ਅਦਬਾਂ ਵਾਲੇ
ਤੁਸੀਂ ਅਦਬਾਂ ਵਾਲੇ ਹੋ ਅਸੀਂ ਅਬਦਾਂ ਵਾਲੇ ਆਂ
ਤੁਸੀਂ ਤਸਵੀਰਾਂ ਵਾਲੇ ਹੋ ਅਸੀਂ ਸ਼ਬਦਾਂ ਵਾਲੇ ਆਂ
ਤੁਸੀਂ ਲਪਟਾਂ ਵਾਲੇ ਹੋ ਅਸੀਂ ਕਪਟਾਂ ਵਾਲੇ ਆਂ
ਤੁਸੀਂ ਅਦਬਾਂ ਵਾਲੇ ਹੋ ਅਸੀਂ ਅਬਦਾਂ ਵਾਲੇ ਆਂ
ਤੁਸੀਂ ਰੰਗਾਂ ਵਾਲੇ ਹੋ ਅਸੀਂ ਚਟਾਕਾਂ ਵਾਲੇ ਆਂ
ਤੁਸੀਂ ਰੂਹ ਪਾਕਾਂ ਵਾਲੇ ਹੋ ਅਸੀਂ ਮਿੱਟੀ ਰਾਖਾਂ ਵਾਲੇ ਆਂ
ਤੁਸੀਂ ਭਾਗਾਂ ਵਾਲੇ ਹੋ ਅਸੀਂ ਅਭਾਗਾਂ ਵਾਲੇ ਆਂ
ਤੁਸੀਂ ਰੂਹ ਦੇ ਮਾਲਿਕ ਹੋ ਅਸੀਂ ਤਾਂ ਚਾਕਾਂ ਵਾਲੇ ਆਂ
ਤੁਸੀਂ ਤਖ਼ਤ ਮਨਵਰ ਵਾਲੇ ਹੋ ਅਸੀਂ ਮੁਸਵਹਾਂ ਵਾਲੇ ਆਂ
ਤੁਸੀਂ ਤਸੱਵਫ਼ ਵਾਲੇ ਹੋ ਅਸੀਂ ਤਸਵਰਾਂ ਵਾਲੇ ਆਂ
ਤੁਸੀਂ ਕਾਹਲੇ-ਕਾਹਲੇ ਹੋ ਅਸੀਂ ਤਾਂ ਸਬਰਾਂ ਵਾਲੇ ਆਂ
ਤੁਸੀਂ ਕਿਨੇ ਦਿਲਾਂ ਦੀ ਧੜਕਨ ਅਸੀਂ ਤਾਂ ਕਬਰਾਂ ਵਾਲੇ ਆਂ
ਪਾਕ ਮੁਹੱਬਤ
ਕੀ ਹੋਇਆ ਇੱਕ ਦੂਸਰੇ ਦੇ ਹਿੱਸੇ ਨਾ ਆਏ
ਵੱਖ ਹੋ ਕੇ ਵੀ ਨਾ ਸਾਡੀ ਖਾਕ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ
ਹੱਥ ਜੋੜ ਕੇ ਦਰ ਤੇਰੇ ਨੂੰ ਮੱਥਾ ਟੇਕਦਾ ਹਾਂ
ਤੇਰੇ ਮੁੱਖ ਉੱਤੇ ਖ਼ੁਦਾਇਆ ਨੂਰ ਦੇਖਦਾ ਹਾਂ
ਜਪਦਾ ਸੀ ਜਪਦਾ ਹਾਂ ਰਹੂੰ ਜਪਦਾ ਨਾਮ ਤੇਰਾ
ਹਰ ਇੱਕ ਨੂੰ ਨੀ ਹੁੰਦੀ ਇਹ ਜੋ ਪਾਕ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ।
ਤੇਰੇ ਕਹਿਣ 'ਤੇ ਰਾਹ ਤੇਰੇ ਆਉਣੋਂ ਹੱਟਜਾਂਗੇ
ਰਾਤ ਨੂੰ ਖਾਬਾਂ ਵਿੱਚ ਪੈਰ ਪਾਉਣੋਂ ਹੱਟਜਾਂਗੇ
ਉਡੀਕ ਤੇਰੀ ਵਿੱਚ ਰੋ-ਰੋ ਮੈਂ ਜ਼ਿੰਦਗੀ ਗਾਲ ਦੇਣੀ
