ਤਰ੍ਹਾਂ ਦੇ ਨਗ਼ਮੇ ਅਲਾਪਦੇ ਪਏ ਹਨ, ਪਰੰਤੂ ਸਾਨੂੰ ਉਹਨਾਂ ਪਰਿੰਦਿਆਂ ਦੀ ਭਾਸ਼ਾ ਨਹੀਂ ਸਮਝ ਆਉਂਦੀ। ਅਸੀਂ ਉਹਨਾਂ ਪਰਿੰਦਿਆਂ ਦੀ ਬੋਲੀ ਨਹੀਂ ਜਾਣਦੇ। ਧੰਨ ਬਾਬਾ ਗੁਰੂ ਅਰਜਨ ਸਾਹਿਬ ਜੀ! ਤੁਸੀਂ ਪਰਿੰਦਿਆਂ ਦੀ ਬੋਲੀ ਜਾਣਦੇ ਸੀ ਤੇ ਜਦੋਂ ਪਰਿੰਦੇ ਬੋਲੇ, ਉਹਨਾਂ ਰਾਗ ਅਲਾਪਿਆ, ਮਾਲਕ ਦੇ ਨਗਮੇ ਗਾਏ ਤਾਂ ਤੁਹਾਡੀ ਰਸਨਾ ਵਿਚੋਂ ਨਿਕਲਿਆ-
ਫਰੀਦਾ ਹਉ ਬਲਿਹਾਰੀ ਤਿਨ੍ ਪੰਖੀਆ ਜੰਗਲਿ ਜਿੰਨਾ ਵਾਸੁ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥
(ਅੰਗ ੧੩੮੩)
ਮੈਂ ਉਹਨਾਂ ਪਰਿੰਦਿਆਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਜੰਗਲ ਵਿਚ ਰਹਿੰਦੇ ਹਨ, ਨਿੱਕੇ-ਨਿੱਕੇ ਪੱਥਰ ਖਾਂਦੇ ਹਨ, ਪਰੰਤੂ ਰੱਬ ਦਾ ਪਾਸਾ ਨਹੀਂ ਛੱਡਦੇ, ਰੱਬ ਦਾ ਜ਼ਿਕਰ ਜ਼ਰੂਰ ਕਰਦੇ ਹਨ।
ਦਰਿਆ ਵਗ ਰਿਹਾ ਹੈ। ਦਰਿਆ ਦੇ ਚੜ੍ਹਦੇ ਕਿਨਾਰੇ ਇਕ ਬੜਾ ਭਾਰੀ ਸ਼ਿਕਾਰੀਆਂ ਦਾ ਜੱਥਾ ਜਿਨ੍ਹਾਂ ਕੋਲ ਭਾਂਡੇ ਹਨ, ਬੰਦੂਕਾਂ ਹਨ, ਨੇਜ਼ੇ ਹਨ, ਬਾਜ ਹਨ। ਜੀਵ-ਜੰਤੂ ਕੋਈ ਭੱਜਿਆ ਫਿਰਦਾ ਹੈ, ਕੋਈ ਜਾਨ ਬਚਾਉਂਦਾ ਹੈ। ਇਕ ਬੜਾ ਵੱਡਾ ਸ਼ੋਰ ਬਣਿਆ ਹੋਇਆ ਹੈ। ਦਰਿਆ ਦੇ ਲਹਿੰਦੇ ਕਿਨਾਰੇ ਇਕ ਬੜਾ ਸੋਹਣਾ ਸੁੰਦਰ ਸ਼ਹਿਰ ਹੈ। ਉਸ ਸ਼ਹਿਰ ਦੇ ਲਹਿੰਦੇ ਪਾਸੇ ਇਕ ਬੜਾ ਵੱਡਾ ਆਲੀਸ਼ਾਨ ਮਕਾਨ ਹੈ। ਮਕਾਨ ਦੇ ਅੰਦਰ ਇਕ ਵੱਡਾ ਸਾਰਾ ਕਮਰਾ ਹੈ। ਉਸ ਦੇ ਵਿਚ ਉੱਚਾ ਸਾਰਾ ਇਕ ਮੰਜਾ ਵਿਛਿਆ ਹੋਇਆ ਹੈ ਜਿਸ ਉੱਤੇ ਬਿਸਤਰੇ ਵਿਛੇ ਹੋਏ ਹਨ ਅਤੇ ਬਿਸਤਰਿਆਂ ਉੱਤੇ ਇਕ ਚਿੱਟੀ ਚਾਦਰ ਵਿਛੀ ਹੋਈ ਹੈ। ਉਸ ਚਾਦਰ ਦੇ ਉੱਤੇ ਰੋਗਾਂ ਦੀ ਗ੍ਰਸੀ ਹੋਈ ਇਕ ਇਸਤਰੀ ਪਈ ਹੋਈ ਹੈ। ਕਿਸੇ ਸਮੇਂ ਉਸ ਦੇ ਨੇਤਰਾਂ ਨੂੰ ਲੋਕ ਕੰਵਲ ਫੁੱਲ ਵਰਗੇ ਆਖਦੇ ਸਨ, ਪਰੰਤੂ ਅੱਜ ਉਸ ਦੀਆਂ ਅੱਖਾਂ ਡਰਾਉਣੀਆਂ ਹਨ। ਕਿਸੇ ਸਮੇਂ ਉਸ ਦੀਆਂ ਲੰਮੀਆਂ ਲੰਮੀਆਂ ਉਂਗਲਾਂ ਉਸ ਦੀ ਸੁੰਦਰਤਾ ਦੀ ਸ਼ੋਭਾ ਨੂੰ ਵਧਾਉਂਦੀਆਂ ਸਨ, ਪਰੰਤੂ ਅੱਜ ਉਸ ਦੇ ਹੱਥ ਚੁੜੇਲਾਂ ਵਰਗੇ ਜਾਪਦੇ ਸਨ। ਬਿਲਕੁਲ ਬੇਸੁਰਤ ਬਿਸਤਰੇ 'ਤੇ ਪਈ ਹੋਈ ਹੈ। ਉਹ ਪਿਆਰੇ ਪ੍ਰੀਤਮ ਦੇ ਅੰਤਲੇ ਦਰਸ਼ਨਾਂ ਲਈ ਇਸ ਬਿਸਤਰੇ 'ਤੇ ਪਈ ਪਈ ਬੜੀ ਕਮਜ਼ੋਰ ਜਿਹੀ ਆਵਾਜ਼ ਵਿਚ ਬੋਲੀ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਇਹ ਸੀ ਇਕ ਸੱਚੇ ਦਿਲ ਦੀ ਆਵਾਜ਼ ਜਿਹੜੀ ਹਵਾ ਵਿਚ ਰਲ ਗਈ। ਹਵਾ ਰਾਣੀ ਕਾਸਟ ਬਣ ਗਈ। ਸਿਪਾਹੀ ਬਣ ਗਈ। ਸੁਨੇਹੇ ਲੈ ਕੇ ਆਉਣ ਜਾਣ ਵਾਲਾ, ਪੈਗਾਮ ਲੈ ਕੇ ਆਉਣ ਜਾਣ ਵਾਲਾ ਸਿਆਣਾ ਸਿਪਾਹੀ ਬਣ ਗਈ। ਸਾਹਿਬ ਕਹਿੰਦੇ ਹਨ ਕਿ ਸੋਹਣੀ ਚਾਦਰ ਵਿੱਛੀ ਹੋਈ ਹੋਵੇ, ਸੇਜ ਚੰਗੀ ਹੋਵੇ, ਚੰਦਨ ਦੇ ਪਾਵੇ ਹੋਣ, ਚੰਦਨ ਦੀਆਂ ਬਾਹੀਆਂ ਹੋਣ, ਰੇਸ਼ਮ ਦੀ ਨਵਾਰ ਹੋਵੇ, ਠੰਢੇ ਪਾਣੀ ਦੀ ਸੁਰਾਹੀ ਚਾਂਦੀ ਦੇ ਗਿਲਾਸ ਨਾਲ ਢੱਕੀ ਹੋਈ ਹੋਵੇ, ਪੱਖਾ ਝੱਲਣ ਵਾਲਾ ੨੪ ਘੰਟੇ ਸਿਰਹਾਣੇ ਖਲੋਤਾ ਹੋਵੇ।
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ॥
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ॥
(ਅੰਗ ੧੧੦੨)
