ਜੀਉ ਆਇਆਂ ਨੂੰ!
ਲੁਕੇ ਰਹੇ ਹੋ ਬਦਲਾਂ ਉਹਲੇ
ਦਿਨ ਕਿੰਨਿਆਂ ਤੋਂ ਸੁਹਣੇ ਸੂਰ!
ਸਿਕਦੀ ਵਿੱਚ ਉਡੀਕਾਂ, ਤਰਸਾਂ,
ਕਿਵੇਂ ਮਿਲੇ ਮੁੜ ਤੇਰਾ ਨੂਰ।
ਆਪੇ ਅੱਜ ਉਦੇ ਹੋ ਆਏ,
ਜੀ ਆਇਆਂ ਨੂੰ, ਜਮ ਜਮ ਆਉ!
ਦਰਸ਼ਨ ਤੇਰੇ ਚਾਉ ਚੜ੍ਹ ਰਿਹਾ,
ਧਰਤਿ ਅਕਾਸ਼ ਨੂਰ ਭਰਪੂਰ। 1.
ਵਿਛਿਆ ਰਹੁ
ਵਿਛ ਜਾ ਵਾਂਙ ਦੁਲੀਚੇ ਦਰ ਤੇ
ਵਿਛਿਆ ਰਹੁ, ਮਨ! ਵਿਛਿਆ ਰਹੁ।
ਜ਼ੋਰ ਨ ਕੋਈ, ਹੱਠ ਨ ਰੱਤੀ,
ਆਪਾ ਭੇਟਾ ਧਰਕੇ ਬਹੁ।
ਧਰਤੀ ਜਿਵੇਂ ਵਿਛੀ ਧਰਿ ਆਸ਼ਾ
ਮਿਹਰਾਂ-ਮੀਂਹ ਉਡੀਕਾਂ ਵਿਚ,
ਮਿਹਰਾਂ-ਮੀਂਹ ਵਸਾਵਣ ਵਾਲਾ
ਤੁਠਸੀ ਆਪੇ ਤੇਰਾ ਸਹੁ। 2.
ਸਦਕੇ ਤੇਰੀ ਜਾਦੂਗਰੀ ਦੇ
ਮੇਰੇ ਅੰਦਰ, ਧੁਰ ਅੰਦਰ, ਧੁਰ ਅੰਦਰ ਦੇ
ਕਿਸੇ ਉਹਲੇ ਲੁਕੇ ਮੇਰੇ ਪ੍ਰੀਤਮ!
ਹਾਂ,
ਟੁੰਬਨੇ ਓ ਅਪਣੀਆਂ ਸੰਗੀਤਕ ਟੁੰਬਾਂ ਨਾਲ,
ਜਗਾ ਦੇਨੇ ਓ ਤਰਬਾਂ ਤਾਰਾਂ
ਅੰਦਰਲੇ ਦੀਆਂ,
ਗਾਉਂਦੀਆਂ ਹਨ ਉਹ ਗੀਤ
-ਤੁਸਾਂ ਜੀ ਦੇ ਬਿਰਹੇ,
ਤੁਸਾਂ ਜੀ ਦੇ ਮਿਲਨ ਦੇ ਤਰਾਨੇ-
ਜੋ ਕਰਦੇ ਹਨ ਜਾਦੂਗਰੀ ਮੇਰੇ ਹੀ ਉੱਤੇ।
ਮੇਰੀ ਮੈਂ ਬਿਰ ਬਿਰ ਤਕਦੀ
ਰਹਿ ਜਾਨੀ ਏ ਕੰਬਦੀ ਤੇ ਥਰਰਾਂਦੀ।
... ... ... ...
ਨੀਂਦ, ਹਾਂ ਖੱਸ ਲਿਜਾਂਦੇ ਹੋ ਮੇਰੀ ਨੀਂਦ।
ਜਾਗ, ਹਾਂ ਲਰਜ਼ਦੀ ਹੈ ਮੇਰੀ ਜਾਗ,
ਜਿਵੇਂ ਲਰਜ਼ਦੀ ਏ ਤਿੱਲੇ ਦੀ ਤਾਰ
ਸੁੰਦਰੀ ਦੇ ਪੱਲੇ ਨਾਲ ਪਲਮਦੀ।
... ... ... ...
ਆਹ ਪ੍ਰੀਤਮ!
ਦਿੱਸਣ ਦੇ ਉਹਲੇ ਲੁਕੇ ਪ੍ਰੀਤਮ!
ਕੋਲ ਕੋਲ ਪਰ ਦੂਰ ਦੂਰ,
ਦੂਰ ਦੂਰ ਪਰ ਕੋਲ ਕੋਲ,
ਸਦਕੇ ਤੇਰੀ ਜਾਦੂਗਰੀ ਦੇ।
... ... ... `...
ਰਸਨਾ! ਚੁਪ!
ਹਾਂ, ਕੰਬਦੀ ਥਰਕਦੀ ਰਸਨਾ ਚੁਪ।
ਸਖੀਏ!
ਏਥੇ ਬੋਲਣ ਦੀ ਨਹੀਂ ਜਾਅ। 3.
ਲੱਗ ਗਈ ਸੀ ਬਾਲੀ ਉਮਰੇ
ਬਾਲੀ ਸਾਂ ਮੈਂ ਅਜੇ ਇਕ ਬਾਲੀ ਖੇਲਦੀ, ਖੇਲਦੀ
ਸਾਂ ਗੁਡੀਆਂ ਪਟੋਲੇ ਬਾਲਿ ਮੈਂ।
ਸਹੀਆਂ ਵਿਚ ਪਾਂਦੀ ਸਾਂ ਮੈਂ ਖੇਨੂੰਆਂ ਦੇ ਥਾਲ
ਤੇ ਗਾਂਦੀ ਸਾਂ ਮੈਂ ਗੀਤ ਅਪਣੇ ਵੀਰਾਂ ਦੇ ਨਾਲ।
ਬਾਲੀ ਸੀ ਵਰੇਸ ਮੇਰੀ ਅਜੇ ਅਨਜਾਣ।
`... `... `...
ਸੁੱਤੀ ਪਈ ਘੂਕ ਸਾਂ ਮੈਂ ਬਚਪਨੇ ਦੀ ਨੀਂਦ,
ਕੋਲ ਸੀ ਨ ਕੋਈ ਮੇਰੇ ਦਾਈ, ਮਾਈ, ਬਾਪ।
ਪਾ ਰਿਹਾ ਸੀ ਚਾਂਦਨੀ ਉਹ ਚੰਦ ਅਰਸ਼ ਤੋਂ,
ਤਾਰੇ ਸੁਟ ਰਹੇ ਸਨ ਮਿੱਠੀ ਮਿੱਠੀ ਲੋਅ-
ਮਿੱਠੀ ਮਿੱਠੀ ਲੋਅ- ਮੇਰੇ ਚਿਹਰੇ ਉੱਤੇ ਲੋਅ।
`... `... `...
ਆਏ ਤੁਸੀਂ ਛੋਪਲੇ ਤੇ ਹੋਰ ਛੋਪਲੇ
ਚੁੰਮ ਲਿਆ ਮੱਥਾ ਵਿਚ ਚਾਂਦਨੀ ਚਮੱਕ,
ਦਿੱਤੀਓ ਨੇ ਛਾਪ ਪਾਇ ਚੀਚੀ ਉਂਗਲੀ,
ਫੇਰ ਕੰਨਾਂ ਵੱਲ ਝੁਕੇ, ਆਖਿਓ ਨੇ ਕੁਝ।
ਸੁੱਤੀ ਪਈ ਮੈਂਅ ਖ਼ਬਰੇ ਵਿਚੋਂ ਜਾਗਦੀ,
ਚਲੇ ਗਏ ਛੋਪਲੇ ਤੇ ਹੋਰ ਛੋਪਲੇ।
`... `... `...
ਜਾਗੀ, ਫੇਰ ਜਾਗੀ ਮੈਂ ਸਾਂ ਬਾਲੀ, ਨੀਂਦਰੋਂ,
ਤੱਕਾਂ ਹੋਰ ਹੋਈ, ਮੈਂ ਹਾਂ ਹੋਰ ਹੋ ਗਈ,
ਹਾਂ, ਓਪਰੀ ਹੋ ਗਈ ਸਾਂ, ਮੈਂ ਅਪਣੇ ਆਪ ਨੂੰ।
ਸੋਚਾਂ ਪਈ, - 'ਗਈ ਸਾਂ ਗੁਆਚੀ ਮੈਂ ਕਿਤੇ?
ਕਿ ਆਈ ਹਾਂ ਪਰੱਤ ਮੈਂ ਗੁਆਚੀ ਕਿੱਧਰੋਂ?
ਸਮਝੇ ਨ ਪਵੇ ਮੇਰੇ ਬਾਲਿ ਬੁੱਧ ਦੇ।
ਮੱਥੇ ਝਰਨਾਟ ਮੇਰੇ ਛਿੜੇ ਪਲ ਪਲੇ
-ਸੁਹਣੀ ਝਰਨਾਟ ਉਹ ਸੀ ਕੰਬੇ ਲਾਵਣੀ-
'ਹੋ ਗਿਆ ਕੀ ਮੱਥੇ ਮੇਰੇ?' ਸੁਰਤਿ ਨਾ ਪਵੇ।
ਚੀਚੀ ਪਈ ਕੰਬੇ ਥਿਰਕਾਵੇ ਦਿਲੇ ਨੂੰ,
ਛਾਪ ਮੈਨੂੰ ਪੈ ਗਈ ਏ ਸੁਪਨ ਵਿਚ ਹੀ।
ਤੱਕਾਂ ਫੇਰ ਥੇਵਾ, ਵਿਚ ਹਰਫ਼ ਚਮਕਦੇ
"ਸਾਂਈਆਂ ਮੇਰੇ ਸਾਂਈਆਂ” ਏ ਲਿਖਤ ਉੱਕਰੀ।
ਕੰਨਾਂ ਵਿਚ ਝਰਨ ਝਰਨ, ਸੱਦ ਗੂੰਜਦੀ,
"ਸਾਂਈਆਂ ਮੇਰੇ ਸਾਂਈਆਂ” ਦਾ ਗੀਤ ਹੋ ਰਿਹਾ।
ਲੱਗ ਗਈ ਲੱਲ ਮੈਂ ਅਜਾਣ ਬਾਲਿ ਨੂੰ
“ਸਾਂਈਆਂ ਮੇਰੇ, ਸਾਂਈਆਂ ਜੀਉ, ਸਾਂਈਆਂ ਮੇਰੇ ਓ!”
... ... ... ...
ਆਏ ਸਾਓ ਫੇਰ ਕਿਸੇ ਸੁਪਨ ਵਿਚ ਆਪ,
ਦੇਕੇ ਚਮਕਾਰਾ ਇਕ ਗਏ ਚਮਕਦੇ,
-"ਮੈਂ ਸਾਂ ਮੈਂ” ਆਖਦੇ ਸੰਗਤਿ ਰੰਗ ਵਿਚ,
ਚਾਲੇ ਪਏ, ਚਲੇ ਗਏ, ਠਹਿਰੇ ਨ ਰਤੀਕੁ।
ਜਾਗੀ ਤਾਂ ਉਹ ਲੱਲ ਸੀਗੀ ਗਈ ਵਧ ਹੋਰ
"ਸਾਂਈਆਂ ਸਾਂਈਆਂ” ਆਖਦੀ "ਆ ਜਾਓ ਮੇਰੇ ਕੋਲ”
"ਕੋਲ ਕੋਲ, ਪਾਸੋ ਪਾਸ, ਉਰੇ, ਨਾਲ ਨਾਲ,
"ਆ ਜਾਓ ਜੀ ਸਾਂਈਆਂ! ਹਾਂ ਆ ਜਾਓ ਜ਼ਰੂਰ।
"ਅਪਣੇ ਹੋਠੀ ਚੁੰਮਿਆ ਆ ਤੱਕੋ ਥਰਕਦਾ
"ਮੱਥਾ ਮੇਰਾ ਤੱਕੋ, ਨਾਲ ਚੀਚੀ ਕੰਬਦੀ-
"ਹਾਂ, ਪਾਈ ਛਾਪ ਆਪਦੀ ਸਣੇ ਓ ਕੰਬਦੀ;
"ਮੰਗਦੀ ਏ ਛੋਹ ਤੇਰੇ ਚਰਨ ਕਮਲ ਦੀ,
"ਲੋਚਦੀ ਦੀਦਾਰ ਤੇਰੇ ਨੂਰੀ ਰੂਪ ਦਾ।” 4.
ਵਡਮੁੱਲੀ ਦਾਤ
ਕਿਸੇ ਦੱਸਿਆ:
ਆਏ ਨੇ ਤੇਰੇ ਰਾਜਨ ਅੱਜ,
ਗਏ ਨੇ ਮੰਦਰ।
ਮਗਰੇ ਕੀਤੀ ਮੈਂ ਧਾਈ।
ਅੱਜੇ ਪਹੁਤੀ ਸਾਂ ਅੱਡੇ
ਕਿ ਕੰਨੀ ਪੈ ਗਈ ਝੁਨਕਾਰ
ਘੁੰਗਰੂ ਝੁਨਕਾਰ ਰਥ-ਘੋੜਿਆਂ ਦੇ ਗਲੇ ਦੀ।
ਟਕ ਬੰਨ੍ਹ ਕੇ ਖਲੀ ਮੈਂ ਰਾਹ ਦੇ ਉਤੇ,
ਦਰਸ਼ਨ ਮਿਲਣਗੇ, ਹੋਣਗੇ ਦੀਦਾਰ।
ਤੱਕਦੇ ਹੋਣਗੇ ਸਾਂਈਆਂ ਜੀ ਰਥ ਤੋਂ ਬਾਰ੍ਹ
ਨਜ਼ਰਾਂ ਸਵੱਲੀਆਂ ਦੇ ਨਾਲ-ਇਕ ਵਾਰ।
... ... ...
ਰਥ ਆ ਗਿਆ ਸੋਚਣ ਦੇ ਨਾਲ,
ਦਿੱਸ ਪਏ ਸੁਹਣੇ ਦੀਦਾਰ:
"ਸਾਂਈਆਂ ਜੀਓ!”
ਹਾਂ ਦਿੱਸ ਪਏ ਦੀਦਾਰ।
"ਸਾਂਈਆਂ ਜੀਓ!”
... ... ...
ਪਰ ਲੈ ਗਏ ਰਥ ਨੂੰ ਉਡੰਦੇ
ਹਵਾ ਨਾਲ ਗੱਲਾਂ ਕਰਨ ਵਾਲੇ ਘੋੜੇ
ਪਲੋ ਪਲੀ ਵਿਚਕਾਰ।
ਹਾਂ, ਪੈ ਗਈਆਂ ਲੀਹਾਂ ਸੜਕ ਦੀ ਧੂੜੀ ਵਿਚਕਾਰ।
ਸੋ ਧੂੜੀ ਵਿਚ ਲੀਹਾਂ ਦੇ ਪਾਸ
ਮੈਂ ਪੱਬਾਂ ਦੇ ਭਾਰ
ਹਾਂ, ਪੱਬਾਂ ਦੇ ਭਾਰ
ਬਹਿਕੇ
ਚਾਈ ਧੂੜੀ ਸੱਜੇ ਹੱਥ ਨਾਲ
ਲਾਈ ਮੱਥੇ ਤੇ, ਹਾਂ,
ਚੜ੍ਹਾਈ ਮੱਥੇ ਤੇ ਸੁਹਣੀ ਰਵਾਲ।
ਆਖਾਂ: ਮਨਾਂ! ਕਰ ਵੀਚਾਰ
ਇਹ ਥੀ ਹਈ ਦਾਤ–
ਭਰ ਭਰ ਆਉਂਦੇ ਸਨ ਨੈਣ,
ਧੂੜੀ ਮੱਥੇ ਨੂੰ ਚੰਮੜੇ;
ਕਰਦੀ ਰਸਨਾ ਪੁਕਾਰ:
ਏ ਵਡ-ਮੁੱਲਵੀਂ ਦਾਤ।
ਹਾਂ, ਹਈ ਕਰਾਮਾਤ
ਮਿਲਨੀ ਧੂੜੀ ਦੀ ਦਾਤ
ਨਾਲ ਦਰਸ਼ਨ ਦੀ ਝਾਤ,
ਏ ਵਡਮੁੱਲਵੀਂ ਦਾਤ,
ਏ ਵਡਮੁੱਲਵੀਂ ਦਾਤ। 5.
ਵਾਂਸ ਦੀ ਪੋਰੀ
ਜਦੋਂ ਗਾਂਦੀ ਹਾਂ ਸਾਂਈਆਂ! ਤੈਂ ਗੀਤ
ਤਦੋਂ ਵੱਸਨੀ ਆਂ ਵਿਚ ਹਜ਼ੂਰੀ,
ਗ਼ਾਇਬ ਹੋ ਜਏ ਜਦੋਂ ਹਜ਼ੂਰੀ
ਤਦੋਂ ਆਂਦੀ ਏ ਬੰਦੀ ਨੂੰ ਸੂਝ:-
ਤੁਸੀਂ, ਹਾਂ ਤੁਸੀਂ ਸਾਓ ਗਾਵਿਆਂ ਗੀਤ,
ਮੈਂ ਸਾਂ ਵਾਂਸ ਦੀ ਪੋਰੀ, ਬੇ ਜਾਨ,
ਭਰੀ ਹੋਈ ਸਾਂ ਛੇਕਾਂ ਦੇ ਨਾਲ।
ਤੁਸੀਂ ਭਰਦੇ ਹੋ ਗੀਤਾਂ ਦੇ ਨਾਲ,
ਮੈਂ ਵਾਂਸ ਦੀ ਪੋਰੀ ਨੂੰ ਆਪ
ਪਲਕੀਂ ਕਰਦੇ ਹੋ ਆਕੇ ਨਿਹਾਲ। 6.
––––––––––
ਪੋਰੀ = Segment of Bomboo = ਵੰਜਲੀ=ਬਨਸਰੀ ।
ਰਸ, ਰਸੀਆ, ਰਸਾਲ
ਵੀਣਕਾਰ ਨੂੰ ਵੀਣਾ ਪਈ ਆਖੇ:-
'ਤੇਰੇ ਗੀਤਾਂ ਨੂੰ ਚਾੜ੍ਹਾਂ ਮੈਂ ਰੰਗਣ।
ਵੀਣਕਾਰ ਨੇ ਪਰੇ ਚਾ ਰੱਖੀ
ਦਿੱਤੀ ਨਾਲ ਗਿਲਾਫ਼ ਲਪੇਟ,
ਤਦੋਂ ਆ ਗਈ ਵੀਣਾਂ ਨੂੰ ਹੋਸ਼:-
"ਮੈਂ ਸਾਂ ਲੱਕੜੀ, ਤੰਦੀ ਤੇ ਤਾਰ,
ਜਿੰਦ ਹੀਣੀ ਸੀ ਮੈਂਡੜੀ ਦੇਹਿ।
ਇਹ ਤਾਂ ਸਾਂਈਆਂ ਦਾ ਜਾਦੂ ਅਮੇਟ
ਭਰ ਦੇਂਦਾ ਸੀ ਨਾਲ ਸੰਗੀਤ
ਰਗੋ ਰੇਸ਼ਾ ਮੇਰਾ ਤਾਰ ਤਾਰ,
ਤਦੋਂ ਬੋਲਦੀ ਸਾਂ ਪ੍ਯਾਰ ਪ੍ਯਾਰ,
ਫੇਰ ਸਾਂਈਆਂ ਸੀ ਗਾਂਦਾ ਮੈਂ ਨਾਲ,
ਮੋਹਿਤ ਹੁੰਦਾ ਸੀ ਸੁਣਦਾ ਸੰਗੀਤ,
ਹਾਂ, ਗਾਂਦਾ ਵਜਾਂਦਾ ਸੀ ਆਪ,
ਫੇਰ ਝੂੰਮਦਾ ਸੀ ਆਪੇ ਆਪ,
ਰਸ ਲੈਂਦਾ ਸੀ ਆਪ ਰਸਾਲ
... ... ...
ਵਾਹ ਵਾ ਚੋਜ ਤੇਰੇ, ਮੇਰੇ ਸਾਂਈਆਂ!
ਤੇਰੇ ਗੀਤਾਂ ਦੀਆਂ ਤੈਨੂੰ ਵਧਾਈਆਂ,
ਤੂੰਹੋਂ ਗੀਤ ਸੰਗੀਤ ਤੇ ਸੁਆਦ,
ਰਸ, ਰਸੀਆ ਤੇ ਆਪ ਰਸਾਲ।” 7.
ਮਿਲ ਵੇਲਾ ਊ
ਨਦੀ ਕਿਨਾਰੇ ਕੂਕ ਪੁਕਾਰਾਂ,
ਉੱਮਲ ਉੱਮਲ ਬਾਂਹ ਉਲਾਰਾਂ,
'ਸਾਂਈਆਂ' 'ਸਾਂਈਆਂ ਹਕਲਾਂ ਮਾਰਾਂ,
ਤੂੰ ਸਾਜਨ ਅਲਬੇਲਾ ਤੂੰ !
'ਤਰਕੇ ਆਵਾਂ' ਜ਼ੋਰ ਨ ਬਾਹੀਂ,
ਸ਼ੂਕੇ ਨਦੀ ਕਾਂਗ ਭਰ ਆਹੀ,
'ਤੁਰ ਕੇ ਆਵਾਂ' ਰਾਹ ਨ ਕਾਈ,
ਸਾਜਨ ਸਖਾ ਸੁਹੇਲਾ ਤੂੰ !
ਤੁਲਹਾ ਮੇਰਾ ਬਹੁਤ ਪੁਰਾਣਾ,
ਘਸ ਘਸ ਹੋਇਆ ਅੱਧੋਰਾਣਾ,
ਚੱਪੇ ਪਾਸ ਨ, ਕੁਈ ਮੁਹਾਣਾ,
ਚੜ੍ਹ ਕੇ ਪਹੁੰਚ ਦੁਹੇਲਾ ਉ।
ਬੱਦਲਵਾਈ ਕਹਿਰ ਹਵਾਈ,
ਉਡਨ-ਖਟੋਲੇ ਵਾਲੇ ਭਾਈ,
ਧੂਮ ਮਚਾਈ, ਦਈ ਦੁਹਾਈ:
-'ਏ ਨਾ ਉੱਡਣ ਵੇਲਾ ਉ’।
ਬੇ ਵਸੀਆਂ ਹਦ ਟੱਪੀਆਂ ਸਾਂਈਆਂ!
ਤਾਂਘ ਮਿਲਣ ਦੀ ਦੂਣ ਸਵਾਈਆ,
ਕੂਕ ਪੁਕਾਰਾਂ, ਮੇਰੇ ਸਾਂਈਆਂ!
ਆ ਆਪੇ ਕਰ ਮੇਲਾ ਤੂੰ !
ਤੂੰ ਸਮਰੱਥ ਸ਼ਕਤੀਆਂ ਵਾਲਾ,
ਜੋ ਚਾਹੇਂ ਕਰ ਸਕੇਂ ਸੁਖਾਲਾ,
ਫਿਰ ਤੂੰ ਮਿਹਰਾਂ ਤਰਸਾਂ ਵਾਲਾ,
ਕਰ ਛੇਤੀ 'ਮਿਲ-ਵੇਲਾ' ਊ!
ਚਾਹੋ ਹੈਂ ਅਲਬੇਲਾ ਤੂੰ !
ਪਰ
ਸਾਜਨ ਸਖਾ ਸੁਹੇਲਾ ਤੂੰ !
ਆ ਆਪੇ ਕਰ ਮੇਲਾ ਤੂੰ !
ਕਰ ਛੇਤੀ 'ਮਿਲ-ਵੇਲਾ' ਊ! 8.
