

. ਪਾਤਸ਼ਾਹੀ ੧੦
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੰਗਲ ਦੇਸ਼ ਫੇਰੀ
39. ਰਖਵਾਲਾ
ਗੁਰੂ ਜੀ ਡੇਰਾ ਆਗੇ ਇਕ ਨਗਰੀ ਕੀਤਾ। ਗੁਰੂ ਜੀ ਕਹਿੰਦੇ, 'ਏਸ ਨਗਰੀ ਕਾ ਕੀ ਨਾਉਂ ਹੈ ?' ਜ਼ਿਮੀਂਦਾਰ ਕਹਿੰਦੇ, 'ਜੀ ਏਸ ਪਿੰਡ ਕਾ ਨਾਉਂ ਰੁਖਾਲਾ' ਹੈ।'
ਗੁਰੂ ਜੀ ਕਹਿੰਦੇ, 'ਰੁਖਾਲਾ' ਨਾ ਕਹੁ, ਰਖਵਾਲਾ ਕਹੋ! ਓਥੇ ਜਲਾਲ ਕੇ ਪੈਂਚ ਮਿਲੇ ਗੁੜ ਪ੍ਰਸਾਦਿ ਲੈਕੇ। ਦੁਇ ਤਾਉੜੇ ਦੁਧਕੇ, ਇਕ ਚੰਗੀ ਬਰਛੀ ਮਥਾ ਟੇਕੀ। ਗੁਰੂ ਜੀ ਬਰਛੀ ਵੇਖਕੇ ਪ੍ਰਸਿੰਨ ਹੋਏ।
ਓਨਾਂ ਕਾ ਕਿਸੇ ਪਿੰਡ ਨਾਲ ਵੈਰ ਸੀ। ਓਨੀ ਕਹਿਆ, 'ਗੁਰੂ ਜੀ ਬਚਨ ਕਰੋ, ਸਾਡੀ ਫਤੇ ਹੋਵੇ । ਗੁਰੂ ਜੀ ਕਹਿੰਦੇ: ਗੁਰੂ ਕੇ ਘਰ ਨੂੰ ਨਿਮੇਂ ਰਹਿਣਾ, ਤੁਮਾਰੀ ਫਤੇ ਹੋਵੇਗੀ। ਤੁਮਾਰੇ ਉਤੇ ਚੜੀ ਆਵੇਗੀ, ਲਥੀ ਜਾਵੇਗੀ। ਗੁਰੂ ਜੀ ਨੇ ਪਹਿਲਾਂ ਚਾਕਰ ਭੀ ਰਖੇ, ਸਭਨਾਂ ਬੈਰਾੜਾਂ ਥੋਂ।
ਜਲਾਲ ਕੇ ਅਠਾਰਾਂ ਸੈ ਪਚੀਏ ਗੁਰੂ ਕੇ ਦਲ ਨੂੰ ਜਾਇ ਪਏ ਰਾਤ ਨੂੰ। ਸਿਖਾਂ ਨੂੰ ਦੁਹ ਨੂ ਮਾਰਿ ਆਏ, ਘੋੜੇ ਪੰਜ ਕਢ ਲਿਆਏ। ਅਗਲੇ ਦਿਨ ਦਲ ਨੇ ਜਲਾਲ ਕਾ ਪਿੰਡੁ ਮਾਰਿ ਲਇਆ। ਫੇਰ ਪੈਂਚਾਂ ਨੇ ਕੜਾਹ ਪ੍ਰਸਾਦਿ ਕਰਵਾਇਆ। ਤਨਖਾਹ ਬਖਸਾਈ, ਜੀ ਅਸੀਂ ਭੁਲੇ ਹਾਂ ਜੀ। ਗੁਰੂ ਕਾ ਬਚਨ ਸੀ, ਗੁਰੂ ਕੇ ਘਰ ਵਲ ਸਜੂਦ ਰਹਿਣਾਂ। ਸਾਥੋਂ ਮਨਮਤ ਹੋਈ ਹੈ।'
1. ਪਾ:-ਖੁਰਾਲਾ।
2. 'ਜਲਾਲ' ਰ੍ਯਾਸਤ ਨਾਭਾ ਵਿਚ ਇਕ ਪਿੰਡ ਹੈ, ਫੂਲ ਤੋਂ ਨੌ ਦਸ ਮੀਲ ਤੇ ਦੀਨੇ ਤੋਂ ਦੇ ਢਾਈ ਕੋਹ ਤੇ।
3. ਗੁਰੂ ਕੇ ਦਲ ਤੋਂ ਮੁਰਾਦ ਸਿੰਘਾਂ ਦੇ ਦਲ ਦੀ, ਯਾ ਖਾਲਸੇ ਦੇ ਦਲ ਦੇ. ਡੇਰੇ ਦੀ ਹੈ।
4. ਨਿਵੇਂ ਰਹਿਣਾ।