ਤੇਰੇ ਪਾਗਲ ਸ਼ਾਇਰ ਨੂੰ ਨਹੀਂ ਆਮ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ
ਦੱਸ ਕਿੱਦਾਂ ਤੂੰ ਭੁੱਲ ਗਿਆ ਵੇ ਪਿਆਰਾਂ ਨੂੰ
ਕਸਮਾਂ ਵਾਅਦੇ ਕੀਤੇ ਕੌਲ ਕਰਾਰਾਂ ਨੂੰ
ਦੇਖ ਤੈਨੂੰ ਮਜ਼ਹਬ ਨੇ ਸਾਡੇ ਤੋਂ ਵਿਛੋੜ ਦਿੱਤਾ
ਵਿੱਛੜ ਕੇ ਵੀ ਨਈਂ ਅਸਾਡੀ ਰਾਖ਼ ਮੁਹੱਬਤ ਹੋਈ
ਨਾਜ਼ ਕਰੀਂ ਮੇਰੇ ਦਿਲ ਉੱਤੇ ਹੈ ਨਾਮ ਤੇਰਾ
ਫ਼ਖ਼ਰ ਹੈ ਮੈਨੂੰ ਵੀ ਤੇਰੇ ਜੋ ਨਾਲ ਮੁਹੱਬਤ ਹੋਈ।
'ਰ' ਲਿਖਿਆ
ਲੋਕਾਂ ਛਾਪੀ ਪੂਰੀ ਕਿਤਾਬ ਨਾਵਾਂ ਦੀ
ਅਸਾਂ ਮਿਟਾਕੇ ਉਹੀ ਦੁਬਾਰਾ ਲਿਖਿਆ
ਤੂੰ ਮੰਨਣਾ ਨਹੀਂ ਤੇਰਾ ਨਾਮ ਅਸੀਂ
ਇੱਕ ਵਾਰ ਨੀ ਵਾਰ ਹਜ਼ਾਰਾਂ ਲਿਖਿਆ
ਕਿਸੇ ਪੁੱਛਿਆ ਕਿਹੜੀ ਤਰੀਕ ਪਸੰਦ
ਮੈਂ ਖਿੜਕੇ ਚੌਦਾਂ ਬਾਰਾਂ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
‘ਰ’ -ਰਾਰਾ
ਤੂੰ ਤੁਰ ਗਿਆ ਸਾਥੋਂ ਦੂਰ ਕਿਤੇ
ਮੈਂ ਖ਼ੁਦ ਨੂੰ ਖ਼ੁਦ ਵਿਚਾਰਾ ਲਿਖਿਆ
ਤੂੰ ਲਿਖ ਲਿਆ ਖ਼ੁਦ ਨੂੰ ਚੰਦ ਕਿਤੇ
ਮੈਂ ਖੁਦ ਨੂੰ ਟੁੱਟਿਆ ਤਾਰਾ ਲਿਖਿਆ
ਤੇਰੇ ਜਾਣ ਦੇ ਭੈੜੇ ਵਿਜੋਗ ਵਿੱਚ
ਆਹ ਦੇਖ ਮੈਂ ਆਪਣਾ ਹਾੜਾ ਲਿਖਿਆ
ਲੈਣਾ ਖ਼ੁਦ ਨੂੰ ਲਿਖ ਤੂੰ ਸ਼ਾਦੀਸ਼ੁਦਾ
ਮੈਂ ਜ਼ਿੰਦਗੀ ਦੇ ਪੰਨੇ ਕੁਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
ਤੂੰ ਹੱਸ, ਵਸ, ਰਾਜ਼ੀ ਰਹਿ, ਯੁਗ-ਯੁਗ ਜੀ
ਜੋ ਕੁੱਝ ਅੰਦਰ ਲੈ ਸਾਰਾ ਲਿਖਿਆ
ਕਿੱਥੋਂ ਕਰਾਂ ਮੈਂ ਸੈਰ ਜੰਨਤ ਦੀ
ਮੇਰੀਆਂ ਲਕੀਰਾਂ ਵਿੱਚ ਉਜਾੜਾ ਲਿਖਿਆ
ਮੈਂ ਲਿਖੇ ਤੇਰੇ ਲਈ ਸੁੱਖ ਦੁਨੀਆਂ ਦੇ
ਤੂੰ ਮੇਰੇ ਹਿੱਸੇ ਨਾ ਕੋਈ ਸਹਾਰਾ ਲਿਖਿਆ
ਮੈਂ ਤੇਰੇ ਨਾਮ ਅੱਗੇ ਖ਼ੁਦਾ ਲਿਖਿਆ
