ਮਹਿਕ ਪੰਜਾਬ ਦੀ
ਸੁਖਦੇਵ ਮਾਦਪੁਰੀ
ਇਸ ਕਲਮ ਤੋਂ !
• ਲੋਕ ਗੀਤ :
ਗਾਉਂਦਾ ਪੰਜਾਬ (1959), (2014), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀ ਨੀਂਦ ਨਾ ਆਵੇ (2004), ਕਿਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010), ਲੋਕ ਗੀਤਾਂ ਦੀਆਂ ਕੂਲ਼ਾਂ-ਸ਼ਗਨਾਂ ਦੇ ਗੀਤ (2012)
• ਲੋਕ ਕਹਾਣੀਆਂ:
ਜ਼ਰੀ ਦਾ ਟੋਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991), ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਪ੍ਰਦੇਸ਼ ਦੀਆਂ ਲੋਕ ਕਹਾਣੀਆਂ (2006), (2014), ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013)
• ਲੋਕ ਬੁਝਾਰਤਾਂ :
ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2007)
• ਪੰਜਾਬੀ ਸਭਿਆਚਾਰ :
ਪੰਜਾਬ ਦੀਆਂ ਲੋਕ ਖੇਡਾਂ (1976), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), (2014), ਪੰਜਾਬੀ ਸਭਿਆਚਾਰ ਦੀ ਆਰਸੀ (2006), ਲੋਕ ਸਿਆਣਪਾਂ (2007), ਵਿਰਾਸਤੀ ਮੇਲੇ ਤੇ ਤਿਉਹਾਰ (2013)
• ਨਾਟਕ :
ਪਰਾਇਆ ਧਨ (1962)
• ਜੀਵਨੀ :
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)
• ਬਾਲ ਸਾਹਿਤ :
ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995), ਕੁੜੀਆਂ ਦੀਆਂ ਖੇਡਾਂ (2014), ਮੁੰਡਿਆਂ ਦੀਆਂ ਖੇਡਾਂ (2014), ਲਕ ਟੁਣੂੰ ਟੁਣੂੰ (2014), ਜਾਦੂ ਦਾ ਸ਼ੀਸ਼ਾ (2014), ਲੁਹਾਰ ਦੀ ਕੁੜੀ(2014) ਮੁਫਤ ਦੀ ਰੋਟੀ (2014)
• ਅਨੁਵਾਦ:
ਵਰਖਾ ਦੀ ਉਡੀਕ (1993), ਟੇਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ (1994)
ਸਵਰਗੀ ਬਾਪੂ ਦਿਆ ਸਿੰਘ
ਦੀ ਨਿੱਘੀ ਯਾਦ ਨੂੰ ਸਮਰਪਿਤ
ਇਸ ਪੁਸਤਕ ਦੀ ਰੂਪ ਰੇਖਾ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸਵਰਗਵਾਸੀ ਸਰਦਾਰ ਕੁਲਵੰਤ ਸਿੰਘ ਵਿਰਕ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ ਜਿਸ ਦੇ ਲਈ ਮੈਂ ਉਹਨਾਂ ਦਾ ਸਦਾ ਲਈ ਧੰਨਵਾਦੀ ਹਾਂ। ਮੈਂ ਡਾ. ਕ੍ਰਿਪਾਲ ਸਿੰਘ ਔਲਖ, ਵਾਈਸ-ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਵੱਡਮੁੱਲੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ, ਇਸ ਪੁਸਤਕ ਦਾ ਮੁੱਖਬੰਦ ਲਿਖਣ ਦੀ ਖੇਚਲ ਕੀਤੀ ਹੈ।
ਸੁਖਦੇਵ ਮਾਦਪੁਰੀ
ਤਤਕਰਾ
• ਮੁੱਖ ਬੰਦ
• ਦੋ ਸ਼ਬਦ
ਪੰਜਾਬੀ ਲੋਕ ਜੀਵਨ
• ਜੱਟਾਂ ਤੇ ਹੋਰ ਜਾਤੀਆਂ ਦਾ ਸੁਭਾਅ ਤੇ ਕਿਰਦਾਰ
• ਲੋਕ ਜੀਵਨ ਤੇ ਦਾਰੂ
• ਵਿਸਰ ਰਹੀਆਂ ਲੋਕ ਖੇਡਾਂ
• ਬਾਲਾਂ ਦੀਆਂ ਕਾਵਿਮਈ ਖੇਡਾਂ
• ਸਾਵਣ ਆਇਆ ਨੀ ਸਖੀਏ
• ਪੰਜਾਬ ਦੇ ਲੋਕ ਨਾਚ
• ਮੇਲੇ ਦੇਸ ਪੰਜਾਬ ਦੇ
• ਵਿਸਰ ਰਹੀਆਂ ਰਸਮਾਂ
• ਵਿਸਰ ਰਹੇ ਸ਼ੋਂਕ
ਪ੍ਰੀਤ ਗਾਥਾਵਾਂ
• ਸੋਹਣੀ-ਮਹੀਂਵਾਲ
• ਹੀਰ-ਰਾਂਝਾ
• ਸੱਸੀ ਪੁੰਨੂੰ
• ਮਿਰਜ਼ਾ ਸਾਹਿਬਾਂ
• ਇੰਦਰ ਬੇਗੋ
• ਸੋਹਣਾ ਜ਼ੈਨੀ
• ਕਾਕਾ ਪਰਤਾਪੀ
• ਰੋਡਾ ਜਲਾਲੀ
ਲੋਕ ਨਾਇਕ
• ਦੁੱਲਾ ਭੱਟੀ
• ਸੁੱਚਾ ਸਿੰਘ ਸੂਰਮਾ
• ਜੀਊਣਾ ਮੌੜ
• ਗੁੱਗਾ ਜਾਹਰ ਪੀਰ
• ਪੂਰਨ ਭਗਤ
ਕਿਸਾਨੀ ਲੋਕ ਸਾਹਿਤ
• ਲੋਕ ਅਖਾਣ
• ਉੱਤਮ ਖੇਤੀ
• ਕਿਸਾਨਾਂ ਦਾ ਰੁੱਤ ਗਿਆਨ
• ਵਾਹੀ ਦੀ ਮਹਾਨਤਾ
• ਜ਼ਮੀਨ
• ਖਾਦ ਬਾਰੇ
• ਬੀਜ ਦੀ ਚੋਣ
• ਬਿਜਾਈ
• ਸੰਜਾਈ
• ਗੋਡੀ
• ਵਾਢੀ ਤੇ ਗਹਾਈ
• ਫਸਲਾਂ
• ਫੁਟਕਲ
ਲੋਕ ਬੁਝਾਰਤਾਂ
• ਫ਼ਸਲਾਂ
• ਜੀਵ-ਜੰਤੂ
• ਸੰਦ
ਲੋਕ ਗੀਤ
• ਰੁੱਖ
• ਫੁੱਲ-ਬੂਟੇ
• ਪਸ਼ੂ ਪੰਛੀ
• ਗਹਿਣੇ ਗੱਟੇ
• ਸਰਕਾਰ ਬੰਦੇ
• ਆਰਥਕ ਮੰਦਵਾੜਾ
• ਖੂਹ-ਹਰਟ
• ਦੋਹੇ
• ਲੋਹੜੀ ਦੇ ਗੀਤ
ਲੋਕ ਕਹਾਣੀਆਂ
• ਖਚਰਾ ਜੱਟ ਸੰਗੀਤਕਾਰ ਬਣਿਆਂ
• ਖਚਰਾ ਜੱਟ
• ਜੱਟ ਦੀ ਸਿਆਣਪ
• ਮਚਲਾ ਜੱਟ
• ਜੱਟ ਮਚਲਾ
• ਚੁਸਤ ਜੱਟ
• ਮੂਰਖ ਜੁਲਾਹਾ
• ਜੱਟ ਬਣਿਆਂ
• ਅਣਜਾਣ ਸਾਂਝੀ
• ਚੁਗਲਖੋਰ
• ਵਾਹੀ ਦੀ ਕਾਹ
• ਏਕਾ
• ਦੱਬਿਆ ਖ਼ਜ਼ਾਨਾ
• ਅੰਤਿਕਾ
• ਉਦਮੀ ਤੇ ਆਲਸੀ ਦੀ ਸਾਂਝ
ਅੰਤਿਕਾ
• ਜੀਵਨ-ਬਿਓਰਾ ਲੇਖਕ
• ਪੁਸਤਕ ਸੂਚੀ
ਮੁੱਖ ਬੰਦ
ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਪਿਛਲੇ 50 ਵਰ੍ਹਿਆਂ ਤੋਂ ਲੋਕ ਸਾਹਿਤ ਦੀ ਖੋਜ, ਟਕਸਾਲੀ ਸਰੂਪ ਵਿੱਚ ਪ੍ਰਕਾਸ਼ਨ ਅਤੇ ਉਸ ਦੇ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿੱਚ ਜਾਣੇ ਪਛਾਣੇ ਲੇਖਕ ਵੀਰ ਸ਼੍ਰੀ ਸੁਖਦੇਵ ਮਾਦਪੁਰੀ ਨੇ ਕਿਸਾਨੀ ਲੋਕ ਸਾਹਿਤ ਦਾ ਇਕ ਵਿਸ਼ਾਲ ਸੰਗ੍ਰਹਿ ਤਿਆਰ ਕੀਤਾ ਹੈ। ਇਹ ਪੁਸਤਕ ਯਕੀਨਨ ਕਿਸਾਨੀ ਜਨਜੀਵਨ, ਉਸ ਦੀ ਸੋਚਧਾਰਾ ਅਤੇ ਵਿਕਾਸ ਰੇਖਾ ਦੀ ਨਿਸ਼ਾਨਦੇਹੀ ਕਰੇਗੀ।
ਮਨੁੱਖ ਇਸ ਧਰਤੀ ਤੇ ਆਉਣ ਤੋਂ ਬਾਅਦ ਪਹਿਲਾਂ ਜੰਗਲੀ ਸੀ, ਫਿਰ ਚਰਵਾਹਾ ਬਣਿਆ ਅਤੇ ਜਦ ਉਸ ਨੂੰ ਆਪਣੀ ਅਕਲ ਵਰਤਣ ਦੀ ਜਾਚ ਆਈ ਤਾਂ ਉਹ ਧਰਤੀ ਵਿੱਚ ਦਾਣੇ ਬੀਜ ਕੇ ਖੇਤੀਬਾੜੀ ਦੇ ਕੰਮ ਵਿੱਚ ਲਗ ਗਿਆ। ਮਨੁੱਖੀ ਵਿਕਾਸ ਦੀ ਕਹਾਣੀ ਵਿੱਚ ਮਨੁੱਖ ਦਾ ਧਰਤੀ ਵਿੱਚੋਂ ਅਨਾਜ ਪੈਦਾ ਕਰਨ ਦੇ ਰਾਹ ਤੁਰਨਾ ਬਹੁਤ ਅਹਿਮ ਪੜਾਅ ਹੈ । ਸਾਡੇ ਧਰਮ ਗ੍ਰੰਥਾਂ ਵਿੱਚ ਕਿਸਾਨੀ ਦਾ ਬਾਰ-ਬਾਰ ਚੰਗਾ ਜ਼ਿਕਰ ਆਉਂਦਾ ਹੈ। ਅਸੀਂ ਆਮ ਜ਼ਿੰਦਗੀ ਵਿੱਚ ਵੀ ਕਿਸਾਨ ਨੂੰ ਦਾਤੇ ਦੇ ਰੂਪ ਵਿੱਚ ਵੇਖਦੇ ਹਾਂ-ਸਿਦਕੀ ਸੂਰਮਾ ਜੋ ਆਪਣੀ ਕਿਸਮਤ ਸਿਆੜਾਂ ਵਿੱਚ ਬੀਜ ਕੇ ਛੇ ਮਹੀਨੇ ਫ਼ਲ ਦੀ ਉਡੀਕ ਵਿੱਚ ਬੈਠ ਜਾਂਦਾ ਹੈ। ਅਨੇਕਾਂ ਦੁਸ਼ਮਣਾਂ ਵਿੱਚ ਘਿਰਿਆ ਹੋਇਆ ਸੂਰਮਾ ਜਿਸ ਨੂੰ ਕਦੇ ਕੁਦਰਤ ਮਾਰਦੀ ਹੈ, ਕਦੇ ਸਮਾਜਿਕ ਕਾਰ-ਵਿਹਾਰਾਂ ਦੇ ਖ਼ਰਚੇ ਅਤੇ ਸ਼ਾਹੂਕਾਰ। ਸਮਾਜਿਕ ਚਲਾਕੀਆਂ ਤੋਂ ਬੇ-ਖ਼ਬਰ ਕਿਸਾਨ ਦੀ ਜ਼ਿੰਦਗੀ ਨੂੰ ਲੋਕ ਸਾਹਿਤ ਨੇ ਬੜੀ ਇਮਾਨਦਾਰੀ ਨਾਲ ਸੰਭਾਲਿਆ ਹੈ। ਉਹ ਖ਼ਤਰਿਆਂ ਭਰਪੂਰ ਜ਼ਿੰਦਗੀ ਜਿਉਣੀ ਜਾਣਦਾ ਹੈ। ਸ਼ਾਇਦ ਇਸੇ ਕਰਕੇ ਉਸ ਦੀ ਜੀਵਨ ਧਾਰਾ ਆਦਿ ਕਾਲ ਤੋਂ ਹੀ ਕਿਸੇ ਬੰਧੇਜ਼ ਵਿੱਚ ਨਹੀਂ ਬੱਝਦੀ ਅਤੇ ਉਸ ਦਾ ਅਮੋੜ ਵੇਗ ਉਸ ਨੂੰ ਭਰ ਵਗਦੇ ਦਰਿਆ ਵਰਗੀ ਸੂਰਤ ਪ੍ਰਦਾਨ ਕਰਦਾ ਹੈ।
ਸਮੇਂ ਦੇ ਬਦਲਣ ਨਾਲ ਖੇਤੀ ਅਧਾਰਿਤ ਹੋਰ ਜਾਤਾਂ-ਗੋਤਾਂ ਦੇ ਲੋਕਾਂ ਨੇ ਵੀ ਉਸ ਦੀ ਜ਼ਿੰਦਗੀ ਨੂੰ ਸਾਥ-ਸਹਿਯੋਗ ਦਿੱਤਾ । ਜਿਸ ਸਦਕਾ ਪਿੰਡ ਇਕ ਸੰਪੂਰਣ ਇਕਾਈ ਬਣ ਗਿਆ ਜਿਸ ਵਿੱਚ ਉਸ ਦੇ ਖੇਤੀ ਸੰਦਾਂ ਨੂੰ ਬਣਾਉਣ ਅਤੇ ਵਿਗੜਨ ਤੇ ਸੰਵਾਰਨ ਲਈ ਲੁਹਾਰ ਤਰਖਾਣ ਉਸ ਦੀ ਧਿਰ ਬਣੇ। ਉਸ ਦੇ ਪਹਿਨਣ ਲਈ ਘਰ ਦੀ ਕਪਾਹ ਦਾ ਸੂਤ ਬਣਾਉਣ ਵਾਲੇ ਜੁਲਾਹੇ ਉਸ ਦੇ ਤਨ ਦਾ ਵਸਤਰ ਬਣੇ। ਉਸ ਨੂੰ ਪਿੰਡ ਵਿੱਚ ਵਸਦੇ ਘੁਮਿਆਰ, ਨਾਈ, ਛੀਂਬੇ, ਤੇਲੀ ਅਤੇ ਝਿਉਰ ਵਰਗੀਆਂ ਬਾਹਾਂ ਮਿਲੀਆਂ। ਉਸ ਦਾ ਮਨੋਰੰਜਨ ਕਰਨ ਅਤੇ ਵਿਰਾਸਤੀ ਚੇਤਨਾ ਬਾਰ-ਬਾਰ ਤਿੱਖੀ ਕਰਨ ਲਈ ਡੂਮ ਅਤੇ ਮੀਰਾਸੀ ਸਨ। ਸਰੀਰਕ ਕਸਰਤਾਂ ਦੇ ਸਹਿਯੋਗੀ
ਬਾਜ਼ੀਗਰ ਅਤੇ ਸਮਾਜਿਕ ਕਾਰ-ਵਿਹਾਰ ਅਤੇ ਇੱਜ਼ਤ ਦੇ ਭਾਈਵਾਲ ਪਾਂਧੇ, ਪੁਰੋਹਿਤ ਉਸ ਦੀ ਕੁਲ ਦੇ ਇਤਿਹਾਸਕਾਰ ਬਣਦੇ। ਇਹ ਗੱਲਾਂ ਸਾਨੂੰ ਇਤਿਹਾਸ ਦੀਆਂ ਕਿਤਾਬਾਂ ਨਾਲੋਂ ਕਿਤੇ ਵਧੇਰੇ ਚੰਗੇ ਢੰਗ ਨਾਲ ਲੋਕ ਸਾਹਿਤ ਨੇ ਦੱਸੀਆਂ ਹਨ। ਸੁਖਦੇਵ ਮਾਦਪੁਰੀ ਵੱਲੋਂ ਲਿਖੀ ਇਸ ਪੁਸਤਕ ਵਿੱਚ ਸਾਨੂੰ ਇਹ ਸਾਰੇ ਕਿਰਦਾਰ ਜਿਉਂਦੇ ਜਾਗਦੇ, ਹੱਡ ਮਾਸ ਦੇ ਤੁਰਦੇ ਫਿਰਦੇ ਵਜੂਦ ਦਿਸਦੇ ਹਨ। ਸਮਾਂ ਕਾਲ ਇਨ੍ਹਾ ਦੀ ਆਭਾ ਨੂੰ ਛਿਕਿਆ ਨਹੀਂ ਪਾ ਸਕਿਆ।
ਪੰਜਾਬੀ ਲੋਕ ਸਾਹਿਤ ਦੀ ਸੰਭਾਲ ਲਈ ਕਰਤਾਰ ਸਿੰਘ ਸ਼ਮਸ਼ੇਰ (ਕਰਤਾ ਨੀਲੀ ਤੇ ਰਾਵੀ) ਹਰਜੀਤ ਸਿੰਘ (ਕਰਤਾ ਨੇ ਝਨਾਂ), ਡਾ. ਮਹਿੰਦਰ ਸਿੰਘ ਰੰਧਾਵਾ, ਦਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਅਵਤਾਰ ਸਿੰਘ ਦਲੇਰ, ਡਾ. ਸ਼ੇਰ ਸਿੰਘ ਸ਼ੇਰ (ਕਰਤਾ ਬਾਰ ਦੇ ਢੋਲੇ), ਸੰਤ ਰਾਮ (ਪੰਜਾਬ ਦੇ ਗੀਤ) ਹਰਭਜਨ ਸਿੰਘ, ਡਾ. ਵਣਜਾਰਾ ਬੇਦੀ, ਡਾ. ਕਰਨੈਲ ਸਿੰਘ ਥਿੰਦ ਵਰਗੇ ਵਿਦਵਾਨਾਂ ਦੇ ਨਾਲ-ਨਾਲ ਤੁਰਦਿਆਂ ਸੁਖਦੇਵ ਮਾਦਪੁਰੀ ਨੇ ਵੀ ਨਿਰੰਤਰ ਲੋਕ ਸਾਹਿਤ ਸੰਭਾਲ ਵਿੱਚ ਉੱਘਾ ਯੋਗਦਾਨ ਪਾਇਆ ਹੈ। 1956 ਵਿੱਚ ਛਪੀ ਇਨ੍ਹਾਂ ਦੀ 'ਲੋਕ ਬੁਝਾਰਤਾਂ' ਪੁਸਤਕ ਇਸ ਗੱਲ ਦਾ ਪ੍ਰਮਾਣ ਹੈ ਕਿ ਹੋਰ ਦੋ ਸਾਲਾਂ ਨੂੰ ਮਾਦਪੁਰੀ ਜੀ ਦੀ ਲੋਕ ਸਾਹਿਤ ਖੋਜ ਸੇਵਾ ਤੇ ਉਮਰ ਪੂਰੇ ਪੰਜਾਹ ਵਰ੍ਹੇ ਹੋ ਜਾਵੇਗੀ ਅਤੇ ਪੁਸਤਕਾਂ ਦੀ ਗਿਣਤੀ ਵੀ ਲਗਪਗ ਏਨੀ ਹੀ ਹੋ ਜਾਵੇਗੀ। ਇਕ ਮਨੁੱਖ ਇਕ ਜਨਮ ਵਿੱਚ ਏਨਾ ਕੰਮ ਆਪਣੇ ਸਮਾਜ ਅਤੇ ਭਵਿੱਖ ਪੀੜ੍ਹੀਆਂ ਲਈ ਕਰ ਜਾਵੇ, ਇਸ ਨੂੰ ਕਰਾਮਾਤ ਤੋਂ ਘੱਟ ਕੁਝ ਵੀ ਨਹੀਂ ਕਿਹਾ ਜਾ ਸਕਦਾ। ਮਾਦਪੁਰੀ ਦਾ ਸਫ਼ਰ ਸਿਰਫ਼ ਬੁਝਾਰਤਾਂ ਜਾਂ ਲੋਕ ਗੀਤਾਂ ਦੇ ਸੰਗ੍ਰਹਿ ਤੀਕ ਹੀ ਸੀਮਤ ਨਹੀਂ ਉਹ ਲੋਕ ਖੇਡਾਂ, ਮੇਲਿਆਂ ਅਤੇ ਤਿਉਹਾਰਾਂ, ਲੋਕ ਨਾਚਾਂ, ਸਿੱਠਣੀਆਂ, ਸੁਹਾਗ, ਘੋੜੀਆਂ, ਟੱਪਿਆਂ ਨੂੰ ਵੀ ਆਪਣੀ ਖੋਜ ਅਤੇ ਵਿਰਾਸਤ ਸੰਭਾਲ ਦਾ ਹਿੱਸਾ ਬਣਾਉਂਦਾ ਹੈ। ਇਕ ਸਫ਼ਲ ਬਾਲ ਸਾਹਿਤ ਲੇਖਕ ਵਜੋਂ ਵੀ ਉਸ ਦੀ ਪਛਾਣ ਕੌਮਾਂਤਰੀ ਹੱਦਾਂ ਪਾਰ ਕਰ ਚੁੱਕੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਨ ਤੋਂ ਬਾਅਦ ਪੰਜਾਬ ਵਿੱਚ ਹਰਾ ਇਨਕਲਾਬ ਆਉਣ ਨਾਲ ਆਈਆਂ ਤਬਦੀਲੀਆਂ ਨੂੰ ਵੀ ਇਹ ਪੁਸਤਕ ਆਪਣੇ ਕਲਾਵੇ ਵਿੱਚ ਲੈਂਦੀ ਹੈ ਅਤੇ ਇਹ ਸੁਖਦੇਵ ਮਾਦਪੁਰੀ ਜੀ ਦੀ ਤੇਜ਼ ਤਰਾਰ ਅੱਖ ਦਾ ਹੀ ਕਮਾਲ ਹੈ ਕਿ ਉਨ੍ਹਾਂ ਨੇ ਹਰ ਸਮਾਜਿਕ ਤਬਦੀਲੀ, ਵਿਸ਼ੇਸ਼ ਕਰਕੇ ਕਿਸਾਨੀ ਜੀਵਨ ਵਿੱਚ ਆਈਆਂ ਤਬਦੀਲੀਆਂ ਨੂੰ ਨਾਲੋ-ਨਾਲ ਸੰਭਾਲ ਲਿਆ ਹੈ। ਵਿਰਸੇ ਨਾਲ ਸਬੰਧਤ ਇਨ੍ਹਾਂ ਪੁਸਤਕਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਉਂਕਿ ਇਹ ਗਿਆਨ ਵਿਗਿਆਨ ਤੋਂ ਵੱਖਰਾ ਉਹ ਸੰਸਾਰ ਹਨ ਜੋ ਸਾਨੂੰ ਸਰਬ-ਸਮਿਆਂ ਦਾ ਅਰਕ ਕੱਢ ਕੇ ਭਵਿੱਖ ਪੀੜ੍ਹੀਆਂ ਲਈ ਸੁਰੱਖਿਅਤ ਕਰ ਦਿੰਦੀਆਂ ਹਨ। ਇਸ ਕਿਤਾਬ ਵਿੱਚ ਜੱਟ ਕਿਰਦਾਰ ਨੂੰ ਇਤਿਹਾਸਕ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਕਹਾਣੀਆਂ, ਬਦਲ ਰਿਹਾ ਪੇਂਡੂ ਜੀਵਨ, ਮੁਹੱਬਤੀ ਰੂਹਾਂ ਅਤੇ ਲੋਕ ਨਾਇਕਾਂ ਦੇ ਝਲਕਾਰੇ ਵੀ ਪੇਸ਼
ਕੀਤੇ ਗਏ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕੰਮ ਪੰਜਾਬ ਦੀਆਂ ਵਿਰਸੇ ਨੂੰ ਸੰਭਾਲਣ ਲਈ ਬਣੀਆਂ ਸੰਸਥਾਵਾਂ ਦੇ ਕਰਨ ਵਾਲੇ ਸਨ ਪਰ ਇਹ ਕੰਮ ਇਕ ਵਿਅਕਤੀ ਨੂੰ ਆਪਣੇ ਨਿੱਜੀ ਸਾਧਨਾਂ ਅਤੇ ਸ਼ਕਤੀ ਨਾਲ ਕਰਨਾ ਪੈ ਰਿਹਾ ਹੈ। ਮੈਨੂੰ ਇਸ ਤਰ੍ਹਾਂ ਉਹ ਡਾ. ਵਣਜਾਰਾ ਬੇਦੀ ਦਾ ਵਾਰਿਸ ਜਾਪਦਾ ਹੈ ਜਿਸ ਨੇ ਆਪਣੀ ਜੀਵਨ ਤੋਰ ਨੂੰ ਲੋਕ ਸਾਹਿਤ ਦੇ ਮਾਣਕ ਮੋਤੀ ਲੱਭਣ ਲਈ ਸਮਰਪਿਤ ਕੀਤਾ ਹੋਇਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਦੀਆਂ ਪੁਸਤਕਾਂ "ਬਾਤਾਂ ਦੇਸ ਪੰਜਾਬ ਦੀਆਂ', 'ਖੰਡ ਮਿਸ਼ਰੀ ਦੀਆਂ ਡਲੀਆਂ', 'ਲੋਕ ਗੀਤਾਂ ਦੀ ਸਮਾਜਿਕ ਵਿਆਖਿਆ' ਅਤੇ 'ਨੈਣੀ ਨੀਂਦ ਨਾ ਆਵੇ' ਨੂੰ ਵੀ ਪੜ੍ਹਿਆ ਹੋਇਆ ਹੈ। ਇਹ ਪੁਸਤਕਾਂ ਪੜ੍ਹ ਕੇ ਮੇਰੇ ਮਨ ਵਿੱਚ ਇਹ ਵਿਚਾਰ ਪ੍ਰਬਲ ਹੋ ਰਿਹਾ ਸੀ ਕਿ ਸੁਖਦੇਵ ਮਾਦਪੁਰੀ ਵਰਗੇ ਲੋਕ ਹੀ ਧਰਤੀ ਹੇਠਲੇ ਬੌਲਦ ਹੁੰਦੇ ਹਨ ਜੋ ਧਰਤੀ ਦੇ ਭਾਰ ਨੂੰ ਆਪਣੇ ਸਿੰਗਾਂ ਤੇ ਚੁੱਕ ਕੇ ਅਡੋਲ ਖੜ੍ਹੇ ਰਹਿੰਦੇ ਹਨ।
ਮੈਂ ਇਸ ਪੁਸਤਕ ਦੇ ਪ੍ਰਕਾਸ਼ਨ ਤੇ ਜਿੱਥੇ ਸੁਖਦੇਵ ਮਾਦਪੁਰੀ ਜੀ ਨੂੰ ਮੁਬਾਰਕ ਦਿੰਦਾ ਹਾਂ ਉੱਥੇ ਇਸ ਦੇ ਪ੍ਰਕਾਸ਼ਕਾਂ ਨੂੰ ਵੀ ਵਧਾਈ ਦੇਣੀ ਬਣਦੀ ਹੈ ਜਿਨ੍ਹਾਂ ਨੇ ਇਤਿਹਾਸਕ ਮਹੱਤਵ ਵਾਲੀ ਰਚਨਾ ਦਾ ਪ੍ਰਕਾਸ਼ਨ ਕਰਕੇ ਭਵਿੱਖ ਪੀੜੀਆਂ ਲਈ ਅਣਮੋਲ ਖ਼ਜ਼ਾਨਾ ਇਕ ਜਿਲਦ ਵਿੱਚ ਸੰਭਾਲ ਦਿੱਤਾ ਹੈ।
-ਕ੍ਰਿਪਾਲ ਸਿੰਘ ਔਲਖ
ਉਪ ਕੁਲਪਤੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਦੋ ਸ਼ਬਦ
ਇਤਿਹਾਸ ਦੀਆਂ ਪੈੜਾਂ ਪੰਜਾਬ ਦੇ ਜੱਟਾਂ ਨੂੰ ਆਰੀਆ ਨਸਲ ਨਾਲ ਜਾ ਜੋੜਦੀਆਂ ਹਨ। ਇਹ ਆਰੀਆ ਨਸਲ ਦੇ ਇੰਡੋ-ਸਿੱਥੀਅਨ ਘਰਾਣੇ ਹਨ ਜਿੰਨ੍ਹਾਂ ਨੂੰ ਪੰਜਾਬ ਦੇ ਮੋਢੀ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ।
ਜੱਟ ਪੰਜਾਬ ਦੀ ਇਕ ਸਿਰਮੌਰ ਜਾਤੀ ਹੈ। ਇਹਨਾਂ ਦੀ ਸਰੀਰਕ ਬਣਤਰ, ਨਰੋਆ ਤੇ ਤਕੜਾ ਸਰੀਰ, ਗੋਲੀਆਂ ਵਰਗੇ ਜਿਸਮ, ਪਹਾੜਾਂ ਵਰਗਾ ਬੁਲੰਦ ਹੌਸਲਾ, ਦਰਿਆਵਾਂ ਵਰਗੀ ਦਰਿਆਦਿਲੀ, ਸੂਰਮਤਾਈ, ਨਿਡਰਤਾ, ਮਿਹਨਤੀ ਤੇ ਖਾੜਕੂ ਸੁਭਾਅ ਇਹਨਾਂ ਦੀ ਵਲੱਖਣ ਪਹਿਚਾਣ ਹੈ। ਇਹ ਨਾ ਕੁਦਰਤੀ ਆਫਤਾਂ ਤੋਂ ਘਬਰਾਉਂਦੇ ਹਨ ਤੇ ਨਾ ਹੀ ਸਮਾਜਕ ਵਰਤਾਰਿਆਂ ਤੋਂ। ਇਹਨਾਂ ਦੀਆਂ ਜਨਾਨੀਆਂ ਵੀ ਮਨ ਮੋਹਣੀਆਂ ਹਨ, ਪਰੀਆਂ ਵਰਗੀਆਂ-ਸਰੂਆਂ ਵਰਗਾ ਸਰੀਰ ਤੇ ਸੂਰਜੀ ਕਿਰਨਾ ਵੰਡਦੇ ਹੁਸ਼ਨਾਕ ਚਿਹਰੇ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ।
ਪੰਜਾਬ ਦੇ ਜੱਟ ਭਿੰਨ-ਭਿੰਨ ਕਬੀਲਿਆਂ ਦਾ ਮਿਲਿਆ ਜੁਲਿਆ ਭਾਈਚਾਰਾ ਹੈ। ਜੱਟਾਂ, ਗੁੱਜਰਾਂ, ਰਾਜਪੂਤਾਂ ਅਤੇ ਸੈਣੀਆਂ ਦੇ ਗੋਤ ਸਾਂਝੇ ਹਨ, ਰਸਮ ਰਿਵਾਜ਼ ਸਾਂਝੇ ਹਨ। ਮਨੰਤਾ ਮਨੌਤਾਂ ਸਾਂਝੀਆਂ ਹਨ। ਜੱਟ ਵੱਖ-ਵੱਖ ਧਰਮਾਂ 'ਚ ਵੰਡੇ ਹੋਏ ਹਨ। ਸਿੱਖ, ਹਿੰਦੂ, ਮੁਸਲਮਾਨ ਤੇ ਬਿਸ਼ਨੋਈ ਜੱਟ ਆਦਿ ਪਰੰਤੂ ਇਹਨਾਂ ਦਾ ਖੂਨ ਸਾਂਝਾ ਹੈ ਤੇ ਸਭਿਆਚਾਰ ਵੀ ਸਾਂਝਾ ਹੈ। ਪੰਜਾਬ ਦਾ ਜੱਟ ਕਦੀ ਵੀ ਕੱਟੜ ਧਰਮੀ ਤੇ ਕੱਟੜ ਪੰਥੀ ਨਹੀਂ ਰਿਹਾ। ਉਹ ਸਾਰੇ ਧਰਮਾਂ ਨੂੰ ਸਤਿਕਾਰਦਾ ਹੈ। ਅੱਜ ਵੀ ਪੰਜਾਬ ਦੇ ਜੱਟ ਸਿੱਖ ਨੈਣਾਂ ਦੇਵੀ ਦੇ ਚਾਲੇ ਤੇ ਜਾਂਦੇ ਹਨ, ਹਰਦੁਆਰ ਆਪਣੇ ਵਡੇਰਿਆਂ ਦੇ ਫੁੱਲ ਜਲ ਪਰਵਾਹ ਕਰਦੇ ਹਨ, ਪਹੋਏ ਗਤਿਆ ਕਰਾਉਂਦੇ ਹਨ, ਮੁਸਲਮਾਨ ਪੀਰਾਂ ਫਕੀਰਾਂ ਦੀਆਂ ਦਰਗਾਹਾਂ 'ਤੇ ਜ਼ਿਆਰਤਾਂ ਕਰਦੇ ਹਨ, ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਅੰਮ੍ਰਿਤਸਰ ਦੀ ਵਿਸਾਖੀ, ਫਤਿਹਗੜ੍ਹ ਸਾਹਿਬ ਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਇਹਨਾਂ ਦੇ ਤੀਰਥ ਅਸਥਾਨ ਹਨ।
ਪੰਜਾਬ ਦੇ ਜੱਟਾਂ ਦਾ ਮੁੱਢਲਾ ਜੀਵਨ ਜ਼ੋਖਮ ਭਰਪੂਰ ਸੀ-ਅਨੇਕਾਂ ਸਦੀਆਂ ਪਹਿਲਾਂ ਉਹ ਦਰਿਆਵਾਂ ਦੇ ਕੰਢਿਆਂ 'ਤੇ ਫਿਰਤੂ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ । ਪਸ਼ੂ ਪਾਲਣੇ ਤੇ ਖੇਤੀ ਦੀ ਕਾਰ ਇਹਨਾਂ ਦਾ ਮੁੱਖ ਧੰਦਾ ਸੀ। ਇਹ ਜੱਟ ਹੀ ਸਨ ਜਿਨ੍ਹਾਂ ਨੇ ਜਾਨ ਹੂਲਵੀਂ ਮਿਹਨਤ ਨਾਲ ਜੰਗਲਾਂ ਬੇਲਿਆਂ ਨੂੰ ਸਾਫ਼ ਕਰਕੇ ਜ਼ਮੀਨਾਂ ਵਾਹੀ ਯੋਗ ਬਣਾਈਆਂ ਤੇ ਪੱਕੇ ਤੌਰ ਤੇ ਨਿੱਕੇ-ਨਿੱਕੇ ਪਿੰਡ ਵਸਾ ਕੇ ਉਹ ਜ਼ਮੀਨਾਂ ਅਤੇ ਪਿੰਡਾਂ ਦੇ ਮਾਲਕ ਬਣ ਗਏ । ਗਿਆਰਵੀਂ ਸਦੀ ਦੇ ਆਰੰਭ ਤਕ ਉਹ
ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਚੁੱਕੇ ਸਨ । ਰਿਗਵੇਦ, ਮਹਾਂਭਾਰਤ ਅਤੇ ਪੁਰਾਣ ਇਹਨਾਂ ਦੇ ਪੰਜਾਬ ਵਿਚ ਆਬਾਦ ਹੋਣ ਦੀ ਸ਼ਾਹਦੀ ਭਰਦੇ ਹਨ।
ਪੰਜਾਬੀ ਜੱਟਾਂ ਨੇ ਬੜੀ ਮਿਹਨਤ ਨਾਲ ਜ਼ਮੀਨਾਂ ਆਬਾਦ ਕੀਤੀਆਂ ਸਨ, ਪਿੰਡ ਵਸਾਏ ਸਨ ਇਸ ਲਈ ਇਹਨਾਂ ਦੇ ਰੋਮ-ਰੋਮ ਵਿੱਚ ਆਪਣੀ ਮਿੱਟੀ ਦਾ ਮੋਹ ਰਮਿਆ ਹੋਇਆ ਹੈ । ਉਹ ਆਪਣੀ ਮਿੱਟੀ ਦੇ ਕਣ-ਕਣ ਨੂੰ ਪਿਆਰ ਕਰਦੇ ਹਨ। ਦੇਸ਼ ਭਗਤ ਸੂਰਮੇ ਹਨ। ਇਹ ਜੱਟ ਹੀ ਸਨ ਜਿਨ੍ਹਾਂ ਨੇ ਬਦੇਸ਼ੀ ਜਰਵਾਣਿਆਂ ਸਕੰਦਰ, ਤੈਮੂਰਲੰਗ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਮਹਮੂਦ ਗਜ਼ਨਵੀਂ ਤੇ ਮੁਹੰਮਦ ਗੌਰੀ ਆਦਿ ਹਮਲਾਵਰਾਂ ਦਾ ਮੁਕਾਬਲਾ ਕਰਕੇ ਉਹਨਾਂ ਦੇ ਛੱਕੇ ਛੁਡਾਏ ਸਨ।
ਆਦਿ ਕਾਲ ਤੋਂ ਹੀ ਕਿਸਾਨੀ ਜੀਵਨ ਪੰਜਾਬੀਆਂ ਦੀ ਪ੍ਰਮੁੱਖ ਜੀਵਨ ਧਾਰਾ ਰਹੀ ਹੈ ਤੇ ਪਿੰਡ ਇਕ ਸੰਪੂਰਨ ਇਕਾਈ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਸੀ। ਜੱਟ ਜ਼ਮੀਨਾਂ ਦੇ ਮਾਲਕ ਸਨ ਤੇ ਹੋਰ ਉਪ ਜਾਤੀਆਂ ਇਹਨਾਂ ਦੇ ਸਹਿਯੋਗੀ ਦੇ ਰੂਪ ਵਿੱਚ ਵਿਚਰ ਰਹੀਆਂ ਸਨ। ਲੋਕਾਂ ਦੀਆਂ ਜੀਵਨ ਲੋੜਾਂ ਥੜ੍ਹੀਆਂ ਸਨ। ਹਰ ਲੜ ਪਿੰਡ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ। ਜੱਟ ਜ਼ਿਮੀਂਦਾਰ ਫ਼ਸਲਾਂ ਉਗਾਉਂਦੇ ਸਨ, ਤਰਖਾਣ, ਲੁਹਾਰ, ਝਿਊਰ, ਘੁਮਾਰ, ਜੁਲਾਹੇ, ਨਾਈ, ਛੀਂਬੇ, ਪ੍ਰੋਹਤ, ਤੇਲੀ, ਮੀਰਾਸੀ, ਡੂਮ, ਬਾਜ਼ੀਗਰ ਆਦਿ ਉਪ ਜਾਤੀਆਂ ਇਹਨਾਂ ਦੀ ਖੇਤੀਬਾੜੀ ਅਤੇ ਸਮਾਜਕ ਕਾਰਜਾਂ ਵਿੱਚ ਮਦਦਗਾਰ ਹੁੰਦੀਆਂ ਸਨ। ਇਹਨਾਂ ਨੂੰ ਸੇਪੀ ਆਖਦੇ ਸਨ। ਇਸ ਮਦਦ ਦੇ ਬਦਲ ਵਿੱਚ ਜੱਟ ਕਿਸਾਨ ਇਹਨਾਂ ਨੂੰ ਹਾੜੀ ਸਾਉਣੀ ਆਪਣੀ ਫ਼ਸਲ ਤੋਂ ਪਰਾਪਤ ਹੋਈ ਜਿਨਸ ਵਿਚੋਂ ਬੰਨ੍ਹਵਾਂ ਹਿੱਸਾ ਸੇਪ ਦੇ ਰੂਪ ਵਿੱਚ ਦਿੰਦਾ ਸੀ। ਨਕਦ ਪੈਸੇ ਦੇਣ ਦਾ ਰਿਵਾਜ ਨਹੀਂ ਸੀ। ਹਰ ਹਲ ਦੀ ਖੇਡੀ ਅਨੁਸਾਰ ਹਰੇਕ ਉਪਜਾਤੀ ਲਈ ਦਾਣਿਆਂ ਦੀ ਮਾਤਰਾ ਬੰਨ੍ਹੀ ਹੋਈ ਸੀ ਜਿਵੇਂ ਇਕ ਹਲ ਦੀ ਖੇਤੀ ਕਰਨ ਵਾਲਾ ਕਿਸਾਨ ਤਰਖਾਣ ਨੂੰ ਦੋ ਮਣ ਦਾਣੇ, ਦੋ ਹਲਾਂ ਵਾਲਾ ਚਾਰ ਮਣ ਦਾਣੇ ਹਾੜੀ ਸਾਉਣੀ ਦੇਂਦਾ ਸੀ। ਤਰਖਾਣ ਲੱਕੜੀ ਦਾ ਕੰਮ ਕਰਦੇ ਸਨ, ਲੁਹਾਰ ਲੋਹੇ ਦੇ ਸੰਦ ਬਣਾਉਂਦੇ, ਘੁਮਾਰ ਭਾਂਡੇ ਤੇ ਘੜੇ ਆਦਿ ਪਥਦੇ, ਜੁਲਾਹਿਆਂ ਦਾ ਕੰਮ ਖੱਦਰ ਦਾ ਕੱਪੜਾ ਬੁਨਣਾ ਸੀ। ਛੀਂਬੇ ਕੱਪੜੇ ਲੀੜੇ ਸਿਉਂਦੇ ਸਨ ਤੇ ਝਿਉਰ ਘਰਾਂ ਵਿੱਚ ਜਾ ਕੇ ਪਾਣੀ ਭਰਦੇ ਸਨ। ਰਵਿਦਾਸੀਆਂ ਦਾ ਕੰਮ ਜੁੱਤੀਆਂ ਸਿਊਣਾ ਤੇ ਮਰਦੇ ਪਸ਼ੁ ਚੁਕਣਾ ਸੀ। ਬਾਲਮੀਕੀਏ ਗੋਹਾ ਕੂੜਾ ਕਰਦੇ ਸਨ ਤੇ ਜੱਟਾਂ ਨਾਲ ਸਾਂਝੀ ਸੀਰੀ ਰਲਦੇ ਸਨ। ਪਿੰਡ ਦਾ ਪਰੋਹਤ ਪਿੰਡ ਦਾ ਹਟਵਾਣੀਆਂ ਸੀ ਤੇ ਨਾਲ ਹੀ ਦਵਾਈ ਬੂਟੀ ਦਾ ਆਹੁੜ ਪੁਹੜ ਕਰਨ ਵਾਲਾ ਹਕੀਮ। ਤੇਲੀ ਕੋਹਲੂ ਨਾਲ ਤੇਲ ਕੱਢਦੇ ਸਨ। ਨਾਈ ਵਿਆਹ ਸ਼ਾਦੀਆਂ ਸਮੇਂ ਰਿਸ਼ਤੇਦਾਰੀਆਂ ਵਿੱਚ ਗੱਠਾਂ ਦੇਣ ਅਤੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ। ਮੀਰਾਸੀ, ਡੂਮ, ਭਰਾਈ ਪੇਂਡੂਆਂ ਦੇ ਮਨੋਰੰਜਨ ਲਈ ਨਕਲਾਂ ਦੇ ਅਖਾੜੇ ਲਾਉਂਦੇ ਅਤੇ ਬਾਜ਼ੀਗਰ ਬਾਜ਼ੀਆਂ ਪਾਉਂਦੇ ਸਨ।
ਹਰੇ ਇਨਕਲਾਬ ਤੋਂ ਪਹਿਲਾਂ ਹਾੜ੍ਹੀ ਦੀ ਵਢਾਈ ਸਮੇਂ ਸਾਰੇ ਪਿੰਡ ਦਾ ਜੀ ਜੀ ਸਰਗਰਮ ਹੋ ਜਾਂਦਾ ਸੀ। ਕਣਕ ਪੰਜਾਬ ਦੀ ਮੁਖ ਫਸਲ ਸੀ-ਕਣਕ ਦੀ ਵਾਢੀ ਸਮੇਂ ਖੇਤਾਂ 'ਚ ਰੌਣਕਾਂ ਲਗ ਜਾਣੀਆਂ, ਵਾਢਿਆਂ ਨੇ ਲਲਕਾਰੇ ਮਾਰਨੇ, ਕਿਧਰੇ ਦਾਤੀਆਂ ਦੇ ਦੰਦੇ ਕੱਢਣ ਲਈ ਤਰਖਾਣ ਨੇ ਖੇਤੋਂ ਖੇਤ ਫਿਰਨਾ, ਕਿਧਰੇ ਬਿਉਰ ਨੇ ਪਾਣੀ ਦੀ ਮਸ਼ਕ ਭਰਕੇ ਵਾਢੀ ਕਰਨ ਵਾਲਿਆਂ ਨੂੰ ਓਕ ਨਾਲ ਪਾਣੀ ਪਲਾਉਣਾ, ਜੇ ਕਿਸੇ ਜੱਟ ਨੇ ਹਾੜ੍ਹੀ ਵੱਢਣ ਲਈ ਆਵਤ ਲਾਈ ਹੋਣੀ ਤਾਂ ਭਰਾਈ ਨੇ ਢੋਲ ਤੇ ਡੱਗਾ ਮਾਰ ਕੇ ਕਣਕ ਵੱਢਦੇ ਜੱਟਾਂ ਦੇ ਹੌਸਲੇ ਬੁਲੰਦ ਕਰਨੇ, ਮੀਰਾਸੀ ਤੇ ਡੂਮ ਵੀ ਖੇਤੀਂ ਪੁਜ ਜਾਂਦੇ ਸਨ ਉਹ ਵੀ ਨਕਲਾਂ ਲਾ ਕੇ ਉਹਨਾਂ ਦਾ ਬਕੇਵਾਂ ਲਾਹੁੰਦੇ ਸਨ। ਹਰ ਜੱਟ ਨੇ ਝਿਊਰ, ਤਖਾਣ, ਘੁਮਾਰ ਤੇ ਹੋਰ ਲਾਗੀ ਤੱਬੀ ਨੂੰ ਖੱਬਾ-ਥੱਬਾ ਭਰ ਕੇ ਕਣਕ ਦੇ ਲਾਣ ਦਾ ਦੇ ਦੇਣਾ। ਇਸ ਤਰ੍ਹਾਂ ਇਹ ਲਾਗੀ ਕਈ-ਕਈ ਭਰੀਆਂ ਹਰ ਰੋਜ਼ ਦੀਆਂ ਕੱਠੀਆਂ ਕਰ ਲੈਂਦੇ। ਇੰਝ ਉਹ ਆਪਣੇ ਟੱਬਰ ਦੇ ਗੁਜ਼ਾਰੇ ਜੋਗਾ ਸਾਲ ਭਰ ਦਾ ਅਨਾਜ ਕੱਠਾ ਕਰ ਲੈਂਦੇ ਸਨ।
ਸੁੱਖੀ ਸਾਂਦੀ ਵਸਦੇ ਪੰਜਾਬ ਦੇ ਹਰ ਪਿੰਡ ਦੀਆਂ ਖ਼ੁਸ਼ੀਆਂ ਗਮੀਆਂ ਸਾਂਝੀਆਂ ਸਨ-ਮੇਲੇ ਤਿਉਹਾਰ ਤੇ ਹੋਰ ਰਸਮੋ ਰਿਵਾਜ਼ ਸਾਂਝੇ ਸਨ। ਹਰ ਪਾਸੇ ਮੁਹੱਬਤਾਂ ਦੀ ਲਹਿਰ ਬਹਿਰ ਸੀ। ਪੰਜਾਬ ਦਾ ਕਿਸਾਨ ਇਕ ਦਾਤੇ ਦੇ ਰੂਪ ਵਿੱਚ ਵਿਚਰ ਰਿਹਾ ਸੀ।
ਮਸ਼ੀਨੀ ਸਭਿਅਤਾ ਦੇ ਵਿਕਾਸ ਕਾਰਨ ਪੰਜਾਬ ਦੇ ਪੇਂਡੂ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਆ ਗਈਆਂ ਹਨ-ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ-ਸਿਰਫ਼ ਯਾਦਾਂ ਬਾਕੀ ਹਨ। ਪੰਜਾਬ ਦੇ ਪੇਂਡੂ ਲੋਕਾਂ ਦੀ ਭਾਈਚਾਰਕ ਸਾਂਝ, ਮੁਹੱਬਤਾਂ, ਲੋਕ ਨਾਚ, ਖੇਡਾਂ, ਲੋਕ ਗੀਤ, ਰਸਮੇਂ ਰਿਵਾਜ਼ ਅਤੇ ਮੇਲੇ ਮੁਸਾਹਵੇ ਪੰਜਾਬੀ ਸੱਭਿਆਚਾਰ ਦੀਆਂ ਰੂੜੀਆਂ ਹਨ, ਇਨ੍ਹਾਂ ਵਿੱਚ ਪੰਜਾਬੀ ਸਭਿਆਚਾਰ ਤੇ ਲੋਕ ਸੰਸਕ੍ਰਿਤੀ ਦੇ ਅੰਸ਼ ਸਮੋਏ ਹੋਏ ਹਨ।
ਪੰਜਾਬ ਦਾ ਲੋਕ ਸਾਹਿਤ ਜੋ ਮੁਖ ਰੂਪ ਵਿੱਚ ਕਿਸਾਨੀ ਲੋਕ ਸਾਹਿਤ ਹੀ ਹੈ, ਅਖਾਣਾਂ, ਬੁਝਾਰਤਾਂ, ਲੋਕ ਗੀਤਾਂ ਅਤੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੀ ਜੀਵਨ ਅਗਵਾਈ ਵੀ ਕਰਦਾ ਰਿਹਾ ਹੈ। ਇਸ ਵਿੱਚ ਕਿਸਾਨੀ ਜੀਵਨ ਦੇ ਵਿਕਾਸ ਦੀ ਵਿਥਿਆ ਵੀ ਹੈ ਤੇ ਜੀਵਨ ਝਲਕੀਆਂ ਵੀ ਵਿਦਮਾਨ ਹਨ। ਇਸ ਵਿੱਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਖ਼ੁਸ਼ਬੂ ਹੋ ਪੰਜਾਬ ਦੀ ਲੋਕ ਆਤਮਾ ਹੈ.. ਰੂਹ ਹੈ॥ ਇਹ ਸਾਡੀ ਵਿਸਰ ਰਹੀ ਅਣਮੋਲ ਵਿਰਾਸਤ ਦਾ ਵੱਡਮੁੱਲਾ ਖ਼ਜ਼ਾਨਾ ਹੈ।
-ਸੁਖਦੇਵ ਮਾਦਪੁਰੀ
ਸਮਾਧੀ ਰੋਡ,
ਖੰਨਾ
ਜ਼ਿਲਾ ਲੁਧਿਆਣਾ-141401
ਭਾਗ ਪਹਿਲਾ
ਪੰਜਾਬੀ ਲੋਕ ਜੀਵਨ
ਦੇਸ ਮੇਰੇ ਦੇ ਬਾਂਕੇ ਗੱਭਰੂ
ਮਸਤ ਅਲ੍ਹੜ ਮੁਟਿਆਰਾਂ
ਨੱਚਦੇ ਟੱਪਦੇ ਗਿੱਧਾ ਪਾਉਂਦੇ
ਗਾਉਂਦੇ ਰਹਿੰਦੇ ਵਾਰਾਂ
ਪ੍ਰੇਮ ਲੜੀ ਵਿੱਚ ਇੰਜ ਪਰੋਤੇ
ਜਿਉਂ ਕੂੰਜਾਂ ਦੀਆਂ ਡਾਰਾਂ
ਮੌਤ ਨਾਲ ਇਹ ਕਰਨ ਮਖੌਲਾਂ
ਮਸਤੇ ਵਿੱਚ ਪਿਆਰਾਂ
ਕੁਦਰਤ ਦੇ ਮੈਂ ਚਾਕਰ ਅੱਗੇ
ਇਹ ਅਰਜ਼ ਗੁਜ਼ਾਹਾਂ
ਦੇਸ ਪੰਜਾਬ ਦੀਆਂ-
ਖਿੜੀਆਂ ਰਹਿਣ ਬਹਾਰਾਂ
ਜੱਟਾਂ ਤੇ ਹੋਰ ਜਾਤੀਆਂ ਦਾ ਸੁਭਾਅ ਤੇ ਕਿਰਦਾਰ
ਲੋਕ ਸਾਹਿਤ ਕਿਸੇ ਖਿੱਤੇ 'ਚ ਵਸਦੇ ਲੋਕਾਂ ਦੇ ਜੀਵਨ ਦਾ ਦਰਪਣ ਹੁੰਦਾ ਹੈ। ਉਹਨਾਂ ਦੇ ਸੁਭਾਅ ਅਤੇ ਕਿਰਦਾਰ ਨੂੰ ਜਾਨਣ ਲਈ ਉਸ ਖਿੱਤੇ ਦੇ ਲੋਕ ਸਾਹਿਤ ਦਾ ਅਧਿਐਨ ਜ਼ਰੂਰੀ ਹੈ।
ਪੰਜਾਬ ਦਾ ਲੋਕ ਸਾਹਿਤ ਪੰਜਾਬ ਦੀ ਸਿਰਮੌਰ ਜਾਤੀ ਜੱਟਾਂ ਅਤੇ ਪੰਜਾਬ 'ਚ ਵਸਦੀਆਂ ਹੋਰ ਜਾਤੀਆਂ ਬਾਰੇ ਬੜੀ ਬੇਬਾਕੀ ਨਾਲ ਉਹਨਾਂ ਦੇ ਸੁਭਾ ਅਤੇ ਕਿਰਦਾਰ ਨੂੰ ਪੇਸ਼ ਕਰਦਾ ਹੈ। ਇਹ ਲੋਕ ਅਖਾਣਾਂ, ਲੋਕ ਕਹਾਣੀਆਂ ਅਤੇ ਲੋਕ ਗੀਤਾਂ ਦੇ ਰੂਪ ਵਿੱਚ ਉਪਲਬਧ ਹੈ। ਪੰਜਾਬੀ ਲੋਕ ਸਾਹਿਤ ਵਿੱਚ ਅਨੇਕਾਂ ਲੋਕ ਅਖਾਣ ਅਤੇ ਲੋਕ ਕਹਾਣੀਆ ਪ੍ਰਚੱਲਤ ਹਨ ਜਿਹੜੀਆ ਜੱਟਾਂ ਦੇ ਕਿਰਦਾਰ ਅਤੇ ਸੁਭਾਅ ਦਾ ਵਰਨਣ ਕਰਦੀਆਂ ਹਨ। ਜਟ ਮੁੱਢ-ਮੁੱਢ ਭੋਲਾ ਭਾਲਾ ਅਤੇ ਸਾਦੇ ਸੁਭਾਅ ਦਾ ਮਾਲਕ ਰਿਹਾ ਹੈ। ਜਿਸ ਦੇ ਕਾਰਨ ਉਸ ਨੂੰ ਹੋਰਨਾਂ ਜਾਤਾਂ ਦੇ ਲੋਕੀ ਆਨੇ-ਬਹਾਨੇ ਕਰਕੇ ਲੁੱਟਦੇ ਰਹੇ ਹਨ-
ਜੱਟ ਕੀ ਜਾਣੇ ਲੌਂਗਾਂ ਦਾ ਭਾਅ
...................
ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ
ਕਿੰਨੀ ਸਾਦਗੀ ਹੈ ਜਟ ਦੇ ਸੁਭਾਅ ਵਿੱਚ । ਜੱਟ ਦਾ ਸੁਭਾਅ ਜਿੱਥੇ ਭੋਲਾ ਤੇ ਸਾਦਾ ਹੁੰਦਾ ਹੈ ਉੱਥੇ ਉਸਦੀ ਅੜਬਾਈ ਦਾ ਕੋਈ ਮੁਕਾਬਲਾ ਨਹੀਂ-
ਜੱਟ ਗੰਨਾ ਨੀ ਦਿੰਦਾ
ਗੁੜ ਦੀ ਭੇਲੀ ਦੇ ਦੇਂਦਾ ਹੈ
ਜੱਟ ਵਿਗੜਨ ਲੱਗਿਆਂ ਦੇਰ ਨਹੀਂ ਲਾਉਂਦਾ-
ਜੱਟ ਤੋਂ ਭਲਾ ਮੂਲ ਨਾ ਭਾਲ
ਜੱਟ ਥੱਲੇ ਤਦ ਕਢੇ ਗਾਲ
ਸਿਰ ਤੋਂ ਲਾਹ ਕੇ ਮਾਰੇ ਭੌਂ
ਲੈਣਾ ਇਕ ਨਾ ਦੇਣੇ ਦੋ
ਜੱਟ ਦੇ ਸੁਭਾਅ ਦੀ ਇਕ ਹੋਰ ਵੱਡੀ ਘਾਟ ਹੈ ਕਿ ਉਹ ਕੀਤੇ ਨੂੰ ਬਹੁਤ ਛੇਤੀ ਭੁੱਲ ਜਾਂਦਾ ਹੈ—
ਜੱਟ ਨਾ ਜਾਣੇ ਗੁਣ ਕਰਾ
ਚਣਾ ਨਾ ਜਾਣੇ ਵਾਹ
ਪਰ ਜੱਟ ਦੀ ਸਾਂਝ-ਭਿਆਲੀ ਬੜੀ ਪ੍ਰਸਿੱਧ ਹੈ। ਉਹ ਦੂਜੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ—
ਜੱਟ ਜਿਹਾ ਰਾਠ ਨੀ, ਜੇ ਤਿੜੇ ਨਾ
ਟਿੰਡ ਜਿਹਾ ਭਾਂਡਾ ਨੀ, ਜੇ ਰਿੜ੍ਹੇ ਨਾ
ਤੂਤ ਜਿਹਾ ਕਾਠ ਨੀ, ਜੇ ਲਿਫੇ ਨਾ
ਜੱਟ ਖੁਦਗਰਜ਼ ਹੁੰਦਾ ਹੈ, ਜੇਕਰ ਉਸ ਨੂੰ ਗਰਜ਼ ਹੋਵੇ ਤਾਂ ਐਵੇਂ ਰਿਸ਼ਤੇਦਾਰੀਆਂ ਗੰਢ ਲੈਂਦਾ ਹੈ—
ਜਾਂ ਜੱਟ ਦੀ ਪਈ ਬਿਆਈ
ਕਿਸੇ ਨੂੰ ਫੂਫੀ ਕਿਸੇ ਨੂੰ ਤਾਈ
ਜਦੋਂ ਆਪਣਾ ਕੰਮ ਕੱਢ ਲਿਆ-
ਜਾਂ ਜੱਟ ਦੇ ਜੌਂ ਪੱਕੇ
ਸਕੀ ਮਾਂ ਨੂੰ ਮਾਰੇ ਧੱਕੇ
ਦੂਜੀਆਂ ਜਾਤਾਂ ਦੇ ਲੋਕ ਆਪਣੀਆਂ ਜਾਤਾਂ ਦੇ ਟੱਬਰ ਪਾਲਦੇ ਹਨ- ਕੇਵਲ ਜੱਟ ਹਨ ਜਿਹੜੇ ਕਦੀ ਆਪਣਿਆਂ ਦਾ ਫਾਇਦਾ ਨਹੀਂ ਕਰਦੇ-
ਕੁੱਕੜ, ਕਾਂ, ਕਰਾੜ, ਕਬੀਲਾ ਪਾਲਦੇ
ਜੱਟ, ਮਹਿਆਂ, ਸੰਸਾਰ ਕਬੀਲਾ ਗਾਲਦੇ
ਜੇਕਰ ਜੱਟ ਦੀ ਆਰਥਿਕ ਹਾਲਤ ਚੰਗੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ- ਚਿੱਟਾ ਕੱਪੜਾ ਕੁੱਕੜ ਖਾਣਾ ਉਸ ਜੱਟ ਦਾ ਕੀ ਟਿਕਾਣਾ ਜਦੋਂ ਜੱਟ ਆਪਸ ਵਿੱਚ ਏਕਾ ਕਰ ਲੈਣ ਤਾਂ ਕਿਸੇ ਹੋਰ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ। ਜੱਟ ਦੀਆਂ ਸੋ ਮਾਵਾਂ ਹੁੰਦੀਆਂ ਹਨ ਉਹ ਤਾਂ ਸੈਂਕੜੇ ਕੋਹਾਂ ਤੇ ਵੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ-
ਜੱਟ ਜੱਟਾਂ ਦੇ
ਭੋਲੂ ਨਰਾਇਣ ਦਾ
ਜਾ
ਜੱਟ, ਜੱਟਾਂ ਦੇ ਸਾਲੇ
ਵਿਚੇ ਕਰਦੇ ਘਾਲੇ ਮਾਲੇ
ਜੱਟ ਦਾ ਖਚਰਾਪਣ ਬੜਾ ਪ੍ਰਸਿੱਧ ਹੈ। ਜੇ ਕਰ ਜੱਟ ਮਚਲਾ ਬਣ ਜਾਵੇ ਤਾਂ ਉਹ ਕਿਸੇ ਨੂੰ ਵੀ ਆਈ ਗਈ ਨਹੀਂ ਦੇਂਦਾ-
ਜੱਟ ਹੋਇਆ ਕਮਲਾ
ਖੁਦਾ ਨੂੰ ਲੈ ਗਏ ਚੋਰ
ਜੱਟਾਂ ਬਾਰੇ ਮਾਲਵੇ ਦਾ ਪ੍ਰਸਿੱਧ ਕਵੀਸ਼ਰ ਗੁਰਦਿੱਤ ਸਿੰਘ 'ਕਾਕਾ ਪ੍ਰਤਾਪੀ'
ਦੇ ਕਿੱਸੇ ਵਿੱਚ ਲਿਖਦਾ ਹੈ—
ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ
ਜਾਤ ਦੀ ਕਮੀਨਣੀ ਅਧੀਨਣੀ ਗਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ
ਜੱਟਾਂ ਨਾਲ ਦੋਸਤੀ ਨਾ ਪੁਗਤੀ ਕਮੀਣਾਂ ਦੀ ਨੀ
ਖੇਤ ਬੰਨੇ ਬੀਹੀ ਗਲੀ ਵੇਖ ਨੀ ਘੁੰਗਾਰਦਾ
ਮੇਰੇ ਨਾ ਪਸੰਦ ਤੇਰੀ ਗਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ
ਪੰਜਾਬ ਦੇ ਪੇਂਡੂ ਅਰਥਚਾਰੇ ਵਿੱਚ ਬਾਣੀਏਂ ਦੀ ਅਹਿਮ ਭੂਮਿਕਾ ਰਹੀ ਹੈ। ਜਿੱਥੇ ਉਹ ਪਿੰਡ ਵਿੱਚ ਇਕ ਹੱਟ ਬਾਣੀਏਂ ਦੇ ਰੂਪ ਵਿੱਚ ਵਿਚਰਦਾ ਹੈ ਉੱਥੇ ਉਹ ਸ਼ਾਹੂਕਾਰ ਦੇ ਰੂਪ ਵਿੱਚ ਜੱਟਾਂ ਦੀ ਲੁੱਟ-ਖਸੁੱਟ ਵੀ ਕਰਦਾ ਰਿਹਾ ਹੈ। ਅਨੇਕਾਂ ਲੋਕ ਅਖਾਣ ਅਤੇ ਲੋਕ ਗੀਤ ਬਾਣੀਏ ਦੇ ਕਿਰਦਾਰ ਨੂੰ ਪੇਸ਼ ਕਰਦੇ ਹਨ। ਬਾਣੀਏਂ ਦੇ ਮੁਕਾਬਲੇ ਦਾ ਕੋਈ ਹੋਰ ਬਣਜ ਨਹੀਂ ਕਰ ਸਕਦਾ-
ਬਣਜ ਕਰੇਂਦੇ ਬਾਣੀਏਂ
ਹੋਰ ਕਰੇਂਦੇ ਰੀਸ
ਵਿਹਲਾ ਬਾਣੀਆਂ ਕੀ ਕਰੇ
ਏਥੋਂ ਚੁੱਕੇ ਉੱਥੇ ਧਰੇ
ਜੇ ਖਤਰੀ ਸਿਰ ਘੱਟਾ ਪਾਵੇ
ਤਾਂ ਵੀ ਖੱਟ ਘਰ ਆਵੇ
ਬਾਣੀਆਂ ਕੰਜੂਸ ਹੁੰਦਾ ਹੈ। ਛੇਤੀ ਕੀਤਿਆਂ ਲੰਗੋਟੀ ਢਿੱਲੀ ਨਹੀਂ ਕਰਦਾ-
ਨਿੰਬੂ ਅੰਬ ਅਰ ਬਾਣੀਆਂ
ਗਲ ਘੁੱਟੇ ਰਸ ਦੇ
ਸੁਭਾਅ ਦਾ ਡਰੂ ਹੈ—
ਬਾਣੀਆਂ ਹੇਠਾਂ ਪਿਆ ਵੀ ਰੋਵੇ
ਉੱਤੇ ਪਿਆ ਵੀ ਰੋਵੇ
ਆਮ ਲੋਕ ਬਾਣੀਏਂ ਤੇ ਵਿਸ਼ਵਾਸ ਨਹੀਂ ਕਰਦੇ-
ਖਤਰੀ ਖੰਡ ਵਲ੍ਹੇਟਿਆ ਮੁਹਰਾ
ਇਸੇ ਕਰਕੇ ਕਿਹਾ ਜਾਂਦਾ ਹੈ—
ਜੀਹਦਾ ਬਾਣੀਆਂ ਯਾਰ
ਉਹਨੂੰ ਦੁਸ਼ਮਣ ਦੀ ਕੀ ਲੋੜ
ਅਨੇਕਾਂ ਲੋਕ ਗੀਤਾਂ ਵਿੱਚ ਬਾਣੀਏਂ ਦਾ ਜ਼ਿਕਰ ਆਉਂਦਾ ਹੈ—
ਯਾਰੀ ਹੱਟੀ ਤੇ ਲਖਾਕੇ ਲਾਈਏ
ਦਗੇਦਾਰ ਹੋਗੀ ਦੁਨੀਆਂ
ਬਾਣੀਆਂ ਨੇ ਅਤਿ ਚੁੱਕ ਲੀ
ਸਾਰੇ ਜੱਟ ਕਰਜ਼ਾਈ ਕੀਤੇ
ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ
ਤੇਰੀ ਮਾਂ ਨੇ ਬਾਣੀਆਂ ਕੀਤਾ
ਲੱਡੂਆਂ ਦੀ ਮੌਜ ਬੜੀ
ਲਾਲਾ ਲੱਡੂ ਘਟ ਨਾ ਦਈਂ
ਤੋਰੀਓ ਕੁੜੀ ਨੂੰ ਦੇਣੇ
ਪਿੰਡ ਦਾ ਪਰੋਹਤ ਪਿੰਡ ਦਾ ਹਟਵਾਣੀਆਂ ਹੁੰਦਾ ਹੈ ਤੇ ਨਾਲ ਹੀ ਦਵਾਈ ਬੂਟੀ ਕਰਨ ਵਾਲਾ ਹਕੀਮ। ਤਿਥ-ਤਿਉਹਾਰ ਤੇ ਉਹ ਕਈ ਧਾਰਮਿਕ ਰਸਮਾਂ ਅਦਾ ਕਰਦਾ ਹੈ। ਪੇਂਡੂ ਲੋਕ ਉਸ ਦੀ ਬ੍ਰਾਹਮਣੀ ਨੂੰ ਲੋਕ ਨਾਇਕਾ ਦੇ ਰੂਪ ਵਿੱਚ ਦੇਖਦੇ ਹਨ। ਇਸੇ ਕਰਕੇ ਅਨੇਕਾਂ ਲੋਕ ਗੀਤਾਂ ਵਿੱਚ 'ਬ੍ਰਾਹਮਣੀ' ਦਾ ਵਰਨਣ ਆਉਂਦਾ ਹੈ। ਕੰਮਾਂ ਕਾਰਾਂ ਵਿੱਚ ਰੁਝੀਆਂ ਜੱਟੀਆਂ ਐਨੀਆਂ ਬਣ ਠਣ ਕੇ ਨਹੀਂ ਰਹਿੰਦੀਆਂ ਜਿੰਨਾ ਕਿ ਬ੍ਰਾਹਮਣੀਆਂ ਲਿਸ਼ਕ ਪੁਸ਼ਕ ਕੇ ਵਿਚਰਦੀਆਂ ਹਨ। ਪੇਂਡੂ ਗੱਭਰੂਆਂ ਦੇ ਮਨਾਂ 'ਚ ਉਹ ਅਨੇਕਾਂ ਸੁਪਨੇ ਸਿਰਜਦੀਆਂ ਹਨ-
ਚੱਕ ਲੈ ਵਾਹਿਗੁਰੂ ਕਹਿ ਕੇ
ਬਾਹਮਣੀ ਗਲਾਸ ਵਰਗੀ
ਬਾਹਮਣੀ ਦਾ ਪੱਟ ਲਿਸ਼ਕੇ
ਜਿਵੇਂ ਕਾਲੀਆਂ ਘਟਾਂ 'ਚ ਬਗਲਾ
ਕਾਲਾ ਨਾਗ ਨੀ ਚਹੀ ਵਿੱਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ
ਰੰਡੀ ਬਾਹਮਣੀ ਪਰੋਸੇ ਫੇਰੇ
ਛੜਿਆਂ ਦੇ ਦੋ ਦੇਗੀ
ਜੱਟੀਆਂ ਨੇ ਜਟ ਕਰਲੇ
ਰੰਡੀ ਬਾਹਮਣੀ ਕਿਧਰ ਨੂੰ ਜਾਵੇ
ਬਾਹਮਣੀ ਲਕੀਰ ਕੱਢਗੀ
ਮੇਲ ਨੀ ਜੱਟਾਂ ਦੇ ਆਉਣਾ
ਤੂੰ ਬਾਹਮਣੀ ਮੈਂ ਸੁਨਿਆਰਾ
ਤੇਰੀ ਮੇਰੀ ਨਹੀਂ ਨਿਭਣੀ
ਕਿਧਰੇ ਬ੍ਰਾਹਮਣ ਕੰਨਿਆ ਡਰਦੀ-ਡਰਦੀ ਅੱਖੀਆਂ ਲੜਾਉਂਦੀ ਹੈ—
ਬਾਹਮਣਾਂ ਦੇ ਘਰ ਕੰਨਿਆਂ ਕੁਆਰੀ
ਦਾਗ਼ ਲੱਗਣ ਤੋਂ ਡਰਦੀ
ਉੱਚਾ ਚੁਬਾਰਾ ਸਰਦ ਪੌੜੀਆਂ
ਛਮ-ਛਮ ਕਰਕੇ ਚੜ੍ਹਗੀ
ਸੁੱਤਾ ਪਿਆ ਉਹਨੇ ਯਾਰ ਜਗਾ ਲਿਆ
ਗੱਲਾਂ ਹਿਜ਼ਰ ਦੀਆਂ ਕਰਦੀ
ਅੱਖੀਆਂ ਜਾ ਲੱਗੀਆਂ-
ਜਿਹੜੀਆਂ ਗੱਲਾਂ ਤੋਂ ਡਰਦੀ
ਕੋਈ ਖਚਰਾ ਬ੍ਰਾਹਮਣਾਂ ਦਾ ਮਖੌਲ ਉਡਾਉਂਦਾ ਹੋਇਆ ਵਿਅੰਗ ਕਸਦਾ ਹੈ।
ਖਿਹ ਮਰਦੇ ਬ੍ਰਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ
ਪਿੰਡਾਂ 'ਚ ਪੰਡਿਤ ਨੂੰ ਦਾਦਾ ਆਖਦੇ ਹਨ। ਦਾਦੇ ਤੋਂ ਦਾਰੂ ਲੈਣ ਦਾ ਆਪਣਾ ਰੰਗ ਹੈ—
ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁਖਦੇ
ਕਈ ਵਾਰ ਆਸ਼ਕ ਬਣਿਆ ਬਾਹਮਣ ਜੱਟਾਂ ਦੇ ਘਰ ਆ ਵੜਦਾ ਹੈ ਤੇ ਅੱਗੋਂ ਜੱਟੀ ਦਾ ਦਿਉਰ ਉਸ ਦੇ ਮੌਰਾਂ 'ਤੇ ਸਲੰਘਾਂ ਜੜਕੇ ਉਹਦੀ ਭਗਤ ਸੁਆਰਦਾ ਹੈ—
ਧਰਮ ਕੋਟ ਦੀ ਧਰਮੋਂ ਜੱਟੀ
ਬਾਹਮਣ ਅੰਬਰਸਰ ਦਾ
ਲੇਫ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਆਂ ਚੜ੍ਹਦਾ
ਮਾਰੀ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ
ਇਸੇ ਭਾਵਨਾ ਨੂੰ ਦਰਸਾਉਂਦਾ ਇਕ ਹੋਰ ਲੋਕ ਗੀਤ ਹੈ-
ਕਿੱਥੋਂ ਤੇ ਬਾਹਮਣ ਵੇ ਆਇਆ
ਕਿੱਥੇ 'ਕ ਪੈਗੀ ਰਾਤ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਦੱਖਣ ਤੋਂ ਬੀਬੀ ਨੀ ਆਇਆ
ਪੂਰਬ ਪੈਗੀ ਰਾਤ
ਨੀ ਮੇਰੀ ਰਾਜ ਧਿਆਣੀਏਂ
ਚੌਂਕਾ ਤਾਂ ਦਵਾਂ ਬਾਹਮਣਾ ਵੇ ਧੋਣਾ
ਭਾਂਡੇ ਮੈਂ ਦੇਵਾਂ ਵੇ ਮੰਜਾ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਪੂਰੀ ਪਕਾਵਾਂ ਬਾਹਮਣਾ ਵੇ ਬੇਲ ਕੇ
ਉੱਤੇ ਨੂੰ ਕਰਦਾਂ ਕੜਾਹ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਪੰਜ ਸੱਤ ਦਵਾਂ ਬਾਬਾ ਦਸ਼ਣਾ
ਗਲ ਦਾ ਦਵਾਂ ਵੋ ਹਾਰ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਅੰਦਰ ਵੜ ਬੀਬੀ ਨੀ ਪੁੱਛਦਾ
ਤੂੰ ਉੱਠ ਚਲ ਮੇਰੇ ਨਾਲ
ਨੀ ਮੇਰੀ ਰਾਜ ਧਿਆਣੀਏ
ਪੰਜ ਸੱਤ ਮਾਰਾਂ ਬਾਹਮਣਾਂ ਵੇ ਜੁੱਤੀਆਂ
ਬੰਨਾ ਦੇਊਂਗੀ ਟਪਾ
ਵੇ ਮੇਰੇ ਪਿਓਕਿਆਂ ਦਿਆ ਬਾਹਮਣਾ
ਅੱਜ ਕਲ੍ਹ ਨਲਕੇ ਆਮ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਝਿਊਰ ਲੋਕਾਂ ਦੇ ਘਰਾਂ ਵਿੱਚ ਸਵੇਰ ਸ਼ਾਮ ਪੀਣ ਲਈ ਪਾਣੀ ਭਰਿਆ ਕਰਦੇ ਸਨ ਤੇ ਤੀਜੇ ਪਹਿਰ ਆਮ ਕਰਕੇ ਤਿਉਰੀ ਹਰ ਪਿੰਡ ਵਿੱਚ ਦਾਣੇ ਭੁੰਨਣ ਲਈ ਭੱਠੀ ਤਪਾਉਂਦੀ ਸੀ। ਇਹ ਉਹੀ ਭੱਠੀ ਹੈ ਜਿਸ ਤੇ ਸਾਡਾ ਕਵੀ ਸ਼ਿਵ ਕੁਮਾਰ ਦਾਣਿਆਂ ਦਾ ਪਰਾਗਾ ਭੁਨਾਉਣ ਦੀ ਥਾਂ 'ਪੀੜਾਂ ਦਾ ਪਰਾਗਾ' ਭੁਨਾਉਂਦਾ ਹੈ।
ਤੱਤੀ-ਤੱਤੀ ਖਿੱਲ ਚੱਬਣ ਲਈ ਹੀ ਕੋਈ ਮਨਚਲਾ ਗੱਭਰੂ ਬਿਉਰਾਂ ਦੀ ਕੁੜੀ ਨਾਲ ਯਾਰੀ ਲਾਉਣਾ ਲੋਚਦਾ ਹੈ—
ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ-ਤੱਤੀ ਖਿਲ ਚੱਬੀਏ
ਪਾਣੀ ਭਰੇਂਦੀਆਂ ਤੇ ਘੜੇ ਚੁੱਕੀ ਜਾਂਦੀਆਂ ਪੈਲਾਂ ਪਾਉਂਦੀਆਂ ਝਿਉਰਾਂ ਦੀਆਂ ਮੁਟਿਆਰਾਂ ਲੋਕ ਮਨਾਂ ਨੂੰ ਮੋਹ ਲੈਂਦੀਆਂ ਹਨ-
ਝਿਊਰਾਂ ਦੀ ਕੁੜੀ
ਘੜੇ ਦੋ-ਦੋ ਚੱਕਦੀ
ਗੜਵਾ ਚੱਕਦੀ ਰੇਤ ਦਾ
ਜਿੰਦ ਜਾਵੇ, ਮੁਕਲਾਵਾ ਚੇਤ ਦਾ
ਲੱਛੀ ਕੁੜੀ ਮਹਿਰਿਆਂ ਦੀ
ਘੜਾ ਚਕਦੀ ਨਾਗ ਵਲ ਖਾਵੇ
ਛੋਟਾ ਘੜਾ ਚੱਕ ਲੱਛੀਏ
ਤੇਰੇ ਲੱਕ ਨੂੰ ਜਰਬ ਨਾ ਆਵੇ
ਪੰਜਾਬ ਦੇ ਪੇਂਡੂ ਭਾਈਚਾਰੇ ਵਿੱਚ 'ਨਾਈਆਂ' ਦਾ ਵਿਸ਼ੇਸ਼ ਸਥਾਨ ਹੈ। ਨਾਈ ਨੂੰ ਸਤਿਕਾਰ ਵਜੋਂ 'ਰਾਜੇ' ਦੇ ਲਕਸ਼ ਨਾਲ ਵੀ ਯਾਦ ਕੀਤਾ ਜਾਂਦਾ ਹੈ। ਨਾਈ ਵਿਆਹ ਸ਼ਾਦੀਆਂ ਦੇ ਅਵਸਰ 'ਤੇ ਜਿੱਥੇ ਗੱਠਾਂ ਆਦਿ ਲੈ ਕੇ ਦੂਰ ਰਿਸ਼ਤੇਦਾਰੀਆਂ ਵਿਚ ਸੁਨੇਹੇ ਪਹੁੰਚਾਉਂਦੇ ਹਨ ਉੱਥੇ ਉਹ ਸਮਾਜਿਕ ਰਸਮਾਂ ਸਮੇਂ ਵੀ ਕੰਮ ਕਾਰ ਵਿੱਚ ਹੱਥ ਵਟਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਉਹ ਮੁੰਡੇ ਕੁੜੀਆਂ ਦੇ ਰਿਸ਼ਤੇ ਵੀ ਕਰ ਆਉਂਦੇ ਸਨ ਤੇ ਮੁੰਡੇ ਕੁੜੀ ਵਾਲੇ ਉਹਨਾਂ ਤੇ ਪੂਰਾ ਭਰੋਸਾ ਕਰਦੇ ਸਨ। ਵਿਆਹ-ਮੁਕਲਾਵੇ ਸਮੇਂ ਨਾਇਣਾਂ ਨੂੰ ਵਿਆਹੁਲੀ ਕੁੜੀ ਦੇ ਨਾਲ ਭੇਜਣ ਦਾ ਆਮ ਰਿਵਾਜ ਰਿਹਾ ਹੈ। ਉਹ ਮੁਟਿਆਰਾਂ ਨੂੰ ਵਿਸ਼ੇਸ਼ ਕਰਕੇ ਵਿਆਹੁਲੀਆਂ ਕੁੜੀਆਂ ਦੇ ਰੂਪ ਨੂੰ ਚਾਰ ਚੰਨ ਲਾਉਂਦੀਆਂ ਸਨ। ਅਨੇਕਾਂ ਲੋਕ ਗੀਤ ਨਾਇਣਾਂ ਬਾਰੇ ਪ੍ਰਚੱਲਤ ਹਨ-
ਜਿਗਰਾ ਨਾਈਆਂ ਦਾ
ਨੈਣਾਂ ਜੱਟਾਂ ਨਾਲ ਤੇਰੀ
ਬੱਗਿਆ ਚੱਕ ਚੌਕੜੀ
ਨੈਣ ਨਫੇ ਵਿੱਚ ਆਈ
ਗੱਡੀ ਵਿੱਚ ਨਾ ਪਰਾਹੁਣਿਆਂ ਛੇੜੀ
ਘਰ ਜਾ ਕੇ ਨੈਣ ਦੱਸਦੂ
ਪਰੇ ਹਟ ਜਾ ਕੁਪੱਤੀਏ ਨੈਣੇ
ਇਕ ਵਾਰੀ ਦੇਖ ਲੈਣ ਦੇ
ਅੰਨ੍ਹੇ ਜੱਟ ਦਾ ਆਇਆ ਮੁਕਲਾਵਾ
ਗੱਡੀ ਵਿੱਚ ਨੈਣ ਦਬ ਲੀ
ਨਾਮਾ ਬੋਲਦਾ ਮਰਾਸਣੇ ਤੇਰਾ
ਪੱਟੀਆਂ ਨਾਇਣ ਗੁੰਦੀਆਂ
ਸਿਰ ਗੁੰਦ ਦੇ ਕੁਪੱਤੀਏ ਨੈਣੇ
ਉੱਤੇ ਪਾ ਦੇ ਡਾਕ ਬੰਗਲਾ
ਯਾਰੀ ਨਾਈਆਂ ਦੀ ਕੁੜੀ ਨਾਲ ਲਾਈਏ
ਸਾਰੇ ਸੰਦ ਕੋਲ ਰੱਖਦੀ
ਕਈ 'ਚਕਵੇਂ ਚੁੱਲ੍ਹੇ' ਜੱਟਾਂ ਦੀਆਂ ਲੜਾਈਆਂ ਵੀ ਕਰਵਾ ਦੇਂਦੇ ਹਨ-
ਡਾਂਗ ਜੱਟਾਂ ਦੀ ਖੜਕੇ
ਨਾਈਆਂ ਦੀ ਨੈਣ ਬਦਲੇ
ਕਿਹਾ ਜਾਂਦਾ ਹੈ ਕਿ ਜੱਗਾ ਡਾਕੂ ਨਾਈਆਂ ਨੇ ਵੱਢ ਸੁੱਟਿਆ ਸੀ-
ਪੂਰਨਾ
ਨਾਈਆਂ ਨੇ ਵਢ ਸੁੱਟਿਆ
ਜੱਗਾ ਸੂਰਮਾ
ਇਕ ਲੋਕ ਗੀਤ ਵਿੱਚ ਇਕ ਨਾਈ ਪਰਿਵਾਰ ਦਾ ਵਿਅੰਗਮਈ ਚਿਤਰਨ ਪੇਸ਼ ਕੀਤਾ ਗਿਆ ਹੈ—
ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੇ ਟੰਗਾਂ ਫੜ ਕੇ
ਦੋਵੇਂ ਜਾਣੇ ਚੋ ਕੇ ਉੱਠੇ
ਸੁਰਮੇਦਾਨੀ ਭਰ ਕੇ
ਹੱਟੀਓਂ ਜਾ ਕੇ ਚੌਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ੱਕਰ ਲਿਆਂਦੀ
ਸਿਰ ਜੱਟੀ ਦਾ ਕਰਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜ ਕੇ
ਕੋਲੇ ਠਾਣਾ ਕੋਲ ਸਿਪਾਹੀ
ਸਾਰਿਆਂ ਨੂੰ ਲੈ ਗਿਆ ਫੜ ਕੇ
ਪੰਦਰਾਂ-ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ
ਘਰ ਵਿੱਚ ਬਹਿ ਕੇ ਸੋਚਣ ਲੱਗੇ-
ਕੀ ਲਿਆ ਅਸਾਂ ਨੇ ਲੜ ਕੇ
ਪੇਂਡੂ ਜੀਵਨ ਵਿਚ ਘੁਮਾਰ ਵੀ ਆਪਣਾ ਯੋਗਦਾਨ ਪਾਉਂਦੇ ਹਨ। ਮਿੱਟੀ ਦੇ ਘੜੇ ਤੇ ਹੋਰ ਅਨੇਕਾਂ ਬਰਤਨ ਇਹ ਅਪਣੇ ਚੱਕ ਤੇ ਤਿਆਰ ਕਰਕੇ ਲੋਕਾਂ ਦਾ ਕੰਮ ਸਾਰਦੇ ਹਨ। ਲੋਕ ਮਨ ਘੁਮਿਆਰਾਂ ਨੂੰ ਵੀ ਭੁਲਾਉਂਦਾ ਨਹੀਂ। ਲੋਕ ਗੀਤਾਂ ਦਾ ਅਖਾੜਾ ਲੱਗਦਾ ਹੈ, ਘੁਮਿਆਰ ਜਿਨ੍ਹਾਂ ਨੂੰ ਸਤਿਕਾਰ ਵਜੋਂ ਪਰਜਾਪਤ ਵੀ ਆਖਦੇ ਹਨ, ਇਸ ਅਖਾੜੇ ਵਿੱਚ ਆ ਹਾਜ਼ਰ ਹੁੰਦੇ ਹਨ-
ਜੇ ਮੈਂ ਹੁੰਦੀ ਘੁਮਾਰਾਂ ਦੀ ਕੁੜੀ
ਘੜੇ ਪਰ ਘੜਾ ਚੜਾ ਰਖਦੀ
ਤਾਰ ਬੰਗਾਲੇ, ਤਾਰ ਬੰਗਲੇ
ਮਸ਼ੀਨ ਲਗਾ ਰੱਖਦੀ
ਗਧੇ ਤੋਂ ਘੁਮਾਰੀ ਡਿੱਗ ਪੀ
ਮੇਰਾ ਹਾਸਾ ਨਿਕਲਦਾ ਜਾਵੇ
ਕੱਚੀ ਕਲੀ ਕਚਨਾਰ ਦੀ
ਰੰਗ ਭਰਦੀ ਵਿਚ ਥੋੜ੍ਹਾ
ਝੂਠੀ ਯਾਰੀ ਜੱਟ ਘੁਮਾਰ ਦੀ
ਜਿਥੇ ਮਿਲੇ ਕਰੇ ਨਹੋਰਾ
ਪੰਜਾਬ ਦੀ ਗੋਰੀ ਦਰਜੀ ਨੂੰ ਉਸ ਵੱਲੋਂ ਨਿੱਕੀ ਜਿਹੀ ਕੀਤੀ ਬੇਈਮਾਨੀ ਤੇ ਗਾਲੀਆਂ ਕੱਢਦੀ ਹੈ—
ਮੇਰੀ ਰਖਲੀ ਸੁੱਖਣ 'ਚੋਂ ਟਾਕੀ
ਟੁੱਟੇ ਪੈਣੇ ਦਰਜੀ ਨੇ
ਕਿਸੇ ਨੂੰ ਹੁਸ਼ਨਾਕ ਤਰਖਾਣੀ ਨੂੰ ਸੱਕ ਹੂੰਝਦੀ ਵੇਖ ਕੇ ਤਰਸ ਆਉਂਦਾ ਹੈ—
ਤੇਰੀ ਚੰਦਰੀ ਦੀ ਜਾਤ ਤਖਾਣੀ
ਚੂੜਾ ਪਾ ਕੇ ਸੱਕ ਹੂੰਝਦੀ
ਬੱਕਰੀਆਂ ਵਾਲੇ ਗੁੱਜਰ ਵੀ ਇਹਨਾਂ ਲੋਕ ਗੀਤਾਂ 'ਚ ਬੱਕਰੀਆਂ ਚਾਰਦੇ ਨਜ਼ਰ ਆਉਂਦੇ ਹਨ-
ਹਾਕਾਂ ਮਾਰਦੇ ਬੱਕਰੀਆਂ ਵਾਲੇ
ਦੁੱਧ ਪੀ ਕੇ ਜਾਈਂ ਜੇ ਕੁਰੇ
ਕੋਈ ਆਪਣੇ ਦਿਲ ਦੇ ਮਹਿਰਮ ਨੂੰ ਗੁਜਰੀ ਨਾਲ ਯਾਰੀ ਪਾਉਣ ਤੋਂ ਰੋਕਦੀ ਹੈ
ਬੱਕਰੀ ਦਾ ਦੁੱਧ ਗਰਮੀ
ਵੇ ਤੂੰ ਛੱਡ ਗੁਜਰੀ ਦੀ ਯਾਰੀ
ਸੁਨਿਆਰ ਪੰਜਾਬੀ ਭਾਈਚਾਰੇ ਦਾ ਇਕ ਅਜਿਹਾ ਪਾਤਰ ਹੈ ਜਿਸ ਤੇ ਸਾਰੇ ਰਸ਼ਕ ਕਰਦੇ ਹਨ-
ਮੇਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿੱਚ ਮੇਖਾਂ
ਟਿਕਾ ਘੜਦੇ ਸੁਨਿਆਰਾ ਚਿੱਤ ਲਾ ਕੇ
ਗੁੰਦਣਾ ਭਤੀਜੇ ਦੇ
ਸੁਨਿਆਰਾਂ ਦਿਆ ਮੁੰਡਿਆ ਵੇ
ਸਾਡੀ ਮਛਲੀ ਵੇ ਘੜਦੇ
ਉੱਤੇ ਪਾ ਦੇ ਮੋਰਨੀਆਂ
ਅਸੀਂ ਸੱਸ ਮੁਕਾਲਵੇ ਤੋਰਨੀ ਆ
ਸੁਨਿਆਰੀਆਂ ਦਾ ਡੁੱਲ੍ਹ-ਡੁੱਲ੍ਹ ਜਾਂਦਾ ਰੂਪ ਕਈਆਂ ਦੀ ਹੋਸ਼ ਭੁਲਾ ਦੇਂਦਾ ਹੈ। ਬਰੋਟੇ ਹੇਠ ਦਾਤਣ ਕਰ ਰਹੀ ਸੁਨਿਆਰੀ ਨੂੰ ਵੇਖ ਕਈ ਮਨਚਲੇ ਮੂੰਨ ਹੈ ਜਾਂਦੇ ਹਨ-
ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ
ਕਈ ਚਾਟ ਤੇ ਲੱਗੀਆਂ ਸੁਨਿਆਰੀਆਂ ਵਸਦੇ ਘਰਾਂ ਨੂੰ ਉਜਾੜ ਦੇਂਦੀਆਂ ਹਨ-
ਅੱਗੇ ਸੁਨਿਆਰੀ ਦੇ ਬੁੱਕ-ਬੁੱਕ ਡੰਡੀਆਂ
ਹੁਣ ਕਿਉਂ ਪਾ ਲਏ ਡੱਕੇ
ਸੁਨਿਆਰੀਏ ਵਸਦੇ ਨੀ
ਤੈਂ ਵਸਦੇ ਘਰ ਪੱਟੇ
ਹੋਰ ਵੀ ਅਨੇਕਾਂ ਲੋਕ ਗੀਤ ਪ੍ਰਚੱਲਤ ਹਨ ਜਿਨ੍ਹਾਂ ਵਿੱਚ ਪੰਜਾਬ ਵਿੱਚ ਵਸਦੀਆਂ ਭਿੰਨ-ਭਿੰਨ ਜਾਤੀਆਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹਨਾਂ ਗੀਤਾਂ ਦਾ ਅਧਿਐਨ ਕਰਕੇ ਅਸੀਂ ਵੱਖ-ਵੱਖ ਜਾਤਾਂ ਦੇ ਸੁਭਾ ਤੇ ਕਿਰਦਾਰ ਤੋਂ ਜਾਣੂੰ ਹੋ ਸਕਦੇ ਹਾਂ। ਇਹ ਪੰਜਾਬੀ ਭਾਈਚਾਰੇ ਦਾ ਅਨਿੱਖੜਵਾਂ ਅੰਗ ਹਨ।
ਲੋਕ ਜੀਵਨ ਤੇ ਦਾਰੂ
ਆਦਿ ਕਾਲ ਤੋਂ ਹੀ ਭਾਰਤੀ ਲੋਕ ਜੀਵਨ ਵਿੱਚ ਸ਼ਰਾਬ ਦੀ ਵਰਤੋਂ ਦੇ ਸੰਕੇਰ ਮਿਲਦੇ ਹਨ। ਇਸ ਦਾ ਜ਼ਿਕਰ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਉਪਲਬਧ ਹੈ। ਸ਼ਰਾਬ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਰਾਬ ਦੀ ਸੰਗਯਾ-ਬਰਬ ਹੈ, ਜਿਸ ਦਾ ਭਾਵ-ਅਰਥ ਹੈ ਪੀਣ ਯੋਗ ਪਦਾਰਥ। ਸ਼ਰ-ਆਬ-ਸ਼ਰਾਰਤ ਭਰਿਆ ਪਾਣੀ। ਮਦਿਰਾ, ਸੁਰਾ ਤੇ ਸੋਮ ਸ਼ਰਾਬ ਦੇ ਹੀ ਨਾਂ ਹਨ।
ਸੁਰਾ ਸੰਸਕ੍ਰਿਤ ਦਾ ਸ਼ਬਦ ਹੈ। ਇਕ ਪੁਰਾਣਕ ਕਥਾ ਅਨੁਸਾਰ ਖੀਰ ਸਮੁੰਦਰ ਮੰਥਨ ਸਮੇਂ ਨਿਕਲੇ 14 ਰਤਨਾਂ ਵਿੱਚ ਇਕ ਨਸ਼ੀਲੀ ਵਸਤ ਸੁਰਾ (ਸ਼ਰਾਬ) ਵੀ ਸੀ। ਇਸ ਦਾ ਸੁਰਾ ਦੇਵੀ ਦੇ ਰੂਪ ਵਿੱਚ ਮਾਨਵੀ-ਕਰਨ ਕੀਤਾ ਗਿਆ ਹੈ।
ਬਾਲਮੀਕੀ ਰਮਾਇਣ ਦੇ ਬਾਲ ਖੰਡ ਦੇ 45ਵੇਂ ਅਧਿਆਇ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੇ ਹੀ ਦੇਵ ਸੁਰ ਅਖਵਾਏ। ਪੁਰਾਣੇ ਜ਼ਮਾਨੇ ਵਿੱਚ ਸੁਰਾ ਦੀ ਵੱਡੀ ਮਹਿਮਾ ਮੰਨੀ ਗਈ ਹੈ। ਸਿੱਖ ਧਰਮ ਵਿਚ ਸੁਰਾ ਦਾ ਪੂਰਾ ਤਿਆਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਾ ਦੀ ਥਾਂ ਸਰਾ ਪਦ ਵੀ ਹੈ, "ਸਚੁ ਸਰਾ ਗੁੜ ਬਾਹਰਾ"। (ਸ੍ਰੀ ਮ. ਪਹਿੱਲਾ)
ਸੋਮ ਵੀ ਸੰਸਕ੍ਰਿਤ ਭਾਸ਼ਾ ਦਾ ਹੀ ਸ਼ਬਦ ਹੈ। ਰਿਗਵੇਦ ਅਨੁਸਾਰ ਇਹ ਇਕ ਰਸੀਲੇ ਰਸ ਦਾ ਨਾਉਂ ਹੈ ਜੋ ਸੋਮ ਵੱਲੀ (ਇਕ ਬੇਲ ਜਿਸ ਦੇ ਰਸ ਤੋਂ ਸੋਮ ਰਸ ਬਣਾਇਆ ਜਾਂਦਾ ਹੈ) ਨੂੰ ਨਚੋੜ ਕੇ ਅਤੇ ਉਬਾਲ ਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ। ਇਹ ਭਿੰਨੀ-ਭਿੰਨ ਖੁਸ਼ਬੋ ਵਾਲਾ ਹੁੰਦਾ ਹੈ, ਪਰੋਹਤ ਅਤੇ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ। ਰਿਗਵੇਦ ਵਿਚ ਸੇਮ ਰਸ ਦਾ ਹਾਲ ਵੱਡੇ ਵਿਸਤਾਰ ਨਾਲ ਲਿਖਿਆ ਗਿਆ ਹੈ।
'ਫਰਹੰਗੇ-ਏ-ਜਹਾਂਗੀਰੀ' ਵਿੱਚ ਦਰਜ ਹੈ ਕਿ ਖੁਸਰ ਬਾਦਸ਼ਾਹ ਦੇ ਰਾਜ ਕਾਲ ਵਿੱਚ ਸ਼ਰਾਬ ਦਾ ਰਿਵਾਜ ਹੋਇਆ। ਉਹ ਅੰਗੂਰਾਂ ਦਾ ਅਰਕ ਪੀਂਦਾ ਹੁੰਦਾ ਸੀ ਅਤੇ ਜਿਹੜਾ ਜੂਠਾ ਅਰਕ ਬਚ ਰਹਿੰਦਾ, ਉਸ ਨੂੰ ਇਕ ਭਾਂਡੇ ਵਿੱਚ ਇਕੱਠਾ ਕਰਾਈ ਜਾਂਦਾ ਸੀ, ਜੋ ਖਮੀਰ ਉੱਠ ਕੇ ਸ਼ਰਾਬ ਬਣ ਜਾਂਦਾ ਸੀ। ਇਕ ਦਿਨ ਇਕ ਜਾਂਦੀ ਨਾਲ ਗੁੱਸੇ ਹੋ ਕੇ ਉਸ ਨੂੰ ਪਿਲਾ ਦਿੱਤਾ ਤਾਂ ਉਹ ਨਸ਼ੇ ਵਿੱਚ ਆ ਕੇ ਨੱਚਣ ਲੱਗ ਪਈ। ਕਈ ਕਹਿੰਦੇ ਹਨ ਕਿ ਬਾਂਦੀ ਨੇ ਕਿਸੇ ਬੀਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਦੇ
-----------
1. ਜੋਨ ਡੋਸਨ, "ਹਿੰਦੂ ਮਿਥਿਹਾਸ ਕੋਸ਼", ਭਾਸ਼ਾ ਵਿਭਾਗ ਪੰਜਾਬ, ਪੰਨਾ 135
2. ਕਾਨ੍ਹ ਸਿੰਘ ਨਾਭਾ, 'ਮਹਾਨ ਕੋਸ਼', ਤੀਜਾ ਸੰਸਕਣ, ਭਾਸ਼ਾ ਵਿਭਾਗ ਪੰਜਾਬ, ਪੰਨਾ 219-233
ਖਿਆਲ ਨਾਲ ਆਪ ਪੀਤਾ ਸੀ ਜਿਸ ਸਦਕਾ ਉਹ ਮਰਨ ਦੀ ਥਾਂ ਖ਼ੁਸ਼ੀ ਨਾਲ ਨੱਚਣ ਲੱਗ ਪਈ। ਸੋ ਬਾਦਸ਼ਾਹ ਨੇ ਇਹ ਹਾਲ ਵੇਖ ਕੇ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ।"
ਪੰਜਾਬ ਦੇ ਪਿੰਡਾਂ ਵਿੱਚ ਆਮ ਤੌਰ 'ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ, ਦਵਾਈ ਬੂਟੀ ਅਤੇ ਔਸ਼ੁਧੀ ਲਈ ਵਰਤਿਆ ਜਾਂਦਾ ਹੈ। ਪੰਜਾਬੀ ਲੋਕ ਗੀਤ ਹੈ
ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁਖਦੇ
ਹੋਰ
ਲੋਕਾਂ ਭਾਣੇ ਹੋਗੀ ਕੰਜਰੀ
ਸੁਰਮਾਂ ਅੱਖਾਂ ਦੀ ਦਾਰੂ
ਹੁਣ ਤੋਂ ਚਾਰ-ਪੰਜ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਜੀਵਨ ਵਿੱਚ ਅੱਜ ਕਲ੍ਹ ਵਾਂਗ 'ਸ਼ਰਾਬ ਦੇ ਦਰਿਆ' ਨਹੀਂ ਸੀ ਵਗਦੇ ਲੋਕ ਕਦੀ-ਕਦੀ ਮੇਲਿਆਂ- ਮਸਾਹਵਿਆਂ, ਮੁੰਡੇ ਦੇ ਜਨਮ ਅਤੇ ਵਿਆਹ ਦੇ ਅਵਸਰ ਤੇ ਥੋੜ੍ਹੀ ਮਾਤਰਾ ਵਿੱਚ ਦਾਰੂ ਪੀ ਕੇ ਖ਼ੁਸ਼ੀ ਸਾਂਝੀ ਕਰਦੇ ਸਨ। ਸ਼ਰਾਬ ਆਮ ਕਰਕੇ ਘਰ ਦੀ ਕੱਢੀ ਹੋਈ 'ਰੂੜੀ ਮਾਰਕਾ' ਪੀਣ ਦਾ ਰਿਵਾਜ ਸੀ। ਜਦੋਂ ਕਦੀ ਕਿਸੇ ਦੇ ਘਰ ਪਰਾਹੁਣਾ ਧਰੋਣਾ ਆਉਣਾ, ਉਸਦੀ ਸੇਵਾ ਵੀ ਦਾਰੂ ਪਿਲਾ ਕੇ ਕੀਤੀ ਜਾਂਦੀ ਸੀ। ਦਾਰੂ ਪੀਣ ਦੇ ਸਬੰਧ ਵਿੱਚ ਕਈ ਇਕ ਵਰਜਣਾਂ/ਮਨਾਹੀਆਂ ਵੀ ਸਨ। ਪਿਉ-ਪੁੱਤਰ, ਸਹੁਰਾ- ਜੁਆਈ ਇਕੱਠੇ ਬੈਠ ਕੇ ਨਹੀਂ ਸੀ ਪੀਂਦੇ-ਭਾਈ ਭੈਣ ਦੇ ਸਹੁਰੀਂ ਗਿਆ ਆਪਣੇ ਜੀਜੇ ਨਾਲ ਪਿਆਲੀ ਸਾਂਤੀ ਨਹੀਂ ਸੀ ਕਰਦਾ। ਔਰਤਾਂ ਅਤੇ ਸੱਚਿਆਂ ਨੂੰ ਵੀ ਸ਼ਰਾਬ ਪੀਣ ਦੀ ਮਨਾਹੀ ਸੀ। ਅੱਜਕਲ੍ਹ ਵਾਂਗ ਕੁੜੀ ਦੇ ਵਿਆਹ ਦੇ ਅਵਸਰ ਤੇ ਬਰਾਤ ਨਾਲ ਆਏ ਜਨੇਤੀਆਂ ਨੂੰ ਕੁੜੀ ਵਾਲੀ ਧਿਰ ਵੱਲੋਂ ਸ਼ਰਾਬ ਨਹੀਂ ਸੀ ਪਿਆਈ ਜਾਂਦੀ। ਇਨ੍ਹਾਂ ਵਰਜਣਾਂ ਦੇ ਹੁੰਦੇ ਹੋਏ ਵੀ ਸ਼ਰਾਬ ਅਤੇ ਹੋਰ ਨਸ਼ੇ ਲੁਕਵੇਂ ਰੂਪ ਵਿੱਚ ਪੰਜਾਬ ਦੇ ਸਮਾਜਿਕ ਜੀਵਨ ਵਿੱਚ ਪ੍ਰਵੇਸ਼ ਕਰਕੇ ਪੰਜਾਬੀਆਂ ਦੀ ਆਰਥਿਕਤਾ ਅਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਅਜੋਕੇ ਸਮੇਂ ਵਿੱਚ ਤਾਂ ਨਸ਼ਿਆਂ ਦੀ ਹੋੜ ਨੇ ਪੰਜਾਬ ਦੀ ਜੁਆਨੀ ਨੂੰ ਕਿਸੇ ਪਾਸੇ ਜੋਗੀ ਨਹੀਂ ਰਹਿਣ ਦਿੱਤਾ।
ਲੋਕ ਗੀਤ ਜਨ-ਸਾਧਾਰਨ ਦੇ ਹਾਵਾਂ-ਭਾਵਾਂ, ਗਮੀਆਂ-ਖ਼ੁਸ਼ੀਆਂ, ਉਮੰਗਾਂ ਅਤੇ ਉਦਗਾਰਾਂ ਦੀ ਹੀ ਤਰਜਮਾਨੀ ਨਹੀਂ ਕਰਦੇ ਬਲਕਿ ਉਹਨਾਂ ਦੇ ਜੀਵਨ ਵਿੱਚ ਵਾਪਰਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਰਤਾਰਿਆਂ ਦੀ ਗਾਥਾ ਨੂੰ ਵੀ ਬਿਆਨ ਕਰਦੇ ਹਨ। ਲੋਕ ਗੀਤ ਜ਼ੋਰੀ ਨਹੀਂ ਰਚੇ ਜਾਂਦੇ। ਇਹ ਤਾਂ ਉਹ ਆਬਸ਼ਾਰਾਂ ਹਨ ਜੋ ਆਪ ਮੁਹਾਰੇ ਹੀ ਵਹਿ ਤੁਰਦੀਆਂ ਹਨ।
'ਡਾ. ਅਮਰਵੰਤ ਸਿੰਘ, 'ਅਰਬੀ-ਫਾਰਸੀ ਵਿੱਚੋਂ ਉਤਪਨ ਪੰਜਾਬੀ ਸ਼ਬਦਾਵਲੀ' ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 113
ਪੰਜਾਬ ਦੀਆਂ ਮੁਟਿਆਰਾਂ ਨੇ ਸ਼ਰਾਬੀ, ਨਸ਼ੇਈ ਅਤੇ ਵੈਲੀ ਪਤੀਆਂ ਹੱਥੋਂ ਜਿਹੜਾ ਸੰਤਾਪ ਭੋਗਿਆ ਹੈ, ਉਸ ਸੰਤਾਪ ਦੀ ਗਾਥਾ ਨੂੰ ਉਹਨਾਂ ਨੇ ਵੇਦਨਾਤਮਕ ਸੁਰ ਵਾਲੇ ਅਨੇਕਾਂ ਲੋਕ ਗੀਤਾਂ ਰਾਹੀਂ ਬਿਆਨ ਕੀਤਾ ਹੈ। ਮੌਜ ਮਸਤੀ 'ਚ ਝੂਮਦੇ, ਬਾਘੀਆਂ ਪਾਉਂਦੇ, ਬੱਕਰੇ ਬੁਲਾਉਂਦੇ, ਲੜਾਈਆਂ ਲੜਦੇ ਤੇ ਨਚਦੇ ਗਾਉਂਦੇ ਸ਼ਰਾਬੀ ਗੱਭਰੂਆਂ ਦੇ ਦ੍ਰਿਸ਼ ਵੀ ਇਹਨਾਂ ਵਿੱਚ ਵਿਦਮਾਨ ਹਨ। ਕੋਈ ਗੱਭਰੂ ਦਾਰੂ ਪੀ ਕੇ ਲਲਕਾਰੇ ਮਾਰਦਾ ਹੋਇਆ ਆਪਣੀ ਪਛਾਣ ਦਰਸਾਉਂਦਾ ਹੈ—
ਜੇ ਜੱਟੀਏ ਮੇਰਾ ਪਿੰਡ ਨੀ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀ ਜਾਣਦੀ
ਖੂਹ ਆ ਤੂਤੀਆਂ ਵਾਲਾ
ਜੇ ਜੱਟੀਏ ਮੇਰਾ ਨਾਉਂ ਨੀ ਜਾਣਦੀ
ਨਾਉਂ ਮੇਰਾ ਦਰਬਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ
ਸ਼ਰਾਬ ਦੀ ਮਸਤੀ 'ਚ ਮੇਲਿਆਂ-ਮਸਾਹਵਿਆਂ ਤੇ ਕੀਤੀਆਂ ਖਰਮਸਤੀਆਂ ਅਤੇ ਲੜਾਈਆਂ-ਭੜਾਈਆਂ ਦਾ ਜ਼ਿਕਰ ਕਈ ਲੋਕ ਗੀਤਾ 'ਚ ਆਇਆ ਹੈ—
ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਉੱਥੇ ਬੋਤਲਾਂ ਮੋਗਾ ਲੀਆਂ ਚਾਲੀ
ਤਿੰਨ ਸੇਰ ਸੋਨਾ ਲੁਟਿਆ
ਭਾਣ ਚੱਕਲੀ ਹੱਟੀ ਦੀ ਸਾਰੀ
ਰਤਨ ਸਿੰਘ ਰਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਐਂ ਗਿਰਿਆ
ਜਿਵੇਂ ਹਲ ਤੋਂ ਗਿਰੇ ਪੰਜਾਲੀ
ਲੱਗੀਆਂ ਹੱਥਕੜੀਆਂ-
ਹੋਗੀ ਜੇਲ੍ਹ ਦੀ ਤਿਆਰੀ
ਛਪਾਰ ਦੇ ਮੇਲੇ 'ਤੇ ਵੀ ਵੈਲੀਆਂ ਦੇ ਭੇੜ ਹੋ ਜਾਂਦੇ ਸਨ-
ਆਰੀ ਆਰੀ ਆਰੀ
ਮੇਲਾ ਛਪਾਰ ਲਗਦਾ
ਜਿਹੜਾ ਲਗਦਾ ਜਰਗ ਤੋਂ ਭਾਰੀ
ਕੱਠ ਮੁਸਟੰਡਿਆਂ ਦੇ
ਉੱਥੇ ਬੋਤਲਾਂ ਮੰਗਾ ਲੀਆਂ ਚਾਲੀ
ਤਿੰਨ ਸੇਰ ਸੋਨਾ ਲੁੱਟਿਆ
ਭਾਨ ਲੁਟ ਲੀ ਹੱਟੀ ਦੀ ਸਾਰੀ
ਸੰਤ ਸਿੰਘ ਨਾਮ ਦਸ ਦਿਆਂ
ਜੀਹਦੇ ਚਲਦੇ ਮੁਕਦਮੇਂ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲ ਪੁਲਿਸ ਚੜ੍ਹੀ ਸੀ
ਸਾਰੀ ਕੁੱਟਦਿਆਂ ਦੇ ਹੱਥ ਥੱਕ ਗੇ
ਉਹਨੇ ਸੀ ਨਾ ਕਰੀ ਇਕ ਵਾਰੀ
ਇਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਤੈਂ ਕਿਉਂ ਛੇੜੀ ਸੀ-
ਨਾਗਾਂ ਦੀ ਪਟਿਆਰੀ
ਲੁਧਿਆਣੇ ਲਗਦੀ ਰੌਸ਼ਨੀ ਦੇ ਮੇਲੇ 'ਤੇ ਵੀ ਵੈਲੀਆਂ ਦੇ ਪੁਲਿਸ ਨਾਲ ਟਾਕਰੇ ਹੋ ਜਾਣੇ ਤੇ ਡਾਂਗ ਬਹਾਦਰਾਂ ਨੇ ਪੁਲਿਸ ਨੂੰ ਭਾਜੜਾਂ ਪਾ ਦੇਣੀਆਂ :
ਆਰੀ ਆਰੀ ਆਰੀ
ਲੁਧਿਆਣੇ ਟੇਸ਼ਣ ਤੇ
ਲਗਦੀ ਰੌਸ਼ਨੀ ਭਾਰੀ
ਬੋਲੀਆਂ ਦਾ ਕੱਠ ਹੋ ਗਿਆ
ਬੋਤਲਾਂ ਮੰਗਾ ਲੀਆਂ ਚਾਲੀ
ਪੀ ਕੇ ਬੋਤਲਾ ਚੜ੍ਹਗੇ ਮੋਟਰੀ
ਫੇਰ ਆਏ ਸ਼ਹਿਰ ਬਜ਼ਾਰੀ
ਬਾਹਮਣਾਂ ਦਾ ਪੁੱਤ ਗੱਭਰੂ
ਹੱਥ ਟਕੂਆ ਤੇ ਨਾਲ ਗੰਧਾਲੀ
ਘੋੜੀ ਉੱਤੋਂ ਨੰਬ ਸੁੱਟ ਲਿਆ
ਨਾਲੇ ਪੁਲਿਸ ਦਬੱਲੀ ਸਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ
ਰਿਆਸਤ ਨਾਭਾ ਵਿੱਚ ਜਿਹੜੀ ਸ਼ਰਾਬ ਬਣਦੀ ਸੀ, ਉਸ ਦੀ ਬੋਤਲ ਦੀ ਬਨਾਵਟ ਬਹੁਤ ਖੂਬਸੂਰਤ ਹੋਇਆ ਕਰਦੀ ਸੀ। ਇਹ ਗੱਲਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਹਨ। ਕਿਸੇ ਮਧ ਭਰੇ ਨੈਣਾਂ ਵਾਲੀ ਬਾਂਕੀ ਮੁਟਿਆਰ ਨੂੰ ਤੱਕ ਕੇ ਲਟਬੌਰੇ ਹੋਏ ਗੱਭਰੂ ਉਸ ਦੀ ਤੁਲਨਾ ਨਾਭੇ ਦੀ ਬੋਤਲ ਨਾਲ ਕਰਕੇ ਨਸ਼ਿਆ ਜਾਂਦੇ ਸਨ-
ਨਾਭੇ ਦੀਏ ਬੰਦ ਬੋਤਲੇ
ਤੈਨੂੰ ਵੇਖ ਕੇ ਨਸ਼ਾ ਚੜ੍ਹ ਜਾਵੇ
ਕੋਈ ਅਪਣੀ ਕਿਸਮਤ ਤੇ ਝੂਰਦਾ
ਨਾਭੇ ਦੀਏ ਬੰਦ ਬੋਤਲੇ
ਤੈਨੂੰ ਪੀਣਗੇ ਨਸੀਬਾਂ ਵਾਲੇ
ਨਾਭੇ ਦੀ ਬੰਦ ਬੋਤਲ ਵਰਗੀ ਮੁਟਿਆਰ ਦੇ ਨੈਣਾਂ ਵਿੱਚ ਡਲ੍ਹਕਦੇ ਮਦ-ਭਰੇ ਡੇਰਿਆਂ ਨੂੰ ਤਕ ਕੇ ਗੱਭਰੂ ਧੁਰ ਅੰਦਰ ਤਕ ਸਰੂਰੇ ਜਾਂਦੇ ਹਨ-
ਕਦੇ ਆਉਣ ਨੇਰੀਆਂ
ਕਦੇ ਜਾਣ ਨੇਰੀਆਂ
ਬਿੱਲੇ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ
ਹੋਰ
ਕਾਲੀ ਚੁੰਨੀ ਚੋਂ ਭਾਉਂਦੀਆਂ ਅੱਖੀਆਂ
ਜਿਵੇਂ ਚਮਕਣ ਤਾਰੇ
ਮਨ ਨੂੰ ਮੋਹ ਲਿਆ ਨੀ
ਬੋਤਲ ਵਰਗੀਏ ਨਾਰੇ
ਪੰਜਾਬ ਵਿੱਚ ਔਰਤਾਂ ਸ਼ਰਾਬ ਨਹੀਂ ਪੀਂਦੀਆਂ। ਪਿੰਡਾਂ ਵਿੱਚ ਲੁਕ ਛਿਪ ਕੇ ਪੀਣ ਵਾਲੀਆਂ 'ਵੈਲਣਾਂ' ਹਜ਼ਾਰਾਂ 'ਚ ਇਕ ਅੱਧ ਹੀ ਹੁੰਦੀਆਂ ਹਨ। ਪਰ ਲੋਕ ਗੀਤਾਂ ਵਿੱਚ ਔਰਤਾਂ ਦੇ ਸ਼ਰਾਬ ਪੀਣ ਦਾ ਨਾਂ ਮਾਤਰ ਹੀ ਜ਼ਿਕਰ ਹੈ। ਮੈਨੂੰ ਕੇਵਲ ਤਿੰਨ ਲੋਕ ਗੀਤ ਅਜਿਹੇ ਮਿਲੇ ਹਨ ਜਿਨ੍ਹਾਂ ਵਿੱਚ ਕਿਸੇ ਔਰਤ ਦੇ ਸ਼ਰਾਬ ਪੀਣ ਦੀ ਸ਼ਾਹਦੀ ਮਿਲਦੀ ਹੈ—
ਲੱਛੋ ਬੱਤੀ ਪੀਣ ਸ਼ਰਾਬਾ
ਨਾਲ ਮੰਗਣ ਤਰਕਾਰੀ
ਲੱਛੋ ਨਾਲੋਂ ਚੜ੍ਹਗੀ ਬੰਤੀ
ਨੀਮ ਰਹੀ ਕਰਤਾਰੀ
ਭਾਨੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲੀ
ਪੰਜ ਸਤ ਕੁੜੀਆਂ ਭੱਜੀਆਂ ਘਰਾਂ ਨੂੰ
ਮੀਂਹ ਨੇ ਘੇਰੀਆਂ ਚਾਲੀ
ਨੀ ਨਿੰਮ ਨਾਲ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ
ਇਕ ਗੀਤ ਵਿੱਚ ਭਾਬੀ ਅਤੇ ਦਿਓਰ ਦਾ ਰਲ ਕੇ ਦਾਰੂ ਪੀਣ ਦਾ ਜ਼ਿਕਰ ਆਉਂਦਾ ਹੈ—
ਲਿਆ ਦਿਓਰਾ ਆਪਾਂ ਖੁਰਲੀ ਬਣਾਈਏ
ਕੋਲ ਬਣਾਈਏ ਚਰਨਾ
ਇਕ ਚਿੱਤ ਕਰਦਾ ਦਿਓਰ ਮੇਰੇ ਦਾ
ਗੱਡ ਦਿਆਂ ਖੇਤ ਵਿੱਚ ਡਰਨਾ
ਦਾਰੂ ਪੀਵਾਂਗੇ-
ਕੌਲ ਬਾਝ ਨੀ ਸਰਨਾ
ਤੀਜੇ ਗੀਤ ਵਿੱਚ ਵਿੱਚ ਇਕ ਵੈਲਣ ਮੁਟਿਆਰ ਦੇ ਅਪਣੇ ਹੱਥੀ ਦਾਰੂ ਕਸ਼ੀਦ ਕਰਕੇ ਪੀਣ ਦਾ ਹਵਾਲਾ ਵੀ ਮਿਲਦਾ ਹੈ—
ਗੋਲ ਮੋਲ ਮੈਂ ਪੱਟਾਂ ਟੋਆ
ਵਿੱਚ ਸ਼ਰਾਬਾਂ ਕੱਢਦੀ
ਪਹਿਲਾ ਪੈੱਗ ਤੂੰ ਪੀ ਵੇ ਆਸ਼ਕਾ
ਫੇਰ ਬੋਤਲਾਂ ਭਰਦੀ
ਦਾਰੂ ਪੀ ਕੇ ਗੁੱਟ ਹੋ ਜਾਂਦੀ
ਫੇਰ ਕਲੋਲਾਂ ਕਰਦੀ
ਖੂਨਣ ਧਰਤੀ ਤੇ-
ਬੋਚ ਬੋਚ ਪੱਬ ਧਰਦੀ
ਇਕ ਹੋਰ ਗੀਤ ਵਿੱਚ ਬਖਤੌਰੇ ਦੀ ਭੈਣ ਲੰਡੇ ਊਂਠ ਨੂੰ ਸ਼ਰਾਬ ਪਿਆਉਂਦੀ ਨਜ਼ਰੀਂ ਪੈਂਦੀ ਹੈ—
ਲੰਡੇ ਊਂਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ
ਜਿਹੜੇ ਗੱਭਰੂ ਸ਼ਰਾਬ ਪੀਣ ਦੀ ਆਦਤ ਦੇ ਸ਼ਿਕਾਰ ਹੋ ਜਾਂਦੇ ਹਨ ਉਹ ਕਾਸੇ ਜੋਗੇ ਨਹੀਂ ਰਹਿੰਦੇ-ਉਹਨਾਂ ਦੀ ਜਵਾਨੀ ਉਨ੍ਹਾਂ ਦਾ ਸਾਥ ਨਹੀਂ ਦਿੰਦੀ। ਜਦੋਂ ਕਦੇ ਅਜਿਹੇ ਨਿੱਤ ਦੇ ਸ਼ਰਾਬੀ ਦਾ ਵਿਆਹ-ਮੁਕਲਾਵਾ ਹੋ ਜਾਵੇ ਤਾਂ ਪੰਜਾਬ ਦੀ ਲੋਕ- ਆਤਮਾ ਉਸ ਨਾਲ ਵਿਆਹੀ ਜਾਣ ਵਾਲੀ ਨਾਜੋ ਦੀ ਹੋਣੀ ਤੇ ਹੰਝੂ ਕਰਦੀ ਹੈ
ਸੁਖਾ ਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ
ਸੋਂਹਦੀ ਬੋਤੀ ਮਗਰ ਬਤਾਰੂ
ਕਣਕਾਂ ਰੋਜ ਦੀਆਂ
ਛੋਲੇ ਬੀਜ ਲੇ ਮਾਰੂ
ਏਸ ਪਟੋਲੇ ਨੂੰ-
ਕੀ ਮੁਕਲਾਵਾ ਤਾਰੂ
ਕਈ ਵਾਰ ਮਾਪੇ ਜਾਣਦੇ ਹੋਏ ਵੀ, ਵੱਡੇ ਘਰ ਦੇ ਲਾਲਚ ਵਿਚ ਆ ਕੇ ਆਪਣੀ ਮਲੂਕ ਜਿਹੀ ਧੀ ਨੂੰ ਕਿਸੇ ਸ਼ਰਾਬੀ ਦੇ ਲੜ ਲਾ ਦਿੰਦੇ ਹਨ। ਉਹਨਾਂ ਦੀ ਸੋਚਣੀ ਹਾਂ-ਪੱਖੀ ਹੁੰਦੀ ਹੈ, ਉਹ ਸਮਝਦੇ ਹਨ ਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਪੈਣ ਤੇ ਮੁੰਡਾ ਆਪੇ ਸੁਧਰ ਜਾਵੇਗਾ। ਪ੍ਰੰਤੂ ਸੁਖ ਦੀ ਥਾਂ ਧੀ ਨੂੰ ਜਿਹੋ-ਜਿਹਾ ਜੀਵਨ ਬਿਤਾਉਣਾ ਪੈਂਦਾ ਹੈ, ਉਸ ਬਾਰੇ ਉਹ ਗਿੱਧੇ ਦੇ ਪਿੜ ਵਿੱਚ ਆਪਣੇ ਮਾਪਿਆਂ ਨੂੰ ਉਲਾਂਭਾ ਦਿੰਦੀ ਹੈ—
ਸੁਣ ਵੇ ਤਾਇਆ
ਸੁਣ ਵੇ ਚਾਚਾ
ਸੁਣ ਵੇ ਬਾਬਲ ਲੋਭੀ
ਦਾਰੂ ਪੀਣੇ ਨੂੰ-
ਮੈਂ ਕੂੰਜ ਕਿਉਂ ਡੋਬੀ
ਮਾਪਿਆਂ ਅਪਣਾ ਫਰਜ਼ ਪੂਰਾ ਕਰ ਦਿੱਤਾ-ਕੁੜੀ ਵਿਆਹ ਦਿੱਤੀ-ਅੱਗੇ ਕੁੜੀ ਦੇ ਭਾਗ-ਪਰ ਕੂੰਜ ਕੁਰਲਾਉਂਦੀ ਰਹਿੰਦੀ ਹੈ. ਆਪਣੇ ਸ਼ਰਾਬੀ ਪਤੀ ਅੱਗੇ ਵਾਸਤੇ ਪਾਉਂਦੀ ਏ...ਦਾਰੂ ਦਾ ਪਿਆਲਾ ਭੰਨਣ ਦੀ ਕੋਸ਼ਿਸ਼ ਕਰਦੀ ਏ ਪ੍ਰੰਤੂ ਅੱਗੋਂ ਛੱਡਣ ਦਾ ਡਰ ਤੇ ਮਜ਼ਬੂਰੀਆਂ-
ਦਾਰੂ ਪੀਤਿਆ ਸਿੰਘਾ ਤੈਨੂੰ ਕੀ ਵਡਿਆਈ
ਭਲਾ ਜੀ ਤੇਹੇ ਮੁਖ ਪਰ ਜਰਦੀ ਆਈ
ਦਾਰੂ ਪੀਤਿਆਂ ਨਾਜੇ ਸਭ ਵਡਿਆਈ
ਭਲਾ ਜੀ ਮੇਰੇ ਨੈਣਾਂ ਦੀ ਜੋਤ ਸਵਾਈ
ਭੰਨਾਂ ਪਿਆਲਾ ਭੰਨ ਟੁਕੜੇ ਜੀ ਕਰਦਾ
ਭਲਾ ਜੀ ਤੇਰੀ ਦਾਰੂ ਦੀ ਅਲਖ ਮੁਕਾਈ
ਤੈਨੂੰ ਵੀ ਛੋਡਾਂ ਨਾਜੋ ਹੋਰ ਵਿਆਹਾਂ
ਭਲਾ ਜੀ ਜਿਹੜੀ ਭਰੇ ਪਿਆਲਾ ਦਾਰੂ ਦਾ
ਮੈਨੂੰ ਨਾ ਛੋਡਿ ਸਿੰਘਾ ਹੋਰ ਨਾ ਵਿਆਹੀ
ਭਲਾ ਜੀ ਤੇਰੇ ਪਿਆਲੇ ਦੀ ਜੜਤ ਜੜਾਈ
ਔਰਤ ਦੇ ਦਰਦ ਨੂੰ ਭਲਾ ਕੌਣ ਮਹਿਸੂਸੋ। ਇਹ ਤਾਂ ਉਹੀ ਜਾਣਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਬੀਤਦੀਆਂ ਹਨ। ਸ਼ਰਾਬੀ ਉਹਨਾਂ ਦੇ ਹੱਡ ਹੀ ਨਹੀਂ ਸੇਕਦੇ ਬਲਕਿ ਉਹਨਾਂ ਨੂੰ ਬਾਹੋਂ ਫੜਕੇ ਦਰ ਬਾਹਰ ਵੀ ਕਰ ਦਿੰਦੇ ਹਨ-
ਘਰ ਛਡਦੇ ਕਮਜਾਤੇ
ਮੇਰੇ ਸ਼ਰਾਬੀ ਦਾ
ਇਹ ਔਰਤ ਦੀ ਵਿਡੰਬਨਾ/ਮਜਬੂਰੀ ਹੀ ਹੈ ਕਿ ਉਹ ਨਾ ਚਾਹੁੰਦੀ ਹੋਈ ਵੀ ਨੌਕਰੀ ਤੇ ਜਾਣ ਲੱਗੇ ਅਪਣੇ ਪਤੀ ਨੂੰ ਸ਼ਰਾਬ ਦਾ ਭਰਿਆ ਪਿਆਲਾ ਪੀਣ ਲਈ ਪੇਸ਼ ਕਰਦੀ ਹੈ। ਇਹ ਉਸ ਜ਼ਮਾਨੇ ਦਾ ਗੀਤ ਹੈ ਜਦੋਂ ਨੌਕਰੀ 'ਤੇ ਗਏ ਮਰਦ ਕਈ- ਕਈ ਵਰ੍ਹੇ ਘਰ ਨਹੀਂ ਸੀ ਪਰਤਦੇ ਤੇ ਔਰਤਾਂ ਮਗਰੋਂ ਵਿਛੋੜੇ ਦੇ ਸਲ ਸਹਿੰਦੀਆਂ ਸਨ। ਗੀਤ ਦੇ ਬੋਲ ਹਨ-
ਭਰਿਆ ਪਿਆਲਾ ਜੀ ਸ਼ਰਾਬ ਦਾ
ਹੋ ਮੈਂ ਬਾਰੀ ਬੀਬਾ
ਪੀ ਲੈ ਵਿਹੜੇ ਖੜੋ ਕੇ
ਭਰਿਆ ਪਿਆਲਾ ਅਸੀਂ ਨਾ ਜੀ ਪੀਣਾ
ਹੋ ਮੈਂ ਬਾਰੀ ਗੋਰੀਏ ਨੀ
ਅਸੀਂ ਨੌਕਰ ਉੱਠ ਜਾਣਾ
ਨੌਕਰ ਤਾਂ ਜਾਣਾ ਤੁਸੀਂ ਚਲੇ ਜਾਵੋ
ਹੋ ਮੈਂ ਬਾਹੀ ਬੀਬਾ ਵੇ
ਕੋਈ ਦੇ ਜਾ ਨਿਸ਼ਾਨੀ
ਗੋਦੀ ਤਾਂ ਬਾਲਕ ਤੇਰੇ ਖੇਡਦਾ
ਹੋ ਮੈਂ ਬਾਰੀ ਗੋਰੀਏ ਨੀ
ਇਹੋ ਸਾਫ ਨਿਸ਼ਾਨੀ
ਗੋਦੀ ਦਾ ਬਾਲਕ ਤੇਰਾ ਜਗ ਜੀਵੇ
ਹੋ ਮੈਂ ਬਾਰੀ ਬੀਬਾ ਵੇ
ਕੋਈ ਸਾਫ ਨਿਸ਼ਾਨੀ
ਸੁੰਨੀ ਹਵੇਲੀ ਵਿੱਚ ਛੱਡ ਚੱਲੇ
ਹੋ ਮੈਂ ਬਾਰੀ ਬੀਬਾ
ਥੋਨੂੰ ਤਰਸ ਨਾ ਆਇਆ
ਤਰਸ ਨਾ ਆਇਆ ਤੇਰੇ ਮਾਪਿਆਂ ਨੂੰ
ਹੋ ਮੈਂ ਬਾਰੀ ਗੋਰੀਏ ਨੀ
ਜੀਹਨੇ ਨੌਕਰ ਲੜ ਲਾਈ
ਭੁੱਲੇ ਤਾਂ ਮਾਪਿਆਂ ਨੇ
ਲੜ ਲਾਏ ਦਿੱਤੀ
ਹੋ ਮੈਂ ਬਾਰੀ ਬੀਬਾ
ਥੋਨੂੰ ਤਰਸ ਨਾ ਆਇਆ
ਤਰਸ ਨਾ ਆਇਆ ਤੇਰੇ ਮਾਪਿਆਂ ਨੂੰ
ਹੋ ਮੈਂ ਬਾਰੀ ਗੋਰੀਏ ਨੀ
ਜੀਹਨੇ ਨੌਕਰ ਲੜ ਲਾਈ
ਭੁੱਲੇ ਤਾਂ ਮਾਪਿਆਂ ਨੇ
ਲੜ ਲਾਏ ਦਿੱਤੀ
ਹੋ ਮੈਂ ਬਾਰੀ ਬੀਬਾ
ਤੋਂ ਕੀ ਤੋੜ ਨਿਭਾਈ
ਕਈ ਵਾਰ ਸ਼ਰਾਬੀ ਪਤੀ ਦੇ ਮਾੜੇ ਵਿਵਹਾਰ ਕਾਰਨ ਰਿਸ਼ਤੇ-ਨਾਤਿਆਂ ਵਿੱਚ ਤ੍ਰੇੜਾਂ ਪੈ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਉਸਦੀ ਪਤਨੀ ਨੂੰ ਭੁਗਤਣਾ ਪੈਂਦਾ ਹੈ। ਉਹ ਹਰ ਹੀਲੇ ਆਪਣੇ ਪਤੀ ਨੂੰ ਆਪਣਾ ਵਿਹਾਰ ਸੁਧਾਰਨ ਲਈ ਪ੍ਰੇਰਦੀ ਹੈ-
ਸਾਨੂੰ ਲਜ ਵਟਾ ਦਿਓ ਜੀ
ਸ਼ਰਾਬੀ ਚੀਰੇ ਵਾਲਿਆ
ਝੂਟਾਂਗੀਆਂ ਅਸੀਂ ਦੋ ਜਣੀਆਂ
ਹੌਲ਼ੀ-ਹੌਲ਼ੀ ਬੋਲ ਨੀ ਸਖੀਏ ਨੀ ਮਹਿਰਮੇਂ
ਹੇਠ ਸੁਣੇ ਜਿਹੜੀ ਹੁਣ ਵਿਆਹੀ ਐ
ਪਿੱਛੋਂ ਪਛਤਾਏਂਗਾ ਸ਼ਰਾਬੀ ਚੀਰੇ ਵਾਲਿਆ
ਕਿਉਂ ਵਿਆਹੀਆਂ ਅਸੀਂ ਦੋ ਜਣੀਆਂ
ਸਾਨੂੰ ਸੱਗੀ ਕਰਾਦੇ ਜੀ
ਸ਼ਰਾਬੀ ਚੀਰੇ ਵਾਲਿਆ
ਪਹਿਨਾਂ ਗੀਆਂ ਅਸੀਂ ਦੋ ਜਣੀਆਂ
ਬਾਗਾਂ ਵਿਚੋਂ ਕਲੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲਿਆ
ਇਨ੍ਹਾਂ ਕਲੀਆਂ ਦੀ ਬੜੀ ਵੇ ਬਹਾਰ
ਝੁਕ ਰਹੀਆਂ ਵੇ ਟਾਹਣੀਆਂ
ਮਾਵਾਂ ਨਾਲੋਂ ਧੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲਿਆ
ਇਹਨਾਂ ਮਾਵਾਂ ਦੀ ਬੜੀ ਵੇ ਬਹਾਰ
ਝੁਕ ਰਹੀਆਂ ਵੇ ਟਾਹਣੀਆਂ
ਮਾਵਾਂ ਨਾਲੋਂ ਧੀਆਂ ਨਾ ਤੋੜ
ਸ਼ਰਾਬੀ ਚੀਰੇ ਵਾਲਿਆ
ਇਹਨਾਂ ਮਾਵਾਂ ਦੀ ਬੜੀ ਵੇ ਬਹਾਰ
ਸੁਣ ਲੈਂਦੀਆਂ ਵੇ ਦੁਖੜੇ
ਭਾਈਆਂ ਨਾਲੋਂ ਭੈਣਾਂ ਨਾ ਤੋੜ
ਸ਼ਰਾਬੀ ਚੀਰੇ ਵਾਲਿਆ
ਇਹਨਾਂ ਭਾਈਆਂ ਦੀ ਬੜੀ ਵੇ ਬਹਾਰ
ਸੁਣ ਲੈਂਦੇ ਵੇ ਦੁਖੜੇ
ਇਕ ਮੁਟਿਆਰ ਆਪਣੀ ਸੱਸ ਅੱਗੇ ਸ਼ਰਾਬੀ ਪਤੀ ਦੇ ਦੁਖੜੇ ਰੋਂਦੀ ਹੋਈ ਉਸ 35/ ਮਹਿਕ ਪੰਜਾਬ ਦੀ ਨੂੰ ਸਮਝਾਉਣ ਲਈ ਤਰਲੇ ਪਾਉਂਦੀ ਹੈ-
ਸਮਝਾ ਲੈ ਬੁੜ੍ਹੀਏ ਅਪਣੇ ਪੁੱਤ ਨੂੰ
ਨਿੱਤ ਠੇਕੇ ਇਹ ਜਾਂਦਾ
ਭਰ-ਭਰ ਪੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ਕਰ ਬੁਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਲੱਗਿਆ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਂਦਾ
ਇਸੇ ਭਾਵਨਾ ਦਾ ਇਕ ਹੋਰ ਗੀਤ ਹੈ-
ਰੰਡੀਏ ਹਟਾ ਪੁੱਤ ਨੂੰ
ਕੋਲ ਠੇਕੇਦਾਰ ਦੇ ਜਾਵੇ
ਠੇਕੇਦਾਰ ਅਜਬ ਬੁਰਾ
ਜਿਹੜਾ ਮੁਫਤ ਸ਼ਰਾਬ ਪਲਾਵੇ
ਘਰ ਦੀ ਸ਼ਕਰ ਬੁਰੇ ਵਰਗੀ
ਗੁੜ ਚੋਰੀ ਦਾ ਖਾਵੇ
ਘਰ ਦੀ ਰੰਨ ਬੁਰਛੇ ਵਰਗੀ
ਧੁਰ ਬਿਊਰੀ ਕੋਲ ਜਾਵੇ
ਚੰਦਰਾ ਇਸ਼ਕ ਬੁਰਾ-
ਬਿੰਨ ਪੌੜੀ ਚੜ੍ਹ ਜਾਵੇ
ਉਹ ਆਪਣੇ ਸ਼ਰਾਬੀ ਪਤੀ ਨੂੰ ਕਿਸੇ ਹੋਰ ਪਰਾਈ ਔਰਤ ਕੋਲ ਜਾਣ ਦੇ ਸਲ ਦੇ ਦੁਖੜੇ ਫੋਲਦੀ ਹੋਈ ਉਸ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ—
ਘਰ ਦੀ ਗੁਜਰੀ ਛੱਡ ਕੇ
ਤੂੰ ਤੇਲਣ ਦੇ ਕਿਉਂ ਜਾਨੇ ਓਏ
ਵੇ ਲਾਡਲਿਆ ਅਲਬੋਲਿਆਂ ਕੰਤਾ
ਮੇਰੀ ਰੋਂਦੀ ਦੀ ਭਿਜਗੀ ਚੁੰਨੜੀ ਵੇ
ਘਰ ਦੀ ਗੁਜਰੀ ਨੂੰ ਸਦਾ ਸਲਾਮ ਨੀ
ਨੀ ਤੇਲਣ ਚਾਰ ਦਿਹਾੜੇ
ਕਾਹਨੂੰ ਪਾਉਨੀ ਏਂ ਵਾਸਤੇ
ਨੀ ਬੇ-ਸਮਝੀਏ ਨਾਰੇ
ਸ਼ਰਾਬੀ ਪਤੀ ਪਤਨੀਆਂ ਦੇ ਘਰੇਲੂ ਕੰਮਾਂ-ਕਰਾਂ ਵਿੱਚ ਵੀ ਵਿਘਨ ਪਾਉਂਦੇ ਹਨ, ਉਹ ਉਹਨਾਂ ਨੂੰ ਉਡੀਕਦੀਆਂ ਪ੍ਰੇਸ਼ਾਨ ਹੋ ਜਾਂਦੀਆਂ ਹਨ-
ਤਤੜੀ ਪੂੜੀ ਠੰਢੜੀ ਹੋਈ
ਖਾਣੇ ਵਾਲੇ ਜਾ ਬੜੇ ਉਜਾੜ
ਓਥੇ ਪੀ ਲਈ ਸ਼ਰਾਬ
ਥੋਡੀ ਤਿੱਲੇ ਵਾਲੀ ਸਾੜ੍ਹੀ
ਨਾ ਹੋ ਜਾਏ ਖਰਾਬ
ਤਤੜਾ ਪਾਣੀ ਠੰਢੜਾ ਹੋਇਆ
ਨਾਉਣ ਵਾਲ਼ੇ ਜਾ ਬੜੇ ਉਜਾੜ
ਅਸੀਂ ਨੋਕਰ ਭੇਜੇ ਚਾਰ
ਉੱਥੇ ਪੀ ਲਈ ਸ਼ਰਾਬ ਥੋਡੀ ਤਿੱਲੇ ਵਾਲੀ ਸਾੜ੍ਹੀ
ਨਾ ਹੋ ਜਾਏ ਖਰਾਬ
ਪਤੀ ਦੇ ਵਿਹਾਰ ਤੋਂ ਅੱਕੀ ਹੋਈ ਮੁਟਿਆਰ ਅਪਣੀ ਸੱਸ ਅੱਗੇ ਅਪਣੀ ਖੋਟੀ ਕਿਸਮਤ ਦੇ ਰੋਣੇ ਰੋਂਦੀ ਹੈ—
ਸੱਸੇ ਨੀ ਘਰ ਦਾ ਪਾਣੀ ਤੱਤਾ ਛੱਡ ਜਾਂਦਾ
ਜਾ ਬਗਾਨੇ ਨਾਉਂਦਾ ਨੀ
ਲੋਕਾਂ ਭਾਣੇ ਚਤਰ ਸੁਣੀਂਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਉੜੀ
ਲੇਖ ਬੰਦੀ ਦੇ ਖੋਟੇ ਨੀ
ਸੱਸੇ ਨੀ ਘਰ ਦੀ ਰੋਟੀ ਪੱਕੀ ਛੱਡ ਜਾਂਦਾ
ਜਾ ਬਗਾਨੇ ਖਾਂਦਾ ਨੀ
ਲੋਕਾਂ ਭਾਣੇ ਚਤਰ ਸੁਣੀਂਦਾ
ਮੈਂ ਬੜਾ ਮੂਰਖ ਦੇਖਿਆ ਨੀ
ਜਦ ਮੈਂ ਦੇਖਾਂ ਮੱਥੇ ਤਿਉੜੀ
ਲੇਖ ਬੰਦੀ ਦੇ ਖੋਟੇ ਨੀ
ਜਿਨ੍ਹਾਂ ਸ਼ਰਾਬੀਆਂ ਨੂੰ ਜੂਆ ਖੇਡਣ ਦੀ ਲਤ ਪੈ ਜਾਵੇ ਉਹ ਗਹਿਣੇ ਤੱਕ ਜੂਏ ਵਿੱਚ ਹਾਰ ਆਉਂਦੇ ਹਨ। ਅਗਲੀ ਝੂਰੇ ਨਾ ਤਾਂ ਹੋਰ ਕੀ ਕਰੇ :
ਚੰਨ ਚਾਨਣੀ ਰਾਤ
ਡਿਓਢੀ ਪੁਰ ਡੇਰਾ ਲਾਲ ਲਾਇਆ
ਪਹਿਲੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦੀ ਕਲਗੀ ਹਾਰ ਆਇਆ
ਚੀਰਾ ਤਾਂ ਰੰਗਾ ਦੇ ਜਾਨੀ ਹੋਰ ਵੇ
ਕਲਗੀ ਪੁਰ ਮੇਰੀ ਪ੍ਰੀਤ ਲਗੀ
ਦੂਜੀ ਤਾਂ ਬਾਜ਼ੀ ਖੇਡ ਵੇ
ਤੂੰ ਸਿਰ ਦਾ ਚੀਰਾ ਹਾਰ ਆਇਆ
ਚੀਰਾ ਤਾਂ ਰੰਗਾ ਦੇ ਜਾਨੀ ਹੋਰ ਵੇ
ਕਲਗੀ ਪੁਰ ਮੇਰੀ ਪ੍ਰੀਤ ਲਗੀ
ਉਹ ਉਸ ਨੂੰ ਜੂਆ ਖੇਡਣ ਤੋਂ ਵਰਜਦੀ ਹੋਈ ਸਮਝਾਉਣ ਦਾ ਯਤਨ ਵੀ ਕਰਦੀ ਹੈ—
ਚੰਨ ਚਾਨਣੀ ਰਾਤ
ਡਿਓਢੀ ਪੁਰ ਕੌਣ ਖੜਾ
ਮੇਰੀ ਜਾਨ ਡਿਓਢੀ ਪੁਰ ਕੌਣ ਖੜਾ
ਚੰਨ ਚਾਨਣੀ ਰਾਤ
ਡਿਓਢੀ ਪੁਰ ਮੇਰਾ ਲਾਲ ਖੜਾ
ਬਰਜ ਰਹੀ ਉਸ ਲਾਲ ਨੂੰ
ਜੂਏ ਖਾਨੇ ਜੀ ਨਾ ਜਾਣਾ
ਜੂਏ ਵਾਲੇ ਦਾ ਉਲਟਾ ਵਿਹਾਰ
ਘਰ ਦੀ ਨਾਰੀ ਵੀ ਹਾਰ ਦੇਣੀ
ਬਰਜ ਰਹੀ ਉਸ ਲਾਲ ਨੂੰ
ਜੂਏ ਖਾਨੇ ਜੀ ਨਾ ਜਾਣਾ
ਜੂਏ ਵਾਲੇ ਦਾ ਉਲਟਾ ਵਿਹਾਰ
ਭਰੀਓ ਬੋਤਲ ਜੀ ਪੀ ਜਾਂਦੇ
ਵਰਜ ਰਹੀ ਉਸ ਲਾਲ ਨੂੰ
ਕੰਜਰੀ ਖਾਨੇ ਜੀ ਨਾ ਜਾਣਾ
ਕੰਜਰੀ ਵਾਲੇ ਦਾ ਉਲਟਾ ਵਿਹਾਰ
ਘਰਦੀ ਨਾਰੀ ਜੀ ਤਿਆਗ ਦੇਣੀ
ਵਰਜ ਰਹੀ ਉਸ ਲਾਲ ਨੂੰ
ਜੱਕੇ ਖਾਨੇ ਜੀ ਨਾ ਜਾਣਾ
ਜੱਕੇ ਵਾਲੇ ਦਾ ਉਲਟਾ ਵਿਹਾਰ
ਅੱਧੀ ਰਾਤੋਂ ਜੀ ਤੋਰ ਲੈਂਦੇ
ਸ਼ਰਾਬ ਕਈ ਐਬਾਂ ਨੂੰ ਜਨਮ ਦੇਂਦੀ ਹੈ। ਸ਼ਰਾਬ ਪੀ ਕੇ ਲੋਕੀ ਕੀ ਕੀ ਨਹੀਂ ਕਰਦੇ। ਕੂੰਜ ਕੁਰਲਾਵੇ ਨਾ ਤਾਂ ਹੋਰ ਕੀ ਕਰੋ :-
ਟੁੱਟ ਪੈਣਾ ਤਾਂ ਜੂਆ ਖੇਡਦਾ
ਕਰਦਾ ਅਜਬ ਬਹਾਰਾਂ
ਮਾਸ ਸ਼ਰਾਬ ਕਦੇ ਨੀ ਛੱਡਦਾ
ਦੇਖ ਉਸ ਦੀਆਂ ਕਾਰਾਂ
ਗਹਿਣੇ ਗੱਟੇ ਲੈ ਗਿਆ ਸਾਰੇ
ਕੂਕਾਂ ਕਹਿਰ ਦੀਆਂ ਮਾਰਾਂ
ਜੇ ਚਾਹੇ ਤਾਂ ਸੋਟਾ ਫੇਰੇ
ਦੁਖੜੇ ਨਿੱਤ ਸਹਾਰਾਂ
ਚੋਰੀ ਯਾਰੀ ਦੇ ਵਿਚ ਪੱਕਾ
ਨਿੱਤ ਪਾਵਾਂ ਫਟਕਾਰਾਂ
ਕਦੀ ਕਦਾਈਂ ਘਰ ਜੇ ਆਵੇ
ਮਿੰਨਤਾਂ.....
