ਕਿਆ ਜਾਨਾ ਕਿਆ ਹੋਇਗਾ ਰੀ ਮਾਈ॥
ਹਰਿ ਦਰਸਨ ਬਿਨੁ ਰਹਨੁ ਨ ਜਾਈ॥ ੧॥ ਰਹਾਉ॥
(ਅੰਗ ੩੫੬)
ਦਰਸਨ ਕੀ ਮਨ ਆਸ ਘਨੇਰੀ ਇਕ ਘੜੀ ਦਿਨਸੁ
ਹੇ ਮੇਰੇ ਪਿਆਰੇ ! ਤੇਰੇ ਵਿਛੋੜੇ ਦੀ ਜਿਹੜੀ ਇਕ ਘੜੀ ਹੈ, ਉਹ ਮੈਨੂੰ ਇਕ ਦਿਨ ਜਿੰਨੀ ਲੰਮੀ ਜਾਪਦੀ ਹੈ।
ਮੋ ਕਉ ਬਹੁਤੁ ਦਿਹਾਰੇ॥
ਜਿਹੜਾ ਤੇਰੇ ਵਿਛੋੜੇ ਦਾ ਪੂਰਾ ਦਿਨ ਹੈ, ਉਹ ਮੈਨੂੰ ਕਈਆਂ ਦਿਨਾਂ ਜਿੰਨਾ ਲੰਮਾ ਹੋ ਕੇ ਭਾਸਦਾ ਹੈ।
ਮਨੁ ਨ ਰਹੈ ਕੈਸੇ ਮਿਲਉ ਪਿਆਰੇ॥
(ਅੰਗ ੩੭੪)
ਮੇਰੇ ਮਾਲਕ ! ਤੈਨੂੰ ਦੇਖੇ ਬਿਨਾਂ ਮਨ ਟਿੱਕਦਾ ਨਹੀਂ। ਕੋਈ ਅਜਿਹਾ ਮਹਾਂ ਪੁਰਸ਼ ਮਿਲ ਜਾਏ ਜਿਹੜਾ ਮੈਨੂੰ ਤੇਰੇ ਨਾਲ ਮਿਲਾ ਦੇਵੇ। ਜਿਹੜਾ ਮੈਨੂੰ ਤੇਰੇ ਦਰਸ਼ਨ ਕਰਵਾ ਦੇਵੇ-
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ॥
(ਅੰਗ ੨੦੪)
ਮੈਂ ਆਪਣਾ ਮਨ, ਤਨ, ਧਨ ਉਸ ਨੂੰ ਸੌਂਪ ਦੇਵਾਂ। ਮੈਂ ਇਕ ਇਕ ਰੋਮ ਉਸ ਤੋਂ ਕੁਰਬਾਨ ਕਰ ਦੇਵਾਂ, ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੇ।
ਰਸਤਾ ਤਾਂ ਸਾਰਾ ੩੩-੩੫ ਮੀਲ ਦਾ ਸੀ ਲਾਹੌਰ ਅੰਮ੍ਰਿਤਸਰ ਦਾ। ਰਸਤੇ ਵਿਚ ਇਕ ਬੜੀ ਭਾਰੀ ਦੀਵਾਰ ਖਲੋਤੀ ਹੋਈ ਸੀ। ਪਿਤਾ ਗੁਰੂ ਦਾ ਹੁਕਮ ਇਹ ਸੀ ਕਿ ਬੇਟਾ ! ਜਿੰਨੀ ਦੇਰ ਮੈਂ ਤੈਨੂੰ ਨਾ ਸੱਦਾਂ, ਉੱਨੀ ਦੇਰ ਲਾਹੌਰੋਂ ਆਵੀਂ ਨਾ। ਫਿਰ ਸਾਹਿਬਾਂ ਦੇ ਅੰਦਰ ਦੀ ਤੜਪ, ਸਾਹਿਬਾਂ ਦੇ ਅੰਦਰ ਦੀ ਪਿਆਸ ਉਹ ਇਹਨਾਂ ਅੱਖਰਾਂ ਵਿਚੋਂ ਹਜ਼ਾਰਾਂ ਸੂਰਜਾਂ ਦੀ ਤਰ੍ਹਾਂ ਚਮਕਦੀ ਹੈ- ਐ ਪ੍ਰੀਤਮ !