ਤੂੰ ਮੇਰੇ ਅੱਗੇ ਪਾਗਲ, ਅਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ਓ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
ਡੁੱਲੂ-ਡੁੱਲੂ
ਸਵੇਰ ਦਾ ਡੁੱਲੂ-ਡੁੱਲੂ ਕਰਦਾ ਸੀ
ਆ ਦੇਖਲਾ ਹੰਝੂ ਡੁੱਲ੍ਹ ਹੀ ਗਿਆ
ਜੋ ਜੋ ਮਨ ਨੂੰ ਸਮਝਾਇਆ ਸੀ
ਆ ਦੇਖਲਾ ਆਖ਼ਰ ਭੁੱਲ ਹੀ ਗਿਆ।
ਐਸਾ ਆਇਆ ਯਾਦ ਦਾ ਬੁੱਲਾ
ਮਿਨਾਰ ਬੇਫ਼ਿਕਰਾ ਭੁੱਲ ਹੀ ਗਿਆ
ਅਰਸ਼ੀਂ ਬਿਠਾਕੇ ਰੱਖਿਆ ਸੀ ਦਿਲ
ਤੇਰੇ ਖ਼ਿਆਲਾਂ 'ਚ ਰੁੱਲ ਹੀ ਗਿਆ।
ਸੋਨੇ ਤੋਂ ਮਹਿੰਗਾ ਖਾਬ ਅਸਾਡਾ
ਸੁੱਕੇ ਪੱਤਿਆਂ ਦੇ ਮੁੱਲ ਹੀ ਗਿਆ
ਸਵੇਰ ਦਾ ਡੁੱਲੂ ਡੁੱਲੂ ਕਰਦਾ ਸੀ
ਆ ਦੇਖਲਾ ਹੰਝੂ ਡੁੱਲ੍ਹ ਹੀ ਗਿਆ
ਤੇਰੇ ਖੂਬ ਨੇ ਨੀਂਦ ਦਾ ਤੋੜਿਆ ਸੁਲ੍ਹਾ
ਮਾਰਿਆ ਸੁੱਤੇ ਦਿਲ 'ਤੇ ਟੁੱਲਾ
ਮੈਨੂੰ ਆਪਣਾ ਅਕਸ ਜਾ ਭੁੱਲਾ
ਬਲ ਪਿਆ ਸੀਨੇ ਦਾ ਚੁੱਲ੍ਹਾ
ਉੱਡਦੀ ਭਾਫ਼ ਜਾ ਸਾਹ ਘੁਲਿਆ
ਜਜ਼ਬਾਤਾਂ ਨੂੰ ਬੰਨ੍ਹਿਆਂ ਸੰਗਲ ਖੁੱਲ੍ਹਿਆ।
ਰੂਹ ਮਿਲਣ ਗਈ ਯਾਰ ਦੀ ਰੂਹ ਨੂੰ
ਕੋਲ ਬੈਠ ਨਮਾਜ਼ ਨਾ ਪੜ੍ਹ ਮੁੱਲਿਆ
ਹੁਣ ਕੰਮ ਨਈਂ ਕਰਨਾ ਪਾਠਾਂ ਨੇ
ਨਾ ਕਾਲੇ ਇਲਮਾਂ ਦੇ ਜਾਪਾਂ ਨੇ
ਸਾਨੂੰ ਫਨੀਅਰ ਮੱਥਾ ਟੇਕ ਲੰਘੇ
ਅਸੀਂ ਡੰਗੇ ਵੈਰਾਗੀ ਨਾਗਾਂ ਦੇ
ਸੋਚਿਆ ਨਈਂ ਸੀ ਫਿਰ ਵੀ ਦੇਖਲੈ
ਮਜ਼ਹਬ ਇਸ਼ਕ ਨੂੰ ਖਾ ਹੀ ਗਿਆ
ਪਾ ਹੀ ਗਿਆ ਜੀ ਪਾ ਹੀ ਗਿਆ
ਸੱਜਣ ਦੂਰੀਆਂ ਪਾ ਹੀ ਗਿਆ
ਯਾਰ ਖ਼ੁਦਾ ਦੇ ਬਾਰੇ ਸੋਚਾਂ
ਤਾਂ ਮੇਰਾ ਲੂੰ-ਲੂੰ ਠਰਦਾ ਸੀ
ਆ ਦੇਖਲੈ ਹੰਝੂ ਡੁੱਲ੍ਹ ਹੀ ਗਿਆ
ਸਵੇਰ ਦਾ ਡੁੱਲੂ ਡੁੱਲੂ ਕਰਦਾ ਸੀ