ਖਿਆਲਾਂ ਦੀ ਰਾਣੀ
ਜ਼ਿੰਦਗੀ 'ਚ ਬੜਾ ਸਬਰ ਕੀਤਾ
ਦਿਲ ਨੂੰ ਸਦਾ ਮੈਂ ਕਬਰ ਕੀਤਾ
ਜਿੰਨਾਂ ਨਾਲ ਸੀ ਪਿਆਰ ਬੜਾ
ਭੈੜੇ ਵਕਤ ਨੇ ਉਹੀ ਖੋਹ ਲੀਤਾ
ਖਾਬਾਂ ਨੇ ਚੀਰੇ 'ਤੇ ਕਲਗੀ ਲਗਾਈ
ਖਿਆਲਾਂ ਦੀ ਰਾਣੀ ਨਾ ਸਜੀ ਨਾ ਆਈ
ਦਿਲ ਦੇ ਵਿਹੜੇ ਮੁਹੱਬਤਾਂ ਰੋਈਆਂ
ਰੀਝ ਮੇਰੀ ਜਾ ਪੀੜ ਵਿਆਹੀ
ਸੂਰਜ ਡੁੱਬਣ 'ਤੇ ਅੱਖ ਮੇਰੀ ਡੁੱਲ੍ਹਗੀ
ਬੱਦਲਾਂ ਉਹਲੇ ਜਾ ਚਾਨਣੀ ਛੁਪਗੀ
ਚੰਨ ਦੀ ਤਲੀ ਵੇਖ ਫਿੱਕੀ ਜਈ ਮਹਿੰਦੀ
ਤਾਰਿਆ ਦੀ ਬਰਾਤ ਅੰਬਰ ਤੋਂ ਮੁੜਗੀ
ਕੀ ਦੱਸੀਏ ਰੁਲਗੀ ਜਿੰਦੜੀ ਨਿਮਾਣੀ
ਫੁੱਲਾਂ ਦਾ ਕਾਤਲ ਬਣਿਆ ਏ ਪਾਣੀ
ਜਿੰਨਾ 'ਤੇ ਵਿਸ਼ਵਾਸ ਸਾਹਾਂ ਤੋਂ ਵੱਧ ਕੇ
ਜਜ਼ਬਾਤਾਂ ਨਾ ਖੇਡੇ ਉਹ ਰੂਹਾਂ ਦੇ ਹਾਣੀ
ਫਿਜ਼ਾਵਾਂ ਤੋਂ ਸੱਜਣ ਝੱਖੜ ਕਿੱਦਾਂ ਬਣਗੇ
ਲੋਹੇ ਪਿਘਲ ਕੇ ਲੱਕੜ ਕਿੱਦਾਂ ਬਣਗੇ
ਵਿਛੋੜੇ ਦਾ ਨਾਂ ਸੁਣ ਰੋ ਸੀ ਜੋ ਪੈਂਦੇ
ਮਖਮਲ ਜਹੇ ਉਹ ਪੱਥਰ ਕਿੱਦਾਂ ਬਣਗੇ
ਦੁਆਵਾਂ ਅਸਾਨੂੰ ਅਸਰ ਨਹੀਂ ਕੀਤਾ
ਸੁੱਖਾਂ ਦਾ ਅਜ਼ਲੋਂ ਘੁੱਟ ਨਹੀਂ ਪੀਤਾ
ਜ਼ਿੰਦਗੀ 'ਚ ਸਦਾ ਸਬਰ ਹੀ ਕੀਤਾ
ਦਿਲ ਨੂੰ ਸਦਾ ਮੈਂ ਕਬਰ ਹੀ ਕੀਤਾ