ਘਰੋਂ ਤੁਰਨ ਲੱਗਿਆਂ ਮਾਪੇ ਜਿਹੜਾ ਧੀ ਨੂੰ ਵਿਆਹ ਵਾਲਾ ਕੱਪੜਾ ਦਿੰਦੇ ਹਨ, ਉਹ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ। ਉਹ ਵੀ ਬੱਚੀ ਦੇ ਕੋਲ ਹੋਵੇ, ਸੁਹਾਗ ਜੀਊਂਦਾ ਜਾਗਦਾ ਹੋਵੇ ਤੇ ਹੋਰ ਅਨੇਕ ਕੱਪੜੇ ਹੋਣ, ਟਰੰਕਾਂ ਦੇ ਟਰੰਕ ਭਰੇ ਹੋਏ ਹੋਣ। ਖਾਣ ਪੀਣ ਦੇ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ। ਘਰ ਵਿਚ ਕਣਕ ਵੀ ਹੋਵੇ। ਕਿਸੇ ਗੱਲ ਦਾ ਕੋਈ ਘਾਟਾ ਨਾ ਹੋਵੇ ਪਰ ਗੁਰੂ ਅਰਜਨ ਦੇਵ ਸੱਚੇ ਪਾਤਿਸ਼ਾਹ ਫੁਰਮਾਂਦੇ ਹਨ ਕਿ ਜੇ ਘਾਟਾ ਹੋਵੇ ਤਾਂ ਕੇਵਲ ਇਕ ਹੀ ਹੋਵੇ ਕਿ ਪਤੀਵਰਤਾ ਇਸਤਰੀ ਦਾ ਪਤੀ ਘਰ ਨਾ ਹੋਵੇ। ਉਹ ਕਿਤੇ ਬਾਹਰ ਪ੍ਰਦੇਸ ਵਿਚ ਗਿਆ ਹੋਵੇ। ਉਸ ਦੇ ਵਿਛੋੜੇ ਵਿਚ ਬਿਹਬਲ ਹੋਈ ਪਤੀਵਰਤਾ ਇਸਤਰੀ ਇਸ ਚੰਗੇ ਘਰ ਨੂੰ, ਭਰੇ ਹੋਏ ਘਰ ਨੂੰ, ਸੋਹਣਿਆਂ ਕੱਪੜਿਆਂ ਨੂੰ, ਸੋਹਣਿਆਂ ਬਿਸਤਰਿਆਂ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ। ਜੇ ਪਤੀ ਘਰ ਨਹੀਂ ਤਾਂ ਪਤਨੀ ਲਈ ਇਹ ਸਾਰੀਆਂ ਚੀਜ਼ਾਂ ਅੱਗ ਦੇ ਕੋਲੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ-
ਨਾਨਕ ਤਿਨਾ ਬਸੰਤੁ ਹੈ ਜਿਨ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ॥
(ਅੰਗ ੭੯੧)
ਉਹ ਦਿਨ ਰਾਤ ਸੜਦੀਆਂ ਭੁੱਜਦੀਆਂ ਰੋਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਮਾਲਕ ਘਰ ਨਾ ਹੋਵੇ।
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ॥
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗੜਿ ਧੂੜਿ ਲੁਤੇ॥
ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ॥