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥
(ਸ਼ਬਦ ਹਜਾਰੇ)
ਉਹ ਦੇਸ਼ ਭਾਗਾਂ ਵਾਲਾ ਹੈ ਜਿੱਥੇ ਤੂੰ ਡੇਰੇ ਲਾਏ ਹੋਏ ਹਨ। ਮੇਰੇ ਸੱਜਣਾ! ਮੇਰੇ ਮਿੱਤਰਾ! ਮੇਰੇ ਪਿਆਰੇ ! ਮੇਰੇ ਪ੍ਰਭੂ ਜੀ ! ਉਹ ਧਰਤੀ ਭਾਗਾਂ ਵਾਲੀ ਹੈ ਜਿਸ ਨੂੰ ਤੁਸੀਂ ਭਾਗ ਲਾ ਰਹੇ ਹੋ।
ਮੈਨੂੰ ਇਕ ਮਹਾਂਪੁਰਸ਼ਾਂ ਨੇ ਬਚਨ ਸੁਣਾਏ ਕਿ ਇਕ ਇਸਤਰੀ ਵਿਰਲਾਪ ਕਰ ਰਹੀ ਸੀ । ਸਾਰੀ ਰਾਤ ਉਹ ਰੋਂਦੀ ਰਹੀ। ਪ੍ਰਭਾਤ ਵੇਲਾ ਹੋਇਆ ਤਾਂ ਗੁਆਂਢਣਾਂ ਇਕੱਠੀਆਂ ਹੋ ਗਈਆਂ ਤੇ ਕਹਿਣ ਲੱਗੀਆਂ- ਭੈਣੇ ! ਤੂੰ ਤਾਂ ਪ੍ਰਮਾਤਮਾ ਨੂੰ ਪਤੀ ਜਾਣ ਕੇ ਪੂਜਣ ਵਾਲੀ ਹੈਂ। ਤੈਨੂੰ ਤਾਂ ਲੋਕੀਂ ਪਤੀਬਰਤਾ ਇਸਤਰੀ ਕਹਿੰਦੇ ਹਨ ਪਰੰਤੂ ਅੱਜ ਤੂੰ ਸਾਰੀ ਰਾਤ ਹਉਕੇ ਭਰਦੀ ਰਹੀ ਹੈਂ। ਪਾਣੀ ਤੋਂ ਵਿਛੜੀ ਹੋਈ ਮੱਛੀ ਦੀ ਤਰ੍ਹਾਂ ਸਾਰੀ ਰਾਤ ਬਿਸਤਰੇ 'ਤੇ ਤੜਫਦੀ ਰਹੀ ਹੈਂ। ਪਤੀ ਨੂੰ ਪ੍ਰਮੇਸ਼ਰ ਜਾਣ ਕੇ ਪੂਜਣ ਵਾਲੀਏ ! ਇਸ ਰੋਣ ਦਾ ਕਾਰਨ ਕੀ ਹੈ ? ਉਸ ਪਤੀਬਰਤਾ ਇਸਤਰੀ ਨੇ ਜਵਾਬ ਦਿੱਤਾ- ਐ ਮੇਰੀਉ ਚੰਗੀਆਂ ਭੈਣੋ !
