ਮਿਲਾਂਗੇ ਜ਼ਰੂਰ
ਕਦੇ ਖ੍ਵਾਬਾਂ 'ਚ ਕਦੇ ਖਿਆਲਾਂ 'ਚ
ਪ੍ਰੀਤ ਕੰਵਲ
ਮਾਹੀ ਮੈਂਡੜਾ
ਮੈਂ ਬਿਰਹਣ ਰਹੂੰ ਉਜਾੜਾਂ 'ਚ
ਗੁਲਜ਼ਾਰਾਂ ਉਹਲੇ ਵੱਸੇ ਮਾਹੀ ਮੈਂਡੜਾ
ਇਹ ਇਸ਼ਕ ਜਾਦੂ ਹੈ ਜਾਂ ਟੂਣਾ
ਅੱਜ ਤਾਈਂ ਨਾ ਸਮਝ ਆਇਆ ਪੈਂਤੜਾ
ਮੱਕਾ ਮਾਹੀ ਦਾ ਘਰ ਬਤਲਾਇਆ
ਸਰਦਲ ਉਸਦੀ ਸੀਸ ਨਿਵਾਇਆ
ਮੁੱਖ ਫ਼ਸੁਮਾਵਜਉਲ ਨੂਰ ਖੁਦਾਇਆ
ਖੁਦ ਦਾ ਖੁਦ ਹੀ ਹੈ ਵੋ ਹੈਂਕੜਾ
ਮੈਂ ਬਿਰਹਣ ਰਹੂੰ ਉਜਾੜਾਂ 'ਚ
ਗੁਲਜ਼ਾਰਾਂ ਉਹਲੇ ਵੱਸੇ ਮਾਹੀ ਮੈਂਡੜਾ
ਦੀਦਾਰ ਜਿਸਦਾ ਕਰਨ ਚਲਾ ਏ
ਮੈਂਡੜਾ ਮਾਹੀ ਕਾਲੁਬਲਾ ਏ
ਅਸਾਂ ਜਾਣਾ ਲਾਇਲਾਹਾ ਜਾਣਾ
ਉਸ ਨੂੰ ਦੇਖਣ ਮੀਲ ਸੈਂਕੜਾ
ਮੈਂ ਬਿਰਹਣ ਰਹੂੰ ਉਜਾੜਾਂ 'ਚ
ਗੁਲਜ਼ਾਰਾਂ ਉਹਲੇ ਵੱਸੇ ਮਾਹੀ ਮੈਂਡੜਾ
ਦਿਲ ਬੀਤਰ ਖਿਲਾ ਸ਼ਗੁਫ਼ਾ
ਪੀਆ ਦੀ ਹੈ ਅੱਖ ਅਜੂਬਾ
ਦੇਖੋ ਰੇ ਦੇਖੋ ਆਸ਼ਿਕ ਹੋਇਓ
ਪ੍ਰੇਤਾਂ ਦਾ ਵੀ ਪੀਰ ਦੈਂਤੜਾ
ਮੈਂ ਬਿਰਹਣ ਰਹੂੰ ਉਜਾੜਾਂ 'ਚ
ਗੁਲਜ਼ਾਰਾਂ ਉਹਲੇ ਵੱਸੇ ਮਾਹੀ ਮੈਂਡੜਾ
ਇਹ ਇਸ਼ਕ ਜਾਦੂ ਹੈ ਜਾਂ ਟੂਣਾ
ਅੱਜ ਤਾਈਂ ਨਾ ਸਮਝ ਆਇਆ ਪੈਂਤੜਾ
(ਬਿਰਹਣ - ਵਿਛੋੜੇ 'ਚ ਮਰਿਆ
ਮੈਂਡੜਾ - ਮੇਰਾ
ਗੁਲਜ਼ਾਰ - ਬਾਗ
ਫ਼ਸੁਮਾਵਜਉਲ - ਖੁਦਾ ਵਰਗਾ
ਹੈਂਕੜਾ - ਖੁਦ ਦੀ ਮਿਸਾਲ
ਕਾਲੂਬਲਾ - ਰੱਬ
ਲਾਇਲਾਹਾ - ਕੋਈ ਸ਼ੱਕ ਨਹੀਂ
ਸ਼ਗੂਫ਼ਾ - ਨਵਾਂ ਖਿੜਿਆ ਫੁੱਲ)
ਜ਼ਹਿਮਤ
ਮਨ ਜ਼ਹਿਮਤ ਲਾਗੀ ਹਿਜ਼ਰ ਕੀ
ਤਨ ਕੀਆ ਜ਼ਖਮੀ ਮੀਤ ਨੇ
ਮਜ਼ਹਬ ਸਭ ਕਾ ਏਕ ਹੈ
ਸ਼ੋਰ ਮਚਾਇਆ ਠੰਡੀ ਸੀਤ ਨੇ
ਮਿੱਟੀ ਮੇਂ ਦਫ਼ਨਾ ਦੀਆ
ਮੇਰਾ ਜਜ਼ਬਾ ਮੇਰੇ ਅਜ਼ੀਜ਼ ਨੇ
ਜੱਗ ਮਨਵਾਨੇ ਚੱਲਿਆ ਥਾ
ਜਾਤ ਸਭ ਕੀ ਇੱਕੋ ਚੀਜ਼ ਏ
ਨਾ ਯਾਰ ਅਨਾਇਤ ਸਮਝਿਆ
ਖੂਬ ਸਮਝਾਇਆ ਮੈਂ ਢੀਠ ਨੇ
ਵਿਛੋੜ ਦੀਆ ਜੀ ਵਿਛੋੜ ਦੀਆ
ਯਾਰ ਮੁਝ ਸੇ ਜੱਗ ਕੀ ਰੀਤ ਨੇ
ਗੁਜ਼ਾਰਿਸ਼
ਦਿਲਾਂ ਦੇ ਵਿੱਚ ਰੱਬਾ ਤੂੰ, ਜੇ ਇਸ਼ਕ ਦਾ ਬੀਜ ਲਾਇਆ ਏ,
ਮਿਹਰਬਾਨੀ ਤੇਰੀ ਹੰਝੂਆਂ ਦਾ, ਉਸ ਨੂੰ ਪਾਣੀ ਨਾ ਦੇਵੀਂ!
ਉਹਦੇ ਜੇ ਖਾਬਾਂ 'ਚ ਸੋਹਣਾ ਜਿਹਾ, ਕੋਈ ਘਰ ਬਣਾਇਆ ਏ,
ਗੁਜ਼ਾਰਿਸ਼ ਮੇਰੀ ਕਿ ਉਸਦੇ ਨੈਨਾਂ ਨੂੰ, ਸੁਨਾਮੀ ਨਾ ਦੇਵੀਂ।
ਜੇ ਤਾਣੀ ਇਸ਼ਕ ਦੀ ਉਲਝੇ, ਰਾਤਾਂ ਨੂੰ ਸੌਣ ਨਈ ਦਿੰਦੀ,
ਮਹਿਰਮ ਦੇ ਵਿੱਛੜਨ ਪਿੱਛੋਂ, ਕਿਸੇ ਦਾ ਹੋਣ ਨਈਂ ਦਿੰਦੀ!
ਜੇ ਉਸਦੇ ਨੈਨਾਂ ਨੂੰ ਸੁਫ਼ਨੇ ਦਿਖਾ ਕੇ, ਖੋਹਣੇ ਅੰਤਾਂ 'ਚ,
ਮੈਂ ਅਰਜ਼ਾਂ ਕਰਦਾ ਕਿ ਇਸ ਤੋਂ ਚੰਗਾ, ਤੂੰ ਹਾਣੀ ਨਾ ਦੇਵੀਂ।
ਜੋ ਗੁੰਮਿਆ ਏ ਖ਼ਿਆਲਾਂ 'ਚ, ਖ਼ਿਆਲ ਹਕੀਕਤ ਕਰਦੇ,
ਜੋ ਰੱਖਦਾ ਸੋਚ ਵਸਲਾਂ ਦੀ, ਤੂੰ ਉਸ ਨੂੰ ਅਕੀਦਤ ਕਰਦੇ!
ਮੁਹੱਬਤਾਂ ਦੇ ਗਲਾਸਾਂ ’ਚ ਜੇ, ਸ਼ਰਬਤ ਕੌੜੇ ਵਰਤਾਉਣੇ,
ਤਾਂ, ਐਵੇਂ ਕਿਸੇ ਨੂੰ ਭਰ ਕੇ ਪਹਿਲਾਂ, ਮਿੱਠੀ ਚਾਹਣੀ ਨਾ ਦੇਵੀਂ!
ਜੇ ਹੋਵੇ ਪਿਆਰ ਦਾ ਦਰਿਆ, ਕਿਸੇ ਦੇ ਸੀਨੇ 'ਚੋਂ ਵਹਿੰਦਾ,
ਇਹਦੇ ਵਿੱਚ ਹਰਜ਼ ਹੀ ਹੈ ਕੀ, ਜੋ ਜਾਤਾਂ ਨੂੰ ਹੈ ਜੱਝ ਕਹਿੰਦਾ!
ਜੇ ਯਾਰੋ ਸਭ ਦੇ ਘਰ ਦੀਆਂ, ਕੰਧਾਂ ਇੱਕ ਜਈਆਂ ਹੋਵਣ,
ਫਿਰ ਨਸਲਾਂ ਦੇ ਕਿੱਸਿਆ ਨੂੰ, ਕਦੇ ਹੋਣ ਹਾਵੀ ਨਾ ਦੇਵੀਂ!
ਅਗਰ ਕੋਈ ਕਿਸੇ ਉੱਪਰ, ਅੰਨ੍ਹਾ ਵਿਸ਼ਵਾਸ ਕਰਦਾ,
ਤੂੰ ਉਸ ਨੂੰ ਤੋੜ ਨਾ ਦੇਵੀਂ, ਸ਼ਾਇਰ ਏਹੀ ਦੁਆ ਕਰਦਾ।
ਜੋ ਸਾਹਾਂ ਤੋਂ ਵੀ ਪਹਿਲਾਂ, ਗੱਲ ਜਾ ਕੇ ਯਾਰ ਨੂੰ ਦੱਸੇ,
ਤੈਨੂੰ ਤੇਰੀ ਕਸਮ ਅੱਖ ਯਾਰ ਦੀ ਨੂੰ, ਸ਼ੈਤਾਨੀ ਨਾ ਦੇਵੀਂ!
ਹਮਦਰਦ ਬਣ ਜਾਵੀਂ, ਕਿਸੇ ਦਾ ਦਰਦ ਨਾ ਬਣਜੀ।
ਚਾਹੇਂ ਤਾਂ ਸਕੂਨ ਬਣ ਜਾਵੀਂ, ਕਿਸੇ ਦੀ ਤੜਪ ਨਾ ਬਣਜੀ!
ਕਿਸੇ ਦਾ ਕਰਦਾ ਜੇ ਕੋਈ ਪਾਕੀਜ਼ਾ ਤੇ ਸੁੱਚੇ ਦਿਲ ਤੋਂ,
ਰੱਬਾ ਅਗਲੇ ਦੇ ਦਿਲ ਅੰਦਰ ਵੀ, ਫੇ ਬੇਈਮਾਨੀ ਨਾ ਦੇਵੀਂ!
ਅਰਮਾਨਾਂ ਦੇ ਦਰਵਾਜ਼ੇ ਨੂੰ, ਭੇੜ ਕੇ ਕੁੰਡਾ ਨਾ ਲਾਵੀਂ,
ਇੱਥੋਂ ਤੱਕ ਚੱਲ ਕੇ ਆਏ ਆਂ, ਬੂਹੇ ਨੂੰ ਜਿੰਦਾ ਨਾ ਲਾਵੀਂ।
ਜੇ ਦੇਣਾ ਨਈਂ ਨਫ਼ਾ ਰੱਤਾ ਵੀ, ਤੂੰ ਸਾਡੇ ਅਹਿਸਾਸਾਂ ਨੂੰ,
ਤਾਂ ਫਿਰ ਸਾਡੇ ਜਜ਼ਬਾਤਾਂ ਨੂੰ ਵੀ, ਕੋਈ ਹਾਨੀ ਨਾ ਦੇਵੀਂ!
ਇਹੇ ਜੋ ਬੰਨ੍ਹ ਹੰਝੂਆਂ ਨੂੰ ਸਬਰ ਦਾ ਮਾਰਿਆ ਖੁੱਲ੍ਹ ਜੇ,
ਮਹਿਫ਼ਿਲ ਵਿੱਚ ਬੈਠਿਆਂ ਦੀ, ਕਿਸੇ ਦੀ ਅੱਖ ਜੇ ਡੁੱਲ੍ਹ ਜੇ।
ਰੱਖ ਲਈ ਲਾਜ ਤੂੰ ਉਸਦੀ, ਕਿ ਉਸਦਾ ਮਜ਼ਾਕ ਨਾ ਬਣਜੇ,
ਸਾਰੇ ਹਿੰਮਤ ਤੇ ਮੋਢਾ ਦੇਣ, ਤੇ ਪੀਣ ਲਈ ਪਾਣੀ ਵੀ ਦੇਵੀਂ!
ਅਦਬਾਂ ਵਾਲੇ
ਤੁਸੀਂ ਅਦਬਾਂ ਵਾਲੇ ਹੋ ਅਸੀਂ ਅਬਦਾਂ ਵਾਲੇ ਆਂ
ਤੁਸੀਂ ਤਸਵੀਰਾਂ ਵਾਲੇ ਹੋ ਅਸੀਂ ਸ਼ਬਦਾਂ ਵਾਲੇ ਆਂ
ਤੁਸੀਂ ਲਪਟਾਂ ਵਾਲੇ ਹੋ ਅਸੀਂ ਕਪਟਾਂ ਵਾਲੇ ਆਂ
ਤੁਸੀਂ ਅਦਬਾਂ ਵਾਲੇ ਹੋ ਅਸੀਂ ਅਬਦਾਂ ਵਾਲੇ ਆਂ
ਤੁਸੀਂ ਰੰਗਾਂ ਵਾਲੇ ਹੋ ਅਸੀਂ ਚਟਾਕਾਂ ਵਾਲੇ ਆਂ
ਤੁਸੀਂ ਰੂਹ ਪਾਕਾਂ ਵਾਲੇ ਹੋ ਅਸੀਂ ਮਿੱਟੀ ਰਾਖਾਂ ਵਾਲੇ ਆਂ
ਤੁਸੀਂ ਭਾਗਾਂ ਵਾਲੇ ਹੋ ਅਸੀਂ ਅਭਾਗਾਂ ਵਾਲੇ ਆਂ
ਤੁਸੀਂ ਰੂਹ ਦੇ ਮਾਲਿਕ ਹੋ ਅਸੀਂ ਤਾਂ ਚਾਕਾਂ ਵਾਲੇ ਆਂ
ਤੁਸੀਂ ਤਖ਼ਤ ਮਨਵਰ ਵਾਲੇ ਹੋ ਅਸੀਂ ਮੁਸਵਹਾਂ ਵਾਲੇ ਆਂ
ਤੁਸੀਂ ਤਸੱਵਫ਼ ਵਾਲੇ ਹੋ ਅਸੀਂ ਤਸਵਰਾਂ ਵਾਲੇ ਆਂ
ਤੁਸੀਂ ਕਾਹਲੇ-ਕਾਹਲੇ ਹੋ ਅਸੀਂ ਤਾਂ ਸਬਰਾਂ ਵਾਲੇ ਆਂ
ਤੁਸੀਂ ਕਿਨੇ ਦਿਲਾਂ ਦੀ ਧੜਕਨ ਅਸੀਂ ਤਾਂ ਕਬਰਾਂ ਵਾਲੇ ਆਂ
ਪਾਕ ਮੁਹੱਬਤ
ਕੀ ਹੋਇਆ ਇੱਕ ਦੂਸਰੇ ਦੇ ਹਿੱਸੇ ਨਾ ਆਏ
ਵੱਖ ਹੋ ਕੇ ਵੀ ਨਾ ਸਾਡੀ ਖਾਕ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ
ਹੱਥ ਜੋੜ ਕੇ ਦਰ ਤੇਰੇ ਨੂੰ ਮੱਥਾ ਟੇਕਦਾ ਹਾਂ
ਤੇਰੇ ਮੁੱਖ ਉੱਤੇ ਖ਼ੁਦਾਇਆ ਨੂਰ ਦੇਖਦਾ ਹਾਂ
ਜਪਦਾ ਸੀ ਜਪਦਾ ਹਾਂ ਰਹੂੰ ਜਪਦਾ ਨਾਮ ਤੇਰਾ
ਹਰ ਇੱਕ ਨੂੰ ਨੀ ਹੁੰਦੀ ਇਹ ਜੋ ਪਾਕ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ।
ਤੇਰੇ ਕਹਿਣ 'ਤੇ ਰਾਹ ਤੇਰੇ ਆਉਣੋਂ ਹੱਟਜਾਂਗੇ
ਰਾਤ ਨੂੰ ਖਾਬਾਂ ਵਿੱਚ ਪੈਰ ਪਾਉਣੋਂ ਹੱਟਜਾਂਗੇ
ਉਡੀਕ ਤੇਰੀ ਵਿੱਚ ਰੋ-ਰੋ ਮੈਂ ਜ਼ਿੰਦਗੀ ਗਾਲ ਦੇਣੀ
ਤੇਰੇ ਪਾਗਲ ਸ਼ਾਇਰ ਨੂੰ ਨਹੀਂ ਆਮ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ
ਦੱਸ ਕਿੱਦਾਂ ਤੂੰ ਭੁੱਲ ਗਿਆ ਵੇ ਪਿਆਰਾਂ ਨੂੰ
ਕਸਮਾਂ ਵਾਅਦੇ ਕੀਤੇ ਕੌਲ ਕਰਾਰਾਂ ਨੂੰ
ਦੇਖ ਤੈਨੂੰ ਮਜ਼ਹਬ ਨੇ ਸਾਡੇ ਤੋਂ ਵਿਛੋੜ ਦਿੱਤਾ
ਵਿੱਛੜ ਕੇ ਵੀ ਨਈਂ ਅਸਾਡੀ ਰਾਖ਼ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ।
'ਰ' ਲਿਖਿਆ
ਲੋਕਾਂ ਛਾਪੀ ਪੂਰੀ ਕਿਤਾਬ ਨਾਵਾਂ ਦੀ
ਅਸਾਂ ਮਿਟਾਕੇ ਉਹੀ ਦੁਬਾਰਾ ਲਿਖਿਆ
ਤੂੰ ਮੰਨਣਾ ਨਹੀਂ ਤੇਰਾ ਨਾਮ ਅਸੀਂ
ਇੱਕ ਵਾਰ ਨੀ ਵਾਰ ਹਜ਼ਾਰਾਂ ਲਿਖਿਆ
ਕਿਸੇ ਪੁੱਛਿਆ ਕਿਹੜੀ ਤਰੀਕ ਪਸੰਦ
ਮੈਂ ਖਿੜਕੇ ਚੌਦਾਂ ਬਾਰਾਂ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
‘ਰ’ -ਰਾਰਾ
ਤੂੰ ਤੁਰ ਗਿਆ ਸਾਥੋਂ ਦੂਰ ਕਿਤੇ
ਮੈਂ ਖ਼ੁਦ ਨੂੰ ਖ਼ੁਦ ਵਿਚਾਰਾ ਲਿਖਿਆ
ਤੂੰ ਲਿਖ ਲਿਆ ਖ਼ੁਦ ਨੂੰ ਚੰਦ ਕਿਤੇ
ਮੈਂ ਖੁਦ ਨੂੰ ਟੁੱਟਿਆ ਤਾਰਾ ਲਿਖਿਆ
ਤੇਰੇ ਜਾਣ ਦੇ ਭੈੜੇ ਵਿਜੋਗ ਵਿੱਚ
ਆਹ ਦੇਖ ਮੈਂ ਆਪਣਾ ਹਾੜਾ ਲਿਖਿਆ
ਲੈਣਾ ਖ਼ੁਦ ਨੂੰ ਲਿਖ ਤੂੰ ਸ਼ਾਦੀਸ਼ੁਦਾ
ਮੈਂ ਜ਼ਿੰਦਗੀ ਦੇ ਪੰਨੇ ਕੁਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
ਤੂੰ ਹੱਸ, ਵਸ, ਰਾਜ਼ੀ ਰਹਿ, ਯੁਗ-ਯੁਗ ਜੀ
ਜੋ ਕੁੱਝ ਅੰਦਰ ਲੈ ਸਾਰਾ ਲਿਖਿਆ
ਕਿੱਥੋਂ ਕਰਾਂ ਮੈਂ ਸੈਰ ਜੰਨਤ ਦੀ
ਮੇਰੀਆਂ ਲਕੀਰਾਂ ਵਿੱਚ ਉਜਾੜਾ ਲਿਖਿਆ
ਮੈਂ ਲਿਖੇ ਤੇਰੇ ਲਈ ਸੁੱਖ ਦੁਨੀਆਂ ਦੇ
ਤੂੰ ਮੇਰੇ ਹਿੱਸੇ ਨਾ ਕੋਈ ਸਹਾਰਾ ਲਿਖਿਆ
ਮੈਂ ਤੇਰੇ ਨਾਮ ਅੱਗੇ ਖ਼ੁਦਾ ਲਿਖਿਆ
ਤੂੰ ਮੇਰੇ ਅੱਗੇ ਪਾਗਲ, ਅਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ਓ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
ਡੁੱਲੂ-ਡੁੱਲੂ
ਸਵੇਰ ਦਾ ਡੁੱਲੂ-ਡੁੱਲੂ ਕਰਦਾ ਸੀ
ਆ ਦੇਖਲਾ ਹੰਝੂ ਡੁੱਲ੍ਹ ਹੀ ਗਿਆ
ਜੋ ਜੋ ਮਨ ਨੂੰ ਸਮਝਾਇਆ ਸੀ
ਆ ਦੇਖਲਾ ਆਖ਼ਰ ਭੁੱਲ ਹੀ ਗਿਆ।
ਐਸਾ ਆਇਆ ਯਾਦ ਦਾ ਬੁੱਲਾ
ਮਿਨਾਰ ਬੇਫ਼ਿਕਰਾ ਭੁੱਲ ਹੀ ਗਿਆ
ਅਰਸ਼ੀਂ ਬਿਠਾਕੇ ਰੱਖਿਆ ਸੀ ਦਿਲ
ਤੇਰੇ ਖ਼ਿਆਲਾਂ 'ਚ ਰੁੱਲ ਹੀ ਗਿਆ।
ਸੋਨੇ ਤੋਂ ਮਹਿੰਗਾ ਖਾਬ ਅਸਾਡਾ
ਸੁੱਕੇ ਪੱਤਿਆਂ ਦੇ ਮੁੱਲ ਹੀ ਗਿਆ
ਸਵੇਰ ਦਾ ਡੁੱਲੂ ਡੁੱਲੂ ਕਰਦਾ ਸੀ
ਆ ਦੇਖਲਾ ਹੰਝੂ ਡੁੱਲ੍ਹ ਹੀ ਗਿਆ
ਤੇਰੇ ਖੂਬ ਨੇ ਨੀਂਦ ਦਾ ਤੋੜਿਆ ਸੁਲ੍ਹਾ
ਮਾਰਿਆ ਸੁੱਤੇ ਦਿਲ 'ਤੇ ਟੁੱਲਾ
ਮੈਨੂੰ ਆਪਣਾ ਅਕਸ ਜਾ ਭੁੱਲਾ
ਬਲ ਪਿਆ ਸੀਨੇ ਦਾ ਚੁੱਲ੍ਹਾ
ਉੱਡਦੀ ਭਾਫ਼ ਜਾ ਸਾਹ ਘੁਲਿਆ
ਜਜ਼ਬਾਤਾਂ ਨੂੰ ਬੰਨ੍ਹਿਆਂ ਸੰਗਲ ਖੁੱਲ੍ਹਿਆ।
ਰੂਹ ਮਿਲਣ ਗਈ ਯਾਰ ਦੀ ਰੂਹ ਨੂੰ
ਕੋਲ ਬੈਠ ਨਮਾਜ਼ ਨਾ ਪੜ੍ਹ ਮੁੱਲਿਆ
ਹੁਣ ਕੰਮ ਨਈਂ ਕਰਨਾ ਪਾਠਾਂ ਨੇ
ਨਾ ਕਾਲੇ ਇਲਮਾਂ ਦੇ ਜਾਪਾਂ ਨੇ
ਸਾਨੂੰ ਫਨੀਅਰ ਮੱਥਾ ਟੇਕ ਲੰਘੇ
ਅਸੀਂ ਡੰਗੇ ਵੈਰਾਗੀ ਨਾਗਾਂ ਦੇ
ਸੋਚਿਆ ਨਈਂ ਸੀ ਫਿਰ ਵੀ ਦੇਖਲੈ
ਮਜ਼ਹਬ ਇਸ਼ਕ ਨੂੰ ਖਾ ਹੀ ਗਿਆ
ਪਾ ਹੀ ਗਿਆ ਜੀ ਪਾ ਹੀ ਗਿਆ
ਸੱਜਣ ਦੂਰੀਆਂ ਪਾ ਹੀ ਗਿਆ
ਯਾਰ ਖ਼ੁਦਾ ਦੇ ਬਾਰੇ ਸੋਚਾਂ
ਤਾਂ ਮੇਰਾ ਲੂੰ-ਲੂੰ ਠਰਦਾ ਸੀ
ਆ ਦੇਖਲੈ ਹੰਝੂ ਡੁੱਲ੍ਹ ਹੀ ਗਿਆ
ਸਵੇਰ ਦਾ ਡੁੱਲੂ ਡੁੱਲੂ ਕਰਦਾ ਸੀ
ਮੇਰੀ ਸ਼ਹਿਜ਼ਾਦੀਏ
ਦਿਨ ਰਾਤ ਕਰਾਂ ਮੈਂ ਇਬਾਦਤ ਤੇਰੀ
ਜੋ ਕੁੱਝ ਵੀ ਕਿਹਾ ਤੂੰ ਸਭ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਤੇਰੇ ਬਾਰੇ ਸੋਚਾਂ ਤਾਂ ਸਕੂਨ ਮਿਲੇ
ਤੂੰ ਮਿਲੇਂ ਤਾਂ ਓ ਅੱਲਾ ਰਸੂਲ ਮਿਲੇ
ਚੈਨ ਖੋਵਣ ਦਾ ਵੀ ਹੱਕ ਦਿੱਤਾ ਤੈਨੂੰ
ਤੇਰੇ ਘਰ ਨੂੰ ਅਸਾਂ ਨੇ ਹੱਜ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਤੇਰੇ ਖ੍ਵਾਬਾਂ 'ਚ ਰਹਿਣਾ ਅੱਛਾ ਬੜਾ
ਘਰ ਸੱਧਰ ਸਾਡੀ ਦਾ ਕੱਚਾ ਬੜਾ
ਕਈ ਅਰਸਾਂ ਤੋਂ ਨਾਮ ਤੇਰਾ ਜਪਦੇ
ਕਿਹੜਾ ਰੱਬ ਤੈਨੂੰ ਅੱਜ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਨਿਗਾਹ ਕਰਦੇ ਸਵੱਲੀ ਪਿਆਰਾਂ ਦੀ
ਸਾਡੀ ਨੀਤ ਨਹੀਂ ਏ ਵਪਾਰਾਂ ਦੀ
ਤੇਰੇ ਪ੍ਰੀਤ ਦੀ ਪ੍ਰੀਤ ਰੂਹਾਨੀ ਏ
ਜਿਸਮਾਂ ਦੀ ਨਹੀਂ ਜੋ ਜੱਗ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਤੇਰੇ ਨਾਂ ਦੇ ਅੱਖਰ
ਵੱਖ ਹੋਏ ਕੁੱਝ ਫੈਸਲੇ ਤੇਰੇ, ਕੁੱਝ ਮਜ਼ਹਬ ਦੇ ਚੱਕਰ ਵਿੱਚ,
ਮੇਰੀ ਸਾਰੀ ਜਿੰਦ ਗੁਆਚੀ, ਤੇਰੇ ਨਾਂ ਦੇ ਅੱਖਰ ਵਿੱਚ।
ਦਾਮਨ ਮੇਰੇ ਪੀੜਾਂ ਰੋਂਦੀਆਂ, ਦੁੱਖਾਂ ਹਾਹਾਕਾਰ ਮਚਾਈ,
ਹਾਸੇ ਸਾਰੇ ਗੁੰਮ ਗਏ ਮੇਰੇ, ਤੇਰੇ ਨਾਂ ਦੇ ਅੱਖਰ ਵਿੱਚ।
ਕਿੰਨੇ ਅਰਸੇ ਸੋਚਣ ਮਗਰੋਂ, ਲਿਖੀ ਮੈਂ ਆਪਣੀ ਦਾਸਤਾਨ,
ਪੂਰੀ ਆ ਕੇ ਵਿੱਚ ਸਮਾ ਗਈ, ਤੇਰੇ ਨਾਂ ਦੇ ਅੱਖਰ ਵਿੱਚ।
ਕੁੱਝ ਤਾਂ ਹੋਣਾ ਨਜ਼ਰ ਤੇਰੀ ਕੋ, ਇਲਮ ਚਿੱਟਾ ਜਾਂ ਕਾਲਾ,
ਐਵੇਂ ਤਾਂ ਨਈਂ ਰੂਹ ਕੁਮਲਾਈ, ਤੇਰੇ ਨਾਂ ਦੇ ਅੱਖਰ ਵਿੱਚ।
ਦੀਵਾ ਆਸ ਦਾ ਬੁੱਝਣ ਨਾ ਦੇਵਾਂ, ਲੱਖ ਹਨੇਰੀ ਆਵੇ,
ਪਾ ਪਾ ਤੇਲ ਮੈਂ ਵੱਟੀਆਂ ਲਾਵਾਂ, ਤੇਰੇ ਨਾਂ ਦੇ ਅੱਖਰ ਵਿੱਚ।
ਲੋਕ ਕੰਮਾਂ 'ਤੇ ਆਉਂਦੇ ਜਾਂਦੇ, ਮਨ ਲਾਉਣ ਨੂੰ ਪੜ੍ਹਣ ਕਿਤਾਬਾਂ
ਮੈਂ ਤਾਂ ਹਰ ਪਲ ਰੁੱਝਿਆ ਰਹਿੰਦਾ, ਤੇਰੇ ਨਾਂ ਦੇ ਅੱਖਰ ਵਿੱਚ।
ਸਭ ਫਿਦਾ ਹੋਣ ਯਾਰ ਉੱਤੇ, ਮੈਂ ਕੁਰਬਾਨ ਹੋਇਆ ਵਾਂ ਤੇਰੇ ਤੇ,
ਮੈਂ ਤਾਂ ਆਪਣੀ ਸੁਰਤ ਟਿਕਾ ਲਈ, ਤੇਰੇ ਨਾਂ ਦੇ ਅੱਖਰ ਵਿੱਚ।
ਤੇਰਾ ਨਾਮ ਕਿਸਰਾਂ ਦੱਸਦਾਂ, ਆਲਮ ਜ਼ਹਿਰੀ ਭੈੜੇ ਨੂੰ,
ਮੇਰਾ ਸਾਰਾ ਰਹੱਸ ਜੋ ਛੁਪਿਆ, ਤੇਰੇ ਨਾਂ ਦੇ ਅੱਖਰ ਵਿੱਚ।
ਮਿਲਾਂਗੇ ਜ਼ਰੂਰ-1
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ
ਵਿੱਛੜੇ ਅਸੀਂ ਜਿੰਨਾਂ ਰਾਹਵਾਂ 'ਤੇ
ਜੇ ਮਿਲਣਾ ਹੋਊ ਓਥੇ ਹੀ ਮਿਲਾਂਗੇ
ਆਪਾਂ ਮਿਲ ਬੈਠਾਂਗੇ ਖੋਲ੍ਹ ਦਿਲ ਬੈਠਾਂਗੇ
ਤਾਰਿਆਂ ਦੀ ਚਾਨਣੇ ਕੁੱਝ ਪਲ ਬੈਠਾਂਗੇ
ਫੇਰ ਗੱਲਾਂ ਕਰਾਂਗੇ ਵੱਖ ਹੋਣ ਦੀਆਂ
ਕੋਈ ਦੇਖ ਨਾ ਲਵੇ ਥੋੜ੍ਹਾ-ਥੋੜ੍ਹਾ ਡਰਾਂਗੇ।
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ
ਦਿਲਾਂ 'ਚ ਦੂਰੀਆਂ ਕੀ ਸੀ ਮਜ਼ਬੂਰੀਆਂ
ਕਮੀਆਂ ਰਹਿਗੀਆਂ ਕਿੱਥੇ ਦੱਸ ਪੁਰੀਆਂ
ਅੱਖਾਂ 'ਚ ਘੂਰੀਆਂ ਮੱਥੇ ਸੀ ਤਿਉੜੀਆਂ
ਬੁੱਲ੍ਹਾਂ ਕੋਲੋਂ ਮਿਲੀਆਂ ਨਾ ਮਨਜ਼ੂਰੀਆਂ
ਹੱਥ ਛੱਡਤੇ ਗਏ ਦਿਲੋਂ ਕੱਡਤੇ ਗਏ
ਏ ਅਣਹੋਣੀਆਂ ਸਾਂਝੀਆਂ ਤਾਂ ਕਰਾਂਗੇ
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ
ਕਿਵੇਂ ਦਿਨ ਗੁਜ਼ਰੇ ਦੁਪਹਿਰਾਂ ਕਿੰਝ ਕੱਢੀਆਂ
ਸੌਂ ਸੌਂ ਕੇ ਰਾਤਾਂ ਜਾਂ ਰੋ ਰੋ ਕੇ ਕੱਟੀਆਂ
ਸਾਹ ਮੁੱਕਦੇ ਗਏ ਜ਼ਖ਼ਮ ਦੁਖਦੇ ਰਹੇ
ਕੀਤੀਆਂ ਨਾ ਕਿਸੇ ਨੇ ਮਰ੍ਹਮ ਪੱਟੀਆਂ
ਮਕਬੂਲ ਹੋਏ ਨਾ ਕਬੂਲ ਹੋਏ ਨਾ
ਇਹ ਕੌੜਾ ਘੁੱਟ ਇਸ਼ਕੇ ਦਾ ਵੀ ਪੀਲਾਂਗੇ
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ
ਵਿੱਛੜੇ ਅਸੀਂ ਜਿੰਨਾਂ ਰਾਹਵਾਂ 'ਤੇ
ਜੇ ਮਿਲਣਾ ਹੋਊ ਉੱਥੇ ਹੀ ਮਿਲਾਂਗੇ
ਤੂੰ ਕਦ ਆਣਾ
ਜੀਕਣ ਦਿਹਾੜੀ ਲਾ ਕੇ ਸੂਰਜ ਤੁਰ ਜਾਂਦਾ ਏ ਕੱਲੇ-ਕੱਲੇ
ਈਕਣ ਹਾਜ਼ਰੀ ਲਵਾ ਕੇ ਦੋਖਲੈ ਚੰਨ ਤਾਰੇ ਵੀ ਪਰਤ ਚੱਲੇ
ਲਾ ਕੇ ਨੀਲੇ-ਪੀਲੇ ਅੰਬਰ ਉਡਾਰੀ ਪੰਛੀ ਵੀ ਆ ਗਏ ਥੱਲੇ
ਛੱਡ ਇਹਨਾਂ ਦੀ ਦਿਲਬਰ ਮੇਰੇ ਤੂੰ ਦੱਸ ਕਦ ਆਉਣਾ ਘਰ ਵੱਲੋ
ਉਡੀਕ ਤੇਰੀ ਵਿੱਚ ਰੋਜ਼ ਹੀ ਕੁੱਝ ਆਸ ਦਾ ਕੀੜਾ ਜਣਦਾ ਏ
ਬੁਝਿਆ ਮਰਿਆ ਬਿਰਹਣ ਦਿਲ ਰਾਹਾਂ ਵਿੱਚ ਅੱਖ ਤਣਦਾ ਏ
ਮੈਂ ਆਖਾਂ ਮੈਨੂੰ ਇਸ਼ਕ ਮਾਰਿਆ, ਓ ਕਹਿਣ ਰੋਗ ਪਾਗਲਪਨ ਦਾ ਏ
ਜੇ ਜਾਣਾ ਤੇਰਾ ਬਣਦਾ ਸੀ ਤੇਰਾ ਮੁੜਣਾ ਵੀ ਤਾਂ ਬਣਦਾ ਏ
ਰੋਜ਼ ਵਾਂਗਰ ਫਿਰ ਦੇਖਲੇ ਫੁੱਲ ਸੌਂ ਕੇ ਜਾਗ ਗਏ
ਪਾਣੀ ਲਾ ਕੇ ਘਰ ਗਏ ਮਾਲੀ ਦੇਖ ਲੈ ਫਿਰ ਨੇ ਆ ਗਏ
ਠੰਡੇ ਸਵੇਰੇ ਪੱਤੀਆਂ ਉੱਤੇ ਤੇਲ ਨਵੇਰੀ ਪਾ ਗਏ
ਮਿਲ ਕੇ ਭੌਰੇ ਮਾਸ਼ੂਕਾਂ ਨੂੰ ਆਪੋ ਆਪਣੇ ਰਾਹ ਗਏ ਤੂੰ
ਕਦ ਮਿਲਣੈ ਮਹਿਰਮ ਮੇਰੇ ਵਿਛੋੜੇ ਡਾਢੇ ਖਾ ਗਏ
ਲੱਗਦਾ ਨਹੀਂ ਅੱਜ ਆਵੇਂਗਾ ਉੱਡ ਕੋਠੇ ਤੋਂ ਨੇ ਕਾਂ ਗਏ
ਦੇਖਿਆ ਮੈਂ ਫਿਜ਼ਾਵਾਂ ਕੱਲ੍ਹ ਪੱਛਮ ਦੇ ਵੱਲ ਤੁਰੀਆਂ ਸੀ
ਮਹਿਕਾਂ ਕਿਸੇ ਗੁਲਾਬ ਦੀਆਂ ਪੂਰਬ ਨੂੰ ਜਾਕੇ ਜੁੜੀਆਂ ਸੀ
ਨਾ ਹਵਾ ਰੁਕੀ ਨਾ ਮਹਿਕ ਰੁਕੀ ਵੱਟੀਆਂ ਬੜੀਆਂ ਘੂਰੀਆਂ ਸੀ
ਕਾਮ ਦਾ ਨਸ਼ਾ ਸੀ ਅੱਖ ਅੰਦਰ ਦੋਹਾਂ ਦੀਆਂ ਨੀਤਾਂ ਬੁਰੀਆਂ ਸੀ
ਕੱਲ੍ਹ ਤੋਂ ਦੇਖ ਲੈ ਅੱਜ ਹੋਇਆ ਉਹ ਹੁਣ ਘਰੋ-ਘਰੀਂ ਮੁੜੀਆਂ ਈ
ਤੂੰ ਵੀ ਚੱਲ ਹੁਣ ਪਰਤ ਆ ਚਿਹਰੇ ਆਈਆਂ ਝੁਰੜੀਆਂ ਈ
ਦੀਦ ਬਾਝੋਂ ਤਿਹਾਈਆਂ ਅੱਖਾਂ ਸਾਗਰੋਂ ਜ਼ਿਆਦਾ ਰੁੜੀਆਂ ਈ
ਦੱਸ ਤਾਂ ਜਾਹ ਵੇ ਸਾਨੂੰ ਵੀ ਕਿੱਥੇ ਮੁਹੱਬਤਾਂ ਥੁੜੀਆਂ ਈ
ਜੀਕਣ ਦਿਹਾੜੀ ਲਾ ਕੇ ਸੂਰਜ ਤੁਰ ਜਾਂਦਾ ਏ ਕੱਲੇ-ਕੱਲੇ
ਈਕਣ ਹਾਜ਼ਰੀ ਲਵਾ ਕੇ ਦੇਖਲੈ ਚੰਨ ਤਾਰੇ ਵੀ ਪਰਤ ਚੱਲੇ
ਲਾ ਕੇ ਨੀਲੇ-ਪੀਲੇ ਅੰਬਰ ਉਡਾਰੀ ਪੰਛੀ ਵੀ ਆ ਗਏ ਥੱਲੇ
ਛੱਡ ਇਹਨਾਂ ਦੀ ਦਿਲਬਰ ਮੇਰੇ ਤੂੰ ਦੱਸ ਕਦ ਆਣਾ ਘਰ ਵੱਲੋ
ਜਨਮਦਿਨ ਦਾ ਚਾਅ
ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾਅ ਨਹੀਂ ਸੀ
ਜਿਨ੍ਹਾਂ ਦੋ ਇਨਸਾਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ
ਉਹਨਾਂ ਦੀ ਹੀ ਮੇਰੇ ਮੋਢੇ ਉੱਤੇ ਬਾਂਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾ ਨਹੀਂ ਸੀ
ਇੱਕ ਬਾਪੂ ਸੀ ਇੱਕ ਉਹ, ਰੱਬ ਨੇ ਦੋਵੇਂ ਲੀਤੇ ਖੋਹ
ਹੁਣ ਦੱਸੀਏ ਕਿਸ ਨੂੰ ਦੱਸੋ, ਸਾਡੇ ਨਾਲ ਹੋਈ ਜੋ ਜੋ
ਸੀ ਲਕੀਰਾਂ ਤਾਂ ਹਰ ਪਾਸੋਂ ਮਿਲੀਆਂ
ਬੱਸ ਕਿਸਮਤ ਦੀ ਹਾਂ 'ਚ ਹਾਂ ਨਹੀਂ ਸੀ
ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾ ਨਹੀਂ ਸੀ
ਜਿਸ ਦਿਨ ਲਈ ਇੰਨਾ ਚਾਅ ਕਰਦੇ ਆਂ
ਜਿਸ ਦਿਨ ਦੀ ਚਿਰਾਂ ਤੋਂ ਉਡੀਕ ਹੁੰਦੀ
ਸੱਚ ਜਾਣਿਓਂ ਦਿਨ ਬੜਾ ਔਖਾ ਬੀਤਦਾ
ਆਵਾਜ਼ ਸੱਜਣ ਦੀ ਜਦ ਨਾ ਨਸੀਬ ਹੁੰਦੀ
ਅਸੀਂ ਮੁਹੱਬਤ ਤਾਂ ਬਥੇਰੀ ਕੀਤੀ ਸੀ
ਬੱਸ ਉਸਦਾ ਰੱਖਿਆ ਨਾਂ ਨਹੀਂ ਸੀ
ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾ ਨਹੀਂ ਸੀ
ਗਿਆਰਾਂ ਪੋਹ ਦੀ ਰਾਤ ਵੱਜੇ ਜਦ ਬਾਰਾਂ
ਨੈਣ ਕਮਲੇ ਤੇਰਾ ਫੋਨ ਰਹੇ ਉਡੀਕਦੇ
ਤੇਰਾ ਇੱਕ ਵੀ ਸੁਨੇਹਾ ਆਇਆ ਨਾ
ਦਿਲ, ਦਿਮਾਗ, ਰੂਹ, ਪੋਟਾ-ਪੋਟਾ ਰਹੇ ਚੀਕਦੇ
ਬੱਸ ਉਡੀਕਾਂ ਵਿੱਚ ਦਿਨ ਗੁਜ਼ਰ ਗਿਆ
ਘੜੀ ਦੀ ਸੂਈ ਵੱਲ ਪਾਗਲਾਂ ਵਾਂਗ ਰਹੇ ਵੇਖਦੇ
ਅਸੀਂ ਅੰਦਰੋਂ-ਅੰਦਰ ਮਰ ਗਏ ਸੀ
ਬੱਸ ਨਿਕਲੀ ਮੂੰਹੋਂ ਧਾਹ ਨਈ ਸੀ
ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾ ਨਹੀਂ ਸੀ
ਜਦ ਵੱਜੇ ਰਾਤ ਦੇ ਬਾਰਾਂ ਪੇਹ ਤੇਰਾਂ ਦੀ ਰਾਤ
ਅਸਾਂ ਦੁਆਵਾਂ ਲਿਖ ਨਗਮੇ ਭੇਜਤੇ
ਦੁਆਵਾਂ ਦਾ ਕੱਦ ਛੋਟਾ ਰਹਿ ਗਿਆ ਹੋਣਾ
ਸ਼ਾਇਦ ਉਹ ਲਫਜ਼ ਹੋਣ ਨਾ ਤੇਰੇ ਮੇਚ ਦੇ
ਜਿੰਨਾਂ ਮੈਨੂੰ ਤੇਰੇ ਜਨਮ ਦਿਨ ਦਾ ਚਾ ਚੜ੍ਹਿਆ
ਉਨ੍ਹਾਂ ਮੈਨੂੰ ਮੇਰੇ ਦਾ ਚੜ੍ਹਿਆ ਚਾ ਨਹੀਂ ਸੀ
ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾ ਨਹੀਂ ਸੀ
ਰੱਬ ਨੂੰ ਨਹੀਂ ਮੈਂ ਮੰਨਦਾ ਤਾਂ ਵੀ
ਤੇਰੀ ਆਵਾਜ਼ ਸੁਨਣ ਲਈ ਮੱਥੇ ਰਹੇ ਟੇਕਦੇ
ਕਿਉਂ ਮਨਜੂਰ ਨਾ ਹੋਈ ਅਰਜੀ ਸਾਡੀ
ਪੁੱਛਾਂ ਜੇ ਰੱਬ ਬੈਠੇ ਸਾਡੇ ਨਾਲ ਇੱਕ ਮੇਜ਼ 'ਤੇ
ਫਿਰ ਵੀ ਦੇਖੋ ਜੀਅ ਰਹੇ ਆਂ
ਮਰ ਗਏ ਤਾਂ ਖ਼ਬਰਾਂ ਪਹੁੰਚ ਜਾਣਗੀਆਂ
ਜਿਸ ਮਰਜ਼ੀ ਦਿਸ਼ਾ ਵਗਦੀ ਵਾ ਹੋਵੇ
ਰਾਖਾਂ ਉਸਦੇ ਜਿਸਮ ਨੂੰ ਛੂਹ ਕੇ ਜਾਣਗੀਆਂ
ਮੇਰੇ ਕਫ਼ਨ 'ਤੇ ਉਸਦਾ ਨਾਂ ਲਿਖ ਦੋ
ਜਿਸਨੂੰ ਜਿਉਂਦਿਆਂ ਮਾਸਾ ਭਾਅ ਨਹੀਂ ਸੀ
ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ
ਸ਼ਾਇਦ ਤਾਂਹੀ ਮੈਨੂੰ ਜਨਮਦਿਨ ਦਾ ਚਾ ਨਹੀਂ ਸੀ
ਊਣਾ
ਜੋ ਚਾਹੀਦਾ ਜ਼ਿੰਦਗੀ ਵਿੱਚ ਉਹ ਊਣਾ,
ਜੋ ਨਹੀਂ ਚਾਹੀਦਾ ਸਾਡੇ ਕੋਲ ਉਹ ਦੂਣਾ!
