ਡੁੱਲੂ-ਡੁੱਲੂ
ਸਵੇਰ ਦਾ ਡੁੱਲੂ-ਡੁੱਲੂ ਕਰਦਾ ਸੀ
ਆ ਦੇਖਲਾ ਹੰਝੂ ਡੁੱਲ੍ਹ ਹੀ ਗਿਆ
ਜੋ ਜੋ ਮਨ ਨੂੰ ਸਮਝਾਇਆ ਸੀ
ਆ ਦੇਖਲਾ ਆਖ਼ਰ ਭੁੱਲ ਹੀ ਗਿਆ।
ਐਸਾ ਆਇਆ ਯਾਦ ਦਾ ਬੁੱਲਾ
ਮਿਨਾਰ ਬੇਫ਼ਿਕਰਾ ਭੁੱਲ ਹੀ ਗਿਆ
ਅਰਸ਼ੀਂ ਬਿਠਾਕੇ ਰੱਖਿਆ ਸੀ ਦਿਲ
ਤੇਰੇ ਖ਼ਿਆਲਾਂ 'ਚ ਰੁੱਲ ਹੀ ਗਿਆ।
ਸੋਨੇ ਤੋਂ ਮਹਿੰਗਾ ਖਾਬ ਅਸਾਡਾ
ਸੁੱਕੇ ਪੱਤਿਆਂ ਦੇ ਮੁੱਲ ਹੀ ਗਿਆ
ਸਵੇਰ ਦਾ ਡੁੱਲੂ ਡੁੱਲੂ ਕਰਦਾ ਸੀ
ਆ ਦੇਖਲਾ ਹੰਝੂ ਡੁੱਲ੍ਹ ਹੀ ਗਿਆ
ਤੇਰੇ ਖੂਬ ਨੇ ਨੀਂਦ ਦਾ ਤੋੜਿਆ ਸੁਲ੍ਹਾ
ਮਾਰਿਆ ਸੁੱਤੇ ਦਿਲ 'ਤੇ ਟੁੱਲਾ
ਮੈਨੂੰ ਆਪਣਾ ਅਕਸ ਜਾ ਭੁੱਲਾ
ਬਲ ਪਿਆ ਸੀਨੇ ਦਾ ਚੁੱਲ੍ਹਾ
ਉੱਡਦੀ ਭਾਫ਼ ਜਾ ਸਾਹ ਘੁਲਿਆ
ਜਜ਼ਬਾਤਾਂ ਨੂੰ ਬੰਨ੍ਹਿਆਂ ਸੰਗਲ ਖੁੱਲ੍ਹਿਆ।
ਰੂਹ ਮਿਲਣ ਗਈ ਯਾਰ ਦੀ ਰੂਹ ਨੂੰ
ਕੋਲ ਬੈਠ ਨਮਾਜ਼ ਨਾ ਪੜ੍ਹ ਮੁੱਲਿਆ
ਹੁਣ ਕੰਮ ਨਈਂ ਕਰਨਾ ਪਾਠਾਂ ਨੇ
ਨਾ ਕਾਲੇ ਇਲਮਾਂ ਦੇ ਜਾਪਾਂ ਨੇ
ਸਾਨੂੰ ਫਨੀਅਰ ਮੱਥਾ ਟੇਕ ਲੰਘੇ
ਅਸੀਂ ਡੰਗੇ ਵੈਰਾਗੀ ਨਾਗਾਂ ਦੇ
ਸੋਚਿਆ ਨਈਂ ਸੀ ਫਿਰ ਵੀ ਦੇਖਲੈ
ਮਜ਼ਹਬ ਇਸ਼ਕ ਨੂੰ ਖਾ ਹੀ ਗਿਆ
ਪਾ ਹੀ ਗਿਆ ਜੀ ਪਾ ਹੀ ਗਿਆ
ਸੱਜਣ ਦੂਰੀਆਂ ਪਾ ਹੀ ਗਿਆ
ਯਾਰ ਖ਼ੁਦਾ ਦੇ ਬਾਰੇ ਸੋਚਾਂ
ਤਾਂ ਮੇਰਾ ਲੂੰ-ਲੂੰ ਠਰਦਾ ਸੀ
ਆ ਦੇਖਲੈ ਹੰਝੂ ਡੁੱਲ੍ਹ ਹੀ ਗਿਆ
ਸਵੇਰ ਦਾ ਡੁੱਲੂ ਡੁੱਲੂ ਕਰਦਾ ਸੀ
ਮੇਰੀ ਸ਼ਹਿਜ਼ਾਦੀਏ
ਦਿਨ ਰਾਤ ਕਰਾਂ ਮੈਂ ਇਬਾਦਤ ਤੇਰੀ
ਜੋ ਕੁੱਝ ਵੀ ਕਿਹਾ ਤੂੰ ਸਭ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਤੇਰੇ ਬਾਰੇ ਸੋਚਾਂ ਤਾਂ ਸਕੂਨ ਮਿਲੇ
