ਅਧਿਆਇ ਪਹਿਲਾ
ਲਾਓਜੂ ਭਵਨ, ਰਜਨੀਸ਼ਪੁਰਮ, ਓਰੇਗੋ, ਅਮਰੀਕਾ, 1984 ਵਿਚ
ਮਹਿਮਾਨ, ਮੇਜ਼ਬਾਨ, ਸਫੈਦ ਗੁਲਦਾਓਦੀ, ਸਫੈਦ ਗੁਲਾਬ, ਇਨ੍ਹਾਂ ਪਲਾਂ ਵਿਚ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ।
ਮਹਿਮਾਨਾ ਨੂੰ ਨਹੀਂ...।
ਮੇਜ਼ਬਾਨਾ ਨੂੰ ਵੀ ਨਹੀਂ...।
ਕੇਵਲ ਖਾਮੋਸ਼ੀ... ।
ਖਾਮੋਸ਼ੀ ਆਪਣੇ ਤਰੀਕੇ ਨਾਲ ਬੋਲਿਆ ਕਰਦੀ ਹੈ, ਅਨੰਦ, ਸ਼ਾਂਤੀ, ਸੁੰਦਰਤਾ ਅਤੇ ਅਸੀਮ ਦਾ ਗੀਤ ਖਾਮੋਸ਼ੀ ਆਪਣੇ ਢੰਗ ਨਾਲ ਗਾਇਆ ਕਰਦੀ ਹੈ। ਇਹ ਗੱਲ ਨਾ ਹੁੰਦੀ ਕੋਈ ਤਾਓ 'ਤ ਚਿੰਗ ਨਾ ਹੁੰਦਾ, ਕੋਈ ਪਹਾੜੀ ਤੇ ਉਪੇਦਸ਼ ਨਾ ਦਿੰਦਾ। ਅਸਲ ਨਜ਼ਮਾ ਇਹੋ ਹਨ, ਬੇਸ਼ਕ ਇਨ੍ਹਾਂ ਨੂੰ ਗ੍ਰੰਥਾਂ ਵਿਚ ਨਜ਼ਮਾਂ ਵਾਂਗ ਦਰਜ ਨਹੀਂ ਕੀਤਾ ਗਿਆ। ਕਾਵਿ ਸੰਗ੍ਰਹਿ ਤੋਂ ਵੱਖਰੀਆਂ ਇਹ ਰਚਨਾਵਾਂ ਪ੍ਰਦੇਸੀਆਂ ਵਾਂਗ ਬਾਹਰ ਖਲੌ ਗਈਆਂ। ਇਕ ਗੱਲੋਂ ਠੀਕ ਵੀ ਹੋਇਆ, ਗਿਣੇ ਮਿਥੇ ਅਸੂਲਾਂ ਵਿਚ ਨਹੀਂ ਬੱਝੀਆਂ, ਬੰਧਨਮੁਕਤ ਹੋਣ ਕਰਕੇ ਇਨ੍ਹਾਂ ਨੂੰ ਬਾਹਰ ਕਰ ਦਿੱਤਾ।
ਫਿਓਦੌਰ ਦੋਸਤੋਵਸਕੀ ਦੇ ਬ੍ਰਦਰਜ਼ ਕਰਾਮਾਵ ਦੇ ਕੁੱਝ ਹਿੱਸੇ ਨਿਰੀ ਸ਼ਾਇਰੀ ਹਨ, ਪਾਗਲ ਫਰੈਡਰਿਕ ਨੀਤਸ਼ੇ ਦੇ ਦਸ ਸਪੇਕ ਜ਼ਰਥਸਤ੍ਰ ਦੇ ਕੁਝ ਹਿਸੇ ਵੀ। ਨੀਤਸ਼ੇ ਹੋਰ ਕੁਝ ਨਾ ਲਿਖਦਾ ਬੇਸ਼ਕ, ਕੇਵਲ ਜ਼ਰਥਸਤ੍ਰ ਨਾਲ ਹੀ ਉਸਨੇ ਮਨੁਖਤਾ ਦਾ ਕਲਿਆਣ ਕਰ ਦੇਣਾ ਸੀ, ਇਕ ਬੰਦੇ ਤੋਂ ਹੋਰ ਕੀ ਕੀ ਆਸ ਰੱਖੀਏ, ਉਸਨੇ ਭੁਲਿਆ ਵਿਸਰਿਆ ਜ਼ਰਥਸਤ੍ਰ ਯਾਦ ਕਰਵਾ ਦਿੱਤਾ, ਉਸਨੂੰ ਨਵਾਂ ਜਨਮ ਦਿੱਤਾ, ਇਸੇ ਨੂੰ ਕਹਿੰਦੇ ਨੇ ਮੋਇਆਂ ਦੀ ਜਾਗ। ਦਸ ਸਪੇਕ ਜ਼ਰਥਸਤ੍ਰ ਭਵਿਖ ਦੀ ਇੰਜੀਲ ਬਣੇਗਾ।
ਜਦੋਂ ਜੰਮਿਆਂ, ਕਹਿੰਦੇ ਨੇ ਜ਼ਰਤੂਸ਼ਤ ਹੱਸ ਪਿਆ ਸੀ। ਨਵਜਾਤ ਬੱਚਾ ਹੱਸ ਪਏ, ਕਿਆਸ ਕਰਨਾ ਔਖਾ ਹੈ। ਜੇ ਮੁਸਕਾਉਂਦਾ ਤਾਂ ਠੀਕ ਹੋਣਾ ਸੀ ਪਰ ਹਾਸਾ ? ਸੁਣਨ ਵਾਲਾ ਹੈਰਾਨ ਹੁੰਦਾ ਹੈ ਕਿ ਹਸਿਆ ਕਿਸ ਗੱਲ ਤੇ? ਹੱਸਣ ਵਾਸਤੇ ਕੋਈ ਪ੍ਰਸੰਗ ਹੋਇਆ ਕਰਦਾ ਹੈ। ਕਿਹੜਾ ਸੀ ਉਹ ਮਜ਼ਾਕ ਜਿਸ ਨੂੰ ਸੁਣਕੇ ਜ਼ਰਤੁਸ਼ਤ ਹੱਸ ਪਿਆ ?
ਆਪਣੀਆਂ ਡਾਇਰੀਆਂ ਵਿਚ ਇਹ ਬ੍ਰਹਿਮੰਡੀ ਮਜ਼ਾਕ ਨੋਟ ਕਰੋ, ਇਸ ਤੇ ਨਿਸ਼ਾਨੀ ਲਾਉ। ਠੀਕ ਕੀਤਾ। ਨਿਸ਼ਾਨੀ ਲਾਉਂਦਿਆਂ ਦੀ ਮੈਂ ਤੁਹਾਡੀ ਆਵਾਜ਼ ਸੁਣ ਲਈ ਹੈ। ਬਹੁਤ ਖੂਬ। ਦੇਖਿਆ, ਮੇਰੀ ਸੁਣਨ-ਸਮਰੱਥਾ ਵਧੀਐ? ਮੈਂ ਚਾਹਾਂ ਤਾਂ ਵਾਹੀ ਜਾਂਦੀ ਲਕੀਰ ਦੀ ਆਵਾਜ਼ ਸੁਣ ਲੈਨਾ, ਪੱਤੇ ਦੀ ਆਵਾਜ਼
ਸੁਣ ਲੰਨਾ। ਦੇਖਣਾ ਚਾਹਾਂ ਤਾਂ ਹਨੇਰੇ ਵਿਚ ਦੇਖ ਲੰਨਾ, ਘੁੱਪ ਹਨੇਰੇ ਵਿਚ ਵੀ। ਜਦੋਂ ਮੈਂ ਸੁਣਨਾ ਨਾ ਚਾਹਾਂ ਉਦੋਂ ਇਉਂ ਲਗਦੈ ਜਿਵੇਂ ਮੈਨੂੰ ਕੁਝ ਨੀਂ ਸੁਣਦਾ, ਇਸ ਨਾਲ ਤੁਹਾਨੂੰ ਲੱਗਣ ਲਗਦੇ ਸਭ ਕੁਝ ਠੀਕ ਠਾਕ ਹੈ।