ਖੁਸ਼ੀਆਂ ਖੇਡਣ ਹਰ ਗਲੀ ਮੁਹੱਲੇ,
ਇਹਨਾਂ ਸਾਡੀ ਸਰਦਲ ਕਿੱਥੇ ਛੂਹਣਾ!
ਵੇਚ ਕੇ ਸਾਹ ਸੂਰਜ ਖਰੀਦੇ,
ਮੱਥੇ ਉੱਤੇ ਸੀ ਤਾਰੇ ਬੀਜੇ,
ਆਸ ਸੀ ਚੰਨ ਬਣ ਤਾਰਾ ਉੱਭਰੂ,
ਕਿਸਮਤ ਹੋਰ ਦਿਖਾਏ ਨਤੀਜੇ!
ਰਹਿ ਗਈਆਂ ਨਜ਼ਰਾਂ ਵਿੱਚ ਆਸਾਂ,
ਬੁਝੀਆਂ ਨਾ ਰੂਹ ਦੀਆਂ ਪਿਆਸਾਂ,
ਦੀਦ ਤੇਰੀ ਨੂੰ ਤਿਹਾਈਆਂ ਅੱਖੀਆਂ,
ਜਿੰਦ ਭੁਰਦੀ ਜਾਂਦੀ ਮਾਸਾ ਮਾਸਾ!
ਕੰਗਣੀ ਖਿਲਾਰੀ ਆਸ ਦੇ ਵਿਹੜੇ,
ਖਾਣ ਗਿਟਾਰਾਂ ਆਈਆਂ ਨਾ,
ਅਸੀਂ ਖੜ੍ਹੇ ਰਹੇ ਪੱਤਝੜ ਦੀ ਰੁੱਤੇ,
ਸਾਨੂੰ ਲੈਣ ਬਹਾਰਾਂ ਆਈਆਂ ਨਾ!
ਆਸ ਸੀ ਰਹਿ ਗਈ ਕਿਸਮਤ 'ਤੇ,
ਉਹ ਵੀ ਸਾਨੂੰ ਲਾ ਗਈ ਚੂਣਾ।
ਜੋ ਚਾਹੀਦਾ ਜ਼ਿੰਦਗੀ ਵਿੱਚ ਉਹ ਊਣਾ,
ਜੋ ਨਹੀਂ ਚਾਹੀਦਾ ਸਾਡੇ ਕੋਲ ਉਹ ਦੂਣਾ!
ਜਨਮਦਿਨ ਮੁਬਾਰਕ
ਮੇਰੇ ਸਾਗਰ ਦੇ ਕਿਨਾਰਿਆ
ਮੇਰੇ ਜੀਣ ਦੇ ਸਹਾਰਿਆ
ਸਾਡਾ ਤੋਹਫਾ ਸਵਿਕਾਰ ਲਵੀਂ
ਜਨਮਦਿਨ ਮੁਬਾਰਕ ਪਿਆਰਿਆ
ਤੇਰੇ ਵੱਲ ਨੂੰ ਹਵਾਵਾਂ ਭੇਜੀਆਂ
ਵਿੱਚ ਘੋਲ ਦੁਆਵਾਂ ਭੇਜੀਆਂ ਨੇ
ਤੂੰ ਹੱਸਦੀ ਰਹਿ ਤੂੰ ਰਾਜ਼ੀ ਰਹਿ
ਹੱਥ ਜੋੜ ਅਸਾਂ ਨੇ ਪੁਕਾਰਿਆ
ਜਨਮਦਿਨ ਮੁਬਾਰਕ ਪਿਆਰਿਆ
ਤੇਰਾ ਸਾਥ ਬੜਾ ਅਣਮੁੱਲਾ ਏ
ਤੇਰੀ ਅੱਖ ਦਾ ਨਿਆਰਾ ਟੁੱਲਾ ਏ
ਤੂੰ ਉਸ ਦੇ ਲੇਖੇ ਲੱਗ ਜਾਵੀਂ
ਜਿਸ ਸ਼ੀਸ਼ੇ ਦਾ ਮਹਿਲ ਉਸਾਰਿਆ
ਜਨਮਦਿਨ ਮੁਬਾਰਕ ਪਿਆਰਿਆ
ਹੱਸ-ਹੱਸ ਮਾਣੀ ਦਿਨ ਵਡਭਾਗਾ
ਪਾ ਨਾ ਬਹਿਜੀਂ ਮੇਰੀ ਯਾਦ ਸਿਆਪਾ
ਜੁਗ ਜੁਗ ਜੀਵੇਂ ਖੁਦਾ ਕਰੇ
ਮੇਰੀ ਲੱਗਜੇ ਉਮਰ ਤੈਨੂੰ ਪਿਆਰਿਆ
ਜਨਮਦਿਨ ਮੁਬਾਰਕ ਪਿਆਰਿਆ
ਅਗਲੇ ਜਨਮ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੇਰੀ ਯਾਦ ਕੋਲ ਬਿਠਾਕੇ ਤਰਜ਼ਾਂ ਮੈਂ ਲਿਖੀਆਂ ਨੇ
ਮਿੱਠੀਆਂ ਗੱਲਾਂ ਦੇ ਮੁਹਰੇ ਚਾਹਵਾਂ ਵੀ ਫਿੱਕੀਆਂ ਨੇ
ਹੋ ਸਕੇ ਤਾਂ ਫਿਰ ਤੋਂ ਆਵੀਂ ਜ਼ਿੰਦਗੀ ਬਹਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਸਾਹਾਂ ਦੀ ਤਰਦੀ ਬੇੜੀ ਲੱਗਣ ਲੱਗੀ ਕਿਨਾਰੇ
ਮੈਂ ਉਡੀਕ 'ਚ ਕਬਰ ਹੋਇਓ ਮਗਰ ਤੂੰ ਕੁੱਛ ਨਾ ਜਾਣੇ
ਮੈਂ ਤੇਰੇ ਕੋ ਆਵਾਂਗਾ ਇੱਕ ਦਿਨ ਰਾਖ਼ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਰੂਹ ਨਾਲ ਰੂਹ ਜੇ ਮਿਲ ਜੇ ਫਿਰ ਔਕਾਤ ਦੇਖਣਾ ਕੀ
ਪਾਗਲ ਮੈਂ ਸੋਚਦਾ ਸੀ ਇਸ਼ਕ ਜਾਤ ਵੇਖਦਾ ਨਹੀਂ
ਦੁਨੀਆਂ ਨਬਜ਼ ਵੀ ਵੇਦ੍ਹੀ ਜਿਸਮਾਂ ਅੰਦਰ ਵੜ ਵੜਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਆਸਾਂ ਵਿਚਾਰੀਆਂ ਵੀ ਪਰਤ ਆਈਆਂ ਨੇ ਚੱਲ ਕੇ
ਤੂੰ ਤੁਰ ਗਿਆ ਵੇ ਕਿੱਧਰੇ ਰੂਹਾਂ ਤੇ ਕਾਲਖਾਂ ਮਲ ਕੇ
ਇੱਕ ਵਾਰੀ ਮਿਲ ਜ਼ਰਾ ਵੇ ਰੱਬੀ ਅਹਿਸਾਨ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਮਾਸੂਮ ਜਹੇ ਸੀ ਸੁਫ਼ਨੇ ਅੱਖੀਆਂ ਚ ਮਾਰਤੇ ਜੋ
ਓ ਖੱਤ ਸੀ ਪਿਆਰਾਂ ਦੇ ਅੱਗ ਲਾ ਤੂੰ ਸਾੜ ਤੇ ਜੋ
ਏ ਦਿਲ ਵੀ ਵੱਢਜਾ ਸਾਡਾ ਕੁਹਾੜ ਜਾਂ ਆਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਰੋਜ਼ ਉੱਠ ਕੇ ਨੈਣ ਕਮਲੇ ਬੂਹੇ ਚ ਜਾ ਕੇ ਬਹਿੰਦੇ
ਨੀਂਦਾਂ ਚ ਵੀ ਤਾਂ ਇਹੇ ਤੈਨੂੰ ਹੀ ਲੱਭਦੇ ਰਹਿੰਦੇ
ਸ਼ਾਇਦ ਅੱਜ ਮੁੜ ਆਵੇ ਹਵਾ ਦੁਆ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੇਰਾ ਨਾਂ ਮੈਂ ਰੋਜ਼ ਤੜਕੇ ਜਪਿਆ ਹਦੀਸ ਵਾਂਗੂ
ਇਹ ਇਸ਼ਕ ਰਾਂਝੇ ਵਾਂਗਰ ਕੁਰਬਾਨੀ ਮੇਰੀ ਮਾਂਗੂ
ਮੈਂ ਉਡੀਕਾਂਗਾ ਵੇ ਤੈਨੂੰ ਮਰਕੇ ਮਜ਼ਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਸਾਨੂੰ ਮਿਲ ਗਏ ਸੁਨੇਹੇ ਆਈ ਹਵਾ ਬੇਸੁਆਦੀ
ਕਹਿੰਦੀ ਇਹ ਸਾਲ ਤੇਰੀ ਹੋਣੀ ਹੈ ਸੱਜਣਾ ਸ਼ਾਦੀ
ਉਹ ਦਿਨ ਸਵੇਰੇ ਆਉਂ ਅਖ਼ਬਾਰ ਚ ਲਾਸ਼ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਕੋਈ ਭਾਰ ਪਈ ਜਾਂਦਾ ਸੀਨੇ 'ਚ ਪੈਣ ਸੱਲ ਵੇ
ਮੇਰੀ ਜਿੰਦ ਮੁੱਕਦੀ ਜਾਵੇ ਕੋਈ ਤਾਂ ਕਰ ਹੱਲ ਵੇ
ਜਾ ਆਉਣੋਂ ਹੱਟ ਜਾ ਵੇ ਦਿਲ 'ਚ ਖ਼ਿਆਲ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਸਾਡੇ ਤਾਂ ਉੱਜੜੇ ਵਿਹੜੇ ਚੰਨ ਤੇ ਧਰੁਵ ਨੀ ਚੜ੍ਹਦੇ
ਪਿਆਰਾਂ ਦੇ ਸੂਰਜਾਂ ਨੂੰ ਤਾਰੇ ਵੀ ਗੱਲਾਂ ਕਰਦੇ
ਇਨ੍ਹਾਂ ਨੂੰ ਚੁੱਪ ਕਰਾ ਵੇ ਹੱਕ 'ਚ ਗਵਾਹੀ ਭਰਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਅੱਖਾਂ ਮੀਚਾਂ ਯਾ ਖੋਲਾਂ ਤੂੰ ਹੀ ਦਿੱਸੇ ਚੁਫੇਰੇ
ਕਾਹਦਾ ਖੁੱਸਿਆਂ ਤੂੰ ਰੁੱਤਾਂ ਨੇ ਵੀ ਮੁੱਖ ਫੇਰੇ
ਲੈਜਾ ਪੱਤਝੜਾਂ 'ਚੋਂ ਵਸਲਾਂ ਦੀ ਬਹਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੈਨੂੰ ਹੀ ਸੱਜਦਾ ਕਰਦੇ ਤੈਨੂੰ ਹੀ ਸਿਰ ਝੁਕਾਵਾਂ
ਤੈਨੂੰ ਹੀ ਰੱਬ ਹੈ ਮੰਨਿਆਂ ਤੈਨੂੰ ਹੀ ਰੋਜ਼ ਧਿਆਵਾਂ
ਲੱਗ ਜਾ ਨਸੀਬ ਨੂੰ ਮੇਰੇ ਇਲਾਹੀ ਮੁਰਾਦ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਖੁਸ਼ੀ ਨੂੰ ਆਖਦੇ ਵੇ ਤੈਨੂੰ ਆ ਕੇ ਛੇੜੇ
ਉਦਾਸੀ ਨੂੰ ਵੀ ਕਹਿ ਦੇ ਕਿ ਮੈਨੂੰ ਆ ਕੇ ਘੇਰੇ
ਮੁਸ਼ਕਿਲ ਤੇਰੀ ਦੇ ਮੂਹਰੇ ਖੜ੍ਹਜਾਂ ਪਹਾੜ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਨਰਕਾਂ 'ਚੋਂ ਹੋ ਹੂ ਕੇ ਮੈਂ ਤੇਰੇ ਕੋ ਮੁੜ ਕੇ ਆਜੂੰ
ਜ਼ਿੰਦਗੀ ਜੰਨਤ ਬਣਾ ਦਉਂ ਤੂੰ ਹੱਕ ਤਾਂ ਦੇ ਅਸਾਨੂੰ
ਬੱਸ ਦੂਰੀ ਨੂੰ ਮਾਰਦੇ ਵੇ ਕੋਈ ਔਜ਼ਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੇਰੀਆਂ ਯਾਦਾਂ ਨਾ ਕੱਟਣੀ ਇਹ ਜ਼ਿੰਦਗੀ ਖੁਆਰੀ
ਤੇਰਿਆਂ ਖਿਆਲਾਂ ਵਿਆਹੀ ਸਾਡੀ ਏ ਰੂਹ ਕੁਆਰੀ
ਰੰਗਦੇ ਬੇਰੰਗਿਆਂ ਨੂੰ ਉਨਾਬੀ ਜਾਂ ਲਾਲ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੇਰੇ ਬਿਨਾਂ ਅਸਾਨੂੰ ਲੱਗਿਆ ਜ਼ਹਿਰ ਏ ਪਾਣੀ
ਤੇਰੇ ਬਿਨਾਂ ਰਹਿ ਜਾਣੀ ਮੇਰੀ ਅਧੂਰੀ ਕਹਾਣੀ
ਖੁਸ਼ੀਆਂ ਨੂੰ ਲੱਗਿਆ ਤੂੰ ਕਿਸਮਤ ਦੀ ਮਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਅਹਿਸਾਸ ਵਿੱਚ ਸਮਾਵੀਂ ਕੋਈ ਖੁਮਾਰ ਬਣਕੇ
ਯਾਦਾਂ ਦੇ ਵਿੱਚ ਤੂੰ ਆਵੀਂ ਪਲ ਹਜ਼ਾਰ ਬਣਕੇ
ਦਿਲ ਦਾ ਤਰਾਨਾ ਛੇੜੀਂ ਤੂੰ ਰਬਾਬ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੇਰੀ ਹਿਫਾਜ਼ਤ ਕਰਦੇ ਤੂੰਈਓਂ ਹੀ ਗਲ ਲਾਇਆ
ਸਾਨੂੰ ਕੰਡੇ ਜਿਆਂ ਨੂੰ ਕਿਸੇ ਹੋਰ ਨਾ ਅਪਨਾਇਆ
ਮੁੜ ਫਿਰ ਤੋਂ ਜੋੜ ਲੈ ਵੇ ਖ਼ੁਦ ਨਾਲ ਗੁਲਾਬ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਜਿਸ ਮਗਰ ਕਬਰ ਹੋਏ ਉਸਨੂੰ ਫਰਕ ਨਹੀਂ ਪੈਂਦਾ
ਇਨ੍ਹਾਂ ਨੈਣਾਂ ਦੇ ਪਿੱਛੇ ਇੱਕ ਅਲੱਗ ਸਾਗਰ ਹੈ ਵਹਿੰਦਾ
ਹੰਝੂਆਂ ਦੀ ਤਿੱਪ-ਤਿੱਪ ਨੂੰ ਵੇ ਸਿੰਜ ਲੈ ਰੁਮਾਲ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਇੱਦਾਂ ਜਾਪੇ ਜਿਉਂ ਮੇਰੀ ਰੂਹ ਮੈਨੂੰ ਹੈ ਛੱਡਗੀ
ਦਿਲ ਵੀ ਧੜਕੇ ਨਾ ਹੁਣ ਨਬਜ਼ ਵੀ ਨੀ ਕੋਈ ਚੱਲਦੀ
ਇਹ ਜਿਸਮ ਦਾ ਕੀ ਕਰਾਂ ਮੈਂ ਸਾੜਦੇ ਤੇਜ਼ਾਬ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਜੋ ਰੋਗ ਅਸਾਂ ਨੂੰ ਲੱਗਿਆ ਕਰਾਂ ਮੈਂ ਕਿਵੇਂ ਜਾਹਰ
ਇਸਦਾ ਇਲਾਜ ਕਰਨਾ ਤਬੀਬਾਂ ਦੇ ਵੱਸੋਂ ਬਾਹਰ
ਠੀਕ ਕਰ ਤੂੰ ਇਹ ਮਰਜ਼ਾਂ ਖੁਦਾ ਵੁਦਾ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਬੇਚੈਨ ਜਿਹੀ ਜ਼ਿੰਦਗੀ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
ਜਿਵੇਂ ਖੰਡ ਘੁਲ ਜਾਵੇ ਪਾਣੀ ਵਿੱਚ
ਮੇਰੇ ਸਾਹ ਵਿੱਚ ਘੁਲ ਗਈ ਤੂੰ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
ਮੈਂ ਕਰਦਾ ਰਹਾਂਗਾ ਪਿਆਰ ਤੈਨੂੰ ਤੂੰ ਨਾਲ ਰਹੇਂ ਯਾ ਨਾ
ਉਹ ਰਾਹ 'ਤੇ ਫੁੱਲ ਖਿੱਲ ਪੈਂਦੇ ਨੇ ਤੇਰੇ ਪੈਰ ਛੂਹਣ ਜੋ ਥਾਂ
ਇੰਨਾ ਇਸ਼ਕ ਹੈ ਬੋਡੇ ਨਾਲ ਸੱਜਣ ਜੀ ਘੱਟ ਪੈ ਜਾਣੇ ਖੂਹ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
ਤੈਨੂੰ ਦੇਖ-ਦੇਖ ਮੈਂ ਜੀ ਲਾਂਗਾ ਨਈਂ ਨਜ਼ਰ ਨਮੋਸ਼ੀ 'ਚ
ਦੁਨੀਆਂ ਤਾਂ ਪਾਗਲ ਹੋਈ ਫਿਰਦੀ ਜਿਸਮਫਰੋਸ਼ੀ 'ਚ
ਦੁਨੀਆਂ ਦੇ ਖੁਦਾਵਾਂ ਨਾਲੋਂ ਸੱਜਣਾ ਪਾਕ ਹੈ ਤੇਰੀ ਰੂਹ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
ਤੇਰੇ ਹੱਥਾਂ ਵਿੱਚ ਕਲੀਰੇ ਤੇ ਸਿਰ ਕਲਗੀ ਲਾਉਣੀ ਮੈਂ
ਜਿਸ ਰੰਗ ਦਾ ਲਹਿੰਗਾ ਪਾਵੇਂਗੀ ਉਹ ਪੱਗ ਬੰਨ ਆਉਣੀ ਮੈਂ
ਜੰਞ ਆਉਣੀ ਡੇਹਰੀਵਾਲ ਪਿੰਡ ਗੁਰੂਆਂ ਦੀ ਨਗਰੀ ਤੋਂ
ਜੰਞ ਆਉਣੀ ਡੇਹਰੀਵਾਲ ਤੇਰੇ ਪਿੰਡ ਅੰਮ੍ਰਿਤਸਰ ਤੋਂ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
ਬੇਕਾਰ ਜਿਹੀ ਜ਼ਿੰਦਗੀ ਮੇਰੀ 'ਚ ਬਹਾਰ ਤੂੰ ਬਣ ਗਈ ਏਂ
ਪ੍ਰੀਤ ਕੰਵਲ ਦੇ ਮੁੱਖੜੇ ਦਾ ਜਮਾਲ ਤੂੰ ਬਣ ਗਈ ਏਂ
ਮੈਂ ਹੋਰ ਕੀ ਮੰਗਣਾ ਰੱਬ ਕੋਲੋਂ ਤੂੰ ਮਿਲ ਜਾਏਂ ਜੇ ਮੈਨੂੰ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
ਤੂੰ ਸੌਂ ਜਾਵੇਂ ਤਾਂ ਦਿਲ ਮੇਰਾ ਤੇਰੀ ਯਾਦ ਕੋ ਜਾ ਬਹਿੰਦਾ
ਸਹਿ ਲਊਂ ਤੇਰੀਆਂ ਝਿੜਕਾਂ ਤੈਥੋਂ ਦੂਰੀ ਨਈਂ ਸਹਿੰਦਾ
ਮੇਰੀ ਇਸ਼ਕ ਕਹਾਣੀ ਪਤਾ ਸੂਰਜ, ਤਾਰਿਆਂ ਤੇ ਚੰਨ ਨੂੰ
ਬੇਚੈਨ ਜਿਹੀ ਜ਼ਿੰਦਗੀ ਮੇਰੀ 'ਚ ਸਕੂਨ ਜਿਹੀ ਏਂ ਤੂੰ
100 ਸੂਰਜ
100 ਸੂਰਜ ਚੱਲ ਕੇ ਆਇਆ.
ਰੀਝਾਂ ਸੁਫ਼ਨੇ ਰੰਗ ਕੇ ਆਇਆ!
ਤੇਰੀ ਇੱਕ ਝਲਕ ਦੇ ਖਾਤਰ,
ਕਿੰਨੇ ਈ ਚੰਨ ਲੰਘ ਕੇ ਆਇਆ।
ਜ਼ੁਲਫ਼ਾਂ ਦੀ ਚੱਲ ਛਾਂ ਤਾਂ ਕਰਦੇ,
ਸਿਖਰ ਦੁਪਹਿਰੇ ਹੰਭ ਕੇ ਆਇਆ!
ਨਿੱਘ ਦਾ ਕਰ ਪਰਬੰਧ ਕਿਤੋਂ,
ਠੰਡੀਆਂ ਠੰਡਾ ਕੰਬ ਕੇ ਆਇਆ।
ਮੁਸਕੁਰਾ ਕਰ ਚਾਨਣ ਚੰਨਿਆਂ,
ਹਨੇਰਿਆਂ ਮੂਹਰੇ ਖੰਗ ਕੇ ਆਇਆ।
ਤੇਰੇ ਇੱਤਰਾਂ ਬਾਰੇ ਦੱਸ ਕੇ,
ਆਕੜ ਫੁੱਲਾਂ ਦੀ ਭੰਨ ਕੇ ਆਇਆ!
ਤੇਰਾ ਨਾਂ ਲੈ ਪੁਕਾਰਦੇ ਨੇ ਜੋ,
ਉਹਨਾਂ ਮੂਹਰੋਂ ਸੰਘ ਕੇ ਆਇਆ!
ਮੰਦਿਰ ਮਸਜਿਦ ਹਰ ਕਿਤੇ,
ਤਸਵੀਰਾਂ ਤੇਰੀਆਂ ਟੰਗ ਕੇ ਆਇਆ!
ਤੇਰੇ ਵਿੱਚ ਖ਼ੁਦਾ ਹੈ ਮੇਰਾ,
ਮੈਂ ਮੂਰਤੀ ਸ਼ਿਵ ਦੀ ਭੰਨ ਕੇ ਆਇਆ।
100 ਸੂਰਜ ਚੱਲ ਕੇ ਆਇਆ.
ਰੀਝਾਂ ਸੁਫ਼ਨੇ ਰੰਗ ਕੇ ਆਇਆ।
ਕੌਣ ਹੈ
ਸਦੀਆਂ ਪਿੱਛੋਂ ਖੁਸ਼ੀਆਂ ਨੇ ਅੱਜ ਘੇਰਾ ਪਾਇਆ ਏ,
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਖੌਰੇ ਦਿਲ ਦੀ ਕਬਰ 'ਤੇ ਕੌਣ ਲੜੀਆਂ ਲਾ ਗਿਆ ਏ,
ਮਿਲਣ ਦਾ ਵਕਤ ਦੱਸਿਆ ਨਈਂ ਉਂਝ ਘੜੀਆਂ ਲਾ ਗਿਆ ਏ,
ਸ਼ਮਸ਼ਾਨ ਦਾ ਵਿਹੜਾ ਫਿਰ ਤੋਂ ਜਿਸ ਆ ਰੁਸ਼ਨਾਇਆ ਏ।
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਰੇਸ਼ਮੀ ਜ਼ੁਲਫਾਂ ਦੇ ਨਾਲ ਸਾਰੀਆਂ ਪੀੜਾਂ ਹੂੰਝ ਗਈ,
ਜ਼ਖ਼ਮਾਂ ਦਾ ਰਿਸਦਾ ਪਾਣੀ ਚੁੰਨਰੀ ਨਾਲ ਪੂੰਝ ਗਈ,
ਡੁੱਬਦੀ ਬੇੜੀ ਨੂੰ ਕਿਸ ਨੇ ਕਿਨਾਰਾ ਦਿਖਲਾਇਆ ਏ,
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਨੈਣ ਨਕਸ਼ ਵੀ ਨਾ ਦਿਸੇ ਖਿਆਲਾਂ ਵਿੱਚ ਆਈ ਦੇ,
ਮੁੱਖ 'ਤੇ ਉਹਦੇ ਪਰਦਾ ਸੀ ਧੁੱਪਾਂ ਦੀ ਜਾਈ ਦੇ
ਦੇਖਿਆ ਨਹੀਂ ਫਿਰ ਵੀ ਪੋਟਾ-ਪੋਟਾ ਮੁਸਕਾਇਆ ਏ.
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਕਲਮ ਦਾ ਟੁੱਟਿਆ ਘੋੜਾ ਮੇਰਾ ਆਣ ਜੋੜਿਆ ਏ,
ਗੁੰਮੇ ਮੇਰੇ ਜਜ਼ਬਾਤਾਂ ਨੂੰ ਇੱਕਸਾਰ ਮੋੜਿਆ ਏ,
ਅੰਦਰਲਾ ਮਰਿਆ ਸ਼ਾਇਰ ਜਿਸਨੇ ਆ ਜਗਾਇਆ ਏ.
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਕਿੱਦਾਂ ਰਹਿਣਾ
ਮਜ਼ਬੂਰੀ ਖ਼ਾਤਰ ਪਿਆਰਿਆ
ਛੱਡ ਜਾਂਦਾ ਜਦ ਕੋਈ ਹਾਣ ਦਾ ਏ
ਕਿੱਦਾਂ ਰਹਿਣਾ ਕਿੱਥੇ ਰਹਿਣਾ
ਦਿਲ ਤੇਰਾ ਸਭ ਜਾਣਦਾ ਏ
ਲੰਘਦਾ ਕੋਈ ਸੌਖਾ ਪਲ ਨਹੀਂ ਹੈ
ਰੱਬ ਵੀ ਤੇਰੇ ਵੱਲ ਨਹੀਂ
ਆਪਣਾ ਆਪ ਮਿਟਾਈਏ ਨਾ
ਖੁਦਕੁਸ਼ੀ ਮਸਲੇ ਦਾ ਹੱਲ ਨਹੀਂ
ਸੁੱਖਾਂ ਦੀ ਪੌਣ ਵੀ ਵਗ ਜਾਏਗੀ
ਕੀ ਹੋਇਆ ਮੌਸਮ ਹਾੜ੍ਹ ਦਾ ਏ।
ਕਿੱਦਾਂ ਰਹਿਣਾ ਕਿੱਥੇ ਰਹਿਣਾ
ਦਿਲ ਤੇਰਾ ਸਭ ਜਾਣਦਾ ਏ
ਜੇ ਯਾਦਾਂ ਪਾਇਆ ਘੇਰਾ ਏ
ਅੱਖਾਂ ਵਿੱਚ ਇੱਕੋ ਚਿਹਰਾ ਏ
ਜ਼ਮੀਨ 'ਤੇ ਨਹੀਂ ਮਿਲ ਸਕਿਆ ਤਾਂ ਕੀ
ਅੰਬਰ ਤਾਂ ਸਾਰਾ ਤੇਰਾ ਏ
ਰੂਹਾਂ ਦਾ ਰੂਹਾਨੀ ਮੇਲ ਹੁੰਦਾ
ਨਾ ਇਸ਼ਕ ਜਿਸਮਾਂ ਮਾਣਦਾ ਏ
ਕਿੱਦਾਂ ਰਹਿਣਾ ਕਿੱਥੇ ਰਹਿਣਾ
ਦਿਲ ਤੇਰਾ ਸਭ ਜਾਣਦਾ ਏ
ਬੇਚੈਨੀ ਜੇਕਰ ਹੋਵੇ ਉਸਨੂੰ
ਤਾਂਘ ਦਿਲ ਵਿੱਚ ਹੋਵੇ ਮਿਲਣੇ ਦੀ
ਧੁੱਪਾਂ ਖੁਦ ਨਜ਼ਦੀਕ ਆਉਂਦੀਆਂ
ਫੁੱਲ ਦੀ ਰੀਝ ਹੋਵੇ ਜੇ ਖਿਲਣੇ ਦੀ
ਉਹ ਕਾਤਲ ਹੁੰਦਾ ਪਿਆਰਾਂ ਦਾ
ਜੋ ਤੇਲ ਫੁੱਲਾਂ 'ਚੋਂ ਛਾਣਦਾ ਏ
ਕਿੱਦਾਂ ਰਹਿਣਾ ਕਿੱਥੇ ਰਹਿਣਾ
ਦਿਲ ਤੇਰਾ ਸਭ ਜਾਣਦਾ ਏ
ਸੀਰਤਾਂ ਵਿਕੀਆਂ
ਸੀਰਤਾਂ ਵਿਕੀਆਂ ਇਸ਼ਕ ਦੀ ਨਗਰੀ
ਤੇਰੇ ਸ਼ਹਿਰ ਸੋਹਣੀਆਂ ਸੂਰਤਾਂ ਵਿਕੀਆਂ
ਮੁੱਲ ਪਿਆ ਨਾ ਪਾਕ ਮੁਹੱਬਤਾਂ ਦਾ
ਰੱਬ ਦੀਆਂ ਝੂਠੀਆਂ ਮੂਰਤਾਂ ਵਿਕੀਆਂ
ਦਿਲ ਵੀ ਵਿਕੇ ਦਿਲਦਾਰੀਆਂ ਵਿਕੀਆਂ
ਨਕਲੀ ਯਾਰਾਂ ਦੀਆਂ ਯਾਰੀਆਂ ਵਿਕੀਆਂ
ਅੱਖ ਕੱਜਲੇ ਦੀਆਂ ਧਾਰੀਆਂ ਵਿਕੀਆਂ
ਜਿਸਮਾਂ ਦੀ ਮੰਡੀ ਕੁਵਾਰੀਆਂ ਵਿਕੀਆਂ
ਮੁੰਦੀਆਂ, ਛੱਲੇ, ਬਨਾਵਟੀ ਮਣਕਾਂ ਵਿਕੀਆਂ
ਗੱਭਰੂ ਜਵਾਨਾਂ ਦੀਆਂ ਅਣਖਾਂ ਵਿਕੀਆਂ
ਕਿਆ ਖੂਬ ਵਿਕੇ ਗੁਲਾਬ ਗੁਲਾਬੀ
ਨਾ ਕਿਸਾਨ ਦੀਆਂ ਸੁਨਹਿਰੀ ਕਣਕਾਂ ਵਿਕੀਆਂ
ਵਿਕੇ ਪਰਿੰਦੇ ਤੇ ਮੋਰਨੀਆਂ ਵਿਕੀਆਂ
ਵਿਕੇ ਚੀਰੇ ਤੇ ਡੋਰਨੀਆਂ ਵਿਕੀਆਂ
ਵਿਕ ਗਈਆਂ ਮਜ਼ਾਰਾਂ ਦੀਆਂ ਚਾਦਰਾਂ
ਨਾ ਗਰੀਬ ਵਿਚਾਰੇ ਦੀਆਂ ਬੋਰੀਆਂ ਵਿਕੀਆਂ।
ਹੰਝੂ ਦਾ ਖ਼ਤ
ਜੁਬਾਨ ਬੇਸ਼ੱਕ ਮੇਰੇ ਹੁਕਮ ਦੇ ਪੱਖ 'ਚ ਸੀ,
ਪਰ ਤੇਰੀ ਗੱਲ ਦਾ ਜਵਾਬ ਮੇਰੀ ਅੱਖ 'ਚ ਸੀ।
ਤੂੰ ਕਹਿਨਾ ਵੱਖ ਹੋਣਾ ਖ਼ੁਦਾ ਦੀ ਮਰਜ਼ੀ ਹੈ,
ਮੈਂ ਕਹਿਨਾ ਕਿ ਸਭ ਕੁੱਝ ਤੇਰੇ ਹੱਥ 'ਚ ਸੀ!
ਜਾਣ ਲੱਗੇ ਤੈਨੂੰ ਗਲ ਨਾਲ ਲਾਕੇ ਤੋਰਨਾ ਸੀ,
ਪਰ ਕੀ ਕਰਦਾ ਗੁੱਸਾ ਜੋ ਮੇਰੇ ਨੱਕ 'ਚ ਸੀ।
ਦਿਲ ਆਇਆ ਤਾਂ ਸੱਪਾਂ ਵਰਗੇ ਦਿਲਬਰ 'ਤੇ,
ਅਸਲੀ ਰੂਪ ਤਾਂ ਛੁਪਿਆ ਉਸਦੇ ਕੱਖ 'ਚ ਸੀ।
ਤੂੰ ਬੱਸ ਚੰਨ ਦਾ ਸਾਨੀ ਬਣਿਆ ਆਲਮ 'ਤੇ,
ਤਾਰਿਆਂ ਵਰਗਾ ਮੈਂ ਖੜ੍ਹਾ ਪਰ ਲੱਖ 'ਚ ਸੀ!
