ਸਫਰਾਂ ਦੀ ਸਾਖੀ ਪੋਥੀ ਤੇ ਸਰ ਅਤਰ ਸਿੰਘ
ਇਹ ਪੋਥੀ ਅਪਣੇ ਅਸਲੀ ਗੁਰਮੁਖੀ ਰੂਪ ਵਿਚ ਤਾਂ ਹੁਣ ਹੀ ਪਹਿਲੀ ਵੇਰ ਛਾਪੇ ਦਾ ਜਾਮਾਂ ਪਹਿਨ ਰਹੀ ਹੈ, ਪਰ ਇਸ ਦਾ ਅੰਗਰੇਜ਼ੀ ਤਰਜੁਮਾਂ ਅਜ ਤੋਂ ਲਗ ਪਗ ਪਉਣੀ ਸਦੀ ਪਹਿਲੇ ਛਪ ਗਿਆ ਸੀ। ਸਰ ਸਰਦਾਰ ਅਤਰ ਸਿੰਘ ਜੀ ਰਈਸ ਭਦੌੜ ਨੂੰ ਅਪਣੇ ਸਮੇਂ ਇਹ ਪੋਥੀ ਮਿਲੀ ਤੇ ਉਨ੍ਹਾਂ ਨੇ ਇਸ ਦਾ ਅੰਗ੍ਰੇਜ਼ੀ ਤਰਜੁਮਾਂ ਕੀਤਾ ਤੇ 1876 ਈ: ਦੇ ਜਨਵਰੀ ਦੇ ਮਹੀਨੇ ਲਾਹੌਰ ਦੇ 'ਇੰਡੀਅਨ ਪਬਲਿਕ ਉਪੀਨੀਅਨ ਪ੍ਰੈਸ ਵਿਚ ਛਪਵਾਇਆ ਤੇ ਇਸ ਦਾ ਨਾਮ ਰਖਿਆ:-
The Travels of Guru Teg Bahadur and Guru Gobind Singh
ਇਹ ਅੰਗਰੇਜ਼ੀ ਪੋਥੀ ਬੀ ਇਸ ਵੇਲੇ ਦੁਰਲਭ ਹੋ ਰਹੀ ਹੈ, ਪਰ ਸਾਡੇ ਪਾਸ ਇਸ ਦੀ ਇਕ ਕਾਪੀ ਗੁ: ਪ੍ਰ: ਸੂ: ਗ੍ਰੰ: ਦੇ ਸੰਪਾਦਨ ਵੇਲੇ ਮੌਜੂਦ ਹੈਸੀ।
ਸਾਨੂੰ ਅਸਲ ਗੁਰਮੁਖੀ ਪੋਥੀ ਕਿਥੋਂ ਮਿਲੀ
ਇਸ ਪੋਥੀ ਦਾ ਅੰਗ੍ਰੇਜ਼ੀ ਤਰਜੁਮਾ ਸਰ ਸਰਦਾਰ ਅਤਰ ਸਿੰਘ ਜੀ ਵਾਲਾ ਭਾਵੇਂ ਸਾਡੇ ਪਾਸ ਮੌਜੂਦ ਸੀ ਤੇ ਗੁ: ਪ੍ਰ: ਸੂ: ਗ੍ਰੰਥ ਦੇ ਪ੍ਰਕਾਸ਼ਨ ਸਮੇਂ ਉਸ ਤਰਜੁਮੇ ਤੋਂ ਇਹ ਤਾਂ ਸ਼ੱਕ ਪੈਂਦਾ ਸੀ ਕਿ ਇਸ ਅੰਗ੍ਰੇਜੀ ਪੋਥੀ ਦਾ ਅਸਲ ਗੁਰਮੁਖੀ ਨੁਸਖਾ ਗੁ: ਪ੍ਰ: ਸੂ: ਗ੍ਰੰਥ ਦੀ ਰਚਨਾ ਸਮੇਂ ਕਵੀ ਜੀ ਪਾਸ ਜ਼ਰੂਰ ਹੈਸੀ ਪਰ ਜੋ ਲਾਭ ਤੇ ਟਾਕਰੇ ਦਾ ਸੱਖ ਅਸਲ ਗੁਰਮੁਖੀ ਪੋਥੀ ਤੋਂ ਹੋ ਸਕਦਾ ਸੀ ਓਹ ਅੰਗ੍ਰੇਜ਼ੀ ਤਰਜਮੇ ਤੋਂ ਸੰਭਵ ਨਹੀਂ ਸੀ, ਸੋ ਅਸਲ ਪੇਥੀ ਦੀ ਢੂੰਡ ਜਾਰੀ ਰਹੀ। ਤੇ ਉਨ੍ਹਾਂ ਦਿਨਾਂ ਵਿਚ ਹੀ ਸ੍ਰੀਮਾਨ ਭਾਈ ਸਾਹਿਬ ਸਿੰਘ ਜੀ ਗਯਾਨੀ ਧਮਧਾਣ ਸਾਹਿਬ ਵਾਲੇ ਸ੍ਰੀ ਅੰਮ੍ਰਿਤਸਰ ਤਸ਼ਰੀਫ ਲਿਆਏ, ਉਨ੍ਹਾਂ ਨੇ ਸਾਡੀ ਇਹ ਖਾਹਸ਼ ਲਖਕੇ ਇਸ ਪੁਸਤਕ ਦੀ ਮਾਲਵੇ ਵਿਚ ਢੂੰਡ ਕਰਨ ਦਾ ਭਰੋਸਾ ਦਿਵਾਇਆ ਤੇ ਇਸ ਉਦਮ ਵਿਚ ਓਹ ਛੇਤੀ ਹੀ ਕਾਮਯਾਬ ਹੋ ਗਏ ਤੇ ਸੰ: 1935 ਦੇ ਸ਼ੁਰੂ ਵਿਚ ਹੀ ਓਹ ਇਸ ਪੋਥੀ ਦਾ ਇਕ ਪੁਰਾਤਨ ਕਲਮੀ ਨੁਸਖਾ ਸਾਡੇ ਪਾਸ ਸ੍ਰੀ ਅੰਮ੍ਰਿਤਸਰ ਲੈ ਆਏ। ਇਹ ਪੁਸਤਕ ਓਹ ਮਾਂਗਵੀਂ ਲਿਆਏ ਸਨ, ਇਸ ਲਈ ਅਸਾਂ ਉਸ ਦਾ ਉਤਾਰਾ ਝਟ ਪਟ ਹੀ ਕਰ ਲਿਆ
ਸਾਨੂੰ ਜਦ ਇਹ ਪੋਥੀ ਮਿਲੀ ਹੈ ਤਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਐਡੀਸ਼ਨ ਛਪਕੇ ਤਿਆਰ ਹੋ ਚੁੱਕੀ ਸੀ ਤੇ ਦੂਸਰੀ ਐਡੀਸ਼ਨ ਦੀ ਛਪਾਈ ਸ਼ੁਰੂ ਸੀ। ਜੋ ਛਪਾਈ ਕਿ 1936 ਈ: ਦੇ ਅਖੀਰ ਸਮਾਪਤੀ ਨੂੰ ਪੁੱਜੀ। ਇਸ ਲਈ ਪਹਿਲੀ ਐਡੀਸ਼ਨ ਵਿਚ ਇਹ ਪੋਥੀ ਤੋਂ ਲੋੜੀਂਦਾ ਲਾਭ ਨਹੀਂ ਲਿਆ ਜਾ ਸਕਿਆ ਪਰ ਦੂਜੀ ਐਡੀਸ਼ਨ ਦੇ ਪ੍ਰਕਾਸਨ ਸਮੇਂ ਇਸ ਪੋਥੀ ਦੀਆਂ ਸਾਖੀਆਂ ਨੂੰ ਗੁਰਪ੍ਰਤਾਪ ਸੂਰਜ ਦੀਆਂ ਸਾਖੀਆਂ ਨਾਲ ਮੇਲ ਮੇਲ ਕੇ ਟਾਕਰਾ ਕੀਤਾ ਗਿਆ ਤੇ ਜੋ ਸਾਖੀਆਂ ਸਹੀ ਹੋਈਆਂ ਕਿ ਕਵੀ ਜੀ ਨੇ ਇਸ ਪੋਥੀ ਤੋਂ ਲੈਕੇ ਹੀ ਅਪਣੀ ਕਵਿਤਾ ਵਿਚ ਉਲਥਾਈਆਂ ਹਨ, ਉਨ੍ਹਾਂ ਦਾ ਪਤਾ ਕਵੀ ਜੀ ਦੀ ਰਚਨਾਂ ਦੇ ਹੇਠ ਟੂਕਾਂ ਵਿਚ ਥਾਂ ਪਰ ਥਾਂ ਦੇ ਦਿੱਤਾ ਗਿਆ। ਤੇ ਪ੍ਰਸਤਾਵਨਾਂ ਵਿਚ ਜਿਥੇ ਗੁ: ਪ੍ਰ: ਸੂ: ਗ੍ਰੰਥ ਦੇ ਸੋਮਿਆਂ ਦੀ ਸੂਚੀ ਦਿੱਤੀ ਹੈ ਉਸ ਵਿਚ ਇਸਦਾ ਨਾਮ ਸੰਖਿਪਤ ਟੂਕ ਦੇਕੇ ਵਧਾ ਦਿੱਤਾ ਗਿਆ। ਜੋ ਟੂਕ ਪ੍ਰਸਤਾਵਨਾ ਵਿਚ ਛਪੀ ਹੈ ਉਸਦਾ ਉਤਾਰਾ ਇਹ ਹੈ:-
"ਸਾਖੀਆਂ ਵਾਲੀ ਪੋਥੀ— ਇਸ ਵਿਚ ਨੌਵੇਂ ਅਤੇ ਦਸਵੇਂ ਸਤਿਗੁਰੂ ਜੀ ਦੇ ਮਾਲਵੇ ਦੇ ਸਫਰ ਦੀਆਂ ਸਾਖੀਆਂ ਹਨ, ਰਚਨਾਂ ਮਾਲਵੇ ਦੀ ਹੀ ਹੈ, 'ਸੀ' ਦੀ ਥਾਵੇਂ ‘ਥੀ', 'ਲਾਗੇ' ਯਾ ਨੇੜੇ' ਦੀ ਥਾਂ ‘ਲਾਉਣੇ' ਤੇ 'ਬ' 'ਵ' ਦੀ ਥਾਵੇਂ ਬਹੁਤ ਵਰਤਿਆ ਹੋਇਆ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਪਦ ਇਸ ਨੂੰ ਮਾਲਵੇ ਦੀ ਚੀਜ਼ ਹੀ ਸਿਧ ਕਰਦੇ ਹਨ ਗੁਰੂ ਸਾਹਿਬਾਂ ਦੇ ਮੁਕੰਮਲ ਸਫਰ ਇਸ ਵਿਚ ਨਹੀਂ ਹਨ, ਕੇਵਲ ਰਿਆਸਤ ਪਟਯਾਲਾ, ਜ਼ਿਲਾ ਕਰਨਾਲ ਲਾਗ ਦੇ ਗੁਰ ਅਸਥਾਨਾਂ ਦੀਆਂ ਸਾਖੀਆਂ ਦੇਕੇ ਇਹ ਪੁਸਤਕ ਸਮਾਪਤ ਹੋ ਜਾਂਦੀ ਹੈ।