ਬਿੰਜਣਾ ਕਹਿ ਕੇ ਅਉਣ ਕੋ ਆਏ ਨ ਸਿੰਘ ਆਹਾਰ॥
ਅਜਾ ਪਕਸ਼ ਭੇਜਿਉ ਨਾਹੀ ਦੋਏ ਦਾਹ ਕਰੋ ਆਹਾਰ॥
ਆਪਣੇ ਅੰਦਰ ਦੀ ਤੜਪ, ਆਪਣੇ ਅੰਦਰ ਦਾ ਦੁੱਖ ਸਾਰਾ ਰੋ ਦਿੱਤਾ, ਪਰ ਗੁਆਂਢਣਾਂ ਨਾ ਸਮਝ ਸਕੀਆਂ। ਕਹਿੰਦੀਆਂ ਹਨ- ਭੈਣੇ ! ਤੈਨੂੰ ਤਾਂ ਇਹ ਪੁੱਛਿਆ ਸੀ ਕਿ ਤੂੰ ਰੋਈ ਕਿਉਂ ਹੈਂ ? ਅੱਗੋਂ ਪਤੀਬਰਤਾ ਦੇਵੀ ਨੇ ਕਿਹਾ ਕਿ ਭੈਣੋ ! ਮੇਰਾ ਮਾਲਕ ਪ੍ਰਦੇਸ ਗਿਆ ਹੋਇਆ ਹੈ ਤੇ ਮੈਨੂੰ ਜਾਂਦਾ ਜਾਂਦਾ ਕਹਿ ਗਿਆ ਸੀ ਬਿੰਜਣਾ। ਬਿੰਜਣਾ ਦਾ ਮਤਲਬ ਹੁੰਦਾ ਹੈ ਪੱਖਾ। ਆਉਣ ਲਈ ਕਹਿ ਗਿਆ ਸੀ ਪੱਖਾ। ਮੇਰਾ ਮਾਲਕ ਜਾਨਵਰਾਂ ਦਾ ਬੜਾ ਪਿਆਰਾ ਹੈ। ਉਸ ਨੇ ਇਕ ਸ਼ੇਰ ਦਾ ਬੱਚਾ ਪਾਲਿਆ ਹੋਇਆ ਹੈ। ਸ਼ੇਰ ਦਾ ਬੱਚਾ ਭੁੱਖਾ ਬੈਠਾ ਹੋਇਆ ਹੈ ਅਤੇ ਆਪਣੇ ਮਾਲਕ ਦੀ ਯਾਦ ਵਿਚ ਹਉਕੇ ਭਰਦਾ ਪਿਆ ਹੈ। ਉਸ ਦੀ ਖ਼ੁਰਾਕ ਵੀ ਨਹੀਂ ਹੈ। ਇਕ ਬੱਕਰੀ ਵੀ ਪਾਲੀ ਹੋਈ ਹੈ। ਉਸ ਬੱਕਰੀ ਨੂੰ ਵੀ ਖ਼ੁਰਾਕ ਨਹੀਂ ਲੱਭ ਰਹੀ। ਉਹ ਵਿਚਾਰੀ ਵੀ ਹਰ ਸਮੇਂ ਹਉਕੇ ਭਰਦੀ ਰਹਿੰਦੀ ਹੈ। ਮੈਂ ਸ਼ੇਰ ਦੇ ਬੱਚੇ ਦੇ ਵੀ ਹਰ ਸਮੇਂ ਹਉਕੇ ਸੁਣਦੀ ਹਾਂ। ਬੱਕਰੀ ਦਾ ਰੋਣਾ-ਧੋਣਾ ਵੀ ਸੁਣਦੀ ਹਾਂ ਤੇ ਫਿਰ ਮੇਰਾ ਜੀਅ ਕਰਦਾ ਹੈ ਕਿ ਮੈਂ ਕੁਝ ਖਾ ਕੇ ਮਰ ਜਾਵਾਂ। ਮਾਲਕ ਦੀ ਜੁਦਾਈ ਵਿਚ ਜੀਉਣਾ ਮੈਨੂੰ ਚੰਗਾ ਨਹੀਂ
ਜਾਪਦਾ।
ਗੁਆਂਢਣਾਂ ਹੋਰ ਪ੍ਰੇਸ਼ਾਨ ਹੋਈਆਂ ਅਤੇ ਕਹਿਣ ਲੱਗੀਆਂ ਕਿ ਤੂੰ ਸਾਨੂੰ ਅਰਥ ਤਾਂ ਸਮਝਾ ਦਿੱਤੇ ਹਨ ਪਰ ਅਸਲ ਨੁਕਤਾ ਅਜੇ ਵੀ ਸਾਨੂੰ ਸਮਝ ਨਹੀਂ ਪਿਆ ਕਿ ਤੂੰ ਆਖਦੀ ਕੀ ਪਈ ਹੈਂ ? ਪਤੀਵਰਤਾ ਇਸਤਰੀ ਨੇ ਕਿਹਾ ਕਿ ਮੇਰਾ ਪਤੀ ਘਰੋਂ ਗਿਆ ਹੋਇਆ ਹੈ ਅਤੇ ਜਾਂਦਾ ਜਾਂਦਾ ਕਹਿ ਗਿਆ ਸੀ-ਬਿੰਜਣਾ। ਬਿੰਜਣਾ ਦਾ ਮਤਲਬ ਹੈ ਪੱਖਾ। ਪੱਖਾ ਤੋਂ ਮੁਰਾਦ ਹੈ ਪੱਖ। ਪੱਖ ਹੁੰਦਾ ਹੈ ੧੫ ਦਿਨਾਂ ਦਾ। ਜਾਣ ਲੱਗਿਆ ਵਾਅਦਾ ਕਰ ਗਿਆ ਸੀ ਕਿ ਮੈਂ ੧੫ ਦਿਨਾਂ ਤੱਕ ਆ ਜਾਵਾਂਗਾ। ਪਰ ਭੈਣੋ ! ਕੀ ਦੱਸਾਂ-
ਆਏ ਨਾ ਸਿੰਘ ਆਹਾਰ।
'ਸਿੰਘ' ਦਾ ਮਤਲਬ ਹੈ ਸ਼ੇਰ। ਸਿੰਘ ਆਹਾਰ ਦਾ ਮਤਲਬ ਹੈ ਸ਼ੇਰ ਦਾ ਖਾਣਾ। ਸ਼ੇਰ ਦਾ ਖਾਣਾ ਹੈ ਮਾਸ। ਮਾਸ ਦਾ ਮਤਲਬ ਹੈ ਮਹੀਨਾ। ੧੫ ਦਿਨਾਂ ਦਾ ਵਾਅਦਾ ਕਰਕੇ ਗਿਆ ਸੀ ਪਰੰਤੂ ਮਹੀਨਾ ਬੀਤ ਗਿਆ ਹੈ, ਅਜੇ ਤੱਕ ਨਹੀਂ ਘਰ ਚਰਨ ਪਾਏ। ਅਜੇ ਤੱਕ ਮੇਰੇ ਆਂਗਨ ਨੂੰ ਭਾਗ ਨਹੀਂ ਲਾਇਆ।
ਅਜਾ ਪਸ਼ਕ ਭੇਜਿਉ ਨਾਹੀ
ਅਜਾ ਦਾ ਮਤਲਬ ਹੈ ਬੱਕਰੀ। ਪਸ਼ਕ ਦਾ ਮਤਲਬ ਹੈ ਖ਼ੁਰਾਕ। ਬੱਕਰੀ ਦੀ ਖ਼ੁਰਾਕ ਹੈ ਪੱਤੇ। ਪੱਤਿਆਂ ਤੋਂ ਮੁਰਾਦ ਹੈ ਪਾਤੀ। ਪਾਤੀ ਦਾ ਅਰਥ ਹੈ ਚਿੱਠੀ। ਆਪ ਤਾਂ ਕੀ ਆਉਣਾ ਸੀ, ਕੋਈ ਚਿੱਠੀ ਵੀ ਨਹੀਂ ਭੇਜੀ। ਮਾਲਕ ਦੀ ਜੁਦਾਈ ਝੱਲੀ ਨਹੀਂ ਜਾਂਦੀ।-ਦੋਏ ਦਾਹ। ਦਾਹ ਤੇ ਦਾਹ ਹੁੰਦਾ ਹੈ ਵੀਹ, ਵੀਹ ਦਾ ਅਰਥ ਹੁੰਦਾ ਹੈ ਵਿਹੁ। ਵਿਹੁ ਦਾ ਮਤਲਬ ਹੈ ਜ਼ਹਿਰ। ਮੇਰਾ ਜੀਅ ਕਰਦਾ ਹੈ ਕਿ ਮੈਂ ਜ਼ਹਿਰ ਖਾ ਕੇ ਮਰ ਜਾਵਾਂ। ਮੈਨੂੰ ਮਾਲਕ ਤੋਂ ਬਿਨਾਂ ਇਹ ਘਰ ਉਜੜਿਆ ਹੋਇਆ ਜਾਪਦਾ ਹੈ।
ਮੈਂ ਆਪਣਾ ਇਕ ਇਤਿਹਾਸ ਪੜ੍ਹਿਆ। ਉਸ ਦੇ ਵਿਚ ਇਕ ਜ਼ਿਕਰ ਹੈ ਕਿ ਦਰਿਆ ਵੱਗ ਰਿਹਾ ਹੈ। ਦੋਹਾਂ ਕਿਨਾਰਿਆਂ ਦੀ ਕੈਦ ਵਿਚ ਬੱਧਾ ਹੋਇਆ, ਬੇਸਬਰੇ ਦਿਲ ਦੀ ਤਰ੍ਹਾਂ ਛਾਲਾਂ ਮਾਰ ਮਾਰ ਤੁਰਿਆ ਜਾ ਰਿਹਾ ਹੈ। ਦਰਿਆ ਦੇ ਕਿਨਾਰੇ ਕਿਨਾਰੇ ਕੁਦਰਤ ਰਾਣੀ ਨੇ ਬੜੇ ਸੋਹਣੇ ਸੋਹਣੇ ਫੁੱਲਾਂ ਵਾਲੇ ਪੌਦੇ ਪੈਦਾ ਕੀਤੇ ਹੋਏ ਹਨ ਅਤੇ ਕਿਤੇ ਲੰਮੇ ਦਰੱਖ਼ਤ ਪੈਦਾ ਕੀਤੇ ਹੋਏ ਹਨ। ਉਹਨਾਂ ਦਰੱਖਤਾਂ ਉੱਤੇ ਖੰਭਾਂ ਵਾਲੇ ਲਾਟੂ ਲਟਕੇ ਹੋਏ ਹਨ। ਪੰਛੀ ਤਰ੍ਹਾਂ
ਤਰ੍ਹਾਂ ਦੇ ਨਗ਼ਮੇ ਅਲਾਪਦੇ ਪਏ ਹਨ, ਪਰੰਤੂ ਸਾਨੂੰ ਉਹਨਾਂ ਪਰਿੰਦਿਆਂ ਦੀ ਭਾਸ਼ਾ ਨਹੀਂ ਸਮਝ ਆਉਂਦੀ। ਅਸੀਂ ਉਹਨਾਂ ਪਰਿੰਦਿਆਂ ਦੀ ਬੋਲੀ ਨਹੀਂ ਜਾਣਦੇ। ਧੰਨ ਬਾਬਾ ਗੁਰੂ ਅਰਜਨ ਸਾਹਿਬ ਜੀ! ਤੁਸੀਂ ਪਰਿੰਦਿਆਂ ਦੀ ਬੋਲੀ ਜਾਣਦੇ ਸੀ ਤੇ ਜਦੋਂ ਪਰਿੰਦੇ ਬੋਲੇ, ਉਹਨਾਂ ਰਾਗ ਅਲਾਪਿਆ, ਮਾਲਕ ਦੇ ਨਗਮੇ ਗਾਏ ਤਾਂ ਤੁਹਾਡੀ ਰਸਨਾ ਵਿਚੋਂ ਨਿਕਲਿਆ-
ਫਰੀਦਾ ਹਉ ਬਲਿਹਾਰੀ ਤਿਨ੍ ਪੰਖੀਆ ਜੰਗਲਿ ਜਿੰਨਾ ਵਾਸੁ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥
(ਅੰਗ ੧੩੮੩)
ਮੈਂ ਉਹਨਾਂ ਪਰਿੰਦਿਆਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਜੰਗਲ ਵਿਚ ਰਹਿੰਦੇ ਹਨ, ਨਿੱਕੇ-ਨਿੱਕੇ ਪੱਥਰ ਖਾਂਦੇ ਹਨ, ਪਰੰਤੂ ਰੱਬ ਦਾ ਪਾਸਾ ਨਹੀਂ ਛੱਡਦੇ, ਰੱਬ ਦਾ ਜ਼ਿਕਰ ਜ਼ਰੂਰ ਕਰਦੇ ਹਨ।
ਦਰਿਆ ਵਗ ਰਿਹਾ ਹੈ। ਦਰਿਆ ਦੇ ਚੜ੍ਹਦੇ ਕਿਨਾਰੇ ਇਕ ਬੜਾ ਭਾਰੀ ਸ਼ਿਕਾਰੀਆਂ ਦਾ ਜੱਥਾ ਜਿਨ੍ਹਾਂ ਕੋਲ ਭਾਂਡੇ ਹਨ, ਬੰਦੂਕਾਂ ਹਨ, ਨੇਜ਼ੇ ਹਨ, ਬਾਜ ਹਨ। ਜੀਵ-ਜੰਤੂ ਕੋਈ ਭੱਜਿਆ ਫਿਰਦਾ ਹੈ, ਕੋਈ ਜਾਨ ਬਚਾਉਂਦਾ ਹੈ। ਇਕ ਬੜਾ ਵੱਡਾ ਸ਼ੋਰ ਬਣਿਆ ਹੋਇਆ ਹੈ। ਦਰਿਆ ਦੇ ਲਹਿੰਦੇ ਕਿਨਾਰੇ ਇਕ ਬੜਾ ਸੋਹਣਾ ਸੁੰਦਰ ਸ਼ਹਿਰ ਹੈ। ਉਸ ਸ਼ਹਿਰ ਦੇ ਲਹਿੰਦੇ ਪਾਸੇ ਇਕ ਬੜਾ ਵੱਡਾ ਆਲੀਸ਼ਾਨ ਮਕਾਨ ਹੈ। ਮਕਾਨ ਦੇ ਅੰਦਰ ਇਕ ਵੱਡਾ ਸਾਰਾ ਕਮਰਾ ਹੈ। ਉਸ ਦੇ ਵਿਚ ਉੱਚਾ ਸਾਰਾ ਇਕ ਮੰਜਾ ਵਿਛਿਆ ਹੋਇਆ ਹੈ ਜਿਸ ਉੱਤੇ ਬਿਸਤਰੇ ਵਿਛੇ ਹੋਏ ਹਨ ਅਤੇ ਬਿਸਤਰਿਆਂ ਉੱਤੇ ਇਕ ਚਿੱਟੀ ਚਾਦਰ ਵਿਛੀ ਹੋਈ ਹੈ। ਉਸ ਚਾਦਰ ਦੇ ਉੱਤੇ ਰੋਗਾਂ ਦੀ ਗ੍ਰਸੀ ਹੋਈ ਇਕ ਇਸਤਰੀ ਪਈ ਹੋਈ ਹੈ। ਕਿਸੇ ਸਮੇਂ ਉਸ ਦੇ ਨੇਤਰਾਂ ਨੂੰ ਲੋਕ ਕੰਵਲ ਫੁੱਲ ਵਰਗੇ ਆਖਦੇ ਸਨ, ਪਰੰਤੂ ਅੱਜ ਉਸ ਦੀਆਂ ਅੱਖਾਂ ਡਰਾਉਣੀਆਂ ਹਨ। ਕਿਸੇ ਸਮੇਂ ਉਸ ਦੀਆਂ ਲੰਮੀਆਂ ਲੰਮੀਆਂ ਉਂਗਲਾਂ ਉਸ ਦੀ ਸੁੰਦਰਤਾ ਦੀ ਸ਼ੋਭਾ ਨੂੰ ਵਧਾਉਂਦੀਆਂ ਸਨ, ਪਰੰਤੂ ਅੱਜ ਉਸ ਦੇ ਹੱਥ ਚੁੜੇਲਾਂ ਵਰਗੇ ਜਾਪਦੇ ਸਨ। ਬਿਲਕੁਲ ਬੇਸੁਰਤ ਬਿਸਤਰੇ 'ਤੇ ਪਈ ਹੋਈ ਹੈ। ਉਹ ਪਿਆਰੇ ਪ੍ਰੀਤਮ ਦੇ ਅੰਤਲੇ ਦਰਸ਼ਨਾਂ ਲਈ ਇਸ ਬਿਸਤਰੇ 'ਤੇ ਪਈ ਪਈ ਬੜੀ ਕਮਜ਼ੋਰ ਜਿਹੀ ਆਵਾਜ਼ ਵਿਚ ਬੋਲੀ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਇਹ ਸੀ ਇਕ ਸੱਚੇ ਦਿਲ ਦੀ ਆਵਾਜ਼ ਜਿਹੜੀ ਹਵਾ ਵਿਚ ਰਲ ਗਈ। ਹਵਾ ਰਾਣੀ ਕਾਸਟ ਬਣ ਗਈ। ਸਿਪਾਹੀ ਬਣ ਗਈ। ਸੁਨੇਹੇ ਲੈ ਕੇ ਆਉਣ ਜਾਣ ਵਾਲਾ, ਪੈਗਾਮ ਲੈ ਕੇ ਆਉਣ ਜਾਣ ਵਾਲਾ ਸਿਆਣਾ ਸਿਪਾਹੀ ਬਣ ਗਈ। ਸਾਹਿਬ ਕਹਿੰਦੇ ਹਨ ਕਿ ਸੋਹਣੀ ਚਾਦਰ ਵਿੱਛੀ ਹੋਈ ਹੋਵੇ, ਸੇਜ ਚੰਗੀ ਹੋਵੇ, ਚੰਦਨ ਦੇ ਪਾਵੇ ਹੋਣ, ਚੰਦਨ ਦੀਆਂ ਬਾਹੀਆਂ ਹੋਣ, ਰੇਸ਼ਮ ਦੀ ਨਵਾਰ ਹੋਵੇ, ਠੰਢੇ ਪਾਣੀ ਦੀ ਸੁਰਾਹੀ ਚਾਂਦੀ ਦੇ ਗਿਲਾਸ ਨਾਲ ਢੱਕੀ ਹੋਈ ਹੋਵੇ, ਪੱਖਾ ਝੱਲਣ ਵਾਲਾ ੨੪ ਘੰਟੇ ਸਿਰਹਾਣੇ ਖਲੋਤਾ ਹੋਵੇ।