ਮਿੰਨਤਾਂ ਕਰ-ਕਰ ਹਾਰਾਂ
ਛੱਜਦੇ ਵੇਲਾਂ ਨੂੰ-
ਲੈ-ਲੈ ਤੱਤੀ ਦੀਆਂ ਸਾਰਾਂ
ਆਪਣੀ ਦੁਖੀ ਪਤਨੀ ਦੀਆਂ ਸਾਰਾਂ ਲੈਣ ਦੀ ਬਜਾਏ ਸ਼ਰਾਬੀ ਜੀਜਾ ਆਪਣੀ ਸਾਲੀ ਦੇ ਘਰ ਜਾ ਅਲਖ ਜਗਾਉਂਦਾ ਹੈ ਪਰੰਤੂ ਉਹ ਅੱਗੋਂ ਉਸ ਨੂੰ ਫਿਟ- ਲਾਅਨਤ ਪਾਉਂਦੀ ਹੈ—
ਸਾਲੀ ਕਹਿੰਦੀ ਸੁਣ ਵੇ ਜੀਜਾ
ਇਹ ਕੀ ਮੈਨੂੰ ਕਹਿੰਦਾ
ਜਾਹ ਵਗ ਜਾ ਤੂੰ ਪਿੰਡ ਆਵਦੇ
ਹਿੱਕ ਕਾਸ ਨੂੰ ਦਹਿੰਦਾ
ਬੋਤਲ ਪਟ ਕੇ ਪੀਨੇਂ ਦਾਰੂ
ਰੋਜ਼ ਸ਼ਰਾਬੀ ਰਹਿੰਦਾ
ਨਾਰ ਬਿਗਾਨੀ ਦੇ-
ਬੋਲ ਮੂਰਖਾ ਸਹਿੰਦਾ
ਇਕ ਕਿਸਾਨ ਪਾਸ ਉਂਨੀ ਕ ਜ਼ਮੀਨ ਮਸੀਂ ਹੁੰਦੀ ਹੈ ਜਿਸ ਦੀ ਆਮਦਨ ਨਾਲ ਘਰ ਦਾ ਗੁਜ਼ਾਰਾ ਹੀ ਤੁਰਦਾ ਹੈ। ਫਸਲ ਨਾਲ ਤਾਂ ਕਈ ਵਾਰੀ ਮਾਮਲੇ ਹੀ ਮਸੀਂ ਤਰਦੇ ਹਨ। ਸ਼ਰਾਬੀ ਜੱਟ ਦੀ ਨਿਗਾਹ ਰੁਪਏ ਖ਼ਤਮ ਹੋਣ ਤੇ ਆਪਣੀ ਵਹੁਟੀ ਦੇ ਗਹਿਣਿਆਂ ਤੇ ਆ ਟਿਕਦੀ ਹੈ। ਉਹ ਆਪਣਾ ਦੁੱਖ ਆਪਣੀ ਮਾਂ ਅੱਗੇ ਫੋਲਦੀ ਹੈ-
ਸੱਗੀ ਮੰਗਦਾ ਮਾਏਂ
ਫੁਲ ਮੰਗਦਾ ਨਾਲੇ
ਨਾਲੇ ਮੰਗਦਾ ਮਾਏਂ
ਆਧੀਆ ਸ਼ਰਾਬ ਦਾ
ਸੱਗੀ ਦੇ ਦੇ ਧੀਏ
ਫੁੱਲ ਦੇ ਦੇ ਨਾਲੇ
ਮੱਥੇ ਮਾਰ ਧੀਏ ਠੇਕੇਦਾਰ ਦੇ
ਸ਼ਰਾਬ ਦੀਆਂ ਪਿਆਲੀਆਂ ਜਿੱਥੇ ਜ਼ਮੀਨ ਜਾਇਦਾਦ ਨੂੰ ਡਕਾਰ ਜਾਂਦੀਆਂ ਹਨ, ਉੱਥੇ ਆਪਣੇ ਪਰਿਵਾਰ ਨੂੰ ਵੀ ਰੋਲ ਕੇ ਰਖ ਦੇਂਦੀਆਂ ਹਨ। ਔਰਤ ਦਾ ਅੰਦਰਲਾ ਵੀ ਹਾਰ ਜਾਂਦਾ ਹੈ। ਉਹਦੀ ਸਤਿਆ ਸੂਤੀ ਜਾਂਦੀ ਹੈ—
ਕੀਹਦੇ ਹੌਸਲੇ ਲੰਬਾ ਤੰਦ ਪਾਵਾਂ
ਪੁੱਤ ਤੇਰਾ ਵੈਲੀ ਸੱਸੀਏ
ਉਂਜ ਵੀ ਨਿੱਤ ਦੇ ਸ਼ਰਾਬੀ ਨੂੰ ਸਮਾਜ ਵਿੱਚ ਕੋਈ ਵੀ ਪਸੰਦ ਨਹੀਂ ਕਰਦਾ, ਹਰ ਕੋਈ ਹਕਾਰਤ ਦੀ ਨਜ਼ਰ ਨਾਲ ਵੇਖਦਾ ਹੈ—
ਭਾਈ ਜੀ ਦੀ ਬੇਰੀ ਦੇ
ਖੱਟੇ ਮਿੱਠੇ ਬੇਰ
ਦੂਰੋਂ ਹਿੜ੍ਹਕ ਚਲਾਈ ਵੇ
ਪਰੇ ਹੋ ਜਾ ਵੇ ਸ਼ਰਾਬੀਆ
ਮੈਂ ਨਰਮਾਂ ਬੀਜਣ ਆਈ ਵੇ
ਸ਼ਰਾਬ ਦੀ ਪਿਆਲੀ ਵਸਦੇ-ਰਸਦੇ ਘਰਾਂ ਦਾ ਨਾਸ ਕਰ ਦੇਂਦੀ ਹੈ। ਸ਼ਰਾਬੀ ਪਤੀ ਤੋਂ ਸਤੀ ਹੋਈ ਮੁਟਿਆਰ ਸ਼ਰਾਬੀ ਪਤੀ ਦਾ ਸਾਂਗ ਰਚ ਕੇ ਗਿੱਧੇ ਦੇ ਪਿੜ ਵਿੱਚ ਉਸ ਦਾ ਮਖੌਲ ਉਡਾਉਂਦੀ ਹੈ—
ਪਟ ਸੁੱਟਿਆ ਪਿਆਲੀ ਨੇ
ਅੱਗੇ ਤਾਂ ਚੱਬਦਾ ਬਿਸਕੁਟ ਪੋਲੇ
ਹੁਣ ਕਿਉਂ ਚੱਬਦਾ ਛੋਲੇ
ਪਟਿਆ ਪਿਆਲੀ ਨੇ
ਅੱਗੇ ਤਾਂ ਚੋਂਦਾ ਮੱਝਾਂ ਗਾਈਆਂ
ਹੁਣ ਕਿਉਂ ਚੋਂਦਾ ਕੁੱਤੀ
ਪਟ ਸੁਟਿਆ ਪਿਆਲੀ ਨੇ
ਅੱਗੇ ਤਾਂ ਚੜ੍ਹਦਾ ਬੱਗੀ ਘੋੜੀ
ਹੁਣ ਨੀ ਲੱਭਦੀ ਕੁੱਤੀ
ਪੱਟਿਆ ਪਿਆਲੀ ਨੇ
ਕਈਆਂ ਨੂੰ ਅਫੀਮੀ, ਪੋਸਤੀ, ਅਮਲੀ ਟੱਕਰ ਜਾਂਦੇ ਹਨ। ਪੋਸਤੀਆਂ ਦੀਆਂ ਕਰਤੂਤਾਂ ਤੋਂ ਭਲਾ ਕੌਣ ਨਹੀਂ ਵਾਕਿਫ ਪੋਸਤ ਪੀਂਦੜਾ ਮਾਏਂ ਪੰਜ ਸੇਰ ਰੋਜ਼ ਨੀ ਸੱਗੀ ਮੇਰੀ ਬੇਚ ਲੀ ਚੂੜਾ ਲੈ ਗਿਆ ਉਠਾ
ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ
ਸੱਗੀ ਮੇਰੀ ਬੇਚ ਲੀ
ਚੂੜਾ ਲੈ ਗਿਆ ਉਠਾ
ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ
ਗਹਿਣੇ ਤਾਂ ਇਕ ਪਾਸੇ ਰਹੇ ਇਹ ਅਮਲੀ ਬਰਾਬੀ ਆਪਣੇ ਘਰਾਂ ਚੋਂ ਚੋਰੀ ਛਿਪੇ ਭਾਂਡੇ ਵੀ ਖਿਸਕਾ ਲੈਂਦੇ ਹਨ। ਅਮਲੀ ਦੀ ਵਹੁਟੀ ਸੁਪਨੇ ਵਿੱਚ ਵੀ ਆਪਣੇ ਪਤੀ ਨੂੰ ਚੋਰੀ ਭਾਂਡੇ ਚੁਕਦੇ ਹੀ ਵੇਖਦੀ ਹੈ। ਕੋਡੀ ਤਰਸਯੋਗ ਹਾਲਤ ਹੈ ਅਮਲੀਆਂ ਦੀਆਂ ਵਹੁਟੀਆਂ ਦੀ-
ਸੁੱਤੀ ਪਈ ਨੇ ਪੱਟਾਂ ਤੇ ਹੱਥ ਮਾਰੇ
ਭਾਂਡਿਆਂ 'ਚ ਹੈਨੀ ਬੇਲੂਆ
ਅਫੀਮ ਦਾ ਨਸ਼ਾ ਇਕ ਅਜਿਹਾ ਭੈੜਾ ਨਸ਼ਾ ਹੈ ਜਿਸ ਨੂੰ ਲਗ ਜਾਵੇ, ਉਹ ਮੁੜ ਕੇ ਛੁਟਦਾ ਨਹੀਂ। ਜਿੱਥੇ ਇਹ ਧਨ ਦੌਲਤ-ਜਾਇਦਾਦ ਨੂੰ ਖਾ ਜਾਂਦਾ ਹੈ, ਉੱਥੇ ਅਮਲੀ ਦੀ ਦੇਹੀ ਦਾ ਵੀ ਸਤਿਆਨਾਸ ਕਰ ਦਿੰਦਾ ਹੈ। ਇਹ ਅਮਲ ਸਰੀਰ ਦੇ ਖਾਤਮੇ ਨਾਲ ਹੀ ਖ਼ਤਮ ਹੁੰਦਾ ਹੈ। ਕਿੰਨੇ ਦਰਦੀਲੇ ਬੋਲ ਹਨ ਅਮਲੀ ਦੀ ਵਹੁਟੀ ਦੇ, ਜਿਹੜੀ ਉਸ ਦੇ ਅਮਲ ਲਈ ਆਪਣੀ ਸਭ ਤੋਂ ਪਿਆਰੀ ਵਸਤ ਗਹਿਣੇ ਵੇਚਣ ਲਈ ਮਜਬੂਰ ਹੋ ਜਾਂਦੀ ਹੈ—
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਸੱਗੀ ਬੇਚਦਾਂ ਢੋਲੇ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲੇ
ਨਾਲ ਸਰੀਰਾਂ ਦੇ ਢੋਲੇ
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਕੰਠੀ ਬੇਚਦਾਂ ਢੋਲੋ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲੇ
ਨਾਲ ਸਰੀਰਾਂ ਦੇ ਢੋਲੇ
ਪਾਰਾਂ ਤੋਂ ਦੇ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਤੱਗਾ ਬੇਚਦਾਂ ਢੋਲੇ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲੇ
ਨਾਲ ਸਰੀਰਾਂ ਦੇ ਢੋਲੇ
ਨਸ਼ਈਆਂ ਦਾ ਅੰਤ ਮਾੜਾ ਹੀ ਹੁੰਦਾ ਹੈ।
ਆਖਰ ਉਸ ਦੀ ਪਤਨੀ ਆਪਣੇ ਐਬੀ ਪਤੀ ਤੋਂ ਛੁਟਕਾਰਾ ਪਾਉਣ ਲਈ ਮਜ਼ਬੂਰ ਹੋ ਜਾਂਦੀ ਹੈ। ਕਿੰਨੀ ਕਸਕ ਹੈ ਇਹਨਾਂ ਬੋਲਾਂ ਵਿੱਚ-
ਕਦੇ ਨਾ ਪਹਿਨੇ ਤੇਰੇ ਸੂਹੇ ਵੇ ਸੋਸਨੀ
ਕਦੇ ਨਾ ਪਹਿਨੇ ਤਿੰਨ ਕੱਪੜੇ
ਵੇ ਮੈਂ ਕਿੱਕਣ ਵਸਾਂ
ਖਾਂਦਾ ਨਿੱਤ ਬੱਕਰੇ
ਉਹ ਬੜੀ ਅਧੀਨਗੀ ਨਾਲ ਸਮਝਾਉਂਦੀ ਵੀ ਹੈ—
ਛਡ ਦੇ ਵੈਲਦਾਰੀਆਂ
ਨਹੀਂ ਲੰਘਣੇ ਘਰਾਂ ਦੇ ਲਾਂਘੇ
ਸ਼ਰਾਬ ਦੀ ਪਿਆਲੀ ਕੇਵਲ ਵੱਸਦੇ-ਰਸਦੇ ਘਰ ਦਾ ਹੀ ਉਜਾੜਾ ਨਹੀਂ ਕਰਦੀ, ਬਲਕਿ ਸ਼ਰਾਬੀ ਦੇ ਕੁੰਦਨ ਵਰਗੇ ਸਰੀਰ ਨੂੰ ਵੀ ਗਾਲ ਦਿੰਦੀ ਹੈ—
ਖਾ ਲੀ ਨਸ਼ਿਆਂ ਨੇ
ਕੁੰਦਨ ਵਰਗੀ ਦੇਹੀ
ਕੋਈ ਵੀ ਮੁਟਿਆਰ ਇਹ ਨਹੀਂ ਚਾਹੁੰਦੀ ਕਿ ਉਸ ਦਾ ਗੱਭਰੂ ਨਿਕੰਮਾ, ਸ਼ਰਾਬੀ ਤੇ ਐਬੀ ਹੋਵੇ। ਇਸ ਲਈ ਉਹ ਬਾਂਕੀ ਮੁਟਿਆਰ ਕਿਸੇ ਸ਼ਰਾਬੀ ਗੱਭਰੂ ਦੇ ਹੱਥ ਆਪਣੇ ਰਾਂਗਲੇ ਲੜ ਨੂੰ ਛੂਹਣ ਨਹੀਂ ਦਿੰਦੀ-
ਬੀਬਾ ਵੇ ਬਾਗ ਲਵਾਨੀਆਂ ਪੰਜ ਬੂਟੇ
ਹੁਣ ਦੇ ਗੱਭਰੂ ਸਭ ਝੂਠੇ
ਛੋਡ ਸ਼ਰਾਬੀਆ ਲੜ ਮੇਰਾ
ਅਸਾਂ ਨਾ ਦੇਖਿਆ ਘਰ ਤੇਰਾ
ਨੈਣਾ ਦੇ ਮਾਮਲੇ ਘੋਰੀਆਂ ਵੇ
ਬੀਬਾ ਵੇ.....
ਬਾਗ ਲਵਾਨੀਆਂ ਪੰਜ ਦਾਣਾ
ਐਸ ਜਹਾਨੋਂ ਕੀ ਲੈ ਜਾਣਾ
ਛੋਡ ਸ਼ਰਾਬੀਆ ਲੜ ਮੇਰਾ
ਅਸੀਂ ਨਾ ਜਾਣਦੇ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ
ਕਿੰਨਾ ਭੈੜਾ ਅਸਰ ਹੈ ਸਾਡੇ ਸਮਾਜਿਕ ਜੀਵਨ ਤੇ ਇਹਨਾਂ ਮਾਰੂ ਨਸ਼ਿਆਂ ਦਾ। ਮੁਹੱਬਤ ਦਾ ਨਸ਼ਾ ਹੀ ਇਕ ਅਜਿਹਾ ਨਸ਼ਾ ਹੈ, ਜਿਸ ਨਾਲ ਸਭ ਤੋਂ ਵੱਧ ਸਰੂਰ ਆਉਂਦਾ ਹੈ। ਕਿੰਨੇ ਭਾਗਾਂ ਵਾਲੇ ਹਨ ਉਹ ਜਿਉੜੇ ਜਿਹੜੇ ਇਕ-ਦੂਜੇ ਲਈ ਮੁਹੱਬਤ ਦਾ ਨਸ਼ਾ ਬਣ ਜਾਣ ਲਈ ਉਤਾਵਲੇ ਹਨ :
ਦੁੱਧ ਬਣ ਜਾਨੀ ਆਂ
ਮਲਾਈ ਬਣ ਜਾਨੀ ਆਂ
ਗਟਾ ਗਟ ਪੀ ਲੈ ਵੇ
ਨਸ਼ਾ ਬਣ ਜਾਨੀ ਆਂ
ਇਸ਼ਕ ਨਾਲ ਰੱਤੇ ਸਰੀਰ ਬਿਨਾਂ ਪੀਤਿਆਂ ਹੀ ਖੀਵੇ ਰਹਿੰਦੇ ਹਨ-
ਹੁਸਨ ਚਿਰਾਗ ਜਿਨ੍ਹਾਂ ਦੇ ਦੀਦੇ
ਉਹ ਕਿਉਂ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ
ਉਹ ਬਿਨਾਂ ਸ਼ਰਾਬੋਂ ਖੀਵੇ।
ਵਿਸਰ ਰਹੀਆਂ ਲੋਕ ਖੇਡਾਂ
ਖੇਡਣਾ ਮਨੁੱਖ ਦੀ ਸਹਿਜ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿਤ ਤੇ ਸੁਭਾਓ ਅਨੁਸਾਰ ਜੀਵਾਂ ਨੇ ਆਪੋ ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ।
ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਬਲਕਿ ਇਹ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖਸ਼ਦੀਆਂ ਹਨ ਉੱਥੇ ਰੂਹ ਨੂੰ ਵੀ ਅਗੰਮੀ ਖ਼ੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ।
ਲੋਕ ਖੇਡਾਂ ਵੀ ਪੰਜਾਬੀ ਲੋਕ ਧਾਰਾ ਦੇ ਹੋਰਨਾ ਅੰਗਾਂ ਲੋਕ ਕਹਾਣੀਆਂ, ਲੋਕ ਗੀਤਾਂ, ਬੁਝਾਰਤਾਂ ਅਤੇ ਅਖਾਣਾ ਵਾਂਗ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਉਪਲਭਧ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸਾਭਿਆਚਾਰ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬੀਆਂ ਦਾ ਸੁਭਾਅ, ਮਰਦਉਪੁਣਾ, ਰਹਿਣ ਸਹਿਣ, ਖਾਣ-ਪੀਣ, ਮੇਲੇ ਮੁਸਾਹਵੇ, ਨੈਤਕ ਕਦਰਾਂ ਕੀਮਤਾਂ ਇਹਨਾਂ ਵਿੱਚ ਓਤ ਪੋਤ ਹਨ।
ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਜੀਵਨ ਦੇ ਹਰ ਖੇਤਰ ਤੇ ਪਿਆ ਹੈ ਜਿਸ ਦੇ ਫਲਸਰੂਪ ਪੰਜਾਬ ਦੇ ਆਰਥਕ ਅਤੇ ਸੱਭਿਆਚਾਰਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ। ਸਾਰੇ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛ ਗਿਆ ਹੈ। ਅੱਜ ਕਿਸੇ ਪੇਂਡੂ ਲਈ ਸ਼ਹਿਰ ਜਾਣਾ ਸਬੱਬੀ ਗਲ ਨਹੀਂ ਰਹੀ। ਪਿੰਡ ਸ਼ਹਿਰਾਂ ਨਾਲ ਜੁੜ ਗਏ ਹਨ ਜਿਸ ਕਰਕੇ ਸ਼ਹਿਰੀ ਜ਼ਿੰਦਗੀ ਦਾ ਪ੍ਰਭਾਵ ਪੇਂਡੂ ਜੀਵਨ ਉੱਤੇ ਆਏ ਦਿਨ ਪੈ ਰਿਹਾ ਹੈ। ਖੇਤੀ ਦੇ ਧੰਦੇ ਵਿੱਚ ਮਸ਼ੀਨਾਂ ਹਾਵੀ ਹੋ ਗਈਆਂ ਹਨ-ਖੂਹਾਂ ਦੀ ਥਾਂ ਟਿਊਬਵੈਲਾਂ ਨੇ ਲੈ ਲਈ ਹੈ। ਖੇਤਾਂ ਵਿੱਚ ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਦੀ ਬਜਾਏ ਟਰੈਕਟਰ ਧੁਕ-ਧੁਕ ਕਰ ਰਹੇ ਹਨ। ਕਿਸਾਨੀ ਜੀਵਨ ਨਾਲ ਜੁੜਿਆ ਲੋਕ ਸਾਹਿਤ ਲੋਕ ਮਨਾਂ ਤੋਂ ਵਿਸਰ ਰਿਹਾ ਹੈ। ਮੇਲਿਆਂ ਮੁਸਾਵਿਆਂ ਦੀਆਂ ਰੌਣਕਾਂ ਘਟ ਰਹੀਆਂ ਹਨ। ਪੁਰਾਣੇ ਰਸਮੋ ਰਿਵਾਜ ਅਲੋਪ ਹੋ ਰਹੇ ਹਨ। ਪੇਂਡੂ ਖੇਡਾਂ ਵੀ ਮਸ਼ੀਨੀ ਸਭਿਅਤਾ ਦੇ ਪ੍ਰਭਾਵ ਤੋਂ ਨਹੀਂ ਬਚੀਆਂ। ਇਹ ਵੀ ਵਿਸਰ ਰਹੀਆਂ ਹਨ।
ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ-ਇਹ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁਖ ਸਾਧਨ ਰਹੀਆਂ ਹਨ।
ਖੇਡਾਂ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆ ਕਰਦੀਆਂ ਸਨ। ਇਹਨਾਂ ਦੇ ਪਿੜ
ਪਿੰਡ ਦੀ ਜੂਹ ਵਿੱਚ ਆਥਣ ਸਮੇਂ ਜੁੜਿਆ ਕਰਦੇ ਸਨ । ਸਾਰੇ ਪਿੰਡ ਦੇ ਗਭਰੂਆਂ ਨੇ ਰਲਕੇ ਖੇਡਣਾ, ਕੋਈ ਜਾਤ ਪਾਤ ਨਹੀਂ, ਊਚ ਨੀਚ ਨਹੀਂ। ਅਮੀਰੀ, ਗਰੀਬੀ ਦਾ ਪਾੜਾ ਨਹੀਂ। ਸਾਰੇ ਰਲਕੇ ਇਹਨਾਂ ਦਾ ਆਨੰਦ ਮਾਣਦੇ ਸਨ। ਭਾਈਚਾਰਕ ਸਾਂਝ ਐਨੀ ਹੋਣੀ ਕਿ ਸਾਰੇ ਪਿੰਡ ਨੇ ਰਲਕੇ ਗਭਰੂਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ । ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸਨ। ਇਹ ਗਭਰੂ ਵੀ ਤਾਂ ਸਮੁੱਚੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਮੇਲਿਆਂ ਮੁਸਾਵਿਆਂ ਤੇ ਕਿਸੇ ਨੇ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਕਢਣਾ, ਕਿਸੇ ਬੋਰੀ ਚੁੱਕਣ ਵਿੱਚ ਨਾਂ ਚਮਕਾਉਣਾ, ਕਿਸੇ ਮੂੰਗਲੀਆਂ ਫੇਰਨ ਵਿੱਚ ਬਾਜ਼ੀ ਜਿਤਣੀ। ਰੱਸਾ ਕਸ਼ੀ ਤੇ ਕਬੱਡੀ ਦੀਆਂ ਟੀਮਾਂ ਨੇ ਪਿੰਡ ਨੂੰ ਪ੍ਰਸਿੱਧੀ ਦਵਾਉਣੀ। ਇਹ ਗਭਰੂ ਆਪਣੇ ਸਰੀਰਾਂ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸੀ ਢੁਕਣ ਦੇਂਦੇ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲਕੇ ਰਹਿੰਦੇ ਸਨ। ਪਿਆਰ ਨਾਲ ਖੇਡਦੇ ਸਨ। ਚੰਗੀ ਖੇਡ ਖੇਡਣਾ ਹੀ ਇਹਨਾਂ ਦਾ ਮਨੋਰਥ ਹੋਇਆ ਕਰਦਾ ਸੀ। ਇਹ ਖੇਡਾਂ ਹੀ ਸਨ ਜਿਹੜੀਆ ਪਿੰਡਾਂ ਦੇ ਗਭਰੂਆ ਨੂੰ ਆਹਰੇ ਲਾਈ ਰਖਦੀਆਂ ਸਨ ਤੇ ਕੁਰਾਹੇ ਪੈਣ ਤੋਂ ਰੋਕਦੀਆਂ ਸਨ।
ਪੇਂਡੂ ਮੁੰਡੇ-ਕੁੜੀਆਂ ਦੀਆਂ ਖੇਡਾਂ ਬੜੀਆਂ ਮਨਮੋਹਕ ਹੁੰਦੀਆਂ ਸਨ- ਕਾਵਿਮਈ। ਉਹ ਆਮ ਕਰਕੇ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ ਬੈਠਕ, ਊਚ-ਨੀਚ, ਕੋਟਲਾ ਛਪਾਕੀ, ਦਾਈਆਂ ਦੁਹਕੜੇ, ਬਾਂਦਰ ਕੀਲਾ, ਕਿਣ ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠ, ਖਾਨ ਘੋੜੀ, ਅੰਨ੍ਹਾ ਝੋਟਾ, ਪੂਛ-ਪੂਛ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾਂ ਕਾਂਗੜੇ, ਰੋੜੇ ਅਤੇ ਸ਼ੱਕਰ ਕੁਰਜੀ ਆਦਿ ਖੇਡਾਂ ਖੇਡ ਕੇ ਆਨੰਦ ਮਾਣਦੇ ਰਹੇ ਹਨ।
ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਜਿਸ ਰਾਹੀਂ ਇਹਨਾਂ ਦੇ ਸੁਭਾਅ, ਮਦਰਉਪਣੇ ਅਤੇ ਬਲ ਦਾ ਪ੍ਰਗਟਾ ਹੁੰਦਾ ਹੈ। ਲੰਬੀ ਕੋਡੀ, ਗੂੰਗੀ ਕੌਡੀ ਅਤੇ ਸੋਚੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਅੱਜਕਲ੍ਹ ਇਹ ਖੇਡੀਆਂ ਨਹੀਂ ਜਾਂਦੀਆਂ। ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।
'ਸੌਂਦੀ ਪੱਕੀ' ਮਾਲਵੇ ਦੇ ਇਲਾਕੇ ਦੀ ਬੜੀ ਪ੍ਰਸਿੱਧ ਖੇਡ ਰਹੀ ਹੈ। ਆਮ ਤੌਰ ਤੇ ਨਰੋਏ ਸਰੀਰ ਵਾਲੇ ਗੱਭਰੂ ਹੀ ਇਹ ਖੇਡ ਖੇਡਦੇ ਸਨ। ਖਿਡਾਰੀਆਂ ਨੇ ਆਪਣੇ ਸਰੀਰਾਂ ਤੇ ਤੇਲ ਮਲਕੇ ਪਿੰਡੇ ਲਿਸ਼ਕਾਏ ਹੁੰਦੇ ਸਨ। ਪਾੜੇ ਵਿੱਚ ਦੋ ਖਿਡਾਰੀ ਆਪਣਾ-ਆਪਣਾ ਪਾਸਾ ਮਲਕੇ ਖੇਡ ਸ਼ੁਰੂ ਕਰਦੇ ਸਨ। ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਜਾਂਦਾ ਤੇ ਦੂਜੇ ਖਿਡਾਰੀ ਦੀ ਛਾਤੀ ਤੇ ਜ਼ੋਰ ਨਾਲ ਧੱਕੇ ਮਾਰਦਾ। ਧੱਫੇ ਕੇਵਲ ਛਾਤੀ ਤੇ ਹੀ ਮਾਰੇ ਜਾਂਦੇ। ਦੂਜਾ ਖਿਡਾਰੀ ਪਹਿਲੇ ਖਿਡਾਰੀ ਦੀ ਬੀਣੀ ਫੜਦਾ ਤੇ ਜਾਣ ਵਾਲਾ ਆਪਣੀ ਬੀਣੀ ਛਡਾਉਣ ਦਾ ਯਤਨ ਕਰਦਾ। ਇਉਂ ਸਾਰੀ ਜ਼ੋਰ ਅਜ਼ਮਾਈ ਬੀਣੀ ਛਡਾਉਣ ਅਤੇ ਪਕੜਨ ਤੇ ਹੀ ਹੁੰਦੀ ਰਹਿੰਦੀ। ਇਸ ਖੇਡ ਵਿੱਚ ਕੁਸ਼ਤੀ ਵਾਂਗ ਇਕ ਦੂਜੇ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਸੀ
ਜਿਹੜਾ ਬੀਣੀ ਛੁਡਾ ਕੇ ਦੂਜਿਆਂ ਨੂੰ ਜਿੱਤ ਜਾਂਦਾ ਉਸ ਨੂੰ ਸੌਂਚੀ ਦੀ ਮਾਲੀ ਮਿਲਦੀ। ਮੇਲਿਆਂ ਉੱਤੇ ਸੌਂਚੀ ਪੱਕੀ ਦੇ ਮੁਕਾਬਲੇ ਆਮ ਹੋਇਆ ਕਰਦੇ ਸਨ। ਅਜ ਕਲ੍ਹ ਇਹ ਖੇਡ ਕਿਧਰੇ ਵੀ ਨਹੀਂ ਖੇਡੀ ਜਾਂਦੀ।
ਖੁੱਦੋ ਖੂੰਡੀ ਅਤੇ ਲੂਣ ਤੇਲ ਲੱਲ੍ਹੇ ਬੜੀਆਂ ਰੌਚਕ ਖੇਡਾਂ ਰਹੀਆਂ ਹਨ। ਲੀਰਾਂ ਦੀਆਂ ਖੁਦੋਆਂ ਅਤੇ ਕਿੱਕਰਾਂ ਬੇਰੀਆਂ ਦੇ ਖੂੰਡਿਆਂ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਖੁਦੋ ਖੂੰਡੀ ਦੀ ਥਾਂ ਹੁਣ ਹਾਕੀ ਨੇ ਮਲ ਲਈ ਹੈ ਤੇ ਲੂਣ ਤੇਲ ਲੱਲ੍ਹੇ ਕ੍ਰਿਕਟ ਵਿੱਚ ਜਾ ਸਮੋਏ ਹਨ।
ਲਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਜਹੀ ਥਾਂ ਤੇ ਖੇਡੀ ਜਾਂਦੀ ਸੀ। ਇਸ ਦੇ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ। ਇਹ ਬੜੀ ਫੁਰਤੀ ਨਾਲ ਅਤੇ ਚੁਕੰਨਾ ਹੋਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫ਼ਾਸਲੇ ਤੇ ਤਿੰਨ ਚਾਰ ਇੰਚ ਲੰਬੇ, ਚੌੜੇ ਤੇ ਡੂੰਘੇ ਟੋਏ ਪੁਟਦੇ ਜਿਨ੍ਹਾਂ ਨੂੰ ਲਲ੍ਹੇ ਆਖਦੇ ਸਨ। ਇਹਨਾਂ ਲਲ੍ਹਿਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਰਖਕੇ ਖੜੇ ਜਾਂਦੇ, ਲੀਰਾਂ ਦੀ ਬਣੀ ਖੁਦੋ ਨੂੰ ਇਕ ਜਣਾ ਜ਼ੋਰ ਨਾਲ ਟੱਲਾ ਮਾਰਦਾ ਤੇ ਦਾਈ ਵਾਲਾ ਖੁਦੋ ਨੂੰ ਨਸਕੇ ਫੜਦਾ ਤੇ ਨੇੜੇ ਦੇ ਖਿਡਾਰੀ ਦੇ ਫੁਰਤੀ ਨਾਲ ਮਾਰਦਾ। ਜੇਕਰ ਕਿਸੇ ਖਿਡਾਰੀ ਨੂੰ ਖੁਦੋ ਛੂਹ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੂੰਡਾ ਅਤੇ ਲੱਲ੍ਹਾ ਪਹਿਲੇ ਦਾਈ ਵਾਲੇ ਨੂੰ ਫੜਾ ਕੇ ਦਾਈ ਦੇਂਦਾ । ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛਡਕੇ ਖੁਦੇ ਮਗਰ ਦੌੜਦੇ ਜੇਕਰ ਦਾਈ ਵਾਲਾ ਕਿਸੇ ਖਾਲੀ ਲੱਲ੍ਹੇ ਵਿੱਚ ਪੈਰ ਪਾ ਦੇਂਦਾ ਤਾਂ ਲੱਲ੍ਹੇ ਵਾਲੇ ਦੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦਾ ਖੂੰਡਾ ਫੜਕੇ ਖੇਡਣ ਲਗ ਜਾਂਦਾ। ਇਹ ਖੇਡ ਵੀ ਹੁਣ ਕਿਧਰੇ ਨਹੀਂ ਖੇਡੀ ਜਾਂਦੀ।
ਡੰਡਾ ਡੁਕ, ਡੰਡ ਪਲਾਂਘੜਾ ਜਾਂ ਪੀਲ ਪਲੀਘਣ ਨਾਂ ਦੀ ਖੇਡ ਬੜੀ ਰੌਚਕ ਖੇਡ ਸੀ। ਗਰਮੀਆਂ ਦੀ ਰੁੱਤੇ ਦੁਪਹਿਰ ਸਮੇਂ ਇਹ ਖੇਡ ਆਮ ਤੌਰ ਤੇ ਪਿਪਲਾਂ ਬਰੋਟਿਆਂ ਦੇ ਦਰੱਖਤਾਂ ਉੱਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖ਼ਤ ਉੱਤੇ ਚੜ੍ਹ ਜਾਂਦੇ। ਪੁੱਗ ਕੇ ਬਣਿਆ ਦਾਈ ਵਾਲਾ ਦਾਈ ਦੇਂਦਾ। ਦਰੱਖ਼ਤ ਦੇ ਥੱਲੇ ਇਕ ਗੋਲ ਚੱਕਰ ਵਿੱਚ ਡੇਢ-ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ। ਦਰੱਖ਼ਤ ਤੇ ਚੜ੍ਹੇ ਖਿਡਾਰੀਆਂ ਵਿੱਚੋਂ ਇਕ ਜਣਾ ਥੱਲੇ ਉੱਤਰ ਕੇ, ਦਾਇਰੇ ਵਿੱਚੋਂ ਡੰਡਾ ਚੁੱਕ ਕੇ ਆਪਣੀ ਖੱਬੀ ਲੱਤ ਬਲਿਓ ਘੁਮਾ ਕੇ ਦੂਰ ਸੁਟ ਕੇ ਦਰੱਖ਼ਤ ਉੱਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ। ਦਾਈ ਵਾਲਾ ਡੰਡੇ ਨੂੰ ਚੁਕ ਕੇ, ਦਾਹਿਰੇ ਵਿੱਚ ਡੰਡਾ ਦੋਬਾਰਾ ਰਖਕੇ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦਰੱਖ਼ਤ 'ਤੇ ਚੜ੍ਹਦਾ ਤੇ ਦੂਜੇ ਖਿਡਾਰੀ ਦਰੱਖ਼ਤ ਦੀਆਂ ਟਾਹਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਤੇ ਨਸ ਕੇ ਡੰਡਾ ਚੁਕ ਕੇ ਚੁੰਮਦੇ। ਜਿਸ ਖਿਡਾਰੀ ਨੂੰ ਦਾਈ ਵਾਲਾ, ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਂਦਾਂ ਉਸ ਦੇ ਸਿਰ ਦਾਈ ਆ ਜਾਂਦੀ। ਇਸ ਪ੍ਰਕਾਰ ਇਹ ਖੇਡ ਪਹਿਲਾਂ ਵਾਂਗ ਹੀ ਚਾਲੂ ਰਹਿੰਦੀ।
ਗੁੱਲੀ ਡੰਡਾ, ਨੂਣ ਮਿਆਣੀ, ਸ਼ੱਕਰ ਭੁਰਜੀ, ਟਿਬਲਾ ਟਿਬਲੀ ਆਦਿ ਗੱਭਰੂਆਂ ਦੀਆਂ ਬੜੀਆਂ ਰੌਚਕ ਖੇਡਾਂ ਹਨ।
ਬਾਰਾਂ ਬੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੋਪੜ, ਤਾਸ਼, ਥੋੜਾ ਖੂਹ ਅਤੇ ਖੰਡਾ ਆਦਿ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ ਜਿਨ੍ਹਾਂ ਨੂੰ ਸਾਡੇ ਵੱਡੇ ਵਡੇਰੇ ਬੜੇ ਉਤਸ਼ਾਹ ਨਾਲ ਖੇਡਿਆ ਕਰਦੇ ਸਨ।
ਇਹ ਅਤੇ ਹੋਰ ਅਨੇਕਾਂ ਖੇਡਾਂ ਸਾਡੇ ਲੋਕ ਜੀਵਨ ਵਿਚੋਂ ਵਿਸਰ ਰਹੀਆਂ ਹਨ। ਨਾ ਹੁਣ ਪਿੰਡਾਂ ਵਿੱਚ ਉਹ ਜੂਹਾਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਹੁਣ ਕਿਸੇ ਕੋਲ ਖੇਡਣ ਲਈ ਵਿਹਲ ਹੈ। ਬਸ ਖੇਡਾਂ ਦੇ ਨਾਂ ਹੀ ਚੇਤੇ ਰਹਿ ਗਏ ਹਨ-ਪੰਜਾਬੀ ਅਖਾਣ ਹੈ-ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। ਇਹਨਾਂ ਦਾ ਅਧਿਐਨ ਸਭਿਆਚਾਰਕ ਦ੍ਰਿਸ਼ਟੀ ਤੋਂ ਇਕ ਅਤਿਅੰਤ ਮਹੱਤਵਪੂਰਨ ਵਿਸ਼ਾ ਹੈ ਜੋ ਸਾਨੂੰ ਆਪਣੀ ਬਲਵਾਨ ਵਿਰਾਸਤ ਨਾਲ ਜੋੜਦਾ ਹੈ।
ਬਾਲਾਂ ਦੀਆਂ ਕਾਵਿ-ਮਈ ਖੇਡਾਂ
ਬੱਚਿਆਂ ਦੀਆਂ ਖੇਡਾਂ ਬੜੀਆਂ ਦਿਲਚਸਪ ਹੁੰਦੀਆਂ ਹਨ ਕਾਵਿ-ਮਈ। ਹਰ ਖੇਡ ਨਾਲ ਬੱਚੇ ਕੋਈ ਨਾ ਕੋਈ ਕਾਵਿ ਟੋਟਾ ਬੋਲਦੇ ਹਨ ਜਿਸ ਕਰਕੇ ਖੇਡ ਬੜੀ ਦਿਲਚਸਪ ਬਣ ਜਾਂਦੀ ਹੈ। ਬੱਚਿਆਂ ਦਾ ਖੇਡ ਸ਼ਾਸਤਰ ਵੀ ਬੜਾ ਨਿਆਰਾ ਹੈ। ਖੇਡਣ ਲਈ ਕੋਈ ਬੱਚਾ ਕਿਸੇ ਦੇ ਘਰ ਸੱਦਣ ਲਈ ਨਹੀਂ ਜਾਂਦਾ, ਬਲਕਿ ਗਲੀ ਗੁਆਂਢ ਵਿੱਚ ਹੀ ਕਿਸੇ ਮੋਕਲੀ ਥਾਂ ਤੇ ਖੜੋ ਕੇ ਕੋਈ ਬੱਚਾ ਉੱਚੀ ਆਵਾਜ਼ ਵਿੱਚ ਹੋਕਾ ਦੇਂਦਾ ਹੈ :-
ਦੋ ਲੱਕੜੀਆਂ ਦੇ ਕਾਨੇ
ਆ ਜਾਓ ਮੁੰਡਿਓ ਕਿਸੇ ਬਹਾਨੇ
ਕਿਸੇ ਬੰਨ੍ਹੇ ਤੋਂ ਉੱਚੀ ਆਵਾਜ਼ ਵਿੱਚ ਕੁੜੀਆਂ ਸੱਦਾ ਦਿੰਦੀਆਂ ਨੇ :-
ਤੱਤਾ ਖੁਰਚਣਾ ਜੰਗ ਜਲੇਬੀ
ਆ ਜਾਓ ਕੁੜੀਓ ਖੇਡੀਏ
ਕਿਧਰੇ ਕੁੜੀਆਂ ਦੀ ਟੋਲੀ ਰਲ ਕੇ ਗਾ ਉੱਠਦੀ ਹੈ :-
ਆਓ ਭੈਣੋਂ ਖੇਡੀਏ
ਖੇਡਣ ਵੇਲਾ ਹੋਇਆ
ਰੋਟੀ ਕੌਣ ਪਕਾਉਗਾ
ਹੀਰਾ
ਹੀਰੇ ਦੀ ਮੈਂ ਭਾਣਜੀ
ਸੱਭੇ ਗੱਲਾ ਜਾਣਦੀ
ਇੱਕ ਗੱਲ ਭੁੱਲਗੀ
ਬਰੋਟੇ ਵਾਂਗੂ ਫੁੱਲਗੀ
ਖੇਡਣ ਦਾ ਸੱਦਾ ਸੁਣਦੇ ਹੀ ਬੱਚੇ ਆਪਣੀਆਂ ਮਾਵਾਂ, ਭੈਣਾਂ ਤੋਂ ਚੋਰੀ ਜਾਂ ਬਹਾਨੇ ਘੜ ਕੇ ਇਕ ਥਾਂ ਇਕੱਠੇ ਹੋ ਜਾਂਦੇ ਹਨ। ਉਹ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਮੀਟੀ ਕੌਣ ਦੇਵੇ। ਇਸ ਲਈ ਪੁੱਗਿਆ ਜਾਂਦਾ ਹੈ। ਪੁੱਗਣ ਸਮੇਂ ਬੋਲੇ ਜਾਂਦੇ ਕਾਵਿ-ਟੋਟੇ ਦੇ ਬੋਲ ਹਨ :-
ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਬੋਲ ਵਧਾਵਾਂ
ਮੂਲੀ ਪੱਤਰਾ ਪੱਤਰਾਂ
ਵਾਲੇ ਘੋੜੇ ਆਏ
ਹੱਥ ਕਤਾੜੀ ਪੈਰ ਕੁਤਾੜੀ
ਨਿਕਲ ਬਾਲਿਆ ਤੇਰੀ ਵਾਰੀ
ਛੂਹੇ ਜਾਣ ਤੇ ਜੇਕਰ ਕੋਈ ਬੱਚਾ ਆਪਣੀ ਮੀਟੀ ਨਾ ਦੇਵੇ ਜਾਂ ਖੇਡ ਅੱਧ ਵਿਚਕਾਰ ਛੱਡ ਕੇ ਭੱਜ ਜਾਵੇ ਤਾਂ ਬੱਚੇ ਉਹਦੇ ਮਗਰ ਇਹ ਗਾਉਂਦੇ ਹੋਏ ਉਹਦੇ ਘਰ ਤਕ ਜਾਂਦੇ ਹਨ :-
ਸਾਡੀ ਪਿਤ ਦੱਬਣਾ
ਘਰ ਦੇ ਚੂਹੇ ਚੱਬਣਾ
ਇਕ ਚੂਹਾ ਰਹਿ ਗਿਆ
ਚਪਾਹੀ ਫੜ ਕੇ ਲੈ ਗਿਆ
ਚਪਾਹੀ ਨੇ ਮਾਰੀ ਇੱਟ
ਚਾਹੇ ਰੋ ਚਾਹੇ ਪਿਟ
ਪੁੱਗਣ ਮਗਰੋਂ ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਸਮੁੰਦਰ ਤੇ ਮੱਛੀ ਬਾਲੜੀਆਂ ਦੀ ਬੜੀ ਹਰਮਨ ਪਿਆਰੀ ਖੇਡ ਹੈ। ਦਸ ਬਾਰਾਂ ਕੁੜੀਆਂ ਇਕ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਕੁੜੀ ਦੇ ਸਿਰ ਦਾਈ ਹੋਵੇ ਉਹ ਉਹਨਾਂ ਦੇ ਵਿਚਕਾਰ ਖਲੋਤੀ ਹੁੰਦੀ ਹੈ। ਖੇਡ ਸ਼ੁਰੂ ਹੋ ਜਾਂਦੀ ਹੈ। ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਇਕ ਆਵਾਜ਼ ਵਿੱਚ ਪੁੱਛਦੀਆਂ ਹਨ
ਕੁੜੀਆਂ : ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ : ਗਿੱਟੇ ਗਿੱਟੇ ਪਾਣੀ
ਕੁੜੀਆਂ : ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ : ਢਿੱਡ-ਢਿੱਡ ਪਾਣੀ
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕਿੰਨਾ ਪਾਣੀ
ਦਾਈ ਵਾਲੀ : ਸਿਰ-ਸਿਰ ਪਾਣੀ
ਸਾਰੇ: ਡੁੱਬ ਗਏ
ਇਸ ਮਗਰੋਂ ਬਾਹਰਲੇ ਬੱਚੇ ਸਮੁੰਦਰ ਵਿੱਚ ਡੁੱਬੇ ਹੋਏ ਬੱਚੇ ਨੂੰ ਚੂੰਢੀਆਂ ਵੱਢਦੇ ਹਨ। ਮੁੜ ਕੋਈ ਬੱਚਾ ਮੱਛਲੀ ਬਣਦਾ ਹੈ ਤੇ ਖੇਡ ਪਹਿਲਾਂ ਵਾਂਗ ਸ਼ੁਰੂ ਹੋ ਜਾਂਦੀ ਹੈ।
ਭੰਡਾ ਭੰਡਾਰੀਆ ਖੇਡ ਵਿੱਚ ਦਾਈ ਵਾਲਾ ਬੱਚਾ ਧਰਤੀ ਤੇ ਚੁੱਪ ਮਾਰ ਕੇ ਬੈਠ ਜਾਂਦਾ ਹੈ ਤੇ ਬਾਕੀ ਬੱਚੇ ਉਹਦੇ ਸਿਰ ਉੱਤੇ ਆਪਣੀਆਂ-ਆਪਣੀਆਂ ਬੰਦ
ਮੁੱਠਾਂ ਇਕ ਦੂਜੀ ਤੇ ਰੱਖ ਕੇ, ਦਾਇਰਾ ਬਣਾ ਕੇ, ਖਲੋ ਜਾਂਦੇ ਹਨ। ਇਕ ਆਵਾਜ਼ ਦਾਈ ਵਾਲੇ ਤੋਂ ਪੁੱਛਦੇ ਹਨ :-
ਭੰਡਾ ਭੰਡਾਰੀਆ
ਕਿੰਨਾ ਕੁ ਭਾਰ ?
ਦਾਈ ਵਾਲਾ ਹੇਠੋਂ ਉੱਤਰ ਦਿੰਦਾ ਹੈ :-
ਇਕ ਮੁੱਠੀ ਚੁੱਕ ਲੈ
ਦੂਈ ਨੂੰ ਤਿਆਰ
ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ਕੱਲੀ-ਕੱਲੀ ਮੁੱਠੀ ਚੁੱਕਦੇ ਹਨ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਇਕ ਦਮ ਨਸਦੇ ਹੋਏ ਗਾਉਂਦੇ ਹਨ :
ਹਾਏ ਕੁੜੇ ਦੰਦਈਆ ਲੜ ਗਿਆ।
ਬੂਈ ਕੁੜੇ ਦੰਦਈਆ ਲੜ ਗਿਆ।
ਦਾਈ ਵਾਲਾ ਉਹਨਾਂ ਨੂੰ ਛੂੰਹਦਾ ਹੈ। ਜਿਸ ਬੱਚੇ ਨੂੰ ਉਹ ਛੁਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
ਉਠਕ ਬੈਠਕ ਵਧੇਰੇ ਕਰਕੇ ਛੋਟੇ ਬੱਚੇ ਖੇਡਦੇ ਹਨ। ਇਸ ਖੇਡ ਵਿੱਚ ਦਾਈ ਵਾਲਾ ਕਤਾਰੋਂ ਬਾਹਰ ਖੜੋਤਾ ਹੁੰਦਾ ਹੈ। ਲਾਈਨ ਤੇ ਖੜੋਤੇ ਬੱਚੇ ਉੱਚੀ ਆਵਾਜ਼ ਵਿੱਚ ਬੋਲਦੇ ਹਨ :-
ਗੱਡਾ ਗਡੋਰੀਆ
ਗੱਡੇ ਵਿਚ ਖੁਹ
ਖੜੇ ਨੂੰ ਛੱਡ ਕੇ
ਬੈਠੇ ਨੂੰ ਛੂਹ
ਦਾਈ ਵਾਲਾ ਬੈਠਿਆਂ ਨੂੰ
ਛੂਹਣ ਦੀ ਕੋਸ਼ਿਸ਼ ਕਰਦਾ ਹੈ
ਤੇ ਇੰਨੇ ਨੂੰ ਝੱਟ ਆਵਾਜ਼ ਉੱਠਦੀ ਹੈ :-
ਗੱਡਾ ਗਡੋਰੀਆ
ਗੱਡੇ ਵਿਚ ਖੂਹ
ਬੈਠੇ ਨੂੰ ਛੱਡ ਕੇ
ਖੜੇ ਨੂੰ ਛੁਹ
ਫੇਰ ਦਾਈ ਵਾਲਾ ਖੜਿਆਂ ਨੂੰ ਛੁਹਣ ਦੀ ਕੋਸ਼ਿਸ਼ ਕਰਦਾ ਹੈ ਜਿਸ ਸੱਚੇ ਨੂੰ ਛੂਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
"ਊਚ ਨੀਚ' ਖੇਡ ਅਕਸਰ ਦਸ ਬਾਰਾਂ ਸਾਲ ਦੇ ਬੱਚੇ ਬੜੇ ਚਾਅ ਨਾਲ ਖੇਡਦੇ ਹਨ। ਦਾਈ ਵਾਲੇ ਬੱਚੇ ਤੋਂ ਬਾਕੀ ਬੱਚੇ ਗਾਉਂਦੇ ਹੋਏ ਪੁੱਛਦੇ ਹਨ :-
ਅੰਬਾਂ ਵਾਲੀ ਕੋਠੜੀ
ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ ?
ਦਾਈ ਵਾਲਾ ਬੱਚਾ ਅੱਗੋਂ ਉੱਚੀ ਜਾਂ ਨੀਵੀਂ ਥਾਂ ਵੱਲ ਇਸਾਰਾ ਕਰਕੇ "ਔਹ"
ਆਖਦਾ ਹੈ। ਬੱਚੇ ਇਸ਼ਾਰੇ ਵਾਲੇ ਸਥਾਨ ਵੱਲ ਦੌੜਦੇ ਹਨ। ਦਾਈ ਵਾਲਾ ਜਿਸ ਨੂੰ ਛੂਹ ਲਵੇ ਉਹਦੇ ਸਿਰ ਦਾਈ ਆ ਜਾਂਦੀ ਹੈ।
"ਦਾਈਆਂ ਦੁਹਕੜੇ" ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਦਾਈ ਵਾਲਾ ਉਸ ਥਾਂ ਤੇ ਜਾ ਕੇ ਖੜੋ ਜਾਂਦਾ ਹੈ ਜਿਸ ਥਾਂ ਤੇ ਆ ਕੇ ਦੂਜੇ ਖਿਡਾਰੀਆਂ ਨੇ ਹੱਥ ਲਾਉਣਾ ਹੁੰਦਾ ਹੈ। ਉਹ ਅੱਖਾਂ ਮੀਚ ਕੇ ਉੱਚੀ ਆਵਾਜ਼ ਵਿੱਚ ਆਖਦਾ ਹੈ :-
ਲੁੱਕ ਛਿਪ ਜਾਣਾ
ਨਵੀਂ ਕਣਕ ਦਾ ਦਾਣਾ
ਰਾਜੇ ਦੀ ਬੇਟੀ ਆਈ ਜੇ
ਬੱਚੇ ਏਧਰ ਓਧਰ ਕੰਧਾਂ ਕੋਲਿਆਂ ਉਹਲੇ ਲੁੱਕ ਜਾਂਦੇ ਹਨ। ਜਦੋਂ ਸਾਰੇ ਲੁੱਕ ਜਾਣ ਤਾਂ ਇਕ ਜਣਾ ਉੱਚੀ ਦੇਣੀ ਆਖਦਾ ਹੈ :
ਆ ਜੋ
ਦਾਈ ਵਾਲਾ ਦੂਜੇ ਬੱਚਿਆਂ ਨੂੰ ਲੱਭਦਾ ਹੈ। ਦੂਜੇ ਬੱਚੇ ਦੌੜ ਕੇ ਦਾਈਆਂ ਵਾਲੀ ਥਾਂ ਨੂੰ ਹੱਥ ਲਾ ਕੇ ਆਖਦੇ ਹਨ : ਦਾਈਆਂ ਦੁਹਕੜੇ
ਜਿਹੜਾ ਬੱਚਾ ਦਾਈਆਂ ਵਾਲੀ ਥਾਂ ਨੂੰ ਹੱਥ ਲਾਉਣ ਤੋਂ ਪਹਿਲਾਂ-ਪਹਿਲਾਂ ਛੂਹਿਆ ਜਾਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
'ਤੇਰਾ ਮੇਰਾ ਮੇਲ ਨੀ' ਖੇਡ ਦਸ ਪੰਦਰਾਂ ਕੁੜੀਆਂ ਖੇਡਦੀਆਂ ਹਨ। ਪਹਿਲਾਂ ਦਾਇਰਾ ਬਣਾਉਂਦੀਆਂ ਹਨ। ਵਿਚਕਾਰ ਦਾਈ ਵਾਲੀ ਕੁੜੀ ਹੁੰਦੀ ਹੈ। ਦਾਈ ਵਾਲੀ ਕੁੜੀ ਅਤੇ ਦੂਜੀਆਂ ਕੁੜੀਆਂ ਵਿਚਕਾਰ ਵਾਰਤਾਲਾਪ ਹੁੰਦੀ ਹੈ :-
ਕੁੜੀਆਂ : ਐਸ ਗਲੀ ਆ ਜਾ
ਦਾਈ ਵਾਲੀ ਐਸ ਗਲੀ ਹਨ੍ਹੇਰਾ
ਕੁੜੀਆਂ ਲੈਂਪ ਲੈ ਕੇ ਆ ਜਾ
ਦਾਈ ਵਾਲੀ : ਲੈਂਪ ਮੇਰਾ ਟੁੱਟਾ ਫੁੱਟਾ
ਕੁੜੀਆਂ : ਦੀਵਾ ਲੈ ਕੇ ਆ ਜਾ
ਦਾਈ ਵਾਲੀ : ਦੀਵੇ ਵਿੱਚ ਤੇਲ ਨੀ
ਕੁੜੀਆਂ : ਤੇਰਾ ਮੇਰਾ ਮੇਲ ਨੀ
'ਤੇਰਾ ਮੇਰਾ ਮੇਲ ਨੀ' ਆਖਦੇ ਸਾਰ ਹੀ ਕੁੜੀਆਂ ਦੌੜ ਜਾਂਦੀਆਂ ਹਨ। ਦਾਈ ਵਾਲੀ ਉਹਨਾਂ ਨੂੰ ਛੂਹਦੀ ਹੈ। ਜਿਸ ਨੂੰ ਛੂਹ ਲਵੋ ਉਹਦੇ ਸਿਰ ਦਾਈ ਆ ਜਾਂਦੀ ਹੈ।
ਜਵਾਨੀ ਅਤੇ ਬਚਪਨ ਦੀਆਂ ਬਰੂਹਾਂ ਤੇ ਖੜੀਆਂ ਕੁੜੀਆਂ ਥਾਲ ਅਤੇ ਕਿੱਕਲੀ ਖੇਡ ਕੇ ਆਨੰਦ ਪ੍ਰਾਪਤ ਕਰਦੀਆਂ ਹਨ।
ਥਾਲ ਜਾਂ ਖੋਹਨੂੰ ਕੁੜੀਆਂ ਦੀ ਅਤਿ ਰੌਚਕ ਖੇਡ ਹੈ। ਇਸ ਖੇਡ ਵਿੱਚ ਹੱਥ ਦੀ ਤਲੀ ਨਾਲ ਖੇਹਨੂੰ ਜਾਂ ਗੇਂਦ ਨੂੰ ਜ਼ਿਆਦਾ ਵਾਰ ਜ਼ਮੀਨ ਤੇ ਬੁੜਕਾਇਆ ਜਾਂਦਾ ਹੈ। ਤੇ ਨਾਲ ਥਾਲ ਦੇ ਗੀਤ ਗਾਏ ਜਾਂਦੇ ਹਨ. ਇਹ ਖੇਡ ਜੋੜੀਆਂ ਵਿੱਚ ਜਾਂ ਇਕੱਲੇ-
ਇਕੱਲੇ ਵੀ ਖੇਡੀ ਜਾਂਦੀ ਹੈ। ਬਾਲ ਗੀਤਾਂ ਨਾਲ ਗਿਣਤੀ ਕੀਤੀ ਜਾਂਦੀ ਹੈ :-
ਥਾਲ ਥਾਲ ਥਾਲ
ਮਾਂ ਮੇਰੀ ਦੋ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ-ਰੁੜ੍ਹ ਪਾਣੀਆਂ
ਸੁਰਮੇਦਾਣੀਆਂ
ਸੁਰਮਾਂ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫ਼ਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ
ਹੋਇਆ ਬੀਬੀ ਪਹਿਲਾ ਥਾਲ
ਭੈਣ ਵੀਰ ਨੂੰ ਯਾਦ ਕਰਦੀ ਹੋਈ ਅਗਲਾ ਥਾਲ ਗਾਉਂਦੀ ਹੈ :-
ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮੱਛਲੀ
ਮੱਛਲੀ 'ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢੇਅ ਗਿਆ
ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ ਪਕਾਈਆਂ ਤੋਰੀਆਂ
ਅੱਲਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਭਰਾਵਾਂ ਦੀਆਂ ਜੋੜੀਆਂ
ਹੋਰ
ਛਈ ਛਈ ਛਈਆਂ
ਖਖੜੀਆਂ ਖਰਬੂਜ਼ੇ ਖਾਂ
ਖਾਂਦੀ-ਖਾਂਦੀ ਕਾਬਲ ਜਾਂ
ਓਥੋਂ ਲਿਆਵਾਂ ਗੋਰੀ ਗਾਂ
ਗੋਰੀ ਗਾਂ ਗੁਲਾਬੀ ਵੱਛਾ
ਮਾਰੇ ਸਿੰਗ ਤੁੜਾਵੇ ਰੱਸਾ
ਛੋਲੀਏ ਨੂੰ ਕੰਡਾ
ਮੁੰਡੇ ਖੇਡਣ ਗੁੱਲੀ ਡੰਡਾ
ਕੜੀਆਂ ਗੌਣ ਗਾਉਂਦੀਆਂ
ਮਰਦ ਕਰਦੇ ਲੇਖਾ ਸ਼ੇਖਾ
ਰੰਨਾਂ ਘਰ ਵਸੋਂਦੀਆਂ
ਇਕ ਹੋਰ ਬਾਲ ਗੀਤ ਵਿੱਚ ਧੀ ਮਾਂ ਨੂੰ ਅਰਜੋਈ ਕਰਦੀ ਹੈ :-
ਮਾਂ ਮਾਂ ਗੁੱਤ ਕਰ
ਧੀਏ ਧੀਏ ਚੁੱਪ ਕਰ
ਮਾਂ ਮਾਂ ਵਿਆਹ ਕਰ
ਧੀਏ ਧੀਏ ਰਾਹ ਕਰ
ਮਾਂ ਮਾਂ ਜੰਜ ਆਈ
ਧੀਏ ਧੀਏ ਕਿੱਥੇ ਆਈ
ਆਈ ਪਿੱਪਲ ਦੇ ਹੇਠ
ਨਾਲੇ ਸਹੁਰਾ ਨਾਲੇ ਜੇਠ
ਨਾਲੇ ਮਾਂ ਦਾ ਜਵਾਈ
ਖਾਂਦਾ ਲੁੱਚੀ ਤੇ ਕੜ੍ਹਾਹੀ
ਲੈਂਦਾ ਲੇਫ ਤੇ ਤਲਾਈ
ਪੀਂਦਾ ਦੁੱਧ ਤੇ ਮਲਾਈ
ਭੈੜਾ ਰੁੱਸ-ਰੁੱਸ ਜਾਂਦਾ
ਸਾਨੂੰ ਸ਼ਰਮ ਪਿਆ ਦਵਾਂਦਾ
ਆਲ ਮਾਲ
ਹੋਇਆ ਭੈਣੇ ਪੂਰਾ ਥਾਲ
ਇੰਜ ਬਹੁਤ ਸਾਰੇ ਥਾਲ ਪੈਂਦੇ ਰਹਿੰਦੇ ਹਨ ਤੇ ਖੇਡ ਮਘਦੀ ਚਲੀ ਜਾਂਦੀ ਹੈ। ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੰਗ ਵਿੱਚ ਆਉਂਦਾ ਹੈ ਤਾਂ ਉਹ ਜਟੇ ਬਣਾ ਕੇ ਇਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਹਨਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ 'ਤੇ ਲੋਟ ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਘੁੰਮ ਰਹੀਆਂ ਨਿੱਕੀਆਂ ਮਾਸੂਮ ਬਾਲੜੀਆਂ ਦੇ ਕਈ-ਕਈ ਜੋੜੇ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦੇਂਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ :-
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਬੰਗਾ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਐਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ
ਕਿੱਕਲੀ ਦੇ ਗੀਤਾਂ ਵਿੱਚ ਭੈਣ ਦਾ ਵੀਰ ਪਿਆਰ ਹੀ ਵਧੇਰੇ ਕਰਕੇ ਰੂਪਮਾਨ ਹੋਇਆ ਹੈ :-
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਸੂਰਜ ਲੜਾਈ ਦਾ
ਵੀਰ ਮੇਰਾ ਆਵੇਗਾ
ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੀ
ਨੱਚਾਂਗੀ ਤੇ ਗਾਵਾਂਗੀ
ਜੰਜ ਚੜ੍ਹੇ ਵੀਰ ਦੀ
ਕਿੱਕਲੀ ਕਲੀਰ ਦੀ
ਹੋਰ
ਕੋਠੇ ਉੱਤੇ ਰੇਬੜਾ
ਭੈਣ ਮੇਰੀ ਖੇਡਦੀ
ਭਣੋਈਆ ਮੈਨੂੰ ਦੇਖਦਾ
ਵੇਖ ਲੈ ਵੇ ਵੇਖ ਲੈ
ਬਾਰੀ ਵਿੱਚ ਬਹਿਨੀ ਆਂ
ਛੰਮ-ਛੰਮ ਰੋਨੀ ਆਂ
ਲਾਲ ਜੀ ਦੇ ਕਪੜੇ
ਸਬੂਨ ਨਾਲ ਧੋਨੀ ਆਂ
ਸਬੂਨ ਗਿਆ ਉਡ ਪੁਡ
ਲੈ ਨੀ ਭਾਬੋ ਮੋਤੀ ਚੁੱਗ
ਭਾਬੋ ਮੇਰੀ ਸੋਹਣੀ
ਜੀਹਦੇ ਮੱਥੇ ਦੌਣੀ
ਦੋਣੀ ਵਿੱਚ ਸਤਾਰਾ
ਮੈਨੂੰ ਵੀਰ ਪਿਆਰਾ
ਵੀਰੇ ਦੀ ਮੈਂ ਵਹੁਟੀ ਡਿੱਠੀ
ਚੰਨ ਨਾਲੋਂ ਚਿੱਟੀ
ਤੇ ਪਤਾਸਿਆਂ ਤੋਂ ਮਿੱਠੀ
ਭੈਣ ਨੂੰ ਵੀਰ ਦੇ ਵਿਆਹ ਦਾ ਚਾਅ ਤਾਂ ਭਲਾ ਹੋਣਾ ਹੀ ਹੋਇਆ, ਉਸ ਨੂੰ ਤਾਂ ਆਪਣੇ ਵੀਰਾਂ ਦੇ ਮੰਗੇ ਜਾਣ ਦਾ ਵੀ ਚਾਅ ਹੈ :-
ਅੰਬੇ ਨੀ ਮਾਏ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ
ਉਹ ਚੋਪਟ ਖੇਲਣ ਵਾਲਾ
ਚੌਪਟ ਕਿੱਥੇ ਖੇਲੇ
ਲਾਹੌਰ ਸ਼ਹਿਰ ਖੇਲੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿੱਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ
ਕਿਧਰੇ ਵੀਰ ਦੇ ਬਾਗਾਂ ਵਿੱਚ ਚੰਬਾ ਕਲੀ ਖਿੜਦੀ ਹੈ :-
ਹੇਠ ਵਗੇ ਦਰਿਆ
ਉੱਤੇ ਮੈਂ ਖੜੀ
ਮੇਰੇ ਵੀਰ ਨੇ ਲਾਇਆ ਬਾਗ
ਖਿੜ ਪਈ ਚੰਬਾ ਕਲੀ
ਚੰਬਾ ਕਲੀ ਨਾ ਤੋੜ
ਵੀਰ ਮੇਰਾ ਕੁੱਟੂਗਾ
ਮੇਰਾ ਵੀਰ ਬੜਾ ਸਰਦਾਰ
ਬਹਿੰਦਾ ਕੁਰਸੀ 'ਤੇ
ਭਾਂਬੋ ਬੜੀ ਪ੍ਰਧਾਨ
ਬਹਿੰਦੀ ਪੀਹੜੀ 'ਤੇ
ਪੀਹੜੀ ਗਈ ਟੁੱਟ
ਭਾਬੋ ਗਈ ਰੁੱਸ
ਭਾਬੋ ਕੁੱਕੜਾਂ ਨੂੰ ਨਾ ਮਾਰ
ਕੁੱਕੜ ਵੀਰੇ ਦੇ
ਕਿੱਕਲੀ ਵਿੱਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇਕ ਢੰਗ ਹੋਰ ਵੀ ਹੈ। ਦੋ ਕੁੜੀਆਂ ਧਰਤੀ ਤੇ ਬੈਠ ਕੇ ਜਾ ਖੜੋ ਕੇ ਇਕ ਦੂਜੀ ਦੇ ਹੱਥਾਂ ਤੇ ਤਾੜੀਆਂ ਮਾਰ ਕੇ ਤਾੜੀਆਂ ਦੇ ਤਾਲ ਨਾਲ ਗੀਤ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਦੁਹਰਾਉਂਦੀਆਂ ਹਨ :-
ਤੇ ਵੇ ਤੋਤੜਿਆ
ਤੋਤੜਿਆ ਮਤੋਤੜਿਆ
ਤੋਤਾ ਹੈ ਸਿਕੰਦਰ ਦਾ
ਪਾਣੀ ਪੀਵੇ ਮੰਦਰ ਦਾ
ਸ਼ੀਸ਼ਾ ਵੇਖੋ ਲਹਿਰੇ ਦਾ
ਕੰਮ ਕਰੇ ਦੁਪਹਿਰੇ ਦਾ
ਕਾਕੜਾ ਖਡਾਨੀ ਆਂ
ਚਾਰ ਛੱਲੇ ਪਾਨੀ ਆਂ
ਇੱਕ ਛੱਲਾ ਰੇਤਲਾ
ਰੇਤਲੇ ਦੀ ਤਾਈ ਆਈ
ਨਵੀਂ-ਨਵੀਂ ਭਰਜਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉੱਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛੱਕ ਛੱਕ ਜਾਵੇ
ਹੋਰ
ਕਿੱਕਲੀ ਕਲੱਸ ਦੀ
ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ
ਝੀਤਾਂ ਵਿੱਚੋਂ ਦੇਖਦਾ
ਮੋੜ ਸੂ ਜਠਾਣੀਏਂ
ਮੋੜ ਸੱਸੇ ਰਾਣੀਏ
ਹਾਸਿਆਂ ਤਮਾਸ਼ਿਆ ਭਰੇ ਬੋਲਾਂ ਨਾਲ ਕਿੱਕਲੀ ਪਾਂਦੀਆਂ ਕੁੜੀਆਂ ਇਕ ਸਮਾਂ ਬੰਨ੍ਹ ਦੇਂਦੀਆਂ ਹਨ :-
ਸੱਸ ਦਾਲ ਚਾ ਪਕਾਈ
ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ
ਹੇਠ ਟੰਗਣੇ ਲੁਕਾਈ
ਅੰਦਰ ਬਾਹਰ ਵੜਦੀ ਖਾਵੇ
ਭੈੜੀ ਗੱਲ ਗੜੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਮਾਰਨ ਛੁਰੀਆਂ ਵੇ
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੀ ਭੈਣ ਦਾ
ਘੱਗਰਾ ਨਰੈਣ ਦਾ
ਲੈ ਮਾਮਾ ਪੀਹੜੀ
ਪੀਹੜੀ ਹੇਠ ਕੀੜੀ
ਵੇਖ ਤਮਾਸ਼ਾ
ਭਾਈਆਂ ਪਿੱਟੀ ਕੀੜੀ ਦਾ
ਸਕੂਲਾਂ ਵਿੱਚ ਪੜ੍ਹਦੇ ਛੋਟੇ ਬੱਚੇ ਖੇਡਦੇ-ਖੇਡਦੇ ਫੱਟੀਆਂ ਸਕਾਉਂਦੇ ਅਤੇ ਸਿਆਹੀ ਪੱਕੜ ਕਰਦੇ ਹੋਏ ਅਨੇਕਾਂ ਗੀਤ ਗਾਉਂਦੇ ਹਨ। ਫੱਟੀਆਂ ਘੁਮਾਉਂਦੇ ਹੋਏ ਗਾਉਂਦੇ ਹਨ:-
ਸੂਰਜਾ ਸੂਰਜਾ ਫੱਟੀ ਸੁੱਕਾ
ਅੱਜ ਤੇਰਾ ਮੰਗਣਾ
ਕੱਲ੍ਹ ਤੇਰਾ ਵਿਆਹ
ਆਉਣਗੇ ਜਨੇਤੀ
ਖਾਣਗੇ ਕੜਾਹ
ਸੂਰਜਾ ਸੂਰਜਾ ਫੱਟੀ ਸੁੱਕਾ
ਨਹੀਂ ਸੁਕਾਉਣੀ ਗੰਗਾ ਜਾ
ਗੰਗਾ ਜਾ ਕੇ ਪਿੰਨੀਆਂ ਲਿਆ
ਇੱਕ ਪਿੰਨੀ ਫੁੱਟਗੀ
ਮੇਰੀ ਫੱਟੀ ਸੁੱਕਗੀ
ਸੂਫ਼ ਵਾਲੀਆਂ ਕੁੱਜੀਆ ਵਿੱਚ ਕਲਮਾਂ ਪਾਈ ਕੁੱਜੀ ਨੂੰ ਪੈਰਾਂ ਨਾਲ ਦਬਾ ਕੇ, ਕਲਮਾਂ ਨੂੰ ਮਧਾਣੀਆਂ ਵਾਂਗ ਘੁਮਾਉਂਦੇ ਹੋਏ ਬੱਚੇ ਮਸਤ ਹੋਏ ਗਾਉਂਦੇ ਹਨ :-
ਕਾਵਾਂ ਕਾਵਾਂ ਢੋਲ ਵਜਾ
ਚਿੜੀਏ ਚਿੜੀਏ ਸਿਪਾਹੀ ਪਾ।
ਕੋਠੇ ਤੇ ਲੱਕੜ
ਮੇਰੀ ਸਿਆਹੀ ਪੱਕੜ
ਕਾਲੇ ਮੰਦਰ ਜਾਵਾਂਗੇ
ਕਾਲੀ ਸਿਆਹੀ ਲਿਆਵਾਂਗੇ
ਆਲੇ 'ਚ ਤੂੜੀ
ਮੇਰੀ ਸਿਆਹੀ ਗੂਹੜੀ
ਚਿੜੀਏ ਚਿੜੀਏ ਸਿਆਹੀ ਲਿਆ
ਆਨੇ ਦੀ ਮਲਾਈ ਲਿਆ
ਅੱਧੀ ਤੇਰੀ ਅੱਧੀ ਮੇਰੀ
ਜੇ ਤੂੰ ਮਰਗੀ ਸਾਰੀਓ ਮੇਰੀ
ਬੱਚਿਆਂ ਨੂੰ ਸਕੂਲੋਂ ਛੁੱਟੀ ਹੋਣ ਦਾ ਕਿੰਨਾ ਚਾਅ ਹੁੰਦਾ ਹੈ :-
ਅੱਧੀ ਛੁੱਟੀ ਸਾਰੀ
ਮੀਏਂ ਮੱਖੀ ਮਾਰੀ
ਘੋੜੇ ਦੀ ਸਵਾਰੀ
ਘੋੜਾ ਗਿਆ ਦਿੱਲੀ
ਮਗਰ ਪੈ ਗੀ ਬਿੱਲੀ
ਬਿੱਲੀ ਦਾ ਟੁੱਟ ਗਿਆ ਦੰਦ
ਕਲ੍ਹ ਨੂੰ ਸਕੂਲ ਬੰਦ
ਜਦੋਂ ਸਮੇਂ ਸਿਰ ਮੀਂਹ ਨਹੀਂ ਪੈਂਦਾ ਤਾਂ ਪਿੰਡਾਂ ਦੀਆਂ ਨਿੱਕੀਆਂ ਕੁੜੀਆਂ ਗੁੱਡੀ ਫੂਕ ਕੇ ਮੀਂਹ ਲਈ ਅਰਦਾਸ ਕਰਦੀਆਂ ਹਨ। ਗੁੱਡੀ ਫੂਕਣ ਵੇਲੇ ਅਨੇਕਾਂ ਗੀਤ ਗਾਏ ਜਾਂਦੇ ਹਨ :-
ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ
ਕਾਲੇ ਰੋੜ ਪੀਲੇ ਰੋੜ
ਹਾੜ੍ਹੇ ਰੱਬਾ ਵੱਟਾਂ ਤੋੜ
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਸਾ ਦੇ ਜੇਹੇ ਜ਼ੋਰ
ਮਸ਼ੀਨੀ ਸਭਿਅਤਾ ਦੇ ਪ੍ਰਭਾਵ ਕਾਰਨ ਬਾਲ ਖੇਡਾਂ ਦੇ ਗੀਤ ਬਾਲ ਮਨਾਂ 'ਚੋਂ ਵਿਸਰ ਰਹੇ ਹਨ। ਇਹ ਗੀਤ ਬਾਲ ਮਨਾਂ ਦੀਆਂ ਭਾਵਨਾਵਾਂ ਦੇ ਪ੍ਰਤੀਕ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡਾ ਵੱਡਮੁੱਲਾ ਸਰਮਾਇਆ ਹਨ।
ਸਾਵਣ ਆਇਆ ਨੀ ਸਖੀਏ
ਪੁਰਾਤਨ ਸਮੇਂ ਤੋਂ ਹੀ ਪੰਜਾਬ ਦੇ ਲੋਕ ਜੀਵਨ ਵਿੱਚ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਪੰਜਾਬ ਖੇਤੀ ਪ੍ਰਧਾਨ ਖਿੱਤਾ ਹੋਣ ਦੇ ਕਾਰਨ ਇਥੋਂ ਦਾ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ 'ਤੇ ਹੀ ਨਿਰਭਰ ਕਰਦਾ ਰਿਹਾ ਹੈ। ਪਾਣੀ ਦੇ ਕੁਦਰਤੀ ਸਾਧਨ ਹੀ ਉਸ ਦੇ ਮੁੱਖ ਸਿੰਜਾਈ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿਥੇ ਮੀਂਹ 'ਤੇ ਟੇਕ ਰੱਖਣੀ ਪੈਂਦੀ ਸੀ ਉਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਸਾਉਣ ਦਾ ਮਹੀਨਾ ਕਿਸਾਨਾਂ ਲਈ ਖੁਸ਼ਹਾਲੀ ਦਾ ਢੋਆ ਲੈ ਕੇ ਆਉਂਦਾ ਸੀ। ਰਜਵੀਂ ਬਾਰਸ਼ ਸਾਉਣੀ ਦੀ ਭਰਪੂਰ ਫਸਲ ਲਈ ਉਨ੍ਹਾਂ ਦੇ ਮਨਾਂ ਅੰਦਰ ਉਤਸ਼ਾਹ ਅਤੇ ਉਮਾਹ ਪ੍ਰਦਾਨ ਕਰਦੀ ਸੀ। ਪਿੰਡਾਂ ਵਿਚ ਆਮ ਕਰਕੇ ਘਰ ਕੱਚੇ ਹੁੰਦੇ ਸਨ ਜਿਸ ਕਰਕੇ ਪਿੰਡਾਂ ਦੇ ਲੋਕ ਸਾਉਣ ਮਹੀਨੇ ਦੀ ਆਮਦ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਤੂੜੀ ਨਾਲ ਗਈ ਚੀਕਣੀ ਮਿੱਟੀ ਨਾਲ ਲਿਪ ਕੇ 'ਸਾਉਣ ਦੀ ਝੜੀ' ਦਾ ਟਾਕਰਾ ਕਰਨ ਲਈ ਤਿਆਰੀ ਕਰ ਲੈਂਦੇ ਸਨ। ਲੋਕ ਅਖਾਣ ਹੈ :
ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੜੀ
ਜੇ ਕਿਧਰੇ ਸਾਉਣ ਚੜ੍ਹਨ ਤੇ ਬਾਰਸ਼ ਨਾ ਹੋਣੀ ਤਾਂ ਕੁੜੀਆਂ ਨੇ ਗੁੱਡੀਆਂ ਫੂਕ-ਫੂਕ ਕੇ ਬਾਰਸ਼ ਲਈ ਅਰਦਾਸਾਂ ਕਰਨੀਆਂ ਅਤੇ ਬੱਚਿਆਂ ਨੇ ਗਲੀਆਂ 'ਚ ਨੱਚ ਨੱਚ ਗਾਉਣਾ :-
ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ
ਕਾਲੇ ਰੋੜ ਪੀਲੇ ਰੋੜ
ਹਾੜ੍ਹੇ ਰੱਬਾ ਵੱਟਾਂ ਤੋੜ
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਸਾ ਦੇ ਜ਼ੋਰ ਜ਼ੋਰ
ਜੇਠ ਹਾੜ੍ਹ ਦੀ ਅਤਿ ਦੀ ਗਰਮੀ ਅਤੇ ਉਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਵਾਤਾਵਰਣ ਨੂੰ ਰੁਮਾਂਚਕ ਬਣਾ ਦੇਂਦੀਆਂ ਹਨ। ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿੱਚ ਅਨੂਠਾ ਰੰਗ ਭਰਦੇ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ-ਬਨਸਪਤੀ
ਤੇ ਨਵਾਂ ਨਿਖਾਰ ਆਉਂਦਾ ਹੈ। ਬਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ :-
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਘਾਂ ਪਿਪਲੀ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੇੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਨਿੱਕੀ ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦੇਂਦਾ ਹੈ ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ :-
ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਸਾਉਣ ਦਾ ਸੱਦਾ ਭਲਾ ਕੁੜੀਆਂ ਕਿਉਂ ਨਾ ਪ੍ਰਵਾਨ ਕਰਨ :-
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਕੁੜੀਆਂ ਦੇ ਪਿਪਲੀ ਪੀਂਘਾਂ ਪਾਉਣ ਕਰਕੇ ਪਿੱਪਲ ਆਪਣੇ ਆਪ ਨੂੰ "ਭਾਗਾਂ ਵਾਲਾ' ਸਮਝਦਾ ਹੈ।
ਥੜਿਆਂ ਬਾਝ ਨਾ ਸੋਹਦੇ ਪਿੱਪਲ
ਫੁੱਲਾਂ ਬਾਝ ਫਲਾਹੀਆਂ
ਹੰਸਾਂ ਨਾਲ ਹਮੇਲਾਂ ਸੋਹਦੀਆਂ
ਬੰਦਾਂ ਨਾਲ ਗਜਰਾਈਆਂ
ਧੰਨ ਭਾਗ ਮੇਰਾ ਆਖੇ ਪਿੱਪਲ
ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ
ਪੀਂਘਾਂ ਅਸਮਾਨ ਚੜ੍ਹਾਈਆਂ
ਜਦੋਂ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤਾਂ ਬਿਰਹੋਂ ਕੁੱਠੀ ਮੁਟਿਆਰ ਤੜਪ ਉਠਦੀ ਹੈ :-
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਉਹ ਤਾਂ ਕੋਇਲ ਨੂੰ ਵੀ ਆਪਣੇ ਹੱਥਾਂ 'ਤੇ ਚੋਗ ਚੁਗਾਉਣਾ ਲੋਚਦੀ ਹੈ:-
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ 'ਤੇ ਚੋਗ ਚੁਗਾਵਾਂ
ਇਸ ਰੁਮਾਂਚਕ ਵਾਤਵਰਣ ਵਿੱਚ ਪੰਜਾਬਣਾਂ ਦਾ ਹਰਮਨ ਪਿਆਰਾ ਤਿਉਹਾਰ 'ਤੀਆਂ ਦਾ ਤਿਉਹਾਰ' ਆਉਂਦਾ ਹੈ। ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਬੜੇ ਚਾਵਾਂ ਨਾਲ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ :- ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ
ਮਹਿੰਦੀ ਤਾਂ ਪਾ ਦੇ ਮਾਏਂ ਸੁਕਣੀ
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈ ਨੀ ਮੰਗਾ
ਸਾਵਣ ਆਇਆ
ਜਿਹੜੀਆਂ ਵਿਆਹੀਆਂ ਕੁੜੀਆਂ ਕਿਸੇ ਕਾਰਨ ਸਾਉਣ ਮਹੀਨੇ ਵਿੱਚ ਆਪਣੇ ਪੇਕੀਂ ਨਹੀਂ ਆ ਸਕਦੀਆਂ ਉਹਨਾਂ ਲਈ ਉਹਨਾਂ ਦੇ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਤੀਆਂ ਦੇ ਸੰਧਾਰੇ ਵਿੱਚ ਉਹਦੇ ਲਈ ਤਿਓਰ ਅਤੇ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ
ਇਕ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ :-
ਭੇਜੀ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਚੀਰੀਆਂ
ਤੂੰ ਪ੍ਰਦੇਸਾਂ ਤੋਂ ਆ
ਸਾਵਣ ਆਇਆ
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ
ਹੱਥਾਂ ਦੀ ਵੇ ਦੇਵਾਂ ਮੁੰਦਰੀ
ਗਲ ਦਾ ਨੌਲੱਖਾ ਹਾਹ
ਸਾਵਣ ਆਇਆ
ਪੁਰਾਣੇ ਸਮਿਆਂ ਵਿਚ ਆਉਣ ਜਾਣ ਦੇ ਸਾਧਨ ਸੀਮਤ ਸਨ, ਨਾ ਸੜਕਾਂ ਸਨ ਨਾ ਨਦੀਆਂ ਨਾਲਿਆਂ ਤੇ ਪੁਲ। ਪੰਜ ਦਸ ਕੋਹ ਦੀ ਵਾਟ ਤੇ ਵਿਆਹੀ ਮੁਟਿਆਰ ਆਪਣੇ ਆਪ ਨੂੰ ਪ੍ਰਦੇਸਣ ਸਮਝਦੀ ਸੀ । ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਪ੍ਰਦੇਸਾਂ ਵਿੱਚ ਬੈਠੀ ਮੁਟਿਆਰ ਜਿੱਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸਲ ਸਹਿੰਦੀ ਹੈ ਉਥੇ ਪ੍ਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਬੜੇ ਦਰਦੀਲੇ ਬੋਲਾਂ ਵਿੱਚ ਬਿਆਨ ਕਰਦੀ ਹੈ।
ਸਾਉਣ ਦੇ ਦਿਨਾਂ ਵਿੱਚ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ। ਸੱਸ ਨਣਾਨ ਮੱਥੇ ਵੱਟ ਪਾ ਲੈਂਦੀਆਂ ਹਨ ਉਹ ਵੀਰ ਪਾਸੋਂ ਆਪਣੇ ਪੇਕੇ ਪਰਿਵਾਰ ਦੀ ਸੁੱਖ ਸਾਂਦ ਪੁੱਛਦੀ ਹੈ –
ਸਾਵਣ ਆਇਆ ਨੀ ਸਖੀਏ
ਸਾਵਣ ਆਇਆ
ਇਕ ਤਾਂ ਆਇਆ ਮੇਰੀ ਅੰਮਾਂ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਣਾਨ ਮੁੱਖ ਮੋੜਿਆ
ਆ ਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ
ਮਾਂ ਤਾਂ ਤੇਰੀ ਭੈਣੇ
ਪਲੰਘੋਂ ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ
ਆ ਵੇ ਵੀਰਾ ਚੜੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ
ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ
ਆ ਵੇ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ
ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀ ਚਰਖੇ ਨੀ ਡਾਹੇ
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ ਰਾਮ
ਚਲ ਵੇ ਵੀਰਾ ਚੱਲੀਏ ਮਾਂ ਦੇ ਕੋਲੇ
ਸਾਡੀਆਂ ਸਖੀਆਂ ਕੋਲ਼ੇ
ਚੁੱਕ ਭਤੀਜੜਾ ਲੱਰੀ ਦੇਵਾਂਗੀ ਰਾਮ
ਬ੍ਰਿਹਾ ਕੁੱਠੇ ਗੀਤਾਂ ਤੋਂ ਉਪਰੰਤ ਕੁੜੀਆਂ ਹਾਸੇ-ਮਖੌਲਾਂ ਭਰੇ ਗੀਤ ਵੀ ਗਾਉਂਦੀਆਂ ਹਨ ਪਿੰਡ ਬਾਹਰ ਬਰੋਟਿਆਂ-ਟਾਹਲੀਆਂ ਦੇ ਦਰੱਖ਼ਤਾਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇੱਕ ਸਮਾਂ ਬੰਨ੍ਹ ਦਿੰਦੀਆਂ ਹਨ :-
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਬੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋਂ ਦੀ ਫੁਲਕਾਰੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ
ਕਿਧਰੇ ਤੀਆਂ ਦਾ ਗਿੱਧਾ ਆਪਣੇ ਜਲਵੇ ਵਿਖਾਉਂਦੀ ਹੈ। ਗਿੱਧਾ ਇਕ ਅਜਿਹਾ ਪਿੜ ਹੈ ਜਿਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੀਆਂ ਹਨ ਤੇ ਬਿਦ ਬਿਦ ਕੇ ਬੋਲੀਆਂ ਪਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ ਅਤੇ ਸਾਉਣ ਮਹੀਨੇ ਦੇ ਸਦਕੜੇ ਜਾਂਦੀਆਂ ਹਨ :
ਸਾਉਣ ਵੀਰ ਕੱਠੀਆਂ ਕਰੋ
ਭਾਦੋਂ ਚੰਦਰੀ ਵਿਛੋੜੇ ਪਾਵੇ
ਤੀਆਂ ਦੇ ਰਾਂਗਲੇ ਤਿਉਹਾਰ ਤੋਂ ਇਲਾਵਾ ਸਾਉਣ ਦੇ ਹੋਰ ਵੀ ਅਨੇਕਾਂ ਰੰਗ ਹਨ। ਕਈ ਕਈ ਦਿਨ ਝੜੀਆਂ ਲੱਗਣੀਆਂ ਚਾਰੇ ਬੰਨੇ ਜਲਥਲ ਹੋ ਜਾਣਾ। ਕਿਧਰੇ ਖੀਰਾਂ ਰਿਝਣੀਆਂ, ਕਿਧਰੇ ਮਾਹਲਪੂੜੇ ਪੱਕਣੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਵਿਕਾਸ ਦੇ ਨਾਂ 'ਤੇ ਲੱਖਾਂ ਦਰੱਖਤਾਂ ਦੇ ਕਤਲੇਆਮ ਨੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ. ਪਹਿਲਾਂ ਵਾਂਗ ਮੀਂਹ ਨਹੀਂ ਪੈਂਦੇ ਕਈ ਵਾਰ ਤਾਂ ਸਾਉਣ ਸੁੱਕਾ ਹੀ ਲੰਘ ਜਾਂਦਾ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਪਹਿਲੇ ਸ਼ੋਂਕ ਰਹੇ ਨਹੀਂ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲੇ ਸ਼ੋਕ ਅਤੇ ਉਤਸ਼ਾਹ ਨਾਲ ਨਹੀਂ ਮਨਾਇਆ ਜਾਂਦਾ। ਸਾਉਣ ਮਹੀਨੇ ਵਿੱਚ ਪੱਕਦੇ ਸੁਆਦੀ ਮਾਹਲਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।
ਪੰਜਾਬ ਦੇ ਲੋਕ ਨਾਚ
ਕਿਸੇ ਖ਼ੁਸ਼ੀ ਦੇ ਮੋਕੇ ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਠਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੋਣ ਲਈ ਜਦੋਂ ਉਸ ਦੇ ਦੂਸਰੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ-ਦੇਂਦੇ गं।
ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿੱਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ ਮੁਹਾਰੇ ਹੀ ਵਹਿ ਟੁਰਦੀਆਂ ਹਨ।
ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿੱਚ ਨੱਚਿਆ ਜਾਂਦਾ ਹੈ। ਇਸ ਨੂੰ ਸਿੱਖਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ ਨਾ ਹੀ ਕੋਈ ਵਿਸ਼ੇਸ਼ ਸਿੱਖਿਆ ਲਈ ਜਾਂਦਾ ਹੈ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਤੇ ਸਪੱਸ਼ਟ ਹੁੰਦੀਆਂ ਹਨ। ਸ਼ਾਸਤਰੀ ਨਾਚ ਸਿੱਖਣ ਲਈ ਪਰਬੀਨ ਉਸਤਾਦ ਰਾਹੀਂ ਵਿਸ਼ੇਸ਼-ਸਿੱਖਿਆ ਦੀ ਲੋੜ ਪੈਂਦੀ ਹੈ।
ਜਨ ਸਾਧਾਰਨ ਦੀ ਜ਼ਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਕ ਅਤੇ ਸਮਾਜਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉਭਰਦੀ ਹੈ। ਪਹਾੜੀ, ਮੈਦਾਨੀ ਤੇ ਸਾਗਰੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿੱਚ ਅੰਤਰ ਹੈ। ਕਈ ਇਲਾਕਿਆਂ ਵਿੱਚ ਮਰਦ ਤੀਵੀਆਂ ਰਲ ਕੇ ਨੱਚਦੇ ਹਨ, ਕਈਆਂ ਵਿੱਚ ਕੱਠਿਆਂ ਨੱਚਣ ਦੀ ਮਨਾਹੀ ਹੈ।
ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁਢ ਤੋਂ ਹੀ ਹੱਡ-ਭੰਨਵੀਂ ਕਾਰ ਕਰਨ ਤੋਂ ਉਪਰੰਤ ਬਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਤੇ ਖੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲ੍ਹਦੇ ਦਰਿਆ, ਲਹਿਰਾਂਦੀਆਂ ਫਸਲਾਂ ਅਤੇ ਪੈਲਾਂ ਪਾਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁੰਭਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾ ਅਤੇ ਮਰਦਊਪੁਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਆਮ ਦਿਸ ਆਉਂਦੇ ਹਨ। ਭੰਗੜਾ, ਗਿੱਧਾ, ਝੁੰਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਨਾਚ ਹਨ।
ਭੰਗੜਾ ਪੰਜਾਬੀ ਗੱਭਰੂਆਂ ਦਾ ਲੋਕਪ੍ਰਿਯ ਨਾਚ ਹੈ। ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰਾ, ਗੁਜਰਾਤ ਅਤੇ ਸਿਆਲਕੋਟ ਵਿੱਚ ਇਹ ਨਾਚ ਆਮ ਕਰਕੇ ਨੱਚਿਆ ਜਾਂਦਾ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਇਸ ਇਲਾਕੇ ਦੇ ਸ਼ਰਨਾਰਥੀ ਪੰਜਾਬ ਦੇ ਦੂਜੇ ਹਿੱਸਿਆਂ ਵਿੱਚ ਆ ਕੇ ਵਸ ਗਏ ਤੇ ਇਹ ਨਾਚ ਪੂਰਬੀ ਪੰਜਾਬ ਵਿੱਚ ਪ੍ਰਚਲਤ ਹੋ ਗਿਆ। ਜੇਸ਼ ਭਰੇ ਇਸ ਨਾਚ ਨੂੰ ਨੱਚਣ ਲਈ ਨਰੋਏ ਜੁੱਸੇ ਅਤੇ ਫੁਰਤੀਲੇ ਸਰੀਰ ਦੀ ਲੋੜ ਹੈ।
ਅਪ੍ਰੈਲ ਦੇ ਮਹੀਨੇ ਜਦੋਂ ਕਿਰਸਾਨ ਆਪਣੀ ਕਣਕ ਦੇ ਸੁਨਹਿਰੀ ਸਿੱਟਿਆਂ ਨੂੰ ਵੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿੱਚ ਆ ਜਾਂਦਾ ਹੈ। ਉਸ ਦੀ ਖ਼ੁਸ਼ੀ ਦਾ ਪ੍ਰਗਟਾਵਾ ਭੰਗੜੇ ਦੇ ਰੂਪ ਵਿੱਚ ਰੂਪਮਾਨ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖ਼ੁਸ਼ੀ ਦੇ ਮੌਕੇ ਤੇ ਨੱਚਿਆ ਜਾਂਦਾ ਹੈ ਪਰ ਇਸ ਦਾ ਅਤੁੱਟ ਸੰਬੰਧ ਵਿਸਾਖੀ ਦੇ ਤਿਉਹਾਰ ਨਾਲ ਜੁੜਿਆ ਹੋਇਆ ਹੈ। ਗਿੱਧਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਨਾਚ ਹੈ।
ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ ਅਤੇ ਵਿਆਹ ਸ਼ਾਦੀ ਦੇ ਅਵਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਪੰਜਾਬ ਦੀਆਂ ਸੁਆਉਣੀਆਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ, ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ।
ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ।
ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਗੱਭੇ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵਜਦੀ ਹੈ ਤੇ ਇੱਕ ਕੁੜੀ ਆ ਕੇ ਬੋਲੀ ਪਾਉਂਦੀ ਹੈ। ਉਹ ਬੋਲੀ ਪਾਉਣ ਸਮੇਂ ਚਾਰੇ ਪਾਸੇ ਘੁੰਮਦੀ ਹੈ ਜਦ ਉਹ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ-ਭਾਵ ਇਹ ਉਸ ਨੂੰ ਉੱਚੀ-ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦੇਂਦੀਆਂ ਹਨ ਤੇ ਦਾਇਰੇ ਵਿੱਚੋਂ ਨਿਕਲ ਕੇ ਦੇ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ । ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਬਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦੇਂਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ ਨਾਚੀਆਂ ਨੱਚਦੀਆਂ ਰਹਿੰਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਚੁੱਕੀ ਜਾਂਦੀ ਹੈ ਤੇ ਗਿੱਧਾ ਮਘਦਾ ਰਹਿੰਦਾ ਹੈ।
ਗਿੱਧਾ ਕੇਵਲ ਤੀਵੀਆਂ ਹੀ ਨਹੀਂ ਪਾਉਂਦੀਆਂ ਮਰਦ ਵੀ ਪਾਉਂਦੇ ਹਨ ਉਹਨਾਂ ਦੇ ਗਿੱਧੇ ਦਾ ਰੰਗ ਤੀਵਲੀਆਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਹੈ ਤਾਂ ਔਰਤਾਂ ਵਾਲਾ ਹੀ ਪਰੰਤੂ ਔਰਤਾਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ। ਜੇ ਮਰਦਾਂ ਦਾ ਗਿੱਧਾ ਵੇਖਣਾ ਹੋਵੇ ਤਾਂ ਛਪਾਰ ਦੇ ਮੇਲੇ ਤੇ ਇਸ ਦਾ ਆਨੰਦ ਮਾਣਿਆਂ ਜਾ ਸਕਦਾ ਹੈ।
ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ। ਇਹ ਆਮ ਕਰਕੇ ਕਿਸੇ ਜਿੱਤ ਦੀ ਖ਼ੁਸ਼ੀ ਵਿੱਚ ਨਚਿਆ ਜਾਂਦਾ ਸੀ । ਕਿਸੇ ਮੁਕੱਦਮਾਂ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿੱਚ ਮਲ ਮਾਰੀ ਹੈ ਤਾਂ ਝਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ। ਵਿਆਹ ਦੇ ਮੌਕੇ, ਮੁੰਡੇ ਦੀ ਛਟੀ, ਫ਼ਸਲ ਦੀ ਵਾਢੀ ਦੇ ਅਵਸਰ ਤੇ ਆਮ ਕਰਕੇ ਅਤੇ ਮੇਲਿਆਂ ਮੁਸਾਵਿਆਂ ਉੱਤੇ ਖ਼ਾਸ ਕਰਕੇ ਲੁੱਡੀ ਪਾਈ ਜਾਂਦੀ ਸੀ।
ਢੋਲੀ ਆਪਣੇ ਢੋਲ ਤੇ ਡੱਗਾ ਮਾਰਦਾ ਹੈ ਤੇ ਲੁੱਡੀ ਦਾ ਤਾਲ ਵਜਾਉਂਦਾ ਹੈ। ਉਸ ਦੀ ਆਵਾਜ਼ ਨਾਲ ਖੜੀਂਦੇ ਗੱਭਰੂ ਢੋਲੀ ਦੇ ਆਲੇ-ਦੁਆਲੇ ਗੋਲ ਦਾਇਰੇ ਵਿੱਚ ਘੇਰਾ ਘੱਤ ਲੈਂਦੇ ਹਨ। ਉਹ ਅੱਖਾਂ ਮਟਕਾਉਂਦੇ, ਮੋਢੇ ਹਲਾਉਂਦੇ, ਲੱਕ ਲਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਵਿਚ ਹੌਲੀ-ਹੌਲੀ ਮਸਤ ਚਾਲੇ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਬੁੱਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁਕ ਕੇ ਮਾਰੀ ਜਾਂਦੀ ਹੈ। ਨਾਲ ਨਾਲ ਤਾਲ ਤੇਜ਼ ਹੋਈ ਜਾਂਦਾ ਹੈ। ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ ਤੇ ਉਸ ਦੇ ਇਸ਼ਾਰੇ ਨਾਲ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਕੁੱਦਿਆ ਜਾਂਦਾ ਹੈ ਤੇ ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁਕ ਕੇ ਸੱਜੇ ਪੈਰ ਨਾਲ ਕੁਦਦੋ ਹਨ ਤੇ ਨਾਲ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਬੱਲੇ ਓਏ ਬੱਗਿਆ ਸ਼ੇਰਾ ਬਾਰ-ਬਾਰ ਜ਼ੋਰ ਨਾਲ ਬੋਲਦੇ ਹਨ। ਕਦੇ-ਕਦੇ ਉਹ ਨੱਚਦੇ ਹੋਏ ਇੱਕ ਪੈਰ ਦੇ ਭਾਰ ਬਹਿ ਕੇ ਅੱਧਾ ਚੱਕਰ ਕਟਦੇ ਹਨ-ਢੋਲੀ ਡੱਗੇ ਤੇ ਡੱਗਾ ਮਾਰੀ ਜਾਂਦਾ ਹੈ ਤੇ ਨਾਚ ਦੀ ਗਤੀ ਤੇਜ਼ ਹੋਈ ਜਾਂਦੀ ਹੈ। ਗੱਭਰੂ ਨੱਚਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ।
ਪੰਜਾਬ ਦੇ ਪਿੰਡਾਂ ਵਿੱਚ ਤਰਕਾਲਾਂ ਸਮੇਂ ਮੋਕਲਿਆਂ ਵਿਹੜਿਆਂ ਅਤੇ ਸੰਘਣੀਆਂ ਟਾਹਲੀਆ ਹੇਠ 'ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ' ਦੇ ਬੋਲ ਆਮ ਸੁਣਾਈ ਦੇਂਦੇ ਹਨ। ਇਹ ਬੋਲ ਨਿੱਕੜੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖਲੋਤੀਆਂ ਉਹਨਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿੱਚ ਆ ਕੇ ਕਿੱਕਲੀ ਦਾ ਨਾਚ ਨੱਚ ਰਹੀਆਂ ਹੁੰਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਨਾਚ ਹੈ।
ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦਾ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ
ਵੇਗ ਵਿੱਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇੱਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਹਨਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ਤੇ ਲੋਟ ਪੋਟ ਹੋ ਕੇ ਡਿਗ ਪੈਂਦੀਆਂ ਹਨ।
ਪੰਜਾਬ ਦੇ ਹੋਰਨਾਂ ਨਾਚਾਂ ਵਾਂਗ ਕਿੱਕਲੀ ਪਾਉਣ ਲਈ ਵੀ ਵਿਸ਼ੇਸ਼ ਸਾਮਾਨ ਅਤੇ ਬਝਵੀਂ ਤਕਨੀਕ ਦੀ ਲੋੜ ਨਹੀਂ। ਇਸ ਨੂੰ ਦੋ-ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਨਾਲ ਫੜਕੇ ਮਧਾਣੀ ਦੇ ਫੁੱਲਾਂ ਵਾਂਗ ਕੰਘੀਆਂ ਪਾ ਲੈਂਦੀਆਂ ਹਨ। ਇਸ ਮਗਰੋਂ ਉਹ ਆਪੋ ਆਪਣੀਆਂ ਅੱਡੀਆਂ ਨੂੰ ਜੋੜ ਕੇ ਇੱਕ ਦੂਜੀ ਦੇ ਪੈਰਾਂ ਦੀਆਂ ਉਂਗਲਾਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਤਣਕੇ ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦੇਂਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ :-
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁੱਪਟਾ ਮੇਰੇ ਭਾਈ ਦਾ
ਸੂਰਜ ਲੜਾਈ ਦਾ
ਵੀਰ ਮੇਰਾ ਆਵੇਗਾ
ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੀ
ਨੱਚਾਂਗੀ ਤੇ ਗਾਵਾਂਗੀ
ਜੰਝ ਚੜ੍ਹੇ ਵੀਰ ਦੀ
ਕਿੱਕਲੀ ਕਲੀਰ ਦੀ
ਕਿੱਕਲੀ ਵਿੱਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇੱਕ ਹੋਰ ਢੰਗ ਵੀ ਹੈ। ਦੋ ਕੁੜੀਆਂ ਧਰਤੀ ਤੇ ਬੈਠ ਕੇ ਜਾ ਖੜੋ ਕੇ ਇੱਕ ਦੂਜੀ ਦੇ ਹੱਥਾਂ ਤੇ ਤਾੜੀਆਂ ਮਾਰ ਕੇ, ਤਾੜੀਆਂ ਦੇ ਤਾਲ ਨਾਲ ਗੀਤ ਦੇ ਬੋਲ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਹੋਈਆਂ ਦੁਹਰਾਉਂਦੀਆਂ ਹਨ :-
ਤੋਂ ਵੇ ਤੋਤੜਿਆ
ਤੋਤੜਿਆ ਮਤੋਤੜਿਆ
ਤੋਤਾ ਹੈ ਸਿਕੰਦਰ ਦਾ
ਪਾਣੀ ਪੀਵੇ ਮੰਦਰ ਦਾ
ਸ਼ੀਸ਼ਾ ਵੇਖੋ ਲਹਿਰੇ ਦਾ
ਕੰਮ ਕਰੇ ਦੁਪਹਿਰੇ ਦਾ
ਕਾਕੜਾ ਖੜਾਨੀ ਆਂ
ਚਾਰ ਛੱਲੇ ਪਾਨੀ ਆਂ
ਇੱਕ ਛੱਲਾ ਰੇਤਲਾ
ਰੋਤਲੇ ਦੀ ਤਾਈ ਆਈ
ਨਵੀਂ-ਨਵੀਂ ਭਰਜਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉੱਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛੱਕ-ਛੱਕ ਜਾਵੇ
ਹਾਸਿਆਂ ਤਮਾਸ਼ਿਆਂ ਭਰੇ ਬੋਲਾਂ ਨਾਲ ਕਿੱਕਲੀ ਪਾਂਦੀਆਂ ਕੁੜੀਆਂ ਇੱਕ ਸਮਾਂ ਬੰਨ੍ਹ ਦੇਂਦੀਆਂ ਹਨ।
ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਮਨੋਰੰਜਨ ਦੇ ਸਾਧਨ ਵੱਧ ਗਏ ਹਨ ਜਿਸ ਦਾ ਪ੍ਰਭਾਵ ਸਾਡੇ ਨਾਚਾਂ ਤੇ ਵੀ ਪਿਆ ਹੈ। ਇਹ ਨਾਚ ਸਾਡੇ ਲੋਕ ਜੀਵਨ ਵਿੱਚੋਂ ਅਲੋਪ ਹੋ ਰਹੇ ਹਨ। ਜ਼ਿੰਦਗੀ ਦੀ ਦੌੜ ਐਨੀ ਤੇਜ਼ ਹੋ ਗਈ ਹੈ ਕਿ ਲੋਕਾਂ ਵਿੱਚ ਵਿਹਲ ਹੀ ਨਹੀਂ ਰਹੀ ਕਿ ਉਹ ਸਮੂਹਕ ਰੂਪ ਵਿੱਚ ਕੋਈ ਨਾਚ ਨੱਚ ਸਕਣ। ਸਕੂਲਾਂ ਅਤੇ ਕਾਲਜਾਂ ਵਿੱਚ ਭੰਗੜੇ ਅਤੇ ਗਿੱਧੇ ਨੂੰ ਸੁਰਜੀਤ ਕਰਨ ਦੇ ਯਤਨ ਹੋ ਰਹੇ ਹਨ। ਇਹਨਾਂ ਨਾਚਾਂ ਨੂੰ ਮੁੜ ਸੁਰਜੀਤ ਕਰਨ ਦੀ ਅਤਿਅੰਤ ਲੋੜ ਹੈ। ਇਹ ਸਾਡੀ ਭਾਈਚਾਰਕ ਸਾਂਝ ਅਤੇ ਸੰਪਰਦਾਇਕ ਏਕਤਾ ਦੇ ਪ੍ਰਤੀਕ ਹਨ।
ਮੇਲੇ ਦੇਸ ਪੰਜਾਬ ਦੇ
ਭਾਰਤ ਵਰਸ਼ ਨੂੰ ਮੇਲਿਆਂ ਅਤੇ ਤਿਉਂਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਸ ਦੀ ਪਾਵਨ ਧਰਤੀ ਤੇ ਮੇਲ੍ਹਦੇ ਦਰਿਆਵਾਂ ਦੇ ਕੰਢਿਆਂ ਤੇ ਲਗਦੇ ਮੇਲੇ ਅਤੇ ਪੂਰਵ ਭਾਰਤੀ ਜਨ ਜੀਵਨ ਵਿੱਚ ਨਿਤ ਨਵਾਂ ਰੰਗ ਭਰਦੇ ਹਨ। ਇਹ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਪਨ ਹਨ।
ਮੇਲੇ ਪੰਜਾਬ ਦੇ ਪੇਂਡੂ ਲੋਕਾਂ ਲਈ ਮਨ-ਪਰਚਾਵੇ ਦੇ ਪ੍ਰਮੁੱਖ ਸਾਧਨ ਰਹੇ ਹਨ। ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ-ਭੰਨਵੀਂ ਜ਼ਿੰਦਗੀ ਨੂੰ ਭੁਲਾਕੇ ਖਿੜਵੇਂ ਰੋਂ ਵਿੱਚ ਪ੍ਰਗਟ ਹੁੰਦੇ ਹਨ। ਮੇਲੇ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਮੇਲੇ ਜਾਂਦੇ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਧਰਮਾਂ ਦੇ ਲੋਕ ਆਪਣੇ-ਆਪਣੇ ਵੰਨ-ਸੁਵੰਨੇ ਪਹਿਰਾਵੇ ਪਹਿਨਕੇ ਮੇਲਾ ਵੇਖਣ ਜਾਂਦੇ ਹਨ। ਕੀ ਸਿੱਖ, ਕੀ ਹਿੰਦੂ, ਕੀ ਮੁਸਲਮਾਨ, ਕੀ ਈਸਾਈ ਸਾਰੇ ਧਾਰਮਕ ਭਿੰਨ ਭੇਦ ਮਿਟਾਕੇ, ਬੜਿਆਂ ਚਾਵਾਂ ਨਾਲ, ਹੁੰਮ ਹੁੰਮਾ ਕੇ ਮੇਲੇ ਵਿੱਚ ਪੁਜਦੇ ਹਨ। ਮੇਲਾ ਕੱਲੇ ਕਾਰੇ ਦੇ ਜਾਣ ਦਾ ਨਹੀਂ। ਮੇਲੇ ਤਾਂ ਟੋਲੀਆਂ ਬਣਾ ਕੇ ਜਾਣ ਦਾ ਸੁਆਦ ਹੈ :-
ਮੈਂ ਜਾਣਾ ਮੇਲੇ ਨੂੰ
ਬਾਪੂ ਜਾਊਂਗਾ ਬਣਾ ਕੇ ਟੋਲੀ
ਮੇਲਾ ਵੇਖਣ ਜਾ ਰਹੇ ਆਪਣੇ ਦਿਲ ਦੇ ਮਹਿਰਮ ਕੋਲ ਕੋਈ ਨਾਜ਼ਕ ਜਹੀ ਨਾਰ ਆਪਣੀ ਫਰਮਾਇਸ਼ ਪਾ ਦਿੰਦੀ ਹੈ :-
ਮੇਲੇ ਜਾਏਂਗਾ ਲਿਆਵੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣਕੇ
ਉਂਜ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ ਸੰਤ, ਪੀਰ ਫ਼ਕੀਰ ਦੀ ਸਮਾਧ ਤੇ ਕੋਈ ਨਾ ਕੋਈ ਮੇਲਾ ਸਥਾਨਕ ਤੌਰ ਤੇ ਦੂਜੇ ਚੌਥੇ ਮਹੀਨੇ ਲੱਗਦਾ ਹੀ ਰਹਿੰਦਾ ਹੈ, ਗੁਰਪੁਰਬ, ਸ਼ਹੀਦੀ ਜੋੜ ਮੇਲੇ, ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਪੰਜਾਬੀਆਂ ਲਈ ਵਿਸ਼ੇਸ਼ ਧਾਰਮਕ ਮਹੱਤਵ ਰੱਖਦੇ ਹਨ ਪਰੰਤੂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ, ਹਦਰ ਸ਼ੇਖ਼ ਦਾ ਮੇਲਾ, ਜਰਗ ਦਾ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਮੇਲੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਮੇਲੇ ਹਨ ਜਿੱਥੇ ਲੋਕ ਸਾਹਿਤ ਦੀਆਂ ਕੁਲਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ ਹਨ। ਇਹਨਾਂ ਮੇਲਿਆਂ ਤੇ ਕਿਧਰੇ ਕਵੀਸ਼ਰਾਂ ਦੇ ਗੌਣ, ਕਿਧਰੇ ਢਡ ਸਾਰੰਗੀ ਵਾਲਿਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਅਪਣਾ ਜਲੌ ਵਖਾ ਰਹੇ ਹੁੰਦੇ ਹਨ ਕਿਸੇ ਪਾਸੇ ਗਭਰੂਆਂ ਦੀਆਂ ਟੋਲੀਆਂ ਖੜਤਾਲਾਂ, ਕਾਟੋਆਂ ਅਤੇ ਛੈਣਿਆਂ ਦੇ
ਤਾਲ ਨਾਲ ਲੰਬੀਆਂ ਬੋਲੀਆਂ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ।
ਛਪਾਰ ਦੇ ਮੇਲੇ ਦਾ ਜ਼ਿਕਰ ਪੰਜਾਬੀਆਂ ਦੇ ਮਨਾਂ ਵਿੱਚ ਅਨੂਠੀਆਂ ਤਰੰਗਾਂ ਛੇੜ ਦਿੰਦਾ ਹੈ। ਕਈਆਂ ਦੇ ਮਨਾਂ ਵਿੱਚ ਪੁਰਾਣੀਆਂ ਯਾਦਾਂ ਆ ਝੁਰਮੁਟ ਪਾਉਂਦੀਆਂ ਹਨ। ਛਪਾਰ ਜ਼ਿਲ੍ਹਾ, ਲੁਧਿਆਣਾ ਦਾ ਇਕ ਪ੍ਰਸਿੱਧ ਪਿੰਡ ਹੈ ਜਿਹੜਾ ਲੁਧਿਆਣੇ ਤੋਂ ਮਲੇਰਕੋਟਲੇ ਨੂੰ ਜਾਂਦੀ ਸੜਕ ਉੱਤੇ ਮੰਡੀ ਅਹਿਮਦਗੜ੍ਹ ਦੇ ਲਾਗੇ ਵੱਸਿਆ ਹੋਇਆ ਹੈ। ਏਥੇ ਭਾਦੋਂ ਦੀ ਚਾਨਣੀ ਚੌਦੇ ਨੂੰ ਮਾਲਵੇ ਦਾ ਹਰਮਨ ਪਿਆਰਾ ਮੇਲਾ ਲਗਦਾ ਹੈ ਜਿਹੜਾ ਛਪਾਰ ਦੇ ਮੇਲੇ ਦੇ ਨਾਂ ਨਾਲ ਸਾਰੇ ਪੰਜਾਬ ਵਿੱਚ ਪ੍ਰਸਿਧ ਹੈ। ਇਹ ਮੇਲਾ ਗੁੱਗੇ ਦੀ ਮਾੜੀ ਤੇ ਲਗਦਾ ਹੈ।
ਛਪਾਰ ਦੀ ਮਾੜੀ ਗੁੱਗਾ ਭਗਤਾਂ ਲਈ ਤੀਰਥ ਸਥਾਨ ਹੈ। ਮੇਲੇ ਨੂੰ ਇਸ ਦੀ ਜ਼ਿਆਰਤ ਕਰਨ ਦਾ ਵਿਸ਼ੇਸ਼ ਮਹਾਤਮ ਸਮਝਿਆ ਜਾਂਦਾ ਹੈ। ਸਾਰੇ ਧਰਮਾਂ ਦੇ ਲੋਕ ਚੌਦੇ ਦੀ ਰਾਤ ਨੂੰ ਮਾੜੀ ਉੱਤੇ ਜਾ ਕੇ ਚੌਕੀਆਂ ਭਰਦੇ ਹਨ।
ਛਪਾਰ ਦੇ ਮੇਲੇ ਦੀ ਪ੍ਰਸਿੱਧੀ ਨਿਰੀ ਗੁੱਗੇ ਕਰਕੇ ਨਹੀਂ ਰਹੀ, ਇਹ ਤਾਂ ਇਸ ਮੇਲੇ ਦੇ ਵਿਸ਼ੇਸ਼ ਕਿਰਦਾਰ ਕਰਕੇ ਰਹੀ ਹੈ। ਇਸ ਮੇਲੇ ਤੇ ਮਲਵਈ ਆਪਣੇ ਦਿਲਾਂ ਦੇ ਗੁਭ-ਗੁਭਾੜ ਕਢਦੇ ਰਹੇ ਹਨ- ਬੋਲੀਆਂ ਨੇ ਬਿਦ-ਬਿਦ ਕੇ ਲੜਾਈਆਂ ਲੜਨੀਆਂ, ਡਾਂਗ ਬਹਾਦਰਾਂ ਨੇ ਆਪਣੀਆਂ ਸੰਮਾਂ ਵਾਲੀਆਂ ਡਾਂਗਾਂ ਵਰ੍ਹਾ ਕੇ ਆਪਣੇ ਜੌਹਰ ਵਖਾਉਣੇ, ਕਿਤੇ ਪੁਲਿਸ ਨਾਲ ਵੀ ਟਾਕਰੇ ਹੋ ਜਾਣੇ-ਪਹਿਲਵਾਨਾਂ ਨੇ ਘੋਲ ਘੁਲਣੇ, ਗਭਰੂਆਂ ਨੇ ਮੁਗਲੀਆਂ ਫੋਰਨ, ਸੌਂਚੀ ਪੱਕੀ ਖੇਡਣ ਅਤੇ ਮੁਗਧਰ ਚੁੱਕਣ ਦੇ ਕਰਤੱਵ ਦਖਾਉਣੇ। ਗਿੱਧਾ ਪੰਜਾਬੀ ਸੱਭਿਆਚਾਰ ਨੂੰ ਇਸੇ ਮੇਲੇ ਦੀ ਦੇਣ ਹੈ। ਜਿੰਨੀਆਂ ਬੋਲੀਆਂ ਕੀ ਇਕ ਲੜੀਆਂ, ਕੀ ਲੰਬੀਆਂ ਏਸ ਮੇਲੇ ਤੇ ਪਾਈਆਂ ਜਾਂਦੀਆਂ ਹਨ ਹੋਰ ਕਿਧਰੇ ਵੀ ਵੇਖਣ ਸੁਨਣ ਵਿੱਚ ਨਹੀਂ ਆਉਂਦੀਆਂ।
ਜਿਸ ਤਰ੍ਹਾਂ ਪਸ਼ੂਆਂ ਦੀ ਮੰਡੀ ਲਈ ਜੈਤੋ ਦੀ ਮੰਡੀ ਨੂੰ ਪ੍ਰਸਿੱਧੀ ਹਾਸਲ ਹੈ ਉਸੇ ਤਰ੍ਹਾਂ ਮੇਲਿਆਂ ਵਿੱਚ ਜਰਗ ਦੇ ਮੇਲੇ ਦੀ ਆਪਣੀ ਵਿਸ਼ੇਸ਼ ਥਾਂ ਹੈ :-
ਇਕ ਮੰਡੀ ਜੈਤੋ ਲਗਦੀ
ਇਕ ਲਗਦਾ ਜਰਗ ਦਾ ਮੇਲਾ
ਜਰਗ ਜ਼ਿਲ੍ਹਾ ਲੁਧਿਆਣਾ ਦੇ ਸਬ ਡਵੀਜ਼ਨ ਪਾਇਲ ਦਾ ਬੜਾ ਵੱਡਾ ਪਿੰਡ ਹੈ, ਇਹ ਪਿੰਡ ਖੰਨਾ ਤੋਂ ਮਲੇਰਕੋਟਲਾ ਨੂੰ ਜਾਣ ਵਾਲੀ ਸੜਕ ਉੱਤੇ 18 ਕੁ ਕਿਲੋਮੀਟਰ ਦੇ ਫ਼ਾਸਲੇ ਤੇ ਵਸਿਆ ਹੋਇਆ ਹੈ। ਏਥੇ ਚੇਤ ਦੇ ਜੇਠੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਥਾਨਾਂ ਤੇ ਬੜਾ ਭਾਰੀ ਮੇਲਾ ਲਗਦਾ ਹੈ ਜਿਹੜਾ ਜਰਗ ਦੇ ਮੇਲੇ ਦੇ ਨਾਂ ਨਾਲ ਮਸ਼ਹੂਰ ਹੈ। ਇਸ ਨੂੰ ਬਾਸੜੀਏ ਅਥਵਾ ਬਾਹੀੜਿਆਂ ਦਾ ਮੇਲਾ ਵੀ ਆਖਦੇ ਹਨ।
ਪੇਂਡੂ ਸੁਆਣੀਆਂ ਚੇਚਕ ਨੂੰ ਮਾਤਾ ਰਾਣੀ ਅਥਵਾ ਸੀਤਲਾ ਦੇਵੀ ਆਖਦੀਆਂ ਹਨ।
ਮਾਤਾ ਭਗਤਾਂ ਦੇ ਵਿਸ਼ਵਾਸ ਅਨੁਸਾਰ ਮਾਤਾ ਰਾਣੀ ਹੋਰੀਂ ਸਤ ਭੈਣਾਂ ਹਨ। ਜਰਗ ਵਿੱਚ ਤਿੰਨ ਭੈਣਾਂ ਬਸੰਤੀ, ਸੀਤਲਾ ਅਤੇ ਮਸਾਣੀ ਦੇ ਕੱਠੇ ਮੰਦਰ ਹਨ
ਜਿਨ੍ਹਾਂ ਨੂੰ ਮਾਤਾ ਦੇ ਥਾਨ ਆਖਦੇ ਹਨ। ਇਹਨਾਂ ਥਾਨਾਂ ਉੱਤੇ ਹੀ ਜਰਗ ਦਾ ਮੇਲਾ ਲਗਦਾ ਹੈ। ਬੜੀ ਦੂਰੋਂ-ਦੂਰੋਂ ਸ਼ਰਧਾਲੂ ਇਹ ਮੇਲਾ ਵੇਖਣ ਆਉਂਦੇ ਹਨ। ਮਾਤਾ, ਭਗਤ, ਮਾਤਾ ਰਾਣੀ ਦੀਆਂ ਭੇਟਾਂ ਗਾਉਂਦੇ ਮਾਤਾ ਦੇ ਥਾਨਾਂ ਤੇ ਗੁਲਗਲਿਆਂ ਦਾ ਬੜਾਵਾ ਝੜਾਉਂਦੇ ਹਨ।
ਜਰਗ ਦੇ ਮੇਲੇ ਵਿੱਚ ਇਕ ਵਾਧਾ ਇਹ ਹੈ ਕਿ ਇਹ ਔਰਤਾਂ ਅਤੇ ਮਰਦਾਂ ਦਾ ਸਾਂਝਾ ਮੇਲਾ ਹੈ ਜਿਸ ਕਰਕੇ ਇਸ ਦੀ ਵਧੇਰੇ ਖਿੱਚ ਰਹੀ ਹੈ।
ਚੰਦਰੀ ਦੇ ਲੜ ਲਗ ਕੇ
ਮੇਰਾ ਛੁਟ ਗਿਆ ਜਰਗ ਦਾ ਮੇਲਾ
ਹੁਣ ਤਾਂ ਸੜਕਾਂ ਬਣ ਗਈਆਂ ਹਨ-ਥਾਂ-ਥਾਂ ਤੋਂ ਬੱਸਾਂ ਪੁਜ ਜਾਂਦੀਆਂ ਹਨ-ਪੁਰਾਣੇ ਸਮਿਆਂ ਵਿੱਚ ਜਰਗ ਦੇ ਮੇਲੇ ਤੇ ਜਾਣ ਲਈ ਪੈਦਲ ਹੀ ਤੁਰਨਾ ਪੈਂਦਾ ਸੀ ਜੇਕਰ ਗੋਦੀ ਮੁੰਡਾ ਹੋਵੇ ਤਾਂ ਮੇਲੇ ਜਾਣ ਦਾ ਹੌਂਸਲਾ ਭਲਾ ਕੌਣ ਕਰੋ :-
ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕ ਲੂੰ
ਤੈਨੂੰ ਘਗਰੇ ਦਾ ਭਾਰ ਬਥੇਰਾ
ਮੁੰਡਾ ਤੇਰਾ ਮੈਂ ਚੱਕ ਲ੍ਹੇ
ਗੱਭਰੂ ਬੋਲੀਆਂ ਪਾਉਂਦੇ ਅਤੇ ਬੱਕਰੇ ਬੁਲਾਉਂਦੇ ਮੇਲੇ ਨੂੰ ਜਾ ਰਹੇ ਹੁੰਦੇ ਹਨ ਅਤੇ ਸਭ ਧਰਮਾਂ ਦੀਆਂ ਤੀਵੀਆਂ ਮਾਤਾ ਰਾਣੀ ਦੇ ਗੀਤ ਗਾਉਂਦੀਆਂ ਅਨੋਖਾ ਹੀ ਰੰਗ ਬੰਨ੍ਹ ਰਹੀਆਂ ਹੁੰਦੀਆਂ ਹਨ :-
ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਕੁੱਟਾਂ ਚੱਲੀਆਂ ਚਾਰੇ
ਜੀ ਜਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਸਰਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂੰਟਾਂ ਝੁਕੀਆਂ ਚਾਰੇ
ਆਪਣੇ ਬੱਚਿਆ ਦੀ ਜਾਨ ਦੀ ਸੁਖ ਸੁਖਦੀਆਂ ਤ੍ਰੀਮਤਾਂ ਮੇਲੇ ਵਿੱਚ ਜਾ ਪੁਜਦੀਆਂ ਹਨ :-
ਮਾਤਾ ਰਾਣੀਏ, ਗੁਲਗੁਲੇ ਖਾਣੀਏ
ਬਾਲ ਬੱਚਾ ਰਾਜ਼ੀ ਰੱਖਣਾ
ਪੰਜਾਬ ਵਿੱਚ ਬਹੁਤੇ ਮੇਲੇ ਮੁਸਲਮਾਨ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ਉੱਤੇ ਹੀ ਲਗਦੇ ਹਨ। ਮਲੇਰਕੋਟਲੇ ਵਿੱਚ ਲਗ ਰਿਹਾ ਹਦਰ ਸ਼ੇਖ਼ ਦਾ ਮੇਲਾ ਪੰਜਾਬ ਦਾ ਸਿਰਮੌਰ ਮੇਲਾ ਹੈ। ਇਹ ਹਦਰਸ਼ੇਖ਼ ਦੀ ਦਰਗਾਹ ਉੱਤੇ ਜੂਨ ਮਹੀਨੇ ਵਿੱਚ ਨਿਮਾਣੀ
ਇਕਾਦਸੀ ਨੂੰ ਲਗਦਾ ਹੈ ਤੇ ਪੂਰੇ ਤਿੰਨ ਦਿਨ ਭਰਦਾ ਹੈ।
ਪੰਜਾਬ ਖ਼ਾਸ ਕਰਕੇ ਮਾਲਵੇ ਦੇ ਲੋਕ ਹਦਰ ਸ਼ੇਖ਼ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦੇ ਹਨ। ਕਹਿੰਦੇ ਹਨ, ਬਾਬਾ ਹਦਰ ਸ਼ੇਖ਼, ਜਿਨ੍ਹਾਂ ਦਾ ਪੂਰਾ ਨਾਂ ਹਜ਼ਰਤ ਸਦਰ ਉਦੀਨ ਸਦਰੇ ਜਹਾਂ ਸੀ, ਬੜੇ ਕਰਨੀ ਵਾਲੇ ਸੂਫ਼ੀ ਫ਼ਕੀਰ ਹੋਏ ਹਨ। ਉਹ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਸਨ। 'ਹਯਾਤੇ ਲੋਧੀ ਅਨੁਸਾਰ ਉਹ 1449 ਈ. ਵਿੱਚ ਦੀਨੀ ਵਿਦਿਆ ਪ੍ਰਾਪਤ ਕਰਨ ਮੁਲਤਾਨ ਆਏ ਸਨ। ਉਹਨਾਂ ਦਿਨਾਂ ਵਿੱਚ ਮੁਲਤਾਨ ਦੀਨੀ ਵਿਦਿਆ ਦਾ ਕੇਂਦਰ ਸੀ। ਕੁਝ ਸਮਾਂ ਮੁਲਤਾਨ ਠਹਿਰਨ ਮਗਰੋਂ ਉਹ ਆਪਣੇ ਧਰਮ ਦਾ ਪਰਚਾਰ ਕਰਨ ਲਈ ਪੂਰਬੀ ਪੰਜਾਬ ਵਲ ਨੂੰ ਤੁਰ ਪਏ ਤੇ ਮਲੇਰਕੋਟਲੇ ਦੇ ਨਾਲ ਲਗਦੇ ਪਿੰਡ ਭੁਮਸੀ ਕੋਲ ਬੁਢੇ ਦਰਿਆ ਦੇ ਪਾਰਲੇ ਕੰਢੇ ਝੁੱਗੀ ਬਣਾ ਕੇ ਰਹਿਣ ਲੱਗ ਪਏ। ਅਜੋਕਾ ਸ਼ਹਿਰ ਅਜੇ ਵਸਿਆ ਨਹੀਂ ਸੀ। ਸ਼ੇਖ਼ ਜੀ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲ ਗਈ। ਨਿਤ ਨਵੇਂ ਸ਼ਰਧਾਲੂ ਜੁੜਦੇ ਗਏ-ਕਈ ਕਰਾਮਾਤਾਂ ਉਹਨਾਂ ਦੇ ਨਾਂ ਨਾਲ ਜੁੜ ਗਈਆਂ। ਦਿਨੋ ਦਿਨ ਹਜ਼ਰਤ ਸ਼ੇਖ਼ ਦੀ ਮਹਿਮਾ ਵਧਦੀ ਗਈ। ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਉਹਨਾਂ ਦੇ ਮੁਰੀਦ ਬਣਦੇ ਗਏ। 1510 ਈ. ਵਿੱਚ ਉਹਨਾਂ ਨੇ ਆਪਣਾ ਚੋਲਾ ਛੱਡਿਆ।
ਮਲੇਰਕੋਟਲੇ ਦੇ ਪੱਛਮ ਦੀ ਇਕ ਗੁੱਠੇ ਉੱਚੀ ਥਾਂ ਤੇ ਹਦਰ ਸ਼ੇਖ ਦਾ ਮਜ਼ਾਰ ਹੈ। ਏਸ ਮਜ਼ਾਰ ਤੇ ਚਾਰ ਮੇਲੇ ਲਗਦੇ ਹਨ। ਇਹ ਮੇਲੇ ਨਿਮਾਣੀ ਇਕਾਦਸੀ, ਹਾੜ੍ਹ, ਅੱਸੂ ਅਤੇ ਕੱਤਕ ਮਹੀਨੇ ਦੇ ਜੇਠੇ ਵੀਰਵਾਰ ਨੂੰ ਲਗਦੇ ਹਨ। ਪੰਰਤੂ ਨਿਮਾਣੀ ਇਕਾਦਸੀ ਨੂੰ ਵਿਸ਼ੇਸ਼ ਮੇਲਾ ਭਰਦਾ ਹੈ। ਲੱਖਾਂ ਸ਼ਰਧਾਲੂ ਏਸ ਮੇਲੇ ਤੇ ਪੁੱਜ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵੀ ਵਿਅੱਕਤੀ ਹਦਰ ਸ਼ੇਖ ਦੀ ਸੁਖ ਸੁਖਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ।
ਮੇਲੇ ਤੇ ਕਈ ਦਿਨ ਪਹਿਲਾਂ ਲੋਕੀਂ ਆਉਣੇ ਸ਼ੁਰੂ ਹੋ ਜਾਂਦੇ ਹਨ। ਬੁਧਵਾਰ ਦੀ ਰਾਤ ਨੂੰ ਚੌਕੀਆਂ ਭਰੀਆਂ ਜਾਂਦੀਆਂ ਹਨ। ਦਰਗਾਹ ਉੱਤੇ ਚਰਾਗ਼ ਜਲਾਏ ਜਾਂਦੇ ਹਨ। ਚੇਲੇ ਵਜਦ ਵਿੱਚ ਆ ਕੇ ਸ਼ੇਖ ਦੀ ਉਸਤਤੀ ਵਿੱਚ ਭੇਟਾਂ ਗਾਉਂਦੇ ਹੋਏ ਖੇਲਣ ਲਗ ਜਾਂਦੇ ਹਨ।
ਹਦਰ ਸ਼ੇਖ਼ ਨੂੰ ਲਾਲਾਂ ਵਾਲੇ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਬਹੁਤੇ ਲੋਕ ਲਾਲਾਂ ਵਾਲੇ ਦਾ ਰੋਟ ਸੁਖਦੇ ਹਨ ਤੇ ਮੇਲੇ ਤੇ ਰੋਟ ਚੜਾਉਂਦੇ ਹਨ।
ਸੁੱਖਾ ਸੁਖਣ ਤੇ ਲਾਹੁਣ ਵਾਲੇ ਮਜ਼ਾਰ ਦੀ ਜ਼ਿਆਰਤ ਕਰ ਰਹੇ ਹੁੰਦੇ ਹਨ ਪਰੰਤੂ ਬਹੁਤੇ ਲੋਕ ਮੇਲੇ ਦਾ ਰੰਗ ਮਾਨਣ ਲਈ ਹੀ ਆਉਂਦੇ ਹਨ। ਇਹ ਮੇਲਾ ਆਪਣੇ ਅਸਲੀ ਰੰਗ ਵਿਚ ਦਰਗਾਹ ਤੋਂ ਪਰ੍ਹੇ ਹੀ ਲਗਦਾ ਹੈ। ਏਥੇ ਉਹ ਸਾਰੇ ਰੰਗ ਤਮਾਸ਼ੇ ਹੁੰਦੇ ਹਨ ਜਿਹੜੇ ਛਪਾਰ ਦੇ ਮੇਲੇ ਤੇ ਹੁੰਦੇ ਹਨ।
ਇਸ ਮੇਲੇ ਵਿੱਚ ਸਭ ਧਰਮਾਂ ਦੇ ਲੋਕ ਸ਼ਰੀਕ ਹੁੰਦੇ ਹਨ। ਇਹ ਮੇਲਾ ਸਾਡੀ ਸੰਪਰਦਾਇਕ ਏਕਤਾ ਦਾ ਪ੍ਰਤੀਕ ਹੈ।
ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਪੰਜਾਬ ਦਾ ਇਕ ਪ੍ਰਸਿੱਧ ਮੇਲਾ ਹੈ ਜਿਹੜਾ
13, 14 ਅਤੇ 15 ਫੱਗਣ ਨੂੰ ਜਗਰਾਵਾਂ ਵਿਖੇ ਮੋਹਕਮ ਦੀਨ ਦੀ ਦਰਗਾਹ ਤੇ ਲਗਦਾ ਹੈ। ਕਿਹਾ ਜਾਂਦਾ ਹੈ ਕਿ ਜਗਰਾਓਂ ਦੇ ਪੱਛਮ ਵਲ ਇਕ ਝੜੀ ਵਿੱਚ ਪੰਜ ਫ਼ਕੀਰ ਲੱਪੇ ਸ਼ਾਹ, ਮਹਿੰਦੀ ਸ਼ਾਹ, ਟੁੰਡੇ ਸ਼ਾਹ, ਕਾਲੇ ਸ਼ਾਹ ਅਤੇ ਮੋਹਕਮ ਦੀਨ ਰਹਿੰਦੇ ਸਨ। ਇਹਨਾਂ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲੀ ਹੋਈ ਸੀ, ਮੋਹਕਮ ਦੀਨ ਇਕ ਪੁੱਜਿਆ ਹੋਇਆ ਦਰਵੇਸ਼ ਸੀ । ਉਸ ਬਾਰੇ ਕਈ ਇਕ ਰਵਾਇਤਾਂ ਪ੍ਰਚੱਲਤ ਸਨ। ਜੋ ਵੀ ਸ਼ਰਧਾਲੂ ਉਸ ਪਾਸ ਆਉਂਦਾ ਉਹਦੀ ਹਰ ਤਮੰਨਾ ਪੂਰੀ ਹੋ ਜਾਂਦੀ। ਮੋਹਕਮ ਦੀਨ ਦੇ ਜੀਵਨ ਬਾਰੇ ਭਰੋਸੇ ਯੋਗ ਜਾਣਕਾਰੀ ਪ੍ਰਾਪਤ ਨਹੀਂ। ਜਗਰਾਵਾਂ ਦੇ ਪੱਛਮ ਵਿੱਚ ਉਸ ਦੀ ਦਰਗਾਹ ਹੈ ਜਿੱਥੇ ਰੋਸ਼ਨੀ ਦਾ ਮੇਲਾ ਆਪਣੇ ਜਲਵੇ ਵਖਾਉਂਦਾ ਹੈ। ਜਗਰਾਵਾਂ ਦੀ ਰੋਸ਼ਨੀ ਦਾ ਜ਼ਿਕਰ ਪੰਜਾਬ ਦੇ ਕਈ ਇਕ ਲੋਕ ਗੀਤਾਂ ਵਿੱਚ ਆਉਂਦਾ ਹੈ :-
ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੋਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਖਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲੀ
ਬੋਲੀਆਂ ਦੀ ਗੱਡੀ ਲਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮ ਕੇ ਚੱਕ ਪੱਨਿਆ
ਗੇਂਦ ਘੁੰਗਰੂਆਂ ਵਾਲੀ
ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵਿਅਕਤੀ ਮੋਹਕਮਦੀਨ ਦੀ ਦਰਗਾਹ ਤੇ ਸੁਖ ਸੁਖਦਾ ਹੈ ਉਸ ਦੀ ਹਰ ਕਾਮਨਾ ਪੂਰੀ ਹੋ ਜਾਂਦੀ ਹੈ । ਮੇਲੇ ਵਾਲੇ ਦਿਨ ਸ਼ਰਧਾਲੂ ਉਸ ਦੀ ਖ਼ਾਨਗਾਹ ਤੇ ਚਰਾਗ ਜਲਾਉਂਦੇ ਹਨ। 13 ਫੱਗਣ ਦੀ ਰਾਤ ਨੂੰ ਚੌਕੀਆਂ ਭਰੀਆਂ ਜਾਂਦੀਆਂ ਹਨ। ਹਜ਼ਾਰਾਂ ਚਰਾਗ ਬਲਦੇ ਹਨ ਇਸੇ ਕਰਕੇ ਇਸ ਮੇਲੇ ਦਾ ਨਾਂ ਰੋਸ਼ਨੀ ਦਾ ਮੇਲਾ ਪਿਆ ਹੈ। ਖਾਨਗਾਹ ਦੇ ਵਿਹੜੇ ਵਿੱਚ ਕਵਾਲੀਆਂ ਦੀਆਂ ਮਹਿਫ਼ਲਾਂ ਜੁੜਦੀਆਂ ਹਨ।
ਮੋਹਕਮਦੀਨ ਦੀ ਕਬਰ ਉੱਤੇ ਸ਼ਰਧਾਲੂ ਨਿਆਜ਼ ਚੜਾਉਂਦੇ ਹਨ। ਜਿਨ੍ਹਾਂ ਦੇ ਮੋਹਕੇ ਸੁੱਖੇ ਹੁੰਦੇ ਹਨ ਉਹ ਲੂਣ ਅਤੇ ਝਾੜੂ ਚੜ੍ਹਾਉਂਦੇ ਹਨ। ਕਈ ਪਤਾਸਿਆਂ ਦਾ ਪ੍ਰਸ਼ਾਦ ਚੜਾਉਂਦੇ ਹਨ ਕਈ ਕਪੜੇ।
ਇਸ ਮੇਲੇ ਦਾ ਸੁਭਾ ਛਪਾਰ ਦੇ ਮੇਲੇ ਨਾਲ ਮਿਲਦਾ ਜੁਲਦਾ ਹੀ ਹੈ। ਆਖ਼ਰ ਤੀਜੇ ਦਿਨ ਇਹ ਮੇਲਾ ਵਿਛੜ ਜਾਂਦਾ ਹੈ। ਗੱਭਰੂ ਪੱਟਾਂ ਤੇ ਮੋਰਨੀਆਂ ਤੇ ਮੱਥਿਆਂ ਤੇ ਚੰਦ ਖੁਣਵਾ ਕੇ ਚਾਵਾਂ ਮੱਤੇ ਦਿਲਾਂ 'ਚ ਨਵੇਂ ਅਰਮਾਨ ਲੈ ਕੇ ਆਪਣੇ ਦਿਲ ਜਾਨੀਆਂ ਲਈ ਨਿਸ਼ਾਨੀਆਂ ਖਰੀਦ ਕੇ ਘਰਾਂ ਨੂੰ ਪਰਤ ਜਾਂਦੇ ਹਨ।
ਇਹ ਸਨ ਪੰਜਾਬ ਦੇ ਕੁਝ ਮਸ਼ਹੂਰ ਮੇਲੇ । ਇਹ ਮੇਲੇ ਪੰਜਾਬੀਆਂ ਲਈ ਮਨੋਰੰਜਨ ਹੀ ਪਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਨੂੰ ਸਦਭਾਵਨਾ ਭਰਪੂਰ ਜੀਵਨ ਜੀਣ ਲਈ ਉਤਸ਼ਾਹਿਤ ਵੀ ਕਰਦੇ ਰਹੇ ਹਨ। ਇਹ ਮੇਲੇ ਪੰਜਾਬੀ ਸਾਂਝੇ ਤੌਰ ਤੇ ਮਨਾਉਂਦੇ ਹਨ ਜਿਸ ਕਰਕੇ ਸਾਂਝਾਂ ਵਧੀਦੀਆਂ ਹਨ ਤੇ ਭਾਈਚਾਰਕ ਏਕਤਾ ਪਕੇਰੀ ਹੁੰਦੀ ਹੈ। ਇਹ ਮੇਲੇ ਏਕਤਾ ਦੇ ਪ੍ਰਤੀਕ ਹਨ।
ਕਿਲਾ ਰਾਏਪੁਰ ਦਾ ਖੇਡ ਮੇਲਾ, ਹਾਸ਼ਾਮ ਸ਼ਾਹ ਦਾ ਜਗਦੇਵ ਕਲਾਂ ਦਾ ਮੇਲਾ, ਮੋਹਨ ਸਿੰਘ ਦਾ ਮੇਲਾ, ਮਾਹਲਪੁਰ ਵਿੱਚ ਲਗਦਾ ਅਮਰ ਸਿੰਘ ਸ਼ੌਂਕੀ ਮੇਲਾ, ਖਟਕੜ ਕਲਾਂ ਵਿਖੇ ਲਗਦਾ ਭਗਤ ਸਿੰਘ ਦਾ ਸ਼ਹੀਦੀ ਮੇਲਾ, ਗ਼ਦਰੀਆਂ ਦੀ ਯਾਦ ਵਿਚ ਲਗਦੇ ਮੇਲੇ ਅਤੇ ਹੋਰ ਅਨੇਕਾਂ ਪਿੰਡਾਂ ਵਿੱਚ ਭਰਦੇ ਖੇਡ ਤੇ ਸੱਭਿਆਚਰਕ ਮੇਲੇ ਭਾਈਚਾਰਕ ਸਾਂਝਾਂ ਦੀਆਂ ਤੰਦਾਂ ਪਕੇਰੀਆਂ ਕਰਨ ਵਿੱਚ ਸਹਾਈ ਹੋ ਰਹੇ ਹਨ। ਸ਼ਾਲਾ! ਇਹ ਮੇਲੇ ਸਦਾ ਲਗਦੇ ਰਹਿਣ।
ਵਿਸਰ ਰਹੀਆਂ ਰਸਮਾਂ
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਲਤ ਵੰਨ-ਸੁਵੰਨੀਆਂ ਰਸਮਾਂ ਪੰਜਾਬੀ ਲੋਕਾਂ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਤਾਂ ਉਹਨਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ, ਅਰਮਾਨਾਂ ਅਤੇ ਜਜ਼ਬਾਤਾਂ ਨੂੰ ਪ੍ਰਗਟਾਉਣ ਵਾਲੀਆਂ ਕੁਲਾਂ ਹਨ। ਇਹ ਉਹ ਸਾਂਝ ਦੀਆਂ ਡੋਰਾਂ ਹਨ ਜਿਨ੍ਹਾਂ ਨਾਲ ਸਮੁੱਚਾ ਭਾਈਚਾਰਾ ਫੁੱਲਾਂ ਦੀ ਲੜੀ ਵਾਂਗ ਪਰੋਤਾ ਹੋਇਆ ਹੈ—ਇਹ ਰਸਮਾਂ ਸਮੁੱਚੇ ਭਾਈਚਾਰੇ ਦੇ ਦੁੱਖਾਂ ਸੁੱਖਾਂ ਨੂੰ ਸਾਂਝੇ ਮੰਚ ਤੇ ਪੇਸ਼ ਕਰਦੀਆਂ ਹਨ। ਕੱਲੇ ਦਾ ਗ਼ਮ ਸਾਰੇ ਭਾਈਚਾਰੇ ਦਾ ਗ਼ਮ ਹੋ ਨਿਬੜਦਾ ਹੈ ਤੇ ਕੱਲੇ ਦੀ ਖੁਸ਼ੀ ਸਮੁੱਚੇ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੜਾ ਦੇਂਦੀ ਹੈ।
ਇਸ ਗੱਲ ਤੋਂ ਇਨਕਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਰਾਤਨ ਰਸਮਾਂ ਦੀ ਪਕੜ ਉਂਨੀ ਪਕੇਰੀ ਨਹੀਂ ਰਹੀ ਜਿੰਨੀ ਪੁਰਾਣੇ ਸਮਿਆਂ ਵਿੱਚ ਸੀ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਲੋਕ ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀਆਂ ਆਈਆਂ ਹਨ। ਵਿੱਦਿਆ ਦੇ ਪਸਾਰ ਕਾਰਨ ਵੀ ਇਹਨਾਂ ਰਿਵਾਜਾਂ ਵਿੱਚ ਢੇਰ ਸਾਰੀ ਤਬਦੀਲੀ ਆ ਗਈ ਹੈ। ਇਹਨਾਂ ਵਿੱਚੋਂ ਕਈ ਰਸਮਾਂ ਤਾਂ ਪੇਂਡੂ ਮੰਚ ਉੱਤੋਂ ਅਲੋਪ ਹੀ ਹੋ ਗਈਆਂ ਹਨ। ਇਹ ਰਸਮਾਂ ਪੰਜਾਬੀਆਂ ਦੇ ਜੰਮਣ ਮਰਨ, ਵਿਆਹ ਸ਼ਾਦੀ, ਤਿੱਥ ਤਿਉਹਾਰ ਅਤੇ ਕੰਮਾਂ ਧੰਦਿਆਂ ਨਾਲ ਸੰਬੰਧ ਰੱਖਦੀਆਂ ਹਨ।
ਜਣੇਪੇ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਹਿਲੇ ਜਣੇਪੇ ਸਮੇਂ ਗਰਭਵਤੀ ਨੂੰ ਤੀਜੇ ਮਹੀਨੇ ਸੁਰਮਾ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਉਸ ਦੇ ਪੱਲੇ ਅਨਾਜ਼ ਬੰਨ੍ਹਿਆਂ ਜਾਂਦਾ ਹੈ ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ ਹੈ : ਜੇਕਰ ਉਹ ਆਪਣੇ ਪੇਕੀਂ ਨਾ ਜਾਵੇ ਤਾਂ ਉਸ ਦੇ ਮਾਪੇ ਉਸ ਨੂੰ ਡੇਢ ਜਾਂ ਢਾਈ ਸੂਟ, ਕੁਝ ਰੁਪਿਆਂ ਸਮੇਤ ਭੇਜਦੇ ਹਨ।
ਪੁਰਾਣੇ ਸਮਿਆਂ ਵਿੱਚ ਜਣੇਪਾ ਘਰ ਦੀ ਹਨੇਰੀ ਕੋਠਰੀ ਵਿੱਚ ਹੋਇਆ ਕਰਦਾ ਸੀ। ਨੌਵੇਂ ਜਾਂ ਸਤਵੇਂ ਦਿਨ ਬੱਚੇ ਦੀ ਮਾਂ ਨੂੰ ਬਾਹਰ ਵਧਾਉਣ ਦੀ ਰਸਮ ਹੁੰਦੀ। ਮੁੰਡਾ ਜੰਮਣ ਤੇ ਖੂਬ ਖ਼ੁਸ਼ੀਆਂ ਮਨਾਈਆਂ ਜਾਂਦੀਆਂ। ਮਰਾਸਣ ਵਧਾਈ ਦਾ ਢੋਲ ਵਜਾਉਂਦੀ। ਪਿੰਡ ਦੇ ਹੋਰ ਲਾਗੀ ਵਧਾਈ ਦੇਣ ਆਉਂਦੇ।
ਸੁਨਿਆਰ, ਚਾਂਦੀ ਦੇ ਪੰਜ ਘੁੰਗਰੂ ਘੜ ਕੇ ਲਿਆਉਂਦਾ ਜਿਹਨਾਂ ਨੂੰ ਦਾਈ ਧਾਗੇ ਵਿੱਚ ਪਰੋ ਕੇ ਮੁੰਡੇ ਦੇ ਤੜਾਗੀ ਪਾਉਂਦੀ। ਝਿਊਰ ਅੰਬਾਂ ਅਤੇ ਸ਼ਰੀਂਹ ਦੇ ਪੱਤਿਆਂ ਦਾ ਬਾਂਦਰ ਬਾਰ ਬਣਾ ਕੇ ਜਣੇਪੇ ਵਾਲੇ ਘਰ ਦੇ ਮੁਖ ਦੁਆਰ ਨਾਲ ਬੰਨ੍ਹਦਾ। ਘਰ ਦੀ ਸੁਆਣੀ ਇਹਨਾਂ ਲਾਗੀਆਂ ਨੂੰ ਸ਼ੱਕਰ, ਗੁੜ, ਦਾਣੇ ਅਤੇ ਇਕ
ਰੁਪਿਆ ਵਧਾਈ ਦਾ ਦੇਂਦੀ। ਇਸੇ ਦਿਨ ਮੁੰਡੇ ਦੇ ਦਾਦਕਿਆਂ-ਨਾਨਕਿਆਂ ਨੂੰ ਨਾਈ ਹਥ ਭੇਲੀ ਭੇਜੀ ਜਾਂਦੀ ਸੀ ਅੱਗੋਂ ਉਹ ਆਪਣੇ ਸ਼ਰੀਕੇ ਵਿੱਚ ਵੰਡ ਦੇਂਦੇ ਸਨ।
ਤੇਰਵੇਂ ਦਿਨ ਚੌਂਕੇ ਚੜ੍ਹਾਉਣ ਦੀ ਰਸਮ ਹੁੰਦੀ ਸੀ। ਇਸ ਦਿਨ ਬ੍ਰਾਹਮਣੀ ਰੋਟੀ ਤਿਆਰ ਕਰਕੇ ਬੱਚੇ ਵਾਲੀ ਨੂੰ ਚੌਂਕੇ ਤੇ ਚਾੜ੍ਹਦੀ। ਕੜਾਹ ਅਤੇ ਪੋਲੀਆਂ ਦੇ ਪਰੋਸੇ ਭਾਈਚਾਰੇ ਵਿੱਚ ਵੰਡੇ ਜਾਂਦੇ ਸਨ।
ਮੁੰਡਾ ਜਦੋਂ ਸਵਾ ਮਹੀਨੇ ਦਾ ਹੋ ਜਾਂਦਾ ਉਦੋਂ ਖੁਆਜੇ ਅਤੇ ਸ਼ਹੀਦੀ ਮੱਥਾ ਟੇਕਿਆ ਜਾਂਦਾ। ਇਸ ਰਸਮ ਤੋਂ ਮਗਰੋਂ ਮੁੰਡੇ ਦੀ ਮਾਂ ਨੂੰ ਬਾਹਰ ਅੰਦਰ ਆਉਣ ਜਾਣ ਦੀ ਆਗਿਆ ਮਿਲ ਜਾਂਦੀ ਸੀ।
ਗੁੜ੍ਹਤੀ ਦੇਣ, ਦੁੱਧੀ-ਧੁਆਈ ਅਤੇ ਮੁੰਡੇ ਦਾ ਨਾਮ ਸੰਸਕਾਰ ਕਰਨ ਦੀਆਂ ਰਸਮਾਂ ਵੀ ਇਸੇ ਲੜੀ ਵਿੱਚ ਆਉਂਦੀਆਂ ਹਨ।
ਅੱਜਕਲ ਲੜਕੀਆਂ ਦੇ ਨੌਕਰੀਆਂ ਕਰਨ ਕਰਕੇ ਅਤੇ ਜਣੇਪੇ ਹਸਪਤਾਲਾਂ ਵਿੱਚ ਹੋਣ ਕਾਰਣ ਜਣੇਪੇ ਦੀਆਂ ਕਈ ਇਕ ਰਸਮਾਂ ਖ਼ਤਮ ਹੋ ਗਈਆਂ ਹਨ।
ਪੰਜਾਬ ਦੇ ਪਿੰਡਾਂ ਦੀਆਂ ਵਿਆਹ ਦੀਆਂ ਰਸਮਾਂ ਤਾਂ ਕਾਫੀ ਦਿਲਚਸਪ ਹਨ। ਪੁਰਾਣੇ ਸਮਿਆਂ ਵਿੱਚ ਨਾਈ ਬਰਾਹਮਣ ਹੀ ਮੁੰਡਾ ਕੁੜੀ ਦੇਖ ਕੇ ਨਾਤਾ ਜੋੜ ਦੇਂਦੇ ਸਨ ਪਰੰਤੂ ਇਹ ਕੰਮ ਹੁਣ ਵਿਚੋਲੇ ਰਾਹੀਂ ਕੀਤਾ ਜਾਂਦਾ ਹੈ। ਵਰ ਲੱਭਣ ਤੇ ਮੰਗਣੀ ਦੀ ਰਸਮ ਕੀਤੀ ਜਾਂਦੀ। ਕੁੜੀ ਵਾਲੇ ਨਾਈ ਹੱਥ ਖੰਮਣੀ, ਚਾਂਦੀ ਦਾ ਰੁਪਿਆ, ਮਿਸਰੀ ਦੇ ਪੰਜ ਕੂਜੇ, ਪੰਜ ਛੁਹਾਰੇ ਅਤੇ ਕੇਸਰ ਆਦਿ ਦੇ ਕੇ ਮੁੰਡੇ ਵਾਲੇ ਦੇ ਘਰ ਭੇਜਦੇ। ਇਸ ਦਿਨ ਮੁੰਡੇ ਵਾਲੇ ਆਪਣਾ ਸ਼ਰੀਕਾ ਇਕੱਠਾ ਕਰਦੇ। ਮੁੰਡੇ ਨੂੰ ਚੌਂਕੀ ਤੇ ਬਹਾ ਕੇ ਨਾਈਂ ਉਸ ਦੇ ਪੱਲੇ ਵਿੱਚ ਸਾਰਾ ਨਿਕ-ਸੁਕ ਪਾ ਕੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾਉਂਦਾ। ਇਸ ਪਿੱਛੋਂ ਕੁੜੀ ਦਾ ਬਾਪ ਜਾਂ ਵਿਚੋਲਾ ਮੁੰਡੇ ਦੇ ਪੱਲੇ ਵਿੱਚੋਂ ਮਿਸਰੀ ਅਤੇ ਛੁਹਾਰਾ ਚੁੱਕ ਕੇ ਮੁੰਡੇ ਦੇ ਮੂੰਹ ਨੂੰ ਲਾਉਂਦਾ। ਸੁਆਣੀਆਂ ਇਸ ਸਮੇਂ ਘੋੜੀਆਂ ਗਾਉਂਦੀਆਂ ਸਨ। ਔਰਤਾਂ ਇਕ ਇਕ ਰੁਪੇ ਨਾਲ ਵਾਰਨੇ ਕਰਦੀਆਂ। ਇਸ ਤੋਂ ਮਗਰੋਂ ਭਾਈਚਾਰੇ ਵਿੱਚ ਸ਼ੱਕਰ ਵੰਡੀ ਜਾਂਦੀ।
ਮੁੰਡੇ ਵਾਲੇ ਮੰਗੇਤਰ ਕੁੜੀ ਲਈ ਗਹਿਣੇ, ਸੂਟ, ਜੁੱਤੀ, ਲਾਲ ਪਰਾਂਦੀ, ਮਹਿੰਦੀ ਮੌਲੀ, ਚਾਉਲ ਛੁਹਾਰੇ, ਨਾਈ ਹੱਥ ਭੇਜਦੇ ਹਨ।
ਵਿਆਹ ਲਈ ਬਰਾਹਮਣਾਂ ਪਾਸੋਂ ਵਿਆਹ ਦਾ ਦਿਨ ਕਢਵਾਇਆ ਜਾਂਦਾ ਸੀ। ਇਸ ਰਸਮ ਨੂੰ ਸਾਹਾ ਕਢਾਉਣਾ ਆਖਦੇ ਹਨ। ਪੰਡਤ ਸ਼ੁਭ ਲਗਨ ਦੀ ਘੜੀ ਆਪਣੀ ਪੱਤਰੀ ਫੋਲ ਕੇ ਦੱਸਦਾ:-
ਪੰਦਰਾਂ ਬਰਸ ਦੀ ਹੋ ਗਈ ਜੈ ਕੁਰ
ਸਾਲ ਸੋਲ੍ਹਵਾਂ ਚੜ੍ਹਿਆ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਪਿਓ ਉਹਦੇ ਨੇ ਅੱਖ ਪਛਾਣੀ
ਘਰ ਪੰਡਤਾਂ ਦੇ ਬੜਿਆ
ਪੰਡਤ ਪੰਡਤੋ ਖੋਹਲੇ ਪੱਤਰੀ
ਦਾਨ ਦੇਊ ਜੋ ਸਰਿਆ
ਅਗਲੀ ਪੁੰਨਿਆ ਦਾ
ਵਿਆਹ ਜੈ ਕੁਰ ਦਾ ਧਰਿਆ
ਸ਼ੁਭ ਦਿਨ ਕਢਵਾ ਕੇ ਕੁੜੀ ਵਾਲੇ ਮੁੰਡੇ ਵਾਲਿਆਂ ਵਲ ਸਾਹੇ ਦੀ ਚਿੱਠੀ ਭੇਜਦੇ। ਇਹ ਚਿੱਠੀ ਨਾਈ ਹੱਥ ਭੇਜੀ ਜਾਂਦੀ ਸੀ। ਇਸ ਤੋਂ ਮਗਰੋਂ ਦੋਨੋਂ ਧਿਰਾਂ ਆਪਣੇ ਅੰਗਾਂ ਸਾਕਾਂ ਨੂੰ ਨਾਈ ਹੱਥ ਵਿਆਹ ਦੇ ਸੁਨੇਹੇ ਭੇਜਦੀਆਂ। ਇਸ ਰਸਮ ਨੂੰ ਗੱਠਾਂ ਅਥਵਾ ਗੰਢਾਂ ਦੇਣੀਆਂ ਸਦਿਆ ਜਾਂਦਾ ਹੈ।
ਜੰਝ ਚੜ੍ਹਨ ਤੋਂ ਇਕ ਦੋ ਦਿਨ ਪਹਿਲਾਂ ਅੰਗ-ਸਾਕ ਆਉਣੇ ਸ਼ੁਰੂ ਹੋ ਜਾਂਦੇ। ਇਸ ਅਵਸਰ ਤੇ ਨਾਨਕਿਆਂ ਦੇ ਮੇਲ ਦੀ ਮੁਖ ਤੌਰ ਤੇ ਉਡੀਕ ਕੀਤੀ ਜਾਂਦੀ ਸੀ। ਨਾਨਕਾਮੇਲ ਪਿੰਡ ਬਾਹਰ ਆ ਕੇ ਬੈਠ ਜਾਂਦਾ, ਸੁਨੇਹਾ ਮਿਲਣ ਤੇ ਸ਼ਰੀਕੇ ਦੀਆਂ ਔਰਤਾਂ ਕੱਠੀਆਂ ਹੋ ਕੇ ਉਹਨਾਂ ਨੂੰ ਲੈਣ ਜਾਂਦੀਆਂ। ਇਸ ਅਵਸਰ ਤੇ ਦੋਨੋਂ ਧਿਰਾਂ ਇਕ ਦੂਜੀ ਨੂੰ ਸਿੱਠਣੀਆਂ ਦੇਂਦੀਆਂ-
ਹੁਣ ਕਿਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ, ਜੰਮੇ ਸੀ ਡੱਡੂ
ਹੁਣ ਡੱਡੂ ਨਲ੍ਹਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ, ਜੰਮੇ ਸੀ ਜੋੜੇ
ਹੁਣ ਜੌੜੇ ਘਲਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ, ਜੰਮੀਆਂ ਸੀ ਕੱਟੀਆਂ
ਹੁਣ ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਇਸੇ ਦਿਨ ਨਾਈ-ਧੋਈ ਅਤੇ ਸ਼ਾਂਤ ਦੀ ਰਸਮ ਹੁੰਦੀ ਸੀ। ਕੁੜੀ-ਮੁੰਡੇ ਦੇ ਨਹਾਉਣ ਮਗਰੋਂ ਮਾਮਾ ਉਹਨਾਂ ਨੂੰ ਗੋਦੀ ਚੁੱਕ ਕੇ ਚੌਂਕੀ ਤੋਂ ਥੱਲੇ ਲਾਹੁੰਦਾ। ਉਹ ਚੋਂਕੀ ਕਲ ਪਈਆ ਠੂਠੀਆਂ ਅੱਡੀ ਮਾਰ ਕੇ ਭੰਨਦਾ। ਨਾਇਣ ਮੁੰਡੇ-ਕੁੜੀ ਦੇ ਲਾਹੇ ਕਪੜੇ ਲੈ ਲੈਂਦੀ ਤੇ ਘੁਮਾਰੀ ਨੂੰ ਮਾਮਾ ਇਕ ਰੁਪਿਆ ਲਾਗ ਦਾ ਦੇਂਦਾ। ਇਸ ਤੋਂ ਮਗਰੋਂ ਮਾਮਾ ਤਿਲੜੀ ਰੱਸੀ ਨਾਲ ਠੂਠੀਆਂ ਬੰਨ੍ਹ ਕੇ ਛੱਤ ਦੀਆਂ ਕੜੀਆਂ ਨਾਲ ਲਮਕਾ ਦੇਂਦਾ। ਇਸ ਸਮੇਂ ਪੰਡਤ ਨੂੰ ਸਵਾ ਰੁਪਿਆ ਗਊ ਪੁੰਨ ਕਰਾਈ ਦਾ ਦਿੱਤਾ ਜਾਂਦਾ। ਇਸ ਰਸਮ ਨੂੰ ਸ਼ਾਂਤ ਕਰਵਾਉਣਾ ਆਖਦੇ ਹਨ। ਇਸ ਰਸਮ ਸਮੇਂ ਮਾਮੇ ਦਾ ਹਾਜ਼ਰ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ ਕੁੜੀਆਂ ਗਾਂਦੀਆਂ ਸਨ :-
ਫੁੱਲਾਂ ਭਰੀ ਚੰਗੇਰ, ਇਕ ਫੁੱਲ ਤੋਰੀ ਦਾ
ਏਸ ਵੇਲੇ ਜ਼ਰੂਰ ਮਾਮੇ ਲੋੜੀਦਾ
ਜੰਞ ਚੜ੍ਹਨ ਤੋਂ ਇਕ ਦਿਨ ਪਹਿਲਾਂ ਭਾਈ-ਚਾਰੇ ਨੂੰ ਕਾਂਜੀ, ਪਕੌੜਿਆਂ ਅਤੇ ਪੋਲੀਆਂ ਦੀ ਰੋਟੀ ਕੀਤੀ ਜਾਂਦੀ। ਇਸ ਦਿਨ ਸ਼ਰੀਕਾ ਅਤੇ ਅੰਗ-ਸਾਕ ਨਿਉਂਦਾ ਪਾਉਂਦੇ ਸਨ। ਕੁੜੀ ਵਾਲਿਆਂ ਦੇ ਘਰ ਨਿਉਂਦਾ ਪਾਉਣ ਦੀ ਰਸਮ ਜੰਞ ਵਿਦਾ ਹੋਣ ਮਗਰੋਂ ਕੀਤੀ ਜਾਂਦੀ ਸੀ।
ਨਿਉਂਦੇ ਦਾ ਹਿਸਾਬ ਪੁਰਾਣੀ ਵਹੀ ਉੱਤੇ ਰੱਖਿਆ ਜਾਂਦਾ। ਸਾਰੇ ਵਾਧੇ ਵਿੱਚ ਗਿਆਰਾਂ ਤੋਂ ਇੱਕੀ ਰੁਪਈਏ ਤੱਕ ਪਾਉਂਦੇ।
ਜੰਝ ਚੜ੍ਹਨ ਸਮੇਂ ਭੈਣਾਂ ਲਾੜੇ ਦੇ ਸਿਹਰੇ ਬੰਨ੍ਹਦੀਆਂ ਅਤੇ ਵਾਲ ਝਲਦੀਆਂ ਹੋਈਆਂ ਘੋੜੀਆਂ ਗਾਉਂਦੀਆਂ ਸਨ । ਭਾਬੀਆਂ ਸੁਰਮਾ ਪਾਉਣ ਦੀ ਰਸਮ ਕਰਦੀਆਂ-
ਪਹਿਲੀ ਸਿਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਿਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ
ਕੁੜੀ ਵਾਲੇ ਪਿੰਡੋਂ ਬਾਹਰ ਆਈ ਜੰਝ ਦਾ ਸੁਆਗਤ ਕਰਦੇ ਸਨ। ਜਾਂਞੀ ਰੁਪੇ ਪੈਸਿਆਂ ਨਾਲ ਢੁਕਾ ਕਰਦੇ। ਡੇਰੇ ਜਾ ਕੇ ਪਹਿਲਾਂ ਕੁੜਮਾਂ ਦੀ ਮਿਲਣੀ ਕਰਵਾਈ ਜਾਂਦੀ ਸੀ ਮਗਰੋਂ ਕੁੜੀ ਮੁੰਡੇ ਦੇ ਮਾਮੇ ਆਪਸ ਵਿੱਚ ਜੱਫੀਆਂ ਪਾ ਕੇ ਮਿਲਣੀ ਕਰਦੇ ਸਨ।
ਰਾਤ ਦੀ ਰੋਟੀ ਤੇ ਲਾੜੇ ਦਾ ਬਾਪ ਵਿਆਹੁਲੀ ਕੁੜੀ ਲਈ ਪੱਤਲ ਭੇਜਦਾ ਸੀ। ਗੱਭਲੀ ਰੋਟੀ ਤੇ ਕੁੜੀਆਂ ਹੋਰੇ ਲਾ ਕੇ ਜੰਨ ਬੰਨ੍ਹਦੀਆਂ ਸਨ। ਬੰਨ੍ਹੀ ਜੰਨ੍ਹ ਨੂੰ ਬਰਾਤੀਆਂ ਵਿੱਚੋਂ ਕੋਈ ਜਣਾ ਕਬਿੱਤ ਪੜ੍ਹ ਕੇ ਛੁਡਾਉਂਦਾ-
ਛੁਟੇ ਪ੍ਰਸਾਦ ਅਤੇ ਥਾਲ ਥਾਲੀਆਂ
ਬੰਨ੍ਹ ਦੇਵਾਂ ਨਾਰਾਂ ਗੋਰੀਆਂ ਤੇ ਕਾਲੀਆਂ
ਛੁੱਟ ਗਏ ਲੱਡੂ ਮਠਿਆਈ ਕੁਲ ਨੀ
ਬੰਨ੍ਹਾਂ ਤੇਰਾ ਰੂਪ ਜੋ ਪਰੀ ਦੇ ਤੁਲ ਨੀ
ਸੁਣ ਲੈ ਤੂੰ ਗੋਰੀਏ ਲਗਾ ਕੇ ਕੰਨ ਨੀ
ਛੁੱਟ ਗਈ ਜੰਞ ਤੈਨੂੰ ਦੇਵਾਂ ਬੰਨ੍ਹ ਨੀ
ਆਲੂ ਤੇ ਕਚਾਲੂ ਛੁੱਟੇ ਕਲਾਕੰਦ ਨੀ
ਬੰਨ੍ਹ ਦਿੱਤੇ ਮੇਲਣਾਂ ਦੇ ਪਰੀਬੰਦ ਨੀ
ਲਾਵਾਂ ਮਗਰੋਂ ਲਾੜੇ ਨਾਲ ਸੰਬੰਧਿਤ ਸਹੁਰਿਆਂ ਦੇ ਘਰ ਕਈ ਰਸਮਾਂ ਕੀਤੀਆਂ ਜਾਂਦੀਆਂ ਸਨ। ਸਾਲੀਆਂ ਦੇ ਮਖੌਲ, ਚੂੰਢੀਆਂ ਅਤੇ ਛੇੜ-ਛਾੜ ਮਾਹੌਲ ਵਿੱਚ ਅੱਲ੍ਹੜਪਣੇ ਦਾ ਰੰਗ ਭਰ ਦੇਂਦੇ ਸਨ। ਛੰਦ ਸੁਣਨ ਦੀ ਰਸਮ ਚੰਗੇ ਭਲਿਆਂ ਦੇ ਹੋਸ਼ ਗਵਾ ਦੇਂਦੀ।
ਤੀਜੇ ਦਿਨ ਖਟ ਦੀ ਰਸਮ ਹੁੰਦੀ ਸੀ। ਮੁੰਡੇ ਵਾਲ਼ੇ ਵਰੀ ਦਾ ਟਰੰਕ ਕੁੜੀ ਵਾਲਿਆਂ ਦੇ ਘਰ ਵਖਾਵੇ ਲਈ ਭੇਜਦੇ ਤੇ ਕੁੜੀ ਵਾਲੇ ਜਾਂਞੀਆਂ ਨੂੰ ਕੁੜੀ ਨੂੰ ਦਿੱਤਾ ਦਾਜ ਵਿਖਾਉਂਦੇ।
ਮੁੰਡੇ ਦੀ ਜੰਞ ਚੜ੍ਹਨ ਤੋਂ ਮਗਰੋਂ ਨਾਨਕਾ ਮੇਲ ਖੂਬ ਧਮਾਲਾਂ ਪਾਉਂਦਾ। ਰਾਤ ਸਮੇਂ ਮੁੰਡੇ ਦੀ ਮਾਂ ਸ਼ਰੀਕੇ ਨੂੰ ਸਦ ਕੇ ਕੱਚੀ ਲੱਸੀ ਪੈਰ ਪਾਉਣ ਦੀ ਰਸਮ ਕਰਵਾਉਂਦੀ। ਇਸ ਮਗਰੋਂ ਛੱਜ ਕੁੱਟਿਆ ਜਾਂਦਾ ਸੀ। ਫਹਾ ਮੱਚ ਉਠਦਾ। ਨਾਨਕੀਆਂ ਕਿਧਰੇ ਬੰਬੀਹਾ ਬਲਾਉਂਦੀਆਂ ਤੇ ਕਿਧਰੇ ਜਾਗੋ ਕੱਢੀਆਂ। ਦੂਜੇ ਦਿਨ ਦੁਪਹਿਰ ਤੋਂ ਮਗਰੋਂ ਮੁੰਡੇ ਦੇ ਘਰ ਫਹਾ ਪੈਂਦਾ ਜਿਸ ਵਿੱਚ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ।
ਵਿਆਹੁਲੀ ਦੇ ਘਰ ਪੁੱਜਣ ਤੇ ਲਾੜੇ ਦੀ ਮਾਂ ਜੋੜੀ ਉੱਤੋਂ ਪਾਣੀ ਵਾਰ ਕੇ ਪੀਂਦੀ ਸੀ, ਭੈਣਾਂ ਦਰ ਰੋਕਦੀਆਂ ਸਨ। ਮੂੰਹ ਵਖਾਈ ਪਿੱਛੋਂ ਗੋਤ-ਕਨਾਲਾ ਕੀਤਾ ਜਾਂਦਾ ਸੀ ਸ਼ਰੀਕੇ ਦੀਆਂ ਔਰਤਾਂ ਅਤੇ ਨਵੀਂ ਬਹੂ ਦੀਆਂ ਦਰਾਣੀਆਂ-ਜਠਾਣੀਆਂ ਰਲ ਕੇ ਇੱਕੋ ਥਾਲੀ ਵਿੱਚ ਭੋਜਨ ਛੱਕਦੀਆਂ ਸਨ।
ਅਗਲੀ ਸਵੇਰ ਲਾੜਾ ਲਾੜੀ ਆਪਣੇ ਜਠੇਰਿਆਂ ਨੂੰ ਮੱਥਾ ਟੇਕਣ ਜਾਂਦੇ ਸਨ ਤੇ ਛਟੀਆਂ ਖੋਲਦੇ ਸਨ। ਉਹ ਇਕ ਦੂਜੇ ਤੇ ਸਤ-ਸਭ ਛਟੀਆਂ ਮਾਰਦੇ। ਘਰ ਆ ਕੇ ਕੰਗਣਾ ਖੋਲ੍ਹਣ ਅਤੇ ਗਾਨਾ ਖੋਹਲਣ ਦੀ ਖੇਡ ਵੀ ਖੇਡੀ ਜਾਂਦੀ।
ਤੀਜੇ ਦਿਨ ਨਵੀਂ ਬਹੂ ਦਾ ਦਾਜ ਸ਼ਰੀਕੇ ਦੀਆਂ ਤੀਵੀਆਂ ਨੂੰ ਵਖਾਇਆ ਜਾਂਦਾ। ਇਸ ਰਸਮ ਨੂੰ ਵਖਾਵਾ ਆਖਦੇ ਹਨ। ਇਸ ਦਿਨ ਬਹੂ ਦੀ ਛੋਟੀ ਨਣਦ ਉਸ ਦੀ ਪੇਟੀ ਖੋਹਲਦੀ ਅਤੇ ਪੇਟੀ ਖੁਲਾਈ ਦਾ ਮਨ ਭਾਉਂਦਾ ਸੂਟ ਲੈਂਦੀ।
ਪਹਿਲੇ ਸਮਿਆਂ ਵਿੱਚ ਵਿਆਹ ਤੋਂ ਤਿੰਨ ਚਾਰ ਸਾਲਾਂ ਮਗਰੋਂ ਮੁਕਲਾਵਾ ਤੋਰਿਆ ਜਾਂਦਾ ਸੀ। ਹੁਣ ਮੁਕਲਾਵਾ ਨਾਲ ਹੀ ਆ ਜਾਂਦਾ ਹੈ।
ਹੁਣ ਵਿਆਹ ਦੀਆਂ ਬਹੁਤ ਸਾਰੀਆਂ ਰਸਮਾਂ ਖ਼ਤਮ ਹੋ ਗਈਆਂ ਹਨ। ਅਜ ਕਲ੍ਹ ਬਰਾਤ ਤਿੰਨ ਦਿਨਾਂ ਦੀ ਥਾਂ ਇਕੋ ਦਿਨ ਰੱਖੀ ਜਾਂਦੀ ਹੈ। ਪਰੇਮ ਵਿਆਹ ਦੀ ਸੂਰਤ ਵਿੱਚ ਮੁੰਡਾ ਕੁੜੀ ਸਿੱਧੇ ਕਚਹਿਰੀ ਜਾ ਕੇ ਆਪਣਾ ਕਾਜ ਰਚਾ ਲੈਂਦੇ ਹਨ।
ਮੈਰਜ ਪੈਲੇਸਾਂ ਵਿੱਚ ਹੁੰਦੇ ਵਿਆਹਾਂ ਨੇ ਤਾਂ ਵਿਆਹ ਦੀਆਂ ਰਸਮਾਂ ਦਾ ਮਲੀਆਮੇਟ ਹੀ ਕਰਕੇ ਰੱਖ ਦਿੱਤਾ ਹੈ।
ਮੁਟਿਆਰ ਦੇ ਗਭਰੂ ਪਤੀ ਮਰਨ ਤੇ ਛੋਟੇ ਦਿਓਰਾਂ ਉੱਤੇ ਚਾਦਰ ਪਾਉਣ ਦੀ ਰਸਮ ਵੀ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੱਕ ਪ੍ਰਚੱਲਤ ਰਹੀ ਹੈ।
ਗ਼ਮੀ ਖ਼ੁਸ਼ੀ ਜੀਵਨ ਦੇ ਅਨਿਖੜਵੇਂ ਅੰਗ ਹਨ। ਮਰਨ ਸਮੇਂ ਵੀ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਿੰਡ ਭਰਾਉਣੇ, ਕਪਾਲ ਕਿਰਿਆ, ਫੁੱਲ ਚੁਗਣੇ, ਕੜਮੱਤਾਂ ਅਤੇ ਹੰਗਾਮੇ ਦੀ ਰਸਮ ਆਮ ਪ੍ਰਚਲਤ ਹੈ। ਸਿਆਪਾ, ਮਰਨੇ ਦੀ ਇਕ ਵਿਸ਼ੇਸ਼ ਰਸਮ ਹੈ। ਮਰਗ ਵਾਲੇ ਘਰ ਫੂਹੜੀ ਵਿਛ ਜਾਂਦੀ ਹੈ। ਅੰਗਾਂ ਸਾਕਾਂ ਤੋਂ ਮਕਾਣਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਵੈਣ ਪਾਉਂਦੀਆਂ ਹਨ। ਮਰਾਸਣ, ਸਿਆਪੇ ਦੀ ਅਗਵਾਈ ਕਰਦੀ ਹੈ। ਕੀਰਨੇ ਦੀ ਆਖਰੀ ਤੁਕ ਨੂੰ ਚੁੱਕ ਕੇ
ਸਾਰੀਆਂ ਇਕ ਤਾਲ ਨਾਲ ਗੱਲ੍ਹਾਂ, ਛਾਤੀਆਂ ਅਤੇ ਪੱਟਾਂ ਨੂੰ ਪਿਟਦੀਆਂ ਹਨ। ਮਜਾਲ ਕੋਈ ਤਾਲੋਂ ਖੁੰਝ ਜਾਵੇ। ਕੀਰਨੇ ਸੁਣ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ।
ਮਰਾਸਣਾਂ ਦੀ ਘਾਟ ਕਾਰਨ ਸਿਆਪੇ ਦੀ ਰਸਮ ਮੱਠੀ ਪੈਂਦੀ ਜਾ ਰਹੀ ਹੈ। ਉਪਰੋਕਤ ਰਸਮਾਂ ਤੋਂ ਬਿਨਾਂ ਤਿਥ ਤਿਉਹਾਰਾਂ, ਨਵਾਂ ਖੂਹ ਉਸਾਰਨ, ਨਵਾਂ ਘਰ ਬਣਾਉਣ, ਪਸ਼ੂ ਖਰੀਦਣ, ਕਮਾਦ ਬੀਜਣ ਅਤੇ ਕਪਾਹ ਚੁੱਗਣ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ।
ਵਿਦਿਆ ਦੀ ਪ੍ਰਗਤੀ ਅਤੇ ਪੇਂਡੂ ਅਰਥਚਾਰੇ ਵਿੱਚ ਤੱਬਦੀਲੀ ਆਉਣ ਦੇ ਕਾਰਨ ਇਹ ਰਸਮਾਂ ਵਿਸਰ ਰਹੀਆਂ ਹਨ। ਇਹ ਪੇਂਡੂ ਰਸਮਾਂ ਸਾਡੇ ਸਭਿਆਚਾਰ ਦਾ ਮਹਾਨ ਵਿਰਸਾ ਹਨ। ਇਸ ਲਈ ਇਹਨਾਂ ਨੂੰ ਕਾਨੀ ਬਧ ਕਰਕੇ ਸਾਂਭਣ ਦੀ ਅਤਿ ਲੋੜ ਹੈ।
ਵਿਸਰ ਰਹੇ ਸ਼ੌਕ
ਪੰਜਾਬ ਦੇ ਲੋਕ ਜੀਵਨ ਉੱਤੇ ਅਜੋਕੀ ਮਸ਼ੀਨੀ ਸੱਭਿਅਤਾ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ ਜਿਸ ਦੇ ਫਲਸਰੂਪ ਪੰਜਾਬ ਦਾ ਲੋਕ ਜੀਵਨ ਬਹੁਤ ਬਦਲ ਗਿਆ ਹੈ। ਸਾਡੀ ਰਹਿਣੀ ਬਹਿਣੀ, ਖਾਣ ਪੀਣ ਅਤੇ ਮਨੋਰੰਜਨ ਦੇ ਸਾਧਨਾਂ ਵਿੱਚ ਢੇਰ ਸਾਰੇ ਪਰਿਵਰਤਨ ਹੋਏ ਹਨ। ਪੁਰਾਣੇ ਚੇਟਕ ਅਤੇ ਬੌਕ ਜੋ ਪੰਜਾਬੀਆਂ ਦੇ ਜੀਵਨ ਵਿੱਚ ਨਿਤ ਨਵਾਂ ਰੰਗ ਭਰਦੇ ਸਨ, ਕਿਧਰੇ ਖੰਭ ਲਾ ਕੇ ਉਡ ਗਏ ਹਨ। ਅੱਜ ਕਿਧਰੇ ਵੀ ਤੁਹਾਨੂੰ ਪੁਰਾਣਾ ਪੰਜਾਬ ਨਜ਼ਰੀਂ ਨਹੀਂ ਆ ਰਿਹਾ।
ਤੁਸੀਂ ਕਿਸੇ ਵੀ ਪੇਂਡੂ ਬਜ਼ੁਰਗ ਨਾਲ ਉਸ ਦੀ ਜਵਾਨੀ ਦੇ ਸਮਿਆਂ ਦੀ ਗਲ ਤਰੋ ਸਮਝੋ ਤੁਸੀਂ ਉਸ ਦੀ ਦੁਖਦੀ ਰਗ ਉੱਤੇ ਉਂਗਲ ਧਰ ਦਿੱਤੀ ਹੈ। ਉਹ ਹਉਕਾ ਭਰਦਾ ਹੋਇਆ ਆਪਣੀ ਜਵਾਨੀ ਦੀ ਗਲ ਛੇੜ ਲਵੇਗਾ। ਉਹ ਆਪਣੇ ਪਿੰਡ ਦੇ ਕਬੂਤਰ ਬਾਜ਼ਾਂ, ਬਟੇਰ ਬਾਜ਼ਾਂ ਅਤੇ ਕੁੱਤਿਆਂ ਤੇ ਸ਼ਿਕਾਰੀਆਂ ਦੇ ਕਿੱਸੇ ਬੜੀਆਂ ਲਟਕਾਂ ਨਾਲ ਸੁਣਾਏਗਾ। ਕਬੂਤਰ ਬਾਜ਼ਾਂ ਦੇ ਸ਼ੌਕ ਬੜੇ ਨਿਆਰੇ ਸਨ। ਉਹਨਾਂ ਨੇ ਆਪਣਾ ਸਭ ਕੁਝ ਕਬੂਤਰਾਂ ਦੇ ਲੇਖੇ ਲਾ ਦੇਣਾ। ਦੂਰੋਂ-ਦੂਰੋਂ ਆਏ ਕਬੂਤਰ ਬਾਜ਼ਾਂ ਨੇ ਆਪਣੇ ਚੀਨੇ ਕਬੂਤਰ ਉਡਾਉਣੇ, ਸ਼ਰਤਾਂ ਲੱਗਣੀਆਂ। ਕੁੱਕੜਾਂ ਤੇ ਬਟੇਰਿਆਂ ਨੂੰ ਗਿਰੀਆਂ ਛੁਹਾਰੇ ਚਾਰਨੇ। ਕੁੱਕੜਾਂ ਦੀਆਂ ਲੜਾਈਆਂ ਕਰਵਾਉਣੀਆਂ। ਸ਼ੌਕ ਦੀ ਹੱਦ ਵੇਮੋ ਅਗਲੇ ਸੈਂਡ ਬਾਜੇ ਨਾਲ ਆਪਣੇ-ਆਪਣੇ ਕੁੱਕੜ ਨੂੰ ਅਖਾੜੇ ਵਿੱਚ ਲੈ ਕੇ ਜਾਂਦੇ ਸਨ। ਕਈ-ਕਈ ਘੰਟੇ ਕੁੱਕੜਾਂ ਨੇ ਲੜਨਾ ਤੇ ਲਹੂ ਲੁਹਾਣ ਹੋ ਜਾਣਾ। ਬਟੇਰ ਬਾਜ਼ ਵੀ ਆਪਣੇ ਬਟੇਰਿਆਂ ਦੇ ਜੌਹਰ ਇਸੇ ਪ੍ਰਕਾਰ ਵਖਾਉਂਦੇ ਸਨ । ਸੈਂਕੜਿਆਂ ਦੀ ਗਿਣਤੀ ਵਿੱਚ ਪੇਂਡੂ ਦਰਸ਼ਕ ਕੁੱਕੜਾਂ ਅਤੇ ਬਟੇਰਿਆਂ ਦੀ ਲੜਾਈ ਦਾ ਆਨੰਦ ਮਾਣਦੇ ਰਹਿੰਦੇ ਸਨ। ਕਈਆਂ ਨੂੰ ਭੇਡੂ ਪਾਲਣ ਦਾ ਸ਼ੌਕ ਸੀ । ਉਹ ਆਪਣੇ ਭੇਡੂਆਂ ਨੂੰ ਸ਼ਿੰਗਾਰ ਕੇ ਅਖਾੜੇ ਵਿੱਚ ਲੈ ਕੇ ਜਾਂਦੇ ਸਨ। ਭੇਡੂਆਂ ਨੇ ਟੱਕਰਾਂ ਮਾਰ-ਮਾਰ ਲਹੂ ਲੁਹਾਣ ਹੋ ਜਾਣਾ, ਉਦੋਂ ਤੱਕ ਲੜੀ ਜਾਣਾ ਜਦੋਂ ਤੱਕ ਦੂਜੇ ਭੇਡੂ ਨੇ ਮੈਦਾਨ ਛੱਡਕੇ ਨੱਸ ਨਾ ਜਾਣਾ। ਕਈ ਕਈ ਘੰਟੇ ਭੇਡੂਆਂ ਦੇ ਭੇੜ ਹੋਈ ਜਾਣੇ। ਪੱਛਮੀ ਪੰਜਾਬ ਵਿੱਚ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਂਦੀਆਂ ਸਨ। ਬੁਲੀ ਕੁੱਤੇ (ਬੁਲਡਾਗ) ਇਸ ਕੰਮ ਲਈ ਪਾਲੇ ਜਾਂਦੇ ਸਨ। ਇਹਨਾਂ ਸ਼ੌਕਾਂ ਪਿੱਛੇ ਬਟੇਰ ਬਾਜ਼ਾਂ, ਕਬੂਤਰ ਬਾਜ਼ਾਂ ਅਤੇ ਕੁੱਤਿਆਂ ਦੇ ਸ਼ਿਕਾਰੀਆਂ ਨੇ ਆਪਣੇ ਕਾਰੋਬਾਰ ਤਬਾਹ ਕਰ ਲੈਣੇ। ਸ਼ਰਤਾਂ ਵਿੱਚ ਹਾਰ ਹਾਰ ਆਪਣੀਆਂ ਜ਼ਮੀਨਾਂ ਗਹਿਣੇ ਧਰ ਦੇਣੀਆਂ। ਇਹ ਸ਼ੌਕ ਤਾਂ ਹੁਣ ਵਿਸਰ ਹੀ ਗਏ ਹਨ। ਹੁਣ ਨਾ ਕਿਧਰੇ ਕਬੂਤਰਾਂ ਦੀਆਂ ਛੱਤਰੀਆਂ ਨਜ਼ਰ ਆਉਂਦੀਆਂ ਹਨ ਅਤੇ ਨਾ ਹੀ ਕੁੱਕੜਾਂ ਅਤੇ ਬਟੇਰਿਆਂ ਦੇ ਦੰਗਲ ਲੱਗਦੇ ਹਨ। ਨਾਲੇ ਲੋਕਾਂ ਕੋਲ ਐਨਾ ਵਿਹਲ ਕਿੱਥੇ ਹੈ ਕਿ ਉਹ ਕਈ-ਕਈ ਘੰਟੇ ਇਹਨਾਂ
ਦੇ ਭੇੜ ਵੇਖੀ ਜਾਣ।
ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚ ਸ਼ਿਕਾਰੀ ਜ਼ਰੂਰ ਹੋਇਆ ਕਰਦੇ ਸਨ ਜਿਨ੍ਹਾਂ ਦਾ ਸ਼ੌਕ ਕੁੱਤਿਆਂ ਨਾਲ ਸ਼ਿਕਾਰ ਖੇਡਣਾ ਹੁੰਦਾ ਸੀ। ਉਹਨਾਂ ਨੇ ਰੋਹੀਆਂ ਵਿੱਚ ਸਾਰਾ ਦਿਨ ਤੁਓ-ਤੁਓ ਕਰਦੇ ਫਿਰਨਾ ਤੇ ਕਈ ਵਾਰ ਆਪਣੇ ਨਿਰਾਸ ਹੋ ਕੇ ਖਾਲੀ ਹੱਥੀਂ ਘਰ ਪਰਤ ਆਉਣਾ। ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਖੂਬ ਸੇਵਾ ਸੰਭਾਲ ਕਰਦੇ ਸਨ-ਆਪ ਭਾਵੇਂ ਭੁੱਖੇ ਰਹਿਣ ਪਰ ਸ਼ਿਕਾਰੀ ਕੁੱਤਿਆਂ ਨੂੰ ਅਜਾ ਨਹੀਂ ਸੀ ਲੱਗਣ ਦੇਂਦੇ। ਇਹਨਾਂ ਸ਼ਿਕਾਰੀਆਂ ਦੀ ਦੇਖਾ ਦੇਖੀ ਪਿੰਡ ਦੇ ਜੁਆਕਾਂ ਨੇ ਆਮ ਕੁੱਤਿਆਂ ਦੇ ਗਲਾਂ ਵਿੱਚ ਰੱਸੀਆਂ ਪਾਕੇ ਸ਼ਿਕਾਰ ਤੇ ਚੜ੍ਹਨਾ ਤੇ ਲੋਕਾਂ ਦੇ ਬਰਸੀਮ ਤੇ ਚਾਰੇ ਮਿੱਧਦੇ ਫਿਰਨਾ।
ਪੰਜਾਬ ਦੇ ਖਾਂਦੇ ਪੀਂਦੇ ਜੱਟਾਂ ਵਿੱਚ ਵਧੀਆ ਨਸਲ ਦੇ ਪਸ਼ੂ ਪਾਲਣ ਦਾ ਸ਼ੌਕ ਆਮ ਰਿਹਾ ਹੈ। ਬਲਦਾਂ ਦੀਆਂ ਜੋੜੀਆਂ ਤੇ ਘੋੜੀਆਂ ਰੀਝਾਂ ਨਾਲ ਪਾਲੀਆਂ ਜਾਂਦੀਆਂ ਸਨ। ਘੋੜੀਆਂ ਅਤੇ ਬਲਦਾਂ ਦੇ ਸ਼ੌਂਕੀ ਉਹਨਾਂ ਨੂੰ ਪੁੱਤਾ ਵਾਂਗ ਪਾਲਦੇ ਸਨ-ਉਹਨਾਂ ਦੇਸੀ ਘਿਓ ਦੇ ਪੀਪੇ ਇਹਨਾਂ ਨੂੰ ਚਾਰ ਦੇਣੇ-ਦੇਖਿਆਂ ਭੁੱਖ ਲਹਿਣੀ- ਚਿੱਟੀਆਂ ਘੋੜੀਆਂ ਨੇ ਬੁਲਬੁਲਾਂ ਵਾਂਗ ਉਡਣਾ-ਵੱਡਮੁੱਲੀਆਂ ਜ਼ੀਨਾਂ, ਗਲਾਂ ਵਿੱਚ ਚਾਂਦੀ ਦੀਆਂ ਹਮੇਲਾਂ ਤੇ ਪੈਰਾਂ ਵਿੱਚ ਝਾਂਜਰਾਂ ਪਾਈਂ ਜਦੋਂ ਘੋੜੀ ਨੇ ਡੱਗੇ ਦੀ ਤਾਲ ਤੇ ਨੱਚਣਾ ਤਾਂ ਇੱਕ ਸਮਾਂ ਬੰਨ੍ਹਿਆਂ ਜਾਣਾ। ਘੋੜ ਸਵਾਰ ਨੇ ਨੇਜ਼ੇ ਨਾਲ, ਕਿੱਲੇ ਪੁੱਟਣੇ। ਨੇਜ਼ਾ ਬਾਜ਼ੀ ਦੇ ਮੁਕਾਬਲੇ ਹੋਣੇ। ਬਲਦਾਂ ਦੀਆਂ ਜੋੜੀਆਂ ਬੈਲ- ਗੱਡੀਆਂ ਦੀ ਦੌੜ ਦੇ ਮੁਕਾਬਲਿਆਂ ਲਈ ਪਾਲੀਆਂ ਜਾਂਦੀਆਂ ਸਨ। ਇਹਨਾਂ ਪਾਸੋਂ ਉਹ ਖੇਤੀਬਾੜੀ ਦਾ ਕੰਮ ਨਹੀਂ ਸੀ ਲੈਂਦੇ। ਬੇਲ ਗੱਡੀਆਂ ਦੀਆਂ ਦੌੜਾਂ ਪੰਜਾਬੀਆਂ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੀਆਂ ਹਨ। ਅੱਜਕੱਲ੍ਹ ਵੀ ਪੇਂਡੂ ਖੇਡਾਂ ਵਿੱਚ ਬੋਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਨੇਜ਼ਾਬਾਜ਼ੀ ਦਾ ਸ਼ੌਕ ਤਾਂ ਤਕਰੀਬਨ ਸਮਾਪਤ ਹੀ ਹੋ ਗਿਆ ਹੈ। ਸਵਾਰੀ ਲਈ ਭਲਾ ਕੌਣ ਘੋੜੀਆਂ ਰੱਖਦਾ ਹੈ। ਹੁਣ ਤਾਂ ਪੰਜਾਬ ਦੇ ਪਿੰਡਾਂ ਵਿੱਚ ਕਾਰਾਂ, ਮੋਟਰ ਸਾਈਕਲ ਤੇ ਸਕੂਟਰ ਆਮ ਹੀ ਹੋ ਗਏ ਹਨ।
ਪੰਜਾਬੀ ਗੱਭਰੂਆਂ ਵਿੱਚ ਆਪਣੇ ਸਰੀਰ ਨੂੰ ਨਰੋਆ ਰੱਖਣ ਦਾ ਸ਼ੌਕ ਉਹਨਾਂ ਦੇ ਨਿੱਤ ਦੇ ਕੰਮ ਵਿੱਚ ਬਹੁਤ ਸਹਾਈ ਹੋਇਆ ਕਰਦਾ ਸੀ। ਖੇਤੀ ਦਾ ਧੰਦਾ ਮਾੜੇ ਧੀੜੇ ਦੇ ਕਰਨ ਦਾ ਨਹੀਂ ਸੀ। ਹਰ ਕੰਮ ਹੱਥੀਂ ਕਰਨਾ ਪੈਂਦਾ ਸੀ। ਹਰਟ ਨਹੀਂ ਸਨ, ਹੜੇ ਸਨ, ਹਲ ਵਾਹੁਣ ਅਤੇ ਭਾਰ ਚੁੱਕਣ ਲਈ ਨਰੋਏ ਸਰੀਰ ਦੀ ਲੋੜ ਸੀ। ਇਸ ਲਈ ਪੰਜਾਬੀ ਗੱਭਰੂ ਆਪਣੇ ਸਰੀਰ ਨੂੰ ਨਰੋਆ ਰੱਖਣ ਲਈ ਮੱਝਾਂ ਚੁੰਘਦੇ ਸਨ, ਪੀਪਿਆਂ ਦੇ ਪੀਪੇ ਦੇਸੀ ਘਿਓ ਦੇ ਖਾ ਜਾਂਦੇ ਸਨ। ਆਪਣੇ ਪਿੰਡ ਦੇ ਗੱਭਰੂਆਂ ਨੇ ਕੱਠੇ ਹੋ ਕੇ ਜ਼ੋਰ ਕਰਨਾ, ਮੂੰਗਲੀਆਂ ਫੇਰਨੀਆਂ, ਮੁਧਗਰ ਚੁੱਕਣੇ, ਡੰਡ ਪੇਲਣੇ, ਕਬੱਡੀ ਖੇਡਣੀ ਤੇ ਘੋਲ ਘੁਲਣੇ। ਪੇਂਡੂ ਮੇਲਿਆਂ ਉੱਪਰ ਵੀ ਇਹ ਗੱਭਰੂ ਆਪਣੇ ਬਲ ਦਾ ਪ੍ਰਗਟਾਵਾ ਘੋਲ ਘੁਲ ਕੇ, ਮੂੰਗਲੀਆਂ ਫੇਰਕੇ, ਕਬੱਡੀ ਤੇ ਸੌਂਚੀ ਪੱਕੀ ਖੇਡ ਕੇ, ਬੋਰੀ ਤੇ ਮੁਧਗਰ ਆਦਿ ਚੁੱਕ ਕੇ ਕਰਿਆ ਕਰਦੇ ਸਨ। ਹਰੇਕ ਪਿੰਡ ਦੀ ਕੋਈ
ਨਾ ਕੋਈ ਰੱਸਾ ਖਿੱਚਣ ਦੀ ਟੀਮ ਜ਼ਰੂਰ ਹੋਇਆ ਕਰਦੀ ਸੀ। ਇਸ ਪ੍ਰਕਾਰ ਇਹ ਗੱਭਰੂ ਆਪਣੇ ਪਿੰਡ ਦਾ ਨਾਂ ਚਮਕਾਇਆ ਕਰਦੇ ਸਨ। ਜੇ ਕਿਸੇ ਪਿੰਡ ਦਾ ਨਾਮਵਰ ਪਹਿਲਵਾਨ ਨਿਕਲ ਆਉਣਾ ਤਾਂ ਸਮੁੱਚੇ ਪਿੰਡ ਨੇ ਉਸ ਨੂੰ ਖੁਰਾਕ ਦੇਣੀ ਤੇ ਪਹਿਲਵਾਨਾਂ ਦੇ ਘੋਲ ਕਰਵਾਉਣੇ। ਬਾਜ਼ੀਗਰਾਂ ਦੀਆਂ ਬਾਜ਼ੀਆਂ ਪਵਾਉਣ ਦਾ ਆਮ ਰਿਵਾਜ਼ ਸੀ।
ਹੁਣ ਭਲਾ ਕੌਣ ਬੂਰੀਆਂ ਚੁੰਘਦਾ ਹੈ। ਸਮੇਂ ਦਾ ਚੱਕਰ ਹੀ ਅਜਿਹਾ ਹੈ ਕਿ ਦੁੱਧ ਤਾਂ ਢੋਲਾਂ ਵਿੱਚ ਪੈ ਕੇ ਸ਼ਹਿਰੀ ਪੁੱਜ ਜਾਂਦਾ ਹੈ। ਮਸੀਂ ਦੋ-ਤਿੱਪ ਚਾਹ ਲਈ ਬਚਦੇ ਹਨ। ਦੇਸੀ ਘਿਓ ਦੇ ਪੀਪੇ ਖਾਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਧਿੜਕ ਤੇ ਤਿਓੜ ਨਾਂ ਦਾ ਸ਼ਬਦ ਅੱਜ ਦੇ ਗੱਭਰੂਆਂ ਨੇ ਕਦੀ ਸੁਣਿਆਂ ਹੀ ਨਹੀਂ ਹੋਣਾ। ਅੱਜ ਦੇ ਪੇਂਡੂ ਗੱਭਰੂਆਂ ਦੇ ਸ਼ੌਕ ਤਾਂ ਹੁਣ ਨਸ਼ਿਆਂ ਨੇ ਮੱਲ ਲਏ ਹਨ। ਜਵਾਨੀ ਦੀ ਉਮਰ ਵਿੱਚ ਹੀ ਹੜਬਾਂ ਨਿਕਲੀਆਂ ਹੋਈਆਂ, ਮੂੰਹ ਚਿੱਬਾ ਹੋਇਆ ਪਿਆ ਹੈ। ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਖਾ ਕੇ ਕੰਧਾਂ ਕੋਲਿਆਂ ਨੂੰ ਫੜਦੇ, ਮਿੱਟੀ ਘੱਟੇ ਵਿੱਚ ਰੁਲ ਦੇ, ਜ਼ਰਦੇ ਦੀਆਂ ਚੁਟਕੀਆਂ ਚਹਦੇ ਇਹ ਗੱਭਰੂ ਪੰਜਾਬ ਦੇ ਹਰ ਪਿੰਡ ਵਿੱਚ ਨਜ਼ਰ ਆ ਰਹੇ ਹਨ। ਸ਼ਰਾਬ, ਅਫ਼ੀਮ ਅਤੇ ਡੋਡਿਆਂ ਦੀ ਵਰਤੋਂ ਨੇ ਇਹਨਾਂ ਗੱਭਰੂਆਂ ਦੇ ਸਰੀਰ ਪਿੰਜਰ ਬਣਾ ਕੇ ਧਰ ਦਿੱਤੇ ਹਨ। ਹੁਣ ਕੋਈ ਘੋਲ ਨਹੀਂ ਘੁਲਦਾ, ਜ਼ੋਰ ਅਜ਼ਮਾਈ ਨਹੀਂ ਕਰਦਾ, ਮੂੰਗਲੀਆਂ ਫੇਰਨ ਅਤੇ ਮੁਧਗਰ ਚੁੱਕਣ ਦੀ ਗੱਲ ਤਾਂ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈ ਹੈ।
ਪੰਜਾਬੀਆਂ ਦੇ ਲੋਕ ਜੀਵਨ ਵਿੱਚੋਂ ਕਵੀਸ਼ਰਾਂ, ਢੱਡ ਸਾਰੰਗੀ ਦੇ ਗਾਉਣ, ਰਾਸਾਂ, ਨਚਾਰਾਂ ਦੇ ਜਲਸੇ ਅਤੇ ਨਕਲਾਂ ਦੇ ਅਖਾੜੇ ਲਵਾਉਣ ਦੇ ਸ਼ੋਕ ਕਿਸੇ ਹੱਦ ਤੱਕ ਵਿਸਰ ਹੀ ਚੁੱਕੇ ਹਨ। ਪੇਂਡੂਆਂ ਵਿੱਚ ਕਿੱਸੇ ਪੜ੍ਹਨ ਦਾ ਸ਼ੌਕ ਆਮ ਹੋਇਆ ਕਰਦਾ ਸੀ। ਇੱਕ ਜਣੇ ਨੇ ਕਿਸੇ ਕਿੱਸੇ ਵਿੱਚੋਂ ਕੋਈ ਬੰਦ ਲਟਕਾਂ ਨਾਲ ਪੜ੍ਹਨਾ, ਸਰੋਤਿਆਂ ਨੇ ਝੂਮ-ਝੂਮ ਜਾਣਾ। ਇਹ ਕਿੱਸੇ ਆਮ ਕਰਕੇ ਆਸ਼ਕਾਂ ਅਤੇ ਡਾਕੂਆਂ ਦੇ ਹੋਇਆ ਕਰਦੇ ਸਨ । ਵਾਰਸ ਦੀ ਹੀਰ, ਸਦਾ ਰਾਮ ਦੀ ਸੋਹਣੀ, ਸ਼ੇਰ ਮੁਹੰਮਦ ਦਾ ਮਿਰਜ਼ਾ, ਹਾਸ਼ਮ ਦੀ ਸੱਸੀ, ਰੀਟਾ ਦੀਨ ਦਾ ਸੁੱਚਾ ਸਿੰਘ ਸੂਰਮਾ, ਭਗਵਾਨ ਸਿੰਘ ਦਾ ਜਿਊਣਾ ਮੋੜ, ਕਾਦਰ ਯਾਰ ਦਾ ਪੂਰਨ ਭਗਤ, ਕਿਸ਼ੋਰ ਚੰਦ ਦਾ ਜਾਨੀ ਚੋਰ, ਗੁਰਦਿੱਤ ਸਿੰਘ ਦੀ ਪਰਤਾਪੀ, ਦੌਲਤ ਰਾਮ ਦਾ ਰੂਪ ਬਸੰਤ ਅਤੇ ਸਾਧੂ ਦਿਆ ਸਿੰਘ ਦਾ ਜ਼ਿੰਦਗੀ ਬਲਾਸ ਆਦਿ ਕਿੱਸੇ ਇਹਨਾਂ ਮਹਿਫ਼ਲਾਂ ਦਾ ਸ਼ਿੰਗਾਰ ਹੋਇਆ ਕਰਦੇ ਸਨ। ਅੱਜ ਕੱਲ੍ਹ ਭਾਲਿਆਂ ਵੀ ਕਿੱਸੇ ਪੜ੍ਹਨ ਵਾਲਾ ਵਿਅਕਤੀ ਤੁਹਾਨੂੰ ਕਿਸੇ ਪਿੰਡ ਵਿੱਚੋਂ ਨਹੀਂ ਲੱਭੇਗਾ। ਪੁਸਤਕਾਂ ਛਾਪਣ ਵਾਲੇ ਵੀ ਕਿੱਸੇ ਨਹੀਂ ਛਾਪਦੇ। ਸਾਹਿਤਕ ਪੁਸਤਕਾਂ ਤੋਂ ਇਲਾਵਾ ਰਸਾਲੇ ਅਤੇ ਅਖ਼ਬਾਰ ਪੇਂਡੂਆਂ ਦੀ ਪਹੁੰਚ ਵਿੱਚ ਆ ਗਏ ਹਨ। ਪਿੰਡ-ਪਿੰਡ ਸਕੂਲ ਖੁੱਲ੍ਹ ਗਏ ਹਨ, ਪੰਚਾਇਤਾਂ ਅਤੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਤੋਂ ਪੁਸਤਕਾਂ ਲੈ ਕੇ ਪਿੰਡਾਂ ਦੇ ਪੜ੍ਹੇ-ਲਿਖੇ ਵਿਅਕਤੀ ਆਪਣੇ ਪੜ੍ਹਨ ਦੇ ਸ਼ੌਕ ਨੂੰ ਮਘਾਈ ਰੱਖਦੇ ਹਨ। ਪਿੰਡਾਂ ਵਿੱਚ ਖੁੱਲ੍ਹੇ ਸਕੂਲਾਂ ਅਤੇ ਕਾਲਜਾਂ ਨੇ ਪੇਂਡੂ ਜੀਵਨ ਵਿੱਚ ਇੱਕ ਸਭਿਆਚਾਰਕ ਇਨਕਲਾਬ ਲੈ ਆਂਦਾ ਹੈ।
ਪਿੰਡਾਂ ਵਿੱਚ ਜਾਗ੍ਰਿਤੀ ਆ ਰਹੀ ਹੈ। ਕਿਤੇ-ਕਿਤੇ ਪਿੰਡਾਂ ਵਿੱਚ ਜਾ ਕੇ ਨਾਟ ਮੰਡਲੀਆਂ ਨਾਟਕ ਖੇਡਦੀਆਂ ਹਨ। ਪੇਂਡੂ ਖੇਡਾਂ ਦਾ ਰਿਵਾਜ਼ ਮੁੜ ਸੁਰਜੀਤ ਹੋ ਰਿਹਾ ਹੈ-ਖੇਡਾਂ ਦੇ ਨਾਲ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ ਜੋ ਉਹਨਾਂ ਦੀ ਸਭਿਆਚਕ ਭੁੱਖ ਨੂੰ ਮਿਟਾਉਣ ਵਿੱਚ ਸਹਾਈ ਹੋ ਰਹੇ ਹਨ। ਲੋਕਾਂ ਲਈ ਵੱਧ ਤੋਂ ਵੱਧ ਨਰੋਏ ਅਤੇ ਸਿਹਤਮੰਦ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਸਹੀ ਸੇਧ ਲੈ ਸਕੇ।
ਪ੍ਰੀਤ ਗਾਥਾਵਾਂ
ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਗ ਘੁਲੀ ਹੋਈ ਹੋ। ਇਸ ਦੀ ਧਰਤੀ ਤੇ ਪ੍ਰਵਾਨ ਚੜੀਆਂ ਮੂੰਹ-ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖਤੀ ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ ਡੁਲ੍ਹਾ ਤੇ ਹਰ ਕਿਸੇ ਨਾਲ ਘੁਲ-ਮਿਲ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਅਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇਜ਼ਤ ਬੇਗ ਗੁਜਰਾਤ ਦੇ ਘੁਮ੍ਹਾਰ ਤਲੇ ਦੀ ਮੁਟਿਆਰ ਧੀ ਸੋਹਣੀ ਨੂੰ ਵੇਖ ਉਸ ਤੇ ਫਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਵਾਲ ਦੇ ਰੂਪ ਵਿੱਚ ਅਪਣਾ ਬਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ ਦੂਜੇ ਤੇ ਜਿੰਦੜੀ ਘੋਲ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਰਕਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੱਧ ਦੇ ਸ਼ਹਿਰ ਭੰਬੋਰ 'ਚ ਧੋਬੀਆਂ ਦੇ ਘਰ ਪਲੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ ਤੇ ਨਿਛਾਵਰ ਕਰ ਦੇਂਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦੇਂਦੀ ਹੈ। ਬਲੋਚ ਪੁਨੂੰ ਅਤੇ ਸਹਣੀ ਦਾ ਇਜ਼ਤ ਵੇਗ ਮਹੀਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ ਵਿੱਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਵਾਲ ਅਤੇ ਮਿਰਜ਼ਾ-ਸਾਹਿਬਾਂ ਆਦਿ ਅਜਿਹੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉਕਰੀ ਹੋਈ ਹੈ।
ਇਹ ਸਾਰੀਆਂ ਪ੍ਰੀਤ ਗਾਥਾਵਾਂ ਮਧਕਾਲ ਵਿੱਚ ਵਾਪਰੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ 'ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣਕੇ ਮਧਕਾਲ ਦੇ ਕਿੱਸਾਕਾਰਾਂ ਨੇ ਇਹਨਾਂ ਨੂੰ ਆਪਣੇ ਕਿੱਸਿਆਂ ਵਿਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਹਾਸ਼ਮ ਦੀ ਸੱਸੀ ਅਤੇ ਫਜ਼ਲ ਸ਼ਾਹ ਦੀ ਸੋਹਣੀ ਪੰਜਾਬੀ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ।
ਇਨ੍ਹਾਂ ਪ੍ਰਮੁਖ ਪ੍ਰੀਤ ਗਾਥਾਵਾਂ ਤੋਂ ਇਲਾਵਾ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਨੀ, ਕਾਕਾ ਪਰਤਾਪੀ, ਸੋਹਣਾ-ਜੈਠੀ ਅਤੇ ਇੰਦਰ ਬੇਗੋ
ਪੰਜਾਬੀ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਅਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।
ਮੱਧਕਾਲ ਦੀਆਂ ਇਹਨਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਅਥਵਾ ਪਿਆਰ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਹੀ ਨਹੀਂ ਕੀਤਾ ਬਲਕਿ ਸਮਾਜਕ ਅਤੇ ਧਾਰਮਕ ਵਰਜਣਾ, ਮਨਾਹੀਆਂ ਅਤੇ ਬੰਦਸ਼ਾਂ ਨੂੰ ਤੋੜਕੇ ਅਪਣੀਆਂ ਜਾਨਾਂ ਤਕ ਵਾਰ ਦਿੱਤੀਆਂ ਹਨ। ਅਸਲ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਸਖਸ਼ੀ ਆਜ਼ਾਦੀ ਦੀ ਲੜਾਈ ਲੜਕੇ ਇਤਿਹਾਸ ਸਿਰਜਿਆ ਹੈ।
ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਹਨਾਂ ਨੂੰ ਅਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਤੇ ਅਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ 'ਮਾਈ ਹੀਰ' ਅਤੇ ਰਾਂਝੇ ਨੂੰ 'ਮੀਆਂ ਰਾਂਝੇ' ਦੇ ਲਕਬ ਨਾਲ ਯਾਦ ਕਰਕੇ ਹਨ। ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ। ਇਹਨਾਂ ਵਿੱਚ ਪੰਜਾਬ ਦੀ ਆਤਮਾ ਵਿਦਮਾਨ ਹੈ। ਇਹ ਚਸ਼ਮੇ ਦੀ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ।
ਪੇਸ਼ ਹਨ ਪੰਜਾਬ ਦੀਆਂ ਪ੍ਰਮੁੱਖ ਪ੍ਰੀਤ ਕਹਾਣੀਆਂ ਦੇ ਸੰਖੇਪ ਰੂਪ-
ਸੋਹਣੀ ਮਹੀਂਵਾਲ
ਬਲਖ ਬੁਪਾਰੇ ਦੇ ਇਕ ਅਮੀਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇਜ਼ਤ ਬੇਗ ਪੰਜਾਬ (ਭਾਰਤ ਤੇ ਪਾਕਿਸਤਾਨ ਦਾ ਸਾਂਝਾ ਪੰਜਾਬ) ਵਿੱਚ ਵਪਾਰ ਕਰਨ ਦੀ ਨੀਅਤ ਨਾਲ ਆਇਆ। ਉਹ ਗੁਜਰਾਤ (ਪਾਕਿਸਤਨ) ਦੇ ਇਕ ਘੁਮਾਰ ਤੁੱਲੇ ਦੀ ਮਨਮੋਹਣੀ ਧੀ ਸੋਹਣੀ ਤੇ ਮੋਹਿਤ ਹੋ ਗਿਆ। ਉਹਨੇ ਸੋਹਣੀ ਦੀ ਖਾਤਰ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਦੁਕਾਨ ਪਾ ਲਈ। ਉਹ ਹਰ ਰੋਜ਼ ਸੋਹਣੀ ਦੇ ਦੀਦਾਰ ਲਈ ਭਾਂਡੇ ਖਰੀਦਣ ਦੇ ਪੱਜ ਤੁੱਲੇ ਦੀ ਹੱਟੀ ਤੇ ਜਾਂਦਾ। ਆਖਰ ਵਪਾਰ ਵਿੱਚ ਇਜ਼ਤ ਬੇਗ ਨੂੰ ਐਨਾ ਘਾਟਾ ਪੈ ਗਿਆ ਕਿ ਉਸ ਨੂੰ ਮਜਬੂਰ ਹੋ ਕੇ ਤੁੱਲੇ ਦੇ ਘਰ ਹੀ ਮੱਝਾਂ ਚਾਰਨ ਤੇ ਨੌਕਰੀ ਕਰਨੀ ਪੈ ਗਈ। ਉਹ ਹਰ ਰੋਜ਼ ਮੱਝੀਆਂ ਚਾਰਨ ਜਾਂਦਾ ਮਗਰੇ ਸੋਹਣੀ ਉਹਦੇ ਲਈ ਭੱਤਾ ਲੈ ਤੁਰਦੀ। ਇਜ਼ਤ ਬੇਗ ਤੋਂ ਉਹ ਹੁਣ ਮਹੀਵਾਲ ਬਣ ਗਿਆ ਸੀ।
ਸੋਹਣੀ ਮਹੀਂਵਾਲ ਦੀ ਹੋ ਗਈ। ਦੋਹਾਂ ਦਾ ਪਿਆਰ ਦਿਨੋਂ ਦਿਨ ਗੂੜਾ ਹੁੰਦਾ ਗਿਆ। ਪਰ ਇਨ੍ਹਾਂ ਦੇ ਪਿਆਰ ਨੂੰ ਸਮਾਜ ਨੇ ਜਰਿਆ ਨਾ । ਲੋਕਾਂ ਨੇ ਸੋਹਣੀ ਦੇ ਮਾਂ ਬਾਪ ਪਾਸ ਇਹਨਾਂ ਦੇ ਪਿਆਰ ਬਾਰੇ ਸ਼ਕਾਇਤਾਂ ਕੀਤੀਆਂ। ਉਲਾਂਭੇ ਦਿੱਤੇ। ਮਹੀਂਵਾਲ ਨੂੰ ਨੌਕਰਿਓਂ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ।
ਸੋਹਣੀ ਮਹੀਂਵਾਲ ਲਈ ਤੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿੱਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।
ਇਜ਼ਤ ਬੇਗੋਂ ਮਹੀਂਵਾਲ ਬਣਿਆ ਮਹੀਵਾਲ ਮਹੀਂਵਾਲੋਂ ਫਕੀਰ ਬਣ ਗਿਆ ਅਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਝਨਾ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।
ਸੋਹਣੀ ਅਪਣੇ ਸਹੁਰਿਆਂ ਦੇ ਘਰ ਰਾਤ ਸਮੇਂ ਚੋਰੀ ਮਹੀਵਾਲ ਨੂੰ ਮਿਲਣ ਲਈ ਦਰਿਆ ਕੰਢੇ ਤੇ ਪੁਜ ਜਾਂਦੀ, ਮਹੀਂਵਾਲ ਦਰਿਆ ਪਾਰ ਕਰਕੇ ਉਸ ਨੂੰ ਆਣ ਮਿਲਦਾ । ਉਹ ਅਪਣੇ ਨਾਲ ਮੱਛੀ ਦਾ ਮਾਸ ਲਈ ਆਉਂਦਾ। ਦੋਨੋਂ ਰਲ ਕੇ ਖਾਂਦੇ। ਕਿਹਾ ਜਾਂਦਾ ਹੈ ਕਿ ਇਕ ਦਿਨ ਮਹੀਵਾਲ ਨੂੰ ਮੱਛੀਆਂ ਨਾ ਮਿਲੀਆਂ, ਉਹਨੇ ਆਪਣਾ ਪੱਟ ਚੀਰ ਕੇ ਕਬਾਬ ਬਣਾ ਲਿਆ। ਪੱਟ ਚੀਰਨ ਕਰਕੇ ਮਹੀਂਵਾਲ ਨੂੰ ਤੈਰਨਾ ਮੁਸ਼ਕਲ ਹੋ ਗਿਆ ਸੀ-ਸੋਹਣੀ ਉਸ ਦਿਨ ਤੋਂ ਆਪ ਦਰਿਆ ਪਾਰ ਕਰਕੇ ਅਪਣੇ ਮਹੀਂਵਾਲ ਦੀ ਝੁੱਗੀ ਵਿੱਚ ਜਾਣ ਲਗ ਪਈ। ਉਹ ਘੜੇ ਰਾਹੀਂ ਦਰਿਆ ਪਾਰ ਕਰਦੀ ਤੇ ਆਉਂਦੀ ਹੋਈ ਘੜੇ ਨੂੰ ਬੂਝਿਆਂ ਵਿੱਚ ਲੁਕੋ ਦਿੰਦੀ। ਸੋਹਣੀ ਦੀ ਨਨਾਣ
ਨੂੰ ਉਹਦੇ ਰਾਤ ਸਮੇਂ ਘੜੇ ਰਾਹੀਂ ਦਰਿਆ ਪਾਰ ਕਰਕੇ ਜਾਣ ਦਾ ਪਤਾ ਲੱਗ ਗਿਆ। ਇਕ ਰਾਤ ਉਸ ਨੇ ਪੱਕੇ ਘੜੇ ਤੀ ਥਾਂ ਕੱਚਾ ਘੜਾ ਰੱਖ ਦਿੱਤਾ। ਸੋਹਣੀ ਕੱਚੇ ਘੜੇ ਸਮੇਤ ਹੀ ਤੂਫਾਨੀ ਦਰਿਆ ਵਿੱਚ ਠਿਲ੍ਹ ਪਈ। ਘੜਾ ਖੁਰ ਗਿਆ ਤੇ ਸੋਹਣੀ ਅੱਧ ਵਿਚਕਾਰ ਡੁੱਬ ਗਈ। ਮਹੀਵਾਲ ਨੇ ਡੁਬਦੀ ਸੋਹਣੀ ਦੀ ਚੀਕ ਸੁਣੀ ਤੇ ਆਪ ਵੀ ਮਗਰੇ ਛਾਲ ਮਾਰ ਦਿੱਤੀ। ਦੋਨੋਂ ਪਿਆਰੇ ਭਨਾ ਦੀਆਂ ਤੂਫਾਨੀ ਲਹਿਰਾਂ ਵਿੱਚ ਰੁੜ੍ਹ ਗਏ।
ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਦੇ ਸਦਕੇ ਅੱਜ ਸਦੀਆਂ ਬੀਤਣ ਮਗਰੋਂ ਵੀ ਸੋਹਣੀ ਦੀ ਆਤਮਾ ਨੂੰ ਅੱਜ ਵੀ ਲੋਕ ਮਾਨਸ ਦੀ ਆਤਮਾ ਪਰਨਾਮ ਕਰਦੀ ਹੈ :-
ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ
ਹੀਰ-ਰਾਂਝਾ
ਪੰਦਰਵੀਂ ਸਲ੍ਹਵੀਂ ਸਦੀ ਵਿੱਚ ਅਜਕੋ ਪਾਕਿਸਤਾਨ ਸਥਿਤ ਝੰਗ ਦੇ ਇਲਾਕੇ ਵਿੱਚ ਵਾਪਰੀ 'ਹੀਰ-ਰਾਂਝੇ' ਦੀ ਲੋਕ ਗਾਥਾ ਨੇ ਪੰਜਾਬੀਆਂ ਦੇ ਦਿਲਾਂ 'ਤੇ ਇਕ ਅਮਿਟ ਛਾਪ ਲਾਈ ਹੋਈ ਹੈ। ਪੰਜਾਬ ਦੇ ਕਣ-ਕਣ ਵਿੱਚ ਇਹ ਪ੍ਰੀਤ ਕਹਾਣੀ ਰਮੀ ਹੋਈ ਹੈ ਜਿਸ ਨੂੰ ਅੱਜ ਵੀ ਪੰਜਾਬ ਦਾ ਲੋਕ ਮਾਨਸ ਬੜੀਆਂ ਲਟਕਾਂ ਨਾਲ ਗਾ ਕੇ ਅਗੰਮੀ ਖ਼ੁਸ਼ੀ ਪ੍ਰਾਪਤ ਕਰਦਾ ਹੈ।
ਰਾਂਝਾ ਜਿਸ ਦਾ ਅਸਲ ਨਾਂ ਧੀਦੋ ਸੀ ਅਜੇ ਨਿੱਕਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ। ਉਹਦਾ ਬਾਪ ਮੌਜੂ ਤਖਤ ਹਜ਼ਾਰੇ ਦਾ ਚੌਧਰੀ ਸੀ। ਜਾਤ ਦਾ ਉਹ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੇ ਉਹਦਾ ਸਭ ਤੋਂ ਛੋਟਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਨਾਲ ਪਾਲਿਆ। ਅਜੇ ਉਹ ਮਸਾਂ ਸੋਲਾਂ ਸਤਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੋ ਵੰਡ ਲਈ ਚੰਗੀ ਚੰਗੀ ਆਪ ਰੱਖ ਲਈ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ । ਲਾਡਲਾ ਤੇ ਛੇਲ ਛਬੀਲਾ ਧੀਦੋ ਭਲਾ ਕੰਮ ਕਿਵੇਂ ਕਰਦਾ। ਉਹ ਆਪਣੇ ਭਰਾਵਾਂ ਅਤੇ ਭਾਬੀਆਂ ਨਾਲ ਗੁੱਸੇ ਹੋ ਕੇ ਝੰਗ ਸਿਆਲੀ ਆ ਪੁੱਜਾ ਤੇ ਏਥੋਂ ਦੇ ਚੌਧਰੀ ਚੂਚਕ ਦੀਆਂ ਮੱਝਾਂ ਚਰਾਣ ਲਈ ਚਾਕਰ ਬਣ ਗਿਆ। ਚੂਚਕ ਦੀ ਨਿਧੱੜਕ ਤੇ ਨਿਡਰ ਅਲਬੇਲੀ ਮੁਟਿਆਰ ਧੀ ਹੀਰ ਨਾਲ ਧੀਦ ਰਾਝੇ ਦਾ ਪਿਆਰ ਅਜਿਹਾ ਪਿਆ ਕਿ ਉਹ ਸਦਾ ਲਈ ਰਾਂਝੇ ਦੀ ਹੋ ਗਈ। ਕਹਿੰਦੇ ਹਨ ਰਾਂਝਾ ਪੂਰੇ ਬਾਰਾਂ ਵਰ੍ਹੇ ਹੀਰ ਸਲੇਟੀ ਦੀਆਂ ਮੱਝਾਂ ਚਰਾਂਦਾ ਰਿਹਾ। ਪਰੰਤੂ ਹੀਰ ਦੇ ਮਾਪਿਆਂ ਨੇ ਇਹਨਾਂ ਦੇ ਪਾਕ ਪਿਆਰ ਨੂੰ ਪ੍ਰਵਾਨ ਨਾ ਕੀਤਾ ਸਗੋਂ ਹੀਰ ਦਾ ਵਿਆਹ ਰੰਗਪੁਰ ਖੇੜੇ ਦੇ ਸੈਦੇ ਨਾਲ ਜ਼ੋਰੀਂ ਕਰ ਦਿੱਤਾ। ਹੀਰ ਵਿਲਕਦੀ ਰਹੀ ਤੇ ਉਹਨੇ ਸਾਫ਼ ਲਲਕਾਰ ਕੇ ਆਖ ਦਿੱਤਾ ਕਿ ਉਹ ਰਾਂਝੇ ਤੋਂ ਬਿਨਾ ਕਿਸੇ ਹੋਰ ਦੀ ਨਹੀਂ ਬਣੇਗੀ ਤੇ ਸੈਦੇ ਖੇੜੇ ਦੀ, ਸੇਜ ਕਬੂਲ ਨਹੀਂ ਕਰੇਗੀ।
ਰਾਂਝੇ ਨੇ ਮੱਝੀਆਂ ਚਰਾਣੀਆਂ ਛੱਡ ਦਿੱਤੀਆਂ ਤੇ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਖੇੜੇ ਪੁਜ ਗਿਆ ਤੇ ਪਿੰਡੋਂ ਬਾਹਰ ਡੇਰੇ ਜਾ ਲਾਏ। ਹੀਰ ਦੀ ਨਣਦ ਸਹਿਤੀ ਦੁਆਰਾ ਰਾਂਝੇ ਦਾ ਮੇਲ ਹੀਰ ਨਾਲ ਹੋਇਆ। ਹੀਰ ਲੜੇ ਸੱਪ ਦਾ ਬਹਾਨਾ ਲਾ ਕੇ ਜੋਗੀ ਪਾਸ ਪੁੱਜੀ-ਰਾਤ ਸਮੇਂ ਉਹ ਦੋਨੋਂ ਨਸ ਟੁਰੋ। ਖੇੜਿਆਂ ਨੇ ਉਹਨਾਂ ਦਾ ਪਿੱਛਾ ਕੀਤਾ, ਅੰਤ ਦੋਨੋਂ ਨਾਹੜਾਂ ਦੇ ਇਲਾਕੇ ਵਿੱਚ ਫੜੇ ਗਏ। ਝਗੜਾ ਕੋਟਕਬੂਲੇ ਦੇ ਹਾਕਮ ਪਾਸ ਪੁੱਜਾ। ਉਹਨੇ ਹੀਰ ਸੈਦੇ ਖੇੜੇ ਨੂੰ ਮੁੜਵਾ ਦਿੱਤੀ। ਕਹਿੰਦੇ ਨੇ ਉਸੇ ਵੇਲੇ ਕੋਟਕਬੂਲੇ ਨੂੰ ਅੱਗ ਲਗ ਗਈ। ਲੋਕਾਂ ਸਮਝਿਆ ਕਿ ਇਹ ਹੀਰ ਰਾਂਝੇ ਨਾਲ ਹੋਈ ਬੇ ਇਨਸਾਫੀ ਦਾ ਫਲ ਹੈ-ਸੋ ਉਸੇ ਵੇਲੇ ਹਾਕਮ ਨੂੰ ਅਪਣਾ ਫੈਸਲਾ ਬਦਲਨਾ
ਪਿਆ। ਇਸ ਪ੍ਰਕਾਰ ਹੀਰ ਮੁੜ ਰਾਂਝੇ ਨੂੰ ਮਿਲ ਗਈ ਤੇ ਉਹ ਕਵੀ ਦਮੋਦਰ ਅਨੁਸਾਰ ਮੱਕੇ ਨੂੰ ਚਲੇ ਗਏ। ਇਸ ਰੁਮਾਂਸ ਦਾ ਅੰਤ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਂਝਾ ਕੋਟਕਬੂਲੇ ਤੋਂ ਹੀਰ ਨਾਲ ਝੰਗ ਸਿਆਲੀ ਆ ਗਿਆ। ਤਦ ਹੀਰ ਦੇ ਬਾਪ ਚੂਚਕ ਨੇ ਰਾਂਝੇ ਨੂੰ ਆਖਿਆ ਕਿ ਉਹ ਤਖ਼ਤ ਹਜ਼ਾਰੇ ਤੋਂ ਜੰਝ ਚਾੜ੍ਹ ਲਿਆਵੇ ਤਾਂ ਜੋ ਉਹ ਹੀਰ ਨੂੰ ਸ਼ਗਨਾਂ ਨਾਲ ਪ੍ਰਨਾ ਕੇ ਲੈ ਜਾਵੇ। ਰਾਂਝਾ ਜੰਝ ਲੈਣ ਤਖਤ ਹਜ਼ਾਰੇ ਨੂੰ ਚਲਿਆ ਗਿਆ ਤੇ ਮਗਰੋਂ ਚੂਚਕ ਨੇ ਹੀਰ ਦੇ ਚਾਚੇ ਕੈਦੋ ਦੇ ਆਖੇ ਲਗ ਕੇ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਰਾਂਝਾ ਜੰਝ ਲੈ ਆਇਆ ਅੱਗੋਂ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਂਝੇ ਨੇ ਹੀਰ ਦੀ ਸਜਰੀ ਕਬਰ ਉੱਤੇ ਟੱਕਰਾਂ ਮਾਰ ਮਾਰ ਆਪਣੇ ਪ੍ਰਾਣ ਤਿਆਗ ਦਿੱਤੇ। ਇੰਜ ਦੋ ਜਿੰਦਾਂ ਅਪਣੇ ਇਸ਼ਕ ਲਈ ਬਲੀਦਾਨ ਦੀ ਆਹੂਤੀ ਦੇ ਕੇ ਸਦਾ ਲਈ ਅਮਰ ਹੋ ਗਈਆਂ।
ਸੱਸੀ-ਪੁੰਨੂੰ
ਸੱਸੀ-ਪੁੰਨੂੰ ਸਿੰਧ (ਪਾਕਿਸਤਾਨ) ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸੱਤ ਕੁ ਸੌ ਵਰ੍ਹੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਹਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨਣ ਮਗਰੋਂ ਸੱਸੀ ਨੇ ਉਹਦੇ ਘਰ ਜਨਮ ਲਿਆ। ਉਸ ਸਮੇਂ ਦੇ ਰਿਵਾਜ ਦੇ ਅਨੁਸਾਰ ਰਾਜੇ ਨੇ ਨਜੂਮੀਆਂ (ਜੋਤਸ਼ੀਆਂ) ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ ! ਉਹਨਾਂ ਵਹਿਮ ਪਾ ਦਿੱਤਾ ਕਿ ਸੱਸੀ ਅਪਣੀ ਜਵਾਨੀ ਦੇ ਦਿਨਾਂ ਵਿੱਚ ਰਾਜੇ ਦੇ ਪਰਿਵਾਰ ਲਈ ਬਦਨਾਮੀ ਖੱਟੇਗੀ। ਵਹਿਮੀ ਰਾਜੇ ਨੇ ਅਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਮਲੂਕੜੀ ਜਹੀ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰਤੂੰ ਮਗਰੋਂ ਉਹਨੂੰ ਇਕ ਲੱਕੜ ਦੇ ਸੰਦੂਕ ਵਿੱਚ ਬੰਦ ਕਰਕੇ ਦਰਿਆ ਵਿਚ ਰੋੜ੍ਹ ਦਿੱਤਾ।
ਭੰਬੋਹ ਸ਼ਹਿਰ ਤੋਂ ਬਾਹਰ ਦਰਿਆ ਦੇ ਕੰਢੇ ਤੇ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੂਕ ਉਹਦੇ ਨਜ਼ਰੀਂ ਪਿਆ। ਸੰਦੂਕ ਉਹਨੇ ਫੜ ਲਿਆ। ਕੀ ਵੇਖਦੇ ਹਨ-ਇਕ ਪਿਆਰਾ ਬੱਚਾ ਵਿੱਚ ਪਿਆ ਅੰਗੁਠਾ ਚੁੰਘ ਰਿਹਾ ਹੈ। ਖੋਬੀ ਦੇ ਕੋਈ ਔਲਾਦ ਨਹੀਂ ਸੀ । ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਵਣ ਨੇ ਰੱਬ ਦਾ ਲਖ-ਲਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ। ਉਹ ਇਹ ਨਹੀਂ ਸੀ ਜਾਣਦੇ ਕਿ ਇਹ ਤੇਬੋਰ ਦੇ ਹਾਕਮ ਦੀ ਧੀ ਹੈ।
ਸੱਸੀ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ 'ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲਗ ਪਈ। ਰਾਜੇ ਦੇ ਕੰਨੀਂ ਵੀ ਏਸ ਦੀ ਭਿਣਕ ਪੈ ਗਈ। ਸੱਸੀ ਨੂੰ ਮਹਿਲੀ ਸੱਦਿਆ ਗਿਆ ਪਰੰਤੂ ਉਹਨੇ ਆਪੂੰ ਜਾਣ ਦੀ ਥਾਂ ਅਪਣੇ ਗਲ ਦਾ ਤਵੀਤ ਘੱਲ ਦਿੱਤਾ। ਇਹ ਉਹੀ ਸ਼ਾਹੀ ਤਵੀਤ ਸੀ ਜਿਹੜਾ ਸੱਸੀ ਦੀ ਰਾਣੀ ਮਾਂ ਨੇ ਉਹਨੂੰ ਸੰਦੂਕ 'ਚ ਬੰਦ ਕਰਨ ਸਮੇਂ ਉਹਦੇ ਗਲ ਵਿੱਚ ਪਾ ਦਿੱਤਾ ਸੀ। ਰਾਜੇ ਨੇ ਤਵੀਤ ਪਛਾਣ ਲਿਆ। ਆਦਮ ਮਾਨ ਆਪ ਚਲਕੇ ਧੋਬੀਆਂ ਦੇ ਘਰ ਆਇਆ। ਪਰ ਸੱਸੀ ਮਹਿਲੀਂ ਜਾਣ ਲਈ ਰਾਜ਼ੀ ਨਾ ਹੋਈ।
ਭੁਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਸ਼ਾਨਦਾਰ ਮਹਿਲ ਸੀ। ਉਹਨੇ ਮਹਿਲ ਦੇ ਇਕ ਕਮਰੇ ਵਿੱਚ ਸਾਰੇ ਦੇਸ਼ਾਂ ਦੇ ਸ਼ਾਹਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ-ਸਾਰਾ ਸ਼ਹਿਰ ਉਹਨਾਂ ਨੂੰ ਦੇਖ ਰਿਹਾ ਸੀ । ਸੱਸੀ ਵੀ ਅਪਣੀਆਂ ਸਹੇਲੀਆਂ ਸਮੇਤ ਉੱਥੇ ਪੁਜ ਗਈ। ਇਕ ਤਸਵੀਰ ਨੂੰ ਵੇਖ ਉਹ ਕੀਲੀ ਗਈ। ਉਹ ਅਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ। ਇਹ ਕੀਚਮ
ਦੇ ਸ਼ਹਿਸ਼ਾਦੇ ਪੁੰਨੂੰ ਦੀ ਤਸਵੀਰ ਸੀ।
ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੁਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ ਜਾ ਕੇ ਕਰਦੇ। ਉੱਥੋਂ ਦਾ ਸ਼ਹਿਜ਼ਾਦਾ ਪੁੰਨੂੰ ਹੁਸਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਅਲੀ ਹੋਤ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫਲੇ ਨਾਲ ਭੰਬੋਰ ਪਜ ਗਿਆ । ਸੱਸੀ ਪੁੰਨੂੰ ਇਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ। ਦੋਨੋਂ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ।
ਪੁੰਨੂੰ ਦੇ ਨਾਲ ਦੇ ਸੁਦਾਗਰ ਅਪਣੇ ਦੇਸ ਪਰਤ ਗਏ। ਉਹਨਾਂ ਨੇ ਪੁੰਨੂੰ ਦੇ ਪਿਤਾ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾਂ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ। ਉਹ ਕਈ ਦਿਨਾਂ ਦੀ ਮੰਜਲ ਮਾਰ ਕੇ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਉਹਨਾਂ ਦੀ ਖੂਬ ਖਾਤਰਦਾਰੀ ਕੀਤੀ। ਰਾਤ ਸਮੇਂ ਉਹਨਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਊਠਾਂ ਤੇ ਲੱਦ ਲਿਆ ਤੇ ਰਾਤੋ ਰਾਤ ਆਪਣੇ ਸ਼ਹਿਰ ਕੀਚਮ ਨੂੰ ਚਾਲੇ ਪਾ ਲਏ।
ਸਵੇਰੇ ਸੱਸੀ ਦੀ ਜਾਗ ਖੁਲ੍ਹੀ-ਉਹਨੇ ਵੇਖਿਆ ਉਹਦੇ ਨਾਲ ਧੋਖਾ ਹੋ ਗਿਆ ਸੀ। ਉਹ ਪੁੰਨੂੰ ਦੇ ਵਿਯੋਗ ਵਿੱਚ ਪਾਗਲ ਹੋ ਗਈ-ਉਹ ਪੁੰਨੂੰ-ਪੁੰਨੂੰ ਕੁਕਦੀ ਡਾਚੀ ਦੇ ਖੁਰੇ ਮਗਰ ਨਸ ਟੁਰੀ। ਕੋਹਾਂ ਦੇ ਕੋਹ ਸੱਸੀ ਭੁਜਦੇ ਥਲਾਂ ਤੇ ਡਾਚੀ ਦਾ ਖੁਰਾ ਲਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿਗ ਪਈ ਤੇ ਪੁੰਨੂੰ-ਪੁੰਨੂੰ ਕੁਕਦੀ ਨੇ ਪਰਾਣ ਤਿਆਗ ਦਿੱਤੇ।
ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜਿੰਦ ਸੱਸੀ ਉਹਦੇ ਪਾਸ ਨਹੀਂ ਸੀ। ਉਹਨੇ ਡਾਚੀ ਉੱਪਰੋਂ ਛਾਲ ਮਾਰ ਦਿੱਤੀ ਤੇ ਵਾਪਸ ਮੁੜ ਪਿਆ-ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਉਹਨੇ ਆਪਣੀ ਜਾਨ ਵਾਰ ਦਿੱਤੀ। ਦੋ ਜਿੰਦਾਂ ਸੁੱਚੀ ਮੁਹੱਬਤ ਲਈ ਕੁਰਬਾਨ ਹੋ ਗਈਆਂ ।
ਮਿਰਜ਼ਾ ਸਾਹਿਬਾਂ
ਸੋ ਸੋ ਕੋਹ ਤੋਂ ਚੜ੍ਹੀ ਲੁਕਾਈ
ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖਰਲਾਂ ਦਾ
ਅੱਜ ਵਧ ਕੇ ਬੋਲੀ ਪਾਵੇ।
ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿਜਲ ਦੀ ਮੌਤ ਹੋ ਗਈ। ਬਿੰਜਲ ਖਰਲਾਂ ਦਾ ਸਰਦਾਰ, ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਸੁੰਨਾ ਹੋ ਗਿਆ। ਸਿਆਣੀਆਂ ਤ੍ਰੀਮਤਾਂ ਉਸ ਨੂੰ ਸੋਆਂ ਦਿਲਬਰੀਆਂ ਦਿੰਦੀਆਂ, ਢਾਰਸਾਂ ਬਨਾਉਂਦੀਆਂ-
ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।
ਮਿਰਜ਼ੇ ਦਾ ਮਾਮਾ ਖੀਵਾ ਖ਼ਾਨ ਬਾਲ ਮਿਰਜ਼ੇ ਨੂੰ ਆਪਣੇ ਪਿੰਡ ਖੀਵੇ ਲੈ ਆਇਆ। ਉਹ ਝੰਗ ਸਿਆਲ ਦਾ ਚੌਧਰੀ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇਂ ਲੈ ਲਈ।
ਕੁਝ ਵਰ੍ਹੇ ਪਹਿਲਾਂ ਖੀਵੇ ਖ਼ਾਨ ਦੀ ਘਰ ਵਾਲੀ ਦੇ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਉਹਨੇ ਦੂਜਾ ਵਿਆਹ ਕਰਵਾ ਲਿਆ ਹੋਇਆ ਸੀ। ਪਹਿਲੀ ਤੀਵੀਂ 'ਚੋਂ ਉਹਦੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਪਲਾਂ ਵਿੱਚ ਦੋ ਪਿਆਰੇ ਬਾਲ ਇੱਕਮਿੱਕ ਹੋ ਗਏ। ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇੱਕ ਪਲ ਲਈ ਵੀ ਇੱਕ ਦੂਜੇ ਤੋਂ ਜੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ, ਸਾਹਿਬਾਂ ਮੁਟਿਆਰ ਹੋਣ ਲੱਗੀ ! ਮਿਰਜ਼ਾ ਜਵਾਨ ਹੋਣ ਲੱਗਾ।
ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ। ਮਿਰਜ਼ਾ ਸਾਹਿਬਾ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇੱਕ ਦੂਜੇ ਦੇ ਸਦਕੜੇ ਜਾਂਦੇ ਸਨ।
ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ, ਇਸ ਬੇ-ਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਹਨਾਂ ਮਿਰਜ਼ਾ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
ਤੇ ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉੱਠਣਾ, ਬੈਠਣਾ ਪਹਿਲਾਂ ਵਰਗਾ ਨਿੱਘ ਨਹੀਂ ਸੀ ਦੇਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਮਿਰਜ਼ੇ ਨੇ ਦਿਲ 'ਤੇ ਪੱਥਰ ਰੱਖ ਲਿਆ ਤੇ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਮਿਰਜ਼ੇ ਦੇ ਕੁਸ਼ਤੀ ਕਰਨ, ਨੇਜਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸੌਂਕ ਵੀ ਉਹਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ।
ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।
ਤੇ ਖੀਵਾ ਖ਼ਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇੱਕ ਮੁੰਡੇ ਨਾਲ ਕਰ ਆਇਆ ਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋਂ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ ਤੇ ਅਗਲੀ ਭਲਕ ਉਹਨੇ ਆਪਣੇ ਪਿੰਡ ਦੇ ਕਰਮੂ ਪਰਹਤ ਕੋਲ ਮਿਰਜ਼ੇ ਲਈ ਸੁਨੇਹਾ ਘੱਲ ਦਿੱਤਾ।
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ। ਉਹਦੇ ਡੋਲੇ ਵਰਕੇ। ਉਹਨੇ ਆਪਣਾ ਤੀਰਾਂ ਦਾ ਤਰਕਸ਼, ਕਮਾਨ ਤੇ ਨੇਜ਼ਾ ਸੰਭਾਲਿਆ ਤੇ ਆਪਣੀ ਪਿਆਰੀ ਬੱਕੀ ਤੇ ਸਵਾਰ ਹੋ ਕੇ ਝੰਗ ਨੂੰ ਤੁਰ ਪਿਆ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ ਗੱਲਾਂ ਕਰਨ ਲੱਗੀ।
ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨ੍ਹੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਢੁੱਕ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਸਾਹਿਬਾਂ ਨੂੰ ਬੀਬੋ ਖ਼ਬਰ ਦੇ ਆਈ। ਉਹ ਘਰਦਿਆਂ ਪਾਸੋਂ ਅੱਖ ਬਚਾ ਕੇ ਉੱਥੇ ਪੁੱਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਡੁਸਕਦੀ ਹੋਈ ਬੋਲੀ,
-"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾਅ ਕਰ।"
ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।
ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜ੍ਹਾ ਕੇ ਦਾਨਾਬਾਦ ਨੂੰ ਨੱਸ ਟੁਰਿਆ।
ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਖਾਈ ਨਾ ਦਿੱਤੀ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"
ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਦੋ ਬਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਉਨ੍ਹਾਂ ਦੀ ਧੂੜ ਇੱਕ ਤੁਫ਼ਾਨੀ ਹਨ੍ਹੇਰੀ ਵਾਂਗ ਦਾਨਾਬਾਦ ਵੱਲ ਵੱਧਣ ਲੱਗੀ।
ਓਧਰ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ ਤੇ ਸਫ਼ਰ ਦਾ ਥਕੇਵਾਂ ਬੱਕੀ ਤੇ ਭਾਰੂ ਹੋ ਗਿਆ।
ਕੁਝ ਪਲ ਸਸਤਾਉਣ ਲਈ ਮਿਰਜ਼ੇ ਨੇ ਬੱਕੀ ਨੂੰ ਜੰਡ ਨਾਲ ਬੰਨ੍ਹ ਦਿੱਤਾ ਤੇ ਆਪ ਸਾਹਿਬਾਂ ਦੇ ਪਟ ਦਾ ਸਰਾਹਣਾ ਲਾਕੇ ਸੌਂ ਗਿਆ।
ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਨੇ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਲ੍ਹ ਵੈਰੀ ਸਿਰ ਤੇ ਪੁੱਜ ਗਏ ਨੇ।"
ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਉਹਦਾ ਇੱਕ-ਇੱਕ ਤੀਰ ਕਈਆਂ ਦੇ ਹੋਸ਼ ਭੁੱਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਕੱਲਾ ਕਦੋਂ ਤੱਕ ਕਰਦਾ। ਉਹਦਾ ਗੋਲੀ ਜਿਹਾ ਸੁੰਦਰ ਸਸੀਰ ਤੀਰਾਂ ਨਾਲ ਛਲਣੀ ਛਲਣੀ ਹੋ ਗਿਆ ਅਤੇ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ਤੇ ਜਾ ਡਿੱਗੀ।
ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ-ਘਰ ਵਾਰਾਂ ਛਿੜ ਪਈਆਂ-
ਤੇਰੀ ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ-ਘਰ ਛਿੜੀਆਂ ਵਾਰਾਂ
ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ ਗੋਰੀ ਗ਼ਮਾਂ ਦਾ ਤੰਦੂਰ ਬਾਲਦੀ ਹੈ-
ਹੀਰਿਆ ਹਰਨਾ ਬਾਗੀ ਚਰਨਾ
ਬਾਗੀ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲਾ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੋ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣਗੀਆਂ......