"ਗੁਰੂ ਸਾਹਿਬਾਨ ਦੇ ਸਫਰਾਂ ਦੀ ਤਰਤੀਬ ਜੋ ਇਸ ਪੁਸਤਕ ਵਿਚ ਹੈ ਉਹੀ ਗੁ: ਪ੍ਰ: ਸੂਰਜ ਗ੍ਰੰਥ ਵਿਚ ਹੈ ਤੇ ਕਈ ਇਕ ਮਾਲਵੇ ਦੇ ਪਦ ਜੋ ਉਸੇ ਸਾਖੀ ਵਿਚ ਇਸ ਪੋਥੀ ਵਿਚ ਆਏ ਹਨ, ਗੁ: ਪ੍ਰ: ਸੂ: ਵਿਚ ਬੀ ਉਸੇ ਪ੍ਰਸੰਗ ਵਿਚ ਆ ਗਏ ਹਨ, ਜਿਸ ਤੋਂ ਸਿਧ ਹੁੰਦਾ ਹੈ ਕਿ ਇਹ ਪੁਸਤਕ ਬੀ ਕਵੀ ਜੀ ਪਾਸ ਹੈਸੀ। ਫਿਰ ਐਨ ੧ ਦੇ ਆਰੰਭ ਤੋਂ ਜਦੋਂ ਦਸਮ ਪਿਤਾ ਜੀ ਦਾ ਮਾਲਵੇ ਦਾ ਸਫਰ ਚਲਦਾ ਹੈ ਤਾਂ ਰੰਚਕ ਭਰ ਭੀ ਸੰਸਾ ਨਹੀਂ ਰਹਿ ਜਾਂਦਾ ਕਿ ਇਹ ਪੋਥੀ ਕਵੀ ਜੀ ਪਾਸ ਜ਼ਰੂਰ ਹੈਸੀ।
[ਪ੍ਰਸਤਾਵਨਾ ਗੁ: ਪ੍ਰ: ਸੂ: ਗ੍ਰੰਥ (ਐਡੀਸ਼ਨ ਦੂਜੀ) ਪੰਨਾ ੧੮੩]
ਭਾਈ ਸੰਤੋਖ ਸਿੰਘ ਹੱਥੀਂ ਇਸ ਪੋਥੀ ਦੀ ਸੁਧਾਈ
ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਅਪਣੇ ਮਹਾਨ ਗ੍ਰੰਥ ਦੀ ਰਚਨਾ ਕੈਥਲ ਵਿਚ ਕੀਤੀ ਹੈ, ਜੋ ਬੀ ਮਾਲਵੇ ਦਾ ਇਕ ਟਿਕਾਣਾ ਹੈ ਤੇ ਇਹ ਪੋਥੀ ਬੀ ਮਾਲਵੇ ਦੀਆਂ ਸਾਖੀਆਂ ਦੀ ਹੀ ਹੈ। ਕਵੀ ਜੀ ਦੀ ਆਪਣੀ ਰਚਨਾ ਦੱਸਦੀ ਹੈ ਕਿ ਆਪ ਨੇ ਮਾਲਵੇ ਦਾ ਦੇਸ਼ਾਟਨ ਬੀ ਕੀਤਾ ਹੈ। ਗੁਰ ਇਤਿਹਾਸ ਦੇ ਲੇਖਕ ਲਈ ਇਹ ਲਗਨ ਹੋਣੀ ਕੁਦਰਤੀ ਗਲ ਹੈ ਕਿ ਓਹ ਗੁਰਧਾਮਾਂ ਦੀ ਬੀ ਪੁੱਜਕੇ ਤੇ ਚਾਹ ਨਾਲ ਯਾਤ੍ਰਾ ਕਰੇ ਤੇ ਫਿਰ ਓਥੋਂ ਦੇ ਇਤਿਹਾਸਕ ਸਮਾਚਾਰ, ਰਵਾਇਤਾਂ ਤਥਾ ਲਿਖਤੀ ਜਾ ਜਾਕੇ ਢੂੰਡੇ ਤੇ ਖੋਜੇ। ਇਉਂ ਉਨ੍ਹਾਂ ਨੇ ਥਾਂ ਥਾਂ ਜਾਕੇ ਗੁਰਧਾਮਾਂ ਦੇ ਦਰਸ਼ਨ ਕੀਤੇ, ਓਥੋਂ ਦੇ ਰਵਾਇਤੀ ਸੀਨਾ ਬਸੀਨਾ ਚਲੇ ਆ ਰਹੇ ਸਮਾਚਾਰ ਸੁਣੇ, ਖੋਜੇ, ਨਿਤਾਰੇ ਤੇ ਫਿਰ ਉਨ੍ਹਾਂ ਨੂੰ ਇਸ ਪੋਥੀ ਵਿਚ ਦਿੱਤੇ ਸਮਾਚਾਰਾਂ ਨਾਲ ਹਾੜਿਆ। ਜਿਥੇ ਕੋਈ ਫ਼ਰਕ ਪ੍ਰਤੀਤ ਕੀਤਾ ਯਾ ਅਪਣੀ ਖੋਜ ਇਸ ਨਾਲੋਂ ਵੱਖਰੀ ਤੇ ਦੁਰੁਸਤ ਭਾਸੀ ਓਥੇ ਅਪਣੀ ਖੋਜ ਨੂੰ ਮੁੱਖਤਾ ਦਿੱਤੀ ਤੇ ਇਸ ਪੋਥੀ ਦੀ ਦਿੱਤੀ ਸਾਖੀ ਦਾ ਉਤਨਾ ਭਾਗ ਛੇੜ ਦਿੱਤਾ ਜੋ ਕਿ ਆਪਦੀ ਖੋਜ ਦੇ ਅਨੁਕੂਲ ਨਹੀਂ ਸੀ। ਇਸ ਤੋਂ ਛੁਟ ਕਈ ਥਾਈਂ ਆਪ ਨੇ ਸਾਖੀ ਨੂੰ ਕਾਵ੍ਯ ਵਿਚ ਉਲਥਨ ਸਮੇਂ ਕਾਵ੍ਯ
ਇਸ ਪੋਥੀ ਦੀ ਰਚਨਾ ਦਾ ਸਮਾਂ
ਇਸ ਪੋਥੀ ਦਾ ਕਲਮੀ ਨੁਸਖਾ ਜੋ ਸਾਨੂੰ ਮਿਲਿਆ ਸੀ ਉਹ ਸਾਰਾ ਇਕੋ ਕਲਮ ਤੇ ਇਕੋ ਹੱਥ ਦੀ ਲਿਖਤ ਸੀ ਤੇ ਚੰਗਾ ਪੁਰਾਣਾ ਜਾਪਦਾ ਸੀ, ਪਰ ਉਸ ਉਪਰ ਨਾਂ ਤਾਂ ਪੁਸਤਕ ਦੇ ਰਚਨਹਾਰ ਦਾ ਦਿੱਤਾ ਕੋਈ ਸੰਮਤ ਸੀ ਤੇ ਨਾਂ ਹੀ ਲਿਖਾਰੀ ਦੀ ਲਿਖਣ ਸਮੇਂ ਦੀ ਕੋਈ ਤ੍ਰੀਕ ਦਿਤੀ ਹੋਈ ਸੀ। ਏਸੇ ਤਰ੍ਹਾਂ ਜੋ ਪੁਸਤਕ ਸਰ ਸਰਦਾਰ ਅਤਰ ਸਿੰਘ ਜੀ ਦੇ ਸੱਚੇ ਦੀ ਹੈ, ਉਸ ਉਪਰ ਬੀ ਰਚਨਾਂ ਦਾ ਕੋਈ ਸੰਮਤ ਨਹੀਂ ਤੇ ਸਰ ਅਤਰ ਸਿੰਘ ਜੀ ਬੀ ਇਸ ਦਾ 'ਰਚਨਾਂ ਕਾਲ' ਕੋਈ ਨਿਸਚਿਤ ਨਹੀਂ ਕਰ ਸਕੇ। ਪਰ ਇਹ ਗਲ ਅੰਗਰੇਜ਼ੀ ਦੇ ਤਰਜਮੇ ਦੇ ਪੁਸਤਕ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਇਹ ਅੰਗ੍ਰੇਜ਼ੀ ਤਰਜੁਮਾ ਜਨਵਰੀ 1876 ਈ: ਵਿਚ ਛਪਿਆ ਹੈ। ਇਸ ਤੋਂ ਜੇ ਹੋਰ ਪਿਛੇ ਜਾਈਏ ਤਾਂ ਸਾਨੂੰ ਇਹ ਬੀ ਸਹੀ ਹੋ ਚੁੱਕਾ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਇਸ ਪੁਸਤਕ ਨੂੰ ਆਪਣੇ ਗ੍ਰੰਥ ਵਿਚ ਉਲਥਾਯਾ ਹੈ ਅਤੇ ਗੁ: ਪ੍ਰ: ਸੂ: ਗ੍ਰੰਥ 1900 ਬਿ: (1843 ਈ:) ਵਿਚ ਸਮਾਪਤ ਹੋਇਆ ਹੈ ਤੇ ਏਹ ਮਾਲਵੇ ਦੇ ਸਫਰਾਂ ਦੀਆਂ ਸਾਖੀਆਂ ਕਵੀ ਜੀ ਨੇ ਰਾਸ ੧੧ ਤੇ ਐਨ ੧ ਵਿਚ ਕਾਵ੍ਯ ਵਿਚ ਗੁੰਦੀਆਂ ਹਨ। ਰਾਸ ੧੧ ਸਮਾਪਤੀ ਤੋਂ ਕਾਫੀ ਪਹਿਲੋਂ ਦਾ ਹਿਸਾ ਹੈ। ਉਸਤੋਂ ਬਾਦ ਰਾਸ ੧੨, ੬ ਰੁਤਾਂ ਤੇ ਫਿਰ ਦੋ ਐਨ ਰਚੇ ਜਾਂਦੇ ਹਨ। ਸੋ
ਸਮੇਂ ਦੀ ਹੱਦ ਦਾ ਪੁਰਾਣੇ ਤੋਂ ਪੁਰਾਣਾ ਦੂਸਰਾ ਕਿਨਾਰਾ ਜੋ ਅਸੀਂ ਕੋਈ ਅਟਕਲ ਸਕਦੇ ਹਾਂ ਤਾਂ ਉਹ ਸਾਨੂੰ 1762 ਬਿ: ਤੋਂ ਪਿਛੇ ਨਹੀਂ ਜਾਣ ਦਿੰਦਾ, ਕਿਉਂਕਿ ਇਹ ਉਹ ਸਮਾਂ ਹੈ ਜਦ ਕਿ ਕਲਗੀਧਰ ਪਾਤਸ਼ਾਹ ਨੇ ਮਾਲਵੇ ਦਾ ਰਟਨ ਕੀਤਾ। ਇਉਂ ਇਸ ਪੁਸਤਕ ਦੇ ਰਚਨਾਂ ਕਾਲ ਦੀ ਪੜਤਾਲ ਲਈ 1762 ਬਿ: ਤੋਂ 1897 ਬਿ: ਦੇ ਵਿਚਕਾਰ ਦਾ ਸਮਾਂ ਸਾਡੇ ਪਾਸ ਮਹਿਦੂਦ ਹੋ ਜਾਂਦਾ ਹੈ।
ਸਮੇਂ ਦਾ ਇਹ ਘੇਰਾ 135 ਬਰਸ ਦਾ ਹੈ। ਅਸਾਂ ਹੁਣ ਇਸ ਸਮੇਂ ਵਿਚ ਦੇਖਣਾ ਹੈ ਕਿ ਇਹ ਪੁਸਤਕ ਕਿਹੜੇ ਸਮੇਂ ਦੇ ਨੇੜੇ ਰਚਿਆ ਗਿਆ ਵਧੀਕ ਅੰਕਿਆ ਜਾ ਸਕਦਾ ਹੈ ਤੇ ਸਮੇਂ ਦਾ ਇਹ ਘੇਰਾ ਅਸੀਂ ਕਿਥੋਂ ਕੁ ਤਕ ਛੋਟੇ ਤੋਂ ਛੋਟਾ ਕਰ ਸਕਦੇ ਹਾਂ। ਇਸ ਗਲ ਦੇ ਨਿਪਟਾਰੇ ਲਈ ਤੇ ਕਿਸੇ ਸਿੱਟੇ ਤੇ ਪੁਜਣ ਲਈ ਜੇ ਅਸੀਂ ਇਸ ਪੁਸਤਕ ਦਾ ਗਹੁ ਨਾਲ ਪਾਠ ਕਰੀਏ ਤਾਂ ਸਾਡੀ ਇਸ ਢੂੰਡ ਦੇ ਮਦਦਗਾਰ ਅੱਗੇ ਦਿਤੇ ਵੀਚਾਰ ਪੱਲੇ ਪੈਂਦੇ ਹਨ:-
1. ਇਸ ਪੋਥੀ ਦੀ ਪੰਜਵੀਂ ਸਾਖੀ ਵਿਚ ਜ਼ਿਕਰ ਹੈ ਕਿ ਹੰਢਿਆਏ, ਜਿਥੇ ਨੌਵੇਂ ਸਤਿਗੁਰੂ ਜੀ ਉਤਰੇ ਸਨ, ਉਥੇ ਮੰਜੀ ਨਹੀਂ ਸੀ ਬਣੀ ਹੋਈ, ਜੋਗਾ ਸਿੰਘ ਹਰੀਕੇ ਨੇ ਜਾਕੇ ਪੁੱਛ ਪੜਤਾਲ ਕੀਤੀ ਤਾਂ ਨਗਰ ਵਿਚ ਇਕ ਚਮਿਆਰ ਮਿਲਿਆ ਜੋ ਗੁਰੂ ਜੀ ਦੇ ਵੇਲੇ ਦਾ ਸੀ, ਉਸ ਨੇ ਥਾਂ ਟਿਕਾਣਾ ਦੱਸਿਆ ਕਿ ਗੁਰੂ ਜੀ ਅਮਕੇ ਕਰੀਰ ਹੇਠ ਬੈਠੇ ਸਨ ਤਾਂ ਫਿਰ ਜੋਗਾ ਸਿੰਘ ਨੇ ਓਥੇ ਮੰਜੀ ਸਾਹਿਬ ਬਣਾਈ। ਇਸ ਜ਼ਿਕਰ ਤੋਂ ਥਹੁ ਮਿਲਦਾ ਹੈ ਕਿ ਜਦ ਹੱਢਿਆਏ ਮੰਜੀ ਸਾਹਿਬ ਬਣੀ ਹੈ ਤਾਂ ਉਸ ਤੋਂ ਪਿਛੋਂ ਇਹ ਪੋਥੀ ਲਿਖੀ ਗਈ ਹੈ। ਮੰਜੀ ਸਾਹਿਬ ਬਣਨ ਦਾ ਸੰਮਤ ਸਾਨੂੰ ਪ੍ਰਾਪਤ ਨਹੀਂ ਪਰ ਇਤਨਾ ਥਹੁ ਜਰੂਰ ਹੈ ਕਿ ਜੋਗਾ ਸਿੰਘ ਨੂੰ ਖੋਜ ਕਰਨ ਵੇਲੇ ਕੇਵਲ ਇਕੋ ਹੀ ਆਦਮੀ ਮਿਲਦਾ ਹੈ ਜੋ ਸਾਖ ਭਰ ਸਕਦਾ ਹੈ ਕਿ ਗੁਰੂ ਜੀ ਅਮਕੇ ਟਿਕਾਣੇ ਵਿਰਾਜੇ ਸਨ। ਇਹ ਗਲ ਦਸਦੀ ਹੈ ਕਿ ਘੱਟੋ ਘੱਟ ਇਕ ਪੀਹੜੀ ਬੀਤ ਗਈ ਹੈ। ਜੇ ਇਹ ਸਮਾਂ ਸੱਠ ਕੁ ਸਾਲ ਤੋਂ ਘੱਟ ਦਾ ਨਾ ਗਿਣਿਆ ਜਾਵੇ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਮਤ 1732 ਤੋਂ 60 ਬਰਸ ਬਾਦ