ਕਰੇ
ਮੈਂ ਸਵੇਰੇ ਉੱਠ ਚਾਹ ਬਣਾਵਾਂ
ਚਾਹ ਫੜਾਉਂਦਿਆਂ
ਤੇਰੇ ਹੱਥਾਂ ਦੀ ਛੋਹ ਹੋਵੇ
ਰਿਸ਼ਤੇ ਦੀ ਓਹ ਮਿਠਾਸ
ਰਹਿੰਦੀ ਉਮਰ ਤੀਕਰ ਨਾ ਮੁੱਕੇ
ਹਰ ਹਫ਼ਤੇ ਫਿਲਮ ਦਿਖਾਣ ਬੇਸ਼ੱਕ ਨਾ ਲੈ ਕੇ ਜਾਈਂ
ਪਰ ਮੇਰੀ ਹਰ ਮੁਹੱਬਤ ਕਵਿਤਾ
ਦਾ ਮੁੱਢ ਬੰਨਦਾ ਰਹੀਂ
ਮੈਂ ਉਦਾਸ ਹੋਵਾਂ ਤਾਂ ਚੁੱਪ
ਵਿਚਲਾ ਸ਼ੋਰ ਸੁਣ ਲਵੀਂ
ਗਮੀ 'ਚ ਹੋਵਾਂ ਤਾਂ ਰੋਣ ਲਈ ਮੋਢਾ ਦੇ ਦੇਵੀਂ
ਮੇਰੀ ਰੀਝ ਏ ਰੋਜ਼ ਤੇਰੀਆਂ
ਭੋਲੀਆਂ ਅੱਖਾਂ ਨੂੰ ਦੇਖਣ ਦੀ
ਪੀਂਘਾਂ
ਚੱਲ ਤਾਰਿਆਂ ਦੀ ਰੱਸੀ ਬਣਾ
ਚੰਦ ਤੇ ਪੀਂਘਾਂ ਪਾਈਏ
ਇੱਕ ਪੀਂਘ ਤੇਰੀ 'ਤੇ ਇੱਕ ਮੇਰੀ
ਉੱਡ ਕਿਤੇ ਹੋਰ ਆਲ੍ਹਣੇ ਬਣਾਈਏ
ਚੋਭ ਤਾਰਿਆਂ ਦੀ ਤੋਂ ਬਚਣ ਲਈ
ਬੱਦਲਾਂ ਦੀ ਫੱਟੀ ਬਣਾਈਏ
ਹੁਲਾਰੇ ਆਵਣ ਆਸਮਾਨ ਜਿੱਡੇ
ਪਰ ਅੰਤ ਮੁੜ ਘਰਾਂ ਨੂੰ ਆਈਏ
ਚੱਲ ਤਾਰਿਆਂ ਦੀ ਰੱਸੀ ਬਣਾ
ਚੰਦ 'ਤੇ ਪੀਂਘਾਂ ਪਾਈਏ
ਖੁਸ਼ਬੋ
ਤੂੰ ਜਨੂੰਨ ਮੇਰਾ
ਤੂੰ ਸਕੂਨ ਮੇਰਾ
ਤੂੰ ਮੰਗ ਮੰਗ ਦੁਆਵਾਂ ਮਿਲਿਆ
ਤੂੰ ਸਾਹੀਂ ਬਣ ਇਤਰ ਵਾਂਗੂੰ ਘੁਲਿਆ
ਤੇਰੇ ਮੋਹ ਦੇ ਤੰਦ ਜਦ ਪਾਵਾਂ
ਗਲੋਟੇ ਖੁਸ਼ੀਆਂ ਵਾਲੇ ਲਾਵਾਂ
ਤੂੰ ਇੱਕ ਵਾਰ ਇਜ਼ਹਾਰੇ ਮੁਹੱਬਤ
ਮੈਂ ਤੇਰੇ ਤੋਂ ਆਪਾ ਵਾਰੀ ਜਾਵਾਂ
ਤੇਰੀ ਰੂਹ ਦਾ ਮੇਰੀ ਰੂਹ ਤੱਕ ਪਹੁੰਚਦਿਆਂ
ਸਫ਼ਰ ਸੀ ਬੜਾ ਲੰਮੇਰਾ
ਜਦ ਦਾ ਤੁਸਾਂ ਸਾਨੂੰ ਆਪਣਾ ਆਖ ਬੁਲਾਇਆ
ਅਸਾਂ ਦਾ ਚਿੱਤ ਨਾ ਡੋਲਿਆ ਕੇਰਾਂ
ਲਿੱਪੇ ਕੌਲੇ
ਜ਼ਿੰਦਗੀ ਦੇ ਕੌਲੇ ਜਦ ਲਿੱਪੇ ਸੀ ਨਾ
ਉੱਤੇ ਮੋਹ ਦੇ ਤੋਤੇ ਮੋਰ ਬਣਾਏ ਸੀ
ਤੂੰ 'ਚ ਆਸ ਵਾਲੇ ਰੱਖਨੇ ਰਖਾਏ ਸੀ
ਤੂੰ ਕਿੰਝ ਭੁੱਲ ਜਾਵੇਂਗਾ
ਮੁਹੱਬਤ ਦੀ ਮਿੱਟੀ ਦੀ ਓਹ ਖੁਸ਼ਬੋ
ਜਿਹੜੀ ਤੇਰੀ ਹੋਂਦ ਨਾਲ ਮਹਿਕਦੀ ਏ
ਮੁਹੱਬਤ ਦੀ ਖਿੱਲੀ
ਤੁਸੀਂ ਵੇਖੀਆਂ ਹੋਣਗੀਆਂ
ਮੁਹੱਬਤ ਦੀ ਖਿੱਲੀ ਉਡਾਉਂਦੀਆਂ
ਅਨੇਕਾਂ ਵੀਡਿਓ
ਪਰ ਮੈਂ ਵੇਖਿਆ ਏ
ਮੁਹੱਬਤ 'ਚ ਤਰਲਾ ਪਾਉਂਦਾ ਇੱਕ ਮਹਿਬੂਬ
ਮੈਨੂੰ ਕਦੇ ਨਹੀਂ ਭੁੱਲਣੀਆਂ
ਰਾਤਾਂ ਜਾਗ ਕੇ ਕੱਟਦੀਆਂ
ਓਹਦੀਆਂ ਭੋਲੀਆਂ ਅੱਖਾਂ
ਮੈਂ ਨਹੀਂ ਆਖਦੀ ਕਿ ਮੁਹੱਬਤ
ਬਦਨਾਮੀ ਦੂਜਾ ਨਾਂ ਏ
ਮੈਂ ਉਸ ਨਾਲ ਤੁਰਦਿਆਂ ਕਦੇ ਬਦਨਾਮ ਹੋਈ ਕੁੜੀ
ਮਹਿਸੂਸ ਨਹੀਂ ਕੀਤਾ ...
