ਤੇ ਨਵਾਂ ਨਿਖਾਰ ਆਉਂਦਾ ਹੈ। ਬਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ :-
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਘਾਂ ਪਿਪਲੀ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੇੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਨਿੱਕੀ ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦੇਂਦਾ ਹੈ ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ :-
ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਸਾਉਣ ਦਾ ਸੱਦਾ ਭਲਾ ਕੁੜੀਆਂ ਕਿਉਂ ਨਾ ਪ੍ਰਵਾਨ ਕਰਨ :-
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਕੁੜੀਆਂ ਦੇ ਪਿਪਲੀ ਪੀਂਘਾਂ ਪਾਉਣ ਕਰਕੇ ਪਿੱਪਲ ਆਪਣੇ ਆਪ ਨੂੰ "ਭਾਗਾਂ ਵਾਲਾ' ਸਮਝਦਾ ਹੈ।
ਥੜਿਆਂ ਬਾਝ ਨਾ ਸੋਹਦੇ ਪਿੱਪਲ
ਫੁੱਲਾਂ ਬਾਝ ਫਲਾਹੀਆਂ
ਹੰਸਾਂ ਨਾਲ ਹਮੇਲਾਂ ਸੋਹਦੀਆਂ
ਬੰਦਾਂ ਨਾਲ ਗਜਰਾਈਆਂ
ਧੰਨ ਭਾਗ ਮੇਰਾ ਆਖੇ ਪਿੱਪਲ
ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ
ਪੀਂਘਾਂ ਅਸਮਾਨ ਚੜ੍ਹਾਈਆਂ
ਜਦੋਂ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤਾਂ ਬਿਰਹੋਂ ਕੁੱਠੀ ਮੁਟਿਆਰ ਤੜਪ ਉਠਦੀ ਹੈ :-
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਉਹ ਤਾਂ ਕੋਇਲ ਨੂੰ ਵੀ ਆਪਣੇ ਹੱਥਾਂ 'ਤੇ ਚੋਗ ਚੁਗਾਉਣਾ ਲੋਚਦੀ ਹੈ:-
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ 'ਤੇ ਚੋਗ ਚੁਗਾਵਾਂ
ਇਸ ਰੁਮਾਂਚਕ ਵਾਤਵਰਣ ਵਿੱਚ ਪੰਜਾਬਣਾਂ ਦਾ ਹਰਮਨ ਪਿਆਰਾ ਤਿਉਹਾਰ 'ਤੀਆਂ ਦਾ ਤਿਉਹਾਰ' ਆਉਂਦਾ ਹੈ। ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਬੜੇ ਚਾਵਾਂ ਨਾਲ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ :- ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ
ਮਹਿੰਦੀ ਤਾਂ ਪਾ ਦੇ ਮਾਏਂ ਸੁਕਣੀ
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈ ਨੀ ਮੰਗਾ
ਸਾਵਣ ਆਇਆ
ਜਿਹੜੀਆਂ ਵਿਆਹੀਆਂ ਕੁੜੀਆਂ ਕਿਸੇ ਕਾਰਨ ਸਾਉਣ ਮਹੀਨੇ ਵਿੱਚ ਆਪਣੇ ਪੇਕੀਂ ਨਹੀਂ ਆ ਸਕਦੀਆਂ ਉਹਨਾਂ ਲਈ ਉਹਨਾਂ ਦੇ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਤੀਆਂ ਦੇ ਸੰਧਾਰੇ ਵਿੱਚ ਉਹਦੇ ਲਈ ਤਿਓਰ ਅਤੇ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ
ਇਕ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ :-
ਭੇਜੀ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਚੀਰੀਆਂ
ਤੂੰ ਪ੍ਰਦੇਸਾਂ ਤੋਂ ਆ
ਸਾਵਣ ਆਇਆ
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ
ਹੱਥਾਂ ਦੀ ਵੇ ਦੇਵਾਂ ਮੁੰਦਰੀ
ਗਲ ਦਾ ਨੌਲੱਖਾ ਹਾਹ
ਸਾਵਣ ਆਇਆ
ਪੁਰਾਣੇ ਸਮਿਆਂ ਵਿਚ ਆਉਣ ਜਾਣ ਦੇ ਸਾਧਨ ਸੀਮਤ ਸਨ, ਨਾ ਸੜਕਾਂ ਸਨ ਨਾ ਨਦੀਆਂ ਨਾਲਿਆਂ ਤੇ ਪੁਲ। ਪੰਜ ਦਸ ਕੋਹ ਦੀ ਵਾਟ ਤੇ ਵਿਆਹੀ ਮੁਟਿਆਰ ਆਪਣੇ ਆਪ ਨੂੰ ਪ੍ਰਦੇਸਣ ਸਮਝਦੀ ਸੀ । ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਪ੍ਰਦੇਸਾਂ ਵਿੱਚ ਬੈਠੀ ਮੁਟਿਆਰ ਜਿੱਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸਲ ਸਹਿੰਦੀ ਹੈ ਉਥੇ ਪ੍ਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਬੜੇ ਦਰਦੀਲੇ ਬੋਲਾਂ ਵਿੱਚ ਬਿਆਨ ਕਰਦੀ ਹੈ।