ਜਨਮ ਸਮੇਂ ਜ਼ਰਤੁਸ਼ਤ ਦਾ ਹੱਸਣਾ ! ਇਹ ਤਾਂ ਮਹਿਜ਼ ਸ਼ੁਰੂਆਤ ਸੀ, ਜੀਵਨਭਰ ਉਹ ਹਸਦਾ ਰਿਹਾ। ਉਸਦਾ ਸਾਰਾ ਜੀਵਨ ਹਾਸਾ ਸੀ। ਤਾਂ ਵੀ ਲੋਕ ਉਸ ਨੂੰ ਭੁੱਲ ਗਏ। ਅੰਗਰੇਜ਼ਾਂ ਨੇ ਤਾਂ ਉਸਦਾ ਨਾਮ ਵੀ ਬਦਲ ਦਿੱਤਾ, ਉਸ ਨੂੰ ਜ਼ੋਰਾਸਟਰ ਕਹਿਣ ਲੱਗੇ। ਕੇਹੀ ਲਾਹਨਤ ਹੈ, ਪੂਰੀ ਸ਼ੈਤਾਨੀ ਨੂੰ। ਜ਼ਰਥਸਤ੍ਰ ਲਫਜ਼ ਵਿਚ ਗੁਲਾਬ ਦੀ ਪੱਤੀ ਵਰਗੀ ਨਜ਼ਾਕਤ ਹੈ, ਜੋਰਾਸਟਰ ਲਫਜ਼ ਇਉਂ ਲਗਦੈ ਜਿਵੇਂ ਮਕਾਨਕੀ ਤਬਾਹੀ ਦਾ ਬਿਗਲ ਵੱਜੇ। ਜਦੋ ਜ਼ਰਥਸਤ੍ਰ ਦੀ ਥਾਂ ਉਸ ਦਾ ਨਾਮ ਜ਼ੋਰਾਸ਼ਟਰ ਰੱਖਿਆ, ਉਦੋਂ ਵੀ ਉਹ ਹੱਸਿਆ ਹੋਇਗਾ ਯਕੀਨਨ। ਪਰ ਫਰੈਡਰਿਕ ਨੀਤਸ਼ੇ ਤੋਂ ਪਹਿਲਾਂ ਲੋਕਾਂ ਨੇ ਉਹ ਭੁਲਾ ਦਿੱਤਾ ਸੀ। ਉਸ ਨਾਲ ਇਹੌ ਹੋਣਾ ਸੀ।
ਮੁਸਲਮਾਨਾ ਨੇ ਜ਼ਰਥਸਤ੍ਰ ਦੇ ਮੁਰੀਦਾਂ ਨੂੰ ਜਬਰਨ ਇਸਲਾਮ ਕਬੂਲ ਕਰਨ ਦਾ ਹੁਕਮ ਦਿੱਤਾ। ਥੋੜੇ ਕੁ, ਬਸ ਥੋੜੇ ਜਿਹੇ ਜਾਨਾ ਬਚਾ ਕੇ ਭਾਰਤ ਵਿਚ ਆ ਗਏ, ਹੋਰ ਕਿਥੇ ਜਾਂਦੇ? ਅਜਿਹਾ ਦੇਸ ਸੀ ਭਾਰਤ ਜਿਥੇ ਬਿਨਾ ਕਿਸੇ ਵੀਜੇ ਦੇ, ਬਿਨਾ ਕਿਸੇ ਪ੍ਰਵਾਨਗੀ ਦੇ, ਕੋਈ ਵੀ ਆਰਾਮ ਨਾਲ ਦਾਖਲ ਹੋ ਸਕਦਾ ਸੀ। ਜ਼ਰਥਸਤ੍ਰ ਦੇ ਮੁਠੀ ਭਰ ਸਿੱਖ, ਮੁਸਲਮਾਨ ਕਾਤਲਾਂ ਤੋਂ ਬਚ ਕੇ ਆਏ। ਭਾਰਤ ਵਿਚ ਬਹੁਤੇ ਪਾਰਸੀ ਨਹੀਂ, ਲੱਖ ਕੁ ਹੋਣਗੇ ਬਸ। ਸਿਰਫ ਭਾਰਤ ਵਿਚ, ਨਹੀਂ ਨਹੀਂ ਕੇਵਲ ਇਕ ਸ਼ਹਿਰ ਮੁੰਬਈ ਵਿਚ ਵਸਦੇ ਲੱਖ ਪਾਰਸੀਆਂ ਦੇ ਧਰਮ ਬਾਰੇ ਜਾਣਨ ਦੀ ਕਿਸ ਨੂੰ ਪ੍ਰਵਾਹ? ਉਹ ਆਪ ਹੀ ਜ਼ਰਤੁਸ਼ਤ ਨੂੰ ਭੁਲ ਗਏ ਹਨ। ਜਿਨ੍ਹਾਂ ਹਿੰਦੂਆਂ ਵਿਚ ਉਨ੍ਹਾਂ ਰਹਿਣੇ, ਉਨ੍ਹਾਂ ਨਾਲ ਰਾਜ਼ੀਨਾਵਾਂ ਕਰ ਲਿਆ। ਖੂਹ ਤੋਂ ਬਚਦੇ ਬਚਾਂਦੇ ਖਾਤੇ ਵਿਚ ਜਾ ਡਿਗੇ, ਖਾਤਾ, ਖੂਹ ਨਾਲੋਂ ਵੀ ਡੂੰਘਾ। ਇਕ ਪਾਸੇ ਖੂਹ ਦੂਜੇ ਪਾਸੇ ਖਾਤਾ। ਖੂਹ ਅਤੇ ਖਾਤੇ ਦੇ ਵਿਚਕਾਰੋਂ ਇਕ ਹੋਰ ਰਸਤਾ ਲੰਘਦਾ ਹੈ, ਬੁੱਧ ਉਸ ਨੂੰ ਮੱਧਮਾਰਗ ਆਖਦਾ ਹੈ। ਇਹ ਰਸਤਾ ਐਨ ਵਿਚਕਾਰ ਹੈ, ਜਿਵੇਂ ਬਾਜ਼ੀਗਰ ਦਾ ਰੱਸਾ, ਇਸ ਰੱਸੇ ਉਪਰ ਤੁਰਦਿਆਂ ਪਾਰ ਲੰਘਣਾ ਹੈ।
ਜ਼ਰਤੁਸ਼ਤ ਨੂੰ ਵਾਪਸ ਆਧੁਨਿਕ ਜਹਾਨ ਵਿਚ ਲਿਆਉਣਾ ਨੀਤਸ਼ੇ ਦਾ ਵੱਡਾ ਕੰਮ ਹੈ। ਉਸ ਦਾ ਮੰਦਭਾਗਾ ਕੰਮ ਐਡਾਲਫ ਹਿਟਲਰ ਹੋਇਆ। ਚੰਗੇ ਮਾੜੇ ਨੀਤਸ਼ੇ ਨੇ ਦੋਵੇਂ ਕੰਮ ਕੀਤੇ। ਤਾਂ ਵੀ ਹਿਟਲਰ ਲਈ ਨੀਤਸ਼ੇ ਜ਼ਿਮੇਵਾਰ ਨਹੀਂ। ਨੀਤਸ਼ੇ ਵਲੋ ਸਿਰਜਿਆ ਮਹਾਂ-ਮਾਨਵ ਹਿਟਲਰ ਨੂੰ ਸਮਝ ਨਹੀਂ ਆਇਆ। ਇਸ ਵਿਚ ਨੀਤਸ਼ੇ ਦਾ ਕੀ ਕਸੂਰ? ਮੇਰੀ ਗੱਲ ਜੇ ਤੁਹਾਨੂੰ ਸਮਝ ਨੀਂ ਆਉਂਦੀ ਤਾਂ ਮੈਂ ਕੀ ਕਰਾਂ? ਗਲਤ ਸਮਝਣ ਦੀ ਤੁਹਾਨੂੰ ਆਜ਼ਾਦੀ ਹੈ। ਹਿਟਲਰ ਮੰਦਬੁਧ ਬੱਚਾ ਸੀ, ਕਰੂਪ। ਉਹਦਾ ਚਿਹਰਾ ਚਿਤਾਰੋ, ਨਿਕੀਆਂ ਮੁੱਛਾਂ, ਖੌਫਜ਼ਦਾ ਅੱਖਾਂ ਜਿਹੜੀਆਂ ਤੁਹਾਨੂੰ ਵੀ ਭੈਭੀਤ ਕਰ ਦੇਣ ਤੇ ਤਣਿਆ ਹੋਇਆ ਮੱਥਾ।
ਇੰਨਾ ਤਣਾਉਗ੍ਰਸਤ ਬੰਦਾ ਕਿ ਸਾਰੀ ਉਮਰ ਕਿਸੇ ਇਕ ਨਾਲ ਵੀ ਦੋਸਤਾਨਾ ਸਲੂਕ ਨਹੀਂ ਸੀ ਉਸਦਾ। ਦੋਸਤੀ ਕਰਨ ਲਈ ਲਗਾਮ ਢਿਲੀ ਕਰਨੀ ਹੁੰਦੀ ਹੈ।
