ਉਥਾਨਕਾ
ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਸੰਪਾਦਨ ਸਮੇਂ ਸੰਨ 1926 ਤੋਂ 1936 ਈ: ਤਕ, ਸਾਡੀ ਇਹ ਤੀਬ੍ਰ ਢੂੰਡ ਰਹੀ ਕਿ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਪੁਰਾਣੇ ਤੋਂ ਪੁਰਾਣਾ ਲਿਖਤੀ ਨੁਸਖਾ, ਯਾ ਕਵੀ ਜੀ ਦਾ ਲਿਖਤੀ ਅਸਲ ਗ੍ਰੰਥ ਮਿਲੇ, ਤਥਾ ਕਵੀ ਜੀ ਦੀ ਜੀਵਨੀ ਦੇ ਸਵਿਸਥਾਰ ਹਾਲਾਤ ਮਿਲਨ ਤੇ ਫਿਰ ਓਹ ਗ੍ਰੰਥ ਬੀ ਪ੍ਰਾਪਤ ਹੋਣ ਜੋ ਇਸ ਅਮੋਲਕ ਗੁਰ ਇਤਿਹਾਸ ਦਾ ਸੋਮਾਂ ਹਨ ਯਾ ਜਿਨ੍ਹਾਂ ਤੋਂ ਕਵੀ ਜੀ ਨੇ ਆਪਣੇ ਗ੍ਰੰਥ ਰਚਨ ਸਮੇਂ ਲਾਭ ਉਠਾਇਆ ਹੈ। ਇਸ ਢੂੰਡ ਤੇ ਖੋਜ ਵਿਚ ਚੋਖਾ ਸਮਾਂ ਖਰਚ ਹੋਇਆ ਤੇ ਜੋ ਕੁਝ ਤਲਾਸ਼ ਵਿਚ ਸਫਲਤਾ ਹੋਈ ਓਹ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਸਤਾਵਨਾਂ ਤੋਂ ਸਪਸ਼ਟ ਹੋ ਜਾਂਦੀ ਹੈ:
ਇਸ ਗੁਰ ਇਤਿਹਾਸ ਦੇ ਸੋਮਿਆਂ ਦੀ ਢੂੰਡ ਦੇ ਸੰਬੰਧ ਵਿਚ ਗੁਰ ਇਤਿਹਾਸ ਦੇ ਜੋ ਪੁਰਾਤਨ ਗ੍ਰੰਥ ਲੱਭੇ ਜਾ ਸਕੇ ਉਨ੍ਹਾਂ ਦਾ ਵੇਰਵਾ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਸਤਾਵਨਾ 'ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਸੋਮੇਂ ਦੇ ਸਿਰਲੇਖ ਥੱਲੇ ਦਿੱਤਾ ਹੋਇਆ ਹੈ; ਜਿਸ ਵਿਚ ਪ੍ਰਾਚੀਨ ਗ੍ਰੰਥਾਂ ਦੇ ਮਸਾਲੇ ਨੂੰ ਗੁ: ਪ੍ਰ: ਸੂਰਜ ਦੀ ਰਚਨਾਂ ਨਾਲ ਮੇਲ ਮੇਲ ਕੇ, ਟਾਕਰੇ ਕਰ ਕਰ ਕੇ ਤੇ ਇਹ ਨਿਸਚੇ ਕਰ ਕਰਕੇ ਕਿ ਅਮਕੀ ਪੁਸਤਕ ਵੀ ਗ੍ਰੰਥ ਰਚਨਾ ਸਮੇਂ ਕਵੀ ਜੀ ਦੇ ਪਾਸ ਮੌਜੂਦ ਸੀ, ਨਿਤਾਰਿਆ ਤੇ ਉਨ੍ਹਾਂ ਦੀ ਸੂਚੀ ਸੰਖੇਪ ਨੋਟਾਂ ਨਾਲ ਓਥੇ ਦੇ ਦਿੱਤੀ ਗਈ।
ਉਨ੍ਹਾਂ ਸੋਮਿਆਂ ਵਿਚੋਂ ਇਕ ਪੁਸਤਕ ਇਹ ਬੀ ਸੀ, ਜੋ ਇਸ ਵੇਲੇ ਆਪ ਦੇ ਕਰ ਕਵਲਾਂ ਵਿਚ ਹੈ। ਇਸ ਵਿਚ ਨੌਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਜੀ ਦੇ ਮਾਲਵੇ ਦੇ ਸਫਰਾਂ ਦੀਆਂ ਛੋਟੀਆਂ ਛੋਟੀਆਂ ਸਾਖੀਆਂ ਹਨ ਤੇ ਕਵੀ ਸੰਤੋਖ ਸਿੰਘ ਜੀ ਨੇ ਇਸ ਪੁਸਤਕ ਦੀਆਂ ਇਨ੍ਹਾਂ ਸਾਖੀਆਂ ਨੂੰ ਆਪਣੇ ਗ੍ਰੰਥ, ਗੁਰ ਪ੍ਰਤਾਪ ਸੂਰਜ ਦੀ ਰਾਸ ੧੧ ਤੇ ਐਨ ੧ ਵਿਚ ਆਪਣੀ ਕਾਵ੍ਯ ਰਚਨਾਂ ਵਿਚ ਵਾਰਤਕ ਤੋਂ ਕਵਿਤਾ ਵਿਚ ਉਲਥਾਯਾ ਹੈ।
ਸਫਰਾਂ ਦੀ ਸਾਖੀ ਪੋਥੀ ਤੇ ਸਰ ਅਤਰ ਸਿੰਘ
ਇਹ ਪੋਥੀ ਅਪਣੇ ਅਸਲੀ ਗੁਰਮੁਖੀ ਰੂਪ ਵਿਚ ਤਾਂ ਹੁਣ ਹੀ ਪਹਿਲੀ ਵੇਰ ਛਾਪੇ ਦਾ ਜਾਮਾਂ ਪਹਿਨ ਰਹੀ ਹੈ, ਪਰ ਇਸ ਦਾ ਅੰਗਰੇਜ਼ੀ ਤਰਜੁਮਾਂ ਅਜ ਤੋਂ ਲਗ ਪਗ ਪਉਣੀ ਸਦੀ ਪਹਿਲੇ ਛਪ ਗਿਆ ਸੀ। ਸਰ ਸਰਦਾਰ ਅਤਰ ਸਿੰਘ ਜੀ ਰਈਸ ਭਦੌੜ ਨੂੰ ਅਪਣੇ ਸਮੇਂ ਇਹ ਪੋਥੀ ਮਿਲੀ ਤੇ ਉਨ੍ਹਾਂ ਨੇ ਇਸ ਦਾ ਅੰਗ੍ਰੇਜ਼ੀ ਤਰਜੁਮਾਂ ਕੀਤਾ ਤੇ 1876 ਈ: ਦੇ ਜਨਵਰੀ ਦੇ ਮਹੀਨੇ ਲਾਹੌਰ ਦੇ 'ਇੰਡੀਅਨ ਪਬਲਿਕ ਉਪੀਨੀਅਨ ਪ੍ਰੈਸ ਵਿਚ ਛਪਵਾਇਆ ਤੇ ਇਸ ਦਾ ਨਾਮ ਰਖਿਆ:-
The Travels of Guru Teg Bahadur and Guru Gobind Singh
ਇਹ ਅੰਗਰੇਜ਼ੀ ਪੋਥੀ ਬੀ ਇਸ ਵੇਲੇ ਦੁਰਲਭ ਹੋ ਰਹੀ ਹੈ, ਪਰ ਸਾਡੇ ਪਾਸ ਇਸ ਦੀ ਇਕ ਕਾਪੀ ਗੁ: ਪ੍ਰ: ਸੂ: ਗ੍ਰੰ: ਦੇ ਸੰਪਾਦਨ ਵੇਲੇ ਮੌਜੂਦ ਹੈਸੀ।
ਸਾਨੂੰ ਅਸਲ ਗੁਰਮੁਖੀ ਪੋਥੀ ਕਿਥੋਂ ਮਿਲੀ
ਇਸ ਪੋਥੀ ਦਾ ਅੰਗ੍ਰੇਜ਼ੀ ਤਰਜੁਮਾ ਸਰ ਸਰਦਾਰ ਅਤਰ ਸਿੰਘ ਜੀ ਵਾਲਾ ਭਾਵੇਂ ਸਾਡੇ ਪਾਸ ਮੌਜੂਦ ਸੀ ਤੇ ਗੁ: ਪ੍ਰ: ਸੂ: ਗ੍ਰੰਥ ਦੇ ਪ੍ਰਕਾਸ਼ਨ ਸਮੇਂ ਉਸ ਤਰਜੁਮੇ ਤੋਂ ਇਹ ਤਾਂ ਸ਼ੱਕ ਪੈਂਦਾ ਸੀ ਕਿ ਇਸ ਅੰਗ੍ਰੇਜੀ ਪੋਥੀ ਦਾ ਅਸਲ ਗੁਰਮੁਖੀ ਨੁਸਖਾ ਗੁ: ਪ੍ਰ: ਸੂ: ਗ੍ਰੰਥ ਦੀ ਰਚਨਾ ਸਮੇਂ ਕਵੀ ਜੀ ਪਾਸ ਜ਼ਰੂਰ ਹੈਸੀ ਪਰ ਜੋ ਲਾਭ ਤੇ ਟਾਕਰੇ ਦਾ ਸੱਖ ਅਸਲ ਗੁਰਮੁਖੀ ਪੋਥੀ ਤੋਂ ਹੋ ਸਕਦਾ ਸੀ ਓਹ ਅੰਗ੍ਰੇਜ਼ੀ ਤਰਜਮੇ ਤੋਂ ਸੰਭਵ ਨਹੀਂ ਸੀ, ਸੋ ਅਸਲ ਪੇਥੀ ਦੀ ਢੂੰਡ ਜਾਰੀ ਰਹੀ। ਤੇ ਉਨ੍ਹਾਂ ਦਿਨਾਂ ਵਿਚ ਹੀ ਸ੍ਰੀਮਾਨ ਭਾਈ ਸਾਹਿਬ ਸਿੰਘ ਜੀ ਗਯਾਨੀ ਧਮਧਾਣ ਸਾਹਿਬ ਵਾਲੇ ਸ੍ਰੀ ਅੰਮ੍ਰਿਤਸਰ ਤਸ਼ਰੀਫ ਲਿਆਏ, ਉਨ੍ਹਾਂ ਨੇ ਸਾਡੀ ਇਹ ਖਾਹਸ਼ ਲਖਕੇ ਇਸ ਪੁਸਤਕ ਦੀ ਮਾਲਵੇ ਵਿਚ ਢੂੰਡ ਕਰਨ ਦਾ ਭਰੋਸਾ ਦਿਵਾਇਆ ਤੇ ਇਸ ਉਦਮ ਵਿਚ ਓਹ ਛੇਤੀ ਹੀ ਕਾਮਯਾਬ ਹੋ ਗਏ ਤੇ ਸੰ: 1935 ਦੇ ਸ਼ੁਰੂ ਵਿਚ ਹੀ ਓਹ ਇਸ ਪੋਥੀ ਦਾ ਇਕ ਪੁਰਾਤਨ ਕਲਮੀ ਨੁਸਖਾ ਸਾਡੇ ਪਾਸ ਸ੍ਰੀ ਅੰਮ੍ਰਿਤਸਰ ਲੈ ਆਏ। ਇਹ ਪੁਸਤਕ ਓਹ ਮਾਂਗਵੀਂ ਲਿਆਏ ਸਨ, ਇਸ ਲਈ ਅਸਾਂ ਉਸ ਦਾ ਉਤਾਰਾ ਝਟ ਪਟ ਹੀ ਕਰ ਲਿਆ
ਸਾਨੂੰ ਜਦ ਇਹ ਪੋਥੀ ਮਿਲੀ ਹੈ ਤਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਐਡੀਸ਼ਨ ਛਪਕੇ ਤਿਆਰ ਹੋ ਚੁੱਕੀ ਸੀ ਤੇ ਦੂਸਰੀ ਐਡੀਸ਼ਨ ਦੀ ਛਪਾਈ ਸ਼ੁਰੂ ਸੀ। ਜੋ ਛਪਾਈ ਕਿ 1936 ਈ: ਦੇ ਅਖੀਰ ਸਮਾਪਤੀ ਨੂੰ ਪੁੱਜੀ। ਇਸ ਲਈ ਪਹਿਲੀ ਐਡੀਸ਼ਨ ਵਿਚ ਇਹ ਪੋਥੀ ਤੋਂ ਲੋੜੀਂਦਾ ਲਾਭ ਨਹੀਂ ਲਿਆ ਜਾ ਸਕਿਆ ਪਰ ਦੂਜੀ ਐਡੀਸ਼ਨ ਦੇ ਪ੍ਰਕਾਸਨ ਸਮੇਂ ਇਸ ਪੋਥੀ ਦੀਆਂ ਸਾਖੀਆਂ ਨੂੰ ਗੁਰਪ੍ਰਤਾਪ ਸੂਰਜ ਦੀਆਂ ਸਾਖੀਆਂ ਨਾਲ ਮੇਲ ਮੇਲ ਕੇ ਟਾਕਰਾ ਕੀਤਾ ਗਿਆ ਤੇ ਜੋ ਸਾਖੀਆਂ ਸਹੀ ਹੋਈਆਂ ਕਿ ਕਵੀ ਜੀ ਨੇ ਇਸ ਪੋਥੀ ਤੋਂ ਲੈਕੇ ਹੀ ਅਪਣੀ ਕਵਿਤਾ ਵਿਚ ਉਲਥਾਈਆਂ ਹਨ, ਉਨ੍ਹਾਂ ਦਾ ਪਤਾ ਕਵੀ ਜੀ ਦੀ ਰਚਨਾਂ ਦੇ ਹੇਠ ਟੂਕਾਂ ਵਿਚ ਥਾਂ ਪਰ ਥਾਂ ਦੇ ਦਿੱਤਾ ਗਿਆ। ਤੇ ਪ੍ਰਸਤਾਵਨਾਂ ਵਿਚ ਜਿਥੇ ਗੁ: ਪ੍ਰ: ਸੂ: ਗ੍ਰੰਥ ਦੇ ਸੋਮਿਆਂ ਦੀ ਸੂਚੀ ਦਿੱਤੀ ਹੈ ਉਸ ਵਿਚ ਇਸਦਾ ਨਾਮ ਸੰਖਿਪਤ ਟੂਕ ਦੇਕੇ ਵਧਾ ਦਿੱਤਾ ਗਿਆ। ਜੋ ਟੂਕ ਪ੍ਰਸਤਾਵਨਾ ਵਿਚ ਛਪੀ ਹੈ ਉਸਦਾ ਉਤਾਰਾ ਇਹ ਹੈ:-
"ਸਾਖੀਆਂ ਵਾਲੀ ਪੋਥੀ— ਇਸ ਵਿਚ ਨੌਵੇਂ ਅਤੇ ਦਸਵੇਂ ਸਤਿਗੁਰੂ ਜੀ ਦੇ ਮਾਲਵੇ ਦੇ ਸਫਰ ਦੀਆਂ ਸਾਖੀਆਂ ਹਨ, ਰਚਨਾਂ ਮਾਲਵੇ ਦੀ ਹੀ ਹੈ, 'ਸੀ' ਦੀ ਥਾਵੇਂ ‘ਥੀ', 'ਲਾਗੇ' ਯਾ ਨੇੜੇ' ਦੀ ਥਾਂ ‘ਲਾਉਣੇ' ਤੇ 'ਬ' 'ਵ' ਦੀ ਥਾਵੇਂ ਬਹੁਤ ਵਰਤਿਆ ਹੋਇਆ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਪਦ ਇਸ ਨੂੰ ਮਾਲਵੇ ਦੀ ਚੀਜ਼ ਹੀ ਸਿਧ ਕਰਦੇ ਹਨ ਗੁਰੂ ਸਾਹਿਬਾਂ ਦੇ ਮੁਕੰਮਲ ਸਫਰ ਇਸ ਵਿਚ ਨਹੀਂ ਹਨ, ਕੇਵਲ ਰਿਆਸਤ ਪਟਯਾਲਾ, ਜ਼ਿਲਾ ਕਰਨਾਲ ਲਾਗ ਦੇ ਗੁਰ ਅਸਥਾਨਾਂ ਦੀਆਂ ਸਾਖੀਆਂ ਦੇਕੇ ਇਹ ਪੁਸਤਕ ਸਮਾਪਤ ਹੋ ਜਾਂਦੀ ਹੈ।
"ਗੁਰੂ ਸਾਹਿਬਾਨ ਦੇ ਸਫਰਾਂ ਦੀ ਤਰਤੀਬ ਜੋ ਇਸ ਪੁਸਤਕ ਵਿਚ ਹੈ ਉਹੀ ਗੁ: ਪ੍ਰ: ਸੂਰਜ ਗ੍ਰੰਥ ਵਿਚ ਹੈ ਤੇ ਕਈ ਇਕ ਮਾਲਵੇ ਦੇ ਪਦ ਜੋ ਉਸੇ ਸਾਖੀ ਵਿਚ ਇਸ ਪੋਥੀ ਵਿਚ ਆਏ ਹਨ, ਗੁ: ਪ੍ਰ: ਸੂ: ਵਿਚ ਬੀ ਉਸੇ ਪ੍ਰਸੰਗ ਵਿਚ ਆ ਗਏ ਹਨ, ਜਿਸ ਤੋਂ ਸਿਧ ਹੁੰਦਾ ਹੈ ਕਿ ਇਹ ਪੁਸਤਕ ਬੀ ਕਵੀ ਜੀ ਪਾਸ ਹੈਸੀ। ਫਿਰ ਐਨ ੧ ਦੇ ਆਰੰਭ ਤੋਂ ਜਦੋਂ ਦਸਮ ਪਿਤਾ ਜੀ ਦਾ ਮਾਲਵੇ ਦਾ ਸਫਰ ਚਲਦਾ ਹੈ ਤਾਂ ਰੰਚਕ ਭਰ ਭੀ ਸੰਸਾ ਨਹੀਂ ਰਹਿ ਜਾਂਦਾ ਕਿ ਇਹ ਪੋਥੀ ਕਵੀ ਜੀ ਪਾਸ ਜ਼ਰੂਰ ਹੈਸੀ।
[ਪ੍ਰਸਤਾਵਨਾ ਗੁ: ਪ੍ਰ: ਸੂ: ਗ੍ਰੰਥ (ਐਡੀਸ਼ਨ ਦੂਜੀ) ਪੰਨਾ ੧੮੩]
ਭਾਈ ਸੰਤੋਖ ਸਿੰਘ ਹੱਥੀਂ ਇਸ ਪੋਥੀ ਦੀ ਸੁਧਾਈ
ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਅਪਣੇ ਮਹਾਨ ਗ੍ਰੰਥ ਦੀ ਰਚਨਾ ਕੈਥਲ ਵਿਚ ਕੀਤੀ ਹੈ, ਜੋ ਬੀ ਮਾਲਵੇ ਦਾ ਇਕ ਟਿਕਾਣਾ ਹੈ ਤੇ ਇਹ ਪੋਥੀ ਬੀ ਮਾਲਵੇ ਦੀਆਂ ਸਾਖੀਆਂ ਦੀ ਹੀ ਹੈ। ਕਵੀ ਜੀ ਦੀ ਆਪਣੀ ਰਚਨਾ ਦੱਸਦੀ ਹੈ ਕਿ ਆਪ ਨੇ ਮਾਲਵੇ ਦਾ ਦੇਸ਼ਾਟਨ ਬੀ ਕੀਤਾ ਹੈ। ਗੁਰ ਇਤਿਹਾਸ ਦੇ ਲੇਖਕ ਲਈ ਇਹ ਲਗਨ ਹੋਣੀ ਕੁਦਰਤੀ ਗਲ ਹੈ ਕਿ ਓਹ ਗੁਰਧਾਮਾਂ ਦੀ ਬੀ ਪੁੱਜਕੇ ਤੇ ਚਾਹ ਨਾਲ ਯਾਤ੍ਰਾ ਕਰੇ ਤੇ ਫਿਰ ਓਥੋਂ ਦੇ ਇਤਿਹਾਸਕ ਸਮਾਚਾਰ, ਰਵਾਇਤਾਂ ਤਥਾ ਲਿਖਤੀ ਜਾ ਜਾਕੇ ਢੂੰਡੇ ਤੇ ਖੋਜੇ। ਇਉਂ ਉਨ੍ਹਾਂ ਨੇ ਥਾਂ ਥਾਂ ਜਾਕੇ ਗੁਰਧਾਮਾਂ ਦੇ ਦਰਸ਼ਨ ਕੀਤੇ, ਓਥੋਂ ਦੇ ਰਵਾਇਤੀ ਸੀਨਾ ਬਸੀਨਾ ਚਲੇ ਆ ਰਹੇ ਸਮਾਚਾਰ ਸੁਣੇ, ਖੋਜੇ, ਨਿਤਾਰੇ ਤੇ ਫਿਰ ਉਨ੍ਹਾਂ ਨੂੰ ਇਸ ਪੋਥੀ ਵਿਚ ਦਿੱਤੇ ਸਮਾਚਾਰਾਂ ਨਾਲ ਹਾੜਿਆ। ਜਿਥੇ ਕੋਈ ਫ਼ਰਕ ਪ੍ਰਤੀਤ ਕੀਤਾ ਯਾ ਅਪਣੀ ਖੋਜ ਇਸ ਨਾਲੋਂ ਵੱਖਰੀ ਤੇ ਦੁਰੁਸਤ ਭਾਸੀ ਓਥੇ ਅਪਣੀ ਖੋਜ ਨੂੰ ਮੁੱਖਤਾ ਦਿੱਤੀ ਤੇ ਇਸ ਪੋਥੀ ਦੀ ਦਿੱਤੀ ਸਾਖੀ ਦਾ ਉਤਨਾ ਭਾਗ ਛੇੜ ਦਿੱਤਾ ਜੋ ਕਿ ਆਪਦੀ ਖੋਜ ਦੇ ਅਨੁਕੂਲ ਨਹੀਂ ਸੀ। ਇਸ ਤੋਂ ਛੁਟ ਕਈ ਥਾਈਂ ਆਪ ਨੇ ਸਾਖੀ ਨੂੰ ਕਾਵ੍ਯ ਵਿਚ ਉਲਥਨ ਸਮੇਂ ਕਾਵ੍ਯ
ਇਸ ਪੋਥੀ ਦੀ ਰਚਨਾ ਦਾ ਸਮਾਂ
ਇਸ ਪੋਥੀ ਦਾ ਕਲਮੀ ਨੁਸਖਾ ਜੋ ਸਾਨੂੰ ਮਿਲਿਆ ਸੀ ਉਹ ਸਾਰਾ ਇਕੋ ਕਲਮ ਤੇ ਇਕੋ ਹੱਥ ਦੀ ਲਿਖਤ ਸੀ ਤੇ ਚੰਗਾ ਪੁਰਾਣਾ ਜਾਪਦਾ ਸੀ, ਪਰ ਉਸ ਉਪਰ ਨਾਂ ਤਾਂ ਪੁਸਤਕ ਦੇ ਰਚਨਹਾਰ ਦਾ ਦਿੱਤਾ ਕੋਈ ਸੰਮਤ ਸੀ ਤੇ ਨਾਂ ਹੀ ਲਿਖਾਰੀ ਦੀ ਲਿਖਣ ਸਮੇਂ ਦੀ ਕੋਈ ਤ੍ਰੀਕ ਦਿਤੀ ਹੋਈ ਸੀ। ਏਸੇ ਤਰ੍ਹਾਂ ਜੋ ਪੁਸਤਕ ਸਰ ਸਰਦਾਰ ਅਤਰ ਸਿੰਘ ਜੀ ਦੇ ਸੱਚੇ ਦੀ ਹੈ, ਉਸ ਉਪਰ ਬੀ ਰਚਨਾਂ ਦਾ ਕੋਈ ਸੰਮਤ ਨਹੀਂ ਤੇ ਸਰ ਅਤਰ ਸਿੰਘ ਜੀ ਬੀ ਇਸ ਦਾ 'ਰਚਨਾਂ ਕਾਲ' ਕੋਈ ਨਿਸਚਿਤ ਨਹੀਂ ਕਰ ਸਕੇ। ਪਰ ਇਹ ਗਲ ਅੰਗਰੇਜ਼ੀ ਦੇ ਤਰਜਮੇ ਦੇ ਪੁਸਤਕ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਇਹ ਅੰਗ੍ਰੇਜ਼ੀ ਤਰਜੁਮਾ ਜਨਵਰੀ 1876 ਈ: ਵਿਚ ਛਪਿਆ ਹੈ। ਇਸ ਤੋਂ ਜੇ ਹੋਰ ਪਿਛੇ ਜਾਈਏ ਤਾਂ ਸਾਨੂੰ ਇਹ ਬੀ ਸਹੀ ਹੋ ਚੁੱਕਾ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਇਸ ਪੁਸਤਕ ਨੂੰ ਆਪਣੇ ਗ੍ਰੰਥ ਵਿਚ ਉਲਥਾਯਾ ਹੈ ਅਤੇ ਗੁ: ਪ੍ਰ: ਸੂ: ਗ੍ਰੰਥ 1900 ਬਿ: (1843 ਈ:) ਵਿਚ ਸਮਾਪਤ ਹੋਇਆ ਹੈ ਤੇ ਏਹ ਮਾਲਵੇ ਦੇ ਸਫਰਾਂ ਦੀਆਂ ਸਾਖੀਆਂ ਕਵੀ ਜੀ ਨੇ ਰਾਸ ੧੧ ਤੇ ਐਨ ੧ ਵਿਚ ਕਾਵ੍ਯ ਵਿਚ ਗੁੰਦੀਆਂ ਹਨ। ਰਾਸ ੧੧ ਸਮਾਪਤੀ ਤੋਂ ਕਾਫੀ ਪਹਿਲੋਂ ਦਾ ਹਿਸਾ ਹੈ। ਉਸਤੋਂ ਬਾਦ ਰਾਸ ੧੨, ੬ ਰੁਤਾਂ ਤੇ ਫਿਰ ਦੋ ਐਨ ਰਚੇ ਜਾਂਦੇ ਹਨ। ਸੋ
ਸਮੇਂ ਦੀ ਹੱਦ ਦਾ ਪੁਰਾਣੇ ਤੋਂ ਪੁਰਾਣਾ ਦੂਸਰਾ ਕਿਨਾਰਾ ਜੋ ਅਸੀਂ ਕੋਈ ਅਟਕਲ ਸਕਦੇ ਹਾਂ ਤਾਂ ਉਹ ਸਾਨੂੰ 1762 ਬਿ: ਤੋਂ ਪਿਛੇ ਨਹੀਂ ਜਾਣ ਦਿੰਦਾ, ਕਿਉਂਕਿ ਇਹ ਉਹ ਸਮਾਂ ਹੈ ਜਦ ਕਿ ਕਲਗੀਧਰ ਪਾਤਸ਼ਾਹ ਨੇ ਮਾਲਵੇ ਦਾ ਰਟਨ ਕੀਤਾ। ਇਉਂ ਇਸ ਪੁਸਤਕ ਦੇ ਰਚਨਾਂ ਕਾਲ ਦੀ ਪੜਤਾਲ ਲਈ 1762 ਬਿ: ਤੋਂ 1897 ਬਿ: ਦੇ ਵਿਚਕਾਰ ਦਾ ਸਮਾਂ ਸਾਡੇ ਪਾਸ ਮਹਿਦੂਦ ਹੋ ਜਾਂਦਾ ਹੈ।
ਸਮੇਂ ਦਾ ਇਹ ਘੇਰਾ 135 ਬਰਸ ਦਾ ਹੈ। ਅਸਾਂ ਹੁਣ ਇਸ ਸਮੇਂ ਵਿਚ ਦੇਖਣਾ ਹੈ ਕਿ ਇਹ ਪੁਸਤਕ ਕਿਹੜੇ ਸਮੇਂ ਦੇ ਨੇੜੇ ਰਚਿਆ ਗਿਆ ਵਧੀਕ ਅੰਕਿਆ ਜਾ ਸਕਦਾ ਹੈ ਤੇ ਸਮੇਂ ਦਾ ਇਹ ਘੇਰਾ ਅਸੀਂ ਕਿਥੋਂ ਕੁ ਤਕ ਛੋਟੇ ਤੋਂ ਛੋਟਾ ਕਰ ਸਕਦੇ ਹਾਂ। ਇਸ ਗਲ ਦੇ ਨਿਪਟਾਰੇ ਲਈ ਤੇ ਕਿਸੇ ਸਿੱਟੇ ਤੇ ਪੁਜਣ ਲਈ ਜੇ ਅਸੀਂ ਇਸ ਪੁਸਤਕ ਦਾ ਗਹੁ ਨਾਲ ਪਾਠ ਕਰੀਏ ਤਾਂ ਸਾਡੀ ਇਸ ਢੂੰਡ ਦੇ ਮਦਦਗਾਰ ਅੱਗੇ ਦਿਤੇ ਵੀਚਾਰ ਪੱਲੇ ਪੈਂਦੇ ਹਨ:-
1. ਇਸ ਪੋਥੀ ਦੀ ਪੰਜਵੀਂ ਸਾਖੀ ਵਿਚ ਜ਼ਿਕਰ ਹੈ ਕਿ ਹੰਢਿਆਏ, ਜਿਥੇ ਨੌਵੇਂ ਸਤਿਗੁਰੂ ਜੀ ਉਤਰੇ ਸਨ, ਉਥੇ ਮੰਜੀ ਨਹੀਂ ਸੀ ਬਣੀ ਹੋਈ, ਜੋਗਾ ਸਿੰਘ ਹਰੀਕੇ ਨੇ ਜਾਕੇ ਪੁੱਛ ਪੜਤਾਲ ਕੀਤੀ ਤਾਂ ਨਗਰ ਵਿਚ ਇਕ ਚਮਿਆਰ ਮਿਲਿਆ ਜੋ ਗੁਰੂ ਜੀ ਦੇ ਵੇਲੇ ਦਾ ਸੀ, ਉਸ ਨੇ ਥਾਂ ਟਿਕਾਣਾ ਦੱਸਿਆ ਕਿ ਗੁਰੂ ਜੀ ਅਮਕੇ ਕਰੀਰ ਹੇਠ ਬੈਠੇ ਸਨ ਤਾਂ ਫਿਰ ਜੋਗਾ ਸਿੰਘ ਨੇ ਓਥੇ ਮੰਜੀ ਸਾਹਿਬ ਬਣਾਈ। ਇਸ ਜ਼ਿਕਰ ਤੋਂ ਥਹੁ ਮਿਲਦਾ ਹੈ ਕਿ ਜਦ ਹੱਢਿਆਏ ਮੰਜੀ ਸਾਹਿਬ ਬਣੀ ਹੈ ਤਾਂ ਉਸ ਤੋਂ ਪਿਛੋਂ ਇਹ ਪੋਥੀ ਲਿਖੀ ਗਈ ਹੈ। ਮੰਜੀ ਸਾਹਿਬ ਬਣਨ ਦਾ ਸੰਮਤ ਸਾਨੂੰ ਪ੍ਰਾਪਤ ਨਹੀਂ ਪਰ ਇਤਨਾ ਥਹੁ ਜਰੂਰ ਹੈ ਕਿ ਜੋਗਾ ਸਿੰਘ ਨੂੰ ਖੋਜ ਕਰਨ ਵੇਲੇ ਕੇਵਲ ਇਕੋ ਹੀ ਆਦਮੀ ਮਿਲਦਾ ਹੈ ਜੋ ਸਾਖ ਭਰ ਸਕਦਾ ਹੈ ਕਿ ਗੁਰੂ ਜੀ ਅਮਕੇ ਟਿਕਾਣੇ ਵਿਰਾਜੇ ਸਨ। ਇਹ ਗਲ ਦਸਦੀ ਹੈ ਕਿ ਘੱਟੋ ਘੱਟ ਇਕ ਪੀਹੜੀ ਬੀਤ ਗਈ ਹੈ। ਜੇ ਇਹ ਸਮਾਂ ਸੱਠ ਕੁ ਸਾਲ ਤੋਂ ਘੱਟ ਦਾ ਨਾ ਗਿਣਿਆ ਜਾਵੇ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਮਤ 1732 ਤੋਂ 60 ਬਰਸ ਬਾਦ
2. ਸਾਖੀ 110 ਵਿਚ ਲੇਖਕ ਸਾਖ ਭਰਦਾ ਹੈ ਕਿ ਨੌਹਰ ਬਾਰੇ ਜੋ ਭਵਿਖਤ ਵਾਕ ਸਤਿਗੁਰੂ ਜੀ ਨੇ 'ਗੁਰੂ ਕੀ ਮੋਹਰ ਲੁਟੇ ਖਾਲਸਾ' ਆਦਿ ਉਚਾਰੇ, ਓਹ 1811 ਵਿਚ ਸਫਲ ਹੋਏ ਤੇ ਕਵੀ ਸੰਤੋਖ ਸਿੰਘ ਜੀ ਬੀ ਇਸੇ ਸਾਖੀ ਦੇ ਉਲਥਾਉਣ ਸਮੇਂ ਇਨ੍ਹਾਂ ਅਖਰਾਂ ਨੂੰ ਉਲਥਾ ਜਾਂਦੇ ਹਨ ਤੇ 1811 ਦੇ ਵਾਕ੍ਯਾ ਦਾ ਸੰਖੇਪ ਵੇਰਵਾ ਬੀ ਦੇ ਜਾਂਦੇ ਹਨ। ਇਸ ਦਾ ਭਾਵ ਇਹ ਹੋਇਆ ਕਿ 1811 ਦੀ ਘਟਨਾ ਇਸ ਪੇਥੀ ਦੇ ਰਚੇ ਜਾਣ ਤੋਂ ਪਹਿਲੇ ਹੋ ਚੁੱਕੀ ਹੈ। ਇਸ ਤੋਂ ਪੋਥੀ ਦੇ ਰਚਨਾਂ ਕਾਲ ਦਾ ਘੇਰਾ ਹੋਰ ਤੰਗ ਹੋਕੇ 1811 ਤੋਂ 1897 ਦੇ ਵਿਚਾਲੇ ਰਹਿ ਜਾਂਦਾ ਹੈ।
3. ਪਹਿਲੀ ਸਾਖੀ ਸੈਫਾਬਾਦ ਦੀ ਵਿਚ ਨੌਵੇਂ ਪਾਤਸ਼ਾਹ ਜੀ ਦਾ ਸੈਫਾ ਬਾਦ ਪਧਾਰਨਾ ਤੇ ਓਥੇ ਦੀ ਸਰਾਂ ਬਾਰੇ ਭਵਿਖਤ ਵਾਕ ਕਰਨੇ ਲਿਖੇ ਹਨ ਕਿ ਸਾਡਾ ਸਿਖ ਕਰਮ ਸਿੰਘ ਇਸ ਸਰਾਂ ਦਾ ਉਸਾਰ ਚਉੜੇਰਾ ਕਰਕੇ ਸਾਡੇ ਨਾਮ ਤੇ ਵਸਾਏਗਾ। ਜਿਸ ਦੀ ਮੁਰਾਦ ਪਯਾਲਾ ਪਤੀ ਮਹਾਰਾਜਾ ਕਰਮ ਸਿੰਘ ਦੇ ਹੱਥੋਂ ਬਹਾਦਰ ਗੜ ਦਾ ਕਿਲਾ ਬਣਨ ਦੀ ਹੈ। ਜੇ ਇਹ ਕਿਹਾ ਜਾਏ ਕਿ ਇਸ ਪੋਥੀ ਦੀ ਰਚਨਾਂ ਤੋਂ ਪਹਿਲੇ ਬਹਾਦਰ ਗੜ ਦਾ ਕਿਲਾ ਬਣ ਚੁਕਾ ਹੈ, (ਕਿਉਂਕਿ ਕਰਮ ਸਿੰਘ ਦਾ ਨਾਮ ਆ ਜਾਣਾ ਇਸ ਦਲੀਲ ਦੀ ਪ੍ਰੌਢਤਾ ਕਰਦਾ ਹੈ) ਤਾਂ ਫਿਰ ਇਸ ਦਾ ਰਚਨਾਂ ਕਾਲ 1831 ਤੋਂ ਬੀ ਪਿਛੇ ਚਲਾ ਜਾਂਦਾ ਹੈ, ਕਿਉਂਕਿ ਇਹ ਕਿਲਾ ਪਯਾਲਾ ਪਤੀ ਜੀ ਨੇ 1831 ਵਿਚ ਬਣਾਇਆ ਸੀ ਤੇ ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਜੀ ਲਿਖਦੇ ਹਨ ਕਿ ਇਹ ਕਿਲਾ ਮਹਾਰਾਜਾ ਅਮਰ ਸਿੰਘ ਜੀ ਸਪੁਤ੍ਰ ਮਹਾਰਾਜਾ ਆਲਾ ਸਿੰਘ ਜੀ ਨੇ 1831 ਬਿ: (1774 ਈ:) ਵਿਚ ਬਣਾਕੇ ਆਪਣੇ ਰਾਜ ਵਿਚ ਸ਼ਾਮਲ ਕੀਤਾ ਸੀ। ਮਹਾਰਾਜਾ ਕਰਮ ਸਿੰਘ ਦਾ ਸਮਾਂ ਤਾਂ ਹੋਰ ਬੀ ਪਿਛੋਂ 1844 ਤੋਂ 1902 ਬਿ: ਤਕ ਦਾ ਹੈ। ਪਰ ਜੇ ਅਸੀਂ ਮ: ਅਤਰ ਸਿੰਘ ਦੀ ਥਾਂ ਮ: ਕਰਮ ਸਿੰਘ ਲਿਖੇ ਜਾਣ ਦੀ ਲੇਖਕ ਦੀ ਕਲਮ ਉਕਾਈ ਖਿਆਲੀਏ ਤਾਂ ਇਸ ਪੁਸਤਕ ਦੀ ਰਚਨਾਂ ਦੇ ਸਮੇਂ ਦਾ ਘੇਰਾ ਹੋਰ ਤੰਗ ਹੋਕੇ 1831 ਤੋਂ 1897 ਬਿ: ਰਹਿ ਜਾਂਦਾ ਹੈ।
4. ਇਕ ਸੰਮਤ ਹੋਰ ਸਾਨੂੰ ਇਸ ਪੋਥੀ ਵਿਚੋਂ ਮਿਲਦਾ ਹੈ। ਸਾਖੀ 39 ਵਿਚ ਰੁਖਾਲੇ ਦਾ ਪ੍ਰਸੰਗ ਦਿੰਦੇ ਹੋਏ ਇਸ ਪੋਥੀ ਦਾ ਲੇਖਕ ਲਿਖਦਾ ਹੈ:-
5. 1831 ਤੋਂ 1897 ਦਾ ਸਮਾਂ ਉਹ ਸਮਾਂ ਹੈ ਜੋ ਕਵੀ ਸੰਤੋਖ ਸਿੰਘ ਕਰਤਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਜੀਵਨ ਕਾਲ ਨਾਲ ਇਕ ਸੁਰ ਹੈ, ਤੇ ਅਸੀਂ ਇਸ ਖਿਆਲ ਨੂੰ ਬੀ ਕੁਝ ਅਹਿਮੀਅਤ ਜ਼ਰੂਰ ਦੇ ਸਕਦੇ ਹਾਂ ਕਿ ਇਹ ਪੁਸਤਕ ਸੰਭਵ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਅਪਣੀ ਲੋੜ ਨੂੰ ਮੁੱਖ ਰਖਕੇ, ਚਾਹੇ ਸੁਤੰਤਰ ਤੇ ਚਾਹੇ ਕਿਸੇ ਹੋਰ ਹਸਤੀ ਦੀ ਮਦਦ ਨਾਲ ਕਿਸੇ ਸਿਆਣੇ ਦੇ ਜੁੰਮੇ ਲਾਕੇ ਲਿਖਵਾਈ ਹੋਵੇ। ਇਸ ਦੀ ਪ੍ਰੌਢਤਾ ਵਿਚ ਸਾਨੂੰ ਇਹ ਇਕ ਨਿਗਰ ਸਬੂਤ ਮਿਲਦਾ ਹੈ ਕਿ ਇਸ ਪੁਸਤਕ ਦੇ ਬਹੁਤੇ ਉਤਾਰੇ ਨਹੀਂ ਹੋਏ ਤੇ ਇਹ ਪੁਸਤਕ ਪੁਰਾਤਨ ਲਿਖਤੀ ਪੁਸਤਕਾਂ ਵਿਚ ਆਮ ਨਹੀਂ ਮਿਲ ਰਹੀ।
ਇਹ ਤਦੇ ਹੀ ਹੋ ਸਕਦਾ ਹੈ ਜੇ ਇਹ ਉਚੇਚੀ ਕਵੀ ਸੰਤੋਖ ਸਿੰਘ ਜੀ ਲਈ ਹੀ ਰਚੀ ਗਈ ਹੋਵੇ ਤੇ ਜਿਸ ਦਾ ਇਕ ਅੱਧ ਉਤਾਰਾ ਲੇਖਕ ਕੋਲ ਰਿਹਾ ਹੋਵੇ ਤੇ ਦੂਜਾ ਕਵੀ ਸੰਤੋਖ ਸਿੰਘ ਜੀ ਪਾਸ। ਤੇ ਉਚੇਚੀ ਰਚੀ ਗਈ ਰਚਨਾਂ ਦੇ ਉਤਾਰੇ ਕਰਨੇ ਹਰ ਇਕ ਲਈ ਸੁਲਭ ਨਾਂ ਕੀਤੇ ਗਏ ਹੋਣ।
ਜੇ ਇਹ ਗਲ ਤਸਲੀਮ ਕਰ ਲਈਏ ਤਾਂ ਇਕ ਗਲ ਹੋਰ ਸਪਸ਼ਟ ਹੈ ਕਿ ਕਵੀ ਜੀ ਦੇ ਸੂ: ਪ੍ਰ: ਰਚਣ ਤੇ ਸਮਾਪਤੀ ਦੇ ਸਮੇਂ ਤੋਂ ਕੁਝ ਬਰਸ ਜ਼ਰੂਰ ਪਹਿਲੇ ਇਹ ਪੇਥੀ ਰਚੀ ਗਈ ਹੈ। ਜਿਸ ਦੇ ਸਬੂਤ ਵਿਚ ਪੋਥੀ ਵਿਚੋਂ ਸਾਮਾਨ ਮਿਲ ਜਾਂਦਾ ਹੈ। ਸਾਖੀ 17 ਵਿਚ ਦੇਸੂ ਦਾ ਪ੍ਰਸੰਗ ਜੋ ਇਸ ਪੋਥੀ ਵਿਚ ਦਰਜ ਹੈ ਕਵੀ ਸੰਤੋਖ ਸਿੰਘ ਜੀ ਨੇ ਅਪਣੇ ਕਾਵ੍ਯ ਉਲਥੇ ਵਿਚ ਸਾਰਾ ਦਿੱਤਾ ਹੈ ਪਰ ਨਾਲ ਹੀਦ ਦੇਸੂ ਤੋਂ ਪਿਛੋਂ ਦਾ ਉਸ ਦੀ ਵੰਸ਼ ਦਾ ਵਧੇਰੇ ਹਾਲ ਬੀ ਦੇ ਦਿਤਾ ਹੈ, ਇਹ ਤਾਂ ਹੀ ਹੋ ਸਕਦਾ ਹੈ ਜੇ ਪੋਥੀ ਸੂ: ਪ੍ਰ: ਦੀ ਸਮਾਪਤੀ ਤੋਂ ਕੁਝ ਬਰਸ ਪਹਿਲੇ ਲਿਖੀ ਗਈ ਹੋਵੇ।
ਇਸੇ ਤਰ੍ਹਾਂ ਸਾਖੀ 37 ਵਿਚ ਇਹ ਪੋਥੀ ਬਾਰਨੇ ਦੇ ਰਾਹਕ ਦਾ ਪਹਿਲਾ ਪ੍ਰਸੰਗ ਹੀ ਦਿੰਦੀ ਹੈ ਪਰ ਕਵੀ ਸੰਤੋਖ ਸਿਘ ਨੇ ਉਸ ਦੇ ਵੰਸ਼ ਦਾ ਮਗਰੋਜ ਦਾ ਹਾਲ ਬੀ ਦਿੱਤਾ ਹੈ ਤੇ ਉਸ ਦੇ ਤੰਬਾਕੂ ਦੀ ਵਰਤੋਂ ਤ੍ਯਾਗਣ ਤੇ ਗੁਰੂ ਹੁਕਮ ਪਾਲਣ ਪਰ ਵਧਣ ਫੁਲਣ ਦਾ ਸਮਾਚਾਰ ਦਿੱਤਾ ਹੈ ਤੇ ਫੇਰ ਅਪਣੇ ਵੇਲੇ ਦੇ ਉਸ ਦੇ ਵੰਸ਼ਜ ਦਾ ਮੁੜ ਤੰਬਾਕੂ ਪੀਣ ਲਗ ਪੈਣਾ ਤੇ ਉਸ ਦਾ ਕੰਗਾਲ
ਅਸੀਂ ਇਸ ਪੁਸਤਕ ਦੀ ਰਚਨਾਂ ਨੂੰ ਕਵੀ ਸੰਤੋਖ ਸਿੰਘ ਜੀ ਦੀ ਲਗਨ ਤੇ ਪ੍ਰੇਰਨਾਂ ਤੋਂ ਸੌਖੀ ਤਰਾਂ ਪਰੇ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕਵੀ ਸੰਤੋਖ ਸਿੰਘ ਜੀ ਦੀ ਇਹ ਲਗਨ ਵੀ ਸਪਸ਼ਟ ਦਿਸ ਪੈਂਦੀ ਹੈ ਕਿ ਆਪ ਇਕ ਵਡੇਰੀ ਮੁੱਦਤ ਤੋਂ ਗੁਰ ਇਤਿਹਾਸ ਦੇ ਸੰਚਨ ਵਿਚ ਜੁਟੇ ਹੋਏ ਸਨ ਤੇ ਗੁਰ ਜਸ ਦਾ ਗ੍ਰੰਥ ਇਹ ਗੁ: ਪ੍ਰ: ਸੂ: ਓਹ ਲਿਖਣਾ ਚਾਹੁੰਦੇ ਸਨ ਪਰ ਮਸਾਲਾ ਖਿੰਡਿਆ ਫੁਟਿਆ ਪਿਆ ਸੀ ਜਿਸ ਸਾਰੇ ਨੂੰ ਇਕਤ੍ਰ ਕਰਨ ਦਾ ਉਦਮ ਆਪ ਦੀ ਪਹੁੰਚ ਤੋਂ ਬਾਹਰ ਸੀ, ਪਰ ਆਪ ਉਸ ਦੇ ਇਕੱਤ੍ਰ ਕਰਨ ਦੇ ਉਦਮ ਵਿਚ ਬਰਸਾਂ ਬੱਧੀ ਲਗੇ ਰਹੇ ਤੇ ਅਖੀਰ ਜਦ ਮਹਾਰਾਜ ਕੈਥਲ ਪਾਸ ਪੁੱਜੇ ਤਾਂ ਮਹਾਰਾਜ ਦੇ ਅਸਰ ਰਸੂਖ ਸਹਾਯਤਾ ਤੇ ਖਰਚ ਨਾਲ ਰਹਿੰਦਾ ਮਸਾਲਾ ਬੀ ਚੋਖਾ ਕੱਠਾ ਹੋ ਗਿਆ ਤੇ ਫਿਰ ਆਪ ਨੇ ਗ੍ਰੰਥ ਲਿਖਣਾ ਸ਼ੁਰੂ ਕੀਤਾ। ਇਸ ਮਸਾਲਾ ਇਕੱਤ੍ਰਨ ਦੇ ਬਰਸਾਂ ਵਿਚ ਹੀ ਸੰਭਵ ਹੋ ਸਕਦਾ ਹੈ ਕਿ ਇਸ ਪੋਥੀ ਦੀ ਰਚਨਾਂ ਦਾ ਬੀ ਉਪਰਾਲਾ ਹੋ ਗਿਆ ਹੋਵੇ। ਆਪ ਪਹਿਲੀ ਰਾਸ ਵਿਚ ਲਿਖਦੇ ਹਨ:-
ਪੂਰਬ ਮੈਂ ਸ੍ਰੀ ਨਾਨਕ ਕਥਾ। ਛੰਦਨ ਬਿਖੈ ਰਚੀ ਮਤਿ ਜਥਾ।
ਰਯੋ ਚਾਹਤੋ ਗੁਰਨ ਬ੍ਰਿਤਾਂਤ। ਨਹਿਂ ਪਾਯੋ ਤਿਸਤੇ ਪਸ਼ਚਾਤ।
ਪਰਾਲਬਧ ਕਰ ਕਿਤ ਕਿਤ ਰਹੋ। ਚਿਤ ਮਹਿ ਗੁਰਜਸ ਰਚਿਬੋ ਚਹੇ।
ਕਰਮ ਕਾਲ ਤੇ ਕੈਥਲ ਆਏ। ਥਿਤ ਹੁਇ ਜਪੁਜੀ ਅਰਥ ਬਨਾਏ।
ਪੁਨ ਸੰਯੋਗ ਹੋਇ ਅਸ ਗਯੋ। ਰਾਮ ਚਰਿਤ ਕੋ ਮਨ ਹੁਲਸਯੋ।
ਬਾਲਮੀਕ ਕ੍ਰਿਤ ਕਥਾ ਸੁਨੀ ਜਬ। ਛੰਦਨ ਬਿਖੈ ਰਚੀਤਬ ਹਮ ਸਬ।"
ਬਹੁਤ ਬਰਸ ਬੀਤੇ ਜਬ ਲਹੇ। ਗੁਰ ਜਸ ਰਚਨ ਚਾਹਤੇ ਰਹੇ।
ਉਰ ਅਭਿਲਾਖਾ ਨਿਤ ਕੀ ਮੇਰੀ ਸਤਿਗੁਰ ਕ੍ਰਿਪਾਦ੍ਰਿਸ਼ਟਿ ਕਰ ਹੇਰੀ।
ਭਯੋ ਅਚਾਨਕ ਸੰਚੈ ਆਈ। ਸਰਬ ਗੁਰਨ ਕੋ ਜਸੁ ਸਮੁਦਾਈ।
ਚਾਹਤ ਭਏ ਆਪ ਗੁਰ ਜਬ ਹੂੰ ਭਾ ਸੰਚਯ ਦਸ ਗੁਰ ਜਸ ਸਭ ਹੂੰ।
ਹੋਰਿ ਉਮੰਗ ਮੋਹਿ ਮਨ ਆਈ। ਕਰਨ ਲਗ੍ਯ ਤਬ ਗ੍ਰੰਥ ਸੁਹਾਈ।
(ਰਾਸ ੧ ਅੰਸੂ ੫)
ਗੁਰ ਨਾਨਕ ਪ੍ਰਕਾਸ਼ 1880 ਬਿ: ਵਿਚ ਕਵੀ ਜੀ ਨੇ ਮੁਕਾਯਾ ਹੈ ਤੇ ਇਸ ਦਾ ਪ੍ਰਚਾਰ ਉਸੇ ਵੇਲੇ ਹੋ ਗਿਆ ਹੈ ਤੇ ਥਾਂ ਥਾਂ ਤੇ ਇਸ ਦੇ ਉਤਾਰੇ ਕੀਤੇ ਗਏ ਤੇ ਕਥਾ ਸ਼ੁਰੂ ਹੋ ਗਈਆਂ। ਇਸੇ ਸਮੇਂ ਦੇ ਨੇੜੇ ਹੀ ਹੋ ਸਕਦਾ ਹੈ ਕਿ ਕਵੀ ਜੀ ਦੀ ਗੁਰ ਜਸ ਦੀ ਚਮਤਕਾਰੀ ਘਾਲ ਤੇ ਮੋਹਿਤ ਹੋਕੇ ਕਿਸੇ ਵਿਦਾਨ ਨੇ ਕਵੀ ਜੀ ਦੀ ਇਛਾ ਲਖਕੇ ਯਾ ਕਿਸੇ ਸਰਦਾਰ ਦੇ ਇਸ਼ਾਰੇ ਤੇ ਕਵੀ ਦੀ ਸਹਾਇਤਾ ਹਿਤ ਇਹ ਮਾਲਵੇ ਦੇ ਗੁਰਦੁਆਰਿਆਂ ਦਾ ਇਤਿਹਾਸ ਰਟਨ ਕਰਕੇ ਲਿਖਣ ਦਾ ਵਧੇ ਚਿਤ ਜ਼ੁੰਮਾਂ ਲੈ ਲਿਆ ਹੋਵੇ ਤੇ ਇਸ ਪੁਸਤਕ ਦੀ ਰਚਨਾ ਹੋ ਗਈ ਹੋਵੇ।
ਇਉਂ ਸਾਰੀ ਵੀਚਾਰ ਦੇ ਅਖੀਰ ਇਸ ਦਾ ਰਚਨਾ ਕਾਲ 1880 ਬਿ: ਦੇ ਲਾਗੇ ਚਾਗੇ ਸਾਨੂੰ ਲੈ ਜਾਂਦਾ ਹੈ ਤੇ ਸਾਨੂੰ ਆਸ ਹੈ ਕਿ ਇਹ ਸੰਮਤ ਅਸਲੀਅਤ ਤੋਂ ਬਹੁਤ ਦੂਰ ਨਹੀਂ ਹੋਵੇਗਾ।
ਪੋਥੀ ਕਿਸਨੇ ਲਿਖੀ?
ਇਸ ਪੋਥੀ ਦੀ ਬੋਲੀ ਪਟਿਆਲੇ ਦੇ ਲਾਗ ਦੀ ਮਲਵਈ ਬੋਲੀ ਹੈ। ਇਸ ਵਿਚ ਆਏ ਪਦ: ਕਰੂੰਗਾ, ਬਣੂੰਗਾ, ਥੀ, ਐਮੇ ਕਿਮੇ, ਕਰਦਾ ਥੀ, ਰਹਿੰਦਾ ਥੀ, ਆਦਿ ਪਦ ਲੇਖਕ ਦਾ ਮਲਵਈ ਹੋਣਾ ਸਿਧ ਕਰਦੇ ਹਨ। ਲੇਖਕ ਹੈ ਚੰਗਾ ਵਿਦਾਨ ਜੋ ਸਾਖੀਆਂ ਦੀ ਸੰਖੇਪਤਾ ਵਿਚ ਪੂਰੀ ਦਿਲਚਸਪੀ ਕੈਮ ਰਖਣ ਤੇ ਜ਼ੋਰਦਾਰ ਗੁਫਤਗੂ ਲਿਖਣ ਵਿਚ ਮਾਹਰ ਹੈ। ਇਸ ਪੋਥੀ ਦੀ ਰਚਨਾ ਤੋਂ ਇਹ ਬੀ ਗੁੱਝਾ ਨਹੀਂ ਰਹਿ ਜਾਂਦਾ ਕਿ ਇਸ ਦਾ ਲੇਖਕ ਕੋਈ ਸੈਲਾਨੀ ਜੀਉੜਾ ਹੈ ਜੋ ਗੁਰਧਾਮਾਂ ਦੀ ਯਾਤ੍ਰਾ ਆਪ ਕਰਦਾ ਹੈ, ਥਾਂ ਥਾਂ ਤੇ ਮੀਲਾਂ ਦੇ ਵੇਰਵੇ ਵੀ ਦਿੰਦਾ ਹੈ ਤੇ ਹੋਰ ਹਾਲ ਬੀ ਐਸੇ ਦਿੰਦਾ ਹੈ ਜੋ ਕੋਈ ਯਾਤਰੂ ਹੀ ਆਪਣੀ ਯਾਤ੍ਰਾ ਵਿਚ ਪ੍ਰਾਪਤ ਕਰਕੇ ਲਿਖ ਸਕਦਾ ਹੈ।
ਜੇ ਹੋਰ ਗਹੁ ਨਾਲ ਤੱਕੀਏ ਤਾਂ ਇਕ ਇਸ਼ਾਰਾ ਇਸ ਵਿਚੋਂ ਸਾਨੂੰ ਵਿਸ਼ੇਸ਼ ਥੀ ਮਿਲਦਾ ਹੈ, ਜੋ ਲੇਖਕ ਬਾਰੇ ਕਿਸੇ ਇਸ਼ਾਰੇ ਦੀ ਸੇਧ ਸੁਟ ਜਾਂਦਾ ਹੈ। ਦੂਜੀ ਸਾਖੀ ਦੇ ਸ਼ੁਰੂ ਵਿਚ ਲੇਖਕ ਇਨ੍ਹਾਂ ਅਖਰਾਂ ਵਿਚ ਮੰਗਲ ਕਰਦਾ ਹੈ:-
ਸ੍ਰੀ ਸਤਿਗੁਰੂ ਜੀ ਸਹਾਇ॥
ਬਾਬਾ ਗੁਰਦਿਤਾ ਦੀਨ ਦੁਨੀ ਦਾ ਟਿਕਾ॥
ਜੀਉ ਪਿੰਡ ਜਿਨ ਦਿੱਤਾ॥
ਐਸਾ ਗੁਰ ਸਿਵਰੋ ਨਿਤ ਨਿੱਤਾ॥
ਇਸ ਸਾਖੀ ਨਾਲ ਬਾਬੇ ਗੁਰਦਿਤੇ ਜੀ ਦਾ ਕੋਈ ਸੰਬੰਧ ਨਹੀਂ ਤੇ ਨਾਂ ਹੀ ਐਸਾ ਯਾ ਕੋਈ ਹੋਰ ਮੰਗਲ ਕਿਸੇ ਹੋਰ ਸਾਖੀ ਦੇ ਸ਼ੁਰੂ ਵਿਚ ਇਸ ਲੇਖਕ ਨੇ ਕੀਤਾ ਹੈ। ਏਹ ਸੁਭਾਵਕ ਲਿਖੇ ਗਏ ਅਖਰ ਸੂੰਹ ਦਿੰਦੇ ਹਨ ਕਿ ਲੇਖਕ ਬਾਬਾ ਗੁਰਦਿਤਾ ਜੀ ਨੂੰ ਗੁਰੂ ਸਥਾਨੀ ਮੰਨਣ ਵਾਲਾ ਹੈ। ਬਾਬਾ ਗੁਰਦਿਤਾ ਜੀ ਛੇਵੇਂ ਪਾਤਸ਼ਾਹ ਜੀ ਦੇ ਟਿੱਕੇ ਸਾਹਿਬਜਾਦੇ ਸਨ ਜਿਨ੍ਹਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਮੰਗਣੇ ਪਰ ਸਤਿਗੁਰੂ ਜੀ ਨੇ ਬਾਬੇ ਕਿਆਂ ਦੇ ਸਪੁਰਦ ਕਰ ਦਿਤਾ ਸੀ ਤੇ ਬਾਬਾ ਸ੍ਰੀ ਚੰਦ ਜੀ ਨੇ ਸ੍ਰੀ ਗੁਰਦਿਤਾ ਜੀ ਨੂੰ ਅਪਣਾ ਸਥਾਨੀ ਉਦਾਸੀ ਸੰਪ੍ਰਦਾ ਦਾ ਮੋਢੀ ਥਾਪਿਆ ਸੀ । ਬਾਬਾ ਗੁਰਦਿਤਾ ਜੀ ਨੂੰ ਗੁਰੂ ਪਦਵੀ ਤੁਲ ਮੰਨਣਾ ਉਦਾਸੀ ਸੰਪ੍ਰਦਾ ਵਿਚ ਵਧੇਰੇ ਪ੍ਰਚਲਤ ਰਿਹਾ ਹੈ। ਇਸ ਲਈ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਇਸ ਪੁਸਤਕ ਦਾ ਲੇਖਕ ਕੋਈ ਵਿਦਾਨ ਉਦਾਸੀ ਸਾਧੂ ਹੈ।
ਆਖੇਪਕ
ਇਸ ਪੋਥੀ ਦਾ ਰਚਨਾਂ ਕਾਲ ਅਸੀਂ ਪਿਛੇ 1880 ਬਿ: ਦੇ ਆਨ ਮਾਨ ਅਟਕਲ ਆਏ ਹਾਂ ਤੇ ਇਹ ਬੀ ਦੱਸ ਆਏ ਹਾਂ ਕਿ ਇਹ ਕਵੀ ਸੰਤੋਖ ਸਿੰਘ ਜੀ ਦਾ ਸਮਾਂ ਹੈ। ਕਵੀ ਜੀ ਨੇ ਗੁ: ਪ੍ਰ: ਸੂ: ਗ੍ਰੰਥ ਸਾਵਣ 1900 ਬਿ: ਵਿਚ ਸਮਾਪਤ ਕੀਤਾ ਹੈ ਤੇ ਉਨ੍ਹਾਂ ਨੇ ਇਸ ਪੁਸਤਕ ਦਾ ਉਲਥਾ ਆਪਣੀ ਕਵਿਤਾ ਵਿਚ ਰਾਸ ੧੧ ਤੇ ਐਨ ੧ ਵਿਚ ਕੀਤਾ ਹੈ। ਐਨ ੧ ਤੇ ੨ ਗੁ: ਪ੍ਰ: ਸੂ: ਗ੍ਰੰਥ ਦਾ ਅੰਤਮ ਭਾਗ ਹਨ ਜੋ ਨਿਰਸੰਸੇ 1900 ਬਿ: ਦੀ ਰਚਨਾਂ ਹਨ। ਇਉਂ ਇਹ ਉਹ ਸਮਾਂ ਹੈ ਜਦ ਕਿ ਇਹ ਪੁਸਤਕ ਅਪਣੇ ਅਸਲ Original ਰੂਪ ਵਿਚ ਕੈਮ ਸੀ ਤੇ ਕਈ ਉਸ ਵਿਚ ਵਾਧਾ ਘਾਟਾ ਨਹੀਂ ਸੀ ਕਰ ਸਕਿਆ। ਅਸੀਂ ਉਪਰ ਦੱਸ ਚੁਕੇ ਹਾਂ ਕਿ ਕਵੀ ਜੀ ਨੇ ਇਹ ਸਾਰਾ ਪੁਸਤਕ ਅਪਣੀ ਕਵਿਤਾ ਵਿਚ ਉਲਥਾਇਆ ਹੈ ਤੇ ਕਵੀ ਜੀ ਦਾ ਤਰਜੁਮਾ ਤੇ ਜੋ ਲਿਖਤੀ ਪੋਥੀ ਸਾਨੂੰ ਮਿਲੀ ਹੈ, ਓਹ ਮੁਕਾਬਲਾ ਕਰਨ ਤੇ ਦੋਨੋਂ ਇਕ ਸਾਰ ਚਲ ਰਹੇ ਸਹੀ ਹੋਏ ਹਨ। ਪਰ ਜੋ ਕਲਮੀ ਨੁਸਖਾ ਸਰ ਸਰਦਾਰ ਅਤਰ ਸਿੰਘ ਜੀ ਭਦੌੜ ਵਾਲਿਆਂ ਦਾ ਆਪਣਾ ਕੀਤਾ ਕਰਾਇਆ ਉਤਾਰਾ ਹੈ ਉਸ ਦੇ ਅਖੀਰ ਦੇ ਲਗਪਗ ਦੇ ਸਾਖੀਆਂ ਵਧੀਕ ਹਨ, ਤੇ ਓਹ ਦੋਵੇਂ ਸਾਖੀਆਂ ਹਨ ਬੀ ਓਹ ਹੀ ਜੋ ਪੁਸਤਕ ਦੇ ਆਪਣੇ ਕ੍ਰਮ ਵਿਚ ਪਿਛੇ ਆ ਚੁਕੀਆਂ ਹੋਈਆਂ ਹਨ। ਮਾਨੋਂ ਓਹ ਦੋਵੇਂ ਸਾਖੀਆਂ ਆ ਚੁਕੀਆਂ ਕੁਝ
ਇਸੇ ਤਰ੍ਹਾਂ ਇਸ ਪੋਥੀ ਦੇ ਇਕ ਹੋਰ ਉਤਾਰੇ ਦੀ ਬੀ ਸੁੰਹ ਪਈ ਹੈ ਕਿ ਓਹ ਕਦੇ ਸ੍ਰੀ ਦਮਦਮੇ ਸਾਹਿਬ ਦੇ ਇਕ ਬੁੰਗੇ ਵਿਚ ਮੌਜੂਦ ਸੀ। 1946 ਈ: ਵਿਚ ਸਰਦਾਰ ਮਾਨ ਸਿੰਘ ਜੀ ਜੱਜ, ਜੋ ਤਦੋਂ ਜੁਡੀਸ਼ਲ ਕਮੇਟੀ ਫਰੀਦਕੋਟ ਦੇ ਮੈਂਬਰ ਸਨ, ਸ੍ਰੀ ਦਮਦਮੇ ਸਾਹਿਬ ਪਧਾਰੇ ਸਨ ਤੇ ਉਨਾਂ ਨੇ ਉਸ ਪੋਥੀ ਦੇ ਦੇਖਣ ਦਾ ਯਤਨ ਕੀਤਾ ਸੀ। ਪਰ ਪਤਾ ਲਗਾ ਸੀ ਕਿ ਕੋਈ ਸਜਣ ਅਪਣੀ ਚਿਤਵੀ ਕਿਸੇ ਸ੍ਵਾਰਥ ਸਿਧੀ ਲਈ ਉਹ ਪੁਸਤਕ ਉਕਤ ਬੁੰਗੇ ਦੇ ਸਿੰਘ ਜੀ ਪਾਸੋਂ ਲੈ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਉਸ ਪੁਸਤਕ ਵਿਚ ਕੁਝ ਹੋਰ ਵਧੀਕ ਸਾਖੀਆਂ ਬੀ ਹਨ ਤੇ ਦਮਦਮੇ ਨਿਵਾਸ ਦੀ ਇਕ ਸਾਖੀ ਵਿਚ ਕਲਗੀਧਰ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਰਚਣ ਦੀ ਸਾਖੀ ਬੀ ਦਿਤੀ ਹੈ ਤੇ ਉਸ ਵਿਚ ਦਸਿਆ ਹੈ ਕਿ ਗੁਰੂ ਜੀ ਨੇ ਦਮਦਮੀ ਬੀੜ ਦਾ ਭੋਗ ਮੁੰਦਾਵਣੀ ਤੇ ਪਾਇਆ।
ਦਮਦਮੇ ਵਾਲੀ ਬੀੜ ਬੰਨ੍ਹਣ ਵਾਲੀ ਕੋਈ ਸਾਖੀ, ਨਾ ਤਾਂ ਸਾਨੂੰ ਪ੍ਰਾਪਤ ਹੋਈ ਲਿਖਤੀ ਪੋਥੀ ਵਿਚ ਹੈ, ਨਾ ਸਰ ਸਰਦਾਰ ਅਤਰ ਸਿੰਘ ਜੀ ਦੇ ਨਿਜੀ ਕਲਮੀ ਨੁਸਖੇ ਵਿਚ ਹੈ, ਨਾ ਉਨ੍ਹਾਂ ਦੇ ਅੰਗ੍ਰੇਜ਼ੀ ਤਰਜੁਮੇ ਵਿਚ ਅਤੇ ਨਾ ਹੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਕਵੀ ਸੰਤੋਖ ਸਿੰਘ ਨੇ ਦਿਤੀ ਹੈ, ਜਿਸ ਤੋਂ ਨਿਰਸੰਸੇ ਸਹੀ ਹੋ ਜਾਂਦਾ ਹੈ ਕਿ ਜੇ ਉਸ ਪੋਥੀ ਵਿਚ ਕੋਈ ਐਸੀ ਸਾਖੀ ਹੈ ਤਾਂ ਉਹ ਪੁਸਤਕ ਦੇ ਅਸਲ ਲੇਖਕ ਦੀ ਨਹੀਂ ਪਰ ਮਗਰੋਂ ਕਿਸੇ ਨੇ ਵਧਾਈ ਹੈ।
ਇਕ ਪ੍ਰਤਿਸ਼ਟਤ ਸਜਣ ਜੀ, ਜਿਨ੍ਹਾਂ ਨੇ ਉਕਤ ਪੋਥੀ ਉਸ ਸਜਣ ਪਾਸ ਦੇਖੀ ਹੈ, ਜੋ ਕਿ ਦਮਦਮੇ ਸਾਹਿਬ ਦੇ ਉਕਤ ਬੁੰਗੇ ਤੋਂ ਲੈ ਆਏ ਹਨ, ਓਹ
ਇਹ ਗਲ ਅਨਹੋਣੀ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਖਰੀ ਭੋਗ ਦੀ ਬਾਣੀ 'ਰਾਗਮਾਲਾ' ਦੇ ਕਿਸੇ ਵਿਰੋਧੀ ਨੇ ਉਕਤ ਸਾਖੀ ਉਸ ਪੋਥੀ ਵਿਚ ਵਧਾਕੇ ਇਹ ਗਲ ਸਿਧ ਕਰਨ ਦਾ ਬਿਰਥਾ ਯਤਨ ਕੀਤਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮੇ ਜੋ ਬੀੜ ਤਿਆਰ ਕੀਤੀ ਸੀ ਓਸ ਦਾ ਭੋਗ ਮੁੰਦਾਵਣੀ ਤੇ ਪਾ ਦਿਤਾ ਸੀ ਤੇ ਰਾਗਮਾਲਾ ਨਹੀਂ ਸੀ ਲਿਖੀ। ਪਰ ਉਸ ਦਾ ਇਹ ਯਤਨ ਸਫਲ ਕਿਵੇਂ ਬੀ ਨਹੀਂ ਹੋ ਸਕਦਾ, ਕਿਉਂਕਿ ਦਮਦਮੇ ਵਾਲੀ ਬੀੜ ਦੇ ਜੋ ਬੀ ਉਤਾਰੇ ਇਸ ਵੇਲੇ ਮਿਲਦੇ ਹਨ, ਰਾਗਮਾਲਾ ਸਭਨਾਂ ਵਿਚ ਮੌਜੂਦ ਹੈ। ਇਹ ਕਦੇ ਹੋ ਹੀ ਨਹੀਂ ਸਕਦਾ ਕਿ ਕਲਗੀਧਰ ਪਾਤਸ਼ਾਹ ਕੋਈ ਬਾਣੀ ਬੀੜ ਵਿਚ ਜੇ ਨਾਂ ਚੜ੍ਹਾਵਣ ਤਾਂ ਕੋਈ ਸਿਖ ਇਤਨੀ ਦੀਦਾ ਦਲੇਰੀ ਕਰੇ ਕਿ ਓਹ ਬੀੜ ਵਿਚ ਆਪ ਚੜਾ ਦੇਵੇ ਤੇ ਨਿਰਾ ਇਕ ਬੀੜ ਵਿਚ ਸਗੋਂ ਸਾਰੇ ਪੰਜਾਬ ਤਥਾ ਹਿੰਦ ਭਰ ਵਿਚ, ਜਿਥੇ ਜਿਥੇ ਬੀ ਪਵਿਤ੍ਰ ਬੀੜਾਂ ਉਸ ਵੇਲੇ ਸਥਾਪਤ ਹੋਣ ਕਰਾਮਾਤ ਨਾਲ ਰਾਗਮਾਲਾ ਲਿਖ ਦੇਵੇ ਤੇ ਪੰਥ ਵਿਚੋਂ ਕੋਈ ਉਂਗਲ ਨਾ ਕਰ ਸਕੇ ਕਿ ਅਮਕਾਂ ਭੱਦ੍ਰ ਪੁਰਸ਼ ਇਹ ਅਨੁਚਿਤ ਕਾਰਾ ਕਰ ਰਿਹਾ ਹੈ। ਇਤਿਹਾਸ ਉੱਕਾ ਚੁੱਪ ਹੈ, ਇਤਿਹਾਸ ਤਾਂ ਹੀ ਸਾਖ ਭਰ ਸਕਦਾ ਹੈ ਜੇ ਕੋਈ ਗਲ ਹਕੀਕਤ ਵਿਚ ਹੋਈ ਹੋਵੇ ਤਾਂ।
ਇਹ ਪੋਥੀ ਜੇ ਆਪ ਦੇ ਕਰ ਕਵਲਾਂ ਵਿਚ ਹੈ, ਇਹ ਸ੍ਰੀਮਾਨ ਯਾਨੀ ਸਾਹਿਬ ਸਿੰਘ ਜੀ ਧਮਧਾਣ ਸਾਹਿਬ ਵਾਲਿਆਂ ਦੀ ਲਿਆਂਦੀ ਪੋਥੀ ਦਾ ਉਤਾਰਾ ਹੈ, ਪਰ ਸਰ ਸਰਦਾਰ ਅਤਰ ਸਿੰਘ ਜੀ ਦੇ ਕਲਮੀ ਨੁਸਖੇ ਨਾਲ ਇਸਦਾ ਸਰਸਰੀ ਟਾਕਰਾ ਕੀਤਾ ਗਿਆ ਹੈ। ਉਸ ਨੁਸਖੇ ਵਿਚ ਜੇ ਦੋ ਸਾਖੀਆਂ ਅੰਤ ਦੇ ਲਾਗ ਵੱਧ ਹਨ ਓਹ ਚੂੰਕਿ ਇਸ ਪੋਥੀ ਦਾ ਹਿੱਸਾ ਨਹੀਂ ਹਨ, ਓਹ ਅਸੀਂ ਇਸ ਪੋਥੀ ਦੀ ਸਮਾਪਤੀ ਉਪ੍ਰੰਤ ਅੰਤਕਾ ੧ ਤੇ ਅੰਤਕਾ ੨ ਦੇ ਸਿਰਲੇਖ ਹੇਠ ਵੱਖਰੀਆਂ ਦੇ ਰਹੇ ਹਾਂ ਤਾਂ ਜੋ ਆਖੇਪਕਾਂ ਦਾ ਨਖੇੜਾ ਕੈਮ ਰਹੇ ਤੇ ਅਸਲ ਪੋਥੀ ਅਸਲ ਰੂਪ ਵਿਚ ਸੁਰਖ੍ਯਤ ਰਹੇ।
ਅਸਾਂ ਕੀ ਕੀਤਾ ਹੈ?