ਤੂੰ ਮਿਲੇਂ ਤਾਂ ਓ ਅੱਲਾ ਰਸੂਲ ਮਿਲੇ
ਚੈਨ ਖੋਵਣ ਦਾ ਵੀ ਹੱਕ ਦਿੱਤਾ ਤੈਨੂੰ
ਤੇਰੇ ਘਰ ਨੂੰ ਅਸਾਂ ਨੇ ਹੱਜ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਤੇਰੇ ਖ੍ਵਾਬਾਂ 'ਚ ਰਹਿਣਾ ਅੱਛਾ ਬੜਾ
ਘਰ ਸੱਧਰ ਸਾਡੀ ਦਾ ਕੱਚਾ ਬੜਾ
ਕਈ ਅਰਸਾਂ ਤੋਂ ਨਾਮ ਤੇਰਾ ਜਪਦੇ
ਕਿਹੜਾ ਰੱਬ ਤੈਨੂੰ ਅੱਜ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਨਿਗਾਹ ਕਰਦੇ ਸਵੱਲੀ ਪਿਆਰਾਂ ਦੀ
ਸਾਡੀ ਨੀਤ ਨਹੀਂ ਏ ਵਪਾਰਾਂ ਦੀ
ਤੇਰੇ ਪ੍ਰੀਤ ਦੀ ਪ੍ਰੀਤ ਰੂਹਾਨੀ ਏ
ਜਿਸਮਾਂ ਦੀ ਨਹੀਂ ਜੋ ਜੱਗ ਮੰਨਿਆਂ
ਤੂੰ ਮੰਨ ਜਾਂ ਨਾ ਮੰਨ ਮੇਰੀ ਸ਼ਹਿਜਾਦੀਏ
ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ
ਤੇਰੇ ਨਾਂ ਦੇ ਅੱਖਰ
ਵੱਖ ਹੋਏ ਕੁੱਝ ਫੈਸਲੇ ਤੇਰੇ, ਕੁੱਝ ਮਜ਼ਹਬ ਦੇ ਚੱਕਰ ਵਿੱਚ,
ਮੇਰੀ ਸਾਰੀ ਜਿੰਦ ਗੁਆਚੀ, ਤੇਰੇ ਨਾਂ ਦੇ ਅੱਖਰ ਵਿੱਚ।
ਦਾਮਨ ਮੇਰੇ ਪੀੜਾਂ ਰੋਂਦੀਆਂ, ਦੁੱਖਾਂ ਹਾਹਾਕਾਰ ਮਚਾਈ,
ਹਾਸੇ ਸਾਰੇ ਗੁੰਮ ਗਏ ਮੇਰੇ, ਤੇਰੇ ਨਾਂ ਦੇ ਅੱਖਰ ਵਿੱਚ।
ਕਿੰਨੇ ਅਰਸੇ ਸੋਚਣ ਮਗਰੋਂ, ਲਿਖੀ ਮੈਂ ਆਪਣੀ ਦਾਸਤਾਨ,
ਪੂਰੀ ਆ ਕੇ ਵਿੱਚ ਸਮਾ ਗਈ, ਤੇਰੇ ਨਾਂ ਦੇ ਅੱਖਰ ਵਿੱਚ।
ਕੁੱਝ ਤਾਂ ਹੋਣਾ ਨਜ਼ਰ ਤੇਰੀ ਕੋ, ਇਲਮ ਚਿੱਟਾ ਜਾਂ ਕਾਲਾ,
ਐਵੇਂ ਤਾਂ ਨਈਂ ਰੂਹ ਕੁਮਲਾਈ, ਤੇਰੇ ਨਾਂ ਦੇ ਅੱਖਰ ਵਿੱਚ।
ਦੀਵਾ ਆਸ ਦਾ ਬੁੱਝਣ ਨਾ ਦੇਵਾਂ, ਲੱਖ ਹਨੇਰੀ ਆਵੇ,
