ਮੀਤ੍ਰਿਆ ਕੋਕੋਰ
(ਨਾਵਲ)
ਮੀਹਾਈਲ ਸਾਦੋਵਿਆਨੋ
ਅਨੁਵਾਦਕ : ਨਵਤੇਜ ਸਿੰਘ
ਮੀਹਾਈਲ ਸਾਦੋਵਿਆਨੋ
ਅੱਧੀ ਸਦੀ ਤੋਂ ਵੱਧ ਮੀਹਾਈਲ ਸਾਦੋਵਿਆਨੋ ਦੀਆਂ ਲਾਸਾਨੀ ਕਿਰਤਾਂ ਰੁਮਾਨੀਆਂ ਦੇ ਸਾਹਿਤ ਉੱਤੇ ਛਾਈਆਂ ਹੋਈਆਂ ਹਨ।
ਕਹਾਣੀ ਕਹਿਣ ਦੇ ਹੁਨਰ ਵਿੱਚ ਮੀਹਾਈਲ ਸਾਦੋਵਿਆਨ ਬੇ-ਮਿਸਾਲ ਹੈ। ਰੁਮਾਨੀਅਨ ਬੋਲੀ ਦੇ ਭੰਡਾਰ ਉੱਤੇ ਉਹਦਾ ਕਮਾਲ ਦਾ ਕਾਬੂ ਹੈ। ਕਿਰਤੀ ਲੋਕਾਂ ਲਈ ਪਿਆਰ ਤੇ ਹਮਦਰਦੀ ਉਹਦੇ ਅੰਦਰ ਅਮੁੱਕ ਹੈ, ਅਤੇ ਇਹਨਾਂ ਮਿਹਨਤੀ ਲੋਕਾਂ ਦੇ ਦੁੱਖਾਂ ਤੇ ਆਸਾਂ ਦਾ ਹੀ ਉਹਦੀਆਂ ਕਿਰਤਾਂ ਵਿੱਚ ਚਿਤਰਣ ਹੈ। ਇਹ ਚਿਤਰਣ ਇੰਨ-ਬਿੰਨ ਜ਼ਿੰਦਗੀ ਦੀ ਸੱਚਾਈ ਦੇ ਅਨੁਕੂਲ ਹੈ।
ਸਾਦੋਵਿਆਨੋ ਦਾ ਜਨਮ 5 ਨਵੰਬਰ 1880 ਨੂੰ ਹੋਇਆ। ਉਹ ਰੂਮਾਨੀਆ ਦੇ ਉੱਤਰੀ ਮੋਲਦਾਵੀਆ ਇਲਾਕੇ ਵਿੱਚ ਇੱਕ ਛੋਟੇ ਜਿਹੇ ਕਸਬੇ ਪਾਸ਼ਕਾਨੀ ਵਿੱਚ ਜੰਮਿਆ। ਇਸ ਕਸਬੇ ਦੀ ਬਹੁਤੀ ਵਸੋਂ ਗ਼ਰੀਬੀ ਦਾ ਸ਼ਿਕਾਰ ਸੀ, ਤੇ ਆਪਣੀਆਂ ਨਿਤਾਪ੍ਰਤੀ ਦੀਆਂ ਮੁਸੀਬਤਾਂ ਤੋਂ ਵੱਧ ਕੁਝ ਨਹੀਂ ਸੀ ਜਾਣਦੀ। ਬਚਪਨ ਵਿੱਚ ਹੀ ਉਹਨੂੰ ਓਸ ਇਲਾਕੇ ਦੀਆਂ ਕਾਵਿ-ਮਈ ਲੋਕ-ਕਹਾਣੀਆਂ ਦਾ ਸੁਆਦ ਪੈ ਗਿਆ ਤੇ ਓਦੋਂ ਤੋਂ ਹੀ ਉਹਨਾਂ ਲੋਕਾਂ ਨਾਲ, ਜਿਹੜੇ ਜ਼ੁਲਮ ਦੀ ਅੱਡੀ ਥੱਲੇ ਪਿਸਦੇ, ਅਗਿਆਨ ਦੇ ਹਨੇਰੇ ਵਿੱਚ ਜਫ਼ਰ ਜਾਲਦੇ ਸਨ, ਉਹਦਾ ਬੜਾ ਡੂੰਘਾ ਸਬੰਧ ਬਣ ਚੁੱਕਿਆ ਹੈ। ਮੀਹਾਈਲ ਸਾਦੋਵਿਆਨ ਦੀਆਂ ਲਿਖਤਾਂ ਰੂਮਾਨੀਆਂ ਦੇ ਲੋਕਾਂ ਨੂੰ ਸਮਰਪਿਤ ਗੀਤ ਹਨ; ਤੇ ਵਿਕਾਸ ਕਰਨ, ਅਗਾਂਹ ਵਧਣ, ਤੇ ਚਾਨਣਿਆਂ ਤੱਕ ਅੱਪੜਨ ਲਈ ਉਹਨਾਂ ਲਈ ਪ੍ਰੇਰਨਾ ਭਰਪੂਰ ਬੁਲਾਵਾ ਵੀ ਹਨ।
ਸਾਦੋਵਿਆਨੋ ਨੇ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ 100 ਤੋਂ ਵੱਧ ਕਿਤਾਬਾਂ ਨਾਲ ਰੂਮਾਨੀਆਂ ਦੇ ਸਾਹਿਤ-ਭੰਡਾਰ ਨੂੰ ਅਮੀਰ ਕੀਤਾ ਹੈ । ਰੂਮਾਨੀਆਂ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਪੁਰਾਣੇ ਬੀਤੇ ਜੁੱਗਾਂ ਦੇ ਕਿੱਸੇ ਵੀ ਤੇ ਵਰਤਮਾਨ ਦੀ ਕਹਾਣੀ ਵੀ - ਦੋਵੇਂ ਸਾਦੋਵਿਆਨੋ ਦੀ ਮੂਲ-ਪ੍ਰੇਰਨਾ ਦੇ ਅਮੁੱਕ ਸੋਮੇ ਹਨ। ਉਹਦੀਆਂ ਕਹਾਣੀਆਂ ਦੀ ਪਹਿਲੀ ਕਿਤਾਬ ਤੇ "ਬਾਜ਼" - ਇੱਕ ਇਤਿਹਾਸਕ ਨਾਵਲ, 1904 ਵਿੱਚ ਲਿਖੇ ਗਏ ਸਨ। ਫੇਰ 1906 ਵਿੱਚ ਉਹਨੇ ਫ਼ੌਜੀ ਜ਼ਿੰਦਗੀ ਬਾਰੇ "ਕਾਰਪੋਰਲ ਜਾਰਜਿਤਸਾ ਦੀਆਂ ਯਾਦਾਂ" ਲਿਖੀਆਂ। ਏਸੇ ਸਾਲ "ਕੁਮਲਾਏ ਫੁੱਲ" ਇੱਕ ਲੰਮੀ ਕਹਾਣੀ ਲਿਖੀ; ਤੇ ਇਸ ਕਿਤਾਬ ਵਿੱਚੋਂ ਪਹਿਲੀ ਵਾਰ ਏਸ ਲੇਖਕ ਦੇ ਕਹਾਣੀ ਕਹਿਣ ਦੇ ਗੁਣ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ। "ਨਿਕੋਲਾਏ ਮਾਨੇ ਦੀ ਡਾਇਰੀ" (1907) ਵਿੱਚ ਸਾਨੂੰ ਉਹਦੀਆਂ ਨਿਰਣਾ ਕਰ ਸਕਣ ਦੀਆਂ ਅਦੁੱਤੀ ਸਿਫ਼ਤਾਂ ਦਾ ਪਹਿਲੀ ਵਾਰ ਝਾਉਲਾ ਪੈਂਦਾ ਹੈ। ਇਸ ਤੋਂ ਪਿੱਛੋਂ "ਝੁੱਗੀਆਂ ਦੇ ਵਾਸੀ" ਤੇ ਕੁਝ ਹੋਰ ਕਹਾਣੀ ਸੰਗ੍ਰਹਿ ਛਪੇ, ਤੇ ਫੇਰ ਇੱਕ ਇਤਿਹਾਸਕ ਨਾਵਲ "ਸੋਇਮਾਰੇਸ਼ਤੀ ਬੰਸ”, ਇੱਕ ਸਮਾਜੀ ਨਾਵਲ "ਕਾਰਖ਼ਾਨਾ ਸਿਰੇਤ ਵਿੱਚ ਵਹਿੰਦਾ ਆਇਆ", "ਜਾਦੂ ਦਾ ਝੁੰਡ, "ਬੱਚਿਆਂ ਲਈ ਕਹਾਣੀਆਂ", "ਧੁੰਦੋਂ ਪਾਰ", "ਆਂਕੂਤਾ
ਦੀ ਸਰਾਂ", "ਕੈਨਸਰ ਦੇ ਨਿਸ਼ਾਨ ਥੱਲੇ", "ਸ਼ਹਿਜ਼ਾਦੇ ਦੁਕਾ ਦਾ ਰਾਜ", "ਕੁਹਾੜੀ", ਤੇ "ਜਦੇਰ ਭਰਾ" ਆਦਿ ਛਪਦੇ ਰਹੇ । 23 ਅਗਸਤ 1944, ਰੂਮਾਨੀਆਂ ਦੀ ਅਜ਼ਾਦੀ ਪਿੱਛੋਂ ਉਹ "ਚਾਨਣ ਪੂਰਬ ਵੱਲੋਂ ਆਉਂਦਾ ਹੈ", "ਮਾਸਕੋ", "ਪੂਰਬੀ ਉਡਾਰੀਆਂ", "ਨਿੱਕੀ ਪੋਨਾ", "ਮੀਤ੍ਰਿਆ ਕੋਕੋਰ", "ਫੁੱਲਾਂ ਦਾ ਤਲਿਸਮ", "ਨਿਕੋਆਰਾ ਪੋਤਕੋਆਵਾ" ਆਦਿ ਲਿਖ ਚੁੱਕਿਆ ਹੈ।
ਸਾਦੋਵਿਆਨ ਦੀਆਂ ਸਭਨਾਂ ਲਿਖਤਾਂ ਵਿੱਚ ਜਨ-ਸਧਾਰਨ ਲਈ ਬੜੀ ਡੂੰਘੀ ਮਨੁੱਖੀ ਹਮਦਰਦੀ ਹੈ; ਆਪਣੀ ਹੋਣੀ ਨੂੰ ਤਬਦੀਲ ਕਰਨ ਲਈ ਉਹਨਾਂ ਦੇ ਸੰਗਰਾਮ ਦੀ ਤਿੱਖੀ ਸੂਝ ਹੈ। ਸਾਦੋਵਿਆਨੋ ਦੀਆਂ ਕਿਰਤਾਂ ਵਿੱਚ ਜਿਹੜਾ ਨਰੋਆ ਆਸ਼ਾਵਾਦ ਹੈ, ਉਹਦੀ ਨੀਂਹ ਵੀ ਇਹੀ ਹਮਦਰਦੀ ਤੇ ਸੂਝ ਹੈ। ਉਹਦੀਆਂ ਕਿਤਾਬਾਂ ਪਾਠਕਾਂ ਦੇ ਮਨ ਵਿੱਚ ਜ਼ਿੰਦਗੀ ਲਈ ਪਿਆਰ ਪ੍ਰੇਰਦੀਆਂ ਹਨ, ਭਵਿੱਖ ਵਿੱਚ ਵਿਸ਼ਵਾਸ ਜਗਾਂਦੀਆਂ ਹਨ, ਤੇ ਇਹ ਆਸ ਬੰਨ੍ਹਾਂਦੀਆਂ ਹਨ ਕਿ ਇੱਕ ਦਿਨ ਲੋਕਾਂ ਦੀ ਜਿੱਤ ਹੋਏਗੀ । ਸਾਦੋਵਿਆਨੋ ਦੀਆਂ ਕਿਰਤਾਂ ਲੋਕਾਂ ਦੇ ਸੰਗਰਾਮ ਦੀ ਵਾਰਤਾ ਹਨ, ਇੱਕ ਸ਼ੀਸ਼ਾ ਹਨ ਜਿਸ ਵਿੱਚੋਂ ਲੋਕਾਂ ਨੂੰ ਅਜ਼ਾਦੀ ਤੇ ਇਨਸਾਫ਼ ਦੇ ਆਦਰਸ਼ ਵੱਲ ਵੱਧਣ ਦੀਆਂ ਚਿਰ-ਪੁਰਾਣੀਆਂ ਆਸਾਂ ਦੀ ਨੁਹਾਰ ਦਿਸਦੀ ਰਹਿੰਦੀ ਹੈ।
ਪਿਛਲੇ ਦਸਾਂ ਸਾਲਾਂ ਵਿੱਚ ਰੂਮਾਨੀਆਂ ਦੇ ਲੋਕਾਂ ਦੇ ਜੀਵਨ ਵਿੱਚ ਜਿਹੜੀਆਂ ਮਹਾਨ ਤਬਦੀਲੀਆਂ ਆਈਆਂ ਹਨ, ਇਹਨਾਂ ਦਾ ਉਹਦੀਆਂ ਲਿਖਤਾਂ ਉੱਤੇ ਬੜਾ ਅਹਿਮ ਅਸਰ ਪਿਆ ਹੈ। ਉਹਦੇ ਜੀਵਨ ਬਾਰੇ ਦ੍ਰਿਸ਼ਟੀਕੋਣ ਵਿੱਚ ਇੱਕ ਵਿਸ਼ਾਲਤਾ ਆ ਗਈ ਹੈ। ਇਹ ਲੇਖਕ ਜਿਹੜਾ ਏਨੇ ਸਮੇਂ ਤੋਂ ਆਲੋਚਕ ਯਥਾਰਥਵਾਦ ਦੇ ਦ੍ਰਿਸ਼ਟੀਕੋਣ ਤੋਂ ਲਿਖ ਰਿਹਾ। ਸੀ, ਹੁਣ ਇੱਕ ਨਵੀਂ ਮੰਜ਼ਿਲ ਉੱਤੇ ਪੁੱਜ ਗਿਆ ਹੈ, ਤੇ ਉਹਨੇ ਸਮਾਜਵਾਦੀ ਯਥਾਰਥਵਾਦ ਦਾ ਉਚੇਰਾ ਦ੍ਰਿਸ਼ਟੀਕੋਣ ਅਪਣਾ ਲਿਆ ਹੈ; ਤੇ ਉਹਦੀ ਰੂਹਾਨੀ ਅੱਖ ਨੇ ਜ਼ਿੰਦਗੀ ਦੀਆਂ ਅਨੰਤ ਚੌੜਾਈਆਂ ਨੂੰ ਘੋਖਦਿਆਂ, "ਮੀਤ੍ਰਿਆ ਕੋਕੋਰ" ਨਾਵਲ ਵਰਗੀਆਂ ਨਵੀਆਂ ਕਿਰਤਾਂ ਰੂਮਾਨੀਆਂ ਨੂੰ ਦਿੱਤੀਆਂ ਹਨ। ਇਹ ਕਿਰਤਾਂ ਰੂਮਾਨੀਆਂ ਦੇ ਲੋਕਾਂ ਦੀ ਵਰਤਮਾਨ ਜ਼ਿੰਦਗੀ ਦੀ ਡੂੰਘੀ ਸਮਝ ਤੇ ਰੂਮਾਨੀਆਂ ਦੇ ਏਦੂੰ ਵੀ ਚਾਨਣੇ ਤੇ ਖੁਸ਼ਹਾਲ ਭਵਿੱਖ ਵਿੱਚ ਉਹਦੇ ਪੱਕੇ ਯਕੀਨ ਦਾ ਫਲ ਹਨ।