ਅਸਲ ਲਿਖਤੀ ਪੋਥੀ ਪੁਰਾਤਨ ਜੁੜਵੀਂ ਲਿਖਤ ਦੇ ਢੰਗ ਵਿਚ ਲਿਖੀ ਹੋਈ ਸੀ ਤੇ ਉਸ ਨੂੰ ਛਾਪੇ ਦੇ ਜਾਮੇ ਵਿਚ ਸੁਸਜਿਤ ਕਰਨ ਸਮੇਂ ਪਾਠਕਾਂ ਦੇ ਸੁਭੀਤੇ ਲਈ ਅਸਾਂ ਅਗੇ ਦਿੱਤੀਆਂ ਗਲਾਂ ਆਪ ਕੀਤੀਆਂ ਹਨ:-
1. ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿਚ ਸਰ ਸਰਦਾਰ ਅਤਰ ਸਿੰਘ ਜੀ ਰਈਸ ਭਦੌੜ ਦਾ ਜੋ ਲਿਖਤੀ ਉਤਾਰਾ ਇਸ ਪੋਥੀ ਦਾ ਪਿਆ ਹੈ, ਉਸ ਨਾਲ ਇਸ ਪੋਥੀ ਦਾ ਟਾਕਰਾ ਕੀਤਾ ਹੈ। ਜੇ ਮਾਮੂਲੀ ਪਾਠਾਂਤ੍ਰ ਭੇਦ ਸਨ ਯਾ ਅਖਰਾਂ ਦੀਆਂ ਐਸੀਆਂ ਬਦਲੀਆਂ ਸਨ ਜੋ ਅਰਥਾਂ ਵਿਚ ਫਰਕ ਨਹੀਂ ਪਾਉਂਦੀਆਂ ਓਹ ਛੋੜ ਦਿਤੀਆਂ ਹਨ, ਪਰ ਜਿਥੇ ਕੋਈ ਖਾਸ ਪਾਠਾਂਤ੍ਰ ਮਿਲੇ ਹੈਨ, ਓਹ ਭਾਵੇਂ ਹੈਨ ਬਹੁਤ ਘੱਟ, ਫੁਟ ਨੋਟਾਂ ਵਿਚ ਦੇ ਦਿੱਤੇ ਹਨ।
2. ਕਠਨ ਪਦਾਂ ਦੇ ਅਰਥ ਬੀ ਟੂਕਾਂ ਵਿਚ ਦੇਣ ਦਾ ਜਤਨ ਕੀਤਾ ਹੈ।
3. ਸਾਖੀਆਂ ਵਿਚ ਵਿਰਾਮ, ਛੇਵੇਂ ਅਤੇ ਉਲਟਾਵੇਂ ਕਾਮੇ ਇਬਾਰਤ ਨੂੰ ਨਿਖੇੜਨ ਤੇ ਸੌਖੀ ਤਰ੍ਹਾਂ ਸਮਝਣ ਲਈ ਅਸਾਂ ਲਾਏ ਹਨ, ਪੈਰਿਆਂ ਦੀ ਵੰਡ ਬੀ ਕੀਤੀ ਹੈ ਤਾਂ ਜੋ ਪਾਠਕ ਸਾਖੀ ਦੇ ਭਾਵ ਨੂੰ ਸੁਖੈਨਤਾ ਨਾਲ ਗ੍ਰਹਣ ਕਰਦਾ ਚਲਾ ਜਾਏ।
4. ਸਾਖੀਆਂ ਦੇ ਉਪਰ ਬ੍ਰੀਕ ਅਖਰਾਂ ਵਿਚ ਉਸ ਸਾਖੀ ਦਾ ਨਾਮ ਅਸਾਂ ਪਾਇਆ ਹੈ, ਅਸਲ ਪੋਥੀ ਵਿਚ ਸਾਖੀਆਂ ਦੇ ਸਿਰਲੇਖ ਨਹੀਂ ਹਨ।
5. ਗੁਰ ਪ੍ਰਤਾਪ ਸੂਰਜ ਗ੍ਰੰਥ ਨਾਲ ਟਾਕਰਾ ਕਰਕੇ ਹਰ ਸਾਖੀ ਹੇਠ ਇਹ ਪਤਾ ਦੇਣ ਦਾ ਬੀ ਜਤਨ ਕੀਤਾ ਹੈ ਕਿ ਕਵੀ ਸੰਤੋਖ ਸਿੰਘ ਨੇ ਇਸ ਸਾਖੀ ਦਾ ਉਲਥਾ ਆਪਣੀ ਰਚਨਾਂ ਵਿਚ ਕਿਸ ਟਿਕਾਣੇ ਦਿਤਾ ਹੈ।
6. ਕਿਤੇ ਕਿਤੇ ਗੁਰਧਾਮਾਂ ਦੇ ਨਾਮ ਥਾਂਵ ਤੇ ਪਤੇ ਬੀ ਟੂਕਾਂ ਵਿਚ ਵਧਾਏ ਹਨ, ਪਰ ਇਤ੍ਰਾਜ਼ ਜੋਗ ਗਲਾਂ ਦੇ ਸਮਾਧਾਨ ਉਚੇਚੇ ਦੇਣ ਵਲ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਕਾਰਨ ਏਹ ਕਿ ਇਤ੍ਰਾਜ਼ ਯੋਗ ਨੁਕਤਿਆਂ ਦੇ ਸਮਾਧਾਨ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਸਵਿਸਥਾਰ ਆ ਚੁਕੇ ਹਨ, ਸ਼ੌਕ ਵਾਲੇ ਸਜਣ ਓਥੋਂ ਵਾਚ ਸਕਦੇ ਹਨ। ਜੇ ਓਹ ਸਾਰੇ ਇਥੇ ਦਿਤੇ ਜਾਂਦੇ ਤਾਂ ਇਸ ਪੁਸਤਕ ਦੇ ਹੁਜਮ ਦੀ ਹੱਦ ਤੋਂ ਓਹ ਬਹੁਤ ਟੱਪ ਜਾਂਦੇ, ਇਸ ਲਈ ਸੰਕੋਚ ਤੋਂ ਕੰਮ ਲਿਆ ਗਿਆ ਹੈ।
7. ਦੇ ਸਾਖੀਆਂ ਜੋ ਸਾਡੇ ਲਿਖਤੀ ਨੁਸਖੇ ਵਿਚ ਨਹੀਂ ਹਨ ਤੇ ਸਰ ਅਤਰ ਸਿੰਘ ਜੀ ਦੇ ਲਿਖਤੀ ਨੁਸਖੇ ਵਿਚ ਹਨ ਓਹ ਆਖੇਪਕ ਸਹੀ ਕਰਕੇ ਪੁਸਤਕ ਦੇ ਅੰਤ ਅੰਤਕਾ ੧ ਤੇ ਅੰਤਕਾ ੨ ਦਾ ਸਿਰਲੇਖ ਦੇਕੇ ਛਾਪ ਦਿਤੀਆਂ ਹਨ।
ਅੰਤਮ ਬੇਨਤੀ
ਜਦ ਗੁ: ਪ੍ਰ: ਸੂ: ਗ੍ਰੰਥ ਦੇ ਪ੍ਰਕਾਸਨ ਸਮੇਂ ਇਹ ਪੁਸਤਕ ਮਿਲੀ ਸੀ ਤਾਂ ਇਸ ਦੇ ਪਠਨ ਪਾਠਨ ਤੋਂ ਗੁ: ਪ੍ਰ: ਸੂ: ਗ੍ਰੰਥ ਦੀ ਰਚਨਾਂ ਨਾਲ ਟਾਕਰੇ ਤੋਂ ਇਹ ਪੁਸਤਕ ਬੜੀ ਲਾਭਦਾਇਕ ਸਹੀ ਹੋਈ ਸੀ ਤੇ ਇਹ ਚਾਹ ਤਦੋਂ ਹੀ ਹੋ ਆਈ ਸੀ ਕਿ ਕਵੀ ਸੰਤੋਖ ਸਿੰਘ ਜੀ ਦੇ ਮਹਾਨ ਗ੍ਰੰਥ ਛਪ ਜਾਣ ਪਿਛੋਜ ਸੂ: ਪ੍ਰ: ਦੇ ਇਸ ਦੁਰਲਭ ਸੋਮੇ ਨੂੰ ਬੀ ਛਾਪਕੇ ਸੁਲਭ ਕਰ ਦਿਤਾ ਜਾਏ। ਪਰ ਇਸ ਚਾਹ ਦੀ ਸਫਲਤਾ ਚਿਰ ਕਾਲ ਬਾਦ ਅਸੀਂ ਹੁਣ ਹੀ ਪ੍ਰਾਪਤ ਕਰ ਸਕੇ ਹਾਂ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਜਨਮ ਸਾਖੀਆਂ ਵਿਚੋਂ ਛੋਟੀਆਂ ਛੋਟੀਆਂ ਤੇ ਮਿਠੀ ਬੋਲੀ ਦੀਆਂ ਸਾਖੀਆਂ ਵਾਲੀ 'ਪੁਰਾਤਨ ਜਨਮ ਸਾਖੀ ਦਾ ਖਾਸ ਦਰਜਾ ਹੈ, ਉਸੇ ਤਰ੍ਹਾਂ ਮਾਲਵੇ ਦੇ ਨੌਵੇਂ ਤੇ ਦਸਵੇਂ ਪਾਤਸ਼ਾਹ ਜੀ ਦੇ ਸਫਰਾਂ ਦੀਆਂ ਛੋਟੀਆਂ ਛੋਟੀਆਂ ਸਾਖੀਆਂ ਦੀ ਇਹ ਪੋਥੀ ਪਾਠਕਾਂ ਦੇ ਮਨਾਂ ਵਿਚ ਆਪਣੀ ਥਾਂ ਬਣਾ ਲਵੇਗੀ।
(ਅਕਤੂਬਰ 1950)
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੰਗਲ ਦੇਸ਼ ਫੇਰੀ
ਸ੍ਰੀ ਸਤਿਗੁਰੂ ਜੀ ਸਹਾਇ॥ ਗੁਰੂ ਤੇਗ ਬਹਾਦਰ ਸੰਸਾਰ ਸਾਗਰ
ਕੇ ਤਾਰਬੇ ਕੇ ਰਮਤ ਕੀਆ। ਜੋ ਜੋ ਸਿਖ ਸਾਧੂ ਪ੍ਰੇਮੀ ਅਰਾਧਦੇ
ਥੇ ਤਿਨਾਂ ਕੀ ਭਾਵਨੀ ਪੂਰੀ ਕਰਨੇ ਕੋ ਬਹਾਨਾ ਤੀਰਥਾਂ
ਦਾ ਚਰਨ ਪਧਾਰੇ। ਸੈਫਾਬਾਦ ਆਨ ਉਤਰੇ ਬਾਗ ਬੀਚ।
1. ਸੈਫਾ ਬਾਦ ਸ਼ਰਫ ਦੀਨ ਕੋਲ
'ਕੂਏ ਕੇ ਕਿਨਾਰੇ ਪੰਚਬਟੀ ਕੇ ਸਮਾਨ ਅਸਥਾਨ ਦੇਖਾ, ਤਿਥੇ ਹੀ ਡੇਰਾ ਕੀਆ। ਤਿਸ ਕਸਬੇ ਕਾ ਮਾਲਕ ਸਰਫ ਦੀਨ ਥਾ। ਬੜਾ ਨੇਕ ਮਰਦ
1. ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰੂ ਜੀ ਦੇ ਸੈਫਾਬਾਦ ਪਧਾਰਨ ਦੀ ਸਾਖੀ ਨੂੰ ਪਹਿਲੇ ਸਫਰ ਵਿਚ ਇਥੇ ਨਹੀਂ ਪਰ ਆਪ ਦੇ ਦਿੱਲੀ ਨੂੰ ਪਧਾਰਨ ਵੇਲੇ ਦੇ ਅੰਤਲੇ ਸਫਰ ਵਿਚ ਰਖਿਆ ਹੈ, ਦੇਖੋ ਗੁ: ਪ੍ਰ: ਸੂ: ਰਾਸ ੧੨ ਅੱਸੂ ੩੦।
2. ਸਰ: ਅਤਰ ਸਿੰਘ ਜੀ ਦੇ ਲਿਖਤੀ ਨੁਸਖੇ ਵਿਚ ਏਥੇ ਦੋ ਚੋਪਈਆਂ ਹਨ ਜਿਨ੍ਹਾਂ ਦਾ ਪਾਠ ਇਹ ਹੈ:-
ਚੌਪਈ- ਤੇਗ ਬਹਾਦਰ ਗੁਰ ਪ੍ਰਤਿਪਾਰਨ। ਚਲੋ ਬ੍ਯਾਜ ਤੀਰਥ ਸਿਖ ਤਾਰਨ।
ਚਲਿਕੈ ਸੈਫਾਬਾਦ ਮੇ ਆਏ। ਆਸਨ ਕੂਪ ਨਜੀਕ ਲਗਾਏ॥੧॥
ਪੰਚਬਟੀ ਸਮ ਠੋਰ ਹੈ ਸੋਈ। ਤਿਸ ਕਸਬੇ ਕਾ ਮਾਲਕ ਜੋਈ॥
ਸ਼ਰਫ ਦੀਨ ਦਿਲ ਸਾਫੀ ਵਾਲਾ। ਨੇਕ-ਬਖਤ ਗੁਰ ਚਹਤ ਰਵਾਲਾ ॥੨॥
3. ਗੋਦਾਵਰੀ ਕੰਢੇ ਇਕ ਰਮਣੀਕ ਟਿਕਾਣਾ ਜਿਥੇ ਸ੍ਰੀ ਰਾਮਚੰਦ੍ਰ ਜੀ ਬਨਬਾਸ ਸਮੇਂ ਰਹੇ ਸਨ। ਭਾਵ ਰਮਣੀਕਤਾ ਤੋਂ ਹੈ।
ਹੈਸੀ, ਦਿਲ ਕਾ ਸਾਫ ਹੈਸੀ। ਤਿਸ ਨੇ ਭੀ ਸੁਨਿਆ ਜੋ ਤੇਗ ਬਹਾਦਰ ਸਾਹਿਬ ਬਾਗ ਬੀਚ ਉਤਰੇ ਹੈਨਿ। ਬਡਾ ਖੁਸ ਹੋਆ, ਬਾਗੇਂ ਬੀਚ ਮਾਵੇ ਨਹੀਂ। ਉਸੀ ਵਖਤ ਲੈ ਕਰਕੇ ਮੇਵਿਓਂ ਕੀ ਡਾਲੀਆਂ, ਲੰਗਰ ਨੂੰ ਰਸਤ ਮੰਗਵਾਇ, ਆਪ ਗੁਰੂ ਜੀ ਨੂੰ ਆਇ ਮਥਾ ਟੇਕਿਆ। ਕਹਿਣ ਲਗਾ: 'ਗੁਰੂ ਜੀ! ਅਜ ਮੇਰਾ ਜਨਮੁ ਸਫਲ ਹੂਆ।' ਗੁਰੂ ਜੀ ਬਚਨ ਕੀਆ: 'ਤੁਸਾਂ ਸਾਹਿਬ ਕੋ ਚਿਤ ਕੀਤਾ ਹੈ। ਤੁਸਾਡੇ ਇਕੀ ਕੁਲਾਂ ਦਾ ਜਨਮ ਸਫਲਾ ਕੀਆ'। ਫੇਰ ਸ਼ਰਫ ਦੀਨ ਕਹਾ: 'ਗਰੀਬ ਨਿਵਾਜ ਜੀ ਡੇਰਾ ਅੰਦਰ ਕਰੀਏ।' ਗੁਰੂ ਜੀ ਬਚਨ ਕੀਆ: 'ਡੇਰਾ ਇਸੀ ਜਾਗਾ ਬਹੁਤ ਬੇਸ ਹੈ।' ਸ਼ਰਫ ਦੀਨ ਕਹਾ: 'ਭਲਾ ਗੁਰੂ ਜੀ! ਭਲਾ।”
ਟਹਿਲ ਸੇਵਾ ਨੂੰ ਆਪਣੇ ਮਨੁਖ ਸਪੁਰਦ ਕੀਏ। ਆਪ ਅੰਦਰ ਆਇਆ। ਆਇਕੇ ਗੁਰੂ ਜੀ ਕੇ ਨਮਿਤ ਅਸਥਾਨੁ ਬਣਾਉਣੇ ਲਗਾ। ਕਿਤਨੇ ਦਿਨ ਮੈਂ ਅਸਥਾਨ ਤਈਆਰ ਹੋਆ ਵਡਾ ਉਜਲ ਅਸਥਾਨ ਬਣਿਆ। ਮਾਤਾ ਜੀ ਕੇ ਰਹਿਣੇ ਕੀ ਜਾਗਾ ਬੀ ਬਣਾਈ। ਫੇਰ ਸਰਫ ਦੀਨ ਗੁਰੂ ਜੀ ਪਾਸਿ ਮਥਾ ਆਣਿ ਟੇਕਿਆ। ਗੁਰੂ ਜੀ ਵਡੀ ਖੁਸੀ ਕੀਤੀ: 'ਆਉ ਸਰਫ ਦੀਨ ਬੈਠੇ।' ਸਰਫ ਦੀਨ ਕਹਾ: 'ਗੁਰੂ ਜੀ ਏਹਿ ਬਾਗ ਵਡੇ ਭਾਗ ਵਾਲਾ ਹੋਆ'। ਬਚਨ ਕਹਾ: 'ਗੁਰੂ ਜੀ! ਆਪ ਅੰਦਰ ਚਰਨ ਪਾਵੇ, ਧਾਮ ਪਵਿਤ੍ਰ ਕਰੋ।' ਗੁਰੂ ਜੀ ਤਿਸ ਕਾ ਪ੍ਰੇਮ ਦੇਖਕੇ ਚੜੇ ਘੋੜੇ ਪਰ, ਸਰਫ ਦੀਨ ਨੇ ਰਕਾਬ ਲਈ। ਮਾਤਾ ਜੀ ਡੋਲੇ ਬੀਚ ਬੈਠੇ। ਸਰਫ ਦੀਨ ਪੈਰੀ ਚਲਿਆ ਗੁਰੂ ਜੀ ਕੇ ਪੀਛੇ ਪੀਛੇ। ਦਰਵਾਜੇ ਵੜਦਿਆਂ ਗੁਰੂ ਜੀ ਨੇ ਮਹਿਜਤ ਦੇਖੀ। ਤੋਂ ਸਰਫ ਦੀਨ ਕਹਾ: ਗੁਰੂ ਜੀ ਆਪ ਕਾ ਅਸਥਾਨ ਆਗੇ ਹੈ। ਏਹ ਖ਼ੁਦਾ ਕਾ ਘਰ ਹੈ ਜੀ।'
ਗੁਰੂ ਜੀ ਅੰਦਰ ਆਨ ਬੈਠੇ। ਸਰਫ ਦੀਨ ਮੁਹਰਾਂ ਭੇਟਾ ਆਨਿ ਧਰੀਆਂ, ਪੋਸ਼ਾਕ ਰਖੀ, ਮਥਾ ਟੇਕਿਆ। ਤਿਸਕੀ ਸਮਾਣੀ ਨੇ ਮਾਤਾ ਗੁਜਰੀ ਜੀ ਕੇ ਮਥਾ ਟੇਕਿਆ, ਭੂਖਨ ਬਸਤ੍ਰ ਦੀਏ ਅਨਿਕ ਪ੍ਰਕਾਰ ਕੇ ਗੁਰੂ ਜੀ ਸਰਫ ਦੀਨ ਕੋ ਕਹਾ: 'ਤੁਸਾਂ ਕ੍ਯਾ ਜਾਣਕੇ ਜਾਗਾ ਬਣਾਈ ਹੈ ?' ਤਿਨ੍ਹ ਭਾਖਿਆ:
1. ਜਾਮੇ, ਪੁਸ਼ਾਕੇ ਵਿਚ 2. ਚੰਗਾ, ਠੀਕ। [ਫਾ: ਬੇਸ਼= ਵਧੀਆ]
3. ਮਸੀਕ। 4. ਸੁਆਣੀ। ਇਸਤ੍ਰੀ।
'ਜੀ ਮੈਂ ਅਸਪ' ਅਸਵਾਰ ਹੂਆ ਚਲਿਆ ਜਾਤਾ ਥਾ ਜੀ, ਏਥੇ ਇਕ ਭੇਡ ਤੁਰਤ ਕੀ ਪ੍ਰਸੂਤੀ, ਤਿਸਨੋ ਦੇਇ ਬਘਿਆੜ ਪਏ ਮਾਰਨ, ਤਿਸ ਮਾਰ ਨਾ ਖਾਧੀ, ਹਾਰਿਕੇ ਛਡ ਗਏ। ਮੈਂ ਇਸ ਕਰਕੇ ਸਰਾਇ ਪਾਹੀ ਜੋ ਅਜੀਤ ਜਾਗਾ ਜਾਣਕੇ ਗੁਰੂ ਜੀ!' ਗੁਰੂ ਜੀ ਬਚਨ ਕੀਤਾ: 'ਸਰਫ ਦੀਨ! ਦਿਵਾਲ ਕਾ ਉਸਾਰ ਛੋਟਾ ਹੈ। ਤਿਨ ਭਾਖਿਆ: 'ਗੁਰੂ ਜੀ! ਆਪ ਵਡਾ ਕਰੋ।' ਬਚਨ ਹੋਆ: 'ਸਾਡਾ ਸਿੰਘ ਹੋਵੈਗਾ ਕਰਮ ਸਿੰਘ ਨਾਮ, ਓਹੁ ਵਡਾ ਕਰੇਗਾ ਸਾਡਾ ਹੀ ਨਾਉਂ ਰਖੇਗਾ, ਅੰਦਰ ਬੀ ਸਾਡਾ ਅਸਥਾਨ ਬਣਾਵੇਗਾ ਤੇ ਬਾਹਰ ਭੀ ਬਣਾਵੇਗਾ।'
ਗੁਰੂ ਜੀ ਫੇਰ ਬਾਗ ਬੀਚ ਉਸੀ ਜਾਗਾ ਬਾਹਰ ਆਨਿ ਉਤਰੇ। ਮਾਤਾ ਜੀ ਅੰਦਰ ਰਹੇ। ਸਾਥ ਮਾਤਾ ਜੀ ਕਾ ਭਾਈ ਰਹਿਆ ਭਾਈ ਕ੍ਰਿਪਾਲ, ਹੋਰ ਸਿਖ ਰਹੇ ਮਾਤਾ ਜੀ ਕੀ ਸੇਵਾ ਨੂੰ ਬਹੁਤ ਜੀ।
ਏਕ ਦਿਨ ਸਰਫ ਦੀਨ ਦਰਸਨ ਨੂੰ ਆਇਆ। ਆਨਿ ਮਥਾ ਟੇਕਿਆ। ਗੁਰੂ ਜੀ ਬਚਨ ਕੀਤਾ: 'ਚਤੁਰ ਮਾਸਾ' ਪੂਰਾ ਹੋਇਆ, ਕੂਚ ਕਰਾਂਗੇ।' ਤਿਨ ਭਾਖਿਆ: 'ਆਪ ਕੇ ਰਹਿਣੇ ਕਰ ਮੈਨੂੰ ਵਡਾ ਅਨੰਦ ਸੀ।' ਗੁਰੂ ਜੀ ਬਚਨ ਕੀਤਾ: 'ਸਾਹਿਬ ਨੂੰ ਹਰਦਮ ਯਾਦ ਰਖਣਾ, ਸਾਧ ਫਕੀਰ ਕੀ ਸੇਵਾ ਬੰਦਗੀ ਕਰਨੀ, ਮਨ ਨੀਵਾਂ ਰਖਣਾਂ, ਤੁਸਾਨੂੰ ਸਦਾ ਹੀ ਅਨੰਦ ਰਹੇਗਾ।'
ਉਸੀ ਦਿਨ ਤੇ ਚਿਪੀ ਪਿਆਲਾ ਰਖੇ, ਗਿਰਿਸਤ ਵਿਚ ਹੀ ਫਕੀਰੀ ਕਰੇ। ਗੁਰੂ ਜੀ ਕੇ ਲੰਗਰ ਕੇ ਭਾਂਡੇ ਦੀਏ। ਤੰਬੂ ਛਾਇਆਵਾਨ ਦੀਆ। ਭਾਰ ਬਰਦਾਰੀ ਕੋ ਸ਼ੁਤਰ ਦੀਏ। ਅਸਵਾਰੀ ਕੋ ਵਡਾ ਉਮਦਾ ਘੋੜਾ ਦੀਆ। ਮਾਤਾ ਜੀ ਕੀ ਅਸੁਵਾਰੀ ਕੋ ਰਥੁ ਦੀਆ ਹਾਥ ਜੋੜ ਬੇਨਤੀ ਕਰੀ:
1. ਘੋੜੇ ਤੇ ।
2. ਮੁਰਾਦ ਸੈਫਾ ਬਾਦ ਦੀ ਵਸੋਂ ਤੇ ਸਰਫ ਦੀਨ ਦੀ ਆਪਣੀ ਸ਼ਾਨਦਾਰ ਰਿਹੈਸ਼ ਦਾ ਹੈ ਜੋ ਇਕ ਕਿਲੇ ਦੀ ਸ਼ਕਲ ਦੀ ਸੀ। ਇਹੋ ਥਾਂ ਹੈ ਜੇ ਪਿਛੋਂ ਮਹਾਰਾਜਾ ਪਟਿਆਲਾ ਦੇ ਵਡਿਆਂ ਨੇ ਸ਼ਰਫ ਦੀਨ ਦੀ ਸੰਤਾਨ ਨੂੰ ਜਗੀਰ ਦੇ ਕੇ ਲੈ ਲਈ ਤੇ ਪੱਕਾ ਕਿਲਾ ਬਣਾਇਆ ਜਿਸ ਦਾ ਨਾਮ ‘ਬਹਾਦਰ ਗੜ' ਰਖਿਆ। ਮਹਾਨ ਕੋਸ਼ ਲਿਖਦਾ ਹੈ ਕਿ 1831 ਬਿ: ਵਿਚ ਮਹਾਰਾਜਾ ਅਮਰ ਸਿੰਘ ਨੇ ਸ਼ਰਫ ਦੀਨ ਦੀ ਸੰਤਾਨ ਤੋਂ ਲੈਕੇ ਪੱਕਾ ਕਿਲ੍ਹਾ ਬਨਾਯਾ।
3. ਚੁਮਾਂਸਾ= ਬਰਸਾਤ ਦੇ ਦਿਨ, ਹਾੜ ਤੋਂ ਅੱਧ ਅੱਧ ਕਤਕ ਤੱਕ।
4. ਊਠ।
'ਜੀ ਗਰੀਬ ਨਿਵਾਜ ਜੀ! ਆਪਕੀ ਅਸਵਾਰੀ ਕੀ ਹਮਾਰੇ ਕੋ ਜਾਹਰੀ ਹੋਵੈ।' ਗੁਰੂ ਜੀ ਕਹਿਆ: 'ਸਰਫ ਦੀਨ! ਜੰਗਲ ਦੇਸ ਮੈਂ ਹਮਾਰੀ ਗੁਪਤਿ ਕਾਂਸੀ ਹੈ, ਉਹਾਂ ਜਾ ਕਰ ਤਿਸ ਨੂੰ ਪ੍ਰਗਟ ਕਰਾਂਗੇ।' ਸਰਫ ਦੀਨ ਕਹਾ: 'ਗਰੀਬ ਨਿਵਾਜ ਜੀ ਫੇਰ ਦਰਸ਼ਨ ਦੇਣਾ ਜੀ । ਗੁਰੂ ਜੀ ਕਹਾ: 'ਦੇਵਾਂਗੇ ਏਕ ਬੇਰ।' ਤਿਸ ਨੂੰ ਦਿਲਾਸਾ ਦੇਕੇ ਆਪ ਅਸਵਾਰ ਹੋਏ। ਤਿਸ ਨੇ ਰਕਾਬ ਪਕੜੀ। ਕੂਚ ਹੋਏ ਲੰਗਾਂ ਕੀ ਤਰਫ ॥੧॥
2. ਮੂਲੋਵਾਲ ਖੂਹ ਮਿੱਠਾ ਕੀਤਾ
ਸ੍ਰੀ ਸਤਿਗੁਰੂ ਜੀ ਸਹਾਇ॥ ਬਾਬਾ ਗੁਰਦਿਤਾ॥
ਦੀਨ ਦੁਨੀ ਦਾ ਟਿਕਾ॥ ਜੀਉ ਪਿੰਡ ਜਿਨ ਦਿਤਾ॥
ਐਸਾ ਗੁਰ ਸਿਵਰੋ ਨਿਤ ਨਿਤਾ॥
ਆਗੇ ਡੇਰਾ ਕੂਚ ਕਰੀ ਜਾਂਦੇ ਥੇ, ਮੂਲੋਵਾਲ ਕੇ ਕੂਏ ਪਰ ਜਾ ਖੜੇ ਹੋਏ। ਬਚਨ ਹੋਇਆ: 'ਜਲ ਲਿਆਵੋ ਛਕਣ ਨੂੰ । ਓਥੇ ਜਿਮੀਦਾਰ ਬੈਠੇ ਸਨ, ਕਹਿੰਦੇ: 'ਇਸਕਾ ਜਲ ਖਾਰਾ ਹੈ ਜੀ। ਖੂਹ ਉਤੇ ਮੋੜ੍ਹੇ ਦਿਤੇ ਹੋਏ ਹਨ। ਗੁਰੂ ਜੀ ਨੇ ਕਹਿਆ: 'ਮੋੜ੍ਹੇ ਉਤੋਂ ਲਾਹਿਕੇ ਲਿਆਵੇ ਜਲੁ।' ਸਿਖਾਂ ਨੇ ਖੂਹ ਉਤੋਂ ਮੋੜ੍ਹੇ ਲਾਹ ਕੇ ਆਂਦਾ ਜਲ। ਗੁਰੂ ਜੀ ਨੇ ਚੁਲਾ ਕੀਤਾ, ਮੁਹੁ ਧੋਤਾ। ਬਚਨ ਕੀਤਾ: 'ਜਲ ਤਾਂ ਮਿਠਾ ਹੈ। ਜਲ ਮਿਠਾ ਹੋਇਆ। ਏਹਿ ਬਾਰਤਾ ਜਾਹਰ ਹੈ। ਗੁਰੂ ਜੀ ਨੇ ਕਹਿਆ: 'ਏਥੇ ਨੌ ਖੂਹ ਲਗਨਗੇ।' ਜੇ ਤਾਂ ਜ਼ਿਮੀਂਦਾਰ ਹੋਰ ਖੂਹ ਲਾਉਂਦੇ ਹਨ: ਤਾਂ ਇਕ ਖੂਹ ਨਿਘਰ: ਨਘਰ ਜਾਂਦਾ ਹੈ ਦਸਮਾਂ"।
1. ਭਾਵ ਪ੍ਰਗਟ ਕਰੋ ਕਿ ਫੇਰ ਕਦ ਦਰਸ਼ਨ ਦਿਓਗੇ ?
2. ਮਾਲਵਾ।
3. ਪਟਿਆਲੇ ਤੋਂ 7 ਮੀਲ ਉੱਤਰ ਵਲ ਹੈ ਤੇ ਇਸ ਦੇ ਲਹਿੰਦੇ ਵਲ ਨੇੜੇ ਹੀ ਗੁਰੂ ਜੀ ਦਾ ਯਾਦਗਾਰੀ ਗੁਰਦੁਆਰਾ ਹੈ।
4. ਇਹ ਸਾਖੀ ਗੁ: ਪ੍ਰ: ਸੂਰਜ ਗ੍ਰੰਥ ਦੇ ਕਰਤਾ ਨੇ ਰਾਸ ੧੧ ਐਸੂ ੩੪ ਵਿਚ
ਦਿਤੀ ਹੈ।
5. ਇਹ ਨਗਰ ਪਟਿਆਲੇ ਵਿਚ 'ਅਲਾਲ' ਸਟੇਸ਼ਨ ਤੋਂ ਇਕ ਮੀਲ ਦਖਣ ਵੱਲ ਹੈ, ਓਥੇ ਗੁਰਦੁਆਰਾ ਵਿਦਮਾਨ ਹੈ।
6. ਸੂ: ਪ੍ਰ: ਵਿਚ ਦਸਿਆ ਹੈ ਕਿ ਸਤਿਗੁਰਾਂ ਨੇ ਕਿਹਾ, ਇਕ ਖੂਹ ਇਹ ਤੇ ਨੌ ਹੋਰ ਲਗਣਗੇ, ਸਾਰੇ ਦਸ ਰਹਿਣਗੇ, ਗਿਆਰਵਾਂ ਨਹੀਂ ਲਗ ਸਕੇਗਾ।
ਗੁਰੂ ਜੀ ਨੇ ਡੇਰਾ ਲਹਿੰਦੇ ਵਲ ਆਨਿ ਕੀਤਾ। ਜਿਮੀਂਦਾਰਾਂ ਨੂੰ ਕਹਿਆ: 'ਤੁਸਾਂ ਕੇ ਕੈ ਥਾਉਂ ਹਨਿ ਸੋਟੀ ਫੜਨ ਵਾਲੇ ? ਪਗਾਂ ਪੈਨ੍ਹਾਈਏ। ਗੋਇੰਦੇ ਚੌਧਰੀ ਕਹਿਆ: 'ਥਾਉਂ ਤਾਂ ਸਾਡੇ ਸਤਿ ਹਨਿ, ਸੋਟੀ ਫੜਨ ਵਾਲਾ ਤਾਂ ਮੈਂ ਹੀ ਹਾਂ।' ਗੁਰੂ ਜੀ ਬਚਨ ਕੀਤਾ; ਅਸੀਂ ਸਤਾਂ ਹੀ ਨੂੰ ਪਹਿਰਾਵਾਂਗੇ ਪੱਗਾਂ।
ਤਿਸ ਨਗਰੀ ਨੇ ਟਹਿਲ ਸੇਵਾ ਕੀਤੀ। ਗੁਰੂ ਜੀ ਖੁਸੀ ਕਰੀ। ਨੌ ਦਿਨ ਡੇਰਾ ਕੀਤਾ ਤਿਥੇ ॥੨॥
੩. ਰਾਹ ਵਿਚ ਡੇਰਾ
ਅਗੇ ਗੁਰੂ ਜੀ ਚਲੇ ਜਾਂਦੇ ਥੇ, ਰਸਤੇ ਬੀਚ ਘੋੜੇ ਨੂੰ ਸੂਲ ਹੋਇਆ, ਤਿਥੇ ਉਤਰ ਬੈਠੇ। ਓਥੇ ਬੀ ਗੁਰੂ ਕਾ ਅਸਥਾਨ ਬਣਿਆ ਹੈ॥੩॥
4. ਜਵੰਧਿਆਂ ਦੇ ਸੇਖੋਂ
ਅਗੇ ਡੇਰਾ ਗੁਰੂ ਜੀ ਨੇ ਸੇਖੇ ਕੀਤਾ। ਓਥੇ ਜੀਵੰਧਿਆਂ ਕੇ ਬਾਈ ਪਿੰਡ ਸਨਿ ਬਸਦੇ। ਮਟਿ ਪਾਸ ਆਨਿ ਉਤਰੇ। ਬਾਹੀਏ ਕਾ ਸਰਦਾਰ ਸੀ, ਓਸ ਦਾ ਨਾਉ ਥੀ ਤਲੋਕਾ, ਤਿਸ ਕੀ ਬੇਟੀ ਦਾ ਬੀਵਾਹ ਸੀ। ਓਸ ਬਾਈ ਦਿਨ ਜੰਞ ਰਖੀ ਤੇ ਗੁਰੂ ਜੀ ਕੀ ਟਹਿਲ ਸੇਵਾ ਕੁਛ ਨਾ ਕੀਤੀ। ਦੁਰਗੂ ਹਰੀ ਕਾ ਤਿਸ ਨੇ ਸੇਵਾ ਕਰੀ ਸਭ ਕਾਸੇ ਕੀ, ਤਿਸ ਨੂੰ ਖੁਸੀ ਕੀਤੀ। ਜੀਵੰਧਿਆਂ ਉਤੇ ਕੋਪ ਹੋਏ।
ਕੋਈ ਸਿਖ ਕਹਿੰਦੇ ਹਨ: ਗੁਰੂ ਦਸਮੇ ਪਾਤਸਾਹ ਨਾਲ ਸਨਿ। ਕਿਸੇ ਨੇ ਕਹਿਆ: 'ਏਹ ਬਾਹੀਏ ਕਾ ਟਿੱਕਾ ਹੈ ਚਲਿਆ ਜਾਂਦਾ ਚਾਂਦੀ ਕੀਆਂ ਖਖੜਾਮਾਂ ਵਾਲਾ। ਗੁਰੂ ਜੀ ਬਚਨ ਕੀਤਾ: 'ਏਸ ਦਾ ਕੀ ਨਾਉਂ ਹੈ ?? ਓਸ ਕਹਿਆ: 'ਏਸ ਕਾ ਨਾਉ ਤਲੋਕਾ ਹੈ ਜੀ। ' ਗੁਰੂ ਜੀ ਕਹਿੰਦੇ: 'ਇਹ ਤਾਂ ਅਕਲ ਕਾ ਅੰਧਾ ਹੈ। ਓਸ ਆਖਿਆ: 'ਜੀ! ਏਹੁ ਤਾਂ ਬਾਹੀਏ ਕਾ ਸਰਦਾਰ
1. ਇਹ ਸਾਖੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ੧੧ ਅੰਸੂ ੩੪ ਵਿਚ ਕਵੀ ਸੰਤੋਖ ਸਿੰਘ ਜੀ ਨੇ ਦਿੱਤੀ ਹੈ।
2. ਇਹ ਟਿਕਾਣਾ ਮੂਲੋਵਾਲ ਤੋਂ ਪੰਜ ਕੋਹ ਪੱਛਮ ਵਲ ਹੈ। ਯਾਦਗਾਰ ਗੁਰਦੁਆਰੇ ਇਥੇ ਦੋ ਸੁਣੀਂਦੇ ਹਨ।
ਹੈ। ਗੁਰੂ ਜੀ ਹਥ ਉਤੇ ਹਥ ਮਾਰਕੇ ਕਹਿਆ: ‘ਬਾਹੀਆ ਨਾ ਤੇਹੀਆ' ਤਿੰਨ ਵਾਰੀ।
ਮਾਧੋ ਦਾਸ ਬੈਰਾਗੀ ਕੇ ਸੇਵਕ ਸਨ ਜਿਵੰਧੇ। ਓਥੇ ਜੀਵੰਧਿਆਂ ਕਾ ਜਮਾਈ' ਸੀ ਵਸਦਾ। ਓਸ ਨੇ ਬੀ ਗੁਰੂ ਕੀ ਟਹਿਲ ਕੀਤੀ ਹੈਸੀ। ਗੁਰੂ ਜੀ ਕਹਿਆ: 'ਸਿਖਾ! ਤੈਂ ਗੁਰੂ ਕੀ ਟਹਿਲ ਕੀਤੀ ਹੈ, ਐਥੋਂ ਉਠਕੇ ਆਪਣੇ ਪਿੰਡ ਦੁਆਬੇ ਜਾਇ ਬਸੁ। ਜਿਵੰਧਿਆਂ ਨਾਲਿ ਸੈਦ ਪੁਰ ਵਾਲੀ ਹੋਵੇਗੀ।' ਓਹੁ ਸਿਖ ਆਪਣੇ ਟਬਰ ਸਮੇਤ ਹੀ ਉਠ ਗਇਆ ਦੁਆਬੇ॥੪॥
5. ਹਢਿਆਏ ਵਬਾ ਹਟਾਈ
ਗੁਰੂ ਕਾ ਡੇਰਾ ਅਗੇ ਕੂਚ ਹੋਇਆ ਓਥੋਂ ਹਢਿਆਏ ਨੂੰ। ਪਿਛੇ ਤੇ ਜਿਵੰਧਿਆਂ ਨੂੰ ਖ਼ਬਰ ਹੋਈ, ਰਸਤੇ ਵਿਚ ਆਨਿ ਮਿਲੇ: 'ਜੀ ਗਰੀਬ ਨਵਾਜ। ਬਖਸ਼ੀਏ ਜੀ ! ਅਸੀਂ ਭੁਲੇ ਹਾਂ ਜੀ।' ਗੁਰੂ ਜੀ ਬਚਨ ਕੀਤਾ: ‘ਥੇਹੁ ਤੁਸਾਡਾ ਬਸਦਾ ਨਹੀਂ, ਹੋਰ ਜਿਥੇ ਬਸੋਗੇ ਸਿਰ ਉਘਾੜ ਬਸੋਗੇ। ਗੁਜਰਾਨ ਹੋਰਨਾਂ ਨਾਲੇ ਸਿਰੇ ਹੋਊਗੀ।'
ਗੁਰੂ ਜੀ ਹਢਿਆਏ ਆਨਿ ਉਤਰੇ ਟਾਲ੍ਹੀਆਂ ਕੀ ਝੰਗੀ ਹੇਠਿ। ਓਥੇ ਇਕ ਨਗਰੀ ਕੇ ਜਿਵੰਧੇ ਕੁੰਭੜਿਵਾਲ ਕੇ ਦਹੀ ਦੁਧ ਰਸਤ ਲੈ ਕੇ ਆਨਿ ਮਿਲੇ। ਗੁਰੂ ਜੀ ਨੇ ਉਨ੍ਹਾਂ ਉਤੇ ਖੁਸੀ ਕੀਤੀ: ਤੁਮਾਰੀ ਨਗਰੀ ਵਸਦੀ ਰਹੇਗੀ।'
ਮਗਰ ਤੇ ਈਸੇ ਖਾਂ ਕੀਆਂ ਫੌਜਾਂ ਨੇ ਜੀਵੰਧੇ ਮਾਰੇ ਲੁਟੇ। ਕੁੰਭੜਿਵਾਲ ਘੋੜਾ ਲੈਕੇ ਮਿਲਿਆ ਈਸੇ ਖ਼ਾਂ ਨੂੰ ਬਸਦੇ ਰਹੇ ਗੁਰੂ ਕਾ ਬਚਨ ਹੋਇਆ ਸੀ। ਫੇਰ ਸੇਖੇ ਮਟ ਵਾਲੀ ਜਾਗਾ ਤੇ ਕੋਸਭਰ ਉਗਣ ਕੀ ਵਲ ਨਗਰੀ ਵਸੀ।
1. ਜੁਆਈ।
2. ਇਹ ਸ੍ਰਾਪ ਨਹੀਂ, ਅਗੰਮ ਵਾਚਣਾ ਹੈ। ਕਿਉਂਕਿ ਅਗਲੀ ਸਾਖੀ ਦੇ ਆਰੰਭ ਵਿਚ ਜ਼ਿਕਰ ਹੈ ਕਿ ਜੀਵੰਧੇ ਬਖਸ਼ਾਉਣ ਹਿਤ ਪੁਜੇ ਹਨ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਹੋਰ ਥੇ ਜਾ ਵਸਣ ਲਈ ਕਿਹਾ ਤੇ ਓਥੇ ਦੀ ਵਸੋਂ ਵਿਚ ਸਰਫਰਾਜ਼ੀ ਬਖਸ਼ੀ।
ਗੁ:ਪ੍ਰ: ਸੂਰਜ ਗ੍ਰੰਥ ਵਿਚ ਇਥੇ ਦਸਿਆ ਹੈ ਕਿ ਇਹ ਨਗਰ ਉਜੜ ਗਿਆ ਸੀ ਤੇ ਲੋਕੀ ਮੇਰਠ ਕੋਲ ਜਾਕੇ ਵਸੇ ਸਨ। ਉਸ ਪਿੰਡ ਦਾ ਨਾਮ ਜਵੰਧਿਆਂ ਕਾ ਜਟਵਾੜਾ ਹੈ। ਪਰ ਇਹ ਸੇਖਾ ਬੀ ਮਗਰੋਂ ਫਿਰ ਆਬਾਦ ਹੋਇਆ।
3. ਪੂਰਬ
ਜੋਗਾ ਸਿੰਘ ਹਰੀ ਕੇ ਨੇ ਕਹਿਆ: 'ਮੂਲੋ ਵਾਲ ਗੁਰੂ ਕੇ ਉਤਰੇ ਸਨ, ਜਾਗਾ ਕਾ ਥਹੁ ਨਹੀਂ।" ਜਾਇ ਕੇ ਮੂਲੋਵਾਲ ਕੇ ਜਿਮੀਦਾਰ ਪੁਛੇ ਥੇ: 'ਗੁਰੂ ਕੇ ਕਿਥੇ ਉਤਰੇ ਸਨ?' ਓਦੋਂ ਦਾ ਇਕ ਚਮਿਆਰ ਸੀ, ਓਸ ਨੇ ਜਾਗਾ ਦੱਸੀ: 'ਗੁਰੂ ਜੀ ਵਡੇ ਐਤਿ ਕਰੀਰ ਹੇਠਿ ਸੀ ਪਲੰਘ ਡਾਹਿਆ। ' ਓਸ ਜੋਗਾ ਸਿੰਘ ਨੇ ਮੰਜੀ ਬਣਾਈ, ਹਮੇਸਾਂ ਮੱਥਾ ਟੇਕਣ ਜਾਵੇ। ਫੇਰ ਪਠਾਣਾਂ ਨਾਲ ਵੈਰੁ ਲਗ ਪਇਆ। ਓਸ ਕਾ ਨੇਮ ਸੀ ਮਥਾ ਟੇਕਣਿ ਕਾ। ਸੇਖੇ ਉਨਾਂ ਦੀ ਸਰਦਾਰੀ ਹੈ। ਓਸਦੀ ਉਲਾਦ ਬਸਦੀਹੇ ਹੁਣ ਤੀਕੁ। ਪਿੰਡੋਂ ਚੜਦੇ ਵਲ ਮੰਜੀ ਬਣਾਈ।
ਹਢਿਆਏ ਭੀ ਗੁਰੂ ਜੀ ਕੀ ਟਹਲ ਨਾਂ ਕੀਤੀ ਜੱਟਾਂ ਨੇ। ਗੁਰੂ ਜੀ ਗੁਸੇ ਹੋਏ। ਕੋਈ ਜਟ ਗੁਰੂ ਕੇ ਰਥਵਾਨ ਨੂੰ ਬੈਲ ਚਾਰਦੇ ਨੂੰ ਕਹਿੰਦਾ: 'ਸਾਡੇ ਕੱਖ ਰਖੇ ਹੋਏ ਹਨ; ਗਲ ਵਿਚ ਕਪੜਾ ਪਾਇਕੈ ਘਸੀਟਿਆ। ਓਸ ਨੇ ਕਹਿਆ ਜੀ ਜਟਾਂ ਨੇ ਮੈਨੂੰ ਘਸੀਟਿਆ। ਲਗੇ ਲੋਕ ਮਰਣ ਗਲ ਸੂਜ ਜਾਇ ਜਟੁ ਮਰ ਜਾਇ*।
ਹਢਿਆਏ ਜਿਥੇ ਗੁਰੂ ਕਾ ਡੇਰਾ ਸੀ ਓਥੇ ਟਾਲ੍ਹੀਆਂ ਕੀ ਝੰਗੀ ਸੀ, ਪਾਸ ਛਪੜੀ ਸੀ। ਇਕ ਜਿਮੀਦਾਰ ਗੁਰੂ ਜੀ ਕੇ ਪਾਸ ਮੱਥਾ ਟੇਕ ਕੇ ਬੈਠਿ ਗਇਆ। ਗੁਰੂ ਜੀ ਨਾਲ ਗਲਾਂ ਕਰਨ ਲਗਿਆ। 'ਗੁਰੂ ਜੀ! ਮਨੁਖ ਮਰਿ ਜਾਂਦੇ ਹੈਨਿ ਗਲ੍ਹ ਸੁਜ ਕੇ। ਗੁਰੂ ਜੀ ਬਚਨ ਕੀਤਾ: 'ਕਿਸੀ ਸਿਖ ਨੂੰ ਦੁਖ ਦਿਤਾ ਹੋਊਗੁ।
ਓਨ ਆਖਿਆ: 'ਇਕੁ ਬਾਲਕਾ ਕਲ ਮੁਕਲਾਵਾ ਲੈਕੇ ਆਇਆ ਸੀ, ਅਜੁ ਮਰ ਗਇਆ, ਮੌਤ ਵਡੀ ਪਈ ਹੈ।' ਗੁਰੂ ਜੀ ਕਹਿੰਦੇ: 'ਐਤ ਛਪੜੀ ਅਸਨਾਨੁ ਕਰੋ, ਸੁਖ ਹੋ ਜਾਵੇਗੀ। ਓਸ ਆਖਿਆ: 'ਏਸ ਛਪੜੀ ਤਾਂ ਚਮਿਆਰ ਚੰਮ ਦਬਦੇ ਹੈਨਿ। ਅਸ਼ਨਾਨ ਕਿਕੂੰ ਕਰੀਏ?' ਤਾਂ ਗੁਰੂ ਜੀ ਆਪ ਅਸ਼ਨਾਨ ਕੀਤਾ, ਆਪ ਕਾਰ ਕੱਢੀ। ਓਸ ਜਟ ਨ ਜਾਇਕੇ ਪਿੰਡ ਵਿਚ ਕਹਿਆ: 'ਜਬ ਲਗ ਅਸਨਾਂਨ ਕਰਣਾ'। ਤੀਮੀ ਪੁਰਸ ਛਪੜੀ ਮਾਰ ਕੇ ਮੱਧ ਸਿਟੀ, ਗਾਰਾ ਗੁਰਾ ਲਗੇ ਸਿਰ ਪਾਇ ਪਾਇ ਨਾਉਣ। ਸੁਖ ਹੋਇ ਗਈ। ਹੁਣ ਭੀ ਓਨ੍ਹਾ ਨੂੰ ਕੋਈ ਦੁਖ ਹੀਲਾ ਬਣਦਾ ਹੈ ਤਾਂ ਗੁਰੂ ਸਰ ਦੀ ਕਾਰ ਕਢਦੇ ਹੈਨ, ਏਹ ਬਾਤ ਰੋਸਨ ਹੈ। ਲਗੇ ਗੁਰੂ ਕੀ ਟਹਿਲ ਕਰਣ। ਗੁਰੂ ਜੀ ਪ੍ਰਸਿੰਨ ਹੋਏ ਕਹਿੰਦੇ: ਕੌਣ ਜਿਮੀਦਾਰ ਬਸਦੇ ਹੈਨਿ?' 'ਜੀ ਸਰਾ ਉਵਸਦੇ ਹੈਨਿ ਜੀ । ਗੁਰੂ ਜੀ ਨੇ ਕਹਿਆ: 'ਏਥੇ ਬਹੁਤ ਨਗਰੀ ਬਸੇਗੀ ।੫॥
6. ਧੌਲੇ ਕੇ ਤੇ ਸੋਹੀਵਾਲ*
ਗੁਰੂ ਜੀ ਨੇ ਅਗੇ ਡੇਰਾ ਕੂਚ ਕੀਤਾ। ਧੌਲੇ ਕੇ ਕੋਸ ਭਰ ਪਾਸ ਆਏ। ਗੁਰੂ ਜੀ ਕਾ ਘੋੜਾ ਅੜੀ ਕਰ ਖਲੋਤਾ। ਗੁਰ ਕੇ ਕਾਂਮਚੀਆ ਮਾਰਣ, ਅੱਡੀਆਂ ਮਾਰਣ, ਘੋੜਾ ਦੁਇ ਕਦਮਾਂ ਪਿਛਾਂਹਾਂ ਜਾਇ. ਅਗਾਹਾਂ ਨਾਂ ਜਾਏ। ਗੁਰੂ ਜੀ ਨੇ ਕਹਿਆ: ਇਹ ਤੁਰਕਾਂ ਕੇ ਬੰਦੇ ਹਨ, ਘੋੜਾ ਤਦੀ ਨਹੀ ਜਾਂਦਾ ਅਗਾਹਾਂ । ਗੁਰੂ ਜੀ ਨੇ ਮੁੜ ਕੇ ਸੁਚੇਤਾ ਸੋਹੀਵਾਲੇ ਕੀਤਾ॥੬॥
7. ਢਿੱਲਵੀਂ ਜੱਗ ਕੀਤਾ*
ਕੈਲ੍ਹ ਨਾਂ ਉਤਰੇ, ਭਾਉ ਨਾਂ ਕੀਤਾ। ਬਸੀਏ ਨਾਂ ਉਤਰੇ। ਢਿਲਮਾਂ ਕੇ ਪਾਸ ਹੋਰ ਪਿੰਡ ਬਸਦਾ ਸੀ, ਓਦੋਂ ਢਿਲੋਂ ਨਾਹੀ ਸਨਿ ਬਸਦੇ, ਓਥੇ ਡੇਰਾ ਕੀਤਾ। ਓਹੁ ਮੋਟੇ ਜਿਮੀਦਾਰ ਸਨਿ ਬਸਦੇ। ਓਨਾਂ ਨੂੰ ਮੋਟੇ ਕਿਹੰਦੇ ਸਨ। ਓਦੋਂ ਸੂਰਜ
* ਇਹ ਸੰਖੇਪ ਸਾਖੀ ਗੁ: ਪ੍ਰ: ਸੂ: ਗ੍ਰੰਥ ਵਿਚ ਰਾਸ ੧੧ ਅੰਸੂ ੩੫ ਦੇ ਅੰਕ ੨੬ ਤੋਂ ੨੯ ਤੱਕ ਵਿਚ ਵਰਣਿਤ ਹੈ। ਤੇ ਅਗਲੀ ਸਾਖੀ ਦਾ ਜਗ ਵਾਲਾ ਪ੍ਰਸੰਗ ਵੀ ਇਥੇ ਅੰਸੂ ਵਿਚ ਹੈ। ਧੌਲਾ ਹਢਿਆਏ ਤੋਂ ੩ ਮੀਲ ਦਖਣ ਪੱਛਮ ਹੈ ਤੇ ਉਸੇ ਦੇ ਨੇੜੇ ਹੀ ਸੇਰੀ ਵਾਲ ਸੁਣੀਂਦਾ ਹੈ।
ਕਾ ਗ੍ਰਹਣੇ ਥੀ, ਬਡਾ ਪੁਰਬ ਕੀਤਾ। ਓਥੇ ਸੰਗਤਾਂ ਨੂੰ ਪ੍ਰਸਾਦ ਕੀਤਾ। ਸੰਗਤਾਂ ਬਹੁਤ ਕਠੀਆਂ ਹੋਈਆਂ ਸਨ। ਗੁਰੂ ਜੀ ਨੇ ਵਡਾ ਜਗ ਕੀਤਾ। ਅਕੋਤ੍ਰ ਸੈ ਕਪਲਾ ਗਊ ਪੁੰਨ ਕੀਤੀ। ਤਪੇਵਾਲੇ ਗੁਜਰਾਤੀ ਪਹਿਲਾਂ ਕਹਿਦੇ 'ਤੁਸਾਂ ਕਾ ਪੁੰਨ ਸਾਡੇ ਪਾਸੋਂ ਨਹੀ ਲਈਦਾ। ਗੁਰੂ ਜੀ ਕਹਿਆ 'ਸੰਗੋ ਨਾਹੀ'। ਫੇਰ ਲਇਆ।
ਦੁਲਮੀ ਕੇ ਵਸਦੇ ਮੌੜਾਂ ਥੋ ਆਗੇ ਧਾਲੀਵਲ। ਗੁਰੂ ਜੀ ਸੁਚੇਤਾ ਦੁੱਲਮੀ ਕੀ ਕਰਦੇ ਤੀਸਰ ਪਹਰ ਢਾਬਿ। ਜੋ ਕੋਈ ਗ੍ਰਹਿਣ ਕੇ ਦਿਨ ਪੁੰਨ ਕਰੇਗਾ ਤਿਥੇ ਹੀ ਫਲੇਗਾ॥੭॥
8. ਡਿਖੀ ਡੇਰਾ
ਅਗੇ ਡੇਰਾ ਡਿਖੀ* ਕੀਤਾ। ਫਿਰ ਸਿਖ ਨੇ ਕਹਾ: 'ਜੀਂ ਡੇਰਾ ਅੰਦਰ ਨਗਰੀ ਵਿਚ ਸਾਡੇ ਘਰ ਕਰੀਏ। ਭਾਉ ਕਰਕੇ ਅੰਦਰ ਲੈ ਗਇਆ। ਉਸ ਦੇ ਉਲਾਦ ਨਹੀਂ ਸੀ। ਗੁਰੂ ਕੇ ਬਚਨ ਕਰਕੇ ਉਸ ਦੇ ਉਲਾਦ ਹੋਈ। ਗੁਰੂ ਕੇ ਬਹੁਤ ਚਿਰ ਰਖੇ। ਸਿਖ ਹੋਏ॥੮॥
9. ਮਾਈਸਰ ਖਾਨੇ, ਪਧੇਹਰੀ
ਇਕ ਡੇਰਾ ਮਾਈਸਰ ਵਾਲੇ ਖਾਨੇ ਹੋਇਆ। ਅਗੇ ਪਧੇਰੀ ਜਾਇ ਖੜੋਤੇ। ਸਿਖਾਂ ਕਹਿਆ: 'ਡੇਰਾ ਕਰਾਵੋ' ਹਥਾਈ ਜਾਇ ਖੜੇ ਹੋਏ ਸਨ। ਜਟ ਕਹਿੰਦੇ: ‘ਘੁਮਿਆਰ ਕੇ ਡੇਰਾ, ਆਏ ਗਏ ਕਾ ਡੇਰਾ ਉਥੇ ਹੀ ਹੁੰਦਾ ਹੈ'। ਸਿਖ ਕਹਿੰਦੇ: 'ਜੀ, ਏਹ ਤਾਂ ਲੋਕ ਮੋਟੇ ਜੇਹੇ ਹਨ।' ਗੁਰੂ ਜੀ ਘੋੜੇ ਕੀ ਵਾਗ ਭਮਾਈ। ਖੁਮਾਰੀ ਚੌਧਰੀ ਸੀ ਓਦੋਂ, ਕਹਿੰਦਾ: 'ਏਹ ਤਾਂ ਵਡੀ ਮਰੋੜ ਵਾਲੇ ਸਨ ॥੯॥
10. ਅਲੀਸ਼ੇਰ
ਗੁਰੂ ਜੀ ਨੇ ਡੇਰਾ ਅਲੀ ਸ਼ੇਰ ਕੀਤਾ। ਫਿਰ ਪਧੇਰਾਂ ਨੂੰ ਸੋਝੀ ਹੋਈ: 'ਭਾਈ, ਓਹ ਤਾਂ ਗੁਰੂ ਤੇਗ ਬਹਾਦਰ ਹੈਸੀ। ਫਿਲਮੀ ਤਿੰਨ ਮਹੀਨੇ ਉਤਰੇ ਰਹੇ ਹਨ, ਅਸੀ ਇਕ ਦਿਨ ਭੀ ਨ ਉਤਰਨੇ ਦਿਤੇ, ਚਲੋ ਮਿਲੀਏ।' ਡਰਕੇ ਮਗਰ ਚਲੇ। ਇਕ ਭੇਲੀ ਧੇਲੀ ਲੈਇ ਕੇ ਗਏ। ਕਿਸੇ ਨੂੰ ਪੁਛਿਆ: 'ਗੁਰੂ ਜੀ
* ਮੌੜ ਤੋਂ ਸਤ ਮੀਲ ਪਰ ਹੈ ਤੇ ਇਥੇ ਗੁਰੂ ਜੀ ਦਾ ਯਾਦਗਾਰੀ ਗੁਰਦੁਆਰਾ ਹੈ।
ਦੀਦਾਰ ਕੀ ਪੂਜਾ ਲੈਇਕੇ ਦਿੰਦੇ ਹਨ?' ਓਸ ਨੇ ਕਹਿਆ: 'ਕੋਈ ਆਪਣੀ ਖੁਸੀ ਕੁਹੁ ਲੈ ਜਾਇ, ਭਾਂਮੇ ਐਮੇ ਆਇ ਕਰੇ, ਮੈਂ ਐਮੇ ਮਥਾ ਟੇਕਿਆ ਹੈ।'
ਆਉਂਦੈ ਪੈਂਚ ਭੇਲੀ ਖਾਇਆਈ, ਟਕੇ ਵੰਡ ਲੈ ਆਈ। ਫੇਰ ਅਲੀ ਸੇਰਾਂ ਨੂੰ ਖਬਰ ਹੋਈ। ਪੈਂਚਾਂ ਕਹਿਆ: 'ਚਲੋ ਮਥਾ ਟੇਕੀਏ।' ਕਿਸੇ ਨੇ ਕਹਿਆ: 'ਭਧੇਰਾਂ ਦੀ ਪੈਂਚਾਇਤ ਕੀ ਮਥਾ ਟੇਕ ਗਈ ਹੈ? ਕਿਸੇ ਨੇ ਕਹਿਆ: 'ਓਹ ਤਾਂ ਖਾਲੀ ਹੀ ਮਥਾ ਟੇਕ ਗਈ। ਕਹਿੰਦੇ: 'ਚਲੋ ਆਪਾਂ ਭੀ ਐਮੇ ਕਿਮੇ ਮਥਾ ਟੇਕਿ ਆਈਏ। ਖਾਲੀ ਹਥ ਹੀ ਮਥਾ ਟੇਕਿ ਆਏ।
ਜਿਥੇ ਗੁਰੂ ਕੀ ਮੰਜੀ ਹੈ ਓਥੇ ਬੇਰੀ ਥੀ ਵੱਢੀ ਹੋਈ। ਬੇਰੀ ਹਰੀ ਹੋਈ, ਗੁਰੂ ਕੀ ਕ੍ਰਿਪਾ ਨਾਲ॥੧੦॥
11. ਜੋਗੇ ਕੇ ਤੇ ਭੂਪਾਲੀ
ਜੋਗੇ ਕੇ ਲਾਉਣੇ ਗੁਰੂ ਜੀ ਨੇ ਦੁਪਹਿਰੇ ਡੇਰਾ ਕੀਤਾ। ਫੇਰ ਗੁਰੂ ਜੀ ਨੇ ਕਹਿਆ: 'ਏਸ ਜਾਗਾ ਕੋਈ ਬਸਦਾ ਹੈ ਕੇ ਨਹੀ?" ਸਿਖਾਂ ਕਹਿਆ: 'ਕੋਈ ਕੋਈ ਮਨੁਖ ਫਿਰਦਾ ਹੈ ਜੀ।'
ਅਗੇ ਕੂਚ ਹੋਇ ਚਲੇ ਜਾਂਦੇ ਸਨਿ, ਜੁਗਰਾਜ ਨੇ ਮਥਾ ਆਣ ਟੇਕਿਆ। ਕਹਿਆ: 'ਜੀ! ਚਲੇ ਡੇਰਾ ਕਰੋ । ਗੁਰੂ ਜੀ ਨੇ ਕਹਿਆ: 'ਐਤ ਥੇਹ ਪਿੰਡ ਵਸਾਇ ਲੈ ਅਜੀਤ ਕਲਰੀ ਹੈ।' ਓਥੇ ਜੋਗਾ ਵਸਿਆ। ਗੁਰੂ ਜੀ ਨੇ ਡੇਰਾ ਭੂਪਾਲੀ ਕੀਤਾ। ਨਗਰੀ ਨੇ ਕੱਖ ਪੱਠੇ ਦੁਧ ਦਹੀਂ ਕੀ ਟਹਲ ਕੀਤੀ। ਘੋੜਿਆਂ ਨੂੰ ਦਾਣਾ ਦੀਆ॥੧੧॥
12. ਖੀਵੇ ਦੇ ਸੇਵਕ ਨੂੰ ਦੋ ਵਰਤਾਰੇ
ਅਗੇ ਡੇਰਾ ਖੀਵੇ ਕੀ ਹੋਇਆ। ਹੋਰ ਕੋਈ ਨਾਂ ਮਿਲਿਆ, ਇਕੁ ਜਟੁ ਸਿੰਘਾ ਨਾਉ ਥੀ, ਜਾਇ ਬੈਠਾ ਗੁਰੂ ਜੀ ਕੇ ਪਾਸ। ਡੇਰਾ ਕਰਵਾਇਆ। ਘਾਸ ਪਠੇ ਕੀ, ਲਕੜੀ ਭਾਂਡੇ ਕੀ ਟਹਿਲ ਕੀਤੀ। ਫੇਰਿ ਉਠਿ ਚਲਿਆ। ਗੁਰੂ ਜੀ ਕਹਿਦੇ: 'ਕਿਉ ਜਾਂਦਾ ਹੈ, ਬੈਠ। ਓਨਿ ਆਖਿਆ: 'ਮੁੰਡੇ ਦੀ ਸਗਾਈ ਹੋਈ
1. ਭੰਦੇਰ, ਅਲੀਸ਼ੇਰ, ਜੋਗਾ, ਭੂਪਾਲੀ ਦੇ ਪ੍ਰਸੰਗ ਗੁ: ਪ੍ਰ: ਸੂ: ਰਾਸ ੧੧ ਅੰਸੂ ੩੭ ਵਿਚ ਹਨ।
2.ਨੇੜੇ, ਲਾਗੇ।
3. ਭਾਵ ਇਹ ਥਾਂ ਅਜਿਤ ਹੈ।
ਹੈ ਪਿੰਡ ਵਿਚ, ਸਕਰ ਵੰਡੀਦੀ ਹੈ, ਭਾਈਚਾਰੇ ਸਦਿਆ ਹੈ । ਗੁਰੂ ਜੀ ਕਹਿਆ: 'ਤੂੰ ਤਾਂ ਗੁਰੂ ਕੀ ਟਹਿਲ ਵਿਚ ਹੈਂ, ਟਹਿਲ ਕਰ, ਤੇਰੇ ਦੋ ਵਰਤਾਰੇ ਹੋਏ ਅਜ ਤੇ'। ਜਿਚਰ ਤੀਕ ਓਹੁ ਰਹਿਆ ਓਸਨੂੰ ਦੋ ਵਰਤਾਰੇ ਮਿਲਦੇ ਰਹੇ॥੧੨॥
13. ਵਣ ਹੇਠ ਡੇਰਾ। ਜ਼ਿਮੀਦਾਰ ਨੂੰ ਵਰ
ਫੇਰ ਕੂਚ ਕਰੀ ਆਉਂਦੇ ਥੇ ਸਮਾਉ ਦੀ ਹੱਦ ਵਿਚ ਕਾਬਲ ਕੀ ਸੰਗਤ ਮਿਲੀ, ਓਥੇ ਹੀ ਉਤਰ ਪਏ। ਬਣ ਹੇਠ ਸਤਰੰਜੀਆਂ' ਬਿਛਾਇ ਦਿਤੀਆਂ। ਸਬਦ ਦੀ ਚੁੱਕੀ ਲਗੀ ਹੋਣ। ਕਾਰ ਭੇਟ ਲਗੇ ਚੜ੍ਹਾਉਣੇ ਸਿਖ। ਗੁਰੂ ਜੀ ਸਰਬਤ ਕੋ ਖੁਸੀ ਕਰੀ। ਸਿਖਾਂ ਨੂੰ ਗੁਰੂ ਕਾ ਦਰਸਨ ਕਰਕੇ ਬਡਾ ਅਨੰਦੁ ਹੋਇਆ। ਓਥੇ ਖੇਤ ਵਾਲਾ ਜਿਮੀਦਾਰ ਸੀ ਹਲ ਵਾਹੁੰਦਾ। ਓਸ ਆਖਿਆ: `ਏਹ ਤਾਂ ਕੋਈ ਬਡੀ ਸਕਤਿ ਵਾਲਾ ਹੈ'। ਆਪਣੀ ਰੋਟੀ ਲਸੀ ਲੈਕੇ ਅਗੇ ਜਾ ਰਖੀ। ਗੁਰੂ ਜੀ ਕਹਿਆ: 'ਏਹੁ ਤਾਂ ਤੇਰਾ ਪ੍ਰਸਾਦਿ ਹੈ, ਤੂੰ ਛਕਿ'। ਓਸ ਨੂੰ ਭੀ ਛਕਾਈ, ਸਿਖਾਂ ਭੀ ਛਕੀ। ਓਸ ਨੂੰ ਬਚਨ ਹੋਇਆ: 'ਤੇਰੇ ਘਰ ਦੁਧ ਸਦਾ ਹੋਵੇਗਾ।' ਓਸਕੇ ਸਦਾ ਹੀ ਹੁੰਦਾ ਹੈ॥੧੩॥
14. ਭਿਖੀ ਵਿਚ ਦੇਸੂ ਸੁਲਤਾਨੀਏ ਨੂੰ ਬਖਸ਼ੀਸ਼
ਗੁਰੂ ਜੀ ਦਾ ਡੇਰਾ ਫਿਰ ਭਿਖੀ ਹੋਇਆ। ਭਿਖੀ ਵਾਲਾ ਦੇਸੂ ਤੀਏ ਦਿਹ ਭੇਟ ਲੈਕੇ ਮਿਲਿਆ। ਗੁਰੂ ਜੀ ਨੇ ਕਹਿਆ: ਦੇਸ ਰਾਜ ਆਉ ਬੈਠ। ਸਿਖਾ! ਇਹ ਤਰਗਸ' ਵਿਚ ਖੂੰਡੀ ਕਿਉਂ ਪਾਈ ਹੈ ?' ਕਹਿੰਦਾ 'ਅਸੀਂ ਸੁਲਤਾਨੀ ਹਾਂ, ਰਖਿਆ ਦੀ ਪਾਈ ਹੈ ਜੀ। ਗੁਰੂ ਜੀ ਬਚਨ ਕੀਤਾ: 'ਹਿੰਦੂ ਹੋਇਕੇ ਮੁਸਲਮਾਨ ਕਾ ਸਿਖ ਹੋਇਆ ਹੈਂ?”
ਗੁਰੂ ਜੀ ਕੀ ਕ੍ਰਿਪਾ ਹੋਈ, ਹੋਰ ਬਚਨ ਹੋਏ। ਗੁਰੂ ਜੀ ਨੇ ਕਹਿਆ: 'ਤੈਨੂੰ ਰਾਜ ਬਖਸਿਆ, ਇਹੁ ਸਰਵਰ ਦੀ ਖੂੰਡੀ ਸਿਟਿ ਪਾਉ । ਗੁਰੂ ਜੀ ਨੇ ਓਸ ਨੂੰ ਪੰਜ ਤੀਰ ਬੀਰਾਂ ਬਵੰਜਾਂ ਵਿਚਹੁਂ ਬਖਸੇ। ਬਚਨ ਕਹਿਆ: 'ਤੈਨੂੰ
1. ਫੂਹੜੀਆਂ, ਤੱਪੜ।
2. ਤਰਕਸ਼, ਭੱਥਾ। ਭਾਵ ਹੈ ਗਲੇ ਵਿਚ ਲਟਕਾਈ ਹੈ।
ਸਰਦਾਰ ਬੀਰ ਬਖਸੇ। ਜਿਸ ਤਰਫ ਮੁਹੁ ਕਰੇਂਗਾ ਤੇਰੀ ਜੀਤ ਹੋਵੈਗੀ। ਸਿਖੀ ਰਖੇਂਗਾ ਤਾਂ ਰਾਜੁ ਕਰੇਂਗਾ। ਸਿਖੀ ਥੋਂ ਭਰਮ ਕਰੇਂਗਾ ਤਾਂ ਤੇਰਾ ਕੁਹੁ ਨਹੀਂ ਰਹੇਗਾ।'
ਓਹੁ ਮਥਾ ਟੇਕ ਕੇ ਗੁਰੂ ਜੀ ਤੋਂ ਕਿਲੇ ਨੂੰ ਜਾਂਦਾ ਰਹਿਆ। ਗੁਰੂ ਜੀ ਨੇ ਡੇਰਾ ਖੀਆਲੇ ਕੀਤਾ। ਓਸ ਨੂੰ ਸੇਖਾਂ ਕਹਿਆ: 'ਤੈ ਨੇ ਸਰਵਰ ਦੀ ਖੂੰਡੀ ਸਿਟੀ, ਬੁਰਾ ਕੀਤਾ। ਇਹ ਤਾਂ ਇਸਟੀ* ਫਿਰਦਾ ਹੈ ਸੋਢੀ। ਅਜਾਂ ਕਹੁ ਮੈਂ ਭੁਲਾ ਹਾਂ। ਤੀਰ ਸਿਟਿ ਪਾਉ, ਰੋਟ ਪਕਾਉ, ਖੂੰਡੀ ਨੂੰ ਮੱਥਾ ਟੇਕ ਕੇ ਪਾਸ ਰਖੁ।` ਓਸ ਨੇ ਤੀਰ ਸਿਟ ਪਾਏ, ਖੂੰਡੀ ਫੜ ਲਈ। ਭਰਾਈ ਨੇ ਤੀਰ ਨਿਕੇ ਨਿਕੇ ਕਰਕੇ ਵਢ ਕੇ ਚੁਲ੍ਹੇ ਵਿਚ ਫੂਕ ਦਿਤੇ, ਐਸਾ ਕਾਰਨ ਕੀਤਾ। ਭਰਾਈ ਦੇ ਕਹੇ ਆਪਣੀ ਜੜ ਪੁਟ ਲਈ ॥੧੪॥
15. ਖਿਆਲੇ ਇਕ ਬ੍ਰਹਮਣ ਪਰ ਖੁਸ਼ੀ
ਗੁਰੂ ਜੀ ਨੂੰ ਖਿਆਲੇ ਇਕ ਬ੍ਰਹਮਣ ਆਇ ਮਿਲਿਆ। ਹਲ ਵਾਹ ਕੇ ਆਉਂਦਾ ਸੀ। ਆਇ ਖਲੋਤਾ ਫਿਰ ਉਠਿ ਚਲਿਆ। ਗੁਰੂ ਜੀ ਨੇ ਕਹਿਆ ਬ੍ਰਹਮਣ ਨੂੰ: 'ਬਸੰਤਰ* ਪਹੁੰਚਾਇ ਜਾਈਂ।' ਓਸ ਬਸੰਤਰ* ਭੀ ਮੁੰਡੇ ਪਾਸ ਫੜਾਇਕੇ ਆਂਦਾ", ਦੁਧ ਆਪਣੇ ਸਿਰ ਉਤੇ ਰਖਕੇ ਆਣਿ ਹਥ ਜੋੜ ਖਲੇ ਹੋਏ।
ਗੁਰੂ ਜੀ ਨੇ ਬ੍ਰਹਮਣ ਨੂੰ ਭੀ, ਬਾਲਕੇ ਨੂੰ ਵੀ ਦੁਧ ਪਿਲਾਇਆ, ਹੋਰ ਸਿਖਾਂ ਨੇ ਭੀ ਪੀਤਾ। ਓਸ ਨੂੰ ਖੁਸੀ ਹੋਈ, 'ਤੇਰਾ ਛੰਨਾ ਭੀ ਵਿਆਹ ਕਾਰਜ ਪੂਰੀਦਾ ਰਹੁ। ਤੇਰੇ ਭਾਂਡੇ ਦੁਧ ਭੀ ਰਹੂ ਸਦਾ।
ਗੁਰੂ ਜੀ ਨੇ ਕਹਿਆ: 'ਏਥੇ ਖੂਹ ਲਗੇਗਾ। ਇਕ ਇਸ ਜਾਗਾ ਬੋਹੜ ਲਗੇਗਾ। ਓਥੇ ਖੂਹ ਭੀ ਲਗਾ, ਬੋਹੜ ਭੀ ਲਗਾ। ਇਹ ਗੁਰੂ ਕਾ ਬਚਨ ਸੀ॥੧੫॥
*ਇਸਟੀ=ਜਿਸ ਨੇ ਮੰਤ੍ਰ ਸਿਧ ਕੀਤੇ ਹੋਣ। ਸ਼ੇਖ ਦਾ ਮਤਲਬ ਘ੍ਰਿਣਾਸੂਚਕ ਪਦ
ਕਹਿਣ ਤੋਂ ਹੈ।
1. ਪਾ: ਧਾਈ।
2. ਸਾਖੀ 12, 13 ਤੇ 14 ਦਾ ਪ੍ਰਸੰਗ ਸੁ: ਪ੍ਰ: ਵਿਚ ਰਾਸ ੧੧ ਅੰਸੂ ੩੭- ੩੮ ਵਿਚ ਕਵੀ ਜੀ ਨੇ ਦਿੱਤਾ ਹੈ।
3. ਅੱਗ । ਪਾ:- ਬਿਸ੍ਰਤ
4. ਖਾ: ਕਾ: ਵਾਲੇ ਨੁਸਖੇ ਵਿਚ ਇਥੇ ਸਤਰ ਵੱਧ ਹੈ:- ਤੀਮੀ ਪਾਸਿ ਪਾਣੀ ਚੁਕਾਇਕੇ ਆਂਦਾ।'
16. ਮੌੜਾਂ ਤੋਂ ਦੇਉ ਕਢਿਆ, ਜੰਡ ਵਿਚ ਪਿਪਲ
ਅਗੇ ਡੇਰਾ ਖੀਆਲੇ ਥੋਂ ਮੋੜੀਂ ਹੋਇਆ। ਗੁਰੂ ਕੇ ਪਿੰਡ ਦੇ ਲਾਉਣੇ ਡੇਰੇ ਕੀ ਜਾਗਾ ਵੇਖਣਿ ਲਗੇ ਤਾਂ ਇਕੁ ਵਾੜਾ ਦੂਰ ਤੀਕੁ ਕੀਤਾ ਹੋਇਆ ਸੀ। ਵਿਚ ਵਾੜੇ ਕੇ ਵਿਚ ਵਡਾ ਜੰਡੁ ਹੈਸੀ। ਗੁਰੂ ਜੀ ਨੇ ਕਹਿਆ: 'ਏਸ ਵਾੜੇ ਕੀ ਮੋੜ੍ਹੀ ਖੋਲੇ, ਈਹਾਂ ਡੇਰਾ ਕਰਾਂਗੇ। ਪੈਂਚਾਂ ਨੇ ਹਥ ਜੋੜੇ: 'ਜੀ! ਏਸ ਜੰਡ ਹੇਠ ਮਨੁਖ, ਘੋੜਾ, ਮਹਿਂ, ਗਾਇ ਜਾਇ ਖਲੋਵੇ ਸਭ ਮਰ ਜਾਂਦਾ ਹੈ। ਏਥੇ ਦੇਉ ਰਹਿੰਦਾ ਹੈ। ਗੁਰੂ ਜੀ ਨੇ ਕਹਿਆ: ਦੇਉ, ਸਿਖੋ! ਉਠਿ ਜਾਵੇਗਾ। ਓਨਾ ਆਖਿਆ: ‘ਪਰਸੋਂ ਸਾਡਾ ਮੁੰਡਾ ਮਾਰ ਦਿਤਾ ਹੈ, ਏਥੇ ਦੇਉ ਰਹਿੰਦਾ ਹੈ।` ਗੁਰੂ ਜੀ ਨੇ ਬਚਨ ਕੀਤਾ: ਦੇਉ ਨੂੰ, ਸਿਖੋ। ਕਢ ਦੇਵਾਂਗੇ, ਦੇਉਤੇ ਕਾ ਵਾਸਾ ਕਰਾਂਗੇ। ਸਾਨੂੰ ਕੋਈ ਭੈ ਨਾਹੀ। ਅਸੀ ਐਸਾ ਅਗੇ ਅਨੰਦ ਪੁਰ ਵਿਚੋਂ ਕਢਿਆ ਹੈ, ਸਹਿਤ ਕੁਟੰਬ ਦੇ ਏਸ ਨੂੰ ਭੀ ਕਢਾਂਗੇ।'
ਰਾਤ ਨੂੰ ਦੇਉ ਕਹਿਣ ਲਗਾ: ਅਗੇ ਮੈਨੂੰ ਗੁਰੂ ਅਮਰਦਾਸ ਜੀ ਨੇ ਕੱਢਿਆ ਸੀ ਗੋਇੰਦ ਵਾਲ ਤੇ, ਐਥੇ ਮੈਂ ਜੰਗਲ ਦੇਸ਼ ਮੈਂ ਰਹਿੰਦਾ ਥੀ। ਇਕ ਸੌ ਪੈਤਾਲੀ ਵਰਸ ਹੋਏ। ਗੁਰੂ ਜੀ ਕਹਿਆ: 'ਏਥੋਂ ਚਲਿਆ ਜਾਹ, ਕਿਸੇ ਹੋਰ ਦੇਸ ਜਾਇ ਰਹੁ। ਤਲਵੰਡੀ ਗੁਰੂ ਕੀ ਕਾਂਸੀ ਹੈ, ਤਿਸ ਤੇ ਬਾਰਾਂ ਬਾਰਾਂ ਕੋਸ ਕੋਈ ਦੇਉ ਜਿੰਨ ਨਹੀਂ ਰਹਿਣਾਂ ਪਊਗਾ। ਮਾਨੁਖ ਵੀ ਦੇਉਤਾ ਸਰੂਪ ਹੋਣਗੇ। ਤੂੰ ਚਲਿਆ ਜਾਹ ਤੈਨੂੰ ਹਛਾ ਕਹਿਦੇ ਹਾਂ। ਈਹਾਂ ਦੇਵਤਾ ਪੈਦਾ ਹੋਵੇਗਾ।'
ਗੁਰੂ ਕੇ ਬਚਨ ਕਰਿ ਵਡਾ ਪਿਪਲੁ ਲਗਾ ਵਿਚਿ ਜੰਡਕੇ, ਜੰਡ ਦੂਰ ਹੋਇਆ। ਵਡੀ ਪ੍ਰਤੀਤ ਆਈ ਦੇਉ ਕਢੇ ਥੋਂ। ਗੁਰੂ ਜੀ ਕੀ ਟਹਿਲ ਬਹੁਤ ਕੀਤੀ ਜਿਤਨੇ ਦਿਨ ਰਹੇ ॥੧੬॥
1. ਨੇੜੇ, ਲਾਗੇ।
2. ਖਿਆਲੇ ਤੇ ਮੋੜ ਦਾ ਪ੍ਰਸੰਗ ਸੂ: ਪ੍ਰ: ਰਾਸ ੧੧ ਅੰਸੂ ੩੮ ਵਿਚ ਹੈ।
17. ਟਾਲ੍ਹਾ ਸਾਹਿਬ ਦੀ ਕਾਰ, ਦੇਸੂ ਦੀ ਹੋਣੀ
ਤਿਥੋਂ ਗੁਰੂ ਕੇ ਜਾਇ ਬੈਠਿਦੇ ਟਾਲੀਏਂ। ਤਾਲ ਕੀ ਮੌੜਾਂ ਥੋਂ ਕਾਰ ਕਢਵਾਉਂਦੇ। ਇਕ ਗੁਰਪੁਰਬ ਵਡਾ ਹੋਇਆ। ਗੁਰੂ ਜੀ ਪਾਸ ਮਥਾ ਟੇਕਣ ਸੰਗਤਾਂ ਦੂਰ ਦੂਰ ਤੇ ਆਈਆਂ। ਇਕ ਮਹੀਨਾ ਤੇ ਦਸ ਦਿਨ ਡੇਰਾ ਰਹਿਆ। ਗੁਰੂ ਜੀ ਨੇ ਕਹਿਆ: 'ਡੇਰਾ ਸਿਖੋ ਕੂਚ ਕਰ ਦੇਹੋ।
ਨਿਰੰਕਾਰ ਕੀ ਵਡੀ ਕੁਦਰਤ ਹੋਈ, ਗੁਰੂ ਜੀ ਇਕੁ ਘੜੀ ਬਿਸਮਾਦ ਹੋਇ ਰਹੇ। ਨਗਰੀ ਨੈ ਹਥ ਜੋੜੇ, ਸੰਗਤਾਂ ਨੇ ਹਥ ਜੋੜੇ: ‘ਬਾਹਰੀ ਕਰੀਏ ਜੀ ! ਗੁਰੂ ਜੀ ਨੇ ਕਹਿਆ: ਦੇਸੂ ਨੂੰ ਬੀਰ ਬਖਸੇ ਸੇ, ਬੀਰਾਂ ਨੂੰ ਦੁਖ ਦਿਤਾ, ਓਸ ਕੀ ਜੜ ਪਟੀ ਬੀਰਾਂ ਨੇ।'
ਮੌੜਾਂ ਨੇ ਕਹਿਆ: 'ਗੁਰੂ ਜੀ! ਓਹ ਸਾਡਾ ਸਾਕ ਹੈ, ਸਾਡੇ ਭਿਖੀ ਕੀ ਧੀ ਬਿਆਹੀ ਹੋਈ ਹੈ, ਬਗੇ ਸੁਖੀਏ ਰਾਇ ਕੇ ਪੁਤ ਨੂੰ। ਅਸੀਂ ਲਿਆਉਂਦੇ ਹਾਂ, ਤੁਸਾਂ ਕੀ ਪੈਰੀ ਪਾਉਂਦੇ ਹਾਂ।' ਗੁਰੂ ਜੀ ਨੇ ਕਹਿਆ: 'ਤੁਮਾਰਾ ਕਹਿਆ ਮੋੜਿਆ ਨਹੀਂ ਜਾਂਦਾ; ਜਾਇ ਆਵੇ ਸਤਾਬੀ।'
ਪੈਂਚ ਗਏ ਮੌੜਾਂ ਕੇ। ਬਹੁਤ ਕਹੀ। ਨਹੀਂ ਆਇਆ। ਭਾਵੀ ਵੱਡੀ ਪ੍ਰਬਲ ਹੈ, ਕੁਹਾਂ ਚਾਰਾ ਨਾਹੀ। ਗੁਰੂ ਜੀ ਕੀ ਦਾਤ ਨਾ ਰਖੀ ਗਈ। ਗੁਰੂ ਜੀ ਨੇ ਕਹਿਆ: ਦੇਸੂ ਤੋਂ ਦੇਸ ਰਾਜ ਕੀਤਾ ਸੀ, ਕੱਲਰਾਂ ਤੋਂ ਲੇਹੀਂ ਕੀਤੀ ਸੀ, ਕੱਲਰ ਤੋਂ ਹੁਣ ਲੂਣ ਕੱਲਰ ਹੋਇ ਗਿਆ'।
ਇਕ ਸਿਖ ਨੇ ਹੱਥ ਜੋੜੇ ਮੌੜਾਂ ਕੇ ਨੇ। ਬਚਨ ਹੋਇਆ: 'ਸਿਖਾ ਤੇਰਾ ਕੀ ਸੁਆਲ ਹੈ? ਹਥ ਜੋੜੇ ਹਨ?