ਹਿਟਲਰ ਪਿਆਰ ਨਹੀਂ ਕਰ ਸਕਦਾ ਸੀ ਹਾਲਾਂਕਿ ਤਾਨਾਸ਼ਾਹੀ ਢੰਗ ਨਾਲ ਉਸ ਨੇ ਯਤਨ ਜਰੂਰ ਕੀਤਾ। ਜਿਵੇਂ ਕੁਝ ਖਾਵੰਦ ਬਦਕਿਸਮਤੀ ਨਾਲ ਆਪਣੀਆਂ ਬੀਵੀਆਂ ਨੂੰ ਕਾਬੂ ਕਰਨ ਵਾਸਤੇ ਕਈ ਹਰਬੇ ਵਰਤਦੇ ਹਨ ਉਸਨੇ ਵੀ ਇਉਂ ਕੀਤਾ ਪਰ ਪਿਆਰ ਨਾ ਕਰ ਸਕਿਆ। ਪਿਆਰ ਕਰਨ ਲਈ ਅਕਲ ਚਾਹੀਦੀ ਹੈ। ਜਿਸ ਕੁੜੀ ਨਾਲ ਉਸ ਦੀ ਦੋਸਤੀ ਸੀ ਉਸਨੂੰ ਵੀ ਉਹ ਆਪਣੇ ਕਮਰੇ ਵਿਚ ਰਾਤੀਂ ਸੋਣ ਦੀ ਆਗਿਆ ਨਾ ਦਿੰਦਾ। ਏਨਾ ਡਗ ਉਹ ਡਰਦਾ ਸੀ ਜਦੋਂ ਮੈਂ ਸੌਂ ਗਿਆ ਇਹ ਕੁੜੀ ਕਿਤੇ ਮੈਨੂੰ ਮਾਰ ਨਾ ਦਏ, ਜਿਸ ਨੂੰ ਦੋਸਤ ਸਮਝਦਾ ਕੀ ਪਤਾ ਦੁਸ਼ਮਣ ਹੋਏ, ਦੁਸ਼ਮਣ ਦੀ ਏਜੰਟ ਹੋਏ। ਸਾਰੀ ਉਮਰ ਇਕੱਲਾ ਸੁੱਤਾ।
ਹਿਟਲਰ ਵਰਗਾ ਬੰਦਾ ਪਿਆਰ ਕਿਵੇਂ ਕਰ ਸਕਦੈ? ਉਸ ਦੇ ਦਿਲ ਵਿਚ ਨਾ ਕੋਈ ਅਹਿਸਾਸ, ਨਾ ਹਮਦਰਦੀ। ਕਹੋ ਉਸਦੀ ਛਾਤੀ ਵਿਚ ਦਿਲ ਹੀ ਨਹੀਂ ਸੀ, ਮਲੂਕ ਦਿਲ। ਬਾਹਰਲੀ ਔਰਤ ਨੂੰ ਪਿਆਰ ਕਰਨ ਲਈ ਤੁਹਾਡੇ ਅੰਦਰ ਵੀ ਤਾਂ ਇਕ ਔਰਤ ਹੋਣੀ ਚਾਹੀਦੀ ਹੈ, ਜੋ ਕੁਝ ਤੁਹਾਡੇ ਅੰਦਰ ਹੋਇਆ ਕਰਦੇ ਉਸੇ ਵਰਗੇ ਤੁਸੀਂ ਬਾਹਰਲੇ ਕਰਮ ਕਰਿਆ ਕਰਦੇ ਹੋ।
ਮੈਂ ਸੁਣਿਆ ਹੈ ਕਿ ਉਸ ਨੇ ਆਪਣੀ ਇਸ ਸਹੇਲੀ ਦੇ ਗੋਲੀ ਦਾਗ ਦਿੱਤੀ ਸੀ। ਉਸ ਨੇ ਕੁੜੀ ਨੂੰ ਕਹਿ ਦਿੱਤਾ ਸੀ ਆਪਣੀ ਮਾਂ ਨੂੰ ਮਿਲਣ ਨਾ ਜਾਈਂ, ਉਹ ਚਲੀ ਗਈ। ਹਿਟਲਰ ਕਿਤੇ ਬਾਹਰ ਗਿਆ ਹੋਇਆ ਸੀ, ਮਾਂ ਨੂੰ ਮਿਲਕੇ ਹਿਟਲਰ ਦੇ ਪਰਤਣ ਤੋਂ ਪਹਿਲਾਂ ਵਾਪਸ ਵੀ ਪਰਤ ਆਈ ਸੀ। ਗਾਰਡਾਂ ਨੇ ਦੱਸ ਦਿੱਤਾ ਕਿ ਬਾਹਰ ਗਈ ਸੀ। ਪਿਆਰ ਖਤਮ ਕਰਨ ਵਾਸਤੇ ਏਨਾ ਕਸੂਰ ਕਾਫੀ ਸੀ, ਪਿਆਰ ਨਹੀਂ, ਕੁੜੀ ਵੀ ਖਤਮ। ਇਹ ਕਹਿਕੇ ਗੋਲੀ ਦਾਗੀ- ਮੇਰੀ ਤਾਬਿਆਦਾਰੀ ਨਹੀਂ ਕਰਦੀ ਤਾਂ ਮਤਲਬ ਹੈ ਮੇਰੀ ਦੁਸ਼ਮਣ।
