ਚੜ੍ਹ ਚੱਕ ਤੇ ਚੱਕ ਘੁਮਾਨੀਆਂ।
ਚੜ੍ਹ ਚੱਕ ਤੇ ਚੱਕ ਘੁਮਾਨੀਆਂ,
ਮਹੀਂਵਾਲ ਤੋਂ ਸਦਕੇ (ਪਈ) ਜਾਨੀਆਂ,
ਮੈਂ ਤਾਂ ਬੱਦਲਾਂ ਨੂੰ ਫਰਸ਼ ਬਨਾਨੀਆਂ,
ਉਤੇ ਨਾਚ ਰੰਗੀਲੜੇ ਪਾਨੀਆਂ,
ਬਾਜੀ ਬਿਜਲੀ ਦੇ ਨਾਲ ਲਗਾਨੀਆਂ-
ਖਿੜ ਖਿੜ ਹੱਸਨੀਆਂ ਓਨੂੰ ਸ਼ਰਮਾਨੀਆਂ।
ਤਾਰੇ ਕੇਸਾਂ ਦੇ ਵਿੱਚ ਗੁੰਦਾਨੀਆਂ,
ਚੰਦ ਮੱਥੇ ਤੇ ਚਾ ਲਟਕਾਨੀਆਂ,
ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ,
ਮੀਂਹ ਕਿਰਨਾਂ ਦਾ ਪਈ ਵਸਾਨੀਆਂ,
'ਜਿੰਦ ਕਣੀਆਂ, ਦੀ ਲੁੱਟ ਲੁਟਾਨੀਆਂ,
'ਅਰਸ਼ੀ-ਪੀਂਘ' ਕਮਾਨ ਬਨਾਨੀਆਂ,
ਰੰਗ ਰੂਪ ਦੇ ਤੀਰ ਵਸਾਨੀਆਂ,
ਨੂਰ ਅੱਖੀਆਂ ਵਿਚ ਸਮਾਨੀਆਂ,
ਨੂਰੋ ਨੂਰ ਹੁਵੰਦੜੀ ਜਾਨੀਆਂ,
ਨੂਰ ਨੂਰੀਆਂ ਨੂੰ ਪਈ ਲਾਨੀਆਂ।