ਗੁਜ਼ਾਰਿਸ਼
ਦਿਲਾਂ ਦੇ ਵਿੱਚ ਰੱਬਾ ਤੂੰ, ਜੇ ਇਸ਼ਕ ਦਾ ਬੀਜ ਲਾਇਆ ਏ,
ਮਿਹਰਬਾਨੀ ਤੇਰੀ ਹੰਝੂਆਂ ਦਾ, ਉਸ ਨੂੰ ਪਾਣੀ ਨਾ ਦੇਵੀਂ!
ਉਹਦੇ ਜੇ ਖਾਬਾਂ 'ਚ ਸੋਹਣਾ ਜਿਹਾ, ਕੋਈ ਘਰ ਬਣਾਇਆ ਏ,
ਗੁਜ਼ਾਰਿਸ਼ ਮੇਰੀ ਕਿ ਉਸਦੇ ਨੈਨਾਂ ਨੂੰ, ਸੁਨਾਮੀ ਨਾ ਦੇਵੀਂ।
ਜੇ ਤਾਣੀ ਇਸ਼ਕ ਦੀ ਉਲਝੇ, ਰਾਤਾਂ ਨੂੰ ਸੌਣ ਨਈ ਦਿੰਦੀ,
ਮਹਿਰਮ ਦੇ ਵਿੱਛੜਨ ਪਿੱਛੋਂ, ਕਿਸੇ ਦਾ ਹੋਣ ਨਈਂ ਦਿੰਦੀ!
ਜੇ ਉਸਦੇ ਨੈਨਾਂ ਨੂੰ ਸੁਫ਼ਨੇ ਦਿਖਾ ਕੇ, ਖੋਹਣੇ ਅੰਤਾਂ 'ਚ,
ਮੈਂ ਅਰਜ਼ਾਂ ਕਰਦਾ ਕਿ ਇਸ ਤੋਂ ਚੰਗਾ, ਤੂੰ ਹਾਣੀ ਨਾ ਦੇਵੀਂ।
ਜੋ ਗੁੰਮਿਆ ਏ ਖ਼ਿਆਲਾਂ 'ਚ, ਖ਼ਿਆਲ ਹਕੀਕਤ ਕਰਦੇ,
ਜੋ ਰੱਖਦਾ ਸੋਚ ਵਸਲਾਂ ਦੀ, ਤੂੰ ਉਸ ਨੂੰ ਅਕੀਦਤ ਕਰਦੇ!
ਮੁਹੱਬਤਾਂ ਦੇ ਗਲਾਸਾਂ ’ਚ ਜੇ, ਸ਼ਰਬਤ ਕੌੜੇ ਵਰਤਾਉਣੇ,
ਤਾਂ, ਐਵੇਂ ਕਿਸੇ ਨੂੰ ਭਰ ਕੇ ਪਹਿਲਾਂ, ਮਿੱਠੀ ਚਾਹਣੀ ਨਾ ਦੇਵੀਂ!
ਜੇ ਹੋਵੇ ਪਿਆਰ ਦਾ ਦਰਿਆ, ਕਿਸੇ ਦੇ ਸੀਨੇ 'ਚੋਂ ਵਹਿੰਦਾ,
ਇਹਦੇ ਵਿੱਚ ਹਰਜ਼ ਹੀ ਹੈ ਕੀ, ਜੋ ਜਾਤਾਂ ਨੂੰ ਹੈ ਜੱਝ ਕਹਿੰਦਾ!
ਜੇ ਯਾਰੋ ਸਭ ਦੇ ਘਰ ਦੀਆਂ, ਕੰਧਾਂ ਇੱਕ ਜਈਆਂ ਹੋਵਣ,
ਫਿਰ ਨਸਲਾਂ ਦੇ ਕਿੱਸਿਆ ਨੂੰ, ਕਦੇ ਹੋਣ ਹਾਵੀ ਨਾ ਦੇਵੀਂ!