ਤੋਹਫ਼ਾ
ਜਦ ਉਹ ਮਿਲੇ
ਤਾਂ ਉਹਨੇ ਪੁੱਛਿਆ,
"ਕੀ ਤੋਹਫ਼ਾ ਲੈ ਕੇ ਆਇਆ ਮੇਰੇ ਲਈ"
ਓਹਨੇ ਏਨਾ ਸੁਣਦੇ ਬੈਗ ਫਰੋਲਿਆ
ਇੱਕ ਡਾਇਰੀ ਉਸ ਅੱਗੇ ਕਰ ਦਿੱਤੀ
ਤੇ ਅੱਖਾਂ 'ਚ ਪਿਆਰ ਭਰ ਕੇ ਕਿਹਾ,
“ਲੈ ਮੇਰੀ ਜ਼ਿੰਦਗੀ ਹੁਣ ਤੇਰੇ ਹੱਥ
ਓਹ ਡਾਇਰੀ ਫੜ ਖੁਸ਼ ਹੋਈ "
ਤੇ ਉਹਦਾ ਹੱਥ ਘੁੱਟ ਕੇ ਫੜਿਆ
ਬਿਨਾਂ ਬੋਲੇ ਹੀ ਅੱਖਾਂ ਭਰ ਸ਼ੁਕਰਾਨਾ ਕਿਹਾ...
ਹਵਾ
ਸੋਹਣੇ ਜੇਹੇ ਮੌਸਮ 'ਚ
ਤੇਰਾ ਦੁੱਗਣਾ ਚੇਤਾ ਆਉਂਦਾ
ਸੋਚਦੀ ਕਿ ਏਹ ਠੰਡੀ ਜੇਹੀ ਹਵਾ
ਤੇਰੇ ਨਾਲੋਂ ਹੀ ਖਹਿਕੇ ਆਈ ਹੋਊ
ਮੈਂ ਓਸ ਨਿੱਘ ਨੂੰ ਬੋਚਦੀ
ਹਵਾ ਨਾਲ ਮੋਹ ਪਾ ਲੈਂਦੀ
ਹਵਾ ਦੱਸਦੀ ਕਿ
ਉਹਨੂੰ ਵੀ ਤੇਰੇ ਨਾਲ ਮੁਹੱਬਤ ਹੋ ਗਈ
ਮੈਂ ਹਵਾ ਨੂੰ ਘੂਰੀਆਂ ਵੱਟਦੀ
ਹਵਾ ਹੱਸਦੀ ਹੋਈ ਆਖਦੀ
“ਕਾਹਨੂੰ ਮੱਥੇ ਤਿਉੜੀ ਪਾਉਣੀ ਏ
ਜੇ ਉਹ ਤੇਰਾ ਏ ਤੇਰਾ ਹੀ ਰਹੂ..."
ਮੈਨੂੰ ਹਵਾ ਸੌਂਕਣ ਲੱਗਣ ਲੱਗਦੀ
ਉਦਾਸ ਰੁੱਤ
ਇੱਕ ਉਦਾਸ ਜੇਹੀ ਰੁੱਤ 'ਚ
ਤੂੰ ਮੈਨੂੰ ਮਿਲਿਆ ਸੀ
ਕਿੰਨੇ ਗਿਲੇ ਸ਼ਿਕਵੇ ਸੀ
ਤੂੰ ਹੱਥਾਂ 'ਚ ਹੱਥ ਲੈ ਕੇ ਆਖਿਆ ਸੀ
“ਸਭ ਠੀਕ ਹੋਜੂ, ਮੈਂ ਤੇਰੇ ਨਾਲ ਆ”
ਤੇਰੇ ਇੰਨਾ ਕਹਿਣ ਤੇ ਮਨ ਨੇ ਮੰਨ ਲਿਆ
ਤੇ ਸਭ ਉਵੇਂ ਹੋਇਆ ਜਿਵੇਂ ਤੂੰ ਵਾਅਦਾ ਕੀਤਾ
ਅੱਜ ਫਿਰ ਓਹੀ ਰੁੱਤ ਮੈਨੂੰ ਮੂੰਹ ਚਿੜਾ ਰਹੀਏ
ਦੱਸ ਮੈਂ ਕੀ ਕਰਾਂ...
ਮੁਹੱਬਤ ਦੇ ਰੰਗ
ਤੇਰੇ ਤੱਕ ਆਉਂਦਿਆਂ ਸ਼ਬਦ
ਕਵਿਤਾ ਬਣ ਜਾਂਦੇ ਨੇ
ਤੇ ਮੈਂ ਤੂੰ ਹੋ ਜਾਨੀ ਆ
ਏਹੀ ਤਾਂ ਮੁਹੱਬਤ ਦੇ ਰੰਗ ਨੇ
ਸਵੇਰੇ ਉੱਠਦਿਆਂ ਦੇ ਹੀ
ਤੇਰੇ ਖ਼ਿਆਲ
ਸਿਰਹਾਣਾ ਮੱਲ ਬੈਠੇ ਹੁੰਦੇ ਨੇ
ਤੇਰੇ ਤੋਂ ਸੋਹਣਾ ਭਲਾ ਮੈਨੂੰ ਕੀ..... ??
ਤੇਰੀ ਰੂਹ ਦੇ ਹਾਣ ਦਾ ਹੋਣ ਲਈ
ਮੈਨੂੰ ਅੱਠ ਵਰ੍ਹੇ ਲੱਗੇ
ਇਹ ਵੀ ਤਾਂ ਤਪ ਹੀ ਸੀ
ਤੈਨੂੰ ਪਾ ਲੈਣਾ
ਰੱਬ ਪਾਉਣ ਤੋਂ ਘੱਟ ਥੋੜਾ
ਚੁੰਮਣ
ਉਹ ਮਿਲਦੇ
ਇਕੱਠੇ ਬੈਠਦੇ
ਕਿਤਾਬਾਂ, ਕਵਿਤਾਵਾਂ ਥਿਏਟਰ
ਦੀਆਂ ਗੱਲਾਂ ਕਰਦੇ
ਗੱਲਾਂ ਦੇ ਹੁੰਗਾਰੇ ਭਰਦੇ
ਮਹਿਬੂਬ ਨਾਲ ਮੁਲਾਕਾਤਾਂ ਇੰਝ ਵੀ ਤਾਂ ਹੁੰਦੀਆਂ
ਬਿਨਾਂ ਛੋਹ ਤੋਂ ਰੂਹ ਤੀਕਰ ਛੋਹ ਜਾਣਾ
ਵੱਡੀ ਗੱਲ ਨਹੀਂ ਹੁੰਦੀ ਕਿਸੇ ਦੇ
ਬੁੱਲਾਂ ਦਾ ਚੁੰਮਣ ਬਣਨਾ
ਮੁਹੱਬਤ ਤਾਂ ਬਿਨ ਛੋਹੇ ਵੀ ਮਨ ਚੁੰਮ ਲੈਂਦੀ ਏ ....
ਪਾਗਲਪਨ
ਕੌਰਨਰ 'ਚ ਪਏ ਉਸ ਟੇਬਲ ਦਾ ਮੋਹ ਆਇਆ
ਜਿੱਥੇ ਬੈਠ ਆਪਾਂ ਇਕੱਠਿਆਂ ਕੌਫ਼ੀ ਪੀਤੀ ਸੀ
ਅੱਜ ਫਿਰ ਉੱਥੇ ਸੀ ਪਰ ਤੂੰ ਨਹੀਂ ਸੀ
ਪਰ ਤੇਰਾ ਅਹਿਸਾਸ ਨਾਲ ਸੀ
ਤੇ ਮੈਂ ਕੌਫ਼ੀ ਦੇ ਦੋ ਕੱਪ ਮੰਗਵਾ ਲਏ
ਇੱਕ ਆਪਣੀ ਘੱਟ ਮਿੱਠੇ ਵਾਲੀ
ਤੇ ਦੂਜੀ 'ਚ ਵੱਧ ਮਿੱਠਾ ਪਾ ਕੇ ਪੀ ਲਈ
ਦੇਖਣ ਵਾਲਾ ਪਾਗਲ ਕਹਿੰਦਾ ਹੋਵੇਗਾ
ਪਰ ਹਨਾ ਮੁਹੱਬਤ ਚ ਐਨਾ ਕੁ ਪਾਗਲਪਨ ਤਾਂ
ਚੱਲਦਾ ਹੀ ਆ
ਲੰਮੀ ਚੁੱਪ
ਕੁਛ ਬੋਲ
ਕੀ ਬੋਲਾਂ, ਦਿਲ ਨਹੀਂ ਕਰਦਾ
ਉਦਾਸ ਏ ?
ਪਤਾ ਨਹੀਂ
ਚੰਗਾ ਜਦ ਦਿਲ ਹੋਇਆ ਬੁਲਾ ਲੀ
ਹਮਮਮ
ਲੰਮੀ ਚੁੱਪ.
ਤੇਰੇ ਬਿਨਾਂ ਸਿਫ਼ਰ ਹਾਂ
ਤੇਰੇ ਹੱਥ
ਮੇਰੀ ਰੂਹ ਦੀਆਂ ਡੋਰਾਂ ਨੇ
ਜਦ ਲੜ੍ਹ ਕੇ ਪੂਰਾ ਦਿਨ
ਤੂੰ ਮੇਰੇ ਨਾਲ ਨਹੀਂ ਬੋਲਦਾ
ਤਾਂ ਮੈਂ ਕਿਸੇ ਨਵ ਵਿਆਹੀ ਦੀਆਂ
ਸੁਰਮੇ ਬਿਨਾਂ ਸੁੰਨੀਆਂ ਅੱਖਾਂ ਵਰਗੀ ਹੋ ਜਾਂਦੀ ਹਾਂ
ਸੱਚ ਜਾਣੀ ਜ਼ਿੰਦਗੀ ਦੇ ਸਵਾਲ ਹੱਲ ਕਰਦਿਆਂ
ਤੈਨੂੰ ਘਟਾ ਕੇ ਮੇਰੇ ਕੋਲ ਕੁਛ ਨਹੀਂ ਬਚਦਾ
ਸਿਰਜਣਹਾਰੀ
ਜਲਦੀ ਦੱਸੋ ਕੀ ਹੋਇਆ
ਮੁੰਡਾ ਹੋਇਆ ਜਾਂ ਕੁੜੀ
ਘਰ ਦਾ ਵਾਰਿਸ ਆਇਆ ਤਾਂ ਵਧਾਈਆਂ
ਪੱਥਰ ਏ ਤਾਂ ਘਰ 'ਚ ਸੋਗ
ਬਦਲਿਆ ਨਹੀਂ ਏ ਯੁੱਗ ਅਜੇ ਵੀ ਪੂਰੀ ਤਰ੍ਹਾਂ
ਪੁਰਖਿਆਂ ਦੀ ਸੋਚ ਨੂੰ ਪੂਜਣਾ ਹੀ
ਧਰਮ ਜੁ ਬਣਾ ਲੈਂਦੇ ਹਾਂ
ਪਰ ਇੱਥੇ ਅਸੀਂ ਗ਼ਲਤ ਸਾਬਤ ਹੁੰਨੇ ਹਾਂ
ਕਦੀ ਮਹਿਸੂਸ ਕਰਨਾ
ਕਿ ਔਰਤ ਜਦ ਬੱਚਾ ਜਨਮਦੀ ਏ
ਤਾਂ ਕਿੰਨੇ ਦਿਨ ਖ਼ੂਨ ਵਹਿੰਦਾ ਰਹਿੰਦਾ
ਓਹ ਮਸਾਂ ਤੁਰਦੀ ਏ
ਹਰ ਜੋੜ ਪੀੜ ਨਾਲ ਵਿੰਨਿਆ ਜਾਂਦਾ
ਅਸੀਂ ਕੁੜੀ ਮੁੰਡੇ ਦੇ ਚੱਕਰਾਂ 'ਚ
ਸਿਰਜਣਹਾਰੀ ਮਾਂ ਨੂੰ ਭੁੱਲ ਜਾਂਦੇ ਹਾਂ
ਤੇ ਪਰਖਦੇ ਰਹਿੰਦੇ ਹਾਂ ਲਿੰਗ ਪੁਲਿੰਗ
ਸੋਹਣਿਆ
ਸੋਹਣਿਆ ਛੱਡ ਗੁੱਸਾ
ਆ ਤੇਰੇ ਤੋਂ ਹਾਸੇ ਵਾਰ ਦਿਆ
ਹੱਸ ਤਾਂ ਸਹੀ ਇੱਕ ਵਾਰੀ
ਤੇਰੇ ਤੋਂ ਮੋਹ ਦੇ ਪਤਾਸੇ ਵਾਰ ਦਿਆ
ਤੂੰ ਗੱਲ ਕਰੇ ਕੇਹੜੀਆਂ ਜਾਇਦਾਦਾਂ ਦੀ
ਤੇਰੇ ਤੋਂ ਮੁਹੱਬਤ ਭਰੇ ਕਾਸੇ ਵਾਰ ਦਿਆ
ਚੁੱਪ ਕਰ,ਬਹਿਜਾ ਅੜਿਆ
ਲੈ ਕਰ ਲਿਆ ਜੇਰਾ
ਫੜ ਲੈ ਘੁੱਟ ਕੇ ਹੱਥ ਮੇਰਾ
ਜੋ ਸੀ ਮੇਰਾ ਸਭ, ਓਹ ਹੋਇਆ ਤੇਰਾ
ਸ਼ਿਖ਼ਰ
ਤੈਨੂੰ ਪਤਾ ਮੁਹੱਬਤ ਦਾ ਦੁਪੱਟਾ
ਹਰ ਕੋਈ ਬੁੱਕਲ ਮਾਰਨਾ ਚਾਹੁੰਦਾ
ਜੇ ਖਿਆਲਾਂ ਦੀ ਲੈਸ ਨੂੰ
ਮੋਹ ਦੇ ਫੁੰਮਣ ਲੱਗੇ ਹੋਣ
ਮੁਹੱਬਤ ਮੱਥੇ ਦੀ ਤਰੇਲੀ ਨਾ ਬਣੇ
ਬਲਕਿ ਸਕੂਨ ਦਾ ਰਾਹ ਬਣੇ
ਤਾਂ ਕਿ ਮਹਿਬੂਬ ਨੂੰ ਮੁਸਕਰਾਣ ਦੀ ਵਜ੍ਹਾ ਮਿਲੇ....