ਜਾਂਦਾ ਆਪ ਹਾਂ ਉਹਨਾਂ ਦੇ ਦੁਆਰ
ਮੈਂ ਬਕਰੀਆਂ ਚਾਰਦੀ,
ਦੁਪਹਿਰਾਂ ਦੇ ਸੂਰਜ ਤੋਂ ਥੱਕੀ,
ਚਿਨਾਰ ਦੀ ਛਾਵੇਂ ਪੱਥਰ ਸ਼ਿਲਾ ਤੇ ਬੈਠੀ ਨੂੰ
ਮੇਰੇ ਰਾਜਨ! ਤੇਰੇ ਸਿਪਾਹੀ ਨੇ
ਤੇਰਾ ਹੁਕਮ ਸੁਣਾਇਆ:-
'ਰਾਤ, ਹਾਂ ਅੱਧੀ ਰਾਤ
ਆ ਮਹਿਲੀਂ, ਖੜਕਾ ਦਰਵਾਜ਼ਾ
ਪਾਤਸ਼ਾਹੀ ਮਹਲ ਦਾ-
ਪਿਛਵਾੜੇ ਪਾਸੇ ਦਾ ਦਰਵਾਜ਼ਾ।’
ਖੋਲੇਗਾ ਆਪ ਆ ਰਾਜਾ
ਅਪਨੇ ਕਿਵਾੜ।
ਹਾਂ ਰੁਲਦੀਏ ਖੁਲਦੀਏ !
ਭਾ ਗਿਆ ਏ ਰਾਜਾ ਨੂੰ,
ਤੇਰਾ ਲੀਰਾਂ ਲਪੇਟਿਆ ਰੂਪ।
... ... ...
ਕੰਬਦੀ ਤੇ ਓਦਰਦੀ
ਕਦੇ ਅਮੰਨਾ ਕਰਦੀ
ਕਦੇ ਹਾਸੀ ਸਮਝਦੀ,
ਮੈਂ ਤੁਰ ਹੀ ਪਈ ਅੱਧੀ ਰਾਤ।
ਤੁਰਦੀ ਤੇ ਠਹਿਰਦੀ,
ਕਦੇ ਠੁਮਕਦੀ, ਕਦੇ ਥਿਰਕਦੀ,
ਆ ਪਹੁੰਚੀ ਹਾਂ ਤੇਰੇ ਦੁਆਰ
ਰਾਜਾ ਜੀ! ਖੁਹਲੋ ਕਿਵਾੜ!
... ... ...
ਮੇਰੇ ਭਾਗਾਂ ਨੇ ਆਂਦੇ ਨੇ ਮੇਘ
ਆ ਜੁੜੇ ਨੇ ਵਿੱਚ ਅਕਾਸ਼,
ਛਾ ਗਿਆ ਹਨੇਰਾ ਚੁਫੇਰ,
ਆਈ ਠੁਹਕਰਾਂ ਖਾਂਦੀ ਮੈਂ ਢੇਰ
ਨੱਪਦੀ ਆਸਾ ਦਾ ਲੜ ਘੁੱਟ ਘੁੱਟ
ਆ ਪਹੁੰਚੀ ਹਾਂ ਤੇਰੇ ਦੁਆਰ,
ਰਾਜਾ ਜੀ! ਖੁਹਲੋ ਕਿਵਾੜ!
... ... ...
ਲਹਿ ਪਈਆਂ ਨੀ ਬੂੰਦਾਂ ਹੁਣ, ਹਾਇ,
ਝੁੱਲ ਪਈ ਏ ਪੂਰੇ ਦੀ ਪੌਣ,
ਮੇਰੇ ਰਾਜਾ!
ਗੜ੍ਹਕਦੀ ਏ ਬਿਜਲੀ ਅਕਾਸ਼,
ਨਾਲ ਗੱਜਦੀ ਏ ਬੱਦਲਾਂ ਦੀ ਫੌਜ।
ਚੁੰਧਿਆਂਦੀ ਏ ਅੱਖਾਂ ਨੂੰ ਲਿਸ਼ਕ,
ਪਰ ਦਿਖਾ ਜਾਂਦੀ ਏ ਬੰਦ ਕਿਵਾੜ,
ਤੇਰੇ, ਰਾਜਾ ਜੀ! ਬੰਦ ਕਿਵਾੜ,
ਖੋਲ੍ਹ ਆਪਣੇ ਬੰਦ ਕਿਵਾੜ!
... ... ...
ਕਿਥੇ ਓ ਬੰਦ ਕਿਵਾੜ?
ਮੈਂ ਤਾਂ ਮਰ ਗਈ ਸਾਂ ਤੇਰੇ ਦੁਆਰ
ਤੇਰੇ ਦੇਖਕੇ ਬੰਦ ਕਿਵਾੜ,
ਖਾਕੇ ਮੀਹਾਂ ਦੀ ਹਾਇ ਬੁਛਾੜ।
... ... ... ...
ਇਹ ਤਾਂ ਮੇਰੀ ਹੈ ਆਪਣੀ ਛੰਨ-
ਕੁੱਲੀ ਕੱਖਾਂ ਦੀ ਕਾਨਯਾਂ ਦੀ ਛੰਨ,
ਵਿਚ ਬੈਠੇ ਨੇ ਮੇਰੇ ਮਹਾਂਰਾਜ-
ਰਾਜਾ ਜੀ ਰਾਜਾ ਮਹਾਂਰਾਜ।
ਕਿਞ ਗਏ ਹੋ ਆ ਮੇਰੀ ਕੱਖਾਂ ਦੀ ਛੰਨ ?
ਕਿਞ ਗਈ ਹਾਂ ਆ- ਦੇਖ ਬੰਦ ਕਿਵਾੜ ?
... ... ... ...
ਲੈਕੇ ਝੋਲੀ ਦੇ ਮੈਂ ਵਿਚਕਾਰ
ਕੀਤੇ ਰਾਜੇ ਨੇ ਬੁੱਲ੍ਹ ਉਘਾੜ:-
"ਜੇਹੜੇ ਕਰਦੇ ਨੇ ਮੈਨੂੰ ਪਿਆਰ
"ਓਹ ਜਾਂਦੇ ਨੇ ਮੇਰੇ ਦੁਆਰ
"ਕਿਵੇਂ ਮਿਲ ਜਏ ਉਨ੍ਹਾਂ ਦੀਦਾਰ।
“ਪਰ ਕਰਦਾ ਮੈਂ ਜਿਨ੍ਹਾਂ ਨੂੰ ਪਿਆਰ,
"ਜਾਂਦਾ ਆਪ ਹਾਂ ਉਹਨਾਂ ਦੇ ਦੁਆਰ,-
"ਦੁਆਰ ਉਹਨਾਂ ਦਾ ਮੇਰਾ ਦੁਆਰ।” 9.
ਹਜ਼ੂਰੀ
ਸਹੀਓ ਨੀ! ਸ਼ਹੁ ਆਪ ਨ ਆਯਾ,
ਪਰ ਉਸ ਨੇ ਨਿਜ ਘੱਲ ਹਜ਼ੂਰੀ
ਕਰ ਲਿਆ ਹਾਜ਼ਰ ਸਾਨੂੰ ਆਪ,
ਮੱਲੋ ਮੱਲੀ ਜੋਰੋ ਜੋਰੀ
ਕਰ ਲਿਆ ਹਾਜ਼ਰ ਵਿਚ ਹਜ਼ੂਰਿ-
ਕੋਲੋ ਕੋਲ ਤੇ ਨਾਲੋ ਨਾਲ,
ਦੂਰੀ ਸੱਟੀ ਦੂਰ ਨਿਕਾਲ,
ਸਾਂਈਆਂ ਜੀ ਦਾ ਤੱਕ ਕਮਾਲ
ਦੂਰੀ ਸੱਟੀ ਦੂਰ ਨਿਕਾਲ। 10.
ਸਾਂਈਆਂ ਜੀ ਦੀ ਸਿਆਣ
ਏ ਕੌਣ ਹਨ ਜੋ ਆਖਦੇ ਹਨ:
"ਤੇਰੇ ਸਾਂਈਆਂ ਜੀ ਸਿਆਣ ਨਹੀਂ ਹੁੰਦੇ”?
ਮੇਰੇ ਸਾਈਆਂ!
ਸਿਆਣ ਲੈਂਦੇ ਹਨ ਨੈਣਾਂ ਵਾਲੇ ਤੈਨੂੰ!
ਤੇਰੀ ਡੁਲ੍ਹ ਡੁਲ੍ਹ ਪੈ ਰਹੀ ਸੁੰਦਰਤਾ ਤੋਂ
ਜੋ ਨਜ਼ਾਰਿਆਂ ਤੋਂ ਨਜ਼ਰਾਂ ਤੇ ਪਈ ਪੈਂਦੀ ਏ।
ਸਿਆਣ ਲੈਂਦੇ ਹਨ ਕੰਨਾਂ ਵਾਲੇ ਤੈਨੂੰ!
ਤੇਰੀ ਸੰਗੀਤਕ ਸ਼ਬਦ ਗੂੰਜ ਤੋਂ
ਜੋ ਹੋ ਰਹੀ ਹੈ ਸਾਰੇ ।
ਹਾਂ ਉਛਲ ਕੁੱਦ ਨਚਦੀਆਂ
ਸੁਰੀਧੀਆਂ ਸਿਆਣ ਦੇ ਦੇਂਦੀਆਂ ਹਨ
ਮਗ਼ਜ਼ਾਂ ਵਾਲਿਆਂ ਨੂੰ ਤੇਰੀ, ਮੇਰੇ ਸਾਈਆਂ!
ਫੇਰ ਤ੍ਰੈਹਾਂ ਤੋਂ ਵੱਖਰੇ
ਸਿਆਣ ਲੈਂਦੇ ਹਨ ਤੈਨੂੰ
ਤੇਰੀ ਝਰਨ ਝਰਨ ਲਾਉਣ ਵਾਲੀ ਛੋਹ ਤੋਂ।
... ... ...
ਤੇਰੀਆਂ ਝਰਨ ਝਰਨ ਪੈ ਰਹੀਆਂ
ਅੰਮ੍ਰਿਤ ਬੂੰਦਾਂ
ਜੋ ਪਪੀਹੇ ਵਤ
ਕੂਕਦਿਆਂ ਦੇ ਮੂੰਹ ਆ ਪੈਂਦੀਆਂ ਹਨ
ਕਿਸੇ ਸੁਆਂਤੀ ਨਛੱਤਰੇ,
ਦਸਦੀਆਂ ਹਨ ਤੇਰੀ ਹੋਂਦ ਦਾ ਸੁਆਦ
ਰਵਾਨੀ ਰਸਨਾ ਵਾਲਿਆਂ ਨੂੰ
ਪੰਜਾਂ ਦੇ ਰਸੀਆਂ ਤੋਂ ਰਸ-ਉੱਚਿਆਂ ਨੂੰ।
ਹਾਂ!
ਲਖਾ ਦੇਨੇ ਹੋ ਤੁਸੀਂ ਆਪ:
-ਦਾਈ ਫੁਲਾਂ ਸਿਹਰੇ ਕਰਦੇ- ਉਨ੍ਹਾਂ ਦੇ
ਅਪਣੇ ਮਨ ਮੰਡਲ ਦੇ ਪਿਛਵਾਰ ਖਲੋਤੇ-
ਕਦੇ ਅੱਗੇ ਵਧਦੇ, ਪਿੱਛੇ ਹਟਦੇ,
ਰਲਦੇ, ਵੱਖ ਹੁੰਦੇ, ਘੁਟ ਘੁਟ ਮਿਲਦੇ,
ਮਿਲ ਮਿਲ ਜਾਂਦੇ,
ਨਦੀ-ਸਾਗਰ ਦੇ ਸੰਗਮ ਵਾਂਙੂ। 11.
ਨਿਕੀ ਗੋਦ ਵਿਚ
ਅਜ ਨੂਰ ਦੇ ਤੜਕੇ
ਜਦੋਂ ਲੈ ਰਹੀ ਸੀ 'ਸਵੇਰ' ਅੰਗੜਾਈਆਂ
ਪਹੁ ਫੁਟਾਲੇ ਦੀ ਗੋਦ ਵਿਚ;
ਇਕ ਖਿੜੇ ਗੁਲਾਬ ਦੀ ਕੂਲੀ ਗੋਦ ਵਿਚ
ਤੁਸੀਂ ਖੇਲ ਰਹੇ ਸਾਓ ਮੇਰੇ ਸਾਂਈਆਂ!
ਕਿੰਞ, ਹਾਂ ਕਿੰਞ! ਆ ਗਏ ਸਾਓ
ਓਸ ਨਿੱਕੀ ਗੋਦ ਵਿਚ ?
ਮੇਰੇ ਐਡੇ ਵਡੇ ਵਿਸ਼ਾਲ ਸਾਂਈਆਂ! 12.
ਮਿਲਸੋ ਹਾਂ ਮਿਲਸੋ ਜ਼ਰੂਰ
"ਮੈਂ ਮਿਲਿਆ ਸਾਂ”
ਮਿਲੇ ਸਾਓ, ਜੀ ਮਿਲੇ ਸਾਓ,
ਹਾਂ ਮਿਲੇ ਸਓ ਜ਼ਰੂਰ,
ਮਿਲਕੇ ਮਿਲਨ-ਤਾਂਘ ਕਰ ਗਏ ਸਓ
ਹਾਂ ਕਰ ਗਏ ਸਓ ਤਿੱਖੀ ਦੂਣ ਸਵਾਈ।
"ਮਿਲਸਾਂ"
ਹਾਂ ਕਹਿ ਗਏ ਸਾਓ 'ਮਿਲਸਾਂ'
ਕੰਨੀਂ ਗੂੰਜਦੇ ਹਨ ਵਾਕ
ਦਹ ਗੁਣਾਂ ਹੋਕੇ ਤੇਜ਼।
"ਮਿਲਦਾ ਸਾਂ"
ਹਾਂ ਸੁਪਨਿਆਂ ਵਿਚ ਪਾਂਦੇ ਹੋ ਫੇਰੀ,
ਜਾਗਿਆਂ ਦੂਣ ਸਵਾਇਆ ਫਿਰਾਕ*
ਹਾਂ ਦੂਣ ਸਵਾਇਆ ਫਿਰਾਕ।
"ਮਿਲਸੋ?"
ਕਹਿ ਜੁ ਗਏ ਸਓ 'ਮਿਲਸਾਂ'
ਸੋ ਮਿਲਸੋ ਜ਼ਰੂਰ।
ਪਰ ਏ ਮਹੀਨੇ, ਸਾਤੇ ਤੇ ਦਿਨ
ਘੜੀਆਂ ਪਲਾਂ ਹੋ ਲੱਖ ਹਜ਼ਾਰ
-ਵਗਦੇ ਪਾਣੀ ਦੀ ਲਹਿਰਾਂ ਦੇ ਵਾਂਙ-
ਲੰਘ ਲੰਘ ਗਈਆਂ ਹਨ ਲੱਖ ਹਜ਼ਾਰ।
–––––––––
* ਫਿਰਾਕ = Seperation = ਵਛੋੜਾ
ਕੂਲ ਕਿਨਾਰੇ ਇਕ ਬੈਠਾ ਏ ਬਾਲ
ਪਿਆ ਗਿਣਦਾ ਏ ਲੰਘਦੇ ਤਰੰਗ,
ਨਾ ਮੁਕਦੇ, ਨਾ ਮੁਕਦੀ ਏ ਗਿਣਤਿ।
ਪਲਾਂ ਫਿਰਾਕ ਨਦੀ ਦੀਆਂ ਲੱਖ
ਲੰਘ ਲੰਘ ਜਾਂਦੀਆਂ ਮੁਕਦੀਆਂ ਨਾਹਿ।
ਮਿਲਸੋ ਮੁੱਕੀਆਂ ਤੇ ਸਾਂਈਆਂ ਆਕੇ
ਕਿ ਮਿਲਸੋ ਵਗਦੀਆਂ ਦੇ ਵਿਚਕਾਰ?
... ... ... ...
ਵਾਕ ਸੱਤ ਤੁਹਾਡੇ ਇਕਰਾਰ,
ਮਿਹਰਾਂ ਸਤਿ ਤੇ ਸਤਿ ਹਨ ਬੋਲ,
ਪਰ ਮੈਂ ਬਾਲਿ ਬੇਸਬਰੀ ਹਾਂ ਬਾਲਿ,
ਮੈਨੂੰ ਛੇਤੀ ਤੇ ਕਾਹਲੀ ਦੀ ਬਾਣ।
ਨਾ ਕਰ ਸਾਂਈਆਂ ਜੀਓ! ਹੁਣ ਦੇਰ,
ਮਿਲਸੋ ਹਾਂ ਮਿਲਸੋ ਜ਼ਰੂਰ।
ਏਸ ਆਸਰੇ ਏਸ ਆਧਾਰ
ਲੰਮੀ ਹੋ ਰਹੀ ਏ ਜਿੰਦ ਦੀ ਡੋਰ
ਸਾਂਈਆਂ ਜੀਓ!
ਮੈਂਡੀ ਜਿੰਦ ਦੀ ਡੋਰ। 13.
ਬੋਲਣ ਦਾ ਨਹੀਓਂ ਤਾਣ
ਮੇਰੀ ਯਾਦ, ਹੈਂ ਮੇਰੀ ਓ ਯਾਦ
ਮੇਟ ਦੇਂਦੀ ਏ ਵਿੱਥ, ਮੈਂ ਸਾਈਆਂ!
ਪਰ ਜਦ ਪਾਨਾਂ ਏ ਆਨ ਗਲੱਕੜੀ,
ਵਿਚ ਜੱਫੀ ਦੇ ਲੈਨਾਂ ਏਂ ਘੁੱਟ,
ਮੂੰਹ ਬੰਦ, ਹੋ ਜਾਨੀਆਂ ਬੁੱਟ,
ਦੱਸਾਂ ਹੁੰਦਾ ਏ ਕਉਣ ਹਵਾਲ?
ਅੜਿਆ ਚੁਪ ਵੇ ਸੁਹਣਿਆ ਚੁਪ
ਏਥੇ ਬੋਲਣ ਦੀ ਨਹੀਓਂ ਵੇ ਜਾਅ।
'ਸਮਝਣ 'ਸੋਚਣ' ਤੇ 'ਬੋਲਣ’, ਦੀ ਤਾਬ
ਮੁੱਕ ਜਾਂਦੀ ਏ ਆਪਣੇ ਆਪ।
ਹਾਂ, ਵੇ ਅੜਿਆ!
ਜਦੋਂ ਲੈਨਾਂ ਏ ਜੱਫੇ 'ਚ ਘੁੱਟ,
ਰਹੇ ਬੋਲਣ ਦਾ ਨਹੀਓਂ ਤਾਣ,
ਰਹਿੰਦਾ ਬੋਲਣ ਦਾ ਨਹੀਓਂ ਤਾਣ। 14.
ਸਾਂਈਆਂ ਦਾ ਦੇਸ਼
ਅਵੇ ਕਿੰਗ ਵਜਾਂਦਿਆਂ ਜੋਗੀਆ!
ਪਿਆ ਗਾਨਾਂ ਏ ਬਿਰਹੋਂ ਦੇ ਗੀਤ,
ਪਿਆ ਫਿਰਨੈਂ ਤੂੰ ਬਾਉਲਿਆਂ ਵਾਂਗ ?
ਕੀ ਪਿੱਛਾ ਤੇਰਾ 'ਮੈਂ-ਪੀਅ’ ਦੇ ਦੇਸ਼?
ਜੇ ਪੀਆ ਦਾ ਦੇਸ਼ ਤਦ ਦੱਸ ਸੰਦੇਸ਼,
ਕੋਈ ਪੀਆ ਦੀ ਸੱਦ ਸੁਣਾ,
ਦੱਸ ਕਿਤਨੀ ਏ ਦੂਰ
ਮੇਰੇ ਸਾਂਈਆਂ ਦਾ ਦੇਸ਼ ?
ਜੋਗੀ- ਪਿੱਛਾ ਸਾਂਈਆਂ ਦਾ ਦੇਸ਼
ਤੂੰ ਸੁਣ ਮੁਟਿਆਰੇ!
ਪਿੱਛਾ ਸਾਂਈਆਂ ਦਾ ਦੇਸ਼,
ਟੁਰਿਆ ਦੇਖਣ ਸਾਂ ਦੁਨੀਆਂ
ਮੈਂ ਤਾਂ ਕਰਨੇ ਨੂੰ ਸੈਰ,
ਭੁੱਲ ਗਿਆ ਹਾਂ ਰਾਹ ਸੁਦੇਸ਼,
ਦੂਰ ਪ੍ਯਾਰੇ ਦਾ ਦੇਸ਼।
ਕੋਈ ਲੱਭਦਾ ਹਾਂ ਰਾਹ ਨਿਸ਼ਾਨ,
ਫਿਰਦਾ ਦੇਸ਼, ਬਦੇਸ਼, ਪਰਦੇਸ਼,
ਫਿਰਦਾ ਸ਼ਹਿਰ, ਗਿਰਾਂ ਤੇ ਗਲੀਆਂ,
ਫਿਰਦਾ ਜੰਗਲ ਬੇਲੇ ਹਮੇਸ਼।
ਸਾਈਆਂ ਦਾ ਦੇ ਮੇਰੇ ਸਾਂਈਆਂ ਦਾ ਦੇਸ਼।
ਕਿਤੋਂ ਲੱਭਦਾ ਨਹੀਂ ਹੈ ਰਾਹ
ਮੇਰੇ ਸਾਂਈਆਂ ਦਾ ਦੇਸ਼,
ਤੇਰੇ ਸਾਂਈਆਂ ਦਾ ਦੇਸ਼।
ਨਾਰ - ਤੂੰ ਫਿਰ ਕਿੰਗ ਵਜਾ,
ਮੈਂ ਤਦ ਗਾਨੀ ਆਂ ਗੀਤ,
ਰਲ ਕੇ ਬਿਰਹੋਂ ਦੇ ਗੀਤ।
ਕੱਲ ਪਿਆ ਆਖਦਾ ਸੀ ਇਕ ਸੰਤ:
"ਉਸ ਦੇ ਕੰਨ ਸੰਗੀਤ”
ਹਾਂ, ਸਾਂਈਆਂ ਦੇ ਕੰਨ ਸੰਗੀਤ।
ਆ ਹੁਣ ਗਾਵੀਏ ਗੀਤ,
ਉਸ ਦੀ ਮਹਿਮਾਂ ਦੇ ਗੀਤ,
ਉਸ ਦੇ ਬਿਰਹੋਂ ਦੇ ਗੀਤ। 15.
ਸ਼ਾਬਾਸ਼!
ਨਾ ਸੁਰ, ਨਾ ਤਾਰ, ਨਾ ਲੈਅ
ਨਾ ਗਮਕ, ਨਾ ਮਿਠੀ ਅਵਾਜ਼,
ਨਾਲ ਸਾਜ਼ ਦੇ ਮਿਲਨੇ ਦੀ ਜਾਚ
ਨਹੀਂ ਆਈ ਏ, ਸਾਂਈਆਂ! ਹੁਣ ਤੀਕ।
ਫੇਰ ਗਾਵਣੇ ਸੰਦੜਾ ਸ਼ੌਂਕ
ਨਹੀਂ ਮਿਟਦਾ, ਕੀ ਕਰਾਂ ਉਪਾਉ?