ਮੀਹਾਈਲ ਸਾਦੋਵਿਆਨੋ ਨੂੰ ਰੂਮਾਨੀਆਂ ਦੇ ਸਾਹਿਤ ਦਾ ਮਹਾਨ ਕਵੀ ਸਮਝਣਾ ਚਾਹੀਦਾ ਹੈ - ਇੱਕ ਕਵੀ ਜਿਸ ਨੇ ਵਾਰਤਕ ਵਿੱਚ ਲਿਖਿਆ ਹੈ। ਉਹਦੀਆਂ ਲਿਖਤਾਂ ਰਾਹੀਂ ਰੁਮਾਨੀਆਂ ਦੀ ਬੋਲੀ ਨੇ ਉਹ ਕਲਾ-ਚੋਟੀਆਂ ਛੁਹ ਲਈਆਂ ਹਨ, ਜਿਨ੍ਹਾਂ ਦੀ ਏਦੁੱ ਪਹਿਲਾਂ ਰੂਮਾਨੀਆਂ ਦੇ ਸਾਹਿਤਕ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਉਹਦੀ ਬੋਲੀ ਉੱਤੇ ਲੋਕਾਂ ਦੀ ਬੋਲੀ ਦੇ ਨਰੋਏਪਣ, ਨੈਕੂਲਸੇ (1672-1744) ਦੀਆਂ ਲਿਖਤਾਂ ਦੀ ਰਵਾਨੀ, ਤੇ ਮੋਲਦਾਵੀਆ ਦੇ ਪ੍ਰਸਿੱਧ ਕਹਾਣੀਕਾਰ ਈਓਨ ਕਰੀਆਂਗਾ ਦੇ ਸੁਹਜ ਦਾ ਅਸਰ ਹੈ। ਉਹਦੀ ਬੋਲੀ ਵਿੱਚ ਇੱਕ ਅਨੋਖੀ ਸੁੰਦਰਤਾ ਹੈ — ਇਹ ਇੱਕ ਅਜਿਹੇ ਕਲਾਕਾਰ ਦੀ ਬੋਲੀ ਹੈ ਜਿਹੜਾ ਬੜੀ ਵਾਰੀ ਕਮਾਲ ਨੂੰ ਛੁਹ ਲੈਂਦਾ ਹੈ।
ਉਹ ਆਪਣੇ ਦੇਸ਼ ਦੀ ਵੱਡੀ ਪਾਰਲੀਮੈਂਟ ਦੀ ਪ੍ਰਧਾਨ ਮੰਡਲੀ ਦਾ ਮੀਤ-ਪ੍ਰਧਾਨ ਤੇ ਰੂਮਾਨੀਆਂ ਦੀ ਲੋਕ ਜਮਹੂਰੀ ਰੀਪਬਲਿਕ ਦੇ ਲੇਖਕ ਸੰਘ ਦਾ ਪ੍ਰਧਾਨ ਹੈ। ਏਸ ਤਰ੍ਹਾਂ ਆਪਣੇ ਲੋਕਾਂ ਦੀ ਸਮਾਜੀ ਜ਼ਿੰਦਗੀ ਤੇ ਆਪਣੇ ਸਾਹਿਤ ਦੋਵਾਂ ਲਈ ਉਹ ਅਣਥੱਕ ਘਾਲਾਂ ਘਾਲਦਾ ਰਹਿੰਦਾ ਹੈ। ਜ਼ਿੰਦਗੀ ਨਾਲ ਭਰਪੂਰ ਪਿਆਰ ਕਰਦਿਆਂ, ਜ਼ਿੰਦਗੀ ਦੀ ਜੋ ਵੀ ਸੋਹਣੀ ਚੰਗੀ ਦੇਣ ਹੈ ਉਹਦੇ ਲਈ ਆਪਣੀ ਹਰ ਕਿਰਤ ਵਿੱਚ ਉਤਸ਼ਾਹੀ ਪ੍ਰਸ਼ੰਸਾ ਪ੍ਰਗਟਾਂਦਿਆਂ, ਮੀਹਾਈਲ ਸਾਦੋਵਿਆਨੋ ਅਮਨ ਦੇ ਰਾਖਿਆਂ ਦੀ ਪਹਿਲੀ ਕਤਾਰ ਵਿੱਚ ਡਟ ਕੇ ਖੜੋਤਾ ਹੋਇਆ ਹੈ। ਉਹ ਰੁਮਾਨੀਆਂ ਦੀ ਅਮਨ ਕੌਂਸਲ ਦਾ ਪ੍ਰਧਾਨ ਤੇ ਸੰਸਾਰ ਅਮਨ ਕੌਂਸਲ ਦਾ ਮੈਂਬਰ ਹੈ।
