ਮਨਿ ਆਸ ਘਨੇਰੀ
ਗਿ: ਮਾਨ ਸਿੰਘ ਝੌਰ ਦੇ ਚੋਣਵੇਂ ਲੇਖ
ਤਤਕਰਾ
-ਮਨਿ ਆਸ ਘਨੇਰੀ (ਸਾਖੀ ਮਾਤਾ ਕੌਲਾਂ ਜੀ)
-ਗੂਜਰੀ ਜਾਤਿ ਗਵਾਰਿ
-ਕਮਾਲੇ ਕਰਾਮਾਤ (ਭੂਮੀਆ ਚੋਰ ਅਤੇ ਭਾਈ ਸੀਰਾ)
-ਤਿਚਰੁ ਵਸਹਿ ਸੁਹੇਲੜੀ
-ਬੰਦਨਾ ਹਰਿ ਬੰਦਨਾ
ਮਨਿ ਆਸ ਘਨੇਰੀ
(ਸਾਖੀ-ਮਾਤਾ ਕੌਲਾਂ ਜੀ)
ਪਰਮ ਸਤਿਕਾਰ ਯੋਗ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ !
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਬੰਦਾ ਉਹ ਹੈ ਜਿਹੜਾ ਬੰਦਗੀ ਕਰੇ। ਸੰਸਾਰ ਵਿਚ ਜੀਵ ਨੇ ਬੰਦਗੀ ਲਈ ਹੀ ਜਨਮ ਲਿਆ ਹੈ। ਜਿਹੜਾ ਜੀਵ ਬੰਦਗੀ ਨਹੀਂ ਕਰਦਾ, ਉਸ ਦੀ ਜ਼ਿੰਦਗੀ ਸ਼ਰਮਿੰਦਗੀ ਨਾਲ ਭਰੀ ਹੁੰਦੀ ਹੈ। ਉਸ ਦੀ ਜ਼ਿੰਦਗੀ ਕਾਬਲੇ-ਲਾਹਨਤ ਹੁੰਦੀ ਹੈ। ਜਿਸ ਮਾਲਕ ਦੀ ਅਸਾਂ ਬੰਦਗੀ ਕਰਨੀ ਹੈ, ਕੀ ਉਸ ਦੇ ਦੀਦਾਰ ਹੋ ਸਕਦੇ ਹਨ ? ਗੋਸ਼ਤ ਖਾਣ ਵਾਲਾ ਬੰਦਾ ਗ਼ੁੱਸੇ ਵਿਚ ਅੱਗ ਬਬੂਲਾ ਹੋ ਗਿਆ ਅਤੇ ਕਹਿਣ ਲੱਗਾ ਕਿ ਇਹ ਆਦਮੀ ਬੜਾ ਬੇਵਕੂਫ਼ੀ ਵਾਲਾ ਸਵਾਲ ਕਰ ਰਿਹਾ ਹੈ। "ਉਸ ਖ਼ੁਦਾ ਕੋ ਅਪਨੀ ਅਕਲ ਸੇ ਮਹਿਸੂਸ ਕੀਆ ਜਾ ਸਕਤਾ ਹੈ, ਉਸ ਕਾ ਦੀਦਾਰ ਨਹੀਂ ਹੋ ਸਕਤਾ।"
ਮੌਲਾਨਾ ਇਥੇ ਆ ਕੇ ਖੜਾ ਹੋ ਗਿਆ ਕਿ ਰੱਬ ਹੈ ਸਹੀ ਅਤੇ ਅਕਲ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ, ਪਰੰਤੂ ਅੱਖਾਂ ਨਾਲ ਦੀਦਾਰ ਨਹੀਂ ਹੋ ਸਕਦੇ। ਮੈਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਬਚਨ ਕੀਤਾ- ਮੇਰੀ ਸੱਚੀ ਸਰਕਾਰ ! ਤੁਸੀਂ ਲਿਖਣ ਲੱਗਿਆਂ ਇਕ ਵਾਹਿਗੁਰੂ ਦੀਆਂ ਸਿਫ਼ਤਾਂ ਕਰ ਕਰ ਕੇ ੧੪੩੦ ਪੰਨੇ ਪੂਰੇ ਭਰ ਦਿੱਤੇ ਅਤੇ ਵਡਿਆਈਆਂ ਕਰਨ ਲੱਗਿਆਂ ਨਿਰੰਕਾਰ ਜਾਣੇ ਤੁਸੀਂ ਚੁੱਭੀ ਮਾਰ ਕੇ ਕਿਹੜੇ ਪਾਤਾਲ ਵਿਚ ਲੁੱਕ ਜਾਂਦੇ ਰਹੇ ਹੋ। ਅਜਿਹੇ ਅਜਿਹੇ ਸ਼ਬਦ ਲਿਆਉਂਦੇ ਰਹੇ ਹੋ ਜਿਨ੍ਹਾਂ ਨੂੰ ਸੁਣ ਕੇ ਮਨ ਮਸਤ ਹੋ ਜਾਏ। ਮੈਂ ਹੋਰ ਅਰਜ਼ ਕੀਤੀ-ਗ਼ਰੀਬ ਨਿਵਾਜ਼ ! ਜਿਸ ਦੀ ਉਪਮਾ ਕਰਨ ਲਈ ਤੁਸਾਂ ੧੪੩੦ ਪੰਨੇ ਭਰੇ ਹਨ, ਬੜੇ ਬੜੇ ਬਿਖਮ ਪਾਠ ਸਾਨੂੰ ਸਮਝਾ ਦਿੱਤੇ ਹਨ ਅਤੇ ਜਿਸ ਪ੍ਰਭੂ ਦੀ ੧੪੩੦ ਪੰਨਿਆਂ ਵਿਚ