ਫੇਰ ਤੈਨੂੰ ਸੁਨਾਵਣ ਦਾ ਸ਼ੌਂਕ
ਵਧਦਾ ਜਾਂਦਾ ਏ ਰੋਜ਼ ਬਰੋਜ਼।
ਕਿਉਂ? ਸਾਂਈਆਂ ਜੀ ਮੇਰਿਓ! ਆਪ
ਨਹੀਂ ਪਾਂਦੇ ਓ ਝਿੜਕ, ਨਾਂ ਵੱਟ
ਸਗੋਂ ਸੁਣਦੇ ਓ ਲਾਕੇ ਧਿਆਨ,
ਝੂੰਮ ਪੈਂਦੇ ਓ ਅੱਖੀਆਂ ਮੀਟ,
ਕਦੇ 'ਸ਼ਾਬਸ਼' ਦੀ ਧੀਮੀ ਅਵਾਜ਼
ਪੈ ਜਾਂਦੀ ਏ ਮੈਂਡੜੇ ਕੰਨ। 16.
ਅੰਦਰਲੇ ਨੈਣ
ਅੱਖ- ਇਨਸਾਨ ਦੀ ਅੱਖ
ਨਹੀਂ ਸਕਦੀ ਸੀ ਤੁਸਾਂ ਨੂੰ ਦੇਖ
ਮੇਰੇ ਸਾਂਈਆਂ!
ਛਾ ਰਿਹਾ ਸੀ ਘੁੱਪ ਹਨੇਰ
ਇਸ ਦੇ ਇਲਮ ਤੇ ਅਕਲ 'ਤੇ।
ਸੱਕੇ ਹੁਣ ਬੀ ਤੁਸਾਨੂੰ ਨ ਦੇਖ
ਤਿੱਖੇ ਚਾਨਣੇ ਰਹੀ ਚੁੰਧ੍ਯਾਇ-
ਹਾਂ, ਚਾਨਣੇ ਇਲਮਾਂ ਦੇ ਤੇਜ।
ਕਰ ਦਿਓ ਇਕ ਨਜ਼ਰ ਸੁਵੱਲੀ
ਖੁਹਲ ਦਿਓ ਸੁ ਅੰਦਰਲੇ ਨੈਣ,
ਤੈਨੂੰ ਲੈਣ ਜੋ ਸਿਆਣ
ਵਿਚ ਚਾਨਣ, ਹਨੇਰ, ਚੁੰਧ੍ਯਾਨ,
ਤੈਨੂੰ, ਮੇਰੇ ਸਾਂਈਆਂ! ਸਾਂਈਆਂ!
ਹਰ ਜਾ, ਹਰ ਰੰਗੇ, ਹਰ ਸੂ
ਕਰਦਾ ਖੇਲਾਂ ਤੇ ਰਹਿੰਦਾ ਅਸੰਗ
ਸੁਹਣਾ ਸੁੰਦਰਤਾ ਦਾ ਸਰਦਾਰ। 17.
ਤਉਲਾ *
ਅਜ ਆ ਗਿਆਂ ਦੁਆਰੇ-ਤੇਰੇ ਹੀ ਹਾਂ ਦੁਆਰੇ
ਬਣਕੇ ਕਲੰਦਰ, ਸ਼ਾਹਾ!
ਇਕ ਖੈਰ ਪਾ ਦੇ ਪਾ ਦੇ
ਇਸ ਦਰ ਖੜੇ ਨੂੰ, ਸ਼ਾਹਾ!
ਤੋਲਾ ਬੀ ਪਾਸ ਮੇਰੇ
ਜਿਸ ਵਿਚ ਕਿ ਖ਼ੈਰ ਪੈਸੀ;
ਐਪਰ, ਨਹੀਂ ਨਹੀਂ ਹੈ;
ਹਾ ਹਾ! ਨਹੀਂ ਨਹੀਂ ਹੈ। 18.
–––––––––
* ਮਿਟੀ ਦਾ ਬਰਤਨ
ਇਕੱਲ
ਸੁਣੀਓ ਦੇ ਕੰਨ ਦਾਤਾ! ਕੰਨਾਂ ਹਜ਼ਾਰ ਵਾਲੇ!
ਤੇਰੇ ਬਿਨਾਂ 'ਇਕੱਲ' ਨੇ ਘਬਰਾ ਲਿਆ ਹੈ ਮੈਨੂੰ,
ਭੰਨਾ ਹਾਂ ਦਰ ਤੇ ਆਯਾ, ਇਸ ਤੋਂ ਛੁਡਾ ਲੈ ਸ਼ਾਹਾ!
ਵਿਚ ਆਪਣੇ ਬਿਗਾਨੇ, ਵਿਚ ਭੀੜ ਕੇ ਭੜੱਕੇ,
ਵਿਚ ਜੰਗਲਾਂ ਕਿ ਬੇਲੇ, ਨਦੀਆਂ ਸਮੁੰਦ ਕੰਢੇ
ਇਹ ਛੱਡਦੀ ਨ ਖਹਿੜਾ, ਖਾਂਦੀ ਹੈ ਕਾਲਜੇ ਨੂੰ।
ਤੇਰੇ ਬਿਨਾ ਨ ਕੋਈ ਇਸ ਤੋਂ ਛੁਡਾ ਸਕੇ ਹੈ
ਦੀਦਾਰ ਦੇ ਕੇ ਅਪਨਾ, ਇਸ ਤੋਂ ਛੁਡਾ ਲੈ ਮੈਨੂੰ।
ਸਿਰ ਸੱਦਕਾ ਕਿਸੇ ਦਾ ਪਯਾਰੇ ਹਾਂ ਆਪਨੇ ਦਾ,
ਪਾ ਖ਼ੈਰ ਦਰ ਖਲੇ ਨੂੰ,
ਤੇਰਾ ਹੀ ਹੈ ਸਨਾ ਖਾਂ
ਤੇਰਾ ਹੀ ਹੈ ਸਨਾ ਖਾਂ। 19.
ਤੁਰਦੀ ਸੰਝ ਸਵੇਰ
ਤਿੱਖੀ ਵਗ ਰਹੀ ਏ ਪੌਣ
ਵਗ ਰਹੀ ਦਿਨ ਤੇ ਰਾਤ।
ਕਰਦੀ ਜਾਂਦੀ ਸੰਗੀਤ
'ਸਾਂਈਆਂ ਸਾਂਈਆਂ' ਦੀ ਸੱਦ।
ਸਾਂਈਆਂ ਸਾਂਈਆਂ ਦਾ ਨਾਦ
ਮਾਨੋ ਅਨਹਦ ਹੈ ਨਾਦ।
ਲਗ ਲਗ ਬਿੱਛ੍ਰਾਂ
ਦੇ ਨਾਲ ਗਲੇ ਮਿਲ ਮਿਲ ਕੇ ਫੇਰ।
ਠਹਿਰੇ ਕਿਧਰੇ ਰਤੀ ਨ,
ਤੁਰਦੀ ਜਾਂਦੀ ਏ ਰਾਹ,
ਤੁਰਦੀ ਸੰਝ ਸਵੇਰ;
ਰੁਕਦੀ ਇਸ ਦੀ ਗਤੀ ਨ। 20.
ਬਹਾਰ
"ਬਾਗੀਂ ਆ ਗਈ ਬਹਾਰ”
"ਬਾਗੀਂ ਆ ਗਈ ਬਹਾਰ”
ਸੁਣੀਂ ਬੂਟਿਆਂ ਅਵਾਜ਼
ਖਿੜ ਪਏ ਦੇਖਣ ਬਹਾਰ
ਖਿੜ ਪਏ ਦੇਖਣ ਬਹਾਰ।
ਓਥੋਂ ਭਰਕੇ ਸੁਗੰਧੀ
ਤੁਰ ਪਈ ਅਗੇ ਬਹਾਰ
ਓਥੋਂ ਭਰਕੇ ਸੁਗੰਧੀ
ਤੁਰ ਪਈ ਅਗੇ ਬਹਾਰ
ਆਈ ਸਾਡੇ ਹੈ ਦੁਆਰ,
ਆਖੇ: "ਖੋਲੋ ਕਿਵਾੜ”।
ਫੇਰ ਪਾਈ ਉਸ ਡੰਡ:
"ਹੁਣ ਨਹੀਂ ਪਾਲਾ ਨ ਠੰਢ
ਖੋਲ ਦਿਓ ਕਿਵਾੜ।”
... ... ...
ਆਖੇ :-
ਸੁਣੋ ਭੌਰਿਆਂ ਦੀ ਗੂੰਜ,
ਸ਼ਹਤ ਮਖੀਆਂ ਗੁੰਜਾਰ ।
ਸੁਣੋ ਪੰਛੀਆਂ ਦੇ ਗੌਣ,
ਨਾਲੇ ਬੁਲਬੁਲ ਦਾ ਗੀਤ।
ਸੁਣੋ ਗਾਵੀਂਦੇ ਛੰਤ
ਹਾਂ, ਵਿਚ ਰਾਗ ਬਸੰਤ,
ਘਰ ਘਰ ਹੋ ਰਿਹਾ ਉਮਾਹ।
... ... ... ...
ਰਿਵੀ ਲਿਆਈ ਸੰਦੇਸ਼
ਆਈ ਦੇਖ ਪੀਅ ਦੇਸ਼
ਸੁਣੀ ਕੰਨ ਸੋਹਣੇ ਲਾਅ,
ਕਹਿੰਦੀ:-
ਸਾਈਆਂ ਆਏਗਾ ਦੁਆਰ
ਬਣ ਠਣ ਹੋ ਜਾ ਤਿਆਰ।
ਹੁਣ ਹੋ ਜਾ ਤਿਆਰ:
ਰਖੀਂ ਨੈਣਾਂ ਉਘਾੜ
ਰਖੀਂ ਖੋਹਲੇ ਕਿਵਾੜ
ਪੀਆ ਆਏਗਾ ਦੁਆਰ
ਪੀਆ ਆਏਗਾ ਦੁਆਰ। 21.
ਛਿਨ
ਸਖੀਏ ਨੀ! ਸੁਣ ਕੰਨ ਲਗਾਇ:-
ਮੇਰੇ ਜਾਗਣ ਤੇ ਸੌਣ ਵਿਚਾਲਿ
ਇਕ ਛਿਨ ਹੈ ਬੜੀ ਅਜੀਬ,
'ਰਸ ਬੂੰਦ' ਲੁਕਾ ਹੈ ਰੱਖੀ
ਉਸ ਛਿਨ ਦੇ ਮੂੰਹ ਵਿਚਾਲ।
ਜਿਵੇਂ ਫੁਲਾਂ ਦੇ ਵਿਚ ਵਿਚਾਲ
ਬੂੰਦ ਸ਼ਹਤ ਦੀ ਹੁੰਦੀ ਹੈ ਰੱਖੀ।
ਓਸ ਛਿਨ ਮੈਂ ਛੋਂਹਦੀ ਹਾਂ ਦੁਆਰ
ਸਾਂਈਆਂ ਜੀਉ ਦੀ ਸ਼ਾਯਦ ਮੁਹਾਠ।
ਓ ਹੋਸ਼ ਬਿਹੋਸ਼ੀ ਦੀ ਖਿਨ
ਪਕੜ ਸਕੀਏ ਕਿਵੇਂ ਨੀ ਭੈਣ!
ਕਰ ਸਕੀਏ ਅਪਣੇ ਅਧੀਨ। 22.
ਜਾਗੀ ਜਾਂ ਏਸ ਨੀਂਦੋਂ
ਬਾਲੀ ਸੀ ਉਮਰ ਮੇਰੀ
ਚੱਲੀ ਸਾਂ ਮੈਂ ਮਦਰੱਸੇ;
ਇਕ ਨੀਂਦ ਛਾ ਗਈ ਸੀ
ਉਸ ਫੜਕੇ ਚਾ ਬਿਠਾਯਾ।
ਇਸ ਨੀਂਦ ਵਿਚ ਬੀ ਪਰ ਮੈਂ
ਬੇ ਸੁਰਤ ਮੈਂ ਨਹੀਂ ਸਾਂ
ਉਸ ਹਾਲ ਛਾ ਰਿਹਾ ਸੀ
'ਰਸ' ਛਾ ਰਿਹਾ ਅਗੰਮੀ।
ਬੇ ਸਮਝ ਕੁਛ ਨ ਸਮਝਾਂ,
ਰਸ ਲੀਨ ਕਰ ਲਿਆ ਉਸ
ਰਸ ਜੋ ਸੀ ਪਾਰ ਸਮਝੋ,
ਉਹ ਛਾ ਰਿਹਾ ਅਰੀਮੀ।
... ... ...
ਜਾਗੀ ਜਾਂ ਏਸ ਨੀਂਦੋਂ
ਜੋ ਨੀਂਦ ਸੀ ਸੁਭਾਗੀ
ਜਿਸ ਵਿਚ ਸੀ ਰਸ ਅਗੰਮੀ
ਆਇਆ ਸੀ ਤੋੜ ਪਾਲਾਂ,
ਆਖਾਂ: ਹੈ ਲੱਭਣਾਂ ਏ
ਕਿੱਥੋਂ ਸੀ ਰਸ ਏ ਆਯਾ?
ਜਿਨ੍ਹ ਆਪਣੇ ਸੁਆਦੀ
ਮੈਨੂੰ ਸੀ ਲਯ ਲੁਭਾਯਾ,
ਮੈਨੂੰ ਸੀ ਲੈ ਲੁਭਾਯਾ!
... ... ...23.
ਮੇਰਾ ਸੰਦੇਸ਼
ਅਵੇ ਕਾਲੇ ਕਬੂਤਰ!
ਜੀਉ ਆਇਆਂ ਨੂੰ ਵੀਰ!
ਆਇਐਂ ਮੰਜ਼ਲਾਂ ਕੱਟ
ਤੇ ਵਲਿੱਖਾਂ ਨੂੰ ਚੀਰ।
ਲਿਆਇਐਂ ਕੋਈ ਸੰਦੇਸ਼
ਜੋ ਬਨ੍ਹਾਵੇ ਮੈਂ ਧੀਰ?
ਨੀਲੀ ਗਾਨੀ ਏ ਗਲ,
ਨਾ ਚਿੱਠੀ ਸੰਦੇਸ਼।
ਅੱਗੇ ਹੈਸਾਂ ਉਦਾਸ
ਹੋਰ ਹੋਈਆਂ ਦਿਲਗੀਰ।
ਹਾਂ, ਮੈਂ ਸਮਝੀ ਹਾਂ ਵੀਰ!
ਲਿਆਇਐਂ ਨਾ, ਲੈਣ ਆਇਆ ਸੰਦੇਸ਼।
ਮੁੜਿਆ ਜਾਨੈਂ ਤੂੰ ਵੀਰ
ਮੇਰੇ ਪੀਆ ਦੇ ਦੇਸ਼,
ਲੈ ਜਾ ਮੇਰਾ ਸੰਦੇਸ਼।
ਚਿੱਠੀ ਬੰਨ੍ਹ ਦਿਆਂ ਤੇਰੇ ਗਲ:
"ਉਛਲ ਉਛਲ ਕੇ ਨੀਰ
ਨੈਣ ਬਣ ਗਏ ਫੁਹਾਰੇ
ਉਛਲ ਉਛਲ ਕੇ ਨੀਰ॥” 24.
ਸੈਨਤ
ਸ਼ਹੁ ਗਲ ਲਗਣੇ ਦਾ ਸੁਖ ਜੋ
ਸਾਗਰ ਦੀ ਪੁੱਛ ਹਵਾ ਨੂੰ
ਤੇਰੇ ਗਲੇ ਉਹ ਲਗ ਲਗ
ਗਲ ਲਗਣੇ ਦਾ ਸੁਖ ਜੋ
ਸਹਜੇ ਸੁਝਾ ਦਏਗੀ। 1.
ਪੁਛ ਬਾਗ਼ ਦੀ ਲਪਟ ਨੂੰ
ਸ਼ਹੁ ਗਲ ਲਗਣੇ ਦਾ ਸੁਖ ਕੀ?
ਤੇਰੇ ਮਗ਼ਜ਼ ਲਿਪਟ ਕੇ
ਗਲ ਲਗਣੇ ਦਾ ਸੁਖ ਜੋ
ਆਪੇ ਸੁੰਘਾ ਦਏਗੀ।
ਗੋਰੀ ਨੂੰ ਪੁੱਛ ਵੇਖੀਂ
ਸ਼ਹੁ ਗਲ ਲਗਣੇ ਦਾ ਸੁਖ ਕੀ?
ਬੁਲ੍ਹਾਂ ਤੋਂ ਮੁਸਕ੍ਰਾ ਕੇ
ਨੈਣਾਂ ਤੋਂ ਦੇਇ ਮਟੱਕਾ
ਗਲ ਲੱਗਣੇ ਦਾ ਸੁਖ ਜੋ
ਤੈਨੂੰ ਜਣਾ ਦਏਗੀ। 3.
ਸਾਈਂ ਮਿਲਣ ਦਾ ਸੁਖ ਜੋ
ਰੰਗ ਰੱਤੜੇ ਨੂੰ ਪੁੱਛੀ?
ਅਥਰੂ ਕਿਰਨ ਦੋ ਨੈਣੋਂ,
ਮੱਥੇ ਤੇ ਦਮਕ ਆਕੇ
ਸਾਈਂ ਮਿਲਨ ਦਾ ਸੁਖ ਜੋ
ਸੈਨਤ ਲਖਾ ਦਏਗੀ। 4. 25.
ਪ੍ਰੀਤ ਦਾ ਉਘਾੜ
ਮੇਰੇ ਸਾਂਈਆਂ!
ਤੇਰੇ ਗੀਤ ਗਾਵੇਂ
ਮੈਂ ਜਾਤਾ ਸੰਗੀਤਕ ਹਾਂ।
ਤੇਰੇ ਛੰਤ ਪੜ੍ਹੇ
ਮੈਂ ਜਾਤਾ ਕਵੀ ਹਾਂ।
ਲਾਡਾਂ ਪ੍ਯਾਰਾਂ ਨਾਲ ਵਾਜਾਂ ਮਾਰੀਆਂ
ਮੈਂ ਜਾਤਾ ਸਾਊ ਹਾਂ।
ਬਿਰਹੇ ਤੇ ਹਾਵੇ ਉਚਾਰੇ,
ਮੈਂ ਜਾਤਾ ਆਸ਼ਕ ਹਾਂ।
ਕਦੇ ਕਦੇ ਕੋਈ ਟੁੱਕਰ ਪੈ ਗਿਆ
ਮੈਂ ਜਾਤਾ ਖ਼ਬਰੇ ਮਾਸ਼ੂਕ ਹੀ ਨ ਹੋਵਾਂ।
ਅੱਜ ਹਾਂ ਅੱਜ
ਸੋਝੀ ਆਈ ਕਿ ਮੈਂ ਅੰਦਰੇ
'ਮੰਗਾਂ' ਹੀ 'ਮੰਗਾਂ' ਹਨ ਤੇ
ਤੈਂ ਦਰ ਤੇ ਭੀਖਕ ਹਾਂ।
ਹੋਣਾ ਭੀਖਕ ਤੇ ਬਣਨਾ ਪ੍ਰੇਮਾਰਤ,
ਇਹ ਹੈ ਮੇਰੀ ਪ੍ਰੀਤ ਦਾ ਉਘਾੜ।
ਬਹੁੜੀਂ ਸਾਂਈਆਂ! ਮੇਰੇ ਸਾਂਈਆਂ। 26.
ਮੇਰੀ ਮੁਸ਼ਕਲ
ਵਿਛੋੜੇ ਵਿਚ ਰੋਨੀ ਹਾਂ ਤੇ ਕਹਿਨੀ ਹਾਂ: 'ਜੀਓ ਆਓ'।
ਜੇ ਖੇਚਲ ਔਣ ਦੀ ਸੋਚਾਂ ਤਾਂ ਕਹਿਨੀ ਹਾਂ ਕਿ 'ਨਾ ਆਓ'।
ਤਦੋਂ ਸੋਚਾਂ ਕਿ ਮੈਂ ਚੱਲਾਂ, ਪੈ ਥਹੁ ਬਿਨ ਅੱਪੜਾਂ ਕੀਕੂੰ ?
ਮੇਰੀ ਮੁਸ਼ਕਲ ਦਾ ਮੈਂ ਸਾਂਈਆਂ ਤੁਸੀਂ ਹੀ ਕਰੀਓ ਸੁਲਝਾਓ। 27.
ਤੂੰਹੋਂ ਬੂਟੀ ਏ ਲਾਈ ਸੀ
'ਤੇਰੀ ਏ ਯਾਦ ਦੀ ਬੂਟੀ
ਤੇਰੀ 'ਤਕਣੀ' ਉਗਾਈ ਸੀ।
ਤੇਰੀ ਇਕ 'ਨਦਰ' ਨੇ ਇਸ ਵਿਚ
'ਲਹਿਰ-ਜੀਵਨ' ਛਿੜਾਈ ਸੀ।
ਤੇਰੇ ਇਕ 'ਨਾਜ਼ ਦੇ ਗ਼ਮਜ਼ੇ'
ਸੁਗੰਧਿ ਇਸ ਵਿਚ ਬੁਹਾਈ ਸੀ।
ਮੁਸ਼ਕ ਇਕ ਫਿਰ ਮਚੀ ਮਨ ਵਿਚ
ਮਗਨ ਸੁਰਤੀ ਹੁ ਆਈ ਸੀ।
ਭੁਲਾਓ ਜੇ ਤੁਸੀਂ ਸਾਨੂੰ
ਕਿਵੇਂ ਰਹਿਸਨ ਚਿਮਨ ਸਾਡੇ,
ਖਿੜੇ ਤੇ ਮੁਸ਼ਕਦੇ ਸਾਂਈਆਂ!
ਜਿਨ੍ਹੇ ਏ ਮਹਿਕ ਪਾਈ ਸੀ।
ਤੂੰ ਇਕ ਖਿਨ ਨਾ ਭੁਲਾ ਸਾਨੂੰ,
ਨ ਭੁੱਲਾਂ ਮੈਂ ਤੁਸਾਂ ਤਾਈਂ,
ਕਿ ਬੂਟੀ ਏ ਮੁਸ਼ਕ ਵਾਲੀ
ਤੁਸਾਂ ਹੀ ਆਪ ਲਾਈ ਸੀ।
ਫੜਾ ਵੀਣਾ ਮੇਰੇ ਹੱਥੀਂ,
ਤੇ ਭਰਦੇ ਤਾਲ ਮੈਂ ਪੈਰੀਂ,
ਛਿੜੇ ਏ ਗੀਤ- "ਤੂੰ ਸਾਂਈਆਂ”!
"ਤੂੰਹੋਂ ਬੂਟੀ ਏ ਲਾਈ ਸੀ।” 28.
ਹੰਸ ਫੇਰੀ
ਆਕਾਸ਼ ਵਿਚ ਉਡੰਦੇ ਹੰਸ ਨੂੰ ਦੇਖਕੇ:
ਆ ਜਾ ਓ ਤਰਨ ਵਾਲੇ
ਠੁਮਕੇ ਤੂੰ ਤੁਰਨ ਵਾਲੇ
ਅਰਸ਼ਾਂ ਦੀ ਤਾਰੀਆਂ ਲੈ
ਉੱਡਣ ਤੂੰ ਵਾਲਿਆ ਵੇ! 1.
ਉੱਡਣ ਨ ਜਾਚ ਮੈਨੂੰ,
ਤੁਰਦੀ ਹਾਂ ਡਗ-ਮਗਾਕੇ,
ਤਰਨਾਂ ਨ ਆਇ ਮੈਨੂੰ
ਤਾਰਨ ਹੇ ਵਾਲਿਆ ਵੇ ! 2.
ਕੋਈ ਨ ਜਾਚ ਆਈ,
ਸਿੱਖ੍ਯਾ ਨ ਕੋਇ ਸਿੱਖੀ,
ਸਭਨਾਂ ਗੁਣਾਂ ਤੋਂ ਖਾਲੀ,
ਸਭ ਗੁਣਨ ਵਾਲਿਆ ਵੇ! 3.