ਵੱਡੀ ਗੱਲ ਹੁੰਦੀ ਏ
ਕਿਸੇ ਦੀ ਮੁਹੱਬਤ ਬਣਨਾ
ਉਸ ਤੋਂ ਵੀ ਵੱਡੀ ਗੱਲ ਹੁੰਦੀ ਏ
ਮਹਿਬੂਬ ਦੀ ਅਖੀਰੀ ਮੁਹੱਬਤ ਬਣਨਾ
ਹੁਣ ਅਸੀਂ ਬਿਨਾਂ ਮਨਾਏ
ਪਰਤ ਆਉਂਦੇ ਹਾਂ ਇੱਕ ਦੂਸਰੇ ਵੱਲ
ਜਿਉਂ ਨਿੱਕੇ ਬੱਚੇ ਰੋਂਦੇ ਰੋਂਦੇ ਵਿਰ ਜਾਂਦੇ ਨੇ
ਕਿੰਨੀ ਸਹਿਜਤਾ ਆ ਗਈ ਏ ਸਾਡੇ ਵਿਚਕਾਰ
ਮੁਹੱਬਤ ਦਾ ਸਹਿਜਤਾ ਵੱਲ
ਜਾਣਾ ਹੀ ਸੰਪੂਰਨਤਾ ਹੁੰਦਾ ..
ਜ਼ਿੰਦਗੀ ਦਾ ਵੱਲ
ਤੇਰੇ ਮੂੰਹੋਂ ਮੈਂ ਕਦੇ ਇਹ ਨਹੀਂ ਸੁਣਿਆ
“ਕੁੜੀਆਂ ਫੇਸਬੁੱਕ ’ਤੇ ਫੋਟੋ ਨਹੀਂ ਪਾਉਂਦੀਆਂ "
ਮਹਿਬੂਬ ਹੋਣ ਤੋਂ ਪਹਿਲਾਂ
ਬਰਾਬਰਤਾ ਦੇ ਹੱਕ ਸਮਝਣ ਵਾਲਾ
ਦੋਸਤ ਬਣਨ ਲਈ ਸ਼ੁਕਰਾਨੇ ..
ਕੁਦਰਤ ਨੇ ਹਵਾ ਨੂੰ ਰੁਮਕਣਾ ਸਿਖਾਇਆ
ਤਾਹੀਂ ਹਵਾ ਝੁਕ-ਝੁਕ ਸਲਾਮਾਂ ਕਰਦੀ
ਤੂੰ ਮੈਨੂੰ ਜਿਉਣਾ ਸਿਖਾਇਆ
ਨਾਸ਼ੁਕਰੀ ਹੋ ਮੈਂ ਭਲਾ ਕਿੱਥੇ ਜਾਣਾ ??
ਤੇਰੇ ਦਰ ਤੋਂ ਕਦੇ ਊਣੀ ਨਹੀਂ ਮੁੜੀ
ਮੈਂ ਤਾਂ ਸ਼ਿੱਦਤ ਨਾਲ ਮੁਹੱਬਤ ਕੀਤੀ ਏ
ਦੂਣੀ ਹੋਣ ਦਾ ਲਾਲਚ ਕਦੇ ਨਹੀਂ ਕੀਤਾ ...
ਪਤਾ ਤੂੰ ਮੇਰੇ ਖਿਆਲਾਂ ਚ ਨੱਚਦਾ ਏ
ਅਹਿਸਾਸਾਂ ਦਾ ਸੰਗੀਤ ਤੈਨੂੰ ਵੀ
ਤਾਂ ਟਿਕਣ ਨਹੀ ਦਿੰਦਾ
ਭੋਲੀਆਂ ਅੱਖਾਂ
ਤੇਰੀਆਂ ਭੋਲੀਆਂ ਅੱਖਾਂ
ਕਦੀ ਵੀ ਝੂਠ ਨਹੀਂ ਬੋਲਦੀਆਂ
ਤੂੰ ਉਦਾਸ ਹੁੰਨਾ
ਤਾਂ ਏਹ ਦਰਦ ਨਾਲ ਭਰੀਆਂ ਹੁੰਦੀਆਂ
ਤੂੰ ਖੁਸ਼ ਹੁੰਨਾ
ਤਾਂ ਏਹ ਚਮਕਦੀਆਂ ਹੁੰਦੀਆਂ
ਕਦੇ ਕਦੇ ਤੇਰੀਆਂ ਅੱਖਾਂ ਨਾਲ
ਈਰਖਾ ਕਰਨ ਨੂੰ ਦਿਲ ਕਰਦਾ
ਕਿ ਮੈਂ ਤਾਂ ਕਈ ਵਾਰ ਚਾਅ ਕੇ ਵੀ
ਤੈਨੂੰ ਨਾ ਬੁਲਾ ਪਾਉਂਦੀ ..