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ॥
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ॥
(ਅੰਗ ੧੧੦੨)
ਘਰੋਂ ਤੁਰਨ ਲੱਗਿਆਂ ਮਾਪੇ ਜਿਹੜਾ ਧੀ ਨੂੰ ਵਿਆਹ ਵਾਲਾ ਕੱਪੜਾ ਦਿੰਦੇ ਹਨ, ਉਹ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ। ਉਹ ਵੀ ਬੱਚੀ ਦੇ ਕੋਲ ਹੋਵੇ, ਸੁਹਾਗ ਜੀਊਂਦਾ ਜਾਗਦਾ ਹੋਵੇ ਤੇ ਹੋਰ ਅਨੇਕ ਕੱਪੜੇ ਹੋਣ, ਟਰੰਕਾਂ ਦੇ ਟਰੰਕ ਭਰੇ ਹੋਏ ਹੋਣ। ਖਾਣ ਪੀਣ ਦੇ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ। ਘਰ ਵਿਚ ਕਣਕ ਵੀ ਹੋਵੇ। ਕਿਸੇ ਗੱਲ ਦਾ ਕੋਈ ਘਾਟਾ ਨਾ ਹੋਵੇ ਪਰ ਗੁਰੂ ਅਰਜਨ ਦੇਵ ਸੱਚੇ ਪਾਤਿਸ਼ਾਹ ਫੁਰਮਾਂਦੇ ਹਨ ਕਿ ਜੇ ਘਾਟਾ ਹੋਵੇ ਤਾਂ ਕੇਵਲ ਇਕ ਹੀ ਹੋਵੇ ਕਿ ਪਤੀਵਰਤਾ ਇਸਤਰੀ ਦਾ ਪਤੀ ਘਰ ਨਾ ਹੋਵੇ। ਉਹ ਕਿਤੇ ਬਾਹਰ ਪ੍ਰਦੇਸ ਵਿਚ ਗਿਆ ਹੋਵੇ। ਉਸ ਦੇ ਵਿਛੋੜੇ ਵਿਚ ਬਿਹਬਲ ਹੋਈ ਪਤੀਵਰਤਾ ਇਸਤਰੀ ਇਸ ਚੰਗੇ ਘਰ ਨੂੰ, ਭਰੇ ਹੋਏ ਘਰ ਨੂੰ, ਸੋਹਣਿਆਂ ਕੱਪੜਿਆਂ ਨੂੰ, ਸੋਹਣਿਆਂ ਬਿਸਤਰਿਆਂ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ। ਜੇ ਪਤੀ ਘਰ ਨਹੀਂ ਤਾਂ ਪਤਨੀ ਲਈ ਇਹ ਸਾਰੀਆਂ ਚੀਜ਼ਾਂ ਅੱਗ ਦੇ ਕੋਲੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ-
ਨਾਨਕ ਤਿਨਾ ਬਸੰਤੁ ਹੈ ਜਿਨ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ॥
(ਅੰਗ ੭੯੧)