ਤੇਰੀ ਮੁਹੱਬਤ ਸਾਹਾਂ ਵਾਂਗਰ ਮੁੱਕ ਗਈ,
ਮੇਰੀ ਮੁਹੱਬਤ ਰੂਹ ਮੇਰੀ ਦੇ ਰੱਤ 'ਚ ਸੀ!
ਅਸੀਂ ਹੰਝੂ ਡੋਲ੍ਹ ਸੁਕਾਕੇ ਛਾਪੇ ਕਾਗਜ਼ 'ਤੇ,
ਉਸ ਖੋਲ੍ਹਿਆ ਖਾਲੀ ਜਾਣ ਪਰ੍ਹਾਂ ਨੂੰ ਸੁੱਟ ਦਿੱਤਾ।
ਅਸਾਂ ਸੂਰਜ ਥੱਲੇ ਬੈਠ ਵਹਾਈਆਂ ਅੱਖਾਂ ਸੀ,
ਉਹ ਕੀ ਜਾਨਣ ਪਿਆਰ ਤਾਂ ਓਸੇ ਖ਼ਤ 'ਚ ਸੀ!
ਸਾਹ ਵੀ ਨਿਕਲਿਆ ਬੂਹੇ ਵਿੱਚ ਬੈਠਿਆਂ ਦਾ,
ਨਜ਼ਰਾਂ ਸਾਡੀਆਂ ਹਲੇ ਵੀ ਤੇਰੀ ਤੱਕ 'ਚ ਸੀ!
ਜੋ ਜਿਉਂਦਿਆਂ ਭੁੱਲੇ ਉਹਨਾਂ ਹੁਣ ਕੀ ਯਾਦ ਕਰਨਾ,
ਪਰ ਜਾਂਦੀ ਵਾਰ ਤਸਵੀਰ ਤੇਰੀ ਮੇਰੇ ਹੱਥ 'ਚ ਸੀ,
ਆਖਰੀ ਸਾਹ ਤਸਵੀਰ ਤੇਰੀ ਮੇਰੇ ਹੱਥ 'ਚ ਸੀ!
ਕਿੱਥੇ ਆ
ਆਖੇ ਰਾਤ ਨੂੰ ਦੱਸ ਤੂੰ ਸੌਂਦਾ ਕਿੱਥੇ ਆ?
ਮੈਹਾ ਰਾਤ ਨੂੰ ਦੱਸ ਮੈਂ ਸੌਂਦਾ ਹੀ ਕਿੱਥੇ ਆ?
ਅੱਖਾਂ ਵਹੋਣ ਤੋਂ ਵਿਹਲ ਨਈਂ ਤੈਨੂੰ
ਇੱਦਾਂ ਨਾ ਕਹਿ! ਤੇਰੇ ਮੂਹਰੇ ਰੋਂਦਾ ਕਿੱਥੇ ਆ?
ਜਿਸ ਦੇ ਨਾਮ ਅੱਗੇ ਜ਼ਿੰਦਗੀ ਲਿਖਿਆ
ਉਹ ਮੇਰੇ ਨਾਮ ਨਾਲ ਦਿਲ ਵੈਂਦਾ ਕਿੱਥੇ ਆ?
ਜਿਸ ਦੀ ਯਾਦ 'ਚ ਅੱਖ ਦੀ ਨੀਂਦ ਗੁੰਮੀ
ਉਹਨੂੰ ਚੇਤਾ ਸਾਡਾ ਸਤਾਉਂਦਾ ਕਿੱਥੇ ਆ?
ਮੈਂ ਅਨਪੜ੍ਹ ਨੇ ਸਿੱਖਣੀ ਬੋਲੀ ਉਹਦੀ
ਦੱਸਿਓ ਜ਼ਰਾ ਉਹ ਪੜ੍ਹਾਉਂਦਾ ਕਿੱਥੇ ਆ?
ਜਿਦੇ ਮੁੜਨ ਦੀ ਆਸ 'ਚ ਕਬਰ ਹੋਇਓ
ਉਹ ਕਬਰ ਮੇਰੀ 'ਤੇ ਆਉਂਦਾ ਕਿੱਥੇ ਆ?
ਇਸ਼ਕ ਦਾ ਜ਼ਖ਼ਮ ਛਿੱਲ ਗਏ ਨੇ ਜੋ
ਦੱਸਿਓ ਮਲ੍ਹਮਾਂ ਉਹ ਲਾਉਂਦਾ ਕਿੱਥੇ ਆ?
ਪਾਣੀ ਬਣਕੇ ਪੋਟਾ-ਪੋਟਾ ਨੁੱਚੜਿਆ
ਉਹਦੀ ਅੱਖ 'ਚੋਂ ਹੰਝੂ ਚੋਂਦਾ ਕਿੱਥੇ ਆ?
ਮੇਰਾ ਨਾਮ ਹੈ ਸਭ ਦੇ ਦਿਲ ਦੀ ਰੌਣਕ
ਜੋ ਰੋਜ਼-ਰੋਜ਼ ਸੀ ਮੈਨੂੰ ਹਸੌਂਦਾ ਕਿੱਥੇ ਆ?
ਉਹਦੇ ਲਈ ਮੇਰਾ ਤੈਅ ਹੈ ਮਰਣਾ
ਉਹ ਮੇਰੇ ਲਈ ਹੁਣ ਜਿਉਂਦਾ ਕਿੱਥੇ ਆ?
ਉਸਨੇ ਠੁਕਰਾਇਆ ਨੀਵੀਂ ਜਾਤ ਕਰਕੇ
ਇਹ ਜਾਤ ਦਾ ਠੱਪਾ ਰੱਬ ਲੈਂਦਾ ਕਿੱਥੇ ਆ?
ਮੈਂ ਕਿਹਾ ਜਿੱਤ ਲਵਾਂਗੇ ਜੰਗ ਇਸ਼ਕੇ ਦੀ
ਕਹਿੰਦੇ ਹਰ ਕੋਈ ਲੇਖ ਹਰੋਂਦਾ ਕਿੱਥੇ ਆ?
ਮੈਂ ਕਿਹਾ ਛੱਡ ਖ਼ਲਕਤ ਦੇ ਕੈਦੇ ਕਾਨੂੰਨ
ਚੱਲ ਤੁਰ ਚੱਲੀਏ ਦੂਰ ਕਿਤੇ
ਕਹਿੰਦੇ ਇੰਨਾ ਤੈਨੂੰ ਮੈਂ ਚੌਂਦਾ ਕਿੱਥੇ ਆ?
ਮੈਂ ਮਰਕੇ ਉਸਦੀ ਜਾਤ 'ਚ ਜੰਮਣਾ
ਕੋਈ ਮਰਨੋਂ ਬਾਦ ਵਾਪਿਸ ਆਉਂਦਾ ਕਿੱਥੇ ਆ?
ਤੂੰ ਕਹਿ ਤਾਂ
ਤੂੰ ਕਹਿ ਤਾਂ ਸਹੀ ਸੂਲੀ ਚੜ੍ਹ ਜਾਨਾ ਵਾਂ,
ਕਫ਼ਨ ਤਾਂ ਲੈ ਕੇ ਆ ਮੈਂ ਮਰ ਜਾਨਾ ਵਾਂ।
ਮੇਰੇ ਸਿਵੇ ਦੁਆਲੇ ਰੱਖਿਓ ਗਿੱਲੀ ਮਿੱਟੀ,
ਤੁਹਾਨੂੰ ਲੱਗ ਜੂ ਪਤਾ ਕਿੱਧਰ ਜਾਨਾ ਵਾਂ!
100 ਸੂਰਜਾਂ ਨਾਲ ਮੱਥੇ ਲਾ ਸਕਦਾ ਵਾਂ,
ਅੱਲ੍ਹੜ ਅੱਖ ਮਿਲਾਵੇ ਤਾਂ ਡਰ ਜਾਨਾ ਵਾਂ!
ਘਰ ਤੋਂ ਕੰਮ 'ਤੇ ਕੰਮ ਤੋਂ ਘਰ
ਰਸਤੇ ਵਿੱਚ ਰੁਕਣਾ ਪਸੰਦ ਨੀ ਮੈਨੂੰ,
ਜੇ ਤੂੰ ਆਖੇਂ ਚੱਲ ਖੜ੍ਹ ਜਾਨਾ ਵਾਂ!
ਓਦਾਂ ਮੈਨੂੰ ਚੂੰ ਵੀ ਕਿਸੇ ਦੀ ਪਸੰਦ ਨਹੀਂ,
ਪਰ ਮੈਂ ਝਿੜਕ ਕਿਸੇ ਦੀ ਜਰ ਜਾਨਾ ਵਾਂ!
ਮੇਰੀ ਇਲਮਾਂ ਨਾਲ ਨਈਂ ਬਣਦੀ ਬਹੁਤੀ,
ਤੇਰੀ ਯਾਦ ਆਵੇ ਕਿੰਨੇ ਵਰਕੇ ਇਕੋਸਾਰ ਪੜ੍ਹ ਜਾਨਾ ਵਾਂ!
ਜ਼ਮੀਨ 'ਤੇ ਨਹੀਂ ਮਿਲਣਾ ਤਾਂ ਦੱਸਦੇ,
ਮੈਂ ਪਾਤਾਲ ਦੀ ਪੌੜੀ ਚੜ੍ਹ ਜਾਨਾ ਵਾਂ!
ਵੈਸੇ ਅੱਖ ਕੋਈ ਮੈਨੂੰ ਉਡੀਕਦੀ ਨਹੀਂ,
ਫਿਰ ਵੀ ਚੰਗਾ ਮੈਂ ਹੁਣ ਘਰ ਜਾਨਾ ਵਾਂ!
ਰੂਹਾਨੀਅਤ
ਉਮੀਦਾਂ ਦੀ ਲਾਰੀ ਦੇ ਚੁੱਕੇ ਜਾਮ ਹੋ ਗਏ ਨੇ,
ਕਿੰਨੇ ਦਿਨ ਤੇਰੀ ਯਾਦ 'ਚ ਢਲ ਕੇ ਸ਼ਾਮ ਹੋ ਗਏ ਨੇ!
ਨੀਂਦਰ, ਚੈਨ, ਸਕੂਨ, ਸਬਰ ਹਰਾਮ ਹੋ ਗਏ ਨੇ,
ਜਜ਼ਬਾਤ, ਅਹਿਸਾਸ, ਸੁਫ਼ਨੇ, ਖ਼ਿਆਲ ਨਿਲਾਮ ਹੋ ਗਏ ਨੇ!
ਅਲੀ ਵੀ ਤੂੰ ਵਲੀ, ਵੀ ਤੂੰ ਹੀ ਇਬਾਦਤ ਹੈਂ ਮੇਰੀ,
ਤੇਰੇ ਨਾਂ ਦੇ ਸਾਰੇ ਅੱਖਰ ਨਮਾਜ਼ ਹੋ ਗਏ ਨੇ!
ਸੰਗਾਂ, ਸ਼ਰਮਾਂ, ਲਹਿਜ਼ਾ, ਲਿਆਕਤ ਕਿੱਥੇ ਗੁੰਮ ਗਈ ਏ,
ਜਿਸਮਫ਼ਰੋਸ਼ੀ ਦੇ ਵਿੱਚ ਲੋਕ ਤਮਾਮ ਹੋ ਗਏ ਨੇ!
ਪਹਿਲਾਂ ਅੱਖ ਮਿਲਾਕੇ ਮੁਹੱਬਤ ਜ਼ਾਹਿਰ ਕਰਨੀ ਔਖੀ ਸੀ,
ਹੁਣ ਇਜ਼ਹਾਰ ਕਰਨ ਦੇ ਢੰਗ ਕਿੰਨੇ ਆਸਾਨ ਹੋ ਗਏ ਨੇ!
ਅਜ਼ਲੋਂ ਰਲ-ਮਿਲ ਰਹਿਣ ਦੀ ਖ਼ੁਦਾ ਰੀਤ ਚਲਾਈ ਸੀ,
ਵੰਡੀਆਂ ਕਰਕੇ ਅੱਡ-ਅੱਡ ਗੀਤਾਂ, ਕੁਰਾਨ ਹੋ ਗਏ ਨੇ!
ਮੈਂ ਨਹੀਂ ਮੰਨਦਾ ਖੁਦਾ ਵੁਦਾ ਨਾ ਮੰਨਦਾ ਮਜ਼ਹਬ ਭੈੜੇ ਨੂੰ,
ਮੈਨੂੰ ਆਪਣੇ ਅੰਦਰਲੇ ਰਹੱਸ ਪਛਾਣ ਹੋ ਗਏ ਨੇ!
ਕਿਸਮਤ
ਗੁੰਮੇ ਮੰਜ਼ਿਲ ਨੂੰ ਜਾਣ ਵਾਲੇ ਰਸਤੇ
ਅਸਾਂ ਨੇ ਜੋ-ਜੋ ਮਿੱਥੇ ਸੀ
ਰੱਬ ਕਿਸਮਤ ਵੰਡਦਾ ਸੀ
ਜਦੋਂ ਖੌਰੇ ਮੈਂ ਓਦੋਂ ਕਿੱਥੇ ਸੀ
ਸਾਡੇ ਬੂਹੇ ਉੱਤੇ ਦੁੱਖਾਂ ਦੇ ਬਸੇਰੇ
ਤਾਂ ਖੁਸ਼ੀ ਘਰ ਆਈ ਨਾ
ਸਾਡੇ ਹੱਥ ਮੱਥੇ ਜਿੰਨੀਆਂ ਲਕੀਰਾਂ
ਕਦੇ ਕੋਈ ਕੰਮ ਆਈ ਨਾ
ਵਾਰੋ ਵਾਰੀ ਖੂਨ ਹੋਇਆ ਖਾਬਾਂ ਦਾ
ਅੱਖਾਂ ਨੇ ਜੋ ਜੋ ਡਿੱਠੇ ਸੀ
ਰੱਬ ਕਿਸਮਤ ਵੰਡਦਾ ਸੀ ਜਦੋਂ
ਖੌਰੇ ਮੈਂ ਓਦੋਂ ਕਿੱਥੇ ਸੀ
ਲਾਈਆਂ ਨਾ ਕਿਸੇ ਵੀ ਕਦੇ ਮਲ੍ਹਮਾਂ
ਤੇ ਸੁੱਖਾਂ ਕੋਲੋਂ ਰਹੇ ਸੱਖਣੇ
ਦੇਦੇ ਖੁਸ਼ੀਆਂ ਰੱਬਾ ਵੇ ਭਰ-ਭਰਕੇ
ਚਾਹੁੰਦੇ ਨੇ ਸਾਡੇ ਬੁੱਲ੍ਹ ਹੱਸਣੇ
ਸਾਨੂੰ ਕਦੇ ਵੀ ਨਾ ਮਿਲੀ ਤੇਰੀ ਹਾਮੀ
ਮੈਂ ਟੇਕੇ ਬੜੇ ਮੱਥੇ ਸੀ
ਰੱਬ ਕਿਸਮਤ ਵੰਡਦਾ ਸੀ ਜਦੋਂ
ਖੌਰੇ ਮੈਂ ਓਦੋਂ ਕਿੱਥੇ ਸੀ
ਜਦ ਮੰਜ਼ਿਲ ਨੂੰ ਜਾਂਦੀ ਗੱਡੀ ਫੜ੍ਹੀ
ਪੈਂਡਿਆਂ 'ਚ ਧੁੰਦਾਂ ਪੈ ਗਈਆ
ਧੁੰਦਾਂ ਹਟੀਆਂ ਜੋ ਆਸ ਜਿਹੀ ਹੋਈ
ਤਾਂ ਪਿੱਛੋਂ ਆਕੇ ਬੂੰਦਾਂ ਪੈ ਗਈਆਂ
ਹਰ ਵਾਰ ਮਿਲੀ ਅਸਾਂ ਨੂੰ ਨਾਕਾਮੀ
ਮੈਂ ਦੰਦ ਬੜੇ ਚਿੱਥੇ ਜੀ
ਰੱਬ ਕਿਸਮਤ ਵੰਡਦਾ ਸੀ ਜਦੋਂ
ਖੋਰੇ ਮੈਂ ਓਦੋਂ ਕਿੱਥੇ ਸੀ
ਹਾਲ ਰਾਂਝੇ ਦਾ
ਤੱਕ ਹਾਲ ਨੀ ਰਾਂਝੇ ਦਾ ਹੀਰੇ ਤੇਰਾ, ਦਿਲ ਕਾਹਤੋਂ ਨਹੀਂ ਦੁਖਿਆ
ਰੰਗ ਮਹਿੰਦੀ ਦਾ ਗੂੜਾ ਤਲੀ ਤੇ, ਦੇਖ ਆਸ਼ਿਕ ਮਰ ਮੁੱਕਿਆ
ਕਰ ਕਰਾਰ ਰੂਹਾਂ ਵਾਲੇ ਨਜ਼ਰ 'ਚੋਂ, ਉੱਤਰੀ ਪਲਾਂ ਵਿੱਚ ਮੁੱਕਰੀ
ਰੋਲ ਗਈ ਖੂਬ ਅੱਖਾਂ ਦਾ ਨਿਮਾਣਾ
ਮਹਿਣਾ ਤਖ਼ਤ ਹਜ਼ਾਰੇ ਦਾ, ਕਿ ਝੰਗ ਮੰਗਿਆਣਾ ਮੰਨ ਕੇ ਭਾਣਾ
ਗੈਰਾਂ ਲਈ ਸਜਿਆ ਖ਼ਸਮਾਂ ਨੂੰ ਖਾਣਾ
ਅਸਾਂ ਘਰ ਕਰ ਹਨੇਰੇ ਨੀ ਕਿਸਦਾ ਮਹਿਲ ਤੂੰ ਰੋਸ਼ਨ ਕਰਦੀ
ਮੈਨੂੰ ਦੱਸਦੀਆਂ ਚਿੜੀਆਂ ਤੂੰ, ਸੱਤਾਂ ਅੰਬਰਾਂ ’ਚ ਉਡਾਰੀ ਭਰਦੀ
ਕਿਉਂ ਖੇਡੀਆਂ ਖੇਡਾਂ ਨੀ, ਮੱਝੀਆਂ ਭੇਡਾਂ ਕਰਨ ਸਭ ਝੇਡਾਂ
ਕਿ ਹੀਰ ਤਾਂ ਤੁਰ ਗਈ ਮਾਰ ਕੇ ਛਾਲਾਂ
ਮਹਿਣਾ ਤਖ਼ਤ ਹਜ਼ਾਰੇ ਦਾ, ਕਿ ਝੰਗ ਮੰਗਿਆਣਾ ਮੰਨ ਕੇ ਭਾਣਾ
ਗੈਰਾਂ ਲਈ ਸਜਿਆ ਖ਼ਸਮਾਂ ਨੂੰ ਖਾਣਾ
ਜਿਉਂ ਉੱਠੀ ਡੋਲੀ ਤੇਰੀ, ਢਿੱਡੋਂ ਸਾਹ ਦੂਜਾ ਉਤਾਂਹ ਨਾ ਉੱਠਿਆ
ਜਾਂਦੀ ਨਾ ਕੁੱਝ ਬੋਲੀ ਤੇਰੀ ਚੁੱਪ ਮੋਨ ਕਤਲ ਕਰ ਸੁੱਟਿਆ
ਮੂੰਹ ਰੱਬ ਦੇ ਵੱਲ ਕਰਕੇ, ਰਾਂਝਾ ਮਰਜਾਣਾ ਕੱਢਦਾ ਗਾਲਾਂ
ਵਿਆਹ ਕੇ ਸੁਫ਼ਨੇ ਰਹਿ ਗਿਆ ਕੁਵਾਰਾ
ਮਹਿਣਾ ਤਖ਼ਤ ਹਜ਼ਾਰੇ ਦਾ, ਕਿ ਝੰਗ ਮੰਗਿਆਣਾ ਮੰਨ ਕੇ ਭਾਣਾ
ਗੈਰਾਂ ਲਈ ਸਜਿਆ ਖ਼ਸਮਾਂ ਨੂੰ ਖਾਣਾ
ਜਿੰਦੜੀ ਦਾ ਕੀ ਕਰਨਾ, ਤੂੰ ਸਭ ਕੁੱਝ ਬੇਸੁਆਦਾ ਕਰ ਗਈ
ਮੈਂ ਚਾਅ ਤਾਂ ਕੀ ਕਰਨੇ, ਮੇਰੇ ਤਾਂ ਗੱਲ 'ਚੋਂ ਚਾਹ ਨਈਂ ਲੰਘਦੀ
ਰੂਹ ਨਾਲ ਹੀ ਭੁੱਖ ਮਰੀ, ਪਿਆਸ ਨਾ ਲੱਗੇ ਚੈਨ ਨਾ ਲੱਭੇ
ਪਿਆ ਜ਼ਿੰਦਗੀ 'ਚ ਪੀੜਾਂ ਦਾ ਖ਼ਿਲਾਰਾ ਮਹਿਣਾ ਤਖ਼ਤ ਹਜ਼ਾਰੇ ਦਾ, ਕਿ ਝੰਗ ਮੰਗਿਆਣਾ ਮੰਨ ਕੇ ਭਾਣਾ
ਗੈਰਾਂ ਲਈ ਸਜਿਆ ਖ਼ਸਮਾਂ ਨੂੰ ਖਾਣਾ
ਮੈਂ ਤੱਕਿਆ ਹਾਲ ਤੇਰਾ ਤੇਰੇ ਨਾ ਮੁੱਖ ਤੋਂ ਹਾਸਾ ਲੱਥਿਆ
ਖੌਰੇ ਤੇਰੇ ਬਾਬਲ ਨੇ ਅੰਬਰ ਨੂੰ ਟੋਲ ਕੇ ਲਾੜਾ ਲੱਭਿਆ
ਇੱਕ ਅਰਜ਼ ਮੇਰੀ ਅੱਲਾ, ਮਜ਼ਹਬ ਮਿਟਾਦੇ ਜਾਤਾਂ ਮੁਕਾਦੇ
ਇੱਕ ਜਿਹਾ ਦੇ ਥਾਲੀ ਅੰਨ ਦਾਣਾ
ਮਹਿਣਾ ਤਖ਼ਤ ਹਜ਼ਾਰੇ ਦਾ, ਕਿ ਝੰਗ ਮੰਗਿਆਣਾ ਮੰਨ ਕੇ ਭਾਣਾ
ਗੈਰਾਂ ਲਈ ਸਜਿਆ ਖ਼ਸਮਾਂ ਨੂੰ ਖਾਣਾ
ਹੀਰਾਂ ਦੇ ਰਾਹ
ਪਹਿਲਾਂ ਤਾਂ ਕਿਸੇ ਨਾਲ ਦਿਲ ਨਹੀਂ ਲਾਈਦਾ
ਜੇ ਲਾਈਏ ਤਾਂ ਕਬਰਾਂ ਤਾਈਂ ਸਾਥ ਨਿਭਾਈਦਾ
ਅੱਖਾਂ 'ਚ ਅਰਮਾਨਾਂ ਦੀ ਤਰਦੀ ਬੇੜੀ ਨੂੰ
ਹਿਜਰਾਂ ਦੇ ਸਾਗਰਾਂ ਵਿੱਚ ਨਹੀਂ ਡੁਬਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ
ਉਹ ਰਾਹ ਕੁਰਬਾਨੀ ਮੰਗਦੇ ਨੇ
ਆਸ਼ਿਕ ਸੁਫ਼ਨੇ ਨਾ ਸੂਲੀ ਟੰਗਦੇ ਨੇ
ਫਿੱਕੜੇ ਯਾਰ ਦੀ ਫਿੱਕੜੀ ਜ਼ਿੰਦਗੀ
ਉਹ ਆਪਣੇ ਰੰਗਾਂ ਨਾਲ ਰੰਗਦੇ ਨੇ
ਇਨ੍ਹਾਂ ਇਸ਼ਕੇ ਦੇ ਸੂਹੇ ਖ਼ਤਾਂ ਉੱਪਰ
ਕਦੇ ਕਾਲਖ ਮਲ ਕੇ ਨਹੀਂ ਜਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ
ਜੇ ਜਾਣਾ ਏ ਤਾਂ ਛੱਡਦੇ ਸਭ ਕੁੱਝ
ਸੁਰਖੀ ਬਿੰਦੀ ਦਾ ਛੱਡਦੇ ਸਜ ਸੁਜ
ਇਸ਼ਕ ਮੰਨਦਾ ਇੱਕ ਗੱਲ ਅਨੋਖੀ
ਕਿ ਯਾਰ ਤੋਂ ਵੱਡਾ ਨਹੀਂ ਹੁੰਦਾ ਰੱਬ ਰੁੱਬ
ਪਾਕੀਜ਼ ਰੂਹਾਂ ਇੱਕ ਗੱਲ ਕਹਿੰਦੀਆਂ
ਮਰ ਜਾਈਏ ਸੰਧੂਰ ਮੱਥੇ ਗੈਰ ਦਾ ਨਹੀਂ ਲਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ
ਗਲਤੀ ਨਾ ਕਰੀਂ ਸਾਹਿਬਾਂ ਵਾਂਗ ਭੱਜਣ ਦੀ
ਰੀਝ ਰੱਖ ਯਾਰ ਲਈ ਸੱਜਣ ਦੀ
ਖਾਈ ਚੱਲ ਇਸ਼ਕੇ ਦੀ ਚੂਰੀ
ਦਿਲ ਨੂੰ ਕਦੇ ਨਾ ਰੱਜਣ ਦਈਂ
ਜੇ ਇਸ਼ਕ ਕੀਤਾ ਹਿੰਮਤ ਰੱਖੀ
ਗੱਲ ਮਾਪਿਆਂ ਮੂਹਰੇ ਰੱਖਣ ਦੀ
ਨਾ ਮਿਲੇ ਯਾਰ ਤਾਂ ਤਾਂਘ ਰੱਖੀਂ
ਖ਼ੁਦ ਨੂੰ ਕੁੱਜੇ ਵਿੱਚ ਕੱਜਣ ਦੀ
ਜੇ ਨਹੀਂ ਕਰ ਸਕਦੀ ਇਹ ਸਭ ਕੁੱਝ ਤਾਂ
ਝੰਗ ਮੰਗਿਆਣਿਓਂ ਖੇੜਿਆਂ ਵੱਲ ਨਹੀਂ ਜਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ
ਪੀੜ ਅੰਨ੍ਹੇਵਾਹ
ਮੁੱਕ ਜਾਣੀ ਇਹ ਜਿੰਦ ਨਿਮਾਣੀ
ਸਰੀਰ 'ਚੋਂ ਰੂਹ ਮਾਰਕੇ ਧਾਅ ਨਿਕਲੂ
ਸਿਵਾ ਠੰਡਾ ਹੋਣ 'ਤੇ ਵੀ ਨਹੀਂ ਮੁੱਕਣੀ
ਪੀੜ ਮੇਰੇ ਹੱਡਾਂ 'ਚੋਂ ਅੰਨ੍ਹੇਵਾਹ ਨਿਕਲੂ
ਫਰੋਲ ਲੈਣਾ ਸਵਾਹ ਵਿੱਚੋਂ ਮੇਰੀਆਂ ਪੀੜਾਂ
ਜਿਵੇਂ ਸੱਜ ਵਿਆਹੀ ਦੁੱਧ 'ਚੋਂ ਲੱਭਦੀ ਛੱਲਾ
ਦੇਖਿਓ ਜੇ ਲੱਭਿਆ ਦਿਲ ਦਾ ਨਿਸ਼ਾਨ ਕੋਈ
ਚੁੱਕ ਕੇ ਪਾ ਦੇਣਾ ਇਸਦੀ ਰਾਖ ਨੂੰ ਕੁੱਜੇ
ਕਿਤੇ ਸਿਵਿਆਂ 'ਚ ਵੀ ਨਾ ਰਹਿ ਜਾਏ ਕੱਲਾ
ਲਿਖ ਲਿਓ ਇੱਕ-ਇੱਕ ਦਰਦ ਦਾ ਕਿੱਸਾ
ਜਿਵੇਂ-ਜਿਵੇਂ ਮੇਰਾ ਆਖਰੀ ਸਾਹ ਨਿਕਲੂ
ਪਰ ਲਿਖਿਓ ਨਾ ਉਸ ਚੰਨ ਦੇ ਬਾਰੇ
ਜਿਸਦਾ ਆਖਰੀ ਵਾਰ ਮੂੰਹੋਂ ਨਾਂ ਨਿਕਲੂ
ਕਿਤੇ ਰਹਿ ਨਾ ਜਾਵੇ ਕੁੱਝ ਮੇਰਾ ਬਾਕੀ
ਸਭ ਸਾੜ ਦਿਓ ਅੱਗ 'ਚ ਭਾਫ਼ ਦੇ ਨਾਲ
ਇੱਕ ਲਿਖ ਕੇ ਕਿਤਾਬ ਮੇਰੇ ਦਰਦਾਂ ਦੀ
ਨਦੀ 'ਚ ਰੋੜ੍ਹ ਦਿਓ ਮੇਰੀ ਰਾਖ ਦੇ ਨਾਲ
ਪਹਿਲਾਂ ਹੰਝੂਆਂ ਦੇ ਹੜ੍ਹ 'ਚ ਗੋਤੇ ਖਾਂਦਾ ਸੀ।
ਜਾਂਦਾ ਹੁਣ ਪਾਣੀ 'ਚ ਗੋਤੇ ਖਾਂਦਾ ਖਾਂਦਾ
ਮੇਰੀ ਰੂਹ ਨੂੰ ਮਿਲਜੂ ਸਕੂਨ ਉਏ ਲੋਕੋ
ਜੇ ਗੜਬੀ ਨਾਲ ਬੰਨ੍ਹ ਦਿਓ ਉਸਦਾ ਪਰਾਂਦਾ
ਮੈਂ ਸੱਤੇ ਜਨਮਾਂ ਲਈ ਰੱਖਲਾਂ ਇਹੋ ਹੀ
ਜੇ ਉਸਦੇ ਹੇਠਾਂ ਨੂੰ ਛੂਹ ਮੇਰਾ ਨਾਂ ਨਿਕਲੂ
ਸਮਝੀਂ ਤੈਨੂੰ ਮਿਲਣ ਸਾਂ ਆਇਆ
ਜੇ ਘਰ ਦੇ ਚੁਬਾਰੇ 'ਤੇ ਬਹਿ ਕੇ ਕਾਂ ਨਿਕਲੂ
ਕੋਈ ਪੁੱਛੇ ਜ਼ਰਾ ਵੀ ਦੱਸਿਓ ਨਾ
ਸੀ ਕੀ ਕਰਦਾ ਤੇ ਕਿੱਥੇ ਜਾਂਦਾ
ਕਿਵੇਂ ਰਿਹਾ ਜਿਉਂਦਾ ਹਿਜ਼ਰਾਂ 'ਚ
ਕੀ-ਕੀ ਪੀਂਦਾ ਸੀ ਕੀ ਖਾਂਦਾ
ਆਖ ਦੇਣਾ ਕਿ ਪਾਗਲ ਸੀ
ਨਾ ਬੋਲਦਾ ਸੀ ਤੇ ਨਾ ਬੁਲਾਂਦਾ
ਕੋਈ ਹਾਲ ਮੇਰਾ ਇਹ ਦੱਸਣਾ ਨਾ
ਦਿਨ ਰਾਤ ਸੱਜਣ ਲਈ ਸੀ ਕੁਰਲਾਉਂਦਾ
ਦੱਸਿਓ ਨਾ ਕੋਈ ਦਿਸ਼ਾ-ਟਿਕਾਣਾ
ਜੇ ਮੇਰੇ ਹੱਥਾਂ 'ਚੋਂ ਉਸਦਾ ਪਤਾ ਨਿਕਲੂ
ਕੋਈ ਦੱਸਿਓ ਨਾ ਮੇਰੀ ਲਾਸ਼ ਦਾ ਕਿੱਸਾ
ਜੇ ਓਦੀ ਯਾਦ ਦਾ ਅੱਖੋਂ ਤੁਪਕਾ ਨਿਕਲੂ
ਮੁੱਕ ਜਾਣੀ ਇਹ ਜਿੰਦ ਨਿਮਾਣੀ
ਸਰੀਰ 'ਚੋਂ ਰੂਹ ਮਾਰਕੇ ਧਾਅ ਨਿਕਲੂ
ਸਿਵਾ ਠੰਡਾ ਹੋਣ 'ਤੇ ਵੀ ਨਹੀਂ ਮੁੱਕਣੀ
ਪੀੜ ਮੇਰੇ ਹੱਡਾਂ 'ਚੋਂ ਅੰਨ੍ਹੇਵਾਹ ਨਿਕਲੂ
ਖੁਸ਼ੀ ਘਰ ਆਈ
ਮੁੱਦਤਾਂ ਬਾਅਦ ਖੁਸ਼ੀ ਘਰ ਆਈ
ਨਾ ਕੋਈ ਫੋਨ ਨਾ ਚਿੱਠੀ ਪਾਈ
'ਜੀ ਆਇਆਂ' ਕਹਿਕੇ ਅੰਦਰ ਲੰਘਾਈ
ਬੁੱਲ੍ਹਾ ਦੇ ਆਸਨ ਉੱਤੇ ਬਿਠਾਈ
ਦਿਲ ਵੀ ਖਿੜਿਆ ਚਾਈਂ ਚਾਈਂ
ਅਸਾਂ ਫੇ ਸਹਿਮੇ-ਸਹਿਮੇ ਪੁੱਛਿਆ
ਤੂੰ ਭੁੱਲ ਭੁਲੇਖੇ ਤਾਂ ਨੀ ਆਈ?
ਕਹਿੰਦੀ ਗੁਆਂਢੀਆਂ ਸੀ ਬੁਲਾਇਆ
ਜਾਂਦੀ ਨੇ ਕੁੰਡਾ ਤੇਰਾ ਖੜਕਾਇਆ
ਅਸਾਂ ਨੇ ਠੰਡਾ ਠੰਡਾ ਪਿਆਇਆ
ਆਖੇ ਸੁਆਦ ਜਿਹਾ ਨੀ ਆਇਆ
ਫਿਰ ਹੰਝੂਆਂ ਦਾ ਰਸ ਪਿਲਾਇਆ
ਮੈਨੂੰ ਕਹਿੰਦੀ ਮੇਰੇ ਪਿੱਛੋਂ
ਘਰ ਗਮ ਕਿਹੜਾ ਕਿਹੜਾ ਆਇਆ?
ਵੇਖੇ ਸੱਜੇ ਤੇ ਕਦੀ ਖੱਬੇ
ਅੱਖਾਂ ਥੱਲੇ ਕਾਲੇ ਧੱਬੇ
ਦਿਲ ਵਿੱਚ ਕਿੰਨੇ ਈ ਦੁੱਖ ਸੀ ਦੱਬੇ
ਪੁੱਛੇ ਹੋਇਆ ਕੀ ਵੇ ਕੰਵਲਾ
ਕਿੰਨਾ ਬਦਲ ਗਿਐ ਤੂੰ ਕੰਵਲਾ
ਬਣਾ ਦਿਲ ਦੀਆਂ ਬੈਠਾ ਕਬਰਾਂ
ਥੋੜ੍ਹੀਆਂ ਕਰਲੈ ਹੋਰ ਤੂੰ ਸਬਰਾਂ
ਗੱਡੀ ਆਉਣ ਵਾਲੀ ਏ
ਫਿਲਹਾਲ ਤਾਂ ਮੈਂ ਹੁਣ ਚੱਲੀ
ਜਾ ਖੜਕਾ ਮੰਦਿਰ ਦੀ ਟੱਲੀ
ਰੱਬ ਦੀ ਨਿਗਾਹ ਹੋਵੇਗੀ ਸਵੱਲੀ
ਰਾਤ ਵੀ ਹੋਣ ਵਾਲੀ ਏ
ਜੇ ਕਿਸਮਤ ਬੂਹਾ ਖੜਕਾਵੇ
ਵੇਖੀਂ ਮੁੜ ਹੀ ਨਾ ਉਹ ਜਾਵੇ
ਐਵੇਂ ਸੁੱਤਾ ਨਾ ਰਹਿਜੀਂ
ਫਿਰ ਜਾਣ ਨਾ ਉਸਨੂੰ ਦੇਵੀਂ
ਬਾਹੋਂ ਪਕੜ ਕੇ ਉਸ ਨੂੰ ਕਹਿਵੀਂ
ਹੁਣ ਨੀਂ ਜਾਣ ਦੇਣਾ ਕਿਤੇ ਵੀ
ਰਾਹੇ ਲੰਮਾ ਹੀ ਪੈ ਜਈਂ.....
ਕੁੱਝ ਗੱਲਾਂ
ਸਾਰੀ ਜ਼ਿੰਦਗੀ ਮੇਰੇ ਨਾਲ ਖੜ੍ਹਨ ਦੀ ਗੱਲ ਨਾ ਕਰ
ਕਦੇ ਕਿਨਾਰਿਆਂ ਨਾਲ ਵੀ ਸਾਗਰ ਆ ਖਲੋਤੇ ਨੇ?
ਨਾ ਕਰ ਗੱਲਾਂ ਮੈਨੂੰ ਇਕਸਾਰ ਤੱਕਣ ਦੀਆਂ,
ਜੀਕਣ ਜ਼ਮੀਨ ਵੇਖਦੀ ਅੰਬਰ ਨੂੰ,
ਈਕਣ ਤੇਰੇ ਕੋਲੋਂ ਸਾਰੀ ਉਮਰ ਤੱਕਿਆ ਨੀ ਜਾਣਾ!
ਆਖਦੈਂ ਕਿ ਸਾਰੀ ਜ਼ਿੰਦਗੀ ਖਿਆਲ ਰੱਖੇਗਾ,
ਕਦੇ ਲਹਿਰਾਂ ਨੇ ਕਿਨਾਰਿਆਂ ਦੇ ਹਾਲ ਪੁੱਛੇ ਨੇ?
ਤੇਰੇ ਕੋਲੋਂ ਸੀਨੇ ਦਾ ਸੇਕ ਵੀ ਦਿੱਤਾ ਨਹੀਂ ਜਾਣਾ,
ਕਦੇ ਟਾਹਣੀਆਂ ਨੇ ਟੁੱਟੇ ਫੁੱਲ ਅਪਣਾਏ ਨੇ?
ਨਹੀਂ ਰੱਖਿਆ ਜਾਣਾ ਤੇਰੇ ਕੋਲ ਮੇਰਾ ਦਿਲ,
ਕਦੇ ਹੱਟੀ ਵਾਲਿਆਂ ਪੁਰਾਣੇ ਸਮਾਨ ਬਚਾਏ ਨੇ?
