ਜੀਉ ਆਇਆਂ ਨੂੰ!
ਲੁਕੇ ਰਹੇ ਹੋ ਬਦਲਾਂ ਉਹਲੇ
ਦਿਨ ਕਿੰਨਿਆਂ ਤੋਂ ਸੁਹਣੇ ਸੂਰ!
ਸਿਕਦੀ ਵਿੱਚ ਉਡੀਕਾਂ, ਤਰਸਾਂ,
ਕਿਵੇਂ ਮਿਲੇ ਮੁੜ ਤੇਰਾ ਨੂਰ।
ਆਪੇ ਅੱਜ ਉਦੇ ਹੋ ਆਏ,
ਜੀ ਆਇਆਂ ਨੂੰ, ਜਮ ਜਮ ਆਉ!
ਦਰਸ਼ਨ ਤੇਰੇ ਚਾਉ ਚੜ੍ਹ ਰਿਹਾ,
ਧਰਤਿ ਅਕਾਸ਼ ਨੂਰ ਭਰਪੂਰ। 1.
ਵਿਛਿਆ ਰਹੁ
ਵਿਛ ਜਾ ਵਾਂਙ ਦੁਲੀਚੇ ਦਰ ਤੇ
ਵਿਛਿਆ ਰਹੁ, ਮਨ! ਵਿਛਿਆ ਰਹੁ।
ਜ਼ੋਰ ਨ ਕੋਈ, ਹੱਠ ਨ ਰੱਤੀ,
ਆਪਾ ਭੇਟਾ ਧਰਕੇ ਬਹੁ।
ਧਰਤੀ ਜਿਵੇਂ ਵਿਛੀ ਧਰਿ ਆਸ਼ਾ
ਮਿਹਰਾਂ-ਮੀਂਹ ਉਡੀਕਾਂ ਵਿਚ,
ਮਿਹਰਾਂ-ਮੀਂਹ ਵਸਾਵਣ ਵਾਲਾ
ਤੁਠਸੀ ਆਪੇ ਤੇਰਾ ਸਹੁ। 2.
ਸਦਕੇ ਤੇਰੀ ਜਾਦੂਗਰੀ ਦੇ
ਮੇਰੇ ਅੰਦਰ, ਧੁਰ ਅੰਦਰ, ਧੁਰ ਅੰਦਰ ਦੇ
ਕਿਸੇ ਉਹਲੇ ਲੁਕੇ ਮੇਰੇ ਪ੍ਰੀਤਮ!
ਹਾਂ,
ਟੁੰਬਨੇ ਓ ਅਪਣੀਆਂ ਸੰਗੀਤਕ ਟੁੰਬਾਂ ਨਾਲ,
ਜਗਾ ਦੇਨੇ ਓ ਤਰਬਾਂ ਤਾਰਾਂ
ਅੰਦਰਲੇ ਦੀਆਂ,
ਗਾਉਂਦੀਆਂ ਹਨ ਉਹ ਗੀਤ
-ਤੁਸਾਂ ਜੀ ਦੇ ਬਿਰਹੇ,
ਤੁਸਾਂ ਜੀ ਦੇ ਮਿਲਨ ਦੇ ਤਰਾਨੇ-
ਜੋ ਕਰਦੇ ਹਨ ਜਾਦੂਗਰੀ ਮੇਰੇ ਹੀ ਉੱਤੇ।
ਮੇਰੀ ਮੈਂ ਬਿਰ ਬਿਰ ਤਕਦੀ
ਰਹਿ ਜਾਨੀ ਏ ਕੰਬਦੀ ਤੇ ਥਰਰਾਂਦੀ।
... ... ... ...
ਨੀਂਦ, ਹਾਂ ਖੱਸ ਲਿਜਾਂਦੇ ਹੋ ਮੇਰੀ ਨੀਂਦ।
ਜਾਗ, ਹਾਂ ਲਰਜ਼ਦੀ ਹੈ ਮੇਰੀ ਜਾਗ,
ਜਿਵੇਂ ਲਰਜ਼ਦੀ ਏ ਤਿੱਲੇ ਦੀ ਤਾਰ
ਸੁੰਦਰੀ ਦੇ ਪੱਲੇ ਨਾਲ ਪਲਮਦੀ।
... ... ... ...
ਆਹ ਪ੍ਰੀਤਮ!
ਦਿੱਸਣ ਦੇ ਉਹਲੇ ਲੁਕੇ ਪ੍ਰੀਤਮ!
ਕੋਲ ਕੋਲ ਪਰ ਦੂਰ ਦੂਰ,
ਦੂਰ ਦੂਰ ਪਰ ਕੋਲ ਕੋਲ,
ਸਦਕੇ ਤੇਰੀ ਜਾਦੂਗਰੀ ਦੇ।
... ... ... `...
ਰਸਨਾ! ਚੁਪ!
ਹਾਂ, ਕੰਬਦੀ ਥਰਕਦੀ ਰਸਨਾ ਚੁਪ।
ਸਖੀਏ!
ਏਥੇ ਬੋਲਣ ਦੀ ਨਹੀਂ ਜਾਅ। 3.