ਦਰਸ਼ਨ ਹੀ ਦੇ ਦੇ ਅਪਨਾ
ਹੇ ਉੱਜਲਾਂ ਦੇ ਉੱਜਲ!
ਬੈਠੀ ਉਡੀਕਦੀ ਹਾਂ
ਮਿਹਰਾਂ ਹੇ ਵਾਲਿਆ ਵੇ! 4.
ਆਖਣ ਏ ਜੋਗੀ ਹੋ ਜਾਂ
'ਦਰਸ਼ਨ ਮੈਂ ਮਿਲ ਗਏ ਸਨ
ਤੈਂ ਹੰਸ ਦੇ ਸੁਹਾਵੇ'
ਫਬਨਾਂ ਹੇ ਵਾਲਿਆ ਵੇ ! 5.
ਨੈਣਾਂ ਹੇ ਵਾਲਿਆ ਵੇ !
ਨੈਣਾਂ ਤਰਾਸਿਆਂ ਤੇ
ਇਕ ਨੂਰ ਨੀਝ ਪਾ ਦੇ,
ਉਚ-ਨੀਝ ਵਾਲਿਆ ਵੇ! 6.
ਟੁਕ ਦਮ ਹਿਠਾਹਾਂ ਆ ਜਾ,
ਛਾਂ ਆਪਣੀ ਆ ਛਾ ਦੇ,
ਆ ਜਾ ਉਡੰਦੇ ਸੁਹਣੇ!
ਕਰਮਾਂ ਹੋ ਵਾਲਿਆ ਵੇ ! 7.
ਹੇਠਾਂ ਸਰੋਵਰ ਵਿਚ ਉਤਰ ਆਏ ਹੰਸ ਨੂੰ:
ਆਪੇ ਹੀ ਆ ਗਿਆਂ ਏਂ,
ਆ ਜਾ ਜ਼ਰਾ ਉਰੇ ਹੁਣ,
ਤੂੰ ਮਾਨਸਰ ਤੇ ਠਿਮ ਠਿਮ
ਠੁਮਕਣ ਹੇ ਵਾਲਿਆ ਵੇ ! 8.
ਦਿਲ ਸਾਗਰੋਂ ਦੋ ਮੋਤੀ
ਅੱਖਾਂ ਨੇ ਲੱਭ ਆਂਦੇ
ਧਰ ਕੇ ਤਲੀ ਹਾਂ ਬੈਠੀ
ਨਜ਼ਰਾਂ ਹੇ ਵਾਲਿਆ ਵੇ! 9.
ਅਣਵਿੱਧ ਏ ਦੋ ਮੋਤੀ
ਚੁਗ ਲੈ, ਉਰੇ ਉਰੇ ਆ,
ਉੱਜਲ ਸਦਾ ਤੂੰ ਮੋਤੀ
ਚੁੱਗਣ ਹੇ ਵਾਲਿਆ ਵੇ! 10. 29.
ਕਿੱਥੇ ਹੋ?
ਕਿੱਥੇ ਹੋ ?
ਕੋਲੇ ਹੋ,
ਕੂੰਦੇ ਨਹੀਂ ?
ਕੂੰਦੇ ਹੋ ਪਰ ਕੰਨੀਂ ਸੱਦ ਸੁਣੇਂਦੀ ਨਹੀਂ।
ਕਿੱਥੇ ਹੋ ? 1.
ਕੋਲੇ ਹੋ,
ਦਿਸਦੇ ਨਹੀਂ?
ਦਿਸਦੇ ਹੋ ਪਰ ਸੂਰਤ ਨੈਣਿ ਵਸੇਂਦੀ ਨਹੀਂ। 2.
ਕਿੱਥੇ ਹੋ ?
ਕੋਲੇ ਹੋ,
ਮਿਲਦੇ ਨਹੀਂ ?
ਮਿਲਦੇ ਹੋ ਪਰ ਤਨ ਨੂੰ ਦੇਹ ਲਪਟੇਂਦੀ ਨਹੀਂ। 3.
ਕਿਥੇ ਹੋ ? ਮੇਰੇ ਸੁਹਣੇ ਸਾਂਈਂ!
ਕੋਲੇ ਹੋ ਮੇਰੇ ਪ੍ਯਾਰੇ ਸਾਂਈ!
ਹਓ ਕੋਲੇ ਪਰ ਤੜਫ ਮਿਲਨ ਦੀ
ਸਮਲ੍ਹੇਦਿਆਂ
ਸਮਲ੍ਹੇਦੀ ਨਹੀਂ। 4. 30.
ਐਸੀਆਂ ਰਾਤਾਂ
ਪੁੰਨ੍ਹਾਂ ਦਾ ਚੰਦ,
ਛਟਕੀ ਹੋਈ ਚਾਨਣੀ ਰਾਤ,
ਚੂਨੇ ਗਚ ਰੱਸ,
ਉਤੇ ਹੋਵਾਂ ਮੈਂਅ,
ਨੈਣ ਹੋਣ ਬੰਦ,
ਮਿੱਠੀ ਮਿੱਠੀ ਰਿਵੀ।
ਦਿਲ-ਕਮਲ ਤੇ ਤੁਸੀਂ,
ਤੁਸੀਂ ਤੁਸੀਂ ਤੁਸੀਂ
ਅਚਿੰਤ ਅਚਿੰਤ ਹੋਵਾਂ ਮੈਂ
ਧ੍ਯਾਨ ਜੱਫੀ ਵਿਚ: ਤੁਸੀਂ ਤੁਸੀਂ ਤੁਸੀਂ।
ਸਾਈਆਂ ਜੀਓ, ਸਾਈਆਂ ਜੀਓ!
ਦਿਓ ਨਾ ਐਸੀਆਂ ਰਾਤਾਂ! 31.
ਦੁਖ ਅੰਦੋਹ ਗਏ ਸਭ ਭੁੱਲ
ਦੁਖ ਤੇ ਦੁੱਖ ਪੈਣ ਸਿਰ ਮੇਰੇ
'ਝੱਖੜ ਅੱਖਾਂ' ਪੈਂਦੇ ਝੁੱਲ,
'ਆਸਾਂ' 'ਚਾਉ' ਖੰਭ ਲਾ ਉੱਡਣ
ਮਨ ਮੰਦਰ ਦੇ ਦੀਵੇ ਗੁੱਲ।
ਕਿਵੇਂ ਰੌਸ਼ਨੀ ਮੁੜ ਆ ਚਮਕੇ
ਖਿੜ ਜਾਵੇ ਜਿਉਂ ਖਿੜਿਆ ਫੁੱਲ।
"ਸਾਂਈਆਂ ਮੇਰੇ, ਸਾਂਈਆਂ ਮੇਰੇ”
ਕਿਰਨ ਕੁਈ ਇਕ ਚਾਨਣ ਤੁੱਲ
ਘੱਲ ਦੇਂਦੇ ਹੋ, ਆ ਚਮਕਾਵੇ
ਸ਼ਮਅ ਦਿਲੇ ਦੀਆਂ ਹੋਈਆਂ ਗੁੱਲ,
ਐਉਂ ਜਾਪੇ ਜਿਉਂ ਆ ਗਏ ਆਪੂੰ
ਦੁੱਖ ਅੰਦੋਹ ਗਏ ਸਭ ਭੁੱਲ,
ਛਿੜ ਪਏ ਰਾਗ, ਤਰਾਨੇ ਅੰਦਰ,
'ਸਾਂਈਆਂ ਸਾਂਈਆਂ' ਫੜਕਨ ਬੁੱਲ੍ਹ। 32.
ਰੁਕ ਜਾਏ ਕਾਲ ਚਾਲ
ਦੁਖ ਸਾਰੇ ਦੂਰ ਹੋਣ
ਚਿੰਤਾ ਨ ਫਟੱਕੇ ਪਾਸ,
ਸਿੱਧਾ ਹੋਇਆ ਹੋਵੇ ਮਨ
ਤੇਰੀ ਪ੍ਯਾਰ ਖੈਂਚ ਨਾਲ।
ਰਾਤ ਹੋਵੇ ਆਪਣੀ
ਤੇ ਦਿਨ ਨ ਪਰਾਏ ਹੋਣ,
ਸਾਹ ਸੋਖ ਨਾਲ ਚੱਲੇ
ਲੋੜ ਨ ਹਿਲਾਵੇ, ਲਾਲ!
“ਸਾਂਈਆਂ ਜੀਓ! ਸਾਂਈਆਂ ਜੀਓ!
ਲਗੀ ਹੋਵੇ ਲੱਲ ਪ੍ਯਾਰੀ,
ਬਣਕੇ ਸੰਗੀਤ ਤੁਰੇ
ਮਾਨੋ ਕਿਸੇ ਸੁਰ ਤਾਲ। "
ਜੱਫੀ ਧ੍ਯਾਨ ਵਾਲੀ ਵਿਚ
ਤੁਸੀਂ ਹੋਵੋ ਬੈਠੇ, ਲਾਲ!
ਰੁਕ ਜਾਏ ਕਾਲ-ਚਾਲ,
ਮਿਲੇ ਦਾਨ, ਸ਼ਰਨ ਪਾਲ! 33.
ਬਿਨਸਨਹਾਰ ਦਾ ਪ੍ਰੇਮ
ਸਾਂਈਆਂ ਜੀਓ!
ਜਿਸ ਜਿਸ ਸ਼ੈ ਤੇ ਨਜ਼ਰ ਜਮਾਈਏ,
ਜਿਸ ਪਿਆਰ ਮਨ ਲਾਈਏ,
ਤੈਥੋਂ ਬਿਨ ਜੋ ਹੋਰ ਸੁਣ੍ਹੱਪਾਂ
ਮੋਹੇ ਜਿਨ੍ਹ ਪਰ ਜਾਈਏ
ਅਫਸੋਸਾਂ ਅਰਮਾਨਾਂ ਉਤੇ
ਅਪਣੀ ਟੇਕ ਟਿਕਾਈਏ।
ਬਿਨਸਨਹਾਰ ਹੋਏ ਜੋ ਸੱਭੇ,
ਜਦ ਬਿਨਸਨ, ਦੁਖ ਪਾਈਏ। 34.
ਲੜ ਲੱਗੀ
'ਮੰਗਾਂ' ਮੇਰੀਆਂ ਅਜੇ ਨ ਮੁਕੀਆਂ,
'ਮੈਂ ਮੈਂ ਮੇਰੀ ਅਜੇ ਨ ਥੱਕੀ,
'ਮੇਰੀ ਮੇਰੀ' ਫਿਰਦੀ ਮਗਰੇ,
ਮੰਗੀ ਗਈ ਨਾਲ ਪੈ ਤੇਰੇ-
ਨਾਮ ਤੇਰੇ ਦੇ ਲੜ ਲਗ ਗਈਆਂ।
'ਸਾਈਆਂ' ‘ਸਾਈਆਂ’ ਕੂਕ ਪੁਕਾਰਾਂ
'ਤੇਰੀ' 'ਤੇਰੀ' ਦਿਆਂ ਦੁਹਾਈਆਂ
'ਆ ਮਿਲ' 'ਆ ਮਿਲ' ਲਿੱਲਾਂ ਦੇਵਾਂ;
ਵਾਰ ਵਾਰ ਏ ਦਿਆਂ ਦੁਹਾਈਆਂ:
ਤੱਕ ਨ ਸਾਈਆਂ ਮੇਰੀਆਂ ਕਮੀਆਂ।
ਅਮਿਤ ਵਡਾਈਆਂ ਅਪਣੀਆਂ ਖ਼ਾਤਰ,
ਚਾਹੋ ਕਿਸੇ ਪਿਆਰੇ ਸਦਕੇ;
ਕਰ ਦੇ ਮਿਹਰ ਮਿਹਰ ਦੇ ਮਾਲਕ!
ਸਾਗਰ ਵਾਂਙ ਵੇਖ ਵਡਿਆਈਆਂ
ਤੂੰ ਅਪਣੀਆਂ ਤੂੰ ਅਪਣੀਆਂ ਸਾਈਆਂ। 35.
ਅਟਿਕ ਨੈਣ
ਤੜਪ ਤੜਪ ਕੇ ਰਾਤ ਗੁਜ਼ਾਰੀ,
ਵਿੱਚ ਉਡੀਕਾਂ ਸਿਕ ਸਿਕ।
'ਸਾਂਈਆਂ ਸਾਂਈਆਂ' ਕੂਕਾਂ ਦਿੰਦਿਆਂ
ਗਿਣ ਗਿਣ ਪਲ ਪਲ ਇਕ ਇਕ।
ਭੋਰ ਭਈ ਤੁਸੀਂ ਆ ਗਏ ਸਚ,
ਪਰ ਭਾਗ ਬੰਦੀ ਦੇ ਨ੍ਯਾਰੇ,
ਰਹੇ ਅਟਿਕ ਜੋ ਨੈਣ ਰਾਤ ਭਰ
ਟਿਕ ਗਏ ਤਕਦੇ ਟੱਕ ਟੱਕ। 36.
ਦੂਰ ਕਿੰਞ ਹੋਇ ਦੂਰੀ?
ਜਦੋਂ ਪ੍ਰੀਤਮ ਸੀ ਦੂਰ
ਆਖਾਂ ਆ ਜਾਓ ਹਜ਼ੂਰ,
ਜਦੋਂ ਆ ਗਿਆ ਹਜ਼ੂਰ
ਤਦੋਂ ਰਹਿਨੀਆਂ ਦੂਰ।
ਅਵੇ ਰਮਲੀਆ ਰਮਲ ਦੁੜਾ!
ਕੋਈ ਦੱਸ ਉਪਾਉ,
ਦੂਰ ਕਿਞ ਹੋਇ ਦੂਰੀ,
ਕੀਕੂੰ ਰਹਾਂ ਮੈਂ ਹਜ਼ੂਰ? 37.
ਮਸ਼ੋਬਰਾ– (ਖ਼ਿਜ਼ਾਂ ਵਿਚ)
ਅਵੇ ਵੀਰ ਮਸ਼ੋਬਰਾ! ਦੱਸ-
ਤੂੰ ਓਹੋ ਜੋ ਫਲੀਂ ਸੈਂ ਫਲਿਆ ?
ਖਿੜੀ ਹੋਈ ਸੀ ਜਿਹਦੀ ਗੁਲਜ਼ਾਰ,
ਘਾਹ ਜਿਸ ਦੇ ਸਨ ਸਬਜ਼ਾ-ਜ਼ਾਰ,
ਪੈ ਗਿਆ ਏ ਪੀਲਾ ਓ ਘਾਹ
ਹੋ ਰਿਹਾ ਹੈ ਖਰਾ ਉਦਾਸ!
ਤੇਰੇ ਫੁੱਲਾਂ ਨੇ ਖਾਧੀ ਕੁਮਲਾਇ,
ਸਿਰ ਸਿੱਟ ਕੇ ਖੜੇ ਉਦਾਸ
ਜਾਵਣ ਸੁੱਕਦੇ ਤੇ ਪਏ ਕਿਰਨ!
ਬਚਿਓਂ ਵਿੱਛੁੜੀ ਮਾਉਂ ਦੇ ਵਾਂਙ
ਫਲਦਾਰ ਹਨ ਫਲਾਂ ਤੋਂ ਹੀਨ
ਦਿੱਸਦੇ ਪਏ ਜਿਉਂ ਵਿਚ ਵਿਲਾਪ!
ਨਾਲ ਪੱਤੇ ਬੀ ਰੰਗ ਵਟਾਇ
ਡਿਗਦੇ ਹਵਾ ਦੇ ਝੋਕਿਆਂ ਨਾਲ! 38.
ਮਸ਼ੋਬਰੇ ਦੀ ਸਿਆਲ- ਧੁੱਪ
ਵੱਗ ਰਹੀ ਏ ਮਿੱਠੜੀ ਪੌਣ
ਆਵੇ ਬਰਫ਼ਾਂ ਨੂੰ ਪਾ ਗਲੱਕੜੀ।
ਠੰਢੀ ਠਾਰ ਤੇ ਲਾਂਵਦੀ ਠੰਢ
ਵਗਦੀ ਚੁੱਪ, ਨ ਪਾਂਵਦੀ ਡੰਡ।
'ਧੁੱਪ’ ਪਾਲੇ ਨੂੰ ਮਾਰਦੀ ਫੰਗ
ਸੂਰਜ ਲੋਕ ਤੋਂ ਭੱਜਦੀ ਆਇ,
ਪਾਲੇ ਠਰਿਆਂ ਨੂੰ ਲੈ ਵਿਚ ਗੋਦ
ਦੇਂਦੀ ਮਾਉਂ ਵਾਂਙੂ ਪ੍ਯਾਰ-ਨਿੱਘ।
ਵਿਹਲ ਵਿਹਲ ਤੇ ਖੁੱਲ੍ਹ ਹੈ ਖੁੱਲ
ਜੋ ਅਰਸ਼ਾਂ ਤੋਂ ਰਹੀ ਹੈ ਡੁੱਲ੍ਹ।
ਹੈ ਇਕਾਂਤ ਇਕਾਂਤ ਏਕਾਂਤਿ।
ਸਾਂਈਆਂ ਜੀਉ ਦਾ ਹੈ ਪਰਭਾਉ
ਭਰਿਆ ਮਹਿਕ ਵਾਂਙੂ ਵਿਚ ਚਾਉ;
ਸ਼ਾਂਤਿ ਸ਼ਾਂਤਿ ਹੈ ਸੁਹਣਾ ਇਹ ਚਾਉ।
ਨੈਣ ਮਿਟਣ ਤੇ ਅੰਦਰ ਨੂੰ ਅੰਦਰ
ਰੁਖ਼ ਆਪੇ ਦਾ ਆਪੇ ਵਿਚ ਜਾਇ,
ਸਾਂਈਆਂ ਮੇਰੇ ਦਾ ਹੈ ਜੋ ਦੇਸ਼
ਜਾਂਦਾ ਹੋਂਵਦਾ ਅਸਾਂ ਪਰਵੇਸ਼। 39
ਹਥ ਕਾਰ ਵੱਲ, ਰਸਨਾ ਉਚਾਰ ਵਲ
ਇਕ ਆਵਾਜ਼ ਆ ਰਹੀ ਹੈ:-
ਠੱਟ ਠੜੜ ਠੜੜ,
ਠੱਟ ਠੜੜ ਠੜੜ
... ... ...
ਤੂੰਹੀਂ, ਤੂੰਹੀਂ, ਤੂੰਹੀਂ, ਤੂੰਹੀਂ,
ਠੱਟ ਠੜੜ ਠੜੜ,
ਠੱਟ ਠੜੜ ਠੜੜ
ਠੱਟ ਤੂੰਹੀਂ ਠੜੜ
ਠੱਟ ਤੂੰਹੀਂ ਠੜੜ
... ... ...
ਸੁਣਕੇ ਸਖੀ ਪ੍ਰਤੀ ਇਕ ਸਖੀ ਆਖਦੀ ਹੈ:-
ਇਹ ਕੀ ਹੈ ਖਰੜ ਖਰੜ
ਨਾਲੇ ਤੂੰਹੀਂ ਤੇ ਨਾਲੇ ਠੜੜ ਠੜੜ?
ਸਖੀ ਦਾ ਉਤਰ ਪਹਿਲੀ ਸਖੀ ਪ੍ਰਤੀ:-
ਦੁਨੀਆਂ ਵਿਚ ਉਲਟ ਪੁਲਟ ਹੀ
ਪਏ ਚੰਬੜ ਚੰਬੜ ਰਗੜਦੇ ਹਨ।
ਪਹਿਲੀ ਸਖੀ:-
ਪਰ ਚੱਲ ਸਖੀ ਵਹਿਲੇ ਵਹਿਲੇ
ਚੱਲ ਤੱਕੀਏ
ਏ ਅਣਮਿਲਵੀਆਂ ਮਿਲਵੀਆਂ।
ਦੂਜੀ ਸਖੀ-
ਥਾਂਉਂ ਥੋੜੀ ਜੇਹੀ ਲੱਗੇ ਦੂਰ,
ਚੱਲ ਪਓ ਜੇ ਚਲਣ ਮਨਜ਼ੂਰ।
ਦੋਵੇਂ ਤੁਰ ਪਈਆਂ, ਅਵਾਜ਼ ਦੇ ਕੋਲ ਪਹੁੰਚਕੇ,
ਪਹਿਲੀ ਸਖੀ:-
ਬੀਬੀਓ ਰਾਣੀਓਂ!
ਸੁਹਣੀਓਂ ਸੁਆਣੀਓਂ!
ਕੀਹ ਕਰਨੀਆਂ ਓ? ਤੇ
ਕੀਹ ਗਾਉਨੀਆਂ ਓ ?
ਹਥੌੜੀ ਨਾਲ ਇਕ ਪੱਥਰ ਤੋੜ ਰਹੀ ਤੋੜਨ ਹਾਰ:-
ਪਈਆਂ ਤੋੜਨੀਆਂ ਹਾਂ ਪੱਥਰ ਵੱਟੇ
ਨਿਕੇ ਹੋਣ ਹਥੌੜੀ ਦੀ ਸੱਟੇ।
ਦੂਜੀ ਸਖੀ (ਕਾਹਲੀ ਨਾਲ):-
ਕੀਹ ਕਹਿਨੀਆਂ ਪਈਆਂ ਓ ਮੂੰਹੋਂ
ਐਉਂ ਜਾਪੇ ਜਿਉਂ ਕਹਿਨੀਆਂ ਓ "ਤੂੰਹੋਂ"!
ਦੂਜੀ ਪੱਥਰ ਤੋੜਨੀ:-
ਹਾਂ, ਗਾਨੀਆਂ ਪਈਆਂ ਹਾਂ "ਤੂੰਹੋਂ”।
"ਤੂੰਹੋਂ ਤੂੰਹੋਂ" ਤੇ "ਤੂੰਹੋਂ ਹੀ ਤੂੰਹੋਂ।”
ਪਹਿਲੀ ਸਖੀ:-
ਕਿਸਨੂੰ ਕਹਿੰਦੀਆਂ ਪਈਆਂ ਓ ਤੂੰਹੋਂ?
ਇਕ ਪੱਥਰ ਤੋੜਨੀ:-
ਜੇਹੜਾ ਲੁਕਿਆ ਬੈਠੈ ਸਾਡੇ ਅੰਦਰ
ਬੈਠਾ ਸੁਣਦੈ ਜੋ ਸਾਡਾ ਏ ਗੀਤ।
ਤੁਹਾਨੂੰ ਲਗਦੀ ਹੋਊ ਸਾਡੀ ਡੰਡ,
ਸਾਨੂੰ ਪੈਂਦੀ ਏ ਗਾ ਗਾ ਕੇ ਠੰਢ।
ਖੁਸ਼ ਹੁੰਦਾ ਹੈ ਸੁਣਕੇ ਓ ਸਾਈਂ।
ਕਰਦਾ ਸਾਡੀਆਂ ਰੱਦ ਬਲਾਈਂ।
ਫੇਰ ਛਿੜ ਪਈ ਅਵਾਜ਼:-
ਠੱਟ ਠੜੜ ਠੱਟ ਠੜੜ
ਠੱਟ ਠੜੜ ਠੱਟ ਠੜੜ
"ਹੈ ਤੂ ਹੈ ਤੂ ਹੋਵਨਹਾਰ”
"ਹੈ ਤੂ ਹੈ ਤੂ ਹੋਵਨਹਾਰ।”*
ਪਹਿਲੀ ਸਖੀ:-
ਜ਼ਰਾ ਠਹਿਰ ਜਾਓ, ਮੇਰੀ ਭੈਣ!
ਸਾਨੂੰ ਦੱਸੀਓ ਹੋਰ ਇਕ ਗੱਲ
ਕਾਹਨੂੰ ਕਰਦੀਆਂ ਓ ਦੋ ਕੰਮ।
ਥੱਕ ਜਾਂਦੀਆਂ ਹੋਸੋ ਜ਼ਰੂਰ।
ਇਕ ਸਿਆਣੀ ਪੱਥਰ ਤੋੜਨੀ:-
ਪੱਥਰ ਤੋੜੀਏ, ਮਿਲੇ ਮਜੂਰੀ,
ਰਾਤ ਖਾਨੀਆਂ ਕੁੱਟਕੇ ਚੂਰੀ,
ਲਹਿ ਜਾਏ ਇਸ ਦੇਹ ਦੀ ਥਕਾਨ।
ਦੂਜੀ ਚੜ੍ਹੇ ਜੁ ਦਿਲ ਨੂੰ ਅਕਾਨ
ਨਾਲੋ ਨਾਲ ਇਸ 'ਤੂੰਹੀਂ ਦੇ ਜ਼ੋਰ
ਲਹਿੰਦੀ ਰਹਿੰਦੀ, ਨ ਚੜ੍ਹੇ ਹੈ ਹੋਰ।
ਦੂਜੀ ਸਖੀ:-
ਹੋ ਰਹੀ ਦੋ ਕੰਮਾਂ ਦੀ ਸਾਂਟ:
ਕਿਵੇਂ ਲਗ ਗਈ ਹੈ ਨੇ ਚਾਟ?
ਇਕ ਸਿਆਣੀ ਪੱਥਰ ਤੋੜਨੀ:-
ਕੋਈ ਆਇਆ ਸੀ ਫਿਰਦਾ ਮਲੰਗ,
ਮਿਹਨਤ ਦੇਖਕੇ ਹੋਇਆ ਓਹ ਦੰਗ
ਆਖੇ: 'ਸੁਣੋ ਨੀ ਕੁੜੀਓ ਮੈਂ ਗੱਲ,
'ਦੇਹ ਥੱਕੀ ਤੇ ਸੱਖਣਾ ਦਿੱਲ।
'ਦੇਹ ਭਰੋਗੀਆਂ ਰੋਟੀ ਦੇ ਨਾਲ
'ਦਿਲ ਸੱਖਣਾ ਭਰੋਗੀਆਂ ਕਿਸ ਨਾਲ?
'ਦਸਾਂ ਨਵਾਂ ਦੀ ਕਿਰਤੋਂ ਬਲਿਹਾਰ,
'ਵਾਹ ਵਾ ਕਰਦੀਆਂ ਹੋ ਪਈਆਂ ਕਾਰ।
'ਪੇਟ ਭਰੇਗੀ ਸੁਹਣੀ ਏ ਸੱਟ
'ਭੁੱਖੇ ਰਹਣਗੇ ਸੱਖਣੇ ਦਿੱਲ
'ਲਾਓ ਓਸ ਲਈ ਬੀ ਕੋਈ ਟਿੱਲ।'
ਫਿਰ ਬਹਿ ਗਿਆ ਅਸਾਂ ਵਿਚਕਾਰ
ਪੱਥਰ ਤੋੜਨ ਦੀ ਲਗ ਪਿਆ ਕਾਰ।
ਨਾਲੇ ਗਾਂਵਦਾ ਸੁਹਣੀ ਓ ਸੱਦ:
"ਹੈ ਤੂ ਹੈ ਤੂ ਹੋਵਨਹਾਰ”
"ਹੈ ਤੂ ਹੈ ਤੂ ਹੋਵਨਹਾਰ”*
ਤੂੰਹੋਂ ਤੂੰਹੋਂ ਤੂੰਹੋਂ ਤੂੰਹੋਂ
ਤੂੰਹੀਂ ਤੂੰਹੀਂ ਮੈਂ ਬਲਿਹਾਰ।
ਪੱਥਰ ਤੋੜੇ ਤੇ ਗਾਂਵਦਾ ਨਾਲ
ਚਿਹਰਾ ਖਿੜਿਆ ਤੇ ਅੱਖੀਆਂ ਸ਼ੋਖ।
ਰੰਗ ਰੱਤੀਆਂ ਅੱਖਾਂ ਦਾ ਸੁਆਦ
ਸਾਨੂੰ ਅਜੇ ਤਕਾਂ ਹੈ ਵੇ ਯਾਦ।
–––––––––
* ਤਿਲੰਗ ਮਹਲਾ 5
ਫਿਰ ਛੱਡ ਹਥੋੜੀ ਇਹ
ਸਾਨੂੰ ਆਖਦਾ ਨਾਲ ਪਿਆਰ
ਵਾਜਾਂ ਮਾਰੇਂਗਾ ਓਹਨੂੰ ਜੇ
ਸੁਣਕੇ ਆਵੇਗਾ ਭਜਦਾ ਓਹ
ਬਿਨ ਦਿਸੇ ਲੰਗ ਜਾਏਗਾ ਅੰਦਰ
(ਕਹੇਗਾ) ਹਰ ਦਿਲੇ ਨੂੰ ਕਹੇਗਾ ਆਪ
ਭੁਖ ਦਿਲ ਦੀ ਰਹੇਗੀ ਦੂਰ
ਸੁਖ ਦਿਲ ਵਿਚ ਹੋਊ ਭਰਪੂਰ
... ... ...
... ... ...
ਘੁਟ ਸਹਣੇ ਸਹੀਓ ਆਪ ਇਕ ਸਖੀ:-
ਭਲਾ ਕੁਟਦੀਆਂ ਜਾਓ ਜੇ ਸੰਗ
ਪਰ 'ਤੂੰਹੀਂ ਨੂੰ ਮਾਰੋ ਨ ਵਾਜ,
ਫਿਰ ਕੀ ਹੁੰਦਾ ਏ ਤੁਸਾਂ ਦਾ ਹਾਲ?
ਸਿਆਣੀ ਪੱਥਰ ਤੋੜਨੀ:-
ਮਿਹਨਤ ਕਰਦਿਆਂ ਥੱਕਦੇ ਅੰਗ,
ਨਾਲ ਥੱਕਦਾ ਅਕਸਰਾਂ ਦਿਲ।
ਜੇ ਨਾ ਗਾਵੀਏ ਸੁਹਣੇ ਦਾ ਗੀਤ
ਅਗੇ ਵਰਗਾ ਹੀ ਹੁੰਦਾ ਹੈ ਹਾਲ।
ਅੰਦਰ ਸੱਖਣਾ ਸੱਖਣਾ ਲੱਗੇ।
ਐਉਂ ਜਾਪੇ ਜਿਉਂ ਆ ਗਈ ਇਕੱਲ,
'ਤੂੰਹੀਂ' ਚਲਾ ਗਿਆ ਪਰਦੇਸ਼
ਅਸਾਂ ਖੁਸ਼ੀ ਲਈ ਹੈਵੇ ਮੇਸ।*
––––––––
* ਮੇਸਣਾ=ਦਬਾ ਦੇਣਾ=ਗਵਾ ਦੇਣਾ।
ਦੂਜੀ ਸਖੀ:-
ਤੂੰਹੀਂ ਡਿਠਾ ਨੇ ਨੈਣਾਂ ਦੇ ਨਾਲ
ਜਿਸ ਦੇ ਪ੍ਯਾਰ ਦੇ ਗਾਂਦੀਓ ਗੀਤ?
ਸਿਆਣੀ ਪੱਥਰ ਤੋੜਨੀ:-
ਓ ਮਲੰਗ ਸੀ ਦਸਦਾ ਏਹ:
'ਤੂੰਹੀਂ" ਸਭ ਦੇ ਸਿਰਾਂ ਦਾ ਸਾਈਂ
ਓਹ ਦੇਖਦਾ ਦਿਸਦਾ ਨਾਹੀਂ
ਓਹ ਸੁਣਦਾ ਪਰ ਬੋਲਦਾ ਚੁਪ
ਸੁਣਕੇ ਨਾਮ ਪਰ ਭਜਦਾ ਆਏ
ਦਿਲ ਸਖਣੇ ਵਿਚ ਲੰਗ ਜਾਏ
ਕੋਈ ਚਾਓ ਹੈ ਭਰ ਦਿਲ
ਦੂਰ ਹੁੰਦੀ ਏ ਦਿਲ ਦੀ ਇਕੱਲ
ਸਾਰੀਆਂ ਕਿਸੇ ਰੰਗ ਵਿਚ ਭਰਕੇ ਗਾ ਉਠੀਆਂ:-
ਅਵੇ ਆਜਾ ਵੇ ਦਾਤਾ ਮਲੰਗ
ਝੋਲੀ ਅੱਡ ਕੇ ਮੰਗੀਏ ਮੰਗ
ਸਾਨੂੰ ਲਾ ਗਿਓਂ ਸੋਹਣਾ ਜੋ ਰੰਗ
ਕਰ ਜਾ ਗੂਹੜਾ ਇਹ ਅਪਨਾ ਰੰਗ
ਠੱਟ ਠੜੜ ਠੜੜ
ਠੱਟ ਠੜੜ ਠੜੜ
ਤੂੰਹੀਂ, ਤੂੰਹੀਂ, ਤੂੰਹੀਂ, ਤੂੰਹੀਂ 40.
ਤੇਰੇ ਚੋਜਾਂ ਦੀ ਚਾਲ
ਸੁਹਣੇ ਸਾਂਈਆਂ ਜੀਓ!
ਬਲਿਹਾਰ।
ਤੇਰੇ ਰੰਗਾਂ ਤੋਂ ਸਦ ਬਲਿਹਾਰ।
ਲੁਕੇ ਕਰਦੇ ਓ ਕਉਤਕ ਮੈਂ ਅੰਦਰ
ਕਦੇ ਛੁਪੇ ਹਨੇਰੇ ਦੇ ਉਹਲੇ,
ਕਦੇ ਲੁਕੇ ਲੁਕੇ ਨਿਜ ਚਾਨਣ
-ਤ੍ਰਿਖੇ ਤਿੱਖੇ ਆਪਣੇ ਚਾਨਣ-
ਕਦੇ ਖੇਲਦੇ ਦਿਲੇ, ਲਾਹ ਘੁੰਡ।
ਪਰ ਅੱਜ,
ਹਾਂ, ਸਾਂਈਆਂ ਜੀਓ ਮੇਰੇ, ਅੱਜ
ਕੀ ਕੀਤੋ ਨੇ ਚੋਜ ਅਚਰਜ।
ਹੈਂ, ਅੱਜ ਸਵੇਲੇ ਸਵੇਲੇ
ਉੱਡ ਗਏ ਅਕਾਸ਼ੀਂ ਉੱਚੇ ਉੱਚੇ:
ਦੂਰ ਦੂਰ ਕਿ ਦੂਰੋਂ ਬੀ ਦੂਰ,
ਪਰ ਦਿਤੋ ਨੇ ਝਲਕਾ ਝਲਕਾਇ,
ਦੂਰੋਂ ਦੂਰੋਂ ਓ ਰੰਗ ਜਮਾਇ
ਮੋਹ ਲਿਓ ਨੇ ਇਕੋ ਲਿਸ਼ਕਾਰ
ਨੂਰੀ ਰੂਪ ਦੀ ਝਲਕ ਝਲਕਾਇ।
ਵਾਹ ਵਾ ਪ੍ਯਾਰਨ ਜੀਓ ਤੇਰੇ ਚੋਜ!
ਵਾਹ ਵਾ ਸਾਂਈਆਂ ਜੀਓ ਤੇਰੀ ਮੌਜ!
ਉਰੇ ਉਰੇ ਪੈ ਅਗਮੋਂ ਅਗੰਮ,
ਪਰੇ ਪਰੇ ਪੈ ਸੁਗਮੋਂ ਸੁਗੰਮ,
ਜਿਵੇਂ ਚਾਹੋ ਚਾ ਕਰੋ ਨਿਹਾਲ,
ਤੇਰੇ ਚੋਜਾਂ ਦੀ ਅਚਰਜ ਹੈ ਚਾਲ। 41.
ਛਿੱਡੀ
ਪ੍ਰਸ਼ਨ- ਤੂੰ ਕੌਣ ਨੀ ਮਾਈ?
ਉੱਤਰ- ਮੈਂ ਦੁੱਧ ਦੀ ਜਾਈ, ਪਰ ਦਹੀਂ ਨਾਂ,
ਮੈਂ ਦੁੱਧ ਦੀ ਜਾਈ, ਪਰ ਮਲਾਈ ਨਾਂ,
ਮੈਂ ਦੁੱਧ ਦੀ ਜਾਈ, ਪਰ ਮੱਖਣ ਬੀ ਨਾਂ,
ਮੈਂ ਦੁੱਧ ਦੀ ਜਾਈ, ਪਰ ਲੱਸੀ ਬੀ ਨਾਂ।
ਪ੍ਰਸ਼ਨ- ਫਿਰ ਤੂੰ ਕੌਣ ਹੈਂ ਮਾਈ?
ਉੱਤਰ- ਕੰਨਾਂ ਪਿਛੇ ਹਥ ਧਰਕੇ ਸੁਣੀ ਮੇਰੇ ਵੀਰਾ!
ਮੈਂ ਊਂ : ਛਿੱਡੀ, ਛਿੱਡੀ, ਛਿੱਡੀ।
ਪ੍ਰਸ਼ਨ- ਫਿਰ ਮਾਈ ਤੂੰ ਕਿਸੇ ਕੰਮ ਦੀ ਨਾ ਨਾ ਹੋਈ?
ਉੱਤਰ– ਨਾ ਵੇ ਵੀਰਾ! ਐਉਂ ਨਾ ਆਖ
ਮੈਨੂੰ ਮਲ ਲੈਂਦੀ ਏ ਸੁਆਣੀ
ਅਪਣੇ ਹਥਾਂ ਦੇ ਨਾਲ,
ਓਹ ਹੋ ਜਾਂਦੇ ਹਨ ਕੂਲੇ,
ਲਗਦੇ ਹਨ ਪੀਆ ਦੇ ਗਲ ਜਾਇ।
ਸੁਣ ਵੇ ਵੀਰਾ!
ਮੈਨੂੰ ਮਲਦੀ ਹੈ ਸੁਆਣੀ
ਆਪਣੇ ਚਿਹਰੇ ਤੇ ਆਪ,
ਪੀਆ ਤਕ ਤਕ ਕੇ ਚਿਹਰਾ
ਪਿਆ ਹੁੰਦੈ ਨਿਹਾਲ।
ਸੋਹਣੇ ਸਾਈਆਂ ਨੇ ਦਿਤਾ ਈ ਮਾਣ
ਅਸਾਂ ਨਿਮਾਣਿਆਂ ਜੋਗ,
ਹਾਂ,
ਅਸਾਂ ਨਿਮਾਣਿਆਂ ਜੋਗ। 42.
ਦਿਲ ਵਟਾਂਦ੍ਰਾ
ਤੇਰੀ ਚਮਕ-ਕਪੋਲ ਪਯਾਰ ਦੀਆਂ ਖਿੱਚਾਂ ਮਾਰੇ।
ਨਾ ਵੇ ਢੋਲਾ, ਨਾ, ਪਯਾਰ ਮੈਂ ਨੈਣੀ ਵੱਸੇ,
ਨੈਣ ਤੇਰੇ ਭਰ ਨੀਰ ਪਯਾਰ ਨੂੰ ਰੋੜ੍ਹ ਲਿਜਾਵਨ?
ਨਾ ਵੇ ਢੋਲਾ ਨਾਂ ਪਯਾਰ ਨੂੰ ਅੰਦ੍ਰੇ ਸਿੰਜਰਨ।
ਲੁਕ ਕੇ ਬਹੇ 'ਪਿਆਰ' ਢੋਲ ਵੇ ਵਿੱਚ ਦਿਲੇ ਦੇ
ਨਾਜ਼ਕ ਬੜਾ ਮਲੂਕ ਬਚੇ ਵਿਚ ਏਸ ਕਿਲ੍ਹੇ ਦੇ
ਓਸ ਕਿਲ੍ਹੇ ਵਿਚ ਪਹੁੰਚ ਕਿਵੇਂ ਹੋ ਨੈਣਾਂ ਵਾਲੀ!
ਕੀਕੂੰ ਮਿਲੇ ਦੀਦਾਰ ? ਸੁਹਲ ਉਸ ਸੁੰਦਰ ਜੀ ਦਾ ?
ਔਖੀ ਓਥੇ ਪਹੁੰਚ ਸੁਣੀ ਤੂੰ ਢੋਲ ਛਬੀਲੇ!
ਕੋਈ ਦੱਸ ਉਪਾਉ ਸੁਹਣੀਏ ਨਾਜਕ ਸਹੀਏ !
ਦਿਲ ਦੀ ਹੁੰਦੀ ਸਾਂਟ ਦਿਲੇ ਦੇ ਨਾਲ, ਵੇ ਢੋਲਾ!
ਦਿਲ ਦਿਤਿਆਂ ਦਿਲ ਮਿਲੇ ਹਈ ਇਹ ਨੇਮ ਪ੍ਰੇਮ ਦਾ।
ਅਪਨਾ ਕਰ ਦਿਓ ਭੇਟ ਤਦੋਂ ਦਿਲ ਪਯਾਰਾਂ ਭਰਿਆ
ਆ ਮਿਲਦਾ ਹੈ ਢੋਲ! ਹੋਰ ਕੁਈ ਨਹੀਓਂ ਚਾਰਾ,
ਹੋ ਵਟਾਂਦਰਾ ਜਾਇ ਦਿਲਾਂ ਦਾ ਐਂਦਾ ਢੋਲਾ!
ਇਕੋ ਦਿਲ ਰਹਿ ਜਾਇ ਪ੍ਰੀਤਮ ਤੇ ਪ੍ਰੇਮੀ ਪੱਲੇ।
ਇਕ ਦਿਲ ਇਕੋ ਪਾਸ ਰਹੇ ਏ ਨੇਮ ਧੁਰਾਂ ਦਾ,
ਦੋ ਦਿਲ ਸਕਣ ਸਮਾਇ ਇਕ ਨਾ ਦੇਹੀ ਅੰਦਰ।
ਮੇਰੇ ਚੱਪੇ ਲਗ ਰਹੇ ਹਨ
ਮੇਰੇ ਚੱਪੇ ਲਗ ਰਹੇ ਹਨ।
ਪਾਣੀਆਂ ਦੀ ਛਾਤੀ ਤੇ ਮੇਰੀ ਕਿਸ਼ਤੀ ਤੁਰੀ ਜਾ ਰਹੀ ਹੈ,
ਹੌਲੇ ਹੌਲੇ, ਸਹਿਜੇ ਸਹਿਜੇ, ਰੁਮਕੇ ਰੁਮਕੇ।
ਦਿਨ ਢਲ ਗਿਆ
ਚੱਪੇ ਲਗ ਰਹੇ ਹਨ, ਕਿਸ਼ਤੀ ਚਲ ਰਹੀ ਹੈ,
ਹਾਂ ਕਿੱਥੇ ਕੁ ?
ਸ਼ਾਮਾਂ ਪੈ ਗਈਆਂ, ਕਿਸ਼ਤੀ ਚਲ ਰਹੀ ਹੈ,
ਮੇਰੇ ਚੱਪਿਆਂ ਦੇ ਪਾਣੀ ਨਾਲ ਲਗਣ ਦੀ ਅਵਾਜ਼
ਕਹਿ ਰਹੀ ਹੈ:
ਚਲ, ਚਲ, ਚਲ, ਚਲ।
ਹਨੇਰਾ ਹੋ ਗਿਆ।
ਦੂਰ ਦੂਰ ਕਿਤੇ ਕਿਤੇ ਦੀਵੇ ਟਿਮਕਦੇ ਹਨ।
ਚੱਪੇ ਲਗ ਰਹੇ ਹਨ, ਕਿਸ਼ਤੀ ਚਲ ਰਹੀ ਹੈ, ...
ਅਜੇ ਚਲੀ ਜਾ ਰਹੀ ਹੈ
ਦਾਤਾ! ਕਿੱਥੇ ਕੁ ?
ਤਾਰੇ ਚੜ੍ਹ ਆਏ, ਪਾਣੀਆਂ ਵਿਚ ਉਤਰ ਆਏ,
ਹਵਾ ਰੁਮਕ ਪਈ,
ਤਾਰੇ ਪਾਣੀਆਂ ਨਾਲ ਖੇਲਦੇ ਹਨ, ਮੇਰੀ ਕਿਸ਼ਤੀ ਦੀ
ਚਾਲ ਤੋਂ ਬੇਪਰਵਾਹ ਹਨ।
ਮੇਰੇ ਚੱਪੇ ਲਗ ਰਹੇ ਹਨ, ਕਿਸ਼ਤੀ ਚਲ ਰਹੀ ਹੈ ਦਾਤਾ!
ਕਿੱਥੇ ਕੁ ?
ਚੰਦ ਨਹੀਂ, ਸੂਰਜ ਨਹੀਂ, ਮੇਰੀ ਬੇੜੀ ਵਿਚ ਦੀਵਾ ਨਹੀਂ।
ਪਾਣੀਆਂ ਦੀ ਛਾਤੀ ਤੇ ਕੋਈ ਰਾਹ ਸੜਕ ਪਗਡੰਢੀ
ਨਹੀਂ,
ਮੇਰੇ ਨਿਤਾਣੇ ਚੱਪੇ ਹਨ।
ਪਾਣੀ ਬੇੜੀ ਤਿਲਕਾਈ ਜਾਂਦਾ ਹੈ,
ਜਿਉਂ ਜਿਉਂ ਕਿਸ਼ਤੀ ਟੁਰਦੀ ਹੈ
ਟਿਮਕਦੇ ਚਾਨਣੇ ਦੂਰ ਹੀ ਦੂਰ ਜਾਪਦੇ ਹਨ।
ਪਾਣੀ ਠੰਢੇ ਹਨ, ਲਹਿਰਦਾਰ ਹਨ, ਹਵਾ ਤਿੱਖ੍ਰੀ ਹੈ,
ਜੱਫੀਆਂ ਪਾਂਦੀ ਹੈ, ਪਰ ਹੁਣ ਹਥ ਠਰਦੇ ਹਨ,
ਦਾਤਾ! ਅਜੇ ਕਿੱਥੇ ਕੁ !
ਰਾਤ ਢਿਲਕ ਪਈ, ਤਾਰੇ ਲਟਕ ਗਏ,
ਬੇੜੀ ਤਿਲਕਦੀ ਜਾ ਰਹੀ ਹੈ,
ਪਾਣੀ ਚੱਪਿਆ ਦਾ ਮੂੰਹ ਚੁੰਮਦੇ ਹਨ,ਤੇ ਆਖਦੇ ਹਨ,
ਚਲ, ਚਲ, ਚਲ।
ਦੱਸ ਦਾਤਾ! ਕਿੱਥੇ ਕੁ ? 44.
ਕੇਰੂ ਪਹਾੜ
ਸਬਰਾਂ ਦੇ ਹੁਜਰੇ 'ਚ ਵਾਸਾ ਮਿਲਿਆ,
ਕੇਰੂ ਪਹਾੜ ਦੇ ਲਾਗੇ।
ਪੱਥਰ ਤੇ ਪੱਥਰ ਆ ਹੁਜਰੇ ਤੇ ਪੈਂਦੇ,
ਕੜਕਣ ਤੇ ਦੇਵਣ ਧਮਾਕੇ।
ਇੱਕ ਦੀ ਸੱਟ ਤੇ ਸੱਦ ਨ ਮੁਕਦੀ,
ਹੋਰ ਨਵੇਂ ਆ ਆ ਪੈਂਦੇ।
ਬੰਦੀ ਤੁਸਾਡੀ ਦਾ ਵਿੱਤ ਨਿਤਾਣਾ,
ਜਾਣੋ ਤੁਸੀਂ ਸ਼ਹੁ ਜੀ ਆਪੇ। 45.
