

ਨੂੰ ਲੈ ਲਿਆ, ਤੇ ਬਾਹਵਾਂ ਉੱਚੀਆਂ ਕਰ ਕੇ ਸੂਰਜ ਵੱਲ ਉਛਾਲਿਆ, ਫੇਰ ਉਹਦਾ ਮੂੰਹ ਆਪਣੇ ਮੂੰਹ ਨਾਲ ਲਾ ਕੇ ਮੱਥਾ ਬੜੀ ਨਰਮਾਈ ਨਾਲ ਚੁੰਮਿਆਂ।
ਪੰਛੀਵਾੜੇ ਦੀ ਜਗੀਰ ਉੱਤੇ ਲੋਕਾਂ ਦਾ ਕਬਜ਼ਾ ਤੇ ਸਿਰਫ਼ ਬੋਹਣੀ ਹੀ ਸੀ। ਸੋਵੀਅਤ ਰੂਸ ਵਿੱਚ ਜਦੋਂ ਮੀਤ੍ਰਿਆ ਕੈਦ ਸੀ, ਓਦੋਂ 'ਇਲੀਚੀਆ ਪਾਮਿਅਤੀ' ਦੇ ਸਾਂਝੇ ਖੇਤ ਵਿੱਚ ਜੋ- ਜੋ ਉਹਨੇ ਮਹਿਸੂਸ ਕੀਤਾ ਸੀ, ਉਹ ਸਭ ਉਹਨੂੰ ਹੁਣ ਤੱਕ ਚੰਗੀ ਤਰ੍ਹਾਂ ਚੇਤੇ ਸੀ। ਉਹਦੇ ਪਿੰਡ ਵਿੱਚ ਹੀ ਨਹੀਂ, ਉਹਦੇ ਸਾਰੇ ਦੇਸ਼ ਵਿੱਚ ਬੀਤੇ ਦਾ ਮਲਬਾ ਲੋਕਾਂ ਨੂੰ ਚੰਗੀ ਤਰ੍ਹਾਂ ਜੀਵਨ ਮਾਣਨੋਂ ਤੇ ਜ਼ਿੰਦਗੀ ਦੀਆਂ ਬੇਅੰਤ ਦਾਤਾਂ ਲੈਣ ਰੋਕੀ ਖੜੋਤਾ ਸੀ । ਸੈਆਂ ਸਾਲਾਂ ਤੋਂ ਪੈਲੀਆਂ ਤੇ ਲੋਕਾਂ ਦੀਆਂ ਕੁੱਲੀਆਂ ਦੀ ਨੁਹਾਰ ਨਹੀਂ ਸੀ ਬਦਲੀ। ਲੋਕ ਆਪਣੇ ਬਾਬਾ ਆਦਮ ਦੇ ਵੇਲੇ ਦੇ ਹਲਾਂ, ਮਰਲਾ ਦੋ ਮਰਲੇ ਤੋਂ, ਤੇ ਮੁੱਢ-ਕਦੀਮੀ ਰਿਵਾਜਾਂ ਨਾਲ ਨਰੜੇ ਦਿਨ-ਕੱਟੀ ਕਰੀ ਜਾ ਰਹੇ ਸਨ - ਹਰ ਕੋਈ ਆਪਣੀ ਗਰੀਬੀ ਵਿੱਚ ਘਿਰਿਆ, ਇੱਕ ਦੂਜੇ ਵਿਚਾਲੇ ਹਜ਼ਾਰਾਂ ਨਾਕੇਬੰਦੀਆਂ, ਪਰ ਫੇਰ ਵੀ ਏਸ ਸਾਂਝੀ ਗੁਲਾਮੀ ਦੀ ਜਕੜ ਦੇ ਖ਼ਿਲਾਫ਼ ਇੱਕ-ਮੁਠ, ਇੱਕ ਜਾਨ... । ਬੀਤੇ ਦੇ ਭਾਰ ਨਾਲ ਦੱਬੇ ਇਹ ਲੋਕ ਹਾਲੀ ਵਿਗਿਆਨ ਦੀਆਂ ਜਿੱਤਾਂ ਤੋਂ ਅਣਜਾਣ ਸਨ। ਨਵੀਂ ਦੁਨੀਆਂ ਟਰੈਕਟਰ, ਹਵਾਈ ਜਹਾਜ਼ ਤੇ ਬਿਜਲੀ ਵਰਤਦੀ ਹੈ। ਓਥੇ ਸਹਿਰਾ ਮਨੁੱਖ ਦੀ ਕਿਰਤ ਨਾਲ ਲਹਿਲਹਾ ਪਏ ਹਨ। ਇੰਜੀਨੀਅਰਾਂ ਦੇ ਹੁਨਰ ਨਾਲ ਕਿੰਨੇ ਹੀ ਇਲਾਕਿਆਂ ਦੀ ਕਾਇਆ-ਪਲਟ ਚੁੱਕੀ ਹੈ। ਸਰਕੜੇ ਦੇ ਦਭ ਦੀ ਥਾਂ ਲਾਭਵੰਦੇ ਬੂਟੇ ਮੱਲ ਰਹੇ ਹਨ। ਖੋਭੇ ਤੇ ਦਲਦਲਾਂ ਮੁਕਾ ਕੇ ਜ਼ਮੀਨ ਆਬਾਦ ਕੀਤੀ ਜਾ ਰਹੀ ਹੈ। ਜਿੱਥੇ ਪਹਿਲੀਆਂ ਵਿੱਚ ਰੇਤਾ ਹੀ ਰੇਤਾ, ਰੋੜ ਹੀ ਰੋੜ ਹੁੰਦੇ ਸਨ ਓਥੇ ਘਣੇ ਜੰਗਲ ਝੂਮ ਪਏ ਹਨ ...