ਮੈਂ ਠੀਕ ਹਾਂ
ਕਿੰਨਾ ਅਜੀਬ ਹੁੰਦਾ ਹੈ ਨਾ
ਦਿਲ ਉੱਪਰ ਐਵੇਂ ਕੋਈ
ਭਾਰ ਜਿਹਾ ਪਈ ਜਾਣਾ
ਇੰਨੀਆਂ ਪੀੜਾਂ ਸਹਿ ਕੇ ਵੀ
ਮੈਂ ਠੀਕ ਹਾਂ
ਮੈਂ ਬਿਲਕੁਲ ਠੀਕ ਹਾਂ ਕਹੀ ਜਾਣਾ
ਸੋਚ
ਮੇਰੇ ਲਈ ਤੂੰ ਵੀ ਹੋਰਾਂ ਵਰਗਾ ਏਂ
ਤੇਰੇ ਵਾਂਗ ਮੈਂ ਕੋਈ ਯੱਖ ਨਹੀਂ ਸੀ
ਜਿੰਨ੍ਹਾਂ ਦੀ ਸੋਚ ਵਿੱਚ ਜਾ ਸ਼ਾਮਿਲ ਹੋਇਆ
ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ
ਵਾਅਦੇ ਕਰਕੇ ਅੰਬਰ ਜਿੱਡੇ
ਮਜ਼ਹਬ ਦੀਆਂ ਰਾਖਾਂ 'ਚ ਘੁਲ ਗਿਆ
ਇਸ਼ਕ ਸਦਾ ਆਬਾਦ ਰਹਿੰਦਾ
ਉਹ ਨਹੀਂ ਜੋ ਪਲਾਂ 'ਚ ਭੁੱਲ ਗਿਆ
ਅਸੀਂ ਘੋਲਿਆ ਤੈਨੂੰ ਸਾਹਾਂ 'ਚ
ਜ਼ਰਾ ਵੀ ਕੀਤਾ ਸ਼ੱਕ ਨਹੀਂ ਸੀ।
ਜਿਨ੍ਹਾਂ ਦੀ ਸੋਚ ਵਿੱਚ ਜਾ ਸ਼ਾਮਲ ਹੋਇਆ
ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ
ਸਾਨੂੰ ਦਬੋਚਿਆ ਤੇਰੇ ਖ਼ਿਆਲਾਂ ਨੇ
ਜਿਵੇਂ ਪੈਰ ਦਬੋਚਣ ਫੁੱਲਾਂ ਨੂੰ
ਅਸਾਂ ਹਾਂ ਵਿੱਚ ਤੇਰੀ ਹਾਂ ਕਹੀ
ਨਾਜਾਇਜ਼ ਵਰਤੀਆਂ ਖੁੱਲ੍ਹਾਂ ਤੂੰ
ਜਿੰਨਾਂ ਆਪਾ ਤੈਨੂੰ ਸੌਂਪਿਆ ਮੈਂ
ਇੰਨਾਂ ਦਿੱਤਾ ਕਿਸੇ ਨੂੰ ਹੱਕ ਨਹੀਂ ਸੀ
ਜਿੰਨ੍ਹਾਂ ਦੀ ਸੋਚ ਵਿੱਚ ਜਾ ਸ਼ਾਮਿਲ ਹੋਇਆ
ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ
ਛੇ ਮਰਲੇ ਜਗਾਹ 'ਚ ਘਰ ਮੇਰਾ
ਅੰਨ ਪਾਣੀ ਤਿੰਨ ਟਾਇਮ ਖਾਂਦਾ ਹਾਂ
ਦਿਨ ਰਾਤ ਕਮਾਈਆਂ ਕਰ ਕਰਕੇ
ਤੇਰੇ ਲਈ ਖਾਬਾਂ ਦਾ ਮਹਿਲ ਬਣਾਂਦਾ ਸਾਂ
ਸਾਰ ਲੈਂਦੇ ਰੁਪਈਏ ਹਜ਼ਾਰਾਂ ਨਾਲ
ਕੀ ਹੋਇਆ ਕਰੋੜ ਜਾਂ ਲੱਖ ਨਹੀਂ ਸੀ
ਜਿੰਨ੍ਹਾਂ ਦੀ ਸੋਚ ਵਿੱਚ ਜਾ ਸ਼ਾਮਿਲ ਹੋਇਆ
ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ
ਸੋਚਿਆ ਸੀ ਮੈ ਖ਼ੁਦਾ ਤੈਨੂੰ
ਹੋਇਆ ਇਸ਼ਕ ਸ਼ੁਦਾ ਮੈਨੂੰ
ਲੱਗਦੀ ਹੈ ਬਦ ਦੁਆ ਮੈਨੂੰ
ਕੰਮ ਕਰਦੀ ਨਹੀਂ ਦੁਆ ਮੈਨੂੰ
ਮੇਰਾ ਅਣਭੋਲ ਹੋਣਾ ਖੁਆਰ ਗਿਆ
ਤੇਰੀ ਵੀ ਨਿਆਣੀ ਮੱਤ ਨਹੀਂ ਸੀ
ਜਿਨ੍ਹਾਂ ਦੀ ਸੋਚ ਵਿੱਚ ਜਾ ਸ਼ਾਮਿਲ ਹੋਇਆ
ਤੂੰ ਕੋਈ ਉਹਨਾਂ ਨਾਲੋਂ ਵੱਖ ਨਹੀਂ ਸੀ
ਤਾਜ ਮਹਿਲ
ਇੰਨੇ ਟੁੱਟ ਕੇ ਵੀ ਮੁਸਕਰਾ ਰਹੇ ਹਾਂ
ਕੌਣ ਜਾਣਦਾ ਅੰਦਰ ਕਿੰਨਾ ਸਬਰ ਹੀ ਆ
ਦੇਖਣ ਨੂੰ ਹਰ ਚੀਜ਼ ਸੋਹਣੀ ਲੱਗਦੀ
ਹੈ ਤਾਂ ਵੈਸੇ ਤਾਜ ਮਹਿਲ ਵੀ ਕਬਰ ਹੀ ਆ
ਦੁਆਵਾਂ
ਜਿੱਥੇ ਹੋਣ ਪਿਆਰ ਦੇ ਫੁੱਲ ਖਿਲਦੇ,
ਉਹ ਰਾਹਾਂ ਸਾਡੇ ਲਈ ਨਈਂ ਬਣੀਆਂ।
ਜਿਨ੍ਹਾਂ ਸਾਹਾਂ ਵਿੱਚ ਜਾ ਸਾਹ ਘੁਲ ਜੋ,
ਉਹ ਸਾਹਾਂ ਸਾਡੇ ਲਈ ਨਈਂ ਬਣੀਆਂ!
ਜਿਨ੍ਹਾਂ ਅੱਖਾਂ 'ਚ ਦਿਸੇ ਤਸਵੀਰ ਮੇਰੀ,
ਉਹ ਨਿਗਾਹਾਂ ਸਾਡੇ ਲਈ ਨਈ ਬਣੀਆਂ!
ਮੇਰੇ ਨਾਮ ਦਾ ਚੂੜਾ ਪਾਵੇ ਜੋ,
ਉਹ ਬਾਹਵਾਂ ਸਾਡੇ ਲਈ ਨਈਂ ਬਣੀਆਂ!
ਕੱਲ੍ਹ ਸਾਡਾ ਸੀ ਅੱਜ ਗੈਰਾਂ ਦਾ,
ਇਸ਼ਕ ਹਵਾਵਾਂ ਸਾਡੇ ਲਈ ਨਈਂ ਬਣੀਆਂ!
ਜਾ ਸੱਜਣਾ ਤੇਰੀ ਖ਼ੈਰ ਹੋਵੇ,
ਲਿਖ ਅਰਦਾਸਾਂ ਤੇਰੇ ਲਈ ਮੈਂ ਕਰੀਆਂ!
ਪਾਗਲ ਸ਼ਾਇਰ ਨੂੰ ਬਦ-ਦੁਆ ਦੇ ਦਿਉ,
ਇਹ ਦੁਆਵਾਂ ਸਾਡੇ ਲਈ ਨਈ ਬਣੀਆਂ!
ਮਜ਼ਹਬ ਵੱਖੋ-ਵੱਖ
ਪਾਣੀ ਬਥੇਰਾ ਪਾਇਆ ਸੀ
ਹਵਾਵਾਂ ਦਾ ਸਾਥ ਨਾ ਹੋਣ ਕਰਕੇ
ਹੋਰਾਂ ਦੇ ਬਾਗਾਂ 'ਚ ਜਾ ਖਿਲਿਆ ਤੂੰ
ਪਾਟੀਆਂ ਲੀਰਾਂ 'ਕੱਠੀਆਂ ਕਰ ਕਰ
ਤੇਰੇ ਨਾਂ ਦਾ ਰੁਮਾਲ ਬੁਣਦਾ ਸੀ
ਬਦਕਿਸਮਤੀ, ਹੋਰਾਂ ਦੀ ਮਸ਼ੀਨ ਜਾ ਸਿਲਿਆ ਤੂੰ
ਮਰਦਾ ਰਿਹਾ ਹਿਜ਼ਰ ਦੇ ਜ਼ਖ਼ਮ ਸਹਿ ਸਹਿ
ਕੁਰਲਾਉਂਦਾ ਰਿਹਾ ਹੱਥ ਮਰਹਮ ਦੇਖ ਦੇਖ
ਬੇਫ਼ਿਕਰੀ ਹੋਰਾਂ ਦੇ ਜਾ ਮਲਿਆ ਤੂੰ
'ਅਰਦਾਸਾਂ ਵਿੱਚ ਮੰਗਿਆ ਸੀ ਤੈਨੂੰ
ਮਜ਼ਹਬ ਵੱਖੋ-ਵੱਖ ਹੋਣ ਕਰਕੇ
ਸ਼ਮਸ਼ਾਨਾਂ 'ਚ ਵੀ ਨਾ ਮਿਲਿਆ ਤੂੰ
ਐ ਯਾਰ
ਕਹਿੰਦੇ ਅੱਖਾਂ ਤੇਰੀਆਂ ਗਿੱਲੀਆਂ ਰਹਿੰਦੀਆਂ,
ਦਿਲ ਟੁੱਟਣ 'ਤੇ ਬੰਦਾ ਰੋਂਦਾ ਈ ਐ ਯਾਰ!
ਕੀ ਹੋਇਆ ਅਗਰ ਸਤਿਆ ਰਹਿੰਦਾ,
ਖਿਆਲ ਯਾਰ ਦਾ ਸਤੌਂਦਾ ਈ ਐ ਯਾਰ !
ਕੀ ਹੋਇਆ ਜੇ ਯਾਰ ਨੇ ਛੱਡਤਾ,
ਖਾਬ ਤਾਂ ਉਸਦਾ ਆਉਂਦਾ ਈ ਐ ਯਾਰ!
ਜੇ ਪਿਆਰ ਕੀਤਾ ਘਬਰਾਉਣਾ ਕਾਹਦਾ,
ਇਹ ਇਸ਼ਕ ਰੋਗ ਤਾਂ ਲਾਉਂਦਾ ਈ ਐ ਯਾਰ!
ਸਭ ਕਹਿੰਦੇ ਸ਼ਾਇਰਾ ਤੂੰ ਬਦਲ ਗਿਐਂ,
ਸੱਜਣ ਦੇ ਬਦਲ ਜਾਣ ਤੋਂ ਬਾਦ,
ਬਦਲਾਵ ਤਾਂ ਬੰਦੇ 'ਚ ਆਉਂਦਾ ਈ ਐ ਯਾਰ!
ਉਹ ਸ਼ਖ਼ਸ
ਕਦੇ ਕਿਸੇ ਨੂੰ ਦਿਲ 'ਤੇ ਇਨਾਂ ਨਾ ਲਗਾਓ,
ਕਿ ਉਹ ਸ਼ਖਸ ਤੁਹਾਡੇ ਹਾਸਿਆਂ ਨੂੰ ਲੱਗਜੇ!
ਕਦੇ ਵੀ ਕਿਸੇ ਨੂੰ ਰੂਹ ਤੱਕ ਨਾ ਲੈ ਜਾਓ,
ਕਿ ਉਹ ਖਾਣ ਅੰਦਰਲੇ ਪਾਸਿਆਂ ਨੂੰ ਲੱਗਜੇ!
ਕਦੇ ਵੀ ਕਿਸੇ ਨੂੰ ਸਾਹਾਂ ਦੇ ਘਰ ਨਾ ਬਿਠਾਓ,
ਕਿ ਉਹ ਸਿਉਂਕ ਬਣ ਦਰਵਾਜ਼ਿਆਂ ਨੂੰ ਲੱਗਜੇ।
ਕਦੇ ਵੀ ਕਿਸੇ ਨੂੰ ਇੰਨੀ ਖੁੱਲ ਨਾ ਦਵਾਓ,
ਕਿ ਉਹ ਖੋਹਣ ਤੇਰੇ ਧਰਵਾਸਿਆਂ ਨੂੰ ਲੱਗਜੇ!
ਕਦੇ ਕਿਸੇ ਪਿੰਜਰੇ 'ਚ ਇੰਨਾ ਨਾ ਬੈਠੀ,
ਕਿ ਉਹ ਕੈਦ ਕਰਨ ਅਜ਼ਾਦਗੀ ਨੂੰ ਲੱਗਜੇ!
ਕਦੇ ਵੀ ਕਿਸੇ ਨੂੰ ਇੰਨਾ ਨਾ ਅਪਣਾਓ,
ਕਿ ਉਹ ਬੇਸ਼ਰਮ ਬਣ ਸਾਦਗੀ ਨੂੰ ਲੱਗਜੇ।
ਕਦੇ ਕਿਸੇ ਨੂੰ ਪਿਆਰ ਇੰਨਾ ਨਾ ਜਤਾਓ,
ਕਿ ਉਹ ਹੌਲ ਪਣ ਜਿਹਰੇ ਨੂੰ ਲੱਗਜੇ!
ਕਦੇ ਕਿਸੇ ਨੂੰ ਹਨੇਰੇ ਇੰਨਾਂ ਨਾ ਯਾਦ ਕਰੀਂ,
ਕਿ ਉਹ ਰੋਗ ਬਣ ਸਵੇਰੇ ਨੂੰ ਲੱਗਜੇ।
ਕਦੇ ਕਿਸੇ ਨੂੰ ਗਲ ਇਨਾਂ ਨਾ ਲਗਾਓ,
ਕਿ ਉਹ ਤਰਸਾਉਣ ਬਾਹਵਾਂ ਨੂੰ ਲੱਗਜੇ।
ਕਦੇ ਕਿਸੇ ਨੂੰ ਆਪਾ ਕੁਰਬਾਣ ਨਾ ਕਰਨਾ,
ਕਿ ਉਹ ਸ਼ਖਸ ਮਰਜ਼ ਬਣ ਸਾਹਾਂ ਨੂੰ ਲੱਗਜੇ ।
ਕਦੇ ਕਿਸੇ ਨੂੰ ਦਿਲ ਦਾ ਖਾਤਾ ਨਾ ਦਿਖਾਓ,
ਕਿ ਉਹ ਬਦਲਨ ਤੇਰੇ ਹਿਸਾਬਾਂ ਨੂੰ ਲੱਗਜੇ!
ਕਦੇ ਕਿਸੇ ਨਾਲ ਆਪਣੀ ਜ਼ਿੰਦਗੀ ਨਾ ਸਜਾਓ,
ਕਿ ਉਹ ਤਬਾਹ ਕਰਨ ਤੇਰੇ ਖਾਬਾਂ ਨੂੰ ਲੱਗਜੇ!
ਦਿਲ ਲਗਾਵਣ ਵਾਸਤੇ
ਦਿਲ ਲਗਾਵਣ ਵਾਸਤੇ ਪਤਾ ਨਹੀਂ ਕੀ ਕੁੱਝ ਕਰਦਾ ਹਾਂ
ਕੌੜੀ ਜ਼ਿੰਦਗੀ ਦੀਆਂ ਮਿੱਠੜੀਆਂ ਯਾਦਾਂ ਮਰਦਾ ਹਾਂ
ਤੇਰਾ ਨਜ਼ਰ ਫੇਰ ਲੈਣਾ ਕੋਈ ਇਤਫ਼ਾਕ ਨਹੀਂ ਸੀ
ਹੁਣ ਕਿਸੇ ਨਾਲ ਨਜ਼ਰ ਮਿਲਾਉਣ ਤੋਂ ਵੀ ਡਰਦਾ ਹਾਂ
ਜਿੰਨਾਂ ਮਰਜ਼ੀ ਮਨ ਮਾਰ ਲਵਾਂ ਫਿਰ ਉੱਥੇ ਜਾ ਖੜ੍ਹਦਾ ਹਾਂ
ਤੇਰੀਆਂ ਯਾਦਾਂ ਜੋ ਲਿਖਵਾਇਆ ਬੱਸ ਉਹੀ ਤਰਜ਼ਾਂ ਪੜ੍ਹਦਾ ਹਾਂ
ਪੈਰੀਂ ਛਾਲੇ ਘਸੀਆਂ ਅੱਡੀਆਂ ਆਸ ਦੀ ਪੌੜੀ ਚੜ੍ਹਦਾ ਹਾਂ
ਖੁਦਾ ਆਖੇ ਤੂੰ ਮੁੜ ਨਈਂ ਆਉਣਾ, ਤਾਂ ਵੀ ਉਸ ਨਾਲ ਲੜਦਾ ਹਾਂ
ਦਿਨ ਤਾਂ ਗੁਜ਼ਰ ਹੀ ਜਾਂਦਾ ਏ ਬੱਸ ਰਾਤਾਂ ਨੂੰ ਮਨ ਭਰਦਾ ਹਾਂ
ਹਾੜ੍ਹ ਦੁਪਹਿਰਾਂ ਬੁੱਕਲ ਲੋਈ ਦੀ ਮਾਰੀ ਫਿਰ ਵੀ ਠਰਦਾ ਹਾਂ
ਵੈਸੇ ਖੁਸ਼ ਹੀ ਰਹਿੰਦਾ ਹਾਂ ਜਦ ਸੋਚਾਂ ਤੈਨੂੰ ਹੋਰ ਕਿਸੇ ਨਾਲ
ਮੈਂ ਸਾਹ ਲੈਂਦਾ ਵੀ ਮਰਦਾ ਹਾਂ ਮੈਂ ਸਾਹ ਲੈਂਦਾ ਵੀ ਮਰਦਾ ਹਾਂ
ਭੁੱਲ-ਭੁੱਲ
ਮਜ਼ਬੂਰੀਆਂ ਰੱਖਕੇ ਇੱਕ ਪਾਸੇ
ਧੋਖਾ ਹੀ ਕੋਈ ਦੇ ਜਾਂਦਾ
ਤੇਰੇ ਬਿਨ ਕਿਤੇ ਹੋਰ ਨਈਂ ਜੁੜਦਾ
ਕਹਿ ਜੀਣ ਦਾ ਮੌਕਾ ਦੇ ਜਾਂਦਾ
ਜ਼ਿੰਦਗੀ ਭਰ ਦੇ ਵਾਅਦੇ ਕਰਕੇ
ਕਿੱਦਾਂ ਝੱਲ ਝੱਲ ਜਾਂਦੇ ਨੇ
ਰੂਹਾਂ ਦੀਆਂ ਗੱਲਾਂ ਕਰਨ ਵਾਲੇ
ਕਿੱਦਾਂ ਭੁੱਲ-ਭੱਲ ਜਾਂਦੇ ਨੇ
ਲੈ ਕੇ ਭੇਦ ਦਿਲ ਦੇ ਜਾਨੀ
ਹੋਰਾਂ ਨਾਲ ਖੁੱਲ੍ਹ-ਖੱਲ ਜਾਂਦੇ ਨੇ
ਪਾਕ ਰੂਹਾਂ ਦੇ ਮਾਲਿਕ
ਰਾਂਝੇ ਵਾਂਗਰ ਰੁੱਲ-ਰਲ ਜਾਂਦੇ ਨੇ
ਸਿਆਣਪ
ਮੈਨੂੰ ਛੱਡਣ ਦਾ ਫੈਸਲਾ ਤੈਨੂੰ
ਸਿਆਣਿਆਂ 'ਚ ਖੜ੍ਹਾ ਕਰ ਗਿਆ
ਤੈਨੂੰ ਹਲੇ ਵੀ ਯਾਦ ਕਰਨਾ
ਮੈਨੂੰ ਨਿਆਣਿਆਂ 'ਚ ਖੜ੍ਹਾ ਕਰ ਗਿਆ
ਤੈਨੂੰ ਹਾਸੇ ਖਿੜੇ ਮੱਥੇ ਮਿਲਦੇ ਰਹੇ
ਕਿਸਮਤ ਪੋਟਾ-ਪੋਟਾ ਚੁੰਮਦੀ ਰਹੀ
ਮੇਰੇ ਹੱਥਾਂ ਦੀਆਂ ਲਕੀਰਾਂ ਦਾ ਕੰਮ ਨਾ ਆਉਣਾ
ਮੈਨੂੰ ਬੇ-ਸਹਾਰਿਆ 'ਚ ਖੜ੍ਹਾ ਕਰ ਗਿਆ
ਆਵਾਂਗੇ ਕਹਿ ਜਾਂਦੇ ਲੱਗੇ
ਸੱਜਣਾ ਦੇ ਬੂਹੇ ਤਾਲੇ ਵੱਜੇ
ਤੇਰੇ ਪਰਤ ਆਉਣ ਦਾ ਸੁਨੇਹਾ
ਮੈਨੂੰ ਲਾਰਿਆ 'ਚ ਖੜ੍ਹਾ ਕਰ ਗਿਆ।
ਪਿੰਡੇ ਦੀ ਚਮਕ ਚਾਨਣੀ ਜਿਹੀ
ਅੱਖਾਂ 'ਚ ਕੱਜਲ ਹਨੇਰੇ ਵਰਗਾ
ਤੇਰਾ ਖ਼ੁਦ ਨੂੰ ਚੰਨ ਸਮਝਣਾ
ਮੈਨੂੰ ਤਾਰਿਆਂ 'ਚ ਖੜ੍ਹਾ ਕਰ ਗਿਆ।
ਪਹਿਲਾਂ ਪਹਿਲਾਂ ਮੋਰਾਂ ਵਰਗਾ ਨਿਕਲਿਆ
ਬਾਦ ਵਿੱਚ ਤੂੰ ਵੀ ਹੋਰਾਂ ਵਰਗਾ ਨਿਕਲਿਆ
ਅੱਖਾਂ ਬੰਦ ਕਰਨ ਵਾਲਾ ਵਿਸ਼ਵਾਸ
ਮੈਨੂੰ ਉਜਾੜਿਆਂ 'ਚ ਖੜ੍ਹਾ ਕਰ ਗਿਆ।
ਤੇਰਾ ਮਹਿੰਦੀ ਦਾ ਸ਼ੌਕ ਨਵਾਬੀ
ਵਿਆਹ 'ਤੇ ਪੌਣਾਂ ਲਹਿੰਗਾ ਗੁਲਾਬੀ
ਤੇਰਾ ਕੰਗਣਾ ਖੇਡਣ ਦਾ ਚਾਅ ਅਨੋਖਾ
ਮੈਨੂੰ ਕੁਵਾਰਿਆਂ 'ਚ ਖੜ੍ਹਾ ਕਰ ਗਿਆ।
ਯਾਦਾਂ ਦਾ ਸਫਰ
ਸੂਰਜ ਦੇ ਸੌਣ ਤੋਂ ਲੈਕੇ ਚੰਨ ਦੇ ਉੱਠਣ ਤੱਕ
ਰਾਤਾਂ ਦੇ ਦਿਸਣ ਤੋਂ ਲੈਕੇ ਸਵੇਰੇ ਦੇ ਲੁੱਕਣ ਤੱਕ
ਹਾੜ ਦੇ ਕਹਿਰ ਤੋਂ ਲੈਕੇ ਸਾਉਣ ਝੜੀ ਮੁੱਕਣ ਤੱਕ
ਸੜਕਾਂ ਦੇ ਭਿੱਜਣ ਤੋਂ ਲੈਕੇ ਬੱਦਲਾਂ ਦੇ ਸੁੱਕਣ ਤੱਕ
ਦਾ ਸਫ਼ਰ ਸੱਚ ਜਾਣੀਂ, ਤੇਰੀਆਂ ਯਾਦਾਂ ਨਾਲ ਤਹਿ ਕਰਦਾ
ਪੱਤਿਆਂ ਦੇ ਡਿੱਗਣ ਤੋਂ ਫੁੱਲਾਂ ਦੇ ਖਿੜਣ ਤੱਕ
ਝੱਖੜਾਂ ਦੇ ਜਾਣ ਤੋਂ ਰੁੱਤਾਂ ਦੇ ਮੁੜਣ ਤੱਕ
ਚੰਨ ਦੇ ਠਰਨ ਤੋਂ ਸੂਰਜ ਦੇ ਸੜਣ ਤੱਕ
ਦਾ ਸਫਰ ਸੱਚ ਜਾਣੀਂ, ਤੇਰੀਆਂ ਯਾਦਾਂ ਨਾਲ ਤਹਿ ਕਰਦਾ
ਜੀਵਨ ਦੀ ਆਸ ਤੋਂ ਜ਼ਿੰਦਗੀ ਦੇ ਰੁਕਣ ਤੱਕ
ਦਿਲ ਦੇ ਧੜਕਣ ਤੋਂ ਸਾਹਾਂ ਦੇ ਮੁੱਕਣ ਤੱਕ
ਤਾਰਿਆਂ ਦੇ ਸੌਣ ਤੋਂ ਕੁੱਕੜਾਂ ਦੇ ਕੂਕਣ ਤੱਕ
ਦਾ ਸਫਰ ਸੱਚ ਜਾਣੀਂ, ਤੇਰੀਆਂ ਯਾਦਾਂ ਨਾਲ ਤਹਿ ਕਰਦਾ
ਮੁਲਾਕਾਤਾਂ
ਮੈਨੂੰ ਅੱਧ ਵਿਚਾਲੇ ਟੰਗਿਆ
ਕਰ ਮੁਲਾਕਾਤਾਂ ਵਸਲ ਦੀਆਂ ਬਾਤਾਂ
ਤੇਰੇ ਬਿਨ ਜੀਅ ਕੇ ਮੈਂ ਕੀ ਕਰਨਾ
ਇਹ ਇਸ਼ਕ ਕੋਈ ਖੇਲ ਨਹੀਂ
ਅੱਜ ਜਾਂ ਕੱਲ੍ਹ ਕਰ ਮਸਲਾ ਹੱਲ ਕਰ
ਰੋਗ ਇਹ ਭੈੜਾ ਮੈਂ ਨਹੀਂ ਜਰਨਾ
ਸੀਨੇ ਫ਼ਿਕਰਾਂ ਦੌੜਦੀਆਂ
ਦੇ ਗਿਆ ਧੋਖੇ ਸਾਹਾਂ ਨੂੰ ਹੌਂਕੇ
ਕਦ ਤੂੰ ਔਣਾ ਵਾਪਿਸ ਦੱਸਜਾ
ਲੰਘਦਾ ਕੋਈ ਪਲ ਨਹੀਂ
ਪਿਆਰ ਨਾ ਤੱਕ ਕੇ ਥੋੜ੍ਹਾ ਜਿਆ ਜੱਕ ਕੇ
ਸਾਡੇ ਵੱਲ ਵੇਖ ਕੇ ਕੇਰਾਂ ਹੱਸਜਾ
ਤੂੰ ਤਾਂ ਤੁਰ ਗਿਆ ਸੱਜਣਾ ਵੇ
ਰਾਤਾਂ ਪ੍ਰਭਾਤਾਂ ਤੇਰੀਆਂ ਯਾਦਾਂ
ਮੈਨੂੰ ਸੱਚੀ ਮਾਰ ਮੁਕਾਉਣਾ
ਨਵੀਂ ਜ਼ਿੰਦਗੀ ਦੇ ਦਿਊਗਾ
ਮੋਏ ਹੋਏ ਦਿਲ ਨੂੰ ਰੂਹ ਵੀ ਖਿਲਜੂ
ਮੇਰੇ ਕੋਲ ਤੇਰਾ ਮੁੜਕੇ ਆਉਣਾ;
ਬੂਹੇ ਵਿੱਚ ਬੈਠੀ ਨੂੰ
ਰਾਹਾਂ ਵੀ ਹੱਸਣ ਨੈਣ ਤੈਨੂੰ ਤੱਕਣ
ਅੱਜ ਦੀ ਰਾਤ ਫਿਰ ਨੀ ਸੌਣਾ
ਆ ਕੋਲ ਦਿਲਬਰਾ ਵੇ
ਹਾੜ੍ਹ ਮਹੀਨੇ ਸੜੇ ਹੋਏ ਸੀਨੇ
ਤੇਰੇ ਬਿਨ ਹੋਰ ਨਹੀਂ ਮੈਂ ਜਿਉਣਾ
ਮੈਨੂੰ ਅੱਧ ਵਿਚਾਲੇ ਟੰਗਿਆ
ਕਰ ਮੁਲਾਕਾਤਾਂ ਵਸਲ ਦੀਆਂ ਬਾਤਾਂ
ਤੇਰੇ ਬਿਨ ਜੀਅ ਕੇ ਮੈਂ ਕੀ ਕਰਨਾ
ਮੁਸਕਰਾਉਣਾ ਸ਼ੁਰੂ ਕਰ
ਚੱਲ ਦੇ ਆਪਣੀਆਂ ਉਦਾਸੀਆਂ ਮੈਨੂੰ
ਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਸ਼ੁਰੂ ਕਰ
ਮੈਂ ਤੇਰਾ ਨਾਮ ਹੋਰ ਗੂੜਾ ਕਰਕੇ ਲਿਖਦਾ ਵਾਂ
ਤੂੰ ਮੇਰਾ ਨਾਮ ਆਪਣੇ ਦਿਲ ਤੋਂ ਮਿਟਾਉਣਾ ਸ਼ੁਰੂ ਕਰ
ਤੇਰੇ ਕਹਿਣ 'ਤੇ ਰੱਖ ਲਏ ਦੁਨੀਆਂ ਦੇ ਰੀਤੀ-ਰਿਵਾਜ਼
ਤੂੰ ਸਾਡੀ ਮੁਹੱਬਤ ਨੂੰ ਉਹਨਾਂ ਅੱਗੇ ਝੁਕਾਉਣਾ ਸ਼ੁਰੂ ਕਰ
ਫਿਕਰ ਛੱਡ ਤੇਰੇ ਹਿੱਸੇ ਦਾ ਵੀ ਟੁੱਟ ਜਾਵਾਂ ਮੈਂ
ਤੂੰ ਆਪਣੀ ਨਵੀਂ ਜ਼ਿੰਦਗੀ ਸਜਾਉਣਾ ਸ਼ੁਰੂ ਕਰ
ਚੱਲ ਦੇਹ ਆਪਣੀਆਂ ਉਦਾਸੀਆਂ ਮੈਨੂੰ
ਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਸ਼ੁਰੂ ਕਰ
ਸੋਚਾਂ ਤੋਂ ਸੋਹਣਾ
ਕਦੇ ਸੋਚਿਆ ਨਈਂ ਖ਼ਿਆਲੋਂ ਵੱਧ ਕੋਈ ਸੋਹਣਾ ਹੋਊ
ਪਰ ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਨਾ ਜਾਣੇ ਕਿਉਂ ਦਿਲ ਤੇਰੇ 'ਤੇ ਫਿਦਾ ਹੋਇਆ ਏ
ਤੱਕਣੀ ਤੇਰੀ ਨੂੰ ਕੋਈ ਇਲਮ ਤਾਂ ਹੋਣਾ ਏ
ਮੈਨੂੰ ਸਰਘੀ ਵੇਲੇ ਤੇਰੇ ਸੁਪਨੇ ਆਉਂਦੇ ਨੇ
ਤੇਰੈ ਵੀ ਖਿਆਲ ਮੇਰੇ ਵਿੱਚ ਨੇ ਖੋ ਜਾਂਦੇ
ਕੱਚੀ ਪੱਕੀ ਨੀਂਦਰ ਅੱਖਾਂ ਸੁਫ਼ਨੇ ਵੇਖਦੀਆਂ
ਮੈਂ ਸੁਣਿਆ ਇੱਕ ਦਿਨ ਉਹੋ ਸੱਚ ਨੇ ਹੋ ਜਾਂਦੇ
ਹਰ ਸਾਹ ਮੈਂ ਆਪਣਾ ਲੇਖੇ ਤੇਰੇ ਲਾਉਣਾ ਏ
ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਮੈਂ ਸੁਣਿਆ ਇਲਮ ਹੈ ਤੇਰੀ ਤੱਕਣੀ ਨੂੰ
ਤੇਰੇ ਵੇਖਣ ਦੇ ਨਾਲ ਵਹਿੰਦਾ ਪਾਣੀ ਖੜ੍ਹ ਜਾਂਦਾ
ਤੇਰੀ ਅੱਖ ਨਸ਼ੀਲੀ ਜਦ ਅੰਬਰ ਤੱਕਦੀ ਏ
ਤੇਰੇ ਚਿਹਰੇ ਦੇ ਰੰਗ ਵਰਗਾ ਫਿਰ ਦਿਨ ਚੜ੍ਹ ਜਾਂਦਾ
ਤੇਰੀ ਜ਼ਿੰਦਗੀ 'ਚੋਂ ਹਨੇਰਾ ਕੰਵਲ ਨੇ ਖੋਹਣਾ ਏ
ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਤੇਰੇ ਬੁੱਲ੍ਹਾਂ ਦੇ ਵਿੱਚ ਵੱਖਰਾ ਜਾਦੂ ਐ
ਕੰਡਿਆਂ ਨੂੰ ਚੁੰਮਦੀ ਏਂ ਉਹ ਫੁੱਲ ਨੇ ਬਣ ਜਾਂਦੇ
ਹੱਸਦੀ ਜਦ ਧਰਤੀ ਤੇਰੇ ਨਾ ਹੱਸਦੀ ਐ
ਜਦ ਚੀਕੇਂ ਭਰੇ ਭਰਾਏ ਬੱਦਲ ਫੱਟ ਜਾਂਦੇ
ਰਿਸ਼ਤਾ ਤੇਰਾ ਕੁਦਰਤ ਨਾਲ ਗੂੜਾ ਏ
ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਨਾ ਪੁੱਛ ਨਾ
ਪੁੱਛ ਜ਼ਿੰਦਗੀ ਵਿੱਚ ਦੁੱਖ ਕਿੰਨਾ
ਤੇਰੇ ਨਹਾਉਣ ਜੋਗਾ ਪਾਣੀ ਪਲ 'ਚ ਵਹਾ ਦਈਏ
ਇੰਨੀ ਚੀਸ ਹੈ ਸਾਡੇ ਸੀਨੇ ਸੱਜਣਾ
ਕਿ ਰੋ ਰੋ ਇੱਕ ਅਲੱਗ ਸਮੁੰਦਰ ਬਣਾ ਦਈਏ
ਖ੍ਵਾਬਾਂ ਵਿੱਚ ਤੂੰ ਆਉਣਾ ਛੱਡਤਾ
ਇੰਨੀ ਭੈੜੀ ਵੀ ਨਾ ਸਜ਼ਾ ਦਈਏ
ਇੰਨਾ ਦਰਦ ਹੈ ਜ਼ਿੰਦਗੀ ਸਾਡੀ
ਤੂੰ ਹੀ ਦੱਸ ਅਸੀਂ ਕਹਾਂ ਜਾਈਏ?
ਛੱਡ ਕੋਈ ਹੋਰ ਗੁਫਤਗੂ ਕਰਦੇ ਆਂ
ਤੂੰ ਦੱਸ ਕੀ ਤੈਨੂੰ ਵੀ ਹਸਾ ਜਾਈਏ?
ਤੇਰਾ ਸ਼ਹਿਰ
ਚੇਹਰਿਆਂ 'ਤੇ ਨਕਾਬ ਦਿਲ ਵਿੱਚ ਜ਼ਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਇੱਥੋਂ ਦੀ ਇਹ ਪੱਤਝੜ ਵੇਖ ਕੇ ਲੱਗਦਾ ਏ
ਵਰ੍ਹਿਆ ਇਸ ਉੱਤੇ ਵੀ ਹੁਸਨ ਦਾ ਕਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਮੰਨਿਆ ਤੇਰੇ ਸ਼ਹਿਰ ਤੇਰਾ ਕੋਈ ਸਾਥੀ ਹੋਊ
ਮੁਲਖ ਤੇਰੇ ਦਾ ਰੱਬ ਜਿਸਮਾਂ ਦਾ ਆਦੀ ਹੋਊ
ਹਰ ਗਲੀ-ਮੁਹੱਲੇ ਲਿੱਬੜੇ ਦਿਲ ਨੇ ਖੈਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਪਿਆਰ ਫਜ਼ੂਲ ਮੁਹੱਬਤ ਨਾਟਕ ਤੇਰੇ ਲਈ
ਇਸ਼ਕ ਖੁਦਾ ਮੇਰੇ ਲਈ ਮਖੌਲ ਹੈ ਤੇਰੇ ਲਈ
ਅਸ਼ਲੀਲਤਾ ਦੀ ਮੰਡੀ ਜਾਂਦੇ ਤੇਰੇ ਪੈਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਹਰ ਇੱਕ ਦੇ ਨਾਲ ਦਗਾ ਕਮਾਉਣਾ ਲਹਿਜਾ ਜਿੱਥੇ
ਭੁੱਲਕੇ ਆਪਣੇ ਖ਼ੁਦਾ ਨੂੰ ਕਹਿੰਦੇ ਬਹਿਜਾ ਇੱਥੇ
ਕਦੇ ਇਨਸਾਨੀਅਤ ਦੇ ਨੇੜੇ ਹੋ ਠਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਮੁਹੱਬਤ ਦਾ ਨਾਮ ਲੈਣਾ ਵੀ ਗੁਨਾਹ ਕਹਿੰਦੇ
ਵਫ਼ਾ ਕਮਾਵਣ ਵਾਲੇ ਨੂੰ ਵੀ ਸਜ਼ਾ ਦੇਂਦੇ
ਇਹ ਕੈਸੀ ਚੱਲੀ ਦੁਨੀਆਂ ਉੱਤੇ ਲਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਤੇਰਾ ਨਾਮ
ਤੇਰੇ ਸ਼ਹਿਰ ਦਾ ਨਕਸ਼ਾ ਮੇਰੇ ਦਿਲ 'ਤੇ ਛਪਿਆ ਏ
ਉਨਾਂ ਤੇਰੇ ਸ਼ਹਿਰ ਦਾ ਸੂਰਜ ਨੀਂ ਮੱਘਦਾ ਹੋਣਾ
ਜਿੰਨਾ ਤੇਰੇ ਵਿਛੋੜੇ 'ਚ ਮੇਰਾ ਦਿਲ ਤਪਿਆ ਏ
ਕਾਜ਼ੀ ਵੀ ਤੜਕੇ ਉੱਠ ਨਮਾਜ਼ ਨਹੀਂ ਪੜ੍ਹਦਾ ਹੋਣਾ
ਜਿਸ ਵੇਲੇ-ਕੁਵੇਲੇ ਅਸਾਂ ਤੇਰਾ ਨਾਮ ਜਪਿਆ ਏ
ਤੇਰੀਆਂ ਅੱਖਾਂ 'ਚ ਨੀਂਦ, ਨੀਂਦ 'ਚ ਖਾਬ ਰਹਿਣ
ਮੈਂ ਤਾਂ ਦਿਲ ਦੀ ਕਬਰ 'ਚ ਆਪਣਾ ਹਰ ਖੂਬ ਨੱਪਿਆ ਏ
ਸਾਡੀ ਜ਼ਿੰਦਗੀ ਦੀ ਕਿਤਾਬ ਜਦ ਚਾਹੇ ਫਰੋਲ ਲਵੀਂ
ਹਰ ਅਫ਼ਸਾਨੇ 'ਚ ਤੇਰਾ ਨਾਮ ਖੁਦਾ ਰੱਖਿਆ ਏ.....