'ਜੀ ਮਿਹਰਬਾਨ! ਇਕ ਪਿਛੇ ਸਾਰੇ ਹੀ ਚਾਹਿਲ ਮਾਰੇ ?” ਬਚਨ ਹੋਆ: 'ਹੋਰ ਤਲਕਾ ਵਸਦਾ ਰਹੇਗਾ। ਵਿਚ ਵਿਚ ਸਿਖ ਭੀ ਹੋਣਗੇ। ਹੋਈ
1. ਸੂ: ਪ੍ਰ: ਵਿਚ ਲਿਖਿਆ ਹੈ ਕਿ ਇਹ ਸਰੋਵਰ ਮੋੜਾਂ ਤੋਂ ਡੇਢ ਕੋਹ ਤੇ ਹੈ। ਜਦੋਂ ਤਾਲ ਬਨਾਇਆ ਤਦੋਂ ਵਾਸ ਮੌੜਾਂ ਵਿਚ ਹੀ ਸੀ। ਦੇਸੂ ਦੇ ਅੰਤ ਦੀ ਸਾਖੀ ਰਾਸ ੧੧ ਅੰਸੂ ੩੯ ਵਿਚ ਹੈ। ਤੇ ਕਵੀ ਜੀ ਨੇ ਦੇਸੂ ਦੇ ਖਾਨਦਾਨ ਦੇ ਪਿਛਲੇ ਬੰਦਿਆਂ ਦੇ ਅੰਤ ਦਾ ਹਾਲ ਬੀ ਦਿਤਾ ਹੈ ਜੋ ਇਥੇ ਨਹੀਂ ਹੈ।
2. ਕੁਛ ।
3. ਪਾ.-ਥੋੜੀ। ਲੇਹੀ= ਜਰਖੇਜ਼। ਸੂ: ਪ੍ਰ: ਵਿਚ ਬੀ ਪਾਠ ਹੈ:- ਕਲਰ ਤੇ ਹਮ ਕੀਨੋ ਲੇਹੀ। ਪੁਨਹੁ ਲੂਨ ਕੱਲਰ ਹੁਇ ਗਯੋ।
ਤਾਂ ਐਸੀ ਹੀ ਥੀ, ਪਰ ਸਿਖ ਡਾਢੇ ਹਨ । ਬੀਰਾਂ ਨੇ ਓਸ ਕੀ ਜੜ ਮਾਰਕੇ ਪਟ ਸਿਟੀ॥੧੭॥
18. ਤਲਵੰਡੀ ਡੇਰਾ, ਦਸਮੇਂ ਜਾਮੇ ਬਾਰ ਭਵਿਖ੍ਯਤ
ਅਗੇ ਡੇਰਾ ਤਲਵੰਡੀ* ਹੋਇਆ। ਗੁਰੂ ਜੀ ਜਾਇ ਉਤਰੇ। ਇਕ ਬਡਾ ਬਰਮੀ ਕਾ ਬੁਰਜ ਥੀ, ਤਿਸ ਨੂੰ ਨਮਸਕਾਰ ਕੀਤੀ। ਸਿਖਾਂ ਬਚਨ ਕੀਤਾ: 'ਜੀ ਗਰੀਬ ਨਿਵਾਜ! ਏਥੇ ਤਾਂ ਕੋਈ ਅਸਥਾਨ ਨਹੀਂ, ਆਪ ਨੇ ਕਾਸ ਨੂੰ ਮਥਾ ਟੇਕਿਆ?' ਗੁਰੂ ਜੀ ਬਚਨ ਕੀਤਾ: ਏਥੇ ਥਡਾ ਅਸਥਾਨ ਬਣੂੰਗਾ, ਨੌ ਨੇਜੇ ਉਚਾ ਦਮਦਮਾ ਹੋਉ, ਸ੍ਵਰਨ ਕੇ ਕਲਸ ਹੋਣਗੇ।
ਫਿਰ ਸਿਖਾਂ ਕਹਿਆ: 'ਜੀ ਓਹ ਕੌਣ ਹੋਊਗਾ?' ਗੁਰੂ ਜੀ ਬਚਨ ਕੀਤਾ: 'ਦਸਮਾ ਜਾਮਾ ਪਹਿਰੂਗਾ ਗੁਰੂ ਆਪਿ ਵਡਾ ਕਲਾਧਾਰੀ ਹੋਊਗਾ। ਮੀਰੀ ਪੀਰੀ ਵਾਲਾ ਹੋਊਗਾ। ਰਾਜ ਜੋਗ ਦੋਨੋਂ ਪਗ ਧਾਰੂਗਾ। ਫੇਰ ਬਡੇ ਜੱਗ ਕਰੂਗਾ, ਬੜੇ ਦਾਨ ਦੇਊਗਾ ਬ੍ਰਹਮਣਾਂ ਨੂੰ। ਫੇਰ ਆਦਿ ਸਕਤੀ ਭਗਵਤੀ ਕੋ ਪੂਜੇਗਾ, ਪ੍ਰਤਖ ਕਰੇਗਾ, ਤਿਸਤੇ ਬਰ ਲਊਗਾ ਜੀਤਨੇ ਕਾ*। ਫੇਰ ਆਪਣਾ ਹਿੰਦੂ ਮੁਸਲਮਾਨ ਤੇ ਤੀਸਰਾ ਪੰਥ ਸਾਜੇਗਾ। ਬਡੇ ਜੁਧ ਜੰਗ ਕਰੂਗਾ। ਪ੍ਰਿਥਮੇ ਬਾਈਧਾਰ ਪਹਾੜੀਆਂ ਨੂੰ ਜੀਤੇਗਾ। ਫੇਰ ਤੁਰਕਾਂ ਸਾਥ ਜੁੱਧ ਕਰਕੇ ਦਸ ਲਾਖ ਘੋੜਾ ਜੀਤੇਗਾ। ਤਿਨਾ ਕੀ ਸਫਾ ਦੂਰ ਉਠਾਵੇਗਾ। ਫੇਰ ਸਿੰਘਾਂ ਨੂੰ ਰਾਜ ਦੇਵੇਗਾ। ਗਰੰਥ ਜੀ ਆਪਣੀ ਬਾਣੀ ਰਚੇਗਾ ਨਵੀਨ ਹੀ। ਪੂਰਬ ਪਟਣੇ ਔਤਾਰ ਧਾਰੂਗਾ। ਪਹਾੜ ਕੀ ਦੂਣ ਵਿਚ ਰਹੂਗਾ। ਫੇਰ ਪਛਮ ਕੀ ਤਰਫ ਐਥੋਂ ਚਾਲੀ ਕੇਸ ਜੁਧ ਜੀਤ ਕੇ ਆਉਗਾ। ਇਸੀ ਬਰਮੀ ਉਤੇ ਕਮਰ ਖੋਲਕੇ ਦਮ ਲਊਗਾ। ਅਸਾਂ ਤਿਸ ਪੁਰਖ ਕੇ ਅਸਥਾਨ ਨੂੰ ਅਗੇ ਹੀ ਮੱਥਾ ਟੇਕਿਆ ਹੈ।‘
ਤਾਂ ਸਿਖਾਂ ਨੇ ਬਚਨ ਕੀਤਾ: ‘ਜੀ ਗਰੀਬ ਨਿਵਾਜ! ਆਪ ਤਾਂ ਬੈਠੇ
* ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਗੁਰੂ ਜੀ ਦਾ ਦਮਦਮੇ ਡੇਰਾ ਕਰਨ ਦਾ ਪਤਾ ਤਾਂ ਦਿੱਤਾ ਹੈ:- 'ਪੁਨ ਦਮਦਮੇ ਪਹੁਚੇ ਜਾਇ ਪਰ ਇਹ 18, ਤੇ 20 ਸਾਖੀ ਵਾਲੇ ਭਵਿਖਤ ਵਾਕ ਆਦਿ ਨਹੀਂ ਦਿੱਤੇ। ਦਸਮੇਸ਼ ਜੀ ਦੇ ਭਗਵਤੀ ਆਦਿ ਪੂਜਨ ਦੀ ਵੀਚਾਰ ਲਈ ਪੜੇ, ਦੇਵੀ ਪੂਜਨ ਪੜਤਾਲ ਜੇ ਪੁਸਤਕ ਖਾਲਸਾ ਸਮਾਚਾਰ ਦੇ ਦਫਤ੍ਰੋ ਮਿਲਦੀ ਹੈ।
ਹੋ ਏਸ ਜਾਗਾ।' ਗੁਰੂ ਜੀ ਕਹਿੰਦੇ: 'ਏਸ ਅਸਥਾਨ ਓਹੀ ਪੁਰਖ ਬੈਠੇਗਾ, ਬਡੀਆਂ ਬਖਸਾਂ ਬਖਸੂਗਾ, ਬਰ ਦੇਊਗਾ। ਅਸਾਡਾ ਅਸਥਾਨ ਏਸ ਕੇ ਸਨਮੁਖ ਹੋਊਗਾ, ਚਰਨਾ ਪਾਸ ॥੧੮॥
19. ਗੁਰੂ ਸਰ ਸਰੋਵਰ ਦਾ ਟੱਕ ਲਾਇਆ
ਫੇਰ ਅਗਲੇ ਦਿਹ ਬੇਰੀ ਹੇਠ ਜਾਇ ਬੈਠੇ। ਸਿਖਾਂ ਨੂੰ ਬਚਨ ਕੀਤਾ: 'ਕਹੀਆਂ ਲਿਆਵੇ' । ਸਿਖ ਲੈ ਆਏ। ਆਪ ਕਹੀ ਲੈਕੇ ਟਕ ਲਾਇਆ। ਆਪ ਕਾਰ ਕਢੀ, ਦੁਸਾਲੇ ਨਾਲ, ਪੰਜ ਵਾਰੀ। ਸਿਖ, ਸੰਤ, ਮਾਈ, ਬੀਬੀ ਸਭ ਕੋਈ ਲਗਾ ਕਾਰ ਕਢਣਿ॥੧੯॥
੨੦. ਦਮਦਮੇ ਬਾਰੇ ਭਵਿਖਤ
ਸਿਖਾਂ ਕਹਿਆ: 'ਆਪ ਨੇ ਬਚਨ ਕੀਤਾ ਥੀ, ਸਾਡੀ ਗੁਪਤ ਕਾਂਸੀ ਹੈ ? ਕਾਂਸੀ ਵਿਚ ਤਾਂ ਬਿਸੇਸਰ ਨਾਥ ਹੈ, ਅੰਨ ਪੂਰਨਾਂ ਦੇਵੀ ਹੈ, ਭਗੀਰਥੀ ਗੰਗਾ ਹੈ, ਮਣੀਕਰਨ ਤੀਰਥ ਹੈ; ਏਥੇ ਕੀ ਕੀ ਹੈ, ਜੀ! ਕਾਂਸੀ ਕਾ ਚਿਹਨ ?
ਗੁਰੂ ਜੀ ਬਚਨ ਕੀਤਾ: 'ਏਹ ਜੋ ਗੁਰੂ ਅਸਥਾਨ ਹੈ, "ਦਮਦਮਾ" ਏਹ ਬਸੇਸਰ ਨਾਥ ਹੈ। ਜੋ ਕੋਈ ਏਸ ਦੀ ਕਾਰ ਕਰੂਗਾ, ਓਸ ਨੂੰ ਰਿਧਿ ਸਿਧਿ ਮਿਲੂ, ਰਾਜ ਭਾਗ ਮਿਲੂ, ਸਿਖੀ ਪ੍ਰਾਪਤ ਹੋਊ। ਓਥੇ ਅੰਨ ਪੂਰਨਾਂ ਦੇਵੀ ਹੈ, ਏਥੇ ਅੰਨ ਦੀ ਦੇਗ ਹੈ, ਜੋ ਕੋਈ ਆਵੇ ਸਭ ਕੋ। ਓਥੇ ਭਗੀਰਥੀ ਗੰਗਾ ਹੈ ਏਥੇ ਨਾਮ ਦੀ ਗੰਗਾ ਹੈ। ਓਥੇ ਮਣੀਕਰਨ ਤੀਰਥ ਹੈ ਏਥੇ ਗੁਰੂ ਸਰ ਤੀਰਥ ਹੈ। ਏਥੇ ਬਡੇ ਗੁਣੀ ਹੋਣਗੇ, ਗਿਆਨੀ ਹੋਣਗੇ, ਸਬਦ ਕੇ ਵਿਚਾਰ ਵਾਲੇ ਹੇਨਿਗੇ, ਬਿਗਆਨ ਕੇ ਸਮਝਣੇ ਵਾਲੇ ਹੋਨਿਗੇ, ਬਿਦਿਆਰਥੀ ਹੋਨਿਗੇ, ਭਜਨਵਾਨ ਹੋਨਿਗੇ, ਟਹਿਲ ਸੇਵਾ ਵਾਲੇ ਬਹੁਤ ਹੋਨਿਗੇ। ਅਸੀ ਇਸੀ ਕਾ ਦਰਸਨ ਕਰਨ ਆਏ ਥੇ।'
ਮੰਜੀ ਪ੍ਰਗਟ ਨਾਹੀ ਬਣੀ। ਸਿਖਾਂ ਨੇ ਸੋਝੀ ਭੀ ਹੈ,
ਬਣਾਈ ਨਹੀ ਮੰਜੀ* ॥੨੦॥
* ਹੁਣ ਇਥੇ ਮੰਜੀ ਸਾਹਿਬ ਬਣੀ ਹੋਈ ਹੈ ਤੇ ਗੁਰੂ ਸਰ ਸਰੋਵਰ ਦੇ ਦੱਖਣ ਵਲ ਬੀ ਮੰਜੀ ਸਾਹਿਬ ਦੱਸੀਦੀ ਹੈ, ਜਿਥੇ ਸਤਿਗੁਰੂ ਜੀ ਨੇ ਦੁਸਾਲੇ ਵਿਚ ਕਾਰ ਕਢੀ ਸੀ।
21. ਬਠਿੰਡਾ
ਗੁਰੂ ਜੀ ਸ਼ਿਕਾਰ ਚੜੇ ਸਨ। ਪੰਜਾਂ ਕੋਹਾ ਥੋਂ ਬਠਿੰਡਾ ਵੇਖਿਆ। ਗੁਰੂ ਜੀ ਕਹਿਆ: 'ਏਹੁ ਉਚੇ ਥਾਇ ਕਿਆ ਹੈ ਦਿਸਦਾ ?'
ਸਿਖਾਂ ਕਹਿਆ, 'ਜੀ ਬਠਿੰਡਾ ਹੈ।'
ਚਲੇ, ਖੇਡਦੇ ਖੇਡਦੇ ਜਾਇ ਪਹੁਤੇ। ਦੇਖਕੇ ਗੁਰੂ ਜੀ ਨੇ ਕਿਹਾ,
'ਵਡੀ ਜਗਾ ਹੈ।' ਨੌ ਦਿਨ ਰਹੇ॥੨੧॥
22. ਸੂਲੀ ਸਰ
ਗੁਰੂ ਜੀ ਨੇ, ਫਿਰ ਤਲਵੰਡੀ ਥੋਂ ਕੂਚ ਕੀਤਾ। ਸੂਲੀ ਸਰ ਡੇਰਾ ਹੋਇਆ। ਓਥੇ ਚਾਰ ਚੋਰ ਆਏ, ਦੁਇ ਹਿੰਦੂ, ਦੁਇ ਮੁਸਲਮਾਨ। ਵੇਖਨਿ ਚੌਫੇਰੇ ਗੁਰੂ ਜੀ ਕੇ ਸ਼ੇਰ ਨੇ ਦੋਇ ਵਾਰੀ ਪ੍ਰਕਰਮਿਆਂ ਦਿਤੀ, ਮਥਾ ਟੇਕਿਆ। ਮੁਸਲਮਾਨਾਂ ਕਹਿਆ: 'ਜਾਹਿਰਾ ਪੀਰ ਹੈ, ਅਸੀਂ ਨਾਹੀ ਏਸ ਕੀ ਚੋਰੀ ਕਰਦੇ, ਏਹੁ ਸਚਾ ਪੀਰ ਹੈ।
ਇਕ ਹਿੰਦੂ ਕਹਿਦਾ, 'ਅਸੀ ਚੋਰੀ ਕਰਾਂਗੇ।
ਹਜਾਰਾਂ ਰੁਪਈਆਂ ਕੇ ਘੋੜੇ ਖੜੇ ਹੈਂ।'
ਮੁਸਲਮਾਨ ਕਹਿੰਦੇ 'ਚੋਰੀ' ਕਰਦੇ ਨਹੀਂ।
ਜੇ ਤੂੰ ਕਰੇ ਤਾਂ ਅਧ ਛਡਦੇ ਨਹੀਂ।'
ਹਿੰਦੂਆਂ ਨੇ ਗੁਰੂ ਕਾ ਘੋੜਾ ਚੁਰਾਇਆ। ਘੋੜਾ ਜੀਨ ਪੋਸ ਪਾਏ ਕੋਤਲ ਖੜਾ ਸੀ। ਜਾਂ ਘੋੜਾ ਖੋਲਿਆ, ਹਿੰਦੂ ਅੰਨੇ ਹੋਇ ਗਏ। ਦਿਹੁੰ ਚੜਿਆ। ਗੁਰੂ ਜੀ ਨੇ ਹਕੀਕਤ ਪੁੱਛੀ।
ਓਨੀ ਕਹਿਆ, 'ਜੀ! ਗਰੀਬ ਨਵਾਜ! ਅਸੀਂ ਘੋੜੇ ਦੇਖਕੇ ਆਏ ਥੇ ਚੋਰੀ ਲਗਣਿ, ਦੋਇ ਹਿੰਦੂ ਦੋਇ ਮੁਸਲਮਾਨ। ਅਗੇ ਆਇਕੇ ਦੇਖਿਆ, ਤਾਂ ਸੇਰ ਪ੍ਰਕਰਮਾ ਕਰਕੇ ਸਿਜਦਾ ਕਰਦਾ ਹੈ। ਅਸੀ ਤਾਂ ਆਖਿਆ ਏਹ ਤਾਂ ਜਾਹਰਾ ਪੀਰ ਹੈ, ਜਿਸ ਨੂੰ ਸੇਰ ਸਿਜਦਾ ਕਰਦਾ ਹੈ। ਅਸੀਂ ਤਾਂ ਹਟ ਰਹੇ, ਏਹ ਹਿੰਦੂ ਆਇ' ਘੋੜਾ ਖੋਲਿਆ, ਦੋਵੇਂ ਅੰਧੇ ਹੋਇ ਗਏ। ਅਸੀ ਭੀ ਸਦੇ, ਜਾਂ ਅਸੀਂ ਆਉਣ ਲਗੇ ਅਸੀ ਭੀ ਅੰਧੇ ਹੋਇ ਗਏ। ਐਤਨੇ ਨੂੰ ਦਿਹੁੰ ਚੜਿਆ, ਸਿਖ ਸਾਨੂੰ ਫੜਿ ਲਿਆਏ।'
1. ਪਾ.-ਗੁਰੂ ਕੀ ਚੋਰੀ।
2. ਪਾ:- ਅਸੀਂ ਤਾਂ ਹਟਿ ਗਏ, ਹਿੰਦੂਆਂ ਨੇ....
ਗੁਰੂ ਜੀ ਬਚਨ ਕੀਤਾ, 'ਤੁਸੀ ਰਾਤ ਨੂੰ ਕਿਉਂ ਲੈਂਦੇ ਥੇ ਹੁਣਿ ਲੈ ਲਓ।' ਤਾਂ ਓਨਾਂ ਕਹਿਆ, ਹੁਣ ਤਾਂ ਸਾਡੀ ਸਕਤਿ ਕਖ ਲੈਣ ਦੀ ਭੀ
ਨਹੀ। ਹੁਣ ਤਾਂ ਚੋਰਾਂ ਨੂੰ ਜੋ ਕਿਛੁ ਦੰਡ ਦੇਈ ਦਾ ਹੈ, ਸੋ ਦੇਵੋ। ਗੁਰੂ ਜੀ ਨੇ ਕਹਿਆ ਦੁਹਾਂ ਨੂੰ 'ਸੂਲੀ ਦੇਹੁ'। ਦੋਮੇ ਜੰਡਿ ਉਤੋਂ ਦੀ ਚਾੜੇ, ਇਕ ਹਿੰਦੂ ਨੂੰ ਜੰਡਿ ਦੀ ਕਿਸੀ ਲਗੀ ਸੂਲੀ ਆਈ। ਮੁਸਲਮਾਨ ਬਚੇ ॥੨੨॥
23. ਬਰ੍ਹੇ ਚੁਮਾਸਾ ਕੱਟਿਆ
ਅਗੇ ਡੇਰਾ ਬਰ੍ਹੀ ਹੋਇਆ। ਬਰਿਆਂ ਨੂੰ ਕਹਿਆ: ਤੁਸੀ ਐਤ ਜਾਗਾ ਹੋਇ ਬਸੋ? ਤੁਮਾਰੀ ਫਤੇ ਹੋਵੇਗੀ। ਤੁਸਾਂ ਨੂੰ ਕੋਈ ਜਿਤ ਨਹੀਂ ਸਕੇਗਾ। ਗੁਰੂ ਜੀ ਨੇ ਸਾਉਣ ਕਾ ਚਉਮਾਸਾ ਡੇਰਾ ਓਥੇ ਹੀ ਰਖਿਆ। ਘੋੜਿਆਂ ਰਥਾਂ ਕਿਆਂ ਬੈਲਾਂ ਨੂੰ ਮੋਠ ਚਾਰੇ। ਗੁਰੂ ਜੀ ਨੇ ਹਲ ਪਾਇਕੇ ਬਹੁਤ ਬੀਜਾਏ ਸੇ ਮੋਠ॥੨੩॥
24. ਬਛੋਆਣੇ
ਅਗੇ ਡੇਰਾ ਬਛੋਆਣੇ ਹੋਇਆ। ਪਿਪਲ ਕੀ ਛਾਉਂ ਡੇਰਾ ਹੋਇਆ। ਤਲਾਉ ਕੇ ਕਿਨਾਰੇ ਵਡੀ ਢਾਬ ਹੈਗੀ। ਗੁਰੂ ਜੀ ਨੇ ਡੇਰਾ ਸਤ ਦਿਨ ਰਖਿਆ। ਗੁਰੂ ਜੀ ਨਾਲ ਬਹੁਤ ਸੰਗਤਾਂ ਸਨਿ ਜੀ। ਲਸੀ ਨੂੰ ਮਹੀ ਬਹੁਤ ਸਨ। ਇਕ ਬੂਰੀ ਮਹਿ ਬਹੁਤ ਉਮਦੀ ਸੀ।
ਗੁਰੂ ਜੀ ਨੂੰ ਸਿਖਾਂ ਨੇ ਕਹਿਆ, 'ਏਥੇ ਚੰਗੀ ਲੇਹੀ ਹੈ। ਮਹੀ ਨੇ ਦੁਧ ਬਹੁਤ ਦਿਤਾ। ' ਗੁਰੂ ਸਾਹਿਬ ਨੇ ਕਹਿਆ, 'ਇਹ ਲੇਹੀ ਸਦਾ ਲਵੇਰੀ ਹੈ।' ਓਦੋਂ ਓਥੇ ਰੰਘੜ ਸਨ ਬਸਦੇ॥੨੪॥
1. ਵੈਰਾਗ ਮੂਰਤ ਦਿਆਲ ਸਤਿਗੁਰ ਦੇ ਇਹ ਵਾਕ ਨਹੀਂ ਹੋ ਸਕਦੇ। ਜੇ ਉਪਰ ਕਹਿੰਦੇ ਹਨ ਕਿ ਤੁਸੀਂ ਰਾਤ ਨੂੰ ਕਿਉਂ ਲੈਂਦੇ ਸਾਓ ਹੁਣ ਲੈ ਲਓ ਉਨ੍ਹਾਂ ਦੇ ਸੁਭਾਵ ਦੇ ਹੀ ਵਿਰੁਧ ਹਨ ਇਹ ਲਫਜ਼। ਸੂਰਜ ਪ੍ਰਕਾਸ਼ (ਰਾਸ ੧੧ ਐਸੂ ੪੦) ਨੇ ਬੀ ਇਥੋਂ ਲੈਕੇ ਐਸੇ ਹੀ ਲਫਜ਼ ਲਿਖੇ ਹਨ ਪਰ ਉਸ ਨੇ ਚੋਰ ਚਾਰ ਨਹੀਂ ਪਰ ਦੋ ਲਿਖੇ ਹਨ। ਤਾ: ਖਾਲਸਾ ਨੇ ਲਿਖਿਆ ਹੈ ਕਿ ਉਹ ਚੋਰ ਆਪੇ ਹੀ ਸੂਲੀ ਚੜ੍ਹਕੇ ਮਰ ਗਿਆ। ਜਾਪਦਾ ਹੈ ਸ਼ਰਮਿੰਦਾ ਹੋ ਪ੍ਰਾਸਚਿਤ ਵਜੋਂ ਉਹ ਆਪ ਹੀ ਸੂਲੀ ਚੜਕੇ ਮਰ ਗਿਆ ਹੈ।
2. ਤਿੱਖੀ ਪਤਲੀ ਸੂਲੀ ਵਰਗੀ ਲਕੜੀ। [ਕ੍ਰਿਸ਼ ਤੋਂ ਕਿੱਸੀ- ਪਤਲੀ]
3. ਮਲਗੁਜ਼ਾਰ, ਚਰਾਗਾਹ, ਹਰ੍ਯਾਵਲ।
25. ਗੋਬਿੰਦ ਪੁਰੇ
ਓਥੋਂ ਕੂਚ ਹੋਇਆ ਗੁਰੂ ਜੀ ਕਾ ਡੇਰਾ । ਗੋਬਿੰਦ ਪੁਰੇ ਉਤਰੇ। ਟਹਿਲ ਜੇਹੀ ਕੁ ਸਿਖਾਂ ਥੋਂ ਸਰੀ ਤੇਹੀ ਕੁ ਕੀਤੀ॥੨੫॥
26. ਗਾਗੇ
ਅਗੇ ਡੇਰਾ ਗਾਗੇ ਦੇ ਰਾਹਿ ਵਿਚਿ ਉਤਰਿਆ। ਫੇਰ ਗਾਗੇ ਉਤਰੇ, ਡੇਰਾ ਕੀਤਾ। ਗੁਰੂ ਜੀ ਕੇ ਸਿਖ ਘਾਸ ਨੂੰ ਗਏ। ਰੰਘੜਾਂ ਨੇ ਬਰਖੇਸੀਆਂ ਨੇ ਸਿਖ ਛੇਤੇ ਫਾਟੇ। ਗੁਰੂ ਜੀ ਗੁੱਸੇ ਹੋ ਕੇ ਕੂਚ ਕਰ ਚਲੇ। ਓਨੀ ਹਥ ਜੋੜਿਕੇ ਟਿਕਾਏ, ਬਹੁਤ ਬੇਨਤੀ ਕਰਕੇ। ਗੁਰੂ ਜੀ ਤਿਨਾ ਨੂੰ ਵੇਖਿਕੇ ਖੁਸੀ ਨਾ ਹੋਏ॥੨੬॥
27. ਗੁਰਨੀਂ
ਗੁਰੂ ਜੀ ਨੇ ਅਗੇ ਡੇਰਾ ਗੁਰਣੀ ਕੀਤਾ। ਗਾਗੇ ਕੇ ਜੱਟ ਮਗਰੇ ਗਏ। ਗੁਰੂ ਜੀ ਨੇ ਓਨਾਂ ਕੋ ਆਦਰ ਨਾ ਕੀਆ॥੨੭॥
28. ਮਕਰੋੜ-ਗਾਗੇ ਦੇ ਜੱਟ ਬਖਸ਼ੇ
ਡੇਰਾ ਅਗੇ ਮਕੋਰੜ ਕੀਤਾ। ਗਾਗੇ ਵਾਲੇ ਓਥੇ ਭੀ ਮਗਰੇ ਗਏ। ਫੇਰ ਸਿਖਾਂ ਹਥ ਜੋੜੇ, ਕਹਿਆ: ‘ਏਨਾਂ ਪਾਸੋਂ ਹੋਈ ਤਾਂ ਬੁਰੀ ਹੈ, ਪਰ ਗਰੀਬ ਨਿਵਾਜ ਜੀ! ਏਨਾਂ ਕੋ ਬਖਸੀਏ ਜੀ! ਫੇਰ ਸਾਹਿਬ ਦਾ ਬਚਨ ਹੋਇਆ: 'ਏਨਾਂ ਦੀਆਂ ਜੜਾਂ ਖਾਰੇ ਸਮੁੰਦ੍ਰ ਵਿਚ ਪਾਇ ਦਿਤੀਆਂ ਸਨ ਪਟ ਕੇ, ਸੰਗਤ ਡਾਢੀ ਹੈ, ਬਰਖੇਸੀਆਂ' ਦੀਆਂ ਸੁਧਕਦੀਆਂ ਰਹੀਆਂ, ਰੰਘੜਾਂ ਦੀਆਂ ਸਮੁੰਦਰ ਵਿਚ।'
ਗੁਲ ਗੁਲੀਆਂ ਨੂੰ ਬਖਸ ਹੋਈ: 'ਤੁਸੀ ਪੰਜ ਹੋਵੇਗੇ, ਤਾਂ ਭੀ ਸਿਧੂਆਂ ਨਾਲ ਅੜਦੇ ਰਹੋਗੇ।' ਸਿਧੂਆਂ ਨੂੰ ਬਚਨ ਹੋਇਆ ‘ਲੰਮੇ ਵਧਦੇ ਨਾਹੀ, ਆਪਣੇ ਮਰਾਤਬੇ ਵਿਚ ਹਛੇ ਰਹੋਗੇ।'
1. ਬਰੇ, ਗੋਬਿੰਦਪੁਰੇ, ਗਾਗੇ, ਗੁਰਨੇ, ਮਕਰੋੜ ਤੇ ਧਮਧਾਣ ਆਗਮਨ ਦੇ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਰਾਸ ੧੧ ਅੰਸੂ ੪੧ ਵਿਚ ਦਿਤੇ ਹਨ।
2. ਭਾਵ ਕੁੱਟੇ ਮਾਰੇ।
3. ਆਪਣੀ ਜੜ ਆਪ ਪੁੱਟਣ ਵਾਲੇ।
ਸਿਧੂ ਘਿਉ ਦੀਆਂ ਬਲਣੀਆਂ ਤੇ ਭੂਰੇ ਲਈ ਫਿਰਦੇ ਸਨ। ਗੁਰੂ ਜੀ ਨੇ ਸਭ ਕੁਹ ਲੈਆ ਤੇ ਬਖਸੇ, ਸਿਖ ਕੀਤੇ॥੨੮॥
29. ਧਮਧਾਣ
ਅਗੇ ਡੇਰਾ ਗੁਰੂ ਜੀ ਨੇ ਧਮਤਾਣ ਕੀਤਾ। ਓਥੇ ਇਕ ਜਿਮੀਦਾਰ ਮਿਲਿਆ। ਦੱਗੇ ਉਸ ਦਾ ਨਾਮ ਥੀ, ਓਹ ਗੁਰੂ ਕਾ ਮਸੰਦ ਥੀ। ਗੁਰੂ ਜੀ ਕਹਿਆ: 'ਭਾਈ ਦੱਗੇ! ਦੁਧ ਲੈ ਕੇ ਮਿਲਿਆਂ ਹੈ, ਐਥੇ ਦੁਧ ਸਦੀਵ ਰਹੂਗਾ।' ਗੁਰੂ ਜੀ ਕਹਿਆ, ‘ਦਗ ਸਾਧ ਸੰਗਤ ਦੀ ਟਹਿਲ ਕਰੁ, ਜਿਤਨੇ ਦਿਨ ਡੇਰਾ ਐਥੇ ਹੈ'। ਫੇਰ ਗੁਰੂ ਜੀ ਬਚਨ ਕੀਤਾ: 'ਸਾਡੀ ਪੌਸਾਕਿ ਧੋਇ ਲਿਆਵੋ ? ਕਲਿ ਨਾਉ ਉਤੇ ਲਖੇ ਹਾਂ ਘਘਰਿ, ਐਸ ਤੀਰਥ ਵਿਚ ਨਹੀਂ ਧੋਣਾਂ!' ਤਾਂ ਸਿਖਾਂ ਕਹਿਆ: 'ਜੀ ਗਰੀਬ ਨਿਵਾਜ! ਏਹੁ ਕਿਸ ਦਾ ਤੀਰਥ ਹੈ ?' ਤਾਂ ਬਚਨ ਹੋਇਆ: 'ਐਥੇ ਰਾਮ ਜੀ ਨੇ ਜੱਗ ਕੀਤਾ ਹੈ ਲਊ ਕੁਸੂ ਦੇ ਜੁਧ ਵੇਲੇ। ਵਡਾ ਮਹਾਤਮ ਵਾਲਾ ਕੁੰਡ ਹੈ ਏਹੁ।'
ਇਕ ਨਥੂ ਮਲ ਖਤ੍ਰੀ ਹੋਇਆ ਹੈ, ਓਸ ਨੇ ਏਸ ਦੀ ਕਾਰ ਕਰਵਾਈ ਹੈ। ਘਾਟ ਬਣਵਾਇਆ ਹੈ। ਦੇਵਤਿਆਂ ਕੀਆਂ ਮੂਰਤਾਂ ਅਸਥਾਪਨ ਕੀਤੀਆਂ। ਇਸੀ ਕਰਕੇ ਏਸ ਦਾ ਨਾਉ ਨਥਵਾਣਾ ਹੈ। ਏਕ ਜਿਮੀਦਾਰ ਥਾ ਮੇਦਨੀਮਲ, ਓਹ ਏਸ ਤਾਲ ਵਿਚ ਅਸਨਾਨ ਕਰਕੇ ਹਮੇਸਾ ਦੇਖ ਜਾਂਦਾ; ਕੋਈ ਭੁਖਾ ਹੋਇ, ਰੋਟੀ ਦੇਂਦਾ। ਉਸ ਦੀ ਸਮਾਣੀ ਨ੍ਹਾਂਉਂਦੀ ਰਾਤ ਨੂੰ ਹਮੇਸਾ ਨੇਮ ਥੀ। ਇਕ ਦਿਨ ਸੁਕਾ ਦੇਖਿਆ, ਤਾਂ ਓਸ ਕਹਿਆ, "ਜੇ ਤਾਂ ਸਤਿਆ ਦਾ ਤੀਰਥ ਹੈਂ ਤਾਂ ਮੇਰਾ ਨੇਮ ਰਖ।" ਜਾਂ ਡਲਾ ਪੁਟਿਆ, ਤਾਂ ਟੋਘਣਾਂ ਜਲ ਦਾ ਪੂਰਿ ਆਇਆ। ਤਿਸ ਨੇ ਅਸਨਾਨ ਕੀਤਾ, ਬਡਾ ਅਨੰਦ ਹੋਇਆ, ਤਿਸ ਦਿਨ ਤੇ ਕੋਈ ਬਸਤ੍ਰ ਨਹੀਂ ਧੋਂਦਾ।' ਜਦੋਂ ਐਸਾ ਮਹਾਤਮ ਗੁਰੂ ਸਰ ਕਾ ਕਹਿਆ, ਸਭ ਕਿਸੀ ਨੂੰ ਪ੍ਰਤੀਤ ਹੋਈ*।
ਗੁਰੂ ਜੀ ਕੀ ਪੋਸਾਕ ਜਿਸ ਛਪੜੀ ਵਿਚ ਧੋਤੀ, ਓਸ ਨੂੰ ‘ਧੋਬਾ ਆਂਹਦੇ ਹੈਨ॥੨੯॥
* ਸੂਰਜ ਪ੍ਰਕਾਸ਼ ਨੇ ਇਹ ਵਾਰਤਾ ਨਹੀਂ ਦਿੱਤੀ। ਜਾਪਦਾ ਹੈ ਕਵੀ ਜੀ ਨੂੰ ਜਾਤੀ ਖੋਜ ਸਮੇਂ ਇਹ ਸਾਖੀ ਸਹੀ ਨਹੀਂ ਹੋਈ, ਇਸ ਲਈ ਸੁ:ਪ੍ਰ: ਵਿਚ ਨਹੀਂ ਸ਼ਾਮਲ ਕੀਤੀ। ਪਰ ਧਮਧਾਣ ਦੀ ਹੋਰ ਇਕ ਕਥਾ ਦਿਤੀ ਹੈ। ਦੇਖੋ ਰਾਸ ੧੧ ਅੰਸੂ ੪੧1
30. ਭਾਈ ਫੇਰੂ ਨੂੰ ਵਰ
ਭਾਈ ਫੇਰੂ' ਉਦਾਸੀ ਨੇ ਗੁਰੂ ਹਰਿਰਾਇ ਕੇ ਲੰਗਰ ਕਾ ਜਲੁ ਭਰਿਆ। ਗੁਰੂ ਹਰਿ ਕ੍ਰਿਸ਼ਨ ਕੇ ਲੰਗਰ ਕਾ ਜਲ ਭਰਿਆ ਗੁਰੂ ਤੇਗ ਬਹਾਦਰ ਕੇ ਲੰਗਰ ਕਾ ਜਲ ਭਰਿਆ ਸੀ, ਐਤਨਾ ਚਿਰੁ ਮੰਡਾਸਾ ਨਹੀਂ ਖੋਲਿਆ। ਕੀੜੇ ਚਲ ਗਏ ਸੀਸ ਬਿਚ। ਇਕਸ ਦਿਨ ਮਥਾ ਟੇਕਿਆ ਗੁਰੂ ਜੀ ਨੂੰ, ਤਾਂ ਕੀੜਾ ਸੀਸ ਬਿਚੋਂ ਡਿਗ ਪਇਆ। ਭਾਈ ਫੇਰੂ ਨੇ ਚੁੱਕਕੇ, ਸੀਸ ਬਿਚਿ ਪਾਇ ਲਇਆ, ਤਾਂ ਗੁਰੂ ਜੀ ਬਚਨ ਕੀਤਾ, 'ਭਾਈ ਫੇਰੂ ਏਹ ਕੀ?' ਤਿਨ ਆਖਿਆ 'ਜੀ ਗਰੀਬ-ਨਿਵਾਜ! ਘਰ ਥੀ ਭੁਲ ਕੇ ਡਿਗਾ ਥੀ। ਗੁਰੂ ਜੀ ਬਚਨ ਕੀਤਾ; 'ਭਾਈ ਫੇਰੂ! ਮੰਗ ਜੋ ਚਾਹਿੰਦਾ ਹੈ, ਗੁਰੂ ਦਿਆਲ ਹੈ।' ਤਿਨ ਆਖਿਆ, 'ਮੈਂ ਤਾਂ ਤੇਰੇ ਦਾਸੋਂ ਕਾ ਦਾਸ ਹਾਂ ਇਹੀ ਬਰ ਦੇਵ ਜੋ ਚਾਹ ਨ ਹੋਵੈ।' ਗੁਰੂ ਜੀ ਕਹਿਆ: 'ਤੈਨੂੰ ਚਾਹ ਭੀ ਨਹੀਂ ਹੋਊ। ਤੈਂ ਗੁਰੂ ਕੇ ਟਹਿਲ ਕੀਤੀ ਹੈ, ਤੇਰਾ ਲੰਗਰ ਭੀ ਚਲੂ, ਤੇ ਪੰਥ ਭੀ ਚਲੂ। ਹੋਰ ਕਾ ਅਬੀਰ ਤੇਰਾ ਫਕੀਰ। ਗੁਰੂ ਕੀ ਟਹਿਲ ਅਨਥੀ ਨਹੀਂ ਜਾਂਦੀ। ਭਾਈ ਫੇਰੂ ਸਚੀ ਦਾੜ੍ਹੀ। ਭਾਈ ਫੇਰੂ ਕਰਣੀ ਸਾਰੀ। ਭਾਈ ਫੇਰੂ ਜਗ ਤੁਲਹਾ ਭਾਰੀ ਭਾਈਫੇਰੂ ਕੇ ਸਤਿਗੁਰ ਬਲਿਹਾਰੀ ॥੩੦॥
31. ਇਕਾਦਸ਼ੀ ਝਾੜੂ ਦੇਂਦੀ ਗੁਰੂਦੁਆਰੇ
ਇਕਸ ਦਿਨ ਇਕ ਸਕਤੀ ਝਾੜੂ ਦੇਂਦੀ ਦੇਖੀ ਤੰਬੂ ਕੇ ਆਗੇ। ਗੁਰੂ ਜੀ ਕਹਿਆ 'ਤੂੰ ਕੌਣ ਹੈਂ?' ਓਨ ਮਥਾ ਟੇਕਿ ਕੇ ਕਹਿਆ, 'ਜੀ ਮੈਂ ਇਕਾਦਸੀ ਹਾਂ। ਜੋ ਕੋਈ ਬਿਸਨ ਉਪਾਸਕ ਹੈ, ਸੋ ਸਭ ਕੋਈ ਮੇਰਾ ਬ੍ਰਤ ਕਰਦੇ ਹੈਨ।' ਗੁਰੂ ਜੀ ਬਚਨ ਕੀਤਾ, 'ਅਸੀਂ ਉਪਾਸਕ ਨਿਰੰਕਾਰ ਕੇ ਨਾਮ ਕੇ ਹਾਂ। ਬ੍ਰਤ ਕਹਿਕੇ ਰਖਾਉਣਾਂ ਨਹੀਂ, ਰਖਦੇ ਨੂੰ ਹਟਾਉਣਾ ਨਹੀਂ। ਨਿਮਾਣੀ ਇਕਾਦਸੀ ਨੂੰ ਬੜਾ ਪੁਰਬ ਹੋਊ ਏਥੇ। ਬਰਤ ਭੀ ਬਹੁਤ ਰਖਣਗੇ ॥੩੧॥
1. ਸੂ: ਪ੍ਰਕਾਸ਼ (ਰਾਸ ੧੧ ਦਿਤਾ ਹੈ। 'ਭਾਈ ਫੇਰੁ ਅੰਸੂ ੪੨) ਨੇ ਇਸ ਸਿਖ ਦਾ ਨਾਮ ਭਾਈ ਮੇਹਾ ਨਾਮ ਦੇਣਾ ਇਸ ਪੋਥੀ ਦੇ ਲੇਖਕ ਦੀ ਭੁਲ ਜਾਪਦੀ ਹੈ। ਲੇਖਕ ਦਾ ਭਾਵ ਇਸ ਸਾਖੀ ਤੋਂ ਸੰਗਤ ਦੀ ਸੇਵਾ ਵਿਚ ਤੀਬਤ੍ਰਾ ਦਿਖਾਉਣ ਦਾ ਹੈ।
2. ਸੂਰਜ ਪ੍ਰਕਾਸ਼ ਦੇ ਕਰਤਾ ਨੇ ਇਹ ਸਾਖੀ ਬੀ ਨਹੀਂ ਦਿਤੀ, ਜਾਪਦਾ ਹੈ ਉਸ ਨੂੰ ਆਪਣੀ ਖੋਜ ਵਿਚ ਇਸ ਦੀ ਸਾਖ ਨਹੀਂ ਮਿਲੀ।
32. ਬਾਂਗਰ ਦੇਸ਼ ਵਿਚ
ਦੀਵਾਲੀ ਦਾ ਮੇਲਾ ਆਇਆ, ਬਹੁਤ ਸੰਗਤਾਂ ਆਈਆਂ; ਬੜਾ ਜੋੜ ਮੇਲ ਹੋਇਆ। ਦੇਗ ਪ੍ਰਸਾਦਿ ਹੋਇਆ, ਕੜਾਹ ਪ੍ਰਸਾਦਿ ਹੋਆ। ਗੁਰੂ ਜੀ ਬਚਨ ਕੀਤਾ: 'ਏਹ ਗੁਰੂ ਅਸਥਾਨ ਬਾਂਗਰ ਦੇਸ ਬਿਚਿ ਹੈ। ਇਸ ਦੇਸ ਕਾ ਤਾਂ ਸਿਖੁ ਬਿਰਲਾ ਬਾਂਝਾ ਹੋਊ, ਏਥੇ ਦੂਰ ਦੂਰ ਕੇ ਸਿਖ ਆਵਨਿਗੇ। ਸਦੀਵ ਮੇਲਾ ਹੋਊ। ਧੱਸੇ ਬਜਨਗੇ, ਪੋਥੀਆਂ ਗ੍ਰੰਥ ਜੀ ਪੜੀਅਨਿਗੇ, ਕਥਾ ਕੀਰਤਨ ਹੋਊਗਾ, ਝੰਡੇ ਝੂਲਨਿਗੇ, ਘੋੜੇ ਹਾਥੀ ਝੂਲਣਗੇ, ਲੰਗਰ ਬਰਤੂਗਾ ਧੌਂਸਾ ਬਜਕੇ ਸਭ ਕਿਸੀ ਨੂੰ।
ਸਿਖਾਂ ਬਚਨ ਕੀਤਾ: 'ਜੀ ਗਰੀਬ ਨਿਵਾਜ! ਜੰਗਲ ਦੇਸ ਭੀ ਦੇਖਿਆ, ਗੁਰੂ ਕੀ ਗੁਪਤ ਕਾਂਸੀ ਭੀ ਦੇਖੀ, ਬਾਂਗਰ ਦੇਸ ਵੀ ਦੇਖਿਆ, ਹੁਣ ਤਾਂ ਕੁਲਛੇਤ ਧਰਤੀ ਦਿਖਾਓ, ਜਿਥੇ ਕੈਰੇ ਪਾਂਡ ਨੇ ਜੁਧ ਕੀਤੇ ਹੈਨਿ।'
ਗੁਰੂ ਜੀ ਬਚਨ ਕੀਤਾ: 'ਪੰਰ੍ਹਾਂ ਦਿਹ ਏਥੇ ਹੋਰ ਰਹਿਣਾ ਹੈ। ਗੁਰੂ ਨਾਨਕ ਜੀ ਕਾ ਪੂਰਨਮਾ ਕਾ ਪੁਰਬ ਕਰਕੇ ਚੜਾਂਗੇ।
ਗੁਰੂ ਜੀ ਨੇ ਲੰਗਰ ਦੇ ਚੁਲ੍ਹੇ ਆਪਣੇ ਤੰਬੂ ਦੇ ਪਾਸ ਹੀ ਬਣਵਾਏ। ਫੇਰ ਇਕਸ ਦਿਨ ਬਚਨ ਕੀਤਾ ਪੰਡਤ ਕੋ: 'ਮਿਸਰ ਜਾਤੀ ਮੱਲ'! ਜਗ ਵਿਚ ਬਿਸੇਸ ਪ੍ਰਸਾਦਿ ਕਿਹੜਾ ਹੈ ?' ਓਨ ਆਖਿਆ: 'ਮਹਾਰਾਜ ਜੀ! ਵਿਸ਼ੇਸ਼ ਭੋਜਨ ਖੀਰ ਖੰਡ ਕਾ ਹੈ ਤੇ ਗੁਰੂ ਨਾਨਕ ਜੀ ਕਾ ਪ੍ਰਸਾਦਿ ਕੜਾਹ ਪ੍ਰਸਾਦਿ ਹੈ।' ਗੁਰੂ ਜੀ ਨੇ ਬਚਨ ਕੀਤਾ: 'ਏਥੇ ਰਾਮ ਜੀ ਨੇ ਜੱਗ ਕੀਤਾ ਹੈ, ਗੁਰੂ ਨਾਨਕ ਜੀ ਕਾ ਪੁਰਬ ਹੈ, ਦੇਮੈ ਪ੍ਰਸਾਦਿ ਕਰੋ; ਤਸਮਈ ਭੀ ਤੇ ਕੜਾਹੁ ਪ੍ਰਸਾਦਿ ਭੀ: ਹੋਰ ਪੂਰੀ ਕਚੌਰੀ ਭੀ।'
ਬਹੁਤਾ ਦੁਧ ਮੰਗਵਾਇਆ, ਤਸਮਈ ਹੋਈ। ਹੋਰ ਪ੍ਰਸਾਦਿ ਭੀ ਦਿਨ ਰਾਤ ਵਿਚ ਤਈਆਰ ਹੋਏ। ਦਿਹੁ ਚੜਦੇ ਨੂੰ ਪੰਗਤਾਂ ਬਿਠਾਇ ਦਿਤੀਆਂ। ਸਿਖ ਸਾਧ ਬ੍ਰਹਮਣ ਫਕੀਰ ਸਭਸ ਨੂੰ ਪ੍ਰਸਾਦਿ ਵਰਤਿਆ। ਸਾਰਾ ਦਿਹ ਜੋ ਕੋਈ ਚਲਕੇ ਆਇਆ ਸਭਸ ਨੂੰ ਦੀਆ। ਪੂਰਨਮਾਂ ਕਾ ਜਗ ਪੂਰਾ ਹੋਇਆ। ਤਿਸੀ ਦਿਨ ਤੇ ਗੁਰੂ ਜੀ ਕਾ ਤਿਸ ਦੇਸ ਮੈਂ ਜਸ ਹੋਇ ਰਹਿਆ ਹੈ॥੩੨॥
1. ਗੁਰੂ ਕੀ ਗੁਪਤ ਕਾਂਸੀ ਬੀ ਦੇਖੀ, ਬਾਂਗਰ ਦੇਸ ਭੀ ਦੇਖਿਆ ਖਾ: ਕਾ: ਦੇ ਲਿਖਤੀ ਨੁਸਖੇ ਦਾ ਪਾਠ ਹੈ।
2. ਕੱਤਕ ਪੂਰਨਮਾਸ਼ੀ ਦਾ।
3. ਪਾ:- ਤਾਜੀ ਮਲ ।
33. ਦੱਗੋ ਮਸੰਦ ਦੀ ਪਹੇਮਾਨੀ ਤੇ ਨਾਸ਼
ਦੱਗੇ ਨੂੰ ਗੁਰੂ ਜੀ ਨੇ ਅਕੋਤ੍ਰ ਸੈ ਮੁਹਰ ਦਿਤੀ, ਬਚਨ ਕੀਤਾ: `ਤੂੰ ਗੁਰੂ ਕਾ ਮਸੰਦ ਹੈਂ, ਨਾਲੇ ਤੇਰਾ ਜਿਮੀਦਾਰਾ ਹੈ, ਸਾਡਾ ਅਸਥਾਨ ਬਣਾਉਣਾ, ਕੂਆ ਲਾਉਣਾ, ਗੁਰੂਸਰ ਕੀ ਕਾਰ ਕਢਾਉਣੀ। ਜੇ ਤਾਂ ਸਾਬਤੀ ਰਖੀ ਤਾਂ ਤੇਰੀ ਫੇਰ ਬੀ ਖਬਰ ਲਿਆਂਗੇ, ਜੇ ਨਿਰਾ ਮਸੰਦ ਹੋਇ ਗਇਆ ਤਾਂ ਤੇਰੇ ਤੇਰੀ ਉਲਾਦ ਦੇ ਪੇਸ ਆਊ। ਏਹ ਪੂਜਾ ਕੀ ਬਿਰਾਟਿਕਾ ਹੈ, ਬਡਿਆਂ ਬਡਿਆਂ ਨੂੰ ਦਾਗ ਲਾਇਆ ਹੈ।
ਤਿਸਨੈ ਕੂਆ ਆਪਣੀ ਨਿਆਈਂ ਬਿਚਿ ਲਾਇਆ ਦੂਸਰੇ ਪਾਸੇ: ਤਾਂ ਕੂਆ ਨਿਘਰਿ ਗਇਆ। ਦੂਜੀ ਬਾਰੀ ਫੇਰਿ ਚਿਣਿਆਂ ਤਾਂ ਵਿੰਗਾ ਹੋਇ ਗਇਆ। ਓਦੋਂ ਓਸ ਕੇ ਅਠਾਰਾਂ ਆਦਮੀ ਥੇ ਜਦੋਂ ਗੁਰਾਂ ਤੇ ਵੇਮੁਖ ਹੋਇਆ। ਉਲਾਦ ਮਾਰਿ ਹੋ ਗਈ, ਪਾਣੀ ਦੇਵਾ ਭੀ ਨਾ ਰਹਿਆ। ਚੁਲ੍ਹਿਆਂ ਵਿਚ ਅਕਿ ਜੰਮੇ। ਏਹ ਬਾਤ ਰੋਸਨ ਹੈ। ਸਭ ਕੋਈ ਜਾਣਦਾ ਹੈ ਦੱਗੋ ਦੀ"।
ਆਪ ਚੜੇ। ਤਿਥੇ ਭਾਈ ਫੇਰੂ ਦਾ ਚੇਲਾ ਭਾਈ ਟਹਿਲ ਦਾਸ ਰਹਿਆ॥੩੩॥
34. ਖਨੌਰੀ
ਗੁਰੂ ਜੀ ਨੇ ਡੇਰਾ, ਖਨੌਰੀ ਕੇ ਪਾਸ ਸੰਗਮ ਹੈ, ਓਥੇ ਕੀਤਾ। ਮਾਰਕੰਡਾ ਸੁਰਤੀ ਦੋਮੇ ਘਘਰਿ ਨੂੰ ਮਿਲੇ ਹੈਨ। ਮਤੰਗ ਰਿਖੀਸ਼ਰ ਨੇ ਤਿਥੇ ਤਪ ਕੀਤਾ ਹੈ। ਤ੍ਰਿਬੇਣੀ ਕੇ ਸਮਾਨ ਅਸਥਾਨ ਹੈ॥੩੪॥
35. ਬਹਿਰ ਜੱਖ
ਅਗੇ ਡੇਰਾ ਬਹਿਰ ਜੱਖ ਕੀਤਾ, ਤਖਾਣ ਸਿਖ ਦੇ ਘਰਿ। ਬਂਡਾ ਪ੍ਰੇਮੀ ਥੀ। ਗੁਰੂ ਜੀ ਕੇ ਨਮਿਤ ਅਗੇ ਹੀ ਤਖਤ ਬਣਾਇ ਰਖਿਆ ਥੀ, ਉਤੇ ਚੰਦੋਆ ਤਾਣਿਆ ਥੀ। ਧੂਪ ਦੇਂਦਾ, ਦੀਵਾ ਬਾਲਦਾ, ਮਥਾ ਟੇਕਦਾ ਕਹਿੰਦਾ: 'ਘਰ ਛਡਕੇ ਜਾਊ ਤਾਂ ਪਿਛੋਂ ਚੋਰ ਲੁਟਿ ਲੈਨਿਗੇ। ਸਚਾ ਗੁਰੂ ਮੇਰੀ ਭਾਉਨੀ ਏਥੇ
1. ਪੂਜਾ ਦੀ ਕੌਡੀ, ਪੂਜਾ ਦਾ ਧਾਨ।
2. ਸੂਰਜ ਪ੍ਰਕਾਸ਼ ਵਿਚ ਰਾਸ ੧੧ ਅੰਸੂ ੪੩ ਦੇ ਸ਼ੁਰੂ ਵਿਚ ਇਹ ਪ੍ਰਸੰਗ ਧਮਧਾਣ ਦੇ ਰਾਹਕ ਦਾ ਆਇਆ ਹੈ। ਅਗਲੀਆਂ ਦੋਵੇਂ ਸਾਖੀਆਂ ਦੇ ਟਿਕਾਣਿਆਂ ਤੇ ਸਤਿਗੁਰਾਂ ਦੇ ਪਧਾਰਨ ਦੇ ਪ੍ਰਸੰਗ ਬੀ ਇਸੇ ਅੰਸੂ ਵਿਚ ਹਨ।
ਹੀ ਪੂਰੀ ਕਰੇ, ਦਰਸਨ ਦੇਵੇ।' ਤਿਸ ਹੀ ਤਖਤ ਉਤੇ ਜਾਇ ਬੈਠੇ। ਤਿਸ ਨੇ ਚਰਨ ਧੋਇਕੇ ਚਰਨਾਂਮ੍ਰਿਤੁ ਲਇਆ। ਆਪਣੇ ਸਨਬੰਧੀਆਂ ਨੂੰ ਭੀ ਦਿੱਤਾ। ਤਨ ਮਨ ਤੇ ਸਿਖ ਦੇਖਿਆ। ਗੁਰੂ ਜੀ ਕਹਿਆ, ਤਖਣੇਟਿਆਂ ਕੇ ਸਿਖੀ ਕਾ ਨਿਵਾਸ ਹੋਉ।'
ਸਿਖਾਂ ਕਹਿਆ 'ਜੀ ਗਰੀਬ ਨਿਵਾਜ! ਜਖ ਦਾ ਕੀ ਅਰਥ ਹੈ?
ਗੁਰੂ ਜੀ ਕਹਿਆ ਜਦੋਂ ਕੈਰੋਂ ਪਾਂਡੋ ਜੁਧ ਕੀਤਾ, ਓਦੋਂ ਚਾਰ ਜੋਧੇ ਖੜੇ ਕਰ ਲਏ ਥੇ, ਬਾਂਹਾਂ ਫੜਾਇਕੇ: ਬਹਿਰ ਜੱਖ, ਰਾਮ ਜੱਖ, ਰਤਨ ਜੱਖ, ਤਰਖੂ ਜੱਖ। ਏਨਾ ਥੀ ਕੋਈ ਬਾਹਰ ਨਾ ਜਾਇ ਭਜਕੇ।
ਤਾਂ ਦਿਲਸੁਖ ਨੇ ਕਹਿਆ, 'ਦੇਖੇ, ਗਰੀਬਨਿਵਾਜ! ਮੇਰੀ ਮੂਰਖਤਾਈ, ਜੋ ਕੁਟੰਬ ਸਨਬੰਧ ਹੈ, ਕੋਈ ਨਹੀਂ ਕਿਸੇ ਕਾ, ਤਿਸ ਕੇ ਸਾਥ ਮੈਂ ਪ੍ਰੀਤ ਕੀਤੀ ਹੈ। ਜੇ ਧਨ ਪਦਾਰਥ, ਘਰਿ, ਬਾਰ, ਸਨਬੰਧੀਆਂ ਬੈਠਿਆਂ ਹੀ ਵੰਡ ਲੈਂਦੇ ਹੈਨ ਤਿਸ ਕੀ ਮੈਂ ਰਾਖੀ ਰਖਦਾ ਰਹਿਆ ਹਾਂ। ਸਰੀਰ ਘਰ ਨੂੰ ਪੰਜੇ ਚੋਰ ਲੁਟੀ ਜਾਂਦੇ ਹੈਨ, ਦਿਨ ਰਾਤ।'
ਗੁਰੂ ਜੀ ਬਚਨ ਕੀਤਾ, 'ਦਿਲਸੁਖ! ਦਿਲ ਵਿਚਿ ਬੀਚਾਰ ਕਰੀਏ ਤਾਂ ਸੁਖ ਹੱਦਾ ਹੈ। ਘਰ ਕੇ ਸਾਮਾਨ* ਤਿਆਗਣੇ ਕਰਕੇ ਨਹੀਂ ਸੁਖ ਹੋਂਦਾ:- ਜੋ ਪ੍ਰਾਨੀ ਨਿਸਿ ਦਿਨਿ ਭਜੇ ਰੂਪ ਰਾਮ ਤਿਹ ਜਾਨੁ॥ ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੧॥ ਤੁਸਾਂ ਭੀ ਦਿਨ ਰਾਤ ਵਾਹਿਗੁਰੂ ਚਿਤ ਕਰਨਾਂ। ਜੇ ਗ੍ਰਿਹਸਤ ਬਿਖੇ ਨਿਰਬਾਣ ਹੈਨ ਸੋਈ ਸਿਝੇ ਹੈਨ।'
ਤਿਨ ਆਖਿਆ, 'ਆਪ ਕਾ ਦੀਦਾਰ ਫੇਰ ਕਦ ਹੋਊ?'
ਗੁਰੂ ਜੀ ਬਚਨ ਕੀਤਾ, 'ਇਕ ਬਾਰੀ ਫੇਰ ਆਮਾਂਗੇ ਏਥੇ ਹੀ ॥੩੫॥
36. ਕੈਂਥਲ
ਫੇਰ ਡੇਰਾ ਕੈਂਥਲ ਕੀਤਾ, ਢੰਡਾਰ ਤੀਰਥ ਉਤੇ। ਸ਼ਹਿਰ ਦੇ ਸਿਖ, ਜੋ ਕੋਈ ਥੀ, ਸਭਸ ਨੇ ਦਰਸਨ ਕੀਤਾ।
ਤਾਂ ਇਕ ਸਿਖ ਤਖਣੇਟਾ ਥੀ, ਓਨ ਆਖਿਆ: 'ਗੁਰੂ ਜੀ! ਮੇਰੇ ਘਰ ਚਲੇ, ਬਾਹਰ ਧਾੜਾਂ ਪੈਂਦੀਆਂ ਹਨ।' ਗੁਰੂ ਜੀ ਬਚਨ ਕੀਤਾ: 'ਸਾਨੂੰ ਨਹੀਂ
* ਪਾ:- ਸਾਮਣੇ, ਭਾਵ ਸਾਮਾਨ ਤੋਂ ਹੀ ਹੈ।
ਪੈਨਿਗੀਆਂ।' ਓਨ ਆਖਿਆ: ਭਲਾ ਗੁਰੂ ਜੀ! ਜੇ ਆਪ ਕੀ ਰਜਾਇ।' ਫੇਰ ਬੇਨਤੀ ਕੀਤੀ: 'ਜੀ ਗਰੀਬ ਨਿਵਾਜ! ਗੁਰੂ ਕਾ ਪੁਰਬ ਕਿਹੜਾ ਹੈ ਜੀ ?
ਗੁਰੂ ਜੀ ਕਹਿਆ: 'ਪ੍ਰਿਥਮੇ ਤਾ ਬਸਾਖੀ ਗੁਰੂ ਪੂਜਾ ਕਾ ਦਿਨ ਹੈ। ਦੂਜਾ ਦਿਵਾਲੀ ਗੁਰ ਪੂਜਾ ਕਾ ਦਿਨ ਹੈ। ਸੰਗ੍ਰਾਦ ਮਾਘ ਦੀ। ਪੂਰਨਮਾਂ, ਦਸਮੀ ਗੁਰੂ ਨਾਨਕ ਜੀ ਕਾ ਪੁਰਬ ਹੈ। ਜਿਸ ਦਿਨ ਸਾਧ ਸੰਗਤ ਕਾ ਜੋੜ ਮੇਲ ਹੋਵੇ, ਓਸ ਦਿਨ ਸਦੀਵ ਹੀ ਗੁਰ ਪੁਰਬ ਹੈ। ਗੁਰੂ ਤੇ ਸੰਗਤ ਏਕ ਰੂਪ ਹੈ, ਓਤ ਪੋਤ ਕਛੁ ਭੇਦ ਨਹੀਂ।'
ਤਿਸ ਸਿਖ ਨੇ, ਦਸਮੀ ਕੇ ਦਿਨ ਪ੍ਰਸਾਦਿ ਦੀ ਤਿਆਰੀ ਕਰੀ। ਕੜਾਹ ਪ੍ਰਸਾਦਿ ਥੀ ਆਦ ਲੈ ਸਭ ਪ੍ਰਸਾਦਿ ਕਰੇ, ਏਕ ਰਸਨਾਂ ਕਿਆ ਕੋਈ ਕਹਿ ਸਕੈ। ਫੇਰ ਗੁਰੂ ਜੀ ਅਗੇ ਅਨਿ ਬੇਨਤੀ ਕਰੀ: 'ਜੀ ਗਰੀਬ ਨਿਵਾਜ! ਪ੍ਰਸਾਦਿ ਤਿਆਰ ਹੈ, ਰੁਖਾ ਮਿਸਾ, ਦਾਸ ਕੇ ਘਰਿ ਚਰਨ ਪਾਵੇ ਜੀ ਕ੍ਰਿਪਾ ਕਰਕੇ।'
ਗੁਰੂ ਜੀ ਤਿਸਕਾ ਪ੍ਰੇਮ ਦੇਖਕੇ ਅੰਦਰ ਗਏ। ਮਾਤਾ ਜੀ ਭੀ ਗਏ। ਸਰਬਤ ਸਾਧ ਸੰਗਤ ਭੀ ਗਈ। ਗੁਰੂ ਜੀ ਨੂੰ ਚੌਕੀ ਉਤੇ ਬੈਠਾਇਆ। ਹੇਠ ਰੇਸਮੀ ਵਸਤ੍ਰ ਵਿਛਾਇਆ। ਹੋਰ ਸਾਧ ਸੰਗਤ ਹੇਠ ਉਤੇ ਸਾਰੇ ਬੈਠਿ ਗਏ, ਬਡੀ ਭੀੜ ਹੋਈ। ਭਾਈ ਗੁਰਦਿਤੇ ਰਮਦਾਸ ਅਰਦਾਸ ਕੀਤੀ, ਅਨੰਦ ਪੜ ਕੇ ਅਰਦਾਸ ਕੀ ਗੁਰੂ ਜੀ ਨੂੰ ਥਾਲ ਰਖਿ ਪਰੋਸਕੇ, ਸਰਬਤ ਨੂੰ ਬਰਤਾਇਆ ਪ੍ਰਸਾਦਿ। ਫੇਰ ਚੁਲ੍ਹਾ ਕਰਾਇਆ। ਜਥਾ-ਸਕਤਿ ਭੇਟਾ ਰਖੀ, ਚਰਨਾਂ ਉਤੇ ਮੱਥਾ ਟੇਕਿਆ। ਹਥ ਜੋੜਕੇ ਬੇਨਤੀ ਕੀਤੀ: 'ਮੈਂ ਤੇਰਾ ਦਾਸ ਹਾਂ, ਤੂ ਗਰੀਬ ਨਿਵਾਜ ਹੈਂ ਜੀ।'
ਗੁਰੂ ਜੀ ਕਹਿਆ: 'ਧੰਨ ਸਿਖੀ। ਏਥੇ ਸਿਖੀ ਦਾ ਨਿਵਾਸ ਹੋਊ। ਕਥਾ ਕੀਰਤਨ ਹੋਊ ਸਦਾ।' ਫੇਰ ਢੰਢਾਰ ਉਤੇ ਹੀ ਆਨਿ ਉਤਰੇ* ॥੩੬॥
* ਕਵੀ ਸੰਤੋਖ ਸਿੰਘ ਜੀ ਇਸ ਨਗਰ ਕੈਂਥਲ ਵਿਚ ਚਿਰ ਕਾਲ ਰਹੇ ਹਨ ਤੇ ਗੁਰ ਪ੍ਰਤਾਪ ਸੂਰਜ ਦੀ ਰਚਨਾ ਏਥੇ ਹੀ ਹੋਈ ਹੈ, ਆਪ ਲਿਖਦੇ ਹਨ:- ਤਿਸ ਕੈਂਥਲ ਪੁਰਿ ਮਹਿ ਕਵਿ ਬਸੇ। ਗੁਰ ਜਸੁ ਕਰਤ ਅਘ ਨਸੇ। ਇਸ ਲਈ ਵਿਸ਼ੇਸ਼ ਖੋਜ ਤੋਂ ਜੋ ਪ੍ਰਸੰਗ ਆਪ ਨੇ ਸਹੀ ਕੀਤੇ ਓਹੀ ਅੰਸੂ ੪੩ ਵਿਚ ਦਿਤੇ ਹਨ ਤੇ ਇਸ ਸਾਖੀ ਦੀ ਇਹ ਕਥਾ ਗ੍ਰਹਣ ਨਹੀਂ ਕੀਤੀ। ਇਹ ਦਸਦੀ ਹੈ ਕਿ ਆਪ ਦੀ ਖੋਜ ਬੜੀ ਵਿਤ੍ਰੇਕਵੀਂ ਸੀ।
37. ਬਾਰਨੇ
ਤਿਥੇ ਤੇ ਕੂਚ ਕਰਕੇ ਡੇਰਾ ਬਾਰਨੇ ਕੀਤਾ। ਇਕ ਸਿਖ ਥਾ ਪ੍ਰੇਮੀ, ਓਸ ਰਸਤ ਪੱਠੇ ਕੀ ਸੇਵਾ ਕੀਤੀ। ਤਿਨ ਆਖਿਆ: 'ਜੀ ਗਰੀਬ ਨਿਵਾਜ! ਕਾਛੂ ਆਇਆ ਹੈ ਸਾਡੇ ਖੇਤਾਂ ਨੂੰ, ਮੇਰਾ ਮਨ ਪਿਛੇ ਨਹੀਂ ਪੈਂਦਾ, ਜੇ ਮੈਂ ਜਾਵਾਂ, ਕੁਛ ਰਿਆਇਤ ਕਰਵਾਵਾਂ ਕਹਿ ਸੁਣ ਕੇ।"
ਗੁਰੂ ਜੀ ਕਹਿਆ: 'ਤੂੰ ਐਥੇ ਹੀ ਰਹੁ, ਤੇਰਾ ਖੇਤ ਕਛੁਨੇ ਵਿਚ ਨਹੀਂ
ਆਉਂਦਾ । ਉਸਦਾ ਖੇਤ ਨਹੀਂ ਕਛਿਆ ਗਇਆ ਬਥੇਰਾ ਜਤਨ ਕਰ ਰਹੇ। ਤਾਂ ਫੇਰ ਉਸ ਕਾਛੂ ਨੇ ਓਸ ਸਿਖ ਨੂੰ ਸਦਿਆ। ਸਿਖ ਨੂੰ ਆਖਿਆ: 'ਸਿਖਾ! ਤੇਰਾ ਖੇਤੁ ਕਿਤਨਾ ਹੈ? ਸਿਖ ਨੇ ਆਖਿਆ: 'ਜੀ ਮੇਰਾ ਖੇਤ ਸਵਾ ਸੌ ਬਿਘਾ ਹੈ।'
ਓਸ ਆਖਿਆ: 'ਮੈਂ ਤਿੰਨ ਵਾਰੀ ਕਛਿਆ ਪੰਝੀ ਵਿਘੇ ਹੋਇਆ, ਏਹ ਕੀ ਅਸਚਰਜ ਹੈ? ਸਚ ਦੱਸ ? ਗੁਰੂ ਕੇ ਵਾਸਤੇ!’