ਸਾਂਈਆਂ ਦੀ ਸਾਰੀ
ਰੱਖੀ ਰਹੀ ਮੇਰੀ ਪੂਣ ਸਲਾਈ,
ਰੱਖੀ ਰਹੀ ਮੇਰੀ ਪੂਣ ਪਿਟਾਰੀ;
ਛੁਟਕ ਗਈ ਮੇਰੀ ਚਰਖੀ ਨੁਖੰਭੀ,
ਵਿਸਰ ਗਈ ਸਭੇ ਤ੍ਰਿੰਞਣ ਦੁਲਾਰੀ।
ਨੱਚਣ ਨ ਤੱਪਣ ਨ ਖੇਡਾਂ ਹਿ ਰਹੀਆਂ
ਸਾਂਈਆਂ ਨੇ ਸੈਨਤ ਜਦੋਂ ਆਣ ਮਾਰੀ।
ਨਜ਼ਰੀਂ ਪ੍ਰੋਤੋ ਸੁ ਕੁੰਡੀ ਜਿਉ ਮੱਛੀ
ਸਾਂਈਆਂ ਦੀ ਹੋਈ ਮੈਂ ਸਾਂਈਆਂ ਦੀ ਸਾਰੀ। 46.
ਝਾਂਵਲਾ
ਦੂਰੀ ਹੈ, ਹਨੇਰਾ, ਕੁਛ ਹੋਂਵਦਾ ਨ ਸਹੀ,
ਪੈਂਦਾ ਪਿਐ ਝਾਂਵਲਾ, ਸੋ ਝਾਂਵਲਾ ਹੀ ਸਹੀ।
ਝਾਂਵਲੇ ਨੇ ਅਪਣੇ ਵਲ ਧਿਆਨ ਖਿਚ ਲਿਆ,
ਝਾਂਵਲੇ ਦੇ ਆਸਰੇ ਹੈ ਸੇਧ ਬੱਝ ਰਹੀ।
ਵਾਜਾਂ ਪਈ ਮਾਰਦੀ ਹਾਂ ਸੇਧ ਆਸਰੇ,
ਕੰਨੀਂ ਤੁਸਾਂ ਪਹੁੰਚਦੀ ਏ ਸੱਦ ਨਿੱਕੀ ਜਹੀ।
ਕੂੰਦੇ ਸਹਿੰਦੇ ਹੋ ਨਹੀਂ, ਨ ਬੋਲਦੇ ਦਿਸੋਅ,
ਐਪਰ ਕੰਨ ਆਖਦੇ: "ਅਬੋਲਦੇ ਬਿ ਨਹੀਂ”।
ਅਬੋਲ ਬੋਲ ਬੋਲਦੇ ਜਿਉਂ ਤਾਰਿਆਂ ਦੀ ਲੋਅ,
ਤਾਰਿਆਂ ਦੀ ਲੋਅ ਕਾਫੀ, ਲੋਅ ਹੀ ਸਹੀ।
ਕੱਚੀ ਤਣੀ ਪ੍ਯਾਰ ਵਾਲੀ ਖਿੱਚੇ ਮਨ ਲਗੀ
ਮੈਥੋਂ ਕਦ ਪੁਗੀਵੇਗੀ ਇ ਨਿੱਕੀ 'ਮਨ-ਲਗੀ।
ਕੱਚੀ ਤੰਦੀ ਆਪ ਤੂੰ ਪੁਗਾ ਦੇ ਸਾਂਈਆ,
ਤੇਰੀ ਲਾਈ, ਤੇਰੀ ਖਿੱਚੀ, ਪੁੱਗੇ ਤੈਂ ਚਹੀ। 47.
ਦਿਲ ਸੱਧਰ
'ਬੁਤ ਪੂਜ' ਨੂੰ ਵੇਖ ਸੱਧਰ ਮੇਰੀ ਉਭਰੇ,
ਤੁਸੀਂ ਰਹੋ ਪਿਛਵਾਰ ਮੇਰੀ ਮੈਂ ਦੇ ਹੀ ਪਿਛਾਂਹ।
... ... ... ...
ਘਟੇ ਨ ਵੇਖਣ-ਸ਼ੌਕ ਉਮਰਾ ਜਾਂਦੀ ਬੀਤਦੀ।
ਅਗਮੋ ਅਗਮ ਅਗੰਮ ਹੇ ਮੇਰੇ ਤੂੰ ਪ੍ਯਾਰਨਾ !
ਇਕ ਛਿਨ ਦਰਸ ਦਿਖਾਲ ਨੈਣਾਂ ਸਾਹਵੇਂ ਆਇਕੇ
ਮਿੱਟੀ ਸੰਦੇ ਨੈਣ ਇਕ ਦਿਨ ਮਿਟਸਨ ਖ਼ਾਕ ਹੋ,
ਮਿਟਣ ਪਹਿਲਿਓਂ ਆਇ ਦਰਸ਼ਨ ਦੇ ਇਕ ਵਾਰ ਮੈਂ
ਗਲਵਕੜੀ ਇਕ ਵਾਰ ਪਾਕੇ ਮਿਲੋ ਪਿਆਰਨਾ! 48.
ਪਿਆਰ-ਤਰਬਾਂ
ਵੀਣਕਾਰਾ! ਆ ਵੀਣ ਵਜਾ
ਕੋਈ ਸੁੱਤੀਆਂ ਕਲਾਂ ਜਗਾ!
ਤੂੰ ਖਿਚ ਦੇ ਇਨ੍ਹਾਂ ਦੀਆਂ ਕਿੱਲੀਆਂ
ਤਰਬਾਂ ਪਿਆਰ ਦੀਆਂ ਪਈਆਂ ਢਿੱਲੀਆਂ
ਅਵੇ
ਮੋਏ ਮਨੇ ਵਿਚ ਜਿੰਦੜੀ ਪਾ
ਕੋਈ ਦੇਇ ਅਲਾਂਬਾ ਲਗਾ।
ਕੋਈ ਛੇੜ ਦੇ ਪ੍ਰੇਮ ਦੀ ਰੀਤ ਵੇ,
ਦਿਲ ਚੀਰਵੇਂ ਗਾ ਕੁਈ ਗੀਤ ਵੇ,
ਲਯਾਵਾਂ ਮੋਤੀਆਂ ਦਾ ਭਰ ਥਾਲ ਵੇ!
ਤੇਰੀ ਝੋਲੀ ਕਰਾਂ ਮਾਲਾ ਮਾਲ ਵੇ! 49.
ਚਾਣ ਅਚੱਕਿਆਂ!
ਅਵੇ ਢੋਲੀਆ ਢੋਲ ਵਜਾਂਦਿਆ!
ਪੀਆ ਮਿਲਣ ਦੀ ਗਤ ਵਜਾ!
ਕੋਈ ਲਾ ਸ਼ਦਿਆਨੇ ਦੀ ਸੱਟ ਵੇ!
ਜੜ ਗ਼ਮਾਂ ਦੀ ਅੰਦਰੋਂ ਪੱਟ ਵੇ!
ਹੁਣ ਦੁੱਖੜੇ ਨਾ ਕੁਈ ਫੋਲ ਵੇ!
ਭਰ ਖੁਸ਼ੀ ਵਜੇ ਤੇਰਾ ਢੋਲ ਵੇ!
ਤੇਰੇ ਵਜਦਿਆਂ ਢੋਲ ਢਮੱਕਿਆਂ
ਸਾਈਂ ਆ ਜਾਏ ਚਾਣ ਅਚੱਕਿਆਂ
ਤੇਰਾ ਭਰ ਦਿਆਂ ਸੱਖਣਾ ਝੋਲ ਵੇ!
'ਸਾਂਈਆਂ ਆ ਗਏ' ਬੋਲਦੇ ਬੋਲ ਵੇ! 50.
ਮੁੜ ਮੁੜ ਫੇਰੇ ਪਾਂਦੀ ਆਂ
ਜਿਉਂ 'ਸਾਗਰ ਦੀ ਲਹਿਰ ਕਿਨਾਰਾ
ਚੁੰਮ ਚੁੰਮ ਮੁੜ ਮੁੜ ਜਾਂਦੀ ਆ,
ਤਿਉਂ ਮੈਂ 'ਯਾਦ ਤੇਰੀ ਦੀ ਦੇਹੁਲੀ
ਚੁੰਮ ਚੁੰਮ ਮੁੜ ਮੁੜ ਜਾਂਦੀ ਆਂ।
ਅਕਦੇ ਤੁਸੀਂ ਨ ਅਕਦਾ ਸਾਹਿਲ
ਇਹ ਖ਼ੂਬੀ ਜਿੰਦ ਲਾਂਦੀ ਆ।
ਸਾਗਰ ਕੰਢਾ ਅਹੇ ਕੁਰਾੜਾ
ਚਰਨ ਤੁਸਾਂ ਪਰ ਕੂਲੇ ਹਨ,
ਸਹਿ ਜਾਂਦੇ ਹਨ ਚੁੰਮਣ ਮੇਰਾ
ਤਕ ਤਕ ਸਦਕੇ ਜਾਂਦੀ ਹਾਂ;
ਸਹਨ ਸ਼ੀਲਤਾ ਦੇਖ ਤੁਸਾਂ ਦੀ
ਮੁੜ ਮੁੜ ਫੇਰੇ ਪਾਂਦੀ ਆਂ। 51.
ਬਿਰਹੋਂ ਲੇਖ
ਅਵੇ ਜੋਤਸ਼ੀ! ਪਤਰੀ ਵੇਖ ਵੇ
ਕਿੰਨੇ ਬਿਰਹੋਂ ਵਾਲੇ ਮੇਰੇ ਲੇਖ ਵੇ!
ਅਵੇ ਰਮਲੀਆ! ਰਮਲ ਲਗਾ ਦਈਂ,
ਕਦੋਂ ਪੀਆ ਮੇਰੇ ਘਰ ਆ ਜਈ।
ਅਵੇ ਜੋਗੀਆ! ਵਾਚ ਅਗੰਮ ਵੇ!
ਕਦ ਮਿਟਸੀ ਬਿਰਹੇ ਵਾਲਾ ਗੰਮ ਵੇ!
ਅਵੇ ਸਾਈਂ ਦੇ ਫਿਰਦੇ ਫ਼ਕੀਰਨਾ!
ਮੇਰੇ ਬਿਰਹੇ ਦੀਆਂ ਮੇਟ ਲਕੀਰਨਾਂ।
ਸੰਤਾ! ਮਾਰ ਖਾਂ ਕੁਈ ਤੂੰ ਮੇਖ ਵੇ
ਮਿਰੇ ਮੇਟ ਬਿਰ੍ਹੋਂ ਵਾਲੇ ਲੇਖ ਵੇ!
... ... ... ...
ਕੋਈ ਸੁਣੇ ਨ ਕੂਕ ਪੁਕਾਰਨਾ,
ਕੋਈ ਪੁਕਰਦਾ ਨਹੀਂ ਹੈ ਪਿਆਰਨਾ!
ਥਕ ਲੱਥੀ ਹਾਂ ਘੱਤਦੀ ਵਾਸਤੇ
ਤੇਰੇ ਸੁਖ ਸੁਨੇਹਿਆਂ ਦੇ ਵਾਸਤੇ।
ਹੁਣ ਤਾਂ ਆਸ ਬੱਧੀ ਪਈ ਜੀਨੀਆਂ,
ਦਰਸ਼ਨ ਕਾਰਨੇ ਸਦਾ ਉਡੀਨੀਆਂ।
ਉਮਰਾ ਬੀਤਦੀ ਵਿੱਚ ਉਡੀਕਨਾ,
ਹੋਰ ਸਬਰ ਦੀ ਰਤੀ ਤੁਫ਼ੀਕ ਨਾ।
ਆ ਜਾ ਆਪ ਵੇ ਸੁਹਣਿਆਂ ਪਿਆਰਨਾ
ਦੇਰ ਰਤੀ ਨ ਲਾਈਂ ਦੁਲਾਰਨਾ!
ਮਿੰਨਤਾਂ ਤੇਰੀਆਂ ਤੇਰੀਆਂ ਦਾਰੀਆਂ,
ਅਰਜ਼ਾਂ ਕਰਦੀ ਹਾਂ ਪ੍ਯਾਰੀਆਂ ਪ੍ਯਾਰੀਆਂ। 52.
ਤੇਰਾ ਆਸ਼ੀਆਨਾ
ਲਈ ਫਿਰਦੀ ਬਗ਼ੀਚੇ ਤੋਂ ਬਗ਼ੀਚੇ
ਸੀ ਕੁਦਰਤ ਪੁੱਛਦੀ:
"ਤੂੰ ਦੱਸ, ਬੁਲਬੁਲ!
"ਤਿਰੇ ਲਾਇਕ ਦਾ ਜੇ ਕੁਈ ਬਾਗ਼ ਹੈਵੇ ?
"ਜੇ ਹੈਵੇ ਤਾਂ ਮੈਂ ਕਰ ਦਿਆਂਗੀ
"ਤੇਰੇ ਇਕ ਆਸ਼ੀਆਨੇ ਦਾ ਟਿਕਾਣਾ।”
ਕਿਹਾ ਉਸ ਮੁਸਕਰਾ ਤੇ ਹੋ ਹਿਰਾਨੇ:
'ਮਿਰੇ ਲਾਇਕ ਦਾ ਕੀ ਹੈ' ਮੈਂ ਨ ਜਾਣਾ।
ਕਿ ਜਿਸ ਜਿਸ ਚਮਨ ਤੇ ਮੈਂ ਜੀ ਲਗਾਯਾ,
ਉਡਾਰੀ ਮਿਲ ਗਈ ਉਸ ਥਾਂ ਤੋਂ ਆਪੇ।
ਸੋ ਸੁਣ ਲੈ ਬੇਨਤੀ ਮੇਰੀ ਤੂੰ ਸਹੀਏ:
"ਮਿਰੇ ਸਾਂਈਆਂ ਦੀ ਜਿਸ ਥਾਂ ਲਪਟ ਹੋਵੇ,
"ਮਿਰੇ ਸਾਂਈਆਂ ਦਾ ਜਿਸ ਥਾਂ ਰੰਗ ਲਹਿਰੇ
"ਬਣਾ ਦੇ ਆਸ਼ੀਆਨਾ ਉਸ ਬਗ਼ੀਚੇ,
"ਚਹੇ ਰਖ ਡਾਲੀਆਂ ਤੇ ਚਹਿਚਹਾਂਦੀ।” 53.
ਖਿੱਚ
ਤੁਸਾਂ ਬੰਨ੍ਹਿਆਂ ਨੇਮ- "ਵੱਡੇ ਖਿੱਚਣ ਛੋਟਿਆਂ"
ਸੂਰਜ ਖਿੱਚੇ ਧਰਤਿ, ਧਰਤਿ ਫਿਰ ਚੰਦ ਨੂੰ,
ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ।
ਰਖ ਅਪਣੇ ਵਲ ਖਿੱਚ, ਸਭ ਤੋਂ ਵੱਡਿਆ!
ਖਿਚ ਅਪਣੀ ਵਲ ਖਿੱਚ, ਅਸਾਨੂੰ ਨਿੱਕਿਆਂ।
ਜੇ ਨਾ ਰੱਖੇਂ ਖਿੱਚ, ਸਾਂਈਆਂ ਮੇਰਿਆ!
ਜਾਸਾਂ ਹਾਇ ਗੁਆਚ ਬਨ ਤੇ ਬੇਲਿਆਂ। 54.
ਟੁਰ ਜਾਓ ਨਾ
ਜਦ ਮਿਲਦੇ ਹੋ ਮੈਂ ਸਾਂਈਆਂ ਜੀ!
ਤਦ ਹੋਸ਼ ਮੇਰੀ ਖੱਸ ਲੈਂਦੇ ਓ,
ਨਹੀਂ ਮਿਲਦੇ ਬੇਪਰਵਾਹ ਤੁਸੀਂ,
ਤਾਂ ਹੋਸ਼ ਮੇਰੀ ਤੜਫ਼ੇਦੀ ਏ।
ਜਦ ਯਾਦ ਮੇਰੀ ਵਿਚ ਵਸਦੇ ਓ
ਤਦ ਦਰਸ਼ਨ ਤਾਂਘ ਉਮਗਦੀ ਏ,
'ਛਲ ਸਾਗਰ ਵਾਙੂ' ਪੈਂਦੀ ਏ
ਪਲ ਉਠਦੀ ਏ ਪਲ ਢੈਂਦੀ ਏ।
ਜਦ ਉੱਥੋਂ ਬੀ ਉਠ ਟੁਰਦੇ ਓ
ਤਦ ਮਿੰਨਤਾਂ ਤਰਲੇ ਕਰਦੀ ਆਂ,
ਕਈ ਘੱਤ ਵਾਸਤੇ ਫੜਦੀ ਆਂ,
ਫੜ ਫੜ ਕੇ ਸਮਾਂ ਬਹੇਂਦੀ ਆਂ।
ਫਿਰ ਹਸਦੇ ਓ, ਦਿਲ ਖਸਦੇ ਓ,
ਰਸ ਰਸਦੇ ਓ, ਮੈਂ ਸਾਂਈਆਂ ਜੀ!
ਚੁਪ ਤਿਲਕਣ-ਤਕਣੀ ਤਕਦੇ ਓ,
ਤਕ ਜਾਨ ਮੇਰੀ ਤੜਫੇਂਦੀ ਏ।
ਕੋਈ ਰੂਪ ਨਹੀਂ, ਕੋਈ ਰੰਗ ਨਹੀਂ,
ਕੋਈ ਵਸੀ ਕਰਨ ਦਾ ਢੰਗ ਨਹੀਂ,
'ਟੁਰ ਜਾਓ ਨਾ, ਟੁਰ ਜਾਓ ਨਾ'
ਇਹ ਜਿੰਦੜੀ ਕੂਕ ਕੁਕੇਂਦੀ ਏ। 55.
ਓਝਲ ਡਾਚੀ
ਹੇ ਅਰੂਪ! ਤੁਸੀਂ ਰੂਪਵਾਨ ਹੋ ਕਦੇ ਤਾਂ ਲਾਡ ਲਡਾਓ,
ਯਾ ਅਰੂਪ ਕਰ ਕਦੇ ਅਸਾਨੂੰ ਦਰਸ-ਅਰੂਪ ਦਿਖਾਓ।
ਸੱਸੀ ਵਾਙੂ ਬਾਂਹ ਉਲਾਰਾਂ ‘ਓਝਲ-ਡਾਚੀ’ ਮਗਰੇ;
ਦਿਨੇ ਰਾਤ ਪਈ ਕੂਕਾਂ ਸਾਂਈਆਂ! ਆ ਜਾਓ ਆ ਜਾਓ। 56.
ਨਾ ਛਪਿਆ ਕਰ
ਤੂੰ ਸਦਾ ਛਿਪੇ,
ਹਾਂ ਹੇ ਤੂੰ ਆਪੇ ਛਪਣੇਹਾਰ!
ਛਪਿਆ ਰਹੁ,
ਛਪਿਆ ਰਹੁ,
ਜੀ ਸਦਕੇ ਛਪਿਆ ਰਹੁ।
ਪਰ ਤੂੰ ਅਪਣੇ ਪ੍ਯਾਰੇ ਨੂੰ ਕਹੁ
ਤੂੰ ਨਾਂ ਛਪਿਆ ਰਹੁ।
ਤੇਰੇ ਛਪਿਆਂ
ਜਗ ਰੁਸ਼ਨਾਈ ਗੁੰਮਦੀ ਏ,
ਦੁਨੀ ਹਨੇਰੇ ਘੁੰਮਦੀ ਏ,
ਹੇ ਤੂੰ ਆਪੇ ਛਪਣੇਹਾਰ! 57.
ਤੜਫਨ
ਮੈਂ–
ਪਰਬਤਾਂ ਤੋਂ ਪਈ ਟੁਰ,
ਮਦਾਨਾਂ ਨੂੰ ਕੱਛਦੀ,
ਥਲਾਂ ਰੇਤੇ ਉਲਾਂਘਦੀ,
ਆ ਖਲੋਤੀ ਕਿਨਾਰੇ
ਸਾਵੇ ਸਾਗਰ ਸੁਹਾਵੇ ਦੇ।
... ... ...
ਲਗਾ ਸੂਰਜ ਸੀ ਨ੍ਹਾਉਣ
ਪੱਛੋਂ ਦੂਰ ਕਿਨਾਰੇ ਸਾਗਰ ਵਿਚI
ਹੋ ਹਰਿਆਨ ਗਈ ਮੈਂ
ਤੱਕ ਕੇ ਲਹਿਰ ਪਛਾੜ,
ਹਾਂ ਅਪਣੀਆਂ ਅੱਖਾਂ ਦੇ ਕੋਲ,
ਤੱਕ ਕੇ ਲਹਿਰ ਦੀ ਤੜਫ਼ਨ
ਅਪਣੇ ਨੈਣਾਂ ਦੇ ਪਾਸ।
ਪੁੱਛਾਂ ਲਹਿਰਾਂ ਨੂੰ ਹਾਇ!
ਕਿਥੋਂ ਲਈ ਨੇ ਤੜਫ਼ਨ ਚੁਰਾਇ ?
ਕਿ ਲਗ ਗਈ ਮੇਰੀ ਏ ਛੋਹ-
ਤੜਫ਼ਨ ਮੇਰੀ ਦੀ ਛੋਹ ?
'ਸਾਇਂ ਸਾਇ" ਕਰੇਂਦੀ ਏ ਲਹਿਰ
ਉਛਲ ਡਿਗੇ ਟਕਰਾਂਦੜੀ ਜਾਇ,
ਘੁੰਮ ਜਾਇ ਤੇ, ਤੜਫ਼ ਤੜਫ਼ਾਉ;
ਸ਼ੋਰ ਕਰਦੀਏ ਸਾਇਂ ਸਾਂ ਹਾਇ,
ਮੇਰੀ ਸੱਦ ਸੁਣੇਂਦਾ ਏ ਕੌਣ
ਏਸ ਤੜਫ਼ਵੇਂ ਸ਼ੋਰ ਵਿਚਕਾਰ।
ਤਦ ਮੈਂ ਸੂਰਜ ਨੂੰ ਕੀਤੀ ਪੁਕਾਰ
ਅਵੈ ਚਾਨਣੇ ਵੀਰਾ! ਵੇ ਵੀਰ!
ਏਸ ਲਹਿਰ ਦਾ ਤੜਪ ਤੜਪਾਉ
ਹੈ ਕਦੋਕਣਾਂ? ਆਇਆ ਏ ਕਿਥੋਂ?
ਦੱਸ ਮੁੱਕਸੀ ਕਦੋਂ ਏ ਵੀਰ ?
ਸੂਰਜ-
ਮੈਂ ਹੀਂ ਹਾਂ ਦੋਸ਼ੀ, ਸੁਣ ਨਾਰ!
ਖਿਚ ਲਹਿਰ ਨੂੰ ਪਾਂਦਾ ਹਾਂ ਮੈਂ
ਉਹ ਉਛਲੇ ਤੜਪੇ ਮਿਲਨ ਨੂੰ!
ਮਿਲ ਸਕੇ ਵਿਚਾਰੀ ਨਾ ਹਾਇ!