ਏਹ ਬਿਨ ਬੋਲਿਆ ਹੀ ਸਭ ਬਿਆਨ ਦਿੰਦੀਆਂ
ਹਿੱਸਾ ਜ਼ਿੰਦਗੀ ਦਾ
ਨਾ ਅੱਗੇ
ਨਾ ਪਿੱਛੇ
ਮੈਨੂੰ ਤਾਂ ਚੰਗਾ ਲੱਗਦਾ
ਤੇਰੇ ਨਾਲ-ਨਾਲ
ਹੱਥਾਂ ਦੀ ਕਿੱਕਲੀ ਪਾ ਤੁਰਨਾ
ਤੇਰੇ ਨਾਮ ਦਾ ਅੱਖਰ ਹੋਣਾ
ਮਾਇਨੇ ਨਹੀਂ ਰੱਖਦਾ
ਮੈਂ ਤੇਰੀ ਜ਼ਿੰਦਗੀ ਦਾ ਹਿੱਸਾ ਹਾਂ
ਮੇਰੇ ਲਈ ਏਹੀ ਬਹੁਤ ਏ ...
ਕੁਦਰਤ ਤੇ ਤੂੰ
ਤੂੰ ਤੇ ਮੈਂ
ਜਦ ਵੀ ਕੋਲ ਹੋ ਬਹਿੰਦੇ ਹਾਂ ਤਾਂ
ਪੰਛੀ, ਫੁੱਲ, ਬੂਟੇ, ਚਿੜੀਆਂ,
ਕੀੜੀਆਂ, ਤਿੱਤਲੀਆਂ
ਸਭ ਆਪੋ ਆਪਣਾ ਕੰਮ ਛੱਡ
ਸੁਣਨ ਲੱਗ ਜਾਂਦੇ ਆਪਣੀਆਂ
ਝੱਲੀਆਂ ਗੱਲਾਂ।
ਤੇਰਾ ਮੇਰਾ ਰਿਸ਼ਤਾ ਸਵੇਰ ਵਰਗਾ ਏ
ਜੋ ਕਿੰਨੇ ਹਨੇਰਿਆਂ ਨੂੰ ਸਮੇਟਦਾ ਮੋਹ ਦੀਆਂ ਕਿਰਨਾਂ
ਤੇਰੇ ਮੇਰੇ ਮੱਥੇ ਸਜਾਉਂਦਾ ਏ
ਹਰ ਦਿਨ ਧੁੱਪ ਵਰਗੀ ਮਹੁੱਬਤ
ਅਹਿਸਾਸਾਂ ਦਾ ਪਾਣੀ ਵਾਰਦੀ ਏ
ਤੇ ਹਾਸਿਆਂ ਦੀ ਧੂੜ ਦੇ ਕਣ ਨੀਲੇ ਅੰਬਰੀਂ ਤੇਰਾ
ਤੇ ਮੇਰਾ ਨਾਂ ਕੋਲੋ ਕੋਲੀ ਲਿਖਦੇ ਨੇ
ਤਿਲਕਣ ਤੋਂ ਪਹਿਲਾਂ
ਅਚਨਚੇਤ ਮੇਲ ਹੋਏ
ਤੇਰਾ ਸਾਥ ਤਾਕਤ ਬਣਿਆ
ਜਿੱਥੇ ਵੀ ਵਖ਼ਤ ਨੇ ਰਵਾਉਣਾ ਚਾਹਿਆ
ਤੇਰੀਆਂ ਅੱਖਾਂ 'ਚ ਦਿਸਦੀ ਆਸ ਨੇ
ਮੈਨੂੰ ਘੁੱਟ ਕੇ ਫੜੀ ਰੱਖਿਆ
ਕਦੀ ਮਾਂ ਬਣ ਮੱਤਾਂ ਦਿੰਦਾ
ਕਦੀ ਬਾਪ ਬਣ ਤੇਰਾ ਹੌਂਸਲਾ ਦੇਣਾ
ਪੈਰ ਤਿਲਕਣ ਤੋਂ ਪਹਿਲਾਂ ਹੀ ਬੋਚ ਲੈਣਾ
ਜ਼ਿੰਦਗੀ ਦੀ ਬਾਤ
ਮਹਿਬੂਬ ਬਣ ਜਦ ਮਿਲਦਾ
ਘਰ ਦੇ ਫ਼ਿਕਰਾਂ ਦਾ ਗਣਿਤ ਸਲਝਾਉਂਦਾ
ਦੋ ਮੇਰੀਆਂ ਸੁਣਦਾ, ਚਾਰ ਆਵਦੀਆਂ ਸੁਣਾਉਂਦਾ
ਕਦੀ ਕਦੀ ਚੁੱਪ ਚਾਪ ਹੱਥ ਫੜ ਘੋਰਕੰਢੇ ਵਾਹੁੰਦਾ
ਅੱਖਾਂ 'ਚ ਭਰ ਸਕੂਨ, ਜ਼ਿੰਦਗੀ ਦੀ ਬਾਤ ਪਾਉਂਦਾ
ਮੁਲਾਕਾਤਾਂ
ਮੁਲਾਕਾਤਾਂ ਕੋਈ ਸਮਾਨ ਦੀ ਗੱਠੜੀ ਨਹੀਂ
ਕਿ ਇੱਕ ਵਾਰ ਇਕੱਠਾ ਕੀਤਾ
ਤੇ ਸਫ਼ਰ ਚ ਲੋੜ ਪਈ ਵਰਤ ਹੋ ਗਿਆ
ਮੁਲਾਕਾਤਾਂ ਤਾਂ ਪਾਣੀ ਵਾਂਗੂੰ ਹੁੰਦੀਆਂ
ਜਦੋਂ ਤਿਹਾ ਲੱਗਦੀ ਏ
ਓਦੋਂ ਈ ਭਾ ਉੱਠਦੀ ਏ
ਫ਼ਿਕਰਾਂ ਦਾ ਕਾਂਬਾ
ਮੁਹੱਬਤ ਦਾ ਨਿੱਘ
ਪੱਛਮ ਤੋਂ
ਕਿਤੇ ਵੱਧ ਨਿੱਘਾ ਹੁੰਦਾ
ਮੁਹੱਬਤ ਦੀਆਂ ਸਵੈਟਰਾਂ ਪਾਉਣ ਵਾਲੇ
ਕਦੇ ਵੀ ਫ਼ਿਕਰਾਂ ਦਾ ਕਾਂਬਾ ਨਹੀਂ ਮੰਨਦੇ ...