ਸਿਖ ਆਖਿਆ: 'ਮੇਰੇ ਗੁਰੂ ਕਾ ਵਚਨ ਥੀ, ਸੋ ਸਚਾ ਹੋਇਆ। ਓਨ ਆਖਿਆ: 'ਆਪਣੇ ਗੁਰੂ ਕਾ ਮੈਨੂੰ ਭੀ ਦਰਸਨ ਕਰਵਾਉ। ' ਸਿਖ ਆਖਿਆ: 'ਚਲ ਮੈਂ ਦਰਸਨ ਕਰਵਾਉਂਦਾ ਹਾਂ। ਕਾਛੂ ਨੇ ਗੁਰੂ ਕਾ ਦਰਸਨ ਕੀਤਾ। ਅਰਜ ਕੀਤੀ: 'ਜੀ ਗਰੀਬ ਨਿਵਾਜ, ਸਿਖ ਕੀ ਜਮੀਨ ਕਾ ਕੀ ਕਾਰਨ ਹੋਇਆ ??
ਗੁਰੂ ਜੀ ਕਹਿਆ: 'ਮੁਹਰ ਦੇ ਅਖਰ ਪੁਠੇ ਹੋਂਦੇ ਹੈਨਿ, ਜਦੋਂ ਕੋਡੀ ਕਰਕੇ ਲਾਈਦੀ ਹੈ, ਅਖਰ ਸਿਧੇ ਹੋਇ ਜਾਂਦੇ ਹੈਨ। ਤਿਸੀ ਤਰਾਂ ਸਿਖ ਜਦੋਂ ਗੁਰੂ ਨੂੰ ਮਥਾ ਟੇਕਦਾ ਹੈ, ਉਸ ਦਾ ਭੀ ਭਾਗ ਉਘੜ ਆਉਂਦਾ ਹੈ।'
ਤਿਨ ਆਖਿਆ: 'ਜੀ ਮੈਂ ਪੰਝੀ ਬਿਘੇ ਭੀ ਨਹੀਂ ਲਾਉਂਦਾ, ਮੈਨੂੰ ਆਪ ਕਾ ਸਿਖ ਕਰੋ ਜੀ। ਗੁਰੂ ਜੀ ਨੇ ਤਿਸ ਨੂੰ ਸਿਖ ਕੀਤਾ* ॥੩੭॥
* ਸੂਰਜ ਪ੍ਰਕਾਸ਼ ਨੇ ਇਸ ਸਾਖੀ ਨਾਲ ਥਾਰਨੇ ਦੇ ਇਸ ਜ਼ਿਮੀਦਾਰ ਤੋਂ ਤੰਬਾਕੂ ਛਡਾਉਣ ਦਾ ਬੀ ਪ੍ਰਸੰਗ ਦਿਤਾ ਹੈ ਕਿ ਜਦ ਉਸ ਨੇ ਗੁਰੂ ਹੁਕਮ ਮੰਨਕੇ ਤੰਬਾਕੂ ਛਡ ਦਿਤਾ ਤਾਂ ਉਸਦਾ ਅੰਨ ਧਨ ਵਧਿਆ ਤੇ ਉਸ ਦਾ ਵੰਸ ਫਲਿਆ ਫੁਲਿਆ ਪਰ ਕਵੀ ਜੀ ਦੇ ਵੇਲੇ ਦੇ ਉਸ ਵੰਸ਼ ਦੇ ਬੰਦੇ ਨੇ ਤੰਬਾਕੂ ਪੀਣਾ ਸ਼ੁਰੂ ਕਰ 'ਦਿਤਾ ਤਾਂ ਕੰਗਾਲ ਹੋ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸਾਂ ਉਸ ਨੂੰ ਸਮਝਾ ਬੁਝਾ ਕੇ ਫਿਰ ਤੰਬਾਕੂ ਛੁਡਵਾਇਆ ਤੇ ਖੰਡੇ ਦਾ ਅੰਮ੍ਰਤ ਛਕਾਇਆ।
38. ਕਰਨ ਖੇੜੇ
ਫੇਰ ਚੜੇ ਚੜੇ ਰਾਜੇ ਕਰਨ ਦੇ ਖੇੜੇ ਉਤੇ ਜਾਇ ਖੜੇ ਹੋਏ। ਬਚਨ ਕੀਤਾ: 'ਧੰਨ ਰਾਜਾ ਕਰਨ ਜਿਨ ਸਵਾ ਮਣ ਸੁਇਨਾ ਪੁੰਨ ਕੀਤਾ, ਹਮੇਸ਼ਾਂ। ਆਪਣੀ ਖਲ ਭੀ ਉਤਾਰ ਦਿਤੀ।'
ਡੇਰਾ ਥਾਨ ਤੀਰਥ ਕੀਤਾ। ਤਿਥੇ ਬਡਾ ਜਗੁ ਕੀਤਾ। ਪ੍ਰਿਥਮੇ ਸਿਧ ਬਟੀ ਮਥਾ ਟੇਕਿਆ ਗੁਰੂ ਨਾਨਕ ਜੀ ਕੇ ਅਸਥਾਨ। ਫੇਰ ਗੁਰੂ ਹਰਿ ਗੋਬਿੰਦ ਜੀ ਕੇ ਅਸਥਾਨ ਮਥਾ ਟੇਕਿਆ। ਫੇਰ ਸਰਬਤ ਨੂੰ ਪ੍ਰਸਾਦਿ ਛਕਾਇਆ। ਬ੍ਰਹਿਮਣਾਂ ਨੇ ਆਖਿਆ: 'ਮਹਾਰਾਜ ਜੀ! ਐਸਾ ਦਾਨ ਦੇਵੇ ਸਾਡਾ ਪੁਤ ਪੋਤਾ ਭੀ ਖਾਇ। ਗੁਰੂ ਜੀ ਨੇ ਹੁਕਮ ਨਾਮਾ ਦਿਤਾ ਤਾਮੇ ਦੇ ਪਤ੍ਰੇ ਉਤੇ ਲਿਖਾਇਕੇ॥੩੮॥
. ਪਾਤਸ਼ਾਹੀ ੧੦
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੰਗਲ ਦੇਸ਼ ਫੇਰੀ
39. ਰਖਵਾਲਾ
ਗੁਰੂ ਜੀ ਡੇਰਾ ਆਗੇ ਇਕ ਨਗਰੀ ਕੀਤਾ। ਗੁਰੂ ਜੀ ਕਹਿੰਦੇ, 'ਏਸ ਨਗਰੀ ਕਾ ਕੀ ਨਾਉਂ ਹੈ ?' ਜ਼ਿਮੀਂਦਾਰ ਕਹਿੰਦੇ, 'ਜੀ ਏਸ ਪਿੰਡ ਕਾ ਨਾਉਂ ਰੁਖਾਲਾ' ਹੈ।'
ਗੁਰੂ ਜੀ ਕਹਿੰਦੇ, 'ਰੁਖਾਲਾ' ਨਾ ਕਹੁ, ਰਖਵਾਲਾ ਕਹੋ! ਓਥੇ ਜਲਾਲ ਕੇ ਪੈਂਚ ਮਿਲੇ ਗੁੜ ਪ੍ਰਸਾਦਿ ਲੈਕੇ। ਦੁਇ ਤਾਉੜੇ ਦੁਧਕੇ, ਇਕ ਚੰਗੀ ਬਰਛੀ ਮਥਾ ਟੇਕੀ। ਗੁਰੂ ਜੀ ਬਰਛੀ ਵੇਖਕੇ ਪ੍ਰਸਿੰਨ ਹੋਏ।
ਓਨਾਂ ਕਾ ਕਿਸੇ ਪਿੰਡ ਨਾਲ ਵੈਰ ਸੀ। ਓਨੀ ਕਹਿਆ, 'ਗੁਰੂ ਜੀ ਬਚਨ ਕਰੋ, ਸਾਡੀ ਫਤੇ ਹੋਵੇ । ਗੁਰੂ ਜੀ ਕਹਿੰਦੇ: ਗੁਰੂ ਕੇ ਘਰ ਨੂੰ ਨਿਮੇਂ ਰਹਿਣਾ, ਤੁਮਾਰੀ ਫਤੇ ਹੋਵੇਗੀ। ਤੁਮਾਰੇ ਉਤੇ ਚੜੀ ਆਵੇਗੀ, ਲਥੀ ਜਾਵੇਗੀ। ਗੁਰੂ ਜੀ ਨੇ ਪਹਿਲਾਂ ਚਾਕਰ ਭੀ ਰਖੇ, ਸਭਨਾਂ ਬੈਰਾੜਾਂ ਥੋਂ।
ਜਲਾਲ ਕੇ ਅਠਾਰਾਂ ਸੈ ਪਚੀਏ ਗੁਰੂ ਕੇ ਦਲ ਨੂੰ ਜਾਇ ਪਏ ਰਾਤ ਨੂੰ। ਸਿਖਾਂ ਨੂੰ ਦੁਹ ਨੂ ਮਾਰਿ ਆਏ, ਘੋੜੇ ਪੰਜ ਕਢ ਲਿਆਏ। ਅਗਲੇ ਦਿਨ ਦਲ ਨੇ ਜਲਾਲ ਕਾ ਪਿੰਡੁ ਮਾਰਿ ਲਇਆ। ਫੇਰ ਪੈਂਚਾਂ ਨੇ ਕੜਾਹ ਪ੍ਰਸਾਦਿ ਕਰਵਾਇਆ। ਤਨਖਾਹ ਬਖਸਾਈ, ਜੀ ਅਸੀਂ ਭੁਲੇ ਹਾਂ ਜੀ। ਗੁਰੂ ਕਾ ਬਚਨ ਸੀ, ਗੁਰੂ ਕੇ ਘਰ ਵਲ ਸਜੂਦ ਰਹਿਣਾਂ। ਸਾਥੋਂ ਮਨਮਤ ਹੋਈ ਹੈ।'
1. ਪਾ:-ਖੁਰਾਲਾ।
2. 'ਜਲਾਲ' ਰ੍ਯਾਸਤ ਨਾਭਾ ਵਿਚ ਇਕ ਪਿੰਡ ਹੈ, ਫੂਲ ਤੋਂ ਨੌ ਦਸ ਮੀਲ ਤੇ ਦੀਨੇ ਤੋਂ ਦੇ ਢਾਈ ਕੋਹ ਤੇ।
3. ਗੁਰੂ ਕੇ ਦਲ ਤੋਂ ਮੁਰਾਦ ਸਿੰਘਾਂ ਦੇ ਦਲ ਦੀ, ਯਾ ਖਾਲਸੇ ਦੇ ਦਲ ਦੇ. ਡੇਰੇ ਦੀ ਹੈ।
4. ਨਿਵੇਂ ਰਹਿਣਾ।
ਗੁਰੂ ਕੀ ਜਾਗਾ ਪਾਸ ਫੇਰਿ ਪਿੰਡ ਵਸਾਇਆ ਓਨਾਂ ਨੇ। ਓਸ ਕਾ ਨਾਂਉ 'ਗੁਰੂ ਸਰ' ਰਖਿਆ।
ਦੀਨੇ ਕਿਆਂ ਥੋਂ ਡੇਰਾ ਪਹਿਲਾ ਏਹੁ ਹੋਇਆ* ॥੩੯॥
40. ਭਾਈ ਭਗਤੇ
ਅਗੇ ਡੇਰਾ ਕੂਚ ਹੋਇਆ, ਭਗਤੇ ਪਿਪਲ ਹੇਠਿ ਜਾਇ ਬੈਠੇ, ਖੂਹ ਕੇ ਲਾਉਣੇ। ਗੁਰੂ ਜੀ ਕਹਿੰਦੇ: 'ਖੂਹ ਕਿਸ ਕਾ ਲਗਦਾ ਹੈ ? ਕਹਿੰਦੇ: 'ਜੀ! ਭਗਤੇ ਕਾ ਲਗਦਾ ਹੈ।'
ਗੁਰੂ ਜੀ ਕਹਿੰਦੇ: ‘ਦੰਮ ਲਗਣ ਪਤਿਸਾਹਾਂ ਕੇ ਸਾਬੂਣਿਗਰਾਂ ਕਾ ਨਾਉ।'
ਸਿਖਾਂ ਕਹਿਆ: 'ਜੀ, ਬਾਹਰੀ ਕਰੀਏ, ਏਹੁ ਕੀ ਹਕੀਕਤ ਹੈ?
ਗੁਰੂ ਜੀ ਕਹਿੰਦੇ: ਇਕੁ ਦੀਵਾਨ ਤੁਰਕਾਂ ਕਾ ਸੀ ਰਾਮੂ, ਉਸਕੀ ਬੇਟੀ ਨੂੰ ਭੂਤ ਲਗਾ ਹੋਇਆ ਸੀ। ਉਸ ਨੇ ਹਜੂਰ ਜਾਇਕੇ ਕਿਹਾ, 'ਜੀ ਬਾਲਕੀ ਨੂੰ ਭੂਤ ਹੈ ਲਗਾ ਹੋਇਆ। ਓਥੇ ਅਨੰਦਪੁਰ ਭਗਤਾ ਸੀ ਬੈਠਾ; ਭਗਤੇ ਦੀ ਪੈਰੀ ਪਾਏ। ਭਗਤੇ ਕਹਿਆ: 'ਸਭ ਸੁਖ ਹੋਇ ਜਾਊਗਾ। ਓਸ ਬਾਲਕੀ ਕਾ ਭੂਤ ਦੂਰ ਹੋਇਆ। ਓਸ ਭੂਤ ਕਹਿਆ: 'ਜੀ ਮੈਨੂੰ ਛਡੋ, ਕਿਤੇ ਆਪ ਕਾ ਕੋਈ ਔਖਾ ਕੰਮ ਹੋਊ ਮੈਨੂੰ ਯਾਦਿ ਕਰਣਾ।' ਭਗਤੇ ਓਹ ਕੈਦ ਥੋਂ ਛਡਿ ਦਿਤਾ। ਓਸ ਦੀਵਾਨ ਕੀ ਬੇਟੀ ਰਾਜੀ ਹੋਈ। ਦੀਵਾਨ ਕਹਿਆ, 'ਜੀ ਕਾਈ ਟਹਿਲ ਫੁਰਮਾਓ।' ਭਗਤੇ ਕਹਿਆ, ਖੂਹ ਭਗਤੇ ਲਵਾਇ ਦੇਹ।' ਖੂਹ ਓਹ ਲਵਾਉਣ ਲਗਾ। ਖੂਹ ਕਲਿਆਣ ਦਾਸ ਬੈਰਾਗੀ ਪਾੜ ਦਿਤਾ, ਕਰਾਮਾਤੀ ਹੈਸੀ। ਓਸ ਨੇ ਭੀ ਖੂਹ ਕਲਿਆਣ ਲਾਇਆ ਹੈਸੀ। ਭਗਤੇ ਨੇ ਫੇਰ ਭੂਤ ਓਹੋ ਹੀ ਯਾਦ ਕੀਤਾ। ਓਹ ਆਇਆ। ਖੂਹ ਫੇਰ ਨੀਉਂ ਧਰਕੇ ਮੁਢਹੁ ਅੰਦਰ ਵਾਰ ਤੇ ਭੂਤਾਂ ਨੇ ਇਕ ਰਾਤ ਵਿਚ ਤਿਆਰ ਕੀਤਾ। ਦਿਲੀ ਤੇ ਪਥਰ ਆਂਦੇ, ਲਹੌਰ ਤੇ ਚੂਨਾ ਆਂਦਾ, ਕੁਆ ਤਿਆਰ ਹੋਇਆ। ਭਾਈ ਭਗਤੇ ਆਖਿਆ 'ਮੈਂ ਕਿਲਾ ਪਾਇਆ ਹੈ. ਇਕੁ ਬਾਹੀ ਭੂਤਾਂ ਕੀ ਹੋਈ। ਪੰਜ ਮਣਿ ਛੋਲੇ ਪਵਾਇਆ ਕਰਨ, ਹਮੇਸ਼ਾ ਕਰੜ ਕਰੜ ਚਬਿਆ
* ਗੁਰ ਪ੍ਰਤਾਪ ਸੂਰਜ ਵਿਚ ਇਹ ਤੇ ਅਗਲਾ ਪ੍ਰਸੰਗ ਐਨ ੧ ਦੇ ਅੰਸੂ ੧ ਵਿਚ ਕਵੀ ਨੇ ਇਸ ਪੋਥੀ ਤੋਂ ਲੈਕੇ ਕਵਿਤਾ ਵਿਚ ਰਚਿਆ ਹੈ।
ਕਰਨ, ਉਬਾਜ ਆਵੇ*। ਰਾਤ ਨੂੰ ਮੁੰਜ ਰਖ ਦੇਣ, ਦਿਹ ਨੂੰ ਬਾਣ ਹੀ ਬਾਣ ਹੋਇ ਜਾਇ। ਬਾਤ ਏਹ ਰੋਸਨ ਹੈ, ਭਗਤੇ ਕੇ ਭੂਤਾਂ ਕੀ॥੪੦॥
41. ਘੁਘਣੀਆਂ ਸਿੰਘ
ਭਗਤੇ ਇਕ ਸਿੰਘ ਸਸਤ੍ਰਾਂ ਕੀ ਕਮਰ ਕਸਕੇ ਮਿਲਿਆ ਸੀ। ਨਾਲ ਉਸਕਾ ਬੇਟਾ ਸੀ। ਬਕੁਲੀਆਂ ਕੀ ਡਾਲੀ ਪੂਰ ਕੇ ਮਿਲਿਆ ਸੀ। ਸਿਖ ਨੇ ਆਖਿਆ, 'ਆਪਕੇ ਬਚਨ ਕਰ ਹੋਇਆ ਹੈ ਜੀ ਬਾਲਕਾ। '
ਗੁਰੂ ਜੀ ਕਹਿੰਦੇ, 'ਏਸ ਨਿਕੇ ਕਾ ਕੀ ਨਾਉਂ ਹੈ ?
ਸਿਖ ਕਹਿੰਦਾ, 'ਜੀ, ਰਖਿਆ ਨਹੀਂ ਨਾਉਂ। ਆਪ ਰਖੀਏ ਨਾਉਂ।'
ਸਾਹਿਬ ਕਹਿੰਦੇ: 'ਇਸ ਕਾ ਨਾਉ ਘੁੰਘਣੀਆ ਸਿੰਘ ਰਖੋ। ਅੰਮ੍ਰਿਤ ਭੀ ਛਕਵਾਇਆ ਸਿੰਘਾਂ ਪਾਸੋਂ।
ਓਹ ਨਿਕਾ ਕਹਿੰਦਾ: 'ਮੈਂ ਤਾਂ ਗੁਰੂ ਜੀ ਕੇ ਨਾਲ ਹੀ ਜਾਊਂਗਾ।' ਸਿਖ ਕਹਿੰਦਾ: 'ਅਜੇ ਤੂੰ ਬਾਲਕ ਹੈਂ, ਜਦੋਂ ਸੁਚੇਤ ਹੋ ਜਾਇੰਗਾ, ਓਦੋਂ ਤੈਨੂੰ ਹਜ਼ੂਰ ਸੌਂਪ ਦਿਆਂਗੇ। '
ਸਿਖ ਨੇ ਢਾਈ ਰੁਪਯੇ ਤਨਖਾਹ ਦਿਤੀ, ਮੱਥਾ ਟੇਕਿਆ, ਖੁਸ਼ੀ ਲਈ, ਘਰਿ ਨੂੰ ਆਇਆ॥੪੧॥
42. ਵਾਂਦਰ
ਅਗੇ ਗੁਰੂ ਜੀ ਡੇਰਾ ਭਗਤੇ ਤੇ ਬਾਂਦਰੀਂ ਕੀਤਾ। ਸਿਖ ਕਹਿੰਦੇ, 'ਇਸ ਨਗ੍ਰੀ ਕਾ ਕੀ ਨਾਉ ਹੈ ??
ਜਿਮੀਦਾਰ ਕਹਿੰਦੇ: 'ਜੀ, ਬਾਂਦਰ।'
ਸਿਖ ਕਹਿੰਦੇ ਪਰਦੇਸੀ: 'ਜੀ! ਏਹੁ ਬਾਂਦਰਾਂ ਕਾ ਪਿੰਡ ਹੈ ?”
ਗੁਰੂ ਜੀ ਕਹਿੰਦੇ, "ਜਿਮੀਦਾਰ ਹਨ, ਗੋਤ ਬਾਂਦਰ ਹੈਨ।
ਰਸਤ ਦਾਣਾਂ ਪੱਠਾ ਦੀਆ॥੪੨॥
* ਇਹ ਇਸ ਪੋਥੀ ਦੇ ਲੇਖਕ ਦੀ ਅਪਣੀ ਸਾਖ ਹੈ, ਪਰ ਇਹ ਗਲ ਕਿ ਭੂਤਾਂ ਨੂੰ ਖਾਣ ਨੂੰ ਕੇਵਲ ਪੰਜ ਮਣ ਛੋਲੇ ਦਿੱਤੇ ਜਾਂਦੇ ਸਨ, ਕਵੀ ਸੰਤੋਖ ਸਿੰਘ ਨੇ ਬੀ ਐਨ ੧ ਅੰਸੂ ੨ ਅੰਕ ੪੩ ਵਿਚ ਦਿੱਤੀ ਹੈ।
43. ਬਨਗਾੜੀ
ਅਗੇ ਡੇਰਾ ਬਨਗਾੜੀ ਹੋਇਆ। ਨਗਰੀ ਨੇ ਟਹਿਲ ਕੀਤੀ, ਰਸਤ ਦਿਤੀ, ਸਿਖਾਂ ਆਖਿਆ: 'ਜੀ, ਪਾਤਸਾਹ। ਏਹ ਤਾਂ ਲੋਕ ਮੋਟੇ ਜੇਹੇ ਹੈਨ।' ਗੁਰੂ ਜੀ ਕਹਿੰਦੇ, 'ਧਾੜਵੀ ਲੋਕ ਹੈਨ, ਕਿਸੇ ਦੀ ਆਣ ਨਹੀਂ ਮੰਨਦੇ। ਏਸ ਨਗਰੀ ਏਨਾਂ ਦੀਆਂ ਧਾੜਾਂ ਕਠੀਆਂ ਹੋਂਦੀਆਂ ਹੈਨਿ। ਹੁਣ ਗੁਰੂ ਕਾ ਚਰਨ ਪਇਆ ਹੈ, ਹਛੇ ਹੋ ਜਾਨਿਗੇ। ਸੰਗਤਾਂ ਕੀਆਂ ਟਹਿਲਾਂ ਕਰਨਗੇ।' ਬਰਾੜ ਗੁਰੂ ਕੇ ਨਾਲ। ਪੂਰੇ ਸਤਿਗੁਰ ਕਰੇ ਨਿਹਾਲ॥੪੩॥
44. ਬਹਿਬਲ ਤੇ ਸਰਾਵੀਂ
ਅਗੇ ਡੇਰਾ ਬਹਿਵਲ ਤੇ ਸਿਉਰਾਮੀ ਹੋਇਆ। ਗੁਰੂ ਜੀ ਬਚਨ ਕੀਤਾ, 'ਵੋ ਬਰਾੜ! ਬੀਰ ਸੂਰਮੇ ਹੋਵੋ, ਤੁਰਕ ਨੂੰ ਮਾਰੀਏ। ਹਜ਼ੂਰ ਤੇ ਨੌਕਰੀ ਭੀ ਲਵੋ।' ਓਨਾਂ ਆਖਿਆ: 'ਜੀ ਪਾਤਿਸਾਹਿ! ਅਸੀ ਤਾਂ ਹਜਾਰਾਂ ਰੁਪਯਾਂ ਕਾ ਧਾੜਾ ਮਾਰਕੇ ਆਥਣ ਨੂੰ ਘਰਿ ਆਇ ਜਾਂਦੇ ਹਾਂ।’ ਗੁਰੂ ਜੀ ਕਹਿਆ: 'ਧਾੜਾ ਭੀ ਤੁਰਕਾਂ ਕਾ ਮਾਰੋ, ਤੇ ਘਰ ਭੀ ਰਹੇ। ਪਰ ਗੁਰੂ ਕੇ ਬਚਨ ਵਿਚ ਰਹੋ, ਅਰ ਬਰਤਾਰਾ ਭੀ ਲਵੋ।” ਬਰਾੜਾਂ ਨੇ ਆਖਿਆ, ‘ਗੁਰੂ ਜੀ! ਆਪ ਕੀ ਤਾਬਿਆ ਸਾਡੇ ਮਨੁਖ ਰਹਿਣਗੇ। ਜੰਗ ਵੇਲੇ, ਅਸੀਂ ਸਭੇ ਆਨ ਹਾਜਰ ਹੋਆਂਗੇ।'
ਇਸੀ ਤਰਾਂ ਇਕ ਬਰਾੜ ਆਉਂਦੇ ਇਕ ਚਲੇ ਜਾਂਦੇ, ਹਜੂਰ ਪਾਸ ਮੇਲਾ ਹੀ ਰਹਿੰਦਾ ਬਰਾੜਾਂ ਦਾ॥੪੪॥
45. ਸਰਾਵੀਂ ਸਯਦ ਤੇ ਸਿਖ ਨੂੰ ਪੀਲੂੰ ਕੋਕੜਾਂ
ਸਿਉਰਾਮੀ ਡੇਰਾ ਹੋਇਆ। ਦੇਂਦੇ ਵਾਲੇ ਤਲਾਉ ਸੁਚੇਤੇ ਗਏ, ਓਥੇ ਮਿਲਿਆ ਸਈਅਦ, ਸਿਰੀਹ ਵਿਚ ਰਹਿੰਦਾ ਸੀ ਗੁਪਤ ਓਸ ਨੇ ਮਥਾ ਟੇਕਿਆ, ਧੌਲੀ ਦਾੜੀ ਸੀ।
* ਵਾਂਦਰ, ਬਰਗਾੜੀ, ਬਹਿਬਲ ਤੇ ਸਿਉਰਾਵਾਂ ਦਾ ਪ੍ਰਸੰਗ ਸੂਰਜ ਪ੍ਰਕਾਸ਼ ਨੇ ਐਨ ੧ ਦੇ ਅੰਸੂ ੩ ਵਿਚ ਦਿਤਾ ਹੈ। ਪਰ ਓਥੇ ਬਰਾੜਾਂ ਦੇ ਧਾੜਵੀ ਹੋਣ ਤੇ ਉਨ੍ਹਾਂ ਨੂੰ ਤੁਰਕਾਂ ਨੂੰ ਲੁਟਣ ਮਾਰਣ ਦੀ ਖੁੱਲ੍ਹ ਦੇਣ ਦਾ ਜਿਕਰ ਨਹੀਂ ਹੈ। ਜਾਪਦਾ ਹੈ ਕਵੀ ਜੀ ਨੇ ਇਸ ਰਵਾਇਤ ਨੂੰ ਸਹੀ ਨਹੀਂ ਮੰਨਿਆ। ਏਹ ਪਦ ਗੁਰੂ ਸੁਭਾਵ ਦੇ ਅਨੁਕੂਲ ਬੀ ਨਹੀਂ ਮੰਨੇ ਜਾ ਸਕਦੇ।
ਗੁਰੂ ਜੀ ਕਹਿੰਦੇ, 'ਰਾਜੀ ਹੈਂ ਮੀਆਂ! '
ਓਹੁ ਕਹਿੰਦਾ, 'ਅਜੁ ਰਾਜੀ ਹਾਂ, ਖੁਦਾਇ ਦਾ ਦੀਦਾਰੁ ਪਾਇਆ।'
ਚਿਟੇ ਬਸਤ੍ਰ ਸਨ ਓਸਕੇ।
ਫੇਰ ਡੇਰੇ ਆਏ। ਸਿਖਾਂ ਨੇ ਪੁਛਿਆ: 'ਜੀ ਏਹ ਕੌਣ ਹੈਸੀ?' ਗੁਰੂ ਜੀ ਕਹਿਆ: 'ਏਸ ਕੀ ਵਾਸਨਾਂ ਰਹੀ ਸੀ ਸਰੀਹ ਵਿਚ, ਹੈਸੀ ਤਾਂ ਸਾਂਈ ਲੋਕ।'
ਹੋਰ ਨਗਰੀ ਨੇ ਰਸਤ ਪਾਈ ਲੰਗਰ। ਲੰਗਰ ਹੋਇਆ। ਜੇਹੜੇ ਸਿਖ ਸਹਿਜ ਧਾਰੀ ਖੁਲ੍ਹਾ ਪ੍ਰਸਾਦਿ ਛਕਦੇ ਸੇ, ਓਨਾਂ ਨੂੰ ਨਗਰੀ ਆਥਣ ਕੇ ਵੇਲੇ ਘਰੀ ਨਿਉਂਦੇ ਲਾਇ ਦਿਤੇ। ਘਰ ਘਰ ਇਕੁ ਇਕੁ ਸਿਖੁ। ਇਕੁ ਸਿਖ ਘਰੋਂ ਤੰਗ ਸੀ, ਸਰੀਕਾ ਬੁਰਾ ਹੁੰਦਾ ਹੈ, ਓਸ ਨੂੰ ਭੀ ਕਹਿਆ, ਭਾਈ ਇਕਿ ਤੂੰ ਛਕਾਉ, ਇਕਿ ਸਿਖ ਲੈਇ ਜਾਹਿ। ' ਘਰਿ ਵਾਲਾ ਭੀ ਸਿਖ ਸੀ, ਜਾਣੇ ਵਾਲਾ ਭੀ ਸਿਖ ਸੀ। ਸਿਖ ਨੇ ਕਹਿਆ ਇਕ ਸਿਖ ਨੂੰ: ‘ਚਲਿ ਜੀ ਪ੍ਰਸਾਦਿ ਛਕਿ ਆਉ। ਆਪ ਦਾ ਬਰਤਨ ਲੈ ਚਲੁ। ਓਹੁ ਸਿਖ ਬਰਤਨ ਲੈ ਕੇ ਟੁਰ ਪਇਆ। ਸਿਖ ਨੇ ਘਰ ਜਾਇਕੇ ਆਪਣੇ ਉਤਿਓਂ ਲਾਹਿਕੇ ਸਿਖ ਹੇਠ ਖੇਸ ਬਿਛਾਇ ਦਿਤਾ। ਸਿਖ ਉਪਰਿ ਬੈਠਿ ਗਇਆ। ਸਿਖ ਦੇ ਚਰਣ ਧੋਤੇ ਤੇ ਜਲ ਨਾਲਿ। ਪੀਲੂ ਦੀਆਂ ਕੋਕੜਾਂ ਤਤੇ ਜਲ ਵਿਚ ਪਾਇ ਕੈ ਨਰਮੁ ਕਰਕੇ ਸਿਖ ਦੇ ਬਰਤਣਿ ਪਾਇ ਦਿਤੀਆਂ। ਸਿਖ ਨੇ ਛਕ ਕੇ ਚੁਲਾ ਪੜਿਆ, ਅਰਦਾਸ ਕੀਤੀ। ਸਿਖ ਦੇ ਨਾਲ ਆਇਆ ਅਗੇ ਤੀਕ, ਸਿਖ ਨੂੰ ਫੇਰ ਸਿਖ ਨੇ ਮੋੜਿਆ, ਮਥਾ ਟੇਕਕੇ।
ਗੁਰੂ ਜੀ ਸਿਖਾਂ ਨੂੰ ਪੁਛਿਣ ਲਗੇ, 'ਤੈ ਨੇ ਕਿਆ ਪ੍ਰਸਾਦਿ ਛਕਿਆ ? ਕੋਈ ਕਹੇ 'ਭੱਲੇ ਨਾਲ`, ਕੋਈ ਕਹੇ ‘ਦਹੀ ਨਾਲ`, ਕੋਈ ਕਹੇ 'ਘੀ ਨਾਲ ਖਿਚੜੀ ਛਕੀ, ਕੋਈ ਕਹੇ 'ਤਸਮਈ ਛਕੀ, ਕੋਈ ਕਹੇ ਥਹਿ ਪਈਆਂ ਦੇੜਾਂ ਘਾਠਿ ਕੀਆਂ ਨਾਲ ਛਕੀਆਂ। ਕਿਸੇ ਨੇ ਕੁਹੁ ਕਹਿਆ, ਕਿਸੇ ਨੇ ਕੁਹ ਕਹਿਆ ਛਕਿਆ ਪ੍ਰਸਾਦਿ।
ਗੁਰੂ ਜੀ ਕਹਿੰਦੇ, 'ਤੈ ਨੇ ਕੀ ਛਕਿਆ ਪ੍ਰਸਾਦਿ ਮੈਲਾਗਰ ਸਿੰਘ? ਕਹਿੰਦਾ: 'ਜੀ ਵਡਾ ਉਮਦਾ ਪ੍ਰਸਾਦਿ ਛਕਿਆ, ਐਸਾ ਪ੍ਰਸਾਦਿ ਅਸੀ ਸਾਰੀ ਉਮਰ ਵਿਚ ਨਾਹੀ ਛਕਿਆ।'
ਨਗਰੀ ਕੇ ਜਿਮੀਦਾਰ ਓਥੇ ਬੈਠੇ ਸੇ, ਓਨਾਂ ਨੂੰ ਗੁਰੂ ਜੀ ਕਹਿੰਦੇ, 'ਜਿਸ ਕੇ ਡੇਰੇ ਏਸ ਨੇ ਪ੍ਰਸਾਦਿ ਛਕਿਆ ਹੈ, ਓਸ ਸਿਖ ਨੂੰ ਬੁਲਾਵੇ ?' ਜਿਮੀਦਾਰ
ਓਸ ਸਿਖ ਨੂੰ ਜਿਮੀਦਾਰ ਬੁਲਾਇ ਲਿਆਏ ਹੰਜੂਰਿ ਪਾਸਿ। ਓਸ ਨੂੰ ਪੁਛਿਆ, 'ਤੇ ਏਸ ਸਿਖ ਨੂੰ ਕੀ ਪ੍ਰਸਾਦਿ ਛਕਾਇਆ ਹੈ?
ਓਹ ਕਹਿੰਦਾ, 'ਜੀ ਮੈਂ ਤਾਂ ਕਹੁ ਨਾਹੀ ਛਕਾਇਆ। ਪਾਣੀ ਕਾ ਛੰਨਾਂ ਪੀ ਕੇ ਚਲਿਆ ਆਇਆ ਹੈ।
ਓਸ ਨੂੰ ਫੇਰ ਹੁਕਮ ਹੋਇਆ, 'ਸਚੁ ਕਹੁ ਕੀ ਛਕਾਇਆ ਹੈ ?" ਓਸ ਨੇ ਕਹਿਆ, 'ਜੀ ਪੀਲੂ ਕੀਆਂ ਕੇਕੜਾਂ।'
ਗੁਰੂ ਜੀ ਕਹਿੰਦੇ, 'ਧੰਨ ਸਿਖੀ। ਐਸੇ ਭੀ ਹਨ: ਸਤੀ ਦੇਇ ਸੰਤੋਖੀ ਖਾਇ। ਤਿਸ ਸਿਖ ਕੇ ਗੁਰ ਬਲ ਬਲ ਜਾਇ। ਸਿਖ ਦੇ ਡੇਰੇ ਹੋਵੇ ਹਛਾ ਤੇ ਛਕਾਵੇ ਨਾਹੀ, ਤਾਂ ਸਿਖ ਨੂੰ ਛਕਾਉਣ ਵਾਲੇ ਨੂੰ ਔਗੁਣ ਹੈ। ਜੇ ਸਿਖ ਦੇ ਡੇਰੇ ਹੋਵੈ ਨਾਹੀ ਤੇ ਸਿਖ ਕਹੇ ਕੇਹਾ ਪ੍ਰਸਾਦਿ ਮਿੱਸਾ ਅਗੇ ਧਰਿਆ ਹੈ, ਤਾਂ ਸਿਖ ਛਕਣ ਵਾਲੇ ਨੂੰ ਹਛੀ ਨਾਹੀ* ॥੪੫॥
46. ਕੋਟ ਕਪੂਰੇ
ਅਗੇ ਸਾਖੀ ਹੋਰ ਚਲੀ ਕਪੂਰੇ ਕੀ। ਕਪੂਰੇ ਕੇ ਕੋਟ ਡੇਰਾ ਹੋਇਆ। ਕਪੂਰੇ ਕੇ ਪਾਸ ਭਾਈ ਦਿਆਲ ਸਿੰਘ ਭੇਜਿਆ। ਭਾਈ ਸਦਿ ਲਿਆਇਆ। ਕਪੂਰਾ ਚੰਗਾ ਘੋੜਾ ਲੈਇ ਕੇ ਮਿਲਿਆ। ਗੁਰੂ ਜੀ ਖੁਸੀ ਹੋਏ। ਫੇਰ ਤੀਏ ਦਿਹ ਆਇਆ ਬਡਾ ਗਿਟਿਆਂ ਤੀਕ ਜਾਮਾਂ।
ਸਿਖਾਂ ਨੇ ਕਹਿਆ: 'ਜਟ ਗਰਦ ਪਾਉਂਦਾ ਹੈ ਸਸਤ੍ਰਾਂ ਉਤੇ, ਗੁਰੂ ਜੀ ਉਪਰ।' ਪੱਲਾ ਬੇਚਕੇ ਮਥਾ ਟੇਕਿਆ। ਗੁਸਾ ਮੰਨ ਕੇ ਬੈਠਿ ਗਇਆ। ਗੁਰੂ ਜੀ ਨੂੰ ਕਹਿੰਦਾ, 'ਸਸਤ੍ਰਾਂ ਉਤੇ ਚੋਰ ਢਾਲ ਸਿਖ ਕਿਉਂ ਕਰਦਾ ਹੈ? ਗੁਰੂ ਜੀ ਕਹਿੰਦੇ: 'ਮਖੀ ਹੋਰ ਉਪਰ ਆਇ ਬੈਠਦੀ ਹੈ।`
ਗੁਰੂ ਜੀ ਕਹਿੰਦੇ: ਕਪੂਰ ਸਿੰਘ ਈਹਾਂ ਜੁੱਧ ਕਰੀਏ ਤੁਰਕ ਨਾਲਿ।' ਕਪੂਰਾ ਕਹਿੰਦਾ: `ਜੀ, ਅਸੀਂ ਤੁਰਕਾਂ ਨਾਲ ਜੁੱਧ ਕਰਨ ਜੋਗੇ ਕਦਿ ਹਾਂ? ਤੁਰਕਾਂ ਸਾਥ ਜੁੱਧ ਕਰਣਾ ਥੀ ਤਾਂ ਅਨੰਦਪੁਰ ਕਿਉਂ ਨਾ ਜੀਤ ਆਇਆ? ਗੁਰੂ ਜੀ ਤੁਰਕ ਸਾਨੂੰ ਫਾਹੇ ਦੇ ਕੇ ਮਾਰ ਦੇਨ।'
ਗੁਰੂ ਜੀ ਕਹਿੰਦੇ: 'ਤੈਨੂੰ ਤੁਰਕ ਫਾਹੇ ਦੇਕੇ ਹੀ ਮਾਰੂ, ਮੂਹ ਤੋਬਰੇ ਚਾੜ
* ਗੁ: ਪ੍ਰ: ਸੂ: ਐਨ ੧ਅੰਸੂ ੨।
ਕੇ ਮੰਦੀ ਖੇਹਿਕੇ। ਤੇਰੀ ਓਲਾਦ ਮੰਗਦੀ ਫਿਰੇਗੀ। ਗੁਰੂ ਜੀ ਨੇ ਗੁੱਸੇ ਹੋਇ ਕੇ ਡੇਰਾ ਕੂਚ ਕਰ ਦੀਆ।
ਕੋਈ ਕੁ ਦਿਨ ਬੀਤੇ ਤਾਂ ਪਿਛੋਂ ਈਸੇ ਖਾਂ ਮੰਞ ਨੇ ਕੋਟ ਮਾਰਿਆ। ਕਪੂਰਾ ਲੁਕਿ ਗਇਆ ਘਾਸ ਦੇ ਕੁੰਨੂੰ ਵਿਚ। ਈਸੇ ਖਾਂ ਨੇ ਕਹਿਆ ਕਪੂਰੇ ਨੂੰ ਭਾਲ ਲਇਆਵੇ। ਕਪੂਰਾ ਭਾਲ ਆਂਦਾ। ਪਠਾਣਾ ਨੇ ਕਹਿਆ: 'ਲੁਕ ਗਇਆ ਸੀ। ਇਲਾਂ ਕੁਕੜਾਂ ਵਾਲਿਆ ਕਪੂਰਾ! ਬਾਜ ਰਖਦਾ। ਤੁਰਕ ਕੂਚ ਹੋਇਆ ਓਥੋਂ। ਇਕ ਜਾਗਾ ਜਾਂਦੇ ਜਾਂਦੇ ਢਾਬ ਦੇ ਪਾਸ ਰੋਹੀ ਵਿਚ ਉਤਰੇ; ਤੁਰਕ ਕਹਿਆ: 'ਏਸ ਜੱਟ ਨੂੰ ਫਾਹੇ ਦੇਇ ਦਿਹ।' ਫਾਹੇ ਦੇਣ ਲਗੇ ਤਾਂ ਕਪੂਰਾ ਕਹਿੰਦਾ, 'ਮੈਨੂੰ ਅਸਨਾਨ ਕਰ ਲੈਇਣ ਦੇਹੁ, ਮੇਰੇ ਮੁਹ ਤੋਬਰਾ ਦੇਇਕੇ ਫਾਹੇ ਦੇਹੁ, ਮੇਰੇ ਗੁਰੂ ਜੀ ਕਾ ਬਚਨ ਹੈ। ਨਾਂਹੀ ਫੇਰ ਮੈਨੂੰ ਮਰਣਾ ਜੰਮਣਾਂ ਪਊ।' ਤੁਰਕ ਨੇ ਖੇਹ ਪਾਇਕੇ ਤੋਬਰਾ ਚਾੜ ਕੇ ਫਾਹੇ ਦਿਤਾ।
ਕਪੂਰੇ ਕੇ ਭਾਈ ਹਮੀਰੇ ਪਰ ਖੁਸੀ ਸੀ। ਓਸ ਨੇ ਕਹਿਆ ਸੀ, 'ਗੁਰੂ ਜੀ ਕਾ ਬਚਨ ਮੰਨ ਲੈਅ, ਫੇਰ ਪੈਰੀ ਗੁਰੂ ਜੀ ਕੀ ਜਾਇ ਪੈਇੰਦੇ ਹਾਂ ਅਸੀ। ਓਨਾ ਪਾਸ ਤਲਕਾ ਹੈ, ਬਨਗਾੜੀ ਵਾਲਾ ਭੀ ਮਿਲਿਆ॥੪੬॥
47. ਜੈਤੋ
ਅਗੇ ਗੁਰੂ ਜੀ ਜੈਤੋ ਕੀ ਜੂਹ ਵਿਚ ਟਿਬੇ ਉਤੇ ਤੀਰ ਚਲਾਏ। ਗੁਰੂ ਜੀ ਕਹਿੰਦੇ 'ਖਾਨਿਆਂ! ਇਹੁ ਕਿਹੜਾ ਪਿੰਡ ਹੈ ? ਖਾਂਨਾਂ ਕਹਿੰਦਾ: 'ਪਿੰਡ ਕੇਹੜਾ ਹੈ, ਚਾਰਕਿ ਝੁੰਗੀਆਂ ਹੈਨ ਜੈਤੋ ਖਾਂਨੇ ਕੀਆਂ।'
ਗੁਰੂ ਜੀ ਕਹਿੰਦੇ: 'ਨਾ ਵੇ ਖਾਂਨਾਂ! ਵੱਡਾ ਪਿੰਡ ਹੈ।' ਅਗੇ ਡੇਰਾ ਗੁਰੂ ਜੀ ਜੈਤੋ ਕੀ ਕੀਤਾ। ਜੈਤੋ ਸ਼ਿਕਾਰ ਚੜੇ ਛੜੀ ਅਸਵਾਰੀ। ਖੇਡਦੇ ਖੇਡਦੇ ਕੋਠੇ ਪ੍ਰਿਥੀ ਚੰਦ ਕੇ ਮਲੂਕੇ ਕੇ ਵਿਚਾਲੇ ਆਇ ਉਤਰੇ, ਡੇਰਾ ਕਰ ਦੀਆ॥੪੭॥
1. ਕਪੂਰੇ ਦਾ ਗੁਰੂ ਜੀ ਨੂੰ ਉਚਾ ਬੋਲ ਬੋਲਣ ਦਾ ਪ੍ਰਸੰਗ ਐਨ ੧ ਅੰਸੂ ੪ ਵਿਚ ਹੈ ਤੇ ਈਸੇ ਖਾਂ ਮੰਝ ਦੇ ਹਥੋਂ ਮੌਤ ਦਾ ਪ੍ਰਸੰਗ ਇਸੇ ਐਨ ਦੇ ਅੰਸੂ ੩੦ ਵਿਚ।
2. ਇਹ ਤੇ ਅਗਲਾ ਪ੍ਰਸੰਗ ਐਨ ੧ ਅੰਸੂ ੬ ਵਿਚ ਕਵੀ ਜੀ ਨੇ ਦਿਤਾ ਹੈ।
48. ਮਲੂਕੇ ਦੀਵਾਨੇ ਦਾ ਨਿਸਤਾਰਾ
ਤੰਬੂ ਲਾਇ ਦੀਆ। ਚਾਰ ਘੜੀ ਕੇ ਅੰਮ੍ਰਿਤ ਵੇਲੇ ਆਇਆ ਦੀਵਾਨਾ, ਸਿਰ ਮੁਹ ਕਾ ਭਦਣੁ ਕੀਤਾ ਹੋਇਆ ਕਹਿੰਦਾ, 'ਗੁਰੂ ਜੀ ਦਾ ਦੀਦਾਰ ਕਰਨਾ ਹੈ।' ਸਿੰਘ ਨੇ ਕਹਿਆ `ਦਿਨ ਚੜੇ ਕਰੀਂ'।
ਡੇਉਢੀ ਵਾਲੇ ਦੀਵਾਨੇ ਨੇ ਕਹਿਆ: 'ਮੈਂ ਹੁਣੇ ਹੀ ਅੰਦਰ ਜਾਨਾਂ ਹਾਂ।'
ਸਿੰਘ ਨੇ ਕਹਿਆ: 'ਗੁਰੂ ਜੀ ਆਪਣੇ ਰੰਗ ਮਹਿ ਬੈਠੇ ਹਨਿ, ਹੁਣ ਨਾਂਹੀ ਹੁਕਮ।'
ਦੀਵਾਨਾ, ਸਿੰਘ ਨੂੰ ਮੁਹਲਾ ਚੁਕਕੇ ਧੱਕੇ ਨਾਲ ਵੜਨ ਲਗਾ, ਸਿੰਘ ਨੇ ਤਲਵਾਰ ਮਾਰੀ। ਦਿਹ ਚੜੇ ਚਾਰ ਘੜੀ ਕਹਿੰਦਾ ‘ਹੁਣ ਤਾਂ ਗੁਰੂ ਜੀ ਕਾ ਦਰਸਨ ਕਰਾਵੋ।'
ਗੁਰੂ ਜੀ ਨੂੰ ਸਿਖੀ ਪੁਛਿਆ: 'ਜੀ! ਦੀਵਾਨਾ ਜਖਮੀ ਹੋਇਆ ਹੈ, ਕਹਿੰਦਾ ਹੈ, ਮੈਨੂੰ ਗੁਰੂ ਜੀ ਕਾ ਦਰਸਣੁ ਕਰਾਵੋ।'
ਗੁਰੂ ਜੀ ਕਹਿੰਦੇ: ਆਵਣਿ ਦੇਹੁ। ਦੀਵਾਨੇ ਮਥਾ ਟੇਕਿਆ। ਗੁਰੂ ਜੀ ਕਹਿੰਦੇ: 'ਜੀਵਣ ਕੀ ਸੁਰਤਿ ਹੈ?' ਦੀਵਾਨਾ ਕਹਿੰਦਾ: 'ਜੀ ਹੁਣ ਖੁਸੀ ਕਰੋ, ਤੁਸਾਂ ਕੀ ਹਜੂਰ ਪ੍ਰਾਣ ਮੇਰੇ ਛੁਟਣ, ਏਹੋ ਖੁਸੀ ਕਰੋ। ' ਫੇਰ ਪ੍ਰਾਣਿ ਛੁਟੇ।
ਚੌਪਈ- ਮਲੂਕੇ ਕੀ ਮਾਰਿਆ ਇਕੁ ਦੀਵਾਨਾ॥
ਜੰਗਲ ਕੇ ਭੂਪਤ ਸਭ ਭਏ ਹੈਰਾਨਾ॥
ਇਕ ਬਿਚਲੇ ਇਕ ਸਾਬਤ ਰਹੇ॥
ਇਕਨਾਂ ਦ੍ਰਿੜ ਕਰ ਚਰਨ ਗੁਰੂ ਕੇ ਗਹੇ॥੧॥
ਬੈਰਾੜ ਕਹਿੰਦੇ: 'ਏਹ ਭਲਾ ਗੁਰੂ ਹੈ, ਜਿਸਨੇ ਦੀਵਾਨਾ ਮਾਰਿਆ!' ਇਕ ਕਹਿੰਦੇ 'ਦੀਵਾਨਾ ਭੀ ਗੁਰੂ ਕਾ, ਜਿਸਨੇ ਤਲਵਾਰ ਮਾਰੀ ਸਿਖ ਨੇ, ਓਹ ਭੀ ਗੁਰੂ ਕਾ।' ਫੇਰ ਗੁਰੂ ਜੀ ਚੌਤਰੇ ਵਿਚਦੀ ਜੈਤੋ ਆਇ ਉਤਰੇ। ਓਥੇ ਤਾਲ ਹੈ। ਗੁਰੂ ਜੀ ਕਹਿੰਦੇ: 'ਏਹੁ ਤਾਲ ਵਡਾ ਤੀਰਥ ਹੈ। ਗੰਗਾ ਥੋਂ ਅਧਿਕ ਹੈ ॥੪੮॥
49. ਸੁਨੀਅਰ। ਕਪੂਰੇ ਨੂੰ ਬਖ਼ਸ਼ੀਸ਼
ਅਗੇ ਡੇਰਾ ਸੁਨੀਅਰ ਹੋਇਆ। ਸਿਆਮੇ ਨੇ ਸਾਰੇ ਖੰਧੇ ਕਾ ਗੁਰੂ ਜੀ ਨੂੰ ਦੁਧ ਚੁਆਇ ਦਿਤਾ; ਡੋਗਰ ਸੀ। ਓਥੇ ਸਿਕਾਰ ਚੜਿਆ, ਗੁਰੂ ਜੀ ਨੂੰ ਕਪੂਰੇ ਆਂਨਿ ਮਥਾ ਟੇਕਿਆ।
ਗੁਰੂ ਜੀ ਨੇ ਕਹਿਆ: 'ਕਪੂਰ ਸਿੰਘ, ਰਾਜੀ ਹਹਿ?
ਕਹਿੰਦਾ: 'ਜੀ ਨਾਹੀ ਰਾਜੀ, ਤੁਸੀ ਗੁਸੇ ਨਾਲ ਚੜ੍ਹ ਆਏ ਹਹੁ ਜੀ।
ਗੁਰੂ ਜੀ ਨੇ ਢਾਲਾ ਖੰਡਾ ਬਖਸਿਆ। ਲੈ ਕੇ ਕੋਟਿ ਨੂੰ ਚੜਿ ਆਇਆ। ਫੇਰ ਭੀ ਨਾ ਲੜਿਆ ਸਾਥ ਹੋਇ ਕੇ। ਗੁਰੂ ਜੀ ਕਹਿੰਦੇ: 'ਜਾਹਿ ਵੇ ਕਪੂਰਾ ਗੀਦੀ ਹੋਇ ਗਇਆ ॥੪੯॥
50. ਰਾਮੋ ਆਣੇ
ਅਗੇ ਗੁਰੂ ਜੀ ਡੇਰਾ ਰਾਮੋਆਣੇ ਕੀਤਾ। ਓਥੇ ਇਕ ਜੱਟ ਡੇਲੇ ਤੋੜਦਾ ਸੀ। ਗੁਰੂ ਜੀ ਨੇ ਕਹਿਆ: 'ਕੀ ਕਰਦਾ ਹੈਂ?”
ਜਿਮੀਦਾਰੂ ਕਹਿੰਦਾ: 'ਜੀ, ਡੇਲੇ ਤੋੜਿਦਾ ਹਾਂ।'
ਗੁਰੂ ਜੀ ਕਹਿੰਦੇ, ਕਾਸ ਨੂੰ?
ਕਹਿੰਦਾ: 'ਜੀ, ਖਾਣ ਨੂੰ।
ਗੁਰੂ ਜੀ ਕਹਿੰਦੇ: "ਵੇਖਾਂ!"
ਜਟ ਨੇ ਮੁਠੀ ਭਰ ਕੇ ਦਿਤੀ। ਗੁਰੂ ਜੀ ਨੇ ਮੁਹਿ ਪਾਏ, ਕਹਿੰਦੇ: ਸਿਟ ਪਾਉ; ਕੜੂਏ ਹਨ। '
ਜੱਟ ਨੇ ਚੌਥੇ ਹਿੱਸੇ ਕੇ ਸਿਟੇ। ਗੁਰੂ ਜੀ ਨੇ ਕਹਿਆ: 'ਵੇ ਸਭੇ ਹੀ ਸਿਟ ਦੇਹ।' ਜੱਟ ਨੇ ਅਧੇ ਸਿਟ ਦਿਤੇ। ਗੁਰੂ ਜੀ ਕਹਿੰਦੇ: 'ਵੇ ਸਭੇ ਹੀ ਸਿਟ ਦੇਹਿ!' ਇਕ ਹਿਸੇ ਕੇ ਹੋਰ ਸਿਟ ਦਿਤੇ। ਗੁਰੂ ਜੀ ਕਹਿਆ, 'ਸਭਿ ਹੀ ਸਿਟ ਦੇਹਿ!'
ਕਹਿੰਦਾ: 'ਜੀ ਬਾਲ ਬਚਾ ਕੀ ਖਾਊ?' ਗੁਰੂ ਜੀ ਕਹਿੰਦੇ: 'ਚੌਥੇ ਹਿੱਸੇ ਕਾ ਕਾਲ ਰਖਿਆ ਹੈ। ਜੇ ਸਭੇ ਹੀ ਸਿਟ ਦਿੰਦਾ ਤਾਂ ਕਾਲ ਹੀ ਨਹੀਂ ਸੀ ਪਾਂਦਾ। ਕਾਲ ਹੀ ਦੂਰ ਹੋਇ ਗਇਆ ਸੀ।'
ਗੁਰੂ ਜੀ ਡੇਰਾ ਕੂਚ ਕੀਤਾ ਰਾਮੇਆਣੇ ਹੀ ਵਸਦਾ ਸੀ ਜੁਗਰਾਜ ਵਿੜੰਗ, ਰਾਹਿ ਵਿਚ ਖੜਾ ਸੀ। ਸਿਖਾਂ ਨੇ ਕਹਿਆ: 'ਚੌਧਰੀ ਕਹੀਂ ਨਾਹੀ ਤੁਰਕ ਨੂੰ: ਐਥੋਂ ਦੀ ਗੁਰੂ ਕੇ ਗਏ ਹੈਨ।" ਕਹਿੰਦਾ, 'ਜੀ ਮੈਂ ਨਾਹੀਂ ਕਹਿੰਦਾ।' ਮਗਰ ਤੇ ਤੁਰਕ ਆਇਆ।
ਤੁਰਕ ਨੇ ਪੁਛਿਆ, 'ਵੇ ਜਾਟ, ਕਾਈ ਗੁਰੂ ਕੀ ਸੋਝੀ? ਕਿਧਰ ਕੋ ਗਏ ਹੈਨ ?
ਗੁਰੂ ਜੀ ਨੂੰ ਕਿਸੇ ਸਿਖ ਨੇ ਕਹਿ ਦੀਆ, 'ਓਸ ਜੱਟ ਨੇ ਤੁਰਕਾਂ ਨੂੰ ਕਹਿਆ, ਐਥੋਂ ਦੀ ਗੁਰੁ ਕੇ ਗਏ ਹੈਨ।' ਗੁਰੂ ਜੀ ਕਹਿੰਦੇ, 'ਆਫ਼ਰ ਕੇ ਮਰੂ।
ਓਹ ਭੀ ਆਫ਼ਰ ਕੇ ਮਰਿਆ। ਓਸ ਕੀ ਓਲਾਦ ਹੁਣ ਤੀਕ ਆਫ਼ਰ ਕੇ ਮਰਦੀ ਹੈ। ਤਿੰਨ ਦਿਨ ਆਫ਼ਰੇ ਰਹਿੰਦੇ ਹਨ ਫੇਰ ਮਰਦੇ ਹਨ। ਅਵਾਰਾ ਚਿਖਾ ਵਿਚ ਜਾਂਦਾ ਹੈ
ਅੱਗੇ ਡੇਰਾ,-ਗੁਰੂ ਜੀ ਨੇ ਰੂਪੇ ਖਤ੍ਰੀ ਨੂੰ ਕਹਿਆ, ਡੇਰਾ ਕਰੀਏ?’ ਭੇਲੀ ਲੈਇ ਕੇ ਮਿਲਿਆ ਸੀ, ਕਹਿੰਦਾ ਨਾ ਜੀ. ਸਾਨੂੰ, ਸਾਡੀ ਅਉਲਾਦ ਨੂੰ ਤੁਰਕ ਮਾਰੇ, ਡੇਰਾ ਨਾਹੀ ਪੁਜਦਾ। ਸਾਨੂੰ ਉਜਾੜਦੇ ਹੋ?
ਗੁਰੂ ਜੀ ਕਹਿਆ: 'ਤੂੰ ਨਾ ਤੇਰੀ ਉਲਾਦ, ਪਿੰਡ ਉਜੜਿ ਕਰਿ ਕਈ ਬਾਰੀ ਬਸੂਗਾ।'
ਪਿੰਡ ਉਜੜਕੇ ਕੇਤੀ ਹੀ ਬਾਰੀ ਫੇਰ ਬਸਿਆ। ਓਸ ਕੀ ਉਲਾਦ ਕਾ ਕੋਈ ਨਾਹੀਂ ॥੫੦॥
51. ਦਾਨ ਸਿੰਘ ਦੇ ਪੁਤ ਨੂੰ ਬਖਸ਼ਿਆ
ਅਗੇ ਗੁਰੂ ਜੀ ਚੜੇ ਜਾਂਦੇ ਸਨ। ਬੈਰਾੜ ਦਾਨ ਸਿੰਘ ਦੇ ਪੁਤ ਨੇ ਗੁਰੂ ਜੀ ਕੇ ਘੋੜੇ ਕੇ ਕੋਰੜਾ ਮਾਰਿਆ। ਕਹਿੰਦਾ: 'ਸਕਤਿਆ! ਘੋੜੇ ਨੂੰ ਟਿਰੜੀਏ ਪਾਉ, ਮਗਰ ਤੁਰਕ ਆਂਵਦਾ ਹੈ। ਗੁਰੂ ਜੀ ਕਹਿੰਦੇ, 'ਤੇਰੀ ਉਲਾਦ ਮਾਰੀ ਜਾਇ! ਜਾਨ ਭਾਈ ਕੇ ਚਾਬਕ ਮਾਰਿਆ।'
ਦਾਨ ਸਿੰਘ ਨੇ ਹਥਿ ਜੋੜ ਕੇ ਕਹਿਆ: 'ਬਖਸੀਏ ਗੁਰੂ ਜੀ ! ਅਸੀ ਭੁੱਲਣੇ ਵਾਲੇ ਹਾਂ ਜੀ; ਤੂੰ ਬਖਸਣੇ ਜੋਗ ਹੈਂਜੀ। ਅਸੀ ਬਰਾੜ ਲੋਕ ਅੜਬ ਹਾਂ ਜੀ। ਜੋ ਕਿਛੁ ਨਾਂਹੀ ਬੋਲਣਾ ਸੋ ਬੋਲ ਦੇਂਦੇ ਹਾਂ ਜੀ! ਤੂੰ ਤਾਂ ਕਾਲਾ ਨਾਗ
1. ਪਾ:- ਪਿੰਡ ਉਜੜ ਕੇ ਤੀਹੀ ਬਰਸੀ ਫੇਰ ਬਸਿਆ।
2. ਇਹ ਦੋਵੇਂ ਸਾਖੀਆਂ ਐਨ ੧ ਅੰਸੂ ੭ ਵਿਚ ਕਵੀ ਜੀ ਨੇ ਅਨੁਵਾਦੀਆਂ ਹਨ।
3. 'ਜਾਨ ਭਾਈ' ਗੁਰੂ ਕੇ ਘੋੜੇ ਦਾ ਨਾਮ ਸੀ।
ਹੈਂਜੀ! ਸਮੀਰ ਨੇ ਬਚਨ ਨਹੀ ਸੀ ਮੰਨਿਆ, ਓਸ ਨੂੰ ਕੋਪ ਦਾ ਬਚਨ ਹੋਇਆ, ਕਪੂਰੇ ਨੇ ਨਹੀ ਸੀ ਮੰਨਿਆ, ਅਗਿਓਂ ਉਤਰ ਦਿਤਾ, ਤਿਸ ਨੇ ਸਰਾਫ ਲਇਆ। ਮੈਂ ਤਾਂ ਤੇਰੇ ਦਾਸੋਂ ਕਾ ਦਾਸ ਹਾਂ ਜੀ! ਤੂੰ ਸਰਬ ਖਤੇ ਬਖਸਣੇ ਵਾਲਾ ਹੈਂ ਜੀ। ਮੇਰੀ ਸਿਖੀ ਰਖੀਏ ਜੀ! ਤੂੰ ਰਖਣ ਜੋਗ ਹਹਿ ਜੀ! ਏਹੁ ਮੇਰਾ ਬੇਟਾ ਹੈ।'
ਗੁਰੂ ਜੀ ਕਹਿਆ: 'ਦਾਨ ਸਿੰਘ ਬਖਸਿਆ, ਬਾਪ ਬੇਟੇ ਕੀ ਗਾਲ ਲਗਦੀ ਨਾਹੀ।'
ਦਾਨ ਸਿੰਘ ਕਹਿਆ, 'ਜੀ ਸਾਡਾ ਭਰਮੁ ਕਿਸ ਤਰਾਂ ਜਾਇ? ਗੁਰੂ ਜੀ ਕਹਿੰਦੇ: ‘ਦਾਨ ਸਿੰਘ ਬੇਲੇ ਵਿਚ ਭਾਹ ਲਗਦੀ ਹੈ, ਸ਼ੇਰਣੀ ਬਚੇ ਨੂੰ ਮੁਹਿ ਵਿਚ ਲਈ ਜਾਂਦੀ ਹੈ। ਆਖੀਏ ਖਾਂਦੀ ਹੈ, ਪਰ ਓਸਦੇ ਦੰਦੂ ਨਹੀਂ ਚੁਭਾਉਂਦੀ।
ਦਾਨ ਸਿੰਘ ਚਰਨਾਂ ਪਰ ਮਥਾ ਟੇਕਿਆ: ਭਲਾ ਗੁਰੂ ਜੀ ਭਲਾ, ਸੁਖ ਕਰਣੀ ਜੀ ॥੫੧॥
52. ਖਾਨੇ ਨੇ ਪਾਣੀ ਵੇਚਿਆ
ਅਗੇ ਚੜਿਆਂ ਜਾਦਿਆਂ ਕਹਿਆ, 'ਜਲ ਛਕਾਵੇਂ, ਰੋਹੀ ਵਿਚ। ਬੈਰਾਗ ਲਗੇ ਸਿਖਾਂ ਪਾਸੋਂ ਜਲੁ ਭਾਲਣਿ। ਰਾਇ ਖਾਨੇ ਪਾਸ ਜਲ ਲਭਿਆ ਛਾਗਲ ਵਿਚ। ਓਹ ਪਹਿਲਾਂ ਮੁਕਰਿਆ, ਕਹਿੰਦਾ: 'ਹੈ ਨਾਹੀ': ਫੇਰ ਕਹਿੰਦਾ 'ਮੁਲਿ ਦੇਊਂ।'
ਸਿਖਾਂ ਕਹਿਆ, ਮੁਲ ਹੀ ਦੇਹਿ।'
ਕਹਿੰਦਾ, 'ਰੁਪਈਆ ਲਊਂ।'
ਸਿਖਾਂ ਕਹਿਆ, 'ਰੁਪਈਆ ਹੀ ਲੈ।'
ਫੇਰ ਕਹਿੰਦਾ, 'ਨਾਂਹੀ ਭਈ, ਕਟੋਰੇ ਕੀ ਮੁਹਰ ਲਊਂ।"
ਖਜਾਨਚੀ ਨੇ ਕਹਿਆ, ‘ਮੁਹਰ ਹੀ ਲੈ।'
ਮੋਹਰ ਲਈ, ਪਾਨੀ ਕਾ ਕਟੋਰਾ ਦੀਆ।
ਗੁਰੂ ਜੀ ਕਹਿੰਦੇ, 'ਜਾਹ ਵੇ ਖਾਂਨਾਂ ਪਾਨੀ ਤੇ ਪਤਲਾ ਹੋਇ
ਗਇਆ ॥੫੨॥
1. ਪਾ: ਬਖਸੀਏ।
2. ਸਾਖੀ ੫੧, ਤੇ ੫੨ ਐਨ ੧ ਦੇ ਅੰਸੂ ੮ ਵਿਚ ਹਨ।
53. ਮੁਕਤਸਰ ਯੁੱਧ
ਅਗੇ ਗੁਰੂ ਜੀ ਮੁਕਤਿਸਰ ਕੀ ਢਾਬ ਕੇ ਪਾਸ ਕੀ ਚਲੇ ਗਏ, ਟਿਬੀ ਜਾ ਖੜੋਤੇ। ਸਿਖਾਂ ਨੇ ਦੋ ਕੋਸ ਤੇ ਤੁਰਕਾਂ ਕੀ ਫੌਜ ਵੇਖੀ ਆਉਂਦੀ, ਮਾਲ੍ਹ ਉਤੇ ਚੜਕੇ। ਗੁਰੂ ਜੀ, ਆਹ ਫੌਜ ਹੈ ਆਉਂਦੀ।`
ਗੁਰੂ ਜੀ ਨੇ ਕਹਿਆ, 'ਅਖੀ ਘੱਟਾ, ਮੁਹਿ ਦੱਟਾ। ਤਰ ਤਰ ਤੱਕੇ, ਵੇਖਿ ਨ ਸੱਕੇ।'
ਮਾਝੇ ਤੇ ਚਾਲੀ ਸਿੰਘਾਂ ਕੀ ਚਉਕੀ ਆਉਂਦੀ ਸੀ ਮਗਰ ਮਗਰ। ਓਨ੍ਹਾਂ ਨੇ ਮਾਲ੍ਹ ਉਤੇ ਚਾਦਰੇ ਪਾਇ ਦਿਤੇ, ਤੁਰਕ ਐਧਰ ਆਵੇ, ਗੁਰੂ ਜੀ ਕੇ ਮਗਰ ਨਾ ਜਾਵੇ— । ਤੁਰਕਾਂ ਨੇ ਏਧਰ ਹੀ ਸਿੰਘਾਂ ਨੂੰ ਆਇ ਟਾਕਰਾ ਕੀਆ। ਇਕ ਸਿੰਘ ਪਹਿਲਾਂ ਨਿਕਲਿਆ. ਮਾਲ੍ਹ ਹੇਠਿ ਤੇ ਸ਼ਸਤ੍ਰ ਮਾਰੇ। ਫੇਰ ਸਿੰਘ ਪੰਜ ਪੰਜ ਨਿਕਲ ਕੇ ਸਸਤ੍ਰ ਮਾਰਣਿ। ਏਸੇ ਤਰਾਂ ਚਾਲੀਆਂ ਸਿੰਘਾਂ ਨੇ ਸੀਸ ਲਾਏ, ਮੁਕਤੇ ਹੋਏ। ਇਕ ਸਿਖਣੀ ਸੀ ਓਸਨੇ ਭੀ ਲੈਕੇ ਨੇਜਾ ਮਾਰਿਆ। ਸਿੰਘਾਂ ਨੇ ਢਾਈ ਸੈ ਤੁਰਕ ਮਾਰਿਆ। ਗੁਰੂ ਜੀ ਨੇ ਤੀਰ ਚਲਾਇਆ, ਧਰਤੀ ਕੰਬੀ, ਭੁੰਕਾਟ ਪੈਇਆ। ਤੁਰਕ ਭੀ ਮੁੜਿਆ। ਤੁਰਕ ਨੇ ਜਾਤਾ— ਗੁਰੂ ਜੀ ਭੀ ਵਿਚੇ ਮਾਰਿਆ- ।
ਤੁਰਕ ਨੇ ਕਹਿਆ: 'ਪਾਨੀ, ਵੇ ਕਪੂਰਾ! ਕਹਾਂ ਪਾਨੀ ?'
ਕਪੂਰੇ ਕਹਿਆ, 'ਖਾਂ ਜੀ, ਪਾਨੀ ਤਾਂ ਦਸਾਂ ਕੋਹਾਂ ਥੋਂ ਉਰੇ ਹੈਇ ਨਾਹੀਂ। ਅਗਾਹਾਂ ਤੀਹਾਂ ਕੋਹਾਂ ਤੇ ਉਰੇ ਹੈ ਨਹੀਂ।'
ਤੁਰਕ ਨੇ ਕਹਿਆ, 'ਆਜੁ* ਤਿਹਾਏ ਮੂਏ।'
ਕਪੂਰੇ ਕਹਾ: 'ਘੋੜੇ ਚਾਲ ਪਾਓ। ਪਿਛਾਹਾਂ ਮੁੜੇ। ਤੁਰਕ ਨੇ ਕਹਿਆ, 'ਫੌਜ ਮਰੀ ਪਈ ਹੈ, ਏਸ ਕੀਆਂ ਕਬਰਾਂ ਕਰਣੀਆਂ ਸਨਿ।'
ਕਪੂਰੇ ਕਹਿਆ, 'ਇਨ ਕੇ ਸਸਤ੍ਰ ਲਾਹੋ, ਜਮੀਨ ਹੀ ਪਰ ਪਏ ਹਨ, ਕਬਰਾਂ ਹੀ ਵਿਚਿ ਹਨ। ਹਛਾ ਹੋਗੁ ਸਭੇ ਹੀ ਤਿਹਾਏ ਮਰ ਜਾਹੁਗੇ। ਫਤੇ ਲੈ ਲਈ ਹੈ।
ਤੁਰਕ ਕਹਿੰਦਾ, ‘ਕਪੂਰਾ ਸਚੀ ਬਾਤ ਕਹਿੰਦਾ ਹੈ। ਸਿਆਣਾ ਹੈ। ਚਲੋ ਮੁੜੇ।
* ਪਾ:- ਲਾਜੂ।
ਤੁਰਕ ਪਿਛਾਹਾਂ ਨੂੰ ਮੁੜਿਆ। ਤੁਰਕ ਸਿਰੰਦ ਸਰਾਫੀ ਕਾ ਸੂਬਾ ਸੀ। ਬੜਾ ਕੋਪ ਕਰਕੇ ਆਇਆ ਸੀ। ਪੰਜੀਹਾਂ ਹਜ਼ਾਰ ਸਪਾਹਿ ਘੋੜੇ ਪੈਦਲ ਸਾਥ ਲੈ ਕੇ। ਢਾਈ ਸੈ ਕਾ ਸੰਘਾਰ ਕਰਿਵਾਇ ਕੇ ਭੰਨਾਂ। ਕੋਟਿ ਪਾਣੀ ਆਣ ਪੀਤਾ ਮੁੜਕੇ। ਤਿਸ ਦਿਨ ਤੇ ਫੇਰਿ ਗੁਰੂ ਜੀ ਕਾ ਗੈਲ ਨਾ ਕੀਤਾ ਕਦੇ।
ਗੁਰੂ ਜੀ ਟਿਬੀ ਤੇ ਆਏ, ਸਿੰਘਾਂ ਕੇ ਮੁਹ ਝਾੜੇ। ਕਿਸੇ ਨੂੰ ਕਹਿਆ: 'ਦਸ ਹਜਾਰੀ', ਕਿਸੇ ਨੂੰ ਕਹਿਆ: 'ਬੀਹ ਹਜਾਰੀ। ਜਿਤਨੀਆਂ ਕਰਮਾਂ ਸਸਤ੍ਰ ਮਾਰਦੇ ਗਏ ਥੇ, ਕਿਸੇ ਨੂੰ ਕਹਿਆ 'ਪੰਜਾਹ ਹਜਾਰੀ।' ਇਕ ਸਿੰਘ ਸਹਿਕਦਾ ਸੀ, ਬੁਲਾਇਆ, ਗੁਰੂ ਜੀ ਨੇ ਕਹਿਆ: ‘ਮਹਾਂ ਸਿੰਘ! ਕੁਹੁ ਮੰਗੂ, ਹਮਾਰੀ ਖੁਸੀ ਹੈ।' ਮਹਾਂ ਸਿੰਘ ਨੇ ਕਹਿਆ: 'ਤੁਸਾਂ ਕਾ ਦੀਦਾਰ ਕਰਕੇ ਮੰਗਣਿ ਕੀ ਇਛਾ ਕਾਈ ਨਹੀਂ ਰਹੀ।'
ਗੁਰੂ ਜੀ ਕਹਿਆ: 'ਕੁਹੁ ਜਾਰੂਰਿ ਹੀ ਮੰਗੂ, ਸਾਡੀ ਏਹਾ ਖੁਸੀ ਹੈ। ' ਮਹਾਂ ਸਿੰਘ ਕਹਾ: 'ਗੁਰੂ ਜੀ! ਟੁਟੀ ਮਿਲੇ।'
ਗੁਰੂ ਕਾ ਹੁਕਮ ਹੋਇਆ’: 'ਮਹਾਂ ਸਿੰਘ! ਕੁਹੁ ਹੋਰ ਮੰਗੂ, ਟੁਟੀ ਨਿਖੁਟੀ।
ਮਹਾਂ ਸਿੰਘ ਕਹਾ: 'ਜੇ ਪਾਤਿਸਾਹ ਦੇਂਦੇ ਹਹੁ ਤਾਂ ਇਹੀ ਦਾਨ ਦੇਹੁ, ਟੁਟੀ ਮਿਲੇ।'
ਸਾਹਿਬ ਕਹਿੰਦੇ: 'ਵਾਹ ਵਾਹ ਖਾਲਸਾ ਧੰਨ, ਖਾਲਸਾ ਧੰਨ, ਟੁੱਟੀ ਮੇਲੀ ਖਾਲਸੇ ਨੇ।'
ਓਹੁ ਸਿੰਘੁ ਭੀ ਮਿਰਤ ਹੋਇ ਗਇਆ, ਓਦੋਂ ਹੀ॥੫੩॥
54. ਮਾਈ ਭਾਗੋ
ਇਕ ਸਿਖਣੀ ਪੁਤਾਂ ਕੀ ਇਛਾ ਕਰਕੇ ਆਈ ਸੀ। ਫੇਰ ਗੁਰੂ ਕਾ ਦਰਸਨੁ ਕਰਕੇ ਅਨ-ਇਛਤ ਹੋਇ ਗਈ ਸੀ। ਓਹੁ ਭੀ ਵਿਚੇ ਜ਼ਖਮੀ ਹੋਈ।
ਗੁਰੂ ਜੀ ਕਹਿੰਦੇ: `ਪੁਤਾਂ ਕਾਰਣਿ ਆਈ ਵੇ ਪੀਰੀ। ਸੁਥਣਿ ਲਾਹਿ ਲਈ ਫਕੀਰੀ।' ਫੇਰ ਜਖਮਾਂ ਥੋਂ ਰਾਜੀ ਹੋਈ ਨਗਨ ਹੀ ਰਹੇ।
1. ਪਾ :- ਪੰਜਾਹ।
2. ਪਾ:- ਪੰਜ।
3. ਪਾ:- ਹੁਕਮ ਹੈ।
ਗੁਰੂ ਜੀ ਕਹਿੰਦੇ; 'ਮਾਈ ਭਾਗੋ। ਕਛਹਿਰਾ ਪੇਚਾ ਰਖਿਆ ਕਰੋ। ਫੇਰ ਕਛਹਿਰਾ ਪੇਚਾ ਰਖਣਿ ਲਗੀ। ਸਵਾ ਮਣ ਕੀ ਸਾਂਗ ਰਖਦੀ, ਵਡੀ ਭਗਤਣੀ ਹੋਈ। ਗੁਰੂ ਜੀ ਕੀ ਵਡੀ ਖੁਸੀ ਸੀ ਓਸ ਉਤੇ। ਤਿਸੀ ਦਿਨ ਤੇ ਗੁਰੂ ਜੀ ਕੇ ਬਹੀਰ ਸਾਥ ਰਹਿੰਦੀ। ਗੁਰੂ ਜੀ ਕੇ ਪਲੰਘ ਕਾ ਪਹਿਰਾ ਦੇਂਦੀ, ਦਸਾਂ ਸਿੰਘਾਂ ਨਾਲ। ਸਭ ਕੋਈ ਤਿਸਕਾ ਅਦਬ ਕਰਦਾ, ਦੇਵੀ ਜਾਣਕੇ। ਸਵਾ ਮਣ ਕੀ ਸਾਂਗ ਰਖਦੀ। ਗੁਰੂ ਜੀ ਵਡੇ ਖੁਸੀ ਹੋਏ। ਕਹਿੰਦੇ: 'ਮਹਾਂ ਸਿੰਘ ਨੇ ਹੋਰੁ ਕੁਹੁ ਨਾਂ ਮੰਗਿਆ, ਵਡਾ ਕੰਮ ਕੀਆ, ਟੁਟੀ ਮੇਲੀ।'
ਕੋਈ ਸਿੰਘ ਕਹਿੰਦੇ ਹਨ:- ਭਾਗੋ ਹੀ ਸੀ ਮਾਈ । ਕੋਈ ਕਹਿੰਦੇ ਹਨ- ਹੋਰ ਸਿਖਣੀ ਸੀ— ।
ਸਿੰਘ ਨੇ ਹੋਰ ਕੁਹੁ ਨਾ ਮੰਗਿਆ। ਏਹੀ ਮੰਗਿਆ ਵਡਾ ਕੰਮੁ ਕੀਆ ॥੫੪॥
55. ਮੁਕਤਿਆਂ ਦੇ ਸਸਕਾਰ ਤੇ ਵਰ
ਓਥੇ ਵਡੀਆਂ ਸਕੀਆਂ ਮਾਲ੍ਹਾਂ ਸਨ, ਵੈਰਾੜਾਂ ਨੂੰ, ਹੋਰ ਸਿੱਖਾਂ ਨੂੰ ਹੁਕਮ ਹੋਇਆ: 'ਚਿਖਾ ਕਰੋ ਇਕਠੀ। ਇਕਠੇ ਚਾਲ੍ਹੀ ਸਿੰਘ ਸਿਸਕਾਰੇ, ਆਪਣੇ ਹਥੀਂ ਅਨਲ ਦਿਤੀ, ਸਸਕਾਰ ਕੀਤਾ। ਫੇਰ ਆਪ ਮਾਲ੍ਹ ਹੇਠ ਆਣਿ ਬੈਠੇ। ਤਿਥੇ ਹੀ ਦੀਵਾਨ ਲਾਇਆ।
ਗੁਰੂ ਜੀ ਬਚਨ ਕੀਤਾ: 'ਏਹ ਚਾਲ੍ਹੀ ਹੀ ਮੁਕਤ ਹੋਏ। ਜਨਮ ਮਰਨ ਤੇ ਰਹਿਤ ਹੋਏ। ਉਚੀ ਪਦਮੀ ਪਾਈ। ਜੇ ਪਦਮੀ ਰਿਖੀਸਰਾਂ, ਤਪੀਸਰਾਂ, ਸਿਧਾਂ, ਮੁਨੀਸਰਾਂ ਨੂੰ ਪ੍ਰਾਪਤ ਨਹੀਂ, ਸੋ ਪਦਮੀ ਮੁਕਤਿਆਂ ਨੂੰ ਮਿਲੀ। ਫੇਰ ਗੁਰੂ ਜੀ ਆਰਤੀ ਸੋਹਿਲਾ ਪੜਕੇ ਅਰਦਾਸ ਕੀਤੀ, ਕੜਾਹ ਪ੍ਰਸਾਦਿ ਵਰਤਿਵਾਇਆ। ਬਚਨ ਕਰਿਆ: 'ਏਹੁ ਸਾਡਾ ਦੀਵਾਨ ਕਾ ਅਸਥਾਨ ਤੇ ਮੁਕਤਿਆਂ ਕਾ ਸਹੀਦਰੀਜ ਏਕ ਸਮਾਨ ਹੈ। ਕੋਈ ਭਾਵਨੀ ਕਰੇ ਪੂਰੀ ਹੋਊ।
' ਸਹੀਦੁਰੀਜ ਬਣਿਆ। ਜਿਸ ਭਾਉਨੀ ਕੋਈ ਸਿਖ ਮਥਾ ਟੇਕਦਾ ਹੈ, ਸੋ ਗੁਰੂ ਪੂਰੀ ਕਰਦਾ ਹੈ॥੫੫॥
1. ਮੁਕਤਸਰ ਦਾ ਯੁਧ ਕਵੀ ਸੰਤੋਖ ਸਿੰਘ ਜੀ ਨੇ ਵਿਸਤਾਰ ਨਾਲ ਐਨ ੧ ਦੇ ਅੰਸੂ ੯ ਤੋਂ ੧੩ ਵਿਚ ਦਿਤਾ ਹੈ ਤੇ ਉਸ ਵਿਚ ਇਨ੍ਹਾਂ ਸਾਖੀਆਂ ਦਾ ਆਧਾਰ ਪ੍ਰਦਿਪਤ ਹੈ।
2. ਅੱਗ।
56. ਚਿਰੰਜੀਵੀ ਸਾਧ ਨੂੰ ਤਾਰਿਆ
ਅਗੇ ਸਾਖੀ ਹੋਰ ਤੁਰੀ। ਗੁਰੂ ਜੀ ਸਰਾਇ ਜਾਇ ਉਤਰੇ। ਓਥੇ ਸਾਧ ਰਹਿੰਦਾ ਸੀ। ਕਹਿੰਦਾ, 'ਕਉਣਿ ਉਤਰਿਆ ਹੈ, ਤਾਲ ਕੇ ਪਰਲੇ ਕਿਨਾਰੇ ?'
ਓਥੇ ਸਿਖ ਭੀ ਜਾਇ ਨਿਕਲੇ ਸਨਿ। ਓਸ ਕੇ ਸੇਵਕ ਕਹਿੰਦੇ: 'ਗੁਰੂ ਹੈ, ਜਿਸ ਕਾ ਤੁਰਕਾਂ ਨਾਲ ਜੁਧ ਹੋਇਆ।'
ਕਹਿੰਦਾ: 'ਗੁਰੂ ਕੀ ਕੇਤੀਕ ਉਮਰ ਹੈ ?”
ਸਿਖ ਕਹਿੰਦੇ: 'ਚਉਤੀ ਪੈਂਤੀ ਬਰਸ ਕੀ ਉਮਰ ਹੈ।'
ਕਹਿੰਦਾ: 'ਓਸ ਤੇ ਕਿਆ ਲੈਣਾ ਹੈ ?”
ਸਿਖਾਂ ਨੇ ਗੁਰੂ ਜੀ ਪਾਸ ਕਹਿ ਦੀਆ: 'ਸਾਧ ਕਹਿੰਦਾ ਸੀ ਏਡੀ ਉਮਰ ਗੁਰੂ ਕੀ ਹੈ ਤਾਂ ਕੀ ਲੈਣਾ ਹੈ।'
ਗੁਰੂ ਜੀ ਕਹਿੰਦੇ: ‘ਸਾਧ ਉਮਰ ਕਾ ਗੁਮਾਨ ਕਰਦਾ ਹੈ।' ਸਿਖੀ ਕਹਿਆ: 'ਜੀ ਏਸ ਕੀ ਕੈਡੀ ਕੁ ਉਮਰ ਹੈ? ਗੁਰੂ ਜੀ ਕਹਿੰਦੇ: 'ਇਸਕੀ ਉਮਰ ਇਕ ਹਜਾਰ ਬਰਸ ਕੀ ਤੇ ਛੇ ਬੀਹਾਂ ਬਰਸ ਉਤੇ ਕੀ ਹੈਗੀ। ਸਮਾਧਿ ਲਗਾਉਂਦਾ ਹੈਗਾ।'
ਸਾਧ ਕੇ ਸੇਵਕ ਭੀ ਸੁਣਦੇ ਥੇ, ਸਾਧ ਨੂੰ ਜਾਇ ਕਹਿੰਦੇ ਗੁਰੂ ਜੀ ਕਹਿੰਦੇ, ਸਾਧ ਉਮਰ ਕਾ ਗੁਮਾਨ ਕਰਦਾ ਹੈ। ਇਕ ਹਜਾਰ ਛੇ ਬੀਹਾਂ ਬਰਸ ਉਤੇ ਕੀ ਹੈ ਸਾਧ ਕੀ ਉਮਰ।'
ਸਾਧ ਕਹਿੰਦਾ: 'ਐਡੀ ਉਮਰ, ਸੋਝੀ ਐਡ। ਸਾਧ ਗੁਰੂ ਜੀ ਕਾ ਦਰਸਨ ਕਰਣਿ ਆਇਆ ਸੋਟੀ ਹਥਿ ਫੜਕੇ। ਅਗੇ ਰਹਿਰਾਸ ਪੜੀ ਦੀ ਸੀ। ਸਾਧ ਆਇਕੇ ਗੁਰੂ ਜੀ ਕੇ ਸਾਮਣੇ ਖੜੋਇ ਰਹਿਆ। ਗੁਰੂ ਜੀ ਕਹਿੰਦੇ; 'ਸਾਧਾ ਬੈਠਿ ਜਾਹ।' ਸਾਧ ਮੱਥਾ ਟੇਕ ਕੇ ਬੈਠ ਗਿਆ। ਰਹਿਰਾਸ ਨੂੰ ਭੋਗ ਪਇਆ।
ਸਾਧ ਨੇ ਕਹਿਆ; 'ਜੀ ਆਪਣੀ ਚਰਣੀ ਲਾਓ; ਸਿਖ ਕਰੋ!' ਗੁਰੂ ਜੀ ਕਹਿੰਦੇ, 'ਤੂੰ ਤਾਂ ਅਗੇ ਹੀ ਸਿਖ ਰਹਿਂ, ਪੰਥ ਬਧਾਉਣਾ ਹੈ।'
ਗੁਰੂ ਜੀ ਸਾਧ ਉਤੇ ਖੁਸੀ ਹੋਏ। ਸਾਧ ਨੇ ਮੱਥਾ ਟੇਕਿਆ। ਸਾਧ ਕਹਿੰਦਾ `ਜੀ, ਉਮਰ ਏਹ ਸੋਝੀ ਏਹ?'
ਸਾਧ ਨੂੰ ਸਿਖੀ ਪੁਛਿਆ: 'ਜੀ ਤੁਸਾਂ ਕੀ ਉਮਰ ਵਿਚ ਕਈ ਕਾਲ੍ ਪਏ ਹੋਨਿਗੇ ?'
ਸਾਧ ਕਹਿੰਦਾ; 'ਅਕੇਰਾਂ ਸਾਡੀ ਸਮਾਧਿ ਖੁਲੀ ਤਾਂ ਮਾਨੁਖ ਕੋਈ ਨਾਂ ਦਿਸਾਵੇ। ਅਸੀ ਇਕ ਦੁਇ ਤੀਸਰੀ ਮਜਲ ਗਏ ਤਾਂ ਕੋਈ ਮਨੁਖ ਦਿਸਾਇਆ। ਅਸੀ ਓਨਾਂ ਨੂੰ ਪੁਛਿਆ, ਮਨੁਖਾਂ ਨੂੰ ਕੀ ਹੋ ਗਿਆ, ਹਨ ਨਹੀਂ? ਜੀ ਬਾਰਾਂ ਬਰਸ ਹੋਏ ਕਾਲ੍ਹ ਪਏ ਨੂੰ ਮਰ ਗਏ। ਤਾਂ ਉਨ੍ਹਾਂ ਨੇ ਆਖਿਆ, ਪੰਜ ਸੈ ਕੇਸ ਵਿਚ ਬਰਖਾ ਨਹੀਂ ਹੋਈ, ਬਾਰਾਂ ਬਰਸ ਦੁਰਭਿਛ ਪਇਆ। ਪੰਜਾਹ ਰੁਪਏ ਬਕਰੇ ਦੀ ਸਿਰੀ ਹੋਇ ਗਈ।' ਸਾਧ ਨੂੰ ਖੁਸੀ ਹੋਈ। ਸਾਧ ਡੇਰੇ ਗਇਆ ॥੫੬॥
57. ਨੌਥੇਹੇ ਡੇਰਾ
ਅਗੇ ਸਾਖੀ ਹੋਰ ਚਲੀ। ਆਗੇ ਡੇਰਾ ਨੌਥੇਹੇ ਗੁਰੂ ਜੀ ਨੂੰ ਨਾਹੀ ਦਿਤਾ ਹਰੀਕਿਆਂ ਨੇ' ॥੫੭॥
58. ਪਹਿਰੇਦਾਰ ਡੋਗਰਾਂ ਨੂੰ ਬਖ਼ਸ਼ੀਸ਼
ਅਗੇ ਗੁਰੂ ਜੀ ਫੱਤੇ ਸੰਮੂ ਦੇ ਡੇਰਾ ਜਾਇ ਕੀਤਾ। ਹਰੀਕੇ ਲੁੰਝੀ ਖੇਸ ਲੈਕੇ ਮਿਲੇ। ਗੁਰੂ ਜੀ ਖੇਸ ਲੈਕੇ ਲੋਕ ਬੰਨਿਆ। ਲੁੰਙੀ ਮੋਢੇ ਧਰੀ। ਇਕ ਸਿੰਘ ਨੇ ਬਿਬੇਕ ਕੀਆ। ਗੁਰੂ ਜੀ ਨੇ ਕਹਿਆ: 'ਜੇਹਾ ਦੇਸੁ ਤੇਹਾ ਭੇਸੁ। ਮੋਢੇ ਲੁੰਝੀ ਤੇੜ ਖੇਸੁ।'
ਗੁਰੂ ਜੀ ਨੇ ਕਹਿਆ ਹਰੀ ਕਿਆਂ ਨੂੰ: 'ਰਾਤ ਨੂੰ ਪਹਿਰਾ ਦੇਣਾ!' ਹਰੀਕੇ ਕਹਿੰਦੇ; ਕੋਈ ਖਤਰਾ ਨਾ ਕਰੋ, ਡਰੁ ਕੋਈ ਨਾਹੀ।'
ਗੁਰੂ ਜੀ ਨੇ ਕਹਿਆ: 'ਜ਼ਰੂਰ ਦੇਹੁ ਪਹਿਰਾ।' ਫੇਰ ਭੀ ਕਹਿੰਦੇ: `ਡਰ ਨਾ ਕਰੋ।'
1. ਪਾ:- ਹਥਿ ਆਵੇ। ਮਿਲੇ।
2. ਐਨ १ ਅੰਸੂ १३।
3. ਐਨ ੧ ਅੰਸੂ ੧੪।
ਗੁਰੂ ਜੀ ਕਹਿੰਦੇ: 'ਸਿੰਘ ਸੁਖਾ ਛਕਕੇ ਮਸਤਾਨੇ ਹੋਇ ਰਹਿੰਦੇ ਹਨ। ਸਾਡੇ ਨਾਲ ਬੈਰਾੜ ਚਾਕਰ ਹਨ, ਧਾੜਵੀ ਜੇਹੇ ਲੋਕ ਹੈ।'
ਹਰੀਕਿਆਂ ਨਾਲਿ ਡੋਗਰ ਸਨ ਟਹਿਲੀਏ। ਓਨ੍ਹਾਂ ਨੂੰ ਕਹਿਆ: 'ਗੁਰੂ ਕਾ ਪਹਿਰਾ ਦੇਣਾ ਜਾਇਕੇ ਵਾਰੀ ਵਾਰੀ, ਕਹਿੰਦੇ ਸਨ ਪਹਿਰਾ ਜਰੂਰ ਦੇਣਾ। '
ਗੁਰੂ ਜੀ ਨੇ ਕਹਿਆ, 'ਕੋਈ ਹਰੀ ਕਾ ਹੈ ਜਾਗਦਾ ?”
'ਜੀ, ਡੋਗਰ ਹਾਂ ਜਾਗਦੇ।
ਪਹਿਰ ਰਾਤ ਤੇ ਮਗਰੋਂ ਫੇਰ ਕਹਿਆ, 'ਕੋਈ ਹਰੀ ਕਾ ਹੈ ਜਾਗਦਾ ?”
'ਜੀ ਹਰੀ ਕੇ ਮਾਹੀਪਾਲ ਡੋਗਰ ਹਾਂ ਜਾਗਦੇ।'
ਗੁਰੂ ਜੀ ਨੇ ਫੇਰ ਕਹਿਆ, 'ਕੋਈ ਹਰੀ ਕਾ ਹੈ ਜਾਗਦਾ ??
'ਜੀ ਪਾਤਿਸਾਹਿ ਡੋਗਰ ਹਾਂ ਜਾਗਦੇ। '
ਗੁਰੂ ਜੀ ਬਚਨ ਕੀਤਾ, 'ਜਿਸਦੀ ਬਖਸ ਹੋਦੀ ਹੈ ਸੋਈ ਲੈਂਦਾ ਹੈ। ਹਰੀ ਕੇ ਸੁਤੇ ਰਹੇ ਡੋਗਰ ਲੈ ਗਏ। ਨੈਇ ਤੇ ਬਸਦੇ ਰਹੇ ਤੁਮਾਰੀ ਚੌਧਰਾਈ।' ਡੋਗਰਾਂ ਨੇੜੇ ਆਇਕੇ ਮਥਾ ਟੇਕਿਆ²॥੫੮॥
59. ਰੋਹੀ ਵਿਚ ਬੇਰ ਹੇਠ ਡੇਰਾ
ਅਗੇ ਡੇਰਾ ਰੋਹੀ ਵਿਚ ਬੇਰ ਹੈ ਵਡੀ, ਓਥੇ ਡੇਰਾ ਹੋਇਆ॥੫੯॥
60. ਬਜੀਦਪੁਰ ਜ਼ਾਮਨੀ ਤਾਰੀ
ਅਗੇ ਡੇਰਾ ਵਜੀਦ ਪੁਰ ਹੋਇਆ। ਸਿਖਾਂ ਕਹਿਆ, 'ਜੀ ਪਾਤਸਾਹ ਕਸੂਰ ਦੇ ਹੇਠ ਆਇ ਉਤਰੇ ਹਾਂ। ਜੀ ਪਾਤਿਸਾਹ! ਬਾਈ ਨੌਬਤਾਂ ਇਨਾਂ ਕੀਆਂ ਵਜਦੀਆਂ ਹਨ ਕਸੂਰ। ਗੁਰੂ ਜੀ ਬਚਨ ਕੀਤਾ, ‘ਹਮਾਰੇ ਕਾਨੇ ਕਾਛੇ ਵਜਨਗੀਆਂ ਨੌਬਤਾਂ।'
ਓਥੇ ਤਿਤਰ ਬੋਲਿਆ, ਗੁਰੂ ਜੀ ਕਹਿਆ: 'ਜਾਂ ਬੋਲਿਆ ਤਾਂ ਲਧਾ'। ਗੁਰੂ ਜੀ ਕਹਿਆ, ਲਿਆਵੋ ਰਾਕੀ" ਨੂੰ!' ਗੁਰੂ ਜੀ ਚੜ੍ਹੇ, ਬਾਜ ਛਡਿਆ
1. ਜਦ ਤੁਰਕ ਫੌਜ ਪਿਛੇ ਫਿਰ ਰਹੀ ਹੋਵੇ ਕਦੇ ਨਹੀਂ ਹੋ ਸਕਦਾ ਕਿ ਸਿੰਘ ਮਸਤਾਨੇ ਹੋਣ। ਥਕੇ ਹੋਏ ਖਾਲਸੇ ਦੇ ਆਰਾਮ ਦੀ ਲੋੜ ਚਾਹੇ ਕਾਰਣ ਹੋਵੇ। ਅਸਲ ਗਲ ਇਹ ਜਾਪਦੀ ਹੈ ਕਿ ਉਸ ਦੇਸ ਦੇ ਵਾਸੀ ਦੇਸ਼ ਭੇਤੀ ਤੋਂ ਜਾਣੂ ਹੋਣ ਕਰਕੇ ਉਨ੍ਹਾਂ ਦਾ ਪਹਿਰਾ ਵਧੇਰੇ ਸੁਖਦਾਈ ਹੋ ਸਕਦਾ ਹੈ ਤੇ ਦੂਸਰੇ ਇਸ ਬਹਾਨੇ ਗੁਰੂ ਜੀ ਉਨ੍ਹਾਂ ਪਰ ਮਿਹਰ ਕਰੀ ਚਾਹੁੰਦੇ ਸਨ।
2. ਐਨ 9 ਅੰਸੂ 981
3. ਇਰਾਕੀ= ਘੋੜਾ।
ਤਿਤਰ ਕੀ ਮਗਰ। ਬਾਜ ਤਿਤਰ ਨੂੰ ਮਾਰੇ ਨਾਹੀਂ। ਕੁਤਿਆਂ ਥੋਂ ਮਲ੍ਹਿਆਂ ਵਿਚ ਵੜ ਜਾਵੇ। ਏਸੇ ਤਰਾਂ ਹੇਠ ਉਤੇ ਹੁੰਦੇ ਪੰਝੀ ਕੋਹੀਂ ਤਿਤਰੁ ਘਰਕਾਇ ਕੇ ਜਾਇ ਫੜਿਆ। ਫੜਕੇ ਗੁਰੂ ਜੀ ਨੇ ਤਿਤਰ ਕੇ ਫੰਘ ਖੋਹਾਇ ਸਿਟੇ। ਫੇਰ ਤਿਤਰ ਛਡਿਆ ਲਗਾ ਤੋੜ ਤੋੜ ਖਾਣ ਬਾਜ, ਜੀਉਂਦੇ ਨੂੰ ਹੀ।
ਦਾਨ ਸਿੰਘ ਅਸੁਪਾਲ ਬੋਲਿਆ: 'ਡਾਢਿਆ ਹੋਰ ਤਾਂ ਕੋਈ ਕੁਹੁ ਕਹਿ ਨਹੀਂ ਸਕਦਾ। ਪੰਝੀ ਕੋਹ ਘੋੜੇ ਤੋੜ ਸਿਟੇ, ਕੇਹੜਾ ਸੇਰ ਸੀ, ਤਿਤਰ ਕੀ ਮਗਰ! ਜਰਾ ਕੁ ਕਿਤੇ ਖੜੇ ਜਾਂਦੇ ਤਿਤਰ ਸਹੇ ਕਿਤਨੇ ਹੀ ਮਾਰ ਲੈਂਦੇ। '
ਗੁਰੂ ਜੀ ਕਹਿੰਦੇ: ‘ਦਾਨ ਸਿੰਘ। ਸਿਕਾਰ ਕਾ ਕਾਲ ਤਾਂ ਨਹੀਂ ਸੀ, ਸਾਡਾ ਏਸ ਤੀਕੁ ਕੰਮੁ ਸੀ।'
ਦਾਨ ਸਿੰਘ ਹੱਸਕੇ ਹਥ ਜੋੜਕੇ ਕਹਿਆ: ਤੁਸਾਂ ਕਾ ਏਸ ਤੀਕ ਕੀ ਕੰਮ ਸੀ? ਬਾਹਰੀ ਕਰੀਏ ਗਰੀਬ ਨਿਵਾਜਿ!'
ਗੁਰੂ ਜੀ ਕਹਿੰਦੇ: ‘ਦਾਨ ਸਿੰਘ ਏਹੁ ਪਿਛਲੇ ਜਨਮ ਤਿਤਰੁ ਜੱਟ ਸੀ। ਬਾਜੂ ਬਾਣੀਆਂ ਸੀ। ਜਟ ਨੇ ਬਾਣੀਏ ਕੇ ਰੁਪਏ ਦੇਣੇ ਸੇ। ਜੱਟ ਦਮੜੇ ਲੈਇਕੇ ਕਿਤੇ ਹੋਰ ਥੇ ਭੱਜਿ ਕੇ ਜਾਇ ਬਸਿਆ। ਫੇਰ ਕਿਤੇ ਦੂਏ ਤੀਏ ਬਰਸ ਜਟ ਕਿਤੇ ਕੰਮੁ ਆਇਆ, ਬਾਣੀਏਂ ਨੂੰ ਅਰੜਿ ਗਇਆ, ਬਾਣੀਏ ਨੇ ਜੱਟ ਫੜ ਲਇਆ: "ਦੇਕੇ ਜਾਹ ਮੇਰਾ ਦੇਣਾ?” ਜਟ ਨੇ ਕਹਿਆ: "ਹੁਣਿ ਛਡਿ ਦੇਹ ਤੇਰੀ ਕੌਡੀ ਕੌਡੀ ਉਤਾਰ ਦੇਊਂ।” ਬਾਣੀਏ ਕਹਿਆ. "ਜਾਮਨੁ ਦੇਇ ਜਾਹਿ।” ਜੱਟ ਕਹਿੰਦਾ "ਜਾਮੁਨ ਮੇਰਾ ਕੌਣ ਹੁੰਦਾ ਹੈ। ਗੁਰੂ ਜਾਮੁਨ ਹੋਇਆ। " ਬਾਣੀਏ ਕਹਿਆ: “ਗੁਰੂ ਹੀ ਸਹੀ, ਧਰਮ ਰਖੀਂ।" ਬਾਣੀਆਂ ਨਾਂਹੀਂ ਖਤ੍ਰੀ ਸੀ। ਅਸੀਂ ਦਾਨ ਸਿੰਘ! ਜਾਮਨੀ ਲਾਹੀ ਹੈ। ਬਾਜੂ ਤਾਂ ਨਾਂਹੀ ਸੀ ਮਗਰ ਲਗਦਾ, -ਜਾਮਨ ਪਾਸੋਂ ਲਊਂ, ਕੁਹ ਗਿਆਤਾ ਸੀ ਪਛਲੀ ਬਾਜ ਨੂੰ। ਜੱਟ ਨੇ ਧਰਮ ਨਾ ਰਖਿਆ ਹੁਣ ਏਸ ਕੇ ਹਵਾਲੇ ਕੀਤਾ ਹੈ, ਤੋੜ ਤੋੜ ਖਾਂਦਾ ਹੈ।`
ਦਾਨ ਸਿੰਘ ਉਠਿਕੇ ਗੁਰੂ ਜੀ ਕੇ ਪੈਰਾਂ ਪਰ ਮੱਥਾ ਟੇਕਿਆ। 'ਗੁਰੂ ਜੀ! ਸਾਮ੍ਹਣੇ ਬੋਲਿਆ ਹਾਂ, ਤਕਸੀਰ ਮਾਫ ਹੋਵੇ।
ਗੁਰੂ ਜੀ ਕਹਿਆ: 'ਕੋਈ ਨਹੀ ਦਾਨ ਸਿੰਘ! ਤੁਸੀਂ ਤਾਂ ਉਤਰ ਹੀ ਪੁਛਿਆ ਹੈ।'
1. ਅਚਾਨਕ ਮਿਲ ਪਿਆ।
ਦਾਨ ਸਿੰਘ ਨੇ ਮੱਥਾ ਟੇਕਿਆ:
"ਗੁਰੂ ਜੀ! ਤੁਸਾਂ ਕੀ ਖੁਸ਼ੀ ਚਾਂਹਦੇ ਹਾਂ।'
ਜੰਡਾਂ ਕੀਆਂ ਮੇਖਾਂ ਲਾਈਆਂ, ਤਿੰਨ ਜੰਡ ਹਰੇ ਹਨ,
ਮੱਥਾ ਟੇਕੀਦਾ ਹੈ*॥੬੦॥
61. ਫੇਰ ਡੇਰਾ ਮੁਕਤਸਰ
ਅਗੇ ਡੇਰਾ ਮੁਕਤਸਰ ਹੋਇਆ। ਸ੍ਰੀ ਗੁਰੂ ਜੀ ਸਹਾਇ। ਮੇਰੀ ਕਰੋ ਸਹਾਇ।
ਸ੍ਰੀ ਗੋਬਿੰਦ ਸਿੰਘ ਰਾਇ! ਭੌਜਲ ਪਾਰ ਲੰਘਾਇ॥ ਫੇਰ ਬਚਨ ਕੀਤਾ, 'ਜੁਧ ਭੂਮ ਜੇ ਹੈ ਸੋ ਕੁਲਛੇਤ੍ਰ ਕੇ ਸਮਾਨ ਹੈ। ਜੈਸੇ ਕੁਲਛੇਤ੍ਰ ਭੂਮ ਫੁਲ ਨਹੀਂ ਚੁਣੀਦੇ ਤੈਸੇ ਜੁਧ ਭੂਮ ਵਿਚੋਂ ਭੀ ਫੁਲ ਨਹੀਂ ਚੁਣੀਦੇ। ਐਥੇ ਜੋ ਮੁਕਤਿਆਂ ਨੇ ਜੁਧ ਕੀਤਾ ਹੈ, ਤਾਂ ਤੇ ਇਸੀ ਜਾਗਾ ਤੰਬੂ लग्हे!'
ਸਿਖਾਂ ਨੇ ਤਿਥੇ ਹੀ ਤੰਬੂ ਛਾਇਆਵਾਨ ਲਾਇਆ। ਗੁਰੂ ਜੀ ਡੇਰਾ ਕੀਤਾ ਤੰਬੂ ਕੇ ਬੀਚ॥੬੧॥
62. ਰੂਪਾਣੇ ਘੋਗੜ ਉਧਾਰ
ਅਗੇ ਰੂਪਾਣੇ ਆਏ। ਗੁਰੂ ਜੀ ਸੁਖਾ ਛਕਿਆ। ਤੀਰ ਮਾਰਿਆ ਘੋਗੜ ਕੇ। ਜੋਰੇ ਸਿੰਘ ਪੁਛਿਆ: 'ਜੀ, ਘੋਗੜ ਕਿਉਂ ਮਾਰਿਆ ?"
ਗੁਰੂ ਜੀ ਕਹਿੰਦੇ, 'ਜੋਰਾ ਸਿੰਘ! ਇਹ ਸੌ ਜਨਮ ਘੋਗੜ ਹੀ ਹੁੰਦਾ ਆਇਆ ਹੈ। ਕਹਿੰਦੇ, 'ਏਹੁ ਰਾਜਾ ਸੀ ਘੋਗੜ। ਇਸ ਕੇ ਪਿੰਡ ਇਕੁ ਸਿਖ ਸੀ ਗਰੀਬੁ। ਰਾਜਾ ਭੀ ਸਿਖ ਸੀ। ਸਿਖ ਨੇ ਕਹਿਆ ਰਾਜੇ ਨੂੰ:— ਜੀ, ਸਿਖਾਂ ਨੂੰ ਪ੍ਰਸਾਦਿ ਕਰਣਾਂ ਸੀ, ਤੁਸੀ ਚਰਣ ਪਾਓ ਡੇਰੇ। ਰਾਜੇ ਨਿਉਂਦਾ ਮੰਨਿਆ। ਸਿਖ ਪ੍ਰਸਾਦਿ ਕਰਕੇ ਸਦਣ ਆਇਆ, ਰਾਜਾ ਸਿਖ ਦੇ ਘਰ ਗਇਆ। ਸਿਖ ਦੀ ਬੇਟੀ ਰਾਜੇ ਨੂੰ ਸੁੰਦਰ ਦ੍ਰਿਸਟੀ ਆਈ। ਰਾਤ ਨੂੰ ਰਾਜੇ ਨੇ ਸਿਖ ਦੇ ਘਰ ਪਿਆਦੇ ਭੇਜੇ— ਸਿਖ ਦੀ ਬੇਟੀ ਲੈ ਆਵੋ। ਸਿਖ
* ਐਨ ੧ ਅੰਸੂ ੧੪, ਇਹ ਗੁਰਦੁਆਰਾ ਫੀਰੋਜ਼ਪੁਰ ਜਿਲੇ ਵਿਚ ਲੁਧਿਆਣੇ ਨੂੰ ਜਾਂਦੀ ਜਰਨੈਲੀ ਸੜਕ ਤੇ ਫੀਰੋਜਪੁਰ ੪ ਮੀਲ ਤੇ 'ਗੁਰੂ ਸਰ ਬਾਸ਼ੀਦਪੁਰ' ਨਾਮ ਕਰਕੇ ਪ੍ਰਸਿੱਧ ਹੈ।
ਪਿਆਦਿਆਂ ਨੂੰ ਵੇਖਕੇ ਤੰਗ ਹੋਇਆ। ਬੇਟੀ ਕਹਿੰਦੀ: ਬਾਪੂ ਤੰਗ ਨਾ ਹੋਵੇ, ਮੇਰੇ ਨਾਲ ਚਲੁ। ਰਾਜੇ ਨੂੰ ਕਹਿੰਦੀ ਸਿਖ ਦੀ ਬੇਟੀ:- ਮੈਂ ਕੱਲ ਨੂੰ ਆਵੇਂਗੀ। ਅਜੁ ਸਮਾਂ ਨਹੀ ਮੇਰਾ ਰਹਿਣ ਦਾ। ਮੈਨੂੰ ਸੱਦਣ ਨਾ ਕੋਈ ਆਵੇ, ਮੈਂ ਆਪੇ ਆਵਾਂਗੀ ਜੀ। ਰਾਜਾ ਕਹਿੰਦਾ: ਵੇਖੀਂ ਕੋਈ ਛਲ ਕਰਦੀ? ਜੀਅ, ਛਲ ਕੀ ਕਰਣਾ ਹੈ, ਭਲਕੇ ਮੈਂ ਰਹਿੰਦੀ ਨਾਹੀ। ਅਗਲੇ ਦਿਨ ਲੜਕੀ ਕੁਹੁ ਖਾਇਕੈ ਮਰ ਗਈ। ਅੰਤ ਕੇ ਸਮੇਂ ਲੜਕੀ ਕਹਿੰਦੀ ਰਾਜੇ ਕੀ ਮਤ ਮਾੜੀ ਹੈ, ਨਿਰਾ ਘੋਗੜ ਹੈ। ਲੜਕੀ ਕੇ ਸਰਾਫ ਤੇ ਰਾਜਾ ਕੋਈ ਸੌ ਜਨ ਘੋਗੜ ਹੀ ਹੁੰਦਾ ਆਇਆ ਹੈ ॥੬੨॥
63. ਥੋਹੜੀ, ਜੋਗੀ ਹੁਕਮ ਨਾਥ
ਜੋਗੀ ਪਿਛਲੇ ਡੇਰੇ ਗੁਰੂ ਜੀ ਨੂੰ ਮਿਲ ਆਇਆ ਸੀ। ਕਹਿੰਦਾ: 'ਗੁਰੂ ਕਹਾਉਨਾਂ ਹੈ ਕਰਾਮਾਤ ਦੇਹੁ? ਗੁਰੂ ਜੀ ਕਹਿੰਦੇ: ‘ਦੇਵਾਂਗੇ।'
ਓਥੇ ਥੇਹੜੀ ਵਡਾ ਮਟੁ ਸੀ ਸੁੰਦਰ ਵਿਚ ਗੋਰ ਸੀ ਭੱਟੀ ਕਾਸਬ ਕੀ।
ਓਥੇ ਜੋਗੀ ਬੈਠਾ ਸੀ। ਗੁਰੂ ਜੀ ਨੇ ਤੀਰ ਜ਼ਮੀਨ ਉਤੇ ਲਾਇਕੇ ਨਮਸਕਾਰ ਕੀਤੀ। 'ਹੁਕਮ ਨਾਥ ਰਾਜੀ ਹਹੁ?" ਕਹਿਆ ਸਾਹਿਬ ਨੇ। ਕਹਿੰਦਾ: 'ਨਮਸਕਾਰ, ਗੁਰੂ ਗੋਬਿੰਦ ਸਿੰਘ ਜੀ, ਰਾਜੀ ਹਾਂ।'
ਗੁਰੂ ਜੀ ਕਹਿੰਦੇ: ਬਡੀ ਸੁੰਦਰ ਜਾਗਾ ਹੈ।'
ਖਾਲਸਾ ਜੀ ਕਹਿੰਦਾ: 'ਗੁਰੂ ਤਨਖਾਹੀਆ ਹੈ। ਮੁਸਲਮਾਨ ਕੀ ਜਾਗਾ ਕੀ ਤਰੀਫ ਕਰੀ ਹੈ। ਗੁਰੂ ਜੀ ਨੂੰ ਤਨਖਾਹ ਲਾਈ ਸਵਾ ਪਚੀ ਦਮੜੇ। ਸਿਖ ਕਹਿੰਦੇ, 'ਗੋਰ, ਮੜੀ, ਮਟ ਭੂਲ ਨ ਮਾਨੈ, ਨਾਲੇ ਕਹਿੰਦੇ ਹਹੁ, ਨਾਲੇ ਤਨਖਾਹ ਲੁਵਾਈ ?'
ਕਹਿੰਦੇ: 'ਖਾਲਸੇ ਨੂੰ ਸਿਖਾਲਦੇ ਹਾਂ ਤਨਖਾਹ ਦੇਣਿ ਲੈਣਿ। ਏਹੁ ਜੋਗੀ ਦੀ ਤੀਰ ਨਾਲ ਸਕਤ ਖਿੱਚੀ ਹੈ। ਏਹੁ ਦਿਲੀ ਤੇ ਲਹੌਰ ਭਿਛਿਆ ਕਰ ਆਉਂਦਾ ਹੈ। ਸਾਥੋਂ ਕਰਾਮਾਤ ਮੰਗਦਾ ਸੀ।'
ਗੁਰੂ ਜੀ ਕਹਿੰਦੇ: 'ਹੁਕਮ ਨਾਲ, ਚਲ ਦਿਲੀ ਲਹੌਰ
ਕਹਿੰਦਾ 'ਜੀ! ਹੁਣ ਤਾਂ ਤੁਸੀ ਕਿਤੇ ਜਾਣ ਜੋਗੇ ਛਡੇ ਨਾਹੀ।`
1. ਸ੍ਰਾਪ ।
2. ਐਨ ੧ ਅੰਸੂ ੧੫, ਅਗਲੀ ਸਾਖੀ ਬੀ ਇਸੇ ਅੰਸੂ ਵਿਚ ਹੈ।
ਜਿਥੇ ਗੁਰੂ ਜੀ ਨੇ ਡੇਰਾ ਕੀਤਾ ਸੀ, ਓਥੇ ਇਕ ਮੁਢ ਉਤੇ ਤਿੰਨ ਜੰਡਿ ਸਨ। ਓਥੇ ਓਸ ਜੰਡ ਨੂੰ ਮਥਾ ਟੇਕੀਦਾ ਹੈ। ਓਸ ਜੰਡ ਦੇ ਨਾਲ ਸਸਤ੍ਰ ਗੁਰੂ ਜੀ ਝੁਲਾਏ ਸੇ ਕਮਰ ਖੋਲਕੇ। ਸੁਖਾਂ ਪੂਰੀਆਂ ਹੁੰਦੀਆਂ ਹਨ ਓਸ ਜਾਗਾ ਕੀਆਂ। ਜੋਗੀ ਕਾ ਪਾਲੀ ਟੋਰੀ' ਪੀਲੂੰ ਕੀ ਲਿਆਂਵਦਾ, ਸਭਹੀ ਅਘਾਇ ਜਾਂਦੇ। ਓਦੋਂ ਉਹ ਭੀ ਥੁੜ ਗਈ। ਬਛੇ ਨਾਲ ਗਾਂਈ ਦੇ ਸਾਰਾ ਦਿਨ ਰਹਿੰਦੇ ਚਰਦੇ, ਚੁੰਘਦੇ ਨਾਂ, ਗਾਂਈ ਚੁੰਘਾਇ ਆਈਆਂ। ਤਾਉੜੀ ਖਿਚੜੀ ਕੀ ਰਿੰਨ੍ਹਦਾ, ਫੇਰ ਲਾਹਿਕੇ ਭੰਨ ਦੇਂਦਾ। ਜਿਤਨੇ ਸਰੀਰ ਹੁੰਦੇ ਓਨੇ ਹੀ ਠੀਕਰੇ ਹੇ ਜਾਂਦੇ। ਫੇਰ ਭੰਨੀ ਤਾਉੜੀ, ਦੇਇ ਠੀਕਰੇ ਹੋਏ। ਜੋਗੀ ਦੀ ਸਕਤਿ ਜਾਂਦੀ ਰਹੀ। ਗੁਰੂ ਜੀ ਥੋਂ ਕਰਾਮਾਤ ਮੰਗੀ ਥੀ। ਜੋਗੀ ਓਥੋਂ ਉਠਕੇ ਸਤਾਬੀ ਰਤੀਏ ਜਾਇ ਰਹਿਆ। ਗਾਂਈ ਵਛੇ ਲੈਇ ਗਇਆ, ਹੋਰ ਸਭ ਕੁਹੁ ਛਡਿ ਗਇਆ: ਘੋੜੇ, ਬਸਤ੍ਰ, ਵਰਤਣ, ਭਾਂਡੇ, ਖਰਾਸ, ਗੱਡਾ ॥੬੩॥
64. ਭੂਦੜ
ਗੁਰੂ ਜੀ ਸ਼ਿਕਾਰ ਖੇਡਦੇ ਖੇਡਦੇ ਛੇਈਂ ਕੋਹੀਂ ਭੂੰਦੜ ਗਏ। ਗੁਰੂ ਜੀ ਨੂੰ ਭੂੰਦੜਿ ਨੇ ਮੱਥਾ ਟੇਕਿਆ, ਪੰਜ ਰੁਪੱਯੇ ਇਕੁ ਥਾਨੁ। ਦੁਧ ਸਿਖਾਂ ਨੂੰ ਛਕਾਇਆ ਮਿਠਾ ਕਰਕੇ, ਹੋਰ ਗੋਸਟ ਹੋਈ।
ਗੁਰੂ ਜੀ ਕਹਿੰਦੇ: ‘ਭੂੰਦੜਾ ਅਸੀ ਚੜਦੇ ਹਾਂ।' ਭੂੰਦੜ ਕਹਿੰਦਾ: 'ਜੀ ਰਹੇ। ਕੋਈ ਟਹਿਲ ਫੁਰਮਾਓ! ' ਗੁਰੂ ਜੀ ਚੜੇ ਥੇਹੜੀ ਵਿਚਦੀ ॥੬੪॥
1. ਕਾਨਿਆਂ ਦੀ ਬਣੀ ਲੰਬੇਤਰੀ ਪੱਛੀ ਯਾ ਟੋਕਰੀ ਜਿਸ ਵਿਚ ਪੀਲੂ (ਵਣ ਬ੍ਰਿਛ ਦਾ ਫਲ) ਪਾਉਂਦੇ ਹਨ।
2. ਗੁ: ਪ੍ਰ: ਸੂਰਜ ਗ੍ਰੰਥ ਐਨ ੧ ਅੰਸੂ ੧੫।
3. ਸੂ: ਪ੍ਰ: ਨੇ ਭੂੰਦੜ ਦੀਵਾਨਾ ਲਿਖਿਆ ਹੈ।
4. ਇਹ ਤੇ ਅਗਲੇ ਦੇ ਤ੍ਰੈ ਪ੍ਰਸੰਗ ਐਨ ੧ ਅੰਸੂ ੧੬ ਵਿਚ ਇਸੇ ਤਰਤੀਬ ਵਿਚ ਹਨ।
65. ਕਾਲ ਝਿਰਾਣੀ ਡੋਡ ਕਾਂ ਤੇ ਸੱਪ ਉਧਾਰ
ਅਗੇ ਗੁਰੂ ਜੀ ਡੇਰਾ ਕਾਲ-ਝਿਰਾਣੀ ਕੀਆ। ਅਗੇ ਕਾਲ ਝਿਰਾਣੀ ਫੁਲਾਹੀ ਵਿਚ ਡੋਡ ਕਾਉਂ ਦੇ ਬਚੇ ਹੈਸਨਿ। ਗੁਰੂ ਜੀ ਕਹਿਆ: 'ਧਰਮ ਸਿੰਘ! ਤੈਨੂੰ ਜਿਹੜਾ ਬਚਾ ਮੁਹੁ ਟਡਿ ਕੇ ਆਵੇ, ਓਸ ਕੀ ਧੌਣ ਤੋੜਿ ਆਉ। ' ਧਰਮ ਸਿੰਘ ਧੌਣ ਤੋੜ ਆਇਆ ਉਤੇ ਚੜਕੇ। ਪ੍ਰੇਮ ਸਿੰਘ ਹੇਠ ਖੜੋਤਾ ਸੀ। ਸਿਖਾਂ ਕਹਿਆ: 'ਜੀ! ਬਾਹਰੀ ਕਰੀਏ ਗਰੀਬ ਨਿਵਾਜ!'
ਗੁਰੂ ਜੀ ਕਹਿੰਦੇ, 'ਏਹੁ ਸਾਡਾ ਲਾਂਗਰੀ ਸੀ, ਸਿਖਾਂ ਨੂੰ ਝਹੀਆਂ ਲੈ ਕੇ ਪੈਂਇੰਦਾ। ਸਿਖ ਕਹਿੰਦੇ:- ਕੀ ਕਾਉਂ ਵਾਂਗੂੰ ਕਰਲ ਕਰਲ ਕਰਦਾ ਹਹਿਂ । ਏਸ ਕੀ ਮੁਕਤ ਕੀਤੀ ਹੈ।'
ਸਿਖੀ ਮਥਾ ਟੇਕਿਆ। ਪਿੰਡੋਂ ਉਗਣ ਕੀ ਵਲਿ ਕਾਂਟਿਆਂ ਵਾਲੀ ਢਾਬ ਆਏ। ਓਥੇ ਸਪੁ ਵਡਾ ਫਣ ਚਕੀ ਆਇਆ। ਗੁਰੂ ਜੀ ਨੇ ਤੀਰ ਮਾਰਿਆ। ਕਹਿੰਦੇ: 'ਪਿਛੇ ਮਸੰਦ ਸੀ, ਸਿਰੁ ਨਾਂ ਸੀ ਨਿਵਾਂਵਦਾ ਕਿਸੇ ਕੋ ॥੬੫॥
66. ਗੁਰੂ ਸਰ
ਫੇਰ ਡੇਰਾ ਗੁਰੂ ਸਰ ਹੋਇਆ। ਸੋਢੀਆਂ ਨੇ ਰਸਤ ਦਿਤੀ, ਪ੍ਰਸਾਦਿ ਕੀਤਾ। ਅਗੇ ਡੇਰਾ ਕੂਚ ਕੀਤਾ। ਸ਼ਿਕਾਰ ਖੇਡਦੇ ਖੇਡਦੇ ਆਉਂਦੇ ਹੈਸਨ ਆਪਣੀ ਮੌਜ ਨਾਲਿ। ਸਾਥ ਬਰਾੜਾਂ ਦੀ ਬਡੀ ਭੀੜ ਹੈਸੀ। ਕੋਈ ਕੁਹੁ ਬੋਲਦਾ, ਕੋਈ ਕੁਹੁ ਬੋਲਦਾ ਹੈ॥੬੬॥
67. ਛਤਿਆਣੇ, ਲਖੀ ਜੰਗਲ, ਬੈਰਾੜਾਂ ਨੂੰ ਤਨਖਾਹਾਂ, ਸੂਮਾਂ
ਛਤਿਆਣੇ ਡੇਰਾ ਹੋਇਆ। ਚੜਦੇ ਵਲ ਬਹਿਮੀ ਫਕੀਰ ਕੇ ਟਿਬੇ ਪਾਸ। ਬੈਰਾੜਾਂ ਗੁਰੂ ਕੇ ਘੋੜੇ ਕੀ ਬਾਗ ਫੜੀ। ਕਹਿੰਦੇ: 'ਜੀ! ਚਾਕਰੀ ਹੁਣ ਦੇਇ ਕੇ ਜਾਹੁ ਅਗਾਹਾਂ। ਗੁਰੂ ਜੀ ਕਹਿੰਦੇ: 'ਦੇਵਾਂਗੇ।'
ਬਰਾੜ ਕਹਿੰਦੇ; ਕਈ ਦਿਨ ਹੋਏ ਹੈਨ, ਦੇਵਾਂਗੇ। ਦੇਵਾਂਗੇ ਕਹਿੰਦਿਆਂ ਨੂੰ, ਦਿੰਦੇ ਨਾਂਹੀ, ਹੁਣ ਦੇਵੇ। ਲੈਕੇ ਅਗਾਂਹ ਜਾਣ ਦੇਵਾਂਗੇ। ਅਗੇ ਸਾਬੋ ਕੀ ਹਦ ਵੜਦੇ ਹਹੁ।'
ਗੁਰੂ ਜੀ ਕਹਿੰਦੇ; 'ਅਕੇ ਸਿਖੀ ਰਖੋ, ਅਕੇ ਚਾਕਰੀ ਲਹੋ। ਕਹਿੰਦੇ; 'ਚਾਕਰੀ ਦੇਹੁ'।
ਗੁਰੂ ਜੀ ਧਨੁਖ ਸਾਥ ਬਾਨ ਚਲਾਇਆ ਤੇ ਅਕਾਸ ਕੀ ਓਰ ਬਦਲ ਹੋਇ ਆਇਆ, ਘਟ ਹੋਇ ਆਈ, ਲਗਾ ਗਲ੍ਹਿਆਂ ਨਾਲ ਮੀਹੁ ਪਵਣਿ, ਵੈਰਾੜ ਕੋਈ ਕਿਸੇ ਮਾਲ ਹੇਠ ਨੂੰ ਭੰਨਾ, ਕੋਈ ਕਿਸੇ ਮਾਲ ਹੇਠ ਨੂੰ ਭੰਨਾਂ। ਗੁਰੂ ਜੀ ਓਥੇ ਹੀ ਘੋੜੇ ਚੜੇ ਖੜੇ ਰਹੇ। ਸਿਖਾਂ ਨੇ ਗੁਰੂ ਜੀ ਕੇ ਘੋੜੇ ਉਤੋਂ ਦੀ ਲਏ ਕਰ ਦਿਤੇ। ਗੁਰੂ ਜੀ ਤੀਰ ਕਰ ਛੋਡਿਆ ਘੋੜੇ ਕੇ ਸਿਰ ਪਰਕੀ। ਓਥੋਂ ਕੋਸ ਭਰ ਸਾਰੇ ਮੀਹੁ ਪਇਆ ਗਲ੍ਹਿਆਂ ਨਾਲ। ਗੁਰੂ ਜੀ ਓਥੇ ਹੀ ਡੇਰਾ ਕਰ ਦੀਆ। ਮਗਰਲਾ ਡੇਰਾ ਬਹੀਰੁ ਸਰਵਤ ਆਇ ਮਿਲਿਆ। ਗੁਰੂ ਜੀ ਕੀ ਦਿਸਟਿ ਗੁਪਤਾਂ ਉਤੇ ਹੋਈ, ਨਾਲ ਇਕ ਬਹੀਰ ਦੇ ਸਿਖ ਹਾਜਰ ਹੋਇਆ। ਕਹਿੰਦਾ, 'ਜੀ, ਖਚਰ ਖਜਾਨੇ ਕੀ ਕਹਾਂ ਉਤਾਰੀਏ?”
ਸਾਹਿਬ ਕਹਿੰਦੇ: ਹਜੂਰ ਢਾਲੇ, ਅਗੇ ਈਹਾਂ ਲਿਆਵੇ। '
ਗੁਰੂ ਜੀ ਕਹਿੰਦੇ: 'ਬਾਰ ਖੋਲੇ ਗੁਣਕਾ।' ਜਾਂ ਬਾਰ ਖੋਲਿਆ ਗੁਣਕਾ ਤਾਂ ਅੱਧੇ ਦਮੜੇ, ਅਧੀਆਂ ਮੁਹਿਰਾਂ। ਗੁਰੂ ਜੀ ਕਹਿਆ: 'ਲਹੂ ਵੇ ਚਾਕਰੀ ਲੇਖਾ ਕਰਕੈ ਵੈਰਾੜੇ! ਅਠ ਆਨੇ ਅਸਵਾਰੁ, ਚਾਰ ਆਨੇ ਪਿਆਦਾ, ਇਹ ਨੌਕਰੀ ਵਰਤੇ।' ਪੰਜ ਸੈ ਅਸਵਾਰੁ ਸੀ ਨੌ ਸੈ ਪਿਆਦਾ ਸੀ। ਸਮੂਹ ਨੂੰ ਦੇਂਦੇ ਗਏ। ਗੁਰੂ ਜੀ ਕਹਿੰਦੇ, ‘ਦਾਨ ਸਿੰਘ ਅਸੁਪਾਲੀ! ਆ ਚਾਕਰੀ ਲੈਅ, ਵਰਤਦੀ ਹੈ।
ਦਾਨ ਸਿੰਘ ਕਹਿੰਦਾ: 'ਜੀ, ਪਾਤਿਸਾਹਿ! ਮੈਨੂੰ ਸਿਖੀ ਬਖਸੋ ਜੀ! ਮੇਰੇ ਦੁਧ ਪੁਤ ਘੋੜੇ ਸਭੁ ਕੁਹ ਹੈ ਜੀ।'
ਗੁਰੂ ਜੀ ਕਹਿੰਦੇ: ਤੈਇ ਦਾਨ ਸਿੰਘ! ਸਿਖੀ ਕਾ ਬੀਜੁ ਰਖਿਆ। ਬੀਜ ਤੇ ਵਧ ਜਾਵੇਗੀ। ਸਿਰ ਕੇਸ ਰਖ ਲੈ।”
ਕਹਿੰਦਾ: 'ਜੀ. ਕੇਸ ਕਿਉਂ ਰਖਾਉਂਦੇ ਹਹੁ ?"
ਗੁਰੂ ਜੀ ਕਹਿੰਦੇ; ਜਿਸਦੇ ਸਿਰ ਕੇਸ ਹੁੰਦੇ ਹਹਿ, ਜਪੁ ਪੜਦਾ ਹੈ, ਓਹ ਜਮ ਦੀ ਪੁਰੀ ਨਾਹੀ ਜਾਂਦਾ। ਓਸ ਨੂੰ ਅਸੀ ਭਉਜਲ ਕੀ ਲਹਿਰ ਵਿਚੋਂ ਕਢ ਲੈਂਦੇ ਹਾਂ ਫੜਕੇ। '
ਦਾਨ ਸਿੰਘ ਦੀ ਲੰਮੀ ਦਾੜੀ ਸੀ, ਦਾੜੀ ਦਾ ਜੂੜਾ ਕੀਤਾ ਹੋਇਆ ਸੀ। ਕਹਿੰਦਾ: 'ਜੀ, ਮੈਨੂੰ ਦਾੜੀ ਥੋ ਫੜਕੇ ਕਢਿ ਲੈਣਾਂ ਜੀ!'
ਗੁਰੂ ਜੀ ਬਹੁਤ ਹੱਸੇ। ਕਹਿੰਦਾ: `ਜੀ! ਅਸੀ ਕੇਸ ਭੀ ਰਖ ਲੈਦੇ ਹਾਂ।'
1. ਗੜੇ. ਓਲੇ।
2. ਵਣ ਦਾ ਬ੍ਰਿਛ।
ਗੁਰੂ ਜੀ ਕਾ ਬਚਨ ਮੰਨਿਆਂ, ਕੇਸ ਭੀ ਰਖੇ, ਗੁਰੂ ਜੀ ਕੀ ਪਾਹੁਲ ਭੀ ਲਈ, ਚਾਕਰੀ ਨਾਂ ਲਈ।
ਗੁਰੂ ਜੀ ਬਚਨ ਕੀਤਾ: ‘ਦਾਨ ਸਿੰਘ, ਗੁਰੂ ਦਿਆਲ ਹੈ ਕੁਹੁ ਮੰਗਿ ਲੈ।”
ਦਾਨ ਸਿੰਘ ਆਖਦਾ, 'ਜੇ, ਸਚੇ ਪਾਤਿਸਾਹਿ! ਆਪ ਦਿਆਲ ਹੋ ਤਾਂ ਸਾਡੀ ਨਗਰੀ ਚਰਨ ਪਾਵੇ।'
ਗੁਰੂ ਜੀ ਚੜੇ, ਤੀਸਰੇ ਪਹਿਰ ਸ਼ਿਕਾਰ ਖੇਡਦੇ ਖੇਡਦੇ ਜੰਗਲ ਬੀਚ ਆਨ ਖੜੇ ਹੋਏ। ਬਚਨ ਕੀਤਾ: ਬਡੀ ਸੁੰਦਰ ਜਮੀਨ ਹੈ, ਦਾਨ ਸਿੰਘ ਤੇਰਾ ਨਗਰ ਕਿਤਨਾਂ ਹੈ?” ਓਨਿ ਆਖਿਆ: 'ਜੀ ਸਵਾ ਕੋਸ।'
ਹੁਕਮ ਹੋਇਆ: 'ਹੁਣ ਤਾਂ ਸੋਦਰ ਵੇਲਾ ਹੈ, ਏਥੇ ਹੀ ਡੇਰਾ ਕਰੋ।' ਓਨਿ ਆਖਿਆ: 'ਬਹੁਤ ਅਛਾ ਗੁਰੂ ਜੀ!'
ਦਾਨ ਸਿੰਘ ਰਸਤ ਆਂਦੀ, ਲੰਗਰ ਕਰਵਾਇਆ। ਸੂਮਾ ਬੂਰੀ ਮਾਲੀ' ਕਾ ਦੁਧ ਲਿਆਇਆ। ਹਜੂਰ ਆਪ ਛਕਿਆ, ਬਚਨ ਕੀਤਾ: 'ਸੂਮਿਆਂ ਦੁਧ ਬੂਰੀ ਮਾਲੀ ਕਾ ਹੈ?'
ਓਨ ਆਖਿਆ: 'ਆਹੋ ਗੁਰੂ ਜੀ!
ਅਗਲੇ ਦਿਹੁ ਸਾਰੇ ਪਿੰਡ ਕੜਾਹ ਪ੍ਰਸਾਦਿ ਦੀਆਂ ਪਰਾਤਾਂ ਲਈਆਂ, ਤੇ ਇਕ ਚੰਗਾ ਬਛੇਰਾ ਲੀਆ, ਸਾਰੀ ਨਗਰੀ ਹੁੰਮ ਹੁਮਾਇਕੇ ਦਰਸਨ ਨੂੰ ਆਈ। ਗੁਰੂ ਜੀ ਕਾ ਦਰਸਨ ਕੀਤਾ, ਕੜਾਹ ਪ੍ਰਸਾਦਿ ਬਰਤਿਆ, ਘੋੜਾ ਭੀ ਦੀਆ। ਗੁਰੂ ਜੀ ਬਚਨ ਕੀਤਾ: 'ਏਹੁ ਤਾਂ ਲਖੀ ਜੰਗਲ ਹੈ।" ਤਿੰਨ ਦਿਹ ਤਿਥੇ ਹੀ ਰਹੇ।
ਮਹਿਮੇ ਸੂਮੇ ਆਖਿਆ: ‘ਗੁਰੂ ਦੀ ਕਰਾਮਾਤ ਦੇਖੀਏ।' ਫੇਰ ਕਾਲੀ ਮਾਲੀ ਕਾ ਦੁਧ ਲੈ ਗਿਆ। ਗੁਰੂ ਜੀ ਕਹਿੰਦੇ: ਸੂੰਮਿਆਂ ਕਰਾਮਾਤ ਮੰਗਦਾ ਹੈਂ ? ਅਗੇ ਬੂਰੀ ਮਾਲੀ ਕਾ ਦੁਧ ਲਿਆਂਵਦਾ, ਅਜ ਕਾਲੀ ਮਾਲੀ ਕਾ ਆਂਦਾ ?' ਸੁਮੇ ਆਖਿਆ: 'ਜੀ ਤੀਮੀ ਨੇ ਬਦਲ ਦਿਤਾ।'
ਗੁਰੂ ਜੀ ਕਹਿੰਦੇ: ‘ਕਰਾਮਾਤ ਚਾਹਿੰਦਾ ਸੀ। ਕਰਾਮਾਤ ਇਸ ਅਸਥਾਨ ਵਿਚ ਹੋਊ ॥੬੭॥
1. ਐਨ ੧ ਅੰਸੂ ੧੭ ਵਿਚ ਕਵੀ ਜੀ ਨੇ ਇਹ ਪ੍ਰਸੰਗ ਦਿੱਤਾ ਹੈ।
2. ਮੱਙ
68. ਦਾਨ ਸਿੰਘ ਦੇ ਪਿੰਡ
ਦਾਨ ਸਿੰਘ ਨੇ ਆਪਣੇ ਘਰ ਪ੍ਰਸਾਦਿ ਕੀਤਾ। ਗੁਰੂ ਜੀ ਚੜੇ ਪਿੰਡ ਦੇ ਪਾਸਿ ਆਏ। ਓਥੇ ਜੈਤੋ ਕੇ ਸਿਖ ਆਨਿ ਮਿਲੇ। ਗੁਰੂ ਜੀ ਤਿਥੇ ਹੀ ਉਤਰਿ ਪਏ। ਸਿਖਾਂ ਨੇ ਲੋਏ ਬਿਛਾ ਦਿਤੇ, ਪ੍ਰਸਾਦਿ ਭੀ ਓਥੇ ਹੀ ਮੰਗਾਇਕੇ ਛਕਿਆ। ਓਥੇ ਭੀ ਗੁਰੂ ਕਾ ਅਸਥਾਨ ਹੈ। ਦਾਨ ਸਿੰਘ ਨੂੰ ਖੁਸੀ ਹੋਈ: 'ਤੇਰੇ ਭੀ, ਤੇਰੀ ਨਗਰੀ ਭੀ ਸਿਖੀ ਕਾ ਨਿਵਾਸ ਹੋਊ ॥੬੮॥
69. ਗੁਪਤ ਸਰ। ਇਬ੍ਰਾਹੀਮ ਅਜਮੇਰ ਸਿੰਘ
ਫੇਰ ਚੜੇ ਗੁਪਤਸਰ ਕੇ ਡੇਰੇ ਆਨਿ ਉਤਰੇ। ਓਥੇ ਰਹਿੰਦੀ ਮਾਇਆ ਦਬਾਇ ਦਿਤੀ ਗੁਰੂ ਜੀ ਨੇ। ਓਸ ਜਗਾ ਦਾ ਨਾਉਂ ਗੁਰੂ ਜੀ ਨੇ 'ਗੁਪਤਸਰ ਰਖਿਆ। ਗੁਪਤਾਂ ਨੇ ਮਾਇਆ ਆਣ ਮਥਾ ਟੇਕੀ ਸੀ। ਵੈਰਾੜ ਆਪ ਵਿਚ ਦੀ ਗੱਲਾਂ ਕਰਦੇ ਸਨ: ਗੁਰੂ ਜੀ ਤੋਂ ਮਾਇਆ ਬਰਛੀ ਦੀ ਅਣੀ ਨਾਲਿ ਲਈ। ਇਕ ਸਿਖ ਸੁਣਦਾ ਸੀ। ਸਿਖ ਨੇ ਗੁਰੂ ਜੀ ਪਾਸ ਕਹਿਆ: 'ਜੀ ਬੈਰਾੜ ਏਸ ਤਰਾਂ ਕਹਿੰਦੇ ਸਨ: ਬਰਛੀ ਕੀ ਅਣੀ ਨਾਲ ਮਾਇਆ ਲਈ। ਨਾਲੇ ਹਸਦੇ ਸਨਿ ਜੀ।'
ਗੁਰੂ ਜੀ ਕਹਿੰਦੇ, 'ਸਾਡਾ ਖਾਲਸਾ ਨੌਕਰੀ ਕੀ ਚੋਟ ਸਿਉਂ ਸਹੰਸਰ ਗੁਣੀ ਲੇਵੇਗਾ।'
ਓਥੇ ਬਹਮੀ ਫਕੀਰ ਕੀ ਜਾਗਾ ਸੀ, ਮੁਸਲਮਾਨ ਕੀ। ਓਸ ਨੇ ਓਥੇ ਗੋਰਾਂ ਸੀ ਬਣਾਈ। ਉਗਣ ਆਥਣ ਨੂੰ ਹੈਸੀ। ਨੌ ਗਜ ਲੰਮੀ। ਰੇਖਤੇ ਕੀ ਜੀਉਂਦੇ ਨੇ ਹੀ ਬਣਾਈ ਸੀ। ਮਰਣ ਲਗਾ ਬੜ ਜਾਊਂ, ਮੇਰੀ ਰਖੀ ਸੀ ਨਿਕੀ ਜੇਹੀ। ਗੁਰੂ ਜੀ ਨੂੰ ਜਾਇ ਮਿਲਿਆ। ਰਸਤ ਦਿਤੀ ਗੁਰੂ ਜੀ ਨੂੰ: ਮਣ ਘੀਉ, ਮਣ ਮੈਇਦਾ, ਮਣ ਹੋਰ ਰਸਤ, ਦਾਣਾਂ ਪਠਾ ਦੀਆ। ਗੁਰੂ ਜੀ ਨੂੰ ਬੇਨਤੀ ਕਰਕੇ ਮਿਲਿਆ, ਪਾਹੁਲ ਲਈ। ਗੁਰੂ ਜੀ ਨੇ ਨਾਉ ਰਖਿਆ:- 'ਅਜਮੇਰ
1. ਕਬਰ ।
2. ਭਾਵ ਪੂਰਬ ਪੱਛਮ ਦੇ ਰੁਖ ਨੂੰ ਬਣੀ ਹੈਸੀ।
3. ਚੂਨੇ ਗਚ।
ਸਿੰਘ'। ਬਡਾ ਕਰਾਮਾਤੀ ਹੈਸੀ, ਦਿਲੀ ਲਹੌਰ ਕੀ ਭਿਛਾ ਕਰਦਾ ॥੬੯॥
70. ਸਾਹਿਬ ਚੰਦ ਦੀ ਮਾਲ ਹੇਠ
ਅਗੇ ਸਾਖੀ ਹੋਰ ਚਲੀ। ਗੁਰੂ ਜੀ ਚੜੇ ਸੁਖਾ ਛਕਿਆ ਸਾਹਿਬ ਚੰਦਿ ਮਾਲ੍ਹ ਹੇਠ ਬੈਠਕੇ ॥੭੦॥
71. ਭਾਈ ਦੇ ਕੋਟ
ਅਗੇ ਗੁਰੂ ਜੀ ਚੜੇ ਡੇਰਾ ਕੀਤਾ ਭਾਈ ਦੇ ਕੋਟ। ਬਾਣੀਏ ਸਿਖ ਨੇ ਟਹਿਲ ਕੀਤੀ। ਗੁਰੂ ਜੀ ਨੂੰ ਰਸਤ ਦਿਤੀ ਤਰਾ ਤਰੀ। ਪਾਹੁਲ ਲਈ। ਰੰਗੀ ਕਾ ਨਾਉ ਰਖਿਆ ਰੰਗੀ ਸਿੰਘ, ਦੂਏ ਕਾ ਨਾਉ ਰਖਿਆ ਘੁੰਮੀ ਸਿੰਘ। ਝੋਰੜਿ ਗੁਰਬਖਸ਼ ਸਿੰਘ ਨੇ ਪਾਹੁਲ ਲਈ। ਕੁੱਪ ਦੀਆ ਨੀਰੇ ਕਾ ਗੁਰੂ ਜੀ ਸਿਕਾਰ ਗਏ, ਸੁਨੀਅਰ ਉਤਰੇ ਭਾਈ ਦੇ ਕੋਟ। ਗੁਰੂ ਜੀ ਨੇ ਡੇਰਾ ਬਣਿ ਹੇਠ ਕੀਤਾ ਸੀ। ਹੁਣ ਤੀਕ ਬਣ ਹੈ। ਹੇਠ ਮੰਜੀ ਹੈ ਬਣ ਕੇ। ਓਥੇ ਗੁਰੂ ਜੀ ਬੀਹ ਦਿਨ ਰਹੇ ਹਹਿ ਜੀ॥੭੧॥
72. ਰੋਹਲੇ
ਅਗੇ ਰੋਹਲੇ ਡੇਰਾ ਕੀਤਾ। ਰੋਹਲਾ ਨਾਈ ਸੀ ਜੇਹੜਾ ਤਿਲਕਰੇ ਕੇ ਨਾਲ ਸੀ ਮੁਇਆ ਪੰਜੂ। ਤਿਲਕਰੇ ਰਹਲੇ ਬਾਬੀਹੇ ਕੇ ਪਾਸ ਗੁਰੂ ਜੀ ਨੇ ਦਿਨ ਡੇਰਾ ਕੀਤਾ ਸੀ॥੭੨॥
73. ਬਾਜਕ
ਅੱਗੇ ਚੜੇ ਬਾਜਕ ਸੁਖਾ ਛਕਿਆ। ਸਿਖ ਨਗਰੀਆਂ ਕੇ ਦੁਧਾਂ ਕੇ ਤਾਉੜੇ ਪਰ ਤਾਉੜੇ ਲਿਆਏ। ਸਿਖਾਂ ਨੇ ਛਕਿਆ; ਇਕ ਸਿਖ ਨੇ ਨਾ ਛਕਿਆ। ਗੁਰੂ ਜੀ ਕਹਿੰਦੇ: `ਕਿਉਂ ਨਾਂਹੀ ਛਕਦਾ ?"
1. ਸੂਰਜ ਪ੍ਰਕਾਸ਼ ਵਿਚ ਇਹ ਪ੍ਰਸੰਗ ਰੁਤ ੧ ਦੇ ਅੰਸੂ ੧੭ ਦੇ ਅੰਤ ਤੇ ੧੮ ਦੇ ਆਰੰਭ ਵਿਚ ਕਵੀ ਜੀ ਨੇ ਦਿੱਤਾ ਹੈ।
2. ਸਾਖੀ ਅੰਕ ੭੦ ਤੋਂ ੭੪ ਤਕ ਪੰਜੇ ਸਾਖੀਆਂ ਐਨ ੧ ਦੇ ਅੰਸੂ ੧੮ ਵਿਚ ਹਨ।
ਰਾਇ ਸਿੰਘ ਕਹਿੰਦਾ: 'ਜੀ' ਬਕ੍ਰ ਦਾ ਝਟਕਾ ਛਕਿਆ ਸੀ, ਬਕ੍ਰੀ ਕਾ, ਤਾਂ ਨਾਂਹੀ ਛਕਦਾ, ਗਊ ਕਾ ਨਾਹੀ ਛਕਦਾ, ਭੈਸ ਕਾ ਹੋਵੇ ਤਾਂ ਛਕਦਾ ਹਾਂ ਜੀ।'
ਇਕੁ ਸਿਖ ਕਹਿੰਦਾ: `ਜੀ ਭੈਸ ਕਾ ਹੀ ਆਂਦਾ ਹੈ।'
ਗੁਰੂ ਜੀ ਕਹਿੰਦੇ: ਰਜਕੇ ਛਕ ਲੈ।'
ਕਹਿੰਦਾ: 'ਜੀ, ਸਤਿ ਵਚਨ ਜੀ! ਸਤਿ ਵਚਨ ॥੭੩॥
74. ਸੁਖੂ ਬੁਧੂ ਦੀਵਾਨੇ
ਅਗੇ ਸਾਖੀ ਹੋਰ ਚਲੀ।
ਅਗੇ ਘੁੱਦੇ ਤੇ ਸੁਖੂ ਦਿਵਾਨੇ ਨੇ ਕਹਿਆ, ‘ਗੁਰੂ ਨੇ ਦਿਵਾਨਾ ਮਾਰਿਆ ਹੈ ਵੈਰ ਲਈਏ।' ਪੰਜਾਹ ਦਿਵਾਨੇ ਕਠੇ ਕੀਤੇ। ਜਾਂ ਰਾਹਿ ਵਿਚਿ ਆਏ ਤਾਂ ਪੱਚੀ ਹਟ ਗਏ। ਕਹਿੰਦੇ: 'ਗੁਰੂ ਨਾਲਿ ਨਾਹੀ ਲੜਦੇ'। ਜਾਂ ਅਗੇ ਆਏ ਤਾਂ ਤੇਰਾਂ ਹਟ ਗਏ। ਜਾਂ ਅਗੇ ਆਏ ਤਾਂ ਦਸ ਹਟ ਗਏ। ਕਹਿੰਦੇ, 'ਗੁਰੂ ਨਾਲ ਨਾਹੀ ਲੜਦੇ । ਸੁਖੂ ਤੇ ਬੁਧੂ ਰਹਿ ਗਏ। ਸਾਰੰਗੀ ਤੇ ਢਡ ਸੀ ਪਾਸ, ਡੇਰੇ ਧਰ ਗਏ। ਗੁਰੂ ਜੀ ਨੂੰ ਮਥਾ ਜਾਇ ਟੇਕਿਆ।
ਗੁਰੂ ਜੀ ਕਹਿੰਦੇ: 'ਜੋ ਕੁਹ ਡੇਰੇ ਲੁਕਾਇ ਆਏ ਹਹੁ ਓਹੁ ਲੈ ਆਵੋ ! ' ਓਹੁ ਢਡ ਸਾਰੰਗੀ ਲੈ ਆਏ।
ਗੁਰੂ ਜੀ ਕਹਿੰਦੇ: 'ਗਾਓ?'
ਓਨਾਂ ਸਾਰੰਗੀ ਸੁਰ ਕੀਤੀ, ਗਾਵਣ ਲਗੇ।'
ਕਹਿੰਦਾ: ਕਚਾ ਕੋਠਾ ਵਿਚ ਵਸਦਾ ਜਾਨੀ।
ਸਦਾ ਨ ਮਾਪੇ ਨਿਤ ਨਾਹੀ ਜੁਆਨੀ।
ਗੁਰੂ ਜੀ ਕਹਿੰਦੇ: ਫੇਰ ਕਹੁ। ਤਿੰਨ ਵਾਰੀ ਕਹਾਇਆ।
ਗੁਰੂ ਜੀ ਚੜਨ ਲਗੇ। ਸੁਖੂ ਕਹਿੰਦਾ: 'ਜੀ ਸਾਡੇ ਉਤੇ ਅਸਵਾਰੀ ਕਰੋ । ਦੁਇ ਦਿਵਾਨੇ ਦੁਇ ਸਿਖ ਹੋਰ ਕੀਤੇ, ਚਾਰ ਪਾਏ ਉਤੇ ਗੁਰੂ ਜੀ ਨੂੰ ਚੜਾਕੇ ਚੱਕਿਆ। ਗੁਰੂ ਜੀ ਸੁਖੂ ਦੇ ਸਿਰ ਉਤੇ ਧੋਸੇ ਵਾਂਗੂ ਵਜਾਇੰਦੇ ਜਾਵਨ। ਸੁਖ ਦਾ ਸਿਰ ਰੋਡਾ, ਹੇਠ ਸੁਖੂ ਕਹਿੰਦਾ ਜਾਵੇ: `ਧਉਂ ਧਉਂ, ਧਉਂ ਧਉਂ। ਅਗੇ ਕੋਸਕਿ ਥੋਂ ਗੁਰੂ ਜੀ ਘੋੜੇ ਉਤੇ ਅਸਵਾਰੀ ਕੀਤੀ। ਓਸ ਕਾ ਭਾਉ ਕਰਕੇ ਚੜੇ ਸੇ ਪਲੰਘ ਉਪਰ। ਸੁਖੂ ਨੇ ਆਖਿਆ ਸੀ, 'ਜੋ ਸਾਂਗ ਆਪ ਮਾਛੀਵਾੜੇ
ਰਾਜ਼ੀ ਕੀਤਾ। ਡੇਰਾ ਹੋਇਆ। ਸੁਖੁ ਮਥਾ ਟੇਕਕੇ ਪਰਕੰਮਿਆ ਦੇਣ ਲਗਾ, ਨਾਲੇ ਕਹਿੰਦਾ ਫਿਰੇ 'ਊਂਘਾ ਊਂਘਾ', ਭੰਨਾਂ ਫਿਰੇ, ਫੇਰ ਹਾਰਕੇ ਡਿਗ ਪਇਆ। ਗੁਰੂ ਜੀ ਨੇ, ਸੁਖੂ ਨੂੰ, ਕਹਿਆ: 'ਏਸ ਕਾ ਅਸ਼ਨਾਨ ਕਰਵਾਓ!'
ਫੇਰ ਅਸ਼ਨਾਨ ਕੀਤਾ, ਸੁਧਿ ਆਈ। ਸੁਖੂ ਨੇ ਗੁਰੂ ਜੀ ਨੂੰ ਮੱਥਾ ਟੇਕਿਆ, ਕਹਿੰਦਾ, ‘ਵਡਾ ਵੈਰਾਗੁ ਆਇਆ ਸੀ, ਤੁਸੀ ਅਸ਼ਨਾਨ ਨਾਹੀ ਸੀ ਕਰਵਾਉਣਾ ਜੀ!'