ਇਹ ਸੀ ਉਸਦੀ ਦਲੀਲ। ਜਿਹੜਾ ਤੁਹਾਡਾ ਤਾਬਿਆਦਾਰ, ਉਹ ਤੁਹਾਡਾ ਦੋਸਤ, ਨਹੀਂ ਤਾਂ ਦੁਸ਼ਮਣ। ਜਿਹੜਾ ਤੁਹਾਡੇ ਨਾਲ ਹੈ, ਉਹ ਤੁਹਾਡਾ ਹੈ, ਜਿਹੜਾ ਨਹੀਂ, ਉਹ ਦੁਸ਼ਮਣ ! ਇਹ ਜਰੂਰੀ ਨਹੀਂ ਕਿ ਜਿਹੜਾ ਤੁਹਾਡਾ ਤਾਬਿਆਦਾਰ ਨਹੀਂ ਉਹ ਦੁਸ਼ਮਣ ਹੋਵੇ, ਨਿਰਪੱਖ ਵੀ ਤਾਂ ਹੋ ਸਕਦੈ, ਨਾ ਤੁਹਾਡਾ ਦੋਸਤ, ਨਾ ਦੁਸ਼ਮਣ। ਜੋ ਤੁਹਾਡਾ ਦੋਸਤ ਨਹੀਂ ਤਾਂ ਜਰੂਰੀ ਨਹੀਂ ਤੁਹਾਡਾ ਵੈਰੀ ਹੋਵੇ।
ਦਸ ਸਪੇਕ ਜ਼ਰਥਸਤ੍ਰ ਕਿਤਾਬ ਨੂੰ ਮੈਂ ਪਿਆਰ ਕਰਦਾ ਹਾਂ। ਥੋੜੀਆਂ ਕੁ ਕਿਤਾਬਾਂ ਨੇ, ਉਂਗਲਾਂ ਤੇ ਗਿਣਨ ਜੋਗੀਆਂ ਬਸ ਜਿਹੜੀਆਂ ਮੈਨੂੰ ਪਸੰਦ ਨੇ।
ਇਸ ਲਿਸਟ ਵਿਚ ਦਸ ਸਪੇਕ ਜ਼ਰਥਸਤ੍ਰ ਪਹਿਲੀ ਕਿਤਾਬ ਹੈ।
ਬ੍ਰਾਦਰਜ਼ ਕਰਾਮਾਚੋਵ ਦੂਜੀ।
ਬੁੱਕ ਆਫ ਮੀਰਦਾਦ ਤੀਜੀ।
ਚੋਥੀ ਹੈ ਜੋਨਾਥਨ ਲਿਵਿੰਗਸਟਨ ਦੀ ਸੀਗਲ।
ਪੰਜਵੀਂ ਲਾਉ ਜੂ ਦੀ ਤਾਓ 'ਤ ਚਿੰਗ।
ਛੇਵੀਂ ਹੈ ਚਾਂਗ ਜੂ ਦੀਆਂ ਕਥਾਵਾਂ । ਬਹੁਤ ਪਿਆਰਾ ਮਨੁੱਖ, ਓਨੀਆਂ ਹੀ ਪਿਆਰੀਆਂ ਉਸਦੀਆਂ ਕਹਾਣੀਆਂ।
ਸੱਤਵੀਂ ਹੈ ਸਰਮਨ ਆਨ 'ਦ ਮਾਊਂਟ, ਸਿਰਫ ਪਹਾੜੀ ਉਪਦੇਸ਼, ਪੂਰੀ ਇੰਜੀਲ ਨਹੀਂ। ਪਹਾੜੀ ਉਪਰ ਉਪਦਸ਼ ਨੂੰ ਛੱਡ ਕੇ ਬਾਕੀ ਇੰਜੀਲ ਕਚਰਾ ਹੈ।
ਅੱਠਵੀਂ। ਕੀ ਮੈਂ ਗਿਣਤੀ ਸਹੀਂ ਕਰ ਰਿਹਾਂ?