ਵਿਚ ਪਈ ਏ 'ਦੂਰੀ' ਵਿਸ਼ਾਲ।
ਦੂਰੀ ਦੂਤੀ ਏ ਬਿਰਹੋਂ ਦੀ ਖਾਸ।
ਮੈਂ–
ਦੱਸ ਸੁਹਣਿਆ ਮੈਨੂੰ ਇਕ ਗੱਲ:
ਲਰੀਂ ਵੜਨ ਕਲਾਈ ਦੇ ਵਿਚ
ਇਸ ਤੜਫ਼ਦੀ ਲਹਿਰ ਦੇ ਤਾਈਂ,
ਲਗਨੈਂ ਛੁਹੰਦਾ ਤੂੰ ਲਹਿਰ ਦੇ ਨਾਲ
ਮੁਕ ਚੱਲੀ ਏ "ਦੂਰੀ" ਹੋ ਦੂਰ,
ਜੋ ਤੂੰ ਦੱਸਨੈਂ ਤੜਫ਼ਨੀ ਲਾਇ।
ਸੂਰਜ-
ਜਿਥੇ ਖੜੀ ਏਂ ਸੁਹਣੀਏ ਨਾਰ!
ਜਿਥੇ ਮੈਂ ਪਿਆ ਦਿੱਸਨਾਂ ਨਾਲ-
ਇਕੋ ਜੇਹੀ ਹੈ "ਦੂਰੀ" ਵਿਚਾਲ-
ਇਸ ਲਹਿਰ ਤੇ ਮੇਰੇ ਵਿਚਕਾਰ,
ਹਾਂ, ਤੜਫ਼ਦੀ ‘ਲਹਿਰ' ਮੈਂ ਵਿਚ।
ਹੈ ਦੂਰੀ ਹੀ ਦੂਰੀ, ਹੇ ਨਾਰ!
ਤੇਰਾ ‘ਨਜ਼ਰ-ਭੁਲੇਵਾ’ ਮੁਟਿਆਰ!
ਤੈਨੂੰ ਦੱਸ ਰਿਹਾ ਹੋਰ ਤੋਂ ਹੋਰ।
ਮੈਂ–
ਕਿਉਂ ਤੜਫ਼ਨੀ, ਸੂਰਜਾ! ਕਿਉਂ,
ਕਿਸ ਸਾਜੀ ਏ ਉਛਲ ਉਛਾਲ?
ਹਿੱਸੇ ਬਖਰੇ ਅਸਾਡੇ ਇਹ "ਤੜਫ਼ਨ”
ਕਿਵੇਂ ਪਈ ਏ ਚਾਨਣਾਂ! ਆਇ।
ਸੂਰਜ-
ਖਿੱਚ ਲਾਉਣੀ ਆਈ ਮੈਂ ਹਿੱਸੇ
ਹਾਂ ਅਜ਼ਲ ਤੋਂ ਆਈ ਏ, ਨਾਰ!
ਖਾਣੀ ਲਹਿਰ ਦੇ ਹਿੱਸੇ ਹੈ ਖਿੱਚ
ਇਹ ਬੀ ਅਜ਼ਲ ਤੋਂ ਆਈ, ਮੁਟਿਆਰ!
ਮੈਂ–
ਕਿਸਨੇ ਸਾਜੀ ਏ ਤੜਫ਼ਵੀਂ ਖਿੱਚ ?
ਸੂਰਜ-
ਖਿੱਚਾਂ ਵਾਲੇ ਨੇ ਘੜੀ ਏ ਖਿੱਚ,
ਖਿੱਚ ਖਾਕੇ ਤੜਫ਼ਨ ਤੇ ਉਛਲਨ
ਇਹ ਭੀ ਉਸੇ ਨੇ ਸਾਜਿਆ ਸੀਗ।
ਮੱਥੇ ਲਹਿਰ ਦੇ ਲਿਖੀ ਉਸ ਤੜਫ਼ਨ,
ਤੇਰੇ ਕਾਲਜੇ ਤੜਫ਼ਨੀ ਪਾਈ।
'ਤੜਫ਼ਨ-ਚੀਸ' ਦੇ ਹਈ ਵਿਚਾਲ
'ਜਿੰਦ-ਰਾਣੀ' ਦਾ ਕੁਈ ਨੀ ਭੇਦ ।
ਇਸ ਨੂੰ ਝਲਦਿਆਂ ਸੁਹਣੀਏ! ਸ਼ਾਯਦ
ਖੁੱਲ੍ਹ ਪਵੇ ਲੁਕੋਇਆ ਓ ਭੇਦ।
ਝੱਲ ਝੱਲ ਜੇ ਸਕਨੀਏ ਝੱਲ
ਖੁੱਲ੍ਹ ਪਏ ਓ ਅਜ਼ਲ ਦਾ ਭੇਦ। 58.
ਅਸਲੀਅਤ
ਹੇ ਅਸਲੀਅਤ 'ਮੈਂ ਮੇਰੀ ਦੀ!
ਕਦੇ ਤਾਂ ਇਸ ਤੋਂ ਨਿਖੜ੍ਯਾ ਕਰ।
ਲਾਹ ਕੇ ਉਪਰੋਂ ਓਪਰੇ ਕਪੜੇ,
ਰੰਗ ਆਪਣੇ ਨਿਖਰ੍ਯਾ ਕਰ।
ਮਤਾਂ ਕਿਤੇ ਓ ਅਸਲਾਂ ਮਾਲਕ,
ਰੀਝ ਪਵੇ ਤੈਂ ਨਿਖਰੀ ਤੇ,
ਮਾਰ ਲਵੇ ਕੁਈ ਜੱਫਾ ਤੈਨੂੰ,
ਜੱਫੀਓਂ ਫੇਰ ਨ ਨਿਕਲ੍ਯਾ ਕਰ। 59.
ਸਮੁੰਦਰ ਦੇ ਕਿਨਾਰੇ ਪਿਪਲ ਦੇ ਪੱਤ ਦੀ ਨੋਕ ਨਾਲ ਲਟਕ ਰਹੀ ਜਲ ਬੂੰਦ ਦੀ-
ਅਰਦਾਸ
ਹੇ ਸਾਗਰ! ਬਲ ਵਾਲੇ ਸਾਗਰ!
ਲਹਿ ਲਹਿ ਕਰਦੇ ਸਾਗਰ!
ਪਲਮ ਰਹੀ ਪਿਪਲ-ਪਤ ਨੋਕੋਂ
ਮਿਲਾਂ ਕਿਵੇਂ? ਰਤਨਾਗਰ !
ਜੇ ਕੁੱਦਾਂ ਤਾਂ ਪਵਾਂ ਰੇਤ ਵਿਚ,
ਉਡ ਪਹੁੰਚਣ ਦਾ ਤਾਣ ਨਹੀਂ,
ਉਛਲ ਧੁੱਪ ਏ ਬੰਦ ਉਮਾਹੀ,
ਹੇ ਮਿਹਰਾ ਦੇ ਨਾਗਰ! 60.
ਬਿਥੁੰਨ ਪੱਥਰ
ਇਕ ਪੱਥਰ ਹੈ ਪਿਆ ਬੇਡੋਲ
ਹੈ ਬਿਕੁੰਨ ਤੇ ਕੁਈ ਨਾ ਰੂਪ।
ਬੁਤ ਤ੍ਰਾਸ਼ ਦੀ ਪਈ ਨਿਗਾਹ
ਉਸ ਨੇ ਓਸ ਵਿਚ ਤੱਕੀ ਤਸਵੀਰ,
ਨਾਲ ਤੱਕਿਆ ਵਾਧੂ ਦਾ ਪੱਥਰ
ਜਿਸ ਰਖੀ ਤਸਵੀਰ ਲੁਕਾਅ।
ਲੈਕੇ ਸੱਥਰੀ ਹਥ ਇਕ ਵਿਚ
ਦੂਜਿਓਂ ਦੇਇ ਹਥੌੜੀ ਦੀ ਸੱਟ
ਉਕਰ ਉਕਰ ਕੇ ਵਾਧੂ ਦਾ ਪੱਥਰ
ਕਰ ਵੱਖ, ਕਰ ਦਿਤੋ ਸੁ ਦੂਰ।
ਦੇਖੋ ਬਣ ਗਿਆ ਸੁਹਣੀ ਤਸਵੀਰ
ਓ ਪੱਥਰ ਬੇਡੋਲ ਬੇਥੁੰਨ।
ਤਿਵੇਂ
ਮੇਰੀ 'ਮਨ ਦੀ ਸ਼ਿਲਾ' ਬੇਡੋਲ
ਹੈ ਬਿਥੁਨ ਇਕ ਪੱਥਰ ਦੇ ਵਾਙ,
ਪਰ ਤੂੰ ਓਸ ਵਿਚ ਅਪਣੀ ਤਸਵੀਰ
ਚਹੇਂ ਉਕਰਨੀ 'ਸਾਂਈਆਂ' ਆਪ।
ਜੋ ਕੁਛ ਓਸ ਵਿਚ ਗ਼ੈਰ ਹੈ ਗ਼ੈਰ
ਉਸ ਨੂੰ ਸੱਥਰੀ ਦੀ ਦੇ ਦੇ ਸੱਟ
ਪਰੇ ਕਰਨੈਂ ਉਕੇਰ ਉਕੇਰ।
ਮੈਨੂੰ ਹੁੰਦੀ ਹੈ ਪੀੜ, ਪੀੜ
ਕਰਦੀ ਹੈ ਹਾਇ ਤੇ ਹਾਇ।
ਨਹੀਂ ਦੇਖਦੀ ਸਾਂਈਆਂ! ਤੈਂ ਪ੍ਯਾਰ,
ਰਿਹੈਂ ਅਪਣੀ ਤਸਵੀਰ ਉਤਾਰ
ਮੈਂ ਪੱਥਰ ਦੀ 'ਮਨ ਸ਼ਿਲਾ' ਵਿਚ-
ਜੋ ਕੁਛ ਗ਼ੈਰ ਹੈ ਕਰਨੈਂ ਤੂੰ ਦੂਰ।
ਤਾ ਕਿ ਨਿਕਲ ਪਵੇ ਤਸਵੀਰ-
ਤੇਰੀ ਅਨੁਭਵੀ ਸੁਹਣੀ ਤਸਵੀਰ।
ਮੇਰੇ ਸਾਂਈਆਂ! ਤੂੰ ਹੈਂ ਕਲਾਵਾਨ
'ਤੇਰੀ ਕਲਾ ਹੈ ਮਿਹਰ-ਭਰਪੂਰ’;
ਇਉਂ 'ਸਮਝਣ ਦਾ ਦਈ ਸ਼ਊਰ,
ਬੇ ਸ਼ਊਰੀਆਂ ਕਰੀਂ ਚਾ ਦੂਰ। 61.
ਹੀਰਾ ਕਣੀ
ਹੀਰਾ ਇਕ ਅਸਮਾਨੋਂ ਢੱਠਾ,
ਟੁਟ ਕੇ ਹੋ ਗਿਆ ਕਣੀ ਕਣੀ।
ਕਣੀ ਕਣੀ ਬੀ ਹੀਰਾ ਹੈ ਵੇ,
ਜਿਉਂ ਕੀ ਤਿਉਂ ਹੈ ਬਣੀ ਬਣੀ।
ਪਾਰਖੂਆਂ ਨੇ ਪਰਖ ਲਿਆ ਹੈ,
ਲੈਂਦੇ ਸੋਨੇ ਜੜਤ ਜੜਾ,
ਮੂਰਖ ਉਸ ਦੀ ਸਾਰ ਨ ਜਾਣਨ,
ਪੈਰ ਲਿਤਾੜੇ ਜਦੌਂ ਖਣੀਂ। 62.
ਬੁੱਝੋ ਏ ਕੌਣ?
ਗਏ ਸੁੱਕ ਤੇਲ ਦੀਵੇ ਜਗ ਜਗ ਕੇ ਰਾਤ ਸਾਰੀ,
ਬਲ ਬਲ ਕੇ ਨਾਲ, ਸਾਂਈਆਂ! ਹੁਣ ਵੱਟੀਆਂ ਬੀ ਥੱਕੀਆਂ।
ਘੁਲ ਘੁਲ ਕੇ ਮੋਮ ਬਨ ਬਨ ਬਨ ਅੱਥਰੂ ਜੁ ਡਿੱਗਣ,
ਨੈਣੋਂ ਸ਼ਮਅ ਦੇ ਵਗ ਵਗ ਉਹ ਬੀ ਜੀ ਮੁੱਕ ਚੁਕੀਆਂ।
ਉੱਤੋਂ ਹਨੇਰਾ ਛਾਇਆ ਬਦਲਾਂ ਨੇ ਘੁੱਪ ਕੀਤਾ,
ਹੁਣ ਬੀ ਤਕੇਣ ਰਸਤਾ ਪ੍ਯਾਰੇ ਦਾ, ਮੇਰੀ ਅੱਖੀਆਂ।
ਗਏ ਆ ਤਦੋਂ ਹੀ ਪ੍ਰੀਤਮ ਪਿਛੋਂ ਦੇ ਛੋਪਲੇ ਹੀ,
'ਬੁੱਝੋ ਏ ਕੌਣ ਕਹਿੰਦੇ ਨਪ ਲਈਆਂ ਆਨ ਅੱਖੀਆਂ। 63.
ਅਨ-ਸੰਗੀਤਕ ਸੰਗੀਤ
ਬੇਸੁਰਾ ਬਿਤਾਰਾ ਹੈ ਮੇਰਾ ਰਾਗ
ਹੇ ਮੇਰੇ ਰਾਗ ਰੂਪ ਸਾਂਈਆਂ ਜੀਓ!
ਤੁਸਾਨੂੰ ਕਿੰਞ ਲਗ ਜਾਂਦਾ ਏ ਰਸਮਯ ?
ਮੈਂ ਹਰਿਆਨ ਹੋ ਜਾਂਦੀ ਹਾਂ ਜਦੋਂ ਮੈਂ ਦੇਖਦੀ ਹਾਂ ਤੁਸਾਨੂੰ
ਅਪਣੀ ਛੰਨ ਅੰਦਰ ਵੜਦਿਆਂ ਅੰਮ੍ਰਿਤ ਵੇਲੇ ਤੇ
ਮਲਕੜੇ ਬਹਿ ਜਾਂਦਿਆਂ
ਸੁਣਨ ਮੇਰਾ ਬੇਸੁਰਾ ਰਾਗ ਤੇ ਹੋ ਜਾਂਦਿਆਂ ਮਹਵ
ਉਸ ਅਨ-ਸੰਗੀਤਕ ਸੰਗੀਤ ਵਿਚ। 64.
ਅਚਣ ਚੇਤੀ ਦਾ ਝਲਕਾ
ਤਿਲਕ ਗਈ ਮੇਰੇ ਹੱਥ ਦੀ ਪੂਣੀ,
ਚੁਪ ਹੋ ਗਈ ਘੁਕੇਂਦੜੀ ਚਰਖੀ,
ਅਰਸ਼ਾਂ ਦਾ ਚੰਦ ਜ਼ਿਮੀਂ ਆ ਖਲੋਤਾ,
ਸੂਰਤ ਗਈ ਮੈਥੋਂ ਨਿਰਖੀ ਨ ਪਰਖੀ,
ਕੰਬ ਗਈ ਮੇਰੇ ਨੈਣਾਂ ਦੀ ਜੋਤੀ,
ਜਿੰਦ ਗਈ ਵਿਚ ਜਿੰਦ ਦੇ ਕਰਖੀ।
ਦਰਸ ਸਮਾਵਾਂ ਕਿ ਦਰਸ਼ਨ ਮਾਣਾਂ?
ਲਹਿਰ ਚੜ੍ਹੇ ਇਕ ਲਹਿਰ ਤੇ ਹਰਖੀ। 65.
ਕੋਕਨ ਬੇਰ
ਵਾਹ ਵਾ ਵੇ ਅਸਯਾ' ਉਗਿਓ!
ਮੇਰੀ ਢੋਕ ਦੁਆਲੇ, ਮਲਿਹੋ !
ਵਾਹ ਵਾ ਵੇ ਮਲਿਹਾਂ ਨਾਲ ਲਗਿਓ ਕੋਕਨ ਬੇਰੋ!
ਵਾਹ ਵਾ ਮੇਰੇ ਸਾਂਈਆਂ ਜੀਓ ਤੁਸਾਂ ਜੀਉ ਦੇ ਚੋਜ!
ਕੌਣ ਜਾਣੇ ਅਜ ਆਸੋ,
ਹਾਂ ਆਸੋ ਸੇਊ ਨਾਸ਼ਪਾਤੀਆਂ ਤ੍ਯਾਗ ਕੇ,
ਹਾਂ ਆਸੋ ਸੇਊ ਬੇਰਾਂ ਦੀ ਜ੍ਯਾਫ਼ਤ ਛੋੜ ਕੇ,
ਗੋਲ ਗੋਲ ਮੋਟੇ ਮੋਟੇ ਲਾਲ ਲਾਲ ਬੇਰਾਂ ਦਾ
ਪ੍ਰੀਤੀ-ਭੋਜਨ ਬੀ ਛੋੜ ਆਸੋ,
ਹਾਂ ਸੂਹੇ ਸੂਹੇ ਕਾਲੇ ਬੇਰ ਬੀ ਖਾਧੇ ਜਾਣ ਲਈ
ਵਿਲਕਦੇ ਛੋੜ ਆਸੋ।
ਹਾਂ ਸਾਂਈਆਂ ਜੀਓ, ਸੁਹਣੇ ਸਾਂਈਆਂ ਜੀਓ!
ਆ ਗਏ ਹੋ ਮੈਂ ਨਿਮਾਣੀ ਦੀ ਢੋਕ ਕੂਕਦੇ ਕੂਕਦੇ:
"ਭੁਖ ਲਗੀ ਏ, ਭੁਖ ਲਗੀ ਏ
"ਲਿਆ, ਖੁਆ ਕੋਕਨ ਬੇਰ,
ਲਗੇ ਹਨ ਜੋ ਤੇਰੇ ਮਲਿਹਾਂ ਨੂੰ”।
ਕੰਬਦੀ, ਥਰਕਦੀ, ਖੁਸ਼ ਹੁੰਦੀ ਪਰ ਸ਼ਰਮਦੀ
ਮੈਂ ਤੋੜ ਲਏ ਬੇਰ
–––––––
1. ਜੋ ਆਪੇ ਉਗ ਖੜਵੇ। 2. ਙੱਪੜੀ।
3. ਨਿਕੇ ਨਿਕੇ ਧਰਤੀ ਦੇ ਨਾਲ ਨਾਲ ਉਗੇ ਬੇਰੀ ਦੇ ਬੂਟੇ।
ਕਾਹਲੀ ਕਾਹਲੀ, ਤੇ ਲਗੀ ਸਾਂ ਧੋਣ
ਕਿ ਧੋਕੇ ਧਰ ਕੇ ਅਰਬੀ ਦੇ ਪੱਤੇ ਉੱਤੇ
ਲਿਆ ਧਰਾਂ ਭੇਟ ਨਿਮਾਣੀ ਭੇਟ-ਆਪ ਮੰਗੀ ਭੇਟ-
ਸਾਂਈਆਂ ਜੀਉ ਦੇ ਅੱਗੇ;
ਕਿ ਆ ਗਏ ਸਾਂਈਆਂ ਜੀਓ ਦੌੜੇ ਦੌੜੇ
ਖੋਹ ਲਏ ਧੋਏ ਜਾਣ ਲਗੇ ਬੇਰ,
ਖੋਹ ਲਏ ਜਿਵੇਂ ਖੁਹਂਦਾ ਏ ਬਾਲ ਮਾਂ ਦੇ ਹਥੋਂ ਮਖਾਣੇ,
ਤੇ ਖਾ ਲਏ ਇਕ ਇਕ ਕਰਕੇ, ਸੁਆਦ ਲਾ ਲਾ ਕੇ।
ਵਾਹ ਮੇਰੇ ਸਾਂਈਆਂ! ਬਲਿਹਾਰ ਬਲਿਹਾਰ!
... ... ... ... ...
ਬਲਿਹਾਰ ਕਹਿੰਦੀ ਦੇ ਖੁਲ੍ਹ ਗਏ ਨੈਣ!
ਵਾਹ ਵੇ ਨੈਣੋਂ! ਕਾਹਲੀ ਕੀਤੀਓ ਨੇ ਮੇਰੇ ਚੰਚਲ ਨੈਣੋਂ!
ਮਿਟੇ ਰਹਿੰਦਿਓ ਜੇ ਕੋਈ ਪਲ ਹੋਰ।
... ... ... ... ...
ਹਾਇ! "ਹੱਛਾ ਹੁਣ
ਸੁਣੋ ਮੇਰੇ ਦਿਲ ਨੈਣੋਂ! ਇਕ ਕਰਾਂ ਅਰਜ਼ੋਈ:-
ਤੁਸੀਂ ਨਾ ਕਰੀਓ ਕਾਹਲੀ ਤਨ-ਨੈਣਾਂ ਵਾਂਙੂ,
ਹਾਇ, ਨਾ ਕਰੀਓ ਕਾਹਲੀ,
ਸੰਭਾਲੀ ਰਖੀਓ ਇਹ ਮੋਹਨ ਮੂਰਤੀ।
ਤੇ ਰੋਂਦੇ ਰਿਹਾ ਜੇ
ਤੁਸੀਂ ਮੇਰੇ ਤਨ-ਨੈਣੋਂ !
ਵਿਛੋੜਨ ਵਾਲਿਓ!
ਰੋਂਦੇ ਰਿਹਾ ਜੇ ਅਪਣੀ ਕਾਹਲੀ ਉਤੇ।” 66
ਸੁੰਦਰਤਾ ਤੋਂ ਸੁੰਦਰ ਵਿਚ
ਤੈਨੂੰ ਤੱਕਦੀ ਖਿੜੀ ਗੁਲਾਬ ਵੱਲੀ!
ਮੋਹਿਤ ਹੋਂਵਦੀ ਤੁਰੀ ਦਰ ਆਈਆਂ ਮੈਂ।
ਤੇਰੀ ਗੰਧ ਸੁਗੰਧ ਤੋਂ ਮਸਤੀਆਂ ਦੀ,
ਝੀਮਾਂ ਸਿਰੇ ਤੇ ਆਣਕੇ ਛਾਈਆਂ ਮੈਂ।
ਤੈਨੂੰ ਪਰਸਦਿਆਂ ਥਰਹਰੀ ਕੰਪ ਲਗੀ,
ਵਿਸਮ ਵਿਸਮ ਲਹਿਰਾਂ ਅੰਦਰ ਧਾਈਆਂ ਮੈਂ;
ਫੇਰ ਗੁੰਮਦੀ ਜਾਂਵਦੀ ਆਪ ਵਿਚ ਨੂੰ,
ਕਿਸੇ ਜੇ ਵਿੱਚ ਗਲਵੱਕੜੀ ਪਾਈਆਂ ਮੈਂ.
ਗ਼ੈਬੀ ਛੁਹ ਕੋਈ ਸੁੰਦਰ ਸੋਹਿਣੇ ਦੀ,
ਲਈ ਜਾਂਦੀ ਏ ਵਿਚ ਕਲਾਈਆਂ ਮੈਂ।
ਪਿਛਲੇ ਪਾਸਿਓਂ 'ਮੈਂ' ਦੇ ਕਿਨ੍ਹੇ ਆਕੇ,
ਲਿਵਲੀਨਤਾ ਵਿੱਚ ਵਿਲਾਈਆਂ ਮੈਂ।
ਕੋਈ ਦੱਸੀਓ ਗ਼ੈਬ ਦੇ ਸੁਹਣਿਓਂ ਵੇ!
ਕਿਤੇ ਇਹੋ ਤਾਂ ਨਹੀਂ ਸੀ 'ਸਾਂਈਆਂ ਮੈਂ" ? 67.
