

੨. ਖੁਸ਼ੀ।
ਪ੍ਯਾਰ-ਡੋਰ ਉਹ ਨਿੱਕੀ ਜੇਹੀ
ਸੁਤਿਆਂ ਟੁੰਬ ਜਗਾਵਨ;
ਫਿਰ ਨਹੀਂ ਮਿਲੀ ਦਾਤ ਓ ਸਾਨੂੰ
ਪ੍ਯਾਰੀ ਲਟਕ ਲਗਾਵਨ।
ਖੇੜੇ, ਖੁਸ਼ੀਆਂ, ਫੁੱਲ ਸੁਹਾਵੇ,
ਫਲ, ਮੇਵੇ ਪਏ ਆਵਨ,
ਡੁਲ੍ਹ ਡੁਲ੍ਹ ਪਵੇ ਸੁੰਦਰਤਾ ਆਈ,
ਹੈ ਬਹਾਰ ਤੇ ਸਾਵਨ,
ਪਰ ਉਹ ਨਜ਼ਰ ਰੰਗ ਵਿਚ ਰੱਤੀ
'ਪ੍ਯਾਰ ਪਲੀਂ ਝਮਕਾਵਨ,
ਰੂਹ ਸਾਡੀ ਨੂੰ ਕਿਧਰੋਂ ਆਕੇ
ਕਰਦੀ ਨਹੀਂ ਖਿੜਾਵਨ,
ਇਸ ਕਰਕੇ ਇਕ ਮਟਕ ਸਹਿਮਵੀਂ
ਬੇ-ਮਲੂਮ ਛੂਹ-ਛਾਵਨ,
ਖੇੜੇ ਸਾਡੇ ਦੇ ਵਿਚ ਵਸਦੀ,
ਹੁੰਦੀ ਕਿਸੇ ਲਖਾਵਨ,
ਪ੍ਯਾਰ-ਪੀੜ ਦੀ ਸੋਝੀ ਜਿਸ ਦਿਲ
ਸਾਈਂ ਕੀਤੀ ਪਾਵਨ।
ਉਦਾਸੀ ਦਾ ਰੰਗ !