ਅਗਰ ਕੋਈ ਕਿਸੇ ਉੱਪਰ, ਅੰਨ੍ਹਾ ਵਿਸ਼ਵਾਸ ਕਰਦਾ,
ਤੂੰ ਉਸ ਨੂੰ ਤੋੜ ਨਾ ਦੇਵੀਂ, ਸ਼ਾਇਰ ਏਹੀ ਦੁਆ ਕਰਦਾ।
ਜੋ ਸਾਹਾਂ ਤੋਂ ਵੀ ਪਹਿਲਾਂ, ਗੱਲ ਜਾ ਕੇ ਯਾਰ ਨੂੰ ਦੱਸੇ,
ਤੈਨੂੰ ਤੇਰੀ ਕਸਮ ਅੱਖ ਯਾਰ ਦੀ ਨੂੰ, ਸ਼ੈਤਾਨੀ ਨਾ ਦੇਵੀਂ!
ਹਮਦਰਦ ਬਣ ਜਾਵੀਂ, ਕਿਸੇ ਦਾ ਦਰਦ ਨਾ ਬਣਜੀ।
ਚਾਹੇਂ ਤਾਂ ਸਕੂਨ ਬਣ ਜਾਵੀਂ, ਕਿਸੇ ਦੀ ਤੜਪ ਨਾ ਬਣਜੀ!
ਕਿਸੇ ਦਾ ਕਰਦਾ ਜੇ ਕੋਈ ਪਾਕੀਜ਼ਾ ਤੇ ਸੁੱਚੇ ਦਿਲ ਤੋਂ,
ਰੱਬਾ ਅਗਲੇ ਦੇ ਦਿਲ ਅੰਦਰ ਵੀ, ਫੇ ਬੇਈਮਾਨੀ ਨਾ ਦੇਵੀਂ!
ਅਰਮਾਨਾਂ ਦੇ ਦਰਵਾਜ਼ੇ ਨੂੰ, ਭੇੜ ਕੇ ਕੁੰਡਾ ਨਾ ਲਾਵੀਂ,
ਇੱਥੋਂ ਤੱਕ ਚੱਲ ਕੇ ਆਏ ਆਂ, ਬੂਹੇ ਨੂੰ ਜਿੰਦਾ ਨਾ ਲਾਵੀਂ।
ਜੇ ਦੇਣਾ ਨਈਂ ਨਫ਼ਾ ਰੱਤਾ ਵੀ, ਤੂੰ ਸਾਡੇ ਅਹਿਸਾਸਾਂ ਨੂੰ,
ਤਾਂ ਫਿਰ ਸਾਡੇ ਜਜ਼ਬਾਤਾਂ ਨੂੰ ਵੀ, ਕੋਈ ਹਾਨੀ ਨਾ ਦੇਵੀਂ!
ਇਹੇ ਜੋ ਬੰਨ੍ਹ ਹੰਝੂਆਂ ਨੂੰ ਸਬਰ ਦਾ ਮਾਰਿਆ ਖੁੱਲ੍ਹ ਜੇ,
ਮਹਿਫ਼ਿਲ ਵਿੱਚ ਬੈਠਿਆਂ ਦੀ, ਕਿਸੇ ਦੀ ਅੱਖ ਜੇ ਡੁੱਲ੍ਹ ਜੇ।
ਰੱਖ ਲਈ ਲਾਜ ਤੂੰ ਉਸਦੀ, ਕਿ ਉਸਦਾ ਮਜ਼ਾਕ ਨਾ ਬਣਜੇ,
ਸਾਰੇ ਹਿੰਮਤ ਤੇ ਮੋਢਾ ਦੇਣ, ਤੇ ਪੀਣ ਲਈ ਪਾਣੀ ਵੀ ਦੇਵੀਂ!
ਅਦਬਾਂ ਵਾਲੇ
ਤੁਸੀਂ ਅਦਬਾਂ ਵਾਲੇ ਹੋ ਅਸੀਂ ਅਬਦਾਂ ਵਾਲੇ ਆਂ
ਤੁਸੀਂ ਤਸਵੀਰਾਂ ਵਾਲੇ ਹੋ ਅਸੀਂ ਸ਼ਬਦਾਂ ਵਾਲੇ ਆਂ
ਤੁਸੀਂ ਲਪਟਾਂ ਵਾਲੇ ਹੋ ਅਸੀਂ ਕਪਟਾਂ ਵਾਲੇ ਆਂ
ਤੁਸੀਂ ਅਦਬਾਂ ਵਾਲੇ ਹੋ ਅਸੀਂ ਅਬਦਾਂ ਵਾਲੇ ਆਂ
ਤੁਸੀਂ ਰੰਗਾਂ ਵਾਲੇ ਹੋ ਅਸੀਂ ਚਟਾਕਾਂ ਵਾਲੇ ਆਂ
ਤੁਸੀਂ ਰੂਹ ਪਾਕਾਂ ਵਾਲੇ ਹੋ ਅਸੀਂ ਮਿੱਟੀ ਰਾਖਾਂ ਵਾਲੇ ਆਂ
ਤੁਸੀਂ ਭਾਗਾਂ ਵਾਲੇ ਹੋ ਅਸੀਂ ਅਭਾਗਾਂ ਵਾਲੇ ਆਂ
ਤੁਸੀਂ ਰੂਹ ਦੇ ਮਾਲਿਕ ਹੋ ਅਸੀਂ ਤਾਂ ਚਾਕਾਂ ਵਾਲੇ ਆਂ
ਤੁਸੀਂ ਤਖ਼ਤ ਮਨਵਰ ਵਾਲੇ ਹੋ ਅਸੀਂ ਮੁਸਵਹਾਂ ਵਾਲੇ ਆਂ
ਤੁਸੀਂ ਤਸੱਵਫ਼ ਵਾਲੇ ਹੋ ਅਸੀਂ ਤਸਵਰਾਂ ਵਾਲੇ ਆਂ
ਤੁਸੀਂ ਕਾਹਲੇ-ਕਾਹਲੇ ਹੋ ਅਸੀਂ ਤਾਂ ਸਬਰਾਂ ਵਾਲੇ ਆਂ
ਤੁਸੀਂ ਕਿਨੇ ਦਿਲਾਂ ਦੀ ਧੜਕਨ ਅਸੀਂ ਤਾਂ ਕਬਰਾਂ ਵਾਲੇ ਆਂ
ਪਾਕ ਮੁਹੱਬਤ
ਕੀ ਹੋਇਆ ਇੱਕ ਦੂਸਰੇ ਦੇ ਹਿੱਸੇ ਨਾ ਆਏ
ਵੱਖ ਹੋ ਕੇ ਵੀ ਨਾ ਸਾਡੀ ਖਾਕ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ
ਹੱਥ ਜੋੜ ਕੇ ਦਰ ਤੇਰੇ ਨੂੰ ਮੱਥਾ ਟੇਕਦਾ ਹਾਂ
ਤੇਰੇ ਮੁੱਖ ਉੱਤੇ ਖ਼ੁਦਾਇਆ ਨੂਰ ਦੇਖਦਾ ਹਾਂ
ਜਪਦਾ ਸੀ ਜਪਦਾ ਹਾਂ ਰਹੂੰ ਜਪਦਾ ਨਾਮ ਤੇਰਾ
ਹਰ ਇੱਕ ਨੂੰ ਨੀ ਹੁੰਦੀ ਇਹ ਜੋ ਪਾਕ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ।
ਤੇਰੇ ਕਹਿਣ 'ਤੇ ਰਾਹ ਤੇਰੇ ਆਉਣੋਂ ਹੱਟਜਾਂਗੇ
ਰਾਤ ਨੂੰ ਖਾਬਾਂ ਵਿੱਚ ਪੈਰ ਪਾਉਣੋਂ ਹੱਟਜਾਂਗੇ
ਉਡੀਕ ਤੇਰੀ ਵਿੱਚ ਰੋ-ਰੋ ਮੈਂ ਜ਼ਿੰਦਗੀ ਗਾਲ ਦੇਣੀ
ਤੇਰੇ ਪਾਗਲ ਸ਼ਾਇਰ ਨੂੰ ਨਹੀਂ ਆਮ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ
ਦੱਸ ਕਿੱਦਾਂ ਤੂੰ ਭੁੱਲ ਗਿਆ ਵੇ ਪਿਆਰਾਂ ਨੂੰ
ਕਸਮਾਂ ਵਾਅਦੇ ਕੀਤੇ ਕੌਲ ਕਰਾਰਾਂ ਨੂੰ
ਦੇਖ ਤੈਨੂੰ ਮਜ਼ਹਬ ਨੇ ਸਾਡੇ ਤੋਂ ਵਿਛੋੜ ਦਿੱਤਾ
ਵਿੱਛੜ ਕੇ ਵੀ ਨਈਂ ਅਸਾਡੀ ਰਾਖ਼ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ।
'ਰ' ਲਿਖਿਆ
ਲੋਕਾਂ ਛਾਪੀ ਪੂਰੀ ਕਿਤਾਬ ਨਾਵਾਂ ਦੀ
ਅਸਾਂ ਮਿਟਾਕੇ ਉਹੀ ਦੁਬਾਰਾ ਲਿਖਿਆ
ਤੂੰ ਮੰਨਣਾ ਨਹੀਂ ਤੇਰਾ ਨਾਮ ਅਸੀਂ
ਇੱਕ ਵਾਰ ਨੀ ਵਾਰ ਹਜ਼ਾਰਾਂ ਲਿਖਿਆ
ਕਿਸੇ ਪੁੱਛਿਆ ਕਿਹੜੀ ਤਰੀਕ ਪਸੰਦ
ਮੈਂ ਖਿੜਕੇ ਚੌਦਾਂ ਬਾਰਾਂ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
‘ਰ’ -ਰਾਰਾ
ਤੂੰ ਤੁਰ ਗਿਆ ਸਾਥੋਂ ਦੂਰ ਕਿਤੇ
ਮੈਂ ਖ਼ੁਦ ਨੂੰ ਖ਼ੁਦ ਵਿਚਾਰਾ ਲਿਖਿਆ
ਤੂੰ ਲਿਖ ਲਿਆ ਖ਼ੁਦ ਨੂੰ ਚੰਦ ਕਿਤੇ
ਮੈਂ ਖੁਦ ਨੂੰ ਟੁੱਟਿਆ ਤਾਰਾ ਲਿਖਿਆ
ਤੇਰੇ ਜਾਣ ਦੇ ਭੈੜੇ ਵਿਜੋਗ ਵਿੱਚ
ਆਹ ਦੇਖ ਮੈਂ ਆਪਣਾ ਹਾੜਾ ਲਿਖਿਆ
ਲੈਣਾ ਖ਼ੁਦ ਨੂੰ ਲਿਖ ਤੂੰ ਸ਼ਾਦੀਸ਼ੁਦਾ
ਮੈਂ ਜ਼ਿੰਦਗੀ ਦੇ ਪੰਨੇ ਕੁਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
ਤੂੰ ਹੱਸ, ਵਸ, ਰਾਜ਼ੀ ਰਹਿ, ਯੁਗ-ਯੁਗ ਜੀ
ਜੋ ਕੁੱਝ ਅੰਦਰ ਲੈ ਸਾਰਾ ਲਿਖਿਆ
ਕਿੱਥੋਂ ਕਰਾਂ ਮੈਂ ਸੈਰ ਜੰਨਤ ਦੀ
ਮੇਰੀਆਂ ਲਕੀਰਾਂ ਵਿੱਚ ਉਜਾੜਾ ਲਿਖਿਆ
ਮੈਂ ਲਿਖੇ ਤੇਰੇ ਲਈ ਸੁੱਖ ਦੁਨੀਆਂ ਦੇ
ਤੂੰ ਮੇਰੇ ਹਿੱਸੇ ਨਾ ਕੋਈ ਸਹਾਰਾ ਲਿਖਿਆ
ਮੈਂ ਤੇਰੇ ਨਾਮ ਅੱਗੇ ਖ਼ੁਦਾ ਲਿਖਿਆ
ਤੂੰ ਮੇਰੇ ਅੱਗੇ ਪਾਗਲ, ਅਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ਓ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