ਗੁਰੂ ਜੀ ਨੇ ਰੁਪਈਆ ਦਿਤਾ ਚੌਖੂਟੀਆ, ਓਸਨੂੰ ਅਜਾਂ ਤੀਕੁ ਮਥਾ ਟੇਕਦੇ ਹਨ ਜੀ॥੭੪॥
75. ਰੋਹੀ ਵਿਚ
ਸਾਖੀ ਹੋਰ ਚਲੀ।
ਬਾਜਕਿ ਤੇ ਗੁਰੂ ਜੀ ਆਇ ਡੇਰਾ ਹੋਇਆ, ਸੋਢੀਆਂ ਨੇ ਟਹਿਲ ਕੀਤੀ, ਰਾਤ ਰਹੇ ਰੋਹੀ ਵਿਚਿ॥੭੫॥
76. ਜੱਸੀ, ਸ੍ਵੇਤ ਸਰ
ਆਗੇ ਸਾਖੀ ਹੋਰ ਚਲੀ। ਅਗੇ ਡੇਰਾ ਜੱਸੀ ਹੋਇਆ। ਗੁਰੂ ਜੀ ਸਣੇ ਘੋੜੇ ਸਸਤ੍ਰ ਬਸਤ੍ਰ ਸਮੇਤ ਤਲਾਉ ਵਿਚਿ ਠਿਲ ਪਏ, ਅਗਲੇ ਸਿਰੇ ਜਾਇ ਨਿਕਸੇ। ਘੋੜਾ ਮੁਸਕੀ ਸੀ, ਸਿਰ ਘੋੜੇ ਕਾ ਮੁਸਕੀ ਰਹਿਆ, ਹੋਰ ਚਿਟਾ ਹੋਇ ਗਇਆ। ਗੁਰੂ ਕੀ ਸੁਰਮਈ ਪੌਸਾਕੀ ਸੀ, ਚਿਟੀ ਹੋਇ ਗਈ। ਦਸਤਾਰ ਸੁਰਮਈ ਰਹੀ। ਗੁਰੂ ਜੀ ਬਾਹਰ ਨਿਕਸੇ, ਹੋਰ ਪੌਸਾਕੀ ਪਹਿਰੀ। ਸਿਖੀ ਕਹਿਆ, 'ਜੀ, ਏਹ ਕੀ ਹੁਕਮ ਹੋਇਆ? ਘੋੜਾ ਪੋਸਾਕੀ ਚਿਟੀ ਹੋਈ। ਘੋੜੇ ਸਣੇ ਬੜੇ ਤਾਲ ਵਿਚ?”
'ਭਾਈ ਸਿਖੋ! ਇਹੁ ਤੀਰਥ ਹੈ, ਪੂਰਬੀ ਕਾ ਬੇਲਾ ਸੀ, ਗੁਰੂ ਜੀ ਕਹਿੰਦੇ: 'ਏਹੁ ਤੀਰਥ ਹੈ, ਏਥੇ ਰਾਮ ਤੀਰਥ ਥੋਂ ਆਇ ਉਤਰੇ ਸਨ, ਰਾਮਾਂ ਅਉਤਾਰ, ਲਉ ਕੁਸੂ ਕੇ ਜੁੱਧ ਸਮੇ।'
ਸਿਖ ਲਗੇ ਅਸਨਾਨ ਕਰਨ।
ਗੁਰੂ ਜੀ ਕਹਿੰਦੇ, 'ਓਦੋਂ ਪੁਰਬੀ ਕਾ ਬੇਲਾ ਸੀ। ' ਸਿਖਾਂ ਨੂੰ ਕਹਿਆ:
ਫੇਰ ਗੁਰੂ ਜੀ ਕਹਿੰਦੇ:
'ਜਸੀ ਆਇ ਚਲੇ। ਗੁੜ ਖਾਇ ਚਲੇ।'
ਫੇਰ ਕੋਈ ਘੜੀ ਪਿਛੋਂ ਲਬਾਣਾ ਆਇ ਉਤਰਿਆ। ਗੁਰੂ ਜੀ ਨੂੰ ਗੁੜ ਮਥਾ ਟੇਕਿਆ ਤੀਹ ਮਣ। ਓਦੋਂ ਦੇਗ ਨਾਂ ਬਰਤਾਈ, ਗੁੜ ਹੀ ਛਕਾਇਆ ਸਿਖਾਂ ਨੂੰ। ਘੋੜਿਆਂ ਨੂੰ ਭੀ ਨਿਹਾਰੀ ਗੁੜ ਹੀ ਵਰਤਿਆ। ਡੇਰਾ ਦਸ ਦਿਨ ਰਹਿਆ। ਨਗਰੀ ਨੇ, ਹੋਰ ਨਗਰੀਆਂ ਨੇ ਟਹਿਲ ਕੀਤੀ। ਗੁਰੂ ਜੀ ਚੜਨ ਲਗੇ, ਨਗਰੀ ਨੇ ਜਥਾ ਸਕਤ ਸੀ, ਸੋ ਮਥਾ ਟੇਕਿਆ॥੭੬॥
77. ਪੱਕੇ
ਅਗੇ ਡੇਰਾ ਕੂਚ ਕਰਕੇ ਗੁਰੂ ਜੀ ਪੱਕੇ ਡੇਰਾ ਕੀਤਾ। ਜੰਡ ਕੇ ਕੀਲੇ ਕੀਤੇ, ਜੰਡ ਹਰੇ ਹੋਏ। ਘੋੜਾ ਗੁਰੂ ਕਾ ਬੰਧਿਆ ਸੀ। ਹੁਣ ਤੀਕ ਓਥੇ ਮਥਾ ਟੇਕੀਦਾ ਹੈ। ਗੁਰੂ ਜੀ ਦੀ ਮੰਜੀ ਬਣੀ ਹੋਈ ਹੈ ਜੀ। ਜਾਗਾ ਗੁਰੂ ਗੁਰੂ ਜਪੀਦਾ ਹੈ। ਬੋਲੋ ਭਾਈ ਵਾਹਿਗੁਰੂ। ਸਾਖੀ ਹੋਰ ਚਲੀ॥੭੭॥
78. ਦਮ ਦਮੇ। ਡੱਲੇ ਪਾਸ
ਅਗੇ ਗੁਰੂ ਜੀ ਚੜੇ ਦਮਦਮੇ ਜੀ ਆਏ। ਗੁਰੂ ਜੀ ਪ੍ਰਥਮੋ ਗੁਰੂ ਤੇਗ ਬਹਾਦ੍ਰ ਜੀ ਕੇ ਅਸਥਾਨ ਨੂੰ ਮਥਾ ਟੇਕਿਆ। ਫੇਰ ਬਚਨ ਕੀਤਾ, 'ਐਸ ਬਰਮੀ ਨੂੰ ਏਕ ਬਰਾਬਰ ਕਰੋ! ਏਸ ਉਤੇ ਕਮਰ ਕਸਾ ਖੋਲਾਂਗੇ। ' ਤਾਂ ਸਰਬਤ ਖਾਲਸੇ ਨੇ ਤਿਸ ਬਰਮੀ ਉਤੇ ਦਮਦਮਾਂ ਬਣਾਇ ਦਿਤਾ। ਬੜੇ ਬਿਸਤਾਰ ਨਾਲ, ਵਿਚਿ ਗੁਰੂ ਜੀ ਕੇ ਬੈਠਣੇ ਕੀ ਮੰਜੀ ਬਣਾਈ। ਗੁਰੂ ਜੀ ਕਹਿੰਦੇ, 'ਏਹੁ ਤਾਂ ਅਨੰਦਪੁਰ ਕਾ ਦਮਦਮਾ ਹੈ।' ਤਿਸ ਮੰਜੀ ਉਤੇ ਕਮਰ ਖੋਲੀ, ਸ਼ਸਤ੍ਰ ਰਖੇ, ਆਪ ਭੀ ਬੈਠੇ। ਤਾਂ ਸਿਖਾਂ ਬਚਨ ਕੀਤਾ, 'ਜੀ ਸਚੇ ਪਾਤਿਸਾਹਿ! ਆਪ ਨੇ ਜੋ ਪ੍ਰਿਥਮੇ ਮਥਾ ਟੇਕਿਆ ਸੀ, ਓਹ ਕਿਸਦਾ ਅਸਥਾਨ ਹੈ ਜੀ?'
* ਇਹ ਟਿਕਾਣਾ ਬਠਿੰਡੇ ਦੇ ਇਲਾਕੇ ਵਿਚ ਹੈ, ਗੁਰਦੁਆਰਾ ਹੈ। ਸੁ: ਪ੍ਰ: ਨੇ ਇਹ ਤੇ ਅਗਲੀ ਸਾਖੀ ਐਨ ੧ ਦੇ ਅੰਸੂ ੧੯ ਵਿਚ ਦਿੱਤੀ ਹੈ।
ਗੁਰੂ ਜੀ ਕਹਿੰਦੇ, ਜਦੋ ਗੁਰੂ ਤੇਗ ਬਹਾਦਰ ਜੀ ਮਾਲਵੇ ਆਏ ਹੈਨ, ਓਦੋ ਇਸੀ ਅਸਥਾਨ ਰਹੇ ਹੈਨ ਨੇ ਦਿਨ। ਏਹ ਬਡਾ ਅਸਥਾਨ ਉਤਮ ਹੈ। ਰਿਧਿ ਸਿਧਿ ਇਸ ਅਸਥਾਨ ਕੀਆਂ ਦਾਸੀਆਂ ਹੈਨ।'
ਤਿਸ ਦਿਨ ਤੇ ਸਰਬਤ ਖਾਲਸਾ ਜੀ ਨਮਸਕਾਰ ਕਰਦਾ ਹੈ। ਏਹ ਸਾਖੀ ਗੁਰੂ ਤੇਗ ਬਹਾਦਰ ਜੀ ਕੀ ਹਜੂਰ ਨੇ ਸੁਣਾਈ।
ਡੱਲੇ ਕਹਿਆ: 'ਜੀ, ਡੇਰਾ ਅੰਦਰ ਕਰੋ ਕਿਲੇ ਵਿਚਿ।'
ਸਾਹਿਬ ਜੀ ਕਹਿੰਦੇ; `ਡੇਰਾ ਬਾਹਰ ਹੀ ਹਛਾ ਹੈ। ਅੰਦਰ ਜਨਾਨੇ ਹਨਿ ’
ਡੱਲੇ ਕਹਿਆ: 'ਜੀ ਜਨਾਨੇ ਇਕ ਹਵੇਲੀ ਵਿਚ ਰਹਿਨਗੇ। ਅਕੇ ਜਨਾਨਿਆਂ ਕਾ ਡੇਰਾ ਸਹਰ ਕਰਾਇ ਦੇਂਦੇ ਹਾਂ।'
ਗੁਰੂ ਜੀ ਕਹਿੰਦੇ: ‘ਬਾਹਰ ਹੀ ਕਰਾਂਗੇ।'
ਡੱਲੇ ਕਹਿਆ: 'ਜੀ, ਮਾਤਾ ਜੀ ਕਾ ਡੇਰਾ ਤਾਂ ਅੰਦਰ ਹੋਵੇ!'
ਗੁਰੂ ਜੀ ਕਹਿੰਦੇ: 'ਉਨ ਕੀ ਖੁਸੀ।'
ਡੱਲੇ ਨੇ ਕਹਿਆ; 'ਮਾਤਾ ਜੀ! ਤੁਸੀਂ ਡੇਰਾ ਅੰਦਰ ਕਰੋ ਜੀ।'
ਮਾਤਾ ਜੀ ਬਚਨ ਕੀਆ: 'ਹਜੂਰ ਕੇ ਚਰਨਾਂ ਵਿਚ ਹੀ ਹਛਾ ਹੈ।'
ਕਿਲੇ ਕੀ ਕੰਧ ਕੇ ਨਾਲ ਡੇਰਾ ਕੀਤਾ। ਲੰਗਰ ਡੱਲੇ ਕੇ ਘਰ ਹੋਇਆ ਕਰੇ। ਗੁਰੂ ਜੀ ਪ੍ਰਸਾਦਿ ਡੱਲੇ ਕੇ ਲੰਗਰ ਤੇ ਬਾਹਰ ਮੰਗਾਇ ਲੈਂਦੇ, ਆਪਕੇ ਸੁਨਹਿਰੇ ਕਾ। ਹੋਰੁ ਖਾਲਸਾ ਡੇਰੇ ਛਕ ਆਂਵਦਾ। ਪੰਜ ਦਿਹ ਲੰਗਰ ਡੱਲੇ ਕੇ ਘਰ ਹੋਇਆ।
ਫੇਰ ਗੁਰੂ ਜੀ ਕਹਿੰਦੇ: 'ਲੰਗਰ ਬਾਹਰ ਕਰੋ!'
ਡੱਲੇ ਕਹਿਆ: 'ਜੀ ਜੇਹਾ ਰੁਖਾ ਮਿਸਾ ਕੁਣਕਾ ਹੈ ਆਪ ਕਾ ਹੀ ਹੈ, ਲੰਗਰ ਹੋਈ ਜਾਣ ਦੇਹੋ।'
ਗੁਰੂ ਜੀ ਕਹਿੰਦੇ: ਸਾਡੀ ਬਾਹਰ ਹੀ ਕੀ ਖੁਸੀ ਹੈ। ਤੇਰਾ ਭਾਉ ਐਸਾ ਹੀ ਹੈ। ਸਤਿ ਕਹਿੰਦਾ ਹੈ। ਲੰਗਰ ਬਾਹਰ ਹੀ ਹੋਵੇ।' ਬੈਰਾੜ ਰੋਜ ਲੈਂਦੇ ਹਨ ਹਜੂਰ ਤੇ ਚਾਕਰੀ।
ਫੇਰ ਇਕ ਦਿਹ ਗੁਰੂ ਜੀ ਨੂੰ, ਸਾਰੇ ਬੈਰਾੜਾਂ ਨੂੰ, ਲੰਗਰ ਡਲੇ ਨੇ ਕੀਤਾ। ਗੁਰੂ ਜੀ ਨੂੰ ਡੇਰੇ ਲੈਇ ਗਇਆ। ਤਰਾ ਤਰੀ ਪ੍ਰਸਾਦਿ ਵਰਤਿਆ। ਗੁਰੂ ਜੀ ਨੂੰ ਘੋੜਾ ਦੁਸਾਲਾ ਸੌ ਦਮੜਾ ਮਥਾ ਟੇਕਿਆ। ਮਾਤਾ ਜੀ ਓਰਾਂ ਨੂੰ
79. ਵੈਸਾਖੀ ਦਾ ਮੇਲਾ, ਸਿਖ ਸਿਖਣੀਆਂ ਦੇ
ਬੈਸਾਖੀ ਕਾ ਮੇਲਾ ਵਡਾ ਭਾਰੀ ਲਗਾ ਹੈਸੀ। ਸਿਖ ਸਿਖਣੀਆਂ ਬਹੁਤ ਕਠੇ ਹੋਏ ਹੈਸਨ। ਕੋਈ ਵਾਰਾ ਪਾਰਿ ਨਹੀਂ ਸੀ ਆਉਂਦਾ ਮੇਲੇ ਕਾ। ਕੋਈ ਕੁਹੁ ਭਾਵਨੀ ਵਾਲਾ, ਕੋਈ ਕੁਹੁ ਭਾਵਨੀ ਵਾਲਾ। ਕੋਈ ਮੇਲੇ ਕੇ ਤਮਾਸਗੀਰ; ਬਹੁਤੇ ਕਠੇ ਹੋਏ, ਬਡੀ ਭੀੜ ਹੋਈ ਹੈਸੀ। ਅਰਦਾਸੀਏ ਬਚਨ ਕੀਤਾ: 'ਜੀ ਸਚੇ ਪਾਤਿਸਾਹਿ! ਬਡੇ ਸਿਖ ਸਿਖਣੀਆਂ ਦਰਸਨ ਨੂੰ ਆਏ ਹੈਨ ਜੀ!' ਗੁਰੂ ਜੀ ਕਹਿੰਦੇ: 'ਭਾਈ ਪਿਆਰੇ! ਗੁਰੂ ਕੇ ਸਿਖ ਕੇਈ ਵਿਰਲੇ ਹੈਨਿ। ਕੇਈ ਸਿਖਣੀਆਂ ਦੇ ਸਿਖ ਹੈਨ, ਕੇਈ ਸਿਖਣੀਆਂ ਸਿਖਾਂ ਦੀਆਂ ਹੈਨ। ਕੇਈ ਤਮਾਸਗੀਰ ਹੈਨ। ਸਿਦਕ ਦੇ ਸਿਖ ਕੋਈ ਵਿਰਲੇ ਹੈਨਿ। ' ਇਕ ਸਿਖ ਨੂੰ ਸਦਿਆ, ਬਚਨ ਕੀਤਾ, 'ਤੇਰੀ ਸਿਖਣੀ ਕਿਥੇ ਹੈ?"
ਓਹ ਕਹਿੰਦਾ: 'ਜੀ ਮੇਰੀ ਸਿਖਣੀ ਅਹੁ ਖੜੀ ਹੈ। '
ਇਕ ਸਿਖਣੀ ਨੂੰ ਸੱਦਿਆ, ਬਚਨ ਕੀਤਾ: 'ਸਿਖਣੀਏ! ਤੇਰਾ ਸਿਖੁ ਕਿਥੇ ਹੈ?
ਓਨ ਆਖਿਆ: 'ਜੀ ਮੇਰਾ ਸਿਖ ਓਹ ਬੈਠਾ ਹੈ।'
ਗੁਰੂ ਜੀ ਕਹਿੰਦੇ; ‘ਭਾਈ ਅਰਦਾਸੀਆ! ਦੇਖਿਆ, ਗੁਰੂ ਕੇ ਸਿਖ ਕੇਈ ਬਿਰਲੇ ਹੈਨ।'
ਫੇਰ ਇਕ ਸਿਖ ਨੂੰ ਗੁਰੂ ਜੀ ਨੇ ਸਦਿਆ, ਬਚਨ ਕੀਤਾ: 'ਸਿਖਾ, ਤੇਰਾ ਕੋਈ ਸਨਬੰਧੀ ਭੀ ਹੈ?”
ਸਿਖ ਨੇ ਮਥਾ ਟੇਕਿਆ, ਆਖਿਆ: 'ਜੀ ਗਰੀਬ ਨਿਵਾਜ! ਅਪਣੇ ਸੁਖ ਕੇ ਹੈਨ, ਮੇਰਾ ਕੋਈ ਨਹੀਂ ਜੀ। ਮੇਰਾ ਸਤਿਗੁਰੂ ਤੂੰ ਹੈਂ, ਇਸ ਲੋਕ ਕਾ ਭੀ,
* ਸੂ: ਪ੍ਰ: ਨੇ ਗੁਰੂ ਜੀ ਦੇ ਤਲਵੰਡੀ ਪਧਾਰਨ ਦੀ ਸਾਖੀ ਐਨ ੧ ਦੇ ਅੰਸੂ ੧੯. ੨੦ ਵਿਚ ਦਿੱਤੀ ਹੈ। ਉਪਰ ਦਿੱਤੀ ਸਾਖੀ ਤੋਂ ਪਹਿਲੇ ਉਸ ਨੇ ਹੋਰ ਪ੍ਰਸੰਗ ਬੀ ਦਿਤਾ ਹੈ ਜੋ ਡਲੇ ਦੇ ਸਿਪਾਹੀਆਂ ਨੂੰ ਬੰਦੂਕ ਦੀ ਗੋਲੀ ਸਾਹਮਣੇ ਪਰਖਣ ਦਾ ਪ੍ਰਸਿੱਧ ਹੈ ਤੇ ਇਥੇ ਨਹੀਂ ਦਿੱਤਾ ਹੋਇਆ।
ਪਰਲੋਕ ਕਾ ਭੀ। ਤੈਥੋਂ ਭੁੱਲਿਆਂ ਠੋੜ ਨ ਠਾਉਂ। ਇਹ ਮਤ ਭੀ ਤੇਰੀ ਸੰਗਤ ਵਿਚੋਂ ਪ੍ਰਾਪਤ ਹੋਂਦੀ ਹੈ।'
ਗੁਰੂ ਜੀ ਬਚਨ ਕੀਤਾ: `ਦੇਖ ਭਾਈ ਅਰਦਾਸੀਆ! ਇਕ ਸਿਖ ਗੁਰੂ ਕੇ ਭਰੋਸੇ ਵਾਲਾ ਹੈ। ਹੋਰ ਜਿਤਨੇ ਸਿਖ ਸਿਖਣੀਆਂ ਸਭੇ ਤਮਾਸਗੀਰ ਹੈਨ। ਸਾਧ ਕੋਈ ਏਕੁ ਹੁੰਦਾ ਹੈ। ਜੁੱਧ ਭੂੰਮ ਮੈ ਸਭੇ ਚੜਕੇ ਜਾਂਦੇ ਹੈਨ, ਪਰ ਸੂਰਮਾ ਕੋਈ ਸਸਤ੍ਰ ਮਾਰਣ ਵਾਲਾ ਹੋਂਦਾ ਹੈ। ਨਾਉ ਉਤੇ ਪੂਰ ਚੜਦਾ ਹੈ, ਮਲਾਹੁ ਪਾਰ ਕਰਨੇ ਵਾਲਾ ਏਕ ਹੀ ਹੁੰਦਾ ਹੈ।'
ਅਰਦਾਸੀਏ ਮਥਾ ਟੇਕਿਆ, ਕਹਿਆ, ਜੀ, ਤੂੰ ਸਭਨਾ ਘਟਾਂ ਕੀ ਜਾਣਦਾ ਹੈਂ। ਤੂੰ ਅੰਤਰ ਜਾਮੀ ਹੈਂ ਜੀ, ਤੇਰੇ ਤੇ ਕੀ ਕੋਈ ਛਪਾਉ ਕਰੇ ॥੭੯॥
80. ਮਹੱਲਾ ਚੜਿਆ
ਫੇਰ ਅਗਲੇ ਦਿਹੁ ਮਹਲੇ ਚੜੇ। ਅਸਵਾਰ ਪੈਦਲ ਕੱਠੇ। ਨਿਸਾਨ ਸਾਥ, ਸਬਦ ਕੀ ਚੌਕੀ ਹੋਂਦੀ ਹੈ। ਕੋਈ ਸੁਮਾਰ ਨਹੀਂ ਆਉਂਦਾ ਅਗਾੜੀ ਪਛਾੜੀ ਕਾ। ਇਸੀ ਤਰਾਂ ਸੋਦਰ ਆਨਿ ਪੜਿਆ। ਆਪ ਉਚੇ ਦਮਦਮੇ ਬੈਠਕੇ ਦੀਦਾਰ ਦੇਂਦੇ ਹੈਨ। ਜੋ ਕੋਈ ਜੈਸੀ ਭਾਵਨੀ ਕਰਦਾ ਹੈ, ਤਿਸਕੀ ਪੂਰੀ ਕਰਦੇ ਹੈਨ॥੮੦॥
81. ਇਕ ਪੁਤ ਮੰਗਦੀ ਨੂੰ ਸੱਤ
ਗੁਰੂ ਜੀ ਸਿਕਾਰ ਚੜੇ। ਇਕ ਇਸਤ੍ਰੀ ਨੇ ਗੁਰੂ ਜੀ ਨੂੰ ਵੇਖਕੇ ਸਦ ਕੀਤਾ:-
ਵੈਨੁ ਕਰੇਂਦੀ ਗੁਰੂ ਗੋਬਿੰਦ ਸਿੰਘ ਅੱਗੇ।
ਸੋਹਣੀ ਦਾੜ੍ਹੀ ਬੀਬੀਏ ਪੱਗੇ।
1. ਸਰ ਅਤਰ ਸਿੰਘ ਜੀ ਦੇ ਲਿਖਤੀ ਨੁਸਖੇ ਵਿਚ ਏਥੇ ਕਿਦ ਸਤਰ ਵੱਧ ਹੈ ਜੋ ਇਹ ਹੈ:- 'ਤੀਰਥ ਜਾਤ੍ਰਾ ਮੇਂ ਅਨੇਕ ਲੋਕ ਕਠੇ ਹੁੰਦੇ ਹਨ।'
2. ਕਵੀ ਸੰਤੋਖ ਸਿੰਘ ਜੀ ਨੇ ਇਹ ਸਾਖੀ ਇਸ ਪੇਥੀ ਦੇ ਉਲਥੇ ਦੀ ਲਗਾਤਾਰਤਾ ਵਿਚ ਐਨ ੧ ਦੇ ਇਸ ਟਿਕਾਣੇ ਨਹੀਂ ਦਿਤੀ। ਇਸ ਸਾਖੀ ਨਾਲ ਕੁਝ ਮਿਲਦੀ ਜੁਲਦੀ ਸਾਖੀ ਸੌ ਸਾਖੀ ਵਿਚ ਦੀ ੩੫ਵੀਂ ਸਾਖੀ ਕਵੀ ਜੀ ਪਿਛੇ ਰੁੱਤ ੩ ਅੰਸੂ ੪੪ ਵਿਚ ਦੇ ਆਏ ਹਨ।
ਗੋਤ ਵੜਾਇਚ ਪਿੰਡ ਹੈ ਚੱਬੇ।
ਖਾਲੀ ਚਲੀ ਜੇ ਇਕੁ ਫਲ ਲੱਗੇ।
ਸਾਹਿਬ ਕਹਿੰਦੇ, 'ਫੇਰ ਕਹੁ, ਫੇਰ ਕਹੁ!
ਫੇਰ ਕਹਿੰਦੀ:-
ਵੈਨੁ ਕਰੇਂਦੀ ਗੁਰੂ ਗੋਬਿੰਦ ਸਿੰਘ ਅਗੇ।
ਸੋਹਣੀ ਦਾੜ੍ਹੀ ਬੀਬੀਏ ਪਗੇ।
ਗੋਤ ਵੜਾਇਚ ਪਿੰਡ ਹੈ ਚਬੇ।
ਖਾਲੀ ਚਲੀ ਜੇ ਇਕੁ ਫਲ ਲਗੇ।
ਗੁਰੂ ਜੀ ਕਹਿੰਦੇ, 'ਕਿਥੋਂ ਆਈ ਹਹਿਂ?
'ਜੀ ਗਰੀਬ ਨਵਾਜ, ਮਾਝੇ ਥੋਂ ਆਈ ਹਾਂ।
ਗੁਰੂ ਜੀ ਕਹਿੰਦੇ: "ਲਿਆਵੇ ਕਲਮ ਦੁਆਤ।'
ਗੁਰੂ ਜੀ ਨੇ ਲਿਖ ਦਿਤਾ 'ਇਕੁ ਬੇਟਾ'। ਸਿਖ ਨੂੰ ਕਹਿਆ, 'ਲੈ ਫੜਾਇ ਦੇਹ!'
ਸਿਖ ਨੇ ਕਹਿਆ, 'ਜੀ ਕਿਆ ਲਿਖਿਆ ਹੈ?”
ਕਹਿੰਦੇ: 'ਇਕੁ ਬੇਟਾ!'
ਸਿਖ ਕਹਿੰਦਾ, 'ਪਾਤਿਸਾਹ ਜੀ! ਸਾਤਾ ਹੈ!'
ਗੁਰੂ ਜੀ ਕਹਿੰਦੇ 'ਸਤ ਹੀ ਹੋਣਗੇ* ॥੮੧॥
82. ਕੰਘਾ ਕਰਕੇ ਤੇ ਸੁਚੇਤ ਹੋਕੇ ਚੜਨ ਦੀ ਸਿਖ੍ਯਾ
ਫੇਰ ਗੁਰੂ ਜੀ ਸਿਕਾਰ ਚੜੇ, ਸਿਕਾਰ ਨਾਂ ਹਥਿ ਆਇਆ। ਗੁਰੂ ਜੀ ਕਹਿੰਦੇ 'ਕਿਸੇ ਨੇ ਕੰਘਾ ਸੁਚੇਤਾ ਨਹੀਂ ਕੀਤਾ ?'
ਇਕ ਸਿੰਘ ਕਹਿੰਦਾ: 'ਕੰਘਾ ਮੈਂ ਨਾਹੀ ਕੀਤਾ।'
ਗੁਰੂ ਜੀ ਕਹਿਆ: ਹੁਣ ਕਰ।'
ਓਸਨੇ ਓਥੇ ਹੀ ਕੰਘਾ ਕੀਆ। ਅਗੇ ਚੜੇ ਸ਼ਿਕਾਰ ਕੇਤੇ ਹੀ ਹਥਿ ਆਏ ਗੁਰੂ ਜੀ ਕਹਿੰਦੇ: 'ਸੁਚੇਤਾ ਅਰਦਾਸ ਕਰਕੇ ਚੜ੍ਹੀਏ ॥੮੨॥
* ਸੂ: ਪ੍ਰ: ਐਨ ੧ ਅੰਸੂ ੨੧ ਤੇ ਅਗਲੀਆਂ ਦੋਵੇਂ ਸਾਖੀਆਂ ਬੀ ਇਸੇ ਅੰਸੂ ਵਿਚ ਹੈਨ।
83. ਦਲਪਤ ਮੌੜਾਂ ਦਾ
ਇਕ ਦਿਨ ਇਕ ਸਿਖ ਨੇ ਮੱਥਾ ਟੇਕਿਆ ਦਹੀਂ ਕਾ ਤੌਲਾ ਗੁਰੂ ਜੀ ਕੋ।
ਕਹਿੰਦੇ: 'ਕਿਹੜੇ ਪਿੰਡ ਥੋਂ ਹਹਿਂ?
'ਜੀ ਪਾਤਿਸਾਹ ਮੌੜਾਂ ਥੋਂ!'
'ਕਿਆ ਨਾਮ ਹੈ ਤੇਰਾ?'
'ਜੀ ਨਾਮ ਦਲਪਤ ਹੈ!'
'ਕਿਸਕਾ ਬੇਟਾ ਹੈਂ ?'
'ਜੀ ਭੀਉਂ ਕਾ ਬੇਟਾ ਹਾਂ।'
ਗੁਰੂ ਜੀ ਕਹਿਆ: 'ਤਦੇ ਦਲਾਂ ਕੀ ਪਤ ਹੈਂ, ਭੀਉਂ ਕਾ ਬੇਟਾ ਹਹਿਂ।' ਗੁਰੂ ਜੀ ਖੁਸੀ ਹੋਏ, ਪਗ ਪੈਨਾਈ।
ਘਰਿ ਆਇ ਮਹੀਨੇ ਥੋਂ ਮਗਰੋਂ ਡੂੰਮ ਆਏ ਗਾਉਣ ਵਾਲੇ, ਸਾਰੀ ਪੌਸਾਕੀ ਪਗ ਸਮੇਤ ਦੇਇ ਦਿਤੀ॥੮੩॥
84. ਭਾਈ ਕੇ ਚੱਕ, ਰਾਮ ਸਿੰਘ ਦੀ ਚਾਚੀ ਦੀ ਭੇਟਾ
ਇਕ ਦਿਨ ਡੇਰਾ ਗੁਰੂ ਰੀ ਤਲਵੰਡੀਓਂ ਚੱਕੀਂ ਜਾਇ ਕੀਤਾ*। ਇਕ ਰਾਤ ਡੇਰਾ ਬਾਹਰ ਕੀਤਾ। ਫੇਰ ਰਾਮ ਸਿੰਘ ਨੇ ਕਹਿਆ: 'ਜੀ, ਡੇਰਾ ਅੰਦਰ ਕਰੋ।' ਸਾਹਿਬ ਕਹਿੰਦੇ: ‘ਬਾਹਰ ਹੀ ਖੁਸੀ ਹੈ।' ਫੇਰ ਰਾਮ ਸਿੰਘ ਭਾਈ ਕਾ ਸਾਹਿਬ ਨੂੰ ਘਰ ਲੈ ਗਇਆ। ਅਗੇ ਗੁਰੂ ਕੇ ਘੋੜੇ ਦੇ ਰਾਮ ਸਿੰਘ ਜਾਵੇ। ਰਾਮ ਸਿੰਘ ਦੀ ਚਾਚੀ ਕਹਿਆ, ਜੇ ਗੁਰੂ ਮੇਰੇ ਘਰਿ ਆਵੇ ਮੇਰੀ ਭਾਵਨੀ ਹੈ। ਬੱਗਾ ਮਹੀਨੁ ਖੇਸ ਲੈਕੇ ਬਾਂਹ ਹੇਠ ਲੁਕਾਈ ਖੜੀ ਸੀ ਸਾਮ੍ਹਣੇ। ਰਾਮ ਸਿੰਘ ਦੇ ਘਰ ਨਾਹੀ ਮੇਂ ਜਾਣਾਂ। ਅਗੇ ਰਾਮ ਸਿੰਘ ਦੇ ਘਰ ਕਨਾਤ ਲਗੀ ਹੋਈ ਸੀ। ਗੁਰੂ ਜੀ ਬੁੱਢੀ ਦੇ ਘਰ ਜਾਇ ਖਲੋਤੇ। ਓਸਨੇ ਮਥਾ ਟੇਕਿਆ।
ਰਾਮ ਸਿੰਘ ਕਹਿੰਦਾ, 'ਏਧਰ ਜੀ ਏਧਰ ਆਵੇ। '
ਕਹਿੰਦੇ, 'ਆਂਵਦੇ ਹਾਂ।’
ਡੇਰਾ ਰਾਮ ਸਿੰਘ ਕੇ ਘਰ ਕੀਤਾ। ਥਾਲ ਕਾ ਸੀਤ ਪ੍ਰਸਾਦਿ ਰਾਮ ਸਿੰਘ ਨੇ ਛਕਿਆ। ਮਾਤਾ ਸੁੰਦਰੀ ਕਾ ਪ੍ਰਸਾਦਿ ਭਇਆਣੀਆ ਛਕਿਆ। ਮਾਤਾ
* ਗੁ: ਪ੍ਰ: ਸੂ: ਐਨ ੧ ਅੰਸੂ ੨੩।
ਸਾਹਿਬ ਦੇਵਾਂ ਕੇ ਥਾਲ ਕਾ ਭਇਆਣੀਆਂ ਕੁਤਿਆਂ ਨੂੰ ਪਾਇਆ ਲੈਇਕੇ। ਮਾਤਾ ਜੀ ਨੇ ਗੁੱਸਾ ਮੰਨਿਆ, ਗੁਰੂ ਜੀ ਪਾਸ ਕਹਿ ਦਿਤਾ, 'ਜੀ, ਸੁੰਦਰੀ ਕਾ ਸੀਤ ਪ੍ਰਸਾਦਿ ਛਕਿਆ ਮੰਗਾਇ ਕੇ, ਸਾਡਾ ਪ੍ਰਸਾਦਿ ਕੁਤਿਆਂ ਨੂੰ ਪਾਇਆ। ਅਸੀ ਤਾਂ ਕਹਿਆ ਨਹੀਂ ਸੀ ਪ੍ਰਸਾਦਿ ਲਹੈ, ਓਨੀ ਆਪ ਆਇਕੇ ਮੰਗਿਆ ਸੀ ਤਾਂ ਅਸੀ ਦੀਆ ਥੀ।"
ਰਾਮ ਸਿੰਘ ਨੂੰ ਕਹਿਆ ਗੁਰੂ ਜੀ ਨੇ: "ਇਹ ਕੀ ਕੀਆ? ਇਨ ਕਾ ਕ੍ਯੋਂ ਨਾਂ ਛਕਿਆ ?”
ਰਾਮ ਸਿੰਘ ਪੁਛ ਕੇ ਆਇਆ: 'ਜੀ, ਕਹਿੰਦੀਆਂ ਹਨ, ਅਸੀਂ ਤਾਂ ਨਹੀਂ ਛਕਿਆ— ਇਨਕਾ ਗੋਤ ਕੁਨਾਲਾ ਨਹੀਂ ਕੀਆ। ਜੀ ਗੁਰੂ ਜੀ ਕਾ ਅੰਗੁ ਨਾਹੀ ਲਗਾ-।'
ਗੁਰੂ ਜੀ ਕਹਿਆ: 'ਦੇਵ ਕਾ ਪੂਜਨ ਕਰਕੇ ਅਸਾਂ ਏਹੁ ਬ੍ਰਤ ਧਾਰਿਆ ਹੈ। ਸਾਹਿਬ ਦੇਵਾਂ ਇਸ ਕਰਕੇ ਅੰਗ ਨਹੀ ਭੇਟੇ, ਤਦੀ ਨਹੀ ਛਕਿਆ ਰਾਮ ਸਿੰਘ ॥੮੪॥
85. ਦਯਾਲ ਸਿੰਘ ਨੂੰ ਬਖਸ਼ਿਆ। ਡੇਰਾ ਭਾਗੂ
ਫੇਰ ਭਾਈ ਦਿਆਲ ਸਿੰਘ ਆਇਆ ਰਾਮ ਸਿੰਘ ਨੂੰ ਨਾਲ ਲੈਕੇ, ਗੁਰੂ ਜੀ ਨੂੰ ਮਥਾ ਟੇਕਿਆ। ਗੁਰੂ ਜੀ ਚੁਪ ਕਰ ਰਹੇ। ਰਾਮ ਸਿੰਘ ਨੇ ਕਹਿਆ: 'ਜੀ, ਏਹੁ ਤਾਂ ਏਸੇ ਬਾੜੀ ਕਾ ਹੈ।' ਗੁਰੂ ਜੀ ਫੇਰ ਵੀ ਨਾ ਬੋਲੇ। ਰਾਮ ਸਿੰਘ ਨੇ ਬਾਹਰ ਨਿਕਲ ਕੇ ਕਹਿਆ: 'ਦਿਆਲ ਸਿਘ ਜੀ! ਸਾਹਿਬ ਨੇ ਬਠਿੰਡੇ ਜਾਣਾ ਹੈ, ਤੁਸੀਂ ਚੜ੍ਹੋ ਭੁਚੋ ਨੂੰ, ਰਾਤ ਰਾਤ ਪ੍ਰਸਾਦਿ ਤੀਆਰ ਕਰੋ। ਗੁਰੂ ਜੀ ਦਿਹ ਚੜਦੇ ਨੂੰ ਭੁਚੋ ਕੀ ਆਵਨਿ ਗੇ।'
ਰਾਮ ਸਿੰਘ ਨੇ ਗੁਰੂ ਜੀ ਨੂੰ ਘੋੜਾ ਦੁਸਾਲਾ ਮਥਾ ਟੇਕਿਆ। ਦੋਹਾਂ ਮਾਤਾ ਜੀ ਨੂੰ ਤੇਉਰ ਦਿਤੇ ਇਕੋ ਜੇਹੇ।
ਦਿਹੁ ਘੜੀ ਚੜਦੇ ਨੂੰ ਗੁਰੂ ਜੀ ਭੁਚੋ ਕੀ ਪਹੁਚੇ। ਦਿਆਲ ਸਿੰਘ ਨੇ ਮਥਾ ਟੇਕਿਆ ਤੇ ਕਹਿਆ, 'ਗੁਰੂ ਜੀ ਡੇਰਾ ਕਰਾਈਏ।' ਗੁਰੂ ਜੀ ਕਹਿੰਦੇ:
1. ਭਾਈ ਕਿਆਂ ਦੀਆਂ ਸਿੰਘਣੀਆਂ।
2. ਦੋਹਾਂ ਲਿਖਤੀ ਨੁਸਖਿਆਂ ਵਿਚ ਪਾਠ 'ਦੇਵ' ਹੀ ਹੈ, ਪਰ ਕਵੀ ਸੰਤੋਖ ਸਿੰਘ ਨੇ ਇਸ ਫਿਕਰੇ ਨੂੰ ਆਪਣੀ ਕਵਿਤਾ (ਐਨ ੧ ਅੰਸੂ ੨੩) ਵਿਚ ਸ੍ਰੀਕਾਰ ਨਹੀਂ ਕੀਤਾ।
'ਅਸੀ ਭਾਗੂ ਉਤਰਾਂਗੇ।'
'ਜੀ, ਪ੍ਰਸਾਦਿ ਤੀਆਰੁ ਹੈ।'
ਅਗੇ ਦਿਆਲ ਸਿੰਘ ਨੂੰ ਕਹਿਆ ਸੀ, -ਅੰਮ੍ਰਿਤ ਛਕਲੈ। ਦਿਆਲ ਸਿੰਘ ਨੇ ਮੰਨਿਆ ਨਹੀਂ ਸੀ। ਕਹਿਦੇ ‘ਹੁਣਿ ਤਾਂ ਨਾਹੀ ਛਕਦਾ, ਸਾਡਿਆ ਰੰਘੜੇਟਿਆ ਥੋਂ ਛਕੇਂਗਾ।" ਫੇਰਿ (ਜਦ) ਛਕਣ ਲਗਾ ਚਾਰ ਸਿੰਘ ਹਥਿ ਆਏ, ਪੰਜਵੇਂ ਰੰਘੜੇਟੇ ਸ੍ਵਯੇ ਪੜੇ ਦੂਰ।
ਦਿਆਲ ਸਿੰਘ ਨੇ ਕਹਿਆ: ਜੀ, ਅੰਮ੍ਰਿਤ ਛਕਾਵੋ।'
ਕਹਿੰਦੇ: 'ਅਸਾਂ ਜਾਰੂਰਿ ਜਾਣਾ ਹੈ ਅਜੁ।'
ਦਿਆਲ ਸਿੰਘ ਓਥੇ ਹੀ ਪ੍ਰਸਾਦਿ ਗਡਿਆਂ ਉਤੇ ਪਾਇਕੈ ਲੈ ਗਇਆ। ਪ੍ਰਸਾਦਿ ਵਰਤਿਆ। ਦਿਆਲ ਸਿੰਘ ਨੇ ਘੋੜਾ ਦੁਸਾਲਾ ਮਥਾ ਟੇਕਿਆ, ਨਾਲੇ ਸਉ ਦਮੜਾ। ਕਿਤੇ ਰਹੇ ਸਨ ਪੌਦਾਂ ਸਿੰਘ, ਕਹਿੰਦੇ: 'ਜੀ, ਸਾਡੇ ਤਾਂਈ ਪ੍ਰਸਾਦਿ ਨਾਹੀ ਮਿਲਿਆ। '
ਗੁਰੂ ਜੀ ਖੜੇ ਘੋੜੇ ਵੇਖਦੇ ਸਨ। ਗੁਰੂ ਜੀ ਕਹਿੰਦੇ ਦਿਆਲ ਸਿੰਘ ਕਾ ਪੱਲਾ ਫੜਕੇ: 'ਏਸ ਪਾਸੋਂ ਲਹੋ ਪ੍ਰਸਾਦਿ।'
ਦਿਆਲ ਸਿੰਘ ਨੇ ਛਾਪ ਲਾਹਿ ਦਿਤੀ, ਕਹਿੰਦਾ: 'ਇਸ ਕਾ ਪ੍ਰਸਾਦਿ ਰਸਤ ਲੈਕੇ ਬਣਾਇ ਲਹੇ।" ਓਨੀ ਪ੍ਰਸਾਦਿ ਛਾਪ ਵੇਚਿਕੇ ਬਣਾਇ ਲਇਆ ॥੮੫॥
86. ਬਠਿੰਡੇ ਡੇਰਾ
ਡੇਰਾ ਭਾਗੂ ਸੀ ਹੋਇਆ। ਅਗੇ ਸਾਖੀ ਹੋਰ ਚਲੀ।
ਗੁਰੂ ਜੀ ਚੜੇ ਬਠਿੰਡੇ ਡੇਰਾ ਕੀਤਾ। ਗੁਰੂ ਜੀ ਕੇ ਨਾਲ ਪੰਡਤੁ ਸੀ, ਵਡਾ ਬੁਧਿਵਾਨੁ। ਕਹਿੰਦਾ: 'ਗੁਰੂ ਜੀ ਵਿਨੈਪਾਲ ਕੀ ਤਲਾਕ ਹੈ। ਜੇਹੜਾ ਕੋਈ ਪਾਤਿਸਾਹੁ ਏਥੇ ਬਠਿੰਡੇ ਵੜੇ, ਹਾਥੀ ਬਲੀ ਦੇਕੇ ਵੜੇ, ਨਾਲੇ ਏਥੇ ਦੇਉ ਰਹਿੰਦਾ ਹੈ।'
ਗੁਰੂ ਜੀ ਕਹਿੰਦੇ: ‘ਹਾਥੀ ਏਥੇ ਕਹਾਂ ਹੈ?'
ਪੰਡਤ ਕਹਿੰਦਾ: ਝੋਟਾ ਦੇਵੇ ਵਲਿ। ਕਿਸੇ ਪਿੰਡ ਤੇ ਮੰਗਾਇ ਲਹੂ।'
ਵੰਗੇਹਰ ਸਿੰਘ ਭੇਜੇ ਪੰਜ ਮਹੇਂ ਨੂੰ। ਸਿੰਘੀ ਕਹਿਆ ਜਾਇਕੇ
1. ਐਨ ੧ ਅੰਸੂ ੨੩ ਤੋਂ ੨੫। ਅੰਸੂ ੨੪ ਵਿਚ ਬਠਿੰਡੇ ਤੋਂ ਕਾਣਾ ਦੇਊ ਕੱਢਣ ਦੀ ਸਾਖੀ ਹੈ ਜੋ ਅਗਲੀ ੮੬ਵੀਂ ਸਾਖੀ ਹੈ। 2 ਬੱਧੀ ਹੋਈ ਸ਼ਰਤ।
ਵੰਗੇਹਰੀਆ ਨੂੰ: 'ਗੁਰੂ ਜੀ ਝੋਟਾ ਮੰਗਿਆ ਹੈ ਵਲੀ ਦੇਣ ਵਾਸਤੇ ।
ਓਨੀ ਕਹਿਆ: 'ਲੈ ਜਾਹੁ, ਅਹੁ ਖੜਾ ਜੰਡ' ਨਾਲ ਖਹਿੰਦਾ ਹੈ। ' ਠਠਾ ਕੀਤਾ ਮਾਰਖੰਡ ਸੀ ਮਹਿਆਂ।
ਸਿਖੀਂ ਕਹਿਆ ਜਾਇ ਕੇ: ‘ਚਲ ਭਾਈ ਮਾਲੀਆ। ਗੁਰੂ ਜੀ ਯਾਦ ਕੀਤਾ ਹਹਿ, ਸੀਸੁ ਲੈਂਦੇ ਹਨ।'
ਮਹਿਆਂ ਤੁਰ ਪਇਆ ਜਾਂ ਸਿਖਾਂ ਸੋਟੀ ਲਾਈ। ਮਾਰਖੰਡ ਸੀ ਮਹਿਆਂ, ਤੁਰ ਪਇਆ। ਵੰਗੇਹਰੀਏ ਹੈਰਾਨ ਹੋਇ ਗਏ, ਕਹਿੰਦੇ: ਗੁਰੂ ਕਲਾ ਵਾਲਾ ਹੈ।'
ਗੁਰੂ ਜੀ ਬਲਿ ਦੀਆ ਮਹਿੰਆ।
ਗੁਰੂ ਜੀ ਕਹਿੰਦੇ: 'ਮਹੇ ਨੂੰ ਸਿਟਿ ਪਾਓ ਹੇਠਿ।'
ਗੋਦੜੀਆ ਕਹਿੰਦਾ: 'ਜੀ, ਮੈਨੂੰ ਹੁਕਮ ਹੋਵੇ ਸਿਟ ਦੇਵਾਂ।' ਗੁਰੂ ਜੀ ਕਹਿੰਦੇ: 'ਸਿਟਿ ਦੇਹ!'
ਭਾਈ ਗੋਦੜੀਏ ਦੇਇ ਕੇ ਖਣਤੇ ਕਾ ਅੜਿਕਾ ਕਿਲੇ ਹੇਠਿ ਸਿਟਿ ਦੀਆ।
ਗੁਰੂ ਜੀ ਕਹਿੰਦੇ; ਵਡਾ ਬਲਕਾਰੀ ਹੈ ਸਾਧ।'
ਮੁਨਾਰੇ ਓਦੋਂ ਕਿਤੇ ਸਨ, ਕਿਤੇ ਨਹੀ ਸਨ। ਗੋਰੀਆ ਉਤਿਓਂ ਢਾਹਿ ਗਇਆ ਸੀ। ਭਾਈ ਗੋਦੜੀਆ ਉਤੇ ਗੋਦੜੀ ਰਖਦਾ, ਤਾਂ ਕਰ ਗੋਦੜੀਆ ਕਹਿੰਦੇ ਹਥਿ ਵਡਾ ਖਣਤਾ ਰਖਦਾ। ਵਡੇ ਬੋਹੜ ਲਾਏ ਸਨ ਗੋਦੜੀਏ ਨੇ। ਵਡਾ ਭਗਤ ਸੀ। ਕੁਹੁ ਮੁਹੋ ਨਿਕਲ ਜਾਇ ਬਚਨ ਸਹਿਜ ਸੁਭਾਇ ਸੋਈ ਹੋਇ ਜਾਂਦਾ। ਗੁਰੂ ਜੀ ਨੇ ਭੀ ਕਹਿਆ ਹੈ ਦਖਨ ਜਾਇ ਕੇ: 'ਮਾਲਵੇ ਮਹਿ ਦੇਖਿਆ ਮਾਇਆ ਕਾ ਤਿਆਗੀ ਭਾਈ ਗੋਦੜੀਆ।' ਭੁਚੋ ਕਿਆ ਥੇ ਗੁਰੂ ਜੀ ਦੇ ਵਹੀਰ ਨਾਲ ਹੀ ਟੁਰ ਆਇਆ ਸੀ।
ਫੇਰ ਚਿਤਾਂ ਗੁਪਤਾਂ ਨੂੰ ਹੁਕਮ ਹੋਇਆ: 'ਏਸ ਦੇਵ ਨੂੰ ਐਥੋਂ ਕਢੇ ਪਕੜਕੇ।' ਓਨੀਂ ਕਹਿਆ ਦੇਵ ਨੂੰ: 'ਨਿਕਲ ਜਾਹਿ ਗੁਰੂ ਜੀ ਕਾ ਹੁਕਮ ਹੈ।
ਦੇਵ ਕਹਿੰਦਾ: 'ਮੈਨੂੰ ਕਿਧਰ ਕਢਦੇ ਹਹੁ ?
1. ਸੂ: ਪ੍ਰ: ਨੇ ਬੇਰੀ ਲਿਖੀ ਹੈ।
2. ਜ਼ਮੀਨ ਖਣਨ ਵਾਲਾ ਕੁਦਾਲਾ ਯਾ ਗੱਦਾਲਾ।
ਗੁਰੂ ਜੀ ਕਹਿੰਦੇ,— ਸਰਾਫੀ ਹੋਈ ਜਾਹੁ ਬਾਉਨੀ । ਸਿਖ ਕਹਿੰਦੇ: 'ਸਰਹੰਦ ਨੂੰ ਕਹਿੰਦੇ ਹਨ! ਕਹਿੰਦਾ; 'ਜੀ ਅਜੁ ਤਾਂ ਮੈਂ ਭੁਖਾ ਹਾਂ। '
ਸਿਖਾਂ ਨੇ ਕਹਿਆ: 'ਅਗੇ ਕੀ ਖਾਂਦਾ ?"
'ਸਵਾ ਲਖ ਮਣ ਕਾ ਮੇਰਾ ਅਹਾਰੁ ਹੈ, ਅਜੁ ਭੁਖਾ ਹੀ ਹਾਂ।'
ਗੁਰੂ ਜੀ ਕਹਿੰਦੇ: 'ਦੁਪਹਿਰਾ ਮਸੂਰ ਪੁਰ ਕਟਕੇ ਚਲਿਆ ਜਾਈਂ। '
ਗੁਰੂ ਜੀ ਕਹਿੰਦੇ: ਵਡਾ ਜਗਾ ਬਣਾਈ ਹੈ।'
ਬਰਾੜ ਕਹਿੰਦੇ: 'ਏਥੋਂ ਕਾ ਰਾਜਾ ਬਿਨੈ ਪਾਲ ਸਿਕਾਰ ਚੜਿਆ ਸੀ, ਵੇਖੇ ਤਾਂ ਸੇਰ ਤੋਂ ਬਕੀ ਅੜੀ ਖੜੀ ਹੈ। ਸੇਰ ਨੂੰ ਹਲਾਇ ਦੇਂਦੀ ਹੈ, ਜਾਂ ਸੇਰੁ ਨੇੜੇ ਢੁਕਦਾ ਹੈ। ਬਿਨੈ ਪਾਲ ਨੇ ਓਸੇ ਵੇਲੇ ਓਡਿ ਹੋਰੁ ਮਿਹਨਤੀ ਲਾਇ ਦਿਤੇ;— ਗੜ੍ਹਾ' ਪਾਓਂ ਈਹਾਂ—। ਦਾਣਿਆਂ ਕੇ ਹਿਸਾਬ ਕਰਕੇ ਭਾਉਲੀ ਕੇ, ਉਸ ਕੀ ਭੀ ਮਿਟੀ ਹੀ ਸਿਟਾਉਂਦਾ। ਇਸ ਕੀ ਸੁਰੰਗ ਭਟਨੇਰ ਜਾਂਦੀ ਹੈ, ਵਡੀ ਚਉੜੀ ਹੈ ॥੮੬॥
87. ਸਮੀਰ ਡੇਰਾ
ਅਗੇ ਗੁਰੂ ਜੀ ਚੜੇ ਸਮੀਰ ਆਇ ਡੇਰਾ ਕੀਤਾ। ਰਾਤ ਰਹੇ ਨਗਰੀ। ਡੱਲਾ ਤਿਥੇ ਹੀ ਆਨਿ ਮਿਲਿਆ। ਜਿਮੀਦਾਰ ਡੱਲੇ ਨੂੰ ਨਜ਼ਰ ਲੈਕੇ ਆਏ। ਦੇਣ ਲਗੇ ਤਾਂ ਡੱਲੇ ਨੇ ਆਖਿਆ, ਭੇਟਾ ਗੁਰੂ ਜੀ ਕੇ ਦੇਵੋ! ਭੇਟਾਂ ਕੀ ਲਾਇਕ ਗੁਰੂ ਜੀ ਹੈਨ। ਏਨਾਂ ਕੇ ਅਗੇ ਮੇਰੀ ਕੀ ਤਾਗਤ ਹੈ ਭੇਟਾ ਲੈਣੇ ਕੀ।'
ਗੁਰੂ ਜੀ ਬਚਨ ਕੀਤਾ, 'ਡੱਲ ਸਿੰਘ! ਕਰਾਮਾਤ ਨਾਲੋਂ ਮੁਲਾਕਾਤ ਬਡੀ ਹੈ। ਸਾਡੇ ਵਿਚ ਕਰਾਮਾਤ ਸਭੇ ਹੈ, ਜਦੋਂ ਲਾਵਾਂਗੇ ਤਦੋਂ ਹੀ ਕੋਈ ਜਾਣੂਗਾ। ਤੇਰੀ ਰਈਯਤ ਹੈ ਏਹ ਸਚੇ ਹੈਨ ॥੮੭।
88. ਤਲਵੰਡੀ ਸਾਬੋ। ਪਹਿਰੇਦਾਰਾਂ ਖੇਡਾ ਦੇਖਿਆ
ਅਗੇ ਡੇਰਾ ਗੁਰੂ ਜੀ ਤਲਵੰਡੀ ਫੇਰ ਕੀਤਾ। ਦਸਾਂ ਸਿੰਘਾਂ ਕਾ ਰਾਤ ਨੂੰ ਪਹਿਰਾ ਵਾਰੋ ਵਾਰੀ ਹੁੰਦਾ ਹੈਸੀ ਹਜੂਰ ਕਾ। ਰਾਤ ਨੂੰ ਖੇਡਾਂ' ਪਇਆ ਤਲਵੰਡੀ।
1. ਸਰਾਪੇ ਹੋਏ ਇਲਾਕੇ ਵਿਚ ਜਾਹ, ਭਾਵ ਸਰਹਿੰਦ ਦਾ ਹੈ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ- ਫਿਟਕੀ ਪੁਰੀ ਸਰ੍ਹੰਦ ਉਜਾਰਹੁ।
2. ਐਨ ੧ ਅੰਸੂ ੨੪। ਅਗਲੀਆਂ ਸਤਰਾਂ ਦਾ ਅਨੁਵਾਦ ਅਗਲੇ ਅੰਸੂ ੨੫ ਦੇ ਅੰਕ ੧੨ ਤੋਂ ੧੮ ਤੱਕ ਵਿਚ ਦਿੱਤਾ ਹੈ। 3. ਕਿਲ੍ਹਾ। 4.ਖੇਲ, ਤਮਾਸ਼ਾ।
ਸਿਖ ਕਹਿੰਦੇ: 'ਚਲੋ ਵੇਖਿ ਆਈਏ। ਗੁਰੂ ਜੀ ਤਾਂ ਥਕੇ ਪਏ ਹਨ, ਕੋਈ ਡਰ ਤਾਂ ਨਾਂਹੀ; ਜਾਗਿਆਂ ਥੋਂ ਅਗੇ ਹੀ ਆਇ ਜਾਹਿਂਗੇ। ਪੰਜ ਸਿੰਘ ਨਾ ਗਏ, ਪੰਜ ਗਏ। ਜਿਹੜੇ ਵੇਖਣ ਗਏ ਕਹਿੰਦੇ: 'ਕਿਉਂ ਆਏ, ਕੀ ਲਹਿਆ ਆਇਕੇ, ਗੁਰੂ ਜੀ ਗੁੱਸਾ ਮੰਨਨਗੇ, ਚਲੋ ਚਲੀਏ।' ਡਰਦੇ ਡਰਦੇ ਆਇ ਕੇ ਖਲੇ ਰਹੇ, ਵਡੇ ਡਰੇ ਕਹਿੰਦੇ: 'ਗੁਰੂ ਜੀ ਤਾਂ ਸੁਤੇ ਭੀ ਜਾਗਦੇ ਹਨ। ਜਾਗਦੇ ਭੀ ਜਾਗਦੇ ਹਨ।'
ਜੇਹੜੇ ਨਾਂਹੀ ਸਨ ਗਏ- ਤੁਸੀ ਅਸੀ ਕਿਉਂ ਨਾ ਗਏ ਕਹਿੰਦੇ। "ਇਹ ਸਿਖ ਵੇਖਕੇ ਆਇ ਹੀ ਗਏ; ਸਤਾਬੀ ਹੀ ਆਇ ਜਾਂਦੇ, ਗੁਰੂ ਜੀ ਤਾਂ ਸੁਤੇ ਹੀ ਪਏ ਸਨ।'
ਓਇ ਭੀ ਡੇਰੇ ਨੂੰ ਗਏ ਦਿਨ ਚੜਦੇ, ਦੀਵਾਨ ਲਗੇ ਥੋਂ ਸਭੇ ਕਠੇ ਹੋਏ।
ਗੁਰੂ ਜੀ ਕਹਿੰਦੇ: ਤੁਮ ਖੇਡੇ ਮਹਿ ਗਏ ਸੇ! ਇਹ ਕਿਆ ਕੀਆ?” ਜੇਹੜੇ ਨਾਂਹੀ ਸਨ ਗਏ ਓਨਾਂ ਕੇ ਕਹਿਆ। ਓਨੀਂ ਕਹਿਆ: 'ਜੀ ਅਸੀ ਨਾਹੀ ਗਏ, ਏਹ ਗਏ ਸਨ।
'ਤੁਸੀਂ ਕੀ ਕਹਿਆ ਸੀ ਗਇਆਂ ਕੇ ਮਗਰੋਂ? ਏਨਾਂ ਕੀ ਕਹਿਆ ਜਾਇਕੇ ??
ਦੋਹੀਂ ਧਿਰੀਂ ਸਚੁ ਕਹਿ ਦਿਤਾ, ਜੇਹੀ ਜੇਹੀ ਮਨ ਮਹਿ ਆਈ ਸੀ। 'ਜੇਹੜੇ ਨਾਂਹੀ ਸੇ ਗਏ, ਇਨ ਕਾ ਰਿਦਾ ਉਹਾਂ ਸੀ ਤਮਾਸੇ ਬੀਚ। ਜੇਹੜੇ ਗਏ ਸੇ ਓਨਾਂ ਕਾ ਰਿਦਾ ਹਮਾਰੇ ਪਾਸ ਸੀ ॥੮੮॥
89. ਸੰਗਤ ਨੂੰ ਸ਼ਸਤ੍ਰਧਾਰੀ ਕੀਤਾ। ਜੁੱਧ ਸਿਖਾਯਾ
ਏਕ ਬੇਰ ਸ੍ਰੀ ਗੁਰੂ ਜੀ ਜੰਗਲ ਦੇਸ ਥੇ, ਤਾਂ ਕਿਸੀ ਸਿਖ ਆਨ ਕਹਿਆ: 'ਸਚੇ ਪਾਤਿਸਾਹਿ ਜੀ! ਸੰਗਤਿ ਆਂਵਦੀ ਸੀ ਤੇ ਅਮਕੇ ਸੂਬੇਦਾਰ ਖੋਸ ਲੀਨੀ ਹੈ। ਤਾਂ ਗੁਰੂ ਜੀ ਚੁਪ ਕਰ ਰਹੇ। ਤਾਂ ਫੇਰਿ ਦੂਸਰੇ ਦਿਨ ਭੀ ਕਿਸੀ ਆਨ ਕਹਿਆ: 'ਜੋ ਗੁਰੂ ਜੀ ਸੰਗਤ ਆਂਵਦੀ ਸੀ ਦਰਸਨ ਕੋ, ਤੇ ਅਮਕੇ ਸੂਬੇਦਾਰ ਖੋਹ ਲੀਨੀ ਹੈ।'
1. ਪਾ: 'ਛਕੇ ਬੀ ਹੈ, ਮੁਰਾਦ ਗਾੜ੍ਹੀ ਨੀਂਦ ਤੋਂ ਹੈ।
2. ਐਨ ੧ ਅੰਸੂ ੨੬ ਦਾ ਅਖੀਰ।
ਹੁਕਮ ਹੋਆ: 'ਭਾਈ! ਇਉਂ ਕੋਈ ਨਹੀ ਕਹਿੰਦਾ ਜੋ ਸੂਬਾਦਾਰ ਕੋ ਸੰਗਤ ਖੋਹ ਲਿਆਈ ਹੈ। ਹਭੇ ਕੋਈ ਇਉਂ ਕਹਿੰਦਾ ਹੈ, ਸੰਗਤ ਕੋ ਸੂਬਾਦਾਰ ਖੋਹ ਲੀਨਾ ਹੈ।
ਫੇਰ ਹੁਕਮੁ ਹੋਆ: 'ਭਾਈ। ਸੰਗਤ ਸਚੀ ਹੈ ਨਵਾਂ ਪਾਤਿਸਾਹੀਆਂ ਤੀਕੁ ਸੰਗਤ ਸਿਮਰਣੀਆਂ ਫੜੀਆਂ ਹਨ, ਅਬ ਮੈਂ ਸੰਗਤ ਕੋ ਭਗੋਤੀ ਫੜਾਵੋਂਗਾ, ਅਰ ਚਿੜੀਆਂ ਥੋਂ ਬਾਜ ਤੁੜਾਵੇਂਗਾ।' ਤਾਂ ਫੇਰ ਉਹਾਂ ਹੀ ਹੁਕਮ ਹੋਆ: 'ਜੋ ਮੇਰਾ ਸਿਖ ਹੋਵੇਗਾ, ਸੋ ਸਸਤ੍ਰ ਬਿਨਾਂ ਨਾ ਰਹੇਗਾ।' ਤਾਂ ਸਿਖ ਸਸਤ੍ਰਧਾਰੀ ਹੋਇ ਗਏ। ਫੇਰ ਕੇਸਾਂ ਕਾ ਹੁਕਮੁ ਹੋਇਆ, 'ਜੋ ਕੇਸਾਂ ਬਿਨਾਂ ਮਨੁਖ ਅੱਧਾ ਹੈ ਸਾਰਾ ਮਨੁਖ ਤਦ ਹੁੰਦਾ ਹੈ, ਜਬ ਕੇਸ ਹੋਹਿ, ਬਹੁੜ ਸਸਤ੍ਰ ਹਹਿਂ।
ਫੇਰ ਹੁਕਮ ਹੋਆ: 'ਭਾਈ ਸੰਗਤ ਕੋ ਜੁਧ੍ਯ ਕਰਨਾ ਸਿਖਾਲਦੇ ਹਾਂ।' ਤਬ ਡੱਲਾ ਬੈਰਾੜ ਬੁਲਾਇਆ। ਹੁਕਮ ਹੋਇਆ: ਡਲਿਆ। ਆਪਣੀ ਸੈਨਾਂ ਸਾਥ ਲੈਕੇ, ਲਾਠੀਆਂ ਹਾਥ ਕਰਕੇ ਸੰਗਤ ਕੋ ਖੋਹ ਲਿਆਵੋ, ਪਰ ਮਾਰਣਾਂ ਕਿਸੀ ਕੋ ਨਹੀਂ, ਅਰ ਵਸਤੂ ਭੀ ਕਿਸੇ ਕੀ ਗਵਾਵਣੀ ਨਾਹੀ, ਕਿਉਂ ਜੋ ਫੇਰਣੀ ਹੋਗੁ, ਸੰਗਤ ਕੋ ਜੁਧ ਕਰਨੇ ਸਿਖਾਲਨੇ ਹਾਂ।'
ਤਾਂ ਡਲਾ ਬੈਰਾੜ ਸੈਨਾਂ ਸਹਿਤ ਜਾਇ ਸੰਗਤ ਕੇ ਪਇਆ। ਅਤੇ ਸੰਗਤ ਕੋ ਇਉਂ ਕਹਿ ਭੇਜਿਆ: 'ਜੋ ਏਥੇ ਅਸੀਂ ਪ੍ਰਾਹੁਣੇ ਜੇਹੇ ਬੈਠੇ ਹਾਂ, ਤੇ ਜਟ ਆਪ-ਜੋਰੇ ਹਨ, ਤੁਸਾਂ ਨੂੰ ਖੋਹਣ ਆਂਵਦੇ ਹੈਨ, ਪਰ ਤੁਸੀਂ ਖੁਹਾਵਣਾਂ ਨਹੀਂ, ਭਲੀ ਵਜੇ ਤਕੜੇ ਹੋਣਾ, ਤੇ ਭਲੀ ਵਜੇ ਸਨਮੁਖ ਹੋਣਾ, ਹਾਰਨਾ ਨਹੀਂ।'
ਗੁਰੂ ਕਾ ਬਚਨ ਪਾਇ ਕਰ ਸੰਗਤ ਤਕੜੀ ਹੋਈ। ਓਹ ਖੋਹਣ ਤੇ ਸੰਗਤ ਖੋਹਾਵੇ ਨਾਹੀ। ਵਡਾ ਸੋਰੁ ਪਇਆ ਓਸ ਜੁਧ ਕਾ। ਕਈ ਕੋਹ ਸੁਣਿਆ ਸੋਰ ਗੁਰੂ ਜੀ ਸੁਣਿਆ ਸੋਰ। ਤਾਂ ਗੁਰੂ ਜੀ ਉਚੇ ਅਸਥਾਨ ਬੈਠਕੇ ਤਮਾਸਾ ਦੇਖ ਕਰ ਅਰੁ ਸੋਰ ਸੁਣ ਕਰਕੇ ਬਿਗਸੇ। ਹੁਕਮ ਹੋਆ: 'ਸੰਗਤਾਂ ਕੋ ਜੁਧ ਕਰਨਾ ਸਿਖਾਲਨੇ ਹਾਂ। ਇਸੀ ਹੀ ਵਜਹੁ ਹੋਨਗੇ* ॥੮੯॥
* ਗੁ: ਪ੍ਰ: ਸੂ: ਐਨ ੧ ਅੰਸੂ ੨੮ ਦੇ ਸ਼ੁਰੂ ਵਿਚ ਇਹ ਸਾਖੀ ਹੈ।
90. ਕੜਾਹ ਲੁਟਾਇਆ
ਅਗੇ ਸਾਖੀ ਹੋਰ ਚਲੀ।
ਤਾਂ ਫੇਰਿ ਕੜਾਹੁ ਪ੍ਰਸਾਦਿ ਕਰਾਇਆ ਬਹੁਤੀ ਬੇਰ। ਜਬ ਕੜਾਹੁ ਪ੍ਰਸਾਦਿ ਹੋਇਆ ਤਬ ਹੁਕਮ ਹੋਆ, 'ਜੋ ਲੁਟਿ ਲੇਵਹੁ!' ਤਬ ਬਹੁਤੇ ਸਿਖ ਲੁਟਣ ਗਏ ਕੜਾਹੁ ਤੇ ਕਿਤਨੇ ਸਿਖ ਗੁਰੂ ਜੀ ਕੇ ਹਜੂਰ ਬੈਠੇ ਰਹੇ। ਓਹ ਲੁਟਣਿ ਨਾਂ ਗਏ। ਤਾਂ ਹੁਕਮ ਹੋਇਆ: ‘ਕੜਾਹ ਲੁਟਣੇ ਨਾ ਗਏ?
ਤਾਂ ਸਿਖਾਂ ਕਹਿਆ, 'ਸਚੇ ਪਾਤਿਸਾਹ ਜੇਹਾ ਬਾਂਡਾ' ਮਿਲਦਾ ਹੈ, ਤੇਹਾ ਖਾਇ ਲੈਂਦੇ ਹਾਂ, ਅਸੀਂ ਲੁਟਣ ਵਾਲਿਆਂ ਵਿਚੋਂ ਨਾਹੀਂ।'
ਹੁਕਮ ਹੋਇਆ: 'ਨਿਹਾਲ! ਖਾਲਸੇ ਵਿਚਿ ਲੁਟ ਭੀ ਹੋਵੇਗੀ, ਅਤੇ ਨਾਲੇ ਸਿਖੀ ਭੀ ਹੋਵੇਗੀ, ਦੋਵੇਂ ਬਾਤਾਂ ਹੋਵੇਂਗੀਆਂ। ਬਹੁੜ ਗੁਰੂ ਜੀ ਸਸਤ੍ਰ ਕਰ ਪ੍ਰਸੰਨ ਹੋਵੇਂ, ਸਸਤ੍ਰਾਂ ਕੀ ਪੂਜਾ ਕਰਹਿਂ। ਜੋ ਕੋਈ ਮਾਇਆ ਲਿਆਵੇ ਐਸੀ ਖੁਸੀ ਨਾ ਮਿਲੈ ਜੈਸੀ ਸਸਤ੍ਰ ਵਾਲੇ ਕੋ ਮਿਲੇ ॥੯੦॥
91. ਡਲੇ ਨੂੰ ਮੀਂਹ ਦਿਤਾ
ਅਗੇ ਸਾਖੀ ਹੋਰ ਚਲੀ।
ਤਾਂ ਫੇਰ ਡੱਲੇ ਬੈਰਾੜ ਕੇ ਹੁਕਮ ਹੋਆ, ਜੋ ਡਲਿਆ! ਤੂੰ ਰੋਜ ਲਿਆ ਕਰ ਸਰਕਾਰੋਂ। '
ਡੱਲੇ ਕਹਿਆ: 'ਬਚੇ ਪਾਤਿਸ਼ਾਹਿ ਜੀ! ਮੁਝੇ ਮੀਹਂ ਮਿਲੈ।' ਹੁਕਮ ਹੋਇਆ, ਡਲਿਆ! ਰੋਜ ਲੈ ਜੋ ਸਾਡੇ ਪਾਸ ਹੈ। ਮੀਹ ਤਾਂ ਅਸਾਡੀ ਬਗਲ ਵਿਚ ਨਾਹੀਂ ਕਿਉਂ ਜੋ ਤੈਨੂੰ ਕਢ ਦੇਈਏ।
ਤਾਂ ਕਿਸੀ ਦਿਨ ਫੇਰ ਰੋਜ ਖੁਲਾ ਤਾਂ ਗੁਰੂ ਜੀ ਕਹਿਆ: 'ਭਾਈ ਡਲਿਆ! ਰੋਜ ਲਿਆ ਕਰੋ। ' ਤਾਂ ਫੇਰ ਡਲੇ ਕਹਿਆ: 'ਸਚੇ ਪਾਤਿਸਾਹਿ ਜੀ! ਮੈਨੂੰ ਮੀਹੁ ਮਿਲੈ। ' ਤਾਂ ਗੁਰੂ ਜੀ ਫੇਰ ਅਣਸੁਣਿਆ ਕੀਤਾ। ਓਥੇ ਜੰਗਲ ਵਿਚਿ ਚਿਰੰਕਾਲ ਕੀ ਔੜ ਸੀ।
ਤਾਂ ਫੇਰ ਰੋਜ ਖੁਲਿਆ ਤੇ ਡੱਲਾ ਹਜ਼ੂਰ ਬੈਠਾ ਸੀ, ਤਾਂ ਹੁਕਮ ਹੋਇਆ 'ਡਲਿਆ ਰੋਜ ਲਿਆ ਕਰੋ ਸਰਕਾਰ।' ਤਾਂ ਫੇਰ ਡਲੇ ਕਹਿਆ, ‘ਸਚੇ ਪਾਤਿਸਾਹਿ ਜੀ! ਮੈਨੂੰ ਮੀਹ ਮਿਲੇ!' ਤਾਂ ਹੁਕਮ ਹੋਇਆ: 'ਜਟੂ ਪਿੰਨੇ ਤਾਂ ਕੰਧ ਥੀਂ ਘਿੰਨੇ। ਜਾਹਿ, ਛੱਪੜ ਹਛੇ ਕਰਾਇ।
1. ਵੰਡਾ, ਛਾਂਦਾ ।
2. ਐਨ ੧ ਅੰਸੂ ੨੮ ਅੰਕ ੧੫ ਤੋਂ ੨੦।
ਤਾਂ ਡੱਲੇ ਪ੍ਰਸੰਨ ਹੋਇ ਕਰ ਲੋਕ ਕਠੇ ਕੀਏ, ਨਾਲੇ ਢੋਲ ਇਕਠੇ ਕੀਏ। ਕਿਤਨੇ ਦਿਨ ਛਪੜ ਹਛੇ ਹੋਏ। ਫੇਰ ਜਟਾਂ ਨੂੰ ਗੁਰੂ ਜੀ ਮੀਹੁ ਦਿਤਾ, ਪਰੁ ਵਡਾ ਦੀਰਘ ਮੇਘ ਦਿਤਾ। ਜਟ ਤ੍ਰਿਪਤ ਹੋਇ ਰਹੇ। ਤਾਂ ਜਟਾਂ ਥਕ ਕੇ ਆਨ ਕਹਿਆ, ‘ਸਚੇ ਪਾਤਿਸਾਹਿ ਜੀ ਮੇਘ ਥੀਂ ਬਸ ਕਰਾਈਏ।' ਤਾਂ ਗੁਰੂ ਜੀ ਮੇਘ ਥੀਂ ਬਸ ਕਰਾਇਆ, ਤਾਂ ਹੀ ਰਹਿਆ ॥੯੧॥
92. ਮੂਲੇ ਦਾ ਪੁਨਰ ਜਨਮ
ਅਗੇ ਸਾਖੀ ਹੋਰ ਚਲੀ।
ਇਕ ਸਿਖ ਨੇ ਕਹਿਆ: ਜੀ, ਗੁਰੂ ਨਾਕ ਜੀ ਕੀ ਮੁਲੇ ਵਡੀ ਟਹਿਲ ਕੀਤੀ ਥੀ ਫੇਰ ਸੱਪ ਨੇ ਮਾਰਿਆ, ਅਧੋ ਗਤਿ ਨੂੰ ਪ੍ਰਾਪਤਿ ਹੋਇਆ।
ਗੁਰੂ ਜੀ ਕਹਿੰਦੇ: ਮੁਹੁ ਫੇਰਿ ਗਿਆ ਸੀ। ਹੁਣ ਫੇਰ ਭਗਤਿ ਕਰੂ ਜਨਮ ਧਾਰਕੇ, ਵਠਿੰਡੇ ਕੀ ਧਰਤੀ ਤੁਗਲ ਖਤ੍ਰੀ ਕੇ ਜਨਮੇਗਾ।'
ਸਿਖ ਨੇ ਕਹਿਆ: 'ਜੀ ਕੀ ਨਿਸਾਨੀ ਹੋਵੇਗੀ?"
