ਹੁਕਮ ਦੇ ਦਿੱਤਾ ਕਿ ਸ਼ਿਕਾਰ ਬੰਦ ਕਰ ਦਿਉ। ਜਾਲ ਇਕੱਠੇ ਕਰ ਲਉ। ਕੁੱਤਿਆਂ ਨੂੰ ਡੋਰਾਂ ਪਾ ਲਉ। ਸ਼ਿਕਾਰ ਨਹੀਂ ਖੇਡਿਆ ਜਾਏਗਾ। ਹੁਕਮ 'ਤੇ ਅਮਲ ਕੀਤਾ ਗਿਆ। ਸਾਰਾ ਸਾਮਾਨ ਲਪੇਟ ਲਿਆ ਗਿਆ। ਦਰਿਆ ਦੇ ਕੰਢੇ ਪਹੁੰਚ ਗਏ। ਬੇੜੀਆਂ ਆ ਗਈਆਂ। ਸਾਮਾਨ ਲੱਦ ਲਿਆ ਗਿਆ। ਸ਼ਿਕਾਰੀ ਬੜੀਆਂ ਵਿਚ ਬੈਠ ਕੇ ਤੁਰੀ ਜਾ ਰਹੇ ਹਨ। ਬੇੜੀਆਂ ਵਿਚ ਕੀਰਤਨ ਹੋ ਰਿਹਾ ਹੈ। ਵਾਹਿਗੁਰੂ ਕ੍ਰਿਪਾ ਕਰੇ, ਸਿੱਖਾ ! ਤੈਨੂੰ ਕੰਮ ਕਰਦਿਆਂ ਹਰ ਵੇਲੇ ਬਾਣੀ ਚੇਤੇ ਰਹੇ। ਤੈਨੂੰ ਸਤਿਨਾਮ ਵਾਹਿਗੁਰੂ ਚੇਤੇ ਰਹੇ। ਤੇਰੇ ਜੀਵਨ ਵਿਚੋਂ ਖ਼ੁਸ਼ਬੂ ਆਵੇ। ਜਿਹੜੇ ਬਾਜ਼ਾਰ ਵਿਚੋਂ ਤੂੰ ਲੰਘੇ, ਲੋਕੀਂ ਉੱਠ ਕੇ ਖੜੇ ਹੋ ਜਾਣ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਰਿਹਾ ਹੈ। ਅਜਿਹੀ ਆਪਣੀ ਜ਼ਿੰਦਗੀ ਬਣਾ। ਬੇੜੀਆਂ ਤੈਰਦੀਆਂ ਜਾ ਰਹੀਆਂ ਹਨ। ਵਿਚ ਬੈਠੇ ਹੋਏ ਅਲਬੇਲੇ ਸ਼ਿਕਾਰੀ ਆਪਣੇ ਪਿਆਰੇ ਦੇ ਰੰਗ ਵਿਚ ਰੰਗੇ ਹੋਏ ਪੜ੍ਹ ਰਹੇ ਹਨ-
ਦੀਨ ਦਇਆਲ ਭਰੋਸੇ ਤੇਰੇ॥
ਸਭੁ ਪਰਵਾਰੁ ਚੜਾਇਆ ਬੇੜੇ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ॥
ਇਸ ਬੇੜੇ ਕਉ ਪਾਰਿ ਲੰਘਾਵੈ॥
(ਅੰਗ ੩੩੭)
ਬੇੜੀਆਂ ਕਿਨਾਰੇ ਆ ਗਈਆਂ। ਅਲਬੇਲੇ ਸ਼ਿਕਾਰੀ ਉਤਰ ਗਏ। ਦੂਜੇ ਪਾਸੇ ਦੇ ਸੇਵਾਦਾਰ ਆ ਗਏ। ਘੋੜੇ ਸਾਂਭ ਲਏ। ਸਾਮਾਨ ਸਾਂਭ ਲਏ। ਆਪੋ ਆਪਣੇ ਕੰਮਾਂ ਉੱਤੇ ਜਾਣ ਲੱਗੇ। ਸ਼ਿਕਾਰੀਆਂ ਦੇ ਜੱਥੇ ਦਾ ਅਲਬੇਲਾ ਸ਼ਿਕਾਰੀ ਜਿਸ ਦੀ ਲੀਲਾ ਕਥਨ ਨਹੀਂ ਕੀਤੀ ਜਾ ਸਕਦੀ, ਉਹ ਗਲੀਆਂ ਦੇ ਮੋੜ ਕੱਟਦਾ ਹੋਇਆ, ਠੁੰਮਕ ਠੁੰਮਕ ਤੁਰ ਕੇ ਧਰਤੀ ਨੂੰ ਕਿਰਤਾਰਥ ਕਰਦਾ ਹੋਇਆ ਉਸ ਮਕਾਨ ਦੇ ਵੱਡੇ ਦਰਵਾਜ਼ੇ ਅੱਗੇ ਪਹੁੰਚ ਗਿਆ ਜਿਸ ਵਿਚੋਂ ਆਵਾਜ਼ ਆ ਰਹੀ ਸੀ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਦਰਵਾਜ਼ਾ ਖੜਕਾਇਆ। ਦਾਸੀ ਆਈ ਤੇ ਦਰਵਾਜ਼ਾ ਖੋਲ੍ਹਿਆ। ਅੰਦਰ ਚਲੇ ਗਏ। ਵੱਡੇ ਕਮਰੇ ਵਿਚ ਪਲੰਘ ਉਤੇ ਦੁੱਖਾਂ ਨਾਲ ਗ੍ਰਸੀ ਹੋਈ ਇਕ ਬੀਬੀ
ਆਪਣੇ ਜ਼ਿੰਦਗੀ ਦੇ ਅਖੀਰਲੇ ਸਾਹ ਗਿਣ ਰਹੀ ਸੀ। ਸਰਦਾਰ ਉਸ ਦਰਵਾਜ਼ੇ ਦੇ ਅੱਗੇ ਚਲੇ ਗਏ। ਉਸ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਦੇਖਿਆ।
ਜੀਵ ਜੰਤੂਆਂ ਦੀ ਕਲਿਆਣ ਕਰਨ ਵਾਲੇ ਅਲਬੇਲੇ ਸ਼ਿਕਾਰੀ ਬੀਬੀ ਕੌਲਾਂ ਦੇ ਵੱਡੇ ਦਰਵਾਜ਼ੇ ਅੱਗੇ ਜਾ ਕੇ ਖੜੇ ਹੋ ਗਏ। ਕਮਰੇ ਦੇ ਅੰਦਰ ਚਲੇ ਗਏ। ਕੌਲਾਂ ਨੇ ਕਮਲ ਫੁੱਲ ਵਰਗੀਆਂ ਅੱਖਾਂ ਨਾਲ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਸਾਹਿਬਾਂ ਨੂੰ ਮੁਹੱਬਤ ਨਾਲ ਦੇਖਿਆ। ਕੌਲਾਂ ਨੇ ਚਾਹਿਆ ਕਿ ਮੈਂ ਉੱਠਾਂ, ਹਿੰਮਤ ਕਰਾਂ, ਹੱਥ ਜੋੜਾਂ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਉੱਤੇ ਮੱਥਾ ਟੇਕਾਂ, ਪਰੰਤੂ ਕਮਜ਼ੋਰੀ ਇੰਨੀ ਸੀ ਕਿ ਕੌਲਾਂ ਕੋਲੋਂ ਉੱਠਿਆ ਨਾ ਗਿਆ। ਫਿਰ ਕੌਲਾਂ ਨੇ ਚਾਹਿਆ ਕਿ ਮੈਂ ਚਾਰ ਚੰਗੇ ਸ਼ਬਦ ਬੋਲ ਕੇ ਹਜ਼ੂਰ ਦਾ ਸਨਮਾਨ ਕਰਾਂ।
ਕੌਲਾਂ ਦੀ ਮਜਬੂਰੀ ਦੇਖ ਕੇ ਅੰਤਰਜਾਮੀ ਸਤਿਗੁਰੂ ਮੰਜੇ ਦੇ ਕੋਲ ਚਲੇ ਗਏ। ਕ੍ਰਿਪਾ ਦ੍ਰਿਸ਼ਟੀ ਨਾਲ ਕੌਲਾਂ ਨੂੰ ਦੇਖਿਆ ਅਤੇ ਉਸ ਨੂੰ ਹੌਸਲਾ ਦਿੱਤਾ। ਕੌਲਾਂ ਨੇ ਬੜੇ ਪਿਆਰ ਨਾਲ ਆਪਣੀਆਂ ਉਂਗਲੀਆਂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਉੱਤੇ ਫੇਰੀਆਂ। ਕੌਲਾਂ ਦੇ ਨੇਤਰਾਂ ਵਿਚੋਂ ਧਾਰ ਵਹਿ ਤੁਰੀ।