ਉਹਦਾ ਇਹ ਨਾਵਲ "ਮੀਤ੍ਰਿਆ ਕੋਕੋਰ" 1949 ਵਿੱਚ ਪ੍ਰਕਾਸ਼ਿਤ ਹੋਇਆ ਸੀ। ਪਿੱਛੋਂ ਇਹਦੇ ਤੋਂ ਫ਼ਿਲਮ ਤੇ ਥੀਏਟਰ ਲਈ ਨਾਟਕ ਵੀ ਬਣਾਏ ਗਏ। ਇਸ ਨਾਵਲ ਦੇ ਅਨੁਵਾਦ ਦੁਨੀਆਂ ਦੀਆਂ ਅਨੇਕਾਂ ਬੋਲੀਆਂ ਵਿੱਚ ਛਪ ਚੁੱਕੇ ਹਨ। ਸੰਸਾਰ ਦੇ ਅਮਨ ਸੰਗਰਾਮ ਲਈ ਇਹ ਨਾਵਲ ਅਮੁੱਲੀ ਦੇਣ ਸਮਝਿਆ ਗਿਆ ਹੈ, ਤੇ ਏਸ ਲਈ ਇਹਨੂੰ ਅਮਨ ਦਾ ਕੌਮਾਂਤਰੀ ਇਨਾਮ ਸੰਸਾਰ ਅਮਨ ਕੌਂਸਲ ਵੱਲੋਂ ਮਿਲ ਚੁੱਕਿਆ ਹੈ।
ਹੁਣ ਸਾਦੋਵਿਆਨੋ ਆਪਣੇ ਜੀਵਨ ਭਰ ਦੀ ਰਚਨਾਤਮਕ ਸਰਗਰਮੀ ਦੀ ਚੋਟੀ ਉੱਤੇ ਪੁੱਜ ਕੇ, ਅੱਸੀਵੇਂ ਵਰ੍ਹੇ ਦੇ ਨੇੜੇ ਅੱਪੜਦਿਆਂ, ਮਨੁੱਖਤਾ ਦੇ ਖੁਸ਼ਹਾਲ ਭਵਿੱਖ ਵਿੱਚ ਅਟੁੱਟ ਭਰੋਸੇ ਨਾਲ ਧੜਕਦਿਆਂ, ਰੂਮਾਨੀਆਂ ਤੇ ਸੰਸਾਰ-ਸਾਹਿਤ ਦੇ ਭੰਡਾਰ ਨੂੰ ਆਪਣੀਆਂ ਸ਼ਾਨਦਾਰ ਕਿਰਤਾਂ ਨਾਲ ਅਮੀਰ ਕਰੀ ਜਾ ਰਿਹਾ ਹੈ। ਉਹ ਆਪਣੇ ਦੇਸ਼ ਦੇ ਨਵੀਂ ਪੀੜ੍ਹੀ ਦੇ ਲੇਖਕਾਂ ਦੀ ਨਿੱਤ ਸਹਾਇਤਾ ਕਰਦਾ ਰਿਹਾ ਹੈ, ਤੇ ਉਹਨਾਂ ਲਈ ਉਹਦੇ ਦਿਲ ਵਿੱਚ ਬੜਾ ਪਿਆਰ ਹੈ। ਨਵੀਂ ਪੀੜ੍ਹੀ ਦੇ ਲੇਖਕ ਉਹਨੂੰ ਆਪਣੇ ਲਈ ਚਾਨਣ-ਮੁਨਾਰਾ ਸਮਝਦੇ ਹਨ।
1 ਜਨਵਰੀ, 1959.
ਨਵਤੇਜ ਸਿੰਘ