ਪਰਸ਼ਾਦ
ਰਿਸ਼ਤੇ ਪਰਸ਼ਾਦ ਵਰਗੇ ਹੁੰਦੇ ਨੇ
ਭੁੰਜੇ ਵੀ ਡਿੱਗ ਪੈਣ
ਤਾਂ ਚੁੱਕਣ ਤੋਂ ਗੁਰੇਜ ਨਾ ਕਰੋ
ਪਰਸ਼ਾਦ ਕਦੀ ਭਿੱਟਿਆ ਨਹੀਂ ਜਾਂਦਾ
ਅਸੱਭਿਅਕ
ਚੱਲ ਅਸੱਭਿਅਕ ਹੁੰਨੇ ਆ
ਮਿਲਦੇ ਹਾਂ ਕਿਸੇ ਦਿਨ
ਆਹਮੋ-ਸਾਹਮਣੇ ਬੈਠਾਂਗੇ
ਗੱਲਾਂ ਕਰਾਂਗੇ ਤੇ ਚਾਹ ਦੇ ਕੱਪ ਪੀਵਾਂਗੇ
ਤੇ ਫਿਰ ਆਪੋ ਆਪਣੇ ਘਰਾਂ ਨੂੰ ਪਰਤ ਆਵਾਂਗੇ
ਪਰ ਤੂੰ ਫੜੇ ਜਾਣ ਦਾ ਡਰ ਘਰ ਛੱਡ ਕੇ ਆਈ…
ਰੰਗ ਮੋਹਾਂ ਵਾਲੇ
ਲਲਾਰੀ ਬਣਿਆ ਰਹੀ ਸੱਜਣਾ ਵੇ
ਜ਼ਿੰਦਗੀ ਦੇ ਰੰਗ ਤੇਰੇ ਨਾਲ ਹੀ ਗੂੜੇ ਵੇ
ਫਿੱਟਣ ਨਾ ਦੇਈ ਏਹ ਰੰਗ ਮੋਹਾਂ ਵਾਲੇ
ਅਸੀਂ ਤੇਰੇ ਨਾਲ ਹੁੰਨੇ ਆ ਪੂਰੇ ਵੇ
ਰੰਗ ਮੋਹ ਵਾਲਾ ਕਦੇ ਲੱਥੇ ਨਾ
ਵਿਹੁ ਮਾਤਾ ਲਿਖ ਲੇਖ ਐਨੇ ਚੰਗੇ
ਇਹ ਕਿਸਮਤ ਤਾੜੀ ਮਾਰ ਸਾਡੇ ਤੇ ਹੱਸੇ ਨਾ
ਠਹਿਰਾਵ
ਤੂੰ ਮਿਲਿਆ ਤਾਂ
ਜ਼ਿੰਦਗੀ ਠਹਿਰਾਵ 'ਚ ਆ ਗਈ
ਕੁਛ ਪਾਉਣ, ਗਵਾਉਣ ਇੱਛਾ ਮੁੱਕ ਗਈ
ਹੋਰ ਭਲਾਂ ਕੀ ਚਾਹੀਦਾ ਹੁੰਦਾ ਮਾਨਸ ਦੇਹ ਨੂੰ ?
ਸੱਚ
ਕੁੜੀਆਂ ਜਦ ਮੁਹੱਬਤ ਵਾਲੀਆਂ
ਕਵਿਤਾਵਾਂ ਬਣਨ ਲੱਗਦੀਆਂ
ਤਾਂ ਮਾਪੇ ਕਿਤਾਬਾਂ ਪੜਨੀਆਂ ਬੰਦ ਕਰ ਦਿੰਦੇ ਨੇ
ਰੱਬ ਦੀ ਹੋਂਦ
ਓਹ ਮੇਰੇ ਸਹਾਰੇ ਬੈਠਾ ਏ
ਤੇ ਮੈਂ ਰੱਬ ਸਹਾਰੇ ਬੈਠੀ ਹਾਂ
ਓਹ ਬੇਸ਼ੱਕ ਨਾਸਤਿਕ ਏ
ਪਰ ਵਿੰਗ ਵਲ ਪਾ ਕੇ ਹੀ ਸਹੀ
ਓਹ ਰੱਬ ਦੀ ਹੋਂਦ ਨੂੰ ਮੰਨਦਾ ਤਾਂ ਹੈ
ਅਣਸੁਣਿਆਂ ਸੱਚ
ਓਹਨੇ ਇੱਕ ਵਾਰ ਕਿਹਾ ਸੀ,
“ਸੁਣ, ਤੂੰ ਮੇਰੀ ਏ.... "
ਓਹ ਕਮਲੀ ਨੇ ਝੱਟ ਮੰਨ ਲਿਆ ਸੀ
ਤੇ ਹੁਣ ਉਹ ਹਜ਼ਾਰ ਵਾਰ ਕਹਿ ਚੁੱਕਾ,
"ਮੈਂ ਤੇਰਾ ਨਹੀਂ ਹਾਂ…”
ਓਹ ਝੱਲੀ ਹੁਣ ਸੁਣ ਕੇ ਵੀ ਅਣਸੁਣਿਆ ਕਰ
ਦਿੰਦੀ ਏ...
ਸਾਕ
ਤੇਰੇ ਉੱਤੋਂ ਕੁਰਬਾਨ ਜਿੰਦ ਮਾਹੀਆ,
ਗੁੱਸਾ ਕਾਹਨੂੰ ਵਿਖਾਵੇ,
ਤੇਰੇ ਬਿਨਾਂ ਸਰਦਾ ਨਾ ਬਿੰਦ ਮਾਹੀਆ
ਰੂਹ ਨੂੰ ਰੂਹ ਦੀ ਹਾਕ ਜੁੜੇ
ਧੰਨ ਹੋਜਾਂ ਜੇ ਤੇਰਾ ਸਾਕ ਜੁੜੇ।
ਚਾਹ ਦਾ ਕੱਪ
ਜੇ ਮੇਰੀਆਂ ਦੋਸਤ ਕੁੜੀਆਂ ਦਾ ਮੇਰੇ ਨਾਲ ਬੈਠ
ਮੇਰਾ ਹੱਥ ਫੜ ਗੱਲ ਕਰਨਾ ਸੱਭਿਅਕ ਏ...
ਤਾਂ ਫਿਰ 4 ਫੁੱਟ ਦੀ ਦੂਰੀ ਤੇ ਬੈਠ ਤੇਰਾ ਮੇਰੇ ਨਾਲ
ਚਾਹ ਦਾ ਕੱਪ ਪੀਣਾ ਅਸੱਭਿਅਕ ਕਿਵੇਂ
ਹੋਇਆ
ਹਾਰਨਾ ਜਿੱਤਣਾ
ਜਿਸਨੇ ਮੁਹੱਬਤ ਕੀਤੀ ਹੋਵੇ
ਉਸ ਲਈ ਹਾਰਨਾ ਜਿੱਤਣਾ ਮਾਇਨੇ ਨਹੀਂ ਰੱਖਦਾ
ਠਰਕ ਭੋਰਨ ਤੇ ਮੁਹੱਬਤ ਜਿਊਣ
'ਚ ਫ਼ਰਕ ਤਾਂ ਹੁੰਦਾ...
ਅਗਲੇ ਜਨਮ ਮਿਲਾਂਗੇ ਨਾ ਆਪਾਂ ?
ਇੰਝ ਹੀ ਜੀਵਾਂਗੇ
ਹੱਸਾਂਗੇ, ਖੇਡਾਂਗੇ, ਨੱਚਾਂਗੇ
ਵਾਲ ਚਿੱਟੇ ਬੇਸ਼ੱਕ ਹੋ ਜਾਣ
ਚਿਹਰੇ 'ਤੇ ਚਾਹੇ ਕਿੰਨੀਆਂ ਝੁਰੜੀਆਂ ਪੈ ਜਾਣ
ਪਰ ਮਨ ਤੋਂ ਕਦੇ ਨਾ ਬੁੱਢੇ ਹੋਵਾਂਗੇ
ਤੂੰ ਮਿਲਣ ਦੀ ਆਸ ਬਰਕਰਾਰ ਰੱਖੀ ...
ਸਮਾਜ
ਤੈਨੂੰ ਪਤਾ
ਉਦੋਂ ਕੰਧਾਂ ਦੇ ਵੀ ਕੰਨ ਲੱਗ ਜਾਂਦੇ ਨੇ
ਜਦੋਂ ਤੂੰ ਮੇਰੇ ਕੰਨ 'ਚ ਕੁਛ ਆਖਦਾ
ਕਾਸ਼ ਇਹ ਕੰਧਾਂ ਬੋਲੀਆਂ ਹੁੰਦੀਆਂ
ਜਾਂ ਫਿਰ ਆਪਾਂ ਗੂੰਗੇ ਹੁੰਦੇ
ਮੇਰਾ ਬਾਪ
ਮੁੜਕੇ ਨਾਲ ਭਿੱਜੀ ਢੂਈ,ਪਾਟੀਆਂ ਅੱਡੀਆਂ
ਸਖ਼ਤ ਖਰਦਰੇ ਹੱਥ, ਧੂੜ ਨਾਲ ਭਰੀ ਦਾੜੀ
ਤੇ ਫਸਲ ਵੇਲੇ ਚੇਹਰੇ ਤੇ ਆਉਂਦੀ ਮੁਸਕਰਾਹਟ
ਮੈਨੂੰ ਮੇਰਾ ਬਾਪ ਇੰਝ ਹੀ ਚੰਗਾ ਲੱਗਦਾ
ਛੋਟੀਆਂ ਵੱਡੀਆਂ ਗੱਲਾਂ
ਮੇਰੇ ਹਿੱਸੇ ਤੇਰਾ ਆਉਣਾ
ਕੋਈ ਛੋਟੀ ਗੱਲ ਤਾਂ ਨਹੀਂ
ਤੇ ਤੇਰੇ ਹਿੱਸੇ ਮੇਰੀ ਮਾਂ ਦਾ ਪਿਆਰ ਆਉਣਾ
ਇਹ ਵੀ ਤਾਂ ਬਹੁਤ ਵੱਡੀ ਗੱਲ ਹੋਊਗੀ
ਚੀਸ
ਮਾਂ ਕਦੇ ਸ਼ਿਕਵਾ ਨਹੀਂ ਕਰਦੀ
ਕਿ ਮੇਰੇ ਪੈਰਾਂ 'ਚ ਚੀਸਾਂ ਪੈਂਦੀਆਂ
ਜਦ ਇੰਝ ਆਵਦੇ ਪੈਰ ਮੰਡਣ ਲੱਗ ਜਾਂਦੀਏ
ਤਾਂ ਮੇਰੇ ਦਿਲ 'ਚੋਂ ਅਕਸਰ ਚੀਸ ਨਿਕਲ ਦੀਏ
ਕਿੰਨਾ ਕੁਛ ਅੰਦਰ ਵੱਲ ਹੀ
ਹੂੰਜਰੀ ਰੱਖਦੀਆਂ ਮਾਵਾਂ...
ਖਿਆਲ
ਓਹ ਆਖਦਾ,
"ਖਿਆਲ ਰੱਖਿਆ ਕਰ ਮੇਰਾ"
ਮੈਂ ਕਿਹਾ, "ਕਿਵੇਂ?"
ਠੰਡਾ ਸਾਹ ਭਰ ਕਹਿੰਦਾ,
"ਐਂਵੇ ਨਾ ਉਦਾਸ ਹੋਇਆ ਕਰ"
ਪਿਆਰ ਨਿਸ਼ਾਨੀ
ਜਦ ਓਹ ਮਿਲੇ
ਤਾਂ ਓਹ ਉਂਗਲ 'ਚੋ ਮੁੰਦਰੀ ਖਿਸਕਾ ਕੇ ਬੋਲੀ,
"ਲੈ ਦੇਖੀ ਮੁੰਦਰੀ ਦਾ ਦਾਗ਼ ਪੈ ਗਿਆ "
ਤਾਂ ਓਹ ਆਵਦੇ ਹੱਥਾਂ ਦੀ ਕਿੱਕਲੀ ਖੋਲਦੈ
ਤੇ ਮੁੰਦਰੀ ਨੂੰ ਉਂਗਲ 'ਚੋ ਖਿਸਕਾਉਂਦਾ
ਕਹਿੰਦੈ,
"ਹਮਮ, ਨਿਸ਼ਾਨ ਤਾਂ ਮੇਰੇ ਵੀ ਪਿਆਰ
ਨਿਸ਼ਾਨੀ ਦਾ ਪੈ ਗਿਐ
ਬੱਸ ਏਹੀ ਫ਼ਰਕ ਸੀ ਓਨਾਂ ਦੋਨਾਂ 'ਚ
ਪੁੰਨ ਦਾ ਕੰਮ
ਮੈਂ ਉਹਨੂੰ ਆਖਿਆ,
"ਕੋਈ ਪੁੰਨ ਦਾ ਕੰਮ ਕਰਿਆ ਕਰ"
ਓਹਨੇ ਮੇਰੇ ਪੈਰੀਂ ਹੱਥ ਲਾ ਦਿੱਤੇ
ਓਹ ਕੁੜੀ
ਮੁਹੱਬਤ ਪੜ੍ਹਦੀ
ਮੁਹੱਬਤ ਸੁਣਦੀ
ਮੁਹੱਬਤ ਬੁਣਦੀ
ਮੁਹੱਬਤ ਮੁਹੱਬਤ ਕਰਦੀ
ਓਹ ਕੁੜੀ ਰੋਜ਼ ਮੁਹੱਬਤ ਕਵਿਤਾਵਾਂ ਲਿਖਦੀ
ਨਜ਼ਰੀਆ
ਵੈਸਟਰਨ ਤੇ ਤੰਗ ਕੱਪੜੇ
ਪਹਿਨਣ ਵਾਲੀਆਂ ਔਰਤਾਂ ਨੂੰ ਟੋਕਣ ਵਾਲਿਓ!