ਗੁਰੁ ਨਾਨਕੁ ਦੇਖਿ ਬਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥
(ਅੰਗ ੪੫੨)
ਜਿਵੇਂ ਸਿੱਖ ਗੁਰੂ ਨੂੰ ਮਿਲ ਕੇ ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤ ਮਾਂ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ, ਇਸੇ ਤਰ੍ਹਾਂ ਪਤੀਵਰਤਾ ਇਸਤਰੀ ਉਸ ਦਿਨ ਪ੍ਰਸੰਨ ਹੁੰਦੀ ਹੈ ਜਿਸ ਦਿਨ ਪ੍ਰਦੇਸ ਗਿਆ ਹੋਇਆ ਉਸ ਦਾ ਸੁਹਾਗ, ਉਸ ਦੇ ਸਿਰ ਦਾ ਸਾਈਂ ਘਰ ਵਿਚ ਆ ਜਾਏ ਤਾਂ ਉਸ ਦੇ ਲਈ ਘਰ ਵੱਸ ਜਾਂਦਾ ਹੈ।
ਮਾਤਾ ਸੁਲਖਣੀ ਦਾ ਜੀਵਨ ਪੜ੍ਹਿਉ। ਪ੍ਰਭਾਤ ਵੇਲਾ ਹੈ। ਸ੍ਰੀ ਚੰਦ ਤੇ ਲਖਮੀ ਦਾਸ ਜਾਗ ਪਏ ਹਨ। ਚੀਖ਼ ਮਾਰ ਕੇ ਆਵਾਜ਼ ਮਾਰੀ ਭੂਆ ਜੀ। ਕਿੰਨਾ ਪਿਆਰਾ ਸ਼ਬਦ ਹੈ ਭੂਆ ਜੀ, ਪਰੰਤੂ ਸਾਡੀ ਕਿੰਨੀ ਬਦਕਿਸਮਤੀ ਹੈ ਕਿ ਅਸੀਂ ਲੋਕ ਨਕਲਾਂ ਕਰਨ ਲੱਗੇ ਪਏ ਹਾਂ। ਪੰਜਾਬੀ ਵਿਚ ਮਾਂ ਲਈ ਸ਼ਬਦ ਵੱਖਰਾ ਹੈ, ਮਾਸੀ ਲਈ ਵੱਖਰਾ ਹੈ, ਭੂਆ ਲਈ ਵੱਖਰਾ ਹੈ, ਤਾਈ ਲਈ ਵੱਖਰਾ ਹੈ ਪਰੰਤੂ ਹੁਣ ਸਾਰਿਆਂ ਲਈ ਆਂਟੀ ਹੀ ਹੈ। ਪਿਉ ਕਹਿੰਦਾ ਹੈ ਕਿ ਮੈਨੂੰ ਪਿਤਾ ਨਾ ਕਹੀਂ। ਮਾਂ ਕਹਿੰਦੀ ਹੈ ਕਿ ਮੈਨੂੰ ਮਾਂ ਨਾ ਕਹੀਂ। ਪਿਉ ਕਹਿੰਦਾ ਹੈ ਕਿ ਮੈਨੂੰ ਡੈਡੀ ਕਹਿ। ਮਾਂ ਕਹਿੰਦੀ ਹੈ ਕਿ ਮੈਨੂੰ ਮੰਮੀ ਕਹਿ। ਅਸੀਂ ਨਕਲ ਕਰਨ ਲੱਗ ਪੈਂਦੇ ਹਾਂ ਅਤੇ ਆਪਣੀ ਸੰਸਕ੍ਰਿਤੀ ਵੱਲ ਨਹੀਂ ਦੇਖਦੇ। ਆਪਣੀ ਰਹਿਤ ਮਰਿਆਦਾ ਵੱਲ ਨਹੀਂ ਦੇਖਦੇ। ਆਪਣੇ ਬਜ਼ੁਰਗਾਂ ਦੇ ਪੁਰਾਣੇ ਜੀਵਨ ਵੱਲ ਨਹੀਂ ਦੇਖਦੇ ਕਿ ਉਹਨਾਂ ਨੇ ਇਸ ਜੀਵਨ ਵਾਸਤੇ ਕਿੰਨੀ ਕੁ ਘਾਲ ਘਾਲੀ ਹੈ। ਸਾਨੂੰ ਨਕਲ ਨਹੀਂ ਕਰਨੀ ਚਾਹੀਦੀ। ਸਾਡਾ ਆਪਣਾ ਖ਼ਜ਼ਾਨਾ ਬੜਾ ਅਮੀਰ ਹੈ।
ਮੈਂ ਪਤੀਵਰਤਾ ਇਸਤਰੀ ਦੇ ਸਬੰਧ ਵਿਚ ਅਰਜ਼ ਕਰ ਰਿਹਾ ਸੀ। ਪਤੀਵਰਤਾ ਇਸਤਰੀ ਆਪਣੇ ਪਤੀ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੀ ਹੈ। ਜਿਸ ਵੇਲੇ ਸ਼ਿਕਾਰੀਆਂ ਦੇ ਜੱਥੇ ਦੇ ਜੱਥੇਦਾਰ ਨੇ ਹਵਾ ਰਾਣੀ ਦੀ ਆਵਾਜ਼ ਸੁਣੀ ਤੇ
ਹੁਕਮ ਦੇ ਦਿੱਤਾ ਕਿ ਸ਼ਿਕਾਰ ਬੰਦ ਕਰ ਦਿਉ। ਜਾਲ ਇਕੱਠੇ ਕਰ ਲਉ। ਕੁੱਤਿਆਂ ਨੂੰ ਡੋਰਾਂ ਪਾ ਲਉ। ਸ਼ਿਕਾਰ ਨਹੀਂ ਖੇਡਿਆ ਜਾਏਗਾ। ਹੁਕਮ 'ਤੇ ਅਮਲ ਕੀਤਾ ਗਿਆ। ਸਾਰਾ ਸਾਮਾਨ ਲਪੇਟ ਲਿਆ ਗਿਆ। ਦਰਿਆ ਦੇ ਕੰਢੇ ਪਹੁੰਚ ਗਏ। ਬੇੜੀਆਂ ਆ ਗਈਆਂ। ਸਾਮਾਨ ਲੱਦ ਲਿਆ ਗਿਆ। ਸ਼ਿਕਾਰੀ ਬੜੀਆਂ ਵਿਚ ਬੈਠ ਕੇ ਤੁਰੀ ਜਾ ਰਹੇ ਹਨ। ਬੇੜੀਆਂ ਵਿਚ ਕੀਰਤਨ ਹੋ ਰਿਹਾ ਹੈ। ਵਾਹਿਗੁਰੂ ਕ੍ਰਿਪਾ ਕਰੇ, ਸਿੱਖਾ ! ਤੈਨੂੰ ਕੰਮ ਕਰਦਿਆਂ ਹਰ ਵੇਲੇ ਬਾਣੀ ਚੇਤੇ ਰਹੇ। ਤੈਨੂੰ ਸਤਿਨਾਮ ਵਾਹਿਗੁਰੂ ਚੇਤੇ ਰਹੇ। ਤੇਰੇ ਜੀਵਨ ਵਿਚੋਂ ਖ਼ੁਸ਼ਬੂ ਆਵੇ। ਜਿਹੜੇ ਬਾਜ਼ਾਰ ਵਿਚੋਂ ਤੂੰ ਲੰਘੇ, ਲੋਕੀਂ ਉੱਠ ਕੇ ਖੜੇ ਹੋ ਜਾਣ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਰਿਹਾ ਹੈ। ਅਜਿਹੀ ਆਪਣੀ ਜ਼ਿੰਦਗੀ ਬਣਾ। ਬੇੜੀਆਂ ਤੈਰਦੀਆਂ ਜਾ ਰਹੀਆਂ ਹਨ। ਵਿਚ ਬੈਠੇ ਹੋਏ ਅਲਬੇਲੇ ਸ਼ਿਕਾਰੀ ਆਪਣੇ ਪਿਆਰੇ ਦੇ ਰੰਗ ਵਿਚ ਰੰਗੇ ਹੋਏ ਪੜ੍ਹ ਰਹੇ ਹਨ-
ਦੀਨ ਦਇਆਲ ਭਰੋਸੇ ਤੇਰੇ॥
ਸਭੁ ਪਰਵਾਰੁ ਚੜਾਇਆ ਬੇੜੇ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ॥
ਇਸ ਬੇੜੇ ਕਉ ਪਾਰਿ ਲੰਘਾਵੈ॥
(ਅੰਗ ੩੩੭)
