

ਮੈਂ ਕਿਹਾ- ਓ ਰੱਥਾ, ਸਾਰੀ ਉਮਰ ਮੈਂ ਉਸ ਨੂੰ ਨਿਕੋਲ ਕਹਿੰਦਾ ਰਿਹਾ ਕਿਉਂਕਿ ਸ਼ਬਦ ਜੋੜਾਂ ਵਿਚ ਓ ਅੱਖਰ ਹੈ, ਉਸਦਾ ਉਚਾਰਣ ਹੋਣਾ ਚਾਹੀਦਾ ਹੈ, ਸੋ ਨਿਕੋਲ ਠੀਕ ਹੈ। ਪਰ ਠੀਕ ਜਾਂ ਗਲਤ ਦਾ ਹੁਣ ਕੀ ਅਰਥ? ਗੁਡੀਆ ਅੰਗਰੇਜ਼ ਹੈ, ਜੋ ਇਹ ਕਹੇਗੀ, ਉਹੀ ਠੀਕ ਹੋਏਗਾ। ਓ ਕੇ। ਮੈਂ ਹੁਣ ਮੋਰਿਸ ਨਿੱਕਲ ਕਹਾਂਗਾ।
ਨਿੱਕਲ ਗੁਰਜਿਫ ਦਾ ਚੇਲਾ ਸੀ ਤੇ ਉਸਪੈਂਸਕੀ ਵਾਂਗ ਉਸ ਨੇ ਆਪਣੇ ਮੁਰਸ਼ਦ ਨਾਲ ਬੇਵਫਾਈ ਨਹੀਂ ਕੀਤੀ। ਉਹ ਜੂਡਾ ਨਹੀਂ ਬਣਿਆ। ਈਮਾਨਦਾਰ ਚੇਲਾ ਸਾਰੀ ਉਮਰ, ਆਖਰੀ ਸਾਹ ਤੱਕ, ਆਖਰੀ ਸਾਹ ਤੋਂ ਬਾਦ ਤਕ ਵੀ। ਨਿਕਲ ਦੀਆ ਵਾਰਤਾਵਾਂ ਬਹੁਤ ਲੰਮੀਆਂ ਹਨ। ਮੈਨੂੰ ਲਗਦਾ ਨਹੀਂ ਕੋਈ ਉਨ੍ਹਾਂ ਨੂੰ ਪੜ੍ਹਦਾ ਹੋਵੇ, ਹਜ਼ਾਰਾਂ ਸਫਿਆਂ ਵਿਚ ਫੈਲੀਆਂ ਹੋਈਆਂ। ਪਰ ਜੇ ਕੋਈ ਪੜ੍ਹਨ ਦਾ ਕਸ਼ਟ ਕਰੇ ਤਾਂ ਲਾਭ ਹੁੰਦਾ ਹੈ। ਮੈਨੂੰ ਲਗਦੇ ਨਿਕਲ ਦੀਵਾਰਤਾਵਾਂ ਸੰਸਾਰ ਦੀ ਬਿਹਤਰੀਨ ਕਿਤਾਬ ਹੈ।
ਸੱਤਵੀਂ। ਸੱਤਵੀਂ ਕਿਤਾਬ ਫਿਰ ਗੁਰਜਿਫ ਦੇ ਚੇਲੇ ਦੀ ਹੈ, ਹਾਰਟਮਾਨ ਦੀ। ਕਿਤਾਬ ਦਾ ਨਾਮ ਹੈ ਗੁਰਜਿਫ ਨਾਲ ਸਾਡੀ ਜ਼ਿੰਦਗੀ OUR LIFE WITH GURJIEF. ਹਰਟਮਾਨ, ਪਤਾ ਨਹੀਂ ਸਹੀ ਉਚਾਰਣ ਕੀ ਹੈ, ਮੇਰੀ ਗਲ ਸੁਣ ਕੇ ਕੋਈ ਦੰਦੜੀਆਂ ਕੱਢਣ ਲੱਗਾ ਹੈ। ਉਚਾਰਣ ਦੀ ਪ੍ਰਵਾਹ ਨਾ ਕਰੋ। ਹਰਟਮਾਨ ਤੇ ਉਸ ਦੀ ਬੀਵੀ ਦੋਵੇਂ ਗੁਰਜਿਫ ਦੇ ਚੇਲੇ ਸਨ। ਹਰਟਮਾਨ ਸੰਗੀਤਕਾਰ ਸੀ, ਜਦੋਂ ਗੁਰਜਿਫ ਨਚਦਾ, ਹਰਟਮਾਨ ਸਾਜਿੰਦਾ ਹੁੰਦਾ। ਗੁਰਜਿਫ ਦੀ ਬੰਦਗੀ ਨਾਚ ਰਾਹੀਂ ਹੁੰਦੀ। ਉਸ ਦੇ ਚੇਲੇ ਵੀ ਨਚਦੇ, ਦਰਸ਼ਕ ਮਜ਼ਾ ਲੈਂਦੇ।
ਪਹਿਲੀ ਵਾਰ ਨਿਊਯਾਰਕ ਵਿਚ ਜਦੋਂ ਗੁਰਜਿਫ ਨੇ ਪ੍ਰੋਗਰਾਮ ਦਿੱਤਾ, ਹਰਟਮਾਨ ਪਿਆਨੋ ਵਾਦਕ ਸੀ। ਚੇਲੇ ਨੱਚ ਰਹੇ ਸਨ, ਅਚਾਨਕ ਗੁਰਜਿਫ ਨੇ ਉਚੀ ਆਵਾਜ਼ ਵਿਚ ਕਿਹਾ- ਰੁਕੋ। ਇਕ ਦਮ ਰੁਕ ਗਏ। ਤੈਨੂੰ ਰੁਕਣ ਲਈ ਨਹੀਂ ਕਿਹਾ ਦੇਵਗੀਤ, ਤੂੰ ਤਾਂ ਲਿਖੀ ਚੱਲ। ਜਦੋਂ ਗੁਰਜਿਫ ਚਿੱਲਾਇਆ- ਰੁਕੋ, ਨੱਚਣ ਵਾਲੇ ਅਚਾਨਕ ਰੁਕੇ, ਨਾਚ ਅਜੇ ਅੱਧਾ ਅਧੂਰਾ ਸੀ। ਉਹ ਸਟੇਜ ਦੇ ਕਿਨਾਰੇ ਤੇ ਪੁੱਜੇ ਹੋਏ ਸਨ, ਰੁਕਣ ਦਾ ਹੁਕਮ ਸੁਣ ਕੇ ਇਉਂ ਰੁਕੇ ਕਿ ਇਕ ਦੂਜੇ ਉਤੇ ਡਿਗ ਪਏ ਪਰ ਕੋਈ ਹਿਲਿਆ ਨਹੀਂ। ਦਰਸ਼ਕ ਦੰਗ ਰਹਿ ਗਏ। ਇਨੀ ਸਖਤੀ ਨਾਲ ਅਨੁਸ਼ਾਸਨ ਦੀ ਪਾਲਣਾ ਹੋ ਸਕਦੀ ਹੈ ! ਕਮਾਲ ਐ। ਹਰਟਮਾਨ ਨੇ ਕਿਤਾਬ ਲਿਖੀ ਗੁਰਜਿਫ ਨਾਲ ਸਾਡਾ ਜੀਵਨ, ਇਕ ਚੇਲੇ ਦੁਆਰਾ ਆਪਣੇ ਗੁਰੂ ਦਾ ਸ਼ਾਨਦਾਰ ਬਿਰਤਾਂਤ। ਸਚ ਦੇ ਪਾਂਧੀਆਂ ਲਈ ਕਿਤਾਬ ਸਹਾਈ ਹੋਵੇਗੀ।
ਕਿਥੇ ਤੱਕ ਪੁੱਜੀ ਗਿਣਤੀ ?
ਉਹ ਸੱਤਵਾਂ ਨੰਬਰ ਸੀ ਓਸ਼ੋ।
ਚੰਗਾ ਹੋਇਆ ਤੂੰ ਧਿਆਨ ਨਾਲ ਸੁਣ ਰਿਹੈ।