ਆਪ ਜੀ ਨੇ ਸਿਫ਼ਤ ਕੀਤੀ ਹੈ, ਕੀ ਉਸ ਦਾ ਦਰਸ਼ਨ ਹੋ ਸਕਦਾ ਹੈ ?
ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਮੈਨੂੰ ਗਲੋਂ ਨਹੀਂ ਲਾਹਿਆ, ਸਗੋਂ ਮੇਰੇ ਮਾਲਕ ਨੇ ਮੈਨੂੰ ਮੇਰੇ ਸਵਾਲ ਦਾ ਜਵਾਬ ਦਿੱਤਾ-
ਜਬ ਦੇਖਾ ਤਬ ਗਾਵਾ।।
(ਅੰਗ ੬੫੬)
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ॥
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ॥
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ॥
(ਅੰਗ ੭੬੪)
ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ॥
ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ॥
(ਅੰਗ ੬੧੩)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਂਦੇ ਹਨ ਕਿ ਉਸ ਪ੍ਰਮਾਤਮਾ ਦੇ ਦਰਸ਼ਨ ਗੁਰੂ ਦੇ ਸਿੱਖ ਨੂੰ ਹੋ ਸਕਦੇ ਹਨ। ਸਾਹਿਬ ਸੋਢੀ ਸੁਲਤਾਨ ਗ਼ਰੀਬ ਨਿਵਾਜ਼ ਨੇ ਸਾਨੂੰ ਸਮਝਾਇਆ ਹੀ ਇਹ ਹੈ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਹੇ ਮੇਰੇ ਮਾਲਕ ! ਮੈਂ ਕਿਤੇ ਇਕ ਔਗੁਣ ਨਾਲ ਤਾਂ ਨਹੀਂ ਲਿਬੜੀ ਹੋਈ। ਜੇ ਮੈਂ ਇਕ ਔਗੁਣ ਨਾਲ ਲਿਬੜੀ ਪਈ ਹੁੰਦੀ ਤਾਂ ਬਹੁਤਿਆਂ ਗੁਣਾਂ ਦਾ ਪਾਣੀ ਪਾ ਕੇ ਮੈਂ ਧੋ ਲੈਂਦੀ।
ਏਕ ਨ ਭਰੀਆ ਗੁਣ ਕਰਿ ਧੋਵਾ॥
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੇਵਾ॥੧॥
ਇਉ ਕਿਉ ਕੰਤ ਪਿਆਰੀ ਹੋਵਾ॥
ਸਹੁ ਜਾਗੈ ਹਉ ਨਿਸ ਭਰਿ ਸੋਵਾ॥ ੧॥ ਰਹਾਉ॥
ਆਸ ਪਿਆਸੀ ਸੇਜੈ ਆਵਾ॥
ਆਗੈ ਸਹ ਭਾਵਾ ਕਿ ਨ ਭਾਵਾ ॥