ਕਿਉਂ ਨਹੀਂ ਤੁਸੀਂ ਮਰਦ ਦੀ ਨਜ਼ਰ ਨੂੰ ਟੋਕਦੇ
ਜੋ ਅੱਖਾਂ ਨਾਲ ਛਾਤੀਆਂ ਤੇ ਲੱਕ ਮਿਣਦੇ ਨੇ
ਕਿਉਂ ਏਸ ਨਜ਼ਰ ਨੂੰ
ਮਰਦਾਊਪੁਣੇ ਦਾ ਨਾਮ ਦਿੰਦੇ ਹੋ
ਹਮਸਫ਼ਰ ਦਾ ਬਚਪਨ
ਨੈਣ ਨਕਸ਼ ਜਮ੍ਹਾ ਹੀ
ਪੁੱਤ ਦੇ ਆਵਦੇ ਪਿਉ ਤੇ ਗਏ ਸੀ
ਮੋਟੀਆਂ ਅੱਖਾਂ, ਤਿੱਖਾ ਨੱਕ, ਸੋਹਣੀ ਠੋਡੀ
ਤੇ ਪਿੱਦਾ ਜਾ ਬੋਲਦਾ ਵੀ ਆਵਦੇ ਪਿਉ ਵਾਂਗ ਸੀ
ਓਹ ਪੁੱਤ ਨਹੀਂ ਸਗੋਂ ਆਵਦੇ
ਹਮਸਫ਼ਰ ਦੇ ਬਚਪਨ ਨੂੰ
ਮਾਂ ਬਣ ਹੰਢਾ ਰਹੀ ਸੀ
ਨਸੀਬ
ਜੇ ਧੁਰ ਲਿਖੀਆਂ ਹੀ ਮੰਨਦੀ ਏ
ਤਾਂ ਕਿਉਂ ਸੀ ਨੇੜੇ ਆਉਣਾ ਨੀ
ਜੇ ਇੱਜ਼ਤਾਂ ਦੀ ਸੀ ਫ਼ਿਕਰ ਤੈਨੂੰ
ਫਿਰ ਹੱਥ ਨਹੀਂ ਸੀ ਫੜਾਉਣਾ ਤੂੰ
ਜੇ ਫਾਸਲੇ ਮਿਣਨੇ ਰੂਹ ਦੇ
ਫੇਰ ਕਿੰਜ ਮੈਂ ਤੇਰੇ ਕਰੀਬ ਹਾਂ
ਸ਼ਰਤਾਂ 'ਤੇ ਤੂੰ ਕਰਦੀ ਏ ਮੁਹੱਬਤਾਂ
ਫਿਰ ਦੱਸ ਕਿੰਜ ਤੇਰਾ ਨਸੀਬ ਹਾਂ
ਵਿਸਵਾਸ
ਮੈਂ ਤਾਂ ਸੁਪਨਿਆਂ ਦੀ ਚਾਦਰ ਬੁਣ
ਆਖਰ 'ਚ ਬਚਦਾ ਧਾਗਾ
ਤੇਰੇ ਹੱਥ ਫੜਾ ਦਿੱਤਾ ਸੀ
ਸੁਣ, ਡੋਲਣ ਨਾ ਦੇਈ ਵਿਸ਼ਵਾਸ ਮੇਰਾ
ਰੀਝ ਨਾਲ ਬੁਣਿਆ ਕੁਛ
ਉਧੜਣਾ ਦੇਖਣਾ ਭਲਾ ਕੌਣ ਚਾਹੁੰਦਾ?
****
ਜੇ ਇੱਕ ਨੂੰ ਜਿਉਣ ਦਾ ਚਾਅ ਹੋਵੇ ਤੇ
ਦੂਜੇ ਨੂੰ ਉਹਨੂੰ ਰੀਝ ਲਾ ਤੱਕਣ ਦਾ
ਤਾਂ ਦੋਨੇਂ ਅਮਰ ਹੋ ਜਾਂਦੇ ਨੇ
****
ਦੁਆ ਕਰੀਂ ਕਿ
ਆਪਾਂ ਇੱਕ ਦੂਸਰੇ ਲਈ ਦਵਾ ਬਣੇ ਰਹੀਏ
ਓਹਨੇ ਆਖਿਆ, "ਰੱਬ ਕਿਹੋ ਜਿਹਾ ਹੁੰਦਾ ਹੋਊ"
ਮੈਂ ਓਹਦੇ ਵੱਲ ਦੇਖ ਨਜ਼ਰਾਂ ਝੁਕਾ ਲਈਆਂ
****
ਅੰਦਰਲਾ ਮਾਸੂਮ ਜੁਆਕ ਰੁੱਸਿਆ ਬੈਠਾ
ਚੀਜ਼ੀ ਦਿਵਾਉਣ ਜੇਹਾ ਕੋਈ ਲਾਰਾ ਭਾਲਦਾ ..
****
ਓਹ ਕਦੇ ਕਦੇ ਹੱਸਦਾ
ਪਰ ਜਦ ਵੀ ਹੱਸਦਾ
ਮੇਰੇ ਮਨ ਨੂੰ ਬਲਾਂ ਜੱਚਦਾ
****
ਫੁੱਲਾਂ ਵਰਗੇ ਰਿਸ਼ਤੇ
ਸਾਂਭ ਲਏ ਅਸਾਂ,
ਲਾਹ ਦਿੱਤਾ ਬੋਝ ਅੱਜ ਅਸਾਂ
ਫੁੱਲਾਂ ਤੋਂ ਹੌਲਿਆਂ ਦਾ....
ਤੇਰੇ ਦਿੱਤੇ ਅਹਿਸਾਸ ਜਿਉਣ ਲਈ
ਏਹ ਉਮਰ ਥੋੜੀ ਲਗਦੀ ਏ
****
ਸਦੀਆਂ ਦਾ ਸਰਾਪ ਲੱਗਦਾ
ਜੇ ਧੀ ਪੁੱਤ ਕਰਕੇ
ਮਾਂ ਰੋਵੇ
****