ਹਕੀਕਤ
ਤੇਰੇ ਖਿਆਲਾਂ 'ਚ ਹਰ ਪ੍ਰਭਾਤ ਗੁਜ਼ਰੀ
ਤੇਰੀ ਯਾਦ 'ਚ ਹਰ ਦੁਪਹਿਰ ਨਿਕਲੀ
ਸ਼ਾਮ ਨੂੰ ਜਦ ਵੀ ਸੂਰਜ ਡੁੱਬਿਆ
ਦਿਲ ਸਾਗਰ 'ਚੋਂ ਯਾਦ ਬਣ ਲਹਿਰ ਨਿਕਲੀ
ਕੱਲ੍ਹ ਰਾਤ ਦਾ ਕਿੱਸਾ ਦੱਸਦਾ ਵਾ
ਮੇਰੀ ਰੂਹ ਰਾਖ ਬਣ ਹਵਾ 'ਚ ਘੁਲਕੇ
ਤੇਰੇ ਸੁੱਤੀ ਦੇ ਛੂਹ ਕੇ ਪੈਰ ਨਿਕਲੀ
ਅੱਖਾਂ ਟੱਡ ਅੰਬਰ ਵੱਲ ਤੱਕਦਾ ਸਾਂ
ਤਾਰਾ ਟੁੱਟਿਆ ਮੂੰਹੋਂ ਤੇਰੀ ਖੈਰ ਨਿਕਲੀ
ਨਮਾਜ਼
ਇੰਨਿਆ ਖੁਦਾਵਾਂ 'ਚੋਂ,
ਕਿਹੜਾ ਰੱਬ ਜੋੜੀਆਂ ਬਣਾਉਂਦਾ ਤੇ ਮਿਲਾਉਂਦਾ ਦਿਲ ਹੈ
ਦੱਸ ਕਿਹੜੀ ਮੈਂ ਨਮਾਜ਼ ਪੜ੍ਹਾਂ, ਜਿਸ ਨਾਲ ਮੈਨੂੰ ਤੂੰ ਮਿਲਜੇ
ਇਕੱਲੇ ਏਸ ਜਨਮ ਨਹੀਂ ਸੱਤੇ ਜਨਮਾਂ ਲਈ ਤੂੰ ਮਿਲਜੇ
ਤੇਰਿਆਂ ਖਿਆਲਾਂ 'ਚ ਦਿਨ ਬੀਤ ਜਾਂਦਾ
ਰਾਤ ਲੰਘ ਜਾਂਦੀ ਤੇਰਿਆਂ ਹੀ ਖਾਬਾਂ 'ਚ
ਤੇਰਾ ਹੀ ਜ਼ਿਕਰ ਰਹਿੰਦਾ ਮੇਰੀ ਜ਼ੁਬਾਨ 'ਤੇ
ਤੇਰੇ ਬਾਰੇ ਹੀ ਮੈਂ ਲਿਖਦਾ ਕਿਤਾਬਾਂ 'ਚ
ਸੱਚ ਜਾਣੀਂ ਉੱਥੇ ਛੇ ਘੱਟਦਾ ਨੀਂ ਪਿਆਰ
ਜਿੱਥੇ ਰੂਹ ਨਾਲ ਰੂਹ ਮਿਲਜੇ
ਦੱਸ ਕਿਹੜੀ ਮੈਂ ਨਮਾਜ਼ ਪੜ੍ਹਾਂ
ਜਿਸ ਨਾਲ ਮੈਨੂੰ ਤੂੰ ਮਿਲਜੇ
ਸੱਚੀਆਂ ਮੁਹੱਬਤਾਂ ਪੂਰੀਆਂ ਨਾ ਹੋਈਆਂ
ਕਈ ਜੱਗ ਉੱਤੇ ਜਾਤਾਂ-ਪਾਤਾਂ ਕਰਕੇ
ਤੂੰ ਵੀ ਨਾ ਸੁਣਿਆ ਰੱਬ ਵੀ ਨਾ ਮੰਨਿਆ
ਰੋਇਆ ਬੜਾ ਰਾਤ ਅੱਖਾਂ ਭਰਕੇ
ਖੁਦਾ ਨੂੰ ਖੁਦਾਵਾਂ ਦੇ ਖੁਦਾਵਾਂ ਤੋਂ ਮੈਂ ਦੇਖਲੀ
ਮਾਰ ਹੋ ਪਵਾਉਣੀ ਖਿੱਜਕੇ
ਦੱਸ ਕਿਹੜੀ ਮੈਂ ਨਮਾਜ਼ ਪੜ੍ਹਾਂ
ਜਿਸ ਨਾਲ ਮੈਨੂੰ ਤੂੰ ਮਿਲਜੇ
ਵੇਖ ਓਦਾ ਮੁੱਖ ਜਿੰਨਾ ਮਿਲਦਾ ਸਕੂਨ
ਨਾ ਮਿਲਦਾ ਮੰਦਿਰ ਮਸਜਿਦ 'ਚ
ਅੜੀ ਏ ਦੋਹਾਂ ਦੀ ਸਾਡੀ ਇੱਕ-ਮਿੱਕ ਹੋਣ ਦੀ
ਬੈਠਾ ਏਂ ਕਿਉਂ ਰੱਬਾ ਤੂੰ ਵੀ ਜਿੱਦ 'ਚ
ਕਿੱਥੇ ਹੈ ਕਲਮ ਤੇਰੀ ਚੱਲ ਚੁੱਕ ਅੱਲਾ ਮੇਰੇ
ਇੱਕੋ ਸਾਡਾ ਰਾਹ ਲਿਖਦੇ
ਦੱਸ ਕਿਹੜੀ ਮੈਂ ਨਮਾਜ਼ ਪੜ੍ਹਾਂ
ਜਿਸ ਨਾਲ ਮੈਨੂੰ ਤੂੰ ਮਿਲਜੋਂ
ਆਪਣੇ ਬਾਰੇ ਨਾ ਹੁਣ ਸੋਚਦਾ ਜ਼ਮਾਨਾ
ਲੋਕ ਬੋਲਣਗੇ ਕੀ-ਕੀ ਨੇ ਸੋਚਦੇ
ਧਰਮਾਂ ਦੇ ਵਿੱਚ ਉਲਝੇ ਨੇ ਸਭ ਫਿਰਦੇ
ਬਾਕੀ ਲੋਕ ਚੰਨ 'ਤੇ ਵੀ ਪਹੁੰਚਗੇ
ਆਪਣੀਆਂ ਖੁਸ਼ੀਆਂ ਲਈ ਕਿਸੇ ਦੀ ਖੁਸ਼ੀ ਖੋਹਦੇ
ਅਗਲਾ ਚਾਹੇ ਓ ਮਰ ਮਿਟਜੇ
ਦੱਸ ਕਿਹੜੀ ਮੈਂ ਨਮਾਜ਼ ਪੜ੍ਹਾ
ਜਿਸ ਨਾਲ ਮੈਨੂੰ ਤੂੰ ਮਿਲਜੇ
ਆਕੜਖੋਰ
ਉਦਾਸੀਆਂ ਮਿਲਣ ਨੂੰ ਰਹਿਣ ਪਿਆਸੀਆਂ
ਜੋ ਰੋਜ਼ਾਨਾ ਮਿਲਣ ਲਈ ਆਉਂਦੀਆਂ ਨੇ
ਖੁਸ਼ੀਆਂ ਤਾਂ ਆਕੜਖੋਰ ਹੁੰਦੀਆਂ
ਜੋ ਕਦੇ-ਕਦਾਈਂ ਘਰ ਆਉਂਦੀਆਂ ਨੇ
ਚੰਮ ਦਾ ਚੈਨ ਹੈ ਵੇਰੀ ਬਣਿਆ
ਆਰਾਮ ਨਾ ਰੂਹ ਨੂੰ ਥਿਆਵੇ
ਜਦ ਵੀ ਆਉਂਦਾ ਨਾਲ ਹੀ ਆਉਂਦਾ
ਸਾਹ ਨਾ ਦੁੱਖ ਵੀ ਆਵੇ
ਕਿੱਥੇ ਖ਼ੁਦਾ ਅਦਾਲਤ ਤੇਰੀ
ਅਰਜ਼ੀ ਸਾਡੀ ਫਰੋਲ
ਮੇਰਾ ਹੀ ਦਿਲ ਡੁੱਡਿਆ ਤੈਨੂੰ
ਬੋਲ ਖ਼ੁਦਾ ਵੇ ਬੋਲ
ਗੱਲ ਆਮ
ਦੇਖ ਕੇ ਬੇਨਜ਼ਰ ਕਰ ਦੇਣਾ
ਗੱਲ ਆਮ ਨੀ ਹੁੰਦੀ
ਦਿਲ ਨੂੰ ਕਬਰ ਕਰ ਲੈਣਾ
ਗੱਲ ਆਮ ਨੀ ਹੁੰਦੀ
ਸੁਫਨੇ ਦਫ਼ਨ ਕਰ ਲੈਣਾ
ਗੱਲ ਆਮ ਨੀ ਹੁੰਦੀ
ਜਜ਼ਬਾਤ ਕਫ਼ਨ ਕਰ ਲੈਣਾ
ਗੱਲ ਆਮ ਨੀ ਹੁੰਦੀ
ਬੇਰੁਖੀਆਂ ਹਜ਼ਮ ਕਰ ਲੈਣਾ
ਗੱਲ ਆਮ ਨੀ ਹੁੰਦੀ
ਲਫਜ਼ਾਂ ਨੂੰ ਨਜ਼ਮ ਕਰ ਲੈਣਾ
ਗੱਲ ਆਮ ਨੀ ਹੁੰਦੀ
ਉੱਜੜੇ ਨੂੰ ਵਸਲ ਕਰ ਲੈਣਾ
ਗੱਲ ਆਮ ਨੀ ਹੁੰਦੀ
ਇਸ਼ਕ ਦਾ ਸਫਰ ਕਰ ਲੈਣਾ
ਗੱਲ ਆਮ ਨੀ ਹੁੰਦੀ
ਖਾਮੋਸ਼ੀ
ਇੰਨੀ ਖਾਮੋਸ਼ੀ ਹੈ ਮੇਰੇ ਦਿਲ ਦੀ ਕਬਰ ਵਿੱਚ
ਕਿ ਤੈਨੂੰ ਕਬਰਸਤਾਨ ਵੀ ਰੌਣਕੀ ਜਿਹੇ ਲੱਗਣਗੇ
ਡੁੱਲਦੇ-ਡੁੱਲਦੇ
ਤੇਰੇ ਤੇ ਡੁੱਲਦੇ-ਡੁੱਲਦੇ ਨੇ
ਮੈਂ ਆਪਣਾ ਆਪ ਮੁਕਾ ਲਿਆ....
ਚਿਹਰਾ
ਮੈਂ ਹਾੜ੍ਹ ਦੇ ਦਿਨ ਵੀ ਦੇਖੇ ਨੇ
ਮੈਂ ਪਿਆਰ ਦੇ ਦਿਨ ਵੀ ਦੇਖੇ ਨੇ
ਮੈਂ ਵਸਲਾਂ ਦੇ ਦਿਨ ਦੇਖੇ ਨੇ
ਮੈਂ ਉਜਾੜ ਦੇ ਦਿਨ ਵੀ ਦੇਖੇ ਨੇ
ਅਸੀਂ ਓਸ ਚੁਬਾਰਿਓਂ ਗਿਰ ਗਏ
ਜਿੱਥੇ ਮੁੜਕੇ ਚੜ੍ਹਿਆ ਨਾ ਗਿਆ
ਅਸੀਂ ਇਸ਼ਕ ਕਿਤਾਬਾਂ ਪੜ੍ਹ ਬੈਠੇ
ਤੇਰਾ ਚਿਹਰਾ ਪੜ੍ਹਿਆ ਨਾ ਗਿਆ
ਦੱਸ ਵੀ ਦਈਏ
ਇੱਕ ਅੱਧਾ ਸੁੱਖ ਹੋਵੇ ਤਾਂ ਹੱਸ ਵੀ ਦਈ ਏ
ਮੇਰਾ ਹਾਲ ਜੇ ਤੂੰ ਪੁੱਛੇ ਤਾਂ ਦੱਸ ਵੀ ਦਈ ਏ
ਕੰਧ ਵਿੱਚੋਂ ਅੱਖਾਂ ਕੱਢ ਵੇਂਹਦੇ ਨੇ, ਲੋਕਾਂ ਨੂੰ ਹੁਣ ਦੱਸ ਕੀ ਕਹੀ ਏ
ਕੀ ਚੱਲਦਾ ਹੈ ਸਾਹ ਦੇ ਬੀਤਰ, ਹੁਣ ਆਪਣਾ ਰਹੱਸ ਵੀ ਦਈ ਏ
ਤੇਰਾ ਮੈਨੂੰ ਵੱਖ ਹੋਣਾ ਤਾਂ, ਪਹਿਲੇ ਦਿਨ ਤੋਂ ਰਾਸ ਨਹੀਂ
ਰਹਿੰਦੇ ਸਾਂ ਤੇਰੇ ਹਾਸਿਆਂ ਨਾਲ, ਹੁਣ ਤਾਂ ਹਿਜ਼ਰਾਂ ਨਾਲ ਵੀ ਰਈ ਏ
ਖੜ੍ਹਦੇ ਸਾਂ ਜੁੜ ਨਾਲ ਕਦੇ, ਲਵੇਂ ਦੂਰੋਂ ਨੀਵੀਂ ਪਾ ਵੀ ਸਈ ਏ
ਵੇਲਾ ਹੋ ਗਿਆ ਚਾਹ ਦਾ ਸੱਜਣਾ, ਚੱਲ ਖਾਂ ਤੇਰੀ ਯਾਦ ਨਾ ਬਈ ਏ
ਕੋਲ ਰਹਿਲਾ ਜਾਂ ਵੱਖ ਹੋ ਲੈ, ਤੇਰੇ ਸਵਾਲ ਜਵਾਬ ਵੀ ਸਈ ਏ
ਜਿਸਰਾਂ ਰੱਖਣਾ ਰੱਖ ਲਾ ਸਾਨੂੰ ਅਸੀਂ ਤਾਂ ਉਸੇ ਹਾਲ 'ਚ ਰਈ ਏ
ਮਰਿਆ ਮਰਿਆ
ਬਹਾਰਾਂ ਵਿੱਚ ਮੈਂ ਝੜਿਆ ਝੜਿਆ ਰਹਿੰਦਾ ਵਾਂ,
ਤੇਰੇ ਖਾਬਾਂ ਦੀ ਸੂਲੀ ਚੜ੍ਹਿਆ ਚੜ੍ਹਿਆ ਰਹਿੰਦਾ ਵਾਂ!
ਚੱਲਦੇ ਸਮੇਂ ਵਿੱਚ ਖੜਿਆ ਖੜਿਆ ਰਹਿੰਦਾ ਵਾਂ,
ਜਿਉਂਦੀ ਦੁਨੀਆਂ ਵਿੱਚ ਮਰਿਆ ਮਰਿਆ ਰਹਿੰਦਾ ਵਾਂ!
ਜ਼ਿਆਦਾ ਬਣਨ ਲੱਗ ਪਈ ਰਾਤਾਂ ਨਾਲ ਮੇਰੀ,
ਕੀ ਕਰਾਂ, ਸਵੇਰਿਆਂ ਨਾਲ ਜੋ ਲੜਿਆ ਲੜਿਆ ਰਹਿੰਦਾ ਵਾ!
ਆਖਰੀ ਵਾਰ ਤਾਂ ਤੇਰੇ ਨਾਲ ਖੁੱਲ੍ਹ ਕੇ ਹੱਸਿਆ ਸਾਂ,
ਹੋਰਾਂ ਵਿੱਚ ਬਹਿਕੇ ਤਾਂ ਮੈਂ ਸੜਿਆ ਸੜਿਆ ਰਹਿੰਦਾ ਵਾਂ!
ਬਹਾਰਾਂ ਵਿੱਚ ਮੈਂ ਝੜਿਆ ਝੜਿਆ ਰਹਿੰਦਾ ਵਾਂ,
ਤੇਰੇ ਖਾਬਾਂ ਦੀ ਸੂਲੀ ਚੜਿਆ ਚੜਿਆ ਰਹਿੰਦਾ ਵਾਂ!
ਕਾਫਿਰ ਕਾਫਿਰ
ਸਾਹ ਤਾਂ ਚਲਦੇ ਸੀ ਪਰ ਕੋਈ ਸੁਰਤ ਨਹੀਂ ਸੀ
ਛੱਲਾ ਇੱਦਾਂ ਸੁੱਟਿਆ ਜਿਵੇਂ ਜ਼ਰੂਰਤ ਨਹੀਂ ਸੀ
ਸਾਨੂੰ ਹੋਰਾਂ ਮੂਹਰੇ ਕਾਫਿਰ-ਕਾਫਿਰ ਦੱਸਦੈਂ
ਵੈਸੇ ਤਾਂ ਰੱਬ ਦੀ ਤੂੰ ਵੀ ਕੋਈ ਮੂਰਤ ਹੀ ਸੀ
ਬਦਸੂਰਤ, ਕਸੋਹਣੀ, ਮੈਲੀ ਹੋਰ ਕੀ ਕੁੱਝ ਕਹਿੰਦੇ
ਫੁੱਲਾਂ ਵਾਂਗਰ ਸੋਹਣੀ ਤੇਰੀ ਵੀ ਸੂਰਤ ਨਹੀਂ ਸੀ
ਤੈਨੂੰ ਮਲੂਕ ਜਿੰਦੜੀ ਦੇ ਸਾਰੇ ਹੱਕ ਦੇ ਛੱਡੇ
ਤਾਂ ਹੀ ਦਿਲ ਮਰੋੜ ਪਾਸੇ ਕਰ ਗਿਐਂ
ਉਂਝ ਕੋਈ ਸਾਡੇ ਵੱਲ ਅੱਖ ਵੀ ਚੁੱਕ ਕੇ ਵੇਖੇ
ਉਏ ਕਿਸੇ 'ਚ ਇੰਨੀ ਜੁਅਰਤ ਨਹੀਂ ਸੀ
ਕੀ ਹਾਲ
ਸਾਨੂੰ ਕਈ ਤਰ੍ਹਾਂ ਦੀਆਂ ਮਰਜ਼ਾਂ ਨੇ
ਕਿਸੇ ਹਾਲ ਨਾ ਪੁੱਛਿਆ ਮੇਰਾ
ਖੁਸ਼ੀਆਂ ਨਾਂਹ ਬਰੋਬਰ ਅਤੇ
ਜ਼ਿੰਦਗੀ ਵਿੱਚ ਗਮ ਬਥੇਰਾ
ਸਾਰੀ ਉਮਰ ਰੋ-ਰੋ ਲੰਘਾਈ
ਰਿਹਾ ਚਾਰ ਚੁਫੇਰੇ ਹਨੇਰਾ
ਅਸਾਂ ਰਾਤਾਂ ਨਾਲ ਸਾਂਝ ਪਾਈ
ਦੱਸ ਕੀ ਕਰਾਂ ਮੈਂ ਸਵੇਰਾ
ਮੇਰੀ ਛੱਡ ਤੂੰ ਆਪਣੀ ਦੱਸ
ਕੀ ਹਾਲ ਏ ਤੇਰਾ, ਕੀ ਹਾਲ ਏ ਤੇਰਾ?
ਕਮੀ
ਕਿਸੇ ਹਿੱਸੇ ਆਇਆ ਦੁੱਖਾਂ ਦਾ ਸਾਗਰ
ਕਿਸੇ ਹਿੱਸੇ ਜ਼ਿੰਦਗੀ ਹਸੀਨ ਆਈ ਏ
ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ
ਆਸਮਾਨ ਹਿੱਸੇ ਕਿਹੜਾ ਜ਼ਮੀਨ ਆਈ ਏ
ਜੁਰਮ ਹੈ
ਬਿਨ ਦੱਸੇ ਕਿਸੇ ਆਪਣੇ ਤੋਂ ਹੋਣਾ ਸੱਖਣਾ ਵੀ ਤਾਂ ਜੁਰਮ ਹੈ
ਯਾਰ ਬਣਾ ਕੇ ਤੇ ਮਿੰਟ ਪੰਜ ਨਾ ਕੱਢਣਾ ਵੀ ਤਾਂ ਜੁਰਮ ਹੈ
ਮਾਰਦੇ ਬੰਨ੍ਹ ਦਿਲ 'ਚ ਵਹਿੰਦੇ ਇਸ਼ਕ ਦੇ ਸਾਗਰਾਂ ਨੂੰ
ਕਿਸੇ ਨੂੰ ਜ਼ਬਰਦਸਤੀ ਜ਼ਿੰਦਗੀ 'ਚ ਰੱਖਣਾ ਵੀ ਤਾਂ ਜੁਰਮ ਹੈ
ਜਿਸ ਨੇ ਆਵਾਜ਼ ਨਾ ਸੁਣੀ ਉਸਤੇ ਲਫ਼ਜ਼ ਕੀ ਅਸਰ ਕਰਨਗੇ
ਜੋ ਖ਼ੁਦ ਉਲਝੇ ਫਿਰਦੇ ਨੇ ਉਹ ਤੈਨੂੰ ਕੀ ਵਸਲ ਕਰਨਗੇ
ਬੜਾ ਔਖਾ ਹੋ ਮਨ ਸਮਝਾ ਕੇ ਸੁੱਤਾ ਏਂ ਕੰਵਲਾ
ਫਿਰ ਤੋਂ ਨਾ ਆਸ ਜਗਾਲੀਂ ਕਿ ਉਹ ਤੇਰੇ ਵੱਲ ਨਜ਼ਰ ਕਰਨਗੇ
ਤੈਨੂੰ ਚਾਹੁਣ ਲਈ ਜੋ ਹਰ ਹੱਦ ਟੱਪੇ ਤਾਂ ਕਿਆ ਹੀ ਬਾਤ ਹੋਵੇ
ਤੈਨੂੰ ਪੌਣ ਲਈ ਦੁਨੀਆਂ ਦਾ ਹੱਥ ਛੱਡੇ ਤਾਂ ਕਿਆ ਹੀ ਬਾਤ ਹੋਵੇ
ਰੁਝੇਵੇਂ ਤਾਂ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੇ ਨੇ ਕੰਵਲਾ
ਪਰ ਜੋ ਵਕਤ 'ਚੋਂ ਤੇਰੇ ਲਈ ਵਕਤ ਕੱਢੇ ਤਾਂ ਕਿਆ ਹੀ ਬਾਤ ਹੋਵੇ
ਰੱਬ ਕਹਿੰਦਾ
ਲਾਪਤਾ ਸੀ ਦਿਲ ਦਿਮਾਗ ਮੇਰਾ
ਇਸ਼ਕੇ ਦੀਆਂ ਤੰਦਾਂ 'ਚ ਰੰਗਿਆ
ਰੱਬ ਕਹਿੰਦਾ ਮੈਂ ਮੰਨ ਤਾਂ ਜਾਂਦਾ
ਤੇਰੇ ਸੱਜਣ ਨਾ ਕਦੇ ਸੀ ਤੈਨੂੰ ਮੰਗਿਆ
ਮੁਸੀਬਤ ਔਕੜਾਂ ਹੰਝੂ ਰੋਸੇ
ਰਿਸ਼ਤਿਆਂ ਦੇ ਵਿੱਚ ਆਉਂਦੇ ਨੇ
ਜੇ ਕਿਸੇ ਨੂੰ ਪੌਣ ਦੀ ਚਾਹ ਹੋਵੇ
ਉਹ ਅਣਹੋਣੀ ਕਰ ਦਿਖਾਉਂਦੇ ਨੇ
ਉਹ ਡਰਨ ਨਾ ਤੇਜ਼ ਫਿਜ਼ਾਵਾਂ ਤੋਂ
ਜਿਨ੍ਹਾਂ ਤੂਫਾਨ ਹੋਵੇ ਸੀਨੇ ਝੱਲਿਆ
ਉਸ ਘਰ ਕਦੇ ਥਾਂ ਨਹੀਂ ਮਿਲਦੀ
ਜਿਸਦਾ ਵਿਹੜਾ ਕਿਸੇ ਹੋਵੇ ਮੱਲਿਆ
ਰੱਬ ਕਹਿੰਦਾ ਮੈਂ ਮੰਨ ਤਾਂ ਜਾਂਦਾ
ਤੇਰੇ ਸੱਜਣ ਨਾ ਕਦੇ ਸੀ ਤੈਨੂੰ ਮੰਗਿਆ
ਬਿਨਾਂ ਦੱਸੇ
ਬਿਨਾਂ ਦੱਸੇ ਦੂਰ ਤੂੰ ਜਾ ਰਿਹਾ ਏਂ ਨਾ
ਹੌਲੀ-ਹੌਲੀ ਮਨ ਸਮਝਾ ਰਿਹਾ ਏਂ ਨਾ
ਸਾਰੀ ਜ਼ਿੰਦਗੀ ਹਵਾਲੇ ਕਰਿਆ ਸੀ ਜੋ
ਦਿਲ ਮੇਰੀ ਕੈਦ ਵਿੱਚੋਂ ਛੁੜਵਾ ਰਿਹਾ ਏਂ ਨਾ
ਸਾਰੇ ਦਿਨ ਵਿੱਚ ਅੱਧਾ ਘੰਟਾ ਵੀ ਨਾ ਗੱਲ ਕਰਨਾ
ਤਕਲੀਫ ਤਾਂ ਦੇਂਦਾ ਏ ਪਰ ਸਹਿੰਦਾ ਹਾਂ ਨਾ
ਤੇਰਾ ਇਕਸਾਰ ਤੋਂ ਇੱਕ ਵਾਰ ਵੀ ਨਾ ਰੀਝ ਲਾ ਤੱਕਣਾ
ਤਕਲੀਫ ਤਾਂ ਦੇਂਦਾ ਏ ਪਰ ਸਹਿੰਦਾ ਹਾਂ ਨਾ
ਤੇਰਾ ਅਚਾਨਕ ਬਦਲ ਜਾਣਾ ਵੀ
ਤਕਲੀਫ ਤਾਂ ਦੇਂਦਾ ਏ ਪਰ ਸਹਿੰਦਾ ਹਾਂ ਨਾ
ਤੇਰਾ ਮੈਨੂੰ ਆਪਣੇ ਖਾਬਾਂ 'ਚੋਂ ਬੇਦਖਲ ਕਰ ਦੇਣਾ
ਤਕਲੀਫ ਤਾਂ ਦੇਂਦਾ ਏ ਪਰ ਸਹਿੰਦਾ ਹਾਂ ਨਾ
ਰੋਜ਼ ਸੂਰਜ ਚੜ੍ਹ ਕੇ ਖੱਪਦਾ ਤੱਪਦਾ ਮੈਨੂੰ ਸਮਝਾਉਂਦਾ
ਥੱਕ ਹਾਰ ਕੇ ਠੰਡਾ ਜਿਆ ਹੋ ਕੇ ਡੁੱਬ ਜਾਂਦਾ
ਤੇ ਚੰਨ ਚੜ੍ਹਦਾ ਮੈਨੂੰ ਇੱਕ ਸਵਾਲ ਕਰਦਾ
ਕਿ ਤੂੰ ਹਲੇ ਵੀ ਉਸਦੀ ਯਾਦ 'ਚ ਗੁੰਮਿਆਂ ਫਿਰਦਾਂ?
ਮੇਰਾ ਅਕਸਰ ਉਸਨੂੰ ਇਹੀ ਜਵਾਬ ਹੁੰਦਾ
ਕਿ ਤੇਰਾ ਇੰਨੀ ਉੱਪਰ ਬੈਠੇ ਦਾ ਮੈਨੂੰ ਕੀ ਭਾਅ?
ਤੂੰ ਮੈਨੂੰ ਸਵਾਲ ਕਰਨ ਦੀ ਬਜਾਏ
ਮੇਰੇ ਸਵਾਲਾਂ ਦੇ ਜਵਾਬ ਕਿਉਂ ਨਈਂ ਲੱਭ ਦੇਂਦਾ
ਦੱਸ ਕੀ ਮੇਰਾ ਮਹਿਬੂਬ ਵੀ ਰਾਤ ਜਾਗ-ਜਾਗ ਕੱਢਦਾ
ਜਾਂ ਫਿਰ ਉਹ ਵੀ ਹੋਰਾਂ ਵਾਂਗ ਬੇਫ਼ਿਕਰਾ ਹੋ ਸੌ ਜਾਂਦਾ?
ਬੱਸ ਫਿਰ ਚੁੱਪ ਜਿਆ ਹੋ ਕੇ ਬਹਿ ਜਾਂਦਾ
ਤੇ ਜਾਂਦਾ-ਜਾਂਦਾ ਕਹਿੰਦਾ ਕਿ ਖਿਆਲ ਰੱਖੀਂ ਆਵਦਾ!!
ਚੱਲ ਇਸ ਤੋਂ ਇੱਕ ਗੱਲ ਤਾਂ ਸਮਝਣ ਨੂੰ ਮਿਲੀ ਕਿ
ਖਿਆਲ ਆਪਣਾ ਖ਼ੁਦ ਨੂੰ ਹੀ ਰੱਖਣਾ ਪੈਂਦਾ
ਮੈਨੂੰ ਕੋਈ ਐਸਾ ਮਿਲਿਆ ਨਹੀਂ ਜੋ ਸਿਰਫ਼ ਮੇਰੇ ਬਾਰੇ ਸੋਚੇ
ਮਿਲਿਆ ਸੀ ਇੱਕ ਉਹਨੂੰ ਵੀ ਮਜ਼ਬੂਰੀਆਂ ਮਾਰ ਲਿਆ।
ਚੱਲ ਛੱਡ ਦਿਲਾ ਆਪਣੀ ਕਿਸਮਤ ਹੀ ਐਸੀ ਏ
ਕਿਸ ਨੂੰ ਗਿਲੇ ਸੁਣਾਉਂਦਾ ਆਪਣੇ?
ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ
ਸਭ ਮਨ ਮਰਜ਼ੀ ਕਰਦੇ ਨੇ
ਤੇਰੀਆਂ ਤਕਲੀਫਾਂ ਤਾਂ
ਤੇਰੇ ਆਸ ਪਾਸ ਵਾਲੇ ਸੁਣ ਸਕਦੇ
ਜੋ ਤੇਰੇ ਇਸ ਵੇਲੇ ਨਾਲ ਹੁੰਦੇ ਨੇ,
ਜਿਵੇਂ ਕਿ ਸਰਾਹਣਾ ਜੋ ਤੇਰੀ ਅੱਖ 'ਚੋਂ ਡਿੱਗਿਆ ਹੰਝੂ
ਖ਼ੁਦ ਅੰਦਰ ਸਮੇਂ ਲੈਂਦਾ ਤੇ ਕਿਸੇ ਨੂੰ ਨਹੀਂ ਦੱਸਦਾ
ਕਿ ਤੂੰ ਅੰਦਰੋਂ ਕਿੰਨਾ ਕਮਜ਼ੋਰ ਤੇ ਟੁੱਟਿਆ ਏਂ!!
ਫਿਰ ਸੋਚਦਾਂ ਹਾਂ ਕਿ ਕੀ ਫਾਇਦਾ ਰੌਲਾ ਪੌਣ ਦਾ
ਜਿੱਥੇ ਇੰਨਾ ਕੁੱਝ ਦੱਬਿਆ ਹੋਇਆ ਸੀ
ਉੱਥੇ ਦਿਲ ਦੀ ਕਬਰ 'ਚ ਇਹ ਦੁੱਖ ਵੀ ਦੱਬ ਲੈਂਦਾ
ਪਰ ਜੇ ਇਹ ਵੀ ਦੱਬ ਲਵਾਂ ਤਾਂ ਮੈਂ
ਕਿਸੇ ਜਿਉਂਦੀ ਜਾਗਦੀ ਲਾਸ਼ ਤੋਂ ਘੱਟ ਨਾ ਹੋਇਆ?
ਇਨਸਾਨ ਹਾਂ ਮੈਂ ਵੀ ਰੱਬਾ!!!
ਸਾਰੇ ਦੁੱਖ ਮੈਂ ਹੀ ਕਿਉਂ ਸਹੇੜਾ?
ਭੇਜਦਾ ਹੀ ਨਾ ਦੁਨੀਆਂ 'ਤੇ
ਜੇ ਐਸੇ ਰਾਹ ਲਿਖਣੇ ਸੀ
ਜਾਂ ਕਿਸੇ ਦਾ ਸਾਥ ਤਾਂ ਲਿਖਦਾ
ਜੋ ਮੇਰੇ ਨਾਲ ਰਹਿੰਦੀ ਉਮਰ ਤੱਕ ਰਹਿੰਦਾ
ਤੇ ਮੈਨੂੰ ਸਮਝਦਾ
ਜੋ ਸਮਝਦਾ ਸੀ ਉਸ ਨੂੰ ਵੀ ਤੂੰ
ਦੁੱਖ ਦੇਣ 'ਚ ਕੋਈ ਕਸਰ ਨਹੀਂ ਛੱਡੀ
ਆਏ ਦਿਨ ਰਵਾਉਂਦਾ ਤੂੰ ਉਸ ਨੂੰ ਵੀ
ਸ਼ਾਇਦ ਉਹ ਵੀ ਸੋਚਦਾ ਹੋਵੇ ਕਿ
ਜਿਸ ਦਿਨ ਦਾ ਇਹ ਮਿਲਿਆ
ਮੇਰਾ ਕੋਈ ਦਿਨ ਵੀ ਹੱਸ ਨਹੀਂ ਗੁਜ਼ਰਿਆ।
ਉਸ ਨੂੰ ਵੀ ਮਜ਼ਬੂਰੀਆਂ ਮਾਰ ਲਿਆ
ਹੁਣ ਉਹ ਵੀ ਇਸ ਹੱਦ ਤੱਕ ਸੋਚਦੈ
ਕਿ ਇਸ ਨੂੰ ਆਪਣੀ ਜ਼ਿੰਦਗੀ 'ਚ ਰੱਖਾਂ ਜਾਂ ਨਾ!
ਮੈਨੂੰ ਦਿਲ ਦੀ ਥਾਂ ਪੱਥਰ ਰੱਖ ਦੇਂਦਾ ਤਾਂ
ਮੈਂ ਤੇਰਾ ਸਾਰੀ ਉਮਰ ਸ਼ੁਕਰ ਕਰਦਾ
ਪਰ ਮੈਂ ਹੁਣ ਕੀ ਕਰਾਂ?
ਕਿੱਥੇ ਜਾਵਾਂ ਤੇ ਕਿੱਥੇ ਰਹਾਂ?
ਰੋਜ਼ ਰਾਤ ਰੋ ਕੇ ਸੌਣਾ ਕਿਤੇ ਸੋਖਾ?