ਲੱਗ ਗਈ ਸੀ ਬਾਲੀ ਉਮਰੇ
ਬਾਲੀ ਸਾਂ ਮੈਂ ਅਜੇ ਇਕ ਬਾਲੀ ਖੇਲਦੀ, ਖੇਲਦੀ
ਸਾਂ ਗੁਡੀਆਂ ਪਟੋਲੇ ਬਾਲਿ ਮੈਂ।
ਸਹੀਆਂ ਵਿਚ ਪਾਂਦੀ ਸਾਂ ਮੈਂ ਖੇਨੂੰਆਂ ਦੇ ਥਾਲ
ਤੇ ਗਾਂਦੀ ਸਾਂ ਮੈਂ ਗੀਤ ਅਪਣੇ ਵੀਰਾਂ ਦੇ ਨਾਲ।
ਬਾਲੀ ਸੀ ਵਰੇਸ ਮੇਰੀ ਅਜੇ ਅਨਜਾਣ।
`... `... `...
ਸੁੱਤੀ ਪਈ ਘੂਕ ਸਾਂ ਮੈਂ ਬਚਪਨੇ ਦੀ ਨੀਂਦ,
ਕੋਲ ਸੀ ਨ ਕੋਈ ਮੇਰੇ ਦਾਈ, ਮਾਈ, ਬਾਪ।
ਪਾ ਰਿਹਾ ਸੀ ਚਾਂਦਨੀ ਉਹ ਚੰਦ ਅਰਸ਼ ਤੋਂ,
ਤਾਰੇ ਸੁਟ ਰਹੇ ਸਨ ਮਿੱਠੀ ਮਿੱਠੀ ਲੋਅ-
ਮਿੱਠੀ ਮਿੱਠੀ ਲੋਅ- ਮੇਰੇ ਚਿਹਰੇ ਉੱਤੇ ਲੋਅ।
`... `... `...
ਆਏ ਤੁਸੀਂ ਛੋਪਲੇ ਤੇ ਹੋਰ ਛੋਪਲੇ
ਚੁੰਮ ਲਿਆ ਮੱਥਾ ਵਿਚ ਚਾਂਦਨੀ ਚਮੱਕ,
ਦਿੱਤੀਓ ਨੇ ਛਾਪ ਪਾਇ ਚੀਚੀ ਉਂਗਲੀ,
ਫੇਰ ਕੰਨਾਂ ਵੱਲ ਝੁਕੇ, ਆਖਿਓ ਨੇ ਕੁਝ।
ਸੁੱਤੀ ਪਈ ਮੈਂਅ ਖ਼ਬਰੇ ਵਿਚੋਂ ਜਾਗਦੀ,
ਚਲੇ ਗਏ ਛੋਪਲੇ ਤੇ ਹੋਰ ਛੋਪਲੇ।
`... `... `...
ਜਾਗੀ, ਫੇਰ ਜਾਗੀ ਮੈਂ ਸਾਂ ਬਾਲੀ, ਨੀਂਦਰੋਂ,
ਤੱਕਾਂ ਹੋਰ ਹੋਈ, ਮੈਂ ਹਾਂ ਹੋਰ ਹੋ ਗਈ,
ਹਾਂ, ਓਪਰੀ ਹੋ ਗਈ ਸਾਂ, ਮੈਂ ਅਪਣੇ ਆਪ ਨੂੰ।
ਸੋਚਾਂ ਪਈ, - 'ਗਈ ਸਾਂ ਗੁਆਚੀ ਮੈਂ ਕਿਤੇ?
ਕਿ ਆਈ ਹਾਂ ਪਰੱਤ ਮੈਂ ਗੁਆਚੀ ਕਿੱਧਰੋਂ?
ਸਮਝੇ ਨ ਪਵੇ ਮੇਰੇ ਬਾਲਿ ਬੁੱਧ ਦੇ।
ਮੱਥੇ ਝਰਨਾਟ ਮੇਰੇ ਛਿੜੇ ਪਲ ਪਲੇ
-ਸੁਹਣੀ ਝਰਨਾਟ ਉਹ ਸੀ ਕੰਬੇ ਲਾਵਣੀ-
'ਹੋ ਗਿਆ ਕੀ ਮੱਥੇ ਮੇਰੇ?' ਸੁਰਤਿ ਨਾ ਪਵੇ।
ਚੀਚੀ ਪਈ ਕੰਬੇ ਥਿਰਕਾਵੇ ਦਿਲੇ ਨੂੰ,
ਛਾਪ ਮੈਨੂੰ ਪੈ ਗਈ ਏ ਸੁਪਨ ਵਿਚ ਹੀ।
ਤੱਕਾਂ ਫੇਰ ਥੇਵਾ, ਵਿਚ ਹਰਫ਼ ਚਮਕਦੇ
"ਸਾਂਈਆਂ ਮੇਰੇ ਸਾਂਈਆਂ” ਏ ਲਿਖਤ ਉੱਕਰੀ।
ਕੰਨਾਂ ਵਿਚ ਝਰਨ ਝਰਨ, ਸੱਦ ਗੂੰਜਦੀ,
"ਸਾਂਈਆਂ ਮੇਰੇ ਸਾਂਈਆਂ” ਦਾ ਗੀਤ ਹੋ ਰਿਹਾ।
ਲੱਗ ਗਈ ਲੱਲ ਮੈਂ ਅਜਾਣ ਬਾਲਿ ਨੂੰ
“ਸਾਂਈਆਂ ਮੇਰੇ, ਸਾਂਈਆਂ ਜੀਉ, ਸਾਂਈਆਂ ਮੇਰੇ ਓ!”
... ... ... ...