ਸਾਹਿਬ ਕਹਿੰਦੇ: 'ਬਗੀ ਬੋਦੀ ਹੋਗੁ, ਜਨਮ ਤੇ ਹੀ ਨਾਉਂ ਭੀ ਮੂਲਾ ਹੋਗੁ, ਟਹਿਲ ਬਿਰਥੀ ਨਹੀਂ ਜਾਂਦੀ। ਜੰਮਣ ਮਰਣ ਤੇ ਰਹਿਤ ਹੋ ਜਾਊ ਭਗਤੀ ਤੇ²॥੯੨॥
੯੩. ਮਾਲਵੇ ਵਿਚ ਕਾਲ ਕਾ ਕਾਰਨ ਬਿਨੈ ਪਾਲ ਰਾਜੇ ਦੀ ਵਾਰਤਾ
ਅਗੇ ਸਾਖੀ ਹੋਰ ਚਲੀ।
ਪਹਿਰਾ ਗੁਰੂ ਕਾ ਸਿਖ ਰਹਿੰਦੇ, ਸਿਖ ਕਹਿੰਦੇ ਪਹਿਰੇ ਵਾਲੇ ਇਕ ਦਿਨ: 'ਇਕ ਇਸਤ੍ਰੀ, ਰਾਤ ਸਵਾ ਪਹਿਰ ਰਹਿੰਦੀ ਹੈਸੀ, ਗੁਰੂ ਜੀ! ਅਜੁ ਹਥ ਜੋੜੀ ਖੜੀ ਰਹੀ ਸੀ। ਫੇਰ ਲੋਹੀਵਾੜੇ ਮਥਾ ਟੇਕ ਕੇ ਉਠ ਗਈ।'
1. ਸੂ: ਪ੍ਰ: ਦੇ ਕਰਤਾ ਨੇ ਇਹ ਸਾਖੀ ਤੇ ਸੌ ਸਾਖੀ ਦੀ ੪੫ਵੀਂ ਤੇ ੪੮ਵੀਂ ਸਾਖੀ ਏਨਾਂ ਤਿੰਨਾਂ ਨੂੰ ਹੀ ਮਿਲਾਕੇ ਇਹ ਪ੍ਰਸੰਗ ੧ ਐਨ ਅੰਸੂ ੨੬ ਵਿਚ ਦਿਤਾ ਹੈ। ਤਿੰਨਾਂ ਦੇ ਭਾਵ ਨੂੰ ਜਿਸ ਖੂਬੀ ਨਾਲ ਮੇਲਿਆ ਹੈ ਉਹ ਉਸ ਸਾਖੀ ਦੇ ਪਾਠ ਤੋਂ ਪੂਰਾ ਸਪਸ਼ਟ ਹੋ ਜਾਂਦਾ ਹੈ।
2. ਸੂ: ਪ੍ਰ: ਨੇ ਇਸ ਟਿਕਾਣੇ ਇਹ ਸਾਖੀ ਨਹੀਂ ਦਿਤੀ।
3. ਭਾਵ ਲੋ ਹੋਣ ਵੇਲੇ, ਪਹੁ ਫਟੀ ਤੇ।
ਗੁਰੂ ਜੀ ਕਹਿੰਦੇ: ਹੋਗੁ ॥
ਫਿਰਿ ਪੰਜ ਰਾਤੀ ਏਸੇ ਤਰਾਂ ਆਂਵਦੀ ਰਹੀ। ਫੇਰ ਇਕ ਦਿਨ ਮੱਥਾ ਟੇਕਕੇ ਨਾਂ ਆਈ। ਫੇਰ ਸਿਖਾਂ ਕਹਿਆ, 'ਜੀ ਪਾਤਿਸਾਹਿ। ਬਾਹਰੀ ਕਰੀਏ, ਕੌਣ ਸੀ ਓਹੁ ਜੀ ?'
ਗੁਰੂ ਜੀ ਬਚਨ ਕੀਤਾ: 'ਏਹ ਧਰਤੀ ਹੈ ਮਾਲਵੇ ਕੀ। ਏਸ ਤੇ ਭਾਰੀ ਮਨਮਤ ਹੋਈ ਹੈ। ਤਾਂ ਹੀ ਹਮੇਸਾ ਆਨ ਕੇ ਹਥ ਜੋੜਦੀ ਹੈ।'
ਚੌਕੀ ਵਾਲਿਆਂ ਸਿੰਘਾਂ ਆਖਿਆ: 'ਜੀ, ਏਸਤੇ ਕੇਹੜੀ ਮਨਮਤ ਹੋਈ ਹੈ ?
ਗੁਰੂ ਜੀ ਬਚਨ ਕੀਤਾ, ‘ਭਾਈ ਪਿਆਰਿਓ! ਇਕ ਰਾਜਾ ਥੀ ਬਿਨਾ- ਪਾਲ, ਤਿਸਨੇ ਬਠਿੰਡਾ ਬਸਾਇਆ ਸੀ। ਬਡਾ ਧਰਮਗ ਹੈਸੀ। ਤਿਸਕੇ ਰਾਜ ਬਿਚ ਨੰਗਾ ਭੁਖਾ ਨਹੀਂ ਸੀ ਕੋਈ ਰਹਿੰਦਾ। ਕਦੇ ਕਾਲ ਭੀ ਨਹੀਂ ਸੀ ਪੈਂਦਾ। ਚੋਰ ਜਾਰ ਕੋਈ ਨਹੀਂ ਹੈਸੀ। ਐਸਾ ਧਰਮ ਦਾ ਰਾਜ ਸੀ। ਨਦੀਆਂ ਕੂਏ ਬਹੁਤ ਸਨਿ, ਕੁਮੇਰ ਕੇ ਸਮਾਨ ਹੈਸੀ ਖਜਾਨਾਂ ਤਿਸਕੇ।'
ਤਾਂ ਸਿੰਘਾਂ ਕਹਿਆ: ਜੀ, 'ਓਸਨੂੰ ਕਿਤਨਾਂ ਚਿਰੁ ਹੋਇਆ?”
ਗੁਰੂ ਜੀ ਕਹਿੰਦੇ: 'ਓਸਨੂੰ ਚੌਦਾਂ ਸੈ ਬਰਸ ਹੋਇਆ। ਓਸ ਨੇ ਕੋਠੀਆਂ ਗਾਲ ਕੇ ਸਤਲੁਜ ਬਿਚ ਕਿਲੇ ਕੀ ਨੀਉ ਰਖੀ ਹੈਸੀ!'
ਤਾਂ ਸਿੰਘਾਂ ਆਖਿਆ: 'ਜੀ ਪਾਤਿਸਾਹਿ, ਓਦੋਂ ਦਾ ਇਟਾਂ ਦਾ ਕਿਲਾ ਕਿਕੂੰ ਰਹਿਆ ??
ਗੁਰੂ ਜੀ ਬਚਨ ਕੀਤਾ: 'ਜਿਵੇਂ ਕੱਤ ਦਾ ਮਹੀਨਾ ਆਉਂਦਾ; ਗੱਦਰ ਤਿਲ ਪਾਉਂਦਾ ਆਵਿਆਂ ਵਿਚਿ, ਇਸ ਕਰਕੇ ਰੇਹੀ ਨਹੀਂ ਲਗਦੀ। ਤਿਸ ਰਾਜਾ ਕੇ ਸਹਰ ਵਿਚ ਇਕ ਬ੍ਰਹਮਣੀ ਹੈਸੀ, ਤਿਸਕੇ ਘਰ ਪਰਾਹੁਣੇ ਆਏ। ਤਿਸਕੇ ਭੋਜਨ ਕੀਤਾ ਸੁਚ ਪਵਿਤ੍ਰ ਹੋਇਕੇ। ਜਦੋਂ ਭੋਜਨ ਤਿਆਰ ਹੋਇਆ, ਓਦੋਂ ਓਸ ਦਾ ਬਾਲਕ ਰੋਦਨ ਕਰਨੇ ਲਗਾ। ਤਾਂ ਓਹੁ ਕੁਛੜ ਲੈਕੇ ਚੂਚੀ ਦੇਣੇ ਲਗੀ। ਓਸ ਬਾਲਕ ਨੇ ਬਿਸਟਾ ਕਰ ਦਿਤੀ ਚੌਕੇ ਬੀਚ। ਤਾਂ ਓਸ ਬ੍ਰਹਮਣੀ ਐਸਾ ਨੀਚ ਕਰਮ ਕੀਤਾ ਜੈਸਾ ਕੋਈ ਨਾ ਕਰ ਸਕੇ। ਬਿਸਟਾ ਉਤੇ ਆਟਾ ਬਰੂਰ ਦਿਤਾ ਤੇ ਬ੍ਰਹਮਣਾਂ ਨੂੰ ਭੋਜਨ ਖੁਵਾਇਆ। ਅਨਾਜ ਦੇਵਤਾ ਨੇ ਬਿਸ਼ਨ ਦੇਵ ਪਾਸ ਜਾਇ ਫਰਿਆਦ ਕੀਤੀ। ਬਿਸਨ ਦੇਵ ਆਖਿਆ, ਤੇਰੀ ਅਵਗਿਆ ਕਿਸ ਕੀਤੀ? ਐਸਾ ਕੌਣ ਹੈ, ਜਿਸ ਨੇ ਤੈਨੂੰ ਦੁਖਾਇਆ ? ਤੇਰਾ
94. ਝੂਲਣ ਸਿੰਘ
ਅਗੇ ਸਾਖੀ ਹੋਰ ਚਲੀ।
ਗੁਰੂ ਜੀ ਸਿਕਾਰ ਚੜੇ ਸਨ। ਝੂਲਣ ਸਿੰਘ ਦੁਤਾਰਾ ਵਜਾਇੰਦਾ, ਪਰ ਬਹੁਤ ਚੰਗਾ। ਗੁਰੂ ਜੀ ਕੇ ਮਹਿਲਾਂ ਕੀ ਟਹਿਲਣ ਕਹਿੰਦੀ: 'ਮਹਿਲਾਂ ਪਾਸ ਵਜਾਇ! ਐਥੇ ਬੈਠਾ ਕੀ ਵਜਾਇੰਦਾ ਹਹਿ??
ਕਹਿੰਦਾ: ‘ਮਾਤਾ ਜੀ ਕਹਿੰਦੇ ਹੈਨਿ ਕਿ ਤੂੰਹੀ ਕਹਿੰਦੀ ਹੈ?'
'ਕਹਿੰਦੀ ਤਾਂ ਮੈਂ ਹੀ ਹਾਂ, ਪਰ ਗੁਸੇ ਨਾਂਹੀ ਹੋਣ ਦਿੰਦੀ, ਤੂੰ ਚਲੁ।'
'ਝੂਲਣ ਸਿੰਘ ਦੁਤਾਰਾ ਵਜਾਉਣ ਆਇਆ ਹੈ।`
ਮਾਤਾ ਜੀ ਕਹਿਆ: 'ਸਬਦੁ ਪੜੇਗਾ?’
* ਕਵੀ ਸੰਤੋਖ ਸਿੰਘ ਨੇ ਮਾਲਵੇ ਦੀ ਧਰਤੀ ਦਾ ਇਕ ਕੰਨ੍ਯਾ ਦੇ ਭੇਸ ਵਿਚ ਗੁਰੂ ਕੀ ਹਜੂਰੀ ਵਿਚ ਆਉਣਾ ਤੇ ਸਾਰੇ ਦੇਸ਼ ਨੂੰ ਧਨ ਉਪਜਾਊ ਕਰਨ ਹਿਤ ਅਰਦਾਸ ਕਰਨੇ ਦਾ ਸੰਖੇਪ ਪ੍ਰਸੰਗ ਐਨ ੧ ਦੇ ਅੰਸੂ ੨੪ ਦੇ ਸ਼ੁਰੂ ਵਿਚ ਦਿਤਾ ਹੈ ਤੇ ਮਾਲਵੇ ਨੂੰ ਵਰ ਮਿਲਨੇ ਅੰਸੂ ੨੯ ਦੇ ਅਖੀਰ ਦਿਤੇ ਹਨ ਪਰ ਇਹ ਐਨ ਅਵਗਯਾ ਦੀ ਪੁਰਾਣਕ ਕਥਾ ਕਵੀ ਜੀ ਨੇ ਸ੍ਵੀਕਾਰ ਨਹੀਂ ਕੀਤੀ।
ਟਹਿਲਣ ਕਹਿੰਦੀ: ਦੁਤਾਰਾ ਵਜਾਇੰਦਾ ਹੁੰਦਾ ਹੈ; ਕਹੋ ਤਾਂ ਵਜਾਏ।'
ਮਾਤਾ ਜੀ ਕਹਿੰਦੇ: 'ਵਜਾਏ।'
ਝੂਲਣ ਸਿੰਘ ਨੇ ਵਜਾਇਆ ਦੁਤਾਰਾ ਠਠਈ। ਵਜਾਇਕੇ ਡੇਰੇ ਉਠਿ ਗਇਆ।
ਗੁਰੂ ਜੀ ਸ਼ਿਕਾਰ ਤੇ ਆਏ। ਫੇਰ ਝੁਲਣ ਸਿੰਘ ਦੇ ਮਨ ਵਿਚ ਵਡੀ ਗੈਰਤ ਆਈ। ਮੇਰੇ ਪਾਸੋਂ ਵਡੀ ਮਨਮਤ ਹੋਈ ਹੈ। ਮੇਰੀ ਮਾਈ ਭੈਣ ਹੋਵੇ ਤਾਂ ਮੈਂ ਇਸੇ ਤਰਾਂ ਹੀ ਵਜਾਵਾਂ? ਮਨ ਵਿਚ ਤੰਗ ਹੋਇਕੇ ਇੰਦ੍ਰੀ ਕਟ ਦਿਤੀ, ਬੋਲਣ ਕਾ ਤਿਆਗੁ ਕਰ ਦੀਆ
ਗੁਰੂ ਜੀ ਨੂੰ ਸਿਖ ਨੇ ਕਹਿਆ: 'ਜੀ ਝੂਲਣ ਸਿੰਘ ਨੇ ਇੰਦ੍ਰੀ ਕਟਿ ਸਿਟੀ ਹੈ। ਬੋਲਣ ਕਾ ਤਿਆਗੁ ਕਰ ਦੀਆ।'
ਗੁਰੂ ਜੀ ਕਹਿੰਦੇ: ਹਿਰਸ ਨਾ ਜਾਵੇਗੀ।'
ਜ਼ਖਮ ਰਾਜੀ ਹੋਇਆ। ਰਹਿਆ ਗੁਰੂ ਜੀ ਪਾਸ ਕੋਈ ਕਾਲ। ਫੇਰ ਮੌੜਾਂ ਬਸਿਆਂ ਥੋਂ; ਅਗੇ ਜੀਉਂਦਾਂ (ਜੀਵੰਧਿਆਂ) ਦੀ ਚੱਕ ਸੀ ਫੇਰ ਉਠਿ ਗਈ, ਦੁਲਮੀਕੇ ਭੀ ਬਸਦੇ ਸਨ ਓਇ ਭੀ ਉਠਿ ਗਏ। ਫੇਰ ਮੌੜਾਂ ਬਸਿਆਂ ਥੋਂ ਅਗੇ ਹੀ ਝੂਲਣ ਸਿੰਘ ਆਇ ਰਹਿਆ ਸੀ। ਤਪੇ ਥੋਂ ਸਿਖ ਟਹਿਲ ਕਰ ਜਾਂਦਾ। ਮੌੜੀ ਸੁ ਨਾਹਰ ਉਤੇ ਝੁੰਬੀ ਸੀ ਓਸਦੀ। ਓਦੋਂ ਫੇਰ ਮੌੜ ਓਥੇ ਬਸ਼ੇ। ਝੂਲਣ ਸਿੰਘ ਕਾ ਨਾਉਂ ‘ਅਕੂਆ' ਕਹਿਣ ਲਗੇ। ਓਦੋਂ ਬੇਰੀਆਂ ਬਹੁਤ ਸਨ। ਫੇਰ ਸਾਬੇ ਕਿਆਂ ਥੋਂ ਮੌੜ ਏਥੇ ਆਇ ਬਸੇ। ਓਦੋਂ ਐਥੇ ਮੌੜਾਂ ਥੋਂ ਅਗੇ ਵਡੀ ਰੋਹੀ ਸੀ। ਇਕ ਤਪਾ ਧੌਲਾ ਰਾਇ ਸਰ ਥਾ, ਫੇਰ ਮੌੜ ਆਇ ਬਸੇ। ਝੂਲਣ ਸਿੰਘ ਕੀ ਟਹਿਲ ਕਰਨ ਲਗੇ। ਪਰੁ ਵਡਾ ਭਗਤ ਸੀ। ਜੋ ਕੁਹੁ ਮੂਹੋਂ ਕਢੇ, ਬਚਨ ਕਰੇ, ਸੋਈ ਹੋਵੇ।
ਫੇਰ ਸਾਬੋਕੇ ਆਏ ਦੌੜੇ ਮੌੜੀਂ। ਝੂਲਣ ਸਿੰਘ ਮਾਲ ਨੂੰ ਛੇੜਨ ਨਾਂ ਦੇਵੇ, ਗਾਂਈ ਮਹੀ ਨੂੰ ਤਪੇ ਵਲ ਛੇੜਨ ਨਾਂ ਦੇਵੇ। ਲਾਠੀਆਂ ਮਾਰੇ ਗਾਂਈ ਨੂੰ, ਪਿੰਡ ਵਿਚ ਵਾੜੇ, ਛੇੜਨ ਨਾਂ ਦੇਵੇ। ਲੋਕ ਕਹਿਨ: 'ਅਜ ਅਕੂਆ ਕੀ ਕਰਦਾ ਹੈ!' ਮੁਹੋ ਬੋਲਦਾ ਨਾਂਹੀ ਸੀ, ਓਸ ਕਾ ਨਾ ਬੋਲਣ ਕਾ ਪ੍ਰਣ ਸੀ ਕੀਤਾ ਹੋਇਆ। ਲੋਕਾਂ ਮਾਲ ਛੇੜ ਦਿਤਾ, ਉਸਕਾ ਆਸਾ ਨਾਂ ਸਮਝੋ। ਸਾਬੋਕੇ ਕਟਕ ਨੇ ਮਾਲੁ ਤਾਹਿ ਲਿਆ, ਫੇਰ ਮਲੂਮੀ ਹੋਈ:- ਤਾਂਹੀ ਅਕੂਆ ਮਾਲ ਨੂੰ ਮੋੜਦਾ ਸੀ। ਫੇਰ ਢਿਡ ਨੂੰ ਵਜਾਵੇ ਹਥ ਕਰੇ ਛੇਤੀ ਛੇਤੀ। ਫੇਰ ਲੋਕ ਸਮਝੇ, ਭਈ ਕਹਿੰਦਾ ਹੇ, ਤੁਮਾਰੀ ਫਤੇ ਹੋਵੇਗੀ। ਵਾਹਰ ਮਿਲੀ, ਮਾਲ
ਛਡਾਇਆ। ਵਡਾ ਭਗਤ ਹੋਆ।
ਓਹੁ ਜੋ ਗੁਰੂ ਜੀ ਕਹਿਆ ਸੀ— ਹਿਰਸ ਨਾਹੀ ਜਾਊ: ਜਦੋ ਬਹੂ ਬਿਆਹੀ ਆਵੇ ਵੇਖਣ ਜਾਇ। ਓਸ ਕੀ ਜਾਗਾ ਨੂੰ ਹੁਣ ਭੀ ਮੰਨੀਦਾ ਹੈ॥੯੪॥
95. ਤਲਵੰਡੀ ਵਿਖੇ ਦਮਦਮਾ
ਅਗੇ ਸਾਖੀ ਹੋਰ ਚਲੀ। ਗੁਰੂ ਜੀ ਤਲਵੰਡੀ ਬਹੁਤ ਰਹੇ। ਜਾਗਾ ਕਾ ਨਾਉ ਦਮਦਮਾ ਰਖਿਆ। ਗੁਰੂ ਜੀ ਕਹਿੰਦੇ, 'ਏਥੇ ਅਸੀ ਦਮ ਲਇਆ ਹੈ।' ਗੁਰੂ ਜੀ ਕਮਰ ਏਥੇ ਖੋਲੀ ਹੈ। ਅਗੇ ਕਮਰ ਅਸਨਾਨ ਕਰਕੇ ਸੁਚੇਤਾ ਕਰਕੇ ਖੋਲਦੇ ਨਾਂ, ਜਿਉਂ ਛਕਾਉਂਦੇ ਛਕਾਈ ਰਖਦੇ ਅਸਨਾਨ ਸੁਚੇਤੇ ਤੀਕ। ਏਥੇ ਖੋਲੀ ਹੈ ਕਮਰ ਗੁਰੂ ਜੀ॥੯੫॥
96. ਦਮਦਮੇ ਬਾਰੇ ਭਵਿਖ੍ਯਤ
ਅਗੇ ਸਾਖੀ ਹੋਰ ਚਲੀ।
ਗੁਰੂ ਜੀ ਅੰਮ੍ਰਿਤ ਦੇ ਕੜਾਹੇ ਕਰਾਉਂਦੇ ਫੇਰ ਭੂੰਮ ਪਰ ਡੁਲ੍ਹਾਇ ਦੇਂਦੇ। ਸਿਖਾਂ ਕਹਿਆ: 'ਪਾਤਿਸ਼ਾਹ! ਏਹੁ ਕੀ ਹੁਕਮ ਹੈ, ਬਾਹਰੀ ਕਰੀਏ ਜੀ?'' ਗੁਰੂ ਜੀ ਕਹਿੰਦੇ: 'ਏਥੇ ਸੁਮਣਿਮਾਣੀ ਖਾਲਸਾ ਹੋਵੈਗਾ। ਸਾਡੀ ਕਾਸੀ ਹੈ ਏਹੁ। ਏਥੇ ਸਿਖ ਅਖਰ ਬਹੁਤ ਸਿਖਨਗੇ। ਬਿਦ੍ਯਾਵਾਨ ਹੋਣਗੇ ॥੯੬॥
1. ਇਸ ਸਾਖੀ ਵਿਚ ਦੱਸਿਆ ਹੈ ਕਿ ਝੂਲਣ ਸਿੰਘ ਬੜਾ ਭਗਤ ਹੋਇਆ ਹੈ. ਪਰ ਇਸ ਸਾਖੀ ਦਾ ਪਹਿਲਾ ਹਿੱਸਾ ਸਹੀ ਨਹੀਂ। ਜਾਪਦਾ ਹੈ ਕਿ ਜਦੋਂ ਅਕੂਆ ਸਿੰਘ ਕਰਨੀ ਵਾਲਾ ਹੋ ਗਿਆ ਤਾਂ ਚੇਲੇ ਬਾਲਿਆਂ ਨੇ ਆਪਣੀ ਵਲੋਂ ਇਹ ਇਕ ਸਾਜਨਾ ਪ੍ਰਸਿਧ ਕੀਤੀ ਹੈ, ਜੋ ਆਪਣੇ ਆਪ ਵਿਚ ਬੜੀ ਅਟਪਟੀ ਹੈ। ਗੁਰੂ ਜੀ ਦਾ ਕਹਿਣਾ ਕਿ 'ਹਿਰਸ ਨਹੀਂ ਮਿਟੂ" ਦਸਦਾ ਹੈ ਕਿ ਅਕੂਆ ਸਿੰਘ ਦਾ ਆਪਣੇ ਤੇ ਜ਼ੁਲਮੀ ਕਰਨ ਦਾ ਕਾਰਨ ਕੋਈ ਹੋਰ ਸੀ। ਸੁ: ਪ੍ਰ: ਨੇ ਇਥੋਂ ਲੈਕੇ ਇਹ ਸਾਖੀ ਐਨ ੧ ਦੇ ਅੰਸੂ ੨੭ ਵਿਚ ਦਿੱਤੀ ਹੈ।
2. ਕੱਸੀ ਰਖਦੇ, ਖਿੱਚੀ ਰਖਦੇ।
3. ਐਨ ੧ ਅੰਸੂ ੨੮ ਅੰਕ ੨੦ ਤੋਂ ੨੪ ਵਿਚ ਇਹ ਸਾਖੀ ਅਨੁਵਾਦਿਤ ਹੈ। ਤੇ ਅਗਲੀ ੯੭ ਸਾਖੀ ਬੀ ਇਸ ਦੇ ਨਾਲ ਹੀ ਹੈ। 'ਸੁਮਣਮਾਣੀ' ਦਾ ਭਾਵ ਹੈ 'ਉਮਾਹੂ ਸੋਮੇ ਵਾਂਗ'।
97. ਟਾਲੀ ਹੇਠ ਦੁਧ ਛਕਿਆ
ਅਗੇ ਸਾਖੀ ਹੋਰ ਚਲੀ।
ਗੁਰੂ ਜੀ ਸਿਕਾਰ ਚੜੇ, ਟਾਲੀ ਹੇਠ ਜਾਇ ਉਤਰੇ। ਓਸ ਟਾਲੀ ਕਾ ਪੰਦ੍ਰਾ ਹਥ ਕਾ ਗੇੜ ਹੈ। ਸਤੀ ਕੋਹੀ ਹੈ ਡੇਰੇ ਥੋਂ। ਮੌੜਾਂ ਕੇ ਲੋਕ ਓਥੇ ਦੁਧ ਕੀਆਂ ਕੜਾਉਣੀਆਂ' ਲੈਕੇ ਜਾਇ ਮਿਲੇ। ਦੁਧ ਸਿਖਾਂ ਨੇ ਛਕਿਆ। ਗੁਰੂ ਜੀ ਖੁਸੀ ਕੀਤੀ ਆਪ ਚੜੇ॥੯੭॥
98. ਕਬੀਰ ਸਮੇ ਬਾਦਸ਼ਾਹ
ਅਗੇ ਸਾਖੀ ਹੋਰ ਚਲੀ।
ਏਕ ਬੇਰ ਸ੍ਰੀ ਗੁਰੂ ਜੀ ਸਿਖੋਂ ਕੀ ਓਰ ਮੁਖ ਕਰਕੇ ਪੁਛਿਆ ਥਾ, ਜੋ 'ਜਿਸ ਸਮੇ ਕਬੀਰ ਭਗਤ ਹੋਇਆ ਸੀ ਤਿਸ ਸਮੇ ਬਾਦਸਾਹ ਕਉਣ ਥੀ?” ਤਾਂ ਸਿਖਾਂ ਕਹਿਆ, ਸਚੇ ਪਾਤਿਸਾਹਿ ਜੀ! ਅਸੀ ਤੋਂ ਨਾਹੀਂ ਜਾਣਤੇ।'
ਤਾਂ ਹੁਕਮ ਹੋਯਾ: ‘ਭਾਈ ਬਾਦਸ਼ਾਹ ਸਾਥ ਦਸ ਲਾਖ ਘੋੜਾ ਚੜਦਾ ਥਾ, ਤਿਸਕੋ ਕੋਈ ਨਾਹੀਂ ਜਾਣਦਾ ਅਰ ਕਬੀਰ ਭਗਤ ਕੇ ਸਭ ਕੋਈ ਜਾਨਤਾ ਹੈ। ਸੋ ਤਿਸ ਕੋ ਸਭ ਕੋਈ ਇਸ ਕਰ ਜਾਨਤਾ ਹੈ ਜੋ ਉਹ ਪਰਮੇਸਰ ਕਾ ਭਜਨ ਕਰਤਾ ਸਾ। ਅਰ ਸੰਤੋਂ ਕੀ ਸੇਵਾ ਕਰਤਾ ਥਾ। ਜੋ ਸੰਤੋਂ ਕੀ ਸੇਵਾ ਕਰਤੇ ਹੈਂ ਅਰ ਪਰਮੇਸਰ ਕਾ ਭਜਨ ਕਰਤੇ ਹੈਂ ਤਿਨ ਕਾ ਨਾਮ ਜੁਗ ਜੁਗ ਮੈ ਅਬਿਨਾਸੀ ਹੈ, ਨਉਤਨ ਹੈ। ਅਰ ਸਾਚੇ ਪਾਤਿਸਾਹਿ ਪਰਮੇਸਰ ਕੇ ਭਜਨ ਕਰਨੇ ਵਾਲੇ ਹੈਂ। ਔਰ ਦੇਸੋ ਕੇ ਬਾਦਸਾਹ ਕੂੜੇ ਹੈਂ। ਕਬੀਰ ਭਗਤ ਕੋ ਰਾਮ ਕਬੀਰ ਕਹਿਕੇ ਬੁਲਾਵਣਾ ਆਇਆ ਹੈ। ਰਾਮ ਮਹਿ ਅਰੁ ਕਬੀਰ ਮਹਿ ਭੇਦ ਕਛੁ ਨਾ ਥਾ।
ਸਿਖਾਂ ਆਖਿਆ: 'ਜੀ, ਓਹੁ ਪਾਤਿਸਾਹਿ ਕੇੜਾ ਥੀ?"
ਗੁਰੂ ਜੀ ਕਹਿੰਦੇ: 'ਸਕੰਦਰ ਸਾਹ ਸੀ ਨਾਉ ॥੯੮॥
1. ਦੁਧਾਂ ਦੀਆਂ ਕਾੜ੍ਹਨੀਆਂ। ਓਹ ਬਰਤਨ ਜਿਨਾਂ ਵਿਚ ਦੁੱਧ ਕਾੜ੍ਹਦੇ ਹਨ। ਭਾਵ ਕੜ੍ਹੇ ਹੋਏ ਦੁੱਧ ਦੇ ਭਰੇ ਭਰਾਏ ਭਾਂਡੇ ਲਿਆਏ।
2. ਹੁਬਹੂ ਇਹੋ ਪ੍ਰਸੰਗ ਸੌ ਸਾਖੀ ਦੀ ੩੦ਵੀਂ ਸਾਖੀ ਵਿਚ ਹੈ ਜੋ ਕਵੀ ਜੀ ਰੁੱਤ ੩ ਦੇ ਅੰਸੂ ੪੩ ਵਿਚ ਉਲਥਾ ਆਏ ਹਨ. ਇਸ ਲਈ ਇਸ ਪੋਥੀ ਦੀ ਇਹ ਸਾਖੀ ਉਨ੍ਹਾਂ ਏਥੇ ਐਨ ੧ ਵਿਚ ਨਹੀਂ ਦਿੱਤੀ।
99. ਧਰਤੀ ਨੂੰ ਕੌਣ ਉਠਾਈ ਖੜਾ ਹੈ ?
ਅਗੇ ਸਾਖੀ ਹੋਰ ਤੁਰੀ।
ਇਕ ਬੇਰ ਸ੍ਰੀ ਗੁਰੂ ਜੀ ਸਿਖੋਂ ਕੀ ਓਰ ਮੁਖ ਕਰਕੇ ਪੁਛਿਆ: 'ਜੋ ਭਾਈ ਧਰਤੀ ਕਉ ਕਉਨ ਉਠਾਈ ਖੜਾ ਹੈ ?`
ਤਾਂ ਸਿਖਾਂ ਕਹਿਆ: 'ਸਚੇ ਪਾਤਿਸਾਹਿ ਜੀ! ਆਪ ਕ੍ਰਿਪਾ ਕਰਕੇ ਕਹੀਏ ਜੀ ?”
ਤਾਂ ਫੇਰ ਹੁਕਮ ਹੋਇਆ: 'ਨਾ ਭਾਈ, ਕਛੁ ਜੋ ਕਿਸੀ ਸੁਨਿਆ ਹੋਇ ਸੋ ਕਹੋ!
ਤਾਂ ਸਿਖਾਂ ਕਹਿਆ: 'ਸਚੇ ਪਾਤਿਸਾਹਿ ਜੀ। ਕੋਈ ਕਹਿਤਾ ਹੈ ਧਰਤੀ ਕੋ ਬਲਦੁ ਉਠਾਈ ਖੜਾ ਹੈ, ਕੋਈ ਕਹਿਤਾ ਹੈ ਧਰਤੀ ਕੇ ਸ਼ੇਸ਼ ਨਾਗ ਉਠਾਈ ਖੜਾ ਹੈ।
ਹੁਕਮ ਹੋਯਾ: 'ਭਾਈ ਦੋਵੇਂ ਪਰਵਾਨ, ਪਰ ਬਲਦ ਅਰੁ ਸ਼ੇਸ਼ ਨਾਗ ਕਿਸ ਕੇ ਅਧਾਰ ਖੜੇ ਹੈਂ?
ਤਾਂ ਸਿਖਾਂ ਕਹਿਆ: 'ਸਚੇ ਪਾਤਿਸਾਹਿ ਜੀ! ਏਹੁ ਆਪ ਕਹੀਏ ਜੀ!' ਹੁਕਮ ਹੋਇਆ: 'ਓਹੁ ਸਚ ਕੇ ਆਸਰੇ ਖੜੇ ਹੈਂ। ਜਿਤਨੇ ਖੰਡ ਬ੍ਰਹਿਮੰਡ ਹੈਂ, ਸਮੁੰਦ੍ਰ, ਧਰਤੀ, ਚੰਦ੍ਰਮਾਂ ਅਰੁ ਸੂਰਜ ਸਭ ਸਚ ਕੇ ਆਸਰੇ ਖੜੇ ਹਹਿ। ਅਰ ਜੋ ਕੂੜ ਚਲਤਾ ਜਾਤਾ ਹੈ ਸੋ ਭੀ ਸਚ ਕੇ ਸਾਥ ਮਿਲਿਆ ਚਲਿਆ ਜਾਤਾ ਹੈ। ਸੁਧਾ ਕੂੜ ਚਲਿਆ ਨਾਹੀ ਪਾਵਤਾ। ਜੈਸੇ ਸੁਧਾ ਲੋਹਾ ਨਾਹੀ ਤਰਤਾ, ਪਰ ਨਾਉ ਸਾਥ ਮਿਲਿਆ ਲੋਹਾ ਭੀ ਤਰਤਾ ਫਿਰਤਾ ਹੈ, ਤੈਸੇ ਕੂੜ ਭੀ ਸਚ ਸਾਥ ਮਿਲਿਆ ਚਲਿਆ ਜਾਤਾ ਹੈ। '
ਤਾਂ ਸਿਖਾਂ ਕਹਿਆ: 'ਸਤਿ ਜੀ ਸਤਿ ਜੋ ਤੁਮਾਰੇ ਮੁਖ ਵਾਕ ਤੇ ਬਚਨ ਨਿਕਸੇ ਹੈ ਸੋ ਸਤਿ ਹੈ* ॥੯੯॥
* ਦਮਦਮੇ ਦੀਆਂ ਸਾਰੀਆਂ ਸਾਖੀਆਂ ਦੇ ਅਖੀਰ ਐਨ ੧ ਅੰਸੂ ੩੦ ਦੇ ਅੰਕ ੩੭ ਤੋਂ ਅਖੀਰ ਤਕ ਇਹ ਸਾਖੀ ਕਵੀ ਜੀ ਨੇ ਗੁ: ਪ੍ਰ: ਗ੍ਰੰ: ਵਿਚ ਦਿੱਤੀ ਹੈ।
100. ਪਰਾਇਆ ਹੱਕ ਨਹੀਂ ਮਾਰਨਾ
ਅਗੇ ਸਾਖੀ ਹੋਰ ਤੁਰੀ।
ਇਕ ਬੇਰ ਕਿਸੀ ਸਿਖ ਪਾਸ ਕਿਸੇ ਕਾ ਲਹਿਣਾ ਥਾ। ਓਹੁ ਮੰਗੇ, ਓਹ ਦੇਵੇ ਨਾਂਹੀ। ਤਾਂ ਲਹਿਣੇ ਵਾਲੇ ਸਿਖ ਕਹਿਆ: 'ਸਿਖਾ ਜੇ ਤੂ ਹੁਣਿ ਨਾ ਦੇਵਹਿਗਾ, ਤਾਂ ਦਰਗਾਹਿ ਲੇਖਾ ਦੇਣਾਂ ਆਵੀਗਾ। ਓਥੇ ਫੜੀਅਹਿਂਗਾ। ' ਤਾਂ ਅਗੋਂ ਦੇਵਨ ਵਾਲੇ ਸਿਖ ਇਹ ਤੁਕ ਪੜੀ:-
ਜੋ ਲੇਖਾ ਕੋਇ ਨ ਪੁਛਈ ਜਾਂ ਗੁਰ ਬਖਸਿੰਦਾ ।
ਤਦ ਇਹ ਸਭ ਬਾਰਤਾ ਗੁਰੂ ਜੀ ਭੀ ਸੁਣੀਆਂ ਉਨਹੁਂ ਕੀਆਂ। ਜਬ ਸਿਖ ਇਹ ਤੁਕ ਪੜੀਂ। 'ਜੋ ਲੇਖਾ ਕੋਇ ਨ ਪੁਛਈ ਜਾਂ ਗੁਰ ਬਖਸਿੰਦਾ ਤਾਂ ਸ੍ਰੀ ਗੁਰੂ ਜੀ ਇਹ ਆਪ ਤੁਕ ਪੜੀ:-
'ਹੁਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰੁ ਨ ਖਾਇ॥
ਤਾਂ ਹੁਕਮ ਹੋਇਆ: 'ਸੁਣ ਸਿਖਾ! ਗੁਰੂ ਤਬ ਹੀ ਬਖਸੇਗਾ ਜਥੇ ਮੁਰਦਾਰੁ ਤਿਆਗੇਂਗਾ। ਸੋ ਮੁਰਦਾਰੁ ਪਰਾਇਆ ਹੱਕ ਹੈ। ਜਬ ਐਸਾ ਲੇਖਾ ਨਾ ਹੋਵੇ, ਤਬ ਸਭ ਸ੍ਰਿਸਟ ਇਉਂ ਹੀ ਉਧਰ ਜਾਵੇ। ਕਿਸੀ ਕਾਮ, ਕ੍ਰੋਧ ਆਦਿਕ ਕਿਉਂ ਤਿਆਗਣੇ ਹੈਂ, ਅਰ ਮਨ ਕੇ ਕਿਉਂ ਮਾਰਣਾ ਹੈ। ਤਾਂਤੇ ਇਉਂ ਬਾਤ ਹੈ:-
'ਜੋ ਨਾਨਕ ਛੁਟਣ ਕੂੜ ਬਾਝਹੁ ਸੁਭ ਕਰਣੀਆ ॥੧੦੦॥
101. ਲਿਖਣ ਸਰ
ਅਗੇ ਸਾਖੀ ਹੋਰ ਤੁਰੀ॥
ਇਕ ਦਿਨ ਡਲੇ ਹੁਜੂਰ ਹਥ ਜੋੜਕੇ ਕਹਿਆ: 'ਪਾਤਿਸਾਹਿ ਜੀ! ਕੀ ਹੁਕਮ ਹੈ ? ਕਈ ਹਜਾਰ ਲਿਖਣ ਘੜੀਦੀ ਹੈ, ਫੇਰ ਸਿਟੀ ਦੀਆਂ ਜਾਂਦੀਆਂ
1. ਗੁਰਬਾਣੀ ਦਾ ਪਾਠ ਹੈ: ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ॥
(ਮਾ:ਵਾ:ਡ:ਮ: ੫)
2. ਇਹ ਸਾਖੀ ਸੌ ਸਾਖੀ ਦੀ ਸੱਤਵੀਂ ਸਾਖੀ ਨਾਲ ਮਿਲਦੀ ਹੈ ਜੋ ਕਵੀ ਜੀ ਨੇ ਰੁੱਤ ੩ ਦੇ ਅੰਸੂ ੪੯ ਵਿਚ ਦਿੱਤੀ ਹੈ। ਓਥੇ ਦੋਹਾਂ ਸਿਖਾਂ ਦਾ ਨਾਮ ਮਾਲਾ ਸਿੰਘ ਤੇ ਲਾਹੌਰਾ ਸਿੰਘ ਦਿਤਾ ਹੈ। ਅੰਤਲੀ ਤੁਕ ਗੁਰਬਾਣੀ ਦਾ ਪਾਠ ਨਹੀਂ।
ਹੈਨ। ਜੀ ਪਾਤਿਸਾਹਿ। ਇਹ ਕੀ ਸੁਭਾਉ ਪਇਆ ਹੈ?'
ਗੁਰੂ ਜੀ ਕਹਿੰਦੇ: 'ਡਲ ਸਿੰਘ ਏਥੇ ਸਿਖ ਸਿਖਾਇਤ ਪੜੇਂਗੇ ਕਈ ਹਜ਼ਾਰ। ਹੁਣ ਤਾਂ ਨਾਹੀਂ ਕੋਈ ਪੜਦਾ, ਜਦੋਂ ਪੜਨਗੇ, ਓਦੇਜ ਬਣਾਇ ਲੈਣਗੇ। ਇਹ ਹਮਾਰੀ ਦ੍ਰਿਸਟਿ ਹੈ।
ਚੌਪਈ॥ ਇਹ ਹੈ ਪ੍ਰਗਟ ਹਮਾਰੀ ਕਾਂਸੀ।
ਪੜ ਹੈਂ ਇਹਾਂ ਢੇਰ ਮਤਿ ਨਾਸੀ।
ਲੇਖਕ ਗੁਨੀ ਕਵਿੰਦ ਗਿਆਨੀ।
ਬੁਧਿ ਵਡੀ ਹੁਇ ਹੈਂ ਅਤਿ ਗਿਆਨੀ॥੧॥'
ਡਲੇ ਕਹਿਆ: 'ਭਲਾ ਜੀ, ਗੁਰੂ ਜੀ!
ਤੁਸਾਂ ਕਾ ਕਹਿਣਾ ਸਤਿ ਹੋਵੈਗਾ ॥੧੦੧॥
102. ਦਮਦਮੇ ਨਿਵਾਸ। ਡੱਲੇ ਅੰਮ੍ਰਿਤ ਛਕਿਆ
ਅਗੇ ਸਾਖੀ ਹੋਰ ਚਲੀ।
ਚੌਪਈ॥ ਉਚ ਦਮਦਮਾਂ ਅਧਿਕ ਕਰਾਯੋ।
ਜਿਹ ਸਮ ਉਪਮਾ ਅਵਰ ਨ ਗਾਯੋ।
ਬੈਠਤਿ ਆਪ ਤਹਾਂ ਜਬਿ ਆਈ।
ਸਭ ਸੰਗਤ ਦਰਸੈ ਤਬ ਜਾਇ॥੧॥
ਬਹੁਰੋ ਆਪਿ ਗੁਰੂ ਸਰਿ ਆਵੈਂ।
ਬੋਲ ਸੰਗਤੀ ਕਾਰ ਕਢਾਵੈਂ।
ਅਨਿਕ ਚਰਿਤ੍ਰ ਕਰੈਂ ਉਹ ਥਾਨੈ।
ਕੌਨ ਕਵਿੰਦ ਸੁ ਸਕਤ ਬਖਾਨੈ॥੨॥
ਸਾਯੰਕਾਲ ਜੰਡਾਣੈ ਆਈ।
ਰੋਜਦਾਰ ਸਭ ਲੇਹਿ ਬੁਲਾਈ।
ਸਭ ਕੇ ਰੋਜ ਦੇਤ ਉਹ ਥਾਨੈ।
ਮੁਹਰ ਰਪੱਯਾ ਪੈਸਾ ਜਾਨੈ॥੩॥
1. ਪਿਛੇ ੯੬ ਅੰਕ ਵਾਲੀ ਸਾਖੀ ਨਾਲ ਇਸ ਦਾ ਭਾਵ ਸਾਂਝਾ ਹੈ, ਕਵੀ ਸੰਤੋਖ ਸਿੰਘ ਜੀ ਨੇ ਦੁਹਾਂ ਦਾ ਭਾਵ ਐਨ ੧ ਅੰਸੂ ੨੮ ਵਿਚ ਕੱਠਾ ਹੀ ਦਿਤਾ ਹੈ।
2. ਪਾ:- ਜੰਡਿਆਣੇ।
ਮਧੁਭਾਰ ਛੰਦ॥ ਤਬੈ ਆਲ ਆਨੈ। ਬਿਠੇ ਤਿੰਨ ਥਾਨੈ।
ਤਬੈ ਲਾਗ ਲੱਛਾ। ਸੁ ਢਾਡੀ ਪ੍ਰਤੱਛਾ॥੪॥
ਝੂਲਨਾ॥ ਆਨਿ ਬੈਰਾੜ ਸਭ ਡੱਲ ਤੇ ਆਦਿ ਲੈ ਮਿਲੇ ਪਗ ਕੰਜ ਕੇ ਆਨ
ਤੀਰਾ*। ਸਿਖ ਅਰੁ ਸੰਤ ਆਨੰਤ ਮਿਲ ਆਵਈ ਪ੍ਰਭੂ ਕੇ ਹੇਤ ਮਨੁ ਮੋਦ ਪਾਈ। ਹੋਤ ਕਈ ਖਾਲਸਾ ਝੂਠ ਤਜਿ ਲਾਲਸਾ ਮਿਲ੍ਯ ਤਿਹ ਆਨ ਸਭ ਸੰਗ ਭਾਈ। ਪੁਰੀ ਆਨੰਦ ਤੇ ਚੌਗੁਨੋ ਜਾਨਿਯੇ ਵਾਰ ਪੁਨ ਪਾਰ ਨਿਰਯੋ ਨ ਜਾਈ। ਹੋਤ ਆਨੰਦ ਧੁਨ ਕੀਰਤਨ ਜਾਨਿਯੈ ਬਜਤ ਸੰਗੀਤ ਕੀ ਤਾਰ ਗਾਈ॥੫॥ ਭਾਵਨੀ ਧਾਰ ਇਕ ਸੇਵਹੀਂ ਨਾਥ ਕੋ, ਚਾਕਰੀ ਦਾਂਮ ਇਕ ਰੋਜ ਲੇਹੀਂ। ਪੁਤ੍ਰ ਕਲਿਤ੍ਰ ਇਕ ਧਾਰਿ ਹਿਤ ਪੂਜਹੀਂ, ਦੂਧ ਔ ਮਾਲ ਕੀ ਆਸ ਕੇਹੀ। ਇਕ ਜੋ ਦਾਸ ਉਦਾਸ ਹੈ ਜਗਤ ਤੇ ਸ੍ਰੀ ਘਨ ਯਾਮ ਕੇ ਆਸਨੇ ਹੀ। ਰੈਨ ਦਿਨ ਆਵਹੀ ਚਲੀ ਬਹੁ ਸੰਗਤਾ ਪ੍ਰੇਮ ਪਾਦਰਥੰ ਨਾਥ ਦੇਹੀਂ॥੬॥
ਦੋਹਰਾ॥ ਰੋਜ ਅਸਰਫੀ ਮੁੰਦਕਾ ਦੇਤ ਗੁਰੂ ਜੀ ਨਿਤ।
ਯੋਬਤੀਆਂ ਸੁਨਿਕਰਿ ਚਲੇ ਆਵਤ ਬੀਰ ਅਨਿਤ॥੭॥
ਦੁੰਦਭਿ ਨਾਦ ਮ੍ਰਿਦੰਗ ਧੁਨਿ ਆਵਜ ਤੂਰ ਅਪਾਰ।
ਜਲਧ ਮੇਘ ਜਿਮ ਗਾਜਹੀ ਸਦ ਸਾਚੈ ਦਰਬਾਰ॥੮॥
ਆਧ ਜਾਮ ਦਿਨ ਚੜੇ ਲਗ ਹੋਇ ਨ ਕਿਸੇ ਦਿਦਾਰ।
ਫਿਰ ਬੈਠੇ ਸੁਖ ਮਹਲ ਜਬ ਦਰਸੈਂ ਹਿਤ ਧਾਰ ॥੯॥
ਰਸਾਵਲ॥ ਤਹਾ ਤੇ ਜੁ ਆਵੈ ਸੁ ਡੇਰੇ ਸਿਧਾਵੈ।
ਸੁਯੋ ਐਸ ਪਾਈ। ਚਲ੍ਯ ਦੇਸੁ ਆਈ॥੧੦॥
ਗੁਰੂ ਜੀ ਨਿਧਾਨਾ। ਰਖੈ ਚਾਕਰਾਨਾ।
ਧੰਨ ਯੌ ਬਸਾਵੈਂ। ਮਲੋ ਮੇਘ ਆਵੈ॥੧੧॥
ਜਹਾਂ ਬੈਠਿ ਆਈ। ਸੁ ਦੇਤਾ ਹੀ ਜਾਈ।
ਉਰੂ ਪਾਟ ਨੀਚੇ। ਦਿਵੇਂ ਬਿੰਤ ਸੀਚੇ॥੧੨॥
ਕਿਤੇ ਜੋ ਬਰਾਰਾ। ਕਰੈਂ ਐਸ ਕਾਰਾ।
ਨਿਸੰ ਮਧ੍ਯ ਆਈ। ਖੁਦੈਂ ਤੌਨ ਜਾਈ॥੧੩॥
ਜਹਾਂ ਆਪ ਤੇਈ। ਗੁਰੂ ਰੋਜ ਦੇਈਂ।
* ਇਹ ਇਕ ਤੁਕ ਅਗੇ ਦਿਤੇ ਝੂਲਨੇ ਦੇ ਦੋ ਛੰਦਾਂ ਤੋਂ ਵਧੀਕ ਹੈ।
ਕਛੂ ਥਾਂ ਨ ਪਾਵੈਂ। ਅਗਾਧ ਠਰਾਵੈਂ॥੧੪॥
ਲਜਾ ਸੋ ਲਜਾਈ। ਰਹੇ ਮੋਨਤਾਈ।
ਜਿਤੇ ਔ ਨਰੇਸਾ। ਹੁਤੇ ਮੱਧਿ ਦੇਸਾ॥੧੫॥
ਸਭੈ ਤੌਨ ਜਾਈ। ਮਿਲੇ ਖਾਸ ਆਈ।
ਸਬੂਹ ਬਿਚਾਰੀ। ਗੁਰੂ ਆਵਤਾਰੀ॥੧੬॥
ਇਕ ਰੈਨ ਡੱਲਾ। ਇਤੈ ਆਨ ਕੱਲਾ।
ਅਸੰ ਢਾਲ ਧਾਰੇ। ਰਹ੍ਯਾ ਠਾਂਢ ਦੁਆਰੇ॥੧੭॥
ਸੁ ਚੌਕੀ ਦਿਆਲਾ। ਕਰੀ ਤਾਂ ਬਿਸਾਲਾ।
ਰਹੇ ਆਪ ਗਾਈ: 'ਸਵੌਂ ਡਰ ਜਾਈ' ॥੧੮॥
ਗਯੋ ਸੋ ਨ ਧਾਂਮਾ। ਜਗਯੋ ਚਾਰ ਜਾਂਮਾ।
ਪੁ ਹੋਇ ਦ੍ਯਾਲਾ। ਕਹਾ ਯੋ ਕ੍ਰਿਪਾਲਾ॥੧੯॥
'ਜਿਸੀ ਇਛ ਹੋਈ। ਲਵੋ ਮਾਂਗ ਸੋਈ।
ਗੁਰੂ ਹੈ ਸਹਾਈ। ਮੰਗੇ ਇੱਛ ਕਾਈ ॥੨੦॥
ਤਿਨੈ ਹਾਥ ਜੋਰੀ। 'ਬਿਨੈ ਹੈ ਸੁ ਮੋਰੀ।
ਹੁਰ ਇਛ ਨਾਂਹੀ। ਰਖੋ ਚਰਨ ਮਾਂਹੀ ॥੨੧॥
ਜਿਥੇ ਪਾਤਿਸਾਹਿ ਆਪ ਹੋਵੇ ਓਥੇ ਦਾਸ ਨੂੰ ਪੀੜੀ ਕਾ ਥਾਉਂ ਰਖਣਾ।
'ਡੱਲ ਸਿੰਘ। ਅੰਮ੍ਰਿਤ ਛਕੂ, ਸਿੰਘ ਛਕਦੇ ਹਨਿ।’
ਡਲਾ ਕਹਿੰਦਾ: 'ਜੀ, ਮੈਂ ਬਹੁਤ ਛਕਿਆ ਹੈ!’
ਗੁਰੂ ਜੀ ਕਹਿੰਦੇ: 'ਤੈਂ ਕਦ ਛਕਿਆ ਹੈ?”
ਕਹਿੰਦਾ: 'ਪਾਤਿਸ਼ਾਹ! ਜੋ ਸੀਤ ਪ੍ਰਸਾਦਿ ਆਪ ਕੇ ਥਾਲ ਕਾ ਹੈ, ਸੋਈ ਅੰਮ੍ਰਿਤ ਹੈ।'
'ਡਲ ਸਿੰਘ! ਖੰਡੇ ਕਾ ਅੰਮ੍ਰਿਤ ਛਕੁ!'
'ਪਾਤਿਸਾਹਿ! ਓਹ ਭੀ ਤਾ ਖੰਡੇ ਕਾ ਹੁੰਦਾ ਹੈ। ਤੁਸੀਂ ਪ੍ਰਸਾਦਿ ਕਰਦ ਭੇਟ ਕਰਕੇ ਛਕਦੇ ਹਹੁ।'
ਸਾਹਿਬ ਬਹੁਤ ਬਿਗਸੇ। ਫੇਰ ਕਹਿੰਦੇ: 'ਡਲ ਸਿੰਘ। ਏਹੁ ਹਮਾਰੀ ਖੁਸੀ ਹੈ!' ਡਲ ਸਿੰਘ ਕਹਿੰਦਾ: 'ਸਤਿ ਬਚਨ ਜੀ, ਸਤਿ ਬਚਨ'। ਉਠਕੇ ਪੈਰੀ ਪਇਆ।
ਅਗਲੇ ਭਲਕ ਕੜਾਹੁ ਪ੍ਰਸਾਦਿ ਕੀਤਾ, ਅੰਮ੍ਰਿਤ ਛਕਿਆ, ਸੌ ਸਿੰਘ ਸੁਨਹਿਰੀਆ ਹੋਇਆ।
ਫੇਰ ਗੁਰੂ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਸ੍ਰੀ ਸਾਹਿਬ, ਢਾਲਾ, ਦੇ ਹਜਾਰ ਕੀ ਜੜਾਊ ਕੰਙਣਾਂ ਕੀ ਜੋੜੀ ਬਖਸੀ। ਗਲੋਂ ਲਾਹਿਕੇ ਚੋਲਾ ਬਖਸਿਆ। ਕਹਿੰਦਾ: 'ਜੀ! ਚੋਲਾ ਗਲ ਨਹੀਂ ਪਾਉਂਦਾ, ਏਸਨੂੰ ਮੱਥਾ ਟੇਕਾਂਗੇ।' ਡਲ ਸਿੰਘ ਪਰ ਬਹੁਤ ਖੁਸੀ ਹੋਈ।
ਇਕ ਦਿਨ ਭਜਾਊ ਆਇਆ: 'ਤੁਰਕ ਆਂਵਦਾ ਹੈ ਡਲ ਸਿੰਘ!' ਦੂਰ ਬਾਹਰ ਜੰਡ ਹੇਠ ਜਾਇ ਕੇ ਡੇਰਾ ਕਰ ਦੇਇ ਕਮਰਕਸੀ ਸਾਰੀ ਫੌਜ ਨਾਲ`। ਕਹਿੰਦਾ: ‘ਪਾਤਿਸਾਹਿ ਜੇ ਕਿਤੇ ਤੁਰਕ ਨਾਲ ਟਾਕਰਾ ਭੀ ਹੋਇ ਗਇਆ, ਬਰਾੜਾਂ ਕੀ ਤਲਵਾਰ ਵੇਖੋਗੇ ਜੀ।' ਗੁਰੂ ਜੀ ਬਹੁਤ ਖੁਸੀ ਹੋਏ ॥੧੦੨॥
103. ਰਾਮ ਸਿੰਘ ਤਿਲੋਕ ਸਿੰਘ ਨੂੰ ਵਰ
ਅਗੇ ਸਾਖੀ ਹੋਰ ਤੁਰੀ।
ਇਕ ਬੇਰ ਗੁਰੂ ਜੀ ਨੂੰ ਰਾਮਾ ਸਿੰਘ ਤਿਲੋਕਾ ਸਿੰਘ ਰਸਤ ਲੈਕੇ ਗਏ ਗਡਿਆਂ ਉਤੋਂ. ਫੂਲ ਤੇ ਦਮਦਮੇ ਗੁਰੂ ਜੀ ਨੂੰ ਮੱਥਾ ਟੇਕਣ। ਗੁਰੂ ਜੀ ਕਹਿੰਦੇ: 'ਰਾਮਾ ਸਿੰਘ ਤਿਲੋਕਾ ਸਿੰਘ! ਰਸਤ ਘਰ ਥੋਂ ਆਂਦੀ ਹੈ ?”
'ਜੀ ਪਾਤਿਸਾਹਿ! ਘਰਾਂ ਦੀ ਹੈ। ਸਭ ਭਾਈਆਂ ਦੀ ਹੈ। ਹੋਰ ਭਾਈਆਂ ਕੀ ਭੀ ਹੈ। ਕਿਸੇ ਕੀ ਮਣੁ, ਕਿਸੇ ਕੀ ਦੋਇ ਮਣ।'
ਸਿਖਾਂ ਕਹਿਆ: ਜੀ, ਰਾਮਾ ਸਿੰਘ ਤਲੋਕਾ ਸਿੰਘ ਨੇ ਸਾਹਿਬਜ਼ਾਦਿਆਂ ਕਾ ਭੀ ਸਿਸਕਾਰ ਕੀਤਾ ਸੀ। ਆਪਣਾ ਜਾਣਕੇ ਸਰੀਰ ਕਮਲਾ ਕਰ ਲਿਆ ਸੀ।'
ਇਕ ਸਿਖ ਕਹਿੰਦਾ: 'ਜੀ ਪਾਤਿਸਾਹਿ ਜੀ! ਏਹੁ ਤਾਂ ਕਾਂਗੜ ਮਥਾ ਟੇਕ ਗਏ ਸੇ।'
ਗੁਰੂ ਜੀ ਕਹਿੰਦੇ: 'ਕੁਹ ਮਾਂਗੋ, ਜੇ ਇਛਿਆ ਹੈ ਗੁਰੂ ਪੂਰੀ ਕਰੇਗਾ।' 'ਚਕਰ ਬਸਦੇ ਫਿਰਦੇ ਸਨ ਅਗੇ, ਗੁਰੂ ਪਾਤਸ਼ਾਹ ਜੀ! ਜਦੋਂ ਦੇ ਐਤ ਭੂਮ ਆਏ ਹਾਂ, ਤਦੋਂ ਕਾ ਐਤ ਭੂਮ ਹਛੂੰ ਪੈਰੁ ਨਾਹੀ ਗਡਿਆ।'
1. ਸੂਹੀਆਂ ਯਾ ਟਾਂਗੂ, ਨੱਸਕੇ ਪਹਿਲੇ ਖ਼ਬਰ ਦੇਣ ਵਾਲਾ।
2. ਐਨ ੧ ਅੰਸੂ ੨੮ ਦੇ ਅੰਕ ੨੭ ਤੋਂ ਅਖੀਰ ਤਕ ਕਵੀ ਸੰਤੋਖ ਸਿੰਘ ਜੀ ਨੇ ਇਹ ਪ੍ਰਸੰਗ ਦਿੱਤਾ ਹੈ।
ਗੁਰੂ ਜੀ ਕਹਿੰਦੇ ਰਾਮਾ ਸਿੰਘ, ਤਲੋਕਾ ਸਿੰਘ! ਤੁਮਾਰਾ ਪੈਰੁ ਬਹੁਤ ਚੰਗਾ ਟਿਕ ਜਾਵੇਗਾ। ਤੁਮਾਰਾ ਹੀ ਰਾਜ ਕੁਰਸੀ ਬਕੁਰਸੀ ਰਹੇਗਾ ਦਿਲੀ, ਲਹੌਰ ਕੇ ਬੀਚ।' ਸਾਰੀ ਸੰਗਤਿ ਉਤੇ ਖੁਸੀ ਹੋਈ। ਸਭ ਸੰਗਤ ਨੇ ਮਥਾ ਟੇਕਿਆ। ਰਾਮਾ ਸਿੰਘ ਤਲੋਕਾ ਸਿੰਘ ਨੂੰ ਪੱਗਾਂ ਪੈਨਾਈਆਂ।
ਗੁਰੂ ਜੀ ਕਹਿੰਦੇ: 'ਤੁਮਾਰਾ ਰਾਜੁ ਪਹਾੜਿ ਅਟਕ ਤੀਕੁ ਹੋਵੈਗਾ।' ਘਰਾਂ ਨੂੰ ਮੁੜੇ। ਸਤਿ ਦਿਨ ਗੁਰੂ ਜੀ ਕਾ ਦੀਦਾਰੁ ਕਰਦੇ ਰਹੇ ॥੧੦੩॥
104. ਵੰਗੇਹਰੀਆਂ ਨੂੰ ਬਖਸ਼ੀਸ਼
ਅਗੇ ਸਾਖੀ ਹੋਰ ਚਲੀ।
ਜਦੋਂ ਬਠਿੰਡੇ ਗੁਰੂ ਜੀ ਨੇ ਵੰਗੇਹਰੀਆਂ ਥੋਂ ਮਹਿਆਂ ਸੀ ਮੰਗਾਇਆ, ਓਨੀ ਕਹਿਆ ਸੀ ਮਹਿਆਂ ਮਾਰ ਖੰਡ— ਆਪਿ ਵਿਚਿ ਦੀ ਗਲ ਕਰਕੇ ਦਸੋ! ਜਿਸ ਵੇਲੇ ਸਿਖ ਜਾਣਗੇ ਲਾਉਣੇ, ਤਦੋਂ ਸਿਖਾਂ ਨੂੰ ਮਾਰੂ, ਤਮਾਸਾ ਵੇਖਾਂਗੇ। ਕਹਿਆ ਸਿਖਾਂ ਨੂੰ— ਜੀ ਅਹੁ ਖੜਾ ਹੈ ਮਹਿਆਂ, ਗੁਰੂ ਕਿਆਂ ਨੂੰ ਜੇ ਲੋੜੀਦਾ ਹੈ ਤਾਂ ਲੈ ਜਾਹੁ, ਜੰਡ ਨਾਲ ਖਹਿੰਦਾ ਹੈ ਖੜਾ— । ਜਾਇਕੇ ਸਿਖਾਂ ਹੁਕਿਆ, — ਚਲੁ ਭਾਈ ਦੇਵਤਾ ਤੇਰੀ ਮੁਕਤ ਕਰੀਏ, ਗੁਰੂ ਜੀ ਨੇ ਸਦਿਆ ਹਰਿ— । ਮਹਿਆਂ ਤੁਰ ਪਇਆ। ਫੇਰ ਵੰਗੇਹਰੀਏ ਕਹਿੰਦੇ: 'ਗੁਰੂ ਜੀ ਸਚਾ ਗੁਰੂ ਹੈ। ਏਹੁ ਤਨਖਾਹ ਬਖਸਾਈਏ, ਗੁਰੂ ਜੀ ਤੇ ਚਲਕੇ।' ਦੁਇ ਬੰਦੂਕਾਂ ਲਈਆਂ, ਕੁਹ ਰਸਤ ਲਈ, ਕੁਹਕ ਰੂਪਰਸੁ ਲਇਆ। ਗੁਰੂ ਜੀ ਬੰਦੂਕਾਂ ਉਤੇ ਰੂਪਰਸ ਉਤੇ ਖੁਸੀ ਹੋਏ।
ਜਾਇ ਕਹਿੰਦੇ: ਜੀ, ਅਸੀਂ ਮਹੇਂ ਵਾਲੀ ਗਲ ਕਪਟ ਕੀਤਾ ਸੀ। ਤੁਸੀਂ ਸਾਡਾ ਪੜਦਾ ਢਕਿਆ ਹੈ।' ਗੁਰੂ ਜੀ ਖੁਸੀ ਕੀਤੀ।
ਓਨੀ ਕਹਿਅ: 'ਜੀ, ਰਾਮੇ ਤਲਕੇ ਨੂੰ ਰਾਜੁ ਬਖਸਿਆ ਹੈ; ਸਾਨੂੰ ਭੀ ਕ੍ਰਿਪਾ ਹੋਵੇ।'
ਗੁਰੂ ਜੀ ਕਹਿਆ: 'ਤੁਸੀ ਆਇ ਮਿਲੇ ਹਹੁ। ਤੁਸਾਂ ਪਾਸੋਂ ਕੋਈ ਕਾਲ ਏਤਨੀ ਕੁ ਜਗਾ ਟਿਕੀ ਰਹੇਗੀ, ਜਿਤਨੀ ਕੁ ਹੁਣਿ ਹੈ ॥੧੦੪॥
1. ਨਾਭੇ ਪਟਿਆਲੇ ਦੇ ਵਡਿਆਂ ਨੂੰ ਇਹ ਵਰ ਦਾ ਪ੍ਰਸੰਗ ਕਵੀ ਜੀ ਨੇ ਐਨ ੧ ਅੰਸੂ ੨੯ ਦੇ ਸ਼ੁਰੂ ਵਿਚ ਇਥੋਂ ਹੀ ਲੈਕੇ ਦਿਤਾ ਹੈ। ਤੇ ਅਗਲਾ 'ਵੰਗੇਹਰੀਆਂ ਨੂੰ ਬਖਸੀਸ' ਦਾ ਪ੍ਰਸੰਗ ਬੀ ਇਸੇ ਅੰਸੂ ਵਿਚ ਹੈ।
2. ਲੂਣ ।
105. ਦੱਖਣ ਨੂੰ ਟੁਰੇ ਦਮਦਮਿਓਂ
ਪਾਤਸ਼ਾਹੀ ੧੦ ਗੁਰੂ ਜੀ ਨੇ ਦਖਣ ਜਾਣੇ ਕੀ ਤਿਆਰੀ ਕੀਤੀ। ਏਹੁ ਸੱਦ ਦਸ ਦਿਹ ਅਗੋਂ ਦੀ ਕੀਤੀ:-
ਮਾਝਿ ਪਾਤਿਸਾਹੀ ੧੦॥ ਲੱਖੀ ਜੰਗਲ ਖਾਲਸਾ ਦੀਦਾਰੁ ਆਨਿ ਲਗਾ। ਤਬ ਉਚਾਰ ਹੋਇਆ
ਸੁਣ ਕੈ ਸਦੁ ਮਾਹੀ ਦਾ ਮੇਹੀ ਪਾਣੀ ਘਾਹੁ ਮੁਤੋ ਨੇ।
ਕਿਸੇ ਨਾਲ ਨ ਰਲੀਆ ਕਾਈ ਕੇਹੋ ਸੌਕ ਪਿਓ ਨੇ
ਗਇਓ ਫਿਰਾਕ ਮਿਲਿਓ ਮ੍ਰਿਤ ਮਾਹੀ ਤਾਹੀ ਸੁਕਰ ਕੀਤੋਨੇ॥੧॥
ਸੁਣਕੇ ਗੁਰੂ ਜੀ ਕਾ ਬਾਕ ਸਰਬਤ੍ਰ ਖਾਲਸੇ ਨੇੜੇ ਦੂਰ ਤੇ ਹੁਮ ਹੁਮਾਇ ਕੇ ਆਏ ਦਰਸਨਾ ਨੂੰ । ਭਾਈ ਰੂਪੇ ਤੇ ਭਾਈ ਧਰਮ ਸਿੰਘ ਆਇਆ। ਬੁਧੂ ਸੁਧੂ ਦੀਵਾਨੇ ਆਏ। ਅਭੈ ਰਾਮ ਸੋਢੀ ਆਇਆ ਕੋਠੇ ਤੇ। ਅਬਲੂ ਮਹਿਮੇ ਤੇ। ਦਾਨ ਸਿੰਘ ਆਇਆ, ਆਪਣੇ ਬੇਟੇ ਗੁਰਬਖਸ਼ ਸਿੰਘ ਕੋ ਸਾਥ ਲੈਕੇ। ਅੰਮ੍ਰਿਤਸਰ ਤੇ ਭਾਈ ਮਨੀ ਸਿੰਘ ਜੀ ਆਏ. ਸੰਗਤ ਕੇ ਸਾਥ ਲੈਕੇ। ਰਮਦਾਸੋਂ ਭਾਈ ਗੁਰਬਖਸ ਸਿੰਘ ਜੀ ਆਏ ਸੰਗਤਿ ਕੇ ਸਾਥ ਲੈਕੇ। ਚੱਕਾ ਤੇ ਭਾਈ ਰਾਮ ਸਿੰਘ ਭਾਈ ਦਿਆਲ ਸਿੰਘ ਆਏ। ਫੂਲ ਤੇ ਰਾਮ ਸਿੰਘ ਤਿਲੋਕ ਸਿੰਘ ਆਏ। ਭੁਚੋ ਤੇ ਭਾਈ ਗੋਦੜੀਆ ਆਇਆ। ਸਰਬਤ੍ਰ ਨੇ ਆਨਿ ਹਜ਼ੂਰ ਦਰਸ਼ਨ ਕੀਤਾ। ਆਪਣੀ ਆਪਣੀ ਭੇਟਾ ਰਖੀ ਸਰਬਤ੍ਰ ਨੇ। ਦਰਬਾਰੀ ਘਰਬਾਰੀ ਦੀਵਾਨੇ ਸੇ ਗੁਰੂ ਜੀ ਕੇ। ਓਨਾਂ ਬੇਨਤੀ ਕੀਤੀ: 'ਜੀ ਪਾਤਿਸਾਹਿ, ਆਪ ਮਾਲਵੇ ਦੇਸ ਵਿਚਿ ਗੁਰੂ ਕੀ ਕਾਂਸੀ ਬੈਠੇ ਹੋ, ਦਰਸਨ ਦੇਂਦੇ ਹੈ। ਸਿਖ ਸਖਾ ਸਭ ਕੋਈ ਚਲਿਆ ਆਂਵਦਾ ਹੈ। ਦਖਣ ਭੱਠ ਪਈ ਕਾ ਕੀ ਨਾਉਂ ਲੈਂਦੇ ਹੋ। '
ਗੁਰੂ ਜੀ ਬਚਨ ਕੀਤਾ: 'ਨਾ ਵੇ ! ਸਾਡਾ ਕਾਰਜ ਹੀ ਹੈ । ਅਸਾਨੂੰ ਜਰੂਰ ਜਾਣਾ ਹੀ ਹੈ। ਦਮਦਮੇ ਕੇ ਸਮਾਨ ਅਸਥਾਨ ਨਹੀਂ ਹੈ ਹੋਰੁ, ਪਰ ਅਸੀਂ ਜਾਣਾ ਹੀ ਹੈ।` ਰਾਮੇ ਸਿੰਘ ਨੂੰ ਤਲੋਕੇ ਸਿੰਘ ਨੂੰ ਖੁਸੀ ਕੀਤੀ, ਸਿਰੋਪਾਉ ਦੀਏ। ਰਾਮ ਸਿੰਘ ਦਿਆਲ ਸਿੰਘ ਕੇ ਖੁਸੀ ਕੀਤੀ, ਸਿਰੇਪਾਉ ਦੀਏ। ਭਾਈ ਗੁਰਬਖਸ ਸਿੰਘ, ਭਾਈ ਮਨੀ ਸਿੰਘ, ਭਾਈ ਧਰਮ ਸਿੰਘ, ਦਾਨ ਸਿੰਘ ਕਾ ਬੇਟਾ ਗੁਰਬਖਸ ਸਿੰਘ, ਭਾਈ ਸੰਤੋਖ ਸਿੰਘ ਏਹ ਪੰਜੇ ਨਾਮਦਾਰ ਗੁਰੂ ਜੀ ਕੇ, ਸਾਥ ਹੀ ਚੜੇ, ਚਰਨ ਕਮਲੋਂ ਕੇ। ਪ੍ਰਿਥਮੇ ਦਰਬਾਰੀ ਘਰਬਾਰੀ ਭਜੇ ਰਾਤ, ਪਾੜਕੇ ਬਰਾੜਾਂ ਨੂੰ ਸਾਥ ਲੈਕੇ । ਸੋਢੀ ਅਭੈ ਸਿੰਘ ਨੂੰ ਗੁਰੂ ਜੀ ਕਹਿੰਦੇ
ਆਪ ਚੜੇ, ਨੌਮੀ ਪਾਤਿਸਾਹੀ ਕੇ ਅਸਥਾਨ ਅਰਦਾਸ ਕਰਵਾਈ। ਨੇ ਦਿਨ ਗੁਰੂ ਤੇਗ ਬਹਾਦਰ ਜੀ ਰਹੇ। ਨੌ ਮਹੀਨੇ ਨੇ ਦਿਨ, ਨੌ ਪਹਿਰ, ਨੌ ਘੜੀਆਂ, ਨੋ ਪਲ ਗੁਰੂ ਗੋਬਿੰਦ ਸਿੰਘ ਜੀ ਰਹੇ। ਚੜੇ ਕਤਕ ਕੀ ਸੁਦੀ ਤਿਥਿ ਪੰਚਮੀ ਦਿਨ ਵੀਰਵਾਰ, ਸਵਾ ਪਹਿਰ ਦਿਨ ਚੜੇ ਕੂਚ ਕੀਆ ਦਖਣ ਕਾਂ॥੧੦੫॥
106. ਡੇਰਾ ਕੇਵਲ
ਦਮਦਮੇ ਤੇ ਡੇਰਾ ਸਤ ਕੋਹ, ਕੇਵਲ ਕੀਆ॥੧੦੬॥
107. ਝੋਰੜ ਡੇਰਾ
ਅਗੇ ਝੋਰੜੀ ਦੁਪਹਿਰੇ ਡੇਰਾ ਕੀਆ॥੧੦੭॥
108. ਝੰਡੇ ਡੇਰਾ
ਝੰਡੇ ਡੇਰਾ ਕੀਆ ਅਠਾਰਾਂ ਕੋਸ॥੧੦੮॥
109. ਸਰਸੇ ਡੇਰਾ, ਡੱਲਾ ਨਸਿਆ
ਸਰਸੇ ਡੇਰਾ ਕੀਆ ਬਾਰਾਂ ਕੇ ਭੀ ਪਲੰਘ ਕੇ ਪਾਸ ਬੈਠਾ ਸੀ। ਗੁਰੂ ਜੀ ਪਲੰਘ ਪਰ ਬੈਠੇ ਸੇ, ਡਲ ਸਿੰਘ ਗੁਰੂ ਜੀ ਉਪਰ ਚੜੇ ਪਜਾਵੇ ਕੇ। ਕਹਿੰਦੇ: 'ਡਲ ਸਿੰਘ! ਆਉ, ਤੈਨੂੰ ਜੇਹੜਾ ਮੁਲਖ ਦੇਣਾ ਹੈ ਵਿਖਾਈਏ। ' ਕਹਿੰਦਾ: 'ਜੀ ਜਦੋਂ ਚਲਾਂਗੇ ਓਦੋਂ ਵੇਖ ਲਵਾਂਗੇ, ਪਾਤਿਸਾਹਿ ਜੀ!'
ਡਲ ਸਿੰਘ ਨੇ ਗੁਰੂ ਜੀ ਕੇ ਪਲੰਘ ਕੇ ਉਪਰ ਕੰਙਣ ਤੇ ਖੰਡਾ ਬਿਛਾਉਣੇ ਕੇ ਹੇਠ ਕੀ ਧਰ ਦਿਤੇ। ਫੇਰ ਰਾਤ ਨੂੰ ਗੁਰੂ ਜੀ ਕੇ ਡੇਰੇ ਨੂੰ ਦੁਇ ਬਾਰੀ ਪਰਕੰਮਿਆਂ ਦੇਕੇ ਭਜ ਗਇਆ। ਬੇਨਵਾ ਫਕੀਰ ਫਿਰਦਾ ਸੀ, ਪਰਕੰਮਿਆਂ ਦੇਂਦਾ ਓਸਨੇ ਓਦੋਂ ਵੇਖਿਆ ਸੀ ਜਾਂਦਾ।
ਗੁਰੂ ਜੀ ਕਹਿੰਦੇ: 'ਬੁਲਾਵੋ, ਡੱਲ ਸਿੰਘ ਨੂੰ! '
1. ਦਮਦਮੇ ਤੋਂ ਦਖਣ ਨੂੰ ਟੁਰਨ ਦਾ ਇਹ ਪ੍ਰਸੰਗ ਕਵੀ ਜੀ ਨੇ ਸਵਿਸਥਾਰ ਐਨ ੧ ਦੇ ਅੰਸੂ ੩੨, ੩੩ ਵਿਚ ਦਿੱਤਾ ਹੈ। ਦਮਦਮਿਓਂ ਚੱਲਕੇ ਕੇਵਲ, ਝੋਰੜ, ਝੰਡੇ ਤੋਂ ਸਰਸੇ ਡੇਰਾ ਕਰਨ ਦਾ ਵੇਰਵਾ ਵੀ ਇਸੇ ਅੰਸੂ ੩੩ ਵਿਚ ਹੈ।
2. ਆਵੇ ਉਤੇ।
ਪਿਛਲੇ ਪਹਿਰ ਕੀ ਰਾਤ ਕਾ ਚਾਰ ਘੜੀਆਂ ਕਾ ਅੰਮ੍ਰਿਤ ਵੇਲਾ ਰਹਿੰਦਾ ਸੀ। ਬੇਨਵਾ ਕਹਿੰਦਾ: 'ਡੱਲਾ ਨ ਮੱਲਾ, ਏਕੁ ਅੱਲਾ ਹੀ ਅੱਲਾ। ਕਹਿੰਦਾ: .ਜੀ, ਡਲਾ ਭਾਗ ਗਇਆ ਹੈ। ਗੁਰੂ ਜੀ ਕਹਿੰਦੇ: 'ਤਿੰਨ ਜਨਮ ਮਿਲਦਾ ਆਇਆ ਸੀ।'
ਗੁਰੂ ਜੀ ਬੋਲਣ ਨਾਂਹੀ ਚੁਪ ਕਰ ਰਹੇ। ਡੱਲਾ ਕਹਿੰਦਾ ਹੁੰਦਾ ਸੀ— ਜੀ, ਜਿਥੇ ਆਪ ਕਾ ਥਾਉਂ ਰਹਿਣੇ ਕਾ ਹੋਵੇ ਓਥੇ ਗੁਰੂ ਜੀ! ਪੀੜ੍ਹੀ ਕਾ ਥਾਂਉ ਦਾਸ ਕੇ ਰਖਣਾਂ ਜੀ ।
ਗੁਰੂ ਜੀ ਕਹਿੰਦੇ: 'ਆਪ ਹੀ ਉਠ ਗਇਆ ਹੈਂ— ਵੇ ਡੱਲਾ!'