ਸੁਖ ਸੈਨਤ
ਅਜ ਸੁਖ ਸੈਨਤ ਅਰਸ਼ੋਂ ਆਈ-
'ਤੈਨੂੰ ਪਿਆਰ ਕਰੇਂਦੈ ਸਾਂਈਂ
'ਊਹੋ ਸਾਂਈਂ, ਓਹੋ ਸਾਂਈਂ,
'ਜਿਸ ਦੀ ਸੀ ਤੈਂ ਲਿਵ ਮਨਿ ਲਾਈ।”
ਖੀਵੀ ਹੋਈਆਂ
ਖੀਵੀ ਹੋਈਆਂ
ਸੁਣ ਸੁਣ ਸਾਰੀ ਖੀਵੀ ਹੋਈਆਂ,
ਵਿਚ ਸ਼ੁਕਰਾਨੇ ਭਰ ਭਰ ਰੋਈਆਂ,
ਭਰ ਭਰ ਰੋਈਆਂ,
ਭਰ ਭਰ ਰੋਈਆਂ,
ਥਰਰ ਥਰਰ ਥਰ ਥਰਹਰ ਆਈ,
ਥਰਰਾਟਾਂ ਦੀ ਲਹਿਰ ਲਹਿਰਾਈ,
ਗੁੰਮ ਹੋ ਗਈਆਂ
ਗੁੰਮ ਹੋ ਗਈਆਂ।
ਹੁਣ ਉਸ ਛਿਨ ਦੀ ਯਾਦ ਪਿਆਰੀ
ਝੂੰਮਾਂ ਦੇਂਦੀ ਰੰਗ ਰੰਗਾਰੀ,
ਵਾਹ ਵਾ ਸਾਂਈਆਂ!
ਵਾਹ ਵਾ ਸਾਂਈਆਂ! 68.
ਧਾਰਾ ਦਿਲ ਟਿਕੇ ਵਾਲੀ
ਹੇ ਦਿਲ ਟਿਕਿਆ! ਤੂੰ ਗੰਗਾ ਹੈਂ,
ਹੇ 'ਧਾਰਾ ਦਿਲ ਟਿਕੇ ਵਾਲੀ!'
ਤੂੰ ਧਾਰਾ ਅਤਿ ਅਨੂਪਮ ਹੈਂ,
ਤੂੰ ਧਾਰਾ ਅਤਿ ਅਨੂਪਮ ਹੈਂ। 1.
ਹੇ ਸੀਤਲ ਵਹਿ ਰਹੀ ਗੰਗੇ!
ਹੇ ਅੰਮ੍ਰਿਤ ਚਲ ਰਹੀ ਧਾਰਾ!
ਤੇਰਾ ਸ੍ਵਰਗੀ ਸਰੂਪਮ ਹੈ,
ਤੇਰਾ ਸ੍ਵਰਗੀ ਸਰੂਪਮ ਹੈ।2.
ਤੂੰ ਵਗਦੀ ਤਾਂ ਨਹੀਂ ਦਿਸਦੀ,
ਪੈ ਵਗਦੀ ਠੰਢ ਪਾਂਦੀ ਹੈਂ,
ਤੇ ਹੋਂਦ ਅਪਣੀ ਲਖਾਂਦੀ ਹੈਂ,
ਤੂੰ ਰੂਪਮ ਹੈਂ ਅਰੂਪਮ ਹੈਂ।3.
ਅਹੋ ਹਨ ਭਾਗ ਸਹੀਓ ਨੀ!
ਜੋ ਇਸ਼ਨਾਨ੍ਯਾ ਹੈ ਇਸ ਗੰਗੇ,
ਤੇ ਚਖਿਆ ਨੀਰ ਜਿਸ ਇਸ ਦਾ
ਉਹ ਰਸਭੂਮੀ ਦਾ ਭੂਪਮ ਹੈ। 4.
ਹਾਂ ਵਗਦੀ ਰਹੁ ਸਦਾ ਗੰਗੇ!
ਸ਼ਨਾਨੰ ਦਾਨ ਦੇਂਦੀ ਰਹੁ,
ਤੇ ਪਾਵਨ ਸਭ ਨੂੰ ਕਰਦੀ ਰਹੁ,
ਕਿ ਤੂੰ ਪਾਵਨ ਸਰੂਪਮ ਹੈਂ। 5.
ਤੇਰੇ ਦਰਸ਼ਨ ਸ਼ਨਾਨੰ ਨੇ
ਹੈ ਤਨ ਮਨ ਠਾਰਿਆ ਸਾਰਾ,
ਤੇਰੇ ਆਚਮਨ ਜੀਵਾਇਆ
ਸਪਰਸ਼ ਪਾਰਸ ਅਨੂਪਮ ਹੈ। 6.
ਉਤਰਨਾ ਅਰਸ਼ ਤੋਂ ਤੇਰਾ
ਤੇ ਦਿਲ ਭੂਮੀ ਤੇ ਵਹਿਣਾ ਜੋ
ਹੇ ਰੀਗੇ! ਹੈ ਅਨੂਪਮ ਏਹ
ਅਨੂਪਮ ਹੈ, ਅਨੂਪਮ ਹੈ। 7. 69.
ਫੇਰਾ ਪਾ ਜਾਣ ਦੀ ਪ੍ਰਭਾ
ਨਜ਼ਰਾਂ ਬਚਾਕੇ ਮੈਂ ਚੜ੍ਹ ਗਈ ਪਉੜੀਆਂ,
ਮਲਕੜੇ ਜਾ ਪਹੁੰਚੀ ਧੁਰ ਛੱਤੇ,
ਤੱਕੀ ਅਸਮਾਨਾਂ ਵਲ ਉੱਪਰ ਨੂੰ, ਉੱਪਰ
ਗੱਡ ਦਿਤੀਆਂ ਨਜ਼ਰਾਂ, ਤੇ
ਮਾਰੀਆਂ ਵਾਜਾਂ
'ਮੇਰੇ ਸਾਂਈਆਂ! ਮੇਰੇ ਸਾਂਈਆਂ!'
ਬੱਝ ਗਈਆਂ ਨਜ਼ਰਾਂ,
ਢੈ ਪਏ ਛੱਪਰ ਅੱਖਾਂ ਦੇ ਹੋ ਹੋ ਕੇ ਭਾਰੇ।
... ... ... ...
ਕੋਈ ਲੱਗ ਗਿਆ ਗਲ ਮੇਰੇ!
ਮੈਂ ਤਬਕੀ ਤੇ ਖੁੱਲ੍ਹ ਗਏ ਨੈਣ,
ਆਹ, ਇਹ ਤਾਂ ਸੀ ਸੀਤਲ ਪੌਣ
ਜੋ ਠੰਢੀਆਂ ਰਹੀ ਸੀ ਪਾ।
ਮੈਂ ਕਿਹਾ ਹੁਣ ਉੱਚੀ ਕੂਕਾਂ
'ਮੇਰੇ ਸਾਂਈਆਂ! ਮੇਰੇ ਸਾਂਈਆਂ!”
ਜਗਤ ਜਿਸ ਨੂੰ ਨਹੀਂ ਸੁਨਾਉਣਾ
ਹੁਣ ਰਹਿ ਗਿਆ ਏ ਦੂਰ ਹੇਠ,
ਹਾਂ, ਤੁਸੀਂ ਹੁਣ ਨੇੜੇ ਹੋ ਨੇੜੇ,
ਜਿਨ੍ਹਾਂ ਦੇ ਕੰਨੀਂ ਪੁਚਾਉਣੀ ਏ ਕੂਕ
'ਮੇਰੇ ਸਾਂਈਆਂ! ਮੇਰੇ ਸਾਂਈਆਂ!'
ਚੰਦ ਆ ਗਿਆ ਅਸਮਾਨੀਂ
ਪਰ ਚਾਂਦਨੀ ਉਤਰ ਪਈ ਹੇਠ,
ਮਗਨ ਹੋ ਰਹੀ ਸਾਂ ਮੈਂ
ਕਿ ਕਿਸੇ ਚੁੰਮ ਲਿਆ ਮੱਥਾ।
ਤ੍ਰਬ੍ਹਕ ਖੁਲ੍ਹ ਗਏ ਮੇਰੇ ਨੈਣ
ਕੌਣ ਸੀ ਪਿਆ ਚੁੰਮਦਾ ਮੱਥਾ ?
ਤੁਸੀਂ! ਹੈਂ ਤੁਸੀਂ? ਨਹੀਂ,
ਇਹ ਤਾਂ ਸੀ ਚਾਂਦਨੀ
ਜੋ ਚੁੰਮ ਰਹੀ ਸੀ ਮੱਥਾ।
ਮੈਂ ਕਿਹਾ:
ਮਨਾ! ਹੋ ਨ ਗਾਫ਼ਲ,
ਕੁਕੀ ਚਲ, ਕੂਕੀ ਚਲ, ਕੂਕੀ,
ਲੈ ਹੁਲਾਰੇ ਪਰ ਕੂਕਾਂ ਨਾ ਭੁੱਲ,
ਸੁਣ ਰਹੇ ਨੀ ਮਨਾ! ਤੇਰੇ ਸਾਂਈਂ,
ਕੂਲੇ ਦਿਲਾਂ ਵਾਲੇ ਪਏ ਨੀ ਸੁਣਦੇ
ਤੇਰੀਆਂ ਕੂਕ ਪੁਕਾਰਾਂ ਨੂੰ ਆਪ।
ਮੈਂ ਫੇਰ ਤ੍ਰਬ੍ਹਕੀ:
ਕਿਸਨੇ ਕਿਹੈ ? 'ਤੇਰੇ ਸਾਂਈਆਂ'
'ਆ ਰਹੇ ਨੀ ਤੇਰੇ ਓ ਸਾਈਆਂ;
ਹੈਂ........
ਕਿਸਨੇ ਸੁਣਾਈ ਏ ਸੋਇ?
ਨਹੀਂ ਪਤਾ, ਪਰ ਸੁਣੀ ਮੈਂ ਆਪ।
ਹਾਂ, ਉਂਞ ਬੀ ਹੋ ਗਈ ਏ ਦੇਰ,
ਹੋਸਣ ਆਉਂਦੇ, ਆਉਂਦੇ ਹੁਣ ਤਾਂ।
ਮਨਾਂ! ਕਰ ਲੈ ਆਰਤੀ ਤਿਆਰ,
ਮਤਾਂ ਆਉਣ ਤੇ ਤੂੰ ਬੇ ਤਿਆਰ।
ਥਾਲ ਕੀਤਾ ਮੈਂ ਸਿੱਧਾ ਸਪੱਟ
ਦੀਵੇ ਚਉਮੁਖੀਏ ਵਿਚ ਘੱਤਿਆ ਘਿਉ।
ਵੱਟੀਆਂ ਦਿਤੀਆਂ ਚਹੁ ਮੂੰਹਾਂ ਵਿਚ ਪਾ।
ਕੀਤੀ ਧੂਪ ਦੀ ਬੱਤੀ ਫਿਰ ਖਲੀ,
ਚੰਦਨ ਬੂਰ ਪਾ ਧਰਿਆ ਕਾਫੂਰ,
ਫੇਰ ਲੀਤਾ ਚਕਮਾਕ ਸੰਭਾਲਿ,
ਕਿ
ਆਇਆਂ ਦੀ ਬਿੜਕ ਸੁਣਦੇ ਸਾਰ
ਝਾੜ ਲਵਾਂਗੀ ਅੱਗ ਤੁਰੰਤ,
ਲਊਂ ਆਰਤੀ ਝਟ ਜਗਾਇ।
ਗਲੇ ਪਾਵਾਂਗੀ ਸਿਹਰਾ ਮੈਂ ਉੱਠ,
ਚਰਨਾਂ ਕਮਲਾਂ ਤੇ ਧਰਾਂਗੀ ਸੀਸ।
ਆਰਤੀ ਲੈਸੀਆਂ ਫੇਰ ਉਤਾਰ।
... ... ...
ਵਰਸ ਰਹੀ ਏ ਤ੍ਰੇਲ-ਫੁਹਾਰ।
ਭਿੰਨੀ ਰਹੀ ਏ ਹੋ ਸਭ ਰੈਣ।
ਭਰਦੀ ਅਖੀਆਂ ਵਿਚ ਪਈ ਏ ਮਿੱਠੀ-
ਮਿਠੀ ਰਸ ਦੀ ਫੁਹਾਰ।
ਜੁੜਦੇ ਜਾਂਦੇ ਨੇ ਰਸ ਭਰੇ ਨੈਣ।
... ... ...
ਫੇਰ ਤ੍ਰਬ੍ਹਕੀ ਹਾਂ, ਹਾਇ ਮੈਂ ਕਿਉਂ?
ਠੱਕਾ ਲਗ ਗਿਆ ਕੋਈ ਹੈ ਫੇਰ?
ਖੁੱਲ੍ਹ ਗਏ ਹੁਣ ਮੇਰੇ ਮੁੜ ਨੈਣ,
ਵਧਦੀ ਏ ਠੰਢ, ਵਧਦਾ ਏ ਸੁਆਦ,
ਸਿਰ ਵਿਚ ਸਰੂਰ, ਨੈਣਾਂ ਵਿਚ ਤਰੋਤ,
ਪੈਂਦੀ ਸਾਰੇ ਹੈ ਰਸ ਦੀ ਫੁਹਾਰ
ਮਨਾ! ਕਰ ਲੈ ਹੁਣ ਆਰਤੀ ਤ੍ਯਾਰ:
ਏਹ ਨਿਸ਼ਾਨੀ ਹਈ ਪਕ ਪੱਕ-
ਰਸ ਦੀ ਪੈਂਦੀ ਪਈ ਜੋ ਫੁਹਾਰ
ਸਾਂਈਆਂ ਜੀਉ ਦੇ ਆਣੇ ਦਾ ਚਿੰਨ੍ਹ।
ਕੱਢ ਲਿਆ ਮੈਂ ਤਦੋਂ ਚਕਮਾਕ*
ਝਾੜੀ ਅੱਗ ਲਗਾਕੇ ਮੈਂ ਸੱਟ,
ਕਿ
ਜੋਤਾਂ ਜਗਾਵਾਂ, ਧੁਖਾਵਾਂ ਮੈਂ ਧੂਪ
ਮੁਸ਼ਕਕਪੂਰ ਨੂੰ ਦਿਖਾ ਦਿਆਂ ਅੱਗ।
ਤ੍ਰਬ੍ਹਕੀ
ਹੈਂ!
ਹੈਂ ਕੀਹ ਵਰਤਿਆ ਸਾਈਂ!
ਮੇਰਾ ਗੁੰਦਿਆ ਸਿਹਰਾ ਹੈ ਗੁੰਮ।
ਕੌਣ ਚੁਕ ਕੇ ਲੈ ਗਿਆ ਉ ਹਾਰ?
––––––––
* ਪੁਰਾਣੇ ਵਕਤਾਂ ਵਿਚ ਅੱਗ ਜਲਾਨ ਦਾ ਜੰਤ੍ਰ।
ਹੈਂ !
ਧੂਪ? ਧੁਖ ਧੁਖ ਕੇ ਹਿਸ ਚੁੱਕੀ,
ਜੋਤਾਂ ਬਲ ਬਲ, ਪੀ ਪੀ ਕੇ ਘਿਉ
ਸੌਂ ਚੁਕੀਆਂ ਹਨ, ਬੁਝ ਗਈਆਂ।
ਹੈਂ !
ਚੰਦਨਬੂਰ ਤੇ ਮੁਸ਼ਕ ਕਾਫੂਰ
ਗਏ ਆਪੇ ਤੇ ਦੁਇ ਹਨ ਖੇਡ।
ਹਨ ਅਤਰ ਅੰਬੀਰ ਉਡ ਚੁੱਕੇ।
ਸਾਰੀ ਆਰਤੀ ਹੀ ਹੋ ਚੁੱਕੀ!
ਹੋ ਚੁੱਕੀ?
ਮੇਰੇ ਕੀਤੇ ਬਿਨਾ ਹੋ ਹੋ ਮੁੱਕੀ?
ਸਚਮੁਚ, ਮੈਂ ਸਾਂਈਆਂ ਜੀ ਪਿਆਰੇ!
ਮੇਰੀ ਆਰਤੀ ਹੈ ਹੋ ਚੁੱਕੀ?
ਕੌਣ ਆਇਆ ਤੇ ਕਰ ਗਿਆ ਕੌਣ?
ਕੁੰਡਾ ਮੰਮਟੀ ਦਾ ਵੱਜਾ ਹੈ ਪਿਆ,
ਕੌਣ ਸਕਦਾ ਏ ਤੁਸਾਂ ਬਿਨ ਆਇ,
ਨਾ ਹੇਠੋਂ ਨਾ ਉੱਤੋਂ, ਨਾਂ ਵਿਚੋਂ ਵਿਚਾਲ?
ਹਾਏ ਇਕ ਨੈਣ ਝਮੱਕੇ ਮੈਂ ਵਿਚ
ਅੱਖ-ਫਰਕਣੀ ਮੇਰੀ ਦੇ ਅੰਦਰ
ਤੁਸੀਂ ਆਏ ਤੇ ਆਰਤੀ ਆਪ
ਹੋ ਹੋ ਸਦਕੜੇ ਤੁਸਾਂ ਤੋਂ ਗਈ।
ਤੁਸੀਂ ਆਏ ਤੇ ਲੰਘ ਬੀ ਗਏ
ਇਕ ਅੱਖ-ਝਮੱਕੇ ਵਿਚਕਾਰ।
ਮੱਸੇ ਕਿਵੇਂ ਤਰਸੇਂਦਿਆਂ ਆਏ
ਤੁਸੀਂ ਆਏ ਤੇ ਲੰਘ ਬੀ ਗਏ!
ਵਾਹ ਵਾਹ ਅੱਖ-ਪਲਕਾਰਿਆ ਵਾਹ,
ਅਵੇ ਕਰ ਗਿਓਂ ਖੇਲ ਅਨੂਠੀ!
... ... ...
ਸਾਂਈਆਂ ਜੀਓ, ਆਰਤੀ!
ਕਿਸਨੇ ਕੀਤੀ ? ਆਪੇ ਹੋ ਗਈ? ਕਿੰਞ ?
ਸਿਹਰਾ ਗਲੇ ਪੈ ਗਿਆ! ਕਿੰਞ ?
ਕੇਸਰ ਸੁਭਾਗ ਮੱਥੇ ਚੜ੍ਹ ਗਿਆ! ਕਿੰਞ?
ਅਤਰ ਅੰਬੀਰ ਉੱਡ ਗਏ, ਕਿੰਞ ?
ਸੁਰੀਧਿ ਸਦਕੇ ਹੋ ਗਈ, ਕਿੰਞ ?
... ... ...
ਸਾਂਈਆਂ ਜੀਓ!
ਮੱਥੇ ਹਥ ਲਾਉਂਦੀ ਹਾਂ ਤਾਂ ਤੁਸਾਂ ਦੇ
ਚਰਨਾਰਬਿੰਦ ਦੀ ਪੀਲੀ ਪੀਲੀ, ਲਪਟ ਭਰੀ
ਪ੍ਰਾਗ-ਧੂੜੀ ਬੀ ਲਗ ਰਹੀ ਹੈ।
ਹੈਂ! ਤੱਕੋ!
ਮੇਰੇ ਮੱਥੇ ਨੇ 'ਚਰਨ-ਛੁਹ' ਬੀ
ਪਾ ਲਈ ਹੈ।
ਕਿੰਞ ਮੇਰਾ ਮੱਥਾ ਪ੍ਯਾਰੇ ਚਰਨਾਂ ਤੇ
ਟਿਕ ਗਿਆ ਸੀ?
ਮੈਂ ਤਾਂ ਨਹੀਂ ਟੇਕਿਆ!
ਕਿਸ ਨੇ ਟਿਕਾਇਆ ਸੀ?
ਆਪੇ! ਹੈਂ ਆਪੇ! ਕਿੰਞ ?
ਵਾਹ ਦਾਤਾ! ਇਹ ਰਸ, ਸੁਆਦ, ਠੰਢ, ਉਮਾਹ, ਚਾਉ,
ਪ੍ਯਾਰ, ਭਿੰਨੀ ਭਿੰਨੀ ਸੁਗੰਧਿ, ਇਹ ਅਨੋਖਾ ਰੰਗ
ਤੁਸਾਂ ਦੇ ਏਥੋਂ ਫੇਰਾ ਪਾ ਜਾਣ ਦੀ ਪ੍ਰਭਾ ਹੈ?
ਤੁਸਾਡੇ ਸਪਰਸ਼ ਤੋਂ ਪੌਣ ਨੇ, ਆਕਾਸ਼ ਨੇ
ਮੇਰੇ ਮਨ ਮੰਡਲ ਨੇ ਇਹ ਸੁਆਉ ਲਿਆ ਹੈ?
ਵਿਸਮੈ ਵਿਸਮ ਹੋ ਰਹੀ ਹਾਂ।
ਵਾਹ ਵਾਹ!
ਤੁਸੀਂ ਲੰਘ ਬੀ ਗਏ।
ਆਏ ਬੀ ਤੇ ਲੰਘ ਬੀ ਗਏ!
... ... ... ...
ਸਾਂਈਆਂ ਜੀਓ! ਹੁਣ ਫੇਰ ਵਾਜਾਂ ਮਾਰ ਰਹੀ ਹਾਂ,
ਗੁੱਸੇ ਨ ਹੋਵਿਓ ਮੇਰੇ ਕੂਲੇ ਕੂਲੇ ਦਿਲ ਵਾਲੇ ਜੀਓ!
ਇਹ ਕੂਕ ਹੀ ਤਾਂ ਮੇਰੀ ਪੰਖ-ਉਡਾਰੀ ਹੈ।
ਮੈਂ ਕਿਹਾ ਸੀ, ਅੱਜ ਮੈਂ ਆਰਤੀ ਉਤਾਰਾਂਗੀ,
ਤੁਸੀਂ ਆਏ, ਆਏ, ਮਿਹਰਾਂ ਵਰਸਾਂਦੇ ਆਏ,
ਪਰ ਲੰਘ ਗਏ ਇਕ ਪਲਕਾਰੇ ਵਿਚ
ਕੋਈ ਦੇਂਦੇ ਅਗੰਮ ਦੀ ਛੋਹ।
ਹਾਂ, ਕਰਦੇ ਗੁੰਮ ਮੇਰੀ
ਮਨਸਾ ਛੋਹ ਤੇ ਪ੍ਰਤੀਤੀ,
ਗਏ ਲੰਘ,
ਸਮੇਂ ਤੋਂ ਬੀ ਉਹਲੇ ਉਹਲੇ।
ਪੱਲੇ ਰਹਿ ਗਈ ਏ ਵਿਸਮਤਾ ਵਿਸਮਤਾ
"ਹੇ ਅਸਚਰਜ ਰੂਪੰ! ਅਸਚਰਜ ਰੂਪੰ!”
ਵਿਸਮ, ਵਿਸਮ, ਵਿਸਮ! 70
ਨਾਮ ਪਿਆਲਾ
ਨਾਮ ਸੋਹਣੇ ਦਾ ਭਰਿਆ ਪਿਆਲਾ
ਡੁਲ੍ਹ ਡੁਲ੍ਹ ਪੈ ਰਿਹਾ ਸਹੀਓ!
ਕੌਣ ਪੀਏ ਭਰ ਘੁਟ ਇਕ ਇਸ ਦਾ
ਸਹੀਓ ਤਕਦੀਆਂ ਰਹੀਓ।
ਸੱਧਰ ਪ੍ਯਾਲਾ ਜਿਸ ਦਾ ਅਪਣਾ
ਡੁਲ੍ਹ ਡੁਲ੍ਹ ਪੈ ਰਿਹਾ ਹੋਵੇ,
ਉਸ ਨੂੰ ਸੀਂਦੀ ਮਿਲੇ ਘੁੱਟ, ਪਰ
ਭੇਤ ਸੰਭਲ ਕੇ ਕਹੀਓ। 71.
- ਇਤਿ