ਰੋਂਦੀ ਹੋਈ ਕੌਲਾਂ ਨੇ ਮੂੰਹੋਂ ਬਚਨ ਉਚਾਰਨ ਕੀਤਾ-ਮੇਰੇ ਪਿਆਰੇ ਹਰਿਗੋਬਿੰਦ ਜੀ! ਤੁਸੀਂ ਮੇਰੇ ਅੰਦਰ ਦੀਆਂ ਗੱਲਾਂ ਜਾਣਦੇ ਹੋ। ਜਦੋਂ ਮੈਂ ਸਾਈਂ ਮੀਆਂ ਮੀਰ ਕੋਲ ਹੁੰਦੀ ਸੀ ਤਾਂ ਤੁਹਾਡੀ ਤੇ ਸਾਈਂ ਮੀਆਂ ਮੀਰ ਜੀ ਦੀ ਮੁਲਾਕਾਤ ਹੁੰਦੀ ਸੀ। ਉਸ ਦਿਨ ਦੀ ਤੁਹਾਡੀ ਪਾਵਨ ਮੂਰਤੀ ਮੇਰੇ ਨੇਤਰਾਂ ਦੇ ਦਰਵਾਜ਼ਿਆਂ ਵਿਚੋਂ ਦੀ ਲੰਘ ਕੇ ਅੰਦਰ ਵੱਸ ਗਈ। ਮੈਂ ਤੁਹਾਨੂੰ ਆਪਣੀ ਹਾਲਤ ਕੀ ਸਮਝਾਵਾਂ, ਤੁਸੀਂ ਤਾਂ ਅੰਤਰਜਾਮੀ ਹੋ। ਮੇਰੇ ਉੱਤੇ ਕੁਦਰਤ ਡੁਲ੍ਹ ਪਈ। ਮੈਨੂੰ ਬ੍ਰਾਹਮਣਾਂ ਦੇ ਘਰ ਜਨਮ ਦੇ ਦਿੱਤਾ। ਮੇਰਾ ਕੱਦ-ਕਾਠ ਬੜਾ ਸੁੰਦਰ ਬਣਾ ਦਿੱਤਾ। ਮੈਂ ਆਪਣੇ ਹਾਣ ਦੀਆਂ ਕੁੜੀਆਂ ਵਿਚ ਖੇਡਦੀ ਸੀ ਕਿ ਇਕ ਦਿਨ ਮੁਗ਼ਲਾਂ ਦੇ ਸਿਪਾਹੀ ਆਏ ਅਤੇ ਉਹਨਾਂ ਨੇ ਮੈਨੂੰ ਫੜ ਕੇ ਇਕ ਮੁਲਾਣੇ ਦੇ ਹਵਾਲੇ ਕਰ ਦਿੱਤਾ।
ਗ਼ਰੀਬ ਨਿਵਾਜ਼ ! ਮੈਨੂੰ ਪਤਾ ਕੋਈ ਨਾ ਲੱਗਾ ਅਤੇ ਮੈਂ ਇਕ ਕਸਾਈ ਦੇ ਪੰਜੇ ਵਿਚ ਫੱਸ ਗਈ। ਜਵਾਨੀ ਆਈ, ਨੇਕੀ-ਬਦੀ ਦਾ ਪਤਾ ਲੱਗਾ। ਉਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਇਸਤਰੀ-ਧਰਮ ਖ਼ਤਰੇ ਵਿਚ ਹੈ। ਮੈਂ ਹਿੰਦੁਸਤਾਨ
ਦੇ ਵੱਡੇ ਵੱਡੇ ਯੋਧੇ ਵੰਗਾਰੇ, ਪਰੰਤੂ ਗ਼ਰੀਬ ਨਿਵਾਜ ! ਮੇਰੀ ਲਾਜ ਬਚਾਣ ਲਈ ਕੋਈ ਨਾ ਪਹੁੰਚਿਆ। ਸਤਿਗੁਰੂ ਜੀ ! ਫਿਰ ਮੈਂ ਪੀਰ ਫ਼ਕੀਰ ਮਨਾਏ। ਮੈਂ ਦੇਵੀਆਂ ਦੇਵਤੇ ਪੂਜੇ, ਪਰੰਤੂ ਮੇਰੇ ਇਸਤਰੀ-ਧਰਮ ਨੂੰ ਬਚਾਉਣ ਲਈ ਕੋਈ ਨਾ ਪਹੁੰਚਿਆ। ਸਤਿਗੁਰੂ ਜੀ ! ਜਦੋਂ ਮੈਂ ਚਾਰ ਚੁਫੇਰਿਉਂ ਨਿਰਾਸ਼ ਹੋ ਗਈ ਤਾਂ ਮੇਰੀ ਦਾਸੀ, ਜਿਹੜੀ ਮੈਨੂੰ ਪ੍ਰਸ਼ਾਦ ਪਾਣੀ ਛਕਾਉਂਦੀ ਸੀ, ਉਸ ਦੇ ਹੱਥ ਮੈਂ ਇਕ ਨਿੱਕਾ ਜਿਹਾ ਰੁੱਕਾ ਲਿਖ ਕੇ ਤੁਹਾਡੇ ਵੱਲ ਭੇਜਿਆ। ਤੁਸੀਂ ਰੁੱਕਾ ਪੜ੍ਹਦਿਆਂ ਸਾਰ ਆਪਣੇ ਜਾਂਬਾਜ਼ ਸਿਪਾਹੀ ਲੈ ਕੇ ਹਮਲਾ ਕਰ ਦਿੱਤਾ। ਮੁਲਾਣਿਆਂ ਨੂੰ ਭਾਜੜ ਪੈ ਗਈ।
ਅੰਤਰਜਾਮੀ ਗੁਰੂ ਜੀ ! ਤੁਸੀਂ ਮੇਰਾ ਧਰਮ ਬਚਾਅ ਲਿਆ। ਇਸ ਸੰਸਾਰ ਵਿਚ ਤੁਹਾਡੇ ਬਿਨਾਂ ਮੇਰਾ ਕੋਈ ਨਹੀਂ। ਜਦੋਂ ਮੇਰਾ ਅੰਤ ਵੇਲਾ ਆਵੇ, ਗ਼ਰੀਬ ਨਿਵਾਜ ! ਉਸ ਵੇਲੇ ਆਪਣੀ ਇਸ ਦਾਸੀ ਨੂੰ ਆਪ ਦਰਸ਼ਨ ਜ਼ਰੂਰ ਦੇਣਾ। ਗੁਣਾਂ ਦੀ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਪ੍ਰਸੰਨ ਹੋ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੌਲਾਂ ਨੂੰ ਨਿਹਾਲ ਕਰ ਦਿੱਤਾ।
ਗ਼ਰੀਬ ਨਿਵਾਜ ਗੁਰੂ ਦੀ ਸੰਗਤ ਜੀ ! ਤੁਸੀਂ ਧੰਨ ਹੋ। ਤੁਸਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਜਦੋਂ ਪਿਉ ਜ਼ਰਾ ਕੁ ਘੂਰੀ ਵੱਟੇ, ਚਪੇੜ ਮਾਰੇ ਤਾਂ ਬੱਚਾ ਮਾਂ ਨੂੰ ਜਾ ਚੰਬੜਦਾ ਹੈ। ਜਦੋਂ ਕੋਈ ਜ਼ਰਾ ਜਿੰਨੀ ਬਿਪਤਾ ਬੱਚੇ ਨੂੰ ਬਣਦੀ ਹੈ ਤਾਂ ਉਹ ਝੱਟ ਮਾਂ ਕੋਲ ਚਲਿਆ ਜਾਂਦਾ ਹੈ। ਕਿਸੇ ਗੱਲੋਂ ਜਿੱਦੇ ਪੈ ਜਾਏ, ਤਾਂ ਮਾਂ ਉਸ ਨੂੰ ਚਪੇੜਾਂ ਮਾਰਦੀ ਹੈ, ਪਰ ਚੰਮੜਦਾ ਫਿਰ ਵੀ ਮਾਂ ਦੇ ਨਾਲ ਹੀ ਹੈ। ਇੰਨੀ ਪਿਆਰੀ ਚੀਜ਼ ਹੈ ਮਾਂ। ਪਰੰਤੂ ਉਹੀ ਬੱਚਾ ਜਿਸ ਵੇਲੇ ੨੫ ਸਾਲ ਦਾ ਹੋਇਆ ਤਾਂ ਚਾਰ ਫੇਰੇ ਲੈ ਕੇ ਉਸ ਨੇ ਇਕ ਨਵਾਂ ਰਿਸ਼ਤਾ ਬਣਾ ਲਿਆ। ਜਿਸ ਦੇ ਨਾਲ ਚਾਰ ਫੇਰੇ ਲਏ ਸਨ, ਤਿੰਨਾਂ ਮਹੀਨਿਆਂ ਬਾਅਦ ਉਸ ਦੇ ਵੱਲ ਹੋ ਕੇ ਮਾਂ ਨੂੰ ਭੁੱਲ ਗਿਆ ਅਤੇ ਮਾਂ ਦੇ ਸਾਹਮਣੇ ਡੱਟ ਗਿਆ। ਕਹਿੰਦਾ ਹੈ ਕਿ ਤੇਰੀ ਮੇਰੀ ਨਹੀਂ ਨਿਭਣੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ-
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ॥
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ॥
(ਅੰਗ ੬੩੪)
ਅੰਤ ਵੇਲੇ ਨਾ ਮਾਂ ਬਣੀ, ਨਾ ਪਿਉ ਬਣਿਆ, ਨਾ ਮਿੱਤਰ ਬਣਿਆ।
ਸਤਿਗੁਰੂ ਸਾਡੇ ਸਾਰਿਆਂ 'ਤੇ ਕ੍ਰਿਪਾ ਕਰਨ। ਅਸੀਂ ਵੱਧ ਤੋਂ ਵੱਧ ਗੁਰਦੁਆਰੇ ਜਾਇਆ ਕਰੀਏ। ਗੁਰੂ ਦੇ ਚਰਨਾਂ ਨਾਲ ਜੁੜੀਏ। ਅੰਮ੍ਰਿਤਪਾਨ ਕਰੀਏ। ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲੀਏ। ਕਦੀ ਕੋਈ ਅਜਿਹਾ ਕੰਮ ਨਾ ਕਰੀਏ ਕਿ ਜਿਸ ਨਾਲ ਗੁਰੂ ਦੀ ਸਾਡੇ ਵੱਲ ਪਿੱਠ ਹੋ ਜਾਏ। ਸਾਧ ਸੰਗਤ ਜੀ! ਮੇਰੇ ਕੋਲੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਉਹ ਭੁੱਲਾਂ ਮੇਰੀਆਂ ਜਾਣ ਕੇ ਮੈਨੂੰ ਮਾਫ਼ ਕਰ ਦੇਣੀਆਂ। ਬਚਨ ਗੁਰੂ ਦਾ ਜਾਣ ਕੇ ਉਸ ਨੂੰ ਹਿਰਦੇ ਦੇ ਅੰਦਰ ਵਸਾਉਣਾ ਤਾਂ ਜੋ ਮੇਰਾ ਅਤੇ ਤੁਹਾਡਾ ਸਮਾਂ ਲੇਖੇ ਵਿਚ ਲੱਗ ਜਾਏ ਅਤੇ ਅਸੀਂ ਅੰਤ ਵੇਲੇ ਮੂੰਹ ਉੱਜਲਾ ਲੈ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਜਾਈਏ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
****
ਗੂਜਰੀ ਜਾਤਿ ਗਵਾਰਿ
ਪਰਮ ਸਤਿਕਾਰ ਯੋਗ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ !
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਬਾਣੀ ਦੀਆਂ ਰਮਜ਼ਾਂ ਉਹੀ ਜਾਣਦਾ ਹੈ ਜਿਹੜਾ ਬਾਣੀ ਨੂੰ ਅਰਸ਼ਾਂ ਉਤੋਂ ਫ਼ਰਸ਼ ਉੱਤੇ ਲਿਆਇਆ। ਅਸੀਂ ਤਾਂ ਇਕ ਨਿੱਕੀ ਜਿਹੀ ਗੱਲ ਦਾ ਧਿਆਨ ਧਰੀਏ ਤਾਂ ਉਲਝਣ ਵਿਚ ਫੱਸ ਜਾਂਦੇ ਹਾਂ। ਮਿਸਾਲ ਦੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਕੱਥ, ਅਮਿੱਟ ਬਚਨ ਹੈ :-
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥
(ਅੰਗ ੫੧੬)
ਇਹ ਨਾ ਸੰਸਕ੍ਰਿਤ ਹੈ, ਨਾ ਹਿੰਦੀ ਹੈ, ਨਾ ਇਸ ਬਚਨ ਵਿਚ ਅਰਬੀ, ਫ਼ਾਰਸੀ ਦਾ ਜ਼ੋਰ ਹੈ। ਮੈਂ ਉਦੋਂ ਦਾ ਇਹ ਬਚਨ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ ਜਦੋਂ ਮੈਂ ਹਾਲਾਂ ਪੜ੍ਹਦਾ ਹੁੰਦਾ ਸੀ। ਮੈਨੂੰ ਇਸ ਬਚਨ ਦੇ ਅਰਥ ਸੁਣਾਏ ਗਏ ਕਿ ਗੁਜਰ ਗਵਾਰ ਹਨ। ਗੁਜਰਾਂ ਦੀ ਜਾਤ ਗਵਾਰ ਹੈ। ਕਿਉਂ ਗਵਾਰ ਹੈ? ਇਸ ਦਾ ਨਿਰਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ :-
ਗੁਜਰੁ ਗੋਰਸੁ ਵੇਚਿ ਕੈ
ਜਿਹੜਾ ਗੁਜਰ ਹੈ ਉਹ ਗਾਂ ਦਾ ਦੁੱਧ ਵੇਚ ਕੇ, ਅੰਮ੍ਰਿਤ ਦੁੱਧ ਵੇਚ ਕੇ-
ਖਲਿ ਸੂੜੀ ਆਣੈ।
(ਵਾਰ 34, ਪਉੜੀ 4)
ਸ਼ਹਿਰੋਂ ਆਉਂਦਾ ਹੋਇਆ ਗਾਂ ਵਾਸਤੇ ਖੱਲ ਤੇ ਸੂੜੀ ਲੈ ਕੇ ਆਉਂਦਾ ਹੈ। ਵੇਚਦਾ ਅੰਮ੍ਰਿਤ ਹੈ ਤੇ ਖ਼ਰੀਦਦਾ ਹੈ ਖੱਲ, ਸੂੜੀ। ਜਿਹੜਾ ਹੀਰੇ ਵੇਚ ਕੇ ਸੂੜੀ ਦੀਆਂ ਬੋਰੀਆਂ ਭਰ ਕੇ ਘਰ ਲੈ ਆਵੇ, ਉਹ ਗਵਾਰ ਨਹੀਂ ਤਾਂ ਹੋਰ ਕੀ ਹੈ।