ਤਾਂ ਠੀਕ ਐ। ਯਾਨੀ ਕਿ ਮੈਂ ਅਜੇ ਹੌਸ਼ੌਹਵਾਸ ਵਿਚ ਹਾਂ। ਸੌ ਅੱਠਵੀਂ ਹੈ ਭਗਵਦ ਗੀਤਾ । ਕ੍ਰਿਸ਼ਨ ਦਾ ਰੂਹਾਨੀ ਗੀਤ। ਜਿਵੇਂ ਜ਼ਰਤੁਸ਼ਤ ਨੂੰ ਵਿਗਾੜ ਕੇ ਜ਼ੋਰਾਸਟਰ ਬਣਾ ਦਿੱਤਾ ਉਸੇ ਤਰ੍ਹਾਂ ਕ੍ਰਿਸ਼ਨ ਨੂੰ ਵਿਗਾੜ ਕੇ ਕ੍ਰਾਈਸਤ ਲਿਖ ਦਿੱਤਾ। ਚੇਤਨਾ ਦੀ ਸਰਵੋੱਚ ਅਵਸਥਾ ਨੂੰ ਕ੍ਰਿਸ਼ਨ ਕਹਿੰਦੇ ਹਨ, ਕ੍ਰਿਸ਼ਨ ਦਾ ਗੀਤ, ਭਗਵਦ ਗੀਤਾ, ਹੋਂਦ ਦੀ ਸਿਖਰਲੀ ਚੋਟੀ ਹੈ।
ਨੌਵੀਂ ਹੈ ਗੀਤਾਂਜਲੀ, ਯਾਨੀ ਕੀ ਗੀਤਾਂ ਦੀ ਮਾਲਾ। ਇਹ ਰਾਬਿੰਦਰਨਾਥ ਟੈਗੋਰ ਦੀ ਰਚਨਾ ਹੈ ਜਿਸ ਸਦਕਾ ਉਸ ਨੂੰ ਨੋਬਲ ਇਨਾਮ ਮਿਲਿਆ।
ਦਸਵੀਂ ਕਿਤਾਬ ਹੈ ਮਿਲਾਰਿਪਾ ਦੇ ਗੀਤ। ਤਿੱਬਤ ਵਿਚ ਇਸ ਨੂੰ ਮਿਲਾਰਿਪਾ ਦੇ ਹਜ਼ਾਰ ਗੀਤ ਕਹਿੰਦੇ ਹਨ।
ਕੋਈ ਨਹੀਂ ਬੋਲਿਆ।
ਨਾ ਮੇਜ਼ਬਾਨ।
ਨਾ ਮਹਿਮਾਨ।
ਨਾ ਸਫੈਦ ਗੁਲਦਾਊਦੀ।
ਆਹਾ ਹਾਹਾ... ਬਹੁਤ ਅੱਛੇ ਸਫੈਦ ਗੁਲਦਾਊਦੀ... ਖੂਬ... ਲਫਜ਼ ਕਿੰਨੇ ਕਮਜ਼ੋਰ ਨੇ ਜੋ ਮੇਰੇ ਤੱਕ ਪੁੱਜ ਰਿਹਾ ਹੈ, ਬਿਆਨ ਨਹੀਂ ਹੋ ਸਕਦਾ। ਸਫੈਦ ਗੁਲਦਾਊਦੀ।
ਸਭ ਖਾਮੋਸ਼...
ਮੇਜ਼ਬਾਨ…
ਮਹਿਮਾਨ…
ਤੇ ਸਫੈਦ ਗੁਲਦਾਊਦੀ।
ਕਿਆ ਬਾਤ ਹੈ... ਇਸ ਖੂਬਸੂਰਤੀ ਕਰਕੇ ਕੰਨਾਂ ਨੂੰ ਸ਼ੋਰ ਸੁਣਾਈ ਨਹੀਂ ਦਿੰਦਾ, ਅੱਖਾਂ ਛਲਕ ਪਈਆਂ ਹਨ।
ਹੰਝੂ ਹਨ ਸਹੀ ਲਫਜ਼, ਰੀਬੁਲ ਬ ਦੇ ਬੌਲ। ਖਾਮੋਸ਼ੀ ਦੀ ਜ਼ਬਾਨ।
ਅਧਿਆਇ ਦੂਜਾ