ਨਿਹੁੰ ਨਾ ਲਗਦੇ ਜ਼ੋਰੀ
ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾਂ ਹੋਰ ਕੁਝ ਵੀ ਪੋਂਹਦਾ ਨਹੀਂ—
ਹੁਜ਼ਰੇ ਸ਼ਾਹ ਹਕੀਮ ਦੇ
ਇੱਕ ਜੱਟੀ ਅਰਜ਼ ਕਰੋ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਕੰਤ ਮਰੇ
ਪੰਜ ਸੱਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲੇ ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ-ਚਊਂ ਨਿਤ ਕਰੇ
ਗਲੀਆਂ ਹੋਵਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ
ਮਿਰਜ਼ਾ ਆਪਣੀ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਪੰਜਾਬ ਦੇ ਗੱਭਰੂਆਂ ਦੇ ਹੇਠਾਂ ਤੇ ਸਜੀਵ ਹਨ-
ਦਖਣ ਦੇ ਵਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬੁਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਆ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ
ਪੰਜਾਬੀ, ਮਿਰਜ਼ੇ ਦੀ ਸਾਹਿਬਾਂ ਦੇ ਭਰਾਵਾਂ ਨਾਲ ਹੋਈ ਲੜਾਈ ਦੇ ਬਿਰਤਾਂਤ ਨੂੰ ਬੜੇ ਲਟਕਾਂ ਨਾਲ ਗਾਉਂਦੇ ਹਨ-
ਭੱਥੇ 'ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆਂ ਜੱਟ ਨੇ ਮੁਛਾਂ ਕੋਲੋਂ ਫੱਟ ਕੇ
ਉੱਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੜਿਉਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਉਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੁੰਘਿਆ ਸੀਰ
ਮਿਰਜ਼ਾ ਜੋਧਿਆਂ ਵਾਂਗ ਕੱਲਾ ਲੜਿਆ। ਉਹਦੀ ਮੌਤ ਤੇ ਪੰਜਾਬ ਦੀ ਆਤਮਾ ਕੁਰਲਾ ਉੱਠੀ-
ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਡੋਰ
ਜਿੱਥੇ ਮਿਰਜ਼ਾ ਵੱਢਿਆ
ਉੱਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ ’ਚ ਰੋਂਦੇ ਚੋਰ
ਸਦੀਆਂ ਬੀਤਣ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।
ਇੰਦਰ ਬੇਗੋ
ਇੰਦਰ ਬੇਰੀ ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ-ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਇਹ ਇਕੋ ਦਿਨ ਵਿੱਚ ਵਾਪਰਦੀ ਹੈ।
ਲਾਹੌਰ ਦੇ ਲਾਗੇ ਘੁਗ ਵੱਸਦੇ, ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ ਪਾਲਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜਕੇ ਬੈਠ ਜਾਂਦੇ, ਇੱਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਹਨਾਂ ਦੇ ਮਨਾਂ ਵਿੱਚ ਉਣੇ ਜਾਂਦੇ । ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ :-
ਨਾਲ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀ ਸੋਂਹਦਾ
ਪੈਰਾਂ ਵਿੱਚ ਰਕਾਬੀ
ਨਾਲ ਹੁਸਨ ਦੇ ਕਰੇ ਉਜਾਲਾ
ਮਚਦੀ ਜਿਵੇਂ ਮਤਾਬੀ
ਇਸ਼ਕ ਬਲੀ ਦੀਆਂ ਚੜੀਆਂ ਲੋਰਾ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ-
ਖਿੜਿਆ ਫੁੱਲ ਗੁਲਾਬੀ
ਇੱਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ ਪਰ ਉਹਨੂੰ ਪਟ ਕਿਧਰੋਂ ਵੀ ਨਾ ਮਿਲਿਆ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਹਾਏ ਦੇ ਦਿੱਤੀ। ਪਲਾਂ ਵਿੱਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੌਦੇ ਖਰੀਦਣ ਲਈ ਸੋਚਾਂ ਬਣ ਗਈਆਂ।
ਤੇਲਣ ਮਤਾਬੀ, ਜੱਟੀ
ਕਾਨ੍ਹੋ, ਕੇਸਰੀ, ਪੰਜਾਬੀ,
ਸੱਭੇ ਤਿਆਰ ਹੋ ਕੇ ਆਉਂਦੀਆਂ
ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲੀ ਬੰਨ੍ਹ ਗਾਉਂਦੀਆਂ।
(ਪੂਰਨ ਰਾਮ)
ਲਗਰਾਂ ਵਰਗੀਆਂ ਮੁਟਿਆਰਾ ਰਾਵੀ ਦੇ ਪੱਤਣਾ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ-ਗੋਦੜੀ ਦੇ ਲਾਲ ਦਗ-ਦਗ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।
ਬਾਣੀਆਂ ਦੇ ਦਿਲ ਧੂਹਦੀ ਇਹ ਟੋਲੀ ਇੰਦਰ ਬਜ਼ਾਜ ਦੀ ਹੱਟੀ ਤੇ ਜਾ ਪੁੱਜੀ ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ—ਉਹ ਬੇਗੋ ਦਾ ਹੋ ਗਿਆ : ।
ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ !
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ !
ਨਾਰੀਆਂ ਕਹਿਣ, "ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੋਦਾ ਦੇਵੇਂ ਬਿਨਾਂ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੈ ਕੋਈ ਮੰਗਦਾ ਨੀ ਦਾਮ ਨੀ।”
"ਬੇਗੋ", ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣਕੇ ਇੰਦਰ ਖਿੜ-ਖਿੜ ਹੱਸਿਆ।
ਕੇਰਾਂ ਆਖ ਦੇਵੇ ਬੇਗੋ ਮੁੱਖ ਬੇਲਕੇ
ਜਿਹੜੀ ਚੀਜ਼ ਮੰਗੋ ਸੋਈ ਦੇਵਾਂ ਤੋਲ ਕੇ । (ਪੂਰਨ ਰਾਮ)
ਇੰਦਰ ਦੀ ਦੁਕਾਨ ਮੁਟਿਆਰ ਹਾਸਿਆਂ ਨਾਲ ਛਣਕ ਰਹੀ ਸੀ। ਮੁਟਿਆਰਾਂ ਹੱਸ-ਹੱਸ ਦੂਹਰੀਆਂ ਹੋ ਰਹੀਆਂ ਸਨ ਪਰੰਤੂ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।
"ਅੜਿਆ ਆਖ ਦੇ ਖਾ, ਤੇਰਾ ਕਿਹੜਾ ਮੁੱਲ ਲੱਗਦੈ।" ਕੇਸਰੀ ਦੀ ਨੀਤ ਟਾਸੇ ਦੇ ਥਾਨ ਤੇ ਫਿੱਟੀ ਹੋਈ ਸੀ।
"ਮੇਰੇ ਵੱਲੋਂ ਤਾਂ ਬਾਣੀਆਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"
ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ ! ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ । ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕੱਪੜਾ ਲੈ ਰਹੀਆਂ ਸਨ । ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨੂਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ
ਸੀ, ਟਿਕਚਰਾਂ ਪਿਆ ਕਰਦਾ ਸੀ।
"ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ । ਤੁਸੀਂ ਥਾਨ ਪਰਖਦੇ ਹੋ, ਬੇਗੋ ਇੱਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ.... ।" ਨਫ਼ਾਖੋਰ ਬਾਣੀਆਂ ਸੱਚਮੁੱਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਹੋ ਉੱਠਿਆ ਸੀ।
ਖੁੱਲ੍ਹੇ ਡੁੱਲ੍ਹੇ ਪੇਂਡੂ ਵਾਤਾਵਰਣ ਵਿੱਚ ਪਲੀਆਂ ਅਲ੍ਹੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਹਨਾਂ ਝੱਟ ਬੇਗੋ ਦੇ ਮੁੱਖ ਇਹ ਗੱਲ ਵੀ ਅਖਵਾ ਲਈ :
ਸੁਹਣੇ ਜਹੇ ਮੁਖ ਵਿੱਚੋਂ
ਆਖਿਆ ਮਜਾਜ ਨਾਲ
ਫੂਕੇ ਭਾਵੇਂ ਰੱਖੇ
ਮੈਂ ਕੀ ਏਸ ਨੂੰ ਹਟਾਉਣਾ।
ਏਹੋ ਜਿਹਾ ਕਾਹਲਾ
ਅੱਗ ਲਾਵੇ ਹੁਣੇ ਖੜੀਆਂ ਤੋਂ
ਆਖ ਕੇ ਤੇ ਮੈਂ ਕਾਹਨੂੰ
ਮੁਖੜਾ ਬਕਾਉਣਾ।
ਦੇਖਾਂਗੇ ਤਮਾਸ਼ਾ ਜੇ ਤਾਂ
ਅੱਗ ਲਾਊ ਹੱਟੀ ਤਾਈਂ
ਇਹੋ ਜਹੇ ਲੁੱਚੇ ਨੇ ਕੀ
ਇਸ਼ਕ ਕਮਾਉਣਾ।
ਕਰਦਾ ਮਖੌਲ ਘੰਟਾ ਹੋ ਗਿਆ ਨਰੈਣ ਸਿੰਘਾ
ਚਲੋ ਭੈਣੇ ਚਲੇ
ਕਾਹਨੂੰ ਮਗਜ਼ ਖਪਾਉਣਾ।
ਇੰਦਰ ਨੇ ਅੱਖ ਨਾ ਝਮਕਣ ਦਿੱਤੀ। ਮਿੱਟੀ ਦੇ ਤੇਲ ਦੇ ਕਈ ਪੀਪੇ ਉਹਨੇ ਦੁਕਾਨ ਵਿੱਚ ਮਧਿਆ ਦਿੱਤੇ ਤੇ ਲੋਕਾਂ ਦੇ ਰੋਕਦੀ-ਰੋਕਦੀ ਦੁਕਾਨ ਨੂੰ ਅੱਗ ਲਾ ਦਿੱਤੀ । ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।
ਮੁਟਿਆਰਾਂ ਦੀ ਟੋਲੀ ਸਹਿਮੀ, ਸਹਿਮੀ, ਘਬਰਾਈ ਘਬਰਾਈ ਓਥੋਂ ਖਿਸਕ ਤੁਰੀ। ਉਹ ਇਹ ਨਹੀਂ ਸਨ ਜਾਣਦੀਆਂ ਕਿ ਉਹਨਾਂ ਦਾ ਨਿਕਾ ਜਿਹਾ ਮਖੌਲ ਇਹ ਕੁਝ ਕਰ ਗੁਜਰੇਗਾ ।
ਸਾਰਾ ਬਾਜ਼ਾਰ ਅੱਗ ਬੁਝਾਉਣ ਵਿੱਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲੱਭਦਾ ਪਿਆ ਸੀ ! ਉਹ ਕਿਧਰੇ ਨਜ਼ਰ ਨਹੀਂ ਸੀ ਆਉਂਦੀ ਪਈ, ਉਹ ਤਾਂ ਉਹਦਾ ਸਭ ਕੁਝ ਖਸਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ-ਬੇਗੋ ਕੂਕਦਾ। ਬੇਗੋ ਦੀ ਭਾਲ ਵਿੱਚ ਨਸ ਟੁਰਿਆ।
ਬੇਗੋ ਹੋਰੀ ਆਪਣੇ ਪਿੰਡ ਨੂੰ ਮੁੜ ਪਈਆਂ। ਇੰਦਰ ਹਾਲੋਂ ਬੇਹਾਲ ਹੋਇਆ ਉਹਨਾਂ ਦੇ ਮਗਰ ਰਾਵੀ ਦੇ ਪੁਲ ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਤੂੰ ਮੈਨੂੰ ਛੱਡ ਕੇ ਕਿਧਰ ਨੂੰ ਟੁਰ ਪਈ ਸੈਂ ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ। ਮੈਂ ਹੁਣ ਤੇਰੇ ਨਾਲ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"
ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ ।
"ਇੰਦਰਾ ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈ। ਬੰਗੇ ਦੇ ਬਾਪ ਨੂੰ ਤੂੰ ਨਹੀਂ ਜਾਣਦਾ-ਤੇਰੇ ਟੋਟੇ-ਟੋਟੇ ਕਰਕੇ ਉਹਨੇ ਸਾਹ ਲੈਣੇ ।" ਬਲਾਸੋ ਨੇ ਡਰਾਵਾ ਦਿੱਤਾ ।
ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਲਈ ਤਿਆਰ ਸੀ:
ਬੇਗੋ ਮਾਰੇ ਜੁੱਤੀਆਂ,
ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ
ਆਰੇ ਨਾਲ ਚੀਰ ਦੇ।
ਮਹੀਵਾਲ ਸੋਹਣੀ ਪਿੱਛੇ,
ਮਹੀਂਵਾਲ ਬਣਿਆਂ ਸੀ
ਕੰਨ ਪੜਵਾਏ ਰਾਂਝੇ ਪਿੱਛੇ
ਜੱਟੀ ਹੀਰ ਦੇ।
ਲੁਹਾਰ ਫਰਿਹਾਦ,
ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ,
ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ ਜਾਊਂ,
ਕਹੇ ਇੰਦਰ ਨਰੈਣ ਸਿੰਘਾ
ਟੋਟੇ-ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।
ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਹਨਾਂ ਲਹਿਲਹਾਂਦੇ ਪਾਣੀ ਵਿੱਚ ਕੇਸਰ ਘੋਲ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਟੋਲੀ ਇੱਕ ਅਣਖੀ ਉਲਝਣ ਵਿੱਚ ਫਸੀ ਖੜੀ ਸੀ। ਲਟ-ਲਟ ਜਲ ਰਹੀ ਹੱਟੀ ਦੇ ਚੰਘਿਆੜੇ ਅਜੇ ਵੀ ਉਹਨਾਂ ਦੇ ਕੰਨਾਂ ਵਿੱਚ ਚਿੜ- ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਹਨਾਂ ਦੇ ਸਾਹਮਣੇ ਖੜਾ ਹੁਸਨ ਦੀ ਹੱਟੀ ਤੋਂ ਖੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ
ਹਾਲਤ ਡੱਕੇ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੁਰਦੀਆਂ ਜਾਪਦੀਆਂ ਸਨ।
"ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ ! ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੇਗੋ ਆਖੇ ਤਾਂ ਸਹੀ... ।" ਇੰਦਰ ਨੇ ਦਰਿਆ ਦੇ ਠਾਠਾ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ ।
“ਮੇਰੇ ਵਲੋਂ ਤਾਂ ਕਲ੍ਹ ਨੂੰ ਮਰਦਾ ਅੱਜ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।" ਗੁੱਸੇ ਨਾਲ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।
ਬੇਗੋ ਦੇ ਮੁੱਖ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ।
ਆਹ । ਬੇਗੋ ਦੇ ਬੋਲਾਂ ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ । ਬੇਗੇ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਘੁੰਮਣ ਘੇਰੀਆਂ ਵਲ ਤੱਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ ਘੁਮਾਵਣ ਦੀ ਲਾਲਸਾ ਸੀ ।
ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਹਨਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ। ਖੂਨੀ ਦਰਿਆ ਦੀ ਇਕ ਲਹਿਰ ਉਹਨੂੰ ਵੀ ਆਪਣੇ ਨਾਲ ਹੀ ਰੋਹੜ ਕੇ ਲੈ ਗਈ । ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ।
ਮੁਟਿਆਰਾਂ ਉਦਾਸ-ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ । ਉਹ ਸੋਚਦੀਆਂ ਪਈਆਂ ਸਨ ਕਿ ਉਹ ਕਿਹੜੇ ਮੂੰਹ ਨਾਲ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣ ਗੀਆ।
ਇਸ ਪ੍ਰੀਤ ਕਹਾਣੀ ਨੂੰ ਵਾਪਰਿਆ ਭਾਵੇਂ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ ਪਰੰਤੂ ਇਸ ਦੀ ਅਮਿੱਟ ਪਿਆਰ ਛੁਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੋ ਹਿਰਦਿਆਂ ਨੂੰ ਠਾਰ ਰਹੀ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਲਟਕਾਂ ਨਾਲ ਗਾ ਕੇ ਆਨੰਦ ਮਾਣਦੇ ਹਨ।
ਸੋਹਣਾ ਜ਼ੈਨੀ
'ਸੋਹਣਾ ਜ਼ੋਨੀ' ਲਹਿੰਦੇ ਪੰਜਾਬ ਦੇ ਗੁਜਰਾਤ ਦੇ ਇਲਾਕੇ ਵਿੱਚ ਵਾਪਰੀ ਪ੍ਰੀਤ ਕਥਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਪ੍ਰੀਤ ਕਥਾ ਨੂੰ ਖਾਹਸ਼ ਅਲੀ ਅਤੇ ਕਵੀ ਜਲਾਲ ਨੇ ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ।
ਜ਼ਿਲਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨਦਾਨ ਕੀਤੇ, ਮੰਨਤਾ ਮੰਨੀਆਂ। ਇਕ ਦਿਨ ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹਾ ਪਈਆਂ ਤੇ ਉਸ ਨੂੰ ਸੱਚੇ ਰਸੂਲ ਦੇ ਦਰੇਂ ਤਿੰਨ ਪੁੱਤਰਾਂ ਦੀ ਦਾਤ ਮਿਲ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ मो।
ਸੋਹਣਾ ਜਵਾਨ ਹੋ ਗਿਆ ਤੇ ਸ਼ਿਕਾਰ ਖੇਡਣ ਲੱਗ ਪਿਆ। ਇਕ ਦਿਨ ਉਹ ਸ਼ਿਕਾਰ ਖੇਡਦਾ-ਖੇਡਦਾ ਆਪਣੇ ਖੂਹ 'ਤੇ ਜਾ ਪੁੱਜਿਆ। ਖੂਹ ਦੇ ਨੇੜੇ ਹੀ ਜੰਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰਥਨਾਥ ਦੀ ਅਲਬੇਲੀ ਧੀ ਜ਼ੇਨੀ ਆਪਣੀ ਸਹੇਲੀ ਚੰਦਾ ਨਾਲ ਖੂਹੇ ਤੋਂ ਪਾਣੀ ਪਈ ਭਰੇਂਦੀ ਸੀ। ਜੈਨੀ ਦਾ ਰੂਪ ਬਣ-ਬਣ ਪੈ ਰਿਹਾ ਸੀ :-
ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ।
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲਾ ਕਿਹੜਾ।
ਪਲਕਾਂ ਤੀਰ ਲੱਗਣ ਵਿੱਚ ਸੀਨੇ
ਅੱਬਰੂ ਸਖਤ ਕਮਾਨਾਂ।
ਇਕ ਨਜ਼ਰ ਥੀ ਘਾਇਲ ਹੋਵਨ
ਲੱਖ ਕਰੋੜਾਂ ਜਾਨਾਂ।
ਜੁਲਫਾਂ ਰਾਤ ਹਨ੍ਹੇਰੀ ਵਾਂਗੂ
ਤੇ ਮੁਖ ਰੋਜ਼ ਉਜਾਲਾ ।
ਦਿਨ ਤੇ ਰਾਤ ਇਕੱਠੇ ਕੀਤੇ
ਕੁਦਰਤ ਰਬ ਤਾਅਲਾ
(ਕਵੀ ਜਲਾਲ)
ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਦਾ ਝਲ ਸਕਿਆ। ਉਹ ਜੰਨੀ ਦਾ ਹੈ ਗਿਆ:-
ਸੋਹਣਾ ਤਰਫ ਜ਼ੈਨੀ ਦੇ ਵੇਖੋ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉੱਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜੈਨੀ ਦਾ ਦਿਲ ਵਿੱਚ ਪੁੜਿਆ
ਛੁੱਟਾ ਤੀਰ ਕਮਾਨੇਂ
(ਖਾਹਸ਼ ਅਲੀ)
ਚੰਦਾ ਤੇ ਜੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿੱਚ ਜਾ ਵਡੀਆਂ । ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ ਸੁਪਨਾ ਆਪਣੇ ਮੱਧ ਭਰੇ ਨੈਣਾਂ ਵਿੱਚ ਸਮੇ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈਅ ਹੁਣ ਉਸ ਨੂੰ ਪਿਆਰੀ-ਪਿਆਰੀ, ਖ਼ੁਸ਼-ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜੈਨੀ ਪਈ ਨਜ਼ਰ ਆਉਂਦੀ ਸੀ।
ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵੱਲ ਭੱਜ ਤੁਰਿਆ। ਖੂਹ 'ਤੇ ਪੁੱਜ ਕੇ ਕੀ ਵੇਖਦਾ ਹੈ ਡੇਰੇ ਵਾਲੀ ਥਾਂ ਭਾਂ-ਭਾਂ ਪਈ ਕਰਦੀ ਹੈ। ਜੋਗੀ ਰਾਤੋ ਰਾਤ ਅਗਾਂਹ ਤੁਰ ਗਏ ਸਨ।
ਸੋਹਣੇ ਦੇ ਕਾਲਜੇ 'ਚੋਂ ਰੁਗ ਭਰਿਆ ਗਿਆ। ਜੈਨੀ ਤਾਂ ਉਹਦਾ ਸਭ ਕੁਝ ਖੋਹ ਕੇ ਲੈ ਗਈ ਸੀ। ਉਹ ਉਹਦੇ ਵਿਯੋਗ ਵਿੱਚ ਪਾਗਲ ਜਿਹਾ ਹੋ ਗਿਆ। ਪਿਆਰੇ ਦੇ ਦਿਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨੱਸ ਤੁਰਿਆ। ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ। ਪਿਆਰੇ ਨਾਲ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾ ਪੁਰ ਪਿੰਡ ਦੀ ਜੂਹ ਵਿੱਚ ਡੇਰਾ ਲੱਭ ਪਿਆ। ਜ਼ੈਨੀ ਨੂੰ ਵੇਖ ਉਸ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ।
ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵੱਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤੱਕ ਜਾਂਦਾ ਤੇ ਰਾਤੀ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜੈਨੀ ਨਾਲ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ।
ਏਧਰ ਜੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦਿਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ ਆਪਣੀ ਭੁਜਦੀ ਹਿੱਕੜੀ
ਦੀ ਤਪਸ਼ ਠਾਰਦਾ ਹੈ।
ਇਕ ਦਿਨ ਸੋਹਣਾ ਹੀਆ ਕਰਕੇ ਡੇਰੇ ਵਿੱਚ ਜਾ ਵੜਿਆ। ਉਸ ਮਿਨਤਾਂ ਤਰਲੇ ਕਰਕੇ ਸਮਰਨਾਥ ਨੂੰ ਆਖਿਆ ਕਿ ਉਹ ਉਹਨੂੰ ਆਪਣੇ ਕੋਲ ਖੋਤੇ ਚਾਰਨ 'ਤੇ ਰੱਖ ਲਵੇ। ਸਮਰਨਾਥ ਬੜੇ ਨਰਮ ਹਿਰਦੇ ਵਾਲਾ ਪੁਰਸ਼ ਸੀ। ਉਹਨੂੰ ਉਹਦੇ ਮੁਰਝਾਏ ਚਿਹਰੇ 'ਤੇ ਤਰਸ ਆ ਗਿਆ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ 'ਤੇ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।
ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪ੍ਰੰਤੂ ਜੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਲ੍ਹ ਸਕਿਆ।
ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜ਼ੈਨੀ ਕਲਮ ਕੱਲੀ ਜੰਗਲ ਵਿੱਚੋਂ ਪਾਣੀ ਲੈਣ ਵਾਸਤੇ ਆਈ। ਸੋਹਣਾ ਪਾਣੀ ਭਰੇਂਦੀ ਜੈਨੀ ਪਾਸ ਪੁੱਜਿਆ ਤੇ ਹੌਸਲਾ ਕਰਕੇ ਬੋਲਿਆ, "ਜੈਨੀਏਂ ।"
ਜੈਨੀ ਤਬਕ ਗਈ। ਉਸ ਵੇਖਿਆ ਸੋਹਣਾ ਉਹਦੇ ਵੱਲ ਬਿਟਰ-ਬਿਟਰ ਝਾਕ ਰਿਹਾ ਸੀ।
" ਕੀ ਗੱਲ ਐ ਵੇ?"
"ਜ਼ੈਨੀਏਂ ਮੈਂ ਤੇਰੇ ਪਿੱਛੇ ਪਾਗਲ ਹੋ ਗਿਆ ਹਾਂ। ਮੈਂ ਆਪਣਾ ਘਰ-ਬਾਰ ਛੱਡ ਕੇ ਤੇਰੇ ਅੱਗੇ ਖੈਰ ਮੰਗੀ ਏ। ਮੇਰੀ ਝੋਲੀ ਵਿੱਚ ਖੈਰ ਪਾ ਦੇ ਜ਼ੈਨੀਏ।" ਸੋਹਣੇ ਪੱਲਾ ਅੱਡਿਆ।
"ਵੇ ਮੂੰਹ ਸੰਭਾਲ ਕੇ ਗੱਲ ਕਰ।" ਜੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜ੍ਹੀ ਹੋ ਗਈ।
"ਜ਼ੈਨੀਏਂ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਛੱਡ ਕ ਫਕੀਰੀ ਧਾਰਨ ਕੀਤੀ ਏ। ਜ਼ੈਨੀਏ। ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ ।" ਸੋਹਣਾ ਤਰਲੇ ਲੈ ਰਿਹਾ ਸੀ।
“ਨਮਕ ਹਰਾਮੀਆਂ, ਤੇਰੀ ਇਹ ਮਜ਼ਾਲ। ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ । ਅੱਜ ਡੇਰੇ ਚਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ ਮੁਰੰਮਤ।" ਇਹ ਆਖ ਜੈਨੀ ਡੇਰੇ ਨੂੰ ਤੁਰ ਪਈ।
ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿੱਚ ਅਜੇ ਉਪਾਸ਼ਕ ਲਈ ਥਾਂ ਨਹੀਂ ਸੀ ਬਣਿਆ। ਮੋਹਣਾ ਡਰਦਾ-ਡਰਦਾ ਕਾਫ਼ੀ ਹਨੇਰਾ ਹੋਏ 'ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।
ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਫਿਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ, ਦਾਨੀ ਆਪ ਮੰਗਤਾ ਬਣ ਗਿਆ :
ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲਾ
ਜ਼ੋਨੀ ਦੇ ਵੱਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂ
ਜ਼ਖਮ ਕੀਤਾ ਵਿੱਚ ਸੀਨੇ
ਨਿਕਲੀ ਆਹ ਜੈਨੀ ਦੇ ਦਿਲ ਬੀ
ਰੋਵਣ ਨੈਣ ਨਗੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵੱਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖੁਮਾਰ ਸ਼ਰਾਬੋਂ ਵੱਧ ਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜੈਨੀ ਕਮਲੀ ਹੋਈ
ਮਾਣ, ਗਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ
(ਜਲਾਲ)
ਜ਼ੈਨੀ ਹੁਣ ਸੋਹਣੇ ਦੀ ਖਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।
ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿੱਚ ਛਿੜ ਪਈ। ਸਮਰਨਾਥ ਨੇ ਸੋਹਣੇ ਨੂੰ ਡੇਰੇ ਵਿੱਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ।
ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਚੜ੍ਹ ਗਿਆ। ਉਹ ਉਸ ਨੂੰ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਾਰਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, "ਮੂਰਖ ਨਾ ਬਣੋ। ਆਪਣੇ ਸਿਰ ਖੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੇ। ਇਹਨੂੰ ਜੰਗਲ ਵਿੱਚ ਕਿਸੇ ਦਰਖ਼ਤ ਨਾਲ ਬੰਨ੍ਹ ਦੇਵੋ। ਡੇਰਾ ਅਗਾਂਹ ਲੈ ਜਾਂਦੇ ਹਾਂ। ਆਪੇ ਸਾਡਾ ਪਿੱਛਾ ਛੱਡ ਦੇਵੇਗਾ।"
ਜੋਗੀ ਰਾਤ ਸਮੇਂ ਸੋਹਣੇ ਨੂੰ ਜੰਗਲ 'ਚ ਲੈ ਗਏ, ਪਿਹਲਾਂ ਤਾਂ ਉਹਦੀ ਖੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ। ਰਾਤੋਂ ਰਾਤ ਡੇਰਾ ਅਗਾਂਹ ਤੁਰ ਗਿਆ ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖਤ ਨਾਲੋਂ ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ ਵਿੱਚ ਨਸ ਤੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਡੇਰੇ ਵਿੱਚ ਜਾ ਪੁੱਜਾ ਤੇ ਆਪਣੀ ਪਿਆਰੀ ਚੰਨੀ ਨੂੰ ਜਾ ਸਿਜਦਾ ਕੀਤਾ।
ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਕਿ ਉਹ ਜੈਨੀ ਦਾ ਪਿੱਛਾ ਛੱਡਣ
ਵਾਲਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁੱਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿੱਚ ਪਕਾ ਕੇ ਕੋਈ ਜੰਗਲੀ ਬੂਟੀ ਖਲਾ ਦਿੱਤੀ ਤੇ ਕੁਝ ਬੂਟੀ ਸਰੀਰ 'ਤੇ ਮਲਣ ਲਈ ਦੇ ਦਿੱਤੀ।
ਜੋਗੀਆਂ ਨੇ ਸੋਹਣੇ 'ਤੇ ਤੇਲੀਆਂ ਸੱਪ ਛੱਡ ਦਿੱਤਾ, ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੇ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚ ਗਈ।
ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ ਵਿੱਚ ਨਿਕਲ ਤੁਰੇ। ਏਧਰ ਜੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ 'ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।
ਆਖਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨ੍ਹੇਰੇ ਗੂੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਲਿਜਾਇਆ ਗਿਆ। ਸਾਰਾ ਡੇਰਾ ਓਥੇ ਇਕੱਠ ਹੋਇਆ ਵੇਖ ਰਿਹਾ ਸੀ। ਸਿਹਫ ਜੈਨੀ ਆਪਣੀ ਪੱਖੀ ਵਿੱਚ ਪਈ ਤੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਦੀਆਂ ਸੁਖਾਂ ਮਨਾ ਰਹੀ ਸੀ।
ਬੀਨਾਂ ਬੱਜੀਆਂ। ਕੁਲਮਾਰ ਨਾਗ ਸੋਹਣੇ 'ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ ਚੰਦਾ ਵੇਖ ਨਾ ਸਕੀ। ਸੱਪ ਨੇ ਸੋਹਣੇ ਦੁਆਲੇ ਵਲ੍ਹੇਟ ਪਾ ਲਏ ਸਨ। ਉਸ ਆਪਣਾ ਮੂੰਹ ਪਰੇ ਘੁਮਾ ਲਿਆ। ਸੱਪ ਦੀ ਜ਼ਹਿਰ ਨਾਲ ਸੋਹਣੇ ਦਾ ਸਰੀਰ ਕਾਲਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ। ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖੁਸ਼ੀ ਵਿੱਚ ਉਹ ਡੇਰੇ 'ਤੇ ਆ ਕੇ ਨੱਚਣ ਗਾਉਣ ਲੱਗ ਪਏ।
ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ ਫੁਟਾਲੇ ਤੱਕ ਸੁਰਤ ਵਿੱਚ ਆ ਗਿਆ। ਉਸ ਆਪਣੇ ਆਪ ਨੂੰ ਜੈਨੀ ਦੀ ਗੋਦੀ ਵਿੱਚ ਵੇਖਿਆ ਤੇ ਬੋਲਿਆ, "ਜ਼ੈਨੀਏਂ। ਮੈਂ ਜ਼ਨਤ ਵਿੱਚ ਹਾਂ। ਕਿਧਰੇ ਮੈਂ ਸੁਪਨਾ ਤੇ ਨਹੀਂ ਵੇਖਦਾ ਪਿਆ ?"
"ਸੋਹਣਿਆ ਸ਼ੁਕਰ ਏ ਖੁਦਾ ਦਾ, ਜਾਨ ਬਹ ਗਈ ਏ। ਵੇਲਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।"
"ਜ਼ੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾ ਰੱਬ ਦੇ ਵਾਸਤੇ ਡੇਰੇ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।
"ਸੋਹਣਿਆਂ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਉਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜੀ ਸਕਦੀ। ਚਲ ਮੈਨੂੰ
ਆਪਣੇ ਦੇਸ਼ ਲੈ ਚੱਲ।"
ਜੋਗੀਆਂ ਦੇ ਡੇਰੇ ਵਿੱਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿੱਚ ਸੁਗੰਧੀ ਬਖੇਰਦੇ ਪਏ ਸਨ। ਏਧਰ ਦੋ ਪਿਆਰੋ ਆਪਣੀਆਂ ਬਾਹਵਾਂ ਵਿੱਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੇ ਤੁਰੇ ਜਾ ਰਹੇ ਸਨ।
ਕਾਕਾ ਪਰਤਾਪੀ
'ਕਾਕਾ ਪਰਤਾਪੀ' ਮਾਲਵੇ ਦੀ ਪ੍ਰਸਿੱਧ ਪ੍ਰੀਤ ਕਹਾਣੀ ਹੈ ਜੋ ਜ਼ਿਲਾ ਲੁਧਿਆਣੇ ਦੇ ਪਿੰਡ ਲੋਪੋਂ ਵਿਖੇ ਉਨੀਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਵਾਪਰੀ। ਇਸ ਪ੍ਰੇਮ ਕਹਾਣੀ ਨੂੰ ਈਸ਼ਰ ਸਿੰਘ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਗੋਕਲ ਚੰਦ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਰਾਹੀਂ ਬਿਆਨ ਕੀਤਾ ਹੈ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਕਾਕਾ ਪਰਤਾਪੀ ਬਾਰੇ ਕਈ ਲੋਕ ਗੀਤ ਵੀ ਮਿਲਦੇ ਹਨ।
ਲੋਪੋਂ ਪਿੰਡ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਪਿੰਡੋਂ ਬਾਹਰ ਢੱਕੀ ਵਿੱਚ ਤੀਆਂ ਪਾ ਰਹੀਆਂ ਸਨ । ਲੋਪੋਂ ਦੇ ਨਾਲ ਲਗਦੇ ਪਿੰਡ ਰੁਪਾਲੋਂ ਦੇ ਸਰਦਾਰਾਂ ਦਾ ਛੈਲ-ਛਬੀਲਾ ਗੱਭਰੂ, ਜ਼ੈਲਦਾਰ ਕਾਹਨ ਸਿੰਘ ਦਾ ਪੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ 'ਤੇ ਅਸਵਾਰ ਸ਼ਿਕਾਰ ਖੇਡਦਾ-ਖੇਡਦਾ ਢੱਕੀ ਵੱਲ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ- ਦੁਆਲੇ ਘੇਰਾ ਘੱਤ ਲਿਆ। ਉਨ੍ਹਾਂ ਮੁਟਿਆਰਾਂ ਦੇ ਵਿਚਕਾਰ ਗੋਪਾਲੇ ਸੁਨਿਆਰ ਦੀ ਰੂਪਮਤੀ ਧੀ ਪਰਤਾਪੀ ਵੀ ਸੀ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ। ਗੁੱਜਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਹੀ ਜਾਣੂੰ ਸੀ। ਉਸ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਹਿੜਾ ਛੁਡਾਇਆ। ਕਾਕੇ ਨੇ ਪਰਤਾਪੀ ਬਾਰੇ ਭੋਲੀ ਨਾਲ ਹੱਲ ਕਰ ਲਈ।
ਮਹਿੰਦੀ ਰੱਤੇ ਹੱਥ ਫੇਰ ਹਰਕਤ ਵਿੱਚ ਆਏ। ਗਿੱਧਾ ਮੱਚ ਉਠਿਆ। ਸਾਰੇ ਵਾਯੂਮੰਡਲ ਵਿੱਚ ਲੋਕ ਬੋਲੀਆਂ ਦੀ ਮਿੱਠੀ ਸੁਗੰਧ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਦੁਆਰਾਂ ਵਹਿ ਟੁਰੀਆਂ। ਭੋਲੀ ਨੇ ਬੋਲੀ ਪਾਈ :
ਦਿਲ ਵਿੱਚ ਕਾਕਾ ਸੋਚਾਂ ਸੋਚਦਾ
ਜੇ ਮਛਲੀ ਬਣ ਜਾਵਾਂ
ਰਸ ਚੂਸਾਂ ਲਾਲ ਬੁੱਲ੍ਹੀਆਂ ਦਾ
ਭਰ-ਭਰ ਘੱਟ ਲੰਘਾਵਾਂ
ਹੋਵਾਂ ਕੁੜਤੀ ਲੱਗ ਜਾਂ ਕਾਲਜ
ਠੰਢ ਸੀਨੇ ਮੈਂ ਪਾਵਾਂ
ਫੁੱਲ ਬਣ ਡੋਰੀ ਦਾ-
ਪਿੱਠ 'ਤੇ ਮੇਲ੍ਹਦਾ ਆਵਾਂ
ਸ਼ਾਮਾਂ ਪੈ ਗਈਆਂ ਸਨ । ਹਿਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ।
ਕੌਣ ਜਾਣੇ ਇਸ਼ਕ ਜੀ ਜਵਾਲਾ ਕਿੱਥ ਸੁਲਘਦੀ ਪਈ ਸੀ।
ਕੋਈ ਆਖੇ ਨੱਢੀ, ਨੀ ਮੇਰੇ ਵੱਲ ਵੇਖਦਾ ਸੀ
ਕੋਈ ਆਖੋ ਭੈਣੇ ਮੈਨੂੰ ਅੱਖਾਂ ਮਟਕਾ ਗਿਆ।
ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ
ਵੱਟੀ ਜਾਂ ਘੂਰੀ ਤਾਂ ਤੜੱਕ ਨੀਵੀਂ ਪਾ ਗਿਆ।
ਕੋਈ ਆਖੇ ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵੱਲ
ਸਾਹਮਣੇ ਮੈਂ ਝਾਕੀ ਜਦੋਂ ਅੱਖ ਨੀ ਚੁਰਾ ਗਿਆ। (ਗੁਰਦਿਤ ਸਿੰਘ)
ਹੱਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜ੍ਹੀ ਹੀ ਦੂਰ ਗਈਆਂ ਸਨ ਕਿ ਬਾਰਸ਼ ਦਾ ਛਰਾਟਾ ਇਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਸੁੰਨੇ ਕੋਠੇ ਵਿੱਚ ਜਾ ਵੜੀਆਂ। ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭਰਦੀ ਪਈ ਸੀ ਪਰ ਬਾਹਰੋਂ :
ਆਖੇ ਪਰਪਾਤੀ ਨੀ ਤੂੰ ਤੋਲੀਏ ਮਖੌਲ ਕਰੋ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ।
ਜ਼ਾਤ ਦੀ ਕਮੀਨਣੀ, ਅਧੀਨਣੀ, ਗ਼ਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈ ਪੁੱਤ ਜ਼ੈਲਦਾਰ ਦਾ।
ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਣਾਂ ਦੀ ਨੀ
ਖੇਤ, ਬੰਨ੍ਹੇ, ਬੀਹੀ, ਗਲੀ ਦੇਖ ਨੀ ਪੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀਂ ਹੰਕਾਰਦਾ।
ਦੱਬੇ ਭਾਂਬੜ ਕਦ ਤੀਕਰ ਦਬਾਏ ਜਾ ਸਕਦੇ ਹਨ। ਆਖਰ ਜਵਾਲਾ ਫੁੱਟ ਪੈਂਦੀ ਹੈ :
ਤਨ ਮਨ ਮੇਰੇ ਦੀ ਭੁਲਾਈ ਸ਼ੁੱਧ ਨੱਢੜੇ ਨੇ
ਮਿੱਠਾ-ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ
ਫੁੱਲ ਨੀ ਗੁਲਾਬ ਵਾਂਗੂ ਰੰਗ ਮੇਰਾ ਓਸ ਵੇਲੇ
ਮੁਖੜਾ ਲੁਕਾਇਆ ਤਾਂ ਹੋਇਆ ਪਤ-ਪੀਲਾ ਨੀ
ਦੱਸਦੀ ਮੈਂ ਤੈਨੂੰ ਅੱਜ ਗੁਰਦਿੱਤ ਸਿੰਘਾ
ਲੁੱਟੀ ਨੀ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਲਾ ਨੀ।
ਅਗਲੀ ਭਲਕ ਭੋਲੀ ਨੇ ਕਾਕੇ ਨੂੰ ਸੁਨੇਹਾ ਭੇਜ ਕੇ ਰੁਪਾਲੋਂ ਤੋਂ ਸੱਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ, ਲੱਗੀਆਂ ਤੋੜ ਨਿਭਾਣ ਦੇ ਕੌਲ ਕਰਾਰ ਕਰ ਲਏ। ਇਸ ਤਰ੍ਹਾਂ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ।
ਇਸ਼ਕ-ਮੁਸ਼ਕ ਛੁਪਾਇਆਂ ਕਦੇ ਛੁਪਦੇ ਨਹੀਂ। ਕਾਕਾ ਪਰਤਾਪੀ ਦੇ ਇਸ਼ਕ ਦਾ ਭੇਤ ਖੁੱਲ੍ਹ ਗਿਆ। ਪਰਤਾਪੀ ਦੀ ਮਾਂ ਨੰਦ ਦੇ ਕੰਨੀਂ ਵੀ ਭਿਣਕ ਪੈ ਗਈ :
ਭੋਲੀ ਦੇ ਘਰ ਮਿਲਦੇ ਦੋਵੇਂ
ਪਿੰਡ ਵਿੱਚ ਹੋਈਆਂ ਸਾਰਾਂ
ਕਾਕੇ ਨਾਲ ਰਹੋ ਪਰਤਾਪੀ
ਗੱਲਾ ਕਰਦੀਆਂ ਨਾਰਾਂ
ਨੰਦੋ ਨੂੰ ਜਾ ਕਿਹਾ ਕਿਸੇ ਨੇ
ਤੈਨੂੰ ਬਾਤ ਉਚਾਰਾਂ
ਬਿਗੜ ਗਈ ਪਰਤਾਪੀ ਤੇਰੀ
ਘਰ-ਘਰ ਫਿਰਗੀਆਂ ਤਾਰਾਂ
ਕਿਸੇ ਰੋਜ਼ ਨੂੰ ਚੰਦ ਚੜ੍ਹਾਵੇ
ਛੇਤੀ ਖਿੱਚ ਮੁਹਾਰਾਂ
ਇੱਜ਼ਤਾਂ ਰੋਲਦੀਆਂ-
ਮਰਨ ਧੀਆਂ ਬਦਕਾਰਾਂ
ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ ਪਰਤਾਪੀ ਵਿਆਹੀ ਹੋਈ ਸੀ । ਪਰ ਅਜੇ ਉਹਦਾ ਮੁਕਲਾਵਾ ਨਹੀਂ ਸੀ ਹੋਇਆ। ਬਦਨਾਮੀ ਤੋਂ ਹਰਦਿਆਂ ਪਰਤਾਪੀ ਦੇ ਬਾਪ ਗੋਪਾਲੇ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।
ਰਾਮ ਰਤਨ ਗੱਡੀ ਵਿੱਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿੱਚ ਜਾ ਘੇਰੀ । ਉਹ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੋਪਾਲੋਂ ਲੈ ਆਇਆ।" ਗਰੀਬ ਸੁਨਿਆਰ ਜਗੀਰਦਾਰਾਂ ਦੇ ਅਤਿਆਚਾਰ ਦੀ ਤਾਬ ਨਾ ਝੱਲਦੇ ਹੋਏ ਖੰਨੇ ਦੇ ਥਾਣੇ ਜਾ ਹੋਏ, ਪਿੱਟੇ।
ਰੁਪਾਲੋਂ ਪੁਲੀਸ ਆਈ। ਕਾਹਨ ਸਿੰਘ ਦੀ ਇੱਜ਼ਦ ਦਾ ਸਵਾਲ ਸੀ । ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਤੋਰ ਦਿੱਤਾ। ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜ਼ੈਲਦਾਰ ਦੀ ਇੱਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਥਰ ਦਾ ਘੁੱਟ ਭਰਕੇ ਬਹਿ ਗਿਆ।
ਕਾਕਾ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁੱਖ ਰੱਖਦਿਆਂ ਉਹਦੇ ਮਾਪਿਆਂ ਨੇ ਉਹਨੂੰ ਨਾਭਾ ਵਿਖੇ ਰਾਜਾ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀ ਛੱਡ ਆਂਦੀ। ਉਥੋਂ ਉਹ ਵਿਛੋੜੇ ਦੀ ਅਗਨੀ ਵਿੱਚ ਸੜਦੀ ਹੋਈ ਲੋਪੋਂ ਆ ਗਈ।
ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਭੇ ਕਾਕੇ ਕੋਲ ਨੱਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਹ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂੰ-ਲੂੰ ਜਲ ਰਿਹੈ, ਮੇਰੀ ਨੀਂਦ ਕਿਧਰੇ ਉਡ-ਪੁਡ ਗਈ ਐ। ਬਸ ਕਾਕਾ ਅੱਠ ਪਹਿਰ ਯਾਦ ਆਉਂਦਾ ਰਹਿੰਦੇ ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ, ਖੋਰੋ ਉਹਦੀ ਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ
"ਜ਼ੋਰ ਸਰਦਾਰੀ ਦੇ, ਗੱਡੀ ਮੋੜਕੇ ਰੁਪਾਲ ਬਾੜੀ (ਲੋਕਗੀਤ)
ਨਾਭੇ ਪੁਚਾਣ ਦੀ ਕੋਈ ਸਕੀਮ ਸੋਚ-ਸਾਰੀ ਉਮਰ ਤੇਰਾ ਅਹਿਸਾਨ ਨਹੀ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ।
"ਅੜੀਏ ਹੋਸਲਾ ਕਰ, ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ.. ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।"
ਭੋਲੀ ਨੇ ਹੌਸਲਾ ਦਿੱਤਾ। "ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ ?"
"ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ। ਐਹ ਨਰੈਣੀ ਆਉਂਦੀ ਪਈ ਹੈ।"
ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲ੍ਹਾਂ ਵਿੱਚ ਮੁਸਕਰਾਈ।
ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲ਼ੇ-ਦਲੋਲ ਗੁੱਜਰ ਨਾਲ ਪਰਤਾਪੀ ਨੂੰ ਨਾਭੇ ਛੱਡ ਆਉਣ ਬਾਰੇ ਗੱਲ ਤੋਰੀ।
ਅਗਲੀ ਭਲਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਕਾਪੀ ਦੇ ਨਾਭੇ ਜਾਣ ਬਾਰੇ ਦੱਸ ਦਿੱਤਾ। ਪਰਤਾਪੀ ਦਾ ਕਾਕੇ ਕੋਲ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਮੱਥਾ ਫੜ੍ਹ ਕੇ ਬੈਠ ਗਈ। ਇਕ ਪਲ ਉਹ ਸੁੰਨ ਬੈਠੀ ਰਹੀ, ਆਖਰ ਉਸ ਦੇ ਬੁੱਲ੍ਹ ਕੰਬੇ, "ਨਹੀਂ, ਨਹੀਂ ਹੋਣ ਦਿਆਂਗੀ, ਜ਼ੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗ ਨਹੀਂ ਰਹਾਂਗੇ। ਵੀਰ ਮੇਰਿਆ ਕੁੱਝ ਵੀ ਕਰ। ਸਾਡੀ ਇੱਜ਼ਤ ਬਚਾ ਤੂੰ ਅੱਗੇ ਵੀ ਸਾਡੇ ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।" ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ।
ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਜਗੀਰਦਾਰਾਂ ਦੀ ਬਹੁ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜ੍ਹੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।
ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ, ਦਲੇਲ ਦਾ ਯਾਰ ਸੀ। ਉਹ ਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ। ਅੰਨ੍ਹਾ ਲਾਲਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ।
ਦਲੇਲ ਨੇ ਭੇਲੀ ਹੱਥ ਪਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਪਈ।
ਪੱਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲੇਲ ਵਿਛੜੀ ਕੂੰਜ ਨੂੰ ਨਾਲ ਲੈ ਚਾਵਾ-ਪੰਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਤੀਕਰ ਟਿੱਬੇ ਹੀ ਟਿੱਬੇ ਸਨ।
ਪਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇਂ ਰੌਂਅ ਵਿੱਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁੱਕਰ ਕਰ ਰਹੀ ਸੀ। ਪਿਆਰ ਦੇ ਮਿਲਾਪ ਲਈ ਉਹਦਾ ਦਿਲ ਬਿਹਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ :
ਟਿੱਬੇ ਦੇ ਵਿੱਚ ਜਾ ਵੜੇ, ਉੱਤੋਂ ਰਾਤ ਗੁਬਾਰ।
ਖ਼ਬਰ ਨਾ ਕੋਈ ਰੰਨ ਨੂੰ, ਹੈ ਕਰਮਾਂ ਦੀ ਹਾਰ।
ਮਨ ਵਿੱਚ ਰੰਨ ਦੇ ਹੌਂਸਲਾ, ਕਦਮ ਧਰੇ ਇਕਸਾਰ।
ਦਿਲ ਵਿੱਚ ਲੱਡੂ ਫੁੱਟਦੇ, ਮਿਲਣਾ ਕਾਕੇ ਯਾਰ।
ਆਖੇ ਅੱਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖ਼ਬਰ ਨਾ ਕੋਈ ਪਾਪ ਦੀ, ਗੁੱਜਰ ਵਿਚ ਹੰਕਾਰ।
ਸੀਟੀ ਮਾਰ ਦਲੇਲ ਨੇ, ਸੱਯਦ ਕੀਤੀ ਸਾਰ।
ਦੂਰੋਂ ਆਇਆ ਕੁੱਦਕੇ, ਸੱਯਦ ਖਾਕੇ ਖਾਰ।
ਟੱਪਦਾ ਵਾਂਙੂ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾ ਕੇ ਅੱਗਿਓਂ, ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ, ਟੁਕੜੇ ਕਰਦੇ ਚਾਰ।
ਸੁਣ ਕੇ ਰਮਜ਼ ਦਲੇਲ ਨੇ, ਖਿੱਚ ਲਈ ਤਲਵਾਰ।
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿੱਚ ਸਮਝੇ ਉਸ ਨੇ, ਹੱਸਦੇ ਦੋਵੇਂ ਯਾਰ।
ਹੱਸ ਕੇ ਕਿਹਾ ਦਲੇਲ ਨੂੰ, ਦੂਜਾ ਕੌਣ ਪੁਕਾਰ।
ਗੁੱਜਰ ਆਖੇ ਅੱਗਿਓ-ਤੇਰੀ ਮਾਂ ਦਾ ਯਾਰ।
ਆ ਗਿਆ ਤੈਨੂੰ ਲੈਣ ਨੂੰ, ਹੋ ਕੇ ਜਮ ਅਸਵਾਰ।
ਮੈਨੂੰ ਨਾ ਸੀ ਜਾਣਦੀ ਦਿੱਤਾ ਪੱਟ ਸਰਦਾਰ।
ਭੱਜਲੇ ਜਿੱਥੇ ਭੱਜਣਾ, ਤੈਨੂੰ ਦੇਣਾ ਮਾਰ।
ਸਹੁਰੇ ਪਿਓਕੇ ਛਡਕੇ, ਕਾਕਾ ਕੀਤਾ ਯਾਰ।
ਆਣ ਛੁਡਾਵੇ ਅਸਾਂ ਤੋਂ, ਸੱਦ ਲੈ ਕੂਕਾਂ ਮਾਰ।
(ਗੁਰਦਿੱਤ ਸਿੰਘ)
ਕਾਲੀ-ਬੋਲੀ ਰਾਤ ਵਿੱਚ ਦਨ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਿਰਨੀ ਨੇ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ :
ਨਾ ਮਾਰੀ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ
ਪਰ ਅੰਨ੍ਹੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੋ ਕਰਵਾ ਦਿੱਤੇ :
ਕਰੀ ਅਰਜ਼ੋਈ ਨਾ ਦਰਦ ਮੰਨਿਆ
ਪਾਪ ਉੱਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਕਸਾਈ ਬੱਕਰ
ਗੁਜਰ ਦਲੇਲ ਨੇ ਬਣਾਏ ਡੱਕਰੇ।
(ਗੋਕਲ ਚੰਦ)
ਦਲੇਲ ਹੋਰਾਂ ਪਰਤਾਪੀ ਦੀ ਲਾਸ਼ ਟੁਕੜੇ-ਟੁਕੜੇ ਕਰਕੇ ਹਾਥੀ ਵਾਲ਼ੇ ਟਿੱਬੇ ਵਿੱਚ ਡੂੰਘੀ ਦੱਬ ਦਿੱਤੀ। ਇੱਕ ਟਟੀਹਰੀ ਦੀ ਦਿਲ-ਚੀਰਵੀਂ ਆਵਾਜ਼ ਹੋਲੇ-ਹੌਲੇ ਮੱਧਮ ਪੈਂਦੀ ਗਈ : ਪਰਤਾਪੀ ਦੇ ਅਚਾਨਕ ਗਾਇਬ ਹੋਣ 'ਤੇ ਪਿੰਡ ਵਿੱਚ ਰੋਲਾ ਪੈ ਗਿਆ।
ਕੋਈ ਆਖੇ : "ਪਰਤਾਪੀ ਕਾਕੇ ਪਾਸ ਨਾਭੇ ਨੱਸ ਗਈ ਹੈ।" ਕਿਸੇ ਕਿਹਾ, "ਪਰਤਾਪੀ ਨੂੰ ਕਾਹਨ ਸਿੰਘ ਹੋਰਾਂ ਮਰਵਾ ਦਿੱਤਾ ਹੈ।" ਆਖ਼ਰ ਸ਼ੋਹਰੋਂ ਸ਼ੋਹਰੀ ਹੁੰਦੀ ਗਈ। ਕਿਸੇ ਥਾਣੇ ਜਾ ਮੁਖ਼ਬਰੀ ਕੀਤੀ। ਪਰਤਾਪੀ ਦਾ ਕਤਲ ਹੋਇਆਂ ਛੇ ਮਹੀਨੇ ਲੰਘ ਚੁੱਕੇ ਸਨ।
ਪੁਲੀਸ ਆਈ, ਸਾਰੇ ਪਿੰਡ ਦੀ ਮਾਰ ਕੁਟਾਈ ਕੀਤੀ ਗਈ ਪਰ ਪਰਤਾਪੀ ਦਾ ਕਿੱਧਰੇ ਥਹੁ-ਪਤਾ ਨਾ ਲੱਗਾ।
ਅੰਗਰੇਜ਼ ਬਾਰਬਟਨ ਜਿਹੜਾ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲੀਸ ਸੀ, ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ। ਉਸ ਦੇ ਨਾਲ ਦੇ ਸੋ ਸਿਪਾਹੀ ਸਨ। ਉਸ ਆਲੇ-ਦੁਆਲੇ ਦੇ ਸਾਰੇ ਪਿੰਡ ਸੱਦ ਲਏ। ਫੇਰ ਵੀ ਕੁਝ ਪਤਾ ਨਾ ਲੱਗਾ। ਬਾਰਬਟਨ ਹੁਸ਼ਿਆਰ ਬਹੁਤ ਸੀ। ਉਹ ਉੱਥੇ ਕਈ ਦਿਨ ਰਿਹਾ। ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਕ ਦਿਨ ਉਸ ਨੂੰ ਪਰਤਾਪੀ ਦੇ ਭੋਲੀ ਨਾਲ ਸਹੇਲਪੁਣੇ ਦਾ ਪਤਾ ਲੱਗਾ। ਉਹਨੇ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦੇ ਦਲੇਲ ਨਾਲ ਨਾਭੇ ਜਾਣ ਦੀ ਗੱਲ ਦੱਸ ਦਿੱਤੀ। ਅੱਗੋਂ ਦਲੇਲ ਗੁੱਜਰ ਨੇ ਵਾਅਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ।
ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।
ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੋਲ ਦੇ ਦੱਸੇ ਪਤੇ 'ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲੇ-ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ (ਮਾਦਪੁਰ ਲੋਪੋਂ ਤੋਂ ਇੱਕ ਮੀਲ ਦੂਰ ਹੈ) ਦੇ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪੁਟਾਈ ਵਿੱਚ ਮੱਦਦ ਕੀਤੀ।
ਆਖ਼ਰ ਪਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇਕ ਲੋਕ-ਗੀਤ ਨੇ ਹਾਲੀ ਤੀਕਰ ਸਾਂਭ ਰੱਖਿਆ ਹੈ :
ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲੇ
ਅਦਾਲਤ ਵਿੱਚ ਮੁਕੱਦਮਾ ਚੱਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁਜਰ ਵਾਅਦਾ ਮੁਆਫ਼ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ। ਬਜ਼ੁਰਗ ਦੱਸਦੇ ਹਨ ਕਿ ਇਕ ਬੱਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਵੱਗ ਚਰਾਂਦਾ ਪਰਤਾਪੀ ਦੀ ਮਰਨ ਵਾਲੀ ਥਾਂ ਪੁੱਜਾ ਤਾਂ ਕੜਕਦੀ ਬਿਜਲੀ ਉਸ ਉੱਤੇ ਆ ਡਿੱਗੀ ਅਤੇ ਉਹ ਉੱਥੇ ਹੀ ਪੱਪੜੀ- ਖੱਖੜੀ ਹੋ ਗਿਆ।
ਸੈਂਕੜੇ ਵਰ੍ਹੇ ਬੀਤਣ ਮਗਰੋਂ ਵੀ ਪਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ। ਜਗੀਰਦਾਰਾਂ ਵਲੋਂ ਕੀਤੇ ਗਏ ਪਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤਕ ਨਹੀਂ ਭੁਲਾਇਆ। ਉਹ ਪਰਤਾਪੀ ਦੀ ਸੱਚੀ ਸੁੱਚੀ ਪਾਕ ਮੁਹੱਬਤ ਨੂੰ ਸੈਆਂ ਪ੍ਰਣਾਮ ਕਰਦੇ ਹਨ।
ਰੋਡਾ ਜਲਾਲੀ
ਰੋਡਾ ਜਲਾਲੀ ਹੁਸ਼ਿਆਰਪੁਰ ਦੇ ਇਲਾਕੇ ਦੀ ਪ੍ਰੀਤ ਕਹਾਣੀ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਕਹਾਣੀ ਹੁਸ਼ਿਆਰਪੁਰ ਜ਼ਿਲੇ ਦੇ ਇਕ ਪਿੰਡ "ਲਾਲ ਸਿੰਙੀ" ਵਿੱਚ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੇ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਬਿਨਾਂ ਰੋਡਾ-ਜਲਾਲੀ ਬਾਰੇ ਪੰਜਾਬ ਦੀਆਂ ਔਰਤਾਂ ਕਈ ਇਕ ਲੋਕ ਗੀਤ ਵੀ ਗਾਉਂਦੀਆਂ ਹਨ।
ਬਲਖ ਬੁਖਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿੱਚ ਫ਼ਕੀਰ ਹੋਇਆ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਪਿੰਡ 'ਲਾਲ ਸਿੰਙੀ' ਆ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ ਤੇ ਪੂਰਬ ਵੱਲ ਦੇ ਪਾਸੇ ਬਹਾ ਨਦੀ ਦੇ ਕੰਢੇ ਇਕ ਸ਼ਾਨਦਾਰ ਬਾਗ ਸੀ, ਉਸ ਬਾਗ ਵਿੱਚ ਇਸ ਫ਼ਕੀਰ ਨੇ ਜਾ ਡੇਰੇ ਲਾਏ।
ਫ਼ਰੀਕ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਹੇ ਦਗ-ਦਗ਼ ਕਰਦੇ ਸਰੀਰ ਤੇ ਬਣ-ਬਣ ਪੈਂਦੇ ਸਨ । ਰੂਪ ਉਹਦਾ ਝਲਿਆ ਨਾ ਸੀ ਜਾਂਦਾ। ਇਕ ਅਣੋਖਾ ਜਲਾਲ ਉਹਦੇ ਮਸਤਕ ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।
ਪਿੰਡ ਵਿੱਚ ਨਵੇਂ ਫ਼ਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ, ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆ ਪਿਆਰੀਆ ਕਰਾਮਾਤੀ ਕਥਾਵਾ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀ ਪੈ ਗਈ। ਕਿਸੇ ਦਾ ਜੁਆਕ ਢਿੱਲਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌਂ-ਬਰ-ਨੇਂ। ਇਸ ਪ੍ਰਕਾਰ ਰੋਡੇ ਫ਼ਕੀਰ ਦੀ ਮਹਿਮਾ ਘਰ-ਘਰ ਹੋਣ ਲੱਗ ਪਈ। ਪਿੰਡ ਦੇ ਲੋਕੀ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗ ਪਏ। ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ, ਆਪਣੇ ਮਨ ਦੀਆਂ ਮੁਰਾਦਾਂ ਲਈ ਰੋੜੇ ਪਾਸੋਂ ਅਸੀਸਾਂ ਮੰਗਦੀਆਂ, ਆਪਣੇ ਦੁੱਖ ਸੁੱਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ ਸੁਣਦਾ, ਸ਼ਹਿਦ ਜਹੇ ਮਿੱਠੇ ਬੋਲ ਬੋਲਦਾ, ਸਾਰਿਆਂ ਦੇ ਦਿਲ ਮੋਹੇ ਜਾਂਦੇ।
ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕਰ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ । ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਆਖਦੇ ਸਨ :-
ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿੱਸੇ ਫੁੱਲ ਵਾਂਗ
ਤੈਥੋਂ ਮੈਲ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇਂ ਵਿੱਚ ਸੁਹਾਂ ਦੇ,
ਤੇਰੀ ਵੀ ਲਹਿਜੇ ਭੁੱਖ
ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਚਰਚਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ : ਬਸ ਮਸਤ ਰਿਹਾ।
ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆਂ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿੱਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀ ਖੜੀ ਸੀ।
ਸੂਰਜਮੁਖੀ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ।
ਸਾਰੀ ਰਾਤ ਜਲਾਲੀ ਰੋਡੇ 'ਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿੱਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗੱਲ ਬਾਹੀਂ ਪਾ ਲਈਆਂ।
"ਰੋਡਿਆ ਤੂੰ ਮੇਰੇ ਤੇ ਕੀ ਜਾਦੂ ਧੂੜ ਦਿੱਤਾ ਹੈ, ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖ਼ਿਆਲਾਂ 'ਚ ਮਗਨ ਰਹੀ ਆਂ।" ਹੁਸਨ ਮਚਲਿਆ।
"ਜਲਾਲੀਏ ਧੰਨੇ ਨੇ ਪੱਥਰ 'ਚੋਂ ਪਾ ਲਿਆ ਏ, ਮੇਰੀ ਭਗਤੀ ਪੂਰੀ ਹੋ ਗਈ ਏ 1 ਤੇਰੇ 'ਚ ਮੈਨੂੰ ਰੱਬ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ
ਮੈਨੂੰ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ ਜਾਣੀ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿੱਚ ਨੇ।" ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।
"ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ, ਤੂੰ ਪੂਰਾ ਉਤਰੀ ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀ।"
"ਜਲਾਲੀਏ ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ ? ਇਕੋ ਇਕ ਦਿਲ ਸੀ ਮੇਰਾ ਉਹ ਤੂੰ ਖੱਸ ਲਿਆ ਏ। ਹੋਰ ਕੀ ਏ ਇਸ ਦੁਨੀਆਂ 'ਚ ਮੇਰੇ ਲਈ ? ਬਸ ਤੂੰ ਹੀ ਏਂ । ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ । ਡਰ ਹੈ ਜਲਾਲੀਏ ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।"
"ਮੈਨੂੰ ਆਪਣੀ ਜਵਾਨੀ ਦੀ ਸਹੁੰ ਰੋਡਿਆ। ਮੈਂ ਲੱਗੀਆਂ ਤੋੜ ਨਿਭਾਵਾਂਗੀ। ਮਰ ਜਾਵਾਂਗੀ ਪਰ ਪਿੱਛਾਂਹ ਨਹੀਂ ਪਰਤਾਂਗੀ । ਤੂੰ ਮੇਰਾ ਹਰ ਰੋਜ਼ ਤੜਕਸਾਰ ਸੂਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰ। ਉਹ ਕੋਈ ਆਂਦਾ ਪਿਆ ਏ, ਆਹ ਸਾਂਭ ਲੈ ਮੇਰੀ ਪਿਆਰ ਨਿਸ਼ਾਨੀ...।"
ਹੁਣ ਜਲਾਲੀ ਦਾ ਛੱਲਾ ਰੋਡੇ ਦੀ ਉਂਗਲ ਤੇ ਸੀ।
ਜਲਾਲੀ ਹਰ ਤੜਕੇ ਸੁਹਾਂ ਦੇ ਕੰਢੇ ਜਾ ਪੁੱਜਦੀ। ਸਾਰੀ ਦਿਹਾੜੀ ਪਿਆਰੇ ਦੀ ਯਾਦ ਵਿੱਚ ਤੜਪਦੀ, ਪਿਆਰੋ ਰੋਡੇ ਦਾ ਜਾ ਦੀਦਾਰ ਕਰਦੀ :
ਉੱਤੇ ਨਦੀ ਦੇ ਜਾਇਕੇ ਰੋਜ਼ ਮਿਲਦੀ,
ਬਿਨਾਂ ਮਿਲੇ ਦੇ ਨਹੀਂ ਅਧਾਰ ਹੈ ਜੀ।
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ,
ਜਾਨ ਹੋਵਦੀ ਜੋ ਆਵਾਜ਼ਾਰ ਹੈ ਜੀ।
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ,
ਜੀਹਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ।
ਹੋਈ ਭੁੱਜ ਮਨੂਰ ਲੁਹਾਰ ਬੱਚੀ,
ਬਣੇ ਘੜੀ ਦਾ ਵੀ ਜੁਗ ਚਾਰ ਹੈ ਜੀ।
ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ,
ਜਦੋਂ ਕੱਤਣ ਜਾਏ ਭੰਡਾਰ ਹੈ ਜੀ।
ਪਾਇਆ ਭੱਠ ਕਸੀਦੇ ਦੇ ਕਢਣੇ ਨੂੰ,
ਪੌਂਦੀ ਭੁੱਲਕੇ ਨਾ ਇਕ ਤਾਰ ਹੈ ਜੀ।
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ,
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ।
ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ,
ਕਰੇ ਆਸ਼ਕੀ ਅਤੀ ਲਚਾਰ ਹੈ ਜੀ।
ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ । ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ- ਉਡਦੀ ਭਿਣਕ ਜਾ ਪਈ। ਉਨ੍ਹਾਂ, ਉਨ੍ਹਾਂ ਦੇ ਇਸ਼ਕ ਨੂੰ ਪਰਵਾਨ ਨਾ ਕੀਤਾ। ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।
ਹੁਣ ਰੋਡਾ ਆਪੂੰ, ਆਪਣੇ ਪਿਆਰੇ ਦੇ ਦੀਦਾਰ ਲਈ ਜਲਾਲੀ ਦੇ ਦਰ ਅੱਗੇ ਆ ਅਲਖ ਜਗਾਉਂਦਾ। ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਨਾ ਪੁੱਟਦਾ। ਏਥੋਂ ਤੀਕਰ ਗੱਲ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੇ ਦਰਾਂ ਦੇ ਅੱਗੇ ਧੂਣਾ ਤਾਪ ਦਿੱਤਾ। ਜਲਾਲੀ ਨੇ ਆਪੂੰ ਵੀ ਉਹਨੂੰ ਬੜਾ ਸਮਝਾਇਆ, ਪਰ ਰੋਡਾ ਨਾ ਮੰਨਿਆ:-
"ਕਿੱਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"
“ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"
"ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆਂ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"
"ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"
ਭਲਾ ਵੇ ਦਲਾਲਿਆ ਵੇ ਰੋਡਿਆ ।"
"ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"
"ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾਂ
ਵੇ ਫ਼ਕੀਰਾਂ
ਭਲਾ ਵੇ ਦਲਾਲਿਆਂ ਵੇ ਰੋਡਿਆ।"
"ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੁ ਵਾਲੀਏ ਨੀ ਗੋਰੀਏ।"
"ਜੇ ਤੂੰ ਭੁੱਖਾ ਰੰਨਾਂ ਦਾ ਵੇ
ਵਿਆਹ ਦਿੰਨੀ ਆਂ ਕਰਵਾ ਭਲਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"
"ਨਾ ਮੈਂ ਭੁੱਖਾ ਰੰਨਾਂ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"
"ਦਰ ਵਿੱਚੋਂ ਧੂਣਾ ਚੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫ਼ਕੀਰਾ
ਭਲਾ ਵੇ ਦਲਾਦਿਆ ਵੇ ਰੋਡਿਆ ।"
"ਦਰ ਵਿੱਚੋਂ ਧੂਣਾ ਨਾ ਚੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"
ਪਰੰਤੂ ਰੋਡ ਨੇ ਜਲਾਲੀ ਦੇ ਦਰਾਂ ਅੱਗੋਂ ਧੂਣਾ ਨਾ ਚੁੱਕਿਆ। ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅੱਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ
ਨਦੀ ਵਿੱਚ ਹੜ੍ਹਾ ਆਏ। ਪਰ ਦੂਜੀ ਭਲਕ ਰੋਡੇ ਨੇ ਆ ਕੇ ਜਲਾਲੀ ਦੇ ਦਰਾਂ ਅੱਗੇ ਮੁੜ ਧੂਣਾ ਤਾਪ ਦਿੱਤਾ।
ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੋਬਾਰਾ ਮੁੜ ਆਣ ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ-ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤੇ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।
ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ ਆ ਕੇ ਆਖਿਆ, "ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬੀਮਾਰ ਪਈ ਹੈ, ਉਹ ਤਦ ਹੀ ਬਚ ਸਕਦੀ ਹੈ ਜੇ ਉਹਦੇ ਲਈ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ । ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗੇ।"
ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿੱਚ ਜੰਗਲਾਂ ਵੱਲ ਨੂੰ ਨਸ ਟੁਰਿਆ।
ਜਦੋਂ ਜਲਾਲੀ ਨੇ ਆਪਣੇ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰੇ ਜੰਗਲ ਵਿੱਚ ਜਾ ਪੁੱਜੀ।
ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰੰਤੂ ਇਸ ਪ੍ਰੀਤ ਕਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਸਾਰਿਆ। ਜਲਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸੱਜਰਾ ਹੈ।
ਲੋਕ ਨਾਇਕ
ਪੁਰਾਣੇ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਦਾ ਮੁੱਖ-ਦੁਆਰ ਹੋਣ ਕਰਕੇ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖੂਨ ਵਿੱਚ ਸੂਰਮਗਤੀ ਅਤੇ ਬਹਾਦਰੀ ਦੇ ਐਸ਼ ਸਮੋਏ ਹੋਏ ਹਨ। ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਉਥੇ ਉਹ ਉਹਨਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰ, ਸਵੇ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੇ ਜੀਵਨ ਵੇਰਵਿਆਂ ਨੂੰ ਆਪਣੇ ਕਿੱਸਿਆਂ ਰਾਹੀਂ ਬਿਆਨ ਕਰਦੇ ਰਹੇ ਹਨ। ਕਾਫ਼ੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫ਼ਲਾਂ ਦਾ ਸ਼ਿੰਗਾਰ ਰਹੇ ਹਨ। ਦੁੱਲਾ ਭੱਟੀ, ਰਾਜਾ ਰਸਾਲੂ, ਸੁੱਚਾ ਸਿੰਘ ਸੂਰਮਾ, ਜਿਉਣਆ ਮੋੜ, ਗੁੱਗਾ ਅਤੇ ਪੂਰਨ ਭਗਤ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।
ਦੁੱਲਾ ਭੱਟੀ
ਵਿਰਲਾ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਸੁੰਦਰ ਮੁੰਦਰੀਏ ਦਾ ਗੀਤ ਨਾ ਸੁਣਿਆ ਹੋਵੇ। ਬੱਚੇ ਲੋਹੜੀ ਮੰਗਦੇ ਹੋਏ ਅਕਸਰ ਇਹ ਗੀਤ ਗਾਉਂਦੇ ਹਨ। ਇਸ ਗੀਤ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ।
ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲਾ-ਹੋ
ਦੁੱਲੇ ਧੀ ਵਿਆਹੀ-ਹੋ
ਸ਼ੇਰ ਸ਼ੱਕਰ ਪਾਈ-ਹੋ
ਕੁੜੀ ਦੇ ਬੋਝੇ ਪਾਈ-ਹੋ
ਕੁੜੀ ਦਾ ਲਾਲ ਪਟਾਕਾ-ਹੋ
ਕੁੜੀ ਦਾ ਸਾਲੂ ਪਾਟਾ-ਹੋ
ਸਾਲੂ ਕੌਣ ਸਮੇਟੇ-ਹੋ
ਚਾਚਾ ਗਾਲੀ ਦੇਸੇ—ਹੋ
ਚਾਚੇ ਚੂਰੀ ਕੁੱਟੀ-ਹੋ
ਜ਼ੀਮੀਂਦਾਰ ਲੁੱਟੀ-ਹੋ
ਜ਼ੀਮੀਂਦਾਰ ਸਦਾਓ-ਹੋ
ਗਿਣ-ਗਿਣ ਪੋਲੇ ਲਾਓ-ਹੈ
ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੁਰਬੀਰ ਅਣਖੀ ਯੋਧਾ ਹੋਇਆ ਹੈ ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ।
ਗੱਲ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫ਼ਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਤੇ ਅੜਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ-ਮਾਰ ਧਾੜ ਕਰਨੀ ਉਹਨਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ-ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿਚ ਸਮਝਦੇ ਤੇ ਲੁੱਟ ਮਾਰ ਕਰਕੇ ਭਜਾ ਦੇਂਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਹਨਾਂ ਦੀਆਂ
ਮਾਰ ਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਹਨਾਂ ਦੋਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫ਼ਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਕਰ ਕੇ ਸ਼ਹਿਰ ਦੇ ਮੁਖ ਦੁਆਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ ਫ਼ਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਫ਼ਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੁਹਰਾਂ ਵਾਰ-ਵਾਰ ਵੰਡ ਰਹੀ ਸੀ। ਖ਼ੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।
ਕੁਦਰਤ ਦੀ ਹੋਣੀ ਵੇਖੋ ਐਨ ਓਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆਂ। ਅਕਬਰ ਨੇ ਨਜੂਮੀਆਂ ਨੂੰ ਆਖਿਆ, "ਕੋਈ ਐਸਾ ਉਪਾਓ ਦੱਸੋ ਜਿਸ ਨਾਲ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫ਼ਪਸੰਦ ਵਿਅਕਤੀ ਬਣੇ।"
ਇਕ ਨਜੂਮੀ ਨੇ ਆਖਿਆ, "ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ।"
ਅਜਿਹੀ ਸੂਰਬੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ
ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ। ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ ਸ਼ੇਖੂ ਨੂੰ ਪਾਲਣ ਦੀ ਜ਼ੁੰਮੇਂਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਦੋਨੇਂ ਕੱਠੇ ਪਲਣ ਲੱਗੇ-ਦੋਨੋਂ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੇਰੇ ਤੁਰਦਾ ਰਿਹਾ। ਬਾਰਾਂ ਵਰ੍ਹੇ ਇੰਜ ਹੀ ਬੀਤ ਗਏ ਸ਼ੇਖੂ ਨੇ ਆਪਣੇ ਬਾਪ ਕੋਲ ਆਖ਼ਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ... ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ.....
ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ 'ਚ ਵਿਤਕਰਾ ਨਾ ਕੀਤਾ.....
ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ
ਦੋਹਾਂ ਨੂੰ ਇਕੋ ਜਿੰਨਾ ਦੁੱਧ ਚੁੰਘਾਇਐ ਸੱਜਾ ਮੰਮਾ ਦੁੱਲਾ ਚੁੰਘਦਾ ਸੀ ਤੇ ਖੱਬਾ ਸ਼ੇਖੂ ।"
ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ, "ਮੈਂ ਤੇਰਾ ਦੇਣ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ 'ਚ ਵੱਡਾ ਰੁਤਬਾ ਦਿਆਂਗਾ।"
ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਪਰਤ ਆਈ।
ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ.... ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ।
ਦੁੱਲਾ ਅਲਬੇਲੇ ਸੁਭਾਅ ਦਾ ਮਾਲਕ ਸੀ ਖੁੱਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿੱਚ ਘੁੰਮਦੇ, ਖਰਮਸਤੀਆਂ ਕਰਦੇ। ਸੋਲ੍ਹਾਂ ਵਰ੍ਹਿਆਂ ਦੀ ਉਮਰ ਵਿੱਚ ਉਹ ਬਾਂਕਾ ਜਵਾਨ ਨਿਕਲਿਆ ਸਰੂਆਂ ਵਰਗਾ ਸਰੀਰ, ਗੋਲੀ ਜਿਹਾ ਜੁੱਸਾ... ਦਗ਼ ਦਗ ਕਰਦਾ ਚਿਹਰਾ ਉਹਦਾ ਅਮੇੜ ਸੁਭਾਅ ਲੱਧੀ ਨੂੰ ਸੋਚਾਂ 'ਚ ਪਾ ਦੇਂਦਾ... ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫ਼ਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ 'ਚ ਦੌੜ ਰਿਹਾ ਹੈ. ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ । ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਂਕ ਦਿਨੋਂ ਦਿਨ ਵੱਧ ਰਿਹਾ ਸੀ... ਨਿੱਤ ਉਲਾਂਭੇ ਮਿਲਦੇ.... ਲੱਧੀ ਨੇ ਜ਼ਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੇ ਬਦਲੇ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪਰੰਤੂ ਦੁੱਲਾ ਲੋਹੇ ਦੀਆਂ ਸਾਗਾਂ ਨਾਲ ਆਪਣਾ ਸੌਂਕ ਪੂਰਾ ਕਰਦਾ ਰਿਹਾ। ਆਖ਼ਰ ਇਕ ਦਿਨ ਨੰਦੀ ਮਰਾਸਣ ਨੇ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ :-
ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।
ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ
ਖੱਲਾ ਭੋਹ ਦੇ ਨਾਲ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ। (ਕਿਸ਼ਨ ਸਿੰਘ ਆਰਫ਼)
ਨੰਦੀ ਮਿਰਾਸਣ ਦੇ ਮਿਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ 'ਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ ਜਾ ਕੇ ਗਰਜਿਆ, "ਮਾਂ ਮੇਰੀਏ ਸੱਚੇ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ.....?"
ਦੁੱਲੇ ਦੀਆਂ ਅੱਖਾਂ ਅੰਗਿਆਰ ਵਰ੍ਹਾ ਰਹੀਆਂ ਸਨ। ਉਹਦੇ ਪੈਰਾਂ ਥੱਲੇ ਅੱਗ ਮਚ ਰਹੀ ਸੀ।
ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਕੇ ਦੁੱਲੇ ਨੂੰ ਕਿਹਾ, "ਸੂਰਮਿਆਂ ਪੁੱਤਾ ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ-ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਦੂ ਖਾਨ ਦੀ ਟੈਂ ਨਹੀਂ ਸੀ ਮੰਨੀ ! ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।"
ਲਿਸ਼-ਲਿਸ਼ ਕਰਦੇ ਹਥਿਆਰ-ਛਭੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਣ ਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਵਾਂ ਛੱਡਣ ਲੱਗਾ... ਨਗਾਰੇ ਤੇ ਡੱਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ ਆ ਜੁੜੇ। ਸਾਦਲ ਬਾਰ ਦੇ ਇਲਾਕੇ ਵਿੱਚ ਉਹਨਾਂ ਥਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਵਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗਰੀਬਾਂ ਵਿੱਚ ਵੰਡ ਦੇਂਦੇ ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ ਪਰਵਰੀ ਦੀ ਖ਼ੁਸ਼ਬੋ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ.... ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਨਣ ਨੂੰ ਮਿਲਦੇ..... ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ।
ਦੁੱਲੇ ਦੇ ਬਾਪ ਦੀ ਮੌਤ ਦੇ ਅਵਸਰ ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਹਨੂੰ ਆਪਣੇ ਨਾਨਕਿਆਂ ਤੇ ਰੋਸ ਸੀ। ਇਸੇ ਰੋਹ ਕਾਰਨ ਉਹਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੜਾਂ ਤੇ ਬੋਲਿਆ.... ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗਰੀਬ ਗੁਰਬਿਆਂ ਤੇ ਲੋੜਬੰਦਾਂ 'ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ.....ਉਹਨੂੰ ਰਾਤ ਪਿੰਡੀ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਹੋਇਆ ਪਿੱਟਿਆ, ਅਕਬਰ ਦਾ ਡਰਾਬਾ ਵੀ ਦਿੱਤਾ.... ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਬਾਹੂਕਾਰ ਦੀਆਂ ਦੌਲਤ ਨਾਲ ਭਰੀਆਂ ਖੱਚਰਾਂ ਖੋਹ ਲਈਆਂ।
ਇਹਨਾਂ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ ਪੁੱਜਦੀਆਂ ਰਹੀਆਂ। ਲੋਕਾਂ 'ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ—ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹਈਏ ਪੁਚਾਂਦੇ ਰਹੇ। ਉਸ ਨੇ ਇਸ ਬਗਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ਤੇ ਸਾਂਦਲ ਬਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਾਸੂਸ ਦੀਆਂ ਦਾਹੜੀ ਮੁੱਛਾਂ ਮੁੰਨ ਦਿੱਤੀਆਂ।
ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉੱਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗ਼ਲ ਫ਼ੌਜਾਂ ਸਾਂਦਲ ਬਾਰ ਵੱਲ ਵਧੀਆਂ :
ਚੜ੍ਹਿਆ ਸੀ ਮਿਰਜ਼ਾ ਨਿਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ
ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ
ਹੌਲੀ-ਹੌਲੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ
ਸਾਰੇ ਬੈਠਕਾਂ ਦਵਾਨਖ਼ਾਨੇ ਢਾਹ ਦਿੱਤੇ
ਇੱਟਾਂ ਬਣਾਂ ਦੇ ਵਿੱਚ ਖਿੰਡਾਈਆਂ
ਟਕੋ-ਟਕੋ ਦੇ ਸਪਾਹੀ ਅੰਦਰ ਜਾ ਵੜੇ
ਮਾਰਨ ਛਮਕਾਂ ਤੇ ਕਰਨ ਕਰੜਾਈਆਂ.... (ਪਾਲੀ ਸਿੰਘ)
ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਘੇਰ ਲਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ
ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ ਜਾ ਲੜਾਈ ਕੀਤੀ ਤੇ ਉਹਨਾਂ ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਦੁੱਲੇ ਦਾ ਪੁੱਤਰ ਨੂਰ ਖ਼ਾਂ ਬੜੀ ਬਹਾਦਰੀ ਨਾਲ ਲੜਦਾ ਹੋਇਆ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ ਜਾ ਪਿਆ।
ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗਾਵਤ ਭਲਾ ਕਿੰਨੇ 'ਕ ਦਿਨ ਕੱਟ ਸਕਦੀ ਸੀ। ਆਖ਼ਰ ਦੁੱਲਾ ਬੜੀ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।
ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਿਜ਼ਾਮੁਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ। ਪਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰਕੇ ਆਪਣੀ ਜਾਨ ਬਖ਼ਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਲਾ ਕੇ ਉਸ ਨੂੰ ਕੈਦ ਕਰ ਲਿਆ। ਹੰਸ਼ ਆਉਣ ਤੇ ਦੁੱਲੇ ਨੇ ਕੈਦਖ਼ਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗਲਾਂ ਅੱਗੇ ਸਿਰ ਨਾ ਝੁਕਾਇਆ।
ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ 'ਅੰਦਾਜ਼ ਵਿੱਚ ਗਾਂਵਿਆ ਹੈ। ਕਿਸ਼ਨ ਸਿੰਘ ਆਰਫ ਰਜਿਤ 'ਕਿੱਸਾ ਦੁੱਲਾ ਭੱਟੀ' ਅਤੇ "ਆਵਾਜ਼ਾਂ ਦੁੱਲਾ ਭੱਟੀ" ਰਚਿਤ ਪਾਲੀ ਸਿੰਘ ਕਵੀਸ਼ਰ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ ਬਾਰ ਸਿਜਦਾ ਕਰਦੇ ਹਨ।
ਸੁੱਚਾ ਸਿੰਘ ਸੂਰਮਾ
ਪੁਰਾਤਨ ਸਮੇਂ ਤੋਂ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਯੋਧਿਆਂ ਤੇ ਸੂਰਧੀਰਾਂ ਨੂੰ ਆਪਣੀ ਦਿਲ ਤਖ਼ਤੀ 'ਤੇ ਬਿਠਾਉਂਦਾ ਆਇਆ ਹੈ ਜੋ ਆਪਣੇ ਸਮਾਜ, ਭਾਈਚਾਰੇ, ਸਵੈ-ਅਣਖ ਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇਂ ਕਰ ਵਿਖਾਉਂਦੇ ਰਹੇ ਹਨ । ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਨ੍ਹਾਂ ਲੋਕ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜਿਆਂ ਲਟਕਾਂ ਨਾਲ ਬਿਆਨ ਕਰਦੇ ਰਹੇ ਹਨ। ਦੁੱਲਾ ਭੱਟੀ, ਜਿਊਣਾ ਮੌੜ, ਰਾਜਾ ਰਸਾਲੂ, ਮਿਰਜ਼ਾ ਅਤੇ ਸੁੱਚਾ ਸਿੰਘ ਸੂਰਮਾ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।
ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਪ੍ਰਸਿੱਧ ਸੂਰਮਾ ਹੋਇਆ ਹੈ ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ । ਉਹ ਬੜਾ ਬਹਾਦਰ, ਨਿਰਭੈਅ, ਗਊ, ਗ਼ਰੀਬ ਦੀ ਰੱਖਿਆ ਕਰਨ ਵਾਲਾ ਅਤੇ ਅਣਖ- ਸਵੈਮਾਨ ਲਈ ਜਾਨ ਹੂਲਣ ਵਾਲਾ ਗੱਭਰੂ ਸੀ ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ ਗਾਉਂਦੇ ਹਨ :
ਵਿੱਚ ਸਮਾਹਾਂ ਦੇ ਜਨਮਿਆ ਸੁੱਚਾ ਸਿੰਘ ਜੁਆਨ
ਕੱਟ ਗਿਆ ਦਿਨ ਚਾਰ ਜੋ ਜਾਣੇ ਕੁੱਲ ਜਹਾਨ।
ਗੱਲ ਅੰਗਰੇਜ਼ਾਂ ਦੇ ਹਾਜ ਵੇਲੇ ਦੀ ਹੈ। ਰਿਆਸਤ ਪਟਿਆਲਾ ਦੇ ਪਿੰਡ ਸਮਾਹ (ਸਮਾਓ, ਜ਼ਿਲਾ ਮਾਨਸਾ) ਵਿੱਚ ਅਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ। ਬਚਪਨ ਵਿੱਚ ਹੀ ਉਹਦੇ ਮਾਂ-ਬਾਪ ਮਰ ਗਏ। ਉਹਦੇ ਵੱਡੇ ਭਰਾ ਨਰੈਣੇ ਨੇ ਉਹਦੀ ਪਾਲਣਾ ਪੋਸਣਾ ਕੀਤੀ। ਉਹ ਬਹੁਤ ਥੋੜ੍ਹੀ ਜ਼ਮੀਨ ਦੇ ਮਾਲਕ ਸਨ । ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ । ਰੁਲ ਖੁਲ ਕੇ ਪਲਦਾ ਸੁੱਚਾ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਿਆ... ਗੁੰਦਵਾਂ ਤੇ ਛਾਂਟਵਾਂ ਸਰੀਰ, ਚਚ ਪੈਦਾ ਗੁਲਾਬੀ ਭਾਅ ਮਾਰਦਾ ਰੰਗ ਰਾਹ ਜਾਂਦਿਆਂ ਦੇ ਦਿਲ ਧੂਹ ਕੇ ਲੈ ਜਾਂਦਾ।
ਛੈਲ ਛਬੀਲਾ ਨਿਕਲਿਆ ਸੁੱਚਾ, ਭਰਿਆ ਨਾਲ ਜਵਾਨੀ,
ਸੋਹਣਾ ਰੂਪ ਸੁੰਦਰ ਸੀ ਵਸਦਾ, ਨੈਣ ਭਰੇ ਮਸਤਾਨੀ,
ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿੱਚ ਨਹੀਂ ਕੋਈ ਸਾਨੀ,
ਹੱਥ ਵਿੱਚ ਖੂੰਡਾ ਮਾੜੇ ਵਾਲਾ,
ਦਿੱਸੇ ਬੜਾ ਸੁਹਾਨੀ,
ਸੁੱਚੇ ਸੂਰਮੇ ਦੀ,
ਕਰਾਂ ਕੀ ਸਿਫ਼ਤ ਜ਼ਬਾਨੀ । (ਗੁਰਮੁਖ ਸਿੰਘ ਬੇਦੀ)
ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ ਦੋਸਤੀ ਹੋ ਗਈ। ਦੋਨ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪੱਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ-ਲਟ ਬਲਦੀ ਅੱਖ ਜਦੋਂ ਘੁੱਕਰ ਨਾਲ ਲੜੀ ਤਾਂ ਉਹ ਵਿਨ੍ਹਿਆ ਗਿਆ। ਬੀਰੋ ਨੂੰ ਪਾਉਣ ਲਈ ਉਹ ਬਿਉਂਤਾ ਬਨਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ । ਰੋੜਾ ਕਿਵੇਂ ਦੂਰ ਹੋਵੇ..... ਮੰਦਵਾੜੇ ਦੇ ਦਿਨ ਸਨ, ਘੁੱਕਰ ਸੁੱਚੇ ਨੂੰ ਵਰਗਲਾ ਕੇ ਫ਼ੌਜ ਵਿੱਚ ਭਰਤੀ ਹੋਣ ਲਈ ਫਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੂ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।
ਧੋਖਾ ਕਰਿਆ ਮੇਲ ਨੇ ਸੁੱਚੇ ਦੇ ਨਾਲ ਜੀ
ਦੇ ਕੇ ਦਲਾਸਾ ਪਹਿਲਾਂ ਲੈ ਗਿਆ ਨਾਲ ਜੀ
ਕਿੱਡਾ ਦਗਾ ਕੀਤਾ ਨਾਲ ਪਾਜੀ ਯਾਰ ਦੇ
ਨੌਕਰ ਕਰਾਤਾ ਪਿੱਛੇ ਬੀਰੇ ਨਾਰ ਦੇ (ਰੀਠਾ ਦੀਨ)
ਓਧਰ ਸੁੱਚਾ ਫ਼ੌਜ ਵਿੱਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿੱਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪ੍ਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿੱਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੂਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ :
ਆਖਦਾ ਘੁੱਕਰ ਮੇਰੀ ਸੁਣੇ ਗੱਲ ਜੋ
ਬੋਲਿਆ ਜਾਂ ਇਹਨੂੰ ਤੇਰੀ ਲਾਹਦੀ ਖੱਲ ਜੋ
ਤੂੰ ਕੀ ਦੱਸ ਲਗਦਾ ਹੈ ਬੀਰੋ ਨਾਰ ਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ
ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ
ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ
ਪੀਉਂ ਥੋਡੀ ਰੱਤ ਖੜ੍ਹਾ ਲਲਕਾਰਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ (ਰੀਠਾ ਦੀਨ)
ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣੇ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਵਸਦੀ ਪਈ ਸੀ । ਸੱਥ ਵਿੱਚ ਰੁਲ੍ਹਦੀ ਪੱਗ ਉਸ ਤੋਂ ਸਹਾਰੀ ਨਾ ਗਈ। ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ।
ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖੂਨ ਉਬਾਲੇ ਖਾਣ ਲੱਗਾ। ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੇ ਬੱਚਿਆਂ ਨੂੰ ਬਲਦੀਆਂ ਲਾਟਾਂ ਵਿੱਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ..... । ਸਾਹਿਬ ਉਹਦੀ ਬਹਾਦਰੀ 'ਤੇ ਅਸ਼-ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫ਼ਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।
ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ । ਉਹਨੇ ਰਾਈਫਲ ਤੇ ਕਾਰਤੂਸ ਆਪਣੇ ਬਿਸਤਰੇ 'ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ 'ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।
ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ :
ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ 'ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀ ਦੁੱਖ ਵੰਡ ਵੀਰਨਾ (ਰਜਬ ਅਲੀ)
ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉੱਪਰੋਂ-ਉੱਪਰੋਂ ਸੁੱਚੇ ਦੁਆਲੇ ਅਸ਼ਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ 'ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।
ਆਖ਼ਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਾਈਫ਼ਲ ਲਕੋਈ ਬੈਠਾ ਸੀ। ਬੱਕਰੇ ਬੁਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਾਈਫ਼ਲ ਨਾਲ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫੜਾ ਦਫੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:
ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਧਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ ਲਾਵੇ ਚੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ ਭਰੇ ਮੈਗਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ-ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿੱਚ ਉੜਾਤੀ ਗਰਦ ਐ
ਆਖਰ ਸ਼ਰਮ ਜੀਹਦੇ ਜਾਣੋ ਮਰਦ ਐ
ਘੁੱਕਰ ਮੱਲ ਨੂੰ ਗੋਲੀਆਂ ਨਾਲ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੇ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ ਲਿਆ ਕੇ ਉਹਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿੱਚ 'ਸੁੱਚਾ' 'ਸੁੱਚਾ" ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗਵਾ ਬੈਠਾ। ਪੁਲੀਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿੱਚ ਡਾਕੂਆਂ ਨਾਲ ਜਾ ਰਲਿਆ। ਡਾਕੂ ਦੇ ਰੂਪ ਵਿੱਚ ਉਹਦੀ ਧਾਂਕ ਪੈ ਗਈ। ਕਈ ਰੱਜੋ ਪੁੱਜੇ ਸੂਦਖੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗ਼ਰੀਬਾਂ ਵਿੱਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲੀਸ ਉਹਦੇ ਨਾਲ ਟਾਕਰਾ ਕਰਨੋਂ ਕੰਨੀ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਨ ਉਹਨੇ ਇਕ ਮਾਈ ਦੇ ਆਖਣ 'ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ ਬਚਾਈ। ਸਾਰੇ ਇਲਾਕੇ ਵਿੱਚ ਸੁੱਚੇ ਦੀ ਬੱਲੇ ਬੱਲੇ ਸੀ। ਉਹ ਲੁਕਵੇਂ ਰੂਪ ਵਿੱਚ ਆਪਣੇ ਇਲਾਕੇ ਵਿੱਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲਾ ਸੀ, ਸੁੱਚੇ ਅੱਗੇ ਆ ਦੁੱਖ ਰੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿੱਚ ਹਾੜ੍ਹੀ ਵੱਢਦੇ ਗੱਜਣ ਨੂੰ ਜਾ ਗੋਲੀ ਮਾਰੀ ਤੇ ਮਗਰੋਂ ਰਾਜੇ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ।
ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿੱਚ ਹੈ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲੀਸ ਉਸ ਨੂੰ ਫੜਣੋਂ ਅਸਮਰਥ ਸੀ। ਸਰਕਾਰ ਨੇ ਸੁੱਚੇ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।
ਲਾਲਚ ਮਿੱਤਰਾਂ ਨੂੰ ਡੁਲ੍ਹਾ ਦਿੰਦਾ ਹੈ। ਆਖ਼ਰ ਇਕ ਦਿਨ ਲਾਲਚ-ਵਸ ਸੁੱਚੇ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰ ਉਹਦੇ ਘਰ ਸੁੱਤਾ ਹੋਇਆ ਸੀ, ਪੁਲੀਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।
ਮੁਕੱਦਮਾ ਚੱਲਿਆ। ਪਟਿਆਲੇ ਦੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ-ਹੱਸਦਾ ਫਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇ ਦੀ ਜੀਵਨ ਕਹਾਣੀ ਨੂੰ ਕਿੱਸਿਆ ਦੇ ਰੂਪ ਵਿੱਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇ ਬਾਰੇ ਕਿੱਸੇ ਰਚੇ ਹਨ ਜਿੰਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ ਪੜ੍ਹ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇ ਨੂੰ ਸੋਆਂ ਸਲਾਮਾਂ ਕਰਦੇ ਹਨ।
ਜੀਊਣਾ ਮੌੜ
ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ, ਇਹ ਯੋਧੇ ਤੇ ਗੁਰੂ-ਪੀਰ ਪੰਜਾਬ ਦੇ ਲੋਕ ਮਾਨਸ ਨੂੰ ਸਦਾ ਟੁੰਭਦੇ ਰਹੇ ਹਨ। ਇਹ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ, ਜਿਨ੍ਹਾਂ ਤੋਂ ਪੰਜਾਬੀ ਸਦਾ ਰਨਾ ਲੈਂਦੇ ਰਹੇ ਹਨ।
ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜੋ ਡਾਕੂਆਂ ਦੇ ਰੂਪ ਵਿੱਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਨ੍ਹਾਂ ਦੀਆਂ ਵਾਰਾਂ ਗਾ ਕੇ ਅਥਾਹ ਖ਼ੁਸ਼ੀ ਪ੍ਰਾਪਤ ਕਰਦੇ ਹਨ। ਸੁੱਚਾ ਸਿੰਘ ਸੂਹਮਾ ਅਤੇ ਜੀਉਣਾ ਮੋੜ ਅਜਿਹੇ ਦੇ ਮਲਵਈ ਲੋਕ ਨਾਇਕ ਹਨ, ਜਿਨ੍ਹਾਂ ਦਾ ਨਾਂ ਸੁਣਕੇ ਪੰਜਾਬੀ ਗੱਭਰੂਆਂ ਦੇ ਡੋਲੇ ਫਰਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿੱਚ ਅਨੂਠੀ ਚਮਕ ਡਲ੍ਹਕਾਂ ਮਾਰਨ ਲੱਗਦੀ ਹੈ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।
ਗੱਲ ਇਸ ਤਰ੍ਹਾਂ ਹੋਈ ਇਕ ਦਿਨ ਆਥਣ ਵੇਲੇ ਜੀਉਣ ਸਿੰਘ, ਜਿਸ ਨੂੰ ਆਮ ਕਰਕੇ ਜੀਉਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿੱਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ, ਪੁਛਾਉਂਦਾ ਉਹਦੇ ਕੋਲ ਆਇਆ। ਉਸ ਓਪਰੇ ਪੁਰਸ਼ ਦਾ ਆਦਰ- ਮਾਣ, ਕਰਦਿਆਂ ਜੀਉਣੇ ਨੇ ਉਸ ਨੂੰ ਆਪਣੇ ਮੰਜੇ 'ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, "ਭਤੀਜ ਮੈਂ ਕਾਲੇ ਪਾਣੀ ਤੋਂ ਆਇਆ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ। ਉਹਦਾ ਸੁਨੇਹਾ ਲੈ ਕੇ, ਸਿੱਧਾ ਥੋਡੇ ਕੋਲ ਆਇਆਂ। ਫੇਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਉਹਦਾ ਭਾਈ ਐਂ ਤੇ ਮਾਂ ਦਾ ਸੀਰ ਹੁੰਘਿਆ ਤਾਂ ਡਸਕੇ ਆਲ ਡੰਗਰ ਤੋਂ ਬਦਲਾ ਲੈ-ਲੈ ਉਹਨੂੰ ਮਾਰਕੇ, ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲਿਸ ਨੂੰ ਫੜਾ ਕੇ, ਕਾਲੇ ਪਾਣੀ ਦੀ ਸਜ਼ਾ ਦੁਆਈ ਐ... ਭਤੀਜ ਬੰਦਾ ਕਾਹਦੇ ਜੀਹਨੇ ਭਾਈ ਦਾ ਬਦਲਾ ਨੀ ਲਿਆ ਡੋਗਰ ਮੌਜਾਂ ਕਰਦੇ ਤੇ ਭਾਈ ਕਾਲ਼ੇ ਪਾਣੀ ਨਰਕ ਭੋਗਦੇ....
ਕਿਸ਼ਨਾ ਜੀਉਣੇ ਤੋਂ ਕੁਝ ਵਰ੍ਹੇ ਵੱਡਾ ਸੀ। ਛੈਲ ਛਬੀਲਾ ਗੱਭਰੂ ਮੌਜ ਮਸਤੀ ਕਰਨ ਵਾਲਾ । ਨਵਾਂ-ਨਵਾਂ ਵੇਲੀ ਬਣਿਆ। ਕਿਸ਼ਨੇ ਕੋਲ ਓਪਰੇ ਬੰਦੇ ਆਉਣ
ਲੱਗੇ। ਘਰ ਦੀ ਕੱਢੀ ਰੂੜੀ ਮਾਰਕਾ ਸ਼ਰਾਬ ਤੇ ਮੁਰਗੇ ਛੱਕ ਕੇ ਓਪਰੇ ਬੰਦੇ ਉਨ੍ਹਾਂ ਦੇ ਖੂਹ 'ਤੇ ਖੜਦੁੰਮ ਮਚਾਉਂਦੇ। ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡੱਸਕੇ ਦੇ ਡੋਗਰ ਅਤੇ ਖਡਿਆਲ ਦੇ ਜੈਮਲ ਨਾਲ ਰਲਕੇ ਲੁੱਟਾਂ-ਖੋਹਾਂ ਕਰਨ ਲੱਗਾ। ਤਿੰਨੋਂ ਗੂੜ੍ਹੇ ਮਿੱਤਰ ਬਣ ਗਏ।
ਉਨ੍ਹਾਂ ਵੇਲਿਆਂ ਵਿੱਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ, ਘੋੜੀਆਂ, ਊਠ ਆਦਿ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ 'ਤੇ ਜੰਗਲਾਂ, ਬੇਲਿਆਂ ਵਿੱਚੋਂ ਹੋ ਕੇ ਜਾਂਦੇ ਸਨ। ਆਮ ਆਦਮੀ ਲਈ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ । ਡਾਕੂ ਆਮ ਸਨ ਜੋ ਜੰਗਲਾਂ 'ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ। ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ। ਕਿਸ਼ਨੇ ਹੋਰਾਂ ਨੇ ਵੀ ਲੁੱਟਾਂ, ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਤੇ ਭਰਾ ਜੀਉਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪ੍ਰੰਤੂ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲਾ ਸੀ। ਉਸ ਦੇ ਮੂੰਹ ਨੂੰ ਤਾਂ ਖੂਨ ਲੱਗ ਚੁੱਕਾ ਸੀ।
ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ। ਬਰਾਤੀਆਂ 'ਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ 'ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫ਼ਿਟਲਾਅਣਤਾਂ ਪਾਈਆਂ। ਉਹਦਾ ਬਾਪ ਪਰ੍ਹੇ 'ਚ ਬੈਠਾ ਸ਼ਰਮਸ਼ਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ 'ਤੇ ਪੁਲਿਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਗਰੋਂ ਮੌੜੀ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਭੁੰਨ ਗਿਆ।
ਪੁਲਿਸ ਆਈ, ਕਿਸ਼ਨੇ ਦੇ ਬਾਪ ਅਤੇ ਭਰਾ ਜੀਉਣ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ ਘਰ-ਬਾਰ ਉਜਾੜ ਦਿੱਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ।
ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ ਬਣਦੀ ਸੀ, ਉਹ ਲੁੱਟਾਂ-ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ। ਕਿਸ਼ਨੇ ਦੇ ਗਲ ਖੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ। ਕਿਸ਼ਨਾ ਉਹਦੇ ਕੋਲ ਚਲਿਆ ਗਿਆ। ਉਹਨੇ ਜੈਮਲ ਨੂੰ ਆਖਿਆ, "ਯਾਰਾ ਤੂੰ ਈ ਕੋਈ ਓਹੜ ਪੋਹੜ ਕਰ। ਪੁਲਿਸ ਨੂੰ ਕੁਛ ਦੇ ਦਵਾ ਕੇ ਮੇਰਾ ਨਾਂ ਖੂਨ 'ਚੋਂ ਕਢਵਾ।"
ਜੈਮਲ ਝਟ ਪੈਂਤਰਾ ਬਦਲ ਗਿਆ। ਉਹਦਾ ਮਨ ਬੇਈਮਾਨ ਹੋ ਗਿਆ। "ਖੂਨ 'ਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲੁਗਾ" ਉਹਨੇ ਸੋਚਿਆ ਤੇ ਕਿਹਾ, "ਕਿਸ਼ਨਿਆਂ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨੀ। ਤੂੰ ਸਾਰਾ ਮਾਲ ਵੱਡਾ ਕੇ ਲੈ ਗਿਆ ਸੀ।"
ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੰਮਲ ਉਹਦੇ ਨਾਲ ਈ ਮਿੱਤਰ ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰਕੇ ਬਹਿ ਗਿਆ। ਉਹ ਉੱਥੋਂ ਚੁਪ
ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ।
ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇਕ ਬਰਾਤ ਲੁੱਟਣ ਲਈ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸ਼ਨੇ ਨਾਲ ਜੰਗਲ ਵਿੱਚ ਚਲਿਆ ਗਿਆ। ਲੱਗੇ ਬਰਾਤ ਉਡੀਕਣ। ਬਰਾਤ ਕਿੱਥੋਂ ਆਉਣੀ ਸੀ। ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, "ਬਈਮਾਨਾ ਭੱਜ ਲੈ ਜਿੱਥੇ ਭੱਜਣੇ। ਤੋਂ ਮਰ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰਮਾਰ ਕੀਤੀ ਐ।"
ਤੜਾਕ-ਤੜਾਕ ਗੋਲੀਆਂ ਚੱਲੀਆਂ ਤੇ ਜੰਮਲ ਧਰਤ ਤੇ ਚੁਫਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਜਾਵੇ।
ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਯਾਰ ਸੀ। ਕੱਠਿਆਂ ਡਾਕੇ ਮਾਰੇ ਸਨ, ਜਵਾਂ ਲੁੱਟਿਆਂ ਸਨ । ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ... ਕਿਸ਼ਨੇ ਨੇ ਯਾਰਮਾਰ ਕਰਕੇ ਚੰਗਾ ਨਹੀਂ ਕੀਤਾ ਕਮਾਇਐ... ਹੁਣ ਉਸ ਤੇ ਵਿਸਾਹ ਕਰਨਾ ਠੀਕ ਨੀ।
ਡੋਗਰ ਨੇ ਕਿਸ਼ਨੇ ਦਾ ਬਚਾਓ ਕਰਨ ਦੇ ਪੰਜ ਉਹਨੂੰ ਸੁਨੇਹਾ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਖੂਬ ਸੇਵਾ ਕੀਤੀ। ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ 'ਤੇ ਸੋ ਗਿਆ। ਓਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾਂ ਮਾਰ ਕੇ ਬੁਡਲਾਢੇ ਦੇ ਬਾਣੇ ਜਾ ਖ਼ਬਰ ਦਿੱਤੀ ਅਣਗਿਣਤ ਪੁਲਿਸ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ !
ਓਦੋਂ ਅੰਗਰੇਜ਼ਾਂ ਦਾ ਰਾਜ ਸੀ।
ਮੁਕੱਦਮਾ ਚੱਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲ ਪਾਣੀ ਦੀ ਜੇਲ੍ਹ ਵਿੱਚ ਭੇਜ ਦਿੱਤਾ।
ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ । ਕਿਸ਼ਨਾ ਕਾਲੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੇ ਬਦਲਾ ਲੈਣ ਲਈ ਉਹਨੇ ਜੀਊਣੇ ਨੂੰ ਸੁਨੇਹਾ ਭੇਜਿਆ ਸੀ।
ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਉਣਾ ਝੰਜੋੜਿਆ। ਗਿਆ। ਇਕ ਆਹ ਸੀਨਿਓਂ ਪਾਰ ਹੋ ਗਈ ਓਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜੀਉਣੇ ਦੇ ਚਿੱਤ ਨੂੰ ਚਿਤਮਣੀ ਲਗ ਗਈ। ਉਹ ਅਜੀਬ ਬਚੈਨੀ ਦਾ ਸ਼ਿਕਾਰ ਹੋ ਗਿਆ।
ਜੀਊਣੇ ਮੌੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ,
ਅੱਜ ਕੱਲ੍ਹ ਲਵਾਂ ਵੇਰ ਐਨ ਫੇਰ ਖਾਵਾਂ ਰੱਜ ਕੇ।
ਏਹੋ ਆਉਂਦੀ ਦਲੇਰੀ ਜਗ ਜਮਣਾ ਨਾ ਦੂਜੀ ਵੇਰੀ,
ਮੇਰੀ ਹੈ ਸਲਾਹ ਮਾਰਾ ਅਹਿਮਦ ਨੂੰ ਭੱਜ ਕੇ। (ਭਗਵਾਨ ਸਿੰਘ)
ਇਕ ਜਵਾਲਾ ਜੀਉਣੇ ਦੇ ਸੀਨੇ 'ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪ-ਚਾਪ, ਆਪਣੇ ਖੇੜੇ ਨੂੰ ਸਿਰ ਨਿਵਾ ਕੇ, ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਰਿਆ ਜਿਸ ਪਾਸੋਂ ਉਹਨੇ ਝਪਟਾ ਮਾਰ ਕੇ ਉਹਦੀ ਰਫ਼ਲ ਖੋਹ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ।
ਅਗਾਹ ਡਾਕੂਆਂ ਦੀ ਇਕ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖ਼ੁਸ਼ੀ-ਖ਼ੁਸ਼ੀ ਉਹਨੂੰ ਆਪਣਾ ਭਾਈਵਾਲ ਬਣਾ ਲਿਆ।
ਜੀਉਣਾ ਡਾਕੇ ਮਾਰਨ ਲੱਗਾ। ਇਕ ਸ਼ਰਤ ਇਹ ਲਾਈ-ਕਿਸੇ ਦੀ ਨੂੰਹ-ਧੀ ਨੂੰ ਮੈਲੀ ਅੱਖ ਨਾਲ ਨਹੀਂ ਵੇਖਣਾ, ਨਾ ਹੀ ਮੋੜੀ ਜਾ ਕੇ ਡਾਕਾ ਮਾਰਨਾ ਹੈ। ਗਰੀਬ ਗੁਰਬੇ ਦੀ ਮਦਦ ਕਰਨੀ ਐ.........
