ਅਸਾਂ ਕੀ ਕੀਤਾ ਹੈ?
ਅਸਲ ਲਿਖਤੀ ਪੋਥੀ ਪੁਰਾਤਨ ਜੁੜਵੀਂ ਲਿਖਤ ਦੇ ਢੰਗ ਵਿਚ ਲਿਖੀ ਹੋਈ ਸੀ ਤੇ ਉਸ ਨੂੰ ਛਾਪੇ ਦੇ ਜਾਮੇ ਵਿਚ ਸੁਸਜਿਤ ਕਰਨ ਸਮੇਂ ਪਾਠਕਾਂ ਦੇ ਸੁਭੀਤੇ ਲਈ ਅਸਾਂ ਅਗੇ ਦਿੱਤੀਆਂ ਗਲਾਂ ਆਪ ਕੀਤੀਆਂ ਹਨ:-
1. ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿਚ ਸਰ ਸਰਦਾਰ ਅਤਰ ਸਿੰਘ ਜੀ ਰਈਸ ਭਦੌੜ ਦਾ ਜੋ ਲਿਖਤੀ ਉਤਾਰਾ ਇਸ ਪੋਥੀ ਦਾ ਪਿਆ ਹੈ, ਉਸ ਨਾਲ ਇਸ ਪੋਥੀ ਦਾ ਟਾਕਰਾ ਕੀਤਾ ਹੈ। ਜੇ ਮਾਮੂਲੀ ਪਾਠਾਂਤ੍ਰ ਭੇਦ ਸਨ ਯਾ ਅਖਰਾਂ ਦੀਆਂ ਐਸੀਆਂ ਬਦਲੀਆਂ ਸਨ ਜੋ ਅਰਥਾਂ ਵਿਚ ਫਰਕ ਨਹੀਂ ਪਾਉਂਦੀਆਂ ਓਹ ਛੋੜ ਦਿਤੀਆਂ ਹਨ, ਪਰ ਜਿਥੇ ਕੋਈ ਖਾਸ ਪਾਠਾਂਤ੍ਰ ਮਿਲੇ ਹੈਨ, ਓਹ ਭਾਵੇਂ ਹੈਨ ਬਹੁਤ ਘੱਟ, ਫੁਟ ਨੋਟਾਂ ਵਿਚ ਦੇ ਦਿੱਤੇ ਹਨ।
2. ਕਠਨ ਪਦਾਂ ਦੇ ਅਰਥ ਬੀ ਟੂਕਾਂ ਵਿਚ ਦੇਣ ਦਾ ਜਤਨ ਕੀਤਾ ਹੈ।
3. ਸਾਖੀਆਂ ਵਿਚ ਵਿਰਾਮ, ਛੇਵੇਂ ਅਤੇ ਉਲਟਾਵੇਂ ਕਾਮੇ ਇਬਾਰਤ ਨੂੰ ਨਿਖੇੜਨ ਤੇ ਸੌਖੀ ਤਰ੍ਹਾਂ ਸਮਝਣ ਲਈ ਅਸਾਂ ਲਾਏ ਹਨ, ਪੈਰਿਆਂ ਦੀ ਵੰਡ ਬੀ ਕੀਤੀ ਹੈ ਤਾਂ ਜੋ ਪਾਠਕ ਸਾਖੀ ਦੇ ਭਾਵ ਨੂੰ ਸੁਖੈਨਤਾ ਨਾਲ ਗ੍ਰਹਣ ਕਰਦਾ ਚਲਾ ਜਾਏ।
4. ਸਾਖੀਆਂ ਦੇ ਉਪਰ ਬ੍ਰੀਕ ਅਖਰਾਂ ਵਿਚ ਉਸ ਸਾਖੀ ਦਾ ਨਾਮ ਅਸਾਂ ਪਾਇਆ ਹੈ, ਅਸਲ ਪੋਥੀ ਵਿਚ ਸਾਖੀਆਂ ਦੇ ਸਿਰਲੇਖ ਨਹੀਂ ਹਨ।
5. ਗੁਰ ਪ੍ਰਤਾਪ ਸੂਰਜ ਗ੍ਰੰਥ ਨਾਲ ਟਾਕਰਾ ਕਰਕੇ ਹਰ ਸਾਖੀ ਹੇਠ ਇਹ ਪਤਾ ਦੇਣ ਦਾ ਬੀ ਜਤਨ ਕੀਤਾ ਹੈ ਕਿ ਕਵੀ ਸੰਤੋਖ ਸਿੰਘ ਨੇ ਇਸ ਸਾਖੀ ਦਾ ਉਲਥਾ ਆਪਣੀ ਰਚਨਾਂ ਵਿਚ ਕਿਸ ਟਿਕਾਣੇ ਦਿਤਾ ਹੈ।
6. ਕਿਤੇ ਕਿਤੇ ਗੁਰਧਾਮਾਂ ਦੇ ਨਾਮ ਥਾਂਵ ਤੇ ਪਤੇ ਬੀ ਟੂਕਾਂ ਵਿਚ ਵਧਾਏ ਹਨ, ਪਰ ਇਤ੍ਰਾਜ਼ ਜੋਗ ਗਲਾਂ ਦੇ ਸਮਾਧਾਨ ਉਚੇਚੇ ਦੇਣ ਵਲ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਕਾਰਨ ਏਹ ਕਿ ਇਤ੍ਰਾਜ਼ ਯੋਗ ਨੁਕਤਿਆਂ ਦੇ ਸਮਾਧਾਨ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਸਵਿਸਥਾਰ ਆ ਚੁਕੇ ਹਨ, ਸ਼ੌਕ ਵਾਲੇ ਸਜਣ ਓਥੋਂ ਵਾਚ ਸਕਦੇ ਹਨ। ਜੇ ਓਹ ਸਾਰੇ ਇਥੇ ਦਿਤੇ ਜਾਂਦੇ ਤਾਂ ਇਸ ਪੁਸਤਕ ਦੇ ਹੁਜਮ ਦੀ ਹੱਦ ਤੋਂ ਓਹ ਬਹੁਤ ਟੱਪ ਜਾਂਦੇ, ਇਸ ਲਈ ਸੰਕੋਚ ਤੋਂ ਕੰਮ ਲਿਆ ਗਿਆ ਹੈ।