ਆਹ ਦੁਨੀਆਂ ਮੇਰੇ ਲਈ ਨਹੀਂ ਬਣੀ।
ਅਗਰ ਬਣੀ ਹੈ ਤਾਂ
ਮੇਰੀ ਝੋਲੀ ਪਾ ਜੋ ਮੰਗਿਆ ਮੈਂ
ਨਹੀਂ ਤਾਂ ਮੈਨੂੰ ਝੋਲੀ ਅੱਡਣ ਜੋਗਾ ਵੀ ਨਾ ਕਰ
ਖ਼ਤਮ ਕਰ ਇਹ ਜਨਮ ਮਰਨ ਦੀ ਖੇਡ
ਇੱਕ ਪਾਸੇ ਲਾ ਕੇ ਮੈਨੂੰ ਗੱਲ ਮੁਕਾ।
ਦਿਲਾਸੇ ਦਿਲਾਸੇ
ਕਿਹੜੀਆਂ ਖੁਸ਼ੀਆਂ ਤੇ ਕਿਹੜੇ ਹਾਸੇ
ਹੁਣ ਤਾਂ ਜ਼ਿੰਦਗੀ ਦਿਲਾਸੇ ਹੀ ਦਿਲਾਸੇ
ਮੈਂ ਫੱਕਰਾਂ ਦੇ ਲੜ ਲੱਗਣ ਚੱਲਿਆ
ਯਾਰ ਤੇ ਪਿਆਰ ਨੂੰ ਰੱਖ ਕੇ ਪਾਸੇ
ਸਭ ਦੇ ਰੰਗ ਨੇ ਬਦਲੇ ਬਦਲੇ
ਅੱਜ ਕੌੜੇ ਜੀਭ ਨੂੰ ਲੱਗੇ ਪਤਾਸੇ
ਬਾਪ ਦਾ ਸਾਇਆ ਸਿਰ ਤੋਂ ਲਹਿਆ
ਜਿਉਣੀ ਫਿਰ ਜ਼ਿੰਦਗੀ ਕਿਸ ਆਸੇ
ਦਿਲ ਤੇ ਦੁੱਖ ਦਾ ਵਜ਼ਨ ਹੈ ਖਾਸਾ
ਭਾਰ ਸੁੱਖਾਂ ਦਾ ਬੱਸ ਕੁੱਝ ਮਾਸੇ
ਜਾ ਤਾਂ ਜਾਕੇ ਰੋਕ ਲੈ ਕੰਵਲਾ
ਔਹ ਤੁਰੇ ਜਾਂਦੇ ਨੇ ਤੇਰੇ ਹਾਸੇ
ਕਿਹੜੀਆਂ ਖੁਸ਼ੀਆਂ ਤੇ ਕਿਹੜੇ ਹਾਸੇ
ਹੁਣ ਤਾਂ ਜ਼ਿੰਦਗੀ ਦਿਲਾਸੇ ਹੀ ਦਿਲਾਸੇ
ਬੜੇ ਚਿਰਾਂ ਬਾਦ
ਬੜੇ ਚਿਰਾਂ ਬਾਦ ਕਲਮ 'ਚ ਸਿਆਹੀ ਭਰਨ ਲੱਗਾ ਹਾਂ
ਸ਼ਾਇਦ ਸੋਚਾਂ ਦਾ ਭਾਰ ਹੋਰ ਸਾਂਭਿਆ ਨੀ ਜਾ ਰਿਹਾ
ਤਾਂਹੀ ਮੈਂ ਚਿੱਟੇ ਵਰਕੇ ਨੂੰ ਕਾਲਾ ਕਰਨ ਲੱਗਾ ਹਾਂ
ਸਾਰੀ ਉਮਰ ਕਿਤਾਬਾਂ ਪੜ੍ਹ ਪੜ੍ਹ ਹੀ ਗੁਜ਼ਰ ਗਈ
ਅੱਜ ਮੈਂ ਖ਼ੁਦ ਦੀ ਜ਼ਿੰਦਗੀ ਖ਼ੁਦ ਪੜ੍ਹਨ ਲੱਗਾ ਹਾਂ
ਜਦੋਂ ਕਦੇ ਆਕੇ ਬਹਿ ਜਾਂਦੀ ਤੇਰੀ ਯਾਦ ਸਰਾਹਣੇ
ਜਦ ਕਦੇ ਵੀ ਮੈਂ ਜ਼ਿੰਦਗੀ ਵਿੱਚ ਖੜ੍ਹਨ ਲੱਗਾ ਹਾਂ
ਤੇਰੀ ਜ਼ਿੰਦਗੀ ਵਿੱਚੋਂ ਕਦੋਂ, ਕਿਵੇਂ ਤੇ ਕਿਸ ਦਿਨ ਨਿਕਲਿਆ
ਕਲੰਡਰ ਦੀ ਭੈੜੀ ਉਹ ਤਰੀਕ ਮੜ੍ਹਨ ਲੱਗਾ ਹਾਂ
ਮੈਂ ਮਰ ਚੱਲਿਆ ਉਡੀਕ 'ਚ ਤੇਰੀ ਯਾਦ ਨੂੰ ਮਾਰਦੇ ਮਾਰਦੇ
ਕੀ ਦੱਸਾਂ ਹੁਣ ਤਾਂ ਮੈਂ ਖ਼ੁਦ ਤੋਂ ਵੀ ਡਰਨ ਲੱਗਾ ਹਾਂ
ਅਗਲੇ ਜਨਮ ਮਿਲਾਂਗੇ ਇੱਕ ਨਵੀਂ ਸ਼ੁਰੂਆਤ ਨਾਲ
ਨਿਕੰਮੇ ਸਰੀਰ 'ਚੋਂ ਰੂਹ ਨੂੰ ਮਨਫ਼ੀ ਕਰਨ ਲੱਗਾ ਹਾਂ
ਜਿਉਂਦੇ ਜੀ ਨਾ ਸਮਝੀ ਸ਼ਾਇਦ ਮਰਨੋਂ ਬਾਦ ਸਮਝ ਜਾਵੇਂ
ਕਿ ਮੇਰੀ ਰੂਹ ਦਾ ਸਕੂਨ ਅਤੇ ਰੂਹ ਦਾ ਟਿਕਾਣਾ ਤੂੰ ਏ
ਇਸੇ ਆਸ 'ਚ ਅੱਜ ਮੈਂ ਤੇਰੀ ਖ਼ਾਤਰ ਮਰਨ ਲੱਗਾ ਹਾਂ
ਕੀ ਸਮਝਾਂ
ਲੱਖਾਂ ਦੁਆਵਾਂ ਕਰਨ 'ਤੇ ਵੀ ਨਾ ਮਿਲਿਆ
ਤੇਰਾ ਵਿਛੋੜਾ ਹੋਇਆ ਸਹਿ ਹੀ ਨਹੀਂ
ਇਹ ਸਮਝਾਂ ਕਿ ਰੱਬ ਨੇ ਸੁਣੀ ਹੀ ਨਹੀਂ
ਜਾਂ ਇਹ ਸਮਝਾਂ ਕਿ ਰੱਬ ਹੈ ਹੀ ਨਹੀਂ
ਯਾਦ ਕਰੀਂ
ਕਦੇ ਯਾਦ ਆਵੇ ਤਾਂ ਯਾਦ ਕਰੀਂ
ਕਦੇ ਭੁੱਲ ਭੁਲੇਖੇ ਵੀ ਯਾਦ ਕਰੀਂ
ਕਦੇ ਮੁਸੀਬਤ ਆਵੇ ਤਾਂ ਯਾਦ ਕਰੀਂ
ਕਦੇ ਕੋਈ ਸਤਾਵੇ ਤਾਂ ਯਾਦ ਕਰੀਂ
ਕਦੇ ਹੱਸਣਾ ਚਾਵੇਂ ਤਾਂ ਯਾਦ ਕਰੀਂ
ਕਦੇ ਮੋਢਾ ਚਾਵੇਂ ਤਾਂ ਯਾਦ ਕਰੀਂ
ਕਦੇ ਮਿਲਨਾ ਚਾਵੇਂ ਤਾਂ ਯਾਦ ਕਰੀਂ
ਕਦੇ ਮੁੜਨਾ ਚਾਵੇਂ ਤਾਂ ਯਾਦ ਕਰੀਂ
ਐਵੇਂ ਨਾ ਰਾਤੀਂ ਯਾਦ ਕਰਨਾ
ਜੇ ਕਰਨਾ ਪਲ-ਪਲ ਬਾਦ ਕਰੀਂ
ਕਦੇ ਡੋਲਿਆ ਕਿਧਰੇ ਯਾਦ ਕਰੀਂ
ਬੀਤਿਆ ਸਮਾਂ ਵੀ ਯਾਦ ਕਰੀਂ
ਜੋ ਕਰਿਆ ਆਪਣਿਆਂ ਯਾਦ ਕਰੀਂ
ਤੂੰ ਸਭ ਦਾ ਬਣਿਆ ਯਾਦ ਰੱਖੀਂ
ਕੋਈ ਨਾਲ ਨੀ ਖੜਿਆ ਯਾਦ ਕਰੀਂ
ਚੱਲ ਛੱਡ ਕਰਨਾ ਤਾਂ ਕਰ ਲਵੀਂ
ਜੇ ਨਈਂ ਕਰਨਾ ਤਾਂ ਨਾ ਕਰੀਂ
ਇੰਨੇ ਮਾੜੇ ਨੀ ਜੋ ਯਾਦ ਨਾ ਆਈਏ
ਜੇ ਆਏ ਤਾਂ ਸੋਚਾਂ 'ਚੋਂ ਬਾਹਰ ਨਾ ਕਰੀਂ
ਬੁਰਿਆ 'ਚੋਂ ਨਿਕਲ ਕੇ ਬਾਹਰ ਕਦੇ
ਚੰਗੇ ਲੱਭਣਾ ਚਾਵੇਂ ਤਾਂ ਯਾਦ ਕਰੀਂ
ਸਾਡੇ ਪੈਰ ਅਜੇ ਵੀ ਉੱਥੇ ਈ ਨੇ
ਜਿੱਥੇ ਛੱਡਿਆ ਸੀ ਤੂੰ ਯਾਦ ਕਰੀਂ
ਸੌਂਹ ਖਾ
ਇਸ਼ਕ ਇਸ਼ਕ ਕਹਿਣਾ ਸੌਖਾ
ਇੱਕ ਦੇ ਨਾਲ ਰਹਿਣਾ ਔਖਾ
ਵਫ਼ਾ ਦੀ ਗੱਲ ਕਰਦੀਆਂ ਅੱਖਾਂ
ਪੱਕਾ ਦਿਲ ਵਿੱਚ ਹੋਣਾ ਧੋਖਾ
ਨਾ ਪੁੱਛ ਇਸ਼ਕ ਦੇ ਦਰਦਾਂ ਬਾਰੇ
ਦਿਨ ਬ ਦਿਨ ਇਹ ਹੁੰਦਾ ਚੋਖਾ
ਕਹਿਨੈਂ ਮੇਰਾ ਦਿਲ ਨਹੀਂ ਟੁੱਟਿਆ
ਹੱਸ ਕਿਹਾ ਮੈਂ ਚੱਲ ਫਿਰ ਸੌਂਹ ਖਾ
ਮਹਿਬੂਬਾ
ਚੰਨ ਦੀ ਆਸ਼ਿਕ ਚਾਨਣੀ
ਤਾਰਿਆਂ ਦੀ ਲੋਅ ਮਹਿਬੂਬਾ
ਨਾਮ ਨਾ ਦੱਸੀਂ ਸੱਜਣਾਂ ਦਾ
ਦੁਨੀਆਂ ਲੈਂਦੀ ਖੋਹ ਮਹਿਬੂਬਾ
ਉਹ ਇਸ਼ਕ ਪਾਕ ਨੀ ਹੁੰਦਾ
ਮਰੇ ਨਾ ਯਾਰ ਲਈ ਜੋ ਮਹਿਬੂਬਾ
ਇਹ ਕੈਸੀ ਵੰਡ ਹੈ ਅੱਲਾ ਤੇਰੀ
ਕਿਸੇ ਹਿੱਸੇ ਇੱਕ ਵੀ ਨਹੀਂ
ਤੇ ਕਿਸੇ ਹਿੱਸੇ ਦੋ ਦੋ ਮਹਿਬੂਬਾ
ਹੈ ਅਤੇ ਸੀ
"ਹੈ” ਅਤੇ 'ਸੀ' 'ਚ ਬੱਸ ਇੰਨਾਂ ਈ ਫ਼ਰਕ ਏ
ਹੈ ਨਾਲ ਮਿਲਣ ਦੀਆਂ ਤਰੀਕਾਂ ਆਉਂਦੀਆਂ ਨੇ
ਅਤੇ
ਸੀ ਦੀਆਂ ਬੱਸ ਯਾਦਾਂ
ਮਿਲਾਂਗੇ ਜ਼ਰੂਰ-2
ਸਾਰੇ ਦੇਸਾਂ ਦੇ ਕਿਨਾਰੇ ਟੱਪਕੇ
ਮਿਲਾਂਗੇ ਜ਼ਰੂਰ ਤਾਰੇ ਟੱਪਕੇ
ਕਿਸੇ ਹੋਰ ਆਸਮਾਨ ਥੱਲੇ
ਕਿਸੇ ਹੋਰ ਬੱਦਲਾਂ ਉਹਲੇ
ਜਿੱਥੇ ਸੰਦਲੀ ਜਿਹੀ ਸ਼ਾਮ ਹੋਵੇ
ਕੋਇਲ ਕੂਕਦੀ ਮੋਰ ਨੱਚਦੇ ਹੋਣ
ਜਿੱਥੇ ਮੱਠੀ-ਮੱਠੀ ਕਣੀ ਵਰ੍ਹੇ
ਤੇ ਤੇਰੇ ਪਿੰਡੇ ਨੂੰ ਛੋਹ ਕੇ
ਮਹਿਕਦੀਆਂ ਹਵਾਵਾਂ ਮੇਰੇ ਵੱਲ ਆਉਣ
ਜਿੱਥੇ ਬੱਸ ਪਿਆਰ ਦੀ ਤਪਸ਼
ਤੇ ਇਸ਼ਕ ਦੀ ਤਲਬ ਹੋਵੇ
ਜਿੱਥੇ ਉਮਰ ਜਿਸਮਾਂ ਦੀ ਨਹੀਂ
ਰੂਹਾਂ ਦੀ ਗਿਣੀ ਜਾਂਦੀ ਹੋਵੇ
ਜਨਮ ਮਰਨ ਤੋਂ ਦੂਰ
ਕਿਸੇ ਟਾਭ ਤੇ ਨਿੱਕੀ ਜਿਹੀ ਛੰਨ ਹੋਵੇ
ਜਿੱਥੇ ਅਨੇਕਾਂ ਸੂਏ ਚੋਂਦੇ ਹੋਣ
ਤੇ ਪਾਣੀ ਸਜਦਾ ਕਰ ਕਰ ਗੁਜ਼ਰੇ
ਅਤੇ ਗਿੱਲੀ ਮਿੱਟੀ 'ਤੇ ਇੱਕ ਦੂਸਰੇ ਦਾ ਨਾਮ
ਦਿਲ ਵਾਹ ਕੇ ਉਸ ਵਿੱਚ ਲਿਖੀਏ
ਤੇ ਲਹਿਰਾਂ ਸਾਡੇ ਪਿੱਛੇ-ਪਿੱਛੇ ਆਉਣ
ਜਿਸ ਦਿਸ਼ਾ ਵੱਲ ਵੀ ਅਸੀਂ ਭੱਜੀਏ
ਹਾਂ ਬਿਲਕੁਲ ਠੀਕ ਸਮਝੇ
ਮੈਂ ਉਸ ਜਗ੍ਹਾ ਮਿਲਣ ਦੀ ਗੱਲ ਕਰਦਾ ਹਾਂ
ਜਿਸ ਦਾ ਨਾਮ 'ਜ' ਤੋਂ ਜੰਨਤ ਬਣਦਾ
ਸਾਡੇ ਦੋਹਾਂ ਦੇ ਮਿਲਣ ਦਾ ਸਿਰਨਾਵਾਂ
ਬੱਸ ਉਡੀਕ ਰੱਖੀਂ ਅਸੀਂ ਮਿਲਾਂਗੇ ਜ਼ਰੂਰ
ਬੱਸ ਉਡੀਕ ਰੱਖੀ......
ਸ਼ਰਾਪ
ਭੋਗ ਕੇ ਜ਼ਿੰਦਗੀ ਹਰ ਜੀਵ ਤੁਰ ਜਾਂਦਾ
ਬਣਾਈਆਂ ਉਸ ਦੀਆਂ ਪਿੱਛੇ ਥਾਵਾਂ ਠਹਿਰ ਜਾਣ
ਏ ਖ਼ੁਦਾ ਜੇ ਏਦਾਂ ਕਰਦੇ ਤਾਂ ਕਿੰਨਾ ਸੋਹਣਾ ਹੋਵੇ
ਕਿਸੇ ਦੀ ਰੂਹ ਨਾ ਛੱਡੇ ਸਰੀਰ ਤੇ ਸਾਹਵਾਂ ਠਹਿਰ ਜਾਣ
ਢੱਠ ਜਾਣ ਮਹਿਲ ਮੁਨਾਰੇ ਇਮਾਰਤਾਂ ਉੱਚੀਆਂ-ਉੱਚੀਆਂ ਵੀ
ਜਿੱਥੇ ਬਚਪਨ ਬੀਤਿਆ ਬੱਸ ਉਹ ਰਾਹਵਾਂ ਠਹਿਰ ਜਾਣ
ਰੱਖ ਲਵੀਂ ਇਹ ਦਿਲ ਕੱਢ ਕੇ ਜਾਂ ਰੱਖ ਲਵੀਂ ਤੂੰ ਰੂਹ ਮੇਰੀ
ਜੋ ਦੇਖ ਮੈਨੂੰ ਜਿਉਂਦੀਆਂ ਨੇ ਉਹ ਨਿਗਾਹਾਂ ਠਹਿਰ ਜਾਣ
ਰੱਬਾ ਚੱਲਦੀ ਰਹੇ ਤੇਰੀ ਬਣਾਈ ਇਹ ਕੁਦਰਤ ਵੀ
ਕਾਸ਼ ਸਦਾ ਵਾਸਤੇ ਸਭਨਾਂ ਦੀਆਂ ਮਾਵਾਂ ਠਹਿਰ ਜਾਣ
ਤੂੰ ਨਹੀਂ ਮੰਨਣੀ ਜੇ ਫਰਿਆਦ ਇਹ ਮੇਰੀ
ਤਾਂ ਸਰਾਪ ਏ ਤੈਨੂੰ ਤੇਰੀਆਂ ਵੀ ਸਾਹਵਾਂ ਠਹਿਰ ਜਾਣ
ਕਿਸਮਤ ਦੀ ਕਿਤਾਬ
ਤੇਰੇ ਦੇਸ਼ ਦਾ ਆਕਾਸ਼ ਰੰਗ ਵਰਗਾ ਸਾਫ਼
ਜ਼ਮੀਨ ਤੇਰੀ ਰੂਹ ਵਰਗੀ ਪਾਕ ਹੀ ਹੋਵੇਗੀ
ਫੁੱਲ ਤਾਂ ਸੋਹਣੇ ਹੋਵਣਗੇ ਹੀ ਹੋਵਣਗੇ
ਮਿੱਟੀ ਮੇਰੀ ਹਸਰਤ ਵਾਂਗ ਰਾਖ ਹੀ ਹੋਵੇਗੀ
ਤੇਰੀਆਂ ਮਹਿਕਾਂ ਖਿਲਾਰਦੀ ਹਵਾ ਮਹਿਕੇ
ਤੇਰੇ ਕੋਲ ਆਈ ਏ ਮੇਰੇ ਕੋਲੋਂ ਬਹਿਕੇ
ਤੇਰਾ ਸੁਨੇਹਾ ਲਿਆਉਂ ਮੈਨੂੰ ਆਈ ਕਹਿਕੇ
ਮੈਂ ਉਡੀਕ 'ਚ ਬੈਠਾ ਤੇਰੀ ਯਾਦ ਲੈਕੇ
ਚੱਲ ਲਾ ਸੁਨੇਹਾ ਖੁਸ਼ ਕਰ ਦਿਲ ਨੂੰ
ਕੱਸੀਏ ਪਿਆਰ 'ਚ ਪਾਈ ਢਿੱਲ ਨੂੰ
ਭੱਜਕੇ ਦੂਰ ਭਜਾਈਏ ਜਿੱਲ੍ਹ ਮਿੱਲ੍ਹ ਨੂੰ
ਵਿਛੋੜੇ ਦੀ ਰਲ ਲਾਹੀਏ ਛਿੱਲ ਨੂੰ
ਛੱਡ ਖਿਆਲ ਆ ਇੱਕ ਹੋਈਏ
ਕਰ ਦੁਆ ਖਾਬੋਂ ਨਾ ਵੱਖ ਹੋਈਏ
ਅੱਲਾ ਕਰੇ ਕਿਸਮਤ ਦੀ ਕਿਤਾਬ 'ਚ
ਆਪਾਂ ਇੱਕੋ ਕਾਗਜ਼ 'ਤੇ ਲਿਖ ਹੋਈਏ
ਕਾਸ਼ ਕੋਈ ਮਜ਼ਹਬ ਨਾ ਦੇਖੇ
ਹਰ ਕੋਈ ਹਰ ਜਗ੍ਹਾ ਮੱਥਾ ਟੇਕੇ
ਹਿੰਦੂ ਸਿੱਖ ਇਸਾਈ ਮੁਸਲਿਮ
ਵਾਹਿਗੁਰੂ ਸਾਈਂ ਅੱਲਾ ਏਕੇ
ਜਾਤ ਪਾਤ ਦੇ ਉੱਸਰੇ ਰੁੱਖਾਂ ਪਰ
ਮੈਂ ਪੰਛੀ ਪਿਆਰ ਦੇ ਮਰਦੇ ਦੇਖੇ
ਖ਼ੁਦ ਜ਼ੁਬਾਨੋ ਮਨਫ਼ੀ ਹੋਕਰ
ਮਜ਼ਬੂਰੀ ਹੇਠ ਵਾਅਦੇ ਕੱਜਦੇ ਦੇਖੇ
ਵਿਛੋੜੇ ਦੀ ਚੁੱਪ
ਜੋ ਸੋਚਦਾ ਸੀ ਅੱਖਾਂ ਨੂੰ ਖੂਬ ਨੀ ਮਿਲੇ
ਜੈਸੇ ਚਾਹੁੰਦਾ ਸੀ ਵੈਸੇ ਜਵਾਬ ਨੀ ਮਿਲੇ
ਤੇਰਾ ਵਿਛੋੜਾ ਹੀ ਲੈ ਕੇ ਬਹਿ ਗਿਆ ਮੈਨੂੰ
ਸ਼ੁਕਰ ਆ ਦੁੱਖ ਬੇਹਿਸਾਬ ਨੀ ਮਿਲੇ
ਕਰਮਾਂ ਵਾਲਾ ਸੂਰਜ ਕਦ ਉਪੜੇਗਾ
ਹਿਜ਼ਰਾਂ ਦੀ ਰਾਤ ਏ ਬੜੀ ਲਮੇਰੀ ਏ
ਪਰ੍ਹਾਂ ਰੱਖ ਦੇ ਤੇਜ਼ ਤਿੱਖੇ ਹਥਿਆਰ
ਮੇਰਾ ਕਤਲ ਕਰਨ ਨੂੰ ਤੇਰੀ ਚੁੱਪ ਬਥੇਰੀ ਏ
ਰੂਹ ਤਿਹਾਈ
ਰੂਹ ਤਿਹਾਈ ਮਾਰੂਥਲਾਂ ਵਾਂਗਰ
ਬਰਸ ਜਾ ਬਣਕੇ ਪਾਣੀ ਜਾਂ ਸ਼ਰਬਤ
ਇੱਕ ਅਸੀਂ ਨਹੀਂ ਤੈਨੂੰ ਚੰਗੇ ਲੱਗਦੇ
ਉਂਝ ਸੋਹਣੀ ਜਾਪੇ ਤੈਨੂੰ ਕੁੱਲ ਸਰਬੱਤ
ਇਸ਼ਕ ਦਾ ਕਰਾਂ ਇਜ਼ਹਾਰ ਕਿੱਦਾਂ
ਛਾਲ ਮਾਰਦਾ ਚੜ੍ਹ ਕੇ ਪਰਬਤ
ਜਾਂ ਬੁੱਲ੍ਹੇ ਵਾਂਗ ਪਾ ਝਾਂਜਰ ਨੱਚਾਂ
ਜਾਂ ਬਾਂਦਰ ਵਾਂਗ ਦਿਖਾਵਾਂ ਕਰਤਬ
ਇੱਕ ਅਸੀਂ ਨਹੀਂ ਤੈਨੂੰ ਚੰਗੇ ਲੱਗਦੇ
ਉਂਝ ਸੋਹਣੀ ਜਾਪੇ ਤੈਨੂੰ ਕੁੱਲ ਸਰੱਬਤ
ਹੰਝੂ
ਜਿੰਨੀ ਗੁਜ਼ਰੀ ਕਾਫ਼ੀ ਨਈਂ
ਵੱਖ ਹੋਣ ਦੀ ਮਾਫ਼ੀ ਨਈਂ
ਉਹ ਦੇਖ ਮੇਰੇ ਹੰਝੂ ਡੁੱਲ੍ਹ-ਡੁੱਲ੍ਹ ਜਾਂਦੇ ਨੇ
ਕੋਈ ਦਰਿਆ 'ਝਨਾਬ' ਜਾਂ 'ਰਾਵੀ' ਨਈਂ
ਆਖੇ ਹੋਰ ਮੁਹੱਬਤ ਨਾ ਕਰ ਸਾਨੂੰ
ਜ਼ਿੰਦਗੀ 'ਚੋਂ ਦਫ਼ਾ ਕਰ ਸਾਨੂੰ
ਤਾਲੇ ਮਾਰੇ ਉਨ੍ਹਾਂ ਆਵਾਜ਼ਾਂ ਉੱਤੇ
ਜ਼ੁਬਾਨ 'ਤੇ ਜ਼ਿਕਰ ਜ਼ਰਾ ਵੀ ਨਈਂ
ਨਜ਼ਰਾਂ ਵੇਖ ਅਸਾਂ ਨੂੰ ਝੁਕ ਗਈਆਂ
ਸਾਡੀ ਅੱਖ ਤੋਂ ਨੀਂਦਰਾਂ ਛੁਪ ਗਈਆਂ
ਅਸੀਂ ਤੱਕਦੇ ਤੁਸਾਂ ਨੂੰ ਰਹਿ ਗਏ
ਤੁਸਾਂ ਦਿੱਤਾ ਮਾਸਾ ਭਾਅ ਵੀ ਨਈਂ
ਤੁਸਾਂ ਛੱਡਿਆ ਵੱਡੇ ਦਾਅਵੇ ਕਰਕੇ
ਭੱਜੇ ਤਾਰਿਆਂ ਜਿੱਡੇ ਵਾਅਦੇ ਕਰਕੇ
ਅਸੀਂ ਮਰਦੇ ਤੇਰੇ ਵੱਲ ਵੇਂਹਦੇ ਰਹੇ
ਤੁਸਾਂ ਦਿੱਤਾ ਉਧਾਰਾ ਸਾਹ ਵੀ ਨਈਂ
ਸੁਭਾ ਸ਼ਾਮ ਰਾਤ ਦੁਪਹਿਰ
ਆਵੇ ਤੇਰੀ ਯਾਦ ਦੀ ਲਹਿਰ
ਖੁਦਾ ਦੀ ਥਾਂ ਸਜਦਾ ਕੀਤਾ
ਤੈਨੂੰ ਚੇਤਾ ਅਸਾਡਾ ਨਾਂ ਵੀ ਨਈਂ
ਮੁੱਕਦੀ ਜਾਂਦੀ ਉਮਰ ਸਿਆਣੀ
ਲੈ ਹੀ ਬੈਠੀ ਤੇਰੀ ਸੋਚ ਨਿਆਣੀ
ਚਿੜੀਆਂ ਚੋਗਾ ਚੁਗਦੀਆਂ ਨਾ
ਤੇ ਕੋਠੇ ਆਉਂਦਾ ਕੋਈ ਕਾਂ ਵੀ ਨਈਂ
ਨਵੀਂ ਮੁਲਾਕਾਤ
ਚੱਲ ਇੱਕ ਨਵੀਂ ਮੁਲਾਕਾਤ ਕਰਦੇ ਆਂ
ਆਪਾਂ ਦੋਵੇਂ ਜਿਸ ਦਿਨ ਵੱਖ ਹੋਏ ਸੀ
ਉਸੇ ਤਾਰੀਖ ਦੀ ਰਾਤ ਕਰਦੇ ਆਂ
ਭੁੱਲ ਭੁਲਾ ਕੇ ਗਿਲੇ ਸ਼ਿਕਵੇ
ਨਫ਼ਰਤਾਂ ਨੂੰ ਬਰਬਾਦ ਕਰਦੇ ਆਂ
ਹੱਸ-ਹੱਸ ਐਸੇ ਹਾਲ ਕਰ ਲਈਏ
ਉਦਾਸੀਆਂ 'ਤੇ ਰਲ ਵਾਰ ਕਰਦੇ ਆਂ
ਜੇ ਤੂੰ ਵੀ ਨਹੀਂ ਕਿਸੇ ਨਾਲ ਜੁੜਿਆ
ਤਾਂ ਦੱਸ ਕੀ ਤੈਨੂੰ ਮਨਜ਼ੂਰ ਹੈ
ਆਪਾਂ ਫਿਰ ਤੋਂ ਪਿਆਰ ਕਰਦੇ ਆਂ
ਨਵਾਂ ਸਾਲ
ਮਹਿਕਾਂ ਹਵਾਵਾਂ ਦਾ ਟੋਲਾ ਰਲਕੇ
ਸ਼ੋਰ ਮਚਾਉਂਦਾ ਜਾਂਦਾ ਸੀ ਤੜਕੇ
ਵੇਖਿਆ ਜਦ ਮੈਂ ਪੌੜੀਆਂ ਚੜ੍ਹਕੇ
ਮਿਲ ਰਹੇ ਸੀ ਗਲ਼ੇ ਸਭ ਬਾਂਹ ਫੜ੍ਹਕੇ
ਸਭ ਦੇ ਮੁੱਖ 'ਤੇ ਇੱਕੋ ਗੱਲ ਕਿ
ਅੱਜ ਹੈ ਨਵਾਂ ਸਾਲ ਮੁਬਾਰਕ
ਸਭ ਨੂੰ ਨਵਾਂ ਸਾਲ ਮੁਬਾਰਕ
ਚਿੜੀਆਂ ਸੂਰਜ ਵੱਲ ਦੌੜਦੀਆਂ
ਰਾਹ ਜਾਂਦੀਆਂ ਹੱਸ ਰਹੀਆਂ ਸਨ
ਬੁਲਬੁਲਾਂ ਕੋਇਲਾਂ ਪੱਕੀਆਂ ਸਹੇਲੀਆਂ
ਸਭ ਨੂੰ ਗਾ ਗਾ ਦੱਸ ਰਹੀਆਂ ਸਨ
ਕਿ ਅੱਜ ਹੈ ਨਵਾਂ ਸਾਲ ਮੁਬਾਰਕ
ਸਭ ਨੂੰ ਨਵਾਂ ਸਾਲ ਮੁਬਾਰਕ
ਨਵਾਂ ਸਾਲ ਤਾਂ ਹੈ ਪਰ ਨਵਾਂ ਕੀ ਹੈ
ਉਹੀ ਚੰਨ ਉਹੀ ਰਾਤ ਹੈ
ਉਹੀ ਸੂਰਜ ਉਹੀ ਪ੍ਰਭਾਤ ਹੈ
ਉਹੀ ਹਾਲ ਉਹੀ ਹਾਲਾਤ ਹੈ
ਸਭ ਕੁੱਝ ਉਹੀ ਪੁਰਾਣਾ ਹੈ
ਫਿਰ ਇਸ 'ਚ ਨਵਾਂ ਕੀ ਹੈ
ਕਾਹਦਾ ਨਵਾਂ ਸਾਲ ਮੁਬਾਰਕ?
ਨਵਾਂ ਸਾਲ ਮੈਂ ਤਾਂ ਕਹਾਂ
ਜੇਕਰ ਕਿਸੇ ਵਿਧਵਾ ਦਾ ਪਤੀ ਪਰਮੇਸ਼ਰ
ਓਸ ਦੇਸ਼ੋਂ ਇਸ ਦੇਸ਼ ਮੁੜ ਆਵੇ
ਉਹ ਚਿੱਟੀਆਂ ਚੁੰਨੀਆਂ ਰੰਗਵਾਉਣ
ਲਲਾਰੀ ਦੀ ਹੱਟੀ 'ਤੇ ਜਾਵੇ
ਮਨਚਾਹੇ ਰੰਗ ਰੰਗਵਾਵੇ
ਤੇ ਸੁੱਟ ਚਿੱਟੇ ਵਸਤਰ ਸਾਰੇ
ਦਰਜੀ ਕੋਲ ਜਾ ਮਨਚਾਹੀ
ਸੂਟ ਉੱਤੇ ਫੁੱਲ ਬੂਟੀ ਪਵਾਵੇ
ਉਹਦੀ ਬੇਰੰਗ ਜ਼ਿੰਦਗੀ ਵਿੱਚ
ਫਿਰ ਤੋਂ ਰੰਗ ਭਰ ਜਾਵੇ
ਈਕਣ ਹੋਵੇ ਤਾਂ ਨਵਾਂ ਸਾਲ ਹੀ ਨਹੀਂ
ਮੈਂ ਹਰ ਦਿਨ ਨਵਾਂ ਸਾਲ ਸਮਝ ਮਨਾਵਾਂ
ਨਵਾਂ ਸਾਲ ਮੈਂ ਤਾਂ ਕਹਾਂ
ਜੇਕਰ ਬਿਰਹਣ ਦਿਲ ਦੀ ਬੋਲਣ
ਕੋਲ ਆ ਕੇ ਕਹੇ ਕਿ ਮੈਂ ਤੇਰੀ ਹੀ ਹਾਂ
ਕੋਈ ਮੈਨੂੰ ਤੇਰੇ ਤੋਂ ਜੁਦਾ ਨਹੀਂ ਕਰ ਸਕਿਆ
ਮੁੜ ਚਾਵਾਂ ਦਾ ਅੱਖ ਦੀ ਕੁੱਖੋਂ ਜਨਮ ਹੋਵੇ
ਤੇ ਮੁੜ ਰੰਗੀਨ ਤੇ ਪਾਕ ਸਾਫ਼ ਖਿਆਲ
ਬੰਦ ਦਿਮਾਗ ਦਾ ਦਰਵਾਜ਼ਾ ਖੜਕਾਉਣ
ਤੇ ਹਰ ਦਿਨ ਹੱਸਦਾ ਉੱਠਾਂ ਹੱਸਦਾ ਸੌਵਾਂ
ਈਕਣ ਹੋਵੇ ਤਾਂ ਨਵਾਂ ਸਾਲ ਹੀ ਨਹੀਂ
ਮੈਂ ਹਰ ਦਿਨ ਨਵਾਂ ਸਾਲ ਸਮਝ ਮਨਾਵਾਂ
ਨਵਾਂ ਸਾਲ ਮੈਂ ਤਾਂ ਕਹਾ
ਜੇਕਰ ਬਿਰਹਣ ਦਿਲ ਦੀ ਬੇਲਣ
ਕੋਲ ਆ ਕੇ ਕਹੇ ਕਿ ਮੈਂ ਤੇਰੀ ਹੀ ਹਾਂ
ਕੋਈ ਮੈਨੂੰ ਤੇਰੇ ਤੋਂ ਜੁਦਾ ਨਹੀਂ ਕਰ ਸਕਿਆ
ਮੁੜ ਚਾਵਾਂ ਦਾ ਅੱਖ ਦੀ ਕੁੱਖੋਂ ਜਨਮ ਹੋਵੇ
ਤੇ ਮੁੜ ਰੰਗੀਨ ਤੇ ਪਾਕ ਸਾਫ਼ ਖ਼ਿਆਲ
ਬੰਦ ਦਿਮਾਗ ਦਾ ਦਰਵਾਜ਼ਾ ਖੜਕੌਣ
ਤੇ ਹਰ ਦਿਨ ਹੱਸਦਾ ਉੱਠਾਂ ਹੱਸਦਾ ਸੌਵਾਂ
ਈਕਣ ਹੋਵੇ ਤਾਂ ਨਵਾਂ ਸਾਲ ਹੀ ਨਹੀਂ
ਮੈਂ ਹਰ ਦਿਨ ਨਵਾਂ ਸਾਲ ਸਮਝ ਮਨਾਵਾਂ
ਨਵਾਂ ਸਾਲ ਮੈਂ ਤਾਂ ਕਹਾਂ
ਜੇਕਰ ਠੇਕੇਦਾਰ ਦਿਹਾੜੀ ਕਰਦੇ ਮਜ਼ਦੂਰਾਂ ਨੂੰ
ਮੁਨਾਫੇ ਵਿੱਚ ਹਜ਼ਾਰ ਹਜ਼ਾਰ ਰੁਪਈਆ ਦੇਵੇ
ਤੇ ਉਹਨਾਂ ਨੂੰ ਛੁੱਟੀ ਕਰਕੇ ਉਹਨਾਂ ਨੂੰ
ਇੱਕ-ਇੱਕ ਕਮੀਜ਼ ਲੈਕੇ ਦੇਵੇ
ਤਾਂ ਜੋ ਉਹ ਵੀ ਆਪਣੇ ਬੀਵੀ ਬੱਚਿਆਂ ਨੂੰ
ਜਲੇਬ ਰਸਗੁੱਲੇ ਲਿਆ ਕੇ ਖਵੌਣ
ਤੇ ਆਪਣੇ ਪਰਿਵਾਰ ਨਾਲ ਆਪਣੇ
ਦਿਲ ਦੀਆਂ ਕੰਧਾਂ ਤੋਂ ਲੱਥੀਆਂ ਕਲੀਆਂ
ਨੂੰ ਮੁੜ ਰੰਗ ਕਰਨ ਤੇ ਉਹਨਾਂ ਨਾਲ ਸਮਾਂ ਬਿਤੌਣ
ਤਾਂ ਜੋ ਉਹਨਾਂ ਨੂੰ ਵੀ ਲੱਗੇ ਕਿ
ਖੁਦਾ ਨੇ ਉਹਨਾਂ ਦੇ ਹੱਕ ਦੀ ਗਵਾਹੀ ਭਰਤੀ
ਨਵਾਂ ਸਾਲ ਮੈਂ ਤਾਂ ਕਹਾਂ
ਜੇਕਰ ਕਿਸੇ ਸੜਕ 'ਤੇ ਬੈਠੇ ਗਰੀਬ ਨੂੰ
ਕੋਈ ਆਪਣੀ ਗੱਡੀ 'ਚ ਬਿਠਾ ਕੇ
ਉਸ ਨੂੰ ਘੁਮਾ ਫਿਰਾ ਕੇ ਉਸਨੂੰ
ਰੋਟੀ ਟੁੱਕ ਖੁਆ ਕੇ ਤੇ ਸੋਹਣੇ-ਸੋਹਣੇ
ਕੱਪੜੇ ਲੈ ਕੇ ਉਸ ਨੂੰ ਦੇਵਣ
ਜਾਂ ਘਰ ਆਏ ਭਿਖਾਰੀ ਨੂੰ
ਕੁਰਸੀ ਤੇ ਬਿਠਾਕੇ ਚਾਹ ਪਿਆ ਕੇ
ਤੇ ਉਸ ਨੂੰ ਲੀੜਾ ਲੱਤਾ ਦੇ ਕੇ ਤੋਰਨ
ਮੈਨੂੰ ਵੀ ਤਾਂ ਦਿਸੇ ਕਿ ਪੱਥਰ ਦਿਲ
ਫਿਰ ਤੋਂ ਨਰਮ ਹੋ ਗਏ ਨੇ
ਉਹੀ ਘਸੀ ਪਿਟੀ ਜ਼ਿੰਦਗੀ
ਉਹੀ ਭਾਰੇ ਭਾਰੇ ਸਾਹ
ਉਹੀ ਕਾਲਜੇ ਵਿੱਚ ਹੌਲ
ਤੇ ਉਹੀ ਮਰੇ ਮੁੱਕੇ ਚਾਅ
ਉਹੀ ਹੱਥ ਪਏ ਅੱਟਣ
ਉਹੀ ਪਾਟੀਆਂ ਅੱਡੀਆਂ
ਉਹੀ ਕੰਡਲੇ ਕੰਡਲੇ ਰਾਹ
ਤੇ ਉਵੇਂ ਅੱਖਾਂ ਟੱਡੀਆਂ
ਉਵੇਂ ਖੁਰਦੀਆਂ ਹੱਡੀਆਂ
ਪੂਰਨ ਤੌਰ 'ਤੇ ਮਰ ਗਈਆਂ
ਜੋ ਰੀਝਾਂ ਵੱਡੀਆਂ-ਵੱਡੀਆਂ
ਸਾਡਾ ਕਾਹਦਾ ਨਵਾਂ ਸਾਲ ਮੁਬਾਰਕ ਹੋਇਆ?
ਸਾਡਾ ਨਵਾਂ ਸਾਲ ਤਾਂ ਮੁਬਾਰਕ ਹੋਵੇ
ਜੇਕਰ ਮੇਰੇ ਸਲਤਨਤ ਦੀ ਰਾਣੀ
ਮੇਰੀ ਜ਼ਿੰਦਗੀ ਨੂੰ ਮੁਬਾਰਕ ਹੋਵੇ
ਜਿਵੇਂ ਮੋਈਆਂ ਰੀਝਾਂ ਸੁਫ਼ਨੇ ਚਾਅ
ਲੈ ਅਸੀਂ ਜੀ ਰਹੇ ਆਂ
ਜੇਕਰ ਉਸ ਨੂੰ ਵੀ ਬਿਰਹਾ ਅੱਗ 'ਚ
ਸੜਨ ਦੀ ਮੁਹਾਰਤ ਹੋਵੇ
ਜੇਕਰ ਮੇਰੇ ਨਾਮ ਦੀ ਵੀ
ਉਸ ਦੇ ਨਾਮ ਵਾਂਗਰ ਇਬਾਦਤ ਹੋਵੇ
ਕਾਸ਼ ਉਸ ਦੇ ਦਿਲ ਦੀ ਮੇਰੇ ਦਿਲ ਵਾਂਗਰ
ਇਸ਼ਕ ਦੀ ਜੰਗ 'ਚ ਸ਼ਹਾਦਤ ਹੋਵੇ
ਈਕਣ ਹੋਵੇ ਤਾਂ ਨਵਾਂ ਸਾਲ ਹੀ ਨਹੀਂ
ਮੈਂ ਹਰ ਦਿਨ ਨਵਾਂ ਸਾਲ ਸਮਝ ਮਨਾਵਾਂ
ਜੱਟ ਦੇ ਘਰ
ਆਸ਼ਕ ਕਦੇ ਦਿਨ ਰਾਤ ਨਹੀਂ ਦੇਖਦਾ
ਇਸ਼ਕ 'ਚ ਡੁੱਬਿਆ ਜਾਤ ਨਹੀਂ ਦੇਖਦਾ
ਜਿਵੇਂ ਚੰਨ ਤੋਂ ਤਾਰੇ ਦੂਰ ਨਹੀਂ ਹੁੰਦੇ
ਤੂੰ ਸੋਚ ਤੋਂ ਮੇਰੀ ਅਲਹਿਦਾ ਨਹੀਂ ਹੋਇਆ
ਮੇਰਾ ਪਿਆਰ ਮੇਰੇ ਤੋਂ ਖੋਹ ਲਿਆ
ਮੈਂ ਜੱਟ ਦੇ ਘਰ ਜੋ ਪੈਦਾ ਨਹੀਂ ਹੋਇਆ
ਸਾਰੀ ਕਾਇਨਾਤ ਦੇ ਪਹਾੜ ਪੱਥਰ
ਮੇਰੇ ਸੀਨੇ ਆ ਕੇ ਬਹਿ ਗਏ ਨੇ
ਲਾਸ਼ ਹੀ ਰਹਿ ਗਈ ਤਨ ਅੰਦਰ
ਉਹ ਰੂਹ ਜੋ ਕੱਢ ਕੇ ਲੈ ਗਏ ਨੇ
ਦਿਲ ਨਾਲ ਸਾਹ ਵੀ ਲੈ ਗਏ
ਮੇਰਾ ਤਾਂ ਇਸ 'ਚ ਫਾਇਦਾ ਨੀ ਹੋਇਆ
ਮੇਰਾ ਪਿਆਰ ਮੇਰੇ ਤੋਂ ਖੋਹ ਲਿਆ
ਮੈਂ ਜੱਟ ਦੇ ਘਰ ਜੋ ਪੈਦਾ ਨਹੀਂ ਹੋਇਆ
ਏ ਖੁਦਾ! ਤੇਰੇ ਕਰਕੇ ਖੂਨ ਖਰਾਬੇ ਹੋਏ
ਤੂੰ ਫਿਰ ਵੀ ਇੰਨਾ ਜਬਰ 'ਚ ਹੈਂ
ਜੇ ਬਾਹਰ ਹੁੰਦਾ ਤਾਂ ਕੋਈ ਨਾ ਬਚਦਾ
ਚੰਗਾ ਹੈ ਅੱਲਾ ਤੂੰ ਕਬਰ 'ਚ ਹੈਂ
ਤੂੰ ਆਪ ਮਿਲਾਇਆ ਆਪ ਛੁਡਾਇਆ
ਰੱਬਾ ਤੂੰ ਬਾਹਲਾ ਭੈੜਾ ਨੀ ਹੋਇਆ?