ਆਏ ਦਿਨ ਜੀਉਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦਖੋਰਾਂ ਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖ਼ਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ। ਜੀਉਣਾ ਡਾਹ ਨਾ ਦੇਂਦਾ । ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿੱਚ ਜੀਉਣੇ ਦੀ ਬੱਲ-ਬੱਲੇ ਸੀ । ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਾਰਨ ਤੇ ਗਊ ਗਰੀਬ ਦਾ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ।
ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਹਦੇ ਨਾਂ ਨਾਲ ਜੁੜੀਆਂ ਹੋਈਆ ਹਨ।
ਉਹ ਆਪਣੀ ਮਾਰ-ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਬਾਣੀਏ ਕੋਲ ਰੱਖਿਆ ਕਰਦਾ ਸੀ। ਇਕ ਦਿਨ ਬਾਣੀਏਂ ਦਾ ਦਿਲ ਬੇਈਮਾਨ ਹੋ ਗਿਆ, ਉਸ ਨੇ ਜੀਉਣੇ ਨੂੰ ਫੜਾ ਕੇ ਉਹਦਾ ਮਾਲ ਹੜੱਪ ਕਰਨ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖ਼ਬਰ ਦੇ ਦਿੱਤੀ ਬਈ ਭਲਕੇ ਜੀਊਣੇ ਨੇ ਆਉਣੈ। ਪੁਲਿਸ ਆ ਗਈ ! ਜੀਉਣਾ ਅਜੇ ਆਇਆ ਨਹੀਂ ਸੀ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਉਣੇ ਨੂੰ ਬਾਣੀਏ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜੀਊਣੇ ਨੇ ਆਕੇ ਕਾਂਸ਼ੀ ਰਾਮ ਦਾ ਖੂਬ ਬੜ੍ਹਾਂਗਾ ਕੀਤਾ। ਬਾਣੀਏਂ ਨੇ ਮਸੀ ਮਿੰਨਤਾਂ ਤਰਲੇ ਕਰਕੇ ਆਪਣੀ ਜਾਨ ਬਖ਼ਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ।
ਸਾਉਣ ਦਾ ਮਹੀਨਾ ਸੀ । ਲੌਂਗੋਵਾਲ ਦੇ ਗੋਰੇ ਤੀਆਂ ਪੈ ਰਹੀਆਂ ਸਨ... ਜੀਉਣੇ ਮੌੜ ਦੀ ਟੋਲੀ ਓਥੇ ਆ ਪੁੱਜੀ। ਜੀਊਣੇ ਨੇ ਜ਼ਮੀਨ ਤੇ ਚਾਦਰਾ ਵਛਾ ਕੇ ਆਖਿਆ, "ਕੁੜੀਓ ਆਪਣੀਆਂ ਟੀਮਾਂ ਲਾਹ ਦੇ।" ਡਰਦੀਆਂ ਮਾਰੀਆਂ ਕੁੜੀਆਂ-ਬਹੂਆਂ ਆਪਣੀਆਂ ਟੀਮਾਂ ਲਾਹ-ਲਾਹ ਚਾਦਰੇ 'ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ
ਲੱਗਾ ਸੀ ਕਿ ਇਕ ਕੁੜੀ ਹੌਂਸਲਾ ਕਰਕੇ ਬੋਲੀ, "ਵੇ ਵੀਰਿਆ ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ 'ਚੋਂ ਟੂਮਾਂ ਕੱਢ ਲੈਣਗੇ। ਮੇਰੇ ਪਿਉਕੇ ਬੜੇ ਗਰੀਬ ਐ। ਉਨ੍ਹਾਂ ਮਸੀਂ ਮੇਰਾ ਵਿਆਹ ਕੀਤੇ ਜ਼ਮੀਨ ਧਰਕੇ। ਉਨ੍ਹਾਂ 'ਚ ਦੁਬਾਰਾ ਟੂਮਾਂ ਘੜਾਉਣ ਦੀ ਪਰੋਖੋਂ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ ।"
ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਉਣੇ ਦਾ ਦਿਲ ਪਸੀਜ ਗਿਆ- ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, "ਕੁੜੀਓ ਲੈ ਜੋ ਆਪੋ ਆਪਣੀਆਂ ਟੀਮਾਂ।"
ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।
ਇਕ ਦਿਨ ਰਾਹ ਜਾਂਦਿਆਂ ਜੀਉਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, "ਭੇਣੇ ਰੋਟੀ ਖੁਆਏਂਗੀ ?"
"ਆਹੋ ਵੀਰ" ਆਖ ਕੁੜੀ ਨੇ ਸਿਰ ਹੈਂ ਛਿੱਕੂ ਲਾਹ ਕੇ, ਲੱਸੀ ਦੀ ਝੱਕਰੀ ਧਰਤੀ ਤੇ ਰੱਖੀ ਤੇ ਪੋਣੇ 'ਚੋਂ ਦੋ ਮਿੱਸੀਆਂ ਰੋਟੀਆਂ ਕੱਢਕੇ, ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਧਰਕੇ ਉਹਦੇ ਹੱਥ ਫੜਾ ਦਿੱਤੀਆਂ।
ਜੀਉਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।
ਕੁਝ ਦਿਨਾਂ ਮਗਰੋਂ ਜੀਉਣੇ ਮੌੜ ਨੇ ਦੋਲੇਆਲ ਪਿੰਡ ਵਿੱਚੋਂ ਇਕ ਵਧੀਆ ਨਸਲ ਦਾ ਘੋੜਾ ਜਾ ਖੋਲ੍ਹਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜਕੇ ਉਹਦੇ ਨੱਕ ਤੇ ਜਾ ਵੱਜਾ ਤੇ ਜ਼ਖ਼ਮ ਦਾ ਨਿਸ਼ਾਨ ਪੈ ਗਿਆ।
ਜੀਉਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।
ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿੱਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖ਼ਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਉਣਾ ਮੋੜ ਐ। ਉਹਨੇ ਜੀਉਣੇ ਅੱਗੇ ਹੱਥ ਜੋੜ ਕੇ ਆਖਿਆ-
"ਭੋਇ ਧਰਕੇ ਇਕ ਮੁੰਡਾ ਵਿਆਹਿਆ
ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ
ਲੁੱਟ ਬਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।" (ਭਗਵਾਨ ਸਿੰਘ)
ਜੀਉਣੇ ਨੇ ਝੱਟ ਜੱਟ ਦੀ ਬੇਨਤੀ ਮੰਨ ਸਾਰਾ ਟੂਮ ਟੱਲਾ ਮੋੜ ਕੇ, ਪਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।
ਜੀਉਣੇ ਮੌੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ।
ਇਕ ਵਾਰੀ ਇਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈ ਆ ਰਿਹਾ ਸੀ। ਰਾਹ ਜੰਗਲ 'ਚੋਂ ਹੋ ਕੇ ਜਾਂਦਾ ਸੀ । ਜਦੋਂ ਉਹ ਜੰਗਲ 'ਚ ਵੜੇ ਅੱਗੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਅਤੇ ਕੁੜੀ ਦੀਆਂ ਲੋਰਾਂ ਨਿਕਲ ਰਹੀਆਂ ਸਨ। ਅਚਾਨਕ ਜੀਉਣਾ ਮੌੜ ਉੱਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।
"ਤੂੰ ਕੌਣ ਹੁਨੇ ਸਾਨੂੰ ਰੋਕਣ ਵਾਲਾ ?" ਇਕ ਮਾੜਕੂ ਜਿਹਾ ਬਦਮਾਸ਼ ਬੋਲਿਆ।
"ਮੈਂ ਆਂ ਥੋਡੀ ਧੀ ਦਾ ਖਸਮ, ਥੋਡਾ ਜਮਾਈ ਜੀਉਣਾ ਮੌੜ।"
ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ। ਜੀਉਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।
ਬ੍ਰਾਹਮਣ ਡੀਉਣੇ ਮੌੜ ਨੂੰ ਅਸੀਸਾਂ ਦੇਂਦਾ ਨਹੀਂ ਸੀ ਥੱਕਦਾ !
ਕਹਿੰਦੇ ਨੇ ਸੰਗਰੂਰ ਕੋਲ ਇਕ ਪਿੰਡ ਗੋਡੀ ਕਰਦੇ ਇਕ ਗਰੀਬ ਜੱਟ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵਨੇਤ ਨਾਲ ਘੁੰਮਦਾ ਘੁਮਾਉਂਦਾ ਜੀਊਣਾ ਮੌੜ ਵੀ ਉੱਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜੀਉਣੇ ਨੇ ਜੱਟ ਨੂੰ ਪੁੱਛਿਆ, “ਬਈ ਸਰਦਾਰਾ ਧੀ ਕਿਤੇ ਮੰਗੀ ਵਿਆਹੀ ਬੀ ਹੋਈ ਐ।"
ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, "ਜੀਉਣ ਸਿਆ ਅਸੀਂ ਧੀ ਵਿਆਹੁਣ ਜੋਗੇ ਕਿੱਥੇ ਆਂ, ਮਸੀ ਗੁਜ਼ਾਰਾ ਤੁਰਦੈ-ਸਾਰੀ ਪੈਲੀ ਮਾਰੂ ਆ।"
ਜੀਉਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ ਸੋ-ਸੋ ਦੀਆਂ ਪੰਜ ਵਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, "ਕਰ ਧੀ ਦਾ ਨਾਤਾ ਗੱਜ ਵੱਜ ਕੇ.... ਦੇਖੀਂ ਕਿਤੇ ਕਿਸੇ ਹੋਰ ਪਾਸੇ ਵਰਤ ਲਏ।"
ਅੱਜ ਦੇ ਸਮੇਂ ਇਹ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜੀਉਣੇ ਮੌੜ ਦੀ ਸਖਾਵਤ ਦੇ ਬਾਰੇ ਬਾਰੇ ਜਾ ਰਿਹਾ ਸੀ।
ਹੋਰ ਵੀ ਅਨੇਕਾਂ ਕਿੱਸੇ ਜੀਉਣੇ ਮੌੜ ਦੇ ਨਾਂ ਨਾਲ ਜੁੜੇ ਹੋਏ ਹਨ. ਉਸ ਦੀ ਬਹਾਦਰੀ, ਸੂਰਮਗਤੀ, ਦਰਿਆ ਦਿੱਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕੀਤਾ ਹੈ—
ਜੀਉਣਾ ਮੌੜ ਸਾਧ ਗਊ ਗਰੀਬ ਦੀ ਕਰੇ ਸੇਵਾ,
ਖੱਬੀ ਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਊਣਾ,
ਨਹੀਂ ਲੁੱਕ ਕੇ ਵਕਤ ਲੰਘਾਉਂਦਾ ਜੀ। (ਭਗਵਾਨ ਸਿੰਘ)
ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ
ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਲੇਜੇ ਠੰਢ ਪੈਣੀ ਸੀ।
ਇਕ ਦਿਨ ਘੋੜੇ 'ਤੇ ਸਵਾਰ ਹੋ ਕੇ ਜੀਉਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲੀ ਹੱਥ ਡਗਰ ਨੂੰ ਸੁਨੇਹਾ ਭੇਜਿਆ, "ਤੇਰਾ ਜਮਾਈ ਆਪਣੇ ਭਰਾ ਕਿਸਨੇ ਦਾ ਬਦਲਾ ਲੈਣ ਆਇਐ ਤੋਂ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ.... ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀਂ।"
ਜੀਉਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੇਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲਮਕਾਈ ਤੇ ਹੱਥ 'ਚ ਰਫ਼ਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, "ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭਜਦੇ। ਅੱਜ ਵੱਡਾ ਸੂਰਮਾ ਜੀਉਣਾ ਮੇਰੇ ਕੋਲੋਂ ਬਚ ਕੇ ਨੀ ਜਾ ਸਕਦਾ।"
ਡੋਗਰ ਦੀ ਘਰ ਵਾਲੀ ਨੇ ਉਸ ਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਖੜਾ ਜੀਉਣਾ ਮੋੜ ਖੌਰੂ ਪਾ ਰਿਹਾ ਸੀ।
ਜੀਊਣੇ ਨੇ ਡੋਗਰ ਨੂੰ ਲਲਕਾਰਿਆ, "ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ ਨੀ ਮਾਰਦਾ। ਪਹਿਲਾ ਵਾਰ ਤੇਰੇ।"
ਡੋਗਰ ਨੇ ਪਹਿਲਾ ਫਾਇਰ ਕੀਤਾ। ਜੀਉਣੇ ਦੀ ਘੋੜੀ ਧਰਤੀ 'ਤੇ ਬਹਿ ਗਈ। ਗੋਲੀ ਉੱਪਰੋਂ ਲੰਘ ਗਈ। ਦੂਜਾ ਫ਼ਾਇਰ ਵੀ ਫੋਕਾ ਹੀ ਗਿਆ। ਜੀਉਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀਂ ਕਿ ਪਹਿਲੇ ਫ਼ਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।
ਡੋਗਹ ਦੀ ਲਾਸ਼ ਧਰਤੀ 'ਤੇ ਪਈ ਤੜਪ ਰਹੀ ਸੀ । ਡੋਗਰ ਦੇ ਘਰ ਹਾਹਾਕਾਰ ਮੱਚ ਗਈ।
ਕਿਸੇ ਮੋੜੀ ਜਾ ਦੱਸਿਆ "ਜੀਊਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਐ।" ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।
ਡੋਗਰ ਦੇ ਮਰਨ ਦੀ ਖ਼ਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ.. ਘਰ- ਘਰ ਜੀਉਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ ਹਰ ਕੋਈ ਉਸ ਅਣਖੀ ਸੁਰਮੇ ਦੀਆਂ ਗੱਲਾਂ ਕਰ ਰਿਹਾ ਸੀ।
ਘਰ ਘਰ ਪੁੱਤ ਜੰਮਦੇ
ਜੀਊਣਾ ਮੌੜ ਨੀ ਕਿਸੇ ਬਣ ਜਾਣਾ
ਬੁਡਲਾਢੇ ਦੀ ਪੁਲਿਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪ੍ਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ । ਪੁਲਿਸ ਤਾਂ ਉਸ ਪਾਸੋਂ ਥਰ- ਬਰ ਕਬੰਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ ਜੀਉਣਾ ਮੌੜ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ।
ਜੀਉਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅਲੋਕਾਰ ਗੱਲਾਂ ਕਰਨ ਵਾਲਾ। ਇਕ ਵਾਰ ਉਸ ਨੂੰ ਕੀ ਸੁੱਝੀ-ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਮਹਿਲਾਂ ਵਿੱਚ ਜਾ ਕੇ ਘੋੜੀ ਖੋਲ੍ਹ ਲਈ। ਗੋਲੀ ਸਿੱਨ੍ਹ ਕੇ ਮੰਤਰੀ ਨੂੰ ਆਖਿਆ, "ਕਹਿੰਦੀ ਆਪਣੇ ਰਾਜੇ ਨੂੰ ਜੀਉਣਾ ਮੌੜ ਲੈ ਗਿਆ ਤੇਰੀ ਘੋੜੀ।"
ਲੋਕੀ ਵਾਰੇ-ਵਾਰੇ ਜਾ ਰਹੇ ਸਨ ਜੀਉਣੇ ਮੌੜ ਦੇ, ਜਿਸ ਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ। ਆਖ਼ਰ ਸੁੱਤਾ ਪਿਆ ਜੀਉਣਾ ਮੌੜ ਫੜਿਆ ਗਿਆ ਕਹਿੰਦਾ "ਮੈਂ ਤਾਂ ਚਾਲ ਵੇਖਣ ਲਈ ਹੀ ਚੁਰਾਈ ਸੀ।"
ਉਸ ਨੂੰ ਨਾਭਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਪ੍ਰੰਤੂ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਨਸ ਆਇਆ....
ਜੀਊਣਾ ਮੋੜ ਨੈਣਾਂ ਦੇਵੀ ਦਾ ਸ਼ਰਧਾਲੂ ਸੀ । ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾਂ ਦੇਵੀ ਦੇ ਮੰਦਿਰ ਤੇ ਜਾ ਕੇ ਸੋਨੇ ਦਾ ਛਤਰ ਚੜਾਉਣ ਦਾ ਐਲਾਨ ਕਰ ਦਿੱਤਾ-
ਉਸ ਨੇ ਖ਼ਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ,
ਨੈਣਾਂ ਦੇਵੀ ਦੇ ਮੰਦਰ ਤੇ ਜਾਊਂਗਾ ਮੈਂ।
ਜੀਹਦੇ ਆਸਰੇ ਫ਼ੌਜਾਂ ਦੇ ਨੱਕ ਮੋੜੇ,
ਛਤਰ ਸੋਨੇ ਦਾ ਚਾੜ੍ਹ ਕੇ ਆਉਂਗਾ ਮੈਂ।
ਜ਼ੋਰ ਲਾ ਕੇ ਆਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਉਂਗਾ ਮੈਂ।
ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਉਣੇ ਮੌੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, "ਜੀਉਣਾ ਮੌੜ ਅਦਾਲਤ ਬਾਜ਼ਾਰ 'ਚ ਫਿਰਦੇ, ਫੜ ਲਓ, ਆਪਣੇ ਸੱਤ ਵਜੇ ਉਹ ਨੈਣਾਂ ਦੇਵੀ ਨੂੰ ਜਾਣ ਖ਼ਾਤਰ ਗੱਡੀ ਚੜਗਾ।"
ਥਾਂ-ਥਾਂ ਪੁਲਿਸ ਟੱਕਰਾਂ ਮਾਰਦੀ ਰਹੀ ਪ੍ਰੰਤੂ ਜੀਉਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾਂ ਦੇਵੀ ਲਈ ਗੱਡੀ 'ਤੇ ਸਵਾਰ ਹੋ ਗਿਆ। ਰੇਲ ਦੇ ਕੱਲੇ-ਕੱਲੇ ਡੁੱਬੇ 'ਚ ਭਾਲ ਕੀਤੀ ਗਈ ਪ੍ਰੰਤੂ ਸਾਧ ਬਣਿਆਂ ਜੀਉਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।
ਜੀਉਣਾ ਮੋੜ ਸਾਧ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਨੈਣਾਂ ਦੇਵੀ ਦੇ ਮੰਦਿਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਿਰ ਦੇ ਅੰਦਰ-ਬਾਹਰ ਸਤਰਕ ਖੜੋਤੀ ਹੋਈ ਸੀ । ਜੀਉਣੇ ਮੌੜ ਨੇ ਸਾਧੂ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜ੍ਹਾ ਆਂਦਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਸ ਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ
ਘੇਰ ਲਿਆ। ਨਿਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਆਖ਼ਰ ਜੀਉਣਾ ਮੋੜ ਪੁਲਿਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਚੰਘਾੜਦਾ ਰਿਹਾ।
ਨੈਣਾਂ ਦੇਵੀ ਦੇ ਸ਼ਰਧਾਲੂਆਂ ਦਾ ਮੌਤ ਹੈ ਕਿ ਜੀਉਣਾ ਮੋੜ ਪੁਲਿਸ ਦੇ ਹੱਥ ਨਹੀਂ ਸੀ ਲੱਗਾ। ਉਸ ਨੇ ਪਹਾੜੀ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੱਤੀ ਸੀ। ਉਨ੍ਹਾਂ ਨੇ ਉਥੇ ਉਹਦੀ ਸਮਾਧ ਵੀ ਬਣਾਈ ਹੋਈ ਹੈ ਪਰੰਤੂ ਅਸਲੀਅਤ ਤਾਂ ਇਹ ਹੈ ਕਿ ....
ਜੀਉਣੇ ਮੌੜ ਨੂੰ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਤਖ਼ਤੇ 'ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ 'ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ.....
ਗੁੱਗਾ ਜ਼ਾਹਰ ਪੀਰ
ਭਾਦੋਂ ਦੀ ਰੁੱਤੇ ਗੁੱਗਾ ਭਗਤ ਡੋਰੂ ਪੜਕਾਉਂਦੇ, ਸਾਰੰਗੀਆਂ ਵਜਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਫਿਰਦੇ ਨਜ਼ਰੀਂ ਆਉਂਦੇ ਹਨ। ਇਹ ਗੁੱਗਾ ਪੀਰ ਦੀ ਕਥਾ ਨੂੰ ਗਾ ਗਾ ਖੈਰ ਮੰਗਦੇ ਹਨ। ਔਰਤਾਂ ਖੁੱਲ੍ਹੇ ਦਿਲ ਨਾਲ ਗੁੱਗੇ ਪੀਰ ਦੇ ਨਾਂ ਤੇ ਖੈਰਾਤ ਪਾਉਂਦੀਆਂ ਹਨ।
ਪੰਜਾਬ ਦੇ ਹਰ ਪੰਜਾਂ-ਸੱਤਾਂ ਪਿੰਡਾਂ ਵਿੱਚ ਗੁੱਗੇ ਦਾ ਇਕ ਅੱਧ ਮੰਦਰ, ਜਿਸ ਨੂੰ ਗੁੱਗੇ ਦੀ ਮਾੜੀ ਆਖਿਆ ਜਾਂਦਾ ਹੈ, ਜ਼ਰੂਰ ਮਿਲ ਜਾਵੇਗਾ। ਹਰ ਮਾੜੀ ਦਾ ਇਕ ਭਗਤ ਹੋਇਆ ਕਰਦਾ ਹੈ। ਇਹ ਭਗਤ ਸੱਪ ਦੇ ਡੱਸੇ ਹੋਏ ਪੁਰਸ਼ਾਂ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ ਕਰਦਾ ਹੈ। ਕਈ ਭਗਤ ਤਾਂ ਸੱਪਾਂ ਦੀਆਂ ਜ਼ਹਿਰਾਂ ਵੀ ਚੂਸ ਲੈਂਦੇ ਹਨ। ਇਹ ਭਗਤੀ ਪੀੜ੍ਹੀਓਂ-ਪੀੜ੍ਹੀ ਚਲੀ ਆਉਂਦੀ ਹੈ।
ਜਨਮ-ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉੱਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿਨ੍ਹਦੀਆਂ ਹਨ ਤੇ ਦੁੱਧ ਸੱਪਾਂ ਦੀਆਂ ਬਿਰਮੀਆਂ ਵਿੱਚ ਪਾਉਂਦੀਆਂ ਹਨ। ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਲਈ ਜਾਂਦੀਆਂ ਹਨ ਤਦੇ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਹੱਥਾਂ ਵਿੱਚ ਸੇਵੀਆਂ ਦੀਆਂ ਬਾਲੀਆਂ, ਜਿਨ੍ਹਾਂ ਉੱਤੇ ਆਟੇ ਦੇ ਗੰਡ-ਗੰਡੋਏ ਤੇ ਦੀਵੇ ਆਦਿ ਰੱਖੇ ਹੁੰਦੇ ਹਨ, ਫੜੀ ਗੁੱਗੇ ਦੀ ਉਸਤਤੀ ਦੇ ਗੀਤ ਗਾਂਦੀਆਂ, ਵਰ ਮੰਗਦੀਆਂ, ਮੇਲੇ ਵਿੱਚ ਪੁੱਜ ਜਾਂਦੀਆਂ ਹਨ।
ਜਨਮ-ਅਸ਼ਟਮੀ ਦੀ ਸ਼ਾਮ ਨੂੰ ਗੁੱਗ ਦੀ ਚੌਂਕੀ ਭਰਨ ਦਾ ਰਿਵਾਜ ਹੈ। ਆਲੇ- ਦੁਆਲੇ ਦੇ ਪਿੰਡਾਂ ਦੇ ਲੋਕ ਪਸ਼ੂਆਂ ਸਮੇਤ ਮਾੜੀ ਤੋਂ ਪੁੱਜ ਜਾਂਦੇ ਹਨ। ਜਦ ਮਾੜੀ ਦੇ ਦਲਾਨ ਵਿੱਚ ਸਾਰੇ ਬੈਠ ਜਾਂਦੇ ਹਨ ਤਦ ਸਵੱਯ ਪੀਰ ਗੁੱਗੇ ਦੀ ਉਸਤਤੀ ਵਿੱਚ ਗਾਣਾ ਆਰੰਭ ਦਿੰਦੇ ਹਨ। ਗਾਣਾ ਸੁਣ ਮਾੜੀ ਦੇ ਭਗਤ ਨੂੰ ਜੋਸ਼ ਆ ਜਾਂਦਾ ਹੈ, ਇਸ ਉੱਤੇ ਲੋਕੀਂ ਉਹਦੇ ਕੱਪੜੇ ਉਤਾਰ ਦਿੰਦੇ ਹਨ ਤੇ ਉਹ ਲੋਹੇ ਦੀਆਂ ਛੜੀਆਂ ਨਾਲ ਆਪਣੇ ਜਿਸਮ ਨੂੰ ਮਾਰਨਾ ਸ਼ੁਰੂ ਕਰ ਦੇਂਦਾ ਹੈ। ਛੜੀਆਂ ਕਈ ਵਾਰ ਉਸ ਦੀ ਪਿਠ 'ਚੋਂ ਲਹੂ ਸਮਾ ਦੇਂਦੀਆਂ ਹਨ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਦੋ-ਤਿੰਨ ਪੁਰਸ਼ ਉਹਦੀ ਤੇਲ ਨਾਲ ਮਾਲਸ਼ ਕਰਦੇ ਹਨ। ਇਸ ਸਮੇਂ ਸਵੱਯੇ ਆਪਣਾ ਗਾਉਣਾ ਬੰਦ ਕਰ ਦੇਂਦੇ ਹਨ ਕੁਝ ਸਮੇਂ ਮਗਰੋਂ ਉਹਨੂੰ ਮੁੜ ਸੁਰਤ ਆ ਜਾਂਦੀ ਹੈ। ਏਸ ਤੇ ਸਾਰੇ ਦਰਸ਼ਕ ਉਹਨੂੰ ਮੱਥਾ ਟੇਕਦੇ ਹਨ ਤੇ ਭਗਤ ਸਾਰਿਆਂ, ਖ਼ਾਸ ਕਰਕੇ ਔਰਤਾਂ ਉੱਤੇ, ਪਾਣੀ ਦੇ ਛਿੱਟੇ ਮਾਰਦਾ ਹੈ। ਏਸ ਮਗਰੋਂ ਪਤਾਸ਼ਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਬਹੁਤ ਸਾਰੇ ਘਰਾਂ ਨੂੰ ਪਰਤ ਆਉਂਦੇ ਹਨ, ਬਹੁਤੇ ਉੱਥੇ ਹੀ ਸਾਰੀ ਰਾਤ ਜਗਰਾਤਾ ਕਰਦੇ ਹਨ। ਵਿੱਦਿਆ ਦੇ ਕਾਰਨ ਇਹ ਚੌਂਕੀ ਭਰਨ ਦਾ
ਰਿਵਾਜ ਅੱਜ-ਕਲ੍ਹ ਕਾਫ਼ੀ ਘੱਟ ਰਿਹਾ ਹੈ।
ਗੁੱਗੇ ਦੀ ਸੰਖੇਪ ਜਹੀ ਕਥਾ ਇਸ ਪ੍ਰਕਾਰ ਹੈ :-
ਬੀਕਾਨੇਰ ਦੇ ਇਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖ ਨਾਥ ਦੇ ਵਰ ਨਾਲ ਰਾਣੀ ਬਾਛਲ ਦੀ ਕੁਖੋਂ ਗੁੱਗੇ ਦਾ ਜਨਮ ਹੋਇਆ। ਉਹ ਚੌਹਾਨ ਰਾਜਪੂਤ ਸੀ। ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਕਾਸ਼ਲ ਦੇ ਪੁੱਤਾਂ ਸੁਰਜਨ ਅਤੇ ਅਰਜਨ ਨਾਲ ਹੋ ਪਈ। ਝਗੜਾ ਵਿਆਹ ਦਾ ਸੀ। ਗੁੱਗਾ ਸਲੀਅਰ ਨੂੰ ਵਿਆਹੁਣਾ ਚਾਹੁੰਦਾ ਸੀ ਪਰ ਉਹ ਆਪ ਇਸੇ ਨਾਲ ਸ਼ਾਦੀ ਕਰਨਾ ਲੋਚਦੇ ਸਨ। ਝਗੜੇ ਵਿੱਚ ਗੁੱਗੇ ਨੇ ਆਪਣੇ ਦੋਹਾਂ ਮਾਸੀ ਦੇ ਪੁੱਤਰਾਂ ਨੂੰ ਮਾਰ ਦਿੱਤਾ। ਏਸ ਗੱਲ ਦਾ ਪਤਾ ਉਹਦੀ ਮਾਤਾ ਬਾਛਲ ਨੂੰ ਲੱਗਿਆ। ਉਹਨੇ ਆਖਿਆ ਕਿ ਉਹ ਉਹਦੇ ਮੱਥੇ ਨਾ ਲੱਗ। ਇਸ ਗੱਲ ਦਾ ਗੁੱਗੇ ਤੇ ਕਾਫ਼ੀ ਅਸਰ ਹੋਇਆ। ਉਹਨੇ ਧਰਤੀ ਮਾਤਾ ਨੂੰ ਆਖਿਆ ਕਿ ਉਹਨੂੰ ਧਰਤ ਵਿੱਚ ਸਮਾ ਲਵੇ। ਉਹ ਹਿੰਦੂ ਸੀ। ਧਰਤੀ ਮਾਤਾ ਨੇ ਆਖਿਆ ਕਿ ਉਹ ਤਾਂ ਮੁਸਲਮਾਨਾਂ ਨੂੰ ਹੀ ਥਾਂ ਦੇ ਸਕਦੀ ਹੈ। ਏਸ ਤੇ ਗੁੱਗਾ ਇਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ ਤੇ ਧਰਤੀ ਮਾਤਾ ਨੇ ਉਹਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸਮਾ ਲਿਆ।
ਪੰਜਾਬ ਦਾ ਇਕ ਲੰਬਾ ਲੋਕ-ਗੀਤ ਗੁੱਗੇ ਦੀ ਕਥਾ ਇਸ ਤਰ੍ਹਾਂ ਬਿਆਨ ਕਰਦਾ ਹੈ :-
ਸਲਾਮਾਂ ਮੇਰੀਆਂ ਸਲਾਮਾਂ ਮੇਰੀਆਂ,
ਇਕ ਸਲਾਮਾਂ ਮੇਰੀਆਂ ਦੇਏ ਸਲਾਮਾਂ
ਗੁਰੂ ਗੋਰਖਾ ਪੈਦਾ ਓ ਕਰਦਿਆ
ਸਾਨੂੰ ਵੀ ਦਿਓ ਔਲਾਦ।
ਐਸ ਵੇਲੇ ਤਾਂ ਵਰ ਨਹੀਂ ਬੀਬੀ ਬਾਛਲੇ
ਕਲ੍ਹ ਤਾਂ ਲੈ ਜਾਈਂ ਔਲਾਦ।
ਦੌੜੀ-ਦੌੜੀ ਬਾਛਲ ਕਾਬਲ ਕੋਲ ਆਈ,
ਭੈਣੇ ਨੀ ਕਾਬਲੇ ਭਲਕ ਤਾਂ ਮਿਲ ਜਾਊ ਔਲਾਦ।
ਦੌੜੀ-ਦੌੜੀ ਕਾਸ਼ਲ ਬਾਛਲ ਕੋਲ ਆਈ
ਭੈਣੇ ਨੀ ਬਾਛਲੇ ਮੈਨੂੰ ਜੜਾ ਤਾਂ ਦਈ ਹੁਦਾਰ,
ਮੈਂ ਜਾਣਾ ਬਾਬਲ ਵਾਲੇ ਦੇਸ਼ ਨੀ
ਮੈਨੂੰ ਆਈ ਏ ਮੰਦੜੀ ਵਾਜ਼।
ਦੌੜੀ-ਦੋੜੀ ਕਾਸ਼ਲ ਗੋਰਖ ਕੋਲ ਆਈ
ਗੁਰੂ ਗੋਰਖਾ, ਸਾਨੂੰ ਤਾਂ ਦਿਓ ਔਲਾਦ
ਜਟਾਂ 'ਚੋਂ ਕੱਢ ਕੇ ਔਲਾਦ ਜੁ ਦਿੱਤੀ,
ਗੁਰੂ ਆਖੇ : ਅਰਜਨ ਤੇ ਸੁਰਜਣ ਰੱਖੀ ਨਾਉਂ
ਦੌੜੀ-ਦੌੜੀ ਕਾਸ਼ਲ ਬਾਛਲ ਕੋਲ ਆਈ
ਭੈਣੇ ਨੀ ਬਾਛਲੇ
ਮੈਂ ਆਈ ਬਾਬਲ ਵਾਲ਼ੇ ਦੇਸ਼ ਤੋਂ
ਸਾਡੇ ਬਾਬਲ ਦੀ ਚੰਗੀ ਵਾਜ਼।
ਦੌੜੀ-ਦੌੜੀ ਬਾਛਲ ਗੋਰਖ ਦੇ ਆਈ
ਗੁਰੂ ਗੋਰਖਾ ਪਰਮੇਸ਼ਵਰ ਜਾਣੇ,
ਸਾਨੂੰ ਤਾਂ ਦਿਓ ਔਲਾਦ।
ਮੋੜੋ ਵੇ ਮੋੜੋ ਇਹਨੂੰ ਚੇਲਿਓ ਮੇਰਿਓ
ਘੜੀ-ਘੜੀ ਮੰਗਦੀ ਔਲਾਦ।
ਪਰ ਬਾਛਲ ਪਿੱਛੇ ਨਾ ਮੁੜੀ, ਉੱਥੇ ਹੀ ਖੜੀ ਰਹੀ। ਬਾਰਾਂ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਗੀਤ ਅੱਗੇ ਟੁਰਦਾ ਹੈ :
ਸੱਤਾਂ ਸਮੁੰਦਰਾਂ ਦੀ ਪੌਣ ਜੁ ਝੁੱਲੀ
ਗੁਰੂ ਗੋਰਖ ਗਿਆ
ਗਿਆ ਚੰਜੀ ਵਾਲੇ ਬਾਗ
ਦੌੜੀ-ਦੌੜੀ ਗੋਪੀ ਗੋਰਖ ਦੇ ਆਈ
ਗੁਰੂ ਗੋਰਖਾ
ਪਰਮੇਸ਼ਰ ਜਾਣੇ
ਸਾਨੂੰ ਤਾਂ ਦਿਓ ਔਲਾਦ
ਜੜੀ ਤਾਂ ਬੂਟੀ ਗੁਰੂ ਗੋਰਖ ਨੇ ਦਿੱਤੀ
ਲੈ ਰਾਣੀ ਗੋਪੀ
ਸਿਲੀਅਰ ਤਾਂ ਰਖੀ ਇਹਦਾ ਨਾਂ
ਇਹਦਾ ਸੰਜੋਗ ਦੂਲੋ ਨਾਲ
ਸੱਤਾਂ ਸਮੁੰਦਰਾਂ ਦੀ ਪੌਣ ਜੁ ਝੁੱਲੀ
ਗੁਰੂ ਗੋਰਖ ਆਇਆ
ਆਇਆ ਜੋ ਆਪਣੇ ਬਾਗ
ਗੁਰੂ ਦੇ ਚੇਲੇ ਘਾਹ ਜੋ ਖੋਦਣ
ਪਰਮੇਸ਼ਰ ਜਾਣੇ
ਵਿੱਚੋਂ ਤਾਂ ਨਿਕਲੀ ਬਾਛਲ ਆਪ
ਗੋਰਖ ਤੁੱਠਾ ਨਾਥ ਜੁ ਤੁੱਠਾ
ਦਿੱਤੀ ਗੁੱਗਲ ਦੀ ਦਾਤ
ਪਰਮੇਸ਼ਰ ਜਾਣੇ
ਰਾਣੀ ਬਾਛਲੇ, ਦੂਲੋ ਤਾਂ ਰਖੀ ਇਹਦਾ ਨਾਂ।
ਰਾਣੀ ਵਰ ਲੈ ਬਾਰ੍ਹਾਂ ਵਰ੍ਹੇ ਪਿੱਛੋਂ ਘਰ ਪੁੱਜੀ, ਪਰ ਅੱਗੋਂ ਸੱਸ ਦੇ ਤਾਹਨੇ-
ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਓ ਜੈਮਲ ਰਾਜਿਆ
ਓ ਕੰਤਾ ਰਾਜਿਆ
ਮੈਂ ਤੇਰੀ ਬਾਛਲ ਨਾਰ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਬਾਛਲ ਰਾਣੀਏ, ਓ ਨਾਰੇ ਮੇਰੀਏ
ਬਾਰ੍ਹੀਂ ਤਾਂ ਵਰ੍ਹੀ ਸੰਜੋਗ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਓ ਸੱਸੇ ਮੇਰੀਏ, ਮਾਤਾ ਮੇਰੀਏ
ਬਾਰ੍ਹੀਂ ਤਾਂ ਵਰ੍ਹੀ ਤੇਰੇ ਕੋਲ।
ਮੇਰੀ ਨਾ ਨੂੰਹ, ਮੇਰੇ ਪੁੱਤ ਦੀ ਨਾ ਵਹੁਟੀ
ਆਈ ਏ ਜੋਗੀਆਂ ਦੀ ਨਾਰ
ਪਰਮੇਸ਼ਰ ਜਾਣੇ
ਮੰਦੜੇ ਬੋਲ ਨਾ ਬੋਲ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਮਾਏ ਮੇਰੀਏ ਮਹਿਲੀਂ ਤੇ ਲੈ ਇਹਨੂੰ ਬਾੜ।
ਆਖੇ ਜੇਮਲ ਰਾਜਾ
ਟੁੱਟੀ ਤੇ ਫੁੱਟੀ ਇਹਨੂੰ ਗੱਡੀ ਮੰਗਾ ਦੇ
ਜੈਮਲ ਰਾਜਿਆ ਪੁੱਤਰਾ ਮੇਰਿਆ
ਕੋਹੜਾ ਮੰਗਵਾ ਦੇ ਗੱਡਵਾਲ
ਪਰਮੇਸ਼ਰ ਜਾਣੇ
ਪੇਕੇ ਤਾਂ ਆਵੇ ਇਹਨੂੰ ਵਾੜ।
ਬਾਰ੍ਹਾਂ ਵਰ੍ਹਿਆਂ ਦਾ ਗੋਰਖ ਬਣਿਆ
ਬਣਿਆ ਉਹਦਾ ਗੱਡਵਾਲ
ਰੰਗਲੇ ਤਾਂ ਪਾਵੇ ਗੱਡੀ ਨਾਲ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਧੀਏ ਮੇਰੀਏ
ਕਿਸ ਬਿਧ ਹੋਇਆ ਤੇਰਾ ਆਉਣ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਦੁਰਗਾ ਰਾਜਿਆ, ਬਾਬਲ ਮੇਰਿਆ
ਮੈਨੂੰ ਆਈ ਸੀ ਮੰਦੀ ਤੇਰੀ ਵਾਜ਼।
ਨਾਨਕੜੇ ਨਾ ਜਨਮਾ ਮਾਤਾ, ਮਾਤਾ ਬਾਛਲੇ
ਜਨਮਾਂ ਤਾਂ ਬਾਬਲ ਦੇ ਦੇਸ਼
ਗੁਤ ਦਾ ਪਰਾਂਦਾ ਖੋਲ੍ਹ ਮੇਰੀ ਮਾਤਾ
ਸੱਜਾ ਅੰਗੂਠਾ ਬੰਨ੍ਹ ਲੈ
ਟੁਰ ਬਾਬਲ ਦੇ ਦੇਸ਼।
ਇਕ ਸਲਾਮਾਂ, ਮੇਰੀਆਂ ਦੇਏ ਸਲਾਮਾਂ
ਬਾਬਲ ਮੇਰਿਆ, ਦੁਰਗਾ ਰਾਜਿਆ
ਮੈਂ ਚੱਲੀ ਸਹੁਰਿਆਂ ਦੇ ਦੇਸ਼
ਖੂਹਾਂ ਦੇ ਖੂਹ ਉਹਨੇ ਦੁੱਧ ਦੇ ਭਰਾਏ
ਦੁਰਗਾ ਰਾਜੇ ਭਰਵਾਏ
ਸੁੰਢਾਂ ਦੇ ਲਵਾਏ ਖੇਤ
ਬਾਛਲ ਚੱਲੀ ਸਹੁਰੇ ਦੇਸ਼।
ਇਕ ਸਲਾਮਾਂ, ਮੇਰੀਆਂ ਦੇਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਰੱਖ ਲੈ ਜਾਏ ਦੀ ਲਾਜ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਨੀ ਸੱਸੇ ਮੇਰੀਏ ਨੀ ਮਾਏ ਮੋਰੀਏ
ਰੱਖ ਲੈ ਪੁੱਤ ਦੀ ਲਾਜ
ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਗਾਡੀਵਾਨਾਂ ਦੀ ਇਹ ਨਾਰ
ਜੈਮਲ ਰਾਜਿਆ ਪੁੱਤਰਾ ਮੇਰਿਆ
ਰੱਖ ਮਹਿਲਾਂ ਦੀ ਲਾਜ
ਟੁੱਟੀ ਹੋਈ ਕੋਠੜੀ ਪਲੰਘ ਪੁਰਾਣਾ
ਲੈ ਰਾਣੀ ਬਾਛਲੋ ਨਾਰੇ ਮੇਰੀਏ
ਰੱਖ ਮਹਿਲਾਂ ਦੀ ਲਾਜ।
ਗੁੱਗਾ ਜੁ ਜਰਮਿਆ, ਚੌਰਿਆਂ ਵਾਲਾ
ਚਾਨਣ ਹੋਇਆ ਘਰ ਬਾਹਰ
ਜੈਮਲ ਰਾਜਿਆ ਕੰਤਾ ਮੇਰਿਆ
ਦੂਲੋ ਤਾਂ ਰੱਖੀਂ ਇਹਦਾ ਨਾਂ
ਤਿੰਨ ਚਰਾਗ਼ ਉਹਦੇ ਮੱਥੇ ਤੇ ਜਗਦੇ
ਚੌਰਿਆਂ ਵਾਲੇ ਦੇ ਜਗਦੇ
ਚਾਨਣ ਹੋਇਆ ਅੰਦਰ ਬਾਹਰ।
ਇਕ ਸਲਾਮਾ, ਮੇਰੀਆਂ ਦੋਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਪੁੱਤਰ ਨੂੰ ਮਹਿਲੀ ਵਾੜ।
ਇਕ ਸਲਾਮਾ ਮੇਰੀਆਂ ਦੇਏ ਸਲਾਮਾਂ
ਮਾਏ ਮੇਰੀਏ
ਪੋਤਰੇ ਨੂੰ ਮਹਿਲੀ ਵਾੜ
ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਬੱਚਾ ਮੇਰਿਆ,
ਬਾਰੀ, ਵਰ੍ਹੀ ਕਿੱਥੋਂ ਨਾਰ ?
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ
ਪੁੱਠੀਆਂ ਨੂੰ ਸਿੱਧੀਆਂ ਪਾ
ਕਪਲਾ ਤੇ ਗਊ ਦਾ ਗੋਹਾ ਮੰਗਾਇਆ
ਨੀ ਰਾਜੇ ਦੀਏ ਮਾਏ ਤੇਰੀ ਨਹੀਂ ਰਹਿਣੀ ਔਲਾਦ
ਸੁੱਤਾ ਤੇ ਜੈਮਲ ਰਾਜਾ ਸੌਂ ਗਿਆ
ਰਹੀ ਨਾ ਮਾਂ ਦੀ ਔਲਾਦ
ਗੁੱਗਾ ਮਹਿਲੀ ਆ ਵੜਿਆ
ਫਟ ਜਾ ਚੁੱਕ ਕੇ ਗੋਪੀ ਨੇ ਤੱਕਿਆ
ਸਿਲੀਅਰ ਖੇਲੋ ਦੂਲੋ ਨਾਲ
ਸਿਲੀਅਰ ਮੰਗੀ ਦੂਲੋ ਨਾਲ
ਅਰਜਨ ਵੀ ਜਾਏ ਉੱਥੇ ਸੁਰਜਨ ਵੀ ਜਾਏ
ਚੰਜੀ ਰਾਜੇ ਨੂੰ ਕਹੇ, ਗੋਪੀ ਰਾਣੀ ਨੂੰ ਕਹੇ
ਜੋੜੀਂ ਨਾ ਰਾਜਾ ਇਹ ਜੋੜ
ਜੋੜੀ ਨਾ ਰਾਣੀ ਇਹ ਜੋੜ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਕੁੜਮਾਈ ਤਾਂ ਮੰਗੇ ਸੁਰਜਨ ਆਪ
ਕੁੜਮਾਈ ਤਾਂ ਮੰਗੇ ਅਰਜਨ ਆਪ
ਏਸ ਤਾਂ ਸ਼ਹਿਰ ਦੀ ਕੁੜਮਾਈ ਨਾ ਲੈਣੀ
ਦੂਲੋ ਜ਼ਾਦਿਆ, ਗੁੱਗੇ ਬੇਟਿਆ
ਕੁੜਮਾਈ ਤਾਂ ਛੱਡ ਦੇ ਆਪ।
ਇਹ ਤਾਂ ਮੰਗ ਮੈਂ ਕਦੇ ਨਾ ਛੱਡਾਂ
ਮਾਤਾ ਮੇਰੀਏ, ਰਾਣੀਏ ਬਾਛਲੇ
ਸਿਲੀਅਰ ਨਾ ਛੋਡੀ ਜਾ,
ਟੀਕੂ ਉਏ ਚਾਚਾ, ਬਹੁੜੀਂ ਓ ਚਾਚਾ
ਕੁੜਮਾਈ ਤਾਂ ਮੰਗੇ ਅਰਜਨ ਆਪ
ਕੁੜਮਾਈ ਤਾਂ ਮੰਗੇ ਸੁਰਜਨ ਆਪ
ਕੁੜਮਾਈ ਦੇ ਵੇਲੇ ਸਾਨੂੰ ਖ਼ਬਰ ਨਾ ਕੀਤੀ
ਦੂਲੋ ਜਾਦਿਆ, ਗੁਗਿਆ ਰਾਜਿਆ
ਛੁੱਟਣ ਦੇ ਵੇਲੇ ਕੀਤਾ ਯਾਦ
ਇਕ ਜੁ ਨਾਗ ਇਉਂ ਉੱਠ ਕੇ ਬੋਲੇ
ਹੂੰ........ ਜਿਨੂੰ ਮੈੰ ਲੜ ਜਾਂ
ਟੀਕੂ ਨਾਗਾ
ਉਹਨੂੰ ਰਹਿਣ ਨਾ ਦੇਵਾਂ ਪਹਿਰ।
ਕਹਾਣੀ ਅੱਗੇ ਤੁਰਦੀ ਹੈ—
ਦੌੜੀਆਂ ਕੁੜੀਆਂ ਸਿਲੀਅਰ ਕੋਲ ਆਈਆਂ
ਸਿਲੀਅਰ ਭੈਣੇ
ਬਾਗੀਂ ਤਾਂ ਪਾਈਏ ਪੀਂਘ
ਇਕ ਜੁ ਝੂਟਾ ਸਿਲੀਅਰ ਨੇ ਲੀਤਾ
ਬੀਬੀ ਸਿਲੀਅਰ ਨੇ ਲੀਤਾ
ਡੰਗ ਜੁ ਮਾਰਿਆ ਟੀਕੁ ਆਪ
ਦੌੜੀਆਂ ਕੁੜੀਆਂ ਗੋਪੀ ਕੋਲ ਆਈਆਂ
ਗੋਪੀ ਰਾਣੀਏ
ਸਿਲੀਅਰ ਤਾਂ ਪਈ ਬੇਹੋਸ਼।
ਦੌੜੀ-ਦੌੜੀ ਗੋਪੀ ਸਿਲੀਅਰ ਕੋਲ ਆਈ
ਬੀਬੀ ਸਿਲੀਅਰ ਕੋਲ ਆਈ
ਕੌਣ ਬਲਾ ਪਈ ਆਣ
ਮੈਂ ਟੀਕੂ ਨਾਗਾਂ ਦਾ ਰਾਜਾ
ਬੀਬੀ ਗੋਪੀਏ
ਸਿਲੀਅਰ ਜਵਾਵਾਂ ਜਾਦੂ ਨਾਲ।
ਇਕ ਸਲਾਮਾਂ, ਮੇਰੀਆਂ ਦੇਏ ਸਲਾਮਾਂ
ਰਾਣੀਏ ਗੋਪੀਏ
ਇਹਦਾ ਸੰਜੋਗ ਦੂਲੋ ਨਾਲ।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਟੀਕੂ ਨਾਗਾ
ਧੀ ਵਿਆਹਾਂ ਦੁਲੇ ਨਾਲ
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਸਿਲੀਅਰ ਤਾਂ ਮੇਰੀ ਨਾਰ
ਹੁਣ ਮੈਂ ਰੋਨੀ ਆਂ ਦੂਲਿਆ
ਕੌਣ ਚੜ੍ਹੇਗਾ ਬਰਾਤ ?
ਮੇਰੇ ਕੰਤ ਦੀਓ ਮੜ੍ਹੀਓ
ਹੁਣ ਕੌਣ ਚੜ੍ਹੇਗਾ ਬਰਾਤ ?
ਜੈਮਲ ਦੀਆਂ ਮੜ੍ਹੀਆਂ ਬੋਲੀਆਂ
ਰਾਣੀਏ ਬਾਛਲੇ, ਨਾਰੇ ਮੇਰੀਏ
ਗੁਰੂ ਗੋਰਖ ਤੇਰੇ ਸਾਥ।
ਅੱਗੇ ਤਾਂ ਬੈਠੇ ਅਰਜਨ ਤੇ ਸੁਰਜਨ
ਯੁੱਧ ਜੋ ਕਰਦੇ
ਦੂਲੋ ਰਾਜਿਆ
ਦੇਣੀ ਨਹੀਂ ਸਿਲੀਅਰ ਨਾਰ
ਦੂਲੋ ਰਾਜਾ ਯੁਧ ਜੋ ਕਰਦਾ
ਚੋਰਿਆਂ ਵਾਲਾ ਜੋ ਕਰਦਾ
ਅਰਜਨ ਤੇ ਸੁਰਜਨ ਦਿੱਤੇ ਮਾਰ।
ਬੀਕਾਨੇਰ ਦੇ ਇਲਾਕੇ ਵਿੱਚ ਇਹ ਕਥਾ ਉਪਰੋਕਤ ਕਥਾ ਨਾਲੋਂ ਭਿੰਨ ਹੈ, ਜੋ ਇਸ ਤਰ੍ਹਾਂ ਹੈ :-
ਬੀਕਾਨੇਰ ਵਿੱਚ ਦਦਰੇੜਾ ਨਾਮੀ ਇਕ ਨਗਰ ਵਿੱਚ ਜ਼ਵਰ ਸਿੰਘ ਨਾਮ ਦਾ ਚੁਹਾਨ ਰਾਜਪੂਤ ਰਾਜ ਕਰਦਾ ਸੀ । ਉਸ ਦੀ ਰਾਣੀ ਦਾ ਨਾਂ ਬਾਛਲ ਸੀ, ਜੋ ਸੱਤਾਂ ਜਨਮਾਂ ਦੀ ਬਾਂਝ ਸੀ। ਇਕ ਵਾਰੀ ਗੁਰੂ ਗੋਰਖ ਨਾਥ ਕਜਲੀ ਬਣ ਤੋਂ ਚਲ ਕੇ
ਦਦਰੇੜਾ ਆਏ ਤੇ ਇਕ ਸੁੱਕੇ ਬਾਗ ਵਿੱਚ ਆ ਡੇਰਾ ਕੀਤਾ। ਬਾਗ ਗੁਰੂ ਗੋਰਖ ਦੇ ਤਪ ਨਾਲ ਹਰਾ ਹੋ ਗਿਆ। ਰਾਣੀ ਬਾਛਲ ਨੇ ਬਾਰ੍ਹਾਂ ਸਾਲ ਗੁਰੂ ਗੋਰਖ ਨਾਥ ਦੀ ਸੇਵਾ ਕੀਤੀ। ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਗੋਰਖ ਨਾਥ ਨੇ ਰਾਣੀ ਨੂੰ ਗੁੱਗਲ ਦਿੱਤੀ। ਉਸ ਦੇ ਗਰਹਿ ਗੁੱਗਾ ਨਾਮ ਦਾ ਇਕ ਬਾਲਕ ਜਨਮਿਆ। ਗੁੱਗੇ ਦੀ ਮਾਸੀ ਦੇ ਦੋ ਪੁੱਤਰ ਅਰਜਨ ਤੇ ਸੁਰਜਨ ਗੁੱਗੇ ਨਾਲ ਈਰਖਾ ਕਰਦੇ ਸਨ, ਤੇ ਸਮੇਂ ਦੇ ਮੁਸਲਮਾਨ ਹਾਕਮ ਫੀਰੋਜ਼ ਸ਼ਾਹ ਨਾਲ ਮਿਲ ਕੇ ਉਸ ਦਾ ਰਾਜ ਖੋਹ ਲੈਣਾ ਚਾਹੁੰਦੇ ਸਨ। ਗੁੱਗੇ ਨੇ ਤੰਗ ਆ ਕੇ ਅਰਜਨ ਸੁਰਜਨ ਨਾਲ ਲੜਾਈ ਕੀਤੀ, ਜਿਸ ਵਿੱਚ ਗੁੱਗਾ ਜਿੱਤ ਗਿਆ ਤੇ ਅਰਜਨ ਸੁਰਜਨ ਦੋਵੇਂ ਮਾਰੇ ਗਏ। ਇਸ ਪਰ ਗੁੱਗੇ ਦੀ ਮਾਂ ਰਾਣੀ ਬਾਛਲ ਨੂੰ ਦੁੱਖ ਹੋਇਆ, ਕਿਉਂਕਿ ਉਹ ਉਸ ਦੀ ਭੈਣ ਦੇ ਪੁੱਤਰ ਸਨ। ਉਸ ਨੇ ਗੁੱਗੇ ਨੂੰ ਕਿਹਾ ਕਿ ਉਹ ਉਸ ਨੂੰ ਮੂੰਹ ਨਾ ਵਿਖਾਏ। ਗੁੱਗੇ ਦੇ ਇਹ ਗੱਲ ਸੀਨੇ ਵਿੱਚ ਖੁੱਭ ਗਈ ਤੇ ਉਸ ਨੇ ਧਰਤੀ ਮਾਤਾ ਪਾਸ ਲੁੱਕਣ ਲਈ ਥਾਂ ਮੰਗੀ। ਧਰਤੀ ਮਾਤਾ ਨੇ ਕਿਹਾ ਕਿ ਧਰਤੀ ਵਿੱਚ ਥਾਂ ਕੇਵਲ ਮੁਸਲਮਾਨਾਂ ਨੂੰ ਹੀ ਮਿਲਦੀ ਹੈ। ਸੋ ਗੁੱਗੇ ਨੇ ਹਾਜੀ ਹਤਨ ਪਾਸੋਂ ਕਲਮਾ ਪੜ੍ਹਿਆ ਤਾਂ ਧਰਤੀ ਨੇ ਉਸ ਨੂੰ ਆਪਣੇ ਵਿੱਚ ਸਮਾ ਲਿਆ। ਇਸ ਕੌਤਕ ਨੇ ਗੁੱਗੇ ਦੀ ਪ੍ਰਸਿੱਧੀ ਸਾਰੇ ਦੇਸ਼ ਵਿੱਚ ਕਰ ਦਿੱਤੀ। ਓਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।
ਹਿਮਾਚਲ ਵਿੱਚ ਵੀ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ। ਕੁਲੂ ਵਿੱਚ ਨਾਗਰ ਨਾਮੀ ਸਥਾਨ ਤੇ ਗੁੱਗੇ ਦਾ ਇਕ ਪੁਰਾਣਾ ਖੰਡਰ ਬਣਿਆ ਹੋਇਆ ਮੰਦਰ ਹੈ। ਇੱਥੇ ਘੋੜਿਆਂ ਦੀ ਪਿੱਠ ਤੇ ਸਵਾਰ ਗੁੱਗੇ ਦੀਆਂ ਮੂਰਤੀਆਂ ਹਨ। ਸੱਪ ਲੜੇ ਲੋਕਾਂ ਨੂੰ ਗੁੱਗੇ ਦੇ ਮੰਦਰ ਵਿੱਚ ਲਿਜਾਇਆ ਜਾਂਦਾ ਹੈ।
ਕੁਲ ਵਿੱਚ ਜੋ ਕਥਾ ਪ੍ਰਚਲਤ ਹੈ ਉਹ ਇਸ ਤਰ੍ਹਾਂ ਹੈ :
ਦੱਖਣ ਵਿੱਚ ਕਿਤੇ ਬਚਲਾ ਤੇ ਕਚਲਾ ਦੇ ਭੈਣਾ ਰਹਿੰਦੀਆਂ ਸਨ। ਉਹ ਦੇਵਰਾਜ ਚੌਹਾਨ ਰਾਜਪੂਤ ਦੀਆਂ ਪਤਨੀਆਂ ਸਨ। ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਬਾਲ ਦੀ ਆਸ ਨਾਲ ਬਚਲਾ ਇਕ ਦਿਨ ਸੁਰੁਖ ਨਾਥ ਦੇ ਮੰਦਰ ਵਿੱਚ ਗਈ। ਉਸ ਨੂੰ ਬਚਨ ਦਿੱਤਾ ਗਿਆ ਕਿ ਜੇ ਉਹ ਫਿਰ ਆਵੇਗੀ ਤਾਂ ਉਹਨੂੰ ਇਕ ਫਲ ਦਿੱਤਾ ਜਾਵੇਗਾ ਤੇ ਉਸ ਦੇ ਬੱਚਾ ਅਵੱਸ਼ ਹੋਵੇਗਾ। ਕਚਲਾ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਅਗਲੇ ਦਿਨ ਆਪਣੀ ਭੈਣ ਦਾ ਭੇਸ ਧਾਰ ਕੇ ਮੰਦਰ ਵਿੱਚ ਗਈ, ਫਲ ਲੀਤਾ ਤੇ ਖਾ ਲਿਆ। ਅਗਲੇ ਦਿਨ ਬਚਲਾ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਉਸ ਦੀ ਅਸ਼ੀਰਵਾਦ ਚੁਰਾ ਲਈ ਹੈ, ਫਿਰ ਵੀ ਉਸ ਨੂੰ ਦੂਜਾ ਫਲ ਦਿੱਤਾ ਗਿਆ ਜਿਸ ਦਾ ਅੱਧਾ ਉਹਨੇ ਆਪ ਖਾ ਲਿਆ ਤੇ ਬਾਕੀ ਅੱਧਾ ਉਸ ਨੇ ਆਪਣੀ ਘੋੜੀ ਨੂੰ ਖੁਆ ਦਿੱਤਾ। ਕਚਲਾ ਦੇ ਇਕ ਧੀ ਗੁੱਗਰੀ ਜੰਮੀ ਤੇ ਬਚਲਾ ਦੇ ਪੁੱਤਰ ਗੁੱਗਾ ਜੰਮਿਆ। ਦੋਹਾਂ ਦੀ ਪਾਲਣਾ-ਪੋਸਣਾ ਇਕੱਠੀ ਹੀ ਹੋਈ। ਜਦੋਂ ਗੁੱਗਾ ਮਨੁੱਖੀ ਅਵਸਥਾ ਵਿਚ ਪੁੱਜਾ ਤਾਂ ਉਸ ਇਕ ਸੁੰਦਰੀ ਦੀ ਪ੍ਰਸਿੱਧੀ ਸੁਣੀ।
*"ਹਰਿਆਣੇ ਦੇ ਲੋਕ ਗੀਤ", ਪੰਨਾ 114.
ਉਸ ਘੋੜੇ (ਆਪਣੇ ਕੋਕੋ ਭਰਾ) ਨੂੰ ਨਾਲ ਲਿਆ ਤੇ ਉਸ ਸੁੰਦਰੀ ਨੂੰ ਜਿੱਤਣ ਲਈ ਉਸ ਕੋਲ ਪੁੱਜਾ। ਕਈ ਵਰ੍ਹੇ ਉਹ ਉਸ ਨਾਲ ਰਿਹਾ। ਦਿਨ ਵੇਲੇ ਜਾਦੂ ਦੁਆਰਾ ਉਹਨੂੰ ਭੇਡ ਬਣਾ ਦਿੱਤਾ ਜਾਂਦਾ ਸੀ ਤੇ ਰਾਤੀਂ ਉਹਨੂੰ ਮੁੜ ਰਾਜੇ ਦਾ ਰੂਪ ਮਿਲ ਜਾਂਦਾ ਸੀ। ਉਸ ਦੀ ਗੈਰ-ਹਾਜ਼ਰੀ ਵਿੱਚ ਰਾਜ ਦਾ ਇਕ ਹੋਰ ਦਾਅਵੇਦਾਰ ਪ੍ਰਗਟ ਹੋਇਆ। ਉਹਨੇ ਮਹਿਲ ਵਿੱਚ ਜ਼ੋਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦਰਬਾਨ ਨੇ ਜਿਹੜਾ ਗੁੱਗੇ ਦੀ ਗ਼ੈਰ-ਹਾਜ਼ਰੀ ਵਿੱਚ ਅੰਨ੍ਹਾ ਹੋ ਗਿਆ ਸੀ, ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਦਰਬਾਨ ਨੇ ਉਸ ਦੇ ਗੁੱਗਾ ਹੋਣ ਦੇ ਦਾਅਵੇ ਤੇ ਵਿਸ਼ਵਾਸ ਨਾ ਕੀਤਾ ਤੇ ਦੱਸਿਆ ਕਿ ਗੁੱਗੇ ਦੀ ਘਰ ਵਾਪਸੀ ਤੇ ਉਸ ਦੀਆਂ ਅੱਖਾਂ ਨੂੰ ਮੁੜ ਚਾਨਣ ਮਿਲ ਜਾਵੇਗਾ। ਅੰਤ ਭੀੜ ਬਣੀ ਵੇਖ ਕੇ ਗੁਗਰੀ ਨੇ ਇਕ ਬ੍ਰਾਹਮਣ ਹੱਥ ਚਿੱਠੀ ਲਿਖ ਕੇ ਗੁੱਗੇ ਨੂੰ ਬੰਗਾਲ ਵਿੱਚ ਭੇਜੀ। ਗੁੱਗੇ ਨੂੰ ਸਾਰੀ ਹਾਲਤ ਦੀ ਸਮਝ ਪਈ ਤਾਂ ਉਹਨੇ ਇਸ ਆਨੰਦਮਈ ਜੀਵਨ ਨੂੰ ਤਿਆਗ ਦਿੱਤਾ ਅਤੇ ਬ੍ਰਾਹਮਣ ਦੀ ਸਹਾਇਤਾ ਨਾਲ ਉਸ ਨੇ ਜਾਦੂ ਦੇ ਅਸਰ ਤੋਂ ਵੀ ਛੁਟਕਾਰਾ ਪਾਇਆ। ਏਸੋ ਸਹਾਇਤਾ ਨਾਲ ਉਹਦਾ ਕਮਜ਼ੋਰ ਤੇ ਦੁਬਲਾ-ਪਤਲਾ ਘੋੜਾ ਵੀ ਮੁੜ ਬਲਵਾਨ ਬਣ ਗਿਆ। ਗੁੱਗਾ ਘੋੜੇ ਤੇ ਚੜ੍ਹ ਕੇ ਦੇਸ਼ ਨੂੰ ਚਲਾ ਗਿਆ। ਦੇਸ਼ ਵਾਪਸੀ ਤੇ ਦਰਬਾਨ ਦੀਆਂ ਅੱਖਾਂ ਠੀਕ ਹੋ ਗਈਆਂ। ਹੁਣ ਗੁੱਗੇ ਤੇ ਗੁਗਰੀ ਨੇ ਲੜਾਈ ਵਿੱਚ ਬੜੇ ਜੋਹਰ ਵਿਖਾਏ। ਗੁੱਗਾ ਤਾਂ ਆਪਣਾ ਸਿਰ ਵਢਿਆ ਜਾਣ ਪਿੱਛੋਂ ਵੀ ਕੁਝ ਚਿਰ ਲੜਦਾ ਰਿਹਾ। ਮੌਤ ਪਿੱਛੋਂ ਉਹਨੂੰ ਦੇਵਤੇ ਦੀ ਪਦਵੀ ਦਿੱਤੀ ਗਈ। ਉਸ ਨੂੰ ਹਰ ਵੇਲੇ ਘੋੜ-ਸਵਾਰ ਹੀ ਵਿਖਾਇਆ ਗਿਆ ਹੈ।"
ਇਸ ਤਰ੍ਹਾਂ ਵੱਖੋ-ਵੱਖ ਪ੍ਰਾਂਤਾਂ ਵਿੱਚ ਗੁੱਗ ਦੀ ਕਹਾਣੀ ਬਦਲਦੀ ਰਹਿੰਦੀ ਹੈ। ਉਂਜ ਏਸ ਕਥਾ ਦੇ ਅੰਤ ਅਤੇ ਖ਼ਾਸ-ਖ਼ਾਸ ਘਟਨਾਵਾਂ ਵਿੱਚ ਸਮਾਨਤਾ ਹੈ।
ਹੁਣ ਮੈਂ ਗੁੱਗੇ ਦੀ ਉਸਤਤੀ ਵਿੱਚ ਗਾਏ ਜਾਂਦੇ ਕੁਝ ਕੁ ਗੀਤ ਜਿਹੜੇ ਕਿ ਔਰਤਾਂ ਗੁੱਗੇ ਦੀ ਪੂਜਾ ਸਮੇਂ ਰਲ ਕੇ ਗਾਂਦੀਆਂ ਹਨ, ਪੇਸ਼ ਕਰਦਾ ਹਾਂ।
ਗੀਤ ਹੈ :-
ਪੱਲੇ ਮੇਰੇ ਛੱਲੀਆਂ
ਮੈਂ ਗੁੱਗਾ ਮਨਾਵਨ ਚੱਲੀ ਆਂ
ਜੀ ਮੈਂ ਬਾਰੀ ਗੁੱਗਾ ਜੀ
ਪੱਲੇ ਮੇਰੇ ਮੱਠੀਆਂ
ਮੈਂ ਗੁੱਗਾ ਮਨਾਵਣ ਨੱਠੀਆਂ
ਜੀ ਮੈਂ ਬਾਰੀ ਗੁੱਗਾ ਜੀ
ਰੋਹੀ ਵਾਲਿਆ ਗੁੱਗਿਆ ਵੇ
ਭਰਿਆ ਕਟੋਰਾ ਦੁੱਧ ਦਾ
ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ
*ਕੁੱਲੂ ਦੇ ਲੋਕ ਗੀਤ, ਪੰਨਾ 36-37
ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਮਾਹਾਂ ਦਾ
ਗੁੱਗਾ ਮਹਿਰਮ ਸਭਨਾਂ ਥਾਵਾਂ ਦਾ
ਜੀ ਮੈਂ ਬਾਰੀ ਗੁੱਗਾ ਜੀ
ਛੱਨਾ ਭਰਿਆ ਤੇਲ ਦਾ
ਮੇਰਾ ਗੁੱਗਾ ਮਾੜੀ ਵਿੱਚ ਮੇਹਲਦਾ
ਜੀ ਮੈਂ ਬਾਰੀ ਗੁੱਗਾ ਜੀ
ਜੀ ਹੋ
ਜਿਨ੍ਹਾਂ ਦੀ ਕੁਖ ਹਰੀ ਨਾ ਹੋਵੇ, ਉਹ ਗੁੱਗੇ ਪਾਸੋਂ ਵਰ ਮੰਗਦੀਆਂ ਹਨ –
ਧੌਲੀਏ ਦਾਹੜੀਏ
ਚਿੱਟੀਏ ਪੱਗੇ ਨੀ
ਅਰਜ਼ ਕਰੇਨੀਆਂ ਗੁੱਗੇ ਦੇ ਅੱਗੇ ਨੀ
ਸੁੱਕੀਆਂ ਬੋਲਾਂ ਨੂੰ
ਜੇ ਫਲ ਲੱਗੇ ਨੀ
ਗੁੱਗੇ ਦੀ ਪੂਜਾ ਸਾਰਾ ਜਗ ਕਰਦਾ ਹੈ, ਇਕ ਤਿਉਹਾਰ ਵਾਂਗ ਇਹ ਦਿਨ ਮਨਾਉਂਦਾ ਹੈ :-
ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਕੂਟਾਂ ਚੱਲੀਆਂ ਚਾਰੇ
ਜੀ ਜਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਗੁੱਗੇ ਰਾਜੇ ਨੂੰ ਪਰਸਣ ਮੈਂ ਚੱਲੀ
ਜੀ ਜਗ ਚਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂਟਾਂ ਝੁਕੀਆਂ ਚਾਰੇ
ਇਹ ਧਰਤੀ ਹੀ ਗੁੱਗੇ ਦੀ ਹੈ, ਚਾਰੇ ਪਾਸੇ ਏਸੇ ਦਾ ਰਾਜ ਹੈ। ਗੀਤ ਦੇ ਬੋਲ ਹਨ :-
ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੋਹੀਂ ਕੂਟੀਂ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ
ਗੁੱਗੇ ਰਾਜੇ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂਟੀਂ ਤੇਰਾ ਰਾਜ
ਜੀ ਕੁੱਟਾਂ ਝੁਕੀਆਂ ਚਾਰੇ
ਇਹ ਤਾਂ ਸਿਰਫ਼ ਔਰਤਾਂ ਦੇ ਹੀ ਕੁਝ ਕੁ ਗੀਤ ਹਨ। ਇਸ ਤੋਂ ਬਿਨਾਂ ਗੁੱਗੇ ਪੀਰ ਦੇ ਅਨੇਕਾਂ ਗੀਤ ਹਨ, ਜਿੰਨ੍ਹਾਂ ਨੂੰ ਗੁੱਗੇ ਦੇ ਭਗਤ ਮੰਗਣ ਸਮੇਂ ਗਾਉਂਦੇ ਹਨ। ਉਨ੍ਹਾਂ ਦੇ ਗੀਤਾਂ ਬਾਰੇ ਵਿਚਾਰਨਾ ਇਕ ਵੱਖਰੇ ਲੇਖ ਦਾ ਵਿਸ਼ਾ ਹੈ।
ਗੁੱਗਾ ਭਗਤਾਂ ਵੱਲੋਂ ਗਾਏ ਜਾਂਦੇ ਗੁੱਗੇ ਦੇ ਗੀਤਾਂ ਨੂੰ ਸਾਂਭਣ ਦੀ ਅਤੀ ਲੋੜ ਹੈ। ਡਰ ਹੈ ਕਿਤੇ ਅਸੀਂ ਵਾਰ-ਸਾਹਿਤ ਦੇ ਵੱਡਮੁਲੇ ਹੀਰਿਆਂ ਨੂੰ ਐਵੇਂ ਨਾ ਗੰਵਾ ਦੇਈਏ ।
ਪੂਰਨ ਭਗਤ
ਪੂਰਨ ਭਗਤ ਦੀ ਜੀਵਨ ਕਥਾ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀ ਹੋਈ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਪੂਰਨ ਭਗਤ ਦੇ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਨਾ ਕੀਤੀ ਹੋਵੇ।
ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਬਹਿਰ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਦਾ ਰਾਜ ਸੀ। ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ। ਜੋਗੀਆਂ ਤੇ ਨਜੂਮੀਆਂ ਨੇ ਸਲਵਾਨ ਨੂੰ ਸਲਾਹ ਦਿੱਤੀ-ਇਹ ਨਵ ਜਨਮਿਆ ਬੱਚਾ ਪੂਰੇ ਬਾਰਾਂ ਵਰੇ ਆਪਣੇ ਮਾਂ ਬਾਪ ਦੇ ਮੱਥੇ ਨਾ ਲੱਗੇ। ਨਹੀਂ ਰਾਜੇ ਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।
ਪੂਰਨ ਨੂੰ ਜੰਮਦੇ ਨੂੰ ਹੀ ਭੋਰੇ ਵਿੱਚ ਪਾ ਦਿੱਤਾ ਗਿਆ ਉਸ ਦੀ ਮਾਂ ਇਛਰਾਂ ਤੜਪਦੀ ਸੀ, ਕੁਰਲਾਉਂਦੀ ਰਹੀ-ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ...
ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਐਸ਼ ਪ੍ਰਸੱਤੀ ਲਈ ਨਵ ਜੋਵਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ. ਇਛਰਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਤੜਪਦੀ ਰਹੀ, ਪੂਰਨ ਆਪਣੇ ਮਾਂ ਬਾਪ ਦੇ ਪਿਆਰ ਤੋਂ ਸੱਖਣਾ ਜ਼ਿੰਦਗੀ ਦੀ ਪਾਉੜੀ ਤੇ ਚੜ੍ਹਦਾ ਰਿਹਾ।
ਸਮਾਂ ਆਪਣੀ ਤੋਰੇ ਤੁਰ ਰਿਹਾ ਸੀ... ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ ਰੂਪ ਦੀ ਸਾਕਾਰ ਮੂਰਤ ਇਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾਂ ਮਾਰ ਰਹੀ ਸੀ ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ।
ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤ੍ਰੇਈ ਮਾਂ ਲੂਣਾਂ ਦਾ ਸੀ। ਲੂਣਾਂ ਨੂੰ ਢਲਦੀ ਉਮਰ ਦੇ ਸਲਵਾਨ ਪਾਸੋਂ ਕਦੀ ਵੀ ਕਾਮ ਸੰਤੁਸ਼ਟੀ ਪ੍ਰਾਪਤ ਨਹੀਂ ਸੀ ਹੋਈ। ਉਹ ਇਕ ਅਤ੍ਰਿਪਤ ਔਰਤ ਸੀ। ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁਧ ਬੁਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਉਹਨੇ ਪੂਰਨ ਨਾਲ ਆਪਣੀ ਸੇਜ ਸਾਂਝੀ ਕਰਨ ਦੇ ਅਨੇਕਾਂ ਯਤਨ ਕੀਤੇ। ਪੂਰਨ ਡੋਲਿਆ ਨਾ.... ਲੂਣਾ ਤਾਂ ਉਹਦੀ ਮਾਂ ਦਾ ਸਾਕਾਰ ਰੂਪ ਸੀ.... ਇਸ ਤੋਂ ਚਿੜ ਕੇ ਲੂਣਾ ਨੇ ਉਲਟਾ ਪੂਰਨ ਤੇ ਤੋਹਮਤ ਲਾ ਦਿੱਤੀ ਕਿ ਉਹ ਉਹਦੇ ਵੱਲ ਮੈਲੀਆਂ ਨਜ਼ਰਾਂ ਨਾਲ ਵੇਖਦਾ ਸੀ। ਉਹਨੇ ਸਲਵਾਨ ਨੂੰ ਪੂਰਨ ਵਿਰੁੱਧ ਭੜਕਾ ਦਿੱਤਾ... ਸਲਵਾਨ ਨੇ
ਅੱਗੋਂ ਪੂਰਨ ਨੂੰ ਇਸ ਦੋਸ਼ ਬਦਲੇ ਕਤਲ ਕਰਨ ਦਾ ਹੁਕਮ ਦੇ ਦਿੱਤਾ।
ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾਂ ਦਾ ਰੋਣ ਝਲਿਆ ਨਹੀਂ ਸੀ ਜਾਂਦਾ। ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂੰ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ ਜੰਗਲ 'ਚ ਜਾ ਕੇ ਉਹ ਉਹਨੂੰ ਇਕ ਵੈਰਾਨ ਖੂਹ 'ਚ ਧੱਕਾ ਦੇ ਆਏ... ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਸ ਨੂੰ ਮਾਰ ਆਏ ਹਨ....
ਐਨ ਉਸੇ ਵੇਲੇ ਨਾਥ ਜੋਗੀਆਂ ਦਾ ਇਕ ਟੋਲਾ ਉਸ ਖੂਹ ਤੇ ਆ ਉਤਰਿਆ... ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ ਕਿਸੇ ਪੁਰਬ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ... ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ।
ਪੂਰਨ ਤਿਆਗ ਦੀ ਮੂਰਤ ਬਣਿਆ ਖੜੋਤਾ ਸੀ... ਉਹਨੇ ਗੋਰਖ ਨਾਥ ਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਗੋਰਖ ਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪੁਆ ਕੇ ਜਗੀ ਬਣਾ ਦਿੱਤਾ...
ਜੋਗੀ ਬਣਿਆਂ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਭਿੱਛਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝਲਿਆ ਨਾ ਗਿਆ... ਉਹਨਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ... ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ 'ਚ ਉਲੱਦ ਦਿੱਤਾ।
ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ-ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ-"ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ... ਹੀਰੇ ਮੋਤੀ ਨਹੀਂ।"
ਰਾਣੀ ਸੁੰਦਰਾਂ ਪੂਰਨ ਨੂੰ ਵੇਖ ਕੇ ਪ੍ਰੇਮ ਦੀਵਾਨੀ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ ਗੋਰਖ ਦੇ ਟਿਲੇ 'ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ।
ਪਿਆਰ ਤੇ ਸ਼ਰਧਾ 'ਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ।
"ਰਾਣੀ ਮੰਗ ਜੋ ਮੰਗਣੇਂ ਤੇਰੀ ਹਰ ਮੁਰਾਦ ਪੂਰੀ ਹੋਵੇਗੀ।"
"ਕਿਸੇ ਚੀਜ਼ ਦੀ ਲੋੜ ਨਹੀਂ ਨਾਥ ਜੀ।"
ਗੋਰਖ ਮੁੜ ਬੋਲਿਆ, "ਅਜੇ ਵੀ ਮੰਗ ਲੈ।"
"ਨਾਥ ਜੀ ਥੋਡੀ ਅਸ਼ੀਰਵਾਦ ਹੀ ਬਹੁਤ ਐ"
ਸੁੰਦਰਾਂ ਭਾਵਕ ਹੋਈ ਆਖ ਰਹੀ ਸੀ।
"ਤੀਜਾ ਬਚਨ ਐ.... ਮੰਗ ਲੈ ਰਾਣੀਏ।"
ਸੁੰਦਰਾਂ ਲਈ ਇਹੀ ਯੋਗ ਅਵਸਰ ਸੀ। ਉਸ ਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, "ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵ।"
ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ।
ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ—ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ।
ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ 'ਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜੋ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਉਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਸੁੰਦਰਾਂ ਪੂਰਨ ਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ ਸੁੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।
ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ-ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ... ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ... ਰਾਣੀ ਇਛਰਾਂ ਆਪਣੇ ਪੁੱਤ ਦੇ ਵਯੋਗ 'ਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਕ ਹਰੀ ਨਾ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।
ਪੂਰੇ ਬਾਰਾਂ ਵਰ੍ਹੇ ਮਗਰੋਂ ਪੂਰਨ ਜੋਗੀ ਦੇ ਰੂਪ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ... ਸ਼ਹਿਰੋਂ ਬਾਹਰ ਉਸਦੀ ਯਾਦ 'ਚ ਬਣੇ, ਉਜੜੇ ਹੋਏ ਬਾਗ 'ਚ ਉਹਨੇ ਧੂਣਾ ਤਾਪ ਦਿੱਤਾ... ਬਾਗ਼ ਹਰਾ-ਭਰਾ ਹੋ ਗਿਆ-ਸਾਰੇ ਸ਼ਹਿਰ ਵਿੱਚ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ... ਉਹਨੇ ਆਪਣੀਆਂ ਰਾਣੀਆ ਸਮੇਤ ਜੰਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰ ਲਿਆ।
ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ... ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖੜੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾ ਛੂਹੇ।
ਉਹਦੀ ਛੂਹ ਪ੍ਰਾਪਤ ਕਰਕੇ ਇਛਰਾਂ ਬੋਲੀ, "ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲਗਦੇ..."
ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛਹੁ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖੀਆਂ ਵਿੱਚ ਮੁੜ ਜੋਤ ਆ ਗਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ।
ਪੂਰਨ ਦੇ ਮੁਖੜੇ ਤੇ ਅਨੂਠਾ ਜਮਾਲ ਸੀ ।
ਸਲਵਾਨ ਸੁੰਨ ਹੋਇਆ ਖੜੋਤਾ ਸੀ... ਉਸ ਦੇ ਬੁੱਲ੍ਹ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ । ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, "ਜੋਗੀ ਜੀ, ਸਾਡੇ ਤੇ ਦਿਆ ਕਰੋ ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੋ।
"ਪੁੱਤ ਤਾਂ ਰਾਜੇ ਦਾ ਹੋਗਾ-ਹੋਰ ਪੁੱਤ ਦੀ ਕੀ ਲੋੜ ਐ", ਜੋਗੀ ਬੁਲ੍ਹਿਆਂ 'ਚ ਮੁਸਕਰਾਇਆ।
"ਜੋਗੀ ਜੀ ਪੁੱਤ ਮੇਰਾ ਹੈ ਨਹੀਂ, ਸੀਗਾ ਪਰ ਕੁਕਰਮ ਕਰਕੇ ਇਸ ਦੁਨੀਆਂ 'ਚ ਨਹੀਂ ਰਿਹਾ।" ਰਾਜੇ ਦਾ ਗਲਾ ਭਰ ਆਇਆ। ਲੂਣਾ ਦੇ ਸਬਰ ਦਾ ਪਿਆਲਾ ਛਲਕ ਪਿਆ... ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਟੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ, "ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਬੱਲੀ ਨਹੀਂ ਸੀ ਗਈ-ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਹਮਤ ਲਾਈ ਸੀ..."
ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂਹ ਲਈ ਤੇ ਲੂਣਾ ਦਾ ਗਲ ਵੱਢਣ ਲਈ ਬਾਂਹ ਉਲਾਰੀ।
ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, "ਇਹਨੂੰ ਖਿਮਾ ਕਰ ਦੇਵੋ ਤੁਹਾਡਾ ਪੁੱਤ ਜਿਉਂਦਾ ਹੈ. ਮੈਂ ਹੀ ਆ ਤੁਹਾਡਾ ਪੁੱਤ ਪੂਰਨ ।"
ਵੈਰਾਗ ਦੇ ਹੰਝੂ ਵਹਿ ਟੁਰੇ... ਇਛਰਾਂ, ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ- ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ... ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ।
ਉਹਨੇ ਭਿਖਿਆ ਦੇ ਖੱਪਰ ਵਿੱਚੋਂ ਚੌਲ ਦਾ ਇਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ, "ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ਼ ਵਾਂਗ ਹਰੀ ਹੋਵੇਗੀ... ਤੁਹਾਡੀ ਝੋਲੀ ਵਿੱਚ ਪੱਤਰ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।"
ਪੁੱਤ ਦੀ ਦਾਤ ਦੀ ਬਖ਼ਸ਼ਸ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਟੁਰ ਗਿਆ... ਰਾਜਾ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ...
ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਤ ਹਨ।
ਪੰਜਾਬੀ ਲੋਕ ਕਾਵਿ ਵਿੱਚ ਪੂਰਨ ਭਗਤ ਬਾਰੇ ਅਨੇਕਾ ਲੋਕ-ਗੀਤ ਮਿਲਦੇ ਹਨ। ਉਸ ਦੀ ਭਗਤੀ ਨੂੰ ਲੋਕ ਮਾਣਸ ਨੇ ਸਤਿਕਾਰ ਭਰੀ ਥਾਂ ਦਿੱਤੀ ਹੋਈ ਹੈ :
ਭਗਤੀ ਤੇਰੀ ਪੂਰਨਾ
ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਪੂਰਨ ਤੇ ਲੂਣਾ ਦਾ ਵਾਰਤਾਲਾਪ ਸੁਆਣੀਆਂ ਬੜੀਆਂ ਲਟਕਾਂ ਨਾਲ ਗਾਉਂਦੀਆਂ ਹਨ।
ਵੇ ਮੈਂ ਬਾਗ਼ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ
ਕਲੀਆਂ ਦੇ ਪੰਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ
ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ
ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲ ਸਮਝ ਸਿਆਣੀਏ
ਵੇ ਮੈਂ ਖੂਹਾ ਲਵਾਵਾਂ ਪੂਰਨਾ
ਵੇ ਤੂੰ ਨ੍ਹਾਵਣ ਦੇ ਪੱਜ ਆ
ਵੇ ਸੋਹਣਿਆਂ ਪੂਰਨਾ ਵੇ
ਨ੍ਹਾਵਣ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏ'
ਵੇ ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ
ਜਦੋਂ ਗਿੱਧੇ ਦਾ ਪਿੜ ਮਘਦਾ ਹੈ ਪੂਰਨ ਭਗਤ ਨੂੰ ਯਾਦ ਕਰਦਿਆਂ ਅਨੇਕਾਂ ਬੋਲੀਆਂ ਪਾਈਆਂ ਜਾਂਦੀਆਂ ਹਨ :-
ਅੱਡੀ ਮੇਰੀ ਕੋਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ
ਪੂਰਨ ਤੇ ਰਾਣੀ ਲੂਣਾ ਦੀ ਆਪਸੀ ਗੱਲਬਾਤ ਬਾਰੇ ਕਈ ਬੋਲੀਆਂ ਪ੍ਰਾਪਤ ਹਨ:-
ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗਜ਼ ਖਾ ਕੇ
ਆ ਵੇ ਪੂਰਨਾ ਕਿਧਰ ਆਇਆ
ਬਹਿ ਗਿਆ ਨੀਵੀ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾ ਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹ ਜਾ ਸੇਜ ਤੇ ਆ ਕੇ ਮਾਈ
ਮਾਈ ਪਿਆ ਭੌਂਕਦੇ
ਕਿੱਥੋਂ ਲਗਦੀ ਮਾਈ
ਤੇਰੀ ਖ਼ਾਤਰ ਨਾਲ ਸ਼ੌਕ ਦੇ
ਸੁੰਦਰ ਸੋਜ ਬਛਾਈ
ਹਾਣ ਪਰਮਾਣ ਦੋਹਾਂ ਦਾ ਇੱਕ
ਝੜੀ ਰੂਪ ਨੇ ਲਾਈ
ਗਲ ਦੇ ਨਾਲ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੁੱਤ-ਰੁੱਤ ਦੇ
ਮਸਾਂ ਜੁਆਨੀ ਆਈ
ਮਾਈ ਮਾਈ ਪਿਆ ਭੌਂਕਦੋਂ
ਕਿੱਥੋਂ ਸਾਕ ਬਣਾਇਆ
ਕਿੱਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁਗਾਇਆ
ਉਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟ ਜਾਇਆ
ਚਲ ਸ਼ਤਾਬੀ ਬੈਠ ਪਲੰਘ ਰੇ
ਕਿਉਂ ਨਖ਼ਰੇ ਵਿੱਚ ਆਇਆ
ਲੂਣਾਂ ਰਾਣੀ ਨੰ-
ਹੱਥ ਬੀਣੀ ਨੂੰ ਪਾਇਆ
ਮਨ ਨੂੰ ਮੋੜ ਕੇ ਬੈਠ ਪਾਪਣੇ
ਤੈਂ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਚਲਾਈ
ਪੂਰਨ ਹੱਥ ਬੰਨ੍ਹਦਾ-
ਤੂੰ ਹੈਂ ਧਰਮ ਦੀ ਮਾਈ
ਭਾਗ ਦੂਜਾ
ਕਿਸਾਨੀ ਲੋਕ ਸਾਹਿਤ
ਲੋਕ ਅਖਾਣ
ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਵੱਡ ਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਸਾਹਿਤ ਦੇ ਅਨਿਖੜਵੇਂ ਅੰਗ ਹਨ।
ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜਕੇ ਪੇਸ਼ ਕਰਦੇ ਹਨ-ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।
ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧਕੇ ਜੀਵਨ ਪਰਵਾਹ ਵਿੱਚ ਰਲ ਜਾਂਦੇ ਹਨ।
ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਊਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ-ਘਰ ਰੇਡੀਓ ਤੇ ਟੈਲੀਵੀਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰੀ ਪਿੰਡਾਂ ਦੇ ਬਰੋਟਿਆਂ- ਟਾਹਲੀਆਂ ਦੀ ਛਾਵੇਂ ਲੋਕ ਮਿਲ ਬੈਠਦੇ ਹਨ, ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ
ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਪਰਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ.. ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ ਸਾਡੀ ਬੇਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।
ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸੰਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਚਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।
ਬਹੁਤ ਪੁਰਾਣੇ ਸਮੇਂ ਤੋਂ ਹੀ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ ਤੇ ਹੀ ਨਿਰਭਰ ਕਰਦੇ ਰਹੇ ਹਨ। ਪਾਣੀ ਦੇ ਕੁਦਰਤੀ ਸਾਧਨ ਹੀ ਉਹਨਾਂ ਦੇ ਮੁੱਖ ਸੰਜਾਈਂ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ਤੇ ਟੇਕ ਰੱਖਣੀ ਪੈਂਦੀ ਸੀ ਉੱਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਅੱਜ ਕੱਲ੍ਹ ਰੇਡੀਓ, ਟੈਲੀਵੀਜ਼ਨ ਤੇ ਅਖਬਾਰਾਂ ਰਾਹੀਂ, ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰੰਤੂ ਪਹਿਲੇ ਸਮਿਆਂ ਵਿੱਚ ਕਿਸਾਨ ਕੋਲ ਕੇਵਲ ਅਖਾਣ ਹੀ ਮੌਸਮ ਦੀ ਅਗਵਾਈ ਦੇਣ ਵਾਲੇ ਸਾਧਨ ਸਨ। ਮੀਂਹ ਬਾਰੇ ਭਵਿੱਖ ਬਾਣੀ ਕਰਨ ਵਾਲੇ ਅਨੇਕਾਂ ਅਖਾਣ ਹਨ-
ਤਿੱਤਰ ਖੰਭੀ ਬੱਦਲੀ
ਰੰਡੀ ਸੁਰਮਾ ਪਾਏ
ਉਹ ਵੱਸੇ ਉਹ ਉਜੜੇ
ਕਦੇ ਨਾ ਖਾਲੀ ਜਾਏ
ਦੱਖਣੋਂ ਚੜ੍ਹੀ ਬੱਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ
ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇਕ ਪਕਾਵੇ
ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ
ਹੋਰ
ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਵਰਖਾ ਰੁੱਤ ਆਈ
ਹੋਰ
ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲੀ ਗਲੀ ਵਿੱਚ ਪਾਣੀ ਡੋਲੇ
ਸਮੇਂ ਸਿਰ ਪਿਆ ਮੀਂਹ ਲਾਹੇਵੰਦ ਹੁੰਦਾ ਹੈ—
ਮੀਂਹ ਪੈਂਦਿਆਂ ਕਾਲ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ
ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ
ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ
ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ਼ ਪਿਛੋਕੜ ਬਹਿਕੇ ਰੋਵੇ
ਪਿਛੇਤੇ ਮੀਂਹ ਦਾ ਕੋਈ ਲਾਹਾ ਨਹੀਂ-
ਮੀਂਹ ਪਿਆ ਚੇਤ
ਨਾ ਘਰ ਨਾ ਖੇਤ
ਲੱਗੇ ਅੱੜ
ਖੇਤੀ ਚੌੜ
ਵਾਹੀ ਦੇ ਮਹੱਤਵ ਬਾਰੇ ਅਨੇਕਾਂ ਅਖਾਣ ਹਨ-
ਵਾਹੀ ਪਾਤਸ਼ਾਹੀ
ਨਾ ਜੰਮੇਂ ਤਾਂ ਫਾਹੀ
ਵਾਹੀ ਓਹਦੀ
ਜੀਹਦੇ ਘਰਦੇ ਢੱਗੇ
ਬੁੱਢਿਆਂ ਦੰਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ
ਘਰ ਵਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹੁੰਦਿਆਂ ਦੇ
ਹਾੜ੍ਹ ਨਾ ਵਾਹਿਆ
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
ਤਿੰਨੇ ਗੱਲਾਂ ਖੋਟੀਆਂ
ਖਾਦ ਪਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ—
ਕਣਕ ਕਮਾਦੀ ਛੱਲੀਆਂ
ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
ਤੂੰ ਨਾ ਜਾਈਂ ਭੁੱਲ
ਖਾਦ ਪਏ ਤਾਂ ਖੇਤ
ਨਹੀਂ ਬਾਲੂ ਰੇਤ
ਫਸਲ ਦਾ ਚੰਗੇਰਾ ਝਾੜ ਲੈਣ ਲਈ ਬੀਜ ਦੀ ਚੋਣ ਬਹੁਤ ਜ਼ਰੂਰੀ ਹੈ-
ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ
ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ
ਵਾਹੀ ਉਸ ਦੀ
ਜਿਸ ਦਾ ਅਪਣਾ ਬੀ
ਵੱਖ-ਵੱਖ ਫਸਲਾਂ ਦੀ ਬਿਜਾਈ, ਸੰਜਾਈ, ਗੋਡੀ ਅਤੇ ਵਾਢੀ ਬਾਰੇ ਵੀ ਅਖਾਣ ਪ੍ਰਾਪਤ ਹਨ-
ਅਗੇਤਾ ਝਾੜ
ਪਛੇਤੀ ਸੱਥਰੀ
ਪਹਿਲਾਂ ਬੀਜੇ
ਪਹਿਲਾਂ ਵੱਢੇ
ਖੇਤੋਂ ਮੁਫਤੀ ਮਾਮਲਾ ਕੱਢੇ
ਓਹ ਜ਼ਮੀਨ ਰਾਣੀ
ਜੀਹਦੇ ਸਿਰ ਤੇ ਪਾਣੀ
ਜਿਸ ਦਾ ਵੱਗੇ ਖਾਲ
ਕੀ ਕਰੂਗਾ ਉਹਨੂੰ ਕਾਲ
ਕਿਸਾਨ ਲਈ ਪਸ਼ੂ ਧਨ ਦਾ ਬਹੁਤ ਮਹੱਤਵ ਰਿਹਾ ਹੈ। ਪਸ਼ੂਆਂ ਦੀ ਪਰਖ ਤੇ ਚੋਣ ਲਈ ਅਨੇਕਾਂ ਅਖਾਣ ਪ੍ਰਚੱਲਤ ਹਨ-
ਜਿਸ ਦੇ ਢੱਗੇ ਮਾੜੇ
ਉਸ ਦੇ ਕਰਮ ਵੀ ਮਾੜੇ
ਬਲਦ ਲਾਣੇ ਦਾ
ਧੀ ਘਰਾਣੇ ਦੀ
ਮਾੜਾ ਢੰਗਾ
ਛੱਤੀ ਰੋਗ
ਲੋਹੇ ਲਾਖੇ ਹੱਥ ਨਾ ਪਾਈਂ
ਬੱਗਾ ਚਿੱਟਾ ਢੂੰਡ ਲਿਆਈ
ਭੇਡ ਭੂਰੀ ਮਹਿੰ ਡੱਬੀ
ਦਾੜ੍ਹੀ ਵਾਲੀ ਹਨ
ਤਿੰਨੇ ਚੀਜਾਂ ਛੱਡ ਕੇ
ਸੌਦਾ ਕਰੀਂ ਨਿਸੰਗ
ਸਿੰਗ ਬਾਂਕੇ ਐਸ ਸੋਹੇ
ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ
ਬੂਰੀ ਮੱਝ ਤੇ ਮੱਖਣ ਰੋਲਣਾ
ਇਹ ਦੋਵੇ ਕਰਤਾਰ ਤਾਂ ਫਿਰ ਕੀ ਬੋਲਣਾ
ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੋਰ ਤੇ ਜਾਣ ਸਕਦੇ ਹਾਂ।
ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈ ਗੁਆਚ ਜਾਵੇਗਾ।
ਉੱਤਮ ਖੇਤੀ
1
ਉੱਤਮ ਖੇਤੀ
ਮੱਧਮ ਬਿਓਪਾਰ
ਨਿਖਿੱਧ ਚਾਕਰੀ
ਭੀਖ ਨਦਾਰ
2
ਵਣਜ ਵਿਪਾਰੀਂ ਕੱਖ ਨਾ ਧਰਿਆ
ਜੋ ਧੁਰਿਆ ਸੋ ਖੇਤੀ ਵਿੱਚ
3
ਹਲ ਰਾਜਾ ਹੱਟੀ ਰਾਣੀ
ਹੋਰ ਸਭ ਕਿੱਤੇ
ਦੋਜ਼ਖ਼ ਦੀ ਨਿਸ਼ਾਨੀ
4
ਵਾਹੀ ਪਾਤਸ਼ਾਹੀ 5
ਸੱਭ ਗੱਲਾ ਹੇਠ ਹੱਲਾਂ
6
ਜ਼ਮੀਨ ਨੂੰ ਵਾਹ
ਤੇ ਖੰਡ ਖੀਰ ਖਾਹ
7
ਹਲ ਚਲਾ
ਤੇ ਹਲਵਾ ਖਾਹ
8
ਹਲ ਦੀ ਵਾਹੀ ਆਵੇ ਰਾਸ
ਚਾਰੇ ਵੇਦ ਕਾ ਰੱਖਣ ਪਾਸ
9
ਜਿਸ ਦੇ ਘਰ ਦਾਣੇ
ਉਹਦੇ ਕਮਲੇ ਵੀ ਸਿਆਣੇ
10
ਖੇਤੀ ਖਸਮਾਂ ਸੋਤੀ
11
ਖੇਤੀ ਸਾਈਂ ਸੇਤੀ
12
ਖੇਤੀ ਸਿਰ ਸੇਤੀ
13
ਜਿਸ ਖੇਤੀ ਵਿੱਚ ਖਸਮ ਨਾ ਜਾਵੇ
ਉਹ ਖੇਤੀ ਖਸਮਾਂ ਨੂੰ ਖਾਵੇ
14
ਸਾਈਂ ਬਾਝ ਸੌਣ ਤ੍ਰਿਹਾਈਆਂ
15 ਖੇਤੀ ਤਾਂ ਥੋੜ੍ਹੀ ਕਰੇ
ਮਿਹਨਤ ਕਰੇ ਸਵਾਈ
ਰਾਮ ਚਾਹੇ ਉਸ ਮਨੁੱਖ ਨੂੰ
ਤੋਟ ਕਦੀ ਨਾ ਆਈ।
16
ਖੇਤੀ ਕਰੇ ਤਾਂ ਹਲ ਜੋਤੋ
ਅੱਧੀ ਕਰੋ ਤਾਂ ਸੰਗ ਰਹੇ
ਘਰ ਬੈਠ ਪੁੱਛੋ ਗੇ
ਤਾਂ ਬੈਲ ਦੇਕੇ ਛੁੱਟ ਗੇ
17
ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਦੇ ਏਕੇ
18
ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਦੇ ਢੱਗੇ
19
ਖੇਤੀ ਬਾੜੀ, ਘੋੜੇ ਦਾ ਭੋਗ
ਆਪਣੇ ਆਪ ਸਭ ਕੀਜੀਏ
ਚਾਹੇ ਸਾਥੀ ਹੈਂ ਸੋ ਸੰਗ
20
ਮੁੱਢੋਂ ਵੱਢ ਕੇ ਨਿੱਕੀ ਵਾਹ
ਘਾਟਾ ਪਵੇ ਤਾਂ ਮੈਨੂੰ ਪਾ
21
ਦਾਦ ਪਰਾਏ ਹਾਲੀ ਹੋਰ
ਜਿੰਵੇਂ ਪਾਵੇ ਤਿਵੇਂ ਤੋਰ
22
ਲੰਡਾ ਢੱਗਾ ਖੜਾ ਅੜਾਵੇ
ਸੰਢ ਅੜਾਵੇ ਬੰਨੇ
ਬਿਗਾਨੇ ਪੁੱਤ ਜੇ ਵਿੱਚ ਬਹਾਲੇ
ਭਰ-ਭਰ ਪੀਂਦੇ ਛੰਨੇ
ਕਮਾਦੀ ਹੋਰ ਬਿਜਾ ਲੈ ਰੰਨੇ
23
ਪਰ ਹੱਥੀਂ ਵਣਜ ਸੁਨੇਹੀਂ ਖੇਤੀ
ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ
24
ਪਰ ਹੱਥੀਂ ਵਣਜ ਸੁਨੇਹੀਂ ਖੇਤੀ
ਬਿਨ ਦੇਖੋ ਵਰ ਦੇਵੇ ਬੇਟੀ
ਅਨਾਜ ਪੁਰਾਣਾ ਦੱਬੇ ਖੇਤੀ
ਇਹ ਚਾਰੇ ਦੇਖੇ ਡੁੱਬਦੇ ਛੇਤੀ
25
ਕੱਲਰ ਖੇਤ ਹਲ ਓਕੜ
ਢੱਗੇ ਬਹਿ-ਬਹਿ ਜਾਣ
ਨਾਰ ਕੁਲਹਿਣੀ ਕੌੜ ਗਾਂ
ਸਭ ਸ਼ੇਖੀਆਂ ਵਿਸਰ ਜਾਣ
26
ਕੱਲਰ ਖੇਤ ਕਸੂਤ ਹਲ
ਘਰ ਕੁਲਹਿਣੀ ਨਾਰ
ਚੌਥੇ ਮੈਲੇ ਕੱਪੜੇ
ਨਰਕ ਨਿਸ਼ਾਨੀ ਚਾਰ
27
ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਹੁੱਕੇ
ਹੁੱਕੇ ਉਹਨਾਂ ਦੇ
ਜਿਨ੍ਹਾਂ ਦੇ ਗੋਹੇ ਸੁੱਕੇ
ਗੋਹੇ ਉਹਨਾਂ ਦੇ
ਜਿਨ੍ਹਾਂ ਦੇ ਮੰਗੂ ਢੁੱਕੇ
28
ਮੱਘਰ ਪੋਹ ਖੇਤ ਪਿਆਜ਼ੀ
ਦਾਣੇ ਉਧਾਰ ਤੇ ਦਮ ਬਿਆਜੀ
ਉਸ ਜੱਟ ਦੀ ਹੁੰਦੀ ਬਰਬਾਦੀ
29
ਅੰਨ੍ਹਾ ਬਿਆਜ ਸ਼ਾਹ ਨੂੰ ਖੋਵੇ
ਰੰਨ ਨੂੰ ਖੋਵੇ ਹਾਸੀ
ਆਲਸ ਨੀਂਦ ਕਿਸਾਨ ਨੂੰ ਖੋਵੇ
ਜਿਵੇਂ ਚੋਰ ਨੂੰ ਖਾਂਸੀ
30
ਹਾੜ੍ਹ 'ਚ ਸੋਏ
ਕੱਤਕ 'ਚ ਰੋਏ
31
ਚਿੱਟਾ ਕੱਪੜਾ ਕੁੱਕੜ ਖਾਣਾ
ਉਸ ਜੱਟ ਦਾ ਨਹੀਂ ਠਿਕਾਣਾ
32
ਕਣਕ ਵਿਰਲੀ ਤਿਲ ਸੰਘਣੇ
ਖੇਤ ਨਦੀ ਦੇ ਨਾਲ
ਅੰਨ੍ਹੀ ਧੀ, ਪੁਤ ਕਮਲਾ
ਬੁਰਾ ਜੱਟ ਦਾ ਹਾਲ
33
ਮਾੜੇ ਢੱਗੇ ਦੀ ਵਾਹੀ
ਵਿੱਚ ਦਿਭ ਤੇ ਕਾਹੀ
34
ਸਿਰਹਾਣੇ ਬਾਂਹ ਨਾ ਰੱਖ ਕੇ ਸੌ
ਫਸਲਾਂ ਖਾ ਜਾਣਗੇ ਕੇ ਸੌਂ
35
ਜਿਨ੍ਹਾਂ ਦੇ ਢੱਗੇ ਮਾੜੇ
ਉਹ ਹਨ ਕਰਮਾਂ ਦੇ ਮਾਰੇ
36
ਕਰਮ ਹੀਣ ਖੇਤੀ ਕਰੇ
ਸੋਕਾ ਪਏ ਜਾਂ ਬੈਲ ਮਰੇ
37
ਬੁੱਢਾ ਬੇਲ ਪੁਰਾਣਾ ਗੱਡਾ
ਜਦ ਕਦ ਖਾਏ ਖਸਮ ਦਾ ਹੱਡਾ
38
ਹਲ ਧੜਕੇ ਰੇਨ ਕੜਕੇ
ਬੌਲਦ ਜਾਏ ਇਕਵਾਸਾ
ਉਸ ਹਾਲੀ ਦਾ ਕੀ ਭਰਵਾਸਾ
39
ਖੇਤ ਪਿਆਜੀ
ਜੱਟ ਪਿਆ ਬਿਆਜੀ
40
ਸੌਣੀ ਸਾਂਝੀ
ਹਾੜ੍ਹੀ ਵਾਂਝੀ
41
ਸਾਵਣ ਭਾਦੋਂ ਫਿਰੇ ਗਰਾਈਂ
ਭੁੱਖਾ ਉਸ ਨੂੰ ਮਾਰੇ ਸਾਈਂ
42
ਰਈਅਤ ਅਰਾਈ
ਘਰ ਗੱਭੇ
ਜ਼ਿਮੀਨ ਨਿਆਈਂ
43
ਵਾਹੀ ਜੱਟ ਦੀ
ਬਾਜੀ ਨੱਟ ਦੀ
44
ਹਲ ਵਾਹ ਪੱਠਿਆਂ ਨੂੰ ਜਾਣਾ
ਜੱਟ ਦੀ ਕਾਰ ਬੁਰੀ
45
ਜੱਟਾ ਤੇਰੀ ਜੂਨ ਬੁਰੀ
ਹਲ ਛੱਡ ਕੇ ਚਰੀ ਨੂੰ ਜਾਵੇ
46 ਜੱਟ ਦੀ ਕਮਾਈ
ਢੱਗਿਆਂ ਨੇ ਖਾਈ
47
ਜ਼ਮੀਂਦਾਰ ਦੀ ਖੱਟੀ
ਹੱਟੀ ਜਾ ਭੱਠੀ
48
ਬੀਜੇ ਜੱਟ
ਤੇ ਪਰਖੇ ਬਾਣੀਆਂ
49
ਜੱਟਾਂ ਵਾਹੀਆਂ
ਤੇ ਸ਼ਾਹਾਂ ਕਮਾਈਆਂ
50
ਵਾਹੀ
ਫਾਹੀ
ਕਿਸਾਨਾਂ ਦਾ ਰੁੱਤ ਗਿਆਨ
(ਮੀਂਹ ਬਾਰੇ ਭਵਿੱਖ ਬਾਣੀ)
51
ਤਿੱਤਰ ਖੰਭੀ ਬਦਲੀ
ਮਿਹਰੀ ਸੁਰਮਾ ਪਾ
ਉਹ ਵਸਾਵੇ ਮੇਘਲਾ
ਉਹਨੂੰ ਖਸਮ ਦੀ ਚਾਹ
52
ਤਿੱਤਰ ਖੇਤੀ ਬਦਲੀ
ਰੰਡੀ ਕਜਲਾ ਪਾਏ
ਉਹ ਵਸੇ ਉਹ ਉਜੜੇ
ਕਦੇ ਨਾ ਖਾਲੀ ਜਾਏ
53
ਤਿੱਤਰ ਖੰਭੀ ਬਦਲੀ
ਰੰਨ ਮਲਾਈ ਖਾਏ
ਉਹ ਵਸੇ ਉਹ ਉਜੜੇ
ਇਹ ਗੱਲ ਨਾ ਬਿਰਥੀ ਜਾਏ
54
ਤਿੱਤਰ ਖੰਭੀ ਬਦਲੀ
ਵਿਧਵਾ ਕਾਜਲ ਰੇਖ
ਵਾ ਬਰਸੇ ਵਾ ਘਰ ਕਰੇ
ਇਸ ਮੇਂ ਮੀਨ ਨਾ ਮੇਖ
55
ਤਿੱਤਰ ਖੰਭੀ ਝੜ ਕਰੇ
ਜੇ ਰੰਡੀ ਵੇਸ ਕਰੇ
ਸਿਰ ਪਰ ਮੀਹਾਂ ਵੱਸਣਾ
ਉਹ ਭੀ ਹੋਰ ਕਰੇ
56
ਤਿੱਤਰ ਖੰਭੀ ਪਈ
ਪਾਂਧਾ ਪੁੱਛਣ ਕਿਉਂ ਗਈ
57
ਤਿੱਤਰ ਖੰਭੀ ਹੋਵਸੀ
ਕੀ ਪੁੱਛੀਏ ਪਾਂਧਾ ਜੋਤਸ਼ੀ
58
ਦੱਖਣੋਂ ਚੜ੍ਹੀ ਬਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ
59
ਦੱਖਣ ਨਿਕਲੇ ਬਦਲੀ
ਵਗੇ ਪੁਰੇ ਦੀ ਵਾ
ਜੱਟ ਕਹੇ ਸੁਣ ਜੱਟੀਏ
ਅੰਦਰ ਮੰਜੀ ਡਾਹ
60
ਦੱਖਣ ਉਲਝੇ ਬਦਲੀ
ਜਾਂ ਉਲਝੇ ਤਾਂ ਵਰ੍ਹੇ
ਤਿਆ ਬਚਨ ਨਾ ਉਚਰੇ
ਜਾ ਉਚਰੇ ਤਾਂ ਕਰੇ 61
ਦੱਖਣੋਂ ਉੱਠੀ ਬਦਲੀ
ਪੁੱਛ ਜਾਏ ਛਾ
ਕਹੇ ਢੱਕ ਸੁਣ ਭਡਲੀ
ਬਰਸੇ ਬਾਝ ਨਾ ਜਾ
62
ਲਹਿੰਦੇ ਆਵੇ ਬਦਲੀ
ਚੜ੍ਹਦੇ ਝੁੱਲੇ ਵਾ
ਢਕ ਕਹੇ ਸੁਣ ਭਡਲੀ
ਅੰਦਰ ਮੰਜੀ ਡਾਹ
63
ਦੱਖਣ ਘਰ ਨਾ ਉਗਮੇ
ਜਾਂ ਉਗਮੇ ਤਾਂ ਬਰਸੇ
ਮੂੰਹ ਮਰਦ ਨਾ ਭਾਸਰੇ
ਜੇ ਭਾਸਰੇ ਤਾਂ ਕਰੇ
64
ਪੱਛੋਂ ਚਮਕੇ ਬਦਲੀ
ਪੁਰਿਉਂ ਲੱਗੇ ਬੰਨ੍ਹ
ਕਹੇ ਡੱਕ ਸੁਣ ਭਡਲੀ
ਬੱਛੇ ਅੰਦਰ ਬੰਨ੍ਹ
65
ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇਕ ਪਕਾਵੇ
66
ਸਬਜ਼ਾ ਪਿਆ ਸਵੇਰ
ਹਾਲੀਆ ਹਲ ਢੇਰ
67
ਸਬਜ਼ਾ ਪਿਆ ਸੰਝ
ਹਾਲੀਆ ਹਲ ਥਮ
68 ਹਾਲਾ ਪਵੇ ਤ੍ਰਿਕਾਲ
ਹਾਲੀਆ ਹਲ ਸੰਭਾਲ
69
ਹਾਲਾ ਪਵੇ ਦਿਨ ਚੜ੍ਹੇ
ਹਾਲੀ ਹਲ ਚਾ ਧਰੇ
70
ਹਾਲਾ ਪਵੇ ਦਿਨ ਚੜ੍ਹੇ
ਹਾਲੀਆ ਹਲ ਨੂੰ ਰੱਖ ਪਰੇ
71
ਬੱਦਲ ਚੜ੍ਹਿਆ ਚੰਬਲੋਂ (ਪਹਾੜ ਵਲੋਂ)
ਡੰਗਰ ਵੱਛਾ ਸੰਕਲੋ
72
ਬੱਦਲ ਚੜ੍ਹਿਆ ਟਿਲਿਓ
ਗਾਂ ਨਾ ਖੋਹਲਣ ਦੇਂਦਾ ਕਿਲਿਓ
73
ਟਿਲਿਓਂ ਗੱਜੇ
ਗਾਂ ਚੋਂਦਾ ਭੇਜੋ
74
ਜੇਠ ਹਾੜ ਤਾਏ
ਤਾਂ ਸਾਉਣ ਭਾਦੋਂ ਲਾਏ
75
ਚਿੜੀਆਂ ਖੰਕ ਖਲੇਰੇ
ਵੱਸਣ ਮੀਂਹ ਬਥੇਰ
76
ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਬਰਖਾ ਰੁਤ ਆਈ
77
ਮਰਦ ਦਾ ਬੋਲਿਆ
ਤੇ ਫਜ਼ਰ ਨਾ ਗੱਜਿਆ
ਬੇ-ਅਰਥ ਨਾ ਜਾਏ
78
ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲੀ-ਗਲੀ ਵਿੱਚ ਪਾਣੀ ਡੋਲੇ
79
ਗਾਗਰ ਦਾ ਜਲ ਉੱਬਲੇ
ਚਿੜੀਆਂ ਨਾਵਣ ਧੂੜ
ਚਿਉਂਟੀ ਅੰਡਾ ਲੈ ਤੁਰੀ
ਮੇਘ ਕਰੇ ਭਰਪੂਰ
80
ਘਾ ਪੁੱਲੇ
ਤਾਂ ਮੀਂਹ ਭੁੱਲੇ
81
ਦਿਨੇ ਬੱਦਲ ਰਾਤੀਂ ਤਾਰੇ
ਆਖੀਂ ਮੇਰੇ ਖਸਮ ਨੂੰ
ਬਲਦਾਂ ਨੂੰ ਨਾ ਮਾਰੇ
82
ਆਥਣ ਦਾ ਚਿਲ-ਕੋਰਿਆ
ਅਣਹੋਂਦਾ ਬੱਦਲ ਘੋਰਿਆ
83
ਜੇ ਸਿਰ ਭਿੱਜੇ ਸਾਉਣ ਦਾ
ਭਾਦਰੋਂ ਭਿੱਜੇ ਪਿੱਠ
ਭੱਟ ਕਹੇ ਸੁਣ ਭੱਟਣੀ
ਸਮਾਂ ਨਾ ਲੱਗੇ ਗਿੱਠ
84
ਨਾ ਗੱਜੇ ਨਾ ਚਮਕੇ
ਨਾ ਉਤਰ ਪੱਛਮ ਵਾ
ਦਾਂਦ ਬਲੇਦਾ ਖਰਚ ਕਰ
ਬੀ ਨਾ ਗੱਠੜੀ ਪਾ
85
ਤ੍ਰਿਕਾਲੀ ਦਾ ਮਹਿਮਾਨ ਤੇ ਬੱਦਲ
ਖਾਲੀ ਨਹੀਂ ਜਾਂਦੇ
86
ਹਾੜ੍ਹ ਹਨ੍ਹੇਰੀ ਅਸ਼ਟਮੀ
ਬਦਲੋਂ ਨਿਕਲੇ ਚੰਨ
ਢੱਕ ਕਰੋ ਸੁਣ ਭੱਡਲੀ
ਗੱਧੇ ਨਾ ਖਾਵਣ ਅੰਨ
87
ਐਤਵਾਰ ਦੀ ਝੜੀ
ਕੋਠਾ ਛੱਡੇ ਨਾ ਕੁੜੀ
88
ਵੀਰਵਾਰ ਦੀ ਝੜੀ
ਅੰਦਰ ਰਹੋ ਦੜੀ
89
ਸ਼ੁਕਰਵਾਰ ਦੀ ਝੜੀ
ਨਾ ਰਹੇ ਕੋਠਾ
ਨਾ ਰਹੇ ਕੜੀ
90
ਸ਼ੁਕਰਵਾਰ ਦੀ ਝੜੀ
ਰਹੇ ਮਨਿਚਰ ਛਾਇ
ਕਹੇ ਭੱਟ ਸੁਣ ਭੱਡਲੀ
ਬਰਸੇ ਬਾਝ ਨਾ ਜਾਇ
91
ਪੋਹ ਮਾਹ ਦੀ ਝੜੀ
ਕੋਠਾ ਛੱਡੇ ਨਾ ਕੜੀ
92
ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੁੜੀ
93
ਉੱਤਰ ਮੇਲ਼ੇ ਪੁਰਾ ਵਸਾਏ
ਦੱਖਣ ਵਸਦੇ ਨੂੰ ਵਜਾਏ
ਜੇ ਦੱਖਣ ਵਸਾਏ
ਤਾਂ ਥਲ ਪਾਣੀ ਦਾ ਬਣਾਏ
94
ਸਾਵਣ ਮਾਹੇ ਦਾ ਪੂਰਾ
ਉਹ ਵੀ ਬੁਰੇ ਤੋਂ ਬੁਰਾ
ਬੁੱਢੀ ਮੱਝ ਤੇ ਖੁੰਢਾ
ਛੁਰਾ ਉਹ ਵੀ ਬੁਰੇ ਤੋਂ ਬੁਹਾ
95
ਸਾਵਣ ਵਗੇ ਪੁਰਾ
ਉਹ ਭੀ ਬੁਰਾ
ਜੱਟ ਬਜਾਏ ਤੁਰਾ
ਉਹ ਭੀ ਬੁਰਾ
ਬ੍ਰਾਹਮਣ ਬੰਨ੍ਹੇ ਛੁਰਾ
ਉਹ ਵੀ ਬੁਰਾ
96
ਸਾਵਣ ਦੀਆਂ ਬੰਦਲੀਆਂ ਪੂਰੇ ਆਣ ਝੁਕਾਈਆਂ
ਘੁਲ ਨਾ ਡਾਡੂ ਅਸੀਂ ਵੱਸਣ ਤੇ ਆਈਆਂ
97
ਮੀਂਹ ਪਿਆ ਦੀਵਾਲੀ
ਜਿਹਾ ਪਾਹੀ ਤਿਹਾ ਹਾਲੀ
ਸਿੱਟੇ ਕਦੂ ਵਾਹੀ ਵਾਲੀ
ਮੀਂਹ
98
ਮੀਂਹ ਪੈਂਦਿਆਂ ਕਾਲ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ
99
ਮੀਂਹ ਪਿਆ ਸਿਆਲ
ਕਦੇ ਨਾ ਹੋਸੀ ਕਾਲ
100
ਦਮ ਵਪਾਰੀ
ਮੀਂਹ ਕਿਰਸਾਣੀ
101
ਖੇਤੀ ਕੋ ਭਲਾ ਮੇਘਲਾ
ਧਰਤੀ ਕੇ ਭਲੀ ਧੁੱਪ
102
ਜ਼ਮੀਂ ਬਰਾਨੀ
ਮੀਂਹਾਂ ਨਾਲ ਆਵਾ ਦਾਣੀ
103
ਹਾੜ੍ਹੀ ਸੀਈ
ਸਾਵਣੀ ਮੀਹੀਂ
ਸਮੇਂ ਸਿਰ ਮੀਂਹ
104
ਜੇਠ ਮੀਂਹ ਪਾਏ
ਸਾਵਣ ਸੁੱਕਾ ਜਾਏ
105
ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ
106
ਮੀਂਹ ਪਏ ਜੇਠ
ਸਾਵਣ ਜਾਏ ਲੇਠ
107
ਜੇਠ ਵੱਸੇ ਤਾਂ ਸਾਵਣ ਹੱਸੇ
ਵਸੇ ਜੇਠ ਤਾਂ ਰੱਜੇ ਖੇਤ
108
ਮੀਂਹ ਜੇਠੀ
ਤੇ ਪੁੱਤ ਪਲੇਠੀ
109
ਹਾੜ੍ਹ ਦੋ ਤੇ ਸਾਵਣ ਨਿੱਤ
ਭਾਦੋਂ ਚਾਰ ਤੇ ਅੱਸੂ ਇੱਕ
110
ਬਰਸੇ ਹਾੜ੍ਹ ਤਾਂ
ਭਰੇ ਬਖਾਰ
111
ਮੀਂਹ ਵੱਸੇ ਹਾੜ੍ਹ
ਫਸਲ ਧੂਆਂ ਧਾਰ
112
ਹਾੜ੍ਹ ਮਹੀਨੇ ਵਰਖਾ ਹੋਈ
ਹਾਲੀ ਘਰ ਨਾ ਰਹਿੰਦਾ ਕੋਈ
ਸਾਉਣੀ ਸਾਰੀ ਜਾਂਦੀ ਬੇਈ
113
ਜੇ ਹਾੜ੍ਹ ਸਾਵਣ ਵੱਸੇ ਮਾਰੋ ਮਾਰ
ਹਾੜੀ ਸਾਉਣੀ ਹੁੰਦੀ ਬੇ ਸ਼ੁਮਾਰ
114
ਸਾਵਣ ਲੋੜੇ ਮੇਘਲਾ
ਭਾਦੋਂ ਲੋੜੇ ਧੁੱਪ
ਭੱਟਾਂ ਲੋੜੇ ਬੋਲਣਾ
ਸਾਧਾ ਲੋੜੇ ਚੁੱਪ
115
ਸਾਵਣ ਭਾਦੋਂ ਪਵੇ
ਤਾਂ ਕਿਉਂ ਕਿਰਸਾਣ
ਉਧਾਰ ਲਵੇ
116
ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ
117
ਸਾਵਣ ਮਹੀਨੇ ਵਰਖਾ ਲੱਗੀ
ਕਮਾਦੀ ਉੱਚੀ ਹੋ-ਹੋ ਫੱਥੀ
ਲੋਕੀ ਮੱਕੀ ਬੀਜਣ ਲੱਗੀ
118
ਸਾਵਣ ਦਾ ਸੌ
ਭਾਦਰੋਂ ਦਾ ਇੱਕ
ਜਿਹੜਾ ਲਾਹ ਦੋਵੇਂ ਸਿਕ
119
ਭਾਦੋਂ ਵਿੱਚ ਰੱਬ ਮੀਂਹ ਬਰਸਾਵੇ
ਦੋ ਫਸਲਾਂ ਰੱਬ ਕਾਦਰ ਲਾਵੇ
120
ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ ਪਿਛੋਕੜ ਬਹਿਕੇ ਰੋਵੇ
121
ਜੇ ਭਾਦੋਂ ਵਿੱਚ ਬਰਖਾ ਹੋਵੇ
ਕਾਲ ਦੇਸ ਵਿੱਚ ਕਦੇ ਨਾ ਹੋਵੇ
122
ਸਾਵਣ ਭਾਦੋਂ ਨਾ ਵਰ੍ਹੇ
ਤੇ ਕੱਤਕ ਕਣੀਆਂ
ਖੰਨੀ ਰੋਟੀ
ਦੋ ਦੋ ਜਣੀਆਂ
123
ਹਾੜ੍ਹ ਹੜ੍ਹੇ ਸਾਵਣ ਝੜੀ
ਇਕ ਬਰਖਾ ਭਾਦੋਂ ਕਰੇ
ਥੋੜ੍ਹਾ ਬਹੁਤ ਅੱਸੂ ਪੜੇ
ਹਾੜੀ ਸਾਉਣੀ ਪਾਰ ਪੜੇ
124
ਸਾਵਣ ਗਿਆ ਸੁੱਕਾ
ਤੇ ਭਾਦੋਂ ਕੀਤੀ ਦਇਆ
ਸੋਨੇ ਦਾ ਘੜਾਉਂਦੀ ਸੀ
ਰੁਪੈ ਦਾ ਵੀ ਗਿਆ
125
ਸਿਆਲ ਸੋਨਾ
ਹਾੜ੍ਹ ਚਾਂਦੀ
ਸੌਣ ਭਾਦੋਂ ਤਾਂਬਾ
126
ਹਾੜ੍ਹ ਨਾ ਵਾਹੀਆਂ, ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ, ਤਿੰਨੇ ਗੱਲਾਂ ਖੋਟੀਆਂ
127
ਚਤਰ ਲੋੜ ਬੋਲਣਾ
ਮੂਰਖ ਚਾਹੀਏ ਚੁੱਪ
ਸਾਵਣ ਚਾਹੀਏ ਮੇਘਲਾ
ਹਾੜ੍ਹੀ ਚਾਹੀਏ ਧੁੱਪ
128
ਡੂਮਾਂ ਭਲਾ ਜੋ ਬੋਲਣਾ
ਨੂਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ
ਜੇਠ ਭਲੇਰੀ ਧੁੱਪ
129
ਧੁੱਪ ਚੰਗੇਰੀ ਅੱਸੂ ਕੱਤੇ
ਜਿਉਂ ਸਾਵਣ ਮੀਂਹ ਚੰਗੇਰਾ
130
ਸਾਉਣ ਮਹੀਨੇ ਬਰਖਾ ਲੱਗੀ
ਕਮਾਦੀ ਉੱਚੀ ਹੋ-ਹੋ ਫੱਬੀ
131
ਭਾਦੋਂ ਮੀਂਹ ਨਾ ਪਿਆ
ਤੇਲਾ ਲੱਗ ਕਮਾਦੀ ਗਿਆ
132
ਅੱਸੂ ਜਿੱਤੇ
ਅੱਸੂ ਹਾਰੇ
133
ਅੱਸੂ ਵੱਸੇ
ਹਾੜੀ ਸਾਉਣੀ ਦੀ ਨੀਂਹ ਲਾਏ
134
ਕੱਤਕ ਕਿਣਿਆਂ
ਸੋ ਦਿਨ ਗਿਣਿਆਂ
135 ਜੇ ਵੱਸੇ ਪੋਹ ਮਾਹੀਂ
ਕੌਣ ਆਖੇ ਜੰਮੀਂ ਨਾਹੀਂ
136
ਬਰਸੇ ਮਾਘ
ਸਰਸੇ ਭਾਗ
137
ਪੋਹ ਵਰ੍ਹੇ ਖਾਤੇ ਭਰੇ
ਮਾਘ ਵਰ੍ਹੇ ਕੋਠੀ ਭਰੇ
138
ਵੱਸੇ ਮਾਂਹ
ਤੇ ਰੱਜ-ਰੱਜ ਖਾਹ
139
ਵੱਸੇ ਮਾਂਹ
ਤੇ ਬੂਟੇ-ਬੂਟੇ ਕਾਂਹ
140
ਬਰਸੇ ਗਾ ਮਾਘ
ਲੱਗੇ ਗੀ ਝੜੀ
ਪੈਸੇ ਦਾ ਅਨਾਜ
ਮਿਲੇ ਗਾ ਧੜੀ
141
ਮੱਘਰ ਵਿੱਚ ਜੇ ਹੋਵੇ ਝੜੀ
ਜੋ ਕੋਈ ਬੂਟੀ
ਸਭ ਹੋਈ ਹਰੀ
142
ਬਰਸਿਆ ਪੋਹ
ਜੇਹਾ ਓਹ ਤੇਹਾ ਓਹ
143
ਵੱਸੇ ਪੋਹ
ਊਠੀ ਢੋਹ
144
ਵੱਸੇ ਪੋਹ
ਅਗੇਤੀ ਪੱਛੇਤੀ
ਇਕੋ ਜੇਹੀ ਹੋ
145
ਵੱਸੇ ਪੋਹ
ਥੋੜ੍ਹਾ ਦਾਣਾ ਬਹੁਤਾ ਭੋ
146
ਵੱਸੇ ਫੱਗਣ
ਬੂਟੇ ਲੱਗਣ
147
ਵਰ੍ਹੇ ਫੱਗਣ
ਸਿੱਟੇ ਚੰਗੁਨ
148
ਫੱਗਣ ਆਖੇ ਚੇਤਰ ਨੂੰ
ਤੂੰਹੀ ਸੁਣ ਭਾਈ
ਮੈਂ ਤਾਂ ਆਇਆ ਛੁਣ-ਛੁਣ
ਤੂੰ ਬੰਨੇ ਲਾਈਂ
ਪਛੇਤਾ ਮੀਂਹ
149
ਜੇ ਸਿਰ ਭਿੱਜੇ ਸੋਣ ਦਾ
ਭਾਦੋਂ ਤਿਹਾਇਆ ਜਾਏ
ਭੱਟ ਕਹੇ ਸੁਣ ਭੱਟਣੀ
ਦੁਨੀਆਂ ਨੀਰ ਵਹਾਏ
150
ਜੇ ਸਿਰ ਭਿੱਜੇ ਸੌਣ ਦਾ
ਭਾਦੋਂ ਭਿੱਜੇ ਪਿੱਠ
ਭੱਟ ਕਹੇ ਸੁਣ ਭੱਟਣੀ
ਸਮਾਂ ਨਾ ਲੱਗੇ ਬਹੁਤ
151
ਮੀਂਹ ਪਿਆ ਚੇਤ
152
ਨਾ ਘਰ ਨਾ ਖੇਤ।
ਬਰਸੇ ਚੇਤ
ਕੱਖ ਥੋਹੜੇ ਦਾਣੇ ਬਸੇਖ
153
ਜੇ ਮੀਂਹ ਪਿਆ ਪਿਛਾੜੀ
ਹਾੜ੍ਹੀ ਹੋਸੀ ਮਾੜੀ
154
ਮੀਂਹ ਵਿਸਾਖ ਵਸਾਵੇ
ਪੱਕੀ ਫਸਲ ਗਵਾਵੇ
155
ਸਾਵਣ ਸੁੰਝ
ਕਪਾਹ ਨਾ ਮੁੰਢ
156
ਮੀਂਹ ਵੱਸੇ ਫੱਗਣ ਚੇਤਰ
ਨਾ ਘਰ ਹੋਵੇ ਨਾ ਖੇਤਰ
157
ਕੱਤਕ ਢੂੰਡੇ ਮੇਘਲਾ
ਭੁੱਲੀ ਫਿਰੇ ਗੰਵਾਰ
ਕੱਤਕ ਨੂੰ ਸਾਵਣ ਕਰੋ
ਜੇ ਭਾਵੇ ਕਰਤਾਰ
158
ਜੇ ਮੀਂਹ ਵਰਸੇ ਮੱਘਰੀ
ਬਹੁਤਾ ਕਰੇ ਖੁਆਰ
ਕਰੰਡ ਕਰੇਂਦਾ ਹਾੜ੍ਹੀ
ਸਾਵਣੀ ਦਏ ਵਿਗਾੜ
159
ਸਾਵਣ ਵੱਸੇ ਨਿੱਤ
ਭਾਦਰੋਂ ਦੇ ਦਿਨ ਚਾਰ
ਅੱਸੂ ਮੰਗੇ ਮੇਘਲਾ
ਮੂਰਖ ਜੱਟ ਗੰਵਾਰ
160
ਲੱਗੇ ਔੜ
ਤੇ ਖੇਤੀ ਚੌੜ
161
ਭਾਦੋਂ ਦਾ ਰੋੜਾ
ਫਸਲਾਂ ਨੂੰ ਕਰੋ ਕੋਹੜਾ
ਕੱਕਰ, ਪਾਲਾ, ਧੁੱਪ
162
ਪਵੇ ਕੱਕਰ
ਭੰਨੇ ਪੱਤਰ
163
ਸਿਆਲ ਦਾ ਕੋਰਾ
ਰੂੜੀ ਦਾ ਬੋਰਾ
164
ਕੱਕਰ ਪੈਂਦਾ ਕਹਿਰ ਦਾ
ਜਿਹੜਾ ਵਾਹੀ ਜਾਂਦਾ ਸੌਰਦਾ
165
ਪਹਿਲਾਂ ਮੀਂਹ ਤੇ ਪਿੱਛੋਂ ਕੋਰਾ
ਦਿਲ ਹਾਲੀ ਦਾ ਹੁੰਦਾ ਬੋਹੜਾ
166
ਜਿਉਂ-ਜਿਉਂ ਪਵੇ ਜਾੜਾ
ਹਾੜ੍ਹੀ ਮੰਗੇ ਪਾਣੀ ਗਾੜ੍ਹਾ
167
ਪੱਛੋਂ ਚੱਲੇ ਪੋਹ ਵਿੱਚ
ਕੋਰਾ ਪਵੇ ਜ਼ਰੂਰ
ਸਾਰੀ ਫਸਲ ਕਮਾਦ ਦੀ
ਹੋਵੇ ਚਿਕਨਾ ਚੂਰ
168
ਖੇਤੀ ਜਬ ਲਾਵੇ ਹੈ ਫੂਲ
ਕੋਹਰ ਪੜੇ ਤੋ ਵਲੇ ਨਾ ਮੂਲ
169
ਕੱਕਰ ਕੋਰਾ ਪੈਂਦਾ
ਵਾਹਕ ਦੀ ਸੁਧ-ਬੁਧ ਮਰੇਂਦਾ
170
ਜੇਠ ਪਏ ਠੰਢ
ਅਤੇ ਸੋਣ ਕੋਰਾ ਜਾਏ
ਢਕ ਕਹੇ ਸੁਣ ਭੰਡਲੀ
ਚੁਲੀਆਂ ਨੀਰ ਵਿਕਾਏ।
171
ਮੱਘਰ ਪੋਹ ਪਵੇ ਪਾਲਾ
ਹਾਲੀ ਹੋਵੇ ਸੁਖਾਲਾ
172
ਪੋਹ ਮਹੀਨਾ ਪਾਵੇ ਠੰਢ
ਉੱਗਿਆ ਬੂਟਾ ਬੰਨ੍ਹੇ ਘੰਡ
173
ਪਾਲਾ ਪਵੇ ਤੋਂ ਬਹੁਤ ਬਿਗਾੜੇ
ਸਰਸੋਂ, ਤਾਹਾ ਹਣੇ ਨੂੰ ਮਾਰੇ
174
ਧੁੰਦ ਪਏ ਸਿਆਲ
ਮਾੜਾ ਪੈਂਦਾ ਮਾਲ
ਕੁੰਗੀ ਲੱਗਦੀ ਕਣਕਾਂ ਨਾਲ
ਖੇਤੀ ਨਾ ਹੋਵੇ ਕਦੇ ਬਹਾਲ
175
ਧੁੱਪਾਂ ਲੱਗਣ
ਤੇ ਕਣਕਾਂ ਪੱਕਣ
176
ਜੇਠ ਹਾੜ੍ਹ ਤਾਏ
ਸਾਵਣ ਭਾਦ ਲਾਏ
177
ਜੇਠ ਦੀ ਧੁੱਪ ਫਾਇਦੇਦਾਰ
ਸਾਵਣ ਦੀ ਧੁੱਪ ਸਿੱਟੇ ਸਾੜ
178
ਸੂਰਜ ਤੱਪੇ
179
ਡਾਢੀ ਧੁੱਪ ਧੁਪਿਆਣੀ
ਵਾਹੀ ਕਰਦੀ ਪਾਣੀ-ਪਾਣੀ
180
ਭਾਦੋਂ ਦਾ ਮਾਰਿਆ ਜੱਟ ਫਕੀਰ
181
ਧੁੱਪ ਚੰਗੀ ਅੱਸੂ ਕੱਤੇ
ਜਿਉਂ ਸਾਵਣ ਮੀਂਹ ਚੰਗੇਰਾ
182
ਚਤਰ ਲੋੜੇ ਬੋਲਣਾ
ਮੂਰਖ ਚਾਹੀਏ ਚੁੱਪ
ਸਾਵਣ ਚਾਹੀਏ ਮੇਘਲਾ, ਹਾੜੀ ਚਾਹੀਏ ਧੁੱਪ
183
ਡੂਮਾਂ ਭਲਾ ਜੇ ਬੋਲਣਾ
ਨੋਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ
ਜੇਠ ਭਲੇਰੀ ਧੁੱਪ
184
ਸੂਰਜ ਖੇਤੀ ਪਾਲ ਹੈ
ਚੰਦ ਬਣਾਵੇ ਰਸ
ਜੇ ਇਹ ਦੋਵੇਂ ਨਾ ਮਿਲਣ
ਖੇਤੀ ਹੋਵੇ ਭੱਸ
ਵਾਹੀ ਦੀ ਮਹਾਨਤਾ
185
ਦੱਬ ਕੇ ਵਾਹ
ਰੱਜ ਕੇ ਖਾਹ
186
ਜਿਤਨੀ ਵਾਹ
ਉਤਨੀ ਗਾਹ
187
ਸੌ ਵਾਹੰਦ ਇੱਕ ਰੂੜੀ
188
ਜੋ ਕਰੇ ਵਾਹ
ਸੋ ਕਰ ਪਾਹ
189
ਸ਼ਾਹ ਲੌਟ ਜਾਏ
ਪਰ ਵਾਹ ਨਾ ਲੈਟੇ
190
ਕਰਮ ਜਾਣ
ਪਰ ਵਾਹ ਨਾ ਜਾਏ
191
ਜਿਹੜਾ ਨਿੱਤ ਉੱਠ ਵਾਹੇ ਫਾਲ
ਉਸ ਦਾ ਕੀ ਕਰੇਗਾ ਕਾਲ
192
ਬਹੁਤੀ ਹੋਵੇ ਵਾਹ
ਪੈਲੀ ਖਤਾ ਨਾ ਜਾ
193
ਬਿਆਹੀ ਧੋਖਾ ਦੇ ਜਾਏ
ਪਰ ਵਾਹੀ ਧੋਖਾ ਕਦੇ ਨਾ ਦੇ
194
ਜਿੰਨੀਆਂ ਸੀਆਂ ਲਾਵੇਗਾ
ਉਂਨਾ ਬੋਹਲ ਉਠਾਵੇਂਗਾ
195
ਹਾੜ੍ਹੀ ਸੀਈ
ਸਾਵਣੀ ਮੀਹੀ
196
ਹਲ ਦੇਵੇ ਚਾਰ ਫਸਲ
ਹੋਵੇ ਮਾਰੋ ਮਾਰ
197
ਸੰਤ ਸੀਆ ਅੱਠਵਾਂ ਬੀ
ਫਿਰ ਉਹ ਖੇਤੀ ਮੰਗੇ ਕਿਉਂ ਮੀਂਹ
198
ਜੋ ਕਰੇ ਵਾਹ
ਸੋ ਕਰੇ ਪਾਹ
199
ਜ਼ਮੀਨ ਵਾਹ
ਜੋ ਨਿਕਲੇ ਘਾ
200
ਢੀਮਾਂ ਭੰਨ
ਜੋ ਆਵੇ ਐਨ
201
ਬੰਨ੍ਹ ਘੇਰਾ
ਤੈਨੂੰ ਰਿਜਕ ਬਥੇਰਾ
202
ਜੋਏ ਹਲ
ਤੇ ਪਾਏ ਫਲ
203
ਮੀਂਹ ਪਿਆ ਦੀਵਾਲੀ
ਜਿਹਾ ਫੂਸੀ ਤੇਹਾ ਹਾਲੀ
ਪਰ ਸਿੱਟਾ ਕੱਢੂ ਵਾਹੀ ਵਾਲੀ
204
ਘਰ ਵਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹਦਿਆਂ ਦੇ
205
ਵਾਹੀ ਜੱਟ ਦੀ
ਬਾਜੀ ਨੱਟ ਦੀ
206
ਜਿਸ ਦੇ ਘਰ ਬੋਲ ਵਾਹ
ਉਹਨੂੰ ਧੰਨ ਦੀ ਕੀ ਪ੍ਰਵਾਹ
207
ਵਾਹੀ ਉਹਦੀ
ਜਿਹਦੇ ਘਰ ਦੇ ਢੱਗੇ
208
ਵਾਹੀ ਪਾਤਸ਼ਾਹੀ
ਨਾ ਜੰਮੇ ਤਾਂ ਫਾਹੀ
209
ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ
210
ਗਿੱਲੀ ਵਾਹੀ ਸੁੱਕੀ ਵਾਹੀ
ਮਿਹਨਤ ਸਭ ਗੰਵਾਈ
211
ਹਾੜ੍ਹ ਦਾ ਇੱਕ ਸਾਵਣ ਦੇ ਦੋ
ਭਾਦਰੋਂ ਦੇ ਤ੍ਰੈ ਅੱਸੂ ਦਾ ਸੌ
212
ਹਾੜ੍ਹੀ ਸੋ ਜੋ ਹਾੜ੍ਹ ਵਾਹੇ
213
ਹਾੜ੍ਹ ਨਾ ਵਾਹਿਆ
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
ਤਿੰਨੇ ਗੱਲਾਂ ਖੋਟੀਆਂ
214
ਹਾੜ੍ਹ ਨਾ ਵਾਹਿਆ ਇਕ ਵਾਰ
ਹੁਣ ਕਿਉਂ ਵਾਹੇ ਧਾਰ-ਬਾਰ
215
ਹਾੜ੍ਹ ਨਾ ਵਾਹੀ ਹਾੜ੍ਹੀ
ਫਿੱਟ ਭੜੂਏ ਦੀ ਦਾਹੜੀ
216
ਹਾੜ੍ਹ ਸੋਨਾ ਸਾਵਣ ਚਾਂਦੀ
ਭਾਦਰੋਂ ਸਿੱਕਾ
ਅੱਸੂ ਕੱਤੇ ਜਿਹਾ ਜੁੱਤਾ
ਜਿਹਾ ਨਾ ਜੁੱਤਾ
217
ਸਾਵਣ ਨਾ ਵਾਹਿਆ ਇਕ ਵਾਰ
ਫਿਰ ਕਿਉਂ ਵਾਹੇਂ ਬਾਰ-ਬਾਰ
218
ਜੋ ਭਾਦੋਂ ਵਿੱਚ ਸੋਏਗਾ
ਸਾਰਾ ਸਾਲ ਰੋਏਗਾ
220
ਭਾਦੋਂ ਦੀ ਵਾਹੀ
ਖਾਵੇ ਦੁੱਧ ਮਲਾਈ
221
ਜੱਟ ਜੇ ਸਾਵਣ ਹਲ ਛੱਡੇ
ਆਪਣਾ ਆਪ ਗਵਾਵਣ ਨੂੰ
ਬੁੱਢਾ ਹੋਕੇ ਵਿਆਹ ਕਰਾਵੇ
ਦਾੜ੍ਹੀ ਫੁਲ ਪਵਾਵਣ ਨੂੰ
222
ਜਿਨ੍ਹਾਂ ਵਾਹੀ ਪੋਹ
ਉਨ੍ਹਾਂ ਦੀ ਥੀਈ ਇਕ ਦੀ ਦੋ
223
ਬਹੁਤ ਜੋਤ ਮਾਘ ਦੀ ਅੱਛੀ
ਪਰ ਧਰਤੀ ਪੂਰੀ ਹੋ ਸੱਚੀ
224
ਦੋਏ ਕੰਮ ਅਵੱਲੇ ਜਾਣ
ਵੱਤੋਂ ਖੁੰਝ ਗਿਆ ਕਿਰਸਾਣ
ਚੌਧਰੀ ਰਿਹਾ ਕਚਿਹਰੀਓਂ ਜਾਣ
225
ਸੌ ਸੀਆ ਇੱਕ ਵੱਤਰ
ਸੌ ਕਾਮਾ ਇੱਕ ਅਹਾਰੀ
226
ਪੇਕੇ ਨਾ ਸੌਹਰਿਆਂ
ਵੱਤਰ ਨਾ ਵਾਹੀਆਂ
ਸਾਵਣ ਨਾ ਤ੍ਰੇਲ ਪਈ
ਤਿੰਨੇ ਅੰਤਰ ਗਈਆਂ
227
ਸੱਤਰ ਵਾਹਾਂ ਬਹੱਤਰ ਪਾਣੀ
ਬਿੱਘੇ ਵਿੱਚੋਂ ਸੌ ਮਣ ਆਣੀ
228
ਜਿਨ੍ਹਾਂ ਇੱਕੋ ਵਾਰੀ ਵਾਹੀ
ਉਹਨਾਂ ਕੀ ਕੀਤੀ ਕਮਾਈ
229
ਦੋ ਵਾਰੀ ਵਾਹੇ
ਕਰਮਾਂ ਦਾ ਖੱਟਿਆ ਖਾਵੇ
230
ਹਲ ਲੱਗਾ ਪਤਾਲ
ਤੇ ਟੁੱਟ ਗਿਆ ਕਾਲ
231
ਡੂੰਘਾ ਬਾਹੇ ਗੁਝ ਚਲਾਏ
ਬਿਰਥਾ ਕਦੇ ਨਾ ਜਾਏ
232
ਜਿਤਨਾ ਗਹਿਰਾ ਜੋਤੇ ਖੇਤ
ਬੀਜ ਪੜੇ ਫਲ ਅੱਛਾ ਦੇਤ
233
ਡੂੰਘਾ ਵਾਹ ਲੈ ਹਲ ਵੇ
ਤੇਰੀ ਘਰੇ ਨੌਕਰੀ
234
ਜੇ ਤੂੰ ਵਾਹ ਕੇ ਘੱਤੇ ਪਾਹ'
ਦੂਣਾ ਨਹੀਂ ਸਵਾਇਆ ਚਾ
235
ਪਾਹ ਘੱਤਕੇ ਪਿੱਛੋਂ ਵਾਹ
ਸਾਈਂ ਚਾਹੇ ਦੋਹਰਾ ਲਾਹ
ਅੱਸੀ ਸੀਆਂ** ਗਾਜਰਾਂ*
ਪਾਹ-ਖਾਦ, ਰੂੜੀ *'ਸੀਆਂ-ਵਾਹੁਣਾ
ਸੌ ਸੀਈਂ ਕਮਾਦ
ਸੱਠੀ ਸੀਆਂ ਲਾ ਕੇ
ਦੇਖ ਕਣਕ ਦਾ ਝਾੜ
237
ਸੱਠੀ ਸੀਈਂ ਗਾਜਰਾਂ
ਸੌ ਸੀਈਂ ਕਮਾਦ
ਜਿਉਂ-ਜਿਉਂ ਵਾਹੇਂ ਕਣਕ ਨੂੰ
ਤਿਉਂ-ਤਿਉਂ ਦੇਵੇ ਸਵਾਦ
238
ਮੈਦੇ ਗੇਹੂਂ
ਢੇਲੇ ਚਣਾ
239
ਜੱਟ ਕੀ ਜਾਣੇ ਰਾਹ
ਮਾਂਹ ਕੀ ਜਾਣੇ ਘਾ
ਚਣਾ ਕੀ ਜਾਣੇ ਵਾਹ
240
ਜੱਟ ਨਾ ਜਾਣੇ ਗੁਣ ਕੀਆ
ਚਣਾ ਨਾ ਜਾਣੇ ਵਾਹ
ਆਪਣੀ ਮੌਤ ਬਤਾਇਕੇ
ਫਿਰ ਰੋਇਆ ਬਾਰਾਹ
241
ਮੁੰਡਾ ਸੀਂਢਲ
ਛੋਲੇ ਢੀਂਮਲ
242
ਨੇ ਵਾਹ ਮੁੰਡਾ
ਦਸ ਵਾਹ ਗੱਡਾ
ਜ਼ਮੀਨ
243
ਨੀਵੀਂ ਖੇਤੀ ਤੇ ਉੱਚਾ ਸਾਕ
ਜਦ ਲੱਗੇ ਤਦ ਤਾਰੇ
244
ਕੱਛੀ ਸੋਨੇ ਦੀ ਪੱਛੀ
245
ਭੌਂ ਰੋਹੀ
ਤਲਵਾਰ ਸਰੋਹੀ
ਮਹਿ ਲੋਹੀ
246
ਮੱਝ ਨਹੀ
ਜ਼ਮੀਨ ਰੋਹੀ
247
ਮੱਝ ਲੋਹੀ
ਭੋਂ ਰਹੀ
ਰੰਨ ਜੱਟੀ
ਹੋਰ ਸਭ ਚੱਟੀ
248
ਜ਼ਮੀਨ ਦੋਸਾਈ
ਮੁਲਕ ਵਸਾਈ
249
ਗਿੱਲੀ ਗੋਹਾ
ਸੁੱਕੀ ਲੋਹਾ
250
ਮੂੰਹ ਰੇਤ ਤੇ ਵਿੱਚੋਂ ਕਾਲੀ
ਇਸ ਜ਼ਮੀਨ ਦਾ ਬਣਜਾ ਹਾਲੀ
251
ਛਲ ਜ਼ਮੀਨ
ਕੀ ਕਰੇ ਅਮੀਨ
252
ਰੱਕੜ ਰਹਾਵਣ
ਮਗਜ਼ ਖਪਾਵਣ
253
ਲੱਸ ਜ਼ਮੀਨ ਹੈ ਬਹੁਤ ਸੁਖਾਲੀ
ਮੱਲ੍ਹੜ ਮੀਂਹ ਨਾ ਮੰਗੇ ਹਾਲੀ
254
ਛਲ ਨਾ ਲੋੜੇ ਮੇਘਲਾ
ਰੇਤ ਨਾ ਜੰਮੇ ਘਾਸ
ਰੋਹੀਆਂ ਲੋਹਰੇ ਲੁੱਟੀਆਂ
ਮੇਰੇ ਦੀ ਨਹੀਂ ਆਸ
255
ਰੋਹੀ ਭੋਂ ਸਪੁੱਤ ਘਰ
ਅਰ ਸਤਵੰਤੀ ਨਾਰ
ਘੋੜਿਆ ਉੱਤੇ ਚੜ੍ਹਨਾ
ਸੁਰਗ ਨਿਸ਼ਾਨੀ ਚਾਰ
256
ਵਾਹੇ ਰੜੀ
ਨਾ ਕੋਠਾ
ਨਾ ਕੜੀ
257
ਰੱਕੜ, ਮੇਰਾ, ਲੱਸ ਲਪਾਰਾ
ਚਾਰੇ ਕਿਸਮਾਂ ਫਸਲ ਨਿਆਰਾ
258
ਰੜੀ ਤੋਂ ਨਖਾਂਦੀ
ਪਾਣੀ ਦੇਂਦਿਆਂ ਜਲ ਜਾਂਦੀ
ਮੀਂਹ ਨਾ ਪਵੇ
ਤਾਂ ਖਸਮਾਂ ਖਾਂਦੀ
259
ਰੋਹੀ ਵਿੱਚ ਕਮਾਦ
ਧਨੀਆਂ ਛੱਲ ਦਾ
ਕੱਲਰ ਆਪ ਨਿਕਾਰਾ
ਕੁਛ ਨਾ ਝੱਲਦਾ
260
ਜੇ ਹੈਂ ਘਰ ਤੇ ਹੀਣਾ
ਮੁਢ ਬੀਜ ਲੈ ਚੀਣਾ
261
ਜੇ ਹੈਂ ਘਰ ਤੇ ਮਾੜਾ
ਨਿਆਈਂ ਬੀਜ ਲੈ ਬਾੜਾ
262
ਜੱਟ ਟਿੱਬੇ ਵਾਲਾ ਵਾਹੁੰਦੇ
ਉਹ ਰਾਜੀ-ਰਾਜੀ ਜਾਂਦੇ
ਭਰ-ਭਰ ਮੁੱਠੀਆਂ ਬੀਜ ਪਾਉਂਦੇ
ਜੱਟ ਟਿੱਬਾ ਵੱਢਣ ਜਾਂਦੇ
ਉਹ ਕੂੰਜ ਵਾਂਗ ਕੁਰਲਾਂਦੇ
ਭਰ-ਭਰ ਮੁੱਠੀਆਂ ਖੋਹ ਉਡਾਂਦੇ
263
ਬੰਦਰਾਂ ਵਾਲੀ ਜ਼ਮੀਨ ਨਾ ਵਾਹੀਏ
ਭਾਵੇਂ ਲੱਗਦਾ ਹੋਵੇ ਪਾਣੀ
ਉਸ ਗਾਉਂ ਦੇ ਹੱਡ ਨਾ ਵੱਸੀਏ
ਜਿੱਥੇ ਔਰਤ ਹੋਵੇ ਮੁਕੱਦਮਾਨੀ
264
ਕੱਲਰ ਖੇਤੀ
ਜਿਹੀ ਵਾਹੀ
ਜਿਹੀ ਅਣਵਾਹੀ
265
ਕੱਲਰ ਖੇਤ ਨਾ ਲੱਗੇ ਰੁੱਤ
ਖੇਤੀ ਲਗ-ਲਗ ਜਾਂਦੀ ਸੁੱਕ
ਭਾਵੇਂ ਕਿੰਨੀ ਰਹੀਆਂ ਪੁੱਟ
ਉੱਥੇ ਮੂਲ ਨਾ ਲੱਗਦੀ ਭੁਖ
266
ਕੱਲਰ ਵਿੱਚ ਜੋ ਬੀਜ ਰਲਾਵੇ
ਨਾ ਕੁੱਛ ਥੀਵੇ ਨਾ ਕੁੱਛ ਚਾਵੇ
267
ਕੱਲਰ ਖੇਤੀ ਖੂਹ ਬਸੀਮਾਂ
ਮੂਰਖ ਬੀਜ ਗੰਵਾਈ
ਜੇ ਨਰ ਨਾਰ ਬਗਾਨੀ ਸੇਵੀਂ
ਉਸ ਨੂੰ ਅਕਲ ਨਾ ਕਾਈ
268
ਨਿਆਈਂ, ਗਸਰਾ, ਜ਼ਾਤ ਸਿਆਣੀ
ਟਿੱਬਾ ਰੱਕੜ ਬਹੁਤ ਨਿਮਾਣੀ
ਕਾਲੀ ਕੱਲਰ ਖਸਮਾਂ ਖਾਣੀ
ਰਹੀ ਰੇਤਲੀ ਆਪ ਗੰਵਾਣੀ
269
ਹਲ਼ ਹੌਲਾ ਤੋਂ ਪਤਲੀ
ਬੀਜ ਤਿਲੋਂ ਕੇ ਸੰਗ
ਐਸੀ ਖੇਤੀ ਬੀਜ ਕੇ
ਨਿਸਚੇ ਬੈਠ ਨਿਸੰਗ
270
ਜ਼ਮੀਨ ਵਾਹਿਆਂ
ਫਸਲ ਗਾਹਿਆਂ
271
ਰਾਹ ਉੱਤੇ ਖੇਤੀ
ਖੂਹ ਦੀ ਵਿੰਗੀ ਲੱਠ
ਰੰਨ ਤਮਾਖੂ ਛਿੱਕਣੀ
ਤਿੰਨੇ ਚੋੜ ਚਪੱਟ
272
ਧੀ ਕਾਣੀ ਨੂੰਹ ਰੰਡਾਣੀ
ਖੂਹ ਦੀ ਵਿੰਗੀ ਲੱਠ
ਰਸਤੇ ਉੱਤੇ ਖੇਤੀ
ਚਾਰੇ ਚੋੜ ਚਪੱਟ
273
ਬਾੜੀ
ਸੋਨੇ ਦੀ ਮਾੜੀ
274
ਬੀਜ ਨਿਆਈਂ
ਨਿੱਤ ਵਿਆਹ ਕਰਾਈਂ
275
ਨੀਵੀਂ ਭੌਂ ਤੇ ਉੱਚਾ ਸਾਕ
ਜਿਸ ਨੂੰ ਲਭਣ ਉਸ ਦੇ ਭਾਗ
276
ਕੱਲਰ ਖੂਹ ਵਸੀਮੇ ਖੇਤੀ
ਜਦ ਤੋਲੀਏ ਤਾਂ ਮਣ ਦੇ ਤੇਤੀ
278
ਵਸੰਦਰ ਬੇਟ, ਨਾ ਤਨ ਕੱਪੜਾ
ਨਾ ਰੋਟੀ ਪਏ ਪੇਟ
ਖਾਦ ਬਾਰੇ
279
ਕਣਕ ਕਮਾਦੀ ਛੱਲੀਆਂ
ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
ਤੂੰ ਨਾ ਜਾਈਂ ਭੁੱਲ
280
ਜੇ ਤੂੰ ਉਹਲ* ਪਾਈ ਖੇਤ
ਦੋ ਖੇਤੀ ਲਾਏ ਇੱਕ ਖੇਤ
281
ਕੂੜਾ ਚੰਗਾ ਖੇਤੀਆਂ
ਜਿਉਂ ਆਦਮੀਆਂ ਨੂੰ ਘਿਉ
ਨਾਲ ਕੂੜੇ ਦੇ ਖੇਤੀਆਂ
ਹੋਵਣ ਇੱਕ ਤੋਂ ਦੋ
282
ਖਾਦ ਪਏ ਤਾਂ ਖੇਤ
ਨਹੀਂ ਤਾਂ ਬਾਲ ਰੇਤ 283
ਜਿਸ ਦੇ ਪਾਹ
ਉਹ ਬਾਦਸ਼ਾਹ
284
ਪਾ ਰੂੜੀ
ਖਾ ਚੂਰੀ
285
ਛੱਲੀਆਂ ਨੂੰ ਗੋਡਕੇ
ਮੁੱਢੀ ਝੰਗੀ' ਘੱਤ
ਗੱਠ ਚੰਗੀ ਲਗ ਜਾਊਗੀ
ਇਹ ਜਾਣੀ ਤੂੰ ਮੱਤ
"ਉਹਲ-ਖਾਦ *
*ਝੰਗੀ-ਖਾਦ
286
ਢੇਰ ਨਿਆਈਂ ਪਾਣੀ ਧਾਈਂ
ਜਿਤਨਾ ਪਾਈਂ ਉਤਨਾ ਖਾਈ
287
ਪਾ ਖਾਦ
ਬੀਜ ਕਮਾਦ
288
ਜੋ ਕੁਛ ਕਰੇ ਪਾਹ
ਨਾ ਪਿਓ ਕਰੇ ਨਾ ਮਾਂ
289
ਜਿਸ ਪਾਈ ਪਾਹ
ਉਸ ਦੀ ਫਸਲ ਕਾਲੀ ਸ਼ਾਹ
290
ਪਵੇ ਢੇਰ
291
ਵਧੇ ਢੇਰ
ਜਿਤਨੇ ਬੋਰੇ ਪਾ
ਉਤਨੇ ਬੋਰੇ ਚਾ
ਜੇ ਨਾ ਪਾਏਂ ਪਾਹ
ਘਰ ਨੂੰ ਖਾਲੀ ਜਾਹ
292
ਜੇ ਤੂੰ ਪਾਵੇਂ ਰੂੜੀ
ਦੂਣੇ ਦਾਣੇ ਚੌਣੀ ਤੂੜੀ
293
ਰੂੜੀ ਬੰਨੇ ਨੂੰਹ ਪੇਕੇ
ਦੱਸੋ ਪੰਚੇ ਕਿਹੜੇ ਲੇਖੇ
294
ਹਰੀ ਪਾਦ ਵਾਹ
ਦੁਗਣਾ ਅਨਾਜ ਪਾ
295
ਰੋਟੀ ਖਾਏ ਓਹ
ਜੀਹਨੂੰ ਪਿਆਰਾ ਗੋਹ
296
ਖਾਦ ਖੇਤ ਮੇਂ ਸੋਨਾ
ਗਾਓਂ ਮੇਂ ਜ਼ਹਿਰ
297
ਮੋਟਾ ਬੀ ਤੇ ਮੱਲੜ੍ਹ ਪਾ
ਐਸ਼ਾਂ ਕਰਦਾ ਘਰ ਨੂੰ ਜਾਹ
298
ਜਿਸ ਪੱਟੀ ਵਿੱਚ ਪਾਵੇਂ ਪਾਹ
ਥੋੜਾ ਖਰਚ ਤੇ ਦੂਣਾ ਲਾਹ
299
ਜਿੱਥੇ ਫੌਸੀ
ਉੱਥੇ ਕੁਛ ਹੋਸੀ
300
ਜਿਸ ਦੀ ਰੂੜੀ
ਉਸ ਦੀ ਮੂੜੀ
301
ਪੋਹ ਨਾ ਦਿੱਤਾ ਪਾਣੀ
ਮਾਘ ਨਾ ਪਾਈ ਖਾਦ
ਮਾਲਕ ਅਤੇ ਮਜ਼ਾਰਾ, ਦੋਵੇਂ ਨਾਸ਼ਾਦ
ਬੀਜ ਦੀ ਚੋਣ
302
ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ
303
ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ
304
ਬੀ ਚੁਣੇ
ਫਸਲ ਸੋਨੇ
305
ਵਾਹੀ ਉਸ ਦੀ
ਜਿਸ ਦਾ ਆਪਣਾ ਬੀ
306
ਜਿਸ ਨੂੰ ਬੀ ਸੁਥਰਾ ਹਥ ਆਵੇ
ਉਹ ਖੁਸ਼ੀਆਂ ਨਾ ਕਿਵੇਂ ਮਨਾਵੇ
307
ਮੋਟਾ ਬੀ ਤੇ ਮੱਲ੍ਹੜ ਪਾ
ਐਸ਼ਾਂ ਕਰਦਾ ਘਰ ਨੂੰ ਜਾਹ
308
ਮੋਟੇ ਦਾਣੇ ਤੇ ਸਾਬਤ ਨੱਕੇ
ਨਾਲੀ ਰਾਹ ਜੇ ਚੰਗੀ ਪੱਕੇ
309
ਅੱਛਾ ਬੀਜ ਤੇ ਚੋਖੀ ਖਾਦ
ਮਾਲਿਕ ਖੁਸ਼ ਮੁਜ਼ਾਰਾ ਸ਼ਾਦ
310
ਪਰਹੱਥੀਂ ਵਣਜ ਸੁਨੇਹੀਂ ਖੇਤੀ
ਬਿਨ ਦੇਖੇ ਵਰ ਦੇਵੇ ਬੇਟੀ
ਅਨਾਜ ਪੁਰਾਣਾ ਦੱਬੇ ਖੇਤੀ
ਇਹ ਚਾਰੇ ਦੇਖੋ ਡੁੱਬਦੇ ਛੇਤੀ
311
ਰਲੇ ਬੀ ਦੀ ਫੇਰੇ ਨਾਲੀ,
ਖੋਟਾ ਬੀ ਤੇ ਗੰਦਾ ਹਾਲੀ
312
ਹਲ ਹੌਲਾ ਕੇ ਪਤਲੀ
ਬੀਜ ਤਿਲੋਂ ਕੇ ਰੰਗ
ਐਸੀ ਖੇਤੀ ਬੀਜ ਕਰ
ਨਿਸਚੇ ਬੈਠ ਨਿਸ਼ੰਗ
ਬੀਜਾਈ
313
ਪਰਾ ਬਾਦਸ਼ਾਹ
ਕੇਰਾ ਵਜ਼ੀਰ
ਛੱਟਾ ਫਕੀਰ
314
ਮੋਟੇ ਦਾਣੇ ਤੇ ਸਾਬਤ ਨੱਕੇ
ਨਾਲੀ ਰਾਹ ਜੇ ਚੰਗੀ ਪੱਕੇ
315
ਅਗੇਤਾ ਝਾੜ
ਪਛੇਤੀ ਸੱਥਰੀ
316
ਅਗਾਈ
ਸੋ ਸਵਾਈ
317
ਪਹਿਲਾਂ ਬੀਜੇ
ਪਹਿਲਾਂ ਵੱਢੇ
ਖੇਤੋਂ ਮੁਫਤੀ ਮਾਮਲਾ ਕੱਢ
318
ਬਾਜਰਾ ਜੋਠੀ ਦਾ
ਪੁੱਤਰ ਪਲੇਠੀ ਦਾ
319
ਕਣਕ ਕੱਤੇ ਦੀ
ਪੁੱਤ ਜੇਠੀ ਦਾ
320
ਕੱਤਕ ਜੱਟ ਨੂੰ ਪਈ ਬਿਜਾਈ
ਮੋਈ ਮਾਂ ਭੜੋਲੇ ਪਾਈ
321
ਜੋ ਚੜ੍ਹਦੇ ਕੱਤਕ ਹਾੜ੍ਹੀ ਬੀਜਣ
ਘਰੇ ਅਨਾਜ ਨਾ ਮੇਵਨ
ਤੇ ਮੱਘਰ ਪੋਹ ਰਲਾਵਨ ਜਿਹੜੇ
ਪੱਲਿਓਂ ਹਾਲਾ ਦੇਵਨ
322
ਕੱਤਕ ਦੀ ਡਾਲੀ ਮੱਘਰ ਦੀ ਪਾਲੀ
ਬੀਜ ਪੋਹ ਤੇ ਹੱਥੀਂ ਖੋਹ
323
ਪੋਹ ਮਾਘ ਵਿੱਚ ਬੀਜੇ ਜੋ
ਲਹਿਣੀ ਇੱਕ ਨਾ ਦੇਣੀ ਦੋ
324
ਪੋਹ ਦੀ ਬਿਆਈ
ਜਿਹੀ ਘਰ ਆਈ
ਜਿਹੀ ਨਾ ਆਈ
325
ਪੋਹ ਦੀ ਬਜਾਈ
ਗਿੱਠ ਨਾਲੀ ਤੇ ਕੌਡੀ ਸਿੱਟਾ
326
ਜਿਸ ਨੇ ਬੀਜੀ ਪੋਹ
ਉਹ ਘਰ ਬੈਠਾ ਰੋ
327
ਬੀਜੇ ਪੋਹ
ਤੇ ਹੱਥੋਂ ਖੋਹ
328
ਪੋਹ ਦੀ ਰਾਧੀ
ਕਿਸੇ ਨਾ ਖਾਧੀ
329
ਪੋਹ ਦੀ ਖੇਤੀ ਭੁੱਖ ਤੇ ਕਾਲ
ਬੁੱਢੇ ਦਾ ਪੁੱਤ ਲੋਕਾਂ ਦਾ ਜੰਜਾਲ
330
ਕਮਾਦੀ ਬੀਜੋ ਵਸਾਖ
ਕਮਾਦੀ ਦੀ ਨਾ ਰੱਖਿਓ ਆਸ
331
ਧੀ ਨਾ ਰੱਖੀਏ ਲਾਡਲੀ
ਵਿਸਾਖ ਨਾ ਬੀਜੀਏ
ਇੱਖ ਉਹ ਘਰ ਨਾ ਵਸਦੇ
ਜਿਨ੍ਹਾਂ ਲਈ ਪਰਾਈ ਸਿੱਖ
332
ਕਮਾਦੀ ਬੀਜੇ ਫੱਗਣ
ਫੇਰ ਦੇਖੋ ਕਮਾਦੀ ਦੀ ਲੱਗਣ
333
ਜੋ ਜੌਂ ਪੰਜਵੀਂ ਕੱਤਕ ਗੱਡੇ
ਇਕ ਕਨਾਲੋਂ ਇੱਕ ਉੱਠ ਲੱਦੇ
334
ਅਨੰਤ ਚੌਦੇਂ ਨੂੰ ਬੀਜੇ ਛੋਲੇ
ਮੀਂਹ ਪਵੇ ਤਾਂ ਹੋਣ ਭਬੋਲੇ
ਨਾ ਪਵੇ ਮੀਂਹ
ਤਾਂ ਖਸਮ ਧਰਤੀ ਫਰੋਲੇ
335
ਅੱਸੂ ਵਿੱਚ ਕਣਕ ਰਹੀਵੇ
ਸਾਵਣ ਮੱਕ ਜਵਾਰ
ਚੇਤਰ ਫੱਗਣ ਕੱਕੜੀਆਂ
ਵਿਸਾਖ ਵਿੱਚ ਬਨਵਾੜ'
336
ਬੀ ਪਾ ਸਵੱਲਾ
ਭਰ ਲੈ ਪੱਲਾ
337
ਕਣਕ ਦੇ ਵੱਢ ਕਮਾਦੀ ਕੀਤੀ
ਕੀਤਾ ਜੀਆਂ ਦਾ ਖੌ
ਬਾਹਰ ਵਾਲਾ ਬਾਹਰ ਖਲੋਤਾ
ਅੰਦਰ ਵਾਰ ਨਾ ਸੌਂ
338
ਸੇਂਜੀ ਦੇ ਵੱਢ ਕਮਾਦੀ ਬੀਜੀ
ਅੰਦਰ ਵੜ ਕੇ ਸੌਂ
339
ਕਣਕ ਕਮਾਦੀ ਸੰਘਣੀ
ਟਾਵੀਂ-ਟਾਵੀਂ ਕਂਗਣੀ
340
ਕਣਕ ਪਤਲੀ ਤਿਲ ਸੰਘਣੇ
ਖੂਹ ਪੁਰਾਣੀ ਲੱਠ
ਮੁਢ ਪਵਾਏ ਖੇਤ ਜੇ
ਚਾਰੇ ਚੌੜ ਚੁਪੱਟ
341
ਕਣਕ ਵਿਰਲੀ ਤਿਲ ਸੰਘਣੇ
ਖੇਤ ਨਦੀ ਦੇ ਸਹਿਨ
ਧੀ ਅੰਨ੍ਹੀ ਪੁੱਤ ਕਮਲਾ
ਸਹਿਜੇ ਲੱਗੇ ਟਹਿਨ
342
ਡੱਡ ਟਪਾਕੇ ਬਾਜਰਾ
ਤਿੱਤਰ ਤੇਰ ਜਵਾਰ
ਕਣਕ ਕਮਾਦੀ ਸੰਘਣੀ
ਕਦੇ ਨਾ ਆਵੇ ਹਾਰ
343
ਤਿਲ ਸੰਘਣੇ, ਵਿਰਲੀ ਕਣਕ
ਮੁੰਝਾਂ ਦੇਵਣ ਕੱਟ
ਨੂਹਾਂ ਜੰਮਣ ਕੁੜੀਆਂ
ਇਹ ਚਾਰੇ ਚੌੜ ਚੁਪੱਟ
344
ਕਣਕ ਕਮਾਦੀ ਸੰਘਣੀ
ਡੱਡ ਟਪੂਸੀ ਕੰਗਣੀ
345
ਤਿਲ ਘਣਾ ਮੋਠ ਛਿੱਦਰਾ
ਡੱਡ ਟਪ ਜਵਾਰ
ਕੋਈ ਕੋਈ ਬੂਟਾ ਬਾੜ' ਦਾ
ਕਦੀ ਨਾ ਆਵੇ ਹਾਰ
346
ਛਿੱਦੇ ਭਲੇ ਜੋ ਚੁਣੇ
ਛਿੱਦੀ ਭਲੀ ਕਪਾਸ
ਜਿਨ੍ਹਾਂ ਦੇ ਛਿੱਦੇ ਇੱਖ ਨੇ
ਨਹੀਂ ਉਨ੍ਹਾਂ ਦੀ ਆਸ
347
ਡੱਡ ਟਪੂਸੀ ਕੰਗਣੀ
ਡਾਂਗੋਂ ਡਾਂਗ ਕਪਾਹ
ਲੱਠੇ ਦੀ ਬੁੱਕਲ ਮਾਹ ਕੇ
ਛੱਲੀਆਂ ਵਿੱਚ ਦੀ ਜਾ
348
ਤਿੱਲ ਵਿਰਲੇ ਜੌਂ ਸੰਘਣੇ
ਵੱਟੋ ਵੱਟ ਕਪਾਹ
ਲੇਫ ਦੀ ਬੁੱਕਲ ਮਾਰ ਕੇ
ਤੂੰ ਮੱਕੀ ਵਿੱਚ ਦੀ ਜਾ
349
ਮੋਨ ਸਪਤਲ ਤਿਲ ਘਣੋ
ਡਡ ਤਰਪ ਜਵਾਰ
ਗਿੱਠੋ ਉੱਤੇ ਬਾਜਰਾ
ਦੁਲਾਂਘਾਂ ਉੱਤੇ ਬਾਰ*
350
ਚਣਾ ਚੇਤ ਘਣਾ
ਕਣਕ ਘਣੀ ਵਿਸਾਖ
ਤੀਵੀਂ ਘਣੀ ਤਾਂ ਜਾਣੀਏਂ
ਜੇ ਮੁੰਡਾ ਹੋਵੇ ਢਾਕ
351
ਛੋਲੇ ਢੀਮਲ
ਮੁੰਡਾ ਸੀਂਢਲ
352
ਛੋਲੇ ਕੀ ਜਾਨਣ ਵਾਹ ਨੂੰ
ਸਾਹਨ ਕੀ ਜਾਣੇ ਰਾਹ ਨੂੰ
353
ਡੰਡੇ-ਡੰਡੇ ਬਾਜਰਾ
ਡੰਡ ਟਪ ਜਵਾਰ
ਘਣੀ ਕਣਕ
ਉੱਠ ਬਹੇ ਬੰਨਵਾੜ*"
*ਬਾਰ-ਕਪਾਹ
*'ਵੰਡਵਾੜ-ਕਪਾਹ
354
ਜੋ ਕੁਝ ਬੀਜੇ ਸੋਈ ਜੰਮੇ
ਜਿਸ ਨੇ ਵਾਹ ਕਮਾਈ
ਤੂੰ ਕਿਉਂ ਆਪਣੀ ਖੇਤੀ ਅੰਦਰ
ਕਾਹੀ ਦਭ ਉਗਾਈ
355
ਆਪੇ ਬੀਜ
ਆਪੇ ਹੀ ਖਾਹ
356
ਕਰ ਸੇਵਾ
ਖਾ ਮੇਵਾ
ਸੰਜਾਈ
357
ਜਨਾਨੀ ਸੋ ਜੋ ਪੇਕਿਓਂ ਰਾਣੀ
ਜ਼ਮੀਨ ਜੋ ਜਿਸ ਦੇ ਸਿਰ ਤੇ ਪਾਣੀ
358
ਓਹ ਜ਼ਮੀਨ ਰਾਣੀ
ਜੀਹਦੇ ਸਿਰ ਤੇ ਪਾਣੀ
359
ਢੇਰ ਨਿਆਈਂ
ਪਾਣੀ ਖਾਈਂ
ਜਿਤਨਾ ਪਾਈਂ
ਉਤਨਾ ਖਾਈਂ
360
ਸੱਠੀ ਪੱਕੇ ਸੱਠੀ ਦਿਨੀਂ
ਜੇ ਪਾਣੀ ਮਿਲੇ ਅੱਠੀ ਦਿਨੀਂ
361
ਜਿਸ ਦਾ ਵਗੇ ਖਾਲ
ਕੀ ਕਰੂਗਾ ਉਹਨੂੰ ਕਾਲ
362
ਜਿਨ੍ਹਾਂ ਵਾਹੇ ਖੂਹ
ਉਨ੍ਹਾਂ ਦੀ ਸੁਖੀ ਸੁੱਤੇ ਰੂਹ
363
ਪੋਹ ਨਾ ਦਿੱਤਾ ਪਾਣੀ
ਮਾਘ ਨਾ ਪਾਈ ਪਾਦ
ਮਾਲਕ ਅਤੇ ਮੁਜ਼ਾਰਾ
ਦੋਵੇਂ ਨਾਬਾਦ
364
ਸਮੇਂ-ਸਮੇਂ ਪਰ ਕਰੇ ਸੱਚਾਈ
ਦੂਣਾ ਆਲੂ ਘਰ ਲੈ ਜਾਈਂ
365
ਬਿਨ ਮੌਕੇ ਦਾ ਦੇਣਾ ਪਾਣੀ
ਫਸਲ ਤੇਰੀ ਖਰਾਬ ਹੋ ਜਾਣੀ
ਗੋਡੀ
366
ਜਿਸ ਖੇਤੀ ਵਿੱਚ ਫਿਰ ਜਾਵੇ ਰੰਬਾ
ਉੱਥੇ ਦਾਣਾ ਹੁੰਦਾ ਚੰਗਾ
367
ਜਿੰਨੀ ਗੋਡੀ
ਓਨੀ ਡੋਡੀ
368
ਕਪਾਹ ਨਾ ਗੁੱਡੀ ਦੇ ਪੱਤੀ
ਤੂੰ ਚੁਗਣ ਕੀ ਆਈ ਕਪੱਤੀ
369
ਬਨਵਾੜ, ਮਕਈ ਕਮਾਦ ਨੂੰ
ਗੋਡੀਆਂ ਦੇਹ ਸੰਵਾਰ
ਤਮਾਖੂ ਗੋਡੀਆਂ ਬਹੁਤ ਦੇਹ
ਪਿੱਛੋਂ ਗੋਡ ਜਵਾਰ
370
ਇਖ ਗੋਡ ਕੇ ਤੁਰਤ ਦਬਾਰੇ
ਤਾਂ ਫਿਰ ਇਖ ਬਹੁਤ ਸੁਖ ਪਾਵੇ
ਵਾਢੀ ਤੇ ਗਹਾਈ
371
ਮੰਗਲ ਦਾਤੀ, ਬੁਧ ਬਿਆਈ
372
ਖੇਤੀ ਜੱਟਾ ਕੱਟ ਲੈ
ਜਦ ਜਾਣੇ ਪੱਕ ਜਾਏ
ਜੇ ਤੂੰ ਰਿਹਾ ਸੋਚਦਾ
ਚਿੜੀ ਜਾਨਵਰ ਖਾਏ
373
ਵਸਾਖ ਨਾ ਕੱਟੀਆਂ
ਜੇਠ ਨਾ ਚਾਈਆਂ
ਉਹ ਕੀ ਕਰਸਣ ਕਮਾਈਆਂ
374
ਆਈ ਮੇਖ
ਜੱਟਾ ਕੱਚੀ ਪੱਕੀ ਨਾ ਦੇਖ
375
ਕੂੰਜਾਂ ਕਣਕਾਂ ਮਿਹਣਾ
ਜੇ ਰਹਿਣ ਵਿਸਾਖ
376
ਕਣਕ ਪੱਕੇ ਜੌਂ ਬੱਢੀਏ
ਛੋਲੇ ਲਈਏ ਗਾਹ
377
ਧਾਨ ਲੁਣੀਏ ਹਰੇ
ਜੌਂ ਲੁਣੀਏ ਢਲੇ
378
ਓਸ ਮੇਂ ਮੋਠ ਧੂਪ ਮੇਂ ਜੁਆਰ
ਵਕਤ-ਵਕਤ ਪਰ ਕਾਟ ਗਵਾਰ
379
ਮੁੱਢ ਵੱਢ, ਨਿੱਕੀ ਗਾਹ
ਘਾਟਾ ਪਵੇ ਤਾਂ ਮੈਥੋਂ ਪਾ
380
ਰਾਹ ਰਹਿਨ ਤੇ ਗਾਹ ਗਹਿਨ
381
ਦਿਹੁੰ ਲਹੇ
ਤੇ ਬਾਜਰਾ ਗਹੇ
382
ਮਹੀਨ ਵਾਹੇ ਮਹੀਨ ਗਾਹੇ
ਮਣ ਮਾਣੀ ਵਾਧਾ ਪਾਏ
383
ਵਾ ਪੂਰੇ ਦੀ ਵੱਗੇ
ਸਾਂਝੀ ਛੱਜ ਕਰੇਂਦਾ ਅੱਗੇ
384
ਵਿਸਾਖ ਜੇਠ ਗਾਹ ਗਾਹੇਂ
ਇਨ੍ਹੀਂ ਮਹੀਨੇ ਨਾ ਵਸਾਏ
385
ਜ਼ਮੀਨ ਵਾਹਿਆਂ ਫਸਲ
ਫ਼ਸਲਾਂ
ਕਣਕ
386
ਕਣਕ ਪੁਰਾਣੀ ਘਿਓ ਨਵਾਂ
ਘਰ ਸਤਵੰਤੀ ਨਾਰ
ਘੋੜਾ ਹੋਵੇ ਚੜ੍ਹਨ ਨੂੰ
ਚਾਰੇ ਸੁਖ ਸੰਸਾਰ
387
ਗੇਹੂੰ ਭੋਜਨ ਗਊ ਧਨ
ਘਰ ਸੁਲੱਖਣੀ ਨਾਰ
ਚੌਥੀ ਪੀਠ ਤੁਰਕ ਕੀ
ਸੁਰਗ ਨਿਸ਼ਾਨੀ ਚਾਰ
388
ਰਹੀਏ ਸ਼ਹਿਰ
ਭਾਵੇਂ ਹੋਵੇ ਕਹਿਰ
ਖਾਈਏ ਕਣਕ
ਭਾਵੇਂ ਹੋਵੇ ਜ਼ਹਿਰ
389
ਵੱਸੀਏ ਲਾਹੌਰ
ਭਾਵੇਂ ਝੁੱਗੀ ਹੋਵੇ
ਖਾਈਏ ਕਣਕ
ਭਾਵੇਂ ਭੁੱਗੀ ਹੋਵੇ
390
ਕਣਕ ਘਟੇਂਦਿਆਂ ਗੁੜ ਘਟੇ
ਮੰਦੀ ਪਏ ਕਪਾਹ ਕਪਾਹ
391 ਚੀਣਾ ਕਮੀਨਾ
ਜੁਆਰ ਖਵਾਰ
ਨੀਲ ਵਕੀਲ
ਤੇ ਵਾੜ ਸਰਦਾਰ
392
ਕਪਾਹ ਫੁੱਟੀ
ਜਿੱਥੇ ਸਾਰੀ ਓਥੇ ਲੁੱਟੀ
393
ਜੇ ਕੰਤਾ ਤੇਰੇ ਧਨ ਘਣਾ
ਗਾੜੀ ਕਰਲੈ ਦੋ
ਜੋ ਕੰਤਾ ਤੇਰੇ ਰਿਣ ਘਣਾ
ਖੇਤ ਮੇਂ ਬਾੜੀ' ਬੋ
394
ਕਮਾਦ ਚਲ੍ਹੇ ਕਪਾਹ ਮਲ੍ਹੇ
395
ਜੇ ਚਾਹੇ ਕਿਰਸਾਣ ਅਨਾਜ ਘਣਾ
ਤੇ ਬੋ ਦੇ ਜੌਂ ਚਣਾ
ਛੋਲੇ
396
ਜੱਟ ਕੀ ਜਾਣੇ ਰਾਹ
ਮਾਂਹ ਕੀ ਜਾਣੇ ਘਾਹ
ਚਣਾ ਕੀ ਜਾਣੇ ਵਾਹ
397
ਬੀਜਾਂ ਵਿੱਚੋਂ ਬੀਜ ਚੰਗੇਰਾ
ਚਾਵਲ ਕਣਕ ਚੁਣਕ** ਅਛੇਰਾ
398
ਜੋ ਮਸ੍ਵਰ ਚਣਾ
ਚੇਤ ਹੁੰਦਾ ਘਣਾ
ਕਮਾਦ
399
ਇਖ ਬਿਨਾਂ ਕੈਸੀ ਖੇਤੀ
ਜੈਸੇ ਜਮਨਾ ਕੀ ਰੇਤੀ
'ਬਾੜੀ-ਕਪਾਹ *
*ਚਣਕ-ਛੋਲੇ
400
ਧਾਨ ਢਹੇ ਤਾਂ ਵੱਸੇ ਘਰ
ਕਮਾਦ ਢਹੇ ਤਾਂ ਮਾਮਲੇ ਦਾ ਡਰ
401
ਦਿਨੇ ਕਮਾਦੀ ਚੰਗੀ ਭਲੀ
ਰਾਤ ਕਮਾਦੀ ਹਰ ਲਈ
ਚੀਣਾ ਕੰਗਣੀ ਬੀਜੋ ਭਾਈ
ਨਹੀਂ ਕਮਾਦੀ ਕਰਨੀ
ਧਾਨ
402
ਖੇਤੀ ਧਾਈਂ*
ਤੇ ਭੋਂ ਨਿਆਈਂ
403
ਢੇਰ ਨਿਆਈਂ
ਪਾਣੀ ਧਾਈਂ
ਜਿਤਨਾ ਪਾਈਂ
ਉਤਨਾ ਖਾਈਂ
404
ਧਾਨ ਕਹੇ ਮੈਂ ਹੂੰ ਸੁਲਤਾਨ
ਆਏ ਗਏ ਕਾ ਰਾਖੁ ਮਾਨ
ਜੋ ਕੋਈ ਮੇਰੇ ਚਾਵਲ ਕਰ
ਤੋ ਘੀ ਬੂਰਾ ਤਰਤਾ ਫਿਰੋ
405
ਕਣਕ ਡਿੱਗੇ ਕੰਬਖਤ ਦੀ
ਝੋਨਾ ਡਿੱਗੇ ਬਖਤਾਵਰ ਦਾ
ਮਾਂਹ
406
ਜੇ ਨਾ ਦਾਲ ਮਹਾਂ ਦੀ ਹੁੰਦੀ
ਬਾਣੀਏ ਦੀ ਔਲਾਦ ਨਾ ਹੁੰਦੀ
407
ਜੱਟ ਕੀ ਜਾਣੇ ਰਾਹ
ਮਾਂਹ ਕੀ ਜਾਣੇ ਘਾ
ਚਣਾ ਕੀ ਜਾਣੇ ਵਾਹ
408
ਪੋਹ ਦੀ ਮੁਠ ਮਾਂਹ ਦੀ ਭਰੀ
ਫਗਣ ਜਿਹੀ ਚਰੀ ਨਾ ਚਰੀ
ਮੋਠ
409
ਮੋਠ ਬਾਜਰਾ ਟਿੱਬਿਆਂ ਮੇਂ ਰਾਜ਼ੀ
ਗੋਹੂੰ ਰਾਜ਼ੀ ਕਿਆਰਿਆਂ
ਗੋਕਾ ਤੋ ਸੁਕੇ ਮੇਂ ਰਾਜ਼ੀ
ਭੈਂਸ ਰਾਜੀ ਗਾਰਿਆਂ
ਮੂੰਗ
410
ਜੇਠ ਕਪਾਹ ਗੱਡੀਏ
ਹਾੜ੍ਹ ਮਕਈ ਸੰਵਾਰ
ਭਾਦੋਂ ਮਾਂਹ ਤੇ ਮੂੰਗ ਗੱਡ
ਗੱਡ ਸਾਵਣ ਤਿਲ ਜਵਾਰ
ਮੱਕੀ
411
ਕਣਕ ਕਮਾਦੀ ਸੰਘਣੀ
ਡਾਂਗੋਂ ਡਾਂਗ ਕਪਾਹ
ਰਜਾਈ ਦੀ ਬੁੱਕਲ ਮਾਰ ਕੇ
ਮੱਕੀ ਵਿੱਚ ਦੀ ਜਾ
412
ਤਿਲ ਵਿਰਲੇ ਜੋ ਸੰਘਣੇ
ਡਾਂਗੋਂ ਡਾਂਗ ਕਪਾਹ
ਲੈਫ ਦੀ ਬੁੱਕਲ ਮਾਰ ਕੇ
ਪੈਲੀ ਵਿੱਚੋਂ ਜਾਹ
ਪਸ਼ੂ
ਬਲਦ
413
ਬੂਰੀ ਹੋਵੇ ਮੱਝ ਤੇ ਚਾਟੀ ਠਣਕਦੀ
ਜੱਟੀ ਲਿਆਵੇ ਰੋਟੀ ਪੈਰੋਂ ਛਣਕਦੀ
ਬਲਦਾਂ ਦੀ ਇੱਕ ਜੋੜੀ ਕੋਠੀ ਕਣਕ ਦੀ
ਨਿੰਮਾ-ਨਿੰਮਾ ਵੱਸੇ ਮੀਂਹ ਤਾਂ ਜਿਮੀਂ ਫਰੋਲੀਏ
ਸਭਨਾਂ ਦਾ ਦਾਤਾ ਇਕ ਕਦੇ ਨਾ ਡੋਲੀਏ
414
ਧਨ ਗਊ ਦਾ ਜਾਇਆ
ਜੀਹਨੇ ਸਾਰਾ ਮੁਲਕ ਵਸਾਇਆ
415
ਬਲਦਾਂ ਵਾਲਾ ਰਾਮ-ਰਾਮ
ਸੰਢਿਆਂ ਵਾਲਾ ਹਾਏ-ਹਾਏ
416
ਜਿਸ ਦੇ ਘਰ ਬੋਲ ਵਾਹ
ਉਹਨੂੰ ਧਨ ਦੀ ਕੀ ਪ੍ਰਵਾਹ
417
ਜੀਹਨੂੰ ਪੂਛੋਂ ਫੜ ਉਠਾਇਆ
ਉਹਨੇ ਜੋਤਰਾ ਕਦੋਂ ਲਾਇਆ
418
ਜਿਸ ਦੇ ਢੱਗੇ ਮਾੜੇ
ਉਹਦੇ ਕਰਮ ਵੀ ਮਾੜੇ
419
ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ
420
ਰੰਨ ਭੇੜੀ ਦਾਦ" ਡੱਬਾ
ਇਹ ਕੀ ਕੀਤੇ ਈ ਮੇਰਿਆ ਰੱਬਾ
*ਦਾਂਦ-ਬਲਦ
421
ਬਲਦ ਲਾਣੇ ਦਾ
ਧੀ ਘਰਾਣੇ ਦੀ
422
ਮਾੜਾ ਢੰਗਾ
ਛੱਤੀ ਰੋਗ
423
ਲਾਖੇ ਗੋਰੇ ਹੱਬ ਨਾ ਪਾਈਂ
ਚਾਰ ਕੋਹ ਅਗੇਰੇ ਜਾਈਂ
424
ਕਾਲੇ ਕਪਲੇ ਹੱਥ ਨਾ ਪਾਈਂ
ਭਾਵੇਂ ਦਸ ਕੋਹ ਅੱਗੇ ਜਾਈਂ
425
ਦਾਂਦ ਖੀਰਾ ਲਿਆ
ਘਾਟਾ ਕਦੇ ਨਾ ਪਾ
426
ਭੁੰਗਾ ਬੈਲ ਹੋ ਪਰਲੇ ਪਾਰ
ਸੌਦਾ ਕਰਲੋ ਉਰਲੇ ਪਾਰ
427
ਬੈਲ ਸਿੰਗਾਲਾ
ਮਰਦ ਮੁਛਾਲਾ
428
ਬੋਲਦ ਨਾਰਾ
ਤੇ ਜੱਟ ਖਾਹਰਾ
429
ਛੋਟੀ ਗਰਦਣ ਬੈਂਗਣ ਖੁਰਾ
ਖਰੀਦ ਲਓ ਨਾ ਹੋਸੀ ਬੁਰਾ
430
ਐਸਾ ਬੈਲ ਨਾ ਹੁੰਦਾ ਬੁਰਾ
ਪਤਲੀ ਪੂਛ ਤੇ ਬੈਂਗਣ ਖੁਰਾ
431
ਲੋਹੇ ਲਾਖੇ ਹੱਥ ਨਾ ਪਾਈਂ
ਬੱਗਾ ਚਿੱਟਾ ਢੂੰਡ ਲਿਆਈ
ਮੱਝ
432
ਮੱਝੀ ਘਰੀਂ ਵਰਿਆਮਾਂ
ਘੋੜੀਆਂ ਘਰੀਂ ਸੁਲਤਾਨਾਂ
433
ਜਿਸ ਦੇ ਘਰ ਲਵੇਰਾ
ਉਹ ਸਭ ਤੋਂ ਚੰਗੇਰਾ
434
ਮੱਝ ਲੋਹੀ ਤੋਂ ਲੋਹਾ
ਰੰਨ ਜੱਟੀ
ਹੋਰ ਸਭ ਚੱਟੀ
435
ਮੱਝ ਪਾਂਜੇ ਘਰ ਆਂਜੇ
ਗਾਂ ਤੀਜੇ ਡੂਮਾਂ ਦੀਜੇ
436
ਭੇਡ ਭੂਰੀ ਮਹਿੰ ਡੱਬੀ
ਦਾੜ੍ਹੀ ਵਾਲੀ ਰੰਨ
ਤਿੰਨੇ ਚੀਜ਼ਾਂ ਛੱਡ ਕੇ
ਸੌਦਾ ਕਰੀਂ ਨਿਸ਼ੇਗ
437
ਦਿਲ ਸੁੰਦਰ ਘੋੜੀ
ਮੁਖ ਸੁੰਦਰ ਮਰਦ
ਰੂਪ ਸੁੰਦਰ ਗੋਰੀ
ਸਿੰਗ ਸੁੰਦਰ ਭੈਂਸ
438
ਸਿੰਗ ਬਾਂਕੇ ਮੈਸ ਮੋਚੇ
ਸੁੰਮ ਬਾਂਕੇ ਘੋੜੀਆਂ
ਮੁੱਛ ਬਾਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ
439
ਬੱਕਰੀ ਠੱਕਰੀ ਗਾਂ ਜੰਜਾਲ
ਦੁੱਧ ਪੀਣੇ ਤਾਂ ਮੱਝ ਨੂੰ ਪਾਲ
440
ਬੂਰੀ ਮੱਝ ਤੇ ਮੱਖਣ ਰੋਲਣਾ
ਇਹ ਦੇਵੇ ਕਰਤਾਰ ਤਾਂ ਫਿਰ ਕੀ ਬੋਲਣਾ
ਫੁਟਕਲ
441
ਤਕੜੇ ਮਾੜੇ ਦੀ ਭਿਆਲੀ
ਉਹ ਮੰਗੇ ਹਿੱਸਾ ਉਹ ਦੋਵੇ ਗਾਲੀ
442 ਸਾਂਝੀ ਦਾ ਤੂੰ ਹੱਕ ਪਛਾਣ
ਆਪਣੇ ਨਾਲੋਂ ਚੰਗਾ ਜਾਣ
443
ਸਾਂਝ ਚੰਗੇਰੀ ਚੱਲੇ ਇਉਂ
ਜਿਉਂ ਜਾਣੇ ਤੂੰ ਚੱਲੀ ਨਿਉ
444
ਪਾਹੀ ਨੂੰ ਸਤਾਵੇ
ਘਰ ਆਉਂਦਾ ਰਿਜ਼ਕ ਗਵਾਵੇ
445
ਰਂਨ ਕੁਪੱਤੀ ਉਮਰ ਬਰਬਾਦ
ਸਾਂਝੀ ਕੁਪੱਤਾ ਸਾਲ ਬਰਬਾਦ
446
ਪੱਕੀ ਖੇਤੀ ਲਾਏ ਲਾਵੇ
ਜੱਟ ਕਰੇ ਬਾਦਸ਼ਾਹੀ ਦੇ ਦਾਵੇ
447
ਪੱਕੀ ਖੇਤੀ ਵੇਖਕੇ, ਗਰਬ ਕਰੇ ਕਿਰਸਾਨ
ਵਾਉਂ ਝਖੜ ਝੋਲਿਓ
ਘਰ ਆਵੇ ਤਾਂ ਜਾਣ
448
ਸਖੀਓ ਸਾਵਣ ਗੱਜਿਆ
ਮੇਰਾ ਬਰ-ਥਰ ਕੰਬੇ ਜੀ
ਉਹਨੂੰ ਸਾਵਣ ਕੀ ਕਰੇ
ਜਿਸ ਘਰ ਬੋਲ ਨਾ ਬੀ
ਲੋਕ ਬੁਝਾਰਤਾਂ
ਬੁਝਾਰਤਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਤਾਨ ਰੱਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰ ਵਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਹਨਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਉੱਥੇ ਸਾਡੇ ਵਸਤੂ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ।
ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉਨੀ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਜਾਪਦਾ ਹੈ ਮਨੁੱਖ ਦੇ ਜਨਮ ਦੇ ਨਾਲ ਹੀ ਇਹਨਾਂ ਦਾ ਜਨਮ ਹੋਇਆ ਹੋਵੇਗਾ। ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਬੁਝਾਰਤਾਂ ਬੁੱਝਣਾਂ ਬੁੱਧੀ ਦੀ ਪ੍ਰੀਖਿਆ ਕਰਨਾ ਹੁੰਦਾ ਹੈ।
ਪੰਜਾਬੀ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ ਦਿਸ ਆਉਂਦਾ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਨ ਹਨ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਬੁਝਾਰਤਾਂ ਨਾ ਹੋਣ। ਕਿਸਾਨੀ ਜੀਵਨ ਨਾਲ ਸੰਬੰਧਿਤ ਬਨਸਪਤੀ, ਫਸਲਾਂ, ਖੇਤੀ ਬਾੜੀ ਦੇ ਸੰਦਾਂ, ਜੀਵ ਜੰਤੂਆਂ ਅਤੇ ਘਰੇਲੂ ਵਸਤਾਂ ਬਾਰੇ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਜੋ ਕਿਸਾਨ ਪਰਿਵਾਰਾਂ ਦਾ ਮਨੋਰੰਜਨ ਹੀ ਨਹੀਂ ਕਰਦੀਆਂ ਬਲਕਿ ਇਹਨਾਂ ਦੇ ਵਸਤੂ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ।
ਫਸਲਾਂ
ਜਦੋਂ ਬੁਝਾਰਤਾਂ ਪਾਣ ਦਾ ਅਖਾੜਾ ਜੰਮਦਾ ਹੈ ਤਾਂ ਕਿਸਾਨ ਦਾ ਪਰਿਵਾਰ ਸਮੁੱਚੇ ਰੂਪ ਵਿੱਚ ਜੁੜਕੇ ਬੈਠ ਜਾਂਦਾ ਹੈ । ਉਹ ਆਪਣੀਆਂ ਫਸਲਾਂ, ਪਸ਼ੂਆਂ ਅਤੇ ਖੇਤੀਬਾੜੀ ਦੇ ਸੰਦਾਂ ਨੂੰ ਵਧੇਰੇ ਕਰਕੇ ਬੁਝਾਰਤਾਂ ਦਾ ਵਿਸ਼ਾ ਬਣਾਉਂਦੇ ਹਨ।
ਦਿਨੇ ਕਪਾਹ ਚੁੱਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀ ਇਸ ਬਾਰੇ ਬੁਝਾਰਤਾਂ ਪਾ ਕੇ ਆਪਣਾ ਥਕੇਵਾਂ ਲਾਹੁੰਦੀਆਂ ਹਨ-
ਮਾਂ ਜੰਮੀ ਪਹਿਲਾਂ
ਬਾਪੂ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ
ਵਿੱਚੋਂ ਦਾਦੀ ਨਿਕਲ ਆਈ।
ਉਪਰੋਕਤ ਬੁਝਾਰਤ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ ਹੈ। ਕੋਈ ਸੂਝਵਾਨ ਸਰੋਤਾ ਹੀ ਬੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ ਉੱਤਰ ਦੇਂਦਾ ਹੈ।
ਬੁਝਾਰਤ ਅੱਗੇ ਤੁਰਦੀ ਹੈ—
ਬੀਜੇ ਰੋੜ
ਜੰਮੇ ਝਾੜ
ਲੱਗੇ ਨੇਂਬੂ
ਖਿੜੇ ਅਨਾਰ
ਅਤੇ
ਚਿੱਟੀ ਤੋਂ ਤਿਲਾਂ ਦੇ ਬੰਨੇ
ਬੁਝਣੀ ਐਂ ਬੁੱਝ
ਨਹੀਂ ਲੈ ਜਾਉਂ ਖੰਨੇ
ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਖਿੜੀ ਹੋਈ ਕਪਾਹ ਦੇ ਖੇਤ ਦਾ ਨਜ਼ਾਰਾ ਅਤੇ ਚੁਗੇ ਜਾਣ ਗਰੋਂ ਖੇਤ ਦੀ ਤਰਸਯੋਗ ਹਾਲਤ ਆ ਲਟਕਦੀ –
ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ-ਖਿੜ ਹੱਸਦੀ
ਜਦ ਮੈਂ ਆਵਾਂ ਰੋ-ਰੋ ਮਰਦੀ
ਅਤੇ
ਹੱਸਣਾ ਛੱਡ ਸਹੇਲੀਓ
ਛੱਡ ਜਾਣਾ ਸੰਸਾਰ
ਜੋ ਹੱਸਿਆ ਸੋ ਲੁੱਟਿਆ
ਸਣੇ ਸਾਰੇ ਘਰ ਬਾਰ
ਜਦੋਂ ਕਪਾਹ ਦੇ ਟੀਂਡੇ ਖਿੜਨ ਦੀ ਤਿਆਹੀ ਕਰਨ ਲੱਗਦੇ ਹਨ ਤਾਂ ਕਪਾਹ ਦੇ ਖੇਤ ਵਿੱਚ ਉੱਗੇ ਹੋਏ ਖ਼ਰਬੂਜ਼ਿਆਂ ਨੂੰ ਆਪਣੀ ਜਾਨ ਦਾ ਫਿਕਰ ਪੈ ਜਾਂਦਾ ਹੈ—
ਮੂੰਹ ਮੀਟ ਮੂੰਹ ਮੀਟ ਸਜਣਾ
ਤੈਨੂੰ ਲੈਣ ਆਉਣਾ
ਮੈਨੂੰ ਨਹੀਂ ਛੱਡਣਾ
ਜਾਂ
ਮੂੰਹ ਮੀਚ ਸਹੁਰੇ ਦਿਆ ਅਣਜਾਣਾ
ਆਉਣਗੇ, ਤੈਨੂੰ ਲੈ ਜਾਣਗੇ
ਛੱਡ ਕੇ ਮੈਨੂੰ ਵੀ ਨਹੀਂ ਜਾਣਾ
ਜਿੱਥੇ ਕਪਾਹ ਦਾ ਜ਼ਿਕਰ ਆਉਂਦਾ ਹੈ, ਉੱਥੇ ਕਪਾਹ ਦੇ ਜਨਮ ਦਾਤੇ ਬੜੇਵੇਂ ਦੀ ਦੁਰਦਸ਼ਾ ਹਾਸਾ ਉਪਜਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ-
ਦਖਾਣੀ ਲੁਹਾਰੀ ਸੰਦ ਮਿਲੇ
ਮਿਲੇ ਜੱਫੀਆਂ ਪਾ ਕੇ
ਖੋਹ ਦਾਹੜੀ ਪੱਟ ਮੁੱਛਾਂ
ਛੱਡੇ ਨੰਗ ਬਣਾ ਕੇ
ਸਾਕਾਂ ਦੇ ਘਰ ਸਾਕ ਆਏ
ਮਿਲੇ ਜੱਫੀਆਂ ਪਾ ਕੇ
ਖੋਹ ਦਾਹੜੀ ਪੱਟ ਮੁੱਛਾਂ
ਛੱਡੇ ਨੰਗ ਬਣਾ ਕੇ
ਅਤੇ
ਉੱਚੇ ਟਿੱਬੇ ਸਿਰ ਮੁਨਾਇਆ
ਰੁੜ੍ਹਦਾ-ਰੁੜ੍ਹਦਾ ਘਰ ਨੂੰ ਆਇਆ
ਜਾਂ
ਸਾਧੂ ਇੱਕ ਪਹਾੜੀ ਚੜ੍ਹਿਆ
ਦਾੜ੍ਹੀ ਮੁੱਛ ਮੁਨਾ ਕੇ ਮੁੜਿਆ
ਹੋਰ
ਬਾਤ ਪਾਵਾਂ ਬਤੌਲੀ ਪਾਵਾਂ
ਬਾਤ ਨੂੰ ਲੱਗੇ ਝਾਵਾਂ
ਆਪ ਤਾਂ ਅੜੀਏ ਲੰਘ ਗਈਓਂ
ਖਸਮ ਨੂੰ ਕਿਵੇਂ ਲੰਘਾਵਾਂ
ਜਾਂ
ਲੱਕੜ ਵਲਾਵੇ ਦੀ
ਆਪ ਤਾਂ ਸੋਖੀ ਲੰਘ ਗਈ ਏਂ
ਸਾਨੂੰ ਕਿਵੇਂ ਲੰਘਾਵੇਂਗੀ
ਕਿਸੇ ਬੁਝਣ ਵਾਲ਼ੇ ਦੀਆਂ ਅੱਖਾਂ ਅੱਗੇ ਮੱਕੀ ਦੇ ਲਹਿਰਾਉਂਦੇ ਖੇਤਾਂ ਦਾ ਨਜ਼ਾਰਾ ਵਖਾਈ ਦੇ ਜਾਂਦਾ ਹੈ। ਛੱਲੀ ਬਾਰੇ ਬੁਝਾਰਤਾਂ ਪਾਈਆਂ ਜਾਂਦੀਆਂ ਹਨ-
ਹਰੀ ਸੀ ਮਨ ਭਰੀ ਸੀ
ਲਾਲ ਮੋਤੀਆਂ ਜੜੀ ਸੀ
ਬਾਬਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈ ਖੜੀ ਸੀ
ਅਤੇ
ਸਾਡੇ ਘਰ ਇੱਕ ਬੱਚੀ ਆਈ
ਨਵੀਂ ਗੁੱਤ ਕਰਾ ਕੇ
ਰੱਬ ਨੇ ਉਸ ਨੂੰ ਕੋਟੀ ਦਿੱਤੀ
ਨੌ ਸੌ ਬੀੜਾ ਲਾ ਕੇ
ਹੋਰ
ਜੜ ਸੁੱਕ ਮੁਕ
ਦਾਹੜੀ ਗਿਠੜ ਮਿੱਠੜ
ਲੱਗੇ ਗੋਗੇ ਮੋਗੇ
ਉਹ ਵੀ ਲੋਕਾਂ ਜੋਗੇ
ਮੱਕੀ ਦਾ ਨਾਂ ਸੁਣ ਕੇ ਕਿਸੇ ਨੂੰ ਕਣਕ ਦਾ ਦਾਣਾ ਯਾਦ ਆ ਜਾਂਦਾ ਹੈ-
ਇੱਕ ਕੁੜੀ ਦੇ ਢਿਡ 'ਚ ਤੇੜ
ਛੋਲਿਆਂ ਦੇ ਬੂਟੇ ਨੂੰ ਭਲਾ ਕੌਣ ਭੁਲ ਸਕਦਾ ਹੈ-
ਅੰਬ ਦੀ ਜੜ੍ਹ ਵਿੱਚ ਨਿੰਬੂ ਜੰਮਿਆ
ਪੱਤੇ ਪੱਤ ਖਟਿਆਈ
ਬਹੂ ਆਈ ਤੇ ਸਹੁਰਾ ਜੰਮਿਆ
ਪੋਤੇ ਦੇਣ ਵਧਾਈ
ਅਤੇ
ਮੁਢ ਫਲਾਈ ਦਾ
ਫੁੱਲ ਗੁਲਾਬ ਦਾ
ਫਲ ਬਦਾਮ ਦਾ
ਹੋਰ
ਐਨੀ 'ਕ ਪਿੱਦੀ
ਪਿਦ-ਪਿਦ ਕਰਦੀ
ਨਾ ਹਗੇ ਨਾ ਮੂਤੇ
ਕਿੱਲ੍ਹ-ਕਿੱਲ੍ਹ ਮਰਦੀ
ਗੰਨਿਆਂ ਦੀ ਸ਼ੌਕੀਨ ਆਪਣੀ ਮਨ ਪਸੰਦ ਬਾਰੇ ਬੁਝਾਰਤ ਪਾ ਦੇਂਦੀ ਹੈ—
ਇੱਕ ਬਾਤ ਕਰਤਾਰੇ ਪਾਵੇ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ ਚੋਂ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ
ਅਤੇ
ਲੰਮ ਸਲੰਮਾਂ ਆਦਮੀ
ਉਹਦੇ ਗਿੱਟੇ ਦਾਹੜੀ
ਮਿੱਠੇ ਗੰਨੇ ਦਾ ਨਾਂ ਕੌੜੀ ਮਿਰਚ ਨੂੰ ਵੀ ਲੋਕ ਅਖਾੜੇ ਵਿੱਚ ਲਿਆ ਖੜਾ ਕਰਦਾ ਹੈ—
ਹਰੀ-ਹਰੀ
ਲਾਲ-ਲਾਲ
ਮੀਆਂ ਕਰੇ
ਹਾਲ-ਹਾਲ
ਜਾਂ
ਹਰੀ ਡੰਡੀ ਸੁਰਖ ਬਾਣਾ
ਬਖਤ ਪਿਆ ਚੂਰਨ ਖਾਣਾ
ਅਤੇ
ਐਨੀ 'ਕ ਕੁੜੀ ਉਹਦੇ ਨਿੱਕੇ-ਨਿੱਕੇ
ਦੰਦ ਜੇ ਉਹਨੂੰ ਖਾਈਏ
ਤਾਂ ਪਾਵੇ ਡੰਡ
ਜਾਂ
ਨਿੱਕੀ ਜਿਹੀ ਕੁੜੀ
ਉਹਦੀ ਝੋਲੀ ਵਿੱਚ ਵੰਡ
ਖਸਮ ਨੂੰ ਖਾਣੀਏਂ
ਤੂੰ ਪਾਉਂਦੀ ਕਿਉਂ ਏਂ ਡੰਡ
ਮੈਂ ਤੈਨੂੰ ਖਾਣ ਆਇਆ
ਤੂੰ ਖਾ ਲਿਆ ਮੈਨੂੰ
ਹੋਰ
ਸੀ ਸੀ ਤੇ ਵਾ ਵਾ
ਏਨੀ ਕੁ ਗੁਥਲੀ 'ਚ
ਊਈ-ਊਈਂ ਦੇ ਬੱਚੇ
ਤੇ
ਟੁਕ ਹਰੀ-ਹਰੀ
ਟੁਕ ਲਾਲ-ਲਾਲ
ਜੋ ਇਸਟ ਟਿਸਟ ਹਾਲ-ਹਾਲ
ਅਤੇ
ਹਰੀ ਝੰਡੀ ਲਾਲ ਕਮਾਨ
ਤੋਬਾ-ਤੋਬਾ ਕਰੇ ਪਠਾਣ
ਹੋਰ
ਨਿੱਕੀ ਜੇਹੀ ਬੇਟੀ ਦੇ ਨਿੱਕੇ-ਨਿੱਕੇ ਬੀ
ਨਹੀਂ ਤਾਂ ਮੇਰੀ ਬਾਤ ਬੁੱਝ
ਨਹੀਂ ਰੁਪਏ ਦੇ ਦੇ ਵੀਹ
ਅਤੇ
ਨਿੱਕੀ ਜੇਹੀ ਕੁੜੀ
ਕੋਟ ਪਾਵੇ
ਹੋਰ
ਹਰੀ ਡੰਡੀ ਲਾਲ ਪੱਤਾ ਹੋਰ ਹੋਰ
ਲੱਗੀ ਦਿੱਲੀ ਸੜੇ ਕਲੱਕਤਾ
ਜਾਂ
ਲਾਲ ਸੂਹੀ ਪੋਟਲੀ
ਮੈਂ ਵੇਖ-ਵੇਖ ਖ਼ੁਸ਼ ਹੋਈ
ਹੱਥ ਲੱਗਾ ਤੇ ਪਿੱਟਣ ਲੱਗੀ
ਨੀ ਅੰਮਾਂ ਮੈਂ ਮੋਈ
ਬਤਾਊਂ ਵੀ ਤਾਂ ਮਿਰਚਾਂ ਦੇ ਸਾਥੀ ਹੀ ਹਨ-
ਕਾਲਾ ਸੀ ਕਲੱਤਰ ਸੀ
ਕਾਲੇ ਪਿਉ ਦਾ ਪੁੱਤਰ ਸੀ
ਆਡੋਂ ਪਾਣੀ ਪੀਂਦਾ ਸੀ
ਬਰੂਟੀ ਛਾਵੇਂ ਬਹਿੰਦਾ ਸੀ
ਅਤੇ
ਸ਼ਾਮ ਵਰਣ ਮੁਖ ਬੰਸਰੀ
ਕੂੰਜ ਗਲੀ ਬਨ ਮਾਹਿ
ਸਿਰ ਤੇ ਛਤਰ ਹੈ ਸੋਹੰਵਦਾ
ਕ੍ਰਿਸ਼ਨ ਮੁਰਾਰੀ ਨਾਂਹਿ:
ਅਤੇ
ਬਾਹਰੋਂ ਆਏ ਦੋ ਮਲੰਗ
ਹਰੀਆਂ ਟੋਪੀਆਂ ਨੀਲੇ ਰੰਗ
ਜਾਂ
ਬਾਹਰੋਂ ਆਏ ਚਾਰ ਮਲੰਗ
ਸਾਵੀਆਂ ਟੋਪੀਆਂ ਕਾਲੇ ਰੰਗ
ਹੋਰ
ਸ਼ਹਿਰੋਂ ਨਿਕਲੇ ਦੇ ਬਾਵੇ
ਹਰੀਆਂ ਡੰਡੀਆਂ
ਸ਼ਾਹ ਕਾਲੇ
ਅਤੇ
ਬਾਹਰੋਂ ਆਏ ਦੋ ਮਲੰਗ
ਉਸ ਦੀ ਟੋਪੀ ਉਸ ਦੇ ਰੰਗ
ਹੋਰ
ਕਾਲਾ ਤਵਾ ਉਹਦੇ ਉੱਤੇ ਕੰਢੇ
ਹੋਰ
ਬੀਜੀ ਕੰਗਣੀ
ਉਗ ਪਏ ਤਿਲ
ਫੁੱਲ ਲੱਗੇ ਅਨਾਰਾਂ ਦੇ
ਲਮਕ ਪਏ ਦਿਲ
ਪਿਆਜ਼ ਬਾਰੇ ਬੁਝਾਰਤਾਂ ਇਸ ਪ੍ਰਕਾਰ ਹਨ-
ਬਾਤ ਦੀ ਬਤੇਈ
ਚਿੱਕੜ ਵਿੱਚ ਗਿੱਦੜ ਖੁੱਬਾ
ਪੁਛ ਨੰਗ ਰਹੀ
ਪਿਆਜ਼ ਦੇ ਛਿਲਕੇ ਵੀ ਤਾਂ ਬਾਤ ਪਾਉਣ ਵਾਲੇ ਨੂੰ ਕਿਸੇ ਬੁੱਝਣ ਵਾਲੇ ਦੇ ਕਮੀਜ਼ ਸਮਾਨ ਹਨ-
ਇਕ ਆਦਮੀ ਦੇ ਸੱਠ ਝੱਗੇ
ਅਤੇ
ਇੱਕ ਮੇਰਾ ਭਾਈ ਗੱਟੂ
ਧੌਣ ਮਰੋੜੂ ਝਾਟਾ ਪੱਟੂ
ਅਤੇ
ਨਿੱਕਾ ਜਿਹਾ ਉਹ ਗੁਟ
ਪਗ ਬੰਨ੍ਹੇ ਘੁਟ-ਘੁਟ
ਹੋਰ
ਇਹ ਚੰਗਾ ਪਟਵਾਰੀ
ਲੱਤਾਂ ਥੋਥੀਆਂ
ਸਿਰ ਭਾਰੀ ਹਰ
ਅਤੇ
ਨਿੱਕਾ ਜਿਹਾ ਪਟਵਾਰੀ
ਲੱਤਾਂ ਮੋਕਲੀਆਂ
ਢਿੱਡ ਭਾਰੀ
ਜਮੈਣ ਨੂੰ ਪਿਆਜ਼ ਦੇ ਕਿਆਰਿਆਂ ਦੀਆਂ ਵੱਟਾਂ ਉੱਤੇ ਬੀਜਣ ਦਾ ਰਿਵਾਜ਼ ਹੈ। ਪਿਆਜ਼ ਬਾਰੇ ਬੁਝਾਰਤ ਸੁਣ ਜੁਮੇਣ ਦਾ ਝੱਟ ਖ਼ਿਆਲ ਆ ਜਾਂਦਾ ਹੈ—
ਹਰੀ ਡੰਡੀ ਸਬਜ਼ ਦਾਣਾ
ਭੀੜ ਪਈ ਮੰਗ ਖਾਣਾ
ਅਤੇ
ਹਰੀ ਡੰਡੀ ਸਬਜ਼ ਦਾਣਾ
ਦੁਖ ਪਵੇ ਤਾਂ ਮੇਰਾ ਖਾਣਾ
ਗਾਜਰਾਂ ਮੂਲੀਆਂ ਬਾਰੇ ਵੀ ਬਾਤਾਂ ਪਾਈਆਂ ਜਾਂਦੀਆਂ ਹਨ-
ਵੇਖੋ ਯਾਰੋ ਰੰਨ ਦੀ ਅੜੀ
ਸਿਰ ਮੁਨਾਕੇ ਚੌਕੇ ਚੜ੍ਹੀ
ਅਤੇ
ਨਿੱਕੀ ਜਿਹੀ ਫੜੀ
ਘੱਗਰੀ ਬੰਨ੍ਹ ਜ਼ਮੀਨ 'ਚ ਵੜੀ
ਹੋਕ
ਕੁੱਕੜੀ ਚਿੱਟੀ
ਪੂਛ ਹਿਲਾਵੇ
ਦਮੜੀ-ਦਮੜੀ ਨੂੰ ਮਿਲ ਜਾਵੇ
ਅਤੇ
ਮਾਂ ਜੰਮੀ ਝਾਟਾ ਖਿਲਾਰ
ਧੀ ਹੋਈ ਮੁਟਿਆਰ
ਐਸੇ ਦੋਹਤੇ ਜਮ ਪਏ
ਜਿਨ੍ਹਾਂ ਨਾਨੀ ਦਿੱਤੀ ਮਾਰ
ਖ਼ਰਬੂਜਿਆਂ ਦੇ ਸ਼ਕੀਨ ਨੂੰ ਉਹ ਵਿਅਕਤੀ ਚੰਗਾ ਨਹੀਂ ਲੱਗਦਾ ਜਿਹੜਾ ਖ਼ਰਬੂਜਿਆਂ ਬਾਰੇ ਗਿਆਨ ਨਾ ਰੱਖਦਾ ਹੋਵੇ-
ਗੋਲ ਮੋਲ ਬੱਕਰੀ
ਉੱਤੇ ਪੀਲਾ ਰੰਗ
ਜਿਹੜਾ ਮੇਰੀ ਬਾਤ ਨੀ ਬੁੱਝ
ਉਹਦਾ ਪਿਓ ਨੰਗ
ਅਤੇ
ਸਬਜ਼ ਕਟੋਰੀ
ਮਿੱਠਾ ਭੱਤ
ਲਵੋ ਸਹੇਲੀਓ
ਕਰੋ ਹੱਥ
ਕਈ ਹਦਵਾਣਿਆਂ (ਤਰਬੂਜ਼ਾਂ) ਨੂੰ ਵਧੇਰੇ ਪਸੰਦ ਕਰਦੇ ਹਨ-
ਮਾ ਲੀਰਾ ਕਚੀਰਾ
ਪੁਤ ਘੋਨ ਮੋਨ
ਅਤੇ
ਹਰੀ-ਹਰੀ ਵੱਲ
ਕਪਾਹ ਦੀਆਂ ਫਲੀਆਂ
ਘਿਉ ਦੇ ਘੁਟ
ਮਿਸ਼ਰੀ ਦੀਆਂ ਡਲੀਆਂ
ਚਿਬ੍ਹੜਾਂ ਦੀ ਬੇਲ ਦਾ ਵੀ ਕਿਸੇ ਨੇ ਕਿਹਾ ਸੋਹਣਾ ਵਰਨਣ ਕੀਤਾ ਹੈ-
ਬਹੂ ਆਈ ਆਪੇ
ਚਾਰ ਲਿਆਈ ਕਾਕੇ
ਇੱਕ ਗੋਦੀ ਇੱਕ ਮੋਢੇ
ਇੱਕ ਬਾੜ ਕੰਨੀਂ ਝਾਕੇ
ਇੱਕ ਬਾਪੂ-ਬਾਪੂ ਆਖੇ
ਕਈ ਨਾਕੀ ਕੱਕੜੀਆਂ ਅਤੇ ਬੈਂਗਣਾਂ ਦੇ ਬਾੜੇ ਨੂੰ ਪਾਣੀ ਦੇਣ ਲੱਗਿਆਂ ਉਹਨਾਂ ਦੀਆਂ ਗੱਲਾਂ ਵੀ ਕਰਵਾ ਦੇਂਦੇ ਹਨ-
ਜ਼ਮੀਨ ਤੇ ਪਈ ਕੱਕੜੀ ਖਾਲ ਵਿੱਚ ਪਾਣੀ ਆਉਣ ਦੀ ਆਵਾਜ਼ ਸੁਣ ਕੇ ਉੱਚੇ ਲਟਕ ਰਹੇ ਬੈਂਗਣ ਤੋਂ ਖੜਾਕ ਬਾਰੇ ਪੁੱਛਦੀ ਹੈ—
"ਵੇ ਲੜਕਦਾ"
"ਹਾਂ ਪਈ"
"ਆਹ ਕੀ ਆਉਂਦਾ ਖੜਕਦਾ ?"
