

ਜਿਹੜਾ ਬੀਣੀ ਛੁਡਾ ਕੇ ਦੂਜਿਆਂ ਨੂੰ ਜਿੱਤ ਜਾਂਦਾ ਉਸ ਨੂੰ ਸੌਂਚੀ ਦੀ ਮਾਲੀ ਮਿਲਦੀ। ਮੇਲਿਆਂ ਉੱਤੇ ਸੌਂਚੀ ਪੱਕੀ ਦੇ ਮੁਕਾਬਲੇ ਆਮ ਹੋਇਆ ਕਰਦੇ ਸਨ। ਅਜ ਕਲ੍ਹ ਇਹ ਖੇਡ ਕਿਧਰੇ ਵੀ ਨਹੀਂ ਖੇਡੀ ਜਾਂਦੀ।
ਖੁੱਦੋ ਖੂੰਡੀ ਅਤੇ ਲੂਣ ਤੇਲ ਲੱਲ੍ਹੇ ਬੜੀਆਂ ਰੌਚਕ ਖੇਡਾਂ ਰਹੀਆਂ ਹਨ। ਲੀਰਾਂ ਦੀਆਂ ਖੁਦੋਆਂ ਅਤੇ ਕਿੱਕਰਾਂ ਬੇਰੀਆਂ ਦੇ ਖੂੰਡਿਆਂ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਖੁਦੋ ਖੂੰਡੀ ਦੀ ਥਾਂ ਹੁਣ ਹਾਕੀ ਨੇ ਮਲ ਲਈ ਹੈ ਤੇ ਲੂਣ ਤੇਲ ਲੱਲ੍ਹੇ ਕ੍ਰਿਕਟ ਵਿੱਚ ਜਾ ਸਮੋਏ ਹਨ।
ਲਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਜਹੀ ਥਾਂ ਤੇ ਖੇਡੀ ਜਾਂਦੀ ਸੀ। ਇਸ ਦੇ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ। ਇਹ ਬੜੀ ਫੁਰਤੀ ਨਾਲ ਅਤੇ ਚੁਕੰਨਾ ਹੋਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫ਼ਾਸਲੇ ਤੇ ਤਿੰਨ ਚਾਰ ਇੰਚ ਲੰਬੇ, ਚੌੜੇ ਤੇ ਡੂੰਘੇ ਟੋਏ ਪੁਟਦੇ ਜਿਨ੍ਹਾਂ ਨੂੰ ਲਲ੍ਹੇ ਆਖਦੇ ਸਨ। ਇਹਨਾਂ ਲਲ੍ਹਿਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਰਖਕੇ ਖੜੇ ਜਾਂਦੇ, ਲੀਰਾਂ ਦੀ ਬਣੀ ਖੁਦੋ ਨੂੰ ਇਕ ਜਣਾ ਜ਼ੋਰ ਨਾਲ ਟੱਲਾ ਮਾਰਦਾ ਤੇ ਦਾਈ ਵਾਲਾ ਖੁਦੋ ਨੂੰ ਨਸਕੇ ਫੜਦਾ ਤੇ ਨੇੜੇ ਦੇ ਖਿਡਾਰੀ ਦੇ ਫੁਰਤੀ ਨਾਲ ਮਾਰਦਾ। ਜੇਕਰ ਕਿਸੇ ਖਿਡਾਰੀ ਨੂੰ ਖੁਦੋ ਛੂਹ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੂੰਡਾ ਅਤੇ ਲੱਲ੍ਹਾ ਪਹਿਲੇ ਦਾਈ ਵਾਲੇ ਨੂੰ ਫੜਾ ਕੇ ਦਾਈ ਦੇਂਦਾ । ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛਡਕੇ ਖੁਦੇ ਮਗਰ ਦੌੜਦੇ ਜੇਕਰ ਦਾਈ ਵਾਲਾ ਕਿਸੇ ਖਾਲੀ ਲੱਲ੍ਹੇ ਵਿੱਚ ਪੈਰ ਪਾ ਦੇਂਦਾ ਤਾਂ ਲੱਲ੍ਹੇ ਵਾਲੇ ਦੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦਾ ਖੂੰਡਾ ਫੜਕੇ ਖੇਡਣ ਲਗ ਜਾਂਦਾ। ਇਹ ਖੇਡ ਵੀ ਹੁਣ ਕਿਧਰੇ ਨਹੀਂ ਖੇਡੀ ਜਾਂਦੀ।