ਤੂੰ ਮੇਰਾ ਪਿਆਰ ਮੇਰੇ ਤੋਂ ਖੋਹ ਲਿਆ
ਮੈਂ ਜੱਟ ਦੇ ਘਰ ਜੋ ਪੈਦਾ ਨਹੀਂ ਹੋਇਆ
ਜੇ ਮੰਜ਼ਿਲ ਤੀਕਰ ਪਹੁੰਚਣਾ ਏ
ਤਾਂ ਕਦੇ ਨਾ ਸੌਖਾ ਸਫ਼ਰ ਚੁਣੋ
ਚੰਗੀ ਜ਼ਿੰਦਗੀ ਜੀਣੀ ਏ ਤਾਂ
ਜਾਤ ਨੀ ਚੰਗਾ ਹਮਸਫਰ ਚੁਣੋ
ਮੇਰੇ ਯਾਰ 'ਚ ਮੈਂ ਮੇਰੇ ਵਿੱਚ ਯਾਰ
ਕਦੇ ਉਹ ਮੇਰੇ ਤੋਂ ਬਕਾਇਦਾ ਨਹੀਂ ਹੋਇਆ
ਫਿਰ ਵੀ ਪਿਆਰ ਮੇਰੇ ਤੋਂ ਖੋਹ ਲਿਆ
ਮੈਂ ਜੱਟ ਦੇ ਘਰ ਜੋ ਪੈਦਾ ਨਹੀਂ ਹੋਇਆ
ਲੇਖਾ ਜੋਖਾ
ਲੇਖਾ ਜੋਖਾ ਹਰ ਇੱਕ ਦਾ ਉੱਪਰੋਂ ਹੀ ਲਿਖਿਆ ਏ
ਕਿੰਨਾ ਕਰਦੇ ਰਹੇ ਤੇਰਾ ਤੈਨੂੰ ਨਾ ਦਿਖਿਆ ਵੇ
ਰੱਬ ਨੂੰ ਵੀ ਭੁਲਕੇ ਚੇਤੇ ਤੈਨੂੰ ਮੁੱਖ ਰੱਖਿਆ ਸੀ।
ਜੰਨਤ ਦੀ ਥਾਂ ਸੱਜਣਾ ਤੇਰਾ ਨਾਂ ਲਿਖਿਆ ਸੀ।
ਹਾਸਿਲ ਸੀ ਜਦ ਤੂੰ ਹੋਇਆ ਰਾਹਵਾਂ ਸਭ ਛੱਡ ਬੈਠੇ ਸਾਂ
ਇਨ੍ਹਾਂ ਤੈਨੂੰ ਪਿਆਰ ਸੀ ਕਰਿਆ ਹੱਦਾਂ ਸਭ ਟੱਪ ਬੈਠੇ ਸਾਂ.
ਜਿੱਦਣ ਦਾ ਵੱਖ ਹੋਇਐਂ ਤੂੰ ਰੁਲ ਗਏ ਬੱਸ ਤੱਪੜ ਵੇ
ਸੁਪਨੇ ਜੁੜ ਜੁੜ ਕੇ ਟੁੱਟਦੇ ਖੌਰੇ ਕੀ ਚੱਕਰ ਨੇ
ਖੁਸ਼ੀਆਂ ਤਾਂ ਨਾਲ ਸੀ ਤੇਰੇ ਜ਼ਿੰਦਗੀ ਹੁਣ ਝੱਖੜ ਏ
ਦਿਲ ਨੂੰ ਤਸੱਲੀ ਦੇਣ ਲਈ ਕਿਸਮਤ ਇੱਕ ਅੱਖਰ ਏ
ਮਿਲ ਗਈਆਂ ਸੀ ਲਕੀਰਾਂ ਮਿਲੀਆਂ ਤਕਦੀਰਾਂ ਨਾ
ਤੇਰੇ ਤੋਂ ਟੁੱਟ ਗਈ ਯਾਰੀ ਲਾ ਲਈ ਅਸੀਂ ਪੀੜਾਂ ਨਾਲ
ਹੌਕੇ ਸਾਡੇ ਮਿੱਤਰ ਬਣ ਗਏ ਦੁਸ਼ਮਣ ਬਣੇ ਹਾਸੇ ਵੇ
ਕਿਹਦੇ ਹੁਣ ਮੂੰਹ ਵਿੱਚ ਪੈਂਦੈਂ ਭੋਰ ਤੂੰ ਪਤਾਸੇ ਵੇ
ਚੰਨ ਤੋਂ ਚਿੱਟਾ ਮੂੰਹ ਤੇਰਾ ਦਿਲ ਦਾ ਤੂੰ ਕਾਲਾ ਏਂ
ਮੈਨੂੰ ਠੁਕਰਾਕੇ ਦੱਸ ਕੀ ਜ਼ਿੰਦਗੀ 'ਚ ਸੁਖਾਲਾ ਏਂ
ਏਦ੍ਹੇ ਵਿੱਚ ਦੋਸ਼ ਨਈਂ ਤੇਰਾ ਉੱਪਰੋਂ ਤਹਿ ਹੋਇਆ ਏ
ਤੈਨੂੰ ਕੀ ਪਤਾ ਚੀਕ ਦਿਲ ਕਈ ਵਾਰੀ ਰੋਇਆ ਏ
ਦੱਸਦੇ ਕੀ ਮਿਲਿਆ ਕੰਵਲਾ ਦਿਲ ਵਿੱਚੋਂ ਕੱਢ ਕੇ ਵੇ
ਏਡੀ ਕੀ ਦੁਨੀਆਂ ਜਿੱਤ ਲਈ ਕਮਲੀ ਨੂੰ ਛੱਡ ਕੇ ਵੇ
ਖੁਆਰ ਮੁਹੱਬਤ
ਕਿੰਨਾ ਆਸਾਨ ਹੁੰਦਾ ਕਹਿਣਾ
ਇਸ ਮੁਹੱਬਤ ਨੂੰ ਮਾਰ ਦਈਏ
ਮਾਪੇ ਤਾਂ ਨਹੀਂ ਮੰਨੇ ਮੇਰੇ
ਚੱਲ ਆਪੋ ਆਪਣੇ ਰਾਹ ਪਈਏ
ਦਿਨੇ ਖਿਆਲਾਂ 'ਚ ਖੱਜਲ ਹੋਣਾ
ਰਾਤ ਖਾਬਾਂ 'ਚ ਖੁਆਰ ਹੋਣਾ
ਤਸੱਲੀ ਦੇ ਤੁਰ ਪੈਣਾ ਖ਼ੁਦ ਨੂੰ
ਸ਼ਾਇਦ ਤੈਨੂੰ ਵੀ ਇੰਤਜ਼ਾਰ ਹੋਣਾ
ਚੈਨ ਦਾ ਕੋਈ ਪਤਾ ਨਾ ਟਿਕਾਣਾ
ਤੜਪਦਾ ਰਹਿੰਦਾ ਹਾਂ ਪਲ-ਪਲ
ਸ਼ਾਇਦ ਮੇਰਾ ਕਫ਼ਨ ਤਿਆਰ ਹੋਣਾ
ਨੀਂਦ ਨਾ ਆਉਣੀ ਤੇ ਮੋਈ ਜਾਣਾ
ਤਸਵੀਰਾਂ ਵੱਲ ਵੇਖ ਰੋਈ ਜਾਣਾ
ਮੁੜ ਮੁੜ ਯਾਦਾਂ 'ਚ ਖੋਈ ਜਾਣਾ
ਮੈਂ ਪਾਗਲ ਪੂਗਲ ਹੋ ਈ ਜਾਣਾ
ਇਹੀ ਹੁੰਦਾ ਹੋਣੈ ਰੂਹ ਦਾ ਪਿਆਰ
ਤੇਰਾ ਚਲੇ ਜਾਣਾ ਸੀਨੇ ਕਿੱਲ ਗੱਡ ਕੇ
ਅਸਾਂ ਵੇਖੀ ਜਾਣਾ ਪਲਕਾਂ ਵਿਛਾਅ
ਰਾਹਾਂ ਵੱਲ ਮੂੰਹ ਟੱਡ ਕੇ
ਤੇਰਾ ਕੀ ਤੂੰ ਆਪਣੇ ਰਾਹ ਖੁਸ਼ ਏਂ
ਸਾਨੂੰ ਛੱਡ ਗਿਆ ਮਰਦਿਆਂ ਨੂੰ ਛੱਡ ਕੇ
ਮਸਾਂ ਤਾਂ ਸੌਣ ਦਾ ਨਾਟਕ ਕਰਦਾ ਮੈਂ
ਐਵੇਂ ਨੀਂਦ 'ਚੋਂ ਨਾ ਜਗਾਇਆ ਕਰ
ਰਹਿਮ ਕਰ ਜਾਂ ਅਹਿਸਾਨ ਕਰਦੇ
ਮੇਰੇ ਖਾਬਾਂ 'ਚ ਨਾ ਆਇਆ ਕਰ
ਜੇ ਆਉਣਾ ਘੜੀ ਬਹਿ ਕੇ ਜਾਇਆ ਕਰ
ਜਾਂ ਸੁਫ਼ਨੇ ਵਿੱਚ ਸ਼ਾਦੀ ਨਾ ਕਰਾਇਆ ਕਰ
ਇਹ ਸੁਫ਼ਨਾ ਮਾਰ ਮੁਕਾਉਂਦਾ ਅੰਦਰੋਂ
ਸਮਝ ਨੀ ਆਉਂਦੀ ਕੀ ਕਰਾਂ
ਤੈਨੂੰ ਮਸਜਿਦ 'ਚੋਂ ਮੰਗਾਂ ਜਾਂ ਮੰਦਰੋਂ
ਤੈਨੂੰ ਜ਼ਮੀਨ 'ਤੇ ਲੱਭਾਂ ਜਾਂ ਅੰਬਰੋਂ
ਜੇ ਮੈਨੂੰ ਕਦੇ ਤੂੰ ਮਿਲਣਾ ਚਾਹਵੇਂ
ਆ ਪਤਾ ਲੈ ਜਾਵੀਂ ਮੇਰਾ ਕਬਰੋਂ
ਦੂਰੀਆਂ
ਜਿਸ ਨਾਲ ਜ਼ਿੰਦਗੀ ਲਿਖਣੀ ਸੀ
ਮੈਂ ਉਸ ਨਾਲ ਮਜ਼ਬੂਰੀਆਂ ਲਿਖ ਬੈਠਾ
ਲਿਖਣੀ ਸੀ ਜਿਸ ਥਾਂ 'ਤੇ ਮੰਜ਼ਿਲ
ਮੈਂ ਉਸ ਥਾਂ 'ਤੇ ਦੂਰੀਆਂ ਲਿਖ ਬੈਠਾ
ਜੋ ਤਲੀਆਂ ਹੇਠ ਪਲਕਾਂ ਵਿਛਾਉਂਦਾ ਸੀ
ਮੈਂ ਉਸ ਨਾਲ ਮਗਰੂਰੀਆਂ ਲਿਖ ਬੈਠਾ
ਪਲ ਨਾ ਝਮਕਦਾ ਸੀ ਅੱਖ ਵੇਖ ਮੈਨੂੰ
ਮੈਂ ਉਸ ਵੱਲ ਘੂਰੀਆਂ ਲਿਖ ਬੈਠਾ
ਕੁੱਝ ਮੁਖੜਿਆਂ 'ਤੇ ਹਾਸਾ ਦੇਖਣ ਲਈ
ਮੈਂ ਖਾਮ-ਖਾਹ ਦੂਰੀਆਂ ਲਿਖ ਬੈਠਾ
ਖ੍ਵਾਬ
ਕੁੱਝ ਤੇਰੇ ਸੀ
ਕੁੱਝ ਮੇਰੇ ਸੀ
ਜੋ ਮੇਰੇ ਸੀ
ਉਹ ਤੇਰੇ ਸੀ
ਜੋ ਤੇਰੇ ਸੀ
ਉਹ ਮੇਰੇ ਸੀ
ਪਰ ਜੋ ਬਿਖਰ ਗਏ
ਉਹ ਤੇਰੇ ਮੇਰੇ ਸੀ
ਬਸ ਉਸਤੋਂ ਬਾਦ
ਤੇਰੇ ਤੇਰੇ ਸੀ
ਮੇਰੇ ਮੇਰੇ ਸੀ
ਹਕੀਕਤ
ਤੂੰ ਕਦੇ ਖ੍ਵਾਬਾਂ 'ਚ ਆਇਆ
ਕਦੇ ਖਿਆਲਾਂ 'ਚ ਆਇਆ
ਕਦੇ ਜਵਾਬਾਂ 'ਚ ਆਇਆ
ਕਦੇ ਸਵਾਲਾਂ 'ਚ ਆਇਆ
ਕਦੇ ਦੁਆਵਾਂ 'ਚ ਆਇਆ
ਕਦੇ ਅਕੀਦਤ 'ਚ ਆਇਆ
ਆਇਆ ਤੂੰ ਹਰ ਰੂਪ ਧਾਰਕੇ
ਕਿਉਂ ਹਕੀਕਤ 'ਚ ਨਹੀਂ ਆਇਆ?
ਮਿਲਣ
ਸਾਡੀਆਂ
ਸੋਚਾਂ ਦਾ ਮਿਲਣ ਹੋਇਆ
ਖਿਆਲਾਂ ਦਾ ਮਿਲਣ ਹੋਇਆ
ਖਾਬਾਂ ਦਾ ਮਿਲਣ ਹੋਇਆ
ਰੂਹਾਂ ਦਾ ਵੀ ਮਿਲਣ ਹੋਇਆ
ਫਿਰ ਕੀ ਅਗਰ
ਜਿਸਮਾਂ ਦਾ ਮਿਲਣ ਰਹਿ ਗਿਆ
ਕਮੀਂ ਤਾਂ ਕਿਤੇ ਨਾ ਕਿਤੇ ਰਹਿ ਜਾਂਦੀ ਏ
ਜਿਵੇਂ ਰਾਤਾਂ ਹਿੱਸੇ ਸੂਰਜ ਨਹੀਂ ਆਇਆ
ਉਵੇਂ ਮੇਰੇ ਹਿੱਸੇ ਤੂੰ ਵੀ ਨਹੀਂ ਆਈ
ਕਿਉਂ ਨਾ ਚੱਲਿਆ
ਮੇਰੇ ਨਾਲ ਸੂਰਜ ਚੱਲਦਾ ਏ
ਨਾਲ ਬੱਦਲ ਭਾਰੇ ਚੱਲਦੇ ਨੇ
ਮੈਂ ਜਦ ਵੀ ਵੇਖਾਂ ਅੰਬਰ ਵੱਲ
ਮੇਰੇ ਨਾਲ ਸਿਤਾਰੇ ਚੱਲਦੇ ਨੇ
ਤੂੰ ਕਿਉਂ ਨਾ ਚੱਲਿਆ ਨਾਲ ਮੇਰੇ
ਮੇਰੇ ਨਾਲ ਤਾਂ ਸਾਰੇ ਚੱਲਦੇ ਨੇ
ਮੇਰੇ ਨਾਲ ਉਮੀਦਾਂ ਚੱਲਦੀਆਂ ਨੇ
ਮੇਰੇ ਨਾਲ ਸਹਾਰੇ ਚੱਲਦੇ ਨੇ
ਨਾਲ ਬੇ-ਉਮੀਦੇ ਤੁਰ ਪੈਂਦੇ
ਮੇਰੇ ਨਾਲ ਉਜਾੜੇ ਚੱਲਦੇ ਨੇ
ਤੂੰ ਕਿਉਂ ਨਾ ਚੱਲਿਆ ਨਾਲ
ਮੇਰੇ ਮੇਰੇ ਨਾਲ ਤਾਂ ਸਾਰੇ ਚੱਲਦੇ ਨੇ
ਮੇਰੇ ਨਾਲ ਛੱਲਾਂ ਚੱਲਦੀਆਂ ਨੇ
ਮੇਰੇ ਨਾਲ ਕਿਨਾਰੇ ਚੱਲਦੇ ਨੇ
ਮੇਰੇ ਨਾਲ ਮੁਸੀਬਤ ਚੱਲਦੀ ਹੈ
ਮੇਰੇ ਨਾਲ ਪਵਾੜੇ ਚੱਲਦੇ ਨੇ
ਮੇਰੇ ਨਾਲ ਬੇਚੈਨੀ ਚੱਲਦੀ ਹੈ
ਮੇਰੇ ਨਾਲ ਨਜ਼ਾਰੇ ਚੱਲਦੇ ਨੇ
ਤੂੰ ਕਿਉਂ ਨਾ ਚੱਲਿਆ ਨਾਲ
ਮੇਰੇ ਮੇਰੇ ਨਾਲ ਤਾਂ ਸਾਰੇ ਚੱਲਦੇ ਨੇ
ਜ਼ਿੰਦਗੀ
ਰੁੱਖਾਂ ਜਹੀ ਹੋ ਗਈ ਏ ਜ਼ਿੰਦਗੀ
ਕੋਈ ਕੋਲ ਆਉਂਦਾ ਵੀ ਏ
ਤਾਂ ਸਿਰਫ ਛਾਂ ਲੈਣ ਵਾਸਤੇ
ਕਿਸੇ ਦੇ ਸਿਰ ਦਾ ਸਾਇਆ
ਤੁਰ ਗਿਆ ਉਸ ਪਾਰ
ਕੋਈ ਤਰਸਦਾ ਰਹੇ ਇਸ ਪਾਰ
ਮੂੰਹੋਂ ਮਾਂ ਕਹਿਣ ਵਾਸਤੇ
ਮੰਦਿਰ ਵੀ ਤੇ ਮਸਜਿਦ ਵੀ
ਬਣ ਗਏ ਬਜ਼ਾਰ ਮੁਹੱਬਤਾਂ ਦੇ
ਕੋਈ ਨਈਂ ਜਾਂਦਾ ਤਨੋ ਮਨੋ
ਖ਼ੁਦਾ ਦਾ ਨਾਂ ਲੈਣ ਵਾਸਤੇ
ਸਾਦਗੀ ਤੇ ਨਰਮਾਈ ਨਹੀਂ
ਚਿੱਟੀ ਕਾਲੀ ਚਮੜੀ ਵਿੱਚ
ਹਰ ਕੋਈ ਲੱਭਦੇ ਮੌਕਾ
ਦੂਜੇ ਨੂੰ ਨੀਵਾਂ ਕਹਿਣ ਵਾਸਤੇ
ਨਫ਼ਰਤ, ਈਰਖਾ, ਕ੍ਰੋਧ, ਅਹੰਕਾਰ
ਹੋਰ ਕੀ ਕੁੱਝ ਜਰਨਾ ਪੈਂਦਾ
ਕਿਸੇ ਨੂੰ ਅਪਣਾ ਲੈਣ ਵਾਸਤੇ
ਰੁੱਖਾਂ ਜਈ ਹੋ ਗਈ ਏ ਜ਼ਿੰਦਗੀ
ਕੋਈ ਕੋਲ ਆਉਂਦਾ ਵੀ ਏ
ਤਾਂ ਸਿਰਫ ਛਾਂ ਲੈਣ ਵਾਸਤੇ
ਕਿੱਥੇ ਲੱਭਾਂ
ਦੱਸ ਕਿੱਥੋਂ ਲੱਭਾਂ ਤੈਨੂੰ ਅਤੇ ਕਿੱਥੇ ਲੱਭਾਂ ਤੈਨੂੰ
ਭਲਾ ਉੱਥੇ ਲੱਭਾਂ ਤੈਨੂੰ ਜਾਂ ਇੱਥੇ ਲੱਭਾਂ ਤੈਨੂੰ
ਥਾਂ ਟਿਕਾਣਾ ਤਾਂ ਦੱਸ ਜਿੱਥੇ ਜਿੱਥੇ ਲੱਭਾਂ ਤੈਨੂੰ
ਚੰਨ ਦੇ ਨੇੜੇ ਲੱਭਾਂ ਜਾਂ ਤਾਰਿਆਂ ਉਹਲੇ
ਸਾਗਰਾਂ ਅੰਦਰ ਜਾਂ ਕਿਨਾਰਿਆਂ ਉਹਲੇ
ਫੁੱਲਾਂ ਵਿੱਚ ਜਾਂ ਕਿਆਰਿਆਂ ਉਹਲੇ
ਹੱਸਦੇ ਹੋਠਾਂ ਕੋਲ ਜਾਂ ਹੰਝੂ ਹਾਰਿਆ ਉਹਲੇ
ਵੇਖਾਂ ਮੋਤੀਆਂ ਕੋਲ ਜਾਂ ਕਿਸਮਤ ਵਾਲਿਆਂ ਉਹਲੇ
ਪੁੱਛਾਂ ਕਾਵਾਂ ਕੋ ਜਾਂ ਚਿੜੀਆਂ ਕੋ
ਬਾਗਾਂ ਕੋ ਜਾਂ ਝਿੜੀਆਂ ਕੋ
ਪੁੱਛਾਂ ਟਟੀਰੀਆਂ ਕੋ ਜਾਂ ਕੀੜੀਆਂ ਕੋ
ਜਾਂ ਪੁੱਛਾਂ ਕਿਸੇ ਦੀਆਂ ਅੱਖਾਂ ਖਿੜੀਆਂ ਕੋ
ਮਸਜਿਦ ਵਿੱਚ ਨਾ ਮੰਦਰ ਵੱਲੇ
ਧਰਤੀ ਉੱਤੇ ਨਾ ਅੰਬਰ ਵੱਲੋ
ਬਾਹਰ ਦੇਖੀ ਨਾ ਅੰਦਰ ਵੱਲੇ
ਜੇ ਮੈਨੂੰ ਲੱਭਣਾ ਤਾਂ ਲੱਭੀ ਖੰਡਰ ਵੱਲੋ
ਇਸ਼ਕੇ ਦੇ ਲੇਖੇ
ਮੇਰੀ ਸੋਚ ਨੂੰ ਖਾਂਦਾ ਕੀੜਾ ਤੇਰੀਆਂ ਯਾਦਾਂ ਦਾ
ਚੁੱਭਦਾ ਦਿਲ ਨੂੰ ਚੰਨ ਹਨੇਰੀਆਂ ਰਾਤਾਂ ਦਾ
ਹਾਸਿਆਂ ਨੂੰ ਗ਼ਮ ਘੇਰਾ ਪਾ ਕੇ ਬੈਠ ਗਏ
ਕੌਣ ਜਾਣੇ ਹੁਣ ਹਾਲ ਮੇਰੇ ਹਾਲਾਤਾਂ ਦਾ
ਲੱਖ ਸਮਝਾਵਾਂ ਦਿਲ ਭੈੜਾ ਪਰ ਕੀ ਕਰੀਏ
ਰਾਤ ਸਵੇਰੇ ਖਿਆਲ ਉਹੀ ਮੁੜ ਆਉਂਦਾ ਏ
ਠੋਕਰ ਇਸ਼ਕ ਦੀ ਆਸ਼ਿਕ ਮਾਰ ਮੁਕਾਉਂਦੀ ਹੈ
ਹੈਰਾਨ ਮੈਂ ਕਿ ਤੂੰ ਹਲੇ ਤੀਕ ਜਿਉਂਦਾ ਏ
ਅਰਸ਼ੋਂ ਡਿੱਗਿਆ ਪੰਛੀ ਕਿੱਥੇ ਬਚਦਾ ਏ
ਮੁੜ ਵਿਚਾਰਾ ਕਦੋਂ ਉਡਾਰੀ ਲਾਉਂਦਾ ਏ
ਨਜ਼ਰੋਂ ਲੱਥੇ ਮੁੜਕੇ ਅੱਖ 'ਤੇ ਚੜ੍ਹਦੇ ਨਈਂ
ਪਰ ਤੂੰ ਹਾਲੇ ਤੀਕਰ ਉਸਨੂੰ ਚਾਹੁੰਦਾ ਏਂ
ਹੰਝੂ ਡੋਲ੍ਹ ਨਾ ਅੰਦਰੋਂ ਪਾਣੀ ਮੁਕਾ ਲਵੀਂ
ਆਂਦਰਾਂ ਹਿਜਰ ਦੀ ਅੱਗ 'ਚ ਨਾ ਸੜਾ ਲਵੀਂ
ਮੋਏ ਸੱਜਣ ਨੂੰ ਰੋ-ਰੋ ਥੱਕ ਜਾਣ ਅੱਖੀਆਂ ਵੀ
ਪਰ ਤੂੰ ਵਰ੍ਹਿਆ ਬਾਅਦ ਵੀ ਉਨਾਂ ਈ ਰੋਂਦਾ ਏਂ
ਨਸ਼ੇ 'ਚ ਡੁੱਬਿਆ ਲੋਕ ਬੜਾ ਕੁੱਝ ਕਹਿੰਦੇ ਨੇ
ਮੈਨੂੰ ਓਹੀ ਸਮਝਣ ਜੋ ਵਿਛੋੜੇ ਸਹਿੰਦੇ ਨੇ
ਕੋਈ ਦੱਸੇ ਕਿ ਮੈਂ ਡੁੱਬਿਆ ਯਾਦ ਸੱਜਣ ਦੀ 'ਚ
ਨਾਜਾਇਜ਼ ਅੱਖਾਂ ਵਿੱਚ ਲਾਲੀ ਕਿਹੜਾ ਚੌਂਦਾ ਏ
ਇਸ਼ਕ ਦਾ ਦਰਿਆ ਵਿੱਚ ਬਿਰਹੋਂ ਦੀ ਅੱਗ ਮੱਚੀ
ਤਰ ਜਾਣਾ ਜਾਂ ਸੜ ਜਾਣਾ ਦਿਲ ਕਹਿੰਦਾ ਏ
ਤਰ ਗਿਆ ਤਾਂ ਰੂਹ ਇਸ਼ਕੇ ਦੇ ਲੇਖੇ ਲੱਗੂ
ਸੜਿਆ ਤਾਂ ਕੀ ਸਰੀਰ ਤਾਂ ਸੜਦਾ ਰਹਿੰਦਾ ਏ
ਦੱਸ ਖਾਂ
ਰੂਹ ਅੰਦਰ ਤੇਰੇ ਰਚ ਗਏ ਹਾਂ
ਕਿਵੇਂ ਦਿਲ 'ਚੋਂ ਕੱਢੇਗਾ
ਹਵਾ ਬਣ ਆਵਾਂਗੇ ਸ਼ਹਿਰ ਤੇਰੇ
ਕੀ ਉਹ ਸ਼ਹਿਰ ਵੀ ਛੱਡੇਂਗਾ?
ਬਾਗਾਂ ਦੇ ਵਿੱਚ ਫੁੱਲ ਖਿਲਦੇ
ਮੁਰਝਾ ਨਾ ਜਾਵਣ ਕਿਧਰੇ ਨੀ
ਸਹਾਰਾ ਦੇਵਾਂ ਜੇ ਪਾਣੀ ਬਣ
ਕੀ ਉਹ ਬਾਗ ਵੀ ਵੱਢੇਗਾ?
ਕਬਰਾਂ ਦੇ ਵਿੱਚ ਕਬਰਾਂ ਸੁੱਤੀਆਂ
ਸੁੱਤਾ ਰਾਤ ਕੁੱਲ ਆਲਮ ਵੀ
ਜੇ ਮੈਂ ਕਿਧਰੇ ਸੌਂ ਗਿਆ ਤਾਂ
ਇੱਕ ਅੱਥਰੂ ਮੇਰੇ ਲਈ ਕੱਢੇਗਾ?
ਇਜ਼ਹਾਰ ਕਰਿਆ ਮੈਂ ਪਿਆਰ ਕਰਿਆ
ਤੂੰ ਨਫ਼ਰਤ ਕਰ ਭਰ ਭਰਕੇ
ਜਾ ਨਈਂ ਆਉਂਦਾ ਮੈਂ ਸ਼ਹਿਰ ਤੇਰੇ
ਹੁਣ ਤਾਂ ਸੱਜਣਾ ਤੂੰ ਹੱਸੇਂਗਾ?
ਸਾਹ ਮੈਂ ਲੇਖੇ ਲਾਏ ਤੇਰੇ
ਧੜਕਣ ਧੜਕੇ ਤੇਰੇ ਲਈ
ਕੋਈ ਪਾਗਲ ਤੇਰੇ ਲਈ ਪਾਗਲ ਸੀ
ਕੀ ਕਦੇ ਕਿਸੇ ਨੂੰ ਦੱਸੇਗਾ?
ਪਾਰ ਕਰ ਗਿਆ ਦਿਲ ਦੀਆਂ ਜਗੀਰਾਂ
ਮਾਰਕੇ ਤੁਰਿਆ ਮਜ਼ਹਬ ਦੀਆਂ
ਲਕੀਰਾਂ ਲਕੀਰਾਂ ਦੁਆਲੇ ਮੈਂ ਬੈਠ ਉਡੀਕਾਂ
ਕਿਸ ਦਿਨ ਵਡਭਾਗੇ ਤੂੰ ਟੱਪੇਂਗਾ?
ਰਾਖ ਨੇ ਸਾਰੇ ਮਸਜਿਦ ਮੰਦਿਰ
ਖ਼ੁਦਾ ਵਸੇ ਤੇਰੀ ਅੱਖ ਅੰਦਰ
ਤੱਕਿਆ ਇਲਾਹੀ ਨੂਰ ਤੇਰੇ 'ਚੋਂ
ਕੀ ਮੇਰੇ 'ਚੋਂ ਬੰਦਾ ਲੱਭੇਂਗਾ?
ਕੁੱਝ ਨੀ ਖਾਂਦੇ ਕੁੱਝ ਨੀ ਪੀਂਦੇ
ਵਿੱਛੜੇ ਜੋ ਮਜ਼ਬੂਰੀਆਂ 'ਚ
ਕਦ ਅਸਾਨੂੰ ਭੇਜ ਸੁਨੇਹੇ
ਤੂੰ ਦਾਅਵਤ ਉੱਤੇ ਸੱਦੇਂਗਾ?
ਰੂਹ ਅੰਦਰ ਤੇਰੇ ਰਚ ਗਏ ਹਾਂ
ਕਿਵੇਂ ਦਿਲ 'ਚੋਂ ਕੱਢੇਗਾ
ਹਵਾ ਬਣ ਆਵਾਂਗੇ ਸ਼ਹਿਰ ਤੇਰੇ
ਕੀ ਉਹ ਸ਼ਹਿਰ ਵੀ ਛੱਡੇਗਾ?
ਖਿਆਲਾਂ ਦੀ ਰਾਣੀ
ਜ਼ਿੰਦਗੀ 'ਚ ਬੜਾ ਸਬਰ ਕੀਤਾ
ਦਿਲ ਨੂੰ ਸਦਾ ਮੈਂ ਕਬਰ ਕੀਤਾ
ਜਿੰਨਾਂ ਨਾਲ ਸੀ ਪਿਆਰ ਬੜਾ
ਭੈੜੇ ਵਕਤ ਨੇ ਉਹੀ ਖੋਹ ਲੀਤਾ
ਖਾਬਾਂ ਨੇ ਚੀਰੇ 'ਤੇ ਕਲਗੀ ਲਗਾਈ
ਖਿਆਲਾਂ ਦੀ ਰਾਣੀ ਨਾ ਸਜੀ ਨਾ ਆਈ
ਦਿਲ ਦੇ ਵਿਹੜੇ ਮੁਹੱਬਤਾਂ ਰੋਈਆਂ
ਰੀਝ ਮੇਰੀ ਜਾ ਪੀੜ ਵਿਆਹੀ
ਸੂਰਜ ਡੁੱਬਣ 'ਤੇ ਅੱਖ ਮੇਰੀ ਡੁੱਲ੍ਹਗੀ
ਬੱਦਲਾਂ ਉਹਲੇ ਜਾ ਚਾਨਣੀ ਛੁਪਗੀ
ਚੰਨ ਦੀ ਤਲੀ ਵੇਖ ਫਿੱਕੀ ਜਈ ਮਹਿੰਦੀ
ਤਾਰਿਆ ਦੀ ਬਰਾਤ ਅੰਬਰ ਤੋਂ ਮੁੜਗੀ
ਕੀ ਦੱਸੀਏ ਰੁਲਗੀ ਜਿੰਦੜੀ ਨਿਮਾਣੀ
ਫੁੱਲਾਂ ਦਾ ਕਾਤਲ ਬਣਿਆ ਏ ਪਾਣੀ
ਜਿੰਨਾ 'ਤੇ ਵਿਸ਼ਵਾਸ ਸਾਹਾਂ ਤੋਂ ਵੱਧ ਕੇ
ਜਜ਼ਬਾਤਾਂ ਨਾ ਖੇਡੇ ਉਹ ਰੂਹਾਂ ਦੇ ਹਾਣੀ
ਫਿਜ਼ਾਵਾਂ ਤੋਂ ਸੱਜਣ ਝੱਖੜ ਕਿੱਦਾਂ ਬਣਗੇ
ਲੋਹੇ ਪਿਘਲ ਕੇ ਲੱਕੜ ਕਿੱਦਾਂ ਬਣਗੇ
ਵਿਛੋੜੇ ਦਾ ਨਾਂ ਸੁਣ ਰੋ ਸੀ ਜੋ ਪੈਂਦੇ
ਮਖਮਲ ਜਹੇ ਉਹ ਪੱਥਰ ਕਿੱਦਾਂ ਬਣਗੇ
ਦੁਆਵਾਂ ਅਸਾਨੂੰ ਅਸਰ ਨਹੀਂ ਕੀਤਾ
ਸੁੱਖਾਂ ਦਾ ਅਜ਼ਲੋਂ ਘੁੱਟ ਨਹੀਂ ਪੀਤਾ
ਜ਼ਿੰਦਗੀ 'ਚ ਸਦਾ ਸਬਰ ਹੀ ਕੀਤਾ
ਦਿਲ ਨੂੰ ਸਦਾ ਮੈਂ ਕਬਰ ਹੀ ਕੀਤਾ
ਘੜੀ
ਜਾਣੇ ਅਣਜਾਣੇ
ਕਦੇ ਸਾਨੂੰ ਵੀ ਚਾਅ ਲਿਆ ਕਰ
ਨਹੀਂ ਪਤਾ ਲੈਣਾ
ਤਾਂ ਵੀ ਖਾਮਖਾਹ ਲਿਆ ਕਰ
ਕਦੇ ਦਿੱਤੀ ਸੀ ਜੋ ਤੈਨੂੰ
ਸਾਨੂੰ ਸਮਾਂ ਦੇਣ ਵਾਸਤੇ
ਘੜੀ ਦੀ ਘੜੀ
ਸਾਡੀ "ਘੜੀ" ਪਾ ਲਿਆ ਕਰ
ਅਮੀਰ ਆਦਮੀ
ਹੈਸੀਅਤ ਨਹੀਂ ਕਿ
ਤੇਰੇ ਬਰਾਬਰ ਖੜ੍ਹ ਜਾਈਏ
ਹਰ ਕਿਸੇ ਦੀ ਪੈਦਾਇਸ਼
ਉੱਚੇ ਘਰਾਣੇ 'ਚ ਹੋਵੇ
ਇਹ ਵੀ ਹਰ ਵਕਤ
ਲਾਜ਼ਮੀ ਨਹੀਂ ਹੁੰਦਾ
ਪਰ ਮੈਂ ਸੁਣਿਆਂ
ਇੱਕ ਫਕੀਰ ਕਹਿੰਦਾ ਸੀ
ਕਿ ਜਿਸ ਕੋਲ
ਦਿਲ ਦੀ ਅਮੀਰੀ ਹੋਵੇ
ਉਸ ਤੋਂ ਅਮੀਰ
ਕੋਈ ਆਦਮੀ ਨਹੀਂ ਹੁੰਦਾ
ਮੈਂ ਤੇ ਮੈਂ
ਬੜੀ ਦੇਰ ਹੋ ਗਈ ਖੁੱਲ੍ਹ ਕੇ ਹੱਸੇ ਨੂੰ
ਮਨ ਵੀ ਨਹੀਂ ਕਰਦਾ ਖੁਸ਼ ਹੋਵਣ ਦਾ
ਪਰ ਜਦ ਹੱਸਦਾ ਤਾਂ ਮੈਂ ਹੱਸਦਾ ਬਹੁਤ ਆਂ
ਬੜੀ ਕੋਸ਼ਿਸ਼ ਕਰੀ ਦੁਨੀਆਂ ਨੇ ਰਵਾਉਣ ਦੀ
ਮੇਰੇ ਕੋਲੋਂ ਮੇਰੇ ਖਿਆਲ ਖੋਲ੍ਹ ਦੀ
ਪਰ ਜਦ ਰੋਵਾਂ ਤਾਂ ਮੈਂ ਰੋਂਦਾ ਬਹੁਤ ਵਾਂ
ਵੈਸੇ ਤਾਂ ਅੱਖ ਦੀ ਨੀਂਦਰ ਨਾਲ ਬਣਦੀ ਨਹੀਂ
ਜ਼ਿਆਦਾਤਰ ਜਾਗਦਾ ਹੀ ਰਹਿੰਦਾ ਵਾਂ
ਪਰ ਜਦ ਸੌਵਾਂ ਤਾਂ ਮੈਂ ਸੌਂਦਾ ਬਹੁਤ ਵਾਂ
ਜਵਾਨੀ ਚੁੱਪ-ਚੁੱਪ ਰਹਿ ਕੇ ਬੀਤ ਚੱਲੀ
ਸ਼ਾਇਦ ਬੁਢਾਪਾ ਵੀ ਇੱਦਾਂ ਹੀ ਗੁਜ਼ਰ ਜਾਵੇ
ਪਰ ਜਦ ਬੋਲਾਂ ਤਾਂ ਮੈਂ ਰੋਲਾ ਪਾਉਂਦਾ ਬਹੁਤ ਵਾਂ
ਰੌਣਕੀ ਜਿਹਾ ਆਖਦੇ ਸੀ ਸਭ ਮੈਨੂੰ
ਕੀ ਕਰਾਂ ਰੋਣੇ ਮੇਰੇ ਹਿੱਸੇ ਆਏ ਆ
ਪਰ ਜਦ ਹਸਾਵਾਂ ਤਾਂ ਮੈਂ ਹਸਾਉਂਦਾ ਬਹੁਤ ਵਾਂ
ਮਾਰ ਲਿਆ ਖ਼ੁਦ 'ਚੋਂ ਨਫ਼ਰਤ, ਈਰਖਾ ਤੇ ਚਿੜਚਿੜਾਪਨ
ਬੱਸ ਖ਼ੁਦ ਨੂੰ ਸ਼ਾਂਤ ਕਰ ਲਿਆ ਕਬਰਾਂ ਵਾਂਗ
ਪਰ ਜਦ ਗੁੱਸਾ ਆਉਂਦਾ ਤਾਂ ਮੈਨੂੰ ਆਉਂਦਾ ਬਹੁਤ ਵਾ
ਮਨ ਤੋਂ ਲਹਿ ਗਏ ਸਾਰੇ ਇੱਕ-ਇੱਕ ਕਰਕੇ
ਤਾਲਾ ਮਾਰ ਲਿਆ ਦਿਲ ਦੇ ਦਰਵਾਜ਼ੇ ਨੂੰ
ਪਰ ਜਦ ਕਿਸੇ ਨੂੰ ਚਾਹਵਾਂ ਤਾਂ ਮੈਂ ਚਾਹੁੰਦਾ ਬਹੁਤ ਵਾਂ
ਬੇਫ਼ਿਕਰੀ ਦਾ ਬਾਦਸ਼ਾਹ ਹੁੰਦਾ ਸੀ ਮੈਂ ਕਦੇ
ਬਟੂਏ ਵਿੱਚੋਂ ਧੇਲਾ ਕੱਢ ਕੇ ਰਾਜ਼ੀ ਨਹੀਂ ਹੁਣ
ਪਰ ਜਦ ਕਿਸੇ ਨੂੰ ਖਰਚਾਵਾਂ
ਤਾਂ ਖਰਚਾਉਂਦਾ ਬਹੁਤ ਵਾਂ
ਪਤਾ ਨੀ ਕਿਸ ਤਰ੍ਹਾਂ ਦੀ ਬਣ ਗਈ ਏ ਜ਼ਿੰਦਗੀ
ਪਤਾ ਨਹੀਂ ਕਿਸ ਤਰ੍ਹਾਂ ਦਾ ਬਣਾ ਲਿਆ ਖ਼ੁਦ ਨੂੰ
ਜਿਸ ਮਰਜ਼ੀ ਹਾਲ 'ਚ ਹੋਵਾਂ ਰਾਜ਼ੀ ਰਹਿੰਦਾ ਹਾਂ
ਰੱਬ ਦਾ ਦਿਨ ਰਾਤ ਸ਼ੁਕਰਾਨਾ ਕਹਿੰਦਾ ਵਾਂ
ਪਰ ਜਦ ਮਤ ਨੂੰ ਬੁਲਾਵਾਂ ਤਾਂ ਮੈਂ ਬੁਲਾਉਂਦਾ ਬਹੁਤ ਵਾਂ
ਸੋ ਖ਼ੈਰ ਹੋਈ
ਚੱਲ ਜੋ ਹੋਈ ਸੋ ਖ਼ੈਰ ਹੋਈ
ਮੇਰਾ ਰੱਬ ਨੀ ਤੈਥੋਂ ਬਗੈਰ ਕੋਈ
ਜਿਸ ਵਕਤ ਨਾ ਤੈਨੂੰ ਨੇੜੇ ਪਾਵਾਂ
ਨਾ ਦਿਨ ਐਸਾ ਨਾ ਦੁਪਹਿਰ ਕੋਈ
ਛੱਡ ਕੇ ਵੀ ਤਾਂ ਮਾਰ ਹੀ ਛੱਡਿਆ
ਨਾ ਹਿਜ਼ਰੋਂ ਭੈੜਾ ਕਹਿਰ ਕੋਈ
ਤੇਰਾ ਭਲਾ ਵੀ ਦੁੱਗਣਾ ਹੁੰਦਾ
ਦੇ ਜਾਂਦਾ ਜੇ ਜ਼ਹਿਰ ਕੋਈ
ਅੱਖਾਂ ਪਿੱਛੇ ਸਮੁੰਦਰ ਦੱਬਿਆ
ਬਣ ਨਾ ਜਾਵੇ ਲਹਿਰ ਕੋਈ
ਸ਼ਹਿਰ ਤੇਰਾ ਕਿਤੇ ਡੋਬ ਨਾ ਦੇਵੇ
ਰੋ ਰੋ ਚੱਤੇ ਪਹਿਰ ਕੋਈ
ਕਿਆਮਤ
ਮੇਰੇ ਹਰਫ਼ਾਂ ਨੂੰ ਨਿਆਮਤ ਮਿਲੀ ਏ
ਇਸ਼ਕ ਦੇ ਰਾਹ ਕਿਆਮਤ ਮਿਲੀ ਏ
ਦਿਲ ਮੋਇਆ ਪਰ ਸਾਹ ਨੇ ਚਲਦੇ
ਰੂਹ ਹਿਜ਼ਰ 'ਚੋਂ ਬਰਾਮਦ ਮਿਲੀ ਏ
ਤਬੀਬਾਂ ਫਰੋਲਿਆ ਜਿਸਮ ਦਾ ਪੋਟਾ
ਹਰ ਨਬਜੋ ਪੀੜ ਅਲਾਮਤ ਮਿਲੀ ਏ
ਰਾਹਾਂ 'ਚ ਗੁੰਮਿਆ ਭਰ ਅੱਥਰੂ ਕੇਰੇ
ਉਹ ਮੰਜ਼ਿਲ ਤੇ ਖੁਸ਼ਾਮਦ ਮਿਲੀ ਏ
ਵਫ਼ਾ ਨਿਭਾ ਵੀ ਬਣਿਆ ਕਾਤਿਲ
ਦਿਲ ਤੋੜਨ 'ਤੇ ਉਸਨੂੰ ਜਮਾਨਤ ਮਿਲੀ ਏ
ਮੇਰੀ ਸਰਦਲ ਰੰਗ ਜ਼ਰਾ ਨੀ ਭਾਉਂਦੇ
ਉਸਦੀ ਸਰਦਲ ਸਜਾਵਟ ਮਿਲੀ ਏ
ਮੈਨੂੰ ਯਾਦਾਂ, ਹੰਝੂ, ਹਾਵਾਂ, ਰੋਸੇ
ਕੁੱਲ ਜ਼ਿੰਦਗੀ ਦੀ ਅਮਾਨਤ ਮਿਲੀ ਏ
ਹਾਸਾ
ਕੁੱਝ ਕੁ ਹਾਲਾਤਾਂ ਨੇ ਖੋਹ ਲਏ ਹਾਸੇ
ਨਹੀਂ ਤਾਂ ਮੇਰੇ ਜਿੰਨਾ ਕੌਣ ਹੱਸਦਾ ਸੀ
ਲੁੱਟ ਖੋਹ
ਸਭ ਤੋਂ ਸੋਹਣਾ ਸੀ ਤੂੰ,
ਰੱਬ ਤੋਂ ਸੋਹਣਾ ਸੀ ਤੂੰ
ਕਿੰਨਾਂ ਕੁੱਝ ਸੀ ਦੁਨੀਆਂ 'ਤੇ,
ਲੁੱਟਣ-ਖਰੀਦਣ ਵਾਸਤੇ,
ਕਿਉਂ ਮੇਰਾ ਚੈਨ ਹੀ ਖੋਹਣਾ ਸੀ ਤੂੰ?
