ਆਸ
ਓਹ ਬੈਠੀ ਬੱਸ ਦੀ ਬਾਰੀ 'ਚੋ
ਬਾਹਰ ਭੱਜਦੇ ਖੇਤਾਂ, ਦਰੱਖਤਾਂ ਨੂੰ ਦੇਖਦੀ
ਮਾਹੀ ਦੇ ਖਿਆਲਾਂ ਨੂੰ ਬੁਣ ਰਹੀ
ਅਚਾਨਕ ਬੱਸ ਬਰੇਕ ਵੱਜੇ
ਧਿਆਨ ਟੁੱਟਿਆ
ਖਿਆਲਾਂ ਦਾ ਗੋਲਾ ਹੱਥੋਂ ਛੁੱਟ ਗਿਆ
ਕਿੰਨੇ ਸਾਰੇ ਚੇਹਰੇ ਉਹਨੂੰ ਘੂਰ ਰਹੇ ਸੀ
ਓਹਨੇ ਦੇਖਿਆ ਮੋਢੇ ਤੋਂ
ਦੁਪੱਟਾ ਖਿਸਕ ਗਿਆ ਸੀ
ਓਹ ਜਲਦੀ ਨਾਲ ਦੁਪੱਟਾ ਠੀਕ ਕਰ
ਸਮਾਜ ਤੋਂ ਡਰਦੀ ਨੀਵੀਂ ਪਾ ਕੇ ਬੈਠ ਗਈ
ਸੱਚੀਂ ਬਹੁਤ ਬੁਰਾ ਹੁੰਦਾ ਸਮਾਜ ਦੇ ਡਰੋਂ
ਖ਼ਿਆਲਾਂ ਦੀਆਂ ਸਿਲਾਈਆਂ ਨੂੰ ਨਫ਼ਰਤ ਕਰਨਾ
ਤੇ ਉਧੇੜ ਦੇਣਾ ਬੁਣਿਆ ਅੱਧਾ ਸਵੈਟਰ