"ਤੂੰ ਪਈ ਮੈਂ ਲੜਕਦਾ
ਮੈਂ ਕੀ ਜਾਣਾ
ਆਹ ਕੀ ਆਉਂਦਾ ਖੜਕਦਾ ।"
ਕੱਦੂਆਂ ਦੀ ਵੇਲ ਦਾ ਵਰਨਣ ਤੱਕ-
ਖੇਤ ਵਿੱਚ ਇੱਕ ਬੀਬੀ ਖੜੀ
ਚਾਰ ਉਸ ਦੇ ਕਾਕੇ
ਇੱਕ ਮੋਢੇ ਇੱਕ ਢਾਕੇ
ਇੱਕ ਰਸਤੇ ਵੱਲ ਨੂੰ ਝਾਕੇ
ਇੱਕ ਬਾਪੂ-ਬਾਪੂ ਆਖੇ
ਮੂੰਗਫਲੀ ਦੀ ਗੱਠੀ ਦੀ ਗਿਰੀ ਕਿਸੇ ਨੂੰ ਗੁਲਾਬੋ ਜੱਟੀ ਦਾ ਭੁਲੇਖਾ ਪਾ ਜਾਂਦੀ ਹੈ-
ਨਿੱਕੀ ਜੇਹੀ ਹੱਟੀ
ਵਿੱਚ ਬੈਠੀ ਗੁਲਾਬ ਜੱਟੀ
ਅਤੇ
ਇੱਕ ਕੌਲੀ ਵਿੱਚ ਮਾਂ ਪਿਓ ਜੰਮੇ
ਅਤੇ
ਇੱਕ ਨਿੱਕੀ ਜੇਹੀ ਡੱਬੀ ਵਿੱਚ
ਮਾਂ ਪਿਓ ਸੁੱਤੇ
ਸਣ ਦੇ ਪੱਕ ਚੁੱਕੇ ਖੇਤ ਦੇ ਕੋਲ ਮੱਝਾਂ ਚਾਰਦਾ ਪਾਲੀ ਹਵਾ ਦੇ ਬੁੱਲੇ ਨਾਲ ਇੱਕ ਅਨੋਖਾ ਜਿਹਾ ਰਾਗ ਸੁਣਦਾ ਹੈ। ਸੁਣ ਕੇ ਬੀਆਂ ਦੇ ਗੁੱਛੇ ਨੂੰ ਵੇਖ ਕੇ ਉਸ ਨੂੰ ਝੱਟ ਬੁਝਾਰਤ ਸੁਝ ਜਾਂਦੀ ਹੈ—
ਆਂਡੇ ਸੀ ਜਦ ਬੋਲਦੇ ਸੀ
ਬੱਚੇ ਬੋਲਣੋ ਰਹਿ ਗਏ
ਮੂਰਖਾਂ ਨੇ ਕੀ ਬੁਝਣੀ
ਚਤਰ ਬੁਝਣੋਂ ਰਹਿ ਗਏ
ਅਤੇ
ਬਾਤ ਪਾਵਾਂ ਬਤੌਲੀ ਪਾਵਾਂ
ਜਲ ਵਿੱਚ ਬੈਠੀ ਨਾਵੇ
ਲੱਕੜੀਆਂ ਟੁਕ ਢੇਰੀ ਕੀਤੀ
ਚਮੜਾ ਸ਼ਹਿਰ ਵਿਕਾਵੇ
ਹੋਰ
ਇੱਕ ਬਾਤ ਕਰਤਾਰੋ ਪਾਈਏ
ਬੈਠੀ ਜਲ ਵਿੱਚ ਨ੍ਹਾਵੇ
ਹੱਡੀਆਂ ਉਹਦੀਆਂ ਬਲਣ ਮਸਾਲਾਂ
ਚੰਮ ਸ਼ਹਿਰ ਵਿੱਕ ਜਾਵੇ
ਖੁੰਬਾਂ ਵੀ ਕਿਸੇ ਪਾਰਖੂ ਦੀ ਨਿਗਾਹ ਚੜ੍ਹ ਜਾਂਦੀਆਂ ਹਨ-
ਧਰਤ ਫੁੱਟੀ ਇੱਕ ਗੰਦਲ
ਰੋਡ ਮਰੋਡੀ ਜਾਣ
ਜਾਂ ਤਾਂ ਬੁੱਝੇ ਸੁਘੜ ਸਿਆਣਾ
ਜਾਂ ਬੁੱਝੇ ਵਿਦਵਾਨ
ਪਿੰਡੋਂ ਦੂਰ ਢੱਕੀ ਵਿੱਚ ਕੇਸੂ ਦੇ ਫੁੱਲ ਖਿੜਦੇ ਹਨ। ਖਿੜੇ ਸੂਹੇ-ਸੂਹੇ ਫੁੱਲ ਮੱਝਾਂ ਚਾਰਦੇ ਪਾਲੀ ਨੂੰ ਚੰਗੇ-ਚੰਗੇ ਲੱਗਦੇ ਹਨ। ਸਵਾਏ ਉਸ ਤੋਂ ਉਹਨਾਂ ਨੂੰ ਕੋਈ ਮਾਣਦਾ ਨਹੀਂ। ਢੱਕੀ ਵਿੱਚ ਜਾਣ ਤੋਂ ਬਹੁਤੇ ਲੋਕੀਂ ਡਰਦੇ ਹਨ। ਪਿੰਡ ਦਾ ਹਕੀਮ ਕਦੇ-ਕਦੇ ਪਾਲੀ ਪਾਸੋਂ ਕਿਸੇ ਦਵਾਈ ਵਿੱਚ ਪਾਣ ਲਈ ਇਹਨਾਂ ਨੂੰ ਮੰਗਵਾਉਂਦਾ ਹੈ—
ਉੱਚੀ ਟਾਹਲੀ ਤੋਤਾ ਬੈਠਾ
ਗਰਦਣ ਉਹਦੀ ਕਾਲੀ
ਆ ਕੇ ਬੁਝੁ ਪੰਡਤ ਪਾਧਾ
ਜਾਂ ਬੁੱਝੂ ਕੋਈ ਪਾਲੀ
ਬਾਹਰ ਪਾਲੀਆਂ ਨੂੰ ਕਈ ਵਾਰੀ ਪੀਲੂਆਂ ਨਾਲ ਹੀ ਭੁੱਖ ਮਿਟਾਉਣੀ ਪੈਂਦੀ ਹੈ-
ਰੜੇ ਮੈਦਾਨੇ ਵਿੱਚ ਸ਼ੀਹ ਡਿੱਠਾ
ਹੱਡੀਆਂ ਕੌੜੀਆਂ ਮਾਸ ਮਿੱਠਾ
ਕਿਸੇ ਭੱਤੇ ਵਾਲੀ ਦੇ ਮਲੂਕ ਜਿਹੇ ਪੈਰਾਂ ਵਿੱਚ ਭੱਖੜੇ ਦੇ ਕੰਡੇ ਚੁੱਭ ਜਾਂਦੇ ਹਨ.. ਚੋਭ ਦੀ ਹੀਸ ਨਾਲ ਤਖੜੇ ਬਾਰੇ ਬੁਝਾਰਤ ਵੀ ਸਿਰਜੀ ਜਾਂਦੀ ਹੈ—
ਗੱਭਰੂ ਜੁਆਨ
ਮੁੰਡਾ ਕੌਤਕੀ
ਜਾਂ
ਨਿੱਕਾ ਜਿਹਾ ਬਹਿੜਕਾ
ਸਿੰਗਾਂ ਤੋਂ ਨਾਰਾ
ਜੇ ਮਾਰੇ ਤਾਂ ਕਰ ਦੇਵੇ ਕਾਰਾ
ਖੇਤਾਂ ਵਿੱਚ ਖੜੀ ਕਾਹੀ ਅਤੇ ਬੱਬੜ ਵੀ ਬੁਝਾਰਤਾਂ ਦਾ ਵਿਸ਼ਾ ਬਣ ਗਈ ਹੈ—
ਵਿੰਗ ਤੜਿੰਗੀ ਲੱਕੜੀ
ਉੱਤੇ ਬੈਠਾ ਕਾਜੀ
ਭੇਡਾਂ ਦਾ ਸਿਰ ਮੁੰਨਦਾ
ਮੀਢਾ ਹੋ ਗਿਆ ਰਾਜੀ
ਜਾਂ
ਰੜੇ ਮੈਦਾਨ ਵਿੱਚ
ਬੁੜ੍ਹੀ ਸਿਰ ਖੰਡਾਈ ਬੈਠੀ ਏ
ਅੱਕ ਦਾ ਵਰਨਣ ਵੀ ਤਾਂ ਪਰਸੰਸਾ ਯੋਗ ਹੈ—
ਅੰਬ ਅੰਬਾਲੇ ਦੇ
ਫੁੱਲ ਪਟਿਆਲੇ ਦੇ
ਰੂੰ ਜਗਰਾਵਾਂ ਦੀ
ਜੜ ਇੱਕੋ
ਜੇ ਕਰ ਬੁਝਾਰਤਾਂ ਪਾਉਣ ਵਾਲਾ ਕੋਈ ਅਫੀਮੀ ਪੋਸਤੀ ਹੋਵੇ ਤਾਂ ਉਸ ਨੂੰ ਪੋਸਤ ਬਾਰੇ ਹੀ ਬੁਝਾਰਤਾਂ ਸੁਝਦੀਆਂ ਹਨ। ਡੋਡਿਆਂ ਬਾਰੇ ਬੁਝਾਰਤਾਂ ਸੁਣੋ-
ਹਰਾ ਪੱਤ
ਪੀਲਾ ਪੱਤ
ਉੱਤੇ ਬੈਠਾ ਘੁੱਕਰ ਜੱਟ
ਜਾਂ
ਉਹ ਕਬੂਤਰ ਕੈਸਾ
ਜੀਹਦੀ ਚੁੰਝ ਉੱਤੇ ਪੈਸਾ ਅਤੇ
ਹੱਥ ਕੁ ਟਾਂਡਾ
ਬਿਨ ਘੁਮਾਰ ਘੜਿਆ ਭਾਂਡਾ
ਐਸੀ ਘੜਨੀ ਕੋਈ ਨਾ ਘੜੇ
ਮਰਦ ਦੇ ਪੇਟ ਇਸਤਰੀ ਪੜੇ
ਇਸੇ ਇਸਤਰੀ ਰੂਪੀ ਅਫੀਮ ਖਾਤਰ ਤਾਂ ਸਭ ਕੁਝ ਮਨਜੂਰ ਹੈ—
ਪੰਜ ਕੋਹ ਪੱਟੜੀ
ਪੰਜਾਹ ਕੋਹ ਠਾਣਾ
ਹੀਰ ਨਹੀਂ ਛੱਡਣੀ
ਕੈਦ ਹੋ ਜਾਣਾ
ਸ਼ਾਇਦ ਇਸੇ ਕਰਕੇ ਹੀ ਪੋਸਤੀਆਂ ਨੂੰ ਕਮਲੇ ਸੱਦਦੇ ਹਨ-
ਲੱਕੜੀ ਤੇ ਟੋਪੀ
ਤੇ ਟੋਪੀ ਵਿੱਚ ਚਾਵਲ
ਚਾਵਲ ਖਾਂਦੇ ਰਮਲੇ
ਤੇ ਟੋਪੀ ਖਾਂਦੇ ਕਮਲੇ
ਕਰੀਰਾਂ ਅਤੇ ਬੇਰੀਆਂ ਦੇ ਦਰੱਖਤਾਂ ਬਾਰੇ ਵੀ ਪਾਲੀ ਬੁਝਾਰਤਾਂ ਸਿਰਜ ਲੈਂਦੇ ਹਨ-
ਹਰਾ ਫੁੱਲ ਮੁੱਢ ਕੇਸਰੀ
ਬਿਨਾਂ ਪੱਤਾਂ ਦੇ ਛਾਂ
ਰਾਜਾ ਪੁੱਛੇ ਰਾਣੀ ਨੂੰ
ਕੀ ਬ੍ਰਿਛ ਦਾ ਨਾਂ
ਅਤੇ ਅਤੇ
ਜੜ੍ਹ ਹਰੀ ਫੁੱਲ ਕੇਸਰੀ
ਬਿਨ ਪੱਤਾਂ ਦੇ ਛਾਂ
ਜਾਂਦਾ ਰਾਹੀ ਸੌਂ ਗਿਆ
ਤੱਕਕੇ ਗੂੜ੍ਹੀ ਛਾਂ
ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ। ਪਰ ਹਵਾ ਦਾ ਬੁੱਲਾ ਮੋਤੀ ਝਾੜ ਦਿੰਦਾ ਹੈ—
ਬਾਤ ਪਾਵਾਂ
ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ੍ਹ ਗਏ
ਬਾਤ ਰਹੀ ਖੜੀ ਖੜੋਤੀ
ਬੇਰੀਆਂ ਨੂੰ ਲਾਲ ਸੂਹੇ ਬੋਰ ਲੱਗਣ ਤੇ ਸਾਰਾ ਜਹਾਨ ਇੱਟਾਂ ਪੱਥਰ ਲੈ ਇਹਨਾਂ ਦੇ ਪੇਸ਼ ਪੈ ਜਾਂਦਾ ਹੈ—
ਹਰੀ ਸੀ ਮਨ ਭਰੀ ਸੀ
ਬਾਵਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈ ਖੜੀ ਸੀ
ਜਦ ਤੋਂ ਪਹਿਨਿਆਂ ਸੂਹਾ ਬਾਣਾ
ਜਗ ਨੀ ਛੱਡਦਾ ਬੱਚੇ ਖਾਣਾ
ਬੇਰ ਤੋੜਨ ਲੱਗਿਆ ਕੰਡੇ ਵੀ ਤਾਂ ਚੁੜ੍ਹ ਜਾਂਦੇ ਹਨ-
ਲਾਲ ਨੂੰ ਮੈਂ ਹੱਥ ਪਾਇਆ
ਝਿੰਗ ਨੇ ਮੈਨੂੰ ਦੰਦੀ ਵੱਢੀ
ਬੇਰੀਆਂ ਉੱਤੇ ਪਸਰੀ ਅਮਰ ਵੇਲ ਨੂੰ ਤੱਕ ਕੇ ਕਿਸੇ ਨੂੰ ਕਲਕੱਤੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ—
ਇੱਕ ਦਰੱਖ਼ਤ ਕਲਕੱਤੇ
ਨਾ ਉਹਨੂੰ ਜੜ ਨਾ ਪੱਤੇ
ਇੱਕ ਬਾਤ ਮੇਰੇ ਗਿਆਨ ਵਿੱਚ
ਧਰਤੀ ਨਾ ਅਸਮਾਨ ਵਿੱਚ
ਹੈਗੀ ਜਗ ਜਹਾਨ ਵਿੱਚ
ਫਲਾਂ ਦੇ ਰੁੱਖਾਂ ਵਿੱਚੋਂ ਅੰਬਾਂ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਪ੍ਰਚਲਤ ਹਨ-
ਅਸਮਾਨੋਂ ਡਿੱਗਿਆ ਬੱਕਰਾ
ਉਹਦੇ ਮੂੰਹ ਚੋਂ ਨਿਕਲੀ ਲਾਲ
ਢਿੱਡ ਪਾੜ ਕੇ ਦੇਖਿਆ
ਉਹਦੀ ਛਾਤੀ ਉੱਤੇ ਬਾਲ
ਜਾਂ
ਪਿਉ ਪੁੱਤਰ ਦਾ ਇੱਕੋ ਨਾਮ
ਪੁੱਤਰ ਪੁੱਜਾ ਸ਼ਹਿਰ ਗਰਾਮ
ਉਸ ਪੁੱਤਰ ਨੇ ਜਾਈ ਬੇਟੀ
ਬੇਟੀ ਜਲ ਮਿੱਟੀ ਵਿੱਚ ਲੋਟੀ
ਉਸ ਬੇਟੀ ਨੇ ਜਾਇਆ ਬਾਪ
ਵੇਖੋ ਕੁਲਯੁਗ ਦਾ ਪਰਤਾਪ
ਜਾਂ
ਅਸਮਾਨੋਂ ਡਿੱਗਾ ਬੱਕਰਾ
ਉਹਦੇ ਮੂੰਹ ਵਿੱਚ ਝੱਗ
ਹੋਰ
ਅੱਧ ਅਸਮਾਨੀ ਬੱਕਰਾ
ਉਹਦੀ ਚੋ-ਚੋ ਪੈਂਦੀ ਰੱਤ
ਅੰਦਰ ਉਹਦੀ ਖਲੜੀ
ਬਾਹਰ ਉਹਦੀ ਜੱਤ
ਅਤੇ
ਅਸਮਾਨੋਂ ਡਿੱਗਾ ਸ਼ੇਰ ਦਾ ਬੱਚਾ
ਮੂੰਹ ਲਾਲ ਕਲੇਜਾ ਕੱਚਾ
ਹੋਰ
ਕੱਲਰ ਪਿਆ ਪਟਾਕਾ
ਸੁਣ ਗਏ ਦੋ ਜਣੇ
ਜਿਨ੍ਹਾਂ ਨੇ ਸੁਣਿਆਂ
ਉਹਨਾਂ ਨੇ ਚੁੱਕਿਆ ਨਾ
ਚੁੱਕ ਲੈ ਗਏ ਦੋ ਹੋਰ ਜਣੇ
ਜਿਨ੍ਹਾਂ ਚੁੱਕਿਆ
ਉਹਨਾਂ ਖਾਧਾ ਨਾ
ਖਾ ਗਏ ਦੋ ਹੋਰ ਜਣੇ
ਕੇਲੇ ਬਾਰੇ ਇੱਕ ਬੁਝਾਰਤ ਇਸ ਪ੍ਰਕਾਰ ਹੈ-
ਪੱਤੇ ਤੇ ਕੜਾਹ
ਨਹੀਂ ਖਾਣਾ ਤਾਂ ਫਾੜ
ਅਤੇ
ਨਿੱਕਾ ਜਿਹਾ ਸਿਪਾਹੀ
ਉਹਦੀ ਖਿੱਚ ਕੇ ਤੰਬੀ ਲਾਹੀ
ਤੈਨੂੰ ਸ਼ਰਮ ਨਾ ਆਈ
ਕੋਈ ਅਨਾਰ ਦੇ ਦਾਣਿਆਂ ਨੂੰ ਕਿਸੇ ਦੇ ਮੋਤੀ ਜਹੇ ਦੰਦਾਂ ਨਾਲ ਤੁਲਨਾ ਦੇਂਦਾ ਹੈ -
ਮੂੰਹ ਬੰਦ
ਢਿੱਡ ਵਿੱਚ ਦੰਦ
ਜਾਂ
ਨਿੱਕਾ ਜਿਹੀ ਕੋਠੜੀ
ਮਖਾਣਿਆਂ ਨਾਲ ਭਰੀ
ਬਦਾਮਾਂ ਅਤੇ ਨਾਰੀਅਲ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਗਿਆ-
ਹੇਠਾਂ ਕਾਠ
ਉੱਤੇ ਕਾਠ
ਗੱਭੇ ਬੈਠਾ
ਜਗਨ ਨਾਥ
ਅਤੇ
ਦਰੱਖਤ ਦੇ ਉਹ ਸਿਰ ਤੇ ਰਹਿੰਦਾ
ਪਰ ਪੰਛੀ ਨਹੀਂ
ਤਿੰਨ ਓਸ ਦੇ ਅੱਖਾਂ
ਪਰ ਸ਼ਿਵ ਜੀ ਨਹੀਂ
ਦੁੱਧ ਦੇਵੇ ਪਰ ਗਾ ਨਹੀਂ
ਜਟਾਂ ਵੀ ਹਨ
ਪਰ ਸਾਧ ਨਹੀਂ
ਪਾਣੀ ਦਾ ਭਰਿਆ
ਪਰ ਘੜਾ ਨਹੀਂ
ਕਟੋਰੇ ਤੇ ਕਟੋਰੇ
ਬੇਟਾ ਬਾਪ ਤੋਂ ਗੋਰਾ
ਜਿੱਥੇ ਕੁਦਰਤ ਨੇ ਸੰਗਤਰੇ ਦੀ ਸਿਰਜਣਾ ਕਰਨ ਵਿੱਚ ਆਪਣਾ ਕਮਾਲ ਵਖਾਇਆ ਹੈ ਓਥੇ ਕਿਸੇ ਪੇਂਡੂ ਮਨ ਨੇ ਵੀ ਸੰਗਤਰੇ ਬਾਰੇ ਬੁਝਾਰਤ ਰਚਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ-
ਇੱਕ ਖੂਹ ਵਿੱਚ
ਨੋ ਦੱਸ ਪਰੀਆਂ
ਜਦ ਤੱਕ
ਸਿਰ ਜੋੜੀ ਖੜੀਆਂ
ਜਦੋਂ ਖੋਹਲਿਆ
ਖੂਹ ਦਾ ਪਾਟ
ਦਿਲ ਕਰਦੇ
ਸਭ ਕਰਜਾਂ ਚਾਟ
ਜੀਵ ਜੰਤੂ
ਧਰਤੀ ਤੇ ਵਿਚਰਦੇ ਅਨੇਕਾਂ ਜੀਵ ਜੰਤੂ ਮਨੁੱਖ ਨੂੰ ਹਾਨ ਲਾਭ ਪੁਚਾਉਂਦੇ ਹੀ ਰਹਿੰਦੇ ਹਨ। ਜਿੱਥੇ ਮਨੁੱਖ ਧਰਤੀ ਬਾਰੇ ਕੁਝ ਕਹਿੰਦਾ ਸੁਣਦਾ ਹੈ ਉੱਥੇ ਉਹ ਇਹਨਾਂ ਜੀਵ ਜੰਤੂਆਂ ਨੂੰ ਵੀ ਦਿਲੋਂ ਵਸਾਰਦਾ ਨਹੀਂ। ਲੋਕ ਬੁਝਾਰਤਾਂ ਦਾ ਅਖਾੜਾ ਲੱਗਦਾ ਹੈ, ਧਰਤੀ ਦੀਆਂ ਗੱਲਾਂ ਹੁੰਦੀਆਂ ਹਨ, ਅੰਬਰਾਂ ਨਾਲ ਨਾਤੇ ਜੋੜੇ ਜਾਂਦੇ ਹਨ। ਕਿਸਾਨੀ ਜੀਵਨ ਵਿੱਚ ਵਿਚਰਦੇ ਅਨੇਕਾਂ ਜੀਵ ਜੰਤੂ ਬੁਝਾਰਤਾਂ ਦੇ ਅਖਾੜੇ ਵਿੱਚ ਸੱਦੇ ਜਾਂਦੇ ਹਨ।
ਮੱਝ ਆਪਣੇ ਬਾਰੇ ਆਪ ਆਖਦੀ ਹੈ—
ਚਾਰ ਭਾਈ ਮੇਰੇ ਸੋਹਣੇ ਮੋਹਣੇ
ਚਾਰ ਭਾਈ ਮੇਰੇ ਮਿੱਟੀ ਢੋਣੇ
ਨਵੀਂ ਭੈਣ ਮੇਰੀ ਪੱਖੀ ਝੱਲਣੀ
ਇਹ ਹਨ ਮੱਝ ਦੇ ਚਾਰ ਸੋਹਣੇ ਥਣ, ਚਾਰ ਮਿੱਟੀ ਢੋਣੇ ਪੈਰ ਅਤੇ ਨੌਵੀਂ ਪੱਖੀ ਝੱਲਣੀ ਪੂਛ।
ਮੱਝ ਦਾ ਬੁਝਾਰਤੀ ਵਰਨਣ ਵੇਖੋ-
ਚਾਰ ਭਾਈ ਮੇਰੇ ਤੁਰਦੇ ਫਿਰਦੇ
ਚਾਰ ਭਾਈ ਮੇਰੇ ਦੁੱਧ ਪਲਾਉਂਦੇ
ਦੋ ਭਾਈ ਮੇਰੇ ਫਿਲਮ ਢਿੱਲੇ
ਦੋ ਭਾਈ ਮੇਰੇ ਆਕੜ ਕਿੱਲੋ
ਇੱਕ ਭੈਣ ਮੇਰੀ ਮੱਖੀਆਂ ਝੱਲੇ
ਅਤੇ
ਚਾਰ ਵੀਰ ਮੇਰੇ ਅਖਣੇ ਮਖਣੇ
ਚਾਰ ਵੀਰ ਮੇਰੇ ਮਿੱਟੀ ਚੱਖਣੇ
ਦੋ ਵੀਰ ਮੇਰੇ ਖੜੇ ਮੁਨਾਰੇ
ਦੋ ਵੀਰ ਮੇਰੇ ਚਮਕਣ ਤਾਰੇ
ਭੈਣ ਵਿਚਾਰੀ ਮੱਖੀਆਂ ਮਾਰੇ
ਕਿਸੇ ਨੂੰ ਮੱਝ ਦੇ ਚਾਰ ਥਣ ਬੈਂਗਣ ਅਤੇ ਬੱਕਰੀ ਦੇ ਦੋ ਬਣ ਤੋਰੀਆਂ ਜਾਪਦੇ ਹਨ-
ਚਾਰ ਬੈਂਗਣ ਦੋ ਤੋਰੀਆਂ
ਅਤੇ
ਬਾਰਾਂ ਬੈਂਗਣ
ਨਾਰਾਂ ਠੱਗਣ
ਚਾਰ ਚੱਕ
ਦੋ ਤੋਰੀਆਂ
(ਸੂਰੀ, ਕੁੱਤੀ, ਮੱਝ ਅਤੇ ਬੱਕਰੀ)
ਮੱਝ ਦੀ ਪਿੱਠ ਤੇ ਲੱਗੀ ਚਿੱਚੜੀ ਤੱਕ ਕੇ ਅਗਲਿਆਂ ਬੁਝਾਰਤ ਘੜ ਲਈ-
ਚੋਣ ਵਾਲੀ ਖੂਹੀ
ਅੱਠ ਟੰਗਾਂ ਨੌਵੀਂ ਦੂਹੀ
ਅਤੇ
ਬੱਗ ਵਿੱਚ ਫਿਰੇ ਪਪੀਹੀ
ਅੱਠ ਟੰਗਾਂ, ਨੌਵੀਂ ਦੂਹੀ
ਹਲਟ ਨਾਲ ਜੁੜੇ ਹੋਏ ਬੋਤੇ ਬਾਰੇ ਇੱਕ ਬੁਝਾਰਤ ਇਸ ਪ੍ਰਕਾਰ ਹੈ-
ਐਨਕ ਵਾਲਾ ਅੰਨ੍ਹਾ ਨਰ
ਮੋਢੇ ਚੁੱਕਿਆ ਕਾਠ ਦਾ ਘਰ
ਕਈ ਕੋਹਾਂ ਦਾ ਪੈਂਡਾ ਮਾਰੇ
ਓਥੇ ਈ ਚਾਰੇ ਪਹਿਰ ਗੁਜਾਰੇ
ਸੁਹਾਗੇ ਨਾਲ ਜੁੜੇ ਹੋਏ ਬਲਦਾਂ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ—
ਚਾਰ ਘੋੜੇ ਦੋ ਅਸਵਾਰ
ਬੱਘੀ ਚੱਲੇ ਮਾਰੋ ਮਾਰ
(ਸੁਹਾਗੇ ਨਾਲ ਜੁੜੇ ਬਲਦ)
ਸਿਉਂਕ, ਢੇਰਾ ਅਤੇ ਸੁਸਰੀ ਕਿਸਾਨ ਦੀ ਫਸਲ ਅਤੇ ਅਨਾਜ ਦਾ ਬਹੁਤ ਨੁਕਸਾਨ ਕਰਦੇ ਹਨ। ਭਲਾ ਕਿਸਾਨ ਇਹਨਾ ਬਾਰੇ ਬੁਝਾਰਤਾ ਰਚਣ ਕਿਵੇਂ ਰਹਿ ਸਕਦਾ ਹੈ—
ਇੱਕ ਭੈਣ ਮੇਰੀ ਸਰਦੀ
ਬਿਨ ਪਾਣੀ ਗਾਰਾ ਕਰਦੀ
ਬੜੇ ਸਾਹਿਬ ਤੋਂ ਡਰਦੀ
ਨਹੀਂ ਹੋਰ ਵੀ ਕਾਰਾ ਕਰਦੀ
ਮੂੰਹ ਲਾਲ ਪਿੰਡਾ ਜਰਦੀ
ਬਿਨ ਪਾਣੀ ਘਾਣੀ ਕਰਦੀ
ਹੋਰ
ਇਤਨੀ ਮਿਤਨੀ
ਜੌਂ ਜਿਤਨੀ ਜਮੇਣ ਜਿੰਨੇ ਕੰਨ
ਅਨਾਜ ਦੇ ਦਾਣਿਆਂ 'ਚ ਫਿਰਦੀ ਸੁੱਸਰੀ ਵੇਖ ਕੇ ਕਿਸੇ ਨੂੰ ਉਸ ਦੇ ਪਿਆਸੀ ਹੋਣ ਦਾ ਖ਼ਿਆਲ ਆ ਜਾਂਦਾ ਹੈ—
ਅੰਨ ਖਾਂਦੀ
ਨਾ
ਪਾਣੀ ਪੀਂਦੀ
ਅਤੇ
ਇਤਨੀ ਕੁ ਮੇਰੀ ਦੁਰਗਾ ਦਾਸੀ
ਅੰਨ ਖਾਵੇ
ਪਾਣਿਉਂ ਪਿਆਸੀ
ਢੇਰੇ ਬਾਰੇ ਦੋ ਬੁਝਾਰਤਾਂ ਇਸ ਪ੍ਰਕਾਰ ਹਨ-
ਮੋਤੀ ਜਿੰਨੀ ਕੋਠੜੀ
ਖਸ-ਖਸ ਜਿੰਨਾ ਵਾਰ
ਵਿੱਚੇ ਸਾਧੂ ਰਮ ਰਹੇ
ਪੰਡਤ ਕਰਨ ਵਿਚਾਰ
ਅਤੇ
ਇੱਕ ਜਾਨਵਰ ਐਸਾ
ਜੀਹਦਾ ਨਿੱਕਾ ਜਿਹਾ ਘਰ
ਸੂਈ ਦੇ ਨੱਕੇ ਜਿੰਨਾ ਦਰ
ਸੰਦ
ਖੇਤੀਬਾੜੀ ਦੇ ਸੰਦਾਂ ਬਾਰੇ ਵੀ ਕਿਸਾਨਾਂ ਨੇ ਬੁਝਾਰਤਾਂ ਦੀ ਸਿਰਜਣਾ ਕੀਤੀ ਹੈ। ਖੇਤੀ ਦੇ ਹਰ ਸੰਦ ਬਾਰੇ ਕੋਈ ਨਾ ਕੋਈ ਬੁਝਾਰਤ ਜ਼ਰੂਰ ਪਾਈ ਜਾਂਦੀ ਹੈ। ਹਲ ਕਿਸਾਨਾਂ ਦਾ ਪ੍ਰਮੁੱਖ ਸੰਦ ਹੈ। ਹਲ ਚਲਾ ਰਹੇ ਹਾਲੀ ਦਾ ਵਰਨਣ ਵੇਖੋ-
ਠੱਕ-ਠੱਕ ਟੈਂਚੂ
ਧਰਤ ਪਟੈਚੂ
ਤਿੰਨ ਸਿਰੀਆਂ
ਦਸ ਪੈਰ ਟੁਕੈਂਚੂ
(ਹਲ ਪਿੱਛੇ ਹਾਲੀ)
ਅਤੇ
ਨਿੱਕਾ ਜਿਹਾ ਪਿੱਦੂ
ਭੂ-ਭੂ ਕਰਕੇ
ਜ਼ਮੀਨ 'ਚ ਬੜ ਗਿਆ
(ਹਲ਼)
ਹੋਰ
ਆਂਗਾ ਛਾਂਗਾ
ਧਰਤ ਪਟਾਂਗਾ
ਛੇ ਅੱਖਾਂ ਦਸ ਟਾਂਗਾ
(ਹਲ, ਹਾਲੀ ਤੇ ਬਲਦ)
ਖੇਤ ਬੀਜਣ ਦੀ ਤਿਆਰੀ ਵਿੱਚ ਸੁਹਾਗੇ ਦਾ ਵਿਸ਼ੇਸ਼ ਮਹੱਤਵ ਹੈ। ਹਲ ਵਾਹੁਣ ਮਗਰੋਂ ਸੁਹਾਗਾ ਦੇ ਕੇ ਖੇਤ ਤਿਆਰ ਕੀਤਾ ਜਾਂਦਾ ਹੈ । ਹਰ ਕਿਸਾਨ ਨੂੰ ਇਸ ਦੀ ਲੋੜ ਪੈਂਦੀ ਹੈ—
ਜੋ ਚੀਜ਼ ਮੈਂ ਲੈਣ ਗਿਆ
ਉਹ ਦਿੰਦੇ ਸੀ
ਜੇ ਉਹ ਨਾ ਦਿੰਦੇ ਹੁੰਦੇ
ਤਾਂ ਮੈਂ ਲੈ ਆਉਂਦਾ
(ਸੁਹਾਗਾ)
ਅਤੇ
ਚਾਰ ਘੋੜੇ
ਦੋ ਅਸਵਾਰ
ਬੱਘੀ ਚੱਲੇ
ਮਾਰੋ ਮਾਰ
(ਸੁਹਾਗਾ)
ਜਾਂ
ਅੰਨ੍ਹਾ ਝੋਟਾ
ਵੱਟਾਂ ਢਾਉਂਦਾ ਜਾਂਦੇ
(ਸੁਹਾਗਾ)
ਇੱਕ ਕਾਨ੍ਹੀ
ਚਾਰ ਘੋੜੇ
ਦੋ ਸਵਾਰ
ਜਿੱਧਰ ਨੂੰ ਉਹ ਜਾਂਦੇ
ਕਰਦੇ ਮਾਰੋ ਮਾਰ
(ਸੁਹਾਗਾ, ਬਲਦ, ਜੱਟ)
ਅਤੇ
ਬਾਹਰੋਂ ਆਇਆ ਕਰਮੂ
ਆਣ ਬਨਾਏ ਕੰਨ
ਕਰਮੂ ਟੁਰਦਾ ਵੀਂਹੀਂ ਟੰਗੀ
ਛੇ ਮੂੰਹ ਬਾਰਾਂ ਕੰਨ
(ਸੁਹਾਗਾ)
ਬਲਦਾਂ ਨੂੰ ਹੱਕਣ ਲਈ ਪੁਰਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰਾਣੀ ਬਾਰੇ ਇੱਕ ਬੁਝਾਰਤਾ ਹੈ—
ਆਪ ਕਾਠ ਦੀ
ਮੂੰਹ ਲੋਹੇ ਦਾ
ਗੁੱਤ ਚੰਮ ਦੀ
ਦੋ ਖਸਮਾਂ ਨੂੰ ਮਾਰਦੀ
ਕਰਤੂਤ ਦੇਖੋ ਨਾਰ ਦੀ
ਜਾਂ
ਆਟ ਕਾਠ ਮੂੰਹ ਚੰਮ ਦਾ
ਦੋ ਮਰਦਾਂ ਨੂੰ ਮਾਰਦੀ
ਵੇਖੋ ਤਮਾਸ਼ਾ ਰੰਨ ਦਾ
(ਪਰੇਣੀ)
ਖੁਰਪੇ ਬਾਰੇ ਇੱਕ ਬੁਝਾਰਤ ਇਸ ਤਰ੍ਹਾਂ ਹੈ-
ਭੁੱਬਲ ਵਿੱਚ
ਦੰਦਈਆ ਨੱਚੇ
ਪੁਛ ਮੇਰੇ ਹੱਥ
ਦਾਤੀ ਨੂੰ ਵੀ ਬੁਝਾਰਤਾਂ ਦਾ ਵਿਸ਼ਾ ਬਣਾਇਆ ਗਿਆ ਹੈ—
ਐਨੀ 'ਕ ਹਰਨੀ
ਸਾਰਾ ਖੇਤ ਚਰਨੀ
ਮੰਗਣ ਇਕ ਨਾ ਕਰਨੀ
(ਦਾਤੀ)
ਹੋਰ
ਐਨੀ 'ਕ ਕੁੜੀ
ਉਹਦੇ ਜਰੀ-ਜਰੀ ਦੰਦ
ਖਾਂਦੀ ਪੀਂਦੀ ਰੱਜੇ ਨਾਂਹੀ
ਬੰਨ੍ਹ ਚੁਕਾਵੇ ਪੰਡ
(ਦਾਤੀ)
ਅਤੇ
ਪਾਲੋ ਪਾਲ ਵੱਛੇ ਬੰਨ੍ਹੇ
ਇੱਕ ਵੱਛਾ ਪਲਾਹਾ
ਜਿਹੜਾ ਮੇਰੀ ਬਾਤ ਨੀ ਬੁੱਝ
ਉਹਦਾ ਪਿਉ ਜੁਲਾਹਾ
(ਦੰਦਾ ਟੁੱਟੇ ਵਾਲੀ ਦਾਤੀ)
ਕੁਤਰਾ ਕਰਨ ਵਾਲੀ ਮਸ਼ੀਨ ਦਾ ਵਰਨਣ ਕਿਸੇ ਨੇ ਕਿੰਨਾ ਸੋਹਣਾ ਕੀਤਾ ਹੈ—
ਦੋ ਚਪਾਹੀ ਲੜਦੇ ਗਏ
ਬੇਰੀ ਦੇ ਪੱਤੇ ਝੜਦੇ ਗਏ
ਚਲਦੇ ਹਲਟ ਦਾ ਨਜ਼ਾਰਾ ਕਿੰਨਾ ਸੁੰਦਰ ਹੈ-
ਆਰ ਡਾਂਗਾਂ
ਪਾਰ ਡਾਂਗਾਂ
ਵਿੱਚ ਟਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਾਵਣ ਚੱਲੀਆਂ
ਹਲਟ ਦੇ ਕੁੱਤੇ ਦੀ ਆਪਣੀ ਮਹਾਨਤਾ ਹੈ—
ਨਿੱਕਾ ਜਿਹਾ ਕਾਕਾ
ਟੈਂ ਟੈਂ ਕਰਦਾ
ਭਾਰ ਚੁਕਾਇਆ
ਤਾਂ ਚੁਪ ਕਰਦਾ
ਅਤੇ
ਇੱਕ ਵਾਗੀ ਸੀ ਵੱਗ ਚਾਰਦਾ
ਜਾਂਦਿਆਂ ਦੇ ਗਿੱਟੇ ਠੇਕੇ
ਆਉਂਦਿਆਂ ਨੂੰ ਬੁਲ੍ਹ ਮਾਰਦਾ
ਗਿਠ ਕੁ ਦਾ ਡੰਡਾ
ਸਾਰੀ ਫ਼ੌਜ ਰੋਕੀ ਖੜਾ
ਹੋਰ
ਚਾਲੀ ਚੋਰ ਇੱਕ ਸਿਪਾਹੀ
ਸਾਰਿਆਂ ਦੇ ਇੱਕ-ਇੱਕ ਟਕਾਈ
ਖੂਹ ਦਾ ਵਰਨਣ ਸੁਣੋ-
ਰਾਹੇ-ਰਾਹੇ ਜਾਨੀ ਆਂ
ਰਾਹ ਦੇ ਵਿੱਚ ਡੱਬਾ
ਮੈਂ ਉਸ ਨੂੰ ਚੁੱਕ ਨਾ ਸਕਾਂ
ਜਾਂ
ਹਾਏ ਉਏ ਮੇਰਿਆ ਰੱਬਾ
ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ
ਚੁੱਕ ਨੀ ਹੁੰਦਾ ਚੁੱਕਾ ਦੇ ਰੱਬਾ
ਲੋਕ ਗੀਤ
ਲੋਕ ਗੀਤ ਪੰਜਾਬੀਆਂ ਦੇ ਲੋਕ ਜੀਵਨ ਵਿੱਚ ਮਿਸ਼ਰੀ ਵਾਂਗ ਘੁਲੇ ਹੋਏ ਹਨ। ਪੰਜਾਬ ਦਾ ਜਨ ਜੀਵਨ ਇਹਨਾਂ ਵਿੱਚ ਧੜਕਦਾ ਸਾਫ ਦਿਸ ਆਉਂਦਾ ਹੈ। ਇਹ ਪੰਜਾਬੀਆਂ ਦੇ ਅਰਮਾਨਾਂ ਦੀ ਤਰਜਮਾਨੀ ਕਰਦੇ ਹਨ। ਉਹਨਾਂ ਦੇ ਦੁਖ ਸੁੱਖ, ਭਾਵਨਾਵਾਂ, ਪਿਆਰ, ਵਿਛੋੜਾ-ਸੰਜੋਗ ਇਹਨਾਂ ਗੀਤਾਂ ਵਿੱਚ ਓਤ ਪੋਤ ਹਨ।
ਇਹਨਾਂ ਵਿੱਚ ਐਨੀ ਵੰਨ ਸਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਲੋਕ ਗੀਤ ਨਾ ਮਿਲਦਾ ਹੋਵੇ । ਇਹ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਇਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਐਸ਼ ਸਮੇਏ ਹੋਏ ਹਨ।
ਕਿਸਾਨੀ ਜੀਵਨ ਨਾਲ ਸੰਬੰਧਿਤ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਗੀਤ ਪ੍ਰਾਪਤ ਹਨ ਜੋ ਉਹਨਾਂ ਦੀ ਹੱਡ ਭੰਨਵੀਂ ਜ਼ਿੰਦਗੀ 'ਚ ਨਿਤ ਨਵਾਂ ਰੰਗ ਭਰਦੇ ਹਨ। ਇਹ ਉਹਨਾਂ ਦੀ ਰੂਹ ਨੂੰ ਸ਼ਰਸ਼ਾਰ ਹੀ ਨਹੀਂ ਕਰਦੇ ਬਲਕਿ ਇਹ ਉਹਨਾਂ ਨੂੰ ਸਾਹਸ ਭਰਪੂਰ ਜੀਵਨ ਜੀਣ ਲਈ ਉਤਸ਼ਾਹਿਤ ਵੀ ਕਰਦੇ ਹਨ।
ਫਸਲਾਂ
1
ਕਣਕ
ਅਸੀਂ ਯਾਰ ਦੀ ਤ੍ਰੀਕੇ ਜਾਣਾ
ਕਣਕ ਦੇ ਲਾਹਦੇ ਫੁਲਕੇ
2
ਤੇਰੀ ਮੇਰੀ ਇਉਂ ਲੱਗ ਗੀ
ਜਿਉਂ ਲੱਗਿਆ ਕਣਕ ਦਾ ਦਾਣਾ
3
ਜਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿਸਰ ਦੀਆਂ
4
ਪਾਣੀ ਦੇਣਗੇ ਰੁਮਾਲਾਂ ਵਾਲ਼ੇ
ਬੱਲੀਏ ਕਣਕ ਦੀਏ
5
ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾ ਵਾਲ਼ੇ
6
ਉੱਡਗੀ ਕਬੂਤਰ ਬਣ ਕੇ
ਹਰੀਆਂ ਕਣਕਾਂ ਚੋਂ
7
ਉੱਠ ਗਿਆ ਮਿਰਕਣ ਨੂੰ
ਕਣਕ ਵੇਚ ਕੇ ਸਾਰੀ
8
ਬੱਗੀ-ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂ ਗੇ
ਚਿਤ ਕਰੂ ਮੁਕਲਾਵੇ ਜਾਵਾਂਗੇ
9
ਮੱਕੀ
ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ
ਰੋਟੀ ਮੇਰਾ ਯਾਰ ਖਾ ਗਿਆ
10
ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ
11
ਲੈ ਲੈ ਛੱਲੀਆਂ ਭਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ
12
ਕਿਸੇ ਗਲ ਤੋਂ ਯਾਰ ਪਰਤਾਈਏ
ਛੱਲੀਆਂ ਤੇ ਰੂਸ ਨਾ ਬਹੀਏ
13
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲੇ ਘਰ ਪੈਣਗੇ
14
ਮੇਰਾ ਯਾਰ ਮੱਕੀ ਦਾ ਰਾਖਾ
ਡੱਬ ਵਿੱਚ ਲਿਆਵੇ ਛੱਲੀਆਂ
15
ਮੇਰੇ ਯਾਰ ਨੇ ਖਿੱਲਾਂ ਦੀ ਮੁਠ ਮਾਰੀ
ਚੁਗ ਲੌ ਨੀ ਕੁੜੀਓ
16
ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ-ਤੱਤੀ ਖਿਲ ਚੱਬੀਏ
17
ਅਸੀਂ ਤੇਰੇ ਨਾ ਚੱਬਣੇ
ਖੁਸ਼ਕ ਮੱਕੀ ਦੇ ਦਾਣੇ
18
ਜੇ ਜੱਟੀਏ ਜੱਟ ਕੁਟਣਾ ਹੋਵੇ
ਸੁੱਤੇ ਪਏ ਨੂੰ ਕੁੱਟੀਏ
ਵੱਖੀ 'ਚ ਉਹਦੇ ਲੱਤ ਮਾਰ ਕੇ
ਹੇਠ ਮੰਜੇ ਤੋਂ ਸੁੱਟੀਏ ਨੀ
ਪਹਿਲਾਂ ਜੱਟ ਤੋਂ ਮੱਕੀ ਪਿਹਾਈਏ
ਫੇਰ ਪਿਹਾਈਏ ਛੋਲੇ
ਜੱਟੀਏ ਦੇਹ ਦਬਕਾ-
ਜੱਟ ਫੇਰ ਨਾ ਬਰਾਬਰ ਬੋਲੇ
19
ਕਪਾਹ
ਹਾੜ੍ਹੀ ਵਢ ਕੇ ਬੀਜਦੇ ਨਰਮਾ
ਚੁਗਣੇ ਨੂੰ ਮੈਂ ਤਕੜੀ
20
ਮਲਮਲ ਵੱਟ ਤੇ ਖੜੀ
ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ
21
ਆਪੇ ਲਿਫ ਜਾ ਕਪਾਹ ਦੀਏ ਛਟੀਏ
ਪਤਲੋ ਦੀ ਥਾਂਹ ਸੱਕਗੀ
22
ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ
23
ਤਾਰੋ ਹਸਦੀ ਖੇਤ ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ
24
ਪਰੇ ਹਟ ਜਾ ਕਪਾਹ ਦੀਏ ਛਟੀਏ
ਪਤਲੇ ਨੂੰ ਲੰਘ ਜਾਣ ਦੇ
25
ਭਲਕੇ ਕਪਾਹ ਦੀ ਬਾਰੀ
ਵੱਟੋ ਵਟ ਆਜੀ ਮਿੱਤਰਾ
26
ਕਮਾਦ
ਗੰਨੇ ਰੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ
27
ਕਾਲੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ
28
ਛੋਲੇ
ਚੰਦਰੇ ਜੇਠ ਦੇ ਛਲੇ
ਕਦੀ ਨਾ ਧੀਏ ਜਾਈਂ ਸਾਗ ਨੂੰ
29
ਛੋਲਿਆਂ ਦੀ ਰੋਟੀ ਤੇ ਸਾਗ ਸੁਪੱਤੀ ਦਾ
ਤੋਰ ਦੇ ਮਾਏਂ ਨੀ ਰਾਂਝਾ ਪੁੱਤਰ ਕੁਪੱਤੀ ਦਾ
30
ਸਰ੍ਹੋਂ
ਕਿਹੜੀ ਐਂ ਨੀ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ
31
ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ
32
ਸਰ੍ਹਵਾਂ ਫੁੱਲੀਆਂ ਤੋਂ
ਕਦੀ ਜੱਟ ਦੇ ਖੇਤ ਨਾ ਜਾਈਏ
33
ਯਾਰੀ ਪਿੰਡ ਦੀ ਕੁੜੀ ਨਾਲ ਲਾਈਏ
ਸਰ੍ਹਵਾਂ ਫੁੱਲੀਆਂ ਤੋਂ
34
ਕੀ ਲੈਣੇ ਸ਼ਹਿਰਨ ਬਣਕੇ
ਸਾਗ ਨੂੰ ਤਰਸੇਂਗੀ
35
ਕਾਹਨੂੰ ਆ ਗਿਆ ਸਰ੍ਹੋਂ ਦਾ ਫੁੱਲ ਬਣਕੇ
ਮਾਪਿਆਂ ਨੇ ਤੋਰਨੀ ਨਹੀਂ
36
ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋਂ ਵਾਲੇ ਆਜੀ ਖੇਤ ਨੂੰ
37
ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਉਦੋਂ ਕਿਉਂ ਨਾ ਆਇਆ ਮਿੱਤਰਾ
38
ਬਣਗੇ ਸਰਹੋਂ ਦੇ ਫੁੱਲ ਆਲੂ
ਜ਼ੋਰ ਮਸਾਲੇ ਦੇ ਜਿੰਦੀਏ
ਕੁੱਜੇ 'ਚੋਂ ਲਿਆ ਮਖਣੀ
ਗੱਡਾ ਜਿੰਦੀਏ
39
ਬਾਜਰਾ
ਮੀਂਹ ਪਾਦੇ ਲਾਦੇ ਝੜੀਆਂ
ਬੀਜ ਲਈਏ ਮੋਠ ਬਾਜਰਾ
40
ਰੁੱਤ ਗਿੱਧਾ ਪਾਉਣ ਦੀ ਆਈ
ਲੱਕ-ਲੱਕ ਹੋਗੇ ਬਾਜਰੇ
41
ਬਾਜਰਾ ਤਾਂ ਸਾਡਾ ਹੋ ਗਿਆ ਚਾਬੂ
ਮੂੰਗੀ ਆਉਂਦੀ ਫਲਦੀ
ਪਹਿਣ ਪਚਰ ਕੇ ਆ ਗਈ ਖੇਤ ਵਿੱਚ
ਠੁਮਕ-ਠੁਮਕ ਪੱਥ ਧਰਦੀ
ਸਿੱਟੇ ਡੁੰਗੇ, ਬੂਟੇ ਭੰਨੇ
ਦਿਓਰ ਤੋਂ ਮੂਲ ਨਾ ਡਰਦੀ
ਸਿਫਤਾਂ ਰਾਂਝੇ ਦੀਆਂ
ਮੈਂ ਬੈਠ ਮਨ੍ਹੇ ਤੇ ਕਰਦੀ
42
ਖੇਡ ਤੇ ਆਪਣਾ ਡਬਚਿਆਂ ਖਾ ਲਿਆ
ਮੇਰਾ ਕਾਲਜਾ ਧੜਕੇ
ਸਾਰੇ ਜ਼ੋਰ ਦਾ ਮਾਰਾਂ ਗੋਪੀਆ
ਹੇਠ ਤੂਤ ਦੇ ਖੜ੍ਹਕੇ
ਸੋਹਣੀਏ ਹੀਰੇ ਨੀ
ਦੇ-ਦੇ ਬਾਜਰਾ ਮਲ ਕੇ
43
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜਕੇ
ਖੇਤ ਵਿੱਚ ਜਾਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ
ਉੱਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਫਸਕੇ
ਤੁਰ ਪਰਦੇਸ ਗਿਉਂ-
ਦਿਲ ਮੇਰੇ ਵਿੱਚ ਵਸ ਕੇ
44
ਤੇਰੇ ਬਾਜਰੇ ਦੀ ਰਾਖੀ ਦਿਓਰਾ
ਮੈਂ ਨਾ ਬਹਿੰਦੀ ਹੈ
ਜੇ ਮੈਂ ਤਾੜੀ ਮਾਰ ਉਡਾਵਾਂ
ਮੇਰੀ ਮਹਿੰਦੀ ਲਹਿੰਦੀ ਹੋ
ਤੇਰੇ ਬਾਜਰੇ ਦੀ ਰਾਖੀ ਦਿਓਰਾ
ਮੈਂ ਨਾ ਬਹਿੰਦੀ ਹੋ
ਜੇ ਮੈਂ ਸੀਟੀ ਮਾਰ ਉਡਾਵਾਂ
ਮੇਰੀ ਸੁਰਖੀ ਲਹਿੰਦੀ ਹੋ
ਤੇਰੇ ਬਾਜਰੇ ਦੀ ਰਾਖੀ
ਦਿਓਰਾ ਮੈਂ ਨਾ ਬਹਿੰਦੀ ਹੋ
ਜੈ ਮੈਂ ਅੱਡੀ ਮਾਰ ਉਡਾਵਾਂ
ਮੇਰੀ ਝਾਂਜਰ ਲਹਿੰਦੀ ਹੈ
ਤੇਰੇ ਬਾਜਰੇ ਦੀ ਰਾਖੀ ਦਿਓਰਾ
ਮੈਂ ਨਾ ਬਹਿੰਦੀ ਹੋ
45
ਸੌਣ ਮਹੀਨੇ ਬੱਦਲ ਪੇ ਗਿਆ
ਹਲ ਜੋੜ ਕੇ ਜਾਈਂ
ਬਾਰਾਂ ਘੁਮਾ ਦਾ ਵਾਹਣ ਆਪਣਾ
ਬਾਜਰਾ ਬੀਜ ਕੇ ਆਈ
ਨੱਕਿਆਂ ਦਾ ਤੈਨੂੰ ਗ਼ਮ ਨਾ ਕੋਈ
ਨੱਕੇ ਛੱਡਾਂ ਮੈਂ ਤੜਕੇ ਵੀਰ ਨੂੰ ਵੀਰ ਮਿਲੇ-
ਵੱਟ ਤੇ ਗੋਪੀਆ ਧਰਕੇ
46
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲੋ ਕੋਲੀ ਮੰਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਉੱਚੀਆਂ ਚਰੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਨੰਦਕੁਰ ਥਿਆ ਜਾਂਦੀ-
ਪੈਰੀਂ ਝਾਂਜਰਾ ਪਾਈਆਂ
47
ਚਰ੍ਹੀ
ਮੇਰੀ ਡਿਗਪੀ ਚਰੀ ਦੇ ਵਿੱਚ ਗਾਨੀ
ਚੱਕ ਲਿਆ ਮੋਰ ਬਣਕੇ
48
ਅੱਖ ਮਾਰਕੇ ਚਰੀ ਵਿੱਚ ਬੜਗੀ
ਐਡਾ ਕੀ ਜ਼ਰੂਰੀ ਕੰਮ ਸੀ
49
ਕਾਲਾ ਨਾਗ ਨੀ ਚਰੀ ਵਿੱਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ
50
ਅਲਸੀ
ਮੋਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ
51
ਮੂੰਗੀ
ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾਦੇ ਨੀ ਮਾਏਂ ਜੜੁੱਤ ਬਾਂਕਾਂ
52
ਜੌਂ
ਉੱਚੇ ਟਿੱਬੇ ਇਕ ਜੌਆਂ ਦਾ ਬੂਟਾ
ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲ-ਮਲ ਦੀ
ਭਖ-ਭਖ ਉੱਠੇ ਸਰੀਰ
53
ਕਰੇਲੇ
ਗੰਢੇ ਤੇਰੇ ਕਰੇਲੇ ਮੇਰੇ
ਖੂਹ ਤੇ ਮੰਗਾ ਲੈ ਰੋਟੀਆਂ
54
ਗੰਦੇ ਤੇਰੇ ਕਰੇਲੇ ਮੇਰੇ
ਰਲਕੇ ਤੜਕਾਂਗੇ
55
ਕੱਦੂ
ਮੇਰੀ ਮੱਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ
56
ਮੂੰਗਰੇ
ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਅੰਤ ਟੱਬਰਾ
57
ਖਰਬੂਜਾ
ਗੋਰੀ ਗਲ੍ਹ ਦਾ ਬਣੇ ਖਰਬੂਜਾ
ਡੰਡੀਆਂ ਦੀ ਵੇਲ ਬਣ ਜੇ
ਰੁੱਖ
58
ਪਿੱਪਲ
ਪਿੱਪਲ ਦਿਆ ਪੱਤਿਆ
ਕੇਹੀ ਖੜ-ਖੜ ਲਾਈ ਆ
ਪੱਤ ਝੜੇ ਪੁਰਾਣੇ
ਰੁੱਤ ਨਵਿਆਂ ਦੀ ਆਈ ਆ
59
ਪਿੱਪਲਾ ਦਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ
60
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾ ਵੇ
ਦਿਲ ਦੇ ਬੋਲ ਮੈਂ ਬੋਲਾਂ
61
ਥੜ੍ਹਿਆਂ ਬਾਝ ਨਾ ਸੋਹਦੇ ਪਿੱਪਲ
ਫੁੱਲਾਂ ਬਾਝ ਫੁਲਾਹੀਆਂ
ਹੰਸਾਂ ਨਾਲ ਹਮੇਲਾਂ ਸੋਂਹਦੀਆਂ
ਬੰਦਾਂ ਨਾਲ ਗਜਰਾਈਆਂ
'ਧੰਨ ਭਾਗ ਮੇਰਾ' ਆਖੇ ਪਿੱਪਲ
ਕੁੜੀਆਂ ਨੇ ਪੀਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ
ਪੀਂਘਾਂ ਅਸਮਾਨ ਚੜ੍ਹਾਈਆਂ
62
ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆਂ
ਪੀਘਾਂ ਤੇਰੇ ਤੇ ਪਾਈਆਂ
ਦਿਨ ਤੀਆਂ ਦੇ ਆਗੇ ਨੇੜੇ
ਉੱਠ ਪੇਕਿਆਂ ਨੂੰ ਆਈਆਂ
ਹਾੜ੍ਹ ਮਹੀਨੇ ਬੈਠਣ ਛਾਵੇਂ
ਪਿੰਡ ਦੀਆਂ ਮੱਝਾਂ ਗਾਈਆਂ
ਪਿੱਪਲਾ ਸਹੁੰ ਤੇਰੀ-
ਝੱਲੀਆਂ ਨਾ ਜਾਣ ਜੁਦਾਈਆਂ
63
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸੁਹਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ
ਕਿਹੜੀ ਛਾਉਣੀ ਲੁਆ ਲਿਆ ਨਾਵਾਂ
64
ਬੋਹੜ
ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ
65
ਕਿੱਕਰ
ਛੇਤੀ –ਛੇਤੀ ਵਧ ਕਿੱਕਰੇ
ਅਸੀ ਸੱਸ ਦਾ ਸੰਦੂਕ ਬਣਾਉਣਾ
66
ਚਰਖਾ ਮੇਰਾ ਲਾਲ ਕਿੱਕਰ ਦਾ
ਮਾਲ੍ਹਾਂ ਬਹੁਤੀਆਂ ਖਾਵੇ
ਚਰਖਾ ਬੂ ਚੰਦਰਾ-
ਸਾਡੀ ਅਸਰਾਂ ਦੀ ਨੀਂਦ ਗਵਾਵੇ
67
ਕਿੱਕਰ ਉੱਤੋਂ ਫੁੱਲ ਪਏ ਝੜਦੇ
ਲਗਦੇ ਬੋਲ ਪਿਆਰੇ
ਜਲ ਤੇ ਫੁੱਲ ਤਰਦਾ-
ਝੁਕ ਕੇ ਚੱਕ ਮੁਟਿਆਰੇ
68
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੇਂ ਰਹਿ ਗੇ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ
69
ਤੈਨੂੰ ਕੀ ਲਗਦਾ ਮੁਟਿਆਰੇ
ਕਿੱਕਰਾਂ ਨੂੰ ਫੁੱਲ ਲਗਦੇ
70
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
71
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ
ਬਾਪੂ ਦੇ ਪਸੰਦ ਆ ਗਿਆ
72
ਤੇਰੀ ਥਾਂ ਮੈਂ ਮਿਣਦੀ
ਤੂੰ ਬੈਠ ਕਿੱਕਰਾਂ ਦੀ ਛਾਵੇਂ
73
ਉੱਥੇ ਕਿੱਕਰਾਂ ਨੂੰ ਲਗਦੇ ਮੋਤੀ
ਜਿੱਥੋਂ ਮੇਰਾ ਵੀਰ ਲੰਘਦਾ
74
ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿੱਕਰਾਂ ਨੂੰ ਪਾ ਲੈ ਜੱਫੀਆਂ
75
ਬੇਰੀਆਂ
ਸਾਨੂੰ ਬੇਰੀਆਂ ਦੇ ਬੇਰ ਪਿਆਰੇ
ਨਿਉਂ-ਨਿਉਂ ਚੁਗ ਗੋਰੀਏ
76
ਮਿੱਠੇ ਬੇਰ ਫੇਰ ਨੀ ਥਿਆਉਣੇ
ਸਾਰਾ ਸਾਲ ਡੀਕਦੀ ਰਹੀ
77
ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੱਕ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ
78
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ-ਬੰਨੇ ਲਾਦੇ ਬੋਰੀਆਂ
79
ਬੇਰੀਆ ਦੇ ਬੇਰ ਮੁਕਗੇ
ਦਸ ਕਿਹੜੇ ਮੈਂ ਬਹਾਨੇ ਆਵਾਂ
80
ਬੇਰੀਆਂ ਦੇ ਬੇਰ ਪੱਕਗੇ
ਰੁਤ ਯਾਰੀਆਂ ਲਾਉਣ ਦੀ ਆਈ
81
ਮਿੱਠੇ ਬੇਰ ਸੁਰਗ ਦਾ ਮੇਵਾ
ਕੋਲੋਂ ਕੋਲ ਬੇਰ ਚੁਗੀਏ
82
ਮਿੱਠੇ ਯਾਰ ਦੇ ਬਰੋਬਰ ਬਹਿਕੇ
ਮਿੱਠੇ-ਮਿੱਠੇ ਬੇਰ ਚੁਗੀਏ
83
ਮਿੱਠੇ ਬੇਰ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ
84
ਭਾਬੀ ਤੇਰੀ ਗਲ੍ਹ ਵਰਗਾ
ਮੈਂ ਬੇਰੀਆਂ ਚੋਂ ਬੋਰ ਲਿਆਂਦਾ
85
ਬੇਰੀਆਂ ਦੇ ਬੇਰ ਖਾਣੀਏ
ਗੋਰੇ ਰੰਗ ਤੇ ਝਰੀਟਾਂ ਆਈਆਂ
86
ਬੋਰੀਆਂ ਨੂੰ ਬੇਰ ਲੱਗਗੇ
ਤੈਨੂੰ ਕੁਝ ਨਾ ਲੱਗਾ ਮੁਟਿਆਰੇ
87
ਬੇਰੀ ਤੋਂ ਬੇਰ ਲਿਆ
ਚੰਗੀ ਭਲੀ ਖੇਡਦੀ ਨੂੰ
ਕਿਸਮਤ ਨੇ ਘੇਰ ਲਿਆ
88
ਤੂਤ
ਬੇਤੇ ਬਣ ਬੱਕਰੀ
ਜਟ ਬਣਦਾ ਤੂਤ ਦਾ ਟਾਹਲਾ
89
ਨੀ ਮੈਂ ਲਗਰ ਤੂਤ ਦੀ
ਲੜ ਮਧਰੇ ਦੇ ਲਾਈ
90
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋ ਰਹਿ ਗੇ ਤੂਤ
ਜੇ ਮੇਰੀ ਸੱਸ ਮਰਜੇ-
ਦੂਰੋਂ ਮਾਰਾਂ ਕੁਕ
91
ਨਿੰਮ
ਕੌੜੀ ਨਿੰਮ ਨੂੰ ਪਤਾਸੇ ਲਗਦੇ
ਵਿਹੜੇ ਛੜਿਆਂ ਦੇ
92
ਨਿੰਮ ਦਾ ਕਰਾਦੇ ਘੋਟਣਾ
ਕਿਤੇ ਸੱਸ ਕੁਟਣੀ ਬਣ ਜਾਵੇ
93
ਤੇਰੀ ਸਿਖਰੋਂ ਪੀਂਘ ਟੁੱਟ ਜਾਵੇ
ਨਿੰਮ ਨਾਲ ਝੂਟਦੀਏ
94
ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ ਝੂਟਦੀਏ
95
ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨਿੰਮ ਨਾਲ ਝੂਟਦੀਏ 96
ਲੱਛੋ ਬੰਤੀ ਪੀਣ ਸ਼ਰਾਬਾਂ
ਨਾਲ ਮੰਗਣ ਤਰਕਾਰੀ
ਲੱਛੋ ਨਾਲੋਂ ਚੜ੍ਹਗੀ ਬੰਤੋ
ਨੀਮ ਰਹੀ ਕਰਤਾਰੀ
ਭਾਨੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲੀ
ਪੰਜ ਸੱਤ ਕੁੜੀਆਂ ਭੱਜੀਆਂ ਘਰਾਂ ਨੂੰ
ਮੀਂਹ ਨੇ ਘੇਰੀਆਂ ਚਾਲੀ
ਨੀ ਨਿੰਮ ਨਾਲ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ
97
ਜੰਡ
ਮੈਨੂੰ ਕੱਲੀ ਨੂੰ ਚੁਬਾਰਾ ਪਾਦੇ
ਰੋਹੀ ਵਾਲਾ ਜੰਡ ਵਢਕੇ
98
ਮਰਗੀ ਨੂੰ ਰੁਖ ਰੋਣਗੇ
ਅੱਕ ਢਕ ਤੇ ਕਰੀਰ ਜੰਡ ਬੇਰੀਆਂ
99
ਜੰਡ ਸੀਹ ਨੂੰ ਦੱਸੇ
ਤੂਤ ਨਹੀਓ ਮੂੰਹੋ ਬੋਲਦਾ
100
ਕਰੀਰ
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਗੇ ਬਾਟਾ
ਸਰਹੋਂ ਨੂੰ ਤਾਂ ਫੁੱਲ ਲਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ
ਆ ਕੇ ਦੇ ਜਾ ਝਾਕਾ
101
ਆਮ ਖਾਸ ਨੂੰ ਡੇਲੇ
ਮਿੱਤਰਾਂ ਨੂੰ ਖੇਡ ਦਾ ਕੜਾਹ
102
ਬੈਠੀ ਰੋਏਂਗੀ ਬਣਾਂ ਦੇ ਓਹਲੇ
ਪਿਆਰੇ ਗੱਡੀ ਚੜ੍ਹ ਜਾਣਗੇ
103
ਮਰ ਗਈ ਨੂੰ ਰੁੱਖ ਰੋ ਰਹੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
104
ਚੰਨਣ
ਰੱਤਾ ਪਲੰਘ ਚੰਨਣ ਦੇ ਪਾਵੇ
ਤੋੜ-ਤੋੜ ਖਾਣ ਹੱਡੀਆਂ
105
ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ
106
ਟਾਹਲੀ
ਕੱਲੀ ਹੋਵੇ ਨਾ ਬਣਾਂ ਵਿੱਚ ਟਾਹਲੀ
ਕੱਲਾ ਨਾ ਹੋਵੇ ਪੁੱਤ ਜੱਟ ਦਾ
107
ਕੋਲ ਕੱਲਰ ਵਿੱਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚੁਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਜਾਂਦੇ
ਹੇਠੋਂ ਮਚਦੀਆਂ ਤਲੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲੀਆਂ
108
ਉੱਚੇ ਟਿੱਬੇ ਮੈਂ ਆਟਾ ਗੁੰਨਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵਢ ਵੇ
ਸ਼ਾਮਲਾਟ ਦੀ ਟਾਹਲੀ
109
ਹੀਰਿਆਂ ਹਰਨਾਂ ਬਾਗੀ ਚਰਨਾ
ਬਾਗਾਂ ਦੇ ਵਿੱਚ ਟਾਹਲੀ
ਸਾਡੇ ਭਾ ਦਾ ਰੱਬ ਰੁੱਸਿਆ
ਸਾਡੀ ਰੁਸਗੀ ਝਾਂਜਰਾਂ ਵਾਲੀ
110
ਅੰਬ
ਛੱਡਕੇ ਦੇਸ਼ ਦੁਆਬਾ
ਅੰਬੀਆਂ ਨੂੰ ਤਰਸੇਂ ਗੀ
111
ਕਿਹੜੇ ਯਾਰ ਦੇ ਬਾਗ ਚੋਂ ਨਿਕਲੀ
ਮੁੰਡਾ ਰੋਵੇ ਅੰਬੀਆਂ ਨੂੰ
112
ਕਿਤੇ ਬਾਗ ਨਜ਼ਰ ਨਾ ਆਵੇ
ਮੁੰਡਾ ਰੋਵੇ ਅੰਬੀਆਂ ਨੂੰ
113
ਕਾਹਨੂੰ ਮਾਰਦੇ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ
114
ਅੰਬ ਕੋਲੇ ਇਮਲੀ
ਨੀ ਜੰਡ ਕੋਲੇ ਟਾਹਲੀ
ਅਕਲ ਬਿਨਾਂ ਨੀ
ਗੋਰਾ ਰੰਗ ਜਾਵੇ ਖਾਲੀ
115
ਵਿਹੜੇ ਦੇ ਵਿੱਚ ਅੰਬ ਸੁਣੀਂਦਾ
ਬਾਗਾਂ ਵਿੱਚ ਲਸੂੜਾ
ਕੋਠੇ ਚੜ੍ਹਕੇ ਦੇਖਣ ਲੱਗਿਆ
ਸੂਤ ਟੇਰਦੀ ਦੁਹਰਾ
ਯਾਰੀ ਲਾ ਕੇ ਦਗਾ ਕਮਾਗੀ
ਖਾ ਕੇ ਮਰੂ ਧਤੂਰਾ
ਕਾਹਨੂੰ ਪਾਇਆ ਸੀ-
ਪਿਆਰ ਵੈਰਨੇ ਗੂਹੜਾ
116
ਜੇਠ ਹਾੜ੍ਹ ਵਿੱਚ ਅੰਬ ਬਥੇਰੇ
ਸਾਉਣ ਜਾਮਨੂੰ ਪੀਲਾਂ
ਰਾਂਝਿਆ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ
117
ਨਿੰਬੂ
ਦੋ ਨਿੰਬੂ ਪੱਕੇ ਘਰ ਤੇਰੇ
ਛੁੱਟੀ ਲੈ ਕੇ ਆ ਜਾ ਨੌਕਰਾ
118
ਮੈਨੂੰ ਸਾਹਿਬ ਛੁੱਟੀ ਨਾ ਦੇਵੇ
ਨਿੰਬੂਆਂ ਨੂੰ ਬਾੜ ਕਰ ਲੈ
119
ਦੋ ਨਿੰਬੂਆਂ ਨੇ ਪਾੜੀ
ਕੁੜਤੀ ਮਲਮਲ ਦੀ
120
ਨਿੰਬੂ ਅੰਬ ਅਰ ਬਾਣੀਆਂ
ਗਲ ਘੁੱਟੇ ਰਸ ਦੇ
ਫੁੱਲ ਬੂਟੇ
121
ਮਹਿੰਦੀ
ਅੱਗੇ ਤਾਂ ਗੁੜ ਵਿਕੇ ਧੜੀਏ
ਹੁਣ ਕਿਉਂ ਦੇਣ ਘਟਾ ਕੇ
ਖੱਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ
122
ਗੁਲਾਬ ਦਾ ਫੁੱਲ
ਤਿੰਨ ਦਿਨਾਂ ਦੀ ਤਿੰਨ ਪਾ ਮਖਣੀ
ਖਾ ਗਿਆ ਟੁਕ ਤੇ ਧਰ ਕੇ
ਲੋਕੀ ਕਹਿੰਦੇ ਮਾੜਾ-ਮਾੜਾ
ਮੈਂ ਦੇਖਿਆ ਸੀ ਮਰ ਕੇ
ਫੁੱਲਾ ਵੇ ਗੁਲਾਬ ਦਿਆ-
ਆ ਜਾ ਨਦੀ ਵਿੱਚ ਤਰਕੇ
123
ਵੇਲ
ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੱਲ ਦਿਸੇ
124
ਤੈਨੂੰ ਯਾਰ ਰਖਣਾ ਨੀ ਆਇਆ
ਵਧਗੀ ਵੇਲ ਜਹੀ
ਪਸ਼ੂ-ਪੰਛੀ
125
ਬਲਦ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ ਉਨ੍ਹਾਂ ਦੇ ਟੱਲੀਆਂ
ਨਠ-ਨਠ ਕੇ ਉਹ ਮੱਕੀ ਬੀਜਦ
ਹੱਥ-ਹੱਥ ਲੱਗੀਆਂ ਛੱਲੀਆਂ
ਬੰਤੇ ਦੇ ਬੈਲਾਂ ਨੂੰ
ਪਾਵਾਂ ਗੁਆਰੇ ਦੀਆਂ ਫਲੀਆਂ
126
ਗੱਡੀ ਜੋੜਕੇ ਆ ਗੇ ਸੋਹਰੇ
ਆਣ ਖੜੇ ਦਰਵਾਜ਼ੇ
ਬੈਲਾਂ ਤੇਰਿਆਂ ਨੂੰ ਭੋ ਦੀ ਟੋਕਰੀ
ਤੈਨੂੰ ਦੇ ਪਰਛਾਦੇ
ਨੀਵੀਂ ਪਾ ਬਹਿੰਦਾ-
ਪਾਲੇ ਭੌਰ ਨੇ ਦਾਬੇ
127
ਆ ਵੇ ਤੋਤਿਆ ਬਹਿ ਵੇ ਤੋਤਿਆ
ਘਰ ਦਾ ਹਾਲ ਸੁਣਾਵਾਂ
ਅੱਠੀ ਬੀਹੀਂ ਬੈਲ ਲਿਆਂਦਾ
ਸੌ ਕੋਹਲੂ ਤੇ ਲਾਇਆ
ਮਝ ਬੀਹਾਂ ਪੱਚੀਆਂ ਦਾ ਦਾਣਾ ਮਾਗੀ
ਸੇਰ ਬੰਦਾ ਨਾ ਆਇਆ
ਮਿੰਦਰੋ ਦੇ ਇਸ਼ਕਾ ਨੇ-
ਜੈਬੂ ਕੈਦ ਕਰਾਇਆ
128
ਪਿੰਡਾਂ ਵਿੱਚੋਂ ਪਿੰਡ ਸੁਣੀਦਾ
ਪਿੰਡ ਸੁਣੀਂਦਾ ਭਾਰਾ
ਰਾਈਓ ਰੇਤ ਵੰਡਾਲਾਂ ਗਾ ਨੀ
ਕੋਠੇ ਨਾਲ ਚੁਬਾਰਾ
ਭੌਂ ਦੇ ਵਿੱਚੋਂ ਅਡ ਵੰਡਾਵਾਂ
ਬਲਦ ਸਾਂਭ ਲਾਂ ਨਾਰਾ
ਰੋਹੀ ਵਾਲਾ ਜੰਡ ਵਢ ਕੇ-
ਤੈਨੂੰ ਕੱਲੀ ਨੂੰ ਪਾਊਂ ਚੁਬਾਰਾ
129
ਪੰਝੀ ਰੁਪਈਏ ਪੰਜ ਵਹਿੜਕੇ
ਪੰਜੇ ਨਿਕਲੇ ਹਾਲੀ
ਲਾਲ ਸਿਆਂ ਤੇਰੇ ਵਣਜਾਂ ਨੇ-
ਮੈਂ ਤਾਰੀ
130
ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਗਮ ਹੱਡਾਂ ਨੂੰ ਐਂ ਖਾ ਜਾਂਦਾ
ਜਿਉਂ ਲੱਕੜੀ ਨੂੰ ਆਰੀ
ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਨ ਲੱਗੀ ਦੇ ਲਗਿਆ ਕੰਡਾ
ਦੁਖ ਹੋ ਜਾਂਦੇ ਭਾਰੀ
ਗੱਭਣਾਂ ਤੀਵੀਆਂ ਨਚਣੋਂ ਰਹਿ ਗੀਆਂ
ਆਈ ਫੰਡਰਾਂ ਦੀ ਵਾਰੀ
ਅਲਕ ਵਹਿੜਕੇ ਚਲਣ ਰਹਿਗੇ
ਮੋਢੇ ਧਰੀ ਪੰਜਾਲੀ
ਤੈਂ ਮੈਂ ਮੋਹ ਲਿਆ ਨੀ-
ਢਾਂਡੇ ਚਾਰਦਾ ਪਾਲੀ
131
ਢਾਈਆਂ ਢਾਈਆਂ ਢਾਈਆਂ
ਬੇਈਮਾਨ ਮਾਪਿਆਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਅੱਠੀ ਦਿਨੀਂ ਲੈਣ ਛੁੱਟੀਆਂ
ਲੀੜੇ ਧੋਣ ਨਹਿਰ ਤੇ ਆਈਆਂ
ਦੁੱਧ ਘਿਓ ਦੇਣ ਮੱਝੀਆਂ
ਵਹਿੜਕੇ ਦੇਣ ਗੀਆਂ ਗਾਈਆਂ
ਅੰਗ ਦੀ ਪਤਲੀ ਨੇ-
ਪਿੱਪਲਾਂ ਨਾਲ ਪੀਂਘਾਂ ਪਾਈਆਂ
132
ਹੱਟੀਏਂ ਬੈਠ ਸ਼ੁਕੀਨਾ
ਵਹਿੜੇ ਤੇਰੇ ਮੈਂ ਬੰਨ੍ਹਦੀ
133
ਚੱਕ ਟੋਕਰਾ ਥੈਲਾਂ ਨੂੰ ਕੱਖ ਪਾਦੇ
ਸੂਫ਼ ਦੇ ਪਜਾਮੇ ਵਾਲੀਏ
134
ਬੱਗੇ ਬਲਦ ਖਰਾਸੇ ਜਾਣਾ
ਚੰਦ ਕੁਰੇ ਲਿਆ ਘੁੰਗਰੂ
135
ਵਹਿੜੇ ਤੇਰੇ ਮੈਂ ਬੰਨ੍ਹਦੂ
ਚੱਕ ਜਾਂਗੀਆਂ ਮੁੰਡਿਆਂ ਦੇ ਨਾਲ ਰਲ ਜਾ
136
ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿੱਚ ਆਈ
137
ਬੀਕਾਨੇਰ ਚੋਂ ਊਠ ਲਿਆਂਦਾ
ਦੇ ਕੇ ਰੋਕ ਪਚਾਸੀ
ਸ਼ੋਹਣੇ ਦੇ ਵਿੱਚ ਝਾਂਜਰ ਬਣਦੀ
ਮੁਕਸਰ ਬਣਦੀ ਕਾਠੀ
ਭਾਈ ਬਖਤੌਰੇ ਬਣਦੇ ਟਕੂਏ
ਰੱਲੇ ਬਣੇ ਗੰਡਾਸੀ
ਰੋਡੇ ਦੇ ਵਿੱਚ ਬਣਦੇ ਕੂੰਡੇ
ਸ਼ਹਿਰ ਭਦੌੜ ਦੀ ਚਾਟੀ
ਹਿੰਮਤ ਪੂਰੇ ਬਣਦੀਆਂ ਕਹੀਆਂ
ਕਾਸੀ ਪੁਰ ਦੀ ਦਾਤੀ
ਚੜ੍ਹ ਜਾ ਬੋਤੇ ਤੇ-
ਮੰਨ ਲੈ ਭੌਰ ਦੀ ਆਖੀ
138
ਸੋਹਣਾ ਵਿਆਂਦੜ ਰੱਥ ਵਿੱਚ ਬਹਿ ਗਿਆ
ਹੇਠ ਚੁਤੈਹੀ ਵਿਛਾ ਕੇ
ਊਠਾਂ ਤੇ ਸਭ ਜਾਨੀ ਚੜ੍ਹ ਗਏ
ਝਾਂਜਰਾਂ ਛੋਟੀਆਂ ਪਾ ਕੇ
ਰੱਥ ਗੱਡੀਆਂ ਦਾ ਅੰਤ ਨਾ ਕੋਈ
ਜਾਨੀ ਚੜ੍ਹ ਗਏ ਸਜ ਸਜਾ ਕੇ
ਜੰਨ ਆਈ ਜਦ ਕੁੜੀਆਂ ਦੇਖਣ
ਆਈਆਂ ਹੁੰਮ ਹੁਮਾ ਕੇ
ਵਿਆਂਦੜ ਫੁੱਲ ਵਰਗਾ-
ਦੇਖ ਵਿਆਹੁਲੀਏ ਆ ਕੇ
139
ਊਠਾਂ ਵਾਲਿਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋਂ ਦੇ-
ਸੋਹਣੀਆਂ ਤੇ ਸੱਸੀਆਂ ਚੱਲੀਆਂ
140
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲੇ ਘਰ ਵੇ
141
ਲੰਡੇ ਊਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ
142
ਐਤਕੀਂ ਫਸਲ ਦੇ ਦਾਣੇ
ਲਾ ਦਈਂ ਵੀਰਾ ਬੱਗੇ ਊਠ ਤੇ
143
ਬੋਤਾ
ਬੋਤਾ ਵੀਰ ਦਾ ਨਜ਼ਰ ਨਾ ਆਵੇ
ਉਡਦੀ ਧੂੜ ਦਿਸੇ
144
ਜਦੋਂ ਵੱਖ ਲਿਆ ਵੀਰ ਦਾ ਬਤਾ
ਮਲ ਵਾਂਗੂੰ ਪੈਰ ਧਰਦੀ
145
ਤੇਰੇ ਵੀਰ ਦਾ ਬਾਘੜੀ ਬੋਤਾ
ਉਠਕੇ ਮੁਹਾਰ ਫੜ ਲੈ
146
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ
147
ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ
148
ਗੱਡਦੀ ਰੰਗੀਲ ਮੁਨੀਆਂ
ਬੋਤਾ ਬੰਨ੍ਹਦੇ ਸਰਵਣਾ ਵੀਰਾ
149
ਛੱਪੜੀ 'ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ
150
ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ
151
ਮੂਹਰੇ ਰੱਥ ਤਾਬੇ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
152
ਰੇਲ ਦੇ ਬਰੋਬਰ ਜਾਵੇ ਬੋਤਾ
ਮੇਰੇ ਵੀਰਨ ਦਾ
153
ਜਿਉਂ ਕਾਲੀਆਂ ਘਟਾਂ ਵਿੱਚ ਬਗਲਾ
ਬੋਤਾ ਮੇਰੇ ਵੀਰਨ ਦਾ
154
ਵੇ ਮੈਂ ਅਮਰਵੇਲ ਪੁਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ
155
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
ਬੋਤਾ ਲਿਆਵੀ ਉਹ ਮਿੱਤਰਾ
156
ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕ ਲੀ
ਜੁੱਤੀ ਡਿਗਗੀ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚੱਲ ਕੇ ਸਮਾਦੂੰ ਚਾਲੀ
ਲਹਿੰਗੇ ਤੇਰੇ ਨੂੰ- ਧੁਣਖ ਲਵਾਦੂੰ ਕਾਲੀ
157
ਉੱਚੇ ਟਿੱਬੇ ਮੇਰੀ ਬੋਤੀ ਚੁਗਦੀ
ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂ ਭੇਡੇ
158
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਬੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੇਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ
159
ਆ ਵੇ ਦਿਓਰਾ ਬਹਿ ਵੇ ਦਿਓਰਾ
ਬੋਤਾ ਬੰਨ੍ਹ ਦਰਵਾਜ਼ੇ
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ
ਤੈਨੂੰ ਪੰਜ ਪਰਸਾਦੇ
ਨਿੰਮ ਹੇਠ ਕੱਤਦੀ ਦੀ-
ਗੂੰਜ ਸੁਣੇ ਦਰਵਾਜ਼ੇ
160
ਆਦਾ ਆਦਾ ਆਦਾ
ਭਾਗੋ ਦੇ ਯਾਰਾਂ ਨੇ
ਬੋਤਾ ਬੀਕਾਂਨੇਰ ਤੋਂ ਲਿਆਂਦਾ
ਜਦ ਭਾਗੋ ਉੱਤੇ ਚੜ੍ਹਦੀ
ਬੋਤਾ ਰੋਲ ਦੇ ਬਰਾਬਰ ਜਾਂਦਾ
ਭਾਗੋ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਵਿੱਚ ਮਾਰੀ
ਘੜਾ ਨਾ ਚਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡਿਆਂ ਨਾਲ ਯਾਰੀ
ਖਸਮਾਂ ਨੂੰ ਖਾਣ ਕੁੜੀਆਂ
ਘੜਾ ਚੱਕਲੂ ਮੌਣ ਤੇ ਧਰਕੇ
ਮਾਵਾਂ ਧੀਆਂ ਦੋਵੇਂ ਗੱਭਣਾਂ-
ਕੌਣ ਦੇਊਗਾ ਦਾਬੜਾ ਕਰਕੇ
161
ਹੌਲੀ ਬੋਤਾ ਛੇੜ ਮਿੱਤਰਾ
ਮੇਰੇ ਸਜਰੇ ਬਨਾਏ ਕੰਨ ਦੁਖਦੇ
162
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ
163
ਸੋਹਣੀ ਰੰਨ ਦੇ ਮੁਕਦੱਮੇ ਜਾਣਾ
ਊਠਣੀ ਸ਼ੰਗਾਰ ਮੁੰਡਿਆ
164
ਪਾਣੀ ਪੀ ਗਿਆ ਯਾਰ ਦਾ ਬੋਤਾ
ਕੱਢਦੀ ਮੈਂ ਥੱਕਗੀ
165
ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਲ ਬੋਲਦੀ
166
ਬੋਤਾ ਛੱਡਕੇ ਝਾਂਜਰਾਂ ਵਾਲਾ
ਰਾਮ ਕੁਰ ਰੇਲ ਚੜ੍ਹਜਾ
167
ਮੇਰੇ ਬੋਤੇ ਉੱਤੇ ਚੜ੍ਹ ਬਚਨੋ
ਤੈਨੂੰ ਸ਼ਿਮਲੇ ਦੀ ਸੈਲ ਕਰਾਵਾਂ
168
ਮੁੰਡਿਆ ਵੇ ਹਾਣ ਦਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
169
ਸੋਨੇ ਦੇ ਤਵੀਤ ਵਾਲਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
170
ਮੱਝਾਂ
ਮੱਝੀ ਮੱਝੀ ਹਰ ਕੋਈ ਕਹਿੰਦਾ
ਮੱਝੀ ਨੇ ਹੁਰਾਂ ਪਰੀਆਂ
ਸਿੰਗ ਉਨ੍ਹਾਂ ਦੇ ਵਲ-ਵਲ ਕੁੰਢੇ
ਦੰਦ ਚੰਭੇ ਦੀਆਂ ਕਲੀਆਂ
ਬਣ ਉਨ੍ਹਾਂ ਦੇ ਪਲਮਣ ਲਾਟੂ
ਦੇਣ ਦੁੱਧਾਂ ਦੀਆਂ ਡਲੀਆਂ
ਬਾਹਰ ਜਾਵਣ ਤੇ ਦੂਣ ਸਵਾਈਆਂ
ਘਰ ਆਵਣ ਤਾਂ ਰਹਿਣ ਖਲੀਆਂ
ਮੱਝੀ ਨੂੰ ਭੁਲ ਗਿਆ ਕੱਟ ਕੁਟਿਆਣਾ
ਭੱਜ ਬੋਲੇ ਵਿੱਚ ਬੜੀਆਂ
ਕੁੜੀਆਂ ਨੂੰ ਭੁਲ ਗਿਆ ਗੁੱਡੀ ਪਟੋਲ੍ਹਾ
ਭੱਜ ਡੋਲੀ ਵਿੱਚ ਚੜ੍ਹੀਆਂ
ਮੁੰਡਿਆਂ ਨੂੰ ਭੁਲ ਗਈ ਕੋਡ ਕਬੱਡੀ
ਹੱਥੀਂ ਪੁਰਾਣੀਆਂ ਫੜੀਆਂ
ਢੱਗਿਆਂ ਨੂੰ ਭੁਲ ਗਈਆਂ ਅੜ੍ਹਕਾਂ ਬੜ੍ਹਕਾਂ
ਕੰਨੀਂ ਪੰਜਾਲੀਆਂ ਧਰੀਆਂ
ਚਲ ਦੇ ਰਾਂਝਿਆ ਮੱਕੇ ਨੂੰ ਚੱਲੀਏ
ਮਿਲਣ ਪੱਤਣ ਤੇ ਖਲੀਆਂ
171
ਮੱਝਾਂ ਮੱਝਾਂ ਹਰ ਕੋਈ ਕਹਿੰਦਾ
ਮੱਝਾਂ ਤਾਂ ਹੂਰਾਂ ਪਰੀਆਂ
ਸਿੰਗ ਉਹਨਾਂ ਦੇ ਗਜ਼-ਗਜ਼ ਲੰਬੇ
ਦੰਦ ਚੰਭੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸਰੀ ਦੀਆਂ ਡਲੀਆਂ
ਮੱਝਾਂ ਸਾਂਵਲੀਆਂ-
ਭੱਜ ਬੇਲੇ ਵਿੱਚ ਬੜੀਆਂ
172
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਦਾ
ਗੋਡੇ-ਗੋਡੇ ਗਾਰਾ
ਮਿੱਤਰਾਂ ਦੀ ਮਹਿੰ ਭਜਗੀ-
ਮੋੜੀਂ ਵੇ ਮਲਾਹਜ਼ੇਦਾਰਾ
173
ਖੱਖਰ ਖਾਧਾ ਮੈਨੂੰ ਹੈਂ ਦਸਦੀ
ਆਪ ਹੁਸਨ ਹੈਂ ਬਾਨ
ਦਿਨੇ ਦੇਖਕੇ ਡਰ ਹੈ ਲਗਦਾ
ਡਿਗਦੇ ਹੰਸ ਅਸਮਾਨ
ਪਿੰਡਾ ਮਹਿੰ ਵਰਗਾ-
ਸੋਹਣੀ ਬਣੇਂ ਜਹਾਨੋਂ
174
ਖੁੰਡੀਆਂ ਦੇ ਸਿੰਗ ਫਸਗੇ
ਕੋਈ ਨਿੱਤਰੂ ਬੜੇਵੇਂ ਖਾਣੀ
175
ਪਤਲੋ ਦੇ ਹੱਥ ਗੜਵਾ
ਬੁਰੀ ਮੱਝ ਨੂੰ ਥਾਪੀਆਂ ਦੇਵੇ
176
ਮਰ ਗਈ ਵੇ ਫੁੱਫੜਾ
ਮੱਝ ਕੱਟਾ ਨੀ ਝਲਦੀ
177
ਰਾਂਝਾ ਮੱਝ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈ ਗਏ ਹੀਰ ਚੁੱਕ ਕੇ
178
ਬਾਪੂ ਮੱਝੀਆਂ ਦੇ ਸੰਗਲ ਫੜਾਵੇ
ਵੀਰ ਘਰ ਪੁੱਤ ਜੰਮਿਆ
179
ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਉੜੀਆਂ
180
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਸੱਸੇ ਤੇਰੀ ਮਹਿੰ ਮਰ ਜੇ
181
ਤੈਨੂੰ ਲੈ ਦੂੰ ਸਲੀਪਰ ਕਾਲੇ
ਚਾਹੇ ਮੇਰੀ ਮਹਿ ਬਿਕ ਜੇ
182
ਝੋਟਾ
ਦਾੜ੍ਹੀ ਚਾੜ੍ਹ ਕੇ ਬਹਿ ਗਿਆ ਤਕੀਏ
ਕਣਕ ਖਾ ਗਿਆ ਝੋਟਾ
ਜੇ ਮੈਂ ਕਹਿੰਦੀ ਝੋਟਾ ਮੋੜ ਲਿਆ
ਮੂੰਹ ਕਰ ਲੈਂਦਾ ਮੋਟਾ
ਸਾਰ ਜਨਾਨੀ ਦੀ ਕੀ ਜਾਣੇਂ
ਚੁੱਕ-ਚੁੱਕ ਆਵੇਂ ਸੋਟਾ
ਮੇਰੇ ਉਤਲੇ ਦਾ-
ਘੱਸ ਗਿਆ ਸੁਨਿਹਰੀ ਗੋਟਾ
183
ਬੱਕਰੀ
ਦਰਾਣੀ ਦੁੱਧ ਰਿੜਕੇ
ਜਠਾਣੀ ਦੁੱਧ ਰਿੜਕੇ
ਅਸੀਂ ਕਿਉਂ ਬੈਠੇ ਚਿਰਕਾਂ ਗੇ
ਸਿੰਘਾ ਲਿਆ ਬੱਕਰੀ
ਦੁੱਧ ਰਿੜਕਾਂ ਗੇ
184
ਸਹੁੰ ਗਊ ਦੀ ਝੂਠ ਨਾ ਬੋਲਾਂ
ਬੱਕਰੀ ਨੂੰ ਊਠ ਜੰਮਿਆ
185
ਤੇਰੀ ਸਾਗ ਚੋਂ ਬੱਕਰੀ ਮੋੜੀ
ਕੀ ਗੁਣ ਜਾਣੇਗੀ
186
ਚਿੱਤ ਬੱਕਰੀ ਲੈਣ ਨੂੰ ਕਰਦਾ
ਬਨ-ਬੰਨੇ ਲਾ ਦੇ ਬੋਰੀਆ
187
ਬੱਕਰੀ ਦਾ ਦੁੱਧ ਗਰਮੀ
ਵੇ ਛੱਡ ਗੁਜਰੀ ਦੀ ਯਾਰੀ
188
ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰਖਦੀ
189
ਰੰਨ ਬੱਕਰੀ ਚਰਾਉਣ ਦੀ ਮਾਰੀ
ਲਾਰਾ ਲੱਪਾ ਲਾ ਰੱਖਦੀ
190
ਭੇਡ
ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੇ ਟੰਗਾ ਫੜਕੇ
ਦੋਵੇਂ ਜਾਣੇ ਚੋ ਕੇ ਉੱਠੇ
ਸੁਰਮੇਦਾਨੀ ਭਰਕੇ
ਹੱਟੀਓਂ ਜਾ ਕੇ ਚੋਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ੱਕਰ ਲਿਆਂਦੀ
ਸਿਰ ਜੱਟੀ ਦਾ ਕਰਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜਕੇ
ਕੋਲੇ ਠਾਣਾ ਕੋਲ ਸਿਪਾਹੀ
ਸਾਰਿਆਂ ਨੂੰ ਲੈ ਗੇ ਫੜਕੇ
ਪੰਦਰਾਂ-ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ
ਘਰ ਵਿੱਚ ਬਹਿਕੇ ਸੋਚਣ ਲੱਗਾ
ਕੀ ਲਿਆ ਅਸਾਂ ਨੇ ਲੜਕੇ
191
ਬੋਦੀ ਵਾਲਾ ਚੜ੍ਹਿਆ ਤਾਰਾ
ਘਰ-ਘਰ ਹੋਣ ਵਿਚਾਰਾਂ
ਕੁੱਛ ਤਾਂ ਲੁੱਟ ਲੀ ਪਿੰਡ ਦੇ ਪੈਂਚਾਂ
ਕੁਛ ਲੁੱਟ ਲੀ ਸਰਕਾਰਾਂ
ਗਹਿਣਾ ਗੱਟਾ ਘਰਦਿਆਂ ਲੁੱਟਿਆ
ਜੋਬਨ ਲੁੱਟਿਆ ਯਾਰਾਂ
ਭੇਡਾਂ ਚਾਰਦੀਆਂ-
ਬੇਕਦਰਾਂ ਦੀਆਂ ਨਾਰਾਂ
192
ਚੁੰਝ ਤੇਰੀ ਵੇ ਕਾਲਿਆ ਕਾਵਾਂ
ਸੋਨੇ ਨਾਲ ਮੜ੍ਹਾਵਾਂ
ਜਾ ਆਖੀ ਮੇਰੇ ਢੋਲ ਸਿਪਾਹੀ ਨੂੰ
ਨਿੱਤ ਮੈਂ ਔਂਸੀਆਂ ਪਾਵਾਂ
ਖ਼ਬਰਾਂ ਲਿਆ ਕਾਵਾਂ-
ਤੈਨੂੰ ਘਿਓ ਦੀ ਚੂਰੀ ਪਾਵਾਂ
193
ਕਾਵਾਂ ਕਾਵਾਂ ਕਾਵਾਂ
ਪਹਿਲਾਂ ਤੇਰਾ ਗਲ ਵਢ ਲਾਂ
ਫੇਰ ਵੇ ਵੱਢਾਂ ਪ੍ਰਛਾਵਾਂ
ਨਿੱਕਾ-ਨਿੱਕਾ ਕਰਾਂ ਕੁੱਤਰਾ
ਤੈਨੂੰ ਕਰਕੇ ਪਤੀਲੇ ਪਾਵਾਂ
ਉਤਲੇ ਚੁਬਾਰੇ ਲੈ ਚੜ੍ਹਦੀ
ਮੇਰੀ ਖਾਂਦੀ ਦੀ ਹਿੱਕ ਦੁਖਦੀ
ਮੈਂ ਚਿੱਠੀਆਂ ਵੈਦ ਨੂੰ ਪਾਵਾਂ
ਪੁੱਤ ਮੇਰੇ ਚਾਚੇ ਦਾ
ਜਿਹੜਾ ਫੇਰਦਾ ਪੱਟਾਂ ਤੇ ਝਾਵਾਂ
ਚੁਬਾਰੇ ਵਿੱਚ ਰੱਖ ਮੋਰੀਆਂ
ਕੱਚੀ ਲੱਸੀ ਦਾ ਗਲਾਸ ਫੜਾਵਾਂ
ਸੇਜ ਬਛਾ ਮਿੱਤਰਾ-
ਹੱਸਦੀ ਖੇਡਦੀ ਆਵਾਂ
194
ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ
195
ਇਲ੍ਹ
ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ
196
ਕੋਇਲ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ-
ਤੈਨੂੰ ਹੱਥ ਤੇ ਚੋਗ ਚੁਗਾਵਾਂ
197
ਕਬੂਤਰ
ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ
198
ਬਣ ਕੇ ਕਬੂਤਰ ਚੀਨਾ
ਗਿੱਧੇ ਵਿੱਚ ਆਜਾ ਬੱਲੀਏ
199
ਕੂੰਜ
ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ
200
ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ
ਹੌਲਦਾਰ ਨੂੰ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਹੋਲਦਾਰ ਦੀ
ਰਾਹ ਵਿੱਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ
201
ਤੋਤਾ
ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ
202
ਮੋਰ
ਚੀਕੇ ਚਰਖਾ ਬਿਸ਼ਨੀਏਂ ਤੇਰਾ
ਲੋਕਾਂ ਭਾਣੇ ਮੋਰ ਬੋਲਦਾ
203
ਬਗਲਾ
ਬਾਹਮਣੀ ਦਾ ਪੱਟ ਲਿਸ਼ਕੇ
ਜਿਉਂ ਕਾਲੀਆਂ ਘਟਾਂ 'ਚ ਬਗਲਾ
204
ਚੁਗਲ
ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ
205
ਤਿੱਤਰ
ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ
206
ਬਾਜ
ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉਡਗੇ
207
ਕਾਲੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ
208
ਬਟੇਰਾ
ਸੁੱਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ
209
ਭੌਰ
ਇਹ ਭੋਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੀਂ ਅੱਖੀਆਂ ਮਾਰੇ
210
ਜਦੋਂ ਬਿਸ਼ਨੀ ਬਾਗ ਵਿੱਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ
211
ਤੇਰੇ ਵਰਗੇ ਜੁਆਨ ਬਥੇਰੇ
ਮੇਰੇ ਉੱਤੇ ਭੌਰ ਮਿੱਤਰਾ
212
ਭਰਿੰਡ
ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜਜਾ ਭਰਿੰਡ ਬਣ ਕੇ
ਗਹਿਣੇ ਗੱਟੇ
213
ਆਰਸੀ
ਅੱਧੀ ਰਾਤੀ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੋਲ ਬਣਾਇਆ
214
ਸੱਗੀ ਫੁਲ
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਫੁੱਲਾਂ ਬਾਝ ਫੁਲਾਹੀਆਂ
ਸਿੱਗੀ ਫੁੱਲ ਸਿਰਾਂ ਤੇ ਸੋਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਨੱਚਣ ਗਿੱਧੇ ਵਿੱਚ ਆਈਆਂ
215
ਰਾਜ ਦੁਆਰੇ ਬਹਿਗੀ ਰਾਜੋ
ਰੱਤਾ ਪੀਹੜਾ ਡਾਹ ਕੇ
ਕਿਓੜਾ ਛਿੜਕਿਆ ਆਸੇ ਪਾਸੇ
ਅਤਰ ਫਲੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਂਹਦੇ
ਰੱਖੇ ਦੰਦ ਚਮਕਾ ਕੇ
ਕੰਨਾਂ ਦੇ ਵਿੱਚ ਸਜਣ ਕੋਕਰੂ
ਰੱਖੇ ਵਾਲੇ ਲਿਸ਼ਕਾ ਕੇ
ਬਾਹਾਂ ਦੇ ਵਿੱਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿੱਚ ਸਜਣ ਪਟੜੀਆਂ
ਵੇਖ ਲੈ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ-
ਸਭ ਦੇਖਣ ਘੁੰਡ ਚੁਕਾ ਕੇ
216
ਡੰਡੀਆਂ
ਤਾਵੇ ਤਾਵੇ ਤਾਵੇ
ਡੰਡੀਆਂ ਕਰਾ ਦੇ ਮਿੱਤਰਾ
ਜੀਹਦੇ ਵਿੱਚ ਦੀ ਮੁਲਕ ਲੰਘ ਜਾਵੇ
ਡੰਡੀਆਂ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਜਾਵੇ
ਗਿਝੀ ਹੋਈ ਲੱਡੂਆਂ ਦੀ
ਰੰਨ ਦਾਲ ਫੁਲਕਾ ਨਾ ਖਾਵੇ
ਪਤਲੋਂ ਦੀ ਠੰਡੀ ਤੇ-
ਲੌਂਗ ਚਾਬੜਾਂ ਪਾਵੇ
217
ਬਾਲੇ
ਗੱਲ੍ਹਾਂ ਗੋਰੀਆਂ ਚਿਲਕਣੇ ਬਾਲੇ
ਬਚਨੋ ਬੈਲਣ ਦੇ
218
ਰਸ ਲੈਗੇ ਕੰਨਾਂ ਦੇ ਬਾਲੇ
ਝਾਕਾ ਲੰਗੀ ਨਥ ਮੱਛਲੀ
219
ਝਾਂਜਰ
ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਜੋਗੀ ਹੋਗੇ
ਸਿਰ ਪਰ ਜਟਾਂ ਰਖਾਈਆਂ
ਬਗਲੀ ਫੜਕੇ ਮੰਗਣ ਤੁਰ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਤੇਰੀ ਝਾਂਜਰ ਨੇ-
ਪਿੰਡ 'ਚ ਦੁਹਾਈਆਂ ਪਾਈਆਂ
220
ਲੌਂਗ
ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੱਗ ਕੰਜਰਾਂ ਦੇ
221
ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲੀਆਂ ਨੇ ਹਲ ਡਕ ਲਏ
222
ਨੱਕ ਦੀ ਜੜ ਪਟਲੀ
ਪਾ ਕੇ ਲੱਗ ਬਗਾਨਾ
223
ਪਤਲੀ ਨਾਰ ਦਾ ਗਹਿਣਾ
ਲੌਂਗ ਤਵੀਤੜੀਆਂ
224
ਲੌਂਗ ਤੇਰੀਆਂ ਮੁੱਛਾਂ ਦੇ ਵਿੱਚ ਰੁਲਿਆ
ਟੋਲ ਕੇ ਫੜਾ ਦੇ ਮਿੱਤਰਾ
225
ਲੋਂਗ ਮੰਗਦੀ ਬੁਰਜੀਆਂ ਵਾਲਾ
ਨੱਕ ਤੇਰਾ ਹੈ ਨੀ ਪੱਠੀਏ
226
ਡੁੱਬ ਜਾਣ ਘਰਾਂ ਦੀਆਂ ਗਰਜ਼ਾਂ
ਲੌਂਗ ਕਰਾਉਣਾ ਸੀ
227
ਲੋਟਣ
ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ
228
ਲੋਟਣ ਮਿੱਤਰਾਂ ਦੇ
ਨਾਉਂ ਬੱਜਦਾ ਬੋਬੀਏ ਤੇਰਾ
229
ਨੱਤੀਆਂ
ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗਲ ਨਾ ਕਰੀਂ
230
ਨੱਤੀਆਂ ਕਰਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ
231
ਝੁਮਕੇ
ਨਿਮ ਨਾਲ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ
232
ਮੇਰੇ ਕੰਨਾਂ ਨੂੰ ਕਰਾਦੇ ਝੁਮਕੇ
ਹੱਥਾਂ ਨੂੰ ਸੁਨਹਿਰੀ ਚੂੜੀਆਂ
233
ਤਵੀਤ
ਤੂੰ ਕੀ ਘੋਲ ਤਵੀਤ ਪਲਾਏ
ਲੱਗੀ ਤੇਰੇ ਮਗਰ ਫਿਰਾਂ
234
ਘੁੰਡ ਕਢਣਾ ਤਵੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ
235
ਮੁੰਡਾ ਛੱਡ ਗਿਆ ਬੀਹੀ ਦਾ ਖਹਿੜਾ
ਪੰਜਾਂ ਦੇ ਤਵੀਤ ਬਦਲੇ
236
ਬਾਜੂ ਬੰਦ
ਬਾਜੂ ਬੰਦ ਚੰਦਰਾ ਗਹਿਣਾ
ਜੱਫੀ ਪਾਇਆਂ ਛਣਕ ਪਵੇ
237
ਬਾਂਕਾਂ
ਆਹ ਲੈ ਫੜ ਮਿੱਤਰਾ
ਬਾਂਕਾਂ ਮੇਚ ਨਾ ਆਈਆਂ
238
ਰੰਨ ਅੱਡੀਆਂ ਕੂਚਦੀ ਮਰਗੀ
ਬਾਂਕਾਂ ਨਾ ਜੁੜੀਆਂ
239
ਪਹੁੰਚੀ
ਹੱਥ ਮੱਚਗੇ ਪਹੁੰਚੀਆਂ ਵਾਲੇ
ਧੁੱਪੇ ਮੈਂ ਪਕਾਵਾਂ ਰੋਟੀਆਂ
240
ਮੇਲੇ ਜਾਏਂਗਾ ਲਿਆ ਦੀ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣਕੇ
241
ਨੱਥ ਮਛਲੀ
ਤੇਰੀ ਚੂਸ ਲਾਂ ਬੁੱਲ੍ਹਾਂ ਦੀ ਲਾਲੀ
ਮਛਲੀ ਦਾ ਪੱਤ ਬਣ ਕੇ
242
ਤਿੰਨ ਪੱਤ ਮਛਲੀ ਦੇ
ਜੱਟ ਚੱਥ ਗਿਆ ਸ਼ਰਾਬੀ ਹੋ ਕੇ
243
ਜੰਜੀਰੀ
ਸੁੱਤੀ ਪਈ ਦੀ ਜੰਜੀਰੀ ਖੜਕੇ
ਗੱਭਰੂ ਦਾ ਮੱਚੇ ਕਾਲਜਾ
244
ਮੇਰੀ ਕੁੜਤੀ ਖੱਲਾਂ ਦਾ ਕੂੜਾ
ਬਾਝ ਜੰਜੀਰੀ ਤੋਂ
245
ਪੰਜੇਬਾਂ
ਲੱਤ ਮਾਰੂੰਗੀ ਪੰਜੇਬਾਂ ਵਾਲੀ
ਪਰੇ ਹੋ ਜਾ ਜੱਟ ਵੱਟਿਆ
246
ਝਾਂਜਰ
ਅੱਗ ਲਾਗੀ ਝਾਂਜਰਾਂ ਵਾਲੀ ਲੈਣ
ਆਈ ਪਾਣੀ ਦਾ ਛੰਨਾ
247
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ
ਕੰਠੇ ਵਾਲਾ ਤਿਲ੍ਹਕ ਗਿਆ
248
ਗੁੱਤ ਤੇ ਕਚਹਿਰੀ ਲਗਦੀ
ਤੇਰੀ ਗੁੱਤ ਤੇ ਕਚਹਿਰੀ ਲਗਦੀ
ਦੂਰੋਂ-ਦੂਰੋਂ ਆਉਣ ਝਗੜੇ
ਸੱਗੀ-ਫੁੱਲ ਨੇ ਸ਼ਿਸ਼ਨ ਜਜ ਤੇਰੇ
ਕੈਂਠਾ ਤੇਰਾ ਮੋਹਤਮ ਹੈ
ਬਾਲੇ, ਡੰਡੀਆਂ ਕਮਿਸ਼ਨਰ ਡਿਪਟੀ
ਨੱਤੀਆਂ ਇਹ ਨੈਬ ਬਣੀਆਂ
ਜ਼ੈਲਦਾਰ ਨੇ ਮੁਰਕੀਆਂ ਤੇਰੀਆਂ
ਸਫੈਦ ਪੋਸ਼ ਬਣੇ ਗੋਖੜੂ
ਨੱਥ ਮੱਛਲੀ, ਮੇਖ ਤੇ ਕੋਕਾ
ਇਹ ਨੇ ਸਾਰੇ ਛੋਟੇ ਮਹਿਕਮੇਂ
ਤੇਰਾ ਲੋਂਗ ਕਰੇ ਸਰਦਾਰੀ
ਥਾਨੇਦਾਰੀ ਨੁਕਰਾ ਕਰੇ
ਚੌਕੀਦਾਰਨੀ ਬਣੀ ਬਘਿਆੜੀ
ਤੀਲੀ ਬਣੀ ਟਹਿਲਦਾਰਨੀ
ਕੰਢੀ, ਹੱਸ ਦਾ ਪੈ ਗਿਆ ਝਗੜਾ
ਤਵੀਤ ਉਗਾਹੀ ਜਾਣਗੇ
ਬੁੰਦੇ ਬਣ ਗਏ ਵਕੀਲ ਵਲੈਤੀ
ਚੌਂਕ ਚੰਦ ਨਿਆਂ ਕਰਦੇ
ਦਫ਼ਾ ਤਿੰਨ ਸੌ ਆਖਦੇ ਤੇਤੀ
ਕੰਠੀ ਨੂੰ ਸਜ਼ਾ ਬੋਲ ਗਈ
ਹਾਰ ਦੇ ਗਿਆ ਜ਼ਮਾਨਤ ਪੂਰੀ
ਕੰਠੀ ਨੂੰ ਛੁਡਾ ਕੇ ਲੈ ਗਿਆ
ਨਾਮ ਬਣ ਕੇ ਬੜਾ ਪਟਵਾਰੀ
ਹਿੱਕ ਵਾਲੀ ਮਿਣਤੀ ਕਰੇ
ਤੇਰਾ ਚੂੜਾ ਰਸਾਲਾ ਪੂਰਾ
ਬਾਜੂ-ਬੰਦ ਬਿਗੜ ਗਏ
ਪਰੀ-ਬੰਦ ਅੰਗਰੇਜ਼ੀ ਗੋਰੇ
ਫ਼ੌਜ ਦੇ ਵਿਚਾਲੇ ਸਜਦੇ
ਤੇਰੀ ਜੁਗਨੀ ਘੜੀ ਦਾ ਪੁਰਜਾ
ਜੰਜੀਰੀ ਤਾਰ ਬੰਗਲੇ ਦੀ
ਇਹ ਝਾਂਜਰਾਂ ਤਾਰ ਅੰਗਰੇਜ਼ੀ
ਮਿੰਟਾਂ 'ਚ ਦੇਣ ਖ਼ਬਰਾਂ
ਤੇਰੇ ਤੋੜੇ ਪਏ ਦੇਣ ਮਰੋੜੇ
ਬਈ ਆਸ਼ਕ ਲੋਕਾਂ ਨੂੰ
ਬਾਂਕਾਂ ਤੇਰੀਆਂ ਮਾਰਦੀਆਂ
ਹਾਕਾਂ
ਖਰਚਾਂ ਨੂੰ ਬੰਦ ਕਰਦੇ
ਜੈਨਾਂ-ਜੈਨਾਂ
ਨਿਤ ਦੇ ਨਸ਼ਈ ਰਹਿਣਾ
ਨੀ ਝੂਠੇ ਫੈਸ਼ਨ ਤੋਂ ਕੀ ਲੈਣਾ
ਸਰਕਾਰੂ ਬੰਦੇ
249
ਪਟਵਾਰੀ
ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ
250
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਬੱਚੀਏ
251
ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖਦੇ
252
ਕੋਠੇ ਤੋਂ ਉਡ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
253
ਬੋਲੀਆਂ ਦਾ ਪਾਵਾਂ ਬੰਗਲਾ
ਜਿੱਥੇ ਵਸਿਆ ਕਰੇ ਪਟਵਾਰੀ
254
ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿੱਚ ਪਾ ਕੇ ਸੁਰਮਾ
255
ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ
256
ਕਿਹੜੇ ਪਿੰਡ ਦਾ ਬਣਿਆ ਪਟਵਾਰੀ
ਕਾਗਜਾਂ ਦੀ ਬੰਨ੍ਹੀ ਗਠੜੀ
257
ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਲ੍ਹਣੇ ਆਂਡਾ
258
ਮੇਰਾ ਯਾਰ ਪਟ ਦਾ ਲੱਛਾ ਪਟਵਾਰੀ
ਧੁੱਪ ਵਿੱਚ ਥਾਂ ਮਿਣਦਾ
259
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੈਨੂੰ ਢੁਕਿਆ ਪਟਵਾਰੀ
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੇਰੀ ਚੱਲੇ ਮੁਖਤਿਆਰੀ
260
ਟਿੱਕਾ ਸਰਕਾਰੋਂ ਘੜਿਆ
ਜੜਤੀ ਤੇ ਰੁੱਠੜਾ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਿਲਮ ਦੀ ਨੌਕਰੀ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ ਵੇ
261
ਰੜਕੇ ਰੜਕੇ ਰੜਕੇ
ਗਾਂ ਪਟਵਾਰੀ ਦੀ
ਲੈ ਗੇ ਚੋਰੜੇ ਫੜਕੇ
ਅਧਿਆਂ ਨੂੰ ਚਾਅ ਚੜਿਆ
ਅੱਧੇ ਰੋਂਦੇ ਹੱਥਾਂ ਤੇ ਹੱਥ ਧਰਕੇ
ਮੁੰਡਾ ਪਟਵਾਰੀ ਦਾ
ਬਹਿ ਗਿਆ ਕਤਾਥਾਂ ਫੜਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
ਦਾਰੂ ਪੀਣਿਆਂ ਦੇ-
ਹਿੱਕ ਤੇ ਗੰਡਾਸੀ ਖੜਕੇ
262
ਥਾਣੇਦਾਰ
ਕੁਰਸੀ ਮੇਰੇ ਵੀਰ ਦੀ
ਥਾਣੇਦਾਰ ਦੇ ਬਰੋਬਰ ਡਹਿੰਦੀ
263
ਵੀਰ ਮੇਰਾ ਨੀ ਜਮਾਈ ਥਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ
264
ਵੀਰ ਲੰਘਿਆ ਪਜਾਮਾ ਪਾਕੇ
ਲੋਕਾਂ ਭਾਣੇ ਠਾਣਾ ਲੰਘਿਆ
265
ਡੱਬੀ ਘੋੜੀ ਮੇਰੀ ਵੀਰ ਦੀ
ਥਾਣੇਦਾਰ ਦੇ ਤਬੇਲੇ ਬੋਲੇ
266
ਡੱਬੀ ਕੁੱਤੀ ਮੇਰੇ ਵੀਰ ਦੀ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
267
ਵੇ ਮੈਂ ਥਾਣੇਦਾਰ ਦੀ ਸਾਲੀ
ਕੈਦ ਕਰਾਂਦੁੱਗੀ
268
ਝਾਂਜਰ ਪਤਲੋ ਦੀ
269
ਤੀਲੀ ਲੋਂਗ ਦਾ ਮੁਕੱਦਮਾ ਭਾਰੀ
ਥਾਣੇਦਾਰਾ ਸੋਚ ਕੇ ਕਰੀਂ
270
ਥਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁੱਧ ਦਿੰਦੀਆਂ
271
ਰੜਕੇ ਰੜਕੇ ਰੜਕੇ
ਢਲਵੀਂ ਜਹੀ ਗੁੱਤ ਵਾਲੀਏ
ਤੇਰੇ ਲੰਗੇ ਜੀਤ ਨੂੰ ਫੜਕੇ
ਵਿੱਚ ਕਤਵਾਲੀ ਦੇ
ਥਾਣੇਦਾਰ ਤੇ ਦਰੋਗਾ ਲੜਪੇ
ਮੂਹਰੇ-ਮੂਹਰੇ ਥਾਣਾ ਭੱਜਿਆ
ਮਗਰੇ ਦਰੋਗਾ ਖੜਕੇ
ਸ਼ੀਸ਼ਾ ਮਿੱਤਰਾਂ ਦਾ-
ਦੇਖ ਲੈ ਪੱਟਾਂ ਤੇ ਧਰਕੇ
272
ਆਰੀ ਆਰੀ ਆਰੀ
ਮੇਲਾ ਛਪਾਰ ਲਗਦਾ
ਜਿਹੜਾ ਲੱਗਦਾ ਜਰਗ ਤੋਂ ਭਾਰੀ
ਕਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾਲੀਆਂ ਚਾਲੀ
ਤਿੰਨ ਸੇਰ ਸੋਨਾ ਚੁੱਕਿਆ
ਭਾਨ ਲੁਟਲੀ ਹੱਟੀ ਦੀ ਸਾਰੀ
ਰਤਨ ਸਿੰਘ ਕੁਕੜਾਂ ਦਾ
ਜੀਹਦੇ ਚਲਦੇ ਮੁਕੱਦਮੇ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲੇ ਪੁਲਸ ਚੜ੍ਹੀ ਸੀ ਸਾਰੀ
ਇਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਡਿੱਗਿਆ
ਜਿਵੇਂ ਹਲ ਤੋਂ ਡਿਗੇ ਪੰਜਾਲੀ
ਕਾਹਨੂੰ ਛੇੜੀ ਸੀ-
ਨਾਗਾਂ ਦੀ ਪਟਿਆਰੀ
273
ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਭੈਣ ਚੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤਰੀਕਾਂ ਪਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਯਾਰੋ
ਰੁਸ ਕੇ ਚੀਨ ਨੂੰ ਜਾਵੇ
ਖੂਹ ਵਿੱਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ
274
ਸ਼ੈਸ਼ਨ ਜੱਜ
ਹੱਥ ਜੋੜਦੀ ਸ਼ਿਸ਼ਨ ਜੱਜ ਮੂਹਰੇ
ਭਗਤੇ ਨੂੰ ਕੈਦੋਂ ਛੱਡ ਦੇ
275
ਚੱਕ ਸਹੁਰੇ ਜੱਜ ਦੀ ਕੁੜੀ
ਜਿਹੜਾ ਲੰਬੀਆਂ ਤ੍ਰੀਕਾਂ ਪਾਵੇ
ਆਰਥਕ ਮੰਦਵਾੜਾ
276
ਲੋਕੀ ਸੁੱਤੇ ਨੇ
ਲੋਕੀ ਸੁੱਤੇ ਨੇ ਅਰਾਮ ਨਾਲ ਸਾਰੇ
ਮੋਢੇ ਹਲੜਾ
ਮੋਢੇ ਹਲੜਾ ਤੇ ਹੱਥ 'ਚ ਪੁਰਾਣੀ
ਅੱਗੇ ਜੋਗ ਢੰਗਿਆਂ ਦੀ
ਢੱਗੇ ਜੋੜ ਕੇ
ਢੱਗੇ ਜੋੜਕੇ ਪੈਲੀ ਵਿੱਚ ਵੜਿਆ
ਹਟ ਪਰ੍ਹੇ ਤੂੰ ਬੱਗਿਆ
ਕੇਸ ਖੁੱਲ੍ਹੇ ਸੀ
ਕੇਸ ਖੁੱਲ੍ਹੇ ਸੀ ਲਮਕਦੀਆਂ ਲੀਰਾਂ
ਢਾਈ ਪੇਚ ਪਗੜੀ ਦੇ
ਤੇੜਾ ਕੱਛਾ ਵੀ
ਤੇੜ ਕੱਛਾ ਵੀ ਖੱਦਰ ਦਾ ਪਾਟਾ
ਨਾਲਾ ਪਾਇਆ ਜੋਤ ਵੱਢ ਕੇ
ਉੱਤੋਂ ਸਿਖਰ
ਉੱਤੋਂ ਸਿਖਰ ਦੁਪਹਿਰਾਂ ਹੋਈਆਂ
ਰੋਟੀ ਵੀ ਨਾ ਆਈ ਓਸ ਦੀ
ਚੂੜੇ ਵਾਲੜੀ
ਚੂੜੇ ਵਾਲੜੀ ਦੇ ਹੱਥ ਵਿੱਚ ਪਾਣੀ
ਸੁੱਕੀ ਰੋਟੀ ਛੋਲਿਆਂ ਦੀ
ਸੱਜਨਾਂ । ਸਜਨਾਂ ! ਜੋ ਤੇਰੇ ਕਰਮਾਂ ਦਾ
ਸੇ ਲੱਭਣਾ !
277
ਹੱਲ ਛੱਡ ਕੇ ਚਰੀ ਨੂੰ ਜਾਣਾ
ਜੱਟ ਦੀ ਜੂਨ ਬੁਰੀ
278
ਗੋਦੀ ਮੁੰਡਾ ਤੇ ਚਰੀ ਨੂੰ ਚੱਲੀ
ਸਬਰ ਬਚੋਲੇ ਨੂੰ
279
ਹੁਣ ਦੇ ਗੱਭਰੂਆਂ ਦੇ
ਚਿੱਟੇ ਚਾਦਰੇ ਲੜਾਂ ਤੋਂ ਖਾਲੀ
280
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
281
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ
282
ਮੇਰਾ ਹੱਥ ਆਰਸੀ ਤੋਂ ਖਾਲੀ
ਵੀਰਾ ਵੇ ਮੁਰੱਬੇ ਵਾਲਿਆ
283
ਬੋਹਲ ਸਾਰਾ ਵੇਚ ਘੱਤਿਆ
ਛਿੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ
284
ਹਲ ਪੰਜਾਲੀ ਦੀ ਹੋ ਗਈ ਕੁਰਕੀ
ਵੇਚ ਕੇ ਖਾ ਲਿਆ ਬੀ
ਹਾਲਾ ਨਹੀਂ ਤਰਿਆ-
ਵਾਹੀ ਦਾ ਲਾਹਾ ਕੀ
285
ਔਖੇ ਲੰਘਦੇ ਘਰਾਂ ਦੇ ਲਾਂਘੇ
ਛੱਡਦੇ ਤੂੰ ਬੈਲਦਾਰੀਆਂ
286
ਪਿੰਡਾਂ ਵਿੱਚ ਭੰਗ ਭੱਜਦੀ
ਸ਼ਹਿਰ ਚੱਲੀਏ ਮਜੂਰੀ ਕਹੀਏ
287
ਬਾਣੀਆਂ ਨੇ ਅੱਤ ਚੱਕਲੀ
ਸਾਰੇ ਜੱਟ ਕਰਜ਼ਾਈ ਕੀਤੇ
288
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ
ਸਾਉਣੀ ਤੇਰੀ ਸ਼ਾਹਾਂ ਲੁਟਲੀ
ਖੂਹ-ਹਰਟ
289
ਹਰਟ
ਕੰਨੇ ਨੂੰ ਕੰਨਾ ਸਾਹਮਣਾ
ਕਾਂਜਣ ਸਿੱਧੀ ਸ਼ਤੀਰ
ਕਾਂਜਣ ਵਿਚਲਾ ਮੱਕੜਾ
ਮੱਕੜੇ ਵਿਚਲਾ ਤੀਰ
ਲੱਠ ਘੁੰਮੇਟੇ ਪਾਉਂਦੀ
ਜਿਉਂ ਸਈਆਂ ਵਿੱਚ ਹੀਰ
ਬੂੜੀਏ ਨੂੰ ਬੂਝੀਆ ਮਿਲੇ
ਜਿਉਂ ਭੈਣਾਂ ਨੂੰ ਵੀਰ
ਕੁੱਤਾ ਟਿਕ-ਟਿਕ ਕਰ ਰਿਹਾ
ਮੰਦੀ ਲਿਖੀ ਤਕਦੀਰ
ਬਲਦਾਂ ਗਲੀਂ ਪੰਜਾਲੀਆਂ
ਜਿਉਂ ਸ਼ੇਰਾਂ ਗਲੀਂ ਜੰਜੀਰ
ਟਿੰਡਾਂ ਦੇ ਗਲ ਗਾਨੀਆਂ
ਲਿਆਣ ਪਤਾਏਂ ਨੀਰ
ਚਲ੍ਹੇ 'ਚ ਪਾਣੀ ਇਉਂ ਗਿਰੇ
ਜਿਉਂ ਗਿਰੇ ਕਮਾਨੋਂ ਤੀਰ
ਚਲ੍ਹੇ 'ਚ ਪਾਣੀ ਇਉਂ ਗਿਰੇ
ਜਿਊਂ ਬਾਹਮਣ ਥਾਲੀ ਖੀਰ
ਆਡਾਂ 'ਚ ਪਾਣੀ ਇਉਂ ਤੁਰੇ
ਜਿਉਂ ਸੱਪ ਤੁਰੇ ਦਿਲਗੀਰ
ਨੱਕਿਆਂ ਨੇ ਪਾਣੀ ਵੰਡਿਆ
ਜਿਊਂ ਭਾਈਆਂ ਵੰਡੀ ਜਗੀਰ
ਨਾਕੀ ਵਿਚਾਰਾ ਇਉਂ ਫਿਰੇ
ਜਿਊਂ ਦਰ-ਦਰ ਫਿਰੇ ਫਕੀਰ
ਗਾਂਧੀ ਤਖ਼ਤ ਲਾਹੋਰ ਦੀ
ਜਿੱਥੇ ਆ-ਆ ਬਹਿਣ ਅਮੀਰ
290
ਸੁਪਨਾ ਹੋ ਗਿਐਂ ਯਾਰਾ
ਖੂਹ ਦੇ ਚੱਕ ਵਾਂਗੂ
291
ਖੂਹਾਂ ਟੋਬਿਆਂ ਤੇ ਮਿਲਣ ਰਹਿਗੇ
ਚੰਦਰੇ ਲਵਾ ਲਏ ਨਲਕੇ
292
ਪਾਣੀ ਰੰਡੀ ਦੇ ਖੇਤ ਨੂੰ ਜਾਵੇ
ਲੰਬੜਾਂ ਦਾ ਖੂਹ ਵਗਦਾ
ਦੋਹੇ
293
ਪਲਾਹ ਦਿਆ ਪੱਤਿਆ
ਕੇਸੂ ਤੇਰੇ ਫੁੱਲ
ਵਾ ਵਗੀ ਝੜ ਜਾਣਗੇ
ਕਿਨੇ ਨੀ ਲੈਣੇ ਮੁੱਲ
294
ਜੇ ਸੁਖ ਪਾਵਨਾ ਜਗਤ ਮੇਂ
ਚੀਜ਼ਾਂ ਛੱਡਦੇ ਚਾਰ
ਚਰੀ ਯਾਰੀ ਜਾਮਨੀ
ਚੌਥੀ ਪਰਾਈ ਨਾਰ
295
ਸੁਣ ਪਿੱਪਲੀ ਦਿਆ ਪੱਤਿਆ
ਤੋਂ ਕੇਹੀ ਖੜ-ਖੜ ਲਾਈ
ਵਾਲ ਵਗੀ ਝੜ ਜਾਏਂਗਾ
ਰੁੱਤ ਨਵਿਆਂ ਦੀ ਆਈ
296
ਗੱਡੀ ਦਿਆ ਗਡਵਾਣਿਆਂ
ਭੁੰਗੇ ਬਲਦ ਨੂੰ ਛੇੜ
ਤੈਨੂੰ ਸਾਡੇ ਤਾਈਂ ਕੀ ਪਈ
ਆਪਣੀ ਫਸੀ ਨਬੇੜ
297
ਚਾਨਣ ਸਾਰਾ ਲੰਘ ਗਿਆ
ਮੂਹਰੇ ਆ ਗਿਆ ਹਨੇਰ
ਇਕ ਦਿਨ ਮੁਕ ਜਾਵਣਾ
ਤੈਂ ਮੁੜ ਨੀ ਜੰਮਣਾ ਫੇਰ
298
ਜੱਟਾ ਹਲ ਵਗੇਂਦਿਆ
ਹਲ ਨਾ ਛੱਡੇ ਦਿਨ ਰਾਤ
ਇਕ ਦਿਨ ਵਿਛੜ ਜਾਵਣਾ
ਤੇਰੀ ਕਿਸੇ ਨਾ ਪੁੱਛਣੀ ਬਾਤ
299
ਉੱਠ ਉਹ ਜੱਟਾ ਸੁੱਤਿਆ
ਦਾਹੜੀ ਹੋਈ ਭੂਰ
ਅੱਗਾ ਨੇੜੇ ਆ ਗਿਆ
ਪਿੱਛਾ ਰਹਿ ਗਿਆ ਦੂਰ
300
ਆਟਾ ਮੇਰਾ ਬੁੜ੍ਹਕਿਆ
ਬੰਨੇ ਬੋਲਿਆ ਕਾਗ
ਤੜਕੇ ਚਿੜੀਆਂ ਜਾਗੀਆਂ
ਸੌਂ ਰਹੇ ਮੇਰੇ ਭਾਗ
301
ਫੁਲ ਖਿੜੇ ਕਚਨਾਰ ਦੇ
ਪੈਲਾਂ ਪਾਵਣ ਮੋਰ
ਚੰਨ ਚੁਫੇਰੇ ਭਾਲਦੇ
ਮੇਰੇ ਨੈਣ ਚਕੋਰ
302
ਕੜਕ ਨਾ ਜਾਂਦੀ ਕੁੱਪਿਓਂ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੌਣ ਕਰੇ
303
ਔਖੀ ਰਮਜ਼ ਫਕੀਰੀ ਵਾਲੀ
ਚੜ੍ਹ ਸੂਲੀ ਤੇ ਬਹਿਣਾ
ਦਰ-ਦਰ ਤੇ ਟੁਕੜੇ ਮੰਗਣੇ
ਮਾਈਏਂ ਭੈਣੇ ਕਹਿਣਾ
ਲੋਹੜੀ ਦੇ ਗੀਤ
ਲੋਹੜੀ ਕਿਸਾਨਾਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੇਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚ ਇਸ ਤਿਉਹਾਰ ਦੀ ਬੜੀ ਮਹੱਤਤਾ ਹੈ।
ਲੋਹੜੀ ਨਵ-ਜਨਮੇ ਮੁੰਡਿਆਂ ਅਤੇ ਨਵੇਂ ਵਿਆਹੇ ਜੋੜਿਆਂ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ। ਮੁੰਡਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖ਼ੁਸ਼ੀ ਸਾਰੇ ਪਿੰਡ ਲਈ ਸਾਂਝੀ ਹੁੰਦੀ ਹੈ। ਇਸ ਦਿਨ ਸਾਰੇ ਰਲ ਕੇ ਨਵ ਜਨਮੇ ਮੁੰਡੇ ਦੇ ਘਰ ਵਧਾਈਆਂ ਦਾ ਗੁੜ ਮੰਗਕੇ ਲਿਆਉਂਦੇ ਹਨ। ਪਿੰਡ ਵਿੱਚ ਥਾਂ-ਥਾਂ ਲੋਹੜੀ ਬਾਲੀ ਜਾਂਦੀ ਹੈ। ਬਾਲਣ ਲਈ ਪਾਥੀਆਂ ਅਤੇ ਲੱਕੜਾਂ ਘਰਾਂ ਵਿੱਚੋਂ ਬੱਚੇ ਮੰਗ ਕੇ ਲਿਆਉਂਦੇ ਹਨ। ਰਾਤੀਂ ਪਿੰਡ ਦੀ ਸੱਥ ਵਿੱਚ ਕੱਠੇ ਹੋ ਕੇ ਵਧਾਈਆਂ ਦਾ ਗੁੜ ਸਭ ਨੂੰ ਇੱਕੋ ਜਿਹਾ ਵਰਤਾਇਆ ਜਾਂਦਾ ਹੈ।
ਲੋਹੜੀ ਵਿੱਚ ਬੱਚੇ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਜਿੱਧਰ ਵੀ ਵੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਫਿਰਦੀਆਂ ਹਨ । ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਓੜੀਆਂ, ਤਲੂਏ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਬੱਚੇ ਬੜੇ ਚਾਅ ਨਾਲ ਗੀਤ ਗਾਉਂਦੇ ਹਨ। ਦਿਨ ਖੜ੍ਹੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਹਨ।
ਕੁੜੀਆਂ ਦੀਆਂ ਵੱਖਰੀਆਂ-ਵੱਖਰੀਆ ਟੋਲੀਆ ਹੁੰਦੀਆਂ ਹਨ ਤੇ ਮੁੰਡ ਵੱਖਰ ਲੋਹੜੀ ਮੰਗਦੇ ਹਨ। ਕਈਆਂ ਨੇ ਬੋਰੀਆਂ ਚੁੱਕੀਆਂ ਹੁੰਦੀਆਂ ਹਨ ਤੇ ਕਈਆਂ ਨੇ ਚੁੰਨੀਆਂ ਤੇ ਪਰਨਿਆਂ ਨੂੰ ਗੱਠਾਂ ਦੇ ਕੇ ਝੋਲੇ ਬਣਾਏ ਹੁੰਦੇ ਹਨ। ਮੰਗਣ ਵਾਲੇ ਬੱਚਿਆਂ ਵਿੱਚ ਛੋਟੇ ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਨਾ ਹੀ ਜਾਤ-ਪਾਤ ਦਾ ਕੋਈ ਭੇਦ ਭਾਵ ਹੁੰਦਾ ਹੈ। ਬੱਚੇ ਸਮੂਹਿਕ ਰੂਪ ਵਿੱਚ ਹੀ ਗੀਤ ਗਾਉਂਦੇ ਹਨ। ਮੁੰਡਿਆਂ ਦੇ ਗੀਤਾਂ ਦਾ ਕੁੜੀਆਂ ਦੇ ਗੀਤਾਂ ਨਾਲੋਂ ਕੁੱਝ ਫਰਕ ਹੁੰਦਾ ਹੈ ਤੇ ਉਹਨਾਂ ਦੇ ਗੀਤ ਗਾਉਣ ਦਾ ਢੰਗ ਵੀ ਵੱਖਰਾ ਹੁੰਦਾ ਹੈ। ਮੁੰਡੇ ਰੌਲਾ ਰੱਪਾ ਬਹੁਤਾ ਪਾਉਂਦੇ ਹਨ। ਕੁੜੀਆਂ ਬੜੇ ਸਲੀਕੇ ਤੇ ਰਹਾ ਨਾਲ ਗੀਤ ਗਾਉਂਦੀਆਂ ਹਨ।
ਏਥੇ ਤੁਹਾਡੀ ਦਿਲਚਸਪੀ ਲਈ ਮੁੰਡੇ ਕੁੜੀਆਂ ਦੇ ਵੱਖਰੇ-ਵੱਖਰੇ ਲੋਕ ਗੀਤ ਦਿੱਤੇ ਜਾ ਰਹੇ ਹਨ।
ਮੁੰਡਿਆਂ ਦੇ ਗੀਤ
1
ਕੋਠੇ ਉੱਤੇ ਕਾਨਾ
ਗੁੜ ਦੇਵੇ ਮੁੰਡੇ ਦਾ ਨਾਨਾ
ਸਾਡੀ ਲੋਹੜੀ ਮਨਾ ਦੋ
ਚੁਬਾਰੇ ਉੱਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ
ਸਾਡੀ ਲੋਹੜੀ ਮਨਾ ਦ
ਕੋਠੇ ਉੱਤੇ ਕਾਨੀ
ਗੁੜ ਦੇਵੇ ਮੁੰਡੇ ਦੀ ਨਾਨੀ
ਸਾਡੀ ਲੋਹੜੀ ਮਨਾ ਦੋ
2
ਉੱਖਲੀ 'ਚ ਸੀਖਾਂ
ਥੋਡੇ ਬੁੜ੍ਹੇ ਦੇ ਪੈ ਗਈਆਂ ਲੀਖਾਂ
ਸਾਡੀ ਲੋਹੜੀ ਮਨਾ ਦੋ
3
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ ਵਈ ਹੋੜੀ
4
ਕਲਮਦਾਨ ਵਿੱਚ ਘਿਓ
ਜੀਵੇ ਮੁੰਡੇ ਦਾ ਪਿਓ
ਕਲਮਦਾਨ ਵਿੱਚ ਕਾਂ
ਜੀਵੇ ਮੁੰਡੇ ਦੀ ਮਾਂ
ਕਲਮਦਾਨ ਵਿੱਚ ਕਾਨਾ
ਜੀਵੇ ਮੁੰਡੇ ਦਾ ਨਾਨਾ
ਕਲਮਦਾਨ ਵਿੱਚ ਕਾਨੀ
ਜੀਵੇ ਮੁੰਡੇ ਦੀ ਨਾਨੀ
5
ਕੋਠੇ ਤੇ ਪੰਜਾਲੀ
ਤੇਰੇ ਮੁੰਡੇ ਹੋਣਗੇ ਚਾਲੀ
ਸਾਡੀ ਲੋਹੜੀ ਮਨਾ ਦੇ
6
ਲੋਹੜੀ ਬਈ ਲੋਹੜੀ
ਤੇਰਾ ਮੁੰਡਾ ਚੜ੍ਹਿਆ ਘੋੜੀ
ਘੋੜੀ ਨੇ ਮਾਰੀ ਲੱਤ
ਤੇਰੇ ਮੁੰਡੇ ਜੰਮਣ
ਸੱਠ ਸਾਡੀ ਲੋਹੜੀ ਮਨਾ ਦੇ
7
ਉਖਲੀ 'ਚ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ
ਸਾਡੀ ਲੋਹੜੀ ਮਨਾ ਦੇ
8
ਉਖਲੀ 'ਚ ਪਰਾਲੀ
ਤੇਰੇ ਆਉਣ ਬਹੂਆਂ ਚਾਲੀ
ਸਾਡੀ ਲੋਹੜੀ ਮਨਾ ਦੋ
9
ਸਾਨੂੰ ਦੇਹ ਲੋਹੜੀ
ਤੇਰੀ ਜੀਵੇ ਘੋੜੀ
10
ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਰਾ ਬੱਚਾ
ਸਾਡੀ ਲਹੜੀ ਮਨਾ ਦੋ
11
ਕੋਠੀ ਹੇਠ ਚਾਕੂ
ਗੁੜ ਦਊ ਮੁੰਡੇ ਦਾ ਬਾਪੂ
ਸਾਡੀ ਲੋਹੜੀ ਮਨਾ ਦੇ
12
ਕੋਠੀ ਹੇਠ ਭੂਰਾ
ਥੋੜੇ ਪਵੇ ਸ਼ੁਕਰ ਬੂਰਾ
ਸਾਡੀ ਲੋਹੜੀ ਮਨਾ ਦੋ
13
ਤਾਣਾ ਬਈ ਤਾਣਾ
ਗੁੜ ਲੈ ਕੇ ਜਾਣਾ
14
ਖੋਹਲ ਮਾਈ ਕੁੰਡਾ
ਜੀਵੇ ਤੇਰਾ ਮੁੰਡਾ
ਤੇਰੇ ਕੋਠੇ ਉੱਤੇ ਮੋਰ
ਸਾਨੂੰ ਛੇਤੀ-ਛੇਤੀ ਤੋਰ
ਦੇ ਮਾਈ ਲੱਕੜੀ
ਜੀਵੇ ਤੇਰੀ ਬੱਕਰੀ
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ
ਕੰਘੀ ਉੱਤੇ ਕੰਘਾ
ਇਹ ਘਰ ਚੰਗਾ
15
ਲਿਆ ਮਾਈ ਲੱਕੜੀ
ਲਿਆ ਮਾਈ ਗੋਹਾ
ਮਾਈ ਦਾ ਬੱਚੜਾ
ਨਵਾਂ ਨਰੋਆ
16
ਕੋਠੇ ਤੇ ਪਰਨਾਲਾ
ਸਾਨੂੰ ਖੜਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦੋ
ਤੂੰ ਤਾਂ ਕੰਮ ਕਰਦੀ ਐਂ
ਸਾਨੂੰ ਰਾਤ ਪੈਂਦੀ ਐ
17
ਕੋਠੀ ਹੇਠ ਰੋੜੇ
ਥੋਡਾ ਬੰਤ ਚੜ੍ਹਿਆ
ਘੋੜੇ ਤੀਰ ਲੱਗਿਆ ਤਿੱਤਰ ਦੇ
ਘੋੜੇ ਚੜ੍ਹਕੇ ਤੀਰ ਚਲਾਇਆ
ਤਿੱਤਰ ਕਹਿੰਦਾ ਚਿਆਂ ਮਿਆਂ
ਚਿਆਂ ਮਿਆਂ
18
ਦੇ ਮਾਈ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ
ਦੇ ਮਾਈ ਗੋਹਾ
ਮਾਈ ਦਾ ਪੁੱਤ ਨਵਾਂ ਨਰੋਆ
ਚਾਰ 'ਕ ਦਾਣੇ ਖਿੱਲਾਂ ਦੇ
ਅਸੀਂ ਪਾਥੀ ਲੈ ਕੇ ਹਿਲਾਂਗੇ
19
ਸਾਡੇ ਵਿਹੜੇ ਵਿੱਚ ਮਸ਼ੀਨ
ਥੋਡਾ ਬੁੜ੍ਹਾ ਬੜਾ ਸ਼ੁਕੀਨ
ਲਾਉਂਦਾ ਪਾਊਡਰ ਤੇ ਕਰੀਮ
ਸਾਡੀ ਲੋਹੜੀ ਮਨਾ ਦੋ
20
ਕੁੱਪੀਏ ਨੀ ਕੁੱਪੀਏ
ਅਸਮਾਨ ਤੇ ਲੁੱਟੀਏ
ਅਸਮਾਨ ਪੁਰਾਣਾ
ਛਿੱਕ ਬੰਨ੍ਹ ਤਾਣਾ
ਲੰਗਰ 'ਚ ਦਾਲ
ਮਾਰ ਮੱਥੇ ਨਾਲ
ਮੱਥਾ ਤੇਰਾ ਵੱਡਾ
ਲਿਆ ਲੱਕੜੀਆਂ ਦਾ ਗੱਡਾ
21
ਆਖੋ ਮੁੰਡਿਓ ਆਂਡਾ-ਆਂਡਾ
ਆਂਡੇ ਨੂੰ ਮਾਰੀ ਟੱਕਰ-ਆਂਡਾ
ਦੇ ਮਾਈ ਸ਼ੱਕਰ-ਆਂਡਾ
ਸ਼ਕਰ ਤੇਰੀ ਕੌੜੀ-ਆਂਡਾ
ਦੇ ਮਾਈ ਰੋੜੀ-ਆਂਡਾ
ਗੁੜ ਤੇਰਾ ਮਿੱਠਾ--ਆਂਡਾ
ਦੇ ਨੋਟ ਚਿੱਟਾ-ਆਂਡਾ
22
ਚੱਕੀ ਰਾਹੀ ਪੱਥਰੀ-ਢੇਰਨੀ
ਵਿੱਚੋਂ ਨਿਕਲਿਆ ਖੇਤਰੀ-ਢੇਰਨੀ
ਖੱਤਰੀ ਮੰਗੇ ਤੀਰ ਕਮਾਨ-ਢੇਰਨੀ
ਵਿੱਚੋਂ ਨਿਕਲਿਆ ਮੁਸਲਮਾਨ-ਢੇਰਨੀ
ਮੁਸਲਮਾਨ ਨੇ ਰੱਖੇ ਰੋਜ਼ੇ-ਢੇਰਨੀ
ਰੋਜ਼ੇ ਖੋਜੇ ਦਾਣਾ ਮਾਣਾ-ਢੇਰਨੀ ਵਿੱਚੋਂ
ਨਿਕਲਿਆ ਲਾਲ ਦਖਾਣਾ-ਢੇਰਨੀ
ਲਾਲ ਦਖਾਣ ਨੇ ਠੋਕੀ ਮੰਜੀ-ਢੇਰਨੀ
ਵਿੱਚੋਂ ਨਿਕਲੀ ਅਲਫੋਂ ਗੰਜੀ-ਢੇਰਨੀ
ਅਲਫੋਂ ਗੰਜੀ ਨੇ ਕੱਤਿਆ ਸੂਤ-ਢੇਰਨੀ
ਜੀਵੇ ਮਾਈ ਤੇਰਾ ਪੂਤ-ਢੇਰਨੀ
ਦੇਹ ਮਾਈ ਲੋਹੜੀ
ਜੀਵੇ ਤੇਰੀ ਘੋੜੀ
23
ਆਖੋ ਮੁੰਡਿਓ ਢੇਰਨੀ-ਢੇਰਨੀ
ਢੇਰਨੀ ਪੁਕਾਰਿਆ-ਢੇਰਨੀ
ਨਿੱਕਾ ਬੱਚਾ ਮਾਰਿਆ-ਢੇਰਨੀ
ਨਿੱਕੇ ਬੱਚੇ ਕੱਟਿਆ ਬਾਗ-ਢੇਰਨੀ
ਵਿੱਚੋਂ ਨਿਕਲਿਆ ਲਾਲ ਤਰਖਾਣ-ਢੇਰਨੀ
ਲਾਲ ਤਰਖਾਣ ਠੋਕੀ ਮੌਜੀ-ਢੇਰਨੀ
ਵਿੱਚੋਂ ਨਿਕਲੀ ਭਾਬੇ ਗੰਜੀ-ਢੇਰਨੀ
ਭਾਬੋ ਗੰਜੀ ਧਰੀ ਕੜਾਹੀ-ਢੇਰਨੀ
ਭੱਜਿਆ ਬਾਹਮਣ ਖਾ ਗਿਆ ਨਾਈ-ਢੇਰਨੀ
24
ਆਖੋ ਮੁੰਡਿਓ ਢੇਰਨੀ-ਢੇਰਨੀ
ਇੱਕ ਤੀਰ ਮੇਰਾ ਭਾਈ ਮੰਗੇ-ਢੇਰਨੀ
ਵੱਡਾ ਭਾਈ ਮਾਰੇਗਾ-ਢੇਰਨੀ
ਨਵਾਂ ਕੋਟ ਸਵਾਰੇਗਾ-ਢੇਰਨੀ
ਕੋਟ ਨੂੰ ਦੋ ਮੋਰੀਆਂ-ਢੇਰਨੀ
ਜਿਊਣ ਥੋਡੀਆਂ ਘੋੜੀਆਂ-ਢੇਰਨੀ
ਘੋੜੀਆਂ ਨੇ ਮਾਰਿਆ ਪੱਦ-ਢੇਰਨੀ
ਦੇਓ ਲੱਕੜੀ ਦਾ ਛੱਜ-ਢੇਰਨੀ
25 ਢੇਰਨੀ ਬਈ ਢੇਰਨੀ-ਢੇਰਨੀ
ਉਹਨਾਂ ਮਗਰ ਢੇਰਨੀ-ਢੇਰਨੀ
ਢੇਰਨੀ ਦੀਆਂ ਤਿੰਨ ਤਣਾਵਾਂ-ਢੇਰਨੀ
ਬਾਰਾਂ ਤੇਰਾਂ ਤੰਬੂ ਪਾਵਾਂ-ਢੇਰਨੀ
ਨਾਈਆਂ ਘਰ ਛੱਜ ਪੁਰਾਣਾ-ਢੇਰਨੀ
ਨਾਈਆਂ ਘਰ ਬਿੱਲੀ ਸੂਈ-ਢੇਰਨੀ
ਬਿੱਲੋ ਬਿਲ ਪੁਕਾਰਿਆ-ਢੇਰਨੀ
ਨਿਕਲ ਭਾਈ ਭਾਰਿਆ-ਦੇਰਨੀ
ਭਾਰੇ ਨੈਣ ਖੋਹਲੀ ਪੱਤਰੀ-ਦੋਰਨੀ
ਵਿੱਚੋਂ ਨਿਕਲਿਆ ਦੋਲਾ ਖੱਤਰੀ-ਢੇਰਨੀ
ਦੋਲੇ ਖੱਤਰੀ ਪਾਈ ਹੱਟੀ—ਢੇਰਨੀ
ਵਿੱਚ ਨਿਕਲੀ ਟਕੇ ਦੀ ਪੱਟੀ-ਢੇਰਨੀ
ਟਕੇ ਦੀ ਪੱਟੀ ਦੀ ਹੁੰਦੀ ਧੇਲੀ-ਢੇਰਨੀ
ਵਿੱਚੋਂ ਨਿਕਲਿਆ ਮੋਲ੍ਹਾ ਤੇਲੀ-ਢੇਰਨੀ
ਮੋਲ੍ਹੇ ਤੇਲੀ ਨੇ ਪਾਇਆ ਘਾਣ-ਢੇਰਨੀ
ਵਿੱਚੋਂ ਨਿਕਲਿਆ ਅਰਲ ਤਰਖਾਣ-ਢੇਰਨੀ
ਅਰਲ ਤਰਖਾਣ ਨੇ ਠੋਕੀ ਮੰਜੀ-ਢੇਰਨੀ
ਵਿੱਚੋਂ ਨਿਕਲੀ ਪੋਪੋ ਗੰਜੀ-ਢੇਰਨੀ
ਪੋਪੋ ਗੰਜੀ ਨੇ ਮਾਰਿਆ ਪੱਦ-ਢੇਰਨੀ
ਲਿਆਓ ਗੋਹਿਆਂ ਦਾ ਛੱਜ-ਢੇਰਨੀ
26
ਆਖੋ ਮੁੰਡਿਓ ਤਾਣਾ-ਤਾਣਾ
ਰਾਮਪੁਰ ਜਾਣਾ-ਤਾਣਾ
ਰਾਮਪੁਰੋਂ ਕੋਡੀ ਲੱਭੀ-ਤਾਣਾ
ਕੌਡੀ ਮੈਂ ਘੁਮਿਆਰ ਨੂੰ ਦਿੱਤੀ-ਤਾਣਾ
ਘੁਮਿਆਰ ਮੈਨੂੰ ਇੱਟ ਦਿੱਤੀ-ਤਾਣਾ
ਇੱਟ ਮੈਂ ਖੂਹ ਨੂੰ ਦਿੱਤੀ-ਤਾਣਾ
ਖੂਹ ਨੇ ਮੈਨੂੰ ਪਾਣੀ ਦਿੱਤਾ-ਤਾਣਾ
ਪਾਣੀ ਮੈਂ ਬੱਕਰੀ ਨੂੰ ਦਿੱਤਾ-ਤਾਣਾ
ਬੱਕਰੀ ਮੈਨੂੰ ਦੁੱਧ ਦਿੱਤਾ-ਤਾਣਾ
ਦੁੱਧ ਦੀ ਮੈਂ ਖੀਰ ਬਣਾਈ-ਤਾਣਾ
ਖੀਰ ਮੈਂ ਪੰਡਿਤ ਨੂੰ ਦਿੱਤੀ-ਤਾਣਾ
ਪੰਡਤ ਨੇ ਮੈਨੂੰ ਧੋਤੀ ਦਿੱਤੀ-ਤਾਣਾ
ਪਾੜ ਸੀੜ ਕੇ ਲੰਗੋਟੀ ਸੀਤੀ-ਤਾਣਾ
ਲੰਗੋਟੀ ਚੋਂ ਨਿਕਲੀ ਜੂੰ-ਤਾਣਾ
ਮਰ ਗੋਪਾਲਾ ਤੂੰ-ਤਾਣਾ
27
ਚਲ ਓਏ ਮਿੱਤੂ ਗਾਹੇ ਨੂੰ
ਬਾਬੇ ਵਾਲੇ ਰਾਹੇ ਨੂੰ
ਜਿੱਥੇ ਬਾਬਾ ਮਾਰਿਆ
ਦਿੱਲੀ ਕੋਟ ਸਵਾਰਿਆ
ਦਿੱਲੀ ਕੱਟ ਦੀਆਂ ਰੋਟੀਆਂ
ਜਿਊਣ ਸਾਧੂ ਦੀਆਂ
ਝੋਟੀਆਂ ਝੋਟੀਆਂ ਗੱਲ ਪੰਜਾਲੀ
ਜਿਊਣ ਸਾਧੂ ਦੇ ਹਾਲੀ
ਹਾਲੀਆਂ ਪੈਰੀਂ ਜੁੱਤੀ
ਜੀਵੇ ਸਾਧੂ ਦੀ ਕੁੱਤੀ
ਕੁੱਤੀ ਦੀ ਪਿੱਠ ਤੇ ਫੱੜਾ
ਜੀਵੇ ਸਾਧੂ ਦਾ ਘੋੜਾ
ਘੋੜੇ ਉੱਤੇ ਕਾਠੀ
ਜੀਵੇ ਸਾਧੂ ਦਾ ਹਾਥੀ
ਹਾਥੀ ਉੱਥੇ ਝਾਫੇ
ਜਿਉਣ ਸਾਧੂ ਦੇ ਮਾਪੇ
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ
28
ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲਾ-ਹੋ
ਦੁੱਲੇ ਧੀ ਵਿਆਹੀ-ਹੋ
ਸ਼ੇਰ ਸ਼ੱਕਰ ਪਾਈ-ਹੋ
ਕੁੜੀ ਦੇ ਬੋਝੇ ਪਾਈ-ਹੋ
ਕੁੜੀ ਦਾ ਲਾਲ ਪਟਾਕਾ-ਹੋ
ਕੁੜੀ ਦਾ ਸਾਲੂ ਪਾਟਾ-ਹੈ
ਸਾਲੂ ਕੌਣ ਸਮੇਟੇ-ਹੋ
ਚਾਚਾ ਗਾਲੀ ਦੇਸੇ-ਹੋ
ਚਾਚੇ ਚੂਰੀ ਕੁੱਟੀ-ਹੋ
ਜ਼ੀਮੀਂਦਾਰਾਂ ਲੁੱਟੀ-ਹੋ
ਜ਼ੀਮੀਂਦਾਰ ਸਦਾਓ-ਹੋ
ਗਿਣ ਗਿਣ ਪੋਲੇ ਲਾਓ-ਹੋ
ਇੱਕ ਪੋਲਾ ਘਸ ਗਿਆ-ਹੋ
ਜ਼ੀਮੀਂਦਾਰ ਵਹੁਟੀ ਲੈ ਕੇ ਨੱਸ ਗਿਆ ਹੋ
ਕੁੜੀਆਂ ਦੇ ਗੀਤ
29
ਤਿਲ ਛੋਟੇ ਛੱਡ ਛੱਡਾਏ
ਗੁੜ ਦੇਹ ਮੁੰਡੇ ਦੀਏ ਮਾਏ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
30
ਤਿਲ ਚੌਲੀਏ ਨੀ
ਗੀਗਾ ਜੰਮਿਆ ਨੀ
ਗੁੜ ਵੰਡਿਆ ਨੀ
ਗੁੜ ਦੀਆਂ ਰੋੜੀਆਂ ਨੀ
ਭਰਾਵਾਂ ਜੋੜੀਆਂ ਨੀ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
ਜੀਵੇਗਾ ਬਈ ਜੀਵੇਗਾ
31
ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾ
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਸੀ
ਭਰਾਵਾਂ ਜੋੜੀਆਂ ਸੀ
32
ਜੁਗ ਜੁਗ ਚੰਬਾ ਲੋੜੀਂਦਾ
ਭਾਬੋ ਮੇਰੀ ਪੁੱਤ ਜਣੇ
ਹੀਰੇ ਮੋਤੀ ਲਾਲ ਜਣੇ
ਕੱਢ ਘਰੜੀ ਅੰਦਰ ਵਾਰ
ਅੰਦਰ ਲਿੱਪਾਂ ਬਾਹਰ ਲਿੱਪਾਂ
ਲਿੱਪਾਂ ਘਰ ਦਾ ਹਾਲ ਦੁਆਰ
33
ਰੱਤੇ ਚੀਰੇ ਵਾਲੀ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੱੜ
ਸਾਨੂੰ ਛੇਤੀ-ਛੇਤੀ ਤੋਰ
ਦੇਹ ਗੋਹਾ ਖਾ ਖੋਆ
ਸੁੱਟ ਲੱਕੜ ਖਾ ਸ਼ੱਕਰ
ਲੋਹੜੀ ਬਈ ਲੋਹੜੀ
ਕਾਕਾ ਚੜ੍ਹਿਆ ਘੋੜੀ
34
ਆ ਵੀਰਾ ਤੂੰ ਜਾਹ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਰਾਜੇ ਦੇ ਦਰਬਾਰ ਖੜੀ
ਇੱਕ ਫੁੱਲ ਜਾ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਪਈ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਚੀਕਦਾ
ਭਾਬੋ ਨੂੰ ਉਡੀਕਦਾ
ਭਾਬੋ ਕੁੱਛੜ ਗੀਗਾ
ਉਹ ਮੇਰਾ ਭਤੀਜਾ
ਭਤੀਜੇ ਪੈਰੀਂ ਕੜੀਆਂ
ਕਿਸ ਸੁਨਿਆਰੇ ਘੜੀਆਂ
ਘੜਨ ਵਾਲਾ ਜੀਵੇ
ਘੜਾਉਣ ਵਾਲਾ ਜੀਵੇ
ਪਾ ਦੇ ਗੁੜ ਦੀ ਰੋੜੀ
35
ਮੂਲੀ ਦਾ ਪੱਤ ਹਰਿਆ ਭਰਿਆ
ਵੀਰ ਸੁਦਾਗਰ ਘੋੜੀ ਚੜ੍ਹਿਆ
ਆ ਵੀਰਾ ਤੂੰ ਜਾ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਫੁੱਲਾਂ ਦੀ ਚੰਗੇਰ ਭਰੀ
ਇੱਕ ਫੁੱਲ ਡਿੱਗ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਸੀ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਕਾਈ ਦਾ
ਸੱਤੋ ਵੀਰ ਵਿਆਹੀ ਦਾ
36
ਪਾ ਨੀ ਮਾਏਂ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀ ਗਾਈਂ
ਮੱਝੀ ਗਾਂਈ ਨੇ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਸਾਨੂੰ ਸੋਰ ਸ਼ੱਕਰ ਪਾਈ
ਡੋਲੀ ਛਮ-ਛਮ ਕਰਦੀ ਆਈ
37
ਹੁੱਲੇ ਨੀ ਮਾਏ ਹੁੱਲੇ
ਦੋ ਬੇਰੀ ਪੱਤਰ ਝੁੱਲੇ
ਦੋ ਝੁੱਲ ਪਈਆਂ ਖਜੂਰਾਂ
ਖਜੂਰਾਂ ਸੁਟਿਆ ਮੇਵਾ
ਇਸ ਮੁੰਡੇ ਦਾ ਕਰੋ ਮੰਗੇਵਾ
ਮੁੰਡੇ ਦੀ ਵਹੁਟੀ ਨਿੱਕੜੀ
ਘਿਓ ਖਾਂਦੀ ਚੂਰੀ ਕੁੱਟਦੀ
ਵਹੁਟੀ ਬਹੇ ਨਨਾਣਾਂ ਨਾਲ
ਮੋਰ ਗੁੰਦਾਵੇ ਚੰਬੇ ਨਾਲ
ਲੋਹੜੀ ਬਈ ਲੋੜੀ
38
ਕੁੜੀਓ ਕੰਡਾ ਨੀ
ਇਸ ਕੰਡੇ ਨਾਲ ਕਲੀਰਾ ਨੀ
ਜੁਗ ਜੀਵੇ ਭੈਣ ਦਾ ਵੀਰਾ ਨੀ
ਵੀਰੇ ਪਾਈ ਹੱਟੀ ਨੀ
ਰਤੜੇ ਪਲੰਘ ਰੰਗੀਲੇ ਪਾਵੇ
ਲੈ ਵਹੁਟੀ ਮੁੰਡਾ ਘਰ ਆਵੇ
ਨਵੀਂ ਵਹੁਟੀ ਦੇ ਲੰਮੇ ਵਾਲ
ਲੋਹੜੀ ਬਈ ਲੋਹੜੀ।
ਲੋਕ ਕਹਾਣੀਆਂ
ਲੋਕ ਕਹਾਣੀਆਂ ਪੰਜਾਬੀ ਲੋਕ ਸਾਹਿਤ ਦਾ ਵੱਡਮੁੱਲਾ ਸਰਮਾਇਆ ਹਨ। ਇਹ ਕਹਾਣੀਆਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ। ਪੁਰਾਤਨ ਕਾਲ ਤੋਂ ਹੀ ਇਹ ਮਨੋਰੰਜਨ ਦੇ ਮੁੱਖ ਸਾਧਨ ਰਹੀਆਂ ਹਨ। ਗਰਮੀ ਦੀ ਰੁੱਤੇ ਬਰੋਟਿਆਂ ਦੀ ਸੰਘਣੀ ਛਾਂ ਥੱਲੇ ਦੁਪਹਿਰਾਂ ਨੂੰ ਅਤੇ ਰਾਤ ਸਮੇਂ ਘਰਾਂ ਦੀਆਂ ਛੱਤਾਂ ਉੱਤੇ, ਸਰਦੀਆਂ ਵਿੱਚ ਆਪਣੇ ਆਪਣੇ ਮੰਜਿਆਂ ਉੱਤੇ ਰਜਾਈਆਂ ਦੀਆਂ ਬੁੱਕਲਾਂ ਮਾਰ, ਸਰੋਤੇ ਕਿਸੇ ਵਡਾਰੂ ਪਾਸੋਂ ਕੋਈ ਨਾ ਕੋਈ ਕਹਾਣੀ ਸੁਨਣ ਲਈ ਜੁੜ ਬੈਠਦੇ ਸਨ। ਇਹ ਕਹਾਣੀਆਂ ਬਜ਼ੁਰਗਾਂ ਰਾਹੀਂ ਪੀੜ੍ਹੀਓਂ ਪੀੜ੍ਹੀ ਅੱਗੇ ਟੁਰਦੀਆਂ ਜਾਂਦੀਆਂ ਸਨ। ਇਹਨਾਂ ਨੂੰ ਸੁਨਣ ਵਾਲੀਆਂ ਬਾਤਾਂ ਆਖਦੇ ਹਨ। ਬਾਤਾਂ ਪਾਉਣ ਦੀ ਇਹ ਪਰੰਪਰਾ ਹੁਣ ਸਮਾਪਤ ਹੋ ਰਹੀ ਹੈ।
ਲੋਕ ਕਹਾਣੀਆਂ ਕੇਵਲ ਸਾਡੇ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਇਹ ਜੀਵਨ ਦੀ ਅਗਵਾਈ ਵੀ ਕਰਦੀਆਂ ਹਨ। ਹਰ ਲੋਕ ਕਹਾਣੀ ਵਿੱਚ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ।
ਖੇਤੀ ਬਾੜੀ ਦੇ ਧੰਦੇ ਨਾਲ ਸੰਬੰਧਿਤ ਅਤੇ ਜੱਟਾਂ ਦੇ ਸੁਭਾਅ ਤੇ ਕਿਰਦਾਰ ਨੂੰ ਪ੍ਰਗਟਾਉਣ ਵਾਲੀਆਂ ਕੁਝ ਕਹਾਣੀਆਂ ਅਗਲੇ ਪੰਨਿਆਂ ਤੇ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ।
ਖਚਰਾ ਜੱਟ ਸੰਗੀਤਕਾਰ ਬਣਿਆਂ
ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸੰਗੀਤਕਾਰਾਂ ਨੂੰ ਦਿਲ ਖੋਹਲ ਕੇ ਇਨਾਮ ਦਿਆ ਕਰਦਾ ਸੀ। ਇੱਕ ਸਿਆਣੇ ਵਜ਼ੀਰ ਨੇ ਰਾਜੇ ਨੂੰ ਸਲਾਹ ਦਿੱਤੀ ਬਈ ਇੱਕ ਦਿਨ ਰਾਜ ਦੇ ਸਾਰੇ ਸੰਗੀਤਕਾਰਾਂ ਨੂੰ ਰਾਜ ਦਰਬਾਰ ਵਿੱਚ ਸੱਦ ਕੇ ਸੰਗੀਤ ਦਰਬਾਰ ਕੀਤਾ ਜਾਵੇ ਅਤੇ ਸੱਭ ਤੋਂ ਵਧੀਆ ਸੰਗੀਤਕਾਰ ਨੂੰ ਮਾਣ ਦੇਈਏ। ਰਾਜੇ ਨੇ ਇਹ ਸਲਾਹ ਪਰਵਾਨ ਕਰ ਲਈ।
ਸੰਗੀਤ ਮੁਕਾਬਲੇ ਲਈ ਦਿਨ ਮਿਥਿਆ ਗਿਆ। ਸਾਰੇ ਰਾਜ ਵਿੱਚ ਢੰਡੋਰਾ ਪਿੱਟਿਆ ਗਿਆ। ਇੱਕ ਜੱਟ ਨੇ ਵੀ ਸੰਗੀਤ ਮੁਕਾਬਲੇ ਬਾਰੇ ਸੁਣਿਆਂ। ਉਸ ਨੇ ਵੀ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ।
ਮਿੱਥੇ ਸਮੇਂ ਤੇ ਰਾਜ ਭਰ ਤੋਂ ਸੰਗੀਤਕਾਰ ਆਪਣੇ-ਆਪਣੇ ਸਾਜ਼ ਲਈ ਰਾਜ ਦਰਬਾਰ ਵਿੱਚ ਆਉਣੇ ਸ਼ੁਰੂ ਹੋ ਗਏ। ਵੰਨ-ਸੁਵੰਨੇ ਲਬਾਸ ਪਾਈ ਸੰਗੀਤਕਾਰ ਗਲਾਂ 'ਚ ਬਾਜੇ ਲਟਕਾਈ ਆ ਰਹੇ ਸੀ। ਕਿਧਰੇ ਢੱਡ ਸਾਰੰਗੀਆਂ ਵਾਲੇ ਆ ਰਹੇ ਸੀ ਤੇ ਕਿਧਰੇ ਅਲਗੋਜ਼ਿਆਂ ਵਾਲੇ। ਗਲ ਕੀ ਭਾਂਤ-ਭਾਂਤ ਦੇ ਸੰਗੀਤ ਵਾਲੇ ਸਾਜ਼ ਲਈ ਦਰਬਾਰ ਵਿੱਚ ਨਜ਼ਰ ਆ ਰਹੇ ਸੀ। ਸਾਰੇ ਜਣੇ ਆਪਣੇ-ਆਪਣੇ ਥਾਂ ਬਰਾਜਮਾਨ ਹੋ ਗਏ। ਮੁਕਾਬਲਾ ਸ਼ੁਰੂ ਹੋਣ ਹੀ ਵਾਲਾ ਸੀ ਕਿ ਇੱਕ ਜੱਟ ਬਿਨਾਂ ਹਲਸ ਤੋਂ ਹਲ ਦਾ ਮੁੰਨਾ ਮੋਢੇ ਤੇ ਰੱਖੀ ਤੇ ਹੱਥ ਵਿੱਚ ਪੰਜਾਲੀ ਦੀ ਅਰਲੀ ਲਈ ਦਰਬਾਰ ਵਿੱਚ ਹਾਜ਼ਰ ਹੋ ਗਿਆ । ਜੱਟ ਦੇ ਸਾਜ ਨੂੰ ਵੇਮ ਕੇ ਸਾਰੇ ਹੈਰਾਨ ਹੋ ਗਏ। ਰਾਜਾ ਜੱਟ ਵੱਲ ਵੇਖ ਬਹੁਤ ਹੈਰਾਨ ਹੋਇਆ। ਜੱਟ ਵਰਗਾ ਸਾਜ਼ ਇਸ ਤੋਂ ਪਹਿਲੇ ਕਦੇ ਨਹੀਂ ਸੀ ਵੇਖਿਆ। ਸਾਰੇ ਸੰਗੀਤਕਾਰ ਜੱਟ ਵੱਲ ਬਿੱਟ-ਬਿੱਟ ਵੇਖ ਰਹੇ ਸੀ। ਏਧਰ ਮਚਲਾ ਜੱਟ ਉਨ੍ਹਾਂ ਵੱਲ ਵੇਖ-ਵੇਖ ਮੁਸਕੜੀਏ ਮੁਸਕਰਾ ਰਿਹਾ ਸੀ।
"ਜੱਟਾ, ਤੂੰ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਆਇਆ ?" ਰਾਜੇ ਨੇ ਪੁੱਛਿਆ।
"ਹਾਂ ਹਜ਼ੂਰ।"
"ਤੇਰੇ ਇਸ ਸਾਜ਼ ਦਾ ਕੀ ਨਾਂ ਹੈ ?"