ਕਾਸ਼ ਤੇ ਆਸ
ਕਿਸੇ ਦੀ ਕਾਸ਼ ਰਹਿਗੀ
ਕਿਸੇ ਦੀ ਆਸ ਰਹਿਗੀ
ਸਾਰੀ ਜ਼ਿੰਦਗੀ ਖੁਸ਼ੀਆਂ ਲੱਭਦੀ
ਕਿਸੇ ਦੀ ਲਾਸ਼ ਰਹਿਗੀ
ਲਾਸ਼ ਉੱਤੇ ਲਿਖਿਆ ਨਾ ਕੋਈ ਨਾਵਾਂ ਸੀ
ਤੇ ਨਾ ਹੀ ਕੋਈ ਸਿਰਨਾਵਾਂ ਸੀ
ਜਦ ਗੌਰ ਨਾਲ ਨਿਹਾਰਿਆ ਉਸਨੂੰ
ਉਹ ਤਾਂ ਮੇਰਾ ਹੀ ਪਰਛਾਵਾਂ ਸੀ
ਆਉਣ ਦੀ ਆਸ
ਖੈਰ, ਸਮੇਂ ਤੇ ਹਲਾਤਾਂ ਨੇ ਜੋ ਕਰੀ ਸੋ ਕਰੀ,
ਇਸ ਦਿਲ 'ਚੋਂ, ਤੇਰੇ ਆਉਣ ਦੀ ਆਸ ਨਹੀਂ ਮਰੀ!
ਕਿਸ ਤਰ੍ਹਾਂ ਕਰਾਂ ਮੈਂ ਨਸ਼ੇ ਦੀ ਖਿਦਮਤ,
ਖਿਆਲਾਂ ਨੂੰ ਖੁਮਾਰੀ ਰਹਿੰਦੀ ਜੋ ਚੜ੍ਹੀ!
ਮੁਨਾਸਬ ਗੱਲ ਹੈ ਅਗਰ ਤੂੰ ਸਮਝੇ,
ਇਸ਼ਕ ਹੈ ਰੂਹਾਨੀ ਨਜ਼ਰਾਂ 'ਚੋਂ ਪੜ੍ਹੀ!
ਜੇ ਨਹੀਂ ਸੀ ਕਰਨਾ ਵਸਲ ਮਾਰੂਥਲ ਨੂੰ,
ਫਿਰ ਦੱਸ ਕਾਹਤੋਂ ਖਾਬਾਂ ਵਿੱਚ ਵੜੀ?
ਰੱਬ ਵਾਂਗ ਕਰਦੇ ਆਂ ਤੇਰੀਆਂ ਇਬਾਦਤਾਂ,
ਟੁੱਟੀ ਡੋਰ ਸਾਹਾਂ ਦੀ ਦੁਆ ਵਾਂਗ ਫੜੀ!
ਬਣਾਇਆ ਕੀ ਖ਼ੁਦਾ ਤੈਨੂੰ, ਆ ਗਈਆਂ ਮਗਰੂਰੀਆਂ
ਤੂੰ ਤਾਂ ਕੋਲ ਖੜਣਾ ਕੀ, ਬੈਠਾ ਵੀ ਨਾ ਘੜੀ!
ਦੇਖੀਂ ਕਿਤੇ ਖੋਲ੍ਹ ਹੀ ਨਾ ਦੇਵੀਂ ਪੰਨੇ ਹਵਾ 'ਚ,
ਤੂੰ ਜੋ ਕਿਤਾਬ ਸਾਡੀ ਜ਼ਿੰਦਗੀ ਦੀ ਫੜੀ!
ਇਹੀ ਹੈ ਖਜ਼ਾਨਾ ਮੇਰਾ ਨਗਮੇ ਜੋ ਲਿਖੇ ਨੇ,
ਲਫਜ਼ਾਂ 'ਚ ਲਿਖਿਆ ਜੋ ਹਾਲ ਤਾਂ ਪੜ੍ਹੀ!
ਮੈਂ ਤਾਂ ਪੂਰੀ ਵਾਹ ਲਾਈ ਤੇਰੇ ਪਿੱਛੇ ਮਰਨੇ ਦੀ,
ਕੀ ਮੇਰੇ ਨਾ ਜਿਉਣ ਲਈ ਤੂੰ ਲੇਖਾਂ ਨਾ ਲੜੀ?
ਰੋਜ਼ ਲੈ ਕੇ ਆਉਂਦਾ ਉਸ ਰਾਹ 'ਤੇ ਉਮੀਦ ਨਵੀਂ,
ਸ਼ਾਇਦ ਉਸ ਮੋੜ ਹੋਵੇ ਉਡੀਕਦੀ ਉਹ ਖੜ੍ਹੀ!
ਹੁੰਦਾ ਕੀ ਮਹਿਬੂਬ ਯਾਰ ਵਾਸਤੇ ਜੇ ਜਾਨਣਾ,
ਸਾਰੀਆਂ ਨੂੰ ਛੱਡ 'ਇੱਕ ਪੌੜੀ' ਪਿਆਰ ਦੀ ਚੜ੍ਹੀ!
ਤੇਰੇ ਜਾਣ ਮਗਰੋਂ ਮੈਂ ਜਿਉਂਦਿਆਂ ਹੀ ਮੋ ਗਿਆ,
ਲਾਸ਼ ਮੇਰੀ ਦੇਖ ਬੇਵਜਾ ਨਾ ਡਰੀਂ!
ਉੱਠ ਨਾ ਜਾਵੇ ਦਿਲ ਕਬਰਸਤਾਨ 'ਚੋਂ,
ਇਸ਼ਕ ਹੈ ਆਬਾਦ ਚਾਹੇ ਦੇਖਲੈ ਕਮਾਲ ਸਾਡਾ,
ਮਰ ਕੇ ਵੀ ਤੈਨੂੰ ਜਾਂਦੇ ਯਾਦ ਆਂ ਕਰੀ!
ਆਉ ਚਿੜੀਓ
ਆਉ ਚਿੜੀਓ ਨੀ ਸ਼ੋਰ ਮਚਾਓ
ਕਾਵਾਂ ਨੂੰ ਵੀ ਨਾਲ ਲੈ ਜਾਉ
ਸਹੀਆਂ ਹੋਰ ਨਾ ਜਾਣ ਪੀੜਾਂ
ਮੌਤ ਮੇਰੀ ਦਾ ਗੀਤ ਕੋਈ ਗਾਉ
ਸੂਰਜ ਤੋਂ ਪਹਿਲਾਂ ਖੁੱਲ੍ਹ ਜਾਏ
ਅੱਖ ਮਰਜਾਣੀ ਡੁੱਲ੍ਹ ਜਾਏ
ਉਹਦੀ ਯਾਦ ਸੰਭਾਲੀ ਫਿਰਦੇ ਆਂ
ਜਿਸਨੂੰ ਸਾਡੀ ਯਾਦ ਨਾ ਆਏ
ਨਬਜ਼ਾਂ 'ਚੋਂ ਪੀੜਾਂ ਵਹਿੰਦੀਆਂ ਨੇ
ਵਾਵਾਂ ਉਦਾਸੀਆਂ ਕਹਿੰਦੀਆਂ ਨੇ
ਤੇਰੇ ਫਿੱਕੜੇ ਦਾ ਹੁਣ ਕੀ ਜੀਣਾ
ਉਹਦੇ ਗੂੜੀਆਂ ਚੜ੍ਹੀਆਂ ਮਹਿੰਦੀਆਂ ਨੇ
ਅੱਜ ਉਸ ਦੀ ਡੋਲੀ ਉੱਠਣੀ ਏ
ਜਿੰਦ ਤੜਪ ਤੜਪ ਕੇ ਮੁੱਕਣੀ ਏ
ਤੇਰੇ ਹਿਜ਼ਰਾਂ ਦੀ ਧੁੱਪ ਤਿੱਖੀ 'ਚ
ਸਾਹਾਂ ਦੀ ਨਹਿਰ ਵੀ ਸੁੱਕਣੀ ਏ
ਮੇਰੇ ਘਰ ਉੱਤੋਂ ਲੜੀਆਂ ਲਾਹੋ
ਚਾਦਰ ਤੇ ਬਾਲਣ ਲੈ ਆਓ
ਮੈਂ ਆਖਰੀ ਵਾਰ ਉਸਨੂੰ ਵੇਖ ਆਵਾਂ
ਤੁਸੀਂ ਜਾਕੇ ਸ਼ਮਸ਼ਾਨ ਸਜਾਓ
ਸ਼ੋਰ ਖਾਮੋਸ਼ੀ ਦਾ
ਇੰਨਾ ਸ਼ੋਰ ਹੈ ਦਿਲ 'ਚ ਖਾਮੋਸ਼ੀ ਦਾ
ਰੌਲੇ ਆ ਕੇ ਸੁਨਣ ਤਾਂ ਮੁਰੀਦ ਹੋ ਜਾਣ
ਨਹੀਂ ਜਰਦਾ ਦਿਲ ਅਵੱਲੀ ਪੀੜ ਵਿਛੋੜੇ ਦੀ
ਕਾਸ਼ ਇਹ ਅੱਜ ਦੇ ਦਿਨ ਅਤੀਤ ਹੋ ਜਾਣ
ਹੱਲਾ ਮਾਰਿਆ ਰੀਤੀ-ਰਿਵਾਜ਼ਾਂ ਆਲਮ 'ਤੇ
ਖ਼ੁਦਾ ਕਰੇ ਸੂਬਾ ਉੱਠਦਿਆਂ ਸਭ ਕੁਰੀਤ ਹੋ ਜਾਣ
ਡੱਲ ਦਿਮਾਗੀ ਊਚ-ਨੀਚ ਦੀ ਸੋਚ ਟਹਿਲਦੀ ਜੋ
ਇਹ ਮਜ਼ਹਬਾਂ ਦੇ ਕਿੱਸੇ ਸਾਰੇ ਝਰੀਟ ਹੋ ਜਾਣ
ਫਿਰ ਵੀ ਜੋ ਨਹੀਂ ਬਦਲਦੇ ਸੋਚ ਗਰਕੀ ਦੀ
ਅੱਲਾ ਕਰੇ ਉਹ ਸਭਨਾਂ ਦੀਆਂ ਅੱਖਾਂ ਮੀਟ ਹੋ ਜਾਣ
ਦੁਨੀਆਂ ਤੇ ਬਦਲਾਵ ਲਿਆਣਾ ਲਾਜ਼ਮੀ ਹੈ
ਧਰਮਾਂ ਪਿੱਛੇ ਬੰਦਾ ਮਰਵਾਉਣਾ ਸਾਜਸ਼ੀ ਹੈ
ਜੇ ਹੇਕ ਪਿਆਰ ਦੀ ਗਲੀ-ਗਲੀ ਦਿੱਤੀ ਜਾਵੇ
ਦਿਲਾਂ 'ਚ ਬਲ ਪੈਣੀ ਇਸ਼ਕ ਦੀ ਆਤਸ਼ੀ ਹੈ
ਹਕੂਮਤ ਉਹ ਨਹੀਂ ਜੋ ਰਾਜ ਕਰੇ ਦਬਕਾ ਰੱਖਕੇ
ਆਪਣੇ ਲੋਕਾਂ ਦੇ ਮਸਲੇ ਹੱਲ ਕਰਨਾ ਅਤੇ
ਗਰੀਬਾਂ 'ਚ ਬਹਿਕੇ ਦਾਣਾ ਖਾਣਾ ਹੀ ਬਾਦਸ਼ੀ ਹੈ
ਕਿਉਂ ਨਾ ਏਕਤਾ ਦੇ ਮਿਨਾਰ ਖੜ੍ਹੇ ਕਰੀਏ
ਇਹ ਇਨਸਾਨੀਅਤ ਦੇ ਮੈਦਾਨ ਰੜੇ ਕਰੀਏ
ਦਿਲ ਜਿੱਥੇ ਕਰਦਾ ਉਸ ਨਾ ਜਾਕੇ ਜੋੜ ਲਈਏ
ਇਹ ਊਚ ਨੀਚ ਦੇ ਦਿਖਾਵੇ ਪਰ੍ਹੇ ਕਰੀਏ
ਮਿੱਠੇ ਬੋਲ ਬੋਲਕੇ ਤੇ ਈਰਖਾ ਮਨੋ ਵਿਸਾਰਕੇ
ਕਿਉਂ ਨਾ ਹੋਰਾਂ ਦੇ ਦਿਲ ਦੀ ਪੌੜੀ ਚੜ੍ਹਿਆ ਕਰੀਏ
ਜੇ ਖ਼ੁਦਾ ਨੇ ਅਸਾਨੂੰ ਜ਼ਿਆਦਾ ਦਿੱਤਾ ਹੈ ਤਾਂ
ਕਿਉਂ ਨਾ ਕਿਸੇ ਬੇਸਹਾਰੇ ਦੀ ਬਾਂਹ ਫੜ੍ਹਿਆ ਕਰੀਏ
ਜੇਕਰ ਵੱਡੇ ਛੋਟੇ ਦਾ ਕਰੇ ਨਾ ਕੋਈ ਮਾਣ
ਤਾਂ ਹਕੂਮਤਾਂ ਸਾਰੀਆਂ ਦੇ ਮੂੰਹ ਭੰਨੇ ਜਾਣ
ਕਰੇ ਨਾ ਕੋਈ ਜਬਰ ਨਾ ਕੋਈ ਲਵੇ ਕਿਸੇ ਦੀ ਜਾਨ
ਤਾਂ ਨਾਨਕ, ਸ਼ਿਵ, ਸਾਈਂ, ਅੱਲਾ ਸਭ ਇੱਕ ਮੰਨੇ ਜਾਣ
ਕਾਸ਼ ਸਾਰੇ ਇੱਕ ਮਿੱਕ ਹੋਕੇ ਇਸਰਾਂ ਰਹੀ ਜਾਣ
ਜਿਵੇਂ ਰਾਤ ਨੂੰ ਰਹਿਣ ਹਨੇਰੇ, ਬੱਦਲ, ਤਾਰੇ ਤੇ ਮਹਿਤਾਬ
ਹਰ ਕੋਈ ਵੰਡੇ ਲੋਅ ਬੁਝੇ ਚਿਰਾਗਾਂ ਨੂੰ
ਹਰ ਕੋਈ ਦੇਵੇ ਨਵੀਂ ਸਵੇਰ ਜਿਉਂ ਦੇਂਦਾ ਏ ਆਫ਼ਤਾਬ
ਜੇ ਹੀਰ ਰਾਂਝੇ ਦਾ ਸਾਕ ਹੋ ਜਾਂਦਾ ਤਾਂ ਵੱਖਰੀ ਲੋਰ ਹੋਣੀ ਸੀ
ਜੇ ਸਾਹਿਬਾ ਨਾ ਮਰਵਾਉਂਦੀ ਯਾਰ ਤਾਂ ਟਿੱਪਣੀ ਹੋਰ ਹੋਣੀ ਸੀ।
ਇਸ਼ਕ ਦੀਆਂ ਜੰਗਾਂ ਵਿੱਚ ਆਸ਼ਿਕ ਹੁਣ ਤੱਕ ਹਾਰੇ ਨੇ
ਜਿੱਤ ਜਾਂਦੇ ਜੇ ਪਿਆਰ ਤਾਂ ਦੁਨੀਆਂ ਹੋਰ ਹੋਣੀ ਸੀ
ਇਸ ਦੁਨੀਆਂ ਦੀ ਰੀਤ ਰੱਬਾ ਬਦਲਦੀ ਕਿਉਂ ਨਹੀਂ
ਸੇਬ ਦੇ ਵਾਂਗਰ ਸੋਚ ਭੈੜੀ ਗਲਦੀ ਕਿਉਂ ਨਹੀਂ
ਹਨ੍ਹੇਰੀ ਛਾਈ ਦਿਮਾਗਾਂ 'ਤੇ ਟਲਦੀ ਕਿਉਂ ਨਹੀਂ
ਰੀਤੀ-ਰਿਵਾਜ਼ਾਂ ਦੀ ਚੁੰਨੀ ਰੱਬਾ ਜਲਦੀ ਕਿਉਂ ਨਹੀਂ
ਇੰਨਾ ਸ਼ੋਰ ਹੈ ਦਿਲ 'ਚ ਖਾਮੋਸ਼ੀ ਦਾ
ਰੌਲੇ ਆ ਕੇ ਸੁਨਣ ਤਾਂ ਮੁਰੀਦ ਹੋ ਜਾਣ
ਨਹੀਂ ਜਰਦਾ ਦਿਲ ਅਵੱਲੀ ਪੀੜ ਵਿਛੋੜੇ ਦੀ
ਕਾਸ਼ ਇਹ ਅੱਜ ਦੇ ਦਿਨ ਅਤੀਤ ਹੋ ਜਾਣ
ਫੈਸਲਾ
ਹਾਂ ਮੈਨੂੰ ਛੱਡਣ ਦਾ ਫੈਸਲਾ ਤੇਰਾ ਸਹੀ ਏ
ਮੇਰੇ ਕੋਲੋਂ ਅਖੀਰ ਫਾਂਸਲਾ ਤੇਰਾ ਸਹੀ ਏ
ਇਹ ਵੀ ਤਾਂ ਸੱਚ ਹੈ ਖ਼ੁਦਾ ਵਰਗਿਆ
ਤੇਰੇ ਜਾਣ ਮਗਰੋਂ ਰੋਗ ਲੱਗਣੇ ਕਈ ਏ
ਮੈਂ ਫਿਰ ਵੀ ਕਦੇ ਨਹੀਂ ਰੋਕਾਂਗਾ ਤੈਨੂੰ
ਪਰ ਹਾਂ ਛੱਡਣ ਦਾ ਫੈਸਲਾ ਤੇਰਾ ਸਹੀ ਏ
ਮੰਨਦਾਂ ਮਾਪਿਆਂ ਰੀਝਾਂ ਨਾਲ ਪਾਲਿਆ ਤੈਨੂੰ
ਜੰਮਣ ਤੋਂ ਲੈ ਹੁਣ ਤੱਕ ਸੰਭਾਲਿਆ ਤੈਨੂੰ
ਮੰਨ ਲਿਆ ਉਹਨਾਂ ਨੂੰ ਆਪਣੀ ਖੁਸ਼ੀ ਪਿਆਰੀ ਹੈ
ਪਰ ਤੇਰੀ ਖੁਸ਼ੀ ਵਾਸਤੇ ਉਹ ਜਾਨ ਵੀ ਵਾਰਦੇ ਨੇ
ਫਿਰ ਕਿਉਂ ਨਈਂ ਹੌਂਸਲਾ ਕਰ ਕਹਿੰਦਾ?
ਤੇਰਾ ਅੱਜ ਕੀਤਾ ਹੌਂਸਲਾ ਥੋੜ੍ਹੀ ਤਕਲੀਫ ਤਾਂ ਦਵੇਗਾ
ਪਰ ਸ਼ਰਤ ਹੈ ਇਸ ਤੋਂ ਬਾਅਦ ਜੋ ਸਕੂਨ ਮਿਲਣਾ
ਉਹ ਇਸ ਤੋਂ ਕਿਤੇ ਜ਼ਿਆਦਾ ਮਿਲੇਗਾ
ਤੇ ਉਹ ਵੀ ਖੁਸ਼ ਹੋਵਣਗੇ ਕਿ ਸਾਡੇ ਬੱਚੇ ਨੇ
ਆਪਣੀ ਜ਼ਿੰਦਗੀ ਦਾ ਫੈਸਲਾ
ਬੜੀ ਸਿਆਣਪ ਨਾਲ ਲਿਆ ਸੀ!!
ਅਗਰ ਤੂੰ ਆਪਣਾ ਆਪ ਕੁਰਬਾਨ ਵੀ ਕਰ ਦੇਵੇਂ
ਪਰ ਤੇਰੀਆਂ ਖੁਸ਼ੀਆਂ ਦਾ ਕੀ?
ਚੱਲ ਛੱਡ ਮੰਨ ਲਿਆ ਤੂੰ ਆਪਣਾ ਮਨ ਮਾਰ ਲਵੇਂ
ਪਰ ਮੇਰੀਆਂ ਖੁਸ਼ੀਆਂ ਦਾ ਕੀ?
ਉਹਨਾਂ ਲਈ ਆਪਣੀਆਂ ਖੁਸ਼ੀਆਂ ਦਾ ਗਲਾ ਘੁੱਟ ਦੇਣਾ
ਕੀ ਇਹ ਸਹੀ ਏ?
ਬੱਚਿਆਂ ਵਾਂਗਰ ਪਾਲੇ ਸੁਫ਼ਨਿਆਂ ਦਾ ਕਤਲ ਕਰ ਦੇਣਾ
ਕੀ ਇਹ ਸਹੀ ਏ?
ਅਗਰ ਸਮੁੰਦਰ ਲਹਿਰ ਨੂੰ ਆਖੇ ਕਿ ਕਿਨਾਰੇ ਨੂੰ ਮਿਲਣਾ
ਤੇ ਉਸ ਕੋਲ ਜਾਣਾ ਸਦਾ ਵਾਸਤੇ ਬੰਦ ਕਰਦੇ
ਤਾਂ ਕੀ ਲਹਿਰ ਉਸਦੀ ਗੱਲ ਮੰਨੇਗੀ ਜਾਂ ਉਸ ਨੂੰ ਸਮਝਾਵੇਗੀ
ਕਿ ਇਹ ਤਾਂ ਕੁਦਰਤੀ ਹੈ ਮੈਨੂੰ ਉਸ ਕੋਲ ਜਾਣਾ ਹੀ ਪੈਣਾ
ਮੇਰਾ ਤੇ ਉਸਦਾ ਮਿਲਣਾ ਤਹਿ ਹੈ।
ਜਾਂ ਕਹਿਲਾ ਕਿ ਅਗਰ ਸੂਰਜ ਨੂੰ ਚੰਨ ਕਹੇ ਕਿ
ਇੰਨਾ ਖਿਝਿਆ ਨਾ ਕਰ ਜਾਂ ਇੰਨਾ ਤਪਿਆ ਨਾ ਕਰ
ਤਾਂ ਕੀ ਸੂਰਜ ਉਸਦੇ ਕਹਿਣ 'ਤੇ ਘੱਟ ਤਪੇਗਾ?
ਜਾਂ ਤੇਰੇ ਦਿਲ ਨੂੰ ਕੋਈ ਕਹੇ ਕਿ ਤੂੰ ਇਸ਼ਕ ਕਰਨਾ ਛੱਡਦੇ
ਤੇ ਜਿਸ ਨਾਲ ਮੈਂ ਕਹਾਂ ਉਸ ਨਾਲ ਪਿਆਰ ਕਰ
ਕੀ ਤੂੰ ਉਸਦੀਆਂ ਮੰਨ ਕੇ ਮੈਨੂੰ ਭੁੱਲ ਜਾਵੇਗਾ?
ਛੱਡ ਯਾਰ ਇਹ ਤਾਂ ਬੱਸ ਮੇਰੇ ਦਿਲ ਦੀਆਂ ਗੱਲਾਂ ਹੀ ਨੇ
ਪਾਗਲ ਸ਼ਾਇਰ ਦੀਆਂ ਫਜ਼ੂਲ ਗੱਲਾਂ ਤੇ ਮਾਮੂਲੀ ਸੋਚ!!
ਤੂੰ ਸੋਚਦਾ ਹੋਣਾ ਇਹ ਸੂਰਜ, ਸਮੁੰਦਰ, ਕਿਨਾਰੇ, ਲਹਿਰਾਂ
ਇਹ ਸਭ ਗੱਲਾਂ 'ਚ ਤੇ ਅਸਲ ਜ਼ਿੰਦਗੀ 'ਚ ਬਹੁਤ ਫਰਕ ਹੁੰਦਾ
ਪਰ ਅਸਲ ਸੱਚ ਤਾਂ ਇਹ ਹੈ ਕਿ ਅਸੀਂ ਕੁਦਰਤ ਤੋਂ ਹੀ ਬਣੇ ਹਾਂ
ਤੇ ਕੁਦਰਤ ਨੇ ਹੀ ਸਾਨੂੰ ਸਭ ਕੁੱਝ ਦਿੱਤਾ ਹੈ।
ਮੈਂ ਤੈਨੂੰ ਨਹੀਂ ਕਹਿੰਦਾ ਕਿ ਮੇਰੇ ਹੱਕ 'ਚ ਗਵਾਹੀ ਦੇ
ਕੋਈ ਨਾ ਤੂੰ ਦੋਹਾਂ ਦੀ ਜ਼ਿੰਦਗੀ ਨੂੰ ਤਬਾਹੀ ਦੇ
ਮਜ਼ਬੂਰੀਆਂ ਵੀ ਕਿਆ ਕਮਾਲ ਦੀ ਚੀਜ਼ ਹੁੰਦੀਆਂ ਨੇ
ਦੋਹਾਂ ਦੇ ਹੱਸਦੇ ਖੇਡਦੇ ਦਿਲਾਂ ਨੂੰ ਦੁਹਾਈ ਦੇ
ਲਿਆ ਮੈਂ ਆਪਣੇ ਵਿਛੋੜੇ ਦੀ ਤਰੀਕ ਲਿਖ ਦੇਵਾਂ
ਮੈਨੂੰ ਪੱਕੀ ਪੈਂਸਲ ਦੀ ਕਿਤੋਂ ਲਿਆ ਕੇ ਸਿਆਹੀ ਦੇ।
ਤੂੰ ਤਾਂ ਕਹਿਤਾ ਕਿ ਆਖਰ ਜੋ ਘਰਦੇ ਕਹਿਣਗੇ ਉਹੀ ਹੋਣੈ!!
ਤੈਰੇ ਇਹ ਲਫਜ਼ਾਂ ਦਾ ਭਾਰ ਇੰਨਾ ਜ਼ਿਆਦਾ ਸੀ
ਕਿ ਇਹਨਾਂ ਨੇ ਮੇਰੀ ਅੱਖ ਦੀ ਨੀਂਦਰ ਖੋਹ ਰੱਖੀ ਏ
ਹਾਂ ਤੇਰੇ ਦਿਲ 'ਤੇ ਵੀ ਭਾਰ ਬਹੁਤ ਹੋਣੈ ਜਦ ਤੂੰ ਆਖਿਆ
ਹੋ ਸਕਦਾ ਤੈਨੂੰ ਵੀ ਨੀਂਦਰ ਨਾ ਆਉਂਦੀ ਹੋਵੇ
ਪਰ ਇਹ ਸਜ਼ਾ ਆਪਾਂ ਦੋਵੇਂ ਹੀ ਕਿਉਂ ਭੁਗਤ ਰਹੇ ਹਾਂ?
ਆਪਾਂ ਜ਼ੋਰ ਲਗਾ ਕੇ ਇੱਕ ਵੀ ਤਾਂ ਹੋ ਸਕਦੇ ਹਾਂ
ਅਗਰ ਚਾਹੀਏ ਇੱਕੋ ਤਕਦੀਰ ਵੀ ਲਿਖ ਸਕਦੇ ਹਾਂ
ਆਪਾਂ ਯਾਦਗਾਰੀ ਤਸਵੀਰ ਵੀ ਤਾਂ ਖਿੱਚ ਸਕਦੇ ਹਾਂ
ਇਹ ਦੱਸ, ਕੀ ਆਪਾਂ ਇੱਕ ਦੂਸਰੇ ਬਿਨਾਂ ਟਿਕ ਸਕਦੇ ਹਾਂ?
ਕਿਸੇ ਅੱਗੇ ਆਪਣੀ ਜਿੱਦ ਜਾਂ ਗੱਲ ਰੱਖਣੀ
ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਖਿਲਾਫ਼ ਜਾ ਰਹੇ ਹੋ
ਕੋਈ ਤੁਹਾਨੂੰ ਜ਼ਬਰਦਸਤੀ ਕਿਸੇ ਚੀਜ਼ ਲਈ ਮਨਾਵੇ
ਕਿਸੇ ਅਪਰਾਧ ਤੋਂ ਘੱਟ ਨਹੀਂ ਹੁੰਦਾ
ਖ਼ੁਦ ਨਾਲ ਇਨਸਾਫ਼ ਨਾ ਕਰ ਸਕੇ ਤਾਂ ਕਿਸੇ ਨਾਲ ਕੀ ਕਰੋਗੇ?
ਅਕਸਰ ਪੁੱਛਦਾ ਰਹਿੰਦੈ ਕਿ ਤੂੰ ਸੌਂਦਾ ਕਿਉਂ ਨਹੀਂ
ਸੌਣ ਵਾਸਤੇ ਸਕੂਨ ਜ਼ਰੂਰੀ ਹੁੰਦਾ ਯਾਰਾ
ਜੋ ਕਿ ਮੈਨੂੰ ਤੇਰਾ ਮੁੱਖ ਵੇਖਣ ਤੋਂ ਬਾਦ ਮਿਲਦਾ ਏ
ਕਾਸ਼ ਤੇਰਾ ਮੁੱਖ ਵੇਖਣ 'ਤੇ ਜੋ ਦਿਲ 'ਚ ਠੰਡਕ ਪੈਂਦੀ ਏ
ਉਸ ਠੰਡਕ ਵਾਸਤੇ ਵੀ ਕੋਈ ਲਫ਼ਜ਼ ਹੁੰਦਾ
ਤੇ ਮੈਂ ਦਿਲ ਖੋਲ੍ਹ ਕੇ ਬਿਆਨ ਕਰ ਸਕਦਾ ਕਿ
ਮੈਨੂੰ ਕੀ ਮਹਿਸੂਸ ਹੁੰਦਾ ਜਦ ਤੂੰ ਅੱਖਾਂ ਸਾਵੇਂ ਹੁੰਦੈਂ।
ਰਹੀ ਗੱਲ ਨੀਂਦ ਦੀ! ਕਿੱਥੋਂ ਆਵੇ ਨੀਂਦਰ
ਜਦ ਪਤਾ ਹੋਵੇ ਕਿ ਤੂੰ ਕੋਲ ਹੋ ਕੇ ਵੀ ਜੁਦਾ ਏਂ
ਜੇ ਮੈਨੂੰ ਤੂੰ ਨਾ ਮਿਲਿਆ ਤਾਂ ਮੇਰਾ ਉਹ ਦੁਸ਼ਮਣ ਬਣਜੂ
ਜੋ ਤੇਰੇ ਵਾਸਤੇ ਤੇਰੀਆਂ ਅੱਖਾਂ 'ਚ ਖ਼ੁਦਾ ਏ
ਕੋਈ ਗੁਨਾਹ ਨਹੀਂ ਕੀਤਾ ਆਪਾਂ ਪਿਆਰ ਕੀਤਾ ਏ
ਇੱਕ ਦੂਜੇ ਤੇ ਸਭ ਤੋਂ ਜ਼ਿਆਦਾ ਇਤਬਾਰ ਕੀਤਾ ਏ
ਸੁੱਖਾਂ ਦੁੱਖਾਂ ਦਾ ਹਰ ਇੱਕ ਘੁੱਟ ਵੰਡ ਨਾਲ ਪੀਤਾ ਏ
ਖ਼ੈਰ ਕੀ ਫਾਇਦਾ ਮੇਰਾ ਇਹ ਸਭ ਕੁੱਝ ਕਹਿਣ ਦਾ
ਆਪਣਾ ਫੈਸਲਾ ਤਾਂ ਤੂੰ ਆਖ਼ਰ ਸੁਣਾ ਹੀ ਲੀਤਾ ਏ!!
ਹਾਂ ਮੈਨੂੰ ਛੱਡਣ ਦਾ ਫੈਸਲਾ ਤੇਰਾ ਸਹੀ ਏ
ਮੇਰੇ ਕੋਲੋਂ ਆਖ਼ਰ ਫਾਂਸਲਾ ਤੇਰਾ ਸਹੀ ਏ
ਇਹ ਵੀ ਤਾਂ ਸੱਚ ਹੈ ਖ਼ੁਦਾ ਵਰਗਿਆ
ਤੇਰੇ ਜਾਣ ਮਗਰੋਂ ਰੋਗ ਲੱਗਣੇ ਕਈ ਏ
ਮੈਂ ਫਿਰ ਵੀ ਕਦੇ ਰੋਕਾਂਗਾ ਨਹੀਂ ਤੈਨੂੰ
ਪਰ ਹਾਂ ਛੱਡਣ ਦਾ ਫੈਸਲਾ ਤੇਰਾ ਸਹੀ ਏ
ਅੱਖ ਦੀ ਲਾਲੀ
ਅਸੀਂ ਜੋਬਨ ਦੀ ਰੁੱਤ ਮਾਣ ਰਹੇ ਸੀ,
ਅਚਾਨਕ ਬਿਰਹਾ ਦੀ ਹਨੇਰੀ ਕਿੱਥੋਂ ਛਾ ਗਈ ਏ!
ਬੜੀ ਰੌਣਕ ਸੀ ਜ਼ਿੰਦਗੀ ਦੇ ਰੁੱਖ ਉੱਤੇ,
ਵਸਲਾਂ ਦੀ ਟਾਹਣੀ ਦੇ ਇਹ ਸਾਰੇ ਪੱਤੇ ਖਾ ਗਈ ਏ!
ਉੱਡ ਗਿਆ ਹਰ ਨੂਰ ਇਹ ਨੂਰੀ ਮੁੱਖੜੇ ਤੋਂ,
ਸਾਡੇ ਸਜਣ ਫੱਬਣ ਦੀਆਂ ਰੀਝਾਂ, ਸੁਫ਼ਨੇ ਢਾਹ ਗਈ ਏ!
ਕੀ ਦੱਸੀਏ ਹੁਣ ਕਿੱਸਾ ਗੱਲ੍ਹਾਂ ਦੀ ਲਾਲੀ ਦਾ,
ਰੋ ਰੋ ਕੇ ਇਹ ਅੱਖਾਂ ਦੇ ਵਿੱਚ ਆ ਗਈ ਏ!
ਤੇਰੀ ਦੇਣ
ਮੇਰੀ ਲਿਖੀ ਕਿਤਾਬ ਤੇਰੀ ਹੀ ਦੇਣ ਹੈ
ਇਹ ਲਫਜ਼ ਤੈਥੋਂ ਹੀ ਉਧਾਰੇ ਲਏ ਨੇ
ਸ਼ਿਅਰ ਸਾਰੇ ਅਸਰਦਾਰ ਕਰਨ ਲਈ
ਤੇਰੀਆਂ ਯਾਦਾਂ ਕੋਲੋਂ ਸਹਾਰੇ ਲਏ ਨੇ
ਉਂਝ ਸਾਨੂੰ ਕਿੱਥੇ ਕੁੱਝ ਫੁਰਦਾ ਸੀ
ਦਿਮਾਗ ਡੱਲ ਸਾਡਾ ਨਿਕੰਮਿਆ ਦਾ
ਅਸੀਂ ਗੀਤ ਚੰਨ 'ਤੇ ਬਣਾਉਣ ਲਈ
ਅਸਮਾਨ ਤੋਂ ਮੰਗ ਕੇ ਤਾਰੇ ਲਏ ਨੇ
ਕੋਈ ਇੱਕ ਅੱਧਾ ਸੁੱਖ ਹੀ ਦੇ ਜਾਂਦਾ
ਤੇਰੇ ਹਿੱਸੇ ਦੇ ਗਮ ਅਸੀਂ ਸਾਰੇ ਲਏ ਨੇ