ਇਸ ਪੋਥੀ ਦੀ ਰਚਨਾ ਦਾ ਸਮਾਂ
ਇਸ ਪੋਥੀ ਦਾ ਕਲਮੀ ਨੁਸਖਾ ਜੋ ਸਾਨੂੰ ਮਿਲਿਆ ਸੀ ਉਹ ਸਾਰਾ ਇਕੋ ਕਲਮ ਤੇ ਇਕੋ ਹੱਥ ਦੀ ਲਿਖਤ ਸੀ ਤੇ ਚੰਗਾ ਪੁਰਾਣਾ ਜਾਪਦਾ ਸੀ, ਪਰ ਉਸ ਉਪਰ ਨਾਂ ਤਾਂ ਪੁਸਤਕ ਦੇ ਰਚਨਹਾਰ ਦਾ ਦਿੱਤਾ ਕੋਈ ਸੰਮਤ ਸੀ ਤੇ ਨਾਂ ਹੀ ਲਿਖਾਰੀ ਦੀ ਲਿਖਣ ਸਮੇਂ ਦੀ ਕੋਈ ਤ੍ਰੀਕ ਦਿਤੀ ਹੋਈ ਸੀ। ਏਸੇ ਤਰ੍ਹਾਂ ਜੋ ਪੁਸਤਕ ਸਰ ਸਰਦਾਰ ਅਤਰ ਸਿੰਘ ਜੀ ਦੇ ਸੱਚੇ ਦੀ ਹੈ, ਉਸ ਉਪਰ ਬੀ ਰਚਨਾਂ ਦਾ ਕੋਈ ਸੰਮਤ ਨਹੀਂ ਤੇ ਸਰ ਅਤਰ ਸਿੰਘ ਜੀ ਬੀ ਇਸ ਦਾ 'ਰਚਨਾਂ ਕਾਲ' ਕੋਈ ਨਿਸਚਿਤ ਨਹੀਂ ਕਰ ਸਕੇ। ਪਰ ਇਹ ਗਲ ਅੰਗਰੇਜ਼ੀ ਦੇ ਤਰਜਮੇ ਦੇ ਪੁਸਤਕ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਇਹ ਅੰਗ੍ਰੇਜ਼ੀ ਤਰਜੁਮਾ ਜਨਵਰੀ 1876 ਈ: ਵਿਚ ਛਪਿਆ ਹੈ। ਇਸ ਤੋਂ ਜੇ ਹੋਰ ਪਿਛੇ ਜਾਈਏ ਤਾਂ ਸਾਨੂੰ ਇਹ ਬੀ ਸਹੀ ਹੋ ਚੁੱਕਾ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਇਸ ਪੁਸਤਕ ਨੂੰ ਆਪਣੇ ਗ੍ਰੰਥ ਵਿਚ ਉਲਥਾਯਾ ਹੈ ਅਤੇ ਗੁ: ਪ੍ਰ: ਸੂ: ਗ੍ਰੰਥ 1900 ਬਿ: (1843 ਈ:) ਵਿਚ ਸਮਾਪਤ ਹੋਇਆ ਹੈ ਤੇ ਏਹ ਮਾਲਵੇ ਦੇ ਸਫਰਾਂ ਦੀਆਂ ਸਾਖੀਆਂ ਕਵੀ ਜੀ ਨੇ ਰਾਸ ੧੧ ਤੇ ਐਨ ੧ ਵਿਚ ਕਾਵ੍ਯ ਵਿਚ ਗੁੰਦੀਆਂ ਹਨ। ਰਾਸ ੧੧ ਸਮਾਪਤੀ ਤੋਂ ਕਾਫੀ ਪਹਿਲੋਂ ਦਾ ਹਿਸਾ ਹੈ। ਉਸਤੋਂ ਬਾਦ ਰਾਸ ੧੨, ੬ ਰੁਤਾਂ ਤੇ ਫਿਰ ਦੋ ਐਨ ਰਚੇ ਜਾਂਦੇ ਹਨ। ਸੋ