"ਹਜ਼ੂਰ, ਸ਼ਾਮਲ ਬਾਜਾ।"
ਇਹ ਨਾਂ ਸੁਣ ਦੇ ਸਾਰ ਹੀ ਸਾਰਾ ਦਰਬਾਰ ਕਹਿਕਹਾ ਮਾਰ ਕੇ ਹੱਸ ਪਿਆ। ਰਾਜਾ ਸ਼ਾਮਲ ਬਾਜੇ ਨੂੰ ਬੜੀ ਨੀਝ ਨਾਲ ਵੇਖਣ ਲੱਗਾ। ਅਰਲੀ ਨੂੰ ਹੱਥ ਵਿੱਚ ਫੜ ਕੇ ਪੁੱਛਿਆ, "ਇਹ ਕੀ ਹੈ ?"
"ਹਜ਼ੂਰ ਇਹ ਸ਼ਾਮਲ ਬਾਜੇ ਦਾ ਗਜ਼ ਹੈ।"
ਹਾਸਾ ਫੇਰ ਮੱਚ ਉੱਠਿਆ।
"ਅੱਛਾ ਬਈ ਤੂੰ ਆਪਣਾ ਸਾਜ਼ ਬਜਾ ਕੇ ਸੁਣਾ" ਰਾਜੇ ਨੇ ਜੱਟ ਨੂੰ ਆਪਣਾ ਸਾਜ਼
ਬਜਾਉਣ ਲਈ ਹੁਕਮ ਦੇ ਦਿੱਤਾ।
"ਹਜ਼ੂਰ ਮੇਰਾ ਸਾਜ਼ ਉਦੋਂ ਵੱਜਦਾ ਹੈ ਜਦੋਂ ਸਾਰੇ ਸਾਜ਼ ਕੱਠੇ ਵੱਜਦੇ ਨੇ-ਫੇਰ ਦੇਖਣਾ ਇਹ ਕੋਹੋ ਜਿਹੀਆਂ ਸੁਰਾਂ ਅਲਾਪਦੇ।"
ਰਾਜੇ ਨੇ ਦੂਜੇ ਸੰਗੀਤਕਾਰਾਂ ਨੂੰ ਆਪਣੇ-ਆਪਣੇ ਸਾਜ਼ ਬਜਾਉਣ ਦਾ ਇਸ਼ਾਰਾ ਕੀਤਾ। ਸਾਰੇ ਸਾਜ਼ ਇੱਕ ਦਮ ਗੂੰਜ ਉੱਠੇ । ਜੱਟ ਆਪਣੇ ਹਲ ਦੇ ਮੁੰਨੇ ਤੇ ਅਰਲੀ ਦਾ ਗਜ਼ ਬਣਾ ਕੇ ਫੇਰਨ ਲੱਗਾ। ਵੰਨ ਸੁਵੰਨੇ ਸਾਜ਼ਾਂ ਦੀਆਂ ਰਲਵੀਆਂ ਮਿਲਵੀਆਂ ਅਵਾਜ਼ਾਂ ਦਾ ਸੰਗੀਤ ਰਾਜੇ ਨੂੰ ਭਾ ਗਿਆ....।
ਉਹ ਜੱਟ ਦੇ ਸੰਗੀਤ ਤੇ ਅਸ਼-ਅਸ਼ ਕਰ ਉੱਠਿਆ। ਰਾਜੇ ਨੇ ਜੱਟ ਨੂੰ ਦਿਲ ਖੋਹਲ ਕੇ ਇਨਾਮ ਦਿੱਤਾ। ਬਾਕੀ ਸੰਗੀਤਕਾਰ ਨਿਰਾਸ਼ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ। ਏਧਰ ਮਚਲਾ ਜੱਟ ਕਲੀਆਂ ਲਾਉਂਦਾ ਹੋਇਆ ਆਪਣੇ ਘਰ ਨੂੰ ਤੁਰ ਪਿਆ....।
ਖਚਰਾ ਜੱਟ
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਦੀ ਖੇਤੀ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚਲ ਰਿਹਾ ਸੀ। ਉਹਨਾਂ ਦੇ ਟਾਕਰੇ ਵਿੱਚ ਦੁਜੇ ਜੱਟਾਂ ਦੀਆਂ ਫ਼ਸਲਾਂ ਕੁਝ ਵੀ ਨਹੀਂ ਸਨ ਹੁੰਦੀਆਂ।
ਉਸ ਜੱਟ ਦੇ ਐਨ-ਗੁਆਂਢ ਵਿੱਚ ਇੱਕ ਜੁਲਾਹਿਆਂ ਦਾ ਟੱਬਰ ਆ ਕੇ ਰਹਿਣ ਲੱਗਾ । ਉਹਨਾਂ ਦਾ ਤਾਣੇ ਪੇਟੇ ਦਾ ਕੰਮ ਬੜਾ ਚੰਗਾ ਚਲ ਰਿਹਾ ਸੀ। ਆਪਣੇ ਗੁਆਂਢੀ ਜੱਟ ਦੀ ਚੰਗੀ ਆਮਦਨ ਵੇਖ ਕੇ ਉਹਨਾਂ ਨੇ ਵੀ ਖੇਤੀ ਦਾ ਧੰਦਾ ਕਰਨ ਲਈ ਆਪਣਾ ਮਨ ਬਣਾ ਲਿਆ। ਉਹਨਾਂ ਨੇ ਫੈਸਲਾ ਕੀਤਾ ਕਿ ਜਿਵੇਂ ਉਹਨਾਂ ਦਾ ਗੁਆਂਢੀ ਜੱਟ ਕਰੇਗਾ ਉਸੇ ਤਰ੍ਹਾਂ ਉਹ ਵੀ ਖੇਤੀ ਦਾ ਕੰਮ ਕਰਨਗੇ।
ਆਖਰ ਜੁਲਾਹਿਆਂ ਨੇ ਆਪਣਾ ਧੰਦਾ ਤਿਆਗ ਕੇ ਵਟਾਈ ਉੱਤੇ ਜ਼ਮੀਨ ਲੈ ਲਈ ਅਤੇ ਬਲਦਾਂ ਦੀ ਜੋੜੀ ਖ਼ਰੀਦ ਲਿਆਂਦੀ।
ਸਾਉਣੀ ਦੀ ਫਸਲ ਦੇ ਦਿਨ ਸਨ।
ਜੁਲਾਹਿਆਂ ਦਾ ਗੁਆਂਢੀ ਜੱਟ-ਟੱਬਰ ਦੂਜੀ ਭਲਕ ਕੀਤੇ ਜਾਣ ਵਾਲੇ ਕੰਮਾਂ ਬਾਰੇ ਰਾਤ ਸਮੇਂ ਸਲਾਹ ਕਰਿਆ ਕਰਦਾ ਸੀ। ਉਹਨਾਂ ਦਾ ਵਡਾਰੂ ਉਹਨਾਂ ਦੀ ਪੂਰੀ ਅਗਵਾਈ ਕਰਦਾ, "ਮੁੰਡਿਓ ਸਵੇਰੇ ਸਾਜਰੇ ਜਾ ਕੇ ਹਲ ਜੋੜ ਲੈਣਾ: ਨਾਲੇ ਫਲਾਹੀ ਆਲੇ ਖੇਤ ਨੂੰ ਬੀਜ ਦੇਣਾ ਨਹੀਂ ਤਾਂ ਉਹਦੀ ਗਿੱਲ ਸੁੱਕ ਜਾਉਗੀ ।"
ਜੁਲਾਹੇ ਜੱਟ ਦੀ ਕੰਧ ਨਾਲ ਕੰਨ ਲਾ ਕੇ ਭਲਕੇ ਕੀਤੇ ਜਾਣੇ ਵਾਲੇ ਕੰਮਾਂ ਬਾਰੇ ਸੁਣਦੇ ਅਤੇ ਜੱਟਾਂ ਤੋਂ ਪਹਿਲਾਂ ਉੱਠ ਕੇ ਹਲ ਆਦਿ ਜੋੜ ਲੈਂਦੇ। ਇਸ ਪਰਕਾਰ ਉਹ ਉਸ ਜੱਟ ਨਾਲੋਂ ਕੰਮ ਵਿੱਚ ਅੱਗੇ ਵੱਧ ਰਹੇ ਸਨ ਅਤੇ ਹਰ ਕੰਮ ਵਿੱਚ ਪਹਿਲ ਕਰ ਜਾਂਦੇ ਸਨ। ਸਾਉਣੀ ਦੀ ਬਿਜਾਈ ਉਹਨਾਂ ਨੇ ਜੱਟ ਨਾਲੋਂ ਅਗੇਤੀ ਕਰ ਲਈ ਤੇ ਲੱਗੇ ਜੱਟ ਨੂੰ ਟਿੱਚਰਾ ਕਰਨ।
"ਖੇਤੀ ਸੁਹਰੀ ਦਾ ਕੀ ਐ-ਕਿਹੜਾ ਵੇਦ ਪੜ੍ਹਨੇ ਨੇ, ਹਲ ਵਾਹਿਆ, ਦਾਣੇ ਬੀਜੇ ਤੇ ਫਸਲ ਤਿਆਰ। ਜੱਟ ਐਵੇਂ ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਨੇ ਅਸੀਂ ਸਜਰੀ ਖੇਤੀ ਕੀਤੀ ਐ ਤੇ ਸਾਰਿਆਂ ਨਾਲੋਂ ਅੱਗੇ ਲੰਘ ਗਏ ਆਂ। ਸਾਡੇ ਮੱਕੀ ਦੇ ਖੇਤਾਂ ਵਿੱਚ ਜਾ ਕੇ ਤਾਂ ਵੇਖੋ ਕਿਵੇਂ ਮੱਕੀ ਦੇ ਟਾਂਡੇ ਗਧੇ ਦੇ ਬੱਚੇ ਦੇ ਕੰਨਾਂ ਵਾਂਗ ਸੁਹਣੇ ਲੱਗਦੇ ਨੇ...।"
ਵਡਾਰੂ ਜੁਲਾਹੇ ਦੀਆਂ ਫੜ੍ਹਾਂ ਸੁਣ ਕੇ ਮੁਛਾਂ 'ਚ ਮੁਸਕਰਾਇਆ। ਉਹ ਇਹ ਜਾਣਦਾ ਸੀ ਕਿ ਜੁਲਾਹਿਆਂ ਨੂੰ ਖੇਤੀ ਬਾਰੇ ਪੂਰੀ ਜਾਣਕਾਰੀ ਨਹੀਂ। ਜੋ ਕੁਝ ਵੀ ਉਹਨਾਂ ਨੇ ਹੁਣ ਤੀਕ ਕੀਤਾ ਹੈ ਉਹ ਉਸ ਦੀ ਅਗਵਾਈ ਕਰਕੇ ਕੀਤਾ ਹੈ। ਜੱਟ ਖਚਰਾ ਵੀ ਬੜਾ ਹੁੰਦਾ ਹੈ। ਵਡਾਰੂ ਵਿਚਲਾ ਖਚਰਾ ਜੱਟ ਜਾਗ ਪਿਆ।
ਮੱਕੀ ਦੇ ਟਾਂਡੇ ਗੋਡੇ-ਗੋਡੇ ਹੋ ਚੁੱਕੇ ਸਨ।
ਇੱਕ ਆਥਣ ਨੂੰ ਵਡਾਰੂ ਨੇ ਆਪਣੇ ਪੁੱਤਰਾਂ ਨੂੰ ਉੱਚੀ ਦੇਣੀ ਕਿਹਾ, "ਮੁੰਡਿਓ, ਸਵੇਰੇ ਸਾਜਰੇ ਜਾ ਕੇ ਮੱਕੀ ਨੂੰ ਸੁਹਾਗਾ ਦੇ ਆਉਣਾ।"
ਉਹਨੇ ਇਹ ਗੱਲ ਐਨੀ ਉੱਚੀ ਕਹੀ ਕਿ ਜੁਲਾਹਿਆਂ ਨੇ ਵੀ ਸੁਣ ਲਈ।
ਜੁਲਾਹੇ ਤੜਕ ਸਾਰ ਉੱਠੇ ਤੇ ਲੱਗੇ ਆਪਣੇ ਮੱਕੀ ਦੇ ਖੇਤਾਂ ਨੂੰ ਸੁਹਾਗਾ ਦੇਣ।
ਸੁਹਾਗਾ ਦੇ ਕੇ ਉਹਨਾਂ ਨੇ ਸਾਰੀ ਮੱਕੀ ਦਾ ਮਲੀਆ ਮੇਟ ਕਰ ਦਿੱਤਾ।
ਜਦ ਜੁਲਾਹੇ ਮੱਕੀ ਦੇ ਖੇਤ ਨੂੰ ਸੁਹਾਗਾ ਦੇ ਕੇ ਵਾਪਸ ਆ ਰਹੇ ਸੀ, ਪਿੰਡ ਦੇ ਸਾਰੇ ਜੱਟ ਉਹਨਾਂ ਵੱਲ ਵੇਖ ਕੇ ਖਿੜ ਖਿੜਾ ਰਹੇ ਸਨ.....।
ਜੱਟ ਦੀ ਸਿਆਣਪ
ਇੱਕ ਵਾਰੀ ਦੀ ਗੱਲ ਹੈ ਇੱਕ ਜੱਟ ਨੂੰ ਰਾਜੇ ਦੇ ਦਰਸ਼ਨ ਕਰਨ ਦਾ ਸ਼ੌਕ ਜਾਗ ਪਿਆ। ਉਹਨੇ ਆਪਣੇ ਦਿਲ ਦੀ ਗੱਲ ਇੱਕ ਲਾਲੇ ਨੂੰ ਦੱਸੀ। ਲਾਲੇ ਨੇ ਜੱਟ ਨੂੰ ਟਿੱਚਰ ਕਰਕੇ ਕਿਹਾ, "ਕਿਸੇ ਗੰਜੇ ਦੇ ਸਿਰ ਵਿੱਚ ਚਾਰ ਜੁੱਤੀਆਂ ਮਾਰ ਦੇ, ਆਪੇ ਰਾਜੇ ਦੀ ਕਚਹਿਰੀ ਪਹੁੰਚ ਜਾਏਂਗਾ।"
ਜੱਟ ਨੇ, ਨਾ ਆ ਦੇਖਿਆ ਨਾ ਤਾ, ਉਸ ਨੇ ਲਾਲੇ ਦੇ ਸਿਰ ਵਿੱਚ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਸੁਣ ਕੇ ਦੋ ਸਿਪਾਹੀ ਉੱਥੇ ਆ ਗਏ ਤੇ ਉਹਨਾਂ ਦੋਹਾਂ, ਨੂੰ ਫੜ ਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ।
ਰਾਜੇ ਨੇ ਸੋਚਿਆ-ਲਾਲੇ ਨੇ ਜੱਟ ਨੂੰ ਜ਼ਰੂਰ ਕੋਈ ਟਿੱਚਰ ਕੀਤੀ ਹੋਣੀ ਐਂ। ਉਹਨੇ ਜੱਟ ਨੂੰ ਘੂਰ ਕੇ ਪੁੱਛਿਆ, "ਕਿਉਂ ਬਈ ਜੱਟਾਂ ਤੋਂ ਲਾਲੇ ਦੇ ਜੁੱਤੀਆਂ ਮਾਰੀਆਂ ਨੇ ?" ਜੱਟ ਨੇ ਉੱਤਰ ਦਿੱਤਾ, "ਹਾਂ ਜਨਾਬ ਮਾਰੀਆਂ ਨੇ।" ਇਹ ਆਖ ਕੇ ਜੱਟ ਨੇ ਸਾਰੀ ਵਿਥਿਆ ਸੁਣਾ ਦਿੱਤੀ।
ਰਾਜੇ ਨੇ ਜੱਟ ਨੂੰ ਮੂਰਖ ਸਮਝ ਕੇ ਜਾਣ ਲਈ ਆਖ ਦਿੱਤਾ। ਜੱਟ ਉੱਥੋਂ ਤੁਰ ਪਿਆ।
ਜੱਟ ਦੇ ਤੁਰਨ ਮਗਰੋਂ ਰਾਜੇ ਨੇ ਸੋਚਿਆ, "ਜੱਟ ਮੇਰੇ ਦਰਸ਼ਨਾਂ ਲਈ ਆਇਆ ਸੀ। ਮੈਂ ਐਵੇਂ ਉਸ ਨੂੰ ਖ਼ਾਲੀ ਤੋਰਿਆ—ਉਸ ਨੂੰ ਜ਼ਰੂਰ ਕੋਈ ਇਨਾਮ ਦੇਣਾ ਚਾਹੀਦਾ ਸੀ ।" ਰਾਜੇ ਦੇ ਕੋਲ ਹੀ ਕੰਜਰੀ ਬੈਠੀ ਸੀ, ਉਸ ਨੂੰ ਰਾਜੇ ਨੇ ਆਖਿਆ, "ਜਾਓ, ਜਾ ਕੇ ਜੱਟ ਨੂੰ ਸੱਦ ਲਿਆਓ।"
ਕੰਜਰੀ ਨੇ ਜੱਟ ਕੋਲ ਜਾ ਕੇ ਆਖਿਆ, "ਰਾਜਾ ਤੈਨੂੰ ਸੱਦਦਾ ਹੈ। ਉਹ ਜੋ ਇਨਾਮ ਤੈਨੂੰ ਦੋਉਗਾ ਉਹਦੇ ਵਿੱਚੋਂ ਅੱਧਾ ਇਨਾਮ ਮੇਰਾ ਰਿਹਾ।"
ਜੱਟ ਅੱਧਾ ਇਨਾਮ ਕੰਜਰੀ ਨੂੰ ਦੇਣਾ ਮੰਨ ਗਿਆ। ਅੱਗੋਂ ਪਹਿਰੇ ਵਾਲਾ ਕੋਤਵਾਲ ਆਖਣ ਲੱਗਾ, "ਮੈਂ ਤਾਂ ਅੰਦਰ ਜਾਣ ਦਿਊਂਗਾ ਜੇ ਤੂੰ ਅੱਧੇ ਇਨਾਮ ਵਿੱਚੋਂ ਅੱਧਾ ਮੈਨੂੰ ਦਏਂਗਾ।"
ਜੱਟ ਇਹ ਵੀ ਮੰਨ ਗਿਆ।
ਜੱਟ ਰਾਜੇ ਦੇ ਦਰਬਾਰ ਜਾ ਹਾਜ਼ਰ ਹੋਇਆ। ਰਾਜਾ ਆਖਣ ਲੱਗਾ, "ਜੱਟਾ ਤੂੰ ਮੇਰੇ ਦਰਸ਼ਨਾਂ ਲਈ ਆਇਆ ਸੀ : ਮੰਗ ਜੋ ਮੰਗਣੇਂ।"
"ਮਹਾਰਾਜ ਤੁਹਾਡੇ ਦਰਸ਼ਨ ਕਰਨੇ ਸੀ, ਹੋ ਗਏ-ਹੋਰ ਮੈਨੂੰ ਕਾਸੇ ਦੀ ਲੋੜ ਨਹੀਂ ਤੁਹਾਡਾ ਦਿੱਤਾ ਈ ਖਾਨੇ ਆਂ।"
ਰਾਜੇ ਨੇ ਫੇਰ ਆਖਿਆ। ਜੱਟ ਨੇ ਪਹਿਲਾ ਹੀ ਉੱਤਰ ਦੇ ਦਿੱਤਾ। ਆਖਰ ਤੀਜੀ ਵਾਰ ਰਾਜੇ ਨੇ ਫੇਰ ਆਖਿਆ, "ਤੀਜਾ ਬਚਨ ਐ, ਮੰਗ ਲੈ।"
ਜੱਟ ਨੇ ਕਿਹਾ, "ਮਹਾਰਾਜ, ਜੇ ਤੁਸੀਂ ਬਹੁਤਾ ਹੀ ਖਹਿੜੇ ਪੈਂਦੇ ਹੋ ਤਾਂ ਮੇਰੇ ਸਿਰ ਉੱਤੇ ਇੱਕ ਸੌ ਜੁੱਤੀਆਂ ਮਾਰੀਆਂ ਜਾਣ।"
ਰਾਜੇ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਜੱਟ ਦੇ ਸਿਰ ਉੱਤੇ ਸੌ ਜੁੱਤੀਆਂ ਮਾਰੀਆਂ ਜਾਣ। ਜੱਟ ਦੇ ਸਿਰ ਤੇ ਤਾੜ-ਤਾੜ ਜੁੱਤੀਆਂ ਪੈਣ ਲੱਗੀਆਂ।
ਜੱਟ ਵੀ ਹੇਠੋਂ ਉੱਚੀ- ਉੱਚੀ ਗਿਣਦਾ ਰਿਹਾ। ਜਦੋਂ ਪੱਚੀ ਹੋ ਗਈਆਂ ਤਾਂ ਬੋਲਿਆ, "ਮਹਾਰਾਜ ਠਹਿਰੋ- ਇਸ ਇਨਾਮ ਵਿੱਚ ਦੋ ਹੋਰ ਹਿੱਸੇਦਾਰ ਨੇ-ਜਿਨ੍ਹਾਂ ਵਿੱਚੋਂ ਇੱਕ ਤਾਂ ਥੋਡੀ ਕੰਜਰੀ ਹੈ, ਜੀਹਨੇ ਸਾਰੇ ਇਨਾਮ ਦਾ ਅੱਧ ਮੰਗਿਆ ਸੀ ਪਹਿਲਾਂ ਇਹਦੇ ਪੰਜਾਹ ਜੁੱਤੀਆਂ ਮਾਰੀਆਂ ਜਾਣ।"
ਜਦੋਂ ਕੰਜਰੀ ਦੇ ਪੰਜਾਹ ਜੁੱਤੀਆਂ ਲੱਗ ਗਈਆਂ ਤਾਂ ਜੱਟ ਬੋਲਿਆ, "ਮਹਾਰਾਜ, ਦੂਜਾ ਹਿੱਸੇਦਾਰ ਥੋਡਾ ਕੋਤਵਾਲ ਹੈ ਜੀਹਨੇ ਅੱਧ ਵਿੱਚੋਂ ਅੱਧ ਮੰਗਿਆ ਸੀ। ਉਸ ਦੇ ਪੱਚੀ ਜੁੱਤੀਆਂ ਮਾਰੀਆਂ ਜਾਣ।"
ਕੋਤਵਾਲ ਨੂੰ ਵੀ ਪੱਚੀ ਜੁੱਤੀਆਂ ਦਾ ਇਨਾਮ ਦਿੱਤਾ ਗਿਆ। ਰਾਜਾ ਜੱਟ ਦੀ ਸਿਆਣਪ ਤੇ ਬਹੁਤ ਖ਼ੁਸ਼ ਹੋਇਆ। ਉਹਨੇ ਜੱਟ ਨੂੰ ਬਹੁਤ ਸਾਰਾ ਇਨਾਮ ਦੇ ਕੇ ਤੋਰ ਦਿੱਤਾ।
ਮਚਲਾ ਜੱਟ
ਇਕ ਪਿੰਡ ਵਿੱਚ ਤਿੰਨ ਮਿੱਤਰ ਮੀ ਉਹਨਾਂ ਵਿੱਚੋਂ ਇੱਕ ਮੌਲਦੀ ਸੀ, ਦੂਜਾ ਬ੍ਰਾਹਮਣ ਤੇ ਤੀਜਾ ਜੱਟ। ਇੱਕ ਦਿਨ ਤਿੰਨਾਂ ਨੇ ਰਲ ਕੇ ਸਲਾਹ ਬਣਾਈ ਬਈ ਅੱਜ ਖੀਰ ਧਰੀ ਜਾਵੇ। ਤਿੰਨਾਂ ਜਣਿਆਂ ਨੇ ਰਲ ਕੇ ਖੀਰ ਬਣਾਈ, ਪਰ ਸਾਰਿਆਂ ਦੇ ਦਿਲ ਵਿੱਚ ਬੇਈਮਾਨੀ ਆਗੀ। ਹਰ ਕੋਈ ਇਹੀ ਚਾਹੁੰਦਾ ਸੀ ਬਈ ਖੀਰ ਨੂੰ ਓਹੋ ਕੱਲਾ ਹੀ ਖਾਵੇ।
ਇਹ ਕਿਵੇਂ ਹੋ ਸਕਦਾ ਸੀ। ਸੋ ਸਲਾਹ ਬਣੀ, ਬਈ ਸਾਰੇ ਹੀ ਸੋ ਜਾਓ। ਖੀਰ ਨੂੰ ਢੱਕ ਕੇ ਰੱਖ ਦਿਓ। ਸਵੇਰੇ ਉੱਠ ਕੇ ਜਿਹੜਾ ਸਾਰਿਆਂ ਨਾਲੋਂ ਸੁਆਦਲਾ ਸੁਪਨਾ ਸੁਣਾਉਗਾ, ਉਹੀ ਸਾਰੀ ਖੀਰ ਖਾਉਗਾ।
ਜੱਟ ਨੇ ਸਮਝਿਆ, ਸਾਰੇ ਆਪਣੀ ਹੀ ਗੱਲ ਕਰਦੇ ਨੇ। ਉਹ ਵੀ ਖੀਰ ਖਾਣੀ ਚਾਹੁੰਦਾ ਸੀ। ਉਸ ਨੂੰ ਇੱਕ ਤਰਕੀਬ ਸੁਝੀ। ਉਹ ਉਨ੍ਹਾਂ ਦੇ ਨਾਲ ਹੀ ਮਚਲਾ ਬਣ ਕੇ ਸੌਂ ਗਿਆ। ਜਦੋਂ ਜੱਟ ਨੇ ਵੇਖਿਆ ਬਈ ਦੋਨੋਂ ਜਣੇ ਘੂਕ ਸੌਂ ਗਏ ਨੇ, ਉਹ ਮਲਕੜੇ ਜਹੇ ਉੱਠ ਕੇ ਲੱਗਾ ਖੀਰ ਖਾਣ। ਨਾਲੇ ਖੀਰ ਖਾਈ ਜਾਵੇ, ਨਾਲੇ ਉਹਨਾਂ ਵੱਲ ਵੇਖੀ ਜਾਵੇ ਕਿਤੇ ਉਹ ਜਾਗ ਨਾ ਪੈਣ। ਜੱਟ ਨੇ ਖੀਰ ਖਾਧੀ ਤੇ ਭਾਂਡੇ ਨੂੰ ਐਨ ਚੱਟ ਕੇ, ਢੱਕ ਕੇ ਰੱਖ ਦਿੱਤਾ ਤੇ ਆਪ ਲੰਮੀਆਂ ਤਾਣ ਕੇ ਸੌਂ ਗਿਆ।
ਸਾਝਰੇ ਹੀ ਉਹ ਤਿੰਨੇ ਉੱਠੇ ਤੇ ਲੱਗੇ ਆਪਣੇ-ਆਪਣੇ ਸੁਪਨੇ ਸੁਨਾਉਣ ਦੀ ਤਿਆਰੀ ਕਰਨ। ਢੱਕਣ ਸਮੇਤ ਪੀਹ ਦਾ ਭਾਂਡਾ ਉਨ੍ਹਾਂ ਦੇ ਸਾਹਮਣੇ ਪਿਆ ਸੀ। ਸਭ ਤੋਂ ਪਿਹਲਾਂ, ਜੱਟ ਆਪਣਾ ਸੁਪਨਾ ਸੁਣਾਉਣ ਲੱਗਾ, "ਯਾਰੇ ਮੈਨੂੰ ਕਿਹੋ ਜਿਹਾ ਸੁਪਨਾ ਆਇਆ ਮੋਰੀਆਂ ਹੁਣ ਵੀ ਪੱਸਲੀਆਂ ਦੁਖਦੀਆਂ ਨੇ। ਸੁਪਨੇ 'ਚ ਕੀ ਵੇਖਦਾਂ ਬਈ ਬੜਾ ਸਾਰਾ ਦਿਓ ਮੇਰੇ ਆ ਦੁਆਲੇ ਹੋਇਆ ਤੇ ਮੈਨੂੰ ਕੰਨੋ ਫੜ ਕੇ ਖੜਾ ਕਰ ਲਿਆ। ਮੈਂ ਤੁਹਾਡੇ ਵੀ ਕਈ ਲੱਤਾਂ ਮਾਰੀਆਂ ਪਰ ਤੁਸੀਂ ਕੁਸਕੇ ਨਹੀਂ ਮੇਰੀ ਤਾਂ ਡਰ ਨਾਲ ਜਾਨ ਨਿਕਲਦੀ ਜਾ ਰਹੀ ਸੀ। ਮੈਂ ਬਥੇਰਾ ਰੌਲ਼ਾ ਪਾਇਆ। ਦਿਓ ਦੀਆਂ ਮਿੰਨਤਾਂ ਕੀਤੀਆਂ ਬਈ ਮੈਨੂੰ ਛੱਡ ਦੇਵੇ-ਤੁਹਾਨੂੰ ਵੀ ਮੈਂ ਜਗਾਇਆ, ਪਰ ਤੁਸੀਂ ਜਾਗੋ ਨੀ। ਅਖੀਰ ਦਿਓ ਆਖਣ ਲੱਗਾ, "ਮੈਂ ਤੈਨੂੰ ਤਾਂ ਛੱਡ ਸਕਦਾਂ ਜੇ ਤੂੰ ਸਾਰੀ ਖੀਰ ਖਾਵੇਂ।" ਮੈਂ ਦਿਓ ਨੂੰ ਕਿਹਾ, "ਮੈਨੂੰ ਭੁੱਖ ਨਹੀਂ, ਨਾਲੇ ਇਹ ਖੀਰ ਸਾਡੇ ਤਿੰਨਾਂ ਦੀ ਸਾਂਝੀ ਐ। ਮੈਂ ਉਹਨਾਂ ਦਾ ਹਿੱਸਾ ਕਿਵੇਂ ਖਾ ਸਕਦਾ ਹਾਂ।" ਦਿਓ ਫੇਰ ਵੀ ਨਾ ਮੰਨਿਆ ਤੇ ਮੈਨੂੰ ਕੁੱਟਣ ਲੱਗਾ ਤੇ ਕੰਨ ਫੜ ਕੇ ਖੀਰ ਵਾਲੇ ਭਾਂਡੇ ਕੋਲ ਲੈ ਗਿਆ ਮੈਂ ਤੁਹਾਡੇ ਨਾਂ ਲੈ-ਲੈ ਕੇ ਖੀਰ ਖਾਂਦਾ ਰਿਹਾ। ਸੱਚ ਜਾਣਿਓ, ਜਦੋਂ ਮੈਂ ਖੀਰ ਖਾ ਲਈ ਤਾਂ ਮੇਰਾ ਢਿੱਡ ਪਾਟਣ ਤੇ ਆ ਗਿਆ। ਦਿਓ ਫੇਰ ਵੀ ਨਾ ਛੱਡੇ, ਆਖੇ, ਦੇਖੀਂ ਮਾੜੀ ਮੋਟੀ ਵੀ ਨਾ ਬਚੇ-ਸਾਰਾ ਭਾਂਡਾ ਚੱਟਮ ਕਰ ਦੇ। ਹਾਲਾਂ ਮੈਂ ਭਾਂਡਾ ਚੱਟ ਕੇ ਰੱਖਿਆ ਹੀ ਸੀ ਕਿ ਦਿਓ ਓਥੋਂ ਅਲੋਪ
ਹੋ ਗਿਆ ਤੇ ਮੈਨੂੰ ਨੀਂਦ ਆ ਗਈ।"
ਇਹ ਕਹਿ ਕੇ ਜੱਟ ਮਚਲਾ ਜਿਹਾ ਬਣ ਕੇ ਬਹਿ ਗਿਆ। ਅਜੇ ਜੱਟ ਨੇ ਆਪਣਾ ਸਪਨਾ ਸਣਾਇਆ ਹੀ ਸੀ ਮੇਲਧੀ ਅਤੇ ਪੰਡਤ ਨੇ ਕਾਹਲੀ ਨਾਲ ਖੀਰ ਵਾਲੇ ਭਾਰੇ ਦਾ ਪੱਕਣ ਚੁੱਕਿਆ, ਰਾਤ ਵਿੱਚ ਪੀਰ ਗਾਇਰ ਸੀ। ਦੋਵੇਂ ਇੱਕ ਦੂਜੇ ਦੇ ਮੁੱਖ ਥੱਲ ਵੇਖੀ ਜਾਣ ਤੇ ਆਖੀ ਜਾਣ, "ਵਾਹ ਓਏ ਮਚਲਿਆ ਜੱਟਾ, ਤੂੰ ਖੂਬ ਸੁਪਨਾ ਸੁਣਾਇਆ, ਨਾਲੇ ਖੀਰ ਖਾ ਗਿਆ, ਨਾਲੇ ਸੁਪਨਾ ਸੁਣਾ ਗਿਆ..... ।"
ਜੱਟ ਮਚਲਾ
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟ ਫੌਜਦਾਰੀ ਦੇ ਮੁਕੱਦਮੇ ਵਿੱਚ ਫਸ ਗਿਆ। ਜੱਟ ਚਾਹੁੰਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਬਰੀ ਹੋ ਜਾਵੇ। ਜੱਟ ਦਾ ਵਕੀਲ ਵੀ ਬਹੁਤ ਹੁਸ਼ਿਆਰ ਸੀ। ਉਸ ਨੂੰ ਫੁਰਨਾ ਫੁਰਿਆ: ਕਿਉਂ ਨਾ ਜੱਟ ਨੂੰ ਪਾਗਲ ਸਿੱਧ ਕੀਤਾ ਜਾਵੇ। ਵਕੀਲ ਨੇ ਜੱਟ ਨੂੰ ਸਿੱਖਿਆ ਦੇ ਦਿੱਤੀ, "ਜੱਟਾ ਮਚਲਾ ਬਣ ਜਾ ਸਰਕਾਰੀ ਵਕੀਲ ਅਤੇ ਜੱਜ ਜਿਹੜੀ ਵੀ ਗੱਲ ਤੇਰੇ ਪਾਸੋਂ ਪੁੱਛਣ-ਤੂੰ ਉੱਤਰ ਵਿੱਚ 'ਉਰਰ' ਆਖ ਦਿਆ ਕਰੀਂ।"
ਮਕੱਦਮਾ ਅਦਾਲਤ ਸਾਹਮਣੇ ਪੇਸ਼ ਹੋਇਆ।
ਜੱਜ ਨੇ ਮੁਜਰਮ ਤੋਂ ਉਸ ਦਾ ਨਾਂ ਪੁੱਛਿਆ।
ਜੱਟ ਨੇ ਝੱਟ ਉੱਤਰ ਦਿੱਤਾ, "ਉਰਰ..... ।"
ਸਰਕਾਰੀ ਵਕੀਲ ਤੇ ਜੱਜ ਜਿਹੜਾ ਵੀ ਪ੍ਰਸ਼ਨ-ਜੱਟ ਤੇ ਕਰਨ, ਜੱਟ ਉਸ ਦਾ ਉੱਤਰ –ਉੱਰਰ ਵਿਚ ਦੇਵੇ....।
ਜੱਜ ਨੇ ਜੱਟ ਨੂੰ ਪਾਗਲ ਸਮਝ ਕੇ ਬਰੀ ਕਰ ਦਿੱਤਾ। ਜੱਟ ਤੇ ਉਸ ਦੇ ਵਕੀਲ ਨੂੰ ਖ਼ੁਸ਼ੀਆਂ ਚੜ੍ਹ ਗਈਆਂ। ਵਕੀਲ ਨੂੰ ਆਪਣੀ ਫੀਸ ਤੋਂ ਬਿਨਾਂ ਹੋਰ ਇਨਾਮ ਮਿਲਣ ਦੀ ਆਸ ਸੀ। ਵਕੀਲ ਨੇ ਜਦ ਜੱਟ ਪਾਸੋਂ ਆਪਣੀ ਫੀਸ ਮੰਗੀ ਤਾਂ ਅੱਗੋਂ ਮਚਲੇ ਜੱਟ ਨੇ "ਉੱਰਰ" ਆਖ ਦਿੱਤਾ।
ਵਕੀਲ ਜੱਟ ਦਾ ਮੂੰਹ ਵੇਖਦਾ ਰਹਿ ਗਿਆ।
ਚੁਸਤ ਜੱਟ
ਇੱਕ ਸੀ ਬ੍ਰਾਹਮਣ ਇੱਕ ਸੀ ਜੱਟ । ਬ੍ਰਾਹਮਣ ਨੂੰ ਜੱਟ ਕਹਿੰਦਾ, "ਮੇਰਾ ਵਿਆਹ ਕਦ ਹੋਊ।"
ਬ੍ਰਾਹਮਣ ਕਹਿੰਦਾ, "ਤੇਰਾ ਵਿਆਹ ਤਾਂ ਹੋਇਆ ਹੋਇਐ। ਕਿਸੇ ਪਿੰਡ ਤੇਰੀ ਬਹੂ ਦੇ ਗੋਦੀ ਮੁੰਡਾ ਖੇਡਦੈ। ਚੱਲ ਚੱਲੀਏ ਉਹਨੂੰ ਲੈਣ।"
ਉਹ ਦੋਨੋਂ ਤੁਰ ਪਏ—ਚਲੋ ਚਾਲ। ਇੱਕ ਖੂਹ ਉੱਤੇ ਇੱਕ ਤੀਵੀਂ ਪਾਣੀ ਭਰ ਰਹੀ ਸੀ। ਬ੍ਰਾਹਮਣ ਕਹਿੰਦਾ, "ਆਹ ਤੇਰੀ ਬਹੂ ਐ।"
ਜੱਟ ਕਹਿੰਦਾ, "ਗੱਲ ਤਾਂ ਤੇਰੀ ਸੱਚੀ ਐ."
ਬ੍ਰਾਹਮਣ ਆਪ ਨੱਸ ਆਇਆ ਤੇ ਜੱਟ ਉੱਥੇ ਹੀ ਰਹਿ ਪਿਆ। ਤੀਵੀਂ ਪਾਣੀ ਦਾ ਘੜਾ ਭਰ ਕੇ ਤੁਰ ਪਈ ਜੱਟ ਉਹਦੇ ਗੋਲ-ਗੋਲ ਉਹਦੇ ਘਰ ਚਲਿਆ ਗਿਆ ਤੇ ਮੇਜ ਤੇ ਜਾ ਕੇ ਬੈਠ ਗਿਆ। ਬਾਹਰੋਂ ਤੀਵੀਂ ਦੇ ਘਰ ਵਾਲਾ ਆ ਗਿਆ। ਜੱਟ ਆ ਕੇ ਆਪਣੀ ਬਹੂ ਨੂੰ ਕੁੱਟਣ ਲੱਗ ਪਿਆ। ਪਰਾਹੁਣਾ ਬਣਿਆ ਜੱਟ ਉਸੇ ਜੱਟ ਨੂੰ ਕੁੱਟਣ ਲੱਗ ਪਿਆ। ਜਿਹੜਾ ਪਹਿਲਾਂ ਕੁੱਟਣ ਲੱਗਿਆ ਸੀ ਕਹਿੰਦਾ, "ਚਲ ਠਾਣੇ ।"
ਦੂਜਾ ਕਹਿੰਦਾ, "ਚਲ ਠਾਣੇ।"
ਦੋਨੋਂ ਠਾਣੇ ਨੂੰ ਤੁਰ ਪਏ। ਪਹਿਲਾ ਜੱਟ ਕਹਿੰਦਾ, "ਠਾਣੇ ਤਾਂ ਆਪਾਂ ਜਾਣਾ ਈ ਐ ਪਹਿਲਾਂ ਸਿਰ ਨੂੰ ਤੇਲ ਲਾ ਲਈਏ।"
ਦੋਨੋਂ ਡੇਲੀ ਦੇ ਘਰ ਚਲੇ ਗਏ। ਪਰਾਹੁਣਾ ਜੱਟ ਜਾ ਕੇ ਕਹਿੰਦਾ, "ਆਨੇ ਦਾ ਤੇਲ ਦਈ ।"
ਤੇਲੀ ਕਹਿੰਦਾ, "ਕਰ ਹੱਥ।"
ਜਦ ਉਹਨੇ ਹੱਥ ਕੀਤਾ ਤੇਲੀ ਤੋਂ ਤੇਲ ਥੱਲ੍ਹੇ ਡੁਲ੍ਹ ਗਿਆ । ਤੇਲੀ ਕਹਿੰਦਾ, "ਤੇਰੀ ਬਲਾ ਗਈ।"
ਜੱਟ ਕੋਲ ਸੀ ਸਲੰਘ । ਜੱਟ ਨੇ ਸਾਰੇ ਹੀ ਤੇਲੀ ਦੇ ਕੁੱਪੇ ਮਧਿਆ ਦਿੱਤੇ ਕਹਿੰਦਾ, “ਤੇਰੀ ਵੀ ਬਲਾ ਗਈ।"
ਜੱਟ ਕਹਿੰਦਾ, "ਤਿੰਨ ਅਸੀਂ ਆਂ ਚੌਥਾ ਤੂੰ, ਚਲ ਠਾਣੇ ।"
ਚਾਰੇ ਤੁਰ ਪਏ। ਰਸਤੇ ਵਿੱਚ ਰੋਹੀ ਸੀ-ਉਸ ਵਿੱਚ ਇੱਕ ਬੁੜ੍ਹੀ ਬੈਠੀ ਚਰਖਾ ਕੱਤ ਰਹੀ ਸੀ। ਬੁੜੀ ਕਹਿੰਦੀ, "ਕਿੱਥੇ ਨੂੰ ਚੱਲੇ ਓ।"
ਜੱਟ ਕਹਿੰਦਾ, "ਲੋਕਾ ਨੂੰ ।"
ਬੁੜੀ ਕਹਿੰਦੀ, "ਲੈਂਕਾ ਕਹੀ ਜਹੀ ਸੀ।"
ਜੱਟ ਨੇ ਝੁੱਗੀ ਦੇ ਉੱਤੇ ਚਰਖਾ ਰੱਖ ਕੇ ਸੀਖ ਲਾ ਦਿੱਤੀ । ਅੱਗ ਬਹੁਤ ਬਲਣ ਲੱਗ ਪਈ ਤੇ ਜੱਟ ਚਰਖਾ ਘੁਮਾਣ ਲੱਗ ਪਿਆ। ਜੱਟ ਕਹਿੰਦਾ, "ਮਾਈ ਐਕਣ ਲੈਂਕਾ
ਨੂੰ ਅੱਗ ਲੱਗੀ ਸੀ ਤੇ ਐਕਣ ਹਨੂਮਾਨ ਉੱਪਰ ਟੱਪਦਾ ਸੀ।"
ਉਹ ਕਹਿੰਦੀ, "ਦਾਦੇ ਮਗੋਣਿਆਂ ਮੈਂ ਥਾਣੇ ਜਾਊ।"
ਜੱਟ ਬੋਲਿਆ, "ਚੱਲ ਮਾਈ ਚਾਰ ਅਸੀਂ ਆ ਪੰਜਵੀਂ ਤੂੰ ਵੀ ਚੱਲ ਪੇ।"
ਪੰਜ ਜਣੇ ਸ਼ਹਿਰ ਪੁੱਜ ਗਏ। ਜੱਟ ਨੇ ਇੱਕ ਹੱਟੀ ਤੋਂ ਦੋ ਪੈਸੇ ਦੀਆਂ ਰਿਓੜੀਆਂ ਲੈ ਲਈਆਂ। ਗਹਾਂ ਸਪਾਹੀ ਖੜਾ ਸੀ । ਸਪਾਹੀ ਬੋਲਿਆ, "ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀ।"
ਜੱਟ ਨੇ ਸਲੰਘ ਮਾਰਕੇ ਸਿਪਾਹੀ ਦੀ ਅੱਖ ਕਾਣੀ ਕਰ ਦਿੱਤੀ।
ਸਪਾਹੀ ਕਹਿੰਦਾ, "ਚਲ ਠਾਣੇ।"
ਜੱਟ ਕਹਿੰਦਾ, "ਪੰਜ ਅਸੀਂ ਛੇਵਾਂ ਤੂੰ ਚਲਿਆ ਚੱਲ ।"
ਛੇਈ ਠਾਣੇ ਚਲੇ ਗਏ। ਪਹਿਲਾਂ ਸਪਾਹੀ ਸੱਦ ਲਿਆ। ਠਾਣੇਦਾਰ ਕਹਿੰਦਾ, "ਕੀ ਗੱਲ ਐ ?"
ਜੱਟ ਕਹਿੰਦਾ, "ਸਪਾਹੀ ਨੇ ਮੈਨੂੰ ਕਿਹਾ ਕਿ ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀ, ਮੈਂ ਸਲੰਘ ਨਾਲ ਇਹਦੀ ਅੱਖ ਕਾਣੀ ਕਰ ਦਿੱਤੀ ।"
ਜੱਟ ਉਹਦੇ 'ਚੋਂ ਬਰੀ ਹੋ ਗਿਆ।
ਠਾਣੇਦਾਰ ਨੇ ਫੇਰ ਬੁੜੀ ਸੱਦੀ । ਠਾਣੇਦਾਰ ਕਹਿੰਦਾ, "ਮਾਈ ਕੀ ਗੱਲ ਐ।"
ਉਹ ਕਹਿੰਦੀ, "ਇਹ ਤੁਰੇ ਜਾਂਦੇ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਿੱਥੇ ਨੂੰ ਜਾਂਦੇ ਓ, ਇਹ ਕਹਿੰਦਾ ਲੈਂਕਾ ਨੂੰ। ਮੈਂ ਕਿਹਾ ਲੈਂਕਾ ਕਿਹੋ ਜਹੀ ਸੀ। ਜੱਟ ਨੇ ਚਰਖਾ ਰੱਖ ਕੇ ਝੁੱਗੀ ਨੂੰ ਅੱਗ ਲਾ ਦਿੱਤੀ, ਜਦ ਜਲਗੀ, ਚਰਖਾ ਘੁਮਾਣ ਲੱਗਾ ਤੇ ਕਹਿੰਦਾ ਏਕਣ ਲੈਂਕਾ ਨੂੰ ਅੱਗ ਲੱਗੀ ਸੀ ਤੇ ਏਕਣ ਹਨੂਮਾਨ ਉੱਪਰ ਟੱਪਦਾ ਸੀ।”
ਜੱਟ ਉਹਦੇ ਵਿੱਚੋਂ ਵੀ ਬਰੀ ਹੋ ਗਿਆ।
ਫੇਰ ਤੇਲੀ ਸੱਦ ਲਿਆ। ਤੈਲੀ ਨੂੰ ਠਾਣੇਦਾਰ ਕਹਿੰਦਾ, "ਕੀ ਗੱਲ ਐ।" ਤੇਲੀ ਕਹਿੰਦਾ, "ਇਹਨੇ ਮੈਥੋਂ ਆਨੇ ਦਾ ਤੇਲ ਮੰਗਿਆ ਸੀ, ਮੈਥੋਂ ਥੱਲ੍ਹੇ ਡੁਲ੍ਹ ਗਿਆ, ਮੈਂ ਕਿਹਾ ਤੇਰੀ ਬਲਾ ਗਈ। ਜੱਟ ਨੇ ਮੇਰੇ ਸਾਰੇ ਕੁੱਪੇ ਡੋਲ੍ਹ ਦਿੱਤੇ ਤੇ ਕਿਹਾ,
"ਤੇਰੀ ਵੀ ਬਲਾ ਗਈ।"
ਜੱਟ ਇਹਦੇ 'ਚੋਂ ਵੀ ਬਰੀ ਕਰ ਦਿੱਤਾ। ਠਾਣੇਦਾਰ ਨੇ ਫੇਰ ਦੋਨੋਂ ਜੱਟ ਤੀਵੀਂ ਸੱਦ ਲਏ। ਦੋਹਾਂ ਨੇ ਤੀਵੀਂ ਤੇ ਆਪਣਾ ਹੱਕ ਜਤਾਇਆ। ਠਾਣੇਦਾਰ ਕਹਿੰਦਾ, "ਤੀਵੀਂ ਉਹਦੀ ਐ, ਜੀਹਦੇ ਕੋਲ ਮੁੰਡਾ ਜਾਵੇ।"
ਜੱਟ ਨੇ ਮੁੰਡੇ ਨੂੰ ਰਿਓੜੀਆਂ ਵਖਾ ਦਿੱਤੀਆਂ। ਮੁੰਡਾ ਲਾਲਚ ਨਾਲ ਜੱਟ ਕੋਲ ਚਲਿਆ ਗਿਆ। ਠਾਣੇਦਾਰ ਨੇ ਤੀਵੀਂ ਉਸ ਜੱਟ ਨੂੰ ਸੰਭਾਲ ਦਿੱਤੀ। ਜੱਟ ਤੀਵੀਂ ਤੇ ਮੁੰਡਾ ਲੈ ਕੇ ਆਪਣੇ ਘਰ ਨੂੰ ਆ ਗਿਆ।
ਮੂਰਖ ਜੁਲਾਹਾ ਜੱਟ ਬਣਿਆਂ
ਇੱਕ ਵਾਰ ਦੀ ਗੱਲ ਹੈ ਇੱਕ ਜੁਲਾਹੇ ਨੂੰ ਖੇਤੀ ਕਰਨ ਦਾ ਸ਼ੌਕ ਜਾਗਿਆ. ਉਹ ਆਪਣੇ ਗੁਆਂਢੀ ਜੱਟ ਨੂੰ ਜਾ ਕੇ ਆਖਣ ਲੱਗਾ, "ਸਰਦਾਰਾ ਸਿਆ ਐਤਕੀਂ ਤੂੰ ਕੋਈ ਸਾਂਝੀ ਨਾ ਰਲਾਈਂ। ਆਪਾਂ ਦੋਏ ਰਲ ਕੇ ਪੰਚਾਇਤ ਆਲੀ ਜ਼ਮੀਨ ਚਗੋਤੇ ਤੇ ਲੈ ਲੈਨੇ ਆਂ। ਆਪਣੀ ਸਾਂਝ ਪੱਕੀ ਰਹੀ।"
ਜੱਟ ਤੇ ਜੁਲਾਹੇ ਨੇ ਸਾਂਝੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜੱਟ ਚਲਾਕ ਤੇ ਮਚਲਾ ਸੀ—ਉਹ ਆਪ ਤਾਂ ਤੁਰ ਫਿਰ ਛੱਡਦਾ ਤੇ ਜੁਲਾਹੇ ਨੂੰ ਔਖੇ ਕੰਮ ਤੇ ਲਾ ਛੱਡਦਾ। ਜੁਲਾਹਾ ਬੜੇ ਚਾਅ ਨਾਲ ਕੰਮ ਕਰਦਾ।
ਕਮਾਦ ਦੀ ਫਸਲ ਪੱਕ ਕੇ ਤਿਆਰ ਹੋ ਗਈ। ਜੱਟ ਨੇ ਜੁਲਾਹੇ ਨੂੰ ਕਿਹਾ, "ਦੱਸ ਬਈ ਤੋਂ ਕਿਹੜਾ ਹਿੱਸਾ ਲੈਣੇ। ਉਪਰਾਲਾ ਜਾਂ ਥੱਲੇ ਦਾ ।"
ਜੁਲਾਹੇ ਨੇ ਕਮਾਦ ਦੇ ਲਹਿ ਲਹਾਂਦੇ ਖੇਤ ਵੱਲ ਨਿਗਾਹ ਮਾਰੀ। ਉਸ ਨੂੰ ਹਰੇ ਕਚੂਰ ਆਗ ਚੰਗੇ ਲੱਗੇ, ਉਹਨੇ ਆਪਣੇ ਮਨ ਨਾਲ ਸਲਾਹ ਕੀਤੀ, "ਮੈਂ ਲੱਕੜੀਆਂ ਵਰਗੇ ਗੰਨਿਆਂ ਨੂੰ ਕੀ ਕਰਨੈ, ਹਰੇ ਕਚੂਰ ਆਗ ਮੈਂ ਆਪਣੇ ਪਸ਼ੂਆਂ ਨੂੰ ਪਾਊਂਗਾ।" ਮਨੋ ਮਨ ਸੋਚਕੇ ਜੁਲਾਹਾ ਬੋਲਿਆ, "ਉਪਰਲਾ ਹਿੱਸਾ ਮੇਰਾ ਤੇ ਥੱਲੇ ਦਾ ਤੇਰਾ।"
ਜੱਟ ਨੇ ਕਮਾਦ ਦੇ ਆਗ ਵੱਢ ਕੇ ਜੁਲਾਹੇ ਨੂੰ ਦੇ ਦਿੱਤੇ ਤੇ ਗੰਨੇ ਆਪ ਲੈ ਗਿਆ। ਜਦ ਜੁਲਾਹਾ ਆਗਾਂ ਦਾ ਭਰਿਆ ਗੱਡਾ ਲੈ ਕੇ ਘਰ ਆਇਆ ਤਾਂ ਉਹਦੀ ਜੁਲਾਹੀ ਉਹਦੇ ਮਗਰ ਪੈ ਗਈ, "ਜੇ ਬੰਦੇ ਨੂੰ ਆਪ ਅਕਲ ਨਾ ਹੋਵੇ ਤਾਂ ਦੂਜੇ ਤੋਂ ਉਧਾਰੀ ਮੰਗ ਲਵੇ ਅਸਲ ਚੀਜ ਤਾਂ ਜੱਟ ਨੂੰ ਦੇ ਆਇਆ। ਗੰਨਿਆਂ ਦਾ ਰਸ ਕਾੜ੍ਹ ਕੇ ਜੱਟ ਨੇ ਤਾਂ ਗੁੜ ਬਣਾ ਲੈਣੇਂ ਤੇ ਤੂੰ ਇਹਨਾਂ ਆਗਾਂ ਨੂੰ ਵੇਖਦਾਂ ਰਹੀ।" ਜੁਲਾਹੀ ਕਾਫੀ ਸਮਾਂ ਫਿਟ ਲਾਅਣਤਾਂ ਪਾਉਂਦੀ ਰਹੀ। ਜੁਲਾਹੇ ਨੂੰ ਬੜਾ ਅਫਸੋਸ ਹੋਇਆ। ਉਹਨੇ ਸੋਚਿਆ ਬਈ ਜੱਟ ਨੇ ਤਾਂ ਉਹਨੂੰ ਬੁੱਧੂ ਬਣਾ ਕੇ ਰਗੜਾ ਲਾ ਦਿੱਤੀ । ਖੈਰ ਉਹਨੇ। ਜੱਟ ਨਾਲ ਬਿਗੜਨਾ ਠੀਕ ਨਾ ਸਮਝਿਆ। ਦੋ ਕੁ ਮਹੀਨਿਆਂ ਨੂੰ ਕਣਕ ਦੀ ਫਸਲ ਪੱਕਣ ਆਲੀ ਸੀ।
ਕਣਕ ਪੱਕ ਗਈ। ਜੁਲਾਹਾ ਜੱਟ ਨੂੰ ਆਖਣ ਲੱਗਾ, "ਅੱਗੇ ਤੂੰ ਮੂਰਖ ਬਣਾ ਕੇ ਥੱਲੇ ਦਾ ਪਾਸਾ ਆਪ ਲੈ ਗਿਆ ਐਤਕੀਂ ਨੀ ਮੈਂ ਮੂਰਖ ਬਣਨਾ। ਐਤਕੀਂ ਮੇਂ ਥੱਲੇ ਦਾ ਪਾਸਾ ਲਊਂਗਾ। ਉਪਰਲਾ ਪਾਸਾ ਤੇਰਾ ਰਿਹਾ।"
ਜੱਟ ਮਚਲਾ ਬਣਿਆ ਰਿਹਾ, "ਬਈ ਜਿਵੇਂ ਤੇਰੀ ਮਰਜ਼ੀ, ਅਸੀਂ ਤੇਰੇ ਤੋਂ ਨਾਬਰ ਆਂ ।"
ਜੱਟ ਨੇ ਕਣਕ ਦੀਆਂ ਬੱਲੀਆਂ ਸਾਂਭ ਲਈਆਂ ਤੇ ਜੁਲਾਹਾ ਕਣਕ ਦੀ ਨਾਲੀ ਦਾ ਭਰਿਆ ਹੋਇਆ ਗੱਡਾ ਲੈ ਕੇ ਘਰ ਆ ਗਿਆ ਤੇ ਖ਼ੁਸ਼ੀ-ਖ਼ੁਸ਼ੀ ਜੁਲਾਹੀ ਨੂੰ ਆਖਣ
ਲੱਗਾ, "ਐਤਕੀ ਮੈਂ ਜੱਟ ਨੂੰ ਉੱਲੂ ਬਣਾ ਕੇ ਹੇਠਲਾ ਹਿੱਸਾ ਆਪ ਲੈ ਆਇਆਂ, ਅੱਗੇ ਤੂੰ ਹੇਠਲਾ ਹਿੱਸਾ ਨਾ ਲੈਣ ਕਰਕੇ ਮੇਰੇ ਮਗਰ ਪੈ ਗਈ ਸੀ । ਹੁਣ ਤਾਂ ਖ਼ੁਸ਼ ਐਂ ਨਾ।"
"ਖ਼ੁਸ਼ ਆਂ ਜਣਦਿਆਂ ਦਾ ਸਿਰ : ਤੂੰ ਉੱਲੂ ਦਾ ਉੱਲੂ ਰਿਹਾ। ਅਸਲ ਚੀਜ਼ ਬੱਲੀਆਂ ਜਿਨ੍ਹਾਂ ਵਿੱਚ ਕਣਕ ਸੀ ਉਹ ਤਾਂ ਜੱਟ ਲੈ ਗਿਐ..."
ਜੁਲਾਹਾ ਨਿਮੋਝੂਣ ਹੋਇਆ ਜੁਲਾਹੀ ਦੀਆਂ ਤੱਤੀਆਂ-ਠੰਢੀਆਂ ਸੁਣਦਾ ਰਿਹਾ।
ਆਖਰ ਜੁਲਾਹੀ ਬੜੀ ਦੁਖੀ ਆਵਾਜ਼ ਵਿੱਚ ਕਹਿਣ ਲੱਗੀ:
ਮੂਰਖਾ ਤੂੰ ਕੀ ਜਾਣੇ ਖੇਤੀ ਦਾ ਸਿਰ ਮੁਢ
ਤਾਣੇ ਪੇਟੇ ਤੋਂ ਬਿਨਾਂ ਤੈਨੂੰ ਹੋਰ ਨਾ ਕੋਈ ਸੁਧ।
ਜੁਲਾਹਾ ਨਾਲੀ ਦੇ ਗੱਡੇ ਕੋਲ ਖੜੋਤਾ ਪਿੱਟਣ ਲੱਗਾ :-
ਲੱਖ ਲਾਹਨਤ ਈ ਖੇਤੀਏ
ਤੇਰਾ ਐਵੇਂ ਸੁਣਿਆਂ ਵੱਜ
ਸ਼ਾਬਾ ਤਾਣੇ ਪੇਟਿਆ
ਤੂੰ ਤੇ ਖਵਾਵੇਂ ਰੱਜ।
ਅਣਜਾਣ ਸਾਂਝੀ
ਇੱਕ ਵਾਰੀ ਇੱਕ ਜੱਟ ਨੇ ਇੱਕ ਜੁਲਾਹੇ ਨੂੰ ਆਪਣਾ ਕਾਮਾ ਰੱਖ ਲਿਆ। ਕਾਮੇ ਨੂੰ ਖੇਤੀ ਬਾੜੀ ਦੇ ਕੰਮ ਦੀ ਬਹੁਤੀ ਜਾਚ ਨਹੀਂ ਸੀ। ਜੱਟ ਨੂੰ ਕੋਈ ਹੋਰ ਕਾਮਾ ਨਾ ਮਿਲ ਸਕਿਆ ਜਿਸ ਕਰਕੇ ਉਸ ਨੂੰ ਜੁਲਾਹੇ ਨੂੰ ਰੱਖਣਾ ਪੈ ਗਿਆ ਸੀ। ਆਖਰ ਕੰਮ ਤਾਂ ਸਾਰਨਾ ਸੀ। ਖੇਤੀ ਕੱਲੇ ਕਾਰੇ ਦੇ ਕਰਨ ਦੀ ਕਦੋਂ ਹੈ-ਖੇਤੀ ਵਿੱਚ ਤਾਂ ਜਿੰਨੇ ਕਾਮੇ ਬਹੁਤੇ ਉੱਨੇ ਹੀ ਥੋਹੜੇ ਹੁੰਦੇ ਨੇ।
ਇੱਕ ਦਿਨ ਜੱਟ ਨੂੰ ਕਿਧਰੇ ਬਾਹਰ ਜਾਣਾ ਪੈ ਗਿਆ । ਉਸ ਨੇ ਜਾਣ ਤੋਂ ਪਹਿਲਾਂ ਆਪਣੇ ਸਾਂਝੀ ਨੂੰ ਕਰਨ ਵਾਲੇ ਕੰਮ ਗਿਣਾ ਕੇ ਆਖਿਆ, "ਘਮਨਿਆ ਧਿਆਨ ਨਾਲ ਗੱਲ ਸੁਣ। ਆਪਣਾ ਕਪਾਹ ਵਾਲਾ ਖੇਤ ਵੱਤ ਆਜੂਗਾ ਸਵੇਰੇ ਜਾਂ ਪਰਸੋਂ। ਤੂੰ ਉਸ ਨੂੰ ਗੁੱਡ ਆਵੀਂ ਬੇਸ਼ਕ ਆਪਣੇ ਬਾਪੂ ਅਤੇ ਭਰਾ ਨੂੰ ਨਾਲ ਲੈ ਲਈ। ਦਿਹਾੜੀ ਦੇ ਦਿਆਂਗੇ। ਜੇ ਵੱਤੋਂ ਖੁੰਝ ਗਏ ਤਾਂ ਗੱਲ ਨਹੀਂ ਬਨਣੀ । ਮੇਰੇ ਆਉਂਦੇ ਨੂੰ ਖੇਤ ਗੁੱਡਿਆ ਹੋਵੇ। ਮੈਂ ਪੰਜ ਚਾਰ ਦਿਨਾਂ ਤੀਕਰ ਆ ਜਾਉਂਗਾ। ਨਾਲੇ ਡੰਗਰਾਂ ਦਾ ਵੀ ਧਿਆਨ ਰੱਖੀ। ਵੇਲੇ ਸਿਰ ਕੱਖ ਕੰਡਾ ਪਾਉਂਦਾ ਰਹੀ ਨਾਲ ਪਾਣੀ ਵੀ ਵੇਲੇ ਸਿਰ ਪਿਲਾ ਛੱਡੀ।" "ਚੰਗਾ ਸਰਦਾਰਾ । ਤੂੰ ਬੇਫਿਕਰ ਰਹੀ।..."
ਜੱਟ ਸਾਂਝੀ ਦੇ ਆਸਰੇ ਤੇ ਕੰਮ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚਲਿਆ ਗਿਆ।
ਸਾਂਝੀ ਆਪਣੇ ਭਰਾ ਅਤੇ ਬਾਪੂ ਨੂੰ ਲੈ ਕੇ ਕਪਾਹ ਦੇ ਖੇਤ ਵਿੱਚ ਪੁੱਜ ਗਿਆ। ਉਹਨਾਂ ਦੇ ਸਾਹਮਣੇ ਕਪਾਹ ਦਾ ਖੇਤ ਖੱਬਲ ਅਤੇ ਡੀਲਿਆਂ ਨਾਲ ਭਰਿਆ ਪਿਆ ਸੀ-ਕਪਾਹ ਦੇ ਬੂਟੇ ਖੱਬਲ ਤੇ ਮੋਥੇ ਨਾਲ ਲੁਕੇ ਪਏ ਸਨ।
ਤਿੰਨੇ ਕਿਆਰੇ ਦੇ ਮੁੱਢ ਵਿੱਚ ਬੈਠੇ ਸੋਚ ਰਹੇ ਸੀ ਕਿ ਉਹ ਕੀ ਕਰਨ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਗੋਡੀ ਕਿਵੇਂ ਕਰਨ। ਆਖਰ ਘਮਨੇ ਦੇ ਬਾਪੂ ਨੇ ਆਖਿਆ-
ਖੱਬਲ ਪਾਲੇ ਟੱਬਰ
ਡੀਲਾ ਮੇਰਾ ਕਬੀਲਾ
ਇਹ ਟਮਟਮੀ ਬੂਟੀ ਕਾਸ ਨੂੰ ਆਈ
ਉਹ ਖੱਬਲ ਮੌਥੇ ਅਤੇ ਡੀਲੇ ਨੂੰ ਛੱਡ ਕੇ ਟਮਟਮੀ ਬੂਟੀ ਕਪਾਹ ਨੂੰ ਹੀ ਵੱਢਣ ਲੱਗ ਪਏ। ਉਹ ਇਹ ਨਹੀਂ ਸਨ ਜਾਣਦੇ ਕਿ ਗੋਡੀ ਕਿਵੇਂ ਕਰੀਦੀ ਹੈ। ਸ਼ਾਮ ਤੀਕ ਉਹਨਾਂ ਨੇ ਸਾਰੇ ਖੇਤ ਵਿੱਚੋਂ ਕਪਾਹ ਦੇ ਬੂਟੇ ਵੱਢ ਸੁੱਟੇ। ਖੇਤ ਵਿੱਚ ਸਵਾਏ ਖੱਬਲ ਅਤੇ ਮੋਥੇ ਦੇ ਕੁਝ ਵੀ ਵਖਾਈ ਨਹੀਂ ਸੀ ਦੇ ਰਿਹਾ। ਜੁਲਾਹੇ ਕਪਾਹ ਦੇ ਖੇਤ ਦੀ ਗੋਡੀ ਕਰ ਕੇ ਖ਼ੁਸ਼ੀਆਂ ਵਿੱਚ ਨਹੀਂ ਸੀ ਸਮਾ ਰਹੇ। ਇਸ ਪ੍ਰਕਾਰ ਗੋਡੀ ਕਰਨ ਮਗਰੋਂ ਘਰ ਜਾਂਦੇ ਸਮੇਂ ਘਮਨੇ ਨੇ ਆਪਣੇ ਬਾਪ ਨੂੰ ਆਖਿਆ, "ਬਾਪੂ ਸਰਦਾਰ ਆਪਣੇ ਕੰਮ ਤੋਂ ਖੁਸ਼
ਹੋਊਗਾ ਬਈ ਮੇਰੇ ਆਉਂਦੇ ਨੂੰ ਘਮਨੇ ਨੇ ਸਾਰੇ ਕੰਮ ਟਿਚਨ ਕਰ ਦਿੱਤੇ ਨੇ।"
"ਆਹੋ ਪੁੱਤ । ਤੇਰੇ ਵਰਗਾ ਲੋਕ ਸਾਂਝੀ ਉਹਨੂੰ ਕਿਤੋਂ ਲਭਣੇ ?" ਜੁਲਾਹਾ ਆਪਣੇ ਪੁੱਤ ਤੇ ਮਾਣ ਨਾ ਕਰਦਾ ਤਾਂ ਭਲਾ ਹੋਰ ਕੌਣ ਕਰਦਾ।
ਕਈ ਦਿਨਾਂ ਮਗਰੋਂ ਜੱਟ ਆਪਣੀ ਰਿਸ਼ਤੇਦਾਰੀ ਤੋਂ ਮੁੜਿਆ। ਜਦ ਉਹ ਆਪਣੇ ਖੇਤ ਵੱਲ ਫੇਰਾ ਮਾਰਨ ਗਿਆ ਤਾਂ ਕਪਾਹ ਦੇ ਖੇਤ ਨੂੰ ਵੇਖ ਕੇ ਉਹਦੇ ਹੋਸ਼ ਉੱਡ ਗਏ। ਸਾਰੀ ਕਪਾਹ ਵੱਢੀ ਪਈ ਸੀ । ਉਸ ਨੂੰ ਆਪਣੇ ਸਾਂਝੀ ਤੇ ਬੜਾ ਗੁੱਸਾ ਆਇਆ ਨਾਲ ਹਾਸਾ ਵੀ ਆ ਗਿਆ। ਉਹਨੇ ਸਾਂਝੀ ਪਾਸੋਂ ਇਸ ਬਾਰੇ ਪੁੱਛਿਆ, "ਓਏ ਜੁਲਾਹਿਆ ਗੋਡੀ ਇਸ ਤਰ੍ਹਾਂ ਕਰੀਦੀ ਹੈ—ਜਿਹੜੀ ਚੀਜ਼ ਵੱਢਣੀ ਸੀ ਉਹ ਤੂੰ ਨਹੀਂ ਵੱਢੀ ਤੂੰ ਤਾਂ ਸਾਰੀ ਫਸਲ ਤਬਾਹ ਕਰਕੇ ਰੱਖ ਦਿੱਤੀ ਐ... ਤੈਨੂੰ ਇਹ ਕਹੀਨੇ ਮੱਤ ਦਿੱਤੀ ਸੀ.... ।’
ਸੱਚ ਹੈ ਖੇਤੀ ਅਣਜਾਣ ਬੰਦਿਆਂ ਦੇ ਕਰਨ ਦੀ ਨਹੀਂ।
ਚੁਗਲਖ਼ੋਰ
ਇੱਕ ਜੱਟ ਨੂੰ ਇੱਕ ਕਾਮੇ ਦੇ ਲੋੜ ਸੀ। ਲਕਦਿਆਂ-ਲਕਦਿਆਂ ਉਸ ਨੂੰ ਇੱਕ ਹੱਡਾਂ ਪੈਰਾਂ ਦਾ ਨਰੋਆ ਕਾਮਾ ਲੱਭ ਗਿਆ।
ਜੱਟ ਨੇ ਕਾਮੇ ਦੀ ਤਨਖਾਹ ਪੁੱਛੀ।
"ਬਸ ਸਰਦਾਰਾ ਰੋਟੀ ਕਪੜਾ ਅਤੇ ਛੇ ਮਹੀਨੇ ਮਗਰੋਂ ਇੱਕ ਅੱਧ ਚੁਗਲੀ।" ਕਾਮੇ ਨੇ ਆਪਣੀ ਨੌਕਰੀ ਦੀ ਸ਼ਰਤ ਪੇਸ਼ ਕਰ ਦਿੱਤੀ।
"ਮੈਨੂੰ ਮਨਜ਼ੂਰ ਹੈ।" ਜੱਟ ਨੇ ਕਾਮੇ ਦੀ ਸ਼ਰਤ ਪਰਵਾਨ ਕਰ ਲਈ। ਰੋਟੀ ਕਪੜੇ ਤੇ ਜੱਟ ਨੂੰ ਕਾਮਾ ਮਿਲਦਾ ਸੀ—ਉਸ ਨੂੰ ਭਲਾ ਹੋਰ ਕੀ ਚਾਹੀਦਾ ਸੀ । ਚੁਗ਼ਲੀ ਦੀ ਜੱਟ ਨੇ ਕੋਈ ਪਰਵਾਹ ਨਾ ਕੀਤੀ।
ਕਾਮਾ ਬੜੇ ਚਾਵਾਂ ਨਾਲ ਜੱਟ ਨਾਲ ਕੰਮ ਕਰਦਾ ਰਿਹਾ। ਇਸ ਪ੍ਰਕਾਰ ਛੇ ਮਹੀਨੇ ਬਤੀਤ ਹੋ ਗਏ। ਕੋਈ ਘਟਨਾ ਨਾ ਵਾਪਰੀ।
ਆਖਰ ਇੱਕ ਦਿਨ ਕਾਮੇ ਨੇ ਜੱਟੀ ਨੂੰ ਆਖਿਆ, "ਤੇਰੇ ਘਰ ਵਾਲਾ ਤਾਂ ਕੋਹੜੀ ਹੋ ਗਿਐ।"
"ਹੈਂ ਦਾਦੇ ਮਗੋਣਾ ਕਿਹੜੀਆਂ ਗੱਲਾਂ ਕਰਦੈਂ, ਤੇਰਾ ਕਿਧਰੇ ਡਮਾਕ ਤਾਂ ਨੀ ਫਿਰ ਗਿਆ ?" ਜੱਟੀ ਨੇ ਅੱਗੋਂ ਮੋੜਵਾਂ ਉੱਤਰ ਦਿੱਤਾ।
ਕਾਮੇ ਨੇ ਹਿੱਕ ਥਾਪੜ ਕੇ ਆਖਿਆ, "ਮੇਰੇ ਸਿਰ ਸੌ ਛਿੱਤਰ ਮਾਰੀ ਜੇ ਮੇਰੀ ਗੱਲ 'ਚ ਝੂਠ ਹੋਵੇ। ਜਿਹੜਾ ਆਦਮੀ ਕੋਹੜੀ ਹੋ ਜਾਵੇ ਉਸ ਦਾ ਸਾਰਾ ਸਰੀਰ ਸਲੂਣਾ ਸਲੂਣਾ ਹੋ ਜਾਂਦੈ, ਬੇਸ਼ਕ ਚੱਟ ਕੇ ਵੇਖ ਲਈ ਸਵੇਰੇ।"
"ਮੈਂ ਇਸ ਗੱਲ ਦਾ ਜ਼ਰੂਰ ਪਰਤਿਆਵਾ ਲਊਂਗੀ ਸਵੇਰੇ ਰੋਟੀ ਦੇਣ ਆਈ" ਜੱਟੀ ਜਾਣੋ ਸੱਚ ਮੰਨ ਗਈ।
ਦੂਜੇ ਬੰਨੇ ਚੁਗਲਖੋਰ ਕਾਮਾ ਜੱਟ ਪਾਸ ਜਾ ਕੇ ਕਹਿਣ ਲੱਗਾ, "ਸਰਦਾਰਾ ਤੂੰ ਤਾਂ ਆਪਣੇ ਕੰਮ ਜੁਟਿਆ ਫਿਰਦੈਂ ਓਧਰ ਤੇਰੇ ਘਰ ਵਾਲੀ ਹਲਕੀ ਫਿਰਦੀ ਐ..ਜਣੇ ਖਣੇ ਨੂੰ ਵੱਢਣ ਨੂੰ ਪੈਂਦੀ ਐ।"
ਜੱਟ ਸੁਣ ਕੇ ਚੁੱਪ ਕਰ ਰਿਹਾ ਪਰ ਉਹਦੇ ਮਨ ਵਿੱਚ ਆਪਣੀ ਜੱਟੀ ਪ੍ਰਤੀ ਸ਼ੰਕੇ ਪੈਦਾ ਹੋ ਗਏ-ਖੌਰੇ ਸਚਮੁਚ ਹੀ ਹਲਕ ਗਈ ਹੋਵੇ।
ਮਾਲਕ ਤੀਵੀਂ ਦੋਹਾਂ ਦੇ ਮਨਾਂ ਵਿੱਚ ਭਰਮ ਪਾ ਕੇ ਚੁਗਲਖੋਰ ਜੱਟੀ ਦੇ ਭਰਾਵਾਂ ਕੋਲ ਜਾ ਕੇ ਆਖਣ ਲੱਗਾ, "ਸਰਦਾਰ ਮੈਂ ਚਾਹੁੰਦਾ ਤਾਂ ਨਹੀਂ ਸੀ ਤੁਹਾਡੇ ਕੋਲ ਜਾ ਕੇ ਕੋਈ ਗੱਲ ਕਰਦਾ। ਮੈਂ ਆਪਣੇ ਮਾਲਕ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਚਾਹੁੰਦਾ। ਪਰ ਦਿਆ ਵੀ ਕੋਈ ਚੀਜ ਐ... ਮੇਰੇ ਪਾਸੋਂ ਜਰ ਨਹੀਂ ਹੁੰਦਾ। ਤੁਹਾਡਾ ਭਣੋਈਆ ਤੁਹਾਡੀ ਭੈਣ ਨੂੰ ਹਰ ਰੋਜ਼ ਖੇਤਾਂ ਵਿੱਚ ਪਰੈਣੀਆਂ ਨਾਲ ਕੁੱਟਦੇ। ਬੇਸ਼ਕ
ਸਵੇਰੇ ਜਾ ਕੇ ਵੇਖ ਲੈਣਾ।"
ਉਨ੍ਹਾਂ ਨੂੰ ਕਾਮੇ ਦੀ ਗੱਲ ਤੋ ਪੂਰਾ ਯਕੀਨ ਆ ਗਿਆ, "ਅਸੀ ਸਾਰੇ ਸਵੇਰੇ ਆਵਾਂਗੇ ਤੇ ਵੇਖਾਂਗੇ ਕਿ ਸਾਡੀ ਭੈਣ ਨੂੰ ਕਿਵੇਂ ਕੁੱਟਦਾ ਹੈ।"
ਜੱਟੀ ਦੇ ਭਰਾਵਾਂ ਕੋਲੋਂ ਹੋ ਕੇ ਉਹ ਸਿੱਧਾ ਜੱਟ ਦੇ ਭਰਾਵਾਂ ਪਾਸ ਆਇਆ ਤੇ ਉਹਨਾਂ ਨੂੰ ਆਖਿਆ, "ਦੋ ਭਾਂਡੇ ਹੁੰਦੇ ਨੇ ਤੇ ਆਪਸ ਵਿੱਚ ਖੜਕਦੇ ਹੀ ਨੇ। ਤੁਸੀਂ ਭਰਾਵਾਂ ਨੇ ਤਾਂ ਭਲਾ ਲੜਨਾ ਝਗੜਨਾ ਹੋਇਆ। ਤੁਸੀ ਫੇਰ ਭਾਈਆ ਦੇ ਭਾਈ ਹੈ। ਇੱਕੋ ਮਾਂ ਦਾ ਸੀਰ ਚੁੰਘਿਆ ਹੈ ਪਰ ਕੋਈ ਦੂਜਾ ਤੁਹਾਡੇ ਭਾਈ ਨੂੰ ਕਿਵੇਂ ਦਬਾਵੇ ? ਤੁਹਾਡੇ ਭਾਈ ਦੇ ਸਾਲੇ ਉਹਨੂੰ ਕੱਲਾ ਜਾਣ ਕੇ ਦੂਜੇ ਤੀਜੇ ਦਿਨ ਉਸ ਦੇ ਆ ਦੁਆਲੇ ਹੁੰਦੇ ਨੇ ਉਹਨੂੰ ਮਾਰਦੇ ਕੁੱਟਦੇ ਨੇ। ਜੇਕਰ ਤੁਸੀਂ ਮੇਰੇ ਤੇ ਇਤਬਾਰ ਨਹੀਂ ਕਰਦੇ ਤਾਂ ਬੇਸ਼ਕ ਭਲਕੇ ਆ ਕੇ ਆਪਣੀਆਂ ਅੱਖਾਂ ਨਾਲ ਵੇਖ ਲੈਣਾ...."
ਭਾਈ ਭਾਵੇਂ ਲੱਖ ਇੱਕ ਦੂਜੇ ਨਾਲ ਵੱਟੇ ਹੋਣ ਪਰ ਆਪਣੇ ਭਰਾ ਦੀ ਬੇ- ਇਜ਼ਤੀ ਨਹੀਂ ਬਰਦਾਸ਼ਤ ਕਰ ਸਕਦੇ। ਉਹਨਾਂ ਦੇ ਮਨ ਵਿੱਚ ਆਪਣੇ ਭਰਾ ਲਈ ਹਮਦਰਦੀ ਜਾਗੀ। ਉਹਨਾਂ ਨੇ ਆਪਣੇ ਡਰਾ ਦੇ ਸਾਲਿਆਂ ਨੂੰ ਪੰਜ ਸੱਤ ਗਾਲ੍ਹਾਂ ਕੱਦ ਕੇ ਆਖਿਆ, "ਅਸੀਂ ਡਾਂਗਾਂ ਲੈ ਕੇ, ਖੇਤ ਵਿੱਚ ਕੱਲ੍ਹ ਨੂੰ ਜ਼ਰੂਰ ਆਵਾਂਗੇ। ਦੇਖਦੇ ਆਂ ਉਹਨੂੰ ਕਿਹੜਾ ਮਾਈ ਦਾ ਲਾਲ ਹੱਥ ਲਾਉਂਦੇ।"
ਦੂਜੀ ਭਲਕ ਜੱਟ ਸਵੇਰੇ ਸਾਜਰੇ ਹੀ ਆਪਣੇ ਕੰਮ ਵਿੱਚ ਰੁਝ ਗਿਆ। ਚੁਗਲਖ਼ੋਰ ਵੀ ਉਹਦੇ ਨਾਲ ਹੀ ਮਚਲਾ ਬਣ ਕੇ ਕੰਮ ਕਰਵਾਉਂਦਾ ਰਿਹਾ।
ਦਿਨ ਚੜ੍ਹੇ ਜੱਟੀ ਆਪਣੇ ਘਰ ਵਾਲੇ ਅਤੇ ਕਾਮੇ ਦੀ ਰੋਟੀ ਲੈ ਕੇ ਖੇਤ ਵਿੱਚ ਆਈ।
ਜੱਟੀ ਨੂੰ ਵੇਖ ਕੇ ਚੁਗਲਖ਼ੋਰ ਮਨੋ ਮਨੀ ਹੱਸਿਆ। ਜੱਟੀ ਲੱਸੀ ਦਾ ਝੱਕਰਾ ਅਤੇ ਰੋਟੀਆਂ ਦਾ ਛਿੱਕੂ ਉਹਨਾਂ ਦੇ ਵਿਚਕਾਰ ਰੱਖ ਕੇ ਬੈਠ ਗਈ। ਜੱਟ ਡਰਦਾ ਮਾਰਿਆ ਦੂਰ-ਦੂਰ ਜਾਵੇ ਤੇ ਜੱਟੀ ਪਰਤਾਵਾ ਲੈਣ ਦੀ ਮਾਰੀ ਨੇੜੇ-ਨੇੜੇ ਹੋਵੇ। ਜਦੋਂ ਜੱਟੀ ਨੇ ਲੱਸੀ ਦਾ ਭਰਿਆ ਛੰਨਾ ਆਪਣੇ ਜੱਟ ਵੱਲ ਵਧਾਇਆ ਤੇ ਅੱਗੋਂ ਜੱਟ ਆਪਣੇ ਹੱਥ ਵਧਾ ਕੇ ਛੰਨਾ ਫੜਨ ਲੱਗਾ ਤਾਂ ਜੱਟੀ ਨੇ ਝੱਟ ਰੋਟੀ ਵਿਚਾਲੇ ਛੱਡ ਕੇ ਉਹਦੀ ਨੰਗੀ ਬਾਂਹ ਵੱਲ ਮੂੰਹ ਵਧਾਇਆ ਤਾਂ ਜੇ ਉਸ ਨੂੰ ਚੱਖ ਕੇ ਵੇਖ ਸਕੇ।
ਜੱਟ ਇੱਕ ਦਮ ਤਬ੍ਰਕ ਗਿਆ, "ਇਹ ਤਾਂ ਸੱਚੀਓਂ ਹਲਕ ਗਈ ਐ" ਆਖਦਿਆਂ ਪਰਾਣੀ ਚੁੱਕ ਕੇ ਜੱਟੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਜੱਟੀ ਦੇ ਭਾਈ ਵੀ ਨੇੜੇ ਹੀ ਲੁਕੇ ਬੈਠੇ ਸੀ, ਝੱਟ ਡਾਂਗਾਂ ਲੈ ਕੇ ਜੱਟ ਦੇ ਆ ਦੁਆਲੇ ਹੋਏ। ਉਹ ਕੁੱਟ ਹੀ ਰਹੇ ਸਨ ਕਿ ਜੱਟ ਦੇ ਭਰਾਵਾਂ ਨੇ ਵੀ ਦੂਰੋਂ ਹੀ ਆ ਲਲਕਾਰਾ ਮਾਰਿਆ, "ਜਾਇਓ ਨਾ ਬਈ-ਅੱਜ ਨਹੀਂ ਜਿਊਂਦੇ ਜਾਣ ਦੇਂਦੇ ਤੁਹਾਨੂੰ। ਤੁਸੀਂ ਵੀ ਸਾਡੇ ਭਰਾ ਨੂੰ ਕੱਲਾ ਤਕਾਇਐ।"
ਬਸ ਫੇਰ ਕੀ ਸੀ ਦੇ ਡਾਂਗ ਤੇ ਡਾਂਗ : ਸਾਰਿਆਂ ਦੀ ਜਦੋਂ ਬੱਸ ਹੋ ਗੀ। ਪੰਜ ਚਾਰ ਮੂਧੇ ਵੀ ਪੈ ਗਏ ਤਦ ਕਿਤੇ ਜਾ ਕੇ ਅਸਲੀ ਗੱਲ ਦਾ ਪਤਾ ਲੱਗਿਆ-ਇਹ ਤਾਂ ਚੁਗਲੀ ਦੇ ਕਾਰੇ ਹਨ-ਗੱਲ ਅਸਲ ਵਿੱਚ ਕੁੱਝ ਵੀ ਨਹੀਂ ਸੀ।
ਵਾਹੀ ਦੀ ਕਾਰ
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟੀ ਆਪਣੇ ਜੱਟ ਦੀ ਰੋਟੀ ਲੈ ਕੇ ਦੇਰ ਨਾਲ ਖੇਤ ਵਿੱਚ ਪੁੱਜੀ। ਜੱਟ ਤੜਕੇ ਦਾ ਹੱਲ ਵਾਹ ਰਿਹਾ ਸੀ-ਭੁੱਖ ਦੇ ਕਾਰਨ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਉਸ ਨੂੰ ਰੋਟੀ ਦੇਰ ਨਾਲ ਆਉਣ ਤੇ ਆਪਣੀ ਤੀਵੀਂ ਤੇ ਬੜਾ ਗੁੱਸਾ ਆਇਆ। ਉਹ ਉਸ ਨੂੰ ਝਾੜਨ ਲੱਗਾ। ਅੱਗੋਂ ਜੱਟੀ ਨੇ ਜੱਟ ਦਾ ਮਖੌਲ ਉਡਾਕੇ ਆਖਿਆ :
ਹਲੇ ਦਾ ਕੀ ਵਾਹੁਣ ਏ
ਤੇ ਪਿੱਛੇ-ਪਿੱਛੇ ਜਾਣ ਏ
ਘਾਹੇ ਦਾ ਕੀ ਕੱਪਣ ਏ
ਭਰ ਕਲਾਵੇ ਸੱਟਣ ਏ
ਔਖਾ ਪੀਹਣ ਪਕਾਣ ਏ
ਸੌਖਾ ਬਹਿਕੇ ਖਾਣ ਏ
ਜੱਟ ਇਹ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, "ਭਾਗਵਾਨੇ ਕੱਲ੍ਹ ਨੂੰ ਤੂੰ ਹਲ ਵਾਹੀਂ, ਮੈਂ ਤੇਰੇ ਲਈ ਰੋਟਾ ਪਕਾ ਕੇ ਭੱਤਾ ਲੈਕੇ ਆਊਂਗਾ। ਫੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਕੰਮ ਸੌਖਾ ਏ ਤੇ ਕਿਹੜਾ ਔਖਾ।"
ਉਹਦੀ ਤੀਵੀਂ ਨੇ ਇਹ ਗੱਲ ਮੰਨ ਲਈ।
ਦੂਜੀ ਭਲਕ ਜੱਟੀ ਹਲ ਜੋੜਕੇ ਖੇਤ ਨੂੰ ਚਲੀ ਗਈ ਤੇ ਜੱਟ ਘਰ ਦਾ ਕੰਮ ਧੰਦਾ ਕਰਨ ਲੱਗਾ। ਆਟਾ ਗੁੰਨ੍ਹਣ ਲੱਗਿਆਂ ਜੱਟ ਨੇ ਇੱਕ ਫਟੇ ਕਮੀਜ਼ ਦੀਆਂ ਲੀਰਾਂ ਬਣਾਕੇ ਆਟੋ ਵਿੱਚ ਗੁੰਨ੍ਹ ਦਿੱਤੀਆਂ ਅਤੇ ਰੋਟੀ ਪਕਾਕੇ ਖੇਤ ਵੱਲ ਤੁਰ ਪਿਆ। ਰੋਟੀਆਂ ਵੀ ਅੱਧ ਕੱਚੀਆਂ ਅਤੇ ਲੂਹੀਆਂ ਪਈਆਂ ਸਨ। ਓਧਰ ਜੱਟੀ ਹਲ ਚਲਾਕੇ ਹਾਲੋਂ ਬੇਹਾਲ ਹੋਈ ਪਈ ਸੀ ਅਤੇ ਭੁੱਖ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ ਅਤੇ ਉਹ ਅੱਡੀਆਂ ਚੁੱਕ-ਚੁੱਕ ਰੋਟੀ ਦੀ ਉਡੀਕ ਕਰ ਰਹੀ ਸੀ।
ਜੱਟ ਨੇ ਸੜੀਆਂ ਲੁਹੀਆਂ ਰੋਟੀਆਂ ਜੱਟੀ ਦੇ ਅੱਗੇ ਰੱਮ ਦਿੱਤੀਆਂ। ਉਹ ਗਰੁੱਪ ਗੜੱਪ ਕਰਕੇ ਖਾ ਗਈ। ਉਸਨੂੰ ਇਹ ਵੀ ਪਤਾ ਨਾ ਲੱਗਾ ਕਿ ਰੋਟੀਆਂ ਵਿੱਚ ਲੀਰਾਂ ਪਾਈਆਂ ਹੋਈਆਂ ਹਨ। ਜਦੋਂ ਜੱਟੀ ਰੋਟੀ ਖਾ ਬੈਠੀ ਤਾਂ ਜੱਟ ਨੇ ਹੱਸ ਕੇ ਆਖਿਆ,
ਵਾਹ ਨੀ ਮੇਰੀਏ ਰਾਣੀਏ
ਡਾਹਢੀ ਭੁੱਖਣ ਭਾਣੀਏਂ
ਚੋਲੀ ਖਾਧੀ ਆ
ਸਣ ਤਾਣੀਏਂ
ਜੱਟੀ ਨੂੰ ਹੁਣ ਅਹਿਸਾਸ ਹੋ ਗਿਆ ਸੀ ਕਿ ਹਲ ਵਾਹੁਣ ਵਿੱਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਭੁੱਖ ਨਾਲ ਬੰਦੇ ਦੀ ਕੀ ਹਾਲਤ ਹੋ ਜਾਂਦੀ ਹੈ। ਵਾਹੀ ਕਿਨਾ ਅੋਖੇਰਾ ਕੰਮ ਹੈ। ਧੰਨ ਹਨ ਉਹ ਲੋਕ ਜਿਹੜੇ ਐਡੀ ਸਖਤ ਮਿਹਨਤ ਕਰਦੇ ਨੇ।
ਏਕਾ
ਪੁਰਾਣੀ ਗੱਲ ਹੈ। ਇੱਕ ਜੱਟ ਦੇ ਚਾਰ ਪੁੱਤ ਸਨ ਪਰ ਚਾਰੇ ਨਕੰਮੇ। ਹਰ ਸਮੇਂ ਆਪਸ ਵਿੱਚ ਅਤੇ ਲੋਕਾਂ ਨਾਲ ਲੜਦੇ ਝਗੜਦੇ ਰਹਿੰਦੇ। ਜੱਟ ਵਿਚਾਰਾ ਉਹਨਾਂ ਤੋਂ ਬਹੁਤ ਦੁਖੀ ਸੀ। ਉਹਨੇ ਉਨ੍ਹਾਂ ਨੂੰ ਬਥੇਰਾ ਸਮਝਾਇਆ, ਪਰ ਕਿਸੇ ਨੇ ਇੱਕ ਨਾ ਮੰਨੀ ਅਖ਼ੀਰ ਉਹ ਬੀਮਾਰ ਪੈ ਗਿਆ।
ਬੀਮਾਰੀ ਟੁੱਟਣ 'ਚ ਨਾ ਆਵੇ। ਉਹ ਨੂੰ ਆਪਣੇ ਇਲਤੀ ਅਤੇ ਨਾਲਾਇਕ ਮੁੰਡਿਆਂ ਦਾ ਝੋਰਾ ਲੱਗਿਆ ਹੋਇਆ ਸੀ। ਉਹ ਸੋਚਦਾ ਮੇਰੀ ਮੌਤ ਤੋਂ ਮਗਰੋਂ ਉਹ ਕਿਵੇਂ ਗੁਜਾਰਾ ਕਰਨਗੇ।
ਇੱਕ ਦਿਨ ਉਹਦਾ ਜੀ ਕੁਝ ਵਧੇਰੇ ਹੀ ਤੰਗ ਹੋ ਗਿਆ । ਸਾਹ ਵੀ ਕੁਝ ਖਿਚਵਾਂ ਹੋ ਗਿਆ। ਉਹਨੇ ਆਪਣੇ ਚੂਹਾਂ ਪੁੱਤਾਂ ਨੂੰ ਕੋਲ ਬੁਲਾਇਆ-ਖਬਰੇ ਆਖਰੀ ਸਮੇਂ ਦੀ ਆਖੀ ਹੋਈ ਗੱਲ ਇਹਨਾਂ ਦੀ ਮੱਤ ਟਕਾਣੇ ਲੈ ਆਵੇ।
ਚਾਰੇ ਪੁੱਤਰ, ਬੀਮਾਰ ਪਿਓ ਦੇ ਮੰਜੇ ਦੇ ਆਲੇ-ਦੁਆਲੇ ਆ ਕੇ ਬਹਿ ਗਏ। ਪਿਓ ਨੇ ਇੱਕ ਮੁੰਡੇ ਨੂੰ ਸੂਤ ਦੀ ਇੱਕ ਅੱਟੀ ਦੇ ਕੇ ਆਖਿਆ, "ਲੇ ਪੁੱਤਰ ਏਸ ਅੱਟੀ ਵਿੱਚੋਂ ਇੱਕ ਤੰਦ ਤੋੜ ਦੇ ।"
ਮੁੰਡੇ ਨੇ ਅੱਟੀ ਫੜ, ਉਸ ਵਿੱਚੋਂ ਇੱਕ ਤੰਦ ਅੱਡ ਕੀਤੀ ਤੇ ਉਹਨੂੰ ਬੜੀ ਸੌਖ ਨਾਲ ਤੋੜ ਦਿੱਤਾ।
ਫੇਰ ਉਸ ਨੇ ਇਸੇ ਤਰ੍ਹਾਂ ਦੂਜੇ ਪੁੱਤਰਾਂ ਪਾਸੋਂ ਕਰਵਾਇਆ।
ਚੂਹਾਂ ਨੇ ਬੜੀ ਸੌਖ ਨਾਲ ਧਾਗ ਤੋੜ ਦਿੱਤੇ। ਚਾਰੇ ਪੁੱਤਰ ਆਪਣੇ ਬੁੱਢੇ ਬਾਪ ਦੇ ਇਸ ਕਰਤਵ ਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ।
ਇਸ ਮਗਰੋਂ ਬੁੱਢੇ ਨੇ ਫੇਰ ਪਹਿਲੇ ਮੁੰਡੇ ਨੂੰ ਅੱਟੀ ਫੜਾਈ ਤੇ ਆਖਿਆ, "ਤੂੰ ਇਸੇ ਪੂਰੀ ਅੱਟੀ ਨੂੰ ਵਿਚਾਲਿਓਂ ਤੋੜ ਕੇ ਵਿਖਾ।"
ਉਹਨੇ ਪੂਰਾ ਜ਼ੋਰ ਲਾਇਆ ਪਰ ਅੱਟੀ ਨਾ ਟੁੱਟ ਸਕੀ।
ਇਸੇ ਪ੍ਰਕਾਰ ਚਾਰੇ ਜ਼ੋਰ ਲਾ ਥੱਕੇ ਪਰ ਅੱਟੀ ਨੂੰ ਕੋਈ ਵੀ ਤੋੜ ਨਾ ਸਕਿਆ। ਚਾਰੇ ਆਪਣਾ ਜ਼ੋਰ ਲਾ ਕੇ ਹੰਭ ਚੁੱਕੇ ਸੀ ਅਤੇ ਉਹਨਾਂ ਦੇ ਮੂੰਹ ਲਾਲ ਸੂਹੇ ਹੋ ਗਏ ਸੀ।
ਅੰਤ ਪਿਓ ਨੇ ਉਹਨਾਂ ਦੀ ਇਹ ਹਾਲਤ ਵੇਖ ਕੇ ਆਖਿਆ, “ਪੁੱਤਰੋ : ਇਹ ਸਾਰਾ ਕੁਝ ਕਰਵਾ ਕੇ ਦੱਸਣ ਦਾ ਮੇਰਾ ਬਸ ਇਹੋ ਮਤਲਬ ਏ ਬਈ ਏਕੇ ਵਿੱਚ ਕਿੰਨੀ ਤਾਕਤ ਹੁੰਦੀ ਐ। ਜੇ ਤੁਸੀਂ ਆਪੋ ਵਿੱਚ ਫਟੇ ਰਹੇ ਅਤੇ ਰਲ ਕੇ ਕੰਮ ਨਾ ਕੀਤਾ ਤਾਂ ਕੋਈ ਵੀ ਤੁਹਾਨੂੰ ਕੱਚੀ ਤੰਦ ਵਾਂਗ ਤੋੜ ਸਕਦੈ। ਜੇ ਇੱਕ ਹੋਕੇ ਰਹੇ ਤਾਂ ਅੱਟੀ ਵਾਂਗੂੰ ਤੁਹਾਨੂੰ ਕੋਈ ਵੀ ਤੋੜ ਨਹੀਂ ਸਕਦਾ।"
ਐਨੀ ਗੱਲ ਆਖਣ ਦੀ ਦੇਰ ਸੀ ਕਿ ਬੁੱਢੇ ਨੂੰ ਮੁੜ ਕੇ ਸਾਹ ਨਾ ਆਇਆ।
ਚੂਹਾਂ ਪੁੱਤਰਾਂ ਨੇ ਬੁੱਢੇ ਦੀ ਆਖੀ ਹੋਈ ਗੱਲ ਪੱਲੇ ਬੰਨ੍ਹ ਲਈ ਅਤੇ ਰਲ ਕੇ ਖੇਤੀ ਕਰਨ ਲੱਗੇ । ਉਹਨਾਂ ਦੇ ਮੁਕਾਬਲੇ ਦਾ ਹੁਣ ਪਿੰਡ ਵਿੱਚ ਦੂਜਾ ਲਾਣਾ ਨਹੀਂ ਸੀ।
ਦੱਬਿਆ ਖਜ਼ਾਨਾ
ਇੱਕ ਬੁੱਢਾ ਜੱਟ ਮਰਨ ਕੰਢੇ ਪੁੱਜਿਆ ਹੋਇਆ ਸੀ। ਉਸ ਦਾ ਦੰਮ ਨਹੀਂ ਸੀ ਨਿਕਲ ਰਿਹਾ। ਉਸ ਨੂੰ ਆਪਣੇ ਨਖੱਟੂ ਪੁੱਤਾਂ ਦਾ ਖੌ ਖਾਈ ਜਾ ਰਿਹਾ ਸੀ। ਉਸ ਦੇ ਪੁੱਤ ਐਨੇ ਆਲਸੀ ਸੀ ਨਾ ਤਾਂ ਉਹ ਸਮੇਂ ਸਿਰ ਵਾਹੀ ਕਰਦੇ ਸੀ ਨਾ ਸਮੇਂ ਸਿਰ ਫਸਲ ਬੀਜਦੇ ਸੀ। ਨਾ ਹੀ ਸਮੇਂ ਸਿਰ ਫਸਲ ਦੀ ਸਿੰਜਾਈ ਕਰਦੇ ਸੀ । ਬੁੱਢਾ ਹਰ ਸਮੇਂ ਉਨ੍ਹਾਂ ਦੇ ਮਗਰ ਪਿਆ ਰਹਿੰਦਾ ਤਦ ਕਿਤੇ ਜਾ ਕੇ ਕੱਖ ਭੰਨਕੇ ਦੂਹਰਾ ਕਰਦੇ।
ਬੁੱਢਾ ਸੋਚ ਰਿਹਾ ਸੀ-ਮੇਰੇ ਮਗਰੋਂ ਖੇਤੀ ਕਿਵੇਂ ਚੱਲੂਗੀ.. ਮੇਰੇ ਪੋਤੇ-ਪੋਤੀਆਂ ਕਿਵੇਂ ਪਲਣਗੇ.... ਜੇ ਇਹਨਾਂ ਦਾ ਖੇਤੀ ਵਿੱਚ ਮੋਹ ਪੈ ਜਾਵੇ ਤਾਂ ਵਾਰੇ ਨਿਆਰੇ ਹੋ ਜਾਣ।
ਆਖਰ ਬੁੱਢੇ ਜੱਟ ਨੇ ਆਪਣੇ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ, "ਪੁੱਤਰੇ ਮੈਂ ਘੜੀ ਪਲ ਦਾ ਪਰਾਹੁਣਾ ਆਂ : ਥੋਨੂੰ ਪਤੇ ਮੈਂ ਕਿਵੇਂ ਹੱਡ ਭੰਨਵੀਂ ਕਾਰ ਕਰਦਾ ਰਿਹਾ। ਮੈਂ ਆਪਣੀ ਕਮਾਈ ਵਿੱਚੋਂ ਜੋ ਬਚਤ ਕੀਤੀ ਐ ਉਸ ਨੂੰ ਬੜਾ ਸਾਂਭ ਕੇ ਰੱਖਿਐ। ਆਪਣੇ ਟਾਹਲੀ ਆਲੇ ਖੇਤ ਵਿੱਚ ਮੇਰੇ ਹੱਥਾਂ ਦਾ ਦੱਬਿਆ ਹੋਇਆ ਇੱਕ ਖਜ਼ਾਨੈ। ਮੈਂ ਉਹ ਇਸ ਕਰਕੇ ਦੱਬਿਆ ਸੀ ਬਈ ਕਿਸੇ ਮੌਕੇ ਤੇ ਤੁਹਾਡੇ ਕੰਮ ਆਉ। ਪਤਾ ਨੀ ਮੇਰਾ ਅਗਲਾ ਸਾਹ ਆਉ ਨਾ ਆਉ। ਤੁਸੀਂ ਮੈਨੂੰ ਕਿਓਂਟ ਕੇ ਕੱਠਿਆਂ ਜਾ ਕੇ ਖਜ਼ਾਨਾ ਕੱਢ ਲੈਣਾ...."
ਇਹ ਆਖਦੇ ਸਾਰ ਹੀ ਬੁੱਢਾ ਅੱਖਾਂ ਮੀਚ ਗਿਆ।
ਬੁੱਢੇ ਪਿਓ ਦੇ ਮ੍ਰਿਤਕ ਸੰਸਕਾਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਮਗਰੋਂ ਉਹਨਾਂ ਨੇ ਦੱਬੇ ਹੋਏ ਖਜ਼ਾਨੇ ਨੂੰ ਪੁੱਟਣ ਦਾ ਫੈਸਲਾ ਕਰ ਲਿਆ।
ਇੱਕ ਦਿਨ ਚਾਰੇ ਭਰਾ ਕਹੀਆਂ ਤੇ ਕੁਦਾਲਾਂ ਲੈ ਕੇ ਟਾਹਲੀ ਆਲੇ ਖੇਤ ਵਿੱਚ ਪੁੱਜ ਗਏ। ਖੇਤ ਦਾ ਖੂੰਜਾ-ਖੂੰਜਾ ਉਹਨਾਂ ਨੇ ਪੁੱਟ ਸੁੱਟਿਆ ਪਰ ਖਜ਼ਾਨਾ ਕਿਤੋਂ ਨਾ ਲੱਭਿਆ। ਉਹਨਾਂ ਸਾਰੇ ਖੇਤ ਦੀ ਮਿੱਟੀ ਪੁੱਟ-ਪੁੱਟ ਕੇ ਪੋਲੀ ਕਰ ਦਿੱਤੀ। ਵਿਚਾਰੇ ਕਈ ਦਿਨ ਟੱਕਰਾਂ ਮਾਰਦੇ ਰਹੇ। ਲੋਕੀਂ ਉਹਨਾਂ ਨੂੰ ਵੇਖ-ਵੇਖ ਟਿਕਚਰਾਂ ਕਰਦੇ।
ਏਨੇ ਨੂੰ ਇੱਕ ਸਿਆਣਾ ਵਡਾਰੂ ਪਿੰਡ ਵੱਲੋਂ ਆਇਆ ਤੇ ਚਾਹੇ ਭਰਾਵਾਂ ਨੂੰ ਟਾਹਲੀ ਹੇਠ ਨਿਮੋਝੂਣ ਬੈਠਿਆਂ ਦੇਖ, ਕੋਲ ਆ ਕੇ ਗੱਲ ਪੁੱਛੀ। ਵਡਾਰੂ ਨੂੰ ਉਹਨਾਂ ਨੇ ਸਾਰੀ ਕਹਾਣੀ ਕਹਿ ਸੁਣਾਈ।
ਸਾਰੀ ਗੱਲ ਸੁਣ ਕੇ ਬਜ਼ੁਰਗ ਨੇ ਆਖਿਆ, "ਤੁਸੀਂ ਇਉਂ ਹੌਂਸਲਾ ਨਾ ਹਾਰੋ ! ਚੁੱਪ ਕਰਕੇ ਕਣਕ ਬੀਜ ਦਿਓ। ਪਾਧਾ ਨਾ ਪੁੱਛੇ ।"
ਆਖਰ ਚੋਹਾਂ ਭਰਾਵਾਂ ਨੇ ਖੇਤ ਵਿੱਚ ਕਣਕ ਬੀਜ ਦਿੱਤੀ।
ਸਮਾਂ ਪਾ ਕੇ ਫਸਲ ਉੱਗੀ । ਬੜੀ ਸੁਹਣੀ ਫਸਲ। ਸਾਰੇ ਪਿੰਡ ਨਾਲੋਂ ਇਹਨਾਂ ਦਾ
ਖੇਤ ਸਭ ਤੋਂ ਵੱਧ ਨਿੱਸਰਿਆ। ਕੰਧਾਂ ਵਰਗੀਆਂ ਪੈਲੀਆਂ ਹਵਾ ਵਿੱਚ ਝੂਮਦੀਆਂ ਸਨ। ਗਿੱਠ-ਗਿੱਠ ਲੰਮੀਆਂ ਗੁੰਦੀਆਂ ਹੋਈਆਂ ਬੱਲੀਆਂ ਵਿੱਚ ਬੇਰਾਂ ਵਰਗੇ ਮੋਟੇ- ਮੋਟੇ ਦਾਣੇ ਭਰੇ ਪਏ ਸਨ। ਵਾਢੀਆਂ ਪਈਆਂ ਤੇ ਜਦੋਂ ਬੋਹਲ ਚੁੱਕਿਆ ਤਾਂ ਸਾਰੇ ਪਿੰਡ ਨਾਲੋਂ ਇਹਨਾਂ ਦੀ ਪੈਲੀ ਦਾ ਵਧੇਰੇ ਝਾੜ ਸੀ। ਉਂਨੀ ਭੇ ਵਿੱਚ ਕਦੀ ਵੀ ਕਿਸੇ ਨੇ ਐਨੇ ਚਾਣੇ ਨਹੀਂ ਸੀ ਕੱਢੇ।
ਜਦੋਂ ਚਾਰੇ ਭਰਾ ਪਿੜ ਵਿੱਚ, ਬੋਹਲ ਦੇ ਕੋਲ ਖ਼ੁਸ਼-ਖ਼ੁਸ਼ ਬੈਠੇ ਹੋਏ ਸੀ ਤਾਂ ਉਹੀ ਵਡਾਰੂ ਜਿਸ ਨੇ ਖਜ਼ਾਨੇ ਦਾ ਖ਼ਿਆਲ ਛੱਡ ਕੇ ਕਣਕ ਬੀਜਣ ਦੀ ਸਲਾਹ ਦਿੱਤੀ ਸੀ ਉਹਨਾਂ ਪਾਸ ਆਇਆ। ਵਡਾਰੂ ਨੇ ਸਿਆਣਪ ਨਾਲ ਮੁਸਕਰਾ ਕੇ ਮੁੰਡਿਆਂ ਨੂੰ ਆਖਿਆ, "ਪੁੱਤਰੋ, ਤੁਹਾਡੇ ਪਿਓ ਨੇ ਝੂਠ ਨਹੀਂ ਸੀ ਆਖਿਆ ਉਹਦੀ ਗੱਲ ਸੱਚ ਹੈ।"
ਤੇ ਉਹਨੇ ਬੋਹਲ ਵੱਲ ਇਸ਼ਾਰਾ ਕਰਕੇ ਮੁੜ ਕਿਹਾ, "ਇਹੀ ਹੈ ਉਹ ਖਜ਼ਾਨਾ, ਜਿਸ ਬਾਰੇ ਉਹਨੇ ਆਖਿਆ ਸੀ। ਏਕਾ ਤੇ ਮਿਹਨਤ ਹੀ ਤਾਂ ਅਸਲੀ ਦੋਲਤ ਹੁੰਦੀ ਹੈ।
ਉਸ ਦਿਨ ਤੇ ਚਾਰੇ ਭਰਾਵਾਂ ਦਾ ਇੱਕ ਹੋਕੇ ਮਿਹਨਤ ਕਰਨ ਵਿੱਚ ਭਰੋਸਾ ਪੱਕਾ ਹੋ ਗਿਆ। ਹੁਣ ਉਹ ਕਦੇ ਕੰਮ ਤੋਂ ਜੀ ਨਹੀਂ ਸੀ ਚੁਰਾਂਦੇ, ਸਗੋਂ ਹਰ ਕੰਮ ਨੱਠ ਕੇ ਕਰਦੇ ਸੀ।
ਉਦਮੀ ਤੇ ਆਲਸੀ ਦੀ ਸਾਂਝ
ਇੱਕ ਕਾਂ ਤੇ ਘੁੱਗੀ ਦੋਨੋਂ ਇੱਕ ਦਰਖੱਤ ਤੇ ਰਿਹਾ ਕਰਦੇ ਸੀ। ਇੱਕ ਦਿਨ ਘੁੱਗੀ ਨੇ ਕਾਂ ਨੂੰ ਆਖਿਆ, "ਕਾਵਾਂ, ਕਾਵਾਂ, ਚਲ ਆਪਾਂ ਸਾਂਝੀ ਖੇਤੀ ਕਰੀਏ।" ਕਾਂ ਬੋਲਿਆ, “ਚੰਗਾ, ਮੈਂ ਤਿਆਰ ਹਾਂ।"
ਫਸਲ ਬੀਜਣ ਦਾ ਸਮਾਂ ਆ ਗਿਆ। ਘੁੱਗੀ ਨੇ ਕਾਂ ਨੂੰ ਆਖਿਆ, "ਚਲ ਕਾਵਾਂ ਆਪਾਂ ਖੇਤ ਵਾਹ ਆਈਏ।"
ਕਾਂ ਨੇ ਝੁੱਟ ਉੱਤਰ ਦਿੱਤਾ :-
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਘੁੱਗੀ ਖੇਤ ਵੀ ਵਾਹ ਆਈ। ਕਾਂ ਫੇਰ ਵੀ ਨਾ ਗਿਆ । ਘੁੱਗੀ ਖੇਤ ਵਾਹ ਕੇ ਕਾਂ ਬੋਲੀ, 'ਚਲ ਆਪਾਂ ਬੀ ਬੀਜ ਆਈਏ।"
ਚਲਾਕ ਕਾਂ ਨੇ ਪਹਿਲਾਂ ਵਾਂਗ ਹੀ ਜਵਾਬ ਦੇ ਦਿੱਤਾ :-
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਘੁੱਗੀ ਬੀਜ ਵੀ ਬੀਜ ਆਈ। ਕਾਂ ਨਾ ਅਪੜਿਆ। ਕੁਝ ਦਿਨਾਂ ਮਗਰੋਂ ਬੂਟੇ ਉੱਗ ਪਏ। ਬੂਟਿਆਂ ਨੂੰ ਪਾਣੀ ਦੇਣ ਦਾ ਸਮਾਂ ਸੀ । ਘੁੱਗੀ ਨੇ ਕਾਂ ਨੂੰ ਕਿਹਾ, "ਕਾਵਾਂ, ਕਾਵਾਂ ਚਲ ਆਪਾਂ ਬੂਟਿਆਂ ਨੂੰ ਸਿੱਜ ਆਈਏ।"
ਕਾਂ ਨੇ ਘੜਿਆ ਘੜਾਇਆ ਉੱਤਰ ਦੇ ਦਿੱਤਾ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਨਾ ਸਿੰਜਣ ਗਿਆ ਨਾ ਗੁੱਡਣ। ਘੁੱਗੀ ਵਿਚਾਰੀ ਕੱਲੀ ਹੀ ਸੇਂਜੀ ਕਰਕੇ ਗੁੱਡਦੀ ਰਹੀ।
ਦਿਨ ਪਾ ਕੇ ਕਣਕ ਪੱਕ ਗਈ । ਘੁੱਗੀ ਨੇ ਫਸਲ ਪੱਕੀ ਤੱਕ ਕੇ ਕਾਂ ਨੂੰ ਵਾਢੀ ਕਰਨ ਲਈ ਕਿਹਾ, "ਕਾਵਾਂ । ਕਾਵਾਂ ! ਚਲ ਆਪਾਂ ਹਾੜ੍ਹੀ ਵੱਢ ਆਈਏ।"
ਮਚਲਾ ਕਾਂ ਬੋਲਿਆ :
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਘੁੱਗੀ ਹਾੜ੍ਹੀ ਵੀ ਵੱਢ ਆਈ। ਕਾਂ ਘਰੇ ਹੀ ਰਿਹਾ। ਵਿਚਾਰੀ ਕੱਲੀ ਘੁੱਗੀ ਨੇ ਖਲਵਾੜਾ ਲਾ ਦਿੱਤਾ। ਉਹ ਦੂਜੇ ਦਿਨ ਕਾਂ ਨੂੰ ਬੋਲੀ, "ਕਾਵਾਂ ਕਾਵਾਂ ਚਲ ਆਪਾਂ ਕਣਕ ਗਾਹ ਲਈਏ।"
ਕਾਂ ਨੇ ਪਹਿਲਾਂ ਵਾਲਾ ਹੀ ਉੱਤਰ ਕੱਢ ਮਾਰਿਆ :-
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਕਦੋਂ ਜਾਣ ਵਾਲਾ ਸੀ। ਉਹਨੂੰ ਕੱਲੀ ਨੂੰ ਹੀ ਸਾਰੀ ਕਣਕ ਗਾਹੁਣੀ ਪਈ। ਉਹਨੇ ਗਾਹੁਣ ਮਗਰੋਂ ਉਡਾਣ ਲਈ ਧੜ ਲਾ ਦਿੱਤੀ ਅਤੇ ਆ ਕੇ ਕਾਂ ਨੂੰ ਆਖਿਆ, "ਕਾਵਾਂ ! ਕਾਵਾਂ ! ਚਲ ਆਪਾਂ ਹੁਣ ਧੜ ਉਡਾ ਆਈਏ।"
ਪਰ ਕਾਂ ਨੇ ਪਹਿਲਾਂ ਵਾਂਗ ਹੀ ਬਹਾਨਾ ਲਾ ਦਿੱਤਾ :
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਹੁਣ ਵੀ ਨਾ ਗਿਆ। ਉਹ ਕੱਲੀ ਹੀ ਸਾਰੀ ਕਣਕ ਉਡਾ ਆਈ। ਤੁੜੀ ਇੱਕ ਪਾਸੇ ਹੋ ਗਈ ਅਤੇ ਕਣਕ ਦੇ ਦਾਣੇ ਇੱਕ ਪਾਸੇ ਕੱਠੇ ਕਰ ਦਿੱਤੇ । ਘੁੱਗੀ ਨੇ ਕਾਂ ਨੂੰ ਘਰ ਆ ਕੇ ਆਖਿਆ, "ਕਾਵਾਂ ! ਕਾਵਾਂ ! ਚਲ ਆਪਾਂ ਫਸਲ ਵੰਡ ਲਈਏ। ਤੂੰ ਆਪਣਾ ਹਿੱਸਾ ਸਾਂਭ ਲੈ।"
ਕਾਂ ਨੇ ਝੱਟ ਉੱਤਰ ਦਿੱਤਾ, “ਘੁੱਗੀਏ, ਉੱਥੇ ਜਾਣ ਦੀ ਕਿਹੜੀ ਲੋੜ ਏ। ਆਪਾਂ ਏਥੇ ਹੀ ਵੰਡ ਲੈਂਦੇ ਹਾਂ। ਬੜਾ ਸਾਰਾ ਢੇਰ ਮੇਰਾ, ਛੋਟਾ ਤੇਰਾ।
ਕਾਂ ਨੇ ਤੂੜੀ ਸਾਂਭ ਲਈ ਅਤੇ ਘੁੱਗੀ ਨੇ ਦਾਣੇ । ਘੁੱਗੀ ਆਪਣੇ ਦਾਣੇ ਆਪਣੇ ਘਰ ਚੁੱਕ ਲਿਆਈ ਤੇ ਕਾਂ ਤੂੜੀ ਦੇ ਢੇਰ ਕੋਲ ਖੜ੍ਹਾ ਆਲੇ-ਦੁਆਲੇ ਵੇਖਦਾ ਰਿਹਾ।