ਬੇੜੀਆਂ ਕਿਨਾਰੇ ਆ ਗਈਆਂ। ਅਲਬੇਲੇ ਸ਼ਿਕਾਰੀ ਉਤਰ ਗਏ। ਦੂਜੇ ਪਾਸੇ ਦੇ ਸੇਵਾਦਾਰ ਆ ਗਏ। ਘੋੜੇ ਸਾਂਭ ਲਏ। ਸਾਮਾਨ ਸਾਂਭ ਲਏ। ਆਪੋ ਆਪਣੇ ਕੰਮਾਂ ਉੱਤੇ ਜਾਣ ਲੱਗੇ। ਸ਼ਿਕਾਰੀਆਂ ਦੇ ਜੱਥੇ ਦਾ ਅਲਬੇਲਾ ਸ਼ਿਕਾਰੀ ਜਿਸ ਦੀ ਲੀਲਾ ਕਥਨ ਨਹੀਂ ਕੀਤੀ ਜਾ ਸਕਦੀ, ਉਹ ਗਲੀਆਂ ਦੇ ਮੋੜ ਕੱਟਦਾ ਹੋਇਆ, ਠੁੰਮਕ ਠੁੰਮਕ ਤੁਰ ਕੇ ਧਰਤੀ ਨੂੰ ਕਿਰਤਾਰਥ ਕਰਦਾ ਹੋਇਆ ਉਸ ਮਕਾਨ ਦੇ ਵੱਡੇ ਦਰਵਾਜ਼ੇ ਅੱਗੇ ਪਹੁੰਚ ਗਿਆ ਜਿਸ ਵਿਚੋਂ ਆਵਾਜ਼ ਆ ਰਹੀ ਸੀ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਦਰਵਾਜ਼ਾ ਖੜਕਾਇਆ। ਦਾਸੀ ਆਈ ਤੇ ਦਰਵਾਜ਼ਾ ਖੋਲ੍ਹਿਆ। ਅੰਦਰ ਚਲੇ ਗਏ। ਵੱਡੇ ਕਮਰੇ ਵਿਚ ਪਲੰਘ ਉਤੇ ਦੁੱਖਾਂ ਨਾਲ ਗ੍ਰਸੀ ਹੋਈ ਇਕ ਬੀਬੀ
ਆਪਣੇ ਜ਼ਿੰਦਗੀ ਦੇ ਅਖੀਰਲੇ ਸਾਹ ਗਿਣ ਰਹੀ ਸੀ। ਸਰਦਾਰ ਉਸ ਦਰਵਾਜ਼ੇ ਦੇ ਅੱਗੇ ਚਲੇ ਗਏ। ਉਸ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਦੇਖਿਆ।
ਜੀਵ ਜੰਤੂਆਂ ਦੀ ਕਲਿਆਣ ਕਰਨ ਵਾਲੇ ਅਲਬੇਲੇ ਸ਼ਿਕਾਰੀ ਬੀਬੀ ਕੌਲਾਂ ਦੇ ਵੱਡੇ ਦਰਵਾਜ਼ੇ ਅੱਗੇ ਜਾ ਕੇ ਖੜੇ ਹੋ ਗਏ। ਕਮਰੇ ਦੇ ਅੰਦਰ ਚਲੇ ਗਏ। ਕੌਲਾਂ ਨੇ ਕਮਲ ਫੁੱਲ ਵਰਗੀਆਂ ਅੱਖਾਂ ਨਾਲ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਸਾਹਿਬਾਂ ਨੂੰ ਮੁਹੱਬਤ ਨਾਲ ਦੇਖਿਆ। ਕੌਲਾਂ ਨੇ ਚਾਹਿਆ ਕਿ ਮੈਂ ਉੱਠਾਂ, ਹਿੰਮਤ ਕਰਾਂ, ਹੱਥ ਜੋੜਾਂ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਉੱਤੇ ਮੱਥਾ ਟੇਕਾਂ, ਪਰੰਤੂ ਕਮਜ਼ੋਰੀ ਇੰਨੀ ਸੀ ਕਿ ਕੌਲਾਂ ਕੋਲੋਂ ਉੱਠਿਆ ਨਾ ਗਿਆ। ਫਿਰ ਕੌਲਾਂ ਨੇ ਚਾਹਿਆ ਕਿ ਮੈਂ ਚਾਰ ਚੰਗੇ ਸ਼ਬਦ ਬੋਲ ਕੇ ਹਜ਼ੂਰ ਦਾ ਸਨਮਾਨ ਕਰਾਂ।
ਕੌਲਾਂ ਦੀ ਮਜਬੂਰੀ ਦੇਖ ਕੇ ਅੰਤਰਜਾਮੀ ਸਤਿਗੁਰੂ ਮੰਜੇ ਦੇ ਕੋਲ ਚਲੇ ਗਏ। ਕ੍ਰਿਪਾ ਦ੍ਰਿਸ਼ਟੀ ਨਾਲ ਕੌਲਾਂ ਨੂੰ ਦੇਖਿਆ ਅਤੇ ਉਸ ਨੂੰ ਹੌਸਲਾ ਦਿੱਤਾ। ਕੌਲਾਂ ਨੇ ਬੜੇ ਪਿਆਰ ਨਾਲ ਆਪਣੀਆਂ ਉਂਗਲੀਆਂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਉੱਤੇ ਫੇਰੀਆਂ। ਕੌਲਾਂ ਦੇ ਨੇਤਰਾਂ ਵਿਚੋਂ ਧਾਰ ਵਹਿ ਤੁਰੀ।
ਰੋਂਦੀ ਹੋਈ ਕੌਲਾਂ ਨੇ ਮੂੰਹੋਂ ਬਚਨ ਉਚਾਰਨ ਕੀਤਾ-ਮੇਰੇ ਪਿਆਰੇ ਹਰਿਗੋਬਿੰਦ ਜੀ! ਤੁਸੀਂ ਮੇਰੇ ਅੰਦਰ ਦੀਆਂ ਗੱਲਾਂ ਜਾਣਦੇ ਹੋ। ਜਦੋਂ ਮੈਂ ਸਾਈਂ ਮੀਆਂ ਮੀਰ ਕੋਲ ਹੁੰਦੀ ਸੀ ਤਾਂ ਤੁਹਾਡੀ ਤੇ ਸਾਈਂ ਮੀਆਂ ਮੀਰ ਜੀ ਦੀ ਮੁਲਾਕਾਤ ਹੁੰਦੀ ਸੀ। ਉਸ ਦਿਨ ਦੀ ਤੁਹਾਡੀ ਪਾਵਨ ਮੂਰਤੀ ਮੇਰੇ ਨੇਤਰਾਂ ਦੇ ਦਰਵਾਜ਼ਿਆਂ ਵਿਚੋਂ ਦੀ ਲੰਘ ਕੇ ਅੰਦਰ ਵੱਸ ਗਈ। ਮੈਂ ਤੁਹਾਨੂੰ ਆਪਣੀ ਹਾਲਤ ਕੀ ਸਮਝਾਵਾਂ, ਤੁਸੀਂ ਤਾਂ ਅੰਤਰਜਾਮੀ ਹੋ। ਮੇਰੇ ਉੱਤੇ ਕੁਦਰਤ ਡੁਲ੍ਹ ਪਈ। ਮੈਨੂੰ ਬ੍ਰਾਹਮਣਾਂ ਦੇ ਘਰ ਜਨਮ ਦੇ ਦਿੱਤਾ। ਮੇਰਾ ਕੱਦ-ਕਾਠ ਬੜਾ ਸੁੰਦਰ ਬਣਾ ਦਿੱਤਾ। ਮੈਂ ਆਪਣੇ ਹਾਣ ਦੀਆਂ ਕੁੜੀਆਂ ਵਿਚ ਖੇਡਦੀ ਸੀ ਕਿ ਇਕ ਦਿਨ ਮੁਗ਼ਲਾਂ ਦੇ ਸਿਪਾਹੀ ਆਏ ਅਤੇ ਉਹਨਾਂ ਨੇ ਮੈਨੂੰ ਫੜ ਕੇ ਇਕ ਮੁਲਾਣੇ ਦੇ ਹਵਾਲੇ ਕਰ ਦਿੱਤਾ।
ਗ਼ਰੀਬ ਨਿਵਾਜ਼ ! ਮੈਨੂੰ ਪਤਾ ਕੋਈ ਨਾ ਲੱਗਾ ਅਤੇ ਮੈਂ ਇਕ ਕਸਾਈ ਦੇ ਪੰਜੇ ਵਿਚ ਫੱਸ ਗਈ। ਜਵਾਨੀ ਆਈ, ਨੇਕੀ-ਬਦੀ ਦਾ ਪਤਾ ਲੱਗਾ। ਉਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਇਸਤਰੀ-ਧਰਮ ਖ਼ਤਰੇ ਵਿਚ ਹੈ। ਮੈਂ ਹਿੰਦੁਸਤਾਨ