ਗੁਰ ਨਾਨਕ ਪ੍ਰਕਾਸ਼ 1880 ਬਿ: ਵਿਚ ਕਵੀ ਜੀ ਨੇ ਮੁਕਾਯਾ ਹੈ ਤੇ ਇਸ ਦਾ ਪ੍ਰਚਾਰ ਉਸੇ ਵੇਲੇ ਹੋ ਗਿਆ ਹੈ ਤੇ ਥਾਂ ਥਾਂ ਤੇ ਇਸ ਦੇ ਉਤਾਰੇ ਕੀਤੇ ਗਏ ਤੇ ਕਥਾ ਸ਼ੁਰੂ ਹੋ ਗਈਆਂ। ਇਸੇ ਸਮੇਂ ਦੇ ਨੇੜੇ ਹੀ ਹੋ ਸਕਦਾ ਹੈ ਕਿ ਕਵੀ ਜੀ ਦੀ ਗੁਰ ਜਸ ਦੀ ਚਮਤਕਾਰੀ ਘਾਲ ਤੇ ਮੋਹਿਤ ਹੋਕੇ ਕਿਸੇ ਵਿਦਾਨ ਨੇ ਕਵੀ ਜੀ ਦੀ ਇਛਾ ਲਖਕੇ ਯਾ ਕਿਸੇ ਸਰਦਾਰ ਦੇ ਇਸ਼ਾਰੇ ਤੇ ਕਵੀ ਦੀ ਸਹਾਇਤਾ ਹਿਤ ਇਹ ਮਾਲਵੇ ਦੇ ਗੁਰਦੁਆਰਿਆਂ ਦਾ ਇਤਿਹਾਸ ਰਟਨ ਕਰਕੇ ਲਿਖਣ ਦਾ ਵਧੇ ਚਿਤ ਜ਼ੁੰਮਾਂ ਲੈ ਲਿਆ ਹੋਵੇ ਤੇ ਇਸ ਪੁਸਤਕ ਦੀ ਰਚਨਾ ਹੋ ਗਈ ਹੋਵੇ।
ਇਉਂ ਸਾਰੀ ਵੀਚਾਰ ਦੇ ਅਖੀਰ ਇਸ ਦਾ ਰਚਨਾ ਕਾਲ 1880 ਬਿ: ਦੇ ਲਾਗੇ ਚਾਗੇ ਸਾਨੂੰ ਲੈ ਜਾਂਦਾ ਹੈ ਤੇ ਸਾਨੂੰ ਆਸ ਹੈ ਕਿ ਇਹ ਸੰਮਤ ਅਸਲੀਅਤ ਤੋਂ ਬਹੁਤ ਦੂਰ ਨਹੀਂ ਹੋਵੇਗਾ।
ਪੋਥੀ ਕਿਸਨੇ ਲਿਖੀ?
ਇਸ ਪੋਥੀ ਦੀ ਬੋਲੀ ਪਟਿਆਲੇ ਦੇ ਲਾਗ ਦੀ ਮਲਵਈ ਬੋਲੀ ਹੈ। ਇਸ ਵਿਚ ਆਏ ਪਦ: ਕਰੂੰਗਾ, ਬਣੂੰਗਾ, ਥੀ, ਐਮੇ ਕਿਮੇ, ਕਰਦਾ ਥੀ, ਰਹਿੰਦਾ ਥੀ, ਆਦਿ ਪਦ ਲੇਖਕ ਦਾ ਮਲਵਈ ਹੋਣਾ ਸਿਧ ਕਰਦੇ ਹਨ। ਲੇਖਕ ਹੈ ਚੰਗਾ ਵਿਦਾਨ ਜੋ ਸਾਖੀਆਂ ਦੀ ਸੰਖੇਪਤਾ ਵਿਚ ਪੂਰੀ ਦਿਲਚਸਪੀ ਕੈਮ ਰਖਣ ਤੇ ਜ਼ੋਰਦਾਰ ਗੁਫਤਗੂ ਲਿਖਣ ਵਿਚ ਮਾਹਰ ਹੈ। ਇਸ ਪੋਥੀ ਦੀ ਰਚਨਾ ਤੋਂ ਇਹ ਬੀ ਗੁੱਝਾ ਨਹੀਂ ਰਹਿ ਜਾਂਦਾ ਕਿ ਇਸ ਦਾ ਲੇਖਕ ਕੋਈ ਸੈਲਾਨੀ ਜੀਉੜਾ ਹੈ ਜੋ ਗੁਰਧਾਮਾਂ ਦੀ ਯਾਤ੍ਰਾ ਆਪ ਕਰਦਾ ਹੈ, ਥਾਂ ਥਾਂ ਤੇ ਮੀਲਾਂ ਦੇ ਵੇਰਵੇ ਵੀ ਦਿੰਦਾ ਹੈ ਤੇ ਹੋਰ ਹਾਲ ਬੀ ਐਸੇ ਦਿੰਦਾ ਹੈ ਜੋ ਕੋਈ ਯਾਤਰੂ ਹੀ ਆਪਣੀ ਯਾਤ੍ਰਾ ਵਿਚ ਪ੍ਰਾਪਤ ਕਰਕੇ ਲਿਖ ਸਕਦਾ ਹੈ।
ਜੇ ਹੋਰ ਗਹੁ ਨਾਲ ਤੱਕੀਏ ਤਾਂ ਇਕ ਇਸ਼ਾਰਾ ਇਸ ਵਿਚੋਂ ਸਾਨੂੰ ਵਿਸ਼ੇਸ਼ ਥੀ ਮਿਲਦਾ ਹੈ, ਜੋ ਲੇਖਕ ਬਾਰੇ ਕਿਸੇ ਇਸ਼ਾਰੇ ਦੀ ਸੇਧ ਸੁਟ ਜਾਂਦਾ ਹੈ। ਦੂਜੀ ਸਾਖੀ ਦੇ ਸ਼ੁਰੂ ਵਿਚ ਲੇਖਕ ਇਨ੍ਹਾਂ ਅਖਰਾਂ ਵਿਚ ਮੰਗਲ ਕਰਦਾ ਹੈ:-
ਸ੍ਰੀ ਸਤਿਗੁਰੂ ਜੀ ਸਹਾਇ॥
ਬਾਬਾ ਗੁਰਦਿਤਾ ਦੀਨ ਦੁਨੀ ਦਾ ਟਿਕਾ॥
ਜੀਉ ਪਿੰਡ ਜਿਨ ਦਿੱਤਾ॥
ਐਸਾ ਗੁਰ ਸਿਵਰੋ ਨਿਤ ਨਿੱਤਾ॥