ਪਾ ਪਾ ਤੇਲ ਮੈਂ ਵੱਟੀਆਂ ਲਾਵਾਂ, ਤੇਰੇ ਨਾਂ ਦੇ ਅੱਖਰ ਵਿੱਚ।
ਲੋਕ ਕੰਮਾਂ 'ਤੇ ਆਉਂਦੇ ਜਾਂਦੇ, ਮਨ ਲਾਉਣ ਨੂੰ ਪੜ੍ਹਣ ਕਿਤਾਬਾਂ
ਮੈਂ ਤਾਂ ਹਰ ਪਲ ਰੁੱਝਿਆ ਰਹਿੰਦਾ, ਤੇਰੇ ਨਾਂ ਦੇ ਅੱਖਰ ਵਿੱਚ।
ਸਭ ਫਿਦਾ ਹੋਣ ਯਾਰ ਉੱਤੇ, ਮੈਂ ਕੁਰਬਾਨ ਹੋਇਆ ਵਾਂ ਤੇਰੇ ਤੇ,
ਮੈਂ ਤਾਂ ਆਪਣੀ ਸੁਰਤ ਟਿਕਾ ਲਈ, ਤੇਰੇ ਨਾਂ ਦੇ ਅੱਖਰ ਵਿੱਚ।
ਤੇਰਾ ਨਾਮ ਕਿਸਰਾਂ ਦੱਸਦਾਂ, ਆਲਮ ਜ਼ਹਿਰੀ ਭੈੜੇ ਨੂੰ,
ਮੇਰਾ ਸਾਰਾ ਰਹੱਸ ਜੋ ਛੁਪਿਆ, ਤੇਰੇ ਨਾਂ ਦੇ ਅੱਖਰ ਵਿੱਚ।
ਮਿਲਾਂਗੇ ਜ਼ਰੂਰ-1
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ
ਵਿੱਛੜੇ ਅਸੀਂ ਜਿੰਨਾਂ ਰਾਹਵਾਂ 'ਤੇ
ਜੇ ਮਿਲਣਾ ਹੋਊ ਓਥੇ ਹੀ ਮਿਲਾਂਗੇ
ਆਪਾਂ ਮਿਲ ਬੈਠਾਂਗੇ ਖੋਲ੍ਹ ਦਿਲ ਬੈਠਾਂਗੇ
ਤਾਰਿਆਂ ਦੀ ਚਾਨਣੇ ਕੁੱਝ ਪਲ ਬੈਠਾਂਗੇ
ਫੇਰ ਗੱਲਾਂ ਕਰਾਂਗੇ ਵੱਖ ਹੋਣ ਦੀਆਂ
ਕੋਈ ਦੇਖ ਨਾ ਲਵੇ ਥੋੜ੍ਹਾ-ਥੋੜ੍ਹਾ ਡਰਾਂਗੇ।
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ
ਦਿਲਾਂ 'ਚ ਦੂਰੀਆਂ ਕੀ ਸੀ ਮਜ਼ਬੂਰੀਆਂ
ਕਮੀਆਂ ਰਹਿਗੀਆਂ ਕਿੱਥੇ ਦੱਸ ਪੁਰੀਆਂ
ਅੱਖਾਂ 'ਚ ਘੂਰੀਆਂ ਮੱਥੇ ਸੀ ਤਿਉੜੀਆਂ
ਬੁੱਲ੍ਹਾਂ ਕੋਲੋਂ ਮਿਲੀਆਂ ਨਾ ਮਨਜ਼ੂਰੀਆਂ
ਹੱਥ ਛੱਡਤੇ ਗਏ ਦਿਲੋਂ ਕੱਡਤੇ ਗਏ
ਏ ਅਣਹੋਣੀਆਂ ਸਾਂਝੀਆਂ ਤਾਂ ਕਰਾਂਗੇ
ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ
ਨਾ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