ਗੁਰੂ ਜੀ ਕਹਿੰਦੇ ਹੁੰਦੇ: ਡੱਲ ਸਿੰਘ ਦਖਣ ਨੂੰ ਹਮ ਜਾਵਣਾਂ ਹੈ ਸਭ ਤਿਆਰ ਹੋਵੇ। ਡੱਲ ਸਿੰਘ ਕਹਿੰਦਾ ਹੁੰਦਾ: ਜੀ, ਏਥੇ ਹੀ ਰਹੋ। ਗੁਰੂ ਜੀ ਕਹਿੰਦੇ: 'ਤੁਮ ਭੀ ਚੜੇ।' ਡੱਲ ਸਿੰਘ ਕਹਿੰਦਾ ਹੁੰਦਾ: 'ਜੀ ਏਨਾਂ ਝਾੜਾਂ ਕਾ ਰਾਖਾ ਕੋਈ ਨਾਹੀ। ਗੁਰੂ ਜੀ ਕਹਿੰਦੇ ਹੁੰਦੇ: ‘ਤੈਹੀ ਨਾਂਹੀ ਹੋਣਾ, ਝਾੜਾਂ ਕੇ ਰਾਖੇ ਕੇਤੇ ਹੀ ਹੋਏ ਹਨ, ਹੋਣਗੇ ਅਗੇ ਕੇਤੇ* ॥੧੦੯॥
110. ਨੌਹਰ ਡੇਰਾ
ਚੜੇ ਗੁਰੂ ਜੀ, ਅਗੇ ਡੇਰਾ ਬਾਰੀਂ ਕੋਹੀਂ ਨੋਹਰ ਕੀਤਾ। ਗੁਰੂ ਜੀ ਕਹਿੰਦੇ: ਨੌਹਰ ਗੁਰੂ ਕੀ ਮੁਹਰ ਲੁਟੇਗਾ ਖਾਲਸਾ। ਵਡਾ ਉਚਾ ਚਬੂਤਰਾ ਸੀ। ਗੁਰੂ ਜੀ ਘੋੜੇ ਸਮੇਤ ਪੌੜੀਏ ਪੌੜੀਏ ਸਿਖਰ ਚਬੂਤਰੇ ਕੇ ਚੜ ਗਏ। ਓਥੇ ਮਹਿਲ ਕੇ ਕਬੂਤਰ ਸੇ ਬਹੁਤ ਇਕੁ ਸਿਖ ਸੁਰਾਹੀਦਾਰ ਹੇਠ ਭੰਨਾਂ ਆਇਆ ਗੁਰੂ ਕੇ ਪਾਸ ਨੂੰ। ਇਕ ਕਬੂਤਰ ਹੇਠ ਸੀ ਬੈਠਾ। ਸਿਖ ਕੇ ਪੈਰਾਂ ਹੇਠਿ ਆਇਕੇ ਮਰਿ ਗਿਆ। ਜੇਹੜੇ ਬੈਠੇ ਸੇ ਚਬੂਤਰੇ ਉਪਰ, ਓਨੀ ਗੁਸਾ ਮੰਨਿਆ, ਕਹਿੰਦੇ, *ਸਿਖ ਨੇ ਕਬੂਤ੍ਰ ਮਾਰਿ ਦੀਆ। ਗੁਰੂ ਜੀ ਕਹਿੰਦੇ: 'ਕਿਆ ਹੋਇਆ! ਸਭਨੀ ਹੀ ਮਰ ਜਾਣਾ ਹੈ ?'
ਓਇ ਕਹਿੰਦੇ: 'ਸਭ ਹੀ ਮਾਰ ਦੇਹੁ`
ਗੁਰੂ ਜੀ ਕਹਿੰਦੇ: 'ਸਭ ਹੀ ਮਰ ਜਾਨਗੇ!'
ਕਬੂਤਰ ਲਗੇ ਮਹਿਲ ਉਤਿਓਂ ਮਰ ਮਰ ਡਿਗਣ। ਹਜ਼ਾਰਾਂ ਕਬੂਤਰ ਸਨ, ਮਰ ਗਏ।
ਓਨੀ ਲੋਕੀਂ ਕਹਿਆ: 'ਗੁਰੂ ਜੀ, ਏਨਾਕੋ ਜੀਵਾਵੇ ਜੀ!'
* ਐਨ ੧ ਅੰਸੂ ੩੩।
ਗੁਰੂ ਜੀ ਕਹਿੰਦੇ, 'ਚੋਗ ਪਾਵੇ ਜੀਵਨਗੇ।'
ਓਨੀ ਚੋਗ ਪਾਈ ਮੋਠਾਂ ਕੀ, ਸਭਨੀਂ ਚੁਗੀ। ਜੇਹੜਾ ਸਿਖ ਥੋ ਮੁਇਆ
ਸੀ, ਓਹ ਨਾਂ ਜੀਵਿਆ।
ਸਿਖ ਨੇ ਕਹਿਆ: 'ਜੀ, ਏਹੁ ਭੀ ਜੀਵਾਈਏ ਜੀ !’
ਗੁਰੂ ਜੀ ਕਹਿੰਦੇ: 'ਏਸ ਨੂੰ ਚੋਗ ਪਾਓ ਜੀਵੇਗਾ।'
ਸਿਖ ਨੇ ਚੋਗ ਪਾਈ, ਓਹ ਵੀ ਜੀਵਿਆ।
ਗੁਰੂ ਜੀ ਨੌਹਰ ਡੇਰਾ ਕੀਤਾ ਤਾਲ ਕੇ ਬੀਚ, ਛੀਨ ਤਲਾਈ।
ਅਠਾਰਾਂ ਸੈ ਗਿਆਰੇ ਖਾਲਸੇ ਲੁਟੀ, ਮਾਰੀ, ਮੁਹਿਰਾਂ ਲੁਟੀਆਂ'।
ਅਗੇ ਗੁਰੂ ਜੀ ਡੇਰਾ ਕੂਚ ਕੀਤਾ ਭਾਦਰਾ, ਅਠਾਰ੍ਹੀਂ ਕੋਹੀਂ ਹੋਇਆ॥੧੧੦॥
111. ਸੁਹੇਵੇ ਡੇਰਾ
ਅਗੇ ਡੇਰਾ ਸੁਹੇਵੇ ਸਤੀਂ ਕੋਹੀਂ। ਓਥੇ ਜੰਡ ਸੀ ਵਡਾ। ਗੁਰੂ ਜੀ ਕਹਿੰਦੇ: 'ਇਸ ਜੰਡ ਕੇ ਵੀਚ ਜਿਸ ਦਿਨ ਪਿਪਲੁ ਲਗੂ, ਆਪ ਪਿਪਲ ਮੱਲ ਗਇਆ, ਜੰਡ ਮਰ ਗਇਆ, ਓਦੋਂ ਖਾਲਸੇ ਕਾ ਰਾਜ ਹੋਊ ॥੧੧੧॥
1. ਕਵੀ ਸੰਤੋਖ ਸਿੰਘ ਜੀ ਨੇ ਇਹ ਪ੍ਰਸੰਗ ਐਨ ੧ ਦੇ ਐਸੂ ੩੪ ਵਿਚ ਕਵਿਤਾ ਵਿਚ ਉਲਟਾਯਾ ਹੈ ਤੇ ੧੮੧੧ ਦੀ ਵਾਰਤਾ ਦਾ ਭੀ ਥੋੜਾ ਵਧੀਕ ਹਾਲ ਦਿੱਤਾ ਹੈ, ਜੋ ਏਥੇ ਨਹੀਂ ਹੈ।
2. ਸੁਹੋਵੇ ਦੀ ਇਹ ਸੰਖੇਪ ਸਾਖੀ ਕਵੀ ਜੀ ਨੇ ਐਨ ੧ ਦੇ ਅੰਸੂ ੩੪ ਵਿਚ ਇੰਨੀ ਹੀ ਦਿੱਤੀ ਹੈ। ਪਰ ਸਰ ਅਤਰ ਸਿੰਘ ਭਦੌੜ ਵਾਲਿਆਂ ਦੀ ਪੇਥੀ ਵਿਚ ਇਸ ਸਾਖੀ ਤੋਂ ਅਗੇ ਵਿਸਥਾਰ ਸਹਿਤ ਸੁਹੇਵੇ ਦੀ ਇਕ ਹੋਰ ਸਾਖੀ ਬੀ ਦਿਤੀ ਹੈ। ਜਿਸਦੇ ਅੰਤਰਗਤਿ ਕੁਛ ਇਸ ਤੋਂ ਪਹਿਲੀਆਂ ਤੇ ਕੁਝ ਅਗੋਂ ਦੀਆਂ ਸਾਖੀਆਂ ਆ ਜਾਂਦੀਆਂ ਹਨ। ਇਸ ਵਿਚ ਡਲੇ ਦੀ ਭਾਬੀ ਦਾ ਧੀ ਮਾਰਨ ਦੇ ਅਪ੍ਰਾਧ ਦੀ ਭੁੱਲ ਬਖਸ਼ਾਉਣ ਦਾ ਤੇ ਸੁਹੇਵੇ ਦੀ ਜੰਡ ਪਿਪਲ ਦੀ ਸਾਖੀ ਦਾ ਲੰਮਾ ਪ੍ਰਸੰਗ ਹੈ ਜੋ ਅਪਣੇ ਅਟਪਟੇ ਪਨ ਤੇ ਪਿਛਲੀਆਂ ਸਾਖੀਆਂ ਦੀ ਪੁਨਰੁਕਤਿ ਹੋਣ ਦੇ ਕਾਰਨ ਆਖ੍ਯਾਪਕ ਸਿੱਧ ਹੁੰਦਾ ਹੈ। ਭਾਈ ਸੰਤੋਖ ਸਿੰਘ ਜੀ ਦੇ ਗੁ: ਪ੍ਰ: ਸੂ: ਗ੍ਰੰ: ਵਿਚ ਇਹ ਪ੍ਰਸੰਗ ਨਹੀਂ ਹੈ ਜੋ ਸਹੀ ਕਰਦਾ ਹੈ ਕਿ ਇਹ ਸਾਖੀ ਮਗਰੋਂ ਦੀ ਰਚਨਾ ਹੈ। ਇਹ ਸਾਖੀ ਅਸੀਂ ਅੰਤਕਾ ੧ ਵਿਚ ਅਖੀਰ 'ਤੇ ਦਿੰਦੇ ਹਾਂ।
112. ਮਧੂ ਸਿੰਘਾਣੇ ਡੇਰਾ
ਅਗੇ ਮਧੂ ਸਿੰਘਾਣੇ ਡੇਰਾ ਅਠਾਰੀਂ ਕੋਹੀਂ ਕੀਤਾ॥੧੧੨॥
113. ਪੁਸ਼ਕਰ ਡੇਰਾ
ਅਗੇ ਪੁਹਕਰ ਡੇਰਾ ਅਠਾਰੀਂ ਕੋਹੀਂ ਕੀਤਾ॥੧੧੩॥
114. ਡੇਰਾ ਚੂਰੂ
ਅਗੇ ਡੇਰਾ ਚੁਰੂ ਕੀਤਾ॥੧੧੪॥
115. ਦਾਦੂ ਦੁਆਰੇ
ਨਰਾਇਣੇ ਡੇਰਾ ਅਗੇ ਦਾਦੂ ਦੁਆਰੇ ਹੋਇਆ। ਗੁਰੂ ਜੀ ਤੀਰ ਨਾਲ ਦਾਦੂ ਕੀ ਜਾਗਾ ਨੂੰ ਨਮਸਕਾਰ ਕਰੀ। ਖਾਲਸੇ ਨੇ ਕਹਿਆ: 'ਗੁਰੂ ਜੀ ਤਨਖਾਹ ਦੇਹੁ, ਦਾਦੂ ਕੀ ਜਾਗਾ ਕੇ ਨਮਸਕਾਰ ਕਰੀ ਹੈ!'
ਗੁਰੂ ਜੀ ਕਹਿੰਦੇ: ‘ਖਾਲਸਾ ਜੀ ਲਹੌ ਤਨਖਾਹ!
ਖਾਲਸੇ ਨੇ ਪੰਜ ਹਜਾਰ ਦਮੜਾ ਲਾਇਆ।
ਫੇਰ ਇਕੁ ਸਿਖ ਕਹਿੰਦਾ: 'ਖਾਲਸਾ ਸੀ! ਪੰਜ ਹਜਾਰ ਬਹੁਤਾ ਹੈ! ਗੁਰੂ ਜੀ ਨੂੰ ਪੰਜ ਸੈ ਕੀ ਅਵਾਜ ਕਹੁ।'
ਫਿਰ ਇਕ ਸਿੰਘ ਕਹਿੰਦਾ: 'ਪੰਜ ਸੈ ਭੀ ਬਹੁਤਾ ਹੈ।'
ਫੇਰ ਇਕੁ ਕਹਿੰਦਾ: 'ਗੁਰੂ ਜੀ ਪਾਸ ਖਜਾਨੇ ਕੀ ਪਰਵਾਹ ਹੈ?
ਫੇਰ ਇਕੁ ਸਿੰਘ ਕਹਿੰਦਾ: 'ਪੰਜ ਲਖ ਲਵਾਂਗੇ।'
ਫੇਰ ਇਕ ਸਿੰਘ ਕਹਿੰਦਾ: 'ਗੁਰੂ ਜੀ ਤਾਂ ਏਤਾ ਹੀ ਦੇਇ ਦੇਣਗੇ। ਫੇਰ ਖਾਲਸੇ ਨੂੰ ਭੀ ਤਨਖਾਹ ਤਕੜੀ ਲਗਿਆ ਕਰੇਗੀ। ਗੁਰੂ ਜੀ! ਸਵਾ ਸੋ ਦਮੜਾ, ਕਹਿੰਦਾ ਹੈ ਖਾਲਸਾ!'
ਗੁਰੂ ਜੀ ਸਵਾ ਸੌ ਦਮੜਾ ਦੀਆ ਖਾਲਸੇ ਨੂੰ। ਖਾਲਸੇ ਜੀ ਨੇ ਲੈਕੇ ਦਮੜੇ ਲੰਗਰ ਕਾ ਤੰਬੂ ਬਣਾਇ ਦੀਆ।
ਓਦੋਂ ਦਾਦੂ ਜੀ ਕਾ ਪੋਤਾ ਚੇਲਾ ਸੀ। ਤਿਥੇ ਸਿਖ ਭੀ ਜਾਇ ਬੈਠੇ, ਸਾਧ ਆਖਦੇ: 'ਇਹ ਕੌਣ ਹੈਨ ?”
ਸਿੰਘ ਕਹਿੰਦੇ: ਇਹ ਗੁਰੂ ਗੋਬਿੰਦ ਸਿੰਘ ਹੈਨ। ਗੁਰੂ ਨਾਨਕ ਜੀ ਦੀ ਗਦੀ ਉਪਰ। ਪਾਤਸਾਹਿ ਕੇ ਸਾਥ ਇਨੋ ਹੀ ਨੇ ਜੁਧ ਕੀਆ। ਆਠ ਮਹੀਨੇ
ਮਹੰਤ ਅਪਾ ਦਰਸਨ ਨੂੰ ਤਈਆਰ ਹੋਆ। ਸਾਧਾਂ ਕਹਿਆ: 'ਏਥੇ ਹੀ ਸਦ ਲਏ।' ਤਾਂ ਮਹੰਤ ਆਖਿਆ: ਸਾਨੂੰ ਹੀ ਜਾਣਾ ਜੋਗ ਹੈ ਐਸੇ ਮਹਾਤਮਾਂ ਪਾਸ ਫੇਰ ਸਾਡੇ ਅਸਥਾਨ ਆਏ ਹੈਨ।'
ਥਾਲ ਪਤਾਸਿਆਂ ਕਾ ਲੀਆ। ਹੋਰ ਸਾਧ ਭੀ ਦਰਸਨ ਕੋ ਆਏ। ਗੁਰੂ ਜੀ ਬੋਹੜ ਕੇ ਥੜੇ ਉਤੇ ਬੈਠੇ ਥੇ, ਆਨਿ ਸਾਧੂ ਨੇ ਮਥਾ ਟੇਕਿਆ।
ਗੁਰੂ ਜੀ ਬਚਨ ਕੀਤਾ: 'ਆਵੋ ਦਾਦੂ ਦੇ ਸਿਖੋ! ਬੈਠੋ।'
ਮਹੰਤ ਆਖਿਆ: 'ਗੁਰੂ ਜੀ ! ਤੁਸਾਂ ਦਾਵਾ ਕੀਤਾ ਤਾਂ ਐਤਨੇ ਜੁਧ ਜੰਗ ਹੋਏ। ਇਹ ਤੇ ਗਦੀ ਨਿਰਦਾਵੇ ਵਾਲੀ ਥੀ?”
ਗੁਰੂ ਜੀ ਕਹਿੰਦੇ: 'ਨਾ ਵੇ ਦਾਦੂ ਦਿਆ ਸਿਖਾ! ਇਉਂ ਨਹੀਂ। ਇਟ ਚਕਦੇ ਨੂੰ ਪਥਰ ਚਕੀਏ ਤਾਂ ਵਾਰੇ ਆਈਦਾ ਹੈ। ਏਨਾਂ ਤੁਰਕਾਂ ਨੇ ਸਾਧ ਸੰਤ, ਗਊ ਬ੍ਰਹਮਣ ਕੋ ਬਡਾ ਦੁਖ ਦੀਆ ਥਾ, ਅਬ ਇਨਾਂ ਕੀ ਸਫਾ ਉਠਾ ਦੇਵਾਂਗੇ।'
ਸਾਧਾਂ ਨੇ ਗੁਰੂ ਜੀ ਨੂੰ ਦਾਦੂ ਕਿਆ ਨੇ, ਲੰਗਰ ਨੂੰ ਰਸਤ ਦਿੱਤੀ।
ਗੁਰੂ ਜੀ ਕਹਿੰਦੇ: ‘ਸਾਡੇ ਬਾਜਾਂ ਕੇ ਤਾਂਬਾ' ਦੇਹੁ!
ਸਾਧ ਕਹਿੰਦੇ: 'ਜੀ ਅਜ ਚੋਗ ਹੀ ਪਾਇ ਦੇਹੁ।'
ਗੁਰੂ ਜੀ ਕਹਿੰਦੇ: ਚੋਗ ਚੁਗਦਦੇ ਹਨਿ ਤਾਂ ਚੋਗ ਪਾਹਿ ਦੇਹੁ । ' ਸਾਧੀ ਜੁਆਰ ਕੀ ਚੋਗ ਪਾਈ। ਬਾਜੀਂ ਚੋਗ ਹੀ ਚੁਗ ਲਈ ॥੧੧੫॥
116. ਲਾਲੀ ਡੇਰਾ
ਅਗੇ ਗੁਰੂ ਜੀ ਡੇਰਾ ਕੂਚ ਕੀਤਾ ਲਾਲੀ, ਪਚੀ ਕੋਹੀਂ ਹੋਇਆ॥੧੧੬॥
117. ਮਘਰੋਂਦੇ
ਅਗੇ ਡੇਰਾ ਗੁਰੂ ਜੀ ਕੂਚ ਕੀਤਾ, ਮਘਰੋਂਦੇ ਕੀਤਾ, ਪਚੀ ਕੋਹੀਂ॥੧੧੭॥
1. ਤਾਮਾ, ਮਾਸ, ਬਾਜ਼ਾਂ ਦਾ ਖਾਜਾ।
2. ਇਹ ਸਾਖੀ ਸਵਿਸਥਾਰ ਕਵੀ ਜੀ ਨੇ ਐਨ ੧ ਦੇ ਅੰਸੂ ੩੬ ਤੇ ੩੭ ਵਿਚ ਦਿੱਤੀ ਹੈ ਤੇ ਅਗਲੇ ਤਿੰਨਾਂ ਮੁਕਾਮਾਂ: ਲਾਲੀ, ਮਘਰੋਂਦੇ ਤੇ ਕੁਲਾਯਤ ਦਾ ਜ਼ਿਕਰ ਬੀ ਅੰਸੂ ੩੭ ਵਿਚ ਅੰਕ ੧੩ ਤੋਂ ੨੦ ਵਿਚ ਦੇ ਦਿੱਤਾ ਹੈ।
118. ਕੁਲਾਇਤ
ਕੁਲਾਇਤ ਅਗੇ ਡੇਰਾ ਗੁਰੂ ਜੀ ਕੀਤਾ ਬਾਰੀਂ ਕੋਹੀਂ। ਦਸ ਦਿਨ ਡੇਰਾ ਓਥੇ ਹੀ ਰਖਿਆ* ॥੧੧੮॥
ਸਤਿਗੁਰੂ ਸਤਿਗੁਰੂ ਜੀ ਸਹਾਇ॥
ਇਤਿ -
* ਸਰ ਅਤਰ ਸਿੰਘ ਜੀ ਵਾਲੇ ਨੁਸਖੇ ਵਿਚ ਪੁਸਤਕ ਦੀ ਸਮਾਪਤੀ ਪਿਛੋਂ ਇਕ ਸਾਖੀ ਹੋਰ ਆਖੇਪਕ ਦਿੱਤੀ ਹੈ ਜਿਸ ਦੇ ਸ਼ੁਰੂ ਵਿਚ 'ਸੁਏਤ ਸਰ ਦੀ ਸਾਖੀ' ਲਿਖਿਆ ਹੈ। ਇਹ ਸਾਖੀ ਪਿਛੇ ਅੰਕ ੭੬ ਵਿਚ ਉਸ ਪੋਥੀ ਵਿਚ ਬੀ ਆ ਚੁਕੀ ਹੈ ਪਰ ਅਖੀਰ ਵਿਚ ਫਿਰ ਇਸਨੂੰ ਦੁਬਾਰਾ ਤੇ ਫੈਲਾਕੇ ਵਿਚ ਦਿੱਤਾ ਗਿਆ ਹੈ, ਜਿਥੇ ਕਿ ਉਸਦਾ ਠੀਕ ਥਾਂ ਟਿਕਾਣਾ ਨਹੀਂ ਹੈ। ਸਰ ਅਤਰ ਸਿੰਘ ਜੀ ਨੇ ਅਪਣੇ ਅੰਗ੍ਰੇਜ਼ਜੀ ਤਰਜਮੇ ਵਿਚ ਬੀ ਇਹ ਸਾਖੀ ਉਲਥਾਈ ਹੋਈ ਹੈ। ਪਰ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਵਿਚ ੭੬ ਸਾਖੀ ਤੋਂ ਛੁਟ ਸੁਏਤ ਸਰ ਦੀ ਹੋਰ ਸਾਖੀ ਨਹੀਂ, ਜੋ ਬੀ ਸਾਖ ਹੈ ਇਸਦੇ ਆਖੇਪਕ ਤੇ ਮਗਰੋਂ ਪਾਈ ਹੋਈ ਹੋਣ ਦੀ। ਇਹ ਸਾਖੀ ਅੰਤ ਵਿਚ ਅੰਤਕਾ ੨ ਵਿਚ ਦਿੱਤੀ ਜਾ ਰਹੀ ਹੈ।
ਅੰਤਕਾ ੧.
ੴ ਸ੍ਰੀ ਵਾਹਿਗੁਰੂ ਜੀ ਫਤਹਿ॥
ਪਾਤਸਾਹੀ ੧੦॥ ਸਾਖੀ ਸੁਹੇਵੇ ਸਾਹਿਬ ਜੀ ਕੀ। ਗੁਰਦੁਆਰੇ ਜੀ ਕੀ*
ਇਕ ਦਿਨ ਦੌਲਤ ਰਾਮ ਨੂੰ ਕਾਢ ਦੀਆ ਥੀ ਸੁਹੇਵੇ ਤੇ ਰਾਜੇ ਕਰਨ ਸਿੰਘ ਨੈ: ਗੁੜ੍ਹੀ ਆਇ ਰਹਿਆ ਸੀ। ਜੋ ਸਚੇ ਪਾਤਸ਼ਾਹਿ ਦਮਦਮੇ ਸਾਹਿਬ ਤੇ ਆਏ ਹੈਨ, ਬਡੇ ਪੂਰਨ ਪੁਰਖ ਹੈਨ, ਕਰਨ ਕਾਰਨ ਹੈਨ, ਔਤਾਰੀ ਲੋਕ ਹੈਨ। ਸੋਭਾ ਸੁਣਕੇ ਦਮਦਮੇ ਸਾਹਿਬ ਆਇਆ। ਆਇ ਹਜੂਰ ਮਥਾ ਟੇਕਿਆ, ਹਥ ਜੋੜਿ ਆਇ ਖੜਾ ਹੋਇਆ। ਤਾਂ ਬਚਨ ਹੋਇਆ, ਦੌਲਤ ਰਾਮ ਤੂੰ ਕਿਸ ਮਨੋਰਥ ਆਇਆ ਹੈਂ?'
ਕਹਿੰਦਾ: ਜੀ ਮੈਂ ਘਰਾਂ ਤੇ ਕਾਢ ਦਿਤਾ ਹਾਂ ਰਾਜੇ ਕਰਨ ਸਿੰਘ ਨੈ, ਤੁਸਾਡੀ ਸਰਨ ਆਇਆ ਹਾਂ।'
ਬਚਨ ਹੋਇਆ: 'ਦੌਲਤ ਰਾਮ! ਤੂੰ ਚਲੁ ਘਰਾਂ ਨੂੰ, ਅਸੀਂ ਭੀ ਆਵਾਂਗੇ।' ਦੌਲਤ ਰਾਮ ਚੜਿ ਆਇਆ।
ਇਤਨੇ ਡਲੇ ਬਰਾੜ ਕੀ ਭਾਬੀ ਹਥਿ ਜੋੜ ਕਰਿ ਖੜੀ ਹੋਈ ਬਹੁਤ ਬੇਨਤੀ ਕਰੀ। ਬਚਨ ਹੋਇਆ: 'ਸਿਖਣੀਏਂ! ਤੂੰ ਕਿਸ ਮਨੋਰਥ ਆਈ ਹੈਂ??
ਕਹਿਆ: 'ਜੀ ਸਚੇ ਪਾਤਸਾਹਿ! ਮੈਨੂੰ ਬੇਟੀ ਮਾਰੀ ਕਾ ਸਰਾਪ ਲਗਾ ਹੈ ਜੀ, ਮੈਨੂੰ ਬਖਸੋ ਜੀ, ਮੈਂ ਅਨੇਕ ਜਨਮ ਨਹੀਂ ਛੁਟਾਂਗੇ, ਤੁਸੀਂ ਕ੍ਰਿਪਾ ਕਰੋ ਬਖਸੋ ਜੀ।'
ਸਚੇ ਪਾਤਿਸਾਹਿ ਚੁਪ ਕਰ ਗਏ।
ਸਿਖਣੀ ਪੁਛਿਆ ਸਿਖਾਂ ਨੂੰ: 'ਸਿਖੋ! ਸਚੇ ਪਾਤਿਸਾਹਿ ਕਿਹੜੀ ਟਹਿਲ ਪਰ ਦਿਆਲ ਹੁੰਦੇ ਹਨ? ਸਿਖਾਂ ਕਹਿਆ: 'ਘੋੜਿਆਂ ਕੀ ਟਹਿਲ ਪਰ ਦਿਆਲ ਹੁੰਦੇ ਹੈਨ।'
* ਪਿਛੇ ਆ ਚੁਕੀਆਂ ਸਾਖੀਆਂ ਦਾ ਵਿਸਤ੍ਰਿਤ ਆਖੇਪਕ ਰੂਪ ਹੈ ਇਹ ਸਾਖੀ। ਦੇਖੋ ਟੂਕ ਪਿਛੇ ਪੰਨਾ 105 ਦੇ ਹੇਠ।
ਲਗੀ ਘੋੜਿਆਂ ਕੀ ਟਹਿਲ ਕਰਣ।
ਸਚੇ ਪਾਤਿਸਾਹਿ ਕੂਚ ਕੀਆ ਦਮਦਮੇ ਤੇ; ਸੁਖਾ ਛਕਿਆ ਕੇਵਲ, ਸਰਸੇ ਮੁਕਾਮ ਕੀਆ। ਖੇਡਣੇ ਚੜੇ, ਖੇਡਦੇ ਖੇਡਦੇ ਇਕ ਪੰਜਾਵੇ ਉਪਰ ਚੜ ਗਏ। ਬਚਨ ਹੋਇਆ ਸਿਖਾਂ ਨੂੰ, 'ਸਿਖੋ! ਦੇਖੋ ਤਾਂ ਦਖਣ ਕਿਥੇ ਕੁ ਹੈ? ਆਪੇ ਹੀ ਬਾਂਹਿ ਪਸਾਰ ਕਹਿਆ, ਆਹਿ ਨੇੜੇ ਹੀ ਹੈ*।'
ਕੋਈ ਕੁ ਦਿਨ ਬਸੇ ਸਰਸੇ। ਸਰਸੇ ਤੇ ਕੂਚ ਕੀਆ ਮੁਕਾਮ ਨੌਹਰ ਕੀਆ। ਕੋਈ ਦਿਨ ਬਸੇ ਨੌਹਰ ਤੇ ਕੂਚ ਕੀਆ। ਸੁਖਾ ਛਕਿਆ, ਸੂਰ ਪੁਰ ਸੁਹੇਵੇ ਮੁਕਾਮ ਕੀਆ। ਦੌਲਤ ਰਾਮ ਚਾਰ ਬੇਟੇ ਲੈ ਕਰਿ ਆਣ ਮਥਾ ਟੇਕਿਆ ਹਜੂਰ।
ਤਾਂ ਬਚਨ ਹੋਇਆ: ‘ਦੋਲਤ ਰਾਮ ਤੇਰੇ ਕੈ ਬੇਟੇ ਹੈਨ ?”
ਕਹਿਆ: 'ਜੀ ਪੰਜ ਬੇਟੇ ਹੈਨ।'
ਬਚਨ ਹੋਇਆ, 'ਪੰਜਵਾਂ ਕਹਾਂ ਹੈ?'
ਜੀ, ਏਥੇ ਫਿਰਦਾ ਹੋਇਗਾ, ਬਾਉਲਾ ਹੈ।'
ਤਾਂ ਬਚਨ ਹੋਇਆ: 'ਓਹੁ ਬਾਵਲਾ ਨਹੀਂ ਸਿਆਣਾ ਹੈ, ਓਸ ਨੂੰ ਬੁਲਾਵੋ।' ਬੁਲਾਇਆ ਆਣ ਹਥ ਬੰਨ ਕੇ ਮਥਾ ਟੇਕਿਆ।
ਬਚਨ ਹੋਇਆ: 'ਇਸ ਕਾ ਨਾਉਂ ਕਿਆ ਹੈ?
ਕਹਿਆ: 'ਜੀ ਇਸ ਕਾ ਨਾਉਂ ਬੁਲਾ ਹੈ ਜੀ।'
'ਇਨੂੰ ਬੂਲਾ ਨਹੀਂ ਕਹਿਣਾ! ਇਸ ਨੂੰ ਲਾਲ ਸਿੰਘ ਕਹਿਣਾ। ਏਹੁ ਤੇਰੇ ਘਰ ਮੈ ਲਾਲ ਹੈ। ਏਹੋ ਇਸ ਦੇਸ ਕਾ ਰਾਜਾ ਹੋਵੇਗਾ। ਅਰੁ ਇਹ ਚਾਰੋਂ ਇਸ ਕੀ ਕਮਾਈ ਖਾਵੈਂਗੇ।'
ਦੌਲਤ ਰਾਮ ਪੰਜੇ ਬੈਟੇ ਲੈ ਕਰਿ ਘਰਾਂ ਨੂੰ ਗਇਆ।
ਇਤਨੇ ਭਾਈ ਰੂਪੇ ਕਿਆਂ ਨੇ ਪਲਘੁ ਬੁਣਕੇ ਮੰਜੀ ਸਾਹਿਬ ਹਜੂਰ ਕੀਆ। ਸਚੇ ਪਾਤਿਸਾਹਿ ਦਿਆਲ ਹੋਏ। ਚੌਹਟਿ ਸਾਖੀਆਂ ਕੀ ਪੋਥੀ ਬਖਸੀ ਧਰਮ ਸਿੰਘ ਪਰਮ ਸਿੰਘ ਨੂੰ।
* ਆਵੇ ਦੇ ਉਪਰ ਚੜਕੇ ਜੋ ਗੁਰੂ ਜੀ ਨੇ ਬਚਨ ਕਹੇ, ਪਿਛੇ ਪੰਨਾ 103 ਪਰ ਆ ਚੁਕੀ ਸਾਖੀ ਵਿਚ ਦਿੱਤੇ ਵਾਕਾਂ ਨਾਲ ਨਹੀਂ ਮਿਲਦੇ ਜੋ ਬੀ ਇਸ ਸਾਖੀ ਨੂੰ ਆਖੇਪਕ ਸਿੱਧ ਕਰਦੇ ਹਨ।
ਇਤਨੇ ਸਚੇ ਪਾਤਿਸਾਹਿ ਕਾ ਧਿਆਨੁ ਘੋੜਿਆਂ ਵਲੁ ਹੋਇ ਗਇਆ। ਦੇਖੇ ਤਾਂ ਇਕੁ ਸਿਖਣੀ ਫਿਰਦੀ ਹੈ। ਬਚਨ ਹੋਇਆ, 'ਸਿਖੋ! ਘੋੜਿਆਂ ਬਿਚਿ ਸਿਖਣੀ ਕੌਣ ਫਿਰਦੀ ਹੈ? ਬੁਲਾਵੇ।' ਬੁਲਾਈ, 'ਜੀ' ਆਣ ਹਜੂਰ ਹਥ ਬੰਨ ਕੇ ਬੇਨਤੀ ਕਰੀ। ਤਾਂ ਬਚਨ ਹੋਇਆ: 'ਸਿਖਣੀਏ ਤੂੰ ਕਿਸ ਮਨੋਰਥ ਫਿਰਦੀ ਹੈ?
ਕਹਿਆ: 'ਜੀ ਮੈਨੂੰ ਬੇਟੀ ਮਾਰੀ ਕਾ ਸਰਾਪ ਲਗਾ ਹੈ, ਜੀ ਤੁਸੀਂ ਕ੍ਰਿਪਾ ਕਰੋ, ਬਖਸੋ ਜੀ, ਫੇਰ ਮੈਂ ਅਨੇਕ ਜਨਮ ਨਹੀਂ ਛੁਟਾਂਗੀ।'
ਸਚੇ ਪਾਤਿਸਾਹਿ ਚੁਪ ਕਰ ਗਏ। ਚੁਪ ਕਰ ਬਚਨ ਹੋਇਆ: 'ਸਿਖਣੀਏ! ਇਸ ਤਲਾਉ ਵਿਚ ਬੜ ਜਾਹ ਸੁਧਾ ਜੋੜੀ, ਸੁਧਾ ਕਪੜੀਂ। ਸਿਖਣੀ ਤਲਾਉ ਵਿਚਿ ਵੜ ਗਈ। ਜਾਂ ਮੁਹਿ ਜਲੁ ਪੈਣ ਲਗਾ, ਤਾਂ ਬਚਨ ਹੋਇਆ; 'ਸਿਖਣੀਏ ਮੁੜ ਆਉ, ਤੇਰਾ ਪਾਪ ਦੂਰ ਹੋ ਗਇਆ।'
ਤਾਂ ਸਿਖਣੀ ਮੁੜ ਆਈ।
ਤਾਂ ਫੇਰ ਬਚਨ ਹੋਇਆ ਸਿਖਾਂ ਨੂੰ: 'ਸਿਖੋ! ਜੋ ਸਿਖ ਸਿਖਣੀ ਨੂੰ ਸਰਾਪ ਲਗੇਗਾ ਬੇਟੀ ਮਾਰੀ ਕਾ, ਸੁਧਾ ਕਪੜੀਂ ਸੁਧਾ ਜੋੜੀਂ ਐਸ ਤਲਾਉ ਵਿਚਿ ਗੋਤੇ ਮਾਰੇਗਾ, ਤਨਖਾਹ ਬਖਸਾਵੈਗਾ, ਉਸਕਾ ਪਾਪ ਜਾਵੈਗਾ*।'
ਇਤਨੇ ਸਚੇ ਪਾਤਿਸਾਹਿ ਨੇ ਕਮਰਕਸਾ ਖੋਲਿਆ। ਛੇ ਉਂਗਲਾਂ ਕਾ ਸਪੋਲੀਆ ਨਿਕਲਕੇ ਢਹਿ ਪਇਆ। ਸਿਖ ਲਗੇ ਮਾਰਨੇ। ਭਜ ਕੇ ਜੰਡ ਵਿਚਿ ਵੜ ਗਿਆ। ਸਿਖਾਂ ਪੁਛਿਆ: ਸਚੇ ਪਾਤਿਸਾਹਿ, ਇਹਿ ਕੀ ਭਾਣਾਂ ਵਰਤਿਆ ??
ਬਚਨ ਹੋਇਆ: 'ਸਿਖੋ। ਇਹ ਕਾਲ ਥੀ, ਹਮ ਨੇ ਪਕੜਿਆ ਥੀ, ਇਸ ਮਾਲਵੇ ਮਾਂਹਿ ਤੇ ਉਸ ਮਾਲਵੇ ਮਾਹਿ ਛੋਡਾਂਗੇ— ਉਜੈਨ ਕੀ ਧਰਤੀ। ਸਾਥੋਂ ਏਥੇ ਹੀ ਛੁਟਿ ਗਇਆ। '
ਫੇਰ ਬਚਨ ਹੋਇਆ ਸਿਖਾਂ ਨੂੰ: 'ਸਿਖੋ! ਏਥੇ ਕਿਤੇ ਬ੍ਰਹਮਾਂ ਬੀ ਹੈ, ਦੇਖੋ ਤਾਂ ਸਿਖੋ!'
* ਸਤਿਗੁਰੂ ਜੀ ਇਹ ਖੁਲ੍ਹ ਕਦੇ ਨਹੀਂ ਦੇ ਸਕਦੇ ਕਿ ਲੋਕ ਧੀਆਂ ਮਾਰਕੇ ਕਿਸੇ ਖਾਸ ਤਲਾਉ ਵਿਚ ਇਸ਼ਨਾਨ ਕਰ ਲੈਣ ਤਾਂ ਓਹ ਦੋਸ਼ੀ ਜਾਂ ਪਾਪੀ ਨਹੀਂ ਰਹਿਣਗੇ।
ਸਿਖ ਲਗੇ ਦੇਖਣ, ਸਾਰੇ ਫਿਰੇ, ਜੰਡਾਂ ਵਿਚਿ ਕਿਤੇ ਨਜਰ ਨਾਂ ਆਇਆ। ਕਹਿਆ: ਜੀ ਸਚੇ ਪਾਤਿਸਾਹਿ ਕਿਤੇ ਤਾਂ ਨਜ਼ਰ ਨਾਹੀਂ ਆਇਆ।'
ਤਾਂ ਫੇਰ ਬਚਨ ਹੋਇਆ ਇਕ ਸਿਖ ਨੂੰ: ਸਿਖਾ! ਇਸ ਜੰਡ ਉਪਰ ਚੜ!'
ਤਾਂ ਸਿਖ ਚੜ੍ਹ ਗਿਆ: ਦੇਖੇ ਤਾਂ ਇਕ ਛੇ ਉਂਗਲ ਕਾ ਪਿਪਲੁ ਖੜਾ ਹੈ। ਕਹਿਆ: 'ਜੀ, ਇਕੁ ਛੇ ਉਂਗਲ ਦਾ ਪਿਪਲੁ ਖੜਾ ਹੈ।
'ਸਿਖੋ! ਇਹ ਪਿਪਲ ਨਾਂਹੀ, ਇਹ ਤਾਂ ਬ੍ਰਹਮਾ ਹੈ। ਬਰਮੇ ਦਾ ਰੂਪ ਸਭ ਪਿਪਲੁ ਹੈਨ। ਪਰ ਇਸ ਸੇ ਬ੍ਰਹਿਮਾਂ ਕੀ ਜੋਤ ਬਹੁਤੀ ਹੈ। ਕੈਸੇ ਕਰਕੇ? ਜੈਸੇ ਔਤਾਰ ਤਾਂ ਸਭੀ ਬਿਸਨ ਭਗਵਾਨ ਕੇ ਹੂਏ ਹੈਂ। ਪਰ ਕਿਸਨਾ ਔਤਾਰ ਹੂਆ, ਉਸ ਮਹਿ ਬਿਸਨ ਭਗਵਾਨ ਕੀ ਜੋਤ ਬਹੁਤੀ ਥੀ। ਤੈਸੇ ਕਰਕੇ ਇਸ ਮੈ ਬ੍ਰਹਿਮੇ ਕੀ ਜੋਤ ਬਹੁਤੀ ਹੈ। ਅਰੁ ਏਹੁ ਜੰਡ ਰਾਖਸ ਹੈ, ਪਿਪਲ ਦੇਵਤਾ ਹੈ। ਇਸ ਰਾਖਸ ਨੂੰ ਦੇਵਤਾ ਅਲੋਪ ਕਰ ਲੇਵੇਗਾ। ਜਬ ਹਮ ਪੰਜਾਬ ਧਰਤੀ ਮਹਿ ਆਂਵਾਂਗੇ। ਖਾਲਸੇ ਕੀ ਤੇਗ ਖੜੀ ਹੋਵੇਗੀ। ਪਲੀ ਪਲ ਖਾਲਸੇ ਕਾ ਤੇਜ ਬਧੈਗਾ। ਚਾਰ ਖੂਟ ਮੈ ਹੋਵੇਗਾ ਖਾਲਸਾ।'
ਇਤਨੇ ਦੌਲਤ ਰਾਮ, ਫਤੇ, ਦੋਵੇਂ ਭਾਈ ਆਣ ਹਜੂਰ ਮਥਾ ਟੇਕਿਆ। ਸਚੇ ਪਾਤਿਸਾਹਿ ਸੁਖਾ ਰਗੜਿਆ ਪ੍ਯਾਲਾ ਕੀਤਾ ਹੈ। ਤਾਂ ਬਚਨ ਹੋਇਆ:
'ਫੱਤੇ ਤੂੰ ਪ੍ਯਾਲਾ ਪੀਉ!
ਕਹਿੰਦਾ 'ਜੀ ਮੈਂ ਨਹੀਂ ਪੀਂਦਾ!'
'ਨਾਂ ਓਇ ਫੱਤੇ ਤੂੰ ਪ੍ਯਾਲਾ ਪੀਉ! '
'ਜੀ, ਮੈ ਨਹੀ ਪੀਂਦਾ।'
*ਨ ਓਇ ਫਤੇ ਤੂੰ ਪ੍ਯਾਲਾ ਪੀਉ!'
'ਜੀ ਮੈਂ ਨਹੀਂ ਪੀਂਦਾ! ਮੈਂ ਕਮਲਾ ਹੋਇ ਜਾਵਾਂਗਾ। '
ਫੇਰ ਬਚਨ ਹੋਇਆ ਦੌਲਤ ਰਾਮ ਨੂੰ, ਦੌਲਤ ਰਾਮ ਨੇ ਪੀਆ।
ਪੀ ਕਰ ਦੋਵੇਂ ਭਾਈ ਘਰਾਂ ਨੂੰ ਗਏ।
ਇਤਨੇ ਭਾਗਲੀ ਬੁੱਢੀ ਦੂਧ ਕਾ ਗੜਵਾ ਲੈ ਕਰ ਆਣ ਹਜੂਰ ਮੱਥਾ ਟੇਕਿਆ। ਬੁਢੀ ਦੀ ਗੋਦੀ ਬਾਲਕੀ ਥੀ।
ਬਚਨ ਹੋਇਆ: 'ਸਿਖਣੀਏ! ਏਹ ਬਾਲਕੀ ਤੇਰੀ ਕੀ ਲਗਦੀ ਹੈ ??
ਕਹਿਆ: 'ਜੀ, ਸਚੇ ਪਾਤਿਸਾਹਿ! ਏਹੁ ਮੇਰੀ ਬੇਟੀ ਹੈ।'
ਬਚਨ ਹੋਇਆ: 'ਸਿਖਣੀਏ! ਇਸ ਕਾ ਦੋਹਤਾ ਹਮਾਰਾ ਸਿਖੁ ਹੋਵੇਗਾ। ਬਡਾ ਸੂਰ ਬੀਰ ਹੋਵੇਗਾ। ਫੌਜਾਂ ਕਾ ਮੁਹਰੀਆ ਹੋਵੇਗਾ। ਅਗੇ ਕੋਈ ਖੜਾ ਰਹਿ ਸਕੇਗਾ ਨਾਹੀ।'
ਇਤਨੇ ਦੌਲਤਰਾਮ, ਫੱਤੇ, ਦੋਵੇਂ ਭਾਈ ਘਰੀਂ ਪਹੁੰਚੇ। ਲੋਕਾਂ ਕਹਿਆ: 'ਦੌਲਤ ਰਾਮ ਪ੍ਯਾਲਾ ਪੀ ਆਇਆ, ਫਤੇ ਪਿਯਾਲਾ ਕੋਈ ਪੀਤਾ ਨਾਂਹੀ, ਫਤੇ ਤੈਂ ਪਿਆਲਾ ਕ੍ਯੋਂ ਪੀਤਾ ਨਾਹੀਂ?'
ਫਤੇ ਕਹਿਆ: 'ਮੈ ਹੁਣ ਪੀ ਆਂਵਦਾ ਹਾਂ ਜੀ!"
ਆਣਿ ਹਜੂਰ ਮਥਾ ਟੇਕਿਆ: 'ਜੀ ਪ੍ਯਾਲਾ ਕੁਛ ਮੈਨੂੰ ਬੀ ਦੇਹੁ! ਪਿਆਲਾ ਦੌਲਤ ਰਾਮ ਪੀ ਗਇਆ।'
ਤਾਂ ਕਹਿਆ: 'ਭੰਗ ਪਈ ਹੈ ਤੂੰ ਪੀ ਲੈ!'
ਕਹਿਆ: 'ਜੀ ਭੰਗ ਹੀ ਦੇਹੁ!
ਲੋਟਾ ਸੁਨਹਿਰਾ ਸਾਫਾ ਧੋਇ ਕੇ ਨੁਗਦਾ ਪਾਇਕੇ ਪਿਆਇ ਦਿਤਾ, ਪੀ ਕਰ ਕਮਲਾ ਹੋਇ ਗਇਆ*।
ਇਤਨੇ ਸਚੇ ਪਾਤਿਸਾਹਿ ਦਿਆਲ ਹੋਇ ਡੱਲੇ ਬਰਾੜ ਉਪਰ। 'ਆਉ ਡਲਿਆ ਸਾਡੇ ਨਾਲ ਚਲ ਤੂੰ ਦਖਣ ਨੂੰ, ਤੈਨੂੰ ਦਖਣ ਦਾ ਰਾਜ ਦਿਆਂਗੇ।'
ਕਹਿਆ: 'ਜੀ ਮੈਂ ਤਾ ਮੁਲਖ ਦਾ ਰਾਖਾ ਹਾਂ ਮੈਨੂੰ ਏਥੇ ਹੀ ਛਡੋ।
'ਨਾਂ ਓਇ ਡਲਿਆ, ਤੂੰ ਸਾਡੇ ਨਾਲ ਚਲੁ ਨੁਰੰਗਾ ਮਰ ਗਿਆ ਹੈ।
ਦਿਲੀ ਦਾ ਤਖਤ ਸੁੰਨਾ ਪਇਆ ਹੈ, ਤੈਨੂੰ ਓਹ ਭੀ ਦੇਵਾਂਗੇ। ਤੂੰ ਸਾਡੇ ਨਾਲ ਚਲੁ।
ਕਹਿਆ: 'ਜੀ ਮੈਂ ਤਾਂ ਗਊਆਂ ਦਾ ਰਾਖਾ ਹਾਂ, ਮੈਨੂੰ ਏਥੇ ਹੀ ਛਡੇ!
'ਨਾਂ ਓਇ ਡਲਿਆ ਤੂੰ ਸਾਡੇ ਨਾਲ ਚਲੁ, ਜਿਥੇ ਸਾਡਾ ਮੰਜੀ ਦਾ ਥਾਂਉ ਹੋਵੇਗਾ, ਓਥੇ ਪੀੜੀ ਕਾ ਤੈਨੂੰ ਭੀ ਦੇਵਾਂਗੇ ਥਾਉਂ।`
'ਜੀ ਰਾਠ ਪੈਕੇ ਮਾਰ ਲੇਵੇਂਗੇ। ਮੈਂ ਤਾਂ ਮੁਲਖ ਦਾ ਰਾਖਾ ਹਾਂ, ਮੈਨੂੰ ਇਥੇ ਹੀ ਛਡੇ।'
* ਇਸ ਸਾਖੀ ਦੇ ਆਖੇਪਕਾਰ ਦੀਆਂ ਏਹ ਅਟਪਟੀਆਂ, ਤੇ, ਸੁਖੇ ਦੇ ਪਿਆਲੇ ਦੀਆਂ ਬਨਾਉਟਾਂ ਕਿੰਨੀਆਂ ਹਾਸੇ ਯੋਗ ਹਨ।
'ਜਾਹਿ ਓਇ ਡਲਿਆ! ਮੁਲਖ ਬਾਦਸਾਹੀ ਰਹੂਗਾ, ਤੂੰ ਨਹੀਂ ਹੋਵੇਂਗਾ!'
ਇਤਨੇ ਰਾਮਾ ਸਿੰਘ ਤੇ ਤਲੋਕਾ ਸਿੰਘ ਹਥ ਬੰਨ ਬੇਨਤੀ ਕਰੀ: 'ਜੀ ਸਚੇ ਪਾਤਿਸਾਹਿ ਸਾਨੂੰ ਹੁਕਮ ਹੋਵੇ, ਅਸੀਂ ਨਾਲ ਚਲਾਂਗੇ ਦਖਣ ਨੂੰ।'
ਬਚਨ ਹੋਇਆ: 'ਰਾਮ ਸਿੰਘ ਤੇ ਤਲੋਕਾ ਸਿੰਘ। ਥੁਆਨੂੰ ਇਥੇ ਦਾ ਹੀ ਰਾਜ ਬਖਸਿਆ ਹੈ।’
ਇਤਨੇ ਰਾਤ ਪੈ ਗਈ। ਡਲਾ ਮਲਾ ਦਰਬਾਰੀ ਘਰਬਾਰੀ ਭਜ ਗਏ। ਸਵੇਰ ਹੋਈ ਤਾਂ ਬਚਨੁ ਹੋਇਆ: 'ਏਥੇ ਦਰਬਾਰੀ ਘਰਬਾਰੀ ਡੱਲਾ ਮੱਲਾ ਭੀ ਹੈ ?
ਇਕ ਮਲੰਗ ਫਕੀਰ ਥੀ ਸੰਗਤ ਸੇਤੀ। ਉਸ ਨੇ ਕਹਿਆ: 'ਨਾ ਦਰਬਾਰੀ ਨਾਂ ਘਰਬਾਰੀ, ਨਾਂ ਡਲਾ ਨ ਮਲਾ, ਸਾਡਾ ਏਕ ਅੱਲਾ ਹੂ ਅਲਾਹ।'
ਇਤਨੇ ਦੌਲਤ ਰਾਮ ਖੇਸ ਲੈ ਕਰਿ ਆਣ ਹਜੂਰ ਮੱਥਾ ਟੇਕਿਆ। ਤਾਂ ਬਚਨੁ ਹੋਇਆ: 'ਦੌਲਤ ਰਾਮ! ਜਿਨਾ ਦੇ ਖੇਸ ਭਿਨਾ ਦੇਸ। ਜਾਓ! ਪੰਜ ਪੀੜੀਆਂ ਤੇਰਾ ਰਾਜੁ ਹੋਵੈਗਾ। ਛੀਵੀ ਪੀੜੀ ਮੇਰਾ ਖਾਲਸਾ ਹੋਵੈਗਾ।'
ਫੇਰ ਬਚਨੁ ਹੋਇਆ ਸਿਖਾਂ ਨੂੰ: 'ਜਾਓ! ਖਾਲਸਾ ਜੀ ਸੌਦਾ ਲੈ ਆਓ! ਕੜਾਹ ਪ੍ਰਸਾਦ ਦੀ ਸਮਗ੍ਰੀ ਦਾ। ਸਵਾ ਪੰਜ ਰੁਪਏ ਲੈ ਜਾਵੇ। ਚਾਰ ਆਨੇ ਸਾਹੂਕਾਰ ਨੂੰ ਬਡਿਆਈ ਦੇਂਦੇ ਆਵੇ! ਸਿਖਾਂ ਕਹਿਆ: 'ਜੀ! ਲੈ ਆਂਵਦੇ ਹਾਂ।'
ਜਾਇ ਸਾਹੂਕਾਰ ਨੂੰ ਕਹਿਆ: 'ਸਾਹੂਕਾਰ! ਸਾਨੂੰ ਕੜਾਹ ਪ੍ਰਸਾਦ ਦੀ ਸਮਗ੍ਰੀ ਦਾ ਸੱਦਾ ਪਾਇ ਦੇਹਿ! ਚਾਰ ਆਨੇ ਆਪਣੀ ਵਡਿਆਈ ਦੇ ਰਖ ਲੈ।'
ਓਸਨੇ ਕਹਿਆ: 'ਜੀ ਮੈਂ ਪਾਇ ਦਿਨਾ ਹਾਂ'। ਚੌਹਾਂ ਦਾ ਪਾਇ ਦਿਤਾ। ਕਹਿਆ: 'ਜੀ ਮੈਂ ਪੂਰੇ ਪੰਜਾਂ ਰੁਪਈਆਂ ਦਾ ਸੌਦਾ ਪਾਇ ਦਿਤਾ ਹੈ। ਚਾਰ ਆਨੇ ਆਪਣੀ ਵਡਿਆਈ ਦੇ ਰਖ ਲਏ ਹੈਨ!'
ਸਿਖ ਲੈਕੇ ਹਜੂਰ ਆਏ। ਬਚਨ ਹੋਇਆ: 'ਸਿਖੋ' ਕੈ ਰੁਪਏ ਦਾ ਸੌਦਾ ਆਂਦਾ ਹੈ!'
ਸਿਖ ਕਹਿਆ: 'ਜੀ ਪੂਰੇ ਪੰਜਾ ਰੁਪਈਆਂ ਦਾ ਸੌਦਾ ਆਂਦਾ ਹੈ। ਚਾਰ
ਆਨੇ ਸਾਹੂਕਾਰ ਨੂੰ ਬਡਿਆਈ ਦੇ ਦੇ ਆਏ ਹਾਂ!”
ਤਾਂ ਬਚਨ ਹੋਇਆ: 'ਚੌਹਾਂ ਕਾ ਕਿਉ ਆਂਦਾ ਹੈ ? ਬੁਲਾਵੋ ਸਾਹੂਕਾਰ ਨੂੰ!' ਬੁਲਾਇਆ, ਆਣ ਹਜੂਰ ਖੜਾ ਹੋਇਆ। ਪੁਛਿਆ: 'ਸਾਹੁਕਾਰ! ਤੋਂ
ਕੈ ਰੁਪੈਆਂ ਦਾ ਸੌਦਾ ਦਿਤਾ ਹੈ ?' ਸਾਹੂਕਾਰ ਕਹਿਆ, 'ਜੀ ਮੈਂ ਪੂਰੇ ਪੰਜਾਂ ਰੁਪੈਆਂ ਦਾ ਸੌਦਾ ਦਿਤਾ ਹੈ। ਚਾਰ ਆਨੇ ਆਪਣੀ ਬਡਿਆਈ ਦੇ ਰਖ ਲਏ ਹੈਨ।'
ਤਾਂ ਬਚਨ ਹੋਇਆ: 'ਚਹੁੰ ਕਾ ਕ੍ਯੋਂ ਦਿਤਾ ਹੈ ?
ਸਾਹੂਕਾਰ ਹੱਥ ਜੋੜਕੇ ਪੈਰਾਂ ਤੇ ਢਹਿ ਪਇਆ। ਤਨਖਾਹ ਲਾਈ ਗਿਆਰਾਂ ਗੁਣੀ, ਸਿਖ ਬਣਾਇਆ, ਕੜਾਹੁ ਪ੍ਰਸਾਦਿ ਬਣਾਇ ਕੇ ਸਿਖਾਂ ਨੂੰ ਖੁਸ਼ੀ ਦਿਤੀ: 'ਪੰਜਾਬ ਧਰਤੀ ਕੋ ਜਾਓ! ਅਪਣੇ ਬਾਲ ਬਚੇ ਵਿਚ ਰਹਿਣਾਂ, ਸਿਖੀ ਮੈ ਕਾਇਮ ਰਹਿਣਾਂ।'
ਸਚੇ ਪਾਤਿਸਾਹਿ ਦਖਣ ਕੋ ਸਿਧਾਰੇ। ਕਤਕ ਕੇ ਪਿਛਲੇ ਪਖ ਕੀ ਪੰਚਮੀ ਨੂੰ। ਬੋਲੋ ਭਾਈ ਜੀ ਵਾਹਿਗੁਰੂ ਜੀ। ਸਾਖੀ ਪੂਰੀ ਹੋਈ; ਸਤਿ ਕਰ ਮੰਨਣਾਂ*। ਜੋ ਪੜੇ ਸੁਣੇਗਾ, ਪ੍ਰੇਮ ਕਰਕੈ ਸੋ ਗੁਰੂ ਜੀ ਸਹਾਇਤਾ
ਕਰਣਗੇ॥੧੧੨॥
* ਪੋਥੀ ਦੀਆਂ ਸਾਖੀਆਂ ਵਿਚੋਂ ਕਿਸੇ ਸਾਖੀ ਵਿਚ ਬੀ ਇਹ ਪਦ ਨਹੀਂ ਆਏ। ਇਨਾਂ ਤੋਂ ਇਸ ਸਾਖੀ ਦੇ ਰਚਨਹਾਰ ਦਾ ਅਸਲ ਪੇਥੀ ਦੇ ਲੇਖਕ ਤੋਂ ਵੱਖਰਾ ਹੋਣਾ ਗੁੱਝਾ ਨਹੀਂ ਰਹਿ ਜਾਂਦਾ।
ਅੰਤਕਾ 2.
ਸਤਿਗੁਰੂ ਜੀ ਸਤਿਗੁਰੂ ਜੀ ਸਹਾਇ॥੧॥
ਸਾਖੀ ਸੁਇਤ ਸਰ ਕੀ*
ਅਗੇ ਡੇਰਾ ਜਸੀ ਹੋਇਆ। ਗੁਰੂ ਜੀ ਸਣੇ ਘੋੜੇ ਸਸਤ੍ਰ ਬਸਤ੍ਰ ਸਮੇਤ ਤਲਾਉ ਵਿਚਿ ਠਿਲ ਪਏ। ਅਗਲੇ ਸਿਰੇ ਜਾਇ ਨਿਕਲੇ। ਘੋੜਾ ਮੁਸਕੀ ਸੀ। ਸਿਰ ਘੋੜੇ ਕਾ ਮੁਸਕੀ ਰਹਿਆ, ਹੋਰ ਚਿਟਾ ਹੋਇ ਗਇਆ। ਗੁਰੂ ਕੀ ਸੁਰਮਈ ਪੌਸਾਕ ਸੀ, ਚਿਟੀ ਹੋਇ ਗਈ। ਦਸਤਾਰ ਸੁਰਮਈ ਰਹੀ। ਗੁਰੂ ਜੀ ਬਾਹਰ ਨਿਕਸੇ; ਹੋਰ ਪੋਸਾਕੀ ਪਹਿਰੀ।
ਸਿਖਾਂ ਕਹਿਆ: 'ਜੀ ਏਹੁ ਕੀ ਹੁਕਮ ਹੋਇਆ। ਘੋੜਾ ਪੋਸਾਕੀ ਚਿਟੀ ਹੋਈ। ਘੋੜੇ ਸਣੇ ਵੜੇ ਤਾਲ ਵਿਚਿ ?
'ਭਾਈ ਸਿਖੋ! ਇਹੁ ਤੀਰਥ ਹੈ। ਪੁਰਬੀ ਕਾ ਬੇਲਾ ਸੀ।' ਗੁਰੂ ਜੀ ਕਹਿੰਦੇ 'ਏਹੁ: ਤੀਰਥ ਹੈ। ਏਥੇ ਰਾਮਤੀਰਥ ਆਇ ਉਤਰੇ ਹਨ, ਰਾਮਾ ਔਤਾਰ ਲਊ ਕੁਸੂ ਕੇ ਜੁਧ ਸਮੇ।'
ਸਿਖ ਲਗੇ ਅਸਨਾਨ ਕਰਨ।
ਗੁਰੂ ਜੀ ਕਹਿੰਦੇ: 'ਓਦੋਂ ਪੂਰਬੀ ਕਾ ਵੇਲਾ ਸੀ। ਅਭੀ ਨਛਤ੍ਰ ਸੀ। ਸਿਖਾਂ ਅਰਦਾਸ ਕੀਤੀ: ਜੀ ਸਚੇ ਪਾਤਿਸਾਹਿ, ਏਹੁ ਕੀ ਹੁਕਮ ਹੋਇਆ! ਆਪ ਕੀ ਦਸਤਾਰ ਚਿਟੀ ਕ੍ਯੋਂ ਨਾ ਹੋਈ? ਘੋੜੇ ਕਾ ਸੀਸ ਚਿਟਾ ਕ੍ਯੋਂ ਨਾ ਹੋਇਆ ?”
ਗੁਰੂ ਜੀ ਕਹਿਆ: 'ਏਹੁ ਤੀਰਥ ਐਸਾ ਹੈ, ਜੇਹੜਾ ਅਸਨਾਨ ਕਰੇਗਾ, ਪਾਪਾਂ ਤੇ ਨਿਰਮਲ ਹੋਵੈਗਾ। ਘੋੜੇ ਦੇ ਸਿਰ ਦੀ ਨਿਸਾਨੀ ਰਹੀ ਹੈ। ਦਖਣ
* ਪਿਛੇ ਆ ਚੁਕੀ ਸਾਖੀ ੭੬ ਦਾ ਦੁਬਾਰਾ ਕਥਿਆ ਮਗਰੋਂ ਪਾਇਆ ਆਖੇਪਕ ਰੂਪ ਹੈ ਇਹ ਸਾਖੀ। ਦੇਖੋ ਟੂਕ ਪੰਨਾ 108 ਦੇ ਹੇਠਲੀ।
ਨੂੰ ਜਾਵਾਂਗੇ, ਸਿਖ ਕਹਿਣਗੇ ਐਸਾ ਤੀਰਥ ਆਇਆ ਸੀ, ਘੋੜਾ ਚਿਟਾ ਹੋਇਆ। ਅਗੇ ਸਿਖ ਪੁਛਨਗੇ ਕੇਹਾ ਜੇਹਾ ਸੀ? ਜੈਸੇ ਸੀਸ ਕੰਨ੍ਯ ਹੈਨ, ਐਸਾ ਸੀ। ਸੁਰਮਈ ਦਸਤਾਰ ਨਿਹੰਗਾਂ ਸਿੰਘਾਂ ਵਾਸਤੇ ਰਹੀ ਹੈ। ਏਥੇ ਹੀ ਰਾਮਾ ਨੰਦ ਨੇ ਤਪ ਕੀਆ ਹੈ। '
ਸਿਖਾਂ ਪੁਛਿਆ: 'ਸਚੇ ਪਾਤਿਸਾਹਿ ਜੀ ਰਾਮਾ ਨੰਦ ਤਾਂ ਕਾਸ਼ੀ ਵਿਚ ਹੋਏ ਹੈਨ
ਗੁਰੂ ਜੀ ਕਹਿਆ: 'ਰਾਮਾ ਨੰਦ ਦੇ ਹੋਏ ਹੈਨ। ਕਾਸੀ ਬਿਖੇ ਤਾਂ ਭਗਤਾਂ ਦਾ ਗੁਰੂ ਹੋਇਆ ਹੈ। ਏਹੁ ਰਾਮਾ ਨੰਦ ਨਾਰਦ ਦਾ ਸਿਖ ਹੋਇਆ ਹੈ। ਗਊਆਂ ਚਾਰਦਾ ਸੀ। ਨਾਉ ਆਲੀ ਸੀ। ਵਹਿਮਣ ਬਠਿੰਡੇ ਵਲ ਦੇ ਪਾਸੇ ਬੀੜ ਹੈ। ਬੀੜ ਵਿਚ ਥੇਹੁ ਹੈ। ਓਹੁ ਵਡਾ ਨਗਰ ਸੀ। ਨਾਰਦ ਦੀ ਕ੍ਰਿਪਾ ਹੋਈ। ਉਪਦੇਸ਼ ਕੀਤਾ, ਸੀਸ ਉਤੇ ਹਥ ਧਰਿਆ ਦਿਸਟ ਖੁਲੀ। ਓਸ ਵੇਲੇ ਬਚਨ ਕਰਿਆ। "ਜੋ ਕਹੂ ਆਲੀ ਸੋ ਰਹੂ ਖਾਲੀ। ਜੋ ਆਖੂ ਰਾਮਾ ਨੰਦ ਸੋ ਹੋ ਜਾਊ ਅਨੰਦ।" ਜਿਸ ਵੇਲੇ ਦ੍ਰਿਸਟ ਖੁਲ ਗਈ। ਆਪ ਤੀਰਥ ਵਲ ਚਲਿ ਆਇਆ, ਗਊਆਂ ਨਗਰ ਨੂੰ ਚਲੀਆਂ ਗਈਆਂ। ਏਸ ਤੀਰਥ ਉਤੇ ਤਪਿ ਆਣ ਕੀਤਾ। ਏਥੇ ਹੀ ਸਮਾਧ ਹੋਈ ਹੈ, ਅਹਿ ਤੀਰਥ ਦੇ ਉਤਰ ਵਲ।'
ਸਿਖਾਂ ਅਰਦਾਸ ਕੀਤੀ: 'ਜੀ ਸਚੇ ਪਾਤਿਸਾਹਿ! ਅਸਨਾਨ ਦਾ ਮਹਾਤਮ ਵਸੇਖ ਕੇਹੜੇ ਦਿਨ ਦਾ ਹੈ ਜੀ ??
ਗੁਰੂ ਜੀ ਕਹਿਆ: 'ਵਸੇਖ ਮਾਘ ਦੀ ਸੰਗ੍ਰਾਂਦ ਕਾ ਹੈ।'
ਤੀਰਥ ਦੇ ਆਥਣ ਵਲ ਬੜੇ ਫੁਲਾਹ ਹੇਠ ਉਤਰੇ ਹੈਨ। ਸਿਖਾਂ ਨੂੰ ਕਹਿਆ 'ਇਹ ਸ੍ਵਇਤ ਸਰ ਹੈ। ਇਸ ਤਲਾਉ ਕਾ ਨਾਉ।'
ਏਹ ਸਾਖੀ ਸਾਰੇ ਮਾਲਵੇ ਪਰਧਾਨ ਹੈ।
ਫੇਰ ਗੁਰੂ ਜੀ ਕਹਿੰਦੇ: 'ਜਸੀ ਆਇ ਚਲੇ ਗੜ ਖਾਇ ਚਲੇ। ਏਤਨੇ ਫੁਲੋ ਸੰਗਤ ਵਲ ਗਰਦੋਨਾ ਦਿਸਿਆ। ਸਿਖਾਂ ਅਰਦਾਸ ਕੀਤੀ: 'ਜੀ ਸਚੇ ਪਾਤਿਸਾਹਿ। ਤੁਰਕਾਂ ਦਾ ਦਲ ਆਉਂਦਾ ਹੈ।'
ਗੁਰੂ ਜੀ ਕਹਿਆ: 'ਤੁਰਕ ਕੋਈ ਨਹੀਂ, ਸੰਗਤ ਆਉਂਦੀ ਹੈ।'
ਲਬਾਣੇ ਸਿਖ ਦਿਆਂ ਅਸਵਾਰਾਂ ਕਹਿਆ: 'ਅਗੇ ਕਟਕ ਹੈ।' ਅਗੇ ਵੇਖਣ ਨੂੰ ਆਏ। ਏਧਰੋਂ ਸਿਖ ਗਏ। ਮੇਲਾ ਹੋਇ ਗਇਆ। ਸਿਖਾਂ ਥੀ ਓਨਾਂ ਪੁਛਿਆ: 'ਏਹ ਕਉਣ ਉਤਰਿਆ ਹੈ ?”
ਸਿਖਾਂ ਕਹਿਆ: 'ਸਚੇ ਪਾਤਿਸਾਹਿ, ਗੁਰੂ ਗੋਬਿੰਦ ਸਿੰਘ ਜੀ ਹੈਨ। ਅਤੇ ਤੁਸੀ ਕਉਨ ਹਉ ?
ਉਨਾਂ ਕਹਿਆ: 'ਅਸੀਂ ਲਬਾਣੇ ਸਿਖ ਦੇ ਨੌਕਰ ਹਾਂ ਜੀ।'
ਸਿਖਾਂ ਆਣ ਕਹਿਆ: ‘ਸੰਗਤ ਹੈ ਜੀ, ਗੁਰੂ ਕੀ।'
ਲਥਾਣੇ ਸਿਖ ਦਿਆਂ ਅਸਵਾਰਾਂ ਜਾਇ ਕਹਿਆ, ‘ਗੁਰੂ ਜੀ ਹੈਨ। ਫੇਰ ਕੋਈ ਘੜੀ ਪਿਛੋਂ ਲਬਾਣਾ ਆਇ ਉਤਰਿਆ। ਗੁਰੂ ਜੀ ਨੂੰ ਗੁੜ ਮਥਾ ਟੇਕਿਆ ਤੀਹ ਮਣ। ਓਦੋਂ ਦੇਗ ਨਾ ਬਣਾਈ, ਗੁੜ ਹੀ ਛਕਾਇਆ ਸਿਖਾਂ ਨੂੰ, ਘੋੜਿਆਂ ਨੂੰ ਨਿਹਾਰੀ ਗੁੜ ਹੀ ਵਰਤਾਇਆ। ਓਹੁ ਲਬਾਣਾ ਸਿਖ ਦਸਵੰਧ ਦਿੰਦਾ ਹੁੰਦਾ ਸੀ। ਉਸ ਦੀ ਭਾਵਨੀ ਗੁੜ ਹੀ ਦੇਣੇ ਦੀ ਸੀ।
ਤੀਰਥ ਦੇ ਉਗਣ ਵਲ ਦੇ ਪਾਸੇ ਦੇ ਜੋਗੀ ਆਣ ਖੜੇ ਹੋਏ। ਹਥਿ ਜੋੜ ਨਮਸਕਾਰ ਕਰੀ। ਗੁਰੂ ਜੀ ਆਦਰੁ ਕੀਆ ਦਸਤ ਸਿਉ। ਫੇਰ ਗੁਰੂ ਜੀ ਏਕ ਅੰਗੁਲੀ ਖੜੀ ਕਰੀ, ਫੇਰ ਦੋ, ਫੇਰ ਤਿੰਨ, ਚਾਰ ਪਾਂਚੋਂ ਕਰੀਆਂ। ਫੇਰ ਗੁਰੂ ਜੀ ਪੰਜਾ ਛਾਤੀ ਯੋਂ ਲਗਾਇਆ। ਜੋਗੀ ਦੇਖ ਕਰਿ ਪ੍ਰਸਿੰਨ ਹੋ ਕਰਿ ਚਲੇ ਗਯੇ। ਸਿਖਾਂ ਅਰਦਾਸ ਕਰੀ: 'ਸਚੇ ਪਾਤਿਸਾਹਿ ਆਪ ਕਾ ਬਚਨ ਹੈ, ਕੰਨ ਕਟੇ ਕਾ ਮੇਲ ਨਹੀਂ ਕਰਣਾ। ਏਹ ਤਾਂ ਕੰਨ ਕਟੇ ਹੈਸਨ ??
ਗੁਰੂ ਜੀ ਕਹਿਆ: 'ਏਹ ਗੋਪੀ ਚੰਦ ਭਰਥਰੀ ਹੈਸਨ।'
ਤਾਂ ਸਿਖਾਂ ਕਹਿਆ: 'ਸਾਨੂੰ ਭੀ ਦਰਸ਼ਨ ਕਰਾਈਏ ਜੀ!'
ਗੁਰੂ ਜੀ ਕਹਿਆ: 'ਹੁਣ ਤਾਂ ਦਿੱਲੀ ਦੇ ਲਾਲ ਬਜ਼ਾਰ ਵਿਚ ਹੈਨ।'
ਸਿਖਾਂ ਅਰਦਾਸ ਕਰੀ: 'ਜੀ ਅੰਗੁਲੀ ਪੰਜੇ ਕਾ ਅਰਥ ਪ੍ਰਗਟ ਕਰੀਏ ਜੀ ?
ਤਾਂ ਗੁਰੂ ਜੀ ਕਹਿਆ: 'ਓਨਾਂ ਪ੍ਰਸਨ ਕੀਤਾ ਸੀ: ਏਹੁ ਸਮਾਂ ਕਲਜੁਗ ਦਾ ਕਠਨ ਹੈ, ਰਖੀਸਰ ਮੁਨੀਸਰ ਅਤੇ ਸਿਧ ਡਰਦੇ ਇਸ ਲੋਕ ਨੂੰ ਛਡ ਗਏ ਹੈਨ, ਅਤੇ ਤੁਸੀਂ ਜਹਾਜ ਪੂਰਿਆ ਹੈ, ਪਾਰ ਕ੍ਯੋਂ ਕਰ ਲੰਘੇਗਾ? ਗੁਰੂ ਜੀ ਕਹਿਆ: 'ਅੰਗੁਲੀਆਂ ਕਰ ਉਤਰਿ ਦੀਆ ਸੀ। ਇਸ ਕਾ ਅਰਥੁ ਇਹੁ ਹੈ ਜੋ ਕੋਈ ਇਕ ਸਿਖ ਦੀ ਸੇਵਾ ਭਾਵਨੀ ਕਰ ਕਰੇਗਾ, ਏਕ ਹੀ ਸਿਖ ਦੀ ਸੇਵਾ ਕਰਨੇ ਕਰ ਪਾਰ ਲੰਘੇਗਾ। ਫੇਰ ਉਨਹੁ ਨੇ ਕਹਿਆ ਸਚੇ ਪਾਤਿਸਾਹਿ ਜੀ, ਸਿਖ ਦੇ ਅੰਤਸਕਰਨ ਮਲਨ ਹੋਵੈਗੇ, ਉਨ ਬਿਖੇ ਬਲ ਥੋੜਾ ਹੋਵੈਗਾ, ਤਾਂ ਓਹ ਕੈਸੇ ਲੰਘਾਵੇਗਾ। ਫੇਰ ਅਸੀਂ ਦੋ ਅੰਗੁਲੀਆਂ ਖੜੀਆਂ ਕਰੀਆਂ।
ਫੇਰ ਗੁਰੂ ਜੀ ਕਹਿਆ: 'ਜੇਹੜਾ ਸਿਖੁ ਸਾਡਾ ਹੋਵੈਗਾ। ਪੰਜਾਂ ਪ੍ਯਾਰਯਾਂ ਦੀ ਸੇਵਾ ਕਰੇਗਾ ਭਾਵਨੀ ਕਰ, ਉਸਦੇ ਵਾਲੀ ਅਸੀਂ ਹਾਂ। ਫੇਰ ਉਨਹੁ ਨੇ ਕਹਿਆ ਸਤ ਬਚਨ ਜੀ! ਜੇ ਆਪ ਵਾਲੀ ਹਉ ਤਾਂ ਕਿਯਾ ਸੰਸਾ ਹੈ ਜੀ।'
ਡੇਰਾ ਦਸ ਦਿਨ ਰਹਿਆ। ਨਗਰੀ ਨੇ ਹੋਰਨਾਂ ਨਗਰੀਆਂ ਨੇ ਟਹਿਲ ਕੀਤਾ। ਜਮਾਂ ਨਿਰਨਾਂ ਇਹੁ: ਗੁਰੂ ਜੀ ਨੌ ਦਿਹ, ਨੌ ਪਹਿਰ, ਨੌ ਘੜੀਆਂ, ਨੌ ਪਲ ਡੇਰਾ ਰਹਿਆ।
ਗੁਰੂ ਜੀ ਚੜਨ ਲਗੇ ਨਗਰੀ ਨੇ ਜਥਾ ਸਕਤਿ ਸੀ ਸੋ ਮਥਾ ਟੇਕਿਆ॥੧੨੦॥
॥ਸਾਖੀ ਪੂਰੀ ਹੋਈ॥