ਸਾਉਣ ਦੇ ਦਿਨਾਂ ਵਿੱਚ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ। ਸੱਸ ਨਣਾਨ ਮੱਥੇ ਵੱਟ ਪਾ ਲੈਂਦੀਆਂ ਹਨ ਉਹ ਵੀਰ ਪਾਸੋਂ ਆਪਣੇ ਪੇਕੇ ਪਰਿਵਾਰ ਦੀ ਸੁੱਖ ਸਾਂਦ ਪੁੱਛਦੀ ਹੈ –
ਸਾਵਣ ਆਇਆ ਨੀ ਸਖੀਏ
ਸਾਵਣ ਆਇਆ
ਇਕ ਤਾਂ ਆਇਆ ਮੇਰੀ ਅੰਮਾਂ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਣਾਨ ਮੁੱਖ ਮੋੜਿਆ
ਆ ਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ
ਮਾਂ ਤਾਂ ਤੇਰੀ ਭੈਣੇ
ਪਲੰਘੋਂ ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ
ਆ ਵੇ ਵੀਰਾ ਚੜੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ
ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ
ਆ ਵੇ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ
ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀ ਚਰਖੇ ਨੀ ਡਾਹੇ
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ ਰਾਮ
ਚਲ ਵੇ ਵੀਰਾ ਚੱਲੀਏ ਮਾਂ ਦੇ ਕੋਲੇ
ਸਾਡੀਆਂ ਸਖੀਆਂ ਕੋਲ਼ੇ
ਚੁੱਕ ਭਤੀਜੜਾ ਲੱਰੀ ਦੇਵਾਂਗੀ ਰਾਮ
ਬ੍ਰਿਹਾ ਕੁੱਠੇ ਗੀਤਾਂ ਤੋਂ ਉਪਰੰਤ ਕੁੜੀਆਂ ਹਾਸੇ-ਮਖੌਲਾਂ ਭਰੇ ਗੀਤ ਵੀ ਗਾਉਂਦੀਆਂ ਹਨ ਪਿੰਡ ਬਾਹਰ ਬਰੋਟਿਆਂ-ਟਾਹਲੀਆਂ ਦੇ ਦਰੱਖ਼ਤਾਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇੱਕ ਸਮਾਂ ਬੰਨ੍ਹ ਦਿੰਦੀਆਂ ਹਨ :-
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਬੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋਂ ਦੀ ਫੁਲਕਾਰੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ
ਕਿਧਰੇ ਤੀਆਂ ਦਾ ਗਿੱਧਾ ਆਪਣੇ ਜਲਵੇ ਵਿਖਾਉਂਦੀ ਹੈ। ਗਿੱਧਾ ਇਕ ਅਜਿਹਾ ਪਿੜ ਹੈ ਜਿਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੀਆਂ ਹਨ ਤੇ ਬਿਦ ਬਿਦ ਕੇ ਬੋਲੀਆਂ ਪਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ ਅਤੇ ਸਾਉਣ ਮਹੀਨੇ ਦੇ ਸਦਕੜੇ ਜਾਂਦੀਆਂ ਹਨ :
ਸਾਉਣ ਵੀਰ ਕੱਠੀਆਂ ਕਰੋ
ਭਾਦੋਂ ਚੰਦਰੀ ਵਿਛੋੜੇ ਪਾਵੇ
ਤੀਆਂ ਦੇ ਰਾਂਗਲੇ ਤਿਉਹਾਰ ਤੋਂ ਇਲਾਵਾ ਸਾਉਣ ਦੇ ਹੋਰ ਵੀ ਅਨੇਕਾਂ ਰੰਗ ਹਨ। ਕਈ ਕਈ ਦਿਨ ਝੜੀਆਂ ਲੱਗਣੀਆਂ ਚਾਰੇ ਬੰਨੇ ਜਲਥਲ ਹੋ ਜਾਣਾ। ਕਿਧਰੇ ਖੀਰਾਂ ਰਿਝਣੀਆਂ, ਕਿਧਰੇ ਮਾਹਲਪੂੜੇ ਪੱਕਣੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਵਿਕਾਸ ਦੇ ਨਾਂ 'ਤੇ ਲੱਖਾਂ ਦਰੱਖਤਾਂ ਦੇ ਕਤਲੇਆਮ ਨੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ. ਪਹਿਲਾਂ ਵਾਂਗ ਮੀਂਹ ਨਹੀਂ ਪੈਂਦੇ ਕਈ ਵਾਰ ਤਾਂ ਸਾਉਣ ਸੁੱਕਾ ਹੀ ਲੰਘ ਜਾਂਦਾ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਪਹਿਲੇ ਸ਼ੋਂਕ ਰਹੇ ਨਹੀਂ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲੇ ਸ਼ੋਕ ਅਤੇ ਉਤਸ਼ਾਹ ਨਾਲ ਨਹੀਂ ਮਨਾਇਆ ਜਾਂਦਾ। ਸਾਉਣ ਮਹੀਨੇ ਵਿੱਚ ਪੱਕਦੇ ਸੁਆਦੀ ਮਾਹਲਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।