ਖਿਮਾ ਕਰਨਾ ਅੱਜ ਸਵੇਰ ਜਿਨ੍ਹਾਂ ਕਿਤਾਬਾਂ ਦਾ ਕਰਨਾ ਬਣਦਾ ਸੀ, ਉਨ੍ਹਾਂ ਦਾ ਜ਼ਿਕਰ ਨਹੀਂ ਹੋਇਆ। ਜ਼ਰਤੁਸ਼ਤ, ਮੀਰਦਾਦ, ਚਾਂਗਜ਼, ਲਾਓਜ਼, ਕ੍ਰਾਈਸਟ ਅਤੇ ਕ੍ਰਿਸ਼ਨ ਨੇ ਮੈਨੂੰ ਏਨਾ ਵਿਸਮਾਦਿਤ ਕਰ ਦਿੱਤਾ ਕਿ ਮੈਂ ਮਹੱਤਵਪੂਰਨ ਹੋਰ ਕਿਤਾਬਾਂ ਦਾ ਜ਼ਿਕਰ ਕਰਨਾ ਭੁਲ ਗਿਆ। ਯਕੀਨ ਨੀਂ ਆਉਂਦਾ ਖਲੀਲ ਜਿਬਰਾਨ ਦੇ ਪੈਰਥਿਰ ਨੂੰ ਕਿਵੇਂ ਭੁਲ ਸਕਦਾਂ। ਮੇਰੇ ਦਿਲ ਵਿਚ ਖੋਹ ਪੈ ਰਹੀ ਹੈ। ਆਪਣੇ ਦਿਲੋਂ ਬੋਝ ਹਲਕਾ ਕਰਨ ਲਈ ਮੈਂ ਖਿਮਾ ਜਾਚਨਾ ਕੀਤੀ ਹੈ। ਕਿਸੇ ਤੋਂ ਨਹੀਂ ਖੁਦ ਤੋਂ ਮਾਫੀ ਮੰਗੀ।
ਕਿਤਾਬਾਂ ਸਿਰ ਕਿਤਾਬ ਹੈ ਦ ਬੁੱਕ ਆਫ ਸੂਫੀਜ਼। ਇਸ ਕਿਤਾਬ ਦਾ ਨਾਮ ਲੈਣਾ ਇਸ ਕਰਕੇ ਸ਼ਾਇਦ ਭੁੱਲ ਗਿਆ ਕਿਉਂਕਿ ਇਸ ਵਿਚ ਕੁਝ ਨਹੀਂ, ਕੇਵਲ ਖਾਲੀ ਵਰਕੇ ਹਨ। ਬਾਰਾਂ ਸਦੀਆਂ ਤੋਂ ਸੂਫੀ ਇਹ ਕਿਤਾਬ ਸਤਿਕਾਰ ਨਾਲ ਹੱਥਾਂ ਵਿਚ ਫੜੀ ਪੜ੍ਹ ਰਹੇ ਹਨ। ਹੈਰਾਨੀ ਹੁੰਦੀ ਹੈ, ਕੀ ਪੜ੍ਹਦੇ ਨੇ ਉਹ? ਲੰਮਾ ਸਮਾਂ ਜਦੋਂ ਤੁਸੀਂ ਖਾਲੀ ਕਾਗਜ਼ ਉਪਰ ਨਜ਼ਰਾਂ ਟਿਕਾਈ ਰੱਖੋ, ਇਕ ਸਮੇਂ ਤੁਹਾਡੇ ਅੰਦਰ ਕੋਈ ਉਛਾਲ ਆਉਂਦਾ ਹੈ। ਇਹੀ ਤਾਂ ਹੈ ਜੋ ਪੜ੍ਹਨਯੋਗ ਹੈ, ਅਸਲ ਅਧਿਐਨ।
ਇਹ ਕਿਤਾਬ ਮੈਂ ਭੁੱਲ ਕਿਵੇਂ ਗਿਆ?ਕੌਣ ਮੈਨੂੰ ਮਾਫ ਕਰੇਗਾ? ਇਸ ਕਿਤਾਬ ਦਾ ਆਖਰ ਵਿਚ ਨਹੀਂ, ਅੱਵਲ ਜ਼ਿਕਰ ਹੋਣਾ ਚਾਹੀਦਾ ਸੀ। ਤੁਸੀਂ ਇਸ ਕਿਤਾਬ ਵਿਚੋਂ ਪਾਰ ਨਹੀਂ ਲੰਘ ਸਕਦੇ। ਜਿਸ ਕਿਤਾਬ ਵਿਚ ਕੁਝ ਨਾ ਹੋਵੇ, ਜਿਸ ਵਿਚ ਕੁਝ ਨਹੀਂ ਦਾ ਸੁਨੇਹਾ ਹੋਵੇ, ਤੁਸੀਂ ਉਸ ਤੋਂ ਬਿਹਤਰ ਰਚਨਾ ਕਿਵੇਂ ਕਰ ਸਕਦੇ ਹੋ?