ਡੰਡਾ ਡੁਕ, ਡੰਡ ਪਲਾਂਘੜਾ ਜਾਂ ਪੀਲ ਪਲੀਘਣ ਨਾਂ ਦੀ ਖੇਡ ਬੜੀ ਰੌਚਕ ਖੇਡ ਸੀ। ਗਰਮੀਆਂ ਦੀ ਰੁੱਤੇ ਦੁਪਹਿਰ ਸਮੇਂ ਇਹ ਖੇਡ ਆਮ ਤੌਰ ਤੇ ਪਿਪਲਾਂ ਬਰੋਟਿਆਂ ਦੇ ਦਰੱਖਤਾਂ ਉੱਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖ਼ਤ ਉੱਤੇ ਚੜ੍ਹ ਜਾਂਦੇ। ਪੁੱਗ ਕੇ ਬਣਿਆ ਦਾਈ ਵਾਲਾ ਦਾਈ ਦੇਂਦਾ। ਦਰੱਖ਼ਤ ਦੇ ਥੱਲੇ ਇਕ ਗੋਲ ਚੱਕਰ ਵਿੱਚ ਡੇਢ-ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ। ਦਰੱਖ਼ਤ ਤੇ ਚੜ੍ਹੇ ਖਿਡਾਰੀਆਂ ਵਿੱਚੋਂ ਇਕ ਜਣਾ ਥੱਲੇ ਉੱਤਰ ਕੇ, ਦਾਇਰੇ ਵਿੱਚੋਂ ਡੰਡਾ ਚੁੱਕ ਕੇ ਆਪਣੀ ਖੱਬੀ ਲੱਤ ਬਲਿਓ ਘੁਮਾ ਕੇ ਦੂਰ ਸੁਟ ਕੇ ਦਰੱਖ਼ਤ ਉੱਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ। ਦਾਈ ਵਾਲਾ ਡੰਡੇ ਨੂੰ ਚੁਕ ਕੇ, ਦਾਹਿਰੇ ਵਿੱਚ ਡੰਡਾ ਦੋਬਾਰਾ ਰਖਕੇ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦਰੱਖ਼ਤ 'ਤੇ ਚੜ੍ਹਦਾ ਤੇ ਦੂਜੇ ਖਿਡਾਰੀ ਦਰੱਖ਼ਤ ਦੀਆਂ ਟਾਹਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਤੇ ਨਸ ਕੇ ਡੰਡਾ ਚੁਕ ਕੇ ਚੁੰਮਦੇ। ਜਿਸ ਖਿਡਾਰੀ ਨੂੰ ਦਾਈ ਵਾਲਾ, ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਂਦਾਂ ਉਸ ਦੇ ਸਿਰ ਦਾਈ ਆ ਜਾਂਦੀ। ਇਸ ਪ੍ਰਕਾਰ ਇਹ ਖੇਡ ਪਹਿਲਾਂ ਵਾਂਗ ਹੀ ਚਾਲੂ ਰਹਿੰਦੀ।
ਗੁੱਲੀ ਡੰਡਾ, ਨੂਣ ਮਿਆਣੀ, ਸ਼ੱਕਰ ਭੁਰਜੀ, ਟਿਬਲਾ ਟਿਬਲੀ ਆਦਿ ਗੱਭਰੂਆਂ ਦੀਆਂ ਬੜੀਆਂ ਰੌਚਕ ਖੇਡਾਂ ਹਨ।