ਸਮੇਂ ਦੀ ਹੱਦ ਦਾ ਪੁਰਾਣੇ ਤੋਂ ਪੁਰਾਣਾ ਦੂਸਰਾ ਕਿਨਾਰਾ ਜੋ ਅਸੀਂ ਕੋਈ ਅਟਕਲ ਸਕਦੇ ਹਾਂ ਤਾਂ ਉਹ ਸਾਨੂੰ 1762 ਬਿ: ਤੋਂ ਪਿਛੇ ਨਹੀਂ ਜਾਣ ਦਿੰਦਾ, ਕਿਉਂਕਿ ਇਹ ਉਹ ਸਮਾਂ ਹੈ ਜਦ ਕਿ ਕਲਗੀਧਰ ਪਾਤਸ਼ਾਹ ਨੇ ਮਾਲਵੇ ਦਾ ਰਟਨ ਕੀਤਾ। ਇਉਂ ਇਸ ਪੁਸਤਕ ਦੇ ਰਚਨਾਂ ਕਾਲ ਦੀ ਪੜਤਾਲ ਲਈ 1762 ਬਿ: ਤੋਂ 1897 ਬਿ: ਦੇ ਵਿਚਕਾਰ ਦਾ ਸਮਾਂ ਸਾਡੇ ਪਾਸ ਮਹਿਦੂਦ ਹੋ ਜਾਂਦਾ ਹੈ।
ਸਮੇਂ ਦਾ ਇਹ ਘੇਰਾ 135 ਬਰਸ ਦਾ ਹੈ। ਅਸਾਂ ਹੁਣ ਇਸ ਸਮੇਂ ਵਿਚ ਦੇਖਣਾ ਹੈ ਕਿ ਇਹ ਪੁਸਤਕ ਕਿਹੜੇ ਸਮੇਂ ਦੇ ਨੇੜੇ ਰਚਿਆ ਗਿਆ ਵਧੀਕ ਅੰਕਿਆ ਜਾ ਸਕਦਾ ਹੈ ਤੇ ਸਮੇਂ ਦਾ ਇਹ ਘੇਰਾ ਅਸੀਂ ਕਿਥੋਂ ਕੁ ਤਕ ਛੋਟੇ ਤੋਂ ਛੋਟਾ ਕਰ ਸਕਦੇ ਹਾਂ। ਇਸ ਗਲ ਦੇ ਨਿਪਟਾਰੇ ਲਈ ਤੇ ਕਿਸੇ ਸਿੱਟੇ ਤੇ ਪੁਜਣ ਲਈ ਜੇ ਅਸੀਂ ਇਸ ਪੁਸਤਕ ਦਾ ਗਹੁ ਨਾਲ ਪਾਠ ਕਰੀਏ ਤਾਂ ਸਾਡੀ ਇਸ ਢੂੰਡ ਦੇ ਮਦਦਗਾਰ ਅੱਗੇ ਦਿਤੇ ਵੀਚਾਰ ਪੱਲੇ ਪੈਂਦੇ ਹਨ:-
1. ਇਸ ਪੋਥੀ ਦੀ ਪੰਜਵੀਂ ਸਾਖੀ ਵਿਚ ਜ਼ਿਕਰ ਹੈ ਕਿ ਹੰਢਿਆਏ, ਜਿਥੇ ਨੌਵੇਂ ਸਤਿਗੁਰੂ ਜੀ ਉਤਰੇ ਸਨ, ਉਥੇ ਮੰਜੀ ਨਹੀਂ ਸੀ ਬਣੀ ਹੋਈ, ਜੋਗਾ ਸਿੰਘ ਹਰੀਕੇ ਨੇ ਜਾਕੇ ਪੁੱਛ ਪੜਤਾਲ ਕੀਤੀ ਤਾਂ ਨਗਰ ਵਿਚ ਇਕ ਚਮਿਆਰ ਮਿਲਿਆ ਜੋ ਗੁਰੂ ਜੀ ਦੇ ਵੇਲੇ ਦਾ ਸੀ, ਉਸ ਨੇ ਥਾਂ ਟਿਕਾਣਾ ਦੱਸਿਆ ਕਿ ਗੁਰੂ ਜੀ ਅਮਕੇ ਕਰੀਰ ਹੇਠ ਬੈਠੇ ਸਨ ਤਾਂ ਫਿਰ ਜੋਗਾ ਸਿੰਘ ਨੇ ਓਥੇ ਮੰਜੀ ਸਾਹਿਬ ਬਣਾਈ। ਇਸ ਜ਼ਿਕਰ ਤੋਂ ਥਹੁ ਮਿਲਦਾ ਹੈ ਕਿ ਜਦ ਹੱਢਿਆਏ ਮੰਜੀ ਸਾਹਿਬ ਬਣੀ ਹੈ ਤਾਂ ਉਸ ਤੋਂ ਪਿਛੋਂ ਇਹ ਪੋਥੀ ਲਿਖੀ ਗਈ ਹੈ। ਮੰਜੀ ਸਾਹਿਬ ਬਣਨ ਦਾ ਸੰਮਤ ਸਾਨੂੰ ਪ੍ਰਾਪਤ ਨਹੀਂ ਪਰ ਇਤਨਾ ਥਹੁ ਜਰੂਰ ਹੈ ਕਿ ਜੋਗਾ ਸਿੰਘ ਨੂੰ ਖੋਜ ਕਰਨ ਵੇਲੇ ਕੇਵਲ ਇਕੋ ਹੀ ਆਦਮੀ ਮਿਲਦਾ ਹੈ ਜੋ ਸਾਖ ਭਰ ਸਕਦਾ ਹੈ ਕਿ ਗੁਰੂ ਜੀ ਅਮਕੇ ਟਿਕਾਣੇ ਵਿਰਾਜੇ ਸਨ। ਇਹ ਗਲ ਦਸਦੀ ਹੈ ਕਿ ਘੱਟੋ ਘੱਟ ਇਕ ਪੀਹੜੀ ਬੀਤ ਗਈ ਹੈ। ਜੇ ਇਹ ਸਮਾਂ ਸੱਠ ਕੁ ਸਾਲ ਤੋਂ ਘੱਟ ਦਾ ਨਾ ਗਿਣਿਆ ਜਾਵੇ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਮਤ 1732 ਤੋਂ 60 ਬਰਸ ਬਾਦ
2. ਸਾਖੀ 110 ਵਿਚ ਲੇਖਕ ਸਾਖ ਭਰਦਾ ਹੈ ਕਿ ਨੌਹਰ ਬਾਰੇ ਜੋ ਭਵਿਖਤ ਵਾਕ ਸਤਿਗੁਰੂ ਜੀ ਨੇ 'ਗੁਰੂ ਕੀ ਮੋਹਰ ਲੁਟੇ ਖਾਲਸਾ' ਆਦਿ ਉਚਾਰੇ, ਓਹ 1811 ਵਿਚ ਸਫਲ ਹੋਏ ਤੇ ਕਵੀ ਸੰਤੋਖ ਸਿੰਘ ਜੀ ਬੀ ਇਸੇ ਸਾਖੀ ਦੇ ਉਲਥਾਉਣ ਸਮੇਂ ਇਨ੍ਹਾਂ ਅਖਰਾਂ ਨੂੰ ਉਲਥਾ ਜਾਂਦੇ ਹਨ ਤੇ 1811 ਦੇ ਵਾਕ੍ਯਾ ਦਾ ਸੰਖੇਪ ਵੇਰਵਾ ਬੀ ਦੇ ਜਾਂਦੇ ਹਨ। ਇਸ ਦਾ ਭਾਵ ਇਹ ਹੋਇਆ ਕਿ 1811 ਦੀ ਘਟਨਾ ਇਸ ਪੇਥੀ ਦੇ ਰਚੇ ਜਾਣ ਤੋਂ ਪਹਿਲੇ ਹੋ ਚੁੱਕੀ ਹੈ। ਇਸ ਤੋਂ ਪੋਥੀ ਦੇ ਰਚਨਾਂ ਕਾਲ ਦਾ ਘੇਰਾ ਹੋਰ ਤੰਗ ਹੋਕੇ 1811 ਤੋਂ 1897 ਦੇ ਵਿਚਾਲੇ ਰਹਿ ਜਾਂਦਾ ਹੈ।
3. ਪਹਿਲੀ ਸਾਖੀ ਸੈਫਾਬਾਦ ਦੀ ਵਿਚ ਨੌਵੇਂ ਪਾਤਸ਼ਾਹ ਜੀ ਦਾ ਸੈਫਾ ਬਾਦ ਪਧਾਰਨਾ ਤੇ ਓਥੇ ਦੀ ਸਰਾਂ ਬਾਰੇ ਭਵਿਖਤ ਵਾਕ ਕਰਨੇ ਲਿਖੇ ਹਨ ਕਿ ਸਾਡਾ ਸਿਖ ਕਰਮ ਸਿੰਘ ਇਸ ਸਰਾਂ ਦਾ ਉਸਾਰ ਚਉੜੇਰਾ ਕਰਕੇ ਸਾਡੇ ਨਾਮ ਤੇ ਵਸਾਏਗਾ। ਜਿਸ ਦੀ ਮੁਰਾਦ ਪਯਾਲਾ ਪਤੀ ਮਹਾਰਾਜਾ ਕਰਮ ਸਿੰਘ ਦੇ ਹੱਥੋਂ ਬਹਾਦਰ ਗੜ ਦਾ ਕਿਲਾ ਬਣਨ ਦੀ ਹੈ। ਜੇ ਇਹ ਕਿਹਾ ਜਾਏ ਕਿ ਇਸ ਪੋਥੀ ਦੀ ਰਚਨਾਂ ਤੋਂ ਪਹਿਲੇ ਬਹਾਦਰ ਗੜ ਦਾ ਕਿਲਾ ਬਣ ਚੁਕਾ ਹੈ, (ਕਿਉਂਕਿ ਕਰਮ ਸਿੰਘ ਦਾ ਨਾਮ ਆ ਜਾਣਾ ਇਸ ਦਲੀਲ ਦੀ ਪ੍ਰੌਢਤਾ ਕਰਦਾ ਹੈ) ਤਾਂ ਫਿਰ ਇਸ ਦਾ ਰਚਨਾਂ ਕਾਲ 1831 ਤੋਂ ਬੀ ਪਿਛੇ ਚਲਾ ਜਾਂਦਾ ਹੈ, ਕਿਉਂਕਿ ਇਹ ਕਿਲਾ ਪਯਾਲਾ ਪਤੀ ਜੀ ਨੇ 1831 ਵਿਚ ਬਣਾਇਆ ਸੀ ਤੇ ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਜੀ ਲਿਖਦੇ ਹਨ ਕਿ ਇਹ ਕਿਲਾ ਮਹਾਰਾਜਾ ਅਮਰ ਸਿੰਘ ਜੀ ਸਪੁਤ੍ਰ ਮਹਾਰਾਜਾ ਆਲਾ ਸਿੰਘ ਜੀ ਨੇ 1831 ਬਿ: (1774 ਈ:) ਵਿਚ ਬਣਾਕੇ ਆਪਣੇ ਰਾਜ ਵਿਚ ਸ਼ਾਮਲ ਕੀਤਾ ਸੀ। ਮਹਾਰਾਜਾ ਕਰਮ ਸਿੰਘ ਦਾ ਸਮਾਂ ਤਾਂ ਹੋਰ ਬੀ ਪਿਛੋਂ 1844 ਤੋਂ 1902 ਬਿ: ਤਕ ਦਾ ਹੈ। ਪਰ ਜੇ ਅਸੀਂ ਮ: ਅਤਰ ਸਿੰਘ ਦੀ ਥਾਂ ਮ: ਕਰਮ ਸਿੰਘ ਲਿਖੇ ਜਾਣ ਦੀ ਲੇਖਕ ਦੀ ਕਲਮ ਉਕਾਈ ਖਿਆਲੀਏ ਤਾਂ ਇਸ ਪੁਸਤਕ ਦੀ ਰਚਨਾਂ ਦੇ ਸਮੇਂ ਦਾ ਘੇਰਾ ਹੋਰ ਤੰਗ ਹੋਕੇ 1831 ਤੋਂ 1897 ਬਿ: ਰਹਿ ਜਾਂਦਾ ਹੈ।
4. ਇਕ ਸੰਮਤ ਹੋਰ ਸਾਨੂੰ ਇਸ ਪੋਥੀ ਵਿਚੋਂ ਮਿਲਦਾ ਹੈ। ਸਾਖੀ 39 ਵਿਚ ਰੁਖਾਲੇ ਦਾ ਪ੍ਰਸੰਗ ਦਿੰਦੇ ਹੋਏ ਇਸ ਪੋਥੀ ਦਾ ਲੇਖਕ ਲਿਖਦਾ ਹੈ:-
5. 1831 ਤੋਂ 1897 ਦਾ ਸਮਾਂ ਉਹ ਸਮਾਂ ਹੈ ਜੋ ਕਵੀ ਸੰਤੋਖ ਸਿੰਘ ਕਰਤਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਜੀਵਨ ਕਾਲ ਨਾਲ ਇਕ ਸੁਰ ਹੈ, ਤੇ ਅਸੀਂ ਇਸ ਖਿਆਲ ਨੂੰ ਬੀ ਕੁਝ ਅਹਿਮੀਅਤ ਜ਼ਰੂਰ ਦੇ ਸਕਦੇ ਹਾਂ ਕਿ ਇਹ ਪੁਸਤਕ ਸੰਭਵ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਅਪਣੀ ਲੋੜ ਨੂੰ ਮੁੱਖ ਰਖਕੇ, ਚਾਹੇ ਸੁਤੰਤਰ ਤੇ ਚਾਹੇ ਕਿਸੇ ਹੋਰ ਹਸਤੀ ਦੀ ਮਦਦ ਨਾਲ ਕਿਸੇ ਸਿਆਣੇ ਦੇ ਜੁੰਮੇ ਲਾਕੇ ਲਿਖਵਾਈ ਹੋਵੇ। ਇਸ ਦੀ ਪ੍ਰੌਢਤਾ ਵਿਚ ਸਾਨੂੰ ਇਹ ਇਕ ਨਿਗਰ ਸਬੂਤ ਮਿਲਦਾ ਹੈ ਕਿ ਇਸ ਪੁਸਤਕ ਦੇ ਬਹੁਤੇ ਉਤਾਰੇ ਨਹੀਂ ਹੋਏ ਤੇ ਇਹ ਪੁਸਤਕ ਪੁਰਾਤਨ ਲਿਖਤੀ ਪੁਸਤਕਾਂ ਵਿਚ ਆਮ ਨਹੀਂ ਮਿਲ ਰਹੀ।
ਇਹ ਤਦੇ ਹੀ ਹੋ ਸਕਦਾ ਹੈ ਜੇ ਇਹ ਉਚੇਚੀ ਕਵੀ ਸੰਤੋਖ ਸਿੰਘ ਜੀ ਲਈ ਹੀ ਰਚੀ ਗਈ ਹੋਵੇ ਤੇ ਜਿਸ ਦਾ ਇਕ ਅੱਧ ਉਤਾਰਾ ਲੇਖਕ ਕੋਲ ਰਿਹਾ ਹੋਵੇ ਤੇ ਦੂਜਾ ਕਵੀ ਸੰਤੋਖ ਸਿੰਘ ਜੀ ਪਾਸ। ਤੇ ਉਚੇਚੀ ਰਚੀ ਗਈ ਰਚਨਾਂ ਦੇ ਉਤਾਰੇ ਕਰਨੇ ਹਰ ਇਕ ਲਈ ਸੁਲਭ ਨਾਂ ਕੀਤੇ ਗਏ ਹੋਣ।
ਜੇ ਇਹ ਗਲ ਤਸਲੀਮ ਕਰ ਲਈਏ ਤਾਂ ਇਕ ਗਲ ਹੋਰ ਸਪਸ਼ਟ ਹੈ ਕਿ ਕਵੀ ਜੀ ਦੇ ਸੂ: ਪ੍ਰ: ਰਚਣ ਤੇ ਸਮਾਪਤੀ ਦੇ ਸਮੇਂ ਤੋਂ ਕੁਝ ਬਰਸ ਜ਼ਰੂਰ ਪਹਿਲੇ ਇਹ ਪੇਥੀ ਰਚੀ ਗਈ ਹੈ। ਜਿਸ ਦੇ ਸਬੂਤ ਵਿਚ ਪੋਥੀ ਵਿਚੋਂ ਸਾਮਾਨ ਮਿਲ ਜਾਂਦਾ ਹੈ। ਸਾਖੀ 17 ਵਿਚ ਦੇਸੂ ਦਾ ਪ੍ਰਸੰਗ ਜੋ ਇਸ ਪੋਥੀ ਵਿਚ ਦਰਜ ਹੈ ਕਵੀ ਸੰਤੋਖ ਸਿੰਘ ਜੀ ਨੇ ਅਪਣੇ ਕਾਵ੍ਯ ਉਲਥੇ ਵਿਚ ਸਾਰਾ ਦਿੱਤਾ ਹੈ ਪਰ ਨਾਲ ਹੀਦ ਦੇਸੂ ਤੋਂ ਪਿਛੋਂ ਦਾ ਉਸ ਦੀ ਵੰਸ਼ ਦਾ ਵਧੇਰੇ ਹਾਲ ਬੀ ਦੇ ਦਿਤਾ ਹੈ, ਇਹ ਤਾਂ ਹੀ ਹੋ ਸਕਦਾ ਹੈ ਜੇ ਪੋਥੀ ਸੂ: ਪ੍ਰ: ਦੀ ਸਮਾਪਤੀ ਤੋਂ ਕੁਝ ਬਰਸ ਪਹਿਲੇ ਲਿਖੀ ਗਈ ਹੋਵੇ।
ਇਸੇ ਤਰ੍ਹਾਂ ਸਾਖੀ 37 ਵਿਚ ਇਹ ਪੋਥੀ ਬਾਰਨੇ ਦੇ ਰਾਹਕ ਦਾ ਪਹਿਲਾ ਪ੍ਰਸੰਗ ਹੀ ਦਿੰਦੀ ਹੈ ਪਰ ਕਵੀ ਸੰਤੋਖ ਸਿਘ ਨੇ ਉਸ ਦੇ ਵੰਸ਼ ਦਾ ਮਗਰੋਜ ਦਾ ਹਾਲ ਬੀ ਦਿੱਤਾ ਹੈ ਤੇ ਉਸ ਦੇ ਤੰਬਾਕੂ ਦੀ ਵਰਤੋਂ ਤ੍ਯਾਗਣ ਤੇ ਗੁਰੂ ਹੁਕਮ ਪਾਲਣ ਪਰ ਵਧਣ ਫੁਲਣ ਦਾ ਸਮਾਚਾਰ ਦਿੱਤਾ ਹੈ ਤੇ ਫੇਰ ਅਪਣੇ ਵੇਲੇ ਦੇ ਉਸ ਦੇ ਵੰਸ਼ਜ ਦਾ ਮੁੜ ਤੰਬਾਕੂ ਪੀਣ ਲਗ ਪੈਣਾ ਤੇ ਉਸ ਦਾ ਕੰਗਾਲ
ਅਸੀਂ ਇਸ ਪੁਸਤਕ ਦੀ ਰਚਨਾਂ ਨੂੰ ਕਵੀ ਸੰਤੋਖ ਸਿੰਘ ਜੀ ਦੀ ਲਗਨ ਤੇ ਪ੍ਰੇਰਨਾਂ ਤੋਂ ਸੌਖੀ ਤਰਾਂ ਪਰੇ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕਵੀ ਸੰਤੋਖ ਸਿੰਘ ਜੀ ਦੀ ਇਹ ਲਗਨ ਵੀ ਸਪਸ਼ਟ ਦਿਸ ਪੈਂਦੀ ਹੈ ਕਿ ਆਪ ਇਕ ਵਡੇਰੀ ਮੁੱਦਤ ਤੋਂ ਗੁਰ ਇਤਿਹਾਸ ਦੇ ਸੰਚਨ ਵਿਚ ਜੁਟੇ ਹੋਏ ਸਨ ਤੇ ਗੁਰ ਜਸ ਦਾ ਗ੍ਰੰਥ ਇਹ ਗੁ: ਪ੍ਰ: ਸੂ: ਓਹ ਲਿਖਣਾ ਚਾਹੁੰਦੇ ਸਨ ਪਰ ਮਸਾਲਾ ਖਿੰਡਿਆ ਫੁਟਿਆ ਪਿਆ ਸੀ ਜਿਸ ਸਾਰੇ ਨੂੰ ਇਕਤ੍ਰ ਕਰਨ ਦਾ ਉਦਮ ਆਪ ਦੀ ਪਹੁੰਚ ਤੋਂ ਬਾਹਰ ਸੀ, ਪਰ ਆਪ ਉਸ ਦੇ ਇਕੱਤ੍ਰ ਕਰਨ ਦੇ ਉਦਮ ਵਿਚ ਬਰਸਾਂ ਬੱਧੀ ਲਗੇ ਰਹੇ ਤੇ ਅਖੀਰ ਜਦ ਮਹਾਰਾਜ ਕੈਥਲ ਪਾਸ ਪੁੱਜੇ ਤਾਂ ਮਹਾਰਾਜ ਦੇ ਅਸਰ ਰਸੂਖ ਸਹਾਯਤਾ ਤੇ ਖਰਚ ਨਾਲ ਰਹਿੰਦਾ ਮਸਾਲਾ ਬੀ ਚੋਖਾ ਕੱਠਾ ਹੋ ਗਿਆ ਤੇ ਫਿਰ ਆਪ ਨੇ ਗ੍ਰੰਥ ਲਿਖਣਾ ਸ਼ੁਰੂ ਕੀਤਾ। ਇਸ ਮਸਾਲਾ ਇਕੱਤ੍ਰਨ ਦੇ ਬਰਸਾਂ ਵਿਚ ਹੀ ਸੰਭਵ ਹੋ ਸਕਦਾ ਹੈ ਕਿ ਇਸ ਪੋਥੀ ਦੀ ਰਚਨਾਂ ਦਾ ਬੀ ਉਪਰਾਲਾ ਹੋ ਗਿਆ ਹੋਵੇ। ਆਪ ਪਹਿਲੀ ਰਾਸ ਵਿਚ ਲਿਖਦੇ ਹਨ:-
ਪੂਰਬ ਮੈਂ ਸ੍ਰੀ ਨਾਨਕ ਕਥਾ। ਛੰਦਨ ਬਿਖੈ ਰਚੀ ਮਤਿ ਜਥਾ।
ਰਯੋ ਚਾਹਤੋ ਗੁਰਨ ਬ੍ਰਿਤਾਂਤ। ਨਹਿਂ ਪਾਯੋ ਤਿਸਤੇ ਪਸ਼ਚਾਤ।
ਪਰਾਲਬਧ ਕਰ ਕਿਤ ਕਿਤ ਰਹੋ। ਚਿਤ ਮਹਿ ਗੁਰਜਸ ਰਚਿਬੋ ਚਹੇ।
ਕਰਮ ਕਾਲ ਤੇ ਕੈਥਲ ਆਏ। ਥਿਤ ਹੁਇ ਜਪੁਜੀ ਅਰਥ ਬਨਾਏ।
ਪੁਨ ਸੰਯੋਗ ਹੋਇ ਅਸ ਗਯੋ। ਰਾਮ ਚਰਿਤ ਕੋ ਮਨ ਹੁਲਸਯੋ।
ਬਾਲਮੀਕ ਕ੍ਰਿਤ ਕਥਾ ਸੁਨੀ ਜਬ। ਛੰਦਨ ਬਿਖੈ ਰਚੀਤਬ ਹਮ ਸਬ।"
ਬਹੁਤ ਬਰਸ ਬੀਤੇ ਜਬ ਲਹੇ। ਗੁਰ ਜਸ ਰਚਨ ਚਾਹਤੇ ਰਹੇ।
ਉਰ ਅਭਿਲਾਖਾ ਨਿਤ ਕੀ ਮੇਰੀ ਸਤਿਗੁਰ ਕ੍ਰਿਪਾਦ੍ਰਿਸ਼ਟਿ ਕਰ ਹੇਰੀ।
ਭਯੋ ਅਚਾਨਕ ਸੰਚੈ ਆਈ। ਸਰਬ ਗੁਰਨ ਕੋ ਜਸੁ ਸਮੁਦਾਈ।
ਚਾਹਤ ਭਏ ਆਪ ਗੁਰ ਜਬ ਹੂੰ ਭਾ ਸੰਚਯ ਦਸ ਗੁਰ ਜਸ ਸਭ ਹੂੰ।
ਹੋਰਿ ਉਮੰਗ ਮੋਹਿ ਮਨ ਆਈ। ਕਰਨ ਲਗ੍ਯ ਤਬ ਗ੍ਰੰਥ ਸੁਹਾਈ।
(ਰਾਸ ੧ ਅੰਸੂ ੫)