ਢੱਠੀ-ਕੰਢੀ ਦੇ ਲੋਕ ਹਾਲੀ ਬੀਤੇ ਵਕਤਾਂ ਦੇ ਪਰਛਾਵਿਆਂ ਥੱਲੇ ਤੱਕ ਰਹੇ ਹਨ। ਇਨਕਲਾਬ ਦਾ ਚਾਨਣ ਏਥੇ ਵੀ ਹਰ ਚੀਜ਼ ਉੱਤੇ ਪਾਣਾ ਪਏਗਾ। ਪੁਰਾਣਾ ਨਜ਼ਾਮ ਸਿਰ ਤੋਂ ਲੈ ਕੇ ਪੈਰਾਂ ਤੱਕ ਵਟਾਣਾ ਹੋਏਗਾ। ਸਮਾਜਵਾਦੀ ਸਰਕਾਰ ਵਿਗਿਆਨ ਦੀ ਸਾਰੀ ਤਾਕਤ ਹੁਣ ਤੀਕ ਗੁਲਾਮ ਰਹੇ ਇਹਨਾਂ ਲੋਕਾਂ ਹੱਥ ਸੌਂਪਣ ਵਿੱਚ ਢਿੱਲ ਨਹੀਂ ਕਰੇਗੀ ਤਾਂ ਜੋ ਜਿੱਥੇ ਪਹਿਲਾਂ ਚਿੱਕੜ ਸੀ ਤੇ ਕੁੱਲੀਆਂ ਸਨ, ਓਥੇ ਚੰਗੀਆਂ ਸੜਕਾਂ ਤੇ ਬਿਜਲੀ ਨਾਲ ਰੁਸ਼ਨਾਏ ਮਕਾਨ ਉੱਸਰ ਜਾਣ; ਔੜ-ਮਾਰੇ ਇਲਾਕਿਆਂ ਦੇ ਇਲਾਕੇ ਮਸਤ ਵਹਿੰਦੇ ਪਾਣੀਆਂ ਦੀ ਛਰਬਲ ਛਰਬਲ ਨਾਲ ਵਸ ਜਾਣ; ਜਿੱਥੇ ਬੰਦਾ ਉਮਰ ਕੈਦੀ ਵਾਂਗ ਹੱਡ ਭੰਨਾਂਦਾ ਤੇ ਮੁਸੀਬਤਾਂ ਝਾਗਦਾ ਸੀ, ਓਥੇ ਮਸ਼ੀਨਾਂ ਉਹਦੀ ਡੰਗੋਰੀ ਬਣਨ ਤੇ ਜਿੰਦ ਹਜ਼ਾਰਾਂ ਸੁੱਖ ਮਾਣੇ...
ਬੀਤੇ ਨਾਲੋਂ ਆਪਣਾ ਆਪ ਚੀਰ ਕੇ, ਨਵੀਂ ਦੁਨੀਆਂ ਵਿੱਚ ਪੈਰ ਪਾਣਾ...
ਉਹ ਆਪਣੇ ਬੱਚੇ ਨੂੰ ਚੁੰਮ ਰਿਹਾ ਸੀ, ਤੇ ਅਜਿਹੇ ਖ਼ਿਆਲ ਤੇ ਚਿਤਰ, ਚੁੰਧਿਆਵੀਆਂ ਛਿਨ-ਭੰਗਰ ਰੌਸ਼ਨੀਆਂ ਦੇ ਝੱਖੜ ਹਾਰ, ਮੀਤ੍ਰਿਆ ਦੇ ਮਨ ਵਿੱਚ ਭੌਂਦੇ ਰਹੇ। ਮੈਦਾਨ ਵਿੱਚੋਂ ਉੱਠਦੀ ਹਵਾ ਨੇ ਬੱਚੇ ਦੀਆਂ ਨਾਸਾਂ ਜਲੂਣੀਆਂ, ਤੇ ਉਹਨੇ ਨਿੱਛ ਮਾਰ ਕੇ ਅੱਖਾਂ ਖੋਲ੍ਹ ਲਈਆਂ। ਤਾਸੇ ਮੁਸਕਰਾ ਕੇ ਪਤਝੜ ਦੇ ਸੂਰਜ ਵੱਲ ਵੇਖਣ ਲੱਗ ਪਿਆ।
“ਭਵਿੱਖ ਤੇਰਾ ਏ," ਮੀਤ੍ਰਿਆ ਨੇ ਹੌਲੀ ਜਹੀ ਉਹਨੂੰ ਕਿਹਾ। ਸਮਾਜਵਾਦ ਦੇ ਦੇਸ਼ ਦੇ ਜਿਹੜੇ ਅਣਗਿਣਤ ਨਕਸ਼ ਉਹਦੇ ਮਨ ਉੱਤੇ ਉੱਕਰੇ ਪਏ ਸਨ, ਅੰਦਰ ਹੀ ਅੰਦਰ