ਤੈਨੂੰ ਰਤੀ ਹਯਾ ਨਾ ਆਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ
ਖੱਲਾ ਭੋਹ ਦੇ ਨਾਲ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ। (ਕਿਸ਼ਨ ਸਿੰਘ ਆਰਫ਼)
ਨੰਦੀ ਮਿਰਾਸਣ ਦੇ ਮਿਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ 'ਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ ਜਾ ਕੇ ਗਰਜਿਆ, "ਮਾਂ ਮੇਰੀਏ ਸੱਚੇ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ.....?"
ਦੁੱਲੇ ਦੀਆਂ ਅੱਖਾਂ ਅੰਗਿਆਰ ਵਰ੍ਹਾ ਰਹੀਆਂ ਸਨ। ਉਹਦੇ ਪੈਰਾਂ ਥੱਲੇ ਅੱਗ ਮਚ ਰਹੀ ਸੀ।
ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਕੇ ਦੁੱਲੇ ਨੂੰ ਕਿਹਾ, "ਸੂਰਮਿਆਂ ਪੁੱਤਾ ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ-ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਦੂ ਖਾਨ ਦੀ ਟੈਂ ਨਹੀਂ ਸੀ ਮੰਨੀ ! ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।"
ਲਿਸ਼-ਲਿਸ਼ ਕਰਦੇ ਹਥਿਆਰ-ਛਭੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਣ ਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਵਾਂ ਛੱਡਣ ਲੱਗਾ... ਨਗਾਰੇ ਤੇ ਡੱਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ ਆ ਜੁੜੇ। ਸਾਦਲ ਬਾਰ ਦੇ ਇਲਾਕੇ ਵਿੱਚ ਉਹਨਾਂ ਥਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਵਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗਰੀਬਾਂ ਵਿੱਚ ਵੰਡ ਦੇਂਦੇ ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ ਪਰਵਰੀ ਦੀ ਖ਼ੁਸ਼ਬੋ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ.... ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਨਣ ਨੂੰ ਮਿਲਦੇ..... ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ।