ਬੈਠ ਗਿਆ। ਰਵੀ ਨੇ ਜ਼ੇਰੇ ਜ਼ਿਕਰ ਕਿਤਾਬਾਂ ਅਤੇ ਲੇਖਕਾਂ ਦੀ ਸੂਚੀ ਤਿਆਰ ਕਰਕੇ ਭੇਜ ਦਿੱਤੀ ਜੋ ਅਖੀਰ ਵਿਚ ਸਜ ਗਈ। ਰਵੀ ਦਾ ਸ਼ੁਕਰਾਨਾ। ਸ਼ੁਕਰਾਨਾ ਡਾ. ਦੀਪ ਸ਼ਿਖਾ ਦਾ ਜਿਸਨੇ ਖਰੜਾ ਟਾਈਪ ਕੀਤਾ।
ਪ੍ਰਵਾਨਿਤ ਵਿਧਾਨ ਹੈ ਕਿ ਪੁਸਤਕ ਸੂਚੀ ਵਿਚ ਪਹਿਲਾਂ ਲੇਖਕ ਦਾ ਨਾਮ ਫਿਰ ਕਿਤਾਬ ਦਾ ਨਾਮ ਹੁੰਦਾ ਹੈ। ਸਾਡੀ ਸੂਚੀ ਵਿਚ ਕਿਤਾਬ ਪਹਿਲੋਂ ਤੇ ਲੇਖਕ ਪਿਛੋਂ ਹੈ। ਅਜਿਹਾ ਕਰਨ ਪਿਛੇ ਕਾਰਨ ਕਿਤਾਬ ਦਾ ਟਾਈਟਲ ਬੁਕਸ ਆਈ ਹੈਵ ਲਵਡ ਹੈ।
ਓਸ਼ੋ ਨੂੰ ਪੰਜਾਬੀ ਨਹੀਂ ਆਉਂਦੀ ਪਰ ਕੀਰਤਨ ਸੁਣਨ ਦਾ ਸ਼ੁਕੀਨ ਸੀ। ਪੰਜਾਬੀ ਉਸ ਨੂੰ ਕੀਰਤਨ ਵਿਚੌਂ ਮਿਲੀ। ਕਿਹਾ- ਇਹ ਹੈ ਉਹ ਜ਼ਬਾਨ ਜਿਸ ਨੂੰ ਤੁਸੀਂ ਹੋਰ ਤਿੱਖੀ ਨਹੀਂ ਕਰ ਸਕਦੇ।
ਸੁਆਮੀ ਰਾਮਤੀਰਥ ਦਾ ਜ਼ਿਕਰ ਓਸ਼ੋ ਨੇ ਸੋਲ੍ਹਵੇਂ ਅਧਿਆਇ ਵਿਚ ਕੀਤਾ ਹੈ ਜਦੋਂ ਪਤਨੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰੋ. ਪੂਰਨ ਸਿੰਘ ਇਸ ਘਟਨਾ ਦਾ ਚਸ਼ਮਦੀਦ ਗਵਾਹ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਦੁਆਰਾ ਸੰਪਾਦਿਤ ਪੂਰਨ ਸਿੰਘ : ਜੀਵਨੀ ਤੇ ਕਵਿਤਾ ਵਿਚ ਉਸ ਦੀ ਪਤਨੀ ਮਾਇਆ ਦੇਵੀ ਲਿਖਦੀ ਹੈ: 2
ਲੋਕੀਂ ਸਵਾਮੀ ਰਾਮਤੀਰਥ ਜੀ ਨੂੰ ਮਿਲਣ ਗੰਗਾ ਜੀ ਪਹੁੰਚ ਗਏ। ਸਵਾਮੀ ਰਾਮ ਜੀ ਦੀ ਪਤਨੀ ਨੂੰ ਵੀ ਕਿਸੇ ਤੋਂ ਇਹ ਪਤਾ ਲਗ ਗਿਆ ਕਿ ਸਵਾਮੀ ਜੀ ਹਰਦਵਾਰ ਆਏ ਹੋਏ ਨੇ। ਉਹ ਆਪਣੇ ਦੋ ਲੜਕਿਆਂ ਤੇ ਇਕ ਲੜਕੀ ਨੂੰ ਨਾਲ ਲੈ ਕੇ ਹਰਦਵਾਰ ਆ ਗਏ। ਸਵਾਮੀ ਪੂਰਨ ਜੀ ਨੇ ਸਵਾਮੀ ਰਾਮ ਨੂੰ ਦੱਸਿਆ- ਮਦਨ, ਬ੍ਰਹਮਾਨੰਦ ਤੇ ਜਸੋਧਰਾ ਨੂੰ ਨਾਲ ਲੈ ਕੇ ਉਨ੍ਹਾਂ ਦੀ ਮਾਂ ਆਪ ਦੇ ਦਰਸ਼ਨਾਂ ਨੂੰ ਆਏ ਹਨ।
ਸਵਾਮੀ ਜੀ ਹੈਰਾਨ ਰਹਿ ਗਏ ਕਿ ਇਕ ਸੰਨਿਆਸੀ ਨੂੰ ਪਰਿਵਾਰ ਮਿਲਣ ਆ ਰਿਹਾ ਹੈ। ਸਵਾਮੀ ਜੀ ਨੇ ਕਿਹਾ- ਪੂਰਨ ਉਨ ਕੋ ਬੋਲੇ ਕਿ ਰੁਹ ਜਹਾਂ ਸੇ ਆਏ ਹੈਂ, ਵਹਾਂ ਚਲੇ ਜਾਏ।
ਸਵਾਮੀ ਪੂਰਨ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹਾ- ਸਵਾਮੀ ਜੀ ਯਿਹ ਨਹੀਂ ਹੋ ਸਕਤਾ, ਆਪ ਕੋ ਉਨ ਮੇਂ ਤਿੰਨ ਭੇਦ ਕਿਉਂ ਮਾਲੂਮ ਹੂਆ? ਜੈਸੇ ਔਰ ਸਭ ਆਪ ਕੋ ਮਿਲ ਸਕਤੇ ਹੈਂ, ਕਿਆ ਵਹ ਇਨਸਾਨ ਨਹੀਂ ਹੈ? ਉਨ ਕੇ ਜ਼ਰੂਰ ਮਿਲਨਾ ਚਾਹੀਏ। ਮੈਂ ਯਿਹ ਬਾਤ ਕਭੀ ਨਹੀਂ ਹੋਨੇ ਦੂੰਗਾ।
ਸਵਾਮੀ ਰਾਮ ਨੇ ਕਿਹਾ- ਪੂਰਨ ਤੁਮ ਜੋ ਕਹਿਤੇ ਹੋ ਅੱਛਾ, ਪਾਂਚ ਮਿੰਟ ਕੇ ਲੀਏ ਆ ਜਾਏ।
ਉਹ ਪਤਲੀ ਦੂਥਲੀ ਮੈਲੇ ਵੇਸ ਵਿਚ ਕੰਬਦੀ ਹੋਈ ਬੱਚਿਆਂ ਸਮੇਤ ਸਵਾਮੀ ਜੀ ਦੇ ਕਮਰੇ ਵਿਚ ਪਹੁੰਚੀ ਤੇ ਆ ਮੱਥਾ ਟੇਕਿਆ। ਸਵਾਮੀ ਰਾਮ ਦੂਰ ਹੀ ਹੁੰਦੇ ਗਏ, ਕਿਧਰੇ ਛੋਹ ਨਾ ਜਾਈਏ।
ਸਵਾਮੀ ਪੂਰਨ ਨੇ ਕਿਹਾ- ਸਵਾਮੀ ਜੀ, ਆਪ ਨੇ ਜਾਤੀ ਕਾ ਭਿੰਨ ਭੇਦ ਦੂਰ ਕੀਆ ਹੂਆ ਹੈ, ਯਿਹ ਕਿਆ? ਫਿਰ ਸਵਾਮੀ ਪੂਰਨ ਜੀ ਨੇ ਬ੍ਰਹਮਾਨੰਦ ਨੂੰ ਜੋ ਛੋਟਾ ਲੜਕਾ ਸੀ, ਕਿਹਾ, ਆਉ, ਸਵਾਮੀ ਜੀ ਕੋ ਅਪਨਾ ਸਬਕ ਸੁਣਾਓ।
ਲੜਕਾ ਕਿਤਾਬ ਲੈ ਕੇ ਪੜ੍ਹਨ ਲਗ ਪਿਆ। ਸਵਾਮੀ ਰਾਮ ਅੱਖਾਂ ਮੀਟੇ ਬੈਠੇ ਰਹੇ, ਕੁਝ ਨਾ ਬੋਲੇ ਸਵਾਮੀ ਪੂਰਨ ਜੀ ਨੂੰ ਕਿਹਾ- ਸਫਾਮੀ ਜੀ ਇਸ ਕੇ ਅਸ਼ੀਰਵਾਦ ਤੋਂ ਦੋ। ਫਿਰ ਵੀ ਸਵਾਮੀ ਜੀ ਕੁਝ ਨਾ ਬੋਲੇ। ਫੇਰ ਸਵਾਮੀ ਪੂਰਨ ਨੇ ਇਕ ਅੰਗੂਰਾਂ ਦਾ ਟੋਕਰਾ ਜੋ ਭਰਿਆ ਪਿਆ ਸੀ, ਸਵਾਮੀ ਰਾਮ ਦੇ ਅੱਗੇ ਆ ਧਰਿਆ ਤੇ ਕਿਹਾ- ਯਿਹ ਬ੍ਰਹਮਾਨੰਦ ਕੇ ਦੇ ਦੋ।
ਸਵਾਮੀ ਰਾਮ ਨੇ ਕਿਹਾ- ਤੁਮ ਦੇ ਦੋ ਤੇ ਫੇਰ ਬੋਲੇ- ਪੂਰਨ ਅਬ ਇਨ ਕਾ ਮਿਲਨਾ ਹੋ ਚੁਕਾ, ਜਹਾਂ ਸੇ ਆਏ ਹੈਂ, ਵਹਾਂ ਕਾ ਟਿਕਟ ਲੈ ਕਰ ਇਨ ਕੇ ਵਾਪਿਸ ਭੇਜ ਦੇ। ਰੁਪਿਆਂ ਦੀ ਤਾਂ ਉਸ ਵਕਤ ਪਰਵਾਹ ਨਹੀਂ ਸੀ। ਇੰਨੇ ਤਅੱਲਕਦਾਰ ਭਗਤ ਬੈਠੇ ਹੋਏ ਸਨ। ਉਨ੍ਹਾਂ ਨੇ ਕਿਹਾ- ਪੂਰਨ ਜੀ ਜਿਤਨਾ ਭੀ ਰੁਪਿਆ ਤੁਮ ਦੇਨਾ ਚਾਹਤੇ ਹੋ, ਇਨ ਕੇ ਦੇ ਦੇ। ਕਾਫ਼ੀ ਰੁਪਿਆ ਦੇ ਕੇ ਤੇ ਟਿਕਟ ਲੈ ਕੇ ਉਨ੍ਹਾਂ ਨੂੰ ਰੇਲ ਵਿਚ ਬਿਠਾ ਦਿੱਤਾ।
ਜਦ ਸਵਾਮੀ ਪੂਰਨ ਜੀ ਨੇ ਇਹ ਗੱਲ ਮੈਨੂੰ ਸੁਣਾਈ ਮੈਂ ਆਪਣਾ ਰੋਣਾ ਰੋਕ ਨਾ ਸਕੀ। ਵਿਆਕੁਲ ਹੋ ਕੇ ਰੋਣ ਲਗ ਪਈ। ਮੇਰੀਆਂ ਹਿਚਕੀਆਂ ਬੱਬ ਗਈਆਂ।
ਸਵਾਮੀ ਰਾਮ ਜੀ ਦੀ ਪਤਨੀ ਦੀ ਇਹ ਦਸ਼ਾ ਸੁਣ, ਮੇਰਾ ਮਨ ਐਸਾ ਪਿਘਲਿਆ ਕਿ ਵਹਿ ਟੁਰਿਆ। ਮੈਂ ਕਿਹਾ- ਸਵਾਮੀ ਜੀ, ਜਦ ਤਕ ਸਵਾਮੀ ਰਾਮ ਦੇ ਪਰਿਵਾਰ ਨੂੰ ਨਹੀਂ ਮਿਲ ਲਈ, ਮੈਨੂੰ ਚੰਨ ਨਹੀਂ ਆਉਣਾ। ਅੰਦਰਲਾ ਵਲਵਲਿਆਂ ਨਾਲ ਵਲਿਆ ਗਿਆ ਹੈ। ਚਲੋ ਮੁਰਾਰੀ ਵਾਲੇ ਚੱਲੀਏ। ਨਾਲੇ ਸਵਾਮੀ ਰਾਮ ਦਾ ਜਨਮ ਅਸਥਾਨ ਵੇਖ ਆਵਾਂਗੇ ਅਤੇ ਨਾਲੇ ਪਰਿਵਾਰ ਨੂੰ ਵੀ ਮਿਲ ਆਵਾਂਗੇ।
ਮੇਰੀ ਵਿਆਕੁਲਤਾ ਵੇਖ ਕੇ ਸਵਾਮੀ ਜੀ ਨੇ ਗੱਲ ਮੰਨ ਲੀਤੀ। ਦੂਜੇ ਦਿਨ ਅਸੀਂ ਮੁਰਾਰੀ ਵਾਲੇ ਤੁਰ ਪਏ। ਛੋਟੀਆਂ ਛੋਟੀਆਂ ਗਲੀਆਂ ਲੰਘ ਕੇ ਸਵਾਮੀ ਰਾਮ ਦੇ ਦਰਵਾਜ਼ੇ ਅਗੇ ਪਹੁੰਚੇ ਜਿਸ ਦਾ ਥੜ੍ਹਾ ਕਾਫ਼ੀ ਉੱਚਾ ਸੀ। ਪਰਿਵਾਰ ਨੇ ਜਦ ਸੁਣਿਆ, ਹੁਮ ਹੁਮਾ ਕੇ ਬਾਹਰ ਆ ਗਿਆ। ਸਵਾਮੀ ਜੀ ਦੇ ਪਿਤਾ ਨੇ ਕੰਬਦਿਆਂ ਹੱਥਾਂ ਨਾਲ ਸਾਨੂੰ ਅਸ਼ੀਰਵਾਦ ਦਿਤੀ। ਪਤਨੀ ਨੂੰ ਮੈਂ ਗਲੇ ਲਾ ਕੇ ਬਹੁਤ ਰੋਈ। ਪਤਨੀ ਵੀ ਰੋਈ। ਜਦ ਅਸੀਂ ਅੰਦਰ ਗਏ, ਫਲ, ਮਠਿਆਈ ਤੇ ਕਪੜੇ ਜੇ ਅਸੀਂ ਨਾਲ ਲੈ ਆਏ ਸਾਂ, ਬੱਚਿਆਂ ਦੇ ਅਗੇ ਰੱਖੇ। ਬੱਚਿਆਂ ਦੇ ਮੁਖੜੇ ਐਸੇ ਖਿੜ ਆਏ, ਜਿਵੇਂ ਸੂਰਜ ਵੇਖ ਕੇ ਕੰਵਲ। ਫੇਰ ਅਸੀਂ ਉਹ ਗਲੀਆਂ ਵੇਖੀਆਂ, ਜਿਨ੍ਹਾਂ ਵਿਚ ਸਵਾਮੀ ਰਾਮ ਖੇਡਦੇ ਰਹੇ ਸਨ। ਉਹ ਸਕੂਲ ਵੇਖਿਆ, ਜਿਥੇ ਉਹ ਪੜ੍ਹਦੇ ਰਹੇ ਸਨ। ਪਰ ਮੇਰਾ ਮਨ ਵੰਸਾ ਹੀ ਦ੍ਰਵਿਆ ਰਿਹਾ ਜੈਸਾ ਸਵਾਮੀ ਜੀ ਤੋਂ ਸੁਣਿਆ ਸੀ।
ਮੇਰੇ ਪਾਠਕ ਮੇਰੇ ਉਪਰ ਇੰਨੇ ਮਿਹਰਬਾਨ ਹੋ ਗਏ ਹਨ ਕਿ ਵਧੀਆ ਕਿਤਾਬਾਂ ਦੀਆਂ ਸੁਗਾਤਾਂ ਭੇਜ ਰਹੇ ਹਨ। ਉਨ੍ਹਾਂ ਦਾ ਇਰਾਦਾ ਮੈਨੂੰ ਕੰਮ ਲਾਈ ਰੱਖਣਾ ਹੈ। ਇਨ੍ਹਾਂ ਚੁਸਤੀਆਂ ਤੋਂ ਮੈਂ ਵਾਕਫ ਹਾਂ।
ਕਿਤਾਬ ਕਿਵੇਂ ਪੜ੍ਹਨੀ ਹੈ, ਕਿਵੇਂ ਆਨੰਦਿਤ ਹੋਣਾ ਹੈ, ਕਿਤਾਬ ਦਾ ਜ਼ਿਕਰ ਕਰਦਿਆਂ ਕਿਵੇਂ ਆਨੰਦਿਤ ਕਰਨਾ ਹੈ, ਓਸ਼ੋ ਤੋਂ ਸਿਖਾਂਗੇ। ਸਿੱਖ ਕਥਾਕਾਰਾਂ ਨੇ ਓਸ਼ੋ ਦਾ ਅਸਰ ਕਬੂਲਿਆ ਹੈ। ਸ਼੍ਰੋਮਣੀ ਕਥਾਕਾਰ ਭਾਈ ਸੰਤ ਸਿੰਘ ਮਸਕੀਨ ਜਿਸ ਪ੍ਰਸੰਗ ਤੇ ਬੋਲਦੇ ਬਹੁਤ ਚੰਗੇ ਲੱਗਣ, ਸਮਝ ਜਾਣਾ ਉਥੇ ਓਸ਼ੋ ਦਾ ਅਸਰ ਹੈ।
ਓਸ਼ੋ ਕਿਸੇ ਧਰਮ ਦਾ ਨਹੀਂ, ਰੂਹਾਨੀਅਤ ਦਾ ਮੁਰੀਦ ਹੈ। ਧਰਮਾਂ ਦੀ ਜਿਹੜੀ ਸ਼ਕਲ ਸੂਰਤ ਅਸੀਂ ਦੇਖ ਰਹੇ ਹਾਂ, ਮੋਢੀਆਂ ਨੇ ਨਹੀਂ, ਅਨੁਯਾਈਆਂ ਨੇ ਬਣਾਈ ਹੈ। ਸਤਨਾਮ ਸਿੰਘ ਖੁਮਾਰ ਦਾ ਇਹ ਸ਼ਿਅਰ ਓਸ਼ੋ ਦੀ ਸ਼ਖਸੀਅਤ ਹੈ।
ਮਿਰੇ ਚੌਂਕਿ ਤਜੱਸੁਸ ਕੇ ਉਜਾਲੋ।
ਮੁਝੇ ਪੱਥਰ ਦੀ ਦੁਨੀਆਂ ਸੇ ਨਿਕਾਲੋ।
ਮੁਝੇ ਰਹਿਨੇ ਦੋ ਬਨਕੇ ਸਿਰਫ ਖੁਸ਼ਬੂ,
ਮੁਝੇ ਫੂਲੋਂ ਕੇ ਸਾਂਚੋਂ ਮੈਂ ਨ ਢਾਲੋ।
ਓਸ਼ੋ ਦੀ ਰੂਹਾਨੀਅਤ ਗੁਰੂ ਗੋਬਿੰਦ ਸਿੰਘ ਦੇ ਇਨ੍ਹਾਂ ਬਚਨਾਂ ਰਾਹੀਂ ਵੀ ਸਮਝੀ ਜਾ ਸਕਦੀ ਹੈ:
ਨਮਸਤੰ ਅਕਰਮੀਂ। ਨਮਸਤੰ ਅਧਰਮੰ। (5)
ਨਮਸਤੰ ਅਮਜਬੇ। ਨਮਸਤਸਤੁ ਅਜਬੇ। (17)
(ਜਿਸਦਾ ਕੋਈ ਧਰਮ, ਮਜ੍ਹਬ ਨਹੀਂ ਹੈ ਉਸ ਅਦਭੁਤ ਰੱਬ ਨੂੰ ਮੇਰਾ ਸਲਾਮ।)- ਜਾਪੁ ਸਾਹਿਬ।। ਗੁਰਬਾਣੀ ਬਾਦ ਹੋਰ ਕੀ ਲਿਖਣਾ?
ਹਰਪਾਲ ਸਿੰਘ ਪੰਨੂ
02-07-2018
ਜੋਕਿ ਤਜੱਸੂਸ- ਜਾਣਨ ਦੀ ਤੀਬਰ ਇੱਛਾ
ਅਧਿਆਇ ਪਹਿਲਾ
ਲਾਓਜੂ ਭਵਨ, ਰਜਨੀਸ਼ਪੁਰਮ, ਓਰੇਗੋ, ਅਮਰੀਕਾ, 1984 ਵਿਚ
ਮਹਿਮਾਨ, ਮੇਜ਼ਬਾਨ, ਸਫੈਦ ਗੁਲਦਾਓਦੀ, ਸਫੈਦ ਗੁਲਾਬ, ਇਨ੍ਹਾਂ ਪਲਾਂ ਵਿਚ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ।
ਮਹਿਮਾਨਾ ਨੂੰ ਨਹੀਂ...।
ਮੇਜ਼ਬਾਨਾ ਨੂੰ ਵੀ ਨਹੀਂ...।
ਕੇਵਲ ਖਾਮੋਸ਼ੀ... ।
ਖਾਮੋਸ਼ੀ ਆਪਣੇ ਤਰੀਕੇ ਨਾਲ ਬੋਲਿਆ ਕਰਦੀ ਹੈ, ਅਨੰਦ, ਸ਼ਾਂਤੀ, ਸੁੰਦਰਤਾ ਅਤੇ ਅਸੀਮ ਦਾ ਗੀਤ ਖਾਮੋਸ਼ੀ ਆਪਣੇ ਢੰਗ ਨਾਲ ਗਾਇਆ ਕਰਦੀ ਹੈ। ਇਹ ਗੱਲ ਨਾ ਹੁੰਦੀ ਕੋਈ ਤਾਓ 'ਤ ਚਿੰਗ ਨਾ ਹੁੰਦਾ, ਕੋਈ ਪਹਾੜੀ ਤੇ ਉਪੇਦਸ਼ ਨਾ ਦਿੰਦਾ। ਅਸਲ ਨਜ਼ਮਾ ਇਹੋ ਹਨ, ਬੇਸ਼ਕ ਇਨ੍ਹਾਂ ਨੂੰ ਗ੍ਰੰਥਾਂ ਵਿਚ ਨਜ਼ਮਾਂ ਵਾਂਗ ਦਰਜ ਨਹੀਂ ਕੀਤਾ ਗਿਆ। ਕਾਵਿ ਸੰਗ੍ਰਹਿ ਤੋਂ ਵੱਖਰੀਆਂ ਇਹ ਰਚਨਾਵਾਂ ਪ੍ਰਦੇਸੀਆਂ ਵਾਂਗ ਬਾਹਰ ਖਲੌ ਗਈਆਂ। ਇਕ ਗੱਲੋਂ ਠੀਕ ਵੀ ਹੋਇਆ, ਗਿਣੇ ਮਿਥੇ ਅਸੂਲਾਂ ਵਿਚ ਨਹੀਂ ਬੱਝੀਆਂ, ਬੰਧਨਮੁਕਤ ਹੋਣ ਕਰਕੇ ਇਨ੍ਹਾਂ ਨੂੰ ਬਾਹਰ ਕਰ ਦਿੱਤਾ।
ਫਿਓਦੌਰ ਦੋਸਤੋਵਸਕੀ ਦੇ ਬ੍ਰਦਰਜ਼ ਕਰਾਮਾਵ ਦੇ ਕੁੱਝ ਹਿੱਸੇ ਨਿਰੀ ਸ਼ਾਇਰੀ ਹਨ, ਪਾਗਲ ਫਰੈਡਰਿਕ ਨੀਤਸ਼ੇ ਦੇ ਦਸ ਸਪੇਕ ਜ਼ਰਥਸਤ੍ਰ ਦੇ ਕੁਝ ਹਿਸੇ ਵੀ। ਨੀਤਸ਼ੇ ਹੋਰ ਕੁਝ ਨਾ ਲਿਖਦਾ ਬੇਸ਼ਕ, ਕੇਵਲ ਜ਼ਰਥਸਤ੍ਰ ਨਾਲ ਹੀ ਉਸਨੇ ਮਨੁਖਤਾ ਦਾ ਕਲਿਆਣ ਕਰ ਦੇਣਾ ਸੀ, ਇਕ ਬੰਦੇ ਤੋਂ ਹੋਰ ਕੀ ਕੀ ਆਸ ਰੱਖੀਏ, ਉਸਨੇ ਭੁਲਿਆ ਵਿਸਰਿਆ ਜ਼ਰਥਸਤ੍ਰ ਯਾਦ ਕਰਵਾ ਦਿੱਤਾ, ਉਸਨੂੰ ਨਵਾਂ ਜਨਮ ਦਿੱਤਾ, ਇਸੇ ਨੂੰ ਕਹਿੰਦੇ ਨੇ ਮੋਇਆਂ ਦੀ ਜਾਗ। ਦਸ ਸਪੇਕ ਜ਼ਰਥਸਤ੍ਰ ਭਵਿਖ ਦੀ ਇੰਜੀਲ ਬਣੇਗਾ।
ਜਦੋਂ ਜੰਮਿਆਂ, ਕਹਿੰਦੇ ਨੇ ਜ਼ਰਤੂਸ਼ਤ ਹੱਸ ਪਿਆ ਸੀ। ਨਵਜਾਤ ਬੱਚਾ ਹੱਸ ਪਏ, ਕਿਆਸ ਕਰਨਾ ਔਖਾ ਹੈ। ਜੇ ਮੁਸਕਾਉਂਦਾ ਤਾਂ ਠੀਕ ਹੋਣਾ ਸੀ ਪਰ ਹਾਸਾ ? ਸੁਣਨ ਵਾਲਾ ਹੈਰਾਨ ਹੁੰਦਾ ਹੈ ਕਿ ਹਸਿਆ ਕਿਸ ਗੱਲ ਤੇ? ਹੱਸਣ ਵਾਸਤੇ ਕੋਈ ਪ੍ਰਸੰਗ ਹੋਇਆ ਕਰਦਾ ਹੈ। ਕਿਹੜਾ ਸੀ ਉਹ ਮਜ਼ਾਕ ਜਿਸ ਨੂੰ ਸੁਣਕੇ ਜ਼ਰਤੁਸ਼ਤ ਹੱਸ ਪਿਆ ?
ਆਪਣੀਆਂ ਡਾਇਰੀਆਂ ਵਿਚ ਇਹ ਬ੍ਰਹਿਮੰਡੀ ਮਜ਼ਾਕ ਨੋਟ ਕਰੋ, ਇਸ ਤੇ ਨਿਸ਼ਾਨੀ ਲਾਉ। ਠੀਕ ਕੀਤਾ। ਨਿਸ਼ਾਨੀ ਲਾਉਂਦਿਆਂ ਦੀ ਮੈਂ ਤੁਹਾਡੀ ਆਵਾਜ਼ ਸੁਣ ਲਈ ਹੈ। ਬਹੁਤ ਖੂਬ। ਦੇਖਿਆ, ਮੇਰੀ ਸੁਣਨ-ਸਮਰੱਥਾ ਵਧੀਐ? ਮੈਂ ਚਾਹਾਂ ਤਾਂ ਵਾਹੀ ਜਾਂਦੀ ਲਕੀਰ ਦੀ ਆਵਾਜ਼ ਸੁਣ ਲੈਨਾ, ਪੱਤੇ ਦੀ ਆਵਾਜ਼
ਸੁਣ ਲੰਨਾ। ਦੇਖਣਾ ਚਾਹਾਂ ਤਾਂ ਹਨੇਰੇ ਵਿਚ ਦੇਖ ਲੰਨਾ, ਘੁੱਪ ਹਨੇਰੇ ਵਿਚ ਵੀ। ਜਦੋਂ ਮੈਂ ਸੁਣਨਾ ਨਾ ਚਾਹਾਂ ਉਦੋਂ ਇਉਂ ਲਗਦੈ ਜਿਵੇਂ ਮੈਨੂੰ ਕੁਝ ਨੀਂ ਸੁਣਦਾ, ਇਸ ਨਾਲ ਤੁਹਾਨੂੰ ਲੱਗਣ ਲਗਦੇ ਸਭ ਕੁਝ ਠੀਕ ਠਾਕ ਹੈ।
ਜਨਮ ਸਮੇਂ ਜ਼ਰਤੁਸ਼ਤ ਦਾ ਹੱਸਣਾ ! ਇਹ ਤਾਂ ਮਹਿਜ਼ ਸ਼ੁਰੂਆਤ ਸੀ, ਜੀਵਨਭਰ ਉਹ ਹਸਦਾ ਰਿਹਾ। ਉਸਦਾ ਸਾਰਾ ਜੀਵਨ ਹਾਸਾ ਸੀ। ਤਾਂ ਵੀ ਲੋਕ ਉਸ ਨੂੰ ਭੁੱਲ ਗਏ। ਅੰਗਰੇਜ਼ਾਂ ਨੇ ਤਾਂ ਉਸਦਾ ਨਾਮ ਵੀ ਬਦਲ ਦਿੱਤਾ, ਉਸ ਨੂੰ ਜ਼ੋਰਾਸਟਰ ਕਹਿਣ ਲੱਗੇ। ਕੇਹੀ ਲਾਹਨਤ ਹੈ, ਪੂਰੀ ਸ਼ੈਤਾਨੀ ਨੂੰ। ਜ਼ਰਥਸਤ੍ਰ ਲਫਜ਼ ਵਿਚ ਗੁਲਾਬ ਦੀ ਪੱਤੀ ਵਰਗੀ ਨਜ਼ਾਕਤ ਹੈ, ਜੋਰਾਸਟਰ ਲਫਜ਼ ਇਉਂ ਲਗਦੈ ਜਿਵੇਂ ਮਕਾਨਕੀ ਤਬਾਹੀ ਦਾ ਬਿਗਲ ਵੱਜੇ। ਜਦੋ ਜ਼ਰਥਸਤ੍ਰ ਦੀ ਥਾਂ ਉਸ ਦਾ ਨਾਮ ਜ਼ੋਰਾਸ਼ਟਰ ਰੱਖਿਆ, ਉਦੋਂ ਵੀ ਉਹ ਹੱਸਿਆ ਹੋਇਗਾ ਯਕੀਨਨ। ਪਰ ਫਰੈਡਰਿਕ ਨੀਤਸ਼ੇ ਤੋਂ ਪਹਿਲਾਂ ਲੋਕਾਂ ਨੇ ਉਹ ਭੁਲਾ ਦਿੱਤਾ ਸੀ। ਉਸ ਨਾਲ ਇਹੌ ਹੋਣਾ ਸੀ।
ਮੁਸਲਮਾਨਾ ਨੇ ਜ਼ਰਥਸਤ੍ਰ ਦੇ ਮੁਰੀਦਾਂ ਨੂੰ ਜਬਰਨ ਇਸਲਾਮ ਕਬੂਲ ਕਰਨ ਦਾ ਹੁਕਮ ਦਿੱਤਾ। ਥੋੜੇ ਕੁ, ਬਸ ਥੋੜੇ ਜਿਹੇ ਜਾਨਾ ਬਚਾ ਕੇ ਭਾਰਤ ਵਿਚ ਆ ਗਏ, ਹੋਰ ਕਿਥੇ ਜਾਂਦੇ? ਅਜਿਹਾ ਦੇਸ ਸੀ ਭਾਰਤ ਜਿਥੇ ਬਿਨਾ ਕਿਸੇ ਵੀਜੇ ਦੇ, ਬਿਨਾ ਕਿਸੇ ਪ੍ਰਵਾਨਗੀ ਦੇ, ਕੋਈ ਵੀ ਆਰਾਮ ਨਾਲ ਦਾਖਲ ਹੋ ਸਕਦਾ ਸੀ। ਜ਼ਰਥਸਤ੍ਰ ਦੇ ਮੁਠੀ ਭਰ ਸਿੱਖ, ਮੁਸਲਮਾਨ ਕਾਤਲਾਂ ਤੋਂ ਬਚ ਕੇ ਆਏ। ਭਾਰਤ ਵਿਚ ਬਹੁਤੇ ਪਾਰਸੀ ਨਹੀਂ, ਲੱਖ ਕੁ ਹੋਣਗੇ ਬਸ। ਸਿਰਫ ਭਾਰਤ ਵਿਚ, ਨਹੀਂ ਨਹੀਂ ਕੇਵਲ ਇਕ ਸ਼ਹਿਰ ਮੁੰਬਈ ਵਿਚ ਵਸਦੇ ਲੱਖ ਪਾਰਸੀਆਂ ਦੇ ਧਰਮ ਬਾਰੇ ਜਾਣਨ ਦੀ ਕਿਸ ਨੂੰ ਪ੍ਰਵਾਹ? ਉਹ ਆਪ ਹੀ ਜ਼ਰਤੁਸ਼ਤ ਨੂੰ ਭੁਲ ਗਏ ਹਨ। ਜਿਨ੍ਹਾਂ ਹਿੰਦੂਆਂ ਵਿਚ ਉਨ੍ਹਾਂ ਰਹਿਣੇ, ਉਨ੍ਹਾਂ ਨਾਲ ਰਾਜ਼ੀਨਾਵਾਂ ਕਰ ਲਿਆ। ਖੂਹ ਤੋਂ ਬਚਦੇ ਬਚਾਂਦੇ ਖਾਤੇ ਵਿਚ ਜਾ ਡਿਗੇ, ਖਾਤਾ, ਖੂਹ ਨਾਲੋਂ ਵੀ ਡੂੰਘਾ। ਇਕ ਪਾਸੇ ਖੂਹ ਦੂਜੇ ਪਾਸੇ ਖਾਤਾ। ਖੂਹ ਅਤੇ ਖਾਤੇ ਦੇ ਵਿਚਕਾਰੋਂ ਇਕ ਹੋਰ ਰਸਤਾ ਲੰਘਦਾ ਹੈ, ਬੁੱਧ ਉਸ ਨੂੰ ਮੱਧਮਾਰਗ ਆਖਦਾ ਹੈ। ਇਹ ਰਸਤਾ ਐਨ ਵਿਚਕਾਰ ਹੈ, ਜਿਵੇਂ ਬਾਜ਼ੀਗਰ ਦਾ ਰੱਸਾ, ਇਸ ਰੱਸੇ ਉਪਰ ਤੁਰਦਿਆਂ ਪਾਰ ਲੰਘਣਾ ਹੈ।
ਜ਼ਰਤੁਸ਼ਤ ਨੂੰ ਵਾਪਸ ਆਧੁਨਿਕ ਜਹਾਨ ਵਿਚ ਲਿਆਉਣਾ ਨੀਤਸ਼ੇ ਦਾ ਵੱਡਾ ਕੰਮ ਹੈ। ਉਸ ਦਾ ਮੰਦਭਾਗਾ ਕੰਮ ਐਡਾਲਫ ਹਿਟਲਰ ਹੋਇਆ। ਚੰਗੇ ਮਾੜੇ ਨੀਤਸ਼ੇ ਨੇ ਦੋਵੇਂ ਕੰਮ ਕੀਤੇ। ਤਾਂ ਵੀ ਹਿਟਲਰ ਲਈ ਨੀਤਸ਼ੇ ਜ਼ਿਮੇਵਾਰ ਨਹੀਂ। ਨੀਤਸ਼ੇ ਵਲੋ ਸਿਰਜਿਆ ਮਹਾਂ-ਮਾਨਵ ਹਿਟਲਰ ਨੂੰ ਸਮਝ ਨਹੀਂ ਆਇਆ। ਇਸ ਵਿਚ ਨੀਤਸ਼ੇ ਦਾ ਕੀ ਕਸੂਰ? ਮੇਰੀ ਗੱਲ ਜੇ ਤੁਹਾਨੂੰ ਸਮਝ ਨੀਂ ਆਉਂਦੀ ਤਾਂ ਮੈਂ ਕੀ ਕਰਾਂ? ਗਲਤ ਸਮਝਣ ਦੀ ਤੁਹਾਨੂੰ ਆਜ਼ਾਦੀ ਹੈ। ਹਿਟਲਰ ਮੰਦਬੁਧ ਬੱਚਾ ਸੀ, ਕਰੂਪ। ਉਹਦਾ ਚਿਹਰਾ ਚਿਤਾਰੋ, ਨਿਕੀਆਂ ਮੁੱਛਾਂ, ਖੌਫਜ਼ਦਾ ਅੱਖਾਂ ਜਿਹੜੀਆਂ ਤੁਹਾਨੂੰ ਵੀ ਭੈਭੀਤ ਕਰ ਦੇਣ ਤੇ ਤਣਿਆ ਹੋਇਆ ਮੱਥਾ।
ਇੰਨਾ ਤਣਾਉਗ੍ਰਸਤ ਬੰਦਾ ਕਿ ਸਾਰੀ ਉਮਰ ਕਿਸੇ ਇਕ ਨਾਲ ਵੀ ਦੋਸਤਾਨਾ ਸਲੂਕ ਨਹੀਂ ਸੀ ਉਸਦਾ। ਦੋਸਤੀ ਕਰਨ ਲਈ ਲਗਾਮ ਢਿਲੀ ਕਰਨੀ ਹੁੰਦੀ ਹੈ।
ਹਿਟਲਰ ਪਿਆਰ ਨਹੀਂ ਕਰ ਸਕਦਾ ਸੀ ਹਾਲਾਂਕਿ ਤਾਨਾਸ਼ਾਹੀ ਢੰਗ ਨਾਲ ਉਸ ਨੇ ਯਤਨ ਜਰੂਰ ਕੀਤਾ। ਜਿਵੇਂ ਕੁਝ ਖਾਵੰਦ ਬਦਕਿਸਮਤੀ ਨਾਲ ਆਪਣੀਆਂ ਬੀਵੀਆਂ ਨੂੰ ਕਾਬੂ ਕਰਨ ਵਾਸਤੇ ਕਈ ਹਰਬੇ ਵਰਤਦੇ ਹਨ ਉਸਨੇ ਵੀ ਇਉਂ ਕੀਤਾ ਪਰ ਪਿਆਰ ਨਾ ਕਰ ਸਕਿਆ। ਪਿਆਰ ਕਰਨ ਲਈ ਅਕਲ ਚਾਹੀਦੀ ਹੈ। ਜਿਸ ਕੁੜੀ ਨਾਲ ਉਸ ਦੀ ਦੋਸਤੀ ਸੀ ਉਸਨੂੰ ਵੀ ਉਹ ਆਪਣੇ ਕਮਰੇ ਵਿਚ ਰਾਤੀਂ ਸੋਣ ਦੀ ਆਗਿਆ ਨਾ ਦਿੰਦਾ। ਏਨਾ ਡਗ ਉਹ ਡਰਦਾ ਸੀ ਜਦੋਂ ਮੈਂ ਸੌਂ ਗਿਆ ਇਹ ਕੁੜੀ ਕਿਤੇ ਮੈਨੂੰ ਮਾਰ ਨਾ ਦਏ, ਜਿਸ ਨੂੰ ਦੋਸਤ ਸਮਝਦਾ ਕੀ ਪਤਾ ਦੁਸ਼ਮਣ ਹੋਏ, ਦੁਸ਼ਮਣ ਦੀ ਏਜੰਟ ਹੋਏ। ਸਾਰੀ ਉਮਰ ਇਕੱਲਾ ਸੁੱਤਾ।
ਹਿਟਲਰ ਵਰਗਾ ਬੰਦਾ ਪਿਆਰ ਕਿਵੇਂ ਕਰ ਸਕਦੈ? ਉਸ ਦੇ ਦਿਲ ਵਿਚ ਨਾ ਕੋਈ ਅਹਿਸਾਸ, ਨਾ ਹਮਦਰਦੀ। ਕਹੋ ਉਸਦੀ ਛਾਤੀ ਵਿਚ ਦਿਲ ਹੀ ਨਹੀਂ ਸੀ, ਮਲੂਕ ਦਿਲ। ਬਾਹਰਲੀ ਔਰਤ ਨੂੰ ਪਿਆਰ ਕਰਨ ਲਈ ਤੁਹਾਡੇ ਅੰਦਰ ਵੀ ਤਾਂ ਇਕ ਔਰਤ ਹੋਣੀ ਚਾਹੀਦੀ ਹੈ, ਜੋ ਕੁਝ ਤੁਹਾਡੇ ਅੰਦਰ ਹੋਇਆ ਕਰਦੇ ਉਸੇ ਵਰਗੇ ਤੁਸੀਂ ਬਾਹਰਲੇ ਕਰਮ ਕਰਿਆ ਕਰਦੇ ਹੋ।
ਮੈਂ ਸੁਣਿਆ ਹੈ ਕਿ ਉਸ ਨੇ ਆਪਣੀ ਇਸ ਸਹੇਲੀ ਦੇ ਗੋਲੀ ਦਾਗ ਦਿੱਤੀ ਸੀ। ਉਸ ਨੇ ਕੁੜੀ ਨੂੰ ਕਹਿ ਦਿੱਤਾ ਸੀ ਆਪਣੀ ਮਾਂ ਨੂੰ ਮਿਲਣ ਨਾ ਜਾਈਂ, ਉਹ ਚਲੀ ਗਈ। ਹਿਟਲਰ ਕਿਤੇ ਬਾਹਰ ਗਿਆ ਹੋਇਆ ਸੀ, ਮਾਂ ਨੂੰ ਮਿਲਕੇ ਹਿਟਲਰ ਦੇ ਪਰਤਣ ਤੋਂ ਪਹਿਲਾਂ ਵਾਪਸ ਵੀ ਪਰਤ ਆਈ ਸੀ। ਗਾਰਡਾਂ ਨੇ ਦੱਸ ਦਿੱਤਾ ਕਿ ਬਾਹਰ ਗਈ ਸੀ। ਪਿਆਰ ਖਤਮ ਕਰਨ ਵਾਸਤੇ ਏਨਾ ਕਸੂਰ ਕਾਫੀ ਸੀ, ਪਿਆਰ ਨਹੀਂ, ਕੁੜੀ ਵੀ ਖਤਮ। ਇਹ ਕਹਿਕੇ ਗੋਲੀ ਦਾਗੀ- ਮੇਰੀ ਤਾਬਿਆਦਾਰੀ ਨਹੀਂ ਕਰਦੀ ਤਾਂ ਮਤਲਬ ਹੈ ਮੇਰੀ ਦੁਸ਼ਮਣ।
ਇਹ ਸੀ ਉਸਦੀ ਦਲੀਲ। ਜਿਹੜਾ ਤੁਹਾਡਾ ਤਾਬਿਆਦਾਰ, ਉਹ ਤੁਹਾਡਾ ਦੋਸਤ, ਨਹੀਂ ਤਾਂ ਦੁਸ਼ਮਣ। ਜਿਹੜਾ ਤੁਹਾਡੇ ਨਾਲ ਹੈ, ਉਹ ਤੁਹਾਡਾ ਹੈ, ਜਿਹੜਾ ਨਹੀਂ, ਉਹ ਦੁਸ਼ਮਣ ! ਇਹ ਜਰੂਰੀ ਨਹੀਂ ਕਿ ਜਿਹੜਾ ਤੁਹਾਡਾ ਤਾਬਿਆਦਾਰ ਨਹੀਂ ਉਹ ਦੁਸ਼ਮਣ ਹੋਵੇ, ਨਿਰਪੱਖ ਵੀ ਤਾਂ ਹੋ ਸਕਦੈ, ਨਾ ਤੁਹਾਡਾ ਦੋਸਤ, ਨਾ ਦੁਸ਼ਮਣ। ਜੋ ਤੁਹਾਡਾ ਦੋਸਤ ਨਹੀਂ ਤਾਂ ਜਰੂਰੀ ਨਹੀਂ ਤੁਹਾਡਾ ਵੈਰੀ ਹੋਵੇ।
ਦਸ ਸਪੇਕ ਜ਼ਰਥਸਤ੍ਰ ਕਿਤਾਬ ਨੂੰ ਮੈਂ ਪਿਆਰ ਕਰਦਾ ਹਾਂ। ਥੋੜੀਆਂ ਕੁ ਕਿਤਾਬਾਂ ਨੇ, ਉਂਗਲਾਂ ਤੇ ਗਿਣਨ ਜੋਗੀਆਂ ਬਸ ਜਿਹੜੀਆਂ ਮੈਨੂੰ ਪਸੰਦ ਨੇ।