Back ArrowLogo
Info
Profile

ਕਰਾਂ ਕੀ ਸਿਫ਼ਤ ਜ਼ਬਾਨੀ । (ਗੁਰਮੁਖ ਸਿੰਘ ਬੇਦੀ)

ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ ਦੋਸਤੀ ਹੋ ਗਈ। ਦੋਨ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪੱਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ-ਲਟ ਬਲਦੀ ਅੱਖ ਜਦੋਂ ਘੁੱਕਰ ਨਾਲ ਲੜੀ ਤਾਂ ਉਹ ਵਿਨ੍ਹਿਆ ਗਿਆ। ਬੀਰੋ ਨੂੰ ਪਾਉਣ ਲਈ ਉਹ ਬਿਉਂਤਾ ਬਨਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ । ਰੋੜਾ ਕਿਵੇਂ ਦੂਰ ਹੋਵੇ..... ਮੰਦਵਾੜੇ ਦੇ ਦਿਨ ਸਨ, ਘੁੱਕਰ ਸੁੱਚੇ ਨੂੰ ਵਰਗਲਾ ਕੇ ਫ਼ੌਜ ਵਿੱਚ ਭਰਤੀ ਹੋਣ ਲਈ ਫਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੂ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।

ਧੋਖਾ ਕਰਿਆ ਮੇਲ ਨੇ ਸੁੱਚੇ ਦੇ ਨਾਲ ਜੀ

ਦੇ ਕੇ ਦਲਾਸਾ ਪਹਿਲਾਂ ਲੈ ਗਿਆ ਨਾਲ ਜੀ

ਕਿੱਡਾ ਦਗਾ ਕੀਤਾ ਨਾਲ ਪਾਜੀ ਯਾਰ ਦੇ

ਨੌਕਰ ਕਰਾਤਾ ਪਿੱਛੇ ਬੀਰੇ ਨਾਰ ਦੇ (ਰੀਠਾ ਦੀਨ)

ਓਧਰ ਸੁੱਚਾ ਫ਼ੌਜ ਵਿੱਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿੱਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪ੍ਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿੱਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੂਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ :

ਆਖਦਾ ਘੁੱਕਰ ਮੇਰੀ ਸੁਣੇ ਗੱਲ ਜੋ

ਬੋਲਿਆ ਜਾਂ ਇਹਨੂੰ ਤੇਰੀ ਲਾਹਦੀ ਖੱਲ ਜੋ

ਤੂੰ ਕੀ ਦੱਸ ਲਗਦਾ ਹੈ ਬੀਰੋ ਨਾਰ ਦਾ

ਆਖਦਾ ਘੁੱਕਰ ਭਰਿਆ ਹੰਕਾਰ ਦਾ

ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ

ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ

ਪੀਉਂ ਥੋਡੀ ਰੱਤ ਖੜ੍ਹਾ ਲਲਕਾਰਦਾ

ਆਖਦਾ ਘੁੱਕਰ ਭਰਿਆ ਹੰਕਾਰ ਦਾ (ਰੀਠਾ ਦੀਨ)

ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣੇ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਵਸਦੀ ਪਈ ਸੀ । ਸੱਥ ਵਿੱਚ ਰੁਲ੍ਹਦੀ ਪੱਗ ਉਸ ਤੋਂ ਸਹਾਰੀ ਨਾ ਗਈ। ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ।

126 / 329
Previous
Next